Wednesday, 30 October 2013

ਸੰਪਾਦਕੀ (ਸੰਗਰਾਮੀ ਲਹਿਰ-ਨਵੰਬਰ 2013)

ਲੁਟੇਰੇ ਪੂੰਜੀਵਾਦੀ ਪ੍ਰਬੰਧ 'ਚ ਅਵਿਸ਼ਵਾਸ ਦਾ ਪ੍ਰਗਟਾਵਾ

ਸਾਡੇ ਦੇਸ਼ ਦੇ ਹਾਕਮਾਂ ਵਲੋਂ, ਅਤੇ ਉਹਨਾਂ ਦੀ ਕਿਰਪਾ-ਦਰਿਸ਼ਟੀ ਦੇ ਪਾਤਰ ਬਨਣ ਦੇ ਚਾਹਵਾਨ ਸਿਆਸੀ ਚਿੰਤਕਾਂ ਵਲੋਂ ''ਭਾਰਤੀ ਜਮਹੂਰੀਅਤ'' ਦੀ 'ਉੱਤਮਤਾ' ਦਾ ਬੜਾ ਗੁਣਗਾਣ ਕੀਤਾ ਜਾਂਦਾ ਹੈ। ਉਹ ਅਕਸਰ ਹੀ ਇਸ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਗਰਦਾਨਦੇ ਹਨ; ਜਿਹੜਾ ਕਿ ਇਕ ਅਰਬ 20 ਕਰੋੜ ਲੋਕਾਂ ਦੀ ਹੋਣੀ ਦਾ ਸੰਚਾਲਨ ਕਰਦਾ ਹੈ। ਪ੍ਰੰਤੂ ਹਕੀਕਤ ਇਹ ਹੈ ਕਿ ਇਸ ਪੂੰਜੀਵਾਦੀ ਜਮਹੂਰੀ ਢਾਂਚੇ 'ਚੋਂ ਲੋਕਸੱਤਾ ਦਾ ਅੰਸ਼ ਬੜੀ ਤੇਜ਼ੀ ਨਾਲ ਖੁਰਦਾ ਜਾ ਰਿਹਾ ਹੈ ਅਤੇ ਧਨਾਢ ਹਾਕਮਾਂ ਦੇ ਏਕਾਅਧਿਕਾਰਵਾਦ ਦਾ ਅੰਸ਼ ਲਗਾਤਾਰ ਵੱਧਦਾ ਫੁਲਦਾ ਜਾ ਰਿਹਾ ਹੈ। ਇਹੋ ਕਾਰਨ ਹੈ ਕਿ ਕੇਂਦਰ ਤੇ ਪ੍ਰਾਂਤਾਂ ਦੀਆਂ ਸਰਕਾਰਾਂ ਚਲਾ ਰਹੇ ਹਾਕਮਾਂ ਅਤੇ ਅਫਸਰਸ਼ਾਹੀ ਵਲੋਂ ਜਮਹੂਰੀ ਸੰਸਥਾਵਾਂ ਦੀ ਸੰਵਿਧਾਨ ਅਨੁਸਾਰ ਸਥਾਪਤ ਕਾਰਜਪ੍ਰਣਾਲੀ ਨੂੰ ਵੀ ਅਕਸਰ ਅਣਗੌਲਿਆ ਕੀਤਾ ਜਾਂਦਾ ਹੈ ਅਤੇ ਜਮਹੂਰੀ ਕਦਰਾਂ-ਕੀਮਤਾਂ ਨੂੰ ਗਿਣਮਿੱਥ ਕੇ ਲਤਾੜਿਆ ਤੇ ਖੁਰਦ ਬੁਰਦ ਕੀਤਾ ਜਾਂਦਾ ਹੈ। 
ਸਿਆਸਤ ਅੰਦਰ ਅਪਰਾਧੀ ਤੱਤਾਂ ਦਾ ਡਰਾਉਣੀ ਹੱਦ ਤੱਕ ਵੱਧ ਚੁੱਕਾ ਦਾਖਲਾ ਵੀ ਹਾਕਮਾਂ ਦੀ ਇਸ ਗੈਰ ਜਮਹੂਰੀ ਪਹੁੰਚ ਦਾ ਇਕ ਮੰਤਕੀ ਸਿੱਟਾ ਹੀ ਹੈ। ਅੱਜ ਇਹ ਪ੍ਰਤੱਖ ਦਿਖਾਈ ਦੇ ਰਿਹਾ ਹੈ ਕਿ ਇਸ ਖੇਤਰ ਵਿਚ ਧੜਵੈਲ ਦੰਗਾਕਾਰੀਆਂ, ਗੁੰਡਿਆਂ, ਕਾਤਲਾਂ, ਨੌਸਰਬਾਜਾਂ, ਭਰਿਸ਼ਟਾਚਾਰੀਆਂ ਅਤੇ ਹਰ ਰੰਗ ਦੇ ਸਮਾਜ ਵਿਰੋਧੀ ਅਨਸਰਾਂ ਦੀ ਆਮਦ ਲਗਾਤਾਰ ਵੱਧਦੀ ਜਾ ਰਹੀ ਹੈ। ਜਮਹੂਰੀਅਤ ਦੇ ਅਹਿਮ ਅੰਗ-ਚੋਣ ਪ੍ਰਣਾਲੀ-ਨੂੰ ਤਾਂ ਇਹਨਾਂ ਲੱਠਮਾਰਾਂ ਤੇ ਥੈਲੀਸ਼ਾਹਾਂ ਨੇ ਹੁਣ ਵੱਡੀ ਹੱਦ ਤੱਕ ਆਪਣੀ ਰਖੇਲ ਹੀ ਬਣਾ ਲਿਆ ਹੈ। ਜਿਸ ਨਾਲ ਸਿਆਸਤ ਦੇ ਖੇਤਰ ਵਿਚ ਅਤੀ ਘਿਨਾਉਣੀ ਕਿਸਮ ਦਾ ਪਰਵਾਰਵਾਦ ਉਭਰ ਆਇਆ ਹੈ। ਰਾਜਨੀਤੀ ਦੇ ਇਸ ਅਪਰਾਧੀਕਰਨ ਕਾਰਨ ਹੀ ਅੱਜ ਦੇਸ਼ ਦੀ ਲੋਕ ਸਭਾ ਦੇ 543 ਮੈਂਬਰਾਂ ਚੋਂ 160 ਅਜੇਹੇ ਹਨ ਜਿਹਨਾਂ ਉਪਰ ਕਤਲ, ਇਰਾਦਾ ਕਤਲ, ਬਲਾਤਕਾਰ, ਅਗਵਾ ਅਤੇ ਧੋਖਾਧੜੀ ਆਦਿ ਵਰਗੇ ਜੁਰਮਾਂ ਅਧੀਨ ਕੇਸ ਦਰਜ ਹਨ ਜਦੋਂਕਿ ਇਹਨਾਂ 'ਚੋਂ ਦੋ 'ਭੱਦਰ ਪੁਰਸ਼ਾਂ' ਨੂੰ ਹੁਣੇ ਹੁਣੇ ਜੇਲ੍ਹ ਦੀ ਹਵਾ ਖਾਣ ਲਈ ਭੇਜਿਆ ਗਿਆ ਹੈ। ਅਜੇਹੀ ਤਸਵੀਰ ਹੀ ਰਾਜ ਸਭਾ ਦੀ ਹੈ। ਏਸੇ ਤਰ੍ਹਾਂ ਦੀਆਂ ਪੇਸ਼ੀਆਂ ਭੁਗਤ ਰਹੇ ਵਿਧਾਨਕਾਰਾਂ ਦੀ ਗਿਣਤੀ ਵੀ 1250 ਦੱਸੀ ਜਾਂਦੀ ਹੈ ਜਿਹੜੀ ਕਿ ਇਹਨਾਂ ਕਾਨੂੰਨ ਘਾੜਿਆਂ ਦੀ ਕੁਲ ਗਿਣਤੀ ਦੇ ਲਗਭਗ 30% ਨੂੰ ਢੁਕਦੀ ਹੈ। 
ਇਹੋ ਕਾਰਨ ਹੈ ਕਿ ਸਿਆਸਤ ਦਾ ਇਹ ਸ਼ਰਮਨਾਕ ਅਪਰਾਧੀਕਰਨ ਅੱਜ ਦੇਸ਼ ਭਰ ਵਿਚ ਆਮ ਲੋਕਾਂ ਲਈ ਵਿਆਪਕ ਨਫਰਤ ਤੇ ਗੁੱਸੇ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਪਿਛੋਕੜ ਵਿਚ ਹੀ ਦੇਸ਼ ਦੀ ਸਰਵਉਚ ਅਦਾਲਤ ਭਾਵ ਸੁਪਰੀਮ ਕੋਰਟ ਨੇ, ਪਿਛਲੇ ਦਿਨੀਂ, ਸਿਆਸਤ ਦੇ ਲਗਾਤਾਰ ਵੱਧ ਰਹੇ ਅਪਰਾਧੀਕਰਨ ਨੂੰ ਰੋਕਣ ਵਾਸਤੇ ਕਾਨੂੰਨੀ ਤੌਰ 'ਤੇ ਦਾਗੀ ਕਰਾਰ ਦਿੱਤੇ ਗਏ ਸੰਸਦਾਂ ਅਤੇ ਵਿਧਾਨਕਾਰਾਂ ਨੂੰ ਤੁਰੰਤ ਅਯੋਗ ਕਰਾਰ ਦੇਣ ਵਰਗੇ ਕੁਝ ਠੋਸ ਤੇ ਮਹੱਤਵਪੂਰਨ ਫੈਸਲੇ ਕੀਤੇ ਹਨ। ਕੋਰਟ ਦੇ ਇਹਨਾਂ ਫੈਸਲਿਆਂ ਬਾਰੇ ''ਸੰਗਰਾਮੀ ਲਹਿਰ'' ਦੇ ਪਿਛਲੇ ਅੰਕਾਂ ਵਿਚ ਚਰਚਾ ਕਰਦਿਆਂ ਅਸੀਂ ਲਿਖਿਆ ਸੀ ਕਿ ਭਾਵੇਂ ਇਹਨਾਂ 'ਚੋਂ ਬਹੁਤੇ ਫੈਸਲੇ ਪੂਰੀ ਤਰ੍ਹਾਂ ਸਵਾਗਤਯੋਗ ਹਨ ਪ੍ਰੰਤੂ ਦੇਸ਼ ਦੇ ਹਾਕਮਾਂ ਨੇ ਇਹਨਾਂ ਨੂੰ ਲਾਗੂ ਕਰਨ ਲਈ ਸੁਹਿਰਦਤਾ ਦਾ ਪ੍ਰਗਟਾਵਾ ਨਹੀਂ ਕਰਨਾ, ਕਿਉਂਕਿ ਇਹ ਫੈਸਲੇ ਉਹਨਾਂ ਦੇ ਸੌੜੇ-ਸਵਾਰਥੀ ਤੇ ਲੁਟੇਰੇ ਹਿੱਤਾਂ ਦੇ ਵਿਰੁੱਧ ਜਾਂਦੇ ਹਨ। ਸਾਨੂੰ ਇਹ ਖਦਸ਼ਾ ਸੀ ਕਿ ਦੇਸੀ ਤੇ ਵਿਦੇਸ਼ੀ ਕੰਪਨੀਆਂ ਦੇ ਹਿੱਤਾਂ ਦੀ ਰਾਖੀ ਕਰ ਰਹੀਆਂ ਰਾਜਸੀ ਪਾਰਟੀਆਂ - ਕਾਂਗਰਸ, ਭਾਜਪਾ ਤੇ ਉਹਨਾਂ ਦੀਆਂ ਜੋਟੀਦਾਰ ਖੇਤਰੀ ਪਾਰਟੀਆਂ, ਭਾਵੇਂ ਲੋਕ ਲਾਜ ਵਜੋਂ  ਤਾਂ ਅਪਰਾਧੀ ਤੱਤਾਂ 'ਤੇ ਰੋਕ ਲਾਉਂਦੇ ਫੈਸਲਿਆਂ ਦੇ ਹੱਕ ਵਿਚ ਬਿਆਨਬਾਜ਼ੀ ਕਰ ਸਕਦੀਆਂ ਹਨ ਪ੍ਰੰਤੂ ਅੰਦਰੋਂ ਔਖੀਆਂ ਹੋਣਗੀਆਂ ਅਤੇ ਇਹਨਾਂ ਨੂੰ ਅਮਲੀ ਰੂਪ ਦੇਣ ਸਮੇਂ ਤਰ੍ਹਾਂ ਤਰ੍ਹਾਂ ਦੀਆਂ ਘੁਣਤਰਾਂ ਘੜਨਗੀਆਂ ਅਤੇ ਸਾਜਸ਼ਾਂ ਰਚਣਗੀਆਂ; ਉਹ ਫੈਸਲਿਆਂ 'ਚ ਭੰਨਤੋੜ ਕਰਨਗੀਆਂ ਅਤੇ ਅਵੱਗਿਆ ਕਰਨ ਲਈ ਵੀ ਹਰ ਸੰਭਵ ਉਪਰਾਲਾ ਕਰਨਗੀਆਂ। ਬਾਅਦ ਵਿਚ ਵਾਪਰੀਆਂ ਘਟਨਾਵਾਂ ਨੇ ਸਾਡੇ ਇਹਨਾਂ ਤੌਖਲਿਆਂ ਨੂੰ ਵੱਡੀ ਹੱਦ ਤੱਕ ਸਹੀ ਸਿੱਧ ਕੀਤਾ ਹੈ। 
ਹੁਣ ਏਸੇ ਦਿਸ਼ਾ ਵਿਚ 27 ਸਤੰਬਰ ਨੂੰ ਸੁਪਰੀਮ ਕੋਰਟ ਦੇ ਮੁਖੀ ਸਮੇਤ ਤਿੰਨ ਜੱਜਾਂ ਦੇ ਇਕ ਬੈਂਚ ਨੇ ਇਕ ਹੋਰ ਮਹੱਤਵਪੂਰਨ ਫੈਸਲੇ ਰਾਹੀਂ ਵੋਟਰਾਂ ਵਲੋਂ 'ਕਿਸੇ ਵੀ ਉਮੀਦਵਾਰ ਨੂੰ ਵੋਟ ਨਾ ਪਾਉਣ' ਦੇ ਅਧਿਕਾਰ ਨੂੰ ਸਾਰਥਕ ਬਨਾਉਣ ਵੱਲ ਇਕ ਭਰਵਾਂ ਕਦਮ ਪੁੱਟਿਆ ਹੈ। ਜਿਸ ਨਾਲ ਵੋਟਰਾਂ ਵਲੋਂ ਲੋਕ-ਪ੍ਰਤੀਨਿੱਧਾਂ ਨੂੰ 'ਰੱਦ ਕਰਨ ਦੇ ਅਧਿਕਾਰ' ਨੂੰ ਅੰਸ਼ਿਕ ਰੂਪ ਵਿਚ ਮਾਨਤਾ ਮਿਲ ਗਈ ਹੈ। ਸੁਪਰੀਮ ਕੋਰਟ ਨੇ ਦੇਸ਼ ਦੇ ਚੋਣ ਕਮਿਸ਼ਨ ਨੂੰ ਆਦੇਸ਼ ਦਿੱਤਾ ਹੈ ਕਿ ਚੋਣ ਪਰਚੀ ਅਤੇ ਇਲੈਕਟਰੌਨਿਕ ਵੋਟ ਮਸ਼ੀਨ (EVM) ਵਿਚ ਅਜੇਹੀ ਵਿਵਸਥਾ ਕੀਤੀ ਜਾਵੇ ਕਿ ਹਰ ਵੋਟਰ, ਜੇਕਰ ਚਾਹੇ, ਤਾਂ ਸਾਰੇ ਉਮੀਦਵਾਰਾਂ ਨੂੰ ਰੱਦ ਕਰ ਸਕੇ। ਇਸ ਆਦੇਸ਼ ਵਿਚ ਕਿਹਾ ਗਿਆ ਹੈ ਕਿ ਇਸ ਮੰਤਵ ਲਈ ਮਸ਼ੀਨ ਅੰਦਰ ਉਮੀਦਵਾਰਾਂ ਦੇ ਨਾਵਾਂ ਤੋਂ ਬਾਅਦ ਆਖੀਰ ਵਿਚ ਇਕ ਵਿਸ਼ੇਸ਼ ਬਟਣ ਲਾਇਆ ਜਾਵੇ ਜਿਹੜਾ ''ਉਪਰਲਿਆਂ ਚੋਂ ਕੋਈ ਵੀ ਨਹੀਂ'' (None of the above-NOTA) ਦਾ ਇਜਹਾਰ ਕਰੇ। ਭਾਵੇਂ ਦੇਸ਼ ਦੇ ਲੋਕ ਪ੍ਰਤੀਨਿਧਤਾ ਐਕਟ ਵਿਚ ਪਹਿਲਾਂ ਵੀ ਅਜੇਹੇ ਅਧਿਕਾਰ ਦੀ ਵਿਵਸਥਾ ਸੀ; ਫਾਰਮ 17-ਏ ਭਰਕੇ ਅਜੇਹਾ ਕੀਤਾ ਜਾ ਸਕਦਾ ਸੀ। ਪ੍ਰੰਤੂ ਅਜੇਹੇ ਅਧਿਕਾਰ ਦੀ ਵਰਤੋਂ ਕਰਨ ਸਮੇਂ ਮੌਕੇ ਦੇ ਚੋਣ ਅਧਿਕਾਰੀ ਅਕਸਰ ਹੀ ਬੇਲੋੜੇ ਅੜਿਕੇ ਪਾਉਂਦੇ ਸਨ। ਇਸ ਤੋਂ ਬਿਨਾਂ, ਅਜਿਹਾ ਕਰਨ ਵਾਲੇ ਵੋਟਰ ਦਾ ਨਾਂਅ ਗੁਪਤ ਨਹੀਂ ਸੀ ਰਹਿੰਦਾ। ਇਹਨਾਂ ਦੋਵਾਂ ਅੜਿਕਿਆਂ ਨੂੰ ਦੂਰ ਕਰਨ ਵਾਸਤੇ ਹੀ ਇਕ ਲੋਕਪੱਖੀ ਸੰਸਥਾ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ (PUCL) ਨੇ ਲੋਕਹਿੱਤ ਅਪੀਲ ਦਾਇਰ ਕੀਤੀ ਸੀ, ਜਿਸ ਬਾਰੇ ਸੁਪਰੀਮ ਕੋਰਟ ਦੇ ਤਿੰਨ ਮੈਂਬਰਾਂ 'ਤੇ ਆਧਾਰਤ ਬੈਂਚ ਨੇ ਇਹ ਅਹਿਮ ਫੈਸਲਾ ਸੁਣਾਇਆ ਹੈ। ਇਹ ਵੀ ਸੰਭਾਵਨਾਵਾਂ ਹਨ ਕਿ ਇਸ ਨਵੰਬਰ-ਦਸੰਬਰ ਵਿਚ 5 ਰਾਜਾਂ ਦੀਆਂ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਫੈਸਲੇ ਨੂੰ ਬਾਕਾਇਦਾ ਅਮਲੀ ਰੂਪ ਵਿਚ ਲਾਗੂ ਵੀ ਕਰ ਦਿੱਤਾ ਜਾਵੇਗਾ। 
ਇਹ ਨਿਸ਼ਚੇ ਹੀ ਸੁਪਰੀਮ ਕੋਰਟ ਦਾ ਸਵਾਗਤਯੋਗ ਕਦਮ ਹੈ। ਅਪੀਲ ਕਰਤਾਵਾਂ ਅਨੁਸਾਰ ਇਸ ਫੈਸਲੇ ਦੇ ਲਾਗੂ ਹੋਣ ਨਾਲ ''ਹਾਕਮ ਪਾਰਟੀਆਂ ਵਲੋਂ ਅਪਰਾਧੀ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਚੋਣਾਂ ਵਿਚ ਉਤਾਰਨ 'ਤੇ ਲਾਜ਼ਮੀ ਰੋਕ ਲੱਗੇਗੀ।'' ਪ੍ਰੰਤੂ ਅਸੀਂ ਮਹਿਸੂਸ ਕਰਦੇ ਹਾਂ ਕਿ ਅਪਰਾਧੀ ਤੱਤਾਂ ਦੀ ਵੱਧ ਰਹੀ ਗਿਣਤੀ ਨੂੰ ਇਸ ਵਿਧੀ ਰਾਹੀਂ ਰੱਦ ਕਰਨ ਤੋਂ ਇਲਾਵਾ ਇਸ ਨਾਲ ਲੋਕਮਾਰੂ ਨੀਤੀਆਂ ਦੇ ਸਮਰਥਕ ਕਾਰਪੋਰੇਟ-ਪੱਖੀ ਭਰਿਸ਼ਟ ਉਮੀਦਵਾਰਾਂ ਨੂੰ ਰੱਦ ਕਰਨ ਦਾ ਵੀ ਮੌਕਾ ਮਿਲੇਗਾ। ਅੱਜ ਇਹ ਹਕੀਕਤ ਵੀ ਉਭਰਕੇ ਸਾਹਮਣੇ ਆ ਚੁੱਕੀ ਹੈ ਕਿ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ, ਜਿਹਨਾਂ ਨੇ ਲੋਕਾਂ ਦਾ ਬੁਰੀ ਤਰ੍ਹਾਂ ਖੂਨ ਨਿਚੋੜ ਸੁੱਟਿਆ ਹੈ ਅਤੇ ਉਹਨਾਂ ਦੀ ਮੰਦਹਾਲੀ ਵਿਚ ਭਾਰੀ ਵਾਧਾ ਕੀਤਾ ਹੈ, ਨੂੰ ਸਾਰੀਆਂ ਪੂੰਜੀਵਾਦ ਸਮਰਥਕ ਪਾਰਟੀਆਂ ਆਪੋ ਆਪਣੇ ਅਧਿਕਾਰ ਖੇਤਰਾਂ ਵਿਚ ਧੱਕੇ ਨਾਲ ਲਾਗੂ ਕਰ ਰਹੀਆਂ ਹਨ। ਜਿਸ ਨਾਲ ਕੇਵਲ ਗਰੀਬੀ, ਮਹਿੰਗਾਈ, ਬੇਕਾਰੀ ਤੇ ਪ੍ਰਸ਼ਾਸਨਿਕ ਜਬਰ ਵਰਗੀਆਂ ਸਮਾਜਕ ਸਮੱਸਿਆਵਾਂ ਹੀ ਨਹੀਂ ਵੱਧ ਰਹੀਆਂ ਬਲਕਿ ਰਿਸ਼ਵਤਖੋਰੀ, ਆਰਥਕ ਲੁੱਟ ਅਤੇ ਭਰਿਸ਼ਟਾਚਾਰ ਵਿਚ ਵੀ ਤਿੱਖਾ ਵਾਧਾ ਹੋਇਆ ਹੈ। ਦੇਸ਼ ਨੂੰ ਅਤੇ ਦੇਸ਼ ਦੇ ਲੋਕਾਂ ਨੂੰ ਬੜੀ ਬੇਦਰਦੀ ਨਾਲ ਲੁੱਟਿਆ ਜਾ ਰਿਹਾ ਹੈ। ਇਸ ਲੁੱਟਤੰਤਰ ਰਾਹੀਂ ਹਾਕਮ ਸਿਆਸੀ ਪਾਰਟੀਆਂ ਦੇ ਆਗੂ, ਕਾਰਪੋਰੇਟ ਘਰਾਣੇ ਅਤੇ ਅਫਸਰਸ਼ਾਹੀ ਦੀ ਤਰਿਕੜੀ ਮਾਲੋਮਾਲ ਹੋ ਰਹੀ ਹੈ। ਇਹਨਾਂ ਹਾਲਤਾਂ ਵਿਚ ਆਮ ਕਿਰਤੀ ਲੋਕਾਂ ਦਾ ਸਮੁੱਚੇ ਰਾਜਕੀ ਤਾਣੇਬਾਣੇ ਤੋਂ ਵੱਡੀ ਹੱਦ ਤੱਕ ਭਰੋਸਾ ਉਠ ਗਿਆ ਹੈ। ਲੋਕਪੱਖੀ ਸਿਆਸੀ ਧਿਰਾਂ ਦੇ ਕਮਜ਼ੋਰ ਹੋਣ ਕਰਕੇ, ਉਹ ਅਕਸਰ ਸਾਰੇ ਸਿਆਸਤਦਾਨਾਂ ਨੂੰ ਹੀ ਚੋਰ-ਉਚੱਕੇ ਸਮਝਣ ਤੱਕ ਚਲੇ ਜਾਂਦੇ ਹਨ। ਇਹ ਵੀ ਸਪੱਸ਼ਟ ਹੈ ਕਿ ਹਾਕਮ ਜਮਾਤਾਂ ਦੀਆਂ ਵੱਖ ਵੱਖ ਪਾਰਟੀਆਂ ਦੇ ਆਗੂ ਲੋਕਾਂ ਦੀਆਂ ਮੁਸ਼ਕਲਾਂ ਦਾ ਕੋਈ ਹੱਲ ਲੱਭਣ ਦੀ ਬਜਾਏ ਸ਼ਰੇਆਮ ਆਪੋ ਆਪਣੇ ਘਰਾਂ ਨੂੰ ਭਰਨ ਵਿਚ ਰੁੱਝੇ ਹੋਏ ਹਨ। ਆਰਥਕ ਨੀਤੀਆਂ ਤੋਂ ਬਿਨਾਂ ਇਹਨਾਂ ਸਾਰੀਆਂ ਪਾਰਟੀਆਂ ਵਿਚਕਾਰ ਦਮਨਕਾਰੀ ਤੇ ਗੈਰ ਜਮਹੂਰੀ ਪ੍ਰਸ਼ਾਸਨਿਕ ਨੀਤੀਆਂ ਦੇ ਪੱਖੋਂ ਵੀ ਕੋਈ ਫਰਕ ਨਹੀਂ ਹੈ। ਇਸ ਲਈ ਚੋਣ ਪ੍ਰਣਾਲੀ ਵਿਚ ਅਜੇਹੀ ਨਵੀਂ ਵਿਵਸਥਾ ਹੋਣ ਨਾਲ ਵੋਟਰਾਂ ਨੂੰ ਅਪਰਾਧੀ ਪਿਛੋਕੜ ਵਾਲੇ ਉਮੀਦਵਾਰਾਂ ਤੋਂ ਇਲਾਵਾ ਅਜੋਕੇ ਲੁਟੇਰੇ ਪ੍ਰਬੰਧ ਦੇ ਸਮਰਥਕਾਂ ਨੂੰ ਰੱਦ ਕਰਨ ਦਾ ਮੌਕਾ ਵੀ ਮਿਲੇਗਾ। ਏਸੇ ਲਈ ਸਾਡੀ ਪਾਰਟੀ - ਸੀ.ਪੀ.ਐਮ. ਪੰਜਾਬ ਨੇ ਪਹਿਲਾਂ ਹੀ, 2009 ਦੀ ਲੋਕ ਸਭਾ ਚੋਣਾਂ ਸਮੇਂ ਹੀ, ਇਹ ਫੈਸਲਾ ਕੀਤਾ ਸੀ ਕਿ ਜਿਥੇ ਵੀ ਇਹਨਾਂ ਲੋਕਮਾਰੂ ਨੀਤੀਆਂ ਦੇ ਟਾਕਰੇ ਵਿਚ ਬਦਲਵੀਆਂ ਲੋਕ ਪੱਖੀ ਨੀਤੀਆਂ ਦਾ ਝੰਡਾਬਰਦਾਰ ਉਮੀਦਵਾਰ ਨਹੀਂ ਹੈ, ਉਥੇ ਸਾਰੇ ਉਮੀਦਵਾਰਾਂ ਨੂੰ ਰੱਦ ਕੀਤਾ ਜਾਵੇ ਅਤੇ ਫਾਰਮ 17-ਏ ਭਰਿਆ ਜਾਵੇ। ਭਾਵੇਂ ਪਾਰਟੀ ਪੱਧਰ ਤੋਂ ਅਜਿਹਾ ਸਿਧਾਂਤਕ ਫੈਸਲਾ ਕਰਨਾ ਤਾਂ ਸੌਖਾ ਸੀ, ਪ੍ਰੰਤੂ ਆਮ ਵੋਟਰਾਂ ਲਈ ਇਸ ਨੂੰ ਲਾਗੂ ਕਰਨਾ ਕਾਫੀ ਮੁਸ਼ਕਲ ਸੀ, ਕਿਉਂਕਿ ਉਹਨਾਂ ਨੂੰ ਹਾਕਮਾਂ ਦੀ ਬਦਲਾਖੋਰੀ ਦਾ ਸ਼ਿਕਾਰ ਬਣਾਏ ਜਾਣ ਦੀਆਂ ਵੀ ਬਹੁਤ ਸੰਭਾਵਨਾਵਾਂ ਸਨ। ਹੁਣ ਇਸ ਵਿਸ਼ੇਸ਼ ਬਟਣ ਦੀ ਵਿਵਸਥਾ ਨਾਲ ਇਹ ਸਾਰੀਆਂ ਮੁਸ਼ਕਲਾਂ ਵੱਡੀ ਹੱਦ ਤੱਕ ਦੂਰ ਹੋ ਜਾਣਗੀਆਂ। 
ਇਸ ਲਈ ਹੁਣ ਅੱਗੋਂ, ਇਸ ਫੈਸਲੇ ਨੂੰ, 'ਰੱਦ ਕਰਨ ਦੇ ਅਧਿਕਾਰ' (Right to Reject) ਅਤੇ 'ਵਾਪਸ ਬੁਲਾਉਣ ਦੇ ਅਧਿਕਾਰ' (Right to Recall) ਨੂੰ ਮੁਕੰਮਲ ਕਰਨ ਤੇ ਸਾਰਥਕ ਬਨਾਉਣ ਦੇ ਸੰਘਰਸ਼ ਵਾਸਤੇ ਇਕ ਕਾਰਗਰ ਹਥਿਆਰ ਵਜੋਂ ਵਰਤਿਆ ਜਾਣਾ ਚਾਹੀਦਾ ਹੈ। ਨਿਸ਼ਚੇ ਹੀ ਭਵਿੱਖ ਵਿਚ ਇਹ ਮੰਗ ਵੀ ਉਭਰੇਗੀ ਕਿ ਜਿਥੇ ਸਾਰੇ ਉਮੀਦਵਾਰਾਂ ਦਾ ਵਿਰੋਧ ਕਰਨ ਵਾਲੇ ਵੋਟਰਾਂ ਦੀ ਗਿਣਤੀ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਨਾਲੋਂ ਵੱਧ ਹੋਵੇ ਉਥੇ ਦੁਬਾਰਾ ਚੋਣ ਹੋਵੇ ਅਤੇ ਨਵੇਂ ਉਮੀਦਵਾਰ ਖੜੇ ਹੋਣ। ਇਸ ਨਾਲ ਲਾਜ਼ਮੀ ਦਾਗ਼ੀ, ਅਪਰਾਧੀ ਤੇ ਭਰਿਸ਼ਟ ਵਿਅਕਤੀ ਨਿਰਉਤਸ਼ਾਹਤ ਹੋਣਗੇ ਅਤੇ ਆਮ ਲੋਕਾਂ ਦੀ ਰਾਏ ਅਤੇ ਸਿਆਸੀ ਪਸੰਦ ਨੂੰ ਮਜ਼ਬੂਤੀ ਮਿਲੇਗੀ। ਇਸ ਤੋਂ ਬਿਨਾਂ ਇਸ ਨਾਲ ਵਧੇਰੇ ਸਾਰਥਕ ਚੋਣ ਸੁਧਾਰਾਂ ਜਿਵੇਂ ਕਿ ਅਨੁਪਾਤਕ ਪ੍ਰਤੀਨਿਧਤਾ ਪ੍ਰਣਾਲੀ ਦੀ ਵਿਵਸਥਾ ਕਰਨਾ ਅਤੇ ਮਹੱਤਵਪੂਰਨ ਮੁੱਦਿਆਂ 'ਤੇ ਰੈਫਰੰਡਮ ਕਰਾਉਣਾ ਆਦਿ ਵਾਸਤੇ ਵੀ ਰਾਹ ਖੁੱਲ੍ਹੇਗਾ ਅਤੇ ਦੇਸ਼ ਅੰਦਰ ਲੋਕ-ਪੱਖੀ ਜਮਹੂਰੀਅਤ ਦਾ ਮੁਹਾਂਦਰਾ ਵਿਕਸਤ ਕਰਨ ਵਿਚ ਸਹਾਇਤਾ ਮਿਲੇਗੀ। 
ਇਸ ਲਈ ਸਮੁੱਚੀਆਂ ਲੋਕ ਪੱਖੀ ਸ਼ਕਤੀਆਂ ਨੂੰ NOTA ਬਟਣ ਦੀ ਰਾਜਨੀਤਕ ਸਾਰਥਕਤਾ ਲੋਕਾਂ ਨੂੰ ਸਮਝਾਉਣ ਲਈ ਨਿਰੰਤਰ ਉਪਰਾਲੇ ਕਰਨੇ ਪੈਣਗੇ ਤਾਂ ਜੋ ਉਹ ਹਾਕਮ ਪਾਰਟੀਆਂ ਵਲੋਂ ਦਿੱਤੇ ਜਾਂਦੇ ਹਰ ਤਰ੍ਹਾਂ ਦੇ ਲੋਭ ਲਾਲਚਾਂ ਅਤੇ ਡਰਾਵਿਆਂ ਦਾ ਟਾਕਰਾ ਕਰਨ ਦੇ ਸਮਰਥ ਹੋ ਸਕਣ ਅਤੇ ਆਪਣੀ ਰਾਏ ਦਾ ਨਿਡਰਤਾ ਸਹਿਤ ਪ੍ਰਗਟਾਵਾ ਕਰਨ। ਅਜੇਹੇ ਲਗਾਤਾਰ ਤੇ ਬੱਝਵੇਂ ਯਤਨਾਂ ਰਾਹੀਂ ਹੀ ਇਸ ਮਹੱਤਵਪੂਰਨ ਵਿਵਸਥਾ ਦੀ ਦੇਸ਼ ਅੰਦਰ ਜਮਹੂਰੀਅਤ ਦੇ ਵਿਕਾਸ ਲਈ ਵਰਤੋਂ ਕੀਤੀ ਜਾ ਸਕਦੀ ਹੈ। 
- ਹਰਕੰਵਲ ਸਿੰਘ 
(25.10.2013)  

Thursday, 24 October 2013

ਜ਼ਰੂਰੀ ਸੂਚਨਾ

'ਸੰਗਰਾਮੀ ਲਹਿਰ' ਦਾ ਚੰਦਾ ਜਾਂ ਸਹਾਇਤਾ ਮਨੀਆਰਡਰ ਜਾਂ ਚੈੱਕ ਰਾਹੀਂ ਭੇਜਦੇ ਸਮੇਂ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਮਨੀਆਰਡਰ/ਚੈੱਕ 

'ਮੈਨੇਜਰ, ਸੰਗਰਾਮੀ ਲਹਿਰ', 352/1, ਫਗਵਾੜੀ ਮੁਹੱਲਾ, ਗੜ੍ਹਾ, ਜਲੰਧਰ,

ਦੇ ਨਾਂਅ ਹੇਠ ਹੀ ਭੇਜੀ ਜਾਵੇ ਅਤੇ ਆਪਣਾ ਪਤਾ ਵੀ ਮੋਟੇ ਤੇ ਸਪੱਸ਼ਟ ਅੱਖਰਾਂ 'ਚ ਲਿਖਿਆ ਜਾਵੇ।      

ਕੀਮਤ
ਇਕ ਕਾਪੀ 15 ਰੁਪਏ

ਸਾਲਾਨਾ : 150 ਰੁਪਏ

ਬਦੇਸ਼ :
15 ਪੌਂਡ

30 ਅਮਰੀਕਨ ਡਾਲਰ

30 ਕੈਨੇਡੀਅਨ ਡਾਲਰ

- ਮੈਨੇਜਰ 'ਸੰਗਰਾਮੀ ਲਹਿਰ'

ਸਹਾਇਤਾ (ਸੰਗਰਾਮੀ ਲਹਿਰ-ਅਕਤੂਬਰ 2013)

ਸਾਥੀ ਕਰਨੈਲ ਸਿੰਘ ਰਾਜੂਬੇਲਾ (ਗੁਰਦਾਸਪੁਰ) ਨੇ ਆਪਣੇ ਵੱਡੇ ਭਰਾ ਰਛਪਾਲ ਸਿੰਘ ਦੇ ਸ਼ਰਧਾਂਜਲੀ ਸਮਾਗਮ ਤੇ ਸੀ.ਪੀ.ਐਮ. ਪੰਜਾਬ ਜ਼ਿਲ੍ਹਾ ਗੁਰਦਾਸਪੁਰ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਸ਼੍ਰੀ ਖੁਸ਼ਵੰਤ ਸਿੰਘ ਪੁੱਤਰ ਕੈਪਟਨ ਪ੍ਰੀਤਮ ਸਿੰਘ ਔਲਖ (ਗੁਰਦਾਸਪੁਰ) ਨੇ ਆਪਣੇ ਪੁੱਤਰ ਦੇ ਜਨਮ ਦਿਨ 'ਤੇ ਜਮਹੂਰੀ ਕਿਸਾਨ ਸਭਾ ਗੁਰਦਾਸਪੁਰ ਨੂੰ 1900 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਗੁਰਜੀਤ ਸਿੰਘ ਕੌਲਸੇੜੀ, ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਨੇ ਆਪਣੀ ਮਾਤਾ (ਸੱਸ) ਬੀਬੀ ਨਸੀਬ ਕੌਰ ਦੇ ਭੋਗ ਦੀ ਰਸਮ ਸਮੇਂ ਸੀ.ਪੀ.ਐਮ. ਪੰਜਾਬ ਜ਼ਿਲ੍ਹਾ ਸੰਗਰੂਰ ਇਕਾਈ ਨੂੰ 1100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਗੁਰਮੇਜ ਲਾਲ ਗੇਜੀ ਖੂਈਆ ਸਰਵਰ ਜ਼ਿਲ੍ਹਾ ਫਾਜਿਲਕਾ ਅਤੇ ਉਹਨਾਂ ਦੇ ਸਾਰੇ ਪਰਵਾਰ ਨੇ ਆਪਣੇ ਵੱਡੇ ਭਰਾ ਸਾਥੀ ਪਿਆਰਾ ਲਾਲ ਦੇ ਸ਼ਰਧਾਂਜਲੀ ਸਮਾਗਮ ਸਮੇਂ ਸੀ.ਪੀ.ਐਮ. ਪੰਜਾਬ ਜ਼ਿਲ੍ਹਾ ਫਾਜ਼ਿਲਕਾ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਦਿੱਤੀ। 

ਮਾਸਟਰ ਇਕਬਾਲ ਸਿੰਘ, ਨਵਾਂ ਸ਼ਹਿਰ ਨੇ ਆਪਣੇ ਸਪੁੱਤਰ ਰਣਜੋਧ ਸਿੰਘ ਦੇ ਘਰ ਬੇਟਾ ਪੈਦਾ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ. ਪੰਜਾਬ ਸੂਬਾ ਕਮੇਟੀ ਨੂੰ 9000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਅਮਰੀਕ ਸਿੰਘ, ਪਿੰਡ ਪਲਾਸੀ (ਰੋਪੜ) ਦੀਆਂ ਅੰਤਮ ਰਸਮਾਂ ਸਮੇਂ ਉਨ੍ਹਾਂ ਦੇ ਪਰਿਵਾਰ ਨੇ ਸੀ.ਪੀ.ਐਮ. ਪੰਜਾਬ ਦੀ ਸੂਬਾ ਕਮੇਟੀ ਨੂੰ 900 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਰਾਮ ਕਿਸ਼ਨ ਧੁਨਕੀਆ ਅਤੇ ਉਹਨਾਂ ਦੇ ਛੋਟੇ ਭਰਾ ਬਲਦੇਵ ਕ੍ਰਿਸ਼ਨ ਨੇ ਆਪਣੇ ਪਿਤਾ ਕਾਮਰੇਡ ਵਸਾਵਾ ਰਾਮ ਦੇ ਸ਼ਰਧਾਂਜਲੀ ਸਮਾਗਮ ਸਮੇਂ ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਫਾਜ਼ਿਲਕਾ ਨੂੰ 3000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਸੋਮਨਾਥ ਲਮਲੈਹੜੀ, ਜ਼ਿਲ੍ਹਾ ਰੋਪੜ ਪ੍ਰਧਾਨ ਪਾਰਟ ਟਾਇਮ ਦਰਜਾ ਚਾਰ ਯੂਨੀਅਨ ਨੇ ਰੈਗੂਲਰ ਹੋਣ ਮੌਕੇ ਜਮਹੂਰੀ ਲਹਿਰ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਅਕਤੂਬਰ 2013)

ਮੰਡ, ਬੇਟ ਏਰੀਆ ਅਤੇ ਆਬਾਦਕਾਰ ਸੰਘਰਸ਼ ਕਮੇਟੀ ਦਾ ਗਠਨ

ਬਰਸਾਤਾਂ ਅਤੇ ਹੜ੍ਹਾਂ ਨਾਲ ਫਸਲਾਂ, ਪਸ਼ੂਆਂ ਅਤੇ ਘਰਾਂ ਦੀ ਹੋਈ ਭਾਰੀ ਤਬਾਹੀ ਦਾ ਸੰਬੰਧਤ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮੁਆਵਜਾ ਦੁਆਉਣ, ਰੇਤ ਬਜਰੀ ਦੇ ਮਾਫੀਏ ਵਲੋਂ ਪਾਈ ਲੁੱਟ ਨੂੰ ਰੋਕਣ ਮੰਡ/ਬੇਟ ਏਰੀਏ  ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਾਉਣ ਅਤੇ ਅਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦੁਆਉਣ ਲਈ ਜਮਹੂਰੀ ਕਿਸਾਨ ਸਭਾ ਪੰਜਬ ਦੇ ਸੱਦੇ 'ਤੇ ਇਸ ਇਲਾਕੇ ਦੇ ਕਿਸਾਨਾਂ ਦੀ ਵਿਸ਼ਾਲ ਕਨਵੈਨਸ਼ਨ 29 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਕੀਤੀ ਗਈ। ਇਸ ਦੀ ਪ੍ਰਧਾਨਗੀ ਸਰਵਸਾਥੀ ਸਤਨਾਮ ਸਿੰਘ ਅਜਨਾਲਾ, ਗੁਰਨਾਮ ਸਿੰਘ ਸੰਘੇੜਾ, ਪਰਗਟ ਸਿੰਘ ਜਾਮਾਰਾਏ, ਰਘਬੀਰ ਸਿੰਘ ਅਤੇ ਮੋਹਣ ਸਿੰਘ ਧਮਾਣਾ 'ਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ।  
ਕਨਵੈਨਸ਼ਨ ਨੂੰ ਆਰੰਭ ਕਰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ ਨੇ ਹੜ੍ਹਾਂ ਨਾਲ ਹੋਈ ਤਬਾਹੀ ਬਾਰੇ ਸੰਖੇਪ ਵਿਚ ਦੱਸਦੇ ਹੋਏ ਕਿਹਾ ਕਿ ਪੰਜਾਬ ਦੇ ਤਿੰਨ ਦਰਿਆਵਾਂ ਰਾਵੀ, ਬਿਆਸ ਅਤੇ ਸਤਲੁਜ ਨੇ ਆਪਣੇ ਮੰਡਾਂ ਵਿਚ ਬਹੁਤ ਤਬਾਹੀ ਕੀਤੀ ਹੈ। ਇਸਤੋਂ ਬਿਨਾਂ ਅਨੇਕਾਂ ਬਰਸਾਤੀ ਨਦੀ ਨਾਲਿਆਂ ਦੀ ਤਬਾਹੀ ਤੋਂ ਬਿਨਾਂ ਘਰਾਂ, ਪਸ਼ੂਆਂ ਆਦਿ ਦਾ ਨੁਕਸਾਨ ਹੋਇਆ ਹੈ। ਕਈ ਕਿਸਾਨ ਵੀ ਪਾਣੀ ਵਿਚ ਡੁਬਕੇ ਮਰ ਗਏ ਹਨ। ਰੇਤ ਮਾਫੀਏ ਨੇ ਇਸ ਖਿੱਤੇ ਵਿਚ ਭਾਰੀ ਲੁੱਟ ਮਚਾਈ ਹੋਈ ਹੈ। ਉਹਨਾਂ ਨੇ ਇਸ ਇਲਾਕੇ ਦੇ ਲੋਕਾਂ ਦੀਆਂ ਮੁੱਖ ਮੰਗਾਂ : ਹੜ੍ਹ ਮਾਰੇ ਇਹਨਾਂ ਕਿਸਾਨਾਂ ਨੂੰ ਤੀਹ ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਨੂੰ ਦਸ-ਦਸ ਹਜ਼ਾਰ ਰੁਪਏ ਪ੍ਰਤੀ ਪਰਵਾਰ ਅਤੇ ਘਰਾਂ ਤੇ ਪਸ਼ੂਆਂ ਦਾ ਪੂਰਾ ਮੁਆਵਜਾ ਦਿੱਤਾ ਜਾਵੇ। ਹੜ੍ਹਾਂ ਵਿਚ ਜਾਨ ਗੁਆ ਚੁੱਕੇ ਕਿਸਾਨਾਂ ਮਜ਼ਦੂਰਾਂ ਦੇ ਪਰਵਾਰਾਂ ਨੂੰ ਪੰਜ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ, ਅਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ, ਰੇਤ ਮਾਫੀਏ ਦੀ ਲੁੱਟ ਨੂੰ ਰੋਕਣ ਲਈ ਠੇਕੇਦਾਰੀ ਪ੍ਰਬੰਧ ਖਤਮ ਕੀਤਾ ਜਾਵੇ। ਅਬਾਦਕਾਰ ਅਤੇ ਮਾਲਕ ਕਿਸਾਨਾਂ ਨੂੰ 80% ਰਾਇਲਟੀ ਦਿੱਤੀ ਜਾਵੇ, ਇਲਾਕੇ ਦੇ ਵਿਕਾਸ ਲਈ ਸਕੂਲਾਂ, ਸਿਹਤ ਅਦਾਰਿਆਂ, ਸੜਕਾਂ ਅਤੇ ਪੁਲਾਂ ਦਾ ਨਿਰਮਾਣ ਕੀਤਾ ਜਾਵੇ ਅਤੇ ਅਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਅਦਿ ਨੂੰ ਪ੍ਰਵਾਨ ਕਰਨ ਲਈ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ। 

ਇਸ ਕਨਵੈਨਸ਼ਨ ਨੂੰ ਪਰਗਟ ਸਿੰਘ ਜਾਮਾਰਾਏ, ਗੁਰਨਾਮ ਸਿੰਘ ਸੰਘੇੜਾ, ਮਾਸਟਰ ਰਘਬੀਰ ਸਿੰਘ, ਕੁਲਦੀਪ ਸਿੰਘ ਫਿਲੌਰ, ਮੋਹਣ ਸਿੰਘ ਧਮਾਣਾ, ਰਣਜੀਤ ਸਿੰਘ ਲੁਧਿਆਣਾ, ਮੁਖਤਾਰ ਸਿੰਘ, ਸ਼ੀਤਲ ਸਿੰਘ ਤਲਵੰਡੀ, ਭੀਮ ਸਿੰਘ ਆਲਮਪੁਰ, ਰਤਨ ਸਿੰਘ ਰੰਧਾਵਾ, ਅਰਸਾਲ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ। ਕਨਵੈਨਸ਼ਨ ਨੇ ਇਹਨਾਂ ਮਸਲਿਆਂ ਨੂੰ ਹੱਲ ਕਰਾਉਣ ਲਈ ਇਕ ਸੂਬਾ ਪੱਧਰੀ ਮੰਡ/ਬੇਟ ਏਰੀਆ ਅਤੇ ਅਬਾਦਕਾਰ ਕਿਸਾਨ ਸੰਘਰਸ਼ ਕਮੇਟੀ ਦਾ ਗਠਨ ਕੀਤਾ ਜਿਸਦਾ ਪ੍ਰਧਾਨ ਸਾਥੀ ਗੁਰਨਾਮ ਸਿੰਘ ਸੰਘੇੜਾ, ਜਨਰਲ ਸਕੱਤਰ ਪਰਗਟ ਸਿੰਘ ਜਾਮਾਰਾਏ, ਵਿੱਤ ਸਕੱਤਰ ਕੁਲਦੀਪ ਸਿੰਘ ਫਿਲੌਰ, ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਕੈਮਵਾਲਾ, ਮੀਤ ਪ੍ਰਧਾਨ ਭੀਮ ਸਿੰਘ ਆਲਮਪੁਰ, ਸੁਖਦਰਸ਼ਨ ਸਿੰਘ, ਸ਼ੀਤਲ ਸਿੰਘ, ਪ੍ਰੈਸ ਸਕੱਤਰ ਮੁਖਤਾਰ ਸਿੰਘ ਮੱਲ੍ਹਾ, ਲਾਲ ਚੰਦ ਮਾਨਸਾ, ਜਗੀਰ ਸਿੰਘ ਰੋਸਾ ਅਤੇ ਕੁਲਵੰਤ ਸਿੰਘ ਘੁਰਕਾ ਨੂੰ ਸਰਵਸੰਮਤੀ ਨਾਲ ਸਕੱਤਰ ਚੁਣਿਆ ਗਿਆ। ਫੈਸਲਾ ਕੀਤਾ ਗਿਆ ਕਿ ਕਨਵੈਨਸ਼ਨ ਵਿਚ ਚੁਣੀ ਗਈ ਕਮੇਟੀ ਛੇਤੀ ਹੀ ਆਪਣੀ ਮੀਟਿੰਗ ਕਰਕੇ ਇਹਨਾਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਦਾ ਪ੍ਰੋਗਰਾਮ ਉਲੀਕੇਗੀ।
ਕਨਵੈਨਸ਼ਨ ਤੋਂ ਬਾਅਦ ਸ਼ਹਿਰ ਵਿਚ ਮੁਜ਼ਾਹਰਾ ਕਰਦੇ ਹੋਏ ਕਿਸਾਨ ਕਾਰਕੁੰਨ ਕਮਿਸ਼ਨਰ ਜਲੰਧਰ ਦੇ ਦਫਤਰ ਪਹੁੰਚੇ ਉਥੇ ਉਨ੍ਹਾਂ ਨੇ ਆਪਣੀਆਂ ਮੰਗਾਂ 'ਤੇ ਅਧਾਰਤ ਮੁੱਖ ਮੰਤਰੀ ਪੰਜਾਬ ਨੂੰ ਸੰਬੋਧਤ ਮੰਗ ਪੱਤਰ ਦਿੱਤਾ। 


ਜਬਰੀ ਜ਼ਮੀਨਾਂ ਖੋਹਣ ਖ਼ਿਲਾਫ਼ ਅਬਾਦਕਾਰਾਂ ਦਾ ਸੰਘਰਸ਼

ਮੰਡ ਬੇਟ ਦੇ ਅਬਾਦਕਾਰਾਂ ਨੇ 17 ਸਤੰਬਰ ਨੂੰ ਇਕੱਠੇ ਹੋ ਕੇ ਟਰੈਕਟਰ-ਟਰਾਲੀਆਂ, ਕਾਰਾਂ, ਮੋਟਰ ਸਾਈਕਲਾਂ 'ਤੇ ਖੁਰਸ਼ੀਦਪੁਰ (ਸਤਲੁਜ ਦਰਿਆ ਦੇ ਪੁਲ) ਤੋਂ ਲੈ ਕੇ ਜਗਰਾਓਂ ਤੱਕ ਰੋਸ ਮਾਰਚ ਕੀਤਾ। ਇਸ ਰੋਸ ਮਾਰਚ ਵਿੱਚ ਅਬਾਦਕਾਰਾਂ ਨੇ ਪਰਵਾਰਾਂ ਸਮੇਤ ਹਿੱਸਾ ਲਿਆ, ਜਿਸ ਵਿੱਚ ਔਰਤਾਂ ਦੀ ਵੀ ਚੋਖੀ ਗਿਣਤੀ ਸੀ। ਇਸਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਸੂਬਾ ਸਕੱਤਰ ਕੁਲਵੰਤ ਸਿੰਘ ਸੰਧੂ ਅਤੇ ਮੰਡ ਬੇਟ ਇਲਾਕਾ ਤੇ ਅਬਾਦਕਾਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਸੰਘੇੜਾ, ਮਹਿੰਦਰ ਸਿੰਘ ਅਮਰਵਾਲਾ, ਸੰਤੋਖ ਸਿੰਘ ਬਿਲਗਾ, ਮਨੋਹਰ ਸਿੰਘ ਗਿੱਲ, ਸ਼ੰਕਰ ਸਿੰਘ ਸਾਬਕਾ ਸਰਪੰਚ ਕੋਟ ਉਮਰਾ, ਜਗਤਾਰ ਸਿੰਘ ਸਰਪੰਚ ਕੋਟ ਉਮਰਾ, ਅਜੀਤ ਸਿੰਘ ਮੱਦੇਪੁਰ, ਸ਼ਿੰਗਾਰਾ ਸਿੰਘ ਸਰਪੰਚ ਖੁਰਲਾਪੁਰ, ਅਜੀਤ ਸਿੰਘ ਖੁਰਸ਼ੈਦਪੁਰ ਅਤੇ ਮੇਜਰ ਸਿੰਘ ਖੁਰਲਾਪੁਰ ਆਦਿ ਨੇ ਕੀਤੀ।

ਧਰਨਾ
ਪੰਜਾਬ ਦੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਆਪਣੀ ਲੋਕ ਵਿਰੋਧੀ ਨੀਤੀ 'ਤੇ ਚੱਲਦਿਆਂ ਕੰਨੀਆਂ, ਸੋਹਣੀਵਾਲ, ਖੁਰਲਾਪੁਰ, ਮੱਦੇਪੁਰ, ਖੁਰਸ਼ੈਦਪੁਰ ਅਤੇ ਅਕੂਵਾਲ  ਆਦਿ ਜਲੰਧਰ ਜ਼ਿਲ੍ਹੇ ਦੇ ਪਿੰਡਾਂ ਦੇ ਅਬਾਦਕਾਰਾਂ ਦੀ ਜ਼ਮੀਨ ਨੂੰ ਸਥਾਨਕ ਪੁਲਸ ਪ੍ਰਸ਼ਾਸਨ ਦੀ ਮਦਦ ਨਾਲ ਹਥਿਆਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਕੋਸ਼ਿਸ਼ ਨੂੰ ਮੰਡ ਬੇਟ ਅਬਾਦਕਾਰ ਸੰਘਰਸ਼ ਕਮੇਟੀ ਨੇ ਨਾਕਾਮ ਕਰ ਦਿੱਤਾ। 
ਪੁਲਸ ਪ੍ਰਸ਼ਾਸਨ ਨੂੰ ਮੂੰਹ ਦੀ ਖਾਣੀ ਪਈ ਅਤੇ ਖਾਲੀ ਹੱਥ ਮੁੜਨਾ ਪਿਆ। ਸਰਕਾਰ ਦੀ ਇਸ ਧੱਕੇਸ਼ਾਹੀ ਵਿਰੁੱਧ ਲਾਏ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਅਬਾਦਾਕਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਕਾਮਰੇਡ ਗੁਰਨਾਮ ਸਿੰਘ ਸੰਘੇੜਾ ਨੇ ਕਿਹਾ ਕਿ ਉਹ ਪੰਜਾਬ ਅੰਦਰ ਰਾਜ ਕਰਦੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੂੰ ਮੰਡ ਦੇ ਅਬਾਦਾਕਾਰਾਂ ਦੀ ਖੂਨ ਪਸੀਨੇ ਨਾਲ ਅਬਾਦ ਕੀਤੀਆਂ ਜ਼ਮੀਨ ਨੂੰ ਖੋਹਣ ਨਹੀਂ ਦੇਣਗੇ ਅਤੇ ਨਾ ਹੀ ਦਲਾਲ ਕਿਸਮ ਦੇ ਲੋਕਾਂ ਨੂੰ ਕੌਡੀਆਂ ਦੇ ਭਾਅ ਵੇਚਣ ਦਿੱਤੀ ਜਾਵੇਗੀ। ਉਨ੍ਹਾ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਇਹੋ ਰਵੱਈਆ ਜਾਰੀ ਰੱਖਿਆ ਤਾਂ ਆਬਾਦਕਾਰ ਸੰਘਰਸ਼ ਕਮੇਟੀ ਇਸ ਵਿਰੁੱਧ ਅੰਦੋਲਨ ਵਿੱਢੇਗੀ ਅਤੇ ਜਿੱਤ ਤੱਕ ਲੜਦੀ ਰਹੇਗੀ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਨਿਰਮਲ ਸਿੰਘ ਮਲਸੀਆਂ ਨੇ ਧਰਨੇ ਦੀ ਹਮਾਇਤ ਕਰਦਿਆਂ ਕਿਹਾ ਕਿ ਦਿਹਾਤੀ ਮਜ਼ਦੂਰ ਸਭਾ ਹਰ ਮੋਰਚੇ 'ਤੇ ਉਨ੍ਹਾਂ ਦੇ ਨਾਲ ਖੜ੍ਹੀ ਹੈ। ਇਸ ਮੌਕੇ ਮਨੋਹਰ ਸਿੰਘ ਗਿੱਲ, ਮੇਜਰ ਸਿੰਘ ਖੁਰਲਾਪੁਰ, ਸ਼ਿੰਗਾਰਾ ਸਿੰਘ ਸਰਪੰਚ, ਕਾਮਰੇਡ ਪੰਜਾ ਸਿੰਘ, ਕਾਮਰੇਡ ਗੁਰਦੀਪ ਸਿੰਘ, ਅਜੀਤ ਸਿੰਘ ਮੱਦੇਪੁਰ, ਜਸਬੀਰ ਸਿੰਘ ਮੱਦੇਪੁਰ, ਸ਼ੰਕਰ ਸਿੰਘ ਸਰਪੰਚ ਅਤੇ ਕਾਮਰੇਡ ਗੁਰਮੀਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। 

ਰੈਲੀ
ਸਤਲੁਜ ਦਰਿਆ ਲਾਗਲੇ ਲੁਧਿਆਣਾ ਜ਼ਿਲ੍ਹੇ ਦੇ ਸਿੱਧਵਾਂ ਬੇਟ ਇਲਾਕੇ ਦੇ ਪਿੰਡਾਂ ਦੇ ਅਬਾਦਕਾਰਾਂ ਦੀ ਜ਼ਮੀਨ ਨੂੰ ਹਾਕਮਾਂ ਤੋਂ ਬਚਾਉਣ ਲਈ ਅਤੇ ਅਬਾਦਕਾਰਾਂ ਨੂੰ ਮਾਲਕੀ ਹੱਕ ਦਿਵਾਉਣ ਲਈ ਜਲੰਧਰ-ਜਗਰਾਉਂ ਰੋਡ 'ਤੇ ਮੰਡ-ਬੇਟ ਅਬਾਦਕਾਰ ਸੰਘਰਸ਼ ਕਮੇਟੀ ਦੀ ਅਗਵਾਈ 'ਚ ਇੱਕ ਰੈਲੀ ਕੀਤੀ ਗਈ। ਅਬਾਦਕਾਰਾਂ ਦਾ ਇਹ ਸੰਘਰਸ਼ 20 ਅਗਸਤ ਤੋਂ ਸ਼ੁਰੂ ਹੋ ਗਿਆ ਸੀ, ਜਦੋਂ ਤਹਿਸੀਲਦਾਰ ਸਿੱਧਵਾਂ ਬੇਟ ਨੇ ਅਬਾਦਕਾਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਸੀ। ਜਮਹੂਰੀ ਕਿਸਾਨ ਸਭਾ ਦੀ ਅਗਵਾਈ ਵਾਲੀ ਮੰਡ-ਬੇਟ ਅਬਾਦਕਾਰ ਸੰਘਰਸ਼ ਕਮੇਟੀ ਦੀ ਅਗਵਾਈ 'ਚ ਅਬਾਦਕਾਰਾਂ ਨੇ ਇੱਕ ਮੰਗ ਪੱਤਰ ਪ੍ਰਸ਼ਾਸਨ ਨੂੰ ਸੌਪਿਆ ਸੀ, ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਦਹਾਕਿਆਂ ਤੋਂ ਇਨ੍ਹਾਂ ਜ਼ਮੀਨਾਂ 'ਤੇ ਖੇਤੀ ਕਰ ਰਹੇ ਅਬਾਦਕਾਰਾਂ ਨੂੰ ਉਜਾੜਨ ਦੀ ਥਾਂ ਉਨ੍ਹਾਂ ਨੂੰ ਮਾਲਕੀ ਹੱਕ ਦਿੱਤੇ ਜਾਣ। 30 ਅਗਸਤ ਨੂੰ ਐੱਸ ਡੀ ਐੱੰਮ ਜਗਰਾਉਂ ਆਪਣੇ ਅਮਲੇ ਫੈਲੇ ਨਾਲ ਭਾਰੀ ਪੁਲਸ ਫੋਰਸ ਲੈ ਕੇ ਪਿੰਡ ਮੱਦੇਪੁਰ ਦੀ ਜ਼ਮੀਨ ਵਿੱਚ ਬੁਰਜੀਆਂ ਲਾਉਣ ਚਲੇ ਗਏ ਤਾਂ ਅਬਾਦਕਾਰ ਕਿਸਾਨਾਂ ਨੇ ਜਮਹੂਰੀ ਕਿਸਾਨ ਸਭਾ, ਪੰਜਾਬ ਤੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ 'ਚ ਜਲੰਧਰ-ਜਗਰਾਉਂ ਰੋਡ 'ਤੇ ਧਰਨਾ ਦੇ ਕੇ ਐੱਸ ਡੀ ਐੱਮ ਨੂੰ ਰੋਕ ਲਿਆ। ਇਸ ਮੌਕੇ ਐੱਸ ਡੀ ਐੱਮ ਨੇ ਖੁਦ ਧਰਨਕਾਰੀ ਅਬਾਦਕਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਅਮਲਾ ਸਿਰਫ ਨਿਸ਼ਾਨ ਲਗਾ ਕੇ ਵਾਪਸ ਚਲਾ ਜਾਵੇਗਾ, ਜ਼ਮੀਨ ਦਾ ਕਬਜ਼ਾ ਨਹੀਂ ਲਵੇਗਾ। ਇਸ ਭਰੋਸੇ 'ਤੇ ਧਰਨਾ ਚੁੱਕ ਲਿਆ ਗਿਆ ਸੀ, ਪਰ 31 ਅਗਸਤ ਨੂੰ ਪੂਰੀ ਯੋਜਨਾਬੰਦੀ ਨਾਲ ਪ੍ਰਸ਼ਾਸਨ ਭਾਰੀ ਪੁਲਸ ਫੋਰਸ ਲੈ ਕੇ ਕੰਨੀਆਂ ਹੁਸੈਨੀ ਪਿੰਡ ਜਾ ਪਹੁੰਚਿਆ, ਪਰ ਸੰਘਰਸ਼ ਕਮੇਟੀ ਦੀ ਅਗਵਾਈ 'ਚ ਅਬਾਦਕਾਰਾਂ ਨੇ ਪਰਵਾਰਾਂ ਸਮੇਤ ਇਕੱਠੇ ਹੋ ਕੇ ਪ੍ਰਸ਼ਾਸਨ ਦੇ ਇਸ ਧੱਕੇ ਦਾ ਵਿਰੋਧ ਕੀਤਾ ਅਤੇ ਪੁਲਸ ਪ੍ਰਸ਼ਾਸਨ ਦੀ ਉਜਾੜੇ ਦੀ ਕਾਰਵਾਈ ਨੂੰ ਨਾਕਾਮ ਕਰ ਦਿੱਤਾ। ਅਬਾਦਕਾਰਾਂ ਵੱਲੋਂ ਐਤਵਾਰ ਨੂੰ ਲਗਾਤਾਰ    ਤੀਸਰੇ ਦਿਨ ਇੱਕ ਰੋਹ ਭਰੀ ਰੈਲੀ ਕੀਤੀ ਗਈ, ਜਿਸ ਦੀ ਪ੍ਰਧਾਨਗੀ ਮੰਡ-ਬੇਟ ਅਬਾਦਕਾਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਾਥੀ ਗੁਰਨਾਮ ਸਿੰਘ ਸੰਘੇੜਾ ਨੇ ਕੀਤੀ। 
ਇਸ ਰੈਲੀ ਨੂੰ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਜਨਰਲ ਸਕੱਤਰ ਕਾਮਰੇਡ ਕੁਲਵੰਤ ਸਿੰਘ ਸੰਧੂ, ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਪ੍ਰਧਾਨ ਕਾਮਰੇਡ ਦਰਸ਼ਨ ਨਾਹਰ ਤੋਂ ਇਲਾਵਾ ਗੁਰਦੀਪ ਸਿੰਘ ਵੇਹਰਾ, ਸੰਤੋਖ ਸਿੰਘ ਸੰਧੂ ਤੇ ਗੁਰਮੇਲ ਸਿੰਘ ਰੋਮੀ ਅਤੇ ਕਾਮਰੇਡ ਚੰਦੀ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਅਬਾਦਕਾਰਾਂ ਨੂੰ ਮਾਲਕੀ ਹੱਕ ਦਿਵਾਉਣ ਤੱਕ ਇਹ ਸ਼ੰਘਰਸ਼ ਜਾਰੀ ਰਹੇਗਾ। 


ਮੀਂਹ ਨਾਲ ਫਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਲਈ ਐੱਸ ਡੀ ਐੱਮ ਦਫਤਰਾਂ ਅੱਗੇ ਧਰਨੇ
ਅਜਨਾਲਾ : ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਮੰਡ/ਬੇਟ ਏਰੀਆ ਤੇ ਅਬਾਦਕਾਰ ਸੰਘਰਸ਼ ਕਮੇਟੀ ਪੰਜਾਬ ਦੇ ਬੈਨਰ ਹੇਠ ਹੜ੍ਹਾਂ, ਭਾਰੀ ਬਾਰਸ਼ਾਂ ਤੇ ਤੂਫਾਨ ਨਾਲ ਸਾਊਣੀ ਦੀਆਂ ਫਸਲਾਂ, ਸਬਜ਼ੀਆਂ, ਬਾਗਾਂ ਅਤੇ ਘਰਾਂ ਆਦਿ ਦੇ ਹੋਏ ਭਾਰੀ ਨੁਕਸਾਨ ਦਾ ਕਿਸਾਨਾਂ, ਅਬਾਦਕਾਰਾਂ ਤੇ ਮਜ਼ਦੂਰਾਂ ਨੂੰ ਪੂਰਾ ਮੁਆਵਜ਼ਾ, ਅਬਾਦਕਾਰਾਂ ਨੂੰ ਜ਼ਮੀਨ ਦੇ ਪੱਕੇ ਮਾਲਕੀ ਹੱਕ ਦਿਵਾਉਣ ਅਤੇ ਰੇਤ-ਬਜਰੀ ਮਾਫੀਏ ਦੀ ਅੰਨ੍ਹੀ ਲੁੱਟ ਨੂੰ ਨੱਥ ਪਾਉਣ ਆਦਿ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਮੇਟੀ ਵਲੋਂ 19 ਸਤੰਬਰ ਨੂੰ ਐਸ.ਡੀ.ਐਮ. ਅਜਨਾਲਾ ਦੇ ਦਫਤਰ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਅਤੇ ਐਸ.ਡੀ.ਐਮ. ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ। ਧਰਨੇ ਤੋਂ ਪਹਿਲਾਂ ਸੈਂਕੜੇ ਹੜ੍ਹ ਪੀੜਤਾਂ, ਅਬਾਦਕਾਰਾਂ ਅਤੇ ਕਿਸਾਨਾਂ-ਮਜ਼ਦੂਰਾਂ ਤੇ ਔਰਤਾਂ ਨੇ ਅਜਨਾਲਾ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ 'ਚ ਰੋਹ ਭਰਿਆ ਪ੍ਰਦਰਸ਼ਨ ਕੀਤਾ।  ਉਨ੍ਹਾਂ ਪੁਰਜ਼ੋਰ ਮੰਗ ਕੀਤੀ ਕਿ ਫਸਲਾਂ ਦੇ ਨੁਕਸਾਨ ਲਈ ਬਗੈਰ ਕਿਸੇ ਸ਼ਰਤ ਦੇ ਸਾਰੀਆਂ ਫਸਲਾਂ ਲਈ 30,000 ਰੁਪਏ ਪ੍ਰਤੀ ਏਕੜ, ਗੰਨੇ ਦੀ ਫਸਲ ਦਾ 60,000 ਰੁਪਏ ਏਕੜ ਪੂਰਾ-ਪੂਰਾ ਮੁਆਵਜ਼ਾ ਦਿੱਤਾ ਜਾਵੇ, ਗਾਵਾਂ-ਮੱਝਾਂ ਜੋ ਰੁੜ੍ਹ ਗਈਆਂ, ਮਰ ਗਈਆਂ ਹਨ, ਉਸ ਲਈ 60,000 ਰੁਪਏ ਪ੍ਰਤੀ ਡੰਗਰ, ਜਾਨੀ ਨੁਕਸਾਨ ਲਈ ਆਸ਼ਰਤ ਪਰਵਾਰ ਨੂੰ 5 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ।
ਦਸੂਹਾ : ਮੰਡ-ਬੇਟ ਏਰੀਆ ਅਬਾਦਕਾਰ ਸੰਘਰਸ਼ ਕਮੇਟੀ ਪੰਜਾਬ ਵਲੋਂ 16 ਸਤੰਬਰ ਨੂੰ ਐੱਸ ਡੀ ਐੱਮ ਦਸੂਹਾ ਦੇ ਦਫਤਰ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਤੇ ਰੈਲੀ ਕੀਤੀ ਗਈ। ਜਿਸ ਵਿੱਚ ਇਲਾਕੇ ਦੇ ਹੜ੍ਹ ਪੀੜਤ ਤੇ ਅਬਾਦਕਾਰ ਕਿਸਾਨ-ਮਜ਼ਦੂਰ ਵੱਡੀ ਗਿਣਤੀ 'ਚ ਸ਼ਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਮੰਡ-ਬੇਟ ਏਰੀਆ ਤੇ ਅਬਾਦਕਾਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸੀਤਲ ਸਿੰਘ ਤਲਵੰਡੀ, ਮਹਿੰਦਰ ਸਿੰਘ ਟਾਹਲੀ ਅਤੇ ਸੁਖਦੇਵ ਰਾਜ ਮਿਆਣੀ ਤੇ ਨੀਲਮ ਘੁਮਾਣ ਨੇ ਕਿਹਾ ਕਿ ਹੜ੍ਹਾਂ ਤੇ ਭਾਰੀ ਬਾਰਸ਼ਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਲੋਕਾਂ ਦੀ ਬਹੁਤ ਹੀ ਚਿੰਤਾਜਨਕ ਹਾਲਤ ਬਣੀ ਹੋਈ ਹੈ। ਹੋਰਨਾਂ ਤੋਂ ਇਲਾਵਾ ਧਰਨੇ ਨੂੰ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਹੁਸ਼ਿਆਰਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਸਵਰਨ ਸਿੰਘ ਸਲੈਹਰੀਆਂ ਤੇ ਕਿਸਾਨ ਸਭਾ ਆਗੂ ਯੋਧ ਸਿੰਘ ਕੋਟਲੀ ਖਾਸ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਆਗੂ ਗੁਰਦਿਆਲ ਸਿੰਘ ਘੁਮਾਣ ਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਪਿਆਰਾ ਸਿੰਘ ਪਰਖ ਨੇ ਵੀ ਸੰਬੋਧਨ ਕੀਤਾ। 
ਖਡੂਰ ਸਾਹਿਬ : ਮੰਡ/ਬੇਟ ਏਰੀਆ ਅਤੇ ਅਬਾਦਕਾਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਹੜ੍ਹ ਪੀੜਤ ਕਿਸਾਨਾਂ, ਮਜ਼ਦੂਰਾਂ ਨੂੰ ਪੂਰਾ ਮੁਆਵਜ਼ਾ ਦਿਵਾਉਣ, ਅਬਾਦਕਾਰ ਕਿਸਾਨਾਂ ਲਈ ਮਾਲਕੀ ਹੱਕ ਪ੍ਰਾਪਤ ਕਰਨ ਅਤੇ ਰੇਤ-ਬੱਜਰੀ ਮਾਫੀਏ ਦੀ ਲੁੱਟ ਰੋਕਣ ਲਈ ਐਸ.ਡੀ.ਐਮ. ਖਡੂਰ ਸਾਹਿਬ ਦੇ ਦਫਤਰ ਸਾਹਮਣੇ 12 ਸਤੰਬਰ ਨੂੰ ਵਿਸ਼ਾਲ ਧਰਨਾ ਦਿੱਤਾ ਗਿਆ। ਮੰਡ/ਬੇਟ ਏਰੀਆ ਅਤੇ ਆਬਾਦਕਾਰ ਸੰਘਰਸ਼ ਕਮੇਟੀ ਪੰਜਾਬ ਦੇ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਰਤਨ ਸਿਘ ਰੰਧਾਵਾ, ਪ੍ਰੈੱਸ ਸਕੱਤਰ ਮੁਖਤਾਰ ਸਿੰਘ ਮੱਲ੍ਹਾ ਨੇ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਹੜ੍ਹ ਪੀੜਤਾਂ ਪ੍ਰਤੀ ਧਾਰਨ ਕੀਤੀ ਬੇਰੁਖੀ ਭਰੀ ਨੀਤੀ ਦੀ ਸਖਤ ਨਿੰਦਾ ਕੀਤੀ। 
ਰੋਪੜ : ਮੰਡ ਬੇਟ ਏਰੀਆ ਅਬਾਦਕਾਰ ਸੰਘਰਸ਼ ਕਮੇਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਜਿਲ੍ਹਾ ਰੂਪ ਨਗਰ ਦੇ ਮੰਡ ਬੇਟ ਏਰੀਆ  ਦੇ ਕਿਸਾਨ ਮਜ਼ਦੂਰਾਂ ਨੇ 17 ਸਤੰਬਰ ਨੂੰ ਜ਼ਿਲ੍ਹਾ ਪ੍ਰਧਾਨ ਸੁਖਦਰਸ਼ਨ ਸਿੰਘ ਦੀ ਅਗਵਾਈ ਵਿਚ ਸਥਾਨਕ ਰਣਜੀਤ ਸਿੰਘ ਬਾਗ ਵਿਖੇ ਧਰਨਾ ਦਿੱਤਾ। ਉਪਰੰਤ ਮੰਗਾਂ ਦੇ ਸੰਬੰਧ ਵਿਚ ਡੀ.ਸੀ. ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਮੋਹਨ  ਸਿੰਘ ਧਮਾਣਾ ਨੇ ਮੰਗ ਕੀਤੀ ਕਿ ਮੰਡ ਬੇਟ ਖੇਤਰ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੁਰੰਤ ਹੱਲ ਕਰੇ ਅਤੇ ਝੱਖੜ ਕਾਰਨ ਖਰਾਬ ਹੋਈ ਫਸਲ ਦਾ 30000 ਰੁਪਏ ਪ੍ਰਤੀ ਏਕੜ ਮੁਆਵਜ਼ਾ ਮਜ਼ਦੂਰਾਂ ਨੂੰ ਦਿੱਤਾ ਜਾਵੇ।
ਧਰਨਾਕਾਰੀਆਂ ਨੂੰ ਜਮਹੂਰੀ ਲਹਿਰ ਦੇ ਆਗੂ ਤਰਲੋਚਨ ਸਿੰਘ ਰਾਣਾ, ਨਿਰਮਲ ਸਿੰਘ ਲੋਦੀਮਾਜਰਾ, ਕਿਸਾਨ ਸਭਾ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਅਸਮਾਨਪੁਰ, ਸ਼ਮਸ਼ੇਰ ਸਿੰਘ ਹਵੇਲੀ, ਮੰਡ ਬੇਟ ਕਮੇਟੀ ਦੇ ਸਕੱਤਰ ਸੁਖਦਰਸ਼ਨ ਸਿੰਘ ਜਿੰਦਾਪੂਰ, ਰਾਮ ਲੋਕ, ਮੇਵਾ ਸਿੰਘ, ਸੁਰਿੰਦਰ ਸਿੰਘ ਪ੍ਰਧਾਨ ਕੰਢੀ ਸੰਘਰਸ਼ ਕਮੇਟੀ, ਨਰੰਜਨ ਦਾਸ, ਮਾਸਟਰ ਅਮਰੀਕ ਸਿੰਘ, ਅਵਤਾਰ ਸਿੰਘ ਸ਼ਰਨ, ਕਰਨੈਲ ਸਿੰਘ, ਮੇਹਰ ਸਿੰਘ, ਨਿਰਮਲ ਸਿੰਘ ਆਦਿ ਨੇ ਸੰਬੋਧਨ ਕੀਤਾ। 


ਜਮਹੂਰੀ ਕਿਸਾਨ ਸਭਾ ਦੇ ਐਕਸ਼ਨ
ਗੁਰਦਾਸਪੁਰ : ਬਾਰਡਰ ਏਰੀਆ ਸੰਘਰਸ਼ ਕਮੇਟੀ ਪੰਜਾਬ (ਸੰਬੰਧਤ ਜਮਹੂਰੀ ਕਿਸਾਨ ਸਭਾ ਪੰਜਾਬ) ਜ਼ਿਲ੍ਹਾ ਗੁਰਦਾਸਪੁਰ ਦਾ ਇੱਕ ਸਾਂਝਾ ਡੈਪੂਟੇਸ਼ਨ ਜਗੀਰ ਸਿੰਘ ਬਲਾਕ ਪ੍ਰਧਾਨ, ਦਰਸ਼ਨ ਸਿੰਘ ਸਕੱਤਰ, ਜਗੀਰ ਸਿੰਘ ਸਕੱਤਰ ਮੰਡ/ਬੇਟ ਏਰੀਆ ਅਬਾਦਕਾਰ ਸੰਘਰਸ਼ ਕਮੇਟੀ ਪੰਜਾਬ, ਹਰਦੇਵ ਸਿੰਘ ਚਿੱਟੀ ਗੰਨਾ ਉਤਪਾਦਕ ਸੰਘਰਸ਼ ਕਮੇਟੀ ਪਨਿਆੜ ਗੁਰਦਾਸਪੁਰ ਦੀ ਅਗਵਾਈ ਵਿੱਚ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ਦੇ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਦੇਣ ਦੇ ਸੰਬੰਧ ਵਿੱਚ ਤਹਿਸੀਲਦਾਰ ਗੁਰਨਾਮ ਸਿੰਘ ਨੂੰ ਮਿਲਿਆ। ਮੀਟਿੰਗ ਵਿੱਚ ਚੈੱਕ ਵੰਡਣ ਵਿੱਚ ਹੋਈ ਦੇਰੀ ਦਾ ਅਹਿਸਾਸ ਅਧਿਕਾਰੀ ਨੂੰ ਕਰਵਾਇਆ ਗਿਆ। ਅਧਿਕਾਰੀ ਨੇ ਡੈਪੂਟੇਸ਼ਨ ਨੂੰ ਦੱਸਿਆ ਕਿ ਹਲਕਾ ਦੋਰਾਂਗਲਾ ਕਾਨੂੰਗੋ ਦੇ ਚੈੱਕ ਭੇਜ ਦਿੱਤੇ ਗਏ ਹਨ। ਸਬ-ਤਹਿਸੀਲ ਕਲਾਨੌਰ ਅਤੇ ਦੀਨਾਨਗਰ ਦੇ ਨਾਇਬ ਤਹਿਸੀਲਦਾਰ ਦੀ ਜਵਾਬ ਤਲਬੀ ਕਿ ਉਨ੍ਹਾਂ ਦੇ ਚੈੱਕ ਅਜੇ ਤੱਕ ਕਿਉਂ ਨਹੀਂ ਆਏ, ਬਾਰੇ ਕਾਰਵਾਈ ਕਰਨ ਅਤੇ 10 ਦਿਨਾਂ ਤੱਕ ਕਿਸਾਨਾਂ ਨੂੰ ਚੈੱਕ ਵੰਡ ਦੇਣ ਦਾ ਭਰੋਸਾ ਦਿੱਤਾ। 
ਅਜਨਾਲਾ : ਪੁਲਸ ਦੀਆਂ ਧੱਕੇਸ਼ਾਹੀਆਂ, ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਤੇ ਜਮਹੂਰੀ ਕਿਸਾਨ ਸਭਾ ਦਾ ਝੰਡਾ ਸਾੜਨ ਵਾਲੇ ਦੋਸ਼ੀਆਂ ਖਿਲਾਫ ਕੇਸ ਦਰਜ ਕਰਵਾਉਣ ਲਈ ਜਮਹੂਰੀ ਕਿਸਾਨ ਸਭਾ ਪੰਜਾਬ, ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਥਾਣਾ ਅਜਨਾਲਾ ਦੇ ਗੇਟ ਅੱਗੇ ਅਜਨਾਲਾ-ਅੰਮ੍ਰਿਤਸਰ ਮੁੱਖ ਸੜਕ 'ਤੇ 19 ਸਤੰਬਰ ਦੀ ਸ਼ਾਮ ਧਰਨਾ ਲਗਾਇਆ ਗਿਆ, ਜੋ ਸਾਰੀ ਰਾਤ ਚਲਦਾ ਹੋਇਆ ਅਗਲੇ ਦਿਨ ਦੁਪਹਿਰੇ ਉਦੋਂ ਖਤਮ ਹੋਇਆ, ਜਦੋਂ ਡੀ.ਐਸ.ਪੀ. ਅਜਨਾਲਾ ਅਮਰੀਕ ਸਿੰਘ ਨੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸ.ਪੀ.ਡੀ. ਜਗਦੀਪ ਸਿੰਘ ਵੱਲੋਂ ਭੇਜੇ ਸੁਨੇਹੇ ਰਾਹੀਂ ਵਿਸ਼ਵਾਸ ਦਿਵਾਇਆ ਕਿ ਉਹ ਖੁਦ 25 ਸਤੰਬਰ ਨੂੰ ਪਿੰਡ ਡੱਲਾ ਰਾਜਪੂਤਾਂ ਵਿਖੇ ਪਹੁੰਚ ਕੇ ਉਕਤ ਕੇਸ ਦੀ ਪੂਰੀ ਘੋਖ ਕਰਨਗੇ ਅਤੇ ਦੋਸ਼ੀਆਂ ਖਿਲਾਫ ਬਣਦੀ ਉਚਿਤ ਕਾਰਵਾਈ ਕਰਨਗੇ। ਧਰਨੇ ਨੂੰ ਸੰਬੋਧਨ ਕਰਦਿਆਂ ਡਾ: ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਅਜਨਾਲਾ ਪੁਲਸ ਪ੍ਰਸ਼ਾਸਨ ਵੱਲੋਂ ਪਿਛਲੇ ਸਮੇਂ ਤੋਂ ਨਜਾਇਜ਼ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾ ਕਿਹਾ ਕਿ ਐਸ.ਐਚ.ਓ. ਅਜਨਾਲਾ ਵੱਲੋਂ ਪੀੜਤਾਂ ਨੂੰ ਇਨਸਾਫ ਤਾਂ ਕੀ ਦੇਣਾ, ਉਨ੍ਹਾਂ ਦੀਆਂ ਸ਼ਿਕਾਇਤਾਂ ਵੀ ਦਰਜ ਨਹੀਂ ਕੀਤੀਆਂ ਜਾਂਦੀਆਂ। ਇਸ ਮੌਕੇ ਗੁਰਨਾਮ ਸਿੰਘ ਉਮਰਪੁਰਾ, ਸ਼ੀਤਲ ਸਿੰਘ ਤਲਵੰਡੀ, ਕਾਬਲ ਸਿੰਘ ਸ਼ਾਲੀਵਾਲ, ਜਗੀਰ ਸਿੰਘ ਲੀਡਰ, ਸੁਰਜੀਤ ਸਿੰਘ ਭੂਰੇਗਿੱਲ, ਟਹਿਲ ਸਿੰਘ ਚੇਤਨਪੁਰਾ, ਜਥੇਦਾਰ ਕੁਲਵੰਤ ਸਿੰਘ ਮੁਹਾਰ, ਲਖਬੀਰ ਸਿੰਘ ਕੱਕੜ, ਬੀਬੀ ਅਜੀਤ ਕੌਰ ਕੋਟਰਜਾਦਾ, ਅਮਰਜੀਤ ਸਿੰਘ ਭੀਲੋਵਾਲ ਸਮੇਤ ਸੈਂਕੜੇ ਵਰਕਰ ਹਾਜ਼ਰ ਸਨ।
ਸ਼ਹੀਦ ਭਗਤ ਸਿੰਘ ਨਗਰ : ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਇਕਾਈ ਵਲੋਂ ਪਿਛਲੇ ਦਿਨੀਂ ਪੰਜਾਬ ਅੰਦਰ ਹੜ੍ਹਾਂ ਅਤੇ ਝੱਖੜ ਤੂਫਾਨ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਲਈ 20 ਸਤੰਬਰ ਨੂੰ ਏ.ਡੀ.ਸੀ. ਨਵਾਂ ਸ਼ਹਿਰ ਡਾ. ਅਮਰਜੀਤ ਪਾਲ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਦੇਣ ਵਾਲਿਆਂ ਵਿਚ ਦੀਵਾਨ ਸਿੰਘ ਥੋਪੀਆ, ਅਜੀਤ ਸਿੰਘ ਬੀਕਾ, ਜਸਪਾਲ ਕੁਲਾਮ, ਸਰਵਰ ਸਿੰਘ ਦੁਰਗਾਪੁਰ, ਦਰਸ਼ਨ ਸਿੰਘ ਭਾਰਟਾ, ਸੋਢੀ ਰਾਮ, ਸਤਨਾਮ ਸਿੰਘ, ਸਰੂਪ ਸਿੰਘ ਰਾਹੋਂ ਆਦਿ ਸ਼ਾਮਲ ਸਨ। 

ਜਮਹੂਰੀ ਕੰਢੀ ਸੰਘਰਸ਼ ਕਮੇਟੀ ਪੰਜਾਬ ਵਲੋਂ ਕਨਵੈਨਸ਼ਨ
ਰੱਤੇਵਾਲ  (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਦੇ ਬਸ ਅੱਡੇ ਦੇ ਮੈਦਾਨ ਵਿਚ 8 ਸਤੰਬਰ ਨੂੰ ਜਮਹੂਰੀ ਕੰਢੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ 'ਤੇ ਕੰਢੀ ਦੇ ਵੱਖ ਵੱਖ ਪਿੰਡਾਂ ਦੇ ਆਮ ਲੋਕਾਂ ਵਲੋਂ ਕਨਵੈਨਸ਼ਨ ਕੀਤੀ ਗਈ। ਸਾਥੀ ਦੀਵਾਨ ਸਿੰਘ ਥੋਪੀਆ ਨੇ ਕੰਢੀ ਦੇ ਖੇਤਰ ਦੀਆਂ ਅਹਿਮ ਮੰਗਾਂ, ਟਿਊਬਲ ਕਾਰਪੋਰੇਸ਼ਨ ਦੇ ਬਿੱਲ ਬਾਕੀ ਪੰਜਾਬ ਦੇ ਕਿਸਾਨਾਂ ਵਾਂਗ ਮੁਆਫ ਕਰਨ, ਕੰਢੀ ਦੀਆਂ ਖਸਤਾ ਹਾਲਤ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਉਣ, ਹਰ ਪਿੰਡ ਵਿਚ ਆਰੋ ਸਿਸਟਮ ਲਗਾਉਣ, ਕੰਢੀ ਖੇਤਰ ਵਿਚ ਬੰਦ ਪਏ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਰੂਟ ਮੁੜ ਚਾਲੂ ਕਰਨ, ਕੰਢੀ ਨਹਿਰ ਦੀ ਉਸਰੀ ਪਹਾੜ ਦੇ ਨਾਲ ਨਾਲ ਕਰਕੇ ਤੁਰੰਤ ਮੁਕੰਮਲ ਕਰਵਾਉਣ, ਕੰਢੀ ਖੇਤਰ ਵਿਚ ਰਿਆਇਤੀ ਦਰਾਂ 'ਤੇ ਬਿਜਲੀ ਸਪਲਾਈ ਜਾਰੀ ਰੱਖਣ ਅਤੇ ਦਲਿਤਾਂ ਦੀਆਂ ਬਸਤੀਆਂ ਵਿਚ ਦੇਹ ਪੰਚਾਇਤੀ ਜ਼ਮੀਨਾਂ ਨੂੰ ਉਨ੍ਹਾਂ ਦੇ ਨਾਂਅ ਕਰਨ ਆਦਿ ਮੰਗਾਂ ਬਾਰੇ ਵਿਸਥਾਰ ਨਾਲ ਦੱਸਿਆ। ਸੰਘਰਸ਼ ਕਮੇਟੀ ਦੇ ਪ੍ਰਧਾਨ ਸਾਥੀ ਮੋਹਣ ਸਿੰਘ ਧਮਾਣਾ ਨੇ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੰਢੀ ਖੇਤਰ ਵਿਚ ਸਿੱਖਿਆ ਤੇ ਸਿਹਤ ਸਹੂਲਤਾਂ ਦਾ ਬਹੁਤ ਮੰਦਾ ਹਾਲ ਹੈ। ਜੇਕਰ ਸਰਕਾਰ ਨੇ ਉਪਰੋਕਤ ਮੰਗਾਂ ਨੂੰ ਮੰਨਣ ਤੋਂ ਆਨਾਕਾਨੀ ਕੀਤੀ ਤਾਂ ਆਉਣ ਵਾਲੇ ਸਮੇਂ ਵਿਚ ਤਿੱਖੇ ਸੰਘਰਸ਼ ਕੀਤੇ ਜਾਣਗੇ। ਕਨਵੈਨਸ਼ਨ ਵਿਚ ਸ਼ਾਮਲ ਲੋਕਾਂ ਨੇ ਸਰਵਸੰਮਤੀ ਨਾਲ ਮਤੇ ਪਾਸ ਕਰਦਿਆਂ ਮੰਗ ਕੀਤੀ ਕਿ ਬਲਾਚੌਰ ਨੂੰ ਰੇਲਵੇ ਲਾਇਨ ਨਾਲ ਜੋੜਿਆ ਜਾਵੇ। ਲੋਕਾਂ ਦੀਆਂ ਫਸਲਾਂ ਦੀ ਅਵਾਰਾ ਪਸ਼ੂਆਂ ਵਲੋਂ ਕੀਤੀ ਜਾਂਦੇ ਬਰਬਾਦੀ ਤੋਂ ਬਚਾਉਣ ਲਈ ਉਚੇਚੇ ਪ੍ਰਬੰਧ ਕੀਤੇ ਜਾਣ, ਬੁਢਾਪਾ ਪੈਨਸ਼ਨਾਂ ਦੀਆਂ ਰੀਕਵਰੀਆਂ ਬੰਦ ਕੀਤੀਆਂ ਜਾਣ। ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਨਸੀਬ ਚੰਦ ਖਟਾਣਾ, ਜਸਵੰਤ ਰਾਏ ਭੂੰਬਲਾ, ਬਨਾਰਸੀ ਦਾਸ, ਸੁਰਿੰਦਰ ਦਾਸ ਪੰਨੂੰ, ਸਰਵਣ ਸਿੰਘ ਭੁੱਟਾ, ਸੋਮ ਲਾਲ, ਹਰਨਾਮ ਸਿੰਘ, ਕਿਸ਼ਨ ਚੰਦ ਵਾਗੜੀ, ਹਰਮੇਸ਼ ਲਾਲ ਕਟਾਰੀਆ, ਹਰਭਜਨ ਸਿੰਘ, ਨਰਿੰਦਰ ਪਾਲ ਸਿੰਘ, ਸੋਹਣ ਸਿੰਘ ਸਲੇਮਪੁਰੀ ਸ਼ਾਮਲ ਸਨ। 


ਦਿਹਾਤੀ  ਮਜ਼ਦੂਰ ਸਭਾ ਵਲੋਂ ਪਾਵਰਕਾਮ ਐਕਸੀਅਨ ਦਫਤਰਾਂ ਅੱਗੇ ਧਰਨੇ 
ਦਿਹਾਤੀ ਮਜ਼ਦੂਰ ਸਭਾ ਦੇ ਸੱਦੇ 'ਤੇ ਪੰਜਾਬ ਰਾਜ ਪਾਵਰਕਾਮ ਲਿਮਟਿਡ ਦੇ ਐਕਸੀਅਨ ਦਫਤਰਾਂ ਅੱਗੇ 30 ਅਗਸਤ ਨੂੰ ਪੰਜਾਬ ਭਰ ਵਿਚ ਧਰਨੇ ਮਾਰੇ ਗਏ। ਧਰਨਿਆਂ ਵਿਚ ਬੋਲਦਿਆਂ ਹੋਇਆਂ ਵੱਖ ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਬੇਜ਼ਮੀਨੇ ਮਜ਼ਦੂਰਾਂ ਅਤੇ ਗਰੀਬਾਂ ਦੇ ਸਮੁੱਚੇ ਬਿੱਲ ਮੁਆਫ ਕੀਤੇ ਜਾਣ ਅਤੇ ਇਸ ਨਾਲ ਲਾਈਆਂ ਗਈਆਂ ਜਾਤ, ਧਰਮ ਅਤੇ ਲੋਡ ਆਦਿ ਦੀਆਂ ਬੇਲੋੜੀਆਂ ਸ਼ਰਤਾਂ ਖਤਮ ਕੀਤੀਆਂ ਜਾਣ। ਪੰਜਾਬ ਸਰਕਾਰ ਵਲੋਂ ਮੰਨੀ ਜਾ  ਚੁੱਕੀ ਮੰਗ ਅਨੁਸਾਰ ਰਹਿੰਦੀਆਂ ਥਾਵਾਂ 'ਤੇ ਵੀ ਮਜ਼ਦੂਰਾਂ ਦੇ ਘਰੇਲੂ ਬਿਲ ਪਿਛਲਾ ਰਹਿੰਦਾ ਬਕਾਇਆ ਲਾਹ ਕੇ 400 ਯੂਨਿਟ ਪ੍ਰਤੀ ਬਿੱਲ ਮੁਆਫੀ ਕਰਕੇ ਬਾਕੀ ਬਿੱਲ ਭੇਜੇ ਜਾਣ। ਨਵੇਂ ਸਿਰੇ ਤੋਂ ਸਕਿਊਰਟੀ ਲੈਣ ਦੇ ਨਾਂਅ ਹੇਠ ਮਜ਼ਦੂਰਾਂ ਉਪਰ ਵਾਧੂ ਭਾਰ ਪਾਉਣਾ ਬੰਦ ਕੀਤਾ ਜਾਵੇ ਅਤੇ ਅਗਾਊਂ (ਅਡਵਾਂਸ) ਬਿੱਲ ਲੈਣੇ ਬੰਦ ਕੀਤੇ ਜਾਣ। ਪੰਜਾਬ ਸਰਕਾਰ ਨਾਲ ਹੋਏ ਫੈਸਲੇ ਮੁਤਾਬਕ ਦਿਹਾਤੀ ਮਜ਼ਦੂਰਾਂ ਦੇ ਕੱਟੇ ਹੋਏ ਕੁਨੈਕਸ਼ਨ ਜੋੜੇ ਜਾਣ ਤੇ ਅੱਗੇ ਤੋਂ ਕੱਟਣੇ ਬੰਦ ਕੀਤੇ ਜਾਣ। 
ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਦਫਤਰ ਵਿਚ ਪੁੱਜੀਆਂ ਰਿਪੋਰਟਾਂ ਮੁਤਾਬਕ ਬਿਆਸ, ਅਜਨਾਲਾ, ਜੰਡਿਆਲਾ ਗੁਰੂ, ਰਾਏਕੋਟ, ਗੁਰਾਇਆ, ਨਕੋਦਰ, ਬਠਿੰਡਾ, ਮਹਿਲਪੁਰ, ਪਠਾਨਕੋਟ, ਬਟਾਲਾ, ਤਰਨਤਾਰਨ, ਭਿੱਖੀਵਿੰਡ ਅਤੇ ਮੁਕਤਸਰ ਦੇ ਐਕਸੀਅਨ ਦਫਰਤਾਂ ਅੱਗੇ ਧਰਨੇ ਮਾਰੇ ਗਏ। ਇਹਨਾਂ ਧਰਨਿਆਂ ਨੂੰ ਸੂਬਾਈ ਪ੍ਰਧਾਨ ਸਾਥੀ ਦਰਸ਼ਨ ਨਾਹਰ, ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਸੂਬਾਈ ਅਹੁਦੇਦਾਰਾਂ ਅਮਰੀਕ ਸਿੰਘ ਦਾਊਦ, ਜਸਪਾਲ ਸਿੰਘ ਝਬਾਲ, ਲਾਲ ਚੰਦ ਕਟਾਰੂਚੱਕ, ਜਗਜੀਤ ਸਿੰਘ ਜੱਸੇਆਣਾ, ਪਰਮਜੀਤ ਸਿੰਘ ਰੰਧਾਵਾ, ਹਰਜੀਤ ਸਿੰਘ ਮਦਰੱਸਾ, ਮਿੱਠੂ ਸਿੰਘ ਘੁੱਦਾ,ਮਹੀਂਪਾਲ, ਬਲਦੇਵ ਸਿੰਘ ਭੈਲ, ਚਮਨ ਲਾਲ ਦਰਾਜਕੇ, ਸ਼ਿੰਗਾਰਾ ਸਿੰਘ ਸੁਧਾਰ, ਨਿਰਮਲ ਸਿੰਘ ਛੱਜਲਵੱਢੀ, ਨਰਿੰਦਰ ਸਿੰਘ ਵਡਾਲਾ, ਹਜਾਰੀ ਲਾਲ, ਨਿਰਮਲ ਸਿੰਘ ਮਲਸੀਹਾਂ, ਦਰਸ਼ਨ ਪਾਲ ਬੰਡਾਲਾ, ਮੇਜਰ ਸਿੰਘ ਫਿਲੌਰ, ਮੋਹਣ ਲਾਲ ਮਹੂੰਵਾਲ, ਹਰਬੰਸ ਸਿੰਘ ਲੋਹਟਬੱਧੀ, ਪੂਰਨ ਚੰਦ ਪਟਿਆਲਾ, ਪ੍ਰਲਾਹਦ ਸਿੰਘ ਨਿਆਲ, ਪਿਆਰਾ ਸਿੰਘ ਪਰਖ, ਮਹਿੰਦਰ ਸਿੰਘ ਖਰੜ, ਜੱਗਾ ਸਿੰਘ ਖੂਹੀਆਂ ਸਰਵਰ, ਮਲਕੀਤ ਸਿੰਘ ਸ਼ੇਰਸਿੰਘ ਵਾਲਾ, ਗੁਰਤੇਜ ਸਿੰਘ ਹਰੀਨੌ ਆਦਿ ਸੂਬਾ ਕਮੇਟੀ ਮੈਂਬਰਾਂ ਅਤੇ ਹੋਰ ਸਥਾਨਕ ਪੱਧਰ ਦੇ ਅਨੇਕਾਂ ਆਗੂਆਂ ਨੇ ਸੰਬੋਧਨ ਕੀਤਾ। 


ਸੀ.ਟੀ.ਯੂ. ਪੰਜਾਬ ਵਲੋਂ ਗ਼ਦਰ ਸ਼ਤਾਬਦੀ ਸਮਾਗਮ 
ਜੰਡਿਆਲਾ ਗੁਰੂ ਵਿਖੇ ਦਰੀਆ ਖੇਸ ਬਣਾਉਣ ਵਾਲੇ ਕਿਰਤੀਆਂ ਦੀ ਇਕ ਜ਼ਰੂਰੀ ਮੀਟਿੰਗ ਮੋਹਲੇਧਾਰ ਮੀਂਹ ਪੈਣ ਦੇ ਬਾਵਜੂਦ ਜਥੇਬੰਦੀ ਦੇ ਨਵੇਂ ਪ੍ਰਧਾਨ ਬਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਹ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਜਲੰਧਰ ਵਲੋਂ ਗ਼ਦਰ ਪਾਰਟੀ ਦੀ ਮਨਾਈ ਜਾ ਰਹੀ ਸ਼ਤਾਬਦੀ ਸਮੇਂ ਗਦਰੀ ਬਾਬਿਆਂ ਦੇ ਵਿਚਾਰਾਂ ਤੋਂ ਲੋਕਾਂ ਨੂੰ ਚੇਤਨ ਕਰਨ ਲਈ ਕੀਤੀ ਗਈ। ਇਸਦੇ ਨਾਲ ਨਾਲ ਨਿੱਤ ਵੱਧਦੀ ਜਾ ਰਹੀ ਬੇਰੋਕ ਮਹਿੰਗਾਈ ਦਾ ਆਰਜੀ ਟਾਕਰਾ ਕਰਨ ਵਾਸਤੇ ਕਿਰਤੀਆਂ ਨੂੰ ਇਸ ਸਾਲ ਦਿੱਤੇ ਜਾਣ ਵਾਲੇ ਸਲਾਨਾ ਛੁੱਟੀਆਂ ਦੇ ਪੈਸਿਆਂ ਵਿਚ ਵਾਧਾ ਕਰਾਉਣ ਦੀ ਮੰਗ ਨੂੰ ਵੀ ਉਭਾਰਿਆ ਗਿਆ। ਸੀ.ਟੀ.ਯੁ. ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਕਾਮਰੇਡ ਮੰਗਤ ਰਾਮ ਪਾਸਲਾ ਤੇ ਅੰਮ੍ਰਿਤਸਰ ਸੀ.ਟੀ.ਯੂ. ਆਗੂ ਜਗਤਾਰ ਸਿੰਘ ਕਰਮਪੁਰਾ ਨੇ ਕਿਰਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਰ ਕਿਰਤੀ ਸੰਘਰਸ਼ ਕਰਕੇ 10 ਰੁਪਏ ਵਾਧਾ ਹਾਸਲ ਕਰਦੇ ਹਨ ਤਾਂ ਮਹਿੰਗਾਈ 50 ਰੁਪਏ ਹੋਰ ਵੱਧ ਜਾਂਦੀ ਹੈ। ਜਮ੍ਹਾ ਖੋਰੀ ਕਰਕੇ ਨਿੱਤ ਵਰਤੋਂ ਦੀਆਂ ਚੀਜ਼ਾਂ ਮਹਿੰਗੇ ਭਾਅ ਵੇਚਣ ਵਾਲਿਆਂ ਨੂੰ ਕੇਂਦਰ ਤੇ ਪੰਜਾਬ ਸਰਕਾਰ ਨੱਥ ਪਾਉਣ ਦੀ ਬਜਾਏ ਖੁੱਲ੍ਹਾਂ ਦੇ ਰਹੀਆਂ ਹਨ।  
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਜਨਰਲ ਸਕੱਤਰ ਬੀਬੀ ਰਘਬੀਰ ਕੌਰ ਨੇ ਕਿਰਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗ਼ਦਰੀ ਬਾਬਿਆਂ ਨੇ ਭਾਰੀ ਤਸੀਹੇ ਝੱਲ ਕੇ ਭਾਰਤ ਨੂੰ ਇਸ ਕਰਕੇ ਆਜ਼ਾਦ ਕਰਵਾਇਆ ਸੀ। ਪ੍ਰੰਤੂ ਦੇਸ਼ ਵਿਚ ਸਰਮਾਏਦਾਰ ਪਾਰਟੀਆਂ ਕਾਂਗਰਸ, ਬੀ.ਜੇ.ਪੀ. ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਨ੍ਹਾਂ ਪਾਰਟੀਆਂ ਵਿਚ ਭਾਈ-ਭਤੀਜਾਵਾਦ ਨੂੰ ਬੜ੍ਹਾਵਾ ਦੇ ਕੇ ਬੇਕਾਰੀ, ਭਰਿਸ਼ਟਾਚਾਰ ਤੇ ਮਹਿੰਗਾਈ ਨੂੰ ਜਨਮ ਦਿੱਤਾ ਹੈ। ਇਸ ਸਮੇਂ ਸੀ.ਟੀ.ਯੂ. ਪੰਜਾਬ ਦੇ ਆਗੂ ਡਾ. ਬਲਵਿੰਦਰ ਸਿੰਘ ਛੇਹਰਟਾ, ਬਲਦੇਵ ਸਿੰਘ ਪੰਡੋਰੀ ਪ੍ਰਧਾਨ ਤੇ ਮਿਸਤਰੀ ਤਰਸੇਮ ਲਾਲ ਸਥਾਨਕ ਆਗੂ ਮੇਜਰ ਸਿੰਘ, ਸੂਰਤਾ ਸਿੰਘ, ਕਾਲੀ, ਹਰਦੇਵ ਸਿੰਘ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਨਿਰਮਲ ਸਿੰਘ ਛੱਜਲਵੱਡੀ, ਕਾਮਰੇਡ ਲੱਖਾ ਸਿੰਘ ਪੱਟੀ, ਅਜੀਤ ਸਿੰਘ ਗੁਰੂਵਾਲੀ ਆਦਿ ਹਾਜ਼ਰ ਸਨ। ਅੰਤ ਵਿਚ ਜੰਡਿਆਲਾ ਗੁਰੂ ਦੇ ਬਜਾਰਾਂ ਵਿਚ ਵੱਧਦੀ ਮਹਿੰਗਾਈ ਖਿਲਾਫ ਹੱਥਾਂ ਵਿਚ ਲਾਲ ਝੰਡੇ ਲੈ ਕੇ ਜਲੂਸ ਕੱਢਿਆ ਗਿਆ। 

जालंधर सैंटर आफ ट्रेड यूनियंस पंजाब की जिला जालंधर इकाई द्वारा 22 सितंबर को बेअंत सिंह पार्क जालंधर में एक प्रभावशाली मजदूर कन्वैनशन की गई। इसमें शहर व जिले की भिन्न भिन्न भिन्न फैक्ट्रियों व कारखानों के मजदूरों ने भाग लिया। 
इसे संबोधन करते हुए जालंधर इकाई के अध्यक्ष साथी राम किशन, महासचिव हरीमुनी सिंह ने कहा कि महंगाई ने आज मजदूरों समेत मेहनतकश लोगों की कमर तोड़ दी है। उसके लिए रोटी-रोजी जुटानी मुुश्किल हो गई है। इसके बावजूद प्रांत के अधिकतर कारखानों में न्यूनतम वेतन व अन्य श्रम कानून लागू किये जायें। महंगाई राहत भत्ता दिया जाये। न्यूनतम वेतन 10,000 गैर हुनरमंद के लिए तथा बाकी के लिये 15000 व 20000 किया जाये। मजदूरों के बच्चों के लिए मुफ्त पढ़ाई व उनके लिये मकान बनाकर दिये जायें। ई.एस.आई. को सख्ती से लागू करवाया जाये। प्रविडैंट फंड को निकलवाने की प्रक्रिया को आसान बनाया जाये। मजदूर संघर्षों पर पुलिस दमन बंद किया जाये। 
उन्होंने 25 सिंबर को सभी ट्रेड यूनियनों द्वारा चंडीगढ़ में की जा रही मजदूर रैली में शामिल होने के लिए सभी साथियों की आह्वान किया। उनके अतिरिक्त सर्वसाथी शंभू चौहान, सतीश यादव, भोला प्रसाद, सुरेंद्र कुमार, बिंदू चौहान, मंगल सिंह, हरदीप सिंह, सुरेश यादव, योगेश पांडे, करम दयाल आदि ने भी अपने विचार प्रकट किये। 


ਪੁਲਸ ਵਧੀਕੀਆਂ ਵਿਰੁੱਧ ਸੰਘਰਸ਼
ਫਿਲੌਰ : ਪੁਲਸ ਦੀਆਂ ਵਧ ਰਹੀਆਂ ਵਧੀਕੀਆਂ ਅਤੇ ਝੂਠੇ ਪਰਚੇ ਦਰਜ ਕਰਨ ਵਿਰੁੱਧ ਸੀ ਪੀ ਐੱਮ ਪੰਜਾਬ ਦੀ ਤਹਿਸੀਲ ਕਮੇਟੀ ਫਿਲੌਰ ਵੱਲੋਂ 13 ਸਤੰਬਰ ਨੂੰ ਸਥਾਨਕ ਰੈਸਟ ਹਾਊਸ ਦੇ ਸਾਹਮਣੇ ਰੋਸ ਭਰਪੂਰ ਚੇਤਾਵਨੀ ਰੈਲੀ ਕਰਕੇ ਸ਼ਹਿਰ ਫਿਲੌਰ ਦੇ ਬਜ਼ਾਰਾਂ ਵਿੱਚ ਰੋਸ ਮਾਰਚ ਕਰਕੇ ਡੀ ਐੱਸ ਪੀ ਫਿਲੌਰ ਨੂੰ ਚੇਤਾਵਨੀ ਦਿੱਤੀ ਕਿ ਅਗਰ ਝੂਠੇ ਪਰਚਿਆਂ ਦਾ ਦੌਰ ਬੰਦ ਨਾ ਕੀਤਾ ਗਿਆ ਤਾਂ ਸਰਕਾਰ ਵਿਰੁੱਧ ਵੱਡਾ ਐਕਸ਼ਨ ਕੀਤਾ ਜਾਵੇਗਾ।  ਇਸ ਰੈਲੀ ਦੀ ਪ੍ਰਧਾਨਗੀ ਕਾਮਰੇਡ ਦੇਵ ਫਿਲੌਰ ਅਤੇ ਕੁਲਦੀਪ ਫਿਲੌਰ ਵੱਲੋਂ ਸਾਂਝੇ ਤੌਰ 'ਤੇ ਕੀਤੀ। ਇਨ੍ਹਾਂ ਸਮੇਂ ਆਪਣੇ ਸੰਬੋਧਨ ਵਿੱਚ ਸੂਬਾ ਸਕੱਤਰੇਤ ਮੈਂਬਰ ਸਾਥੀ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀਆਂ ਦਾ ਨਹੀਂ ਬਲਕਿ ਮਾਫੀਆ ਗਠਜੋੜ ਦਾ ਰਾਜ ਚੱਲ ਰਿਹਾ ਹੈ ਅਤੇ ਇਨ੍ਹਾਂ ਮਾਫੀਆ ਗਰੋਹਾਂ ਵੱਲੋਂ ਪੰਜਾਬ ਪੁਲਸ ਨੂੰ ਹੱਥਠੋਕਾ ਬਣਾ ਕੇ ਵਰਤਿਆ ਜਾ ਰਿਹਾ ਹੈ ਅਤੇ ਰਾਜ ਕਰਦੀ ਪਾਰਟੀ ਦੇ ਆਗੂਆਂ ਦੀ ਸ਼ਹਿ 'ਤੇ ਆਮ ਲੋਕਾਂ 'ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਉਹਨਾਂ ਪੁਲਸ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਸ ਨੇ ਆਪਣਾ ਅਕਸ ਨਾ ਸੁਧਾਰਿਆ ਤਾਂ ਇਸ ਵਿਰੁੱਧ ਲੋਕ ਲਹਿਰ ਖੜੀ ਕੀਤੀ ਜਾਵੇਗੀ।  ਇਸ ਰੈਲੀ ਨੂੰ ਜਸਵਿੰਦਰ ਸਿੰਘ ਢੇਸੀ, ਸੰਤੋਖ ਸਿੰਘ ਬਿਲਗਾ ਤੇ ਮੇਲਾ ਸਿੰਘ ਰੁੜਕਾ ਨੇ ਸੰਬੋਧਨ ਕੀਤਾ। 
ਨਕੋਦਰ : ਨਕੋਦਰ ਤਹਿਸੀਲ ਦੇ ਪਿੰਡ ਉੱਗੀ ਦੇ ਪੁਲਿਸ ਚੌਕੀ ਇੰਚਾਰਜ ਕਸ਼ਮੀਰ ਸਿੰਘ ਏ.ਐਸ.ਆਈ. ਦੀ ਤੇ ਪੁਲਿਸ ਦੀ ਘਟੀਆ ਕਾਰਗੁਜ਼ਾਰੀ ਖਿਲਾਫ 11 ਸਤੰਬਰ ਨੂੰ ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਨਕੋਦਰ ਤਹਿਸੀਲ ਦੇ ਸਕੱਤਰ ਕਾਮਰੇਡ ਮਨੋਹਰ ਸਿੰਘ ਗਿੱਲ, ਨਿਰਮਲ ਸਿੰਘ ਮਲਸੀਆਂ ਅਤੇ ਬਲਦੇਵ ਰਾਜ ਮੱਟੂ ਦੀ ਅਗਵਾਈ 'ਚ ਸੈਂਕੜੇ ਮਜ਼ਦੂਰ ਕਿਸਾਨਾਂ ਨੇ ਇਕੱਠੇ ਹੋ ਕੇ ਪੁਲਿਸ ਚੌਕੀ ਅੱਗੇ ਧਰਨਾ ਦਿੱਤਾ ਅਤੇ ਇਨਸਾਫ ਦੀ ਮੰਗ ਕੀਤੀ। ਇਸ ਮੌਕੇ ਕਾਮਰੇਡ ਮਨੋਹਰ ਸਿੰਘ ਗਿੱਲ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਉਗੀ ਦੀ ਪੁਲਸ ਨੇ ਲੋਕਾਂ ਨੂੰ ਇਨਸਾਫ ਨਾ ਦਿੱਤਾ ਤਾਂ ਅਗਲੇ ਸੰਘਰਸ਼ ਦੀ ਜਲਦੀ ਹੀ ਤਿਆਰੀ ਤੇਜੀ ਨਾਲ ਕੀਤੀ ਜਾਵੇਗੀ। ਇਸ ਮੌਕੇ ਗੁਰਚਰਨ ਸਿੰਘ ਮੱਲੀ, ਗੁਰਮੇਜ਼ ਦੁਰਗਾ, ਹਰਬੰਸ ਮੱਟੂ, ਦਲਬੀਰ ਸਿੰਘ, ਬਲਕਾਰ ਸਿੰਘ ਨੂਰਪੁਰੀ, ਨਿਰਮਲ ਸਿਆਲੀ, ਪਰਦੀਪ ਟੂੱਟ ਕਲਾਂ ਆਦਿ ਹਾਜ਼ਰ ਹਨ। 

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀਆਂ ਸਰਗਰਮੀਆਂ
ਫਿਲੌਰ :ਬਰਾਬਰਤਾ ਦਾ ਸਮਾਜ ਸਿਰਜਣ ਲਈ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੇ ਅਮਲ ਕਰਨ ਦੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀ.ਪੀ. ਐਮ. ਪੰਜਾਬ ਦੇ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਫਿਲੌਰ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਇਕਾਈ  ਰਵਿਦਾਸਪੁਰਾ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਇਕ ਖਾਸ ਸਮਾਗਮ ਦੌਰਾਨ ਕੀਤਾ। ਇਸ ਸਮਾਗਮ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਤੇ ਹਰਿਆਣਾ ਦੇ ਸਕੱਤਰ ਮਨਦੀਪ ਰੱਤੀਆ ਅਤੇ ਪ੍ਰਧਾਨ ਜਸਵਿੰਦਰ ਸਿੰਘ ਢੇਸੀ ਨੇ ਸੰਬੋਧਨ ਕਰਦੇ ਹੋਏ ਨੌਜਵਾਨਾਂ ਨੂੰ 28 ਸਤੰਬਰ ਨੂੰ ਖਟਕੜ ਕਲ੍ਹਾਂ ਵਿਖੇ ਕਾਫਲੇ ਬੰਨ੍ਹ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਸਮਾਗਮ ਸਮੇਂ ਅਜਾਦ ਰੰਗ ਮੰਚ ਚੱਕ ਦੇਸਰਾਜ ਦੀ ਟੀਮ ਵਲੋਂ ਇਨਕਲਾਬੀ ਨਾਟਕ ਅਤੇ ਕੋਰੀਉਗ੍ਰਫੀਆਂ ਪੇਸ਼ ਕੀਤੀਆਂ ਗਈਆਂ। ਇਸ ਸਮੇਂ ਮਾਸਟਰ ਕਰਨੈਲ ਫਿਲੌਰ ਅਤੇ ਅਜੈ ਫਿਲੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮਾਗਮ ਵਿਚ ਭਾਰੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ।  
ਗੋਇੰਦਵਾਲ ਸਾਹਿਬ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅਤੇ ਹਰਿਆਣਾ ਦੇ ਯੂਨਿਟ ਸ੍ਰੀ ਗੋਇੰਦਵਾਲ ਸਾਹਿਬ ਵੱਲੋਂ ਗ਼ਦਰ ਪਾਰਟੀ ਦੀ ਸ਼ਤਾਬਦੀ ਵਰ੍ਹੇਗੰਢ ਅਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਤ ਨਾਟਕ ਮੇਲਾ ਕਰਵਾਇਆ ਗਿਆ। ਇਸ ਮੌਕੇ ਲੋਕ ਕਲਾਂ ਮੰਚ ਮੁਲਾਂਪੁਰ ਦਾਖਾ ਦੀ ਟੀਮ ਵੱਲੋਂ ਸ਼ਹੀਦ ਭਗਤ ਸਿੰਘ ਦੀ ਘੋੜੀ ਅਤੇ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਨਾਟਕ 'ਇਨ੍ਹਾਂ ਜ਼ਖਮਾਂ ਦਾ ਕੀ ਕਰੀਏ' ਨੇ ਨਸ਼ਿਆਂ 'ਚ ਬਰਬਾਦ ਹੋ ਰਹੀ ਜਵਾਨੀ ਅਤੇ ਮਾਪਿਆਂ ਦੇ ਦਰਦ ਨੂੰ ਬਾਖੂਬੀ ਪੇਸ਼ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਦੇਸ਼ ਭਗਤ ਯਾਦਗਾਰ ਕਮੇਟੀ ਮੈਂਬਰ ਸਾਥੀ ਮੰਗਤ ਰਾਮ ਪਾਸਲਾ ਨੇ ਗਦਰ ਲਹਿਰ ਦੇ ਇਤਿਹਾਸ ਅਤੇ ਵਿਚਾਰਧਾਰਾ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸ਼ਹੀਦਾਂ ਦੇ ਸੁਪਨੇ ਅੱਜ ਵੀ ਅਧੂਰੇ ਹਨ, ਦੇਸ਼ ਵਿੱਚ ਆਰਥਿਕ ਨਾ ਬਰਾਬਰੀ, ਬੇਰੁਜ਼ਗਾਰੀ, ਭੁੱਖਮਰੀ, ਭ੍ਰਿਸ਼ਟਾਚਾਰ, ਜਾਤਾਂ ਤੇ ਧਰਮਾਂ ਦਾ ਵਿਤਕਰਾ ਵਰਗੀਆਂ ਸਮੱਸਿਆਵਾਂ ਵੱਡੀ ਪੱਧਰ 'ਤੇ ਪੈਰ ਪਸਾਰ ਚੁਕੀਆਂ ਹਨ। ਕੁਝ ਲੋਕ ਨਿੱਜੀ ਸਵਾਰਥਾਂ ਲਈ ਜਵਾਨੀ ਨੂੰ ਨਸ਼ਿਆਂ ਅਤੇ ਗੰਧਲੇ ਸੱਭਿਆਚਾਰ ਵੱਲ ਧੱਕ ਰਹੇ ਹਨ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਪ੍ਰਧਾਨ ਜਸਵਿੰਦਰ ਸਿੰਘ ਢੇਸੀ ਨੇ ਕਿਹਾ ਕਿ ਦੇਸ਼ ਦੀ ਜਵਾਨੀ ਨੂੰ ਬਚਾਉਣ ਲਈ ਕੰਮ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਬਣਾਉਣਾ ਚਾਹੀਦਾ ਹੈ। ਸਟੇਜ ਸੰਚਾਲਕ ਦੀ ਭੂਮਿਕਾ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾਈ ਆਗੂ ਗੁਰਜਿੰਦਰ ਸਿੰਘ ਗੋਇੰਦਵਾਲ ਨੇ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਗਟ ਸਿੰਘ ਜਾਮਾਰਾਏ, ਗੁਰਨਾਮ ਸਿੰਘ ਦਾਉਦ, ਬਲਦੇਵ ਸਿੰਘ ਪੰਡੋਰੀ, ਸੁਲੱਖਣ ਸਿੰਘ ਤੁੜ, ਸਤਨਾਮ ਸਿੰਘ ਦੇਉ, ਸਰਪੰਚ ਪ੍ਰੇਮ ਸਿੰਘ ਆਦਿ ਹਾਜ਼ਰ ਸਨ।
ਰੁੜਕਾ ਕਲਾਂ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਜਲੰਧਰ ਵਲੋਂ ਗਦਰ ਪਾਰਟੀ ਦੀ ਸਥਾਪਨਾ ਸਥਾਪਤੀ ਵਰ੍ਹੇ ਨੂੰ ਸਮਰਪਿਤ ਦੇਸ਼ ਭਗਤ ਯਾਦਗਾਰ ਹਾਲ ਰੁੜਕਾ ਕਲਾਂ ਵਿਖੇ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਅਜੈ ਫਿਲੌਰ, ਗੁਰਚਰਨ ਮੱਲੀ, ਗੁਰਦੀਪ ਬੇਗਮਪੁਰਾ, ਮੱਖਣ ਫਿਲੌਰ, ਸੁਸ਼ੀਲ ਖੁਰਲਾਪੁਰ ਨੇ ਕੀਤੀ। ਇਸ ਵਿਚ ਜ਼ਿਲ੍ਹੇ ਭਰ ਵਿਚੋਂ ਸਰਗਰਮ ਸਾਥੀਆਂ ਨੇ ਭਾਗ ਲਿਆ। ਇਸ ਮੌਕੇ ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਸਾਥੀ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਸਨ 1913 ਵਿਚ ਵਿਦੇਸ਼ਾਂ ਵਿਚ ਦੇਸ਼ ਭਗਤਾਂ ਵੱਲੋਂ ਬਣਾਈ ਗਈ ਗ਼ਦਰ ਪਾਰਟੀ ਦਾ ਉਦੇਸ਼ ਸਿਰਫ ਦੇਸ਼ ਨੂੰ ਆਜ਼ਾਦ ਕਰਵਾਉਣਾ ਹੀ ਨਹੀਂ ਸੀ ਬਲਕਿ ਬਰਾਬਰਤਾ ਅਤੇ ਸਮਾਨਤਾ ਅਧਾਰਤ ਸਮਾਜ ਸਿਰਜਣ ਦੀ ਵੀ ਸੀ। ਜਿਸ ਕਾਰਨ ਉਨ੍ਹਾਂ ਨੇ ਧਰਮ ਨਿਰਪੱਖਤਾ ਦਾ ਨਾਅਰਾ ਬੁਲੰਦ ਕੀਤਾ। ਪ੍ਰੰਤੂ ਅੱਜ 100 ਸਾਲ ਬੀਤ ਜਾਣ ਦੇ ਬਾਅਦ ਵੀ ਇਨ੍ਹਾਂ ਦੇਸ਼ ਭਗਤਾਂ ਨੂੰ ਸਿਫਰ ਧਰਮਾਂ ਨਾਲ ਜਾਂ ਇਕ ਫਿਰਕੇ ਨਾਲ ਹੀ ਜੋੜ ਕੇ ਦੇਖਿਆ ਜਾ ਰਿਹਾ ਹੈ। 
ਇਸ ਮੌਕੇ ਸਭਾ ਦੇ ਸਾਬਕਾ ਸੂਬਾਈ ਆਗੂ ਮਨਜੀਤ ਸੂਰਜਾ ਨੇ ਕਿਹਾ ਕਿ ਅੱਜ ਯੂ.ਪੀ.ਏ. ਸਰਕਾਰ ਦੇਸ਼ ਨੂੰ ਲੁੱਟਣ ਲਈ ਬਹੁਕੌਮੀ ਕੰਪਨੀਆਂ ਨੂੰ ਅਵਾਜਾਂ ਮਾਰ ਰਹੀ ਹੈ ਜਿਸ ਕਾਰਨ ਰੁਜ਼ਗਾਰ ਦੇ ਮੌਕੇ ਲਗਾਤਾਰ ਘਟਦੇ ਜਾ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਸੰਨੀ ਫਿਲੌਰ,  ਕੁਲਦੀਪ ਬਿਲਗਾ, ਨਿੱਕੀ ਮੀਓਵਾਲ, ਜਸ ਬੇਗਮਪੁਰਾ, ਵਿਜੈ ਰੁੜਕਾ, ਰਵੀ ਰੁੜਕਾ, ਜੱਸਾ ਰੁੜਕਾ, ਤਰਸੇਮ ਸ਼ਾਹਕੋਟ, ਸੋਢੀ ਹੰਸ ਆਦਿ ਹਾਜ਼ਰ ਸਨ। 


ਪੰਜਾਬ ਸਟੂਡੈਂਟਸ ਫੈਡਰੇਸ਼ਨ ਨੇ ਦਿੱਤੇ ਮੰਗ ਪੱਤਰ
ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਵਲੋਂ ਵਿਦਿਆਰਥੀਆਂ ਦੇ ਭੱਖਦੇ ਮਸਲਿਆਂ ਨੂੰ ਲੈ ਕੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਾ ਹੈਡਕੁਆਰਟਰਾਂ ਉਤੇ ਮੰਗ ਪੱਤਰ ਦਿੱਤੇ ਗਏ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੂਬਾਈ ਸਕੱਤਰ ਅਜੈ ਫਿਲੌਰ, ਪ੍ਰਧਾਨ ਰੋਜ਼ਦੀਪ ਕੌਰ, ਰੋਬਿਨ ਪਠਾਨਕੋਟ, ਮਨਦੀਪ ਕੌਰ ਜਾਮਾਰਾਏ ਨੇ ਕਿਹਾ ਕਿ ਅੱਜ ਨਵ-ਉਦਾਰੀਕਰਨ ਦੀਆਂ ਨੀਤੀਆਂ ਤਹਿਤ ਸਿੱਖਿਆ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਜਿਸ ਕਾਰਨ ਵਿਦਿਆ ਆਮ ਗਰੀਬ ਅਤੇ ਮੱਧ ਵਰਗ ਦੇ ਬੱਚਿਆਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸੰਸਥਾਵਾਂ ਅੰਦਰ ਅਧਿਆਪਕਾਂ ਦੀਆਂ ਪੋਸਟਾਂ ਲਗਾਤਾਰ ਖਾਲੀ ਹੁੰਦੀਆਂ ਜਾ ਰਹੀਆਂ ਹਨ। ਪ੍ਰੰਤੂ ਇਨ੍ਹਾਂ ਪੋਸਟਾਂ ਉਪਰ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ। ਐਸ.ਸੀ/ਐਸ.ਟੀ. ਵਿਦਿਆਰਥੀਆਂ ਦੀਆਂ ਫੀਸਾਂ ਮੁਆਫ ਹੋਣ ਦੇ ਬਾਵਜੂਦ ਵੀ ਉਨ੍ਹਾਂ ਤੋਂ ਧੱਕੇ ਨਾਲ ਫੀਸਾਂ ਉਗਰਾਹੀਆਂ ਜਾ ਰਹੀਆਂ ਹਨ। ਦੂਜੇ ਪਾਸੇ ਵਿਦਿਆਰਥੀਆਂ ਦੇ ਵਜੀਫਿਆਂ ਉਪਰ ਵੀ ਬੜੇ ਲੰਮੇ ਸਮੇਂ ਤੋਂ ਰੋਕ ਲਗਾਈ ਹੋਈ ਹੈ। ਆਗੂਆਂ ਨੇ ਨਸ਼ੀਲੇ ਪਦਾਰਥ ਵੇਚਣ ਵਾਲੀਆਂ ਸਾਰੀਆਂ ਦੁਕਾਨਾਂ ਨੂੰ ਸਿੱਖਿਅਕ ਸੰਸਥਾਵਾਂ ਦੇ ਘੱਟੋ ਘੱਟ 5 ਕਿਲੋਮੀਟਰ ਦੇ ਘੇਰੇ ਤੋਂ ਬਾਹਰ ਲੈ ਕੇ ਜਾਣ ਦੀ ਅਪੀਲ ਕੀਤੀ। ਤਫਸੀਲ ਰਿਪੋਰਟ ਹੇਠ ਅਨੁਸਾਰ ਹੈ : 
ਜਲੰਧਰ : ਜਲੰਧਰ ਵਿਖੇ ਜ਼ਿਲ੍ਹੇ ਦੇ ਵੱਖ ਵੱਖ ਕਾਲਜਾਂ ਦੇ ਸਰਗਰਮ ਸਾਥੀਆਂ ਵਲੋਂ ਮੰਗ ਪੱਤਰ ਦਿੱਤਾ ਗਿਆ। ਜਿਸ ਦੀ ਅਗਵਾਈ ਸੰਨੀ ਫਿਲੌਰ, ਅਜੈ ਰੁੜਕਾ ਆਦਿ ਨੇ ਕੀਤੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਜੈ ਰੁੜਕਾ, ਜਿੰਮੀ ਮਹਲੋਤਰਾ, ਰਮਨ ਸਿੰਘ, ਵਿਪਨ ਕੁਮਾਰ, ਹਸਨ ਅਮਲੋਹ ਆਦਿ ਹਾਜ਼ਰ ਸਨ। 
ਅੰਮ੍ਰਿਤਸਰ : ਅੰਮ੍ਰਿਤਸਰ ਅੰਦਰ ਦਿੱਤੇ ਗਏ ਧਰਨੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਬਲਪ੍ਰੀਤ ਸਿੰਘ, ਪ੍ਰੀਤਪਾਲ ਅਜਨਾਲਾ, ਸੁੱਖ ਆਦਿ ਨੇ ਕੀਤੀ। ਇਸ ਕੌਮੇ ਪਵਨ ਕਪੂਰਥਲਾ ਸੂਬਾਈ ਸਕੱਤਰ ਅਜੈ ਫਿਲੌਰ ਅਤੇ ਪਵਨ ਕਪੂਰਥਲਾ ਨੇ ਸੰਬੋਧਨ ਕੀਤਾ। 
ਪਠਾਨਕੋਟ : ਪਠਾਨਕੋਟ ਅੰਦਰ ਦਿੱਤੇ ਗਏ ਧਰਨੇ ਮੌਕੇ ਵਿਦਿਆਰਥੀਆਂ ਦੀ ਅਗਵਾਈ ਰੋਬਿਨ ਪਠਾਨਕੋਟ, ਅਜੈ ਪਠਾਨਕੋਟ, ਰਵੀ ਕਟਾਰੂਚੱਕ ਨੇ ਕੀਤੀ। 
ਗੁਰਦਾਸਪੁਰ : ਗੁਰਦਾਸਪੁਰ ਵਿਖੇ ਦਿੱਤੇ ਗਏ ਧਰਨੇ ਦੀ ਅਗਵਾਈ ਸ਼ਮਸ਼ੇਰ ਸਿੰਘ, ਚਾਰਲਸ ਮੱਟੂ, ਰਿੰਕੂ ਰਾਜਾ ਨੇ ਕੀਤੀ। 
ਫਰੀਦੋਕਟ : ਫਰੀਦਕੋਟ ਅੰਦਰ ਸਾਥੀ ਰਮਨ ਕਲਿਆਣ, ਏਕਮ ਸਿੰਘ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਜਤਿੰਦਰ ਫਰੀਦਕੋਟ, ਬੇਅੰਤ ਸਿੰਘ ਆਦਿ ਸ਼ਾਮਿਲ ਸਨ। 
ਸਰਦੂਲਗੜ੍ਹ : ਸਰਦੂਲਗੜ੍ਹ ਅੰਦਰ ਮਾਰੇ ਗਏ ਧਰਨੇ ਦੀ ਅਗਵਾਈ ਬੰਸੀ ਸਰਦੂਲਗੜ੍ਹ, ਮਨਦੀਪ ਸਿੰਘ ਆਦਿ ਨੇ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਸਕੱਤਰ ਮਨਦੀਪ ਰਤੀਆ ਵਿਸ਼ੇਸ਼ ਤੌਰ 'ਤੇ ਪਹੁੰਚੇ।

ਸ਼ਰਧਾਂਜਲੀਆਂ (ਸੰਗਰਾਮੀ ਲਹਿਰ-ਅਕਤੂਬਰ 2013)

ਸ਼ਹੀਦ ਸੋਹਣ ਸਿੰਘ ਢੇਸੀ ਦੀ 24ਵੀਂ ਬਰਸੀ ਮਨਾਈ

ਅੱਤਵਾਦ-ਵੱਖਵਾਦ ਵਿਰੁੱਧ ਜੰਗ ਦੌਰਾਨ ਸ਼ਹੀਦ ਹੋਏ ਨੌਜਵਾਨ ਆਗੂ ਸ਼ਹੀਦ ਸਾਥੀ ਸੋਹਣ ਸਿੰਘ ਢੇਸੀ ਦੀ 24ਵੀਂ ਬਰਸੀ 18 ਸਤੰਬਰ ਨੂੰ ਉਨ੍ਹਾਂ ਦੇ ਪਿੰਡ ਢੇਸੀਆਂ ਕਾਹਨਾਂ ਵਿਖੇ ਮਨਾਈ ਗਈ। ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੀ.ਪੀ.ਐਮ. ਪੰਜਾਬ ਦੇ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਹੋਵੇ ਇਹ ਕੋਈ ਮੁੱਦਾ ਨਹੀਂ ਹੈ, ਸਗੋਂ ਮੁੱਦਾ ਇਹ ਹੈ ਕਿ ਸਾਮਰਾਜ ਵੱਲੋਂ ਕੀਤੀ ਜਾ ਰਹੀ ਲੁੱਟ ਨੂੰ ਬਚਾਉਣ ਵਾਲਾ ਕੌਣ ਹੋਵੇ। ਉਨ੍ਹਾਂ ਕਿਹਾ ਕਿ ਜਿਵੇਂ ਦਿੱਲੀ ਦੰਗਿਆਂ ਦੌਰਾਨ ਕਾਂਗਰਸ ਨੂੰ ਬਰੀ ਨਹੀਂ ਕੀਤਾ ਜਾ ਸਕਦਾ, ਉਸੇ ਤਰ੍ਹਾਂ ਭਾਜਪਾ ਨੂੰ ਗੁਜਰਾਤ 'ਚ ਮੁਸਲਮਾਨਾਂ ਦੇ ਕਤਲਾਂ ਲਈ ਬਰੀ ਨਹੀਂ ਕੀਤਾ ਜਾ ਸਕਦਾ। ਸਾਥੀ ਪਾਸਲਾ ਨੇ ਅੱਗੇ ਕਿਹਾ ਕਿ ਮੋਦੀ ਨੇ 2002 ਵਿਚ ਮੁਸਲਮਾਨਾਂ ਦੇ ਕਤਲਾਂ ਦੀ ਤਿੰਨ ਦਿਨ ਲਈ ਖੁੱਲ੍ਹ ਦੇ ਕੇ ਆਪਣੀ ਬਹਿਸ਼ਤ ਦਾ ਪ੍ਰਗਟਾਵਾ ਕੀਤਾ ਸੀ। ਇਸ ਦੌਰਾਨ ਮੁਸਲਮਾਨਾਂ ਦਾ ਕਤਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਮਿਊਨਿਸਟਾਂ ਨੂੰ ਧਰਮ ਦੇ ਨਾਂਅ ਹੇਠ ਹੋ ਰਹੇ ਕਤਲਾਂ ਦਾ ਦਰਦ ਹੈ, ਪਰ ਹਾਕਮਾਂ ਨੂੰ ਸਿਰਫ ਵੋਟਾਂ ਦਾ ਹੀ ਫਿਕਰ ਹੈ। ਦੇਸ਼ ਦੀ ਰਾਜਨੀਤੀ ਦੇ ਸੰਦਰਭ 'ਚ ਉਨ੍ਹਾਂ ਕਿਹਾ ਕਿ ਬੀਮੇ ਦੇ ਵਿਦੇਸ਼ੀ ਹਿੱਸੇ ਨੂੰ ਵਧਾਉਣ ਲਈ ਕਾਂਗਰਸ ਅਤੇ ਭਾਜਪਾ ਮਿਲ ਕੇ ਬਿੱਲ ਨੂੰ ਪਾਸ ਕਰਦੇ ਹਨ ਅਤੇ ਵੋਟਾਂ ਮੰਗਣ ਲਈ ਆਪਸੀ ਵਿਰੋਧ ਦੇ ਨਾਟਕ ਕਰਦੇ ਹਨ। ਸਾਥੀ ਪਾਸਲਾ ਨੇ ਅੱਗੇ ਕਿਹਾ ਕਿ ਇਨ੍ਹਾਂ ਪਾਰਟੀਆਂ ਨੂੰ ਗਰੀਬ ਵਰਗ ਦੀ ਕੋਈ ਫਿਕਰ ਨਹੀਂ ਹੈ। ਗਰੀਬਾਂ ਦੀ ਬਦਤਰ ਹੋ ਰਹੀਂ ਸਥਿਤੀ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਦਾ ਮੁੱਖੀ ਵੀ ਅਮਰੀਕਾ ਦੇ ਸ਼ਿਕਾਗੋ ਸਕੂਲ ਦਾ ਪੈਰੋਕਾਰ ਹੈ ਅਤੇ ਇਹ ਉਸ ਦੇ ਕਹਿਣੇ ਅਨੁਸਾਰ ਹੀ ਕੰਮ ਕਰ ਰਿਹਾ ਹੈ। 
ਸ਼ਹੀਦ ਸੋਹਣ ਸਿੰਘ ਢੇਸੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸੀ ਪੀ ਐੱਮ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਕੁਲਵੰਤ ਸਿੰਘ ਸੰਧੂ ਨੇ ਕਿਹਾ ਬਾਦਲ ਸਰਕਾਰ ਅਬਾਦਕਾਰਾਂ ਦੀਆਂ ਜ਼ਮੀਨਾਂ ਖੋਹ ਕੇ ਘੋੜਿਆਂ ਦੀ ਰੇਸਾਂ 'ਤੇ ਜੂਆਂ ਖਿਡਾਉਣ ਦੀ ਤਿਆਰੀ ਕਰ ਰਹੀ ਹੈ, ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾ ਅੱਗੇ ਕਿਹਾ ਕਿ ਦੇਸ਼ ਭਗਤਾਂ ਵੱਲੋਂ ਕੁਰਬਾਨੀਆਂ ਨਾਲ ਮਿਲੀ ਆਜ਼ਾਦੀ ਨੂੰ ਘੱਟੇ 'ਚ ਰੋਲਿਆ ਜਾ ਰਿਹਾ ਹੈ। ਉਨ੍ਹਾਂ ਗ਼ਦਰ ਪਾਰਟੀ ਦੇ ਸ਼ਤਾਬਦੀ ਵਰ੍ਹੇ ਨੂੰ ਉਤਸ਼ਾਹ ਨਾਲ ਮਨਾਉਣ ਦਾ ਸੱਦਾ ਵੀ ਦਿੱਤਾ। ਇਸ ਇਕੱਠ ਨੂੰ ਹੋਰਨਾਂ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਸਾਥੀ ਜਸਵਿੰਦਰ ਸਿੰਘ ਢੇਸੀ, ਸਰਵਸਾਥੀ ਮੇਲਾ ਸਿੰਘ ਰੁੜਕਾ ਅਤੇ ਮੱਖਣ ਪੱਲਣ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਪਿੰਡ 'ਚ ਮਾਰਚ ਕੀਤਾ ਗਿਆ ਅਤੇ ਸ਼ਹੀਦ ਸੋਹਣ ਸਿੰਘ ਢੇਸੀ ਦੀ ਯਾਦ 'ਚ ਬਣੇ ਸਮਾਰਕ 'ਤੇ ਫੁੱਲ ਮਾਲਾਵਾਂ ਵੀ ਭੇਟ ਕੀਤੀਆਂ ਗਈਆਂ।


ਸੀ.ਪੀ. ਐਮ. ਪੰਜਾਬ ਵਲੋਂ ਗੁਰਨਾਮ ਉੱਪਲ ਅਤੇ ਸਾਥੀ ਸ਼ਹੀਦਾਂ ਦੀ ਬਰਸੀ

ਰਈਆ : ਅੱਤਵਾਦ ਦੌਰਾਨ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਗਏ ਸਾਥੀ ਗੁਰਨਾਮ ਸਿੰਘ ਉਪਲ, ਸਾਥੀ ਸ਼ਹੀਦ ਸਾਥੀਆਂ ਅਤੇ ਕੁਦਰਤੀ ਮੌਤ ਕਾਰਨ ਵਿਛੜੇ ਸਾਥੀਆਂ ਦੀ ਬਰਸੀ ਸੀ.ਪੀ. ਐਮ. (ਪੰਜਾਬ) ਵਲੋਂ ਦਾਣਾ ਮੰਡੀ ਰਈਆ ਵਿਖੇ ਗੁਰਮੇਜ ਸਿੰਘ ਤਿੰਮੋਵਾਲ ਅਤੇ ਅਮਰੀਕ ਸਿੰਘ ਦਾਊਦ ਦੀ ਪ੍ਰਧਾਨਗੀ ਹੇਠ ਮਨਾਈ ਗਈ। ਜਿਸ ਵਿਚ ਪਾਰਟੀ ਦੇ ਸੂਬਾ ਸਕੱਤਰ ਮੰਗਤ ਰਾਮ ਪਾਸਲਾ, ਗੁਰਨਾਮ ਸਿੰਘ ਦਾਊਦ, ਡਾ. ਸਤਨਾਮ ਸਿੰਘ ਅਜਨਾਲਾ, ਪਰਗਟ ਸਿੰਘ ਜਾਮਾਰਾਏ, ਅਮਰੀਕ ਸਿੰਘ ਦਾਊਦ, ਨਾਜਰ ਸਿੰਘ ਸੈਦਪੁਰ, ਰਤਨ ਸਿੰਘ ਰੰਧਾਵਾ, ਬਲਦੇਵ ਸਿੰਘ ਸੈਦਪੁਰ, ਜਸਪਾਲ ਸਿੰਘ ਝਬਾਲ, ਬਲਦੇਵ ਸਿੰਘ, ਗੁਰਮੇਜ ਤਿੰਮੋਵਾਲ, ਬਲਰਾਜ ਸਿੰਘ ਸੁਧਾਰ, ਬਲਵਿੰਦਰ ਸਿੰਘ ਛੇਹਰਟਾ, ਸ਼ੰਗਾਰਾ ਸਿੰਘ ਸੁਧਾਰ, ਨਿਸ਼ਾਨ ਸਿੰਘ ਧਿਆਨਪੁਰ, ਰਛਪਾਲ ਸਿੰਘ ਬੁਟਾਰੀ, ਮਲਕੀਅਤ ਸਿੰਘ ਜੱਬੋਵਾਲ, ਨਿਰਮਲ ਸਿੰਘ ਭਿੰਡਰ, ਨਿਰਮਲ ਸਿੰਘ ਛੱਜਲਵੱਢੀ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਸਟੇਜ ਸੰਚਾਲਨ ਹਰਪ੍ਰੀਤ ਸਿੰਘ ਬੁਟਾਰੀ ਨੇ ਕੀਤਾ। ਇਸ ਮੌਕੇ ਕਾਮਰੇਡ ਪਾਸਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਆਜਾਦੀ ਨੂੰ ਸਾਡੇ ਸ਼ਹੀਦਾਂ ਨੇ ਬੜੀਆਂ ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤਾ ਸੀ ਅੱਜ ਫਿਰ ਸਾਡੇ ਹਾਕਮ ਉਸੇ ਸਾਮਰਾਜ ਕੋਲ ਗਹਿਣੇ ਪਾਉਣ ਦੀਆਂ ਚਾਲਾਂ ਚਲ ਰਹੇ ਹਨ। ਕੇਂਦਰ ਸਰਕਾਰ ਦੀਆਂ ਨੀਤੀਆਂ ਕਰਕੇ ਦੇਸ਼ ਦੀ 80 ਪ੍ਰਤੀਸ਼ਤ ਦੌਲਤ ਮੁੱਠੀ ਭਰ ਅਮੀਰਾਂ ਕੋਲ ਇਕੱਠੀ ਹੋ ਗਈ ਹੈ ਜਿਸ ਕਰਕੇ ਆਮ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ ਗਰੀਬ ਲਈ ਦੋ ਵਕਤ ਦੀ ਰੋਟੀ ਖਾਣੀ ਵੀ ਮੁਸ਼ਕਿਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਨੂੰ ਅਸਲੀ ਸ਼ਰਧਾਂਜਲੀ ਇਹ ਹੈ ਕਿ ਰਾਜ ਕਰ ਰਹੇ ਸਾਮਰਾਜ ਦੇ ਪਿੱਠੂਆਂ ਨੂੰ ਉਖਾੜ ਕੇ ਖੱਬੀਆਂ ਸ਼ਕਤੀਆਂ ਦਾ ਰਾਜ ਲਿਆਂਦਾ ਜਾਵੇ। ਮਸਲੇ ਦਾ ਠੀਕ ਹੱਲ ਖੱਬੀਆਂ ਸ਼ਕਤੀਆਂ ਦੇ ਇਕੱਠੇ ਹੋਣ ਨਾਲ ਹੀ ਹੋ ਸਕਦਾ ਹੈ।


ਸਾਥੀ ਸੁਖਦੇਵ ਲਾਲ 'ਸੁੱਖੀ' ਨਹੀਂ ਰਹੇ!

ਤਹਿਸੀਲ ਕਮੇਟੀ ਬੰਗਾ ਦੇ ਮੈਂਬਰ ਅਤੇ ਮੁਕੰਦਪੁਰ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਦੇ ਸਾਬਕਾ ਸਰਪੰਚ 52 ਵਰ੍ਹਿਆਂ ਦੇ ਸਾਥੀ ਸੁਖਦੇਵ ਲਾਲ 'ਸੁੱਖੀ' ਦਾ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ 14 ਸਤੰਬਰ ਨੂੰ ਦਿਹਾਂਤ ਹੋ ਗਿਆ। ਸਾਥੀ ਜੀ ਇਕ ਦਲਿਤ ਪਰਵਾਰ 'ਚੋਂ ਸਨ ਅਤੇ ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਜ਼ਿਲ੍ਹਾ ਨਵਾਂ ਸ਼ਹਿਰ ਦੀ ਹਰ ਪਾਰਟੀ ਗਤੀਵਿਧੀ 'ਚ ਪੂਰੀ ਤਰ੍ਹਾਂ ਸਰਗਰਮ ਸਨ। ਉਹ ਆਪਣੇ ਇਲਾਕੇ ਵਿਚ ਬਹੁਤ ਹਰਮਨ ਪਿਆਰੇ ਸਨ। ਮਿਤੀ 22 ਸਤੰਬਰ ਨੂੰ ਮੁਕੰਦਪੁਰ ਵਿਖੇ ਸਾਥੀ ਦੀਆਂ ਅੰਤਮ ਰਸਮਾਂ ਵਜੋਂ ਹੋਏ ਸ਼ਰਧਾਂਜਲੀ ਸਮਾਗਮ ਸਮੇਂ ਵਿਚ ਜ਼ਿਲ੍ਹੇ ਭਰ ਦੇ ਪਾਰਟੀ ਮੈਂਬਰਾਂ ਤੋਂ ਇਲਾਵਾ ਕਾਫੀ ਗਿਣਤੀ ਵਿਚ ਪਾਰਟੀ ਹਮਦਰਦ ਤੇ ਹੋਰ ਆਮ ਲੋਕ ਸ਼ਾਮਲ ਹੋਏ। ਸੀ.ਪੀ.ਐਮ. ਪੰਜਾਬ ਦੇ ਸੂਬਾਈ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਤੋਂ ਇਲਾਵਾ ਸਾਥੀ ਸੋਹਣ ਸਿੰਘ ਸਲੇਮਪੁਰੀ, ਹਰਪਾਲ ਸਿੰਘ, ਡਾਕਟਰ ਬਲਦੇਵ ਬੀਕਾ, ਹਲਕਾ ਬੰਗਾ ਦੇ ਐਮ.ਐਲ.ਏ. ਤ੍ਰਿਲੋਚਨ ਸਿੰਘ ਸੂੰਢ, ਸਾਬਕਾ ਐਮ.ਐਲ.ਏ. ਚੌਧਰੀ ਮੋਹਨ ਲਾਲ ਅਤੇ ਨਵਾਂ ਸ਼ਹਿਰ ਦੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨੇ ਸਾਥੀ ਸੁਖਵਿੰਦਰ ਕੁਮਾਰ ਸੁੱਖੀ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਵਿਛੜੇ ਸਾਥੀ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਅੱਜ ਜਦੋਂ ਦੇਸ਼ ਦੀ ਹਾਲਤ ਬਹੁਤ ਮੰਦੀ ਹੈ ਤੇ ਸਮਾਜਕ ਤਬਦੀਲੀ ਲਈ ਇਕ ਵੱਡੇ ਸੰਘਰਸ਼ ਦੀ ਲੋੜ ਹੈ ਤਾਂ ਸਾਥੀ ਸੁਖਦੇਵ ਲਾਲ ਸੁੱਖੀ ਵਰਗੇ ਜੁਝਾਰੂ ਸਾਥੀਆਂ ਦਾ ਸਦੀਵੀਂ ਵਿਛੋੜਾ ਪਾਰਟੀ ਲਈ ਵੱਡਾ ਘਾਟਾ ਹੈ। ਉਹਨਾਂ ਨੇ ਸਾਥੀ ਦੇ ਪਰਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਉਹਨਾਂ ਦੇ ਹਰ ਸੁੱਖ ਦੁੱਖ ਵਿਚ ਸਦਾ ਨਾਲ ਖੜ੍ਹਨ ਦਾ ਭਰੋਸਾ ਦਿੱਤਾ। ਅਦਾਰਾ 'ਸੰਗਰਾਮੀ ਲਹਿਰ' ਸਾਥੀ ਦੇ ਵਿਛੋੜੇ 'ਤੇ ਭਾਰੀ ਦੁੱਖ ਦਾ ਇਜਹਾਰ ਕਰਦਾ ਹੈ। 


ਪਠਾਨਕੋਟ ਰੇਲ ਸਾਕੇ ਦੇ ਸ਼ਹੀਦਾਂ ਨੂੰ ਸਮਰਪਿਤ 45ਵੀਂ ਸ਼ਹੀਦੀ ਕਾਨਫਰੰਸ 

19 ਸਤੰਬਰ 1968 ਦੇ ਕੇਂਦਰੀ ਮੁਲਾਜ਼ਮਾਂ ਦੀਆਂ ਟਰੇਡ ਯੂਨੀਅਨਾਂ ਨੇ ਇਕ ਦਿਨ ਦੀ ਸੰਕੇਤਕ ਹੜਤਾਲ ਦਾ ਸੱਦਾ ਦਿੱਤਾ ਸੀ ਤਾਂ ਜੋ ਕੇਂਦਰੀ ਸਰਕਾਰ ਤੋਂ ਲੋੜ ਅਧਾਰਤ ਘੱਟੋ ਘੱਟ ਤਨਖਾਹ ਲਾਗੂ ਕਰਾਉਣ, ਮਹਿੰਗਾਈ ਭੱਤੇ ਨੂੰ ਵੇਤਨਮਾਨ ਨਾਲ ਜੋੜਨ, ਸੇਵਾ ਮੁਕਤੀ ਦੀ ਉਮਰ ਘਟਾਉਣ ਵਿਰੁੱਧ ਅਤੇ ਵਿਵਾਦ ਵਾਲੇ ਮੁੱਦਿਆਂ ਦਾ ਨਿਪਟਾਰਾ ਸਾਲਸ ਦੇ ਸਪੁਰਦ ਕਰਨ ਆਦਿ ਮੰਗਾਂ ਦੀ ਪ੍ਰਾਪਤੀ ਹੋ ਸਕੇ। ਪਠਾਨਕੋਟ ਦੇ ਰੇਲ ਕਾਮੇਂ ਵੀ 25 ਲੱਖ ਕੇਂਦਰੀ ਮੁਲਾਜ਼ਮਾਂ ਨਾਲ ਇਕ ਦਿਨ ਦੀ ਹੜਤਾਲ ਉਤੇ ਗਏ ਸਨ। ਹੜਤਾਲ ਦੀ ਸਫਲਤਾ ਤੋਂ ਬੌਖਲਾਏ ਪ੍ਰਸ਼ਾਸਨ ਨੇ ਵਹਿਸ਼ੀ ਪੁਲਿਸ ਨੂੰ ਸਵੇਰੇ 7 ਵਜੇ ਹੀ ਨਿਹੱਥੇ ਰੇਲ ਕਾਮਿਆਂ ਨੂੰ ਖਦੇੜਨ ਲਈ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। 20 ਮਿੰਟਾਂ ਤੱਕ ਲਗਾਤਾਰ ਗੋਲੀ ਚਲਾਈ ਗਈ ਜਿਸ ਵਿਚ 920 ਰਾਊਂਦਾਂ ਦੀ ਬੁਛਾੜ ਕੀਤੀ ਗਈ। ਪੰਜ ਰੇਲ ਕਾਮੇ ਸਰਵ ਸਾਥੀ ਗੁਰਦੀਪ ਸਿੰਘ, ਲਛਮਣ ਸ਼ਾਹ, ਦੇਵ ਰਾਜ, ਰਾਜ ਬਹਾਦਰ ਅਤੇ ਗਾਮਾ ਸ਼ਹੀਦ ਹੋ ਗਏ ਜਦੋਂ ਕਿ 34 ਸਾਥੀ ਗੰਭੀਰ ਜ਼ਖਮੀ ਹੋ ਗਏ। ਉਸ ਦਿਨ ਦੇਸ਼ ਦੇ ਹੋਰ ਥਾਈਂ ਇਹਨਾਂ ਪੰਜ ਸਾਥੀਆਂ ਤੋਂ ਬਿਨਾਂ 11 ਸਾਥੀ ਹੋਰ ਸ਼ਹੀਦ ਕੀਤੇ ਗਏ ਅਤੇ ਅਨੇਕਾਂ ਜਖ਼ਮੀ ਕੀਤੇ ਗਏ। ਇਹਨਾਂ ਸ਼ਹੀਦਾਂ ਦੀ ਲਾਮਿਸਾਲ ਕੁਰਬਾਨੀ ਤੋਂ ਪ੍ਰੇਰਣਾ ਅਤੇ ਉਤਸ਼ਾਹ ਲੈਣ ਲਈ ਉਸ ਵਰ੍ਹੇ ਤੋਂ ਹੀ ਪਠਾਨਕੋਟ ਵਿਖੇ ਆਲ ਗੌਰਮਿੰਟ ਇੰਪਲਾਈਜ਼ ਟਰੇਡ ਯੂਨੀਅਨ ਕੌਂਸਿਲ ਪਠਾਨਕੋਟ ਸ਼ਹੀਦੀ ਕਾਨਫਰੰਸ ਅਯੋਜਿਤ ਕਰਦੀ ਆ ਰਹੀ ਹੈ। 
45ਵੀਂ ਸ਼ਹੀਦੀ ਕਾਨਫਰੰਸ ਸਮੇਂ ਪਠਾਨਕੋਟ ਵਿਖੇ ਹੀ ਐਨ.ਆਰ.ਐਮ.ਯੂ. ਵੱਲੋਂ ਇਕ ਵਿਸ਼ੇਸ਼ ਸਾਲਾਨਾ ਸੰਮੇਲਨ ਰੱਖਿਆ ਗਿਆ ਸੀ। ਫਿਰੋਜ਼ਪੁਰ ਡਵੀਜ਼ਨ ਦੇ ਸੱਤ ਹਜ਼ਾਰ ਰੇਲ ਕਾਮਿਆਂ ਤੋਂ ਬਿਨਾਂ ਇਸ ਸ਼ਹੀਦੀ ਕਾਨਫਰੰਸ ਵਿਚ ਉਤਰੀ ਭਾਰਤ ਦੀ ਰੇਲ ਦੇ 9 ਡਵੀਜ਼ਨਾਂ ਅੰਬਾਲਾ, ਦਿੱਲੀ, ਮੁਰਾਦਾਬਾਦ, ਲਖਨਊ ਆਦਿ ਤੋਂ ਵੀ ਡੈਲੀਗੇਟ ਅਤੇ ਵੱਡੀ ਗਿਣਤੀ ਵਿਚ ਆਗੂਆਂ ਨੇ ਸ਼ਿਰਕਤ ਕੀਤੀ। ਕਾਨਫਰੰਸ ਵਿਚ ਸ਼ਾਮਲ ਹੋਣ ਲਈ 18 ਸਤੰਬਰ ਦੀ ਰਾਤ ਤੋਂ ਹੀ ਰੇਲ ਕਾਮੇਂ ਪਠਾਨਕੋਟ ਪੁੱਜਣੇ ਸ਼ੁਰੂ ਹੋ ਗਏ ਸਨ। 
19 ਸਤੰਬਰ ਨੂੰ ਫਿਰੋਜ਼ਪੁਰ ਡਵੀਜ਼ਨ ਦੇ ਸਾਥੀਆਂ ਵਲੋਂ ਸਵੇਰੇ ਸਵਖਤੇ ਹੀ ਜੰਮੂ ਮੇਲ ਤੇ ਪੁੱਜੇ ਸਰਵਸਾਥੀ ਸ਼ਿਵ ਗੋਪਾਲ ਮਿਸ਼ਰਾ ਜਨਰਲ ਸੈਕਟਰੀ ਐਨ.ਆਰ.ਐਮ.ਯੂ./ਏ.ਆਈ.ਆਰ.ਐਫ., ਹਰਭਜਨ ਸਿੰਘ ਸਿੱਧੂ ਪ੍ਰਧਾਨ ਐਨ.ਆਰ.ਐਮ.ਯੂ. ਅਤੇ ਹੋਰ ਕੇਂਦਰੀ ਆਗੂਆਂ ਦਾ ਫੁੱਲ ਮਾਲਾਵਾਂ ਪਾ ਕੇ ਸਵਾਗਤ ਕੀਤਾ ਗਿਆ। ਇਹਨਾਂ ਆਗੂਆਂ ਨੇ ਸ਼ਹੀਦੀ ਸਮਾਰਕ ਤੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਸ਼ਹੀਦਾਂ ਦੇ ਖੂਨ ਨਾਲ ਰੱਤਾ ਲਾਲ ਝੰਡਾ ਸਮਾਰਕ ਤੇ ਝੁਲਾਇਆ। 
ਸ਼ਹੀਦੀ ਕਾਨਫਰੰਸ ਦਾ ਆਰੰਭ ਠੀਕ 10 ਵਜੇ ਹੋ ਗਿਆ। ਰੇਲ ਕਾਮੇਂ ਰੇਲਾਂ ਰਾਹੀਂ ਆਉਂਦੇ ਗਏ ਅਤੇ ਪਠਾਨਕੋਟ ਦੇ ਸਾਥੀਆਂ ਵਲੋਂ ਤਿਆਰ ਕਰਵਾਇਆ ਚਾਹ ਪਕੌੜਿਆਂ ਦਾ ਨਾਸ਼ਤਾ ਲੈਂਦੇ ਰਹੇ। ਸਟੇਜ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਅੱਧਾ ਘੰਟਾ ਸ਼ਹੀਦਾਂ ਨੂੰ ਇਨਕਲਾਬੀ ਗੀਤਾਂ ਰਾਹੀਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਕਾਨਫਰੰਸ ਦੀ ਪ੍ਰਧਾਨਗੀ ਸਾਥੀ ਰਮੇਸ਼ ਸਿੰਘ ਠਾਕੁਰ ਅਤੇ ਸਾਥੀ ਹਰਦੀਪ ਸਿੰਘ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਕਾਨਫਰੰਸ ਨੂੰ ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਅਤੇ ਆਲ ਗੌਰਮਿੰਟ ਇੰਪਲਾਈਜ਼ ਟਰੇਡ ਯੂਨੀਅਨ ਕੌਂਸਿਲ ਵਲੋਂ ਆਯੋਜਿਤ ਕੀਤਾ ਗਿਆ ਸੀ। 
ਸ਼ਹੀਦੀ ਕਾਨਫਰੰਸ ਦੀ ਸ਼ੁਰੂਆਤ ਆਗੂਆਂ ਦੇ ਸਟੇਜ 'ਤੇ ਆਉਣ ਨਾਲ ਹੋਈ। ਕਾਮਰੇਡ ਦਲਜੀਤ ਸਿੰਘ ਡਵੀਜ਼ਨਲ ਸੈਕਟਰੀ ਐਨ.ਆਰ.ਐਮ.ਯੂ. ਫਿਰੋਜ਼ਪੁਰ ਡਵੀਜ਼ਨ ਨੇ ਪਠਾਨਕੋਟ ਰੇਲ ਸਾਕੇ ਦੀ ਪ੍ਰਭਾਵਸ਼ਾਲੀ ਜਾਣਕਾਰੀ ਦਿੱਤੀ। ਉਹਨਾਂ ਵਿਸ਼ੇਸ਼ ਸਾਲਾਨਾਂ ਸੰਮੇਲਨ (17$) ਵਿਚ ਆਏ ਡੈਲੀਗੇਟਾਂ ਦਾ ਸਵਾਗਤ ਵੀ ਕੀਤਾ। ਉਨ੍ਹਾਂ ਕੇਂਦਰੀ ਸਰਕਾਰ ਵਲੋਂ ਰੇਲਾਂ ਦੇ ਕੀਤੇ ਜਾ ਰਹੇ ਨਿੱਜੀਕਰਨ, ਬੋਨਸ ਵਿਚ ਕਟੌਤੀ ਕਰਨ ਦੀ ਸਾਜਸ਼ ਅਤੇ ਨਵੇਂ ਪੈਨਸ਼ਨ ਬਿੱਲ ਨੂੰ ਖਤਰਨਾਕ ਦੱਸਦਿਆਂ ਇਸ ਵਿਰੁੱਧ ਜਬਰਦਸਤ ਸੰਘਰਸ਼ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਸਾਥੀ ਦਲਜੀਤ ਸਿੰਘ ਨੇ ਕੌਮੀ ਆਗੂਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਆਉਣ ਵਾਲੇ ਸੰਘਰਸ਼ ਵਿਚ ਫਿਰੋਜ਼ਪੁਰ ਡਵੀਜ਼ਨ ਦੇ ਕਾਮੇ ਮੋਹਲੀਆਂ ਕਤਾਰਾਂ ਵਿਚ ਹੋਣਗੇ। ਲੋਕੋ ਰਨਿੰਗ ਸਟਾਫ ਦੇ ਆਗੂ ਤੇ ਟਰੇਡ ਯੂਨੀਅਨ ਕੌਂਸਿਲ ਦੇ ਜਨਰਲ ਸੈਕਟਰੀ ਕਾਮਰੇਡ ਜੋਗਿੰਦਰ ਸਿੰਘ ਮਾੜੀ ਸਿਹਤ ਹੋਣ ਦੇ ਬਾਵਜੂਦ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ ਅਤੇ ਉਹਨਾਂ ਪੁਰਾਣੇ ਯੁੱਧ ਸਾਥੀਆਂ ਨੂੰ ਸੰਬੋਧਨ ਵੀ ਕੀਤਾ। 
ਪੰਜਾਬ ਦੀ ਟਰੇਡ ਯੂਨੀਅਨ ਲਹਿਰ ਦੇ ਸਿਰਮੋਰ ਆਗੂ ਤੇ ਸੀ.ਟੀ.ਯੂ. ਪੰਜਾਬ ਦੇ ਉਪ ਪ੍ਰਧਾਨ ਕਾਮਰੇਡ ਮੰਗਤ ਰਾਮ ਪਾਸਲਾ ਨੇ ਕੇਂਦਰੀ ਸਰਕਾਰ ਦੀਆਂ ਸਾਮਰਾਜੀ ਪੱਖੀ ਨੀਤੀਆਂ ਜਿਹਨਾਂ ਕਾਰਨ ਮਹਿੰਗਾਈ, ਬੇਰੋਜ਼ਗਾਰੀ, ਭਰਿਸ਼ਟਾਚਾਰ ਤੇ ਭੁਖਮਰੀ ਵੱਧਦੀ ਜਾ ਰਹੀ ਹੈ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ। ਉਨ੍ਹਾਂ ਦੇਸ਼ ਦੀ ਆਰਥਕ ਹਾਲਤ ਦੇ ਨਾਲ ਨਾਲ ਫਿਰਕਾਦਾਰਾਨਾਂ ਧਰੁਵੀਕਰਨ ਦੇ ਖਤਰੇ ਪ੍ਰਤੀ ਸੁਚੇਤ ਕਰਦਿਆਂ ਰੇਲ ਕਾਮਿਆਂ ਦੀ ਜੁਝਾਰੂ ਸਪਿਰਟ ਦੀ ਪ੍ਰਸੰਸਾ ਕੀਤੀ ਅਤੇ ਦੇਸ਼ ਪੱਧਰ 'ਤੇ ਕਿਰਤੀ ਲਹਿਰ ਨੂੰ ਉਸਾਰਨ ਤੇ ਅਗਵਾਈ ਦੇਣ ਦੀ ਜੁੰਮੇਵਾਰੀ ਉਹਨਾਂ ਨੂੰ ਆਪਣੇ ਮੋਢਿਆਂ 'ਤੇ ਲੈਣ ਲਈ ਪ੍ਰੇਰਿਆ। 
ਕਾਮਰੇਡ ਸ਼ਿਵ ਗੋਪਾਲ ਮਿਸ਼ਰਾ ਨੇ ਸਪੈਸ਼ਲ ਸਲਾਨਾ ਅਜਲਾਸ ਦੀ ਸ਼ੁਰੂਆਤ ਕਰਦਿਆਂ ਕੇਂਦਰ ਦੀ ਯੂ.ਪੀ.ਏ. ਸਰਕਾਰ ਵਲੋਂ ਰੇਲ ਕਾਮਿਆਂ ਦੀ ਕੁਰਬਾਨੀ ਤੇ ਸੰਘਰਸ਼ ਦੇ ਦਬਾਅ ਅਧੀਨ ਕੀਤੀਆਂ ਪ੍ਰਾਪਤੀਆਂ ਨੂੰ ਖੋਹਣ ਤੇ ਖੋਰਨ ਦੀ ਨੀਤੀ ਦੀ ਨਿਖੇਧੀ ਕਰਦਿਆਂ ਏ.ਆਈ.ਆਰ.ਐਫ. ਵਲੋਂ ਸਰਕਾਰ ਨੂੰ ਦਿੱਤੇ ਮੰਗ ਪੱਤਰ ਦੀਆਂ ਮੰਗਾਂ ਦੀ ਚਰਚਾ ਕੀਤੀ। ਉਹਨਾਂ ਨੇ ਤਨਖਾਹ ਕਮਿਸ਼ਨ ਕਾਇਮ ਰੱਖਣ, ਨਵਾਂ ਪੈਨਸ਼ਨ ਬਿੱਲ ਰੱਦ ਕਰਨ ਅਤੇ ਪੈਨਸ਼ਨ ਵਿਚ 26% ਐਫ.ਡੀ.ਆਈ. ਦਾ ਫੈਸਲਾ ਤੁਰੰਤ ਵਾਪਸ ਲੈਣ ਆਦਿ ਮੰਗਾਂ ਦੀ ਵਿਆਖਿਆ ਕੀਤੀ। ਕਾਮਰੇਡ ਮਿਸ਼ਰਾ ਨੇ ਮੰਗਾਂ ਦੀ ਪ੍ਰਾਪਤੀ ਲਈ 20-21 ਨਵੰਬਰ ਨੂੰ ਪੂਰੇ ਦੇਸ਼ ਵਿਚ ਮੰਗਾਂ ਦੇ ਹੱਕ ਵਿਚ ਸਟਰਾਈਕ ਬੈਲਟ ਲਏ ਜਾਣ ਦੀ ਰੇਲ ਕਾਮਿਆਂ ਨੂੰ ਪੁਰਜ਼ੋਰ ਅਪੀਲ ਕੀਤੀ। 
ਕਾਮਰੇਡ ਹਰਭਜਨ ਸਿੰਘ ਸਿੱਧੂ ਨੇ ਮੰਗਾਂ ਦਾ ਸਮਰਥਨ ਕੀਤਾ ਅਤੇ ਰੇਲ ਮੁਲਾਜ਼ਮਾਂ ਨੂੰ ਸੱਦਾ ਦਿੱਤਾ ਕਿ ਉਹ ਸੰਘਰਸ਼ ਦੀ ਤਿਆਰੀ ਲਈ ਜੁਟ ਜਾਣ। ਉਹਨਾਂ ਨੇ ਸਰਕਾਰ ਦੀ ਨਿੱਜੀਕਰਨ ਦੀ ਨੀਤੀ ਦੀ ਵਿਆਖਿਆ ਪਬਲਿਕ ਸੈਕਟਰ ਦੇ ਅਦਾਰਿਆਂ ਦੀਆਂ ਉਦਾਹਰਨਾਂ ਦੇ ਕੇ ਕੀਤੀ ਅਤੇ ਐਲਾਨ ਕੀਤਾ ਕਿ ਰੇਲ ਅੰਦਰ ਨਿੱਜੀਕਰਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 
ਟਰੇਡ ਯੂਨੀਅਨ ਕੌਂਸਿਲ ਦੇ ਆਗੂਆਂ ਸਰਬਸਾਥੀ ਨੱਥਾ ਸਿੰਘ ਹਰਿੰਦਰ ਰੰਧਾਵਾ, ਜਸਵੰਤ ਸਿੰਘ, ਕਾਮਰੇਡ ਲਾਲ ਚੰਦ ਕਟਾਰੂਚੱਕ ਅਤੇ ਹਰਦੀਪ ਸਿੰਘ ਨੇ ਵੀ ਵਿਚਾਰ ਰੱਖੇ। ਸਟੇਜ ਦੀ ਕਾਰਵਾਈ ਸਾਥੀ ਮਹਿੰਦਰ ਸਿੰਘ ਅਤੇ ਕਾਮਰੇਡ ਦਲਜੀਤ ਸਿੰਘ ਨੇ ਮਿਲਕੇ ਚਲਾਈ। ਸਰਵਸੰਮਤੀ ਨਾਲ ਸਟਰਾਈਕ ਬੈਲਟ ਉਤੇ ਹੜਤਾਲ ਦੇ ਫੈਸਲੇ ਦੀ ਹਜ਼ਾਰਾਂ ਡੈਲੀਗੇਟਾਂ ਤੇ ਵਰਕਰਾਂ ਨੇ ਹੱਥ ਖੜ੍ਹੇ ਕਰਕੇ ਨਾਹਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ। 
ਸ਼ਹੀਦਾਂ ਦੇ ਪਰਿਵਾਰਾਂ ਦਾ ਆਗੂਆਂ ਵਲੋਂ ਸਨਮਾਨ ਕੀਤਾ ਗਿਆ ਅਤੇ ਕਾਨਫਰੰਸ ਦੀ ਸਮਾਪਤੀ ਬਾਅਦ ਸਭ ਨੂੰ ਲੰਗਰ ਛਕਾਇਆ ਗਿਆ। 

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਅਕਤੂਬਰ 2013)

ਪਾਕਿਸਤਾਨੀ ਕਹਾਣੀ
ਦੁੰਬੀ
 - ਨਜ਼ਰ ਫ਼ਾਤਮਾ


ਦੁੰਬੀ, ਹੱਥ ਵਿਚ ਲੋਟਾ ਲੈ ਕੇ ਲੱਸੀ ਲੈਣ ਲਈ ਜਾਗੀਰਦਾਰਾਂ ਦੀ ਹਵੇਲੀ ਵੱਲ ਤੁਰ ਪਈ। ਉਹਨੂੰ ਪਤਾ ਸੀ ਜਾਗੀਰਦਾਰਨੀ ਉਹਨੂੰ ਬਹੁਤ ਚੰਗਾ ਜਾਣਦੀ ਸੀ। ਉਹਨੂੰ ਸਭ ਤੋਂ ਬਹੁਤੀ ਲੱਸੀ ਦਿੰਦੀ ਸੀ, ਤੇ ਰਾਤ ਦਾ ਵਧਿਆ-ਘਟਿਆ ਸਾਲਣ ਵੀ ਉਹਦੇ ਲਈ ਰੱਖ ਛੱਡਦੀ ਸੀ। ਦੁੰਬੀ ਵੀ ਫ਼ਰਖ਼ੰਦਾ ਦੀ ਖਿਦਮਤ ਬੜੇ ਸ਼ੌਕ ਨਾਲ ਕਰਦੀ ਸੀ। 
ਜਦੋਂ ਲਾਹੌਰ ਦੀ ਬੀ.ਏ. ਪਾਸ ਵਹੁਟੀ ਫ਼ਰਖੰਦਾ, ਜਾਗੀਰਦਾਰ ਦੇ ਘਰ ਆਈ ਸੀ ਤਾਂ ਸਾਰਾ ਪਿੰਡ ਉਹਦੇ ਗਰਾਰੇ, ਸੂਟ ਤੇ ਸਾੜ੍ਹੀਆਂ ਵੇਖਣ ਲਈ ਜਮ੍ਹਾਂ ਹੋ ਗਿਆ ਸੀ। ਪਰ ਦੁੰਬੀ ਤੇ ਹਰ ਵੇਲੇ, ਉਹਦੇ ਕੋਲ ਹੀ ਬੈਠੀ ਰਹਿੰਦੀ ਸੀ। ਉਹਦਾ ਨਾਂ ਤੇ ਖੌਰੇ ਕੀ ਸੀ? ਪਰ ਉਹਦੇ ਗੋਰੇ ਰੰਗ ਤੇ ਗੋਲ-ਮੋਲ ਬਦਨ ਕਰਕੇ ਸਾਰੇ ਈ ਉਹਨੂੰ ਦੁੰਬੀ ਕਹਿੰਦੇ ਸਨ। ਉਹਨਾਂ ਦਾ ਘਰ ਜਾਗੀਰਦਾਰਾਂ ਦੀ ਹਵੇਲੀ ਦੇ ਪਿਛਵਾੜੇ ਸੀ, ਜਿਥੇ ਉਹਦਾ ਪਿਓ ਸਾਰੇ ਪਿੰਡ ਦੇ ਭਾਂਡੇ ਕਲੀ ਕਰਦਾ। 
ਫਿਰ ਦੁੰਬੀ ਦਾ ਵਿਆਹ ਕਮਰੂ, ਟੀਨਸ਼ਾਜ ਨਾਲ ਹੋ ਗਿਆ ਤੇ ਉਹ ਆਪਣੇ ਸੌਹਰੇ ਚਲੀ ਗਈ। ਕਮਰੂ ਬੜਾ ਕਾਰੀਗਰ ਸੀ। ਇਕ ਦਿਨ ਫ਼ਰਖੰਦਾ ਨੇ ਉਹਨੂੰ ਬੁਲਾ ਕੇ, ਤੇਲ ਦੇ ਬਹੁਤ ਸਾਰੇ ਖਾਲੀ ਪੀਪੇ ਦੇ ਦਿੱਤੇ ਤੇ ਆਖਿਆ, ''ਇਹਨਾਂ ਦੇ ਢੱਕਣ ਵਾਲੇ ਪੀਪੇ ਬਣਾ ਦੇਹ''। ਕਮਰੂ ਹਵੇਲੀ ਦੇ ਬੂਹੇ ਅੱਗੇ ਸਮਾਨ ਲੈ ਕੇ ਬਹਿ ਗਿਆ ਤੇ ਦੁਪਹਿਰ ਤੀਕਰ ਸਾਰਾ ਕੰਮ ਪੂਰਾ ਕਰ ਦਿੱਤਾ। ਫ਼ਰਖੰਦਾ ਨੇ ਹਵੇਲੀ ਦਾ ਬੂਹਾ ਥੋੜ੍ਹਾ ਜਿਹਾ ਖੋਲ੍ਹ ਕੇ ਵੇਖਿਆ ਸਾਰੇ ਪੀਪੇ ਕੁੰਡੀਆਂ ਸਮੇਤ ਤਿਆਰ ਸਨ। ਪੈਸੇ ਪੁੱਛੇ, ਕਹਿਣ ਲੱਗਾ, ''ਪੌਣੇ ਦੋ ਰੁਪਏ।'' ਫ਼ਰਖੰਦਾ ਨੂੰ ਇੰਨੇ ਸਾਰੇ ਕੰਮ ਦੇ ਸਿਰਫ ਪੌਣੇ ਦੋ ਰੁਪਏ ਦੇਣੇ ਪਸੰਦ ਨਾ ਆਏ, ਉਹਨੇ ਪੁਰਾਣੇ ਰੇਸ਼ਮੀ ਕੱਪੜਿਆਂ ਦਾ ਜੋੜਾ, ਰਾਤ ਦੀਆਂ ਰੋਟੀਆਂ ਤੇ ਬਹੁਤ ਸਾਰਾ ਸਾਗ ਇਕ ਕਾਗਜ਼ ਵਿਚ ਲਪੇਟਿਆ ਤੇ ਸਾਰਾ ਕੁੱਝ ਮਜ਼ਦੂਰੀ ਦੇ ਪੈਸਿਆਂ ਦੇ ਨਾਲ ਉਹਨੂੰ ਦੇ ਦਿੱਤਾ। ਕਮਰੂ ਬਹੁਤ ਖੁਸ਼ ਹੋਇਆ ਤੇ ਜਾਗੀਰਦਾਰਨੀ ਨੂੰ ਦੁਆਵਾਂ ਦਿੰਦਾ ਹੋਇਆ ਘਰ ਚਲਾ ਗਿਆ। 
----------
ਜਦੋਂ ਪਾਕਿਸਤਾਨ ਬਣਨ ਦੀ ਖਬਰ ਆਈ ਤੇ ਸਾਰੇ ਗ਼ਰੀਬ-ਗੁਰਬੇ ਆਪਣੀਆਂ ਗੱਠੜੀਆਂ ਸਿਰਾਂ 'ਤੇ ਧਰ ਕੇ ਪਾਕਿਸਤਾਨ ਵੱਲ ਤੁਰ ਪਏ ਤੇ ਥੋੜ੍ਹੇ ਦਿਨਾਂ ਵਿਚ ਈ, ਸਿਵਾਏ ਜਾਗੀਰਦਾਰ ਤੇ ਰਈਸਾਂ ਦੇ ਕੋਈ ਵੀ ਮੁਸਲਮਾਨ ਉਸ ਇਲਾਕੇ ਵਿਚ ਨਾ ਰਿਹਾ। 
ਫ਼ਰਖ਼ੰਦਾ ਦਾ ਸ਼ੌਹਰ, ਪਾਕਿਸਤਾਨ ਨਹੀਂ ਸੀ ਆਉਣਾ ਚਾਹੁੰਦਾ। ਕਿਉਂਕਿ ਜੋ, ਉਹਨੇ ਸੁਣਿਆ ਸੀ ਕਿ ਅੰਗਰੇਜ਼ਾਂ ਦੀ ਬਖਸ਼ੀ ਜਾਗੀਰ ਦੇ ਥਾਂ ਪਾਕਿਸਤਾਨ ਵਿਚ ਨਵੀਂ ਜਾਗੀਰ ਨਹੀਂ ਮਿਲੇਗੀ। ਏਸੇ ਸ਼ਸ਼ੋਪੰਜ ਵਿਚ ਕਈ ਹਫਤੇ ਲੰਘ ਗਏ। ਇਕ ਦਿਨ ਨਾਲ ਦੇ ਪਿੰਡ ਦਾ ਮੁਸਲਮਾਨ ਰਈਸ, ਆਪਣੇ ਟੱਬਰ ਸਮੇਤ ਫ਼ਰਖ਼ੰਦਾ ਦੇ ਘਰ ਪਨਾਹ ਲੈਣ ਲਈ ਆਇਆ। ਉਹਦੀਆਂ ਔਰਤਾਂ ਨੇ ਫ਼ਰਖੰਦਾ ਨੂੰ ਦੱਸਿਆ, ਪਈ ਉਹਨਾਂ ਦੇ ਆਪਣੇ ਹਿੰਦੂ ਨੌਕਰਾਂ ਨੇ ਉਹਨਾਂ ਦਾ ਘਰ ਬਾਲ ਦਿੱਤਾ ਏ, ਉਹਨਾਂ ਕੋਲੋਂ ਸਭ ਕੁੱਝ ਖੋਹ ਕੇ ਪਿੰਡੋਂ ਕੱਢ ਦਿੱਤਾ ਏ। ਹੁਣ ਫ਼ਰਖ਼ੰਦਾ ਤੇ ਉਸਦੇ ਸ਼ੌਹਰ ਨੂੰ ਫ਼ਿਕਰ ਪਈ, ਤੇ ਉਹਨਾਂ ਪਿੰਡ ਛੱਡਣ ਦਾ ਮਨਸੂਬਾ ਸੋਚਣਾ ਸ਼ੁਰੂ ਕਰ ਦਿੱਤਾ। ਦੁਪਹਿਰ ਦਾ ਵਕਤ ਸੀ, ਜਾਗੀਰਦਾਰ ਦਾ ਹਾਲੀ, ਕਿਸ਼ਨ ਆਇਆ ਤੇ ਕਹਿਣ ਲੱਗਾ, ''ਚੌਧਰੀ ਜੀ। ਮੈਂ ਤੇ ਮੇਰੇ ਬਾਪ-ਦਾਦਿਆਂ ਨੇ ਤੁਹਾਡਾ ਨਮਕ ਖਾਧਾ ਏ, ਏਸ ਵਾਸਤੇ ਮੈਂ ਤੁਹਾਨੂੰ ਇਕ ਭੇਦ ਦੱਸਣ ਲੱਗਾ ਵਾਂ, ਪਰ ਮੇਰਾ ਨਾਂ, ਨਾ ਕਿਸੇ ਨੂੰ ਦੱਸਿਓ, ਨਹੀਂ ਤੇ ਦੂਜੇ ਹਿੰਦੂਆਂ ਨੇ ਮੈਨੂੰ ਮਾਰ ਸੁੱਟਣਾਂ ਏ। ਗੱਲ ਇਹ ਵੇ ਕਿ ਚੌਧਰੀ ਜੀ। ਪਈ ਕੱਲ੍ਹ ਸਾਡਾ ਇਕ 'ਕੱਠ ਹੋਇਆ ਸੀ, ਰੰਘੜ੍ਹਾਂ ਦੀ ਹਵੇਲੀ ਵਿਚ। ਉਥੇ ਇਹ ਫੈਸਲਾ ਹੋਇਆ ਸੀ ਕਿ ਅੱਜ ਰਾਤੀਂ ਤੁਹਾਡੀ ਹਵੇਲੀ ਵਿਚ ਅੱਗ ਲਾ ਕੇ ਸਾਰਿਆਂ ਨੂੰ ਭੁੰਨ ਛੱਡਣਾ ਏ, ਤੇ ਚੌਧਰੀ ਜੀ, ਆਪਣਾ ਬਚਾ ਕਰ ਲਓ?'' ਇਹ ਕਹਿ ਕੇ ਕਿਸ਼ਨ ਲੁਕਦਾ ਛਿਪਦਾ ਹਵੇਲੀ ਤੋਂ ਬਾਹਰ ਨਿਕਲ ਗਿਆ ਤੇ ਫ਼ਰਖੰਦਾ ਦੇ ਸ਼ੌਹਰ ਨੇ ਛੇਤੀ ਨਾਲ ਇਕ ਬੈਲਗੱਡੀ ਵਿਚ ਸਮਾਨ ਲੱਦਿਆ ਤੇ ਬਾਕੀਆਂ ਵਿਚ ਔਰਤਾਂ ਤੇ ਬੱਚਿਆਂ ਨੂੰ ਬਿਠਾ ਲਿਆ ਤੇ ਮਰਦ ਪੈਦਲ ਤੁਰਦੇ ਹੋਏ ਪਿੰਡੋਂ ਬਾਹਰ ਨਿਕਲ ਆਏ। 
ਖਿਆਲ ਸੀ ਸਾਰੀ ਰਾਤ ਤੁਰਦੇ ਰਹਿਣਗੇ ਤੇ ਅਗਲੇ ਦਿਨ ਸਵੇਰ ਤੀਕਰ ਵੱਡੇ ਸ਼ਹਿਰ ਦੇ ਸਟੇਸ਼ਨ ਤੇ ਪੁੱਜ ਜਾਣਗੇ। ਪਰ ਅਜੇ ਦੋ ਮੀਲ ਗਏ ਹੋਣਗੇ ਕਿ ਕਿਸ਼ਨ ਹਾਲੀ, ਫੇਰ ਇਕ ਝਾੜੀ ਦੇ ਪਿੱਛੋਂ ਨਿਕਲਿਆ ਤੇ ਜਾਗੀਰਦਾਰ ਨੂੰ ਇਕ ਪਾਸੇ ਲਿਜਾ ਕੇ ਕਹਿਣ ਲੱਗਾ, ''ਤੁਹਾਡੇ ਦਾਦੇ ਨੇ ਸਾਨੂੰ ਪੱਲਿਓਂ ਕੋਠਾ ਪਵਾ ਕੇ ਦਿੱਤਾ ਸੀ, ਤੁਹਾਡੇ ਬਾਪ ਨੇ ਮੇਰੀਆਂ ਦੋਵੇਂ ਭੈਣਾਂ ਦੇ ਵਿਆਹ ਵਿਚ ਖਰਚ ਝੱਲਿਆ ਸੀ। ਚੌਧਰੀ ਜੀ! ਮੈਂ ਤੁਹਾਡੇ ਨਾਲ ਇਕ ਹੋਰ ਨੇਕੀ ਕਰਨਾ ਚਾਹੁੰਦਾ ਹਾਂ। ਵੱਡੇ ਸ਼ਹਿਰ ਦੇ ਸਟੇਸ਼ਨ ਤੇ ਬਿਲਕੁਲ ਨਾ ਜਾਇਓ। ਸਾਡੇ ਪਿੰਡ ਦੇ ਸਾਰੇ ਜਵਾਨ ਲਾਠੀਆਂ, ਛਵੀਆਂ ਤੇ ਬੰਦੂਕਾਂ ਲੈ ਕੇ ਸਟੇਸ਼ਨ ਦੇ ਕੋਲ ਬੈਠੇ ਹੋਏ ਨੇ। ਉਹਨਾਂ ਤੁਹਾਨੂੰ ਸਾਰਿਆਂ ਨੂੰ ਮਾਰ ਸੁੱਟਣਾ ਏ। ਪਰ ਰਾਹ ਵਿਚ ਸੱਜੇ ਹੱਥ ਮੁੜ ਕੇ ਜਿਹੜਾ ਸੈਦਾਂ ਦਾ ਕਸਬਾ ਆਉਂਦਾ ਏ, ਓਸ ਵੱਲ ਜਾਣਾ। ਇਲਾਕੇ ਦੇ ਹੋਰ ਸਾਰੇ ਮੁਸਲਮਾਨ ਵੀ ਉਥੇ ਜਮ੍ਹਾਂ ਹੋ ਗਏ ਨੇ। ਤੁਹਾਡਾ ਬਚਾ ਹੋ ਜਾਵੇਗਾ।'' ਇਹ  ਕਹਿ ਕੇ ਕਿਸ਼ਨ ਹਾਲੀ, ਫੇਰ ਝਾੜੀਆਂ ਵਿਚ ਜਾ ਲੁਕਿਆ ਤੇ ਜਾਗੀਰਦਾਰ ਨੇ ਆਪਣਾ ਕਾਫ਼ਲਾ ਸੈਦਾਂ ਦੇ ਪਿੰਡ ਵੱਲ ਮੋੜ ਦਿੱਤਾ। ਉਥੇ ਜਾ ਕੇ ਪਤਾ ਲੱਗਾ ਕਿ ਬਹੁਤ ਵੱਡਾ ਕੈਂਪ ਖੁੱਲ੍ਹਾ ਹੋਇਆ ਏ ਤੇ ਸਾਰੇ ਇਲਾਕੇ ਦੇ ਬਚੇ ਖੁਚੇ ਮੁਸਲਮਾਨ ਕਾਫ਼ਲੇ ਬਣਾ ਕੇ ਉਥੇ ਆਉਂਦੇ ਪਏ ਨੇ। 
ਪਾਕਿਸਤਾਨ ਜਾਣ ਦੀ ਕਈ ਵਾਰੀ ਕੋਸ਼ਿਸ਼ ਕੀਤੀ ਗਈ ਪਰ ਸਾਰੇ ਰਾਹ ਬੰਦ ਸਨ। ਰੇਲਾਂ ਦੇ ਮੁਸਫਰਾਂ ਨੂੰ ਫਸਾਦੀ ਲੋਕ ਪਾਕਿਸਤਾਨ ਪਹੁੰਚਣ ਤੋਂ ਪਹਿਲਾਂ ਈ ਕਤਲ ਕਰ ਛੱਡਦੇ ਸਨ, ਮੋਟਰਾਂ ਲਾਰੀਆਂ ਨੂੰ ਰਾਹ ਵਿਚ ਈ ਲੁੱਟਿਆ ਜਾਂਦਾ ਸੀ। 
ਕਮਰੂ ਤੇ ਦੁੰਬੀ ਕਿਵੇਂ ਨਾ ਕਿਵੇਂ ਜਦੋਂ ਲਾਹੌਰ ਪਹੁੰਚੇ ਤਾਂ ਹਰ ਪਾਸੇ ਖਾਮੋਸ਼ੀ ਸੀ। ਹਿੰਦੂ ਜਾ ਚੁੱਕੇ ਸਨ ਤੇ ਮੁਸਲਮਾਨਾਂ ਦੇ ਕਾਫ਼ਲੇ ਅਜੇ ਨਹੀਂ ਸਨ ਪਹੁੰਚੇ। ਮਕਾਨ, ਦੁਕਾਨ ਤੇ ਕਾਰਖਾਨੇ ਸਭ ਖਾਲੀ ਪਏ ਸਨ। ਸ਼ਾਮ ਦਾ ਵਕਤ ਸੀ, ਕਮਰੂ ਪੁਰਾਣੀ ਅਨਾਰਕਲੀ ਵਿਚੋਂ ਪਿਆ ਲੰਘਦਾ ਸੀ, ਜਦੋਂ ਉਹਨੂੰ ਟੀਨ ਵਾਲੇ ਦੀ ਦੁਕਾਨ ਲੱਭੀ। ਕਮਰੂ ਕਹਿਣ ਲੱਗਾ, ''ਭਰਾ ਮੈਨੂੰ ਵੀ ਕੋਈ ਹੱਟੀ ਲੈ ਦੇ, ਟੀਨ ਦਾ ਕੰਮ ਤੇ ਮੈਨੂੰ ਵੀ ਆਉਂਦਾ ਏ।'' ਟੀਨ ਸਾਜ਼ ਪੁੱਛਣ ਲੱਗਾ, ''ਕਿ ਮੁਹਾਜ਼ਰ ਏਂ?''
ਕਮਰੂ ਕਹਿਣ ਲੱਗਾ ''ਹਾਂ''। 
ਤਾਂ ਉਹ ਬੋਲਿਆ, ''ਫਿਰ ਕੰਮ ਬਣ ਜਾਏਗਾ। ਏਸ ਇਲਾਕੇ ਵਿਚ ਟੀਨ ਦਾ ਵੱਡਾ ਕਾਰਖਾਨਾ ਏ। ਮਾਲਕ ਇੰਡੀਆ ਚਲਾ ਗਿਆ ਏ। ਤੂੰ ਉਹਨੂੰ ਅਲਾਟ ਕਰਾ ਲੈ। ਮੈਂ ਤੇਰੇ ਨਾਲ ਕੰਮ ਕਰਾਂਗਾ। ''
ਉਸੇ ਰਾਤੀਂ ਉਹਨਾਂ ਨੇ ਬੂਹਾ ਖੋਲਿਆ ਤੇ ਸਾਰੇ ਸਮਾਨ ਉਤੇ ਕਬਜ਼ਾ ਕਰ ਲਿਆ। ਟੀਨ ਦੇ ਕਾਰਖਾਨੇ ਨਾਲ ਇਕ ਖਰਾਦ ਵੀ ਸੀ ਤੇ ਇਕ ਆਟਾ ਪੀਹਣ ਵਾਲੀ ਮਸ਼ੀਨ। 
ਕਮਰੂ ਮਿਹਨਤੀ ਆਦਮੀ ਸੀ। ਉਹਨੇ ਸਾਰੇ ਕੰਮ ਇਕੋ ਵਾਰੀ ਚਾਲੂ ਕਰ ਦਿੱਤੇ ਤੇ ਥੋੜ੍ਹੇ ਦਿਨਾਂ ਵਿਚ, ਉਹ ਇਲਾਕਾ ਕਾਰਖਾਨੇ, ਖਰਾਦ ਤੇ ਆਟੇ ਮਸ਼ੀਨ ਦੀਆਂ ਆਵਾਜ਼ਾਂ ਨਾਲ ਗੂੰਜਣ ਲੱਗ ਪਿਆ। 
ਤਿੰਨ ਮਹੀਨੇ ਹੋਰ ਲੰਘ ਗਏ, ਫਰਖੰਦਾ ਕੈਂਪ ਵਿਚ ਈ ਬੀਮਾਰ ਹੋ ਗਈ। ਬੱਚੇ ਵੀ ਪੀਲੇ ਪੈ ਗਏ, ਪਰ ਪਾਕਿਸਤਾਨ ਜਾਣ ਦਾ ਕੋਈ ਸਾਮਾਨ ਨਾ ਬਣਿਆ। ਆਖਰ ਇਕ ਦਿਨ ਜਾਗੀਰਦਾਰ ਨੇ ਖੁਸ਼ਖਬਰੀ ਸੁਣਾਈ ਕਿ ਪਾਕਿਸਤਾਨ ਤੋਂ ਇਕ ਫ਼ੌਜ ਦੀ ਪਲਟਨ ਟਰੱਕ ਲੈ ਕੇ ਆਈ ਏ ਤੇ ਇਸ ਇਲਾਕੇ ਦੇ ਮੁਸਲਮਾਨਾਂ ਨੂੰ ਹਿਫਾਜ਼ਤ ਨਾਲ ਪਾਕਿਸਤਾਨ ਲੈ ਜਾਵੇਗੀ। 
ਦਸੰਬਰ ਦਾ ਮਹੀਨਾ ਸੀ, ਜਦੋਂ ਫ਼ਰਖੰਦਾ ਲਾਹੌਰ ਪਹੁੰਚੀ। ਸਾਰਾ ਸ਼ਹਿਰ ਉਹਨਾਂ ਮੁਹਾਜ਼ਰਾਂ ਦੇ ਕਬਜ਼ੇ ਵਿਚ ਆ ਚੁੱਕਾ ਸੀ ਜਿਹੜੇ ਪਾਕਿਸਤਾਨ ਬਣਦਿਆਂ ਈ ਏਧਰ ਆ ਗਏ ਸਨ। ਕਈਆਂ ਮਹੀਨਿਆਂ ਦੀ ਤਲਾਸ਼ ਤੋਂ ਬਾਅਦ ਸਿਰ ਲੁਕਾਣ ਨੂੰ ਮਕਾਨ ਤੇ ਮਿਲ ਗਿਆ, ਪਰ ਹੋਰ ਕੁੱਝ ਨਾ ਮਿਲਿਆ। ਫ਼ਰਖ਼ੰਦਾ ਦੇ ਸ਼ੌਹਰ ਨੂੰ ਆਪਣੀ ਜਾਗੀਰ ਦੀ ਬਹੁਤ ਯਾਦ ਆਉਂਦੀ ਸੀ, ਜਿਥੇ ਲੋਕ ਉਹਨੂੰ ਵੇਖ ਕੇ ਹੱਥ ਬੰਨ੍ਹ ਲੈਂਦੇ ਸਨ ਤੇ ਜਿੱਥੇ ਹਰ ਸਖਸ਼ ਉਹਨੂੰ ਮਾਈ-ਬਾਪ ਤੇ ਖੁਦਾਵੰਦ ਕਹਿ ਕੇ ਬੁਲਾਦਾਂ ਸੀ। ਉਹ ਸੋਚਦਾ ਸੀ, 'ਪਾਕਿਸਤਾਨ ਦੇ ਲੋਕ ਕੇਡੇ ਉਜੱਡ ਨੇ? ਏਥੇ ਦੇ ਗਰੀਬਾਂ ਦੇ ਦਿਮਾਗ ਵੀ ਅਸਮਾਨ 'ਤੇ ਰਹਿੰਦੇ ਨੇ।'
ਫ਼ਰਖ਼ੰਦਾ ਨੇ ਉਹਨੂੰ ਸਮਝਾਣ ਦੀ ਕੋਸ਼ਿਸ਼ ਕੀਤੀ ਕਿ 'ਪਾਕਿਸਤਾਨ ਇਕ ਆਜ਼ਾਦ ਮੁਲਕ ਏ, ਏਥੇ ਸਭ ਬਰਾਬਰ ਨੇ।' ਸਾਰੇ ਆਪੋ ਆਪਣੇ ਕੰਮ ਕਰਦੇ ਨੇ ਤੇ ਇੱਜ਼ਤ ਨਾਲ ਰਹਿੰਦੇ ਨੇ। 
ਉਸ ਨੇ ਆਖਿਆ, 'ਸਾਨੂੰ ਵੀ ਹੁਣ ਜਾਗੀਰਦਾਰਾਂ ਵਾਲੀਆਂ ਆਦਤਾਂ ਛੱਡ ਕੇ ਅਵਾਮ ਵਿਚ ਸ਼ਾਮਲ ਹੋਣਾ ਚਾਹੀਦਾ ਏ ਤੇ ਮਿਹਨਤ ਨਾਲ ਆਪਣੀ ਨਵੀਂ ਜ਼ਿੰਦਗੀ ਬਨਾਣੀ ਚਾਹੀਦੀ ਏ।' ਪਰ ਜਾਗੀਰਦਾਰ ਨੇ ਆਪਣੀਆਂ ਆਦਤਾਂ ਠੀਕ ਨਾ ਕੀਤੀਆਂ ਤੇ ਘਰ ਦੀ ਹਾਲਤ ਦਿਨ-ਬਦਿਨ, ਬਦਤਰ ਹੁੰਦੀ ਗਈ। 
ਫ਼ਰਖ਼ੰਦਾ ਨੂੰ ਆਪਣੇ ਮੁਸਤਕਬਿਲ ਦੀ ਫ਼ਿਕਰ ਪਈ ਤੇ ਹਰ ਪਾਸਿਓਂ ਮਾਯੂਸ ਹੋ ਕੇ ਉਹਨੇ ਆਪਣੇ ਘਰ ਦੇ ਇਕ ਕਮਰੇ ਵਿਚ ਲੜਕੀਆਂ ਦਾ ਸਕੂਲ ਖੋਲ੍ਹ ਲਿਆ। ਸ਼ਹਿਰ ਦੀ ਅਬਾਦੀ ਵੱਧ ਗਈ ਸੀ, ਸਕੂਲ ਥੋੜੇ ਸਨ। ਥੋੜ੍ਹੇ ਅਰਸੇ ਵਿਚ ਈ ਫ਼ਰਖ਼ੰਦਾ ਦੇ ਸਕੂਲ ਵਿਚ ਬਹੁਤ ਰੌਣਕ ਲੱਗ ਗਈ। 
ਦਸ ਵਰ੍ਹੇ ਲੰਘ ਗਏ। ਫ਼ਰਖ਼ੰਦਾ ਦਾ ਸਕੂਲ ਹੁਣ ਹਾਈ ਹੋ ਚੁੱਕਿਆ ਸੀ ਪਰ ਉਹਦੀਆਂ ਪ੍ਰੇਸ਼ਾਨੀਆਂ ਖਤਮ ਨਹੀਂ ਸਨ ਹੋਈਆਂ। ਜਾਗੀਰਦਾਰ ਕੰਮ ਦਾ ਬੰਦਾ ਹੁੰਦਾ ਤੇ ਸਕੂਲ ਬਹੁਤ ਤਰੱਕੀ ਕਰ ਜਾਂਦਾ, ਕਿਉਂ ਜੋ ਬਹੁਤੇ ਕੰਮ ਅਜਿਹੇ ਹੁੰਦੇ ਨੇ ਜੋ ਮਰਦ ਹੀ ਕਰਨ ਤੇ ਸਕੂਲ ਕਾਮਯਾਬ ਹੁੰਦੇ ਨੇ। ਪਰ ਜਾਗੀਰਦਾਰ ਨੂੰ ਕੋਈ ਫਿਕਰ ਨਹੀਂ ਸੀ। ਉਹ ਤੇ ਇੰਨਾ ਹੀ ਕਮਾਂਦਾ ਸੀ ਕਿ ਉਹਦੇ ਨਾਲ ਆਪਣੇ ਪਾਨ ਤੇ ਸਿਗਰਟ ਚੱਲਦੇ ਜਾਣ ਤੇ ਬਾਕੀ ਵਕਤ ਆਪਣਿਆਂ ਦੋਸਤਾਂ ਵਿਚ ਬਹਿ ਕੇ ਆਪਣੇ ਮਾਜ਼ੀ ਦੇ ਝੂਠੇ ਸੱਚੇ ਕਿੱਸੇ ਸੁਣਾ ਕੇ ਰੋਹਬ ਪਾਉਂਦਾ ਰਹਿੰਦਾ ਸੀ। 
ਸਕੂਲ ਲਈ ਹੋਰ ਦੋ ਕਮਰਿਆਂ ਦੀ ਲੋੜ ਸੀ। ਨਾਲੇ ਗਰਮੀਆਂ ਵਿਚ ਪੱਖਿਆਂ ਬਗੈਰ ਨਹੀਂ ਸੀ ਰਹਿ ਹੁੰਦਾ। ਫ਼ਰਖ਼ੰਦਾ ਦੀ ਆਮਦਨੀ ਖਰਚ ਬਰਾਬਰ ਰਹਿੰਦਾ ਸੀ। ਨਵੇਂ ਕਮਰੇ ਕੌਣ ਬਣਵਾਂਦਾ? ਇਕ ਦਿਨ ਪਤਾ ਲੱਗਾ ਕਿ ਸਕੂਲ ਕੋਲ ਜਿਹੜੀ ਖਾਲੀ ਜ਼ਮੀਨ ਸੀ, ਉਹ ਕਿਸੇ ਹਾਜੀ ਸਾਹਿਬ ਨੇ ਖਰੀਦ ਲਈ ਏ। ਇਕ ਉਸਤਾਦਨੀ ਕਹਿਣ ਲੱਗੀ, ''ਆਪਾ ਜੀ! ਤੁਸੀਂ ਹਾਜ਼ੀ ਸਾਹਬ ਨੂੰ ਮਿਲੋ, ਉਹ ਬੜੇ ਦਿਆਲੂ ਸੁਣੀਂਦੇ ਨੇ। ਖੌਰੇ! ਬੱਚਿਆਂ ਦੇ ਸਕੂਲ ਲਈ ਥੋੜ੍ਹੀ ਜਿਹੀ ਜ਼ਮੀਨ ਦੇ ਦੇਣ? ਤੇ ਨਾਲੇ ਉਹਨਾਂ ਦੀ ਬੇਗਮ ਨੂੰ 'ਜਲਸਾ-ਏ-ਇਨਾਮਾਤ' ਲਈ ਬੁਲਾਓ, ਸ਼ਾਇਦ ਪੱਖਿਆਂ ਲਈ ਵੀ ਕੋਈ ਇੰਤਜਾਮ ਹੋ ਜਾਵੇ? ਫ਼ਰਖ਼ੰਦਾ ਨੂੰ ਗੱਲ ਪਸੰਦ ਆਈ। 
ਅਗਲੇ ਦਿਨ ਉਸ ਨੇ ਆਪਣਾ ਬੁਰਕਾ, ਇਸਤਰੀ ਕਰਕੇ ਪਹਿਨਿਆ ਤੇ ਹਾਜੀ ਸਾਹਬ ਦੀ ਕੋਠੀ ਵੱਲ ਰਵਾਨਾ ਹੋ ਗਈ। ਮੁਲਾਜ਼ਮ ਨੇ ਜਿਸ ਕਮਰੇ ਵਿਚ ਉਹਨੂੰ ਬਿਠਾਇਆ ਉਥੇ ਇਕ ਬੰਦਾ ਬੈਠਾ ਸੀ ਜੋ ਇਹਨੂੰ ਜਾਣੂੰ ਮਾਲੂਮ ਹੋਇਆ। ਗੌਰ ਨਾਲ ਤੱਕਿਆ ਤੇ 'ਕਮਰੂ' ਨਿਕਲਿਆ। ਫ਼ਰਖ਼ੰਦਾ ਖੁਸ਼ ਹੋ ਗਈ, ਜੇ ਕਮਰੂ ਵੀ ਇੱਥੇ ਕੰਮ ਕਰਦਾ ਏ ਤੇ ਹਾਜ਼ੀ ਸਾਹਿਬ ਨਾਲ ਗੱਲ ਕਰਨੀ ਬਹੁਤ ਆਸਾਨ ਹੋ ਜਾਵੇਗੀ। 
''ਜੀ'', ਕਮਰੂ ਨੇ ਪੁੱਛਿਆ। 
''ਮੈਂ ਹਾਜੀ ਸਾਹਿਬ ਨਾਲ ਗੱਲ ਕਰਨੀ ਏ।'' ਫ਼ਰਖ਼ੰਦਾ ਨੇ ਆਖਿਆ। 
''ਜੀ ਕਰੋ ਗੱਲ'', ਕਮਰੂ ਨੇ ਆਪਣੀ ਸੁਨਿਹਰੀ ਘੜੀ ਵੱਲ ਵੇਖਦਿਆਂ ਆਖਿਆ। 
ਫ਼ਰਖੰਦਾ ਨੇ ਬੁਰਕਾ ਚੁੱਕ ਦਿੱਤਾ ਤੇ ਕਹਿਣ ਲੱਗੀ, ''ਕਮਰੂ! ਮੈਂ ਹਾਜੀ ਸਾਹਿਬ ਨਾਲ ਗੱਲ ਕਰਨੀ ਏ।''
ਕਮਰੂ ਪਹਿਲੇ ਤੇ ਹੈਰਾਨ ਹੋਇਆ ਫਿਰ ਫ਼ਰਖ਼ੰਦਾ ਨੂੰ ਪਹਿਚਾਣ ਕੇ ਕਹਿਣ ਲੱਗਾ, ''ਕੀ ਹਾਲ ਏ ਆਪਾ ਜੀ?'' ਫੇਰ ਆਪਣੀ ਜੇਬ ਵਿਚੋਂ ਇਕ ਸੁਨਹਿਰੇ ਹਾਸ਼ੀਏ ਵਾਲਾ ਮੁਲਾਕਾਤੀ ਕਾਰਡ ਕੱਢ ਕੇ ਉਹਦੇ ਸਾਹਮਣੇ ਰੱਖ ਦਿੱਤਾ। 
ਫ਼ਰਖੰਦਾ ਨੇ ਪੜ੍ਹਿਆ, 'ਹਾਜੀ ਸ਼ੇਖ-ਕਮਰ-ਓ-ਦੀਨ' ਠੇਕੇਦਾਰ। ਫ਼ਰਖੰਦਾ ਨੇ ਸਿਰ ਉਚਾ ਕਰ ਕੇ ਕਮਰੂ ਵੱਲ ਤੱਕਿਆ। ਉਹ ਮੁਸਕਰਾ ਕੇ ਕਹਿਣ ਲੱਗਾ, ''ਅਸੀਂ ਤੁਹਾਡੀ ਕੀ ਖਿਦਮਤ ਕਰ ਸਕਦੇ ਹਾਂ?''
ਫ਼ਰਖੰਦਾ ਨੇ ਸਾਰੀ ਸੂਰਤੇ-ਹਾਲ ਦੱਸੀ ਤੇ ਨਾਲੇ ਆਖਿਆ, ''ਅਸੀਂ ਤੁਹਾਡੀ ਬੇਗਮ ਨੂੰ ਜਲਸਾ-ਏ-ਇਨਾਮਾਤ ਤੇ ਬੁਲਾਣਾ ਚਾਹੁੰਦੇ ਹਾਂ।''
ਕਮਰੂ ਕਹਿਣ ਲੱਗਾ, ''ਆਪਾ ਜੀ! ਮੈਂ ਤੁਹਾਨੂੰ ਆਪਣੇ ਰਿਸ਼ਤੇਦਾਰਾਂ ਦੇ ਬਰਾਬਰ ਸਮਝਦਾ ਵਾਂ। ਮੈਂ ਤੁਹਾਨੂੰ ਨਾ ਸਿਰਫ ਪੰਜ ਮਰਲੇ ਜ਼ਮੀਨ ਈ ਦਿਆਂਗਾ, ਬਲਕਿ ਕਮਰੇ ਬਨਾਣ ਵਿਚ ਵੀ ਇਮਦਾਦ ਕਰਾਂਗਾਂ, ਤੇ ਨਾਲੇ ਮਿਸਿਜ਼ 'ਸ਼ੇਖ ਕਮਰੁਦੀਨ' ਵੀ ਦਾਵਤ ਤੇ ਜਲਸਾ-ਏ-ਇਨਾਮਾਤ ਵਿਚ, ਮਹਿਮਾਨ-ਏ-ਖਸੂਸੀ ਦੇ ਤੌਰ 'ਤੇ ਸ਼ਿਰਕਤ ਕਰੇਗੀ।''
ਫ਼ਰਖ਼ੰਦਾ ਘਰ ਵਾਪਸ ਪਈ ਆਉਂਦੀ ਸੀ ਤੇ ਉਹਨੂੰ ਖੌਰੇ ਸੜਕ ਦੀਆਂ ਸਾਰੀਆਂ ਚੀਜ਼ਾਂ ਕਦੀ ਖੱਬੇ ਤੇ ਕਦੀ ਸੱਜੇ ਦੌੜਦੀਆਂ ਪਈਆਂ ਲੱਗਦੀਆਂ ਸਨ। 'ਏਹ! ਮੈਨੂੰ ਕੀ ਹੋ ਗਿਆ ਏ?' ਉਹਨੇ ਆਪਣੇ ਸੀਨੇ 'ਤੇ ਹੱਥ ਧਰ ਕੇ ਆਖਿਆ। 'ਮੇਰੀਆਂ ਲੱਤਾਂ ਕਿਉਂ ਕੰਬਦੀਆਂ ਨੇ, ਮੇਰਾ ਸਿਰ ਪਿਆ ਕਿਉਂ ਚਕਰਾਂਦਾ ਏ?'
ਜਲਸਾ-ਏ-ਇਨਾਮਾਤ ਦਾ ਇੰਤਜ਼ਾਮ ਮੁਕੰਮਲ ਹੋ ਗਿਆ ਸੀ। ਇਕ ਲੰਮੀ ਕਾਰ ਬੂਹੇ ਅੱਗੇ ਆ ਕੇ ਖਲੋਤੀ ਤੇ ਮਹਿਮਾਨ-ਏ-ਖਸੂਸੀ ਬਾਹਰ ਨਿਕਲੀ। ਕੁਝ ਤੇ ਦੁੰਬੀ ਦਾ ਰੰਗ ਈ ਗੋਰਾ ਸੀ, ਉਤੋਂ ਪਾਊਡਰ, ਸੁਨਿਹਰੇ ਜ਼ੇਵਰਾਂ ਤੇ ਝਿਲਮਲ ਕਰਦੇ ਗਰਾਰਾ ਸੂਟ ਨੇ ਗਜ਼ਬ ਕਰ ਦਿੱਤਾ ਸੀ। ਉਹਦਾ ਰੂਪ ਝੱਲਿਆ ਨਹੀਂ ਸੀ ਜਾਂਦਾ....। ਫ਼ਰਖ਼ੰਦਾ ਨੇ ਅਗਾਂਹ ਵੱਧ ਕੇ ਉਹਦੇ ਗੱਲ ਵਿਚ ਗੋਟੇ ਦਾ ਹਾਰ ਪਾ ਦਿੱਤਾ। ਜਲਸੇ ਦੇ ਅਖੀਰ ਵਿਚ ਮਹਿਮਾਨ-ਏ-ਖਸੂਸੀ ਨੇ ਦੋ ਪੱਖੇ ਸਕੂਲ ਨੂੰ ਦੇਣ ਦਾ ਐਲਾਨ ਕੀਤਾ ਤੇ ਜਲਸਾ ਤਾੜੀਆਂ ਦੀ ਗੂੰਜ ਵਿਚ ਖ਼ਤਮ ਹੋ ਗਿਆ। 
ਦੁੰਬੀ, ਜਦੋਂ ਚਾਹ ਪੀ ਚੁੱਕੀ, ਤਾਂ ਉਸ ਨੇ ਫ਼ਰਖੰਦਾ ਨੂੰ ਦੱਸਿਆ ਪਈ,  'ਉਹਦਾ ਲੜਕਾ 'ਕ੍ਰਸ਼ਿਚੀਅਨ ਕਾਲਜ'  'ਚ ਤੇ ਕੁੜੀਆਂ 'ਕਵੀਨ ਮੇਰੀ' 'ਚ ਪੜ੍ਹਦੀਆਂ ਨੇ। ਫੇਰ ਕਹਿਣ ਲੱਗੀ ਇਨ੍ਹਾਂ ਸਕੂਲਾਂ ਦੀ ਅੰਗਰੇਜ਼ੀ ਬਹੁਤ ਹਾਈ ਏ। ਅਸੀਂ ਚਾਹੁੰਨੇ ਆਂ, ਤੁਸੀਂ ਸਾਡੇ ਬੱਚਿਆਂ ਨੂੰ ਰੋਜ਼ਾਨਾ ਇਕ ਘੰਟਾ ਪੜ੍ਹਾ ਦਿਓ, ਪੰਜਾਹ ਰੁਪਏ ਮਹੀਨਾ ਫੀਸ ਹੋਵੇਗੀ, ਕੋਠੀ ਦੇ ਇਕ ਵੱਖਰੇ ਕਮਰੇ  ਵਿਚ ਬੈਠਣ ਦਾ ਇੰਤਜ਼ਾਮ ਹੋਵੇਗਾ। 
ਫ਼ਰਖ਼ੰਦਾ ਦੇ ਦਿਮਾਗ ਨੇ ਸੋਚਣਾਂ ਈ ਛੱਡ ਦਿੱਤਾ ਸੀ। ਨਹੀਂ ਤੇ ਦੁੰਬੀ ਦੇ ਬੱਚਿਆਂ ਨੂੰ ਘਰ ਜਾ ਕੇ ਪੜ੍ਹਾਣ ਦੇ ਖਿਆਲ ਨਾਲ ਈ ਉਹਨੂੰ ਗਸ਼ ਪੈ ਜਾਣੀ ਸੀ। ਉਹਨੇ ਮੁਸਕਰਾ ਕੇ ਸਿਰ ਹਿਲਾ ਦਿੱਤਾ ਤੇ ਫੇਰ ਮਹਿਮਾਨ-ਏ-ਖਸੂਸੀ, ਆਪਣੀ ਲੰਮੀ ਕਾਰ ਵਿਚ ਬਹਿ ਕੇ ਵਾਪਸ ਚਲੀ ਗਈ।
ਅਗਲੇ ਦਿਨ ਫ਼ਰਖੰਦਾ ਨੇ ਥੈਲੇ ਵਿਚ ਕੁਝ ਪੈਨਸਿਲਾਂ ਤੇ ਰਬੜ ਪਾਏ ਤੇ ਟਵੀਸ਼ਨ ਪੜ੍ਹਾਣ ਲਈ ਟੁਰ ਪਈ। ਜਦੋਂ ਉਹ ਹੱਥ ਵਿਚ ਥੈਲਾ ਫੜ ਕੇ ਹਾਜ਼ੀ ਸਾਹਿਬ ਦੇ ਲਾਅਨ ਵਿਚੋਂ ਲੰਘ ਕੇ ਕੋਠੀ ਵੱਲ ਪਈ ਤੁਰੀ ਜਾਂਦੀ ਸੀ ਤੇ ਉਹਨੂੰ ਇੰਝ ਲੱਗਾ ਕਿ, 'ਜਿਵੇਂ ਦੁੰਬੀ ਹੱਥ ਵਿਚ ਲੋਟਾ ਫੜ ਕੇ, ਜਾਗੀਰਦਾਰਾਂ ਦੇ ਘਰੋਂ ਲੱਸੀ ਲੈਣ ਪਈ ਜਾਂਦੀ ਹੋਵੇ.........!!!'



ਹਿੰਦ-ਪਾਕਿ ਰਿਸ਼ਤੇ ਦੇ ਨਾਂ
- ਮਦਨ ਵੀਰਾ 

ਨੇੜੇ ਹੋ ਕੇ ਵੀ 
ਦਿਨੋ ਦਿਨ
ਉਹ ਘੜੀ-ਉਹ ਪਲ
ਹੋਰ ਦੂਰ ਹੋ ਰਹੇ ਹਨ
ਜਿਨ੍ਹਾਂ ਪਲਾਂ ਦੀ ਤਲਾਸ਼
ਤੈਨੂੰ ਵੀ ਹੈ
ਭਾਲ ਮੈਨੂੰ ਵੀ
ਇੱਛਾ ਤੇਰੀ ਵੀ ਹੈ
ਕਿ ਉਮਰ ਦੀ ਸਾਰੀ ਕੁੜੱਤਣ
ਮਿਠਾਸ 'ਚ ਬਦਲੇ 
ਮਿਸ਼ਰੀ ਬਣ ਘੁਲੇ
ਹੁਲਾਸ 'ਚ ਬਦਲੇ 
ਤੇ ਤਲਖ਼ੀ ਤੋਂ
ਮੈਂ ਵੀ ਕਿਨਾਰਾ ਚਾਹੁੰਦਾ ਹਾਂ
ਟੁੱਟੀ ਗੰਢਣ ਦਾ ਅਮਲ
ਦਵਾਰਾ ਚਾਹੁੰਦਾ ਹਾਂ
ਪਰ ਇਕ ਤੀਜਾ ਵੀ ਹੈ 
ਜਿਹਦੇ 'ਨ੍ਹੇਰ ਦੇ ਲਸ਼ਕਰ
ਇੱਧਰ ਵੀ ਅਮਨ ਨੂੰ ਸੰਨ ਲਾਉਂਦੇ ਨੇ
ਖੌਰੂ ਪਾਉਂਦੇ ਨੇ
ਤੇ ਡੱਬੂ ਉਧਰ ਵੀ ਤੀਲ੍ਹੀ ਬਾਲਦੇ ਨੇ
ਕਦੇ ਇੱਧਰ 
ਕਦੇ ਉਧਰ
ਕੰਧਾਂ ਬਨ੍ਹੇਰੇ ਭਾਲਦੇ ਨੇ
ਸੋ ਸੱਟ ਇੱਧਰ ਵੀ ਵੱਜਦੀ ਏ
ਜ਼ਖਮ ਉਧਰ ਵੀ ਨੇ
ਆ ਉਸ ਤੀਜੇ ਨੂੰ ਜਾਣੀਏ
ਉਸ ਨੂੰ ਪਛਾਣੀਏ
ਤੇ ਆਪਣੀਆਂ ਤੋਪਾਂ ਦੇ ਮੂੰਹ
ਸਰਹੱਦਾਂ ਦੀ ਥਾਂ 
ਸੌੜੀਆਂ ਹੱਦਾਂ ਦੀ ਥਾਂ
ਉਸ ਰੰਗੇ ਗਿੱਦੜ ਵੱਲ ਮੋੜੀਏ 
ਟੁੱਟੀਆਂ ਗੰਢ ਕੇ ਜੋੜੀਏ
ਭੱਜੀਆਂ ਬਾਹਾਂ ਗਲ਼ ਵੱਲ੍ਹ ਮੋੜੀਏ 
ਤੇ ਸਿੱਧ ਕਰੀਏ
ਕਿ ਨੌਹਾਂ ਨਾਲੋਂ ਮਾਸ ਨਹੀਂ ਟੁੱਟਣਾ
ਕੰਡਿਆਲੀ ਤਾਰ ਟੁੱਟੇਗੀ 
ਉਹ ਕਟਾਰ ਟੁੱਟੇਗੀ
ਜੋ ਦੋਸਤੀ ਦੀ ਪਿੱਠ 'ਤੇ ਵਾਰ ਕਰਦੀ ਹੈ
ਤੇ ਨਾਲੇ ਦੋਸਤੀ ਦਾ ਦਮ ਭਰਦੀ ਹੈ। 


ਗ਼ਜ਼ਲ
- ਮੱਖਣ ਕੁਹਾੜ

ਖ਼ੂਬ ਸਾਨੂੰ ਵਕਤ ਦੀ ਪਹਿਚਾਨ ਹੈ।
ਤਾਂ ਹੀ ਜ਼ਿਹਨ 'ਚ ਖੌਲ਼ਦਾ ਤੂਫ਼ਾਨ ਹੈ। 
ਕਾਇਨਾਤ 'ਚ ਬੇ-ਅਸੂਲਾ ਕੁਝ ਨਹੀਂ, 
ਬੇ-ਅਸੂਲੀ ਹੈ ਤਾਂ ਬਸ ਪਹਿਚਾਨ ਹੈ। 
ਸਾਜ਼ਿਸ਼ਾਂ ਲਈ ਬਹੁਤ ਹੋਈਆਂ ਮਜਲਿਸਾਂ, 
ਤਰਕ ਦਾ ਆਦਰਸ਼ ਪਰ ਬਲਵਾਨ ਹੈ। 
ਤਿਲਮਿਲਾਓ ਕਿਉਂ ਤਲਿਸਮੀ ਚਿਹਰਿਓ, 
ਕਿਉਂ ਤੁਹਾਡਾ ਡੋਲਦਾ ਈਮਾਨ ਹੈ। 
ਦਰਦ ਦੇ ਲਸ਼ਕਰ ਨੇ ਉਸ ਨੂੰ ਘੂਰਦੇ, 
ਜਿਸ ਦੀ ਵੀ ਏਥੇ ਇਕੱਲੀ ਜਾਨ ਹੈ। 
ਚਿਤਵੀਏ ਨਾ ਰਾਹ ਦੇ ਵਿਚ ਸੁੰਦਰ ਪੜਾਅ, 
ਇਹ ਸੁਝਾਅ ਹਰਗਿਜ਼ ਨਹੀਂ ਪਰਵਾਨ ਹੈ। 
ਡਰੂਆਂ ਲਈ ਵਰਦਾਨ ਲੰਮੀ ਉਮਰ ਦਾ
ਐਵੇਂ ਅੰਨ੍ਹੇ ਘੋੜੇ ਦਾ ਹੀ ਦਾਨ ਹੈ।


ਸ਼ਹੀਦ ਭਗਤ ਸਿੰਘ
-ਹਰਭਜਨ ਸਿੰਘ ਹੁੰਦਲ
ਅੱਜ ਜਦੋਂ ਕਈ ਸਾਲਾਂ ਪਿੱਛੋਂ
ਤੇਰੇ ਏਸ ਮੁਬਾਰਕ ਦਿਨ 'ਤੇ
ਮੈਂਨੂੰ ਸੱਦਾ-ਪੱਤਰ ਆਇਆ
ਤਾਂ ਮੈਂ ਡਾਢਾ ਸ਼ਰਮਿੰਦਾ ਹਾਂ

ਮੈਂਨੂੰ ਆਪਣੀ ਬਾਬਤ
ਕੋਈ ਸ਼ੱਕ ਨਹੀਂ ਹੈ।

ਮੇਰੇ ਵਰਗੇ ਕਮਜ਼ੋਰਾਂ ਨੂੰ
ਤੇਰੀ ਮਿੱਤਰਤਾ ਦਾ
ਕੋਈ ਹੱਕ ਨਹੀਂ ਹੈ।

ਦਿਲ ਦੇ ਅੰਦਰ
ਤੇਰੇ ਉੱਚੇ ਆਦਰਸ਼ਾਂ ਦੀ
ਇੱਕ ਵੀ ਚਿਣਗ
ਧੁਖਦੀ ਨਹੀਂ ਦਿਸਦੀ।

ਮੈਂ ਤਾਂ ਇੱਕ ਸਾਧਾਰਣ ਬੰਦਾ
ਆਪਣੇ ਨਿੱਕੇ ਘਰ ਦੀ
ਇਕ ਨਿੱਕੀ ਜਹੀ ਦੁਨੀਆਂ ਦੇ ਵਿਚ
ਸੀਮਤ ਹੋਇਆ

ਤੇਰੀ ਦੁਨੀਆਂ:
ਇਕ ਸੁੱਚੇ ਸੁਪਨੇ ਦੀ ਖ਼ਾਤਰ
ਆਪਣਾ ਸੀਸ
ਤਲੀ 'ਤੇ ਧਰ ਕੇ
ਗਲੀ ਗਲੀ 'ਚੋਂ
ਆਜ਼ਾਦੀ ਦਾ ਹੋਕਾ ਦੇਣਾ। 

ਮੇਰੀ ਦੁਨੀਆਂ:
ਦਿਨ ਚੜ੍ਹਦੇ ਤੋਂ ਢਲਦੇ ਤੀਕਰ
ਅਣਖ ਆਪਣੀ ਗਹਿਣੇ ਧਰ ਕੇ 
ਦੜ ਵੱਟ ਕੇ ਝੱਟ ਲੰਘਾਉਣਆ।

ਬੇਸ਼ੱਕ ਮੇਰੇ ਬੂਹੇ ਅੱਗੇ
ਦਿਨ-ਦਿਹਾੜੇ ਕੋਈ ਆਗੂ
ਧੂੰਆ-ਧਾਰ ਤਕਰੀਰਾਂ ਕਰਕੇ
ਤੇਰੇ ਉੱਚੇ ਆਦਰਸ਼ਾਂ ਦੀ 
ਧੂੜ ਉਡਾਵੇ

ਧੂੜ ਉਡਾਵੇ
ਸਿਰ ਵਿਚ ਪਾਵੇ

ਫਿਰ ਵੀ ਮੈਂ ਉਸ ਆਗੂ ਕੋਲੋਂ
ਤਿੱਖਾ ਪ੍ਰਸ਼ਨ ਪੁੱਛਣ ਦੀ ਥਾਂ
ਕੰਨ ਵਲ੍ਹੇਟੀ
ਚੁੱਪ-ਚਪੀਤਾ
ਆਪਣੇ ਘਰ ਨੂੰ ਤੁਰ ਜਾਂਦਾ ਹਾਂ।

ਮੈਂਨੂੰ ਆਪਣੀ ਬਾਬਤ
ਕੋਈ ਸ਼ੱਕ ਨਹੀਂ ਹੈ। ਮੇਰੇ ਵਰਗੇ ਕਮਜ਼ੋਰਾਂ ਨੂੰ
ਤੇਰੀ ਮਿੱਤਰਤਾ ਦਾ ਕੋਈ ਹੱਕ ਨਹੀਂ ਹੈ। 

23 ਸਤੰਬਰ ਦੀ 'ਜਨ ਚੇਤਨਾ' ਕਨਵੈਨਸ਼ਨ-ਇਕ ਰਿਪੋਰਟ

ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਕਾਰਨਾਂ ਅਤੇ ਇਹਨਾਂ ਦੇ ਹੱਲ ਸਬੰਧੀ ਚੇਤਨ ਕਰਨ ਲਈ ਸੀ.ਪੀ.ਐਮ. ਪੰਜਾਬ ਵਲੋਂ ਆਪਣੇ ਕਾਰਕੁੰਨਾਂ, ਮੈਂਬਰਾਂ ਤੇ ਹਮਦਰਦਾਂ 'ਤੇ ਅਧਾਰਤ ਇਕ ਪ੍ਰਤੀਨਿੱਧ ਤੇ ਵਿਸ਼ਾਲ ਕਨਵੈਨਸ਼ਨ 23 ਸਤੰਬਰ 2013 ਨੂੰ ਦੇਸ਼ ਭਗਤ ਯਾਦਗਾਰ ਕੰਪਲੈਕਸ ਵਿਚ ਕੀਤੀ ਗਈ। ਇਸ ਵਿਚ 3000 ਦੇ ਲਗਭਗ ਕਾਰਕੁਨ, ਪਾਰਟੀ ਮੈਂਬਰ ਸ਼ਮੂਲੀਅਤ ਕਰਨ ਲਈ ਸਮੁੱਚੇ ਪੰਜਾਬ ਤੋਂ ਵਹੀਕਲਾਂ ਰਾਹੀਂ ਪੁੱਜੇ ਸਨ। ਕਨਵੈਨਸ਼ਨ ਦੀ ਪ੍ਰਧਾਨਗੀ ਸਰਵਸਾਥੀ ਤ੍ਰਿਲੋਚਨ ਸਿੰਘ ਰਾਣਾ, ਭੀਮ ਸਿੰਘ ਆਲਮਪੁਰ ਤੇ ਗੁਰਨਾਮ ਸਿੰਘ ਸੰਘੇੜਾ 'ਤੇ ਅਧਾਰਤ ਤਿੰਨ ਮੈਂਬਰੀ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ। 
ਕਨਵੈਨਸ਼ਨ ਦਾ ਮੁੱਖ ਮਤਾ ਸਾਥੀ ਬੋਧ ਸਿੰਘ ਘੁੰਮਣ ਵਲੋਂ ਪੇਸ਼ ਕੀਤਾ ਗਿਆ ਅਤੇ ਇਸ ਦੇ ਸਮਰਥਨ ਵਿਚ ਸਰਵਸਾਥੀ ਹਰਕੰਵਲ ਸਿੰਘ, ਪਰਗਟ ਸਿੰਘ ਜਾਮਾਰਾਏ, ਰਤਨ ਸਿੰਘ ਰੰਧਾਵਾ, ਡਾਕਟਰ ਸਤਨਾਮ ਸਿੰਘ, ਰਘਬੀਰ ਸਿੰਘ, ਗੁਰਨਾਮ ਸਿੰਘ ਦਾਊਦ, ਕੁਲਵੰਤ ਸਿੰਘ ਸੰਧੂ ਅਤੇ ਮੰਗਤ ਰਾਮ ਪਾਸਲਾ ਵਲੋਂ ਵਿਸਥਾਰ ਸਹਿਤ ਵਿਚਾਰ ਪੇਸ਼ ਕੀਤੇ ਗਏ। 
ਅੰਤਾਂ ਦੀ ਗਰਮੀ ਵਿਚ ਬੈਠੇ ਹੋਏ ਸਰੋਤਿਆਂ ਨੇ ਗਰਮੀ ਦੀ ਭੋਰਾ ਵੀ ਪਰਵਾਹ ਨਾ ਕਰਦੇ ਹੋਏ ਆਗੂ ਸਾਥੀਆਂ ਦੇ ਲਗਭਗ 3 ਘੰਟੇ ਵਿਚਾਰ ਸੁਣੇ ਅਤੇ ਉਹਨਾਂ ਦੀ ਮੁਕੰਮਲ ਚੁੱਪ ਨੂੰ ਵਿਚਾਰਾਂ ਦੀ ਪੁਸ਼ਟੀ ਵਿਚ ਪ੍ਰਾਪਤ ਹੋਈਆਂ ਤਾੜੀਆਂ ਹੀ ਤੋੜਦੀਆਂ ਸਨ। ਸਾਥੀ ਪਾਸਲਾ ਨੇ ਕਨਵੈਨਸ਼ਨ ਵਿਚ ਸ਼ਾਮਲ ਹੋਏ ਸਾਥੀਆਂ ਨੂੰ ਆਪਣੇ ਜਜ਼ਬਾਤੀ ਭਾਸ਼ਨ ਰਾਹੀਂ ਦੇਸ਼ ਤੇ ਪ੍ਰਾਂਤ ਦੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਜਾਲਮਾਨਾ ਲਾਤੁਅਲਕੀ ਵਾਲੀ ਪਹੁੰਚ ਬਾਰੇ ਦੱਸਦਿਆਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਦੇ ਦੁੱਖਾਂ ਦਾ ਦਾਰੂ ਖੁਦ ਲੋਕ ਆਪ ਹੀ ਹੁੰਦੇ ਹਨ। ਉਹਨਾਂ ਨੇ ਕਨਵੈਨਸ਼ਨ ਦੇ ਮੁੱਖ ਮਤੇ ਵਿਚ ਪੇਸ਼ ਕੀਤੀਆਂ ਮੰਗਾਂ ਅਤੇ ਇਹਨਾਂ ਦੀ ਪ੍ਰਾਪਤੀ ਲਈ ਵਿਊਂਤੇ ਗਏ ਪ੍ਰੋਗਰਾਮ ਨੂੰ ਪੰਜਾਬ ਦੇ ਪਿੰਡ ਪਿੰਡ ਵਿਚ ਪਹੁੰਚਾਉਣ ਅਤੇ ਲੋਕਾਂ ਦੀ ਜਨਤਕ ਘੋਲਾਂ ਵਿਚ ਸ਼ਮੂਲੀਅਤ ਕਰਵਾਉਣ ਦੀ ਅਪੀਲ ਕੀਤੀ, ਜਿਸ ਦਾ ਸਾਥੀਆਂ ਨੇ ਮੁਕੰਮਲ ਹੁੰਗਾਰਾ ਭਰਿਆ। 
ਕਨਵੈਨਸ਼ਨ ਵਿਚ ਪੇਸ਼ ਕੀਤੇ ਗਏ ਦੋ ਹੋਰ ਮਤਿਆਂ ਰਾਹੀਂ 28 ਸਤੰਬਰ ਤੋਂ 1 ਨਵੰਬਰ ਤੱਕ ਹੋ ਰਹੇ ਗਦਰੀ ਬਾਬਿਆਂ ਦੇ ਮੇਲੇ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਪੰਜਾਬੀ ਨੂੰ ਪੰਜਾਬ 'ਚ ਮੁਕੰਮਲ ਤੌਰ 'ਤੇ ਸਭ ਖੇਤਰਾਂ ਵਿਚ ਲਾਗੂ ਕਰਨ ਲਈ ਅਤੇ ਗਵਾਂਢੀ ਪ੍ਰਾਂਤਾਂ ਹਰਿਆਣਾ ਤੇ ਹਿਮਾਚਲ ਵਿਚ ਦੂਜੀ ਭਾਸ਼ਾ ਦੇ ਤੌਰ 'ਤੇ ਲਾਗੂ ਕਰਨ ਲਈ ਜ਼ੋਰ ਦਿੱਤਾ ਗਿਆ ਜਿਸ ਨੂੰ ਸਾਥੀਆਂ ਨੇ ਜ਼ੋਰਦਾਰ ਨਾਅਰਿਆਂ ਰਾਹੀਂ ਤੇ ਹੱਥ ਖੜੇ ਕਰਕੇ ਪ੍ਰਵਾਨ ਕੀਤਾ।  ਕਨਵੈਨਸ਼ਨ ਦੇ ਅੰਤ 'ਤੇ, ਇਸ ਵਿਚ ਪੇਸ਼ ਕੀਤੇ ਗਏ ਮੁੱਖ ਮਤੇ ਦੀ ਲੋਕਾਂ ਨੇ ਨਿਰੰਤਰ ਨਾਅਰਿਆਂ ਦੀ ਗੂੰਜ ਵਿਚ ਤੇ ਹੱਥ ਖੜ੍ਹੇ ਕਰਕੇ ਜੋਸ਼ੀਲੇ ਅੰਦਾਜ਼ ਵਿਚ ਪ੍ਰਵਾਨਗੀ ਦਿੱਤੀ। 
ਆਰੰਭ ਵਿਚ ਬੀਬੀ ਕੰਵਰ ਬਹਾਰ ਨੇ ਆਪਣੀ ਸੁਰੀਲੀ ਆਵਾਜ਼ ਵਿਚ ਦੇਸ਼ ਭਗਤੀ ਤੇ ਸਾਫ ਸੁਥਰੇ ਗੀਤ ਗਾ ਕੇ ਕਨਵੈਨਸ਼ਨ ਦਾ ਚੰਗਾ ਰੰਗ ਬੰਨ੍ਹਿਆ। 

ਮੁੱਖ ਮਤਾ 
ਇਹ ਵਿਸ਼ਾਲ ਕਨਵੈਨਸ਼ਨ, ਯੂ.ਪੀ.ਏ. ਦੀ ਕੇਂਦਰੀ ਸਰਕਾਰ ਅਤੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਕਿਰਤੀ ਲੋਕਾਂ ਦੀਆਂ ਮਹਿੰਗਾਈ, ਬੇਰੋਜ਼ਗਾਰੀ ਤੇ ਗਰੀਬੀ ਵਰਗੀਆਂ ਗੰਭੀਰ ਸਮੱਸਿਆਵਾਂ ਦੀ ਅਣਦੇਖੀ ਕਰਨ ਉਪਰ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦੀ ਹੈ। 
ਇਹ ਕਨਵੈਨਸ਼ਨ ਨੋਟ ਕਰਦੀ ਹੈ ਕਿ ਦੋਵਾਂ ਸਰਕਾਰਾਂ ਨੇ ਹੀ ਵੱਡੇ ਵੱਡੇ ਸਰਮਾਏਦਾਰਾਂ, ਵਪਾਰੀਆਂ ਅਤੇ ਹਰ ਤਰ੍ਹਾਂ ਦੇ ਹੋਰ ਲੁਟੇਰਿਆਂ ਨੂੰ ਲੋਕਾਂ ਦੀ ਚਮੜੀ ਉਧੇੜਨ ਦੀਆਂ ਖੁੱਲ੍ਹੀਆਂ ਛੁੱਟੀਆਂ ਦੇ ਰੱਖੀਆਂ ਹਨ। ਇਸ ਦੇ ਫਲਸਰੂਪ ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਹੈ। ਏਥੋਂ ਤੱਕ ਕਿ ਪਿਆਜ਼ ਮੁੜ 80 ਰੁਪਏ ਕਿਲੋ ਤੱਕ ਜਾ ਪੁੱਜਾ ਹੈ। ਇਹੋ ਹਾਲ ਹੋਰ ਸਬਜ਼ੀਆਂ ਅਤੇ ਰੋਜ਼ ਵਰਤੀਆਂ ਜਾਂਦੀਆਂ ਖੁਰਾਕੀ ਵਸਤਾਂ ਦਾ ਹੈ। ਹਰ ਪਾਸੇ ਰਿਸ਼ਵਤਖੋਰੀ, ਚੋਰ ਬਾਜ਼ਾਰੀ ਤੇ ਭਰਿਸ਼ਟਾਚਾਰ ਦਾ ਦੌਰ ਦੌਰਾ ਹੈ। ਦੂਜੇ ਪਾਸੇ, ਇਹਨਾਂ ਸਰਕਾਰਾਂ ਵਲੋਂ, ਵਿਦੇਸ਼ੀ ਕੰਪਨੀਆਂ ਅਤੇ ਸਾਮਰਾਜੀ ਵਿੱਤੀ ਪੂੰਜੀ ਨੂੰ ਆਰਥਕਤਾ ਦੇ ਹਰ ਖੇਤਰ ਵਿਚ ਘੁਸਪੈਠ ਕਰਨ ਦੀ ਦਿੱਤੀ ਗਈ ਖੁੱਲ੍ਹ ਨੇ ਰੁਜ਼ਗਾਰ ਦੇ ਰਵਾਇਤੀ ਵਸੀਲੇ ਵੱਡੀ ਹੱਦ ਤੱਕ ਤਬਾਹ ਕਰ ਦਿੱਤੇ ਹਨ। ਪਿਛਲੇ ਦੋ-ਢਾਈ ਦਹਾਕਿਆਂ ਤੋਂ, ਇਹਨਾਂ ਸਰਕਾਰਾਂ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਕਾਰਨ ਸਰਕਾਰੀ ਮਹਿਕਮਿਆਂ ਅਤੇ ਸੰਸਥਾਵਾਂ ਵਿਚ ਨਵੀਂ ਭਰਤੀ ਪਹਿਲਾਂ ਹੀ ਬੰਦ ਹੈ ਅਤੇ ਨਿਗੂਣੀਆਂ ਉਜਰਤਾਂ ਤੇ ਕੀਤੀ ਜਾਂਦੀ ਠੇਕਾ ਭਰਤੀ ਰਾਹੀਂ ਡੰਗ ਟਪਾਈ ਕੀਤੀ ਜਾ ਰਹੀ ਹੈ। ਇਸ ਸਮੁੱਚੀ ਸਥਿਤੀ ਨੇ ਪੜ੍ਹੇ ਲਿਖੇ ਤੇ ਯੋਗਤਾ ਪ੍ਰਾਪਤ ਨੌਜਵਾਨਾਂ ਸਮੇਤ ਸਮੁੱਚੀ ਜੁਆਨੀ ਦਾ ਭਵਿੱਖ ਬੇਹੱਦ ਧੁੰਦਲਾ ਬਣਾ ਦਿੱਤਾ ਹੈ। ਨਿੱਜੀਕਰਨ ਦੀ ਲੋਕ ਮਾਰੂ ਨੀਤੀ ਨੇ ਸਿੱਖਿਆ, ਸਿਹਤ, ਬਿਜਲੀ, ਪਾਣੀ ਤੇ ਆਵਾਜਾਈ ਵਰਗੀਆਂ ਜ਼ਰੂਰੀ ਸਮਾਜਿਕ ਸੇਵਾਵਾਂ ਦਾ ਮੁਕੰਮਲ ਰੂਪ ਵਿਚ ਵਪਾਰੀਕਰਨ ਕਰ ਦਿੱਤਾ ਹੈ ਅਤੇ ਇਹ ਤੇਜੀ ਨਾਲ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ। 
ਇਹ ਕਨਵੈਨਸ਼ਨ ਇਹ ਵੀ ਨੋਟ ਕਰਦੀ ਹੈ ਕਿ ਇਹਨਾਂ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਹੀ ਖੇਤੀ ਦਾ ਧੰਦਾ ਬੁਰੀ ਤਰ੍ਹਾਂ ਸੰਕਟ ਗ੍ਰਸਤ ਹੋ ਗਿਆ ਹੈ ਅਤੇ ਕਿਸਾਨੀ ਵਿਸ਼ੇਸ਼ ਤੌਰ 'ਤੇ ਗਰੀਬ ਤੇ ਦਰਮਿਆਨੇ ਕਿਸਾਨ ਕਰਜ਼ੇ ਦੇ ਜਾਲ ਵਿਚ ਫਸੇ ਹੋਏ ਹਨ ਤੇ ਨਿਰਾਸ਼ਾਵਸ ਖੁਦਕੁਸ਼ੀਆਂ ਕਰ ਰਹੇ ਹਨ। ਇਸਦੇ ਨਾਲ ਹੀ ਪੇਂਡੂ ਤੇ ਸ਼ਹਿਰੀ ਗਰੀਬਾਂ ਦਾ ਕੰਗਾਲੀਕਰਨ ਤਿੱਖਾ ਹੋ ਗਿਆ ਹੈ। 
ਇਹਨਾਂ ਹਾਲਤਾਂ ਵਿਚ ਇਹ ਕਨਵੈਨਸ਼ਨ ਮੰਗ ਕਰਦੀ ਹੈ ਕਿ :

1. ਲਗਾਤਾਰ ਵੱਧ ਰਹੀ ਮਹਿੰਗਾਈ ਨੂੰ ਨੱਥ ਪਾਉਣ ਲਈ ਕਣਕ, ਚਾਵਲ, ਦਾਲਾਂ, ਖੰਡ ਤੇ ਚਾਹਪੱਤੀ ਸਮੇਤ ਰੋਜ਼ਾਨਾਂ ਵਰਤੋਂ ਦੀਆਂ ਸਾਰੀਆਂ ਵਸਤਾਂ ਲੋਕ-ਵੰਡ ਪ੍ਰਣਾਲੀ ਰਾਹੀਂ ਸਸਤੀਆਂ ਦਰਾਂ 'ਤੇ ਵੰਡੀਆਂ ਜਾਣ। 

2. ਹਰ ਨੌਜਵਾਨ ਮਰਦ ਔਰਤ ਨੂੰ ਉਸਦੀ ਯੋਗਤਾ ਅਨੁਸਾਰ ਸਥਾਈ ਅਤੇ ਗੁਜ਼ਾਰੇਯੋਗ ਰੁਜ਼ਗਾਰ ਦੇਣ ਦੇ ਪ੍ਰਬੰਧ ਕੀਤੇ ਜਾਣ। 

3. ਕਾਲੇ ਪੀਲੀਏ ਤੇ ਅੰਤੜੀ ਰੋਗ ਵਰਗੀਆਂ ਘਾਤਕ ਬਿਮਾਰੀਆਂ ਤੋਂ ਬਚਾਅ ਵਾਸਤੇ ਸਾਰਿਆਂ ਲਈ ਪੀਣ ਵਾਲੇ ਸਾਫ ਪਾਣੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ। 

4. ਸਾਰੇ ਪਿੰਡਾਂ ਅਤੇ ਸ਼ਹਿਰੀ ਬਸਤੀਆਂ ਅੰਦਰ ਬੱਚਿਆਂ ਨੂੰ ਸਸਤੀ ਤੇ ਮਿਆਰੀ ਵਿਦਿਆ ਦੇਣ ਲਈ ਸਰਕਾਰੀ ਸੰਸਥਾਵਾਂ ਖੋਲ੍ਹੀਆਂ ਜਾਣ। 

5. ਸਮੂਹ ਲੋਕਾਂ ਲਈ ਭਰੋਸੇਯੋਗ ਤੇ ਮੁਫ਼ਤ ਸਿਹਤ ਸੇਵਾਵਾਂ ਦੀ ਗਰੰਟੀ ਕੀਤੀ ਜਾਵੇ। 

6. ਚਾਰ-ਚੁਫੇਰੇ ਫੈਲੀ ਹੋਈ ਰਿਸ਼ਵਤਖੋਰੀ ਅਤੇ ਸਰਕਾਰੀ ਲੁੱਟ 'ਤੇ ਰੋਕ ਲਾਈ ਜਾਵੇ ਅਤੇ ਧਨਾਢਾਂ, ਧੱਕੜਸ਼ਾਹਾਂ, ਗੁੰਡਿਆਂ, ਨਸ਼ਿਆਂ ਦੇ ਵਪਾਰੀਆਂ, ਰਾਜਸੀ ਲੁਟੇਰਿਆਂ ਤੇ ਅਫਸਰਸ਼ਾਹੀ ਨੂੰ ਨੱਥ ਪਾਈ ਜਾਵੇ। 

7. ਪੰਜਾਬ ਅੰਦਰ ਵੱਧ ਫੁੱਲ ਰਿਹਾ ਮਾਫੀਆ ਰਾਜ ਖਤਮ ਕੀਤਾ ਜਾਵੇ, ਰੇਤ-ਬੱਜਰੀ ਮਾਫੀਏ ਨੂੰ ਨੱਥ ਪਾਈ ਜਾਵੇ ਤੇ ਮੌਜੂਦਾ ਕੁਦਰਤੀ ਵਾਤਾਵਰਨ ਦੀ ਰਾਖੀ ਕੀਤੀ ਜਾਵੇ। 

8. ਬੇਜ਼ਮੀਨੇ ਪੇਂਡੂ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ, ਗਰਾਂਟਾਂ ਤੇ ਬਿਨਾਂ ਸ਼ਰਤ ਮੁਫ਼ਤ ਬਿਜਲੀ ਦਿੱਤੀ ਜਾਵੇ। 

9. ਕਿਸਾਨਾਂ ਦਾ ਜਬਰੀ ਉਜਾੜਾ ਬੰਦ ਕੀਤਾ ਜਾਵੇ ਅਤੇ ਹੜ੍ਹ ਤੇ ਤੂਫਾਨ ਪੀੜਤ ਕਿਸਾਨਾਂ ਤੇ ਦਿਹਾਤੀ ਮਜ਼ਦੂਰਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। 

10. ਪੁਲਸ ਦੀਆਂ ਲਗਾਤਾਰ ਵੱਧ ਰਹੀਆਂ ਧੱਕੇਸ਼ਾਹੀਆਂ ਨੂੰ ਨੱਥ ਪਾਈ ਜਾਵੇ। 

11. ਲੋਕਾਂ ਦੀ ਭਾਈਚਾਰਕ ਇਕਜੁੱਟਤਾ ਨੂੰ ਤੋੜਨ ਲਈ ਯਤਨਸ਼ੀਲ ਫਿਰਕੂ ਅਨਸਰਾਂ ਨੂੰ ਨਕੇਲ ਪਾਈ ਜਾਵੇ। 

ਕਨਵੈਨਸ਼ਨ ਇਹ ਵੀ ਮੰਗ ਕਰਦੀ ਹੈ ਕਿ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਤਿਆਗੀਆਂ ਜਾਣ ਜਿਹੜੀਆਂ ਕਿ ਦੇਸ਼ ਦੀ ਆਰਥਕਤਾ ਨੂੰ ਡਾਵਾਂਡੋਲ ਕਰ ਰਹੀਆਂ ਹਨ, ਜਲ, ਜੰਗਲ, ਜ਼ਮੀਨ ਤੇ ਖਾਨਾਂ ਵਰਗੇ ਦੇਸ਼ ਦੇ ਕੁਦਰਤੀ ਖ਼ਜਾਨਿਆਂ ਅਤੇ ਪਰਿਆਵਰਨ ਨਾਲ ਖਿਲਵਾੜ ਕਰ ਰਹੀਆਂ ਹਨ, ਦੇਸ਼ ਦੀਆਂ ਪੈਦਾਵਾਰੀ ਸ਼ਕਤੀਆਂ ਨੂੰ ਜਾਮ ਕਰਕੇ ਬਰਬਾਦ ਕਰ ਰਹੀਆਂ ਹਨ, ਭਾਰਤੀ ਰੁਪਏ ਦਾ ਮੁੱਲ ਘਟਾਉਣ ਲਈ ਜ਼ੁੱਮੇਵਾਰ ਹਨ ਅਤੇ ਲੋਕਾਂ ਦੀ ਖਰੀਦ ਸ਼ਕਤੀ ਨੂੰ ਸੰਨ੍ਹ ਲਾ ਕੇ ਦੇਸ਼ ਅੰਦਰ ਕੰਗਾਲੀਕਰਨ ਦੀ ਪ੍ਰਕਿਰਿਆ ਨੂੰ ਤਿੱਖਾ ਕਰ ਰਹੀਆਂ ਹਨ। 
ਇਹ ਕਨਵੈਨਸ਼ਨ ਐਲਾਨ ਕਰਦੀ ਹੈ ਕਿ ਇਹਨਾਂ ਮੰਗਾਂ ਦੀ ਪ੍ਰਾਪਤੀ ਲਈ ਇਕ ਸ਼ਕਤੀਸ਼ਾਲੀ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਇਸ ਮੰਤਵ ਲਈ 15 ਅਕਤੂਬਰ ਤੱਕ ਸਾਰੇ ਜ਼ਿਲ੍ਹਿਆਂ ਅੰਦਰ 'ਜਨ ਚੇਤਨਾ' ਕਨਵੈਨਸ਼ਨਾਂ ਕੀਤੀਆਂ ਜਾਣਗੀਆਂ ਅਤੇ 15 ਤੋਂ 30 ਨਵੰਬਰ ਤੱਕ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿਚ ਝੰਡਾ ਮਾਰਚ ਕਰਕੇ ਲੋਕਾਂ ਨੂੰ ਇਹਨਾਂ ਮੰਗਾਂ ਪਿਛੇ ਇਕਜੁੱਟ ਕੀਤਾ ਜਾਵੇਗਾ। ਇਸ ਜਨਤਕ ਲਾਮਬੰਦੀ ਦੇ ਅਗਲੇ ਪੜਾਅ 'ਤੇ, 15 ਦਸੰਬਰ ਤੋਂ ਇਸ ਸੰਘਰਸ਼ ਨੂੰ ਬੱਝਵੇਂ ਰੂਪ ਵਿਚ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਵਿਆਪਕ ਜਨਤਕ ਦਬਾਅ ਰਾਹੀਂ ਸਰਕਾਰਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਵਾਸਤੇ ਮਜ਼ਬੂਰ ਕੀਤਾ ਜਾਵੇਗਾ। 
ਇਸ ਮੰਤਵ ਲਈ ਇਹ ਕਨਵੈਨਸ਼ਨ ਸਮੂਹ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਨੂੰ ਅਤੇ ਇਨਸਾਫਪਸੰਦ ਵਿਅਕਤੀਆਂ ਨੂੰ ਪੁਰਜ਼ੋਰ ਅਪੀਲ ਕਰਦੀ ਹੈ ਕਿ ਉਹ ਇਸ ਸੰਘਰਸ਼ ਵਿਚ ਸ਼ਮੂਲੀਅਤ ਕਰਨ ਤਾਂ ਜੋ ਲੋਕਾਂ ਦੇ ਸਨਮੁੱਖ ਇਕ ਬੱਝਵਾਂ ਨੀਤੀਗਤ ਬਦਲ ਪੇਸ਼ ਕੀਤਾ ਜਾ ਸਕੇ ਅਤੇ ਵਿਸ਼ਾਲ ਲੋਕ ਸ਼ਕਤੀ ਦੇ ਦਬਾਅ ਹੇਠ ਸਰਕਾਰ  ਨੂੰ ਮੌਜੂਦਾ ਲੋਕ ਮਾਰੂ ਨੀਤੀਆਂ ਤਿਆਗਣ ਲਈ ਮਜ਼ਬੂਰ ਕੀਤਾ ਜਾ ਸਕੇ। 
ਲੋਕ ਸ਼ਕਤੀਆਂ  -  ਜ਼ਿੰਦਾਬਾਦ! ਸੀ.ਪੀ.ਐਮ. ਪੰਜਾਬ  -  ਜ਼ਿੰਦਾਬਾਦ!! 


ਪੰਜਾਬੀ ਭਾਸ਼ਾ ਬਾਰੇ ਮਤਾ 
ਸੀ.ਪੀ.ਐਮ. ਪੰਜਾਬ ਦੀ 23 ਸਤੰਬਰ 2013 ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਵਿਚ ਹੋਈ ਵਿਸ਼ਾਲ ਕਨਵੈਨਸ਼ਨ ਪੰਜਾਬ ਸਰਕਾਰ ਵਲੋਂ ਪੰਜਾਬੀ ਭਾਸ਼ਾ ਪ੍ਰਤੀ ਧਾਰਨ ਕੀਤੀ ਗਈ ਸੰਗਦਿਲ ਅਤੇ ਨਿਰਾਦਰ ਵਾਲੀ ਨੀਤੀ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਸਰਕਾਰ ਦੀ ਇਸ ਨੀਤੀ ਕਰਕੇ ਪੰਜਾਬ ਦੇ ਨਿੱਜੀ ਵਿਦਿਅਕ ਅਦਾਰਿਆਂ ਵਿਸ਼ੇਸ਼ ਕਰਕੇ ਅਖੌਤੀ ਪਬਲਿਕ ਸਕੂਲਾਂ ਵਿਚ ਪੰਜਾਬੀ ਨੂੰ ਵਿਦਿਆ ਦਾ ਮਾਧਿਅਮ ਬਣਾਉਣਾ ਤਾਂ ਦੂਰ ਦੀ ਗੱਲ ਹੈ, ਵਿਦਿਆਰਥੀਆਂ ਦੇ ਪੰਜਾਬੀ ਬੋਲਣ 'ਤੇ ਵੀ ਰੋਕ ਲਾਈ ਜਾਂਦੀ ਹੈ। ਇਸ ਪੰਜਾਬੀ ਵਿਰੋਧੀ ਨੀਤੀ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਬੱਸ ਕੰਡਕਟਰਾਂ ਦੀ ਨੌਕਰੀ ਵਿਚ ਮੈਟਰਿਕ ਪਾਸ ਪੰਜਾਬੀ ਉਮੀਦਵਾਰ ਨੂੰ ਕੰਡਕਟਰ ਦਾ ਲਾਈਸੈਂਸ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਦਿੱਲੀ ਯੂਨੀਵਰਸਿਟੀ ਨੇ ਦੂਜੀ ਭਾਸ਼ਾ ਦੇ ਤੌਰ 'ਤੇ ਪੰਜਾਬੀ ਦੀ ਪੜ੍ਹਾਈ ਵੀ ਬੰਦ ਕਰ ਦਿੱਤੀ ਹੈ ਪਰ ਪੰਜਾਬ ਸਰਕਾਰ ਪੰਜਾਬੀਆਂ ਦੀ ਮਾਂ ਬੋਲੀ ਦੀ ਹੋ ਰਹੀ ਇਸ ਨਿਰਾਦਰੀ ਬਾਰੇ ਸਾਜਸ਼ੀ ਚੁੱਪ ਧਾਰੀ ਬੈਠੀ ਹੈ। ਇਸ ਸਬੰਧੀ ਪੰਜਾਬੀ ਕੇਂਦਰੀ ਲੇਖਕ ਸਭਾ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਸਥਾਨਕ ਲੇਖਕ ਸਭਾਵਾਂ ਅਤੇ ਹੋਰ ਅਨੇਕਾਂ ਪੰਜਾਬੀ ਹਿਤੈਸ਼ੀਆਂ ਵਲੋਂ ਪੰਜਾਬੀ ਮਾਂ ਬੋਲੀ ਦਾ ਬਣਦਾ ਸਥਾਨ ਅਤੇ ਮਾਣ ਸਤਕਾਰ ਬਹਾਲ ਕਰਨ ਲਈ ਕੀਤਾ ਜਾ ਰਿਹਾ ਜਨਤਕ ਸੰਘਰਸ਼ ਸ਼ਲਾਘਾਯੋਗ ਹੈ। 
ਸੀ.ਪੀ.ਐਮ. ਪੰਜਾਬ ਦੀ ਇਹ ਕਨਵੈਨਸ਼ਨ ਪੰਜਾਬੀ ਬੋਲੀ ਦੇ ਸਤਿਕਾਰ ਦੀ ਬਹਾਲੀ ਅਤੇ ਇਸਦੇ ਵਿਕਾਸ ਦੇ ਕੰਮ ਨੂੰ ਸਿਰਫ ਇਕੱਲੇ ਲੇਖਕਾਂ ਦੇ ਜਿੰਮੇ ਲਾ ਕੇ ਹੀ ਸੰਤੁਸ਼ਟ ਨਹੀਂ ਹੋ ਸਕਦੀ। ਇਹ ਮਸਲਾ ਸਮੂਹ ਪੰਜਾਬੀਆਂ ਦਾ ਹੈ। ਇਸ ਲਈ ਇਹ ਕਨਵੈਨਸ਼ਨ ਮਤਾ ਪਾਸ ਕਰਕੇ ਸਮੂਹ ਪੰਜਾਬੀਆਂ ਅਤੇ ਜਮਹੂਰੀ ਪਾਰਟੀਆਂ ਨੂੰ ਸੱਦਾ ਦਿੰਦੀ ਹੈ ਕਿ ਉਹ ਪੰਜਾਬੀ ਬੋਲੀ ਨੂੰ ਯੋਗ ਸਥਾਨ ਤੇ ਪੂਰਾ ਸਤਕਾਰ ਦੁਆਉਣ ਲਈ ਜਨ ਸੰਘਰਸ਼ ਚਲਾਉਣ। 
ਕਨਵੈਨਸ਼ਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਪੰਜਾਬ ਦੇ ਸਾਰੇ ਵਿਦਿਅਕ ਅਦਾਰਿਆਂ ਵਿਚ ਪੰਜਾਬੀ ਬੋਲੀ ਨੂੰ ਸਿੱਖਿਆ ਦਾ ਮਾਧਿਅਮ ਬਣਾਵੇ ਅਤੇ ਸਾਰੇ ਸਰਕਾਰੀ ਅਦਾਰਿਆਂ ਅਤੇ ਅਦਾਲਤਾਂ ਵਿਚ ਸਾਰਾ ਕੰਮ ਕਾਜ ਪੰਜਾਬੀ ਭਾਸ਼ਾ ਵਿਚ ਕੀਤਾ ਜਾਣਾ ਯਕੀਨੀ ਬਣਾਵੇ। ਪੰਜਾਬੀ ਭਾਸ਼ਾ ਬਾਰੇ ਐਕਟ ਵਿਚ ਸੋਧ ਕਰਕੇ ਇਸਦੀ ਉਲੰਘਣਾ ਕਰਨ ਵਾਲੇ ਅਦਾਰੇ ਅਤੇ ਅਧਿਕਾਰੀਆਂ ਨੂੰ ਸਜ਼ਾ ਦੇਣ ਦੀ ਸਪੱਸ਼ਟ ਤੇ ਠੋਸ ਵਿਵਸਥਾ ਵੀ ਕੀਤੀ ਜਾਵੇ।

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਅਕਤੂਬਰ 2013)

ਰਵੀ ਕੰਵਰ

ਸਾਮਰਾਜੀ ਸੰਸਾਰੀਕਰਨ ਵਿਰੁੱਧ ਗਰੀਸ ਵਿਚ ਜਾਰੀ ਹੈ ਮਿਹਨਤਕਸ਼ਾਂ ਦਾ ਸੰਘਰਸ਼  
ਯੂਰਪ ਦੇ ਦੇਸ਼ ਗਰੀਸ ਵਿਚ ਸਾਮਰਾਜੀ ਸੰਸਾਰੀਕਰਨ ਅਧਾਰਤ ਆਰਥਕ ਨੀਤੀਆਂ ਵਿਰੁੱਧ ਮਿਹਨਤਕਸ਼ ਅਵਾਮ ਨਿਰੰਤਰ ਸੰਘਰਸ਼ ਦੇ ਰਾਹ 'ਤੇ ਹਨ। ਇਨ੍ਹਾਂ ਨੀਤੀਆਂ ਕਾਰਨ ਪੈਦਾ ਹੋਏ ਆਰਥਕ ਸੰਕਟ ਤੋਂ ਬਚ ਨਿਕਲਣ ਲਈ ਦੇਸ਼ ਦੀ ਸਰਕਾਰ ਵਲੋਂ ਯੂਰਪੀ ਕੇਂਦਰੀ ਬੈਂਕ, ਕੌਮਾਂਤਰੀ ਮੁਦਰਾ ਕੋਸ਼ ਅਤੇ ਯੂਰਪੀਅਨ ਕਮੀਸ਼ਨ ਤੋਂ ਰਾਹਤ ਪੈਕੇਜ਼ ਲਏ ਜਾ ਰਹੇ ਹਨ। ਇਨ੍ਹਾਂ ਰਾਹਤ ਪੈਕਜਾਂ ਨਾਲ ਜੁੜੀਆਂ ਸ਼ਰਤਾਂ ਦੇਸ਼ ਦੇ ਮਿਹਨਤਕਸ਼ ਲੋਕਾਂ ਦੇ ਹਿੱਤਾਂ ਦਾ ਘਾਣ ਕਰਦੀਆਂ ਹਨ। ਇਨ੍ਹਾਂ ਵਿਚ ਮੁੱਖ ਸ਼ਰਤਾਂ ਹਨ, ਜਨਤਕ ਖੇਤਰ ਲਈ ਕੀਤੇ ਜਾਂਦੇ ਖਰਚਿਆਂ ਵਿਚ ਵੱਡੀਆਂ ਕਟੌਤੀਆਂ, ਜਿਹੜੀਆਂ ਕਿ ਬਜਟ ਘਾਟੇ ਨੂੰ ਘਟਾਉਣ ਲਈ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਜਨਤਕ ਖੇਤਰ ਦੇ ਅਦਾਰਿਆਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਘਟਾਈਆਂ ਜਾ ਰਹੀਆਂ ਹਨ, ਜਨਤਕ ਖੇਤਰ ਵਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸਿਹਤ, ਸਿੱਖਿਆ ਅਤੇ ਹੋਰ ਸੇਵਾਵਾਂ ਉਤੇ ਖਰਚ ਵਿਚ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ, ਜਨਤਕ ਖੇਤਰ ਦੇ ਅਦਾਰਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਇਨ੍ਹਾ ਕਦਮਾਂ ਨਾਲ ਜਿੱਥੇ ਮੁਲਾਜ਼ਮਾਂ ਤੇ ਮਜ਼ਦੂਰਾਂ ਦੀਆਂ ਤਨਖਾਹਾਂ ਪਹਿਲਾਂ ਨਾਲੋਂ ਬਹੁਤ ਘੱਟ ਗਈਆਂ ਹਨ ਉਥੇ ਹੀ ਸਰਕਾਰ ਦੀ ਆਮਦਨ ਵਧਾਉਣ ਲਈ ਟੈਕਸ ਵਧਾਏ ਜਾ ਰਹੇ ਹਨ। ਇਸ ਤਰ੍ਹਾਂ ਦੇਸ਼ ਦੇ ਮਿਹਨਤਕਸ਼ ਦੋਹਰੀ ਮਾਰ ਹੇਠ ਹਨ। ਦੂਜੇ ਪਾਸੇ ਸਰਕਾਰ ਇਸ ਸੰਕਟ ਨੂੰ ਪੈਦਾ ਕਰਨ ਵਾਲੇ ਬੈਂਕਾਂ ਨੂੰ ਰਾਹਤ ਪੈਕਜ਼ਾਂ ਦੇ ਨਾਂਅ ਉਤੇ ਖੁੱਲ੍ਹੇ ਗੱਫੇ ਵੰਡ ਰਹੀ ਹੈ, ਪੂੰਜੀਪਤੀਆਂ ਨੂੰ ਰਾਹਤ ਪੈਕੇਜ਼ ਦੇ ਰਹੀ ਹੈ। ਦੇਸ਼ ਵਿਚ ਜਦੋਂ ਤੋਂ ਇਸ ਤ੍ਰਿਕੜੀ ਵਲੋਂ ਰਾਹਤ ਪੈਕਜ਼ਾਂ ਦਾ ਸਿਲਸਿਲਾ ਚੱਲਿਆ ਹੈ ਉਸ ਵੇਲੇ ਤੋਂ ਹੁਣ ਤੱਕ 30 ਆਮ ਹੜਤਾਲਾਂ ਹੋ ਚੁੱਕੀਆਂ ਹਨ। 
ਗਰੀਸ ਮੁੜ ਇਕ ਵਾਰ ਮਿਹਨਤਕਸ਼ਾਂ ਦੇ ਸੰਘਰਸ਼ਾਂ ਦੇ ਦੌਰ ਵਿਚ ਦਾਖਲ ਹੋ ਗਿਆ ਹੈ। ਇਹ ਸੰਘਰਸ਼ਾਂ ਦਾ ਦੌਰ ਉਸ ਵੇਲੇ ਸ਼ੁਰੂ ਹੋਇਆ ਹੈ ਜਦੋਂ ਦੇਸ਼ ਦਾ ਸੱਜ ਪਿਛਾਖੜੀ ਪ੍ਰਧਾਨ ਮੰਤਰੀ ਏਨਟੋਨਿਸ ਸਾਮਰਾਸ, ਯੂਰਪੀ ਯੂਨੀਅਨ ਦੇ ਬਰੁਸੇਲਜ਼ ਸਥਿਤ ਹੈਡਕੁਆਰਟਰ ਦੇ ਦੌਰੇ 'ਤੇ ਹੈ ਅਤੇ ਅਗਲੇ ਹਫਤੇ ਇਸ ਰਾਹਤ ਪੈਕੇਜ਼ ਪ੍ਰਦਾਨ ਕਰਨ ਵਾਲੀ ਤ੍ਰਿਕੜੀ ਦੇ ਪ੍ਰਤੀਨਿੱਧ ਰਾਜਧਾਨੀ ਏਥੰਸ ਆ ਰਹੇ ਹਨ। 16 ਸਤੰਬਰ ਨੂੰ ਦੇਸ਼ ਦੇ ਸੈਕੰਡਰੀ ਤੇ ਹਾਈ ਸਕੂਲ ਅਧਿਆਪਕ 5 ਦਿਨਾਂ ਦੀ ਹੜਤਾਲ 'ਤੇ ਚਲੇ ਗਏ ਹਨ। ਇਹ ਹੜਤਾਲ ਐਨੀ ਜਬਰਦਸਤ ਹੈ ਕਿ 90% ਅਧਿਆਪਕ ਇਸ ਵਿਚ ਸ਼ਾਮਲ ਸਨ। ਹੜਤਾਲ ਦੇ ਪਹਿਲੇ ਦਿਨ ਅਧਿਆਪਕਾਂ ਵਲੋਂ ਵਿਸ਼ਾਲ ਮੁਜ਼ਾਹਰੇ ਕੀਤੇ ਗਏ, ਜਿਨ੍ਹਾਂ ਵਿਚ ਵਿਦਿਆਰਥੀਆਂ ਦੇ ਨਾਲ ਨਾਲ ਜਨਤਕ ਖੇਤਰ ਦੇ ਮੁਲਾਜ਼ਮਾਂ ਦੇ ਜੱਥੇ ਵੀ ਸ਼ਾਮਲ ਸਨ। ਦੇਸ਼ ਦੀ ਰਾਜਧਾਨੀ ਏਥੰਨਜ਼ ਵਿਚ 30,000 ਲੋਕ ਮੁਜ਼ਾਹਰੇ ਵਿਚ ਸ਼ਾਮਲ ਸਨ ਜਦੋਂਕਿ ਥੈਸਾਲੋਨੀਕੀ ਵਿਚ ਹੋਏ ਮੁਜ਼ਾਹਰੇ ਵਿਚ 10,000 ਦੀ ਹਾਜ਼ਰੀ ਸੀ। ਅਧਿਆਪਕਾਂ ਦੀਆਂ ਮੁੱਖ ਮੰਗਾਂ ਹਨ : ਬੰਦ ਕੀਤੇ ਗਏ ਸਕੂਲ ਮੁੜ ਸ਼ੁਰੂ ਕੀਤੇ ਜਾਣ (2011 ਤੋਂ ਹੁਣ ਤੱਕ 2500 ਸਕੂਲ ਬੰਦ ਕੀਤੇ ਜਾ ਚੁੱਕੇ ਹਨ), ਸਿਹਤ ਸਿੱਖਿਆ ਅਤੇ ਕਲਾ ਦੇ ਵਿਸ਼ੇ ਜਿਨ੍ਹਾਂ ਸਕੂਲਾਂ ਵਿਚ ਬੰਦ ਕੀਤੇ ਗਏ ਹਨ, ਮੁੜ ਸ਼ੁਰੂ ਕੀਤੇ ਜਾਣ,  ਅਧਿਆਪਕਾਂ ਦੀਆਂ ਬਰਖਾਸਤੀਆਂ ਰੱਦ ਕੀਤੀਆਂ ਜਾਣ, ਲਾਜ਼ਮੀ ਤਬਾਦਲੇ ਕਰਨੇ ਬੰਦ ਕੀਤੇ ਜਾਣ, ਸਕੂਲਾਂ ਉਤੇ ਕੀਤੇ ਜਾਂਦੇ ਖਰਚਿਆਂ ਵਿਚ 60% ਦੀ ਕਟੌਤੀ ਰੱਦ ਕੀਤੀ ਜਾਵੇ ਨਵੀਂ ਟੈਸਟ ਪ੍ਰਣਾਲੀ ਰੱਦ ਕੀਤੀ ਜਾਵੇ। ਦੇਸ਼ ਦੀ ਮੁੱਖ ਵਿਰੋਧੀ ਧਿਰ, ਖੱਬੇ ਪੱਖੀ ਗਠਜੋੜ ਦੇ ਆਗੂ ਅਲੈਕਸਿਸ ਸਿਪਰਾਸ ਨੇ ਇਸ ਹੜਤਾਲ ਦਾ ਸਮਰਥਨ ਕਰਦੇ ਹੋਏ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਹੜਤਾਲ ਦਾ ਸਮਰਥਨ ਕਰਨ ਅਤੇ ਇਸਨੂੰ ਇਕ ''ਲਾਮਿਸਾਲ ਸੰਘਰਸ਼'' ਕਰਾਰ ਦਿੱਤਾ ਹੈ। 
ਸਕੂਲਾਂ ਵਿਚ ਕੰਮ ਕਰਦੇ ਚੌਕੀਦਾਰ ਵੀ ਆਪਣੀਆਂ ਮੰਗਾਂ ਦੇ ਹੱਕ ਵਿਚ 16 ਸਤੰਬਰ ਤੋਂ ਹੀ ਹੜਤਾਲ 'ਤੇ ਚਲੇ ਗਏ। ਉਨ੍ਹਾਂ ਦੇਸ਼ ਦੀ ਪ੍ਰਸ਼ਾਸਨ ਸੁਧਾਰਾਂ ਬਾਰੇ ਵਜਾਰਤ ਸਾਹਮਣੇ ਮੁਜ਼ਾਹਰਾ ਕਰਦੇ ਹੋਏ ਇਮਾਰਤ ਵਿਚ ਵੜਨ ਦਾ ਯਤਨ ਕੀਤਾ। ਇਸ ਮੌਕੇ ਪੁਲਸ ਵਲੋਂ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਅਤੇ ਕਈ ਚੌਕੀਦਾਰ ਜਖਮੀ ਹੋਏ। 53 ਸਾਲਾ ਚੌਕੀਦਾਰ ਇਲੇਨੀ ਸਟਾਥਾਕੀ ਅਨੁਸਾਰ : ''ਅਸੀਂ ਆਪਣੀਆਂ ਨੌਕਰੀਆਂ ਉਤੇ ਬਹਾਲੀ ਚਾਹੁੰਦੇ ਹਾਂ। ਉਹ ਸਾਨੂੰ ਨੌਕਰੀ ਤੋਂ ਤਾਂ ਬਾਹਰ ਕਰਨਾ ਚਾਹੁੰਦੇ ਹਨ ਪ੍ਰੰਤੂ ਟੈਕਸ ਵੀ ਲੈਣਾ ਚਾਹੁੰਦੇ ਹਨ। ਇਸ ਸਥਿਤੀ ਵਿਚ ਅਸੀਂ ਕਿਸ ਤਰ੍ਹਾਂ ਜੀਉਂਦੇ ਰਹਿ ਸਕਦੇ ਹਾਂ।''
ਦੇਸ਼ ਦੇ ਜਨਤਕ ਖੇਤਰ ਦੇ ਕਾਮਿਆਂ ਦੀ ਪ੍ਰਮੁੱਖ ਯੂਨੀਅਨ, ਏ.ਡੀ.ਈ.ਡੀ.ਵਾਈ. ਦੇ ਸੱਦੇ ਉਤੇ ਦੇਸ਼ ਭਰ ਦੇ ਜਨਤਕ ਖੇਤਰ ਦੇ ਕਾਮੇ 48 ਘੰਟਿਆਂ ਦੀ ਹੜਤਾਲ ਉਤੇ ਚਲੇ ਗਏ ਸੀ। ਇਹ ਹੜਤਾਲ 19 ਅਤੇ 20 ਸਤੰਬਰ ਨੂੰ ਕੀਤੀ ਗਈ। ਜਨਤਕ ਖੇਤਰ ਉਤੇ ਕੀਤੇ ਜਾਂਦੇ ਖਰਚਿਆਂ ਵਿਚ ਕਟੌਤੀ ਕਰਨ ਕਰਕੇ ਸਰਕਾਰ ਦੀ ਜਨਤਕ ਖੇਤਰ ਦੇ 25000 ਮੁਲਾਜ਼ਮਾਂ ਨੂੰ ਜੂਨੀਅਰ ਅਹੁਦਿਆਂ ਉਤੇ ਤੈਨਾਤ ਕਰਨ ਜਾਂ ਬਰਖਾਸਤ ਕਰਨ ਤੋਂ ਪਹਿਲਾਂ ਤਨਖਾਹ ਘਟਾਉਣ ਦੀ ਯੋਜਨਾ ਦੇ ਵਿਰੁੱਧ ਇਹ ਹੜਤਾਲ ਹੈ। ਇਥੇ ਇਹ ਵੀ ਨੋਟ ਕਰਨ ਯੋਗ ਹੈ ਕਿ 1 ਬਿਲੀਅਨ ਯੂਰੋ ਦੇ ਨਵੇਂ ਰਾਹਤ ਪੈਕੇਜ਼ ਦੀ ਸ਼ਰਤ ਮੁਤਾਬਕ 2015 ਤੱਕ ਜਨਤਕ ਖੇਤਰ ਦੀਆਂ 15000 ਹੋਰ ਨੌਕਰੀਆਂ ਖਤਮ ਕੀਤੀਆਂ ਜਾਣੀਆਂ ਹਨ। 4000 ਨੂੰ ਤਾਂ ਇਸੇ ਸਾਲ ਦੇ ਅੰਤ ਤੱਕ ਖਤਮ ਕਰਨ ਦਾ ਟੀਚਾ ਹੈ। ਕਾਮਿਆਂ ਵਿਚ ਰੋਸ ਦਾ ਮੁੱਖ ਕਾਰਨ ਹੈ, ਜਦੋਂ ਤੋਂ ਦੇਸ਼ ਵਿਚ ਸੰਵਿਧਾਨ ਲਾਗੂ ਹੋਇਆ ਹੈ, ਇਹ ਪਹਿਲਾ ਮੌਕਾ ਹੈ ਕਿ ਜਨਤਕ ਖੇਤਰ ਦੇ ਕਾਮੇ ਆਪਣੀਆਂ ਨੌਕਰੀਆਂ ਗੁਆਉਣਗੇ। ਇਸ ਦੇ ਸਭ ਤੋਂ ਵੱਡਾ ਸ਼ਿਕਾਰ ਵੱਧ ਉਮਰ ਵਾਲੇ ਕਾਮੇ ਬਣਨਗੇ। ਸਰਕਾਰ ਦੀ ਯੋਜਨਾ ਪ੍ਰਤੀ ਗੁੱਸੇ ਅਤੇ ਸੰਘਰਸ਼ ਪ੍ਰਤੀ ਪ੍ਰਤੀਬੱਧਤਾ ਨੂੰ ਸਭਿਆਚਾਰਕ ਵਜਾਰਤ ਦੇ ਪੁਰਾਤਤਵ ਮਾਹਿਰਾਂ ਦੀ ਜਥੇਬੰਦੀ ਦੇ ਪ੍ਰਧਾਨ ਦੇਸਪੀਨਾ ਕੌਤਸੌਂਮਬਾ ਦੇ ਇਹ ਸ਼ਬਦ ਪ੍ਰਗਟ ਕਰਦੇ ਹਨ ''ਇਹ ਸੁਧਾਰ ਜਾਂ ਕਾਮਿਆਂ ਦੀ ਗਿਣਤੀ ਘਟਾਉਣ ਦਾ ਹੀ ਸਿਰਫ ਮਾਮਲਾ ਨਹੀਂ ਹੈ। ਉਹ ਜਨਤਕ ਖੇਤਰ ਨੂੰ ਤਬਾਹ ਕਰਨਾ ਚਾਹੁੰਦੇ ਹਨ, ਜਿਹੜਾ ਆਮ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਉਸਰਿਆ ਹੈ। ਸਾਨੂੰ ਆਸ ਹੈ ਕਿ ਇਸ ਹਫਤੇ ਦੇ ਗਹਿਗੱਚ ਸੰਘਰਸ਼ ਇਸਨੂੰ ਮੋੜਾ ਦੇਣ ਵਿਚ ਸਫਲ ਰਹਿਣਗੇ।'' ਇਕ ਹੋਰ ਹੜਤਾਲੀ ਇਸਤਰੀ ਕਾਰਕੁੰਨ ਦੇ ਸ਼ਬਦ-''ਸਰਕਾਰ ਸਾਨੂੰ ਮੂਰਖ ਬਣਾ ਰਹੀ ਹੈ, ਕੋਈ ਮੁੜ ਤੈਨਾਤੀ ਨਹੀਂ ਕੀਤੀ ਜਾਵੇਗੀ। ਜੇਕਰ ਅਸੀਂ ਸੰਘਰਸ਼ ਰਾਹੀਂ ਇਸ ਯੋਜਨਾ ਨੂੰ ਰੱਦ ਨਾ ਕਰਵਾ ਸਕੇ ਤਾਂ ਮਾਰਚ 2014 ਵਿਚ ਸਾਨੂੰ ਬਿਨ੍ਹਾਂ ਕਿਸੇ ਮੁਆਵਜ਼ੇ ਤੋਂ ਘਰ ਤੋਰ ਦਿੱਤਾ ਜਾਵੇਗਾ।''
ਦੇਸ਼ ਦੇ ਡਾਕਟਰ ਵੀ 16 ਸਤੰਬਰ ਤੋਂ ਤਿੰਨ ਦਿਨ ਦੀ ਹੜਤਾਲ 'ਤੇ ਚਲੇ ਗਏ ਸਨ। ਡਾਕਟਰਾਂ ਦੀ ਵੀ ਹੜਤਾਲ ਦਾ ਮੁੱਖ ਮੁੱਦਾ ਜਨਤਕ ਖੇਤਰ ਵਿਚ ਕੀਤੀਆਂ ਜਾਣ ਵਾਲੀਆਂ ਛਾਂਟੀਆਂ ਦੀ ਯੋਜਨਾ ਹੀ ਹੈ। ਕਿਉਂਕਿ ਜਨਤਕ ਖੇਤਰ ਦੀਆਂ ਸਿਹਤ ਸੇਵਾਵਾਂ ਵਿਚ ਕਟੌਤੀਆਂ ਦਾ ਅਸਰ ਸਿੱਧੇ ਰੂਪ ਵਿਚ ਉਨ੍ਹਾਂ 'ਤੇ ਪਵੇਗਾ। 
ਗਰੀਸ ਨੂੰ ਹੁਣ ਤੱਕ ਯੂਰਪੀ ਕੇਂਦਰੀ ਬੈਂਕ, ਯੂਰਪੀ ਯੂਨੀਅਨ ਅਤੇ ਕੌਮਾਂਤਰੀ ਮੁਦਰਾ ਫੰਡ ਦੀ ਤ੍ਰਿਕੜੀ ਵਲੋਂ 240 ਬਿਲੀਅਨ ਯੂਰੋ ਦੇ ਦੋ ਰਾਹਤ ਪੈਕੇਜ ਮਿਲ ਚੁੱਕੇ ਹਨ। ਤੀਜੇ ਲਈ ਗੱਲਬਾਤ ਜਾਰੀ ਹੈ। ਪ੍ਰੰਤੂ ਹੁਣ ਤੱਕ ਦੇਸ਼ ਦੇ ਅਰਥਚਾਰੇ ਵਿਚ ਸੁਧਾਰ ਹੋਣ ਦੀ ਥਾਂ ਇਸ ਨਾਲ ਜੁੜੀਆਂ ਜਨ ਘਾਤਕ ਸ਼ਰਤਾਂ ਨੇ ਦੇਸ਼ ਦੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ। ਦੇਸ਼ ਵਿਚ ਬੇਰੁਜ਼ਗਾਰੀ ਦੀ ਦਰ ਸਭ ਰਿਕਾਰਡ ਤੋੜਦੀ ਹੋਈ 28% ਤੱਕ ਪਹੁੰਚਣ ਜਾ ਰਹੀ ਹੈ। ਨੌਜਵਾਨਾਂ ਦੀ ਬੇਰੁਜ਼ਗਾਰੀ ਦਰ 60-65% ਤੱਕ ਪੁੱਜਣ ਦੇ ਅਨੁਮਾਨ ਹਨ। ਇਨ੍ਹਾਂ ਹਾਲਤਾਂ ਨੂੰ ਦੇਖਦੇ ਹੋਏ ਯੂਰਪੀਅਨ ਕਮੀਸ਼ਨ ਦੀ ਉਪ ਪ੍ਰਧਾਨ ਵੀਵੀਅਨੇ ਰੇਡਿੰਗ ਨੇ ਸਲਾਹ ਦਿੱਤੀ ਹੈ ਕਿ ਤ੍ਰਿਕੜੀ ਨੂੰ ਹੁਣ ਗਰੀਸ ਤੋਂ ਬਾਹਰ ਨਿਕਲ ਆਉਣਾ ਚਾਹੀਦਾ ਹੈ। ਉਨ੍ਹਾਂ ਦੇ ਸ਼ਬਦ ਹਨ-''ਯੂਰਪ ਦੇ ਨਾਗਰਿਕ ਤ੍ਰਿਕੜੀ 'ਤੇ ਭਰੋਸਾ ਨਹੀਂ ਕਰਦੇ ਅਤੇ ਉਹ ਸਹੀ ਹਨ। ਸਾਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਹੱਥੋਂ ਨਹੀਂ ਗੁਆਉਣਾ ਚਾਹੀਦਾ।'' ਉਨ੍ਹਾਂ ਸੱਦਾ ਦਿੱਤਾ ਕਿ ਜਨਤਕ ਖੇਤਰ ਵਿਚ ਨੌਕਰੀਆਂ ਤੋਂ ਬਰਖਾਸਤਗੀਆਂ ਦੇ ਮੁੱਦੇ ਨੂੰ ਯੂਰਪੀਅਨ ਸੰਸਦ ਵਿਚ ਵਿਚਾਰਨਾ ਚਾਹੀਦਾ ਹੈ। 
ਕੌਮਾਂਤਰੀ ਮੁਦਰਾ ਫੰਡ ਦੇ ਸ਼ਬਦਾਂ ਵਿਚ ਹੀ ਮੌਜੂਦਾ ਕਦਮ ''ਨਾਬਰਦਾਸ਼ਤ ਕਰਨਯੋਗ ਹਨ।'' ਤੀਜੇ ਰਾਹਤ ਪੈਕੇਜ ਨਾਲ ਵੱਧਣ ਵਾਲੇ ਟੈਕਸਾਂ ਅਤੇ ਤਨਖਾਹਾਂ ਵਿਚ ਹੋਣ ਵਾਲੀਆਂ ਕਟੌਤੀਆਂ ਦੇ ਸ਼ਿਕਾਰ ਨੌਜਵਾਨਾਂ, ਜਿਹੜੇ ਉਚ ਸਿੱਖਿਅਤ ਹਨ, ਪਰ ਕਿਸੇ ਵੀ ਤਰ੍ਹਾਂ ਦੀ ਨੌਕਰੀ ਹਾਸਲ ਕਰਨ ਵਿਚ ਨਾਕਾਮ ਹਨ, ਨੂੰ ਇਨ੍ਹਾਂ ਸੰਘਰਸ਼ਾਂ ਦਾ ਹਿੱਸਾ ਬਨਾਉਣਾ ਲੋਕ ਪੱਖੀ ਧਿਰਾਂ ਸਾਹਮਣੇ ਇਕ ਵੱਡੀ ਚੁਣੌਤੀ ਹੈ। ਕਿਉਂਕਿ ਉਨਾਂ ਦੇ 'ਗੋਲਡਨ ਡਾਨ' ਵਰਗੀਆਂ ਅੰਧ-ਰਾਸ਼ਟਰਵਾਦ ਨੂੰ ਭੜਕਾਉਣ ਵਾਲੀਆਂ ਸੱਜ ਪਿਛਾਖੜੀ ਪਾਰਟੀਆਂ ਵੱਲ ਖਿੱਚੇ ਜਾਣ ਦੀਆਂ ਸੰਭਾਵਨਾਵਾਂ ਕਾਫੀ ਹਨ। ਜਨ ਵਿਰੋਧੀ ਨੀਤੀਆਂ ਨੂੰ ਮੋੜਾ ਦੇਣ ਹਿੱਤ ਸੰਘਰਸ਼ ਨੂੰ ਫੈਸਲਾਕੁੰਨ ਜਿੱਤ ਤੱਕ ਪਹੁੰਚਾਉਣ ਲਈ ਵੀ ਇਨ੍ਹਾਂ ਵਿਚ ਨੌਜਵਾਨਾਂ ਦੀ ਸ਼ਮੂਲੀਅਤ ਲਾਜ਼ਮੀ ਹੈ। 
ਮੈਕਸੀਕੋ ਦੇ ਅਧਿਆਪਕਾਂ ਦਾ ਸੰਘਰਸ਼ 
ਅਮਰੀਕਾ ਦੇ ਗੁਆਂਢੀ ਦੇਸ਼ ਮੈਕਸੀਕੋ ਦੇ ਅਧਿਆਪਕ 19 ਅਗਸਤ ਤੋਂ ਹੜਤਾਲ ਉਤੇ ਹਨ। ਹੜਤਾਲ ਦੂਜੇ ਮਹੀਨੇ ਵਿਚ ਦਾਖਲ ਹੋ ਚੁੱਕੀ ਹੈ। 11 ਸਤੰਬਰ ਨੂੰ ਹਜ਼ਾਰਾਂ ਅਧਿਆਪਕਾਂ ਨੇ ਦੇਸ਼ ਦੀ ਰਾਜਧਾਨੀ ਮੈਕਸੀਕੋ ਸ਼ਹਿਰ ਵਿਚ ਜਬਰਦਸਤ ਰੋਸ ਮੁਜ਼ਾਹਰਾ ਕਰਦੇ ਹੋਏ ਸ਼ਹਿਰ ਦੇ ਪ੍ਰਮੁੱਖ ਸ਼ਾਹਰਾਹ ਨੂੰ ਜਾਮ ਕਰ ਦਿੱਤਾ ਸੀ ਅਤੇ ਬਾਅਦ ਵਿਚ ਸ਼ਹਿਰ ਦੇ ਕੇਂਦਰੀ ਪਲਾਜਾ ਜੋਕਾਲੋ ਵਿਖੇ ਡੇਰੇ ਲਾ ਲਏ ਸਨ। ਸ਼ਹਿਰ ਦੀ ਪੁਲਸ ਨੇ 14 ਸਤੰਬਰ ਨੂੰ ਅਧਿਆਪਕਾਂ ਵਿਰੁੱਧ ਹਿੰਸਕ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਕੈਂਪਾਂ ਨੂੰ ਉਖਾੜਨ ਤੋਂ ਬਾਅਦ ਉਨ੍ਹਾਂ ਨੂੰ ਉਥੋਂ ਕੱਢ ਦਿੱਤਾ ਸੀ। ਜਿਸ ਦੌਰਾਨ ਕਈ ਅਧਿਆਪਕ ਜਖਮੀ ਵੀ ਹੋਏ ਸਨ। ਪੁਲਸ ਦੀ ਇਸ ਕਾਰਵਾਈ ਦੇ ਵਿਰੋਧ ਵਿਚ ਦੇਸ਼ ਦੀਆਂ ਵਿਦਿਆਰਥੀ ਜਥੇਬੰਦੀਆਂ ਅਤੇ ਹੋਰ ਟਰੇਡ ਯੂਨੀਅਨਾਂ ਨੇ 19 ਤੇ 20 ਸਤੰਬਰ ਨੂੰ ਸਦਭਾਵਨਾ ਹੜਤਾਲ ਕੀਤੀ ਹੈ। 
ਦੇਸ਼ ਦੇ ਅਧਿਆਪਕ ਸੱਜ ਪਿਛਾਖੜੀ ਪਾਰਟੀ ਪੀ.ਆਰ.ਆਈ. ਦੇ ਆਗੂ  ਇਨਰੀਕ ਪੇਨਾ ਨੀਈਟੋ ਵਲੋਂ ਦੇਸ਼ ਦੇ ਸੰਵਿਧਾਨ ਵਿਚ ਸੋਧ ਕਰਕੇ 'ਨੋ ਚਾਈਲਡ ਲੈਫਟ ਬਿਹਾਇੰਡ' (ਕੋਈ ਬੱਚਾ ਪਿੱਛੇ ਨਾ ਰਹੇ) ਦੀ ਨੀਤੀ ਨੂੰ ਲਾਗੂ ਕਰਨ ਦਾ ਵਿਰੋਧ ਕਰ ਰਹੇ ਹਨ। ਅਧਿਆਪਕਾਂ ਦੀ ਜਥੇਬੰਦੀ ਦਾ ਕਹਿਣਾ ਹੈ ਕਿ ਇਹ ਨੀਤੀ ਦਰਅਸਲ ਸਿੱਖਿਆ ਖੇਤਰ ਦਾ ਨਿੱਜੀਕਰਨ ਕਰਨ ਵੱਲ ਇਕ ਕਦਮ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਪ੍ਰਚਾਰਤ ਕੀਤੀ ਜਾ ਰਹੀ 'ਟੈਸਟ ਪ੍ਰਣਾਲੀ' ਜਿੱਥੇ ਬੱਚਿਆਂ ਦੀ ਰਚਨਾਤਮਕਤਾ ਨੂੰ ਮਾਰਦੀ ਹੈ, ਉਥੇ ਨਾਲ ਹੀ ਚੰਗੇ ਨਤੀਜੇ ਨਾ ਦੇਣ ਦੇ ਨਾਂਅ ਹੇਠ ਅਧਿਆਪਕਾਂ ਨੂੰ ਦੰਡਿਤ ਕਰਨ 'ਤੇ ਅਧਾਰਤ ਹੈ। ਉਨ੍ਹਾਂ ਮੁਤਾਬਕ ਸਿੱਖਿਆ ਖੇਤਰ ਉਤੇ ਕੀਤੇ ਜਾਂਦੇ ਖਰਚਿਆਂ ਨੂੰ ਵੱਡੀ ਪੱਧਰ 'ਤੇ ਨਿਰੰਤਰ ਘਟਾਇਆ ਜਾ ਰਿਹਾ ਹੈ ਅਤੇ ਪੱਕੇ ਅਧਿਆਪਕ ਰੱਖਣ ਦੀ ਥਾਂ ਨਗੂਣੀਆਂ ਤਨਖਾਹਾਂ 'ਤੇ ਠੇਕਾ ਪ੍ਰਣਾਲੀ ਅਧੀਨ ਅਧਿਆਪਕ ਭਰਤੀ ਕੀਤੇ ਜਾ ਰਹੇ ਹਨ। 
ਕਿਸੇ ਸਮੇਂ ਵਿਚ ਦੇਸ਼ ਦੀ ਮੁੱਖ ਰਹੀ ਅਧਿਆਪਕ ਯੂਨੀਅਨ  ਐਸ.ਐਨ.ਟੀ.ਈ. ਦੀ ਪ੍ਰਧਾਨ ਇਲਬਾ ਈਸਥਰ ਗੋਰਡੀਲੋ ਦੇ ਭਰਿਸ਼ਟਾਚਾਰ ਦੇ ਦੋਸ਼ਾਂ ਅਧੀਨ ਜੇਲ੍ਹ ਚਲੇ ਜਾਣ ਬਾਅਦ ਦੇਸ਼ ਦੇ ਪੂੰਜੀਪਤੀਆਂ ਦੇ ਕੰਟਰੋਲ ਵਾਲੇ ਮੀਡੀਆ ਨੇ ਆਪਣੀ ਮੁਹਿੰਮ ਕਿ ਦੇਸ਼ ਦੇ ਅਧਿਆਪਕ ਹੀ ਸਿੱਖਿਆ ਢਾਂਚੇ ਦੀਆਂ ਖਾਮੀਆਂ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ, ਉਹ ਵੱਡੀਆਂ ਤਨਖਾਹਾਂ ਲੈਂਦੇ ਹਨ, ਪਰ ਕੰਮ ਬਿਲਕੁਲ ਨਹੀਂ ਕਰਦੇ ਹਨ, ਹੋਰ ਤਿੱਖਾ ਕਰ ਦਿੱਤਾ ਹੈ। ਸੰਵਿਧਾਨਕ ਸੋਧ ਜਿਸ ਵਿਰੁੱਧ ਅਧਿਆਪਕ ਹੜਤਾਲ ਕਰ ਰਹੇ ਹਨ, ਉਸ ਉਤੇ ਦੇਸ਼ ਦੀਆਂ ਤਿੰਨੋਂ ਮੁੱਖ ਪਾਰਟੀਆਂ - ਪੀ.ਆਰ.ਆਈ., ਪੀ.ਆਰ.ਡੀ. ਤੇ ਪੀ.ਏ.ਐਨ. ਇਕਜੁੱਟ ਹਨ। ਖੱਬੇ ਪੱਖੀ ਪਾਰਟੀ ਪੀ.ਟੀ. ਅਧਿਆਪਕਾਂ ਦੇ ਸੰਘਰਸ਼ ਦਾ ਸਮਰਥਨ ਕਰ ਰਹੀ ਹੈ। 
1994 ਵਿਚ ਉਤਰੀ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਨਾਰਥ ਅਮਰੀਕਨ ਫਰੀ ਟਰੇਡ ਐਗਰੀਮੈਂਟ ਹੋਣ ਤੋਂ ਬਾਅਦ ਦੇਸ਼ ਦੇ ਜਨਤਕ ਖੇਤਰ ਦਾ ਨਿੱਜੀਕਰਨ ਕਰਦੇ ਹੋਏ ਉਸਨੂੰ ਬਹੁਕੌਮੀ ਕੰਪਨੀਆਂ ਦੇ ਹਵਾਲੇ ਕਰਨ ਅਤੇ ਦੇਸ਼ ਦੀਆਂ ਮਜ਼ਬੂਤ ਟਰੇਡ ਯੂਨੀਅਨਾਂ ਨੂੰ ਖਤਮ ਕਰਨ ਦੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਹਾਲ ਵਿਚ ਹੀ ਮੈਕਸੀਕੋ ਸ਼ਹਿਰ ਦੇ ਬਿਜਲੀ ਢਾਂਚੇ ਦਾ ਨਿੱਜੀਕਰਨ ਕਰ ਦਿੱਤਾ ਗਿਆ ਹੈ ਅਤੇ ਉਥੇ ਦੀ ਮਜ਼ਬੂਤ ਯੂਨੀਅਨ ਐਸ.ਐਮ.ਈ. ਇਸਨੂੰ ਰੋਕਣ ਵਿਚ ਸਫਲ ਨਹੀਂ ਹੋ ਸਕੀ। ਮੈਕਸੀਕੋ ਪੱਛਮੀ ਅਰਧਗੋਲੇ ਦਾ ਵੱਡੇ ਤੇਲ ਭੰਡਾਰਾਂ ਵਾਲਾ ਤੀਜਾ ਵੱਡਾ ਦੇਸ਼ ਹੈ। 1938 ਵਿਚ ਦੇਸ਼ ਦੇ ਸੰਵਿਧਾਨ ਵਿਚ ਦਰਜ ਕਰਕੇ ਤੇਲ ਸਨਅਤ ਤੇ ਵਪਾਰ ਦਾ ਕੌਮੀਕਰਨ ਕਰ ਦਿੱਤਾ ਗਿਆ ਸੀ। ਸਰਕਾਰੀ ਕੰਪਨੀ ਪੇਮੇਕਸ ਇਸ ਲਈ ਬਣਾਈ ਗਈ ਸੀ। ਹੁਣ ਨੀਈਟੋ ਸਰਕਾਰ ਇਸਦੇ ਹਿੱਸੇ ਵੀ ਬਹੁਕੌਮੀ ਤੇਲ ਕੰਪਨੀਆਂ ਇਕਸਨ ਮੋਬਿਲ, ਚੇਵਰੋਨ ਅਤੇ ਹਾਲੀਬਰਟਨ ਨੂੰ ਵੇਚਣ ਦੀ ਯੋਜਨਾ ਬਣਾ ਰਹੀ ਹੈ। 
ਮੈਕਸੀਕੋ ਦੇ ਅਧਿਆਪਕਾਂ ਦਾ ਇਹ ਸੰਘਰਸ਼ ਇਸ ਨਿੱਜੀਕਰਨ ਦੀ ਮੁਹਿੰਮ ਨੂੰ ਚੁਨੌਤੀ ਦੇਣ ਵਾਲੇ ਇਕ ਸੰਘਰਸ਼ ਦੇ ਰੂਪ ਵਿਚ ਉਭਰਕੇ ਸਾਹਮਣੇ ਆ ਰਿਹਾ ਹੈ। ਇਸਨੂੰ ਦੇਸ਼ ਦੇ ਹੋਰ ਮਿਹਨਤਕਸ਼ ਲੋਕਾਂ ਦੇ ਸੰਗਠਨਾਂ ਦਾ ਭਰਪੂਰ ਸਮਰਥਨ ਵੀ ਮਿਲ ਰਿਹਾ ਹੈ। ਦੇਸ਼ ਦੇ ਸਭ ਤੋਂ ਹਰਮਨ ਪਿਆਰੇ ਖੱਬੇ ਪੱਖੀ ਆਗੂ ਅਤੇ 2006 ਦੀ ਰਾਸ਼ਟਰਪਤੀ ਚੋਣ ਵਿਚ ਧੋਖਾਧੜੀ ਕਰਕੇ ਹਰਾ ਦਿੱਤੇ ਗਏ ਐਂਡਰੇਸ ਮੈਨੁਇਲ ਲੋਪਾਜ਼ ਉਬਰਾਡੋਰ ਨੇ ਅਧਿਆਪਕਾਂ ਦੇ ਸੰਘਰਸ਼ ਦਾ ਪੂਰੀ ਤਰ੍ਹਾਂ ਸਮਰਥਨ ਕੀਤਾ ਹੈ ਅਤੇ ਉਨ੍ਹਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਪਰੋਕਤ ਤੱਥ ਨੂੰ ਤਸਦੀਕ ਕੀਤਾ ਹੈ। ਉਨ੍ਹਾਂ ਕਿਹਾ ''ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਇਨ੍ਹਾਂ ਦੇਸ਼ ਵਿਰੋਧੀ ਸੁਧਾਰਾਂ ਨੂੰ ਰੋਕਣ ਵੱਲ ਵਧ ਰਹੇ ਹਾਂ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਸੰਭਵ ਨਹੀਂ ਹੈ।''

ਫਰਾਂਸ ਵਿਚ ਪੈਨਸ਼ਨ ਸੁਧਾਰਾਂ ਵਿਰੁੱਧ ਮਿਹਨਤਕਸ਼ਾਂ ਵਲੋਂ ਜਬਰਦਸਤ ਮੁਜ਼ਾਹਰੇ 
ਯੂਰਪ ਦੇ ਪ੍ਰਮੁੱਖ ਦੇਸ਼, ਫਰਾਂਸ ਵਿਚ 10 ਸਿਤੰਬਰ ਨੂੰ ਪੈਨਸ਼ਨ ਸੁਧਾਰਾਂ ਵਿਰੁੱਧ ਜਬਰਦਸਤ ਮੁਜ਼ਾਹਰੇ ਹੋਏ ਹਨ। ਦੇਸ਼ ਦੀ ਆਪਣੇ ਆਪ ਨੂੰ ਸੋਸ਼ਲਿਸਟ ਕਹਿਣ ਵਾਲੀ ਹੋਲਾਂਦ ਸਰਕਾਰ ਵਲੋਂ ਤਜ਼ਵੀਜ਼ਤ ਪੈਨਸ਼ਨ ਸੁਧਾਰਾਂ ਵਿਰੁੱਧ ਹੋਈ ਇਸ ਹੜਤਾਲ ਦਾ ਸੱਦਾ ਦੇਸ਼ ਦੀ ਮੁੱਖ ਟਰੇਡ ਯੂਨੀਅਨ ਸੀ.ਜੀ.ਟੀ. ਸਮੇਤ ਚਾਰ ਟਰੇਡ ਯੂਨੀਅਨ ਫੈਡਰੇਸ਼ਨਾਂ ਨੇ ਦਿੱਤਾ ਸੀ। ਦੇਸ਼ ਭਰ ਦੇ 180 ਸ਼ਹਿਰਾਂ ਵਿਚ  ਹੋਏ ਇਨ੍ਹਾਂ ਮੁਜ਼ਾਹਰਿਆਂ ਵਿਚ 3 ਲੱਖ 70 ਹਜ਼ਾਰ ਕਾਮਿਆਂ ਨੇ ਭਾਗ ਲਿਆ। 
ਰਾਸ਼ਟਰਪਤੀ ਫਰਾਂਕੁਇਸ ਹੋਲਾਂਦ ਦੀ ਸਰਕਾਰ ਵਲੋਂ ਲਿਆਂਦੇ ਜਾ ਰਹੇ ਪੈਨਸ਼ਨ ਸੁਧਾਰਾਂ ਬਾਰੇ ਤਜ਼ਵੀਜ਼ਤ ਕਾਨੂੰਨ ਅਨੁਸਾਰ ਕਾਮਿਆਂ ਨੂੰ ਪੂਰੀ ਪੈਨਸ਼ਨ ਪ੍ਰਾਪਤ ਕਰਨ ਲਈ ਘੱਟੋ ਘੱਟ 43 ਸਾਲ ਤੱਕ ਨਿਰੰਤਰ ਯੋਗਦਾਨ ਪਾਉਣਾ ਹੋਵੇਗਾ। ਇਹ 2035 ਤੱਕ ਲਾਗੂ ਹੋ ਜਾਵੇਗਾ। ਪਹਿਲਾਂ, ਨਿਰੰਤਰ ਘੱਟੋ ਘੱਟ ਯੋਗਦਾਨ ਪਾਉਣ ਦਾ ਸਮਾਂ 40.5 ਸਾਲ ਸੀ, ਜਿਹੜਾ ਕਿ ਪਿਛਲੇ ਸਮੇਂ ਵਿਚ ਹੋਈਆਂ ਸੋਧਾਂ ਤੋਂ ਬਾਅਦ ਹੁਣ 41.5 ਸਾਲ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਬਾਅਦ ਵਿਚ ਇਸ ਵਿਚ ਜੋੜੀ ਗਈ ਇਕ ਹੋਰ ਸੋਧ ਮੁਤਾਬਕ 2020 ਦੇ ਸ਼ੁਰੂ ਤੋਂ ਤਿੰਨ ਤੋਂ ਵਧੇਰੇ ਬੱਚਿਆਂ ਵਾਲੇ ਪੈਨਸ਼ਨਰਾਂ ਨੂੰ ਮਿਲਣ ਵਾਲੀਆਂ ਵਿਸ਼ੇਸ਼ ਸਹੂਲਤਾਂ ਨੂੰ ਵੀ ਘਟਾਏ ਜਾਣ ਦੀ ਤਜ਼ਵੀਜ਼ ਹੈ। ਟਰੇਡ ਯੂਨੀਅਨਾਂ ਦਾ ਕਹਿਣਾ ਹੈ ਕਿ ਇਹ ਤਜਵੀਜ਼ਤ ਸੋਧ ਮਜ਼ਦੂਰ ਵਿਰੋਧੀ ਤਾਂ ਹੈ ਹੀ ਬਲਕਿ ਇਹ ਨੌਜਵਾਨਾਂ ਦੇ ਹਿੱਤਾਂ ਦੇ ਵੀ ਵਿਰੁੱਧ ਹੈ। ਇੱਥੇ ਇਹ ਵੀ ਨੋਟ ਕਰਨ ਯੋਗ ਹੈ ਕਿ ਇਨ੍ਹਾਂ ਮੁਜ਼ਾਹਰਿਆਂ ਵਿਚ ਕਾਮਿਆਂ, ਰਿਟਾਇਰ ਹੋਏ ਕਾਮਿਆਂ ਦੇ ਨਾਲ ਨਾਲ ਵੱਡੀ ਗਿਣਤੀ ਵਿਚ ਨੌਜਵਾਨ ਤੇ ਵਿਦਿਆਰਥੀ ਵੀ ਸ਼ਾਮਲ ਸਨ। ਇਹ ਕਾਨੂੰਨ 18 ਸਤੰਬਰ ਨੂੰ ਦੇਸ਼ ਦੀ ਵਜਾਰਤ ਸਾਹਮਣੇ ਪ੍ਰਵਾਨਗੀ ਲਈ ਭੇਜਿਆ ਜਾਵੇਗਾ ਅਤੇ ਛੇਤੀ ਹੀ ਸੰਸਦ ਵਿਚ ਪਾਸ ਕਰਨ ਹਿੱਤ ਪੇਸ਼ ਕਰ ਦਿੱਤਾ ਜਾਵੇਗਾ। ਸਰਕਾਰ ਵਲੋਂ ਇਸ ਸੋਧ ਕਾਨੂੰਨ ਨੂੰ ਲਿਆਉਣ ਦਾ ਮਕਸਦ ਸਾਲਾਨਾ ਘਾਟੇ ਨੂੰ ਖਤਮ ਕਰਨ ਦਾ ਹੈ, ਜਿਹੜਾ ਕਿ ਉਸ ਮੁਤਾਬਕ 2020 ਵਿਚ ਵੱਧਕੇ 20 ਬਿਲੀਅਨ ਯੂਰੋ ਹੋ ਜਾਵੇਗਾ। 
ਇੱਥੇ ਇਹ ਵਰਣਨਯੋਗ ਹੈ ਕਿ 2010 ਵਿਚ ਰਾਜ ਕਰ ਰਹੇ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਦੀ ਸਰਕਾਰ ਨੇ ਵੀ ਪੈਨਸ਼ਨ ਸੁਧਾਰ ਬਿੱਲ ਤਜਵੀਜ਼ ਕੀਤਾ ਸੀ। ਜਿਸ ਵਿਰੁੱਧ ਦੇਸ਼ ਦੇ ਮਿਹਨਤਕਸ਼ਾਂ ਨੇ ਐਨਾ ਜਬਰਦਸਤ ਸੰਘਰਸ਼ ਕੀਤਾ ਸੀ ਕਿ ਦੇਸ਼ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ ਅਤੇ ਸਰਕੋਜ਼ੀ ਸਰਕਾਰ ਨੂੰ ਇਹ ਬਿੱਲ ਵਾਪਸ ਲੈਣਾ ਪਿਆ ਸੀ। ਇਸ ਬਿੱਲ ਵਿਚ ਸੇਵਾਮੁਕਤੀ ਉਮਰ ਪੈਨਸ਼ਨ ਪ੍ਰਾਪਤੀ ਯੋਗਤਾ ਲਈ 60 ਸਾਲ ਤੋਂ ਵਧਾਕੇ 62 ਸਾਲ ਕਰਨ ਦੀ ਤਜ਼ਵੀਜ਼ ਸੀ। ਇਸ ਸੰਘਰਸ਼ ਵਿਚ ਵਿਦਿਆਰਥੀਆਂ ਤੇ ਨੌਜਵਾਨਾਂ ਨੇ ਬਹੁਤ ਹੀ ਸ਼ਲਾਘਾਯੋਗ ਭੂਮਿਕਾ ਨਿਭਾਈ ਸੀ। ਯੂਨੀਵਰਸਿਟੀ ਵਿਦਿਆਰਥੀ ਹੀ ਨਹੀਂ ਬਲਕਿ ਹਾਈ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਇਸ ਸੰਘਰਸ਼ ਵਿਚ ਵੱਧ ਚੜ੍ਹੇ ਭਾਗ ਲਿਆ ਸੀ। 
ਸੀ.ਜੀ.ਟੀ. ਟਰੇਡ ਯੂਨੀਅਨ ਦੇ ਆਗੂ ਇਰਿਕ ਓਬੀਨ ਨੇ 10 ਸਿਤੰਬਰ ਬਾਰੇ ਦੇਸ਼ ਦੇ ਪੂੰਜੀਪਤੀ ਕੰਟਰੋਲ ਵਾਲੇ ਮੀਡੀਆ ਦੇ ਕੂੜ ਪ੍ਰਚਾਰ ਕਿ ਇਨ੍ਹਾਂ ਮੁਜ਼ਾਹਰਿਆਂ ਵਿਚ 2010 ਜਿੰਨੀ ਸ਼ਮੂਲੀਅਤ ਨਹੀਂ ਸੀ, ਦਾ ਜੁਆਬ ਦਿੰਦਿਆਂ ਕਿਹਾ ਕਿ ਇਹ ਸੰਘਰਸ਼ ਦਾ ਅਜੇ ਆਗਾਜ਼ ਹੀ ਹੈ। ਉਨ੍ਹਾਂ ਪੈਨਸ਼ਨ ਸੁਧਾਰਾਂ ਵਿਰੁੱਧ ਸੰਘਰਸ਼ ਨੂੰ 2010 ਤੋਂ ਵੀ ਵਿਆਪਕ ਬਨਾਉਣ ਦਾ ਅਹਿਦ ਦੁਹਰਾਉਂਦਿਆਂ ਕਿਹਾ ਕਿ ਕੁੱਝ ਲੋਕਾਂ ਨੂੰ ਅਜੇ ਸਰਕਾਰ ਤੋਂ ਆਸਾਂ ਹਨ। ਇੱਥੇ ਇਹ ਨੋਟ ਕਰਨ ਯੋਗ ਹੈ ਕਿ ਸੀ.ਐਫ.ਡੀ.ਟੀ. ਟਰੇਡ ਯੂਨੀਅਨ ਫੈਡਰੇਸ਼ਨ ਇਸ ਹੜਤਾਲ ਵਿਚ ਸ਼ਾਮਲ ਨਹੀਂ ਸੀ, ਉਸਦਾ ਮੰਨਣਾ ਹੈ ਕਿ ਅਸੀਂ ਸੰਸਦ ਵਿਚ ਇਸ ਬਿੱਲ ਨੂੰ ਮਜ਼ਦੂਰ ਪੱਖੀ ਬਣਵਾ ਸਕਦੇ ਹਾਂ। 
ਫਰਾਂਸ ਵਿਚ ਹੋਏ ਇਕ ਸਰਵੇਖਣ ਮੁਤਾਬਕ 56% ਲੋਕ 10 ਸਤੰਬਰ ਦੀ ਹੜਤਾਲ ਦੇ ਹੱਕ ਵਿਚ ਸਨ, ਜਦੋਂਕਿ ਸਿਰਫ 41% ਲੋਕਾਂ ਨੇ ਹੀ ਇਸਦਾ ਵਿਰੋਧ ਕੀਤਾ। 73 ਫੀਸਦੀ ਲੋਕਾਂ ਨੂੰ ਇਹ ਭਰੋਸਾ ਨਹੀਂ ਹੈ ਕਿ ਮੌਜੂਦਾ ਸਰਕਾਰ ਪੈਨਸ਼ਨ ਸਬੰਧਤ ਮੁੱਦਿਆਂ ਨੂੰ ਠੀਕ ਢੰਗ ਨਾਲ ਨਜਿੱਠ ਸਕਦੀ ਹੈ। 

ਕੋਲੰਬੀਆ ਦੇ ਕਿਸਾਨ ਅਤੇ ਮਿਹਨਤਕਸ਼ ਲੋਕ ਸੰਘਰਸ਼ ਦੇ ਰਾਹ 'ਤੇ 

ਲਾਤੀਨੀ ਅਮਰੀਕੀ ਮਹਾਂਦੀਪ ਦੇ ਦੇਸ਼ ਕੋਲੰਬੀਆ ਵਿਚ ਦਰਮਿਆਨੇ ਤੇ ਛੋਟੇ ਕਿਸਾਨ ਬਗਾਵਤ ਦੇ ਰਾਹ 'ਤੇ ਹਨ। ਦੇਸ਼ ਦੇ ਸਭ ਤੋਂ ਵਧੇਰੇ ਵੱਸੋਂ ਵਾਲੇ ਪਹਾੜੀ ਖੇਤਰਾਂ ਵਿਚ 19 ਅਗਸਤ ਤੋਂ ਹੀ ਲੱਖਾਂ ਕਿਸਾਨਾਂ ਨੇ ਸ਼ਾਹਰਾਹਾਂ ਉਤੇ ਧਰਨੇ ਮਾਰਕੇ ਲਗਭਗ ਪੂਰੇ ਦੇਸ਼ ਨੂੰ ਜਾਮ ਕਰਕੇ ਰੱਖ ਦਿੱਤਾ ਹੈ। ਕਿਸਾਨਾਂ ਦਾ ਇਹ ਸੰਘਰਸ਼ ਪਿਛਲੇ ਸਾਲ ਮਈ ਵਿਚ ਦੇਸ਼ ਦੀ ਸਰਕਾਰ ਵਲੋਂ ਅਮਰੀਕਾ ਅਤੇ ਯੂਰਪੀ ਯੂਨੀਅਨ ਨਾਲ ਕੀਤੇ ਗਏ ਮੁਕਤ ਵਪਾਰ ਸਮਝੌਤਿਆਂ ਨਾਲ ਉਨ੍ਹਾਂ ਦੇ ਕਿੱਤੇ ਉਪਰ ਪੈਣ ਵਾਲੇ ਘਾਤਕ ਨਤੀਜਿਆਂ ਵਿਰੁੱਧ ਹੈ। ਦੇਸ਼ ਦੇ ਬੋਯਾਸਾ ਤੇ ਕੁੰਡਨਾਮਾਰਾ ਸੂਬਿਆਂ ਵਿਚ ਇਸਦਾ ਸਭ ਤੋਂ ਵੱਧ ਪ੍ਰਭਾਵ ਹੈ। ਇਹ ਸੂਬੇ ਦੇਸ਼ ਦੀ ਰਾਜਧਾਨੀ ਬੋਗਾਟਾ ਦੁਆਲੇ ਸਥਿਤ ਹਨ। ਇਸ ਸੰਘਰਸ਼ ਦੇ ਸਿੱਟੇ ਵਜੋਂ ਸ਼ਾਹਰਾਹਾਂ ਜਾਮ ਹੋ ਜਾਣ ਕਰਕੇ ਰਾਜਧਾਨੀ ਬੋਗੋਟਾ ਵਿਚ ਖਾਣ ਪੀਣ ਵਾਲੀਆਂ ਵਸਤਾਂ ਦੀ ਕਮੀ ਹੋ ਗਈ ਹੈ। ਪ੍ਰੰਤੂ ਫੇਰ ਵੀ ਸ਼ਹਿਰ ਦੀਆਂ ਹੱਦਾਂ 'ਤੇ ਲੱਗੇ ਕਿਸਾਨਾਂ ਦੇ ਧਰਨਿਆਂ ਨੂੰ ਰਾਜਧਾਨੀ ਦੇ ਵਸਨੀਕ ਆਪਣਾ ਸਮਰਥਨ ਦੇ ਰਹੇ ਹਨ। 
ਦੇਸ਼ ਦੇ ਦੱਖਣੀ ਸੂਬਿਆਂ ਨਾਰੀਨੋ, ਸਾਕੁਏਟਾ ਤੇ ਕੌਸਾ ਵਿਚ ਸ਼ਾਹਰਾਹਾਂ ਦੇ ਜਾਮ ਹੋਣ ਨਾਲ ਦੇਸ਼ ਦਾ ਇਕਵਾਡੋਰ ਵਰਗੇ ਦੱਖਣ ਵੱਲ ਸਥਿਤ ਦੇਸ਼ਾਂ ਨਾਲ ਸੰਪਰਕ ਟੁੱਟ ਗਿਆ ਹੈ। 29 ਅਗਸਤ ਨੂੰ ਦੇਸ਼ ਦੀ ਰਾਜਧਾਨੀ ਬੋਗੋਟਾ ਵਿਚ ਕਿਸਾਨਾਂ ਨੇ ਬਹੁਤ ਵੱਡਾ ਮੁਜ਼ਾਹਰਾ ਕੀਤਾ ਸੀ। ਇਸ ਮੁਜ਼ਾਹਰੇ ਵਿਚ ਅਤੇ ਬਾਅਦ ਵਿਚ ਕਿਸਾਨਾਂ ਵਲੋਂ ਮਾਰੇ ਗਏ ਧਰਨਿਆਂ ਵਿਚ ਅਧਿਆਪਕ, ਸਨਅਤੀ ਕਾਮੇ, ਵਿਦਿਆਰਥੀ ਅਤੇ ਹੋਰ ਮਿਹਨਤਕਸ਼ ਲੋਕ ਵੀ ਸ਼ਾਮਲ ਹੋ ਗਏ ਹਨ। ਦੇਸ਼ ਦੇ ਰਾਸ਼ਟਰਪਤੀ ਜੁਆਨ ਮੈਨੁਅਲ ਸਾਨਤੋਸ ਨੂੰ ਹਜ਼ਾਰਾਂ ਫੌਜੀ ਰਾਜਧਾਨੀ ਵਿਚ ਤੈਨਾਤ ਕਰਨੇ ਪਏ ਅਤੇ ਨਾਲ ਹੀ ਮਾਰਸ਼ਲ ਲਾਅ ਵੀ ਲਾਗੂ ਕਰਨਾ ਪਿਆ। ਪਰ ਇਸ ਦੇ ਬਾਵਜੂਦ ਕਿਸਾਨਾਂ ਨਾਲ ਹੋਈਆਂ ਝੜਪਾਂ ਵਿਚ ਕਈ ਪੁਲਸ ਵਾਲੇ ਜਖ਼ਮੀ ਹੋਏ। ਪੁਲਸ ਨੇ ਕਿਸਾਨ ਕਾਰਕੁੰਨਾਂ ਉਤੇ ਅੱਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ ਜਿਸ ਵਿਚ ਸੈਂਕੜੇ ਕਿਸਾਨ ਵੀ ਜਖ਼ਮੀ ਹੋਏ। 
ਲਾਤੀਨੀ ਅਮਰੀਕਾ ਵਿਚ 1980ਵਿਆਂ ਤੋਂ ਹੀ ਸਾਮਰਾਜ ਨਿਰਦੇਸ਼ਤ ਸੰਸਾਰਕੀਰਣ ਦੀਆਂ ਨੀਤੀਆਂ ਲਾਗੂ ਕੀਤੀਆਂ ਗਈਆਂ ਸਨ। ਜਿਸਦੇ ਸਿੱਟੇ ਵਜੋਂ ਜਿਥੇ ਇਸ ਮਹਾਂਦੀਪ ਦੇ ਕੁਦਰਤੀ ਵਸੀਲਿਆਂ ਨਾਲ ਜਰਖ਼ੇਜ਼ ਦੇਸ਼ਾਂ ਵਿਚ ਬਹੁਕੌਮੀ ਕੰਪਨੀਆਂ ਨੇ ਇਨ੍ਹਾਂ ਦੇ ਕੁਦਰਤੀ ਭੰਡਾਰਾਂ 'ਤੇ ਕਬਜ਼ੇ ਕੀਤੇ ਹਨ ਅਤੇ ਅਥਾਹ ਦੌਲਤ ਕਮਾਈ ਹੈ ਉਥੇ ਹੀ ਸਥਾਨਕ ਲੋਕਾਂ ਦਾ ਕੰਗਾਲੀਕਰਨ ਵੀ ਬੜੀ ਤੇਜੀ ਨਾਲ ਹੋਇਆ ਹੈ। ਇਨ੍ਹਾਂ ਨੀਤੀਆਂ ਵਿਰੁੱਧ ਖਲੌਂਦੇ ਹੋਏ ਵੈਨਜ਼ੁਏਲਾ ਦੇ ਮਰਹੂਮ ਖੱਬੇ ਪੱਖੀ ਰਾਸ਼ਟਰਪਤੀ ਹੂਗੋ ਸ਼ਾਵੇਜ਼ ਨੇ ਇਕ ਰਾਹ ਦਰਸਾਇਆ ਸੀ, ਜਿਸ ਉਤੇ ਚਲਦੇ ਹੋਏ ਬਹੁਤ ਸਾਰੇ ਦੇਸ਼ਾਂ ਨੇ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਦੇ ਮੁਕਾਬਲੇ ਉਤੇ ਲੋਕ ਪੱਖੀ ਨੀਤੀਆਂ ਨੂੰ ਲਾਗੂ ਕਰਨ ਦਾ ਰਾਹ ਅਖਤਿਆਰ ਕੀਤਾ ਹੈ। ਪ੍ਰੰਤੂ ਕੋਲੰਬੀਆ ਉਨ੍ਹਾਂ ਕੁਝ ਕੁ ਦੇਸ਼ਾਂ ਵਿਚੋਂ ਹੈ ਜਿਹੜੇ ਅਜੇ ਵੀ ਅਮਰੀਕੀ ਸਾਮਰਾਜ ਦੇ ਹਥਠੋਕੇ ਬਣੇ ਹੋਏ ਹਨ। ਇਹ ਸਭ ਤੋਂ ਵਧੇਰੇ ਅਮਰੀਕੀ ਸਹਾਇਤਾ ਪ੍ਰਾਪਤ ਕਰਨ ਵਾਲਾ ਦੇਸ਼ ਹੈ, ਜਿੱਥੇ ਅਮਰੀਕੀ ਫੌਜੀ ਅੱਡੇ ਸਥਿਤ ਹਨ ਅਤੇ ਜਿਨ੍ਹਾਂ ਦੀ ਵਰਤੋਂ ਮਹਾਂਦੀਪ ਵਿਚ ਲੋਕ-ਪੱਖੀ ਸਰਕਾਰਾਂ ਵਿਰੁੱਧ ਗੋਂਦਾਂ ਗੁੰਦਣ ਲਈ ਹੁੰਦੀ ਹੈ। 
ਪਿਛਲੇ ਦਹਾਕੇ ਤੋਂ ਲਾਤੀਨੀ ਅਮਰੀਕਾ ਦੇ ਦੇਸ਼ਾਂ ਵਿਚ ਆਪਸੀ ਵਪਾਰਕ ਸਹਿਯੋਗ ਸਮਝੌਤੇ ਹੋ ਰਹੇ ਹਨ ਅਤੇ ਉਹ ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ ਕਰਨ ਤੋਂ ਸਾਫ ਇਨਕਾਰ ਕਰ ਰਹੇ ਹਨ। ਅਜਿਹੇ ਮਾਹੌਲ ਵਿਚ ਕੋਲੰਬੀਆ ਸਰਕਾਰ ਨੇ ਅਮਰੀਕੀ ਸਾਮਰਾਜ ਦਾ ਹੱਥਰੋਕਾ ਬਣਦੇ ਹੋਏ ਪਿਛਲੇ ਸਾਲ ਮਈ ਵਿਚ ਉਸ ਨਾਲ ਅਤੇ ਯੂਰਪੀ ਯੂਨੀਅਨ ਨਾਲ ਮੁਕਤ ਵਪਾਰ ਸਮਝੌਤਾ ਕੀਤਾ ਸੀ। ਸਾਲ ਬਾਅਦ ਹੀ ਇਸਦੇ ਕਿਸਾਨਾਂ ਉਤੇ ਬਹੁਤ ਘਾਤਕ ਅਸਰ ਪੈਣ ਲੱਗ ਪਏ ਸਨ, ਜਿਸਦਾ ਸਿੱਟਾ ਹੈ ਕਿਸਾਨਾਂ ਦੀ ਇਹ ਬਗਾਵਤ। ਉਹ ਇਨ੍ਹਾਂ ਸਮਝੌਤਿਆਂ ਨੂੰ ਰੱਦ ਕਰਨ, ਖੇਤੀ ਅਤੇ ਹੋਰ ਕਿਸਾਨੀ ਉਪਜਾਂ ਦੇ ਘੱਟੋ ਘੱਟ ਭਾਆਂ ਦੀ ਗਰੰਟੀ ਕਰਨ, ਖਾਦਾਂ ਅਤੇ ਹੋਰ ਖੇਤੀ ਲਾਗਤ ਵਸਤਾਂ ਸਬਸੀਡੀ ਉਤੇ ਦੇਣ ਦੀ ਮੰਗ ਕਰ ਰਹੇ ਹਨ। ਉਹ ਜ਼ਮੀਨੀ ਸੁਧਾਰਾਂ ਨੂੰ ਲਾਗੂ ਕਰਨ, ਕੋਕੋਆ ਕਿਸਾਨ ਵਿਰੋਧੀ ਨੀਤੀਆਂ ਖਤਮ ਕਰਨ, ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਵੀ ਮੰਗ ਕਰ ਰਹੇ ਹਨ। 
ਅਮਰੀਕਾ ਅਤੇ ਯੂਰਪੀ ਯੂਨੀਅਨ ਵਿਚ ਖੇਤੀ ਖੇਤਰ ਨੂੰ ਵੱਡੀਆਂ ਸਬਸਿਡੀਆਂ ਮਿਲਦੀਆਂ ਹਨ। ਅਮਰੀਕਾ ਵਿਚ ਇਹ 18% ਹਨ ਜਦੋਂਕਿ ਯੂਰਪੀ ਯੂਨੀਅਨ ਦੇ ਦੇਸ਼ਾਂ ਵਿਚ ਇਹ 35% ਹਨ। ਇਸ ਨਾਲ ਕੋਲੰਬੀਆ ਦੇ ਕਿਸਾਨਾਂ ਦੀਆਂ ਉਪਜਾਂ ਉਨ੍ਹਾਂ ਦੇ ਮੁਕਾਬਲੇ ਵਿਚ ਨਹੀਂ ਠਹਿਰ ਸਕਦੀਆਂ। ਦੁੱਧ ਉਤਪਾਦਕ ਕਿਸਾਨਾਂ ਦੇ ਪ੍ਰਤੀਨਿੱਧ ਮੋਈਸੇਸ ਡੇਲਗਾਡੋ ਨੇ ਦੱਸਿਆ-''ਮੁਕਤ ਵਪਾਰ ਸਮਝੌਤੇ ਤੋਂ ਪਹਿਲਾਂ ਇਕ ਲੀਟਰ ਦੁੱਧ ਦੇ 800 ਪੀਸੋ (0.46 ਡਾਲਰ) ਮਿਲਦੇ ਸਨ, ਹੁਣ ਸਾਨੂੰ 500 ਪੀਸੋ ਮਿਲਦੇ ਹਨ, ਜਿਹੜੇ ਸਾਡੀ ਲਾਗਤ ਵੀ ਪੂਰੀ ਨਹੀਂ ਕਰਦੇ।'' ਕਿਸਾਨਾਂ ਅਨੁਸਾਰ ਮੁਕਤ ਵਪਾਰ ਸਮਝੌਤਿਆਂ ਦਾ ਮੁੱਖ ਉਦੇਸ਼ ਕੋਲੰਬੀਆ ਦੀ ਟੈਕਸਟਾਇਲ ਸਨਅਤ ਦੇ ਮੁਨਾਫੇ ਵਧਾਉਣਾ ਹੈ। ਇਸ ਖੇਤਰ 'ਤੇ ਦੇਸ਼ ਦੇ ਵੱਡੇ ਪੂੰਜੀਪਤੀ ਤੇ ਬਹੁਕੌਮੀ ਕੰਪਨੀਆਂ ਕਾਬਜ ਹਨ। ਦੇਸ਼ ਦੇ ਛੋਟੇ ਦਰਮਿਆਨੇ ਕਿਸਾਨਾਂ ਲਈ ਇਨ੍ਹਾਂ ਸਮਝੌਤਿਆਂ ਤੋਂ ਬਾਅਦ ਖੇਤੀ ਲਾਹੇਵੰਦਾ ਧੰਦਾ ਨਹੀਂ ਰਹੀ, ਜਿਸ ਕਰਕੇ ਵੱਡੀ ਗਿਣਤੀ ਵਿਚ ਉਹ ਆਪਣੀਆਂ ਜ਼ਮੀਨਾਂ ਵੇਚਕੇ ਸ਼ਹਿਰਾਂ ਦੇ ਝੁੱਗੀ ਝੌਂਪੜੀ ਖੇਤਰਾਂ ਵਿਚ ਆਉਣ ਲਈ ਮਜ਼ਬੂਰ ਹੋ ਰਹੇ ਹਨ ਅਤੇ ਸਸਤੇ ਮਜ਼ਦੂਰਾਂ ਵਿਚ ਤਬਦੀਲ ਹੋ ਰਹੇ ਹਨ। 
ਦੇਸ਼ ਦੇ ਰਾਸ਼ਟਰਪਤੀ ਸਾਨਤੋਸ ਵਲੋਂ ਕਿਸਾਨਾਂ ਨੂੰ 12 ਸਿਤੰਬਰ ਨੂੰ ਗੱਲਬਾਤ ਲਈ ਸੱਦਾ ਦਿੱਤਾ ਗਿਆ ਸੀ ਪ੍ਰੰਤੂ ਵੱਡੇ ਹਿੱਸੇ ਵਲੋਂ ਇਸਨੂੰ ਠੁਕਰਾ ਦਿੱਤਾ ਗਿਆ ਹੈ। ਆਲੂ ਉਤਪਾਦਕਾਂ ਦੇ ਆਗੂ ਕੇਸਾਰ ਪਾਨਚੋਨ ਨੇ ਇਸਦੇ ਬਾਰੇ ਸਪੱਸ਼ਟ ਕਰਦਿਆਂ ਕਿਹਾ - ''ਅਸੀਂ ਨਵੰਬਰ 2011 ਤੋਂ ਅੰਦੋਲਨ ਕਰ ਰਹੇ ਹਾਂ। ਨਵੰਬਰ 2011 ਅਤੇ ਮਈ 2012 ਵਿਚ ਸਾਡੇ ਨਾਲ ਗੱਲਬਾਤ ਕੀਤੀ ਗਈ ਪ੍ਰੰਤੂ ਦੋਵੇਂ ਵਾਰ ਸਾਡੇ ਨਾਲ ਧੋਖਾ ਹੋਇਆ ਹੈ। ਇਸ ਵਾਰ ਅਸੀਂ ਉਦੋਂ ਤੱਕ ਆਪਣਾ ਸੰਘਰਸ਼ ਵਾਪਸ ਨਹੀਂ ਲਵਾਂਗੇ ਜਦੋਂ ਤੱਕ ਕੋਈ ਠੋਸ ਨਤੀਜਾ ਨਹੀਂ ਨਿਕਲਦਾ।''
ਰਿਪਬਲਿਕ ਆਫ ਕੋਲੰਬੀਆ ਦੇ ਨਾਂਅ ਨਾਲ ਜਾਣਿਆ ਜਾਂਦਾ 4 ਕਰੋੜ 75 ਲੱਖ ਆਬਾਦੀ ਵਾਲਾ ਇਹ ਦੇਸ਼ ਕੱਚੇ ਤੇਲ, ਸੋਨੇ, ਚਾਂਦੀ, ਹੀਰੇ, ਪਲੈਟੀਨਮ ਅਤੇ ਕੋਲੇ ਵਰਗੇ ਬੇਸ਼ਕੀਮਤੀ ਕੁਦਰਤੀ ਵਸੀਲਿਆਂ ਵਾਲਾ ਜਰਖੇਜ਼ ਦੇਸ਼ ਹੈ। ਪ੍ਰੰਤੂ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਹਾਕਮਾਂ ਵਲੋਂ ਲਾਗੂ ਕੀਤੇ ਜਾਣ ਕਰਕੇ ਇਹ ਮਹਾਂਦੀਪ ਦੇ ਸਭ ਤੋਂ ਵੱਧ ਗਰੀਬ ਵੱਸੋਂ ਵਾਲੇ ਦੇਸ਼ਾਂ ਵਿਚੋਂ ਇਕ ਹੈ। ਦੇਸ਼ ਦੇ ਕਿਸਾਨ ਤਾਂ ਬਗਾਵਤ ਦੇ ਰਾਹ 'ਤੇ ਹਨ ਹੀ, ਅਧਿਆਪਕ ਵੀ ਸਿੱਖਿਆ ਖੇਤਰ ਦੇ ਨਿੱਜੀਕਰਨ ਵਿਰੁੱਧ ਸੰਘਰਸ਼ ਕਰ ਰਹੇ ਹਨ। 11 ਸਿਤੰਬਰ ਨੂੰ ਦੇਸ਼ ਭਰ ਵਿਚ ਹਜ਼ਾਰਾਂ ਅਧਿਆਪਕਾਂ ਨੇ ਹੜਤਾਲਾਂ ਕਰਕੇ ਮੁਜ਼ਾਹਰੇ ਕੀਤੇ। ਉਨ੍ਹਾਂ ਦੀਆਂ ਮੁੱਖ ਮੰਗਾਂ ਹਨ, ਵਾਅਦੇ ਮੁਤਾਬਕ ਤਨਖਾਹਾਂ ਵਿਚ ਵਾਧਾ ਕੀਤਾ ਜਾਵੇ। ਸਿਹਤ ਸੇਵਾਵਾਂ ਵਿਚ ਸੁਧਾਰ ਕੀਤਾ ਜਾਵੇ, ਪੈਨਸ਼ਨ ਲਾਗੂ ਕੀਤੀ ਜਾਵੇ, ਸਿੱਖਿਆ ਦਾ ਨਿੱਜੀਕਰਨ ਬੰਦ ਕੀਤਾ ਜਾਵੇ। 
ਕੋਲੰਬੀਆ ਦੀ ਹਵਾਈ ਸੇਵਾ 'ਏਵੀਆਂਕਾ' ਦੇ 900 ਪਾਈਲਟਾਂ ਨੇ ਵੀ 13 ਸਿਤੰਬਰ ਤੋਂ ਉਵਰਟਾਈਮ ਲਾਉਣਾ ਬੰਦ ਕਰ ਦਿੱਤਾ ਹੈ। ਹਵਾਈ ਸੇਵਾ ਨੂੰ 18 ਸਿਤੰਬਰ ਨੂੰ ਇਸ ਰੋਸ ਐਕਸ਼ਨ ਦੇ ਮੱਦੇਨਜ਼ਰ 160 ਘਰੇਲੂ ਉਡਾਨਾਂ ਰੱਦ ਕਰਨੀਆਂ ਪਈਆਂ ਹਨ। 
ਅਮਰੀਕੀ ਬਹੁਕੌਮੀ ਕੰਪਨੀ ਡਰਮਮੋਂਡ ਕੋਲ ਕੰਪਨੀ ਦੀ ਮਾਲਕੀ ਵਾਲੀਆਂ ਦੋ ਕੋਲਾ ਖਾਨਾਂ ਦੇ ਕਾਮੇ ਵੀ 23 ਜੁਲਾਈ ਤੋਂ ਹੜਤਾਲ 'ਤੇ ਸਨ। 52 ਦਿਨ ਦੀ ਹੜਤਾਲ ਤੋਂ ਬਾਅਦ ਦੇਸ਼ ਦੀ ਕਿਰਤ ਵਜਾਰਤ ਵਲੋਂ ਦਖਲ ਦੇਣ ਤੋਂ ਬਾਅਦ ਇਹ ਹੜਤਾਲ ਖਤਮ ਹੋਈ ਹੈ। ਲਾਤੀਨੀ ਅਮਰੀਕੀ ਮਹਾਂਦੀਪ ਦੇ ਸਾਮਰਾਜ ਦੇ ਹਥਠੋਕੇ ਹਾਕਮਾਂ ਵਾਲੇ ਇਸ ਦੇਸ਼ ਵਿਚ ਅਗਲੇ ਸਾਲ ਰਾਸ਼ਟਰਪਤੀ ਚੋਣਾਂ ਹੋਣ ਵਾਲੀਆਂ ਹਨ। ਯਕੀਨਨ ਹੀ ਦੇਸ਼ ਵਿਚ ਹੋ ਰਹੇ ਇਹ ਗਹਿਗੱਚ ਸੰਘਰਸ਼ ਲੋਕ ਪੱਖੀ ਤਬਦੀਲੀ ਲਿਆਉਣ ਵਿਚ ਸਫਲ ਰਹਿਣਗੇ।