Thursday, 4 July 2013

ਕਮਿਊਨਿਸਟ ਨੈਤਿਕਤਾ ਤੇ ਅਮਲਾਂ ਦਾ ਸੁਮੇਲ ਸਤਿਆਪਾਲ ਡਾਂਗ

ਮਹਾਨ ਕਮਿਊਨਿਸਟ ਨੇਤਾ, ਮਜ਼ਦੂਰਾਂ-ਕਿਸਾਨਾਂ ਦੇ ਕਲਿਆਣ ਲਈ ਸਾਰਾ ਜੀਵਨ ਸਮਰਪਤ ਕਰਨ  ਵਾਲੇ ਤੇ ਸਾਦਗੀ ਤੇ ਉਚੇ ਆਦਰਸ਼ਾਂ ਭਰਿਆ  ਸੰਘਰਸ਼ਸ਼ੀਲ ਜੀਵਨ ਲੋਕਾਂ ਦੇ ਲੇਖੇ ਲਗਾਉਣ ਵਾਲੇ, ਸਾਥੀ ਸਤਪਾਲ ਡਾਂਗ ਜੀ ਦਾ ਸਦਾ ਲਈ  ਤੁਰ ਜਾਣਾ ਕਮਿਊਨਿਸਟ ਲਹਿਰ ਤੇ ਸਮੁੱਚੇ ਸਮਾਜ ਲਈ ਵੱਡਾ ਘਾਟਾ ਹੈ। ਸਾਥੀ ਡਾਂਗ ਜੀ 15 ਜੂਨ ਨੂੰ 93 ਵਰ੍ਹਿਆਂ ਦੀ ਉਮਰ ਭੋਗ ਕੇ ਸਦੀਵੀਂ ਵਿਛੋੜਾ ਦੇ ਗਏ ਹਨ। ਉਂਝ ਪਿਛਲੇ ਕੁਝ  ਸਾਲਾਂ ਤੋਂ ਜਿਸ ਤਰ੍ਹਾਂ ਦੀ ਖਰਾਬ ਸਿਹਤ ਨਾਲ  ਉਹ ਜੀਅ ਰਹੇ ਸਨ, ਉਸ ਜੀਵਨ ਤੋਂ  ਰੁਕਸਤ ਲੈ ਕੇ ਵਿਛੜਨ ਦਾ ਇਹ ਯੋਗ  ਮੌਕਾ ਹੀ ਕਿਹਾ ਜਾਣਾ ਚਾਹੀਦਾ ਹੈ। ਮਿਲ ਗੇਟਾਂ, ਸੜਕਾਂ, ਜਨਤਕ ਇਕੱਠਾਂ, ਦੁਸ਼ਮਣਾਂ ਦੇ ਗੜ੍ਹਾਂ ਅਤੇ  ਵਿਧਾਨ ਸਭਾ ਵਿਚ ਗਰਜਣ ਵਾਲਾ ਸਾਥੀ ਡਾਂਗ  ਕੁੱਝ ਸਮੇਂ ਤੋਂ ਚੁਪ ਤੇ ਸ਼ਾਂਤ ਸੀ, ਅਜਿਹਾ  ਦੇਖਣਾ ਡਾਢਾ ਦੁਖਦਾਈ ਜਾਪਦਾ ਸੀ। 
ਸਾਥੀ ਸਤਪਾਲ ਡਾਂਗ ਜੀ ਆਜ਼ਾਦੀ ਅੰਦੋਲਨ ਦੌਰਾਨ ਹੀ ਰਾਜਨੀਤੀ ਵਿਚ ਕੁੱਦ ਪਏ ਸਨ। ਉਨਾਂ ਨੇ ਧੁਰ ਪੱਛਮ ਵਿਚ  ਆਂਧਰਾ ਪ੍ਰਦੇਸ਼ ਦੇ ਜੰਗਲਾਂ ਵਿਚ ਰਿਆਸਤੀ  ਰਾਜਿਆਂ ਵਿਰੁੱਧ ਲੜੀ ਜਾ ਰਹੀ ਹਥਿਆਰਬੰਦ  ਜੰਗ (ਤਿਲੰਗਾਨਾ ਦਾ ਹਥਿਆਬੰਦ ਘੋਲ) ਵਿਚ  ਆਪਣਾ ਬਣਦਾ ਹਿੱਸਾ ਵੀ ਪਾਇਆ ਤੇ ਭੁੱਖੇ  ਤਿਰਹਾਏ ਪ੍ਰੰਤੂ ਸਵੈਮਾਨ ਤੇ ਆਪਣੇ  ਅਧਿਕਾਰਾਂ ਦੀ ਪ੍ਰਾਪਤੀ ਲਈ ਸੰਗਰਾਮ ਵਿਚ  ਕੁੱਦੇ ਧਰਤੀ ਦੇ ਪੁੱਤਰਾਂ ਨਾਲ ਮੋਢੇ ਨਾਲ  ਮੋਢਾ ਜੋੜਕੇ ਲੜੇ। ਸਾਥੀ ਪੀ. ਸੁੰਦਰਈਆ, ਜੋ ਤਿਲੰਗਾਨਾ ਦੀ ਜੱਦੋ ਜਹਿਦ ਦੇ ਮੋਢੀ ਆਗੂਆਂ ਵਿਚੋਂ ਇਕ ਸਨ, ਨਾਲ ਬਾਹਾਂ ਵਿਚ ਬਾਹਾਂ ਪਾ ਕੇ ਜੰਗਲਾਂ ਵਿਚ ਜ਼ਬਰ ਦੀ ਤਪਸ਼ ਝੇਲਣ ਅਤੇ ਭੁੱਖੇ ਪੇਟ ਰਹਿ ਕੇ ਇੰਨਕਲਾਬ ਪ੍ਰਤੀ ਆਪਣੇ ਫਰਜ਼ਾਂ ਨੂੰ ਅਦਾ ਕਰਨ ਦਾ ਮਾਣ ਵੀ ਸਾਥੀ ਸਤਪਾਲ ਡਾਂਗ ਜੀ ਨੂੰ ਹਾਸਲ ਹੈ।
ਰਾਵਲ ਪਿੰਡੀ (ਹੁਣ ਪਾਕਿਸਤਾਨ ਵਿਚ) ਵਿਚ ਜਨਮਿਆ ਇਹ ਯੋਧਾ ਬੰਬਈ  ਵਿਚਲੇ ਕਮਿਊਨਿਸਟ ਦਫਤਰ 'ਚੋਂ ਵਿਦਿਆਰਥੀ  ਲਹਿਰ ਦੇ ਆਗੂ ਦੀ ਭੂਮਿਕਾ ਅਦਾ ਕਰਦਾ ਹੋਇਆ ਪੰਜ ਪਾਣੀਆਂ ਦੀ ਧਰਤੀ ਪੰਜਾਬ ਪੁੱਜਿਆ  ਜਿੱਥੇ ਆ ਕੇ ਉਸਨੇ ਮਿਲਾਂ ਦੀ ਚਿੰਮਨੀਆਂ ਦੇ ਧੂੰਏ ਨਾਲ ਧੁਆਂਖੇ ਚਿਹਰਿਆਂ ਤੇ ਗੈਰ-ਮਨੁੱਖੀ ਹਾਲਤਾਂ ਵਿਚ ਜੀਵਨ ਬਸਰ  ਕਰ ਰਹੇ ਕਿਰਤੀਆਂ ਦੇ ਵੱਡੇ ਕੇਂਦਰ ਛੇਹਰਟੇ (ਅੰਮ੍ਰਿਤਸਰ) ਨੂੰ ਆਪਣੀ ਕਰਮ-ਭੂਮੀ ਬਣਾਇਆ। ਕਾਮਰੇਡ ਬਿਮਲਾ ਡਾਂਗ ਜੀ ਨਾਲ ਵਿਆਹ  ਕਰਾ ਕੇ ਇਹ ਜੋੜੀ ਸਮਾਜਿਕ ਤਬਦੀਲੀ ਦੇ ਜਰਨੈਲੀ ਰਾਹ ਉਤੇ ਇੰਜ ਤੁਰੀ ਕਿ ਝੱਟ  ਹੀ ਆਪਣੇ ਅਮਲਾਂ ਰਾਹੀਂ ਇਹ ਸਮੂਹ ਕਿਰਤੀਆਂ  ਦੀ ਅੱਖ ਦਾ ਤਾਰਾ ਬਣ ਗਈ। ਕਿਰਾਏ ਤੇ ਇਕ  ਛੋਟੇ ਕਮਰੇ ਵਿਚ ਵਾਸਾ, ਖੁਰਾਕ ਉਹੀ ਜੋ ਇਕ ਔਸਤਨ ਮਿਲ ਮਜ਼ਦੂਰ ਖਾ ਸਕਦਾ ਹੈ, ਸਧਾਰਣ ਪਹਿਰਾਵਾ ਤੇ ਇਸ ਤੋਂ  ਵੀ ਵੱਧ ਮਜ਼ਦੂਰਾਂ ਨਾਲ ਇਸ ਕਦਰ ਇਕਮੁਕ ਹੋ ਗਈ ਇਹ ਆਦਰਸ਼ਕ ਤੇ ਸਮਾਜਕ ਤਬਦੀਲੀ ਲਈ ਪ੍ਰਤੀਬੱਧ ਜੋੜੀ, ਜਿਵੇਂ ਪਾਣੀ ਸੰਗ  ਪਾਣੀ ਮਿਲਦਾ ਹੈ। ਇਕ ਕਮਿਊਨਿਸਟ ਦੇ ਸ਼ਰੇਸ਼ਟ ਗੁਣਾਂ ਵਿਚ ਕਹਿਣੀ ਤੇ ਕਰਨੀ ਦਾ ਸੁਮੇਲ ਹੋਣਾ ਸ਼ਾਮਲ ਹੈ ਅਤੇ ਸਾਥੀ ਡਾਂਗ  ਦੇ ਲੰਬੇ ਰਾਜਨੀਤਕ ਜੀਵਨ ਵਿਚੋਂ ਇਸ  ਦੇ ਪਾੜੇ ਦੀ ਇਕ ਵੀ ਮਿਸਾਲ ਨਹੀਂ ਮਿਲਦੀ। ਇਥੇ ਹੀ ਮੈਨੂੰ ਟਰੇਡ ਯੂਨੀਅਨ ਵਿਚ ਆ ਸਰਗਰਮੀ ਕਰਦਿਆਂ ਹੋਇਆਂ ਸਾਥੀ ਡਾਂਗ ਜੀ ਦੇ ਜੀਵਨ ਤੇ ਅਮਲਾਂ ਨੂੰ ਨੇੜਿਓਂ ਹੋ ਕੇ ਦੇਖਣ ਦਾ ਮੌਕਾ ਮਿਲਿਆ, ਜੋ ਸੱਚਮੁੱਚ ਹੀ ਇਕ ਕਮਿਊਨਿਸਟ ਮਿਸਾਲੀ ਜੀਵਨ ਸੀ।
ਸਾਥੀ ਡਾਂਗ ਜੀ 1964 ਦੀ ਕਮਿਊਨਿਸਟ  ਪਾਰਟੀ ਦੀ ਵੰਡ ਸਮੇਂ ਸੀ.ਪੀ.ਆਈ. ਨਾਲ  ਰਹੇ ਤੇ ਪਾਰਟੀ ਦੀਆਂ ਉਚ ਕਮੇਟੀਆਂ  ਵਿਚ ਚੁਣੇ ਗਏ। ਉਹ ਏਟਕ ਦੇ ਵੀ ਵੱਡੇ ਆਗੂ ਸਨ। ਮੈਂ ਸੀ.ਪੀ.ਆਈ.(ਐਮ) ਵਿਚ  ਕੁਲ ਵਕਤੀ ਸਾਂ ਤੇ ਛੇਹਰਟੇ ਵਿਚ ਟਰੇਡ ਯੂਨੀਅਨ (ਸੀਟੂ) ਨੂੰ ਮਜ਼ਬੂਤ ਕਰਨ ਲਈ ਸਰਗਰਮ  ਸਾਂ। ਸਾਡੇ ਸੀ.ਪੀ.ਆਈ. ਨਾਲ ਡੂੰਘੇ  ਮਤਭੇਦ ਸਨ। ਪ੍ਰੰਤੂ ਜਿਸ ਤਰ੍ਹਾਂ ਟਰੇਡ ਯੂਨੀਅਨਾਂ ਅਤੇ ਦੋਨਾਂ ਪਾਰਟੀਆਂ ਦੇ ਸਾਂਝੇ ਘੋਲਾਂ ਦੌਰਾਨ ਸਾਥੀ ਡਾਂਗ ਜੀ ਨੇ ਸੁਹਿਰਦਤਾ, ਦਲੇਰੀ ਤੇ ਇਮਾਨਦਾਰੀ ਨਾਲ ਆਗੂ ਰੋਲ  ਅਦਾ ਕੀਤਾ, ਉਹ ਬਹੁਤ ਹੀ ਨਿਵੇਕਲਾ  ਤੇ ਪ੍ਰਭਾਵਿਤ ਕਰਨ ਵਾਲਾ ਸੀ। 
ਸਾਥੀ ਸਤਪਾਲ ਡਾਂਗ ਨੇ ਪੰਜਾਬ  ਅੰਦਰ ਅੱਤਵਾਦ ਦੇ ਖਤਰੇ ਦਾ ਆਪ ਤੇ ਦੂਸਰੀਆਂ  ਦੇਸ਼ ਭਗਤਕ ਸ਼ਕਤੀਆਂ ਨਾਲ ਮਿਲ ਕੇ ਸਿਧਾਂਤਕ ਤੇ ਅਮਲੀ ਰੂਪ ਵਿਚ ਮੁਕਾਬਲਾ ਹੀ ਨਹੀਂ ਕੀਤਾ ਸਗੋਂ ਜਨ ਸਮੂਹਾਂ ਨੂੰ ਇਸ ਖਤਰੇ ਵਿਰੁੱਧ ਖੜੇ ਹੋਣ ਲਈ ਪ੍ਰੇਰਨਾ ਸਰੋਤ ਦਾ ਕੰਮ ਵੀ ਕੀਤਾ। ਡਾਂਗ ਜੀ ਜਲ੍ਹਿਆਂ ਵਾਲੇ ਬਾਗ ਦੀ ਮਹਾਨ ਵਿਰਾਸਤ ਨੂੰ ਕਾਇਮ  ਰੱਖਣਾ ਚਾਹੁੰਦੇ ਸਨ ਜਿਥੇ ਅੰਗਰੇਜ਼ੀ  ਸਾਮਰਾਜ ਵਿਰੁੱਧ ਆਜ਼ਾਦੀ ਦੀ ਲੜਾਈ ਲੜਦਿਆਂ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੇ ਸਾਂਝਾ ਖੂਨ ਡੋਲਿਆ ਸੀ ਤੇ ਦਹਿਸ਼ਤਗਰਦਾਂ ਦੇ ਰੂਪ  ਵਿਚ ਦੇਸ਼ ਧਰੋਹੀ ਸ਼ਕਤੀਆਂ ਉਸ ਵਿਰਾਸਤ ਨੂੰ ਤਬਾਹ ਕਰਨ ਤੇ  ਤੁਲੀਆਂ ਹੋਈਆਂ ਸਨ। 
ਅੱਜ ਜਦੋਂ ਭਾਰਤੀ ਰਾਜਸੀ-ਆਰਥਿਕ ਪ੍ਰਬੰਧ ਨੇ ਨਵਉਦਾਰਵਾਦੀ ਨੀਤੀਆਂ ਅਪਣਾ ਕੇ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੇ ਦੌਰ ਵਿਚ ਪ੍ਰਵੇਸ਼ ਕਰ ਲਿਆ ਹੈ, ਜਿਥੇ ਭਰਿਸ਼ਟਾਚਾਰ, ਪੂੰਜੀ ਇਕੱਤਰ ਕਰਨ ਦੀ ਹੋੜ  ਤੇ ਹਰ ਬੇਅਸੂਲੇ ਢੰਗ ਨਾਲ ਸੱਤਾ ਉਪਰ ਕਬਜ਼ਾ ਕਰਨ ਦੀ ਦੌੜ ਲੱਗੀ ਹੋਈ ਹੈ, ਉਸ  ਸਮੇਂ ਸਾਥੀ ਸਤਪਾਲ ਡਾਂਗ ਦੇ ਅਗਾਂਹਵਧੂ  ਰਾਜਨੀਤੀ ਨੂੰ ਚਾਰ ਚੰਦ ਲਾਉਣ  ਵਾਲੇ ਅਮਲਾਂ ਅਤੇ ਕਾਰਨਾਮਿਆਂ ਦੀਆਂ ਰਵਾਇਤਾਂ  ਨੂੰ ਭਾਰੀ ਢਾਅ ਲੱਗੀ ਹੋਈ ਹੈ। ਲੁਟੇਰੇ  ਰਾਜਨੀਤੀਵਾਨਾਂ ਨੇ ਰਾਜਨੀਤੀ ਸ਼ਬਦ ਨੂੰ  ਹੀ ''ਲੁੱਟ ਖਸੁੱਟ ਤੇ ਬੇਅਸੂਲੇਪਨ''  ਵਿਚ ਤਬਦੀਲ ਕਰ ਦਿੱਤਾ ਹੈ ਜਦਕਿ ਸਾਥੀ ਡਾਂਗ ਦੇਸ਼ ਤੇ ਦੁਨੀਆਂ ਭਰ ਵਿਚ ਅੱਜ  ਤੱਕ ਮਾਨਵਤਾ ਦੇ ਕਲਿਆਣ ਕਰਨ ਹਿੱਤ ਚੱਲੀਆਂ ਸਮੁੱਚੀਆਂ ਰਾਜਸੀ ਲਹਿਰਾਂ ਦੇ ਅੰਗ ਵਜੋਂ ਇਕ ਐਸੀ ਮਨੁੱਖੀ ਤਸਵੀਰ ਸੀ ਜਿਸ ਨੇ ਆਪਣੀ ਜ਼ਿੰਦਗੀ ਵਿਚ ਰਾਜਨੀਤੀ ਨੂੰ  ਸਹੀ ਅਰਥਾਂ ਵਿਚ ਸਮਾਜਿਕ ਤਬਦੀਲੀ ਦੇ ਸਾਧਨ ਵਜੋਂ ਅਪਣਾ ਕੇ ਇਕ ਵੱਖਰੀ ਮਿਸਾਲ ਪੇਸ਼  ਕੀਤੀ ਹੈ। ਜਦੋਂ ਕੋਈ ਸਵਾਲ ਕਰਦਾ ਹੈ ਕਿ ਦੇਸ਼  ਵਿਚ ਇਨਕਲਾਬੀ ਲਹਿਰ ਦਾ ਭਵਿੱਖ ਕਿਵੇਂ  ਉਜਲ ਹੋਵੇ, ਜਿਥੇ ਮਨੁੱਖ ਹੱਥੋਂ ਮਨੁੱਖ  ਦੀ ਲੁੱਟ ਦੇ ਖਾਤਮੇਂ ਵਾਲਾ ਸਮਾਜ ਸਿਰਜਿਆ  ਜਾ ਸਕੇ ਤਦ ਮੂੰਹੋਂ ਸਹਿਜੇ ਹੀ ਨਿਕਲ ਜਾਂਦਾ ਹੈ ਕਿ ਜੇਕਰ ਅਸੀਂ ਕਮਿਊਨਿਸਟ ਲਹਿਰ ਰਾਜਨੀਤਕ  ਸੇਧਾਂ ਤੇ ਸਿਧਾਂਤਾਂ ਦੇ ਇਨਕਲਾਬੀ ਅਮਲਾਂ ਦਾ ਸੁਮੇਲ  ਸਾਥੀ ਪੀ. ਸੁੰਦਰਈਆ ਅਤੇ ਸਾਥੀ ਸਤਪਾਲ  ਡਾਂਗ ਦੀਆਂ ਅਮਲੀ ਜ਼ਿੰਦਗੀਆਂ ਦੇ ਰੂਪ ਵਿਚ  ਉਭਾਰ ਸਕੀਏ ਤਦ ਸਹਿਜੇ ਹੀ ਇਕ  ਮਜ਼ਬੂਤ ਇਨਕਲਾਬੀ ਧਾਰਾ ਸਿਰਜ ਕੇ ਸੰਪੂਰਨ ਸਮਾਜਿਕ ਤਬਦੀਲੀ ਦਾ ਟੀਚਾ ਬਿਨਾਂ ਸ਼ੱਕ ਹਾਸਲ ਕੀਤਾ ਜਾ ਸਕਦਾ ਹੈ। ਇਸ ਟੀਚੇ ਨੂੰ ਹਾਸਲ ਕਰਨ ਲਈ ਇਕ ਇਨਕਲਾਬੀ ਪਾਰਟੀ ਦੀ ਉਸਾਰੀ ਕਰਕੇ ਅਤੇ ਜਨਤਕ ਲੀਹਾਂ 'ਤੇ ਪ੍ਰਤੀਰੋਧ ਕਰਨਾ ਹੀ ਸਾਥੀ ਸਤਪਾਲ ਡਾਂਗ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
- ਮੰਗਤ ਰਾਮ ਪਾਸਲਾ

Wednesday, 3 July 2013

ਭਾਰਤ ਦੇ ਆਰਥਕ ਸੰਕਟ ਤੋਂ ਰਾਹਤ ਲਈ, ਘਰੇਲੂ ਮੰਡੀ ਦਾ ਵਿਕਾਸ ਜ਼ਰੂਰੀ

ਰਘਬੀਰ ਸਿੰਘ

ਕੌਮਾਂਤਰੀ ਰੇਟਿੰਗ ਏਜੰਸੀ ਐਸ.ਐਂਡ ਪੀ. ਨੇ ਭਾਰਤ ਸਰਕਾਰ ਦੀ ਰੇਟਿੰਗ ਵਧਾਉਣ ਲਈ ਦਿੱਤੀ ਅਰਜ਼ੀ ਰੱਦ ਕਰ ਦਿੱਤੇ ਜਾਣ ਅਤੇ ਉਸ ਵਲੋਂ ਰੇਟਿੰਗ ਹੋਰ ਘਟਾਏ ਜਾਣ ਦੀ ਦਿੱਤੀ ਗਈ ਚੇਤਾਵਨੀ ਨੇ ਭਾਰਤ ਸਰਕਾਰ ਦੀਆਂ ਚਿੰਤਾਵਾਂ ਵਿਚ ਭਾਰੀ ਵਾਧਾ ਕਰ ਦਿੱਤਾ ਹੈ। ਇਸ ਏਜੰਸੀ ਨੇ ਪਿਛਲੇ ਸਾਲ ਭਾਰਤ ਦੀ ਰੇਟਿੰਗ ਘਟਾਕੇ 'ਬੀ.ਬੀ.ਬੀ.' ਕਰ ਦਿੱਤੀ ਸੀ ਜਿਸਨੂੰ ਨਾਂਹ ਪੱਖੀ ਬਣਨ ਦੀ ਸਰਹੱਦੀ ਰੇਖਾ (2ਰਗਦਕਗ :ਜਅਕ) ਹੀ ਕਿਹਾ ਜਾ ਸਕਦਾ ਹੈ। ਉਸਨੇ ਇਸਨੂੰ ਹੋਰ ਘਟਾਉਣ ਲਈ ਭਾਰੀ ਵਿੱਤੀ ਪੇਮੈਂਟ ਅਤੇ ਸਰਕਾਰੀ ਕਰਜ਼ੇ ਦੀ ਬਹੁਤ ਭਾਰੀ ਪੰਡ ਦਾ ਹੋਣਾ ਦੱਸਿਆ ਹੈ। ਇਹ ਏਜੰਸੀ ਭਾਰਤ ਸਰਕਾਰ ਵਲੋਂ ਹੁਣ ਤੱਕ ਕੀਤੇ ਗਏ ਲੋਕ ਵਿਰੋਧੀ ਸੁਧਾਰਾਂ ਤੋਂ ਵੀ ਸੰਤੁਸ਼ਟ ਨਹੀਂ ਅਤੇ ਉਹ ਮੈਂ ਨਾ ਮਾਨੂੰ ਦੀ ਰਟ ਲਾਈ ਜਾ ਰਹੀ ਹੈ। ਉਸ ਨੇ ਆਪਣੇ ਬਿਆਨ ਵਿਚ ਕਿਹਾ ਹੈ, ਜੇ ਸਾਨੂੰ ਜਾਪਿਆ ਕਿ ਭਾਰਤ ਸਰਕਾਰ ਵਲੋਂ ਕੀਤੇ ਗਏ ਸੁਧਾਰਾਂ ਨਾਲ ਪਿਛਲੇ ਦਹਾਕੇ ਦੇ ਬਰਾਬਰ ਆਰਥਕ ਵਿਕਾਸ ਨਹੀਂ ਹੋਵੇਗਾ ਤਾਂ ਅਸੀਂ ਰੇਟਿੰਗ ਹੋਰ ਘਟਾ ਦਿਆਂਗੇ। (ਅੰਗਰੇਜ਼ੀ ਟ੍ਰਿਬਿਊਨ 18 ਮਈ 2013)
ਐਸ.ਐਂਡ.ਪੀ. ਏਜੰਸੀ ਦੇ ਇਸ ਵਤੀਰੇ ਨਾਲ ਲੋਕ ਵਿਰੋਧੀ ਆਰਥਕ ਸੁਧਾਰਾਂ ਦੇ ਅਲੰਬਰਦਾਰਾਂ ਦੀ ਚੰਡਾਲ-ਚੌਕੜੀ ਦੇ ਇਕ ਮਹੱਤਵਪੂਰਨ ਮੈਂਬਰ, ਸਰਕਾਰ ਦੇ ਮੁੱਖ ਆਰਥਕ ਸਲਾਹਕਾਰ ਸ਼੍ਰੀ ਰਘੂਰਾਮ ਰਾਜਨ ਜੋ ਸੰਸਾਰ ਬੈਂਕ ਦੇ ਵੱਡੇ ਅਹੁਦੇ ਤੇ ਕੰਮ ਕਰਦਾ ਰਿਹਾ ਹੈ ਨੂੰ ਬੜੀ ਹੀ ਨਿਰਾਸਤਾ ਹੋਈ ਹੈ। ਉਸਨੇ ਬਿਆਨ ਦਿੱਤਾ ਹੈ ਕਿ ਇਹ ਬੜੀ ਨਿਰਾਸਤਾ ਵਾਲੀ ਗੱਲ ਹੈ ਕਿ ਐਸ.ਐਡ ਪੀ. ਏਜੰਸੀ ਨੇ ਭਾਰਤ ਸਰਕਾਰ ਵਲੋਂ ਕੀਤੇ ਗਏ 'ਆਰਥਕ ਸੁਧਾਰਾਂ' ਨੂੰ ਨੋਟ ਕਰਦੇ ਹੋਏ ਵੀ ਰੇਟਿੰਗ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਸਾਰੀ ਚੰਡਾਲ ਚੌਕੜੀ ਨਿਰਾਸ਼ ਹੈ ਕਿ ਉਹਨਾਂ ਵਲੋਂ ਦੇਸ਼ ਦੇ ਜਲ, ਜੰਗਲ, ਜ਼ਮੀਨ ਨੂੰ ਕਾਰਪੋਰੇਟ ਸੈਕਟਰ ਦੇ ਹਵਾਲੇ ਕਰਨ, ਪੈਟਰੋਲ, ਖੰਡ ਅਤੇ ਐਨ.ਪੀ. ਕੇ ਖਾਦਾਂ ਨੂੰ ਡੀ-ਕੰਟਰੋਲ ਕਰਨ, ਗਰੀਬ ਲੋਕਾਂ ਨੂੰ ਮਿਲਦੀਆਂ ਸਬਸਿਡੀਆਂ ਵਿਚ ਭਾਰੀ ਕਟੌਤੀਆਂ ਕਰਨ, ਪ੍ਰਚੂਨ ਵਪਾਰ ਵਿਚ ਐਫ.ਡੀ.ਆਈ. ਦਾ ਦਾਖਲਾ ਕਰਾਉਣ, ਸਬਸਿਡੀਆਂ ਦੀ ਨਕਦ ਅਦਾਇਗੀ ਦਾ ਪਰਪੰਚ ਰਚਣ, ਕਾਰਪੋਰੇਟ ਘਰਾਣਿਆਂ ਨੂੰ ਹਰ ਸਾਲ ਖਰਬਾਂ ਰੁਪਏ ਟੈਕਸ ਰਿਆਇਤਾਂ ਦੇਣ ਅਤੇ ਅਨੇਕਾਂ ਹੋਰ ਕੰਮਾਂ ਨਾਲ ਵੀ ਐਸ.ਐਡ ਪੀ. ਖੁਸ਼ ਨਹੀਂ ਹੋ ਸਕੀ। ਉਹਨਾਂ ਨੂੰ ਇਸ ਗੱਲ ਦਾ ਪੂਰਾ ਗਿਆਨ ਹੈ ਕਿ ਐਸ.ਐਂਡ ਪੀ. ਦੀ ਨਿਗਾਹ ਮਿਹਰਬਾਨ ਹੋਣ ਤੋਂ ਬਿਨਾ ਬਦੇਸ਼ੀ ਨਿਵੇਸ਼ਕਾਂ ਨੇ ਭਾਰਤ ਵਿਚ ਨਿਵੇਸ਼ ਨਹੀਂ ਕਰਨਾ। ਬਦੇਸ਼ੀ ਨਿਵੇਸ਼ ਨੂੰ ਭਾਰਤ ਦੇ ਕਾਰਪੋਰੇਟ ਪੱਖੀ ਵਿਕਾਸ ਮਾਡਲ ਦੀ ਜੀਵਨ ਰੇਖਾ ਬਣਾ ਬੈਠੇ ਭਾਰਤੀ ਹਾਕਮਾਂ ਦੇ ਸਾਹ ਸੂਤੇ ਗਏ ਹਨ। ਭਾਰਤੀ ਹਾਕਮ ਬਦੇਸ਼ੀ ਨਿਵੇਸ਼ ਕਰਾਉਣ ਲਈ ਪਹਿਲਾਂ ਵੀ ਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਕਦਮ ਚੁੱਕਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਅਤੇ ਹੁਣ ਵੀ ਇਸੇ ਹੀ ਮਰਣਾਊ ਰਾਹ ਤੇ ਤੁਰਦੇ ਰਹਿਣ ਲਈ ਬਜਿੱਦ ਹਨ। ਪਰ ਸਾਡੀ ਸਮਝਦਾਰੀ ਹੈ ਕਿ ਸਾਮਰਾਜੀ ਨਿਵੇਸ਼ਕ ਅਜਿਹੇ ਜ਼ਾਲਮ ਅਤੇ ਖੂਨਖਾਰ ਸ਼ਾਈਲਾਕ ਹਨ ਜਿਹਨਾਂ ਦੇ ਮਨ ਦੀ ਤਸੱਲੀ ਆਪਣੇ ਸ਼ਿਕਾਰ ਦੇ ਦਿਲ ਦਾ ਮਾਸ ਖਾਣ ਨਾਲ ਹੀ ਹੁੰਦੀ ਹੈ। ਇਸ ਤੋਂ ਬਿਨਾਂ ਉਹ ਸੰਤੁਸ਼ਟ ਨਹੀਂ ਹੋ ਸਕਦੇ। 
ਭਾਰਤ ਦੀਆਂ ਹਾਕਮ ਜਮਾਤਾਂ ਅਤੇ ਉਨ੍ਹਾਂ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਬੜੀ ਕੁੜਿੱਕੀ ਵਿਚ ਹਨ। ਉਹਨਾਂ ਨੇ ਪਿਛਲੇ ਦੋ ਦਹਾਕਿਆਂ ਵਿਚ ਇਕ ਪਾਸੇ ਆਪਣੇ ਢਾਂਚੇ ਨੂੰ ਸਾਮਰਾਜੀ ਆਰਥਕਤਾ ਨਾਲ ਉਸਦੀਆਂ ਸ਼ਰਤਾਂ 'ਤੇ ਪੂਰੀ ਤਰ੍ਹਾਂ ਜੋੜ ਲਿਆ ਹੈ ਅਤੇ ਦੂਜੇ ਪਾਸੇ ਇਸਦੇ ਮੰਤਕੀ ਸਿੱਟੇ ਵਜੋਂ ਆਪਣਾ ਸਾਰਾ ਧਿਆਨ ਸਰਵਿਸ ਸੈਕਟਰ ਅਤੇ ਬਰਾਮਦਾਂ ਵੱਲ ਲਾ ਦਿੱਤਾ ਹੈ। ਦੇਸ਼ ਦੀ ਹਕੀਕੀ ਆਰਥਕਤਾ ਦੇ ਖੇਤਰਾਂ, ਖੇਤੀ ਅਤੇ ਉਦਯੋਗਾਂ ਨੂੰ ਪਿੱਠ ਦੇ ਦਿੱਤੀ ਹੈ। ਇਹਨਾਂ ਵਿਚ ਜਨਤਕ ਨਿਵੇਸ਼ ਵੀ ਘਟਾਇਆ ਹੈ ਅਤੇ ਇਸਦਾ ਬੁਨਿਆਦੀ ਢਾਂਚਾ ਵੀ ਬਦਲਿਆ ਜਾ ਰਿਹਾ ਹੈ। ਗਰੀਬ, ਛੋਟੇ ਅਤੇ ਦਰਮਿਆਨੇ ਕਿਸਾਨ 'ਤੇ ਅਧਾਰਤ ਖੇਤੀ ਨੂੰ ਕਾਰਪੋਰੇਟ ਖੇਤੀ ਤੇ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਤਬਾਹ ਕਰਕੇ ਮੈਗਾ ਪ੍ਰਾਜੈਕਟਾਂ ਅਤੇ ਵਿਸ਼ੇਸ਼ ਆਰਥਕ ਖੇਤਰਾਂ ਦਾ ਰੂਪ ਦਿੱਤਾ ਜਾ ਰਿਹਾ ਹੈ। ਸਿੱਟੇ ਵਜੋਂ 65 ਤੋਂ 70 ਫੀਸਦੀ ਦੀ ਰੋਟੀ ਰੋਜ਼ੀ ਦੇ ਸਾਧਨ ਖੇਤੀ ਸੈਕਟਰ ਦਾ ਕੁੱਲ ਘਰੇਲੂ ਉਤਪਾਦ ਵਿਚ ਹਿੱਸਾ 14-15% ਰਹਿ ਗਿਆ ਹੈ ਅਤੇ ਇੰਡਸਟਰੀ ਦਾ ਹਿੱਸਾ 20% ਦੇ ਲਗਭਗ ਹੋ ਗਿਆ ਹੈ। ਜਦੋਂਕਿ ਸਰਵਿਸ ਸੈਕਟਰ ਦਾ ਹਿੱਸਾ 55-56% ਹੋ ਗਿਆ ਹੈ। ਇੰਡਸਟਰੀ ਵਿਚ ਵੀ ਇਸਦੀ ਬੁਨਿਆਦ ਭਾਵ ਮੈਨੂੰਫੈਕਚਰਿੰਗ ਵੱਲ ਬਹੁਤ ਘੱਟ ਧਿਆਨ ਦਿੱਤਾ ਗਿਆ ਹੈ। ਛੇਤੀ ਤੇ ਵੱਡੀ ਕਮਾਈ ਦੇ ਲਾਲਚ ਕਰਕੇ ਕੰਪਿਊਟਰ ਅਤੇ ਆਈ.ਟੀ. ਨੂੰ ਵਧੇਰੇ ਤਰਜੀਹ ਦਿੱਤੀ ਗਈ ਹੈ। ਇਹ ਦੋਵੇਂ ਖੇਤਰ ਬਰਾਮਦ ਮੁਖੀ ਹਨ। 
ਆਰਥਕ ਢਾਂਚੇ ਵਿਚ ਕੀਤੇ ਗਏ ਇਸ ਸਾਮਰਾਜ ਪੱਖੀ ਬਦਲਾਅ ਨਾਲ ਕੁੱਝ ਸਮਾਂ ਵਿਸ਼ੇਸ਼ ਕਰਕੇ 2000 ਤੋਂ 2008-09 ਤੱਕ ਦੇਸ਼ ਦੀ ਸਲਾਨਾ ਵਿਕਾਸ ਦਰ ਵਿਚ ਭਾਰੀ ਵਾਧਾ ਹੋਇਆ ਹੈ। ਇਹ ਵਿਕਾਸ ਦਰ ਚੀਨ ਤੋਂ ਪਿੱਛੋਂ ਦੂਜੇ ਨੰਬਰ 'ਤੇ ਪੁੱਜ ਗਈ ਸੀ। ਪਰ ਵਿਕਾਸ ਦਰ ਕਿਉਂਕਿ ਬਦੇਸ਼ੀ ਨਿਵੇਸ਼ ਅਤੇ ਬਦੇਸ਼ੀ ਵਪਾਰ 'ਤੇ ਨਿਰਭਰ ਸੀ। ਇਸ ਲਈ ਸਾਮਰਾਜੀ ਆਰਥਕ ਢਾਂਚੇ ਦੀ ਬੁਨਿਆਦੀ ਅੰਦਰੂਨੀ ਬਣਤਰ ਜਿਸਦਾ ਵਾਰ ਵਾਰ ਪੈਦਾ ਹੋਣ ਵਾਲੇ ਆਰਥਕ ਸੰਕਟਾਂ ਨਾਲ ਚੋਲੀ ਦਾਮਨ ਦਾ ਸਾਥ ਹੈ ਦੇ 2008 ਵਿਚ ਧੜਮ ਹੇਠਾਂ ਡਿੱਗਣ ਨਾਲ ਸਾਡੇ ਦੇਸ਼ ਦੇ ਵਿਕਾਸ ਮਾਡਲ ਦੀ ਵੀ ਫੂਕ ਨਿਕਲਣੀ ਸ਼ੁਰੂ ਹੋ ਗਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਉਸਦੇ ਜੋਟੀਦਾਰਾਂ ਵਲੋਂ ਦਿੱਤੇ ਗਏ ਝੂਠੇ ਭਰੋਸਿਆਂ ਦਾ ਭਾਂਡਾ ਚੋਰਾਹੇ ਵਿਚ ਭੱਜਣਾ ਸ਼ੁਰੁ ਹੋ ਗਿਆ ਹੈ। ਦੇਸ਼ ਦੀ ਵਿਕਾਸ ਦਰ ਲਗਾਤਾਰ ਘਟਣੀ ਸ਼ੁਰੂ ਹੋ ਗਈ। ਇਹ 2011 ਵਿਚ 6.5%, 2012 ਵਿਚ 5.9% ਤੇ ਹੁਣ 2013-14 ਵਿਚ 5% ਤੋਂ ਅੱਗੇ ਨਹੀਂ ਵੱਧ ਸਕੇਗੀ। ਅੰਗਰੇਜ਼ੀ ਟ੍ਰਿਬਿਊਨ ਦੇ 10 ਮਈ ਦੇ ਬਿਜਨਸ ਸੈਕਸ਼ਨ ਵਿਚ ਟਿੱਪਣੀ ਕੀਤੀ ਗਈ ਹੈ ਕਿ ਸਾਲ 2012-13 ਵਿਚ ਉਦਯੋਗਕ ਉਤਪਾਦਨ ਦਾ ਸੂਚਕ ਅੰਕ (99૿) ਦੋ ਦਹਾਕਿਆਂ ਤੋਂ ਵੀ ਹੇਠਾਂ ਡਿੱਗ ਪਿਆ ਹੈ। ਅਖਬਾਰ ਨੇ ਲਿਖਿਆ ਹੈ ਕਿ ਸਾਲ 2012-13 ਵਿਚ ਉਦਯੋਗਕ ਉਤਪਾਦਨ ਪਿਛਲੇ 20 ਸਾਲਾਂ ਵਿਚ ਸਭ ਤੋਂ ਘੱਟ ਹੈ। ਮੈਨੂਫੈਕਚਰਿੰਗ ਜਿਸਦਾ 99૿ ਵਿਚ 75% ਹਿੱਸਾ ਹੈ ਵਿਚ ਸਿਰਫ 1.2% ਵਾਧਾ ਹੋਇਆ ਹੈ। ਹੋਰ ਚਿੰਤਾ ਵਾਲੀ ਗੱਲ ਹੈ ਕਿ ਖੇਤੀ ਦੀ ਵਾਧਾ ਦਰ 1-2% ਤੇ ਖੜੀ ਹੈ ਅਤੇ ਉਦਯੋਗਕ ਵਾਧਾ ਦਰ ਵੀ ਲਗਾਤਾਰ ਹੇਠਾਂ ਜਾ ਰਹੀ ਹੈ। 
ਅਮਰੀਕਾ ਅਤੇ ਯੂਰਪ ਦੀਆਂ ਆਰਥਕਤਾਵਾਂ ਜਿਹਨਾ ਨਾਲ ਸਾਡੀ ਆਰਥਕਤਾ ਦਾ ਪੂਰੀ ਤਰ੍ਹਾਂ ਗੰਢ ਚਿਤਰਾਵਾ ਹੋਇਆ ਹੈ, ਵਿਚ ਉਭਾਰ ਆਉਣ ਦੀ ਨੇੜਲੇ ਭਵਿੱਖ ਵਿਚ ਕੋਈ ਸੰਭਾਵਨਾ ਨਹੀਂ ਹੈ। ਯੂਰਪ ਦੇ ਅਨੇਕਾਂ ਦੇਸ਼ ਲਗਾਤਾਰ ਗੰਭੀਰ ਸੰਕਟ ਦਾ ਸ਼ਿਕਾਰ ਹੋ ਰਹੇ ਹਨ। ਵਿੱਤੀ ਸਰਮਾਏ ਦੇ ਹੇਰਾ-ਫੇਰਾਂ ਨਾਲ ਵਿਕਾਸ ਕਰਨ ਦੇ ਸੁਪਨੇ ਲੈਣ ਵਾਲੇ ਗਰੀਸ ਵਰਗੇ ਦੇਸ਼ ਆਪਣੇ ਕੌਮੀ ਕਰਜ਼ੇ ਅਦਾ ਕਰਨ ਲਈ ਕੌਮਾਂਤਰੀ ਮੁਦਰਾ ਫੰਡ ਦੀਆਂ ਲਹੂਪੀਣੀਆਂ ਸ਼ਰਤਾਂ ਸਾਹਮਣੇ ਗੋਡੇ ਟੇਕਣ ਲਈ ਮਜ਼ਬੂਰ ਹਨ। ਆਈ.ਐਮ.ਐਫ. ਦੀਆਂ ਸ਼ਰਤਾਂ ਨਾਲ ਆਮ ਲੋਕਾਂ ਪਾਸੋਂ ਰੁਜ਼ਗਾਰ ਅਤੇ ਸਮਾਜਕ ਸੁਰੱਖਿਆ ਦੀਆਂ ਸਹੂਲਤਾਂ ਖੁੱਸਣ ਨਾਲ ਉਹਨਾਂ ਦੀ ਖਰੀਦ ਸ਼ਕਤੀ ਬੁਰੀ ਤਰ੍ਹਾਂ ਘੱਟ ਰਹੀ ਹੈ। ਸਿੱਟੇ ਵਜੋਂ ਘਰੋਗੀ ਮੰਡੀ ਹੋਰ ਸੁੰਗੜ ਰਹੀ ਹੈ, ਜਿਸਦੇ ਕਰਕੇ ਵਿਕਾਸ ਦਰ ਦਾ ਪੈਰੀਂ ਖੜਾ ਹੋਣਾ ਅਸੰਭਵ ਹੋ ਗਿਆ ਹੈ। ਸਾਰੇ ਯੂਰਪ ਵਿਚ ਬੇਰੁਜ਼ਗਾਰੀ ਦੀ ਦਰ 12% ਹੈ ਜਦੋਂਕਿ ਗਰੀਸ ਵਰਗੇ ਦੇਸ਼ਾਂ ਵਿਚ ਇਹ 27% ਤੱਕ ਪੁੱਜ ਗਈ ਹੈ। ਇੰਗਲੈਂਡ ਪਿਛਲੇ ਪੰਜ ਸਾਲਾਂ ਵਿਚ ਦੋ ਵਾਰ ਵਿਕਾਸ ਦਰ ਘੱਟਣ ਦੀ ਪ੍ਰਕਿਰਿਆ (ਞਕਫਕਤਤਜਰਅ) ਦਾ ਸ਼ਿਕਾਰ ਹੋ ਚੁੱਕਿਆ ਹੈ ਅਤੇ ਇਸ ਵਾਰ ਇਸਦਾ ਸ਼ਿਕਾਰ ਹੋਣ ਤੋਂ ਮਸਾਂ ਬਚਾਅ ਹੋਇਆ ਹੈ। ਸਾਲ 2013 ਦੀ ਪਹਿਲੀ ਤਿਮਾਹੀ ਵਿਚ 0.3 ਦਾ ਵਾਧਾ ਹੋਣ ਨੂੰ ਵਿਕਾਸ ਦਰ ਵਧਣਾ ਮੰਨਿਆ ਜਾ ਰਿਹਾ ਹੈ। 
ਸਾਮਰਾਜੀ ਦੇਸ਼ਾਂ ਦੇ ਹਾਲਤ ਛੇਤੀ ਸੁਧਰਨ ਦੀਆਂ ਹੁਣ ਸਾਰੀਆਂ ਉਮੀਦਾਂ ਖਤਮ ਹੋ ਗਈਆਂ ਹਨ। 7-7 ਅਤੇ 7-20 ਦੇਸ਼ਾਂ ਦੀਆਂ ਅਨੇਕਾਂ ਮੀਟਿੰਗਾਂ ਇਸਦਾ ਹੱਲ ਨਹੀਂ ਕੱਢ ਸਕੀਆਂ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਬਦੇਸ਼ਾਂ ਵਿਚ ਕੰਮ ਕਰ ਰਹੇ ਵਰਕਰਾਂ ਤੇ ਹੁਨਰਮੰਦ ਕਾਮਿਆਂ ਦੇ ਵਾਪਸ ਪਰਤਨ ਤੋਂ ਵੀ ਚਿੰਤਤ ਹਨ। ਉਹਨਾਂ ਦੀ ਵਾਪਸੀ ਨਾਲ ਬੇਰੁਜ਼ਗਾਰੀ ਵੀ ਵੱਧਦੀ ਹੈ ਅਤੇ ਉਹਨਾਂ ਵਲੋਂ ਭੇਜੀਆਂ ਜਾਂਦੀਆਂ ਵੱਡੀਆਂ ਰਕਮਾਂ ਦਾ ਵੀ ਫਰਕ ਪੈ ਰਿਹਾ ਹੈ। ਜਿਹੜੇ ਉਥੇ ਰਹਿ ਵੀ ਰਹੇ ਹਨ ਉਹਨਾਂ ਦੀਆਂ ਆਮਦਨਾਂ ਬਹੁਤ ਘੱਟ ਗਈਆਂ ਹਨ। ਅਮਰੀਕਾ ਵਰਗੇ ਦੇਸ਼ ਵੀ ਕੰਪਨੀਆਂ ਵਲੋਂ ਆਊਟ ਸੋਰਸਿੰਗ ਰਾਹੀਂ ਕੰਮ ਕਰਵਾਉਣ ਅਤੇ ਭਾਰਤੀ ਹੁਨਰਮੰਦਾਂ ਨੂੰ ਅਮਰੀਕਾ ਵਿਚ ਜਾਣ ਨੂੰ ਸਖਤੀ ਨਾਲ ਨਿਰਉਤਸ਼ਾਹਤ ਕਰ ਰਹੇ ਹਨ। ਬਦੇਸ਼ੀ ਨਿਵੇਸ਼ਕਾਂ ਨੂੰ ਮਨਮਰਜ਼ੀ ਦੀਆਂ ਛੋਟਾਂ ਮਿਲਣ ਦੇ ਬਾਵਜੂਦ ਵੀ ਲੋੜੀਂਦਾ ਸਰਮਾਇਆ ਭਾਰਤ ਵਿਚ ਨਹੀਂ ਆ ਰਿਹਾ। ਸਗੋਂ ਭਾਰਤੀ ਕਾਰਪੋਰੇਟ ਘਰਾਣੇ ਬਦੇਸ਼ਾਂ ਵਿਚ ਨਿਵੇਸ਼ ਕਰ ਰਹੇ ਹਨ। 
ਕੀ ਕੀਤਾ ਜਾਵੇ?
ਸਾਮਰਾਜੀ ਆਰਥਕ ਸੰਕਟ ਵਿਚ ਕੋਈ ਛੇਤੀ ਸੁਧਾਰ ਨਾ ਹੋਣ ਤੋਂ ਪੂਰੀ ਤਰ੍ਹਾਂ ਬੇਬਸ ਹੋ ਚੁੱਕੇ ਸਾਰੇ ਦੇਸ਼, ਵਿਸ਼ੇਸ਼ ਕਰਕੇ ਵਿਕਾਸਸ਼ੀਲ ਦੇਸ਼ ਨਵੇਂ ਰਸਤੇ ਲੱਭਣ ਲਈ ਮਜ਼ਬੂਰ ਹਨ। ਸਾਮਰਾਜੀ ਦੇਸ਼ਾਂ ਵਲੋਂ ਤਾਂ ਇਸ ਬਾਰੇ ਨੀਤੀ ਤਹਿ ਹੈ ਕਿ ਉਹ ਇਕ ਪਾਸੇ ਆਪਣੇ ਦੇਸ਼ਾਂ ਦੇ ਕਿਰਤੀ ਲੋਕਾਂ ਦੀਆਂ ਸਹੂਲਤਾਂ ਅਤੇ ਰੋਜ਼ਗਾਰ ਦੇ ਵਸੀਲਿਆਂ ਵਿਚ ਕਟੌਤੀਆਂ ਕਰਨ ਅਤੇ ਦੂਜੇ ਪਾਸੇ ਵਿਕਾਸਸ਼ੀਲ ਦੇਸ਼ਾਂ ਦੀਆਂ ਮੰਡੀਆਂ ਅਤੇ ਕੁਦਰਤੀ ਵਸੀਲਿਆਂ 'ਤੇ ਕਬਜ਼ੇ ਕਰਨ ਲਈ ਉਹਨਾਂ ਦੀਆਂ ਸਰਕਾਰਾਂ 'ਤੇ ਦਬਾਅ ਪਾਉਣ। ਮਨਮੋਹਨ ਸਿੰਘ ਵਰਗੇ ਜਿਹੜੇ ਉਹਨਾਂ ਦੇ ਜੀ ਹਜ਼ੂਰੀਏ ਤੇ ਸੀਲ ਗਊਆਂ ਬਣ ਜਾਣ, ਉਹਨਾਂ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਆਰਥਕ ਮਾਹਰ ਹੋਣ ਦੇ ਖਿਤਾਬ ਦਿੱਤੇ ਜਾਂਦੇ ਹਨ ਅਤੇ ਜਿਹੜੇ ਸੱਦਾਮ ਹੁਸੈਨ ਵਾਂਗ ਇਨਕਾਰੀ ਹੋ ਜਾਣ ਉਹਨਾਂ ਨੂੰ ਅਤੇ ਉਹਨਾਂ ਦੇ ਦੇਸ਼ਾਂ ਨੂੰ ਤਬਾਹ ਕਰਕੇ ਆਪਣੀਆਂ ਕਠਪੁਤਲੀ ਸਰਕਾਰਾਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। 
ਇਹਨਾਂ ਹਾਲਤਾਂ ਵਿਚ, ਵਿਕਾਸਸ਼ੀਲ ਦੇਸ਼ਾਂ ਲਈ ਸਿਰਫ ਅਤੇ ਸਿਰਫ ਇਕੋ ਹੀ ਰਸਤਾ ਬਚਦਾ ਹੈ ਕਿ ਉਹ ਆਪਣੀ ਘਰੋਗੀ ਮੰਡੀ ਦਾ ਵਿਕਾਸ ਕਰਨ ਅਤੇ ਸਾਮਰਾਜੀ ਦੇਸ਼ਾਂ ਤੋਂ ਆਪਣੀ ਨਿਰਭਰਤਾ ਲਗਾਤਾਰ ਘਟਾਉਂਦੇ ਜਾਣ। ਇਸ ਹਕੀਕਤ ਨੂੰ ਚੀਨ ਨੇ ਪ੍ਰਵਾਨ ਕਰ ਲਿਆ ਹੈ ਅਤੇ ਉਹ ਇਸ ਪਾਸੇ  ਵੱਲ ਕਦਮ ਵਧਾ ਰਿਹਾ ਹੈ। ਚੀਨ ਦੀ ਨਵੀਂ ਲੀਡਰਸ਼ਿਪ ਨੇ ਆਰਥਕ ਨੀਤੀ ਵਿਚ ਤਬਦੀਲੀਆਂ ਕਰਕੇ ਦੇਸ਼ ਦੇ ਬੁਨਿਆਦੀ ਢਾਂਚੇ (9ਅਗ਼ਿਤਵਗਚਫਵਚਗਕ) ਦੀ ਉਸਾਰੀ ਅਤੇ ਬਰਾਮਦਾਂ ਵੱਲ ਆਪਣਾ ਜ਼ੋਰ ਘਟਾਕੇ ਘਰੇਲੂ ਮੰਡੀ ਦੇ ਵਿਕਾਸ ਵੱਲ ਯਤਨ ਅਰੰਭ ਕੀਤੇ ਹਨ। ਇਸ ਕੰਮ ਲਈ ਉਸਨੇ ਆਪਣੇ ਦੇਸ਼ ਦੇ ਕਿਰਤੀਆਂ ਦੀਆਂ ਉਜਰਤਾਂ ਵਿਚ ਵਾਧਾ ਕੀਤਾ ਹੈ। ਇਸਤੋਂ ਬਿਨਾਂ ਰੁਜ਼ਗਾਰ ਦੇ ਨਵੇਂ ਵਸੀਲੇ ਵਧਾਉਣ ਲਈ ਜਤਨ ਕੀਤੇ ਜਾ ਰਹੇ ਹਨ। ਪੇਂਡੂ ਆਰਥਕਤਾ ਨੂੰ ਤੇਜ਼ ਕਰਨ ਲਈ ਖੇਤੀ ਸੈਕਟਰ ਵਿਚ ਵੀ ਕੁੱਝ ਸੁਧਾਰ ਕੀਤੇ ਜਾ ਰਹੇ ਹਨ। 
ਪਰ ਭਾਰਤ ਦੀ ਅਵਸਥਾ ਚੀਨ ਨਾਲੋਂ ਵੱਖਰੀ ਹੈ। ਚੀਨ ਪਾਸ ਇਕ ਲੋਕ ਪੱਖੀ ਸਰਕਾਰ ਹੈ ਅਤੇ ਉਸਦੀ ਆਰਥਕਤਾ ਵਿਚ ਜਨਤਕ ਖੇਤਰ ਦਾ ਕੂੰਜੀਵਤ ਰੋਲ ਹੈ। ਉਸਨੇ ਆਪਣਾ ਬੁਨਿਆਦੀ ਢਾਂਚਾ ਬਹੁਤ ਮਜ਼ਬੂਤ ਕੀਤਾ ਹੋਇਆ ਹੈ। ਉਸਨੇ ਬਦੇਸ਼ੀ ਕੰਪਨੀਆਂ ਨੂੰ ਆਪਣੇ ਦੇਸ਼ ਵਿਚ ਮਨਮਰਜ਼ੀਆਂ ਨਹੀਂ ਕਰਨ ਦਿੱਤੀਆਂ ਅਤੇ ਉਹਨਾਂ ਨੂੰ ਦੇਸ਼ ਦਾ ਕਾਨੂੰਨ ਮੰਨਣ ਲਈ ਪਾਬੰਦ ਕੀਤਾ ਹੈ। ਉਹ ਆਪਣਾ ਸਰਪਲਸ ਮਾਲ ਵੇਚਣ ਲਈ ਸੰਸਾਰ ਵਪਾਰ ਸੰਸਥਾ ਦਾ ਮੈਂਬਰ ਬਣਿਆ, ਜਦੋਂਕਿ ਭਾਰਤ ਨੂੰ ਸਾਮਰਾਜੀ ਸ਼ਕਤੀਆਂ ਨੇ ਸਾਡੀਆਂ ਮੰਡੀਆਂ ਅਤੇ ਕੁਦਰਤੀ ਵਸੀਲਿਆਂ 'ਤੇ ਕਬਜ਼ਾ ਕਰਨ ਲਈ ਸ਼ਾਮਲ ਕਰਾਇਆ ਹੈ। ਸਾਡਾ ਕੌਮਾਂਤਰੀ ਵਪਾਰ ਵਿਚ ਅੱਜ ਵੀ ਸਿਰਫ 1.50% ਹਿੱਸਾ ਹੈ। 'ਗੰਜੀ ਨੇ ਨਹਾਉਣਾ ਕੀ ਤੇ ਨਚੋੜਨਾ ਕੀ' ਵਾਲੀ ਗੱਲ ਹੈ। 
ਭਾਰਤ ਪਾਸ ਵੀ ਸਾਮਰਾਜੀ ਸ਼ਕਤੀਆਂ ਤੋਂ ਨਿਰਭਰਤਾ ਘਟਾਕੇ ਘਰੋਗੀ ਮੰਡੀ ਨੂੰ ਵਿਕਸਤ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਪਰ ਸਾਡਾ ਰਸਤਾ ਬਹੁਤ ਬਿਖੜਾ ਹੈ। ਪਹਿਲੀ ਵੱਡੀ ਮੁਸ਼ਕਲ ਇਹ ਹੈ ਕਿ ਸਾਡੇ ਦੇਸ਼ ਦੀਆਂ ਹਾਕਮ ਜਮਾਤਾਂ ਅਤੇ ਉਹਨਾਂ ਦੀਆਂ ਸਾਰੀਆਂ ਕੌਮੀ ਅਤੇ ਖੇਤਰੀ ਪਾਰਟੀਆਂ ਸਾਮਰਾਜ ਨਿਰਦੇਸ਼ਤ ਨੀਤੀਆਂ ਦੀਆਂ ਹਮਾਇਤੀ ਹਨ ਅਤੇ ਆਪੋ ਆਪਣੇ ਅਧਿਕਾਰ ਹੇਠਲੇ ਖੇਤਰਾਂ ਵਿਚ ਇਹਨਾਂ ਨੂੰ ਪੂਰੀ ਸ਼ਕਤੀ ਨਾਲ ਲਾਗੂ ਕਰਦੀਆਂ ਹਨ। ਸਿਰਫ ਕਮਿਊਨਿਸਟ ਤੇ ਖੱਬੀਆਂ ਪਾਰਟੀਆਂ ਹੀ ਇਹਨਾਂ ਨੀਤੀਆਂ ਦੀਆਂ ਸਿਧਾਂਤਕ ਤੌਰ 'ਤੇ ਵਿਰੋਧੀ ਹਨ। ਪਰ ਉਨ੍ਹਾਂ ਦੀ ਸ਼ਕਤੀ  ਬਹੁਤ ਥੋੜੀ  ਹੈ ਅਤੇ ਉਨ੍ਹਾਂ ਵਿਚਲੀ ਫੁੱਟ ਇਸ ਸ਼ਕਤੀ ਨੂੰ ਹੋਰ ਕਮਜ਼ੋਰ ਕਰ ਦਿੰਦੀ ਹੈ। ਪੱਛਮੀ ਬੰਗਾਲ ਵਿੱਚ ਆਪਣੇ ਕਾਰਜ ਕਾਲ ਦੇ ਅਖੀਰਲੇ ਵਰ੍ਹਿਆਂ ਵਿਚ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਕਰਕੇ ਅਤੇ ਕੇਂਦਰ ਵਿੱਚ ਸਾਢੇ ਚਾਰ ਵਰ੍ਹੇ ਯੂ.ਪੀ.ਏ ਸਰਕਾਰ ਵਿੱਚ ਸ਼ਾਮਲ ਰਹਿਣ ਕਰਕੇ ਸੀ.ਪੀ.ਆਈ. (ਐਮ) ਪ੍ਰਤਿ ਭਰੋਸੇਯੋਗਤਾ ਵਿਚ ਕਾਫੀ ਘਾਟ ਆਈ ਹੈ। ਇਸ ਤੋਂ ਬਿਨਾਂ ਪਿਛਲੇ ਦੋ ਦਹਾਕਿਆਂ ਦੌਰਾਨ ਸਾਰੀਆਂ ਸਰਕਾਰਾਂ ਵਲੋਂ ਨਵ-ਉਦਾਰਵਾਦੀ  ਨੀਤੀਆਂ ਲਾਗੂ ਕੀਤੀਆਂ ਜਾਣ ਕਰਕੇ ਦੇਸ਼ ਦੇ ਆਰਥਕ ਢਾਂਚੇ ਵਿੱਚ ਕਿਰਤੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਪੂਰੀ ਤਰ੍ਹਾਂ ਪਿੱਠ ਦੇ ਦਿੱਤੀ ਗਈ ਹੈ। ਇਸ ਨਾਲ 1991 ਤੋਂ ਪਹਿਲਾਂ ਦੇ ਸਰਮਾਏਦਾਰ ਢਾਂਚੇ ਵਿਚ ਕਿਰਤੀ ਲੋਕਾਂ ਨੂੰ ਮਿਲਦੇ ਕੁੱਝ ਮਾਮੂਲੀ ਲਾਭਾਂ ਨੂੰ ਵੀ ਤਹਿਸ-ਨਹਿਸ ਕਰ ਦਿੱਤਾ ਗਿਆ ਹੈ। ਜਨਤਕ ਖੇਤਰ ਦੇ ਅਦਾਰਿਆਂ ਦਾ ਨਿਜੀਕਰਨ, ਉਹਨ੍ਹਾਂ ਵਿਚੋਂ ਪੂੰਜੀ ਅਪਨਿਵੇਸ਼ ਕਰਕੇ ਕਿਰਤੀ ਲੋਕਾਂ ਦੀ ਥੋੜੀ ਬਹੁਤੀ ਭਲਾਈ ਕਰਨ ਵਾਲੇ ਢਾਂਚੇ ਤੋੜ ਦਿੱਤੇ ਗਏ ਹਨ। ਇਸ ਨਾਲ ਵਿਦਿਆ, ਸਿਹਤ ਸੇਵਾਵਾਂ, ਪੀਣ ਵਾਲਾ ਪਾਣੀ ਆਦਿ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਬੇਰੁਜ਼ਗਾਰੀ ਵਿਚ ਅਥਾਹ ਵਾਧਾ ਹੋ ਰਿਹਾ ਹੈ ਮਹਿੰਗਾਈ ਸਿਖਰਾਂ ਛੂਹ ਰਹੀ ਹੈ ਅਤੇ ਭਰਿਸ਼ਟਾਚਾਰ ਲੋਕਾਂ ਦਾ ਗਲ ਘੁੱਟ ਰਿਹਾ ਹੈ। ਦੇਸ਼ ਵਿੱਚ ਕਾਲਾ ਧਨ ਕੁਲ ਘਰੇਲੂ ਉਤਪਾਦਨ ਦੇ 50% ਬਰਾਬਰ ਪੁੱਜ ਗਿਆ ਹੈ ਅਤੇ ਖਰਬਾਂ ਰੁਪਏ ਧਨੀ ਲੋਕਾਂ ਦੇ ਵਿਦੇਸ਼ੀ ਬੈਂਕਾਂ ਵਿੱਚ ਜ੍ਹਮਾਂ ਪਏ ਹਨ। ਦੇਸ਼ ਦੀ ਜਲ, ਜੰਗਲ, ਜ਼ਮੀਨ ਦੇ ਕੁਦਰਤੀ ਵਸੀਲਿਆਂ ਦੀ ਵਰਤੋਂ ਦੇਸ਼ ਦੀ ਲੋਕ ਪੱਖੀ ਉਸਾਰੀ ਲਈ ਕਰਨ ਦੀ ਥਾਂ ਇਹ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਹੇ ਹਨ। ਸਰਕਾਰ ਦੇ ਇਨ੍ਹਾਂ ਕਦਮਾਂ ਕਰਕੇ ਕਿਰਤੀ ਲੋਕਾਂ ਦੀ ਖਰੀਦ ਸ਼ਕਤੀ ਬੁਰੀ ਤਰ੍ਹਾਂ ਟੱਟ ਚੁੱਕੀ ਹੈ। ਇਸ ਬਾਰੇ ਹੇਠਾਂ ਕੁਝ ਅੰਕੜੇ ਦਿੱਤੇ ਜਾ ਰਹੇ ਹਨ।
77% ਲੋਕ 20 ਰੁਪਏ ਦਿਹਾੜੀ ਤੇ ਗੁਜਾਰਾ ਕਰਦੇ ਹਨ। ਪਿੰਡਾਂ ਦੇ ਗਰੀਬ ਲੋਕਾਂ ਦਾ ਔਸਤਨ ਮਾਸਕ ਘਰੇਲੂ ਖਰਚਾ 513 ਰੁਪਏ ਹੈ ਜਿਸ ਵਿਚੋਂ ਉਹ 55% ਖੁਰਾਕ 'ਤੇ ਖਰਚ ਲੈਦੇ ਹਨ। ਪਲੈਨਿੰਗ ਕਮਿਸ਼ਨ ਪੇਂਡੂ ਲੋਕਾਂ ਦੀ ਗਰੀਬੀ ਰੇਖਾ 26 ਰੁਪਏ ਤੋਂ ਘਟਾ ਕੇ 22 ਅਤੇ ਸ਼ਹਿਰੀ ਖੇਤਰ 32 ਤੋਂ ਘਟਾਕੇ 28.65 ਰੁਪਏ ਕਰ ਦਿੱਤੀ ਹੈ। ਦਿੱਲੀ ਦੀ ਮੁੱਖ ਮੰਤਰੀ ਨੇ ਫਰਮਾਨ ਜਾਰੀ ਕੀਤਾ ਹੈ ਕਿ ਦਿੱਲੀ ਵਿਚ 600 ਰੁਪਏ ਤਕ ਮਹੀਨਾ ਕਮਾਉਣ ਵਾਲਾ ਆਪਣਾ ਜੀਵਨ ਨਿਰਬਾਹ ਪੂਰਾ ਠੀਕ ਤਰ੍ਹਾਂ ਕਰ ਸਕਦਾ ਹੈ। ਇਹ ਦਿੱਲੀ ਵਿਚ 20 ਰੁਪਏ ਦਿਹਾੜੀ ਵਾਲੇ ਪਰਵਾਰਾਂ ਦੀ ਅੱਤ ਦੀ ਗਰੀਬੀ ਦੇ ਜ਼ਖਮਾਂ 'ਤੇ ਲੂਣ ਛਿੜਕਣ ਵਾਲੀ ਗਲ ਹੈ। 
ਦੇਸ਼ ਦੀ 25% ਦੇ ਲਗਭਗ ਦਰਮਿਆਨੀ ਜਮਾਤ ਜੋ ਆਰੰਭ ਵਿੱਚ ਨਵਉਦਾਰਵਾਦੀ ਨੀਤੀਆਂ ਦੀ ਹਮਾਇਤੀ ਸੀ ਹੁਣ ਸਰਕਾਰ ਦੇ ਹਮਲੇ ਦਾ ਸ਼ਿਕਾਰ ਹੋ ਰਹੀ ਹੈ। ਉਸ ਦੇ ਬੱਚਿਆਂ ਦੀ ਵਿਦਿਆ ਮਹਿੰਗੀ ਹੋ ਰਹੀ ਹੈ ਅਤੇ ਉਨ੍ਹਾਂ ਵਿਚ ਬਹੁਤਿਆਂ ਨੂੰ ਕੋਈ ਢੁੱਕਵਾਂ ਰੋਜ਼ਗਾਰ ਵੀ ਨਹੀਂ ਮਿਲ ਰਿਹਾ। ਸਰਕਾਰੀ/ਅਰਧ ਸਰਕਾਰੀ ਮੁਲਾਜ਼ਮਾਂ ਨੂੰ 2004 ਪਿੱਛੋਂ ਪੈਨਸ਼ਨ ਗਰੈਚੂਈਟੀ ਆਦਿ ਦੇ ਲਾਭ ਵੀ ਨਹੀਂ ਮਿਲ ਰਹੇ ਅਤੇ ਉਹਨਾਂ ਦੇ ਪੈਨਸ਼ਨ ਅਤੇ ਪ੍ਰੋਵੀਡੈਂਟ ਫੰਡ ਦੀਆਂ ਵੱਡੀਆਂ ਰਕਮਾਂ ਪ੍ਰਾਈਵੇਟ ਪ੍ਰਬੰਧਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। 
ਬੇਰੁਜ਼ਗਾਰੀ ਵੱਡੀ ਪੱਧਰ 'ਤੇ ਵਧ ਰਹੀ ਹੈ ਛੋਟੇ ਉਦਯੋਗਾਂ ਜਨਤਕ ਖੇਤਰ ਦੇ ਅਦਾਰਿਆਂ, ਪ੍ਰਚੂਨ ਵਪਾਰ ਵਿਚ ਲੱਗੇ ਕਾਰੋਬਾਰੀਆਂ ਅਤੇ ਛੋਟੇ ਕਿਸਾਨਾਂ ਦੇ ਖੇਤੀ ਢਾਂਚੇ ਨੂੰ ਬਰਬਾਦ ਕਰਦੀਆਂ ਨੀਤੀਆਂ ਨਾਲ ਇਸ ਵਿਚ ਹੋਰ ਵਾਧਾ ਹੋਵੇਗਾ। 
ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਆਮ ਆਦਮੀ ਆਪਣੇ ਪਰਵਾਰ ਦੇ ਭਵਿੱਖ ਵਾਸਤੇ ਪੈਸਾ-ਪੈਸਾ ਜੋੜਦਾ ਹੈ, ਵਿਚ ਵੀ ਘਰੇਲੂ ਬਚਤਾਂ ਲਗਾਤਾਰ ਘਟ ਰਹੀਆਂ ਹਨ। ਇਹ ਬਚਤਾਂ 2007-2008 ਵਿਚ ਕੁਲ ਘਰੇਲੂ ਉਤਪਾਦਨ ਦਾ 37% ਸਨ ਜੋ 2010-2011 ਵਿਚ ਘੱਟ ਕੇ  32% ਰਹਿ ਗਈਆਂ ਹਨ। ਘਰੇਲੂ ਬੱਚਤਾਂ ਦੇਸ਼ ਦੇ ਵਿਕਾਸ ਲਈ ਸਭ ਤੋਂ ਸਸਤਾ ਸਰਮਾਇਆ ਹੁੰਦੀਆਂ ਹਨ ਜੋ ਦੇਸ਼ ਦੇ ਵਿਕਾਸ ਦੇ ਨਾਲ-ਨਾਲ ਜਮਾਕਰਤਿਆਂ ਨੂੰ ਸੁੱਰਖਿਅਤ ਮੂਲਧਨ ਅਤੇ ਯੋਗ ਵਿਆਜ ਦੀ ਜਾਮਨੀ ਭਰਦੀਆਂ ਹਨ  ਪਰ ਇਹਨਾਂ ਬਚਤਾਂ ਨੂੰ ਇਕ ਪਾਸੇ ਮਹਿੰਗਾਈ ਨੇ ਖਾ ਲਿਆ ਅਤੇ ਦੂਜੇ ਪਾਸੇ ਚਿੱਟ ਫੰਡ ਕੰਪਨੀਆਂ ਨੇ ਧੋਖੇ ਭਰੀਆਂ ਸਕੀਮਾਂ ਰਾਹੀਂ ਛੋਟੇ ਨਿਵੇਸ਼ਕਾਂ ਨੂੰ ਲੁੱਟ ਲਿਆ ਹੈ।
ਇਸ ਤਰ੍ਹਾਂ ਭਾਰਤ ਦੇ ਕਿਰਤੀ ਲੋਕਾਂ ਦੀ ਖਰੀਦ ਸ਼ਕਤੀ ਤਾਂ ਬਹੁਤ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਲਗਭਗ 80% ਲੋਕ ਮੁਸ਼ਕਲ ਨਾਲ ਦੋ ਡੰਗ ਦੀ ਰੋਟੀ  ਹੀ ਖਾ ਰਹੇ ਹਨ ਅਤੇ ਇਹਨਾਂ ਵਿਚ ਕਾਫੀ ਭੁੱਖੇ ਢਿੱਡ ਹੀ ਸੌਣ ਲਈ ਮਜ਼ਬੂਰ ਹਨ। ਦੇਸ਼ ਦੀ ਦਰਮਿਆਨੀ ਜਮਾਤ ਦੀ ਉਪਰਲੀ ਤਹਿ ਅਤੇ 5-7% ਅਤੀ ਅਮੀਰ  ਲੋਕਾਂ ਦੀ ਖਰੀਦ ਸ਼ਕਤੀ ਦੇ ਨਾਲ ਨਾ ਤਾਂ ਘਰੇਲੂ ਮੰਡੀ ਵੱਧ ਸਕਦੀ ਹੈ ਅਤੇ ਨਾ ਹੀ ਦੇਸ਼ ਦਾ ਵਿਕਾਸ ਹੋ ਸਕਦਾ ਹੈ।
ਇਸ ਕੰਮ ਲਈ ਦੇਸ਼ ਵਿਚ ਹੇਠ ਲਿਖੀਆਂ ਬੁਨਿਆਦੀ ਤਬਦੀਲੀਆਂ ਕਰਨ ਦੀ ਲੋੜ ਹੈ :
ਸਭ ਤੋਂ ਪਹਿਲਾਂ ਦੇਸ਼ ਦੇ ਜਮੀਨੀ ਮਸਲੇ ਨੂੰ ਹੱਲ ਕਰਨਾ ਹੋਵੇਗਾ। ਜਗੀਰਦਾਰੀ ਦੇ ਮੁਕੰਮਲ ਖਾਤਮੇਂ ਵੱਲ ਵੱਧਣ ਲਈ ਪਹਿਲੇ ਪੜਾਅ ਵਜੋਂ ਘੱਟੋ-ਘੱਟ ਪਹਿਲਾਂ ਬਣੇ ਜ਼ਮੀਨੀ ਸੁਧਾਰ ਕਾਨੂੰਨ ਨੂੰ ਲਾਗੂ ਕਰਕੇ ਜ਼ਮੀਨ ਹਲ ਵਾਹਕ ਨੰ ਦਿੱਤੀ ਜਾਵੇ। ਵਿਸ਼ੇਸ਼ ਆਰਥਕ ਖੇਤਰਾਂ ਅਤੇ ਮੈਗਾ ਪ੍ਰਜੈਕਟਾਂ ਦੇ ਨਾਂ 'ਤੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨ ਉਪਰ ਪਾਬੰਦੀ ਲਾਈ ਜਾਵੇ।
ਜਨਤਕ ਖੇਤਰ ਦੇ ਅਦਾਰਿਆਂ ਦੀ ਮਹਾਨਤਾ ਸਮਝੀ ਜਾਵੇ। ਇਹਨਾਂ ਵਿਚੋਂ ਪੂੰਜੀ ਅਪਨਿਵੇਸ਼ ਨਾ ਕੀਤੀ ਜਾਵੇ। ਵਿਦਿਆ ਅਤੇ ਸਿਹਤ ਸੇਵਾਵਾਂ ਦੇ ਅਦਾਰਿਆਂ ਨੂੰ ਪਹਿਲ ਦਿੱਤੀ ਜਾਵੇ। ਇਨ੍ਹਾਂ ਅਦਾਰਿਆਂ ਵਿਚ ਰੁਜ਼ਗਾਰ ਮਿਲਣ ਸਮੇਂ ਅਤੇ ਸਸਤੀਆਂ ਜਨਤਕ ਸਹੂਲਤਾਂ ਮਿਲਣ ਨਾਲ ਲੋਕਾਂ ਦੀ ਬਚਤ ਅਤੇ ਖਰੀਦ ਸ਼ਕਤੀ ਵਧੇਗੀ।
ਛੋਟੇ ਅਤੇ ਦਰਿਮਿਆਨੇ ਉਦਯੋਗਾਂ ਨੂੰ ਲੋੜੀਂਦੀਆਂ ਸਹੂਲਤਾਂ ਦੇ ਕੇ ਪੈਰਾਂ 'ਤੇ ਖੜਾ ਕੀਤਾ ਜਾਵੇ। ਇਹ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਕਰ ਸਕਦੇ ਹਨ।
ਪ੍ਰਚੂਨ ਵਪਾਰ ਵਿਚ ਐਫ.ਡੀ.ਆਈ ਦਾ ਦਾਖਲਾ ਬੰਦ ਹੋਵੇ ਅਤੇ ਪੰਜ ਕਰੋੜ ਲੋਕਾਂ ਦੇ ਰੁਜ਼ਗਾਰ ਦੀ ਰਾਖੀ ਹੋਵੇ।
ਛੋਟੀ ਅਤੇ ਦਰਮਿਆਨੀ ਖੇਤੀ ਦੀ ਰਾਖੀ ਕੀਤੀ ਜਾਵੇ। ਉਸਨੂੰ ਖੇਤੀ ਵਰਤੋਂ ਵਸਤਾਂ ਸਸਤੀਆਂ ਦਰਾਂ 'ਤੇ ਸਪਲਾਈ ਕਰਕੇ ਅਤੇ ਮੰਡੀ ਵਿੱਚ  ਲਾਹੇਵੰਦ ਭਾਅ ਦੇ ਕੇ ਲੋਕਾਂ ਲਈ ਢਿੱਡ ਭਰਵਾਂ ਸਸਤਾ ਅਨਾਜ਼ ਅਤੇ ਉਦਯੋਗਾਂ ਲਈ ਲੋੜੀਂਦਾ ਕੱਚਾ ਮਾਲ  ਪੈਦਾ ਕਰਨ ਦੇ ਯੋਗ  ਬਣਾਇਆ ਜਾਵੇ।
ਕਾਰਪੋਰੇਟ ਸੈਕਟਰ ਅਤੇ ਹੋਰ ਧਨੀਆਂ 'ਤੇ ਲੱਗਣ ਵਾਲੇ ਸਿੱਧੇ ਟੈਕਸਾਂ ਵਿਚ ਵਾਧਾ ਕੀਤਾ ਜਾਵੇ ਅਤੇ ਅਸਿੱਧੇ ਟੈਕਸਾਂ ਨੂੰ ਘਟਾਇਆ ਜਾਵੇ। 2007-2008 ਤੋਂ 2010-11 ਦੇ ਚਾਰ ਸਾਲਾਂ ਵਿਚ ਸਿੱਧੇ ਟੈਕਸਾਂ ਵਿਚ ਵਾਧਾ ਸਿਰਫ 33% ਅਤੇ ਅਸਿੱਧੇ ਟੈਕਸਾਂ ਵਿਚ 125% ਵਾਧਾ ਹੋਇਆ ਹੈ। ਇਹ ਗਰੀਬਾਂ ਲੋਕਾਂ ਦੀ ਖਰੀਦ ਸ਼ਕਤੀ ਨੂੰ ਹੋਰ ਘਟਾਉਂਦਾ ਹੈ।
ਗਰੀਬ ਲੋਕਾਂ ਦੀ ਖਰੀਦ ਸ਼ਕਤੀ ਦੀ ਰਾਖੀ ਲਈ ਉਨ੍ਹਾਂ ਨੂੰ ਮਿਲਦੀਆਂ ਸਬਸਿਡੀਆਂ ਜਾਰੀ ਰਹਿਣ ਅਤੇ ਕਾਰਪੋਰੇਟ ਸੈਕਟਰ ਨੂੰ ਦਿੱਤੇ ਜਾਣ ਵਾਲੇ ਲਗਪਗ 5 ਲੱਖ ਕਰੋੜ ਦੇ ਸਲਾਨਾਂ ਗੱਫੇ ਬੰਦ ਕੀਤੇ ਜਾਣ।
ਦੇਸ਼ ਦੇ ਕੁਦਰਤੀ ਵਸੀਲਿਆਂ ਦੀ ਵਰਤੋਂ ਘਰੇਲੂ ਉਦਯੋਗਾਂ ਅਤੇ ਆਮ ਲੋਕਾਂ ਦੀ ਖੁਸ਼ਹਾਲੀ ਲਈ ਕੀਤੀ ਜਾਵੇ।
ਭਾਵੇਂ ਇਹਨਾਂ ਬੁਨਿਆਦੀ ਤਬਦੀਲੀਆਂ ਦੀ ਵਕਾਲਤ ਕਰਨਾ ਅਤੇ ਇਸਨੂੰ ਲਾਗੂ ਕਰਨਾ ਮੌਜੂਦਾ ਅਵੱਸਥਾ ਵਿੱਚ ਅਸੰਭਵ ਜਾਪਦਾ ਹੋਵੇ, ਪਰ ਇਸ ਤੋਂ ਬਿਨ੍ਹਾਂ ਦੇਸ਼ ਦੇ ਕਿਰਤੀ ਲੋਕਾਂ ਦਾ ਭਲਾ ਨਹੀਂ ਹੋ ਸਕਦਾ। ਵਿਕਾਸਸ਼ੀਲ ਦੇਸ਼ਾਂ ਪਾਸ ਦੋ ਹੀ ਰਸਤੇ ਹਨ। ਇਕ ਹੈ ਸਾਮਰਾਜੀ ਸ਼ਕਤੀਆਂ ਨਾਲ ਆਪਣੇ ਭਵਿੱਖ ਨੂੰ ਜੋੜਕੇ ਪਹਿਲਾਂ ਆਪਣੀ  ਆਰਥਕ ਅਤੇ ਫਿਰ ਰਾਜਨੀਤਕ ਆਜ਼ਾਦੀ ਗੁਆ ਲੈਣ ਦਾ ਤਬਾਹਕੁਨ ਅਤੇ ਮਰਨਾਊ ਰਾਹ। ਦੂਜਾ ਰਸਤਾ ਹੈ, ਦੇਸ਼ ਦੇ ਕਿਰਤੀ  ਲੋਕਾਂ  ਦੀ ਅਗਵਾਈ ਹੇਠਾਂ ਅਜਾਰੇਦਾਰ-ਜ਼ਗੀਰਦਾਰ ਅਤੇ ਸਾਮਰਾਜੀ ਸ਼ਕਤੀਆਂ ਵਿਰੁੱਧ ਜਨ-ਅੰਦੋਲਨ  ਖੜਾ ਕਰਕੇ ਵਿਕਾਸਸ਼ੀਲ ਦੇਸ਼ਾਂ ਦੇ ਹਾਲਾਤ ਨਾਲ ਮੇਲ ਖਾਂਦੇ  ਵਿਕਾਸ  ਮਾਡਲ ਦੀ ਉਸਾਰੀ ਕਰਨਾ। ਇਸ ਰਸਤੇ ਤੇ ਤੁਰ ਕੇ  ਹੀ ਅਸੀਂ ਦੇਸ਼ ਦੇ ਕਿਰਤੀਆਂ ਦੀ ਖਰੀਦ ਸ਼ਕਤੀ 'ਤੇ ਅਧਾਰਤ ਘਰੋਗੀ ਮੰਡੀ ਅਤੇ ਉਸ ਲਈ ਲੋੜੀਂਦੇ ਉਤਪਾਦ ਪੈਦਾ ਕਰ ਸਕਦੇ ਹਾਂ। ਇਹੀ  ਰਸਤਾ ਸਾਡੇ ਦੇਸ਼ ਦੀ ਆਰਥਕ ਅਤੇ ਰਾਜਨੀਤਕ ਆਜ਼ਾਦੀ ਦੀ ਜਾਮਨੀ ਭਾਰ ਸਕਦਾ ਹੈ। 
ਸਾਡਾ ਅਟੁੱਟ ਵਿਸ਼ਵਾਸ਼ ਹੈ ਕਿ ਭਾਰਤ ਦੇ ਕਿਰਤੀ ਲੋਕ ਇਸ ਸੁਨਹਿਰੀ ਰਾਹ 'ਤੇ ਤੁਰ ਕੇ ਬਰਾਬਰਤਾ 'ਤੇ ਅਧਾਰਤ ਸਮਾਜ ਬਨਾਉਣ ਵੱਲ ਲਾਜ਼ਮੀ ਵਧਣਗੇ।
(ਸੰਗਰਾਮੀ ਲਹਿਰ- ਜੂਨ 2013)

ਸ਼ਹੀਦ ਹਰਬੰਸ ਸਿੰਘ ਬੀਕਾ ਦੀ 25ਵੀਂ ਬਰਸੀ

ਸ਼ਹੀਦ ਹਰਬੰਸ ਸਿੰਘ ਬੀਕਾ ਦੀ 25ਵੀਂ ਬਰਸੀ 13 ਮਈ ਨੂੰ ਪਿੰਡ ਬੀਕਾ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵਿਖੇ ਮਨਾਈ ਗਈ, ਜਿਸ ਵਿਚ ਬੀਕਾ ਅਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਸੈਂਕੜੇ ਕਿਸਾਨ, ਮਜ਼ਦੂਰ, ਔਰਤਾਂ ਤੇ ਨੌਜਵਾਨ ਸਿਰੇ ਦੀ ਗਰਮੀ ਦੀ ਰਤਾ ਭਰ ਵੀ ਪਰਵਾਹ ਨਾ ਕਰਦੇ ਹੋਏ ਸ਼ਾਮਲ ਹੋਏ। ਉਹਨਾਂ ਨੇ ਹੱਥਾਂ ਵਿਚ ਲਾਲ ਝੰਡੇ ਫੜੇ ਹੋਏ ਸਨ ਤੇ ਉਹ ਨਾਅਰੇ ਮਾਰਦੇ ਹੋਏ ਸਮਾਗਮ ਵਿਚ ਸ਼ਾਮਲ ਹੋਏ। ਕਈ ਔਰਤਾਂ ਛੋਟੇ ਬੱਚਿਆਂ ਸਮੇਤ ਸ਼ਾਮਲ ਹੋਈਆਂ। ਸਮਾਗਮ ਦੇ ਆਰੰਭ ਵਿਚ ਝੰਡਾ ਝੁਲਾਉਣ ਦੀ ਰਸਮ ਸਾਥੀ ਬੋਧ ਸਿੰਘ ਘੁੰਮਣ ਵਲੋਂ ਨਿਭਾਈ ਗਈ। 
ਸ਼ਹੀਦ ਸਾਥੀ ਹਰਬੰਸ ਸਿੰਘ ਬੀਕਾ ਨੂੰ ਸਰਵ ਸਾਥੀ ਬੋਧ ਸਿੰਘ ਘੁੰਮਣ, ਸਰੂਪ ਸਿੰਘ ਰਾਹੋਂ, ਹਰਪਾਲ ਸਿੰਘ ਜਗਤਪੁਰ, ਡਾਕਟਰ ਬਲਦੇਵ ਬੀਕਾ, ਜੀਤ ਸਿੰਘ ਬੀਕਾ ਸਰਪੰਚ, ਸਤਨਾਮ ਸਿੰਘ ਸੁਜੋਂ, ਸੁਰਿੰਦਰ ਭੱਟੀ, ਬਿਮਲ ਬਖਲੌਰ, ਪ੍ਰਿੰਸੀਪਲ ਇਕਬਾਲ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਹਰੀ ਰਾਮ ਰਸੂਲਪੁਰੀ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਲਾਲ ਸਿੰਘ ਬੈਂਸ ਤੋਂ ਇਲਾਵਾ ਜਨਵਾਦੀ ਇਸਤਰੀ ਸਭਾ ਦੀ ਜ਼ਿਲ੍ਹਾ ਕਨਵੀਨਰ ਬੀਬੀ ਗੁਰਦੇਵ ਕੌਰ ਸਹੋਤਾ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਸਮਾਗਮ 'ਚ ਜੁੜੇ ਇਸ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਾਥੀ ਬੋਧ ਸਿੰਘ ਘੁੰਮਣ ਨੇ ਕਿਹਾ ਕਿ ਦਹਿਸ਼ਤਗਰਦੀ ਦੇ ਉਸ ਦੌਰ ਵਿਚ ਦੇਸ਼ ਦੀ ਏਕਤਾ ਅਖੰਡਤਾ ਅਤੇ ਲੋਕਾਂ ਦੀ ਭਾਈਚਾਰਕ ਏਕਤਾ ਦੀ ਰਾਖੀ ਲਈ ਸੈਂਕੜੇ ਕਮਿਊਨਿਸਟਾਂ ਨੇ ਸ਼ਹਾਦਤਾਂ ਦਿੱਤੀਆਂ ਸਨ ਅਤੇ ਸਾਥੀ ਹਰਬੰਸ ਸਿੰਘ ਬੀਕਾ ਸਮੇਤ ਇਹਨਾਂ ਸਾਰੇ ਸਾਥੀਆਂ ਦੀਆਂ ਕੁਰਬਾਨੀਆਂ ਲੋਕ ਲਹਿਰ ਲਈ ਸਦਾ ਪ੍ਰੇਰਨਾ ਸਰੋਤ ਬਣੀਆਂ ਰਹਿਣਗੀਆਂ। ਉਹਨਾਂ ਨੇ ਕਿਹਾ ਕਿ ਅੱਜ ਕੇਂਦਰੀ ਤੇ ਪ੍ਰਾਂਤਕ ਸਰਕਾਰਾਂ ਸਾਮਰਾਜੀ ਸੰਸਾਰੀਕਰਨ ਦੀਆਂ ਦੇਸ਼ ਵਿਰੋਧੀ ਤੇ ਲੋਕ ਵਿਰੋਧੀ ਨੀਤੀਆਂ ਤੇਜ਼ੀ ਨਾਲ ਲਾਗੂ ਕਰਕੇ ਦੇਸ਼ ਅੰਦਰ ਭੁੱਖ-ਨੰਗ, ਗਰੀਬੀ, ਬੇਰੁਜ਼ਗਾਰੀ ਤੇ ਭਰਿਸ਼ਟਾਚਾਰ ਆਦਿ 'ਚ ਭਾਰੀ ਵਾਧਾ ਕਰ ਰਹੀਆਂ ਹਨ। ਇਹਨਾ ਨੀਤੀਆਂ ਨੂੰ ਮੋੜਾ ਦੇਣ ਲਈ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਵਲੋਂ ਜਨਤਕ ਸੰਘਰਸ਼ ਉਸਾਰਨੇ ਸਮੇਂ ਦੀ ਲੋੜ ਹੈ। ਇਸ ਦਿਸ਼ਾ ਵਿਚ ਖੱਬੇ ਪੱਖੀਆਂ ਲਈ ਆਪਸ ਵਿਚ ਅਮਲ ਦੀ ਏਕਤਾ ਹੁਣ ਇਤਿਹਾਸਕ ਲੋੜ ਬਣ ਗਈ ਹੈ ਅਤੇ ਸੀ.ਪੀ.ਐਮ.ਪੰਜਾਬ ਇਸ ਦਿਸ਼ਾ ਵਿਚ ਪੂਰੀ ਤਰ੍ਹਾਂ ਯਤਨਸ਼ੀਲ ਹੈ। ਸ਼ਹੀਦ ਬੀਕੇ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹ ਹੀ ਹੋਵੇਗੀ ਕਿ ਦੇਸ਼ ਅੰਦਰ ਜਨਤਕ ਲਹਿਰ ਉਸਾਰੀ ਜਾਵੇ, ਸਰਮਾਏਦਾਰ-ਅਜਾਰੇਦਾਰ ਪੱਖੀ ਨੀਤੀਆਂ ਵਿਰੁੱਧ ਲਾਮਬੰਦੀ ਕੀਤੀ ਜਾਵੇ ਅਤੇ ਹਰ ਰੰਗ ਦੀ ਫਿਰਕਾਪ੍ਰਸਤੀ ਵਿਰੁੱਧ ਜ਼ੋਰਦਾਰ ਲੜਾਈ ਦਿੱਤੀ ਜਾਵੇ। ਕਿਸਾਨਾਂ-ਮਜ਼ਦੂਰਾਂ ਤੇ ਹੋਰ ਮਿਹਨਤਕਸ਼ਾਂ ਦੀ ਵਿਸ਼ਾਲ ਲਹਿਰ ਹੀ ਸਾਥੀ ਬੀਕਾ ਤੇ ਹੋਰ ਸ਼ਹੀਦਾਂ ਦੀ ਯਾਦ ਨੂੰ ਸਦਾ ਲਈ ਜੀਉਂਦਾ ਰੱਖ ਸਕਦੀ ਹੈ।
(ਸੰਗਰਾਮੀ ਲਹਿਰ - ਜੂਨ 2013)

ਪੂੰਜੀਵਾਦੀ ਨਿਘਾਰ ਦੀ ਇਕ ਉਪਜ ਹਨ : ਔਰਤਾਂ ਉਪਰ ਵੱਧ ਰਹੇ ਜਿਣਸੀ ਹਮਲੇ

 ਮੰਗਤ ਰਾਮ ਪਾਸਲਾ

ਦੇਸ਼ ਅੰਦਰ ਮਾਸੂਮ ਬੱਚੀਆਂ, ਨੌਜਵਾਨ ਲੜਕੀਆਂ ਅਤੇ ਔਰਤਾਂ ਨਾਲ ਨਿਰੰਤਰ ਵੱਧ ਰਹੀਆਂ ਬਲਾਤਕਾਰ ਆਦਿ ਦੀਆਂ ਹਿਰਦੇਵੇਦਕ ਘਟਨਾਵਾਂ ਨੇ ਸਮੁੱਚੀ ਮਨੁੱਖਤਾ ਦੇ ਦਿਮਾਗਾਂ ਨੂੰ ਬੁਰੀ ਤਰ੍ਹਾਂ ਝੰਜੋੜ ਸੁੱਟਿਆ ਹੈ। ਸਮਾਜ ਵਿਰੋਧੀ ਅਤੇ ਬਿਮਾਰ ਤੇ ਅਪਰਾਧਿਕ ਮਾਨਸਿਕਤਾ ਦੇ ਸ਼ਿਕਾਰ ਬਣੇ ਹੋਏ ਹੈਵਾਨ ਲੋਕਾਂ ਵਲੋਂ ਔਰਤ ਜਾਤੀ ਨਾਲ ਕੀਤੇ ਜਾਂਦੇ ਕੁਕਰਮਾਂ ਦੀਆਂ ਜਿਸ ਤਰ੍ਹਾਂ ਦੀਆਂ ਕਹਾਣੀਆਂ ਹਰ ਰੋਜ਼ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ਨਾਲ ਹਰ ਸੰਵੇਦਨਸ਼ੀਲ ਵਿਅਕਤੀ ਦੀਆਂ ਅੱਖਾਂ ਆਪ ਮੁਹਾਰੇ ਨਮ ਹੋ ਜਾਂਦੀਆਂ ਹਨ ਅਤੇ ਉਸਦੇ ਦਿਮਾਗ ਅੰਦਰ ਗੁਨਾਹਗਾਰਾਂ ਵਿਰੁੱਧ ਨਫਰਤ ਤੇ ਗੁੱਸੇ ਦੀ ਜ਼ੁਆਲਾ ਭੜਕ ਉਠਦੀ ਹੈ। ਇਸ ਪੱਖੋਂ ਹਰ ਵਿਅਕਤੀ ਚਿੰਤਾ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਮਨ ਇਹ ਸੋਚ ਕੇ ਵਿਆਕੁਲ ਹੋ ਉਠਦਾ ਹੈ ਕਿ 'ਕੀ ਉਸਦੀ ਪੜ੍ਹਨ ਜਾਂ ਕਿਸੇ ਹੋਰ ਕੰਮਕਾਰ ਲਈ ਘਰੋਂ ਬਾਹਰ ਗਈ ਲਾਡਲੀ ਧੀ, ਭੈਣ ਜਾਂ ਪਤਨੀ ਸੁਰੱਖਿਅਤ ਘਰ ਵਾਪਸ ਮੁੜ ਆਵੇਗੀ? ਕਿਸੇ ਕਾਨੂੰਨ ਜਾਂ ਪ੍ਰਸ਼ਾਸਕੀ ਮਸ਼ੀਨਰੀ ਦਾ ਡਰ ਭੌਅ ਅਜਿਹੇ ਕੁਕਰਮੀ ਲੋਕਾਂ ਦੇ ਮਨਾਂ ਦੇ ਨੇੜੇ ਤੇੜੇ ਵੀ ਨਹੀਂ ਜਾਪਦਾ। ਉਲਟਾ ਜਦੋਂ ਤੋਂ ਔਰਤ ਜਾਤੀ ਵਿਰੁੱਧ ਹੋ ਰਹੀਆਂ ਵੱਖ ਵੱਖ ਕਿਸਮਾਂ ਦੇ ਜ਼ੁਰਮਾਂ ਦੀਆਂ ਹਿੰਸਕ ਵਾਰਦਾਤਾਂ ਵਿਰੁੱਧ ਉਠੇ ਜਨਤਕ ਰੋਹ ਸਦਕਾ ਨਿਆਂਪ੍ਰਣਾਲੀ ਤੇ ਕਾਨੂੰਨ ਪ੍ਰਬੰਧ ਦੀ ਮਸ਼ੀਨਰੀ ਨੂੰ ਮੁੱਠੀ ਭਰ ਦੋਸ਼ੀਆਂ ਖਿਲਾਫ ਕੁੱਝ ਕੁ ਸਖਤ ਕਦਮ ਪੁੱਟਣ ਲਈ ਮਜ਼ਬੂਰ ਹੋਣਾ ਪਿਆ ਹੈ, ਉਸੇ ਦਿਨ ਤੋਂ ਮਾਸੂਮ ਬਾਲੜੀਆਂ ਦੇ ਬਲਾਤਕਾਰ ਤੇ ਅਪਹਰਣ ਦੀਆਂ ਵਾਰਦਾਤਾਂ ਵਿਚ ਹੋਰ ਵਾਧਾ ਹੋ ਗਿਆ ਹੈ। ਇਸ ਅਵਸਥਾ ਵਿਚ ਕਈ ਸਰਕਾਰ ਪੱਖੀ ਟੀ.ਵੀ. ਚੈਨਲਾਂ ਤੇ ਅਖਬਾਰਾਂ ਨੇ ਔਰਤ ਜਾਤੀ ਵਿਰੁੱਧ ਹੋ ਰਹੇ ਜ਼ੁਲਮਾਂ ਖਿਲਾਫ ਜਨ ਸਧਾਰਨ ਵਲੋਂ ਗਲੀਆਂ ਬਜ਼ਾਰਾਂ ਵਿਚ ਆ ਕੇ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਰਾਹੀਂ ਅਜਿਹੇ ਅਪਰਾਧ ਰੋਕੇ ਜਾਣ ਦੀ ਸਾਰਥਕਤਾ ਉਪਰ ਹੀ ਪ੍ਰਸ਼ਨ ਚਿੰਨ੍ਹ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਭਾਵ ਸਮਾਜ ਵਿਚ ਹੋ ਰਹੇ ਅਜੇਹੇ ਅਨਿਆਂ ਵਿਰੁੱਧ ਅਸਿੱਧੇ ਤੇ ਲੁਕਵੇਂ ਢੰਗ ਨਾਲ ਚੁੱਪ ਸਾਧੀ ਰੱਖਣ ਦੀ ਨਸੀਹਤ ਦਿੱਤੀ ਜਾਂਦੀ ਹੈ। ਇਸ ਤੋਂ ਅੱਗੇ ਨਿਰਲੱਜਤਾ ਦੀ ਸੀਮਾ ਹੋਰ ਕੀ ਹੋ ਸਕਦੀ ਹੈ, ਘੋਰ ਅਪਰਾਧੀਆਂ ਤੇ ਗੈਰ ਸੰਵੇਦਨਸ਼ੀਲ ਹੁਕਮਰਾਨਾਂ ਦੇ ਹੱਕ ਵਿਚ ਭੁਗਤਣ ਦੀ!
ਧਿਆਨ ਨਾਲ ਦੇਖਿਆਂ ਇਹ ਤੱਥ ਸਪੱਸ਼ਟ ਹੋ ਜਾਂਦਾ ਹੈ ਕਿ ਔਰਤਾਂ ਵਿਰੁੱਧ ਹੋ ਰਹੇ ਅਜੇਹੇ ਜ਼ੁਲਮਾਂ ਦੀ ਦਾਸਤਾਨ ਦੇਸ਼ ਦੇ ਸਾਰੇ ਭਾਗਾਂ, ਪਿੰਡਾਂ ਤੇ ਸ਼ਹਿਰਾਂ ਅਤੇ ਵੱਖ ਵੱਖ ਰੰਗਾਂ ਦੀਆਂ ਰਾਜਨੀਤਕ ਪਾਰਟੀਆਂ ਦੀਆਂ ਸਰਕਾਰਾਂ ਦੁਆਰਾ ਸ਼ਾਸਤ ਪ੍ਰਾਂਤਾਂ ਵਿਚ ਸੁਣਾਈ ਦੇ ਰਹੀ ਹੈ। ਕਾਂਗਰਸ, ਭਾਜਪਾ, ਸਪਾ, ਆਲ ਇੰਡੀਆ ਅੰਨਾ ਡੀ.ਐਮ.ਕੇ., ਜਨਤਾ ਦਲ (ਯੂ), ਅਕਾਲੀ ਦਲ-ਭਾਜਪਾ ਆਦਿ ਭਿੰਨ ਭਿੰਨ ਕਿਸਮ ਦੀਆਂ ਕੇਂਦਰੀ ਤੇ ਸੂਬਾਈ ਸਰਕਾਰਾਂ ਅਬਾਦੀ ਦੇ ਅੱਧੇ ਹਿੱਸੇ ਭਾਵ ਔਰਤ ਜਾਤੀ ਵਿਰੁੱਧ ਹੋ ਰਹੇ ਘੋਰ ਅਪਰਾਧਾਂ ਨੂੰ ਰੋਕਣ ਲਈ ਨਾ ਕੋਈ ਲੋੜੀਂਦਾ ਦੂਰਗਾਮੀ ਕਾਰਗਰ ਕਦਮ ਉਠਾ ਰਹੀਆਂ ਹਨ ਤੇ ਨਾ ਹੀ ਦੋਸ਼ੀਆਂ ਨੂੰ ਬਣਦੀ ਸਜ਼ਾ ਦੇ ਕੇ ਪੀੜਤਾਂ ਦੇ ਹਿਰਦਿਆਂ ਨੂੰ ਧਰਵਾਸ ਦੇਣ ਦਾ ਕੋਈ ਠੋਸ ਨਮੂਨਾ ਪੇਸ਼ ਕਰ ਰਹੀਆਂ ਹਨ। ਘਟਨਾ ਵਾਪਰਨ ਤੋਂ ਤੁਰੰਤ ਬਾਅਦ ਟੀ.ਵੀ. ਕੈਮਰਿਆਂ ਅੱਗੇ ਖਲੋ ਕੇ ਜਾਂ ਅਖਬਾਰੀ ਬਿਆਨਾਂ ਵਿਚ ਸਿਰਫ ਘਟਨਾ ਦੀ ਸਰਸਰੀ ਜਿਹੀ ਨਿਖੇਧੀ ਕੀਤੀ ਜਾਂਦੀ ਹੈ ਅਤੇ ਦੋਸ਼ੀਆਂ ਵਿਰੁੱਧ ਪੂਰੀ ਸਖਤੀ ਵਰਤਣ ਦੀ ਗਿੱਦੜ ਭਬਕੀ ਤੋਂ ਬਿਨਾਂ ਹਾਕਮ ਜਮਾਤ ਦੇ ਕਿਸੇ ਨੇਤਾ ਦੇ ਵੀ ਧੁਰ ਅੰਦਰੋਂ ਔਰਤ ਨਾਲ ਹੋ ਰਹੀਆਂ ਘੋਰ ਜ਼ਿਆਦਤੀਆਂ ਵਿਰੁੱਧ ਦਰਦ ਫੁਟਦਾ ਨਜ਼ਰ ਨਹੀਂ ਆਉਂਦਾ। ਇਸਦੇ ਉਲਟ ਅਜਿਹੇ ਰਾਜਸੀ ਖਲਨਾਇਕਾਂ ਦੀ ਵੀ ਕਮੀ ਨਹੀਂ ਹੈ ਜੋ ਇਸਤਰੀਆਂ ਉਪਰ ਹੋ ਰਹੇ ਘਿਨਾਉਣੇ ਅਪਰਾਧਾਂ ਲਈ ਔਰਤਾਂ ਦੇ ਪਹਿਰਾਵੇ, ਬੋਲਚਾਲ ਤੇ ਰਹਿਣ ਸਹਿਣ ਨੂੰ ਜ਼ਿੰਮੇਵਾਰ ਦੱਸਕੇ ਪੀੜਤਾਂ ਨੂੰ ਹੀ ਮੁੱਖ ਦੋਸ਼ੀ ਸਿੱਧ ਕਰਨ ਦਾ ਬਕਵਾਸ ਸ਼ੁਰੂ ਕਰ ਦਿੰਦੇ ਹਨ। ਕਈ ਭੱਦਰਪੁਰਸ਼ ਤਾਂ ਇਨ੍ਹਾਂ ਅਪਰਾਧਾਂ ਨੂੰ 'ਇੰਡੀਆ' ਤੇ 'ਭਾਰਤ' ਭਾਵ ਸ਼ਹਿਰੀ ਤੇ ਪੇਂਡੂ ਖੇਤਰਾਂ ਦਰਮਿਆਨ ਵੰਡ ਕੇ ਜ਼ੁਲਮਾਂ ਦਾ ਫਿਰਕੂ ਭੂਗੋਲੀਕਰਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਆਰ.ਐਸ.ਐਸ. ਮੁਖੀ ਭਾਗਵਤ ਦੇ ਦਿੱਤੇ ਬਿਆਨ ਕਿ ਬਲਾਤਕਾਰ ਦੀਆਂ ਘਟਨਾਵਾਂ 'ਇੰਡੀਆ' ਵਿਚ ਹੀ ਹੋ ਰਹੀਆਂ ਹਨ ਨਾ ਕਿ ਭਾਰਤ ਵਿਚ, ਇਸਦਾ ਠੋਸ ਪ੍ਰਤੀਕ ਹੈ। 
ਸਾਡੇ ਲਈ ਸੋਚਣ ਦੀ ਲੋੜ ਇਹ ਹੈ ਕਿ ਔਰਤਾਂ ਵਿਰੁੱਧ ਹੋ ਰਹੇ ਇਨ੍ਹਾਂ ਜ਼ੁਲਮਾਂ ਦੀ ਅਸਲ ਜੜ੍ਹ ਕਿੱਥੇ ਹੈ? ਉਂਝ ਜੇਕਰ ਔਰਤਾਂ ਵਿਰੁੱਧ ਹੋ ਰਹੇ ਇਨ੍ਹਾਂ ਜ਼ੁਲਮਾਂ ਨਾਲ ਸਮੁੱਚੇ ਸਮਾਜ ਵਿਚ ਵਾਪਰਨ ਵਾਲੀਆਂ ਚੋਰੀਆਂ, ਉਧਾਲਿਆਂ, ਡਾਕਿਆਂ, ਕਤਲਾਂ, ਠੱਗੀਆਂ ਆਦਿ ਵਰਗੀਆਂ ਵਾਰਦਾਤਾਂ ਨੂੰ ਜੋੜ ਲਿਆ ਜਾਵੇ (ਭਰਿਸ਼ਟਾਚਾਰ ਇਸਤੋਂ ਅਲੱਗ ਬਿਮਾਰੀ ਹੈ) ਤਦ ਜਾਪੇਗਾ ਕਿ ਕਾਨੂੰਨ ਪ੍ਰਬੰਧ ਦੀ ਪੂਰੀ ਵਿਵਸਥਾ ਦਾ ਦਿਵਾਲਾ ਨਿਕਲ ਚੁੱਕਾ ਹੈ ਤੇ ਸਮੁੱਚੇ ਦੇਸ਼ ਵਿਚ ਪੂਰੀ ਤਰ੍ਹਾਂ ਅਰਾਜਕਤਾ ਤੇ ਬਦਅਮਨੀ ਫੈਲ ਚੁੱਕੀ ਹੈ, ਜਿੱਥੇ ਆਮ ਲੋਕਾਂ ਦੀ ਜਾਨ ਮਾਲ ਤੇ ਇੱਜ਼ਤ ਨੂੰ ਗੰਭੀਰ ਖਤਰੇ ਤੇ ਚਣੌਤੀਆਂ ਦਰਪੇਸ਼ ਹਨ। ਜਿੰਨਾ ਕੁ ਇਸ ਜੰਗਲ ਰਾਜ ਵਿਰੁੱਧ ਜਨਤਕ ਰੋਹ ਉਠਿਆ ਹੈ, ਜੇਕਰ ਉਹ ਵੀ ਗੈਰਹਾਜ਼ਰ ਹੁੰਦਾ ਤਦ ਸਥਿਤੀ ਸ਼ਾਇਦ ਇਸ ਤੋਂ ਕਈ ਗੁਣਾਂ ਹੋਰ ਬਦਤਰ ਹੋਈ ਹੁੰਦੀ।  ਘੋਰ ਗੁਰਬਤ ਵਿਚ ਜ਼ਿੰਦਗੀ ਬਸਰ ਕਰ ਰਹੀ ਜਨਤਾ ਦੀਆਂ ਜੀਵਨ ਹਾਲਤਾਂ, ਖੁਰਾਕ, ਰਹਿਣ ਸਹਿਣ, ਜੀਉਂਦੇ ਰਹਿਣ ਲਈ ਜ਼ਰੂਰੀ ਮੁਢਲੀਆਂ ਲੋੜਾਂ ਦੀ ਪੂਰਤੀ ਤੇ ਲੋਕਾਂ ਨਾਲ ਹਰ ਪੱਖ ਤੋਂ ਹੋ ਰਹੇ ਵਿਤਕਰਿਆਂ ਦੀ ਗਾਥਾ ਨੂੰ ਤਾਂ ਬਿਆਨਣਾ ਹੀ ਮੁਸ਼ਕਲ ਹੈ। ਇਸਦਾ ਵੇਰਵਾ ਸਾਡੇ ਪ੍ਰਚਾਰ ਸਾਧਨਾਂ ਵਿਚ ਘੱਟ ਹੀ ਸੁਣਨ ਤੇ ਪੜ੍ਹਨ ਨੂੰ ਮਿਲਦਾ ਹੈ। ਅਨਪੜ੍ਹ, ਬੇਕਾਰ ਤੇ ਕਿਸੇ ਉੱਜਲ ਭਵਿੱਖ ਦੇ ਸੁਪਨੇ ਤੋਂ ਬਿਨਾਂ ਜੀਵਨ ਹੰਢਾ ਰਿਹਾ ਵਿਅਕਤੀ ਜਿਸਦੀ ਜ਼ਿੰਦਗੀ ਵਿਚ ਨਿਰਾਸ਼ਤਾ ਤੇ ਅੰਧਕਾਰ ਤੋਂ ਸਿਵਾਏ ਹੋਰ ਕੁੱਝ ਵੀ ਨਹੀਂ ਹੈ, ਜੀਉਣ ਲਈ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨ ਵਾਸਤੇ ਜੇਕਰ ਅਪਰਾਧਿਕ ਮਾਨਸਿਕਤਾ ਦਾ ਸ਼ਿਕਾਰ ਨਹੀਂ ਹੋਏਗਾ ਤਾਂ ਹੋਰ ਕੀ ਕਰੇਗਾ? ਜੀਵਨ ਦੀ ਨਿਰਾਸ਼ਤਾ ਤੇ ਅਗਿਆਨਤਾ ਕਾਰਨ ਅਜਿਹਾ ਵਿਅਕਤੀ ਆਪਣੀ ਸਰੀਰਕ ਤੇ ਮਾਨਸਿਕ ਤਰਿਪਤੀ ਵਾਸਤੇ ਕਿਸੇ ਵੀ ਨੀਵੇਂ ਤੋਂ ਨੀਵੇਂ ਪੱਧਰ ਦੇ ਕੁਕਰਮ ਕਰਨ ਤੋਂ ਪ੍ਰਹੇਜ ਨਹੀਂ ਕਰੇਗਾ! ਜਿਸ ਪਿੰਡ, ਸ਼ਹਿਰ ਜਾਂ ਕਸਬੇ ਵਿਚ ਹਜ਼ਾਰਾਂ ਬੇਕਾਰ, ਅਨਪੜ੍ਹ ਤੇ ਜੀਉਣ ਯੋਗ ਜ਼ਿੰਦਗੀ ਤੋਂ ਸੱਖਣੇ ਲੋਕ ਬਿਨਾਂ ਕਿਸੇ ਮਕਸਦ ਦੇ ਜੀਉਂਦੇ ਹੋਏ ਘੁੰਮ ਰਹੇ ਹੋਣ, ਉਥੇ ਫਿਰ ਆਮ ਲੋਕ ਬੇਫਿਕਰੇ ਹੋ ਕੇ ਸੁੱਖ ਦੀ ਨੀਂਦ ਕਿਵੇਂ ਸੌ ਸਕਦੇ ਹਨ?  ਇਸ ਕੌੜੇ ਸੱਚ ਨੂੰ ਸਮਝਣ ਤੇ ਸਮੱਸਿਆ ਦੇ ਮੂਲ ਕਾਰਨਾਂ ਨੂੰ ਹੱਲ ਕਰਨ ਵਾਸਤੇ ਸਾਡੇ ਹੁਕਮਰਾਨ ਨਾ ਤਾਂ ਕੁੱਝ ਕਰਨਾ ਹੀ ਚਾਹੁੰਦੇ ਹਨ ਤੇ ਨਾ ਹੀ ਉਨ੍ਹਾਂ ਵਿਚ ਇਨ੍ਹਾਂ ਮਸਲਿਆਂ ਪ੍ਰਤੀ ਲੋੜੀਂਦੀ ਗੰਭੀਰਤਾ ਤੇ ਰਾਜਸੀ ਇੱਛਾ ਸ਼ਕਤੀ ਹੈ। ਸਿਰਫ ਪੁਲਸ ਤੇ ਦੂਸਰੇ ਅਰਧ ਸੈਨਿਕ ਬਲਾਂ ਦੀ ਗਿਣਤੀ ਵਿਚ ਵਾਧਾ ਕਰਨਾ ਅਤੇ ਉਨ੍ਹਾਂ ਨੂੰ ਗੈਰਵਿਧਾਨਿਕ ਤੇ ਬਿਨਾ ਜੁਆਬਦੇਹੀ ਦੇ ਵਧੇਰੇ ਅਧਿਕਾਰਾਂ ਨਾਲ ਲੈਸ ਕਰਨਾ ਸਮਾਜ ਵਿਚ ਚੁਫੇਰੇ ਪਸਰੀ ਅਰਾਜਕਤਾ ਦਾ ਸਮਾਧਾਨ ਬਿਲਕੁਲ ਨਹੀਂ ਹੈ। ਅਜਿਹਾ ਕਰਨ ਨਾਲ ਉਲਟਾ ਆਮ ਬੇਗੁਨਾਹ ਲੋਕਾਂ ਉਪਰ ਹੋ ਰਹੇ ਪੁਲਸ ਜ਼ੁਲਮਾਂ ਤੇ ਵਧੀਕੀਆਂ ਵਿਚ ਹੋਰ ਵਾਧਾ ਹੋਵੇਗਾ ਤੇ ਦੋਸ਼ੀ ਬਿਨਾ ਭੈਅ ਦੇ ਖੁਲਮ ਖੁੱਲ੍ਹਾ ਆਜ਼ਾਦੀ ਨਾਲ ਆਪਣੀਆਂ ਗੈਰ ਸਮਾਜਿਕ ਕਾਰਵਾਈਆਂ ਨੂੰ ਜਾਰੀ ਰੱਖੀ ਜਾਣਗੇ। ਸਾਡੇ ਦੇਸ਼ ਅੰਦਰ ਪੁਲਸ ਤੇ ਦੂਸਰੇ ਅਰਧ ਸੈਨਿਕ ਬਲਾਂ ਤੋਂ ਆਮ ਲੋਕਾਂ ਨਾਲ ਮਾਨਵੀ ਤੇ ਮਿਲਾਪੜੇ ਵਿਵਹਾਰ ਦੀ ਆਸ ਕਰਨਾ ਹੀ ਗੈਰਯਥਾਰਥਕ ਹੈ ਕਿਉਂਕਿ ਇਨ੍ਹਾਂ ਹਥਿਆਰਬੰਦ ਦਸਤਿਆਂ ਦੀ ਕਾਇਮੀ ਹੀ ਲੁੱਟ ਖਸੁੱਟ ਕਰ ਰਹੀ ਜਮਾਤ ਦੇ ਹੱਕ ਵਿਚ ਅਤੇ ਲੁੱਟੀ ਜਾ ਰਹੀ ਲੋਕਾਈ ਨੂੰ ਦਬਾਅ ਕੇ ਰੱਖਣ ਵਾਸਤੇ ਕੀਤੀ ਗਈ ਹੈ। 
ਇਸ ਲਈ ਸਮਾਜ ਵਿਚ ਵਧ ਰਹੇ ਜ਼ੁਲਮਾਂ, ਖਾਸਕਰ ਔਰਤਾਂ ਉਪਰ ਹੋ ਰਹੇ ਅੱਤਿਆਚਾਰਾਂ ਵਿਚ ਬੇਬਹਾ ਵਾਧੇ ਲਈ ਦੋਪਾਸੜ ਕਦਮ ਚੁੱਕਣ ਦੀ ਜ਼ਰੂਰਤ ਹੈ। ਮੌਜੂਦਾ ਸਮਾਜ ਨੂੰ ਔਰਤਾਂ ਪ੍ਰਤੀ ਵੇਲਾ ਵਿਹਾ ਚੁੱਕੀ ਜਗੀਰੂ ਮਾਨਸਿਕਤਾ ਬਦਲਣੀ ਚਾਹੀਦੀ ਹੈ ਅਤੇ ਨਾਲ ਹੀ ਪੂੰਜੀਵਾਦੀ ਸਮਾਜ ਵਿਚ ਔਰਤ ਨੂੰ ਵੀ ਇਕ ਜਿਨਸ (3ਰਠਠਰਦਜਵਖ) ਹੀ ਸਮਝਣ ਦੇ ਬਣੇ ਸੰਕਲਪ ਨੂੰ ਤਿਆਗਣਾਂ ਹੋਵੇਗਾ। ਅਜੇਹੀਆਂ ਪਿਛਾਖੜੀ ਤੇ ਨਿਘਾਰਗਰਸਤ ਸਮਝਾਂ ਨੂੰ ਬੜ੍ਹਾਵਾ ਦੇਣ ਵਾਲੀਆਂ ਸ਼ਕਤੀਆਂ ਵਿਰੁੱਧ ਜੋਰਦਾਰ ਸੰਘਰਸ਼ ਲਾਮਬੰਦ ਕਰਨਾ ਹੋਵੇਗਾ। ਸਰਕਾਰ ਨੂੰ ਅਜੇਹੀਆਂ ਅਪਰਾਧਿਕ, ਗੈਰ ਸਮਾਜਿਕ ਤੇ ਬਲਾਤਕਾਰ ਵਰਗੀਆਂ ਅਣਮਨੁੱਖੀ ਕਾਰਵਾਈਆਂ ਕਰਨ ਵਾਲੇ ਮੁਜ਼ਰਮਾਂ ਵਿਰੁੱਧ ਤੁਰੰਤ ਬਿਨਾਂ ਦੇਰੀ ਤੇ ਰੱਖ ਰਖਾ ਦੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਘੱਟ ਤੋਂ ਘੱਟ ਸਮੇਂ ਵਿਚ ਜ਼ੁਰਮ ਅਨੁਸਾਰ ਸਖਤ ਸਜ਼ਾਵਾਂ ਦੇਣ ਦੀ ਵਿਵਸਥਾ ਕਾਇਮ ਕੀਤੇ ਜਾਣ ਦੀ ਜ਼ਰੂਰਤ ਹੈ। ਇਸ ਪੱਖ ਤੋਂ ਲੋੜੀਂਦਾ ਕਾਨੂੰਨ ਬਣਾਕੇ ਸਮੁੱਚੀ ਨਿਆਂਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਯੋਗ ਕਾਰਵਾਈ ਕਰਨ ਦੇ ਯੋਗ ਬਣਾਇਆ ਜਾਣਾ ਚਾਹੀਦਾ ਹੈ। ਸਮਾਜ ਵਿਚ ਔਰਤਾਂ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਕੀਤੇ ਜਾਣ ਦੀ ਲੋੜ ਹੈ। ਤੇਜ਼ੀ ਨਾਲ ਫੈਲ ਰਹੇ ਗਲ੍ਹੇ-ਸੜ੍ਹੇ ਤੇ ਗਿਰਾਵਟ ਭਰੇ ਸਭਿਆਚਾਰ ਵਿਰੁੱਧ ਜਾਗਰੂਕਤਾ ਪੈਦਾ ਕਰਕੇ ਤੇ ਇਸਦੇ ਮੁਕਾਬਲੇ ਵਿਚ ਇਕ ਸਿਹਤਮੰਦ ਅਗਾਂਹਵਧੂ ਸਭਿਆਚਾਰ ਪੈਦਾ ਕਰਕੇ ਵੀ ਅਜੇਹੀ ਨਿਘਾਰਗਰਸਤ ਮਾਨਸਿਕਤਾ ਨੂੰ ਇਕ ਹੱਦ ਤੱਕ ਠੱਲ ਪਾਈ ਜਾ ਸਕਦੀ ਹੈ। ਇਹ ਉਪਾਅ ਮਸਲੇ ਨਾਲ ਨਿਪਟਨ ਲਈ ਤਤਕਾਲੀਨ ਕਦਮਾਂ ਵਜੋਂ ਲਏ ਜਾਣੇ ਚਾਹੀਦੇ ਹਨ, ਜਿਸ ਨਾਲ ਭਾਵੇਂ ਸਮਾਜ ਵਿਚ ਪੈਰ ਫੈਲਾ ਰਹੇ ਸਮੁੱਚੇ ਜ਼ੁਰਮਾਂ ਦਾ ਅੰਤ ਤਾਂ ਨਹੀਂ ਹੋ ਸਕੇਗਾ, ਪ੍ਰੰਤੂ ਇਸ ਵਿਚ ਕਮੀ ਜ਼ਰੂਰ ਆਵੇਗੀ ਅਤੇ ਇਕ ਹੱਦ ਤੱਕ ਰੋਕ ਵੀ ਲੱਗ ਸਕੇਗੀ। 
ਇਨ੍ਹਾਂ ਵੱਧ ਰਹੇ ਜ਼ੁਰਮਾਂ ਦੀ ਅਸਲ ਜੜ੍ਹ ਦੇਸ਼ ਦਾ ਮੌਜੂਦਾ ਲੁੱਟ ਖਸੁੱਟ ਤੇ ਬੇਇਨਸਾਫੀ ਅਧਾਰਤ ਸਰਮਾਏਦਾਰੀ ਆਰਥਿਕ ਢਾਂਚਾ ਹੈ, ਜਿਥੇ ਸਮੁੱਚੇ ਸਮਾਜ ਵਲੋਂ ਸਿਰਜੀ ਪੂੰਜੀ ਚੰਦ ਕੁ ਧਨਵਾਨ ਹੱਥਾਂ ਵਿਚ ਇਕੱਠੀ ਹੋ ਰਹੀ ਹੈ। ਇਸ ਪ੍ਰਬੰਧ ਕਾਰਨ ਵੀ ਗਰੀਬੀ, ਬੇਕਾਰੀ, ਅਨਪੜ੍ਹਤਾ ਆਦਿ ਵਰਗੀਆਂ ਭਿਆਨਕ ਬਿਮਾਰੀਆਂ ਸਦਕਾ ਸਾਡੇ ਸਮਾਜ ਦਾ ਬਹੁ ਗਿਣਤੀ ਹਿੱਸਾ ਨਪੀੜਿਆ ਜਾ ਰਿਹਾ ਹੈ। ਅਜਿਹੇ ਪ੍ਰਬੰਧ ਦੇ ਕਾਇਮ ਰਹਿੰਦਿਆਂ ਸਮਾਜ ਵਿਚ ਸਦੀਵੀ ਅਮਨ ਤੇ ਸ਼ਾਂਤੀ ਸਥਾਪਤ ਨਹੀਂ ਕੀਤੀ ਜਾ ਸਕਦੀ, ਜਿਥੇ ਹਰ ਸ਼ਹਿਰੀ ਨੂੰ ਪੂਰਨ ਸੁਰੱਖਿਆ ਤੇ ਵਿਕਾਸ ਕਰਨ ਦੇ ਯੋਗ ਮੌਕੇ ਪ੍ਰਾਪਤ ਹੋਣ। ਬਰਾਬਰਤਾ ਅਧਾਰਤ ਸਮਾਜ ਦੀ ਕਾਇਮੀ ਇਕ ਲੰਬੇ ਤੇ ਸਿਰੜੀ ਸੰਘਰਸ਼ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਦੀ ਪ੍ਰਾਪਤੀ ਭਾਵੇਂ ਤੁਰੰਤ ਨਾ ਵੀ ਸੰਭਵ ਹੋਵੇ ਪ੍ਰੰਤੂ ਇਸ ਸਮਾਜਕ ਪਰਿਵਰਤਨ ਲਈ ਲੜੇ ਜਾ ਰਹੇ ਸੰਘਰਸ਼ ਨੂੰ ਹਰ ਪੱਧਰ 'ਤੇ ਤੇਜ਼ ਕੀਤਾ ਜਾਣਾ ਚਾਹੀਦਾ ਹੈ। ਉਸ ਬਾਰੇ ਲੋਕਾਂ ਵਿਚ ਲੋੜੀਂਦੀ ਚੇਤਨਤਾ ਪੈਦਾ ਕਰਨ ਦੀ ਵੱਡੀ ਜ਼ਰੂਰਤ ਹੈ। ਜਿਹੜੇ ਲੋਕ ਵਿਚਾਰਧਾਰਕ ਪਛੜੇਵੇਂ ਕਾਰਨ ਔਰਤਾਂ ਦੇ ਬਲਾਤਕਾਰਾਂ, ਅਗਵਾ ਕਰਨ ਦੀਆਂ ਘਟਨਾਵਾਂ ਅਤੇ ਹੋਰ ਅਨੇਕਾਂ ਜ਼ੁਰਮਾਂ ਨੂੰ ਸਿਰਫ ਕਾਨੂੰਨ ਤੇ ਪੁਲਸ ਦੀ ਮਦਦ ਨਾਲ ਹੱਲ ਕਰਨ ਦੀਆਂ ਦਲੀਲਾਂ ਦਿੰਦੇ ਹਨ, ਉਹਨਾਂ ਨੂੰ ਇਨ੍ਹਾਂ ਜ਼ੁਰਮਾਂ ਦੇ ਜ਼ਿੰਮੇਵਾਰ ਅਸਲ ਕਾਰਨਾਂ ਬਾਰੇ ਸਮਝਾਉਣਾ ਹੋਵੇਗਾ। ਨਿਰਾ ਪ੍ਰਸ਼ਾਸਕੀ ਕਦਮ ਚੁੱਕ ਕੇ ਸਮਾਜ ਵਿਚ ਵੱਧ ਰਹੇ ਅਪਰਾਧਾਂ ਦੇ ਗਰਾਫ ਨੂੰ ਸਦੀਵੀ ਰੂਪ ਵਿਚ ਨਹੀਂ ਠੱਲਿਆ ਜਾ ਸਕਦਾ। ਇਸ ਵਾਸਤੇ ਭਾਰਤੀ ਸਮਾਜ ਵਿਚ ਬੁਨਿਆਦੀ ਪਰਿਵਰਤਨ ਦੀ ਲੋੜ ਹੈ। ਸਾਰੀਆਂ ਆਰਥਿਕ, ਸਮਾਜਿਕ, ਸਭਿਆਚਾਰਕ ਤੇ ਰਾਜਨੀਤਕ ਬੁਰਾਈਆਂ ਦੀ ਜੜ੍ਹ ਮੌਜੂਦਾ ਪੂੰਜੀਵਾਦੀ ਢਾਂਚਾ ਹੈ, ਜਿਸ ਨੂੰ ਹਰ ਕੀਮਤ 'ਤੇ ਬਦਲਿਆ ਜਾਣਾ ਚਾਹੀਦਾ ਹੈ।
(ਸੰਗਰਾਮੀ ਲਹਿਰ - ਜੂਨ 2013)

ਸ਼ਹੀਦ ਟੀ.ਪੀ.ਚੰਦਰਸ਼ੇਖਰਨ ਦੀ ਪਹਿਲੀ ਬਰਸੀ 'ਤੇ

ਮੰਗਤ ਰਾਮ ਪਾਸਲਾ

ਕੇਰਲਾ ਦੇ ਕਾਲੀਕਟ (ਕੋਜ਼ੀਕੋਡ), ਜ਼ਿਲ੍ਹੇ ਵਿਚ ਇਕ ਕਸਬਾ ਹੈ ਓਚੀਅਮ, ਜਿਸਨੂੰ ਪ੍ਰਾਂਤ ਅੰਦਰ ਕਮਿਊਨਿਸਟ ਲਹਿਰ ਦੀ ਨੀਂਹ ਰੱਖਣ ਦਾ ਮਾਣ ਹਾਸਲ ਹੈ। ਇਥੇ ਹੀ 1950 ਵਿੱਚ ਵਾਪਰੇ ਗੋਲੀ ਕਾਂਡ ਦੌਰਾਨ ਕਮਿਊਨਿਸਟ ਲਹਿਰ ਲਈ ਜਾਨਾਂ ਵਾਰਨ ਵਾਲੇ 9 ਸ਼ਹੀਦਾਂ ਦੀ ਯਾਦਗਾਰ ਹੈ। ਇਸ ਗੋਲੀਕਾਂਡ ਵਿਚ ਜਖ਼ਮੀ ਹੋਇਆ ਇਕ ਕਮਿਊਨਿਸਟ ਯੋਧਾ ਅੱਜ ਵੀ ਜੀਉਂਦਾ ਜਾਗਦਾ ਹੈ, ਅਤੇ ਆਪਣੇ ਸਰੀਰ ਵਿੱਚ ਦੁਸ਼ਮਣ ਦੀਆਂ ਗੋਲੀਆਂ ਦੇ ਛੱਰਿਆਂ ਨੂੰ ਸਾਂਭੀ ਬੈਠਾ ਹੈ। ਇਸੇ ਇਲਾਕੇ ਵਿਚ ਸੀ.ਪੀ.ਆਈ.(ਐਮ) ਦੀ ਜਮਾਤੀ  ਭਿਆਲੀ  ਦੀ ਮੌਕਾਪ੍ਰਸਤ ਰਾਜਸੀ ਲਾਈਨ ਅਤੇ ਇਸ ਪਾਰਟੀ ਦੀ ਕੇਰਲਾ ਇਕਾਈ ਦੇ ਉਚ ਆਗੂਆਂ ਦੇ ਗੈਰਕਮਿਊਨਿਸਟ ਕਿਰਦਾਰ ਵਿਰੁੱਧ ਮਾਰਕਸਵਾਦ-ਲੈਨਿਨਵਾਦ ਦਾ ਇਨਕਲਾਬੀ ਝੰਡਾ ਬੁਲੰਦ ਕਰਨ ਵਾਲੇ ਸਾਥੀ ਟੀ.ਪੀ ਚੰਦਰਸ਼ੇਖਰਨ ਦਾ 4 ਮਈ 2012 ਦੀ ਰਾਤ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਕਾਤਲ ਭਾੜੇ ਉਤੇ ਕੀਤੇ ਗਏ ਸਨ। ਇਸ ਅਤੀ ਘਿਨਾਉਣੇ ਜ਼ੁਰਮ ਨੂੰ ਵਿਉਂਤਣ ਪਿਛੇ ਸੀ.ਪੀ.ਆਈ.(ਐਮ) ਦੇ ਸਥਾਨਕ ਤੇ ਸੂਬਾਈ  ਆਗੂਆਂ ਦਾ ਸਪੱਸ਼ਟ ਹੱਥ ਹੋਣ ਬਾਰੇ ਕੇਰਲਾ ਦਾ ਬੱਚਾ-ਬੱਚਾ ਦੁਹਾਈ ਦੇ ਰਿਹਾ ਹੈ। ਸੱਚ ਨੂੰ ਦਬਾਉਣ ਵਾਸਤੇ ਲੁਟੇਰੀਆਂ ਹਾਕਮ ਜਮਾਤਾਂ ਤਾਂ ਹਰ ਹੱਥਕੰਡਾ ਵਰਤ ਕੇ ਕਮਿਊਨਸਟਾਂ ਉਪਰ ਅੰਨ੍ਹਾ ਜਬਰ ਕਰਦੀਆਂ ਹੀ ਰਹੀਆਂ ਹਨ, ਪ੍ਰੰਤੂ ਆਪਣੇ ਆਪ ਨੂੰ ਖੱਬੀ ਲਹਿਰ ਦੀ ਸਭ ਤੋਂ ਵੱਧ ਤਾਕਤਵਰ ਧਿਰ ਹੋਣ ਦਾ ਦਾਅਵਾ ਕਰਨ ਵਾਲੀ ਇਹ ਨਾਮ ਨਿਹਾਦ ਕਮਿਊਨਿਸਟ ਪਾਰਟੀ-ਸੀ.ਪੀ.ਆਈ.(ਐਮ), ਅਜਿਹਾ ਕਾਲਾ ਕਾਰਨਾਮਾ ਵੀ ਕਰ ਸਕਦੀ ਹੈ, ਇਹ ਗੱਲ ਅਚੰਭੇ ਵਾਲੀ ਹੈ। ਸੀ.ਪੀ.ਆਈ.(ਐਮ) ਦੇ ਇਸ ਕਾਰੇ ਨੇ ਕੇਰਲਾ ਪ੍ਰਾਂਤ ਵਿਚ ਇਕ ਨਵੀਂ ਕਿਸਮ ਦਾ ਇਤਿਹਾਸ ਰਚਿਆ ਹੈ। 
4 ਮਈ 2013 ਨੂੰ ਸ਼ਹੀਦ ਸਾਥੀ ਟੀ.ਪੀ.ਚੰਦਰਸੇਖ਼ਰਨ ਦੀ ਪਹਿਲੀ ਬਰਸੀ ਸੀ। ਸਵੇਰੇ 9 ਵਜੇ ਸ਼ਹੀਦ ਦੇ ਘਰ ਆਉਣ ਵਾਲੇ ਲੋਕਾਂ ਦਾ ਤਾਂਤਾ ਲੱਗਾ ਹੋਇਆ ਸੀ। ਹਜ਼ਾਰਾਂ ਮਰਦ, ਔਰਤਾਂ ਅਤੇ ਬੱਚੇ ਸ਼ਹੀਦ ਦੇ ਬਣਾਏ ਬੁੱਤ ਉਪਰੋਂ ਪਰਦਾ ਉਠਾਉਣ ਦੀ ਕਾਰਵਾਈ ਨੂੰ ਦੇਖਣ ਵਾਸਤੇ ਇਸ ਤਰ੍ਹਾਂ ਆ ਰਹੇ ਸਨ ਜਿਵੇਂ ਕੋਈ ਤੀਰਥ ਯਾਤਰੀ ਕਿਸੇ ਧਾਰਮਿਕ ਅਸਥਾਨ ਦੇ ਦਰਸ਼ਨਾਂ ਨੂੰ ਚਾਲੇ ਪਾ ਰਹੇ ਹੋਣ। ਸਾਥੀ ਚੰਦਰਸ਼ੇਖਰਨ ਦੀ ਧਰਮ ਪਤਨੀ ਕਾਮਰੇਡ ਰੇਮਾ,  ਉਹਨਾਂ ਦਾ ਨੌਜਵਾਨ ਪੁੱਤਰ ਅਤੇ ਅੱਖਾਂ ਦੀ ਜੋਤ ਗੁਆ ਚੁੱਕੀ ਬੁੱਢੀ ਮਾਂ ਬੁਤ ਕੋਲ ਖਲੋ ਕੇ ਉਨ੍ਹਾਂ ਨੌਜਵਾਨ ਵਲੰਟੀਅਰਾਂ ਦੀ ਉਡੀਕ ਕਰਨ ਵਾਲਿਆਂ ਵਿਚ ਸ਼ਾਮਲ  ਸਨ, ਜੋ ਸ਼ਹਾਦਤ ਪ੍ਰਾਪਤ ਕਰਨ ਵਾਲੀ ਜਗ੍ਹਾ ਤੋਂ ਇਕ ਮਸ਼ਾਲ ਲੈ ਕੇ ਦੌੜਦੇ ਹੋਏ ਇਥੇ ਪੁੱਜਣੇ ਸਨ। ਬੈਂਡ ਦੀਆਂ ਇਨਕਲਾਬੀ ਧੁੰਨਾਂ ਨਾਲ ਕਦਮ ਤਾਲ ਕਰਕੇ ਦੌੜਦੇ ਹੋਏ ਵਲੰਟੀਅਰ ਜਦ ਬੁੱਤ ਸਾਹਮਣੇ ਲੱਗੇ ਫੁਆਰੇ ਕੋਲ ਪੁੱਜੇ ਜਿੱਥੇ ਕਿ ਸ਼ਹੀਦੀ ਸਥਾਨ ਤੋਂ ਲਿਆਂਦੀ ਗਈ ਮਸ਼ਾਲ ਨਾਲ ਇਕ ਹੋਰ ਸ਼ਮਾ ਰੌਸ਼ਨ ਕਰਕੇ ਇਨਕਲਾਬੀ ਕਿਰਨਾਂ ਨੂੰ ਸਮੁੱਚੀ ਫਿਜ਼ਾ ਵਿਚ ਬਿਖੇਰਨਾ ਸੀ, ਤਦ ਸਮੁੱਚਾ ਮਹੌਲ, ''ਸ਼ਹੀਦ ਸਾਥੀ ਟੀ.ਪੀ. ਚੰਦਰਸ਼ੇਖਰਨ ਨੂੰ 'ਲਾਲ ਸਲਾਮ', ''ਇਨਕਲਾਬ-ਜ਼ਿੰਦਾਬਾਦ', ''ਸ਼ਹੀਦ ਸਾਥੀ  ਸ਼ੇਖਰਨ ਦੇ ਕਾਤਲ ਮੁਰਦਾਬਾਦ' ਦੇ ਨਾਅਰਿਆਂ ਨਾਲ ਗੂੰਜ ਉਠਿਆ। ਦੇਸ਼ ਵਿਚ ਕਮਿਊਨਿਸਟ ਪਾਰਟੀ ਦੀ ਪਹਿਲੀ ਕਾਂਗਰਸ ਵਿਚ ਡੈਲੀਗੇਟ ਦੇ ਤੌਰ 'ਤੇ ਹਾਜ਼ਰ ਹੋਏ ਸਾਥੀ ਬਰਲਿਨ ਨੇ ਸ਼ਮਾ ਰੌਸ਼ਨ ਕਰਕੇ ਸ਼ਹੀਦ ਦੇ ਬੁੱਤ ਤੋਂ ਪਰਦਾ ਉਠਾਉਣ ਦੀ ਰਸਮ ਅਦਾ ਕੀਤੀ।
ਸਾਥੀ ਟੀ.ਪੀ. ਚੰਦਰਸ਼ੇਖਰਨ ਦਾ ਸਥਾਪਤ ਕੀਤਾ ਬੁੱਤ ਇਸ ਤਰ੍ਹਾਂ ਦੇ ਇਸ਼ਾਰੇ ਕਰਦਾ ਜਾਪਿਆ ਜਿਵੇਂ ਕਿ ਉਹ ਕਹਿ ਰਿਹਾ ਹੋਵੇ ਕਿ ''ਕਾਤਲੋ! ਜਿੰਨਾ ਮਰਜ਼ੀ ਜ਼ੋਰ ਲਗਾ ਲਓ, ਤੁਸੀਂ ਮੈਨੂੰ ਮਾਰ ਸਕਦੇ ਹੋ ਪ੍ਰੰਤੂ ਮੇਰੇ ਵਿਚਾਰਾਂ ਨੂੰ ਨਹੀਂ ਮਿਟਾ ਸਕਦੇ। ਮੈਂ ਇਨਕਲਾਬੀ ਵਿਚਾਰਾਂ ਦੇ ਰੂਪ ਵਿਚ ਸਦਾ ਸਦਾ ਲਈ ਤੁਹਾਡੇ ਵਿਰੁੱਧ ਜੂਝਦਾ ਰਹਾਂਗਾ! ਪੂੰਜੀਵਾਦ ਦੀ ਹਾਰ ਤੇ ਮਜ਼ਦੂਰ ਜਮਾਤ ਦੀ ਜਿੱਤ ਯਕੀਨੀ ਹੈ।'' ਇਥੇ ਹੀ ਸ਼ਹੀਦ ਸਾਥੀ ਟੀ.ਪੀ. ਚੰਦਰਸ਼ੇਖਰਨ ਦੀ ਯਾਦ ਵਿਚ ਇਕ ਸੰਖੇਪ ਸ਼ਰਧਾਂਜਲੀ ਸਮਾਗਮ ਹੋਇਆ। 
ਸ਼ਾਮ ਦੇ 5 ਵਜੇ ਓਚੀਅਮ ਇਲਾਕੇ ਵਿਚ ਹਜ਼ਾਰਾਂ ਵਰਦੀਧਾਰੀ ਕਮਿਊਨਿਸਟ ਵਲੰਟੀਅਰ (ਲਾਲ ਕਮੀਜਾਂ ਤੇ ਖਾਕੀ ਪੈਂਟ ਨੌਜਵਾਨ ਲੜਕਿਆਂ ਨੇ ਅਤੇ ਲਾਲ ਸਾੜੀਆਂ ਤੇ ਸੂਟ, ਸੂਹੀ ਵਿਚਾਰਧਾਰਾ ਨਾਲ ਸਰਸ਼ਾਰ ਬੱਚੀਆਂ ਨੇ ਪਹਿਨੀ ਹੋਈ ਸੀ) ਨੇ ਦਿਲ ਖਿੱਚਵਾਂ ਵਿਸ਼ਾਲ ਮਸ਼ਾਲ ਮਾਰਚ ਕੀਤਾ। ਸੋਗਮਈ ਪ੍ਰੰਤੂ ਇਨਕਲਾਬੀ ਧੁੰਨਾਂ ਨਾਲ ਤਾਲ ਦਿੰਦੇ ਵਲੰਟੀਅਰਾਂ ਦੇ ਪੈਰਾਂ ਦੇ ਖੜਾਕ ਨਾਲ ਸਮੁੱਚੇ ਵਾਤਾਵਰਨ ਵਿਚ ਪੈਦਾ ਹੋਈਆਂ ਸਮਾਜਿਕ ਤਬਦੀਲੀ ਦੀਆਂ ਤਰੰਗਾਂ  ਦਾ ਅਹਿਸਾਸ ਅੱਖਾਂ  ਨਾਲ ਦੇਖ ਕੇ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਸੀ, ਸ਼ਇਦ  ਵਰਨਣ ਕਰਨਾ ਮੁਸ਼ਕਿਲ ਹੋਵੇ। ਹੋਰ ਹਜ਼ਾਰਾਂ ਲੋਕ ਇਨ੍ਹਾਂ ਵਲੰਟੀਅਰਾਂ ਪਿੱਛੇ ਸ਼ਾਨਦਾਰ ਜਲੂਸ ਵਿਚ ਸ਼ਾਮਿਲ ਸਨ ਜੋ ਸ਼ਹੀਦ ਚੰਦਰਸ਼ੇਖਰਨ ਨੂੰ ਲਾਲ ਸਲਾਮ!, ਇਨਕਲਾਬ ਜਿੰਦਾਬਾਦ!, ਮਾਰਕਸਵਾਦ-ਲੈਨਿਨਵਾਦ ਜਿੰਦਾਬਾਦ! ਆਦਿ ਵਰਗੇ ਅਸਮਾਨ ਗੁੰਜਾਊ ਨਾਅਰੇ ਬੁਲੰਦ ਕਰ ਰਹੇ ਸਨ।
ਸ਼ਾਮ ਦੇ 7 ਵਜੇ ਲੋਕਾਂ ਦਾ ਇਹ ਸਾਰਾ ਹਜ਼ੂਮ ਇਕ ਵੱਡੇ ਮੈਦਾਨ ਵਿਚ ਆ ਜੁੜਿਆ ਜਿਥੇ ਸ਼ਹੀਦ ਚੰਦਰਸ਼ੇਖਰਨ ਦੀ ਕੁਰਬਾਨੀ ਨੂੰ ਦਰਸਾਉਦਾ ਹੋਇਆ ਇਕ ਵਿਸ਼ਾਲ ਮੰਚ ਤਿਆਰ ਕੀਤਾ ਗਿਆ ਸੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਵਿਚ ਉਚ ਵਿੱਦਿਆ ਹਾਸਲ ਕਰਕੇ ਇਨਕਲਾਬੀ ਲਹਿਰ ਵਿਚ ਸ਼ਾਮਲ ਹੋਏ ਸਾਥੀ ਪ੍ਰਸਨਜੀਤ ਬੋਸ, ਸਾਥੀ ਹਰੀਹਰਨ ਜਨਰਲ ਸਕੱਤਰ ਲੈਫਟ ਕੋਆਰਡੀਨੇਸ਼ਨ ਕਮੇਟੀ ਕੇਰਲਾ, ਸ਼ਹੀਦ ਦੀ ਧਰਮ ਪਤਨੀ ਕਾਮਰੇਡ ਰੇਮਾ, ਇਸ ਰਿਪੋਰਟ ਦੇ ਲੇਖਕ ਅਤੇ ਹੋਰ ਬਹੁਤ ਸਾਰੇ ਆਗੂਆਂ ਨੇ ਇਸ ਵੱਡੀ ਜਨਤਕ ਰੈਲੀ ਨੂੰ ਸੰਬੋਧਨ ਕੀਤਾ। ਸਭ ਦਾ ਸਾਂਝਾ ਵਿਸ਼ਾ ਸੀ ਸਾਥੀ ਚੰਦਰਸ਼ੇਖਰਨ  ਦੀ ਸ਼ਹਾਦਤ, ਉਸਦੀ ਮਾਰਕਸੀ ਸੋਚ ਤੇ ਇੰਨਕਲਾਬੀ ਅਮਲ। ਸਭ ਨੇ ਇਸ ਕਤਲ ਦੇ ਜਿੰਮੇਵਾਰ ਲੋਕਾਂ ਲਈ ਢੁਕਵੀਂ ਸਜ਼ਾ ਦੀ ਮੰਗ ਕੀਤੀ। ਸ਼ਹੀਦ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇਨਕਲਾਬੀ ਸਿਧਾਂਤ (ਮਾਰਕਸਵਾਦ-ਲੈਨਿਨਵਾਦ)  ਦਾ ਝੰਡਾ ਬੁਲੰਦ ਰੱਖਣ ਦਾ ਸੱਦਾ ਦਿੱਤਾ ਗਿਆ। ਰਾਤ ਨੂੰ 10.15 ਵਜੇ ਜਿਸ ਸਮੇਂ ਸ਼ਹੀਦ ਚੰਦਰਸ਼ੇਖਰਨ ਨੇ ਸ਼ਹਾਦਤ ਦਾ ਜਾਮ ਪੀਤਾ ਸੀ, ਐਨ ਉਸੇ ਵਕਤ ਸਮਾਗਮ ਵਿਚ ਇੱਕ ਸ਼ਹੀਦੀ ਗੀਤ ਗਾਇਆ ਗਿਆ ਜਿਸਨੂੰ ਹਜ਼ਾਰਾਂ ਲੋਕਾਂ ਨੇ ਖੜੇ ਹੋ ਕੇ ਸੁਣਿਆ ਤੇ ਸ਼ਹੀਦ ਦੀ ਯਾਦ ਵਿਚ ਨਾਅਰੇ ਬੁਲੰਦ ਕੀਤੇ। ਮੈਨੂੰ ਵੀ ਇਸ ਯਾਦਗਾਰੀ ਸਮਾਗਮ ਵਿਚ ਬੋਲਣ ਦਾ ਮੌਕਾ ਮਿਲਿਆ ਜੋ ਮੇਰੇ ਰਾਜਸੀ ਜੀਵਨ ਦੀ ਇਕ ਯਾਦਗਾਰੀ ਘਟਨਾ ਬਣਕੇ ਮੇਰੇ ਮਨ ਉਪਰ ਸਦੀਵੀ ਤੌਰ 'ਤੇ ਉਕਰਿਆ ਗਿਆ ਹੈ। 
ਕੇਰਲਾ ਦੀ ਲੈਫਟ ਕੋਆਰਡੀਨੇਸ਼ਨ  ਕਮੇਟੀ ਅਤੇ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ (ਆਰ.ਐਮ.ਪੀ) ਵਲੋਂ ਸ਼ਹੀਦ ਸਾਥੀ ਟੀ.ਪੀ. ਚੰਦਰਸ਼ੇਖਰਨ ਦੀ ਯਾਦ ਵਿਚ ਪੂਰਾ ਹਫਤਾ ਵੱਖ-ਵੱਖ ਸਮਾਰੋਹਾਂ ਦਾ ਆਯੋਜਨ ਕੀਤਾ ਗਿਆ; ਜਿਸ ਵਿਚ ਆਲ ਇੰਡੀਆ ਲੈਫਟ ਕੋ-ਆਰਡੀਨੇਸ਼ਨ, ਲੈਫਟ ਕੁਲੈਕਟਿਵ ਦਿੱਲੀ, ਮਾਰਕਸਵਾਦੀ ਕਮਿਊਨਿਸਟ ਪਾਰਟੀ ਤਾਮਿਲਨਾਡੂ ਤੇ ਕਾਮਰੇਡ ਗੋਦਾਵਰੀ ਪਰੂਲੇਕਰ ਮੰਚ ਮਹਾਂਰਾਸ਼ਟਰਾ ਦੇ ਵੱਖ-ਵੱਖ ਆਗੂਆਂ ਨੇ ਭਾਗ ਲਿਆ। 'ਅਜੋਕੀ ਅਵਸਥਾ ਅਤੇ ਖੱਬੀ ਲਹਿਰ ਦਾ ਭਵਿੱਖ' ਵਿਸ਼ੇ ਉਪਰ 2 ਮਈ 2013 ਨੂੰ ਕਾਲੀਕਟ ਵਿਖੇ ਇਕ ਸੈਮੀਨਾਰ ਕੀਤਾ ਗਿਆ ਜਿਸ ਵਿੱਚ ਉਪਰੋਕਤ ਆਗੂਆਂ/ਖੱਬੇ ਪੱਖੀ ਬੁੱਧੀਜੀਵੀਆਂ ਤੋਂ ਬਿਨਾਂ ਕੇਰਲਾ ਦੀ ਸੀ.ਪੀ.ਆਈ ਦੇ ਇਕ ਸੂਬਾਈ ਆਗੂ ਵਲੋਂ ਵੀ ਵਿਚਾਰ ਪੇਸ਼ ਕੀਤੇ ਗਏ। ਇਨ੍ਹਾਂ ਸ਼ਰਧਾਂਜਲੀ ਸਮਾਗਮਾਂ ਸਮੇਂ ਸ਼ਹੀਦ ਸਾਥੀ ਟੀ.ਪੀ.ਚੰਦਰਸ਼ੇਖਰਨ ਦੇ ਜੀਵਨ ਬਾਰੇ ਖੂਬਸੂਰਤ ਲੇਖਾਂ ਅਤੇ ਸ਼ਹੀਦ ਨੂੰ ਸਮਰਪਿਤ ਕਵਿਤਾਵਾਂ ਦੀਆਂ ਕਈ ਕਿਤਾਬਾਂ ਜਾਰੀ ਕੀਤੀਆਂ ਗਈਆਂ।    
ਕੇਰਲਾ ਵਿਚ ਕਮਿਊਨਿਸਟ ਪਾਰਟੀ ਦੀ ਨੀਂਹ ਆਜ਼ਾਦੀ ਦੀ ਲੜਾਈ ਦੌਰਾਨ ਹੀ ਰੱਖੀ ਗਈ ਸੀ। ਅਸਲ ਵਿਚ ਭਾਰਤ ਦੀ ਆਜ਼ਾਦੀ ਲਈ ਲੜੇ ਜਾ ਰਹੇ ਸੰਗਰਾਮ ਦੀ ਕੇਰਲਾ ਅੰਦਰ ਵਾਗਡੋਰ ਮੁੱਖ ਰੂਪ ਵਿਚ ਕਮਿਊਨਿਸਟ ਅਤੇ ਹੋਰ ਅਗਾਂਹਵਧੂ ਆਗੂਆਂ ਦੇ ਹੱਥਾਂ ਵਿਚ ਹੀ ਸੀ। ਇਨ੍ਹਾਂ ਵਿਚ ਸਾਥੀ ਈ.ਐਮ.ਐਸ. ਨੰਬੂਦਰੀਪਾਦ, ਏ.ਕੇ. ਗੋਪਾਲਨ ਤੇ ਕਰਿਸ਼ਨਾ ਪਿੱਲੇ ਦੇ ਨਾਮ ਵਰਨਣਯੋਗ ਹਨ। ਇਨ੍ਹਾਂ ਆਗੂਆਂ ਅਤੇ ਹੋਰ ਅਣਗਿਣਤ ਕਮਿਊਨਿਸਟਾਂ ਦਾ ਕੁਰਬਾਨੀਆਂ ਭਰਿਆ ਇਨਕਲਾਬੀ ਤੇ ਸਾਦਾ ਜੀਵਨ ਇਕੱਲੇ ਕੇਰਲਾ ਵਾਸੀਆਂ ਲਈ ਹੀ ਨਹੀਂ, ਸਗੋਂ ਸਮੁੱਚੇ ਦੇਸ਼ ਲਈ ਪ੍ਰੇਰਨਾ ਦਾ ਸਰੋਤ ਹੈ। ਕਮਿਊਨਿਸਟ ਲਹਿਰ ਦੀ ਮਜ਼ਬੂਤੀ ਤੇ ਲੋਕਾਂ ਵਿਚ ਪਕੜ ਦਾ ਅੰਦਾਜ਼ਾ, ਇਸ ਤੱਥ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ 1957 ਵਿਚ ਚੁਣੀ ਹੋਈ ਪਹਿਲੀ ਸੂਬਾਈ ਕਮਿਊਨਿਸਟ ਸਰਕਾਰ ਕੇਰਲਾ ਪ੍ਰਾਂਤ ਅੰਦਰ ਹੀ ਹੋਂਦ ਵਿਚ ਆਈ ਸੀ। ਸਾਥੀ ਨੰਬੂਦਰੀਪਾਦ ਦੇਸ਼ ਦੇ ਪਹਿਲੇ ਕਮਿਊਨਿਸਟ ਮੁੱਖ ਮੰਤਰੀ ਬਣੇ। ਪ੍ਰੰਤੂ ਇਹ ਬਦਕਿਸਮਤੀ ਦੀ ਗੱਲ ਹੈ ਕਿ ਹਜ਼ਾਰਾਂ ਲੋਕਾਂ ਦੇ ਖੂਨ ਪਸੀਨੇ ਨਾਲ ਉਸਰੀ ਕਮਿਊਨਿਸਟ ਲਹਿਰ ਨੂੰ ਅੱਜ ਦੀ ਸੀ.ਪੀ.ਆਈ. (ਐਮ) ਦੀ ਮੌਕਾਪ੍ਰਸਤ ਰਾਜਨੀਤੀ ਤੇ ਬੌਣੀ ਲੀਡਰਸ਼ਿਪ ਨੇ ਤਬਾਹ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸੇ ਸੰਦਰਭ ਵਿਚ ਜਦੋਂ ਸਾਥੀ ਟੀ.ਪੀ.ਚੰਦਰਸ਼ੇਖਰਨ ਨੇ 2008 ਵਿਚ ਸੀ.ਪੀ.ਆਈ.(ਐਮ) ਦੇ ਵਿਚਾਰਧਾਰਕ ਤੇ ਰਾਜਨੀਤਕ ਭਟਕਾਅ ਵਿਰੁੱਧ ਬਗਾਵਤ ਦਾ ਝੰਡਾ ਚੁੱਕਿਆ, ਤਦ ਇਸ ਕਦਮ ਨੂੰ ਵੱਡੀ ਪੱਧਰ ਉਤੇ ਸਰਾਹਿਆ ਗਿਆ। ਇਸੇ ਅਸੂਲਪ੍ਰਸਤੀ ਉਤੇ ਖੜ੍ਹੇ ਹੋਣ ਕਾਰਨ ਸਾਰੇ ਕੇਰਲਾ ਦੇ ਅਗਾਂਹਵਧੂ ਤੇ ਖੱਬੇ ਪੱਖੀ ਲੋਕਾਂ ਦਾ ਧਿਆਨ ਸਾਥੀ ਟੀ.ਪੀ. ਚੰਦਰਸ਼ੇਖਰਨ ਦੀ ਸ਼ਹੀਦੀ ਨੇ ਆਪਣੇ ਵੱਲ ਖਿੱਚਿਆ। ਇਸ ਸ਼ਹੀਦੀ ਤੋਂ ਬਾਅਦ ਸਾਥੀ ਚੰਦਰਸ਼ੇਖਰਨ ਵਲੋਂ ਸਥਾਪਤ ਕੀਤੀ ਗਈ ਕਮਿਊਨਿਸਟ ਪਾਰਟੀ (ਰੈਵੀਲਿਊਸ਼ਨਰੀ ਮਾਰਕਸਿਸਟ ਪਾਰਟੀ-ਆਰ.ਐਮ.ਪੀ.) ਆਪਣੀ ਇਨਕਲਾਬੀ ਰਾਜਨੀਤੀ ਸਦਕਾ ਇਕ ਜ਼ਿਲ੍ਹੇ ਤੋਂ ਬਾਅਦ ਦੂਸਰੇ ਜ਼ਿਲ੍ਹੇ ਵਿਚ ਫੈਲਦੀ ਹੋਈ ਪੂਰੇ ਕੇਰਲਾ ਦੇ ਲੋਕਾਂ ਵਿਚ ਆਪਣੇ ਪੈਰ ਜਮਾ ਰਹੀ ਹੈ। ਸਰਮਾਏਦਾਰ-ਜਗੀਰਦਾਰ ਜਮਾਤਾਂ ਦੀਆਂ ਮੌਜੂਦਾ ਸਰਕਾਰਾਂ ਦੀਆਂ ਨਵਉਦਾਰਵਾਦੀ ਨੀਤੀਆਂ ਤੋਂ ਆਮ ਲੋਕ ਡਾਢੇ ਦੁਖੀ ਹਨ। ਉਹ ਇਨ੍ਹਾਂ ਨੀਤੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਇਸ ਕੰਮ ਲਈ ਅੱਜ ਸਮੁੱਚੀਆਂ ਖੱਬੇ ਪੱਖੀ ਜਮਹੂਰੀ ਅਤੇ ਹੋਰ ਸੰਘਰਸ਼ਸ਼ੀਲ ਅਗਾਂਹਵਧੂ ਸ਼ਕਤੀਆਂ ਦੀ ਏਕਤਾ ਤੇ ਸਾਂਝੇ ਸੰਘਰਸ਼ ਦੀ ਵੱਡੀ ਜ਼ਰੂਰਤ ਹੈ ਤਾਂ ਕਿ ਮੌਜੂਦਾ ਸਾਮਰਾਜ ਨਿਰਦੇਸ਼ਤ ਆਰਥਿਕ ਨੀਤੀਆਂ ਦੇ ਮੁਕਾਬਲੇ ਵਿਚ ਇਕ ਦੇਸ਼ ਪੱਧਰੀ ਲੋਕ ਪੱਖੀ ਮੁਤਬਾਦਲ ਉਸਾਰਿਆ ਜਾ ਸਕੇ। ਅਜਿਹਾ ਮੁਤਬਾਦਲ ਹੀ ਵਧ ਰਹੀ ਮਹਿੰਗਾਈ, ਗਰੀਬੀ, ਬੇਕਾਰੀ, ਭਰਿਸ਼ਟਾਚਾਰ, ਅਨਪੜ੍ਹਤਾ ਤੇ ਸਰਕਾਰ ਦੀਆਂ ਵੱਧ ਰਹੀਆਂ ਗੈਰ-ਜਮਹੂਰੀ 'ਕਾਰਵਾਈਆਂ' ਨੂੰ ਠੱਲ੍ਹ ਪਾ ਸਕਦਾ ਹੈ। ਰਵਾਇਤੀ ਖੱਬੀ ਧਿਰ, ਖਾਸਕਰ ਸੀ.ਪੀ.ਆਈ. (ਐਮ), ਇਹ ਸਾਰਾ ਕੁੱਝ ਕਰਨ ਦੇ ਯੋਗ ਸਿੱਧ ਨਹੀਂ ਹੋ ਰਹੀ, ਬਲਕਿ ਪਾਰਲੀਮਾਨੀ ਮੌਕਾਪ੍ਰਸਤੀ ਦੇ ਕੁਰਾਹੇ ਪੈ ਕੇ ਪੂਰੀ ਤਰ੍ਹਾਂ ਸੋਸ਼ਲ ਡੈਮੋਕਰੇਟਿਕ ਪਾਰਟੀ ਵਿਚ ਤਬਦੀਲ ਹੋ ਗਈ ਹੈ। ਇਸ ਲਈ ਅੱਜ ਦੇਸ਼ ਪੱਧਰ 'ਤੇ ਮਾਰਕਸਵਾਦ ਲੈਨਿਨਵਾਦ ਦੀ ਵਿਗਿਆਨਕ ਵਿਚਾਰਧਾਰਾ ਉਪਰ ਅਧਾਰਤ ਇਕ ਇਨਕਲਾਬੀ ਕਮਿਊਨਿਸਟ ਪਾਰਟੀ ਦੀ ਉਸਾਰੀ ਸਮੇਂ ਦੀ ਮੁੱਖ ਲੋੜ ਬਣ ਗਈ ਹੈ, ਜੋ ਜਮਾਤੀ ਸੰਘਰਸ਼ਾਂ ਦੀ ਅਲੰਬਰਦਾਰ ਬਣਕੇ ਦੇਸ਼ ਪੱਧਰ ਉਪਰ ਇਕ ਮਜ਼ਬੂਤ ਇਨਕਲਾਬੀ ਲਹਿਰ ਖੜੀ ਕਰਨ ਦੇ ਸਮਰਥ ਹੋਵੇ। ਨਾਲ ਹੀ ਅਜੇਹੀ ਕ੍ਰਾਂਤੀਕਾਰੀ ਪਾਰਟੀ ਜ਼ਿੰਮੇ ਸਮੂਹ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਨੂੰ ਇਕਜੁਟ ਕਰਕੇ ਸਾਂਝੇ ਜਨਤਕ ਘੋਲ ਤੇਜ਼ ਕਰਨ ਦੀ ਜ਼ਿੰਮੇਵਾਰੀ ਵੀ ਆਉਂਦੀ ਹੈ। ਇਸੇ ਕਾਰਨ ਮਿਹਨਤਕਸ਼ ਲੋਕ ਕਮਿਊਨਿਸਟ ਲਹਿਰ ਦੇ ਸਭ ਤੋਂ ਵੱਧ ਮਜ਼ਬੂਤ ਪ੍ਰਾਂਤ ਕੇਰਲਾ ਅੰਦਰ ਸ਼ਹੀਦ ਸਾਥੀ ਟੀ.ਪੀ. ਚੰਦਰਸ਼ੇਖਰਨ ਦੀ ਸ਼ਹਾਦਤ ਦੀ ਵਿਰਾਸਤ ਨੂੰ ਅੱਗੇ ਤੋਰ ਕੇ ਇਕ ਮਜ਼ਬੂਤ ਇਨਕਲਾਬੀ ਲਹਿਰ ਖੜ੍ਹੀ ਕਰਨ ਲਈ ਲਾਮਬੰਦ ਹੋ ਰਹੇ ਹਨ, ਭਾਵੇਂ ਕਿ ਇਹ ਕੰਮ ਬਹੁਤ ਜ਼ੋਖਮ ਭਰਿਆ ਹੈ। ਵਿਚਾਰਧਾਰਕ ਤੌਰ 'ਤੇ ਆਏ ਸੱਜੇ ਤੇ ਖੱਬੇ ਪੱਖੀ ਵਿਗਾੜਾਂ ਵਿਰੁੱਧ ਸੰਘਰਸ਼ ਕਰਦਿਆਂ ਹੋਇਆਂ ਜੇਕਰ ਇਕ ਹਕੀਕੀ ਇਨਕਲਾਬੀ ਲਹਿਰ ਦੀ ਉਸਾਰੀ ਨਾ ਕੀਤੀ ਗਈ ਤਾਂ ਦੇਸ਼ ਵਿਚ ਮੌਜੂਦਾ ਯੂ.ਪੀ.ਏ. ਸਰਕਾਰ ਦੀਆਂ ਨੀਤੀਆਂ ਤੋਂ  ਬਦਜ਼ਨ ਲੋਕਾਂ ਦੁਆਰਾ ਹਾਕਮਾਂ ਵਿਰੁੱਧ ਸਿਰਜੇ ਜਾ ਰਹੇ ਰਾਜਸੀ ਖਲਾਅ ਨੂੰ ਸੱਜੇ ਪੱਖੀ ਫਿਰਕੂ ਫਾਸ਼ੀਵਾਦੀ ਤਾਕਤਾਂ ਵੀ ਭਰ ਸਕਦੀਆਂ ਹਨ, ਜੋ ਦੇਸ਼ ਦੀ ਜਮਹੂਰੀ ਲਹਿਰ ਤੇ ਧਰਮ ਨਿਰਪੱਖ ਸਮਾਜੀ ਤਾਣੇਬਾਣੇ ਲਈ ਡਾਢਾ ਹਾਨੀਕਾਰਕ ਸਿੱਧ ਹੋਵੇਗਾ। 
ਸਾਥੀ ਟੀ.ਪੀ. ਚੰਦਰਸ਼ੇਖਰਨ ਦੀ ਸ਼ਹਾਦਤ ਸਾਡੇ ਤੋਂ ਇਨਕਲਾਬੀ ਲਹਿਰ ਵਿਕਸਤ ਕਰਨ ਲਈ ਹੋਰ ਪਹਿਲਕਦਮੀਆਂ ਤੇ ਕੁਰਬਾਨੀਆਂ ਦੀ ਮੰਗ ਕਰਦੀ ਹੈ। ਸਾਥੀ ਚੰਦਰਸ਼ੇਖਰਨ ਦੀ ਸ਼ਹਾਦਤ ਕੇਰਲਾ ਤੱਕ ਹੀ ਸੀਮਤ ਨਹੀਂ ਹੈ ਬਲਕਿ ਉਹ ਦੇਸ਼ ਪੱਧਰ ਦਾ ਲਾਸਾਨੀ ਸ਼ਹੀਦ ਕਮਿਊਨਿਸਟ ਯੋਧਾ ਹੈ, ਜੋ ਨੌਜਵਾਨ ਪੀੜ੍ਹੀ ਲਈ ਇਕ ਪ੍ਰੇਰਨਾ ਸਰੋਤ ਦੇ ਤੌਰ 'ਤੇ ਉਭਰਿਆ ਹੈ ਅਤੇ ਪੰਜਾਬੀ ਦੇ ਉਘੇ ਗਜ਼ਲਗੋ ਡਾ. ਜਗਤਾਰ ਦੇ ਸ਼ਬਦਾਂ ਵਿਚ ਲੋਕਾਂ ਨੂੰ ਇਹ ਸੱਦਾ ਦਿੰਦਾ ਦਿਖਾਈ ਦੇ ਰਿਹਾ ਹੈ :
ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ
(
ਸੰਗਰਾਮੀ ਲਹਿਰ - ਜੂਨ 2013)

Tuesday, 2 July 2013

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ, ਜੂਨ - 2013)

ਕਹਾਣੀ

ਸਾਰੋ-ਛੈ  - ਲਾਲ ਸਿੰਘ ਦਸੂਹਾ

(ਸਾਰੋ-ਛੈ ਗੁਜਰਾਤੀ ਭਾਸ਼ਾ ਦਾ ਸ਼ਬਦ ਹੈ, ਜਿਸਦਾ ਅਰਥ ਹੈ ''ਠੀਕ ਹੈ''। ਮਿਹਨਤਕਸ਼ ਜਮਾਤ ਦੀ ਕੌਮਾਂਤਰੀ ਸਾਂਝ ਵਜੋਂ ਕਹਾਣੀ ਦਾ ਇਹ ਨਾਂ ਰੱਖਿਆ ਗਿਆ ਹੈ -ਲੇਖਕ )

ਤੰਗ ਗਲੀਆਂ, ਬਾਜ਼ਾਰਾਂ ਤੇ ਤਿੰਨ-ਤਿੰਨ, ਚਾਰ ਚਾਰ ਮੰਜ਼ਲੇ ਘਰਾਂ ਵਾਲੇ ਸ਼ਹਿਰ ਦਾ ਖੁਲ੍ਹਾ-ਮ੍ਹੋਕਲਾ ਪਾਸਾ । ਵੱਡੀ-ਚੌੜੀ ਸੜਕ ਵਿੱਚੋਂ ਨਿਕਲਦੀਆਂ ਖੁਲ੍ਹੀਆਂ-ਛੋਟੀਆਂ ਸੜਕਾਂ । ਨਿਬਲ-ਟੋਏ ਹੋਈਆਂ ਸੜਕਾਂ ਦੇ ਨਾਲ ਨਾਲ ਖੰਭਿਆਂ ਦੀਆਂ ਪਾਲਾਂ। ਖੰਭਿਆਂ ਉੱਤੇ ਬੱਝੀਆਂ ਬਿਜਲੀ ਦੀਆਂ ਮੋਟੀਆਂ-ਪਤਲੀਆਂ ਤਾਰਾਂ ਨਾਲ ਛਾਨਣੀ ਹੋਇਆ ਆਕਾਸ਼ । ਆਕਾਸ਼ ਜਿਸ ਅੰਦਰ ਅੱਠੇ-ਪਹਿਰ ਚਿੱਟੇ-ਕਾਲੇ ਧੂਏਂ ਦਾ ਰਾਜ ਰਹਿੰਦਾ ਹੈ। ਉੱਚੀਆਂ ਲੰਮੀਆਂ ਦਿਓ-ਕੱਦ ਚਿਮਨੀਆਂ 'ਚੋਂ ਉਠਦੇ ਧੂਏਂ ਦੀ ਦੁਰਗੰਧ ਅੰਦਰ ਸਾਹ ਲੈਂਦੇ ਹਜ਼ਾਰਾਂ ਕਾਮੇਂ, ਜਿਨ੍ਹਾਂ ਨੂੰ ਨਿੱਕੇ-ਵੱਡੇ ਕਾਰਖਾਨਿਆਂ ਦੇ ਉੱਚੇ-ਨੀਵੇਂ ਗੇਟਾਂ ਦੇ ਜਬਾੜੇ, ਸਵੇਰੇ ਨਿਗਲ ਕੇ ਤਰਕਾਲਾਂ ਨੂੰ ਗੁਲੱਛਦੇ ਹਨ। ਸ਼ਾਮੀਂ ਹੜਪ ਕੇ ਉਹਨਾਂ ਦੀਆਂ ਹੱਡੀਆਂ ਅਤੇ ਪਿੰਜਰ ਅੱਧੀ ਕੁ ਰਾਤੀਂ ਬਾਹਰ ਸੜਕਾਂ ਉੱਤੇ ਉਲਟੀ ਕਰ ਦਿੰਦੇ ਹਨ । ਫੈਕਟਰੀ-ਏਰੀਏ ਦੀ ਸੱਭ ਤੋਂ ਵੱਡੀ ਫ਼ਰਮ 'ਆਈ ਐਂਡ ਆਈ ਲਿਮਟਿਡ' ਦੇ ਚੈੱਕ ਭਾਈਵਾਲਾਂ ਨੇ ਅੱਧੀ ਰਾਤ ਨੂੰ ਸ਼ੁਰੂ ਹੋਣ ਵਾਲੀ ਗਰੇਵਯਾਰਡ ਸ਼ਿਫ਼ਟ ਇਸ ਲਈ ਬੰਦ ਕਰਵਾ ਦਿੱਤੀ ਹੈ ਕਿ 'ਕੈਯੂਐਲਟੀਆਂ' ਦੀ ਵਧਦੀ ਗਿਣਤੀ ਖਪਾਉਣੀ ਔਖੀ  ਹੋ ਗਈ ਸੀ। ਦੂਜੀ ਸ਼ਿਫ਼ਟ ਵਾਲੇ ਢਲਾਈ-ਕਾਮੇਂ ਦਿਨ ਦੀਆਂ ਤਪਾਈਆਂ ਆਇਲ ਤੇ ਸਟੀਲ ਫ਼ਰਨਿਸ਼ਾਂ ਅੰਦਰ ਢਲਦਾ ਪਿੱਤਲ ਅਤੇ ਦੇਗੀ-ਲੋਹਾ, ਵੱਡੇ ਛੋਟੇ ਸੰਚਿਆਂ ਅੰਦਰ ਪਲਟਾ ਕੇ ਵਿਹਲੇ ਹੋ ਜਾਂਦੇ ਹਨ ਅਤੇ ਆਪਣੇ ਹਾਜ਼ਰੀ ਕਾਰਡਾਂ 'ਤੇ ਕਦੀ ਅੱਧੀ ਤੇ ਕਦੀ ਪੌਣੀ ਦਿਹਾੜੀ ਲਿਖਵਾ ਕੇ ਘਰੋ-ਘਰੀ ਪਰਤ ਜਾਂਦੇ ਹਨ, ਪਰ ਫੈਕਟਰੀ ਦੀਆਂ ਦੂਜੀਆਂ ਸ਼ੈਡਾਂ ਹੇਠ ਅੱਧੀ ਰਾਤ ਨੂੰ ਮੁਕਣ ਵਾਲੀ ਸਵਿੰਗ ਸ਼ਿਫਟ ਪੂਰੀ ਹੋਣ ਤੱਕ,ਉੱਚਾ-ਨੀਵਾਂ ਖੜਾਕ ਹੁੰਦਾ ਰਹਿੰਦਾ ਹੈ ।
ਪੰਜ-ਪੰਜ ਸੌ ਵਾਟ ਦੇ ਬੱਲਬਾਂ ਦੀ ਤੇਜ਼-ਤਰਾਸ਼ ਚਾਨਣੀ ਤੇ ਹੁੰਮਸ ਅੰਦਰ, ਅੱਖਾਂ 'ਤੇ ਚਿੱਟੇ ਖੋਪੇ ਚਾੜ੍ਹੀ ਰਗੜੱਈਏ ਪਾਣੀ ਦੀਆਂ ਨਿੱਕੀਆਂ-ਵੱਡੀਆਂ ਟੂਟੀਆਂ ਦੇ ਨਰਮ ਨਾਜ਼ਰ ਸਰੀਰਾਂ ਤੋਂ 'ਫਾਲਤੂ-ਮਾਲ' ਰਗੜਦੇ ਰਹਿੰਦੇ ਹਨ । ਮਸ਼ੀਨ ਸ਼ਾਪ ਦੀਆਂ ਦਰਜਨਾਂ ਮਸ਼ੀਨਾਂ ਖਰਾਦੀਆਂ ਦੇ ਅਦੜ-ਵੰਜੇ ਮੈਲੇ ਕਪੜਿਆਂ 'ਤੇ ਕਾਲਖ ਦੀਆਂ ਹੋਰ ਤਹਿਆਂ ਚਾੜ੍ਹੀ ਜਾਂਦੀਆਂ ਹਨ, ਤਿਆਰ ਹੋਏ ਪੁਰਜ਼ਿਆਂ ਦੀਆਂ ਢੇਰੀਆਂ, ਫਿਟਰਾਂ ਦੇ ਅੱਡਿਆਂ ਤੋਂ ਲੰਘ ਕੇ ਵੱਡੇ-ਵੱਡੇ ਢੇਰਾਂ ਅੰਦਰ ਬਦਲਦੀਆਂ ਜਾਂਦੀਆਂ ਹਨ ਅਤੇ ਪਾਲਸ਼ੀਆਂ ਦੀਆਂ ਪਾਲਸ਼-ਸਾਣਾਂ ਬੇਜਾਨ ਖੁਰਦਰੀਆਂ ਟੂਟੀਆਂ ਨੂੰ ਚਮਕਾ-ਲਿਸ਼ਕਾ ਕੇ ਜੀਊਂਦੀਆਂ-ਜਾਗਦੀਆਂ, ਮੂੰਹੋਂ-ਬੋਲਦੀਆਂ ਕਰੀ ਜਾਂਦੀਆਂ ਹਨ ।
-----------
'ਆਈ ਐਂਡ ਆਈ' ਦੇ ਵੱਡੇ ਗੇਟੋਂ ਬਾਹਰ ਲਮਕਦੇ ਕਾਲੇ ਫੱਟੇ 'ਤੇ ਪੱਕੇ ਉੱਕਰੇ ਅੱਖਰ 'ਜ਼ਰੂਰਤ ਹੈ'.....'ਹੇਠਾਂ ਚੌਥੇ ਨੰਬਰ 'ਤੇ ਲਿਖੇ '........ਇਕ ਪਾਲਸ਼ੀਏ ਦੀ' ਪੜ੍ਹ ਕੇ, ਸੁੱਚੇ ਨੇ ਗੇਟ 'ਤੇ ਖੜੇ ਗੋਰਖੇ ਤੋਂ ਅੰਦਰ ਜਾਣ ਦੀ ਆਗਿਆ ਮੰਗੀ । ਚੁੰਨ੍ਹੀਆਂ ਅੱਖਾਂ ਵਾਲੇ ਗੁੱਥੇ ਹੋਏ ਬੰਮ ਬਹਾਦਰ ਨੇ ਸੁੱਚੇ ਨੂੰ ਤਾੜਵੀਆਂ ਨਜ਼ਰਾਂ ਨਾਲ ਦੇਖਦਿਆਂ, ਵਰਕਸ-ਮੈਨੇਜਰ ਨੂੰ ਮਿਲਣ ਲਈ ਆਖਿਆ । ਕੈਬਿਨ ਵੱਲ ਇਸ਼ਾਰਾ ਕਰਨ ਲਈ ਬਾਂਹ ਉਪਰ ਚੁਕਦਿਆਂ, ਉਸ ਦੇ ਲੱਕ ਨਾਲ ਲਟਕਦੀ ਖੋਖਰੀ ਸੁੱਚੇ ਦੇ ਖੱਬੇ ਗੁੱਟ 'ਤੇ ਜ਼ੋਰ ਨਾਲ ਵੱਜੀ ।
ਸੱਜੇ ਹੱਥ ਨਾਲ ਖੱਬੇ ਗੁੱਟ ਨੂੰ ਪਲੋਸਦਾ ਸੁੱਚਾ ਪਹਿਲਾਂ ਵਰਕਸ-ਮੈਨੇਜਰ ਦੇ ਚਪੜਾਸੀ ਕੋਲ ਪਹੁੰਚ ਗਿਆ, ਫਿਰ ਉਸ ਦੇ ਕੈਬਿਨ ਅੰਦਰ । ਥੋੜ੍ਹੀ ਜਿਹੀ ਪੁਛ-ਪੜਤਾਲ ਪਿਛੋਂ ਉਸ ਨੂੰ ਟਰਾਈ ਲਈ ਪਾਲਿਸ਼-ਸ਼ਾਪ ਭੇਜ ਦਿੱਤਾ ਗਿਆ ।
" ਕਿਤਨੇ ਦਾਮ ਕਾ ਕਾਰੀਗਰ ਹੈ?  ਵਰਕਸ-ਮੈਨੇਜਰ ਨੇ ਗੁਜਰਾਤੀ ਫੋਰਮੈਨ ਨੂੰ ਦਫ਼ਤਰ ਬੁਲਾ ਕੇ ਪੁਛਿਆ ।
"ਸਾਰੋ ਛੈ, ਸਿਰ ਹਿਲਾਉਂਦਿਆਂ ਫੋਰਮੈਨ ਨੇ ਸੁੱਚੇ ਦੇ ਕੀਤੇ ਕੰਮ ਨੂੰ ਪਸੰਦ ਕਰਦਿਆਂ ਉੱਤਰ ਦਿੱਤਾ ।
ਫੋਰਮੈਨ ਦਾ ਹੁੰਗਾਰਾ ਮਿਲਣ 'ਤੇ ਵਰਕਸ-ਮੈਨੇਜਰ ਨੇ ਸੁੱਚੇ ਨੂੰ ਸੱਦ ਕੇ ਘੋਖ-ਪੜਤਾਲ ਕੀਤੀ - ਕਿਆ ਨਾਮ ਹੈ ...? "
" ਸੁੱਚਾ ਸਿੰਘ । "
" ਪਹਿਲੇ ਕਿਧਰ ਕਾਮ ਕਰਤਾ ਥਾ? "
" ਰਾਸ਼ਟਰੀਆ ਸਟੀਲ ਕੰਪਨੀ ਵਿੱਚ ।"
 "ਉਧਰ ਸੇ ਕਿਉਂ ਛੋੜਾ .....?"
"ਜੀ ...ਈ ਮੈਂ ਬਿਮਾਰ ਹੋ ਗਿਆ .....ਉਨ੍ਹਾਂ ਬੰਦਾ ਰੱਖ ਲਿਆ, " ਵੇਲਾ ਟਾਲਣ ਲਈ ਸੁੱਚੇ ਨੇ ਪਹਿਲੋਂ ਘੜਿਆ ਉੱਤਰ ਫੱਟਾ-ਫਟ ਬੋਲ ਦਿੱਤਾ ।
" ਦੇਖੋ ਸੂਚਾ ਸੀਂਘ ....ਅਬੀ ਤੁਮਹਾਰੀ ਕੱਚੀ ਟਰਾਈ ਹੂਆ ਹੈ , ਪੱਕੀ ਫਿਰ ਹੋਗਾ, ...ਜ਼ਰਾ ਪਾਰਗਰੈਸ ਦਿਖਾਓ , ਫਿਰ ਤਨਖਾਹ ਫਿੱਟ ਕਰੇਗਾ, " ਘਾਗ ਮੈਨੇਜਰ ਨੇ ਉਸ ਨੂੰ ਅਗਾਉਂ ਵਗਲ ਲਿਆ ।
ਸੋਚੀਂ ਪਿਆ ਸੁੱਚਾ ਮੈਨੇਜਰ ਦੀ ਗੱਲ ਸੁਣ ਕੇ ਕੁਝ ਪਲਾਂ ਲਈ ਸੁੰਨ ਜਿਹਾ ਹੋ ਗਿਆ ।
"ਦੇਖੋ , ਏਕ ਔਰ ਜ਼ਰੂਰੀ ਬਾਤ .........ਕਿਸੇ ਦੂਸਰੇ ਪਾਲਸ਼ੀਏ ਸੇ ਕੋਈ ਕਾਨਾ-ਫੂਸੀ ਨਹੀਂ ਕਰਨਾ ...ਆਪਨੇ ਕਾਮ ਸੇ ਕਾਮ ਰਖਨਾ ....ਬੱਸ । "
ਇਕ ਪਾਸੇ, ਮਹੀਨੇ ਭਰ ਦੀ ਬੇਕਾਰੀ ਦੀਆਂ ਠ੍ਹੋਕਰਾਂ, ਦੂਜੇ ਪਾਸੇ ਸਾਥੀ ਕਾਰੀਗਰਾਂ ਨਾਲ ਬੋਲਣ ਦੀ ਮਨਾਹੀ ....ਸੁੱਚੇ ਦੀ ਦੋ-ਚਿੱਤੀ ਹੋਰ ਪੀਡੀ ਹੁੰਦੀ ਗਈ ।
ਚਾਨਚੱਕ ਫੋਰਮੈਨ ਨੇ ਉਸ ਦਾ ਮੋਢਾ ਥਾਪੜਦਿਆਂ ਆਖਿਆ- ਆਂ...ਹਾਂ, ਨਾਨਾ ਭਾਈ ਸਾਰੋ ਛੈ ? "
ਥਾਪੀ ਅੰਦਰਲੀ ਅਪਣਤ ਨੂੰ ਭਾਂਪਦਿਆਂ ਸੁੱਚੇ ਦੀ ਧੁੰਦਲੀ ਸੋਚ ਪਲਾਂ ਅੰਦਰ ਹੀ ਉੱਡ-ਪੁੱਡ ਗਈ । ਉਸ ਨੇ ਬੜੇ ਠਰੱਮੇ ਨਾਲ ਦੋਹਰੇ ਅਰਥਾਂ ਵਾਲੀ 'ਜੀ....ਈ' ਆਖ ਕੇ ਅੱਡਾ ਸਾਂਭ ਲਿਆ ।
-------------
ਤੇਰਾ ਅੱਡਾ ਬੜਾ ਨੈਹਸ਼ ਐ ਪੰਜਾਹਾਂ ਨੂੰ ਢੁਕਦੇ ਪਾਲਸ਼ੀਏ ਪਿਰਥੀ ਨੇ ਦੂਜੇ ਦਿਨ ਰੋਟੀ ਦੀ ਛੁੱਟੀ ਵੇਲੇ ਸੁੱਚੇ ਨੂੰ ਆਖਿਆ ।
"ਕਿਉਂ ....? ਤ੍ਰਬਕ ਕੇ ਸੁੱਚੇ ਨੇ ਕਾਰਨ ਜਾਨਣਾ ਚਾਹਿਆ ।
"ਮੇਰੇ ਦੇਖਦਿਆਂ, ਇਨ੍ਹੇ ਕਿੰਨ੍ਹੇ ਈ ਬੰਦੇ ਖਾਧੇ ਨੇ । "
" ਉਹ ਕਿੱਦਾਂ ? "
" ਜੇੜ੍ਹਾ ਵੀ ਇਥੇ ਬੈਠਦਾ, ਛੇਈਂ ਕੁ ਮਹੀਨੀਂ ਅੱਧੀ-ਪੱਚਦੀ ਤਨਖਾਹ ਮਰਵਾ ਕੇ ਤੁਰਦਾ ਬਣਦਾ । ਕੋਈ ਭਲਾਈ-ਦਫ਼ਤਰਾਂ ਦੇ ਚੱਕਰ ਕੱਟਦਾ, ਕੋਈ ਲੇਬਰ-ਕੋਰਟਾਂ ਦੇ ਧੱਕੇ ਖਾਂਦਾ ....ਫੀਲਾ ਤਾਂ ਬਚਾਰਾ, ਐਸ ਅੱਡੇ ਦਾ ਮਾਰਿਆ ਜਹਾਨੋਂ ਈ ਤੁਰਦਾ ਬਣਿਆ। ਉਹਦੀ ਤਿੰਨਾਂ ਮਹੀਨਿਆਂ ਦੀ ਤਨਖਾਹ ਤੇ ਸਾਲ ਭਰ ਦਾ ਬੋਨਸ ਵੀ ਮਾਲਕ ਆਪੇ ਹੀ ਹੜੱਪ ਕਰ ਗਏ । "
" ਉਹ ਕਿਉਂ? ਸੁੱਚਾ ਸਾਰੀ ਗੱਲ ਜਾਣਨ ਲਈ ਪਿਰਥੀ ਦੇ ਹੋਰ ਲਾਗੇ ਸਰਕ ਗਿਆ ।
" ....ਕਿਸੇ ਬਾਹਰਲੇ ਮੁਲਕ ਨੂੰ ਗਏ ਮਾਲ ਦਾ ਭਾਰ ਘੱਟ ਨਿਕਲਿਆ । ਅਗਲੇ ਸਾਈਆਂ ਨੇ ਸਾਰੇ ਦਾ ਸਾਰਾ ਈ ਫੈਕਟਰੀ ਨੂੰ ਬਰੰਗ ਕਰ ਦਿੱਤਾ । ...ਪਹਿਲਾਂ ਆਖਦੇ ਗਏ, ਫੀਲਾ ਸਿਆਂ, ਮਾਲ ਬਾਰ੍ਹ ਜਾਣਾ , ਹੱਥ ਜ਼ਰਾ ਸੁਥਰਾ ਰੱਖੀਂ ....ਪਿਛੋਂ ਹਾਅ ਚੰਦ ਚਾੜ੍ਹ 'ਦਿੱਤਾ।'' "
''ਇਦ੍ਹੇ ਵਿਚ ਫੀਲੇ ਦਾ ਕੀ ਕਸੂਰ?'' ਸੁੱਚੇ ਨੇ ਫਿਕਰਮੰਦ ਹੋ ਕੇ ਪੁਛਿਆ।''
''ਕਸੂਰ ਤਾਂ ਉਦ੍ਹਾ ਰੱਤੀ ਭਰ ਵੀ ਨਈਂ, ਪਰ .....ਜ਼ੋਰਾਬਰਾਂ ਦਾ ਨਜ਼ਲਾ ਤਾਂ ਮ੍ਹਾਤੜਾਂ' ਤੇ ਈ ਡਿਗਦੈ ਹਰ ਵਾਰੀ ....!'' "
''ਲੇਬਰ ਅਫ਼ਸਰ ਕੋਲ ਰੀਪੋਟ ਕਰਨੀ ਸੀ ।'' "
''ਕੀਤੀ ਸੀ ....ਪਰ ਹਰ ਕੋਈ ਚੜ੍ਹਦੇ ਸੂਰਜ ਨੂੰ ਈ ਸਲਾਮਾਂ ਕਰਦਾ, ਸਭ ਅਪਸਰ-ਉਪਸਰ ਪੈਹੇ ਨਾਲ ਖਰੀਦੇ ਜਾਂਦੇ ਆ ।'' "
''ਯੂਨੀਅਨ ਵਾਲਿਆਂ ਨੂੰ ਨਈਂ ਦੱਸਿਆ?'' "
''ਦੱਸਿਆ ਕਿਉਂ ਨਹੀਂ ! ਉਹ ਵੀ ਕੇਸ ਲੜਨ ਤੋਂ ਅੱਗੋਂ ਈ ਛੇਮਾਂ ਹਿੱਸਾ ਮੰਗਦੇ ਸੀ ।'' "
''ਬਹੁਤ ਮਾੜੀ ਗੱਲ ਹੋਈ!''"
''ਮਾੜੀ ਜੇਹੀ ਮਾੜੀ ..........ਜਣਾ 'ਕੱਲਾ ਈ ਡੱਟਿਆ ਰਿਆ । ਰਾਤ ਨੂੰ ਲੁਕ-ਛਿਪ ਕੇ ਕਿਤੇ ਹੋਰਥੇ ਕੰਮ ਕਰਦਾ, ਦਿਨੇ ਦਫ਼ਤਰਾਂ ਦੇ ਚੱਕਰ ਮਾਰਦਾ ।'' "
''ਤੁਹਾਡੇ ਵਿਚੋਂ ਕਿਸੇ ਨੇ ਆਸਰਾ ਨਈਂ ਦਿਤਾ ।'' "
''ਆਸਰਾ ਕੀ ਦਿੰਦੇ ...ਉਹਨੂੰ ਅਗਲਿਆਂ ਊਈਂ ਜਹਾਨੋਂ ਤੁਰਦਾ ਕਰ ਦਿੱਤਾ ..ਤਰੀਕ ਭੁਗਤ ਕੇ ਮੁੜਦਿਆਂ ਜੀਪ ਤੇਜ਼ ਕਰ ਕੇ ਉਹਦੇ ਸੈਕਲ 'ਚ ਮਾਰੀ । ਪੱਕੀ 'ਤੇ ਸਿਰ ਭਾਰ ਡਿੱਗ ਕੇ ਉਹ ਵਿਚਾਰਾ ਥੈਂਹ ਈ ਦਮ ਤੋੜ ਗਿਆ ....। ਦੇ -ਦੁਆ ਕੇ ਅਗਲਿਆਂ ਉਹ ਕੇਸ ਵੀ ਖੁਰਦ-ਬੁਰਦ ਕਰ ਇੱਤਾ । ਅਖੇ , ਮਰਨ ਆਲਾ  ਗ਼ਲਤ ਹੱਥੇ ਸੀ ।'' "
''ਫਿਰ ....ਕੁਝ ਨਈਂ ਬਣਿਆ ਉਸ ਦਾ ....?'' "
''ਬਨਣਾ ਕੀ ਸੀ ? ਜੇੜ੍ਹਾ ਵੀ ਸਿਰ ਚੁਕਦਾ ਉਦ੍ਹਾ ਆਪਣਾ ਟੱਬਰ-ਟੀਰ ਭੁੱਖਾ ਮਰਦਾ ...ਨਾਲੇ ਕੌਣ ਕਿਸੇ ਦੀ ਮੌਤੇ ਮਰਦਾ ...!'' "
------------
ਦੋ-ਦੋ, ਚਾਰ-ਚਾਰ ਮੰਜ਼ਲੇ ਚੁਬਾਰਿਆਂ ਦੀਆਂ ਤੰਗ-ਗਲੀਆਂ ਵਾਲੇ ਸ਼ਹਿਰ ਦਾ ਖੁੱਲਾ-ਮ੍ਹੋਕਲਾ ਪਾਸਾ । ਚੌੜ੍ਹੀਆਂ ਖੁਲੀਆਂ ਸੜਕਾਂ ਵਿਚਕਾਰ ਵੱਡੇ-ਵੱਡੇ ਇਹਾਤਿਆਂ ਅੰਦਰ ਉਸਰੀਆਂ ਰੰਗ-ਬਿਰੰਗੀਆਂ ਉੱਚੀਆਂ ਨੀਵੀਆਂ ਕੋਠੀਆਂ । ਕੋਠੀਆਂ ਨਾਲ ਜੁੜਵੇਂ ਬਰਾਂਡਿਆਂ ਨੂੰ ਛਾਂ ਕਰਦੀਆਂ ਨੀਲੀਆਂ ਪੀਲੀਆਂ ਚਿੱਕਾਂ । ਚਿੱਕਾਂ ਲਾਗਲੀਆਂ ਤਾਕੀਆਂ ਵਿੱਚ ਫਿੱਟ ਕੀਤੇ ਰੂਮ-ਕੂਲਰ ।
ਹਰੇ-ਕਚੂਰ ਮਖ਼ਮਲੀ ਘਾਹ ਨਾਲ ਢੱਕੀ ਇਕ ਖੁਲ੍ਹੀ ਲਾਅਨ , ਪੀਲੇ ਰੰਗ ਦੀ ਨਿੱਕੀ ਕੋਠੀ ਨਾਲ ਜੁੜਦੀ ਹੋਈ । ਕੋਠੀ ਦੇ ਵੱਡੇ ਕਮਰੇ ਅੰਦਰ ਵਿਛੇ ਰੰਗਦਾਰ ਕਲੀਨ ਉਤੇ, ਮਜ਼ਦੂਰ-ਭਲਾਈ ਅਫ਼ਸਰ ਦਾ ਮੇਜ਼ ਸਜਿਆ ਹੋਇਆ ਹੈ । ਸੱਜੇ ਹੱਥ ਟਿਕਾਏ ਸੋਫਾ-ਸੈੱਟ ਉਤੇ 'ਆਈ ਐਂਡ ਆਈ ਲਿਮਟਿਡ' ਦਾ ਮੈਨੇਜਿੰਗ ਡਰਾਇਰੈਕਟਰ ਤੇ ਉਸ ਦਾ ਸਟੈਨੋ ਬਿਰਾਜਮਾਨ ਹਨ । ਖੱਬੇ ਹੱਥ ਪਈਆਂ ਲੋਹੇ ਦੀਆਂ ਕੁਰਸੀਆਂ 'ਤੇ ਉਸੇ ਫੈਕਟਰੀ ਦੀ ਪਾਲਿਸ਼ ਸ਼ਾਪ ਦੇ ਸਾਰੇ ਦੇ ਸਾਰੇ ਪਾਲਸ਼ੀਏ ਬੈਠੇ ਹਨ । ਸਾਰੇ ਵਾਕਫ਼ ਹੋਣ 'ਤੇ ਵੀ ਇਕ ਦੂਜੇ ਵਲ ਨਾਵਾਕਫਾਂ ਵਾਂਗ ਦੇਖਦੇ ਹਨ ।
ਪਾਲਸ਼ੀਏ ਸੁੱਚੇ ਨੇ ਲੇਬਰ ਅਫ਼ਸਰ ਦੇ ਕਮਰੇ ਦਾ ਪਰਦਾ ਥੋੜ੍ਹਾ ਪਾਸੇ ਸਰਕਾਂਉਦਿਆਂ, ਬੜੇ ਸਲੀਕੇ ਨਾਲ ਅੰਦਰ ਆਉਣ ਦੀ ਆਗਿਆ ਮੰਗੀ । ਉਸ ਦੇ ਪਿਛੇ ਇਕ ਲੰਮੀ ਪਤਲੀ ਇਸਤਰੀ, ਸੋਕੜੇ ਦੀ ਬੀਮਾਰ ਬੱਚੀ ਮੋਢੇ ਲਾਈ, ਅੰਦਰ ਆਉਂਦੀ ਹੈ ।
''ਇਹ ਹੈ ਜੀ ਨਾਮੋ....., ਫੀਲੇ ਦੀ ਘਰਵਾਲੀ, ਉਹਦੇ ਬਣਦੇ ਬਕਾਏ ਦੀ ਵਾਰਸ''" ਸੁੱਚੇ ਦੇ ਬੋਲਾਂ ਅੰਦਰ ਦ੍ਰਿੜਤਾ ਦੀ ਸੁਰ ਹੈ ।
''ਇਦ੍ਹਾ ਕਾਈ ਹਿਸਾਬ-ਸੂਬ੍ਹ ਬਾਕੀ ਨਈਂ''," ਸਟੈਨੋ ਨਿਗਾਹ ਦੀਆਂ ਢਿਲਕੀਆਂ ਐਨਕਾਂ ਉਪਰ ਨੂੰ ਸਰਕਾ ਕੇ ਬੋਲਿਆ ।''
''ਤੈਨੂੰ ਕਿੰਨ੍ਹ ਪੁੱਛਿਆ ....?''  ਸੁੱਚੇ ਦੇ ਬੋਲਾਂ ਅੰਦਰ ਆਈ ਤਲ਼ਖੀ ਦੇਖ ਕੇ ਲੇਬਰ ਅਫ਼ਸਰ ਨੇ ਹਥਲੇ ਕਾਗਜ਼ ਇਕ ਪਾਸੇ ਕਰ ਦਿੱਤੇ ਹਨ ।
''ਭਾਈ, ਥੋਡੇ ਆਦਮੀ ਦਾ ਕੈ ਬਕਾਇਆ ਰੈਂਦਾ ਫੈਕਟਰੀ ਆਲਿਆਂ ਕੰਨੀ ...?'' " ਲੇਬਰ ਅਫ਼ਸਰ ਨੇ ਹਮਦਰਦੀ ਨਾਲ ਨਾਮੋ ਤੋਂ ਪੁੱਛਿਆ ।
''ਜੀ ....ਈ.....ਤਿੰਨਾਂ ਚੌਂਹ ਮਹੀਨਿਆਂ ਤੋਂ ਕੁਝ ਨੀ ਦਿੱਤਾ , ਹੈਨਾਂ ਹਤਿਆਰਿਆਂ...ਇਨ੍ਹਾਂ ਤਾਂ ਮੇਰਾ ਬੰਦਾ ਈ .....''"ਗੱਲ ਪੂਰੀ ਕਰਨ ਤੋਂ ਪਹਿਲਾਂ ਨਾਮੋ ਦਾ ਗੱਚ ਭਰ ਜਾਂਦਾ ਹੈ ।
''ਸ਼ੋਅ ਮੀ , ਹਿੱਜ਼ ਪੇ ਰੋਲ ਐਂਡ ਡੇਲੀ ਕੈਸ਼-ਬੁੱਕ'', "ਲੇਬਰ ਅਫ਼ਸਰ ਨੇ ਸਟੈਨੋ ਤੋਂ ਫੀਲੇ ਦਾ ਰਿਕਾਰਡ ਮੰਗ ਕੇ ਚੰਗੀ ਤਰ੍ਹਾਂ ਵਾਚਿਆ ਹੈ ।
''ਆਲ ਦੀ ਫੋਨ ਐਨਟਰੀਜ਼ ਆਰ ਬੋਗਸ ......ਬੀ ਰੈਡੀ ਫਾਰ ਐਮਬੈਜ਼ਲਮੈਂਟ ਕੇਸ'',"ਆਖ ਕੇ ਫੈਕਟਰੀ ਰਿਕਾਰਡ ਮੇਜ਼ ਦੀ ਦਰਾਜ਼ ਅੰਦਰ ਸਾਂਭ ਲਿਆ ਹੈ ।
ਮੈਨੇਜਿੰਗ ਡਾਇਰੈਕਟਰ ਨੇ ਲੇਬਰ ਅਫ਼ਸਰ ਦੀ ਇਸ ਕਾਰਵਾਈ ਨੂੰ ਆਪਣੀ ਮਾਨ-ਹਾਨੀ ਸਮਝਿਆ ਹੈ । ਉਸ ਦਾ ਗੁੱਸੇ ਨਾਲ ਭਰਿਆ ਚਿਹਰਾ ਬੋਲ-ਕੁਬੋਲ ਬੋਲਣ ਲਈ ਤਣ ਜਾਂਦਾ ਹੈ, ਪਰੰਤੂ ਕੁਝ ਵੀ ਪਿੜ-ਪੱਲੇ ਨਾ ਪੈਣ ਦੇ ਡਰ ਕਾਰਨ ਡੌਰ-ਭੌਰ ਖੜੇ ਉਹਨਾਂ ਵਲ ਬਿੱਟ-ਬਿੱਟ ਤਕਦੇ ਪਾਲਸ਼ੀਆਂ ਨੂੰ ਦੇਖ ਕੇ , ਉਹ ਚੁਪ ਦਾ ਚੁਪ ਹੀ ਰਹਿੰਦਾ ਹੈ।
ਕੁਰਸੀ ਦੀ ਢੋਅ 'ਤੇ ਸਿਰ ਸੁੱਟੀ, ਉਹਦੀ ਵਲ ਧਿਆਨ ਨਾਲ ਦੇਖਦੇ ਲੇਬਰ-ਅਫ਼ਸਰ ਦੀਆਂ ਅੱਖਾਂ, ਜਦ ਉਸ ਦੀਆਂ ਅੱਖਾਂ ਨਾਲ ਮਿਲਦੀਆਂ ਹਨ ਤਾਂ ਉਹ ਹੌਲੀ ਜਿਹੀ ਆਖ ਦਿੰਦਾ ਹੈ, ''ਡੂ ਐਨੀ ਅਡਜੇਸਟਮੈਂਟ, ਯੂ ਲਾਇਕ ।'' "
ਉਸ ਵਲੋਂ ਧਿਆਨ ਹਟਾ ਕੇ ਲੇਬਰ-ਅਫ਼ਸਰ ਫਿਰ ਸੁੱਚੇ ਨੂੰ ਪੁੱਛਦਾ ਹੈ -''ਬਾਈ ਕਾਮਰੇਡ ...ਫਿਰ ਕਿਮੇਂ ਸਲਾਹ ਐ ਥੁਆਡੀ?'' "
ਉਸ ਦੀ ਗੱਲਬਾਤ ਤੋਂ ਪ੍ਰਭਾਵਿਤ ਹੋਇਆ ਸੁੱਚਾ ਉਸ ਦੀਆਂ ਹਰਕਤਾਂ ਦੇਖ ਕੇ ਸ਼ੱਕੀ ਹੋ ਜਾਂਦਾ ਹੈ । ਬੜੇ ਹੀ ਸੁਭਾਵਕ ਢੰਗ ਨਾਲ ਆਪਣੀ ਮੰਗ ਦੁਹਰਾਉਣ ਦਾ ਇਰਾਦਾ ਬਦਲ ਕੇ ਉਹ ਜ਼ਰਾ ਤਲਖ਼ ਹੋ ਕੇ ਕਹਿੰਦਾ ਹੈ - ''ਤਿੰਨ ਮਹੀਨੇ ਦੀ ਤਨਖਾਹ, ਇਕ ਬੌਨਸ ਤੇ ਕੇਸ ਉੱਤੇ ਹੋਇਆ ਕੁਲ ਖ਼ਰਚ,...ਸ੍ਰੀਮਾਨ ਜੀ ਇਸ ਤੋਂ ਘਟ ਕੋਈ ਵੀ ਫੈਸਲਾ ਸਾਨੂੰ ਮਨਜ਼ੂਰ ਨਹੀਂ । ਅਸੀਂ ਨਹੀਂ ਚਾਹੁੰਦੇ ਕਿ ਫੀਲੇ ਦੀ ਮੌਤ ਬਦਲੇ ਇਨ੍ਹਾਂ ਦਾ ਕੋਈ ਮਰਵਾ ਕੇ ਉਸ ਵਿਚਾਰੇ ਦਾ ਘਰ-ਘਾਟ ਉਜਾੜੀਏ ...।''"
ਉਸ ਦੀ ਗੱਲ ਟੁਕਦਿਆਂ ਅੱਧ-ਵਿਚਾਲੇ ਫਸੇ ਲੇਬਰ ਅਫ਼ਸਰ ਨੇ ਮੈਨਜਿੰਗ ਡਾਇਰੈਕਟਰ ਦਾ ਹੁੰਗਾਰਾ ਟੋਲਣ ਲਈ ਉਸ ਵੱਲ ਝਾਕਦਿਆਂ ਆਖਿਆ -"ਦੀਜ਼ ਨੱਟਸ ਆਰ ਹਾਰਡ ਟੂ ਕਰੈਕ ....ਦੇਅਰ ਸੀਮਜ਼ ਟੂ ਮੀ ਨੋ ਮਿੱਡ-ਵੇ ਆਊਟ ।'' "
ਜਾਅਲੀ ਲਿਖਤੀ ਕਾਰਵਾਈ ਅਤੇ ਲੈ-ਦੇ ਕੇ ਨਿਪਟਾਏ ਖੂਨ ਦੇ ਕੇਸ ਦੇ ਮੁੜ ਜਾਗ ਪੈਣ ਦੇ ਡਰੋਂ, ਮਾਨਸਿਕ ਬੋਝ ਹੇਠ ਦੱਬੇ ਮੈਨੇਜਿੰਗ ਡਾਇਰੈਕਟਰ ਨੇ ਲੇਬਰ-ਅਫ਼ਸਰ ਨੂੰ ''ਡੂ ਐਜ਼ ਦੇ ਵਿਸ਼'' ਆਖ ਕੇ ਹਰੀ ਝੰਡੀ ਦਿੱਤੀ ਹੈ ।
-------------
ਕੁਲ ਬਣਦੀ ਰਕਮ ਦਾ ਚੈੱਕ ਫੀਲੇ ਦੀ ਵਿਧਵਾ ਨੂੰ ਸੰਭਾਲ ਕੇ, ਸਾਰੇ ਪਾਲਸ਼ੀਏ ਫੈਕਟਰੀ ਪਹੁੰਚ ਕੇ, ਜਦ ਮੁੜ ਆਪਣਾ ਆਪਣਾ ਅੱਡਾ ਸੰਭਾਲਦੇ ਹਨ, ਤਾਂ ਵਰਕਸ਼ ਮੈਨੇਜਰ ਤੋਂ ਅੱਖ ਬਚਾ ਕੇ ਗੁਜਰਾਤੀ ਫੋਰਮੈਨ ਸੁੱਚੇ ਨੂੰ ਹਲਕੀ ਜਿਹੀ ਥਾਪੀ ਦੇਂਦਿਆਂ ਆਖਦਾ ਹੈ - ਸਾਰੋ ਛੈ, ਸੁਚਾ ਸੀਂਘ....ਸਾਰੋ ਛੈ । "

ਦੋ ਗ਼ਜ਼ਲਾਂ

ਪੱਥਰ ਉਤੇ ਨਾਂ ਲਿਖਵਾ ਕੇ ਨਈਂ ਬਣਦਾ ਇਤਿਹਾਸ।
ਪੌਣਾਂ ਵਿਚ ਜਦ ਉਕਰੀ ਹੋਵੇ ਮਾਰੂਥਲ ਦੀ ਪਿਆਸ।
ਸੋਚ ਲੈਣ ਇਹ ਸੰਸਦ ਵਾਲੇ ਕਿਵੇਂ ਨਬੇੜਾ ਹੋਊ,
ਉਠ ਖਲੋਤੇ 'ਕੱਠੇ ਹੋ ਕੇ ਜਦ ਇਹ ਟੱਪਰੀਵਾਸ।
ਔਖੇ-ਸੌਖੇ ਪਾਰ ਕਰਾਂਗੇ ਪਰ ਵਾਂਗੂੰ ਇਹ ਸਾਲ,
ਤੋਲ ਰਹੇ ਪਰ ਤੇਰੇ ਬੇਲੀ ਹੋ ਨਾ ਮਨਾ ਉਦਾਸ।
ਪੱਟਾਂ ਉਤੇ ਯਾਰੋ ਆਪਾਂ ਕਿੰਝ ਖੁਣਵਾਉਂਦੇ ਮੋਰ।
ਹੱਡਾਂ ਉਤੇ ਕਾਗਜ਼ ਵਰਗਾ ਪਤਲਾ-ਪਤਲਾ ਮਾਸ।
ਜੰਗਲ ਨੂੰ ਹੀ ਅੱਗ ਲਾਵਣ ਦੇ ਢੂੰਡਣ ਰੋਜ਼ ਬਹਾਨੇ,
ਪੰਜਾਂ ਸਾਲਾਂ ਲਈ ਜਿਨ੍ਹਾਂ ਨੂੰ ਮਿਲਿਆ ਹੈ ਬਨਵਾਸ।
ਦੂਰੋਂ ਮੱਥਾ ਟੇਕੋ ਹੁਣ ਤਾਂ ਇਹਨਾਂ ਸਾਧਾਂ ਸੰਤਾਂ ਨੂੰ,
ਅੱਗ ਮਚਾ ਕੇ ਧੂਣੀ ਸੇਕਣ ਬਣ ਸੰਗਤ ਦੇ ਦਾਸ। 



ਜਦ ਤੱਕ 'ਕੱਲੇ ਕਾਰੇ ਹਾਂ। 
ਤਦ ਤੱਕ ਕਰਮਾਂ ਮਾਰੇ ਹਾਂ।
ਪਹੁੰਚੇ ਜਿੱਤ ਕਿਨਾਰੇ ਹਾਂ।
ਉਸ ਨੂੰ ਜਾਪੇ ਹਾਰੇ ਹਾਂ।
ਬੇਸ਼ੱਕ ਨਿੰਮ੍ਹੇ ਨਿੰਮ੍ਹੇ ਹਾਂ,
ਪਰ ਅੰਬਰ ਦੇ ਤਾਰੇ ਹਾਂ।
ਦਰਦਾਂ ਦੇ ਹਾਂ ਦੁਸ਼ਮਣ ਪਰ,
ਹਮਦਰਦਾਂ ਦੇ ਤਾਰੇ ਹਾਂ। 
ਉਸ ਦੀ ਪਿਆਸ ਹੈ ਖੂਹ ਦਾ ਜਲ,
ਆਪਾਂ ਸਾਗਰ ਖ਼ਾਰੇ ਹਾਂ।
ਨਾਲ ਹੈ ਜੇਕਰ ਉਸ ਦੀ ਪੈੜ,
ਕਿੱਦਾਂ 'ਕੱਲੇ ਕਾਰੇ ਹਾਂ।
ਮਾਂਝੀ, ਚੱਪੂ ਲਾਈ ਜਾ!
ਹਾਲੇ ਅੱਧ ਵਿਚਕਾਰੇ ਹਾਂ।

-ਮੱਖਣ ਕੁਹਾੜ


ਸ਼ੋਰ ਸ਼ਰਾਬਾ ਕਰ ਰਿਹਾ

-ਕੁਲਤਾਰ ਸਿੰਘ 'ਕੁਲਤਾਰ'

ਸ਼ੋਰ ਸ਼ਰਾਬਾ ਕਰ ਰਿਹਾ ਵਾਤਾਵਰਨ ਪਲੀਤ, 
ਪ੍ਰਦੂਸ਼ਣ ਦੇ ਖ਼ੌਫ ਤੋਂ ਮਾਨਵ ਹੈ ਭੈਅ-ਭੀਤ।
ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਨੌਤ
ਸਭ ਨੂੰ ਦੂਸ਼ਿਤ ਕਰ ਰਹੇ ਲੋਭੀ ਤੇ ਬਦਨੀਤ। 
ਮਿੱਠੀਆਂ ਤਰਬਾਂ ਛੇੜ ਜੋ ਕਰੇ ਨਾ ਹਿਰਦਾ ਸ਼ਾਂਤ
ਕੰਨ ਪਾੜੇ ਪਾਗਲ ਕਰੇ ਉਹ ਕੈਸਾ ਸੰਗੀਤ।
ਸਾਵਣ ਵਣ ਹਰਿਆਵਲੇ ਔੜੀਂ ਜੰਮੇ ਅੱਕ
ਵਣਜ ਕਰੋ ਨਾ ਅੱਕ ਦਾ ਵਣ ਕਰੋ ਸੁਰਜੀਤ।
ਯਾਰੋ ਕੁਦਰਤ ਨਾਲ ਨਾ ਇੰਜ ਕਰੋ ਖਿਲਵਾੜ,
ਜੋ ਬੀਜੋ ਸੋ ਪਾਓਗੇ ਇਹ ਕੁਦਰਤ ਦੀ ਰੀਤ।
ਸ਼ੁੱਧੀ ਵਾਤਾਵਰਨ ਦੀ ਅੱਜ ਸਮੇਂ ਦੀ ਲੋੜ
ਜਾਗੋ ਲੋਕੋ ਸੰਭਲੋ ਵਕਤ ਨਾ ਜਾਵੇ ਬੀਤ।
ਵਾਤਾਵਰਣ ਨਾ ਵਿਗੜੇ ਕੁਝ ਵੀ ਕਰ 'ਕੁਲਤਾਰ'
ਚੱਪਾ ਚੱਪਾ ਧਰਤ ਦਾ ਹੋਵੇ ਪਾਕ ਪੁਨੀਤ। 
   (ਨਵੀਂ ਛਪੀ ਪੁਸਤਕ 'ਸਰਘੀ ਦੀ ਸਰਗਮ' 'ਚੋਂ)  


ਗ਼ਜ਼ਲ

ਬਾਬਾ ਨਜ਼ਮੀ

ਸਾਡੇ ਲਈ ਤਾਂ ਲਾਲ ਇਸ਼ਾਰੇ ਰਹਿ ਗਏ ਨੇ।
ਚੁੱਕਣ ਦੇ ਲਈ ਪੱਥਰ ਭਾਰੇ ਰਹਿ ਗਏ ਨੇ।
ਇੰਝ ਖਲੋਤੇ ਵਿਦਿਆ ਕਰਕੇ ਡੋਲੀ ਨੂੰ,
ਵਿਚ ਮੈਦਾਨੇ ਜਿਸਰਾਂ ਹਾਰੇ ਰਹਿ ਗਏ ਨੇ।
ਜਿਹਨਾਂ ਮੁੜ੍ਹਕਾ ਦਿੱਤਾ ਬੂਟੇ ਬੂਟੇ ਨੂੰ,
ਪੱਕਾ ਫ਼ੱਲ ਤੇ ਤੱਕਦੇ ਸਾਰੇ ਰਹਿ ਗਏ ਨੇ।
ਉਹਦੇ ਕੋਲ ਵੀ ਸਾਡਾ ਦਿਲ ਪ੍ਰਚਾਵਣ ਲਈ, 
ਜੰਨਤ ਵਰਗੇ ਫਿੱਕੇ ਲਾਰੇ ਰਹਿ ਗਏ ਨੇ।
ਸਦੀਆਂ ਵਾਂਗੂੰ ਅੱਜ ਵੀ ਖਾਲੀ ਕੰਮੀਆਂ ਦੇ,
ਸੱਧਰਾਂ ਵਾਲੇ ਮਹਿਲ ਉਸਾਰੇ ਰਹਿ ਗਏ ਨੇ।
ਸੇਕ ਪਿਆ ਏ ਵੱਧਦਾ 'ਬਾਬਾ' ਭੁੱਬਲ ਦਾ,
ਹਾਲੇ ਉਹਦੇ ਵਿਚ ਅੰਗਾਰੇ ਰਹਿ ਗਏ ਨੇ।
ਨਫ਼ਰਤ ਵਾਲੀ ਭਰੀ ਹਵਾ ਏ, ਪਾੜ ਦਿਓ,
ਜਿਹੜੇ ਬਾਲਾਂ ਹੱਥ ਗੁਬਾਰੇ ਰਹਿ ਗਏ ਨੇ।  


Sunday, 9 June 2013

ਸੰਗਰਾਮੀ ਲਹਿਰ - ਜੂਨ 2013


ਸੰਪਾਦਕੀ

ਸੀ. ਬੀ. ਆਈ. ਦੀ'ਸੁਤੰਤਰ' ਤੇ 'ਨਿਰਪੱਖ' ਕਾਰਜਸ਼ੈਲੀ ਬੇਨਕਾਬ



ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਲੋਕਾਂ ਦੀਆਂ ਨਜ਼ਰਾਂ ਵਿਚ ਵੱਡੀ ਹੱਦ ਤੱਕ ਬੱਦੂ ਹੋ ਚੁੱਕੀ ਹੈ। ਇਸ ਸਰਕਾਰ ਦੇ ਘੁਟਾਲਿਆਂ ਦੀ ਲਿਸਟ ਨਿਰੰਤਰ ਵੱਧਦੀ ਹੀ ਜਾ ਰਹੀ ਹੈ। ਸਰਕਾਰ ਦੀਆਂ ਇਹਨਾਂ 'ਨੇਕਨਾਮੀਆਂ' ਦੀ ਲੰਬੀ ਲੜੀ ਦੀ ਇਕ ਨਵੀਂ ਕੜੀ ਹੈ। ਕੇਂਦਰ ਸਰਕਾਰ ਦੇ ਕਾਨੂੰਨ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਦਾ ਅਸਤੀਫਾ। ਮੰਤਰੀ ਮੰਡਲ 'ਚੋਂ ਹੋਈ ਇਸ ਸ਼ਰਮਨਾਕ ਛਾਂਟੀ ਤੋਂ ਬਚਣ ਲਈ ਸਬੰਧਤ ਮੰਤਰੀ ਨੇ ਹੀ ਨਹੀਂ ਬਲਕਿ ਪ੍ਰਧਾਨ ਮੰਤਰੀ ਨੇ ਵੀ ਕਾਫੀ ਢੀਠਤਾਈ ਦਾ ਸਬੂਤ ਦਿੱਤਾ ਹੈ। ਕਾਂਗਰਸ ਪਾਰਟੀ ਦੇ ਬੁਲਾਰਿਆਂ ਵਲੋਂ ਕਾਨੂੰਨ ਮੰਤਰੀ ਨੂੰ ਨਿਰਦੋਸ਼ ਸਿੱਧ ਕਰਨ ਲਈ ਕਈ ਤਰ੍ਹਾਂ ਦੀ ਭੁਲੱਥੇਬਾਜ਼ੀ ਤੋਂ ਕੰਮ ਲਿਆ ਗਿਆ। ਵਿਰੋਧੀ ਪਾਰਟੀਆਂ ਨਾਲ ਅੰਦਰਖਾਤੇ ਕਈ ਤਰ੍ਹਾਂ ਦੇ ਜੋੜ-ਤੋੜ ਕੀਤੇ ਗਏ ਅਤੇ ਵਾਰ ਵਾਰ ਇਕੋ ਦੁਹਾਈ ਪਾਈ ਗਈ ਕਿ ''ਕਾਨੂੰਨ ਨੂੰ ਆਪਣਾ ਰਾਹ ਆਪ ਬਨਾਉਣ ਦਿਓ।'' ਪਾਰਲੀਮੈਂਟ ਦੇ ਬਜਟ ਸੈਸ਼ਨ ਦਾ ਲਗਭਗ ਅੱਧਾ ਸਮਾਂ, ਇਸ ਅਸਤੀਫੇ ਦਾ ਸਰੋਤ ਬਣੀ ਘਟਨਾ 'ਚੋਂ ਪੈਦਾ ਹੋਏ ਵਾਦ-ਵਿਵਾਦ ਦੀ ਭੇਂਟ ਚੜ੍ਹ ਗਿਆ। ਅਖੀਰ ਮੀਡੀਏ ਤੇ ਲੋਕਾਂ ਵਲੋਂ ਪੈ ਰਹੀ ਫਿੱਟ-ਲਾਅਨਤ ਅੱਗੇ ਸਰਕਾਰ ਨੂੰ ਝੁਕਣਾ ਹੀ ਪਿਆ ਅਤੇ ਮੰਤਰੀ ਨੂੰ ਅਸਤੀਫਾ ਦੇਣ ਲਈ ਮਜ਼ਬੂਰ ਹੋਣਾ ਪਿਆ। 
ਏਥੇ ਨਿਵੇਕਲੀ ਗੱਲ ਇਹ ਹੈ ਕਿ ਇਹ ਘੁਟਾਲਾ ਇਕ ਵੱਖਰੀ ਕਿਸਮ ਦਾ ਹੈ। ਇਹ ਸਰਕਾਰ ਦੇ ਗੁਨਾਹਾਂ 'ਤੇ ਪਰਦਾਪੋਸ਼ੀ ਕਰਨ ਦੇ ਯਤਨਾਂ ਦੀ ਉਪਜ ਤਾਂ ਹੈ ਪ੍ਰੰਤੂ ਇਹ, ਇਹਨਾਂ ਦਿਨਾਂ ਵਿਚ ਹੀ ਵਾਪਰੇ ਇਕ ਹੋਰ ਰੇਲ ਘੁਟਾਲੇ ਵਾਂਗ, ਨਾਜ਼ਾਇਜ਼ ਪੈਸੇ ਦੇ ਲੈਣ-ਦੇਣ ਨਾਲ ਸਿੱਧੇ ਰੂਪ ਵਿਚ ਸਬੰਧਤ ਨਹੀਂ। ਤੱਤ ਰੂਪ ਵਿਚ ਇਹ ਘੁਟਾਲਾ ਕਾਨੂੰਨ ਮੰਤਰੀ ਵਲੋਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਅਤੇ ਕਾਨੂੰਨੀ ਤੇ ਸੰਵਿਧਾਨਕ ਵਿਵਸਥਾਵਾਂ ਦੀ ਨੰਗੀ ਚਿੱਟੀ ਉਲੰਘਣਾ ਕਰਨ ਨੂੰ ਦਰਸਾਉਂਦਾ ਹੈ। 
ਦੇਸ਼ ਅੰਦਰ ਵਿਆਪਕ ਚਰਚਾ ਦਾ ਵਿਸ਼ਾ ਬਣੀ ਇਸ ਘਟਨਾ ਦਾ ਵਿਸਥਾਰ ਅਖਬਾਰਾਂ ਵਿਚ ਵੀ ਵੱਡੀ ਹੱਦ ਤੱਕ ਛਪ ਚੁੱਕਾ ਹੈ, ਇਸ ਲਈ ਅਸੀਂ ਸਬੰਧਤ ਘਟਨਾ ਦਾ ਵਿਸਥਾਰ ਦੇਣ ਦੀ ਬਜਾਏ ਏਥੇ ਏਨਾ ਕੁ ਹੀ ਨੋਟ ਕਰਨਾ ਜ਼ਰੂਰੀ ਸਮਝਦੇ ਹਾਂ ਕਿ ਕਾਨੂੰਨ ਮੰਤਰੀ ਨੇ ਆਪਣੇ ਅਧਿਕਾਰਾਂ ਦੀਆਂ ਸੀਮਾਵਾਂ ਤੋਂ ਬਾਹਰ ਜਾ ਕੇ ਦੇਸ਼ ਦੀ ਸਰਵਉਚ ਅਦਾਲਤ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ, ਜਿਸ ਨਾਲ ਸਰਕਾਰ ਦੀ ਸ਼ਰੇਆਮ ਹੇਠੀ ਹੋਈ ਅਤੇ ਨਾਲ ਹੀ ਸੀ.ਬੀ.ਆਈ. ਦੀ ਨਿਰਪੱਖਤਾ ਤੇ ਆਜ਼ਾਦ ਹਸਤੀ ਬਾਰੇ ਸਾਰੇ ਸਰਕਾਰੀ ਦਾਅਵੇ ਬੁਰੀ ਤਰ੍ਹਾਂ ਬੇਨਕਾਬ ਹੋ ਗਏ। ਕੋਲਾ ਖੇਤਰਾਂ ਦੀ ਬੇਅਸੂਲੀ ਵੰਡ ਬਾਰੇ ਸੀ.ਬੀ.ਆਈ. ਦੀ ਗੁਪਤ ਜਾਂਚ ਰਿਪੋਰਟ ਨੂੰ ਜਿਹੜੀ ਕਿ ਸੁਪਰੀਮ ਕੋਰਟ ਵਿਚ ਵਿਚਾਰੀ ਜਾਣੀ ਸੀ ਕਾਨੂੰਨ ਮੰਤਰੀ ਨੇ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਕਰਕੇ ਕੇਵਲ ਦੇਖਿਆ ਹੀ ਨਹੀਂ ਬਲਕਿ ਉਸ ਵਿਚ 20% ਤੱਕ ਆਪਣੀ ਸਮਝ ਅਨੁਸਾਰ ਵੀ ਸੋਧਾਂ ਕਰਵਾਈਆਂ ਅਤੇ ਕੇਂਦਰੀ ਕੋਲਾ ਵਿਭਾਗ ਤੇ ਪ੍ਰਧਾਨ ਮੰਤਰੀ ਦੇ ਦਫਤਰ ਦੇ ਅਧਿਕਾਰੀਆਂ ਦੇ ਕਹਿਣ 'ਤੇ ਵੀ ਭੰਨ ਤੋੜ ਕਰਵਾਈ। ਸੀ.ਬੀ.ਆਈ. ਦੇ ਮੁਖੀ ਰਣਜੀਤ ਸਿੰਨਹਾ ਨੇ ਇਹ ਸਾਰੇ ਤੱਥ ਸੁਪਰੀਮ ਕੋਰਟ ਵਿਚ ਦਾਖਲ ਕੀਤੇ ਗਏ ਸੌਂਹ ਪੱਤਰਾਂ (ਐਫੀਡੈਵਿਟਸ) ਵਿਚ ਕਬੂਲ ਕੀਤੇ ਹਨ, ਜਿਹੜੇ ਕਿ ਅਖਬਾਰਾਂ ਵਿਚ ਛਪ ਚੁੱਕੇ ਹਨ। ਨਿਸ਼ਚੇ ਹੀ ਇਹ ਸਮੁੱਚਾ ਕੁਕਰਮ ਪ੍ਰਧਾਨ ਮੰਤਰੀ ਤੇ ਕੁਝ ਹੋਰ ਮੰਤਰੀਆਂ, ਜਿਹਨਾਂ ਦਾ ਨਾਂਅ ਕੋਲਾ ਘੁਟਾਲੇ ਵਿਚ ਬੋਲਦਾ ਹੈ, ਦੀ ਬਦਨਾਮੀ ਉਪਰ ਪਰਦਾਪੋਸ਼ੀ ਕਰਨ ਲਈ ਕੀਤਾ ਗਿਆ ਇਕ ਨਿੰਦਣਯੋਗ ਤੇ ਅਨੈਤਿਕ ਕੰਮ ਸੀ, ਜਿਹੜਾ ਕਿ ਸਰਕਾਰ ਦੀਆਂ ਫਾਈਲਾਂ ਅੰਦਰ ਹੀ ਛੁਪਿਆ ਹੋਇਆ ਸੀ। ਪ੍ਰੰਤੂ ਸੀ.ਬੀ.ਆਈ. ਦੇ ਮੁਖੀ ਨੇ ਇਸ ਪਾਪ ਦੇ ਭਾਂਡੇ ਨੂੰ ਇਕ ਵਾਰ ਤਾਂ ਸ਼ਰੇਆਮ ਚੋਰਾਹੇ ਵਿਚ ਭੰਨ ਸੁੱਟਿਆ ਹੈ। 
ਉਸ ਨੇ ਅਜਿਹਾ ਕਿਉਂ ਕੀਤਾ? ਇਹ ਗੱਲ ਵਧੇਰੇ ਤੇ ਡੂੰਘੇ ਵਿਸ਼ਲੇਸ਼ਨ ਦੀ ਮੰਗ ਕਰਦੀ ਹੈ ਕਿ ਅਜੇਹਾ ਸਰਕਾਰ ਵਿਚਲੀ ਕਿਸੇ ਲਾਬੀ ਨੇ ਕਰਵਾਇਆ ਹੈ ਜਾਂ ਕਿ ਸਬੰਧਤ ਅਧਿਕਾਰੀ ਦੀ ਹੀ 35 ਵਰ੍ਹਿਆਂ ਦੀ ਸਰਕਾਰੀ ਸੇਵਾ ਉਪਰੰਤ ਅਚਾਨਕ ਜ਼ਮੀਰ ਜਾਗ ਪਈ ਹੈ। ਇਸ ਬਾਰੇ ਅਜੇ ਪੱਕੀ ਤਰ੍ਹਾਂ ਕੁੱਝ ਨਹੀਂ ਕਿਹਾ ਜਾ ਸਕਦਾ। ਹਾਂ, ਇਹ ਹੁਣ ਇਕ ਤਲਖ ਹਕੀਕਤ ਹੈ ਕਿ ਇਸ ਘਟਨਾ ਨੇ ਸੀ.ਬੀ.ਆਈ. ਦੇ ਸਰਕਾਰੀ ਅਸਰ ਤੋਂ ਮੁਕਤ ਹੋਣ, ਅਪਰਾਧਾਂ ਦੀ ਜਾਂਚ ਪੜਤਾਲ ਕਰਨ ਸਮੇਂ ਮੁਕੰਮਲ ਰੂਪ ਵਿਚ ਨਿਰਪੱਖ ਪਹੁੰਚ ਅਪਨਾਉਣ ਆਦਿ ਵਰਗੇ ਸਾਰੇ ਖੋਖਲੇ ਦਾਅਵੇ ਪੂਰੀ ਤਰ੍ਹਾਂ ਤਾਰ ਤਾਰ ਕਰ ਦਿੱਤੇ ਹਨ। ਇਹ ਚਿੱਟੇ ਦਿਨ ਵਾਂਗ ਸਪੱਸ਼ਟ ਹੋ ਗਿਆ ਹੈ ਕਿ ਇਹ ਤੇ ਹਰ ਤਰ੍ਹਾਂ ਦੇ ਅਪਰਾਧਕ ਕੇਸਾਂ ਦੀ ਜਾਂਚ ਪੜਤਾਲ ਕਰਨ ਵਾਲੀਆਂ ਕੌਮੀ ਪੱਧਰ ਦੀਆਂ ਹੋਰ ਪ੍ਰਮੁੱਖ ਅਜੰਸੀਆਂ ਵੀ ਆਜ਼ਾਦ ਹਸਤੀ ਦੀਆਂ ਮਾਲਕ ਨਹੀਂ ਹੁੰਦੀਆਂ ਬਲਕਿ ਵੇਲੇ ਦੇ ਹਾਕਮਾਂ ਦੇ ਇਸ਼ਾਰਿਆਂ/ਹੁਕਮਾਂ ਅਨੁਸਾਰ ਹੀ ਕੰਮ ਕਰਦੀਆਂ ਹਨ। ਇਸ ਕੌੜੇ ਸੱਚ ਨੂੰ ਸਨਮੁੱਖ ਦੇਖਦਿਆਂ ਹੀ ਸੁਪਰੀਮ ਕੋਰਟ ਨੇ ਸੀ.ਬੀ.ਆਈ. ਨੂੰ ਪਿੰਜਰੇ ਵਿਚ ਕੈਦ ਕੀਤੇ ਹੋਏ ਤੋਤੇ ਦੀ ਉਪਾਧੀ ਦਿੱਤੀ ਹੈ। ਜਦੋਂਕਿ ਸਰਕਾਰ ਵਲੋਂ ਸਦਾ ਇਹ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ ਇਹ ਸਰਵਉਚ ਪੜਤਾਲੀਆ ਅਜੈਂਸੀ 'ਦੁੱਧੋਂ ਪਾਣੀ ਛਾਂਟਣ' ਦੇ ਸਮਰੱਥ ਹੈ ਅਤੇ ਬਿਨਾ ਕਿਸੇ ਸਰਕਾਰੀ ਜਾਂ ਹੋਰ ਬਾਹਰੀ ਅਸਰ ਦੇ ਕੰਮ ਕਰਦੀ ਹੈ। ਸਰਕਾਰ ਦੇ ਇਸ ਗੁੰਮਰਾਹਕੁੰਨ ਪ੍ਰਚਾਰ ਦੀ ਭੋਲੇ ਭਾਲੇ ਲੋਕਾਂ ਦੇ ਮਨਾਂ 'ਤੇ ਛਾਪ ਵੀ ਹੈ। ਏਸੇ ਲਈ ਬਹੁਤੀ ਵਾਰ ਆਮ ਲੋਕਾਂ ਵਲੋਂ ਅਤੇ ਏਥੋਂ ਤੱਕ ਕਿ ਕਈ ਜਨਤਕ ਤੇ ਸਿਆਸੀ ਜਥੇਬੰਦੀਆਂ ਵਲੋਂ ਵੀ ਗੰਭੀਰ ਤੇ ਸੰਵੇਦਨਸ਼ੀਲ ਕੇਸਾਂ ਵਿਚ ਇਹ ਮੰਗ ਆਮ ਹੀ ਉਭਾਰੀ ਜਾਂਦੀ ਹੈ ਕਿ ''ਪੜਤਾਲ ਸੀ.ਬੀ.ਆਈ.ਤੋਂ ਕਰਵਾਈ ਜਾਵੇ।'' ਕਿਉਂਕਿ ਦੇਸ਼ ਦੇ ਹਾਕਮਾਂ ਨੇ ਸਾਧਾਰਨ ਪੁਲਸ ਦਾ ਸ਼ਰੇਆਮ ਸਿਆਸੀਕਰਨ ਕਰ ਦਿੱਤਾ ਹੈ ਅਤੇ ਪੁਲਸ-ਤੰਤਰ ਵੱਡੀ ਹੱਦ ਤੱਕ ਭਰਿਸ਼ਟਾਚਾਰ ਦੀ ਦਲਦਲ ਵਿਚ ਫਸਿਆ ਸਪੱਸ਼ਟ ਦਿਖਾਈ ਦਿੰਦਾ ਹੈ, ਇਸ ਲਈ ਆਮ ਲੋਕਾਂ ਦਾ ਇਸ ਪੁਲਸ-ਤੰਤਰ ਤੋਂ ਵਿਸ਼ਵਾਸ ਪੂਰੀ ਤਰ੍ਹਾਂ ਉਠ ਚੁੱਕਾ ਹੈ। ਏਸੇ ਲਈ ਉਹ ਆਪਣੇ ਨਾਲ ਹੋਈਆਂ ਵਧੀਕੀਆਂ ਦੀ ਸੀ.ਬੀ.ਆਈ. ਤੋਂ ਪੜਤਾਲ ਕਰਾਉਣ ਦੀ ਮੰਗ ਉਭਾਰਦੇ ਅਕਸਰ ਹੀ ਦੇਖੇ ਜਾ ਸਕਦੇ ਹਨ। 
ਪ੍ਰੰਤੂ ਇਸ ਅਜੈਂਸੀ ਦੀ ਆਜ਼ਾਦ ਹਸਤੀ ਬਾਰੇ ਲੋਕਾਂ ਦੀ ਅਜੇਹੀ ਸਮਝਦਾਰੀ ਇਕ ਨਿਰੋਲ ਛਲਾਵਾ ਹੈ, ਜਿਸ ਤੋਂ ਛੁਟਕਾਰਾ ਪ੍ਰਾਪਤ ਕਰਨਾ ਬੇਹੱਦ ਜ਼ਰੂਰੀ ਹੈ। ਸਿਆਸੀ ਤੌਰ 'ਤੇ ਚੇਤੰਨ ਤੇ ਜਾਣਕਾਰ ਲੋਕਾਂ ਨੂੰ ਤਾਂ ਇਸ ਅਜੈਂਸੀ ਦੀ ਆਜ਼ਾਦ ਹਸਤੀ ਹੋਣ ਬਾਰੇ ਕੋਈ ਭੁਲੇਖਾ ਨਹੀਂ। ਉਹ ਜਾਣਦੇ ਹਨ ਕਿ ਸਮੇਂ ਦੀ ਸਰਕਾਰ ਇਸ ਦੀ ਵਰਤੋਂ ਆਪਣੇ ਜੋਟੀਦਾਰ ਅਪਰਾਧੀਆਂ ਨੂੰ ਬਚਾਉਣ ਲਈ ਵੀ ਕਰਦੀ ਹੈ ਅਤੇ ਵਿਰੋਧੀ ਧਿਰ 'ਚੋਂ ਰੜਕਦੇ ਵਿਅਕਤੀਆਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਲਈ ਵੀ ਕਰਦੀ ਹੈ। ਪਿਛਲੇ ਦਿਨੀਂ ਸਮਾਜਵਾਦੀ ਪਾਰਟੀ ਦੇ ਮੁਖੀ 'ਤੇ ਘਾਗ ਸਿਆਸਤਾਨ ਸ਼੍ਰੀ ਮੁਲਾਇਮ ਸਿੰਘ ਯਾਦਵ ਨੇ ਇਸ ਸਮਝਦਾਰੀ ਦਾ ਇਹ ਕਹਿਕੇ ਸ਼ਰੇਆਮ ਪ੍ਰਗਟਾਵਾ ਕੀਤਾ ਹੈ ਕਿ 'ਸਰਕਾਰ ਦੇ ਹੱਥ ਬੜੇ ਲੰਬੇ ਹਨ, ਉਹ ਕਿਸੇ ਦੇ ਵੀ ਮਗਰ ਸੀ.ਬੀ.ਆਈ. ਨੂੰ ਲਾ ਸਕਦੀ ਹੈ ਅਤੇ ਉਸ ਦੀ ਖੱਜਲ-ਖੁਆਰੀ ਵਧਾ ਸਕਦੀ ਹੈ।' ਵਿਰੋਧੀ ਪਾਰਟੀਆਂ ਦੇ ਕਈ ਆਗੂ ਸਰਕਾਰ ਦੇ ਇਹਨਾਂ 'ਲੰਬੇ ਹੱਥਾਂ' ਦਾ ਕਹਿਰ ਹੱਡੀਂ ਹੰਡਾ ਚੁੱਕੇ ਹਨ। 
ਇਸ ਪਿਛੋਕੜ ਵਿਚ ਇਹ ਸਵਾਲ ਵੀ ਉਭਰਦਾ ਹੈ ਕਿ ਕੀ ਦੇਸ਼ ਅੰਦਰ ਕਿਸੇ ਅਜੇਹੀ ਸਰਵਉਚ ਪੜਤਾਲੀਆ ਅਜੈਂਸੀ ਦੇ ਕੰਮ ਢੰਗ ਨੂੰ ਸਰਕਾਰ ਦੀ ਗੈਰਕਾਨੂੰਨੀ ਦਖਲਅੰਦਾਜ਼ੀ ਤੋਂ ਮੁਕਤ ਰੱਖਿਆ ਜਾ ਸਕਦਾ ਹੈ? ਇਸ ਬਾਰੇ ਸਾਡੀ ਇਹ ਸਪੱਸ਼ਟ ਸਮਝਦਾਰੀ ਹੈ ਕਿ ਕੋਈ ਵੀ ਸਰਕਾਰੀ ਅਜੈਂਸੀ, ਅਦਾਰਾ ਜਾਂ ਵਿਭਾਗ ਜਿਹੜਾ ਕਿ ਰਾਜਸੱਤਾ (ਛਵ਼ਵਕ) ਦਾ ਅੰਗ ਹੈ, ਸਰਕਾਰ ਦੇ ਜਾਇਜ਼/ਨਜਾਇਜ਼ ਅਸਰ ਤੋਂ ਮੁਕਤ ਨਹੀਂ ਰਹਿ ਸਕਦਾ। ਰਾਜਸੱਤਾ ਕਦੇ ਨਿਰਪੱਖ ਨਹੀਂ ਹੁੰਦੀ। ਜਮਾਤੀ ਸਮਾਜ ਵਿਚ, ਰਾਜਸੱਤਾ 'ਤੇ ਕਾਬਜ਼ ਜਮਾਤ ਇਸ ਦੇ ਹਰ ਅੰਗ ਦੀ ਵਰਤੋਂ ਵਿਰੋਧੀ ਜਮਾਤ ਨੂੰ ਦਬਾ ਕੇ ਰੱਖਣ ਅਤੇ ਆਪਣੀ ਜਮਾਤ ਦੇ ਹਿੱਤਾਂ ਨੂੰ ਬੜ੍ਹਾਵਾ ਦੇਣ ਲਈ ਹੀ ਕਰਦੀ ਹੈ। ਸੀ.ਬੀ.ਆਈ. ਵਰਗੀ ਪੜਤਾਲੀਆ ਅਜੈਂਸੀ ਤਾਂ ਛੋਟੀ ਚੀਜ਼ ਹੈ, ਹਾਕਮ ਜਮਾਤ ਤਾਂ ਅਦਾਲਤਾਂ, ਜਿਹਨਾਂ ਦੀ ਨਿਰਪੱਖਤਾ ਤੇ ਆਜ਼ਾਦ ਹਸਤੀ ਦਾ ਸਭ ਤੋਂ ਵੱਧ ਢੰਡੋਰਾ ਪਿਟਿਆ ਜਾਂਦਾ ਹੈ, ਤੋਂ ਵੀ ਲਾਜ਼ਮੀ ਤੌਰ 'ਤੇ ਆਪਣੇ ਰਾਜਸੀ ਤੇ ਆਰਥਕ ਹਿੱਤਾਂ ਨੂੰ ਬੜ੍ਹਾਵਾ ਦੇਣ ਦਾ ਕੰਮ ਲੈਂਦੀ ਹੈ। ਰਾਜਸੱਤਾ ਦੇ ਪ੍ਰਮੁੱਖ ਅੰਗਾਂ-ਅਦਾਲਤਾਂ, ਅਫਸਰਸ਼ਾਹੀ, ਫੌਜ, ਪੁਲਸ, ਜੇਲ੍ਹਾਂ ਅਤੇ ਇਹਨਾਂ ਪ੍ਰਮੁੱਖ ਅੰਗਾਂ ਨਾਲ ਸਬੰਧਤ ਅਜੈਂਸੀਆਂ ਆਦਿ ਦੀ ਆਜ਼ਾਦ ਹਸਤੀ ਤੇ ਨਿਰਪੱਖ ਹੋਂਦ ਬਾਰੇ ਹਾਕਮ ਜਮਾਤਾਂ ਆਮ ਲੋਕਾਂ ਨੂੰ ਧੋਖਾ ਦੇਣ ਲਈ ਜਿੰਨਾ ਮਰਜ਼ੀ ਪ੍ਰਚਾਰ ਕਰੀ ਜਾਣ, ਤੱਤ ਰੂਪ ਵਿਚ ਇਹ ਹਮੇਸ਼ਾਂ ਹੀ ਵਿਰੋਧੀ ਜਮਾਤਾਂ ਅਤੇ ਆਮ ਲੋਕਾਂ ਨੂੰ ਦਬਾਕੇ ਰੱਖਣ ਵਾਸਤੇ ਹਾਕਮਾਂ ਦੇ ਹਥਿਆਰਾਂ ਵਜੋਂ ਕੰਮ ਕਰਦੀਆਂ ਹਨ। ਉਦਾਹਰਣ ਵਜੋਂ ਮਾਲਕਾਂ ਤੇ ਮਜ਼ਦੂਰਾਂ ਦੇ ਜਮਾਤੀ ਹਿੱਤਾਂ (ਵਿਅਕਤੀਗਤ ਨਹੀਂ) ਨਾਲ ਸਬੰਧਤ ਵਿਵਾਦਾਂ ਜਾਂ ਮੁਲਾਜ਼ਮਾਂ ਤੇ ਸਰਕਾਰ ਵਿਚਕਾਰਲੇ ਵਿਰੋਧਾਂ ਨਾਲ ਨਜਿੱਠਣ ਸਮੇਂ ਅਫਸਰਸ਼ਾਹੀ ਅਤੇ ਅਦਾਲਤਾਂ ਹਮੇਸ਼ਾਂ ਮਾਲਕਾਂ ਤੇ ਸਰਕਾਰ ਦੇ ਪੱਖ ਵਿਚ ਹੀ ਖਲੋਂਦੀਆਂ ਹਨ। ਮਜ਼ਦੂਰਾਂ ਦੇ ਪੁਰਅਮਨ ਧਰਨਿਆਂ ਤੇ ਮੁਜ਼ਾਹਰਿਆਂ 'ਤੇ ਪਾਬੰਦੀਆਂ ਲਾਉਂਦੀਆਂ ਹਨ, ਹੜਤਾਲਾਂ ਨੂੰ ਗੈਰ-ਕਾਨੂੰਨੀ ਕਰਾਰ ਦਿੰਦੀਆਂ ਹਨ। ਏਥੋਂ ਤੱਕ ਕਿ ਏਥੇ ਤਾਂ ਮਜ਼ਦੂਰਾਂ ਵਲੋਂ ਆਪਣੀ ਜਥੇਬੰਦੀ ਬਨਾਉਣ ਦੇ ਜਮਹੂਰੀ ਤੇ ਸੰਵਿਧਾਨਕ ਅਧਿਕਾਰ ਦੀ ਵੀ ਇਹ ਕਦੇ ਰਾਖੀ ਨਹੀਂ ਕਰਦੀਆਂ। ਹਾਂ, ਜਦੋਂ ਕਦੇ ਵਿਅਕਤੀਗਤ ਸਮੱਸਿਆ ਦਾ ਨਿਪਟਾਰਾ ਕਰਨਾ ਹੋਵੇ ਜਾਂ ਵਿਰੋਧਤਾਈ ਪੂੰਜੀਪਤੀਆਂ ਦੇ ਦੋ ਧੜਿਆਂ (ਲਾਬੀਆਂ) ਵਿਚਕਾਰ ਹੋਵੇ ਤਾਂ ਜ਼ਰੂਰ ਇਹਨਾਂ ਰਾਜਕੀ ਅਦਾਰਿਆਂ ਦੀ ਨਿਰਪੱਖਤਾ ਦਾ ਕਦੇ ਕਦਾਈਂ ਝਲਕਾਰਾ ਪੈਂਦਾ ਹੈ, ਜਿਸ ਨਾਲ ਲੋਕਾਂ ਅੰਦਰ ਇਹਨਾਂ ਦੀ ਨਿਰਪੱਖਤਾ ਆਦਿ ਬਾਰੇ ਫੈਲਾਏ ਜਾਂਦੇ ਭਰਮ ਨੂੰ ਹੋਰ ਬਲ ਮਿਲ ਜਾਂਦਾ ਹੈ। 
ਇਸ ਸੰਖੇਪ ਵਿਚਾਰ ਚਰਚਾ ਦੇ ਆਧਾਰ 'ਤੇ ਅਸੀਂ ਦਰਿੜਤਾਪੂਰਬਕ ਇਹ ਕਹਿਣਾ ਚਾਹੁੰਦੇ ਹਾਂ ਕਿ ਕਿਉਂਕਿ ਸੀ.ਬੀ.ਆਈ. ਦੇਸ਼ ਦੀ ਰਾਜਸੱਤਾ ਦਾ ਇਕ ਅੰਗ ਹੈ ਅਤੇ ਇਸ ਰਾਜਸੱਤਾ ਦਾ ਸੰਚਾਲਨ ਕੇਂਦਰ ਸਰਕਾਰ ਰਾਹੀਂ ਕੀਤਾ ਜਾਂਦਾ ਹੈ, ਇਸ ਲਈ ਇਹ ਅਦਾਰਾ ਉਦੋਂ ਤੱਕ ਸਰਕਾਰ ਦੇ ਪ੍ਰਭਾਵਾਂ ਤੇ ਉਸਦੀ ਦਖਲਅੰਦਾਜ਼ੀ ਤੋਂ ਮੁਕਤ ਨਹੀਂ ਹੋ ਸਕਦਾ ਜਦੋਂ ਤੱਕ ਇਸ ਰਾਜ ਸੱਤਾ ਦਾ ਅਮੀਰ ਪੱਖੀ ਖਾਸਾ ਬਦਲਿਆ ਨਹੀਂ ਜਾਂਦਾ ਅਤੇ ਇਸ ਥਾਂ ਲੋਕ ਪੱਖੀ ਰਾਜਸੱਤਾ ਦਾ ਨਿਰਮਾਣ ਨਹੀਂ ਕੀਤਾ ਜਾਂਦਾ। ਸੀ.ਬੀ.ਆਈ. ਦੀ ਨਿਰਪੱਖਤਾ ਬਾਰੇ ਸਰਕਾਰ ਦਾ ਦੰਭ ਬੇਨਕਾਬ ਹੋਣ ਉਪਰੰਤ ਹੁਣ ਸਰਕਾਰ ਵਲੋਂ ਵਿੱਤ ਮੰਤਰੀ ਦੀ ਅਗਵਾਈ ਹੇਠ, ਸੀ.ਬੀ.ਆਈ. ਨੂੰ ਆਜ਼ਾਦ ਕਰਨ ਲਈ ਨਿਰਦੇਸ਼ਤ ਸੇਧਾਂ ਤੈਅ ਕਰਨ ਵਾਸਤੇ, ਬਣਾਈ ਗਈ 4 ਮੰਤਰੀਆਂ ਦੀ ਸਬ-ਕਮੇਟੀ ਵੀ ਇਕ ਹੋਰ ਦੰਭੀ ਕਾਰਵਾਈ ਹੀ ਹੈ। ਇਹ ਵੀ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਤੱਕ ਦਾ ਕੰਮ ਹੀ ਕਰੇਗੀ ਤਾਂ ਜੋ ਇਸ ਮੁੱਦੇ 'ਤੇ ਸਰਕਾਰ ਦੀ ਸਾਖ ਨੂੰ ਲੱਗੇ ਖੋਰੇ ਨੂੰ ਰੋਕਿਆ ਜਾ ਸਕੇ ਅਤੇ ਜਨਸਮੂਹਾਂ ਵਿਚ ਇਸ ਦੀ 'ਆਜ਼ਾਦੀ ਤੇ ਨਿਰਪੱਖਤਾ' ਦਾ ਭਰਮ ਬਣਿਆ ਰਹੇ। ਅਮਲੀ ਰੂਪ ਵਿਚ ਇਹ ਤੋਤਾ ਉਦੋਂ ਤੱਕ ਆਜ਼ਾਦ ਨਹੀਂ ਹੋ ਸਕਦਾ ਜਦੋਂ ਤੱਕ ਕਿ ਪੂੰਜੀਵਾਦੀ ਸਮਾਜਕ ਰਾਜਸੀ ਪ੍ਰਬੰਧ ਦੇ ਰੂਪ ਵਿਚ ਇਸਦਾ ਪਿੰਜਰਾ ਨਹੀਂ  ਟੁਟਦਾ ਨਹੀਂ ਅਤੇ ਦੇਸ਼ ਅੰਦਰ ਲੋਕ ਪੱਖੀ ਸਮਾਜਕ-ਆਰਥਕ ਪ੍ਰਬੰਧਾਂ ਦੀ ਮੌਲਸਰੀ ਮੌਲਦੀ ਨਹੀਂ। ਅਜੇਹਾ ਸਮਾਂ ਆਵੇਗਾ ਜ਼ਰੂਰ, ਇਹ ਗੱਲ ਵੱਖਰੀ ਹੈ ਕਿ ਇਸ ਸਟੇਜ ਤੱਕ ਪੁੱਜਣ ਲਈ ਬੜੇ ਲੰਬੇ, ਕਠਿਨ ਤੇ ਦਰਿੜ੍ਹਤਾਪੂਰਨ ਸੰਘਰਸ਼ਾਂ 'ਚੋਂ ਲੰਘਣਾ ਪਵੇਗਾ। 
- ਹਰਕੰਵਲ ਸਿੰਘ