Friday, 6 September 2013

ਕਾਮਰੇਡ ਮਾਇਆਧਾਰੀ ਨਹੀਂ ਰਹੇ

ਸੀ.ਪੀ.ਐਮ. ਪੰਜਾਬ ਦੇ ਬਜ਼ੁਰਗ ਆਗੂ ਅਤੇ ਪਾਰਟੀ ਦੀ ਗੁਰਦਾਸਪੁਰ ਜ਼ਿਲ੍ਹਾ ਕਮੇਟੀ ਦੇ ਮੈਂਬਰ ਕਾਮਰੇਡ ਮਾਇਆਧਾਰੀ ਨਹੀਂ ਰਹੇ। 12 ਜੁਲਾਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾ ਦਾ ਦਿਹਾਂਤ ਹੋ ਗਿਆ। ਕਾਮਰੇਡ ਮਾਇਆਧਾਰੀ ਦਾ ਜਨਮ ਪਿੰਡ ਬਸਰੂਪ, ਤਹਿਸੀਲ ਤੇ ਜ਼ਿਲ੍ਹਾ ਗੁਰਦਾਸਪੁਰ (ਹੁਣ ਪਠਾਨਕੋਟ) ਦੇ ਇਕ ਜਗੀਰਦਾਰ ਪਰਵਾਰ ਵਿਚ ਮਾਤਾ ਵਿਦਿਆ ਦੇਵੀ ਦੀ ਕੁੱਖੋਂ ਤੇ ਪਿਤਾ ਲਛਮੀ ਦਾਸ ਦੇ ਘਰ ਹੋਇਆ। ਤਿੰਨ ਮਹੀਨਿਆਂ ਦੇ ਹੀ ਸਨ ਮਾਇਆਧਾਰੀ ਜਦ ਉਨ੍ਹਾ ਦੀ ਮਾਤਾ ਦੀ ਮੌਤ ਹੋ ਗਈ। ਇਸ ਲਈ ਉਨ੍ਹਾ ਦਾ ਪਾਲਣ-ਪੋਸ਼ਣ ਨਾਨਕੇ ਪਰਵਾਰ 'ਚ ਗੁਰਦਾਸਪੁਰ ਵਿਖੇ ਹੋਇਆ। ਵਿਦਿਆ ਵੀ ਇੱਥੇ ਹੀ ਹਾਸਲ ਕੀਤੀ। ਕਾਮਰੇਡ ਮਾਇਆਧਾਰੀ ਨੇ ਵਿਦਿਆ ਹਾਸਲ ਕਰਨ ਤੋਂ ਬਾਅਦ ਥੋੜ੍ਹੀ ਦੇਰ ਦੁਕਾਨ ਚਲਾਈ ਤੇ ਬਾਅਦ 'ਚ ਅਧਿਆਪਕ ਵੀ ਲੱਗੇ। ਇਸ ਦੌਰਾਨ ਉਨ੍ਹਾ ਦਾ ਸੰਪਰਕ ਕਮਿਊਨਿਸਟਾਂ ਨਾਲ ਹੋ ਗਿਆ ਤੇ ਫਿਰ ਆਪਣੇ ਵੱਡੇ ਭਾਈ ਨੇਕ ਰਾਮ ਹੁਰਾਂ ਨਾਲ ਮਿਲਕੇ ਆਪਣਾ ਆਪ ਕਮਿਊਨਿਸਟ ਲਹਿਰ ਨੂੰ ਸਮਰਪਤ ਕਰ ਦਿੱਤਾ। ਉਹਨਾ ਦੇ ਪਿਤਾ ਨੂੰ ਇਹ ਗੱਲ ਪਸੰਦ ਨਹੀਂ ਸੀ ਤੇ ਇਸ ਕਾਰਨ ਉਨ੍ਹਾ ਦੋਵਾਂ ਭਰਾਵਾਂ ਨੂੰ ਪਰਵਾਰ ਤੇ ਘਰ ਦੀ ਜਾਇਦਾਦ ਤੋਂ ਬੇਦਖਲ ਕਰ ਦਿੱਤਾ। ਕਾਫੀ ਜਦੋ ਜਹਿਦ ਤੇ ਰਿਸ਼ਤੇਦਾਰਾਂ ਦੇ ਦਖਲ ਤੋਂ ਬਾਅਦ ਪਿਤਾ ਨੇ ਥੋੜ੍ਹਾ ਹਿੱਸਾ ਜ਼ਮੀਨ ਦੋਵਾਂ ਭਰਾਵਾਂ ਨੂੰ ਦਿੱਤੀ। ਕਮਿਊਨਿਸਟ ਪਾਰਟੀ ਨੇ ਜਦ ਮੁਜਾਰਿਆਂ ਨੂੰ ਜ਼ਮੀਨ ਦਾ ਮਾਲਕੀ ਹੱਕ ਦਿਵਾਉਣ ਲਈ ਪਿੰਡ ਪੱਧਰਾਲੀ 'ਚ ਮੋਰਚਾ ਆਰੰਭਿਆ  ਤਾਂ ਮਾਇਆਧਾਰੀ ਨੇ ਉਸ ਵਿਚ ਮੋਹਰੀ ਰੋਲ ਅਦਾ ਕੀਤਾ। ਸਿੱਟੇ ਵਜੋਂ ਕਾਮਰੇਡ ਮਾਇਆਧਾਰੀ, ਕਾਮਰੇਡ ਮਿਹਰ ਸਿੰਘ ਸਮੇਤ ਕਈ ਸਾਥੀਆਂ ਨੂੰ ਤਿੰਨ ਤੋਂ ਚਾਰ ਮਹੀਨੇ ਦੀ ਕੈਦ ਕੱਟਣੀ ਪਈ ਪਰ ਮੋਰਚਾ ਲਗਤਾਰ ਜਾਰੀ ਰਿਹਾ ਤੇ ਜਿੱਤ ਨਾਲ ਹੀ ਸਮਾਪਤ ਕੀਤਾ। 
ਕਾਮਰੇਡ ਮਾਇਆਧਾਰੀ ਸਦਾ ਸੋਧਵਾਦ ਤੇ ਜਮਾਤੀ ਭਿਆਲੀ ਖਿਲਾਫ ਖੜਦੇ ਰਹੇ। ਪਹਿਲਾਂ 1964 ਤੇ ਬਾਅਦ 'ਚ ਸੀ.ਪੀ.ਐਮ. ਪੰਜਾਬ ਦੇ ਗਠਨ ਸਮੇਂ ਉਨ੍ਹਾ ਆਪਣੀ ਇਸ ਵਿਚਾਰਧਾਰਕ ਪਕਿਆਈ ਦਾ ਸਬੂਤ ਦਿੱਤਾ। 
22 ਜੁਲਾਈ ਨੂੰ ਹੋਏ ਸ਼ਰਧਾਂਜਲੀ ਸਮਾਗਮ ਵਿਚ ਕਾਮਰੇਡ ਮਾਇਆਧਾਰੀ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਲਾਕੇ ਦੇ ਲੋਕ ਵੱਡੀ ਗਿਣਤੀ 'ਚ ਪੁੱਜੇ। ਇਸ ਸਮਾਗਮ ਨੂੰ ਸੀ.ਪੀ.ਐਮ.ਪੰਜਾਬ ਦੀ ਗੁਰਦਾਸਪੁਰ ਜ਼ਿਲ੍ਹਾ ਇਕਾਈ ਦੇ ਸਕੱਤਰ ਕਾਮਰੇਡ ਅਮਰਜੀਤ ਸਿੰਘ ਕੁਲਾਰ, ਸੂਬਾ ਸਕੱਤਰੇਤ ਮੈਂਬਰ ਕਾਮਰੇਡ ਰਘਬੀਰ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਸਾਥੀ ਲਾਲ ਚੰਦ ਕਟਾਰੂਚੱਕ, ਸੀ.ਟੀ.ਯੂ. ਆਗੂ ਸਾਥੀ ਨੱਥਾ ਸਿੰਘ, ਮੁਲਾਜ਼ਮ ਆਗੂ ਸਾਥੀ ਸ਼ਿਵ ਕੁਮਾਰ, ਪਿੰਡ ਦੇ ਸਰਪੰਚ ਦਲੀਪ ਸਿੰਘ, ਕੁਲਭੂਸ਼ਨ ਸ਼ਰਮਾ, ਦਲਬੀਰ ਸਿੰਘ, ਹਜ਼ਾਰੀ ਲਾਲ, ਸੀ.ਪੀ.ਆਈ.ਐਮ. ਦੇ ਡਾਕਟਰ ਸੁਰਿੰਦਰ ਗਿੱਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਰਵੀ ਕੁਮਾਰ ਕਟਾਰੂਚੱਕ, ਅਜੀਤ ਸਿੰਘ ਸਿੱਧਵਾਂ ਤੇ ਹੋਰਨਾਂ ਨੇ ਸੰਬੋਧਨ ਕੀਤਾ। 

No comments:

Post a Comment