ਬੋਲੀਵੀਆ ਦੇ ਰਾਸ਼ਟਰਪਤੀ ਈਵੋ ਮੋਰਾਲੇਜ ਪ੍ਰਤੀ ਯੂਰਪੀ ਦੇਸ਼ਾਂ ਦੀ ਧੜਕਸ਼ਾਹ ਕਾਰਵਾਈ ਵਿਰੁੱਧ - ਲਾਤੀਨੀ ਅਮਰੀਕਾ ਹੋਇਆ ਇਕਜੁਟ
ਲਾਤੀਨੀ ਅਮਰੀਕਾ ਦੇ ਦੇਸ਼ ਬੋਲੀਵੀਆ ਦੇ ਰਾਸ਼ਟਰਪਤੀ ਈਵਾ ਮੋਰਾਲੇਜ 2 ਜੁਲਾਈ ਨੂੰ ਜਦੋਂ ਮਾਸਕੋ ਵਿਖੇ ਗੈਸ ਉਤਪਾਦਕ ਦੇਸ਼ਾਂ ਦੇ ਮੁਖੀਆਂ ਦੀ ਹੋਈ ਬੈਠਕ ਤੋਂ ਵਾਪਸ ਜਾ ਰਹੇ ਸਨ ਤਾਂ ਉਨ੍ਹਾਂ ਦੇ ਹਵਾਈ ਜਹਾਜ ਨੂੰ ਯੂਰਪ ਦੇ ਦੇਸ਼ਾਂ ਫਰਾਂਸ, ਪੁਰਤਗਾਲ, ਇਟਲੀ ਅਤੇ ਸਪੇਨ ਨੇ ਆਪਣੇ ਦੇਸ਼ ਦੇ ਹਵਾਈ ਖੇਤਰ ਵਿਚੋਂ ਲੰਘਣ ਤੋਂ ਰੋਕ ਦਿੱਤਾ ਸੀ। ਇਸ ਤਰ੍ਹਾਂ ਇਸ ਖੱਬੇ ਪੱਖੀ ਆਗੂ ਨੂੰ ਮੁਸ਼ਕਲ ਦਾ ਸਾਹਮਣਾ ਹੀ ਨਹੀਂ ਕਰਨਾ ਪਿਆ ਬਲਕਿ ਉਨ੍ਹਾਂ ਦੀ ਜਾਨ ਨੂੰ ਵੀ ਖਤਰਾ ਪੈਦਾ ਹੋ ਗਿਆ ਸੀ। ਕਿਉਂਕਿ ਉਨ੍ਹਾਂ ਦਾ ਹਵਾਈ ਜਹਾਜ ਪਹਿਲਾਂ ਹੀ 3 ਘੰਟੇ ਤੋਂ ਵੱਧ ਦਾ ਹਵਾਈ ਸਫਰ ਕਰ ਚੁੱਕਾ ਸੀ। ਅਜਿਹੀ ਸਥਿਤੀ ਵਿਚ ਉਨ੍ਹਾਂ ਨੂੰ ਸੰਕਟਗ੍ਰਸਤ ਹਾਲਾਤ ਕਰਕੇ ਮਜ਼ਬੂਰਨ ਅਸਟਰੀਆ ਦੀ ਰਾਜਧਾਨੀ ਵਿਆਨਾ ਵਿਖੇ ਉਤਰਨਾ ਪਿਆ। ਯੂਰਪੀ ਦੇਸ਼ਾਂ ਨੇ ਇਹ ਘਿਨਾਉਣੀ ਕਾਰਵਾਈ ਅਮਰੀਕੀ ਸਾਮਰਾਜ ਦੇ ਇਸ਼ਾਰੇ 'ਤੇ ਕੀਤੀ ਸੀ। ਇਨ੍ਹਾਂ ਦੇਸ਼ਾਂ ਮੁਤਾਬਕ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਾਥੀ ਈਵਾ ਮੋਰਲੇਜ ਦੇ ਹਵਾਈ ਜਹਾਜ ਵਿਚ ਅਮਰੀਕਾ ਦੀਆਂ ਗੁਪਤ ਜਾਸੂਸੀ ਚਾਲਾਂ ਨੂੰ ਬੇਨਕਾਬ ਕਰਨ ਵਾਲਾ ਐਡਵਰਡ ਸਨੋਡੇਨ ਸਵਾਰ ਹੈ। ਉਹ ਮਈ ਮਹੀਨੇ ਵਿਚ ਆਕੀ ਹੋ ਕੇ ਹਾਂਗਕਾਂਗ ਵਿਖੇ ਗੁਪਤ ਰੂਪ ਵਿਚ ਭੱਜ ਗਿਆ ਸੀ। ਉਥੇ ਉਸਨੇ ਇੰਕਸ਼ਾਫ ਕੀਤਾ ਸੀ ਕਿ ਅਮਰੀਕਾ ਦੀ ਨੈਸ਼ਨਲ ਸਿਕਿਊਰਟੀ ਏਜੰਸੀ ਅਤੇ ਹੋਰ ਨਿਗਰਾਨੀ ਸੰਸਥਾਵਾਂ ਵਲੋਂ ਨਿੱਜਤਾ ਦੀ ਆਜਾਦੀ ਦੀ ਉਲੰਘਣਾ ਕਰਦੇ ਹੋਏ ਲਗਭਗ ਸਮੁੱਚੇ ਸੰਸਾਰ ਦੇ ਦੇਸ਼ਾਂ ਚੋਂ ਹੋਣ ਵਾਲੀਆਂ ਇੰਟਰਨੈਟ ਸੰਚਾਰਾਂ ਅਤੇ ਟੈਲੀਫੋਨ ਕਾਲਾਂ ਨੂੰ ਰਿਕਾਰਡ ਕੀਤਾ ਜਾਂਦਾ ਹੈ।
ਐਡਵਰਡ ਸਨੋਡੇਨ ਦੇ ਇੰਕਸ਼ਾਫਾਂ ਤੋਂ ਅਮਰੀਕੀ ਸਾਮਰਾਜ ਬੁਰੀ ਤਰ੍ਹਾਂ ਬੁਖਲਾ ਗਿਆ ਅਤੇ ਉਹ ਹਰ ਹਾਲਤ ਵਿਚ ਉਸਨੂੰ ਉਧਾਲਕੇ ਅਮਰੀਕਾ ਲਿਆਉਣ ਤੇ ਸਜਾ ਦੇਣ ਦੇ ਉਪਰਾਲੇ ਕਰ ਰਿਹਾ ਹੈ। ਯੂਰਪੀ ਦੇਸ਼ ਜਿਹੜੇ ਕਿ ਅਮਰੀਕੀ ਸਾਮਰਾਜ ਦੇ ਜੁੰਡੀਦਾਰ ਹਨ, ਵਲੋਂ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਵਾਲਾ ਇਹ ਕਾਰਾ, ਉਹਨਾਂ ਹੀ ਕੁਕਰਮਾਂ ਦਾ ਇਕ ਹਿੱਸਾ ਹੈ।
ਯੂਰਪੀ ਦੇਸ਼ਾਂ ਦੇ ਇਸ ਘਿਨਾਉਣੇ ਕਦਮ ਬਾਰੇ ਪਤਾ ਲੱਗਦਿਆਂ ਹੀ ਦੁਨੀਆਂ ਭਰ ਦੇ ਇਨਸਾਫ ਪਸੰਦ ਲੋਕਾਂ ਵਿਚ ਗੁੱਸੇ ਦੀ ਲਹਿਰ ਦੌੜ ਗਈ। ਲਾਤੀਨੀ ਅਮਰੀਕੀ ਮਹਾਂਦੀਪ ਵਿਚ ਤਾਂ ਇਸ ਵਿਰੁੱਧ ਵਿਆਪਕ ਰੂਪ ਵਿਚ ਗੁੱਸੇ ਦਾ ਪ੍ਰਗਟਾਵਾ ਹੀ ਨਹੀਂ ਹੋਇਆ ਬਲਕਿ ਲਗਭਗ ਸਮੁੱਚਾ ਲਾਤੀਨੀ ਅਮਰੀਕਾ ਇਸ ਮੁੱਦੇ ਉਤੇ ਇਕਜੁੱਟ ਹੋ ਗਿਆ ਹੈ ਅਤੇ ਬੋਲੀਵੀਆ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰ ਰਿਹਾ ਹੈ।
ਸਾਥੀ ਈਵਾ ਮੋਰੇਲੇਜ਼ ਨੇ 3 ਜੁਲਾਈ ਨੂੰ ਵਿਆਨਾ ਵਿਖੇ ਹੀ ਹਵਾਈ ਅੱਡੇ 'ਤੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ''ਅਸੀਂ ਬਸਤੀਵਾਦੀ ਸਮਿਆਂ ਵਿਚ ਨਹੀਂ ਵਿਚਰ ਰਹੇ, ਕੁਝ ਯੂਰਪੀ ਦੇਸ਼ ਸਾਨੂੰ ਡਰਾਉਣ-ਧਮਕਾਉਣ ਦੀ ਗਲਤੀ ਕਰ ਰਹੇ ਹਨ।'' ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੀ ਨੀਤੀ ਦੇ ਬਾਵਜੂਦ ਲੋਕਾਂ ਦੀ ਆਵਾਜ਼ ਨੂੰ ਖਾਮੋਸ਼ ਨਹੀਂ ਕੀਤਾ ਜਾ ਸਕੇਗਾ। ਅਤੇ ਉਨ੍ਹਾਂ ਦੇ ਅਧਿਕਾਰਾਂ ਅਤੇ ਮਾਣ ਸਨਮਾਨ ਨੂੰ ਸੱਟ ਨਹੀਂ ਮਾਰੀ ਜਾ ਸਕੇਗੀ।
3 ਜੁਲਾਈ ਨੂੰ ਬੋਲੀਵੀਆ ਦੇ ਉਪ ਰਾਸ਼ਟਰਪਤੀ ਅਲਵਾਰੋ ਗਾਰਸ਼ੀਆ ਲਿਨੇਰਾ ਨੇ ਰਾਜਧਾਨੀ ਵਿਖੇ ਇਸ ਘਟਨਾ ਤੇ ਪ੍ਰਤੀਕ੍ਰਮ ਦਿੰਦਿਆਂ ਕਿਹਾ ''ਰਾਸ਼ਟਰਪਤੀ ਮੋਰਾਲੇਜ ਦਾ ਸਹੀ ਸਲਾਮਤ ਆਪਣੇ ਦੇਸ਼ ਪਹੁੰਚਣਾ ਬੋਲੀਵੀਆ ਵਾਸੀਆਂ ਲਈ ਹੀ ਨਹੀਂ ਬਲਕਿ ਸੰਸਾਰ ਦੇ ਹਰ ਇਨਸਾਫਪਸੰਦ ਨਾਗਰਿਕ ਲਈ ਇਕ ਚੰਗੀ ਖਬਰ ਹੈ। ਉਨ੍ਹਾਂ ਲਾਤੀਨੀ ਅਮਰੀਕਾ ਅਤੇ ਸੰਸਾਰ ਭਰ ਦੇ ਇਸ ਘਟਨਾ ਦੀ ਨਿੰਦਾ ਕਰਨ ਵਾਲੇ ਦੇਸ਼ਾਂ ਦਾ ਧੰਨਵਾਦ ਕੀਤਾ ਅਤੇ ਕਿਹਾ ''ਸੰਸਾਰ ਭਰ ਦੇ ਬਹੁਤ ਸਾਰੇ ਲੋਕਾਂ ਨੇ ਰਾਸ਼ਟਰਪਤੀ ਈਵੋ ਨਾਲ ਕੀਤੀ ਗਈ ਇਸ ਵਧੀਕੀ ਦੀ ਨਿਖੇਧੀ ਕੀਤੀ ਹੈ।'' ਉਨ੍ਹਾਂ ਅੱਗੇ ਕਿਹਾ ''2 ਜੁਲਾਈ ਨੂੰ ਕੁੱਝ ਯੂਰਪੀ ਦੇਸ਼ਾਂ ਦੇ ਇਤਿਹਾਸ ਵਿਚ ਇਕ ਅੱਤ ਦਾ ਸ਼ਰਮਨਾਕ ਪੰਨਾ ਜੁੜ ਗਿਆ ਹੈ। ਕਿਉਂਕਿ ਉਨ੍ਹਾਂ ਨੇ ਆਪਣੇ ਦੇਸ਼ਾਂ ਦੇ ਹੀ ਮਾਣ ਸਨਮਾਨ ਨੂੰ ਸੱਟ ਮਾਰੀ ਹੈ। ਉਨ੍ਹਾਂ ਇਸ ਤੱਥ ਦੀ ਤਸਦੀਕ ਕਰ ਦਿੱਤੀ ਹੈ ਕਿ ਬਸਤੀਆਂ ਸਿਰਫ ਲਾਤੀਨੀ ਅਮਰੀਕਾ ਜਾਂ ਅਫਰੀਕਾ ਜਾਂ ਏਸ਼ੀਆ ਵਿਚ ਹੀ ਨਹੀਂ ਹਨ।''
ਲਾਤੀਨੀ ਅਮਰੀਕਾ ਦੇ ਸਮਾਜਵਾਦੀ ਦੇਸ਼ ਕਿਊਬਾ ਨੇ ਵੀ ਇਸ ਵਿਰੁੱਧ ਡੂੰਘਾ ਰੋਸ ਪ੍ਰਗਟ ਕੀਤਾ। ਕਿਊਬਾ ਦੇ ਸੰਸਦ ਮੈਂਬਰਾਂ ਵੱਲੋਂ ਕੌਮਾਂਤਰੀ ਸਬੰਧਾਂ ਬਾਰੇ ਕਮੀਸ਼ਨ ਦੇ ਮੁਖੀ ਉਡੇਨ ਮਾਰਕਾਲ ਨੇ ਇਸ ਨੂੰ ਰਾਜਨੀਤਕ ਮੂਰਖਤਾ ਕਰਾਰ ਦਿੰਦਿਆਂ ਕਿਹਾ ਕਿ ਇਹ ਅਮਰੀਕੀ ਸਾਮਰਾਜ ਦੀ ਹੈਂਕੜਬਾਜ਼ੀ ਦਾ ਪ੍ਰਗਟਾਵਾ ਹੈ।
ਕਿਊਬਾ ਦੀ ਸੰਸਦ ਦੇ ਮੈਂਬਰ ਅਤੇ ਚਰਚਾਂ ਦੀ ਸੰਸਾਰ ਜਥੇਬੰਦੀ ਦੇ ਲਾਤੀਨੀ ਅਮਰੀਕੀ ਚੈਪਟਰ ਦੇ ਪ੍ਰਧਾਨ ਉਫੇਲੀਆ ਮੀਰੀਅਮ ਉਰਤੇਗਾ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ''ਯੂਰਪ ਨੂੰ ਇਹ ਦੱਸ ਦੇਣਾ ਚਾਹੀਦਾ ਹੈ ਕਿ ਉਹ ਸਾਡੇ ਇਕ ਰਾਸ਼ਟਰਪਤੀ ਪ੍ਰਤੀ ਅਜਿਹਾ ਵਿਵਹਾਰ ਕਰਨ ਤੋਂ ਬਾਜ ਆਵੇ। ਇਹ ਨਹੀਂ ਵਾਪਰਨਾ ਚਾਹੀਦਾ ਸੀ ਅਤੇ ਅੱਗੇ ਤੋਂ ਵੀ ਕਦੇ ਨਾ ਵਾਪਰੇ।''
ਬੋਲੀਵੀਆ ਦੇ ਸ਼ਹਿਰ ਕੋਚਾਂਬਾਂਬਾ ਵਿਖੇ ਦੇਸ਼ ਦੀਆਂ ਔਰਤਾਂ, ਟਰੇਡ ਯੂਨੀਅਨਾਂ, ਮੂਲ ਨਿਵਾਸੀਆਂ ਅਤੇ ਮੇਹਨਤਕਸ਼ਾਂ ਦੇ ਰਾਸ਼ਟਰਪਤੀ ਈਵਾ ਮੋਰਾਲੇਜ ਨਾਲ ਇਕਜੁਟਤਾ ਦਾ ਪ੍ਰਗਟਾਵਾ ਕੀਤਾ। ਇਸ ਰੈਲੀ ਵਿਖੇ ਇਸੇ ਮੁੱਦੇ ਉਤੇ ਬੈਠਕ ਕਰਨ ਆਏ ਯੂਨੀਅਨ ਆਫ ਸਾਊਥ ਅਮੇਰੀਕਨ ਨੈਸ਼ਨਜ (ਯੂਨੀਸੁਰ) ਦੇ ਮੈਂਬਰ ਮੁਲਕਾਂ ਅਰਜਨਟੀਨਾ, ਵੈਨਜ਼ੁਏਲਾ, ਉਰੁਗਵੇ, ਇਕਵਾਡੋਰ ਤੇ ਸੂਰੀਨਾਮ ਦੇ ਮੁਖੀਆਂ ਨੇ ਵੀ ਪੁੱਜਕੇ ਇਕਜੁਟਤਾ ਦਾ ਪ੍ਰਗਟਾਵਾ ਕੀਤਾ।
ਇਕਵਾਡੋਰ ਦੇ ਰਾਸ਼ਟਰਪਤੀ ਰਫਾਇਲ ਕੋਰੀਆ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਦੱਖਣੀ ਅਮਰੀਕੀ ਦੇਸ਼ ਆਪਣੇ ਕਿਸੇ ਵੀ ਦੇਸ਼ ਦੇ ਮੁਖੀ ਨਾਲ ਅਜਿਹਾ ਵਿਵਹਾਰ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਮੋਰਾਲੇਜ ਵਿਰੁੱਧ ਇਹ ਕਾਰਵਾਈ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਹੈ ਕਿਉਂਕਿ ਬੋਲੀਵੀਆ ਨੇ ਕੋਈ ਜਸੂਸੀ ਨਹੀਂ ਕੀਤੀ ਹੈ, ਨਾ ਕਿਸੇ ਨੂੰ ਲੁੱਟਿਆ ਹੈ ਅਤੇ ਨਾ ਹੀ ਕਿਸੇ 'ਤੇ ਹਮਲਾ ਕੀਤਾ ਹੈ।
ਵੈਨਜੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੇ ਇਸ ਘਟਨਾ ਨੂੰ ਯੂਰਪ ਲਈ ਸ਼ਰਮਸਾਰੀ ਪ੍ਰੰਤੂ ਲਾਤੀਨੀ ਅਮਰੀਕਾ ਲਈ ਇਕਜੁਟਤਾ ਦਾ ਮੌਕਾ ਕਰਾਰ ਦਿੰਦਿਆਂ ਕਿਹਾ ''ਈਵਾ ਮੋਰਾਲੇਜ ਉਤੇ ਹੋਏ ਇਸ ਹਮਲੇ ਨੇ ਸਾਨੂੰ ਹੋਰ ਵਧੇਰੇ ਇਕਮੁੱਠ ਕਰ ਦਿੱਤਾ ਹੈ।''
ਅਰਜਨਟੀਨਾ ਦੀ ਰਾਸ਼ਟਰਪਤੀ ਕ੍ਰਿਸਟੀਨਾ ਫਰਨਾਂਡੀਜ਼ ਨੇ ਕਿਹਾ ਕਿ ਯੂਰਪੀ ਸਰਕਾਰਾਂ ਜਿਨ੍ਹਾਂ ਨੇ ਮੋਰਾਲੇਜ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ, ਨੂੰ ਉਨ੍ਹਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ।
ਲਾਤੀਨੀ ਅਮਰੀਕੀ ਮਹਾਂਦੀਪ ਦੇ ਦੇਸ਼ਾਂ ਦੇ ਵਪਾਰਕ ਸੰਗਠਨ 'ਮਰਕੋਸੁਰ' ਨੇ ਬੋਲੀਵੀਆ ਦੇ ਰਾਸ਼ਟਰਪਤੀ ਈਵਾ ਮੋਰਾਲੇਜ ਦੇ ਹਵਾਈ ਜਹਾਜ ਨੂੰ ਯੂਰਪ ਦੇ ਕੁੱਝ ਦੇਸ਼ਾਂ ਵਲੋਂ ਆਪਣੇ ਉਪਰੋਂ ਉਡਣ ਦੀ ਇਜਾਜ਼ਤ ਵਾਪਸ ਲੈਣ ਦੇ ਮੁੱਦੇ ਉਤੇ ਮੋਨਟੇਵਿਡੀਓ ਵਿਖੇ ਸਿਖਰ ਬੈਠਕ ਕਰਕੇ ਇਸਦੀ ਨਿਖੇਧੀ ਕੀਤੀ ਅਤੇ ਈਵਾ ਮੋਰਾਲੇਜ ਨਾਲ ਇਕਜੁਟਤਾ ਦਾ ਪ੍ਰਗਟਾਵਾ ਕੀਤਾ। ਇਸ ਮਹਾਂਦੀਪ ਦੇ ਚਾਰ ਪ੍ਰਮੁੱਖ ਦੇਸ਼ ਬ੍ਰਾਜ਼ੀਲ, ਅਰਜਨਟੀਨਾ, ਵੈਨਜੁਏਲਾ ਅਤੇ ਉਰੁਗਵੇ ਇਸਦੇ ਮੈਂਬਰ ਹਨ, ਜਦੋਂਕਿ ਬੋਲੀਵੀਆ ਇਸਦਾ ਐਸੋਸੀਏਟ ਮੈਂਬਰ ਹੈ। ਇਨ੍ਹਾਂ ਚਾਰਾਂ ਦੇਸ਼ਾਂ ਨੇ ਇਸ ਸਿਖਰ ਬੈਠਕ ਵਿਚ ਫੈਸਲਾ ਕਰਕੇ ਰੋਸ ਵਜੋਂ ਇਸ ਘਟਨਾ ਲਈ ਜਿੰਮੇਵਾਰ ਦੇਸ਼ਾਂ ਵਿਚੋਂ ਆਪਣੇ ਰਾਜਦੂਤ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ।
ਉਰਗਵੇ ਦੇ ਵਿਦੇਸ਼ ਮੰਤਰੀ ਲੁਈਸ ਅਲਮਾਗਰੋ ਨੇ ਇਸ ਸਿਖਰ ਬੈਠਕ ਵਿਚ ਕਿਹਾ ਕਿ ਯੂਰਪੀ ਦੇਸ਼ਾਂ ਦੀ ਇਹ ਕਾਰਵਾਈ ਬੇਬੁਨਿਆਦ, ਪੱਖਪਾਤੀ ਤੇ ਇਕਪਾਸੜ ਹੈ। ਇਹ ਨਵਬਸਤੀਵਾਦੀ ਵਿਵਹਾਰ ਦੀ ਇਕ ਉਦਾਹਰਣ ਹੈ, ਇਹ ਗੈਰ ਰਵਾਇਤੀ, ਦੁਸ਼ਮਨਾਨਾ ਕਾਰਵਾਈ ਹੈ ਜਿਹੜੀ ਕਿ ਮਨੁਖੀ ਅਧਿਕਾਰਾਂ ਅਤੇ ਕਿਸੇ ਵੀ ਦੇਸ਼ ਦੇ ਮੁਖੀ ਨੂੰ ਕੌਮਾਂਤਰੀ ਕਾਨੂੂੰਨਾਂ ਅਧੀਨ ਮਿਲਣ ਵਾਲੀਆਂ ਛੋਟਾਂ ਦੀ ਘੋਰ ਉਲੰਘਣਾ ਹੈ।
ਇਸ ਸਿਖਰ ਬੈਠਕ ਵਲੋਂ ਜਾਰੀ ਬਿਆਨ ਕਹਿੰਦਾ ਹੈ ''ਅਸੀਂ ਦੇਸ਼ਾਂ ਦੇ ਰਾਜਨੀਤਕ ਪਨਾਹ ਪ੍ਰਦਾਨ ਕਰਨ ਅਤੇ ਉਸਨੂੰ ਪੂਰਨ ਰੂਪ ਵਿਚ ਲਾਗੂ ਕਰਨ ਦੇ ਅਧਿਕਾਰ ਨੂੰ ਖੋਰਨ ਪ੍ਰਤੀ ਸੇਧਤ ਕਿਸੇ ਵੀ ਕਾਰਵਾਈ ਨੂੂੰ ਰੱਦ ਕਰਦੇ ਹਾਂ।''
ਇਸ ਬਿਆਨ ਵਿਚ ਐਡਵਰਡ ਸਨੋਡੇਨ ਨੂੰ ਰਾਜਨੀਤਕ ਪਨਾਹ ਪ੍ਰਦਾਨ ਕਰਨ ਦੀ ਪੇਸ਼ਕਸ਼ ਕਰਨ ਵਾਲੇ ਦੇਸ਼ਾਂ, ਬੋਲੀਵੀਆ, ਨਿਕਾਰਾਗੁਆ ਤੇ ਵੈਨਜ਼ੁਏਲਾ ਨਾਲ ਇਕਜੁਟਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਇਸੇ ਦੌਰਾਨ ਫਰਾਂਸ ਨੇ ਇਸ ਘਟਨਾ ਨੂੰ ਗਲਤਫਹਿਮੀ ਦਾ ਸਿੱਟਾ ਦੱਸਦਿਆਂ ਇਸ ਲਈ ਮੁਆਫੀ ਮੰਗ ਲਈ ਹੈ।
ਅਮਰੀਕੀ ਸਾਮਰਾਜ ਦੇ ਇਸ਼ਾਰੇ ਉਤੇ ਯੂਰਪੀ ਦੇਸ਼ਾਂ ਵਲੋਂ ਇਸ ਅੱਤ ਦੀ ਧਕੜਸ਼ਾਹ ਅਤੇ ਕੌਮਾਂਤਰੀ ਕਾਨੂੰਨਾਂ ਦੀ ਘੋਰ ਉਲੰਘਣਾ ਵਾਲੀ ਘਟਨਾ ਨੇ ਲਾਤੀਨੀ ਅਮਰੀਕੀ ਦੇਸ਼ਾਂ ਦਰਮਿਆਨ ਇਕਜੁਟਤਾ ਨੂੰ ਮੁੜ ਪੱਕੇ ਪੈਰੀਂ ਕਰ ਦਿੱਤਾ ਹੈ। ਯਕੀਨਨ ਹੀ ਅਮਰੀਕੀ ਸਾਮਰਾਜ ਦੇ ਗੁਆਂਢ ਸਥਿਤ ਇਸ ਮਹਾਂਦੀਪ ਵਿਚ ਵੈਨਜ਼ੁਏਲਾ ਦੇ ਮਰਹੂਮ ਰਾਸ਼ਟਰਪਤੀ ਹੂਗੋ ਸ਼ਾਵੇਜ਼ ਵਲੋਂ ਸਾਮਰਾਜੀ ਸੰਸਾਰੀਕਰਨ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਹੋਰ ਹੁਲਾਰਾ ਮਿਲੇਗਾ।
ਅਮਰੀਕਾ 'ਚ ਸਭ ਤੋਂ ਘੱਟ ਉਜਰਤ ਵਾਲੇ ਕਾਮਿਆਂ ਦਾ ਸੰਘਰਸ਼
ਅੱਜਕੱਲ ਅਮਰੀਕਾ ਵਿਚ ''15 ਡਾਲਰ ਫੀ ਘੰਟਾ ਅਤੇ ਯੂਨੀਅਨ ਬਨਾਉਣ ਦਾ ਅਧਿਕਾਰ'' ਨਾਅਰਾ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਅਮਰੀਕਾ ਦੇ ਲਗਭਰ ਸਾਰੇ ਪ੍ਰਮੁੱਖ ਸ਼ਹਿਰਾਂ ਵਿਚ, ਪਿਛਲੇ ਸਾਲ ਤੋਂ ਹੀ ਇਹ ਨਾਅਰਾ ਗੂੰਜ ਰਿਹਾ ਹੈ। ਦੇਸ਼ ਦੇ ਸਭ ਤੋਂ ਘੱਟ ਉਜਰਤ ਵਾਲੇ ਕਾਮੇ ਇਹ ਨਾਅਰਾ ਬੁਲੰਦ ਕਰ ਰਹੇ ਹਨ। ਫਾਸਟ-ਫੂਡ ਚੇਨਾਂ, ਪਰਚੂਨ ਵਪਾਰਕ ਚੇਨਾਂ ਦੇ ਕਾਮੇ ਅਮਰੀਕਾ ਵਿਚ ਸਭ ਤੋਂ ਘੱਟ ਉਜਰਤਾਂ ਪ੍ਰਾਪਤ ਕਰਨ ਵਾਲੇ ਮਜ਼ਦੂਰ ਹਨ। ਪਿਛਲੇ ਸਾਲ ਨਵੰਬਰ ਵਿਚ ਨਿਊਯਾਰਕ ਵਿਚ ਫਾਸਟਫੂਡ ਅਦਾਰਿਆਂ ਦੇ ਕਾਮਿਆਂ ਨੇ ਅਚਨਚੇਤ ਹੜਤਾਲ ਕਰਕੇ ਟਾਇਮਜ਼ ਸੁਕੇਅਰ ਵਿਚ ਰੈਲੀ ਕੀਤੀ ਸੀ। ਉਸ ਸਮੇਂ ਤੋਂ ਹੀ ਫਾਸਟ ਫੂਡ ਅਦਾਰਿਆਂ, ਪ੍ਰਚੂਨ ਵਪਾਰ ਅਦਾਰਿਆਂ ਅਤੇ ਹੋਰ ਸੇਵਾ ਅਦਾਰਿਆਂ, ਜਿਨ੍ਹਾਂ ਵਿਚ ਸਭ ਤੋਂ ਘੱਟ ਉਜਰਤ ਪ੍ਰਾਪਤ ਕਰਨ ਵਾਲੇ ਕਾਮਿਆਂ ਦੀ ਸਭ ਤੋਂ ਵਧੇਰੇ ਗਿਣਤੀ ਕੰਮ ਕਰਦੀ ਹੈ, ਵਿਚ ਅਜਿਹੇ ਐਕਸ਼ਨ ਜਾਰੀ ਹਨ। ਇਹ ਅਦਾਰੇ ਕੋਈ, ਛੋਟੇ ਮੋਟੇ ਅਦਾਰੇ ਨਹੀਂ ਹਨ ਬਲਕਿ ਇਹ ਵਾਲਮਾਰਟ, ਮੈਕਡੋਨਾਲਡ, ਸਟਾਰਬਕ ਅਤੇ ਯਮ ਵਰਗੀਆਂ ਬਹੁਕੌਮੀ ਕੰਪਨੀਆਂ ਹਨ।
ਦੇਸ਼ ਅੰਦਰ ਨਸਲਵਾਦ ਵਿਰੁੱਧ ਸੰਘਰਸ਼ ਦੇ ਪ੍ਰਸਿੱਧ ਆਗੂ ਮਾਰਟਿਨ ਲੂਥਰ ਕਿੰਗ, ਜਿਨ੍ਹਾਂ ਨੂੰ 1968 ਵਿਚ ਇਕ ਹੜਤਾਲ ਦੀ ਅਗਵਾਈ ਕਰਦੇ ਹੋਏ ਕਤਲ ਕਰ ਦਿੱਤਾ ਗਿਆ ਸੀ, ਦੀ 4-5 ਅਪ੍ਰੈਲ ਨੂੰ ਬਰਸੀ ਮੌਕੇ ਅਜਿਹੀ ਹੀ ਹੜਤਾਲ ਹੋਈ ਸੀ। ਇੱਥੇ ਇਹ ਨੋਟ ਕਰਨਯੋਗ ਹੈ ਕਿ ਅਮਰੀਕਾ ਵਿਚ ਘੱਟੋ ਘੱਟ ਤਨਖਾਹਾਂ ਬਾਰੇ ਚੱਲੇ ਸੰਘਰਸ਼ਾਂ ਵਿਚ ਉਨ੍ਹਾਂ ਨੇ ਪ੍ਰਮੁੱਖ ਭੂਮਿਕਾ ਨਿਭਾਈਂ ਸੀ। 24 ਅਪ੍ਰੈਲ ਨੂੰ ਸ਼ਿਕਾਗੋ ਤੋਂ ਫਾਸਟ ਫੂਡ ਅਦਾਰਿਆਂ ਦੀ ਹੜਤਾਲ ਸ਼ੁਰੂ ਹੋਈ ਅਤੇ ਡੈਟਰਾਈਟ, ਮਿਲਵੌਕੀ, ਸੈਂਟ ਲੁਈਸ, ਵਾਸ਼ਿੰਗਟਨ ਤੱਕ ਫੈਲ ਗਈ। ਵਾਲਮਾਰਟ ਵਿਚ ਤਾਂ ਕਾਮਿਆਂ ਨੇ ਪਿਛਲੇ ਸਾਲ ਦੇਸ਼ ਭਰ ਵਿਚ 100 ਸ਼ਹਿਰਾਂ ਤੇ ਕਸਬਿਆਂ ਵਿਚ 'ਅਵਰ ਵਾਲਮਾਰਟ' ਨਾਂਅ ਦੀ ਮੁਹਿੰਮ ਅਧੀਨ ਹੜਤਾਲ ਅਤੇ ਹੋਰ ਐਕਸ਼ਨ ਕੀਤੇ ਸਨ। ਵਾਲਮਾਰਟ ਅਮਰੀਕਾ ਦਾ ਸਭ ਤੋਂ ਵੱਡਾ ਨਿੱਜੀ ਖੇਤਰ ਦਾ ਰੁਜ਼ਗਾਰ ਪ੍ਰਦਾਨ ਕਰਨ ਵਾਲਾ ਅਦਾਰਾ ਹੈ। ਇੱਥੇ ਦੇ ਕਾਮਿਆਂ ਦੀ ਤਨਖਾਹ ਵਧਾਉਣ ਦੀ ਮੰਗ ਦੇ ਨਾਲ ਨਾਲ ਮੁੱਖ ਮੰਗ ਕਾਰਜ ਥਾਵਾਂ 'ਤੇ ਮਾਣ ਸਨਮਾਨ ਭਰਿਆ ਵਿਵਹਾਰ ਕਰਨ ਦੀ ਵੀ ਹੈ। ਇਹ ਕਾਮੇ 30 ਮਈ ਤੋਂ ਇਕ 'ਰਾਇਡ ਫਾਰ ਰਸਪੈਕਟ' ਮੁਹਿੰਮ ਅਧੀਨ ਸਮੁੱਚੇ ਦੇਸ਼ ਵਿਚੋਂ ਜੱਥਿਆਂ ਦੀ ਸ਼ਕਲ ਵਿਚ ਬੈਂਟਨਵਿਲੇ ਆਰਕ ਪੁੱਜੇ ਸਨ। ਜਿੱਥੇ ਵਾਲਮਾਰਟ ਦਾ ਮੁੱਖ ਦਫਤਰ ਸਥਿਤ ਹੈ। ਇੱਥੇ 7 ਜੂਨ ਨੂੰ ਸ਼ੇਅਰਧਾਰਕਾਂ ਦੀ ਬੈਠਕ ਹੋਣੀ ਸੀ। 3 ਜੂਨ ਨੂੰ ਉਨ੍ਹਾਂ ਮੁੱਖ ਦਫਤਰ ਸਾਹਮਣੇ ਇਕੱਠੇ ਹੋ ਕੇ ਆਪਣੀਆਂ ਮੰਗਾਂ ਨੂੰ ਲੋਕਾਂ ਅਤੇ ਕੰਪਨੀ ਦੇ ਮੁਖੀਆਂ ਦੇ ਧਿਆਨ ਵਿਚ ਲਿਆਂਦਾ।
ਫਾਸਟ ਫੂਡ ਅਦਾਰਿਆਂ ਵਿਚ ਕੰਮ ਕਰਨ ਵਾਲੇ ਕਾਮਿਆਂ ਦੀ ਔਸਤ ਉਜਰਤ 9.18 ਡਾਲਰ ਫੀ ਘੰਟਾ ਹੈ। ਬਹੁਤੇ ਕਾਮੇ 7.25 ਡਾਲਰ ਪ੍ਰਤੀ ਘੰਟਾ, ਦੇਸ਼ ਦੀ ਘੱਟੋ ਘੱਟ ਉਜਰਤ ਹੀ ਪ੍ਰਾਪਤ ਕਰਦੇ ਹਨ। ਘੱਟ ਉਜਰਤ ਦੇ ਨਾਲ ਨਾਲ ਉਨ੍ਹਾਂ ਦੀ ਪ੍ਰਮੁੱਖ ਸਮੱਸਿਆ ਮਾਣ ਸਨਮਾਨ ਦੀ ਹੈ, ਕਿਉਂਕਿ ਕਾਰਜਥਾਵਾੇਂ ਉਤੇ ਉਨ੍ਹਾਂ ਨਾਲ ਸਨਮਾਨਪੂਰਣ ਵਿਹਾਰ ਨਹੀਂ ਕੀਤਾ ਜਾਂਦਾ। 'ਦੀ ਨੇਸ਼ਨ' ਅਖਬਾਰ ਮੁਤਾਬਕ ਉਨ੍ਹਾਂ ਦੇ ਮਾਣ ਨੂੰ ਠੇਸ ਪਹੁੰਚਾਉਣ ਵਾਲੇ ਚਿਨ੍ਹ ਪਹਿਨਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਜਿਵੇਂ -''ਮੈਂ ਅੱਜ 3 ਸੈਂਡਵਿਚ ਗਲਤ ਬਣਾਏ ਹਨ'' ਜ੍ਹਾਂ ''ਮੈਂ 13 ਸਕਿੰਟ ਵੱਧ ਡਰਾਇਣ ਥਰੂ ਵਿਚ ਲਾਏ ਹਨ'' ਵਰਗੇ ਵਾਕ ਲਿਖੇ ਵੈਜ ਲਾਉਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਵਾਲਮਾਰਟ ਦੇ ਕਾਮਿਆਂ ਦੀ ਜਥੇਬੰਦੀ ਦਾ ਨਾਂਅ ਹੀ-''ਆਰਗੇਨਾਈਜੇਸ਼ਨ ਯੂਨਾਇਟਿਡ ਫਾਰ ਰਸਪੈਕਟ ਵਾਲਮਾਰਟ'' ਹੈ, ਭਾਵ ਵਾਲਮਾਰਟ ਦੀ ਮਾਣ ਸਨਮਾਣ ਲਈ ਇਕਜੁੱਟ ਜਥੇਬੰਦੀ। ਉਜਰਤਾਂ ਵਿਚੋਂ ਨਜਾਇਜ਼ ਕਟੌਤੀਆਂ ਤਾਂ ਆਮ ਹੀ ਗੱਲ ਹੈ। ਅਪ੍ਰੈਲ ਵਿਚ ਹੋਈ ਮੈਕਡੋਨਾਲਡ ਦੇ ਕਾਮਿਆਂ ਦੀ ਰੈਲੀ ਦੌਰਾਨ ਇਕ ਕਾਮੇ ਨੇ ਦੱਸਿਆ ਕਿ 200 ਰੁਪਏ ਤਨਖਾਹ ਚੈਕ ਵਿਚ ਘੱਟ ਹੋਣ ਦੀ ਜਦੋਂ ਉਸਨੇ ਸ਼ਿਕਾਇਤ ਕੀਤੀ ਅਤੇ ਪੂਰੇ ਕਰਨ ਲਈ ਕਿਹਾ ਤਾਂ ਪੈਸੇ ਪੂਰੇ ਕਰਨੇ ਤਾਂ ਦੂਰ ਦੀ ਗੱਲ ਮੈਨੇਜ਼ਰ ਨੇ ਉਸਨੂੰ ਨੌਕਰੀ ਤੋਂ ਹੀ ਬਰਖਾਸਤ ਕਰ ਦਿੱਤਾ। 'ਦੀ ਨੇਸ਼ਨ' ਵਿਚ ਛਪੇ ਇਕ ਸਰਵੇਖਣ ਮੁਤਾਬਕ, ਜਿਹੜਾ ਨਿਊਯਾਰਕ ਦੇ 500 ਫਾਸਟ ਫੂਡ ਕਾਮਿਆਂ ਬਾਰੇ ਸੀ, ਪਿਛਲੇ ਸਾਲ ਵਿਚ 84 ਫੀਸਦੀ ਕਾਮਿਆਂ ਦੀਆਂ ਤਨਖਾਹਾਂ ਵਿਚ ਨਜਾਇਜ਼ ਕਟੌਤੀਆਂ ਕੀਤੀਆਂ ਗਈਆਂ ਸਨ। ਇਨ੍ਹਾਂ ਵਿਚੋਂ 80 ਫੀਸਦੀ ਕਾਮਿਆਂ ਨੂੰ ਬੀਮਾਰੀ ਦੀ ਹਾਲਤ ਵਿਚ ਛੁੱਟੀ ਜਾਂ ਹੋਰ ਲਾਭ ਨਹੀਂ ਮਿਲਦਾ। ਜੇਕਰ ਕੋਈ ਯੂਨੀਅਨ ਬਨਾਉਣ ਦੀ ਮੰਗ ਕਰਦਾ ਹੈ ਤਾਂ ਉਸ ਸਟੋਰ ਨੂੰ ਹੀ ਬੰਦ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ।
ਅਮਰੀਕਾ ਵਿਚ ਫਾਸਟਫੂਡ, ਪ੍ਰਚੂਨ ਅਦਾਰਿਆਂ ਦੇ ਕਾਮੇ ਸਭ ਤੋਂ ਘੱਟ ਉਜਰਤ ਪ੍ਰਾਪਤ ਕਰਨ ਵਾਲੇ ਕਾਮੇ ਹਨ, ਬਹੁਤੇ ਕਾਮੇ 7.25 ਡਾਲਰ ਫੀ ਘੰਟਾ ਕਮਾਉਂਦੇ ਹਨ, ਜਿਹੜੀ ਸਮੁੱਚੇ ਸਾਲ ਦੀ 5000 ਡਾਲਰ ਹੀ ਬਣਦੀ ਹੈ, ਜੇਕਰ ਸਾਰੇ ਸਾਲ ਕੰਮ ਮਿਲੇ। ਇਹ ਉਜਰਤ ਦੇਸ਼ ਵਿਚ 3 ਜੀਆਂ ਲਈ ਨਿਰਧਾਰਤ ਗਰੀਬੀ ਰੇਖਾ ਦੀ ਆਮਦਨ ਤੋਂ ਘੱਟ ਹੈ। ਦੂਜੇ ਪਾਸੇ ਇਹ ਅਦਾਰੇ ਵੱਡੇ ਮੁਨਾਫੇ ਕਮਾ ਰਹੇ ਹਨ। ਪਿਛਲੇ ਸਾਲ ਵਿਚ ਮੈਕਡੋਨਾਲਡ ਨੇ 5.5 ਬਿਲੀਅਨ ਡਾਲਰ, ਯਮ ਨੇ 1.6 ਬਿਲੀਅਨ ਡਾਲਰ ਅਤੇ ਸਟਾਰਬਕ ਨੇ 1.4 ਬਿਲੀਅਨ ਡਾਲਰ ਦਾ ਮੁਨਾਫਾ ਕਮਾਇਆ ਸੀ। ਵਾਲਮਾਰਟ ਨੇ ਤਾਂ ਅਥਾਹ ਮੁਨਾਫਾ 17 ਬਿਲੀਅਨ ਡਾਲਰ ਕਮਾਇਆ ਸੀ। ਆਪਣੇ ਕਾਮਿਆਂ ਨੂੰ ਗਰੀਬੀ ਰੇਖਾ ਤੋਂ ਹੇਠਾਂ ਦੀ ਉਜਰਤ ਦੇਣ ਵਾਲੇ ਇਹ ਅਦਾਰੇ ਆਪਣੇ ਅਧਿਕਾਰੀਆਂ ਨੂੰ ਵੀ ਵੱਡੇ ਗੱਫੇ ਦਿੰਦੇ ਹਨ। 2011 ਵਿਚ ਮੈਕਡੋਨਾਲਡ ਨੇ ਆਪਣੇ ਸੀ.ਈ.ਓ. ਜੇਮਜ ਸਕਿਨਰ ਨੂੰ ਭੱਤਿਆਂ ਸਮੇਤ 8.75 ਮਿਲੀਅਨ ਡਾਲਰ ਦਿੱਤੇ ਸਨ। ਜੇਕਰ ਇਹ ਮੰਨਿਆ ਜਾਵੇ ਕਿ ਉਸਨੇ 40 ਘੰਟੇ ਪ੍ਰਤੀ ਹਫਤਾ ਕੰਮ ਕੀਤਾ ਹੈ ਤਾਂ ਇਹ 4200 ਡਾਲਰ ਫੀ ਘੰਟਾ ਬਣਦੀ ਹੈ। ਮੈਕਡੋਨਾਲਡ ਦੇ ਕਾਮੇ ਦੀ ਔਸਤਨ ਕਮਾਈ ਨਾਲੋਂ 580 ਗੁਣਾ ਵੱਧ।
ਅਮਰੀਕਾ ਦੇ ਕਾਮਿਆਂ ਨੇ ਘੱਟੋ ਘੱਟ ਉਜਰਤ ਵਧਾਕੇ 15 ਡਾਲਰ ਫੀ ਘੰਟਾ ਕਰਨ ਦੇ ਸੰਘਰਸ਼ ਵਿਚ ਇਹ ਸਭ ਤੋਂ ਘੱਟ ਉਜਰਤਾਂ ਹਾਸਲ ਕਰਨ ਵਾਲੇ ਕਾਮੇ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਖੇਤਰਾਂ ਵਿਚ 1 ਕਰੋੜ 90 ਲੱਖ ਕਾਮੇ ਕੰਮ ਕਰਦੇ ਹਨ। ਜਿਹੜੇ ਕੁੱਲ ਕਿਰਤ ਸ਼ਕਤੀ ਦਾ 14% ਬਣਦੇ ਹਨ। ਜਦੋਂ ਘੱਟੋ ਘੱਟ ਤਨਖਾਹ ਵਧਾਉਣ ਦੀ ਮੰਗ ਉਠਦੀ ਹੈ ਤਾਂ ਅਮਰੀਕਾ ਦੇ ਰਾਜਨੀਤਕ ਆਗੂਆਂ ਦੀ ਦਲੀਲ ਹੁੰਦੀ ਹੈ ਕਿ ਇਸ ਨਾਲ ਛੋਟੇ ਵਪਾਰਕ ਅਦਾਰਿਆਂ ਨੂੰ ਨੁਕਸਾਨ ਪੁੱਜੇਗਾ। ਜਦੋਂ ਕਿ ਅਸਲੀਅਤ ਇਹ ਹੈ ਕਿ ਨੈਸ਼ਨਲ ਇੰਪਲਾਈਮੈਂਟ ਲਾਅ ਪ੍ਰੋਜੈਕਟ ਅਨੁਸਾਰ 2011 ਵਿਚ 66 ਫੀਸਦੀ ਘੱਟ ਉਜਰਤ ਵਾਲੇ ਕਾਮੇ ਵੱਡੀਆਂ ਕੰਪਨੀਆਂ ਦੇ ਕਿਰਤੀ ਸਨ। ਇਹ ਕੰਪਨੀਆਂ ਆਰਥਕ ਮੰਦਵਾੜੇ ਤੋਂ ਉਭਰੀਆਂ ਹੀ ਨਹੀਂ ਬਲਕਿ 75% ਨੇ ਆਪਣੇ ਮੁਨਾਫੇ ਵੀ ਵਧਾਏ ਹਨ। ਅਸਲ ਵਿਚ ਦੇਸ਼ ਦੇ ਸਭ ਤੋਂ ਘੱਟ ਉਜਰਤਾਂ ਵਾਲੇ ਕਾਮਿਆਂ ਵਾਲੇ ਵੱਡੇ 50 ਅਦਾਰਿਆਂ, ਜਿਨ੍ਹਾਂ ਵਿਚ ਮੈਕਡੋਨਾਲਡ ਅਤੇ ਵਾਲਮਾਰਟ ਵੀ ਸ਼ਾਮਲ ਹਨ, ਵਿਚੋਂ ਪਿਛਲੇ ਸਾਲ 92 ਫੀਸਦੀ ਮੁਨਾਫੇ ਵਿਚ ਸਨ ਅਤੇ 78 ਫੀਸਦੀ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਮੁਨਾਫਾ ਕਮਾ ਰਹੇ ਸਨ। ਜੇਕਰ ਕੌਮੀ ਘੱਟੋ ਘੱਟ ਤਨਖਾਹ 7.25 ਡਾਲਰ ਪ੍ਰਤੀ ਘੰਟਾ ਨੂੰ ਪਿਛਲੇ ਸਾਲਾਂ ਵਿਚ ਹੋਈ ਮੁਦਰਾ ਸਫਿਤੀ ਨਾਲ ਜੋੜਿਆ ਜਾਵੇ ਤਾਂ ਹੁਣ ਘੱਟੋ ਘੱਟ ਤਨਖਾਹ 10.69 ਡਾਲਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ। ਦੂਜੀ ਸੰਸਾਰ ਜੰਗ ਅਤੇ 1968 ਤੱਕ ਘੱਟੋ ਘੱਟ ਤਨਖਾਹਾਂ ਔਸਤ ਉਤਪਾਦਕਤਾ ਵਾਧਾ ਦਰ ਦੇ ਲਗਭਗ ਨਾਲ ਨਾਲ ਹੀ ਚਲਦੀਆਂ ਰਹੀਆਂ ਸਨ। ਪ੍ਰੰਤੂ 1968 ਤੋਂ ਬਾਅਦ ਜੇਕਰ ਘੱਟੋ ਘੱਟ ਤਨਖਾਹ ਨੂੰ ਔਸਤ ਉਤਪਾਦਕਤਾ ਵਾਧਾ ਦਰ ਨਾਲ ਜੋੜਿਆ ਜਾਵੇ ਤਾਂ ਇਹ 2012 ਵਿਚ 21.72 ਡਾਲਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ। ਉਬਾਮਾ ਪ੍ਰਸ਼ਾਸ਼ਨ ਵਲੋਂ 2015 ਲਈ ਤਜਵੀਜ਼ਤ ਘੱਟੋ ਘੱਟ ਤਨਖਾਹ 9 ਡਾਲਰ ਪ੍ਰਤੀ ਘੰਟਾ ਵੀ ਜੇਕਰ ਕਰ ਦਿੱਤੀ ਜਾਵੇ ਤਾਂ ਵੀ ਪੂਰੇ ਸਾਲ ਵਿਚ ਪੂਰਾ ਕੰਮ ਮਿਲਣ ਤੇ ਕਾਮਾ 18000 ਡਾਲਰ ਸਾਲ ਭਰ ਵਿਚ ਕਮਾ ਸਕੇਗਾ। ਜਿਹੜੀ ਤਨਖਾਹ ਚਾਰ ਜੀਆਂ ਵਾਲੇ ਪਰਿਵਾਰ ਲਈ ਤੈਅ ਗਰੀਬੀ ਦੀ ਰੇਖਾ ਤੋਂ ਘੱਟ ਹੈ।
ਅਮਰੀਕਾ ਦੇ ਕਾਮੇ ਘੱਟੋਂ ਘੱਟ ਤਨਖਾਹ ਨੂੰ ਗੁਜ਼ਾਰੇ ਯੋਗ ਤਨਖਾਹ ਦੇ ਬਰਾਬਰ 15 ਡਾਲਰ ਪ੍ਰਤੀ ਘੰਟਾ ਕਰਨ ਦੀ ਮੰਗ ਕਰ ਰਹੇ ਹਨ। ਇਥੇ ਸਪੱਸ਼ਟ ਹੋ ਜਾਂਦਾ ਹੈ ਕਿ ਅਮਰੀਕਾ ਵਰਗੇ ਅੱਤ ਦੇ ਵਿਕਸਿਤ ਦੇਸ਼ ਵਿਚ ਵੀ ਕਾਮਿਆਂ ਦੀਆਂ ਜੀਵਨ ਹਾਲਤਾਂ ਸਾਡੇ ਵਰਗੇ ਵਿਕਾਸਸ਼ੀਲ ਦੇਸ਼ਾਂ ਦੇ ਕਾਮਿਆਂ ਵਰਗੀਆਂ ਹੀ ਹਨ। ਪੂੰਜੀਵਾਦ ਦੇ ਮੁੜੈਲੀ ਦੇਸ਼ ਵਿਚ 'ਵਰਕਿੰਗ ਪੂਅਰ ਫੈਮਲੀਜ਼' ਪ੍ਰੋਜੈਕਟ ਮੁਤਾਬਕ 2011 ਵਿਚ 4 ਕਰੋੜ 75 ਲੱਖ ਲੋਕ ਘੱਟ ਆਮਦਣ ਵਾਲੇ ਪਰਿਵਾਰਾਂ ਦੇ ਮੈਂਬਰ ਸਨ। ਇਨ੍ਹਾਂ ਵਿਚ 2 ਕਰੋੜ 30 ਲੱਖ ਬੱਚੇ ਸਨ। ਇਸਦਾ ਭਾਵ ਹੈ ਸਮੁੱਚੇ ਕੰਮਕਾਜ਼ੀ ਪਰਿਵਾਰਾਂ ਵਿਚੋਂ 32 ਪ੍ਰਤੀਸ਼ਤ ਪਰਿਵਾਰਾਂ ਕੋਲ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਵੀ ਪੈਸਾ ਨਹੀਂ ਹੈ। ਪੂੰਜੀਵਾਦ ਦਾ ਖਾਸਾ ਸਮੁੱਚੀ ਦੁਨੀਆਂ ਵਿਚ ਇਕੋ ਹੈ, ਉਦਾਰ ਪੂੰਜੀਵਾਦ ਜਾਂ ਆਧੁਨਿਕ ਪੂੰਜੀਵਾਦ ਭਾਵ ਮਨੁੱਖੀ ਚਿਹਰੇ ਵਾਲੇ ਪੂੰਜੀਵਾਦ ਦੀ ਦੁਹਾਈ ਦੇਣ ਵਾਲੇ ਅਮਰੀਕਾ ਵਿਚ ਵੀ ਬੁਨਿਆਦੀ ਮਨੁੱਖੀ ਲੋੜਾਂ ਦੀ ਪੂਰਤੀ ਦੀ ਥਾਂ ਮੁਨਾਫੇ ਨੂੰ ਤਰਜੀਹ ਦਿੱਤੀ ਜਾਂਦੀ ਹੈ। ਅਮਰੀਕਾ ਦੇ ਕਾਮਿਆਂ ਦੀ 15 ਡਾਲਰ ਪ੍ਰਤੀ ਘੰਟਾ ਘੱਟੋ ਘੱਟ ਤਨਖਾਹ ਦੀ ਮੰਗ ਬੁਨਿਆਦੀ ਅਧਿਕਾਰਾਂ ਦਾ ਹਿੱਸਾ ਹੈ। ਯਕੀਨਨ ਇਕ ਅਜਿਹਾ ਸਮਾਂ ਆਵੇਗਾ ਜਦੋਂ ਆਪਣੇ ਬੁਨਿਆਦੀ ਹੱਕਾਂ ਲਈ ਜੂਝ ਰਹੇ ਇਹ ਕਾਮੇ ਇਸ ਵਿਵਸਥਾ ਵਿਰੁੱਧ ਜਨਤਕ ਜੰਗ ਲਈ ਵੀ ਲਾਮਬੰਦ ਹੋਣਗੇ।
(ਸੰਗਰਾਮੀ ਲਹਿਰ - ਅਗਸਤ 2013)
No comments:
Post a Comment