ਹਰਚਰਨ ਸਿੰਘ
ਭਾਰਤੀ ਸੰਸਦ ਦੇ 1974 ਦੇ ਵਰਖਾ ਰੁੱਤ ਸਮਾਗਮ ਦੇ ਪਹਿਲੇ ਹੀ ਦਿਨ ਸੰਸਦ ਮੈਂਬਰ ਜੋਤੀ ਰਮਾਇਆ ਬਾਸੂ ਨੇ ਸੰਸਦ ਵਿਚ ਹੀ ਲਿਫਾਫੇ ਵਿਚ ਗੁੰਦੀ ਹੋਈ ਗੁੱਤ ਸਣੇ ਸਿਰ ਦੇ ਵਾਲਾਂ ਦਾ ਗੁੱਛਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੇਜ਼ 'ਤੇ ਰੱਖਦਿਆਂ ਕਿਹਾ। ''ਸ਼੍ਰੀਮਤੀ ਪ੍ਰਧਾਨ ਮੰਤਰੀ ਸਾਹਿਬਾ! ਮੈਂ ਤੁਹਾਡੇ ਲਈ ਉਹ ਤੋਹਫਾ ਲੈ ਕੇ ਆਇਆਂ ਜੋ ਤੁਹਾਡੀ ਰਹਿਮ ਦਿਲ ਪੁਲਸ ਦੀਆਂ ਬੇਰਹਿਮੀ ਦੀਆਂ ਕਰਤੂਤਾਂ ਤੇ ਰੌਸ਼ਨੀ ਪਾਉਂਦਾ ਹੈ।'' ਇਹ ਵਾਲਾਂ ਦਾ ਇਕ ਗੁੱਛਾ ਜੋ ਕਿ ਹੜਤਾਲੀ ਰੇਲਵੇ ਕਾਮੇਂ ਦੀ ਘਰ ਵਾਲੀ ਦੇ ਸਿਰ ਦੇ ਵਾਲਾਂ ਦਾ ਸੀ। ਜਿਸ ਦੀ ਗੁੱਤ ਨੂੰ ਪੁਲਿਸ ਨੇ ਮੁਗਲ-ਸਰਾਏ ਦੇ ਸਟੇਸ਼ਨ 'ਤੇ ਰੱਸੀ ਨਾਲ ਬੰਨ ਕੇ ਰੁੱਖ ਨਾਲ ਲਟਕਾਇਆ ਹੋਇਆ ਸੀ। ਜੋ ਪੂਰੀ ਦੀ ਪੂਰੀ ਖੋਪੜੀ ਦੇ ਵਾਲ ਪੁੱਟੇ ਜਾਣ ਕਰਕੇ ਧੜਮ ਕਰਕੇ ਭੁੰਜੇ ਡਿੱਗ ਪਈ ਸੀ। ਉਸ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਇਕ ਹੜਤਾਲੀ ਰੇਲ ਕਾਮੇਂ ਦੀ ਘਰਵਾਲੀ ਸੀ।
ਦੂਸਰੀ ਗੱਲ ਜੋ ਮੈਂ ਆਪ ਆਪਣੇ ਕੰਨੀ ਸੁਣੀ ਉਹ ਇਸ ਤਰ੍ਹਾਂ ਸੀ। ਹੜਤਾਲ ਪਿਛੋਂ ਇਕ ਦਿਨ ਮੈਂ ਅੰਮ੍ਰਿਤਸਰੋਂ ਮੀਟਿੰਗ ਕਰਵਾ ਕੇ ਵਾਪਸ ਪਰਤ ਰਿਹਾ ਸਾਂ ਕਿ ਮੇਰੇ ਕੁੱਝ ਸਾਥੀ ਮੈਨੂੰ ਰੇਲ ਗੱਡੀ ਬਿਠਾਉਣ ਲਈ ਸਟੇਸ਼ਨ ਤੱਕ ਮੇਰੇ ਨਾਲ ਹੀ ਆ ਗਏ। ਗੱਡੀ ਤੁਰਨ 'ਤੇ ਉਹਨਾਂ ਹਮੇਸ਼ਾਂ ਵਾਂਗ ਨਾਹਰੇ ਲਾਉਣੇ ਸ਼ੁਰੂ ਕਰ ਦਿੱਤੇ। 'ਇਨਕਲਾਬ ਜ਼ਿੰਦਾਬਾਦ', 'ਐਨ.ਸੀ.ਸੀ.ਆਰ.ਐਸ. ਜ਼ਿੰਦਾਬਾਦ', 'ਵਿਕਟੇਮਾਈਜੇਸ਼ਨ ਖਤਮ ਕਰੋ', ਨੌਕਰੀਉਂ ਕੱਢੇ ਕਾਮੇਂ ਬਹਾਲ ਕਰੋ 'ਕੇਂਦਰ ਸਰਕਾਰ, ਰੇਲ ਪ੍ਰਸ਼ਾਸਨ ਮੁਰਦਾਬਾਦ' ਅਦਿ ਆਦਿ। ਮੈਂ ਫਸਟ ਕਲਾਸ ਦੇ ਜਿਸ ਕੈਬਨ ਵਿਚ ਬੈਠਾ ਸਾਂ ਉਥੇ ਇਕ ਹੋਰ ਸਰਦਾਰ ਜੀ ਜਿਹਨਾਂ ਦੀ ਲੱਤ 'ਤੇ ਪਲਸਤਰ ਲੱਗਾ ਹੋਇਆ ਸੀ, ਵੀ ਬੈਠੇ ਸਨ। ਗੱਡੀ ਤੁਰਨ ਸਾਰ ਹੀ ਉਹਨਾਂ ਮੇਰੇ ਕੋਲੋਂ ਪੁਛਿਆ ਕਿ ਮੈਂ ਕੀ ਕਰਦਾ ਹਾਂ। ਅਤੇ ਨਾਹਰੇ ਲਾਉਣ ਵਾਲਿਆਂ ਦਾ ਕੀ ਵਿਸ਼ਾ ਹੈ। ਮੈਂ ਉਤਰ ਦਿੱਤਾ ''ਉਹ ਰੇਲ ਕਾਮੇਂ ਹਨ ਅਤੇ ਰੇਲਵੇ ਹੜਤਾਲ ਵਿਚ ਨੌਕਰੀਓਂ ਕੱਢੇ ਗਏ ਕਾਮਿਆਂ ਨੂੰ ਬਹਾਲ ਕਰਨ ਦੀ ਮੰਗ ਕਰ ਰਹੇ ਹਨ ਅਤੇ ਮੈਂ ਇਹਨਾਂ ਦਾ ਆਗੂ ਹਾਂ।''
ਇਹ ਸੁਣ ਕੇ ਸਰਦਾਰ ਜੀ ਨੇ ਕਿਹਾ ਕਿ ਵੀ ਇਸ ਹੜਤਾਲ ਨਾਲ ਨੇੜੇ ਦਾ ਵਾਹ ਰਿਹਾ ਹੈ। ਉਹਨਾਂ ਕਿਹਾ ''ਮੈਂ ਬੀ.ਐਸ.ਐਫ. ਦਾ ਡੀ.ਐਸ.ਪੀ. ਹਾਂ ਅਤੇ ਸਾਨੂੰ ਇਸ ਹੜਤਾਲ ਨੂੰ ਕੁਚਲਣ ਲਈ ਮੁਗਲਸਰਾਏ ਜਹਾਜ਼ ਰਾਹੀਂ ਭੇਜਿਆ ਗਿਆ ਸੀ। ਅਸੀਂ ਉਥੇ ਰੇਲ ਕਾਮਿਆਂ ਤੇ ਉਹਨਾਂ ਦੇ ਬੱਚਿਆਂ, ਘਰਵਾਲੀਆਂ 'ਤੇ ਐਨੇ ਅੱਤਿਆਚਾਰ ਕੀਤੇ ਸਨ ਕਿ ਦੱਸੇ ਨਹੀਂ ਜਾ ਸਕਦੇ। ਕਵਾਟਰਾਂ ਦੇ ਦਰਵਾਜ਼ੇ ਭੰਨੇ ਗਏ, ਘਰੇਲੂ ਸਮਾਨ ਭੰਨਿਆ-ਤੋੜਿਆ ਗਿਆ, ਬੱਚਿਆਂ ਅਤੇ ਜਨਾਨੀਆਂ ਨੂੰ ਲੁੱਕ ਵਾਲੀ ਸੜਦੀ ਸੜਕ 'ਤੇ ਨੰਗਿਆਂ ਲਟਾਇਆ ਗਿਆ। ਜਨਾਨੀਆਂ ਨੂੰ ਨੰਗਿਆ ਕਰਕੇ ਰੇਲਵੇ ਕਲੋਨੀਆਂ ਵਿਚ ਘੁਮਾਇਆ ਗਿਆ। ਬੱਚੇ ਬੁੱਢੇ ਸਾਰੇ ਹੀ ਕਲੋਨੀਆਂ ਛੱਡ ਕੇ ਪਿੰਡਾਂ ਥਾਵਾਂ ਨੂੰ ਨੱਸ ਗਏ। ਜੇ ਕਿਤੇ ਅੱਜ ਉਹ ਲੋਕ ਮੈਨੂੰ ਵੇਖ ਲੈਣ ਤਾਂ ਉਹ ਮੇਰੀ ਬੋਟੀ ਬੋਟੀ ਉਡਾ ਦੇਣ।'' ਉਹ ਸਰਦਾਰ ਜੀ ਦਾ ਨਾਂ ਸ਼ਾਇਦ ਸ਼ਿਵ ਚਰਨ ਸਿੰਘ ਸੀ ਅਤੇ ਉਹ ਗਾਜਿਆਬਾਦ ਰਹਿੰਦਾ ਸੀ। ਜਿੱਥੇ ਉਸ ਦੀ ਘਰਵਾਲੀ ਇਕ ਅਧਿਆਪਕਾ ਸੀ।
ਇਸ ਤਰ੍ਹਾਂ ਦੀਆਂ ਹੋਰ ਵੀ ਅਨੇਕਾਂ ਕਹਾਣੀਆਂ ਹਨ। ਮੇਰਾ ਆਪਣਾ ਪੁੱਤਰ ਜੋ ਉਸ ਵੇਲੇ 8ਵੀਂ ਦਾ ਹਾਊਸ ਟੈਸਟ ਦੇ ਰਿਹਾ ਸੀ ਅਤੇ ਦੋ ਮਈ ਨੂੰ ਉਸ ਦਾ ਆਖਰੀ ਪਰਚਾ ਸੀ, ਨੂੰ ਅੱਧੀ ਰਾਤੀਂ ਪੁਲਸ ਘਰੋਂ ਚੁੱਕ ਕੇ ਲੈ ਗਈ। ਰਮੇਸ਼ ਕੌਸ਼ਲ ਉਸ ਵੇਲੇ ਦਾ ਸਾਡੇ ਸ਼ਹਿਰ ਦਾ ਵਿਦਿਆਰਥੀ ਆਗੂ ਸੀ, ਸਵੇਰ ਵੇਲੇ ਉਸ ਦੀ ਅਗਵਾਈ ਵਿਚ ਸੌ ਤੋਂ ਉਪਰ ਵਿਦਿਆਰਥੀਆਂ ਵਲੋਂ ਪੰਜ ਨੰਬਰ ਡਵੀਜ਼ਨ ਥਾਣੇ ਨੂੰ ਘੇਰ ਲੈਣ ਉਪਰੰਤ ਹੀ ਮੇਰੇ ਬੇਟੇ ਨੂੰ ਛੱਡਿਆ ਗਿਆ ਸੀ ਕਿਉਂ ਜੋ ਪੁਲਸ ਮੈਨੂੰ ਫੜਨਾ ਚਾਹੁੰਦੀ ਸੀ ਅਤੇ ਮੈਂ ਘਰੋਂ ਫਰਾਰ ਸਾਂ। ਪੁਲਸ ਸਾਨੂੰ ਫੜਨ ਲਈ ਲਗਾਤਾਰ ਭੱਜ ਨੱਠ ਕਰ ਰਹੀ ਸੀ ਅਤੇ ਏਸੇ ਹੀ ਪ੍ਰਸੰਗ ਵਿਚ ਉਹ ਸਾਡੀਆਂ ਪਤਨੀਆਂ ਅਤੇ ਬੱਚਿਆਂ ਨੂੰ ਲਗਾਤਰ ਤੰਗ ਪ੍ਰੇਸ਼ਾਨ ਕਰ ਰਹੀ ਸੀ। ਇਸ ਗਾਲੀ ਗਲੋਚ ਅਤੇ ਧਮਕੀਆਂ ਤੋਂ ਤੰਗ ਆ ਕੇ ਮੇਰੀ ਵੱਡੀ ਬੇਟੀ ਆਪਣੇ ਭਰਾ ਨੂੰ ਨਾਲ ਲੈ ਕੇ ਆਪਣੇ ਨਾਨਕੇ ਭੱਜ ਗਈ ਅਤੇ ਛੋਟੀ ਬੇਟੀ ਅਤੇ ਮੇਰੀ ਸਾਥਣ ਵੀ ਜਦੋਂ ਇਸ ਡਰਾਉਣੇ ਮਹੌਲ ਨੂੰ ਨਾ ਸਹਾਰ ਸਕੀ ਤਾਂ ਉਹ ਵੀ ਕਵਾਟਰ ਨੂੰ ਤਾਲਾ ਲਾ ਕੇ ਆਪਣੇ ਤਾਏ ਦੇ ਘਰ ਗੁਲਚਮਨ ਗਲੀ ਚਲੀ ਗਈ ਅਤੇ 29 ਮਈ ਨੂੰ ਹੜਤਾਲ ਮੁਕਣ ਪਿਛੋਂ ਹੀ ਘਰ ਪਰਤੀ ਸੀ। ਭੈਣ ਬਣਸੋ, ਸਾਥੀ ਪਰਮਜੀਤ ਦੀ ਸਾਥਣ ਜੋ ਇਕ ਵੀਰਾਂਗਣਾਂ ਹੈ, ਨੇ ਇਸ ਪੁਲਿਸ ਤਸ਼ੱਦਦ ਦਾ ਯੋਧਿਆਂ ਵਾਂਗ ਸਾਮਣਾ ਕੀਤਾ ਤੇ ਹਰ ਵਾਰ ਪੁਲਿਸ ਵਾਲਿਆਂ ਦਾ ਡਾਂਗ ਫੜ ਕੇ ਮੁਕਾਬਲਾ ਕੀਤਾ।
ਹੜਤਾਲ ਦੇ ਕਾਰਨ : 1960 ਦੀ ਸੱਤ ਦਿਨਾਂ ਦੀ ਹੜਤਾਲ ਅਤੇ ਉਸ ਪਿਛੋਂ 19 ਸਤੰਬਰ 1968 ਦੀ ਇਕ ਦਿਨ ਦੀ ਸੰਕੇਤਕ ਹੜਤਾਲ ਦੇ ਫੇਲ ਹੋਣ ਉਪਰੰਤ ਰੇਲ ਕਾਮਿਆਂ ਅੰਦਰ ਜਿੱਥੇ ਸਰਕਾਰ ਪ੍ਰਤੀ ਅਤਿਅੰਤ ਗੁੱਸਾ ਸੀ। ਉਥੇ ਆਲ ਇੰਡੀਆ ਰੇਲਵੇ ਮੈਨਜ਼ ਫੈਡਰੇਸ਼ਨ (AIRF) ਦੇ ਆਗੂਆਂ ਪ੍ਰਤੀ ਵੀ ਬੇਭਰੋਸਗੀ ਦਿਨ ਪ੍ਰਤੀ ਦਿਨ ਵੱਧ ਰਹੀ ਸੀ, ਕਿਉਂ ਜੋ ਇਹਨਾਂ ਦੋਵਾਂ ਹੀ ਹੜਤਾਲਾਂ ਵਿਚ ਲੀਡਰਸ਼ਿਪ ਨੇ ਢੁਕਵੀਂ ਅਗਵਾਈ ਨਹੀਂ ਸੀ ਦਿੱਤੀ। ਸਗੋਂ ਕਈ ਜੋਨਾਂ ਦੀਆਂ ਇਸ ਨਾਲ ਸੰਬੰਧਤ ਯੂਨੀਅਨਾਂ, ਸੈਂਟਰ ਰੇਲਵੇ ਅਤੇ ਵੈਸਟਰਨ ਰੇਲਵੇ (CR-WR), ਨੇ ਹੜਤਾਲ ਨਾਲ ਗੱਦਾਰੀ ਕਰਦਿਆਂ ਹੜਤਾਲ ਦੇ ਨੋਟਿਸ ਹੀ ਵਾਪਸ ਲੈ ਲਏ ਸਨ ਅਤੇ ਸਿੱਟੇ ਵਜੋਂ ਰੇਲ ਕਾਮਿਆਂ ਦੀਆਂ ਕਿੱਤਾ ਅਧਾਰਤ ਕੈਟੇਗਰੀਆਂ ਦੀਆਂ ਐਸੋਸੀਏਸ਼ਨਾਂ ਬਣ ਗਈਆਂ ਸਨ। ਅਤੇ, ਉਹਨਾਂ ਕੈਟੇਗਰੀ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢ ਦਿੱਤੇ ਸਨ। ਆਲ ਇੰਡੀਆ ਲੋਕੋ ਰਨਿੰਗ ਸਟਾਫ ਐਸੋਸੀਏਸ਼ਨ (AILRSA) ਉਹਨਾਂ ਵਿਚੋਂ ਇਕ ਸੀ ਜਿਸ ਨੇ 1973 ਵਿਚ ਦੋ ਕਾਮਯਾਬ ਹੜਤਾਲਾਂ ਕੀਤੀਆਂ। ਬਹੁਤ ਸਾਰੀਆਂ ਐਸੋਸੀਏਸ਼ਨਾ ਨੇ ਆਲ ਇੰਡੀਆ ਰੇਲਵੇ ਇੰਪਲਾਈਜ਼ ਕਨਫਡਰੇਸ਼ਨ (AIREC) ਬਣਾ ਕੇ ਸਾਂਝੇ ਘੋਲ ਵਿੱਡੇ ਹੋਏ ਸਨ। ਪ੍ਰੰਤੂ ਕਾਮਯਾਬ ਸੰਘਰਸ਼ਾਂ ਦੇ ਬਾਵਜੂਦ ਕੁੱਝ ਇਕ ਛੁਟਪੁਟ ਮੰਗਾਂ ਨੂੰ ਛੱਡ ਕੇ ਕੋਈ ਬੁਨਿਆਦੀ ਮੰਗ ਨਹੀਂ ਮੰਨੀ ਗਈ ਸੀ। ਸਰਕਾਰ ਦਾ ਇਸ ਤਰ੍ਹਾਂ ਦਾ ਵਤੀਰਾ ਵੀ ਕਾਮਿਆਂ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਸੀ। ਆਲ ਇੰਡੀਆ ਰੇਲਵੇ ਮੈਨਜ਼ ਫੈਡਰੇਸ਼ਨ AIRF ਦੀ ਸਕੰਦਰਾਬਾਦ ਵਿਚ ਹੋਈ ਕਾਨਫਰੰਸ ਵਿਚ ਡੈਲੀਗੇਟਾਂ ਨੇ ਉਸ ਵੇਲੇ ਦੀ ਸਥਾਪਤ ਅਤੇ ਭਗੌੜਾ ਲੀਡਰਸ਼ਿਪ ਨੂੰ ਹਰਾਅ ਕੇ ਜਾਰਜ ਫਰਨੰਡੀਜ਼ ਨੂੰ ਪ੍ਰਧਾਨ ਚੁਣ ਲਿਆ। ਜੋ ਇਕ ਖਾੜਕੂ ਸੁਭਾਅ ਦਾ ਆਗੂ ਸੀ। ਉਸ ਵੇਲੇ ਪੂਰੇ ਦੇਸ਼ ਵਿਚ ਦੋ ਬਰਾਬਰ ਦੇ ਬਣ ਚੁੱਕੇ ਟਰੇਡ ਯੂਨੀਅਨ ਕੇਂਦਰਾਂ ਯੂਨਾਈਟਿਡ ਕੌਸਲ ਆਫ ਟਰੇਡ ਯੂਨੀਅਨਜ਼ (UCTU ) ਜਿਸ ਵਿਚ CITU, HMS ਦਾ ਇਕ ਹਿੱਸਾ ਅਤੇ ਜਾਰਜ ਦੀ ਆਪਣੀ HMP ਸ਼ਾਮਲ ਸਨ, ਦਾ ਉਹ ਆਪ ਵੀ ਕਨਵੀਨਰ ਸੀ ਅਤੇ ਦੂਸਰੇ ਕੇਂਦਰ ਵਿਚ INTUC, AITUC + HMS ਦਾ ਇਕ ਹਿੱਸਾ ਟਰੇਡ ਯੂਨੀਅਨ ਕੌਂਸਲ (TUC) ਜੋ ਪੂਰੀ ਤਰ੍ਹਾਂ ਸਰਕਾਰ ਦੀਆਂ ਪਾਲਸੀਆਂ ਨੂੰ ਲਾਗੂ ਕਰਨ ਦਾ ਦਮ ਭਰਦਾ ਸੀ। ਇਸ ਲਈ ਬੁਨਿਆਦੀ ਮੰਗਾਂ ਦੇ ਨਿਪਟਾਰੇ ਲਈ ਵੀ ਚੇਤਨ ਕਾਮੇਂ ਉਤਾਵਲੇ ਸਨ।
NCCRS ਦਾ ਗਠਨ : ਜਾਰਜ ਫਰਨੰਡੀਜ਼ ਨੇ ਪ੍ਰਧਾਨ ਬਣਨ ਉਪਰੰਤ ਹੀ ਸਾਰੇ ਰੇਲ ਕਾਮਿਆਂ ਨੂੰ ਇਕ ਸਾਂਝੇ ਮੰਚ 'ਤੇ ਇਕੱਤਰ ਕਰਨ ਦੇ ਯਤਨ ਆਰੰਭ ਦਿੱਤੇ। ਸਿੱਟੇ ਵਜੋਂ 27 ਫਰਵਰੀ 1974 ਨੂੰ ਕਨਸਟੀਟਿਊਸ਼ਨ ਕਲੱਬ ਨਵੀਂ ਦਿੱਲੀ ਵਿਖੇ ਰੇਲ ਕਾਮਿਆਂ ਦੀਆਂ ਸਾਰੀਆਂ ਯੂਨੀਅਨਾਂ ਅਤੇ ਕੇਂਦਰ ਪੱਧਰ ਦੀਆਂ ਸਾਰੀਆਂ ਹੀ ਯੂਨੀਅਨਾਂ ਨੂੰ ਉਸ ਵਿਚ ਸੱਦਾ ਪੱਤਰ ਦਿੱਤਾ। ਜਿਸ ਵਿਚ ਇੰਟਕ ਅਤੇ ਐਚਐਮਐਸ ਤੋਂ ਬਿਨਾਂ ਸਾਰੀਆਂ 110 ਯੂਨੀਅਨਾਂ ਨੇ ਹਿੱਸਾ ਲਿਆ ਅਤੇ ਸ਼ਾਮਲ ਹੋਈਆਂ ਸਾਰੀਆਂ ਹੀ ਕੇਂਦਰੀ ਯੂਨੀਅਨਾਂ ਨੇ ਹਮਾਇਤ ਦਾ ਪੂਰਾ ਪੂਰਾ ਭਰੋਸਾ ਦਵਾਇਆ। ਇਸ ਲੇਖਕ ਨੇ ਵੀ ਉਸ ਕਨਵੈਨਸ਼ਨ ਵਿਚ ਆਪਣੀ ਹਾਜ਼ਰੀ ਲਵਾਈ ਸੀ। ਹਰ ਯੂਨੀਅਨ/ਫੈਡਰੇਸ਼ਨ/ਐਸੋਸੀਏਸ਼ਨ ਨੂੰ ਬਰਾਬਰਤਾ ਦੇ ਆਧਾਰ 'ਤੇ ਉਸ ਵਿਚ ਸ਼ਾਮਲ ਕਰਕੇ ਇਕ ਸਾਂਝਾ ਮੰਚ ਬਣਾ ਲਿਆ ਗਿਆ। ਜਿਸ ਦਾ ਨਾਂਅ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ ਰੇਲਵੇਮੈਨ ਸਟਰਗਲ (NCCRS) ਰੱਖ ਦਿੱਤਾ। ਇਸ ਮੰਚ ਦਾ ਕੰਮ ਚਲਾਉਣ ਲਈ ਇਕ 13 ਮੈਂਬਰਾਂ ਦੀ ਛੋਟੀ ਕਮੇਟੀ ਦਾ ਵੀ ਗਠਨ ਕਰ ਦਿੱਤਾ ਗਿਆ ਜਿਸ ਵਿਚ AITUC-CITU-AIREC, BMS, AIRF ਅਤੇ AILRSA ਦੇ ਦੋ ਦੋ ਮੈਂਬਰ ਸ਼ਾਮਲ ਕਰਕੇ ਜਾਰਜ ਨੂੰ ਉਸ ਦਾ ਕਨਵੀਨਰ ਨਿਯੁਕਤ ਕਰ ਦਿੱਤਾ ਗਿਆ ਅਤੇ ਨਾਲ ਦੇ ਨਾਲ ਇਹ ਵੀ ਫੈਸਲਾ ਕੀਤਾ ਕਿ NCCRS ਥੱਲੇ ਨੂੰ ਜ਼ੋਨ-ਡਵੀਜ਼ਨ ਅਤੇ ਬਰਾਂਚ ਪੱਧਰ 'ਤੇ ਵੀ ਬਣਾਇਅ ਜਾਵੇ। ਪ੍ਰੰਤੂ ਕੁੱਝ ਜ਼ੋਨਾਂ ਨੂੰ ਛੱਡਕੇ ਬਾਕੀ ਥਾਂਈ ਇਹ ਨਾ ਬਣ ਸਕੀਆਂ ਕਿਉਂ ਜੋ ਇਸ ਦੀ ਜ਼ੁੱਮੇਵਾਰੀ AIRF ਦੀਆਂ ਯੂਨੀਅਨਾਂ ਨੂੰ ਦਿੱਤੀ ਗਈ ਸੀ। ਜਿਹਨਾਂ ਨੇ ਜਾਣਬੁੱਝ ਕੇ ਇਸ ਨੂੰ ਅਣਗੌਲਿਆ ਕੀਤਾ।
ਮੰਗਾਂ : 1. ਘੱਟੋ ਘੱਟ ਜੀਣ ਜੋਗਾ ਵੇਤਨਮਾਨ
2. ਜਦ ਤੱਕ ਇਹ ਮੰਗ 'ਤੇ ਅਮਲ ਨਾ ਹੋਵੇ ਉਦੋਂ ਤੱਕ ਪਬਲਿਕ ਸੈਕਟਰ ਦੇ ਕਾਮਿਆਂ ਬਰਾਬਰ ਵੇਤਨਮਾਨ।
3. ਅੱਠ ਘੰਟੇ ਡਿਊਟੀ।
4. ਜੀਵਨ ਲਈ ਲੋੜੀਂਦੀਆਂ ਚੀਜ਼ਾਂ ਦੀ ਵਿਕਰੀ ਲਈ ਸਸਤੇ ਭਾਅ 'ਤੇ ਦੁਕਾਨਾਂ ਨੂੰ ਖੋਲਣਾ
ਇਸ ਬਣੀ ਏਕਤਾ ਨੂੰ ਬਣਾਉਣ ਅਤੇ ਬਣਾਈ ਰੱਖਣਾ ਇਕ ਬਹੁਤ ਹੀ ਕਠਨ ਕਾਰਜ ਸੀ। ਕਿਉਂ ਜੋ ਇਕ ਪਾਸੇ AIRF ਵਿਚ ਯੂਨਟੀ ਵਿਰੋਧੀ ਤੱਤ ਇਸ ਕਰਕੇ ਇਸ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ ਕਿ ਇਸ ਨਾਲ ਉਹਨਾਂ ਦਾ ਰੇਲ ਕਾਮਿਆਂ ਵਿਚ ਬਣਿਆ ਵਕਾਰ ਤੇ ਸਮੂਹ ਸੌਦੇਬਾਜ਼ੀ ਦੀ ਮਨੋਪਲੀ ਤੇ ਸੱਟ ਵੱਜਦੀ ਅਨੁਭਵ ਕਰ ਰਹੇ ਸਨ ਅਤੇ ਦੂਸਰੇ ਪਾਸੇ ਇਸ ਨਾਲੋਂ ਨਰਾਜ ਹੋ ਕੇ ਟੁੱਟ ਕੇ ਗਏ ਕਾਮਿਆਂ ਵਲੋਂ ਬਣਾਈਆਂ ਗਈਆਂ ਐਸੋਸੀਏਸ਼ਨਾਂ AIRF ਵੱਲੋਂ ਪਿਛਲੇ ਸਮਿਆਂ ਵਿਚ ਨਿਭਾਏ ਗਏ ਸੰਦੇਹ ਭਰਪੂਰ ਅਤੇ ਗਦਾਰੀ ਭਰੇ ਕਿਰਦਾਰਾਂ ਤੋਂ ਭਲੀ ਭਾਂਤ ਜਾਣੂ ਹੁੰਦਿਆਂ ਹੋਇਆਂ AIRF ਦੀ ਲੀਡਰਸ਼ਿਪ ਤੇ ਭੋਰਾ ਵਿਸ਼ਵਾਸ ਨਹੀਂ ਕਰ ਰਹੇ ਸਨ। ਪ੍ਰੰਤੂ ਫਿਰ ਵੀ ਮੰਗਾਂ ਦੀ ਨੌਈਅਤ ਨੂੰ ਵੇਖਦਿਆਂ ਕੋਈ ਵੀ ਕਲੀਕਾਰੀ ਜਥੇਬੰਦੀ ਇਹਨਾਂ ਨੂੰ ਪ੍ਰਾਪਤ ਕਰ ਸਕਣ ਦੇ ਯੋਗ ਨਹੀਂ ਸੀ ਅਤੇ ਦੂਸਰੇ ਪਾਸੇ ਯੂਨਟੀ ਪ੍ਰਤੀ ਵਫਾਦਾਰ ਤੱਤ ਦਿਨ-ਰਾਤ ਇਸ ਨੂੰ ਬਣਾਈ ਰੱਖਣ ਲਈ ਮੇਹਨਤ ਕਰ ਰਹੇ ਸਨ। ਇੱਥੇ ਇਹ ਵੀ ਜਾਣਨ ਦੀ ਲੋੜ ਹੈ ਕਿ ਕਾਰਜ ਵਿਧੀ ਤੋਂ ਨਰਾਜ ਹੋ ਕੇ 1970 ਵਿਚ AITUC ਨੇ ਰੇਲਵੇ ਟਰੇਡ ਯੂਨੀਅਨ ਵਿਚ ਸਿੱਧੇ ਹੀ ਦਖਲ ਦੇਣਾ ਆਰੰਭ ਦਿੱਤਾ ਅਤੇ ਨਾਰਦਰਨ ਰੇਲਵੇ ਵਿਚ ਨਾਰਦਰ ਰੇਲਵੇ ਵਰਕਰਜ਼ ਯੂਨੀਅਨ NRWU ਦੀ ਸਥਾਪਨਾ ਕਰ ਦਿੱਤੀ ਸੀ। ਇਸ ਪਿਛੋਂ NCCRS ਜੋ ਯੂਨਟੀ ਦੀ ਸਮੱਸਿਆ ਨੂੰ ਲੈ ਕੇ ਜੂਝ ਰਹੀ ਸੀ ਹੜਤਾਲ ਦੀਆਂ ਹੋ ਰਹੀਆਂ ਤਿਆਰੀਆਂ ਸਮੇਂ ਹੀ ਇਸ ਨੇ 16 ਮਾਰਚ 1974 ਵਿਚ ਇੰਡੀਅਨ ਰੇਲਵੇ ਵਰਕਰਜ਼ ਫੈਡਰੇਸ਼ਨ (IRWF) ਨਾਂਅ ਦੀ ਇਕ ਹੋਰ ਫੈਡਰੇਸ਼ਨ ਰੇਲਵੇ ਵਿਚ ਸਥਾਪਤ ਕਰ ਕੇ ਯੂਨੀਅਨ ਨੂੰ ਬਹੁਤ ਵੱਡਾ ਧੱਕਾ ਲਾਇਆ। ਜਿਸ ਨੇ ਅੱਗੇ ਚਲ ਕੇ ਹੋਣ ਵਾਲੀ ਹੜਤਾਲ ਵਿਚ ਹੜਤਾਲ ਨੂੰ ਨਿਰਬਲ ਕਰਨ ਅਤੇ ਤੋੜਨ ਵਿਚ ਚੋਖਾ ਹਿੱਸਾ ਪਾਇਆ। ਇਸ ਪਿਛੋਂ ਜਾਰਜ ਫਰਨੈਡੀਜ਼ ਵਲੋਂ ਐਨ.ਸੀ.ਸੀ.ਆਰ. ਐਸ. ਵਲੋਂ ਪਾਸ ਕੀਤਾ ਮੰਗ ਪੱਤਰ ਰੇਲਵੇ ਮਨਿਸਟਰ ਐਲ.ਐਨ. ਮਿਸਰਾ ਨੂੰ ਭੇਜ ਕੇ ਮੰਗ ਕੀਤੀ ਗਈ ਕਿ ਮੰਗਾਂ 'ਤੇ ਗੱਲਬਾਤ ਸ਼ੁਰੂ ਕੀਤੀ ਜਾਵੇ।
ਰੇਲਵੇ ਵਲੋਂ ਪ੍ਰਤੀਕਰਮ : ਰੇਲਵੇ ਮਨਿਸਟਰ ਨੇ ਜਾਰਜ ਦੀ ਚਿੱਠੀ ਦੇ ਉਤਰ ਵਿਚ ਲਿਖ ਭੇਜਿਆ ਕਿ ਉਹ AIRF ਨਾਲ ਤਾਂ ਗੱਲ ਕਰਨ ਨੂੰ ਹਰ ਵਕਤ ਤਿਆਰ ਹਨ ਪ੍ਰੰਤੂ NCCRS ਕਿਉਂ ਜੋ ਗੈਰ ਮਾਨਤਾ ਪ੍ਰਾਪਤ ਹੈ ਇਸ ਲਈ ਇਸ ਨਾਲ ਗੱਲਬਾਤ ਮੁਸ਼ਕਲ ਹੈ। ਹਾਂ AIRF ਆਪਣੇ ਨਾਲ ਜਿਸ ਨੂੰ ਮਰਜ਼ੀ ਹੈ ਲੈ ਸਕਦੀ ਹੈ। ਇਸ ਕੜਿਕੀ ਨੂੰ ਐਨ.ਸੀ.ਸੀ.ਆਰ.ਐਸ. ਨੇ ਹੱਲ ਕਰ ਲਿਆ ਅਤੇ ਜਾਰਜ ਦੀ ਰਹਿਨੁਮਾਈ ਥੱਲੇ ਰੇਲ ਮਨਿਸਟਰ ਵਲੋਂ ਡਿਪਟੀ ਰੇਲ ਮੰਤਰੀ ਸ਼੍ਰੀ ਮੁਹੰਮਦ ਸੂਫੀ ਕੁਰੈਸ਼ੀ ਦੀ ਪ੍ਰਧਾਨਗੀ ਹੇਠ ਬਣਾਈ ਗਈ ਕਮੇਟੀ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਗਈ। ਜਿਸਦਾ ਵਤੀਰਾ ਖੁਲਮ ਖੁੱਲਾ ਨਾ ਪੱਖੀ ਹੀ ਰਿਹਾ ਅਤੇ ਇਸ ਨੇ ਟਾਲ ਮਟੋਲ ਕਰਕੇ ਹੀ ਡੰਗ ਟਪਾਊਣਾ ਜਾਰੀ ਰੱਖਿਆ। ਸਿੱਟੇ ਵਜੋਂ 23.4.1974 ਨੂੰ 8 ਮਈ ਦੀ ਹੜਤਾਲ ਦਾ ਨੋਟਸ ਦੇ ਦਿੱਤਾ ਗਿਆ। ਅਪ੍ਰੈਲ ਦੇ ਆਖਰੀ ਹਫਤੇ ਜਦੋਂ ਝੂਠੀ ਸੱਚੀ ਗੱਲਬਾਤ ਚਲ ਰਹੀ ਸੀ ਤਾਂ ਮੁਹੰਮਦ ਸਫ਼ੀ ਕਰੈਸੀ ਦੇ ਪਿਤਾ ਚਲਾਣਾ ਕਰ ਗਏ। ਅਤੇ ਇਸ ਕਰਕੇ ਵੀ ਗੱਲਬਾਤ ਵਿਚ ਰੁਕਾਵਟ ਪੈ ਗਈ। ਪਿਛੋਂ ਜਦੋਂ ਇਹ ਸ਼ੁਰੂ ਵੀ ਹੋਈ ਤਾਂ ਇਸ ਦੇ ਵਤੀਰੇ ਵਿਚ ਕੋਈ ਵੀ ਸੁਧਾਰ ਨਹੀਂ ਸੀ ਹੋਇਆ ਅਤੇ ਜਦੋਂ 2 ਮਈ ਦਾ ਦਿਨ ਅਗਲੀ ਗੱਲਬਾਤ ਲਈ ਮਿੱਥਿਆ ਗਿਆ ਸੀ ਉਸ ਤੋਂ ਪਹਿਲਾਂ ਹੀ ਪਹਿਲੀ ਮਈ ਦੀ ਰਾਤ ਨੂੰ ਜਾਰਜ ਨੂੰ ਲਖਨਊ ਤੋਂ ਆਉਂਦਿਆਂ ਹੀ ਜਹਾਜ਼ ਤੋਂ ਉਤਰਦਿਆਂ ਗ੍ਰਿਫਤਾਰ ਕਰ ਲਿਆ ਗਿਆ। ਅਤੇ, ਏਸੇ ਤਰ੍ਹਾਂ ਹੀ ਹੋਰ ਵੀ NCCRS ਕਮੇਟੀ ਦੇ ਮੈਂਬਰ ਫੜ ਲੈ ਗਏ।
ਸਰਕਾਰ ਦਾ ਰੋਲ : ਸਰਕਾਰ ਬਹੁਤ ਹੀ ਨੀਝ ਨਾਲ ਵਾਪਰ ਰਹੀਆਂ ਘਟਨਾਵਾਂ ਨੂੰ ਵਾਚ ਅਤੇ ਨਿਰਖ ਪਰਖ ਕਰ ਰਹੀ ਸੀ।
1. ਦੇਸ਼ ਸਾਰੇ ਦਾ ਸਾਰਾ ਪ੍ਰਸ਼ਾਸਨ ਅਤੇ ਦਮਨਕਾਰੀ ਮਸ਼ੀਨਰੀ ਹਰ ਤਰ੍ਹਾਂ ਨਾਲ ਤਿਆਰ ਬਰ ਤਿਆਰ ਹੀ ਨਹੀਂ ਸੀ ਸਗੋਂ ਹੜਤਾਲ ਵਿਰੁੱਧ ਹਰ ਸੰਵੇਦਨਸ਼ੀਲ ਥਾਂ 'ਤੇ ਨਿਯੁਕਤੀ ਕੀਤੀ ਜਾ ਰਹੀ ਸੀ।
2. ਹੜਤਾਲ ਨੂੰ ਹਰਾਉਣ ਦੀ ਕਮਾਣ ਖੁਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸੰਭਾਲੀ ਹੋਈ ਸੀ।
3. ਉਹ ਕਾਮੇਂ ਜੇਹੜੇ ਗਲਤੀ ਕਾਰਨ ਦੰਡਤ ਸਨ ਜਾਂ ਚਾਰਜ ਸ਼ੰਟਿੰਡ ਸਨ ਸਭ ਦੇ ਸਭ ਦੀਆਂ ਸਜ਼ਾਵਾਂ ਕੈਂਸਲ ਕਰਨ ਦੇ ਯਕੀਨ ਦਵਾਏ ਜਾ ਰਹੇ ਸਨ।
4. ਜੋ ਕਾਮਾ ਹੜਤਾਲ ਵਿਚ ਹਿੱਸਾ ਨਹੀਂ ਲਵੇਗਾ ਉਸ ਨੂੰ ਇਕ ਵਿਸ਼ੇਸ਼ ਤਰੱਕੀ Increment ਅਤੇ ਇਕ ਬੱਚੇ ਦੀ ਭਰਤੀ ਦੇ ਆਦੇਸ਼ ਜਾਰੀ ਕੀਤੇ ਗਏ।
5. ਐਸ.ਏ.ਡਾਂਗੇ ਜੋ AITUC ਦਾ ਚੇਅਰਮੈਨ ਸੀ ਨੂੰ ਵੀ ਹੜਤਾਲ ਤੁੜਵਾਉਣ ਲਈ ਵਰਤਿਆ ਗਿਆ ਅਤੇ ਉਸ ਵਲੋਂ ਇਹ ਐਲਾਨ ਕਰਵਾ ਦਿੱਤਾ ਗਿਆ ਕਿ ਹੜਤਾਲ ਤੋਂ ਮਾਲਗੱਡੀਆਂ ਨੂੰ ਬਾਹਰ ਰੱਖਿਆ ਜਾਵੇ। ਜਿਸ ਦੀ ਭਾਰਤੀ ਮੀਡੀਏ ਨੇ ਪੂਰੀ ਵਰਤੋਂ ਕੀਤੀ।
6. 700 ਪਸੰਜਰ ਗੱਡੀਆਂ ਅਪ੍ਰੈਲ ਦੇ ਆਖਰੀ ਹਫਤੇ ਬੰਦ ਕਰ ਦਿੱਤੀਆਂ ਗਈਆਂ।
7. ਸਾਰੇ ਤਰ੍ਹਾਂ ਦੀਆਂ ਪ੍ਰਾਵੀਡੈਂਟ ਫੰਡ ਜਾਂ ਹੋਰ ਅਡਵਾਂਸਾਂ ਦੇ ਭੁਗਤਾਨ ਰੋਕ ਦਿੱਤੇ ਗਏ।
ਹੜਤਾਲ ਦੀ ਸ਼ੁਰੂਆਤ : ਇਹ ਉਹ ਸਮਾਂ ਸੀ ਜਦੋਂ ਕਾਂਗਰਸ ਪਾਰਟੀ ਜਥੇਬੰਦੀ ਦੀ ਅੰਦਰੂਨੀ ਲੜਾਈ ਪਿਛੋਂ ਜੋ ਇੰਡੀਕੇਟ ਅਤੇ ਸੰਡੀਕੇਟ ਦੇ ਦੋ ਧੜਿਆਂ ਵਿਚ ਵੰਡੀ ਗਈ ਸੀ। ਏਸੇ ਤਰ੍ਹਾਂ ਹੀ 1971 ਵਿਚ ਪੂਰੇ ਦੇਸ਼ ਦੀ ਟਰੇਡ ਯੂਨੀਅਨ ਵੀ ਕਮੋਬੇਸ ਦੋ ਵੱਖ ਵੱਖ ਮੰਚਾਂ ਤੇ ਜਥੇਬੰਦ ਹੋ ਗਈ ਸੀ। ਜਿਸ ਤਰ੍ਹਾਂ ਉਪਰ ਦੱਸਿਆ ਜਾ ਚੁੱਕਿਆ ਹੈ ਕਿ ਇਕ ਮੰਚ ਯੂ.ਸੀ.ਟੀ.ਯੂ. (UCTU) ਅਤੇ ਦੂਸਰਾ ਟਰੇਡ ਯੂਨੀਅਨ ਕੌਂਸਲ ਟੀ.ਯੂ.ਸੀ. ਜੋ ਸਥਾਪਤੀ ਦੀ ਹਮੈਤ ਵਿਚ ਏ.ਆਈ.ਟੀ.ਯੂ.ਸੀ. ਵਲੋਂ ਜਥੇਬੰਦ ਕੀਤਾ ਗਿਆ ਸੀ ਅਤੇ ਉਸ ਦਾ ਮੁੱਖ ਕਾਰਜ ਕਾਂਗਰਸ ਸਰਕਾਰ ਦੀਆਂ ਸਮਸਤ ਨੀਤੀਆਂ ਤੇ ਅੱਖਾਂ ਮੀਟ ਕੇ ਅੰਗੂਠਾ ਲਾ ਦੇਣਾ ਸੀ। ਇੰਦਰਾ ਗਾਂਧੀ ਦਾ ਆਪਣਾ ਨਿਰਣਾ ਸੀ ਕਿ ਜੋ ਕਾਮਿਆਂ ਦੀਆਂ ਜਥੇਬੰਦੀਆਂ (UCTU) ਨਾਲ ਸਹਿਮਤ ਹਨ ਉਹ ਸਰਕਾਰ ਵਿਰੋਧੀ ਹੀ ਨਹੀਂ ਹਨ ਸਗੋਂ ਉਹ ਦੇਸ਼ ਧਰੋਹੀ ਵੀ ਹਨ। ਸੋ ਇਸ ਲਈ ਮੁਕੰਮਲ ਤੌਰ 'ਤੇ ਇਹਨਾਂ ਦੇ ਸਿਰ ਫੇਂਹ ਦੇਣੇ ਚਾਹੀਦੇ ਹਨ ਅਤੇ ਏਸੇ ਹੀ ਯੁਧਨੀਤੀ ਅਨੁਸਾਰ ਉਹ ਰੇਲ ਕਾਮਿਆਂ ਦੇ ਹਰ ਸੰਘਰਸ਼ ਨੂੰ ਕੁਚਲਕੇ ਰੇਲ ਕਾਮਿਆਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ। ਮਈ 1974 ਦੀ ਰੇਲ ਹੜਤਾਲ ਵਿਚ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਚੁੱਕੇ ਗਏ ਹਰ ਕਦਮ ਅਤੇ ਅੱਤਿਆਚਾਰ ਇਸ ਗੱਲ ਦੀ ਇਨਬਿਨ ਪੁਸ਼ਟੀ ਕਰਦੇ ਹਨ ਅਤੇ ਬਾਅਦ ਵਿਚ 1975 ਸਮੇਂ ਲਾਈ ਗਈ ਅੰਦਰੂਨੀ ਐਮਰਜੈਂਸੀ ਦੇ ਸੰਦਰਭ ਵਿਚ ਲਿਖਿਆ ਗਿਆ ਇਕ ਕਿਤਾਬਚੇ ''ਐਮਰਜੈਂਸੀ ਕਿਉਂ'' (Why Emergency) ਵਿਚੋਂ ਵੀ ਇਸ ਦੀ ਪੁਸ਼ਟੀ ਹੁੰਦੀ ਹੈ।
ਪਹਿਲੀ ਮਈ (ਮਜ਼ਦੂਰ ਦਿਵਸ) ਪੂਰੇ ਹਿੰਦੋਸਤਾਨ ਵਿਚ ਪਿਛਲੇ ਸਮਿਆਂ ਤੋਂ ਵੱਧ ਰੌਣਕਾਂ ਨਾਲ ਮਨਾਇਆ ਗਿਆ। ਕਿਉਂਜੋ ਪਿਛਲੇ ਕਈ ਮਹੀਨਿਆਂ ਤੋਂ ਹੜਤਾਲ ਦੀਆਂ ਲਗਾਤਾਰ ਤਿਆਰੀਆਂ ਅਰੰਭੀਆਂ ਗਈਆਂ ਸਨ। ਕਾਮਿਆਂ ਵਿਚ ਬਹੁਤ ਜੋਸ਼ ਸੀ। ਫਿਰੋਜ਼ਪੁਰ ਡਵੀਜ਼ਨ ਵਿਚ ਹਰ ਥਾਈਂ ਵੱਡੇ ਪੱਧਰ 'ਤੇ ਭੀੜਾਂ ਇਕੱਠੀਆਂ ਹੋਈਆਂ। ਕਾਮਿਆਂ ਨੇ 8 ਮਈ ਨੂੰ ਹੋਣ ਵਾਲੀ ਹੜਤਾਲ ਵਿਚ ਸ਼ਾਮਲ ਹੋਣ ਲਈ ਸਮੂਹਕ ਪੱਧਰ 'ਤੇ ਕਸਮਾਂ ਖਾਧੀਆਂ। ਪ੍ਰੰਤੂ ਦੂਜੇ ਪਾਸੇ ਇਕ ਹੋਰ ਹੀ ਤਰ੍ਹਾਂ ਦਾ ਦਰਿਸ਼ ਸਾਹਮਣੇ ਆਇਆ। ਫਿਰੋਜ਼ਪੁਰ, ਜਲੰਧਰ, ਅੰਮ੍ਰਿਤਸਰ, ਲੁਧਿਆਣਾ ਪਠਾਨਕੋਟ ਸਾਰੀ ਹੀ ਥਾਈਂ ਸੈਂਕੜਿਆਂ ਦੀ ਗਿਣਤੀ ਵਿਚ ਪੁਲਸ ਨੇ ਮਈ ਦਿਵਸ ਦੀਆਂ ਹੋ ਰਹੀਆਂ ਮੀਟਿੰਗ ਨੂੰ ਚਾਰ ਚੁਫੇਰਿਓਂ ਹੀ ਘੇਰ ਲਿਆ। ਕਾਮੇਂ ਬੜੇ ਹੈਰਾਨ ਸਨ ਕਿ ਇਹ ਕੀ ਹੋਣ ਵਾਲਾ ਹੈ। ਦੂਸਰੇ ਪਾਸੇ ਜਿਸਦਾ ਸਾਨੂੰ ਸ਼ਾਮ ਨੂੰ ਪਤਾ ਲੱਗਾ ਕਿ ਸਾਰੀ ਹੀ ਥਾਈਂ ਰੇਲਵੇ ਕਲੋਨੀਆਂ ਨੂੰ ਵੀ ਪੁਲਸ ਘੇਰੀ ਬੈਠੀ ਸੀ ਅਤੇ ਆਗੂਆਂ ਦੇ ਤੋਰੇਤਿਕੇ ਤੇ ਪੂਰੀ ਪੂਰੀ ਅੱਖ ਰੱਖੀ ਜਾ ਰਹੀ ਸੀ। ਜਦੋਂ ਹੀ ਮੀਟਿੰਗਾਂ ਖਤਮ ਹੋਈਆਂ, ਘਰੀਂ ਜਾਂਦੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਲੁਧਿਆਣੇ ਤੋਂ ਵੀ ਮੇਰੇ ਅਤੇ ਪਰਮਜੀਤ (ਹੁਣ ਡਵੀਜ਼ਨ ਸੈਕਟਰੀ) ਤੋਂ ਬਿਨਾਂ ਸਾਰੀ ਹੀ ਲੀਡਰਸਿਪ ਗ੍ਰਿਫਤਾਰ ਕਰ ਲਈ ਗਈ। ਅਸੀਂ ਦੋਵੇਂ ਬਚ ਕੇ ਇਕ ਟੈਲੀਫੋਨ ਯੂਨੀਅਨ ਦੇ ਆਗੂ ਦੇ ਘਰ ਚਲੇ ਗਏ ਜੋ ਸਾਰੀ ਰਾਤ ਸਾਨੂੰ ਕਲੋਨੀਆਂ ਦੀ ਹਾਲਤ ਦੀ ਜਾਣਕਾਰੀ ਦਿੰਦਾ ਰਿਹਾ। ਕਲੋਨੀਆਂ ਵਿਚ ਕਰਫਿਊ ਜਿਹੀ ਹਾਲਤ ਸੀ। ਜੋ ਵਿਅਕਤੀ ਕਾਮਾਂ ਜਾਂ ਪਰਵਾਰ ਉਸ ਦੇ ਅੜਿਕੇ ਆ ਗਿਆ ਉਸ ਨੂੰ ਰੱਜ ਕੇ ਕੁਟਾਪਾ ਚਾੜਿਆ ਜਾਂਦਾ। ਕੁਟਾਪੇ ਅਤੇ ਫੜੋ ਫੜਾਈ ਦਾ ਡਰਾਮਾਂ ਪੂਰੀ ਰਾਤ ਸਾਰੀ ਹੀ ਥਾਈਂ ਚਾਲੂ ਰਿਹਾ। ਲੁਧਿਆਣਾ ਵਿਖੇ ਸਵੇਰੇ ਨੂੰ ਕੁੱਝ ਲੀਡਰਾਂ ਨੇ ਲੋਕੋ ਛੈਡ ਅਤੇ ਸਟੇਸ਼ਨ 'ਤੇ ਜਾ ਕੇ ਨਾਹਰੇਬਾਜ਼ੀ ਕੀਤੀ। ਉਹਨਾਂ ਨੂੰ ਫੜਕੇ ਥਾਣਿਆਂ ਵਿਚ ਲਿਜਾ ਕੇ ਤਸ਼ੱਦਦ ਕੀਤਾ ਗਿਆ। ਪੂਰੇ ਦੇਸ਼ ਵਾਂਗੂੰ ਫਿਰੋਜ਼ਪੁਰ ਡਵੀਜ਼ਨ ਵਿਚ ਵੀ 8 ਮਈ ਦੀ ਥਾਂ 2 ਮਈ ਨੂੰ ਹੀ ਹੜਤਾਲ ਸ਼ੁਰੂ ਹੋ ਗਈ। ਰੋਸ ਵਜੋਂ ਕਾਮੇਂ ਦਾਅ ਬਚਾਕੇ ਘਰੋਂ ਨੱਸ ਗਏ। ਜੋ ਥੋੜੇ ਬਹੁਤੇ ਕੰਮ 'ਤੇ ਗਏ ਉਹ ਵੀ ਗੁੱਸੇ ਵਿਚ ਭਰੇ ਪੀਤੇ ਅਤੇ ਡਰ ਵਜੋਂ ਹਾਜ਼ਰੀ ਲਵਾ ਕੇ ਨੱਸ ਗਏ।
ਤਸ਼ੱਦਦ : ਬਹੁਤ ਕੁੱਝ ਉਪਰ ਦੱਸੇ ਜਾਣ ਤੋਂ ਇਲਾਵਾ ਕੁੱਝ ਇਕ ਤਸ਼ੱਦਦ ਦੇ ਵੇਰਵੇ ਥੱਲੇ ਦਿੱਤੇ ਜਾ ਰਹੇ ਹਨ।
50000 ਦੇ ਨੇੜੇ ਤੇੜੇ ਆਗੂ ਅਤੇ ਕਾਮੇਂ ਗ੍ਰਿਫਤਾਰ ਕਰ ਲੈ ਲਏ ਗਏ ਅਤੇ ਡੀ.ਆਈ.ਆਰ. ਅਤੇ ਈ.ਐਸ.ਐਮ.ਏ. (ESMA) ਤੋਂ ਬਿਨਾਂ ਹੋਰ ਕਈ ਧਾਰਾਵਾਂ ਲਗਾ ਕੇ ਜੇਲ੍ਹੀ ਡੱਕ ਦਿੱਤੇ ਗਏ।
2. 8000 ਕਾਮੇਂ ਸਿੱਧੇ ਤੌਰ 'ਤੇ ਡਿਸਮਿਸ ਕਰ ਦਿੱਤੇ ਗਏ।
3. ਸ਼੍ਰੀ ਮਲਗੀ ਜਨਰਲ ਸੈਕਟਰੀ ਨੈਸ਼ਨਲ ਰੇਲਵੇ ਮਜ਼ਦੂਰ ਯੂਨੀਅਨ ਕੇਂਦਰੀ ਰੇਲਵੇ ਦਿਲ ਦਾ ਦੌਰਾ ਪੈਣ ਨਾਲ ਪੁਲਸ ਥਾਣੇ ਵਿਚ ਚਲ ਵੱਸਿਆ।
4. ਵੇਤਨ ਅਤੇ ਹੋਰ ਹਰ ਤਰ੍ਹਾਂ ਦੀ ਅਡਵਾਂਸ ਅਦਾਇਗੀ ਬੰਦ ਕਰ ਦਿੱਤੀ ਗਈ।
5. ਰੇਲਵੇ ਕਲੋਨੀਆਂ ਵਿਚ ਕਰਫਿਊ ਲਗਾ ਦਿੱਤਾ ਗਿਆ। ਅਤੇ ਹਰ ਤਰ੍ਹਾਂ ਦਾ ਵਿਰੋਧ ਸੋਟਿਆਂ ਡਾਂਗਾਂ ਨਾਲ ਤੋੜ ਦਿੱਤਾ ਗਿਆ।
6. ਬਹੁਤ ਥਾਈਂ ਕਲੋਨੀਆਂ ਦਾ ਬਿਜਲੀ ਪਾਣੀ ਕੱਟ ਦਿੱਤੇ ਗਏ।
7 ਵੱਡੀ ਗਿਣਤੀ ਵਿਚ ਵਿਰੋਧੀ ਰਾਜਨੀਤਕ/ਟਰੇਡ ਯੂਨੀਅਨ ਆਗੂ ਜੇਲ੍ਹੀ ਸੁੱਟ ਦਿੱਤੇ ਗਏ। ਤਾਂ ਜੋ ਹੜਤਾਲੀ ਕਾਮਿਆਂ ਨੂੰ ਕਿਸੇ ਤਰ੍ਹਾਂ ਦੀ ਹਮਾਇਤ ਜਾਂ ਹੱਲਾਸ਼ੇਰੀ ਨੂੰ ਠੱਲ ਮਾਰੀ ਜਾ ਸਕੇ।
8. ਹਰ ਤਰ੍ਹਾਂ ਦੀ ਗੱਲਬਾਤ (Negotiation) ਬੰਦ ਕਰ ਦਿੱਤੀ ਗਈ।
9. ਹੋਮ ਮਨਿਸਟਰੀ ਵਲੋਂ 150 ਸਫੇ ਦਾ ਅਤਿਅੰਤ ਗੁਪਤ ਪੱਤਰ ਥੱਲੇ ਮੁੱਖ ਮੰਤਰੀ ਅਤੇ ਚੀਫ ਸੈਕਟਰੀਆਂ ਨੂੰ ਭੇਜਿਆ ਗਿਆ। ਜਿਸ ਵਿਚ ਹੜਤਾਲ ਨਾਲ ਨਜਿੱਠਣ ਅਤੇ ਹੜਤਾਲੀ ਕਾਮਿਆਂ ਨੂੰ ਸਿਝਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ।
ਦੂਜੀਆਂ ਟਰੇਡ ਯੂਨੀਅਨਾਂ ਵਲੋਂ ਭਾਈਚਾਰਕ ਹਮਾਇਤ :
ਹੜਤਾਲੀ ਕਾਮਿਆਂ ਤੇ ਕੀਤੇ ਜਾ ਰਹੇ ਅਤਿਆਚਾਰਾਂ ਨੂੰ ਵੇਖਦਿਆਂ ਕਈ ਟਰੇਡ ਯੂਨੀਅਨਾਂ/ਫੈਡਰੇਸ਼ਨਾਂ ਨੇ ਵੀ ਹਮਾਇਤ ਵਿਚ 9 ਮਈ ਤੋਂ ਹੜਤਾਲ ਤੇ ਜਾਣ ਦਾ ਫੈਸਲਾ ਲਿਆ। ਪ੍ਰੰਤੂ ਇਹ ਫੈਸਲਾ ਪੂਰੀ ਤਰ੍ਹਾਂ ਸਿਰੇ ਨਾ ਚੜਾਇਆ। 9 ਅਤੇ 10 ਦੋ ਦਿਨਾਂ ਹੜਤਾਲ ਕਰਨ ਤੋਂ ਪਿਛੋਂ ਉਹ ਡਿਊਟੀ ਤੇ ਪਰਤ ਆਏ ਹੜਤਾਲ ਲੰਮੀ ਹੁੰਦੀ ਵੇਖ ਸੀਟੂ ਦੀ ਪਹਿਲ ਕਦਮੀ ਤੇ ਪੂਰੇ ਦੇਸ਼ ਭਰ ਵਿਚ ਰੇਲ ਕਾਮਿਆਂ ਦੀ ਹਮਾਇਤ ਵਿਚ ਭਾਈਚਾਰਕ ਇੱਕਮੁਠਤਾ ਵਜੋਂ ਅਤੇ ਸਰਕਾਰ 'ਤੇ ਦਬਾਅ ਪਾਉਣ ਵਜੋਂ 15 ਮਈ ਨੂੰ ਇਕ ਦਿਨ ਦੀ ਸੰਕੇਤਕ ਹੜਤਾਲ ਕੀਤੀ ਗਈ। ਇਸ ਭਾਈਚਾਰਕ ਇਕਮੁਠਤਾ ਨੂੰ ਹੋਰ ਲੰਮੀ ਹੜਤਾਲ ਵਿਚ ਤਬਦੀਲ ਕਰਨ ਨੂੰ ਐਸ.ਏ.ਡਾਂਗੇ ਵਲੋਂ ਕੋਰਾ ਜਵਾਬ ਹੀ ਨਹੀਂ ਦਿੱਤਾ ਸਗੋਂ 16 ਤਾਰੀਖ ਨੂੰ ਉਸ ਵਲੋਂ ਹੜਤਾਲ ਤੋਂ ਵਾਪਸ ਆਉਣ ਲਈ ਇਹ ਕਹਿਕੇ ਪ੍ਰੈਸ ਬਿਆਨ ਦਾਗ ਦਿੱਤੇ ਕਿ ਹੋਰ ਲੰਮੀ ਹੜਤਾਲ ਨਾਲ ਦੇਸ਼ ਦੀ ਆਰਥਕਤਾ ਤਬਾਹ ਹੋ ਜਾਵੇਗੀ। ਜਦੋਂ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਇਸ ਤੇ ਇਤਰਾਜ ਕੀਤਾ ਕਿਉ ਜੋ ਡਾਂਗੇ ਐਕਸ਼ਨ ਕਮੇਟੀ ਦਾ ਮੈਂਬਰ ਨਹੀਂ ਸੀ ਤਾਂ ਫਿਰ ਡਾਂਗੇ ਨੇ ਦੇਸ਼ ਦੀ ਆਰਥਕਤਾ ਦਾ ਹੀ ਸਵਾਲ ਅੱਗੇ ਰੱਖ ਦਿੱਤਾ ਅਤੇ ਹੜਤਾਲ ਤੋੜਨ ਦੇ ਹੋਰ ਵੀ ਕਈ ਹੜਤਾਲ ਵਿਰੋਧੀ ਬਿਆਨ ਦਿੱਤੇ।
ਏਥੇ ਇਹ ਵੀ ਦੱਸਣਾ ਕੁਥਾਹ ਨਹੀਂ ਹੋਵੇਗਾ ਕਿ ਕੇਰਲ ਦੀ ਸਰਕਾਰ ਦੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਦੇ ਦਬਾਅ ਨੂੰ ਨਾ ਮਨਦਿਆਂ ਹੋਇਆ ਰੇਲ ਕਾਮਿਆਂ ਨੂੰ ਗ੍ਰਿਫਤਾਰ ਕਰਨ ਜਾਂ ਹੋਰ ਤਸ਼ੱਦਦ ਕਰਨ ਤੋਂ ਕੋਰਾ ਜਵਾਬ ਦਿੰਦਿਆਂ ਕਹਿਆ ਕਿ , ''ਪ੍ਰਾਂਤਕ ਸਰਕਾਰ ਦਾ ਕੰਮ ਸਿਰਫ ਰੇਲਵੇ ਸੰਪਤੀ ਦੀ ਰਾਖੀ ਹੈ ਨਾ ਕਿ ਹੜਤਾਲ ਦੀ।''
ਹੜਤਾਲ ਦੀ ਤੀਬਰਤਾ : ਇਹ ਹੜਤਾਲ ਹਿੰਦੋਸਤਾਨ ਦੀ ਰੇਲ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਹੜਤਾਲ ਸੀ। ਜਿਸ ਵਿਚ ਇਕ ਅੰਦਾਜ਼ੇ ਅਨੁਸਾਰ ਇਕ ਕਰੋੜ ਤੋਂ ਵੱਧ ਮਨੁੱਖੀ ਦਿਨ ਬੇਕਾਰ ਗਏ ਸਨ। ਦੇਸ਼ ਨੂੰ ਅਰਬਾਂ ਖਰਬਾਂ ਰੁਪਇਆ ਦਾ ਆਰਥਕ ਨੁਕਸਾਨ ਹੋਇਆ ਸੀ। 15 ਲੱਖ ਕਾਮਿਆਂ ਵਿਚ 11 ਲੱਖ ਕਾਮੇਂ 8 ਤੋਂ 15 ਮਈ ਤੱਕ ਹੜਤਾਲ 'ਤੇ ਸਨ ਭਾਵੇਂ ਵੱਡੀ ਪੱਧਰ 'ਤੇ ਹੜਤਾਲ 2 ਮਈ ਨੂੰ ਸ਼ੁਰੂ ਹੋ ਗਈ ਸੀ। 22 ਮਈ ਪਿਛੋਂ ਹੜਤਾਲ ਕਮਜ਼ੋਰ ਹੁੰਦੀ ਗਈ। ਪ੍ਰੰਤੂ ਫਿਰ ਵੀ 26 ਤਾਰੀਖ ਤੱਕ 2 ਲੱਖ ਤੋਂ ਵੱਧ ਕਾਮੇ ਅਜੇ ਵੀ ਹੜਤਾਲ 'ਤੇ ਡਟੇ ਹੋਏ ਸਨ। ਬਿਨਾਂ ਕਿਸੇ ਐਕਸ਼ਨ ਕਮੇਟੀ ਨਾਲ ਸਲਾਹ ਕੀਤੇ ਜਾਰਜ ਫਰਨੈਡੀਜ਼ ਨੇ ਸ਼ਾਇਦ ਘਬਰਾ ਕੇ ਜਾਂ ਟੁੱਟਦੀ ਜਾ ਰਹੀ ਹੜਤਾਲ ਨੂੰ ਮੰਨਕੇ 28 ਮਈ ਨੂੰ ਹੜਤਾਲ ਖਤਮ ਕਰਨ ਅਤੇ ਕਾਮਿਆਂ ਨੂੰ ਡਿਊਟੀ 'ਤੇ ਪਰਤ ਆਉਣ ਦਾ ਬਿਆਨ ਦੇ ਦਿੱਤਾ। ਜਿਸ ਤਰ੍ਹਾਂ ਕਿ ਪਿਛੋਂ ਸਿਆਸੀ ਹਲਕਿਆਂ ਤੋਂ ਪਤਾ ਲੱਗਾ ਕਿ ਦੇਸ਼ ਦੀ ਆਰਥਕ ਤੌਰ 'ਤੇ ਦੁਰਦਿਸ਼ਾ ਵੇਖਦਿਆਂ ਅਤੇ ਪੂਰੇ ਹੀ ਦੇਸ਼ ਦੇ ਕੋਲੇ ਅਤੇ ਹੋਰ ਕੱਚੇ ਮਾਲ ਦੀ ਥੁੜੋਂ ਕਾਰਨ ਕਾਰਖਾਨੇ ਬੰਦ ਹੋਣ ਦੀ ਕਾਰਗਰ ਤੇ ਪਹੁੰਚ ਗਏ ਸਨ। 27 ਤਾਰੀਖ ਨੂੰ ਸਰਕਾਰ ਵਲੋਂ ਇਕ ਬਿਆਨ ਦਾ ਖਰੜਾ ਤਿਆਰ ਕਰ ਲਿਆ ਗਿਆ ਸੀ ਅਤੇ 29 ਨੂੰ ਪ੍ਰਧਾਨ ਮੰਤਰੀ ਰੇਡਿਓ ਤੇ ਹੜਤਾਲੀਆਂ ਨੂੰ ਕੁੱਝ ਮੰਗਾਂ ਪ੍ਰਵਾਨ ਕਰਕੇ ਹੜਤਾਲ ਤੋਂ ਵਾਪਸ ਆਉਣ ਦੀ ਅਪੀਲ ਕਰਨ ਵਾਲੀ ਸੀ। ਪ੍ਰੰਤੂ ਇਕ ਵਾਰ ਫਿਰ ਰੇਲ ਕਾਮੇਂ ਜਿੱਤਦਿਆਂ ਜਿੱਤਦਿਆਂ ਹਾਰ ਗਏ। ਪ੍ਰੰਤੂ ਸਿੱਟਿਆਂ ਵਜੋਂ ਇਸ ਹੜਤਾਲ ਨੇ ਮਿੱਤਰਾਂ ਅਤੇ ਦੁਸ਼ਮਣਾਂ ਦੀ ਵੀ ਨਿਸ਼ਾਨਦੇਹੀ ਹੋ ਗਈ। ਹੜਤਾਲ ਦੀਆਂ ਘਾਟਾਂ, ਕਮਜ਼ੋਰੀਆਂ ਤੇ ਵੀ ਉਂਗਲ ਧਰੀ। ਐਸ.ਏ.ਡਾਂਗੇ ਅਤੇ ਲੋਕੋ ਰਨਿੰਗ ਸਟਾਫ ਐਸੋਸੀਏਸ਼ਨ ਵਿਚ ਛੁਪੇ ਹੋਏ ਸਭਾਪਤੀਆਂ ਮਹਿੰਦਰ ਪ੍ਰਤਾਪਾਂ ਜਿਹੇ ਜੈ ਚੰਦਾਂ ਗਦਾਰਾਂ ਦੇ ਚੁਰਾਹੇ 'ਚ ਮੁਖੌਟੇ ਵੀ ਪਾੜੇ ਗਏ ਜੋ ਟੋਲੀਆਂ ਬਣਾ ਬਣਾ ਕੇ ਪੂਰੇ ਹੀ ਦੇਸ਼ ਵਿਚ ਸਰਕਾਰੀ ਕਾਰਾਂ ਅਤੇ ਜਹਾਜ਼ਾਂ 'ਤੇ ਹੜਤਾਲਾਂ ਤੋੜਨ ਦੀ ਅਤਿ ਨਿੰਦਨੀਆਂ ਮੁਹਿੰਮ ਤੇ ਚੜੇ ਰਹੇ। ਇਸ ਹੜਤਾਲ ਨੇ ਕਾਂਗਰਸ ਜਿਹੀ ਘਿਰਣਤ ਸਰਕਾਰ ਅਤੇ ਆਕੜ ਖਾਹ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੰਕਾਰ ਤੇ ਵੀ ਸੱਟ ਮਾਰੀ। ਅਤੇ ਦੀਕਸ਼ਤ ਜਿਹੇ ਕਾਂਗਰਸ ਪ੍ਰਧਾਨ ਦੇ ਇਸ ਸੰਕਲਪ ''ਇਕ ਦੇਸ਼, ਇਕ ਪਾਰਟੀ ਅਤੇ ਇਕ ਲੀਡਰ'' ਨੂੰ ਵੀ ਲੀਰੋ ਲੀਰ ਕਰ ਦਿੱਤਾ। ਸਿੱਟੇ ਵਜੋਂ 1975 ਵਿਚ ਐਮਰਜੈਂਸੀ ਅਤੇ 1977 ਵਿਚ ਕਾਂਗਰਸ ਪਾਰਟੀ ਦੀ ਰਾਜਸੱਤਾ 'ਤੇ ਮਨਾਪਲੀ ਹੀ ਨਹੀਂ ਟੁੱਟੀ ਸਗੋਂ ਕਾਂਗਰਸ ਜਥੇਬੰਦੀ ਦਾ ਲੱਕ ਹੀ ਤੋੜ ਦਿੱਤਾ।
No comments:
Post a Comment