ਹਰਕੰਵਲ ਸਿੰਘ
ਛੱਤੀਸਗੜ੍ਹ ਵਿਚ ਕਾਂਗਰਸੀਆਂ ਦੀਆਂ ਕਾਰਾਂ ਦੇ ਕਾਫ਼ਲੇ 'ਤੇ ਮਾਓਵਾਦੀਆਂ ਵਲੋਂ 25 ਮਈ ਨੂੰ ਕੀਤੇ ਗਏ ਹਮਲੇ ਬਾਰੇ 'ਸੰਗਰਾਮੀ ਲਹਿਰ' ਦੇ ਜੁਲਾਈ ਅੰਕ ਵਿਚ ਸਾਡੇ ਵਲੋਂ ਲਿਖੇ ਗਏ ਇਕ ਲੇਖ ਉਪਰ, ਨਕਸਲੀਆਂ ਦੇ ਇਕ ਧੜੇ ਵਲੋਂ ਪ੍ਰਕਾਸ਼ਤ ਕੀਤੇ ਜਾਂਦੇ ਪਰਚੇ ''ਇਨਕਲਾਬੀ ਸਾਡਾ ਰਾਹ'' ਨੇ ਆਪਣੇ ਅਗਸਤ ਅੰਕ ਵਿਚ ਇਕ ਬਹੁਤ ਹੀ ਖੋਖਲੀ ਤੇ ਤਰਕਹੀਣ ਟਿੱਪਣੀ ਕੀਤੀ ਹੈ। ਸੀ.ਪੀ.ਆਈ.(ਐਮ.ਐਲ.) ਨਿਊ-ਡੈਮੋਕਰੇਸੀ ਦੇ 'ਬੁਲਾਰੇ' ਅਰੁਨਦੀਪ ਵਲੋਂ, ''ਪਾਸਲਾ ਧੜੇ ਦਾ ਜਮਹੂਰੀਅਤ ਪ੍ਰੇਮ ਅਤੇ ਹਿੰਸਾ ਵਿਰੋਧ'' ਦੇ ਸਿਰਲੇਖ ਹੇਠ ਕੀਤੀ ਗਈ ਇਸ ਟਿੱਪਣੀ ਰਾਹੀਂ ਹਿੰਸਾ ਅਤੇ ਜਮਹੂਰੀਅਤ ਦੇ ਮੁੱਦਿਆਂ 'ਤੇ ਸਾਡੀ ਪਾਰਟੀ ਦੀਆਂ ਬੇਹੱਦ ਸਪੱਸ਼ਟ ਪੁਜੀਸ਼ਨਾਂ ਨੂੰ ਤੋੜ ਮਰੋੜ ਕੇ ਇਹ ਸਿੱਧ ਕਰਨ ਦਾ ਕੋਝਾ ਯਤਨ ਕੀਤਾ ਗਿਆ ਹੈ ਕਿ ਉਕਤ ਹਮਲੇ ਦੀ ਨਿਖੇਧੀ ਕਰਨ ਵਿਚ ''ਪਾਸਲਾ ਧੜਾ ਵੀ ਹਾਕਮਾਂ ਦੇ ਸਮੂਹਗਾਨ ਵਿਚ ਖੜਾ ਹੈ।'' ਮਜ਼ੇਦਾਰ ਗੱਲ ਇਹ ਵੀ ਹੈ ਕਿ ਇਸ ਲਿਖਤ ਦੇ ਲੇਖਕ ਅਰੁਨਦੀਪ ਨੂੰ ਸੀ.ਪੀ.ਆਈ.(ਐਮ.ਐਲ.) ਨਿਊ-ਡੈਮੋਕਰੇਸੀ ਦਾ ਬੁਲਾਰਾ ਦਰਸਾਉਣ ਦੇ ਬਾਵਜੂਦ ''ਸਾਡਾ ਰਾਹ'' ਨੇ, ਅਤੀ ਹਲਕੇ ਪੱਧਰ ਦੇ ਇਨਕਲਾਬੀਪੁਣੇ ਦਾ ਪ੍ਰਗਟਾਵਾ ਕਰਦਿਆਂ, ਉਸਦੀ ਲਿਖਤ ਨੂੰ ''ਡਾਕ ਰਾਹੀਂ ਪ੍ਰਾਪਤ'' ਹੋਈ ਦਰਸਾਉਣ ਦਾ ਹਾਸੋਹੀਣਾ ਢਕਵੰਜ ਵੀ ਰਚਿਆ ਹੈ। ਇਸ ਦੇ ਕੀ ਕਾਰਨ ਹਨ? ਇਹ ਕਿਧਰੇ ਫੇਰ ਸਹੀ। ਅਜੇ ਅਸੀਂ ਸਿਰਫ ਉਪਰੋਕਤ ਟਿੱਪਣੀ 'ਚ ਦਰਜ ਨੁਕਤਿਆਂ ਬਾਰੇ ਹੀ ਗੱਲ ਕਰਾਂਗੇ।
ਇਸ ਟਿੱਪਣੀ ਦੇ ਲੇਖਕ ਤੇ ਪਰਚੇ ਦੇ ਅਜੇਹੇ ਹਲਕੇਪਨ ਅਤੇ ਗੈਰਸੰਜੀਦਗੀ ਦੇ ਬਾਵਜੂਦ ਅਸੀਂ ਉਹਨਾਂ ਦੇ ਇਸ ਉਪਰਾਲੇ ਦਾ ਸਵਾਗਤ ਕਰਦੇ ਹਾਂ, ਕਿਉਂਕਿ ਸਾਡੀ ਇਹ ਪ੍ਰਪੱਕ ਰਾਇ ਹੈ ਕਿ ਦੇਸ਼ ਅੰਦਰਲੀਆਂ ਖੱਬੀਆਂ ਧਿਰਾਂ ਵਿਚਕਾਰ ਅਜੇਹੇ ਪ੍ਰਸਪਰ ਵਿਚਾਰ ਵਟਾਂਦਰੇ ਵੱਧਣੇ ਚਾਹੀਦੇ ਹਨ। ਅਜੇਹੀ ਪ੍ਰਕਿਰਿਆ ਨਾਲ ਏਥੇ, ਕਮਿਊਨਿਸਟ ਲਹਿਰ ਅੰਦਰ ਫੈਲੀ ਹੋਈ ਅਜੋਕੀ ਸਿਧਾਂਤਕ ਧੁੰਦ-ਗੁਬਾਰ ਇਕ ਹੱਦ ਤੱਕ ਲਾਜ਼ਮੀ ਛਟ ਸਕਦੀ ਹੈ। ਇਸ ਦੇ ਫਲਸਰੂਪ, ਵੱਖ-ਵੱਖ ਧਿਰਾਂ ਨਾਲ ਜੁੜੇ ਹੋਏ ਇਨਕਲਾਬੀ ਤੱਤਾਂ ਵਿਚਕਾਰ ਅਮਲ ਦੀ ਏਕਤਾ ਵੀ ਵੱਧ ਸਕਦੀ ਹੈ ਅਤੇ ਸੰਗਠਨਾਤਮਕ ਏਕਤਾ ਦੇ ਯਤਨਾਂ ਨੂੰ ਸਫਲ ਬਨਾਉਣ ਲਈ ਲੋੜੀਂਦੀ ਸਾਰਥਕ ਪਹੁੰਚ ਦਾ ਨਿਰਮਾਣ ਵੀ ਸੰਭਵ ਬਣਾਇਆ ਜਾ ਸਕਦਾ ਹੈ। ਇਸ ਤਰ੍ਹਾਂ ਏਥੇ ਵੀ ਕਮਿਊਨਿਸਟ ਲਹਿਰ ਦੇ ਅਗਾਂਹ ਵੱਧਣ ਦੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ; ਬਸ਼ਰਤੇ ਕਿ ਅਜੇਹੀ ਵਿਚਾਰ ਚਰਚਾ ਵੱਖ ਵੱਖ ਮੁੱਦਿਆਂ 'ਤੇ ਇਕ ਦੂਜੇ ਦੀਆਂ ਪੁਜੀਸ਼ਨਾਂ ਨੂੰ ਸਮਝਣ ਸਮਝਾਉਣ ਲਈ ਕੀਤੀ ਜਾਵੇ ਨਾ ਕਿ ਇਕ ਦੂਜੇ ਨੂੰ ਹਕੀਰ ਸਿੱਧ ਕਰਨ ਵਾਸਤੇ 'ਤੇਲੀ ਦੇ ਸਿਰ ਕੋਹਲੂ' ਵਾਲੀ ਤਰਕਹੀਣ ਪਹੁੰਚ ਅਪਣਾਈ ਜਾਵੇ। ਇਹ ਵੀ ਲਾਜ਼ਮੀ ਹੈ ਕਿ ਇਕ ਦੂਜੇ ਦੀਆਂ ਪੁਜੀਸ਼ਨਾਂ ਦੀ ਨੁਕਤਾਚੀਨੀ ਕਰਦਿਆਂ ਉਸਾਰੂ ਤੇ ਸੁਹਿਰਦਤਾ ਵਾਲੀ ਪਹੁੰਚ ਦਾ ਪੱਲਾ ਫੜਿਆ ਜਾਣਾ ਚਾਹੀਦਾ ਹੈ ਤਾਂ ਜੋ ਇਹ ਪ੍ਰਕਿਰਿਆ ਸਮੁੱਚੇ ਰੂਪ ਵਿਚ ਕਮਿਊਨਿਸਟ ਲਹਿਰ ਨੂੰ ਮਜ਼ਬੂਤ ਕਰਨ ਅਤੇ ਉਸਦਾ ਵਿਸਥਾਰ ਕਰਨ ਦੇ ਹਿੱਤ ਵਿਚ ਭੁਗਤੇ ਨਾ ਕਿ ਇਸ ਨੂੰ ਹੋਰ ਖਿੰਡਾਉਣ ਤੇ ਹੋਰ ਵਧੇਰੇ ਕੁੜਤਣ ਪੈਦਾ ਕਰਨ ਦਾ ਸਾਧਨ ਬਣੇ।
ਪ੍ਰੰਤੂ ਸਾਨੂੰ ਅਫਸੋਸ ਹੈ ਕਿ ਉਪਰੋਕਤ ਅਹਿਮ ਦਰਿਸ਼ਟੀਕੋਨਾਂ ਤੋਂ ਦੇਖਿਆਂ, ਸਾਡੀ ਲਿਖਤ ਬਾਰੇ ਨਿਊ-ਡੈਮੋਕਰੇਸੀ ਦੇ ਬੁਲਾਰੇ ਦੀ ਟਿੱਪਣੀ ਪੂਰੀ ਤਰ੍ਹਾਂ ਨਾਂਹ-ਪੱਖੀ ਹੈ। ਇਨਕਲਾਬੀ ਹਿੰਸਾ ਅਤੇ ਜਮਹੂਰੀਅਤ, ਦੋਵਾਂ ਦੇ ਸਬੰਧ ਵਿਚ, ਸਾਡੇ ਮਾਓਵਾਦੀਆਂ ਦੀ ਸਮਝਦਾਰੀ ਨਾਲ ਵੀ ਮੱਤਭੇਦ ਹਨ ਅਤੇ ਪਾਰਲੀਮਾਨੀਵਾਦੀ ਮੌਕਾਪ੍ਰਸਤੀ ਦੇ ਸ਼ਿਕਾਰ ਸੋਧਵਾਦੀਆਂ ਨਾਲ ਵੀ। ਸਾਡੇ ਲਈ ਦੁੱਖ ਵਾਲੀ ਗੱਲ ਇਹ ਹੈ ਕਿ ਅਰੁਨਦੀਪ ਨੇ ਆਪਣੀ ਸੰਕੀਰਨਤਾਵਾਦੀ ਸਮਝਦਾਰੀ ਅਨੁਸਾਰ ਸੀ.ਪੀ.ਐਮ. ਪੰਜਾਬ ਦੀਆਂ ਇਹਨਾਂ ਮੁੱਦਿਆਂ 'ਤੇ ਸਥਾਪਤ ਪੁਜੀਸ਼ਨਾਂ ਦੀ ਭੰਨਤੋੜ ਕਰਕੇ ਆਪਣੇ ਆਪ ਨੂੰ 'ਸ਼ੁੱਧ ਇਨਕਲਾਬੀ' ਸਿੱਧ ਕਰਨ ਦਾ ਯਤਨ ਕੀਤਾ ਹੈ। ਇਹਨਾਂ ਸਵਾਲਾਂ 'ਤੇ ਅਸੀਂ ਸੀ.ਪੀ.ਆਈ. (ਮਾਓਵਾਦੀ) ਦੀ ਪਹੁੰਚ ਨਾਲੋਂ ਆਪਣੇ ਵੱਖਰੇਵੇਂ ਵਾਰ ਵਾਰ ਸਪੱਸ਼ਟ ਕੀਤੇ ਹਨ। ਸਾਨੂੰ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਹੈ ਕਿ ਮਾਓਵਾਦੀਆਂ ਦੇ ਰਾਜਸੀ ਨਿਸ਼ਾਨੇ, ਜਿਹੜਾ ਕਿ ਹੋਰ ਹਰ ਇਨਕਲਾਬੀ ਧਿਰ ਦਾ ਨਿਸ਼ਾਨਾ ਵੀ ਹੈ, ਨਾਲ ਉਹਨਾਂ ਦੇ ਦਾਅਪੇਚ ਮੇਲ ਨਹੀਂ ਖਾਂਦੇ। ਉਹ ਦੇਸ਼ ਦੀ ਰਾਜਸੱਤਾ, ਜਿਹੜੀ ਕਿ ਹੁਣ ਸਾਮਰਾਜੀ ਜਰਵਾਣਿਆਂ ਨਾਲ ਵੀ ਅਤੀ ਨੇੜਲੇ ਸਬੰਧਾਂ ਵਿਚ ਬੱਝ ਚੁੱਕੀ ਹੈ, ਦੀ ਮਾਰੂ ਤਾਕਤ ਨੂੰ ਘਟਾਕੇ ਦੇਖਦੇ ਹਨ ਅਤੇ ਆਪਣੀ ਤਾਕਤ ਦਾ ਬਹੁਤ ਵਧਾਕੇ ਅਨੁਮਾਨ ਲਾਉਂਦੇ ਹਨ। ਅਤੇ, ਇਹ ਕਹਿਣ ਵਿਚ ਵੀ ਝਿਜਕ ਨਹੀਂ ਕਿ ਅਜੇਹੀ ਗਲਤ ਸਮਝਦਾਰੀ ਨਾਲ ਘੜੇ ਗਏ ਦਾਅਪੇਚ ਕਦੇ ਵੀ ਕਲਿਆਣਕਾਰੀ ਸਿੱਧ ਨਹੀਂ ਹੋ ਸਕਦੇ।
ਏਸੇ 'ਜ਼ੁਰਮ' ਦੇ ਆਧਾਰ 'ਤੇ ਹੀ ਨਿਊ ਡੈਮੋਕਰੇਸੀ ਨੇ ਸਾਡੇ ਉਪਰ ਸਭ ਤੋਂ ਵੱਡਾ ਇਲਜ਼ਾਮ ਇਹ ਲਾਇਆ ਹੈ ਕਿ ਅਸੀਂ ''ਤਥਆਤਮਕ ਗਲਤੀਆਂ'' ਦੇ ਸ਼ਿਕਾਰ ਹਾਂ ਅਤੇ ''ਮਾਓਵਾਦੀਆਂ ਦੀ ਅਸਲ ਤਾਕਤ ਅਤੇ ਜਨਆਧਾਰ ਬਾਰੇ ਸਾਡੀ ਸਮਝਦਾਰੀ ਠੀਕ ਨਹੀਂ ਹੈ।'' ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਮਾਓਵਾਦੀਆਂ ਨੂੰ ''ਬਸਤਰ ਦੇ ਮੁਕਾਬਲਤਨ ਛੋਟੇ ਖੇਤਰ' ਤੱਕ ਸੰਗੋੜ ਰਹੇ ਹਾਂ'' ਜਦੋਂਕਿ ਭਾਰਤੀ ਹਾਕਮ ਉਹਨਾਂ ਨੂੰ ''ਦੇਸ਼ ਦੀ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ'' ਸਮਝਦੇ ਹਨ। ਆਪਣੇ ਇਸ ਤਰਕ ਦੀ ਪ੍ਰੋੜਤਾ ਲਈ ਅਰੁਨਦੀਪ ਨੇ ਮਾਓਵਾਦੀਆਂ ਦੇ ਜਨਆਧਾਰ ਬਾਰੇ ਇਕ ਸਰਕਾਰੀ ਰਿਪੋਰਟ ਦਾ ਹਵਾਲਾ ਵੀ ਦਿੱਤਾ ਹੈ। ਇਸ ਲਈ, ਸਭ ਤੋਂ ਪਹਿਲਾਂ, ਅਸੀਂ ਦੇਸ਼ ਦੀਆਂ ਇਨਕਲਾਬੀ ਸ਼ਕਤੀਆਂ ਨੂੰ ਦਰਪੇਸ਼ ਚੁਨੌਤੀਆਂ ਦੀ ਮੌਜੂਦਾ ਅਵਸਥਾ ਵਿਚ, ਉਹਨਾਂ ਦੇ ਜਨਆਧਾਰ ਦਾ ਅਨੁਮਾਨ ਲਾਉਣ ਦੇ ਨੁਕਤੇ 'ਤੇ ਆਪਣੀ ਸਮਝਦਾਰੀ ਸਪੱਸ਼ਟ ਕਰਨੀ ਚਾਹਾਂਗੇ। ਸਾਡਾ ਮੱਤ ਹੈ ਕਿ ਕਮਿਊਨਿਸਟਾਂ ਨੂੰ ਆਪਣੀਆਂ ਹਰ ਤਰ੍ਹਾਂ ਦੀਆਂ ਸਰਗਰਮੀਆਂ ਤੇ ਸੰਘਰਸ਼ਾਂ ਦਾ ਰੂਪ ਤੈਅ ਕਰਨ ਵਾਸਤੇ, ਬਾਹਰਮੁਖੀ ਅਤੇ ਅੰਤਰਮੁਖੀ ਠੋਸ ਹਾਲਤਾਂ ਦੇ ਸਮਤੋਲ ਬਾਰੇ ਲੋੜੀਂਦਾ ਅਨੁਮਾਨ ਲਾਉਣ ਸਮੇਂ ਆਪਣੀ ਪੱਧਰ 'ਤੇ ਲਾਏ ਗਏ ਠੋਸ ਅਨੁਮਾਨਾਂ 'ਤੇ ਨਿਰਭਰ ਰਹਿਣਾ ਚਾਹੀਦਾ ਹੈ ਨਾਂ ਕਿ ਦੁਸ਼ਮਣਾ ਵਲੋਂ ਕੀਤੀ ਗਈ ਬਿਆਨਬਾਜ਼ੀ 'ਤੇ। ਦੁਸ਼ਮਣ ਤਾਂ ਕਈ ਵਾਰ ਆਪਣੇ ਜਾਬਰ ਹਥਕੰਡਿਆਂ ਨੂੰ ਜਾਇਜ਼ ਠਹਿਰਾਉਣ ਲਈ ਵੀ ਤੁਹਾਡੀ ਤਾਕਤ ਨੂੰ ਵਧਾ ਚੜ੍ਹਾਕੇ ਪੇਸ਼ ਕਰ ਸਕਦਾ ਹੈ। ਇਸ ਲਈ ਉਸਦੇ ਅਜੇਹੇ ਭੁਚਲਾਵਿਆਂ ਤੇ ਭੜਕਾਹਟਾਂ ਤੋਂ ਬਚਣ ਦੀ ਲੋੜ ਹੁੰਦੀ ਹੈ ਨਾ ਕਿ ਉਹਨਾਂ ਵਿਚ ਫਸਕੇ ਆਪਣੀ ਧੌਣ ਤੁੜਾਉਣ ਦੀ। ਸਾਰੇ ਜਾਣਦੇ ਹਨ ਕਿ ਭਾਰਤੀ ਹਾਕਮ ਤਾਂ ਪੰਜਾਬ ਅੰਦਰ ਮਜ਼ਦੂਰਾਂ-ਕਿਸਾਨਾਂ ਦੀਆਂ ਫੌਰੀ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਯਤਨਸ਼ੀਲ 17 ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਸੰਘਰਸ਼ ਨੂੰ ਵੀ ਮਾਓਵਾਦੀ ਅੰਦੋਲਨ ਵਜੋਂ ਪੇਸ਼ ਕਰਨ ਤੱਕ ਚਲੇ ਜਾਂਦੇ ਹਨ। ਉਹਨਾਂ ਦੀਆਂ ਅਜੇਹੀਆਂ ਮੰਦਭਾਵਨਾ ਤੋਂ ਪ੍ਰੇਰਤ ਅਤੇ ਗੁੰਮਰਾਹਕੁੰਨ ਰਿਪੋਰਟਾਂ ਨੂੰ ਕਿਵੇਂ ਸਵੀਕਾਰ ਕੀਤਾ ਜਾ ਸਕਦਾ ਹੈ?
ਜਿਥੋਂ ਤੱਕ ਮਾਓਵਾਦੀਆਂ ਦੇ ਠੋਸ ਜਨਆਧਾਰ ਦਾ ਸਬੰਧ ਹੈ, ਹੋ ਸਕਦਾ ਹੈ ਕਿ ਅਰੁਨਦੀਪ ਜਾਂ ਕਿਸੇ ਹੋਰ ਸਾਥੀ/ਪਾਰਟੀ ਕੋਲ ਸਾਡੇ ਨਾਲੋਂ ਵੱਧ ਜਾਣਕਾਰੀ ਹੋਵੇ। ਪ੍ਰੰਤੂ ਸਾਡੀ ਸਮਝਦਾਰੀ ਅਨੁਸਾਰ ਤਾਂ ਉਹਨਾਂ ਨੇ, ਕਈ ਪ੍ਰਾਂਤਾਂ ਵਿਚ ਪੈਂਦੇ ਡੰਡਕਾਰਨੀਆਂ ਦੇ ਜੁੜਵੇਂ ਖਿੱਤੇ ਵਿਚ ਆਦਿਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ, ਅਤੀ ਕਠਿਨ ਅਵਸਥਾਵਾਂ ਵਿਚ ਵਰ੍ਹਿਆਂ ਬੱਧੀ ਜਨਤਕ ਸੰਘਰਸ਼ ਲੜਕੇ ਤੇ ਉਹਨਾਂ ਨੂੰ ਜਥੇਬੰਦ ਕਰਕੇ ਆਪਣਾ ਚੰਗਾ ਜਨਤਕ ਆਧਾਰ ਬਣਾਇਆ ਹੋਇਆ ਹੈ। ਇਸ ਤੋਂ ਇਲਾਵਾ ਕੁੱਝ ਹੋਰ ਥਾਵਾਂ 'ਤੇ ਵੀ ਉਹਨਾਂ ਦੇ ਸਮਰੱਥਕ ਮੌਜੂਦ ਹੋ ਸਕਦੇ ਹਨ। ਪ੍ਰੰਤੂ ਇਸ ਦੇ ਬਾਵਜੂਦ ਸਮੁੱਚੇ ਦੇਸ਼ ਦੀਆਂ ਰਾਜਸੀ ਅਵਸਥਾਵਾਂ ਨੂੰ ਅਤੇ ਏਥੇ ਇਨਕਲਾਬੀ ਸੰਘਰਸ਼ ਨੂੰ ਸਫਲਤਾ ਤੱਕ ਪਹੁੰਚਾਉਣ ਦੇ ਮਹਾਨ ਕਾਰਜ ਦੀਆਂ ਪ੍ਰਮੁੱਖ ਲੋੜਾਂ ਨੂੰ ਮੁੱਖ ਰੱਖਦਿਆਂ ਇਹ ਗੱਲ ਸਹਿਜੇ ਹੀ ਸਮਝ ਆ ਜਾਂਦੀ ਹੈ ਕਿ ਕੁਲ ਮਿਲਾਕੇ ਉਹਨਾਂ ਦਾ ਜਨਆਧਾਰ ਅਜੇ ਬਹੁਤ ਹੀ ਕਮਜ਼ੋਰ ਤੇ ਪੇਤਲਾ ਹੈ। ਇਹੋ ਕਾਰਨ ਹੈ ਕਿ ਜਦੋਂ ਪੁਲਸ ਤੇ ਅਰਧ ਸੈਨਿਕ ਬਲਾਂ ਵਲੋਂ ਮਾਓਵਾਦੀਆਂ ਜਾਂ ਉਹਨਾਂ ਦੇ ਬਹਾਨੇ, ਆਮ ਲੋਕਾਂ ਉਪਰ ਬੇਹੱਦ ਵਹਿਸ਼ੀਆਨਾ ਜਬਰ ਕੀਤਾ ਜਾਂਦਾ ਹੈ ਅਤੇ ਬੇਰਹਿਮੀ ਨਾਲ ਕਤਲ ਕੀਤੇ ਜਾਂਦੇ ਹਨ ਤਾਂ ਵੀ ਹਾਕਮਾਂ ਵਲੋਂ ਢਾਏ ਜਾਂਦੇ ਉਸ ਜਬਰ ਦੇ ਵਿਰੋਧ ਵਿਚ ਆਮ ਲੋਕਾਂ ਵਲੋਂ, ਦੇਸ਼ ਭਰ ਵਿਚ ਕਿਧਰੇ ਵੀ, ਕੋਈ ਵੱਡਾ ਰੋਸ ਮੁਜ਼ਾਹਰਾ ਤੱਕ ਨਹੀਂ ਕੀਤਾ ਜਾਂਦਾ ਹੈ। ਹਾਕਮਾਂ ਦੀਆਂ ਅਜੇਹੀਆਂ ਅਮਾਨਵੀ ਕਾਰਵਾਈਆਂ ਵਿਰੁੱਧ ਰੋਸ ਦਾ ਪ੍ਰਗਟਾਵਾ ਤਾਂ ਅਜੇ ਸਿਰਫ ਚੰਦ ਕੁ ਸਮਰਥਕਾਂ ਦੀਆਂ ਬੈਠਕ ਮੀਟਿੰਗਾਂ ਜਾਂ ਇਕ ਅੱਧ ਅਖਬਾਰੀ ਬਿਆਨ ਤੱਕ ਹੀ ਸੀਮਤ ਰਹਿੰਦਾ ਹੈ। ਇਸ ਦੇ ਉਲਟ ਜਦੋਂ ਮਾਓਵਾਦੀਆਂ ਵੱਲੋਂ ਸੁਰੱਖਿਆ ਬਲਾਂ ਦੇ ਬੰਦੇ ਮਾਰੇ ਜਾਂਦੇ ਹਨ ਤਾਂ ਦੇਸ਼ ਭਰ ਦੇ ਮੀਡੀਏ ਅੰਦਰ ਚੀਕ-ਚਿਹਾੜਾ ਮੱਚ ਜਾਂਦਾ ਹੈ। ਉਹਨਾਂ ਵਲੋਂ ਮਾਓਵਾਦੀਆਂ ਦੀ ਜਮ ਕੇ ਨੁਕਤਾਚੀਨੀ ਕੀਤੀ ਜਾਂਦੀ ਹੈ। ਪ੍ਰੰਤੂ ਮਾਓਵਾਦੀਆਂ ਦੀ ਹਮਾਇਤ ਵਿਚ (ਜਾਂ 'ਦੁਸ਼ਮਣਾਂ' ਦਾ ਸਫਾਇਆ ਹੋਣ ਦੀ ਖੁਸ਼ੀ ਵਿਚ!) ਗਲੀਆਂ ਬਜ਼ਾਰਾਂ ਵਿਚ ਕੋਈ ਨਹੀਂ ਨਿਕਲਦਾ। ਮਾਓਵਾਦੀਆਂ ਦੇ, ਸਮੁੱਚੇ ਦੇਸ਼ ਦੀ ਪੱਧਰ 'ਤੇ, ਜਨ ਆਧਾਰ ਦਾ ਠੋਸ ਅਨੁਮਾਨ ਲਾਉਣ ਬਾਰੇ ਸਾਡੀ ਇਸ ਸਮਝਦਾਰੀ ਨਾਲ ਹਰ ਇਕ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ, ਪ੍ਰੰਤੂ ਅਸੀਂ ਤਾਂ ਇਹਨਾਂ ਹਕੀਕਤਾਂ ਪ੍ਰਤੀ ਅੱਖਾਂ ਬੰਦ ਨਹੀਂ ਕਰ ਸਕਦੇ। ਸਾਨੂੰ ਤਾਂ ਇਹ ਵੀ ਚਿੰਤਾ ਹੈ ਕਿ ਇਸ ਪੂਰੀ ਤਰ੍ਹਾਂ ਅਸਾਵੀਂ ਲੜਾਈ ਵਿਚ ਮਾਓਵਾਦੀਆਂ ਦੇ ਪ੍ਰਤੀਬੱਧ ਤੇ ਆਪਾਵਾਰੂ ਕਾਡਰ, ਜਿਹੜੇ ਕਿ ਭਾਰਤੀ ਇਨਕਲਾਬ ਵਿਚ ਵਡਮੁੱਲਾ ਯੋਗਦਾਨ ਪਾਉਣ ਦੇ ਸਮਰੱਥ ਵੀ ਹੋ ਸਕਦੇ ਹਨ, ਕਿਧਰੇ ਐਵੇਂ ਹੀ ਨੁਕਸਾਨੇ ਨਾ ਜਾਣ। ਏਸੇ ਤਰ੍ਹਾਂ ਦੇ ਤੌਖਲੇ ਦਾ ਇਜ਼ਹਾਰ ਤਾਂ ਹੁਣ ਉਘੀ ਲੇਖਿਕਾ ਅਰੁੰਧਤੀ ਰਾਏ ਨੇ ਵੀ ਇਕ ਇੰਟਰਵਿਊ ਰਾਹੀਂ ਕਰ ਦਿੱਤਾ ਹੈ।
ਜਿਥੋਂ ਤੱਕ ਇਨਕਲਾਬੀ ਸੰਘਰਸ਼ ਨੂੰ ਨੇਪਰੇ ਚਾੜ੍ਹਨ ਲਈ ਹਿੰਸਾ ਜਾਂ ਹਥਿਆਰਾਂ ਦੀ ਵਰਤੋਂ ਆਦਿ ਦਾ ਸਬੰਧ ਹੈ, ਇਹ ਬਹੁਤ ਗੰਭੀਰ, ਗੁੰਝਲਦਾਰ ਤੇ ਵਿਸ਼ਾਲ ਵਿਸ਼ਾ ਹੈ ਜਿਸ ਦਾ ਵਰਨਣ ਅਰੁਨਦੀਪ ਵਾਂਗ ''ਲਾਲ ਦਹਿਸ਼ਤ ਤੇ ਚਿੱਟੀ ਦਹਿਸ਼ਤ'' ਦੇ ਰੂਪ ਵਿਚ ਕੀਤੇ ਗਏ ਸਾਧਾਰਨੀਕਰਨ ਰਾਹੀਂ ਕੱਤਾਈ ਨਹੀਂ ਕੀਤਾ ਜਾ ਸਕਦਾ। ਸਮਾਜਿਕ ਤਬਦੀਲੀ ਦੇ ਅਮਲ ਵਿਚ ਹਥਿਆਰਾਂ ਦੀ ਵਰਤੋਂ ਤਾਂ ਇਕ ਵੱਡਾ ਮੁੱਦਾ ਹੈ, ਮਾਰਕਸਵਾਦ-ਲੈਨਿਨਵਾਦ ਦੇ ਬੁਨਿਆਦੀ ਅਸੂਲਾਂ ਅਨੁਸਾਰ ਤਾਂ ਹਰ ਘੋਲ ਦਾ ਰੂਪ ਤੇ ਛੋਟੇ ਤੋਂ ਛੋਟਾ ਐਕਸ਼ਨ ਵੀ ਬਾਹਰਮੁਖੀ ਤੇ ਅੰਤਰਮੁਖੀ ਅਵਸਥਾਵਾਂ ਦੇ ਸਮਤੋਲ 'ਤੇ ਨਿਰਭਰ ਕਰਦਾ ਹੈ। ਵੈਸੇ ਵੀ ਹਥਿਆਰਾਂ ਦੀ ਵਰਤੋਂ ਨੂੰ ਕੇਵਲ ਲਾਲ ਤੇ ਚਿੱਟੀ ਹਿੰਸਾ ਦੀਆਂ ਵੰਨਗੀਆਂ ਵਿਚ ਬੰਨ੍ਹਕੇ ਸਹੀ ਜਾਂ ਗਲਤ ਨਹੀਂ ਠਹਿਰਾਇਆ ਜਾ ਸਕਦਾ, ਕਿਉਂਕਿ ਵਿਅਕਤੀਗਤ ਦਹਿਸ਼ਤਗਰਦੀ ਲਈ, ਭਾਵੇਂ ਉਹ ਲਾਲਾਂ ਵਲੋਂ ਹੀ ਕਿਉਂ ਨਾ ਕੀਤੀ ਗਈ ਹੋਵੇ, ਇਨਕਲਾਬੀ ਸੰਘਰਸ਼ ਵਿਚ ਕੋਈ ਥਾਂ ਨਹੀਂ ਹੁੰਦੀ। ਇਹ ਵੀ ਇਕ ਸਥਾਪਤ ਧਾਰਨਾ ਹੈ ਕਿ ਲੋਕਾਂ ਦੇ ਵਿਸ਼ਾਲ ਭਾਗਾਂ ਨੂੰ ਮਾਨਸਿਕ ਤੇ ਜਥੇਬੰਦਕ ਰੂਪ ਵਿਚ ਤਿਆਰ ਕੀਤੇ ਬਗੈਰ ਆਰੰਭੇ ਗਏ ਅਜੇਹੇ ਮਾਅਰਕੇਬਾਜ਼ ਐਕਸ਼ਨ ਕੇਵਲ ਬੇਵਕੂਫੀ ਹੀ ਨਹੀਂ ਹੁੰਦੇ ਬਲਕਿ ਇਨਕਲਾਬੀ ਦਰਿਸ਼ਟੀਕੋਨ ਤੋਂ ''ਘੋਰ ਅਪਰਾਧ ਹੁੰਦੇ ਹਨ।'' ਇਨਕਲਾਬੀ ਤਬਦੀਲੀ ਲਈ ਸੰਘਰਸ਼ਸ਼ੀਲ ਕਮਿਊਨਿਸਟਾਂ ਨੇ ਹਥਿਆਰ ਕਦੋਂ ਚੁਕਣੇ ਹਨ, ਇਸ ਦਾ ਨਿਰਨਾ ਤਾਕਤਾਂ ਦੇ ਸਮਤੋਲ 'ਤੇ ਨਿਰਭਰ ਕਰਦਾ ਹੈ, ਨਿਕਬੁਰਜ਼ਵਾ ਇਨਕਲਾਬੀ ਰੁਮਾਂਸਵਾਦ 'ਤੇ ਆਧਾਰਤ ਕਿਸੇ ਦੀ ਅੰਤਰਮੁਖਤਾ 'ਤੇ ਨਹੀਂ। ਇਸ ਸੰਦਰਭ ਵਿਚ ਅਸੀਂ ਅਜੇ ਸਿਰਫ ਏਨਾ ਕੁ ਹੀ ਕਹਿਣਾ ਚਾਹਾਂਗੇ ਕਿ 'ਪੰਜਾਬੀਆਂ ਨੂੰ ਗਰਮ ਕੱਪੜਿਆਂ ਦੀ ਲੋੜ ਤਾਂ ਬਹੁਤ ਹੈ, ਪਰ ਇਹ ਗਰਮੀਆਂ ਵਿਚ ਨਹੀਂ ਪਹਿਨੇ ਜਾ ਸਕਦੇ, ਇਹਨਾਂ ਦੀ ਵਰਤੋਂ ਲਈ ਤਾਂ ਪੋਹ-ਮਾਘ ਦੀ ਉਡੀਕ ਕਰਨੀ ਪੈਂਦੀ ਹੈ।' ਉਂਜ ਤਾਂ ਅਰੁਨਦੀਪ ਨੇ ਆਪ ਵੀ ਕਿਹਾ ਹੈ ਕਿ ''ਲੋਕਾਂ ਦੀ ਹਿੰਸਾ ਪ੍ਰਤੀ ਹਿੰਸਾ ਹੁੰਦੀ ਹੈ।'' ਜਿਹੜੀ ਕਿ ਲਾਜ਼ਮੀ ਇਕ ਰੱਖਿਆਤਮਕ ਹਥਿਆਰ ਤੋਂ ਵਿਕਸਤ ਹੋਈ ਹੁੰਦੀ ਹੈ ਨਾ ਕਿ ਮਾਅਰਕੇਬਾਜ਼ ਦਲੇਰੀ ਤੋਂ। ਏਸੇ ਲਈ, ਮਾਓਵਾਦੀਆਂ ਦੀ ਇਸ ਪੱਖੋਂ ਪਹੁੰਚ ਉਪਰ ਅਰੁਨਦੀਪ ਆਪ ਵੀ ਇਹ ਕਹਿਕੇ ਠੀਕ ਨੁਕਤਾਚੀਨੀ ਕਰਦਾ ਹੈ ਕਿ ''ਮਾਓਵਾਦੀਆਂ ਦੀ ਹਥਿਆਰਬੰਦ ਘੋਲ ਪ੍ਰਤੀ ਗਲਤ ਪਹੁੰਚ ਕਾਰਨ ਉਹਨਾਂ ਹੱਥੋਂ ਜਨਤਕ ਕੰਮ ਦਾ ਪੱਲਾ ਛੁੱਟ ਜਾਂਦਾ ਹੈ।'' ਜੇਕਰ ਅਰੁਨਦੀਪ ਦੀ ਇਹ ਧਾਰਨਾ ਠੀਕ ਹੈ ਤਾਂ ਫਿਰ ਮਾਓਵਾਦੀਆਂ ਦੀ ਗਲਤ ਦਾਅਪੇਚਕ ਲਾਈਨ ਬਾਰੇ ਸਾਡੀ ਫਿਕਰਮੰਦੀ ਉਪਰ ਏਨਾ ਕੌੜਾ ਕਿੰਤੂ ਕਿਉਂ?
ਜਿਥੋਂ ਤੱਕ ਜਮਹੂਰੀਅਤ ਅਤੇ, ਅਜੋਕੇ ਸੰਦਰਭ ਵਿਚ, ਇਸ ਦੇ ਜਮਾਤੀ ਲੱਛਣਾਂ ਦਾ ਸਵਾਲ ਹੈ, ਨਿਊ-ਡੈਮੋਕਰੇਸੀ ਦੇ ਬੁਲਾਰੇ ਨੇ ਇਸ ਮੁੱਦੇ 'ਤੇ ਵੀ ਸਾਡੀ ਸਮਝਦਾਰੀ ਨਾਲ ਘੋਰ ਅਨਰਥ ਕੀਤਾ ਹੈ। ਮਾਓਵਾਦੀਆਂ ਦੇ ਉਪਰੋਕਤ 25 ਮਈ ਦੇ ਹਮਲੇ ਨੂੰ, ਦੇਸ਼ ਦੇ ਹੁਕਮਰਾਨਾਂ ਅਤੇ ਬੁਰਜ਼ਵਾ ਪ੍ਰੈੱਸ ਵਲੋਂ ਵਾਰ ਵਾਰ ''ਜਮਹੂਰੀਅਤ ਉਪਰ ਹਮਲੇ'' ਦਾ ਨਾਂਅ ਦੇਣ ਦਾ ਵਿਰੋਧ ਕਰਦਿਆਂ ਅਤੇ ਆਦਿਵਾਸੀਆਂ ਸਮੇਤ ਦੇਸ਼ ਦੇ ਸਮੁੱਚੇ ਕਿਰਤੀ ਜਨਸਮੂਹਾਂ ਦੀਆਂ ਹਰ ਤਰ੍ਹਾਂ ਦੀਆਂ ਮੁਸੀਬਤਾਂ ਲਈ ਹਾਕਮਾਂ ਨੂੰ ਜ਼ੁੰਮੇਵਾਰ ਠਹਿਰਾਉਂਦਿਆਂ, ਸਾਡਾ ਇਹ ਕਹਿਣਾ ਕਿ ''ਇਹ ਮਸਲਾ ਤਾਂ ਪੈਦਾ ਹੀ ਹਾਕਮਾਂ ਵਲੋਂ ਜਮਹੂਰੀਅਤ ਦੀ ਪੱਤ ਰੋਲਣ ਕਰਕੇ ਹੋਇਆ ਹੈ,'' ਦੇ ਵਾਕੰਸ਼ ਨੂੰ ਉਸਦੇ ਅਸਲ ਪ੍ਰਸੰਗ ਨਾਲੋਂ ਤੋੜਕੇ ਅਤੇ ਗਲਤ ਢੰਗ ਨਾਲ ਪੇਸ਼ ਕਰਕੇ ਅਰੁਨਦੀਪ ਨੇ ਬੁਰਜ਼ਵਾ ਜਮਹੂਰੀਅਤ ਬਾਰੇ ਸਾਡੀ ਸਮਝਦਾਰੀ ਨੂੰ ਮੱਲੋ-ਜ਼ੋਰੀ ਸੋਧਵਾਦੀਆਂ ਦੀ ਸਮਝਦਾਰੀ ਨਾਲ ਨੱਥੀ ਕਰ ਦਿੱਤਾ ਹੈ। ਅਸੀਂ ਕਈ ਵਾਰ ਸਪੱਸ਼ਟ ਕਰ ਚੁੱਕੇ ਹਾਂ ਕਿ ਸਾਡੀ ਪਾਰਟੀ, ਇਤਹਾਸਕ ਪ੍ਰੀਪੇਖ ਵਿਚ, ਬੁਰਜ਼ਵਾ ਜਮਹੂਰੀਅਤ ਦੀਆਂ ਸੀਮਤ ਸੰਭਾਵਨਾਵਾਂ ਤੇ ਸੀਮਾਵਾਂ, ਦੋਵਾਂ ਬਾਰੇ ਮਾਰਕਸਵਾਦੀ-ਲੈਨਿਨਵਾਦੀ ਸਮਝਦਾਰੀ ਦੀ ਧਾਰਨੀ ਹੈ। ਨਾ ਅਸੀਂ ਸੋਸ਼ਲ ਡੈਮੋਕਰੇਟਾਂ ਵਾਂਗ ਇਸੇ ਪ੍ਰਬੰਧ ਵਿਚ ਕਿਰਤੀ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂ ਦੇ ਹੱਲ ਹੋ ਜਾਣ ਦਾ ਭਰਮ ਪਾਲਦੇ ਹਾਂ ਅਤੇ ਨਾ ਹੀ ਅਰਾਜਕਤਾਵਾਦੀਆਂ ਵਾਂਗ ਆਪਣੀ ਲਹਿਰ ਦੇ ਵਿਕਾਸ ਲਈ ਇਸ ਦੀਆਂ ਸੀਮਤ ਸੰਭਾਵਨਾਵਾਂ ਦੀ ਵਰਤੋਂ ਕਰਨ ਤੋਂ ਮੁਨਕਰ ਹਾਂ। ਸਾਨੂੰ ਇਹ ਵੀ ਪਤਾ ਹੈ ਕਿ ਇਸ ਬੁਰਜ਼ਵਾ ਜਮਹੂਰੀਅਤ ਵਿਚ ਅੱਜ ਜਿੰਨੇ ਕੁ ਵੀ ਜਮਹੂਰੀ ਅਧਿਕਾਰ ਲੋਕਾਂ ਨੂੰ ਮਿਲੇ ਹੋਏ ਹਨ, ਉਹ ਵੀ ਐਵੇਂ ਨਹੀਂ ਮਿਲੇ। ਉਹਨਾਂ ਵਾਸਤੇ ਲੋਕਾਂ ਨੇ ਅਥਾਹ ਕੁਰਬਾਨੀਆਂ ਕੀਤੀਆਂ ਹੋਈਆਂ ਹਨ। ਅਤੇ, ਜਿਵੇਂ ਜਿਵੇਂ ਲੋਕਾਂ ਅੰਦਰ ਹਕੀਕੀ ਜਮਹੂਰੀ ਚੇਤਨਾ ਮਜ਼ਬੂਤ ਹੁੰਦੀ ਜਾਣੀ ਹੈ, ਸਰਮਾਏਦਾਰ ਹਾਕਮਾਂ ਨੇ ਇਸ ਬੁਰਜ਼ਵਾ ਜਮਹੂਰੀਅਤ ਤੋਂ ਵੀ ਲਾਜ਼ਮੀ ਭਾਜੂ ਹੁੰਦੇ ਜਾਣਾ ਹੈ। ਏਸੇ ਲਈ ਮਹਾਨ ਲੈਨਿਨ ਨੇ ਮਜ਼ਦੂਰ ਵਰਗ ਦੇ ਸਨਮੁੱਖ ਬੁਰਜ਼ਵਾ ਜਮਹੂਰੀਅਤ ਨੂੰ ਜੜ੍ਹੋਂ ਉਖਾੜ ਸੁੱਟਣ ਦੇ ਨਿਰਧਾਰਤ ਕੀਤੇ ਗਏ ਕਾਰਜ ਦੇ ਨਾਲ ਨਾਲ ਆਪਣੇ ਸੰਘਰਸ਼ ਦੀਆਂ ਮੁੱਢਲੀਆਂ ਅਵਸਥਾਵਾਂ ਅਨੁਸਾਰ, ਆਰੰਭਕ ਦੌਰ ਵਿਚ, ਬੁਰਜ਼ਵਾ ਜਮਹੂਰੀਅਤ ਦੀ ਰਾਖੀ ਕਰਨ ਦੀ ਸਿੱਖਿਆ ਵੀ ਦਿੱਤੀ ਹੈ। ਅਸੀਂ ਉਹਨਾਂ ਅਖਾਉਤੀ ਇਨਕਲਾਬੀਆਂ ਨਾਲ ਬਿਲਕੁਲ ਸਹਿਮਤ ਨਹੀਂ ਜਿਹਨਾਂ ਨੂੰ ਜਮਹੂਰੀਅਤ ਦੇ ਸ਼ਬਦ ਨਾਲ ਹੀ ਚਿੜ ਹੈ ਅਤੇ ਜਿਹੜੇ ਪ੍ਰੋਲਤਾਰੀ ਦੀ ਡਿਕਟੇਟਰਸ਼ਿਪ (ਜਿੱਥੇ ਮਜ਼ਦੂਰ ਜਮਾਤ ਲਈ ਮੁਕੰਮਲ ਤੇ ਹਕੀਕੀ ਜਮਹੂਰੀਅਤ ਦਾ ਸੰਚਾਰ ਤੇ ਵਿਕਾਸ ਹੋਣਾ ਹੁੰਦਾ ਹੈ) ਦੀ ਧਾਰਨਾ ਨੂੰ ਵੀ ਗਲਤ ਢੰਗ ਨਾਲ ਪੇਸ਼ ਕਰਦੇ ਹਨ ਅਤੇ ਸਮੁੱਚੇ ਰੂਪ ਵਿਚ ਜਾਗੀਰੂ/ਤਾਨਾਸ਼ਾਹੀ ਵਾਲੀਆਂ ਪੁਜੀਸ਼ਨਾਂ ਦੀ ਵਕਾਲਤ ਕਰਦੇ ਹਨ। ਮਹਾਨ ਮਾਓਜ਼ੇ ਤੁੰਗ ਨੇ ਨਵ-ਜਮਹੂਰੀਅਤ ਦਾ ਸੰਕਲਪ ਐਵੇਂ ਨਹੀਂ ਸੀ ਘੜਿਆ, ਇਹ ਕਿਰਤੀ ਲੋਕਾਂ ਲਈ ਲੋੜੀਂਦੀ ਜਮਹੂਰੀਅਤ ਨੂੰ ਹੀ ਰੂਪਮਾਨ ਕਰਦਾ ਹੈ; ਜਿਸ ਦੀ ਉਲੰਘਣਾ ਹੋਣ ਦੇ ਨਤੀਜੇ ਦੁਨੀਆਂ ਭਰ ਦੇ ਕਮਿਊਨਿਸਟ ਕੇਵਲ ਰੂਸ ਵਿਚ ਹੀ ਨਹੀਂ ਹੋਰ ਥਾਵਾਂ 'ਤੇ ਵੀ ਭੁਗਤ ਚੁੱਕੇ ਹਨ।
'ਨਿਊ-ਡੈਕੋਮਰੇਸੀ ' ਦੇ ਬੁਲਾਰੇ ਨੇ ਇਸ ਗੱਲ ਦੀ ਬਹੁਤ ਕੌੜ ਖਾਧੀ ਹੈ ਕਿ ਅਸੀਂ ਆਪਣੀ ਲਿਖਤ ਵਿਚ ਮਾਅਰਕੇਬਾਜ਼ੀ ਦੇ ਤਬਾਹਕੁੰਨ ਨਤੀਜਿਆਂ ਦਾ ਉਲੇਖ ਕਰਦਿਆਂ ਆਪਣੇ ਦੇਸ਼ ਅੰਦਰ ਨਕਸਲਬਾੜੀ ਦੀ ਲਹਿਰ ਦੇ ਹੋਏ ਮਾੜੇ ਹਸ਼ਰ ਦਾ ਹਵਾਲਾ ਕਿਉਂ ਦਿੱਤਾ ਹੈ। ਉਹ ਸਾਡੀ ਇਸ ਸਮਝਦਾਰੀ ਨੂੰ ਵੀ ਤੱਥਾਂ ਦੇ ਪੂਰੀ ਤਰ੍ਹਾਂ ਉਲਟ ਸਮਝਦੇ ਹਨ ਅਤੇ ਕਹਿੰਦੇ ਹਨ : ''ਸਾਡੀ ਪਾਰਟੀ, ਮਾਓਵਾਦੀ ਪਾਰਟੀ ਤੇ ਕੁਝ ਹੋਰ ਜਥੇਬੰਦੀਆਂ ਨਕਸਲਬਾੜੀ ਲਹਿਰ ਦੀ ਲਗਾਤਾਰਤਾ ਹਨ।'' ਅਸੀਂ ਅਰੁਨਦੀਪ ਦੀ ਇਸ ਸਟੇਟਮੈਂਟ ਨਾਲ ਇਸ ਹੱਦ ਤੱਕ ਤਾਂ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਨਕਸਲਬਾੜੀ ਲਹਿਰ ਦੀਆਂ ਬੁਨਿਆਦੀ ਸੰਕੀਰਨ ਅਤੇ ਅਰਾਜਕਤਾਵਾਦੀ ਸਮਝਾਂ ਤੇ ਮਾਅਰਕੇਬਾਜ਼ ਪੁਜੀਸ਼ਨਾਂ, ਜਿਹੜੀਆਂ ਕਿ ਮੱਧ ਵਰਗੀ ਜਮਾਤਾਂ ਦੇ ਇਨਕਲਾਬੀ ਰੁਮਾਂਸਵਾਦ ਦੀ ਉਪਜ ਹੁੰਦੀਆਂ ਹਨ, ਦੀ ਲਗਾਤਾਰਤਾ ਉਦੋਂ ਤੱਕ ਰਹਿਣੀ ਹੀ ਰਹਿਣੀ ਹੈ ਜਦੋਂ ਤੱਕ ਕਿ ਸਮਾਜ ਅੰਦਰ ਇਹ ਜਮਾਤਾਂ ਮੌਜੂਦ ਹਨ। ਪ੍ਰੰਤੂ ਇਸ ਹਕੀਕਤ ਤੋਂ ਵੀ ਮੂੰਹ ਨਹੀਂ ਮੋੜਿਆ ਜਾ ਸਕਦਾ ਕਿ ਨਕਸਲਬਾੜੀ ਲਹਿਰ ਦੇ ਜਨਮ ਲੈਣ ਉਪਰੰਤ, ਪਿਛਲੇ 40 ਵਰ੍ਹਿਆਂ ਤੋਂ ਵੱਧ ਦੇ ਸਮੇਂ ਨੇ ਇਹ ਭਲੀਭਾਂਤ ਸਥਾਪਤ ਕਰ ਦਿੱਤਾ ਹੈ ਕਿ ਇਹ ਅੰਦੋਲਨ ਬੁਨਿਆਦੀ ਤੌਰ 'ਤੇ ਇਕ ਮਾਅਰਕੇਬਾਜ਼ ਵਰਤਾਰਾ ਸੀ, ਜਿਹੜਾ ਕਿ ਮੱਧ ਵਰਗ ਦੇ ਜਮਾਤੀ ਲੱਛਣਾਂ ਦੀ ਭੇਂਟ ਚੜ੍ਹਕੇ ਛੇਤੀ ਹੀ ਟੁਕੜੇ ਟੁਕੜੇ ਹੋ ਗਿਆ। ਸਿੱਟੇ ਵਜੋਂ ਇਸ ਦੇ ਸੰਚਾਲਕਾਂ 'ਚੋਂ ਬਹੁਤ ਸਾਰੇ ਮਾਰੇ ਗਏ, ਕੁਝ ਨਿਰਾਸ਼ ਹੋ ਕੇ ਘਰੀਂ ਚਲੇ ਗਏ, ਕੁਝ ਦੁਸ਼ਮਣਾਂ ਦੇ ਖੇਮੇ ਵਿਚ ਵੀ ਜਾ ਬੈਠੇ ਅਤੇ ਕੁੱਝ ''ਚੀਨ ਦਾ ਚੇਅਰਮੈਨ ਸਾਡਾ ਚੇਅਰਮੈਨ'', ''ਜਨਤਕ ਜਥੇਬੰਦੀਆਂ ਬਨਾਉਣਾ ਤੇ ਦੁੱਕੀ-ਤਿੱਕੀ ਦੀ ਲੜਾਈ ਲੜਨਾ ਸੋਧਵਾਦੀ ਅਮਲ ਹੈ'' ਅਤੇ ''ਚੋਣਾਂ 'ਚ ਭਾਗ ਲੈਣਾ ਉਲਟ ਇਨਕਲਾਬੀ ਕੰਮ ਹੈ'' ਵਰਗੀਆਂ ਗਲਤ ਪੁਜੀਸ਼ਨਾਂ ਛੱਡਕੇ ਹੌਲੀ ਹੌਲੀ ਇਨਕਲਾਬੀ ਅਮਲ ਬਾਰੇ ਮਾਰਕਸਵਾਦੀ-ਲੈਨਿਨਵਾਦੀ ਸਮਝਦਾਰੀਆਂ ਵੱਲ ਵੱਧ ਰਹੇ ਹਨ। ਇਹ ਉਹਨਾਂ ਦੀ ਹੁਣ ਇਕ ਸਹੀ ਸਮਝਦਾਰੀ ਪ੍ਰਾਪਤੀ ਹੈ ਜਿਸਦਾ ਅਸੀਂ ਸਵਾਗਤ ਕਰਦੇ ਹਾਂ। ਭਾਵੇਂ ਕਿ ਕਈ ਧੜੇ ਅਜੇ ਵੀ ਜਨਤਕ ਜਥੇਬੰਦੀਆਂ ਤਾਂ ਬਣਾਉਂਦੇ ਹਨ ਪ੍ਰੰਤੂ ਮਹਾਨ ਮਾਓਜ਼ੇ ਤੁੰਗ ਵਲੋਂ ''ਜਾਦੂ ਦੀ ਛੜੀ'' ਵਜੋਂ ਪ੍ਰੀਭਾਸ਼ਤ ਕੀਤੇ ਗਏ 'ਸਾਂਝੇ ਮੋਰਚੇ' ਦੇ ਹਥਿਆਰ ਦੀ ਵਰਤੋਂ ਕਰਨ ਤੋਂ ਘਬਰਾਉਂਦੇ ਹਨ ਅਤੇ ਇਸ ਸਿੱਕੇਬੰਦ ਪਹੁੰਚ ਲਈ ਸਥਾਪਤ ਨਿਯਮਾਂ ਦੀ ਅਕਸਰ ਉਲੰਘਣਾ ਕਰਦੇ ਹਨ। ਏਸੇ ਤਰ੍ਹਾਂ, ਕਈ ਧੜੇ ਚੋਣਾਂ ਤਾਂ ਲੜਦੇ ਹਨ ਪ੍ਰੰਤੂ ਇਹਨਾਂ ਪ੍ਰਤੀ ਸੰਜੀਦਾ ਨਹੀਂ ਅਤੇ ਇਹਨਾਂ ਦੇ ਸਬੰਧ ਵਿਚ ਸਾਂਝੇ ਸੰਘਰਸ਼ ਬਨਾਉਣ ਤੋਂ ਵੀ ਕੰਨੀ ਕਤਰਾਉਂਦੇ ਹਨ। ਕੁੱਝ ਅਜੇਹੇ ਵੀ ਹਨ ਜਿਹੜੇ 'ਨਾ ਤਿੱਤਰ ਨਾ ਬਟੇਰ' ਵਾਲੀ ਸਥਿਤੀ ਵਿਚ ਹਨ। ਉਹ ਗੱਲੀਂ ਬਾਤੀਂ ਤਾਂ ਹਥਿਆਰਬੰਦ ਘੋਲ ਤੇ ਮਾਓਵਾਦੀਆਂ ਨੂੰ ਹੀ ਪੂਰੀ ਤਰ੍ਹਾਂ ਸਹੀ ਮੰਨਦੇ ਹਨ, ਪ੍ਰੰਤੂ ਡੂੰਘੇ ਪਾਣੀਆਂ ਵਿਚ ਜਾਣ ਦਾ ਹੌਸਲਾ ਨਾ ਹੋਣ ਕਰਕੇ ਕੰਢਿਆਂ ਦੇ ਨਾਲ ਨਾਲ ਬੇੜੀ ਤਾਰਕੇ ਹੀ ਸ਼ੁੱਧ ਇਨਕਲਾਬੀ ਹੋਣ ਦਾ ਭਰਮ ਪਾਲ ਰਹੇ ਹਨ।
ਨਕਸਲੀ ਲਹਿਰ ਦੇ ਅਜੇਹੇ ਹਸ਼ਰ ਦੇ ਟਾਕਰੇ ਵਿਚ, ਇਹ ਵੀ ਇਕ ਪ੍ਰਤੱਖ ਸਚਾਈ ਹੈ ਕਿ ਡਾਂਗੇਪੰਥੀ ਸੋਧਵਾਦੀਆਂ ਨਾਲੋਂ ਤੋੜ-ਵਿਛੋੜਾ ਕਰਨ ਉਪਰੰਤ ਭਾਰਤੀ ਮਾਰਕਸਵਾਦੀਆਂ ਵਲੋਂ 1964 ਵਿਚ ਨਿਰਧਾਰਤ ਕੀਤੀ ਗਈ ਦਰੁਸਤ ਯੁੱਧਨੀਤਕ ਲਾਈਨ ਨੇ ਅਤੇ ਇਸ ਲਾਈਨ ਅਨੁਸਾਰ ਪਾਰਲੀਮਾਨੀ ਤੇ ਗੈਰ-ਪਾਰਲੀਮਾਨੀ ਸੰਘਰਸ਼ਾਂ ਦੇ ਸੁਚੱਜੇ ਸੁਮੇਲ ਰਾਹੀਂ ਜਮਾਤੀ ਸੰਘਰਸ਼ ਨੂੰ ਤਿੱਖਿਆਂ ਕਰਨ ਲਈ ਉਨ੍ਹਾਂ ਵਲੋਂ ਆਰੰਭੇ ਗਏ ਜਨਤਕ ਘੋਲਾਂ ਨੇ ਦੇਸ਼ ਭਰ ਵਿਚ ਕਮਿਊਨਿਸਟ ਲਹਿਰ ਨੂੰ ਇਕ ਵੱਡਾ ਹੁਲਾਰਾ ਦਿੱਤਾ ਸੀ। ਨਵੀਂ ਬਣੀ ਇਨਕਲਾਬੀ ਪਾਰਟੀ-ਸੀ.ਪੀ.ਆਈ.(ਐਮ) ਦੀ ਇਸ ਚੜ੍ਹਤ ਨੂੰ ਨਾ ਸਰਕਾਰੀ ਜਬਰ ਰੋਕ ਸਕਿਆ, ਨਾ ਸੱਜੇ ਸੋਧਵਾਦੀਆਂ ਦਾ ਕੂੜ ਪ੍ਰਚਾਰ ਅਤੇ ਨਾ ਹੀ ਮਾਅਰਕੇਬਾਜ਼ੀ ਦਾ ਸ਼ਿਕਾਰ ਹੋਏ ਤੱਤਾਂ ਦੀ ਜਥੇਬੰਦਕ ਭੰਨ-ਤੋੜ। ਜਿੰਨਾ ਚਿਰ ਇਸ ਪਾਰਟੀ ਵਲੋਂ ਇਸ ਇਨਕਲਾਬੀ ਯੁੱਧਨੀਤਕ ਲਾਈਨ ਅਨੁਸਾਰ ਦਾਅ-ਪੇਚ ਘੜੇ ਜਾਂਦੇ ਰਹੇ, ਪਾਰਟੀ ਦੀ ਚੜ੍ਹਤ ਕਾਇਮ ਰਹੀ ਅਤੇ ਉਹ ਦੇਸ਼ ਅੰਦਰ ਇਕ ਪ੍ਰਭਾਵਸ਼ਾਲੀ ਰਾਜਸੀ ਤਾਕਤ ਦੇ ਰੂਪ ਵਿਚ ਨਿਰੰਤਰ ਅਗਾਂਹ ਵੱਧਦੀ ਗਈ। ਪ੍ਰੰਤੂ ਜਦੋਂ ਤੋਂ ਇਸ ਪਾਰਟੀ ਦੇ ਆਗੂ 1964 ਵਿਚ ਅਪਣਾਈ ਗਈ ਯੁੱਧਨੀਤਕ ਸੇਧ ਤੋਂ ਬੇਮੁੱਖ ਹੋਣੇ ਸ਼ੁਰੂ ਹੋਏ, ਉਦੋਂ ਤੋਂ ਹੀ ਪਾਰਟੀ ਦਾ ਰਾਜਸੀ ਪਤਨ ਹੋਣਾ ਵੀ ਆਰੰਭ ਹੋ ਗਿਆ ਅਤੇ ਜਥੇਬੰਦਕ ਨਿਘਾਰ ਵੀ ਬੜੀ ਤੇਜ਼ੀ ਨਾਲ ਵਧਿਆ, ਜਿਹੜਾ ਸਿੰਗੂਰ ਤੇ ਨੰਦੀਗਰਾਮ ਦੇ ਘਿਨਾਉਣੇ ਤੇ ਸ਼ਰਮਨਾਕ ਕਾਂਡਾਂ ਤੱਕ ਜਾ ਪੁੱਜਾ। ਸਾਡੀ ਪਾਰਟੀ, ਸੀ.ਪੀ.ਐਮ. ਪੰਜਾਬ ਲਈ ਤਾਂ ਇਹ ਵੀ ਇਕ ਮਾਣ ਵਾਲੀ ਗੱਲ ਹੈ ਕਿ ਅਸੀਂ ਇਸ ਨਿਘਾਰ ਨੂੰ ਅਗਾਊਂ ਭਾਂਪਦਿਆਂ, ਪਾਰਟੀ ਅੰਦਰ ਲੰਮਾ ਅੰਤਰ-ਪਾਰਟੀ ਸੰਘਰਸ਼ ਲੜਨ ਉਪਰੰਤ, 2001 ਵਿਚ ਹੀ ਇਸ ਪਾਰਟੀ ਨੂੰ ਅਲਵਿਦਾ ਆਖ ਦਿੱਤੀ ਸੀ। ਅਤੇ, ਉਦੋਂ ਤੋਂ ਹੀ ਸਾਡੀ ਪਾਰਟੀ 1964 ਦੇ ਪ੍ਰੋਗਰਾਮ ਦੀਆਂ ਵੱਡੀ ਹੱਦ ਤੱਕ ਸਾਰਥਕ ਸਿੱਧ ਹੋਈਆਂ ਵੱਡਮੁੱਲੀਆਂ ਸਥਾਪਨਾਵਾਂ ਦੀ ਬਹਾਲੀ ਲਈ, ਆਪਣੀ ਸਮਰੱਥਾ ਅਨੁਸਾਰ, ਨਿਰੰਤਰ ਯਤਨਸ਼ੀਲ ਹੈ। ਇਸ ਦੌਰਾਨ ਵਧੀ ਪੂੰਜੀਵਾਦੀ ਤੇ ਸਾਮਰਾਜੀ ਲੁੱਟ ਕਾਰਨ ਦੇਸ਼ ਦੇ ਕਿਰਤੀ ਜਨਸਮੂਹਾਂ ਦੇ ਸਨਮੁੱਖ ਉਭਰੀਆਂ ਨਵੀਆਂ ਸਮਾਜਿਕ-ਆਰਥਕ ਤੇ ਰਾਜਸੀ ਉਲਝਣਾਂ ਨੂੰ ਸਮਝਣ ਅਤੇ ਇਹਨਾਂ ਨਾਲ ਮੇਚਵੀਆਂ ਜਥੇਬੰਦਕ ਲੋੜਾਂ ਦੀ ਪੂਰਤੀ ਲਈ ਅਸੀਂ ਆਪਣੀਆਂ ਸਮਝਾਂ ਤੇ ਸਰਗਰਮੀਆਂ ਨੂੰ ਸਮਾਂ-ਅਨੁਕੂਲ ਕਰਨ ਅਤੇ ਆਪਣੀਆਂ ਘਾਟਾਂ-ਕਮਜੋਰੀਆਂ 'ਤੇ ਉਂਗਲੀ ਧਰਨ ਵਿਚ ਵੀ ਕਦੇ ਕੋਈ ਹਿਚਕਿਚਾਹਟ ਨਹੀਂ ਦਿਖਾਈ। ਸਾਡੇ ਸਾਹਮਣੇ ਫੌਰੀ ਤੌਰ 'ਤੇ ਮੁੱਖ ਮੁੱਦਾ ਤਾਂ ਦੇਸ਼ ਭਰ ਵਿਚ ਇਨਕਲਾਬੀ ਲੋਕ-ਸ਼ਕਤੀ ਦਾ ਨਿਰਮਾਣ ਕਰਨਾ ਹੈ। ਇਸ ਮੰਤਵ ਲਈ ਅਸੀਂ ਹਰ ਸੁਹਿਰਦ ਸਲਾਹ ਨੂੰ ਸਵੀਕਾਰ ਕਰਨ ਲਈ ਅਤੇ ਆਪਣੀ ਹਰ ਊਣਤਾਈ ਨੂੰ ਦੂਰ ਕਰਨ ਲਈ ਹਮੇਸ਼ਾ ਤਿਆਰ ਹਾਂ। ਸਾਡੀ ਇਹ ਵੀ ਪਰਪੱਕ ਰਾਇ ਹੈ ਕਿ ਕਿਸੇ ਵੀ ਹਕੀਕੀ ਤੇ ਇਨਕਲਾਬੀ ਕਮਿਊਨਿਸਟ ਪਾਰਟੀ ਲਈ ਆਪਣੇ ਤਜ਼ਰਬੇ ਤੇ ਸਿਧਾਂਤ, ਦੋਵਾਂ ਤੋਂ ਸਿੱਖਿਆ ਹਾਸਲ ਕਰਦੇ ਜਾਣ ਦੀ ਚੇਸ਼ਠਾ ਨਿਰੰਤਰ ਬਣੀ ਰਹਿਣੀ ਚਾਹੀਦੀ ਹੈ।
ਅਜੇਹੀਆਂ ਹਾਲਤਾਂ ਵਿਚ ਅਸੀਂ ਮਹਿਸੂਸ ਕਰਦੇ ਹਾਂ ਕਿ ਭਾਰਤੀ ਕਮਿਊਨਿਸਟਾਂ ਦੇ ਸਾਰੇ ਧੜਿਆਂ ਦੇ ਸਾਰੇ ਆਗੂਆਂ ਨੂੰ ਸਰਵਗਿਆਨੀ ਤੇ ਸਰਵਸਮਰੱਥ ਹੋਣ ਦਾ ਹਊਮੈਵਾਦੀ ਭਰਮ ਛੱਡਕੇ ਪ੍ਰਸਪਰ ਵਿਚਾਰ ਵਟਾਂਦਰੇ ਦੇ ਅਮਲ ਨੂੰ ਵਧਾਉਣ ਦੀ ਅੱਜ ਭਾਰੀ ਲੋੜ ਹੈ। ਬਾਹਰਮੁਖੀ ਕੌਮੀ ਤੇ ਕੌਮਾਂਤਰੀ ਸਥਿਤੀ ਅੱਜ ਬਹੁਤ ਚਿੰਤਾਜਨਕ ਹੈ। ਭਾਰਤੀ ਹਾਕਮਾਂ ਅਤੇ ਉਹਨਾਂ ਦੇ ਸਾਮਰਾਜੀ ਜੋਟੀਦਾਰਾਂ ਨੇ ਮਿਲਕੇ ਲੋਕਾਂ ਦੀ ਰੱਤ ਬੁਰੀ ਤਰ੍ਹਾਂ ਨਿਚੋੜ ਸੁੱਟੀ ਹੈ। ਦੇਸੀ ਤੇ ਵਿਦੇਸ਼ੀ ਕੰਪਨੀਆਂ ਦੇਸ਼ ਦੇ ਕੁਦਰਤੀ ਵਸੀਲਿਆਂ -ਜਲ, ਜੰਗਲ, ਜ਼ਮੀਨ ਤੇ ਖਾਨਾਂ ਨੂੰ ਬੜੀ ਬੇਰਹਿਮੀ ਨਾਲ ਲੁੱਟ ਰਹੀਆਂ ਹਨ। ਬੇਰੋਜ਼ਗਾਰੀ ਨੇ ਦੇਸ਼ ਅੰਦਰ ਅਤੀ ਭਿਅੰਕਰ ਰੂਪ ਧਾਰਨ ਕੀਤਾ ਹੋਇਆ ਹੈ। ਲੋਕਾਂ ਅੰਦਰ ਰੋਹ ਤੇ ਬੇਚੈਨੀ ਵਿਆਪਕ ਰੂਪ ਵਿਚ ਵਧਦੇ ਜਾ ਰਹੇ ਹਨ। ਇਸ ਲੋਕ-ਬੇਚੈਨੀ ਨੂੰ ਦਬਾਉਣ ਲਈ ਲੁਟੇਰੇ ਹਾਕਮਾਂ ਵਲੋਂ ਨਿੱਤ ਨਵੇਂ ਜਾਬਰ ਹੱਥਕੰਡੇ ਖੋਜੇ ਤੇ ਵਰਤੇ ਜਾ ਰਹੇ ਹਨ। ਇਹਨਾਂ ਹਾਲਤਾਂ ਵਿਚ ਲੋੜਾਂ ਦੀ ਲੋੜ ਇਹ ਹੈ ਕਿ ਮੁਸੀਬਤਾਂ ਮਾਰੇ ਲੋਕਾਂ ਦੀ ਬਾਂਹ ਫੜਨ ਲਈ, ਦੇਸ਼ ਦੀਆਂ ਖੱਬੀਆਂ ਸ਼ਕਤੀਆਂ ਆਪੋ ਵਿਚਲੇ ਹਕੀਕੀ ਸਿਧਾਂਤਕ ਜਾਂ ਮਨੋਕਲਪਿਤ ਮਤਭੇਦਾਂ ਵਿਚ ਉਲਝੀਆਂ ਰਹਿਣ ਦੀ ਬਜਾਏ ਆਮ ਸਹਿਮਤੀ ਵਾਲੇ ਅਨੇਕਾਂ ਮੁੱਦਿਆਂ 'ਤੇ ਇੱਕਜੁੱਟ ਹੋ ਕੇ ਬੱਝਵੇਂ ਤੇ ਲੜਾਕੂ ਜਨਤਕ ਘੋਲਾਂ ਦਾ ਰਾਹ ਅਪਨਾਉਣ। ਇਸ ਦਿਸ਼ਾ ਵਿਚ ਕਿਸੇ ਵੀ ਹੱਦ ਤੱਕ ਜਾਣ ਵਾਸਤੇ ਅਸੀਂ ਹਮੇਸ਼ਾ ਤਿਆਰ ਹਾਂ।
No comments:
Post a Comment