Monday, 1 August 2016

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਅਗਸਤ 2016)

ਚਾਰ ਖੱਬੀਆਂ ਪਾਰਟੀਆਂ ਵਲੋਂ ਸਾਂਝੀਆਂ ਕਨਵੈਨਸ਼ਨਾਂ 

ਲੋਕਾਂ ਦੀਆਂ ਭੱਖਵੀਆਂ ਮੰਗਾਂ ਦੀ ਪ੍ਰਾਪਤੀ ਲਈ ਜ਼ਿਲ੍ਹਾ ਹੈਡਕੁਆਰਟਰਾਂ 'ਤੇ 8-9 ਅਗਸਤ ਨੂੰ ਦਿਨ-ਰਾਤ ਦੇ ਧਰਨੇ ਮਾਰਨ ਦਾ ਸੱਦਾ
 

ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ, ਸੀ.ਪੀ.ਆਈ., ਸੀ.ਪੀ.ਆਈ.(ਐਮ), ਸੀ.ਪੀ.ਐਮ. ਪੰਜਾਬ ਅਤੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਵਲੋਂ 4 ਤੋਂ 5 ਜੁਲਾਈ ਨੂੰ ਕ੍ਰਮਵਾਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਅਤੇ ਅਨਾਜ ਮੰਡੀ ਬਰਨਾਲਾ ਵਿਖੇ ਬਹੁਤ ਹੀ ਪ੍ਰਭਾਵਸ਼ਾਲੀ ਕਨਵੈਨਸ਼ਨਾਂ ਕੀਤੀਆਂ ਗਈਆਂ। ਚਾਰਾਂ ਪਾਰਟੀਆਂ ਦੀ 26 ਜੂਨ ਨੂੰ ਚੀਮਾ ਭਵਨ ਜਲੰਧਰ ਵਿਖੇ ਸਾਥੀ ਮੰਗਤ ਰਾਮ ਪਾਸਲਾ ਦੀ ਪ੍ਰਧਾਨਗੀ ਹੇਠ ਹੋਈ ਸਾਂਝੀ ਸੂਬਾਈ ਮੀਟਿੰਗ ਦੇ ਫੈਸਲੇ ਤਹਿਤ ਹੋਈਆਂ ਉਕਤ ਕਨਵੈਨਸ਼ਨਾਂ ਨਾ ਕੇਵਲ ਹਾਜਰੀ ਪੱਖੋਂ ਸਫਲ ਰਹੀਆਂ ਬਲਕਿ ਹਾਜਰ ਕਿਰਤੀ ਕਿਸਾਨ ਆਗੂਆਂ ਵਲੋਂ ਕਨਵੈਨਸ਼ਨਾਂ ਵਲੋਂ ਦਿੱਤੇ ਗਏ ਸੰਗਰਾਮਾਂ ਨੂੰ ਤੀਬਰ ਕੀਤੇ ਜਾਣ ਪ੍ਰਤੀ ਭਰੇ ਹੁੰਗਾਰੇ ਪੱਖੋਂ ਵੀ ਲਾਜਵਾਬ ਰਹੀਆਂ। ਆਪਣੇ ਸੰਬੋਧਨ ਵਿਚ ਚਾਰਾਂ ਪਾਰਟੀਆਂ ਦੇ ਸੂਬਾਈ ਸਕੱਤਰਾਂ ਸਰਵ ਸਾਥੀ ਹਰਦੇਵ ਸਿੰਘ ਅਰਸ਼ੀ, ਚਰਨ ਸਿੰਘ ਵਿਰਦੀ, ਮੰਗਤ ਰਾਮ ਪਾਸਲਾ, ਗੁਰਮੀਤ ਸਿਘ ਬਖਤਪੁਰਾ ਨੇ ਕਿਹਾ ਕਿ ਕੇਂਦਰੀ ਦੀ ਪਿਛਾਖੜੀ  ਮੋਦੀ ਹਕੂਮਤ ਅਤੇ ਪੰਜਾਬ ਦੀ ਧੱਕੜਸ਼ਾਹ ਤੇ ਭਰਿਸ਼ਟ ਲੋਕ ਦੋਖੀ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਪੰਜਾਬ ਦੇ ਕਿਰਤੀਆਂ, ਬੇਜ਼ਮੀਨੇ ਮਜ਼ਦੂਰਾਂ, ਕਿਸਾਨਾਂ, ਬੇਰੋਜ਼ਗਾਰਾਂ ਨੌਜਵਾਨਾਂ, ਠੇਕਾ ਅਧਾਰਤ ਕੱਚੇ ਕਾਮਿਆਂ, ਕਰਮਚਾਰੀਆਂ ਅਤੇ ਹੋਰ ਮਿਹਨਤੀ ਤਬਕਿਆਂ ਦੀਆਂ ਫੌਰੀ ਹੱਕੀ ਮੰਗਾਂ ਪ੍ਰਤੀ ਮੁਜ਼ਰਮਾਨਾ ਢੀਠਤਾ ਵਾਲਾ ਰਵੱਈਆ ਧਾਰਨ ਕੀਤਾ ਹੋਇਆ ਹੈ ਜਿਸ ਵਿਰੁੱਧ ਚਾਰ ਖੱਬੀਆਂ ਪਾਰਟੀਆਂ ਲੋਕਾਂ ਦੀ ਵਿਸ਼ਾਲ ਲਾਮਬੰਦੀ ਕਰਦਿਆਂ ਫੈਸਲਾਕੁੰਨ ਘੋਲ ਲੜਨਗੀਆਂ। ਆਗੂਆਂ ਨੇ ਐਲਾਨ ਕੀਤਾ ਕਿ ਸੰਘਰਸ਼ ਦੇ ਪਹਿਲੇ ਪੜਾਅ ਵਿਚ ਸੂਬੇ ਦੇ ਸਾਰੇ ਜ਼ਿਲ੍ਹਾ ਕੇਂਦਰਾਂ ਤੇ 8-9 ਅਗਸਤ ਨੂੰ ਦਿਨ-ਰਾਤ ਦੇ ਲਗਾਤਾਰ ਧਰਨੇ ਅਤੇ ਆਖਰੀ ਦਿਨ 9 ਅਗਸਤ ਨੂੰ ਵਿਸ਼ਾਲ ਮੁਜ਼ਾਹਰੇ ਕੀਤੇ ਜਾਣਗੇ। ਜਲੰਧਰ ਵਿਖੇ ਸਟੇਜ ਸੰਚਾਲਨ ਸਾਥੀ ਗੁਰਮੇਸ਼ ਸਿੰਘ ਅਤੇ ਬਰਨਾਲਾ ਵਿਖੇ ਸਾਥੀ ਮਲਕੀਤ ਸਿੰਘ ਵਜੀਦਕੇ ਵਲੋਂ ਕੀਤਾ ਗਿਆ। ਜਿੱਥੇ ਜਲੰਧਰ ਕਨਵੈਨਸ਼ਨ ਦੀ ਪ੍ਰਧਾਨਗੀ ਸਰਵਸਾਥੀ ਕਰਤਾਰ ਸਿੰਘ ਬੁਆਣੀ, ਰਣਵੀਰ ਸਿੰਘ ਵਿਰਕ, ਕੁਲਵੰਤ ਸਿੰਘ ਸੰਧੂ ਅਤੇ ਗੁਲਜਾਰ ਸਿੰਘ ਭੁੰਬਲੀ 'ਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ, ਉਥੇ ਬਰਨਾਲਾ ਵਿਖੇ ਸਰਵਸਾਥੀ ਕਸ਼ਮੀਰ ਸਿੰਘ ਗਦਾਈਆ, ਬੰਤ ਸਿੰਘ ਨਮੋਲ, ਗੱਜਣ ਸਿੰਘ ਦੁੱਗਾਂ ਅਤੇ ਰੁਲਦੂ ਸਿੰਘ ਮਾਨਸਾ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਤ ਸਨ।
ਸਰਵ ਸਾਥੀ ਬੰਤ ਸਿੰਘ ਬਰਾੜ, ਹਰਕੰਵਲ ਸਿੰਘ, ਸੁਖਦਰਸ਼ਨ ਨੱਤ, ਜਗਰੂਪ ਸਿੰਘ, ਰਘੁਨਾਥ ਸਿੰਘ, ਭਗਵੰਤ ਸਿੰਘ ਸਮਾਊਂ, ਭੂਪ ਚੰਦ ਚੰਨੋ, ਭੀਮ ਸਿੰਘ ਆਲਮਪੁਰ, ਗੁਰਪ੍ਰੀਤ ਸਿੰਘ ਰੂੜੇਕੇ, ਭੁਪਿੰਦਰ ਸਾਂਭਰ, ਮਹੀਪਾਲ, ਰਾਜਵਿੰਦਰ ਸਿੰਘ ਰਾਣਾ, ਨਿਰਮਲ ਧਾਲੀਵਾਲ ਅਤੇ ਹੋਰਨਾਂ ਸੂਬਾਈ ਆਗੂਆਂ ਨੇ ਵੀ ਇਨ੍ਹਾਂ ਕਨਵੈਨਸ਼ਨਾਂ ਨੂੰ ਸੰਬੋਧਨ ਕੀਤਾ। ਕੇਂਦਰੀ ਟਰੇਡ ਯੂਨੀਅਨਾਂ ਅਤੇ ਕਰਮਚਾਰੀ ਫੈਡਰੇਸ਼ਨਾਂ ਵਲੋਂ ਆਉਂਦੀ 2 ਸਤੰਬਰ ਨੂੰ ਕੀਤੀ ਜਾ ਰਹੀ ਹੜਤਾਲ ਦੀ ਕਾਮਯਾਬੀ ਲਈ ਪੂਰਨ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ। ਥਾਂਉਂ ਥਾਂਈ ਆਪਣੀਆਂ ਮੰਗਾਂ ਦੀ ਪੂਰਤੀ ਲਈ ਹੱਕੀ ਘੋਲ ਲੜ ਰਹੇ ਮਿਹਨਤੀ ਵਰਗਾਂ ਦੇ ਘੋਲਾਂ ਦੀ ਪੂਰਨ ਇਮਦਾਦ ਕਰਨ ਦਾ ਫੈਸਲਾ ਵੀ ਕੀਤਾ ਗਿਆ। ਲੜ ਰਹੇ ਲੋਕਾਂ ਖਾਸ ਕਰ ਉਚ ਯੋਗ ਪ੍ਰਾਪਤ ਬੇਰੁਜ਼ਗਾਰ ਜਵਾਨੀ 'ਤੇ ਕੀਤੇ ਜਾ ਰਹੇ ਹਕੂਮਤੀ ਤਸ਼ੱਦਦ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ।
ਕਨਵੈਨਸ਼ਨ ਵਲੋਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ 2017 ਦੀਆਂ ਅਸੈਂਬਲੀ ਚੋਣਾਂ ਵਿਚ ਲੋਕਾਂ ਦੇ ਦੁੱਖਾਂ ਦਰਦਾਂ ਲਈ ਜ਼ਿੰਮੇਵਾਰ ਧਨਾਢ ਪੱਖੀ ਨਿਜਾਮ ਅਤੇ ਇਸ ਦੀਆਂ ਨੀਤੀਆਂ ਦੀਆਂ ਫਰਮਾਬਰਦਾਰ ਸਾਰੀਆਂ ਪਾਰਟੀਆਂ ਨੂੰ ਹਾਰ ਦਿੰਦੇ ਹੋਏ ਲੋਕ ਪੱਖੀ ਨੀਤੀਆਂ ਅਧਾਰਤ ਲੋਕ ਪੱਖੀ ਨਿਜਾਮ ਕਾਇਮ ਕਰਨਾ ਲੋਚਦੀਆਂ ਖੱਬੀਆਂ ਪਾਰਟੀਆਂ ਨੂੰ ਜਿਤਾਇਆ ਜਾਵੇ। ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਲੋਕ ਘੋਲਾਂ ਨੂੰ ਫੇਲ੍ਹ ਕਰਨ ਦੇ ਕੋਝੇ ਮਕਸਦ ਅਧੀਨ ਲੋਕ ਏਕਤਾ ਨੂੰ ਧਾਰਮਿਕ, ਜਾਤੀ-ਪਾਤੀ, ਭਾਸ਼ਾਈ-ਇਲਾਕਾਈ ਅਤੇ ਹੋਰ ਫੁਟਪਾਊ ਮੁੱਦਿਆਂ ਦੇ ਅਧਾਰ 'ਤੇ ਖੇਂਰੂੰ-ਖੇਂਰੂੰ ਕਰਨ ਵਾਲੇ ਹਕੂਮਤੀ ਪੈਂਤੜਿਆਂ ਅਤੇ ਹਕੂਮਤਾਂ ਦੇ ਹੱਥ ਠੋਕੇ ਫਿਰਕੂ ਅਨਸਰਾਂ ਦਾ ਮੂੰਹ ਮੋੜਿਆ ਜਾਵੇ।
ਕਨਵੈਨਸ਼ਨਾਂ 'ਚ ਇਹ ਗੱਲ ਵਿਸ਼ੇਸ਼ ਤੌਰ 'ਤੇ ਉਭਾਰੀ ਗਈ ਕਿ ਲੋਕਾਂ ਦੀਆਂ ਬੁਨਿਆਦੀ ਮੁਸ਼ਕਿਲਾਂ ਜਿਵੇਂ ਆਵਾਸ, ਰੁਜ਼ਗਾਰ, ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਵਾਧਾ, ਅਨਪੜ੍ਹਤਾ, ਇਲਾਜ ਦਾ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੇ ਜਾਣਾ, ਭੁਖਮਰੀ, ਕੰਗਾਲੀ, ਕੁਰੱਪਸ਼ਨ ਅਤੇ ਅਰਾਜਕਤਾ ਲਈ ਜਿੱਥੇ ਮੋਦੀ ਨਿਜਾਮ ਦੀਆਂ ਕਾਰਪੋਰੇਟ 'ਤੇ ਧਨਾਢ ਪੱਖੀ ਨੀਤੀਆਂ ਜਿੰਮੇਵਾਰ ਹਨ, ਉਥੇ ਪੰਜਾਬ 'ਚ ਗੁੰਡਾਗਰਦੀ, ਨਸ਼ਾ ਵਪਾਰ, ਮਾਫੀਆ ਲੁੱਟ, ਪੁਲਸ ਤੇ ਅਫਸਰਸ਼ਾਹੀ ਦੀਆਂ ਸਿਆਸੀ ਹਿਤਾਂ ਲਈ ਵਰਤੋਂ, ਗੈਂਗਵਾਰ, ਲੁੱਟਾਂ-ਖੋਹਾਂ, ਜਾਤਪਾਤੀ ਵਿਤਕਰੇ, ਪੁਲਸ ਜਬਰ ਆਦਿ ਪੰਜਾਬ ਵਾਸੀਆਂ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਦੀ ''ਬਖਸ਼ਿਸ਼'' ਹੈ।


ਸੀ ਪੀ ਐੱਮ ਪੰਜਾਬ ਵੱਲੋਂ ਤਰਨ ਤਾਰਨ ਵਿਖੇ ਐੱਸ ਐੱਸ ਪੀ ਦਫਤਰ ਅੱਗੇ ਧਰਨਾ 

 ਸੈਂਕੜੇ ਲੋਕਾਂ ਵੱਲੋਂ ਸੀ ਪੀ ਐੱਮ ਪੰਜਾਬ ਦੀ ਅਗਵਾਈ ਹੇਠ ਮਜ਼ਦੂਰ ਹਰਜੀਤ ਸਿੰਘ ਪੱਖੋਕੇ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਤਰਨ ਤਾਰਨ ਵਿਖੇ ਧਰਨਾ ਦਿੱਤਾ ਗਿਆ ਅਤੇ ਕਰੀਬ 4 ਘੰਟੇ ਜਾਮ ਲਾਇਆ ਗਿਆ। ਧਰਨਾਕਾਰੀਆਂ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਚਮਨ ਲਾਲ ਦਰਾਜਕੇ, ਮਨਜੀਤ ਸਿੰਘ, ਚਰਨਜੀਤ ਸਿੰਘ, ਜਸਬੀਰ ਸਿੰਘ ਵੈਰੋਵਾਲ ਆਦਿ ਨੇ ਕੀਤੀ। ਇਸ ਮੌਕੇ ਪਾਰਟੀ ਦੇ ਆਗੂ ਮੁਖਤਾਰ ਸਿੰਘ ਮੱਲ੍ਹਾ, ਬਲਦੇਵ ਸਿੰਘ ਪੰਡੋਰੀ, ਜਸਪਾਲ ਸਿੰਘ ਨੇ ਕਿਹਾ ਕਿ ਸਿਆਸੀ ਦਬਾਅ ਹੋਣ ਕਰਕੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਪੁਲਸ ਵਾਰ-ਵਾਰ ਵਿਸ਼ਵਾਸ ਦਿਵਾ ਕੇ ਟਾਲਮਟੋਲ ਕਰ ਰਹੀ ਹੈ, ਦੋਸ਼ੀ ਸਰੇਆਮ ਘੁੰਮ ਰਹੇ ਹਨ। ਪੁਲਸ ਪੀੜਤ ਪਰਵਾਰ ਨੂੰ ਝੂਠੇ ਦਿਲਾਸੇ ਦੇ ਰਹੀ ਹੈ। ਉਕਤ ਆਗੂਆਂ ਨੇ ਕਿਹਾ ਕਿ ਰਾਜਸੀ ਧਿਰ ਦੀ ਪੁਲਸ ਮਦਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਹਰਜੀਤ ਸਿੰਘ ਦੀ ਮੌਤ ਕਤਲ ਕਰਕੇ ਹੋਈ। ਉਕਤ ਆਗੂਆਂ ਨੇ ਦੱਸਿਆ ਕਿ ਧਰਨਾਕਾਰੀਆਂ ਨੂੰ ਪੁਲਸ ਨੇ ਰੋਕਾਂ ਲਾ ਕੇ ਰੋਕ ਲਿਆ ਸੀ, ਇਸ ਲਈ ਉਨ੍ਹਾਂ ਨੂੰ ਮਜਬੂਰਨ ਜੰਡਿਆਲਾ ਰੋਡ ਫਾਟਕ 'ਤੇ ਜਾਮ ਲਾਉਣਾ ਪਿਆ। ਸੀ ਪੀ ਐੱਮ ਪੰਜਾਬ ਦੀ ਅਗਵਾਈ 'ਚ ਐੱਸ ਐੱਸ ਪੀ ਤਰਨ ਤਾਰਨ ਨੂੰ ਡੈਪੂਟੇਸ਼ਨ ਮਿਲਿਆ, ਅਤੇ ਮੰਗ ਕੀਤੀ ਗਈ ਕਿ ਦੋਸ਼ੀਆਂ ਨੂੰ ਫੜਨ 'ਚ ਕੋਤਾਹੀ ਕਰਨ ਵਾਲੇ ਸਬ-ਇੰਸਪੈਕਟਰ ਗੁਲਜ਼ਾਰ ਸਿੰਘ ਨੂੰ ਲਾਇਨ ਹਾਜ਼ਰ ਕੀਤਾ ਜਾਵੇ ਅਤੇ ਜੇਕਰ ਐੱਸ ਐੱਚ ਓ ਥਾਣਾ ਸਦਰ ਨੇ ਦੋ ਦਿਨ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਦੋਹਾਂ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇ। ਮੌਕੇ 'ਤੇ ਪਹੁੰਚੇ ਐੱਸ ਪੀ ਡੀ ਜਗਮੋਹਨ ਸਿੰਘ ਨੇ ਧਰਨਾਕਾਰੀਆਂ ਦੀਆਂ ਮੰਗਾਂ ਨੂੰ ਮੰਨਣ ਦਾ ਵਿਸ਼ਵਾਸ ਦੁਆਇਆ। ਦੂਸਰੇ ਪਾਸੇ ਪਾਰਟੀ ਨੇ 25 ਜੁਲਾਈ ਨੂੰ ਮੀਟਿੰਗ ਸੱਦ ਲਈ ਹੈ।


ਦਲਿਤਾਂ 'ਤੇ ਅੱਤਿਆਚਾਰਾਂ ਵਿਰੁੱਧ ਰੋਸ ਵਜੋਂ ਮੋਦੀ ਸਰਕਾਰ ਦੇ ਪੁਤਲੇ ਫੂਕੇ  

ਤਰਨ ਤਾਰਨ ਜਿਲ੍ਹੇ ਦੇ ਪਿੰਡ ਤੁੜ ਵਿਖੇ ਸੀ ਪੀ ਐੱਮ ਪੰਜਾਬ ਵੱਲੋਂ ਜਨਤਕ ਜਥੇਬੰਦੀਆਂ ਦੀ ਅਗਵਾਈ ਵਿੱਚ ਗੁਜਰਾਤ 'ਚ ਦਲਿਤਾਂ ਉਪਰ ਹੋ ਰਹੇ ਜਬਰ ਵਿਰੁੱਧ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ, ਜਿਸ ਦੀ ਅਗਵਾਈ ਬਾਬਾ ਫਤਹਿ ਸਿੰਘ ਤੁੜ, ਰੇਸ਼ਮ ਸਿੰਘ ਫੈਲੋਕੇ ਤੇ ਮਨਜੀਤ ਸਿੰਘ ਬੱਗੂ ਨੇ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸੀ ਪੀ ਐੱਮ ਪੰਜਾਬ ਦੇ ਤਹਿਸੀਲ ਖਡੂਰ ਸਾਹਿਬ ਦੇ ਸਕੱਤਰ ਸੁਲੱਖਣ ਸਿੰਘ ਤੁੜ ਨੇ ਕਿਹਾ ਕਿ ਕੱਟੜ ਹਿੰਦੂ ਸੰਗਠਨਾਂ ਵੱਲੋਂ ਗੁਜਰਾਤ ਦੇ ਊਨਾ ਨਗਰ ਵਿੱਚ ਮਰੇ ਪਸ਼ੂਆਂ ਦਾ ਚੰਮ ਲਾਹੁਣ ਵਾਲੇ ਦਲਿਤਾਂ ਨੂੰ ਬੇਤਹਾਸ਼ਾ ਤਸ਼ੱਦਦ ਦਾ ਸ਼ਿਕਾਰ ਬਣਾਏ ਜਾਣ ਵਿਰੁੱਧ ਜਮਹੂਰੀ ਜਨ ਸੰਗਠਨਾਂ ਵੱਲੋਂ ਮੋਦੀ ਸਰਕਾਰ  ਦੇ ਪੁਤਲੇ ਫੂਕੇ ਜਾ ਰਹੇ ਹਨ। ਮੋਦੀ ਸਰਕਾਰ ਗਊ ਰੱਖਿਆ ਦੇ ਨਾਂਅ 'ਤੇ ਦਲਿਤਾਂ 'ਤੇ ਹਮਲੇ ਕਰਨ ਵਾਲੀਆਂ ਅਸੱਭਿਅਕ ਭੀੜਾਂ ਨੂੰ ਪੂਰੀ ਤਰ੍ਹਾਂ ਸਮਰਥਨ ਦੇ ਰਹੀ ਹੈ ਅਤੇ ਇਨ੍ਹਾਂ ਦੇ ਅਮਾਨਵੀ ਕਾਰਿਆਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਕਰ ਰਹੀ। ਗੁਜਰਾਤ ਦੇ ਊਨਾ ਵਿਚ ਵਾਪਰੀ ਇਹ ਘਟਨਾ ਕੋਈ ਪਹਿਲੀ ਘਟਨਾ ਨਹੀਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੰਗ ਬਹਾਦਰ ਸਿੰਘ, ਹਰਜੀਤ ਸਿੰਘ, ਛਿੰਦਾ ਸਿੰਘ, ਨਰਿੰਜਨ ਸਿੰਘ ਸੋਨੀ, ਹਰਦਲੇਰ ਸਿੰਘ, ਉਪਕਾਰ ਸਿੰਘ, ਗੁਲਜ਼ਾਰ ਸਿੰਘ, ਗਰੀਬ ਸਿੰਘ, ਪਰਗਟ ਸਿੰਘ ਦੁਕਾਨਦਾਰ ਤੇ ਹਰਦੇਵ ਸਿੰਘ ਆਦਿ ਹਾਜ਼ਰ ਸਨ। 


ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਵੱਲੋਂ ਰੋਸ ਮਾਰਚ

 ਲਾਲ ਝੰਡਾ ਭੱਠਾ ਲੇਬਰ ਯੂਨੀਅਨ ਵੱਲੋਂ ਪਿੰਡ ਘੁੱਦਾ ਵਿਖੇ ਭੱਠਾ ਲੇਬਰ ਦਾ ਡੀ ਸੀ ਰੇਟ ਦਾ ਹਿਸਾਬ ਨਾ ਹੋਣ ਕਰਕੇ ਪਿੰਡ ਘੁੱਦਾ ਵਿੱਚ ਰੋਸ ਮਾਰਚ ਕੱਢਿਆ ਗਿਆ। ਭੱਠਾ ਲੇਬਰ ਯੁਨੀਅਨ ਦੇ  ਆਗੂ ਬੁਲਾਰੇ ਜਸਪਾਲ ਸਿੰਘ ਪਾਲੀ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਲੱਗਭੱਗ ਇੱਕ ਮਹੀਨੇ ਤੋਂ ਲੇਬਰ ਇੰਸਪੈਕਟਰ, ਲੇਬਰ ਕਮਿਸ਼ਨਰ ਅਤੇ ਅੇੈੱਸ ਡੀ ਐਮ ਨੂੰ ਮਿਲ ਚੁੱਕੇ ਹਨ।
ਕਾਨੂੰਨੀ ਕਾਰਵਾਈ ਲਈ ਅਰਜ਼ੀ ਪੱਤਰ ਵੀ ਦਿੱਤਾ ਗਿਆ ਸੀ, ਪਰ ਸਾਨੂੰ ਲਾਰਿਆਂ ਤੋ ਬਿਨਾਂ ਲੰਬਾ ਸਮਾਂ ਟਾਲ ਮਟੋਲ ਕਰਕੇ ਪ੍ਰਸ਼ਾਸ਼ਨ ਨੇ ਭੱਠਾ ਮਾਲਕਾਂ ਦਾ ਸਿੱਧਾ ਪੱਖ ਪੂਰਿਆ ਹੈ। ਇਹ ਭੱਠਾ ਮਾਲਕ ਸਰਕਾਰ ਅਤੇ ਪ੍ਰਸ਼ਾਸਨ ਦੀ ਸ਼ਹਿ 'ਤੇ ਭੱਠਾ ਲੇਬਰ ਦੀ ਨਿਧੜਕ ਹੋ ਕੇ ਖੁਨ ਪਸੀਨੇ ਦੀ ਕਮਾਈ ਲਗਾਤਾਰ ਚੂਸਦਾ ਆ ਰਿਹਾ ਹੈ, ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਅਤੇ ਜੇਕਰ ਪ੍ਰਸ਼ਾਸਨ ਨੇ ਦਖਲ ਦੇ ਕੇ ਹਿਸਾਬ ਨਾਂ ਕਰਵਾਇਆ ਤਾਂ ਇਸ ਸੰਘਰਸ਼ ਨੂੰ ਹੋਰ ਵੀ ਬਹੁਤ ਸਖਤ ਤਰੀਕੇ ਨਾਲ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਕਮੇਟੀ ਮੈਂਬਰ ਮਿੱਠੂ ਸਿੰਘ ਘੁੱਦਾ ਨੇ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਨ੍ਹਾਂ ਭੱਠਾ ਮਜ਼ਦੂਰਾਂ ਦੀ ਦਿਹਾਤੀ ਮਜ਼ਦੂਰ ਸਭਾ ਵੱਲੋਂ ਪੂਰੀ ਪੂਰੀ ਹਮਾਇਤ ਕੀਤੀ ਜਾਵੇਗੀ। ਇਸ ਰੋਸ ਮਾਰਚ ਵਿੱਚ ਬੱਬੂ ਸਿੰਘ, ਦਰਸ਼ਨ ਸਿੰਘ ਕੋਟਗੁਰੂ, ਜੈਲਾ ਸਿੰਘ ਕੋਟਗੁਰੂ, ਲਖਵੰਤ ਸਿੰਘ ਲੱਖੀ ਪ੍ਰਿਤਾ, ਬੋਹੜ ਸਿੰਘ, ਤਾਰੀ ਸਿੰਘ, ਸੇਵਕ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਗੁਰਜੰਟ ਸਿੰਘ ਘੁੱਦਾ ਆਦਿ ਸ਼ਾਮਿਲ ਹੋਏ।


ਸਹੌਰ ਦੇ ਮਨਰੇਗਾ ਮਜ਼ਦੂਰਾਂ ਦਾ ਸੰਘਰਸ਼

 ਗੁਰਬਤਾਂ ਮਾਰੇ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਤੋਂ ਨਖਿੱਧ ਅਤੇ ਵਰਜਿਤ ਐਲਾਨੇ ਜਾ ਚੁੱਕੇ ਕੰਮ ਕਰਾਉਣੇ ਅੱਜਕਲ੍ਹ ਸੂਬੇ ਵਿਚ ਮਹਿਕਮਾ ਪੰਚਾਇਤ ਅਤੇ ਸ੍ਰੋਮਣੀ ਅਕਾਲੀ ਦਲ ਦੇ ਪਿੰਡ ਪੱਧਰ 'ਤੇ ਜਬਰੀ ਥਾਪੇ ''ਚੌਧਰੀਆਂ'' ਦਾ ਨਵਾਂ  ਸ਼ੁਗਲ ਬਣ ਗਿਆ ਹੈ। ਇਸ ਘ੍ਰਿਣਤ ਵਰਤਾਰੇ ਦੀ ਭੱਦੀ ਮਿਸਾਲ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲ ਕਲਾਂ ਬਲਾਕ ਵਿਕਾਸ ਦੇ ਪਿੰਡ ਮੌਹਰ ਵਿਖੇ ਵੇਖਣ ਨੂੰ ਮਿਲੀ। ਪਿੰਡ ਦੇ ਮਨਰੇਗਾ ਮਜ਼ਦੂਰਾਂ, ਜਿਨ੍ਹਾਂ ਵਿਚ ਭਾਰੀ ਬਹੁਗਿਣਤੀ ਔਰਤਾਂ ਸਨ, ਨੂੰ ਪੇਂਡੂ ਵਸੋਂ ਦੇ ਘਰਾਂ ਦਾ ਹਰ ਕਿਸਮ ਦਾ ਗੰਦ ਅਤੇ ਤਰ੍ਹਾਂ ਤਰ੍ਹਾਂ ਦੇ ਘਾਤਕ ਜੀਵਾਨੂੰ ਤੇ ਹੋਰ ਜੀਵ ਜੰਤੂਆਂ ਨਾਲ ਭਰੀਆਂ ਸਰਵਦੇਈ ਬੈਠੀਆਂ ਨਾਲੀਆਂ ਦੀ ਸਫਾਈ ਦਾ ਕੰਮ ਦੇ ਦਿੱਤਾ ਗਿਆ। ਕਿਸੇ ਬੀਬੀ ਨੇ ਮਲਵੀਂ ਜਿਹੀ ਜੀਭ ਨਾਲ ਚੌਧਰ ਸਿਹੁੰ ਨੂੰ ਪੁਛਿਆ, ''ਬਾਬਾ ਜੀ ਹੁਣ ਸਾਥੋਂ ਇਹ ਕੰਮ ਵੀ ਕਰਵਾਓਗੇ?'' ਅੱਗੋਂ ਜਰਵਾਣਾ ਬੋਲਿਆ, 'ਭਾਈ ਕਿੱਦਣ ਦੀਆਂ ਤਾਂ ਖੱਲ ਖਾਈ ਜਾਂਦੀਆਂ ਸੀ- ਕੰਮ ਦਿਓ... ਕੰਮ ਦਿਓ..., ਹੁਣ ਜੇ ਕੰਮ ਦਿੰਨੇ ਆਂ ਤਾਂ ਨਖਰੇ ਕਰਦੀਓਂ!'' ਮਹੀਨਿਆਂ ਬੱਧੀ ਘਰੀਂ ਰੁਜ਼ਗਾਰ ਤੋਂ ਵਾਂਝੀਆਂ ਬੈਠੀਆਂ ਬੀਬੀਆਂ ਮਨ ਮਾਰ ਕੇ ਗੰਦ ਦੀ ਦਲਦਲ ਵਿਚਲਾ ਸਮਾਨ ਕੱਢ ਕੇ ਨਾਲੀਆਂ ਦੇ ਨਾਲ ਨਾਲ ਢੇਰੀ ਲਾਉਣ ਲੱਗ ਪਈਆਂ। ਪਰ ਝੁੱਕਣ ਵਾਲੇ ਨੂੰ ਹੋਰ ਝੁਕਣ ਲਈ ਮਜ਼ਬੂਰ ਕਰਨ ਦੀ ਦਾਬਾ ਪਾਊ ਰਿਵਾਇਤ 'ਤੇ ਚਲਦਿਆਂ ਕਾਫੀ ਮਜ਼ਦੂਰਾਂ ਨੂੰ ਪਿੰਡ ਦੇ ਖਾਂਦੇ-ਪੀਂਦੇ ਲੋਕਾਂ ਦੇ ਨਿੱਜੀ ਪਲਾਟਾਂ 'ਚੋਂ ਘਾਤਕ ਬੂਟੀ ਅਤੇ ਗੰਦ ਹੂੰਝਣ ਵੀ ਜਾ ਲਾਇਆ। ਰੋਜ਼ਗਾਰ ਦੇਣ ਵਾਲੇ ''ਦਾਤਿਆਂ'' ਨੇ।
ਇੰਨੇ ਨੂੰ ਇਕ ਹੋਰ ਲੀਡਰ ਆ ਗਿਆ। ਕਹਿੰਦਾ, ''ਭਾਈ ਇਹ ਨਾਲੀਆਂ 'ਚੋਂ ਕੱਢ ਕੇ ਨਾ ਛੱਡ ਦਿਓ ਕਿਤੇ ਇਹ ਤਾਂ ਉਂਦੂ ਵੀ ਨਰਕ ਉਤਰ ਜਾਊ, ਇਹ ਗੰਦ ਚੁੱਕ ਕੇ ਪਿੰਡੋਂ ਬਾਹਰ ਢੇਰੀ ਕਰ ਕੇ ਆਇਓ! ਅੰਤ ਨੂੰ ਕੰਮ 'ਤੇ ਧੱਕਾਜ਼ੋਰੀ ਵਧਦੀ ਦੇਖ ਕੇ ਕੁੱਝ ਬੀਬੀਆਂ ਨੇ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਭੋਲਾ ਸਿੰਘ ਕਲਾਲਮਾਜਰਾ ਅਤੇ ਭਾਨ ਸਿੰਘ ਸੰਘੇੜਾ ਨੂੰ ਸੱਦ ਲਿਆ।
ਸਰਕਾਰ, ਵਿਭਾਗੀ, ਅਧਿਕਾਰੀਆਂ ਅਤੇ ਅਖੌਤੀ ਚੌਧਰੀਆਂ ਖਿਲਾਫ ਜਮ੍ਹ ਕੇ ਨਾਹਰੇਬਾਜ਼ੀ ਹੋਈ। ਬਲਾਕ ਅਧਿਕਾਰੀਆਂ ਨੇ ਮੰਨਿਆ ਕਿ ਉਕਤ ਕੰਮ ਦੀ ਮਨਜੂਰੀ, ਮਸਟ ਰੋਲ, ਐਸਟੀਮੇਟ (ਅੰਦਾਜਨ ਖਰਚ ਦਾ ਵੇਰਵਾ) ਆਦਿ ਕੁੱਝ ਨਹੀਂ ਬਣਿਆ। ਇਹ ਹੈ ਮੈਲਾ ਢੋਣ ਦੀ ਕੁਪ੍ਰਥਾ ਮੁਕੰਮਲ ਬੰਦ ਕਰਾਉਣ ਦਾ ਢਿੰਡੋਰਾ ਪਿੱਟਣ ਵਾਲੀਆਂ ਹਕੂਮਤਾਂ ਦਾ ਕਿਰਤੀਆਂ ਦੇ ਸਿਰਾਂ 'ਤੇ ਨਵੇਂ ਢੰਗਾਂ ਨਾਲ ਮੈਲਾ ਢੁਆਉਣ ਦਾ ਨਿਖੇਧੀਯੋਗ ਪ੍ਰਬੰਧ। ਸਹੌਰ ਪਿੰਡ ਦੀ ਮਿਸਾਲੀ ਕੋਈ ਇਕੱਲੀ ਨਹੀਂ ਇਹ ਨਵੀਂ ''ਕੁਪ੍ਰਥਾ'' ਥਾਂ ਥਾਂ ਸ਼ੁਰੂ ਹੋ ਗਈ ਹੈ ਜਿਸ ਵਿਰੁੱਧ ਹੁਣ ਤੋਂ ਹੀ ਸੰਗਰਾਮ ਉਸਾਰੇ ਜਾਣੇ ਚਾਹੀਦੇ ਹਨ।

ਮਜ਼ਦੂਰ ਜਥੇਬੰਦੀਆਂ ਵਲੋਂ ਦਿੱਤੇ 11 ਜੁਲਾਈ ਦੇ ਧਰਨੇ ਦਾ ਪ੍ਰਭਾਵ  

ਧੜਾਧੜ ਨਾਮਨਿਹਾਦ ਲੋਕ ਭਲਾਈ ਸਕੀਮਾਂ ਦਾ ਐਲਾਨ ਕਰੀ ਜਾਣਾ ਅਤੇ ਲੋਕਾਂ ਨੂੰ ਭਰਪੂਰ ਲਾਭ ਮਿਲਣ ਦੇ ਢੰਡੋਰੇ ਪਿੱਟੀ ਜਾਣਾ। ਇਹ ਅੱਜ ਦੀ ਘੜੀ ਸੂਬਾ ਹਕੂਮਤ ਦਾ ਮਨਭਾਉਂਦਾ 'ਸ਼ੁਗਲ' ਹੈ। ਦੂਜਾ 'ਸ਼ੁਗਲ' ਹੈ 'ਰਾਈਟ ਟੂ ਸਰਵਿਸ' (ਸੇਵਾ ਅਧਿਕਾਰ ਕਾਨੂੰਨ) ਅਧੀਨ ਲੋਕਾਂ ਨੂੰ ਸਰਕਾਰੀ, ਵਿਭਾਗੀ ਸੇਵਾਵਾਂ ਤੁਰਤ ਫੁਰਤ ਮੁਹੱਈਆ ਕਰਨ ਦੇ ਦਮਗੱਜੇ ਮਾਰੀ ਜਾਣੇ। ਪਰ ਜਮੀਨੀ ਪੱਧਰ 'ਤੇ ਹਕੀਕਤਾਂ ਕੁੱਝ ਹੋਰ ਹੀ ਹਨ। ਕਿਸੇ ਵੀ ਵਿਭਾਗ ਵਿਚ ਲੋਕਾਂ ਦੀਆਂ ਅਰਜੀਆਂ ਪ੍ਰਾਪਤ ਕਰਨ, ਲੋੜੀਂਦੀ ਟਿੱਪਣੀ ਕਰਕੇ ਵਿਭਾਗੀ ਅਧਿਕਾਰੀ ਕੋਲ ਯੋਗ ਕਾਰਵਾਈ ਲਈ ਭੇਜਣ ਅਤੇ ਅੱਗੋਂ ਉਚ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਭੇਜਣ ਜੋਗਾ ਸਟਾਫ ਹੀ ਨਹੀਂ ਹੈ। ਇਸ ਪੱਖੋਂ ਸਭ ਤੋਂ ਤਰਸਯੋਗ ਹਾਲਤ ਹੈ ਕਿਰਤੀਆਂ ਦੇ ''ਹੱਕਾਂ ਦੀ ਰਾਖੀ ਲਈ'' ਬਣੇ ਕਿਰਤ ਵਿਭਾਗ ਦੀ। ਕਲੈਰੀਕਲ ਕਾਡਰ ਨਾ ਮਾਤਰ। ਹਰ ਕਿਰਤ ਤੇ ਸੁਲਹ ਅਫਸਰ ਅੱਗੋਂ ਕਿਰਤ ਇੰਸਪੈਕਟਰਾਂ ਕੋਲ ਨਾਲ ਲੱਗਦੇ ਜ਼ਿਲ੍ਹਿਆਂ 'ਤੇ ਖੇਤਰਾਂ ਦਾ ਵਾਧੂ ਚਾਰਜ ਆਦਿ ਇਸ ਵਿਭਾਗ ਦੀ ਪੱਕੀ ਨਿਸ਼ਾਨੀ ਬਣ ਚੁੱਕੇ ਹਨ। ''ਉਸਾਰੀ ਕਿਰਤੀਆਂ ਦੀ ਬਿਹਤਰੀ ਲਈ ਬਣੇ ਬੋਰਡ'' ਅਧੀਨ ਕਾਇਮ ਕੀਤੇ ਗਏ ''ਭਲਾਈ ਫੰਡ'' ਅਧੀਨ ਮਿਲਦੀਆਂ ਸਹੂਲਤਾਂ ਲਈ ਅਰਜੀਆਂ 'ਤੇ ਫਾਰਮ ਫੜਨ ਵਾਲਾ ਵੀ ਕੋਈ ਕਰਮਚਾਰੀ ਨਹੀਂ, ਅੱਗੋਂ ਲਾਭ ਮਿਲਣੇ ਤਾਂ ਦੂਰ ਰਹੇ।  ਕਈ ਥਾਂਈ ਕੰਮ ਦੇ ਬੋਝ ਦੇ ਮਾਰੇ ਹੇਠਲੇ ਦਰਜੇ ਦੇ ਕਰਮਚਾਰੀ ਲੋਕਾਂ ਦੀਆਂ ''ਅਰਜੋਈਆਂ'' ਖਪਾ ਦਿੰਦੇ ਹਨ। ਇਸ ਵਰਤਾਰੇ ਵਿਰੁੱਧ ਮੈਦਾਨ 'ਚ ਨਿਤਰਦਿਆਂ ਬਰਨਾਲਾ ਵਿਖੇ ਦਿਹਾਤੀ ਮਜ਼ਦੂਰ ਸਭਾ, ਮਜ਼ਦੂਰ ਮੁਕਤੀ ਮੋਰਚਾ, ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਅਤੇ ਮਨਰੇਗਾ ਮਜ਼ਦੂਰ ਯੂਨੀਅਨ ਨੇ 12 ਜੁਲਾਈ ਨੂੰ ਕਿਰਤ ਵਿਭਾਗ ਦਾ ਜਬਰਦਸਤ ਘਿਰਾਓ ਕੀਤਾ। ਘਿਰਾਓ ਕਰ ਰਹੇ ਮਜ਼ਦੂਰ ਆਗੂਆਂ ਨੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਹਰ ਰੋਜ ਦਫਤਰ ਖੋਲ੍ਹ ਕੇ ਕਿਰਤੀਆਂ ਨੂੰ ਲਾਭ ਮਿਲਣੇ ਯਕੀਨੀ ਬਣਾਏ ਜਾਣ ਅਤੇ ਇਸ ਮਕਸਦ ਲਈ ਹਰ ਕਿਸਮ ਦਾ ਸਟਾਫ ਉਪਲੱਬਧ ਕਰਾਇਆ ਜਾਵੇ। ਇਸ ਤੋਂ ਇਲਾਵਾ ਮਜ਼ਦੂਰਾਂ ਦੇ ਬੈਠਣ ਅਤੇ ਸਵੱਛ ਪਾਣੀ ਤੇ ਪੱਖਿਆਂ ਆਦਿ ਦਾ ਵੀ ਇੰਤਜਾਮ ਕੀਤਾ ਜਾਵੇ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਦਫਤਰ ਹਫਤੇ 'ਚ ਚਾਰ ਦਿਨ ਲਾਜ਼ਮੀ ਖੁੱਲ੍ਹੇਗਾ, ਅਰਜੀ  ਪ੍ਰਾਪਤੀ ਦਾ ਤੁਰੰਤ ਰਸੀਦ ਨੰਬਰ ਦਿੱਤਾ ਜਾਵੇਗਾ, ਬੈਠਣ ਲਈ ਫਰਨੀਚਰ, ਹਵਾ,  ਪਾਣੀ ਦਾ ਪ੍ਰਬੰਧ ਹਫਤੇ ਦੇ ਅੰਦਰ ਕੀਤਾ ਜਾਵੇਗਾ, ਲੰਬਿਤ ਪਈਆਂ ਅਰਜੀਆਂ ਦਾ 15 ਦਿਨਾਂ ਦੇ ਅੰਦਰ ਅੰਦਰ ਨਿਪਟਾਰਾ ਕਰਕੇ ਕਾਪੀਆਂ ਬਣਾਈਆਂ ਜਾਣਗੀਆਂ ਆਦਿ। ਬਰਨਾਲਾ ਦੇ ਸਾਥੀਆਂ ਦੀ ਪਹਿਲਕਦਮੀ ਅਤੇ ਸਾਂਝੇ ਸੰਗਰਾਮ ਦੀ ਇਨਕਲਾਬੀ ਭਾਵਨਾ ਦਾ ਸਾਰੇ ਥਾਂਈ ਅਨੁਕਰਨ ਕੀਤਾ ਜਾਣਾ ਚਾਹੀਦਾ ਹੈ।                        
ਰਿਪੋਰਟ : ਭੋਲਾ ਸਿੰਘ ਕਲਾਲ ਮਾਜਰਾ

ਸਰਹੱਦੀ ਕਿਸਾਨਾਂ ਵੱਲੋਂ ਬੀ ਐੱਸ ਐੱਫ਼ ਵਿਰੁੱਧ ਆਈ ਜੀ ਦਫ਼ਤਰ ਸਾਹਮਣੇ ਧਰਨਾ  

ਪੰਜਾਬ ਦੇ ਸਰਹੱਦੀ ਕਿਸਾਨਾਂ ਨੇ ਸਰਹੱਦੀ ਤਾਰ ਤੋਂ ਪਾਰ ਖੇਤੀ ਕਰਨ ਸਮੇਂ ਉਨ੍ਹਾ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਅਤੇ ਬੀ ਐਸ ਐਫ਼ ਅਧਿਕਾਰੀਆਂ ਦੇ ਕਿਸਾਨ ਵਿਰੋਧੀ ਅਤੇ ਹੇਠੀ ਭਰੇ ਵਤੀਰੇ ਵਿਰੁੱਧ ਅੱਜ ਆਈ ਜੀ ਜਲੰਧਰ ਦੇ ਦਫ਼ਤਰ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ। ਇਸ ਧਰਨੇ ਦੀ ਪ੍ਰਧਾਨਗੀ ਸਰਵਸਾਥੀ ਅਰਸਾਲ ਸਿੰਘ ਸੰਧੂ ਸੂਬਾ ਪ੍ਰਧਾਨ, ਬਲਬੀਰ ਸਿੰਘ ਰਾਣੀਆ ਕੱਕੜ (ਅੰਮ੍ਰਿਤਸਰ) ਅਤੇ ਜਗਦੇਵ ਸਿੰਘ ਫ਼ਿਰੋਜ਼ਪੁਰ ਨੇ ਸਾਂਝੇ ਤੌਰ 'ਤੇ ਕੀਤੀ। ਧਰਨਾਕਾਰੀ ਕਿਸਾਨਾਂ ਨੇ ਮੰਗ ਕੀਤੀ ਕਿ ਬੀ ਐਸ ਐਫ਼ ਅਧਿਕਾਰੀ ਉਨ੍ਹਾ ਪ੍ਰਤੀ ਆਪਣਾ ਮਨਮਾਨੀਆਂ ਅਤੇ ਜਲਾਲਤ ਭਰਿਆ ਵਤੀਰਾ ਬਦਲਣ, ਸ਼ਨਾਖਤੀ ਕਾਰਡ ਬਣਾਉਣ ਦਾ ਤਰੀਕਾ ਸਰਲ ਕੀਤਾ ਜਾਵੇ, ਸਾਰੇ ਸਰਹੱਦੀ ਗੇਟ ਹਰ ਰੋਜ਼ ਸਵੇਰੇ 8 ਵਜੇ ਤੋਂ 5 ਵਜੇ ਸ਼ਾਮ ਤੱਕ ਖੁਲ੍ਹੇ ਰੱਖੇ ਜਾਣ ਅਤੇ ਖੇਤੀ ਲਈ ਉਨ੍ਹਾਂ ਨੂੰ ਪੂਰਾ ਸਮਾਂ ਦਿੱਤਾ ਜਾਵੇ, ਬੀ ਐਸ ਐਫ਼ ਦੀ ਨਫ਼ਰੀ ਵਧਾਈ ਜਾਵੇ, ਕਿਸਾਨਾਂ ਨੂੰ ਬੀ ਟੀ ਕਾਟਨ ਅਤੇ ਗਵਾਰੀ ਦੀਆਂ ਫ਼ਸਲਾਂ ਬੀਜਣ ਦੀ ਆਗਿਆ ਦਿੱਤੀ ਜਾਵੇ, ਸਰਹੱਦੀ ਤਾਰ 50 ਤੋਂ 150 ਮੀਟਰ 'ਤੇ ਦੁਬਾਰਾ ਲਏ ਜਾਣ ਦਾ ਅਮਲ ਤੇਜ਼ ਕੀਤਾ ਜਾਵੇ, ਸਮਗਲਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਬੀ ਐਸ ਐਫ਼ ਅਧਿਕਾਰੀਆਂ ਨਾਲ ਹੇਠਲੀ ਪੱਧਰ 'ਤੇ ਕਿਸਾਨਾਂ ਨਾਲ ਮਾਸਕ ਮੀਟਿੰਗਾਂ ਦਾ ਸਿਲਸਿਲਾ ਸੰਜੀਦਗੀ ਨਾਲ ਚਲਾਇਆ ਜਾਵੇ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਾਥੀ ਰਤਨ ਸਿੰਘ ਰੰਧਾਵਾ, ਸੂਬਾ ਪ੍ਰਧਾਨ ਸਾਥੀ ਅਰਸਾਲ ਸਿੰਘ ਸੰਧੂ ਅਤੇ ਸੂਬਾ ਜਾਇੰਟ ਸਕੱਤਰ ਰਘਬੀਰ ਸਿੰਘ ਪਕੀਵਾਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਵਿਸਥਾਰ ਸਹਿਤ ਵਰਣਨ ਕੀਤਾ। ਉਨ੍ਹਾ ਦਸਿਆ ਕਿ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ 553 ਕਿਲੋਮੀਟਰ ਲੰਬੀ ਸਰਹੱਦ 'ਤੇ ਲੱਗੀ ਤਾਰ ਤੋਂ ਪਾਰ ਕਿਸਾਨਾਂ ਦੀ ਮਾਲਕੀ ਵਾਲੀ 20000 ਏਕੜ ਜ਼ਮੀਨ ਤੋਂ ਇਲਾਵਾ ਹਜ਼ਾਰਾਂ ਏਕੜ ਆਬਾਦਕਾਰਾਂ ਵੱਲੋਂ ਆਬਾਦ ਕੀਤੀ ਜ਼ਮੀਨ ਹੈ। ਬੀ ਐਸ ਐਫ਼ ਅਧਿਕਾਰੀ ਉਨ੍ਹਾ ਨੂੰ ਖੇਤੀ ਕਰਨ ਜਾਣ ਸਮੇਂ ਬਹੁਤ ਤੰਗ ਅਤੇ ਪ੍ਰੇਸ਼ਾਨ ਕਰਦੇ ਹਨ, ਸਰਹੱਦੀ ਗੇਟ ਤਹਿਸ਼ੁਦਾ ਨੀਯਮਾਂ ਦੀ ਉਲੰਘਣਾ ਕਰਕੇ ਮਨਮਰਜ਼ੀ ਨਾਲ ਖੋਲ੍ਹਦੇ ਹਨ ਅਤੇ ਖੇਤੀ ਲਈ ਬਹੁਤ ਹੀ ਥੋੜ੍ਹਾ ਸਮਾਂ ਦੇਂਦੇ ਹਨ। ਉਨ੍ਹਾ ਦੇ ਸ਼ਨਾਖਤੀ ਕਾਰਡ ਬਣਾਉਣ ਸਮੇਂ ਵੀ ਕਈ ਪ੍ਰੇਸ਼ਾਨੀਆਂ ਪੈਦਾ ਕੀਤੀਆਂ ਜਾਂਦੀਆਂ ਹਨ। ਫ਼ਾਜ਼ਿਲਕਾ ਦੇ ਕਿਸਾਨਾਂ ਨੂੰ ਬੀ ਟੀ ਕਾਟਨ ਅਤੇ ਗਵਾਰੀ ਦੀ ਫ਼ਸਲ ਨਹੀਂ ਬੀਜਣ ਦਿੱਤੀ ਜਾਂਦੀ ਅਤੇ ਕਿਸਾਨਾਂ ਦੀ ਤਲਾਸ਼ੀ ਲੈਣ ਸਮੇਂ ਉਨ੍ਹਾ ਨੂੰ ਪੂਰੀ ਤਰ੍ਹਾਂ ਜਲੀਲ ਕੀਤਾ ਜਾਂਦਾ ਹੈ।
ਸਾਥੀ ਰਜਿੰਦਰ ਸਿੰਘ ਚਾਵਲਾ, ਬਲਬੀਰ ਸਿੰਘ ਰਾਣੀਆ ਅਤੇ ਜਗੀਰ ਸਿੰਘ ਸਲਾਚ ਕਰਮਵਾਰ ਫਾਜ਼ਿਲਕਾ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਦੱਸਿਆ ਕਿ ਸਰਹੱਦੀ ਤਾਰ ਨੂੰ ਠੀਕ ਥਾਂ 'ਤੇ 50-150 ਮੀਟਰ ਤੱਕ ਲਏ ਜਾਣ ਦਾ ਅਮਲ ਵੀ ਬਹੁਤ ਢਿੱਲਾ ਅਤੇ ਨੁਕਸਦਾਰ ਹੈ। ਇਸ ਤੋਂ ਬਿਨਾਂ ਕਈ ਥਾਵਾਂ ਪਿੰਡ ਭੈਣੀ ਦਿਲਾਵਰ (ਫ਼ਾਜ਼ਿਲਕਾ) ਗਜ਼ਨੀਵਾਲਾ (ਫਿਰੋਜ਼ਪੁਰ), ਰਾਣੀਆ ਕੱਕੜ (ਅੰਮ੍ਰਿਤਸਰ) ਵਾਂਗ ਨਵੇਂ ਥਾਂ 'ਤੇ ਤਾਰ ਲਾ ਦਿੱਤੀ ਗਈ ਹੈ, ਪਰ ਉਥੋਂ ਪੁਰਾਣੀ ਤਾਰ ਨਹੀਂ ਹਟਾਈ ਜਾ ਰਹੀ, ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਲਾ ਘਟਣ ਦੀ ਥਾਂ ਵਧੀਆਂ ਹਨ। ਸਰਹੱਦੀ ਕਿਸਾਨਾਂ ਦੇ ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਸੂਬਾ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ ਨੇ ਸਰਹੱਦੀ ਕਿਸਾਨਾਂ ਦੇ ਇਸ ਹੱਕੀ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕੀਤੀ। ਉਨ੍ਹਾ ਬੀ ਐਸ ਐਫ਼ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਕਿ ਸਰਹੱਦੀ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ ਤਾਂ ਕਿ ਕਿਸਾਨ ਆਪਣੀ ਖੇਤੀ ਠੀਕ ਤਰ੍ਹਾਂ ਕਰ ਸਕਣ। ਇਸ ਧਰਨੇ ਨੂੰ ਉਪਰੋਕਤ ਆਗੂਆਂ ਤੋਂ ਬਿਨਾਂ ਦਰਸ਼ਨ ਸਿੰਘ ਗੁਰਦਾਸਪੁਰ, ਮਾਨ ਸਿੰਘ ਮੁਹਾਵਾ (ਅੰਮ੍ਰਿਤਸਰ), ਸਰਦੂਲ ਸਿੰਘ (ਤਾਰਨ ਤਰਨ), ਨਸੀਬ ਸਿੰਘ ਫਿਰੋਜ਼ਪੁਰ, ਸ਼ਕਤੀ ਫ਼ਾਜ਼ਿਲਕਾ, ਪ੍ਰਗਟ ਸਿੰਘ ਜਾਮਾਰਾਏ, ਦਲਜੀਤ ਸਿੰਘ ਭੱਟੀ ਅਤੇ ਸ਼ੀਤਲ ਸਿੰਘ ਤਲਵੰਡੀ ਆਦਿ ਨੇ ਸੰਬੋਧਨ ਕੀਤਾ। ਧਰਨੇ ਪਿੱਛੋਂ ਬੀ ਐਸ ਐਫ਼ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ।


ਜਨਵਾਦੀ ਇਸਤਰੀ ਸਭਾ ਤਰਨ ਤਾਰਨ ਦਾ ਜਥੇਬੰਦਕ ਅਜਲਾਸ  

''ਸ਼ਹੀਦ ਦੀਪਕ ਧਵਨ ਯਾਦਗਾਰ ਭਵਨ'' ਤਰਨਤਾਰਨ  ਵਿਖੇ ਬੀਬੀ ਜਸਬੀਰ ਕੌਰ, ਮਲਕੀਤ ਕੌਰ, ਕੰਵਲਜੀਤ ਕੌਰ ਅਤੇ ਜਸਮੀਤ ਕੌਰ 'ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਹੋਇਆ। ਅਜਲਾਸ 'ਚ ਹਾਜ਼ਰ ਡੈਲੀਗੇਟ ਭੈਣਾਂ ਵਲੋਂ ਸਰਵਸੰਮਤੀ ਨਾਲ 17 ਮੈਂਬਰੀ ਜ਼ਿਲ੍ਹਾ ਜਥੇਬੰਦਕ ਕਮੇਟੀ ਦੀ ਚੋਣ ਕੀਤੀ ਗਈ। ਬੀਬੀ ਜਸਬੀਰ ਕੌਰ ਤਰਨਤਾਰਨ ਪ੍ਰਧਾਨ, ਬੀਬੀ ਨਰਿੰਦਰ ਕੌਰ ਪੱਟੀ ਜਨਰਲ ਸਕੱਤਰ, ਬੀਬੀ ਕੰਵਲਜੀਤ ਕੌਰ ਤੇ ਮਲਕੀਤ ਕੌਰ ਮੀਤ ਪ੍ਰਧਾਨ, ਬੀਬੀ ਬਲਜੀਤ ਕੌਰ ਨਾਗੋਕੇ ਤੇ ਪਰਮਜੀਤ ਕੌਰ ਨਵਾਂ ਪਿੰਡ ਸਹਾਇਕ ਸਕੱਤਰ ਅਤੇ ਬੀਬੀ ਜਸਮੀਤ ਕੌਰ ਪ੍ਰੈਸ ਸਕੱਤਰ ਚੁਣੇ ਗਏ।
ਅਜਲਾਸ ਨੂੰ ਸੰਬੋਧਨ ਕਰਨ ਲਈ ਸੂਬਾਈ ਜਨਰਲ ਸਕੱਤਰ ਬੀਬੀ ਨੀਲਮ ਘੁਮਾਣ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੀ ਪ੍ਰਮੁੱਖ ਆਗੂ ਬੀਬੀ ਅਜੀਤ ਕੌਰ ਉਚੇਚੇ ਪੁੱਜੇ। ਭਰਾਤਰੀ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਵਲੋਂ ਸਾਥੀ ਪਰਗਟ ਸਿੰਘ ਜਾਮਾਰਾਏ ਅਤੇ ਚਮਨ ਲਾਲ ਦਰਾਜਕੇ ਨੇ ਭਰਾਤਰੀ ਸੰਦੇਸ਼ ਰਾਹੀਂ ਹਰ ਕਿਸਮ ਦੇ ਸਹਿਯੋਗ ਦਾ ਵਾਅਦਾ ਕੀਤਾ। ਅਜਲਾਸ ਵੱਲੋਂ ਮੰਗ ਕੀਤੀ ਗਈ ਕਿ ਪੂਰੇ ਦੇਸ਼ ਵਿਚ ਔਰਤਾਂ ਖਿਲਾਫ ਹੋ ਰਹੇ ਲਿੰਗ ਅਧਾਰਤ ਅਪਰਾਧਾਂ ਅਤੇ ਹਰ ਖੇਤਰ ਵਿਚ ਹੋ ਰਹੇ ਲਿੰਗਕ ਵਿਤਕਰੇ ਨੂੰ ਸਖਤੀ ਨਾਲ ਨੱਥ ਪਾਈ ਜਾਵੇ। ਇਕ ਮਤੇ ਰਾਹੀ ਲੋਕ ਵਿਰੋਧੀ ਨੀਤੀਆਂ ਬੰਦ ਕੀਤੇ ਜਾਣ ਅਤੇ ਔਰਤਾਂ ਖਾਸ ਕਰ ਕਿਰਤੀ ਔਰਤਾਂ ਦੀਆਂ ਮੰਗਾਂ ਦੀ ਪੂਰਤੀ ਦੀ ਮੰਗ ਕੀਤੀ ਗਈ।              
ਰਿਪੋਰਟ : ਜਸਮੀਤ ਕੌਰ
ਬਟਾਲਾ ਵਿਖੇ ਜੇ.ਪੀ.ਐਮ.ਓ. ਵਲੋਂ ਜਥਾ ਮਾਰਚ 

 ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਤਹਿਸੀਲ ਕਮੇਟੀ ਬਟਾਲਾ ਦੇ ਆਗੂਆਂ ਸਾਥੀ ਛਿੰਦਾ ਛਿੱਥ ਅਤੇ ਪਰਮਜੀਤ ਸਿੰਘ ਘਸੀਟਪੁਰ ਦੀ ਅਗਵਾਈ ਵਿਚ ਫਤਿਹਗੜ੍ਹ ਚੂੜੀਆਂ ਹਲਕੇ ਦੇ ਵੱਖੋ-ਵੱਖ ਪਿੰਡਾਂ ਵਿਚ ਧਨਵਾਨ ਲੋਕਾਂ ਵਲੋਂ ਗਰੀਬਾਂ, ਦਲਿਤਾਂ, ਔਰਤਾਂ ਵਿਰੁੱਧ ਕੀਤੇ ਜਾ ਰਹੇ ਜਬਰ ਵਿਰੁੱਧ ਚੇਤਨਾ ਅਤੇ ਲਾਮਬੰਦੀ ਮਾਰਚ ਕੀਤਾ ਗਿਆ।
ਘਸੀਟਪੁਰ, ਸਰੂਪਵਾਲੀ ਕਲਾਂ, ਸਰੂਪਵਾਲੀ ਖੁਰਦ, ਛਿੱਥ, ਬੱਲ, ਮੁਰੀਆਂ, ਬਟਾਲਾ ਸਨਅੱਤੀ ਪੱਟੀ ਆਦਿ ਵਿਚ ਦੀ ਗੁਜਰਦਾ ਹੋਇਆ ਮਾਰਚ ਥਾਣਾ ਸਦਰ ਬਟਾਲਾ ਵਿਖੇ ਪੁੱਜਾ। ਵੱਖੋ ਵੱਖ ਥਾਂਈਂ ਹੋਏ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਮੰਚ ਦੇ ਆਗੂਆਂ, ਲਾਲ ਚੰਦ ਕਟਾਰੂਚੱਕ, ਭੈਣ ਨੀਲਮ ਘੁਮਾਣ, ਗੁਰਦਿਆਲ ਘੁਮਾਣ, ਜਗੀਰ ਸਿੰਘ ਕਿਲਾ ਲਾਲ ਸਿੰਘ ਅਤੇ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਦੋਸ਼ ਲਾਇਆ ਕਿ ਸਿਆਸੀ ਸਰਪ੍ਰਸਤੀ ਪ੍ਰਾਪਤ ਜਾਬਰਾਂ ਖਿਲਾਫ ਪੁਲਸ ਅਤੇ ਸਿਵਲ ਪ੍ਰਸ਼ਾਸ਼ਨ ਯੋਗ ਕਾਨੂੰਨੀ ਕਾਰਵਾਈ ਕਰਨ ਤੋਂ ਸਾਫ ਮੁਨਕਰ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਬਰ ਦੇ ਕੇਸਾਂ, ਜੋ ਮਹੀਨਿਆਂ ਬੱਧੀ ਕਾਰਵਾਈ ਖੁਣੋਂ ਅਛੋਹੇ ਪਏ ਹਨ, ਵਿਚ ਢੁੱਕਵੀਂ ਕਾਰਵਾਈ ਨਾ ਕੀਤੀ ਤਾਂ ਸਖਤ ਜਥੇਬੰਦਕ ਐਕਸ਼ਨ ਕੀਤਾ ਜਾਵੇਗਾ। ਸਰਵ ਸਾਥੀ ਕਲਿਆਣ ਸਿੰਘ, ਗੁਰਪ੍ਰੀਤ ਸਿੰਘ, ਗੁਰਨਾਮ ਸਿੰਘ, ਪ੍ਰੇਮ ਸਿੰਘ, ਰੌਸ਼ਨ ਸਿੰਘ ਸ਼ੱਕਰੀ, ਕਾਲਾ ਮਸੀਹ, ਵਿਲੀਅਮ ਮਸੀਹ, ਬੀਬੀ ਪ੍ਰਵੀਨ ਕੌਰ ਵੀ ਰੋਸ ਮਾਰਚ ਵਿਚ ਹਾਜ਼ਰ ਰਹੇ।


ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਨੌਜਵਾਨ ਕਨਵੈਨਸ਼ਨ 

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋਂ ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇੱਕ ਕਨਵੈਨਸ਼ਨ 26 ਜੁਲਾਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਅਯੋਜਿਤ ਕੀਤੀ ਗਈ। ਇਸ ਕਨਵੈਨਸ਼ਨ ਦੌਰਾਨ ਵਿਦਿਆ ਅਤੇ ਪੱਕੇ ਰੁਜ਼ਗਾਰ ਦੀ ਪ੍ਰਾਪਤੀ ਲਈ ਅਤੇ ਨਸ਼ਾ ਤਸਕਰੀ, ਗੁੰਡਾਗਰਦੀ ਖਿਲਾਫ ਸੈਕੜੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਅਹਿਦ ਲਿਆ। ਅਕਾਲੀ-ਭਾਜਪਾ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਚੋਣ ਵਾਅਦਿਆਂ ਤੋਂ ਭੱਜਣ, ਜਵਾਨੀ ਨੂੰ ਨਸ਼ਿਆਂ ਨਾਲ ਤਬਾਹ ਕਰਨ, ਠੇਕੇ 'ਤੇ ਭਰਤੀ ਕੀਤੇ ਕੱਚੇ ਮੁਲਾਜ਼ਮਾਂ ਨੂੰ ਕੁਟਾਪਾ ਚਾੜ੍ਹਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਤੇ ਬੇਰੁਜ਼ਗਾਰੀ ਭੱਤਾ ਨਾ ਦੇਣ ਸਮੇਤ ਜਵਾਨੀ ਦੇ ਭਵਿੱਖ ਨਾਲ ਜੁੜੇ ਮੁੱਦੇ ਵਿਸਾਰਨ ਦੇ ਦੋਸ਼ ਪੱਤਰ ਨੂੰ 5 ਅਗਸਤ ਨੂੰ ਦੇਣ ਦਾ ਸੱਦਾ ਦਿੱਤਾ ਗਿਆ। ਇਸ ਕਨਵੈਨਸ਼ਨ ਨੂੰ ਸੰਬੋਧਨ ਕਰਦਿਆ ਆਗੂਆਂ ਨੇ ਕਿਹਾ ਕਿ ਪੰਜਾਬ ਦੀਆਂ ਅਸੈਂਬਲੀ ਚੋਣਾਂ 'ਚ ਜਵਾਨੀ ਦੇ ਮੁੱਦੇ ਉਭਾਰਨ ਲਈ ਪੰਜਾਬ ਦੀਆਂ ਰਾਜਸੀ ਪਾਰਟੀਆਂ ਦੇ ਆਗੂ ਜਿਹੜੇ ਕਿ ਸਰਕਾਰ ਬਣਾਉਣ ਦੇ ਦਾਅਵੇਦਾਰ ਹਨ ਨੂੰ ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ ਮੰਗਾਂ 'ਤੇ ਅਧਾਰਤ ਮੰਗ ਪੱਤਰ ਦਿੱਤੇ ਜਾਣਗੇ।
ਇਸ ਕਨਵੈਨਸ਼ਨ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਢੇਸੀ, ਸੂਬਾ ਸਕੱਤਰ ਮਨਦੀਪ ਸਿੰਘ ਰਤੀਆ, ਪ੍ਰੈਸ ਸਕੱਤਰ ਬਲਦੇਵ ਸਿੰਘ ਪੰਡੋਰੀ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਅਜੈ ਫਿਲੌਰ ਨੇ ਸੰਬੋਧਨ ਕੀਤਾ।
ਇਸ ਕਨਵੈਨਸ਼ਨ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਢੇਸੀ, ਕਾਬਲ ਸਿੰਘ ਪਹਿਲਵਾਨਕੇ, ਗੁਰਦਿਆਲ ਸਿੰਘ ਘੁਮਾਣ, ਪੀਐਸਐਫ ਦੇ ਸੂਬਾ ਪ੍ਰਧਾਨ ਨਵਦੀਪ ਸਿੰਘ ਕੋਟਕਪੂਰਾ ਅਤੇ ਮਨਜਿੰਦਰ ਸਿੰਘ ਢੇਸੀ ਨੇ ਕੀਤੀ।
ਕਨਵੈਨਸ਼ਨ ਦੌਰਾਨ ਵੱਖ-ਵੱਖ ਮਤਿਆਂ ਰਾਹੀਂ ਸਰਕਾਰ ਤੋਂ ਮੰਗ ਕਰਦਿਆਂ ਆਗੂਆਂ ਨੇ ਕਿਹਾ ਕਿ ਹਰੇਕ ਬੱਚੇ ਨੂੰ ਗਰੈਜੂਏਸ਼ਨ ਪੱਧਰ ਤੱਕ ਦੀ ਮੁਫਤ ਵਿਦਿਆ ਲਾਜ਼ਮੀ ਦਿੱਤੀ ਜਾਵੇ, ਕੰਮ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ 'ਚ ਸ਼ਾਮਲ ਕੀਤਾ ਜਾਵੇ। ਯੋਗਤਾ ਮੁਤਾਬਿਕ ਬੇਰੁਜ਼ਗਾਰੀ ਭੱਤਾ ਤਨਖਾਹ ਦਾ ਘੱਟੋ ਘੱਟ ਅੱਧ ਦਿੱਤਾ ਜਾਵੇ ਅਤੇ ਰੁਜ਼ਗਾਰ ਦੀ ਗਾਰੰਟੀ ਕੀਤੀ ਜਾਵੇ। ਵਿਦਿਆਰਥੀਆਂ ਨੂੰ ਲੈਪਟਾਪ ਜਾਰੀ ਕੀਤੇ ਜਾਣ, ਦਲਿਤ ਬੱਚਿਆਂ ਲਈ ਸਕਾਲਰਸ਼ਿੱਪ ਸਕੀਮ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਅਤੇ ਦਲਿਤ ਬੱਚਿਆਂ ਕੋਲੋਂ ਜਬਰੀ ਫੀਸਾਂ ਲੈਣੀਆਂ ਬੰਦ ਕੀਤੀਆਂ ਜਾਣ।

ਪੰਜਾਬ ਘਰੇਲੂ ਮਜ਼ਦੂਰ ਯੂਨੀਅਨ ਦੀ ਸਥਾਪਨਾ ਮੌਕੇ ਰੈਲੀ  

ਪਠਾਨਕੋਟ ਵਿਖੇ 26 ਜੁਲਾਈ ਨੂੰ ਘਰਾਂ ਵਿਚ ਕੰਮ ਕਰਨ ਵਾਲੀਆਂ ਔਰਤਾਂ ਤੇ ਮਰਦਾਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਠਿਆਂ ਹੋ ਕੇ ਆਪਣੀ ਨਵੀਂ ਜਥੇਬੰਦੀ ''ਪੰਜਾਬ ਘਰੇਲੂ ਮਜ਼ੂਦੂਰ ਯੂਨੀਅਨ'' ਦੀ ਸਥਾਪਨਾ ਕਰਨ ਉਪਰੰਤ ਡੀ.ਸੀ. ਪਠਾਨਕੋਟ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ। ਇਸ ਸਥਾਪਨਾ ਰੈਲੀ ਦੀ ਪ੍ਰਧਾਨਗੀ ਤ੍ਰਿਪਤਾ ਕੁਮਾਰੀ, ਸੁਦੇਸ਼, ਰਾਣੀ, ਕਮਲੀ ਦੇਵੀ, ਰਜਨੀ ਬਾਲਾ, ਆਸ਼ਾ ਰਾਣੀ ਤੇ ਬਿੰਦੀਆ ਨੇ ਸਾਂਝੇ ਰੂਪ ਵਿਚ ਕੀਤੀ।
ਇਸ ਸਥਾਪਨਾ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਘਰੇਲੂ ਮਜ਼ਦੂਰ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੀ ਜਨਰਲ ਸਕੱਤਰ ਸੀਮਾ ਦੇਵੀ ਨੇ ਕਿਹਾ ਕਿ ਅੱਜ ਘਰੇਲੂ ਮਜ਼ਦੂਰਾਂ ਵਾਸਤੇ ਬਹੁਤ ਅਹਿਮ ਦਿਨ ਹੈ। ਕਿਉਂਕਿ ਆਜ਼ਾਦੀ ਤੋਂ ਬਾਅਦ ਅਜੇ ਤੱਕ ਕਿਸੇ ਨੇ ਇਹਨਾਂ ਦੀ ਬਾਂਹ ਨਹੀਂ ਫੜੀ।
ਇਹਨਾਂ ਕੰਮਕਾਜੀ ਔਰਤਾਂ ਦੇ ਮਰਦਾਂ ਦੇ ਇਕੱਠ ਨੂੰ ਸੰਬੋਧਨ ਕਰਨ ਵਾਸਤੇ ਆਏ ਸੀ.ਟੀ.ਯੂ. ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਇਹਨਾਂ ਦੁਆਰਾ ਬਣਾਈ ਗਈ ''ਪੰਜਾਬ ਘਰੇਲੂ ਮਜ਼ਦੂਰ ਯੂਨੀਅਨ'', ਸੀ.ਟੀ.ਯੂ. ਪੰਜਾਬ ਦੀ ਅਗਵਾਈ ਵਿਚ ਚੱਲੇਗੀ। ਜੋ ਸਮੇਂ ਦੀ ਮੁੱਖ ਲੋੜ ਹੈ। ਸਮਾਜ ਅੰਦਰ ਇਸ ਪਛੜੇ ਵਰਗ ਵਾਸਤੇ ਜੋ ਲੋਕਾਂ ਦੇ ਘਰਾਂ ਵਿਚ ਸਫਾਈ, ਭਾਂਡੇ ਮਾਂਜਣ, ਕੱਪੜੇ ਧੋਣ, ਰੋਟੀ ਪਕਾਉਣ, ਮਾਲੀ, ਡਰਾਇਵਿੰਗ ਕਰਨ ਆਦਿ ਦਾ ਕੰਮ ਕਰਦੇ ਹਨ, ਉਹਨਾਂ ਲਈ ਕੋਈ ਸਮਾਜਿਕ ਸੁਰੱਖਿਆ ਦਾ ਕਾਨੂੰਨ ਨਹੀਂ ਹੈ। ਜਿਸ ਨਾਲ ਇਹਨਾਂ ਦੇ ਪਰਿਵਾਰਾਂ ਦੀਆਂ ਮੁੱਢਲੀਆਂ ਤੇ ਜ਼ਰੂਰੀ ਲੋੜਾਂ ਪੂਰੀਆਂ ਹੋ ਸਕਣ।
ਸੀ.ਟੀ.ਯੂ. ਪੰਜਾਬ ਦੇ ਜਨਰਲ ਸਕੱਤਰ ਨੱਥਾ ਸਿੰਘ,  ਯੂਨੀਅਨ  ਦੇ ਚੇਅਰਮੈਨ ਮਾਸਟਰ ਸੁਭਾਸ਼ ਸ਼ਰਮਾ, ਪੰਜਾਬ ਨਿਰਮਾਣ ਮਜ਼ਦੂਰ ਯੂਨੀਆਂ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਰੰਧਾਵਾ, ਜਨਵਾਦੀ ਇਸਤਰੀ ਸਭਾ ਦੀ ਪ੍ਰਧਾਨ ਨੀਲਮ ਘੁਮਾਣ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਲਾਲ ਚੰਦ ਕਟਾਰੂਚੱਕ, ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਜਨਰਲ ਸਕੱਤਰ ਸ਼ਿਵ ਕੁਮਾਰ, ਡੈਮ ਵਰਕਰ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਸੰਧੂ, ਰੇਲਵੇ ਯੂਨੀਅਨ ਦੇ ਪ੍ਰਧਾਨ ਸ਼ਿਵ ਦੱਤ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂ ਰਜਿੰਦਰ ਧੀਮਾਨ, ਆਂਗਣਵਾੜੀ ਯੂਨੀਅਨ ਦੀ ਨੀਰੂ ਬਾਲਾ, ਹੈਲਥ ਵਿਭਾਗ, ਮਨਿਸਟੀਰੀਅਲ ਯੂਨੀਅਨ ਦੀ ਪ੍ਰਧਾਨ ਨੀਨਾ ਜੌਹਨ, ਪੀ.ਜੀ.ਐਮ.ਯੂ. ਦੇ ਕੈਸ਼ੀਅਰ ਪ੍ਰੇਮ ਸਾਗਰ, ਪੀ.ਐਨ.ਐਮ.ਯੂ. ਦੇ ਮੁੱਖ ਸਲਾਹਕਾਰ ਨੰਦ ਲਾਲ ਮਹਿਰਾ ਨੇ ਭਰਾਤਰੀ ਸੰਦੇਸ਼ ਵਿਚ ਕਿਹਾ ਕਿ ਉਹਨਾਂ ਦੀਆਂ ਜਥੇਬੰਦੀਆਂ ਹਰ ਤਰ੍ਹਾਂ ਨਾਲ ਨਵੀਂ ਬਣੀ ''ਪੰਜਾਬ ਘਰੇਲੂ ਮਜ਼ਦੂਰ ਯੂਨੀਅਨ'' ਦੀ ਮਦਦ ਕਰਨਗੀਆਂ। ਘਰੇਲੂ ਮਜ਼ਦੂਰ ਡੀ.ਸੀ. ਦਫਤਰ ਪੁੱਜੇ ਜਿੱਥੇ ਰੈਲੀ ਕਰਨ ਉਪਰੰਤ ਉਨ੍ਹਾਂ ਆਪਣੀਆਂ ਮੰਗਾਂ 'ਤੇ ਅਧਾਰਤ ਮੰਗ ਪੱਤਰ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਦਿੱਤਾ।



हरियाणा मोर्चे से
 
चुनावी वायदे के अनुसार रोजगार या बेरोजगारी भत्ते के लिये संघर्ष 
राज्य की खट्टर सरकार द्वारा विगत विधान सभा चुनाव अभियान के दौरान विभिन्न प्रकार के वायदे किये गए थे। इनमें से एक प्रमुख ऐलान था सरकार बनने के पश्चात कम से कम चार लाख युवाओं को रोजगार देना तथा रोजगार से वंचित युवाओं को कम से कम नौ हजार रुपए प्रति माह बेरोजगारी भत्ता दिया जायेगा। किन्तु इस ऐलान को मूर्त रुप देने की दिशा में इंच मात्र भी प्रगति नहीं हुई और राज्य सरकार के हाव भाव यह साफ आभास देते हैं कि यह प्रगति एक शक्तिशाली विशाल तथा जुझारू युवा आंदोलन के बगैर होगी भी नहीं। इस दिशा में आगे बढ़ते हुए युवाओं के प्रतिनिधि संगठन शहीद भगत सिंह नौजवान सभा पंजाब हरियाणा द्वारा एक सघन युवा अभियान चलाया जा रहा है। इसी उपलक्ष्य में जींद जिले की तहसील जुलाना के विभिन्न गांवों में सभा द्वारा बैठकें, रैलियां, खेल सरर्गमियां, सांस्कृतिक कार्यक्रम, सफाई अभियान आदि आयोजित किये जा रहे हैं। एक सराहनीय निर्णय लेते हुए तहसील के गांवों के पुस्तकालय स्थापित किये जाने का काम प्रगति पर है। दोनों राज्यों द्वारा संयुक्त रूप से 26 जुलाई को देश भगत यादगार हाल जालंधर में की जा रही छात्र युवा कनवैनशन के लिये प्रतिनिधियों का चयन भी किया जा रहा है।  सभा के महासचिव मनदीप सिंह रतिया, अमित कुमार जूलाणा, आशीष बुढाखेड़ा, अजय झमोला आदि अभियान को गतिशील नेतृत्व दे रहे हैं। युवा नेताओं ने कहा कि चुनावी वायदों के विपरीत खट्टर सरकार ने आते ही मेहमान शिक्षकों को नौकरी से निकाल बाहर किया फलस्वरूप पहले से ही बदहाल शिक्षा तंत्र और चरमरा गया तथा रोजगार पर भी भारी कट लगा। हरियाणा सरकार वस्तुत: इसी दिशा में कार्यशील है। हाल ही में विद्युत निगम का किया गया निजीकरण इसकी ज्वलंत उदाहरण है। युवा नेतृत्व ने युवाओं को इस नीति विरूद्ध सडक़ों पर निकलने का अह्वान किया।
रिपोर्ट : अमित कुमार जुलाणा 

छात्रों का विजयी संघर्ष 
 हरियाणा छात्र यूनियन द्वारा फतेहआबाद जिले के समस्त कालेजों में, कालेज प्रबंधकों द्वारा विद्यार्थियों को शिक्षा बीच में छोड़ कर जाने को विवश करने वाले अधिनियमों के विरूद्ध विजयी संघर्ष लड़ा गया। जिले के कालेज प्रबंधकों ने जिन विद्यार्थियों की पहले छिमाही में कंपार्टमैंट आई थी उन्हें आगे के समैस्टर पास करने के बावजूद पांचवे समैस्टर में दाखिल न किया जाने का तुगलकी फरमान जारी कर रखा था। एच.एस.यू. द्वारा छात्रों की लामबंदी करते हुए रैलियां की गई तथा उच्च अधिकारियों को ज्ञापन दिये गये। संघर्ष के पश्चात नेताओं को बातचीत के लिए बुलाया गया तथा मांगे मानने का ऐलान किया गया।
 

देहाती मजदूर सभा का सदस्यता अभियान 
सिरसा एवं अन्य समीपवर्ती जिलों में देहाती मजदूर सभा की ईकाईयां स्थापित करने का काम जोरों शोरों से चल रहा है। सभा के राज्य संयोजक तेजिंद्र सिंह थिंद, फतेहाबाद जिला अध्यक्ष तथा सचिव नत्थू राम चौबारा एवं सुखचैन सिंह सरपंच, देव राज, रोही राम, सुक्खा सिंह, जसविंदर कौर टोहाना, बलवीर सिंह आदि साथियों के नेतृत्व में सभा की प्राथमिक सदस्यता तथा गांव ईकाईयों के चुनाव जारी है। साथी थिंद के कथनानुसार जिलों के सम्मेलनों के पश्चात सभा का राज्य स्तरीय दो दिवसीय प्रतिनिधि सम्मेलन बुलाया जाएगा।
 

बिजली कर्मचारियों की सफल हड़ताल 
 विगत 29-30 जून को हरियाणा विद्युत कर्मियों ने सफलतम दो दिवसीय हड़ताल की। हड़ताल का अह्वान विद्युत विभाग कर्मियों की विभिन्न यूनियनों पर आधारित ‘संयुक्त ऐक्शन कमेटी’ द्वारा किया गया था। उत्साहवद्र्धक बात यह है कि हरियाणा सरकार के तमाम दमनकारी कदमों यहां तक कि एसमा लगाये जाने के बावजूद भी कर्मचारी हड़ताल पर अडिग रहे।
इस हड़ताल का दूसरा शानदार पहलु रहा, हरियाणा की जनवादी शक्तियों द्वारा हड़ताली कर्मियों को पूर्ण समर्थन दिया जाना। इस मामले में देहाती मजदूर सभा, जम्हूरी किसान सभा , शहीद भगत सिंह नौजवान सभा पंजाब तथा हरियाणा छात्र यूनीयन तथा अन्य संगठनों ने अभूतपूर्व निर्णय लेेते हुए एक महीना लंबी चली भूख हड़ताल एवं लगातार धरने में प्रतिदिन सम्मिलित होते हुए हर संभव सहयोग किया।  तेजिंद्र थिंद, मनदीप रतिया, सुखचैन सरपंच, देव राज, रोही राम, सुक्खा सिंह, नत्थू राम, निर्भय, अमन, मनजीत आलीके, इत्यादि साथियों की अगुआई में अनेकों साथी भूख हड़ताल एवं धरने में शामिल तो होते ही रहे बल्कि गांव गांव जा कर हड़ताल की उचित मांगों के बारे में लोगों को जागरूक भी करते रहे।       
रिपोर्ट : तेजिंद्र सिंह थिंद

No comments:

Post a Comment