Wednesday, 3 August 2016

ਫਿਰਕਾਪ੍ਰਸਤੀ ਦਾ ਟਾਕਰਾ ਆਰਥਿਕ ਤੇ ਰਾਜਨੀਤਕ ਘੋਲਾਂ ਦੇ ਪਿੜ ਮਘਾ ਕੇ ਹੀ ਕੀਤਾ ਜਾ ਸਕਦੈ

ਮੰਗਤ ਰਾਮ ਪਾਸਲਾ 
ਫਿਰਕਾਪ੍ਰਸਤੀ ਦਾ ਜ਼ਹਿਰ ਕੈਂਸਰ ਦੇ ਰੋਗ ਤੋਂ ਵੀ ਜ਼ਿਆਦਾ ਭਿਆਨਕ ਹੈ। ਕੋਈ ਸਮਾਜ ਫਿਰਕੂ ਲੀਹਾਂ 'ਤੇ ਵੰਡਿਆ ਜਾਂਦਾ ਹੈ ਜਾਂ ਦੇਸ਼ ਦੇ ਕਿਸੇ ਭਾਗ ਵਿਚ ਫਿਰਕੂ ਦੰਗੇ ਭੜਕ ਪੈਂਦੇ ਹਨ ਤਾਂ ਇਸਦਾ ਨੁਕਸਾਨ ਤੁਰੰਤ ਮਨੁੱਖੀ ਜਾਨਾਂ 'ਤੇ ਸੰਪਤੀ ਦੀ ਤਬਾਹੀ ਦੇ ਰੂਪ ਵਿਚ ਹੀ ਨਹੀਂ ਹੁੰਦਾ, ਸਗੋਂ ਭਵਿੱਖ 'ਚ ਇਸਦੇ ਸਿੱਟੇ ਇਸਤੋਂ ਵੀ ਕਿਤੇ ਵੱਧ ਖਤਰਨਾਕ ਹੁੰਦੇ ਹਨ। ਜਨ ਸਮੂਹਾਂ ਦੇ ਮਨਾਂ ਅੰਦਰ ਡੂੰਘੀਆਂ ਫਿਰਕੂ ਲਕੀਰਾਂ ਖਿੱਚੀਆਂ ਜਾਂਦੀਆਂ ਹਨ ਤੇ ਉਹ ਇਕ ਦੂਸਰੇ ਨੂੰ ਪਿਆਰ ਤੇ ਵਿਸ਼ਵਾਸ ਦੀਆਂ ਨਜ਼ਰਾਂ ਨਾਲ ਦੇਖਣ ਦੀ ਥਾਂ ਦੂਸਰੇ ਧਰਮਾਂ ਦੇ ਅਨੁਆਈਆਂ ਪ੍ਰਤੀ ਸ਼ੰਕਾ ਤੇ ਨਫਰਤ ਭਰਿਆ ਵਤੀਰਾ ਅਖਤਿਆਰ ਕਰ ਲੈਂਦੇ ਹਨ। 1947 ਵਿਚ ਆਜ਼ਾਦੀ ਮਿਲਣ ਉਪਰੰਤ ਜਦੋਂ ਧਰਮ ਦੇ ਆਧਾਰ 'ਤੇ ਹਿੰਦੋਸਤਾਨ ਤੇ ਪਾਕਿਸਤਾਨ ਦੇ ਰੂਪ ਵਿਚ ਦੇਸ਼ ਦੀ ਵੰਡ ਹੋਈ, ਉਸ ਸਮੇਂ ਦੌਰਾਨ ਵਾਪਰਿਆ ਡਰਾਉਣਾ ਕਾਂਡ 69 ਸਾਲ ਬੀਤ ਜਾਣ ਦੇ ਬਾਅਦ ਅਜੇ ਵੀ ਕੰਬਣੀਆਂ ਛੇੜ ਦਿੰਦਾ ਹੈ। ਇਸ ਵੰਡ ਤੋਂ ਬਾਅਦ ਵੀ ਦੋਨਾਂ ਦੇਸ਼ਾਂ ਦੇ ਲੋਕਾਂ ਨੂੰ ਕਦੀ ਸਥਾਈ ਰੂਪ ਵਿਚ ਸ਼ਾਂਤੀ, ਚੈਨ ਤੇ ਭਰੱਪਣ ਦੀ ਨੀਂਦ ਨਹੀਂ ਆਈ। ਵੱਖ ਵੱਖ ਧਰਮਾਂ ਵਿਚ ਆਪਸੀ ਝਗੜੇ ਤੇ ਇਕੋ ਹੀ ਧਰਮਾਂ ਦੇ ਮੰਨਣ ਵਾਲੇ ਲੋਕਾਂ ਦੇ ਵਿਚਕਾਰ ਵੱਖ ਵੱਖ ਮੁੱਦਿਆਂ ਉਤੇ ਵੀ ਅਨੇਕਾਂ ਵਾਰ ਤਲਵਾਰਾਂ ਖਿੱਚੀਆਂ ਜਾਂਦੀਆਂ ਰਹੀਆਂ ਹਨ। ਅੱਜ ਜਦੋਂ ਜਨ ਸਮੂਹਾਂ ਵਾਸਤੇ ਰੋਟੀ, ਕੱਪੜਾ, ਮਕਾਨ, ਚੰਗੀਆਂ ਵਿਦਿਅਕ ਤੇ ਸਿਹਤ ਸਹੂਲਤਾਂ, ਸਮਾਜਿਕ ਬਰਾਬਰੀ ਆਦਿ ਵਰਗੀਆਂ ਲੋੜਾਂ ਦੀ ਪੂਰਤੀ ਪ੍ਰਮੁੱਖ ਸਵਾਲ ਬਣਿਆ ਹੋਇਆ ਹੈ ਤੇ ਸਾਡੇ ਹੁਕਮਰਾਨ ਆਪਣੀਆਂ ਤਜੌਰੀਆਂ ਭਰਕੇ ਲੋਕਾਂ ਦੇ ਦੁੱਖਾਂ ਤੇ ਲੋੜਾਂ ਪ੍ਰਤੀ ਪੂਰੀ ਤਰ੍ਹਾਂ ਗੈਰ ਸੰਵੇਦਨਸ਼ੀਲ ਹੋ ਗਏ ਹਨ, ਉਸ ਵੇਲੇ ਹਾਕਮਾਂ ਦੇ ਹੱਥਠੋਕੇ ਫਿਰਕੂ ਤੱਤ ਗਰੀਬੀ ਨਾਲ ਸਤਾਏ ਲੋਕਾਂ ਦਾ ਧਿਆਨ ਭਟਕਾਉਣ ਲਈ ਉਨ੍ਹਾਂ ਨੂੰ ਧਰਮ ਦੀ ਆੜ ਹੇਠਾਂ ਫਿਰਕੂ ਲੀਹਾਂ ਉਪਰ ਵੰਡਣ ਵਿਚ ਹੀ ਆਪਣਾ ਫਾਇਦਾ ਸਮਝਦੇ ਹਨ।
ਆਜ਼ਾਦ ਭਾਰਤ ਅੰਦਰ ਕੋਈ ਸਾਲ ਵੀ ਐਸਾ ਨਹੀਂ ਗੁਜਰਿਆ, ਜਦੋਂ ਕਦੇ ਹਿੰਦੂ-ਮੁਸਲਿਮ ਦੰਗਾ ਨਾ ਭੜਕਿਆ ਹੋਵੇ।  ਫਿਰਕੂ ਦੰਗਿਆਂ ਦੀ ਪੜਤਾਲ ਬਾਰੇ ਸਥਾਪਤ ਕੀਤੇ ਗਏ ਵੱਖ ਵੱਖ ਕਮਿਸ਼ਨਾਂ ਦੀਆਂ ਰਿਪੋਰਟਾਂ ਵਿਚ ਆਮ ਤੌਰ 'ਤੇ ਇਨ੍ਹਾਂ ਫਸਾਦਾਂ ਪਿੱਛੇ ਆਰ.ਐਸ.ਐਸ. ਦਾ ਸਿੱਧੇ ਜਾਂ ਅਸਿੱਧੇ ਰੂਪ ਵਿਚ ਹੱਥ ਨੋਟ ਕੀਤਾ ਗਿਆ ਹੈ। ਦੂਸਰੇ ਧਰਮਾਂ ਦੇ ਫਿਰਕੂ ਅਨਸਰਾਂ ਵਲੋਂ ਵੀ ਅਜਿਹੇ ਮੌਕਿਆਂ ਉਤੇ ਸ਼ਾਂਤੀ ਸਥਾਪਤ ਕਰਨ ਦੀ ਥਾਂ ਬਲਦੀ ਉਪਰ ਤੇਲ ਪਾਉਣ ਦਾ ਕੰਮ ਕੀਤਾ ਜਾਂਦਾ ਰਿਹਾ ਹੈ। ਇਸ ਕੁਕਰਮ ਤੋਂ ਕਮਿਊਨਿਸਟ ਤੇ ਦੂਸਰੀਆਂ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਪੂਰੀ ਤਰ੍ਹਾਂ ਬਰੀ ਹੀ ਨਹੀਂ ਸਗੋਂ ਉਨ੍ਹਾਂ ਨੇ ਫਿਰਕੂ ਤੱਤਾਂ ਦਾ ਮੁਕਾਬਲਾ ਕਰਦਿਆਂ ਹੋਇਆਂ ਆਪਣੀਆਂ ਜਾਨਾਂ ਤੱਕ ਕੁਰਬਾਨ ਕੀਤੀਆਂ ਹਨ। ਪਰ ਹੁਣ ਜਦੋਂ ਆਰ.ਐਸ.ਐਸ. ਦੇ ਅਨੁਆਈਆਂ ਤੇ ਸੰਘ ਪਰਿਵਾਰ ਦੀ ਮੈਂਬਰ ਭਾਜਪਾ ਦੇ ਆਗੂ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਸੱਤਾ ਸੰਭਾਲੀ ਹੈ, ਤਦ ਸਮੁੱਚੇ ਸੰਘ ਪਰਿਵਾਰ ਵਲੋਂ ਇਕ ਗਿਣੀਮਿਥੀ ਯੋਜਨਾ ਤਹਿਤ ਦੇਸ਼ ਦਾ ਫਿਰਕੂ ਆਧਾਰ 'ਤੇ ਧਰੁਵੀਕਰਨ ਕਰਨ ਦਾ ਕੁਕਰਮ ਕੀਤਾ ਜਾ ਰਿਹਾ ਹੈ। ਭਾਰਤ ਵਿਚ ਹਿੰਦੂ ਧਰਮ ਦੇ ਮੰਨਣ ਵਾਲਿਆਂ ਤੋਂ ਬਾਅਦ ਮੁਸਲਮਾਨਾਂ ਦੀ ਸਭ ਤੋਂ ਵੱਡੀ ਅਬਾਦੀ ਹੈ। ਇਸਾਈ, ਸਿੱਖ, ਬੋਧੀ ਆਦਿ ਹੋਰ ਵੀ ਅਨੇਕਾਂ ਧਾਰਮਿਕ ਘੱਟ ਗਿਣਤੀਆਂ ਦੇ ਵੱਖਰੇ ਵੱਖਰੇ ਧਾਰਮਿਕ ਰੀਤੀ ਰਿਵਾਜ, ਧਰਮ ਅਸਥਾਨ, ਧਾਰਮਿਕ ਮਾਨਤਾਵਾਂ ਅਤੇ ਆਸਥਾਵਾਂ ਹਨ। ਇਨ੍ਹਾਂ ਧਰਮਾਂ, ਖਾਸਕਰ ਹਿੰਦੂ, ਮੁਸਲਮਾਨ, ਸਿੱਖ ਧਰਮਾਂ ਵਿਚ ਸਧਾਰਣ ਲੋਕ ਇਕ ਧਰਮ ਦੇ ਅਨੁਆਈ ਹੋਣ ਦੇ ਨਾਲ ਨਾਲ ਅੱਗੋਂ ਹੋਰ ਛੋਟੇ ਛੋਟੇ ਧਾਰਮਿਕ ਗਰੁੱਪਾਂ ਵਿਚ ਵੀ ਵੰਡੇ ਹੋਏ ਹਨ। ਪਰ ਸੰਘ ਪਰਿਵਾਰ ਵਲੋਂ ਮੁਸਲਮਾਨ ਧਰਮ ਨੂੰ ਉਚੇਚੇ ਤੌਰ 'ਤੇ ਮੁੱਖ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਮੁਸਲਮਾਨ ਧਰਮ ਸਾਡੇ ਦੇਸ਼ ਦਾ ਧਰਮ ਨਹੀਂ ਹੈ ਬਲਕਿ ਇਹ ਬਾਹਰੋਂ ਇਕ ਹਮਲਾਵਰ ਦੇ ਰੂਪ ਵਿਚ ਆ ਕੇ ਏਥੇ ਪ੍ਰਫੁਲਤ ਹੋਇਆ ਹੈ। ਜੇਕਰ ਇਸ ਤਰਕ ਦੀਆਂ ਜੜ੍ਹਾਂ ਵਿਚ ਜਾਈਏ ਤਾਂ ਹਿੰਦੂ ਧਰਮ ਵੀ ਇਸ ਦੇਸ਼ ਦੇ ਪਹਿਲੇ ਵਸਨੀਕਾਂ ਦਾ ਧਰਮ ਨਹੀਂ ਸੀ। ਇਸ ਤੋਂ ਵੀ ਅੱਗੇ ਕਿਹਾ ਜਾ ਸਕਦਾ ਹੈ ਕਿ ਜਦੋਂ ਧਰਤੀ ਉਪਰ ਮਨੁੱਖ ਪੈਦਾ ਹੋਇਆ, ਉਸ ਵੇਲੇ ਤਾਂ ਉਸਦਾ ਕੋਈ ਧਰਮ ਹੀ ਨਹੀਂ ਸੀ। ਸਾਰੇ ਧਰਮਾਂ ਦੀ ਉਤਪਤੀ ਦੁਨੀਆਂ ਦੇ ਵੱਖ ਵੱਖ ਖਿੱਤਿਆਂ ਵਿਚ ਸਮੇਂ ਤੇ ਹਾਲਤਾਂ ਦੇ ਅਨੁਕੂਲ ਮਨੁੱਖੀ ਲੋੜਾਂ (ਆਰਥਿਕ , ਸਮਾਜਿਕ, ਬੌਧਿਕ) ਪੂਰੀਆਂ ਕਰਨ ਤੇ ਸਮਾਜਿਕ ਵਿਕਾਸ ਦੇ ਹਿੱਤਾਂ ਨੂੰ ਸਾਹਮਣੇ ਰੱਖਕੇ ਇਕ ਸਾਧਨ ਵਜੋਂ ਹੋਈ ਹੈ। ਪ੍ਰੰਤੂ ਅੱਜ ਸੰਘ ਪਰਿਵਾਰ ਆਪਣੇ  ਰਾਜਨੀਤਕ ਤੇ ਸਵਾਰਥੀ ਹਿਤਾਂ ਦੀ ਪੂਰਤੀ ਲਈ ਘੱਟ ਗਿਣਤੀਆਂ ਖਾਸਕਰ ਮੁਸਲਮਾਨਾਂ ਨੂੰ ਵਿਦੇਸ਼ੀ ਦੱਸਕੇ ਆਪਣਾ ਨਿਸ਼ਾਨਾ ਸਾਧ ਰਿਹਾ ਹੈ। ਮਕਸਦ 2025 (ਆਰ.ਐੋਸ.ਐਸ. ਦੀ 1925 ਵਿਚ ਸਥਾਪਨਾ ਦੇ 100 ਸਾਲਾਂ ਬਾਅਦ) ਤੱਕ ਭਾਰਤ ਨੂੰ ਇਕ ਧਰਮ ਅਧਾਰਤ 'ਹਿੰਦੂ ਰਾਸ਼ਟਰ' ਬਣਾਉਣ ਦਾ ਹੈ (ਅਜਿਹਾ ਆਰ.ਐਸ.ਐਸ. ਦੇ ਮੁਖੀ ਵਲੋਂ ਸ਼ਰ੍ਹੇਆਮ ਐਲਾਨਿਆ ਗਿਆ ਹੈ)।
ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਇਸ ਕੰਮ ਲਈ ਪਿਛਲੇ ਸਮਿਆਂ ਵਿਚ ਵਿਗਿਆਨਕ ਨਜ਼ਰੀਏ ਨਾਲ ਕੀਤੀਆਂ ਖੋਜਾਂ, ਇਤਿਹਾਸ ਤੇ ਸਮਾਜਿਕ ਵਿਕਾਸ ਦੀ ਦਿਸ਼ਾ ਨੂੰ ਪਿਛਲਖੁਰੀ ਮੋੜਾ ਦੇਣ ਲਈ ਮਿਥਿਹਾਸਕ ਕਥਾਵਾਂ ਨੂੰ ਇਤਿਹਾਸ ਦਾ ਰੂਪ ਦਿੱਤਾ ਜਾ ਰਿਹਾ ਹੈ। ਰਮਾਇਣ, ਮਹਾਂਭਾਰਤ ਤੇ ਹੋਰ ਅਨੇਕਾਂ ਧਾਰਮਕ ਗ੍ਰੰਥਾਂ ਨੂੰ ਜੇਕਰ ਸਾਹਿਤ ਦੀ ਇਕ ਖੂਬਸੂਰਤ ਵੰਨਗੀ ਦੇ ਰੂਪ ਵਿਚ ਲਿਆ ਜਾਵੇ ਅਤੇ ਉਸ ਵੇਲੇ ਦੀਆਂ ਸਮਾਜਕ ਆਰਥਕ ਹਾਲਤਾਂ ਨੂੰ ਸਮਝਣ ਲਈ ਘੋਖਿਆ ਜਾਵੇ ਤਦ ਇਹ ਕਿਰਤਾਂ ਬੜੀਆਂ ਸੁਆਦਲੀਆਂ ਤੇ ਕਈ ਪੱਖਾਂ ਤੋਂ ਸਿੱਖਿਆਦਾਇਕ ਵੀ ਹਨ ਤੇ ਕਿਸੇ ਨੂੰ ਵੀ ਇਸ ਬਾਰੇ ਕੋਈ ਗਿਲਾ ਨਹੀਂ। ਪ੍ਰੰਤੂ ਜੇਕਰ ਵਿਗਿਆਨਕ ਨਜ਼ਰੀਏ ਨਾਲ ਲਿਖੇ ਪ੍ਰਮਾਣਤ ਇਤਿਹਾਸ ਨੂੰ ਬਦਲ ਕੇ ਮਨਘੜਤ ਮਿਥਿਹਾਸਿਕ ਕਹਾਣੀਆਂ ਨੂੰ ਹੀ ਅਸਲੀ ਇਤਿਹਾਸ ਬਣਾ ਦਿਤਾ ਜਾਵੇ ਤਾਂ ਇਹ ਸਮੁੱਚੇ ਸਮਾਜ ਲਈ ਹੀ ਅਤੀ ਹਾਨੀਕਾਰਕ ਤੇ ਪਿਛਾਖੜੀ ਕਦਮ ਹੋਵੇਗਾ। ਮੁਸਲਮਾਨ, ਸਿੱਖ ਤੇ ਇਸਾਈ ਧਰਮ ਵਿਚ ਵੀ ਮੂਲ ਧਾਰਮਿਕ ਗ੍ਰੰਥਾਂ ਦੇ ਨਾਲ ਨਾਲ ਜਿਨ੍ਹਾਂ ਅਨੇਕਾਂ ਮਿਥਿਹਾਸਕ, ਮਨੋ ਕਲਪਿਤ ਕਹਾਣੀਆਂ, ਸਾਖੀਆਂ ਤੇ ਕਰਾਮਾਤੀ ਘਟਨਾਵਾਂ ਦਾ ਵਰਣਨ ਕੀਤਾ ਜਾਂਦਾ ਹੈ, ਉਹ ਵਿਗਿਆਨਕ ਤੇ ਤਰਕਵਾਦੀ ਨਜ਼ਰੀਏ ਤੋਂ ਗਲਤ ਹਨ। ਇਸ ਨਾਲ ਧਾਰਮਿਕ ਗ੍ਰੰਥਾਂ ਵਿਚਲੀ ਯਥਾਰਵਾਦੀ ਤੇ ਮਾਨਵਵਾਦੀ ਸੋਚ, ਜੋ ਇਹ ਧਰਮ ਲੋਕਾਂ ਨੂੰ ਦੱਸਣਾ ਚਾਹੁੰਦੇ ਹਨ, ਵੀ ਕਿਆਸੀਆਂ ਕਹਾਣੀਆਂ ਵਿਚ ਗੁੰਮ ਹੋ ਜਾਂਦੀ ਹੈ।
ਮੋਦੀ ਸਰਕਾਰ ਦੇ ਮੰਤਰੀਆਂ, ਸੰਘ ਪਰਿਵਾਰ ਦੇ ਵੱਖ ਵੱਖ ਆਗੂਆਂ ਤੇ ਕਾਰਪੋਰੇਟ ਘਰਾਣਿਆਂ ਦੇ ਕੰਟਰੋਲ ਹੇਠਲੇ ਇਲੈਕਟਰਾਨਿਕ ਮੀਡੀਏ ਵਲੋਂ ਫਿਰਕਾਪ੍ਰਸਤੀ ਦੀ ਜ਼ਹਿਰ ਫੈਲਾਉਣ ਵਾਲੇ ਬਿਆਨ, ਬਹਿਸਾਂ ਤੇ ਖਬਰਾਂ ਇਸ ਤਰ੍ਹਾਂ ਪੇਸ਼ ਕੀਤੇ ਜਾਂਦੇ ਹਨ, ਜਿਸ ਨਾਲ ਸਧਾਰਣ ਵਿਅਕਤੀ ਦੇ ਮਨ ਵਿਚ ਇਕ ਖਾਸ ਧਰਮ ਵਿਰੁੱਧ ਨਫਰਤ ਤੇ ਉਤੇਜਨਾ ਪੈਦਾ ਹੋ ਰਹੀ ਹੈ। ਅੱਤਵਾਦ, ਲਵ ਜਿਹਾਦ, ਇਕ ਖਾਸ ਧਰਮ ਦੇ ਲੋਕਾਂ ਦੀ ਵੱਧ ਰਹੀ ਅਬਾਦੀ, ਧਾਰਮਕ ਜਨੂੰਨ ਆਦਿ ਵਿਸ਼ਿਆਂ ਬਾਰੇ ਇਹ ਆਮ ਪ੍ਰਭਾਵ ਬਣਾਇਆ ਜਾ ਰਿਹਾ ਹੈ ਕਿ ਇਨ੍ਹਾਂ ਸਭ ਕੰਮਾਂ ਲਈ ਮੁਸਲਮਾਨ ਦੋਸ਼ੀ ਹਨ। ਜੇਕਰ ਕੋਈ ਅੱਤਵਾਦੀ ਘਟਨਾ, ਫਿਰਕੂ ਬਿਆਨਬਾਜ਼ੀ ਜਾਂ ਫਿਰਕੂ ਫਸਾਦ ਕਿਸੇ ਕੱਟੜ ਹਿੰਦੂ ਜਥੇਬੰਦੀ ਜਾਂ ਵਿਅਕਤੀ ਵਲੋਂ ਵੀ ਕੀਤਾ ਜਾਂਦਾ ਹੈ, ਤਦ ਉਸਨੂੰ ਮੁਸਲਮਾਨ ਕੱਟੜਪੰਥੀਆਂ ਦੇ ਵਿਰੋਧ ਵਿਚ ਪੈਦਾ ਹੋਈ ਪ੍ਰਤਿਕਿਰਿਆ ਵਜੋਂ ਪ੍ਰਚਾਰਿਆ ਜਾਂਦਾ ਹੈ। ਆਰ.ਐਸ.ਐਸ. ਜੋ ਕਦੀ ਲੋਕਾਂ ਨੂੰ ਧੋਖਾ ਦੇਣ ਲਈ ਆਪਣੇ ਆਪ ਨੂੰ ਇਕ 'ਸਭਿਆਚਾਰਕ ਸੰਸਥਾ' ਦੱਸਦੀ ਸੀ, ਹੁਣ ਪੂਰੀ ਤਰ੍ਹਾਂ ਖੁਲ੍ਹ ਕੇ ਰਾਜਨੀਤਕ ਖੇਤਰ ਵਿਚ ਸਰਗਰਮ ਹੋ ਗਈ ਹੈ ਅਤੇ ਇਸਦੇ ਆਗੂ ਸਰਕਾਰੀ ਮੀਟਿੰਗਾਂ ਵਿਚ ਬੈਠਕੇ ਮੰਤਰੀਆਂ ਨੂੰ ਆਦੇਸ਼ ਦਿੰਦੇ ਹਨ ਤੇ ਨੀਤੀਗਤ ਫੈਸਲੇ ਲੈਣ ਵਿਚ ਦਿਸ਼ਾ ਨਿਰਦੇਸ਼ਨ ਦਾ ਕੰਮ ਕਰਦੇ ਹਨ। ਭਾਜਪਾ ਸਰਕਾਰ ਦਾ ਵਤੀਰਾ ਵੀ ਇਹ ਪ੍ਰਭਾਵ ਦਿੰਦਾ ਹੈ ਕਿ ਦੇਸ਼ ਨਾਲ ਜੁੜੇ ਹਰ ਗੰਭੀਰ ਮੁੱਦੇ ਲਈ ਸਰਕਾਰ ਆਰ.ਐਸ.ਐਸ. ਪ੍ਰਤੀ ਜੁਆਬਦੇਹ ਹੈ। ਸਾਰੀਆਂ ਸੰਸਥਾਵਾਂ ਵਿਚ ਸੰਘੀ ਪਿਛਾਂਹਖਿੱਚੂ ਵਿਚਾਰਾਂ ਵਾਲੇ ਵਿਦਵਾਨਾਂ, ਸਾਹਿਤਕਾਰਾਂ ਤੇ ਇਤਿਹਾਸਕਾਰਾਂ (ਵਿਗਾੜ ਬੁੱਧਾਂ) ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਵਿਦਿਅਕ ਸਲੇਬਸਾਂ ਵਿਚ ਅੰਧ ਵਿਸ਼ਵਾਸੀ ਤੇ ਅਣਵਿਗਿਆਨਕ ਕਥਾਵਾਂ ਭਰੀਆਂ ਜਾ ਰਹੀਆਂ ਹਨ। 'ਮਨੂੰਵਾਦੀ' ਵਿਚਾਰਾਂ ਨੂੰ ਭਾਰਤੀ ਸਭਿਆਚਾਰ ਦੀ ਅਦਰਸ਼ਵਾਦੀ ਸਮਾਜਕ ਵਿਵਸਥਾ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਦਿਖਾਵੇ ਮਾਤਰ ਲਈ ਦਲਿਤਾਂ ਤੇ ਔਰਤਾਂ ਦੀ ਰਾਖੀ ਦੇ ਦਾਅਵੇ ਕਰਨ ਵਾਲੀ ਮੋਦੀ ਸਰਕਾਰ ਅਸਲ ਵਿਚ 'ਮਨੂੰਸਿਮਰਤੀ' ਦੇ ਕਾਨੂੰਨਾਂ ਮੁਤਾਬਕ ਦਲਿਤਾਂ ਤੇ ਔਰਤਾਂ ਵਾਸਤੇ ਅਪਮਾਨ ਭਰਿਆ ਵਤੀਰਾ ਤੇ ਸਮਾਜਿਕ ਜਬਰ ਨੂੰ ਮੁੜ ਤੋਂ ਇਕ ਚੰਗੀ ਸਮਾਜਿਕ ਵਿਵਸਥਾ ਦੇ ਤੌਰ 'ਤੇ ਸਥਾਪਤ ਕਰਨ ਲਈ ਅਧਾਰ ਤਿਆਰ ਕਰ ਰਹੀ ਹੈ।
ਇਸ ਵਿਚ ਵੀ ਕੋਈ ਦੂਸਰੀ ਰਾਇ ਨਹੀਂ ਹੈ ਕਿ ਮੁਸਲਮਾਨਾਂ, ਸਿੱਖਾਂ, ਇਸਾਈਆਂ ਆਦਿ ਸਾਰੇ ਧਰਮਾਂ ਵਿਚ ਹੀ ਐਸੇ ਲੋਕ ਮੌਜੂਦ ਹਨ, ਜੋ ਧਰਮ ਦੇ ਨਾਂਅ ਉਤੇ ਅੰਧ ਵਿਸ਼ਵਾਸ਼, ਨਫਰਤ ਤੇ ਫਿਰਕੂ ਜਨੂੰਨ ਪੈਦਾ ਕਰਨ ਵਾਲੇ ਵਿਚਾਰ ਰੱਖਦੇ ਹਨ। ਇਸ ਪ੍ਰਚਾਰ ਦੇ ਸਿੱਟੇ ਵਜੋਂ ਇਕ ਤਾਂ ਧਾਰਮਿਕ ਘੱਟ ਗਿਣਤੀਆਂ ਨਾਲ ਸਬੰਧਤ ਲੋਕਾਂ ਦਾ ਇਕ ਵੱਡਾ ਭਾਗ ਅਗਾਂਹਵਧੂ ਤੇ ਜਮਹੂਰੀ ਲਹਿਰ ਸੰਗ ਨਹੀਂ ਜੁੜਦਾ ਤੇ ਤਰਕਵਾਦੀ ਬਣਨ ਦੀ ਥਾਂ ਅੰਧਵਿਸ਼ਵਾਸੀ ਤੇ ਜਨੂੰਨੀ ਸੋਚਣੀ ਦਾ ਧਾਰਨੀ ਬਣ ਜਾਂਦਾ ਹੈ। ਅਜਿਹੇ ਲੋਕ ਅਗਾਂਹਵਧੂ ਲਹਿਰ ਸੰਗ ਜੁੜਨ ਦੀ ਥਾਂ ਆਪਣੇ ਧਰਮ ਦੇ ਨਾਮ ਨਿਹਾਦ ਧਾਰਮਕ ਆਗੂਆਂ, ਕਥਿਤ ਫਕੀਰਾਂ, ਸਾਈਆਂ, ਸਾਧੂਆਂ, ਸੰਤਾਂ ਦੇ ਚੁੰਗਲ ਵਿਚ ਹੀ ਫਸੇ ਰਹਿੰਦੇ ਹਨ। ਅੰਤਮ ਰੂਪ ਵਿਚ ਇਹ ਲੋਕ ਸੰਘ ਪਰਿਵਾਰ ਦੇ ਖਤਰਨਾਕ ਫਿਰਕੂ ਮਨਸੂਬਿਆਂ ਨੂੰ ਹੀ ਬਲ ਬਖਸ਼ਦੇ ਹਨ। ਹਿੰਦੂ ਧਰਮ ਵਿਚਲੇ ਆਪੂ ਬਣੇ ਮਹਾਤਮਾਂ ਅਤੇ ਸਾਧੂਆਂ ਦੇ ਫਿਰਕੂ ਤੇ ਜਹਿਰੀਲੇ ਬੋਲਾਂ ਦੇ ਨਾਲ ਨਾਲ ਅਨੇਕਾਂ ਸਾਧੂ ਤੇ ਸਾਧਵੀਆਂ ਗੈਰ ਸਮਾਜੀ ਅਤੇ ਅੱਤ ਘਟੀਆ ਕਾਰਨਾਮਿਆਂ ਵਿਚ ਲੀਨ ਪਾਏ ਗਏ ਹਨ ਤੇ ਵੱਖ ਵੱਖ ਸੰਗੀਨ ਦੋਸ਼ਾਂ ਹੇਠ ਜੇਲ੍ਹਾਂ ਵਿਚ ਬੰਦ ਹਨ।
ਅਸਲ ਵਿਚ ਧਰਮ ਅੰਦਰ ਜਦੋਂ ਆਸਥਾ ਦੇ ਨਾਂਅ ਉਪਰ ਫਿਰਕਾਪ੍ਰਸਤੀ ਸ਼ੁਰੂ ਹੁੰਦੀ ਹੈ, ਤਾਂ ਧਰਮ ਦੇ ਅਸਲ ਮਕਸਦ ਦਾ ਖਾਤਮਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਧਰਮ ਦੀ ਮਨੁਖਤਾ ਦੇ ਭਲੇ ਜਾਂ ਆਤਮਕ ਸ਼ਾਂਤੀ ਲਈ ਭੂਮਿਕਾ ਵਿਚ ਨਿਘਾਰ ਆਉਣਾ ਸ਼ੁਰੂ ਹੋ ਜਾਂਦਾ ਹੈ।
ਸੰਘ ਪਰਿਵਾਰ ਤੇ ਸਹਿਯੋਗੀ ਸੰਗਠਨ ਫਿਰਕੂ ਮਹੌਲ, ਅਸਹਿਨਸ਼ੀਲਤਾ ਤੇ ਦੂਸਰੇ ਧਰਮਾਂ ਦੇ ਲੋਕਾਂ ਵਿਰੁੱਧ ਹਿੰਸਾ ਦਾ ਪ੍ਰਚਾਰ ਹੀ ਨਹੀਂ ਕਰਦੇ ਸਗੋਂ ਉਨ੍ਹਾਂ ਵਲੋਂ ਜਿਸਮਾਨੀ ਹਮਲੇ ਕਰਕੇ ਕੁੱਝ ਬੁੱਧੀਜੀਵੀਆਂ ਤੇ ਤਰਕਸ਼ੀਲ ਵਿਅਕਤੀਆਂ ਨੂੰ ਮੌਤ ਦੇ ਘਾਟ ਵੀ ਉਤਾਰ ਦਿੱਤਾ ਗਿਆ ਹੈ। ਵਿਦਿਅਕ ਅਦਾਰਿਆਂ ਵਿਚ ਇਸ ਦੇ ਵਿਦਿਆਰਥੀ ਵਿੰਗ ਏ.ਬੀ.ਵੀ.ਪੀ. ਵਲੋਂ ਹਰ ਢੰਗ ਨਾਲ ਵਿਗਿਆਨਕ ਅਗਾਂਹਵਧੂ ਲੋਕ ਪੱਖੀ ਵਿਚਾਰ ਵਟਾਂਦਰੇ ਨੂੰ ਰੋਕਿਆ ਜਾ ਰਿਹਾ ਹੈ। ਅਜਿਹਾ ਤਣਾਅਪੂਰਨ ਫਿਰਕੂ ਮਾਹੌਲ ਭਾਰਤੀ ਹਾਕਮਾਂ ਤੇ ਸਾਮਰਾਜੀ ਲੁਟੇਰਿਆਂ ਦੇ ਬਹੁਤ ਰਾਸ ਆ ਰਿਹਾ ਹੈ। ਲੋਕਾਂ ਨੂੰ ਗੈਰ ਜਰੂਰੀ ਫਿਰਕੂ ਮੁੱਦਿਆਂ ਵਿਚ ਉਲਝਾ ਕੇ ਮੋਦੀ ਸਰਕਾਰ ਦੁਨੀਆਂ ਭਰ ਦੇ ਸਾਮਰਾਜੀਆਂ ਦੀ ਹੱਥਠੋਕਾ ਬਣਕੇ ਦੇਸ਼ ਨੂੰ ਤਬਾਹ ਕਰਨ ਵਾਲੀਆਂ ਨਵਉਦਾਰਵਾਦੀ ਨੀਤੀਆਂ ਲਾਗੂ ਕਰ ਰਹੀ ਹੈ। ਇਨ੍ਹਾਂ ਨੀਤੀਆਂ ਸਦਕਾ ਬੇਕਾਰੀ, ਮਹਿੰਗਾਈ, ਭਰਿਸ਼ਟਾਚਾਰ, ਅਰਾਜਕਤਾ ਆਦਿ ਫੈਲਣ ਦੇ ਨਾਲ ਨਾਲ ਸਾਮਰਾਜੀ ਸ਼ਕਤੀਆਂ ਨੂੰ ਦੇਸ਼ ਦੇ ਕੁਦਰਤੀ ਖਜ਼ਾਨਿਆਂ, ਮਨੁੱਖੀ ਸਰੋਤਾਂ ਤੇ ਭਾਰਤ ਦੀ ਵਿਸ਼ਾਲ ਮੰਡੀ ਉਪਰ ਕਬਜ਼ਾ ਕਰਨ ਦਾ ਮੌਕਾ ਮਿਲ ਰਿਹਾ ਹੈ। ਫਿਰਕੂ ਆਧਾਰ ਉਪਰ ਵੰਡੀ ਕਿਰਤੀ ਜਮਾਤ ਦੁਸ਼ਮਣਾਂ ਦੇ ਹੱਲਿਆਂ ਦਾ ਟਾਕਰਾ ਕਦੇ ਵੀ ਨਹੀਂ ਕਰ ਸਕਦੀ। ਉਲਟਾ ਸਗੋਂ ਕਈ ਵਾਰ ਤਾਂ ਉਨ੍ਹਾਂ ਦਾ ਇਕ ਹਿੱਸਾ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਲਾਗੂ ਕਰਨ ਵਾਲੀਆਂ ਸਰਕਾਰਾਂ ਤੇ ਫਿਰਕਾਪ੍ਰਸਤ ਟੋਲਿਆਂ ਦੇ ਲੱਠਮਾਰਾਂ ਤੇ ਹਥਿਆਰਬੰਦ ਗਰੋਹਾਂ ਦੇ ਤੌਰ 'ਤੇ ਕੰਮ ਕਰਨ ਲੱਗ ਪੈਂਦਾ ਹੈ। ਦੇਸ਼ ਅੰਦਰ ਪੂੰਜੀਵਾਦ ਦੇ ਵਿਕਾਸ ਦੇ ਨਾਲ ਨਾਲ ਜਗੀਰੂ ਤੇ ਅਰਧ ਜਗੀਰੂ ਰਿਸ਼ਤਿਆਂ ਦੀ ਹੋਂਦ, ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਜਨ ਸਧਾਰਨ ਵਿਚ ਪੈਦਾ ਹੋ ਰਹੀ ਬੇਚੈਨੀ ਅਤੇ ਇਕ ਮਜ਼ਬੂਤ ਖੱਬੇ ਪੱਖੀ ਤੇ ਅਗਾਂਹ ਵਧੂ ਲਹਿਰ ਦੇ ਕਮਜ਼ੋਰ ਹੋਣ ਦੀ ਸਥਿਤੀ ਫਿਰਕੂ ਤੇ ਪਿਛਾਖੜੀ ਸ਼ਕਤੀਆਂ ਦੇ ਵਧਣ ਫੁੱਲਣ ਲਈ ਉਪਜਾਊ ਜ਼ਮੀਨ ਮੁਹੱਈਆ ਕਰ ਦਿੰਦੀ ਹੈ। ਇਸੇ ਕਾਰਨ ਇਕ ਪਾਸੇ ਅੱਖਾਂ ਚੁੰਧਿਆ ਦੇਣ ਵਾਲਾ ਆਰਥਿਕ ਵਿਕਾਸ ਤੇ ਵਿਗਿਆਨਕ ਕਾਢਾਂ ਦੇ ਨਾਲ ਨਾਲ ਦੂਜੇ ਬੰਨੇ ਘੋਰ ਅੰਧ ਵਿਸ਼ਵਾਸ਼, ਕਿਸਮਤਵਾਦ ਤੇ ਹਨੇਰ ਬਿਰਤੀ  ਪਰਵਿਰਤੀਆਂ ਦਾ ਵਾਧਾ ਦੇਖਿਆ ਜਾ ਸਕਦਾ ਹੈ।
ਇਨ੍ਹਾਂ ਕਠਿਨ ਪ੍ਰਸਥਿਤੀਆਂ ਦਾ ਟਾਕਰਾ ਵਿਗਿਆਨਕ ਨਜ਼ਰੀਏ ਤੇ ਤਰਕਸ਼ੀਲਤਾ ਦੇ ਅਧਾਰ ਉਪਰ ਉਸਾਰੀ ਜਨਤਕ ਲਹਿਰ ਤੇ ਜਨ ਸਧਾਰਨ ਵਿਚ ਵਧੀ ਹੋਈ ਵਿਚਾਰਧਾਰਕ ਚੇਤਨਾ ਹੀ ਕਰ ਸਕਦੀ ਹੈ। ਇਸ ਵਿਚਾਰਧਾਰਕ ਚੇਤਨਾ ਦਾ ਵਾਧਾ ਕਿਰਤੀ ਲੋਕਾਂ ਦੇ ਵਿਰਾਟ ਆਰਥਿਕ ਤੇ ਰਾਜਨੀਤਕ ਮਘਦੇ ਘੋਲਾਂ ਵਿਚ ਹੀ ਕੀਤਾ ਜਾ ਸਕਦਾ ਹੈ। ਕੋਈ ਵੀ ਘੋਲ ਦੂਸਰੇ ਘੋਲਾਂ ਨਾਲੋਂ ਤੋੜ ਕੇ ਨਾ ਲੜਿਆ ਜਾ ਸਕਦਾ ਹੈ ਤੇ ਨਾ ਹੀ ਇਸ ਵਿਚ ਪੂਰਨ ਸਫਲਤਾ ਮਿਲ ਸਕਦੀ ਹੈ। ਇਸ ਵਾਸਤੇ ਆਰ.ਐਸ.ਐਸ. ਤੇ ਇਸਦੇ ਦੂਸਰੇ ਸੰਗਠਨਾਂ ਵਲੋਂ ਫੈਲਾਈ ਜਾ ਰਹੀ ਫਿਰਕੂ ਘਿਰਣਾ ਵਿਰੁੱਧ ਜੰਗ ਅਗਾਂਹਵਧੂ ਵਿਚਾਰਧਾਰਾ, ਧਰਮ ਨਿਰਪੱਖਤਾ, ਜਮਾਤੀ ਕਤਾਰਬੰਦੀ ਦੇ ਲੋਕ ਰਾਜੀ ਪੈਂਤੜੇ ਤੋਂ ਹੀ ਲੜੀ ਜਾ ਸਕਦੀ ਹੈ। ਨਾਲ ਹੀ ਮੋਦੀ ਸਰਕਾਰ ਦੀਆਂ ਸਾਮਰਾਜ ਨਿਰਦੇਸ਼ਤ ਆਰਥਿਕ ਨੀਤੀਆਂ ਵਿਰੁੱਧ ਵਿਸ਼ਾਲ ਆਧਾਰ ਵਾਲੀ ਜਨਤਕ ਲਹਿਰ ਉਸਾਰਨੀ ਹੋਵੇਗੀ। ਇਸ ਢੰਗ ਨਾਲ ਹੀ ਤਬਾਹ ਹੋ ਰਹੇ ਦੇਸ਼ ਨੂੰ ਬਚਾਇਆ ਜਾ ਸਕਦਾ ਹੈ।

No comments:

Post a Comment