Thursday, 24 October 2013

ਭਾਵੇਂ 'ਸੁਰਜੀਤ' ਨਹੀਂ ਰਿਹਾ, ਪਰ ਸੁਰਜੀਤਵਾਦ ਕਾਇਮ ਹੈ

ਭਾਰਤ ਦੇ ਕਈ ਸ਼ਹਿਰਾਂ 'ਚੋਂ ਵੱਡੀ ਗਿਣਤੀ ਵਿਚ ਛਪਣ ਵਾਲੇ ਅੰਗਰੇਜ਼ੀ ਅਖਬਾਰ ''ਇੰਡੀਅਨ ਐਕਸਪ੍ਰੈਸ'' ਦੇ ਪਹਿਲੀ ਸਤੰਬਰ 2013 ਦੇ ਐਡੀਸ਼ਨ ਵਿਚ ਸੀ.ਪੀ.ਆਈ.(ਐਮ) ਦੇ ਜਨਰਲ ਸਕੱਤਰ ਕਾਮਰੇਡ ਪ੍ਰਕਾਸ਼ ਕਰਤ ਦੀ ਇਕ ਪੂਰੇ ਸਫੇ ਦੀ ਇੰਟਰਵਿਊ ਛਪੀ ਸੀ। ਇਕ ਪ੍ਰਸ਼ਨ ਦੇ ਉੱੰਤਰ ਵਿਚ ਕਾਮਰੇਡ  ਕਰਤ ਨੇ ਕਿਹਾ, ''ਸਾਨੂੰ ਹੁਣ ਲੋਕੀਂ ਇਹ ਵੀ ਪੁੱਛਦੇ ਹਨ : 'ਬੀ.ਜੇ.ਪੀ. ਨੂੰ ਸੱਤਾ ਤੋਂ ਬਾਹਰ ਰੱਖਣ ਲਈ, ਏਥੋਂ ਤੱਕ ਕਿ ਨਰਿੰਦਰ ਮੋਦੀ ਨੂੰ ਬਾਹਰ ਰੱਖਣ ਲਈ ਕੀ ਤੁਸੀਂ ਕਾਂਗਰਸ ਦੀ ਮਦਦ ਕਰੋਗੇ?' ਅਸੀਂ ਕਹਿੰਦੇ ਹਾਂ; ਨਹੀਂ, ਬਿਲਕੁਲ ਨਹੀਂ। ਕਿਉਂਕਿ ਤੁਹਾਨੂੰ ਅਵਸਥਾਵਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਅਗਲੇ ਸਾਲ ਤੱਕ ਯੂ.ਪੀ.ਏ. ਦੇ 10 ਸਾਲ ਪੂਰੇ ਹੋ ਚੁੱਕੇ ਹੋਣਗੇ ਅਤੇ ਅਸੀਂ ਸਾਰੇ ਹੀ ਨੀਤੀਗਤ ਮਸਲਿਆਂ 'ਤੇ ਇਸ ਸਰਕਾਰ ਦਾ ਵਿਰੋਧ ਕੀਤਾ ਹੈ। ਸਾਡੇ ਵਲੋਂ ਹੁਣ, ਕਿਸੇ ਵੀ ਹਾਲਤ ਵਿਚ, ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦਾ ਸਮੱਰਥਨ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।''
ਕਾਮਰੇਡ ਕਰਤ ਦੇ ਇਸ ਬੇਬਾਕ ਉਤਰ ਨੇ ਕੁੱਝ ਇਕ ਰਾਜਸੀ ਹਲਕਿਆਂ ਅੰਦਰ ਇਹ ਭਾਰੀ ਭਰਮ ਪੈਦਾ ਕਰ ਦਿੱਤਾ ਕਿ ਸ਼ਾਇਦ  ਇਸ ਪਾਰਟੀ ਦੀ ਲੀਡਰਸ਼ਿਪ ਨੇ ਜਮਾਤੀ ਭਿਆਲੀ ਦੀ ਸੁਰਜੀਤਵਾਦੀ ਰਾਜਸੀ ਲਾਈਨ ਨੂੰ ਤਿਲਾਂਜਲੀ ਦੇ ਦਿੱਤੀ ਹੈ, ਜਿਹੜੀ ਕਿ ਨਹਿਰੂ ਪਰਿਵਾਰ ਅਤੇ ਕਾਂਗਰਸ ਪਾਰਟੀ ਦੇ ਜਮਾਤੀ ਹਿੱਤਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਹਮੇਸ਼ਾ ਬਹਾਨੇ ਲੱਭਦੀ ਰਹਿੰਦੀ ਹੈ। 
ਐਪਰ, ਇਸ ਤੋਂ ਕੁੱਝ ਦਿਨ ਬਾਅਦ ਹੀ, 19 ਸਤੰਬਰ 2013, ਦੀਆਂ ਅਖਬਾਰਾਂ ਵਿਚ ਯੂ.ਐਨ.ਆਈ. ਦੇ ਹਵਾਲੇ ਨਾਲ ਏਸੇ ਪਾਰਟੀ ਦੇ ਦੂਜੇ ਵੱਡੇ ਨੇਤਾ 'ਸ਼੍ਰੀ' ਸੀਤਾ ਰਾਮ ਯੈਚੁਰੀ ਦੇ ਬਿਆਨ 'ਤੇ ਅਧਾਰਤ ਇਕ ਖਬਰ ਛਪੀ ਹੈ, ਜਿਹੜੀ ਇਨ-ਬਿਨ ਇਸ ਤਰ੍ਹਾਂ ਹੈ : 
ਨਵੀਂ ਦਿੱਲੀ (ਯੂ.ਐਨ.ਆਈ.) ''ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਉਸ ਵੇਲੇ ਅਣਕਿਆਸੇ ਸਿਆਸੀ ਤਬਕੇ ਤੋਂ ਇਕਦਮ ਸ਼ਲਾਘਾ ਮਿਲੀ ਜਦ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਸੰਸਦ ਮੈਂਬਰ ਅਤੇ ਪਾਰਟੀ ਦੀ ਪੋਲਿਟ ਬਿਊਰੋ ਦੇ ਮੈਂਬਰ ਸੀਤਾ ਰਾਮ ਯੇਚੁਰੀ ਨੇ ਉਨ੍ਹਾਂ ਨੂੰ ਇਸ ਦਹਾਕੇ ਦੀ ਮਹੱਤਵਪੂਰਨ ਆਗੂ ਦੇ ਤੌਰ 'ਤੇ ਪੇਸ਼ ਕੀਤਾ। 
ਸ਼੍ਰੀ ਯੇਚੁਰੀ ਨੇ ਇਸ ਪ੍ਰੋਗਰਾਮ 'ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ 'ਚ ਸ਼੍ਰੀਮਤੀ ਗਾਂਧੀ ਬਾਰੇ ਆਪਣੇ ਇਹ ਬੇਬਾਕ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ 1 ਦਹਾਕੇ 'ਚ ਸ਼੍ਰੀਮਤੀ ਗਾਂਧੀ ਦਾ ਸਿਆਸਤ ਵਿਚ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਂਝੇ ਪ੍ਰਗਤੀਸ਼ੀਲ ਗਠਜੋੜ ਦੀ ਪ੍ਰਧਾਨ ਹੋਣ ਦੇ ਨਾਤੇ ਕਈ ਸਿਆਸੀ ਸਹਿਮਤੀਆਂ ਕਾਇਮ ਕਰਨ 'ਚ ਸ਼੍ਰੀਮਤੀ ਗਾਂਧੀ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। 2004 ਵਿਚ ਸਾਂਝਾ ਘੱਟੋ ਘੱਟ ਪ੍ਰੋਗਰਾਮ ਬਣਾਉਣ 'ਚ ਉਨ੍ਹਾਂ ਦੀ ਵੱਡੀ ਭੂਮਿਕਾ ਸੀ ਅਤੇ ਮਾਕਪਾ ਦੇ ਕਈ ਮੁੱਦਿਆਂ ਨੂੰ ਉਨ੍ਹਾਂ ਸਰਕਾਰ ਦੇ ਪ੍ਰੋਗਰਾਮ ਦਾ ਹਿੱਸਾ ਬਣਾਇਆ।''
'ਕਾਮਰੇਡ' ਚੈਯੁਰੀ ਵਲੋਂ ਅਚਾਨਕ ਹੀ ਸੋਨੀਆ ਗਾਂਧੀ ਦੀ ''ਇਸ ਦਹਾਕੇ ਦੀ ਮਹੱਤਵਪੂਰਨ ਆਗੂ'' ਵਜੋਂ ਕੀਤੀ ਗਈ ਇਸ ਵਡਿਆਈ ਨੇ ਦਰਸਾਅ ਦਿੱਤਾ ਹੈ ਕਿ ਪਾਰਟੀ ਦੇ ਜਨਰਲ ਸਕੱਤਰ ਵਲੋਂ ਮੌਕਾਪ੍ਰਸਤੀ ਦੀ ਸੋਧਵਾਦੀ ਸਿਆਸਤ ਨਾਲੋਂ ਤੋੜ ਵਿਛੋੜਾ ਕਰਨ ਦੀ ਰਸਮੀ ਜਹੀ ਕੋਸ਼ਿਸ਼ ਨੂੰ ਵੀ ਉਸਦੇ ਅਤੀ ਨੇੜਲੇ ਸਹਿਯੋਗੀ ਨੇ ਪੂਰੀ ਤਰ੍ਹਾਂ ਚਿੱਤ ਕਰ ਦਿੱਤਾ ਹੈ ਅਤੇ ਸਿੱਧ ਕਰ ਦਿੱਤਾ ਹੈ ਕਿ 'ਸੁਰਜੀਤ' ਤਾਂ ਨਹੀਂ ਰਿਹਾ, ਪਰ ਸੁਰਜੀਤਵਾਦ ਜ਼ਿੰਦਾ ਹੈ।
(ਸੰਗਰਾਮੀ ਲਹਿਰ - ਅਕਤੂਬਰ 2013)

No comments:

Post a Comment