Wednesday, 3 August 2016

ਵਿਸ਼ੇਸ਼: ਹਾਜ਼ੀਪੁਰ ਖੇਤਰ 'ਚ ਨਾਜ਼ਾਇਜ਼ ਖਨਿਨ ਵਿਰੁੱਧ ਸੰਘਰਸ਼

ਸੰਘਰਸ਼ ਕਮੇਟੀ ਦੇ ਆਗੂ ਧਰਮਿੰਦਰ ਸਿੰਘ ਦੀ ਗ੍ਰਿਫਤਾਰੀ ਵਿਰੁੱਧ ਜਬਰਦਸਤ ਰੋਹ ਦਾ ਪ੍ਰਗਟਾਵਾ   
ਥਾਣੇ ਤੇ ਡੀ.ਐਸ.ਪੀ. ਦਫਤਰ ਦਾ ਘਿਰਾਓ
ਜ਼ਿਲ੍ਹਾ ਹੁਸ਼ਿਆਰਪੁਰ ਦੇ ਹਾਜ਼ੀਪੁਰ ਖੇਤਰ ਵਿਚ ਲੱਗੇ ਹੋਏ 13 ਸਟੋਨ ਕਰੈਸ਼ਰਾਂ ਨੇ ਇਲਾਕੇ ਅੰਦਰ ਭਾਰੀ ਤਬਾਹੀ ਮਚਾਈ ਹੋਈ ਹੈ। ਇਹਨਾਂ ਕਰੈਸ਼ਰਾਂ ਦੇ ਮਾਲਕਾਂ ਵਲੋਂ ਕੀਤੀ ਜਾ ਰਹੀ ਨਾਜਾਇਜ਼ ਖੁਦਾਈ ਅਤੇ ਉਪਜਾਊ ਜ਼ਮੀਨਾਂ ਸਮੇਤ ਇਲਾਕੇ ਦੀ ਕੀਤੀ ਜਾ ਰਹੀ ਵੱਡੀ ਬਰਬਾਦੀ ਵਿਰੁੱਧ, ਇਲਾਕੇ ਦੇ 30-32 ਪਿੰਡਾਂ ਦੇ ਵਸਨੀਕ ਪਿਛਲੇ ਦੋ-ਤਿੰਨ ਸਾਲਾਂ ਤੋਂ ਨਿਰੰਤਰ ਸੰਘਰਸ਼ ਕਰਦੇ ਆ ਰਹੇ ਹਨ। ਇਸ ਮੰਤਵ ਲਈ ਉਹਨਾਂ ਨੇ ''ਖਨਿਨ ਰੋਕੋ-ਜ਼ਮੀਨ ਬਚਾਓ ਸੰਘਰਸ਼ ਕਮੇਟੀ'' ਦਾ ਗਠਿਨ ਕੀਤਾ ਹੋਇਆ ਹੈ, ਜਿਸ ਨੂੰ ਲੋਕ ਹਿਤੂ ਰਾਜਨੀਤਕ ਆਗੂਆਂ ਤੇ ਮਿਹਨਤੀ ਲੋਕਾਂ ਦੀਆਂ ਵੱਖ ਵੱਖ ਜਨਤਕ ਜਥੇਬੰਦੀਆਂ ਵਲੋਂ ਵੀ ਭਰਵਾਂ ਸਮਰਥਨ ਮਿਲ ਰਿਹਾ ਹੈ।
ਦੂਜੇ ਪਾਸੇ, ਨਾਜਾਇਜ਼ ਖੁਦਾਈ ਕਰਨ ਵਾਲੇ ਇਸ ਕਰੈਸ਼ਰ ਮਾਫੀਏ ਨੂੰ ਵੀ ਮੌਜੂਦਾ ਹਾਕਮਾਂ ਦੀ ਭਾਵ ਅਕਾਲੀ-ਭਾਜਪਾ ਗਠਜੋੜ ਦੇ ਵੱਡੇ ਆਗੂਆਂ ਦੀ ਮੁਜ਼ਰਮਾਨਾ ਪੁਸ਼ਤਪਨਾਹੀ ਪ੍ਰਾਪਤ ਹੈ। ਇਸ ਲਈ ਉਹਨਾਂ ਦੀਆਂ ਧੱਕੇਸ਼ਾਹੀਆਂ ਅਤੇ ਦੇਸ਼ ਦੇ ਸਾਰੇ ਕਾਇਦੇ-ਕਾਨੂੰਨਾਂ ਦੀਆਂ ਸ਼ਰੇਆਮ ਕੀਤੀਆਂ ਜਾ ਰਹੀਆਂ ਉਲੰਘਣਾਵਾਂ ਨੂੰ ਅਜੇ ਤੱਕ ਕੋਈ ਅਸਰਦਾਰ ਰੋਕ ਨਹੀਂ ਲੱਗ ਰਹੀ। ਇਹ ਮਾਫੀਆ ਗਰੀਬ ਕਿਸਾਨਾਂ ਦੇ ਖੇਤਾਂ ਵਿਚ 100-100 ਫੁੱਟ ਤੱਕ ਡੂੰਘੀ ਖੁਦਾਈ ਕਰਕੇ ਉਪਜਾਊ ਜ਼ਮੀਨਾਂ ਨੂੰ ਬੁਰੀ ਤਰ੍ਹਾਂ ਬਰਬਾਦ ਕਰ ਰਿਹਾ ਹੈ। ਇਸ ਨਾਲ ਇਲਾਕੇ ਦਾ ਕੁਦਰਤੀ ਵਾਤਾਵਰਣ ਵੀ ਵਿਗੜ ਰਿਹਾ ਹੈ। ਕਰੈਸ਼ਰਾਂ 'ਚੋਂ ਨਿਕਲਦੀ ਧੂੜ, ਮਿੱਟੀ ਨਾਲ ਪ੍ਰਦੂਸ਼ਨ ਖਤਰਨਾਕ ਹੱਦ ਤੱਕ ਵੱਧ ਰਿਹਾ ਹੈ ਅਤੇ ਲੋਕ ਕਈ ਪ੍ਰਕਾਰ ਦੀਆਂ ਬਿਮਾਰੀਆਂ ਦੇ ਸ਼ਿਕਾਰ ਬਣ ਗਏ ਹਨ। ਕਰੈਸ਼ਰਾਂ 'ਚ ਬਣਦੀ ਮੋਟੀ ਬਜਰੀ (ਗਟਕਾ) ਦੀ ਢੋਆ ਢੁਆਈ ਲਈ ਵਰਤੇ ਜਾ ਰਹੇ 18 ਤੋਂ 22 ਟਾਇਰਾਂ ਵਾਲੇ ਟਰਾਲਿਆਂ ਨੇ ਇਲਾਕੇ ਦੀਆਂ ਸੰਪਰਕ ਸੜਕਾਂ ਬੁਰੀ ਤਰ੍ਹਾਂ ਤੋੜ ਸੁੱਟੀਆਂ ਹਨ। ਨਹਿਰਾਂ ਦੇ ਕੰਢੇ, ਪੁਲੀਆਂ ਤੇ ਸਿੰਚਾਈ ਲਈ ਵਰਤੀਆਂ ਜਾਂਦੀਆਂ ਪਾਈਪਾਂ ਦੀ ਵੀ ਵੱਡੀ ਹੱਦ ਤੱਕ ਭੰਨ ਤੋੜ ਕੀਤੀ ਹੈ। ਇਸ ਨਾਲ ਪਹਿਲਾਂ ਹੀ ਗਰੀਬੀ ਹੰਡਾਅ ਰਹੇ, ਇਲਾਕੇ ਦੇ ਲੋਕਾਂ ਦੀਆਂ ਆਰਥਕ ਮੁਸ਼ਕਲਾਂ ਹੋਰ ਵਧੇਰੇ ਵੱਧ ਗਈਆਂ ਹਨ। ਇਸ ਤੋਂ ਬਿਨਾਂ, ਇਸ ਕਰੈਸ਼ਰ ਮਾਫੀਏ ਨੇ ਆਪਣੇ ਇਸ ਨਾਜਾਇਜ਼ ਧੰਦੇ ਦੀ ਰੱਖਿਆ ਲਈ ਲੱਠਮਾਰ ਵੀ ਭਰਤੀ ਕੀਤੇ ਹੋਏ ਹਨ, ਜਿਹੜੇ ਕਿ ਸ਼ਰੇਆਮ ਖਰਮਸਤੀਆਂ ਕਰਦੇ ਹਨ ਅਤੇ ਲੋਕਾਂ ਦੀਆਂ ਬਹੂ-ਬੇਟੀਆਂ ਨੂੰ ਪ੍ਰੇਸ਼ਾਨ ਕਰਦੇ ਹਨ। ਇਸ ਪੱਖੋਂ ਵੀ ਲੋਕਾਂ ਅੰਦਰ ਗੁੱਸੇ ਦੀ ਲਹਿਰ ਨਿਰੰਤਰ ਤਿੱਖੀ ਹੁੰਦੀ ਜਾ ਰਹੀ ਹੈ।
ਇਸ ਪਿਛੋਕੜ ਵਿਚ 'ਖਨਿਨ ਰੋਕੋ-ਜ਼ਮੀਨ ਬਚਾਓ ਸੰਘਰਸ਼ ਕਮੇਟੀ ਹਾਜ਼ੀਪੁਰ'' ਦੇ ਇਸ ਹੱਕੀ ਘੋਲ ਨੇ ਲੋਕ ਹਿਤੂ ਰਾਜਨੀਤਕ ਪਾਰਟੀਆਂ ਦਾ ਧਿਆਨ ਖਿਚਿਆ। ਸਿੱਟੇ ਵਜੋਂ, 15 ਸਤੰਬਰ 2015 ਨੂੰ ਸੈਂਕੜਿਆਂ ਦੀ ਗਿਣਤੀ ਵਿਚ ਇਕੱਠੇ ਹੋਏ ਇਲਾਕੇ ਦੇ, ਤੇ ਬਾਹਰੋਂ ਆਏ ਲੋਕਾਂ ਨੇ ਹਾਜ਼ੀਪੁਰ-ਮੁਕੇਰੀਆਂ ਸੜਕ ਨੂੰ ਜਾਮ ਕਰਕੇ ਇਕ ਰੋਹ ਭਰਪੂਰ ਧਰਨਾ ਮਾਰਿਆ। ਇਸ ਧਰਨੇ ਨੂੰ ਸੀ.ਪੀ.ਐਮ.ਪੰਜਾਬ ਦੇ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਆਮ ਆਦਮੀ ਪਾਰਟੀ ਦੇ ਐਮ.ਪੀ. ਡਾ. ਧਰਮਬੀਰ ਗਾਂਧੀ ਅਤੇ ਟੀਮ ਇਨਸਾਫ ਦੇ ਮੁੱਖੀ ਤੇ ਵਿਧਾਨਕਾਰ ਸ਼੍ਰੀ ਸਿਮਰਜੀਤ ਸਿੰਘ ਬੈਂਸ ਨੇ ਵੀ ਸੰਬੋਧਨ ਕੀਤਾ। ਇਸ ਪ੍ਰਭਾਵਸ਼ਾਲੀ ਜਨਤਕ ਪ੍ਰਤੀਰੋਧ ਨੂੰ ਅਖਬਾਰਾਂ ਤੇ ਕੁੱਝ ਇਕ ਟੀ.ਵੀ. ਚੈਨਲਾਂ ਨੇ ਵੀ ਚੰਗੀ ਥਾਂ ਦਿੱਤੀ। ਉਸ ਦਿਨ ਨਜਾਇਜ਼ ਖੁਦਾਈ ਦੀ ਵੀਡੀਓਗਰਾਫੀ ਕਰਨ ਗਈ ਟੀ.ਵੀ. ਚੈਨਲ ਦੀ ਇਕ ਟੀਮ ਨਾਲ ਗਏ ਸੰਘਰਸ਼ ਕਮੇਟੀ ਦੇ ਆਗੂ ਧਰਮਿੰਦਰ ਸਿੰਘ ਸਿੰਬਲੀ ਨੂੰ, ਕਰੈਸ਼ਰ ਮਾਫੀਏ ਦੇ ਬੁਖਲਾਏ ਹੋਏ ਲੱਠਮਾਰਾਂ ਨੇ ਆਪਣੀ ਕਾਰ ਹੇਠ ਦੇਣ ਦਾ ਨੰਗਾ ਚਿੱਟਾ ਅਪਰਾਧਿਕ ਕਾਰਾ ਕੀਤਾ। ਜਿਸਦਾ, ਮੌਕੇ ਤੇ ਹਾਜ਼ਰ, ਪੁਲਸ ਕਰਮਚਾਰੀਆਂ ਨੇ ਵੀ ਨੋਟਿਸ ਲਿਆ ਅਤੇ ਇਸ ਸਬੰਧੀ ਥਾਣਾ ਹਾਜ਼ੀਪੁਰ ਵਿਚ ਬਾਕਾਇਦਾ ਲਿਖਤੀ ਰਿਪੋਰਟ ਵੀ ਦਿੱਤੀ ਗਈ। ਉਸ ਦਿਨ ਸਬੰਧਤ ਥਾਣੇਦਾਰ ਨੇ ਪ੍ਰੈਸ ਦੇ ਸਾਹਮਣੇ ਇਹ ਵੀ ਸਵੀਕਾਰ ਕੀਤਾ ਕਿ ਕਰੈਸ਼ਰ ਮਾਫੀਏ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਵਿਰੁੱਧ ਪਹਿਲਾਂ ਵੀ ਦੋ ਵਾਰ ਐਫ.ਆਈ.ਆਰਜ਼ ਦਰਜ ਤਾਂ ਹਨ, ਪ੍ਰੰਤੂ ਕਾਰਵਾਈ ਅੱਗੇ ਨਹੀਂ ਤੁਰ ਸਕੀ।
ਐਪਰ, ਹੈਰਾਨੀਜਨਕ ਗੱਲ ਇਹ ਹੈ ਕਿ ਕਰੈਸ਼ਰ ਮਾਲਕਾਂ ਦੀ ਇਸ ਗੁੰਡਾਗਰਦੀ ਤੋਂ 6 ਦਿਨ ਬਾਅਦ, 21 ਸਤੰਬਰ ਨੂੰ, ਏਸੇ ਘਟਨਾ ਨੂੰ ਲੁੱਟ ਖੋਹ ਤੇ ਮਾਰ ਕੁਟਾਈ ਦਾ ਰੂਪ ਦੇ ਕੇ ਐਸ.ਐਚ.ਓ. ਹਾਜ਼ੀਪੁਰ ਨੇ ਉਲਟਾ ਸੰਘਰਸ਼ ਕਮੇਟੀ ਦੇ ਚਾਰ ਆਗੂਆਂ- ਧਰਮਿੰਦਰ ਸਿੰਘ, ਦੀਪਕ ਠਾਕਰ, ਵਿਕਰਮਜੀਤ ਸਿੰਘ ਤੇ ਸੁਖਵਿੰਦਰ ਸਿੰਘ, ਧਰਮਿੰਦਰ ਦੇ ਪਿਤਾ ਜੀ ਸ਼੍ਰੀ ਗੋਪਾਲ ਸਿੰਘ ਅਤੇ 5-6 ਹੋਰ ਅਣਪਛਾਤੇ ਲੋਕਾਂ ਵਿਰੁੱਧ ਦਫਾ  323, 324, 391, 506, 148 ਅਤੇ 149 ਆਈਪੀਸੀ ਅਧੀਨ ਇਕ ਮਨਘੜਤ ਪਰਚਾ ਦਰਜ ਕਰ ਲਿਆ।
''ਖਨਿਨ ਰੋਕੋ-ਜ਼ਮੀਨ ਬਚਾਓ ਸੰਘਰਸ਼ ਕਮੇਟੀ'' ਤੇ ਸੀ.ਪੀ.ਐਮ.ਪੰਜਾਬ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਮਹਿੰਦਰ ਸਿੰਘ ਖੈਰੜ ਨੇ ਪੁਲਸ ਤੇ ਖਣਿਨ ਮਾਫੀਏ ਦੀ ਇਹ ਸ਼ਰਮਨਾਕ ਸਾਜਿਸ਼ ਤੁਰਤ ਜ਼ਿਲ੍ਹੇ ਦੇ ਉਚ ਅਧਿਕਾਰੀਆਂ-ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਦੇ ਨੋਟਿਸ ਵਿਚ ਲਿਆਂਦੀ। ਦੋਵਾਂ ਅਧਿਕਾਰੀਆਂ ਨੇ, ਕੇਸ ਦੀ ਹਕੀਕਤ ਨੂੰ ਸਮਝਦਿਆਂ ਇਨਸਾਫ ਕਰਨ ਦਾ ਭਰੋਸਾ ਵੀ ਦਿੱਤਾ।
ਪ੍ਰੰਤੂ ਲਗਭਗ 6 ਮਹੀਨੇ ਬਾਅਦ, 19 ਮਾਰਚ 2016 ਨੂੰ, ਇਸ ਝੂਠੀ ਤੇ ਮਨਘੜਤ ਐਫ.ਆਈ.ਆਰ. ਵਿਚ ਅਚਾਨਕ ਹੀ ਧਾਰਾ 326 ਜੋੜ ਦਿੱਤੀ ਗਈ। ਨਿਸ਼ਚੇ ਹੀ ਇਸ, ਅਸਲੋਂ ਹੀ ਗਲਤ, ਕਾਰਵਾਈ ਲਈ ਕਰੈਸ਼ਰ ਮਾਫੀਏ ਵਲੋਂ ਵੱਡਾ ਮੁੱਲ ਤਾਰਿਆ ਗਿਆ ਹੋਵੇਗਾ। ਸੰਘਰਸ਼ ਕਮੇਟੀ ਨੂੰ ਇਸ ਨਵੀਂ ਸਾਜਿਸ਼ ਦੀ ਭਿਣਕ ਪੈਣ 'ਤੇ 15 ਜੂਨ ਨੂੰ ਮੁੜ ਜ਼ਿਲ੍ਹੇ ਦੇ ਦੋਵਾਂ ਉਕਤ ਅਧਿਕਾਰੀਆਂ ਨੂੰ ਮਿਲਕੇ ਸਥਿਤੀ ਸਪੱਸ਼ਟ ਕੀਤੀ ਗਈ। ਉਹਨਾਂ ਫਿਰ ਪਹਿਲਾਂ ਵਾਲਾ ਭਰੋਸਾ ਹੀ ਦੁਹਰਾਇਆ। ਪ੍ਰੰਤੂ ਅਚਾਨਕ ਹੀ 3 ਜੁਲਾਈ ਨੂੰ ਐਸ.ਐਚ.ਓ. ਹਾਜ਼ੀਪੁਰ ਨੇ ਸਾਥੀ ਧਰਮਿੰਦਰ ਸਿੰਘ ਨੂੰ ਧੋਖੇ ਭਰੇ ਢੰਗ ਨਾਲ ੳਦੋਂ ਗਿਫਤਾਰ ਕਰ ਲਿਆ ਜਦੋਂ ਉਹ ਆਪਣੇ ਪਿੰਡ 'ਚ ਹੋਏ ਕਿਸੇ ਝਗੜੇ ਦਾ ਰਾਜੀਨਾਮਾ ਕਰਵਾਉਣ ਲਈ ਥਾਣੇ ਗਿਆ ਹੋਇਆ ਸੀ। ਐਸ.ਐਚ.ਓ. ਨੇ ਅੱਗੋਂ ਫੁਰਤੀ ਇਹ ਕੀਤੀ ਕਿ ਉਸ ਦਿਨ ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਦੋ ਢਾਈ ਘੰਟਿਆਂ ਵਿਚ ਹੀ ਇਲਾਕਾ ਮੈਜਿਸਟਰੇਟ ਦੇ ਘਰ ਧਰਮਿੰਦਰ ਨੂੰ ਪੇਸ਼ ਕਰਕੇ ਉਸਨੂੰ ਸਬ ਜੇਲ ਦਸੂਹਾ ਭੇਜ ਦਿੱਤਾ ਗਿਆ। ਇਸ ਨਾਲ ਪੁਲਸ, ਵਿਸ਼ੇਸ਼ ਤੌਰ 'ਤੇ ਐਸ.ਐਚ.ਓ. ਹਾਜ਼ੀਪੁਰ ਦੀ ਇਸ ਧੱਕੇਸ਼ਾਹੀ ਵਿਰੁੱਧ ਇਲਾਕੇ ਦੇ ਲੋਕਾਂ ਅੰਦਰ ਵਿਆਪਕ ਗੁੱਸੇ ਦੀ ਲਹਿਰ ਦੌੜ ਗਈ। ਲੋਕਾਂ ਦੀ ਇਸ ਸੁਭਾਵਕ ਪ੍ਰਤੀਕਿਰਿਆ ਨੂੰ ਰੋਕਣ ਵਾਸਤੇ ਪੁਲਸ ਨੇ ''ਖਨਿਨ ਰੋਕੋ-ਜ਼ਮੀਨ ਬਚਾਓ ਸੰਘਰਸ਼ ਕਮੇਟੀ'' ਦੇ ਹੋਰ ਆਗੂਆਂ ਦੇ ਘਰੀਂ ਵੀ ਛਾਪੇਮਾਰੀ ਸ਼ੁਰੂ ਕਰ ਦਿੱਤੀ।
ਐਸ.ਐਚ.ਓ. ਹਾਜ਼ੀਪੁਰ ਦੀ ਇਸ ਬੁਰਛਾਗਰਦੀ ਵਿਰੁੱਧ ਤੁਰੰਤ ਕਾਨੂੰਨੀ ਚਾਰਾਜੋਈ ਕਰਨ ਦੇ ਨਾਲ ਨਾਲ, ''ਖਨਿਨ ਰੋਕੋ-ਜ਼ਮੀਨ ਬਚਾਓ ਸੰਘਰਸ਼ ਕਮੇਟੀ'' ਅਤੇ ਸੀ.ਪੀ.ਐਮ.ਪੰਜਾਬ ਦੇ ਆਗੂਆਂ ਵਲੋਂ ਇਹ ਸਮੁੱਚੀ ਸ਼ਰਮਨਾਕ ਧੱਕੇਸ਼ਾਹੀ ਡੀ.ਜੀ.ਪੀ., ਐਸ.ਐਸ.ਪੀ. ਅਤੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਵੀ ਲਿਆਂਦੀ ਗਈ।
11 ਜੁਲਾਈ ਦਾ ਹਾਜ਼ੀਪੁਰ ਧਰਨਾ
ਇਸ ਪਿਛੋਕੜ ਵਿਚ, ਪੁਲਸ ਦੀ ਇਸ ਨੰਗੀ ਚਿੱਟੀ ਧੱਕੇਸ਼ਾਹੀ ਵਿਰੁੱਧ, ਸੀ.ਪੀ.ਐਮ.ਪੰਜਾਬ ਦੀ ਜ਼ਿਲ੍ਹਾ ਕਮੇਟੀ ਅਤੇ ਸੰਘਰਸ਼ ਕਮੇਟੀ ਵਲੋਂ 11 ਜੁਲਾਈ ਨੂੰ ਹਾਜ਼ੀਪੁਰ ਦੇ ਥਾਣੇ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ। ਜਿਸ ਨੂੰ ਰੋਕਣ ਵਾਸਤੇ ਮੁਕੇਰੀਆਂ ਤੇ ਦਸੂਹਾ ਤਹਿਸੀਲਾਂ ਦੇ 4 ਥਾਣਿਆਂ ਦੇ ਮੁਖੀਆਂ ਸਮੇਤ ਭਾਰੀ ਪੁਲਸ ਫੋਰਸ ਲਾਈ ਗਈ। ਪ੍ਰੰਤੂ ਪਾਰਟੀ ਦੇ ਆਗੂਆਂ ਦੀ ਦਰਿੜ੍ਹਤਾ ਨੂੰ ਦੇਖਦਿਆਂ ਪੁਲਸ ਨੂੰ ਪਿਛਾਂਹ ਹਟਣਾ ਪਿਆ ਅਤੇ ਭਾਰੀ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕਾਂ ਨੇ ਥਾਣੇ ਦੇ ਗੇਟ ਸਾਹਮਣੇ ਮਾਰੇ ਗਏ ਧਰਨੇ ਵਿਚ ਹੁਮ ਹੁਮਾਕੇ ਸ਼ਮੂਲੀਅਤ ਕੀਤੀ। ਸੀ.ਪੀ.ਐਮ.ਪੰਜਾਬ ਦੇ ਤਾਂ ਸਮੁੱਚੇ ਜ਼ਿਲ੍ਹੇ ਤੋਂ ਆਗੂ ਤੇ ਸਰਗਰਮ ਵਰਕਰ ਇਸ ਧਰਨੇ ਵਿਚ ਸ਼ਾਮਲ ਹੋਏ। ਇਸ ਰੋਹ ਭਰਪੂਰ ਐਕਸ਼ਨ ਨੂੰ ਹੋਰ ਖੱਬੀਆਂ ਪਾਰਟੀਆਂ-ਸੀ.ਪੀ.ਆਈ. ਅਤੇ ਸੀ.ਪੀ.ਆਈ. (ਐਮ) ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਵੀ ਸਮਰਥਨ ਦਿੱਤਾ। ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਪੈਨਸ਼ਨਰਾਂ ਆਦਿ ਦੀਆਂ ਜਨਤਕ ਜਥੇਬੰਦੀਆਂ ਵਲੋਂ ਵੀ ਇਸ ਰੋਸ ਐਕਸ਼ਨ ਵਿਚ ਸ਼ਮੂਲੀਅਤ ਕੀਤੀ ਗਈ। ਏਥੋਂ ਤੱਕ ਕਿ ਇਲਾਕੇ ਦੇ ਕਾਂਗਰਸੀ ਵਿਧਾਨਕਾਰ ਨੇ ਵੀ ਇਸ ਰੋਸ ਐਕਸ਼ਨ ਨੂੰ ਸੰਬੋਧਨ ਕੀਤਾ ਅਤੇ ਐਸ.ਐਚ.ਓ. ਹਾਜ਼ੀਪੁਰ ਦੀ ਇਸ ਧੱਕੇਸ਼ਾਹੀ ਦੀ ਤੇ ਇਲਾਕੇ ਵਿਚ ਹੋ ਰਹੀ ਨਜਾਇਜ਼ ਖੁਦਾਈ ਦੀ ਨਿਖੇਧੀ ਕੀਤੀ। 500 ਤੋਂ ਵੱਧ ਕਿਸਾਨਾਂ, ਮਜ਼ਦੂਰਾਂ ਤੇ ਔਰਤਾਂ ਦੇ ਇਸ ਪ੍ਰਭਾਵਸ਼ਾਲੀ ਇਕੱਠ ਨੂੰ ਸੀ.ਪੀ.ਆਈ. ਵਲੋਂ ਸਾਥੀ ਦਵਿੰਦਰ ਗਿੱਲ, ਸੀ.ਪੀ.ਆਈ.(ਐਮ) ਵਲੋਂ ਕਾਮਰੇਡ ਸੁਭਾਸ਼ ਮੱਟੂ ਤੇ ਸਾਥੀ ਸੰਤੋਖ ਸਿੰਘ ਧਨੋਤਾ, ਆਮ ਆਦਮੀ ਪਾਰਟੀ ਵਲੋਂ ਸ਼੍ਰੀ ਸੁਰਜੀਤ ਸਿੰਘ ਭੱਟੀਆ ਤੇ ਸਾਥੀ ਸੁਲੱਖਣ ਸਿੰਘ ਜੱਗੀ, ਸੀ.ਪੀ.ਐਮ.ਪੰਜਾਬ ਵਲੋਂ ਸਰਵਸਾਥੀ ਮਹਿੰਦਰ ਸਿੰਘ ਖੈਰੜ, ਹਰਕੰਵਲ ਸਿੰਘ, ਪਿਆਰਾ ਸਿੰਘ ਪ੍ਰਿੰਸੀਪਲ, ਯੋਧ ਸਿੰਘ, ਅਮਰਜੀਤ ਸਿੰਘ ਕਾਨੂੰਗੋ (ਸੇਵਾ ਮੁਕਤ) ਅਤੇ ਸਵਰਨ ਸਿੰਘ, ਖਨਿਨ ਰੋਕੋ-ਜ਼ਮੀਨ ਬਚਾਓ ਸੰਘਰਸ਼ ਕਮੇਟੀ ਵਲੋਂ ਸੂਬੇਦਾਰ ਬਲਦੇਵ ਸਿੰਘ, ਬੀਬੀ ਰਾਜਵਿੰਦਰ ਕੌਰ ਅਤੇ ਸਾਥੀ ਦੀਪਕ ਠਾਕੁਰ ਨੇ ਸੰਬੋਧਨ ਕੀਤਾ ਅਤੇ ਖਨਿਨ ਮਾਫੀਏ ਨਾਲ ਪੁਲਸ ਤੇ ਅਕਾਲੀ-ਭਾਜਪਾ ਦੇ ਆਗੂਆਂ ਦੀ ਮਿਲੀਭੁਗਤ ਨੂੰ ਬੇਪਰਦ ਕਰਦਿਆਂ ਪੁਲਸ ਦੀ ਧੱਕੇਸ਼ਾਹੀ ਦੀ ਜ਼ੋਰਦਾਰ ਨਿਖੇਧੀ ਕੀਤੀ। ਖਰਾਬ ਮੌਸਮ ਦੇ ਬਾਵਜੂਦ ਸਵੇਰ ਤੋਂ ਹੀ ਧਰਨਾਕਾਰੀ ਪੁਲਸ ਵਿਰੁੱਧ ਲਗਤਾਰ ਅਕਾਸ਼ ਗੂੰਜਾਊ ਨਾਅਰੇਬਾਜ਼ੀ ਕਰਦੇ ਰਹੇ। ਧਰਨੇ ਉਪਰੰਤ ਹਾਜ਼ੀਪੁਰ ਕਸਬੇ ਦੇ ਬਾਜ਼ਾਰਾਂ ਵਿਚ ਰੋਹਭਰਪੂਰ ਮੁਜ਼ਾਹਰਾ ਕੀਤਾ ਗਿਆ ਅਤੇ ਇਹ ਵੀ ਐਲਾਨ ਕੀਤਾ ਗਿਆ ਕਿ ਜੇਕਰ ਤਿੰਨ ਦਿਨ ਦੇ ਅੰਦਰ ਅੰਦਰ ਝੂਠਾ ਪਰਚਾ ਰੱਦ ਕਰਕੇ ਸਾਥੀ ਧਰਮਿੰਦਰ ਸਿੰਘ ਨੂੰ ਰਿਹਾ ਨਾ ਕੀਤਾ ਗਿਆ ਤਾਂ ਇਸ ਸਾਂਝੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਡੀ.ਐਸ.ਪੀ. ਦਫਤਰ ਮੁਕੇਰੀਆਂ ਦਾ ਘਿਰਾਓ
ਹਾਜ਼ੀਪੁਰ ਵਿਖੇ 11 ਜੁਲਾਈ ਨੂੰ ਲੋਕਾਂ ਵਲੋਂ ਕੀਤੇ ਗਏ ਇਸ ਜਬਰਦਸਤ ਪ੍ਰਤੀਰੋਧ ਦੇ ਫਲਸਰੂਪ ਨੰਗੀ ਚਿੱਟੀ ਧੱਕੇਸ਼ਾਹੀ ਕਰਨ ਵਾਲੇ ਐਸ.ਐਚ.ਓ. ਨੂੰ ਤਾਂ ਬਦਲ ਦਿੱਤਾ ਗਿਆ ਪ੍ਰੰਤੂ ਇਸ ਜਨਤਕ ਘੋਲ ਦੀਆਂ ਦੋ ਫੌਰੀ ਮੰਗਾਂ-ਸਾਥੀ ਧਰਮਿੰਦਰ ਦੀ ਰਿਹਾਈ ਅਤੇ ਝੂਠੇ ਕੇਸ ਦੀ ਵਾਪਸੀ, ਪ੍ਰਤੀ ਪ੍ਰਸ਼ਾਸਨ ਦੀ ਢਿੱਲਮੱਠ ਨੂੰ ਦੇਖਦਿਆਂ, ਘੋਲ ਦੀ ਅਗਵਾਈ ਕਰ ਰਹੇ ਆਗੂਆਂ ਨੇ 16 ਜੁਲਾਈ ਨੂੰ ਡੀ.ਐਸ.ਪੀ. ਮੁਕੇਰੀਆਂ ਦੇ ਦਫਤਰ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ। ਇਸ ਸੱਦੇ ਪ੍ਰਤੀ ਲੋਕਾਂ ਵਲੋਂ ਪਹਿਲਾਂ ਨਾਲੋਂ ਵੀ ਵੱਧ ਉਤਸ਼ਾਹਜਨਕ ਹੁੰਗਾਰਾ ਭਰਿਆ ਗਿਆ। ਅਤੇ, 16 ਜੁਲਾਈ ਨੂੰ ਵੱਡੀ ਗਿਣਤੀ ਵਿਚ ਔਰਤਾਂ ਸਮੇਤ ਸੈਂਕੜਿਆਂ ਦੀ ਗਿਣਤੀ ਵਿਚ ਇਲਾਕੇ ਦੇ ਲੋਕ ਡੀ.ਐਸ.ਪੀ. ਦਫਤਰ ਸਾਹਮਣੇ ਪੁੱਜ ਗਏ। ਸੀ.ਪੀ.ਐਮ.ਪੰਜਾਬ ਦੇ ਜ਼ਿਲ੍ਹਾ ਸਕੱਤਰ ਸਾਥੀ ਮਹਿੰਦਰ ਸਿੰਘ ਖੈਰੜ ਅਤੇ ਖਨਿਨ ਰੋਕੋ-ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਪ੍ਰਧਾਨ ਸਾਥੀ ਭਾਰਤ ਭੂਸ਼ਨ ਦੀ ਅਗਵਾਈ ਹੇਠ ਦਫਤਰ ਸਾਹਮਣੇ ਮਾਰੇ ਗਏ ਵਿਸ਼ਾਲ ਧਰਨੇ ਵਿਚ ਸਟੋਨ ਕਰੈਸ਼ਰਾਂ ਦੇ ਪ੍ਰਦੂਸ਼ਣ ਸਦਕਾ ਹੋ ਰਹੀ ਬਰਬਾਦੀ ਤੋਂ ਪ੍ਰਭਾਵਿਤ ਪਿੰਡਾਂ-ਖੁੰਡਾ ਕੁੱਲੀਆਂ, ਕਾਂਜੂਪੀਰ, ਨੌਸ਼ਹਿਰਾ ਸਿੰਬਲੀ, ਸਿੱਬੋ ਚੱਕ, ਆਸਫਪੁਰ ਵਡਾਲੀਆਂ, ਮੋਰੀ ਚੱਕ, ਧਾਮੀਆਂ, ਟੋਟੇ, ਹੰਦਵਾਲ, ਉਲਾਹਾਂ, ਕੋਟਲੀ ਖਾਸ ਅਤੇ ਗੋਧਾਂ-ਵਜ਼ੀਰਾਂ ਆਦਿ ਤੋਂ ਲੋਕੀਂ ਵੱਡੀ ਗਿਣਤੀ ਵਿਚ ਟਰਾਲੀਆਂ ਵਿਚ ਸਵਾਰ ਹੋ ਕੇ ਪੁੱਜੇ, ਜਿਹਨਾਂ ਵਿਚ ਔਰਤਾਂ ਅੱਧ ਤੋਂ ਵੱਧ ਸਨ। ਇਸ ਪ੍ਰਭਾਵਸ਼ਾਲੀ ਰੈਲੀ ਨੂੰ ਕਿਸਾਨ ਆਗੂ ਸਵਰਨ ਸਿੰਘ ਸਲੈਹਰੀਆਂ, ਸ਼ੀਸ਼ਮ ਸਿੰਘ ਤੇ ਜਸਪਾਲ ਸਿੰਘ, ਖਨਿਨ ਰੋਕੋ ਸੰਘਰਸ਼ ਕਮੇਟੀ ਵਲੋਂ ਸਾਥੀ ਦੀਪਕ ਠਾਕਰ ਤੇ ਬੀਬੀ ਰਾਜਵਿੰਦਰ ਕੌਰ, ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਕਾਮਰੇਡ ਗਿਆਨ ਸਿੰਘ ਗੁਪਤਾ ਤੇ ਸ਼ਿਵ ਕੁਮਾਰ, ਪ.ਸ.ਸ.ਫ. ਦੇ ਸੂਬਾਈ ਪ੍ਰਧਾਨ ਸਾਥੀ ਸਤੀਸ਼ ਰਾਣਾ ਅਤੇ ਰਾਜਨੀਤਕ ਪਾਰਟੀਆਂ ਵਲੋਂ ਸਰਵਸਾਥੀ ਮਹਿੰਦਰ ਸਿੰਘ ਖੈਰੜ, ਅਮਰਜੀਤ ਸਿੰਘ, ਯੋਧ ਸਿੰਘ, ਹਰਕੰਵਲ ਸਿੰਘ, ਕੁਲਤਾਰ ਸਿੰਘ ਕੁਲਤਾਰ, ਓਂਕਾਰ ਸਿੰਘ ਭੰਗਾਲਾ, ਸੰਤੋਖ ਸਿੰਘ ਧਨੋਤਾ ਅਤੇ ਸੁਲੱਖਣ ਸਿੰਘ ਜੱਗੀ ਆਦਿ ਨੇ ਸੰਬੋਧਨ ਕੀਤਾ। ਡੀ.ਐਸ.ਪੀ. ਵਲੋਂ ਗੇਟ 'ਤੇ ਆਕੇ 18 ਜੁਲਾਈ ਤੱਕ ਆਪਣੀ ਪੜਤਾਲ ਰਿਪੋਰਟ ਉਚ ਅਧਿਕਾਰੀਆਂ ਨੂੰ ਭੇਜ ਦੇਣ ਦਾ ਭਰੋਸਾ ਦੇਣ ਉਪਰੰਤ ਮੁਕੇਰੀਆਂ ਸ਼ਹਿਰ ਦੇ ਬਾਜ਼ਾਰਾਂ ਵਿਚ ਬਹੁਤ ਹੀ ਪ੍ਰਭਾਵਸ਼ਾਲੀ ਤੇ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਧਰਮਿੰਦਰ ਸਿੰਘ ਦੀ ਤੁਰਤ ਰਿਹਾਈ ਦੀ ਮੰਗ ਕਰ ਰਹੇ ਮੁਜ਼ਾਹਰਾਕਾਰੀਆਂ ਨੇ ਜੇਲਬੰਦ ਧਰਮਿੰਦਰ ਦੀ ਫੋਟੋ ਵਾਲੇ ਬੈਨਰ ਤੇ ਵੱਡੀ ਗਿਣਤੀ ਵਿਚ ਪਾਰਟੀ ਦੇ ਲਾਲ ਝੰਡੇ ਚੁੱਕੇ ਹੋਏ ਸਨ ਅਤੇ ਸਖਤ ਗਰਮੀ ਦੇ ਬਾਵਜੂਦ ਉਹ ਪੁਲਸ ਪ੍ਰਸ਼ਾਸਨ ਦੀਆਂ ਧੱਕੇਸ਼ਾਹੀਆਂ ਵਿਰੁੱਧ ਬਹੁਤ ਹੀ ਜੋਸ਼ੀਲੇ ਨਾਅਰੇ ਲਾ ਰਹੇ ਸਨ।
ਲਗਾਤਾਰ ਵੱਧ ਰਹੇ ਜਨਤਕ ਦਬਾਅ ਦੇ ਇਸ ਪਿਛੋਕੜ ਵਿਚ ਸਾਥੀ ਧਰਮਿੰਦਰ ਸਿੰਘ ਨੂੰ 22 ਜੁਲਾਈ ਨੂੰ ਜਮਾਨਤ 'ਤੇ ਰਿਹਾ ਕਰ ਦਿੱਤਾ ਗਿਆ ਹੈ। ਰਹਿੰਦੀਆਂ ਮੰਗਾਂ, ਜਿਹਨਾਂ 'ਚ ਨਜਾਇਜ਼ ਖਨਿਨ ਤੇ ਸਟੋਨ ਕਰੈਸ਼ਟਰਾਂ ਰਾਹੀਂ ਇਲਾਕੇ ਦੀ ਕੀਤੀ ਜਾ ਰਹੀ ਬਰਬਾਦੀ ਨੂੰ ਰੋਕਣਾ ਸ਼ਾਮਲ ਹੈ, ਲਈ ਸੰਘਰਸ਼ ਜਾਰੀ ਹੈ।
ਰਿਪੋਰਟ : ਹਰਕੰਵਲ ਸਿੰਘ

No comments:

Post a Comment