Friday, 6 September 2013

ਸੰਪਾਦਕੀ (ਸੰਗਰਾਮੀ ਲਹਿਰ - ਸਤੰਬਰ 2013)

ਗ਼ਦਰ ਪਾਰਟੀ ਸਮਾਰੋਹਾਂ ਦਾ ਮਹੱਤਵ

ਮੰਗਤ ਰਾਮ ਪਾਸਲਾ
ਗ਼ਦਰ ਪਾਰਟੀ ਭਾਰਤ ਨੂੰ ਬਸਤੀਵਾਦੀ ਗੁਲਾਮੀ ਤੋਂ ਮੁਕਤ ਕਰਾਉਣ ਵਾਸਤੇ ਸਾਲ 1913 ਵਿਚ ਅਮਰੀਕਾ ਦੀ ਧਰਤੀ 'ਤੇ ਸ਼ਹਿਰ ਸਾਨਫਰਾਂਸਿਸਕੋ ਵਿਖੇ ਪ੍ਰਵਾਸੀ ਭਾਰਤੀਆਂ, ਜਿਹਨਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਸ਼ਾਮਲ ਸਨ, ਵਲੋਂ ਸਥਾਪਤ ਕੀਤੀ ਗਈ ਸੀ।  ਇਸ ਪਾਰਟੀ ਦੇ ਸ਼ਤਾਬਦੀ ਵਰ੍ਹੇ 2013 ਨੂੰ ਭਾਰਤ ਜਾਂ ਪੰਜਾਬ ਵਿਚ ਹੀ ਨਹੀਂ, ਬਲਕਿ ਦੂਜੇ ਦੇਸ਼ਾਂ ਵਿਚ ਵੀ ਪ੍ਰਵਾਸੀ ਭਾਰਤੀਆਂ ਵਲੋਂ ਉਚੇਚੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੰਤਵ ਲਈ ਥਾਂ ਪੁਰ ਥਾਂ ਪ੍ਰਭਾਵਸ਼ਾਲੀ ਸਮਾਗਮ ਕੀਤੇ ਜਾ ਰਹੇ ਹਨ, ਜਿਥੇ ਗ਼ਦਰੀ ਯੋਧਿਆਂ ਦੇ ਸਿਆਸੀ ਉਦੇਸ਼ਾਂ ਅਤੇ ਉਹਨਾਂ ਦੀਆਂ ਲਾਮਿਸਾਲ ਕੁਰਬਾਨੀਆਂ ਦੀ ਗਾਥਾ ਦਾ ਗੁਣਗਾਣ ਕੀਤਾ ਜਾਂਦਾ ਹੈ। ਇਸ ਮੰਤਵ ਲਈ ਦੇਸ਼ ਭਗਤ ਯਾਦਗਾਰ ਟਰੱਸਟ ਜਲੰਧਰ ਵਲੋਂ ਵੀ ਕਈ ਉਚੇਚੇ ਪ੍ਰੋਗਰਾਮ ਉਲੀਕੇ ਗਏ ਹਨ। ਜਿਹਨਾਂ ਅਧੀਨ ਸਥਾਨਕ ਲੋਕਾਂ ਦੀ ਮਦਦ ਨਾਲ ਗ਼ਦਰੀ ਬਾਬਿਆਂ ਤੇ ਸ਼ਹੀਦਾਂ ਨਾਲ ਜੁੜੀਆਂ ਹੋਈਆਂ ਇਤਿਹਾਸਕ ਥਾਵਾਂ 'ਤੇ ਕਾਨਫਰੰਸਾਂ ਤੇ ਸਭਿਆਚਾਰਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਅਗਲੇ ਦਿਨਾਂ ਵਿਚ ਨੌਜਵਾਨਾਂ ਵਲੋਂ ਕੀਤੇ ਜਾਣ ਵਾਲੇ ਇਕ ਵੱਡੇ ਜਥਾ ਮਾਰਚ ਦੇ ਰੂਪ ਵਿਚ ਸਮੁੱਚੇ ਪ੍ਰਾਂਤ ਨੂੰ ਗ਼ਦਰ ਲਹਿਰ ਦੇ ਮਹਾਨ ਵਿਰਸੇ ਨਾਲ ਜੋੜਨ ਦਾ ਉਪਰਾਲਾ ਵੀ ਕੀਤਾ ਜਾਵੇਗਾ। 28 ਅਕਤੂਬਰ ਤੋਂ ਪਹਿਲੀ ਨਵੰਬਰ ਤੱਕ ਦੇਸ਼ ਭਗਤ ਯਾਦਗਾਰ ਕੰਪਲੈਕਸ ਜਲੰਧਰ ਵਿਖੇ ਮਨਾਇਆ ਜਾਂਦਾ 'ਗ਼ਦਰੀ ਬਾਬਿਆਂ ਦਾ ਸਾਲਾਨਾ ਮੇਲਾ' ਵੀ ਇਸ ਵਾਰ ਲੋਕਾਂ ਦੀ ਉਚੇਚੀ ਖਿੱਚ ਦਾ ਕੇਂਦਰ ਬਣੇਗਾ। 
ਇਸ ਮੌਕੇ 'ਤੇ ਗ਼ਦਰ ਲਹਿਰ ਦੇ ਕੁਝ ਇਕ ਸ਼ਾਨਾਮਤੇ ਪੱਖ ਅਸੀਂ 'ਸੰਗਰਾਮੀ ਲਹਿਰ' ਦੇ ਪਾਠਕਾਂ ਨਾਲ ਸਾਂਝੇ ਕਰਨ ਲਈ ਹਥਲੇ ਅੰਕ ਦੀ ਵਿਸ਼ੇਸ਼ ਰੂਪ ਵਿਚ ਵਰਤੋਂ ਕਰ ਰਹੇ ਹਾਂ। ਸਾਡਾ ਇਹ ਵੀ ਮੱਤ ਹੈ ਕਿ ਗ਼ਦਰ ਪਾਰਟੀ ਦੇ ਸ਼ਤਾਬਦੀ ਵਰ੍ਹੇ ਨੂੰ ਮਨਾਉਂਦਿਆਂ ਹੋਇਆਂ ਇਸ ਇਨਕਲਾਬੀ ਜਥੇਬੰਦੀ ਨਾਲ ਸਬੰਧਤ ਹੇਠ ਲਿਖੇ ਕੁੱਝ ਉਭਰਵੇਂ ਤੇ ਮਹੱਤਵਪੂਰਨ ਨੁਕਤੇ ਅਤੇ ਪ੍ਰਸੰਗ ਉਚੇਚਾ ਧਿਆਨ ਮੰਗਦੇ ਹਨ। 
(1) ਗ਼ਦਰ ਪਾਰਟੀ ਦੀ ਸਥਾਪਨਾ ਰੋਟੀ-ਰੋਜ਼ੀ ਖਾਤਰ ਵਿਦੇਸ਼ਾਂ, ਖਾਸਕਰ ਅਮਰੀਕਾ, ਕੈਨੇਡਾ, ਸਿੰਘਾਪੁਰ ਆਦਿ, ਵਿਚ ਪਰਵਾਸ ਕਰਕੇ  ਗਏ ਭਾਰਤੀਆਂ ਵਲੋਂ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਪੰਜਾਬੀਆਂ ਦੇ ਨਾਲ ਨਾਲ ਭਾਰਤ ਦੇ ਦੂਸਰੇ ਪ੍ਰਾਂਤਾਂ ਦੇ ਲੋਕ ਵੀ ਸ਼ਾਮਲ ਸਨ। ਇਸ ਪਾਰਟੀ ਦਾ ਗਠਨ ਕਰਨ ਵਾਲੇ ਆਗੂਆਂ ਨੂੰ ਵਿਦੇਸ਼ਾਂ ਵਿਚ ਜਾ ਕੇ ਅੰਗਰੇਜ਼ ਸਾਮਰਾਜ ਦੀ ਗੁਲਾਮੀ ਦਾ ਅਹਿਸਾਸ ਉਦੋਂ ਹੋਇਆ, ਜਦੋਂ ਉਨ੍ਹਾਂ ਨਾਲ ਹਰ ਖੇਤਰ ਵਿਚ ਵਿਤਕਰਾ ਕੀਤਾ ਜਾਂਦਾ ਸੀ ਅਤੇ ਉਹਨਾਂ ਨੂੰ ਤਰਿਸਕਾਰ ਦੀਆਂ ਨਜ਼ਰਾਂ ਨਾਲ ਦੇਖਿਆ ਤੇ ਸੰਬੋਧਿਤ ਕੀਤਾ ਜਾਂਦਾ ਸੀ। ਇਸ ਤਰ੍ਹਾਂ ਗ਼ਦਰ ਪਾਰਟੀ ਦਾ ਜਨਮ ਸਾਮਰਾਜੀ ਜ਼ਾਲਮਾਂ ਦੀ ਗੁਲਾਮੀ ਨੂੰ ਖਤਮ ਕਰਕੇ ਸੰਪੂਰਨ ਆਜ਼ਾਦੀ, ਬਰਾਬਰਤਾ ਅਤੇ ਲੁੱਟ ਖਸੁੱਟ ਦਾ ਮੁਕੰਮਲ ਫਸਤਾ ਵੱਢ ਕੇ ਸਰਬਤ ਦੇ ਭਲੇ ਵਾਲਾ ਸਮਾਜ ਸਿਰਜਣ ਦੇ ਮਹਾਨ ਨਿਸ਼ਾਨਿਆਂ ਨੂੰ ਪ੍ਰਾਪਤ ਕਰਨ ਲਈ ਕੀਤਾ ਗਿਆ ਸੀ। 
(2) ਇਨ੍ਹਾਂ ਉਦੇਸ਼ਾਂ ਦੀ ਪ੍ਰਾਪਤੀ ਲਈ ਗ਼ਦਰ ਪਾਰਟੀ ਨੇ ਸਪੱਸ਼ਟ ਰੂਪ ਵਿਚ ਧਰਮ ਨਿਰਪੱਖਤਾ ਦੇ ਸਿਧਾਂਤ ਨੂੰ ਬੁਨਿਆਦੀ ਅਸੂਲਾਂ ਵਿਚ ਸ਼ਾਮਲ ਕੀਤਾ। ਗ਼ਦਰ ਪਾਰਟੀ ਵਿਚ ਕਿਸੇ ਵੀ ਧਾਰਮਕ ਵਿਵਾਦ ਜਾਂ ਫਿਰਕਾਪ੍ਰਸਤੀ ਲਈ ਕੋਈ ਜਗ੍ਹਾ ਨਹੀਂ ਸੀ। ਇਸ ਦੇ ਹਰ ਮੈਂਬਰ ਨੇ ਦੇਸ਼ ਦੀ ਆਜ਼ਾਦੀ ਹਾਸਲ ਕਰਨ ਲਈ ਹਰ ਕੁਰਬਾਨੀ ਕਰਨ ਦੀ ਪ੍ਰਤਿਗਿਆ ਕੀਤੀ ਹੋਈ ਸੀ। ਗ਼ਦਰ ਪਾਰਟੀ ਨੇ ਹਥਿਆਰਬੰਦ ਘੋਲ ਰਾਹੀਂ ਜਿਸ ਵਿਚ ਭਾਰਤੀ ਫੌਜੀਆਂ ਅਤੇ ਆਮ ਲੋਕਾਂ ਦੀ ਸ਼ਮੂਲੀਅਤ ਨਾਲ ਆਜ਼ਾਦੀ ਪ੍ਰਾਪਤ ਕਰਨ ਦਾ ਪ੍ਰੋਗਰਾਮ ਉਲੀਕਿਆ, ਜਿਸ ਵਾਸਤੇ ਸਿਖਰਲੇ ਦਰਜ਼ੇ ਦੇ ਬਲਿਦਾਨ ਦੀ ਲੋੜ ਸੀ। ਇਨ੍ਹਾਂ ਮਿਆਰਾਂ ਉਪਰ ਇਮਤਿਹਾਨ ਦੀ ਘੜੀ ਸਮੇਂ ਗ਼ਦਰੀ ਬਾਬੇ ਸ਼ਤ ਪ੍ਰਤੀਸ਼ਤ ਖਰੇ ਉਤਰੇ। 
(3) ਭਾਵੇਂ ਗ਼ਦਰ ਪਾਰਟੀ ਦਾ ਹਥਿਆਰਬੰਦ ਸੰਘਰਸ਼ ਰਾਹੀਂ ਸਾਮਰਾਜੀ ਗੁਲਾਮੀ ਦਾ ਜੂਲਾ ਉਤਾਰ ਕੇ ਆਜ਼ਾਦੀ ਹਾਸਲ ਕਰਨ ਦਾ ਨਿਸ਼ਾਨਾ ਤਾਂ ਮਿਥੀ ਯੋਜਨਾ ਮੁਤਾਬਕ ਅਸਫਲ ਹੋ ਗਿਆ ਅਤੇ ਅੰਗਰੇਜ਼ਾਂ ਨੇ ਅੰਨ੍ਹੇ ਜਬਰ ਨਾਲ ਇਸ ਨੂੰ ਦਬਾ ਦਿੱਤਾ, ਪ੍ਰੰਤੂ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਵਿਚ ਗ਼ਦਰੀ ਲਹਿਰ ਤੋਂ ਬਾਅਦ ਪੰਜਾਬ ਦੀ ਧਰਤੀ ਉਪਰ ਕੋਈ ਵੀ ਐਸੀ ਅਗਾਂਹਵਧੂ ਲਹਿਰ ਨਹੀਂ ਹੈ ਜਿਸ ਉਪਰ ਗ਼ਦਰ ਪਾਰਟੀ ਦੇ ਸਿਧਾਂਤਾਂ ਅਤੇ ਕੁਰਬਾਨੀਆਂ ਦੀ ਛਾਪ ਨਾ ਦਿਸਦੀ ਹੋਵੇ। ਬੱਬਰ ਅਕਾਲੀ ਲਹਿਰ, ਕਿਰਤੀ ਕਿਸਾਨ ਪਾਰਟੀ, ਸ਼ਹੀਦ-ਇ-ਆਜ਼ਮ ਭਗਤ ਸਿੰਘ ਦੀ ਨੌਜਵਾਨ ਭਾਰਤ ਸਭਾ ਆਦਿ ਮਹਾਨ ਕਰਾਂਤੀਕਾਰੀ ਲਹਿਰਾਂ ਦੇ ਆਗੂ ਗ਼ਦਰ ਪਾਰਟੀ ਦੀ ਹੱਕ ਸੱਚ ਦੀ ਲੜਾਈ ਤੋਂ ਅਤਿਅੰਤ ਪ੍ਰਭਾਵਿਤ ਹੋਏ। ਇਥੋਂ ਤੱਕ ਕਿ ਜਿੰਨੇ ਗ਼ਦਰੀ ਫਾਂਸੀਆਂ ਤੋਂ ਬਚੇ ਤੇ ਲੰਬੀਆਂ ਉਮਰ-ਕੈਦਾਂ ਕੱਟ ਕੇ ਜੇਲ੍ਹੋਂ ਬਾਹਰ ਆਏ, ਉਹਨਾਂ 'ਚੋਂ ਬਹੁਤ ਵੱਡੀ ਗਿਣਤੀ ਮਾਰਕਸਵਾਦ-ਲੈਨਿਨਵਾਦ ਦੀ ਅਨੁਇਆਈ ਬਣੀ ਅਤੇ ਉਨ੍ਹਾਂ ਨੇ ਆਜ਼ਾਦੀ ਪ੍ਰਾਪਤੀ ਤੋਂ ਪਹਿਲਾਂ ਤੇ ਬਾਅਦ ਵਿਚ ਵੀ ਮਜ਼ਦੂਰਾਂ ਕਿਸਾਨਾਂ ਦੀ ਲਹਿਰ, ਭਾਵ ਕਮਿਊਨਿਸਟ ਪਾਰਟੀ ਵਿਚ ਸ਼ਮੂਲੀਅਤ ਕੀਤੀ ਅਤੇ ਬਰਾਬਰਤਾ ਤੇ ਜਮਹੂਰੀਅਤ ਦੀ ਜੰਗ ਜਾਰੀ ਰੱਖੀ। 
(4) ਅਜੋਕੇ ਸਮਿਆਂ ਵਿਚ ਵੀ ਗ਼ਦਰ ਪਾਰਟੀ ਦੇ ਮਿਥੇ ਨਿਸ਼ਾਨਿਆਂ ਅਤੇ ਅਦਰਸ਼ਾਂ ਦੀ ਪੂਰੀ ਤਰ੍ਹਾਂ ਪ੍ਰਸੰਗਕਤਾ ਹੈ ਅਤੇ ਜੇਕਰ ਅਸੀਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਖਾਤਮਾ ਕਰਕੇ ਸਮਾਜਵਾਦ ਦੀ ਪ੍ਰਾਪਤੀ ਦਾ ਮੰਤਵ ਪੂਰਾ ਕਰਨਾ ਚਾਹੁੰਦੇ ਹਾਂ ਤਦ ਸਾਨੂੰ ਗ਼ਦਰ ਪਾਰਟੀ ਦੇ ਆਗੂਆਂ ਦੇ ਮਿਸ਼ਨਰੀ, ਸਾਦਾ ਅਤੇ ਕੁਰਬਾਨੀਆਂ ਭਰਪੂਰ ਜੀਵਨ ਤੋਂ ਸੇਧ ਤੇ ਪ੍ਰੇਰਨਾ ਲੈਣ ਦੀ ਜ਼ਰੂਰਤ ਅੱਜ ਪਿਛਲੇ ਕਿਸੇ ਵੀ ਸਮਿਆਂ ਨਾਲੋਂ ਜ਼ਿਆਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਾਰਨਾਂ ਅਤੇ ਕਮਜ਼ੋਰੀਆਂ ਨੂੰ ਵੀ ਖੋਜਣਾ, ਸਮਝਣਾ ਅਤੇ ਦੂਰ ਕਰਨਾ ਹੋਵੇਗਾ, ਜਿਨ੍ਹਾਂ ਦੇ ਹੁੰਦਿਆਂ ਗ਼ਦਰ ਪਾਰਟੀ ਵਲੋਂ ਹਥਿਆਰਬੰਦ ਘੋਲ ਰਾਹੀਂ ਗ਼ਦਰ ਕਰਕੇ ਅਜ਼ਾਦੀ ਪ੍ਰਾਪਤ ਕਰਨ ਅਤੇ ਬਰਾਬਰਤਾ ਵਾਲਾ ਸਮਾਜ ਸਿਰਜਣ ਦਾ ਨਿਸ਼ਾਨਾ ਅਸਫਲ ਰਿਹਾ, ਭਾਵੇਂ ਕਿ ਗ਼ਦਰੀ ਬਾਬਿਆਂ ਦੀਆਂ ਕੁਰਬਾਨੀਆਂ ਅਤੇ ਸਾਹਸ ਲਾਮਿਸਾਲ ਤੇ ਅਦੁੱਤੀ ਸੀ। ਮਕਾਨਕੀ ਢੰਗ ਨਾਲ, 100 ਸਾਲ ਪਹਿਲਾਂ ਦੀਆਂ ਹਾਲਤਾਂ ਵਿਚ ਅਪਣਾਏ ਗਏ ਦਾਅਪੇਚਾਂ ਨੂੰ ਮੌਜੂਦਾ ਅਵਸਥਾਵਾਂ ਵਿਚ ਅੰਤਰਮੁਖੀ ਸੋਚ ਅਧੀਨ ਹੂਬਹੂ ਲਾਗੂ ਕਰਨ ਅਤੇ ਉਸ ਸਮੇਂ ਦੀਆਂ ਗ਼ਦਰ ਪਾਰਟੀ ਵਿਚਲੀਆਂ ਰਾਜਸੀ ਤੇ ਜਥੇਬੰਦਕ ਘਾਟਾਂ ਨੂੰ ਦੂਰ ਕੀਤੇ ਬਿਨਾਂ ਪੂੰਜੀਵਾਦੀ ਨਿਜ਼ਾਮ ਨੂੰ ਢਾਹ ਢੇਰੀ ਕਰਕੇ ਸਮਾਜਿਕ ਪਰਿਵਰਤਨ (ਸਮਾਜਵਾਦੀ ਪ੍ਰਬੰਧ ਦੀ ਸਥਾਪਤੀ) ਦੇ ਕਾਰਜ ਨੂੰ ਸਿਰੇ ਨਹੀਂ ਚਾੜ੍ਹਿਆ ਜਾ ਸਕਦਾ। 
(5) ਗ਼ਦਰ ਪਾਰਟੀ ਦੇ ਮਹਾਨ ਕਰਾਂਤੀਕਾਰੀਆਂ ਵਾਂਗ, ਸਾਨੂੰ ਵੀ ਮੌਜੂਦਾ ਹੁਕਮਰਾਨਾਂ ਤੇ ਸਾਮਰਾਜੀ ਲੁਟੇਰਿਆਂ ਨਾਲ ਯੁਧ ਕਰਨ ਲਈ ਮਾਰਕਸਵਾਦ-ਲੈਨਿਨਵਾਦ ਦੀ ਵਿਗਿਆਨਕ ਵਿਚਾਰਧਾਰਾ ਤੋਂ ਸੇਧ ਲੈਂਦਿਆਂ ਹੋਇਆਂ ਆਪਣੇ ਖਿੱਤੇ ਅਤੇ ਦੇਸ਼ ਦੇ ਇਤਿਹਾਸਕ ਪਿਛੋਕੜ ਨੂੰ, ਇਤਿਹਾਸ ਦੇ ਪੰਨਿਆਂ ਉਪਰ ਉਕਰੀਆਂ ਹੋਈਆਂ ਹਰ ਕਿਸਮ ਦੀਆਂ ਬੇਇਨਸਾਫੀਆਂ ਵਿਰੁੱਧ ਲੜੀਆਂ ਗਈਆਂ ਮਹਾਨ ਲੜਾਈਆਂ ਦੇ ਸਬਕਾਂ ਤੇ ਕੁਰਬਾਨੀਆਂ ਨੂੰ ਅਤੇ ਇਥੋਂ ਦੇ ਸਮਾਜ ਵਿਚਲੀਆਂ ਸਮਾਜਿਕ ਤੇ ਸਭਿਆਚਾਰਕ ਪਰਤਾਂ ਨੂੰ ਸਾਹਮਣੇ ਰੱਖਣਾ ਹੋਵੇਗਾ ਅਤੇ ਅਜੇਹੇ ਗਿਆਨ ਦਾ ਪ੍ਰਯੋਗ ਆਪਣੀ ਲਹਿਰ ਦੇ ਵਾਧੇ ਹਿੱਤ ਕਰਨਾ ਹੋਵੇਗਾ। ਕੋਈ ਵੀ ਇਨਕਲਾਬੀ ਲਹਿਰ ਆਪਣੇ ਧਰਾਤਲ ਤੋਂ ਟੁੱਟ ਕੇ ਨਹੀਂ ਉਸਾਰੀ ਜਾ ਸਕਦੀ। ਗ਼ਦਰ ਪਾਰਟੀ ਦੇ ਆਗੂਆਂ ਨੇ ਇਸ ਵਿਧੀ ਨੂੰ ਪੂਰੀ ਯੋਗਤਾ ਨਾਲ ਵਰਤਿਆ। 
(6) ਅੱਜ ਦੇ ਸਮੇਂ ਵਿਚ ਸਾਮਰਾਜ, ਵੱਡੀ ਸਰਮਾਏਦਾਰੀ ਤੇ ਜਗੀਰਦਾਰੀ ਦੇ ਜਮਾਤੀ ਰਾਜ ਵਿਰੁੱਧ ਦ੍ਰਿੜ, ਲਹੂ ਵੀਟਵੇਂ ਤੇ ਵਿਸ਼ਾਲ ਖਾੜਕੂ ਸੰਘਰਸ਼ ਕਰਦਿਆਂ ਹੋਇਆਂ ਫਿਰਕਾਪ੍ਰਸਤੀ, ਜਾਤੀਵਾਦ, ਇਲਾਕਾਵਾਦ, ਹਰ ਕਿਸਮ ਦੇ ਕੌਮੀ ਛਾਵਨਵਾਦ ਤੇ ਪਿਛਾਖੜੀ ਵਿਚਾਰਾਂ ਵਿਰੁੱਧ ਬੇਕਿਰਕ ਵਿਚਾਰਧਾਰਕ ਸੰਘਰਸ਼ ਨੂੰ ਤੇਜ਼ ਕਰਨ ਦੇ ਯਤਨ ਹਕੀਕੀ ਤੌਰ 'ਤੇ ਗ਼ਦਰ ਪਾਰਟੀ ਦੀ ਸ਼ਤਾਬਦੀ ਮਨਾਉਣ ਦਾ ਢੁਕਵਾਂ ਤਰੀਕਾ ਹੋਵੇਗਾ। 
ਆਓ ਸਾਰੇ ਖੱਬੇ ਪੱਖੀ, ਅਗਾਂਹਵਧੂ ਤੇ ਜਮਹੂਰੀ ਵਿਚਾਰਾਂ ਦੇ  ਸੰਗਠਨ, ਇਕੱਠੇ ਹੋ ਕੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵਲੋਂ ਉਲੀਕੇ ਗਏ ਪ੍ਰੋਗਰਾਮਾਂ ਅਨੁਸਾਰ ਗ਼ਦਰ ਪਾਰਟੀ ਦੀ ਸ਼ਤਾਬਦੀ ਦੇ ਜਸ਼ਨਾਂ ਨੂੰ, ਇਸਦੇ ਵਿਚਾਰਾਂ ਅਤੇ ਅਮਲਾਂ ਦੀ ਭਾਵਨਾਂ ਵਿਚ, ਪੂਰੀ ਤਾਕਤ ਨਾਲ ਮਨਾਉਣ ਦਾ ਕੰਮ ਹੋਰ ਤੇਜ਼ ਕਰੀਏ।

ਸਹਾਇਤਾ (ਸੰਗਰਾਮੀ ਲਹਿਰ - ਅਗਸਤ 2013)


ਕਾਮਰੇਡ ਸੰਤੋਖ ਸਿੰਘ ਔਲਖ ਜ਼ਿਲ੍ਹਾ ਗੁਰਦਾਸਪੁਰ ਨੇ ਆਪਣੇ ਪੋਤਰੇ ਅੰਗਦ ਸਿੰਘ ਪੁੱਤਰ ਸ਼੍ਰੀ ਅਮਨਦੀਪ ਸਿੰਘ ਔਲਖ ਦੇ ਜਨਮ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਗੁਰਦਾਸਪੁਰ ਨੂੰ 10,000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਸ. ਰਜਿੰਦਰ ਸਿੰਘ ਮੋਹਾਲੀ ਨੇ ਆਪਣੇ ਪੁੱਤਰ ਸ਼੍ਰੀ ਕਰਨਬੀਰ ਗਿੱਲ ਦੇ ਮਰਚੈਂਟ ਨੇਵੀ ਵਿਚ ਭਰਤੀ ਹੋਣ 'ਤੇ ਸੀ.ਪੀ.ਐਮ. ਪੰਜਾਬ ਜ਼ਿਲ੍ਹਾ ਗੁਰਦਾਸਪੁਰ ਨੂੰ 4900 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਸ. ਪ੍ਰੀਤਮ ਸਿੰਘ ਔਲਖ ਨੇ ਆਪਣੇ ਪੋਤਰੇ ਤਨਵੀਰ ਔਲਖ ਅਤੇ ਅਰਜਨ ਸਿੰਘ ਔਲਖ ਦੇ ਜਨਮ ਦਿਨ 'ਤੇ ਸੀ.ਪੀ.ਐਮ. ਪੰਜਾਬ ਜ਼ਿਲ੍ਹਾ ਗੁਰਦਾਸਪੁਰ ਨੂੰ 2000 ਰੁਪਏ, ਜਮਹੂਰੀ ਕਿਸਾਨ ਸਭਾ ਨੂੰ 3000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਹਿੰਮਤ ਸਿੰਘ ਮੋਹਾਲੀ ਵਲੋਂ ਆਪਣੇ 25 ਸਾਲਾ ਭਤੀਜੇ ਇੰਜੀਨੀਅਰ ਦਮਨਪ੍ਰੀਤ ਸਿੰਘ (ਸਪੁੱਤਰ ਹਰਚਰਨ ਸਿੰਘ) ਦੀ ਇਕ ਦਰਦਨਾਕ ਦੁਰਘਟਨਾ ਵਿਚ ਮੌਤ ਹੋ ਜਾਣ ਉਪਰੰਤ ਉਸਦੀਆਂ ਅੰਤਮ ਰਸਮਾਂ ਸਮੇਂ ਸੀ.ਪੀ.ਐਮ. ਪੰਜਾਬ ਨੂੰ 300 ਰੁਪਏ, ਸੀ.ਪੀ.ਐਮ. ਪੰਜਾਬ ਦੀ ਚੰਡੀਗੜ੍ਹ ਜ਼ਿਲ੍ਹਾ ਨੂੰ 200 ਅਤੇ ਸੰਗਰਾਮੀ ਲਹਿਰ ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਗਿੰਦਰ ਸਿੰਘ, ਪਿੰਡ ਦਸੌਂਦਾ ਸਿੰਘ ਵਾਲਾ, ਜ਼ਿਲ੍ਹਾ ਬਰਨਾਲਾ ਦੀ ਅੰਤਿਮ ਅਰਦਾਸ ਸਮੇਂ ਉਨ੍ਹਾਂ ਦੇ ਪਰਿਵਾਰ ਵਲੋਂ ਸੀ.ਪੀ.ਐਮ. ਪੰਜਾਬ ਜ਼ਿਲ੍ਹਾ ਬਰਨਾਲਾ ਇਕਾਈ ਨੂੰ 900 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਮੁਲਾਜ਼ਮ ਆਗੂ ਦਰਸ਼ਨ ਰਾਮ ਸਿਆਣ ਅਤੇ ਸ਼੍ਰੀਮਤੀ ਸੁਰਿੰਦਰ ਕੌਰ ਸਿਆਣ ਪਿੰਡ ਬਿਲਗਾ ਜ਼ਿਲ੍ਹਾ ਜਲੰਧਰ ਦੇ ਸਪੁੱਤਰ ਕੁਲਦੀਪ ਰਾਮਸਿਆਣ ਦਾ ਵਿਆਹ ਬੀਬੀ ਜਿਉਤੀ ਸਪੁੱਤਰੀ ਸ਼੍ਰੀ ਰਾਮ ਮੂਰਤੀ ਅਤੇ ਜਸਵਿੰਦਰ ਕੌਰ ਪਿੰਡ ਤੰਦਾ-ਊਰਾ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ. ਪੰਜਾਬ ਨੂੰ 1000 ਰੁਪਏ, ਸੀ.ਪੀ.ਐਮ. ਪੰਜਾਬ ਯੂਨਿਟ ਬਿਲਗਾ ਜ਼ਿਲ੍ਹਾ ਜਲੰਧਰ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਸੁਰਜੀਤ ਸਿੰਘ ਦੇਹੜ ਪਿੰਡ ਠੀਕਰੀਵਾਲਾ ਜ਼ਿਲ੍ਹਾ ਬਰਨਾਲਾ ਵਲੋਂ ਆਪਣੇ ਪੋਤਰੇ ਕਾਕਾ ਤਰਨਵੀਰ ਸਿੰਘ ਦੇ ਜਨਮ ਦੀ ਖੁਸ਼ੀ ਵਿਚ ਸੀ.ਪੀ.ਐਮ. ਪੰਜਾਬ ਜ਼ਿਲ੍ਹਾ ਬਰਨਾਲਾ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਗੁਰਦੇਵ ਸਿੰਘ ਸਹਿਜੜਾ ਪਿੰਡ ਸਹਿਜੜਾ ਜ਼ਿਲ੍ਹਾ ਬਰਨਾਲਾ ਵਲੋਂ ਆਪਣੇ ਪਿੰਡ ਦਾ ਪੰਚ ਬਣਨ ਦੀ ਖੁਸ਼ੀ ਵਿਚ ਸੀ.ਪੀ.ਐਮ. ਪੰਜਾਬ ਜ਼ਿਲ੍ਹਾ ਬਰਨਾਲਾ ਇਕਾਈ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਜਸਪਾਲ ਸਰੀਂਹਾਂ ਵਲੋਂ ਆਪਣੇ ਪਿੰਡ ਮਹਿਲਕਲਾਂ ਦਾ ਪੰਚ ਬਣਨ ਦੀ ਖੁਸ਼ੀ ਵਿਚ 500 ਰੁਪਏ ਸੀ.ਪੀ.ਐਮ. ਪੰਜਾਬ ਜਿਲ੍ਹਾ ਬਰਨਾਲਾ ਇਕਾਈ ਨੂੰ ਅਤੇ 100 ਰੁਪਏ 'ਸੰਗਰਾਮੀ ਲਹਿਰ' ਨੂੰ ਸਹਾਇਤਾ ਵਜੋਂ ਦਿੱਤੇ।
ਦ ਇੰਜੀਨੀਅਰ ਲੋਕਦੀਪ ਸਿੰਘ ਪੁੱਤਰ ਕਾਮਰੇਡ ਰਘਬੀਰ ਸਿੰਘ ਨੇ ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਕਮੇਟੀ ਗੁਰਦਾਸਪੁਰ ਨੂੰ 10,000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਸੁਰਜੀਤ ਰਾਮ ਸਰਕਲ ਸਕੱਤਰ ਨਵਾਂ ਸ਼ਹਿਰ ਨੇ ਆਪਣੀ ਸੇਵਾ ਮੁਕਤੀ ਸਮੇਂ ਸੀ.ਪੀ.ਐਮ. ਪੰਜਾਬ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਉਘੇ ਕਮਿਊਨਿਸਟ ਆਗੂ ਕਾਮਰੇਡ ਹਜਾਰਾ ਸਿੰਘ ਜੱਸੜ ਦੀ ਦੀ ਸਪੁੱਤਰੀ ਬੀਬੀ ਸੁਰਜੀਤ ਕੌਰ ਵਲੋਂ ਆਪਣੇ ਬੇਟੇ ਅਮਨਦੀਪ ਸਿੰਘ ਦੇ ਜਨਮ ਦਿਨ ਤੇ ਸੀ.ਪੀ.ਐਮ. ਪੰਜਾਬ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 150 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਹਿੰਮਤ ਸਿੰਘ ਅਧਿਆਪਕ ਆਗੂ ਮਲੋਟ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੇ ਆਪਣੀ ਪਤਨੀ ਸ਼੍ਰੀਮਤੀ ਪ੍ਰੀਤਮ ਕੌਰ ਮੁੱਖ ਅਧਿਆਪਕਾ ਸਰਕਾਰੀ ਹਾਈ ਸਕੂਲ ਬੁਰਜਸਿੱਧਵਾਂ ਜ਼ਿਲ੍ਹਾ ਮੁਕਤਸਰ ਸਾਹਿਬ ਦੀ ਛੇਵੀਂ ਬਰਸੀ (11 ਅਗਸਤ) ਮੌਕੇ 200 ਰੁਪਏ 'ਸੰਗਰਾਮੀ ਲਹਿਰ' ਨੂੰ ਸਹਾਇਤਾ ਵਜੋਂ ਦਿੱਤੇ। 

ਸੀ.ਪੀ.ਐਮ. ਪੰਜਾਬ ਦੀ ਗੁਰਦਾਸਪੁਰ ਜ਼ਿਲ੍ਹਾ ਕਮੇਟੀ ਦੇ ਮੈਂਬਰ ਸਾਥੀ ਮਾਇਆਧਾਰੀ ਦੇ ਸ਼ਰਧਾਂਜਲੀ ਸਮਾਗਮ ਮੌਕੇ ਉਨ੍ਹਾ ਦੇ ਪਰਵਾਰ ਵਲੋਂ ਪਾਰਟੀ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਜਨਤਕ ਲਾਮਬੰਦੀ (ਸੰਗਰਾਮੀ ਲਹਿਰ - ਅਗਸਤ 2013)

ਕੁਲ ਹਿੰਦ ਲੈਫਟ ਕੋਆਰਡੀਨੇਸ਼ਨ ਦੀ ਮੀਟਿੰਗ

11 ਅਗਸਤ ਨੂੰ ਦਿੱਲੀ ਵਿਖੇ ਗ਼ਦਰ ਸ਼ਤਾਬਦੀ ਸਮਾਗਮ ਕਰਨ ਦਾ ਫੈਸਲਾ 
ਦੇਸ਼ ਦੀਆਂ 5 ਖੱਬੀਆਂ ਰਾਜਸੀ ਪਾਰਟੀਆਂ - ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ, ਸੀ.ਪੀ.ਐਮ. ਪੰਜਾਬ, ਲਾਲ ਨਿਸ਼ਾਨ ਪਾਰਟੀ (ਲੈਨਿਨਵਾਦੀ) ਮਹਾਂਰਾਸ਼ਟਰਾ, ਲੈਫਟ ਕੋਆਰਡੀਨੇਸ਼ਨ ਕਮੇਟੀ ਕੇਰਲਾ ਅਤੇ ਕਮਿਊਨਿਸਟ ਪਾਰਟੀ ਆਫ ਰੈਵੋਲਿਊਸ਼ਨਰੀ ਮਾਰਕਸਿਸਟ (CPRM) ਦਾਰਜਲਿੰਗ 'ਤੇ ਆਧਾਰਤ ਕੁਲ ਹਿੰਦ ਲੈਫਟ ਕੋਆਰਡੀਨੇਸ਼ਨ ਦੀ ਇਕ ਵਿਸ਼ੇਸ਼ ਮੀਟਿੰਗ 6 ਜੁਲਾਈ 2013 ਨੂੰ ਦਿੱਲੀ ਵਿਖੇ ਹੋਈ। ਸੀ.ਪੀ.ਐਮ. ਪੰਜਾਬ ਵਲੋਂ ਇਸ ਮੀਟਿੰਗ ਵਿਚ ਦੋ ਸਾਥੀਆਂ ਨੇ ਸ਼ਮੂਲੀਅਤ ਕੀਤੀ। 
ਇਸ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਭਾਰਤੀ ਸੁਤੰਤਰਤਾ ਸੰਗਰਾਮ ਨੂੰ ਇਨਕਲਾਬੀ ਹੁਲਾਰਾ ਦੇਣ ਵਾਲੀ ਗ਼ਦਰ ਪਾਰਟੀ ਦੇ ਦੁਨੀਆਂ ਭਰ ਵਿਚ ਮਨਾਏ ਜਾ ਰਹੇ ਸ਼ਤਾਬਦੀ ਸਮਾਰੋਹਾਂ ਦੀ ਲੜੀ ਵਿਚ ਏਆਈਐਲਸੀ ਵਲੋਂ 11 ਅਗਸਤ 2013 ਨੂੰ ਮਾਵਲੰਕਰ ਹਾਲ, ਨਵੀਂ ਦਿੱਲੀ ਵਿਖੇ ਇਕ ਵਿਸ਼ਾਲ ਸੈਮੀਨਾਰ ਅਤੇ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। ਬਾਅਦ ਦੁਪਹਿਰ 4 ਵਜੇ ਤੋਂ 8 ਵਜੇ ਰਾਤ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਵਿਚ ਦਿੱਲੀ ਸ਼ਹਿਰ ਤੋਂ ਇਲਾਵਾ ਨਾਲ ਲੱਗਦੇ ਹਰਿਆਣਾ, ਉਤਰ ਪ੍ਰਦੇਸ਼ ਅਤੇ ਪੰਜਾਬ ਤੋਂ ਵੀ ਚੋਖੀ ਗਿਣਤੀ ਵਿਚ ਬੁੱਧੀਜੀਵੀ ਅਤੇ ਸਰਗਰਮ ਰਾਜਸੀ ਵਰਕਰ ਵੀ ਸ਼ਾਮਲ ਹੋਣਗੇ। ਇਸ ਪ੍ਰੋਗਰਾਮ ਨੂੰ ਹੋਰਨਾਂ ਤੋਂ ਇਲਾਵਾ ਉਘੇ ਵਿਦਵਾਨ ਪ੍ਰੋ. ਚਮਨ ਲਾਲ ਜੀ ਉਚੇਚੇ ਤੌਰ 'ਤੇ ਸੰਬੋਧਨ ਕਰਨਗੇ। 
ਦੇਸ਼ ਨੂੰ ਦਰਪੇਸ਼ ਰਾਜਨੀਤਕ ਅਵਸਥਾ ਉਪਰ ਵਿਚਾਰ ਕਰਦਿਆਂ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਇਨਕਲਾਬੀ ਲਹਿਰ ਦੇ ਵਿਕਾਸ ਲਈ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨਵਉਦਾਰਵਾਦੀ ਨੀਤੀਆਂ ਵਿਰੁੱਧ ਅਤੇ ਫਿਰਕੂ ਸ਼ਕਤੀਆਂ ਦੇ ਖਤਰਨਾਕ ਮਨਸੂਬਿਆਂ ਵਿਰੁੱਧ ਜਨਤਕ ਲਾਮਬੰਦੀ 'ਤੇ ਅਧਾਰਤ ਸਾਂਝੇ ਸੰਘਰਸ਼ਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇ। ਆਉਂਦੀਆਂ ਚੋਣਾਂ ਅੰਦਰ ਦਖਲਅੰਦਾਜ਼ੀ ਕਰਨ ਦੇ ਸੰਦਰਭ ਵਿਚ ਫੈਸਲਾ ਲਿਆ ਗਿਆ ਕਿ ਇਸ ਮੰਤਵ ਲਈ ਸਮੁੱਚੀਆਂ ਖੱਬੀਆਂ ਸ਼ਕਤੀਆਂ ਨੂੰ ਇਕਜੁੱਟ ਕਰਨ ਵਾਸਤੇ ਵੱਧ ਤੋਂ ਵੱਧ ਪ੍ਰਾਂਤਾਂ ਅੰਦਰ ਠੋਸ ਰੂਪ ਵਿਚ ਪਹਿਲਕਦਮੀ ਕੀਤੀ ਜਾਵੇ ਅਤੇ ਲੋਕਾਂ ਸਾਹਮਣੇ ਇਕ ਨੀਤੀਗਤ ਲੋਕ ਪੱਖੀ ਵਿਕਾਸ ਦਾ ਬਦਲ ਪੇਸ਼ ਕੀਤਾ ਜਾਵੇ। 
ਇਕ ਮਤੇ ਰਾਹੀਂ ਯੂ.ਪੀ.ਏ. ਸਰਕਾਰ ਵਲੋਂ ਖੁਰਾਕ ਸੁਰੱਖਿਆ ਦੇ ਮੁੱਦੇ 'ਤੇ ਆਰਡੀਨੈਂਸ ਜਾਰੀ ਕਰਨ ਦੀ ਤਿੱਖੀ ਅਲੋਚਨਾ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਇਸ ਯੋਜਨਾ ਦਾ ਘੇਰਾ ਸੀਮਤ ਕਰਨ ਦੀ ਥਾਂ ਇਸ ਨੂੰ ਸਰਵਜਨਕ ਬਣਾਇਆ ਜਾਵੇ ਅਤੇ ਹਰ ਪਰਵਾਰ ਨੂੰ ਹਰ ਮਹੀਨੇ ਘੱਟੋ ਘੱਟ 50 ਕਿਲੋ ਅਨਾਜ ਮੁਹੱਈਆ ਕੀਤਾ ਜਾਵੇ। ਇਕ ਹੋਰ ਮਤੇ ਰਾਹੀਂ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਰਾਹੀਂ ਐਡਵਰਡ ਸਨੋਡੇਨ ਵਿਰੁੱਧ ਦਾਗੇ ਗਏ ਬਿਆਨ ਦੀ ਭਰਪੂਰ ਨਿਖੇਧੀ ਕੀਤੀ ਗਈ। ਵਿਦੇਸ਼ ਮੰਤਰੀ ਦਾ ਇਹ ਬਿਆਨ ਅਮਰੀਕੀ ਸਾਮਰਾਜ ਵਲੋਂ ਦੁਨੀਆਂ ਭਰ ਦੇ ਲੋਕਾਂ ਵਿਰੁੱਧ ਫੈਲਾਏ ਗਏ ਸੂਹੀਆ ਜਾਲ ਦਾ ਸਮਰੱਥਨ ਕਰਨ ਦੇ ਤੁਲ ਹੈ ਜਦੋਂਕਿ ਲੋੜ ਇਸ ਗੱਲ ਦੀ ਹੈ ਕਿ ਸਾਮਰਾਜ ਦੀਆਂ ਅਜਿਹੀਆਂ ਸਾਜਸ਼ਾਂ ਵਿਰੁੱਧ ਚਿੰਤਤ ਹੋਇਆ ਜਾਵੇ ਅਤੇ ਵਿਸ਼ਵ ਵਿਆਪੀ ਲੋਕ ਰਾਇ ਨੂੰ ਇਕਜੁੱਟ ਕੀਤਾ ਜਾਵੇ। 


ਸੰਘਰਸ਼ਸ਼ੀਲ ਮਜ਼ਦੂਰ-ਕਿਸਾਨ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਦੇ ਸੱਦੇ 'ਤੇ 
ਨਿਰਵਿਘਨ ਬਿਜਲੀ ਸਪਲਾਈ ਲਈ ਪੰਜਾਬ ਭਰ 'ਚ ਧਰਨੇ

ਪੰਜਾਬ ਦੀਆਂ ਸੰਘਰਸ਼ਸ਼ੀਲ ਮਜ਼ਦੂਰ-ਕਿਸਾਨ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਦੇ ਸੱਦੇ 'ਤੇ ਮਜ਼ਦੂਰਾਂ, ਕਿਸਾਨਾਂ ਨੇ ਪੰਜਾਬ ਭਰ ਵਿਚ ਬਿਜਲੀ ਸਪਲਾਈ ਨਾਲ ਸੰਬੰਧਤ ਮੰਗਾਂ ਨੂੰ ਲੈ ਕੇ 12 ਜੁਲਾਈ ਨੂੰ ਪਾਵਰਕਾਮ ਦੇ ਦਫਤਰਾਂ ਅੱਗੇ ਰੋਹ ਭਰਪੂਰ ਧਰਨੇ ਦਿੱਤੇ ਅਤੇ ਪਾਵਰਕਾਮ ਦੇ ਅਧਿਕਾਰੀਆਂ ਜ਼ਰੀਏ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜੇ। 
ਵੱਖ ਵੱਖ ਥਾਵਾਂ 'ਤੇ ਹੋਏ ਇਕੱਠਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਯਾਦ ਕਰਵਾਇਆ ਕਿ ਉਸਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਕੀਤੀ ਜਾਵੇਗੀ ਪਰ ਉਸਦਾ ਇਹ ਵਾਅਦਾ ਵਫਾ ਨਹੀਂ ਹੋ ਸਕਿਆ। ਅੱਠ ਘੰਟੇ ਤਾਂ ਕੀ ਬਿਜਲੀ 4 ਘੰਟੇ ਵੀ ਨਹੀਂ ਮਿਲ ਰਹੀ। ਇਸ ਹਾਲਤ ਵਿਚ ਫਸਲਾਂ ਪਾਲਣਾ ਬਹੁਤ ਮੁਸ਼ਕਲ ਹੈ। ਮਜ਼ਬੂਰ ਹੋ ਕੇ ਕਿਸਾਨਾਂ ਨੂੰ ਮਹਿੰਗੇ ਭਾਅ ਦੇ ਡੀਜ਼ਲ 'ਤੇ ਜਨਰੇਟਰ ਚਲਾ ਕੇ ਕੰਮ ਚਲਾਉਣਾ ਪੈ ਰਿਹਾ ਹੈ। ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਨਪੀੜੀ ਜਾ ਰਹੀ ਕਿਸਾਨੀ ਲਈ ਇਹ ਬੋਝ ਅਸਹਿ ਹੈ। ਬੁਲਾਰਿਆਂ ਨੇ ਕਿਹਾ ਕਿ ਕਿਸਾਨ ਹਿੱਤਾਂ ਦੀ ਪਹਿਰੇਦਾਰ ਹੋਣ ਦਾ ਦਾਅਵਾ ਕਰਦੀ ਬਾਦਲ ਸਰਕਾਰ ਨੇ ਕਿਸਾਨੀ ਦੀ ਬਾਂਹ ਤਾਂ ਕੀ ਫੜਨੀ ਹੈ, ਉਸ ਉਪਰ ਸਗੋਂ ਹੋਰ ਬੋਝ ਲੱਦਿਆ ਜਾ ਰਿਹਾ ਹੈ। ਪੰਜ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਦਿੱਤੇ ਜਾ ਰਹੇ ਟਿਊਬਵੈਲ ਕੁਨੈਕਸ਼ਨ ਦੇ ਸਮਾਨ ਦਾ ਖਰਚਾ ਕਿਸਾਨਾਂ ਸਿਰ ਪਾਇਆ ਜਾ ਰਿਹਾ ਹੈ। ਓਵਰ ਲੋਡ ਗਰਿੱਡ ਤੇ ਟਰਾਂਸਫਾਰਮਰ ਡੀਲੋਡ ਨਹੀਂ ਕੀਤੇ ਜਾ ਰਹੇ। 
ਪੰਜਾਬ ਸਰਕਾਰ ਦੀਆਂ ਮਜ਼ਦੂਰ-ਕਿਸਾਨ ਦੋਖੀ ਨੀਤੀਆਂ ਦੇ ਬਖੀਏ ਉਧੇੜਦਿਆਂ ਆਗੂਆਂ ਨੇ ਅੱਗੇ ਕਿਹਾ ਕਿ ਪਾਵਰਕਾਮ ਵੱਲੋਂ ਘਰੇਲੂ ਸਪਲਾਈ ਲਈ ਨਵੇਂ ਸਿਰਿਓਂ ਸਕਿਉਰਟੀ ਅਤੇ ਇਕ ਮਹੀਨੇ ਦਾ ਅਡਵਾਂਸ ਬਿੱਲ ਜਮ੍ਹਾਂ ਕਰਵਾਇਆ ਜਾ ਰਿਹਾ ਹੈ। ਮਜ਼ਦੂਰਾਂ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ ਨਹੀਂ ਕੀਤੀ ਜਾ ਰਹੇ। ਉਹਨਾਂ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਮਜ਼ਦੂਰਾਂ ਕਿਸਾਨਾਂ ਦੀਆਂ ਮੰਗਾਂ ਵੱਲ ਫੌਰੀ ਧਿਆਨ ਨਾ ਦਿੱਤਾ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। 
ਪਾਵਰਕਾਮ ਅਧਿਕਾਰੀਆਂ ਰਾਹੀਂ ਪੰਜਾਬ ਸਰਕਾਰ ਨੂੰ ਭੇਜੇ ਯਾਦ ਪੱਤਰਾਂ ਰਾਹੀਂ ਇਹ ਮੰਗ ਕੀਤੀ ਗਈ ਹੈ ਕਿ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਹਰ ਹਾਲ ਯਕੀਨੀ ਬਣਾਈ ਜਾਵੇ ਅਤੇ 16 ਘੰਟੇ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਵਾਸਤੇ ਲੋੜੀਂਦੇ ਪ੍ਰਬੰਧ ਕੀਤੇ ਜਾਣ, ਨੁਕਸ ਪੈਣ ਦੀ ਸੂਰਤ ਵਿਚ ਉਸਦੀ ਭਰਪਾਈ ਕੀਤੀ ਜਾਵੇ, ਖੇਤੀ ਮੋਟਰਾਂ ਦਾ ਲੋਡ ਵਧਾਉਣ ਲਈ ਮੁਫ਼ਤ ਵਿਵਸਥਾ ਹੋਵੇ, ਘਰੇਲੂ ਸਪਲਾਈ ਲਈ ਸਕਿਉਰਟੀ 'ਚ ਕੀਤਾ ਵਾਧਾ ਵਾਪਸ ਲਿਆ ਜਾਵੇ, ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਸਰਕਾਰ ਆਪਣੇ ਖਰਚੇ 'ਤੇ ਕੁਨੈਕਸ਼ਨ ਜਾਰੀ ਕਰੇ, ਧਰਮ-ਜਾਤ ਅਤੇ ਲੋਡ ਦੀ ਸ਼ਰਤ ਹਟਾ ਕੇ ਸਾਰੇ ਬੇਜ਼ਮੀਨੇ, ਬੇਰੁਜ਼ਗਾਰ ਮਜ਼ਦੂਰਾਂ ਨੂੰ ਘਰੇਲੂ ਖਪਤ ਲਈ ਬਿਜਲੀ ਸਪਲਾਈ ਮੁਫ਼ਤ ਦਿੱਤੀ ਜਾਵੇ ਅਤੇ ਉਨ੍ਹਾਂ ਦੇ ਬਕਾਏ ਮੁਆਫ ਕੀਤੇ ਜਾਣ ਅਤੇ ਡੇਰੇ-ਢਾਣੀਆਂ ਲਈ ਵੀ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। 

ਇਨ੍ਹਾਂ ਧਰਨਿਆਂ ਬਾਰੇ 'ਸੰਗਰਾਮੀ ਲਹਿਰ' ਨੂੰ ਪ੍ਰਾਪਤ ਰਿਪੋਰਟਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :
ਅਜਨਾਲਾ : ਕਿਸਾਨਾਂ ਮਜ਼ਦੂਰਾਂ ਦੀਆਂ ਬਿਜਲੀ ਨਾਲ ਸਬੰਧਿਤ ਫੌਰੀ ਪੂਰੀਆਂ ਕਰਨਯੋਗ ਮੰਗਾਂ ਦੀ ਪ੍ਰਾਪਤੀ ਲਈ ਸ਼ੰਘਰਸ਼ਸੀਲ ਜਥੇਬੰਦੀਆਂ ਦੇ ਸੱਦੇ 'ਤੇ ਐਕਸੀਅਨ ਪਾਵਰਕਾਮ ਅਜਨਾਲਾ ਦੇ ਦਫਤਰ ਸਾਹਮਣੇ ਰੋਹ ਭਰਿਆ ਧਰਨਾ ਦਿੱਤਾ ਗਿਆ ਅਤੇ ਜ਼ੋਰਦਾਰ ਰੋਸ ਰੈਲੀ ਕੀਤੀ ਗਈ, ਜਿਸ ਵਿੱਚ ਇਲਾਕੇ ਦੇ ਹਜ਼ਾਰਾਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਝੰਡੇ ਚੁੱਕੀ ਆਪਣੀਆਂ ਮੰਗਾਂ ਦੇ ਹੱਕ ਵਿੱਚ ਨਾਅਰੇ ਮਾਰਦੇ ਹੋਏ ਸ਼ਾਮਲ ਹੋਏ। ਇਸ ਧਰਨੇ ਦੀ ਅਗਵਾਈ ਜਥੇਬੰਦੀਆਂ ਦੇ ਆਗੂਆਂ ਬਲਵਿੰਦਰ ਸਿੰਘ ਭਿੰਡੀ ਔਲਖ,ਸਤਨਾਮ ਸਿੰਘ ਚੱਕ ਔਲ਼,ਹੀਰਾ ਸਿੰਘ ਚੱਕ ਸਿਕੰਦਰ,ਬੀਰ ਸਿੰਘ ਭੱਖੇ ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ  ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ,ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਧਨਵੰਤ ਸਿੰਘ ਖਤਰਾਏ ਕਲਾਂ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਕਸ਼ਮੀਰ ਸਿੰਘ ਧੰਗਈ, ਕਿਸਾਨ ਸ਼ੰਘਰਸ਼ ਕਮੇਟੀ ਪੰਜਾਬ ਦੇ ਆਗੂ ਗੁਰਦੇਵ ਸਿੰਘ ਗੱਗੋਮਾਹਲ ਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਗੁਰਨਾਮ ਸਿੰਘ ਉਮਰਪੁਰਾ ਨੇ ਕਿਹਾ ਕਿ ਚੇਅਰਮੈਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੇ ਪੰਜਾਬ ਸਰਕਾਰ ਵੱਲੋਂ ਜਥੇਬੰਦੀਆਂ ਦੇ ਡੈਪੂਟੇਸ਼ਨਾਂ ਨੂੰ ਪੂਰਨ ਵਿਸ਼ਵਾਸ਼ ਦਿਵਾਇਆ ਗਿਆ ਸੀ ਕਿ ਬਿਜਲੀ ਦਾ ਸਮੁੱਚਾ ਢਾਂਚਾ 30 ਜੂਨ ਤੱਕ ਪੂਰਾ ਦਰੁਸਤ ਕਰ ਦਿੱਤਾ ਜਾਵੇਗਾ,ਪੰਜਾਬ ਦੇ ਸਮੁੱਚੇ ਗਰਿੱਡ,ਫੀਡਰ ਤੇ ਟਰਾਂਸਫਾਰਮਰਾਂ ਨੂੰ ਡੀ ਲੋਡ ਕਰ ਦਿੱਤਾ ਜਾਵੇਗਾ, ਖੇਤੀ ਲਈ ਬਿਜਲੀ 8 ਘੰਟੇ ਅਤੇ ਘਰੇਲੂ ਕੰਮਾਂ ਵਾਸਤੇ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ, ਪਰ ਅਜਿਹਾ ਅਜੇ ਤੱਕ ਨਹੀਂ ਹੋਇਆ।  ਇਸ ਧਰਨੇ ਨੂੰ ਹੋਰਾਂ ਤੋਂ ਇਲਾਵਾ ਜਗਤਾਰ ਸਿੰਘ ਖਤਰਾਵਾਂ, ਅਵਤਾਰ ਸਿੰਘ ਜੱਸੜ, ਸ਼ੀਤਲ ਸਿੰਘ ਤਲਵੰਡੀ, ਜਸਪਾਲ ਸਿੰਘ ਧੰਗਈ, ਬਾਬਾ ਇੰਦਰਜੀਤ ਸਿੰਘ ਡੱਬਰ, ਜਗੀਰ ਸਿੰਘ ਲੀਡਰ, ਜਸਬੀਰ ਸਿੰਘ ਮਿਆਦੀਆਂ, ਮੰਗਲ ਸਿੰਘ ਧਰਮਕੋਟ, ਡਾ: ਕੁਲਦੀਪ ਸਿੰਘ ਮੱਤੇਨੰਗਲ, ਸੁਰਜੀਤ ਸਿੰਘ ਭੁਰੇ ਗਿੱਲ, ਸਵਿੰਦਰ ਸਿੰਘ ਬੱਲ, ਸਰਪੰਚ ਇੰਦਰਜੀਤ ਸਿੰਘ ਅਨੈਤਪੁਰਾ ਆਦਿ ਨੇ ਵੀ ਸੰਬੋਧਨ ਕੀਤਾ।
ਤਰਨਤਾਰਨ :"ਪੰਜਾਬ ਦੀਆਂ ਸੰਘਰਸ਼ਸ਼ੀਲ ਮਜ਼ਦੂਰ ਕਿਸਾਨ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਦੇ ਸੱਦੇ 'ਤੇ ਸੈਂਕੜੇ ਮਜ਼ਦੂਰਾਂ ਕਿਸਾਨਾਂ ਨੇ ਗਾਂਧੀ ਪਾਰਕ 'ਚ ਇਕੱਠੇ ਹੋ ਕੇ ਬਜ਼ਾਰਾਂ ਵਿੱਚ ਰੋਸ ਮਾਰਚ ਕਰਕੇ ਨਾਹਰੇ ਮਾਰਦੇ ਹੋਏ ਐਕਸੀਅਨ ਦਫਤਰ ਅੱਗੇ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ। ਰੋਸ ਮਾਰਚ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਆਗੂ ਮੁਖਤਾਰ ਸਿੰਘ ਮੱਲ੍ਹਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਗੁਰਲਾਲ ਸਿੰਘ ਪੰਡੋਰੀ ਰਣਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਬਲਦੇਵ ਸਿੰਘ ਭੈਲ, ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਬੁੱਧ ਸਿੰਘ ਰੂੜੀਵਾਲਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਦੇਵ ਸਿੰਘ ਕਾਲੇ ਸ਼ਾਹ ਨੇ ਕੀਤੀ। ਇਸ ਮੌਕੇ ਧਰਨਾਕਾਰੀਆਂ ਨੂੰ ਜਸਬੀਰ ਸਿੰਘ ਪਿੱਦੀ, ਪਰਗਟ ਸਿੰਘ ਜਾਮਾਰਾਏ, ਕੰਵਲਪ੍ਰੀਤ ਸਿੰਘ ਪੰਨੂੰ, ਜਸਪਾਲ ਸਿੰਘ ਝਬਾਲ ਤੋਂ ਇਲਾਵਾ ਸਤਨਾਮ ਸਿੰਘ ਦੇਓ, ਹਰਪ੍ਰੀਤ ਸਿੰਘ ਸਿਧਵਾਂ, ਸਰਦੂਲ ਸਿੰਘ ਲੋਹੁਕਾ, ਜਸਬੀਰ ਸਿੰਘ ਵੈਰੋਵਾਲ, ਲਖਵਿੰਦਰ ਸਿੰਘ ਪਲਾਸੌਰ, ਚਰਨਜੀਤ ਸਿੰਘ ਬਾਠ, ਮੇਹਰ ਸਿੰਘ ਸਖੀਰਾ, ਧੰਨਾ ਸਿੰਘ ਲਾਲੂ ਘੁੰਮਣ, ਹਰਦੀਪ ਸਿੰਘ ਰਸੂਲਪੁਰ, ਦਾਰਾ ਸਿੰਘ ਮੁੰਡਾਪਿੰਡ, ਸਤਨਾਮ ਸਿੰਘ ਜੌਹਲ, ਪ੍ਰਸ਼ੋਤਮ ਸਿੰਘ, ਜਵਾਹਰ ਸਿੰਘ ਟਾਂਡਾ, ਕਾਰਜ ਸਿੰਘ ਗਹਿਰੀ, ਮਾਸਟਰ ਸਰਦੂਲ ਸਿੰਘ ਉਸਮਾ, ਬਲਦੇਵ ਸਿੰਘ ਪੰਡੋਰੀ ਆਦਿ ਆਂਗੂਆਂ ਨੇ ਸੰਬੋਧਨ ਕੀਤਾ। 
ਜੰਡਿਆਲਾ ਗੁਰੂ : ਸੈਕੜੇ ਕਿਸਾਨ ਅਤੇ ਮਜ਼ਦੂਰਾਂ ਨੇ ਪਾਵਰਕਾਮ ਦੀ ਡਵੀਜ਼ਨ ਜੰਡਿਆਲਾ ਗੁਰੂ ਵਿੱਖੇ ਵਿਸ਼ਾਲ ਧਰਨਾ ਦਿੱਤਾ ਅਤੇ ਬਾਦਲ ਸਰਕਾਰ ਤੇ ਪਾਵਰਕਾਮ ਖਿਲਾਫ ਜ਼ੋਰਦਾਰ ਨਾਅਰੇ ਬਾਜ਼ੀ ਕੀਤੀ। ਇਸ ਧਰਨੇ ਦੀ ਪ੍ਰਧਾਨਗੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਭੁਪਿੰਦਰ ਸਿੰਘ ਤਖਤ ਮੱਲ, ਜਮਹੂਰੀ ਕਿਸਾਨ ਸਭਾ ਦੇ ਆਗੂ ਗੁਰਮੇਜ ਸਿੰਘ ਤਿੰਮੋਵਾਲ, ਕਿਰਤੀ ਕਿਸਾਨ ਯੁਨੀਅਨ ਦੇ ਆਗੂ ਪ੍ਰਭਜੀਤ ਸਿੰਘ ਤਿੰਮੋਵਾਲ ਅਤੇ ਗੁਰਸਾਹਬ ਸਿੰਘ ਚਾਟੀਵਿੰਡ ਆਦਿ ਆਗੂਆਂ ਨੇ ਕੀਤੀ। ਇਸ ਧਰਨੇ ਨੂੰ  ਕਿਸਾਨ ਸੰਘਰਸ਼ ਕਮੇਟੀ ਦੇ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਗੁਰਨਾਮ ਸਿੰਘ ਦਾਊਦ, ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਜਗਜੀਤ ਸਿੰਘ ਵਰਪਾਲ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਪ੍ਰਭਜੀਤ ਸਿੰਘ ਤਿੰਮੋਵਾਲ ਤੇ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ।
ਬਟਾਲਾ : ਪੰਜਾਬ ਦੀਆਂ 17 ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਸੱਦੇ 'ਤੇ ਸੈਂਕੜੇ ਕਿਸਾਨਾਂ-ਮਜ਼ਦੂਰਾਂ ਨੇ ਬਿਜਲੀ ਬੋਰਡ ਦੇ ਕਾਰਜਕਾਰੀ ਇੰਜਨੀਅਰ ਦੇ ਦਫ਼ਤਰ ਸਾਹਮਣੇ ਵਿਸ਼ਾਲ ਧਰਨਾ ਦਿੱਤਾ। ਇਸ ਧਰਨੇ ਦੀ ਪ੍ਰਧਾਨਗੀ ਸਵਰਸਾਥੀ ਸੁੱਚਾ ਸਿੰਘ ਠੱਠਾ, ਨਰਿੰਦਰ ਸਿੰਘ ਕੋਟਲਾ ਬਾਮਾ, ਪੁਸ਼ਪਿੰਦਰ ਸਿੰਘ ਸ਼ਾਹਪੁਰ ਜਾਜਨ, ਅਜੀਤ ਸਿੰਘ ਖੋਖਰ, ਮਾਨਾ ਮਸੀਹ ਬਾਲੇਵਾਲ ਅਤੇ ਗੁਰਨਾਮ ਸਿੰਘ ਸਰੂਪਵਾਲੀ ਨੇ ਸਾਂਝੇ ਤੌਰ 'ਤੇ ਕੀਤੀ। ਇਸ ਧਰਨੇ ਨੂੰ ਲਖਵਿੰਦਰ ਸਿੰਘ ਮੰਜਿਆਂਵਾਲੀ, ਬਲਵਿੰਦਰ ਸਿੰਘ ਰਵਾਲ, ਸੁਬੇਗ ਸਿੰਘ ਠੱਠਾ, ਬੂੜ ਸਿੰਘ ਖੁਸ਼ਹਾਲਪੁਰ, ਹਰਜੰਟ ਸਿੰਘ ਪੰਨਵਾਂ, ਸ਼ਿੰਦਾ ਅਤੇ ਰਘਬੀਰ ਸਿੰਘ ਪਕੀਵਾਂ ਨੇ ਸੰਬੋਧਨ ਕੀਤਾ।  ਉਪਰੋਕਤ ਆਗੂਆਂ ਤੋਂ ਬਿਨਾਂ ਟੀ.ਐਸ.ਯੂ ਦੇ ਆਗੂ ਪ੍ਰਮੋਦ ਕੁਮਾਰ, ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਆਗੂ ਬੀਬੀ ਰਜਵੰਤ ਕੌਰ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਜਗੀਰ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਆਪਣੀਆਂ ਜਥੇਬੰਦੀਆਂ ਵਲੋਂ ਕਿਸਾਨਾਂ-ਮਜ਼ਦੂਰਾਂ ਦੇ ਇਸ ਘੋਲ ਨੂੰ ਮੁਕੰਮਲ ਸਮੱਰਥਨ ਦੇਣ ਦਾ ਐਲਾਨ ਕੀਤਾ।
ਬੁਤਾਲਾ : ਸੰਘਰਸ਼ਸ਼ੀਲ ਮਜ਼ਦੂਰ ਕਿਸਾਨ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਪੰਜਾਬ ਦੇ ਸੂਬਾਈ ਸੱਦੇ 'ਤੇ ਪ੍ਰਭਾਵਸ਼ਾਲੀ ਇਕੱਠ ਵੱਲੋਂ ਦਿਹਾਤੀ ਮਜ਼ਦੂਰ ਸਭਾ ਦੇ ਸ਼ਿੰਗਾਰਾ ਸਿੰਘ ਸੁਧਾਰ, ਕਿਸਾਨ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਸਠਿਆਲਾ ਅਤੇ ਜਮਹੂਰੀ ਜਿਸਾਨ ਸਭਾ ਦੇ ਨਿਰਮਲ ਸਿੰਘ ਭਿੰਡਰ ਦੀ ਪ੍ਰਧਾਨਗੀ ਹੇਠ ਐਕਸੀਅਨ ਦਫਤਰ ਅੱਗੇ ਰੋਹ ਭਰਪੂਰ ਧਰਨਾ ਦਿੱਤਾ ਗਿਆ । ਜਿਸ ਨੂੰ ਸੰਬੋਧਨ ਕਰਦੇ ਹੋਏ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਕਿਸਾਨ ਸੰਘਰਸ਼ ਕਮੇਟੀ ਦੇ ਕਸ਼ਮੀਰ ਸਿੰਘ ਬਾਣੀਆ, ਕਿਸਾਨ ਸਭਾ ਦੇ ਹਰਪ੍ਰੀਤ ਸਿੰਘ ਬੁਟਾਰੀ ਨੇ ਕਿਹਾ ਕਿ 28 ਮਈ ਨੂੰ ਪਾਵਰਕਾਮ ਦੇ ਸੈਕਟਰੀ ਅਤੇ 24 ਜੂਨ ਨੂੰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨਾਲ ਹੋਈ ਗਲਬਾਤ ਵਿੱਚ ਸਰਕਾਰ ਨੇ ਮੰਨਿਆ ਸੀ ਕਿ ਝੋਨੇ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ 8 ਘੰਟੇ ਬਿਜਲੀ ਮਿਲੇਗੀ,ਲੋਡ ਵਧਾਉਣ ਦੀ ਰਕਮ ਘੱਟ  ਹੋਵੇਗੀ, ਢਾਈ ਏਕੜ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਪਹਿਲ ਦੇ ਆਧਾਰ 'ਤੇ ਕੁਨੈਕਸ਼ਨ ਦਿੱਤੇ ਜਾਣਗੇ, ਮਜ਼ਦੂਰਾਂ ਦੇ ਕੱਟੇ ਕੁਨੈਕਸ਼ਨ ਤੁਰੰਤ ਜੋੜੇ ਜਾਣਗੇ ਤੇ ਅੱਗੇ ਤੋਂ ਕੋਈ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ ਲੇਕਿਨ ਅਜੇ ਤੱਕ ਕਿਸੇ ਵੀ ਗੱਲ 'ਤੇ ਅਮਲ ਨਹੀਂ ਹੋਇਆ, ਜਿਸ ਕਰਕੇ ਮਜ਼ਦੂਰ ਤੇ ਕਿਸਾਨ ਸੰਘਰਸ਼ ਕਰਨ ਲਈ ਮਜ਼ਬੂਰ ਹਨ। ਇਸ ਧਰਨੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਮੀਤ ਪ੍ਰਧਾਨ ਅਮਰੀਕ ਸਿੰਘ ਦਾਊਦ, ਕਿਸਾਨ ਸੰਘਰਸ਼ ਕਮੇਟੀ ਦੇ ਚਰਨ ਸਿੰਘ ਕਲੇਰ ਘੁਮਾਣ, ਜ਼ਮਹੂਰੀ ਜਿਸਾਨ ਸਭਾ ਦੇ ਨਿਸ਼ਾਨ ਸਿੰਘ ਧਿਆਨਪੁਰ ਨੇ ਵੀ ਸੰਬੋਧਨ ਕੀਤਾ।
ਮਲੋਟ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਦੀ ਸੁਰੱਖਿਆ ਵਿਚ ਲੱਗੀ ਫੋਰਸ  ਨੂੰ  ਉਸ ਵੇਲੇ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਕਿਸਾਨ-ਮਜ਼ਦੂਰ ਜੱਥੇਬੰਦੀਆਂ ਦੇ 150 ਦੇ ਕਰੀਬ ਕਾਰਕੁੰਨ ਸੁਰੱਖਿਆ ਅਮਲੇ ਦੇ ਅੱਖੀਂ ਘੱਟਾ ਪਾ ਕੇ ਪਿੰਡ ਬਾਦਲ ਸਥਿਤ ਪਾਵਰਕਾਮ ਮੰਡਲ ਦਫਤਰ ਅੱਗੇ ਧਰਨਾ ਲਾ ਕੇ ਬੈਠ ਗਏ। ਇਹ ਧਰਨਾ ਤਿੰਨ ਘੰਟੇ ਤੱਕ ਜ਼ਾਰੀ ਰਿਹਾ। ਧਰਨਾਕਾਰੀਆਂ ਨੇ ਸਰਕਾਰ ਤੇ ਪਾਵਰਕਾਮ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।  ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਹਲਕੇ ਦੇ ਕਿਸਾਨਾਂ ਨੂੰ ਹੀ ਬਿਜਲੀ ਨਹੀਂ ਮਿਲ ਰਹੀ, ਦਿਨ ਵਿਚ ਸਿਰਫ ਦੋ-ਚਾਰ ਘੰਟੇ ਬਿਜਲੀ ਆਉਂਦੀ ਹੈ, ਜਿਸ ਨਾਲ ਫ਼ਸਲ ਪਾਲਣੀ ਅਸੰਭਵ ਹੈ। ਫ਼ਸਲ ਪਾਲਣ ਲਈ ਲੋਕ ਮਹਿੰਗੇ ਭਾਅ ਦਾ ਤੇਲ ਫੂਕ ਰਹੇ ਹਨ, ਜੇ ਇੱਥੇ ਇਹ ਹਾਲ ਹੈ ਤਾਂ ਬਾਕੀ ਪੰਜਾਬ ਦਾ ਕੀ ਮੰਜ਼ਰ ਹੋਵੇਗਾ? ਇਸ  ਤੋਂ ਇਲਾਵਾ ਭੁਪਿੰਦਰ ਸਿੰਘ ਚੰਨੂੰ, ਮੱਲ ਸਿੰਘ ਕੱਖਾਂਵਾਲੀ, ਬਲਦੇਵ ਸਿੰਘ ਖੁੱਡੀਆਂ, ਮਲਕੀਤ ਸਿੰਘ ਬਾਦਲ, ਜਗਸੀਰ ਸਿੰਘ ਗੱਗੜ, ਹੇਮਰਾਜ ਬਾਦਲ ਆਦਿ ਆਗੂਆਂ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਧਰਨਾਸਥਲ 'ਤੇ ਭਾਰੀ ਪੁਲਸ ਫੋਰਸ ਮੌਜੂਦ ਸੀ। ਤਿੰਨ ਘੰਟੇ ਤੱਕ ਚੱਲੇ ਧਰਨੇ ਨੂੰ ਜੱਥੇਬੰਦੀਆਂ ਨੇ ਉਸ ਵੇਲੇ ਸਮਾਪਤ ਕੀਤਾ ਜਦੋਂ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੇ ਮੰਗ ਪੱਤਰ ਲੈ ਕੇ ਭਰੋਸਾ ਦਿੱਤਾ ਦਿੱਤਾ ਕਿ ਇਨ੍ਹਾਂ ਮੰਗਾਂ ਨੂੰ ਵਿਚਾਰਿਆ ਜਾਵੇਗਾ। ਇਸ ਤੋਂ ਪਹਿਲਾਂ ਧਰਨੇ ਦੇ ਐਲਾਨ ਨੂੰ ਦੇਖਦਿਆਂ ਸੁਰੱਖਿਆ ਦਸਤਿਆਂ ਨੇ ਬਾਦਲ ਪਿੰਡ ਨੂੰ ਜਾਣ ਵਾਲੇ ਰਸਤਿਆਂ ਨੂੰ ਨਾਕੇਬੰਦੀਆਂ ਕਰਕੇ ਘੇਰਿਆ ਹੋਇਆ ਸੀ ਪਰ ਜੋਸ਼ੀਲੇ ਕਾਰਕੁੰਨ ਅੱਡੋ-ਅੱਡੀ ਇਕ-ਇਕ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਧਰਨੇ ਵਾਲੀ ਜਗ੍ਹਾ 'ਤੇ ਪਹੁੰਚ ਗਏ। ਪੁਲਸ ਨੂੰ ਜਦੋਂ ਧਰਨਾ ਲੱਗ ਜਾਣ ਦੀਆਂ ਖ਼ਬਰਾਂ ਹੋਈਆਂ ਤਾਂ ਪੁਲਸ ਅਧਿਕਾਰੀਆਂ ਦੇ ਮੱਥੇ ਪਸੀਨੇ ਨਾਲ ਤਰ ਹੋ ਗਏ। ਪੁਲਸ ਨੇ ਭੱਜ-ਨੱਠ ਕੀਤੀ ਪਰ ਉਦੋਂ ਤੱਕ ਧਰਨਾਕਾਰੀ ਜੰਮ ਚੁੱਕੇ ਸਨ। 
ਮੋਗਾ : ਸਾਂਝਾ ਸੰਘਰਸ਼ ਤਾਲਮੇਲ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਮੋਗਾ ਵਿਖੇ ਐਕਸੀਅਨ ਪਾਵਰਕਾਮ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਵਿੱਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਸੈਕੜਿਆਂ ਦੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਧਰਨੇ ਨੂੰ ਬੀ.ਕੇ.ਯੂ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ, ਗੁਰਮੀਤ ਸਿੰਘ ਕਿਸ਼ਨਪੁਰਾ, ਬਲੋਰ ਸਿੰਘ, ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਘਾਲੀ,  ਮੋਹਨ ਸਿੰਘ ਡਾਲਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੱਗੜ ਸਿੰਘ, ਸੁਖਚੈਨ ਰਾਜੂ ਰਾਮ, ਬੂਟਾ ਸਿੰਘ ਤਖਾਣਵੱਧ, ਖੇਤ ਮਜ਼ਦੂਰ ਯੂਨੀਅਨ ਦੇ ਕੁਲਦੀਪ ਸਿੰਘ ਮੱਦੋਕੇ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਮੇਘਾ ਸਿੰਘ ਤਖਾਣਵੱਧ, ਭਰਪੂਰ ਸਿੰਘ ਰਾਮਾ ਨੇ ਵੀ ਸੰਬੋਧਨ ਕੀਤਾ। 
ਬਰਨਾਲਾ : ਪੰਜਾਬ ਦੀਆਂ 17 ਕਿਸਨ-ਮਜ਼ਦੂਰ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੱਦੇ 'ਤੇ ਕਿਸਾਨਾਂ-ਮਜ਼ਦੂਰਾਂ ਨੇ ਇੱਥੇ ਪਾਵਰਕਾਮ ਦੇ ਸ਼ਹਿਰੀ ਅਤੇ ਦਿਹਾਤੀ ਐਕਸੀਅਨਾਂ ਦੇ ਦਫਤਰਾਂ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਸੈਂਕੜੇ ਮਜ਼ਦੂਰ-ਕਿਸਾਨ ਪੂਰੇ ਜੋਸ਼ ਖਰੋਸ਼ ਨਾਲ ਸ਼ਾਮਲ ਹੋਏ। ਇਸ ਸਮੇਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਮਨਜੀਤ ਸਿੰਘ ਧਨੇਰ, ਹਰਦੀਪ ਸਿੰਘ ਟੱਲੇਵਾਲ, ਮਲਕੀਤ ਸਿੰਘ ਵਜੀਦਕੇ ਤੋਂ ਇਲਾਵਾ ਦਰਸ਼ਨ ਸਿੰਘ ਰਾਏਸਰ, ਮੱਖਣ ਸਿੰਘ ਰਾਮਗੜ੍ਹ, ਭੋਲਾ ਸਿੰਘ ਕਲਾਲਮਾਜਰਾ, ਦਰਸ਼ਨ ਸਿੰਘ ਉੱਗੋਕੇ, ਚਮਕੌਰ ਸਿੰਘ ਨੈਣੇਵਾਲ, ਮੋਹਣ ਸਿੰਘ ਰੂੜੇਕੇ, ਸੁਖਦੇਵ ਸਿੰਘ ਭੋਤਨਾ, ਅਮਰਜੀਤ ਸਿੰਘ ਕੁੱਕੂ, ਭੋਲਾ ਸਿੰਘ ਛੰਨਾ, ਸਾਧਾ ਸਿੰਘ ਵਿਰਕ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੇ ਫ਼ਰਜ ਚਮਕੌਰ ਸਿੰਘ ਨੈਣੇਵਾਲ ਨੇ ਨਿਭਾਏ।
ਫ਼ਰੀਦਕੋਟ :  ਪੰਜਾਬ ਦੀਆਂ 17 ਕਿਸਾਨ-ਮਜ਼ਦੂਰ ਜੱਥੇਬੰਦੀਆਂ ਨੇ ਇੱਥੇ ਪਾਵਰਕਾਮ ਦੇ ਐਕਸੀਅਨ ਦੇ ਦਫ਼ਤਰ ਸਾਹਮਣੇ ਇੱਕ ਰੋਸ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਸਰਬਰਜੀਤ ਸਿੰਘ ਅਜਿੱਤਗਿੱਲ, ਸਿਕੰਦਰ ਸਿੰਘ ਦਬੜ੍ਹੀਖਾਨਾ, ਸਰਮੁੱਖ ਸਿੰਘ ਅਜਿਤਗਿੱਲ, ਬੂਟਾ ਸਿੰਘ ਅਤੇ ਗੁਰਪਾਲ ਸਿੰਘ ਨੰਗਲ ਨੇ ਕਿਹਾ ਕਿ ਝੋਨੇ ਦੀ ਲਵਾਈ ਦੌਰਾਨ ਖੇਤੀ ਮੋਟਰਾਂ ਨੂੰ 16 ਘੰਟੇ ਨਿਰਵਿਘਨ ਬਿਜਲੀ ਦਿੱਤੀ ਜਾਵੇ।  ਇਸ ਮੌਕੇ ਕਿਸਾਨਾਂ ਤੇ ਮਜ਼ਦੂਰਾਂ ਨੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਵੀ ਸੌਂਪਿਆ।
ਜਗਰਾਉਂ  : 17 ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਫੈਸਲੇ ਤਹਿਤ ਪੇਂਡੂ ਮਜ਼ਦੂਰ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ (ਡਕੌਦਾ) ਵੱਲੋਂ ਐਕਸੀਅਨ ਦਫ਼ਤਰ ਜਗਰਾਉਂ ਅੱਗੇ ਰੋਹ ਭਰਪੂਰ ਧਰਨਾ ਦਿੱਤਾ ਗਿਆ। ਧਰਨੇ ਵਿਚ ਵੱਡੀ ਗਿਣਤੀ 'ਚ ਮਰਦ-ਔਰਤਾਂ ਨੇ ਸ਼ਮੂਲੀਅਤ ਕੀਤੀ। ਧਰਨੇ ਨੂੰ ਪੇਂਡੂ ਮਜ਼ਦੂਰ ਯੂਨੀਅਨ ਦੇ ਜਰਨਲ ਸਕੱਤਰ ਅਵਤਾਰ ਸਿੰਘ ਰਸੂਲਪੁਰ, ਮਦਨ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਇਲਾਕਾ ਸਕੱਤਰ ਬਲਵਿੰਦਰ ਸਿੰਘ ਕੋਠੇ ਪੋਨਾ, ਹਰਦੇਵ ਸਿੰਘ ਮੋਰ, ਭਾਰਤੀ ਕਿਸਾਨ ਯੂਨੀਅਨ (ਡਕੌਦਾ) ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਗਾਲਿਬ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਪ੍ਰਧਾਨ ਬਲਦੇਵ ਸਿੰਘ ਨੇ ਸੰਬੋਧਨ ਕੀਤਾ। ਇਸ ਸੰਬੰਧੀ ਪੰਜਾਬ ਸਰਕਾਰ ਨੂੰ ਐਕਸੀਅਨ ਜਗਰਾਉਂ ਰਾਹੀਂ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਜ਼ਦੂਰ ਆਗੂ ਬਖਤੌਰ ਸਿੰਘ, ਕੁਲਵੰਤ ਸਿੰਘ, ਪ੍ਰੀਤਮ ਸਿੰਘ, ਬਲਦੇਵ ਸਿੰਘ, ਰੇਹੜੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ, ਇਲਾਕਾ ਸਕੱਤਰ ਗੁਰਮੇਲ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਗੁਰਮੀਤ ਸਿੰਘ, ਬੀ. ਕੇ. ਯੂ. ਡਕੌਂਦਾ ਦੇ ਸੁਰਿੰਦਰ ਸਿੰਘ ਗਾਲਿਬ ਆਦਿ ਨੇ ਵੀ ਸੰਬੋਧਨ ਕੀਤਾ।
ਪਟਿਆਲਾ : ਪਟਿਆਲਾ ਵਿਖੇ ਐੱਸ ਸੀ ਪਾਵਰਕਾਮ ਦੇ ਦਫ਼ਤਰ ਅੱਗੇ ਸੈਂਕੜੇ ਕਿਸਾਨਾਂ ਨੇ ਧਰਨਾ ਦਿੱਤਾ।  ਪਾਵਰਕਾਮ ਵੱਲੋਂ ਵੀ ਡੀ ਐੱਸ ਪ੍ਰਤੀ ਹਾਰਸ ਪਾਵਰ 4700 ਰੁਪਏ ਕਰਨ, ਵਾਅਦੇ ਮੁਤਾਬਕ ਹਰ ਰੋਜ਼ 8 ਘੰਟੇ ਬਿਜਲੀ ਸਪਲਾਈ ਦੇਣ ਵਿੱਚ ਫੇਲ੍ਹ ਹੋਣ, ਬਿਜਲੀ ਮੋਟਰਾਂ ਦੇ ਨਵੇਂ ਕੁਨੈਕਸ਼ਨ ਜਾਰੀ ਕਰਨ ਬਦਲੇ ਹਰ ਕਿਸਾਨ ਖਾਸ ਕਰ ਢਾਈ ਏਕੜ ਤੋਂ ਘੱਟ ਮਾਲਕੀ ਵਾਲੇ ਤੋਂ ਵੀ ਲੱਖਾਂ ਰੁਪਏ ਵਸੂਲਣ, ਘਰੇਲੂ ਬਿਜਲੀ ਦੇ ਬਿੱਲਾਂ ਵਿੱਚ ਸੈਂਕੜੇ ਰੁਪਿਆਂ ਦੀਆਂ ਸਕਿਉਰਟੀਆਂ ਲਾ ਕੇ ਭੇਜਣ ਅਤੇ ਹਰ ਜਾਤ ਦੇ ਪੇਂਡੂ ਗਰੀਬਾਂ ਲਈ 200 ਯੂਨਿਟ ਪ੍ਰਤੀ ਮਹੀਨਾ ਮਾਫ਼ ਕਰਨ 'ਚ ਫੇਲ੍ਹ ਹੋਣ ਦੇ ਵਿਰੋਧ ਵਜੋਂ ਇਹ ਧਰਨੇ ਦਿੱਤੇ ਗਏ। ਪਟਿਆਲੇ ਜਿਲ੍ਹੇ ਵਿੱਚ ਪਟਿਆਲਾ ਦੇ ਐੱਸ ਸੀ ਦਫ਼ਤਰ, ਪਾਤੜਾਂ, ਸਮਾਣਾ, ਨਾਭਾ ਦੇ ਐਕਸੀਅਨ ਦਫ਼ਤਰਾਂ ਅੱਗੇ ਅਤੇ ਭਾਦਸੋਂ ਵਿਖੇ ਐੱਸ ਡੀ ਓ ਦੇ ਦਫ਼ਤਰ ਅੱਗੇ ਲਾਏ ਧਰਨਿਆਂ ਵਿੱਚ ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਕਿਰਤੀ ਕਿਸਾਨ ਯੂਨੀਅਨ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਕਾਰਕੁੰਨਾਂ ਨੇ ਵੱਡੀ ਗਿਣਤੀ 'ਚ ਹਾਜ਼ਰੀ ਲਵਾ ਕੇ ਪਾਵਰਕਾਮ ਦੀਆਂ ਕਿਸਾਨ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਖਿਲਾਫ਼ ਆਵਾਜ਼ ਉਠਾਈ। 
ਧਰਨਿਆਂ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਡਾ: ਦਰਸ਼ਨ ਪਾਲ, ਸੂਬਾ ਵਿੱਤ ਸਕੱਤਰ ਰਾਮ ਸਿੰਘ ਮਟੋਰੜਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਗਰੂਪ ਸਿੰਘ ਕੋਟ ਕਲਾਂ, ਜ਼ਿਲ੍ਹਾ ਜਨਰਲ ਸਕੱਤਰ ਸਤਵੰਤ ਸਿੰਘ ਵਜੀਦਪੁਰ, ਜ਼ਿਲ੍ਹਾ ਮੀਤ ਪ੍ਰਧਾਨ ਕਰਨੈਲ ਸਿੰਘ ਲੰਗ ਤੋਂ ਇਲਾਵਾ ਗੁਰਮੀਤ ਸਿੰਘ ਦਿੱਤੂਪੁਰ, ਸਾਬਕਾ ਸੂਬਾ ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਹਰਭਜਨ ਸਿੰਘ ਬੁੱਟਰ ਅਤੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾ ਆਗੂ ਪੂਰਨ ਚੰਦ ਨਨਹੇੜਾ ਨੇ ਵੀ ਧਰਨਿਆਂ ਨੂੰ ਸੰਬੋਧਨ ਕੀਤਾ। 
ਮਾਨਸਾ : ਖੇਤੀ ਮੋਟਰਾਂ ਲਈ 16 ਘੰਟੇ ਰੋਜ਼ਾਨਾ ਬਿਜਲੀ ਦੇਣ ਦੀ ਮੰਗ ਸਮੇਤ ਹੋਰ ਮੰਗਾਂ ਨੂੰ ਲੈ ਕੇ ਵੱਖ-ਵੱਖ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਮਾਨਸਾ ਸਥਿਤ ਐਕਸੀਅਨ ਦਫਤਰ ਅੱਗੇ ਧਰਨਾ ਦੇ ਕੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਇਸ ਮੌਕੇ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ,ੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ , ਜਮੂਹਰੀ ਕਿਸਾਨ ਸਭਾ ਦੇ ਲਾਲ ਚੰਦ ਨੇ ਕਿਹਾ ਕਿ ਮਜ਼ਦੂਰਾਂ ਦੇ ਘਰੇਲੂ ਬਿਜਲੀ ਦੇ ਬਕਾਏ ਬਿੱਲ ਖਤਮ ਕੀਤੇ ਜਾਣ। ਇਸ ਲਈ ਜਾਤਪਾਤ ਅਤੇ ਲੋਡ ਦੀ ਬੇਲੋੜੀ ਸ਼ਰਤ ਹਟਾਈ ਜਾਵੇ। ਬੀ.ਕੇ. ਯੂ ਡਕੌਂਦਾ ਦੇ ਮਹਿੰਦਰ ਸਿੰਘ ਨੇ ਭੈਣੀ ਨੇ ਕਿਹਾ ਕਿ ਖੇਤਾਂ ਵਿੱਚ ਮਕਾਨ ਪਾ ਕੇ ਰਹਿ ਰਹੇ ਕਿਸਾਨਾਂ ਨੂੰ 24 ਘੰਟੇ ਬਿਜਲੀ ਸਪਲਾਈ ਦੀ ਸਹੂਲਤ ਦਿੱਤੀ ਜਾਵੇ ਸਰਕਾਰ ਦੇ ਐਲਾਨ ਮੁਤਾਬਕ ਤਿੰਨ ਮੀਟਰਾਂ ਵਾਲੇ ਘਰਾਂ ਨੂੰ ਸਰਕਾਰੀ ਖਰਚੇ 'ਤੇ ਬਿਜਲੀ ਸਪਲਾਈ ਲਈ ਲਾਈਨਾਂ ਖਿੱਚੀਆਂ ਜਾਣ। ਇਸ ਮੌਕੇ ਮੰਗਾਂ ਨਾਲ ਸਬੰਧਤ ਮੰਗ ਪੱਤਰ ਐਕਸੀਅਨ ਦਫਤਰ ਨੂੰ ਪੰਜਾਬ ਸਰਕਾਰ ਦੇ ਨਾਂਅ ਸੌਂਪਿਆ ਗਿਆ। ਹੋਰਨਾ ਬੁਲਾਰਿਆਂ ਵਿੱਚ ਬੀ.ਕੇ.ਯੂ ਉਗਰਾਹਾਂ ਦੇ ਸੂਬਾ ਆਗੂ ਮਹਿੰਦਰ ਸਿੰਘ ਰੋਮਾਣਾ, ਬੀ.ਕੇ.ਯੂ ਡਕੌਂਦਾ ਦੇ ਕੇਵਲ ਸਿੰਘ, ਜਮੂਹਰੀ ਕਿਸਾਨ ਸਭਾ ਦੇ ਮੈਂਬਰ ਸਿੰਘ ਦੂਲੋਵਾਲ, ਅਜਮੇਰ ਸਿੰਘ ਅਕਲੀਆ ਤੇ ਜਗਦੇਵ ਸਿੰਘ ਭੁਪਾਲ ਨੇ ਵੀ ਸੰਬੋਧਨ ਕੀਤਾ।
ਸ੍ਰੀ ਮੁਕਤਸਰ ਸਾਹਿਬ : ਸਥਾਨਕ ਕੋਟਕਪੂਰਾ ਰੋਡ ਸਥਿਤ ਪਾਵਰਕਾਮ ਦਫ਼ਤਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨਾਂ ਨੂੰ ਪੂਰੀ ਬਿਜਲੀ ਨਾ ਮਿਲਣ ਦੇ ਰੋਸ ਵਜੋਂ ਧਰਨਾ ਦਿੱਤਾ ਗਿਆ। ਇਸ ਮੌਕੇ ਐਕਸੀਅਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਰੋਸ ਧਰਨੇ ਨੂੰ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਾਂਦਿੱਤਾ ਸਿੰਘ ਭਾਗਸਰ, ਗੁਰਭਗਤ ਸਿੰਘ ਭਲਾਈਆਣਾ, ਹਰਬੰਸ ਸਿੰਘ ਕੋਟਲੀ, ਸੁਖਦੇਵ ਸਿੰਘ, ਬੋਹੜ ਸਿੰਘ, ਜਗਦੇਵ ਸਿੰਘ, ਸੁਖਰਾਜ ਸਿੰਘ, ਬੋਹੜ ਸਿੰਘ, ਟਹਿਲ ਸਿੰਘ ਆਦਿ ਨੇ ਸੰਬੋਧਨ ਕੀਤਾ।
ਸਮਾਣਾ :  17 ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਪੰਜਾਬ ਪੱਧਰੀ ਸੱਦੇ ਤਹਿਤ ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਕਾਰਜਕਾਰੀ ਇੰਜਨੀਅਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਫਤਰ ਸਮਾਣਾ ਅੱਗੇ ਦੋ ਘੰਟੇ ਦਾ ਧਰਨਾ ਲਗਾਇਆ ਗਿਆ ਅਤੇ ਐਕਸੀਅਨ ਸਮਾਣਾ ਰਾਹੀਂ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਦਿੱਤਾ। ਇਸ ਧਰਨੇ ਨੂੰ ਜਮਹੂਰੀ ਕਿਸਾਨ ਸਭਾ ਦੇ ਆਗੂ ਹਰਭਜਨ ਸਿੰਘ ਬੁੱਟਰ, ਨਛੱਤਰ ਦੇਧਨਾਂ, ਗੁਰਮੇਲ ਮਰਦਾਂਹੇੜੀ, ਰਜਿੰਦਰਪਾਲ ਸਿੰਘ ਢਿਲੋਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਮੁਖਤਿਆਰ ਸਿੰਘ ਦੁੱਲੜ ਅਤੇ ਸਹਿਯੋਗੀ ਜਥੇਬੰਦੀ ਨੌਜਵਾਨ ਭਾਰਤ ਸਭਾ ਵੱਲੋਂ ਪਰਮਿੰਦਰ ਸਿੰਘ ਧਨੇਠਾ, ਕੁਲਵੀਰ ਸਿੰਘ ਟੋਡਰਪੁਰ, ਮਨਜੀਤ ਸਿੰਘ ਗੁਰਦਿਆਲਪੁਰਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਜ ਚਲਾਉਣ ਦੀ ਜ਼ਿੰਮੇਵਾਰੀ ਬਲਵੀਰ ਸਿੰਘ ਮਵੀ ਸੱਪਾਂ ਨੇ ਨਿਭਾਈ। 
ਫਿਰੋਜ਼ਪੁਰ :  ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਐਸ ਈ ਪਾਵਰਕਾਮ ਫਿਰੋਜ਼ਪੁਰ ਸਰਕਲ ਦਫਤਰ ਦੇ ਸਾਹਮਣੇ ਗੁਰਮੀਤ ਸਿੰਘ ਮਹਿਮਾ ਜ਼ਿਲ੍ਹਾ ਸੈਕਟਰੀ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੇ ਖਿਲਾਫ਼ ਜਬਰਦਸਤ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਨੂੰ ਨਿਰਵਿਘਨ 8 ਘੰਟੇ ਰੋਜ਼ਾਨਾ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਇਕੱਠ ਨੂੰ ਕਿਸਾਨ ਨੇਤਾ ਗੁਰਮੀਤ ਸਿੰਘ ਮਹਿਮਾ, ਰਾਜੇਸ਼ ਮਲਹੋਤਰਾ, ਬਲਵਿੰਦਰ ਸਿੰਘ ਸ਼ੇਰ ਖਾਂ ਅਤੇ ਜ਼ੈਲ ਸਿੰਘ ਆਦਿ ਨੇ ਸੰਬੋਧਨ ਕੀਤਾ। 
ਮੌੜ ਮੰਡੀ  :  ਕਿਸਾਨਾਂ ਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ 17 ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਐਕਸੀਅਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸਬ ਡਵੀਜ਼ਨ ਦਫਤਰ ਮੌੜ ਵਿਖੇ ਤਿੰਨ ਘੰਟੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਮੋਹਨ ਸਿੰਘ ਚੱਠੇਵਾਲਾ, ਦਰਸ਼ਨ ਸਿੰਘ ਮਾਇਸਰਖਾਨਾ, ਜਸਵੀਰ ਸਿੰਘ, ਜੱਗਾ ਸਿੰਘ, ਬਚਿੱਤਰ ਸਿੰਘ, ਮੋਹਨ ਸਿੰਘ, ਜਨਕ ਸਿੰਘ, ਬਲਦੇਵ ਸਿੰਘ, ਯੋਧਾ ਸਿੰਘ, ਮਹਿੰਦਰ ਸਿੰਘ ਖੜਕ ਸਿੰਘਵਾਲਾ, ਹਰਜਿੰਦਰ ਸਿੰਘ ਬੱਗੀ ਆਦਿ ਆਗੂਆਂ ਵੱਲੋ ਵੀ ਧਰਨੇ ਨੂੰ ਸੰਬੋਧਨ ਕੀਤਾ।
ਅਬੋਹਰ : ਪੰਜਾਬ ਦੀਆਂ 17 ਕਿਸਾਨ ਮਜ਼ਦੂਰ ਜਥੇਬੰਦੀਆਂ ਦੁਆਰਾ ਕੀਤੇ ਜਾ ਰਹੇ ਸੰਘਰਸ਼ ਦੀ ਕੜੀ ਦੇ ਤਹਿਤ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਮੈਂਬਰਾਂ ਨੇ ਮਲੋਟ ਚੌਂਕ ਸਥਿਤ 32 ਕੇ ਵੀ ਵਿੱਚ ਸਥਿਤ ਬਿਜਲੀ ਬੋਰਡ ਦੇ ਐਕਸੀਅਨ ਦਫਤਰ ਦੇ ਸਾਹਮਣੇ ਧਰਨਾ ਲਾਇਆ। ਇਸ ਮੌਕੇ ਬੀ ਕੇ ਯੂ ਕਾ੍ਰਂਤੀਕਾਰੀ ਦੇ ਪ੍ਰਧਾਨ ਬਾਲਕਿਸ਼ਨ ਫੌਜੀ, ਦਿਹਾਤੀ ਮਜ਼ਦੂਰ ਸਭਾ ਤੋਂ ਜੱਗਾ ਸਿੰਘ, ਭਾਕਿਯੂ ਏਕਤਾ ਉਗਰਾਹਾਂ ਤੋਂ ਸੁਖਮੰਦਰ ਸਿੰਘ, ਜਗਜੀਤ ਸਿੰਘ, ਜਰਨੈਲ ਸਿੰਘ, ਗੁਰਨੈਬ ਸਿੰਘ, ਗੁਰਮੇਲ ਸਿੰਘ ਗੇਜੀ, ਰਾਮ ਕੁਮਾਰ ਵਰਮਾ, ਲਖਬੀਰ ਸਿੰਘ, ਕਸ਼ਮੀਰ ਸਿੰਘ ਨੇ ਸੰਬੋਧਨ ਕੀਤਾ।
ਸੰਗਰੂਰ : ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਆਗੂ ਗੁਰਮੀਤ ਸਿੰਘ ਭੱਟਵਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਕਰਮ ਸਿੰਘ ਬਲਿਆਲ ਬਲਾਕ ਪ੍ਰਧਾਨ, ਸੰਜੀਵ ਮਿੰਟੂ ਸੂਬਾ ਪ੍ਰਧਾਨ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਹੋਰਨਾਂ ਦੀ ਅਗਵਾਈ ਹੇਠ ਕਾਰਜਕਾਰੀ ਇੰਜਨੀਅਰ ਪਾਵਰਕਾਮ ਦੇ ਦਫਤਰ ਅੱਗੇ ਧਰਨਾ ਦਿੱਤਾ । ਇਸ ਧਰਨੇ ਨੂੰ ਸੰਬੋਧਨ ਕਰਦਿਆਂ  ਨਿੱਕਾ ਸਿੰਘ ਨਿਦਾਮਪੁਰ ,ਬਾਰੂ ਸਿੰਘ ਮਾਝੀ, ਹਰਬੰਸ ਸਿੰਘ ਅਤੇ ਅਮਰ ਸਿੰਘ, ਸੁਖਦੇਵ ਸਿੰਘ ਘਰਾਚੋਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ।


ਦਿਹਾਤੀ ਮਜ਼ਦੂਰ ਸਭਾ ਵੱਲੋਂ ਸੂਬੇ ਭਰ 'ਚ ਧਰਨੇ
ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਸੱਦੇ 'ਤੇ ਪੰਜਾਬ ਭਰ 'ਚ ਦਿਹਾਤੀ ਮਜ਼ਦੂਰਾਂ ਨੇ ਬੀ.ਡੀ.ਪੀ.ਓ. ਦਫਤਰਾਂ ਅੱਗੇ 24 ਤੇ 25 ਜੁਲਾਈ ਨੂੰ ਦਿਨ-ਰਾਤ ਦੇ ਧਰਨੇ ਦਿੱਤੇ ਅਤੇ ਬੀ.ਡੀ.ਪੀ.ਓ. ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਆਪਣੀਆਂ ਭੱਖਦੀਆਂ ਤੇ ਵਾਜ਼ਬ ਮੰਗਾਂ ਵਾਲਾ ਇਕ ਮੈਮੋਰੰਡਮ ਭੇਜਿਆ। ਇਸ ਮੈਮੋਰੰਡਮ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਸਰਕਾਰ ਵੱਲੋਂ ਮੰਨਜੂਰ ਕੀਤੀ ਮੰਗ ਅਨੁਸਾਰ 5-5 ਮਰਲੇ ਦੇ ਪਲਾਟ ਸਾਰੇ ਲੋੜਵੰਦਾਂ ਨੂੰ ਦਿੱਤੇ ਜਾਣ ਅਤੇ ਪੰਚਾਇਤਾਂ ਤੋਂ ਮਤੇ ਪਵਾਉਣ ਦੀ ਜ਼ਿੰਮੇਵਾਰੀ ਸਰਕਾਰ ਆਪ ਲਵੇ, ਮਕਾਨ ਬਣਾਉਣ ਲਈ ਢੁੱਕਵੀਂ ਗ੍ਰਾਂਟ ਦਿੱਤੀ ਜਾਵੇ, ਰੂੜੀਆਂ ਸੁੱਟਣ ਲਈ ਟੋਏ ਦਿੱਤੇ ਜਾਣ, ਪੰਚਾਇਤੀ ਜਾਂ ਸ਼ਾਮਲਾਤ ਜ਼ਮੀਨਾਂ 'ਤੇ ਕਾਬਜ਼ ਮਜ਼ਦੂਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ, ਮਨਰੇਗਾ ਸਕੀਮ ਅਧੀਨ ਸਾਰੇ ਪਰਿਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਦਿਹਾੜੀ ਘੱਟੋ ਘੱਟ 300 ਰੁਪਏ ਦਿੱਤੀ ਜਾਵੇ, ਅਜੇ ਤੱਕ ਰਹਿੰਦੇ ਪਰਿਵਾਰਾਂ ਦੇ ਜੌਬ ਕਾਰਡ ਬਣਾਏ ਜਾਣ ਤੇ ਸਾਰੇ ਲੋਕਾਂ ਨੂੰ ਲਗਾਤਾਰ ਕੰਮ ਦਿੱਤਾ ਜਾਵੇ, ਮਿਣਤੀ ਦੇ ਆਧਾਰ 'ਤੇ ਕੰਮ ਕਰਾਉਣਾ ਬੰਦ ਕੀਤਾ ਜਾਵੇ, ਕੀਤੇ ਕੰਮ ਦੀ ਤੁਰੰਤ ਅਦਾਇਗੀ ਕੀਤੀ ਜਾਵੇ। ਇਹਨਾਂ ਧਰਨਿਆਂ ਵਿਚ ਪਿੰਡਾਂ ਵਿਚੋਂ ਆਟਾ, ਦਾਲ, ਚਾਵਲ ਤੇ ਹੋਰ ਸਮਾਨ ਇਕੱਠਾ ਕਰਕੇ ਲਿਆਂਦਾ ਗਿਆ ਜਿਸ ਨਾਲ ਚਾਹ ਤੇ ਰੋਟੀ ਦਾ ਅਟੁੱਟ ਲੰਗਰ ਲਗਾਤਾਰ ਚਲਦਾ ਰਿਹਾ।  

ਇਨ੍ਹਾਂ ਧਰਨਿਆਂ ਬਾਰੇ 'ਸੰਗਰਾਮੀ ਲਹਿਰ' ਨੂੰ ਪ੍ਰਾਪਤ ਰਿਪੋਰਟਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :
ਜਲੰਧਰ : ਇੱਥੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪੱਧਰੀ ਸੱਦੇ 'ਤੇ ਜਲੰਧਰ ਇਕਾਈ ਵੱਲੋਂ ਬੀ ਡੀ ਪੀ ਓ ਗੁਰਦਰਸ਼ਨ ਲਾਲ ਕੁੰਡਲ ਬੀ ਡੀ ਪੀ ਓ ਪੱਛਮੀ ਨੂੰ ਮਜ਼ਦੂਰਾਂ ਨੇ ਆਪਣੀਆਂ ਭੱਖਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ। 
ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇਕੱਠੇ ਹੋਏ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਨੇ ਕਿਹਾ ਕਿ ਜਥੇਬੰਦੀ ਵੱਲੋਂ ਲੰਬੇ ਸੰਘਰਸ਼ ਰਾਹੀਂ ਮੰਨਵਾਈਆਂ ਮੰਗਾਂ ਦੀ ਪ੍ਰਾਪਤੀ ਲਈ ਇਹ ਧਰਨੇ ਸਾਰੇ ਪੰਜਾਬ ਦੇ ਬੀ ਡੀ ਪੀ ਓ ਦਫਤਰਾਂ ਅੱਗੇ ਇਸ ਕਰਕੇ ਲਗਾਏ ਜਾ ਰਹੇ ਹਨ ਤਾਂ ਕਿ ਲੋੜਵੰਦ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਤੇ ਰਿਹਾਇਸ਼ੀ ਪਲਾਟ ਦਿੱਤੇ ਜਾਣ, ਪਲਾਟਾਂ 'ਤੇ ਮਕਾਨ ਬਣਾਉਣ ਲਈ ਢੁਕਵੀਂ ਗਰਾਂਟ ਦਿੱਤੀ ਜਾਵੇ, ਗਰੀਬ ਲੋਕਾਂ ਨੂੰ ਰੂੜੀਆਂ ਸੁੱਟਣ ਲਈ ਟੋਏ ਦਿੱਤੇ ਜਾਣ, ਮਨਰੇਗਾ ਐਕਟ ਵਿੱਚੋਂ ਤਰੁੱਟੀਆਂ ਦੂਰ ਕਰਕੇ ਮਜ਼ਦੂਰਾਂ ਨੂੰ ਲਗਾਤਾਰ ਕੰਮ ਦਿੱਤਾ ਜਾਵੇ, ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਘੱਟੋ-ਘੱਟ 300 ਰੁਪਏ ਕੀਤੀ ਜਾਵੇ, ਮਨਰੇਗਾ ਅਧੀਨ ਕੰਮ ਲਈ ਗਿਣਤੀ ਦੀ ਸ਼ਰਤ ਖਤਮ ਕੀਤੀ ਜਾਵੇ, ਮਜ਼ਦੂਰਾਂ ਦੇ ਬਿਜਲੀ ਬਿਲ ਬਿਨਾਂ ਸ਼ਰਤ ਮੁਆਫ ਕੀਤੇ ਜਾਣ, ਪਿਛਲੇ ਬਕਾਇਆ 'ਤੇ ਲਕੀਰ ਫੇਰੀ ਜਾਵੇ। ਸਾਥੀ ਰਾਮ ਕਿਸ਼ਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਲਾਟਾਂ ਸੰਬੰਧੀ ਪੰਚਾਇਤਾਂ ਕੋਲੋਂ ਮਤੇ ਪਵਾਉਣ ਲਈ ਬੀ ਡੀ ਪੀ ਓ. ਨੂੰ ਸਖਤ ਹਦਾਇਤਾਂ ਦਿੱਤੀਆਂ ਜਾਣ। ਉਕਤ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਉਕਤ ਮੰਗਾਂ ਵੰਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।  ਇਕੱਠ ਨੂੰ ਹੋਰਨਾ ਤੋਂ ਇਲਾਵਾ ਸਾਥੀ ਹਰੀ ਮੁਨੀ ਸਿੰਘ, ਤਰਸੇਮ ਭੋਜੋਵਾਲ, ਕਮੇਸ਼ਵਰ ਮਹਿਤਾ, ਪ੍ਰਕਾਸ਼ ਸਿੰਘ, ਭੋਲਾ ਪ੍ਰਸ਼ਾਦ, ਜਵਾਹਰ ਚੋਰਸੀਆ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਨਕੋਦਰ ਵਿਚ ਮਾਰੇ ਗਏ ਧਰਨੇ ਨੂੰ ਸੂਬਾਈ ਪ੍ਰਧਾਨ ਦਰਸ਼ਨ ਨਾਹਰ, ਨਿਰਮਲ ਸਿੰਘ ਮਲਸੀਆਂ, ਦਰਸ਼ਨ ਪਾਲ ਬੁੰਡਾਲਾ ਤੇ ਮੋਹਨ ਲਾਲ ਨੇ ਸੰਬੋਧਨ ਕੀਤਾ। ਫਿਲੌਰ ਵਿਚ ਮਾਰੇ ਗਏ ਧਰਨੇ ਨੂੰ ਪਰਮਜੀਤ ਸਿੰਘ ਰੰਧਾਵਾ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ। 
ਅਬੋਹਰ : ਦੇਹਾਤੀ ਮਜ਼ਦੂਰ ਸਭਾ ਦੇ ਮੈਂਬਰਾਂ ਨੇ ਅੱਜ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਹਿੰਦੂਮਲਕੋਟ ਰੋਡ 'ਤੇ ਸਥਿਤ ਬੀ ਡੀ ਪੀ ਓ ਖੂਈਆਂ ਸਰਵਰ ਦਫਤਰ ਦੇ ਬਾਹਰ ਧਰਨਾ ਲਾਇਆ। ਇਸ ਮੌਕੇ ਸਕੱਤਰ ਗੇਰਮੇਜ ਗੇਜੀ, ਕਸ਼ਮੀਰ ਸਿੰਘ, ਕੁਲਵੰਤ ਸਿੰਘ, ਕੁਲਵੰਤ ਰੁਕਨਪੁਰਾ, ਲਖਮੀਰ ਸਿੰਘ, ਰਾਮ ਬਿਲਾਸ, ਲਖਵਿੰਦਰ ਸਿੰਘ, ਅਵਤਾਰ ਸਿੰਘ, ਜਗਦੀਸ਼ ਸਿੰਘ, ਦਿਲਬਾਗ ਸਿੰਘ, ਕਰਮ ਸਿੰਘ, ਸੁਖਦੇਵ ਸਿੰਘ ਆਦਿ ਮੌਜੂਦ ਸਨ।
ਅੰਮ੍ਰਿਤਸਰ : ਅੰਮ੍ਰਿਤਸਰ ਜ਼ਿਲ੍ਹੇ ਵਿਚ ਰਈਆ, ਤਰਸਿੱਕਾ, ਜੰਡਿਆਲਾ ਗੁਰੂ ਅਤੇ ਅਜਨਾਲਾ ਬਲਾਕਾਂ ਵਿਚ ਧਰਨੇ ਮਾਰੇ ਗਏ। ਅਜਨਾਲਾ ਵਿਚ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਨੇ ਦੱਸਿਆ ਕਿ ਪੰਜਾਬ ਭਰ ਵਿਚ ਬਹੁ ਗਿਣਤੀ ਬਲਾਕਾਂ ਵਿਚ ਧਰਨੇ ਮਾਰ ਕੇ ਮਜ਼ਦੂਰ ਮੰਗ ਪੱਤਰ ਦੇ ਰਹੇ ਹਨ। ਜਿਨ੍ਹਾਂ ਵਿਚ ਮੰਗ ਕੀਤੀ ਕਿ ਸਰਕਾਰ ਮੰਨੀ ਹੋਈ ਮੰਗ ਅਨੁਸਾਰ 5-5 ਮਰਲੇ ਦੇ ਪਲਾਟ ਮਜ਼ਦੂਰਾਂ ਨੂੰ ਦੇਵੇ ਅਤੇ ਪੰਚਾਇਤਾਂ ਤੋਂ ਮਤੇ ਪਵਾਉਣ ਤੇ ਕਬਜ਼ੇ ਦਿਵਾਉਣ ਦੀ ਜ਼ਿੰਮੇਵਾਰੀ ਆਪ ਲਵੇ, ਮਕਾਨ ਬਣਾਉਣ ਲਈ ਢੁਕਵੀਂ ਗਰਾਂਟ ਦਿੱਤੀ ਜਾਵੇ, ਰੂੜੀਆਂ ਸੁੱਟਣ ਲਈ ਟੋਏ ਦਿੱਤੇ ਜਾਣ ਤੇ ਸਾਰੇ ਲੋੜਵੰਦ ਮਜ਼ਦੂਰਾਂ ਨੂੰ ਲੈਟਰੀਨਾਂ ਬਣਾ ਕੇ ਦਿੱਤੀਆਂ ਜਾਣ। ਇਸੇ ਤਰ੍ਹਾਂ ਮਨਰੇਗਾ ਅਧੀਨ ਸਾਰੇ ਪਰਿਵਾਰ ਨੂੰ ਸਾਰਾ ਸਾਲ ਟੋਏ ਦਿੱਤੇ ਜਾਣ ਤੇ ਸਾਰੇ ਲੋੜਵੰਦ ਮਜ਼ਦੂਰਾਂ ਨੂੰ ਲੈਟਰੀਨਾਂ ਬਣਾ ਕੇ ਦਿੱਤੀਆਂ ਜਾਣ। ਇਸੇ ਤਰ੍ਹਾਂ ਮਨਰੇਗਾ ਅਧੀਨ ਸਾਰੇ ਪਰਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਤੇ ਦਿਹਾੜੀ ਘੱਟੋ ਘੱਟ 300 ਰੁਪਏ ਦਿੱਤੀ ਜਾਵੇ। ਰਹਿੰਦੇ ਜੋਬ ਕਾਰਡ ਬਣਾਏ ਜਾਣ ਤੇ ਕੀਤੇ ਹੋਏ ਕੰਮ ਦੇ ਪੈਸੇ ਤੁਰੰਤ ਦਿੱਤੇਜਾਣ। ਅਜਨਾਲਾ ਵਿਖੇ ਮਾਰੇ ਗਏ ਧਰਨੇ ਨੂੰ ਗੁਰਨਾਮ ਸਿੰਘ ਉਮਰਪੁਰਾ, ਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਡਾ. ਸਤਾਨ ਸਿੰਘ ਅਜਨਾਲਾ ਨੇ ਵੀ ਸੰਬੋਧਨ ਕੀਤਾ। ਤਰਸਿੱਕਾ ਵਿਚ ਮਾਰੇ ਗਏ ਧਰਨੇ ਨੂੰ ਸ਼ਿੰਗਾਰਾ ਸਿੰਘ ਸੁਧਾਰ ਮਲਕੀਤ ਸਿੰਘ ਜੱਬੋਵਾਲ ਤੇ ਸਵਰਨ ਸਿੰਘ ਜੱਬੋਵਾਲ ਨੇ ਸੰਬੋਧਨ ਕੀਤਾ। 
ਰਈਆ : ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਸੱਦੇ 'ਤੇ ਬੀ ਡੀ ਪੀ ਓ ਦਫਤਰ ਰਈਆ ਦੇ ਦਫਤਰ ਸਾਹਮਣੇ ਰੋਸ ਧਰਨਾ ਸ਼ੁਰੂ ਕਰ ਦਿੱਤਾ ਗਿਆ, ਜਿਸ ਦੀ ਅਗਵਾਈ ਸ਼ਿੰਗਾਰਾ ਸਿੰਘ ਸੁਧਾਰ ਅਤੇ ਨਰਿੰਦਰ ਸਿੰਘ ਵਡਾਲਾ ਨੇ ਕੀਤੀ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਤੇ ਸੀਨੀਅਰ ਮੀਤ ਪ੍ਰਧਾਨ ਸਾਥੀ ਅਮਰੀਕ ਸਿੰਘ ਦਾਊਦ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਜ਼ਦੂਰਾਂ ਦੀਆਂ ਸੰਘਰਸ਼ ਦੌਰਾਨ ਬੇਘਰੇ ਲੋਕਾਂ ਨੂੰ ਪਲਾਟ ਦੇਣ, ਮਕਾਨ ਬਣਾਉਣ ਲਈ ਗਰਾਂਟ ਦੇਣ, ਨਰੇਗਾ ਸਕੀਮ ਤਹਿਤ ਸਾਰਾ ਸਾਲ ਕੰਮ ਦੇਣ, ਕੰਮ ਨਾ ਦੇਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤਾ ਦੇਣ, ਰੂੜੀਆਂ ਆਦਿ ਸੁੱਟਣ ਲਈ ਜਗ੍ਹਾ ਮੁਹੱਈਆ ਕਰਾਉਣ, ਮਜ਼ਦੂਰਾਂ ਦੇ ਸਮੁੱਚੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ ਕਰਨ ਅਤੇ ਕੱਟੇ ਕੁਨੈਕਸ਼ਨ ਜੋੜਨ, ਘਰਾਂ ਵਿੱਚ ਪਖਾਨੇ ਮਿਆਰੀ ਕਿਸਮ ਦੇ ਬਣਾਉਣ ਦੀਆਂ ਮੰਗਾਂ ਮੰਨੀਆਂ, ਪਰ ਬਹੁਤ ਸਮਾਂ ਬੀਤਣ 'ਤੇ ਵੀ ਇਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ। ਉਨ੍ਹਾ ਕਿਹਾ ਕਿ ਮੰਗਾਂ ਦੀ ਪ੍ਰਾਪਤੀ ਲਈ ਦਿਹਾਤੀ ਮਜ਼ਦੂਰ ਸਭਾ ਸੰਘਰਸ਼ ਦੇ ਮੈਦਾਨ ਵਿੱਚ ਰਹੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਦੇਵ ਸਿੰਘ ਭੱਟੀ, ਲਖਵਿੰਦਰ ਸਿੰਘ ਖਾਸੀ, ਅਮਰਜੀਤ ਸਿੰਘ ਮਹਿਸਮਪੁਰ, ਗੁਰਮੁਖ ਸਿੰਘ ਮਹਿਤਾ, ਸਵਿੰਦਰ ਸਿੰਘ ਬੁੱਟਰ, ਬਲਵੰਤ ਸਿੰਘ ਸੁਧਾਰ, ਸੁਖਵਿੰਦਰ ਸਿੰਘ ਦਾਊਦ, ਵੀਰ ਸਿੰਘ ਫੇਰੂਮਾਨ, ਪਾਲ ਸਿੰਘ ਪੱਡੇ, ਅਮਰੀਕ ਸਿੰਘ ਧਿਆਨਪੁਰ, ਬਲਵਿੰਦਰ ਸਿੰਘ ਖੱਬੇ, ਦਲਬੀਰ ਸਿੰਘ ਟਕਾਪੁਰ, ਭਜਨ ਸਿੰਘ ਫੱਤੂਵਾਲ ਆਦਿ ਆਗੂਆਂ ਅਤੇ ਵਰਕਰਾਂ ਨੇ ਸੰਬੋਧਨ ਕੀਤਾ। 
ਜੰਡਿਆਲਾ ਗੁਰੂ : ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਕਮੇਟੀ ਦੇ ਪ੍ਰੋਗਰਾਮ ਅਨੁਸਾਰ ਅੱਜ ਬਲਾਕ ਜੰਡਿਆਲਾ ਗੁਰੂ ਦੇ ਸੈਕੜੇ ਮਜ਼ਦੂਰਾਂ ਵੱਲੋਂ ਬਲਾਕ ਜੰਡਿਆਲਾ ਗੁਰੂ ਵਿਖੇ ਧਰਨਾ ਲਗਾਇਆ ਗਿਆ। ਧਰਨੇ ਦੀ ਅਗਵਾਈ ਜਗਤਾਰ ਸਿੰਘ ਤਿੰਮੋਵਾਲ ਅਤੇ ਬੀਬੀ ਨੂਪੀ ਭੰਗਣਾ ਵੱਲੋਂ ਕੀਤੀ ਗਈ।  ਇਸ ਸਮੇਂ ਇੱਕਠ ਨੂੰ ਨਿਰਮਲ ਛੱਜਲਵੰਡੀ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਗੁਰਮੇਜ ਸਿੰਘ, ਕਸਮੀਰ ਤਿੰਮੋਵਾਲ, ਹਰਜਿੰਦਰ ਸਿੰਘ ਭੰਗਵਾ, ਕਰਨੈਲ ਸਿੰਘ ਛੱਜਲਵੰਡੀ, ਬਖਸੀਸ ਸਿੰਘ ਨੇ ਸੰਬੋਧਨ ਕੀਤਾ। ਇੱਕਠ ਵਿਚ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ, ਮੇਜਰ ਸਿੰਘ, ਗੁਰਦੀਪ ਸਿੰਘ, ਲੱਖਾ ਸਿੰਘ, ਪ੍ਰਦੀਪ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।
ਭਿੱਖੀਵਿੰਡ : ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਅੱਜ ਭਿੱਖੀਵਿੰਡ ਦੇ ਦਫਤਰ ਅੱਗੇ ਦਿਨ-ਰਾਤ ਦਾ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਗੇ, ਗੁਰਬੀਰ ਭੱਟੀ, ਦਿਆਲ ਸਿੰਘ ਲਹੁਕਾ ਆਦਿ ਨੇ ਕੀਤੀ। ਜਿਸ ਵਿੱਚ ਸੈਂਕੜੇ ਮਜ਼ਦੂਰ ਔਰਤਾਂ ਅਤੇ ਮਰਦਾਂ ਨੇ ਭਾਗ ਲਿਆ। ਧਰਨੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਫਰਾਜਕ,ੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਬਲ ਸਿੰਘ ਪਹਿਲਵਾਨਕੇ, ਜਮਹੂਰੀ ਕਿਸਾਨ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਰਸਾਲ ਸਿੰਘ ਆਸਲ, ਸੀਨੀਅਰ ਆਗੂ ਭਗਵੰਤ ਸਿੰਘ ਸਾਧਰਾ, ਬਲਵਿੰਦਰ ਸਿੰਘ ਕਲੰਜਰ, ਸੁਰਜੀਤ ਸਿੰਘ ਜੱਸਾ ਭਿੱਖੀਵਿੰਡ, ਜਸਵੰਤ ਸਿੰਘ ਭਿੱਖੀਵਿੰਡ ਨੇ ਸੰਬੋਧਨ ਕੀਤਾ। 
ਜ਼ਿਲ੍ਹਾ ਪਠਾਨਕੋਟ ਵਿਚ ਨਰੋਟ ਜੈਮਲ ਸਿੰਘ ਤੇ ਘਰੋਟਾ ਬਲਾਕਾਂ ਵਿਚ ਧਰਨੇ ਮਾਰੇ ਗਏ ਇਹਨਾਂ ਧਰਨਿਆਂ ਨੂੰ ਸੂਬਾਈ ਵਿੱਤ ਸਕੱਤਰ ਸਾਥੀ ਲਾਲ ਚੰਦ ਕਟਾਰੂਚੱਕ ਤੇ ਸੂਬਾ ਕਮੇਟੀ ਮੈਂਬਰ ਸਾਥੀ ਹਜਾਰੀ ਲਾਲ ਤੋਂ ਇਲਾਵਾ ਮਾਸਟਰ ਜਨਕ ਕੁਮਾਰ, ਅਜੀਤ ਰਾਮ, ਸਰਦਾਰੀ ਲਾਲ, ਦੇਵ ਰਾਜ, ਵਿਜੈ ਕੁਮਾਰ ਖੁਸ਼ੀ ਨਗਰ ਨੇ ਸੰਬੋਧਨ ਕੀਤਾ ਅਤੇ ਗੁਰਦਾਸਪੁਰ ਦੇ ਬਟਾਲਾ ਤੇ ਸ਼੍ਰੀ ਹਰਗੋਬਿੰਦਪੁਰ ਬਲਾਕਾਂ ਵਿਚ ਮਾਰੇ ਗਏ ਧਰਨਿਆਂ ਨੂੰ ਸ਼ਿੰਦਾ ਛਿੱਤ, ਗੁਰਦਿਆਲ ਸਿੰਘ ਘੁਮਾਣ, ਭੈਣ ਨੀਲਮ ਘੁਮਾਣ ਤੇ ਕਰਮ ਸਿੰਘ ਨੇ ਸੰਬੋਧਨ ਕੀਤਾ। 
ਮੁਕਤਸਰ ਵਿਚ ਸੂਬਾਈ ਜਾਇੰਟ ਸਕੱਤਰ ਸਾਥੀ ਜਗਜੀਤ ਸਿੰਘ ਜੱਸੇਆਣਾ ਤੇ ਹਰਜੀਤ ਸਿੰਘ ਮਦਰੱਸਾ ਨੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਮਜ਼ਦੂਰਾਂ ਨੂੰ ਚਾਨਣਾ ਪਾਇਆ ਤੇ ਜਥੇਬੰਦੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। 
ਜ਼ਿਲ੍ਹਾ ਫਰੀਦਕੋਟ ਵਿਚ ਸੂਬਾ ਕਮੇਟੀ ਮੈਂਬਰ ਸਾਥੀ ਗੁਰਤੇਜ਼ ਸਿੰਘ ਹਰੀਨੌ, ਮਲਕੀਤ ਸਿੰਘ ਸ਼ੇਰ ਸਿੰਘ ਵਾਲਾ ਤੇ ਮਾਸਟਰ ਜਗਤਾਰ ਸਿੰਘ ਵਿਰਦੀ ਨੇ ਸੰਬੋਧਨ ਕੀਤਾ ਤੇ ਮੰਗ ਪੱਤਰ ਬੀ.ਡੀ.ਪੀ.ਓ. ਨੂੰ ਸੌਂਪਿਆ ਗਿਆ। 
ਬਠਿੰਡਾ ਜ਼ਿਲ੍ਹੇ ਵਿਚ ਮਾਰੇ ਗਏ ਧਰਨਿਆਂ ਨੂੰ ਸੂਬਾ ਕਮੇਟੀ ਮੈਂਬਰ ਸਾਥੀ ਮਹੀਂਪਾਲ ਤੇ ਮਿੱਠੂ ਸਿੰਘ ਨੇ ਸੰਬੋਧਨ ਕੀਤਾ। ਪਟਿਆਲਾ ਵਿਚ ਸਾਥੀ ਪੂਰਨ ਚੰਦ, ਸੁਖਦੇਵ ਸਿੰਘ ਤੇ ਪ੍ਰਲਾਹਦ ਸਿੰਘ ਨੇ ਧਰਨੇ ਨੂੰ ਸੰਬੋਧਨ ਕੀਤਾ ਤੇ ਮੰਗ ਪੱਤਰ ਸਰਕਾਰ ਨੂੰ ਭੇਜਿਆ। ਸੰਗਰੂਰ ਵਿਚ ਗੁਰਮੀਤ ਸਿੰਘ ਕਾਲਾਝਾੜ ਤੇ ਲੁਧਿਆਣਾ ਵਿਚ ਹਰਬੰਸ ਸਿੰਘ ਲੋਹਟਬੱਧੀ ਨੇ ਧਰਨਿਆਂ ਨੂੰ ਸੰਬੋਧਨ ਕੀਤਾ। ਰੋਪੜ ਜ਼ਿਲ੍ਹੇ ਵਿਚ ਨੰਗਲ ਤੇ ਰੋਪੜ ਬਲਾਕਾਂ ਵਿਚ ਧਰਨੇ ਮਾਰੇ ਗਏ ਜਿਨ੍ਹਾਂ ਨੂੰ ਸਾਥੀ ਵਿਜੇ ਕੁਮਾਰ ਨੰਗਲ ਤੇ ਬਲਵਿੰਦਰ ਸਿੰਘ ਨੇ ਸੰਬੋਧਨ ਕੀਤਾ। ਅੰਤ ਵਿਚ ਸਾਥੀ ਗੁਰਨਾਮ ਸਿੰਘ ਦਾਊਦ ਨੇ ਦੱਸਿਆ ਕਿ ਇਹ ਧਰਨੇ ਪੂਰੀ ਤਰ੍ਹਾਂ ਕਾਮਯਾਬ ਰਹੇ ਹਨ। 24 ਜੁਲਾਈ ਤੋਂ ਸ਼ੁਰੂ ਕਰਕੇ ਇਹ ਧਰਨੇ 25 ਜੁਲਾਈ ਤੱਕ ਰਾਤ ਦਿਨ ਚੱਲੇ। ਲੰਗਰ ਦਾ ਪ੍ਰਬੰਧ ਮਜ਼ਦੂਰਾਂ ਨੇ ਆਪ ਕੀਤਾ ਜੋ ਉਤਸ਼ਾਹਜਨਕ ਹੈ। ਸਾਥੀ ਦਾਊਦ ਨੇ ਕਿਹਾ ਕਿ ਉਪਰੋਕਤ ਮੰਗਾਂ ਦੀ ਪੂਰਤੀ ਲਈ ਤੇ ਸਰਕਾਰ ਵਲੋਂ ਹੋਰ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਰਹਿੰਦੇ ਮਸਲੇ ਹੱਲ ਕਰਾਉਣ ਲਈ ਆਉਣ ਵਾਲੇ ਸਮੇਂ ਵਿਚ ਮਜ਼ਦੂਰਾਂ ਦੀਆਂ ਹੋਰ ਜਥੇਬੰਦੀਆਂ ਨਾਲ ਰਲ ਕੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਤੇ ਦਿਹਾਤੀ ਮਜ਼ਦੂਰ ਸਭਾ ਵਲੋਂ ਇਕੱਲਿਆਂ ਵੀ ਸੰਘਰਸ਼ ਜਾਰੀ ਰਹੇਗਾ। 



ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਫਰੀਦਕੋਟ ਵਲੋਂ ਨਸ਼ਾ ਵਿਰੋਧੀ ਕਨਵੈਨਸ਼ਨ 

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਤੇ ਹਰਿਆਣਾ ਦੀ ਸੂਬਾਈ ਕਮੇਟੀ ਨੇ ਫੈਸਲਿਆਂ ਨੂੰ ਅਮਲੀ ਰੂਪ ਦੇਣ ਲਈ ਸਭਾ ਦੀ ਫਰੀਦਕੋਟ ਜ਼ਿਲ੍ਹਾ ਕਮੇਟੀ ਨੇ 29 ਜੂਨ 2013 ਨੂੰ ਮਿਊਂਸੀਪਲ ਕਮੇਟੀ ਦੇ ਦਫਤਰ ਦੇ ਸਾਹਮਣੇ ਇਕ ਵਿਸ਼ੇਸ਼ ਕਨਵੈਨਸ਼ਨ ਦਾ ਆਯੋਜਨ ਕੀਤਾ। ਇਸ ਕਨਵੈਨਸ਼ਨ ਵਿਚ ਸਭਾ ਦੇ ਪ੍ਰੈਸ ਸਕੱਤਰ ਸਾਥੀ ਬਲਦੇਵ ਸਿੰਘ ਪੰਡੋਰੀ ਅਤੇ ਪੰਜਾਬ ਸਟੂਡੈਂਟ ਫੈਡਰੇਸ਼ਨ ਦੇ ਜਨਰਲ ਸਕੱਤਰ ਸਾਥੀ ਅਜੈ ਫਿਲੌਰ ਉਚੇਚੇ ਤੌਰ 'ਤੇ ਸ਼ਾਮਲ ਹੋਏ। ਕਨਵੈਨਸ਼ਨ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਨੇ ਪ੍ਰਾਂਤ ਅੰਦਰ ਵੱਧ ਰਹੀ ਨਸ਼ਾਖੋਰੀ ਦੇ ਰੁਝਾਨ ਵਿਰੁੱਧ, ਭਰੂਣ ਹੱਤਿਆਵਾਂ ਵਿਰੁੱਧ, ਸਿੱਖਿਆ ਦੇ ਵੱਧ ਰਹੇ ਵਪਾਰੀਕਰਨ ਵਿਰੁੱਧ ਅਤੇ ਸਰਕਾਰ ਦੀਆਂ ਨਵੀਆਂ ਆਰਥਕ ਨੀਤੀਆਂ ਕਾਰਨ ਵੱਧ ਰਹੀ ਬੇਰੁਜ਼ਗਾਰੀ ਤੇ ਮਹਿੰਗਾਈ ਵਿਰੁੱਧ ਵਿਸਥਾਰ ਸਹਿਤ ਚਰਚਾ ਕੀਤਾ ਅਤੇ ਨੌਜਵਾਨ ਮੁੰਡਿਆਂ ਤੇ ਕੁੜੀਆਂ ਨੂੰ ਸੱਦਾ ਦਿੱਤਾ ਕਿ ਇਹਨਾਂ ਸਮਾਜਕ-ਆਰਥਕ ਲਾਅਨਤਾਂ ਉਪਰ ਕਾਬੂ ਪਾਉਣ ਲਈ ਆਪੋ ਆਪਣੀਆਂ ਜਥੇਬੰਦੀਆਂ ਨੂੰ ਵੱਧ ਤੋਂ ਵੱਧ ਮਜ਼ਬੂਤ ਬਣਾਇਆ ਜਾਵੇ ਅਤੇ ਸੰਘਰਸ਼ ਲਾਮਬੰਦ ਕੀਤੇ ਜਾਣ। ਇਸ ਕਨਵੈਨਸ਼ਨ ਨੂੰ ਪ.ਸ.ਸ.ਫ. ਦੇ ਆਗੂ ਸਾਥੀ ਕੁਲਦੀਪ ਕੁਮਾਰ, ਸਾਥੀ ਜਗਤਾਰ ਸਿੰਘ ਵਿਰਦੀ ਅਤੇ ਜੇ.ਪੀ.ਐਮ.ਓ. ਦੇ ਆਗੂ ਸਾਥੀ ਜਤਿੰਦਰ ਕੁਮਾਰ ਨੇ ਵੀ ਸੰਬੋਧਨ ਕੀਤਾ। 
ਸਭਾ ਦੇ ਪ੍ਰਧਾਨ ਸਾਥੀ ਏਕਮ ਸਿੰਘ ਅਤੇ ਸਭਾ ਦੇ ਸੀਨੀਅਰ ਆਗੂ ਰੌਸ਼ਨ ਸਿੰਘ ਨੇ ਕਿਹਾ ਕਿ ਅਗਲੇ ਦਿਨਾਂ ਵਿਚ ਇਹਨਾਂ ਮੁੱਦਿਆਂ ਬਾਰੇ ਜਨ ਸਮੂਹਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਤਿੱਖੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਵਲੋਂ ਦਰਸਾਏ ਗਏ ਮਾਰਗ 'ਤੇ ਚਲਕੇ ਹੀ ਦੇਸ਼ ਅੰਦਰ ਕੋਈ ਸਾਰਥਕ ਸਮਾਜਕ ਤਬਦੀਲੀ ਲਿਆਂਦੀ ਜਾ ਸਕਦੀ ਹੈ। ਉਹਨਾਂ ਨੇ ਇਸ ਮੰਤਵ ਲਈ 6 ਜੁਲਾਈ ਨੂੰ ਫਰੀਦਕੋਟ ਸ਼ਹਿਰ ਦੀ ਭਾਨ ਸਿੰਘ ਕਲੋਨੀ ਵਿਖੇ ਇਨਕਲਾਬੀ ਨਾਟਕ ਮੇਲਾ ਅਤੇ ਕੋਰੀਓਗਰਾਫੀ ਕਰਾਉਣ ਦਾ ਵੀ ਐਲਾਨ ਕੀਤਾ। 
ਇਸ ਕਨਵੈਨਸ਼ਨ ਦੀ ਤਿਆਰੀ ਤੇ ਸਫਲਤਾ ਲਈ ਸਭਾ ਦੇ ਬਹੁਤ ਸਾਰੇ ਵਰਕਰਾਂ ਨੇ ਮਿਲਕੇ ਭਰਵੇਂ ਉਪਰਾਲੇ ਕੀਤੇ, ਜਿਹਨਾਂ ਵਿਚ ਸਰਵਸਾਥੀ ਸਰਬਜੀਤ ਸਿੰਘ, ਸੰਜੀਵ ਕੁਮਾਰ, ਰਮਨ ਕੁਮਾਰ, ਅਰਸ਼ਦੀਪ ਕੌਰ, ਬੇਅੰਤ ਸਿੰਘ, ਕੁਲਦੀਪ ਕਾਕੜਾ, ਸੰਨੀ ਗਿੱਲ, ਰਾਮਜੀ, ਰਵੀ, ਇੰਦਰਜੀਤ, ਗਗਨ ਦੇ ਨਾਂਅ ਵਿਸ਼ੇਸ਼ ਵਰਣਨ ਦੀ ਮੰਗ ਕਰਦੇ ਹਨ। 



ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਪਟਿਆਲਾ ਦਾ ਅਜਲਾਸ
ਸਮਾਣਾ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜ਼ਿਲ੍ਹਾ ਪਟਿਆਲਾ ਦਾ ਅਜਲਾਸ ਸਫਲਤਾ ਸਹਿਤ ਸੰਪੰਨ ਹੋ ਗਿਆ। ਗ਼ਦਰ ਪਾਰਟੀ ਦੇ ਸਥਾਪਨਾ ਵਰ੍ਹੇ ਨੂੰ ਸਮਰਪਤ ਇਸ ਅਜਲਾਸ ਦੀ ਪ੍ਰਧਾਨਗੀ ਭਗਵਾਨ ਦਾਸ ਗੈਟੀ, ਡਾ. ਹਰਭਗਵਾਨ ਪਾਤੜਾਂ ਅਤੇ ਕਾਮਰੇਡ ਜਗਦੀਸ਼ ਨੇ ਕੀਤੀ। ਇਸ ਇਜਲਾਸ ਵਿੱਚ ਜ਼ਿਲ੍ਹੇ ਭਰ ਤੋਂ ਚੁਣੇ ਗਏ 120 ਡੈਲੀਗੇਟਾਂ ਨੇ ਭਾਗ ਲਿਆ।  ਸਟੇਜ ਸੈਕਟਰੀ ਦੀ ਭੂਮਿਕਾ ਮਾਸਟਰ ਸੁਰੇਸ਼ ਕਕਰਾਲਾ ਨੇ ਨਿਭਾਈ। ਮੁੱਖ ਬੁਲਾਰੇ ਦੇ ਤੌਰ 'ਤੇ ਸਭਾ ਦੇ ਜਨਰਲ ਸਕੱਤਰ ਮਨਦੀਪ  ਰਤੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇਸ਼ ਵਿੱਚ ਭਗਤ ਸਿੰਘ ਤੇ ਉਸ ਦੇ ਯੁੱਧ ਸਾਥੀਆਂ ਦੇ ਸੁਪਨੇ ਵਾਲਾ ਬਰਾਬਰੀ 'ਤੇ ਅਧਾਰਤ ਵਰਗ ਰਹਿਤ ਨਿਜ਼ਾਮ ਸਿਰਜਣਾ ਚਾਹੁੰਦੀ ਹੈ। ਅਜ਼ਾਦੀ ਦਾ ਲੰਮਾ ਸਮਾਂ ਬੀਤ ਗਿਆ ਹੈ, ਪਰ ਦੇਸ਼ ਦੇ ਨੌਜਵਾਨ ਪੜ੍ਹ-ਲਿਖ ਕੇ ਵੀ ਬੇਰੁਜ਼ਗਾਰ ਫਿਰ ਰਹੇ ਹਨ। ਦੇਸ਼ ਦੇ ਹਾਕਮਾਂ ਵਲੋਂ ਕਾਰਪੋਰੇਟ ਜਗਤ ਨੂੰ ਦਿੱਤੀਆਂ ਖੁੱਲ੍ਹਾਂ ਨੇ ਬੇਰੁਜ਼ਗਾਰਾਂ ਦੀ ਫੌਜ ਵਿਚ ਵਾਧਾ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਬਰਤਾਨਵੀ ਸਾਮਰਾਜ ਵਿਰੁੱਧ ਸੰਘਰਸ਼ ਕਰਦਿਆਂ ਕਿਹਾ ਸੀ ਕਿ ਜਦੋਂ ਤੱਕ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਹੁੰਦੀ ਰਹੇਗੀ, ਉਦੋਂ ਤੱਕ ਜੰਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਉਹ ਜੰਗ ਅੱਜ ਵੀ ਜਾਰੀ ਹੈ ਤੇ ਨੌਜਵਾਨਾਂ ਨੂੰ ਇਸ ਜੰਗ ਦੇ ਸਿਪਾਹੀ ਬਣਨਾ ਚਾਹੀਦਾ ਹੈ ਤਾਂ ਕਿ ਇਹਨਾਂ ਭ੍ਰਿਸ਼ਟ ਹਾਕਮਾਂ ਤੋਂ ਦੇਸ਼ ਨੂੰ ਬਚਾਇਆ ਜਾ ਸਕੇ। ਇਜਲਾਸ ਵਿੱਚ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਵਧਾਈ ਸੰਦੇਸ਼ ਦਿੱਤੇ ਗਏ। ਜਮਹੂਰੀ ਕਿਸਾਨ ਸਭਾ ਵੱਲੋਂ ਪੂਰਨ ਚੰਦ ਨਨਹੇੜਾ, ਦਿਹਾੜੀ ਮਜ਼ਦੂਰ ਸਭਾ ਵੱਲੋਂ ਸਰਦੀਪ ਘੱਗਾ ਹਾਜ਼ਰ ਹੋਏ। ਅੰਤ ਵਿੱਚ ਜ਼ਿਲ੍ਹੇ ਦੀ ਨਵੀਂ ਕਮੇਟੀ ਦੇ 11 ਮੈਂਬਰ ਚੁਣੇ ਗਏ, ਜਿਨ੍ਹਾਂ ਵਿੱਚੋਂ ਜ਼ਿਲ੍ਹਾ ਪ੍ਰਧਾਨ ਸੁਰੇਸ਼ ਕੁਮਾਰ ਆਲਮਪੁਰ, ਜ਼ਿਲ੍ਹਾ ਸੈਕਟਰੀ ਬਹਾਦਰ ਸ਼ਾਹ, ਬੂਟਾ ਸਿੰਘ ਨਨਹੇੜਾ, ਗੁਰਜੀਤ ਕੁਲਾਰਾਂ, ਹਰਮੇਸ਼ ਵੜੈਚਾਂ, ਦਲਜੀਤ ਨਨਹੇੜਾ, ਚਰਨਜੀਤ ਸਮਾਣਾ, ਵਿਨੋਦ ਸਮਾਣਾ ਦੇ ਰਾਜ ਸਮਾਣਾ, ਡਾਕਟਰ ਹਰਭਗਵਾਨ ਪਾਤੜਾਂ, ਧਰਮਵੀਰ ਸਮਾਣਾ। ਅੰਤ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਪਟਿਆਲਾ ਜ਼ਿਲ੍ਹੇ ਦੇ ਸਾਰੇ ਜ਼ਿਲ੍ਹੇ ਵਿੱਚ ਯੂਨਿਟ ਸਥਾਪਤ ਕੀਤੇ ਜਾਣਗੇ। ਨੌਜਵਾਨਾਂ ਤੇ ਆਮ ਜਨਤਾ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਸੰਘਰਸ਼ ਵਿੱਢੇ ਜਾਣਗੇ। ਅੰਤ ਵਿੱਚ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਅਜਲਾਸ ਦੀ ਸਮਾਪਤੀ ਕੀਤੀ ਗਈ।



ਅੱਠ ਨੌਜਵਾਨ ਤੇ ਵਿਦਿਆਰਥੀ ਜਥੇਬੰਦੀਆਂ ਦੀ ਸਾਂਝੀ ਸੂਬਾਈ ਕਨਵੈਨਸ਼ਨ 
ਗ਼ਦਰ ਸ਼ਤਾਬਦੀ ਸਮਾਰੋਹਾਂ ਵਿਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ 
11 ਜੁਲਾਈ ਨੂੰ ਗ਼ਦਰ ਪਾਰਟੀ ਦੇ ਮਹਾਨ ਆਗੂ ਬਾਬਾ ਗੁਰਮੁਖ ਸਿੰਘ ਲਲਤੋਂ ਅਤੇ ਸ਼ਹੀਦ ਭਗਤ ਸਿੰਘ ਦੇ ਸਾਥੀ ਪੰਡਤ ਕਿਸ਼ੋਰੀ ਲਾਲ ਦੀ ਬਰਸੀ 'ਤੇ ਪੰਜਾਬ ਦੀਆਂ ਅੱਠ ਨੌਜਵਾਨ-ਵਿਦਿਆਰਥੀ ਜਥੇਬੰਦੀਆਂ ਵਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਗ਼ਦਰ ਪਾਰਟੀ ਦੀ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਵਿਸ਼ੇਸ਼ ਸੂਬਾਈ ਕਨਵੈਨਸ਼ਨ ਕੀਤੀ ਗਈ। ਇਸ ਕਨਵੈਨਸ਼ਨ ਵਿਚ ਪੰਜਾਬ ਭਰ ਤੋਂ ਸੈਂਕੜੇ ਨੌਜਵਾਨਾਂ ਨੇ ਬਹੁਤ ਹੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਕਨਵੈਨਸ਼ਨ ਨੂੰ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਕੁਲ ਹਿੰਦ ਪ੍ਰਧਾਨ ਪ੍ਰਿਥੀਪਾਲ ਸਿੰਘ ਮਾਘੀਮੇੜਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਤੇ ਹਰਿਆਣਾ ਦੇ ਪ੍ਰਧਾਨ ਜਸਵਿੰਦਰ ਸਿੰਘ ਢੇਸੀ, ਜਨਵਾਦੀ ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਸੁਰਿੰਦਰ ਖੀਵਾ, ਇਨਕਲਾਬੀ ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਕੰਵਲਜੀਤ ਸਿੰਘ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਜਨਰਲ ਸਕੱਤਰ ਬੀਬੀ ਰਘਬੀਰ ਕੌਰ, ਏ.ਆਈ.ਐਸ.ਐਫ. ਦੇ ਕੁਲ ਹਿੰਦ ਪ੍ਰਧਾਨ ਪਰਮਜੀਤ ਢਾਬਾਂ, ਐਸ.ਐਫ.ਆਈ. ਦੇ ਸੂਬਾਈ ਪ੍ਰਧਾਨ ਸਵਰਨਜੀਤ ਦਲਿਓ, ਸਰਬ ਭਾਰਤ ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ, ਪੀ.ਐਸ.ਐਫ. ਪੰਜਾਬ ਦੇ ਜਨਰਲ ਸਕੱਤਰ ਅਜੈ ਫਿਲੌਰ, ਆਈਸਾ ਦੇ ਪੰਜਾਬ ਦੇ ਕਨਵੀਨਰ ਹਰਮਨ ਹਿੰਮਤਪੁਰਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਜਨਰਲ ਸਕੱਤਰ ਮਨਦੀਪ ਰਤੀਆ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾਈ ਜਨਰਲ ਸਕੱਤਰ ਕੁਲਦੀਪ ਭੋਲਾ, ਜਨਵਾਦੀ ਨੌਜਵਾਨ ਸਭਾ ਦੇ ਸੂਬਾਈ ਜਨਰਲ ਸਕੱਤਰ ਸਤਨਾਮ ਸਿੰਘ ਵੜੈਚ, ਇਨਕਲਾਬੀ ਨੌਜਵਾਨ ਸਭਾ ਦੇ ਸੂਬਾਈ ਜਨਰਲ ਸਕੱਤਰ ਹਸ਼ਮੀਤ ਸਿੰਘ, ਏ.ਆਈ.ਐਸ.ਐਫ. ਪੰਜਾਬ ਦੇ ਜਨਰਲ ਸਕੱਤਰ ਸੁਖਜਿੰਦਰ ਮਹੇਸ਼ਰੀ, ਪੀ.ਐਸ.ਐਫ. ਪੰਜਾਬ ਦੀ ਪ੍ਰਧਾਨ ਰੋਜ਼ਦੀਪ ਢਿੱਲੋਂ, ਐਸ.ਐਫ.ਆਈ. ਦੇ ਸੂਬਾਈ ਜਨਰਲ ਸਕੱਤਰ ਗੁਰਸੇਵਕ ਅਤੇ ਆਈਸਾ ਪੰਜਾਬ ਦੇ ਕੋ-ਕਨਵੀਨਰ ਪੱਪੂ ਗੇਲੇ ਨੇ ਸੰਬੋਧਨ ਕੀਤਾ। 
ਕਨਵੈਨਸ਼ਨ ਵਿਚ ਪਾਸ ਕੀਤੇ ਗਏ ਇਕ ਮਤੇ ਰਾਹੀਂ ਇਸ ਵਰ੍ਹੇ ਆ ਰਹੇ ਗ਼ਦਰੀ ਬਾਬਿਆਂ ਦੇ ਮੇਲੇ ਨੂੰ ਇਕ ਵੱਖਰੀ ਤੇ ਨਿਆਰੀ ਸ਼ਾਨ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ ਅਤੇ ਮਤੇ ਵਿਚ ਨੋਟ ਕੀਤਾ ਗਿਆ ਕਿ ਗ਼ਦਰ ਪਾਰਟੀ ਨੇ ਗ਼ਦਰ ਅਖ਼ਬਾਰ ਰਾਹੀਂ ਭਾਰਤ ਦੀ ਸੰਪੂਰਨ ਆਜ਼ਾਦੀ ਸੰਬੰਧੀ ਸਾਫ ਤੇ ਸਪੱਸ਼ਟ ਤਸਵੀਰ ਪੇਸ਼ ਕੀਤੀ ਸੀ ਅਤੇ ਭਾਰਤ ਵਿਚ ਜਾਤ-ਪਾਤ ਅਤੇ ਧਾਰਮਿਕ ਭੇਦਭਾਵ ਤੋਂ ਰਹਿਤ ਬਰਾਬਰੀ ਦੇ ਆਧਾਰਤ ਸਮਾਜ ਕਾਇਮ ਕਰਨ ਦਾ ਅਹਿਦ ਕੀਤਾ ਸੀ। ਇਸ ਮਨੋਰਥ ਲਈ 100 ਸਾਲ ਪਹਿਲਾਂ ਅਮਰੀਕਾ ਵਿਚ ਸਥਾਪਤ ਕੀਤੀ ਗਈ ਗ਼ਦਰ ਪਾਰਟੀ ਵਿਚ ਸ਼ਾਮਲ ਹਿੰਦੁਸਤਾਨੀ ਕਿਰਤੀਆਂ ਵਿਚ ਦੇਸ਼ ਨੂੰ ਆਜ਼ਾਦ ਕਰਾਉਣ ਦਾ ਇੰਨਾ ਜਜ਼ਬਾ ਸੀ ਕਿ ਇਹ ਪਾਰਟੀ ਪੂਰੇ ਵਿਸ਼ਵ ਭਰ ਵਿਚ ਤੇਜ਼ੀ ਨਾਲ ਫੈਲ ਗਈ ਅਤੇ ਦੂਜੇ ਮੁਲਖਾਂ ਦੇ ਕਰਾਂਤੀਕਾਰੀਆਂ ਨਾਲ ਸੰਬੰਧ ਵੀ ਸਥਾਪਿਤ ਕਰ ਲਏ। ਹਥਿਆਰਬੰਦ ਘੋਲ ਰਾਹੀਂ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਮੰਤਵ ਨਾਲ ਗ਼ਦਰ ਯੋਧੇ ਵਹੀਰਾਂ ਘੱਤ ਕੇ ਭਾਰਤ ਪਹੁੰਚ ਗਏ। ਅੰਗਰੇਜ਼ ਸਾਮਰਾਜੀ ਹਕੂਮਤ ਨੇ ਗ਼ਦਰੀਆਂ ਨੂੰ ਸਮੁੰਦਰੀ ਜਹਾਜਾਂ ਵਿਚੋਂ ਭਾਰਤ ਦੀ ਧਰਤੀ ਤੇ ਉਤਰਦੇ ਸਾਰ ਹੀ ਗ੍ਰਿਫਤਾਰ ਕਰ ਲਿਆ। ਜਿਹੜੇ ਗ਼ਦਰੀ ਬਚ ਕੇ ਭਾਰਤ ਪਹੁੰਚ ਗਏ ਉਹਨਾਂ ਨੇ ਗ਼ਦਰ ਭਾਵ ਇਨਕਲਾਬ ਕਰਨ ਦੀ ਸਿਰੜੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਾ ਪ੍ਰਾਪਤ ਹੋ ਸਕੀ। ਅੰਗਰੇਜ਼ਾਂ ਨੇ ਗ਼ਦਰੀਆਂ ਨੂੰ ਗ੍ਰਿਫਤਾਰ ਕਰਕੇ ਬਹੁਤ ਸਖਤ ਤਸੀਹੇ ਦਿੱਤੇ ਅਤੇ ਗ਼ਦਰੀਆਂ ਨੂੰ ਫਾਂਸੀਆਂ, ਉਮਰ ਕੈਦਾਂ, ਕਾਲੇਪਾਣੀ, ਜੂਹਬੰਦੀ ਆਦਿ ਦੀਆਂ ਸਖਤ ਸਜ਼ਾਵਾਂ ਹੋਈਆਂ। ਇਸ ਵਾਰ 'ਮੇਲਾ ਗ਼ਦਰ ਸ਼ਤਾਬਦੀ' ਉਹਨਾਂ ਮਹਾਨ ਗ਼ਦਰੀਆਂ ਦੀ ਯਾਦ ਵਿਚ ਮਨਾਇਆ ਜਾ ਰਿਹਾ ਹੈ। ਕਨਵੈਨਸ਼ਨ ਨੇ ਪੰਜਾਬ ਦੀ ਜਵਾਨੀ ਨੂੰ ਸੱਦਾ ਦਿੱਤਾ ਕਿ ਜਲੰਧਰ ਵਿਖੇ ਹੋ ਰਹੇ ਇਸ ਮੇਲੇ ਵਿਚ ਹੁੰਮ ਹੁੰਮਾ ਕੇ ਪੁੱਜੋ ਅਤੇ ਆਪਣੇ ਆਪਣੇ ਇਲਾਕੇ ਵਿਚ ਗ਼ਦਰ ਦੇਸ਼ ਭਗਤਾਂ ਦੇ ਦਿਨ ਮਨਾ ਕੇ ਉਹਨਾਂ ਦੀ ਸੋਚ ਨੂੰ ਲੋਕਮਨਾਂ ਵਿਚ ਉਜਾਗਰ ਕਰੋ। ਇਹ ਫੈਸਲਾ ਕੀਤਾ ਗਿਆ ਕਿ ਪਿੰਡ, ਕਸਬਿਆਂ, ਸ਼ਹਿਰਾਂ ਆਦਿ ਥਾਵਾਂ ਤੇ ਜਾਗੋ ਕੱਢ ਕੇ ਵੀ ਲੋਕਾਂ ਨੂੰ ਗ਼ਦਰੀਆਂ ਦੇ ਇਸ ਮੇਲੇ ਪ੍ਰਤੀ ਪ੍ਰੇਰਿਤ ਕੀਤਾ ਜਾਵੇਗਾ। 
ਇਕ ਹੋਰ ਮਤੇ ਰਾਹੀਂ ਫੈਸਲਾ ਕੀਤਾ ਗਿਆ ਕਿ ਗ਼ਦਰੀ ਬਾਬਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਦੇ ਨੌਜਵਾਨਾਂ ਵਲੋਂ ਰੁਜ਼ਗਾਰ ਪ੍ਰਾਪਤ ਕਰਨ ਲਈ ਸੁਚੇਤ ਅਤੇ ਇਕਮੁੱਠ ਹੋ ਕੇ ਸੰਘਰਸ਼ ਆਰੰਭਿਆ ਜਾਵੇਗਾ। ਮਤੇ ਵਿਚ ਨੋਟ ਕੀਤਾ ਗਿਆ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮੌਜੂਦਾ ਪ੍ਰਬੰਧ ਨੇ ਜਵਾਨੀ ਨਾਲ ਕੋਝਾ ਮਜ਼ਾਕ ਕੀਤਾ ਹੈ। ਜਵਾਨੀ ਨੂੰ ਰੁਜ਼ਗਾਰ ਦੇਣ ਦੀ ਥਾਂ ਤੇ ਬੇਰੁਜ਼ਗਾਰ, ਕੰਗਾਲ, ਗਰੀਬ ਤੇ ਮੁਥਾਜ ਬਣਾ ਦਿੱਤਾ ਹੈ। ਪੰਜਾਬ ਦੀ ਸਥਿਤੀ ਇੰਨੀ ਜ਼ਿਆਦਾ ਗੰਭੀਰ ਹੋ ਗਈ ਹੈ ਕਿ 65 ਲੱਖ ਤੋਂ ਉਪਰ ਨੌਜਵਾਨ ਬੇਰੁਜ਼ਗਾਰ ਹਨ ਅਤੇ 66 ਫੀਸਦੀ ਟੱਬਰਾਂ ਕੋਲ ਆਪਣੇ ਜੀਵਨ ਨਿਰਬਾਹ ਦੇ ਸਾਲ ਹੀ ਨਹੀਂ ਹਨ। ਇਸ ਲਈ ਸਰਕਾਰ ਤੋਂ ਮੰਗ ਕੀਤੀ ਗਈ ਕਿ ਹਰੇਕ ਮੁੰਡੇ-ਕੁੜੀ ਲਈ ਰੁਜ਼ਗਾਰ ਯਕੀਨੀ ਬਣਾਇਆ ਜਾਵੇ। 
ਕਨਵੈਨਸ਼ਨ ਵਿਚ ਪਾਸ ਕੀਤੇ ਗਏ ਤੀਜੇ ਮਤੇ ਰਾਹੀਂ ਵਿਦਿਆ ਦੇ ਵਪਾਰੀਕਰਨ ਦੀ ਸਖਤ ਨਿਖੇਧੀ ਕੀਤੀ ਗਈੇ। ਨੋਟ ਕੀਤਾ ਗਿਆ ਕਿ ਵਿਦਿਆ ਸਾਰਿਆਂ ਲਈ ਇਕਸਾਰ ਨਹੀਂ ਹੈ। ਪ੍ਰਬੰਧ ਨੇ ਗਰੀਬਾਂ ਦੇ ਬੱਚਿਆਂ ਤੋਂ ਵਿਦਿਆ ਦਾ ਹੱਕ ਖੋਹ ਕੇ ਵਿਦਿਆ ਦਾ ਵਪਾਰੀਕਰਨ ਕਰ ਦਿੱਤਾ ਹੈ ਜਿਸ ਕਰਕੇ ਵਿਦਿਆ ਬਹੁਤ ਮਹਿੰਗੀ ਹੋ ਗਈ ਹੈ। ਜਿਸ ਕੋਲ ਪੈਸੇ ਹਨ ਉਹ ਹੀ ਵਿਦਿਆ ਲੈ ਸਕਦਾ ਹੈ। ਗਰੀਬ ਅਤੇ ਮੱਧ ਵਰਗ ਦੀ ਹੇਠਲੀ ਪਰਤ ਦੇ ਬੱਚੇ ਵੀ ਵਿਦਿਆ ਤੋਂ ਵਾਂਝੇ ਰਹਿ ਜਾਂਦੇ ਹਨ। ਗਰੀਬ ਲੋਕਾਂ ਦੇ ਬੱਚੇ ਤਾਂ ਮੁਢਲੀ ਵਿਦਿਆ ਵੀ ਅਧਵਾਟੇ ਹੀ ਛੱਡ ਦਿੰਦੇ ਹਨ ਕਿਉਂਕਿ ਉਹ ਰੋਟੀ-ਰੋਜ਼ੀ ਲਈ 'ਬਾਲ ਕਿਰਤ' ਕਰਨ ਵਾਲੇ ਮਜ਼ਬੂਰ ਹਨ। ਵਿਦਿਆ ਦੇ ਖੇਤਰ ਵਿਚ ਪੰਜਾਬ ਦੇ ਹਾਲਾਤ ਇੰਨੇ ਬਦਤਰ ਹੋ ਗਏ ਹਨ ਕਿ ਉਚੇਰੀ ਪੜ੍ਹਾਈ ਲਈ ਪਿੰਡਾਂ ਦੇ ਸਕੂਲਾਂ ਵਿਚੋਂ ਪੜ੍ਹੇ ਬੱਚੇ, ਨਾਮ ਮਾਤਰ ਹੀ ਪੁੱਜ ਰਹੇ ਹਨ। ਇਹੋ ਜਿਹੀ ਪ੍ਰਸਥਿਤੀ ਵਿਚ ਪੰਜਾਬ ਸਰਕਾਰ 10+2 ਤੱਕ ਹਰੇਕ ਬੱਚੇ ਨੂੰ ਵਿਦਿਆ ਮੁਫ਼ਤ ਤੇ ਲਾਜ਼ਮੀ ਦੇਵੇ। 
ਇਕ ਹੋਰ ਮਤੇ ਰਾਹੀਂ ਮੰਗ ਕੀਤੀ ਗਈ ਕਿ ਔਰਤਾਂ ਨੂੰ ਸਮਾਜ ਵਿਚ ਬਰਾਬਰ ਦਾ ਮਾਣ-ਸਨਮਾਨ ਦੇਣ ਵਾਸਤੇ ਪੰਜਾਬ ਸਰਕਾਰ ਐਮ.ਏ. ਤੱਕ ਲੜਕੀਆਂ ਨੂੰ ਵਿਦਿਆ ਮੁਫ਼ਤ ਦੇਵੇ ਅਤੇ ਲੜਕੀਆਂ ਨੂੰ ਰੁਜ਼ਗਾਰ ਦੀ ਗਰੰਟੀ ਵੀ ਹੋਵੇ। 
ਪੰਜਵੇਂ ਮਤੇ ਰਾਹੀਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਸ਼ਹੀਦ ਮਦਨ ਲਾਲ ਢੀਂਗਰਾ ਦਾ ਜੱਦੀ ਘਰ ਜੋ ਅੰਮ੍ਰਿਤਸਰ ਵਿਚ ਸੀ, ਨੂੰ ਭੌਂ-ਮਾਫੀਏ ਨੇ ਖਰੀਦ ਕੇ ਸਰਕਾਰ ਦੀ ਮਿਲੀਭੁਗਤ ਨਾਲ ਢਾਹ ਦਿੱਤਾ ਹੈ। ਉਸ ਥਾਂ ਨੂੰ ਸਰਕਾਰ ਖਰੀਦ ਕੇ ਉਥੇ ਮਦਨ ਲਾਲ ਢੀਂਗਰਾ ਦੀ ਯਾਦਗਾਰ ਸਥਾਪਿਤ ਕੀਤੀ ਜਾਵੇ। ਕਨਵੈਨਸ਼ਨ ਵਿਚ ਰਜਿੰਦਰ ਮੰਡ ਵਕੀਲ, ਬਲਦੇਵ ਸਿੰਘ ਪੰਡੋਰੀ, ਵਰਿੰਦਰਪਾਲ ਕਾਲਾ, ਏ.ਆਈ.ਐਸ.ਐਫ. ਗਰਲਜ਼ ਵਿੰਗ ਦੀ ਕੇਂਦਰ ਕਮੇਟੀ ਦੀ ਕਨਵੀਨਰ ਕਰਮਬੀਰ ਕੌਰ ਬੱਧਨੀ ਵੀ ਹਾਜ਼ਰ ਸੀ। 



ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਪਹਿਲਾ ਤਹਿਸੀਲ ਡੈਲੀਗੇਟ ਅਜਲਾਸ ਸੰਪਨ 
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅਤੇ ਹਰਿਆਣਾ ਤਹਿਸੀਲ ਸਰਦੂਲਗੜ੍ਹ ਦਾ ਪਹਿਲਾ ਤਹਿਸੀਲ ਡੈਲੀਗੇਟ ਅਜਲਾਸ ਸ਼ਹਿਰ ਦੀ ਮਸ਼ਹੂਰ ਧਰਮਸ਼ਾਲਾ ਲਾਲਾ ਚਰੰਜੀ ਲਾਲ ਧਰਮਸ਼ਾਲਾ ਵਿਖੇ ਕਰਵਾਇਆ ਗਿਆ। ਅਜਲਾਸ ਤੋਂ ਪਹਿਲਾਂ ਵੱਖ ਵੱਖ ਪਿੰਡਾਂ ਤੋਂ ਆਏ ਨੌਜਵਾਨਾਂ ਘੱਗਰ ਦਰਿਆ ਤੋਂ ਲੈ ਕੇ ਧਰਮਸ਼ਾਲਾ ਤੱਕ 'ਇਨਕਲਾਬ ਜ਼ਿੰਦਾਬਾਦ' 'ਸਾਮਰਾਜਵਾਦ ਮੁਰਦਾਬਾਦ' ਆਦਿ ਨਾਹਰੇ ਮਾਰਦੇ ਹੋਏ ਪੰਡਾਲ ਤੱਕ ਪੁੱਜੇ। ਇਸ ਡੈਲੀਗੇਟ ਅਜਲਾਸ ਨੂੰ ਸੰਬੋਧਨ ਕਰਨ ਪੁੱਜੇ ਸੂਬਾ ਸਕੱਤਰ ਮਨਦੀਪ ਸਿੰਘ ਰਤੀਆ ਨੇ ਕਿਹਾ ਕਿ ਅੱਜ ਦੇ ਨੌਜਵਾਨ ਵਰਗ ਦਾ ਭਵਿੱਖ ਧੁੰਦਲਾ ਹੈ। ਬੇਰੁਜ਼ਗਾਰੀ ਦਿਨੋ ਦਿਨ ਵੱਧ ਰਹੀ ਹੈ। ਜਿਸ ਕਾਰਨ ਨੌਜਵਾਨ ਪੀੜ੍ਹੀ ਦਾ ਮਾਰਗ ਦਰਸ਼ਨ ਕਰਨ ਲਈ ਭਗਤ ਸਿੰਘ ਦੀ ਵਿਚਾਰਧਾਰਾ ਦੀ ਸਖਤ ਲੋੜ ਹੈ। ਇਸ ਮੌਕੇ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਅਜੈ ਫਿਲੌਰ ਤੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿਚ ਆ ਰਹੇ ਨਿਘਾਰ ਤੇ ਸਿੱਖਿਆ ਖੇਤਰ ਵਿਚ ਕੀਤੀ ਜਾ ਰਹੀ ਲੁੱਟ ਤੇ ਬਾਰ੍ਹਵੀਂ ਤੱਕ ਦੀ ਸਿੱਖਿਆ ਸਭ ਲਈ ਮੁਫ਼ਤ ਪ੍ਰਾਪਤ ਕਰਨ ਲਈ ਲਾਮਬੰਦੀ ਦਾ ਸੰਦੇਸ਼ ਦਿੱਤਾ। ਇਸ ਮੌਕੇ ਤਹਿਸੀਲ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਸਾਥੀ ਬੰਸੀ ਲਾਲ ਪ੍ਰਧਾਨ, ਮਨਦੀਪ ਸਿੰਘ ਸਕੱਤਰ, ਸੋਨੀ, ਰੌਸ਼ਨ ਲਾਲ ਬ੍ਰਹਮੰਡੀ, ਰਮਨਦੀਪ ਲੋਹਗੜ੍ਹ, ਸਤਿਨਾਮ ਝੰਡੂਕੇ ਨੂੰ ਕਮੇਟੀ ਮੈਂਬਰ ਲਿਆ। 



ਨਜਾਇਜ਼ ਪਰਚੇ ਰੱਦ ਕਰਵਾਉਣ ਲਈ ਥਾਣੇ ਅੱਗੇ ਅਣਮਿੱਥੇ ਸਮੇਂ ਦਾ ਧਰਨਾ
ਰਮਦਾਸ : ਬੱਜਰੀ ਰੇਤ ਮਾਫੀਆਂ ਦੇ ਠੇਕੇਦਾਰਾਂ ਵੱਲੋਂ ਪਿੱਛਲੇ ਦਿਨੀਂ ਰੇਤ ਕੰਡਾ ਗੱਗੋਮਾਹਲ ਵਿਖੇ ਤਕਰਾਰ ਪਿੱਛੋਂ ਸਾਹੋਵਾਲ ਦੇ ਕੁਝ ਵਿਅਕਤੀਆਂ ਖਿਲਾਫ ਲੁੱਟ-ਖੋਹ ਦੇ ਕਰਵਾਏ ਨਜਾਇਜ਼ ਪਰਚੇ ਨੂੰ ਰੱਦ ਕਰਵਾਉਣ ਲਈ ਜਨਤਕ ਜਥੇਬੰਦੀ ਨੇ ਸਰਪੰਚ ਇੰਦਰਜੀਤ ਸਿੰਘ ਅਨੈਤਪੁਰਾ, ਸੁੱਚਾ ਸਿੰਘ ਠੱਠਾ, ਸਤਨਾਮ ਸਿੰਘ ਚੱਕ ਔਲਖ, ਬੀਬੀ ਸਰਬਜੀਤ ਕੌਰ ਡੱਬਰ ਤੇ ਕੁਲਵੰਤ ਸਿੰਘ ਸੂਫੀਆ ਦੀ ਅਗਵਾਈ ਹੇਠ 22 ਜੁਲਾਈ ਨੂੰ ਪੁਲਿਸ ਥਾਣਾ ਰਮਦਾਸ ਦਾ ਘਿਰਾਓ ਕੀਤਾ ਤੇ ਪੰਜਾਬ ਸਰਕਾਰ, ਪੁਲਸ ਵਿਭਾਗ ਤੇ ਰੇਤ ਦੇ ਠੇਕੇਦਾਰਾਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਨੇ ਕਿਹਾ ਕਿ ਬੱਜਰੀ ਤੇ ਰੇਤ ਦੇ ਮਾਫੀਆ ਗਰੋਹ ਨੇ ਪੁਲਸ ਦੀ ਛਤਰ ਛਾਇਆ ਹੇਠ ਟਰਾਲੀਆਂ ਤੇ ਟਰੱਕਾਂ 'ਤੇ ਰੇਤ ਦਾ ਕਾਰੋਬਾਰ ਕਰਕੇ ਆਪਣੇ ਬੱਚਿਆ ਦਾ ਪੇਟ ਪਾਲਣ ਵਾਲੇ ਲੋਕਾਂ 'ਤੇ ਆਪਣੇ ਲੱਠਮਾਰਾਂ ਰਾਹੀਂ ਤਸ਼ੱਦਦ ਕਰਵਾਇਆ ਹੈ ਤੇ ਉਲਟਾ ਪੁਲਸ ਨੇ ਮਾਰ ਖਾਣ ਵਾਲੇ ਵਿਅਕਤੀਆਂ ਦੇ ਖਿਲਾਫ ਹੀ ਪਰਚਾ ਦਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਇਨਿੰਗ ਵਿਭਾਗ ਮੁਤਾਬਕ 110 ਰੁਪਏ ਪ੍ਰਤੀ ਟਨ ਲਦਾਈ ਤੇ 80 ਰੁਪਏ ਪ੍ਰਤੀ ਟਨ ਮਾਇਨਿੰਗ ਦੀ ਠੇਕੇਦਾਰਾਂ ਵੱਲੋਂ ਪਰਚੀ ਕੱਟੀ ਜਾਣੀ ਮਿੱਥੀ ਗਈ ਹੈ, ਪਰ ਠੇਕੇਦਾਰ ਨਜਾਇਜ਼ ਤੌਰ 'ਤੇ ਟਰਾਲੀਆਂ ਵਾਲਿਆਂ ਕੋਲੋਂ 2 ਤੋਂ 3 ਹਜ਼ਾਰ ਰੁਪਏ ਵਸੂਲੇ ਜਾ ਰਹੇ ਹਨ, ਜਿਸ ਕਰਕੇ ਰੇਤਾ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ ਤੇ ਮਾੜੇ ਵਿਅਕਤੀ ਵਾਸਤੇ ਸਿਰ ਢਕਣ ਲਈ ਕਮਰਾ ਬਣਾਉਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮਾਇਨਿੰਗ ਵਿਭਾਗ ਦੇ ਕਾਨੂੰਨ ਮੁਤਬਿਕ 10 ਫੁੱਟ ਤੋਂ ਥੱਲੇ ਰੇਤ ਪੁੱਟਣ 'ਤੇ ਪਾਬੰਦੀ ਹੈ, ਪਰ ਠੇਕੇਦਾਰ ਤੇ ਮਾਇਨਿੰਗ ਵਿਭਾਗ ਦੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਇਹ ਖੱਡਾਂ 40-50 ਫੁੱਟ ਡੂੰਘੀਆਂ ਹੋ ਗਈਆਂ ਹਨ, ਜਿਸ ਨਾਲ ਕਿਸੇ ਸਮੇਂ ਵੀ ਦਰਿਆ ਦਾ ਵਹਿਣ ਸਰਹੱਦੀ ਲੋਕਾਂ ਲਈ ਖਤਰਾ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਦਰਿਆ 'ਤੇ ਬਣੇ ਧੁਸੀਆਂ ਦੇ 100 ਫੁੱਟ ਦੇ ਘੇਰੇ ਅੰਦਰ ਕਿਸੇ ਕਿਸਮ ਦੀ ਪੁਟਾਈ ਨਹੀ ਕੀਤੀ ਜਾ ਸਕਦੀ, ਪਰ ਠੇਕੇਦਾਰਾਂ ਵੱਲੋਂ ਇਨ੍ਹਾਂ ਥਾਵਾਂ ਨੂੰ ਵੀ ਬਖਸ਼ਿਆ ਨਹੀ ਜਾ ਰਿਹਾ। ਉਨ੍ਹਾਂ ਪੰਜਾਬ ਸਰਕਾਰ, ਮਾਇਨਿੰਗ ਵਿਭਾਗ ਤੇ ਰੇਤ ਦੇ ਇਸ ਮਾਫੀਆ ਗਰੋਹ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਾਹੋਵਾਲ ਦੇ ਵਿਅਕਤੀਆਂ 'ਤੇ ਕੀਤਾ ਨਜਾਇਜ਼ ਪਰਚਾ ਤਰੁੰਤ ਰੱਦ ਨਾ ਕੀਤਾ ਤਾਂ ਰੇਤ ਬਜਰੀ ਮਾਫੀਆ ਦੀ ਲੁੱਟ ਵਿਰੁੱਧ ਸਾਂਝਾ ਮੋਰਚਾ ਵੱਡਾ ਸੰਘਰਸ਼ ਵਿੱਢੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ, ਮਾਇਨਿੰਗ ਵਿਭਾਗ ਤੇ ਪੁਲਸ ਪ੍ਰਸ਼ਾਸਨ ਦੀ ਹੋਵੇਗੀ। ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ, ਕਿਸਾਨ ਸਭਾ ਅਜਨਾਲਾ ਦੇ ਪ੍ਰਧਾਨ ਸੀਤਲ ਸਿੰਘ ਤਲਵੰਡੀ, ਸੀਨੀਅਰ ਮੀਤ ਪ੍ਰਧਾਨ ਵਿਰਸਾ ਸਿੰਘ ਟਪਿਆਲਾ, ਦਿਹਾਤੀ ਮਜ਼ਦੂਰ ਸਭਾ ਦੇ ਗੁਰਨਾਮ ਸਿੰਘ ਉਮਰਪੁਰਾ, ਸਕੱਤਰ ਜਸਬੀਰ ਸਿੰਘ ਜੱਸਰਾਹੂਰ, ਸ਼ਹੀਦ ਭਗਤ ਸਿੰਘ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ, ਵਿੱਤ ਸਕੱਤਰ ਸੁਰਜੀਤ ਸਿੰਘ ਦੁਧਾਰਾਏ, ਜਨਵਾਦੀ ਇਸਤਰੀ ਸਭਾ ਦੇ ਮੀਤ ਪ੍ਰਧਾਨ ਅਜੀਤ ਕੌਰ, ਬੀਬੀ ਗੁਰਮੀਤ ਕੌਰ, ਟਰਾਲੀ ਯੂਨੀਅਨ ਦੇ ਪ੍ਰਧਾਨ ਸਿਮਰਜੀਤ ਸਿੰਘ ਸਾਹੋਵਾਲ, ਟਰੱਕ ਯੂਨੀਅਨ ਦੇ ਆਗੂ ਮੰਗਲ ਸਿੰਘ ਖਹਿਰਾ, ਪੰਜਾਬ ਨਿਰਮਾਣ ਯੂਨੀਅਨ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਛਿਹਾਟਾ, ਰਛਪਾਲ ਸਿੰਘ ਰਾਏਪੁਰ, ਸੀ.ਟੀ.ਯੂ. ਦੇ ਪੰਜਾਬ ਕਨਵੀਨਰ ਜਗਤਾਰ ਸਿੰਘ, ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਪ੍ਰਧਾਨ ਜੋਰਾ ਸਿੰਘ ਅਵਾਣ, ਸਰਪੰਚ ਹਰਿੰਦਰ ਸਿੰਘ ਡਿਆਲ ਭੱਟੀ, ਬਲਵਿੰਦਰ ਸਿੰਘ ਰਵਾਲ, ਬੀਰ ਸਿੰਘ ਭੱਖਾ, ਸਰਪੰਚ ਇੰਦਰਜੀਤ ਸਿੰਘ, ਸਤਨਾਮ ਸਿੰਘ ਚੱਕਮੱਲ, ਬੀਬੀ ਸਰਬਜੀਤ ਕੌਰ ਡੱਬਰ, ਕੁਲਵੰਤ ਸਿੰਘ ਸੂਫੀਆਂ, ਜਗੀਰ ਸਿੰਘ ਲੀਡਰ, ਕਾਬਲ ਸਿੰਘ ਸਾਹੋਵਾਲ, ਬਾਬਾ ਇੰਦਰਜੀਤ ਸਿੰਘ ਡੱਬਰ ਆਦਿ ਸ਼ਾਮਲ ਸਨ। 
ਜਥੇਬੰਦੀ ਨਾਲ ਡੀ.ਐਸ.ਪੀ. ਤਿਲਕ ਰਾਜ ਅਜਨਾਲਾ, ਥਾਣਾ ਰਮਦਾਸ ਦੇ ਐਸ.ਐਚ.ੳ. ਗੁਰਬਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਕਰਕੇ ਜਥੇਬੰਦੀ ਵੱਲੋਂ ਪਰਚੇ ਰੱਦ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਲਗਾਇਆ ਗਿਆ ਹੈ, ਉਨ੍ਹਾਂ ਵਿਅਕਤੀਆਂ ਦਾ ਰੇਤ ਦੇ ਠੇਕੇਦਾਰਾਂ ਨਾਲ ਸਮਝੌਤਾ ਹੋ ਚੁੱਕਾ ਹੈ, ਪਰ ਜਥੇਬੰਦੀ ਨਾਲ ਦੋ ਗੇੜ ਦੀ ਮੀਟਿੰਗ ਕਰਨ ਉਪਰੰਤ ਵੀ ਗੱਲ ਕਿਸੇ ਸਿਰੇ ਨਹੀ ਲੱਗ ਸਕੀ, ਜਿਸ ਕਾਰਨ ਥਾਣੇ ਅੱਗੇ ਧਰਨਾ ਲਗਾਉਣਾ ਪਿਆ।



ਭੂ-ਮਾਫੀਆ ਦੀਆਂ ਧੱਕੇਸ਼ਾਹੀਆਂ ਵਿਰੁੱਧ ਜਮਹੂਰੀ ਕਿਸਾਨ ਸਭਾ ਵੱਲੋਂ ਰੋਸ, ਧਰਨਾ
ਅਜਨਾਲਾ : ਰੇਤ ਤੇ ਭੂ-ਮਾਫੀਆ ਦੀਆਂ ਵਧ ਰਹੀਆਂ ਧੱਕੇਸ਼ਾਹੀਆਂ ਅਤੇ ਜਬਰੀ ਜ਼ਮੀਨਾਂ ਖੋਹਣ ਵਿਰੁੱਧ ਸੈਂਕੜੇ ਕਾਰਕੁਨਾਂ ਨੇ ਜਮਹੂਰੀ ਕਿਸਾਨ ਸਭਾ ਪੰਜਾਬ ਤੇ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਸ਼ਹਿਰ ਦੇ ਮੁੱਖ ਬਜ਼ਾਰਾਂ 'ਚ ਰੋਹ ਭਰਿਆ ਮੁਜ਼ਾਹਰਾ ਕੀਤਾ, ਜਿਥੇ ਰੇਤ ਅਤੇ ਭੂ ਮਾਫੀਆ ਦੀ ਪੁਸ਼ਤਪਨਾਹੀ ਕਰ ਰਹੇ ਪੁਲਸ ਅਤੇ ਸਿਵਲ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਰੋਸ ਪ੍ਰਦਰਸ਼ਨ ਉਪਰੰਤ ਪੁਲਸ ਥਾਣਾ ਅਜਨਾਲਾ ਦੇ ਸਾਹਮਣੇ ਲੰਬਾ ਸਮਾਂ ਧਰਨਾ ਦਿੱਤਾ ਗਿਆ। 
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ, ਸੀਤਲ ਸਿੰਘ ਤਲਵੰਡੀ, ਗੁਰਨਾਮ ਸਿੰਘ ਉਮਰਪੁਰਾ, ਜਸਬੀਰ ਸਿੰਘ ਜਸਰਾਊਰ, ਜਗੀਰ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਸਿਮਰਨਜੀਤ ਸਿੰਘ ਸਾਹੋਵਾਲ, ਕੁਲਵੰਤ ਸਿੰਘ ਚੱਕਬਾਲਾ ਨੇ ਕਿਹਾ ਕਿ ਰੇਤ ਦੇ ਕਾਰੋਬਾਰ ਨੂੰ ਨਿਯਮਤ ਕੀਤਾ ਜਾਵੇ ਅਤੇ ਪਰਚੀਆਂ ਦੇ ਵੱਧ ਪੈਸੇ ਲੈਣੇ ਬੰਦ ਕੀਤੇ ਜਾਣ, ਪ੍ਰਤੀ ਟਰਾਲੀ ਦੀ ਭਰਾਈ 1500 ਤੋਂ ਵੱਧ ਨਾ ਲਈ ਜਾਵੇ। ਇਸ ਮੌਕੇ ਉਕਤ ਆਗੂਆਂ ਨੇ ਮੰਗ ਕੀਤੀ ਕਿ ਅਬਾਦਕਾਰਾਂ ਵੱਲੋਂ ਅਬਾਦ ਕੀਤੀਆਂ ਜ਼ਮੀਨਾਂ ਨੂੰ ਖੋਹਣ ਵਾਲੇ ਭੂ-ਮਾਫੀਆ ਨੂੰ ਨੱਥ ਪਾਈ ਜਾਵੇ ਤੇ ਪੁਲਸ ਵੱਲੋਂ ਭੂ-ਮਾਫੀਆ ਦੀ ਕੀਤੀ ਜਾ ਰਹੀ ਪੁਸ਼ਤਪਨਾਹੀ ਬੰਦ ਕੀਤੀ ਜਾਵੇ।
 ਇਸ ਮੌਕੇ ਪਿੰਡ ਡੱਬਰ ਦੇ ਬਾਬਾ ਇੰਦਰਜੀਤ ਸਿੰਘ ਉੱਪਰ ਪਿੰਡ ਦੇ ਕੁਝ ਲੱਠਮਾਰਾਂ ਵੱਲੋਂ ਕੀਤਾ ਜਾ ਰਿਹਾ ਜਬਰ ਰੋਕਿਆ ਜਾਵੇ ਅਤੇ ਇਸ ਪਰਵਾਰ ਉੱਪਰ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਧਰਨੇ ਦੌਰਾਨ ਮਾਈਨਰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਐਸ.ਐਚ.ਓ.ਅਜਨਾਲਾ ਦੀ ਹਾਜ਼ਰੀ ਵਿੱਚ ਵਿਸ਼ਵਾਸ ਦਿਵਾਇਆ ਕਿ ਰੇਤ ਦਾ ਕਾਰੋਬਾਰ ਨਿਯਮਤ ਕੀਤਾ ਜਾਵੇਗਾ। ਇਸ ਮੌਕੇ ਐਸ.ਐਚ.ਓ. ਅਜਨਾਲਾ ਸ੍ਰੀ ਚੰਦਨ ਕੂਮਾਰ ਨੇ ਅਬਾਦਕਾਰਾਂ  ਮਾਝੀ ਮੀਆਂ ਵਾਲਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੁਲਸ ਕਿਸੇ ਨੂੰ ਨਜਾਇਜ਼ ਪ੍ਰੇਸ਼ਾਨ ਨਹੀਂ ਕਰੇਗੀ। 
ਇਸ ਮੌਕੇ ਜਗੀਰ ਸਿੰਘ ਲੀਡਰ, ਕੁਲਵੰਤ ਸਿੰਘ, ਪ੍ਰੀਤਮ ਸਿੰਘ, ਬਾਬਾ ਇੰਦਰਜੀਤ ਸਿੰਘ, ਤਾਰਾ ਸਿੰਘ ਕੋਟਲੀ ਕੋਕਾ ਸਮੇਤ ਵੱਡੀ ਗਿਣਤੀ ਵਿੱਚ ਬੀਬੀਆਂ ਵੀ ਹਾਜ਼ਰ ਸਨ।



ਰੇਤ-ਬੱਜਰੀ ਮਾਫੀਆ ਖਿਲਾਫ ਸੂਬਾ ਪੱਧਰੀ ਮੋਰਚਾ
ਰਮਦਾਸ : ਰੇਤ ਬੱਜਰੀ ਦੇ ਕਾਰੋਬਾਰ ਨੂੰ ਨਿਯਮਤ ਕਰਾਉਣ ਲਈ ਨਵਗਠਤ ਰੇਤ ਬੱਜਰੀ ਮਾਫੀਏ ਦੀ ਲੁੱਟ ਵਿਰੋਧੀ ਸਾਂਝਾ ਮੋਰਚਾ ਦੀ ਪਲੇਠੀ ਪੰਜਾਬ ਪੱਧਰੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਰੇਤ-ਬੱਜਰੀ ਖਪਤਕਾਰਾਂ ਲਈ ਸਸਤੀ ਮੁਹੱਈਆ ਕਰਾਉਣ ਵਾਸਤੇ ਅਜਨਾਲਾ ਵਿਖੇ ਸੂਬਾ ਪੱਧਰੀ ਮੋਰਚਾ ਲਾਇਆ ਜਾਵੇਗਾ, ਇਸ ਫੈਸਲੇ ਨੂੰ ਲਾਗੂ ਕਰਵਾਉਣ ਲਈ ਸਾਂਝੇ ਮੋਰਚੇ 'ਚ ਸ਼ਾਮਲ ਸਮੂਹ ਜਥੇਬੰਦੀਆਂ ਦੀ ਮੀਟਿੰਗ ਸੁਰਜੀਤ ਸਿੰਘ ਦੁੱਧਰਾਏ ਵਿੱਤ ਸਕੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਪ੍ਰਧਾਨ ਸੀਤਲ ਸਿੰਘ ਤਲਵੰਡੀ, ਸੀਨੀਅਰ ਮੀਤ ਪ੍ਰਧਾਨ ਵਿਰਸਾ ਸਿੰਘ ਟਪਿਆਲਾ, ਦਿਹਾਤੀ ਮਜ਼ਦੂਰ ਸਭਾ ਦੇ ਗੁਰਨਾਮ ਸਿੰਘ ਉਮਰਪੁਰਾ, ਅਮਰਜੀਤ ਸਿੰਘ ਭੀਲੋਵਾਲ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਕੁਲਵੰਤ ਸਿੰਘ ਮੱਲੂਨੰਗਲ ਤੇ ਸੁਖਵਿੰਦਰ ਸਿੰਘ ਮੁਜ਼ੱਫਰਪੁਰਾ, ਜਨਵਾਦੀ ਇਸਤਰੀ ਸਭਾ ਦੀ ਬੀਬੀ ਅਜੀਤ ਕੌਰ ਤੇ ਸੁਰਜੀਤ ਕੌਰ ਉਮਰਪੁਰਾ, ਰੇਤ-ਬੱਜਰੀ ਦੀ ਲੁੱਟ ਵਿਰੋਧੀ ਟਰਾਲੀ ਟਰੱਕ ਯੂਨੀਅਨ ਦੇ ਪ੍ਰਧਾਨ ਸਿਮਰਨਜੀਤ ਸਿੰਘ, ਜਨਰਲ ਸਕੱਤਰ ਕੁਲਵੰਤ ਸਿੰਘ ਚੱਕ ਬਾਲਾ ਤੇ ਮੰਗਲ ਸਿੰਘ ਕੋਟਲੀ ਖਹਿਰਾ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੈਕਟਰੀ ਰਛਪਾਲ ਸਿੰਘ ਰਾਏਪੁਰ ਖੁਰਦ, ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਅਮਰੀਕ ਸਿੰਘ ਦਾਊਦ, ਸੀ ਟੀ ਯੂ ਪੰਜਾਬ ਦੇ ਕਨਵੀਨਰ ਜਗਤਾਰ ਸਿੰਘ ਕਰਮਪੁਰਾ, ਬਾਰਡਰ ਏਰੀਆ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜ਼ੋਰਾ ਸਿੰਘ ਅਵਾਨ ਤੇ ਮੰਡ-ਬੇਟ ਏਰੀਆ ਦੇ ਅਬਾਦਕਾਰ ਸੰਘਰਸ਼ ਕਮੇਟੀ ਦੇ ਆਗੂ ਬਲਵੰਤ ਸਿੰਘ ਟਨਾਣਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਡਾ. ਸਤਨਾਮ ਸਿੰਘ ਅਜਨਾਲਾ ਅਤੇ ਡਾ. ਬਲਵਿੰਦਰ ਸਿੰਘ ਛੇਹਰਟਾ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਭਰ 'ਚ ਧਰਤੀ ਹੇਠਲੇ ਖਣਿਜ ਪਦਾਰਥਾਂ ਦੀ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਕੰਪਨੀਆਂ ਤੇ ਠੇਕੇਦਾਰਾਂ ਪਾਸੋਂ ਅੰਨ੍ਹੇਵਾਹ ਲੁੱਟ ਕਰਾਈ ਜਾ ਰਹੀ ਹੈ, ਜਿਸ ਦਾ ਇੱਕ ਨਮੂਨਾ ਰੇਤ ਬੱਜਰੀ ਹੈ। ਇਸ ਦੀ ਲੁੱਟ ਬੰਦ ਕਰਵਾਉਣ ਅਤੇ ਖਪਤਕਾਰਾਂ ਨੂੰ ਰਾਹਤ ਦਿਵਾਉਣ ਲਈ ਵਿਸ਼ਾਲ ਜਥੇਬੰਦਕ ਏਕੇ ਤੇ ਲੋਕ ਜਾਗਰਣ ਮੁਹਿੰਮ ਲਾਮਬੰਦ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਪੁਲਸ ਜ਼ਬਰ ਵਿਰੁੱਧ ਤੇ ਰੇਤ ਬੱਜਰੀ ਯੂਨੀਅਨ ਦੇ ਆਗੂਆਂ ਤੇ ਕਾਰਕੁੰਨਾਂ ਵਿਰੁੱਧ ਬਣਾਏ ਝੂਠੇ ਕੇਸਾਂ ਨੂੰ ਰੱਦ ਕਰਵਾਉਣ ਲਈ ਪੁਲਸ ਪ੍ਰਸ਼ਾਸਨ ਵਿਰੁੱਧ ਸੰਘਰਸ਼ ਲਾਮਬੰਦ ਕਰਨ ਦਾ ਪੂਰਨ ਫੈਸਲਾ ਲਿਆ ਗਿਆ। 



ਕਟਾਰੂਚੱਕ ਤੋਂ ਸੀ ਪੀ ਐੱਮ ਦੀ ਉਮੀਦਵਾਰ ਸਰਪੰਚ ਬਣੀ
ਦੀਨਾਨਗਰ : ਪੰਚਾਇਤੀ ਚੋਣਾ ਦੌਰਾਨ ਪਿੰਡ ਕਟਾਰੂਚੱਕ ਤੋਂ ਸੀ ਪੀ ਐੱਮ ਪੰਜਾਬ ਦੀ ਉਮੀਦਵਾਰ ਸ੍ਰੀਮਤੀ ਉਰਮਿਲਾ ਦੇਵੀ ਨੇ ਹਾਕਮ ਧਿਰ ਦੇ ਉਮੀਦਵਾਰ ਨੂੰ ਕਰਾਰੀ ਹਾਰ ਦਿੰਦਿਆਂ ਜਿੱਤ ਦਰਜ ਕੀਤੀ। ਉਨ੍ਹਾਂ ਨੇ ਭਾਜਪਾ ਉਮੀਦਵਾਰ ਕਰਨ ਸਿੰਘ ਨੂੰ 134 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਤੀਸਰੀ ਵਾਰ ਸਰਪੰਚ ਬਣਨ ਦਾ ਮਾਣ ਹਾਸਲ ਕੀਤਾ ਹੈ। ਉਂਝ ਇਸ ਪਿੰਡ ਤੋਂ ਸੀ ਪੀ ਐੱਮ ਪੰਜਾਬ ਦੇ ਉਮੀਦਵਾਰਾਂ ਦੀ ਇਹ ਲਗਾਤਾਰ ਪੰਜਵੀਂ ਜਿੱਤ ਹੈ। ਉਰਮਿਲਾ ਦੇਵੀ ਨੂੰ ਕੁੱਲ 567 ਵੋਟਾਂ ਮਿਲੀਆਂ, ਜਦਕਿ ਭਾਜਪਾ ਉਮੀਦਵਾਰ ਕਰਨ ਸਿੰਘ 433 ਵੋਟਾਂ ਹੀ ਲੈ ਸਕੇ। ਪੰਚ ਉਮੀਦਵਾਰਾਂ ਵਿੱਚ ਰਵੀ ਕੁਮਾਰ, ਹੇਮ ਰਾਜ, ਕਾਂਤਾ ਦੇਵੀ, ਬਹਾਦਰ ਲਾਲ ਅਤੇ ਸੱਤਪਾਲ ਜੇਤੂ ਰਹੇ ਹਨ। ਇਸ ਮੌਕੇ ਜੇਤੂ ਸਰਪੰਚ ਉਰਮਿਲਾ ਦੇਵੀ ਦੇ ਪਤੀ ਅਤੇ ਸੀ ਪੀ ਐੱਮ ਪੰਜਾਬ ਦੀ ਜਥੇਬੰਦੀ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾਈ ਵਿੱਤ ਸਕੱਤਰ ਕਾਮਰੇਡ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਸੀ ਪੀ ਐੱਮ ਪੰਜਾਬ ਦੀ ਅਗਵਾਈ ਵਿੱਚ ਉਨ੍ਹਾਂ ਦੀ ਪਾਰਟੀ ਨਾਲ ਸੰਬੰਧਤ ਸਰਪੰਚ ਉਮੀਦਵਾਰਾਂ ਦੀ ਇਹ ਲਗਾਤਾਰ ਪੰਜਵੀਂ ਜਿੱਤ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਇੱਕ ਵਾਰ ਉਹ ਖ਼ੁਦ, ਇੱਕ ਵਾਰ ਪਾਰਟੀ ਦਾ ਇੱਕ ਹੋਰ ਵਰਕਰ ਅਤੇ ਤਿੰਨ ਵਾਰ ਉਰਮਿਲਾ ਦੇਵੀ ਸਰਪੰਚ ਬਣਨ ਵਿੱਚ ਕਾਮਯਾਬ ਹੋਈ ਹੈ। ਜੋ ਖੱਬੇ ਪੱਖੀਆਂ ਲਈ ਬੜੇ ਮਾਣ ਵਾਲੀ ਗੱਲ ਹੈ। ਸੂਬਾਈ ਆਗੂ ਕਾਮਰੇਡ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਲੋਕਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਪਿੰਡ ਦੇ ਸਰਬ-ਪੱਖੀ ਵਿਕਾਸ ਅਤੇ ਭਲੇ ਲਈ ਚੰਗੀ ਅਕਸ ਵਾਲੀ ਸ਼ਖ਼ਸੀਅਤ ਨੂੰ ਅੱਗੇ ਲਿਆਉਣਾ ਚਾਹੁੰਦੇ ਹਨ ਨਾ ਕਿ ਸ਼ਰਾਬ ਦੀਆਂ ਛਬੀਲਾਂ ਲਗਾ ਕੇ ਲੋਕਾਂ ਕੋਲੋਂ ਵੋਟਾਂ ਹਥਿਆਉਣ ਵਾਲਿਆਂ ਨੂੰ। ਇਸ ਮੌਕੇ ਜੇਤੂ ਸਰਪੰਚ ਉਰਮਿਲਾ ਦੇਵੀ ਨੇ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਬਿਨਾਂ ਕਿਸੇ ਭੇਦਭਾਵ ਦੇ ਪਿੰਡ ਦਾ ਸਰਬ-ਪੱਖੀ ਵਿਕਾਸ ਕਰਨ ਦਾ ਭਰੋਸਾ ਦਿੱਤਾ। 



ਗੁਰਦਾਸਪੁਰ ਸ਼ਹਿਰ ਦੇ ਸੁੱਕਾ ਤਲਾਓ ਨੂੰ ਬਚਾਉਣ ਲਈ ਸੰਘਰਸ਼ ਕਮੇਟੀ ਦੇ ਸੱਦੇ 'ਤੇ ਝੰਡਾ ਮਾਰਚ
ਗੁਰਦਾਸਪੁਰ ਸ਼ਹਿਰ ਦੇ ਐਨ ਵਿਚਕਾਰ ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ, ਕਿਸਾਨਾਂ ਅਤੇ ਹੋਰ ਸਮਾਜਿਕ ਸਗੰਠਨਾਂ ਵਾਸਤੇ 'ਮੱਕੇ' ਦੀ ਤਰ੍ਹਾਂ ਜਾਣੇ ਜਾਂਦੇ ਨਹਿਰੂ ਪਾਰਕ (ਸੁੱਕਾ ਤਲਾਓ) ਨੂੰ ਬਚਾਉਣ ਵਾਸਤੇ ਗਠਿਤ ਨਹਿਰੂ ਪਾਰਕ ਸੰਘਰਸ਼ ਕਮੇਟੀ ਦੇ ਸੱਦੇ 'ਤੇ 25 ਜੁਲਾਈ ਨੂੰ ਸੈਂਕੜੇ ਲੋਕਾਂ ਵੱਲੋਂ ਭਾਰੀ ਬਾਰਿਸ਼ ਦੀ ਪ੍ਰਵਾਹ ਕੀਤੇ ਬਗੈਰ ਗੁਰਦਾਸਪੁਰ ਸ਼ਹਿਰ ਤੋਂ ਇਲਾਵਾ ਵਿਧਾਨ ਸਭਾ ਹਲਕਾ ਗੁਰਦਾਸਪੁਰ ਅਧੀਨ ਪੈਂਦੇ ਦੇ ਦੋ ਦਰਜਨ ਤੋਂ ਵਧੇਰੇ ਪਿੰਡਾਂ ਅੰਦਰ ਝੰਡਾ ਮਾਰਚ ਕੀਤਾ ਗਿਆ। ਇਸ ਝੰਡਾ ਮਾਰਚ ਦੇ ਅੱਗੇ ਖੁੱਲ੍ਹੀ ਜੀਪ ਵਿਚ ਮੁਲਾਜ਼ਮ ਆਗੂ ਸਵਾਰ ਸਨ ਜਦਕਿ ਇਸ ਦੇ ਪਿਛੇ ਸੈਂਕੜੇ ਕਾਰਕੁੰਨ ਸਕੂਟਰਾਂ, ਮੋਟਰ ਸਾਈਕਲਾਂ ਅਤੇ ਸਾਈਕਲਾਂ 'ਤੇ ਸਵਾਰ ਹੋ ਕੇ ਨਹਿਰੂ ਪਾਰਕ ਨੂੰ ਬਚਾਓੁਣ ਦੇ ਸਬੰਧ ਵਿਚ ਜੋਰਦਾਰ ਨਾਅਰੇਬਾਜੀ ਕਰਦੇ ਹੋਏ ਇਸ ਨੂੰ ਢਾਹੁਣ ਵਾਲਿਆਂ ਖਿਲਾਫ ਆਪਣੇ ਰੋਹ ਦਾ ਪ੍ਰਗਟਾਵਾ ਕਰ ਰਹੇ ਸਨ। ਨਹਿਰੂ ਪਾਰਕ ਬਚਾਓੁ ਸੰਘਰਸ਼ ਕਮੇਟੀ ਦੇ ਸੱਦੇ 'ਤੇ ਵੱਡੀ ਗਿਣਤੀ ਵਿਚ ਕਿਸਾਨਾਂ, ਮਜ਼ਦੂਰਾਂ, ਅਤੇ ਮੁਲਾਜ਼ਮਾਂ ਤੋਂ ਇਲਾਵਾ ਸਾਹਿਤ ਸਭਾਵਾਂ, ਜਨਹਿਤ ਮੰਚ ਗੁਰਦਾਸਪੁਰ, ਵਾਤਾਵਰਣ ਪ੍ਰੇਮੀ ਅਤੇ ਮਨੁੱਖੀ ਹੱਕਾਂ ਲਈ ਲੜ ਰਹੀਆਂ ਹੋਰ ਜਥੇਬੰਦੀਆਂ ਦੇ ਕਾਰਕੁੰਨ ਭਾਰੀ ਉਤਸ਼ਾਹ ਨਾਲ ਸ਼ਾਮਲ ਹੋਣ ਵਾਸਤੇ ਸਵੇਰ ਵੇਲੇ ਹੀ ਪੁੱਜੇ ਹੋਏ ਸਨ। ਇਥੇ ਜ਼ਿਕਰਯੋਗ ਹੈ ਕਿ ਜਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਗੁਰਦਾਸਪੁਰ ਦੇ ਅਧਿਕਾਰੀ ਮਜ਼ਦੂਰਾਂ, ਮੁਲਾਜ਼ਮਾਂ ਅਤੇ ਕਿਸਾਨ ਜਥੇਬੰਦੀਆਂ ਵਾਸਤੇ 'ਮੱਕੇ' ਦੀ ਤਰ੍ਹਾਂ ਜਾਣੇ ਜਾਂਦੇ ਨਹਿਰੂ ਪਾਰਕ ਨੂੰ ਢਾਹ ਕੇ ਇਥੇ ਪਾਰਕਿੰਗ ਦੀ ਉਸਾਰੀ ਕਰਵਾਉਣਾ ਚਾਹੁੰਦੇ ਹਨ। ਇਸ ਮਸਲੇ ਨੂੰ ਲੈ ਕੇ ਪੰਚਾਇਤ ਚੋਣਾਂ ਤੋਂ ਪਹਿਲਾਂ ਸੰਘਰਸ਼ ਕਮੇਟੀ ਦਾ ਇੱਕ ਵੱਡਾ ਵਫਦ ਗੁਰਦਾਸਪੁਰ ਹਲਕੇ ਨਾਲ ਸਬੰਧਿਤ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਨੂੰ ਮਿਲਿਆ ਸੀ। ਪਰ ਇਸ ਸਬੰਧ ਵਿਚ ਸ. ਬੱਬੇਹਾਲੀ ਵੱਲੋਂ ਵਫਦ ਵਿਚ ਸ਼ਾਮਲ ਆਗੂਆਂ ਨੂੰ ਕੋਰਾ ਜਵਾਬ ਦੇਣ ਦੇ ਬਾਅਦ ਵਫਦ ਦੇ ਆਗੂਆਂ ਵੱਲੋਂ ਸੰਘਰਸ਼ ਦਾ ਬਿਗਲ ਵਜਾ ਕੇ ਗੁਰਦਾਸਪੁਰ ਸ਼ਹਿਰ ਅਤੇ ਗੁਰਦਾਸਪੁਰ ਦੇ ਪਿੰਡਾਂ ਵਿਚ ਝੰਡਾ ਮਾਰਚ ਕਰਨ ਦਾ ਐਲਾਨ ਕੀਤਾ ਹੋਇਆ ਸੀ। ਸੰਘਰਸ਼ ਕਮੇਟੀ ਦੇ ਆਗੂ ਮੰਗ ਕਰ ਰਹੇ ਹਨ ਕਿ ਸੁੱਕੇ ਤਲਾਓ ਨੂੰ ਜਿਉਂ ਦਾ ਤਿਓਂ ਦਾ ਬਹਾਲ ਰੱਖਿਆ ਜਾਵੇ ਅਤੇ ਕਾਰ ਪਾਰਕਿੰਗ ਪੁਰਾਣੇ ਜਿਲ੍ਹਾ ਪੀ੍ਰਸ਼ਦ, ਪੁਰਾਣੇ ਸਿਟੀ ਥਾਣੇ ਦੀ ਇਮਾਰਤ ਜਾਂ ਕਿਸੇ ਹੋਰ ਜਗ੍ਹਾ 'ਤੇ ਬਣਾਈ ਜਾਵੇ। ਇਸ ਝੰਡਾ ਮਾਰਚ ਵਿਚ ਗੁਰਦਾਸਪੁਰ ਸ਼ਹਿਰ ਵਾਸੀ ਵੀ ਵੱਡੀ ਗਿਣਤੀ ਵਿਚ ਸ਼ਾਮਲ ਸਨ। ਇਹ ਝੰਡਾ ਮਾਰਚ ਵਰ੍ਹਦੇ ਮੀਂਹ ਵਿਚ ਸਵੇਰੇ 11 ਵਜੇ ਦੇ ਕਰੀਬ ਨਹਿਰੂ ਪਾਰਕ ਤੋਂ ਰਵਾਨਾ ਹੋਇਆ ਅਤੇ ਗੁਰਦਾਸਪੁਰ ਦੇ ਸਾਰੇ ਚੌਂਕਾਂ ਵਿਚ ਧਰਨੇ ਲਾ ਕੇ ਆਗੂਆਂ ਨੇ ਸ਼ਹਿਰ ਵਾਸੀਆਂ ਨੂੰ ਦੱਸਿਆ ਕਿ ਸ਼ਹਿਰ ਅੰਦਰ ਨਹਿਰੂ ਪਾਰਕ ਇੱਕੋ-ਇੱਕ ਅਜਿਹਾ ਪਾਰਕ ਹੈ ਜਿਥੇ ਰੋਜ਼ਾਨਾ ਗਰੀਬ ਲੋਕ ਆਪਣੇ ਲੜਕੇ-ਲੜਕੀਆਂ ਦੀ ਦੇਖਾ-ਦਿਖਾਈ ਤੋਂ ਇਲਾਵਾ ਸ਼ਗਨ ਆਦਿ ਵੀ ਲਗਾਉਂਦੇ ਹਨ। ਇਸ ਤਰ੍ਹਾਂ ਗਰੀਬਾਂ ਵਾਸਤੇ ਤਾਂ ਇੱਕ ਤਰ੍ਹਾਂ ਨਾਲ ਸੁੱਕਾ ਤਲਾਓ ਮੈਰਿਜ ਪੈਲੇਸ ਦਾ ਕੰਮ ਕਰ ਰਿਹਾ ਹੈ ਜਦੋਂ ਕਿ ਦੂਸਰੇ ਪਾਸੇ ਆਪਣੇ ਹੱਕਾਂ ਲਈ ਲੜਨ ਵਾਲੇ ਲੋਕ ਰੈਲੀਆਂ, ਮੁਜ਼ਾਹਰੇ, ਮੀਟਿੰਗਾਂ ਅਤੇ ਪ੍ਰਦਰਸ਼ਨ ਆਦਿ ਕਰਦੇ ਹਨ। ਬੁਲਾਰਿਆਂ ਨੇ ਕਿਹਾ ਕਿ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਆਸੀ ਲੋਕ ਇਸ ਪਾਰਕ ਦੀ ਵਰਤੋਂ ਵਪਾਰਕ ਮੰਤਵ ਲਈ ਕਰਨਾ ਚਾਹੁੰਦੇ ਹਨ। ਸ਼ਹਿਰ ਦੇ ਚੌਂਕਾਂ ਦੇ ਬਾਅਦ ਇਹ ਪ੍ਰਦਰਸ਼ਨਕਾਰੀ ਮੋਟਰ ਸਾਈਕਲਾਂ 'ਤੇ ਹਲਕੇ ਦੇ ਪਿੰਡਾਂ ਨੂੰ ਰਵਾਨਾ ਹੁੰਦੇ ਹੋਏ ਬਥਾਵਾਲਾ, ਆਲੇਚੱਕ, ਹੱਲਾ, ਚਾਹੀਆ, ਬਾਬੋਵਾਲ, ਝਾਵਰ, ਕੋਠੇ ਘਰਾਲਾ, ਔਜਲਾ, ਬਾਜੇਚੱਕ, ਜੀਵਨਵਾਲ ਬੱਬਰੀ, ਗੋਬਿੰਦਨਗਰ ਆਦਿ ਤੋਂ ਹੁੰਦੇ ਹੋਏ ਵਾਪਸ ਗੁਰਦਾਸਪੁਰ ਨਹਿਰੂ ਪਾਰਕ ਵਿਚ ਪੁੱਜੇ। ਇਸ ਝੰਡਾ ਮਾਰਚ ਦੀ ਅਗਵਾਈ ਸੰਤੋਖ ਸਿੰਘ ਔਲਖ, ਸੁਖਦੇਵ ਸਿੰਘ ਭਾਗੋਕਾਵਾਂ, ਸਤਬੀਰ ਸਿੰਘ ਸੁਲਤਾਨੀ, ਰਣਬੀਰ ਸਿੰਘ ਡੁੱਗਰੀ, ਫਤਿਹ ਚੰਦ, ਲਖਵਿੰਦਰ ਸਿੰਘ ਮੰਜਿਆਂਵਾਲੀ, ਰੰਜਨ ਵਫਾ, ਨਿਰਮਲ ਸਿੰਘ ਬੋਪਾਰਾਏ, ਅਨੋਖ ਸਿੰਘ, ਨਰਿੰਦਰ ਸਿੰਘ ਕੋਟਲਾਬਾਮਾ, ਸੁਭਾਸ਼ ਕੈਰੇ, ਦਲਜੀਤ ਸਿੰਘ ਚਾਹਲ, ਮੱਖਣ ਸਿੰਘ ਕੋਹਾੜ, ਦਰਸ਼ਨ ਸਿੰਘ ਡੇਅਰੀਵਾਲ, ਕੁਲਦੀਪ ਸਿੰਘ ਪੁਰੋਵਾਲ ਆਦਿ ਸ਼ਾਮਲ ਸਨ। ਜਦੋਂ ਝੰਡਾ ਮਾਰਚ ਪਿੰਡ ਝਾਵਰ ਵਿਖੇ ਪੁੱਜਾ ਤਾਂ ਇਥੇ ਵਜੀਰ ਸਿੰਘ ਝਾਵਰ ਦੇ ਗ੍ਰਹਿ ਵਿਖੇ ਪ੍ਰਦਰਸ਼ਨਕਾਰੀਆਂ ਨੂੰ ਚਾਹ-ਪਾਣੀ ਅਤੇ ਲੰਗਰ ਆਦਿ ਛਕਾ ਕੇ ਉਨਾਂ ਦੀ ਟਹਿਲ ਸੇਵਾ ਕੀਤੀ ਗਈ। ਝੰਡਾ ਮਾਰਚ ਵਿਚ ਸ਼ਾਮਲ ਪ੍ਰਦਰਸ਼ਨਕਾਰੀਆਂ ਨੇ ਵਾਪਸ ਗੁਰਦਾਸਪੁਰ ਨਹਿਰੂ ਪਾਰਕ ਵਿਖੇ ਸਮਾਪਤੀ 'ਤੇ ਐਲਾਨ ਕੀਤਾ ਕਿ ਨਹਿਰੂ ਪਾਰਕ ਨੂੰ ਬਚਾਉਣ ਲਈ ਸ਼ੁਰੂ ਕੀਤੇ ਗਏ ਸੰਘਰਸ਼ ਤਹਿਤ 29 ਜੁਲਾਈ ਨੂੰ ਨਹਿਰੂ ਪਾਰਕ ਵਿਖੇ ਜਿਲ੍ਹਾ ਪੱਧਰੀ ਰੈਲੀ ਕੀਤੀ ਜਾਵੇਗੀ।

ਕਾਮਰੇਡ ਮਾਇਆਧਾਰੀ ਨਹੀਂ ਰਹੇ

ਸੀ.ਪੀ.ਐਮ. ਪੰਜਾਬ ਦੇ ਬਜ਼ੁਰਗ ਆਗੂ ਅਤੇ ਪਾਰਟੀ ਦੀ ਗੁਰਦਾਸਪੁਰ ਜ਼ਿਲ੍ਹਾ ਕਮੇਟੀ ਦੇ ਮੈਂਬਰ ਕਾਮਰੇਡ ਮਾਇਆਧਾਰੀ ਨਹੀਂ ਰਹੇ। 12 ਜੁਲਾਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾ ਦਾ ਦਿਹਾਂਤ ਹੋ ਗਿਆ। ਕਾਮਰੇਡ ਮਾਇਆਧਾਰੀ ਦਾ ਜਨਮ ਪਿੰਡ ਬਸਰੂਪ, ਤਹਿਸੀਲ ਤੇ ਜ਼ਿਲ੍ਹਾ ਗੁਰਦਾਸਪੁਰ (ਹੁਣ ਪਠਾਨਕੋਟ) ਦੇ ਇਕ ਜਗੀਰਦਾਰ ਪਰਵਾਰ ਵਿਚ ਮਾਤਾ ਵਿਦਿਆ ਦੇਵੀ ਦੀ ਕੁੱਖੋਂ ਤੇ ਪਿਤਾ ਲਛਮੀ ਦਾਸ ਦੇ ਘਰ ਹੋਇਆ। ਤਿੰਨ ਮਹੀਨਿਆਂ ਦੇ ਹੀ ਸਨ ਮਾਇਆਧਾਰੀ ਜਦ ਉਨ੍ਹਾ ਦੀ ਮਾਤਾ ਦੀ ਮੌਤ ਹੋ ਗਈ। ਇਸ ਲਈ ਉਨ੍ਹਾ ਦਾ ਪਾਲਣ-ਪੋਸ਼ਣ ਨਾਨਕੇ ਪਰਵਾਰ 'ਚ ਗੁਰਦਾਸਪੁਰ ਵਿਖੇ ਹੋਇਆ। ਵਿਦਿਆ ਵੀ ਇੱਥੇ ਹੀ ਹਾਸਲ ਕੀਤੀ। ਕਾਮਰੇਡ ਮਾਇਆਧਾਰੀ ਨੇ ਵਿਦਿਆ ਹਾਸਲ ਕਰਨ ਤੋਂ ਬਾਅਦ ਥੋੜ੍ਹੀ ਦੇਰ ਦੁਕਾਨ ਚਲਾਈ ਤੇ ਬਾਅਦ 'ਚ ਅਧਿਆਪਕ ਵੀ ਲੱਗੇ। ਇਸ ਦੌਰਾਨ ਉਨ੍ਹਾ ਦਾ ਸੰਪਰਕ ਕਮਿਊਨਿਸਟਾਂ ਨਾਲ ਹੋ ਗਿਆ ਤੇ ਫਿਰ ਆਪਣੇ ਵੱਡੇ ਭਾਈ ਨੇਕ ਰਾਮ ਹੁਰਾਂ ਨਾਲ ਮਿਲਕੇ ਆਪਣਾ ਆਪ ਕਮਿਊਨਿਸਟ ਲਹਿਰ ਨੂੰ ਸਮਰਪਤ ਕਰ ਦਿੱਤਾ। ਉਹਨਾ ਦੇ ਪਿਤਾ ਨੂੰ ਇਹ ਗੱਲ ਪਸੰਦ ਨਹੀਂ ਸੀ ਤੇ ਇਸ ਕਾਰਨ ਉਨ੍ਹਾ ਦੋਵਾਂ ਭਰਾਵਾਂ ਨੂੰ ਪਰਵਾਰ ਤੇ ਘਰ ਦੀ ਜਾਇਦਾਦ ਤੋਂ ਬੇਦਖਲ ਕਰ ਦਿੱਤਾ। ਕਾਫੀ ਜਦੋ ਜਹਿਦ ਤੇ ਰਿਸ਼ਤੇਦਾਰਾਂ ਦੇ ਦਖਲ ਤੋਂ ਬਾਅਦ ਪਿਤਾ ਨੇ ਥੋੜ੍ਹਾ ਹਿੱਸਾ ਜ਼ਮੀਨ ਦੋਵਾਂ ਭਰਾਵਾਂ ਨੂੰ ਦਿੱਤੀ। ਕਮਿਊਨਿਸਟ ਪਾਰਟੀ ਨੇ ਜਦ ਮੁਜਾਰਿਆਂ ਨੂੰ ਜ਼ਮੀਨ ਦਾ ਮਾਲਕੀ ਹੱਕ ਦਿਵਾਉਣ ਲਈ ਪਿੰਡ ਪੱਧਰਾਲੀ 'ਚ ਮੋਰਚਾ ਆਰੰਭਿਆ  ਤਾਂ ਮਾਇਆਧਾਰੀ ਨੇ ਉਸ ਵਿਚ ਮੋਹਰੀ ਰੋਲ ਅਦਾ ਕੀਤਾ। ਸਿੱਟੇ ਵਜੋਂ ਕਾਮਰੇਡ ਮਾਇਆਧਾਰੀ, ਕਾਮਰੇਡ ਮਿਹਰ ਸਿੰਘ ਸਮੇਤ ਕਈ ਸਾਥੀਆਂ ਨੂੰ ਤਿੰਨ ਤੋਂ ਚਾਰ ਮਹੀਨੇ ਦੀ ਕੈਦ ਕੱਟਣੀ ਪਈ ਪਰ ਮੋਰਚਾ ਲਗਤਾਰ ਜਾਰੀ ਰਿਹਾ ਤੇ ਜਿੱਤ ਨਾਲ ਹੀ ਸਮਾਪਤ ਕੀਤਾ। 
ਕਾਮਰੇਡ ਮਾਇਆਧਾਰੀ ਸਦਾ ਸੋਧਵਾਦ ਤੇ ਜਮਾਤੀ ਭਿਆਲੀ ਖਿਲਾਫ ਖੜਦੇ ਰਹੇ। ਪਹਿਲਾਂ 1964 ਤੇ ਬਾਅਦ 'ਚ ਸੀ.ਪੀ.ਐਮ. ਪੰਜਾਬ ਦੇ ਗਠਨ ਸਮੇਂ ਉਨ੍ਹਾ ਆਪਣੀ ਇਸ ਵਿਚਾਰਧਾਰਕ ਪਕਿਆਈ ਦਾ ਸਬੂਤ ਦਿੱਤਾ। 
22 ਜੁਲਾਈ ਨੂੰ ਹੋਏ ਸ਼ਰਧਾਂਜਲੀ ਸਮਾਗਮ ਵਿਚ ਕਾਮਰੇਡ ਮਾਇਆਧਾਰੀ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਲਾਕੇ ਦੇ ਲੋਕ ਵੱਡੀ ਗਿਣਤੀ 'ਚ ਪੁੱਜੇ। ਇਸ ਸਮਾਗਮ ਨੂੰ ਸੀ.ਪੀ.ਐਮ.ਪੰਜਾਬ ਦੀ ਗੁਰਦਾਸਪੁਰ ਜ਼ਿਲ੍ਹਾ ਇਕਾਈ ਦੇ ਸਕੱਤਰ ਕਾਮਰੇਡ ਅਮਰਜੀਤ ਸਿੰਘ ਕੁਲਾਰ, ਸੂਬਾ ਸਕੱਤਰੇਤ ਮੈਂਬਰ ਕਾਮਰੇਡ ਰਘਬੀਰ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਸਾਥੀ ਲਾਲ ਚੰਦ ਕਟਾਰੂਚੱਕ, ਸੀ.ਟੀ.ਯੂ. ਆਗੂ ਸਾਥੀ ਨੱਥਾ ਸਿੰਘ, ਮੁਲਾਜ਼ਮ ਆਗੂ ਸਾਥੀ ਸ਼ਿਵ ਕੁਮਾਰ, ਪਿੰਡ ਦੇ ਸਰਪੰਚ ਦਲੀਪ ਸਿੰਘ, ਕੁਲਭੂਸ਼ਨ ਸ਼ਰਮਾ, ਦਲਬੀਰ ਸਿੰਘ, ਹਜ਼ਾਰੀ ਲਾਲ, ਸੀ.ਪੀ.ਆਈ.ਐਮ. ਦੇ ਡਾਕਟਰ ਸੁਰਿੰਦਰ ਗਿੱਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਰਵੀ ਕੁਮਾਰ ਕਟਾਰੂਚੱਕ, ਅਜੀਤ ਸਿੰਘ ਸਿੱਧਵਾਂ ਤੇ ਹੋਰਨਾਂ ਨੇ ਸੰਬੋਧਨ ਕੀਤਾ। 

ਹਕੀਕਤਾਂ ਦੇ ਆਰਪਾਰ

ਡਾ. ਹਜ਼ਾਰਾ ਸਿੰਘ ਚੀਮਾ
ਸਿਹਤ ਵਿਭਾਗ 'ਚ ਮੈਡੀਕਲ ਅਫਸਰ ਵਜੋਂ ਤਾਇਨਾਤ ਆਪਣੇ ਇਕ ਹਮਉਮਰ ਮਿਤਰ ਨੂੰ ਪੁੱਛਿਆ- ਡਾ. ਸਾਹਿਬ! ਹੋਗੇ ਸੇਵਾ ਮੁਕਤ ਕਿ ਅਜੇ ਰਹਿੰਦਾ ਇਕ ਅੱਧਾ ਸਾਲ? ਅਗੋਂ ਉਸ ਜਵਾਬ ਦਿੱਤਾ- ਚੀਮਾ! ਅਜੇ ਕਰਾਂਗੇ ਦੋ-ਚਾਰ ਸਾਲ ਹੋਰ ਸਰਕਾਰ ਦੀ ਸੇਵਾ। ਹੈ ਤਾਂ ਤੁਸੀਂ ਮੇਰੇ ਹਾਣੀ ਹੀ ਹੋ - ਮੇਰੇ ਇਹ ਸ਼ਬਦ ਕਹਿਣ ਤੋਂ ਪਹਿਲਾਂ ਹੀ ਉਹ ਬੋਲ ਪਿਆ। ਉਮਰ 58 ਸਾਲ ਹੋਣ ਤੋਂ 2 ਸਾਲ ਪਹਿਲਾਂ ਹੀ ਮੈਂ ਸਿਹਤ ਵਿਭਾਗ ਤੋਂ ਸ਼ਿਫਟ ਹੋ ਕੇ ਮੈਡੀਕਲ ਸਿੱਖਿਆ ਵਾਲੇ ਪਾਸੇ ਮੈਡੀਕਲ ਕਾਲਜ ਵਿਚ ਆ ਗਿਆ ਸੀ। ਇਥੇ ਸੇਵਾ ਮੁਕਤੀ ਦੀ ਉਮਰ 58 ਦੀ ਬਜਾਏ 60 ਸਾਲ ਹੈ, ਜੋ ਅੱਗੋਂ 62 ਜਾਂ 65 ਸਾਲ ਦੀ ਉਮਰ ਤੱਕ ਸਰਕਾਈ ਜਾ ਸਕਦੀ ਹੈ ਕਿਉਂਕਿ ਮੈਡੀਕਲ ਕਾਲਜਾਂ ਵਿਚ ਸਪੈਸ਼ਲਿਸਟਾਂ ਦੀ ਬੜੀ ਘਾਟ ਹੈ। ਮੇਰੇ ਇਹ ਕਹਿਣ 'ਤੇ ਕਿ ਡਾ. ਸਾਹਿਬ ਸਾਰੀ ਸਰਵਿਸ ਦੌਰਾਨ ਤਾਂ ਤੁਸੀਂ ਮੌਜ ਮੇਲਾ ਹੀ ਕੀਤਾ ਹੈ। ਹੁਣ ਪੜ੍ਹਾਉਣ ਵਰਗਾ ਔਖਾ ਕਾਰਜ ਕਿਵੇਂ ਕਰੋਗੇ? ਉਸ ਸਪੱਸ਼ਟ ਕੀਤਾ - ਚੀਮਾ ਪੜ੍ਹਾਉਣਾ ਤਾਂ ਸਿਸਟਰਾਂ ਨੇ ਐਂ, ਸਾਡਾ ਤਾਂ ਐਵੇਂ ਨਾਂ ਹੀ ਹੈ। 
ਮਿੱਤਰ ਡਾਕਟਰ ਵਲੋਂ ਸੇਵਾ ਮੁਕਤੀ ਦੀ ਉਮਰ 58 ਤੋਂ 65 ਸਾਲ ਦੀ ਉਮਰ ਤੱਕ ਖਿਸਕਾ ਕੇ ਲੈ ਜਾਣ ਦੇ ਅਪਣਾਏ ਗੁਰ ਤੋਂ ਮੈਨੂੰ ਅੱਜ ਤੋਂ 50 ਕੁ ਸਾਲ ਪਹਿਲਾਂ ਸਾਡੇ ਤੋਂ ਪਹਿਲੀ ਪੀਹੜੀ ਦੀ ਗੱਲ ਯਾਦ ਆ ਗਈ। ਓਨੀਂ ਦਿਨੀਂ ਪਾੜ੍ਹਿਆਂ 'ਚ ''ਬਰਾਸਤਾ ਬਠਿੰਡਾ'' ਸ਼ਬਦ ਬੜਾ ਪ੍ਰਚਲਿੱਤ ਸੀ। ਦੋ-ਚਾਰ ਸਾਲ ਬਾਅਦ ਜਦੋਂ ਕਿਸੇ ਜਾਣੂੰ ਜਮਾਤੀ ਨੂੰ ਮਿਲਣਾ ਤਾਂ ਇਹੋ ਪੁੱਛਣਾ ਕਿ ਦੱਸਵੀਂ ਤੋਂ ਬਾਅਦ ਕਾਲਜ ਦਾਖਲ ਹੋਇਆ ਸੀ ਜਾਂ ਬੀ.ਏ., ਐਮ.ਏ ਬਰਾਸਤਾ ਬਠਿੰਡਾ ਹੀ ਕੀਤੀ ਹੈ। ਉਸ ਸਮੇਂ ਇਸ ਦਾ ਤਾਂ ਪਤਾ ਨਹੀਂ ਸੀ ਕਿ ਬਰਾਸਤਾ ਬਠਿੰਡਾ ਕੀ ਬਲਾ ਹੈ। ਪਰ ਇੰਨਾ ਜ਼ਰੂਰ ਮਾਲੂਮ ਸੀ ਕਿ ਪੜ੍ਹਾਈ 'ਚ ਹੁਸ਼ਿਆਰ ਰਹੇ, ਕਿਸੇ ਵਿਦਿਆਰਥੀ ਨੂੰ ਘਰੇਲੂ ਮਜਬੂਰੀਆਂ ਕਾਰਨ ਜਦੋਂ ਕਾਲਜ ਵਿਚ ਪੜ੍ਹਾਈ ਦਾ ਰੈਗੂਲਰ ਮੌਕਾ ਨਾ ਮਿਲਣਾ, ਤਾਂ ਉਹ ਪਹਿਲਾਂ ਘਰ ਬੈਠ ਕੇ ਗਿਆਨੀ ਦਾ ਇਮਤਿਹਾਨ ਪ੍ਰਾਈਵੇਟ ਤੌਰ ਤੇ ਪਾਸ ਕਰ ਲੈਂਦਾ ਸੀ। ਬਾਅਦ ਵਿਚ ਸਹੂਲਤ ਅਨੁਸਾਰ ਦੂਜੇ ਵਿਸ਼ਿਆਂ ਦੇ ਇਮਤਿਹਾਨ ਦੇ ਕੇ ਪ੍ਰਾਈਵੇਟ ਤੌਰ 'ਤੇ ਬੀ.ਏ., ਐਮ.ਏ. ਪਾਸ ਕਰ ਲੈਂਦਾ ਸੀ ਤੇ ਆਪਣੀ ਪੜ੍ਹਾਈ/ਨੌਕਰੀ ਦੀ ੧ય੩ ਪੂਰੀ ਕਰ ਲੈਂਦਾ ਸੀ। ਨਾਮ ਤਾਂ ਯਾਦ ਨਹੀਂ ਆ ਰਹੇ ਪਰ ਸਾਨੂੰ ਪੜ੍ਹਾਉਣ ਵਾਲਿਆਂ 'ਚ ਬਹੁਤੇ ਅਧਿਆਪਕ ਤੇ ਹੋਰ ਕਰਮਚਾਰੀ ਇਸੇ ਰਸਤੇ ਪੜ੍ਹਾਈ ਕਰ ਕੇ ਨੌਕਰੀਆਂ ਉਪਰ ਲੱਗੇ ਸਨ। ਖਾਂਦੇ-ਪੀਂਦੇ ਘਰਾਂ ਦੇ ਕਾਲਜਾਂ ਤੇ ਰੈਗੂਲਰ ਪੜ੍ਹਾਈ ਕਰਨ ਵਾਲੇ ਪਾੜ੍ਹੇ ਇਸ ਨੂੰ ਵਿਅੰਗ ૩ਸ਼੧ ਬੈਕਡੋਰ ਐਂਟਰੀ ਜਾਂ ਬਰਾਸਤਾ ਬਠਿੰਡਾ ਬੀ.ਏ. ਪਾਸ ਕਰਨਾ ਆਖਿਆ ਕਰਦੇ ਸਨ; ਭਾਵੇਂ ਗਰੀਬ ਵਿਦਿਆਰਥੀ ਆਪਣੀ ਮਿਹਨਤ ਸਦਕਾ ਰੈਗੂਲਰ ਇਮਤਿਹਾਨ ਪਾਸ ਕਰਕੇ ਹੀ ਡਿਗਰੀ ਹਾਸਲ ਕਰਦੇ ਸਨ। 
ਸਮੇਂ ਦੀਆਂ ਸਰਕਾਰਾਂ ਨੇ ਆਪਣੇ ਚਹੇਤੇ ਅਫ਼ਸਰਾਂ, ਕਰਮਚਾਰੀਆਂ ਨੂੰ ਪ੍ਰਸ਼ਾਸ਼ਕੀ ਸੇਵਾਵਾਂ ਵਿਚ ਅਡਜਸਟ ਕਰਨ ਲਈ ਬੈਕਡੋਰ ਐਂਟਰੀ  - ਪੀ.ਸੀ.ਐਸ ਜਾਂ ਆਈ.ਏ.ਐਸ. ਅਧਿਕਾਰੀ ਲਗਾਉਣ ਲਈ ਚੋਰ-ਮੋਰੀ ਰੱਖੀ ਹੋਈ ਹੈ। ਭਾਵ ਉਹਨਾਂ ਉਪਰੋਕਤ ਪ੍ਰਸ਼ਾਸ਼ਕੀ ਸੇਵਾਵਾਂ ਵਿਚ ਇਕ ਅੱਧਾ ਫੀਸਦੀ ਅਸਾਮੀਆਂ ਨੋਮੀਨੇਸ਼ਨ ਰਾਹੀਂ ਭਰਨ ਦਾ ਜੁਗਾੜ ਕੀਤਾ ਹੋਇਆ ਹੈ। ਇਸ ਪੀ.ਸੀ.ਐਸ. ਜਾਂ ਆਈ.ਏ.ਐਸ. ਲਈ ਨੋਮੀਨੇਸ਼ਨ ਕੌਣ ਕਰਵਾ ਸਕਦਾ ਹੈ, ਇਸ ਨੋਮੀਨੇਸ਼ਨ ਦੀ ਪ੍ਰਕਿਰਿਆ ਕੀ ਹੈ, ਇਸ ਬਾਰੇ ਕਿਸੇ ਨੂੰ ਕੋਈ ਸ਼ੰਕਾ ਨਹੀਂ। ਕੁਝ ਸਾਲ ਹੋਏ ਰੱਜੇ-ਪੁੱਜੇ ਘਰ ਦਾ ਮੇਰਾ ਇਕ ਸਹਿਕਰਮੀ ਅਧਿਕਾਰੀ ਜਿਸ ਦੀ ਅਜੇ ਚਾਰ-ਪੰਜ ਸਾਲ ਸੇਵਾ ਹੀ ਰਹਿੰਦੀ ਸੀ, ਮੈਨੂੰ ਕਹਿਣ ਲੱਗਾ ਕਿ ਉਸ ਨੇ ਆਪਣੀ ਕੋਠੀ ਵੇਚਣੀ ਲਾਈ ਹੈ। ਕੋਈ ਗਾਹਕ ਹੋਵੇ ਤਾਂ ਦੱਸਣਾ। ਮੇਰੇ ਇਹ ਪੁੱਛਣ ਤੇ ਕਿ ਉਹ ਇਸ ਉਮਰ 'ਚ ਆਪਣੀ ਇਕੋ-ਇੱਕ ਕੋਠੀ ਕਿਉਂ ਵੇਚ ਰਿਹਾ ਹੈ। ਉਸਨੇ ਜੁਆਬ ਦਿੱਤਾ- ਚੀਮਾ! ਸਾਰੀ ਉਮਰ ਇਮਾਨਦਾਰੀ ਨਾਲ ਨੌਕਰੀ ਕੀਤੀ ਹੈ, ਪਰ ਬੱਸ ਐਹੋ ਮਕਾਨ ਬਣਾ ਸਕਿਆ ਹਾਂ। ਹੁਣ ਸੋਚਿਆ ਹੈ ਕਿ ਪੀ.ਸੀ.ਐਸ 'ਚ ਨੋਮੀਨੇਸ਼ਨ ਕਰਵਾ ਲਵਾਂ। ਫਿਰ ਭਾਵੇਂ ਇਕ ਦੀਆਂ ਚਾਰ ਕੋਠੀਆਂ ਬਣਾ ਲਵਾਂਗੇ। ਪੰਜਾਹ ਕੁ ਲੱਖ ਰੇਟ ਹੈ, ਜੋ ਕੋਠੀ ਵੇਚ ਕੇ 'ਕੱਠਾ ਹੋ ਜਾਣੈ। ਬੀਬੀ ਜੀ ਨਾਲ ਗੱਲ ਹੋ ਗਈ ਹੈ।
ਅੱਜ ਕਲ੍ਹ ਚਰਚਾ ਹੈ ਕਿ ਪੰਜਾਬ ਦੇ ਮਾਝੇ ਦੇ ਇਲਾਕੇ ਦੇ ਇਕ ਕਾਕਾ ਜੀ ਹਨ; ਵੈਸੇ ਤਾਂ ਉਹ ਮ.ਬੀ.ਬੀ.ਐਸ ਪਾਸ ਹਨ, ਪਰ ਆਈ.ਏ.ਐਸ. ਬਣਨ ਦੀ ਇੱਛਾ ਪੂਰੀ ਨਹੀਂ ਹੋਈ। ਪਹਿਲਾਂ ਹਰਿਆਣੇ ਵਿਚ ਚੌਟਾਲੇ ਦੇ ਰਾਜ ਵਿਚ ਮੈਡੀਕਲ ਅਫਸਰ 'ਸਲੈਕਟ' ਹੋ ਗਏ। ਭਾਪਾ ਜੀ ਰਾਜ ਕਰ ਰਹੀ ਪਾਰਟੀ ਦੇ ਸੀਨੀਅਰ ਆਗੂ ਸਨ ਇਸ ਲਈ ਤਿੰਨ ਮਹੀਨਿਆਂ ਵਿਚ ਹੀ ਹਰਿਆਣੇ ਤੋਂ ਪੰਜਾਬ ਵਿਚ ਪੀ.ਸੀ.ਐਮ.ਐਸ. ਵਜੋਂ ਸ਼ਿਫਟ ਹੋ ਗਏ। ਪਰ ਪੀ.ਸੀ.ਐਮ.ਐਸ. ਤਾਂ ਪੀ.ਸੀ.ਐਮ.ਐਸ. ਹੀ ਹੈ, ਆਈ.ਏ.ਐਸ. ਤਾਂ ਨਹੀਂ। ਆਈ.ਏ.ਐਸ. ਦਾ ਆਪਣਾ ਹੀ ਮਜ਼ਾ ਹੈ। ਸੋ ਕਿਉਂ ਨਾ ਬਾਪੂ ਦਾ ਅਸਰ ਰਸੂਖ ਵਰਤ ਕੇ ਆਈ.ਏ.ਐਸ. ਲਈ ਨੋਮੀਨੇਟ ਹੋਇਆ ਜਾਵੇ।
ਇਸੇ ਤਰ੍ਹਾਂ ਮਾਲਵੇ ਤੋਂ ਇਕ ਬੀਬੀ ਜੀ ਹਨ। ਇਸ ਸਦੀ ਦੇ ਸ਼ੁਰੂ ਵਿਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਚ ਬੀ.ਡੀ.ਪੀ.ਓ ਵਜੋਂ ਭਰਤੀ ਹੋਈ ਸੀ। ਕੁਝ ਸਾਲਾਂ ਬਾਅਦ ਹੀ ਛੜੱਪਾ ਮਾਰ ਕੇ ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਵਜੋਂ 'ਪਦ-ਉਨਤ' ਹੋ ਗਈ। ਸਹੁਰਾ ਸਾਹਿਬ ਮੰਤਰੀ ਜੀ ਹਨ, ਅਤੇ ਬੀਬੀ ਉਹਨਾਂ ਵਾਲੇ ਮਹਿਕਮੇ ਵਿਚ ਹੀ ਸਿਖਰਲੇ ਅਧਿਕਾਰੀ ਦੀਆਂ ਪਾਵਰਾਂ ਵਾਲੀ ਕੁਰਸੀ 'ਤੇ ਡੇਪੂਟੇਸ਼ਨ ਵਜੋਂ ਬਿਰਾਜਮਾਨ ਹਨ। ਹਿਰਸ ਇਨ੍ਹਾਂ ਦੀ ਵੀ ਆਈ.ਏ.ਐਸ. ਬਣਨ ਦੀ ਹੈ। ਜਦੋਂ ਸਹੁਰਾ ਸਾਹਿਬ ਸਰਕਾਰ 'ਚ ਭਾਈਵਾਲ ਹੋਣ ਤਾਂ ਫਿਰ ਕਿਉਂ ਨਾ ਆਈ.ਏ.ਐਸ. ਬਣਨ ਦੀ ਹਿਰਸ ਪੂਰੀ ਕੀਤੀ ਜਾਵੇ। 
ਮੁੰਗੇਰੀ ਲਾਲ ਨੂੰ ਪਤਾ ਲੱਗਾ ਹੈ ਕਿ ਉਪਰੋਕਤ ਕਾਕਾ ਜੀ ਤੇ ਬੀਬੀ ਜੀ ਨੇ ਆਪਣੇ-ਆਪਣੇ ਵਿਭਾਗ ਵਲੋਂ ਆਪਣੀ ਨੋਮੀਨੇਸ਼ਨ ਲਈ ਸਿਫਾਰਸ਼ ਕਰਵਾ ਵੀ ਲਈ ਹੈ। ਅੱਗੇ ਮੰਜੂਰੀ ਦੇਣ ਵਾਲੇ ਦੀ ਕੀ ਮਜ਼ਾਲ ਹੈ ਕਿ ਉਹ ਵਿਭਾਗ ਵਲੋਂ ਕੀਤੀ ਇਕੋ-ਇਕ ਨੋਮੀਨੇਸ਼ਨ ਨੂੰ ਨਾਂਹ ਕਰ ਸਕੇ। 
ਕੁੱਝ ਲੋਕਾਂ ਦੀ ਰਾਏ ਹੈ ਕਿ ਸਿਆਣਾ ਉਹ ਨਹੀਂ ਜਿਹੜਾ ਨੈਤਿਕਤਾ ਦੇ ਅਸੂਲਾਂ ਦਾ ਪੱਲਾ ਫੜੀ ਬੈਠਾ ਹੈ, ਬਲਕਿ ਉਹ ਜੋ ਮੌਕੇ ਦਾ ਫਾਇਦਾ ਉਠਾਉਂਦਾ ਹੈਅਤੇ 'ਵਗਦੀ ਗੰਗਾ ਵਿਚ ਹੱਥ ਧੋਂਦਾ ਹੈ' ਆਪਣੀ ਸਰਕਾਰ ਹੁੰਦਿਆਂ ਹੋਇਆਂ ਵੀ ਆਈ.ਏ.ਐਸ. ਬਣਨ ਦੀ ਆਪਣੀ ਹਿਰਸ ਪੂਰੀ ਕਰਨ ਲਈ ਜੇ ਜੁਗਾੜ ਨਹੀਂ ਬਣਾਉਣਾ ਤਾਂ ਅੱਗੋਂ-ਪਿਛੋਂ ਇਸ ਸਰਕਾਰ ਨੂੰ ਰਗੜਕੇ ਗੋਡਿਆਂ 'ਤੇ ਲਾਉਣੈਂ? ਇਸ ਸਮੇਂ ਨੈਤਿਕਤਾ ਦਾ ਰਾਗ ਅਲਾਪੀ ਜਾਣਾ ਨਿਰ੍ਹੀ ਮੂਰਖਤਾ ਹੈ। ਮੁੰਗੇਰੀ ਲਾਲ ਦਾ ਕੀ ਹੈ, ਉਹਨੇ ਤਾਂ ਆਖੀ ਜਾਣੈਂ - ਇਹ ਤਾਕਤ ਦੀ ਦੁਰਵਰਤੋ ਹੈ, ਇਹ ਬੈਕਡੋਰ ਐਂਟਰੀ ਹੈ, ਨੋਮੀਨੇਸ਼ਨ ਸਮੇਂ ਮੈਰਿਟ ਬਨਣੀ ਚਾਹੀਦੀ ਹੈ ਜਾਂ ਨੋਮੀਨੇਸ਼ਨ ਦੀ ਇਹ ਸੁਵਿਧਾ ਬੰਦ ਹੀ ਕਰ ਦੇਣੀ ਚਾਹੀਦੀ ਹੈ, ਇਹ ਰਿਸ਼ਵਤਖੋਰੀ ਨੂੰ ਜਨਮ ਦਿੰਦੀ ਹੈ ਇਤਿਆਦ। ਮੁੰਗੇਰੀ ਲਾਲ ਤਾਂ ਮੰਤਰੀ ਬਣਨੋਂ ਰਹਿ ਗਏ ਵਿਧਾਇਕਾਂ ਨੂੰ ਮੁੱਖ ਪਾਰਲੀਮਨੀ ਸਕੱਤਰ ਬਣਾਉਣ ਨੂੰ ਵੀ ਬੈਕਡੋਰ ਐਂਟਰੀ ਜਾਂ ਬਰਾਸਤਾ ਬਠਿੰਡਾ ਮੰਤਰੀ ਬਣਾਉਣਾ ਹੀ ਆਖੀ ਜਾਂਦਾ ਹੈ।

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ - ਅਗਸਤ 2013)

ਕਹਾਣੀ
ਪਾਣੀ ਦੀਆਂ ਲੀਕਾਂ 

-ਖ਼ਾਲਿਦ ਹੁਸੈਨ
ਸਰਹੱਦੀ ਹਿਫਾਜ਼ਤੀ ਪੁਲਿਸ ਦੇ ਹਵਾਲਦਾਰ ਕਰਨੈਲ ਸਿੰਘ ਨੇ ਆਪਣੇ ਚੌਂਕੀ ਅਫਸਰ ਇੰਸਪੈਕਟਰ ਰੰਧਾਵੇ ਨੂੰ ਸਲੂਟ ਮਾਰਿਆ ਤੇ ਕਿਹਾ, ''ਸਾਹਿਬ! ਦੋ ਪਾਕਿਸਤਾਨੀ ਜਾਸੂਸ ਬੰਨਾਂ ਟੱਪਦਿਆਂ ਫੜੇ ਨੇ, ਵਾਪਸ ਪਾਕਿਸਤਾਨ ਜਾ ਰਹੇ ਸਨ ਕਿ ਸਾਡੇ ਜੁਆਨਾਂ ਨੇ ਫੜ ਲਿਆ। ''ਜਾਮਾਂ ਤਲਾਸ਼ੀ ਲਈ ਜੇ?'' ਇੰਸਪੈਕਟਰ ਰੰਧਾਵੇ ਨੇ ਵਰਦੀ ਪਾਉਂਦਿਆਂ ਪੁਛਿਆ। ''ਆਹੋ ਜੀ! ਪਰ ਨਿਕਲਿਆ ਕੁਝ ਨਹੀਂ, ਇਕ ਦੇ ਖੀਸੇ ਵਿਚੋਂ ਦੋ ਰੁਪਏ ਦਾ ਪਾਕਿਸਤਾਨੀ ਨੋਟ ਤੇ ਦੂਜੇ ਦੇ ਬੋਝਿਓਂ ਰੁਪਏ-ਰੁਪਏ ਵਾਲੇ ਸਾਡੀ ਕਰੰਸੀ ਦੇ ਚਾਰ ਨੋਟ ਮਿਲੇ ਨੇ, ਹੋਰ ਕੁਝ ਨਹੀਂ ਮਿਲਿਆ।'' ''ਹੋਰ ਕੁਝ ਨਹੀਂ ਮਿਲਿਆ?'', ਇੰਸਪੈਕਟਰ ਨੇ ਬੜੀ ਹੈਰਾਨੀ ਨਾਲ ਪੁੱਛਿਆ। ''ਨਹੀਂ ਸਾਹਿਬ! ਪਰ ਇਕ ਦੀ ਨਿੱਕਰ ਦੇ ਬੋਝਿਆਂ ਵਿਚੋਂ ਮੂੰਗਫਲੀ ਤੇ ਦੂਜੇ ਦੀ ਪੈਂਟ ਦੇ ਬੋਝਿਆਂ ਵਿੱਚ ਰਿਉੜੀਆਂ ਮਿਲੀਆਂ ਸਨ। ਦੋਵੇਂ ਮੂੰਗਫਲੀ 'ਤੇ ਰਿਉੜੀਆਂ ਖਾਂਦਿਆਂ 'ਤੇ ਫਿਲਮ ਬੌਬੀ ਦਾ ਗੀਤ, ਹਮ ਤੁਮ ਇਕ ਕਮਰੇ ਵਿਚ ਬੰਦ ਹੋ ਜਾਈਏ ਤੇ ਬੌਬੀ ਆ ਜਾਏ, ਗਾਂਦਿਆਂ-ਗਾਂਦਿਆਂ ਬੰਨਾਂ ਟੱਪ ਰਹੇ ਸਨ ਕਿ ਰਣਜੀਤ, ਕ੍ਰਿਸ਼ਨੇ ਤੇ ਡੇਵਿਡ ਨੇ ਦੋਹਾਂ ਨੂੰ ਗਲਮੇਓਂ ਫੜਿਆ, ਬੜਾ ਛੱੜਕੇ ਪਰ ਅਸਾਂ ਕੁਸਕਣ ਨਹੀਂ ਦਿੱਤਾ। ਕਹਿੰਦੀ ਸਨ ਕਿ ਵਿਸਾਖੀ ਦਾ ਮੇਲਾ ਵੇਖਣ ਆਏ ਸਾਂ। ਭਲਾ ਵਿਸਾਖੀ ਦੇ ਮੇਲੇ ਵਿਚ ਉਹਨਾ ਦੀ ਕਿਹੜੀ ਬੇਬੇ ਪਈ ਨੱਚਦੀ ਸੀ ਜਿਹਨੂੰ ਵੇਖਣ ਆਏ ਸਨ, ਮੁਸਲੇ ਕਿਸੇ ਪਾਸੇ ਦੇ।'' ''ਚੱਲ ਹਾਂ ਕਰਨੈਲ ਸਿੰਹਾਂ, ਦੱਸ ਹਾਂ ਜਿਹੜੇ ਜਸੂਸ ਫੜੇ ਜੇ,'' ਉਹਨੇ ਆਪਣੇ ਤੰਬੂ ਵਿਚੋਂ ਨਿਕਲਦਿਆਂ ਹੋਇਆਂ ਕਿਹਾ 'ਤੇ ਦੋਵੇਂ ਚੌਂਕੀ ਵੱਲ ਤੁਰ ਪਏ। 
... ਸੱਤੋ ਵਾਲੀ ਦੀ ਇਸ ਚੌਂਕੀ ਦੇ ਇੰਸਪੈਕਟਰ ਰੰਧਾਵੇ ਨੂੰ ਆਏ ਬਹੁਤੇ ਦਿਨ ਨਹੀਂ ਸਨ ਹੋਏ, ਬੱਸ ਇਹੋ ਚਾਰ ਕੁ ਮਹੀਨੇ। ਦੇਸ਼ ਲਈ ਆਪਣੀ ਜਾਨ ਤੱਕ ਕੁਰਬਾਨ ਕਰਨ ਦੇ ਜਜ਼ਬੇ ਨੇ ਉਹਨੂੰ ਤਾਲੀਮ ਪੂਰੀ ਨਹੀਂ ਸੀ ਕਰਨ ਦਿੱਤੀ 'ਤੇ ਉਹਨੂੰ ਸੰਨ 71 ਦੀ ਹਿੰਦ-ਪਾਕ ਲੜਾਈ ਵਿਚ ਐਮਰਜੈਂਸੀ ਕਮਿਸ਼ਨ ਮਿਲ ਗਿਆ ਸੀ। ਫੇਰ ਉਹ ਜੰਗ ਦੇ ਕਿਸੇ ਅਗਲੇ ਮੋਰਚੇ 'ਤੇ ਧੱਕ ਦਿੱਤਾ ਗਿਆ ਸੀ। ਜਿੱਥੇ ਉਸਦੇ ਜਜ਼ਬੇ ਦੀ ਗਰਮੀ ਨੇ ਉਹਦੀ ਬੜੀ ਮਦਦ ਕੀਤੀ 'ਤੇ ਉਹਨੇ ਦਲੇਰੀ ਦੇ ਕਈ ਕਾਰਨਾਮੇ ਕੀਤੇ। ਜੰਗ ਖਤਮ ਹੋਣ ਮਗਰੋਂ ਰੰਧਾਵੇ ਨੂੰ ਵੀ ਬਾਕੀ ਆਰਜ਼ੀ ਭਰਤੀ ਕੀਤੇ ਗਏ ਫੌਜੀਆਂ ਵਾਂਗੂੰ ਫੌਜ ਵਿਚੋਂ ਕੱਢ ਦਿੱਤਾ ਗਿਆ ਪਰ ਉਹਦੇ ਵੀਰ-ਚੱਕਰ ਨੇ ਉਹਨੂੰ ਬਡੇ ਚੱਕਰ ਲੁਆਉਣ ਮਗਰੋਂ ਬਾਰਡਰ ਸਿੱਕਿਉਰਟੀ ਫੋਰਸ ਵਿਚ ਇੰਸਪੈਕਟ ਬਣਾ ਦਿੱਤਾ। ਪਰ ਉਨ੍ਹਾਂ ਚੱਕਰਾਂ ਨੇ ਰੰਧਾਵੇ ਦੇ ਸਾਰੇ ਜਜ਼ਬਾਤ ਠਾਂਢੇ ਕਰ ਦਿੱਤੇ ਸਨ। ਉਸ ਨੂੰ ਚੰਗੇ 'ਤੇ ਬੁਰੇ ਦੀ ਪਹਿਚਾਣ ਹੋ ਗਈ ਸੀ। ਉਹਨੇ ਭਾਰਤ ਮਾਤਾ ਦੇ ਸਹੀ ਦੁਸ਼ਮਣ ਆਪਣੀ ਅੱਖੋਂ ਵੇਖ ਲਏ ਸਨ। 
.... ਉਹਨੇ ਦੋਹਾਂ ਜਾਸੂਸਾਂ ਦਾ ਸਿਰ ਤੋਂ ਲੈ ਕੇ ਪੈਰ ਤੋੜੀਂ ਜਾਇਜ਼ਾ ਲੀਤਾ, ਬਾਰਾਂ-ਬਾਰਾਂ, ਤੇਰਾਂ-ਤੇਰਾ ਸਾਲਾਂ ਦੇ ਬਾਲ... ਗੋਰੇ ਮੁੱਖੜੇ ਚੰਡਾਂ ਖਾਣ ਨਾਲ ਹੋਰ ਲਾਲ ਹੋਏ ਸਨ। ਅੱਖਾਂ ਸੁੱਜੀਆਂ.... ਮੁੱਖ 'ਤੇ ਉਂਗਲੀਆਂ ਦੇ ਨਿਸ਼ਾਨ। ਦੋਵੇਂ ਸਹਿਮੇ ਹੋਏ ਨਾਲ-ਨਾਲ ਬੈਠੇ ਸਨ।''
''ਓਇ ਮੁੰਡਿਓ! ਕਿੱਥੋਂ ਆਏ ਹੋ ਤੁਸੀਂ?'' ''ਇਹ ਨਾਲ ਦੇ ਪਿੰਡ ਕੱਜਲਿਆਲ ਤੋਂ।''
''ਕੱਜਲਿਆਲ ਤਾਂ ਪਾਕਿਸਤਾਨ ਵਿਚ ਹੈ। ਤੁਸੀਂ ਇੱਥੋਂ ਕੀ ਲੈਣ ਆ ਗਏ।'' ਭਾਜੀ! ਗੁੱਡੀ ਲੁੱਟਣ ਆਏ ਸਾਂ। '' ਗੁੱਡੀ ਲੁੱਟਣ?'' ''ਆਹੋ ਜੀ।'' ''ਲੁੱਟੀ ਫੇਰ ਤੁਸਾਂ ਗੁੱਡੀ'' ਇਨਸਪੈਕਟਰ ਨੇ ਜਿਰਹਾ ਕੀਤੀ ''ਨਹੀਂ ਜੀ।'' ''ਕਿਉਂ?'' ''ਗੁੱਡੀ ਸਾਡੇ ਹੱਥ ਨਹੀਂ ਆਈ। ਉਹ ਅੰਬ ਦੀ ਟਾਹਣੀ ਨਾਲ ਜਾ ਫਸੀ।'' ''ਫੇਰ ਤੁਸੀਂ ਵਾਪਸ ਕਿਉਂ ਨਹੀਂ ਮੁੜ ਗਏ। ਇੱਥੇ ਕੀ ਕਰਦੇ ਰਹੇ?''
''ਸਾਹਿਬ! ਇਹ ਬਿਲਕੁਲ ਝੂਠ ਬੋਲ ਰਹੇ ਨੇ, ਬਕਵਾਸ ਕਰ ਰਹੇ ਨੇ। ਇਨ੍ਹਾਂ ਨੇ ਪਹਿਲਾਂ ਬਿਆਨ ਦਿੱਤਾ ਕਿ ਉਹ ਵਿਸਾਖੀ ਦਾ ਮੇਲਾ ਦੇਖਣ ਗਏ ਸਨ। ਇਹ ਪੱਕੇ ਜਸੂਸ ਨੇ ਇਸ ਤਰ੍ਹਾਂ ਦੇ ਕਈ ਮੁੰਡਿਆਂ ਨੂੰ ਦੁਸ਼ਮਣ ਨੇ ਜਸੂਸੀ ਟਰੇਨਿੰਗ ਦੇ ਕੇ ਸਾਡੇ ਦੇਸ਼ ਵਿਚ ਘੱਲਿਆ ਏ ਤਾਂ ਜੋ ਸਾਡੇ ਮੁਲਕ 'ਤੇ ਇਕ ਹੋਰ ਹਮਲੇ ਦੀ ਤਿਆਰੀ ਕੀਤੀ ਜਾ ਸਕੇ; ਇਹ ਦੁਸ਼ਮਣ ਦੀ ਨਵੀਂ ਚਾਲ ਏ।'' ਹਵਾਲਦਾਰ ਕਰਨੈਲ ਸਿੰਘ ਨੇ ਇੰਸਪੈਕਟਰ ਰੰਧਾਵੇ ਨੂੰ ਸਮਝਾਂਦਿਆਂ ਕਿਹਾ। ''ਤੁਹਾਡਾ ਨਾਂ ਕੀ ਏ ਪਈ?'' ਇੰਸਪੈਕਟਰ ਨੇ ਸਵਾਲ ਕੀਤਾ। ''ਮੇਰਾ ਨਾਂ ਮੁਹੰਮਦ ਤੁਫ਼ੈਲ ਚੀਮਾ ਏ।'' ਨਿੱਕਰ ਵਾਲੇ ਨੇ ਜੁਆਬ ਦਿੱਤਾ। ''ਮੇਰਾ ਨਾਂ ਅਬਦੁਲ ਅਜ਼ੀਜ਼ ਏ?'' ਪਰ ਮੈਨੂੰ ਸਾਰੇ ਜੀਜੀ ਕਹਿੰਦੇ ਨੇ।' ਪੈਂਟ ਵਾਲੇ ਨੇ ਕਿਹਾ।'' ''ਤੁਹਾਡੀ ਉਮਰ ਕੀ ਏ?'' ''ਮੇਰੀ ਉਮਰ ਤੇਰਾਂ ਸਾਲ ਏ'' ਤੁਫ਼ੈਲ ਬੋਲਿਆ। ''ਮਾਂ ਕਹਿੰਦੀ ਏ ਕਿ ਮੈਂ ਚੌਧਵੇਂ ਵਰ੍ਹੇ ਵਿਚ ਪੈਰ ਪਾਇਆ ਏ'' ਜੀਜੀ ਨੇ ਜਵਾਬ ਦਿੱਤਾ। ''ਤੁਸੀਂ ਆਪਸ ਵਿਚ ਕੀ ਲੱਗਦੇ ਓ?'' ਅਸੀਂ ਦੋਨੋਂ ਮਸਹਰੇ ਭਰਾ ਹਾਂ।'' ''ਰਹਿੰਦੇ ਕਿੱਥੇ ਹੋ ਹੋਰ ਕੰਮ ਕੀ ਕਰਦੇ ਹੋ?'' ਮੈਂ ਗੌਰਮਿੰਟ ਹਾਈ ਸਕੂਲ ਡਾਲੋਵਾਲ ਵਿਚ ਸੱਤਵੀਂ 'ਚ ਪੜ੍ਹਨਾ 'ਵਾਂ ਤੇ ਅਸੀਂ ਉਥੇ ਹੀ ਰਹਿੰਦੇ ਹਾਂ।'' ''ਮੈਂ ਇਹ ਨਾਲ 'ਦੇ ਪਿੰਡ ਕੱਜਲਿਆਲ ਦਾ ਰਹਿਣ ਵਾਲਾ ਹਾਂ। ਮੈਂ ਵੀ ਸੱਤਵੀਂ 'ਚ ਪੜ੍ਹਨਾ 'ਵਾਂ ਪਰ ਅੱਜ ਸਾਨੂੰ ਛੁੱਟੀਆਂ ਹੋਈਆਂ ਨੇ, ਇਸ ਕਰਕੇ ਤੀਫੋ ਸਾਨੂੰ ਮਿਲਣ ਆਇਆ ਸੀ।'' ''ਅੱਛਾ ਹੁਣ ਸੱਚੋ-ਸੱਚ ਦੱਸੋ ਮੁੰਡਿਓ ਕਿ ਤੁਸੀਂ ਇੱਥੇ ਕੀ ਲੈਣ ਆਏ ਸੋ। ਵੇਖੋ ਜੇ ਤੁਸਾਂ ਸੱਚ ਦੱਸਿਆ ਤਾਂ ਤੁਹਾਨੂੰ ਛੱਡ ਦੇਵਾਂਗੇ, ਨਹੀਂ ਤਾਂ ਤੁਹਾਡੀ ਚਮੜੀ ਉਧੇੜ ਕੇ ਉਸ ਵਿਚ ਭੌਂ ਭਰਵਾ ਦਿਆਂਗੇ ਤੇ ਤੁਹਾਡਾ ਮਾਸ ਇੱਲਾਂ ਤੇ ਕਾਵਾਂ ਨੂੰ ਖਿਲਾ ਛੱਡਾਂਗੇ। ਸੱਚ, ਦੱਸੋ, ਤੁਹਾਨੂੰ ਇੱਥੇ ਕਿਹਨੇ ਭੇਜਿਆ। ਤੁਹਾਡੇ ਸਪੁਰਦ ਕੀ ਕੰਮ ਲਾਇਆ ਗਿਆ ਸੀ। ਇਥੇ ਤੁਸੀਂ ਕਿੰਨ੍ਹਾਂ ਕੋਲ ਰਹੇ ਹੋ, ਤੁਹਾਡੇ ਕਿੰਨੇ ਆਦਮੀ ਇੱਥੇ ਕੰਮ ਕਰ ਰਹੇ ਹਨ।'' ਇੰਸਪੈਕਟਰ ਰੰਧਾਵੇ ਨੇ ਇਕੋ ਸਾਹ ਵਿਚ ਢੇਰ ਸਾਰੇ ਸਵਾਲ ਪੁੱਛ ਲਏ। ਉਸ ਦੀਆਂ ਅੱਖਾਂ ਦੋਹਾਂ ਜੁਆਕਾਂ ਦੇ ਚੇਹਰੇ ਪੜ੍ਹ ਰਹੀਆਂ ਸਨ। ਉਹ ਦੋਵੋਂ ਇਕ-ਦੂਜੇ ਵੱਲ ਵੇਖ ਰਹੇ ਸਨ ਤੇ ਕਦੇ ਇੰਸਪੈਕਟਰ ਵੱਲ। ''ਭਾ ਜੀ ਅਸੀਂ ਬਿਲਕੁਲ ਸੱਚ ਕਹਿਨੇ ਹਾਂ' ਜੀਜੀ ਰੋਂਦਿਆਂ-ਰੋਂਦਿਆਂ ਕਹਿਣ ਲੱਗਾ। ''ਅੱਲਾ ਪਾਕ ਦੀ ਕਸਮੇਂ, ਅਸੀਂ ਏਧਰ ਗੁੱਡੀ ਲੁੱਟਣ ਹੀ ਆਏ ਸਾਂ। ਗੱਲ ਇੰਝ ਹੋਈ ਕਿ ਅਸੀਂ ਦੋਵੇਂ ਆਪਣੇ ਕੋਠੇ 'ਤੇ ਗੁੱਡੀ ਚਾੜ੍ਹ ਰਹੇ ਸੀ। ਇਕ ਕਟ ਹੋਈ ਗੁੱਡੀ ਨੂੰ ਵੇਖਦਿਆਂ ਹੀ ਮੈਂ ਆਪਣੀ ਡੋਰ ਨਿੱਕੇ ਭਰਾ ਨਸੀਰੇ ਨੂੰ ਫੜਾਈ ਤੇ ਆਪ ਗੁੱਡੀ ਲੁੱਟਣ ਦੌੜ ਪਿਆ। ਮੇਰੇ ਪਿੱਛੇ-ਪਿੱਛੇ ਤੀਫੋ ਵੀ ਦੋੜਿਆ। ਤੇ ਅਸੀਂ ਬੋ-ਕਾਟੇ ਕਹਿਦੇ ਕਹਿੰਦੇ ਤੁਹਾਡੇ ਪਿੰਡ ਤੀਕਰ ਪਹੁੰਚ ਗਏ। ਦੂਰ ਹੀ ਕਿੰਨਾ ਏ। ਬਸ ਕਮਾਦਾਂ ਦੇ ਇਹ ਦੋ-ਚਾਰ ਖੇਤ ਹੀ ਤਾਂ ਲੰਘਣੇ ਪੈਂਦੇ ਨੇ।'' ਜੀਜੀ ਨੇ ਹੱਥ ਨਾਲ ਰਸਤਾ ਨਾਪ ਕੇ ਦੱਸਿਆ। ''ਜਦ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਇਹ ਤੁਹਾਡਾ ਪਿੰਡ ਨਹੀਂ ਤਾਂ ਤੁਸੀਂ ਵਾਪਸ ਕਿਉਂ ਨਹੀਂ ਮੁੜ ਗਏ। ਇੱਥੇ ਦੁੱਧ ਚੁੰਘ ਰਹੇ ਸੋ?'' ਹਵਾਲਦਾਰਾ ਕਰਨੈਲ ਸਿੰਘ ਮੁੱਛਾਂ ਨੂੰ ਵੱਟ ਦਿੰਦਿਆਂ ਹੋਇਆ ਖਹਿਬੜਿਆ। ਕਰਨੈਲ ਸਿੰਘ ਦੀ ਡਰਾਉਣੀ ਸ਼ਕਲ ਦੇਖ ਕੇ ਤੀਫੋ ਬੋਲ ਪਿਆ, ''ਨਹੀਂ ਜੀ, ਇਹ ਸਾਹਮਣੇ ਵਾਲੇ ਪਿੰਡ ਵਿਚ ਢੋਲ ਦੀ ਆਵਾਜ਼ ਸੁਣ ਕੇ ਸਾਡੇ ਕੋਲੋਂ ਰਹਿ ਨਹੀਂ ਹੋਇਆ ਤੇ ਅਸੀਂ ਵੀ ਉੱਥੇ ਤਮਾਸ਼ਾ ਵੇਖਣ ਚਲੇ ਗਏ। ਉਥੇ ਲੋਕੀਂ ਭੰਗੜਾ ਪਾ ਰਹੇ ਸਨ। ਬੜਾ ਸ਼ੋਰ-ਸ਼ਰਾਬਾ ਸੀ। ਕੁਝ ਬੰਦੇ ਸ਼ਰਾਬ ਪੀ ਕੇ ਭੱਬਕੀਆਂ ਮਾਰ ਰਹੇ ਸਨ। ਢੋਲ ਦੇ ਤਾਲ 'ਤੇ ਅਸੀਂ ਵੀ ਨੱਚਣ ਲੱਗੇ। ਇਕ ਬੁੱਢੜਾ ਫੁੰਮਣੀਆਂ ਪਾਉਂਦਾ-ਪਾਉਂਦਾ ਮੇਰੇ ਕੋਲ ਆਇਆ ਤੇ ਮੈਨੂੰ ਆਪਣੇ ਮੋਢਿੱਆਂ 'ਤੇ ਚੁੱਕ ਲਿਆ। ਬੱਸ ਫੇਰ ਸਾਰੇ ਲੋਕ ਭੰਗੜਾ ਮਾਰ ਮਾਰ ਕੇ ਨਵਾਂ ਸ਼ਹਿਰ ਪੁੱਜੇ। ਮੈਂ ਤੇ ਜੀਜੀ ਵੀ। ਉੱਥੇ ਉਹ ਸਾਰੇ ਬੱਸ ਵਿਚ ਬੈਠ ਗਏ ਤਾਂ ਸਾਨੂੰ ਪਤਾ ਲੱਗਿਆ ਕਿ ਉਹ ਜੰਮੂ ਜਾ ਰਹੇ ਨੇ, ਨਹਿਰ 'ਤੇ ਵਿਸਾਖੀ ਦਾ ਮੇਲਾ ਵੇਖਣ। ਜੀਜੀ ਵੀ ਮੈਨੂੰ ਮੇਲਾ ਵੇਖਣ ਲਈ ਕਹਿਣ ਲੱਗਾ...''। ''ਪਰ ਇਹ ਨਹੀਂ ਸੀ ਮੰਨਦਾ ਤੇ ਜਿਸ ਵੇਲੇ ਮੈਂ ਇਸ ਨੂੰ ਕਿਹਾ ਕਿ ਸ਼ਾਮ ਤੱਕ ਵਾਪਸ ਮੁੜ ਆਵਾਂਗੇ ਤਾਂ ਕਿਤੇ ਜਾ ਕੇ ਇਹਨੇ ਹਾਂ ਕੀਤੀ।'' ਜੀਜੀ ਨੇ ਤੀਫੋ ਦੀ ਗੱਲ ਕੱਟ ਛੱਡੀ ਸੀ। ਉਹ ਕਹਿ ਰਿਹਾ ਸੀ, ''ਕਿਉਂ ਜੋ ਮੇਰਾ ਅੱਬਾ ਗੱਲਾਂ ਕਰਦਾ ਹੁੰਦਾ ਏ ਕਿ ਜੰਮੂ.. ਨਹਿਰ 'ਤੇ ਵਿਸਾਖੀ ਦਾ ਇਕ ਵੱਡਾ ਮੇਲਾ ਲੱਗਦਾ ਹੁੰਦਾ ਸੀ ਤੇ ਉਹ ਚਵਾਨੀ ਕਿਰਾਇਆ ਖਰਚ ਕੇ ਅੱਧੇ ਘੰਟੇ ਵਿਚ ਨਹਿਰ ਪਹੁੰਚ ਜਾਂਦੇ ਹੁੰਦੇ ਸਨ। ਸਾਰਾ ਦਿਨ ਮੌਜ ਮੇਲਾ ਦੇਖਣ ਮਗਰੋਂ ਸ਼ਾਮੀਂ ਘਰ ਅੱਪੜੈ ਹੁੰਦੇ ਸੀ... ਅਸੀਂ ਵੀ ਇਕ ਬੱਸ ਵਿਚ ਬੈਠ ਗਏ ਤੇ ਖੂਬ ਮੇਲਾ ਵੇਖਿਆ, ਭੰਗੜਾ ਪਾਇਆ, ਗੰਨੇ ਚੂਪੇ, ਕੁਲਫੀ ਖਾਧੀ, ਮੇਲਾ ਵੇਖਣ ਮਗਰੋਂ ਅਸਾਂ ਇਕ ਫਿਲਮ ਵੀ ਵੇਖੀ।'' ''ਆਹੋ ਜੀ! ਝੂਠ ਬੋਲੇ ਕਊਆ ਕਾਟੇ ਕਾਲੇ ਕੋਏ ਸੇ ਡਰੀਓ।'' ਤੀਫੋ ਝੱਟ ਬੋਲ ਪਿਆ, ''ਓ ਚੁੱਪ ਕਰ ਓ'', ਇਹ ਮੁੱਛਾਂ ਵਾਲਾ 'ਜ਼ੋਏ' ਜ਼ਾਲਮ ਫੇਰ ਮਾਰੇਗਾ।'' ਜੀਜੀ ਨੇ ਤੀਫੋ ਨੂੰ ਚੂੰਢੀ ਪਟੋਦਿਆਂ ਹੋਇਆਂ ਹੌਲੀ ਜਿਹੀ ਕਿਹਾ, ''ਅਲਫ ਬੇ ਦੇ ਕੈਦੇ ਵਿਚ 'ਜ਼ੋਏ' ਜ਼ਾਲਮ ਦੇ ਖਾਨੇ ਵਿਚ ਹੈ ਨਾ ਬਿਲਕੁਲ ਇਸੇ ਸਰਦਾਰ ਵਰਗੀ ਤਸਵੀਰ।'' ਆਹੋ-ਆਹੋ, ਬਿਲਕੁਲ ਇਸੇ ਦੀ ਤਸਵੀਰ ਬਨਾਈ  ਹੋਈ ਏ। ਤਾਹੀਓਂ ਇੰਨੇ ਸਾਨੂੰ ਮਾਰਿਆ।'' ਤੀਫੋ ਨੇ ਕਰਨੈਲ ਸਿੰਘ ਨੂੰ ਜਿਵੇਂ ਪਹਿਚਾਣਦਿਆਂ ਹੋਇਆਂ ਹਾਂ ਕੀਤੀ। 
''ਪਰ ਜੰਮੂ ਜਾਣ ਜੋਗੇ ਤੁਹਾਡੇ ਕੋਲ ਪੈਸੇ ਕਿਥੋਂ ਆਏ?'' ਇੰਸਪੈਕਟਰ ਰੰਧਾਵੇ ਨੇ ਆਪਣੀ ਤਫਤੀਸ਼ ਜਾਰੀ ਰੱਖੀ। ''ਭਾਅ ਜੀ ਜੀਜੀ ਕੋਲ ਤਾਂ ਪੈਸਾ ਨਹੀਂ ਸੀ ਪਰ ਮੇਰੇ ਬੋਝੇ ਵਿਚ ਦੋ-ਦੋ ਰੁਪਹੇ ਵਾਲੇ ਆਪਣੇ ਤਿੰਨ ਨੋਟ ਸਨ। ਨਵਾਂ ਸ਼ਹਿਰ ਪਹੁੰਚ ਕੇ ਮੈਂ ਨੋਟ ਭਨਾਉਣ ਹੀ ਲੱਗਾ ਸਾਂ ਕਿ ਜੀਜੀ ਨੇ ਰੋਕ ਛੱਡਿਆ 'ਤੇ ਕਹਿਣ ਲੱਗਾ ਕਿ ਇਥੇ ਪਾਕਿਸਤਾਨੀ ਨੋਟ ਨਹੀਂ ਚਲਦਾ। ਮੇਰੇ ਅੱਬਾ ਨੇ ਹੱਜ ਤੋਂ ਮੇਰੇ ਲਈ ਇਕ ਘੜੀ ਲਿਆਂਦੀ ਸੀ ਅਸਾਂ ਉਹ ਘੜੀ ਇਕ ਘੜੀਸਾਜ਼ ਨੂੰ ਤੀਹਾਂ ਰੁਪਇਆਂ ਦੀ ਵੇਚੀ ਤਾਂ ਕਿਤੇ ਅਸੀਂ ਜੰਮੂ ਜਾ ਸਕੇ।ਮੇਲਾ 'ਤੇ ਫਿਲਮ ਵੇਖਣ ਮਗਰੋਂ ਅਸੀਂ ਬੱਸ ਵਿਚ ਫੇਰ ਨਵਾਂ ਸ਼ਹਿਰ ਵਾਪਸ ਪਹੁੰਚੇ 'ਤੇ ਇਸੇ ਰਸਤੇ ਪੈਦਲ ਜਾ ਰਹੇ ਸਾਂ ਜਿੱਥੋਂ ਅਸੀਂ ਏਧਰ ਲੰਘ ਆਏ ਸਾਂ ਕਿ ਇਨ੍ਹਾਂ ਜ਼ਾਲਮਾਂ ਸਾਨੂੰ ਫੜ ਲਿਆ 'ਤੇ ਬੜਾ ਮਾਰਿਆ।'' ਤੀਫੋ ਨੇ ਸਿਪਾਹੀਆਂ ਵੱਲ ਇਸ਼ਾਰਾ ਕੀਤਾ 'ਤੇ ਰੋਣ ਲੱਗ ਪਿਆ। ''ਇਨ੍ਹਾਂ ਸਾਨੂੰ ਨਿੱਕਿਆਂ ਵੇਖ ਕੇ ਮਾਰਿਆ ਏ। ਜੇ ਮੇਰੇ ਅੱਬਾ ਨੂੰ ਪਤਾ ਚੱਲੇ ਤਾਂ ਉਹ ਇਨ੍ਹਾਂ ਸਾਰਿਆਂ ਦੇ ਡੱਕਰੇ ਕਰ ਦੇ। ਵੱਡੇ ਬਲਵਾਨ ਬਣੀ ਫਿਰਦੇ ਨੇ'' ਜੀਜੀ ਅੱਥਰੂ ਪੂੰਜਦਿਆਂ ਹੋਇਆ ਬੋਲਿਆ। ''ਤੇਰੇ ਅੱਬਾ ਨੂੰ ਖਾਣ ਸੂਰ। ਅੱਬੇ ਦਾ ਰੋਅਬ ਪਿਆ ਦੱਸਨਾ ਏਂ। ਤੇਰੇ ਅੱਬੇ ਦੀ... ਸਾਹਿਬ, ਇਹ ਕੁੱਤੇ ਝੂਠ ਬੋਲਦੇ ਨੇ। ਇਨ੍ਹਾਂ ਦੀ ਗੱਲ ਦਾ ਯਕੀਨ ਨਹੀਂ ਕਰਨਾ, ਜਨਾਬ। ਗੁਰੂ ਮਹਾਰਾਜ ਨੇ ਫਰਮਾਇਆ ਕਿ ਕੋਈ ਮੁਸਲਾ ਤੇਲ ਵਾਲੀ ਬਾਂਹ ਤਿਲਾਂ ਦੀ ਬੋਰੀ ਵਿਚ ਵਾੜੇ 'ਤੇ ਉਨੀਆਂ ਹੀ ਕਸਮਾਂ ਖਾਏ ਜਿੰਨੇ ਤਿਲ ਬਾਂਹ ਨੂੰ ਲੱਗੇ ਹੋਣ ਤਾਂ ਵੀ ਉਸ ਦੀ ਗੱਲ ਦਾ ਇਤਬਾਰ ਨਹੀਂ ਕਰਨਾ ਚਾਹੀਦਾ ਏ। ਕਰਨੈਲ ਸਿੰਘ, ਰੰਧਾਵੇ ਨੂੰ ਮਸ਼ਵਰਾ ਦੇ ਰਿਹਾ ਸੀ। ਇੰਸਪੈਕਟਰ ਨੇ ਦੋਹਾਂ ਮੁੰਡਿਆਂ ਨੂੰ ਚੁੱਪ ਕਰਾਂਦਿਆਂ ਹੋਇਆ ਕਰਨੈਲ ਸਿੰਘ ਵੱਲ ਘੂਰ ਕੇ ਵੇਖਿਆ 'ਤੇ ਪੁਛਿਆ, ''ਕਿਹੜੇ ਗੁਰੂ ਸਾਹਿਬ ਨੇ ਇਹ ਤਿਲਾਂ ਵਾਲੀ ਗੱਲ ਕਹੀ ਏ'' ''ਜਨਾਬ! ਇਹ ਤਾਂ ਮੈਨੂੰ ਪਤਾ ਨਹੀਂ ਪਰ ਇਹ ਗੱਲ ਮੈਨੂੰ ਭਾਈ ਜੀ ਨੇ ਦੱਸੀ ਸੀ 'ਤੇ ਉਹ ਥੋੜ੍ਹੀ ਕੋਈ ਝੂਠ ਬੋਲਣਗੇ।'' ਐਵੇਂ ਗਲਤ ਗੱਲਾਂ ਨਹੀਂ ਫੈਲਾਣੀਆਂ ਚਾਹੀਦੀਆਂ।'' ਇੰਸਪੈਕਟਰ ਰੰਧਾਵੇ ਨੇ ਕਰਨੈਲ ਸਿੰਘ ਨੂੰ ਡਾਂਟਦਿਆਂ ਹੋਇਆਂ ਕਿਹਾ 'ਤੇ ਜੀਪ ਮੰਗਵਾਣ ਦਾ ਹੁਕਮ ਦਿੱਤਾ। ਉਹ ਇਹ ਕੇਸ ਅੱਗੇ ਭੇਜਣ ਤੋਂ ਪਹਿਲਾਂ ਆਪ ਸੰਤੁਸ਼ਟ ਹੋਣਾ ਚਾਹੁੰਦਾ ਸੀ।... ਜੀਪ ਨਵੇਂ ਸ਼ਹਿਰ ਵੱਲ ਦੌੜ ਰਹੀ ਸੀ 'ਤੇ ਅਜ਼ੀਜ਼ ਤੇ ਤੁਫ਼ੈਲ ਦੀਆਂ ਸਹਿਮੀਆਂ ਹੋਈਆਂ ਨਜ਼ਰਾਂ ਆਪਣੇ ਪਿੰਡ ਵੱਲ। ਪੱਧਰਾ ਰਸਤਾ.. ਪਰ ਕਿੰਨਾ ਗੁੰਝਲਦਾਰ... ਪਹਾੜਾਂ ਵਰਗਾ ਔਖਾ ਰਾਹ। ਨਜ਼ਰਾਂ ਵੇਖਦੀਆਂ ਰਹੀਆਂ... ਗੁੰਝਲ ਵਧਦੇ ਰਹੇ... 'ਤੇ ਜੀਪ ਲਕਸ਼ਮੀ ਵਾਚ ਹਾਊਸ ਅੱਗੇ ਜਾ ਖੋਲੋਤੀ। ਇਨ੍ਹਾਂ ਮੁੰਡਿਆਂ ਤੈਨੂੰ ਕੋਈ ਘੜੀ ਵੇਚੀ।'' ਇੰਸਪੈਕਟਰ ਨੇ ਪੁੱਛਿਆ, ''ਨਹੀਂ ਸਰਦਾਰ ਸਾਹਿਬ, ਮੇਂ ਇਨ੍ਹਾਂ ਮੁੰਡਿਆਂ ਨੂੰ ਜਾਣਦਾ ਹੀ ਨਹੀਂ।'' ''ਸੱਚੋ ਸੱਚ ਦੱਸ, ਨਹੀਂ ਤਾਂ ਮੁਸ਼ਕਾਂ ਕਸਾ ਦਿਆਂਗਾ।'' ਇੰਸਪੈਕਟਰ ਗਰਜ਼ਿਆ।... ਤੀਫੋ ਦੀ ਸ਼ਨਾਖਤ 'ਤੇ ਇੰਸਪੈਕਟਰ ਨੇ ਘੜੀ ਬਰਾਮਦ ਕਰਾ ਲਈ 'ਤੇ ਜੀਪ ਮੁੜ ਚੌਂਕੀ ਵੱਲ ਦੌੜ ਪਈ।... ''ਕਿਉਂ ਪਈ ਕਰਨੈਲ ਸਿਹਾਂ ਹੁਣ ਕੀ ਕਰਨਾ ਚਾਹੀਦਾ ਏ ਇਨ੍ਹ੍ਰਾਂ ਮੁੰਡਿਆਂ ਦਾ।'' ਇੰਸਪੈਕਟਰ ਰੰਧਾਵੇ ਨੇ ਤੀਫੋ 'ਤੇ ਜੀਜੀ ਨੂੰ ਆਪਣੇ ਤੰਬੂ ਵੱਲ ਖੜਦਿਆਂ ਪੁੱਛਿਆ। ''ਜੋ ਤੁਸੀਂ ਮੁਨਾਸਿਬ ਸਮਝੋ ਸਾਹਿਬ।'' ''ਮੁੰਡਿਓ! ਕੁਝ ਖਾਧਾ-ਪੀਤਾ ਵੀ ਹੈ ਜੇ?'' ਇੰਸਪੈਕਟਰ ਨੇ ਤੀਫੋ ਦੀ ਬਾਂਹ 'ਤੇ ਘੜੀ ਬੰਨ੍ਹਦਿਆਂ ਪੁੱਛਿਆ'' ਨਹੀਂ ਜੀ, ਪਰ ਸਾਨੂੰ ਡਾਢੀ ਭੁੱਖ ਲੱਗੀ ਹੋਈ ਏ।'' ''ਚੰਗਾ ਦੱਸੋ ਕੀ ਖਾਓਗੇ।'' ''ਕੁੱਝ ਨਹੀਂ ਜੀ।'' ਕਿਉਂ ਬਈ। ਤੁਹਾਨੂੰ ਤਾਂ ਸਖ਼ਤ ਭੁੱਖ ਲੱਗੀ ਹੋਈ ਏ ਫੇਰ ਇਨਕਾਰ ਕਿਉਂ?'' ਦੋਵੇਂ ਇਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ 'ਤੇ ਫੇਰ ਤੀਫੋ ਬੋਲਿਆ, ''ਅੱਬਾ ਕਹਿੰਦਾ ਏ ਜੇ ਕਾਫ਼ਰਾਂ ਦੇ ਹੱਥ ਦਾ ਖਾਓ ਤਾਂ ਸਖਤ ਗੁਨਾਹ ਚੜ੍ਹਦਾ ਏ।'' ''ਪਰ ਪੁੱਤਰ! ਮੈਂ ਕੋਈ ਤੁਹਾਨੂੰ ਕਾਫ਼ਰ ਦਿਸਣਾ' ਵਾਂ। ਮੇਰੇ ਵੀ ਤਾਂ ਤੁਹਾਡੇ ਵਾਂਗਰ ਹੀ ਹੱਥ ਪੈਰ, ਨੱਕ ਮੂੰਹ ਏ। ਫੇਰ ਮੈਂ ਵੀ ਤਾਂ ਉਸੇ ਰੱਬ ਅੱਗੇ ਸੀਸ ਝੁਕਾਂਦਾ ਹਾਂ ਜਿਸਦਾ ਤੁਸੀਂ ਵੀ ਇਤਬਾਰ ਕਰਦੇ ਹੋ। ਫੇਰ ਮੈਂ ਕਿੰਝ ਕਾਫ਼ਰ ਹੋ ਗਿਆ। ਅਸੀਂ ਸਾਰੇ ਇਨਸਾਨ ਹਾਂ। ਤੇਰੇ ਅੱਬੇ ਨੂੰ ਕਿਸੇ ਨੇ ਗਲਤ ਦੱਸਿਆ ਹੈ।'' ਇੰਸਪੈਕਟਰ ਨੇ ਤੀਫੋ ਨੂੰ ਆਪਣੇ ਕੁੱਛੜ ਵਿਚ ਬਿਠਾ ਕੇ ਸਮਝਾਇਆ। ''ਚੰਗਾ ਜੀ, ਫੇਰ ਤਾਂ ਤੁਸੀਂ ਜੋ ਵੀ ਖਿਲਾਓਗੇ ਅਸੀਂ ਖਾ ਲਵਾਂਗੇ।'' ... ਰੋਟੀ ਖਾਣ ਮਗਰੋਂ ਇਨਸਪੈਕਟਰ ਰੰਧਾਵਾ ਡਿਊਟੀ ਤੇ ਖਲੋਤੇ ਦੋ ਸਿਪਾਹੀਆਂ ਨੂੰ ਹਦਾਇਤ ਦੇਣ ਲੱਗਾ।'' ''ਦੇਖੋ! ਇਨ੍ਹਾਂ ਦੋਹਾਂ ਮੁੰਡਿਆਂ ਨੂੰ ਸਰਹੱਦ ਪਾਰ ਕਰਾ ਦਿਓ। ਪਰ ਖ਼ਿਆਲ ਰੱਖੀਓ ਕਿ ਉਨ੍ਹਾਂ ਦੇ ਸਿਪਾਹੀਆਂ ਦੀ ਗਸ਼ਤ ਨਾ ਹੁੰਦੀ ਹੋਵੇ। ਇਹ ਨਾਂ ਹੋਵੇ ਅਸੀਂ ਛੱਡੀਏ 'ਤੇ ਉਹ ਸਾਲੇ ਫੜ ਲੈਣ।'' ਸਿਪਾਹੀਆਂ ਸਲੂਟ ਮਾਰਿਆ 'ਤੇ ਮੁੰਡਿਆਂ ਨੂੰ ਲੈ ਗਏ। ਦੂਰ ਤੱਕ ਉਹਨਾਂ ਨੂੰ ਜਾਂਦਿਆਂ ਹੋਇਆਂ ਇੰਸਪੈਕਟਰ ਦੇਖ ਰਿਹਾ ਸੀ। ਉਹਦਾ ਚੇਹਰਾ ਖਿੜਿਆ ਹੋਇਆ ਸੀ। ਉਸ ਦੀਆਂ ਅੱਖਾਂ ਖੁਸ਼ੀ ਨਾਲ ਚਮਕ ਰਹੀਆਂ ਸਨ ਪਰ ਉਹਦੇ ਕੰਨ ਕੁੱਝ ਹਲਕੀਆਂ-ਹਲਕੀਆਂ ਅਵਾਜ਼ਾਂ ਸੁਣ ਰਹੇ ਸਨ।'' ਇੰਸਪੈਕਟਰ ਨੇ ਸੱਪ ਦੇ ਪੁੱਤਰਾਂ ਨੂੰ ਛੱਡ ਕੇ ਚੰਗਾ ਨਹੀਂ ਕੀਤਾ। ਹੁਣ ਇਸ ਦੀ ਖੈਰ ਨਹੀਂ ਆਪੇ ਕੱਲ੍ਹ ਤੱਕ ਇਸਨੂੰ ਪਤਾ ਲੱਗ ਜਾਵੇਗਾ... ਅਵਾਜ਼ਾਂ ਉਭਰਦੀਆਂ ਰਹੀਆਂ... 'ਤੇ ਇੰਸਪੈਕਟਰ ਆਪਣੇ ਤੰਬੂ ਵਿਚ ਚੁੱਪਚਾਪ ਚਲਾ ਗਿਆ।


ਕਵਿਤਾ 

- ਯੋਧ ਸਿੰਘ
ਮਨੁੱਖ ਦੀ ਹੀ ਸ਼ਿਕਾਰੀ
ਜਕੜ ਤੋਂ
ਮੁਕਤ ਹੋਣਾ ਹੁੰਦੈ
ਅਸਲੀ ਆਜ਼ਾਦੀ।
ਗੁਆਇਆ ਘੱਟ ਤੇ 
ਥਿਆਹਿਆ ਵਧੇਰੇ 
ਪ੍ਰਕਿਰਤੀ ਸੰਗ ਸੰਗ੍ਰਾਮ
ਦੀ ਮੁਨਸਫ ਮਜਾਜ਼ੀ।
ਮਨੁੱਖ ਦੀ ਜਕੜ ਤੇ
ਜਬਰ ਦੇ ਮੁਦੈਈ
ਦਨਦਨਾਉਂਦੇ ਅਜੇ ਵੀ
ਹਨ ਹਿਟਲਰ ਤੇ ਨਾਜ਼ੀ।
  ਜੰਗਬਾਜਾਂ ਤੋਂ ਜੇਕਰ 
ਹੋ ਜਾਏ ਖਲਾਸੀ
ਮਨੁੱਖਤਾ ਦੇ ਅੱਧੇ
ਹੋਣ ਸੁਪਨੇ ਪਿਆਜ਼ੀ।
ਜੰਗ ਤੋਂ ਵਧੇਰੇ ਅੱਜ
ਜੰਗ ਦੇ ਸਹਿਮ ਨੇ,
ਮਨੁੱਖਤਾ ਨੂੰ ਵੰਡੀ ਹੈ
ਜਾਬਰ ਮੁਥਾਜੀ।
ਜੰਗਾਂ ਦੀ ਤਿਆਰੀ  
ਦਾ ਖਤਰਨਾਕ ਸਮਾਨ,
ਕਹਿ ਰਿਹਾ ਹੈ ਭਵਿੱਖ
ਨਹੀ ਰਾਜ਼ੀ ਵਾਜੀ।
ਦੁਨੀਆਂ 'ਚ ਸਭ ਤੋਂ ਵੱਡਾ
ਮਜਾਕ ਹੈ ਅਜੋਕਾ
ਜੰਗਬਾਜਾਂ ਦੇ ਬੁੱਲਾਂ ਤੇ
ਸ਼ਬਦ ਹੈ ਆਜ਼ਾਦੀ। 


ਸਹਿਮੇ ਹੋਏ ਮਿਰਗ ਦਾ ਬਿਆਨ

- ਮਦਨ ਵੀਰਾ
ਮੇਰੇ ਯਾਰ-ਮੈਂ ਇਸ ਨਵੇਂ ਭਾਰਤ ਨੂੰ
ਨਹੀਂ ਇੰਡੀਆ ਨੂੰ
ਚੌੜੀਆਂ ਛੇ ਮਾਰਗੀ ਸੜਕਾਂ ਤੋਂ ਪਛਾਣਾਂ
ਜਾਂ ਉਜਾੜੇ ਜਾ ਰਹੇ ਪਿੰਡਾਂ ਦੀ
ਹਿੱਕ 'ਤੇ ਉਸਰੇ
ਬਹੁਮੰਜ਼ਲੀ ਪਲਾਜ਼ਿਆਂ ਦੀਆਂ
ਗੋਲਾਈਦਾਰ ਪੌੜੀਆਂ ਤੋਂ ਜਾਣਾਂ
ਯਾਰ-ਪਿੰਡ ਦੇ ਕਿੰਨੇ ਕੱਚੇ ਪਹੇ
ਕਿੰਨੀਆਂ ਪਗਡੰਡੀਆਂ
ਇਹ ਨਵਾਂ ਸੁਪਨ ਸੰਸਾਰ
ਉਨਤੀ ਤੇ ਉਸਾਰੀ ਦੇ ਨਾਂਅ 'ਤੇ
ਡਕਾਰ ਗਿਆ ਹੈ
ਕਿਹੜਾ ਅੰਕੜਾ ਸ਼ਾਸ਼ਤਰੀ
ਸਾਨੂੰ ਆ ਕੇ ਦੱਸੇਗਾ
ਕਿ ਇਹ ਕਿੰਨੇ ਜਿਊਂਦਿਆਂ ਨੂੰ
ਮਰਨ ਜੋਗਾ ਕਰ ਗਿਆ ਹੈ
'ਤੇ ਕਿੰਨਿਆਂ ਨੂੰ ਅੰਦਰੋਂ-ਅੰਦਰੀ
ਮਾਰ ਗਿਆ ਹੈ
ਮਿੱਤਰੋ-ਸੱਚ ਜਾਣਿਓ
ਮੈਂ ਤਾਂ ਇਸ ਅੰਨ੍ਹੇ ਜਲੌਅ 'ਚ
ਪਿਆਸੇ ਤੇ ਹਰਾਸੇ
ਮਿਰਗ ਵਰਗਾ ਹਾਂ
ਜੋ ਕਿਸੇ ਸ਼ੋਅ ਕੇਸ 'ਚ
ਮੜ੍ਹੇ ਜਾਂ ਤਾੜੇ ਜਾਣ ਤੋਂ
ਡਰਦਾ ਹੈ
ਪਰ ਜੰਗਲ ਵੱਲ ਜਾਣ ਦਾ
ਹਰ ਰਸਤਾ-ਹਰ ਪੈਂਡਾ
ਕਿਸੇ 'ਸ਼ਾਹੀ ਹਵੇਲੀ' ਜਾਂ
'ਫਾਰਮ ਹਾਊਸ' ਦਾ ਰੁੱਖ ਕਰਦਾ ਹੈ
ਤੇ ਸੁਰੱਖਿਆ ਦੇ ਨਾਂਅ 'ਤੇ
ਸ਼ਿਕਾਰੀਆਂ ਦਾ ਦਸਤਾ
ਮੇਰੇ ਸੁਪਨਿਆਂ ਵਿਚ ਵੀ
ਮੇਰਾ ਪਿੱਛਾ ਕਰਦਾ ਹੈ। 


ਗ਼ਜ਼ਲ
- ਬਲਜੀਤ ਸੈਣੀ
ਡੁੱਬ ਨਾ ਜਾਵੇ ਦਿਲ ਨੂੰ ਏਨਾ ਰਾਸ ਕਰੀਂ, 
ਅਪਣੇ ਆਪੇ 'ਤੇ ਵੀ ਤੂੰ ਵਿਸ਼ਵਾਸ ਕਰੀਂ। 

ਰੇਤ ਬਣੇ ਦਰਿਆਵਾਂ ਕੋਲੋਂ ਕੀ ਮਿਲਣੈ,
ਐਵੇਂ ਨਾ ਤੂੰ ਤੀਬਰ ਅਪਣੀ ਪਿਆਸ ਕਰੀਂ। 

ਦੋਸ਼ ਬਿਗਾਨੇ ਵਿਹੜੇ ਨੂੰ ਹੀ ਦੇਵੀਂ ਨਾ, 
ਆਪਣਿਆਂ ਵੀ ਐਬਾਂ ਦਾ ਅਹਿਸਾਸ ਕਰੀਂ। 
ਅਮਲਾਂ ਦੀ ਦਰਗਾਹ ਵਿਚ ਲੇਖਾ ਦੇਣੈ ਜਦ, 
ਝੁਕ ਨਾ ਜਾਵਣ ਨਜ਼ਰਾਂ ਇਹ ਅਰਦਾਸ ਕਰੀਂ। 

ਤਕਦੀਰਾਂ ਦੀ ਹੋਣੀ ਹੈ ਤਦਬੀਰਾਂ ਵਿਚ, 
ਲਿਖਿਆਂ ਲੇਖਾਂ 'ਤੇ ਹੀ ਨਾ ਭਰਵਾਸ ਕਰੀਂ। 

ਨੱਕੋਂ ਅੱਗੇ ਵੇਖਣ ਦੀ ਨਾ ਸੂਝ ਰਹੇ, 
ਹਉਮੈਂ ਨੂੰ ਨਾ ਏਨਾ ਅਪਣੇ ਪਾਸ ਕਰੀਂ।



ਭੱਖਦਾ ਸਵਾਲ
- ਸ਼ਿਵਨਾਥ
ਖਾ ਰਿਹਾ ਹਾਂ ਢੀਠ ਹੋਇਆ
ਕਣਕ ਦੀ ਰੋਟੀ ਤੇ ਦਾਲ!

ਦਾਲ ਮੂੰਗੀ ਦੀ ਹੈ ਖ਼ਬਰੇ
ਉਪਜ ਕਿਹੜੇ ਦੇਸ਼ ਦੀ!
ਪਰ ਕਣਕ ਦੇ ਵਿਚ ਤਾਂ 
ਰਚਿਆ ਹੈ ਮੇਰਾ ਹੀ ਪੰਜਾਬ
ਫੇਰ ਵੀ ਨਫਰਤ ਜਿਹੀ
ਕਿਉਂ ਹੋ ਰਹੀ ਏ ਕਣਕ ਨਾਲ?
ਉਠ ਰਿਹਾ ਹੈ ਮੇਰੇ ਦਿਲ ਵਿਚੋਂ ਉਬਾਲ
ਬਹੁਲਤਾ ਦੇ ਦੌਰ ਵਿਚ ਵੀ,
ਕਿਸ ਨੇ ਪਾ ਰੱਖਿਆ ਹੈ ਕਾਲ?
ਸੋਨੇ-ਰੰਗੀ ਕਣਕ ਕਿਉਂ
ਮਿਲਦੀ ਨਹੀਂ ਸਾਨੂੰ ਕਦੇ?
ਕਿਉਂ ਨਹੀਂ ਸਕਦੇ ਉਹ
ਇਹ 'ਦੌਲਤ', ਵੇਲੇ ਸਿਰ ਸੰਭਾਲ?
ਲਹੂ-ਪਸੀਨਾ ਡੋਲ੍ਹ ਕੇ ਕਰਦਾ ਹੈ
ਪੈਦਾ ਜੋ ਕਿਸਾਨ
ਵੇਖਦਾ ਹੈ, ਹਰ ਵਰ੍ਹੇ ਰੁਲਦੀ
ਇਹ ਨੀਲਾ ਅਸਮਾਨ!
ਖਾ ਕੇ ਧੱਕੇ ਇਹ ਗੋਦਾਮਾਂ ਦੇ
ਕਈ ਸਾਲਾਂ ਤੋਂ ਬਾਅਦ
ਆ ਗਈ ਏ ਕਿਉਂ ਸਿਰਫ਼
ਮੇਰੇ ਹੀ ਘਰ ਪਰਵਾਰ ਲਈ?
ਖਾ ਗਈ ਸੁਸਰੀ ਜਿੰਦ੍ਹੇ ਚੋਂ, 
ਤੰਦਰੁਸਤੀ ਦਾ ਮਿਆਰ
ਦਮਕਦਾ ਸੋਨਾ ਕਿਵੇਂ ਵੇਲੇ ਨੇ
ਕਰ ਸੁੱਟਿਐ ਸੁਆਹ!
ਇਸ ਤੋਂ ਪਹਿਲਾਂ ਕਿਉਂ ਨਹੀਂ ਹੋਇਆ, 
ਇਹ ਸਿਸਟਮ ਹੀ ਤਬਾਹ?
ਵੇਖ ਕੇ ਰੋਟੀ ਨੂੰ ਮੇਰੀ
ਭੁੱਖ ਮਰਦੀ ਜਾ ਰਹੀ!
ਕਿਸ ਤਰ੍ਹਾਂ ਦੀ ਕਣਕ ਅੱਜ
ਡੀਪੂ 'ਚ ਘੱਲੀ ਜਾ ਰਹੀ?
ਖਾ ਰਿਹਾ ਹਾਂ ਢੀਠ ਹੋਇਆ
ਕਣਕ ਦੀ ਰੋਟੀ ਤੇ ਦਾਲ,
ਸਾਹਮਣੇ ਮੇਰੇ ਹੈ ਇਹ,
ਭੱਖਦਾ ਸਵਾਲ!


ਗ਼ਜ਼ਲ
- ਹਰਮਿੰਦਰ ਸਿੰਘ ਕੋਹਾਰਵਾਲਾ
ਡੁੱਕਣ ਗਏ ਸਨ ਜੋ ਪਰਦੇਸੀਂ ਛਾਵਾਂ ਦੇ ਸਿਰਨਾਵੇਂ।
ਪੁੱਛਣ ਆ ਕੇ ਮੜ੍ਹੀਆਂ ਕੋਲੋਂ ਮਾਵਾਂ ਦੇ ਸਿਰਨਾਵੇਂ।
ਉਹ ਵੀ ਆਪਣੇ ਚਾਅ ਲਾਹ ਲੈਂਦੇ ਜੋ ਉਮਰਾਂ ਤੋਂ ਤਰਸਣ,
ਜੇ ਸੜਕਾਂ 'ਤੇ ਆ ਕੇ ਪੁੱਛਦੇ ਚਾਵਾਂ ਦੇ ਸਿਰਨਾਵੇਂ।
ਉਹਨਾਂ ਦੇ ਸਿਰਨਾਵੇਂ ਲਿਖੀਏ ਕਾਲੀ ਸੂਚੀ ਉਤੇ,
ਜੋ ਲਾਸ਼ਾਂ 'ਤੇ ਲਿਖਦੇ ਸੂਰਾਂ ਗਾਵਾਂ ਦੇ ਸਿਰਨਾਵੇਂ।
ਕੁੱਖਾਂ ਦੇ ਵਿਚ ਬੀੜ ਮਸ਼ੀਨਾਂ ਕਬਰਸਤਾਨ ਵਸਾਈਏ,
ਕਿੱਥੋਂ ਲੱਭਣਗੇ ਪੁੱਤ ਪੋਤੇ ਲਾਵਾਂ ਦੇ ਸਿਰਨਾਵੇਂ।
ਨਾ ਬੱਦਲ ਨਾ ਬੋਹੜ ਇੱਥੇ ਧੁੱਪਾਂ ਦੇ ਵਿੱਚ ਸੜਦੈ,
ਇਹ ਮਾਰੂਥਲ ਕਦ ਪੁੱਛੇਗਾ ਛਾਵਾਂ ਦੇ ਸਿਰਨਾਵੇਂ।
ਏਸ ਫਜ਼ਾ ਵਿਚ ਤੇਰੇ ਵਾਂਗੂੰ ਇਸ ਦਾ ਵੀ ਦਮ ਘੁਟਦੈ,
ਇਸ ਹੁੰਮਸ ਨੂੰ ਦੱਸੀਂ ਯਾਰਾਂ 'ਵਾਵਾਂ ਦੇ ਸਿਰਨਾਵੇਂ।
ਸਾਡੀ ਕਿਸਮਤ ਵਿਚ ਉਹ ਲਿਖਦੇ ਚੱਪਾ ਖੰਨੀ ਰੋਟੀ,
ਲਿਖ ਦਿੰਦੇ ਉਸ ਟੁਕੜੇ 'ਤੇ ਵੀ ਕਾਵਾਂ ਦੇ ਸਿਰਨਾਵੇਂ।
ਜਿਸ ਥਾਂ ਨੀਚ ਨਿਥਾਵੇਂ ਫਿਰਦੇ ਮਾਂ ਸਮਝਣ ਉਸ ਥਾਂ ਨੂੰ,
ਪਰ ਮਤਰੇਈ ਨੇ ਦੱਸੇ ਨਾ ਥਾਵਾਂ ਦੇ ਸਿਰਨਾਵੇਂ।
ਹੋਣ ਲੱਗੇ ਜੀਅ ਘਊਂ ਮਊਂ ਬੈਠ ਗਏ ਸਿਰ ਫੜ ਕੇ,
ਜਦ ਵੈਦਾਂ ਨੇ ਵਾਚੇ ਰਿਸਦੇ ਘਾਵਾਂ ਦੇ ਸਿਰਨਾਵੇਂ।
ਉਹ ਤਾਂ ਅਗਲੀ ਪੀੜ੍ਹੀ ਨੂੰ ਵੀ ਔਜੜ ਦੇ ਲੜ ਲਾਵੇ,
ਗੁੰਮ ਜਾਂਦੇ ਜਿਸ ਪੀੜ੍ਹੀ ਕੋਲੋਂ ਰਾਹਵਾਂ ਦੇ ਸਿਰਨਾਵੇਂ।


ਗ਼ਜ਼ਲ
- ਹਰਭਜਨ ਸਿੰਘ ਹੁੰਦਲ
ਤੂੰ ਵੀ ਬਾਲ ਚਮੁਖੀਆ ਕੋਈ, ਰੱਖ ਬਨੇਰੇ ਉੱਤੇ।
ਨਈਂ ਤਾਂ ਵਿਚ ਪਰ੍ਹੇ ਦੇ ਉਠੂ, ਉਂਗਲ ਤੇਰੇ ਉੱਤੇ। 

ਹੱਥੀਂ ਵੀ ਕੁੱਝ ਬੀਜੀ ਦੇ ਨੇ, ਸੁਪਨੇ, ਸੁਹਜ, ਉਮੰਗਾਂ,
ਬੈਠ ਰਹੀਂ ਨਾ ਆਸਾਂ ਲਾ ਕੇ, ਸੁਰਖ਼ ਸਵੇਰੇ ਉਤੇ।

ਕਿੰਨੇ ਚਿਰ ਦਾ ਮੱਲੀ ਬੈਠਾ, ਗਲੀਆਂ, ਬੂਹੇ, ਖੂੰਜੇ,
ਰਲ ਕੇ ਕਰੀਏ ਇਕੋ ਭਰਵਾਂ ਵਾਰ ਹਨੇਰੇ ਉਤੇ। 

ਜੀਵਨ ਅੰਦਰ ਮਾਫਕ ਮੌਕੇ, ਬਾਰ ਬਾਰ ਨਾ ਆਉਂਦੇ, 
ਲੰਘ ਗਏ ਤਾਂ ਕਿੰਤੂ ਕਰਨੈ, ਫਿਰ ਤੂੰ ਮੇਰੇ ਉੱਤੇ। 

ਭੀੜਾਂ ਵਿਚੋਂ, ਤੂੰ ਦੋਸ਼ੀ ਨੂੰ ਕਿਵੇਂ ਪਛਾਣ ਲਵੇਂਗਾ,
ਵੰਨ-ਸੁਵੰਨੇ ਖੋਲ ਚੜ੍ਹਾਏ ਜਿਸ ਨੇ ਚਿਹਰੇ ਉੱਤੇ। 

ਖ਼ਬਰ ਨਹੀਂ ਕਿਸ ਕਰਮਾਂ ਵਾਲੇ, ਦਰ 'ਤੇ ਦਸਤਕ ਦੇਣੀ, 
ਲੈ ਕੇ ਰੰਗ ਤੁਰੀ ਹੈ ਸੱਤੇ, ਖੁਸ਼ਬੂ ਫੇਰੇ ਉੱਤੇ। 

ਔਖੇ ਵੇਲੇ ਤੂੰ ਬੇਦਾਵਾ ਸੀ ਕਵਿਤਾ ਨੂੰ ਦਿੱਤਾ,
ਕਿਵੇਂ ਕਰੇਗੀ ਅੱਜ ਭਰੋਸਾ, ਫਿਰ ਤੋਂ ਤੇਰੇ ਉੱਤੇ।