Wednesday, 3 August 2016

ਦੇਸ਼ ਆਗੇ ਬੜ੍ਹ ਰਿਹਾ ਹੈ! (ਸੰਗਰਾਮੀ ਲਹਿਰ-ਅਗਸਤ 2016)

ਦਮਗੱਜੇ ਹੋਰ, ਜ਼ਮੀਨੀ ਹਕੀਕਤਾਂ ਹੋਰ। ਪਹਿਲਾਂ ਕੌੜੀਆਂ ਹਕੀਕਤਾਂ ਦੇ ਰੂਬਰੂ ਹੋਈਏ। ਭਾਜਪਾ ਦੇ ''ਨਮੂਨੇ'' ਦੇ ਰਾਜ ਭਾਗ ਵਾਲੇ ਸੂਬੇ ਮੱਧ ਪ੍ਰਦੇਸ਼ ਵਿਚ 14000 ਪੁਲਸ ਸਿਪਾਹੀਆਂ ਦੀਆਂ ਅਸਾਮੀਆਂ ਪੁਰ ਕਰਨ ਲਈ ਅਰਜ਼ੀਆਂ ਮੰਗੀਆਂ ਗਈਆਂ।
 
ਨੌ ਲੱਖ ਚੌਵੀ ਹਜ਼ਾਰ (9,24,000) ਬੇਰੁਜ਼ਗਾਰ ਯੁਵਕ ਯੁਵਤੀਆਂ ਨੇ ਇਸ ਨੌਕਰੀ ਲਈ ਅਰਜੀਆਂ ਦਿੱਤੀਆਂ। ਭਾਰਤੀ ਪੁਲਸ ਸਟਾਫ ਦੀਆਂ ਸਭ ਤੋਂ ਹੇਠਲੇ ਦਰਜ਼ੇ ਦੀ ਅਸਾਮੀਆਂ 'ਤੇ ਅਧਾਰਤ ਇਸ ਨੌਕਰੀ ਦੀ ਪ੍ਰਾਪਤੀ ਲਈ ਦੇਸ਼ ਦੇ ਬਿਹਤਰੀਨ ਧੀਆਂ ਪੁੱਤ ਜਿਵੇਂ ਤਰਲੋਮੱਛੀ ਹੋਏ ਇਹ ਅਤੀ ਦੁਖਦਾਈ ਹੈ। 12 ਸੋਧ ਕਰਤਾ (ਪੀ.ਐਚ.ਡੀ. ਅਤੇ ਡਾਕਟਰੇਟਸ), 9629 ਇੰਜੀਨੀਅਰ, 14562 ਮਾਸਟਰ ਡਿਗਰੀ ਧਾਰਕ (ਪੋਸਟ ਗਰੈਜੁਏਟਸ) ਅਤੇ ਇਕ ਲੱਖ ਉਨੀ ਹਜ਼ਾਰ (1,19000) ਗਰੈਜੁਏਸ਼ਨ ਨੇ ਇਸ ਨੌਕਰੀ ਲਈ ਅਰਜ਼ੀਆਂ ਦਿੱਤੀਆਂ। ਇਸ ਤੋਂ ਬਿਨਾਂ 3438 ਡਿਪਲੋਮਾ ਧਾਰਕ ਅਤੇ ਪੰਜ ਲੱਖ ਤੋਂ ਵਧੇਰੇ 10+2 ਪਾਸ ਹਨ। ਮੱਧ ਪ੍ਰਦੇਸ਼ ਦੀ ਇਹ ਉਦਾਹਰਣ ਦੇਸ਼ 'ਚ ਬੇਰੋਜ਼ਗਾਰੀ ਦੀ ਹਾਲਤ ਨੂੰ ਸਮਝਣ ਲਈ ਇਕ ਸੈਂਪਲ ਹੈ। ਦਮਗੱਜਾ ਇਹ ਸੀ ਕਿ ਕੇਂਦਰ 'ਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਦੇਸ਼ 'ਚ ਹਰ ਸਾਲ ਇਕ ਕਰੋੜ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ। ਭਾਜਪਾ ਦੇ ਕੌਮੀ ਪ੍ਰਧਾਨ ਵਲੋਂ ਚਿਰਾਂ ਪਹਿਲਾਂ ਚੋਣ ਵਾਅਦਿਆਂ ਨੂੰ ਜੁਮਲੇ ਕਹਿਣਾ ਤਲਖ਼ ਹਕੀਕਤ ਹੈ।
 

ਹਿਮਾਚਲ ਪ੍ਰਦੇਸ਼ ਵਿਚ ਸੇਵਾਦਾਰਾਂ ਦੀਆਂ 80 ਅਸਾਮੀਆਂ ਨਿਕਲੀਆਂ ਜਿਸ ਲਈ ਵਿਦਿਅਕ ਯੋਗਤਾ ਅਨੁਸੂਚਿਤ ਜਾਤੀ ਉਮੀਦਵਾਰਾਂ ਲਈ ਪੰਜਵੀਂ ਅਤੇ ਆਮ ਸ਼੍ਰੇਣੀ ਲਈ ਅੱਠਵੀਂ ਨਿਰਧਾਰਤ ਕੀਤੀ ਗਈ ਸੀ। ਇਨ੍ਹਾਂ ਅਸਾਮੀਆਂ ਲਈ ਵੀ.ਪੀ.ਐਚ.ਡੀ. ਤੱਕ ਦੀ ਯੋਗਤਾ ਵਾਲੇ ਉਮੀਦਵਾਰਾਂ ਨੇ ਅਰਜੀਆਂ ਦਿੱਤੀਆਂ। ਲੰਘੀ 15 ਅਗਸਤ 2015 ਨੂੰ ਲਾਲ ਕਿਲੇ ਦੀ ਫ਼ਸੀਲ ਤੋਂ ਖੜ੍ਹ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਸੇ ਦੇ ਬੁਲਾਰੇ ਵਾਂਗੁੰ ਬਾਹਾਂ ਉਲਾਰ ਉਲਾਰ ਕੇ ਐਲਾਨ ਕੀਤਾ ਸੀ ਕਿ ਤੀਜੇ ਅਤੇ ਚੌਥਾ ਦਰਜਾ ਕਰਮਚਾਰੀਆਂ ਦੀਆਂ ਅਸਾਮੀਆਂ ਭਰਨ ਸਮੇਂ ਹੁਣ ਇੰਟਰਵਿਊ ਨਹੀਂ ਲਈ ਜਾਇਆ ਕਰੇਗੀ ਪਰ ਹਿਮਾਚਲ ਮੰਤਰੀ ਮੰਡਲ ਨੇ ਕੇਂਦਰੀ ਸਰਕਾਰ ਨੂੰ ਚਿੱਠੀ ਲਿਖ ਕੇ ਇਹ ਇੰਟਰਵਿਊ ਦੀ ਕੁਪ੍ਰਥਾ ਜਾਰੀ ਰੱਖਣ ਦੀ ਨਾਹੱਕ ਜਿੱਦ ਕੀਤੀ ਹੈ ਅਤੇ ਹੁਣ ਤੱਕ ਹਜ਼ਾਰਾਂ ਇਨ੍ਹਾਂ ਉਚ ਵਿਦਿਆ ਪ੍ਰਾਪਤ ਉਮੀਦਵਾਰਾਂ ਦੀ ਇੰਟਰਵਿਊ ਲਈ ਵੀ ਜਾ ਚੁੱਕੀ ਹੈ।
 

ਪੰਜਾਬ ਵਿਚ ਪੁਲਸ ਕਾਂਸਟੇਬਲਾਂ ਦੀਆਂ 7416 ਅਸਾਮੀਆਂ 'ਤੇ ਨੌਕਰੀਆਂ ਪ੍ਰਾਪਤ ਕਰਨ ਲਈ 7 ਲੱਖ ਤੋਂ ਵਧੇਰੇ ਉਮੀਦਵਾਰਾਂ, ਜਿਨ੍ਹਾਂ ਵਿਚ ਵਧੇਰੇ ਉਚਤਮ ਯੋਗਤਾ ਪ੍ਰਾਪਤ ਹਨ ਤੇ ਅਰਜੀਆਂ ਦਿੱਤੀਆਂ ਹਨ।
 
''ਦੇਸ਼ ਆਗੇ ਬੜ੍ਹ ਰਿਹਾ ਹੈ'', ਪਰ ਬੇਰੁਜ਼ਗਾਰੀ ਅਤੇ ਉਚ ਸਿੱਖਿਆ ਦੀ ਘੋਰ ਬੇਕਦਰੀ ਉਸ ਨੂੰ ਆਪਣੇ ਨੇੜੇ ਨਹੀਂ ਫਟਕਣ ਦੇ ਰਹੀਆਂ। 

No comments:

Post a Comment