Wednesday, 11 May 2016

ਸ਼ਰਧਾਂਜਲੀਆਂ

ਸਾਥੀ ਸਰੂਪ ਸਿੰਘ ਰਾਹੋਂ ਨਹੀਂ ਰਹੇ 
ਸਾਥੀ ਸਰੂਪ ਸਿੰਘ ਰਾਹੋਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ। ਉਹ ਕਰੀਬ 15 ਦਿਨ ਬਿਮਾਰ ਰਹਿਣ ਪਿਛੋਂ ਆਪਣੇ ਯੁੱਧ ਸਾਥੀਆਂ ਨੂੰ ਸਦੀਵੀ ਵਿਛੋੜਾ ਦੇ ਗਏ। ਸਾਥੀ ਸਰੂਪ ਸਿੰਘ ਰਾਹੋਂ ਆਪਣੇ ਪਰਿਵਾਰਕ ਪਿਛੋਕੜ ਕਾਰਨ ਹੀ ਮਜ਼ਦੂਰਾਂ ਦੀ ਮੁਕਤੀ ਦੀ ਲਹਿਰ 'ਚ ਸਰਗਰਮ ਹੋਏ ਅਤੇ ਨੌਜਵਾਨ ਸਭਾ 'ਚ ਸਰਗਰਮੀ ਨਾਲ ਕੰਮ ਆਰੰਭ ਕੀਤਾ। ਉਨ੍ਹਾਂ ਦਾ ਪਿਛਲਾ ਪਿੰਡ ਮਾਹਲ ਖੁਰਦ ਸੀ, ਜਿਸ ਨੂੰ ਲਾਲ ਪਿੰਡ ਵਜੋਂ ਵੀ ਜਾਣਿਆ ਜਾਂਦਾ ਸੀ। ਆਪਣੇ ਪਿੰਡ ਦਾ ਅਤੇ ਪਰਿਵਾਰ ਦੇ ਪਿਛੋਕੜ ਦਾ ਲਾਜ਼ਮੀ ਤੌਰ 'ਤੇ ਉਨ੍ਹਾ 'ਤੇ ਪ੍ਰਭਾਵ ਪਿਆ।  ਸਰਗਰਮੀ ਦੌਰਾਨ ਔਖੀਆਂ ਹਾਲਤਾਂ ਦੇ ਬਾਵਜੂਦ ਵੀ ਉਨ੍ਹਾ ਸਿਰੜ ਨਾਲ ਆਪਣਾ ਕੰਮ ਜਾਰੀ ਰੱਖਿਆ। ਉਨ੍ਹਾ ਕੁੱਝ ਸਮੇਂ ਲਈ ਪੱਤਰਕਾਰੀ ਵੀ ਕੀਤੀ। ਨਿਰਮਾਣ ਮਜ਼ਦੂਰਾਂ ਨੂੰ ਜਥੇਬੰਦ ਕਰਨ ਅਤੇ ਮਜ਼ਦੂਰਾਂ, ਕਿਸਾਨਾਂ ਦੇ ਘੋਲ 'ਚ ਉਨ੍ਹਾ ਸਰਗਰਮ ਯੋਗਦਾਨ ਪਾਇਆ। ਉਹ ਜ਼ਮੀਨੀ ਤੌਰ 'ਤੇ ਲੋਕਾਂ ਨਾਲ ਜੁੜੇ ਹੋਏ ਆਗੂ ਸਨ। ਆਖਰੀ ਵਕਤ ਤੱਕ ਉਹ ਪਾਰਟੀ ਦੇ ਜ਼ਿਲ੍ਹਾ ਸਕੱਤਰ ਵਜੋਂ ਆਪਣੀ ਜਿੰਮੇਵਾਰੀ ਨਿਭਾ ਰਹੇ ਸਨ। ਲੋਕਾਂ ਨਾਲ ਪਿਆਰ ਦਾ ਸਬੂਤ ਉਨ੍ਹਾ ਦੇ ਅੰਤਿਮ ਸੰਸਕਾਰ ਵਾਲੇ ਦਿਨ ਹੋਏ ਇਕੱਠ ਤੋਂ ਭਲੀ ਭਾਂਤ ਹੀ ਲਗਦਾ ਸੀ ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਪਿੱਛੇ ਛੱਡ ਗਏ। ਅਦਾਰਾ 'ਸੰਗਰਾਮੀ ਲਹਿਰ' ਵਿਛੜੇ ਸਾਥੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਦੁੱਖੀ ਪਰਿਵਾਰ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੈ।


ਸਾਥੀ ਨਵਤੇਜ ਦਿਹੜ ਨਹੀਂ ਰਹੇ

ਵਿਦਿਆਰਥੀ ਘੋਲਾਂ ਦੇ ਉਘੇ ਤੇ ਨਿਧੜਕ ਆਗੂ ਸਾਥੀ ਨਵਤੇਜ ਦਿਹੜ ਇਕ ਸੰਖੇਪ ਬਿਮਾਰੀ ਉਪਰੰਤ 12 ਅਪ੍ਰੈਲ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ 43 ਵਰ੍ਹਿਆਂ ਦੇ ਭਰ ਜੁਆਨ ਅਧਿਆਪਕ ਆਗੂ ਸਨ।
ਸਾਥੀ ਨਵਤੇਜ ਦਾ ਜਨਮ ਸੰਗਰੂਰ (ਹੁਣ ਬਰਨਾਲਾ) ਜ਼ਿਲ੍ਹੇ ਦੇ ਪਿੰਡ ਠੀਕਰੀਵਾਲਾ ਵਿਖੇ ਉਘੇ ਲੋਕ ਪੱਖੀ ਲੇਖਕ 'ਤੇ ਸੀ.ਪੀ.ਐਮ.ਪੰਜਾਬ ਦੀ ਬਰਨਾਲਾ ਜ਼ਿਲ੍ਹਾ ਕਮੇਟੀ ਦੇ ਮੈਂਬਰ ਮਾਸਟਰ ਸੁਰਜੀਤ ਦੇਹੜ ਦੇ ਘਰ ਹੋਇਆ। ਇਸ ਲਈ ਸਾਥੀ ਨਵਤੇਜ ਨੂੰ ਲੋਕ ਘੋਲਾਂ ਦੀ ਗੁੜਤੀ ਪਰਿਵਾਰ 'ਚੋਂ ਮਿਲੀ। ਕਾਲਜ ਦੀ ਪੜ੍ਹਾਈ ਦੌਰਾਨ ਉਹਨਾਂ ਵੱਖ ਵੱਖ ਕਾਲਜਾਂ ਵਿਚ ਐਸ.ਐਫ.ਆਈ. ਦੇ ਯੂਨਿਟ ਖੜੇ ਕਰਨ ਦੇ ਕਾਰਜ ਨੂੰ ਬਹੁਤ ਹੀ ਮਿਹਨਤ ਅਤੇ ਸਿਦਕਦਿਲੀ ਨਾਲ ਨਿਭਾਇਆ ਅਤੇ ਵਿਦਿਆਰਥੀਆਂ ਵਲੋਂ ਲੜੇ ਗਏ ਘੋਲਾਂ ਨੂੰ ਨਿਡਰਤਾ ਸਹਿਤ ਅਗਵਾਈ ਦਿੱਤੀ। ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੰਸਥਾਪਕ ਸਨ। ਬਾਅਦ ਵਿਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਿਚ ਵੀ ਆਗੂ ਭੂਮਿਕਾ ਨਿਭਾਈ ਅਤੇ ਅਧਿਆਪਕ ਵਜੋਂ ਨੌਕਰੀ ਮਿਲਣ ਉਪਰੰਤ ਜੀ.ਟੀ.ਯੂ. ਦੀਆਂ ਸਰਗਰਮੀਆਂ ਵਿਚ ਵੀ ਅੰਤਮ ਸਾਹਾਂ ਤੱਕ ਹਿੱਸਾ ਪਾਉਣਾ ਜਾਰੀ ਰੱਖਿਆ। ਸਾਥੀ ਨਵਤੇਜ ਦੇ ਅਚਾਨਕ ਸਦੀਵੀ ਵਿਛੋੜਾ ਦੇ ਜਾਣ ਨਾਲ ਉਸਦੀ ਸੁਪਤਨੀ, ਬੱਚਿਆਂ, ਮਾਤਾ-ਪਿਤਾ ਤੇ ਹੋਰ ਰਿਸ਼ਤੇਦਾਰਾਂ ਦੇ ਨਾਲ ਨਾਲ ਕਿਰਤੀ ਲੋਕਾਂ ਦੀ ਲਹਿਰ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ। 22 ਅਪ੍ਰੈਲ ਨੂੰ ਇਸ ਵਿਛੜੇ ਸਾਥੀ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਲਈ ਉਹਨਾਂ ਦੇ ਪਿੰਡ ਵਿਚ ਕੀਤੇ ਗਏ ਸਮਾਗਮ ਵਿਚ ਸੀ.ਪੀ.ਐਮ.ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਮਹੀਪਾਲ ਅਤੇ ਪਾਰਟੀ ਸੂਬਾ ਕਮੇਟੀ ਮੈਂਬਰ ਸਾਥੀ ਮਲਕੀਤ ਸਿੰਘ ਵਜੀਦਕੇ ਤੋਂ ਇਲਾਵਾ ਸੀ.ਪੀ.ਆਈ.ਦੇ ਸੂਬਾ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ, ਜਨਵਾਦੀ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਸਵਰਨਜੀਤ ਸਿੰਘ ਦਲ੍ਹਿਓ, ਡਾਕਟਰ ਤੇਜਵੰਤ ਸਿੰਘ ਮਾਨ, ਰੈੱਡ ਸਟਾਰ ਆਗੂ ਹਰਭਗਵਾਨ ਭੀਖੀ, ਦਵਿੰਦਰ ਖੁੱਡੀ, ਸਾਥੀ ਕਮਲਜੀਤ ਬੁੱਟਰ, ਇਨਕਲਾਬੀ ਕੇਂਦਰ ਦੇ ਸਾਥੀ ਨਾਰਾਇਣ ਦੱਤ, ਕਾਂਗਰਸੀ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਆਦਿ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਝਾਂ ਕੀਤਾ।
ਅਦਾਰਾ 'ਸੰਗਰਾਮੀ ਲਹਿਰ' ਸਾਥੀ ਨਵਤੇਜ ਦੇ ਤੁਰ ਜਾਣ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ ਅਤੇ ਉਹਨਾਂ ਦੇ ਪਰਿਵਾਰ ਦੇ ਇਸ ਅਥਾਹ ਗਮ ਵਿਚ ਸ਼ਰੀਕ ਹੁੰਦਾ ਹੈ।


ਕਾਮਰੇਡ ਜੋਗਿੰਦਰ ਸਿੰਘ ਨੂੰ ਇਨਕਲਾਬੀ ਸ਼ਰਧਾਂਜਲੀਆਂ 

10 ਅਪ੍ਰੈਲ ਨੂੰ ਰੇਲਵੇ ਮੁਲਾਜ਼ਮਾਂ ਦੇ ਉਘੇ ਆਗੂ ਕਾਮਰੇਡ ਜੋਗਿੰਦਰ ਸਿੰਘ ਦਾ ਸ਼ਰਧਾਂਜਲੀ ਸਮਾਗਮ ਪਠਾਨਕੋਟ ਵਿਖੇ ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਅਤੇ ਆਲ ਇੰਪਲਾਈਜ਼ ਟਰੇਡ ਯੂਨੀਅਨ ਕੌਂਸਲ ਪਠਾਨਕੋਟ ਵਲੋਂ ਕੀਤਾ ਗਿਆ। ਲੰਘੀ 25 ਫਰਵਰੀ ਨੂੰ ਵਿਛੋੜਾ ਦੇ ਗਏ ਆਪਣੇ ਹਰਮਨ ਪਿਆਰੇ ਸਾਥੀ ਨੂੰ ਸ਼ਰਧਾਂਜਲੀ ਵਜੋਂ ਜੁਝਾਰੂ ਲਾਲ ਸਲਾਮ ਕਹਿਣ ਲਈ ਉਨ੍ਹਾਂ ਦੇ ਯੁੱਧ ਸਾਥੀ, ਬ੍ਰਾਂਚਾ ਤੱਕ ਦੇ ਅਹੁਦੇਦਾਰ ਅਤੇ ਫਿਰੋਜ਼ਪੁਰ ਡਵੀਜ਼ਨ ਦੇ ਕੋਨੇ ਕੋਨੇ ਤੋਂ ਰੇਲ ਕਾਮੇ ਵਹੀਰਾਂ ਘੱਤ ਕੇ ਪੁੱਜੇ। ਮਰਹੂਮ ਸਾਥੀ ਦੇ ਪਰਿਵਾਰਕ ਮੈਂਬਰ, ਉਨ੍ਹਾ ਦੀ ਜੀਵਨ ਸਾਥਾਣ, ਬੇਟੀ-ਬੇਟੇ, ਭਾਈ ਸਾਹਿਬਾਨ ਤੇ ਅਨੇਕਾਂ ਰਿਸ਼ਤੇਦਾਰ ਵੀ ਸਮਾਗਮ ਵਿਚ ਪੁੱਜੇ।
ਇਸ ਭਾਰੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਲਹਿਰ ਦੇ ਸਿਰਮੌਰ ਆਗੂ ਸਾਥੀ ਮੰਗਤ ਰਾਮ ਪਾਸਲਾ ਨੇ ਕਾਮਰੇਡ ਜੋਗਿੰਦਰ ਸਿੰਘ ਦੇ ਵਿਛੋੜੇ ਦੀ ਟਰੇਡ ਯੂਨੀਅਨ ਲਹਿਰ ਨੂੰ ਪਏ ਵੱਡੇ ਘਾਟੇ  ਵਜੋਂ ਵਿਆਖਿਆ ਕੀਤੀ।  
ਕਾਮਰੇਡ ਜੋਗਿੰਦਰ ਸਿੰਘ ਜੀ ਦੇ ਵੱਡੇ ਭਰਾ ਕਾਮਰੇਡ ਗੁਰਮੀਤ ਸਿੰਘ ਜੋ ਆਪ ਆਰ.ਐਮ.ਐਸ. ਦੇ ਵੱਡੇ ਆਗੂ ਰਹੇ ਹਨ, ਵਿਛੜੇ ਆਗੂ ਦੇ ਯੁੱਧ ਸਾਥੀਆਂ ਸਰਵਸਾਥੀ ਹਰਚਰਨ ਸਿੰਘ, ਪਰਮਜੀਤ ਸਿੰਘ,  ਟੀ.ਆਰ.ਗੌਤਮ, ਠਾਕੁਰ ਰਮੇਸ਼ ਸਿੰਘ, ਜਸਮੰਗਲ ਸਿੰਘ, ਮਹਿੰਦਰ ਸਿੰਘ, ਯਸ਼ਪਾਲ ਅੰਮ੍ਰਿਤਸਰ, ਨਰਿੰਦਰ ਸਿੰਘ, ਸ਼ਿਵਦੱਤ, ਆਲ ਇੰਪਲਾਈਜ ਟਰੇਡ ਯੂਨੀਅਨ ਕੌਂਸਲ ਪਠਾਨਕੋਟ ਦੇ ਆਗੂ ਸਰਵ ਸਾਥੀ ਨੱਥਾ ਸਿੰਘ, ਹਰਿੰਦਰ ਰੰਧਾਵਾ, ਸ਼ਿਵ ਕੁਮਾਰ, ਸੁਭਾਸ਼ ਸ਼ਰਮਾ, ਦਲਬੀਰ ਸਿੰਘ ਆਦਿ ਨੇ ਵੀ ਵਿਛੜੇ ਆਗੂ ਨੂੰ ਭਾਵਪੂਰਤ ਸ਼ਰਧਾਂਜਲੀਆਂ ਭੇਂਟ ਕੀਤੀਆਂ।

No comments:

Post a Comment