ਅੱਜਕੱਲ੍ਹ ਆਮ ਚਰਚਾ ਹੈ ਕਿ ਹਰ ਗਰੀਬ ਅਮੀਰ ਦੀ ਰਸੋਈ 'ਚ ਰੋਜ਼ਾਨਾ ਵਰਤੇ ਜਾਣ ਵਾਲੀ ਵਸਤੂ ਗੰਢਿਆਂ ਦੇ ਭਾਅ ਨੂੰ ਅੱਗ ਲੱਗੀ ਹੋਈ ਹੈ। ਜੋ ਗੰਢੇ ਕਦੇ 15-20 ਰੁਪਏ ਪ੍ਰਤੀ ਆਮ ਮਿਲ ਜਾਂਦੇ ਸਨ ਹੁਣ 80 ਰੁਪਏ ਤੋਂ ਘੱਟ ਨਹੀਂ ਮਿਲਦੇ। ਗਰੀਬ ਆਦਮੀ ਦੀ ਰਸੋਈ ਚੋਂ ਤਾਂ ਗੰਢੇ ਇੰਜ ਗਾਇਬ ਹੋ ਗੲ ੇਹਨ ਜਿਵੇਂ ਗਧੇ ਦੇ ਸਿਰ ਤੋਂ ਸਿੰਗ। ਸੁਣਨ 'ਚ ਆਇਆ ਹੈ ਕਿ ਮਾਝੇ ਦੇ ਇਕ ਕਸਬੇ ਵਿਚ ਇਕ ਆਦਮੀ ਜੋ ਸਬਜੀ ਦੀ ਰੇਹੜੀ ਲਾ ਕੇ ਗੁਜ਼ਾਰਾ ਕਰਦਾ ਸੀ, ਮੰਡੀ 'ਚ ਗੰਢੇ ਖਰੀਦਣ ਗਿਆ ਤਾਂ ਭਾਅ ਸੁਣਦੇ ਗਸ਼ ਖਾ ਕੇ ਡਿੱਗ ਪਿਆ ਅਤੇ ਰੱਬ ਨੂੰ ਪਿਆਰਾ ਹੋ ਗਿਆ। ਉਧਰ ਦੇਸ਼ ਦੇ ਪਿਆਜ਼ (ਖੇਤੀਬਾੜੀ) ਮੰਤਰੀ ਸ਼੍ਰੀ ਸ਼ਰਦ ਪਵਾਰ ਜੀ ਦਾ ਕਹਿਣਾ ਹੈ ਕਿ ਗੰਢਿਆਂ ਦੇ ਭਾਅ 'ਚ ਤੇਜ਼ੀ ਦਾ ਇਹ ਵਰਤਾਰਾ ਅਜੇ ਕੁਝ ਚਿਰ ਹੋਰ ਰਹਿਣ ਦੀ ਸੰਭਾਵਨਾ ਹੈ। ਹੈ ਨਾ ਖਪਤਕਾਰ ਦੇ ਜਖ਼ਮਾਂ ਉਪਰ ਲੂਣ ਛਿੜਕਣ ਵਾਲੀ ਗੱਲ।
ਗੰਢਿਆਂ ਤੋਂ ਦੁਖੀ ਲੋਕਾਂ ਦੀ ਉਪਰੋਕਤ ਚਰਚਾ ਤੋਂ ਮੈਨੂੰ ਲੁਧਿਆਣੇ ਯੂਨੀਵਰਸਿਟੀ ਵਿਖੇ ਪੜ੍ਹਨ ਸਮੇਂ ਦੀ ਯਾਦ ਤਾਜ਼ਾ ਹੋ ਗਈ ਹੈ। ਉਸ ਸਮੇਂ ਯੂਨੀਵਰਸਿਟੀ ਵਿਚ ਹੋਸਟਲ 'ਚ ਹੀ ਪੜ੍ਹਦਾ ਸਾਂ। ਯੂਨੀਵਰਸਿਟੀ ਦੇ ਬਾਹਰਵਾਰ ਮਹਾਰਾਜ ਨਗਰ 'ਚ ਵੱਡੀ ਭੈਣ ਰਹਿੰਦੀ ਸੀ। ਲਾਗੇ ਰਹਿੰਦੀ ਭੈਣ ਨੂੰ ਖਿਆਲ ਆਇਆ ਕਿ ਇਤਨਾ ਨਜ਼ਦੀਕ ਰਹਿਕੇ ਵੀ ਭਰਾ ਹੋਸਟਲ ਚੋਂ ਰੋਟੀ ਖਾਂਦਾ ਹੈ, ਆਂਢ ਗੁਆਂਢ ਕੀ ਆਖੇਗਾ। ਸੋ ਇਸ ਆਂਢ-ਗੁਆਂਢ ਕੀ ਆਖੇਗਾ ਤੋਂ ਪ੍ਰੇਰਤ ਭੈਣ ਇਕ ਦਿਨ ਕਹਿਣ ਲੱਗੀ, ''ਵੀਰਾ! ਤੂੰ ਹੋਸਟਲ 'ਚ ਰਹਿ ਜੀਅ ਸਦਕੇ ਪਰ ਰੋਟੀ ਜ਼ਰੂਰ ਘਰੋਂ ਖਾ ਕੇ ਜਾਇਆ ਕਰ। ਭਾਵੇਂ ਇਕ ਡੰਗ ਦੀ ਹੀ ਸਹੀ, ਮੈਨੂੰ ਗੁਆਂਢਣ ਮਿਹਣੇ ਮਾਰਦੀਆਂ ਹਨ। ਮੇਰੀ ਇੱਜ਼ਤ ਦਾ ਸਵਾਲ ਹੈ।'' ਉਸ ਸਮੇਂ ਭੈਣ ਘਰ ਭਾਈ ਤੇ ਸੋਹਰੇ ਘਰ ਜੁਆਈ ਦੇ ਅਰਥਾਂ ਤੋਂ ਮੈਂ ਚੰਗੀ ਤਰ੍ਹਾਂ ਵਾਕਫ਼ ਸਾਂ, ਪਰ ਭਰਾ ਪ੍ਰਤੀ ਭੈਣ ਦੇ ਮੋਹ ਤੋਂ ਵੀ ਵੱਧ ਭੈਣ ਨੂੰ ਗੁਆਂਢਣਾ ਦੇ ਮਿਹਣੇ ਤੋਂ ਬਚਾਉਣ ਲਈ ਮੈਂ ਰਾਤ ਦੀ ਰੋਟੀ ਭੈਣ ਦੇ ਘਰੋਂ ਖਾਣਾ ਮੰਨ ਲਿਆ ਸੀ। ਪਹਿਲਾਂ ਪਹਿਲ ਤਾਂ ਭੈਣ ਨੇ ਉਚੇਚੇ ਤੌਰ 'ਤੇ ਵੰਨ ਸੁਵੰਨੀ ਦਾਲ ਸਬਜ਼ੀ ਬਕਾਇਦਾ ਤੜਕਾ ਲਾ ਕੇ ਖੁਆਇਆ ਕਰਨੀ। ਕਦੇ ਕਦਾਈਂ ਮਿੱਠੇ ਵਜੋਂ ਖੀਰ ਕੜਾਹ ਵੀ ਬਣਾ ਲਿਆ ਕਰਨਾ।
ਕਰਨੀ ਰੱਬ ਦੀ ਇਹ ਸਿਲਸਿਲਾ ਬਹੁਤ ਦੇਰ ਨਾ ਚੱਲਿਆ। ਘਰੇਲੂ ਔਰਤ ਹੋਣ ਕਾਰਨ ਹਰ ਨਿੱਕੀ ਮੋਟੀ ਚੀਜ਼ ਖਰੀਦਣ ਲਈ ਭੈਣ ਨੂੰ ਆਪਣੇ ਪਤੀ ਅੱਗੇ ਹੱਥ ਅੱਡਣੇ ਪੈਂਦੇ ਸਨ। ਵਪਾਰੀਆਂ ਦੀ ਜਮਾਤ ਜਨਸੰਘ ਦੇ ਸਹਾਰੇ ਮੋਰਾਰਜੀ ਦੇਸਾਈ ਦੇ ਕੇਂਦਰੀ ਸਰਕਾਰ ਚਲਦੀ ਹੋਣ ਕਰਕੇ, ਵਪਾਰੀਆਂ ਨੇ ਗੰਢਿਆਂ ਦੀ ਜਖ਼ੀਰੇਬਾਜ਼ੀ ਕਰਕੇ, ਇਹਨਾਂ ਦੀ ਬਣਾਵਟੀ ਥੁੜ ਪੈਦਾ ਕਰ ਦਿੱਤੀ। ਫਿਰ ਕੀ ਸੀ ਗੰਢੇ ਦਾ ਭਾਅ ਦਿਨਾਂ ਵਿਚ ਹੀ ਪੰਜਾਂ ਤੋਂ ਪੈਂਤੀ ਰੁਪਏ ਹੋ ਗਿਆ। ਆਮ ਲੋਕਾਂ ਦੇ ਘਰਾਂ ਚੋਂ ਗੰਢਾ ਗਾਇਬ ਹੋਣ ਲੱਗਾ ਇਸ ਦਾ ਅਸਰ ਭੈਣ ਦੀ ਰਸੋਈ 'ਤੇ ਵੀ ਪਿਆ। ਪਹਿਲਾਂ ਦਾਲ ਸਬਜੀ ਚੋਂ ਗੰਢਾ ਘਟਿਆ ਫਿਰ ਗਾਇਬ ਹੋ ਗਿਆ। ਹਫਤੇ 'ਚ ਦੋ ਦਿਨ ਰੋਸਟਡ ਮੁਰਗਾ ਦੇ ਦੋ ਦਿਨ ਮੀਟ ਖਾਣ ਵਾਲੇ ਨੂੰ ਭੈਣ ਦੇ ਘਰੋਂ ਜਦੋਂ ਬਿਨਾਂ ਤੜਕੇ ਤੋਂ ਮੂੰਗੀ ਦੀ ਦਾਲ ਮਿਲਦੀ ਤਾਂ ਰੋਟੀ ਖਾਣ ਲਈ ਉਸ ਦੀ ਵੱਢਿਆਂ ਰੂਹ ਨਾ ਕਰਨੀ। ਭਰਾ ਨੂੰ ਬਿਨਾਂ ਤੜਕੇ ਤੋਂ ਮੂੰਗੀ ਦੀ ਦਾਲ ਖਾਂਦਿਆਂ ਦੇਖ ਕਈ ਵਾਰ ਭੈਣ ਦੀਆਂ ਵੀ ਅੱਖਾਂ ਭਰ ਆਉਂਦੀਆਂ।
ਖ਼ੈਰ ਚੋਣਾਂ ਦਾ ਸਾਲ ਹੋਣ ਕਾਰਨ ਇਹ ਸਥਿਤੀ ਬਹੁਤਾ ਚਿਰ ਨਾ ਰਹੀ। ਭਾਈਵਾਲ ਪਾਰਟੀਆਂ ਨੇ ਦੇਸਾਈ ਸਰਕਾਰ ਦੇ ਪੈਰ ਖਿਸਕਾਉਣੇ ਸ਼ੁਰੂ ਕਰ ਦਿੱਤੇ। ਅਖੀਰ ਪਾਰਲੀਮੈਂਟ ਦੀਆਂ ਨਵੀਆਂ ਚੋਣਾਂ ਵਿਚ ਇਕ ਦਿਨ ਦੇ ਬਾਦਸ਼ਾਹ-ਵੋਟਰ ਨੇ ਮੁਰਾਰਜੀ ਭਾਈ ਦਾ ਬਿਸਤਰਾ ਗੋਲ ਕਰ ਦਿੱਤਾ। ਉਹ ਵਿਚਾਰੇ ਅੱਖਾਂ ਮਲਦੇ ਰਹਿ ਗਏ ਜਿਵੇਂ ਤਾਜ਼ਾ ਤਾਜ਼ਾ ਨਾਸਿਕ ਦੇ ਗੋਢੇ ਖਾ ਕੇ ਹਟੇ ਹੋਣ। ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿਚਲੇ ''ਪਿਆਜ਼'' ਮੰਤਰੀ ਨੇ ਆਪਣੇ ਮੁਖਾਰ ਬਿੰਦ ਚੋਂ ਪ੍ਰਵਚਨ ਕਰਦਿਆਂ ਇਹ ਭੇਤ ਖੋਲਿਆ ਸੀ ਕਿ ਪਿਆਜ਼ ਦੀ ਖਪਤਕਾਰਾਂ ਨੂੰ ਪਦੀੜਾਂ ਪਿਆਜ਼ ਮਹਿੰਗਾ ਕਰ ਕੇ ਜਖ਼ੀਰੇਬਾਜ਼ਾਂ ਨਹੀਂ ਪੁਆਈਆਂ, ਸਗੋਂ ਇਹ ਤਾਂ ਸਰਕਾਰ ਦੀਆਂ ਕਿਸਾਨ ਪੱਖੀ ਨੀਤੀਆਂ ਕਾਰਨ ਮਹਿੰਗੇ ਹੋਏ ਹਨ ਤਾਂ ਜੋ ਪਿਆਜ਼ ਪੈਦਾ ਕਰਨ ਵਾਲਾ ਕਿਸਾਨ ਵੀ ਖੁਸ਼ਹਾਲ ਹੋ ਸਕੇ। ਖੇਤੀ ਮੰਤਰੀ ਦੇ ਇਸ ਬਿਆਨ ਬਾਰੇ ਜਦੋਂ ਮੁੱਖ ਮੰਤਰੀ ਤੋਂ ਟਿੱਪਣੀ ਮੰਗੀ ਤਾਂ ਉਸ ਆਦਤ ਅਨੁਸਾਰ ਹੱਸਕੇ ਬੋਲਦਿਆਂ ਕਿਹਾ ਆਪਣੇ ਵੱਲੋਂ ਤਾਂ ਕਿਸਾਨ ਗੰਢੇ ਹੀ ਬੀਜਦੈ ਪਰ ਉਸ ਵਿਚੋਂ ਜੇ ਕੋਈ ਗੰਢੇਲ ਨਿਕਲ ਆਵੇ ਤਾਂ ਉਹ ਕੀ ਕਰ ਸਕਦੈ। ਉਸ ਸਮੇਂ ਮੈਂ ਸਮਝ ਤੋਂ ਅਸਮਰਥ ਸੀ ਕਿ ਬਾਦਲ ਸਾਹਿਬ ਸੱਚਮੁਚੀ ਗੰਢੇ ਬੀਜਣ ਦੀ ਗੱਲ ਕਰ ਰਹੇ ਸਨ, ਜਾਂ ਮੰਤਰੀ ਮੰਡਲ 'ਚ ਮੰਤਰੀ ਲੈਣ ਦੀ ਜੋ ਗੰਢੇ ਬਣਨ ਦੀ ਥਾਂ ਗੰਢੇਲਾ ਬਣ ਜਾਂਦੇ ਹਨ।
ਇਨ੍ਹਾਂ ਸਤਰਾਂ ਦੇ ਲੇਖਕ ਨੂੰ ਉਦੋਂ ਵੀ ਇੰਨਾ ਕੁ ਇਲਮ ਸੀ ਕਿ ਪਿਆਜ਼ਾਂ ਦੇ ਪੰਜ ਰੁਪਏ ਕਿਲੋ ਤੋਂ ਪੈਂਤੀ ਰੁਪਏ ਕਿਲੋ ਹੋਣ ਨਾਲ ਕਿਸਾਨਾਂ ਵਿਚਾਰਿਆਂ ਦੇ ਪੱਲੇ ਕੁਝ ਨਹੀਂ ਸੀ ਪਿਆ। ਵਪਾਰੀਆਂ, ਜਖੀਰੇਬਾਜ਼ਾਂ ਤੇ ਉਹਨਾਂ ਦੇ ਸਿਆਸੀ ਪ੍ਰਭੂਆਂ ਦੇ ਘਰ ਹੀ ਭਰੇ ਸਨ। ਇਸੇ ਤਰ੍ਹਾਂ ਲੇਖਕ ਨੂੰ ਹੁਣ ਵੀ ਇਲਮ ਹੈ ਕਿ ਪਿਆਜ਼ਾਂ ਦੇ ਮਹਿੰਗੇ ਹੋਣ ਦਾ ਕਾਰਨ, ਪਿਆਜ਼ ਪੈਦਾ ਕਰਨ ਵਾਲੇ ਪ੍ਰਾਂਤਾਂ ਵਿਚ ਬੇਮੌਸਮੀ ਬਾਰਸ਼ਾਂ ਕਾਰਨਾਂ ਪਿਆਜ ਦੀ ਫਸਲ ਖਰਾਬ ਹੋ ਜਾਣਾ ਉਤਨਾ ਨਹੀਂ ਹੈ ਜਿਤਨਾ ਪਿਆਜ਼ ਦੇ ਵਪਾਰੀਆਂ ਵਲੋਂ ਭਾਰੀ ਮਾਤਰਾ ਵਿਚ ਪਿਆਜ਼ ਬਾਹਰ ਭੇਜਣਾ ਅਤੇ ਜਖ਼ੀਰੇਬਾਜ਼ਾਂ ਵਲੋਂ ਪਿਆਜ਼ ਨੂੰ ਸਟੋਰ ਕਰਕੇ ਇਹਨਾਂ ਦੀ ਨਕਲੀ ਥੁੜ੍ਹ ਪੈਦਾ ਕਰਨਾ ਹੈ। ਜਖੀਰੇਬਾਜ਼ਾਂ ਦੀ ਸੋਚ ਸ਼ਾਇਦ ਇਹ ਵੀ ਹੋਵੇ ਕਿ ਚੋਣ ਵਰ੍ਹਾ ਹੋਣ ਕਾਰਨ, ਪਿਆਜ਼ ਦੇ ਵਧੇ ਭਾਵਾਂ ਤੋਂ ਖਪਤਕਾਰਾਂ ਵਿਚ ਮੱਚੀ ਹਾਹਾਕਾਰ ਤੋਂ ਘਬਰਾਈ ਸਰਕਾਰ ''ਆਮ ਆਦਮੀ'' ਨੂੰ ਰਾਹਤ ਦੇਣ ਦੇ ਨਾਂਅ ਉਤੇ ਪਿਆਜ਼ ਉਪਰ ਕੁੱਝ ਸਬਸਿਡੀ ਦੇਣ ਲਈ ਸਰਕਾਰੀ ਖਜ਼ਾਨੇ ਦਾ ਮੂੰਹ ਖੋਲ੍ਹ ਦੇਵੇ।
ਇੰਝ ਵਪਾਰੀਆਂ ਕੋਲੋਂ ਮਹਿੰਗੇ ਭਾਅ ਖਰੀਦਕੇ ਅੱਗੇ ਖਪਤਕਾਰਾਂ ਨੂੰ ਸਬਸਿਡੀ ਉਪਰ ਸਸਤੇ ਭਾਅ 'ਤੇ ਪਿਆਜ਼ ਸਪਲਾਈ ਕਰਕੇ, ਜਖੀਰੇਬਾਜਾਂ, ਵਪਾਰੀਆਂ, ਸਰਕਾਰੀ ਅਧਿਕਾਰੀਆਂ ਤੇ ਹਾਕਮ ਸਿਆਸੀ ਨੇਤਾਵਾਂ ਦਾ ਲਾਹੌਰ ਲੱਗਾ ਰਹੇਗਾ। ਹੁਣੇ ਹੁਣੇ ਖਬਰ ਆਈ ਹੈ ਕਿ ਦਿੱਲੀ ਦੀ ਸ਼ੀਲਾ ਦੀਕਸ਼ਤ ਸਰਕਾਰ ਨੇ ਉਪਰੋਕਤ ਪੁੰਨ ਦਾ ਕੰਮ ਸ਼ੁਰੂ ਵੀ ਕਰ ਦਿੱਤਾ ਹੈ। ਉਸ ਵਲੋਂ ਦਿੱਲੀ ਦੀਆਂ ਕੁਝ ਚੋਣਵੀਆਂ ਥਾਵਾਂ 'ਤੇ ਸਰਕਾਰੀ ਭਾਅ 'ਤੇ ਪਿਆਜ਼ ਸਪਲਾਈ ਕੀਤਾ ਜਾਇਆ ਕਰੇਗਾ। ਸ਼ੀਲਾ ਦੀਕਸ਼ਤ ਸਰਕਾਰ ਦੇ ਉਪਰੋਕਤ ਫੈਸਲੇ ਨਾਲ ਉਪਰੋਕਤ ਤਿੰਨਾਂ ਧਿਰਾਂ ਦੇ ਚਿਹਰਿਆਂ ਉਪਰ ਪਿਆਜ਼ੀ ਭਾਅ ਮਾਰਨ ਲੱਗੇਗੀ, ਜਖੀਰੇਬਾਜਾਂ ਵਲੋਂ ਜਮਾਂ ਕੀਤੇ ਪਿਆਜ ਸਰਕਾਰ ਨੂੰ ਮਹਿੰਗੇ ਭਾਅ 'ਤੇ ਵਿਕ ਜਾਣਗੇ, ਸਬਸਿਡੀ ਵੰਡਣ ਵਾਲੀ ਧਿਰ ਨੂੰ ਆਪਣੀ ਦੰਦ ਘਸਾਈ ਦਸਵੰਧ ਮਿਲ ਜਾਵੇਗਾ ਅਤੇ ਖਪਤਕਾਰ ਨੂੰ ਵੀ ਮਾਰਕੀਟ ਨਾਲੋਂ ਅੱਧੇ ਭਾਅ 'ਤੇ ਪਿਆਜ਼ ਮਿਲਣ ਨਾਲ ਖੁਸ਼ ਹੋ ਜਾਵੇਗਾ।
ਹੁਣ ਮੁੰਗੇਰੀਲਾਲ ਇਸ ਵਿਚ ਆਪਣੀ ਟੰਗ ਅੜਾਏਗਾ। ਆਖੇਗਾ ਸਰਕਾਰ ਜਖੀਰੇਬਾਜ਼ਾਂ ਨੂੰ ਨੱਥ ਕਿਉਂ ਨਹੀਂ ਪਾਉਂਦੀ। ਆਖ਼ਰ ਉਹ ਇਹਨਾਂ ਨੂੰ ਖੁੱਲ੍ਹ ਹੀ ਕਿਉਂ ਦਿੰਦੀ ਹੈ? ਉਸ ਨੂੰ ਕੌਣ ਸਮਝਾਵੇ ਕਿ ਭਲਿਆ ਮਾਨਸਾ ਜਖ਼ੀਰੇਬਾਜ ਜਿਨ੍ਹਾ ਦੇ ਆਸਰੇ ਆਉਣ ਵਾਲੀਆਂ ਚੋਣਾਂ ਲੜਣੀਆਂ ਹਨ। ਉਹਨਾਂ ਨੂੰ ਨੱਥ ਪਾ ਕੇ ਸਰਕਾਰ ਕਿਸ ਦੀ ਮਾਂ ਨੂੰ ਮਾਸੀ ਆਖੇਗੀ। ਨਾਲੇ ਜੇ ਸਰਕਾਰੀ ਖਜ਼ਾਨੇ ਚੋਂ ਸਬਸਿਡੀ ਦੇਣ ਨਾਲ ਜੇ ਪਿਆਜ਼ ਵੇਚਣ ਵਾਲਾ ਤੇ ਪਿਆਜ਼ ਖਰੀਦਣ ਵਾਲਾ ਦੋਵੇਂ ਖੁਸ਼ ਹੋਣ ਤਾਂ ਸਰਕਾਰ ਖਾਹਮਖਾਹ ਇਸ ਵਿਚ ਟੰਗ ਕਿਉਂ ਅੜਾਵੇ।
ਖ਼ੈਰ ਹੁਣ ਜਦੋਂ ਗੰਢੇ ਮਹਿੰਗੇ ਹੋਏ ਹਨ ਤਾਂ ਜਾਹਿਰ ਹੈ ਕਿ ਆਮ ਆਦਮੀ ਦੀ ਤਰ੍ਹਾਂ ਇਹ ਲੇਖਕ ਦੀ ਰਸੋਈ ਵਿਚੋਂ ਵੀ ਗਾਇਬ ਹਨ। ਗੰਢਿਆਂ ਦੇ ਇੰਜ ਰਸੋਈ 'ਚੋਂ ਗਾਇਬ ਹੋਣ ਨਾਲ ਉਹ ਹੁਣ ਵਿਹਲਾ ਹੋ ਗਿਆ ਹੈ। ਪਹਿਲਾਂ ਉਹ ਘਰ ਵਾਲੀ ਦੇ ਆਖੇ ਲੱਗਕੇ ਕਿ ਤੜਕੇ ਵਾਸਤੇ ਗੰਢੇ ਚੀਰਨ ਸਮੇਂ ਅੱਖਾਂ ਚੋਂ ਪਾਣੀ ਵੱਗਣ ਨਾਲ ਅੱਖਾਂ ਸਾਫ ਹੋ ਜਾਂਦੀਆਂ ਹਨ ਤੇ ਅੱਖਾਂ ਸਾਫ ਕਰਨ ਲਈ ਮਹਿੰਗੀ ਜਰਮਨ ਦਵਾਈ Cineraria martima ਵਰਤਣ ਦੀ ਜ਼ਰੂਰਤ ਨਹੀਂ ਰਹਿੰਦੀ, ਤੜਕਾ ਚੀਰਣ ਦੀ ਜ਼ਿੰਮੇਵਾਰੀ ਸੰਭਾਲ ਕੇ ਅੱਖਾਂ ਨੂੰ ਐਨਕਾਂ ਲਗਵਾਉਣ ਤੋਂ ਤਾਂ ਬਚਿਆ ਹੀ ਹੈ, ਸਗੋਂ ਨਾਲ ਦੀ ਨਾਲ ਘਰਵਾਲੀ ਦੇ ਕੰਮਾਂ ਵਿਚ ਹੱਥ ਵਟਾਉਣ ਕਾਰਨ ਉਹ ਬੀਬਾ ਪਤੀ ਵੀ ਸਾਬਤ ਹੋਇਆ ਹੈ। ਪਰ ਹੁਣ ਉਹ ਗੰਢੇ ਚੀਰਣ ਦੇ ਕੰਮ ਤੋਂ ਵਿਹਲਾ ਹੈ ਅਤੇ ਗੰਢਿਆਂ ਦੇ ਜਖੀਰੇਬਾਜ਼ਾਂ ਦਾ ਧੰਨਵਾਦੀ ਹੈ ਜਿਨ੍ਹਾਂ ਨੇ ਉਸ ਦੀ ਰਸੋਈ ਚੋਂ ਗੰਢੇ ਗਾਇਬ ਕਰਕੇ ਉਸਨੂੰ ਗੰਢੇ ਚੀਰਣ ਵਰਗੇ ਜਨਾਨਾ ਕੰਮ ਤੋਂ ਨਿਜਾਤ ਦਿਵਾਈ ਹੈ।
ਅੱਜ ਦੀ ਤਾਜਾ ਖਬਰ ਹੈ ਕਿ ਇਹ ਅੱਗ ਸਿਰਫ ਗੰਢਿਆਂ ਨੂੰ ਹੀ ਨਹੀਂ ਲੱਗੀ ਸਗੋਂ ਹੋਰਨਾਂ ਸਬਜੀਆਂ ਵੀ ਲੱਗਣੀ ਸ਼ੁਰੂ ਹੋ ਗਈ ਹੈ। ਲੱਸਣ ਦਾ ਭਾਅ 200 ਰੁਪਏ, ਟਮਾਟਰਾਂ ਦਾ 100 ਰੁਪਏ ਤੇ ਹੋਰਨਾਂ ਸਬਜ਼ੀਆਂ ਦਾ ਵੀ 50-60 ਰੁਪਏ ਤੋਂ ਘੱਟ ਨਹੀਂ। ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਵੱਧਕੇ ਦੋ ਅੰਕਾਂ ਤੱਕ ਪਹੁੰਚ ਗਈ ਹੈ। ਲੱਗਦੈ ਮਨਮੋਹਨ ਸਿੰਘ ਨੂੰ ਮੈਡਮ ਗੁਰਸ਼ਰਨ ਕੌਰ ਦਾ ਡਰ ਨਹੀਂ ਰਿਹੈ, ਰੱਬ ਖ਼ੈਰ ਕਰੇ!
- ਡਾ. ਹਜ਼ਾਰਾ ਸਿੰਘ ਚੀਮਾ
No comments:
Post a Comment