Friday, 6 September 2013

ਹਕੀਕਤਾਂ ਦੇ ਆਰਪਾਰ

ਡਾ. ਹਜ਼ਾਰਾ ਸਿੰਘ ਚੀਮਾ
ਸਿਹਤ ਵਿਭਾਗ 'ਚ ਮੈਡੀਕਲ ਅਫਸਰ ਵਜੋਂ ਤਾਇਨਾਤ ਆਪਣੇ ਇਕ ਹਮਉਮਰ ਮਿਤਰ ਨੂੰ ਪੁੱਛਿਆ- ਡਾ. ਸਾਹਿਬ! ਹੋਗੇ ਸੇਵਾ ਮੁਕਤ ਕਿ ਅਜੇ ਰਹਿੰਦਾ ਇਕ ਅੱਧਾ ਸਾਲ? ਅਗੋਂ ਉਸ ਜਵਾਬ ਦਿੱਤਾ- ਚੀਮਾ! ਅਜੇ ਕਰਾਂਗੇ ਦੋ-ਚਾਰ ਸਾਲ ਹੋਰ ਸਰਕਾਰ ਦੀ ਸੇਵਾ। ਹੈ ਤਾਂ ਤੁਸੀਂ ਮੇਰੇ ਹਾਣੀ ਹੀ ਹੋ - ਮੇਰੇ ਇਹ ਸ਼ਬਦ ਕਹਿਣ ਤੋਂ ਪਹਿਲਾਂ ਹੀ ਉਹ ਬੋਲ ਪਿਆ। ਉਮਰ 58 ਸਾਲ ਹੋਣ ਤੋਂ 2 ਸਾਲ ਪਹਿਲਾਂ ਹੀ ਮੈਂ ਸਿਹਤ ਵਿਭਾਗ ਤੋਂ ਸ਼ਿਫਟ ਹੋ ਕੇ ਮੈਡੀਕਲ ਸਿੱਖਿਆ ਵਾਲੇ ਪਾਸੇ ਮੈਡੀਕਲ ਕਾਲਜ ਵਿਚ ਆ ਗਿਆ ਸੀ। ਇਥੇ ਸੇਵਾ ਮੁਕਤੀ ਦੀ ਉਮਰ 58 ਦੀ ਬਜਾਏ 60 ਸਾਲ ਹੈ, ਜੋ ਅੱਗੋਂ 62 ਜਾਂ 65 ਸਾਲ ਦੀ ਉਮਰ ਤੱਕ ਸਰਕਾਈ ਜਾ ਸਕਦੀ ਹੈ ਕਿਉਂਕਿ ਮੈਡੀਕਲ ਕਾਲਜਾਂ ਵਿਚ ਸਪੈਸ਼ਲਿਸਟਾਂ ਦੀ ਬੜੀ ਘਾਟ ਹੈ। ਮੇਰੇ ਇਹ ਕਹਿਣ 'ਤੇ ਕਿ ਡਾ. ਸਾਹਿਬ ਸਾਰੀ ਸਰਵਿਸ ਦੌਰਾਨ ਤਾਂ ਤੁਸੀਂ ਮੌਜ ਮੇਲਾ ਹੀ ਕੀਤਾ ਹੈ। ਹੁਣ ਪੜ੍ਹਾਉਣ ਵਰਗਾ ਔਖਾ ਕਾਰਜ ਕਿਵੇਂ ਕਰੋਗੇ? ਉਸ ਸਪੱਸ਼ਟ ਕੀਤਾ - ਚੀਮਾ ਪੜ੍ਹਾਉਣਾ ਤਾਂ ਸਿਸਟਰਾਂ ਨੇ ਐਂ, ਸਾਡਾ ਤਾਂ ਐਵੇਂ ਨਾਂ ਹੀ ਹੈ। 
ਮਿੱਤਰ ਡਾਕਟਰ ਵਲੋਂ ਸੇਵਾ ਮੁਕਤੀ ਦੀ ਉਮਰ 58 ਤੋਂ 65 ਸਾਲ ਦੀ ਉਮਰ ਤੱਕ ਖਿਸਕਾ ਕੇ ਲੈ ਜਾਣ ਦੇ ਅਪਣਾਏ ਗੁਰ ਤੋਂ ਮੈਨੂੰ ਅੱਜ ਤੋਂ 50 ਕੁ ਸਾਲ ਪਹਿਲਾਂ ਸਾਡੇ ਤੋਂ ਪਹਿਲੀ ਪੀਹੜੀ ਦੀ ਗੱਲ ਯਾਦ ਆ ਗਈ। ਓਨੀਂ ਦਿਨੀਂ ਪਾੜ੍ਹਿਆਂ 'ਚ ''ਬਰਾਸਤਾ ਬਠਿੰਡਾ'' ਸ਼ਬਦ ਬੜਾ ਪ੍ਰਚਲਿੱਤ ਸੀ। ਦੋ-ਚਾਰ ਸਾਲ ਬਾਅਦ ਜਦੋਂ ਕਿਸੇ ਜਾਣੂੰ ਜਮਾਤੀ ਨੂੰ ਮਿਲਣਾ ਤਾਂ ਇਹੋ ਪੁੱਛਣਾ ਕਿ ਦੱਸਵੀਂ ਤੋਂ ਬਾਅਦ ਕਾਲਜ ਦਾਖਲ ਹੋਇਆ ਸੀ ਜਾਂ ਬੀ.ਏ., ਐਮ.ਏ ਬਰਾਸਤਾ ਬਠਿੰਡਾ ਹੀ ਕੀਤੀ ਹੈ। ਉਸ ਸਮੇਂ ਇਸ ਦਾ ਤਾਂ ਪਤਾ ਨਹੀਂ ਸੀ ਕਿ ਬਰਾਸਤਾ ਬਠਿੰਡਾ ਕੀ ਬਲਾ ਹੈ। ਪਰ ਇੰਨਾ ਜ਼ਰੂਰ ਮਾਲੂਮ ਸੀ ਕਿ ਪੜ੍ਹਾਈ 'ਚ ਹੁਸ਼ਿਆਰ ਰਹੇ, ਕਿਸੇ ਵਿਦਿਆਰਥੀ ਨੂੰ ਘਰੇਲੂ ਮਜਬੂਰੀਆਂ ਕਾਰਨ ਜਦੋਂ ਕਾਲਜ ਵਿਚ ਪੜ੍ਹਾਈ ਦਾ ਰੈਗੂਲਰ ਮੌਕਾ ਨਾ ਮਿਲਣਾ, ਤਾਂ ਉਹ ਪਹਿਲਾਂ ਘਰ ਬੈਠ ਕੇ ਗਿਆਨੀ ਦਾ ਇਮਤਿਹਾਨ ਪ੍ਰਾਈਵੇਟ ਤੌਰ ਤੇ ਪਾਸ ਕਰ ਲੈਂਦਾ ਸੀ। ਬਾਅਦ ਵਿਚ ਸਹੂਲਤ ਅਨੁਸਾਰ ਦੂਜੇ ਵਿਸ਼ਿਆਂ ਦੇ ਇਮਤਿਹਾਨ ਦੇ ਕੇ ਪ੍ਰਾਈਵੇਟ ਤੌਰ 'ਤੇ ਬੀ.ਏ., ਐਮ.ਏ. ਪਾਸ ਕਰ ਲੈਂਦਾ ਸੀ ਤੇ ਆਪਣੀ ਪੜ੍ਹਾਈ/ਨੌਕਰੀ ਦੀ ੧ય੩ ਪੂਰੀ ਕਰ ਲੈਂਦਾ ਸੀ। ਨਾਮ ਤਾਂ ਯਾਦ ਨਹੀਂ ਆ ਰਹੇ ਪਰ ਸਾਨੂੰ ਪੜ੍ਹਾਉਣ ਵਾਲਿਆਂ 'ਚ ਬਹੁਤੇ ਅਧਿਆਪਕ ਤੇ ਹੋਰ ਕਰਮਚਾਰੀ ਇਸੇ ਰਸਤੇ ਪੜ੍ਹਾਈ ਕਰ ਕੇ ਨੌਕਰੀਆਂ ਉਪਰ ਲੱਗੇ ਸਨ। ਖਾਂਦੇ-ਪੀਂਦੇ ਘਰਾਂ ਦੇ ਕਾਲਜਾਂ ਤੇ ਰੈਗੂਲਰ ਪੜ੍ਹਾਈ ਕਰਨ ਵਾਲੇ ਪਾੜ੍ਹੇ ਇਸ ਨੂੰ ਵਿਅੰਗ ૩ਸ਼੧ ਬੈਕਡੋਰ ਐਂਟਰੀ ਜਾਂ ਬਰਾਸਤਾ ਬਠਿੰਡਾ ਬੀ.ਏ. ਪਾਸ ਕਰਨਾ ਆਖਿਆ ਕਰਦੇ ਸਨ; ਭਾਵੇਂ ਗਰੀਬ ਵਿਦਿਆਰਥੀ ਆਪਣੀ ਮਿਹਨਤ ਸਦਕਾ ਰੈਗੂਲਰ ਇਮਤਿਹਾਨ ਪਾਸ ਕਰਕੇ ਹੀ ਡਿਗਰੀ ਹਾਸਲ ਕਰਦੇ ਸਨ। 
ਸਮੇਂ ਦੀਆਂ ਸਰਕਾਰਾਂ ਨੇ ਆਪਣੇ ਚਹੇਤੇ ਅਫ਼ਸਰਾਂ, ਕਰਮਚਾਰੀਆਂ ਨੂੰ ਪ੍ਰਸ਼ਾਸ਼ਕੀ ਸੇਵਾਵਾਂ ਵਿਚ ਅਡਜਸਟ ਕਰਨ ਲਈ ਬੈਕਡੋਰ ਐਂਟਰੀ  - ਪੀ.ਸੀ.ਐਸ ਜਾਂ ਆਈ.ਏ.ਐਸ. ਅਧਿਕਾਰੀ ਲਗਾਉਣ ਲਈ ਚੋਰ-ਮੋਰੀ ਰੱਖੀ ਹੋਈ ਹੈ। ਭਾਵ ਉਹਨਾਂ ਉਪਰੋਕਤ ਪ੍ਰਸ਼ਾਸ਼ਕੀ ਸੇਵਾਵਾਂ ਵਿਚ ਇਕ ਅੱਧਾ ਫੀਸਦੀ ਅਸਾਮੀਆਂ ਨੋਮੀਨੇਸ਼ਨ ਰਾਹੀਂ ਭਰਨ ਦਾ ਜੁਗਾੜ ਕੀਤਾ ਹੋਇਆ ਹੈ। ਇਸ ਪੀ.ਸੀ.ਐਸ. ਜਾਂ ਆਈ.ਏ.ਐਸ. ਲਈ ਨੋਮੀਨੇਸ਼ਨ ਕੌਣ ਕਰਵਾ ਸਕਦਾ ਹੈ, ਇਸ ਨੋਮੀਨੇਸ਼ਨ ਦੀ ਪ੍ਰਕਿਰਿਆ ਕੀ ਹੈ, ਇਸ ਬਾਰੇ ਕਿਸੇ ਨੂੰ ਕੋਈ ਸ਼ੰਕਾ ਨਹੀਂ। ਕੁਝ ਸਾਲ ਹੋਏ ਰੱਜੇ-ਪੁੱਜੇ ਘਰ ਦਾ ਮੇਰਾ ਇਕ ਸਹਿਕਰਮੀ ਅਧਿਕਾਰੀ ਜਿਸ ਦੀ ਅਜੇ ਚਾਰ-ਪੰਜ ਸਾਲ ਸੇਵਾ ਹੀ ਰਹਿੰਦੀ ਸੀ, ਮੈਨੂੰ ਕਹਿਣ ਲੱਗਾ ਕਿ ਉਸ ਨੇ ਆਪਣੀ ਕੋਠੀ ਵੇਚਣੀ ਲਾਈ ਹੈ। ਕੋਈ ਗਾਹਕ ਹੋਵੇ ਤਾਂ ਦੱਸਣਾ। ਮੇਰੇ ਇਹ ਪੁੱਛਣ ਤੇ ਕਿ ਉਹ ਇਸ ਉਮਰ 'ਚ ਆਪਣੀ ਇਕੋ-ਇੱਕ ਕੋਠੀ ਕਿਉਂ ਵੇਚ ਰਿਹਾ ਹੈ। ਉਸਨੇ ਜੁਆਬ ਦਿੱਤਾ- ਚੀਮਾ! ਸਾਰੀ ਉਮਰ ਇਮਾਨਦਾਰੀ ਨਾਲ ਨੌਕਰੀ ਕੀਤੀ ਹੈ, ਪਰ ਬੱਸ ਐਹੋ ਮਕਾਨ ਬਣਾ ਸਕਿਆ ਹਾਂ। ਹੁਣ ਸੋਚਿਆ ਹੈ ਕਿ ਪੀ.ਸੀ.ਐਸ 'ਚ ਨੋਮੀਨੇਸ਼ਨ ਕਰਵਾ ਲਵਾਂ। ਫਿਰ ਭਾਵੇਂ ਇਕ ਦੀਆਂ ਚਾਰ ਕੋਠੀਆਂ ਬਣਾ ਲਵਾਂਗੇ। ਪੰਜਾਹ ਕੁ ਲੱਖ ਰੇਟ ਹੈ, ਜੋ ਕੋਠੀ ਵੇਚ ਕੇ 'ਕੱਠਾ ਹੋ ਜਾਣੈ। ਬੀਬੀ ਜੀ ਨਾਲ ਗੱਲ ਹੋ ਗਈ ਹੈ।
ਅੱਜ ਕਲ੍ਹ ਚਰਚਾ ਹੈ ਕਿ ਪੰਜਾਬ ਦੇ ਮਾਝੇ ਦੇ ਇਲਾਕੇ ਦੇ ਇਕ ਕਾਕਾ ਜੀ ਹਨ; ਵੈਸੇ ਤਾਂ ਉਹ ਮ.ਬੀ.ਬੀ.ਐਸ ਪਾਸ ਹਨ, ਪਰ ਆਈ.ਏ.ਐਸ. ਬਣਨ ਦੀ ਇੱਛਾ ਪੂਰੀ ਨਹੀਂ ਹੋਈ। ਪਹਿਲਾਂ ਹਰਿਆਣੇ ਵਿਚ ਚੌਟਾਲੇ ਦੇ ਰਾਜ ਵਿਚ ਮੈਡੀਕਲ ਅਫਸਰ 'ਸਲੈਕਟ' ਹੋ ਗਏ। ਭਾਪਾ ਜੀ ਰਾਜ ਕਰ ਰਹੀ ਪਾਰਟੀ ਦੇ ਸੀਨੀਅਰ ਆਗੂ ਸਨ ਇਸ ਲਈ ਤਿੰਨ ਮਹੀਨਿਆਂ ਵਿਚ ਹੀ ਹਰਿਆਣੇ ਤੋਂ ਪੰਜਾਬ ਵਿਚ ਪੀ.ਸੀ.ਐਮ.ਐਸ. ਵਜੋਂ ਸ਼ਿਫਟ ਹੋ ਗਏ। ਪਰ ਪੀ.ਸੀ.ਐਮ.ਐਸ. ਤਾਂ ਪੀ.ਸੀ.ਐਮ.ਐਸ. ਹੀ ਹੈ, ਆਈ.ਏ.ਐਸ. ਤਾਂ ਨਹੀਂ। ਆਈ.ਏ.ਐਸ. ਦਾ ਆਪਣਾ ਹੀ ਮਜ਼ਾ ਹੈ। ਸੋ ਕਿਉਂ ਨਾ ਬਾਪੂ ਦਾ ਅਸਰ ਰਸੂਖ ਵਰਤ ਕੇ ਆਈ.ਏ.ਐਸ. ਲਈ ਨੋਮੀਨੇਟ ਹੋਇਆ ਜਾਵੇ।
ਇਸੇ ਤਰ੍ਹਾਂ ਮਾਲਵੇ ਤੋਂ ਇਕ ਬੀਬੀ ਜੀ ਹਨ। ਇਸ ਸਦੀ ਦੇ ਸ਼ੁਰੂ ਵਿਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਚ ਬੀ.ਡੀ.ਪੀ.ਓ ਵਜੋਂ ਭਰਤੀ ਹੋਈ ਸੀ। ਕੁਝ ਸਾਲਾਂ ਬਾਅਦ ਹੀ ਛੜੱਪਾ ਮਾਰ ਕੇ ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਵਜੋਂ 'ਪਦ-ਉਨਤ' ਹੋ ਗਈ। ਸਹੁਰਾ ਸਾਹਿਬ ਮੰਤਰੀ ਜੀ ਹਨ, ਅਤੇ ਬੀਬੀ ਉਹਨਾਂ ਵਾਲੇ ਮਹਿਕਮੇ ਵਿਚ ਹੀ ਸਿਖਰਲੇ ਅਧਿਕਾਰੀ ਦੀਆਂ ਪਾਵਰਾਂ ਵਾਲੀ ਕੁਰਸੀ 'ਤੇ ਡੇਪੂਟੇਸ਼ਨ ਵਜੋਂ ਬਿਰਾਜਮਾਨ ਹਨ। ਹਿਰਸ ਇਨ੍ਹਾਂ ਦੀ ਵੀ ਆਈ.ਏ.ਐਸ. ਬਣਨ ਦੀ ਹੈ। ਜਦੋਂ ਸਹੁਰਾ ਸਾਹਿਬ ਸਰਕਾਰ 'ਚ ਭਾਈਵਾਲ ਹੋਣ ਤਾਂ ਫਿਰ ਕਿਉਂ ਨਾ ਆਈ.ਏ.ਐਸ. ਬਣਨ ਦੀ ਹਿਰਸ ਪੂਰੀ ਕੀਤੀ ਜਾਵੇ। 
ਮੁੰਗੇਰੀ ਲਾਲ ਨੂੰ ਪਤਾ ਲੱਗਾ ਹੈ ਕਿ ਉਪਰੋਕਤ ਕਾਕਾ ਜੀ ਤੇ ਬੀਬੀ ਜੀ ਨੇ ਆਪਣੇ-ਆਪਣੇ ਵਿਭਾਗ ਵਲੋਂ ਆਪਣੀ ਨੋਮੀਨੇਸ਼ਨ ਲਈ ਸਿਫਾਰਸ਼ ਕਰਵਾ ਵੀ ਲਈ ਹੈ। ਅੱਗੇ ਮੰਜੂਰੀ ਦੇਣ ਵਾਲੇ ਦੀ ਕੀ ਮਜ਼ਾਲ ਹੈ ਕਿ ਉਹ ਵਿਭਾਗ ਵਲੋਂ ਕੀਤੀ ਇਕੋ-ਇਕ ਨੋਮੀਨੇਸ਼ਨ ਨੂੰ ਨਾਂਹ ਕਰ ਸਕੇ। 
ਕੁੱਝ ਲੋਕਾਂ ਦੀ ਰਾਏ ਹੈ ਕਿ ਸਿਆਣਾ ਉਹ ਨਹੀਂ ਜਿਹੜਾ ਨੈਤਿਕਤਾ ਦੇ ਅਸੂਲਾਂ ਦਾ ਪੱਲਾ ਫੜੀ ਬੈਠਾ ਹੈ, ਬਲਕਿ ਉਹ ਜੋ ਮੌਕੇ ਦਾ ਫਾਇਦਾ ਉਠਾਉਂਦਾ ਹੈਅਤੇ 'ਵਗਦੀ ਗੰਗਾ ਵਿਚ ਹੱਥ ਧੋਂਦਾ ਹੈ' ਆਪਣੀ ਸਰਕਾਰ ਹੁੰਦਿਆਂ ਹੋਇਆਂ ਵੀ ਆਈ.ਏ.ਐਸ. ਬਣਨ ਦੀ ਆਪਣੀ ਹਿਰਸ ਪੂਰੀ ਕਰਨ ਲਈ ਜੇ ਜੁਗਾੜ ਨਹੀਂ ਬਣਾਉਣਾ ਤਾਂ ਅੱਗੋਂ-ਪਿਛੋਂ ਇਸ ਸਰਕਾਰ ਨੂੰ ਰਗੜਕੇ ਗੋਡਿਆਂ 'ਤੇ ਲਾਉਣੈਂ? ਇਸ ਸਮੇਂ ਨੈਤਿਕਤਾ ਦਾ ਰਾਗ ਅਲਾਪੀ ਜਾਣਾ ਨਿਰ੍ਹੀ ਮੂਰਖਤਾ ਹੈ। ਮੁੰਗੇਰੀ ਲਾਲ ਦਾ ਕੀ ਹੈ, ਉਹਨੇ ਤਾਂ ਆਖੀ ਜਾਣੈਂ - ਇਹ ਤਾਕਤ ਦੀ ਦੁਰਵਰਤੋ ਹੈ, ਇਹ ਬੈਕਡੋਰ ਐਂਟਰੀ ਹੈ, ਨੋਮੀਨੇਸ਼ਨ ਸਮੇਂ ਮੈਰਿਟ ਬਨਣੀ ਚਾਹੀਦੀ ਹੈ ਜਾਂ ਨੋਮੀਨੇਸ਼ਨ ਦੀ ਇਹ ਸੁਵਿਧਾ ਬੰਦ ਹੀ ਕਰ ਦੇਣੀ ਚਾਹੀਦੀ ਹੈ, ਇਹ ਰਿਸ਼ਵਤਖੋਰੀ ਨੂੰ ਜਨਮ ਦਿੰਦੀ ਹੈ ਇਤਿਆਦ। ਮੁੰਗੇਰੀ ਲਾਲ ਤਾਂ ਮੰਤਰੀ ਬਣਨੋਂ ਰਹਿ ਗਏ ਵਿਧਾਇਕਾਂ ਨੂੰ ਮੁੱਖ ਪਾਰਲੀਮਨੀ ਸਕੱਤਰ ਬਣਾਉਣ ਨੂੰ ਵੀ ਬੈਕਡੋਰ ਐਂਟਰੀ ਜਾਂ ਬਰਾਸਤਾ ਬਠਿੰਡਾ ਮੰਤਰੀ ਬਣਾਉਣਾ ਹੀ ਆਖੀ ਜਾਂਦਾ ਹੈ।

No comments:

Post a Comment