ਮੰਗਤ ਰਾਮ ਪਾਸਲਾ
ਭਾਰਤੀ ਸਮਾਜ ਅੰਦਰ ਜਾਤ ਪਾਤ ਦਾ ਰੋਗ ਬਹੁਤ ਹੀ ਡੂੰਘਾ ਧੱਸਿਆ ਹੋਇਆ ਹੈ ਅਤੇ ਇਹ ਬੇਹੱਦ ਪੀੜਾਜਨਕ ਵੀ ਹੈ। ਦੁਨੀਆਂ ਅੰਦਰ ਅਜਿਹੀ ਦਮਨਕਾਰੀ ਸਮਾਜਿਕ ਵਿਵਸਥਾ ਸਿਰਫ ਭਾਰਤੀ ਉਪਮਹਾਂਦੀਪ ਵਿਚ ਹੀ ਮੌਜੂਦ ਹੈ, ਜਿਥੇ ਹਰ ਵਿਅਕਤੀ ਦਾ ਸਮਾਜਕ ਰੁਤਬਾ ਮੋਟੇ ਤੌਰ 'ਤੇ ਉਸਦੀ ਜਾਤ ਅਨੁਸਾਰ ਤੈਅ ਹੁੰਦਾ ਹੈ ਨਾ ਕਿ ਉਸਦੇ ਗੁਣਾਂ, ਔਗੁਣਾਂ ਜਾਂ ਯੋਗਤਾਵਾਂ ਅਨੁਸਾਰ। ਸੰਖੇਪ ਰੂਪ ਵਿਚ ਭਾਰਤੀ ਸਮਾਜ ਨੂੰ ਦੋ ਕਿਸਮ ਦੀਆਂ ਜਾਤਾਂ ਵਿਚ ਵੰਡਿਆ ਜਾਂਦਾ ਹੈ : ਸਵਰਨ ਜਾਤੀ ਜਾਂ ਉਪਰਲੀ ਜਾਤੀ ਅਤੇ ਦਲਿਤ, ਪੱਛੜੀ, ਅਛੂਤ ਭਾਵ ਨੀਵੀਂ ਜਾਤ। ਭਾਵੇਂ ਸਮਾਜ ਵਿਚ ਇਸਤੋਂ ਬਿਨਾਂ ਅੱਗੇ ਹੋਰ ਵੀ ਕਈ ਰੰਗਾਂ ਦੀਆਂ ਜਾਤੀਆਂ/ਉਪ ਜਾਤੀਆਂ ਮੌਜੂਦ ਹਨ ਪ੍ਰੰਤੂ ਹਰ ਜਾਤੀ ਨੇ ਵਿੰਗੇ ਟੇਢੇ ਢੰਗ ਨਾਲ ਪਹਿਲੀਆਂ ਦੋ ਸ਼੍ਰੇਣੀਆਂ ਦੀਆਂ ਜਾਤਾਂ ਨਾਲ ਆਪਣਾ ਸਮਾਜਕ ਨਾਤਾ ਤੇ ਲੈਣ ਦੇਣ ਜੋੜ ਰੱਖਿਆ ਹੈ।
ਜਗੀਰੂ ਤੇ ਸਰਮਾਏਦਾਰੀ ਪ੍ਰਬੰਧਾਂ ਵਿਚ ਸ਼ੁਰੂ ਤੋਂ ਹੀ ਜਨ ਸਮੂਹਾਂ ਦੇ ਵੱਡੇ ਹਿੱਸੇ ਦੀ ਆਰਥਿਕ ਲੁੱਟ ਖਸੁੱਟ ਮੁਠੀ ਭਰ ਜਗੀਰਦਾਰ, ਪੂੰਜੀਪਤੀ ਤੇ ਉਨ੍ਹਾਂ ਦੇ ਦਰਬਾਰੀ ਤੇ ਟਹਿਲਕਾਰ ਲਗਾਤਾਰ ਕਰਦੇ ਆ ਰਹੇ ਹਨ। ਸਾਮਰਾਜੀ ਸੰਸਾਰੀਕਰਨ ਦੇ ਅਜੋਕੇ ਦੌਰ ਵਿਚ, ਵਿੱਤੀ ਸਰਮਾਏ ਵਲੋਂ ਤੇਜ਼ ਕੀਤੀ ਗਈ ਇਸ ਲੁੱਟ ਖਸੁੱਟ ਦੇ ਸਿੱਟੇ ਵਜੋਂ ਮਿਹਨਤਕਸ਼ ਲੋਕਾਂ ਦੇ ਕੰਗਾਲੀਕਰਨ ਦੀ ਪ੍ਰਕਿਰਿਆ ਹੋਰ ਤੇਜ਼ ਹੋ ਗਈ ਹੈ। ਭਾਰਤ ਅੰਦਰ 90ਵਿਆਂ ਤੋਂ ਸ਼ੁਰੂ ਹੋਈਆਂ ਨਵਉਦਾਰਵਾਦੀ ਨੀਤੀਆਂ ਸਦਕਾ ਵਸੋਂ ਦਾ ਲਗਭਗ 80 ਪ੍ਰਤੀਸ਼ਤ ਭਾਗ ਆਰਥਿਕ ਤੰਗੀਆਂ, ਮਹਿੰਗਾਈ, ਬੇਕਾਰੀ, ਕੁਪੋਸ਼ਨ, ਵਿਦਿਅਕ ਅਤੇ ਸਿਹਤ ਸਹੂਲਤਾਂ ਦੀ ਅਣਹੋਂਦ ਅਦਿ ਦੀਆਂ ਅਣਮਨੁੱਖੀ ਹਾਲਤਾਂ ਵਿਚ ਜੀਵਨ ਬਸਰ ਕਰ ਰਿਹਾ ਹੈ। ਲੁੱਟੀ ਪੁੱਟੀ ਜਾ ਰਹੀ ਅਤੇ ਤੰਗੀਆਂ ਤੁਰਸ਼ੀਆਂ ਦੀ ਮਾਰ ਹੇਠ ਆਈ ਹੋਈ ਇਸ ਜਨਤਾ ਵਿਚ ਉਚੀਆਂ ਤੇ ਨੀਵੀਆਂ ਜਾਤਾਂ ਨਾਲ ਸੰਬੰਧਤ ਦੋਨਾਂ ਪਾਸਿਆਂ ਦੇ ਕਰੋੜਾਂ ਲੋਕ ਸ਼ਾਮਿਲ ਹਨ। ਠੱਗੀ ਜਾ ਰਹੀ ਇਸ ਲੋਕਾਈ ਵਿਚ 30 ਪ੍ਰਤੀਸ਼ਤ ਦੇ ਕਰੀਬ ਲੋਕ ਉਹਨਾਂ ਨੀਵੀਆਂ ਜਾਤਾਂ ਨਾਲ ਸਬੰਧਤ ਹਨ ਜਿਨਾਂ ਨੂੰ ਅਛੂਤ, ਦਲਿਤ, ਪਛੜੇ ਵਰਗ ਆਦਿ ਵੱਖ ਵੱਖ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ। ਸਮਾਜ ਦੇ ਇਸ ਤਬਕੇ ਨੂੰ ਆਰਥਿਕ ਮੰਦਹਾਲੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਸਮਾਜਿਕ ਜਬਰ, ਸਮਾਜਿਕ ਅਨਿਆਂ ਅਤੇ ਅਨੇਕਾਂ ਨਾ-ਬਰਾਬਰੀਆਂ ਦਾ ਸਾਹਮਣਾ ਵੀ ਵਿਸ਼ੇਸ਼ ਰੂਪ ਵਿਚ ਕਰਨਾ ਪੈਂਦਾ ਹੈ। ਅੱਤ ਦੀਆਂ ਭੈੜੀਆਂ ਹਾਲਤਾਂ ਵਿਚ ਰਹਿ ਕੇ ਵੀ ਅਛੂਤਾਂ ਵਜੋਂ ਤਰਿਸਕਾਰੇ ਜਾਂਦੇ ਇਹ ਲੋਕ ਸਮਾਜ ਦੇ ਵਿਕਾਸ ਤੇ ਸੇਵਾ ਹਿਤ ਅਜਿਹੇ ਕੰਮਾਂ ਧੰਦੇ ਕਰਨ ਵਿਚ ਲੱਗੇ ਹੋਏ ਹਨ ਜਿਨ੍ਹਾਂ ਨੂੰ ਕਰਨ ਤੋਂ ਦੂਸਰੀਆਂ ਜਾਤਾਂ, ਖਾਸਕਰ ਉਚ ਜਾਤੀਆਂ ਦੇ ਲੋਕ ਪੂਰੀ ਤਰ੍ਹਾਂ ਕੰਨ੍ਹੀ ਕਤਰਾਉਂਦੇ ਹਨ। ਅਜਿਹਾ ਕੰਮ ਕਰਨਾ ਤਾਂ ਦੂਰ ਦੀ ਗੱਲ ਰਹੀ, ਸਗੋਂ ਇਹਨਾਂ ਕੰਮਾਂ ਵਿਚ ਲੱਗੇ ਹੋਏ ਕਿਰਤੀਆਂ ਦੇ ਕੰਮ ਕਰਨ ਦੀਆਂ ਥਾਵਾਂ, ਰਿਹਾਇਸ਼ੀ ਬਸਤੀਆਂ ਤੇ ਉਨ੍ਹਾਂ ਦੀਆਂ ਝੁੱਗੀਆਂ ਝੌਪੜੀਆਂ ਕੋਲੋਂ ਲੰਘਦਿਆਂ ਹੋਇਆਂ ਵੀ ਬਹੁਤ ਸਾਰੇ ਸੱਜਣ ਆਪਣੇ ਨੱਕਾਂ ਮੂੰਹਾਂ ਨੂੰ ਢੱਕ ਕੇ ਰੱਖਣਾ ਪਸੰਦ ਕਰਦੇ ਹਨ।
ਕਿਉਂਕਿ ਸੰਸਾਰ ਵਿਚ ਹੋਰ ਕਿਧਰੇ ਵੀ ਜਾਤਪਾਤ ਦੀ ਅਜਿਹੀ ਵਿਵਸਥਾ ਨਹੀਂ ਮਿਲਦੀ, ਇਸ ਕਰਕੇ ਦੁਨੀਆਂ ਭਰ ਦੇ ਮਹਾਨ ਕ੍ਰਾਂਤੀਕਾਰੀਆਂ, ਵਿਦਵਾਨਾਂ, ਫਿਲਾਸਫਰਾਂ ਤੇ ਸਮਾਜ ਸੁਧਾਰਕਾਂ ਨੇ ਭਾਵੇਂ ਆਰਥਿਕ ਲੁਟਖਸੁੱਟ, ਬਸਤੀਵਾਦੀ ਵਿਵਸਥਾ, ਕੌਮੀ ਗੁਲਾਮੀ ਆਦਿ ਵਰਗੇ ਅਨੇਕਾਂ ਆਰਥਿਕ, ਸਮਾਜਿਕ ਤੇ ਰਾਜਨੀਤਕ ਸਵਾਲਾਂ ਉਪਰ ਅਰਥ ਭਰਪੂਰ ਖੋਜਾਂ ਕਰਕੇ ਉਹਨਾਂ ਤੋਂ ਛੁਟਕਾਰਾ ਹਾਸਲ ਕਰਨ ਲਈ ਵਿਗਿਆਨਕ ਉਪਾਅ ਦਰਸਾਏ ਹਨ, ਪ੍ਰੰਤੂ ਇਨ੍ਹਾਂ ਮਹਾਨ ਵਿਅਕਤੀਆਂ ਵਲੋਂ ਜਾਤ ਪਾਤ ਦੀ ਵਿਵਸਥਾ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਗਈ ਤੇ ਨਾ ਹੀ ਇਸਤੋਂ ਛੁਟਕਾਰਾ ਹਾਸਲ ਕਰਨ ਦੀ ਕੋਈ ਵਿਧੀ ਦੱਸੀ ਗਈ ਹੈ। ਕਿਉਂਕਿ ਇਹ ਵਰਤਾਰਾ ਭਾਰਤੀ ਉਪਮਹਾਂਦੀਪ ਤੋਂ ਬਾਹਰ ਕਿਧਰੇ ਮੌਜੂਦ ਹੀ ਨਹੀਂ ਹੈ, ਇਸ ਲਈ ਸੰਸਾਰ ਭਰ ਦੇ ਬਹੁਤੇ ਵਿਦਵਾਨਾਂ ਦੀ ਜ਼ਬਾਨੋਂ ਜਾਂ ਲਿਖਤਾਂ ਵਿੱਚ ਜਾਤ-ਪਾਤ ਦੀ ਵਿਵਸਥਾ ਤੋਂ ਬੰਦ ਖਲਾਸੀ ਦੇ ਉਪਾਵਾਂ ਬਾਰੇ ਆਸ ਕਰਨੀ ਤਰਕਸੰਗਤ ਵੀ ਨਹੀਂ ਜਾਪਦੀ। ਕਾਰਲ ਮਾਰਕਸ, ਵੀ.ਆਈ.ਲੈਨਿਨ, ਮਾਓ ਜ਼ੇ ਤੁੰਗ ਆਦਿ ਵਰਗੇ ਮਹਾਨ ਦਾਰਸ਼ਨਿਕਾਂ, ਸਮਾਜ ਵਿਗਿਆਨੀਆਂ ਅਤੇ ਕ੍ਰਾਂਤੀਕਾਰੀਆਂ ਨੇ ਪੂੰਜੀਵਾਦ, ਸਾਮਰਾਜਸ਼ਾਹੀ ਤੇ ਹੋਰ ਹਰ ਤਰ੍ਹਾਂ ਦੇ ਅਨਿਆਂ ਵਿਰੁੱਧ ਵਿਚਾਰਧਾਰਕ ਖੇਤਰ ਵਿਚ ਮਹਾਨ ਰਚਨਾਵਾਂ ਦੀ ਸਿਰਜਣਾ ਕੀਤੀ ਹੈ ਅਤੇ ਲੋਟੂ ਜਮਾਤਾਂ ਖਿਲਾਫ ਅਮਲੀ ਰੂਪ ਵਿਚ ਜਮਾਤੀ ਸੰਘਰਸ਼ ਤੇਜ਼ ਕਰਦਿਆਂ ਹੋਇਆਂ ਸੋਵੀਅਤ ਯੂਨੀਅਨ ਤੇ ਲੋਕ ਜਮਹੂਰੀ ਚੀਨ ਸਮੇਤ ਹੋਰ ਅਨੇਕਾਂ ਦੇਸ਼ਾਂ ਅੰਦਰ ਸਮਾਜਵਾਦੀ ਢਾਂਚਿਆਂ ਦੀ ਸਥਾਪਨਾ ਵਿਚ ਆਗੂ ਰੋਲ ਅਦਾ ਕੀਤਾ। ਏਸੇ ਤਰ੍ਹਾਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਅੰਦਰ ਹੋਰ ਵੀ ਅਨੇਕਾਂ ਕ੍ਰਾਂਤੀਕਾਰੀ ਅੰਦੋਲਨ ਹੋਏ ਹਨ।
ਇਹਨਾਂ ਹਾਲਤਾਂ ਵਿਚ ਕੁਦਰਤੀ ਤੌਰ 'ਤੇ, ਇਹ ਜ਼ਿੰਮਾ ਭਾਰਤ ਦੇ ਇਨਕਲਾਬੀਆਂ, ਸਮਾਜ ਵਿਗਿਆਨੀਆਂ ਤੇ ਸਮਾਜਿਕ ਕ੍ਰਾਂਤੀ ਲਈ ਯਤਨਸ਼ੀਲ ਤਾਕਤਾਂ ਦਾ ਹੈ ਕਿ ਉਹ ਜਾਤਪਾਤ ਦੇ ਇਸ ਸਮਾਜਕ ਕੋਹੜ ਨੂੰ ਸਮਝਣ, ਇਸ ਦੀ ਪੀੜ ਨੂੰ ਮਹਿਸੂਸ ਕਰਨ, ਇਸਦੇ ਕਾਰਨਾਂ ਦੀ ਖੋਜ ਕਰਨ ਅਤੇ ਇਸਤੋਂ ਨਿਜ਼ਾਤ ਹਾਸਲ ਕਰਨ ਲਈ ਲੋੜੀਂਦੇ ਉਪਾਅ ਤੇ ਅਮਲੀ ਕਾਰਵਾਈਆਂ ਸੁਝਾਉਣ।
ਦੇਸ਼ ਦੇ ਵੱਖ ਵੱਖ ਭਾਗਾਂ ਅੰਦਰ, ਵੱਖ-ਵੱਖ ਸਮਿਆਂ 'ਤੇ, ਅਨੇਕਾਂ ਸਮਾਜ ਸੁਧਾਰਕਾਂ ਤੇ ਧਾਰਮਕ ਆਗੂਆਂ ਨੇ ਜਾਤਪਾਤ ਵਿਰੁੱਧ ਸ਼ਕਤੀਸ਼ਾਲੀ ਲਹਿਰਾਂ ਜਥੇਬੰਦ ਕੀਤੀਆਂ ਅਤੇ ਕਥਿਤ ਨੀਵੀਆਂ ਜਾਤੀਆਂ ਨਾਲ ਸੰਬੰਧਤ ਲੋਕਾਂ ਨਾਲ ਹੋ ਰਹੇ ਵਿਤਕਰਿਆਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਉਚ ਜਾਤੀਆਂ ਦੇ ਕਿਸੇ ਵਿਅਕਤੀ ਦਾ ਨਿਚਲੀ ਜਾਤ ਦੇ ਆਦਮੀ/ਔਰਤ ਨਾਲ ਸਪਰਸ਼ ਹੋਣ ਉਪਰ ਭਿੱਟੇ ਜਾਣ ਭਾਵ ਅਪਵਿੱਤਰ ਹੋ ਜਾਣ, ਦਲਿਤਾਂ ਤੇ ਹੋਰ ਅਛੂਤ ਸਮਝੀਆਂ ਜਾਂਦੀਆਂ ਜਾਤੀਆਂ ਦੇ ਰਹਿਣ ਲਈ ਵੱਖਰੀਆਂ ਬਸਤੀਆਂ, ਵੱਖਰੇ ਧਾਰਮਕ ਸਥਾਨ, ਵੱਖਰੇ ਸ਼ਮਸ਼ਾਨਘਾਟ, ਅਲੱਗ ਪਾਣੀ ਦੇ ਸਰੋਤ, ਵਿਦਿਆ ਹਾਸਲ ਕਰਨ ਤੋਂ ਮਨਾਹੀ ਤੇ ਇਥੋਂ ਤੱਕ ਕਿ ਬਰਾਬਰ ਯੋਗਤਾ ਦੇ ਬਾਵਜੂਦ ਅਛੂਤ ਸਮਝੇ ਜਾਂਦੇ ਵਿਅਕਤੀ/ਔਰਤ ਨੂੰ ਖਾਸ ਕਿਸਮ ਦੇ ਰੁਜ਼ਗਾਰ ਤੋਂ ਵਰਜਤ ਰੱਖਣ ਦੀ ਪਰੰਪਰਾ, ਜਾਂ ਕੰਮ ਕਰਦੇ ਸਮੇਂ ਅਜਿਹੇ ਵਿਅਕਤੀ ਪ੍ਰਤੀ ਲਗਾਤਾਰ ਤਰਿਸਕਾਰ ਭਰੀਆਂ ਕਾਰਵਾਈਆਂ ਕਰਨ ਵਿਰੁੱਧ ਆਵਾਜ਼ ਉਠਾਈ ਜਾਂਦੀ ਰਹੀ ਹੈ ਅਤੇ ਅੱਤ ਦਰਜੇ ਦੀਆਂ ਬੇਇਨਸਾਫੀਆਂ ਤੇ ਵਿਤਕਰੇ ਭਰੀਆਂ ਅਮਾਨਵੀ ਰਹੁ ਰੀਤੀਆਂ ਤੇ ਰਿਵਾਜਾਂ ਦੇ ਖਿਲਾਫ ਲੋਕਾਂ ਨੂੰ ਇਕਜੁਟ ਹੋ ਕੇ ਸੰਘਰਸ਼ ਕਰਨ ਦੀ ਪ੍ਰੇਰਨਾ ਵੀ ਬਹੁਤ ਸਾਰੇ ਸਮਾਜ ਸੁਧਾਰਕਾਂ ਤੇ ਇਨਕਲਾਬੀਆਂ ਨੇ ਦਿੱਤੀ ਹੈ। ਅਜਿਹੇ ਸਮਾਜ-ਸੁਧਾਰਕਾਂ ਵਲੋਂ ਆਪ ਇਨ੍ਹਾਂ ਘੋਲਾਂ ਵਿਚ ਕੁਦ ਕੇ ਅਨੇਕਾਂ ਕਿਸਮ ਦੇ ਜਬਰ ਤੇ ਜ਼ੁਲਮ ਸਹਾਰਨ ਦੀਆਂ ਉਦਾਹਰਣਾਂ ਨਾਲ ਵੀ ਸਾਡਾ ਇਤਿਹਾਸ ਭਰਿਆ ਪਿਆ ਹੈ। ਬਾਬਾ ਮੰਗੂ ਰਾਮ (ਗਦਰੀ ਬਾਬਾ), ਬਾਬਾ ਸਾਹਿਬ ਬੀ.ਆਰ.ਅੰਬੇਦਕਰ, ਸ਼ਾਹੂ ਜੀ ਮਹਾਰਾਜ, ਜੋਤੀ ਰਾਓ ਫੁਲੇ ਆਦਿ ਅਨੇਕਾਂ ਸਤਿਕਾਰਤ ਤੇ ਵਰਣਨਯੋਗ ਨਾਮ ਗਿਣੇ ਜਾ ਸਕਦੇ ਹਨ ਜਿਨ੍ਹਾਂ ਨੇ ਮਨੂੰਵਾਦੀ ਜਾਤੀਪਾਤੀ ਪ੍ਰਥਾ ਨੂੰ ਆਪ ਡੂੰਘਾਈ ਤੱਕ ਮਹਿਸੂਸ ਕੀਤਾ ਅਤੇ ਇਸ ਵਿਰੁੱਧ ਸਾਰੀ ਜ਼ਿੰਦਗੀ ਸੰਘਰਸ਼ ਕੀਤਾ। ਸਾਡੇ ਇਸ ਖਿੱਤੇ ਅੰਦਰ ਸਿੱਖ ਗੁਰੂਆਂ ਨੇ ਤੇ ਹੋਰ ਸੰਤਾਂ ਭਗਤਾਂ ਨੇ ਵੀ ਆਪਣੇ ਉਪਦੇਸ਼ਾਂ ਅਤੇ ਅਮਲਾਂ ਰਾਹੀਂ ਸਮਾਜ ਅੰਦਰ ਜਾਤਪਾਤ ਤੋੜਕੇ ਸਭ ਨੂੰ ਬਰਾਬਰਤਾ ਦਾ ਸਥਾਨ ਦੇਣ ਦੇ ਭਰਪੂਰ ਯਤਨ ਕੀਤੇ।
ਭਾਰਤ ਦੀ ਕਮਿਊਨਿਸਟ ਲਹਿਰ, ਜੋ ਸਾਮਰਾਜੀ ਗੁਲਾਮੀ ਤੇ ਪੂੰਜੀਵਾਦ ਦਾ ਖਾਤਮਾ ਕਰਕੇ ਸਾਂਝੀਵਾਲਤਾ, ਬਰਾਬਰਤਾ ਤੇ ਆਜ਼ਾਦੀ ਦੇ ਅਸੂਲਾਂ ਉਪਰ ਅਧਾਰਤ ਸਮਾਜ ਦੀ ਸਿਰਜਣਾ ਦੇ ਨਿਸ਼ਾਨੇ ਨਾਲ ਹੋਂਦ ਵਿਚ ਆਈ, ਨੇ ਵੀ ਅਜਿਹੇ ਸਮਾਜ ਦੀ ਕਲਪਨਾ ਕੀਤੀ ਜਿਥੇ ਕਿ ਇਨਸਾਨ ਹੱਥੋਂ ਇਨਸਾਨ ਦੀ ਹਰ ਪ੍ਰਕਾਰ ਦੀ ਲੁੱਟ ਖਸੁੱਟ ਦਾ ਖਾਤਮਾ ਹੋਵੇ ਅਤੇ ਜਾਤ, ਲਿੰਗ, ਧਰਮ, ਕੌਮੀਅਤ, ਬੋਲੀ, ਰੰਗ ਆਦਿ ਮੁੱਦਿਆਂ ਉਪਰ ਕਿਸੇ ਕਿਸਮ ਦਾ ਕੋਈ ਵਿਤਕਰਾ ਜਾਂ ਅਨਿਆਂ ਨਾ ਹੋਵੇ। ਕੇਰਲਾ ਵਿਚ ਕਮਿਊਨਿਸਟਾਂ ਦੀ ਅਗਵਾਈ ਵਿਚ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿਚ ਪਾਏ ਗਏ ਮਹੱਤਵਪੂਰਨ ਹਿੱਸੇ ਤੇ ਸਮਾਜਵਾਦੀ ਅੰਦੋਲਨ ਖੜਾ ਕਰਨ ਦੇ ਨਾਲ ਨਾਲ ਮੰਦਰਾਂ ਅੰਦਰ ਦਲਿਤਾਂ ਦੇ ਦਾਖਲੇ ਉਤੇ ਪਾਬੰਦੀ ਵਿਰੁੱਧ ਭਾਰੀ ਜਨਤਕ ਅੰਦੋਲਨ ਕੀਤਾ ਗਿਆ। ਹੋਰ ਵੀ ਕਈ ਪ੍ਰਾਂਤਾਂ ਅੰਦਰ ਕਮਿਊਨਿਸਟ ਪਾਰਟੀਆਂ ਨੇ ਜਾਤਪਾਤ ਦੇ ਬੰਧਨਾਂ ਨੂੰ ਤੋੜਕੇ ਕਿਰਤੀ ਲੋਕਾਂ ਦੀ ਏਕਤਾ ਲਈ ਜ਼ੋਰਦਾਰ ਘੋਲ ਹੀ ਨਹੀਂ ਕੀਤੇ ਬਲਕਿ ਅੰਤਰ ਜਾਤੀ ਵਿਆਹਾਂ ਰਾਹੀਂ ਅਤੇ ਪਾਰਟੀ ਦੀਆਂ ਜਥੇਬੰਦੀਆਂ ਵਿਚ ਕਿਸੇ ਕਿਸਮ ਦੇ ਜਾਤਪਾਤ ਅਧਾਰਤ ਵਿਤਕਰੇ ਉਪਰ ਵੀ ਮਨਾਹੀ ਕਰਦੇ ਹੋਏ ਇਸ ਸਮਾਜਿਕ ਬੁਰਿਆਈ ਨੂੰ ਪਰਾਂਹ ਵਗਾਹ ਮਾਰਨ ਦੇ ਉਪਰਾਲੇ ਕੀਤੇ। ਜਿਥੇ ਕਿਤੇ ਅਤੇ ਜਿਸ ਹੱਦ ਤੱਕ ਵੀ ਕਮਿਊਨਿਸਟਾਂ ਵਲੋਂ ਸਮਾਜਿਕ ਜਬਰ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈ ਕੇ ਜਨ ਅੰਦੋਲਨ ਕੀਤੇ ਗਏ, ਉਥੇ ਦਲਿਤ ਤੇ ਪੱਛੜੇ ਵਰਗਾਂ ਦੇ ਲੋਕਾਂ ਨੇ ਖੱਬੀ ਲਹਿਰ ਵਿਚ ਭਰਵੀਂ ਸ਼ਮੂਲੀਅਤ ਕੀਤੀ ਹੈ।
ਪ੍ਰੰਤੂ ਅੱਜ ਤੱਕ ਭਾਰਤੀ ਇਤਿਹਾਸ ਵਿਚ ਜਾਤਪਾਤ ਦੀ ਨਿਰਦਈ ਅਵਸਥਾ ਨੂੰ ਤੋੜਨ ਲਈ ਕੀਤੇ ਗਏ ਸਿਰਤੋੜ ਯਤਨਾਂ ਅਤੇ ਖਾਸ ਤੌਰ 'ਤੇ ਕਮਿਊਨਿਸਟ ਪਾਰਟੀਆਂ ਵਲੋਂ ਇਹ ਸਭ ਕੁੱਝ ਕਰਨ ਦੇ ਬਾਵਜੂਦ, ਸਾਡੇ ਸਮਾਜ ਵਿਚੋਂ ਨਾ ਹੀ ਜਾਤਪਾਤ ਵਰਗੀ ਸਮਾਜਿਕ ਲਾਹਨਤ ਖਤਮ ਹੋਈ ਤੇ ਨਾ ਹੀ ਜਾਤਪਾਤ ਅਧਾਰਤ ਸਮਾਜਿਕ ਜਬਰ ਤੇ ਵਿਤਕਰੇ ਹੀ ਬੰਦ ਹੋਏ। ਖੱਬੇ ਪੱਖੀ ਲਹਿਰ ਤੇ ਖਾਸਕਰ ਕਮਿਊਨਿਸਟ ਆਗੂਆਂ ਵਲੋਂ ਜਾਤਪਾਤ ਵਿਰੁੱਧ ਉਠਾਈ ਜ਼ੋਰਦਾਰ ਆਵਾਜ਼ ਦੇ ਬਾਵਜੂਦ ਆਜ਼ਾਦੀ ਤੋਂ ਬਾਅਦ, ਅਜੇ ਤੱਕ ਦੇਸ਼ ਦੀ ਅਛੂਤ ਸਮਝੀ ਜਾਂਦੀ ਵੱਸੋਂ ਦੇ ਵੱਡੇ ਹਿੱਸੇ ਨੂੰ ਜਿਨ੍ਹਾਂ ਵਿਚ ਦਲਿਤ, ਪਿਛੜੀਆਂ ਜਾਤੀਆਂ ਤੇ ਅਨੇਕਾਂ ਕਬੀਲੇ ਸ਼ਾਮਲ ਹਨ, ਦੇਸ਼ ਦੀ ਖੱਬੀ ਤੇ ਕਮਿਊਨਿਸਟ ਲਹਿਰ ਪੂਰੀ ਤਰ੍ਹਾਂ ਆਪਣੇ ਕਲਾਵੇ ਵਿਚ ਨਹੀਂ ਲੈ ਸਕੀ। ਨਾ ਹੀ ਅਜੇ ਦਲਿਤ ਵਸੋਂ ਆਪਣੇ ਵਿਰੁੱਧ ਹੋ ਰਹੇ ਵਿਤਕਰਿਆਂ ਜਾਂ ਵਧੀਕੀਆਂ ਦਾ ਹੱਲ ਖੱਬੀ ਧਿਰ ਨਾਲ ਜੁੜਕੇ ਸਾਂਝੀ ਜਨਤਕ ਜਮਹੂਰੀ ਲਹਿਰ ਦੇ ਵਿਕਸਤ ਹੋਣ ਅਤੇ ਸਮਾਜਵਾਦੀ ਪ੍ਰਬੰਧ ਦੀ ਸਥਾਪਤੀ ਵਿਚ ਦੇਖਦੀ ਹੈ। ਪੂੰਜੀਵਾਦੀ ਪ੍ਰਬੰਧ, ਜੋ ਸਮਾਜ ਵਿਚ ਹੋ ਰਹੇ ਹਰ ਕਿਸਮ ਦੇ ਆਰਥਿਕ, ਸਮਾਜਿਕ, ਸਭਿਆਚਾਰਕ ਤੇ ਰਾਜਨੀਤਕ ਵਿਤਕਰਿਆਂ ਲਈ ਮੁੱਖ ਰੂਪ ਵਿਚ ਜ਼ਿੰਮੇਵਾਰ ਹੈ, ਦੀ ਥਾਂ ਕਥਿਤ ਨੀਵੀਆਂ ਤੇ ਪੱਛੜੀਆਂ ਜਾਤੀਆਂ ਨਾਲ ਸੰਬੰਧਤ ਜਨ ਸਮੂਹ ਆਪਣੇ ਦੁਖਾਂ ਤਕਲੀਫਾਂ ਲਈ ਮੂਲ ਰੂਪ ਵਿਚ ਮਨੂੰਵਾਦੀ ਵਰਣ ਵਿਵਸਥਾ ਨੂੰ ਮੁੱਖ ਦੋਸ਼ੀ ਮੰਨਦੇ ਹਨ। ਇਸੇ ਕਰਕੇ ਉਹ ਅਜਿਹੇ ਰਾਜਸੀ ਦਲਾਂ ਜਾਂ ਆਗੂਆਂ ਦੇ ਅਸਰ ਹੇਠ ਜਾਣਾ ਜ਼ਿਆਦਾ ਬਿਹਤਰ ਸਮਝਦੇ ਹਨ ਜੋ ਮਨੂੰਵਾਦੀ ਵਿਚਾਰਧਾਰਾ ਵਿਰੁੱਧ ਖੁਲ੍ਹਕੇ ਬੋਲੇ (ਭਾਵੇਂ ਜ਼ਬਾਨੀ ਕਲਾਮੀ ਹੀ ਸਹੀ) ਤੇ ਉਚ ਜਾਤੀਆਂ ਪ੍ਰਤੀ ਜ਼ਿਆਦਾ ਤੋਂ ਜ਼ਿਆਦਾ ਨਫਰਤ ਫੈਲਾਏ। ਉਂਝ ਭਾਵੇਂ ਉਹ ਆਗੂ ਮੌਜੂਦਾ ਲੁੱਟ ਖਸੁੱਟ ਅਧਾਰਤ ਪੂੰਜੀਵਾਦੀ ਢਾਂਚੇ ਦੀ ਰਾਖੀ ਤੇ ਮਜ਼ਬੂਤੀ ਲਈ ਹੀ ਖਲੋਂਦਾ ਹੋਵੇ। ਸਦੀਆਂ ਤੋਂ, ਸਮਾਜਿਕ ਪੱਖ ਤੋਂ, ਤਰ੍ਹਾਂ ਤਰ੍ਹਾਂ ਦੇ ਅਮਾਨਵੀ ਅਤਿਆਚਾਰਾਂ ਤੋਂ ਪੀੜਤ ਹੋਣ ਕਾਰਨ ਵਿਚਾਰਾਂ ਦੇ ਤੌਰ ਤੇ ਪਛੜੇ ਲੋਕ ਜਮਾਤੀ ਨਪੀੜਨ ਨਾਲੋਂ ਜਾਤੀਪਾਤੀ ਅਤਿਆਚਾਰਾਂ ਨੂੰ ਵਧੇਰੇ ਦੁਖਦਾਈ ਸਮਝਦੇ ਹਨ। ਇਹ ਗੱਲ ਵੱਖਰੀ ਹੈ ਕਿ ਆਰਥਿਕ ਲੁੱਟ ਖਸੁੱਟ ਖਿਲਾਫ ਜਮਾਤੀ ਘੋਲ ਤੇ ਸਮਾਜਿਕ ਨਪੀੜਨ ਵਿਰੁੱਧ ਸੰਘਰਸ਼ ਇਕ ਦੂਸਰੇ ਦੇ ਪ੍ਰਤੀਪੂਰਕ ਤੇ ਮਦਦਗਾਰ ਹਨ ਤੇ ਅੰਤਮ ਰੂਪ ਵਿਚ ਜਾਤ ਪਾਤ ਸਮੇਤ ਹਰ ਕਿਸਮ ਦੀ ਲੁੱਟ ਖਸੁੱਟ ਤੇ ਅਤਿਆਚਾਰਾਂ ਦਾ ਖਾਤਮਾ ਪੂੰਜੀਵਾਦ ਦੇ ਖਾਤਮੇ ਨਾਲ ਕਿਰਤੀ ਵਰਗ ਦੇ ਹੱਥਾਂ ਵਿਚ ਰਾਜ ਸੱਤਾ ਦੀ ਵਾਗਡੋਰ ਆਉਣ 'ਤੇ ਸਮਾਜਵਾਦ ਦੀ ਹਕੀਕੀ ਸਥਾਪਤੀ ਨਾਲ ਹੀ ਸੰਭਵ ਹੋ ਸਕਦਾ ਹੈ।
ਅੱਜ ਲੋੜ ਹੈ ਕਿ ਖੱਬੀ ਲਹਿਰ ਸਮਾਜਿਕ ਜਬਰ ਦੇ ਮੁੱਦੇ ਨੂੰ ਲੋੜੀਂਦੀ ਸ਼ਿੱਦਤ ਨਾਲ ਨਾ ਉਠਾਉਣ ਦੀ ਆਪਣੀ ਇਸ ਕਮਜ਼ੋਰੀ ਉਪਰ ਉਂਗਲ ਧਰੇ, ਜਿਸਨੇ ਜਾਤਪਾਤ ਦੇ ਅਧਾਰ 'ਤੇ ਵੰਡੇ ਸਮਾਜ ਵਿਚ ਅਛੂਤ ਸਮਝੇ ਜਾਂਦੇ ਜਨ ਸਮੂਹਾਂ ਨਾਲ ਹੋ ਰਹੇ ਅਨਿਆਂ, ਵਧੀਕੀਆਂ ਅਤੇ ਜ਼ੁਲਮਾਂ ਦਾ ਪੂਰਨ ਅਹਿਸਾਸ ਨਹੀਂ ਕੀਤਾ ਤੇ ਨਾ ਹੀ ਇਸ ਵਿਰੁੱਧ ਬੱਝਵੀਂ ਤੇ ਨਿਰੰਤਰ ਲੜਾਈ ਲੜੀ ਹੈ। ਇਸਨੂੰ ਅਕਸਰ ਸਮੁੱਚੇ ਸਮਾਜ ਦੇ ਜਮਾਤੀ ਘੋਲ ਨਾਲ ਜੋੜ ਕੇ ਹੀ ਦੇਖਿਆ ਗਿਆ ਤੇ ਸਮਾਜਵਾਦ ਦੀ ਕਾਇਮੀ ਤੋਂ ਬਾਅਦ ਵਰਗ ਰਹਿਤ ਸਮਾਜ ਦੀ ਸਥਾਪਨਾ ਨਾਲ ਜਾਤਪਾਤ ਵਰਗੇ ਸਮਾਜਿਕ ਮਸਲੇ ਆਪਣੇ ਆਪ ਖਤਮ ਹੋਣ ਦੀ ਦਲੀਲ ਦਿੱਤੀ ਜਾਂਦੀ ਰਹੀ। ਇਥੋਂ ਤੱਕ ਵੀ ਆਖਿਆ ਜਾਂਦਾ ਰਿਹਾ ਹੈ ਕਿ ਜਗੀਰੂ ਢਾਂਚੇ ਦੀ ਉਪਜ, ਜਾਤੀਪਾਤੀ ਵਿਵਸਥਾ ਦਾ ਅੰਤ ਪੂੰਜੀਵਾਦ ਦੇ ਵਿਕਾਸ ਨਾਲ ਆਪਣੇ ਆਪ ਹੀ ਹੋ ਜਾਵੇਗਾ। ਇਹ ਧਾਰਨਾ ਗਲਤ ਸਿੱਧ ਹੋਈ ਹੈ। ਸਮਾਜਵਾਦੀ ਅੰਦੋਲਨ ਵਿਚ ਸਮਾਜਿਕ ਵਿਤਕਰਿਆਂ ਨਾਲ ਪੀੜਤ ਲੋਕਾਂ ਨੂੰ ਕਿਵੇਂ ਖਿੱਚਿਆ ਜਾ ਸਕਦਾ ਹੈ, ਬਿਨਾਂ ਉਨ੍ਹਾਂ ਲੋਕਾਂ ਨਾਲ ਸਬੰਧਤ ਮੁੱਦਿਆਂ ਉਪਰ ਸੰਘਰਸ਼ ਕਰਨ ਤੋਂ? ਇਹ ਸਵਾਲ ਕਾਫੀ ਹੱਦ ਤੱਕ ਅਣਗੌਲਿਆ ਕੀਤਾ ਗਿਆ। ਜੇਕਰ ਦਲਿਤਾਂ ਨਾਲ ਹੋਏ ਕਿਸੇ ਜਬਰ ਦਾ ਮੁੱਦਾ ਲੈ ਕੇ ਖੱਬੀ ਧਿਰ ਵਲੋਂ ਕੋਈ ਲੜਾਈ ਲੜੀ ਗਈ, ਉਹ ਵੀ ਇਸ ਤਰ੍ਹਾਂ ਜਿਵੇਂ ਕਿਸੇ ਦੇ 'ਸੱਦੇ' ਉਪਰ ਜਾਈਦਾ ਹੈ (ਅਹਿਸਾਨ ਕਰਨ ਵਾਂਗ) ਨਾਂ ਕਿ ਆਪਣੀ ਜਮਾਤ ਦਾ ਮੁੱਦਾ ਸਮਝਕੇ ਆਪਣੇ ਵਰਗ ਨਾਲ ਹੋਈ ਵਧੀਕੀ ਵਾਂਗ। ਇਸ ਕਰਕੇ ਕੁੱਝ ਕੁ ਖਿਤਿਆਂ ਨੂੰ ਛੱਡਕੇ, ਕਮਿਊਨਿਸਟਾਂ ਨੇ ਭਾਵੇਂ ਸਮਾਜਕ ਜਬਰ ਦੇ ਮੁੱਦਿਆਂ ਉਪਰ ਆਵਾਜ਼ ਬੁਲੰਦ ਜ਼ਰੂਰ ਕੀਤੀ ਹੈ, ਪ੍ਰੰਤੂ ਸੰਬੰਧਤ ਨੀਵੀਂ ਜਾਤੀਆਂ ਦੇ ਲੋਕ ਭਾਵਨਾਤਮਕ ਰੂਪ ਵਿਚ ਖੱਬੀ ਲਹਿਰ ਨਾਲ ਨਹੀਂ ਜੁੜੇ ਕਿਉਂਕਿ ਉਹ ਕਮਿਊਨਿਸਟਾਂ ਨੂੰ 'ਸੱਦੇ' ਉਤੇ ਆਏ ਹਮਾਇਤੀ ਹੀ ਸਮਝਦੇ ਰਹੇ, ਆਪਣੇ ਸਮਾਜ ਵਿਚੋਂ ਪੈਦਾ ਹੋਏ ਆਪਣੇ ਆਗੂ ਨਹੀਂ।
ਜਮਹੂਰੀ ਤੇ ਖੱਬੀ ਲਹਿਰ ਦੇ ਵਿਕਾਸ ਲਈ ਇਹ ਅਤਿਅੰਤ ਜ਼ਰੂਰੀ ਹੈ ਕਿ ਵਸੋਂ ਦੇ 30 ਤੋਂ 35 ਪ੍ਰਤੀਸ਼ਤ ਇਸ ਹਿੱਸੇ, ਜਿਸਨੂੰ ਅਛੂਤ ਤੇ ਨੀਵੀਆਂ ਜਾਤੀਆਂ ਨਾਲ ਸੰਬੰਧਤ ਹੋਣ ਸਦਕਾ ਸਦੀਆਂ ਤੋਂ ਅਣਮਨੁੱਖੀ ਸਮਾਜਿਕ ਜਬਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਨੂੰ ਹਰ ਹਾਲਤ ਵਿਚ ਇਨਕਲਾਬੀ ਧਾਰਾ ਦਾ ਪ੍ਰਮੁੱਖ ਅੰਗ ਬਣਾਇਆ ਜਾਵੇ। ਜਿਸ ਤਰ੍ਹਾਂ ਜਾਤ ਪਾਤ ਦੇ ਨਾਮ ਉਪਰ ਕੰਮ ਕਰਨ ਵਾਲੀਆਂ ਰਾਜਨੀਤਕ ਪਾਰਟੀਆਂ ਅਤੇ ਵਿਅਕਤੀ ਵਿਸ਼ੇਸ਼ ਦਲਿਤ ਤੇ ਪਛੜੇ ਸਮਾਜ ਨੂੰ ਜਾਤੀਪਾਤੀ ਲੀਹਾਂ ਉਪਰ ਲਾਮਬੰਦ ਕਰ ਰਹੇ ਹਨ ਤੇ ਸਿਆਸੀ ਲਾਹਾ ਖੱਟ ਕੇ ਮੌਜੂਦਾ ਲੁੱਟ ਅਧਾਰਤ ਸਮਾਜ ਨੂੰ ਮਜ਼ਬੂਤ ਕਰਨ ਵਿਚ ਲੱਗੇ ਹੋਏ ਹਨ, ਉਨ੍ਹਾਂ ਦੀ ਤੰਗ, ਮੌਕਾਪ੍ਰਸਤ ਤੇ ਨਿੱਜੀ ਹਿਤਾਂ ਤੋਂ ਪ੍ਰੇਰਤ ਸਿਆਸੀ ਚਾਲਾਂ ਤੋਂ ਵੀ ਇਨ੍ਹਾਂ ਲੋਕਾਂ ਨੂੰ ਬਚਾਉਣਾ ਅਤੇ ਖੱਬੀ ਧਿਰ ਨਾਲ ਜੋੜਨਾ ਅਗਾਂਹਵਧੂ ਸ਼ਕਤੀਆਂ ਦਾ ਪ੍ਰਮੁੱਖ ਕਾਰਜ ਬਣ ਜਾਂਦਾ ਹੈ। ਅਸਲ ਵਿਚ ਅਜਿਹੇ ਤੱਤਾਂ ਦਾ ਮੌਜੂਦਾ ਜਾਤੀ ਪਾਤੀ ਵਿਵਸਥਾ ਨੂੰ ਕਾਇਮ ਰੱਖਣ ਵਿਚ ਹੀ ਆਪਣਾ ਸਵਾਰਥੀ ਹਿੱਤ ਛੁਪਿਆ ਹੋਇਆ ਹੈ। ਜਿਸ ਤਰ੍ਹਾਂ ਕਾਂਗਰਸ ਤੇ ਭਾਜਪਾ ਵਰਗੀਆਂ ਰਾਜਸੀ ਪਾਰਟੀਆਂ, ਜੋ ਆਜ਼ਾਦੀ ਤੋਂ ਬਾਅਦ ਦਲਿਤਾਂ ਤੇ ਸਮਾਜ ਦੇ ਹੋਰ ਪਛੜੇ ਵਰਗਾਂ ਨੂੰ ਰਾਖਵੇਂਕਰਨ ਤੇ ਹੋਰ ਨਿਗੂਣੇ ਜਿਹੇ ਆਰਥਿਕ ਲਾਭਾਂ ਦਾ ਲਾਲਚ ਦੇ ਕੇ ਇਨ੍ਹਾਂ ਲੋਕਾਂ ਦੀਆਂ ਸਿਰਫ ਵੋਟਾਂ ਹਾਸਲ ਕਰਨ ਤੱਕ ਹੀ ਸੀਮਤ ਰਹੀਆਂ ਹਨ, ਬੁਨਿਆਦੀ ਰੂਪ ਵਿਚ ਇਨ੍ਹਾਂ ਵਰਗਾਂ ਦੇ ਜੀਵਨ ਵਿਚ ਕੋਈ ਹਾਂ ਪੱਖੀ ਤਬਦੀਲੀ ਲਿਆਉਣ ਦੇ ਪੂਰੀ ਤਰ੍ਹਾਂ ਅਯੋਗ ਸਿੱਧ ਹੋਈਆਂ ਹਨ। ਉਸੇ ਤਰ੍ਹਾਂ ਬਸਪਾ, ਸਪਾ, ਰਾਜਦ ਆਦਿ ਅਨੇਕਾਂ ਜਾਤ ਪਾਤ ਅਤੇ ਪਛੜੀਆਂ ਜਾਤਾਂ 'ਤੇ ਅਧਾਰਤ ਰਾਜਨੀਤਕ ਦਲ ਵੀ ਝੂਠੇ ਨਾਅਰਿਆਂ ਤੇ ਲਾਰਿਆਂ ਨਾਲ ਦਲਿਤਾਂ ਦੀ ਹਮਾਇਤ ਜੁਟਾ ਕੇ ਉਨ੍ਹਾਂ ਨੂੰ ਪੂੰਜੀਵਾਦੀ ਢਾਂਚੇ ਅੰਦਰ ਸਿਰਫ ਗੁਲਾਮ ਬਣਾਈ ਰੱਖਣ ਲਈ ਹੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਦੋਵਾਂਂ ਧਿਰਾਂ ਦਾ ਏਜੰਡਾ ਦਲਿਤਾਂ ਤੇ ਹੋਰ ਅਛੂਤ ਜਾਤੀਆਂ ਨੂੰ ਮੌਜੂਦਾ ਸੰਤਾਪ ਵਿਚੋਂ ਬਾਹਰ ਕੱਢ ਕੇ ਸਮਾਨਤਾ, ਆਜ਼ਾਦੀ ਤੇ ਖੁਸ਼ਹਾਲੀ ਦਾ ਜੀਵਨ ਦੇਣ ਦਾ ਨਹੀਂ ਸਗੋਂ ਉਨ੍ਹਾਂ ਦੇ ਆਰਥਿਕ, ਰਾਜਨੀਤਕ ਤੇ ਵਿਚਾਰਧਾਰਕ ਪਛੜੇਂਵੇਂ ਦਾ ਲਾਭ ਲੈ ਕੇ ਆਪਣੇ ਜਨ ਅਧਾਰ ਨੂੰ ਪੱਕਾ ਕਰਨ ਤੱਕ ਸੀਮਤ ਹੈ ਤਾਂ ਕਿ ਉਹ ਇਨ੍ਹਾਂ ਜਨ ਸਮੂਹਾਂ ਦੀ ਹਮਾਇਤ ਸਦਕਾ ਰਾਜ ਸੱਤਾ ਉਪਰ ਕਾਬਜ਼ ਰਹਿ ਸਕਣ।
ਜਾਤ ਪਾਤ ਅਧਾਰਤ ਰਾਖਵੇਂਕਰਣ ਦੇ ਨਾਮ ਹੇਠਾਂ ਲੁਟੇਰੀਆਂ ਜਮਾਤਾਂ ਦੀਆਂ ਰਾਜਸੀ ਪਾਰਟੀਆਂ ਦਲਿਤਾਂ ਤੇ ਪਛੜੇ ਵਰਗਾਂ ਦੇ ਲੋਕਾਂ ਨੂੰ ਬੁੱਧੂ ਬਣਾਉਂਦੀਆਂ ਆ ਰਹੀਆਂ ਹਨ। ਇਸ 'ਰਿਆਇਤ' ਲਈ ਭਾਰਤੀ ਸੰਵਿਧਾਨ ਦਾ ਗੁਣਗਾਨ ਵੀ ਕੀਤਾ ਜਾਂਦਾ ਹੈ, ਜਿਹੜਾ ਸੰਵਿਧਾਨ ਮੂਲ ਰੂਪ ਵਿਚ ਲੁਟੇਰੀਆਂ ਜਮਾਤਾਂ ਦੇ ਹਿਤਾਂ ਦੀ ਪੂਰਨ ਰੂਪ ਵਿਚ ਰਾਖੀ ਕਰਨ ਅਤੇ ਲੁੱਟੀ ਜਾ ਰਹੀ ਲੋਕਾਈ ਨੂੰ ਇਸੇ ਤਰਸਯੋਗ ਅਵਸਥਾ ਵਿਚ ਜੀਉਂਦੇ ਰਹਿਣ ਦੀ 'ਗਰੰਟੀ' ਕਰਦਾ ਹੈ। ਭਾਵੇਂ ਸਦੀਆਂ ਤੋਂ ਆਰਥਿਕ ਤੇ ਸਮਾਜਿਕ ਪੱਖੋਂ ਹੇਠਲੇ ਪੱਧਰ ਦੇ ਪੀੜਤ ਲੋਕਾਂ ਵਿਚੋਂ ਕੁਝ ਕੁ ਨੂੰ 'ਰਾਖਵੇਂਕਰਨ ਦੀ ਸੁਵਿਧਾ ਕਾਰਨ' ਪੜ੍ਹਨ ਤੇ ਨੌਕਰੀਆਂ ਕਰਨ ਦੇ ਅਵਸਰ ਮਿਲ ਜਾਂਦੇ ਹਨ, ਪ੍ਰੰਤੂ ਇਸ ਤਰ੍ਹਾਂ ਪੜ੍ਹੇ ਲਿਖੇ ਬਣਕੇ ਨੌਕਰੀਆਂ ਕਰਨ ਵਾਲੇ ਸੱਜਣਾਂ ਵਿਚ ਬਹੁਤ ਵੱਡਾ ਹਿੱਸਾ ਆਪਣੇ ਵਰਗੇ ਬਾਕੀ ਲੋਕਾਂ ਬਾਰੇ ਸੋਚਣ ਤੇ ਸਮੁੱਚੀ ਲੋਟੂ ਵਿਵਸਥਾ ਬਦਲਣ ਲਈ ਕੋਈ ਯੋਗਦਾਨ ਪਾਉਣ ਦੀ ਥਾਂ ਨਿੱਜੀ ਸਵਾਰਥ ਤੇ ਸਵੈ ਉਨਤੀ ਲਈ ਹੀ ਯਤਨਸ਼ੀਲ ਰਹਿੰਦਾ ਹੈ। ਇਸ ਤਰ੍ਹਾਂ ਦਲਿਤਾਂ ਤੇ ਪੱਛੜੇ ਵਰਗਾਂ ਅੰਦਰ ਇਕ ਛੋਟਾ ਜਿਹਾ ਇਸ ਤਰ੍ਹਾਂ ਦਾ ਤਬਕਾ ਉਭਰਿਆ ਹੈ ਜਿਹੜਾ ਰਾਖਵੇਂਕਰਨ ਦਾ ਲਾਹਾ ਲੈ ਕੇ ਬਾਕੀਆਂ ਦੇ ਮੁਕਾਬਲੇ ਵਿਚ ਚੰਗੇਰੀ ਤੇ ਖੁਸ਼ਹਾਲ ਜ਼ਿੰਦਗੀ ਬਸਰ ਕਰਨ ਲੱਗ ਪਿਆ ਹੈ। ਇਸ ਤਬਕੇ ਦੇ ਹਿੱਤ ਦਲਿਤਾਂ/ਪਛੜੇ ਵਰਗਾਂ ਦੇ ਲੋਕਾਂ ਨਾਲੋਂ ਆਰਥਿਕ ਤੇ ਸਮਾਜਿਕ ਪੱਖੋਂ ਸੰਪੰਨ ਲੋਕਾਂ ਨਾਲ ਜ਼ਿਆਦਾ ਮੇਲ ਖਾਂਦੇ ਹਨ। ਰਾਖਵੇਂਕਰਨ ਦੇ ਬਾਵਜੂਦ ਸਮੁੱਚੇ ਸਮਾਜ ਦੇ ਮਿਹਨਤਕਸ਼ਾਂ ਵਾਂਗ ਦਲਿਤ, ਅਛੂਤ ਤੇ ਪਛੜੇ ਵਰਗਾਂ ਦੇ ਲੋਕ ਵੀ ਨਰਕਾਂ ਭਰੀ ਜ਼ਿੰਦਗੀ ਬਸਰ ਕਰਨ ਲਈ ਮਜ਼ਬੂਰ ਹਨ। ਅੱਜਕਲ 'ਰਾਖਵਾਂਕਰਨ' ਦੀ ਮੰਗ ਇਕ ਮਖੌਲ ਜਿਹਾ ਬਣ ਗਈ ਹੈ, ਜਦੋਂ ਹਰ ਤਬਕੇ ਤੇ ਜਾਤੀ ਦੇ ਲੋਕ (ਜਿਵੇਂ ਬ੍ਰਾਹਮਣ ਤੇ ਜਾਟ ਆਦਿ) ਰਾਖਵੇਂਕਰਨ ਦੀ ਮੰਗ ਮਨਵਾਉਣ ਲਈ ਸੜਕਾਂ ਉਪਰ ਨਿਕਲ ਤੁਰਦੇ ਹਨ। ਅਜਿਹੀਆਂ ਲਹਿਰਾਂ ਪਿੱਛੇ ਵੀ ਆਮ ਤੌਰ 'ਤੇ ਹਾਕਮ ਧਿਰਾਂ ਦੇ ਆਗੂ ਦੇਖੇ ਜਾ ਸਕਦੇ ਹਨ। ਨਿੱਜੀਕਰਨ ਦੀ ਪ੍ਰਕਿਰਿਆ ਵਿਚ ਵਿਦਿਆ ਤੇ ਨੌਕਰੀਆਂ ਵਿਚ ਰਾਖਵੇਂਕਰਨ ਦਾ ਅਰਥ ਉਂਝ ਹੀ ਕੁੱਝ ਨਹੀਂ ਰਹਿ ਜਾਂਦਾ ਕਿਉਂਕਿ ਮੁਨਾਫੇ ਕਮਾਉਣ ਦੇ ਨਜ਼ਰੀਏ ਨਾਲ ਵੱਖ ਵੱਖ ਨਿੱਜੀ ਕਾਰੋਬਾਰ ਤੇ ਵਿਦਿਅਕ ਅਦਾਰੇ ਚਲਾਉਣ ਵਾਲੇ ਵਿਅਕਤੀਆਂ ਵਾਸਤੇ 'ਰਾਖਵੇਂਕਰਨ' ਅਧੀਨ ਕੋਈ ਰਿਆਇਤ ਦੇਣੀ ਜ਼ਰੂਰੀ ਨਹੀਂ ਹੈ। ਉਂਝ ਜਦੋਂ ਮੌਜੂਦਾ ਨਵਉਦਾਰੀਕਰਨ ਦੇ ਦੌਰ ਵਿਚ ਨਵੀਆਂ ਨੌਕਰੀਆਂ ਪੈਦਾ ਹੀ ਨਹੀਂ ਹੋ ਰਹੀਆਂ ਤੇ ਪੁਰਾਣੇ ਰੁਜ਼ਗਾਰ ਖੋਹੇ ਜਾ ਰਹੇ ਹਨ, ਉਦੋਂ ਸਮੁੱਚੇ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਮੰਗ ਉਠਾਉਣ ਦੀ ਥਾਂ ਜਾਤਪਾਤ ਜਾਂ ਧਰਮ ਅਧਾਰਤ ਰੀਜ਼ਰਵੇਸ਼ਨ ਦੇਣ ਦੀ ਮੰਗ ਕਰਨੀ ਉੱਕਾ ਹੀ ਤਰਕਸੰਗਤ ਨਹੀਂ ਜਾਪਦੀ। ਸਮੁੱਚੇ ਰੂਪ ਵਿਚ 'ਰਾਖਵੇਂਕਰਨ' ਦੀ ਨੀਤੀ ਨੇ ਨਾ ਤਾਂ ਸਮਾਜਿਕ ਤੌਰ 'ਤੇ ਦੱਬੇ ਕੁਚਲੇ ਜਾ ਰਹੇ ਲੋਕਾਂ ਦੇ ਵਿਸ਼ਾਲ ਭਾਗਾਂ ਨੂੰ ਹੀ ਕੋਈ ਚੰਗੇਰੀ ਜ਼ਿੰਦਗੀ ਦਿੱਤੀ ਹੈ ਤੇ ਨਾ ਹੀ ਰੀਜ਼ਰਵੇਸ਼ਨ ਦਾ ਲਾਹਾ ਲੈਣ ਵਾਲੇ ਸੱਜਣਾਂ ਨੇ ਆਪਣੇ ਵਧੇ ਹੋਏ ਗਿਆਨ ਤੇ ਸੁਧਰੀ ਆਰਥਿਕਤਾ ਨਾਲ ਸਮੁੱਚੀ ਇਨਕਲਾਬੀ ਲਹਿਰ ਨੂੰ ਮਜ਼ਬੂਤ ਕਰਨ ਵਿਚ ਕੋਈ ਵਿਸ਼ੇਸ਼ ਯੋਗਦਾਨ ਪਾਇਆ ਹੈ; ਜਿਸ ਨੂੰ ਮਜ਼ਬੂਤ ਕਰਕੇ ਹੀ ਸਦੀਆਂ ਤੋਂ ਚਲੇ ਆ ਰਹੇ ਆਰਥਿਕ ਤੇ ਸਮਾਜਿਕ ਅਤਿਆਚਾਰਾਂ ਦਾ ਅੰਤ ਹੋਣਾ ਹੈ।
ਅੱਜ ਸਮਾਜਿਕ ਪਰਿਵਰਤਨ ਦੀ ਲਹਿਰ ਨੂੰ ਮਜ਼ਬੂਤ ਕਰਨ ਹਿੱਤ ਆਰਥਿਕ ਤੇ ਰਾਜਸੀ ਮੁੱਦਿਆਂ ਦੇ ਨਾਲ ਸਮਾਜਿਕ ਜਬਰ ਦੇ ਸਵਾਲਾਂ ਨੂੰ ਵੀ ਪ੍ਰਮੁੱਖਤਾ ਦੇ ਆਧਾਰ ਉਪਰ ਲੈਣ ਦੀ ਲੋੜ ਹੈ। ਇਸ ਕੰਮ ਲਈ ਸਿਆਸੀ ਤੌਰ 'ਤੇ ਚੇਤੰਨ ਸਾਥੀ, ਜੋ ਉਪਰਲੀਆਂ ਜਾਤਾਂ ਤੇ ਵਰਗਾਂ ਨਾਲ ਸੰਬੰਧਤ ਹਨ ਤੇ ਖੱਬੀ ਲਹਿਰ ਸੰਗ ਜੁੜੇ ਹਨ, ਨੂੰ ਦਲਿਤਾਂ ਤੇ ਪੱਛੜੇ ਵਰਗਾਂ ਵਿਚ ਵਧੇਰੇ ਦ੍ਰਿੜਤਾ ਤੇ ਤਨਦੇਹੀ ਨਾਲ ਰਾਜਨੀਤਕ ਕੰਮ ਕਰਦਿਆਂ ਹੋਇਆਂ ਯਤਨ ਕਰਨਾ ਚਾਹੀਦਾ ਹੈ ਕਿ ਇਸ ਪੀੜਤ ਭਾਈਚਾਰੇ ਵਿਚੋਂ ਔਰਤਾਂ ਤੇ ਮਰਦ ਵੱਧ ਤੋਂ ਵੱਧ ਗਿਣਤੀ ਵਿਚ ਜਮਹੂਰੀ ਅੰਦੋਲਨ ਵਿਚ ਸ਼ਾਮਲ ਹੋਣ ਤੇ ਆਪਣੇ ਵਿਚੋਂ ਨਵੇਂ ਆਗੂਆਂ ਨੂੰ ਉਭਾਰਨ। ਖੱਬੇ ਪੱਖੀ ਜਥੇਬੰਦੀਆਂ ਨੂੰ ਦਲਿਤ ਤੇ ਪਛੜੇ ਸਮਾਜ ਨਾਲ ਸੰਬੰਧਤ ਕਾਰਕੁੰਨਾਂ ਨੂੰ ਵਧੇਰੇ ਤੋਂ ਵਧੇਰੇ ਗਿਣਤੀ ਵਿਚ ਲੀਡਰਸ਼ਿਪ ਵਿਚ ਸਮੋਣ ਦਾ ਉਪਰਾਲਾ ਕਰਨ ਦੀ ਲੋੜ ਹੈ। ਕਈ ਵਾਰ ਦੇਖਿਆ ਗਿਆ ਹੈ ਕਿ ਕਮਿਊਨਿਸਟ ਪਾਰਟੀ ਤੇ ਅਵਾਮੀ ਜਥੇਬੰਦੀਆਂ ਵਿਚ ਉਚ ਜਾਤੀਆਂ ਤੇ ਆਰਥਿਕ ਪੱਖੋਂ ਮਜ਼ਬੂਤ ਵਰਗਾਂ ਵਿਚੋਂ ਆਏ ਅਤੇ ਦਲਿਤਾਂ ਤੇ ਗਰੀਬ ਤਬਕਿਆਂ ਚੋਂ ਉਭਰੇ ਕਾਰਕੁੰਨਾਂ ਨੂੰ ਲੀਡਰਸ਼ਿਪ ਵਿਚ ਸਮੋਣ ਸਮੇਂ ਵੱਖ ਵੱਖ ਪੈਮਾਨੇ ਇਸਤੇਮਾਲ ਕੀਤੇ ਜਾਂਦੇ ਹਨ, ਜਿਸ ਨਾਲ ਦਲਿਤਾਂ ਨਾਲ ਸੰਬੰਧਤ ਸਾਥੀ ਅਪਮਾਨਿਤ ਜਾਂ ਅਣਗੌਲਿਆ ਮਹਿਸੂਸ ਕਰਦੇ ਹਨ। ਭਾਵੇਂ ਕਮਿਊਨਿਸਟ ਜਥੇਬੰਦੀਆਂ ਵਿਚ ਜਾਤਪਾਤ ਅਧਾਰਤ ਰੀਜ਼ਰਵੇਸ਼ਨ ਜਾਂ ਲਕੀਰ ਕਦਾਚਿਤ ਨਹੀਂ ਖਿੱਚੀ ਜਾ ਸਕਦੀ ਅਤੇ ਇਥੇ ਵਿਚਾਰਧਾਰਕ ਤੇ ਰਾਜਨੀਤਕ ਚੇਤਨਤਾ ਦਾ ਪੱਧਰ, ਜਮਾਤੀ ਸੰਘਰਸ਼ ਵਿਚ ਅਮਲੀ ਯੋਗਦਾਨ ਤੇ ਪ੍ਰਤੀਬੱਧਤਾ ਵਰਗੇ ਗੁਣਾਂ ਨੂੰ ਸਾਹਮਣੇ ਰੱਖਿਆ ਜਾਂਦਾ ਹੈ, ਪ੍ਰੰਤੂ ਇਹ ਪੈਮਾਨਾ ਦੋਨੋਂ ਪਾਸੇ ਇਕੋ ਢੰਗ ਨਾਲ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਸਮਾਜਕ ਜਬਰ ਦਾ ਅਹਿਸਾਸ, ਜਿਸਨੂੰ ਪਛੜੇ ਤੇ ਦਲਿਤ ਵਰਗਾਂ ਨਾਲ ਸੰਬੰਧਤ ਲੋਕ ਆਪਣੇ ਤਨ ਉਪਰ ਹੰਢਾ ਰਹੇ ਹਨ, ਦੂਸਰੇ ਸਾਥੀਆਂ ਨੂੰ ਵੀ ਓਨਾ ਹੀ ਹੋਣਾ ਚਾਹੀਦਾ ਹੈ ਜੋ ਇਨ੍ਹਾਂ ਵਰਗਾਂ ਨਾਲ ਸੰਬੰਧਤ ਨਹੀਂ ਹਨ। ਪਾਰਟੀ ਜਥੇਬੰਦੀ ਵਿਚ ਸਮਾਜਿਕ ਨਪੀੜਨ ਦੇ ਮੁੱਦੇ ਆਮ ਤੌਰ 'ਤੇ ਦਲਿਤਾਂ ਤੇ ਨੀਵੀਆਂ ਜਾਤਾਂ ਨਾਲ ਸੰਬੰਧਤ ਸਾਥੀ ਹੀ ਉਠਾਉਂਦੇ ਹਨ ਤੇ ਦੂਸਰੇ ਸਿਰਫ ਇਸਨੂੰ ਸੁਣਨ ਜਾਂ ਜ਼ਬਾਨੀ ਸਹਿਮਤੀ ਤੱਕ ਹੀ ਸੀਮਤ ਰੱਖਕੇ ਤਸੱਲੀ ਕਰੀ ਰੱਖਦੇ ਹਨ। ਬਹੁਤੀ ਵਾਰ ਤਾਂ ਦਲਿਤਾਂ ਜਾਂ ਨੀਵੀਆਂ ਜਾਤੀਆਂ ਨਾਲ ਸੰਬੰਧਤ ਆਗੂ ਦੂਸਰਿਆਂ ਤੋਂ ਡਰਦੇ ਜਾਂ ਝਿਜਕਦਿਆਂ ਹੋਇਆਂ ਸਮਾਜਿਕ ਜਬਰ ਦੇ ਸਵਾਲਾਂ ਨੂੰ ਛੂੰਹਦੇ ਹੀ ਨਹੀਂ। ਜੇਕਰ ਕਦੀ ਕੋਈ ਸਮਾਜਕ ਜਬਰ ਦਾ ਸਵਾਲ ਉਠਦਾ ਵੀ ਹੈ ਤੇ ਸਮਾਜ ਦੀ ਇਹ ਪੀੜਤ ਧਿਰ ਕਿਸੇ ਸਮਾਜਿਕ ਜ਼ਿਆਦਤੀ ਜਾਂ ਵਿਤਕਰੇ ਵਿਰੁੱਧ ਅਵਾਜ਼ ਬੁਲੰਦ ਕਰਕੇ ਘੋਲ ਦੇ ਰਾਹ ਪੈਂਦੀ ਹੈ ਤਦ ਵੀ ਬਹੁਤੀ ਵਾਰ ਸਪੱਸ਼ਟ ਰੂਪ ਵਿਚ ਪੀੜਤ ਧਿਰ ਨਾਲ ਖੜਨ ਤੇ ਜ਼ਿਆਦਤੀ ਕਰਨ ਵਾਲੇ ਲੋਕਾਂ ਵਿਰੁੱਧ ਡਟਵਾਂ ਸਟੈਂਡ ਲੈਣ ਦੀ ਥਾਂ ਲੀਪਾਪੋਚੀ ਕਰਕੇ 'ਸਮਝੌਤਾ' ਕਰਾਉਣ ਲਈ ਲੋੜੋਂ ਵੱਧ ਕਾਹਲ ਕੀਤੀ ਜਾਂਦੀ ਹੈ। ਇਸ ਵਤੀਰੇ ਨਾਲ ਅਪਮਾਨਿਤ ਧਿਰ, ਜਿਸ ਨਾਲ ਵਧੀਕੀ ਹੋਈ ਹੁੰਦੀ ਹੈ, ਕਦੀ ਵੀ ਮਨ ਤੋਂ ਇਨਕਲਾਬੀ ਲਹਿਰ ਨਾਲ ਨਾਤਾ ਨਹੀਂ ਜੋੜੇਗੀ। ਸਿਰਫ ਗੱਲਾਂ ਨਾਲ ਨਹੀਂ ਸਗੋਂ ਅਮਲਾਂ ਵਿਚ ਸਮਾਜਿਕ ਜਬਰ ਵਿਰੁੱਧ ਜੰਗ ਲੜੀ ਜਾਣੀ ਚਾਹੀਦੀ ਹੈ, ਜੋ ਸਮੁੱਚੇ ਜਮਹੂਰੀ ਸੰਘਰਸ਼ ਦਾ ਬਹੁਤ ਹੀ ਮਹੱਤਵਪੂਰਨ ਅੰਗ ਹੈ। ਸੀ.ਪੀ.ਐਮ. ਪੰਜਾਬ ਨੇ 2001 ਵਿਚ ਆਪਣੀ ਸਥਾਪਨਾ ਤੋਂ ਬਾਅਦ ਇਸ ਦਿਸ਼ਾ ਵਿਚ ਕਾਫੀ ਸੁਧਾਰ ਕੀਤਾ ਹੈ। ਪ੍ਰੰਤੂ ਅਜੇ ਇਹ ਮੁਢਲੇ ਕਦਮ ਹੀ ਹਨ ਤੇ ਭਵਿੱਖ ਵਿਚ ਬਹੁਤ ਕੁੱਝ ਕਰਨਾ ਬਾਕੀ ਹੈ।
ਜੇਕਰ ਸਮੂਹ ਖੱਬੀਆਂ ਸ਼ਕਤੀਆਂ ਵਲੋਂ ਭਾਰਤੀ ਸਮਾਜ ਦੀਆਂ ਠੋਸ ਹਕੀਕਤਾਂ, ਜਿਨ੍ਹਾਂ ਵਿਚ ਪ੍ਰਚਲਤ ਜਾਤੀਪਾਤੀ ਢਾਂਚਾ ਇਕ ਅਹਿਮ ਬਿੰਦੂ ਹੈ, ਨੂੰ ਹੁਣ ਵਾਂਗ ਨਜ਼ਰ ਅੰਦਾਜ਼ ਕਰਨਾ ਜਾਰੀ ਰੱਖਿਆ ਗਿਆ, ਤਦ ਇਸ ਵਿਚ ਕੋਈ ਸ਼ੱਕ ਹੀ ਨਹੀਂ ਹੈ ਕਿ ਪਛੜਿਆ ਤੇ ਦਲਿਤ ਸਮਾਜ ਮੌਜੂਦਾ ਲੁਟੇਰੇ ਵਰਗਾਂ ਦੀ ਇਕ ਜਾਂ ਦੂਸਰੀ ਰਾਜਨੀਤਕ ਪਾਰਟੀ ਦੇ ਲੜ ਹੀ ਲੱਗਿਆ ਰਹੇਗਾ ਅਤੇ ਜਾਂ ਇਨ੍ਹਾਂ ਤੋਂ ਨਿਰਾਸ਼ ਹੋ ਕੇ ਨਵੀਆਂ ਉਭਰ ਰਹੀਆਂ ਜਾਤੀ ਪਾਤੀ ਅਧਾਰਤ ਪਾਰਟੀਆਂ ਤੇ ਸੰਗਠਨਾਂ ਵਿਚ ਸ਼ਾਮਲ ਹੋ ਜਾਵੇਗਾ ਜੋ ਵਿਚਾਰਧਾਰਕ ਤੇ ਰਾਜਸੀ ਤੌਰ 'ਤੇ ਮੌਜੂਦਾ ਪੂੰਜੀਵਾਦੀ ਪ੍ਰਬੰਧ ਨੂੰ ਕਾਇਮ ਰੱਖਣ ਦੇ ਹੀ ਧਾਰਨੀ ਹਨ। ਸਮਾਜਿਕ ਪਰਿਵਰਤਨ ਦੀ ਸਮੁੱਚੀ ਲਹਿਰ ਵੀ ਹਕੀਕੀ ਰੂਪ ਵਿਚ ਤਦ ਹੀ ਮਜ਼ਬੂਤ ਹੋ ਸਕੇਗੀ, ਜੇਕਰ ਦੇਸ਼ ਦੀ ਮਿਹਨਤਕਸ਼ ਜਨਤਾ ਦਾ ਵੱਡਾ ਹਿੱਸਾ, ਜਿਸ ਵਿਚ ਦਲਿਤ ਤੇ ਨੀਵੀਆਂ ਤੇ ਪੱਛੜੀਆਂ ਜਾਤੀਆਂ ਨਾਲ ਸਬੰਧਤ ਲੋਕ ਤੇ ਆਦਿਵਾਸੀ ਸ਼ਾਮਿਲ ਹਨ, ਜਮਹੂਰੀ ਤੇ ਇਨਕਲਾਬੀ ਸ਼ਕਤੀਆਂ ਨਾਲ ਮੋਢੇ ਨਾਲ ਮੋਢਾ ਜੋੜਕੇ ਜਨਤਕ ਸੰਘਰਸ਼ਾਂ ਦੇ ਰਾਹ ਪਵੇਗਾ। ਇਸ ਕੰਮ ਲਈ ਸਮੂਹ ਖੱਬੀਆਂ ਧਿਰਾਂ ਨੂੰ ਆਪਣੇ ਬੀਤੇ ਤੇ ਝਾਤ ਮਾਰਕੇ ਇਸ ਸਬੰਧ ਵਿਚ ਰਹੀਆਂ ਕਮਜ਼ੋਰੀਆਂ ਦੀ ਪਹਿਚਾਣ ਕਰਨੀ ਚਾਹੀਦੀ ਹੈ ਤੇ ਭਵਿੱਖ ਵਿਚ ਇਸ ਭੁੱਲ ਨੂੰ ਸੁਧਾਰਨ ਲਈ ਯੋਗ ਰਣਨੀਤੀ ਬਣਾਉਣੀ ਚਾਹੀਦੀ ਹੈ।
Good Job Pasla jee...
ReplyDelete