Friday, 3 October 2014

ਸੰਪਾਦਕੀ (ਸੰਗਰਾਮੀ ਲਹਿਰ-ਅਕਤੂਬਰ 2014)

ਸਾਂਝੀ ਜਨਤਕ ਲਾਮਬੰਦੀ ਦਾ ਇਨਕਲਾਬੀ ਲਹਿਰ ਲਈ ਮਹੱਤਵ

ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ-ਸੀ.ਪੀ.ਆਈ., ਸੀ.ਪੀ.ਆਈ.(ਐਮ), ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਤੇ ਸੀ.ਪੀ.ਐਮ.ਪੰਜਾਬ ਵਲੋਂ, ਲੋਕਾਂ ਨਾਲ ਸਬੰਧਤ ਭੱਖਦੇ ਮੁੱਦਿਆਂ ਜਿਵੇਂ ਕਿ ਮਹਿੰਗਾਈ, ਬੇਕਾਰੀ, ਨਸ਼ਾਖੋਰੀ ਤੇ ਕਿਰਤੀ ਲੋਕਾਂ ਦੀਆਂ ਹੋਰ ਭੱਖਦੀਆਂ ਮੰਗਾਂ ਦੀ ਪ੍ਰਾਪਤੀ ਲਈ  ਅਤੇ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਗਏ ਕਾਲੇ ਕਾਨੂੰਨ (ਪੰਜਾਬ ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ 2014) ਨੂੰ ਵਾਪਸ ਕਰਾਉਣ ਵਾਸਤੇ 2 ਤੋਂ 5 ਸਤੰਬਰ ਤੱਕ ਲਗਭਗ ਸਾਰੇ ਜ਼ਿਲ੍ਹਾ ਕੇਂਦਰਾਂ ਉਪਰ ਪ੍ਰਭਾਵਸ਼ਾਲੀ ਮੁਜ਼ਾਹਰੇ ਤੇ ਧਰਨੇ ਮਾਰੇ ਗਏ ਹਨ। (ਤਿੰਨ ਜ਼ਿਲ੍ਹਿਆਂ- ਅੰਮ੍ਰਿਤਸਰ, ਮੁਕਤਸਰ ਤੇ ਫਾਜ਼ਿਲਕਾ ਵਿਚ ਭਾਰੀ ਮੀਂਹ ਪੈਣ ਕਾਰਨ ਇਹ ਐਕਸ਼ਨ ਮਿਥੀ ਤਾਰੀਖ ਉਪਰ ਨਹੀਂ ਕੀਤਾ ਜਾ ਸਕਿਆ। ਅੰਮ੍ਰਿਤਸਰ ਵਿਚ ਇਹ ਐਕਸ਼ਨ ਕੁਝ ਦਿਨ ਬਾਅਦ ਵਿਚ ਕੀਤਾ ਗਿਆ) ਇਸ ਜਨਤਕ ਸਰਗਰਮੀ ਵਿਚ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਤੇ ਇਸਤਰੀਆਂ ਨੇ ਭਾਰੀ ਗਿਣਤੀ ਵਿਚ ਭਾਗ ਲਿਆ। ਇਨ੍ਹਾਂ ਵਿਚ ਦਿਹਾਤੀ ਮਜ਼ਦੂਰ ਔਰਤਾਂ ਦੀ ਗਿਣਤੀ ਬਹੁਤ ਉਤਸ਼ਾਹਜਨਕ ਸੀ। ਗਰਮੀ ਤੇ ਮੀਹਾਂ ਦਾ ਮੁਕਾਬਲਾ ਕਰਦੇ ਹੋਏ ਮਿਹਨਤਕਸ਼ ਲੋਕਾਂ ਨੇ ਜਿਸ ਉਤਸ਼ਾਹ, ਉਮੰਗ ਤੇ ਜੋਸ਼ ਨਾਲ ਇਨ੍ਹਾਂ ਮੁਜ਼ਾਹਰਿਆਂ ਤੇ ਧਰਨਿਆਂ ਵਿਚ ਭਾਗ ਲਿਆ ਹੈ, ਉਹ ਦਰਸਾਉਂਦਾ ਹੈ ਕਿ ਜਨ ਸਧਾਰਨ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵਲੋਂ ਨਵਉਦਾਰਵਾਦੀ ਨੀਤੀਆਂ ਲਾਗੂ ਕਰਨ ਲਈ ਫੜੀ ਗਈ ਤੇਜ਼ ਰਫਤਾਰ ਤੇ ਫਿਰਕੂ ਪਹੁੰਚ ਅਤੇ ਪੰਜਾਬ ਦੀ ਅਕਾਲੀ ਦਲ-ਭਾਜਪਾ ਸਰਕਾਰ ਦੀਆਂ ਭਰਿਸ਼ਟ ਤੇ ਲੋਕ ਮਾਰੂ ਪਹੁੰਚਾਂ ਪ੍ਰਤੀ ਕਿਸ ਕਦਰ ਪ੍ਰੇਸ਼ਾਨ ਤੇ ਨਰਾਜ਼ ਹਨ। ਅਤੇ, ਉਹ ਲਾਲ ਝੰਡਿਆਂ ਵਾਲੀਆਂ ਖੱਬੇ ਪੱਖੀ ਧਿਰਾਂ ਦੇ ਇਕਜੁਟ ਹੋ ਕੇ ਸੰਘਰਸ਼ ਵਿਚ ਕੁੱਦਣ ਦੀ ਕਿੰਨੀ ਉਤਸੁਕਤਾ ਤੇ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਉਂਝ ਵੀ ਸਮੁੱਚੇ ਦੇਸ਼ ਦੀ ਪੱਧਰ 'ਤੇ ਅਜੋਕਾ ਸਮਾਂ ਅਜਿਹੀ ਸਾਂਝੀ ਖਾੜਕੂ ਜਨਤਕ ਲਾਮਬੰਦੀ ਦੀ ਮੰਗ ਕਰਦਾ ਹੈ। ਜਦੋਂ ਕਿ, ਆਰ.ਐਸ.ਐਸ. ਦਾ ਏਜੰਡਾ ਲਾਗੂ ਕਰ ਰਹੀ ਮੋਦੀ ਦੀ ਅਗਵਾਈ ਹੇਠਲੀ ਕੇਂਦਰੀ ਸਰਕਾਰ ਨਿੱਤ ਨਵੇਂ ਦਿਨ ਫਿਰਕੂ ਮੁੱਦੇ ਉਭਾਰ ਕੇ ਭਾਰਤ ਵਰਗੇ ਬਹੁ ਧਰਮੀ, ਬਹੁ ਕੌਮੀ ਤੇ ਸਭਿਆਚਾਰਕ ਵੰਨ ਸੁਵੰਨਤਾ ਵਾਲੇ ਦੇਸ਼ ਨੂੰ ਇਕ ਧਰਮ ਅਧਾਰਤ ਦੇਸ਼ ''ਹਿੰਦੂ ਰਾਸ਼ਟਰ'' ਬਣਾਉਣ ਦੇ ਰਾਹ ਤੁਰੀ ਹੋਈ ਹੈ ਅਤੇ ਸਾਮਰਾਜੀ ਲੁਟੇਰਿਆਂ ਦੀ ਚਾਕਰੀ ਕਰਨ ਦੇ ਨਵੇਂ ਕੀਰਤੀਮਾਨ ਸਥਾਪਤ ਕਰ ਰਹੀ ਹੈ। ਪੰਜਾਬ ਸਰਕਾਰ ਨੇ ਤਾਂ ਲੋਕ ਮਾਰੂ ਨੀਤੀਆਂ ਲਾਗੂ ਕਰਨ ਅਤੇ ਭਰਿਸ਼ਟਾਚਾਰ ਰਾਹੀਂ ਧਨ ਇਕੱਠਾ ਕਰਕੇ ਸੂਬੇ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੀ ਪੱਕੀ ਧਾਰੀ ਹੋਈ ਹੈ। ਕਾਂਗਰਸ ਪਾਰਟੀ ਦੇ ਸ਼ਾਸਨਕਾਲ ਦੀਆਂ 'ਬਰਕਤਾਂ' ਦੇਸ਼ ਤੇ ਪੰਜਾਬ ਦੀ ਜਨਤਾ ਪਹਿਲਾਂ ਹੀ ਹੱਡੀਂ ਹੰਢਾ ਚੁੱਕੀ ਹੈ। ਇਸ ਵਾਸਤੇ ਖੱਬੇ ਪੱਖੀਆਂ ਦੀ ਏਕਤਾ ਤੇ ਸੰਘਰਸ਼ ਹੀ ਹਨ, ਜਿਨ੍ਹਾਂ ਨਾਲ ਇਕ ਹੱਦ ਤੱਕ ਲੋਕਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਵੀ ਕੀਤੀ ਜਾ ਸਕਦੀ ਹੈ ਤੇ ਮੌਜੂਦਾ ਲੋਕ ਦੋਖੀ ਢਾਂਚੇ ਦੇ ਮੁਕਾਬਲੇ ਇਕ ਲੋਕ ਪੱਖੀ ਜਮਹੂਰੀ ਮੁਤਬਾਦਲ ਵੀ ਉਸਾਰਿਆ ਜਾ ਸਕਦਾ ਹੈ; ਜਿਸਦੀ ਪੰਜਾਬ ਨੂੰ ਡਾਢੀ ਲੋੜ ਹੈ। 
ਚਾਰ ਖੱਬੀਆਂ ਪਾਰਟੀਆਂ ਦੀ ਸਹਿਮਤ ਮੁੱਦਿਆਂ ਉਪਰ ਸਾਂਝੀ ਜਨਤਕ ਸਰਗਰਮੀ ਦੀ ਜਿੱਥੇ ਖੱਬੀ ਲਹਿਰ ਦੀ ਲੀਡਰਸ਼ਿਪ ਦੇ ਵੱਡੇ ਹਿੱਸੇ ਤੇ ਆਮ ਪਾਰਟੀ ਮੈਂਬਰਾਂ ਅਤੇ ਹਮਦਰਦਾਂ ਨੇ ਭਾਰੀ ਸਰਾਹਨਾ ਕੀਤੀ ਹੈ, ਉਥੇ ਇਸ ਨਾਲ ਖੱਬੀ ਲਹਿਰ ਵਿਚਲੇ ਉਦਾਸੀਨ ਤੇ ਮਾਯੂਸ ਹੋ ਕੇ ਘਰੀਂ ਬੈਠੇ ਕਮਿਊਨਿਟ ਲਹਿਰ ਦੇ ਹਮਦਰਦਾਂ ਤੇ ਸ਼ੁਭ ਚਿੰਤਕਾਂ ਨੂੰ ਵੀ  ਆਸ ਦੀ ਨਵੀਂ ਕਿਰਨ ਦਿਖਾਈ ਦੇਣ ਲੱਗੀ ਹੈ। ਇਸ ਸਾਂਝੀ ਜਨਤਕ ਸਰਗਰਮੀ ਨੇ ਇਸ ਕੂੜ ਪ੍ਰਚਾਰ ਉਪਰ ਵੀ ਇਕ ਹੱਦ ਤੱਕ ਰੋਕ ਲਗਾਈ ਹੈ ਕਿ 'ਲੋਕ ਸਭਾ ਚੋਣਾਂ ਵਿਚ ਖੱਬੇ ਪੱਖੀ ਦਲਾਂ ਦੀ ਕਮਜ਼ੋਰ ਕਾਰਗੁਜ਼ਾਰੀ ਤੋਂ ਬਾਅਦ ਪ੍ਰਾਂਤ ਦੀ ਰਾਜਨੀਤੀ ਵਿਚ ਖੱਬੀ ਲਹਿਰ ਆਪਣੀ ਪ੍ਰਸੰਗਕਤਾ ਸਦਾ ਸਦਾ ਲਈ ਗੁਆ ਚੁੱਕੀ ਹੈ। ਤੇ ਇਸ ਦੇ ਮੁੜ ਇਕ ਰਾਜਸੀ ਸ਼ਕਤੀ ਵਜੋਂ ਉਭਾਰਨ ਦੀਆਂ ਸਾਰੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਹਨ।'
ਸਾਰੀਆਂ ਘਾਟਾਂ ਤੇ ਕਮਜ਼ੋਰੀਆਂ ਦੇ ਬਾਵਜੂਦ ਪੰਜਾਬ ਦੇ ਰਾਜਨੀਤਕ ਪਿੜ ਅੰਦਰ ਪਿਛਲੇ ਕਾਫੀ ਸਮੇਂ ਤੋਂ ਇਹ ਖੱਬੀਆਂ ਪਾਰਟੀਆਂ ਅਤੇ ਅਗਾਂਹਵਧੂ ਵਿਚਾਰਾਂ ਨੂੰ ਸਮਰਪਤ ਜਮਹੂਰੀ ਜਨਤਕ ਜਥੇਬੰਦੀਆਂ ਹੀ ਹਨ, ਜੋ ਲੋਕ ਹਿਤਾਂ ਦੀ ਰਾਖੀ ਤੇ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੋਧ ਵਿਚ ਸੰਘਰਸ਼ਾਂ ਦੇ ਮੈਦਾਨ ਵਿਚ ਨਿੱਤਰੀਆਂ ਹੋਈਆਂ ਹਨ। ਵੱਖ ਵੱਖ ਖੇਤਰਾਂ ਦੇ ਸਨਅਤੀ ਕਾਮੇ, ਗੈਰ ਜਥੇਬੰਦ ਮਜ਼ਦੂਰ, ਦਿਹਾਤੀ ਖੇਤਰਾਂ ਨਾਲ ਜੁੜੇ ਕਿਰਤੀ, ਕਿਸਾਨ, ਨੌਜਵਾਨ, ਇਸਤਰੀਆਂ ਅਤੇ ਰੁਜ਼ਗਾਰ ਮੰਗ ਰਹੇ ਪੜ੍ਹੇ ਲਿਖੇ ਨੌਜਵਾਨ ਲੜਕੇ ਤੇ ਲੜਕੀਆਂ ਮੋਟੇ ਰੂਪ ਵਿਚ ਖੱਬੇ ਪੱਖੀ ਸੰਗਠਨਾਂ ਤੇ ਵਿਅਕਤੀਆਂ ਦੀ ਅਗਵਾਈ ਹੇਠ ਹਰ ਜ਼ਿਆਦਤੀ ਤੇ ਜ਼ੁਲਮ ਦਾ ਟਾਕਰਾ ਕਰਦੇ ਹੋਏ ਰੋਜ਼ ਹੀ ਵਰਗ ਸੰਘਰਸ਼ ਨੂੰ ਅਗਾਂਹ ਵਧਾ ਰਹੇ ਹਨ ਅਤੇ ਕੁਰਬਾਨੀਆਂ ਭਰਪੂਰ ਘੋਲਾਂ ਦਾ ਨਵਾਂ ਇਤਿਹਾਸ ਸਿਰਜ ਰਹੇ ਹਨ। ਇਨ੍ਹਾਂ ਜਨ ਸੰਘਰਸ਼ਾਂ ਨੂੰ ਰਾਜਨੀਤਕ ਖੇਤਰ ਵਿਚ ਵੀ ਇਕ ਲੋਕ ਪੱਖੀ ਮੁਤਬਾਦਲ ਖੜ੍ਹਾ ਕਰਨ ਲਈ ਰਾਜਸੀ ਤੇ ਵਿਚਾਰਧਾਰਕ ਚੇਤਨਾ ਦੀ ਪਾਣ ਚਾੜ੍ਹਨੀ ਹੋਵੇਗੀ। ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਵਲੋਂ ਅਪਣਾਏ ਹੋਏ ਲੋਕ ਦੋਖੀ ਵਿਕਾਸ ਮਾਡਲ ਦੇ ਮੁਕਾਬਲੇ ਵਿਚ ਇਕ ਲੋਕ ਪੱਖੀ ਰਾਹ ਚੁਣਨ ਦਾ ਇਹੀ ਇਕੋ ਇਕ ਤਰੀਕਾ ਤੇ ਕਾਰਗਰ ਸਾਧਨ ਹੈ। ਇਸ ਲਈ ਆਉਣ ਵਾਲੇ ਸਮੇਂ ਵਿਚ ਖੱਬੀਆਂ ਪਾਰਟੀਆਂ ਨੂੰ ਸਾਂਝੇ ਘੋਲਾਂ ਦੇ ਖੇਤਰ ਵਿਚ ਮਿਲੇ ਜਨਤਕ ਹੁੰਗਾਰੇ ਅਤੇ ਸਾਹਮਣੇ ਆਉਂਦੀਆਂ ਜਥੇਬੰਦਕ ਘਾਟਾਂ ਕਮਜ਼ੋਰੀਆਂ ਨੂੰ ਗੰਭੀਰਤਾ ਨਾਲ ਵਿਚਾਰਨਾ ਹੋਵੇਗਾ ਤੇ ਅਗਲੇ ਬੱਝਵੇਂ ਤੇ ਵਧੇਰੇ ਪ੍ਰਭਾਵਸ਼ਾਲੀ ਸੰਘਰਸ਼ ਦੀ ਰੂਪ ਰੇਖਾ ਤੈਅ ਕਰਨੀ ਹੋਵੇਗੀ। 
ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਚਾਰ ਖੱਬੀਆਂ ਪਾਰਟੀਆਂ ਦੀ ਇਸ ਸਾਂਝੀ ਜਨਤਕ ਸਰਗਰਮੀ ਵਿਚ ਮੁੱਖ ਤੌਰ 'ਤੇ ਇਹਨਾਂ ਪਾਰਟੀਆਂ ਦੇ ਆਪਣੇ ਸੀਮਤ ਜਨ-ਆਧਾਰ ਦਾ ਇਕ ਹਿੱਸਾ ਹੀ ਸ਼ਾਮਿਲ ਹੋਇਆ ਹੈ। ਬਹੁਤ ਸਾਰੇ ਲੋਕ ਤੇ ਬੁੱਧੀਜੀਵੀ, ਜੋ ਕਿਸੇ ਨਾ ਕਿਸੇ ਰੂਪ ਵਿਚ ਖੱਬੀ ਲਹਿਰ ਨਾਲ ਜੁੜੇ ਹੋਏ ਹਨ ਤੇ ਸੰਘਰਸ਼ਸ਼ੀਲ ਵੀ ਰਹਿੰਦੇ ਹਨ, ਅਜੇ ਇਨ੍ਹਾਂ ਜ਼ਿਲ੍ਹਾ ਪੱਧਰੀ ਐਕਸ਼ਨਾਂ ਪ੍ਰਤੀ ਹਮਦਰਦੀ ਰੱਖਦੇ ਹੋਏ ਵੀ ਸ਼ਾਮਲ ਨਹੀਂ ਹੋਏ। ਇਸ ਲਈ ਮਿਹਨਤਕਸ਼ ਲੋਕਾਈ ਦੇ ਵਿਸ਼ਾਲ ਭਾਗਾਂ ਨੂੰ ਇਸ ਸੰਘਰਸ਼ ਦਾ ਸਰਗਰਮ ਭਾਗੀਦਾਰ ਬਣਾਉਣ ਦਾ ਕੰਮ ਅਜੇ ਬਹੁਤ ਵੱਡੇ ਹੰਭਲੇ ਤੇ ਯੋਜਨਾਬੰਦੀ ਦੀ ਮੰਗ ਕਰਦਾ ਹੈ। ਇਸ ਘੋਲ ਵਿਚ ਵੱਖ ਵੱਖ ਸ਼ਾਮਿਲ ਧਿਰਾਂ ਵਿਚਕਾਰ ਆਮ ਤੌਰ 'ਤੇ ਆਪਸੀ ਸਹਿਯੋਗ ਤੇ ਭਰਾਤਰੀ ਭਾਵ ਦੀ ਭਾਵਨਾ ਦਾ ਪ੍ਰਗਟਾਵਾ ਹੋਇਆ ਹੈ, ਜਿਸਨੂੰ ਭਵਿੱਖੀ ਐਕਸ਼ਨਾਂ ਵਿਚ ਹੋਰ ਵੀ ਮਜ਼ਬੂਤ ਤੇ ਡੂੰਘਾ ਕੀਤਾ ਜਾਣਾ ਚਾਹੀਦਾ ਹੈ। ਪਰ ਜਿਥੇ ਕਿਤੇ ਵੀ ਕਿਸੇ ਆਪਹੁਦਰੇਪਣ ਜਾਂ ਹਲਕੀ ਕਿਸਮ ਦੀ ਮੁਕਾਬਲੇਬਾਜ਼ੀ ਦੀ ਕਰੁਚੀ ਦੇਖਣ ਨੂੰ ਮਿਲੀ ਹੈ, ਉਸਨੂੰ ਕਮਿਊਨਿਸਟ ਭਾਵਨਾ ਨਾਲ ਮਿਲ ਬੈਠ ਕੇ ਨਜਿੱਠਣਾ ਹੋਵੇਗਾ ਤੇ ਅੱਗੇ ਵਾਸਤੇ ਸਾਂਝੇ ਸੰਘਰਸ਼ਾਂ ਲਈ ਪ੍ਰਵਾਨਤ ਨੀਤੀ ਹੋਰ ਡੂੰਘਾਈ ਤੇ ਗੰਭੀਰਤਾ ਨਾਲ ਤੈਅ ਕੀਤੇ ਜਾਣ ਦੀ ਜ਼ਰੂਰਤ ਹੈ। ਭਾਵੇਂ ਸਾਂਝੇ ਪਲੇਟਫਾਰਮ ਤੋਂ ਕਿਸੇ ਵੀ ਧਿਰ ਦੇ ਆਗੂ ਵਲੋਂ ਕੋਈ ਚੁਭਵੀਂ ਗੱਲ ਨਹੀਂ ਕੀਤੀ ਗਈ, ਪ੍ਰੰਤੂ ਸਾਂਝੇ ਮੋਰਚੇ ਵਲੋਂ ਨੀਅਤ ਕੀਤੇ ਬੰਧੇਜ ਵਿਚ ਰਹਿੰਦੇ ਹੋਏ ਤੈਅ ਨੀਤੀਆਂ ਦੁਆਲੇ ਆਪਣੇ ਵਿਚਾਰ ਪ੍ਰਗਟ ਕਰਨ ਵਿਚ ਵਧੇਰੇ ਚੇਤੰਨ ਰਹਿਣ ਦੀ ਜ਼ਰੂਰਤ ਹੈ। ਉਂਝ ਇਨਕਲਾਬੀ ਲਹਿਰ ਦੇ ਪਸਾਰੇ ਦੇ ਉਚੇਰੇ ਮੰਤਵ ਦੀ ਪ੍ਰਾਪਤੀ ਲਈ ਛੋਟੀਆਂ ਮੋਟੀਆਂ ਘਾਟਾਂ ਨੂੰ ਵਡੇਰੇ ਹਿੱਤਾਂ ਲਈ ਅਣਡਿੱਠ ਕਰਨ ਦੀ ਜ਼ਰੂਰਤ ਵੀ ਹੁੰਦੀ ਹੈ। ਕਿਸੇ ਛੋਟੀ ਮੋਟੀ ਅਣਸੁਖਾਵੀਂ ਘਟਨਾ ਨੂੰ ਖੱਬੀਆਂ ਧਿਰਾਂ ਵਿਚ ਪਈ ਸਾਂਝ ਨੂੰ ਹੋਰ ਪੀਡੀ ਕਰਨ ਦੇ ਰਾਹ ਵਿਚ ਰੋੜਾ ਨਹੀਂ ਬਣਨ ਦੇਣਾ ਚਾਹੀਦਾ।
ਇਨ੍ਹਾਂ ਐਕਸ਼ਨਾਂ ਨੇ ਖੱਬੀ ਲਹਿਰ ਦੇ ਜਨ ਅਧਾਰ ਵਿਚ ਆਈ ਖੜੋਤ ਤੇ ਗਿਰਾਵਟ ਬਾਰੇ ਵੀ ਕਈ ਚਿੰਤਾਜਨਕ ਪਹਿਲੂ ਉਜਾਗਰ ਕੀਤੇ ਹਨ। ਬਿਨ੍ਹਾਂ ਸ਼ੱਕ ਭਾਵੇਂ ਇਨ੍ਹਾਂ ਘਾਟਾਂ ਉਤੇ ਕਾਬੂ ਪਾਉਣ ਲਈ ਹਰ ਪਾਰਟੀ ਦੀ ਆਜ਼ਾਦਾਨਾ ਤੌਰ 'ਤੇ ਸਵੈ ਪੜਚੋਲ ਕਰਕੇ ਸੁਧਾਈ ਕਰਨ ਲਈ ਲੋੜੀਂਦੇ ਕਦਮ ਪੁੱਟਣ ਦੀ ਆਪਣੀ ਜ਼ਿੰਮੇਵਾਰੀ  ਹੈ, ਪ੍ਰੰਤੂ ਖੱਬੀ ਲਹਿਰ ਦੇ ਹੋਰ ਪਸਾਰੇ ਲਈ ਸਾਂਝੀਆਂ ਜਨਤਕ ਕਾਰਵਾਈਆਂ ਅਤਿਅੰਤ ਸਹਾਈ ਹੋ ਸਕਦੀਆਂ ਹਨ ਤੇ ਇਨ੍ਹਾਂ ਨੂੰ ਹਰ ਕੀਮਤ ਉਪਰ ਅੱਗੇ ਵਧਾਉਣਾ ਚਾਹੀਦਾ ਹੈ। 
ਚਾਰ ਖੱਬੀਆਂ ਪਾਰਟੀਆਂ ਵਲੋਂ ਪਿਛਲੇ ਸਾਂਝੇ ਐਕਸ਼ਨਾਂ ਦੀ ਸਫਲਤਾ ਉਪਰ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਸਾਨੂੰ ਪੂਰਨ ਦ੍ਰਿੜਤਾ ਤੇ ਵਿਸ਼ਵਾਸ ਨਾਲ ਅੱਗੇ ਵਧਣ ਦੀ ਲੋੜ ਹੈ। ਇਸ ਖੱਬੇ ਪੱਖੀ ਏਕਤਾ  ਅਤੇ ਸੰਘਰਸ਼ ਵਿਚ ਹੀ ਪੰਜਾਬ ਤੇ ਦੇਸ਼ ਦੇ ਲੋਕਾਂ ਦਾ ਭਲਾ ਛੁਪਿਆ ਹੋਇਆ ਹੈ। ਖੱਬੇ ਪੱਖੀਆਂ ਦੀ ਏਕਤਾ ਦੇ ਬਲਬੂਤੇ ਉਸਾਰੇ ਗਏ ਵਿਸ਼ਾਲ ਜਨਤਕ ਘੋਲ ਹੀ ਹਨ, ਜੋ ਰਾਜਨੀਤਕ ਤਾਕਤਾਂ ਦਾ ਤੋਲ ਮਿਹਨਤਕਸ਼ ਲੋਕਾਂ ਦੇ ਹੱਕ ਵਿਚ ਤਬਦੀਲ ਕਰਕੇ ਕੇਂਦਰ ਵਿਚਲੀ ਮੋਦੀ ਸਰਕਾਰ ਤੇ ਪੰਜਾਬ ਦੀ ਅਕਾਲੀ ਦਲ-ਭਾਜਪਾ ਸਰਕਾਰ ਦੀਆਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਅਤੇ ਸੰਘ ਪਰਿਵਾਰ ਦੇ 'ਹਿੰਦੂਤਵੀ ਫਿਰਕੂ ਏਜੰਡੇ' ਨੂੰ ਠੱਲ੍ਹ ਪਾ ਸਕਦੇ ਹਨ ਤੇ ਦੇਸ਼ ਨੂੰ ਫਿਰਕੂ ਫਾਸ਼ੀਵਾਦੀ ਤਾਕਤਾਂ ਦੇ ਚੁੰਗਲ ਵਿਚੋਂ ਆਜ਼ਾਦ ਕਰਕੇ ਲੋਕ ਪੱਖੀ ਰਾਜਨੀਤਕ ਤੇ ਆਰਥਿਕ ਮੁਤਬਾਦਲ ਦੀ ਨੀਂਹ ਰੱਖ ਸਕਦੇ ਹਨ। ਖੱਬੇ ਪੱਖੀ ਦਲਾਂ ਦੇ ਸਾਂਝੇ ਸੰਘਰਸ਼ ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ ਦੀਆਂ ਤਬਾਹਕੁੰਨ ਆਰਥਿਕ ਨੀਤੀਆਂ ਅਤੇ ਫਿਰਕੂ ਫਾਸ਼ੀਵਾਦ ਦਾ ਡਟਵਾਂ ਵਿਰੋਧ ਅਤੇ ਜਮਹੂਰੀ ਤੇ ਧਰਮ ਨਿਰਪੱਖਤਾ ਦੀਆਂ ਕਦਰਾਂ ਕੀਮਤਾਂ ਦੀ ਰਾਖੀ ਦੀ ਲੜਾਈ ਵਰਗੇ ਮੁੱਦਿਆਂ ਦੁਆਲੇ ਬੱਝਵੇਂ ਰੂਪ ਵਿਚ ਲੜੇ ਜਾਣੇ ਚਾਹੀਦੇ ਹਨ। ਜਿਥੇ ਕਿਸੇ ਹੋਰ ਸੰਘਰਸ਼ਸ਼ੀਲ ਖੱਬੇ ਪੱਖੀ ਰਾਜਨੀਤਕ ਧਿਰ ਨੂੰ, ਆਪਸੀ ਸਹਿਮਤੀ ਨਾਲ, ਇਸ ਸਾਂਝੇ ਮੋਰਚੇ ਨਾਲ ਜੋੜਨ ਦੀ ਜ਼ਰੂਰਤ ਹਮੇਸ਼ਾਂ ਸਾਡੇ ਸਾਹਮਣੇ ਰਹਿਣੀ ਚਾਹੀਦੀ ਹੈ, ਉਥੇ ਦੇਸ਼ ਵਿਰੋਧੀ ਆਰਥਿਕ ਨੀਤੀਆਂ ਦੀਆਂ ਪੈਰੋਕਾਰ ਸਰਮਾਏਦਾਰ-ਜਗੀਰਦਾਰ ਪੱਖੀ ਧਿਰਾਂ ਪ੍ਰਤੀ ਕਿਸੇ ਤਰ੍ਹਾਂ ਦਾ ਵੀ ਕੋਈ ਰੱਖ ਰਖਾਅ ਵਾਲਾ ਵਤੀਰਾ ਅਖਤਿਆਰ ਕਰਨ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਦਿਆਂ ਹੋਇਆਂ ਅਸੂਲੀ ਜਮਾਤੀ ਰਾਜਨੀਤੀ ਨੂੰ ਅੱਗੇ ਵਧਾਉਣ ਲਈ ਸਿਰ ਤੋੜ ਯਤਨ ਕਰਨ ਦੀ ਜ਼ਰੂਰਤ ਹੈ। 
- ਮੰਗਤ ਰਾਮ ਪਾਸਲਾ

ਮੋਦੀ ਸਰਕਾਰ ਦੇ 100 ਦਿਨ

ਹਰਕੰਵਲ ਸਿੰਘ

ਬੀਤੇ ਦਿਨੀਂ, ਮੋਦੀ ਸਰਕਾਰ ਦੇ 100 ਦਿਨ ਪੂਰੇ ਹੋਣ 'ਤੇ, ਇਸ ਸਰਕਾਰ ਦੀਆਂ 'ਪ੍ਰਾਪਤੀਆਂ' ਵਿਆਪਕ ਚਰਚਾ ਦਾ ਵਿਸ਼ਾ ਬਣੀਆਂ ਹਨ। ਕਈ ਮੰਤਰੀਆਂ ਵਲੋਂ, ਇਸ ਮੰਤਵ ਲਈ, ਵਿਸ਼ੇਸ਼ ਇੰਟਰਵਿਊ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ 'ਦੂਰਦਰਸ਼ਨ' ਤੋਂ ਵੀ ਪ੍ਰਸਾਰਿਤ ਕਰਵਾਇਆ ਗਿਆ ਹੈ। ਅਖਬਾਰਾਂ ਵਿਚ ਵੀ ਉਚੇਚੇ ਲੇਖ ਤੇ ਟਿਪਣੀਆਂ ਲਿਖਵਾਈਆਂ ਗਈਆਂ ਹਨ। ਕੁਝ ਇਸ਼ਤਿਹਾਰ ਵੀ ਛਪਵਾਏ ਗਏ ਹਨ। ਇਹਨਾਂ ਸਾਰੇ ਬਿਆਨਾਂ ਤੇ ਲਿਖਤਾਂ ਰਾਹੀਂ ਹਰ ਮੰਤਰੀ ਨੇ ਪ੍ਰਧਾਨ ਮੰਤਰੀ ਵਲੋਂ ਸਰਕਾਰ ਨੂੰ ਦਿੱਤੀ ਜਾ ਰਹੀ ''ਕਰਿਸ਼ਮਈ ਅਗਵਾਈ'' ਦਾ ਭਰਪੂਰ ਗੁਣਗਾਣ ਕੀਤਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਆਪੋ ਆਪਣੇ ਵਿਭਾਗ ਦੀਆਂ ਕਈ ਇਕ 'ਵਚਿੱਤਰ' ਪ੍ਰਾਪਤੀਆਂ ਨੂੰ ਵੀ ਉਜਾਗਰ ਕਰਨ ਦੇ ਜ਼ੋਰਦਾਰ ਉਪਰਾਲੇ ਕੀਤੇ ਹਨ। ਅਜੇਹੀ ਖੋਖਲੀ ਦਾਅਵੇਦਾਰੀ ਨੂੰ ਖਿੱਚਪਾਊ ਬਨਾਉਣ ਲਈ ਕੁੱਝ ਇਕ ਨੇ ਤਾਂ ਆਪਣੀਆਂ ਭਵਿੱਖੀ ਯੋਜਨਾਵਾਂ ਦੀ ਰੂਪ ਰੇਖਾ ਦੇ ਵੀ ਝਲਕਾਰੇ ਦਿੱਤੇ ਹਨ।
ਇਸ ਸੰਦਰਭ ਵਿਚ ਇਹ ਤਾਂ ਮੰਨਣਯੋਗ ਹੈ ਕਿ ਦੇਸ਼ ਵਾਸੀਆਂ ਨੂੰ ਦਰਪੇਸ਼ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਜਿਵੇਂ ਕਿ ਹਰ ਬਾਲਗ ਲਈ ਗੁਜ਼ਾਰੇਯੋਗ ਰੁਜ਼ਗਾਰ ਦੀ ਵਿਵਸਥਾ ਕਰਨਾ ਅਤੇ ਸਮੁੱਚੇ ਦੇਸ਼ਵਾਸੀਆਂ ਦੀ ਸਮਾਜਿਕ ਸੁਰੱਖਿਆ ਲਈ ਸੰਤੋਸ਼ਜਨਕ ਪ੍ਰਬੰਧਕੀ ਢਾਂਚੇ ਦੀ ਉਸਾਰੀ ਕਰਨਾ ਆਦਿ ਵਾਸਤੇ ਏਨੇ ਥੋੜੇ ਸਮੇਂ ਵਿਚ ਕੋਈ ਵੱਡੇ ਕਰਿਸ਼ਮੇਂ ਨਹੀਂ ਕੀਤੇ ਜਾ ਸਕਦੇ, ਪ੍ਰੰਤੂ ਆਮ ਲੋਕਾਂ ਨਾਲ ਸਬੰਧਤ ਅਜੇਹੇ ਸਾਰੇ ਮੁੱਦਿਆਂ ਪ੍ਰਤੀ ਸਰਕਾਰ ਦੀ ਭਵਿੱਖੀ ਹਾਂ-ਪੱਖੀ ਤੇ ਉਸਾਰੂ ਸਮਝਦਾਰੀ ਬਾਰੇ ਦਿਸ਼ਾ ਤਾਂ ਏਨੇ ਕੁ ਸਮੇਂ ਵਿਚ ਵੀ ਪੂਰੀ ਤਰ੍ਹਾਂ ਉਜਾਗਰ ਕੀਤੀ ਜਾ ਸਕਦੀ ਹੈ। ਅਤੇ, ਮੋਦੀ ਸਰਕਾਰ ਨੇ ਇਸ ਪੱਖੋਂ ਕਿਸੇ ਕਿਸਮ ਦੀ ਕੋਈ ਅਸਪਸ਼ਟਤਾ ਨਹੀਂ ਰਹਿਣ ਦਿੱਤੀ। ਲਗਪਗ ਸੱਤਾ ਸੰਭਾਲਦਿਆਂ ਹੀ ਉਸਨੇ ਇਹ ਸਪੱਸ਼ਟ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਸਨ ਕਿ ਆਰਥਕ ਨੀਤੀਆਂ ਦੇ ਪੱਖ ਤੋਂ ਉਹ ਪਿਛਲੀ, ਮਨਮੋਹਨ ਸਿੰਘ ਦੀ ਅਗਵਾਈ ਵਾਲੀ, ਸਰਕਾਰ ਦੀਆਂ ਨੀਤੀਆਂ ਨੂੰ ਹੀ ਜਾਰੀ ਰੱਖੇਗੀ। ਇਸ ਲਈ ਛੇਤੀ ਹੀ ਇਹ ਗੱਲ ਸਪੱਸ਼ਟ ਹੋਣੀ ਸ਼ੁਰੂ ਹੋ ਗਈ ਸੀ ਕਿ ਚੋਣਾਂ ਸਮੇਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਲੋਂ ਲੋਕਾਂ ਨਾਲ ਕੀਤੇ ਗਏ ਵੱਡੇ ਵੱਡੇ ਵਾਅਦੇ ਸਿਰਫ ਵੋਟਾਂ ਬਟੋਰਨ ਲਈ ਕੀਤੀ ਗਈ ਇਕ ਸ਼ਰਮਨਾਕ ਢਕੌਂਸਲੇਬਾਜ਼ੀ ਹੀ ਸੀ। ਕਿਉਂਕਿ ਜਿਹਨਾਂ ਸਾਮਰਾਜ ਨਿਰਦੇਸ਼ਤ, ਕਾਰਪੋਰੇਟ ਪੱਖੀ ਨੀਤੀਆਂ ਸਦਕਾ ਦੇਸ਼ ਅੰਦਰ ਮਹਿੰਗਾਈ, ਬੇਰੁਜ਼ਗਾਰੀ ਤੇ ਭਰਿਸ਼ਟਾਚਾਰ ਵਰਗੀਆਂ ਬਿਮਾਰੀਆਂ ਨਿੱਤ ਨਵੀਆਂ ਸਿਖਰਾਂ ਛੋਂਹਦੀਆਂ ਜਾ ਰਹੀਆਂ ਸਨ, ਉਹਨਾਂ ਨੀਤੀਆਂ ਦੇ ਜਾਰੀ ਰਹਿਣ ਨਾਲ ਕਿਰਤੀ ਲੋਕਾਂ ਨੂੰ ਤਾਂ ਉੱਕਾ ਹੀ ਕੋਈ ਰਾਹਤ ਨਹੀਂ ਸੀ ਮਿਲਣੀ। ਉਹਨਾਂ ਦੀਆਂ ਸਮੱਸਿਆਵਾਂ ਨੇ ਤਾਂ ਉਲਟਾ ਹੋਰ ਵਧੇਰੇ ਗੰਭੀਰ ਰੂਪ ਧਾਰਨ ਕਰਦੇ ਜਾਣਾ ਸੀ। ਮੋਦੀ ਸਰਕਾਰ ਦੇ ਪਹਿਲੇ 100 ਦਿਨਾਂ ਵਿਚ ਅਮਲੀ ਤੌਰ 'ਤੇ ਹੋਇਆ ਵੀ ਇੰਝ ਹੀ ਹੈ। ਦੇਸ਼ ਦੀ ਆਰਥਕਤਾ ਨੂੰ ਬੁਰੀ ਤਰ੍ਹਾਂ ਡਾਵਾਂਡੋਲ ਕਰਨ ਵਾਲੀਆਂ ਅਤੇ ਲੋਕਾਂ ਦੀਆਂ ਜੀਵਨ ਹਾਲਤਾਂ ਨੂੰ ਤਬਾਹ ਕਰਨ ਵਾਲੀਆਂ ਪਿਛਲੀ ਸਰਕਾਰ ਦੀਆਂ ਆਰਥਕ ਨੀਤੀਆਂ ਜਾਰੀ ਹੀ ਨਹੀਂ ਰਹੀਆਂ ਬਲਕਿ ਇਹ ਹੋਰ ਵਧੇਰੇ ਤੇਜ਼ ਹੋਈਆਂ ਹਨ। ਰੇਲ ਦੇ ਕਿਰਾਏ ਭਾੜੇ ਵਿਚ ਭਾਰੀ ਵਾਧਾ ਹੋਣ, ਲੋਕਾਂ ਉਪਰ ਟੈਕਸਾਂ ਦਾ ਭਾਰ ਹੋਰ ਵੱਧ ਜਾਣ ਅਤੇ ਡੀਜ਼ਲ ਦੀ ਕੀਮਤ ਵਿਚ ਵਾਰ ਵਾਰ ਕੀਤੇ ਗਏ ਵਾਧੇ ਸਦਕਾ ਮਹਿੰਗਾਈ ਨੇ ਦੇਸ਼ ਵਾਸੀਆਂ ਦਾ ਹੋਰ ਵਧੇਰੇ ਖੂਨ ਨਿਚੋੜ ਸੁੱਟਿਆ ਹੈ। ਇਸ ਮਹਿੰਗਾਈ ਕਾਰਨ ਵਧੀ ਬੇਚੈਨੀ ਤੋਂ ਲੋਕਾਂ ਦਾ ਧਿਆਨ ਲਾਂਭੇ ਲਿਜਾਣ ਲਈ ਭਾਵੇਂ ਸਰਕਾਰ ਵਲੋਂ ਗੁੰਮਰਾਹਕੁੰਨ ਅੰਕੜੇਬਾਜ਼ੀ ਰਾਹੀਂ ਕਦੇ ਕਦੇ ਕੀਮਤਾਂ ਵਿਚ ਕਮੀ ਆ ਰਹੀ ਦਿਖਾਈ ਜਾਂਦੀ ਹੈ। ਪਰ ਜ਼ਮੀਨੀ ਹਕੀਕਤਾਂ ਕੁੱਝ ਹੋਰ ਹਨ। ਉਹ ਇਨ੍ਹਾਂ ਬਨਾਉਟੀ ਆਂਕੜਿਆਂ ਦਾ ਮੂੰਹ ਚਿੜਾਉਂਦੀਆਂ ਹਨ। ਸਬਜੀਆਂ, ਫਲਾਂ ਤੇ ਦੁੱਧ ਵਰਗੀਆਂ ਜ਼ਿਆਦਾ ਦੇਰ ਤੱਕ ਸਟਾਕ ਨਾ ਕੀਤੀਆਂ ਜਾ ਸਕਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵੀ ਨਿੱਤ ਨਵੇਂ ਰਿਕਾਰਡ ਬਣਾ ਰਹੀਆਂ ਹਨ। ਵੱਡੇ ਵੱਡੇ ਵਪਾਰੀਆਂ ਵਲੋਂ ਸਟਾਕ ਕਰਨਯੋਗ ਵਸਤਾਂ ਅਤੇ ਅਜਾਰੇਦਾਰ ਉਤਪਾਦਕਾਂ ਵਲੋਂ ਪੈਦਾ ਕੀਤੀਆਂ ਜਾਂਦੀਆਂ ਵਸਤਾਂ ਤੇ ਸੇਵਾਵਾਂ ਦਾ ਤਾਂ ਕਹਿਣਾ ਹੀ ਕੀ ਹੈ। ਇਹੋ ਕਾਰਨ ਹੈ ਕਿ ਕੇਂਦਰ ਵਿਚ ਸਰਕਾਰ ਬਦਲਣ ਨਾਲ, ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲਣ ਦੀਆਂ ਆਸਾਂ ਹੁਣ ਤੱਕ ਪੂਰੀ ਤਰ੍ਹਾਂ ਠੰਡੀਆਂ ਪੈ ਚੁੱਕੀਆਂ ਹਨ। 
ਭਰਿਸ਼ਟਾਚਾਰ ਦਾ ਮੁੱਦਾ ਵੀ ਪਿਛਲੀ ਸਰਕਾਰ ਦੇ ਕਾਰਜ ਕਾਲ ਸਮੇਂ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਰਿਹਾ ਹੈ। ਇਸ ਗੰਭੀਰ ਰੋਗ ਨੂੰ ਖਤਮ ਕਰਨ ਵਾਸਤੇ ਤਾਂ ਸਰਕਾਰੀ ਖਜ਼ਾਨੇ 'ਤੇ ਬਹੁਤਾ ਭਾਰ ਵੀ ਨਹੀਂ ਪੈਂਦਾ। ਸਿਰਫ ਸ਼ਾਸਕਾਂ ਦੀ ਇੱਛਾ ਸ਼ਕਤੀ ਦੀ ਲੋੜ ਹੀ ਹੁੰਦੀ ਹੈ। ਪ੍ਰੰਤੂ ਜਾਪਦਾ ਹੈ ਕਿ ਇਹ ਮੁੱਦਾ ਤਾਂ ਮੌਜੂਦਾ ਸਰਕਾਰ ਦੇ ਅਜੰਡੇ 'ਤੇ ਹੀ ਨਹੀਂ ਹੈ। ਕਦੇ ਕਦੇ ਪ੍ਰਧਾਨ ਮੰਤਰੀ ਵਲੋਂ ਅਧਿਕਾਰੀਆਂ ਆਦਿ ਵੱਲ ਸੇਧਤ ਉਪਦੇਸ਼ਆਤਮਕ ਪ੍ਰਵਚਨਬਾਜ਼ੀ ਜ਼ਰੂਰ ਕੀਤੀ ਜਾਂਦੀ ਹੈ। ਜਦੋਂਕਿ ਪੂੰਜੀਵਾਦੀ ਪ੍ਰਣਾਲੀ ਦੇ ਅਟੁੱਟ ਅੰਗ ਵਜੋਂ ਪਸਰਿਆ ਇਹ ਅਸਾਧ ਰੋਗ ਕਿਸੇ ਅਧਿਆਤਮਿਕ ਸਿੱਖਿਆ ਦਾ ਮੁਥਾਜ ਨਹੀਂ ਹੈ, ਬਲਕਿ ਇਸ ਵਾਸਤੇ ਤਾਂ ਜਨ ਲੋਕਪਾਲ ਵਰਗਾ ਪ੍ਰਭਾਵਸ਼ਾਲੀ ਪ੍ਰਬੰਧਕੀ ਢਾਂਚਾ ਬਨਾਉਣ ਦੀ ਲੋੜ ਹੈ। ਇਸ ਦਿਸ਼ਾ ਵਿਚ ਮੋਦੀ ਸਰਕਾਰ ਵਲੋਂ ਲੋੜੀਂਦੀ ਇੱਛਾ ਸ਼ਕਤੀ ਦਾ ਉੱਕਾ ਹੀ ਕੋਈ ਪ੍ਰਗਟਾਵਾ ਨਹੀਂ ਹੋਇਆ। ਲਗਭਗ ਇਹੋ ਪਹੁੰਚ ਹੀ ਵਿਦੇਸ਼ਾਂ ਵਿਚ ਜਮਾਂ ਅਰਬਾਂ ਰੁਪਏ ਦੇ ਕਾਲੇ ਧਨ ਪ੍ਰਤੀ ਹੈ ਇਸ ਸਰਕਾਰ ਦੀ। ਇਸ ਤਰ੍ਹਾਂ, ਆਪਣੇ ਕਾਰਜਕਾਲ ਦੇ ਪਹਿਲੇ 100 ਦਿਨਾਂ ਵਿਚ ਮੋਦੀ ਸਰਕਾਰ ਨੇ ਪਿਛਲੀ ਸਰਕਾਰ ਦੀਆਂ ਲੋਕਮਾਰੂ ਆਰਥਕ ਨੀਤੀਆਂ ਨੂੰ ਹੋਰ ਵਧੇਰੇ ਤੇਜ਼ੀ ਨਾਲ ਲਾਗੂ ਕਰਨ ਦੀ ਦਿਸ਼ਾ ਵਿਚ ਚਲਦਿਆਂ 
ਲੋਕਾਂ ਦੀਆਂ ਹਕੀਕੀ ਸਮੱਸਿਆਵਾਂ ਨੂੰ ਅੱਖੋਂ ਓਹਲੇ ਕਰਕੇ ਉਹਨਾਂ ਨੂੰ ਹੋਰ ਵਧੇਰੇ ''ਕੌੜੀਆਂ ਗੋਲੀਆਂ ਖਾਣ'' ਲਈ ਮਜ਼ਬੂਰ ਕਰ ਦਿੱਤਾ ਹੈ। 
ਵਿਦੇਸ਼ੀ ਲੁਟੇਰਿਆਂ ਨੂੰ ਜੀ-ਆਇਆਂ 
ਇਸ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ : ਵਿਦੇਸ਼ੀ ਕੰਪਨੀਆਂ ਨੂੰ ਅਤੇ ਸਾਮਰਾਜੀ ਵਿੱਤੀ ਪੂੰਜੀ (FDI) ਨੂੰ ਦੇਸ਼ ਅੰਦਰ ਲੁੱਟ ਮਚਾਉਣ ਲਈ ਦਿੱਤੇ ਜਾ ਰਹੇ ਸ਼ਰਮਨਾਕ ਸੱਦੇ। ਰੇਲ ਵਰਗੇ ਦੇਸ਼ ਦੇ ਸਭ ਤੋਂ ਵੱਡੇ ਤੇ ਮਹੱਤਵਪੂਰਨ ਅਦਾਰੇ ਵਿਚ ਵੀ ਵਿਦੇਸ਼ੀ ਪੂੰਜੀ ਲਈ 100% ਹਿੱਸੇਦਾਰੀ ਦੀ ਛੋਟ ਦੇ ਦਿੱਤੀ ਗਈ ਹੈ। ਫੌਜ ਲਈ ਲੋੜੀਂਦਾ ਸਾਜ਼ ਸਮਾਨ ਬਨਾਉਣ ਵਾਲੇ ਸੁਰੱਖਿਆ ਉਤਪਾਦਨ ਦੇ ਖੇਤਰ ਵਿਚ ਵੀ ਵਿਦੇਸ਼ੀ ਪੂੰਜੀ ਲਈ ਹਿੱਸੇਦਾਰੀ 49% ਤੱਕ ਵਧਾ ਦਿੱਤੀ ਗਈ ਹੈ। ਇਹਨਾਂ ਅਹਿਮ ਖੇਤਰਾਂ ਵਿਚ ਅਤੇ ਬੀਮੇ ਦੇ ਖੇਤਰ ਵਿਚ ਵਿਦੇਸ਼ੀ ਪੂੰਜੀ ਦੀ ਹਿੱਸੇਦਾਰੀ ਵਧਾਉਣ ਦਾ ਸਿੱਧਾ ਅਰਥ ਜਿਥੇ ਰੁਜ਼ਗਾਰ ਦੇ ਵਸੀਲਿਆਂ ਨੂੰ ਢਾਅ ਲਾਉਣਾ ਹੈ ਉਥੇ ਨਾਲ ਹੀ ਦੇਸ਼ ਦੇ ਰਾਜਸੀ ਮਾਮਲਿਆਂ ਵਿਚ ਵਿਦੇਸ਼ੀ ਸ਼ਕਤੀਆਂ ਦੀ ਨਾਜਾਇਜ਼ ਦਖਲ ਅੰਦਾਜੀ ਨੂੰ ਹੋਰ ਵਧੇਰੇ ਸਹਿਲ ਬਨਾਉਣਾ ਵੀ ਹੈ। ਇਸ ਨਾਲ ਦੇਸ਼ ਵਾਸੀਆਂ ਦੀ ਮੌਜੂਦਾ ਸਿਆਸੀ ਸੁਤੰਤਰਤਾ ਵੀ ਨਿਸ਼ਚੇ ਹੀ ਕਮਜ਼ੋਰ ਹੋਵੇਗੀ। ਹੈਰਾਨੀਜਨਕ ਗੱਲ ਇਹ ਵੀ ਹੈ ਕਿ ਪ੍ਰਧਾਨ ਮੰਤਰੀ ਤੇ ਉਸਦੇ ਸਹਿਯੋਗੀਆਂ ਵਲੋਂ ਇਹ ਦਾਅਵੇ ਵੀ ਕੀਤੇ ਜਾ ਰਹੇ ਹਨ ਕਿ ਹੁਣ ਵਿਦੇਸ਼ੀ ਕੰਪਨੀਆਂ ਦੇ ਪੂੰਜੀ ਨਿਵੇਸ਼ ਲਈ ਉਹਨਾਂ ਦੇ ਪ੍ਰਾਜੈਕਟਾਂ ਨੂੰ ਸਰਕਾਰ ਵਲੋਂ ਮਨਜੂਰੀ ਦੇਣ ਦੇ ਸਬੰਧ ਵਿਚ ਆਉਂਦੇ ਸਾਰੇ ਅੜਿੱਕੇ ਦੂਰ ਕਰ ਦਿੱਤੇ ਗਏ ਹਨ ਅਤੇ ਲਾਲ-ਫੀਤਾਸ਼ਾਹੀ ਦੀ ਥਾਂ ਉਹਨਾਂ ਦੇ ਸਵਾਗਤ ਲਈ ਲਾਲ ਦਰੀਆਂ ਵਿਛਾਈਆਂ ਜਾਣਗੀਆਂ। ਇਸ ਸੰਦਰਭ ਵਿਚ, ਪਿਛਲੇ ਵਰ੍ਹਿਆਂ ਦੌਰਾਨ ਰੁਕੇ ਰਹੇ ਪ੍ਰੋਜੈਕਟਾਂ ਨੂੰ ਇਹਨਾਂ 100 ਦਿਨਾਂ ਵਿਚ ਤੇਜੀ ਨਾਲ ਮਿਲੀਆਂ ਮਨਜੂਰੀਆਂ ਦੇ ਅੰਕੜੇ ਬਹੁਤ ਹੁੱਬਕੇ ਪੇਸ਼ ਕੀਤੇ ਜਾ ਰਹੇ ਹਨ। ਪ੍ਰੰਤੂ ਏਥੇ ਇਹ ਨਹੀਂ ਦੱਸਿਆ ਜਾ ਰਿਹਾ ਕਿ ਇਹ ਮਨਜ਼ੂਰੀਆਂ ਦੇਸ਼ ਦੇ ਸਮੁੱਚੇ ਵਾਤਾਵਰਨ ਅਤੇ ਕੁਦਰਤੀ ਸਾਧਨਾਂ ਦੀ ਕੀਮਤ 'ਤੇ ਦਿੱਤੀਆਂ ਜਾ ਰਹੀਆਂ ਹਨ। ਸਰਕਾਰ ਦੀ ਇਸ ਖਤਰਨਾਕ ਤੇ ਗੱਦਾਰਾਨਾ ਪਹੁੰਚ ਨਾਲ ਇਕ ਪਾਸੇ ਦੇਸ਼ ਦਾ ਪਰਿਆਵਰਨ ਹੋਰ ਦੂਸ਼ਿਤ ਹੋਵੇਗਾ ਅਤੇ ਦੂਜੇ ਪਾਸੇ ਦੇਸ਼ ਦੇ ਕੁਦਰਤੀ ਖਜ਼ਾਨਿਆਂ ਦੀ ਲੁੱਟ ਹੋਰ ਤਿੱਖੀ ਹੋ ਜਾਵੇਗੀ। ਇਹ ਦੇਸ਼ ਦੀਆਂ ਭਵਿੱਖੀ ਪੀੜੀਆਂ ਨਾਲ ਵੀ ਇੱਕ ਵੱਡਾ ਧਰੋਹ ਹੈ। ਏਥੇ ਹੀ ਬਸ ਨਹੀਂ, ਇਸ ਸਰਕਾਰ ਨੇ ਤਾਂ ਲੋਕਾਂ ਦੇ ਲਹੂ ਪਸੀਨੇ ਦੀ ਕਮਾਈ ਨਾਲ ਉਸਰੇ ਅਤੇ ਲੋਕਾਂ ਦੀਆਂ ਕੁੱਝ ਇਕ ਫੌਰੀ ਲੋੜਾਂ ਦੀ ਪੂਰਤੀ ਕਰ ਰਹੇ ਜਨਤਕ ਖੇਤਰ ਦਾ ਉਜਾੜਾ ਵੀ ਹੋਰ ਤਿੱਖਾ ਕਰ ਦਿੱਤਾ ਹੈ ਤੇ ਇਸ ਖੇਤਰ ਵਿਚਲੀ ਸੰਪਤੀ ਨੂੰ ਨਿੱਜੀ ਮੁਨਾਫਾਖੋਰਾਂ ਕੋਲ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। 
ਨਿਆਂਪਾਲਕਾ ਦੀ ਸੁਤੰਤਰਤਾ ਨੂੰ ਹੋਰ ਧੱਕਾ
ਇਹਨਾਂ 100 ਦਿਨਾਂ ਵਿਚ ਮੋਦੀ ਸਰਕਾਰ ਨੇ ਨਿਆਂਪਾਲਕਾ ਦੀ ਸੁਤੰਤਰਤਾ ਨੂੰ ਕਮਜ਼ੋਰ ਕਰਨ ਦੀ ਦਿਸ਼ਾ ਵਿਚ ਵੀ ਇਕ ਵੱਡਾ 'ਮਾਅਰਕਾ' ਮਾਰਿਆ ਹੈ। ਹਾਈਕੋਰਟ ਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਲਈ ਨਵੀਂ ਪ੍ਰਣਾਲੀ ਪ੍ਰਵਾਨ ਕੀਤੀ ਗਈ ਹੈ, ਜਿਸ ਰਾਹੀਂ ਇਹਨਾਂ ਨਿਯੁਕਤੀਆਂ ਵਿਚ ਹਾਕਮ ਪਾਰਟੀ ਦੀ ਨਜਾਇਜ਼ ਦਖਲ ਅੰਦਾਜ਼ੀ ਲਈ ਸਪੱਸ਼ਟ ਵਿਵਸਥਾ ਬਣਾ ਲਈ ਗਈ ਹੈ। ਇਸ ਤਰ੍ਹਾਂ ਇਹ ਨਵੇਂ ਨਿਯਮ ਸਿੱਧੇ ਤੌਰ 'ਤੇ ਨਿਆਂਪਾਲਕਾ ਦੀ ਸੁਤੰਤਰਤਾ ਨੂੰ ਖਤਮ ਕਰਦੇ ਹਨ ਅਤੇ ਦੇਸ਼ ਦੀ ਨਿਆਂਪ੍ਰਣਾਲੀ ਵਿਚ ਕਾਰਜਕਾਰਨੀ ਦਾ ਦਖਲ ਵਧਾਉਂਦੇ ਹਨ। ਇਸ ਮੁੱਦੇ ਪ੍ਰਤੀ ਜਾਣਕਾਰ ਹਲਕਿਆਂ ਵਲੋਂ ਸਰਕਾਰ ਦੀ ਇਸ ਖਤਰਨਾਕ ਪਹਿਲਕਦਮੀ ਦਾ ਸਮੁੱਚੇ ਤੌਰ 'ਤੇ ਵਿਰੋਧ ਹੋਇਆ ਹੈ। ਏਥੋਂ ਤੱਕ ਕਿ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਵੀ ਇਸ ਫੈਸਲੇ ਵਿਰੁੱਧ ਸਪੱਸ਼ਟ ਟਿੱਪਣੀ ਕੀਤੀ ਹੈ। ਸਰਕਾਰ ਦੀ ਇਹ ਪਹੁੰਚ ਨਿਆਂ-ਸ਼ਾਸਤਰ ਦੇ ਸਰਵਪ੍ਰਵਾਨਤ ਨਿਯਮਾਂ ਦੀ ਵੀ ਘੋਰ ਉਲੰਘਣਾ ਹੈ। ਪ੍ਰੰਤੂ ਵਿਡੰਬਨਾ ਇਹ ਹੈ ਕਿ ਮੋਦੀ ਸਰਕਾਰ ਇਸ ਨੂੰ ਵੀ ਆਪਣੀ ਵੱਡੀ ਪ੍ਰਾਪਤੀ ਕਹਿਕੇ ਵਡਿਆ ਰਹੀ ਹੈ। 
ਆਰਥਕ ਯੋਜਨਾਬੰਦੀ ਦੀ ਹੋਈ ਸਮਾਪਤੀ 
ਪ੍ਰਧਾਨ ਮੰਤਰੀ, ਸ੍ਰੀ ਨਰਿੰਦਰ ਮੋਦੀ, ਵਲੋਂ ਸਵਤੰਤਰਤਾ ਦਿਵਸ ਦੇ ਮੌਕੇ 'ਤੇ 15 ਅਗਸਤ ਨੂੰ, ਲਾਲ ਕਿਲੇ ਦੀ ਦੀਵਾਰ ਤੋਂ ਕੀਤੇ ਗਏ ਪਲੇਠੇ ਭਾਸ਼ਨ ਰਾਹੀਂ ਇਹ ਐਲਾਨ ਵੀ ਕੀਤਾ ਗਿਆ ਹੈ ਕਿ ਯੋਜਨਾ ਕਮਿਸ਼ਨ, ਜਿਸਨੇ ਦੇਸ਼ ਦੇ ਆਰਥਕ ਵਿਕਾਸ ਵਿਚ ਹੁਣ ਤੱਕ ਚੋਖੀ ਭੂਮਿਕਾ ਅਦਾ ਕੀਤੀ ਹੈ, ਖਤਮ ਕਰ ਦਿੱਤਾ ਜਾਵੇਗਾ। ਹੈਰਾਨੀਜਨਕ ਗੱਲ ਇਹ ਹੈ ਕਿ ਸਰਕਾਰੀ ਕਰਿੰਦੇ ਇਸ ਨੂੰ ਵੀ ਇਕ ਵੱਡੀ ਪ੍ਰਾਪਤੀ ਵਜੋਂ ਧੁਮਾ ਰਹੇ ਹਨ। ਜਦੋਂਕਿ ਦੇਸ਼ ਦੇ ਸੰਵਿਧਾਨ ਵਿਚ ਦਰਜ ''ਸਮਾਜਵਾਦੀ ਗਣਰਾਜ'' ਦੇ ਨਿਸ਼ਾਨੇ ਦੀ ਪੂਰਤੀ ਲਈ ਇਸ ਸੰਸਥਾ ਦਾ ਭਾਰੀ ਮਹੱਤਵ ਹੈ। ਸਰਕਾਰ ਦੇ ਸਮਰਥਕਾਂ ਦਾ ਕਹਿਣਾ ਹੈ ਕਿ ''ਨਵਉਦਾਰਵਾਦੀ ਨੀਤੀਆਂ ਦੇ ਇਸ ਦੌਰ ਵਿਚ ਨਿੱਜੀ ਪੂੰਜੀ ਦੀ ਸਰਦਾਰੀ ਹੋਣ ਕਰਕੇ, ਦੇਸ਼ ਲਈ ਯੋਜਨਾਬੰਦੀ ਹੁਣ ਬੇਲੋੜੀ ਹੋ ਚੁੱਕੀ ਹੈ।'' ਉਹਨਾਂ ਨੂੰ ਇਸ ਗੱਲ ਦੀ ਵੀ ਚਿੜ ਹੈ ਕਿ ਯੋਜਨਾਬੰਦੀ ਦਾ ਸੰਕਲਪ ਸੋਵੀਅਤ ਰੂਸ ਦੀ ਦੇਣ ਸੀ, ਇਸ ਲਈ ਇਸ ਦਾ ਨਾਮੋਨਿਸ਼ਾਨ ਮਿਟਾ ਦੇਣਾ ਚਾਹੀਦਾ ਹੈ। ਜਦੋਂਕਿ ਉਹ ਇਸ ਤੱਥ ਤੋਂ ਕਦੇ ਵੀ ਮੁਨਕਰ ਨਹੀਂ ਹੋ ਸਕਦੇ ਕਿ ਆਜ਼ਾਦੀ ਪ੍ਰਾਪਤੀ ਉਪਰੰਤ ਹੋਈ ਆਰਥਕ ਉਸਾਰੀ ਵਿਚ ਯੋਜਨਾ ਕਮਿਸ਼ਨ ਨੇ ਵਧੀਆ ਸਿੱਟੇ ਕੱਢੇ ਸਨ। ਜੇਕਰ ਹੁਣ ਇਸ ਸੰਸਥਾ ਦੀ ਭੂਮਿਕਾ ਪ੍ਰਭਾਵਸ਼ਾਲੀ ਨਹੀਂ ਦਿਖਾਈ ਦਿੰਦੀ ਤਾਂ ਇਸ ਦੇ ਲਈ ਕਮਿਸ਼ਨ 'ਤੇ ਕਾਬਜ਼ ਸਾਮਰਾਜੀ ਏਜੈਂਟ ਜ਼ੁੰਮੇਵਾਰ ਹਨ ਨਾਂ ਕਿ ਇਹ ਪ੍ਰਣਾਲੀ ਜਾਂ ਸੰਸਥਾ। ਯੋਜਨਾ ਕਮਿਸ਼ਨ ਦੇ ਖਾਤਮੇਂ ਨਾਲ ਦੇਸ਼ ਅੰਦਰ ਸਮਾਜਿਕ ਖੇਤਰ ਵਿਚ ਆਮ ਲੋਕਾਂ ਨੂੰ ਜਿੰਨੀ ਕੁ ਰਾਹਤ ਮਿਲਦੀ ਸੀ, ਉਸਦਾ ਵੀ ਪੂਰੀ ਤਰ੍ਹਾਂ ਘੁੱਟ ਭਰਿਆ ਜਾਵੇਗਾ। ਅਸਲ ਵਿਚ ਖੁਲ੍ਹੀ ਮੰਡੀ ਤੇ ਨਿੱਜੀਕਰਨ ਦੀਆਂ ਸ਼ਕਤੀਆਂ ਯੋਜਨਾਬੰਦੀ ਨੂੰ ਵੱਡੀ ਰੁਕਾਵਟ ਸਮਝਦੀਆਂ ਹਨ। ਅਤੇ, ਯੋਜਨਾਬੰਦੀ ਆਦਿ ਰਾਹੀਂ ਸਰਕਾਰ ਵਲੋਂ ਆਰਥਕ ਖੇਤਰ ਵਿਚ ਕੀਤੀ ਜਾਂਦੀ ਸੀਮਤ ਦਖਲ ਅੰਦਾਜ਼ੀ ਨੂੰ ਹੀ ਉਹ ਸਾਰੀਆਂ  ਮੌਜੂਦਾ ਆਰਥਕ ਸਮੱਸਿਆਵਾਂ ਲਈ ਜ਼ੁੰਮੇਵਾਰ ਠਹਿਰਾਅ ਰਹੀਆਂ ਹਨ। ਜਦੋਂਕਿ ਹਕੀਕਤ ਇਹ ਹੈ ਕਿ ਪੈਦਾਵਾਰ ਦੇ ਸਮੁੱਚੇ ਸਾਧਨਾਂ ਦੇ ਸਮਾਜੀਕਰਨ, ਪੈਦਾਵਾਰ ਦੇ ਅਮਲ ਦੀ ਯੋਜਨਾਬੰਦੀ, ਜਨਤਕ ਨਿਗਰਾਨੀ ਅਤੇ ਪੈਦਾਵਾਰ ਦੀ ਵੱਧ ਤੋਂ ਵੱਧ ਸਾਵੀਂ ਵੰਡ ਰਾਹੀਂ ਹੀ ਸਮਾਜਵਾਦ ਵੱਲ ਵਧਿਆ ਜਾ ਸਕਦਾ ਹੈ। 
ਕਿਰਤ ਕਾਨੂੰਨਾਂ 'ਤੇ ਹਮਲੇ ਹੋਏ ਹੋਰ ਤਿੱਖੇ 
ਇਸ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਕਿਰਤ ਕਾਨੂੰਨਾਂ ਨੂੰ ਹੋਰ ਵਧੇਰੇ ਅਰਥਹੀਣ ਬਨਾਉਣਾ ਸ਼ੁਰੂ ਕਰ ਦਿੱਤਾ ਹੈ। ਸਿੱਟੇ ਵਜੋਂ ਹੁਣ ਤੱਕ ਲਗਭਗ 70% ਮਜ਼ਦੂਰ ਇਹਨਾਂ ਕਾਨੂੰਨਾਂ ਦੇ ਘੇਰੇ ਤੋਂ ਬਾਹਰ ਕੱਢੇ ਜਾ ਚੁੱਕੇ ਹਨ। ਆਲਮੀ ਆਰਥਕ ਸੰਕਟ ਦਾ ਸ਼ਿਕਾਰ ਸਾਮਰਾਜੀ ਵਿੱਤੀ ਪੂੰਜੀ ਆਪਣੇ ਸੰਕਟ 'ਤੇ ਕਾਬੂ ਪਾਉਣ ਲਈ ਲਾਗਤ ਖਰਚੇ ਘਟਾਉਣ ਵਾਸਤੇ ਪੱਬਾਂ ਭਾਰ ਹੋਈ ਪਈ ਹੈ। ਇਸ ਮੰਤਵ ਲਈ ਉਹ ਸਸਤੀ ਤੋਂ ਸਸਤੀ ਕਿਰਤ ਸ਼ਕਤੀ ਪ੍ਰਾਪਤ ਕਰਨ ਵਾਸਤੇ ਹਰ ਹਰਬਾ ਵਰਤ ਰਹੀ ਹੈ। ਉਹ ਅਜੇਹੇ ਮਜ਼ਦੂਰ ਭਰਤੀ ਕਰਨੇ ਚਾਹੁੰਦੇ ਹਨ ਜਿਹਨਾਂ ਨੂੰ ਉਹ ਜਦੋਂ ਜੀਅ ਚਾਹੇ ਨੌਕਰੀ ਤੋਂ ਜਵਾਬ ਦੇ ਸਕਣ। ਕਿਰਤ ਕਾਨੂੰਨ ਉਹਨਾਂ ਦੀ ਇਸ ਧੱਕੜਸ਼ਾਹੀ ਵਾਲੀ ਪਹੁੰਚ ਦੇ ਰਾਹ ਵਿਚ ਰੁਕਾਵਟ ਪੈਦਾ ਕਰਦੇ ਹਨ। ਇਸ ਲਈ ਮੋਦੀ ਸਰਕਾਰ ਨੇ ਇਹਨਾਂ ਕਾਨੂੰਨਾਂ ਵਿਚ ਬੜੀ ਤੇਜ਼ੀ ਨਾਲ ਮਜ਼ਦੂਰ ਮਾਰੂ ਸੋਧਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਰਾਜਸਥਾਨ ਵਿਚਲੀ ਭਾਜਪਾ ਸਰਕਾਰ ਨੇ ਇਸ ਦਿਸ਼ਾ ਵਿਚ ਮੋਹਰ ਖਿੱਚੀ ਹੈ। ਅਤੇ, ਕੇਂਦਰ ਸਰਕਾਰ ਨੇ ਵੀ ਪਾਰਲੀਮੈਂਟ ਵਿਚ ਇਕ ਬਿੱਲ ਪੇਸ਼ ਕਰਕੇ ਇਸ ਮੰਤਵ ਲਈ ਕਾਨੂੰਨੀ ਪ੍ਰਕਿਰਿਆ ਆਰੰਭ ਕਰ ਦਿੱਤੀ ਹੈ। ਆਪਣੀ ਜਾਪਾਨ ਯਾਤਰਾ ਸਮੇਂ ਪ੍ਰਧਾਨ ਮੰਤਰੀ ਨੇ ਉਥੋਂ ਦੀਆਂ ਸਾਮਰਾਜੀ ਕੰਪਨੀਆਂ ਨੂੰ ਬੜੇ ਹੀ ਸਪੱਸ਼ਟ ਸ਼ਬਦਾਂ ਵਿਚ ਇਹ ਭਰੋਸਾ ਦਿੱਤਾ ਹੈ ਕਿ ਭਾਰਤ ਉਹਨਾਂ ਨੂੰ ਬਹੁਤ ਹੀ ਸਸਤੇ ਮਜ਼ਦੂਰ ਉਪਲੱਬਧ ਕਰਾ ਸਕਦਾ ਹੈ। ਠੇਕਾ ਭਰਤੀ ਦੀ ਪ੍ਰਣਾਲੀ ਪਹਿਲਾਂ ਹੀ ਏਥੇ ਹੁਣ ਇਕ ਆਮ ਵਰਤਾਰਾ ਬਣਿਆ ਹੋਇਆ ਹੈ। 
ਜਮਹੂਰੀ ਕਦਰਾਂ-ਕੀਮਤਾਂ ਨੂੰ ਲੱਗਾ ਹੋਰ ਖੋਰਾ
ਆਰਥਕ ਖੇਤਰ ਵਿਚ ਅਜੇਹੇ ਨਵੇਂ ਲੋਕ-ਵਿਰੋਧੀ 'ਕਾਰਨਾਮੇਂ' ਕਰਨ ਦੇ ਨਾਲ ਨਾਲ ਇਸ ਸਰਕਾਰ ਨੇ ਰਾਜਨੀਤਕ ਖੇਤਰ ਵਿਚ ਵੀ ਜਮਹੂਰੀ ਰਵਾਇਤਾਂ 'ਤੇ ਸੰਸਥਾਵਾਂ ਨੂੰ ਤਬਾਹ ਕਰਨ ਵਾਸਤੇ ਤੁਰੰਤ ਹੀ ਝੰਡਾ ਚੁੱਕ ਲਿਆ ਹੈ। ਪ੍ਰਵਾਨਤ ਕਾਨੂੰਨਾਂ ਦੀ ਉਲੰਘਣਾ ਕਰਕੇ ਇਕ ਵਿਸ਼ੇਸ਼ ਵਿਅਕਤੀ ਨੂੰ ਪ੍ਰਧਾਨ ਮੰਤਰੀ ਦੇ ਸਕੱਤਰ ਵਜੋਂ ਨਿਯੁਕਤ ਕਰਨ ਲਈ ਰਾਸ਼ਟਰਪਤੀ ਤੋਂ ਆਰਡੀਨੈਂਸ ਜਾਰੀ ਕਰਵਾਉਣਾ ਇਸਦੀ ਪਹਿਲੀ ਠੋਸ ਉਦਾਹਰਨ ਸੀ। ਅੱਗੋਂ, ਮੰਤਰੀ ਮੰਡਲ ਦੀ ਸਾਮੂਹਿਕ ਜੁੰਮੇਵਾਰੀ ਨੂੰ ਦਰਕਨਾਰ ਕਰਕੇ ਸਮੁੱਚੇ ਅਧਿਕਾਰ ਇਕ ਵਿਅਕਤੀ ਨੂੰ ਸੌਂਪਣਾ ਅਤੇ ਉਸਨੂੰ ''ਸੁਪਰਮੈਨ'' ਵਜੋਂ ਧੁਮਾਉਣ ਲਈ ਸਰਕਾਰੀ ਮੀਡੀਏ ਦੀ ਘੋਰ ਦੁਰਵਰਤੋਂ ਕਰਨਾ ਵੀ ਇਹੋ ਸਿੱਧ ਕਰਦਾ ਹੈ ਕਿ ਇਹ ਸਰਕਾਰ ਬੜੀ ਤੇਜ਼ੀ ਨਾਲ ਜਮਹੂਰੀਅਤ ਨੂੰ ਢਾਅ ਲਾਉਣ ਵਾਲੇ ਤਾਨਾਸ਼ਾਹੀ ਦੇ ਕੁਰਾਹੇ ਵੱਲ ਵੱਧ ਰਹੀ ਹੈ। 'ਅਧਿਆਪਕ ਦਿਵਸ' ਦੇ ਮੌਕੇ ਨੂੰ ਪ੍ਰਧਾਨ ਮੰਤਰੀ ਵਲੋਂ ਇਕ ਯੋਜਨਾਬੱਧ ਨੌਟੰਕੀ ਵਜੋਂ ਵਰਤਣਾ ਇਸ ਮਾਰੂ ਰੁਝਾਨ ਦਾ ਇਕ ਹੋਰ ਉਭਰਵਾਂ ਸਬੂਤ ਹੈ। 
ਲੋਕਾਂ ਨਾਲ ਇਕ ਹੋਰ ਨਵਾਂ ਫਰਾਡ 
ਇਸ ਸਰਕਾਰ ਦੀ ਇਕ ਹੋਰ 'ਅਣੋਖੀ' ਪ੍ਰਾਪਤੀ ਹੈ ''ਪ੍ਰਧਾਨ ਮੰਤਰੀ ਜਨ-ਧੰਨ ਯੋਜਨਾ।'' ਇਹ ਲੋਕਾਂ ਨਾਲ ਇਕ ਹੋਰ ਵੱਡਾ ਫਰਾਡ ਹੈ। ਇਸ ਨਾਲ ਕਿਸੇ ਵੀ ਗਰੀਬ ਦਾ ਕੁੱਝ ਵੀ ਸੰਵਰਨ ਵਾਲਾ ਨਹੀਂ। ਜਿਹਨਾਂ ਕਰੋੜਾਂ ਲੋਕਾਂ ਕੋਲ ਸਿਰ ਲੁਕੋਣ ਲਈ ਥਾਂ ਨਹੀਂ, ਰੱਜਵੀਂ ਰੋਟੀ ਖਾਣ ਜੋਗੀ ਆਮਦਣ ਨਹੀਂ, ਉਹਨਾਂ ਵਾਸਤੇ ਬੈਂਕ ਖਾਤੇ ਭਲਾ ਕੀ ਅਰਥ ਰੱਖਦੇ ਹਨ? ਆਮ ਲੋਕਾਂ ਵਾਸਤੇ ਤਾਂ ਇਹ ਬੈਂਕ ਖਾਤੇ ਆਮਦਨ ਤੇ ਖਰਚ ਵਿਚਲੇ ਫਰਕ ਰਾਹੀਂ ਕਦੇ ਕਦਾਈ ਸੰਭਵ ਹੁੰਦੀਆਂ ਬਚਤਾਂ ਨੂੰ ਸੁਰੱਖਿਅਤ ਬਨਾਉਣ ਦਾ ਸਾਧਨ ਹੁੰਦੇ ਹਨ। ਜਦੋਂਕਿ ਪੂੰਜੀਪਤੀ ਜ਼ਰੂਰ ਆਪਣਾ ਕਾਰੋਬਾਰ ਵਧਾਉਣ ਵਾਸਤੇ ਉਧਾਰ ਲੈਣ ਲਈ ਖਾਤੇ ਖੋਲ੍ਹਦੇ ਹਨ। ਇਸ ਲਈ ਓਵਰ ਡਰਾਫਟ ਦਾ ਅਰਥ ਸਿਰਫ ਅਜੇਹੇ ਪੂੰਜੀਪਤੀਆਂ ਲਈ ਹੈ ਆਮ ਲੋਕਾਂ ਲਈ ਨਹੀਂ। ਜਿਹਨਾਂ ਕਿਰਤੀ ਲੋਕਾਂ ਦੇ ਸਾਰੀ ਸਾਰੀ ਉਮਰ ਪੱਲੇ ਪੂਰੇ ਨਹੀਂ ਹੁੰਦੇ ਅਤੇ ਜਿਹੜੇ ਤਿਲ ਤਿਲ ਕਰਕੇ ਰੋਜ਼ ਮਰਦੇ ਹਨ, ਉਹਨਾਂ ਲੋਕਾਂ ਨੂੰ ਬੈਂਕ ਖਾਤੇ ਖੁਲਵਾ ਕੇ ਬਚਤਾਂ ਕਰਨ ਦੀ ਸਿੱਖਿਆ ਦੇਣਾ ਅਤੇ ਇਹਨੂੰ ਸਰਕਾਰ ਦੀ ਇਕ 'ਇਨਕਲਾਬੀ ਪ੍ਰਾਪਤੀ' ਵਜੋਂ ਪ੍ਰਚਾਰਨਾ ਨਿਸ਼ਚੇ ਹੀ ਗਰੀਬਾਂ ਨਾਲ ਇਕ ਮੁਜਰਮਾਨਾ ਮਜ਼ਾਕ ਹੈ। 
ਫਿਰਕਾਪ੍ਰਸਤਾਂ ਨੂੰ ਮਿਲੀ ਹੋਰ ਹੱਲਾਸ਼ੇਰੀ
ਅਸਲ ਵਿਚ ਮੋਦੀ ਸਰਕਾਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ। ਸੰਘ ਪਰਿਵਾਰ ਦੀ ਕਮਾਂਡ ਹੇਠ ਫਿਰਕੂ ਤੇ ਫਾਸ਼ੀਵਾਦੀ ਤੱਤਾਂ ਨੇ ਸਾਰੇ ਦੇਸ਼ ਅੰਦਰ ਹਮਲਾਵਰ ਰੁੱਖ ਧਾਰਨ ਕਰ ਲਿਆ ਹੈ। ਸਿੱਟੇ ਵਜੋਂ, ਘੱਟ ਗਿਣਤੀਆਂ ਉਪਰ ਤਰ੍ਹਾਂ ਤਰ੍ਹਾਂ ਦੇ ਫਿਰਕੂ ਹਮਲੇ ਤੇਜ਼ੀ ਨਾਲ ਵਧੇ ਹਨ। ਪ੍ਰੰਤੂ ਸਰਕਾਰ ਚੁੱਪ ਹੈ। ਇਸ ਚੁੱਪ ਨੂੰ ਨਿਸ਼ਚੇ ਹੀ ਅਰਧ ਸਹਿਮਤੀ ਸਮਝਿਆ ਜਾ ਸਕਦਾ ਹੈ। ਏਸੇ ਲਈ ਦੇਸ਼ ਅੰਦਰ ਵੱਸਦੀਆਂ ਘੱਟ ਗਿਣਤੀਆਂ ਭੈਭੀਤ ਹੋ ਰਹੀਆਂ ਹਨ ਅਤੇ ਦੇਸ਼ ਭਗਤ, ਧਰਮਨਿਰਪੱਖ ਤੇ ਇਨਸਾਫ ਪਸੰਦ ਲੋਕਾਂ ਦੀਆਂ ਚਿੰਤਾਵਾਂ ਵੱਧ ਰਹੀਆਂ ਹਨ। ਸੰਘ ਪਰਿਵਾਰ ਦੀ ਇਸ ਗੰਦੀ ਖੇਡ ਨਾਲ ਦੇਸ਼ ਅੰਦਰ ਬਹੁਤ ਹੀ ਖਤਰਨਾਕ ਅਵਸਥਾਵਾਂ ਜਨਮ ਲੈ ਸਕਦੀਆਂ ਹਨ। (ਇਸ ਸੰਭਾਵੀ ਖਤਰੇ ਬਾਰੇ ਏਸੇ ਅੰਕ ਵਿਚ ਇਕ ਵੱਖਰੀ ਲਿਖਤ ਛਾਪੀ ਜਾ ਰਹੀ ਹੈ।) ਸਾਡੀ ਇਹ ਸਪੱਸ਼ਟ ਸਮਝਦਾਰੀ ਹੈ ਕਿ ਜਿਵੇਂ ਦੇਸ਼ ਦੀ ਆਰਥਕਤਾ ਨਾਲ ਸਬੰਧਤ ਬਹੁਤੇ ਨਿਰਨੇ ਦੇਸੀ ਤੇ ਵਿਦੇਸ਼ੀ ਧਨ ਕੁਬੇਰਾਂ ਦੇ ਹਵਾਲੇ ਕਰ ਦੇਣ ਨਾਲ ਲੋਕਾਂ ਦੀਆਂ ਜੀਵਨ ਹਾਲਤਾਂ ਦੀ ਵੱਡੀ ਹੱਦ ਤੱਕ ਤਬਾਹੀ ਹੋਈ ਹੈ, ਉਵੇਂ ਹੀ ਫਿਰਕੂ ਸ਼ਕਤੀਆਂ ਦੇ ਮਜ਼ਬੂਤ ਹੋਣ ਨਾਲ ਦੇਸ਼ ਅੰਦਰ ਕੌਮੀ ਇਕਜੁੱਟਤਾ ਵੀ ਪੂਰੀ ਤਰ੍ਹਾਂ ਤਬਾਹ ਹੋ ਸਕਦੀ ਹੈ, ਭਾਈਚਾਰਕ ਸਾਂਝਾਂ ਤੇ ਅਧਾਰਤ ਅਮਨ ਬਰਬਾਦ ਹੋ ਸਕਦਾ ਹੈ ਅਤੇ ਅੰਦਰੂਨੀ ਸੁਰੱਖਿਆ ਲਈ ਹੋਰ ਵਧੇਰੇ ਤੇ ਗੰਭੀਰ ਖਤਰੇ ਜਨਮ ਲੈ ਸਕਦੇ ਹਨ। 
ਮੋਦੀ ਸਰਕਾਰ ਵਲੋਂ ਪਹਿਲੇ 100 ਦਿਨਾਂ ਵਿਚ ਅਪਣਾਈਆਂ ਗਈਆਂ ਉਪਰੋਕਤ ਸਾਰੀਆਂ ਹੀ ਨੀਤੀਗਤ ਸੇਧਾਂ ਇਹ ਸਪੱਸ਼ਟ ਕਰ ਰਹੀਆਂ ਹਨ ਕਿ ਆਮ ਲੋਕਾਂ ਵਾਸਤੇ ਏਥੇ ਚੰਗੇ ਦਿਨਾਂ ਦੀ ਅਜੇ ਕੋਈ ਆਸ ਨਹੀਂ ਹੈ। ਚੰਗੇ ਭਵਿੱਖ ਲਈ ਤਾਂ ਲਾਜ਼ਮੀ ਕਾਰਪੋਰੇਟ ਪੱਖੀ ਸਾਮਰਾਜੀ ਨਿਰਦੇਸ਼ਤ ਨੀਤੀਆਂ ਦੀਆਂ ਜੜ੍ਹਾਂ ਉਖਾੜਨੀਆਂ ਪੈਣਗੀਆਂ ਅਤੇ ਫਿਰਕਾਪ੍ਰਸਤਾਂ ਦਾ ਵਿਚਾਰਕ ਤੇ ਰਾਜਸੀ ਪੱਖ ਤੋਂ ਡਟਵਾਂ ਵਿਰੋਧ ਕਰਕੇ ਉਹਨਾਂ ਨੂੰ ਭਾਂਜ ਦੇਣੀ ਹੋਵੇਗੀ। ਏਸੇ ਲਈ, ਇਹਨਾਂ ਦੋਵਾਂ ਅਹਿਮ ਕਾਰਜਾਂ ਨੂੰ ਨੇਪਰੇ ਚਾੜਨ ਲਈ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਨੂੰ ਇਕਜੁਟ ਕਰਨ ਅਤੇ ਬੱਝਵੇਂ ਤੇ ਨਿਰੰਤਰ ਘੋਲਾਂ ਰਾਹੀਂ ਦੇਸ਼ ਪੱਧਰ 'ਤੇ ਪ੍ਰਭਾਵਸ਼ਾਲੀ ਜਨਸ਼ਕਤੀ ਦਾ ਨਿਰਮਾਣ ਕਰਨ ਦਾ ਕਾਰਜ ਅੱਜ ਸਰਵਉਚ ਪ੍ਰਾਥਮਿਕਤਾ ਦੀ ਮੰਗ ਕਰਦਾ ਹੈ।  

ਆਰ.ਐਸ.ਐਸ. ਦੀਆਂ ਨਵੀਆਂ ਫਿਰਕੂ ਚੁਆਤੀਆਂ ਨੂੰ ਮਸਲਣਾ ਜ਼ਰੂਰੀ

ਇੰਦਰਜੀਤ ਚੁਗਾਵਾਂ

ਜਿਵੇਂ ਕਿ ਆਸ ਕੀਤੀ ਜਾ ਰਹੀ ਸੀ, ਨਰਿੰਦਰ ਮੋਦੀ ਦੇ ਸੱਤਾ ਦੀ ਸ਼ਿਖਰ 'ਤੇ ਬਿਰਾਜਮਾਨ ਹੋਣ ਤੋਂ ਬਾਅਦ ਹਿੰਦੂ ਕੱਟੜਪੰਥੀਆਂ ਦੇ ਹੌਂਸਲੇ ਬੁਲੰਦ ਹੀ ਨਹੀਂ ਹੋਏ, ਉਹ ਬੇਲਗਾਮ ਹੋ ਗਏ ਹਨ। ਮੀਡੀਆ 'ਚ ਬਹੁਤ ਦੇਰ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਜਿਸ ਛੁਪੇ ਏਜੰਡੇ ਦੀ ਚਰਚਾ ਹੁੰਦੀ ਰਹੀ ਹੈ, ਉਹ ਹੁਣ ਖੁੱਲ੍ਹ ਕੇ ਬਾਹਰ ਆ ਰਿਹਾ ਹੈ। ਉਹ ਭਾਰਤ ਦੀ ਸਦੀਆਂ ਪੁਰਾਣੀ ਨਸਲੀ, ਧਾਰਮਿਕ ਤੇ ਸੱਭਿਆਚਾਰਕ ਵਿਭਿੰਨਤਾ ਨੂੰ ਖਤਮ ਕਰਕੇ ਇਸ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਦੱਬੀ ਜ਼ੁਬਾਨ ਨਾਲ, ਬੰਦ ਕਮਰਿਆਂ 'ਚ ਨਹੀਂ, ਖੁੱਲ੍ਹੇਆਮ ਕਰਨ ਲੱਗ ਪਏ ਹਨ। 
ਆਰ.ਐਸ.ਐਸ. ਆਪਣੇ ਮੂਲ ਖਾਸੇ ਅਨੁਸਾਰ ਵੱਖ ਵੱਖ ਭਾਈਚਾਰਿਆਂ 'ਚ ਕੁੜੱਤਣ ਪੈਦਾ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਇਸ ਦਾ ਮੁਖੀ ਮੋਹਨ ਭਾਗਵਤ ਭਾਰਤ ਨੂੰ ਹਿੰਦੂ ਰਾਸ਼ਟਰ ਦੱਸਦਾ ਹੈ। ਬੰਬਈ 'ਚ ਵਿਸ਼ਵ ਹਿੰਦੂ ਪ੍ਰੀਸ਼ਦ, ਜੋ ਕਿ ਆਰ.ਐਸ.ਐਸ. ਦੀ ਹੀ ਇਕ ਸ਼ਾਖਾ ਹੈ, ਦੇ ਗੋਲਡਨ ਜ਼ੁਬਲੀ ਸਮਾਗਮ 'ਚ ਬੋਲਦਿਆਂ ਭਾਗਵਤ ਆਖਦਾ ਹੈ, ''ਹਿੰਦੂਸਤਾਨ ਇਕ ਹਿੰਦੂ ਰਾਸ਼ਟਰ ਹੈ... ਹਿੰਦੂਤਵ ਸਾਡੇ ਰਾਸ਼ਟਰ ਦੀ ਪਛਾਣ ਹੈ ਅਤੇ ਇਹ (ਹਿੰਦੂਤਵ) ਦੂਸਰਿਆਂ (ਧਰਮਾਂ) ਨੂੰ ਆਪਣੇ 'ਚ ਸਮਾਅ ਸਕਦਾ ਹੈ।'' ਇਸ ਤੋਂ ਪਿਛਲੇ ਹਫਤੇ ਕੱਟਕ 'ਚ ਭਾਗਵਤ ਨੇ ਕਿਹਾ ਸੀ ''ਸਾਰੇ ਭਾਰਤੀਆਂ ਦੀ ਸੱਭਿਆਚਾਰਕ ਪਛਾਣ ਹਿੰਦੂਤਵ ਹੈ ਅਤੇ ਦੇਸ਼ ਦੇ ਮੌਜੂਦਾ ਵਾਸੀ ਇਸ ਮਹਾਨ ਸੱਭਿਆਚਾਰ ਦਾ ਹਿੱਸਾ ਹਨ।'' 
ਜੇ ਅਜਿਹਾ ਹੈ ਤਾਂ ਉਹਨਾਂ ਲੋਕਾਂ ਦੀ ਪਛਾਣ ਦਾ ਕੀ ਹੋਵੇਗਾ ਜਿਹੜੇ ਇਸਲਾਮ, ਈਸਾਈ, ਸਿੱਖ, ਬੁੱਧ, ਜੈਨ ਤੇ ਹੋਰਨਾਂ ਧਰਮਾਂ ਵਿਚ ਆਸਥਾ ਰੱਖਦੇ ਚਲੇ ਆ ਰਹੇ ਹਨ? ਭਾਗਵਤ ਦੇ ਬਿਆਨ ਦਾ ਸਪੱਸ਼ਟ ਸੰਦੇਸ ਹੈ ਕਿ ਇਸ ਦੇਸ਼ ਦੇ ਹਰ ਬਾਸ਼ਿੰਦੇ ਨੂੰ 'ਹਿੰਦੂਤਵ' ਦੀ ਛਤਰੀ ਹੇਠ, ਸਿੱਧੇ ਜਾਂ ਅਸਿੱਧੇ ਰੂਪ 'ਚ ਆਉਣਾ ਹੀ ਹੋਵੇਗਾ। ਕੀ ਦੇਸ਼ ਦੇ ਸੰਵਿਧਾਨ ਵਿਚ ਅਜਿਹਾ ਲਿਖਿਆ ਗਿਆ ਹੈ? ਬਿਲਕੁਲ ਹੀ ਨਹੀਂ, ਸੰਵਿਧਾਨ ਵਿਚ 'ਹਿੰਦੂਸਤਾਨ' ਦਾ ਜ਼ਿਕਰ ਕਿਤੇ ਵੀ ਨਹੀਂ ਕੀਤਾ ਗਿਆ। ਉਥੇ ਭਾਰਤ ਤੇ ਇੰਡੀਆ ਲਫਜ਼ਾਂ ਦੀ ਵਰਤੋਂ ਕੀਤੀ ਗਈ ਹੈ। ਸਵਾਲ ਪੈਦਾ ਹੁੰਦਾ ਹੈ ਕਿ ਕੀ ਭਾਗਵਤ ਨੂੰ ਭਾਰਤ ਦੇ ਸੰਵਿਧਾਨ ਦਾ ਗਿਆਨ ਨਹੀਂ ਹੈ? ਉਹਨਾ ਨੂੰ ਗਿਆਨ ਜ਼ਰੂਰ ਹੈ ਪਰ ਉਹ ਆਪਣੀ ਵਿਚਾਰਧਾਰਾ ਨੂੰ ਦੇਸ਼ ਦੇ ਸੰਵਿਧਾਨ ਤੋਂ ਉਪਰ ਮੰਨਦੇ ਹਨ। 
ਭਾਗਵਤ ਅਜਿਹਾ ਕਰਨ ਵਾਲੇ ਇਕੱਲੇ ਨਹੀਂ ਹਨ, ਉਹਨਾਂ ਕੋਲ ਇਕ ਵਿਸ਼ਾਲ ਭਗਵੀਂ ਸੈਨਾ ਹੈ ਜਿਹੜੀ ਅੱਗ ਉਗਲਦੀ ਫਿਰ ਰਹੀ ਹੈ, ਘੱਟ ਗਿਣਤੀਆਂ 'ਚ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਰਹੀ ਹੈ। ਲੋਕ ਸਭਾ ਚੋਣਾਂ 'ਚ ਇਸ ਭਗਵੀਂ ਸੈਨਾ ਨੇ ਫਿਰਕੂ ਭੜਕਾਹਟ ਪੈਦਾ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ। ਚੋਣਾਂ ਤੋਂ ਪਹਿਲਾਂ ਉਤਰ ਪ੍ਰਦੇਸ਼ ਦੇ ਮੁਜੱਫਰਨਗਰ 'ਚ ਵੱਡੀ ਪੱਧਰ 'ਤੇ ਦੰਗੇ ਕਰਵਾਏ ਗਏ। ਇਹਨਾਂ ਦੰਗਿਆਂ ਪਿਛੇ ਭਗਵੀਂ ਸੈਨਾ ਦੇ ਲਫਟੈਣਾਂ ਦਾ ਹੱਥ ਜਲਦੀ ਹੀ ਨੰਗਾ ਹੋ ਗਿਆ ਤੇ ਚੋਣਾਂ ਤੋਂ ਥੋੜੇ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਾਸ-ਉਲ-ਖਾਸ ਅਮਿਤ ਸ਼ਾਹ ਨੇ ਫਿਰਕੂ ਲਾਂਬੂ ਲਾਉਂਦਿਆਂ ਬਹੁਗਿਣਤੀ ਭਾਈਚਾਰੇ ਨੂੰ ਦੰਗਿਆਂ ਦੇ ਦੋਸ਼ੀਆਂ ਤੋਂ ਬਦਲਾ ਲੈਣ ਲਈ ਉਕਸਾਇਆ। ਇਸ ਕਾਰੇ ਲਈ ਉਸ ਨੂੰ ਚੋਣ ਕਮਿਸ਼ਨ ਨੇ ਨੋਟਿਸ ਵੀ ਜਾਰੀ ਕੀਤਾ ਪਰ ਬਿਨਾਂ ਦੰਦਾਂ ਵਾਲੀ ਇਸ ਸੰਵਿਧਾਨਕ ਅਥਾਰਟੀ ਦੀ ਕੌਣ ਪ੍ਰਵਾਹ ਕਰਦਾ ਹੈ! ਅਮਿਤ ਸ਼ਾਹ ਇਕ ਮੁਆਫੀ ਮੰਗ ਕੇ ਬਚ ਨਿਕਲਿਆ। 
ਅਜਿਹਾ ਨਹੀਂ ਕਿ ਅਮਿਤ ਸ਼ਾਹ ਦੇ ਮੂੰਹੋਂ ਇਹ ਲਫਜ਼ ਅਚਾਨਕ ਫਿਸਲ ਗਏ ਹੋਣ, ਇਹ ਸਭ ਫਿਰਕੂ ਧਰੁਵੀਕਰਨ ਦੀ ਸਾਜਿਸ਼ੀ ਰਣਨੀਤੀ ਦਾ ਹਿੱਸਾ ਹੈ। ਹਾਲ ਹੀ 'ਚ ਹੋਈਆਂ ਜਿਮਨੀ ਚੋਣਾਂ ਦੌਰਾਨ ਉਤਰ ਪ੍ਰਦੇਸ਼ 'ਚ ਭਾਰਤੀ ਜਨਤਾ ਪਾਰਟੀ ਦੇ ਸਟਾਰ ਪ੍ਰਚਾਰਕ ਯੋਗੀ ਅਦਿਤਿਆ ਨਾਥ ਨੇ ਵੀ ਅਜਿਹਾ ਹੀ ਭਾਸ਼ਨ ਦਿੱਤਾ। ਨੋਇਡਾ 'ਚ ਇਕ ਰੈਲੀ ਦੌਰਾਨ ਯੋਗੀ ਨੇ ਕਿਹਾ, ''ਸਮਾਜਵਾਦੀ ਪਾਰਟੀ ਦੇ ਢਾਈ ਸਾਲਾਂ ਦੇ ਸ਼ਾਸਨ ਦੌਰਾਨ ਪੱਛਮੀ ਯੂ.ਪੀ. 'ਚ 450 ਦੰਗੇ ਹੋਏ ਹਨ ਕਿਉਂਕਿ ਇਕ ਖਾਸ ਫਿਰਕੇ ਦੀ ਵਸੋਂ ਕਈ ਗੁਣਾ ਵੱਧ ਗਈ ਹੈ। ਪੂਰਬੀ ਯੂ.ਪੀ.'ਚ ਦੰਗੇ ਕਿਉਂ  ਨਹੀਂ ਹੁੰਦੇ? ਤੁਸੀਂ ਅਸਾਨੀ ਨਾਲ ਸਮਝ ਸਕਦੇ ਹੋ।'' ਉਸਦਾ ਸਿੱਧਾ ਨਿਸ਼ਾਨਾ ਮੁਸਲਿਮ ਭਾਈਚਾਰਾ ਸੀ। ਉਹ ਆਖਦਾ ਹੈ, ''ਜਿਥੇ ਘੱਟ ਗਿਣਤੀਆਂ ਦੀ ਵਸੋਂ 10 ਤੋਂ 20 ਫੀਸਦੀ ਹੈ, ਉਥੇ ਵਿਰਲੀ ਟਾਵੀਂ ਫਿਰਕੂ ਵਾਰਦਾਤ ਹੁੰਦੀ ਹੈ। ਜਿਥੇ ਇਹ ਵਸੋਂ 20 ਤੋਂ 35 ਫੀਸਦੀ ਹੈ, ਗੰਭੀਰ ਫਿਰਕੂ ਦੰਗੇ ਹੁੰਦੇ ਹਨ ਅਤੇ ਜਿਥੇ ਇਹ ਵਸੋਂ 35 ਫੀਸਦੀ ਤੋਂ ਜ਼ਿਆਦਾ ਹੈ, ਉਥੇ ਗੈਰ ਮੁਸਲਮਾਨਾਂ ਲਈ ਕੋਈ ਥਾਂ ਨਹੀਂ। ਗੋਰਖਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਇਸ ਸੰਸਦ ਮੈਂਬਰ ਨੇ ਮਈ ਚੋਣਾਂ 'ਚ ਵੀ ਅਜਿਹੀ ਗੱਲ ਹੀ ਕਹੀ ਸੀ। 
ਮਈ ਮਹੀਨੇ 'ਚ ਹੋਈਆਂ ਆਮ ਚੋਣਾਂ ਤੋਂ ਬਾਅਦ ਆਰ.ਐਸ.ਐਸ. ਨੇ ਭਾਰਤੀ ਜਨਤਾ ਪਾਰਟੀ, ਜੋ ਕਿ ਉਸਦਾ ਸਿਆਸੀ ਵਿੰਗ ਹੈ, 'ਤੇ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ ਹੈ। ਉਸਦੇ ਮੈਂਬਰਾਂ ਨੂੰ ਕੈਬਨਿਟ 'ਚ ਅਹਿਮ ਸਥਾਨ ਮਿਲੇ ਹੋਏ ਹਨ। ਪ੍ਰਧਾਨ ਮੰਤਰੀ ਮੋਦੀ, ਨਿਤਿਨ ਗਡਕਰੀ, ਰਾਜਨਾਥ ਸਿੰਘ ਆਰ.ਐਸ.ਐਸ. ਦੇ ਪ੍ਰਮੁੱਖ ਵਰਕਰ ਹਨ। ਪਾਰਟੀ ਅੰਦਰ ਵੀ ਸੀਨੀਅਰ ਸੰਘੀ ਲੀਡਰਾਂ ਨੂੰ ਅਹਿਮ ਅਹੁਦਿਆਂ 'ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਪਾਰਟੀ ਪ੍ਰਧਾਨ ਅਮਿਤ ਸ਼ਾਹ ਤੇ ਜਨਰਲ ਸਕੱਤਰ ਰਾਮ ਮਾਧਵ ਇਸ ਦੀਆਂ ਉਘੜਵੀਆਂ ਮਿਸਾਲਾਂ ਹਨ। ਪਾਰਟੀ ਤੇ ਸਰਕਾਰ ਦੀ ਵਾਗਡੋਰ ਇਸ ਸਮੇਂ ਸਿੱਧੇ ਰੂਪ 'ਚ ਆਰ.ਐਸ.ਐਸ. ਦੇ ਹੱਥ ਵਿਚ ਹੈ। ਆਰ.ਐਸ.ਐਸ. ਮੁਖੀ ਭਾਗਵਤ ਵਲੋਂ ਦਿੱਤੇ ਜਾ ਰਹੇ ਕੱਟੜਪੰਥੀ ਬਿਆਨ ਸੰਘ ਦੇ ਲੱਖਾਂ 'ਸਵੈਮ ਸੇਵਕਾਂ' ਦੇ ਹੌਸਲੇ ਬੁਲੰਦ ਕਰ ਰਹੇ ਹਨ ਜਿਹੜੇ ਕਿ ਮੋਦੀ ਦੀ ਜਿੱਤ ਤੋਂ ਪਹਿਲਾਂ ਹੀ ਬਹੁਤ ਜ਼ਿਆਦਾ ਉਤੇਜਿਤ ਸਨ। 
ਇਹ ਸੰਘ ਦੀ ਤੁੱਖਣਾ ਹੀ ਹੈ ਕਿ 'ਲਵ ਜਿਹਾਦ' ਦੇ ਨਾਂਅ 'ਤੇ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਸੰਘ ਦਾ ਕਹਿਣਾ ਹੈ ਕਿ ਇਸਲਾਮੀ ਸਾਜਿਸ਼ ਅਧੀਨ ਹਿੰਦੂ ਲੜਕੀਆਂ ਨੂੰ ਪਿਆਰ, ਵਿਆਹ ਤੇ ਪੈਸੇ ਰਾਹੀਂ ਭਰਮਾ ਕੇ ਉਹਨਾਂ ਦਾ ਧਰਮ ਪਰਵਰਤਨ ਕਰਵਾ ਕੇ ਮੁਸਲਿਮ ਬਣਾਇਆ ਜਾ ਰਿਹਾ ਹੈ। ਇਸ ਨੂੰ ਉਹਨਾਂ 'ਲਵ ਜਿਹਾਦ' ਦਾ ਨਾਂਅ ਦਿੱਤਾ ਹੈ ਭਾਵੇਂ ਅਜੇ ਤੱਕ ਅਜਿਹਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਜਿਸ ਤੋਂ ਅਜਿਹੀ ਕੋਈ ਸਾਜਿਸ਼ੀ 'ਲਵ ਜਿਹਾਦ' ਨਾਂਅ ਦੀ ਸ਼ੈਅ ਦੇ ਵਜੂਦ ਦਾ ਪਤਾ ਲੱਗਦਾ ਹੋਵੇ। ਇਸ ਦੇ ਬਾਵਜੂਦ ਸੰਘ ਦੇ ਆਗੂਆਂ ਵਲੋਂ ਅੱਗ ਉਗਲੀ ਜਾ ਰਹੀ ਹੈ। ਭਾਗਵਤ ਹਿੰਦੂ ਲੜਕੀਆਂ ਨੂੰ 'ਲਵ ਜਿਹਾਦ' ਦੇ ਅਰਥ ਸਮਝਾਉਣ ਦੀਆਂ ਤੁੱਖਣੀਆਂ ਦਿੰਦੇ ਹਨ। ਪਿਛਲੇ ਦਿਨੀਂ 5 ਸਤੰਬਰ  ਨੂੰ ਗਾਜ਼ੀਆਬਾਦ ਇਲਾਕੇ 'ਚ ਔਰਤਾਂ ਦੇ ਇਕ ਕੌਮੀ ਪੱਧਰ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਗਵਤ ਆਖਦੇ ਹਨ, ''ਆਉਣ ਵਾਲੀਆਂ ਪੀੜ੍ਹੀਆਂ ਦੀਆਂ ਲੜਕੀਆਂ ਨੂੰ 'ਲਵ ਜਿਹਾਦ' ਦੇ ਅਰਥ ਅਤੇ ਉਨ੍ਹਾਂ ਦੇ ਜਾਲ 'ਚੋਂ ਆਪਣੇ ਆਪ  ਨੂੰ ਬਚਾਉਣ ਦੇ ਢੰਗ ਤਰੀਕੇ ਦੱਸੇ ਜਾਣੇ ਚਾਹੀਦੇ ਹਨ।'' 
ਇਸ ਤੋਂ ਦੋ ਕੁ ਹਫਤੇ ਪਹਿਲਾਂ ਭਾਜਪਾ ਨੇ ਉਤਰ ਪ੍ਰਦੇਸ਼ 'ਚ ਹੋਈ ਆਪਣੀ ਕਾਰਜਕਾਰਨੀ ਦੀ ਮੀਟਿੰਗ 'ਚ, 13 ਸਤੰਬਰ ਦੀ  ਜ਼ਿਮਨੀ ਚੋਣ ਦੇ ਮੱਦੇਨਜ਼ਰ, ਪਾਸ ਕੀਤੇ ਮਤੇ 'ਚ 'ਲਵ ਜਿਹਾਦ' ਦਾ ਸ਼ਬਦ ਵਰਤਣ ਤੋਂ ਗੁਰੇਜ਼ ਕੀਤਾ ਸੀ ਪਰ ਉਸ ਨੂੰ 'ਜਬਰੀ ਧਰਮ ਪਰਿਵਰਤਨ' ਦਾ ਮੁੱਦਾ ਆਪਣੇ ਮਤੇ ਵਿਚ ਜ਼ਰੂਰ ਸ਼ਾਮਲ  ਕਰ ਲਿਆ ਸੀ। 
ਸਮਾਂ ਬਦਲ ਰਿਹਾ ਹੈ। ਰੂੜੀਵਾਦੀ ਕਦਰਾਂ-ਕੀਮਤਾਂ ਦੀਆਂ ਖੋਖਲੀਆਂ ਹੋ ਚੁੱਕੀਆਂ ਦੀਵਾਰਾਂ ਹੌਲੀ ਹੌਲੀ ਕਰਕੇ ਕਿਰ ਰਹੀਆਂ ਹਨ ਪਰ ਸੰਘ ਨੂੰ ਇਹ ਤਬਦੀਲੀ ਪ੍ਰਵਾਨ ਨਹੀਂ। ਇਸ ਸੰਬੰਧ 'ਚ ਅਗਸਤ ਮਹੀਨੇ ਦੇ ਆਖਰੀ ਦਿਨਾਂ 'ਚ ਯੋਗੀ ਅਦਿਤਿਆ ਨਾਥ, ਜਿਸ ਨੂੰ ਜ਼ਹਿਰ ਉਗਲੇ ਬਿਨਾਂ ਖਾਣਾ ਹਜ਼ਮ ਨਹੀਂ ਹੁੰਦਾ, ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡਿਓ 'ਚ ਯੋਗੀ ਆਖ ਰਿਹਾ ਹੈ, ''ਜੇ ਉਹ ਇਕ ਹਿੰਦੂ ਲੜਕੀ ਲੈ ਕੇ ਜਾਂਦੇ ਹਨ, ਅਸੀਂ 100 ਮੁਸਲਿਮ ਲੜਕੀਆਂ ਲੈ ਕੇ ਆਵਾਂਗੇ। ਜਿਸ ਢੰਗ ਨਾਲ ਹਿੰਦੂ ਲੜਕੀਆਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਹੈ, ਮੈਨੂੰ ਨਹੀਂ ਲੱਗਦਾ ਕੋਈ ਸੱਭਿਆ ਸਮਾਜ ਇਸ ਨੂੰ ਪ੍ਰਵਾਨ ਕਰੇਗਾ। ਇਕ ਭਾਈਚਾਰੇ ਨੂੰ ਅਰਾਜਕਤਾ ਫੈਲਾਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਜੇ ਸਰਕਾਰ ਕੁੱਝ ਨਹੀਂ ਕਰ ਰਹੀ ਤਾਂ ਹਿੰਦੂਆਂ ਨੂੰ ਮਾਮਲਾ ਆਪਣੇ ਹੱਥਾਂ 'ਚ ਲੈਣਾ ਪਵੇਗਾ।'' ਜੇ ਕੋਈ ਲੜਕੀ ਕਿਸੇ ਮੁਸਲਿਮ ਲੜਕੇ ਨਾਲ ਵਿਆਹ ਕਰ ਲੈਂਦੀ ਹੈ ਤਾਂ ਇਸ ਸਮੁੱਚੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਕਿਥੋਂ ਦਾ ਇਨਸਾਫ ਹੈ? ਪਿਛਲੇ ਦਿਨੀਂ ਕੌਮੀ ਪੱਧਰ ਦੀ ਇਕ ਖਿਡਾਰਨ ਤਾਰਾ ਸ਼ਾਹਦਿਓ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਮੁਸਲਿਮ ਪਤੀ ਨੇ ਵਿਆਹ ਕਰਵਾਉਂਦੇ ਵਕਤ ਆਪਣਾ ਧਰਮ ਛੁਪਾ ਕੇ ਰੱਖਿਆ। ਇਸ ਮਾਮਲੇ 'ਚ ਉਸ ਨੇ ਕਈ ਹੋਰਨਾਂ ਦੇ ਨਾਂਅ ਵੀ ਲਏ ਜਿਹਨਾਂ 'ਚ ਜ਼ਿਆਦਾ ਗਿਣਤੀ ਗੈਰ ਮੁਸਲਿਮ ਲੋਕਾਂ ਦੀ ਸੀ। ਪਰ ਜ਼ੁਆਬ 'ਚ ਕੱਟੜਪੰਥੀ ਭਗਵੀਆਂ ਜਥੇਬੰਦੀਆਂ ਨੇ ਪੂਰੇ ਰਾਂਚੀ ਨੂੰ ਸੂਲੀ ਟੰਗੀ ਰੱਖਿਆ, ਇਕ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ। 'ਲਵ ਜਿਹਾਦ' ਦੇ ਨਾਂਅ 'ਤੇ ਸੰਘੀਆਂ ਨੇ ਇੰਜ ਤੂਫਾਨ ਖੜ੍ਹਾ ਕੀਤਾ ਹੋਇਆ ਹੈ ਕਿ ਜਿਵੇਂ ਬਹੁਤ ਵੱਡਾ ਹਮਲਾ ਹੋਣ ਜਾ ਰਿਹਾ ਹੈ। ਹਿੰਦੂ ਪਰਵਾਰਾਂ ਦੇ ਵਿਆਹ 'ਤੇ, ਤਿੱਥ ਤਿਓਹਾਰਾਂ 'ਤੇ, ਦੇਸ਼ ਭਰ 'ਚ ਕਾਲਜਾਂ ਦੇ ਬਾਹਰ 'ਲਵ ਜਿਹਾਦ' ਨਾਂਅ ਦਾ ਪੈਫਲੇਟ ਵੰਡਿਆ ਜਾ ਰਿਹਾ ਹੈ। ਪ੍ਰਭਾਵ ਇਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਇਨ੍ਹਾਂ ਨੂੰ ਲੜਕੀਆਂ ਦੀ ਬਹੁਤ ਜ਼ਿਆਦਾ ਚਿੰਤਾ ਹੋਵੇ ਜਦਕਿ ਹਕੀਕਤ ਇਸ ਦੇ ਬਿਲਕੁਲ ਉਲਟ ਹੈ। 
ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਔਰਤਾਂ ਦੀ ਕਿੰਨੀ ਕੁ ਕਦਰ ਕਰਦੇ ਹਨ ਇਹ ਉਹਨਾਂ ਦੇ 'ਪ੍ਰਵਚਨਾਂ' ਤੋਂ ਸਪੱਸ਼ਟ ਹੋ ਜਾਂਦਾ ਹੈ। ਇੰਦੌਰ 'ਚ ਇਕ ਰੈਲੀ 'ਚ ਬੋਲਦਿਆਂ ਭਾਗਵਤ ਨੇ ਫਰਮਾਇਆ ਕਿ ਵਿਆਹ ਪਤੀ-ਪਤਨੀ ਵਿਚਾਲੇ ਇਕ ਸੌਦਾ ਹੈ ਜਿਸ ਅਧੀਨ ਪਤੀ ਆਖਦਾ ਹੈ ਕਿ ਤੂੰ ਮੇਰੇ ਘਰ ਦਾ ਖਿਆਲ ਰੱਖੇਂਗੀ ਤੇ ਮੈਂ ਤੇਰੀਆਂ ਲੋੜਾਂ ਪੂਰੀਆਂ ਕਰਾਂਗਾ, ਤੇਰੀ ਰਾਖੀ ਕਰਾਂਗਾ। ਜਦ ਤੱਕ ਪਤਨੀ ਸੌਦੇ ਦੀਆਂ ਸ਼ਰਤਾਂ 'ਚ ਚਲਦੀ ਹੈ, ਪਤੀ ਉਸ ਨੂੰ ਆਪਣੇ ਨਾਲ ਰੱਖਦਾ ਹੈ। ਜੇ ਉਹ ਸੌਦੇ ਦੀ ਉਲੰਘਣਾ ਕਰੇ ਤਾਂ ਪਤੀ ਉਸ ਨੂੰ ਛੱਡ ਸਕਦਾ ਹੈ। ਇਸ ਦਾ ਅਰਥ ਤਾਂ ਇਹੀ ਹੈ ਕਿ ਔਰਤ ਇਨਸਾਨ ਨਹੀਂ ਹੈ। ਉਸ ਦੀ ਆਪਣੀ ਕੋਈ ਹੋਂਦ ਨਹੀਂ ਹੈ। ਗਾਂ-ਮੱਝ ਵਾਂਗ ਲਾਹੇਵੰਦ ਨਾ ਰਹਿਣ 'ਤੇ ਉਸ ਨੂੰ ਘਰੋਂ ਕੱਢਿਆ ਜਾ ਸਕਦਾ ਹੈ। ਵਾਹ! ਭਾਗਵਤ ਸਾਹਿਬ! ਤੁਹਾਡਾ ਵਸ ਚੱਲੇ, ਤੁਸੀਂ ਤਾਂ ਔਰਤਾਂ ਨੂੰ ਘਰਾਂ 'ਚ ਕੈਦ ਹੀ ਕਰ ਦਿਓ। 
ਭਾਗਵਤ, ਵਿਕਾਸ ਦੇ ਵੀ ਵਿਰੁੱਧ ਹਨ। ਵੱਧ ਰਹੇ ਬਲਾਤਕਾਰਾਂ ਦੇ ਸੰਬੰਧ 'ਚ ਉਹਨਾਂ ਦੀ ਟਿੱਪਣੀ ਵੀ ਗੌਰ ਮੰਗਦੀ ਹੈ ਕਿ ਬਲਾਤਕਾਰ ਪੱਛਮੀ ਸੱਭਿਆਚਾਰ ਅਪਨਾਉਣ ਕਾਰਨ ਹੁੰਦੇ ਹਨ। ਸ਼ਹਿਰੀ ਇਲਾਕਿਆਂ 'ਚ ਭਾਰਤੀ ਕਦਰਾਂ-ਕੀਮਤਾਂ ਨੂੰ ਖੋਰਾ ਲੱਗ ਰਿਹਾ ਹੈ। ਉਹ ਆਖਦੇ ਹਨ, ''ਸ਼ਹਿਰੀ ਭਾਰਤ 'ਚ ਔਰਤਾਂ 'ਤੇ ਅੱਤਿਆਚਾਰ ਸ਼ਰਮਨਾਕ ਹੈ ਪਰ ਇਹ ਅਪਰਾਧ ਭਾਰਤ (ਦਿਹਾਤੀ ਇਲਾਕੇ) 'ਚ ਨਹੀਂ ਹੁੰਦੇ। ਤੁਸੀਂ ਪਿੰਡਾਂ, ਦੇਸ਼ ਦੇ ਜੰਗਲਾਂ 'ਚ ਜਾਓ, ਸਮੂਹਿਕ ਬਲਾਤਕਾਰ, ਜਿਨਸੀ ਅਪਰਾਧ ਦੀਆਂ ਅਜਿਹੀਆਂ ਘਟਨਾਵਾਂ ਦੇਖਣ ਨੂੰ ਨਹੀਂ ਮਿਲਣਗੀਆਂ।'' ਮਤਲਬ ਇਹ ਕਿ ਸਿੱਖਿਆ ਹਾਸਲ ਕਰਨ ਦੇ ਮੌਕੇ ਛੱਡ ਕੇ ਦੂਰ ਦੁਰਾਡੇ ਪਿੰਡਾਂ 'ਚ, ਜੰਗਲਾਂ 'ਚ ਰਹਿਣਾ ਹੀ 'ਭਾਰਤੀ ਗੌਰਵ' ਹੈ? ਕੀ ਦਰੋਪਦੀ ਦਾ ਚੀਰ ਹਰਨ ਵੀ ਪੱਛਮੀ ਸੱਭਿਆਚਾਰ ਦਾ ਹੀ ਨਤੀਜਾ ਸੀ? 
ਅਜਿਹਾ ਨਹੀਂ ਹੈ ਕਿ ਸੰਘ ਤੇ ਉਸ ਦੀਆਂ ਹੇਠਲੀਆਂ ਸ਼ਾਖਾਵਾਂ ਦੇ ਆਗੂਆਂ ਨੇ ਮੋਦੀ ਦੇ ਪ੍ਰਧਾਨ ਮੰਤਰੀ ਬਣਨ 'ਤੇ ਹੀ ਅੱਗ ਉਗਲਣੀ  ਸ਼ੁਰੂ ਕੀਤੀ ਹੈ। ਮੋਦੀ ਦੇ ਪ੍ਰਧਾਨ ਮੰਤਰੀ ਬਣਨ 'ਤੇ ਉਹਨਾਂ ਦੀ ਇਸ ਖੇਡ 'ਚ ਤੇਜ਼ੀ ਆਈ ਹੈ ਪਰ ਇਹ ਖੇਡ ਸੰਘ ਦੇ ਗਠਨ ਤੋਂ ਲੈ ਕੇ ਹੀ ਜਾਰੀ ਹੈ। ਇਸ ਤੋਂ ਪਹਿਲਾਂ ਇਸ ਭਗਵੀਂ  ਤੇ ਖਤਰਨਾਕ ਖੇਡ 'ਚ ਤੇਜ਼ੀ ਅਡਵਾਨੀ ਦੀ ਰੱਥ ਯਾਤਰਾ ਨੇ ਸੰਨ 1991 'ਚ ਲਿਆਂਦੀ ਸੀ ਜਿਸਦਾ ਅੰਤ ਅਯੁੱਧਿਆ ਦੀ ਵਿਵਾਦਗ੍ਰਸਤ ਬਾਬਰੀ ਮਸਜਿੱਦ ਦਾ ਢਾਂਚਾ ਡੇਗਣ ਨਾਲ ਹੋਇਆ ਸੀ ਜਿਸ ਥਾਂ 'ਤੇ ਹਿੰਦੂ ਕੱਟੜਪੰਥੀ ਰਾਮ ਮੰਦਰ ਬਣਾਉਣਾ ਚਾਹੁੰਦੇ ਹਨ। 
ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਬਿਹਾਰ ਤੋਂ ਭਾਜਪਾ ਦਾ ਆਗੂ ਗਿਰੀਰਾਜ ਸਿੰਘ ਤਾਂ ਇਥੋਂ ਤੱਕ ਆਖ ਗਿਆ ਕਿ ਮੋਦੀ ਦਾ ਵਿਰੋਧ ਕਰਨ ਵਾਲਿਆਂ ਨੂੰ ਚੋਣਾਂ ਤੋਂ ਬਾਅਦ ਪਾਕਿਸਤਾਨ ਜਾ ਕੇ ਰਹਿਣਾ ਪਵੇਗਾ। ਉਸ ਵਿਰੁੱਧ ਤਿੰਨ ਕੇਸ ਦਰਜ ਹੋਏ ਪਰ ਗ੍ਰਿਫਤਾਰੀ ਕਿਸੇ ਵਿਚ ਵੀ ਨਹੀਂ ਹੋਈ। 
ਵਿਸ਼ਵ ਹਿੰਦੂ ਪ੍ਰੀਸ਼ਦ ਦਾ ਆਗੂ ਪ੍ਰਵੀਨ ਤੋਗੜੀਆ ਮੁਸਲਮਾਨਾਂ 'ਤੇ ਹਿੰਦੂ ਜਾਇਦਾਦਾਂ ਖਰੀਦਣ 'ਤੇ ਰੋਕ ਲਗਾਉਣ ਦੀ ਵਕਾਲਤ ਕਰਦਾ ਹੈ। ਅਜਿਹੀ ਜ਼ਹਿਰ ਉਗਲਣ ਵਾਲੇ ਆਗੂਆਂ ਨੂੰ ਰੋਕਣ ਵਾਲਾ ਕੋਈ ਨਹੀਂ, ਉਨ੍ਹਾਂ ਵਿਰੁੱਧ ਕੋਈ ਸਖਤ ਕਾਰਵਾਈ ਨਹੀਂ ਹੁੰਦੀ ਜਿਸ ਤੋਂ ਸਵਾਲ ਖੜਾ ਹੁੰਦਾ ਹੈ ਕਿ ਕੀ ਕਾਨੂੰਨ ਏਨਾਂ ਹੀ ਨਰਮ ਹੈ ਕਿ ਉਸ ਨੂੰ ਜਿਧਰ ਚਾਹੋ ਮੋੜ ਲਵੋ!
ਡੇਢ ਕੁ ਦਹਾਕੇ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮੁਰਲੀ ਮਨੋਹਰ ਜੋਸ਼ੀ ਨੇ ਵੋਟਰਾਂ ਨੂੰ 'ਹਿੰਦੂਤਵ' ਲਈ ਵੋਟ ਪਾਉਣ ਵਾਸਤੇ ਕਿਹਾ ਸੀ। ਉਸ 'ਤੇ ਮੁਕੱਦਮਾ ਚਲਿਆ ਤੇ ਦੇਸ਼ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਨੇ 'ਹਿੰਦੂਤਵ' ਨੂੰ 'ਜੀਵਨ ਜਾਚ' ਆਖ ਕੇ ਮੁਕੱਦਮੇ ਦੀ ਫੂਕ ਹੀ ਕੱਢ ਦਿੱਤੀ ਸੀ। ਅਜਿਹੇ ਮਾਮਲਿਆਂ 'ਚ ਸ਼ੁਰੂ ਸ਼ੁਰੂ 'ਚ ਇੰਜ ਲੱਗਦਾ ਹੈ ਕਿ ਫਲਾਣਾ ਲੀਡਰ ਤਾਂ ਸਮਝੋ ਫਸ ਗਿਆ ਪਰ ਮੁਕੱਦਮੇਬਾਜ਼ੀ ਇੰਨੀ ਲੰਮੀ ਚਲਦੀ ਹੈ ਕਿ ਸੰਬੰਧਤ ਮੁਕੱਦਮੇ ਦੀ ਕੋਈ ਅਹਿਮੀਅਤ ਹੀ ਨਹੀਂ ਰਹਿੰਦੀ। ਵਿਰਲੇ-ਟਾਂਵੇਂ ਨੂੰ ਹੀ ਸਜ਼ਾ ਹੁੰਦੀ ਹੈ ਤੇ ਸਬੂਤਾਂ ਦੀ ਘਾਟ ਕਾਰਨ ਆਗੂ ਸਾਹਿਬਾਨ ਬਚ ਕੇ ਨਿਕਲ ਜਾਂਦੇ ਹਨ। 
ਸੰਨ 2002 'ਚ, ਮੋਦੀ ਦੇ ਗ੍ਰਹਿ ਸੂਬੇ ਗੁਜਰਾਤ 'ਚ ਉਸ ਦੇ ਮੁੱਖ ਮੰਤਰੀ ਬਣਦਿਆਂ ਹੀ ਮੁਸਲਿਮ ਵਿਰੋਧੀ ਦੰਗੇ ਭੜਕ ਉਠੇ ਸਨ ਜਿਨ੍ਹ੍ਰਾਂ 'ਚ ਸਰਕਾਰ ਦੇ ਰਿਕਾਰਡ ਅਨੁਸਾਰ 1000 ਤੋਂ ਵੱਧ ਮੁਸਲਮਾਨ ਮਾਰੇ ਗਏ ਸਨ। ਇਨ੍ਹਾਂ ਦੰਗਿਆਂ ਨੂੰ ਰੋਕਣ ਲਈ ਮੋਦੀ ਦੀ ਸਰਕਾਰ ਨੇ ਬਣਦੀ ਜਿੰਮੇਵਾਰੀ ਨਹੀਂ ਨਿਭਾਈ। ਇੱਥੋਂ ਤੱਕ ਕਿ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਵੀ ਉਸ ਨੂੰ 'ਰਾਜ ਧਰਮ' ਨਿਭਾਉਣ ਲਈ ਕਹਿਣਾ ਪਿਆ ਸੀ। ਸਭ ਕੁਝ ਚਿੱਟੇ ਦਿਨ ਵਾਂਗ ਸਾਫ ਹੈ ਪਰ ਸੁਪਰੀਮ ਕੋਰਟ ਵਲੋਂ ਕਰਵਾਈ ਗਈ ਜਾਂਚ ਦੌਰਾਨ ਉਸ 'ਤੇ ਮੁਕੱਦਮਾ ਚਲਾਉਣ ਲਈ ਕੋਈ ਸਬੂਤ ਨਹੀਂ ਮਿਲਿਆ ਤੇ ਮੋਦੀ ਖ਼ੁਦ, ਆਪਣੇ ਆਪ ਨੂੰ ਬੇਗੁਨਾਹ ਆਖਦੇ ਹਨ। ਇਸੇ ਤਰ੍ਹਾਂ ਉਹਨਾਂ ਦੇ ਲਫਟੈਣ ਅਮਿਤ ਸ਼ਾਹ, ਜਿਸ ਨੂੰ ਸੰਘ ਨੇ ਭਾਰਤੀ ਜਨਤਾ ਪਾਰਟੀ ਦੀ ਕਮਾਨ ਸੌਂਪੀ ਹੈ, 'ਤੇ ਵੀ ਇਨ੍ਹਾਂ ਦੰਗਿਆਂ ਦੇ ਸੰਬੰਧ ਵਿਚ ਕੇਸ ਚਲਦੇ ਰਹੇ ਹਨ ਜਿਸ ਦੌਰਾਨ ਉਸ ਨੂੰ ਗੁਜਰਾਤ ਤੋਂ ਬਾਹਰ ਵੀ ਕੱਢ ਦਿੱਤਾ ਗਿਆ ਸੀ। ਪਰ ਅਖੀਰ 'ਚ ਉਸ ਵਿਰੁੱਧ ਵੀ ਕੋਈ ਸਬੂਤ ਨਹੀਂ ਮਿਲਦਾ। ਗਜਰਾਤ ਦੰਗਿਆਂ ਦੇ ਦਾਗ ਕਾਰਨ ਅਮਰੀਕਾ ਮੋਦੀ ਨੂੰ ਵੀਜਾ ਦੇਣ ਤੋਂ ਇਨਕਾਰ ਕਰਦਾ ਰਿਹਾ ਸੀ ਪਰ ਹੁਣ ਉਹੀ ਅਮਰੀਕਾ ਮੋਦੀ ਦੇ ਸਵਾਗਤ ਲਈ ਪੱਬਾਂ ਭਾਰ ਹੋਇਆ ਫਿਰਦਾ ਹੈ। ਦਿਲਚਸਪ ਗੱਲ ਇਹ ਹੈ ਕਿ ਅਮਰੀਕਾ ਜਾਣ ਤੋਂ ਪਹਿਲਾਂ ਮੋਦੀ ਭਾਰਤ ਦੇ ਮੁਸਲਮਾਨਾਂ ਨੂੰ ਦੇਸ਼ ਭਗਤ ਹੋਣ ਦਾ ਖਿਤਾਬ ਵੀ ਦੇ ਦਿੰਦਾ ਹੈ। ਪਰ, ਇਹਨਾਂ ਦੇਸ਼ ਭਗਤ ਮੁਸਲਮਾਨਾਂ ਖਿਲਾਫ ਮੋਦੀ ਦੇ ਸਿਪਾਹ-ਸਲਾਰ ਜਦ ਜ਼ਹਿਰ ਉਗਲਦੇ ਹਨ ਤਾਂ ਮੋਦੀ ਉਨ੍ਹਾਂ ਨੂੰ ਨੱਥ ਪਾਉਣ ਲਈ ਕੋਈ ਵੀ ਉਪਰਾਲਾ ਨਹੀਂ ਕਰਦੇ। 
ਅਜੇ ਥੋੜ੍ਹੇ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਹੀ ਲੋਕ ਸਭਾ ਮੈਂਬਰ ਸਾਕਸ਼ੀ ਮਹਾਰਾਜ ਨੇ ਮਦਰੱਸਿਆਂ ਵਿਰੁੱਧ ਜ਼ਹਿਰ ਉਗਲੀ ਹੈ। 14 ਸਤੰਬਰ ਦੀ ਗੱਲ ਹੈ। ਉਨਾਓ ਲੋਕ ਸਭਾ  ਹਲਕੇ ਤੋਂ ਭਾਜਪਾ ਦੇ ਇਸ ਸੰਸਦ ਮੈਂਬਰ ਨੇ ਕੰਨੌਜ 'ਚ ਇਕ ਸਮਾਗਮ ਦੌਰਾਨ ਕਿਹਾ ਕਿ ਮਦਰੱਸੇ ਦੇਸ਼ ਭਰ 'ਚ 'ਅੱਤਵਾਦ ਅਤੇ ਲਵ ਜਿਹਾਦ' ਦੀ ਸਿਖਲਾਈ ਦੇ ਰਹੇ ਹਨ। ਘੱਟ ਗਿਣਤੀ ਭਾਈਚਾਰੇ ਤੇ ਉਸ ਦੇ ਸਕੂਲਾਂ (ਮੱਦਰੱਸਿਆਂ) ਵਿਰੁੱਧ ਦੂਸਰੇ ਭਾਈਚਾਰਿਆਂ ਨੂੰ ਭੜਕਾਉਣ ਲਈ ਪੂਰੀ ਵਾਹ ਲਾਉਂਦਿਆਂ ਸਾਕਸ਼ੀ ਮਹਾਰਾਜ ਆਖਦਾ ਹੈ ਕਿ ਮਦਰੱਸਿਆਂ 'ਚ ਮੁਸਲਿਮ ਨੌਜਵਾਨਾਂ ਨੂੰ 'ਲਵ ਜਿਹਾਦ' ਲਈ ਮੋਟੀਆਂ ਰਕਮਾਂ ਨਾਲ ਪ੍ਰੇਰਿਤ ਕੀਤਾ ਜਾਂਦਾ ਹੈ। ਉਸ ਨੇ ਤਾਂ ਇਸ ਕੰਮ ਦੇ ਰੇਟ ਤੱਕ ਦੱਸ ਦਿੱਤੇ। ਉਹ ਦਾਅਵਾ ਕਰਦਾ ਹੈ ਕਿ ਇਕ ਸਿੱਖ ਲੜਕੀ ਨੂੰ ਭਰਮਾਉਣ ਲਈ 11 ਲੱਖ ਰੁਪਏ, ਹਿੰਦੂ ਲੜਕੀ ਲਈ 10 ਲੱਖ ਰੁਪਏ ਤੇ ਜੈਨ ਲੜਕੀ ਨੂੰ ਫਸਾਉਣ ਲਈ 7 ਲੱਖ ਰੁਪਏ ਦਿੱਤੇ ਜਾਂਦੇ ਹਨ। ਉਹ ਆਖਦਾ ਹੈ ਕਿ ਮਦਰੱਸੇ ਵਿਦਿਆਰਥੀਆਂ ਨੂੰ 'ਅੱਤਵਾਦੀ' ਅਤੇ 'ਜਿਹਾਦੀ' ਬਣਾ ਰਹੇ ਹਨ ਤੇ ਉਨ੍ਹਾ ਵਲੋਂ ਦਿੱਤੀ ਜਾ ਰਹੀ ਸਿੱਖਿਆ ਦੇਸ਼ ਦੇ ਹਿੱਤ 'ਚ ਨਹੀਂ ਹੈ। ਇੰਨਾ ਕੁਫ਼ਰ ਤੋਲਣ ਲਈ ਉਹ ਕੋਈ ਸਬੂਤ ਪੇਸ਼ ਨਹੀਂ ਕਰਦਾ। 
ਨੋਟ ਕਰਨ ਵਾਲੀ ਗੱਲ ਹੈ ਕਿ ਸਾਕਸ਼ੀ ਮਹਾਰਾਜ ਦੇ ਇਸ ਜ਼ਹਿਰੀਲੇ ਪ੍ਰਚਾਰ ਤੋਂ ਕੁਝ ਦਿਨ ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਉਸ ਨੂੰ 'ਲਵ ਜਿਹਾਦ' ਦਾ ਮਤਲਬ ਹੀ ਪਤਾ ਨਹੀਂ ਹੈ। ਇਸ ਦੇ ਨਾਲ ਹੀ ਉਸਨੇ ਇਹ ਭਰੋਸਾ ਵੀ ਦਿੱਤਾ ਸੀ ਕਿ ਧਰਮ ਜਾਂ ਜਾਤ ਦੇ ਅਧਾਰ 'ਤੇ ਕਿਸੇ ਵੀ ਭਾਈਚਾਰੇ ਨਾਲ ਕੋਈ ਵਿਤਕਰਾ ਨਹੀਂ ਹੋਵੇਗਾ। ਇਸ ਭਰੋਸੇ ਦੇ ਉਲਟ ਸਾਕਸ਼ੀ ਮਹਾਰਾਜ, ਯੋਗੀ ਅਦਿਤਿਆ ਨਾਥ, ਗਿਰੀਰਾਜ ਵਰਗਿਆਂ ਦੀ ਬਿਆਨਬਾਜ਼ੀ ਕੀ ਸੰਦੇਸ਼ ਦੇ ਰਹੀ ਹੈ? 
ਘੱਟ ਗਿਣਤੀਆਂ, ਖਾਸਕਰ ਮੁਸਲਿਮ ਤੇ ਈਸਾਈ ਭਾਈਚਾਰੇ ਦੇ ਲੋਕ ਲਗਾਤਾਰ ਸੰਘ ਦੇ ਨਿਸ਼ਾਨੇ 'ਤੇ ਹਨ। ਆਜ਼ਾਦੀ ਸੰਗਰਾਮ ਦੌਰਾਨ ਵੀ ਉਸਨੇ ਮੁਸਲਿਮ ਲੀਗ ਨਾਲ ਮੁਕਾਬਲੇਬਾਜ਼ੀ ਕਰਕੇ ਫਿਰਕੂ ਇਕਸੁਰਤਾ ਪਾਟੋ ਧਾੜ ਕਰਕੇ ਦੇਸ਼ ਦੇ ਟੁਕੜੇ ਕਰਨ 'ਚ ਹੀ ਹਿੱਸਾ ਪਾਇਆ ਸੀ। ਉਹ ਅੱਜ ਵੀ ਆਪਣੀ ਲੀਹ 'ਤੇ ਹੀ ਲਗਾਤਾਰ ਚਲ ਰਹੀ ਹੈ। 
23 ਜਨਵਰੀ 1999 ਵਾਲੇ ਦਿਨ ਉੜੀਸਾ 'ਚ ਅਸਟਰੇਲੀਆ ਦੇ ਇਕ ਇਸਾਈ ਮਿਸ਼ਨਰੀ ਗਰਾਹਮ ਸਟੇਨਜ਼ ਨੂੰ ਪੁੱਤਰਾਂ ਸਮੇਤ ਸਾੜ ਕੇ ਮਾਰਨ ਵਾਲੀ ਵਹਿਸ਼ੀ ਘਟਨਾ ਕਿਸ ਨੂੰ ਭੁਲ ਸਕਦੀ ਹੈ। ਕਿਉਂਝਰ ਜ਼ਿਲ੍ਹੇ 'ਚ ਗਰਾਹਮ ਸਟੇਨਜ਼ ਨੂੰ ਉਸ ਸਮੇਂ ਜਿਉਂਦਿਆਂ ਅੱਗ ਲਾ ਦਿੱਤੀ ਗਈ ਸੀ ਜਦ ਉਹ ਆਪਣੀ ਗੱਡੀ 'ਚ ਆਪਣੇ ਅੱਠ ਤੇ ਦਸ ਸਾਲ ਦੇ ਦੋ ਪੁੱਤਰਾਂ ਨਾਲ ਰਾਤ ਵੇਲੇ ਸੁੱਤਾ ਪਿਆ ਸੀ। ਉਸ ਨੇ ਗੱਡੀ 'ਚੋਂ ਬਚ ਨਿਕਲਣ ਦੀ ਕੋਸ਼ਿਸ ਕੀਤੀ ਪਰ ਜ਼ਾਲਮਾਂ ਨੇ ਉਸ ਨੂੰ ਬਾਹਰ ਨਹੀਂ ਨਿਕਲਣ ਦਿੱਤਾ। ਉਸ ਨੂੰ ਬਚਾਉਣ ਆਏ ਪਿੰਡ ਵਾਸੀਆਂ ਨੂੰ ਵੀ ਉਹਨਾਂ ਭਜਾ ਦਿੱਤਾ। ਇਹ ਕਾਰਾ ਕਰਨ ਵਾਲਿਆਂ ਦੀ ਅਗਵਾਈ ਸੰਘ ਦੀ ਹੀ ਇਕ ਸ਼ਾਖਾ ਬਜਰੰਗ ਦਲ ਦਾ ਆਗੂ ਦਾਰਾ ਸਿੰਘ ਕਰ ਰਿਹਾ ਸੀ, ਇਸਾਈਆਂ ਨਾਲ ਵਾਪਰੀ ਇਹ ਕੋਈ ਇਕੱਲੀਕਾਰੀ ਘਟਨਾ ਨਹੀਂ ਹੈ। ਇਸਾਈ ਸਾਧਵੀਆਂ ਨਾਲ ਬਲਾਤਕਾਰ ਦੀਆਂ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ। 
ਥਾਂ-ਥਾਂ ਚੁਆਤੀਆਂ, ਹਿੰਸਾ, ਦੰਗੇ, ਕਤਲਾਂ ਪਿੱਛੇ ਆਰ.ਐਸ.ਐਸ. ਦਾ ਮੰਤਵ ਘੱਟ ਗਿਣਤੀਆਂ 'ਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਆਪਣੀ ਈਨ ਮਨਾਉਣਾ, ਦੇਸ਼ 'ਚ ਫਿਰਕੂ ਪਿਛਾਖੜੀ ਕੱਟੜਪੰਥੀ ਨਿਜ਼ਾਮ ਕਾਇਮ ਕਰਨਾ ਹੈ। ਅੱਜਕੱਲ੍ਹ ਉਸ ਨੇ ਉਨ੍ਹਾਂ ਪਰਵਾਰਾਂ ਨੂੰ ਹਿੰਦੂ ਧਰਮ 'ਚ ਵਾਪਸ ਲਿਆਉਣ ਲਈ ਸ਼ੁੱਧੀਕਰਨ ਦੀ ਇਕ ਮੁਹਿੰਮ ਚਲਾਈ ਹੋਈ ਹੈ, ਜਿਹੜੇ ਕਿਸੇ ਸਮੇਂ ਮੁਸਲਿਮ ਜਾਂ ਇਸਾਈ ਬਣ ਗਏ ਹਨ। ਇਸ ਮੰਤਵ ਲਈ ਉਸਨੇ ਦੇਸ਼ ਭਰ 'ਚ ਇਕੋ ਵੇਲੇ 'ਸ਼ੁੱਧੀਕਰਨ' ਵਾਸਤੇ 23 ਅਤੇ 25 ਦਸੰਬਰ ਦੇ ਦਿਨ ਮਿੱਥੇ ਹਨ। 23 ਦਸੰਬਰ ਨੂੰ ਉਨ੍ਹਾ ਪਰਿਵਾਰਾਂ ਨੂੰ ਮੁੜ ਹਿੰਦੂ ਬਣਾਇਆ ਜਾਵੇਗਾ ਜਿਹੜੇ ਮੁਸਲਮਾਨ ਹੋ ਗਏ ਸਨ ਅਤੇ 25 ਦਸੰਬਰ ਨੂੰ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇਗਾ ਜਿਹਨਾਂ ਨੇ ਇਸਾਈ ਧਰਮ ਅਪਣਾ ਲਿਆ ਸੀ।  ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਸ਼ੁੱਧੀਕਰਨ ਦੀ ਇਸ ਮੁਹਿਮ ਹੇਠ ਪਰਵਾਰਾਂ ਦੀ ਵਾਪਸੀ ਉਨ੍ਹਾਂ ਦੀ ਮਰਜ਼ੀ ਨਾਲ ਨਹੀਂ ਹੋ ਰਹੀ। ਜੇ ਉਨ੍ਹਾਂ ਪਹਿਲਾਂ ਡਰ-ਭੈਅ ਅਤੇ ਧਮਕੀਆਂ ਦੇ ਦਬਾਅ ਥੱਲੇ ਦੂਸਰਾ ਧਰਮ ਗ੍ਰਹਿਣ ਕੀਤਾ ਸੀ ਤਾਂ ਹੁਣ ਵੀ ਉਹ ਸਮਾਜਕ ਵਿਤਕਰੇ ਕਰਕੇ ਹੀ ਵਾਪਸ ਆ ਰਹੇ ਹਨ। ਅਜਿਹੀ ਕੋਈ ਗਰੰਟੀ ਨਹੀਂ ਹੈ ਕਿ ਵਾਪਸੀ ਉਪਰੰਤ ਉਹਨਾਂ ਨਾਲ ਮੁੜ ਤੋਂ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ। ਭਗਵੀਆਂ ਸੰਸਥਾਵਾਂ ਦੇ ਮੈਂਬਰ ਕਬਾਇਲੀ, ਦਿਹਾਤੀ ਇਲਾਕਿਆਂ 'ਚ ਦਨਦਨਾਉਂਦੇ ਫਿਰ ਰਹੇ ਹਨ। ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਪਿਛਲੇ ਦਿਨੀਂ ਅਖਬਾਰਾਂ 'ਚ ਭਾਜਪਾ ਦੀ ਸਰਕਾਰ ਵਾਲੇ ਰਾਜ ਮੱਧ ਪ੍ਰਦੇਸ਼ ਵਿਚ ਪੁਲਸ ਦੀ ਦਖਲਅੰਦਾਜ਼ੀ ਨਾਲ ਹਿੰਦੂਤਵੀ ਜਥੇਬੰਦੀਆਂ ਵਲੋਂ ਅਜਿਹਾ ਧਰਮ ਪਰਿਵਰਤਨ ਕਰਵਾਉਣ ਦੀਆਂ ਰਿਪੋਰਟਾਂ ਛੱਪ ਚੁੱਕੀਆਂ ਹਨ।
ਸੰਵਿਧਾਨ ਦੀ ਧਾਰਾ 370, ਜਿਸ ਅਧੀਨ ਜੰਮੂ-ਕਸ਼ਮੀਰ ਨੂੰ ਇਕ ਵੱਖਰਾ ਦਰਜਾ ਦਿੱਤਾ ਗਿਆ ਹੈ, ਦੇ ਖਾਤਮੇਂ, ਅਯੁੱਧਿਆ 'ਚ ਬਾਬਰੀ ਮਸਜਿੱਦ ਵਾਲੀ ਥਾਂ ਹਰ ਕੀਮਤ 'ਤੇ ਰਾਮ ਮੰਦਰ ਬਨਾਉਣ, ਇਕਸਾਰ ਨਾਗਰਿਕ ਜਾਬਤੇ ਦਾ ਮੁੱਦਾ ਲਗਾਤਾਰ ਉਭਾਰ ਕੇ ਆਰ.ਐਸ.ਐਸ. ਦੇਸ਼ ਨੂੰ ਜੋੜਨ ਦਾ ਨਹੀਂ ਤੋੜਨ ਦਾ ਕੰਮ ਜ਼ਰੂਰ ਕਰ ਰਹੀ ਹੈ। ਉਹ ਦਾ ਅੰਧ ਰਾਸ਼ਟਰਵਾਦ ਲੋਕਾਂ 'ਚ ਵੰਡੀਆਂ ਪਾ ਰਿਹਾ ਹੈ। ਜੇ ਲੋਕਾਂ 'ਚ ਦੀਵਾਰਾਂ ਖੜੀਆਂ ਹੋ ਗਈਆਂ ਤਾਂ ਦੇਸ਼ ਇਕ ਨਹੀਂ ਰਹਿ ਸਕੇਗਾ। ਕੇਵਲ ਪਹਾੜਾਂ, ਨਦੀਆਂ, ਜੰਗਲਾਂ, ਮੈਦਾਨਾਂ ਨੂੰ ਹੀ ਦੇਸ਼ ਨਹੀਂ ਕਿਹਾ ਜਾਂਦਾ। ਦੇਸ਼ ਤਾਂ ਉਦੋਂ ਹੀ ਬਣਦਾ ਹੈ ਜਦ ਇਨ੍ਹਾਂ ਪਹਾੜਾਂ, ਮੈਦਾਨਾਂ, ਜੰਗਲਾਂ 'ਚ ਲੋਕ ਰਹਿੰਦੇ ਹੋਣ ਤੇ ਇਨ੍ਹਾਂ ਕੁਦਰਤੀ ਵਸੀਲਿਆਂ ਦੀ ਰਾਖੀ ਕਰਦੇ ਹੋਣ, ਉਹਨਾਂ ਵਿਚ ਭਾਈਚਾਰਕ ਸਾਂਝ ਹੋਵੇ ਤੇ ਉਹ ਆਪਸੀ ਮਸਲੇ ਮਿਲ ਬੈਠ ਕੇ ਹੱਲ ਕਰਨ ਅਤੇ ਬਾਹਰੀ ਖਤਰਿਆਂ ਨਾਲ ਨਜਿੱਠਣ ਦੀ ਸਮਰੱਥਾ  ਰੱਖਦੇ ਹੋਣ। ਦੇਸ਼ ਦੀ ਏਕਤਾ ਅਖੰਡਤਾ ਦੀ ਰਾਖੀ ਕੇਵਲ ਹਥਿਆਰਾਂ ਨਾਲ ਨਹੀਂ ਕੀਤੀ ਜਾ ਸਕਦੀ। ਜਿੰਨੀ ਦੇਰ ਤੱਕ ਇਨ੍ਹਾਂ ਹਥਿਆਰਾਂ ਨੂੰ ਬਣਾਉਣ, ਸਾਂਭਣ ਤੇ ਚਲਾਉਣ ਵਾਲੇ ਹੱਥ ਮਜ਼ਬੂਤ ਨਹੀਂ ਹੋਣਗੇ, ਕੋਈ ਵੀ ਦੇਸ਼ ਸੁਰੱਖਿਅਤ ਨਹੀਂ ਰਹਿ ਸਕਦਾ। ਇਸ ਲਈ ਦੇਸ਼ ਦੀ ਏਕਤਾ-ਅਖੰਡਤਾ ਦੀ ਰਾਖੀ ਲਈ ਆਰ.ਐਸ.ਐਸ. ਦੀਆਂ ਚੁਆਤੀਆਂ ਨੂੰ ਮਸਲਣਾ  ਬਹੁਤ ਲਾਜ਼ਮੀ ਹੈ। ਇਹ ਚੁਆਤੀਆਂ ਸਿਰਫ ਧਾਰਮਿਕ ਦੀਵਾਰਾਂ ਹੀ ਨਹੀਂ ਖੜੀਆਂ ਕਰਦੀਆਂ ਸਗੋਂ ਕਿਰਤੀ ਜਮਾਤ ਨੂੰ ਵੀ ਵੰਡਦੀਆਂ ਹਨ। ਕਿਰਤ ਦੀ ਰਾਖੀ ਲਈ ਕਿਰਤੀਆਂ ਦਾ ਇਕਮੁੱਠ ਹੋਣਾ ਇਕ ਬੁਨਿਆਦੀ ਸ਼ਰਤ ਹੈ। ਇਸ ਤਰ੍ਹਾਂ ਕਿਰਤੀਆਂ ਦੇ ਹੱਕਾਂ ਦੀਆਂ ਝੰਡਾਬਰਦਾਰ ਧਿਰਾਂ ਦੀ ਇਹ ਮੁੱਢਲੀ ਜ਼ੁੰਮੇਵਾਰੀ ਬਣ ਜਾਂਦੀ ਹੈ ਕਿ ਉਹ ਭਗਵੇਂ ਖਤਰੇ ਬਾਰੇ ਕਿਰਤੀਆਂ ਨੂੰ ਨਿਰੰਤਰ ਜਾਗਰੂਕ ਕਰਦੇ ਰਹਿਣ ਅਤੇ ਇਸ ਸੇਧ ਵਿਚ ਕੋਈ ਅਵੇਸਲਾਪਨ ਨਾ ਦਿਖਾਉਣ। 

ਮੋਦੀ ਸਰਕਾਰ ਵਲੋਂ ਕਿਰਤ ਕਾਨੂੰਨਾਂ 'ਤੇ ਨਵਾਂ ਹਮਲਾ

ਡਾ. ਅਜੀਤਪਾਲ ਸਿੰਘ ਐਮ.ਡੀ. 

ਮੋਦੀ ਸਰਕਾਰ ਨੇ ਕਿਰਤ ਕਾਨੂੰਨਾਂ 'ਚ ਸੋਧਾਂ ਦਾ ਰਾਹ ਅਖਤਿਆਰ ਕਰ ਹੀ ਲਿਆ ਹੈ। ਦੇਸ਼ ਦੀ ਸਰਮਾਏਦਾਰੀ ਲੰਮੇ ਸਮੇਂ ਤੋਂ ਕਿਰਤ ਕਾਨੂੰਨਾਂ 'ਚ ਤਬਦੀਲੀ ਦੀ ਮੰਗ ਕਰਦੀ ਆ ਰਹੀ ਸੀ। ਉਹ ਕਿਰਤ ਕਾਨੂੰਨਾਂ ਰਾਹੀਂ ਮਜ਼ਦੂਰਾਂ ਨੂੰ ਮਿਲ ਰਹੀ ਹਰ ਕਿਸਮ ਦੀ ਸੁਰੱਖਿਆ ਨੂੰ ਖੋਹ ਲੈਣਾ ਚਾਹੁੰਦੀ ਹੈ। 90 ਦੇ ਦਹਾਕੇ ਤੋਂ, ਜਦੋਂ ਤੋਂ ਦੇਸ਼ ਦੇ ਹਾਕਮਾਂ ਨੇ ਉਦਾਰੀਕ੍ਰਿਤ ਅਰਥਚਾਰੇ ਵੱਲ ਕਦਮ ਵਧਾ ਲਿਆ ਹੈ, ਉਦੋਂ ਤੋਂ ਹੀ ਸਰਮਾਏਦਾਰੀ ਦੀ ਕਿਰਤ ਕਾਨੂੰਨਾਂ 'ਚ ਤਬਦੀਲੀ ਦੀ ਮੰਗ ਲਗਭਗ ਤੇਜ਼ ਹੁੰਦੀ ਚਲੀ ਗਈ ਹੈ। 
ਪਿਛਲੇ ਦੋ ਦਹਾਕਿਆਂ 'ਚ ਦੇਸ਼ ਦੇ ਹਾਕਮਾਂ ਨੇ ਸਰਮਾਏਦਾਰਾਂ ਦੇ ੲੰਜੰਡੇ ਨੂੰ ਅੱਗੇ ਵਧਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ। ਉਹਨਾਂ ਨੇ ਦੂਜਾ ਕਿਰਤ ਕਮਿਸ਼ਨ ਗਠਿਤ ਕੀਤਾ, ਜਿਸ ਦੀ ਰਿਪੋਰਟ 'ਚ ਪੂੰਜੀਪਤੀਆਂ ਦੀਆਂ ਖਾਹਿਸ਼ਾਂ ਨੂੰ ਹੀ ਦਰਜ ਕੀਤਾ ਗਿਆ ਹੈ। ਉਸ ਪਿਛੋਂ ਹਾਲਾਤ ਦਾ ਫਾਇਦਾ ਉਠਾਕੇ ਹੌਲੀ-ਹੌਲੀ ਅਨੇਕਾਂ ਕਿਰਤ ਕਾਨੂੰਨਾਂ ਨੂੰ ਅਮਲੀ ਤੌਰ 'ਤੇ ਮੰਨਣਾ ਬੰਦ ਕਰ ਦਿੱਤਾ। ਕੁੱਝ ਕੁ ਕਾਨੂੰਨਾਂ 'ਚ ਸੋਧਾਂ ਵੀ ਕੀਤੀਆਂ। ਫਿਰ ਵੀ ਉਹ ਇਕੋ ਝਟਕੇ ਨਾਲ ਕਿਰਤ ਕਾਨੂੰਨਾਂ 'ਚ ਬਦਲਾਅ ਕਰਨ ਦੀ ਹਿੰਮਤ ਨਹੀਂ ਸੀ ਕਰ ਸਕੇ, ਕਿਉਂਕਿ ਮਜ਼ਦੂਰਾਂ ਦੇ ਸੰਘਰਸ਼ ਦਾ ਡਰ ਸੀ। ਭਾਵੇਂ ਹਾਕਮ ਸੰਸਦੀ ਪਾਰਟੀਆਂ ਦੀ ਇਸ ਅੰਦੋਲਨ 'ਤੇ ਪਕੜ ਬਣ ਚੁੱਕੀ ਸੀ ਪਰ ਇਹਨਾਂ ਦੀਆਂ ਕੇਂਦਰੀ ਫੈਡਰੇਸ਼ਨਾਂ ਨਾਲ ਦੋ ਹੱਥ ਕਰਨ ਲਈ ਕੇਂਦਰ ਸਰਕਾਰ ਤਿਆਰ ਨਹੀਂ ਸੀ। ਇਸ ਕਾਰਨ ਪੂੰਜੀਪਤੀਆਂ ਦੇ ਸਾਰੇ ਦਬਾਵਾਂ ਦੇ ਬਾਵਜੂਦ ਵਾਜਪਾਈ ਤੇ ਮਨਮੋਹਨ ਸਰਕਾਰਾਂ ਇਸ ਪਾਸੇ ਬਹੁਤ ਕੁੱਝ ਨਹੀਂ ਸੀ ਕਰ ਸਕੀਆਂ। 2007 ਤੋਂ ਵਿਸ਼ਵ ਵਿਆਪੀ ਆਰਥਕ ਸੰਕਟ ਦੇ ਨਾਲ ਜਦ ਭਾਰਤੀ ਅਰਥਚਾਰੇ ਨੇ ਵੀ ਗੋਡੇ ਲਾਉਣੇ ਸ਼ੁਰੂ ਕੀਤੇ ਤਾਂ ਏਥੋਂ ਦੀ ਸਰਮਾਏਦਾਰੀ ਵਧੇਰੇ ਫਿਕਰਮੰਦ ਹੋ ਗਈ। ਜਿਥੇ ਇਕ ਪਾਸੇ ਉਸਨੇ ਸਰਕਾਰੀ ਸਹਾਇਤਾ ਰਾਹੀਂ ਆਪਣਾ ਆਧਾਰ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਉਥੇ ਉਸ ਨੇ ਸਰਕਾਰ 'ਤੇ ਨਿੱਜੀਕਰਨ-ਉਦਾਰੀਕਰਨ ਦੀ ਨੀਤੀ ਤੇਜ਼ੀ ਨਾਲ ਲਾਗੂ ਕਰਨ ਲਈ ਦਬਾਅ ਬਣਾਇਆ। ਇਸ ਦੇ ਇਕ ਹਿੱਸੇ ਵਜੋਂ ਉਸ ਨੇ ਪੁਰਾਣੇ ਕਿਰਤ ਕਾਨੂੰਨਾਂ 'ਚ ਤਬਦੀਲੀ ਦੀ ਮੰਗ ਨੂੰ ਵੱਧ ਮਜ਼ਬੂਤੀ ਨਾਲ ਅੱਗੇ ਵਧਾਇਆ। 
ਮਨਮੋਹਨ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਜਦ ਸਰਮਾਏਦਾਰਾਂ ਨੂੰ ਆਪਣਾ ਮੁਨਾਫਾ ਲੀਹ 'ਤੇ ਆਉਂਦਾ ਨਜ਼ਰ ਨਾ ਆਇਆ ਤਾਂ ਸਰਮਾਏਦਾਰੀ ਜਮਾਤ ਨੇ ਮਨਮੋਹਨ ਸਰਕਾਰ ਨੂੰ ਬਦਨਾਮ ਕਰਕੇ ਮੋਦੀ  ਨੂੰ ਹਕੂਮਤੀ ਕੁਰਸੀ ਤੱਕ ਪਹੁੰਚਾ ਦਿੱਤਾ ਤੇ ਆਪਣੀਆਂ ਸਾਰੀਆਂ ਉਮੀਦਾਂ ਮੋਦੀ ਸਰਕਾਰ 'ਤੇ ਲਾ ਦਿੱਤੀਆਂ। ਹਕੂਮਤ 'ਤੇ ਬਿਰਾਜਮਾਨ ਮੋਦੀ ਸਰਕਾਰ ਸਾਹਮਣੇ ਇਸ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਸੀ ਕਿ ਉਹ ਸਰਮਾਏਦਾਰੀ ਦੀਆਂ ਆਸਾਂ ਕਾਇਮ ਰੱਖਣ ਲਈ ਨਿੱਜੀਕਰਨ-ਉਦਾਰੀਕਰਨ ਦੇ ਰੱਥ ਨੂੰ ਪਿਛਲੀ ਮਨਮੋਹਨ ਸਰਕਾਰ ਤੋਂ ਵੀ ਵੱਧ ਤੇਜੀ ਨਾਲ ਭਜਾਉਣ। ਪਿਛਲੇ ਲਗਭਗ ਦੋ ਮਹੀਨਿਆਂ 'ਚ ਮੋਦੀ ਸਰਕਾਰ ਨੇ ਇਹ ਕੰਮ ਵੱਖ ਵੱਖ ਮੋਰਚਿਆਂ 'ਤੇ  ਕੀਤਾ ਸੀ। ਇਸਦੇ ਇਕ ਹਿੱਸੇ ਵਜੋਂ ਉਸ ਨੇ ਫਟਾਫਟ ਕਈ ਕਿਰਤ ਕਾਨੂੰਨਾਂ 'ਚ ਤਬਦੀਲੀ ਨੂੰ ਆਪਣੇ ਏਜੰਡੇ 'ਤੇ ਲਿਆਂਦਾ। ਨਿਸ਼ਚੈ ਹੀ ਸਰਮਾਏਦਾਰ ਜਮਾਤ ਮੋਦੀ ਸਰਕਾਰ ਦੀ ਮੌਜੂਦਾ ਰਫਤਾਰ ਤੋਂ ਖੁਸ਼ ਹੈ। ਪਰ ਨਾਲ ਹੀ ਇਸ ਰਫਤਾਰ ਨੂੰ ਹੋਰ ਤੇਜ਼ ਕਰਨ ਲਈ ਆਪਣਾ ਮੂੰਹ ਹੋਰ ਚੌੜਾ ਕਰ ਲਿਆ ਹੈ। ਪੂੰਜੀਪਤੀਆਂ ਦੀ ਸੰਸਥਾ 'ਫਿੱਕੀ' ਨੇ ਸਰਕਾਰ ਦੇ ਸਾਹਮਣੇ ਕਿਰਤ ਕਾਨੂੰਨਾਂ 'ਚ ਬੁਨਿਆਦੀ ਤਬਦੀਲੀ ਦਾ ਮੰਗ ਪੱਤਰ ਵੀ ਪੇਸ਼ ਕਰ ਦਿੱਤਾ। ਪਰ ਨਾਲ ਹੀ ਇਹ ਵੀ ਕਿ ਮੋਦੀ ਸਰਕਾਰ ਨੇ ਕਿਰਤ ਕਾਨੂੰਨਾਂ 'ਚ ਬਦਲਾਅ ਦੇ ਜ਼ਰੀਏ ਮਜ਼ਦੂਰ ਜਮਾਤ ਨੂੰ ਚੁਣੌਤੀ ਵੀ ਦੇ ਦਿੱਤੀ ਹੈ। ਸਰਕਾਰ ਦੇ ਇਸ ਹਮਲੇ ਨੇ ਮਜ਼ਦੂਰ ਜਮਾਤ ਨੂੰ ਆਰਥਕ ਸੰਘਰਸ਼ ਤੋਂ ਅੱਗੇ ਵੱਧ ਕੇ ਆਪਣੇ ਕਾਨੂੰਨੀ ਹੱਕਾਂ ਦੇ ਬਚਾਅ ਲਈ ਰਾਜਸੀ ਘੋਲ ਵੱਲ ਧੱਕ ਦਿੱਤਾ ਹੈ। ਨਿਸ਼ਚੈ ਹੀ ਅੱਜ ਜਥੇਬੰਦ ਮਜ਼ਦੂਰ ਅੰਦੋਲਨ 'ਤੇ ਪੂੰਜੀਵਾਦੀ ਸੁਧਾਰਵਾਦੀ ਤੱਤਾਂ ਦਾ ਗਲਬਾ ਹੈ। ਪਰ ਇਹ ਵੀ ਉਨਾ ਹੀ ਸੱਚਾ ਹੈ ਕਿ ਆਮ ਮਜ਼ਦੂਰ ਭਾਈਚਾਰਾ ਦੇਸ਼ ਦੇ ਹਰ ਕੋਨੇ-ਕਾਰਖਾਨੇ 'ਚ ਆਪਣੀਆਂ ਮੰਗਾਂ ਲਈ ਲੜਨ ਦੀ ਤਿਆਰੀ ਕਰ ਰਿਹਾ ਹੈ। ਇਸ ਲਈ ਲੀਡਰਸ਼ਿਪ ਨੂੰ ਵੀ ਸਰਕਾਰ ਦੇ ਵਿਰੋਧ 'ਚ ਅੱਗੇ ਵਧਣਾ ਪੈ ਰਿਹਾ ਹੈ। ਇਸ ਲਈ ਮੋਦੀ ਸਰਕਾਰ ਦਾ ਰਾਹ ਸੌਖਾ ਬਿਲਕੁਲ ਨਹੀਂ ਹੈ। ਲੰਮੇ ਦਾਅ ਤੋਂ ਸਰਕਾਰ ਨੂੰ ਮਜ਼ਦੂਰਾਂ ਦੇ ਰੋਹ ਦਾ ਸ਼ਿਕਾਰ ਹੋਣਾ ਹੀ ਪੈਣਾ ਹੈ। ਮੋਦੀ ਸਰਕਾਰ ਨੇ ਘੱਟੋ-ਘੱਟ ਮਜ਼ਦੂਰੀ ਕਾਨੂੰਨ 1948, ਫੈਕਟਰੀ ਐਕਟ 1948, ਅਪ੍ਰੈਂਟਿਸ ਐਕਟ 1961, ਕਿਰਤ ਕਾਨੂੰਨ (ਰਜਿਸਟਰ ਰੱਖਣ ਤੇ ਰਿਟਰਨ ਦੇਣ ਤੋਂ ਛੋਟ) 1988, ਬਾਲ ਮਜ਼ਦੂਰੀ ਕਾਨੂੰਨ 1986 'ਚ ਤਬਦੀਲੀ ਦੀ ਦਿਸ਼ਾ ਵਿਚ ਕਦਮ ਅੱਗੇ ਵਧਾਏ ਹਨ। ਫੈਕਟਰੀ ਐਕਟ 'ਚ ਪ੍ਰਸਤਾਵਿਤ ਸੋਧ ਫੈਕਟਰੀ ਮਾਲਕਾਂ ਨੂੰ ਮਨਮਰਜ਼ੀ ਦੇ ਦਿਨ ਸਪਤਾਹਿਕ ਛੁੱਟੀ ਐਲਾਨ ਕਰਨ ਦਾ ਅਧਿਕਾਰ ਦੇ ਦੇਵੇਗੀ। ਅਜੇ ਤੱਕ ਆਮ ਤੌਰ 'ਤੇ ਇਕ ਇਲਾਕੇ ਦੀਆਂ ਫੈਕਟਰੀਆਂ 'ਚ ਇਕ ਨਿਸ਼ਚਿਤ ਦਿਨ ਹੀ ਹਫਤਾਵਾਰੀ ਛੁੱਟੀ ਦੀ ਵਿਵਸਥਾ ਸੀ ਪਰ ਹੁਣ ਹਰ ਫੈਕਟਰੀ ਮਾਲਕ ਵੱਖ ਵੱਖ ਦਿਨ ਹਫਤਾਵਾਰੀ ਛੁੱਟੀ ਕਰ ਸਕਣਗੇ। ਇਸ ਨਾਲ ਕਿਸੇ ਇਲਾਕੇ 'ਚ ਲੇਬਰ ਇੰਸਪੈਕਟਰ ਵਲੋਂ ਫੈਕਟਰੀਆਂ 'ਚ ਛਾਪਾ ਮਾਰ ਕੇ ਹਫਤਾਵਾਰੀ ਛੁੱਟੀ ਦੀ ਜਾਂਚ ਕਰਨੀ ਔਖੀ ਹੋ ਜਾਵੇਗੀ ਅਤੇ ਮਾਲਕ ਹਫਤੇ ਦੇ ਸੱਤ ਦਿਨ ਕੰਮ ਕਰਾਉਣ ਦੀ ਛੋਟ ਹਾਸਲ ਕਰ ਜਾਣਗੇ। ਇਸ ਐਕਟ ਤਹਿਤ ਔਰਤਾਂ ਤੋਂ ਰਾਤ ਦੀ ਸ਼ਿਫਟ 'ਚ ਕੰਮ ਲੈਣ ਦੀ ਛੋਟ ਦੇਣ, ਓਵਰਟਾਈਮ ਦੀ ਹੱਦ 75 ਘੰਟੇ ਤੋਂ ਵਧਾ ਕੇ 100 ਘੰਟੇ ਤੱਕ ਕਰਨ ਆਦਿ ਵਿਵਸਥਾਵਾਂ ਕੀਤੀਆਂ ਗਈਆਂ ਹਨ। ਰਜਿਸਟਰ ਰੱਖਣ ਸਬੰਧੀ ਕਾਨੂੰਨ ਤਹਿਤ ਪਹਿਲਾਂ 10 ਤੋਂ 19 ਮਜ਼ਦੂਰਾਂ ਵਾਲੇ ਅਦਾਰੇ ਨੂੰ 9 ਕਿਰਤ ਕਾਨੂੰਨ ਨਾਲ ਸਬੰਧਤ ਰਜਿਸਟਰ ਰੱਖਣ ਦੀ ਛੋਟ ਦਿੱਤੀ ਗਈ ਸੀ ਪਰ ਹੁਣ ਨਵੀਂ ਸੋਧ ਤਹਿਤ 10-40 ਮਜ਼ਦੂਰਾਂ ਤੱਕ ਦੇ ਅਦਾਰਿਆਂ ਨੂੰ 16 ਕਿਰਤ ਕਾਨੂੰਨਾਂ ਨਾਲ ਸਬੰਧਤ ਰਜਿਸਟਰ ਰੱਖਣ ਤੋਂ ਛੋਟ ਮਿਲ ਜਾਵੇਗੀ। ਅਪ੍ਰੈਂਟਿਸ ਐਕਟ ਤਹਿਤ ਮਾਲਕਾਂ ਨੂੰ ਅਪ੍ਰੈਂਟਿਸਾਂ ਦੀ ਵੱਧ ਗਿਣਤੀ 'ਚ ਭਰਤੀ, ਉਹਨਾਂ ਦੀ ਵੱਧ ਲੁੱਟ-ਘਸੁੱਟ ਕਰਨ ਦੇ ਅਧਿਕਾਰ ਦੇ ਦਿੱਤੇ ਗਏ ਹਨ। ਇਸ ਨਾਲ ਘੱਟ ਮਜ਼ਦੂਰੀ 'ਤੇ ਕੰਮ ਕਰਨ ਵਾਲੇ ਸਸਤੇ ਮਜ਼ਦੂਰ ਹਾਸਲ ਕਰਨ ਦਾ ਮਾਲਕਾਂ ਦਾ ਰਾਹ ਪੱਧਰਾ ਕਰ ਦਿੱਤਾ ਹੈ। ਘੱਟੋ ਘੱਟ ਤੇ ਬਾਲ ਮਜ਼ਦੂਰੀ ਸਬੰਧੀ ਕਾਨੂੰਨ 'ਚ ਕੁਝ ਕੁ ਤਕਨੀਕੀ ਪੱਧਰ 'ਤੇ ਸੋਧਾਂ ਦਾ ਪ੍ਰਸਤਾਵ ਹੈ। ਅਪ੍ਰੈਂਟਿਸ ਐਕਟ 'ਚ ਸੋਧਾਂ ਨੂੰ ਲੋਕ ਸਭਾ ਪਾਸ ਵੀ ਕਰ ਚੁੱਕੀ ਹੈ। ਬਾਕੀ ਨੂੰ ਕੇਂਦਰੀ ਮੰਤਰੀ ਮੰਡਲ ਅੱਗੇ ਵਧਾਉਣ ਦੀ ਮਨਜੂਰੀ ਦੇ ਚੁੱਕਿਆ ਹੈ। ਕਿਰਤ ਕਾਨੂੰਨਾਂ 'ਚ ਸੋਧਾਂ ਦੇ ਜ਼ਰੀਏ ਮੋਦੀ ਸਰਕਾਰ ਸਰਮਾਏਦਾਰਾਂ ਦੀ ਤਰਫੋਂ ਮਜ਼ਦੂਰਾਂ 'ਤੇ ਵੱਡਾ ਹਮਲਾ ਬੋਲਣ ਦੀ ਪਹਿਲ ਕਰ ਚੁੱਕੀ ਹੈ। ਸਰਮਾਏਦਾਰਾਂ ਦੀ ਜਮਾਤ ਬੇਹੱਦ ਖੁਸ਼ ਹੈ ਪਰ ਉਹ ਹੁਣ ਤੋਂ ਹੀ ਹੋਰ ਵੱਧ ਲਾਲਾਂ ਸੁਟਣੀਆਂ ਸ਼ੁਰੂ ਕਰ ਚੁੱਕੀ ਹੈ। 'ਫਿੱਕੀ' ਨੇ ਹੁਣੇ ਕਿਰਤ ਕਾਨੂੰਨਾਂ 'ਚ ਸੋਧ ਦਾ ਲੰਮਾ ਚੌੜਾ ਪੁਲੰਦਾ ਜਾਰੀ ਕੀਤਾ ਹੈ। ਪ੍ਰਸਤਾਵਿਤ ਕਿਰਤ ਸੁਧਾਰਾਂ ਦੀ ਇਸ ਦਸਤਾਵੇਜ਼ 'ਚ 'ਫਿੱਕੀ' ਨੇ ਪਹਿਲਾਂ ਭਾਰਤ 'ਚ ਵੱਧਦੀ ਬੇਰੁਜ਼ਗਾਰੀ ਦਾ ਰੋਣਾ ਰੋਇਆ ਹੈ ਅਤੇ ਕਿਹਾ ਹੈ ਕਿ ਪਿਛਲੇ ਦੋ ਦਹਾਕਿਆਂ 'ਚ ਜਿੱਥੇ ਅਰਥਚਾਰਾ ਔਸਤਨ 8 ਫੀਸਦੀ ਦੀ ਵਿਕਾਸ ਦਰ ਨਾਲ ਅੱਗੇ ਵਧਿਆ ਹੈ, ਉਥੇ ਰੁਜ਼ਗਾਰ ਵਾਧਾ ਦਰ ਸਿਰਫ 1-2 ਫੀਸਦੀ ਹੀ ਹੈ। ਭਾਰਤ 'ਚ ਬੇਰੁਜ਼ਗਾਰੀ ਦਰ ਇਸੇ ਕਾਰਨ 7-8 ਫੀਸਦੀ ਹੈ। ਰੁਜ਼ਗਾਰ ਵਾਧਾ ਨਾਂ ਹੋਣ ਦੇ ਕਾਰਨਾਂ ਲਈ 'ਫਿੱਕੀ' ਨੇ ਸਖਤ ਕਿਰਤ ਕਾਨੂੰਨਾਂ ਦਾ ਹੋਣਾ ਦੱਸਿਆ ਹੈ। 'ਫਿੱਕੀ' ਦੇ ਅਨੁਸਾਰ ਸਖਤ ਕਿਰਤ ਕਾਨੂੰਨਾਂ ਕਰਕੇ ਮੈਨੂਫੈਕਚਰਿੰਗ ਇਕਾਈਆਂ ਭਾਰਤ ਨਹੀਂ ਆ ਰਹੀਆਂ ਹਨ ਜਾਂ ਇਥੋਂ ਵਿਦੇਸ਼ਾਂ ਦਾ ਰੁਖ ਕਰ ਰਹੀਆਂ ਹਨ ਜਾਂ ਪੂੰਜੀ ਵੱਧ ਤੇ ਮਜ਼ਦੂਰੀ ਘੱਟ ਵਾਲੀ ਪੈਦਾਵਾਰ ਦੀ ਤਰਫ ਵੱਧ ਰਹੀਆਂ ਹਨ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਦੇਸ਼ ਦੇ 150 ਕਿਰਤ ਕਾਨੂੰਨਾਂ 'ਚ ਬਹੁਤੇ 40-70 ਸਾਲ ਪੁਰਾਣੇ ਹਨ। ਇਹ ਮੁੱਖ ਤੌਰ 'ਤੇ ਨਿਰਮਾਣ ਲਈ ਬਣੇ ਸਨ ਅਤੇ ਅੱਜਕਲ੍ਹ ਤੇਜ਼ੀ ਨਾਲ ਵੱਧਦੇ ਸੇਵਾ ਖੇਤਰ ਦੀ ਲੋੜ ਮੁਤਾਬਕ ਇਹ ਨਹੀਂ ਹਨ। ਇਸ ਲਈ ਇਹਨਾਂ 'ਚ ਵੱਡੀ ਪੱਧਰ 'ਤੇ ਤਬਦੀਲੀ ਦੀ ਲੋੜ ਹੈ। ਉਪਰੋਕਤ ਗੱਲਾਂ ਰਾਹੀਂ 'ਫਿੱਕੀ' ਬੜੀ ਚਲਾਕੀ ਨਾਲ ਇਸ ਅਸਲੀਅਤ ਨੂੰ ਛੁਪਾ ਰਹੀ ਹੈ ਕਿ ਭਾਰਤ ਦੇ ਅਜਾਰੇਦਾਰ ਉਦਯੋਗ ਆਪਣਾ ਮੁਨਾਫਾ ਵਧਾਉਣ ਲਈ ਜ਼ਿਆਦਾਤਰ ਪੂੰਜੀਪ੍ਰਸਤ ਹੋ ਰਹੇ ਹਨ। ਇਸ ਲਈ ਜੇ ਕਿਰਤ ਕਾਨੂੰਨ ਬਦਲ ਵੀ ਗਏ ਤਾਂ ਵੀ ਉਹ ਕਿਰਤ ਕੇਂਦਰਿਤ ਨਹੀਂ ਬਣਨਗੇ ਬਲਕਿ ਕਿਰਤ ਨੂੰ ਦਿੱਤੀਆਂ ਜਾਣ ਵਾਲੀ ਮਜ਼ਦੂਰੀ ਸਹੂਲਤਾਂ ਘਟਣ ਕਰਕੇ ਉਹਨਾਂ ਦਾ ਮੁਨਾਫਾ ਹੋਰ ਵਧੇਗਾ ਅਤੇ ਬੇਕਾਰੀ ਦੀ ਸਮੱਸਿਆ ਭੋਰਾ ਭਰ ਵੀ ਹੱਲ ਨਹੀਂ ਹੋਵੇਗੀ। ਇਸਦੇ ਉਲਟ ਮਜ਼ਦੂਰ ਹੱਡ ਭੱਨਵੀਂ ਮਿਹਨਤ ਤੋਂ ਪਿਛੋਂ ਵੀ ਹੋਰ ਵੱਧ ਕੰਗਾਲੀ ਦੀ ਹਾਲਤ 'ਚ ਪਹੁੰਚ ਜਾਣਗੇ। 'ਫਿੱਕੀ' ਵਲੋਂ ਪ੍ਰਸਤਾਵਿਤ ਸੋਧਾਂ ਦੀ ਸੂਚੀ ਇਸ ਪ੍ਰਕਾਰ ਹੈ। 
1. ਸੰਵਿਧਾਨ 'ਚ ਕਿਰਤ ਦਾ ਮੁੱਦਾ ਸਹਿਵਰਤੀ ਸੂਚੀ ਵਿਚ ਹੈ ਭਾਵ ਕੇਂਦਰ ਤੇ ਰਾਜ ਸਰਕਾਰਾਂ ਦੋਨੋਂ ਇਸ ਦੇ ਪ੍ਰਸੰਗ 'ਚ ਕਾਨੂੰਨ ਬਣਾ ਸਕਦੀਆਂ ਹਨ ਪਰ ਕਿਉਂਕਿ ਰਾਜਾਂ ਨੂੰ ਆਪਣੇ ਵਿਕਾਸ ਨਿਵੇਸ਼ ਵਧਾਉਣ ਲਈ ਬੇਹੱਦ ਘੱਟ ਛੋਟਾਂ ਹਾਸਲ ਹਨ, ਇਸ ਲਈ ਲੇਬਰ ਨੂੰ ਸਹਿਵਰਤੀ ਸੂਚੀ 'ਚੋਂ ਹਟਾ ਕੇ ਰਾਜ ਦੇ ਅਧਿਕਾਰ ਖੇਤਰ 'ਚ ਲਿਆਂਦਾ ਜਾਣਾ ਚਾਹੀਦਾ ਹੈ ਤਾਂ ਕਿ ਰਾਜ ਸਰਕਾਰਾਂ ਆਪਣੀ ਮਨਮਰਜ਼ੀ ਦੇ ਕਾਨੂੰਨ ਬਣਾ ਸਕਣ। 
2. ਅੱਜਕੱਲ੍ਹ 44 ਕੇਂਦਰੀ ਤੇ 100 ਤੋਂ ਵਧ ਰਾਜ ਦੇ ਕਿਰਤ ਕਾਨੂੰਨ ਲਾਗੂ ਹਨ। ਇਹਨਾਂ ਸਾਰਿਆਂ ਨੂੰ ਸਰਲੀਕ੍ਰਿਤ ਕਰਕੇ ਮੁੱਖ ਕਾਨੂੰਨ 'ਚ ਸੀਮਤ ਕਰ ਦੇਣਾ ਚਾਹੀਦਾ ਹੈ। 
(ੳ) ਰੁਜ਼ਗਾਰ ਦੀਆਂ ਸ਼ਰਤਾਂ ਤੇ ਹਾਲਾਤ ਨਾਲ ਪ੍ਰਸੰਗਿਕ ਕਾਨੂੰਨ : ਇਸ ਦੇ ਤਹਿਤ ਸਨਅਤੀ ਝਗੜਿਆਂ ਸਬੰਧੀ ਨਿਯਮ 1947, ਸਟੈਂਡਿੰਗ ਆਰਡਰ ਅਧਿਨਿਯਮ 1946, ਟਰੇਡ ਯੂਨੀਅਨ ਐਕਟ 1926 ਦੀਆਂ ਗੱਲਾਂ ਆਉਣ। 
(ਅ) ਮਜ਼ਦੂਰੀ ਨਾਲ ਪ੍ਰਸੰਗਿਕ ਕਾਨੂੰਨ : ਇਸ ਦੇ ਤਹਿਤ ਘੱਟੋ ਘੱਟ ਮਜ਼ਦੂਰੀ ਨਿਯਮਾਂ, ਮਜ਼ਦੂਰੀ ਭੁਗਤਾਨ ਨਿਯਮ ਤੇ ਬੋਨਸ ਨਿਯਮ ਦੀਆਂ ਗੱਲਾਂ ਆਉਣ, 
(ੲ) ਭਲਾਈ ਪ੍ਰਸੰਗਿਕ ਕਾਨੂੰਨ : ਇਸ ਦੇ ਤਹਿਤ ਫੈਕਟਰੀ ਐਕਟ, ਦੁਕਾਨ ਸੰਸਥਾਨ, ਨਿਯਮ, ਜੱਚਾ ਲਾਭ ਨਿਯਮ, ਮੁਆਵਜ਼ਾ ਨਿਯਮ, ਠੇਕਾ ਪ੍ਰਥਾ ਰੋਕੂ ਨਿਯਮ ਦੀਆਂ ਗੱਲਾਂ ਆਉਣ।
(ਸ) ਸਮਾਜਕ ਸੁਰੱਖਿਆ ਸਬੰਧੀ ਕਾਨੂੰਨ : ਇਸ ਦੇ ਤਹਿਤ ਪ੍ਰੋਵੀਡੈਂਟ ਫੰਡ, ਈ.ਐਸ.ਆਈ. ਤੇ ਗ੍ਰੈਚੂਟੀ ਕਾਨੂੰਨ ਦੀਆਂ ਗੱਲਾਂ ਆਉਣ। 
3. ਕਈ ਕਿਰਤ ਕਾਨੂੰਨਾਂ ਦੇ ਵੱਖ ਵੱਖ ਨਰੀਖਣ ਅਮਲ ਖਤਮ ਕਰਕੇ ਇਕ ਲੇਬਰ ਅਥਾਰਟੀ ਸਾਰੇ ਕਾਨੂੰਨਾਂ ਦਾ ਨਿਰੀਖਣ ਕਰੇ, ਕਾਰਖਾਨਿਆਂ ਨੂੰ ਸਵੈ ਪ੍ਰਮਾਣਨ ਦੀ ਛੋਟ ਹੋਵੇ।
4. ਮਜ਼ਦੂਰਾਂ ਤੇ ਮਾਲਕਾਂ ਦੇ ਝਗੜੇ ਨਿਪਟਾਰੇ ਦੀ ਚਾਰ ਤੋਂ ਵੱਧ ਪੜਾਵਾਂ ਵਾਲੀ ਪ੍ਰਣਾਲੀ ਬਦਲ ਕੇ ਇਕ ਜਾਂ ਦੋ ਪੜਾਵਾਂ ਵਾਲੀ ਪ੍ਰਣਾਲੀ ਕੀਤੀ ਜਾਵੇ। 
5. 50 ਤੋਂ ਘੱਟ ਮਜ਼ਦੂਰਾਂ ਵਾਲੇ ਛੋਟੇ ਉਦਯੋਗਾਂ ਲਈ ਵੱਖਰੇ ਕਿਰਤ ਕਾਨੂੰਨ ਬਣਨ ਅਤੇ ਇਹਨਾਂ ਨੂੰ ਸਨਅਤੀ ਝਗੜੇ ਨਿਯਮ ਅਤੇ ਸਟੈਂਡਿੰਗ ਆਰਡਰ ਐਕਟ ਤੋਂ ਛੋਟ ਹਾਸਲ ਹੋਵੇ। 
6. ਸਨਅਤੀ ਝਗੜਿਆਂ ਸਬੰਧੀ ਕਾਨੂੰਨ 1947 'ਚ ਸਿਰਫ ਮਜ਼ਦੂਰ-ਮਾਲਕ ਝਗੜੇ ਦੀ ਗੱਲ ਕੀਤੀ ਗਈ ਹੈ। ਇਸ 'ਚ ਮਾਲਕ ਮਜ਼ਦੂਰ ਸੰਘਰਸ਼ਾਂ ਦੀ ਗੱਲ ਵੀ ਕਰਨ ਲਈ ਇਸ ਦਾ ਨਾਂਅ ਬਦਲ ਕੇ ਰੋਜ਼ਗਾਰ ਸੰਬੰਧ ਕਾਨੂੰਨ (Employment Relations Act) ਕਰ ਦੇਣਾ ਚਾਹੀਦਾ ਹੈ। ਐਕਟ ਦੇ ਤਹਿਤ ਮਜ਼ਦੂਰ ਸਿਰਫ 20,000 ਰੁਪਏ ਮਾਸਕ ਤਕ ਤਨਖਾਹ ਵਾਲੇ ਨੂੰ ਹੀ ਮੰਨਿਆ ਜਾਵੇ ਅਤੇ ਉਚੀ ਤਨਖਾਹ ਲੈਣ ਵਾਲੇ ਜਥੇਬੰਦ ਖੇਤਰ ਜਿਵੇਂ - ਏਅਰ ਲਾਈਨਸ, ਬੈਂਕ, ਬੀਮਾ ਦੇ ਮੁਲਾਜ਼ਮ ਇਸ ਦੇ ਤਹਿਤ ਨਾ ਸ਼ਾਮਲ ਕੀਤੇ ਜਾਣ। ਇਸ ਦੇ ਨਾਲ ਨਿਯੋਜਕ ਨੂੰ ਸ਼ਿਫਟਾਂ 'ਚ ਤਬਦੀਲੀ, ਸਟਾਫ ਘਟਾਉਣ-ਵਧਾਉਣ ਵਰਗੇ ਕੰਮਾਂ ਲਈ ਯੂਨੀਅਨ ਨੂੰ 21 ਦਿਨ ਪਹਿਲਾਂ ਨੋਟਿਸ ਦੇਣ ਦੀ ਵਿਵਸਥਾ ਹੈ। ਬਾਜ਼ਾਰ 'ਚ ਵੱਧਦੇ ਮੁਕਾਬਲੇ ਦੇ ਮੱਦੇਨਜ਼ਰ ਇਹ ਵਿਵਸਥਾ ਖਤਮ ਕਰ ਦਿੱਤੀ ਜਾਵੇ। ਹੜਤਾਲ ਕਰਨ ਲਈ ਯੂਨੀਅਨ ਵਲੋਂ 14 ਦਿਨ ਪਹਿਲਾਂ ਸੂਚਨਾ ਦੇਣੀ ਲਾਜ਼ਮੀ ਕਰ ਦਿੱਤੀ ਜਾਵੇ। ਨਾਲ ਹੀ 'ਗੋ-ਸਲੋ', ਅਤੇ 'ਵਰਕ-ਟੂ-ਰੂਲ' 'ਤੇ ਪਾਬੰਦੀ ਲਾ ਦਿੱਤੀ ਜਾਵੇ ਅਤੇ ਇਸ ਨੂੰ ਵੀ ਹੜਤਾਲ ਦੀ ਸ਼੍ਰੇਣੀ 'ਚ ਮੰਨਿਆ ਜਾਵੇ। ਕੌਮੀ ਵਾਤਾਵਰਣ ਤੇ ਨਿਰਮਾਣ ਜ਼ੋਨ (NIMZ) ਦੇ ਤਹਿਤ ਮਾਲਕਾਂ ਨੂੰ ਤਾਲਾਬੰਦੀ ਦਾ ਅਧਿਕਾਰ, ਕਿਰਤੀਆਂ ਨੂੰ ਇਸ ਜ਼ੋਨ ਤੋਂ ਦੂਜੇ ਜ਼ੋਨ 'ਚ ਰੁਜ਼ਗਾਰ ਦੀ ਛੋਟ, ਬੰਦੀ ਦੀ ਪਹਿਲਾਂ ਇਜਾਜ਼ਤ ਲੈਣ ਤੋਂ ਛੋਟ ਵਰਗੀਆਂ ਵਿਵਸਥਾਵਾਂ ਸ਼ਾਮਲ ਕੀਤੀਆਂ ਜਾਣ। 100 ਮਜ਼ਦੂਰਾਂ ਤੋਂ ਵੱਧ ਦੀ ਛਾਂਟੀ ਤਾਲਾਬੰਦੀ ਦੀ ਪਹਿਲਾਂ ਇਜਾਜ਼ਤ ਲੈਣ ਨੂੰ ਵਧਾ ਕੇ 1000 ਮਜ਼ਦੂਰ ਵਾਲੇ ਅਦਾਰੇ 'ਚ ਪਹਿਲਾਂ ਇਜਾਜ਼ਤ ਦੀ ਸ਼ਰਤ ਲਾਈ ਜਾਵੇ। ਸ਼ੁਰੂਆਤ 'ਚ ਇਸ ਨੂੰ ਪ੍ਰਸਤਾਵਿਤ 100 ਤੋਂ 300 ਕੀਤਾ ਜਾ ਸਕਦਾ ਹੈ ਜਿਸ ਨੂੰ ਪਿਛੋਂ ਹੋਰ ਵਧਾਇਆ ਜਾਵੇ। 
ਮਜ਼ਦੂਰੀ ਆਦਿ ਦੇ ਭੁਗਤਾਨ ਆਦਿ ਦੇ ਦਾਅਦਿਆਂ ਨੂੰ ਦਾਇਰ ਕਰਨ ਦੀ ਵੱਧ ਤੋਂ ਵੱਧ ਸਮਾਂ ਸੀਮਾ ਇਕ ਸਾਲ ਨਿਯਤ ਕੀਤੀ ਜਾਵੇ। ਝਮੇਲਿਆਂ ਦੇ ਨਬੇੜੇ ਲਈ ਵੱਖਰੀ ਝਗੜੇ ਨਿਬੇੜਨ ਦੀ ਮਸ਼ੀਨਰੀ ਬਣਾਈ ਜਾਵੇ। ਕਾਨੂੰਨੀ ਝਗੜਿਆਂ ਦੇ ਸਮੇਂ ਮਜ਼ਦੂਰੀ ਦੇ ਨਿਯਮਤ ਭੁਗਤਾਨ ਦੀ ਵਿਵਸਥਾ ਨੂੰ ਖਤਮ ਕਰਕੇ ਇਸ ਨੂੰ ਦੁਵੱਲੇ ਕਿਰਤ ਕਮਿਸ਼ਨ ਦੀ ਸਿਫਾਰਸ਼ ਤਹਿਤ ਸੁਪਰੀਮ ਕੋਰਟ ਜਾਂ ਹਾਈਕੋਰਟ ਦੀ ਦਲੀਲ 'ਤੇ ਛੱਡ ਦਿੱਤਾ ਜਾਵੇ। 
7. ਠੇਕਾ ਪ੍ਰਣਾਲੀ ਹਟਾਓ ਕਾਨੂੰਨ 50 ਮਜ਼ਦੂਰਾਂ ਤੱਕ ਵਾਲੇ ਛੋਟੇ ਅਦਰਿਆਂ 'ਤੇ ਲਾਗੂ ਨਾ ਹੋਵੇ। ਠੇਕਾ ਮਜ਼ਦੂਰ ਤੋਂ ਵੱਖ-ਵੱਖ ਤਰ੍ਹਾਂ ਦੇ ਕੰਮ ਕਰਵਾਉਣ ਦੀ ਛੋਟ ਹੋਵੇ। ਮਜ਼ਦੂਰੀ ਭੁਗਤਾਨ ਨਕਦ ਨਾ ਹੋਵੇ, ਬੈਂਕ ਰਾਹੀਂ ਹੋਵੇ, ਠੇਕੇਦਾਰ ਨੂੰ ਇਕ ਵੱਖਰਾ ਅਦਾਰਾ ਮੰਨਿਆ ਜਾਵੇ ਅਤੇ ਮੁੱਖ ਅਦਾਰੇ 'ਤੇ ਠੇਕਾ ਮਜ਼ਦੂਰ ਦੀ ਕੋਈ ਜ਼ਿੰਮੇਵਾਰੀ ਨਾ ਹੋਵੇ। 
8. ਫੈਕਟਰੀ ਐਕਟ ਮੌਜੂਦਾ ਪਾਵਰ ਦੇ ਨਾਲ 10 ਅਤੇ ਬਗੈਰ ਪਾਵਰ ਦੇ 20 ਦੀ ਵਿਵਸਥਾ ਦੀ ਥਾਂ ਪਾਵਰ ਦੇ ਨਾਲ 20 ਅਤੇ ਬਗੈਰ ਪਾਵਰ ਦੇ 40 ਮਜ਼ਦੂਰਾਂ ਤੋਂ ਵੱਧ ਵਾਲੇ ਅਦਾਰਿਆਂ 'ਤੇ ਲਾਗੂ ਕੀਤਾ ਜਾਵੇ। ਕਾਨੂੰਨ 'ਚ ਆਕਿਊਪਾਇਰ (Occupier) ਦੀ ਪ੍ਰੀਭਾਸ਼ਾ 'ਚ ਡਾਇਰੈਕਟਰ ਦੀ ਥਾਂ ਮੈਨੇਜ਼ਰ ਸਮਝਿਆ ਜਾਵੇ। ਤਨਖਾਹ ਸਮੇਤ ਛੁੱਟੀ 240 ਦਿਨਾਂ ਦੇ ਪਹਿਲੇ ਕੀਤੇ ਕੰਮ ਤੋਂ ਪਿਛੋਂ ਹੀ ਦਿੱਤੀ  ਜਾਵੇ।
9. ਦੁਕਾਨ ਤੇ ਸੰਸਥਾ ਨਿਯਮ 10 ਮਜ਼ਦੂਰਾਂ ਤੋਂ ਘੱਟ ਵਾਲੇ ਅਦਾਰਿਆਂ 'ਤੇ ਲਾਗੂ ਨਾ ਹੋਵੇ। ਇਕ ਅਦਾਰਾ ਜਿਸ ਦੀਆਂ ਕਈ ਰਾਜਾਂ 'ਚ ਸ਼ਾਖਾਵਾਂ ਹੋਣ, ਉਸ ਦੇ ਵੱਖ-ਵੱਖ ਕਾਨੂੰਨ ਲਾਗੂ ਕਰਨ ਦੀ ਬਜਾਏ ਕਿਸੇ ਇਕ ਰਾਜ (ਜਿੱਥੇ ਉਸ ਦਾ ਹੈਡ ਆਫਿਸ ਹੋਵੇ) ਦੇ ਦਾਇਰੇ 'ਚ ਨਾਂ ਆਵੇ ਜਾਂ 15000 ਤੋਂ ਵੱਧ ਤਨਖਾਹ ਲੈਣ ਵਾਲੇ ਮਜ਼ਦੂਰ ਇਸ ਕਾਨੂੰਨ ਦੇ ਦਾਇਰੇ 'ਚ ਨਾ ਆਉਣ। ਦੁਕਾਨਾਂ 'ਤੇ ਹਫਤਾਵਾਰੀ ਬੰਦੀ ਦੀ ਵਿਵਸਥਾ ਖਤਮ ਹੋਵੇ। ਉਹਨਾਂ ਨੂੰ ਲਗਾਤਾਰ ਖੁੱਲ੍ਹਣ ਦੀ ਛੋਟ ਹੋਵੇ। ਹੋਟਲ, ਹਸਪਤਾਲ, ਆਈ.ਟੀ., ਏਅਰਪੋਰਟ ਵਰਗੇ ਸੇਵਾ ਖੇਤਰ 'ਚ ਔਰਤਾਂ ਨੂੰ ਰਾਤ ਦੀ ਸ਼ਿਫਟ 'ਚ ਕੰਮ ਕਰਨ ਦੀ ਛੋਟ ਹੋਵੇ। 
10. ਬੋਨਸ ਨੂੰ ਸਿੱਧਾ ਪੈਦਾਵਾਰ ਤੇ ਮੁਨਾਫੇ ਨਾਲ ਜੋੜਿਆ ਜਾਵੇ, ਇਸ ਲਈ ਬੋਨਸ ਭੁਗਤਾਨ ਨਿਯਮ 'ਚ ਬੋਨਸ ਦੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਹੱਦ ਖਤਮ ਕੀਤੀ ਜਾਵੇ। 
11. ਸਟੈਂਡਿੰਗ ਆਰਡਰ ਐਕਟ ਦੇ ਤਹਿਤ 2003 'ਚ ਵਾਜਪਾਈ ਸਰਕਾਰ ਨੇ 'ਫਿਕਸਡ ਟਰਮ ਇਮਪਲਾਇਮੈਂਟ' ਦੀ ਵਿਵਸਥਾ ਸ਼ੁਰੂ ਕੀਤੀ ਸੀ, ਜਿਸ ਨੂੰ 2007 'ਚ ਸਰਕਾਰ ਨੇ ਖਤਮ ਕਰ ਦਿੱਤਾ, ਇਸ ਨੂੰ ਫਿਰ ਸ਼ੁਰੂ ਕੀਤਾ ਜਾਵੇ ਭਾਵ ਇਕ ਨਿਸ਼ਚਤ ਅਰਸੇ ਦੇ ਰੁਜ਼ਗਾਰ 'ਤੇ ਮਜ਼ਦੂਰ ਰੱਖਣ ਦੀ ਛੋਟ ਦਿੱਤੀ ਜਾਵੇ। 
12. ਈ.ਐਸ.ਆਈ. ਐਕਟ ਨੂੰ ਸਰਕਾਰ ਨੇ 2013  'ਚ 15000 ਰੁਪਏ ਤਨਖਾਹ ਤੱਕ ਦੇ ਮਜ਼ਦੂਰਾਂ ਤੋਂ ਵਧਾ ਕੇ 25000 ਤਨਖਾਹ ਤੱਕ ਦੇ ਮਜ਼ਦੂਰਾਂ 'ਤੇ ਲਾਗੂ ਕਰਨ ਦਾ ਪ੍ਰਸਤਾਵ ਕੀਤਾ ਸੀ। ਇਸ ਤਬਦੀਲੀ ਨੂੰ ਅਦਾਰਿਆਂ 'ਤੇ ਪੈਣ ਵਾਲੇ ਵਾਧੂ ਬੋਝ ਦੇ ਮੱਦੇਨਜ਼ਰ ਲਾਗੂ ਨਾ ਕੀਤਾ ਜਾਵੇ। 
13. ਇਕ ਫੈਕਟਰੀ 'ਚ ਇਕ ਟਰੇਡ ਯੂਨੀਅਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਇਸਦੇ ਲਈ ਯੂਨੀਅਨ ਬਣਾਉਣ ਲਈ 25 ਫੀਸਦੀ ਮਜ਼ਦੂਰਾਂ ਦਾ ਮੈਂਬਰ ਹੋਣਾ ਲਾਜ਼ਮੀ ਕੀਤਾ ਜਾਵੇ। ਮੁਖ ਬਾਰਗੇਨਿੰਗ ਏਜੰਟ ਲਈ 51 ਫੀਸਦੀ ਮੈਂਬਰਸ਼ਿਪ ਜ਼ਰੂਰੀ ਹੋਵੇ। 25 ਫੀਸਦੀ ਤੋਂ ਘੱਟ ਮਜ਼ਦੂਰਾਂ ਦੀ ਯੂਨੀਅਨ ਨੂੰ ਸਮਝੌਤੇ ਨੂੰ ਚੁਣੌਤੀ ਦੇਣ ਦਾ ਅਧਿਕਾਰ ਨਾ ਹੋਵੇ। ਟਰੇਡ ਯੂਨੀਅਨ ਕਾਰਜਕਾਰਨੀ 'ਚ ਦੋ ਤੋਂ ਵੱਧ ਬਾਹਰਲੇ ਮੈਂਬਰ ਨਾ ਹੋਣ ਅਤੇ ਮੁੱਖ ਦੋ ਅਹੁਦਿਆਂ, ਪ੍ਰਧਾਨ ਤੇ ਸਕੱਤਰ 'ਚੋਂ ਘੱਟੋ ਘੱਟ ਇਕ ਅਹੁਦਾ ਅਦਾਰੇ ਦੇ ਮਜ਼ਦੂਰ ਕੋਲ ਹੋਵੇ। ਯੂਨੀਅਨ ਦੀ ਚੋਣ ਹਰ ਸਾਲ ਲਾਜ਼ਮੀ ਹੋਵੇ ਅਤੇ ਚੋਣ ਨਾ ਕਰਾਉਣ ਜਾ ਰਿਟਰਨ ਨਾ ਭਰਨ ਦੀ  ਹਾਲਤ 'ਚ ਯੂਨੀਅਨ ਦੀ ਰਜਿਸਟਰੇਸ਼ਨ ਰੱਦ ਹੋ ਜਾਵੇ। ਇਕ ਖਾਸ ਵਿਵਸਥਾ ਦੇ ਤਹਿਤ ਟਰੇਡ ਯੂਨੀਅਨ ਨੂੰ ਰਾਜਨੀਤੀ ਤੋਂ ਵੱਖ ਰੱਖਿਆ ਜਾਵੇ। 
14. 50 ਮਜ਼ਦੂਰਾਂ ਤੱਕ ਦੇ ਅਦਾਰਿਆਂ ਨੂੰ ਕਿਰਤ ਕਾਨੂੰਨਾਂ ਦੇ ਪ੍ਰਸੰਗ 'ਚ ਰਜਿਸਟਰ ਰੱਖਣ ਤੋਂ ਛੋਟ ਦਿੱਤੀ ਜਾਵੇ। ਇਸ ਨੂੰ ਦੇਸ਼ ਵਿਆਪੀ ਕੀਤਾ ਜਾਵੇ। 
'ਫਿਕੀ' ਤੋਂ ਉਪਰੋਕਤ ਭਾਰੀ ਬਦਲਾਵਾਂ ਦੀ ਮੰਗ ਦੇ ਲਾਗੂ ਹੋਣ ਦਾ ਸਿੱਧਾ ਮਤਲਬ ਹੋਵੇਗਾ ਕਿ ਮਜ਼ਦੂਰਾਂ ਨੂੰ ਦਿੱਤੀਆਂ ਸਾਰੀਆਂ ਸਹੂਲਤਾਂ ਖੋਹਣੀਆਂ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਮੋਦੀ ਸਰਕਾਰ ਸਰਮਾਏਦਾਰਾਂ ਦੀਆਂ ਇਹਨਾਂ ਮੰਗਾਂ ਨੂੰ ਕਿੰਨਾ ਕੁ ਪੂਰਾ ਕਰ ਸਕਦੀ ਹੈ। 
('ਨਾਗਰਿਕ' ਮੈਗਜ਼ੀਨ 15 ਸਤੰਬਰ ਤੋਂ ਧੰਨਵਾਦ ਸਹਿਤ) 

ਅਜੋਕੇ ਸੰਦਰਭ 'ਚ ਭਗਤ ਸਿੰਘ ਦੇ ਵਿਚਾਰਾਂ ਦੀ ਸਾਰਥਕਤਾ

ਮੱਖਣ ਸਿੰਘ ਕੁਹਾੜ

ਅੱਜ ਸਮੁੱਚੇ ਭਾਰਤ ਵਿਚ, ਖਾਸ ਕਰ ਕੇ ਪੰਜਾਬ ਵਿਚ ਜਾਂ ਜਿਥੇ ਜਿਥੇ ਵੀ ਦੁਨੀਆ ਭਰ ਦੇ ਕਿਸੇ ਵੀ ਕੋਨੇ ਵਿਚ ਭਾਰਤੀ ਰਹਿੰਦੇ ਹਨ ਉਹ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦੇ ਹਨ। ਫ਼ਖ਼ਰ ਨਾਲ ਉਸ ਦਾ ਨਾਮ ਲੈਂਦੇ ਹਨ। ਉਸ ਨੂੰ ਮਹਾਨ ਸ਼ਹੀਦ  ਕਹਿ ਕੇ ਫ਼ਖ਼ਰ ਮਹਿਸੂਸ ਕਰਦੇ ਹਨ। ਉਸ ਦੀਆ ਤਸਵੀਰਾਂ ਘਰ-ਘਰ ਵਿਚ ਸਜਾਈਆਂ ਮਿਲਦੀਆਂ ਹਨ। ਨੌਜਵਾਨ ਤਾਂ ਉਸ ਦੇ ਟੈਟੂ ਬਣਾਉਣ, ਗਲਾਂ 'ਚ ਲਾਕਟ ਬਣਾ ਕੇ ਪਵਾਉਣ ਤੀਕਰ ਜਾਂਦੇ ਹਨ। ਕਾਰਾਂ, ਮੋਟਰਸਾਈਕਲਾਂ 'ਤੇ ਉਸ ਦੀ ਫ਼ੋਟੋ ਦੇ ਸਟਿੱਕਰ ਬਣਾ ਕੇ ਲਾਏ ਜਾਂਦੇ ਹਨ। ਚਾਬੀ ਛੱਲੇ ਨਾਲ ਭਗਤ ਸਿੰਘ ਦੀ ਤਸਵੀਰ ਲਾਈ ਹੁੰਦੀ ਹੈ। ਟਰੱਕਾਂ ਵਾਲੇ ਆਪਣੇ ਡਾਲੇ ਪਿੱਛੇ ਭਗਤ ਸਿੰਘ ਦੀ ਤਸਵੀਰ ਬਣਵਾ ਕੇ ਖ਼ੁਸ਼ ਹੁੰਦੇ ਹਨ। ਇਨਕਲਾਬੀ ਲੋਕ ਤਾਂ ਉਸ ਤੋਂ ਪ੍ਰੇਰਨਾ ਲੈਂਦੇ ਹੀ ਹਨ, ਸਾਰੇ ਧਰਮਾਂ, ਮਜ਼੍ਹਬਾਂ, ਫਿਰਕਿਆਂ ਦੇ ਲੋਕ ਉਸ ਨੂੰ ਆਪਣਾ ਆਖ ਕੇ ਖ਼ੁਸ਼ ਹੁੰਦੇ ਹਨ। ਕਈ ਘਰਾਂ ਵਿਚ ਤਾਂ ਉਸ ਦੀ ਤਸਵੀਰ 'ਤੇ ਹਾਰ ਪਾ ਕੇ ਅੱਗੇ ਧੂਫ਼ ਤੱਕ ਧੁਖਾਈ ਜਾਂਦੀ ਦੇਖੀ ਗਈ ਹੈ। ਭਗਤ ਸਿੰਘ ਦੇ ਵਾਰਸ ਅਖਵਾਉਣ ਵਿਚ ਹਰ ਕੋਈ ਫ਼ਖ਼ਰ ਮਹਿਸੂਸ ਕਰਦਾ ਹੈ। ਸੱਜੇ ਹੱਥ ਵਿਚ ਪਸਤੌਲ ਤਾਣੀ ਖੜਾ ਭਗਤ ਸਿੰਘ ਵਧੇਰੇ ਪਸੰਦ ਕੀਤਾ ਜਾਂਦਾ ਹੈ। 
ਪਰ ਅਸਲ ਵਿਚ ਭਗਤ ਸਿੰਘ ਕੀ ਚਾਹੁੰਦਾ ਸੀ, ਇਹ ਬਹੁਤ ਘੱਟ ਲੋਕ ਜਾਣਦੇ ਹਨ। ਵਧੇਰੇ ਕਰ ਕੇ ਲੋਕ ਉਸ ਨੂੰ ਭਾਰਤ ਨੂੰ ਆਜ਼ਾਦ ਕਰਾਉਣ ਵਾਲਾ ਐਸਾ ਯੋਧਾ ਸਮਝ ਕੇ ਪੂਜਦੇ ਹਨ, ਜੋ ਹੱਸ ਕੇ ਫਾਂਸੀ ਦਾ ਰੱਸਾ ਚੁੰਮ ਗਿਆ। ਭਾਵੇਂ ਹਾਕਮ ਲੋਕ ਤਾਂ ਅੰਗਰੇਜ਼ਾਂ ਤੋਂ ਹਿੰਦੁਸਤਾਨ ਅਜ਼ਾਦ ਕਰਾਉਣ ਲਈ ਮਹਾਤਮਾ ਗਾਂਧੀ ਦਾ ਨਾਮ ਵਧੇਰੇ ਲੈਂਦੇ ਹਨ, ''ਲੇ ਦੀ ਹਮੇਂ ਆਜ਼ਾਦੀ ਬਿਨਾ ਖੜਗ ਬਿਨਾ ਢਾਲ, ਸਾਬਰਮਤੀ ਕੇ ਸੰਤ ਤੂਨੇ ਕਰ ਦਿਆ ਕਮਾਲ।'' ਪਰ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸੁਭਾਸ਼ ਚੰਦਰ ਬੋਸ, ਚੰਦਰ ਸ਼ੇਖਰ ਆਜ਼ਾਦ ਤੇ ਉਹਨਾਂ ਦੇ ਸਾਥੀ ਹਜ਼ਾਰਾਂ ਗ਼ਦਰੀ ਬਾਬੇ, ਤੇ ਹੋਰ ਅਨੇਕਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਅਕਸਰ ਅਣਗੌਲਿਆ ਕਰ ਕੇ ਲੋਕਾਂ ਦੇ ਦਿਲਾਂ 'ਚੋਂ ਭੁਲਾਉਣ ਦਾ ਯਤਨ ਕੀਤਾ ਜਾਂਦਾ ਹੈ। ਜੇ ਇਨ੍ਹਾਂ ਸੂਰਬੀਰਾਂ ਦਾ ਨਾਮ ਲਿਆ ਵੀ ਜਾਂਦਾ ਹੈ ਤਾਂ ਉਨ੍ਹਾਂ ਦੀ ਦੇਣ ਇਹੀ ਗਿਣੀ ਜਾਂਦੀ ਹੈ ਕਿ ਉਨ੍ਹਾਂ ਦਾ ਮਕਸਦ ਆਜ਼ਾਦੀ ਪ੍ਰਾਪਤ ਕਰਨਾ ਹੀ ਸੀ ਜੋ 15 ਅਗਸਤ 1947 ਨੂੂੰ ਪ੍ਰਾਪਤ ਹੋ ਚੁੱਕੀ ਹੈ। ਇਹੀ ਕਹਿ ਕੇ ਉਨ੍ਹਾਂ ਨੂੰ ਵਡਿਆਇਆ ਜਾਂਦਾ ਹੈ। ਅਸਲ ਵਿਚ ਇਹ ਭਗਤ ਸਿੰਘ ਤੇ ਹਜ਼ਾਰਾਂ ਹੋਰ ਯੋਧਿਆਂ ਦੇ ਮਨਸ਼ਿਆਂ ਨੂੰ ਛੁਟਿਆਉਣ ਦੀ ਇਕ ਚਾਲ ਹੈ।
ਇਹ ਗੱਲ ਵੀ ਕਹੀ ਜਾਂਦੀ ਹੈ ਕਿ ਭਗਤ ਸਿੰਘ ਨੇ ਫਾਂਸੀ ਲਗਣ ਤੋਂ ਕੁਝ ਦਿਨ ਪਹਿਲਾਂ ਜੇਲ੍ਹ ਵਿਚ ਗਿਆਨੀ ਰਣਧੀਰ ਸਿੰਘ ਤੋਂ ਅੰਮ੍ਰਿਤ ਛਕ ਲਿਆ ਸੀ ਅਤੇ ਉਹ ਸਿੱਖ ਬਣ ਗਿਆ ਸੀ। ਕਈ ਉਸ ਨੂੰ ਆਰੀਆ ਸਮਾਜੀ ਕਹਿ ਕੇ ਵਡਿਆਉਂਦੇ ਹਨ। ਬਹੁਤੇ ਉਸ ਦੇ ਲੇਖ 'ਮੈਂ ਨਾਸਤਿਕ ਕਿਉਂ ਹਾਂ' ਨੂੰ ਹੀ ਵਧੇਰੇ ਮਹੱਤਤਾ ਦਿੰਦੇ ਹਨ। ਅੱਜ ਸਮੇਂ ਦੀ ਲੋੜ ਹੈ ਕਿ ਕੋਈ ਉਸ ਨੂੰ ਕੀ ਕਹਿੰਦਾ ਹੈ, ਦੀ ਬਹਿਸ ਨਾਲੋਂ ਵਧੇਰੇ ਜ਼ਰੂਰੀ ਹੈ ਇਹ ਜਾਨਣਾ ਕਿ ਭਗਤ ਸਿੰਘ ਕੀ ਚਾਹੁੰਦਾ ਸੀ? ਉਹ ਕਿਉਂ ਸ਼ਹੀਦ ਹੋਇਆ ਅਤੇ ਅੱਜ ਦੇ ਸੰਦਰਭ ਵਿਚ ਉਸ ਦੇ ਵਿਚਾਰਾਂ ਦੀ ਕੀ ਸਾਰਥਕਤਾ ਹੈ?
ਨੌਜਵਾਨ ਭਾਰਤ ਸਭਾ, ਜਿਸ ਦੇ ਪਹਿਲੇ ਜਨਰਲ ਸਕੱਤਰ ਭਗਤ ਸਿੰਘ ਬਣੇ ਸਨ, ਨੇ ਆਪਣੇ ਮੈਨੀਫ਼ੈਸਟੋ ਬਾਰੇ 11-12-13 ਅਪ੍ਰੈਲ 1928 ਨੂੰ ਅੰਮ੍ਰਿਤਸਰ ਵਿਖੇ ਸਭਾ ਦੀ ਕਾਨਫ਼ਰੰਸ ਵਿਚ ਸਪੱਸ਼ਟ ਕਰ ਦਿੱਤਾ ਸੀ : ''ਸਾਡਾ ਦੇਸ਼ ਇਕ ਨਾਜ਼ੁਕ ਅਵਸਥਾ ਵਿਚੋਂ ਲੰਘ ਰਿਹਾ ਹੈ। ਹਰ ਪਾਸੇ ਆਪਸੀ ਬੇ-ਇਤਬਾਰੀਆਂ ਅਤੇ ਨਿਰਾਸ਼ਾ ਦਾ ਬੋਲਬਾਲਾ ਹੈ। ..... ਆਜ਼ਾਦੀ ਦੇ ਨਾਮ ਧਰੀਕ ਹਮਾਇਤੀਆਂ ਕੋਲ ਨਾ ਕੋਈ ਪ੍ਰੋਗਰਾਮ ਹੈ ਅਤੇ ਨਾ ਹੀ ਜੋਸ਼ ਤੇ ਉਤਸ਼ਾਹ। ਹਰ ਪਾਸੇ ਹਫ਼ੜਾ-ਦਫੜੀ ਮਚੀ ਹੋਈ ਹੈ। ... ਭਵਿੱਖ ਵਿਚ ਦੇਸ਼ ਨੂੰ ਸੰਘਰਸ਼ ਲਈ ਤਿਆਰ ਕਰਨ ਦਾ ਪ੍ਰੋਗਰਾਮ ਇਸ ਨਾਅਰੇ ਨਾਲ ਸ਼ੁਰੂ ਹੋਵੇਗਾ'', ''ਜਨਤਾ ਦਾ ਇਨਕਲਾਬ ਤੇ ਜਨਤਾ ਲਈ ਇਨਕਲਾਬ।'' ਦੂਜੇ  ਸ਼ਬਦਾਂ ਵਿਚ ਉਹ ਸਵਰਾਜ ਜੋ 98 ਫ਼ੀਸਦੀ ਲੋਕਾਂ ਲਈ ਹੋਵੇ। ਅਸੈਂਬਲੀ ਬੰਬ ਕੇਸ ਬਿਆਨ ਵਿਚ ਉਨ੍ਹਾਂ ਕਿਹਾ, ''ਮਜ਼ਦੂਰਾਂ ਵਿਰੁੱਧ ਟ੍ਰੇਡ ਡਿਸਪਿਊਟ ਬਿਲ ਬਾਰੇ ਅਸੈਂਬਲੀ ਵਿਚ ਬਹਿਸ ਸੁਣ ਕੇ ਸਾਡਾ ਵਿਸ਼ਵਾਸ ਪੱਕਾ ਹੋ ਗਿਆ ਕਿ ਭਾਰਤ ਦੇ ਕਰੋੜਾਂ ਲੋਕਾਂ ਨੂੰ ਇਸ ਸੰਸਥਾ ਤੋਂ ਕੋਈ ਆਸ ਨਹੀਂ, ਸੰਘਰਸ਼ ਕਰਦੇ ਤੇ ਭੁੱਖ ਨਾਲ ਮਰਦੇ ਕਰੋੜਾਂ ਲੋਕਾਂ ਦਾ ਬੁਨਿਆਦੀ ਅਧਿਕਾਰ ਖੋਹ ਲਿਆ ਹੈ ਅਤੇ ਉਨ੍ਹਾਂ ਦੀ ਆਰਥਕ ਲੜਾਈ ਦਾ ਇਕੋ ਇਕ ਰਾਹ ਵੀ ਬੰਦ ਕਰ ਦਿੱਤਾ ਗਿਆ ਹੈ। ਮਿਹਨਤ ਕਰਦੇ ਭਾਰਤੀ ਮਜ਼ਦੂਰਾਂ ਦੀ ਮਜਬੂਰੀ, ਭੁੱਖ ਦੁੱਖ ਦੇ ਮਾੜੇ ਹਾਲ ਦਾ ਅਹਿਸਾਸ ਹੁੰਦਾ ਹੈ।''
ਭਗਤ ਸਿੰਘ ਨੇ ਬਿਆਨ ਦਿੰਦਿਆਂ ਅੱਗੇ ਕਿਹਾ, ''ਹੇਠਲੀ ਕਚਹਿਰੀ ਵਿਚ ਸਾਥੋਂ ਪੁੱਛਿਆ ਗਿਆ ਸੀ ਕਿ ਸਾਡਾ ਇਨਕਲਾਬ ਤੋਂ ਕੀ ਭਾਵ ਹੈ? ਇਸ ਦੇ ਜਵਾਬ ਵਿਚ ਮੈਂ ਆਖਾਂਗਾ ਕਿ ਇਨਕਲਾਬ ਵਾਸਤੇ ਖੂਨੀ ਲੜਾਈਆਂ ਜ਼ਰੂਰੀ ਨਹੀਂ ਹਨ ਤੇ ਨਾ ਹੀ ਇਸ ਵਿਚ ਨਿੱਜੀ ਬਦਲੇ ਲਈ ਕੋਈ ਥਾਂ ਹੈ। ਇਹ ਬੰਬ ਅਤੇ ਪਿਸਤੌਲ ਦਾ ਕੋਈ ਫਿਰਕਾ ਨਹੀਂ। ਇਨਕਲਾਬ ਤੋਂ ਸਾਡਾ ਮਤਲਬ ਹੈ ਕਿ ਨੰਗੇ ਅਨਿਆਂ ਉੱਤੇ ਟਿੱਕਿਆ ਹੋਇਆ ਮੌਜੂਦਾ ਢਾਂਚਾ ਜ਼ਰੂਰ ਬਦਲਣਾ ਚਾਹੀਦਾ ਹੈ।''
ਅਸੈਂਬਲੀ ਬੰਬ ਕੇਸ ਦੇ ਬਿਆਨ 'ਚ ਹੀ ਆਪਣੇ ਇਨਕਲਾਬੀ ਉਦੇਸ਼ ਨੂੰ ਭਗਤ ਸਿੰਘ ਹੋਰ ਸਪੱਸ਼ਟ ਕਰਦਾ ਹੈ - ''ਇਨਕਲਾਬ ਤੋਂ ਸਾਡਾ ਭਾਵ ਅੰਤ ਇਕ ਐਸੀ ਵਿਵਸਥਾ ਕਾਇਮ ਕਰਨਾ ਹੈ ਜਿਸ ਵਿਚ ਕਿਰਤੀ, ਮਜ਼ਦੂਰ ਵਰਗ ਦੀ ਸਰਦਾਰੀ ਨੂੰ ਮੰਨਿਆ ਜਾਵੇ ਅਤੇ ਇਕ ਵਿਸ਼ਵ ਸੰਗਠਨ ਰਾਹੀਂ ਮਨੁੱਖਤਾ ਨੂੰ ਪੂੰਜੀਵਾਦ ਦੇ ਬੰਧਨਾਂ ਤੋਂ ਅਤੇ ਸਾਮਰਾਜੀ ਤਬਾਹੀ ਤੋਂ ਹਿੰਮਤ ਕਰ ਕੇ ਆਜ਼ਾਦ ਕਰਾਇਆ ਜਾਵੇਗਾ।''
22 ਅਕਤੂਬਰ 1929 ਦਾ 'ਦਿ ਟ੍ਰਿਬਿਊਨ' ਅਖਬਾਰ ਲਾਹੌਰ ਵਿਚ ਭਗਤ ਸਿੰਘ ਹੋਰਾਂ ਦਾ ਵਿਦਿਆਰਥੀਆਂ ਦੇ ਨਾਂ ਸੰਦੇਸ਼ ਛਪਿਆ -''ਅਸੀਂ ਨੌਜਵਾਨਾਂ ਨੂੰ ਬੰਬ ਤੇ ਪਿਸਤੌਲ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ। ਵਿਦਿਆਰਥੀਆਂ ਦੇ ਕਰਨ ਲਈ ਇਸ ਤੋਂ ਜ਼ਿਆਦਾ ਵੱਡੇ ਕੰਮ ਹਨ। ... ਫੈਕਟਰੀਆਂ ਵਿਚ ਕੰਮ ਕਰਦੇ ਲੱਖਾਂ ਮਜ਼ਦੂਰਾਂ ਕੋਲ, ਝੁੱਗੀਆਂ ਤੇ ਪੇਂਡੂ ਝੌਂਪੜੀਆਂ ਵਿਚ ਨੌਜਵਾਨਾਂ ਨੇ ਇਨਕਲਾਬ ਦਾ ਸੁਨੇਹਾ, ਦੇਸ਼ ਦੇ ਹਰ ਕੋਨੇ-ਕੋਨੇ ਵਿਚ ਪਹੁੰਚਾਉਣਾ ਹੈ। ਉਸ ਇਨਕਲਾਬ ਦਾ ਸੁਨੇਹਾ ਜਿਹੜਾ ਕਿ ਉਹ ਆਜ਼ਾਦੀ ਲਿਆਵੇਗਾ, ਜਿਸ ਵਿਚ ਆਦਮੀ ਦੇ ਹੱਥੋਂ ਆਦਮੀ ਦੀ ਲੁੱਟ-ਖਸੁੱਟ ਅਸੰਭਵ ਹੋ ਜਾਵੇਗੀ...''
ਇਕ ਮਈ 1930 ਨੂੰ ਸਥਾਪਤ ਕੀਤੇ ਲਾਹੌਰ ਸਾਜ਼ਿਸ਼ ਕੇਸ ਦੇ ਸੰਬੰਧ ਵਿਚ ਟ੍ਰਿਬਿਊਨਲ ਨੂੰ ਬਿਆਨ ਦਿੰਦਿਆਂ ਉਨ੍ਹਾਂ ਆਖਿਆ, ''ਸਾਡਾ ਵਿਸ਼ਵਾਸ ਹੈ ਕਿ ਸਾਮਰਾਜਵਾਦ ਇਕ ਵੱਡੀ ਡਾਕੇ ਮਾਰਨ ਦੀ ਸਾਜ਼ਸ਼ ਤੋਂ ਬਗੈਰ ਹੋਰ ਕੁਝ ਵੀ ਨਹੀਂ। ਸਾਮਰਾਜਵਾਦ ਮਨੁੱਖ ਦੇ ਹੱਥੋਂ ਮਨੁੱਖ ਦੀ ਅਤੇ ਕੌਮਾਂ ਦੇ ਹੱਥੋਂ ਕੌਮਾਂ ਦੀ ਲੁੱਟ ਦਾ ਸਿਖਰ ਹੈ। ਸਾਮਰਾਜਵਾਦੀ ਆਪਣੇ ਹਿੱਤਾਂ ਤੇ ਲੁੱਟਣ ਦੀਆਂ ਸਕੀਮਾਂ ਨੂੰ ਪੂਰੇ ਕਰਨ ਲਈ ਨਾ ਸਿਰਫ਼ ਕਾਨੂੰਨੀ ਤਾਕਤ ਵਰਤਦੇ ਹਨ ਸਗੋਂ ਵੱਡੇ-ਵੱਡੇ ਕਤਲੇਆਮ ਵੀ ਰਚਾਉਂਦੇ ਹਨ। ਆਪਣੀ ਲੁੱਟ ਨੂੰ ਪੂਰਾ ਕਰਨ ਲਈ ਜੰਗ ਵਰਗੇ ਖੌਫ਼ਨਾਕ ਜੁਰਮ ਵੀ ਕਰਦੇ ਹਨ। .... ਕਾਨੂੰਨ ਤੇ ਅਮਨ ਦੀ ਆੜ ਹੇਠ, ਉਹ ਅਮਨ ਭੰਗ ਕਰਦੇ ਹਨ। ਹਫੜਾ-ਦਫ਼ੜੀ ਮਚਾਉਂਦੇ ਹਨ, ਲੋਕਾਂ ਨੂੰ ਜਾਨੋ ਮਾਰਦੇ ਹਨ, ਹਰ ਸੰਭਵ ਜੁਲਮ ਕਰਦੇ ਹਨ।''
ਸਪੱਸ਼ਟ ਹੈ ਕਿ ਭਗਤ ਸਿੰਘ ਸਾਮਰਾਜ ਦੇ ਖ਼ਿਲਾਫ਼ ਇਕ ਯੁੱਧ ਲੜਨਾ ਚਾਹੁੰਦਾ ਸੀ। ਉਸ ਦਾ ਆਜ਼ਾਦੀ ਪ੍ਰਾਪਤੀ ਕਰਨ ਤੋਂ ਭਾਵ ਸੱਤਾ ਤਬਦੀਲੀ ਨਹੀਂ ਸਗੋਂ ਸਮਾਜਵਾਦੀ ਪ੍ਰਬੰਧ ਸਥਾਪਤ ਕਰਨ ਦਾ ਸੀ। ਉਹ ਸਿਰਫ਼ ਭਾਰਤ ਵਿਚੋਂ ਸਮਾਰਾਜੀ ਅੰਗਰੇਜ਼ ਹਕੂਮਤ ਨੂੰ ਖ਼ਤਮ ਕਰਨ ਤਕ ਸੀਮਤ ਨਹੀਂ ਸੀ ਸਗੋਂ ਧਰਤੀ ਦੇ ਸਾਰੇ ਦੇਸ਼ਾਂ ਨੂੰ, ਸਮੁੱਚੀ ਮਨੁੱਖਤਾ ਨੂੰ ਸਾਮਰਾਜੀਆਂ ਤੋਂ ਮੁਕਤ ਕਰਾਉਣਾ ਚਾਹੁੰਦਾ ਸੀ।
ਭਗਤ ਸਿੰਘ ਨੇ ਜੇਲ੍ਹ ਵਿਚ ਇਨਕਲਾਬ ਬਾਰੇ ਬਹੁਤ ਪੁਸਤਕਾਂ ਪੜ੍ਹੀਆਂ ਸਨ ਅਤੇ ਉਹ ਹਰ ਪੱਖੋਂ ਪਰਪੱਕ ਹੋਣਾ ਲੋੜਦਾ ਸੀ। 24 ਜੁਲਾਈ 1930 ਨੂੰ ਜੈਦੇਵ ਨੂੰ ਉਸ ਨੇ ਪੜ੍ਹਨ ਲਈ ਜੇਲ ਵਿਚ 'ਮੈਟੀਰੀਏਲਿਜ਼ਮ (ਕਾਰਲ ਨਿਬਨੋਖਤ), 'ਵਹਾਈ ਮੈਨ ਫ਼ਾਈਟ' (ਬੀ.ਰਸੇਲ), 'ਸੋਵੀਅਤ ਐਟ ਵਰਕ', 'ਕੌਲੇਪਸ ਆਫ਼ ਸੈਕਿੰਡ ਇੰਟਰਨੈਸ਼ਨਲ', 'ਲੈਫਟ ਵਿੰਗ ਕਮਿਊਨਿਜ਼ਮ', 'ਮਿਊਚਅਲ ਏਡ' (ਕਰਪਾਟਲਿਨ), 'ਫਰਾਂਸ' (ਮਾਰਕਸ), 'ਲੈਂਡ ਰੈਵੂਲੇਸ਼ਨ ਇਨ ਰਸ਼ੀਆ', 'ਸਪਾਈ' (ਅਪਟਨ ਸਿਨਕਲੇਅਰ), 'ਥਿਊਰੀ ਆਫ਼ ਹਿਸਟੋਰੀਕਲ ਮੈਟੀਰੀਏਲਿਜ਼ਮ' (ਬੁਖਾਰਿਨ) ਆਦਿ ਪੁਸਤਕਾਂ ਭੇਜਣ ਲਈ ਕਿਹਾ ਸੀ।
ਅਕਤੂਬਰ 1930 ਵਿਚ ਉਹ ਉਮਰ ਕੈਦ ਭੁਗਤ ਰਹੇ ਬਟੁਕੇਸ਼ਵਰ ਦੱਤ ਨੂੰ ਖ਼ਤ ਰਾਹੀਂ ਆਖਦਾ ਹੈ, ''ਮੈਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਅਤੇ ਫਾਂਸੀ ਦਾ ਹੁਕਮ ਹੋਇਆ ਹੈ।... ਮੈਂ ਇਸ ਖ਼ੁਸ਼ੀ ਨਾਲ ਫਾਂਸੀ ਦੇ ਤਖ਼ਤ 'ਤੇ ਚੜ੍ਹ ਕੇ ਦੁਨੀਆਂ ਨੂੰ ਦਿਖਾ ਦੇਵਾਂਗਾ ਕਿ ਇਨਕਲਾਬੀ ਆਪਣੇ ਆਦਰਸ਼ਾਂ ਲਈ ਕਿੰਨੀ ਵੀਰਤਾ ਨਾਲ ਕੁਰਬਾਨੀ ਦੇ ਸਕਦੇ ਹਨ।'' ਫਾਂਸੀ ਤੋਂ ਕੁਝ ਦਿਨ ਪਹਿਲਾਂ 2 ਫਰਵਰੀ 1931 ਨੂੰ ਇਨਕਲਾਬੀ ਪ੍ਰੋਗਰਾਮ ਵਿਚ ਭਗਤ ਸਿੰਘ ਨੇ ''ਨੌਜਵਾਨ ਸਿਆਸੀ ਕਾਰਕੁੰਨਾਂ ਨੂੰ ਖ਼ਤ'' ਵਿਚ ਕਾਂਗਰਸ ਦਾ ਉਦੇਸ਼ ਕੀ ਹੈ, ਬਾਰੇ ਜ਼ਿਕਰ ਕਰਦਿਆਂ ਲਿਖਦਾ ਹੈ - ''ਮੈਂ ਕਿਹਾ ਹੈ ਕਿ ਮੌਜੂਦਾ ਅੰਦੋਲਨ ਯਾਨੀ ਇਹ ਘੋਲ ਕਿਸੇ ਨਾ ਕਿਸੇ ਸਮਝੌਤੇ ਜਾਂ ਪੂਰਨ ਅਸਫ਼ਲਤਾ ਵਿਚ ਖ਼ਤਮ ਹੋਵੇਗਾ ਕਿਉਂਕਿ ਇਸ ਸਮੇਂ ਅਸਲ ਇਨਕਲਾਬੀ ਤਾਕਤਾਂ ਨੂੰ ਮੈਦਾਨ ਵਿਚ ਸੱਦਾ ਨਹੀਂ ਦਿੱਤਾ ਗਿਆ। ਇਹ ਘੋਲ਼ ਮੱਧ ਵਰਗੀ ਦੁਕਾਨਦਾਰਾਂ ਅਤੇ ਚੰਦ ਪੂੰਜੀਪਤੀਆਂ ਦੇ ਬਲਬੂਤੇ ਲੜਿਆ ਜਾ ਰਿਹਾ ਹੈ।... ਦੋਨੋ ਜਮਾਤਾਂ ਖਾਸ ਕਰ ਕੇ ਪੂੰਜੀਪਤੀ ਆਪਣੀ ਜਾਇਦਾਦ ਜਾਂ ਮਾਲਕੀ ਖਤਰੇ ਵਿਚ ਪਾਉਣ ਦੀ ਜੁਅਰੱਤ ਨਹੀਂ ਕਰ ਸਕਦੇ। ਹਕੀਕੀ ਇਨਕਲਾਬੀ ਫ਼ੌਜਾਂ ਤਾਂ ਪਿੰਡਾਂ ਵਿਚ ਅਤੇ ਕਾਰਖਾਨਿਆਂ ਵਿਚ ਹਨ। ਕਿਸਾਨ ਅਤੇ ਮਜ਼ਦੂਰ। ਪਰ ਸਾਡੇ ਬੁਰਜਵਾ ਨੇਤਾ ਉਨ੍ਹਾਂ ਨੂੰ ਨਾਲ ਲੈਣ ਦੀ ਹਿੰਮਤ ਨਾ ਕਰਦੇ ਹਨ ਨਾ ਹੀ ਕਰ ਸਕਦੇ ਹਨ...।' (ਸਫ਼ਾ 366)
ਇਨਕਲਾਬ ਪੂਰਾ ਕਰਨ ਲਈ ਭਗਤ ਸਿੰਘ ਇਸੇ ਖ਼ਤ ਵਿਚ ਅੱਗੇ ਆਖਦਾ ਹੈ, ''ਉਨ੍ਹਾਂ ਨੌਜਵਾਨਾਂ ਨੂੰ ਪਾਰਟੀ ਵਿਚ ਲੈ ਲੈਣਾ ਚਾਹੀਦਾ ਹੈ ਜਿਨ੍ਹਾਂ ਦੇ ਵਿਚਾਰ ਵਿਕਸਤ ਹੋ ਚੁੱਕੇ ਹਨ ਅਤੇ ਉਹ ਆਪਣੀ ਜ਼ਿੰਦਗੀ ਨੂੰ ਇਸ ਕੰਮ ਲਈ ਲਾਉਣ ਨੂੰ ਤਿਆਰ ਹਨ।... ਗ਼ਦਰ ਪਾਰਟੀ (1914-15) ਦੇ ਫੇਲ੍ਹ ਹੋਣ ਦਾ ਮੁੱਖ ਕਾਰਨ ਸੀ, ਜਨਤਾ ਦੀ ਅਗਿਆਨਤਾ, ਬੇਲਾਗਤਾ ਅਤੇ ਕਈ ਅੰਤਰ ਵਿਰੋਧ। ਇਸ ਤੋਂ ਇਲਾਵਾ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਰਗਰਮ ਹਮਾਇਤ ਹਾਸਲ ਕਰਨ ਲਈ ਵੀ ਇਹ ਜ਼ਰੂਰੀ ਹੈ। ਪਾਰਟੀ ਦਾ ਨਾਂ ਯਾਨੀ ਕਮਿਊਨਿਸਟ ਪਾਰਟੀ ਹੋਵੇ। ਠੋਸ ਅਨੁਸ਼ਾਸਨ ਵਾਲੀ ਰਾਜਨੀਤਕ ਕਾਮਿਆਂ ਦੀ ਪਾਰਟੀ ਜੋ ਬਾਕੀ ਸਭ ਅੰਦੋਲਨਾਂ ਨੂੰ ਚਲਾਏਗੀ।...''
'ਇਨਕਲਾਬ' ਬਾਰੇ ਜ਼ੋਰ ਦਿੰਦਿਆਂ ਭਗਤ ਸਿੰਘ ਆਪਣੇ ਵਿਚਾਰ ਹੋਰ ਸਪੱਸ਼ਟ ਕਰਦਾ ਹੈ, - ''ਸਮਾਰਾਜੀਆਂ ਨੂੰ ਗੱਦੀਓਂ ਲਾਹੁਣ ਲਈ ਭਾਰਤ ਦਾ ਇਕੋ ਇਕ ਹਥਿਆਰ ਕਿਰਤੀ ਇਨਕਲਾਬ ਹੈ। ਕੋਈ ਹੋਰ ਚੀਜ਼ ਇਸ ਦੀ ਪੂਰਤੀ ਨਹੀਂ ਕਰ ਸਕਦੀ।....'', ਆਪਣੀਆਂ ਤਜਵੀਜਾਂ, ਕਮਿਊਨਿਸਟ ਪਾਰਟੀ ਦੇ ਪ੍ਰੋਗਰਾਮਾਂ ਬਾਰੇ ਗੱਲ ਕਰਦਿਆਂ ਭਗਤ ਸਿੰਘ ਹੋਰੀਂ ਉਦੇਸ਼ ਮਿਥਦੇ ਹਨ - 1. ਜਗੀਰਦਾਰੀ ਦਾ ਖ਼ਾਤਮਾ, 2. ਕਿਸਾਨਾਂ ਦੇ ਕਰਜ਼ੇ ਖ਼ਤਮ ਕਰਨਾ, 3. ਇਨਕਲਾਬੀ ਰਿਆਸਤ ਵਲੋਂ ਜ਼ਮੀਨ ਦਾ ਕੌਮੀਕਰਨ ਤਾਂ ਕਿ ਸੋਧੀ ਹੋਈ ਅਤੇ ਸਾਂਝੀ ਖੇਤੀ ਸਥਾਪਤ ਕੀਤੀ ਜਾ ਸਕੇ।, 4. ਰਹਿਣ ਲਈ ਘਰਾਂ ਦੀ ਗਰੰਟੀ, 5. ਕਿਸਾਨਾਂ ਤੋਂ ਲਏ ਜਾਂਦੇ ਸਾਰੇ ਖ਼ਰਚੇ ਬੰਦ ਕਰਨਾ, 6. ਕਾਰਖ਼ਾਨਿਆਂ ਦਾ ਕੌਮੀਕਰਨ ਅਤੇ ਦੇਸ਼ ਵਿਚ ਕਾਰਖ਼ਾਨੇ ਲਗਾਉਣਾ, 7. ਆਮ ਪੜ੍ਹਾਈ, 8. ਕੰਮ ਕਰਨ ਦੇ ਘੰਟੇ, ਜ਼ਰੂਰਤ ਮੁਤਾਬਕ ਘੱਟ ਕਰਨਾ। (ਉਹੀ ਸਫ਼ਾ 377)
ਫਾਂਸੀ ਤੋਂ ਤਿੰਨ ਦਿਨ ਪਹਿਲਾਂ 20 ਮਾਰਚ 1931 ਨੂੰ ਗਵਰਨਰ ਵੱਲ ਭੇਜੇ ਇਕ ਪੈਗਾਮ ਵਿਚ ਭਗਤ ਸਿੰਘ ਨੇ ਲਿਖਿਆ, ''ਜਦ ਤਕ ਸਮਾਜਵਾਦੀ ਲੋਕ ਰਾਜ ਸਥਾਪਤ ਨਹੀਂ ਹੋ ਜਾਂਦਾ ਤੇ ਸਮਾਜ ਦਾ ਵਰਤਮਾਨ ਢਾਂਚਾ ਖ਼ਤਮ ਕਰ ਕੇ ਉਸ ਦੀ ਥਾਂ ਸਮਾਜਕ, ਖ਼ੁਸ਼ਹਾਲੀ 'ਤੇ ਅਧਾਰਤ ਸਮਾਜਕ ਢਾਂਚਾ ਨਹੀਂ ਉਸਰ ਜਾਂਦਾ, ਜੰਗ ਹੋਰ ਨਵੇਂ ਜੋਸ਼, ਹੋਰ ਵਧੇਰੇ ਨਿਡਰਤਾ, ਬਹਾਦਰੀ ਅਤੇ ਅਟੱਲ ਇਰਾਦੇ ਨਾਲ ਲੜੀ ਜਾਂਦੀ ਰਹੇਗੀ।.... ਇਹ ਜੰਗ ਨਾਂ ਅਸਾਂ ਤੋਂ ਸ਼ੁਰੂ ਹੋਈ ਹੈ ਤੇ ਨਾ ਹੀ ਸਾਡੇ ਜੀਵਨ ਨਾਲ ਖ਼ਤਮ ਹੋਵੇਗੀ। ਇਹ ਤਾਂ ਇਤਿਹਾਸਕ ਕਾਰਨਾਂ ਤੇ ਆਲੇ-ਦੁਆਲੇ ਪਸਰੇ ਹਾਲਾਤ ਦਾ ਜ਼ਰੂਰੀ ਨਤੀਜਾ ਹੈ। ਸਾਡੀ ਨਿਮਾਣੀ ਜਿਹੀ ਕੁਰਬਾਨੀ ਤਾਂ ਉਸ ਇਤਿਹਾਸਕ ਲੜੀ ਦੀ ਇਕ ਕੜੀ ਹੈ।''
ਫਾਂਸੀ ਦੇ ਇਕ ਦਿਨ ਪਹਿਲਾਂ 22 ਮਾਰਚ 1931 ਨੂੰ ਕੁਝ ਇਨਕਲਾਬੀਆਂ ਵਲੋਂ ਫਾਂਸੀ ਤੋਂ ਬਚਾਉਣ ਲਈ ਉਪਰਾਲਾ ਕਰਨ ਦੀ ਤਜਵੀਜ ਦੇ ਜਵਾਬ ਵਿਚ ਭਗਤ ਸਿੰਘ ਨੇ ਇਕ ਨੋਟ ਉਨ੍ਹਾਂ ਨੂੰ ਜਵਾਬ ਵਜੋਂ ਭੇਜਿਆ, ''ਮੇਰਾ ਨਾਂਅ ਹਿੰਦੁਸਤਾਨੀ ਇਨਕਲਾਬ ਦਾ ਨਿਸ਼ਾਨ ਬਣ ਚੁੱਕਿਆ ਹੈ ਅਤੇ ਇਨਕਲਾਬ ਪਸੰਦ ਪਾਰਟੀ ਦੇ ਆਦਰਸ਼ਾਂ ਤੇ ਕੁਰਬਾਨੀਆਂ ਨੇ ਮੈਨੂੰ ਬਹੁਤ ਉੱਚਿਆਂ ਕਰ ਦਿੱਤਾ ਹੈ। ਮੇਰੇ ਦਲੇਰੀ ਭਰੇ ਢੰਗ ਨਾਲ ਹੱਸਦਿਆਂ-ਹੱਸਦਿਆਂ ਫਾਂਸੀ ਚੜ੍ਹਨ ਦੀ ਸੂਰਤ ਵਿਚ ਹਿੰਦੁਸਤਾਨੀ ਮਾਵਾਂ ਆਪਣਿਆਂ ਬੱਚਿਆਂ ਦੇ ਭਗਤ ਸਿੰਘ ਬਣਨ ਦੀ ਆਰਜੂ ਕਰਿਆ ਕਰਨਗੀਆਂ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲਿਆਂ ਦੀ ਗਿਣਤੀ ਏਨੀ ਵੱਧ ਜਾਵੇਗੀ ਕਿ ਇਨਕਲਾਬ ਨੂੰ ਰੋਕਣਾ ਸਾਮਰਾਜਵਾਦ ਦੀਆਂ ਸਭ ਸ਼ੈਤਾਨੀ ਤਾਕਤਾਂ ਦੇ ਵੱਸ ਦੀ ਗੱਲ ਨਹੀਂ ਰਹੇਗੀ।''
ਸਪੱਸ਼ਟ ਹੈ ਕਿ ਭਗਤ ਸਿੰਘ ਆਪਣੇ ਜਿਸ ਮਨੋਰਥ ਲਈ ਸ਼ਹੀਦ ਹੋਇਆ ਉਹ ਇਨਕਲਾਬ ਸੀ। ਐਸਾ ਸਮਾਜਵਾਦੀ ਪ੍ਰਬੰਧ ਸਥਾਪਤ ਕਰਨਾ ਜਿਸ ਵਿਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ। ਰਾਜ ਸੱਤਾ ਮਜ਼ਦੂਰਾਂ, ਕਿਸਾਨਾਂ ਤੇ ਕਿਰਤ ਕਰਨ ਵਾਲਿਆਂ ਦੇ ਹੱਥ ਆਵੇ। ਗ਼ਰੀਬ ਤੇ ਅਮੀਰ ਦਾ ਪਾੜਾ ਨਾ ਰਹੇ। ਜਾਤਾਂ, ਮਜ਼੍ਹਬਾਂ, ਫਿਰਕਿਆਂ, ਖਿੱਤਿਆਂ ਦੇ ਝਗੜਿਆਂ ਨੂੰ ਪਾਸੇ ਕਰ ਕੇ ਇਨਸਾਨ ਨੂੰ ਸਿਰਫ਼ ਇਨਸਾਨ ਜਾਣਿਆ ਜਾਵੇ। ਜਿਥੇ ਹਰ ਇਕ ਨੂੰ ਕੰਮ ਮਿਲੇ। ਰੋਟੀ, ਕਪੜਾ, ਮਕਾਨ ਦਾ ਮਸਲਾ ਸਥਾਈ ਤੌਰ 'ਤੇ ਹੱਲ ਹੋਵੇ। ਸਾਮਰਾਜ ਦਾ ਸੰਸਾਰ 'ਚੋਂ ਖ਼ਾਤਮਾ ਹੋਵੇ। ਅੱਜ ਭਗਤ ਸਿੰਘ ਨੂੰ ਮੰਨਣ ਵਾਲਿਆਂ ਲਈ ਇਹ ਜ਼ਰੂਰੀ ਹੈ ਕਿ ਉਹ ਆਪਣਾ ਹਰ ਕਾਰਜ ਭਗਤ ਸਿੰਘ ਦੇ ਇਨਕਲਾਬ ਦੇ ਉਦੇਸ਼ ਦੀ ਪ੍ਰਾਪਤੀ ਲਈ ਸੇਧਤ ਕਰਨ। 1947 ਦੀ ਆਜ਼ਾਦੀ, ਜਿਸ ਵਿਚ ਕੇਵਲ ਰਾਜ ਸੱਤਾ ਦੀ ਤਬਦੀਲੀ ਹੋਈ ਅਤੇ ਗੋਰਿਆਂ (ਬਰਤਾਨਵੀ) ਸ਼ਾਸਕਾਂ ਦੀ ਥਾਂ ਕਾਲਿਆਂ (ਭਾਰਤੀ) ਸ਼ਾਸਕਾਂ ਨੇ ਰਾਜ ਸੱਤਾ ਸਾਂਭ ਲਈ। ਪ੍ਰਬੰਧ ਜਿਉਂ ਦਾ ਤਿਉਂ ਸਰਮਾਏਦਾਰੀ ਕੋਲ ਹੀ ਰਿਹਾ। ਇਸ ਦਾ ਹਸ਼ਰ ਸਭ ਦੇ ਸਾਹਮਣੇ ਹੈ। ਗ਼ਰੀਬੀ ਤੇ ਅਮੀਰੀ ਦਾ ਪਾੜਾ ਗਹਿਰੀ ਖੱਡ ਦੀ ਹੇਠਲੀ ਸੱਤਾ ਤੋਂ ਉਚੇ ਤੋਂ ਉਚੇ ਪਰਬਤ ਦੀ ਟੀਸੀ ਵਰਗਾ ਹੋ ਗਿਆ ਹੈ। ਫਿਰਕਾਪ੍ਰਸਤੀ ਦਾ ਤਾਂਡਵ ਨਾਚ ਆਮ ਭਾਰਤੀਆਂ ਨੂੰ ਨਿਗਲੀ ਜਾ ਰਿਹਾ ਹੈ। ਹਾਕਮਾਂ ਨੇ ਸਾਮਰਾਜੀਆਂ ਨਾਲ ਪੱਕੀ ਸਾਂਝ ਪਾ ਲਈ ਹੈ। ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਸਮਾਜਕ ਬੇਇਨਸਾਫ਼ੀ, ਆਪਣੀ ਚਰਮ ਸੀਮਾਂ 'ਤੇ ਹੈ। ਤਕੜੇ ਦਾ ਸੱਤੀਂ ਵੀਹੀਂ ਹੀ ਨਹੀਂ ਸਗੋਂ 'ਇਕ ਵੀਹਵੀਂ ਸੌ' ਹੈ। ਮਾੜੇ ਦਾ ਜੀਵਨ ਪਸ਼ੂਆਂ ਦੀ ਨਿਆਈਂ ਹੈ। ਨਾ ਖਾਣ ਲਈ ਅੰਨ, ਨਾ ਪੀਣ ਲਈ ਸਾਫ਼ ਪਾਣੀ, ਨਾ ਸਿੱਖਿਆ, ਨਾ ਸਿਹਤ, ਕੁਝ ਵੀ ਨਹੀਂ ਹੈ। ਤਕੜੇ ਲਈ ਸਾਰਾ ਕੁਝ ਹੈ। ਭਾਰਤੀ ਲੋਕ ਗੁੱਸੇ ਵਿਚ ਵੋਟਾਂ ਪਾ ਕੇ ਵਾਰੀ-ਵਾਰੀ ਹਕੂਮਤਾਂ ਬਦਲ-ਬਦਲ ਕੇ ਵੇਖ ਚੁੱਕੇ ਹਨ। ਕੋਈ ਫ਼ਰਕ ਨਹੀਂ ਪਿਆ। ਭਗਤ ਸਿੰਘ ਦੇ ਇਨਕਲਾਬ ਦੇ ਸੁਪਨੇ ਨੂੰ ਪੂਰਾ ਕੀਤੇ ਬਿਨਾਂ ਨਹੀਂ ਸਰਨਾ। ਇਹੀ ਭਗਤ ਸਿੰਘ ਲੋਚਦਾ ਸੀ। ਇਹੀ ਸਾਨੂੰ ਕਰਨਾ ਚਾਹੀਦਾ ਹੈ। ਇਨਕਲਾਬ ਕਰਨਾ ਹੀ ਭਗਤ ਸਿੰਘ ਦਾ ਉਸ ਦੇ ਪੈਰੋਕਾਰਾਂ ਲਈ ਸੁਨੇਹਾ ਹੈ।
ਅੱਜ ਭਾਰਤ ਵਿਚ ਨਵੀਂ ਬਣੀ ਮੋਦੀ ਦੀ ਸਰਕਾਰ  ਹੈ, ਜੋ ਭਾਰੀ ਬਹੁਮਤ ਨਾਲ ਜਿੱਤੀ ਹੈ। ਇਸ ਨੇ ਭਾਰਤ ਦੇ ਸੰਵਿਧਾਨ ਦੀ ਭੂਮਿਕਾ ਵਿਚ ਦਰਸਾਏ 'ਸਮਾਜਵਾਦੀ ਉਦੇਸ਼' ਦੀ ਥਾਂ ਸਾਮਰਾਜ ਪੱਖੀ ਰਾਹ ਅਪਣਾ ਲਿਆ ਹੈ। ਸਾਮਰਾਜੀ ਤਾਕਤਾਂ ਨਾਲ ਪੱਕੀ ਸਾਂਝ ਪਾ ਲਈ ਹੈ। ਜਾਪਾਨ, ਚੀਨ, ਅਮਰੀਕਾ, ਆਸਟਰੇਲੀਆ, ਬਰਤਾਨੀਆ ਸਾਰੇ ਦੇਸ਼ਾਂ ਨਾਲ ਐਸੇ ਸਮਝੌਤੇ ਕੀਤੇ ਜਾ ਰਹੇ ਹਨ ਜਿਸ ਨਾਲ ਸਮਾਰਾਜੀ ਕਾਰਪੋਰੇਟ ਸੈਕਟਰ ਭਾਰਤ ਵਿਚ ਬਹੁਤ ਵੱਡੇ ਪੱਧਰ 'ਤੇ ਨਿਵੇਸ਼ ਕਰੇਗਾ। ਇਸ ਨਾਲ ਭਾਰਤੀ ਜਨਸਮੂਹ ਕੇਵਲ ਆਰਥਕ ਆਜ਼ਾਦੀ ਦੀ ਥਾਂ ਸਾਮਰਾਜੀਆਂ ਦੀਆਂ ਮੋਟੀਆਂ ਜ਼ੰਜੀਰਾਂ ਵਿਚ ਹੀ ਨਹੀਂ ਫਸਣਗੇ ਬਲਕਿ ਨਾਲ ਦੀ ਨਾਲ ਸਿਆਸੀ ਆਜ਼ਾਦੀ ਵੀ ਹੱਥੋਂ ਖੁਸ ਜਾਵੇਗੀ। ਪਹਿਲਾਂ ਸਿਰਫ਼ ਬਰਤਾਨੀਆ ਦੀ ਈਸਟ ਇੰਡੀਆ ਕੰਪਨੀ ਹੀ ਵਪਾਰ ਕਰਨ ਲਈ ਭਾਰਤ ਆਈ ਸੀ ਪਰੰਤੂ ਹੁਣ ਐਸੀਆਂ ਹਜ਼ਾਰਾਂ ਕੰਪਨੀਆਂ ਬੱਝਵੇਂ ਤੌਰ 'ਤੇ ਭਾਰਤ 'ਤੇ ਰਾਜ ਕਰਨਗੀਆਂ। ਗੁਲਾਮ ਹੋਏ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਪਹਿਲਾਂ ਜਿਥੇ 300 ਸਾਲ ਲੱਗਾ ਸੀ, ਉਥੇ ਹੁਣ ਪਤਾ ਨਹੀਂ ਕਿੰਨੀਆਂ ਸਦੀਆਂ ਲੱਗੇ ਜਾਣ। ਭਗਤ ਸਿੰਘ ਦੇ ਮੁਕੰਮਲ ਇਨਕਲਾਬ ਦੇ ਨਿਸ਼ਾਨੇ ਦੀ ਪ੍ਰਾਪਤੀ ਅਤੇ ਦੇਸ਼ ਨੂੰ ਸਾਮਰਾਜੀ ਪ੍ਰਬੰਧ ਤੋਂ ਛੁਟਕਾਰਾ ਦੁਆਉਣ ਲਈ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਦੇਣੀਆਂ ਪੈਣ। ਜੇਕਰ :-  
''ਬੇੜਾ ਬੰਧ ਨਾ ਸਕਿਉ ਬੰਧਨ ਕੀ ਬੇਲਾ॥''
ਤਾਂ ਫਿਰ ਉਂਗਲਾਂ ਛੱਡ ਅਰਕਾਂ ਚੱਟਣੀਆਂ ਪੈਣਗੀਆਂ। ਜੇ ਭਗਤ ਸਿੰਘ ਦੇ ਵਿਚਾਰਾਂ 'ਤੇ ਪਹਿਰਾ ਨਾ ਦਿੱਤਾ। ਇਨਕਲਾਬ ਲਈ ਕੋਸ਼ਿਸ਼ਾਂ ਤੇਜ਼ ਨਾ ਕੀਤੀਆਂ, ਲਾਜ਼ਮੀ ਦੇਸ਼ ਫਿਰ ਤੋਂ ਸਾਮਰਾਜੀਆਂ ਦੀਆਂ ਜ਼ੰਜੀਰਾਂ ਵਿਚ ਨੂੜਿਆ ਜਾਵੇਗਾ।
ਅੱਜ ਦੇ ਸੰਦਰਭ ਵਿਚ ਮੋਦੀ ਸਰਕਾਰ ਆਰ.ਐਸ.ਐਸ. ਦੀਆਂ ਨਿਰਦੇਸ਼ਤ ਨੀਤੀਆਂ 'ਤੇ ਚਲ ਰਹੀ ਹੈ। ਹਿੰਦੂ ਫ਼ਿਰਕਾਪ੍ਰਸਤ ਤਾਕਤਾਂ ਦੇ ਫਨੀਅਰ ਹੋਰ ਮਜ਼ਬੂਤੀ ਨਾਲ ਫਨ ਖਿਲਾਰੀ ਸਾਡੇ ਵਿਹੜਿਆਂ ਵਿਚ ਦਾਖ਼ਲ ਹੋ ਰਹੇ ਹਨ। ਫਿਰਕਾਪ੍ਰਸਤੀ ਬਾਰੇ ਭਗਤ ਸਿੰਘ ਦੇ ਵਿਚਾਰ ਅੱਜ ਵੀ ਓਨੇ ਹੀ ਸਾਰਥਕ ਹਨ, ''ਮਜ਼੍ਹਬੀ ਵਹਿਮ ਅਤੇ ਤੁਅੱਸਬ ਸਾਡੀ ਤਰੱਕੀ ਦੇ ਰਾਹ ਵਿਚ ਵੱਡੀ ਰੁਕਾਵਟ ਹਨ। ਇਹ ਹਮੇਸ਼ਾ ਸਾਡੇ ਰਾਹ ਵਿਚ ਰੋੜਾ ਸਾਬਤ ਹੋਏ ਹਨ ਅਤੇ ਸਾਨੂੰ ਇਨ੍ਹਾਂ ਨੂੰ ਪਰ੍ਹੇ ਵਗਾਹ ਮਾਰਨਾ ਚਾਹੀਦਾ ਹੈ .... ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਇਨਕਲਾਬੀ ਲਗਣ ਵਾਲੇ, ਸਭ ਫਿਰਕਿਆਂ ਦੇ ਨੌਜਵਾਨਾਂ ਦੀ ਲੋੜ ਹੈ।'' 
ਆਓ! ਭਗਤ ਸਿੰਘ ਦੇ ਵਿਚਾਰਾਂ 'ਤੇ ਮਜ਼ਬੂਤੀ ਨਾਲ ਪਹਿਰਾ ਦੇਈਏ। ਉਸ ਨੇ ਇਨਕਲਾਬ ਲਈ ਜੋ ਸੁਨੇਹਾ ਦਿੱਤਾ ਸੀ ਉਸ ਦੀ ਅੱਜ ਦੇ ਸੰਦਰਭ ਵਿਚ ਹੋਰ ਵੀ ਢਾਡੀ ਲੋੜ ਹੈ।

ਕਸ਼ਮੀਰ ਦੀ ਤਬਾਹੀ ਉਪਰ ਸਿਆਸਤ ਦੀਆਂ ਰੋਟੀਆਂ ਨਾ ਸੇਕੋ

ਡਾ. ਤੇਜਿੰਦਰ ਵਿਰਲੀ

ਭਾਰਤ ਦੀ ਧਰਤੀ ਉਪਰਲੇ ਸਵਰਗ ਦੀ ਤਸਵੀਰ ਨੂੰ ਨਜ਼ਰ ਲੱਗ ਗਈ ਹੈ। ਪਿੱਛਲੇ ਤਿੰਨ ਦਹਾਕਿਆਂ ਤੋਂ ਭਰਾ ਮਾਰੂ ਜੰਗ ਵਿਚ ਫਸਿਆ ਕਸ਼ਮੀਰ ਹੁਣ ਕੁਦਰਤ ਦੀ ਤਬਾਹੀ ਦਾ ਐਸਾ ਸ਼ਿਕਾਰ ਹੋਇਆ ਹੈ ਜਿਸ ਦੇ ਦਰਦ 'ਚੋਂ ਬਾਹਰ ਨਿਕਲਣ ਲਈ ਸ਼ਾਇਦ ਲੰਮਾਂ ਸਮਾਂ ਲੱਗੇ ਤੇ ਪੀੜ੍ਹੀਆਂ ਤੱਕ ਇਹ ਦਰਦ ਉੱਥੇ ਦੇ ਲੋਕਾਂ ਨੂੰ ਰੁਵਾਉਂਦਾ ਰਹੇ। ਕਸ਼ਮੀਰ ਦੀ ਧਰਤੀ ਉਪਰ ਆਇਆ ਪਿਛਲੀ ਇਕ ਸਦੀ ਦਾ ਸਾਰਿਆਂ ਤੋਂ ਵੱਡਾ ਹੜ੍ਹ ਆਪਣੇ ਨਾਲ ਜਿਸ ਤਰ੍ਹਾਂ ਦੀਆਂ ਮੁਸੀਬਤਾਂ ਲੈਕੇ ਆਇਆ ਹੈ ਇਹ ਤਾਂ ਸ਼ਾਇਦ ਉਹ ਲੋਕ ਹੀ ਜਾਣ ਸਕਦੇ ਹਨ ਜਿਨ੍ਹਾਂ ਨੇ ਇਸ ਮੁਸੀਬਤ ਵਿਚ ਜਿੰਦਗੀ ਮੌਤ ਦੀ ਲੜਾਈ ਲੜੀ ਹੈ। ਉਹ ਆਪ ਤਾਂ ਇਸ ਲੜਾਈ ਨੂੰ ਜਿੱਤ ਗਏ ਪਰ ਉਨ੍ਹਾਂ ਦੇ ਰਿਸ਼ਤੇਦਾਰ, ਕਰੀਬੀ, ਮਿੱਤਰ ਪਿਆਰੇ ਤੇ ਸਕੇ ਸਨੇਹੀ ਆਪਣੀਆਂ ਜਾਨਾਂ ਵਾਰ ਗਏ। ਜਿਨ੍ਹਾਂ ਨੂੰ ਕੁਦਰਤ ਨੇ ਜਿੰਦਾ ਰਹਿਣ ਲਈ ਚੁਣ  ਲਿਆ ਹੈ। ਭਾਵੇਂ ਕਿ ਉਨ੍ਹਾਂ ਦਾ ਸਾਰਾ ਕਾਰੋਬਾਰ ਤਬਾਹ ਹੋ ਗਿਆ। ਗਰੀਬ ਲੋਕਾਂ ਦਾ ਡੰਗਰ-ਵੱਛਾ ਰੁੜ੍ਹ ਗਿਆ। ਕੁਦਰਤ ਦੀ ਐਸੀ ਮਾਰ  ਪਈ ਕਿ ਸੈਲਾਨੀਆਂ ਦਾ ਭਾਰਤ ਵਿਚ ਸਭ ਤੋਂ ਪਸੰਦੀਦਾ ਥਾਂ, ਤਬਾਹੀ ਦਾ ਮੰਜਰ ਬਣ ਗਿਆ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਤਬਾਹੀ ਦਾ ਜਿੰਮੇਵਾਰ ਕੋਣ ਸੀ? ਦੁਨੀਆਂ ਭਰ ਦੇ ਕੁਦਰਤੀ ਨਜ਼ਾਰਿਆਂ ਦੀ ਧਰਤੀ ਆਖਰ ਕੁਦਰਤ ਦੀ ਕਰੋਪੀ ਦਾ ਕਾਰਣ ਕਿਉਂ ਬਣ ਗਈ? ਸਵਾਲ ਏਨੇ ਸਰਲ ਵੀ ਨਹੀਂ ਕਿ ਹਰ ਕੋਈ ਇਸ ਦਾ ਜਵਾਬ ਦੇ ਸਕੇ ਤੇ ਹਰ ਕੋਈ ਦੋਸ਼ੀ ਉਪਰ ਉਂਗਲ ਧਰ ਸਕੇ। ਪਰ ਸਵਾਲ ਏਨੇ ਜਟਿਲ ਵੀ ਨਹੀਂ ਕਿ ਇਨ੍ਹਾਂ ਨੂੰ ਸਮਝਿਆ ਹੀ ਨਾ ਜਾ ਸਕੇ। ਦੇਸ਼ ਦੇ  ਭੋਲੇ ਭਾਲੇ ਲੋਕਾਂ ਨੂੰ ਤਾਂ ਕੁਝ ਵੀ ਕਹਿ ਕੇ ਵਰਗਲਾਇਆ ਜਾ ਸਕਦਾ ਹੈ ਪਰ ਤਰਕ ਦੀ ਕਸਵੱਟੀ ਦੀ ਸਾਣ ਤੇ ਲਾਕੇ ਮਸਲਿਆਂ ਦੀ ਜੜ੍ਹ ਤੱਕ ਜਾਣ ਵਾਲਿਆਂ ਲਈ ਇਸ ਤਬਾਹੀ ਦੇ ਕਾਰਨਾਂ ਨੂੰ ਲੱਭਣਾ ਇਸ ਵਿਗਿਆਨਕ ਯੁੱਗ ਵਿਚ ਬਹੁਤਾ ਮੁਸ਼ਕਲ ਕਾਰਜ ਵੀ ਨਹੀਂ ਰਿਹਾ।
ਤਬਾਹੀ ਤੋਂ ਪਹਿਲਾਂ ਤੇ ਤਬਾਹੀ ਤੋਂ ਬਾਅਦ ਦੀ ਕਹਾਣੀ ਆਪਣੇ ਆਪ ਵਿਚ ਇਕ ਪੂਰਾ ਦਰਦ ਮਈ ਬਿਰਤਾਂਤ ਹੈ। ਜਿਸ ਨੂੰ ਜੇ ਇਸ ਪੀੜ੍ਹੀ ਨੇ ਨਾ ਸਮਝਿਆ ਤਾਂ ਯਕੀਨਨ ਹੀ ਭਾਰਤ ਦੀ ਤਬਾਹੀ ਦਾ ਇਕ ਹੋਰ ਰਸਤਾ ਇੱਥੋਂ ਵੀ ਖੁਲ ਸਕਦਾ ਹੈ? ਕਸ਼ਮੀਰ ਤੇ ਭਾਰਤ ਦੀਆਂ ਸਰਕਾਰਾਂ ਦੇ ਰੋਲ ਮੰਗ ਕਰਦੇ ਹਨ ਕਿ ਕੁਦਰਤੀ ਤਬਾਹੀ ਦੇ ਇਸ ਮੰਜ਼ਰ ਦੇ ਹਰ ਇਕ ਪਲ ਤੇ ਹਰ ਇਕ ਘਟਨਾ ਦਾ ਬੜੀ ਹੀ ਬਰੀਕਬੀਨੀ ਦੇ ਨਾਲ ਅਧਿਐਨ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਕਿ ਕੇਦਾਰਨਾਥ ਤੋਂ ਕਸ਼ਮੀਰ ਤੇ ਕਸ਼ਮੀਰ ਤੋਂ ਕਿਸੇ ਹੋਰ ਮੰਦਭਾਗੇ ਖਿੱਤੇ ਦੀ ਤਬਾਹੀ ਤੋਂ ਤਬਾਹੀ ਦਾ ਇਹ ਦਰਦ ਰੱਬ ਦਾ ਭਾਣਾ ਸਮਝਕੇ ਹੀ ਨਾ ਮੰਨ ਲਿਆ ਜਾਵੇ। ਸਗੋਂ ਇਸ ਦੀਆਂ ਪਰਤਾਂ ਫਿਰੋਲੀਆਂ ਜਾਣ। 
2010 ਵਿਚ ਕਸ਼ਮੀਰ ਦੇ ਸਟੇਟ ਫਲੱਡ ਕੰਟਰੋਲ ਵਿਭਾਗ ਨੇ ਸਰਕਾਰ ਨੂੰ ਇਹ ਚਿਤਾਵਨੀ ਦਿੱਤੀ ਸੀ ਕਿ ਆਉਣ ਵਾਲੇ ਪੰਜ ਸਾਲਾਂ ਵਿਚ ਵੱਡੇ ਹੜ੍ਹ ਆਉਣ ਦੀ ਸੰਭਾਵਨਾ ਹੈ। ਪਰ ਕਸ਼ਮੀਰ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਚੁੱਪ ਰਹੀ। ਇਹ ਸਮੁੱਚੀ ਰੀਪੋਰਟ ਮੰਤਰਾਲੇ ਦੇ ਦਫਤਰ ਦੀਆਂ ਅਲਮਾਰੀਆਂ ਵਿਚ ਚਾਰ ਸਾਲ ਸੜ੍ਹਦੀ ਰਹੀ। ਕਿਉਂਕਿ ਕਸ਼ਮੀਰ ਦੀ ਹੋਣੀ ਕੇਂਦਰ ਨਾਲ ਬੱਝੀ ਹੋਈ ਸੀ। ਜੰਮੂ ਕਸ਼ਮੀਰ ਦੇ ਹੜ੍ਹ ਕੰਟਰੋਲ ਵਿਭਾਗ ਨੇ ਕੇਂਦਰ ਦੀ ਉਸ ਸਮੇਂ ਦੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਪਾਸੋਂ 2200 ਕਰੋੜ ਰੁਪਏ ਦੀ ਮੰਗ ਕੀਤੀ। ਡਾ. ਮਨਮੋਹਨ ਸਿੰਘ ਦੀ ਹਕੂਮਤ ਨੇ ਕੇਵਲ 109 ਕਰੋੜ ਰੁਪਿਆ ਦੇਣ ਦਾ ਭਰੋਸਾ ਦਵਾਇਆ। ਪਰ ਬਦਕਿਸਮਤੀ ਨਾਲ ਡਾ. ਮਨਮੋਹਨ ਸਿੰਘ ਦਾ ਇਹ ਵਾਅਦਾ  ਕਦੀ ਵੀ ਵਫਾ ਨਾ ਹੋਇਆ, ਤੇ ਨਾ ਹੀ ਜੰਮੂ ਕਸ਼ਮੀਰ ਦੀ ਹਕੂਮਤ ਨੇ ਹੜ੍ਹਾਂ ਦੀ ਰੋਕਥਾਮ ਲਈ ਆਪ ਹੀ ਕੋਈ ਕੰਮ ਕੀਤਾ। ਕਸ਼ਮੀਰ ਦੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਰੱਬ ਦੇ ਆਸਰੇ ਰੱਖ ਕੇ ਸੌ ਜਾਣ ਵਾਲੀਆਂ ਸ਼੍ਰੀਨਗਰ ਤੇ ਦਿੱਲੀ ਦੀਆਂ ਸਰਕਾਰਾਂ ਨੂੰ ਕੀ ਮੁਆਫ ਕੀਤਾ ਜਾ ਸਕਦਾ ਹੈ? ਕੀ ਕੁਦਰਤੀ ਤਬਾਹੀ ਦੀ ਰੋਕਥਾਮ ਲਈ ਜੇ ਵਕਤ ਸਿਰ ਯਤਨ ਕਰ ਲਏ ਗਏ ਹੁੰਦੇ ਤਾਂ ਹੁਣ ਕਸ਼ਮੀਰ ਦੇ ਲੋਕਾਂ ਦਾ ਕਰੀਬ ਦੋ ਬਿਲੀਅਨ ਡਾਲਰ ਤੋਂ ਵੱਧ ਹੋਣ ਵਾਲਾ ਨੁਕਸਾਨ ਘਟਾਇਆ ਨਹੀਂ ਸੀ ਜਾ ਸਕਦਾ? ਕੀ ਹਜਾਰਾਂ ਲੋਕਾਂ ਦੀ ਜਾਨ ਵਕਤ ਸਿਰ ਰੋਕਥਾਮ ਕਰ ਕੇ ਬਚਾਈ ਨਹੀਂ ਸੀ ਜਾ ਸਕਦੀ? ਘਾਟੀ ਵਿਚ ਛਪਦੀ 'ਗਰੇਟ ਕਸ਼ਮੀਰ' ਅਖਬਾਰ ਨੇ 11 ਫਰਵਰੀ 2010 ਦੇ ਅੰਕ ਵਿਚ ਜੋ ਖਦਸ਼ੇ ਜਾਹਰ ਕੀਤੇ ਸਨ ਕਿ ''ਇਹ ਸੂਬਾ ਸੰਕੀਰਨ ਰਾਜਨੀਤੀ ਦਾ ਸ਼ਿਕਾਰ ਹੋ ਰਿਹਾ ਹੈ।'' ਕੀ ਇਹ ਖਬਰ ਅੱਖਰ ਅੱਖਰ ਸੱਚ ਨਹੀਂ ਸਾਬਤ ਹੋਈ? ਕੀ ਕਸ਼ਮੀਰ ਦੇ ਲੋਕਾਂ ਨੂੰ ਮਿਲਦੀਆਂ ਵੱਧ ਆਰਥਿਕ ਸਹੂਲਤਾਂ ਦੀ ਹਾਲ ਪਾਰਿਆ ਪਾਉਣ ਵਾਲੇ ਅਖੌਤੀ ਦੇਸ਼ ਭਗਤਾਂ ਨੂੰ ਇਸ ਦੇ ਦਰਦਨਾਕ ਮੰਜ਼ਰ ਤੋਂ ਸਬਕ ਨਹੀਂ ਸਿੱਖਣੇ ਚਾਹੀਦੇ?
ਇਸ ਗੱਲ ਵਿਚ ਭੋਰਾ ਜਿੰਨਾਂ ਵੀ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਕਿਸੇ ਵੀ ਕੁਦਰਤੀ ਆਫਤ ਦੇ ਨਾਲ ਲੜ ਸਕਣ ਦੇ ਕੋਈ ਵੀ  ਮਨੁੱਖੀ ਸਮਾਜ ਸਮਰੱਥ ਨਹੀਂ ਹੁੰਦਾ ਪਰ ਕਿਸੇ ਵੀ ਸਮਾਜ ਦੀ ਤਰੱਕੀ ਦੀ ਪਹਿਚਾਣ ਵੀ ਇਸੇ ਸਮੇਂ ਹੀ ਹੁੰਦੀ ਹੈ। ਕਿ ਆਫਤ ਵਿਚ ਘੱਟ ਤੋਂ ਘੱਟ ਨੁਕਸਾਨ ਹੋਵੇ। ਇਸ ਲਈ ਕੀ ਕੀ ਪ੍ਰਬੰਧ ਕੀਤੇ ਗਏ ਹਨ? ਗਣਤੰਤਰ ਦਿਵਸ ਉਪਰ ਕੀਤੀ ਹਥਿਆਰਾਂ ਦੀ ਪਰੇਡ ਜਾਂ ਵੋਟਾਂ ਬਟੋਰਨ ਲਈ ਲੋਕਾਂ ਨੂੰ ਬੁੱਧੂ ਬਣਾਉਣ ਲਈ ਕੀਤਾ ਗਿਆ ਹਵਾਈ ਭਾਸ਼ਨ ਇਸ ਦਾ ਪੈਮਾਨਾ ਕਦੀ ਵੀ ਨਹੀਂ ਬਣਦੇ। ਜਪਾਨ ਵਿਚ ਆਏ ਭਿਆਨਕ ਤੂਫਾਨ ਦੇ ਨਾਲ ਜਿਸ ਕਿਸਮ ਦੀ ਤਬਾਹੀ ਉਪਰ ਪੂਰਾ ਜਪਾਨ ਖੜਾ ਸੀ ਉਸ ਨੂੰ ਜਿਸ ਤਰੀਕੇ ਨਾਲ ਜਪਾਨੀਆਂ ਨੇ ਆਪਣੀਆਂ ਜਾਨਾਂ ਉਪਰ ਖੇਡਕੇ ਕਾਬੂ ਵਿਚ ਕੀਤਾ ਉਸ ਦੀ ਉਦਾਹਰਣ ਉਹ ਹੀ ਸਨ। ਇਸ ਕਿਸਮ ਦੀਆਂ ਅਨੇਕਾਂ ਹੀ ਉਦਾਹਰਣਾ ਸੰਸਾਰ ਭਰ ਵਿਚ ਦੇਖੀਆਂ ਜਾ ਸਕਦੀਆਂ ਹਨ, ਜਿੱਥੇ ਕੁਦਰਤੀ ਤਬਾਹੀ ਦੇ ਬਾਦ ਸਾਰਾ ਰਾਸ਼ਟਰ ਇਕਜੁਟ ਹੋ ਕੇ ਖੜ ਜਾਂਦਾ ਹੈ, ਪਰ ਸਾਡੇ ਦੇਸ਼ ਦੀਆਂ ਸਰਕਾਰਾਂ ਦੀ ਹਾਲਤ ਤਾਂ ਇਹ ਹੈ ਕਿ ਸੰਕਟ ਵਿਚ ਫਸੇ ਲੋਕ ਆਪ ਹੀ ਆਪਣੀ ਮਦਦ ਲਈ ਲੱਖਾਂ ਰੁਪਏ ਖਰਚਕੇ ਹੈਲੀਕਾਪਟਰਾਂ ਦਾ ਪ੍ਰਬੰਧ ਕਰਦੇ ਹਨ ਤੇ ਆਪਣੇ ਸਾਰੇ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢ ਲੈਂਦੇ ਹਨ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਕੁਝ ਸਮਾਜਕ ਜਾਂ ਧਾਰਮਿਕ ਜਥੇਬੰਦੀਆਂ ਨੇ ਸਰਕਾਰ ਵਾਂਗ ਹੀ ਮਦਦ ਕੀਤੀ ਹੈ। ਹਰਮੰਦਰ ਸਾਹਿਬ ਨੇ ਸਿੱਖ ਸਿਧਾਂਤ ਦੀਆਂ ਮਹਾਨ ਪ੍ਰੰਪਰਾਵਾਂ ਨੂੰ ਜੀਵੰਤ ਰੱਖਣ ਦਾ ਉਪਰਾਲਾ ਕੀਤਾ ਹੈ।
ਕਸ਼ਮੀਰ ਹੋਰ ਪਹਾੜੀ ਇਲਾਕਿਆਂ ਵਾਂਗ ਕੁਦਰਤੀ ਤਬਾਹੀ ਦੀ ਦ੍ਰਿਸ਼ਟੀ ਤੋਂ ਬਹੁਤ ਹੀ ਸੰਵੇਦਨਸ਼ੀਲ ਇਲਾਕਾ ਹੈ। ਇੱਥੇ ਭੁਚਾਲ ਤੇ ਬਦਲਾਂ ਦੇ ਫਟ ਜਾਣ ਦਾ ਖਤਰਾ ਸਦਾ ਹੀ ਬਣਿਆ ਰਹਿੰਦਾ ਹੈ। ਜਿਸ ਕਰਕੇ ਇਸ ਇਲਾਕੇ ਦੇ ਪ੍ਰਕਿਰਤਕ ਨਜਾਰਿਆਂ ਨੂੰ ਮਾਨਣ ਵਾਲੇ ਲੋਕਾਂ ਨੂੰ ਭੀੜਾਂ ਵਿਚ ਤਬਦੀਲ ਨਹੀਂ ਹੋਣ ਦੇਣਾ ਚਾਹੀਦਾ। ਇਸ ਸੰਵੇਦਨਸ਼ੀਲ ਇਲਾਕੇ ਵਿਚ ਪੰਜ ਪੰਜ ਮੰਜਲੇ ਹੋਟਲ ਵੱਡੇ ਸਰਮਾਏਦਾਰਾਂ ਨੇ ਮੁਨਾਫਾ ਕਮਾਉਣ ਲਈ ਉਸਾਰ ਲਏ ਹਨ। ਪਹਾੜਾਂ ਨੂੰ ਕੱਟ ਕੇ ਰਸਤੇ ਬਣਾ ਲਏ ਗਏ ਹਨ। ਹੋਰ ਤਾਂ ਹੋਰ ਇਸ ਸਾਰੇ ਇਲਾਕੇ ਦੀ ਸੁੰਦਰਤਾ ਇਥੇ ਦੀਆਂ ਹਜ਼ਾਰ ਦੇ ਕਰੀਬ ਝੀਲਾਂ ਹਨ ਜਿਹੜੀਆਂ ਬਰਸਾਤੀ ਪਾਣੀ ਨੂੰ ਸਮੇਟਣ ਦਾ ਸੋਮਾਂ ਵੀ ਬਣਦੀਆਂ ਹਨ ਉਨ੍ਹਾਂ ਝੀਲਾਂ ਦਾ ਲੱਗਭਗ ਅੱਧਾ ਰਕਬਾ ਨਜਾਇਜ਼ ਕਬਜੇ ਦੀ ਭੇਟ ਚੜ੍ਹ ਚੁੱਕਾ ਹੈ। ਕਿਸੇ ਵੀ ਸਰਕਾਰ ਨੇ ਕਦੇ ਵੀ ਇਸ ਨਜਾਇਜ ਉਸਾਰੀ ਦੇ ਖਿਲਾਫ ਕੋਈ ਕਾਰਵਾਈ ਹੀ ਨਹੀਂ ਕੀਤੀ। ਦਰਿਆਵਾਂ ਦੇ ਵਹਿਣ ਨਾ ਕੇਵਲ ਸੌੜੇ ਕਰ ਦਿੱਤੇ ਗਏ ਹਨ ਸਗੋਂ ਮਨਮਰਜੀ ਦੇ ਨਾਲ ਉਨ੍ਹਾਂ ਨੂੰ ਮੋੜ ਵੀ ਦਿੱਤਾ ਗਿਆ ਹੈ। ਪ੍ਰਕਿਰਤੀ ਦੇ ਨਾਲ ਮਨੁੱਖ ਦਾ ਏਡਾ ਵੱਡਾ ਖਿਲਵਾੜ ਕੁਦਰਤ ਕਦ ਬਰਦਾਸ਼ਤ ਕਰਦੀ ਹੈ? ਡੈਮ ਬਣਾਉਣ ਲਈ ਵੱਡੇ ਪੱਧਰ ਉਪਰ ਜੰਗਲਾਂ ਦੀ ਕਟਾਈ ? ਇਸ ਸਾਰੇ ਕੁਝ ਨੇ ਪ੍ਰਕਿਰਤੀ ਦੇ ਨਿਯਮਾਂ ਨੂੰ ਬੁਰੀ ਤਰ੍ਹਾਂ ਨਾਲ ਤੋੜਿਆ  ਹੈ। ਇਸ ਲਈ ਪ੍ਰਕਿਰਤੀ ਦਾ ਗੁੱਸਾ ਮਨੁੱਖ ਉਪਰ ਨਿਕਲਣਾ ਹੀ ਸੀ। ਸੰਸਾਰ ਦੇ ਹੋਰ ਵੱਖ-ਵੱਖ ਕੋਨਿਆਂ ਵਿਚ ਜਿੱਥੇ ਇਸ ਕਿਸਮ ਦੀਆਂ ਭੂਗੋਲਿਕ ਸਥਿਤੀਆਂ ਹਨ ਉੱਥੇ ਇਸ ਤੋਂ ਵੀ ਵੱਡੇ ਕੁਦਰਤੀ ਤੁਫਾਨ ਆਉਂਦੇ ਹਨ ਪਰ ਏਨੀ ਵੱਡੀ ਗਿਣਤੀ ਵਿਚ ਮੌਤਾਂ ਨਹੀਂ ਹੁੰਦੀਆਂ।
ਇਕ ਸਿੱਟਾ ਜੋ ਸਭ ਤੋਂ ਵਧ ਮਹੱਤਵ ਦਾ ਲਿਖਾਇਕ ਹੈ ਕਿ ਮਨੁੱਖ ਨੇ ਕੁਦਰਤ ਦੇ ਹਿਸਾਬ ਦੇ ਨਾਲ ਰਹਿਣਾ ਹੈ ਨਾ ਕਿ ਕੁਦਰਤ ਨੇ ਮਨੁੱਖੀ ਲੋੜਾਂ ਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲਣਾ ਹੈ। ਕੁਦਰਤ ਦੇ ਨਜਾਰਿਆਂ ਤੇ ਧਾਰਮਿਕ ਅਸਥਾਨਾਂ ਦਾ ਅੰਤਰ ਹੁੰਦਾ ਹੈ। ਧਾਰਮਿਕ ਅਸਥਾਨਾਂ ਨੂੰ ਕਮਾਈ ਦੇ ਅੱਡੇ ਵਜੋਂ ਵਿਕਸਤ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਇਸ ਸਭ ਤੋਂ ਅਗਾਂਹ ਦੇਸ਼ ਵਿਚ ਰਾਸ਼ਟਰੀ ਕਿਰਦਾਰ ਪੈਦਾ ਹੋਣਾ ਚਾਹੀਦਾ ਹੈ ਅੰਧ ਰਾਸ਼ਟਰਵਾਦ ਨਹੀਂ। ਪਰ ਸਾਡੀਆਂ ਸਰਕਾਰਾਂ ਨੇ ਇਸ ਪਾਸੇ ਵੱਲ ਕੋਈ ਉਪਰਾਲਾ ਕਦੇ ਘਟ ਹੀ ਕੀਤਾ ਹੈ। ਇਹੋ ਹੀ ਕਾਰਨ ਹੈ ਕਿ ਇਸ ਰਾਸ਼ਟਰੀ ਆਫਤ ਵੇਲੇ ਵੀ ਰਾਸ਼ਟਰ ਇਕਜੁੱਟ ਨਹੀਂ ਹੋਇਆ। ਲੋਕ ਕ੍ਰਿਕਟ ਦਾ ਮੈਚ ਦੇਖਣ ਵਿਚ ਰੁੱਝੇ ਹਨ। ਰਾਜਸੀ ਆਗੂ ਰਾਜਸੀ ਰੋਟੀਆਂ ਸੇਕਣ ਵਿਚ ਰੁੱਝੇ ਹਨ ਤੇ ਚੋਰ ਕਿਸਮ ਦੇ ਲੋਕ ਮੁਸੀਬਤ ਮਾਰੇ ਲੋਕਾਂ ਦਾ ਧੰਨ ਦੌਲਤ ਲੁੱਟਣ ਵਿਚ ਰੁੱਝੇ ਹਨ।
ਇਸ ਆਫਤ ਨੇ ਦੇਸ਼ ਦੀ ਅਸਲੀਅਤ ਨੂੰ ਸੰਸਾਰ ਦੇ ਸਾਹਮਣੇ ਨੰਗਿਆਂ ਕਰ ਦਿੱਤਾ ਹੈ। ਫੌਜ ਵੱਲੋਂ ਕੀਤੀ ਗਈ ਮਦਦ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਕਿ ਜੇ ਫੌਜ ਨਾ ਹੁੰਦੀ ਤਾਂ ਲੋਕਾਂ ਦਾ ਕੀ ਬਣਦਾ? ਸੋਸ਼ਲ ਮੀਡੀਏ ਉਪਰ ਇਸ ਕਿਸਮ ਦਾ ਫਿਰਕੂ ਪ੍ਰਚਾਰ ਇਕ ਖਾਸ ਵਰਗ ਨੇ ਕੀਤਾ ਹੈ। ਮੀਡੀਏ ਨੇ ਵੀ ਇਸ ਮਦਦ ਨੂੰ ਫੌਜ ਵਲੋਂ ਕੀਤੇ ਪਰਉਪਕਾਰ ਵਜੋਂ ਲਿਆ ਹੈ। ਇਹ ਅਸਲ ਵਿਚ ਹੋ ਕੀ ਰਿਹਾ ਹੈ? ਫੌਜ ਨੇ ਦੇਸ ਦੇ ਲੋਕਾਂ ਦੀ ਮਦਦ ਕੀਤੀ ਹੈ ਜੋ ਮਦਦ ਕਰਨਾ ਫੌਜ ਦੀ ਜਿੰਮੇਵਾਰੀ ਸੀ। ਜਿਹੜੀ ਮਦਦ ਜਿੰਨੀ ਵੱਡੀ ਪੱਧਰ ਉਪਰ ਜਿੰਨੀ ਜਲਦੀ ਕੀਤੀ ਜਾਣੀ ਚਾਹੀਦੀ ਸੀ ਉਹ ਨਹੀਂ ਕੀਤੀ ਗਈ, ਪਰ ਇਸ ਮਦਦ ਨੂੰ ਅਹਿਸਾਨ ਵਜੋਂ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ। ਉਦਾਹਰਣ ਵਜੋਂ ਜਿਵੇ ਸੱਤ ਦਿਨਾਂ ਤੋਂ ਭੁੱਖ ਨਾਲ ਹਾਕਲ ਬਾਕਲ ਇਕ ਮੁਸਲਮ ਕਸ਼ਮੀਰੀ ਨੂੰ ਮੀਡੀਆ ਉਸੇ ਵਕਤ ਇਹ ਸਵਾਲ ਕਰਦਾ ਹੈ ਤੁਸੀਂ ਹਿੰਦੋਸਤਾਨੀ ਫੌਜ ਦੀ ਮਦਦ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੁਸੀਬਤ ਮਾਰੇ ਲੋਕਾਂ ਨੂੰ ਇਹ ਕਿਸ ਕਿਸਮ ਦੀ ਦੇਸ਼ਭਗਤੀ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ? ਕੀ ਕੁਦਰਤ ਦੇ ਕਹਿਰ ਨੂੰ ਇਸ ਤਰ੍ਹਾਂ ਵੀ ਦੇਖਿਆ ਜਾਣਾ ਚਾਹੀਦਾ ਹੈ? ਇਹ ਅੱਜ ਸਭ ਤੋਂ ਵੱਡੀ ਸਮਝਣ ਵਾਲੀ ਗੱਲ ਹੈ। ਆਓ! ਆਪਣੇ ਅੰਦਰ ਦੀ ਸਫਾਈ ਕਰੀਏ ਤਾਂ ਕਿ ਕੁਦਰਤ ਨੂੰ ਸਫਾਈ ਅਭਿਆਨ ਨਾ ਚਲਾਉਣਾ ਪਵੇ।

ਪੰਜਾਬ ਦੀ ਜਵਾਨੀ ਨੂੰ ਤਬਾਹੀ ਦੇ ਰਾਹ ਤੋਂ ਬਚਾਉਣ ਦੀ ਵੱਡੀ ਲੋੜ

ਸਰਬਜੀਤ ਗਿੱਲ

ਪੰਜਾਬ 'ਚ ਨਸ਼ਿਆਂ ਦਾ ਮਾਮਲਾ ਜਿੰਨਾ ਗੰਭੀਰ ਹੈ, ਉਸ ਨੂੰ ਹਾਲੇ ਤੱਕ ਵੀ ਉਨੀ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਲੋਕ ਸਭਾ ਦੀਆਂ ਵੋਟਾਂ ਉਪਰੰਤ ਚਰਚਾ 'ਚ ਆਏ ਇਸ ਮੁੱਦੇ ਬਾਰੇ ਆਮ ਲੋਕਾਂ ਦੀ ਸਮਝ ਪਹਿਲਾਂ ਇਹ ਬਣੀ ਕਿ ਹੁਣ ਪੰਜਾਬ 'ਚੋਂ ਨਸ਼ਿਆਂ ਦਾ ਖਾਤਮਾ ਹੋ ਹੀ ਜਾਵੇਗਾ। ਐਪਰ ਗੱਲ ਉਥੇ ਹੀ ਫਿਰ ਚਲੀ ਗਈ, ਜਿਥੋਂ ਆਰੰਭ ਹੋਈ ਸੀ। ਪੰਜਾਬ ਦੇ ਮੁਖ ਮੰਤਰੀ ਅਤੇ ਡਿਪਟੀ ਮੁਖ ਮੰਤਰੀ ਨਸ਼ਾ ਛੁਡਾਊ ਕੇਂਦਰਾਂ ਦਾ ਦੌਰਾ ਕਰਦੇ ਹੋਏ ਬਿਆਨ ਦਿੰਦੇ ਹਨ ਕਿ ਇੰਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਪੰਜਾਬੀ ਦਾ ਇੱਕ ਨਿਊਜ਼ ਚੈਨਲ ਜੇਲ੍ਹਾਂ 'ਚੋਂ ਫੜੇ ਨਸ਼ਿਆਂ ਸਬੰਧੀ ਆਪਣੀ ਇੱਕ ਖ਼ਬਰ ਪ੍ਰਸਾਰਿਤ ਕਰਦਾ ਹੋਇਆ ਕਹਿ ਰਿਹਾ ਹੈ ਕਿ ਜੇਲ੍ਹਾਂ 'ਚ ਛਾਪੇਮਾਰੀ ਦੌਰਾਨ ਸਿਰਫ਼ ਮੋਬਾਈਲ ਹੀ ਫੜੇ ਗਏ ਹਨ ਅਤੇ ਇਸ ਦੌਰਾਨ ਹੀ ਦਿਖਾਈ ਜਾ ਰਹੀ ਵੀਡੀਓ 'ਚ ਇੱਕ ਅਧਿਕਾਰੀ ਮੋਬਾਈਲ ਫ਼ੋਨਾਂ ਦੇ ਨਾਲ ਨਾਲ ਨਸ਼ੇ ਫੜਨ ਬਾਰੇ ਵੀ ਦੱਸ ਰਿਹਾ ਹੈ। ਪੰਜਾਬ ਸਰਕਾਰ ਆਪਣਾ ਬਜਟ ਪੇਸ਼ ਕਰਦੇ ਹੋਏ ਨਸ਼ੇ ਅਤੇ ਕੈਂਸਰ ਦੇ ਇਲਾਜ ਲਈ, ਢਾਂਚੇ ਦਾ ਨਿਰਮਾਣ ਕਰਨ ਲਈ ਸਿਰਫ 50 ਕਰੋੜ ਰੁਪਏ ਦੀ ਰਾਸ਼ੀ ਰੱਖ ਰਹੀ ਹੈ। ਇਹ ਅਜਿਹੀਆਂ ਪੇਸ਼ਕਾਰੀਆਂ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਛੁਟਕਾਰਾ ਦਵਾਉਣ ਲਈ ਵੀ ਇਮਾਨਦਾਰ ਨਹੀਂ ਹੈ। ਪੰਜਾਬ ਦਾ ਇੱਕ ਮੰਤਰੀ ਆਪਣਾ ਅੰਦਰਲਾ 'ਦਰਦ' ਉਸ ਵੇਲੇ ਪੰਜਾਬ ਦੀ ਅਸੰਬਲੀ 'ਚ ਜਾਹਿਰ ਕਰ ਰਿਹਾ ਹੈ ਜਦੋਂ ਵਿਰੋਧੀ ਪਾਰਟੀ ਦੇ ਇੱਕ ਵਿਧਾਇਕ ਦਾ ਨਾਂ ਨਸ਼ਿਆਂ ਦੇ ਨਾਲ ਜੁੜਿਆ। ਇਹ ਮੰਤਰੀ ਕਹਿ ਰਿਹਾ ਹੈ ਕਿ ਦੇਖੋ ਉਸ ਦਾ ਨਾਂਅ ਪਿਛਲੇ ਲੰਬੇ ਸਮੇਂ ਤੋਂ ਆ ਰਿਹਾ ਹੈ ਅਤੇ ਇਸ ਵਿਧਾਇਕ ਦਾ ਨਾਂਅ ਇੱਕ ਵਾਰ ਆਉਣ 'ਤੇ ਕਿੰਨਾ ਦੁੱਖ ਲਗਦਾ ਹੈ। ਇਹ ਲੋਕ ਆਪਣਾ ਦੁੱਖ ਸਾਂਝਾ ਕਰ ਰਹੇ ਹਨ ਪਰ ਲੋਕਾਂ ਦਾ ਦੁੱਖ ਕੌਣ ਸਮਝੇਗਾ? ਲੋਕ ਸਭਾ ਚੋਣਾਂ ਲੰਘਣ ਉਪਰੰਤ ਇੱਕ ਮੰਤਰੀ ਨੂੰ ਅਸਤੀਫਾ ਦੇਣ ਨੂੰ ਇਸ ਕਰਕੇ ਕਿਹਾ ਗਿਆ ਕਿ ਉਸ ਦੇ ਪੁੱਤਰ ਦਾ ਨਾਂਅ ਨਸ਼ਿਆਂ ਦੀ ਤਸਕਰੀ ਨਾਲ ਜੁੜ ਗਿਆ ਜਦੋਂ ਕਿ ਇਹ ਨਾਂਅ ਤਾਂ ਚੋਣਾਂ ਤੋਂ ਪਹਿਲਾ ਹੀ ਚਰਚਾ 'ਚ ਆ ਗਿਆ ਸੀ। ਜੇ ਅਸਤੀਫਾ ਦਵਾਉਣਾ ਹੀ ਸੀ ਤਾਂ ਉਸ ਵੇਲੇ ਹੀ ਦਵਾ ਦਿੱਤਾ ਜਾਂਦਾ ਜਦੋਂ ਨਾਂਅ ਸਾਹਮਣੇ ਹੀ ਆਇਆ ਸੀ। ਰਾਜ ਦੇ ਹਲਾਤ ਜਿੰਨੇ ਗੰਭੀਰ ਹਨ ਸ਼ਾਇਦ ਪੰਜਾਬ ਸਰਕਾਰ ਜਾਣ ਬੁੱਝ ਕੇ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਅਤੇ ਜਾਂ ਉਹ ਇਸ ਨੂੰ ਤਬਾਹ ਹੁੰਦਾ ਹੀ ਦੇਖਣਾ ਚਾਹੁੰਦੀ ਹੈ। ਇਨ੍ਹਾਂ ਰਾਜਨੀਤਕ ਆਗੂਆਂ ਨੇ ਇਸ ਸਮੁੱਚੇ ਵਰਤਾਰੇ ਨੂੰ ਵੋਟਾਂ ਨਾਲ ਜੋੜਿਆ ਹੋਇਆ ਹੈ। ਵੋਟਾਂ ਲੈਣ ਲਈ ਇਹ ਕੁੱਝ ਵੀ ਕਰ ਸਕਦੇ ਹਨ ਅਤੇ ਵੋਟਾਂ 'ਚ ਹੋਈ ਹਾਰ ਕਾਰਨ ਫੈਲੀ ਨਿਰਾਸ਼ਾ 'ਚ ਲੋਕਾਂ ਦੀਆਂ ਅੱਖਾਂ ਪੂੰਝਣ ਲਈ ਕੁੱਝ ਵੀ ਕਰ ਸਕਦੇ ਹਨ। ਅਸਲ 'ਚ ਇਹ ਲੋਕ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਹੀ ਕੰਮ ਕਰ ਰਹੇ ਹਨ। 
ਨਸ਼ਿਆਂ ਦੀ ਚਰਚਾ 'ਚ ਆਇਆ ਇਹ ਮਸਲਾ ਵੀ ਰਾਜਨੀਤੀ ਨਾਲ ਜੁੜਿਆ ਹੋਇਆ ਹੈ। ਜਦੋਂ ਲੋਕ ਸਭਾ ਚੋਣਾਂ ਦੀ ਤਿਆਰੀ ਦੇ ਮੁਢਲੇ ਦੌਰ 'ਚ ਰਾਹੁਲ ਗਾਂਧੀ ਨੇ ਇਥੇ ਆ ਕੇ ਇੱਕ ਬਿਆਨ ਜਾਰੀ ਕੀਤਾ ਕਿ 70 ਪ੍ਰਤੀਸ਼ਤ ਨੌਜਵਾਨ ਨਸ਼ਿਆਂ ਦੇ ਸ਼ਿਕਾਰ ਹਨ ਅਤੇ ਪੰਜਾਬ ਸਰਕਾਰ ਨੇ ਪੈਰਾਂ 'ਤੇ ਪਾਣੀ ਨਹੀਂ ਪੈਣ ਦਿੱਤਾ। ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਮੁਢਲੇ ਦਿਨਾਂ 'ਚ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਜਿੱਤ ਲਈ ਕਾਫ਼ੀ ਆਸਵੰਦ ਸੀ, ਉਹ ਜੇਤਲੀ ਨੂੰ ਘਰ ਬੈਠੇ ਹੀ ਜਿਤਾਉਣ ਦੇ ਦਾਅਵੇ ਕਰ ਰਹੇ ਸਨ, ਪਰ ਦਿਨ ਬੀਤਦਿਆਂ ਪੰਜਾਬ ਦੇ ਮੁਖ ਮੰਤਰੀ ਨੂੰ ਇਹ ਕਹਿਣਾ ਪਿਆ ਕਿ ਨਰਿੰਦਰ ਮੋਦੀ ਨੇ ਹੀ ਉਨ੍ਹਾਂ ਦੀ ਪਾਰਟੀ ਨੂੰ ਜਿਤਾ ਦੇਣਾ ਹੈ। ਵੋਟਾਂ ਲੰਘਦਿਆਂ ਹੀ ਪੰਜਾਬ ਪੁਲਸ ਨੇ ਨਸ਼ਿਆਂ ਖਿਲਾਫ਼ ਆਪਣੀ ਮੁਹਿੰਮ ਛੇੜ ਦਿੱਤੀ। ਜਿਸ 'ਚ ਨੌਜਵਾਨਾਂ ਨੂੰ ਫੜ-ਫੜ ਕੇ ਜੇਲ੍ਹਾਂ 'ਚ ਸੁੱਟਣ ਦਾ ਕੰਮ ਆਰੰਭ ਕਰ ਦਿੱਤਾ ਗਿਆ। ਇਸ ਸਬੰਧੀ ਕਰੀਬ ਸਾਰੇ ਦੇ ਸਾਰੇ ਕੇਸ ਕਿਸੇ ਵਿਅਕਤੀ ਦੀ ਸ਼ਿਕਾਇਤ 'ਤੇ ਨਹੀਂ ਦਰਜ ਕੀਤੇ ਗਏ ਸਗੋਂ ਪੁਲੀਸ ਅਧਿਕਾਰੀਆਂ ਵਲੋਂ ਆਪ ਹੀ ਦਰਜ ਕਰਵਾਏ ਗਏ ਹਨ। ਇਸ ਸਬੰਧੀ ਦਰਜ ਕੀਤੀਆਂ ਐਫ. ਆਈ. ਆਰ. 'ਚ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਦੇਖਣ ਨੂੰ ਮਿਲੀਆਂ। ਇਹ ਕੇਸ ਆਪਣੀਆਂ ਕਾਨੂੰਨੀ ਲੋੜਾਂ ਮੁਤਾਬਿਕ ਹੀ ਦਰਜ ਕੀਤੇ ਗਏ। ਕਿਸੇ ਘਰ 'ਚ ਪੁਲਸ ਦੀ ਕਾਨੂੰਨੀ ਛਾਪੇਮਾਰੀ ਤੋਂ ਪਹਿਲਾਂ ਸਰਚ ਵਾਰੰਟ ਹਾਸਲ ਕਰਨਾ ਜਰੂਰੀ ਹੁੰਦਾ ਹੈ, ਸਰਚ ਵਾਰੰਟ ਤੋਂ ਬਿਨਾਂ ਪੁਲਸ ਕਿਸੇ ਦੇ ਘਰ 'ਚ ਦਾਖ਼ਲ ਨਹੀਂ ਹੋ ਸਕਦੀ। ਆਮ ਹਾਲਾਤ 'ਚ ਜਦੋਂ ਪੁਲਸ ਕਿਸੇ ਦੇ ਘਰ 'ਚੋਂ ਤਲਾਸ਼ੀ ਲੈਂਦੀ ਹੈ ਤਾਂ ਇਸ ਦਾ ਕਾਗਜ਼ਾਂ ਪੱਤਰਾਂ 'ਚ ਕਿਤੇ ਵੀ ਜਿਕਰ ਨਹੀਂ ਕੀਤਾ ਜਾਂਦਾ। ਬਿਲਕੁੱਲ ਇਸ  ਤਰ੍ਹਾਂ ਹੀ ਘਰਾਂ 'ਚੋਂ, ਮੋੜਾਂ ਤੋਂ ਅਤੇ ਹੋਰਨਾਂ ਥਾਵਾਂ ਤੋਂ ਚੁੱਕੇ ਇਨ੍ਹਾਂ ਨੌਜਵਾਨਾਂ ਬਾਰੇ ਦਰਜ ਕੀਤੀਆਂ ਐਫ. ਆਈ. ਆਰਾਂ. 'ਚ ਬਹਤ ਸਾਰੀਆਂ ਗੱਲਾਂ ਸਾਂਝੀਆਂ ਸਨ ਕਿ ਫਲਾਣੇ ਮੋੜ 'ਤੇ ਫਲਾਣੇ ਅਧਿਕਾਰੀਆਂ, ਕਰਮਚਾਰੀਆਂ ਨੇ ਨਾਕਾ ਲਗਾਇਆ ਹੋਇਆ ਸੀ ਕਿ ਸਾਹਮਣੇ ਤੋਂ ਆਉਂਦੇ ਦੋ ਸ਼ੱਕੀ ਨੌਜਵਾਨ ਦਿਖਾਈ ਦਿੱਤੇ, ਜਿਨ੍ਹਾਂ ਨੂੰ ਤਲਾਸ਼ੀ ਦੇਣ ਲਈ ਕਿਹਾ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਤੁਸੀਂ ਇਹ ਤਲਾਸ਼ੀ ਕਿਸੇ ਗਜਟਡ ਅਧਿਕਾਰੀ ਦੇ ਸਾਹਮਣੇ ਦੇ ਸਕਦੇ ਹੋ ਅਤੇ ਅੱਗੋਂ ਨੌਜਵਾਨਾਂ ਨੇ ਕਿਹਾ ਕਿ ਨਹੀਂ ਉਨ੍ਹਾਂ ਨੂੰ ਆਪ ਪਰ ਯਕੀਨ ਹੈ ਅਤੇ ਉਹ ਤਲਾਸ਼ੀ ਲੈ ਸਕਦੇ ਹਨ। ਇਸ ਕੰਮ ਲਈ ਵੀ ਰਾਹਗੀਰਾਂ ਨੂੰ ਇਸ ਦੇ ਗਵਾਹ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਵੀ ਰਾਹਗੀਰ ਨੇ ਇਸ ਦੀ ਹਾਮੀ ਨਹੀਂ ਭਰੀ, ਜਿਸ ਕਾਰਨ ਤਲਾਸ਼ੀ ਲੈਣ ਵਾਲੇ ਤੋਂ ਸਹਿਮਤੀ ਪੱਤਰ 'ਤੇ ਅਲੱਗ ਤੋਂ ਦਸਖ਼ਤ ਕਰਵਾ ਲਏ ਗਏ ਹਨ, ਜਿਸ ਨੂੰ ਉਕਤ ਅਧਿਕਾਰੀਆਂ, ਕਰਮਚਾਰੀਆਂ ਨੇ ਇਸ ਨੂੰ ਤਸਦੀਕ ਕੀਤਾ ਹੈ। ਜਦੋਂ ਇਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਦੀ ਪੈਂਟ ਦੀ ਸੱਜੀ ਜੇਬ 'ਚੋਂ ਮੋਮੀ ਲਿਫਾਫੇ 'ਚੋਂ 10 ਗਰਾਮ ਨਸ਼ੀਲਾ ਪਾਊਂਡਰ ਬਰਾਮਦ ਹੋਇਆ ਹੈ। ਜਿਸ ਲਈ ਅਲੱਗ ਤੋਂ ਨਮੂਨਾ ਲੈ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਲਈ ਥਾਣੇ ਨੂੰ ਵਾਇਰਲੈਸ ਕਰ ਦਿੱਤੀ ਗਈ ਹੈ। ਥੋੜੇ ਬਹੁਤ ਫਰਕ ਨਾਲ ਹੀ ਨਸ਼ਿਆਂ ਖ਼ਿਲਾਫ਼ ਪੰਜਾਬ ਸਰਕਾਰ ਦੀ ਮੁਹਿੰਮ ਦੀਆਂ ਇਹ ਐਫ. ਆਈ. ਆਰਜ਼. ਦਰਜ ਕੀਤੀਆਂ ਹੋਇਆ ਹਨ ਕਿ ਨਾਕੇ ਦੌਰਾਨ ਹੱਥ ਦਿੱਤਾ ਤਾਂ ਇਨ੍ਹਾਂ ਨੇ ਪੁਲਸ ਨੂੰ ਦੇਖਦੇ ਮੁੜਨ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਦਾ ਮੋਟਰਸਾਈਕਲ ਸਲਿਪ ਕਰ ਗਿਆ ਅਤੇ ਇਹ ਡਿੱਗ ਪਏ, ਜਿਸ ਕਾਰਨ ਇਹ ਵਿਅਕਤੀ ਕਾਬੂ 'ਚ ਆ ਗਏ। ਪੁਲਸ ਵਲੋਂ ਹੁਣ ਇਹ ਵਰਤਾਰਾ ਬੰਦ ਕਰ ਦਿੱਤਾ ਗਿਆ ਹੈ, ਅਸਲ 'ਚ ਪੰਜਾਬ ਦੀਆਂ ਜੇਲ੍ਹਾਂ ਤਾਂ ਪਹਿਲਾ ਹੀ ਭਰੀਆਂ ਹੋਈਆਂ ਹਨ ਅਤੇ ਫਿਰ ਕਿੰਨੇ ਕੁ ਨੌਜਵਾਨ ਜੇਲ੍ਹਾਂ 'ਚ ਭੇਜੇ ਜਾ ਸਕਦੇ ਹਨ। ਜੇਲ੍ਹਾਂ ਦੇ ਹਾਲਾਤ ਵੀ ਅਖ਼ਬਾਰਾਂ 'ਚ ਆ ਚੁੱਕੇ ਹਨ। ਜਿਸ 'ਚ ਨਸ਼ਿਆਂ ਦੀ ਬੇਰੋਕ ਟੋਕ ਆਮਦ ਸਿਸਟਮ 'ਤੇ ਸਵਾਲ ਖੜ੍ਹੇ ਕਰ ਰਹੀ ਹੈ। ਇਸ ਮਾਮਲੇ 'ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਲ੍ਹਾਂ 'ਚ ਭੇਜੇ ਨੌਜਵਾਨਾਂ ਨੂੰ ਕੀ ਨਸ਼ੇੜੀ ਸਮਝਿਆ ਜਾ ਰਿਹਾ ਹੈ ਜਾਂ ਸਪਲਾਇਰ ਸਮਝਿਆ ਜਾ ਰਿਹਾ ਹੈ। ਜੇ ਇਹ ਨਸ਼ੇੜੀ ਹਨ ਤਾਂ ਇਨ੍ਹਾਂ ਦਾ ਜੇਲ੍ਹ 'ਚ ਇਲਾਜ਼ ਕਿਉਂ ਨਹੀਂ ਆਰੰਭਿਆ ਗਿਆ। ਜੇ ਆਰੰਭਿਆ ਗਿਆ ਹੈ ਤਾਂ ਜੇਲ੍ਹ 'ਚੋਂ ਬਾਹਰ ਆਉਣ 'ਤੇ ਇਨ੍ਹਾਂ ਦਾ ਇਲਾਜ ਕਿੱਥੇ ਚਲਦਾ ਰਿਹਾ ਹੈ। ਜੇ ਇਲਾਜ ਹੀ ਆਰੰਭ ਨਹੀਂ ਕੀਤਾ ਗਿਆ ਤਾਂ ਸਮਝਿਆ ਜਾ ਸਕਦਾ ਹੈ ਕਿ ਸਰਕਾਰ ਇਸ ਪ੍ਰਤੀ ਕਿੰਨੀ ਕੁ ਇਮਾਨਦਾਰ ਹੈ। ਜੇਲ੍ਹਾਂ 'ਚ ਗਏ ਨੌਜਵਾਨਾਂ ਪਾਸੋਂ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਬਾਰੇ ਪੁਲਸ ਇਹ ਗੱਲ ਦੱਸਣ ਤੋਂ ਇਨਕਾਰ ਕਰਦੀ ਹੈ ਕਿ ਬਰਾਮਦ ਕੀਤਾ ਪਦਾਰਥ ਸਮੈਕ ਹੈ ਜਾਂ ਹੈਰੋਇਨ ਅਤੇ ਜਾਂ ਕੁੱਝ ਹੋਰ ਹੈ, ਬਸ ਇਹ ਨਸ਼ੀਲਾ ਪਦਾਰਥ ਲਿਖ ਕੇ ਲੈਬਰਾਟਰੀ ਦੀ ਰਿਪੋਰਟ ਉਡੀਕਦੇ ਹਨ। ਲੈਬਰਾਟਰੀ ਤੋਂ ਪਤਾ ਲੱਗਣ 'ਤੇ ਹੀ ਕੇਸ ਦੀ ਕਾਰਵਾਈ ਆਰੰਭ ਹੋਣੀ ਹੁੰਦੀ ਹੈ। ਵਕੀਲਾਂ ਦੇ ਪੈਸੇ ਅਤੇ ਜਮਾਨਤਾਂ ਕਰਵਾਉਣ ਦਾ ਹੋਣ ਵਾਲਾ ਖਰਚ ਹੋ ਕੇ ਆਖਰ ਇਨ੍ਹਾਂ ਨੌਜਵਾਨਾਂ ਨੇ ਜੇਲ੍ਹ ਤੋਂ ਬਾਹਰ ਆਉਣਾ ਹੀ ਹੈ ਅਤੇ ਫਿਰ ਇਨ੍ਹਾਂ ਨੇ ਅੱਗੋਂ ਕੀ ਕਰਨਾ ਹੈ? ਇਸ ਬਾਰੇ ਸਰਕਾਰ ਪਾਸ ਕੋਈ ਨੀਤੀ ਨਹੀਂ ਹੈ। ਸੰਭਵ ਹੈ ਕਿ ਬਹੁਤੇ ਕੇਸਾਂ 'ਚ ਇਹ ਨੌਜਵਾਨ ਫਿਰ ਉਹੋ ਕੰਮ ਹੀ ਕਰਨਗੇ, ਜਿਹੜਾ ਜੇਲ੍ਹ ਜਾਣ ਤੋਂ ਪਹਿਲਾ ਕਰਦੇ ਸਨ। 
ਨੌਜਵਾਨਾਂ ਦੀ ਇਹ ਹਾਲਤ ਇੱਕ ਦਿਨ ਦੀ ਪੈਦਾਵਾਰ ਨਹੀਂ ਹੈ। ਇਸ ਲਈ ਕਿਸੇ ਇੱਕ ਮੰਤਰੀ ਦੇ ਨਾਂਅ 'ਤੇ ਚਰਚਾ ਕਰਨ ਦਾ ਵੀ ਕੋਈ ਕੰਮ ਨਹੀਂ ਹੈ, ਸਗੋਂ ਚਰਚਾ ਸਿਸਟਮ ਦੀ ਕਰਨੀ ਬਣਦੀ ਹੈ। ਘਰਦਿਆਂ ਨੂੰ ਨੌਜਵਾਨ ਦੇ ਵਿਗੜਨ ਦਾ ਉਸ ਵੇਲੇ ਪਤਾ ਲਗਦਾ ਹੈ ਜਦੋਂ ਪਾਣੀ ਸਿਰੋਂ ਲੰਘ ਚੁੱਕਾ ਹੁੰਦਾ ਹੈ। ਜਦੋਂ ਘਰ 'ਚ ਪੈਸਿਆਂ ਦੀ ਲੜਾਈ ਆਰੰਭ ਹੁੰਦੀ ਹੈ। ਪੈਸੇ, ਬਿਨਾਂ ਲੋੜੋਂ, ਬਹਾਨੇ ਬਣਾ ਕੇ ਮੰਗੇ ਜਾਂਦੇ ਹਨ, ਜਦੋਂ ਘਰਦੇ ਇਨਕਾਰੀ ਹੁੰਦੇ ਹਨ ਤਾਂ ਘਰ 'ਚ ਕਾਟੋ ਕਲੇਸ਼ ਚਲਦਾ ਹੈ, ਆਨੇ ਬਾਹਨੇ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਘਰੋਂ ਸਰਦੇ ਪੁੱਜਦੇ ਮਾਪੇ ਪੈਸੇ ਦੇ ਦਿੰਦੇ ਹਨ ਪਰ ਪੈਸਿਆਂ ਪੱਖੋਂ ਗਰੀਬ ਮਾਪੇ ਇਨਕਾਰੀ ਹੋ ਜਾਂਦੇ ਹਨ। ਇਸ ਸਥਿਤੀ 'ਚ ਮਹਿੰਗੇ ਭਾਅ ਦੇ ਨਸ਼ੇ ਕਰਨ ਲਈ ਪੈਸੇ ਤਾਂ ਚਾਹੀਦੇ ਹਨ। ਇਸ ਕੰਮ ਲਈ ਨੈਟਵਰਕ ਕੰਪਨੀਆਂ ਵਾਂਗ ਨੈਟਵਰਕ ਉਸਾਰਿਆ ਜਾਂਦਾ ਹੈ। ਇਸ ਨੈਟਵਰਕ ਤੋਂ ਬਿਨਾਂ ਤਾਂ ਅਮੀਰ ਘਰ ਦਾ ਬੱਚਾ ਵੀ ਨਸ਼ਾ ਨਹੀਂ ਕਰ ਸਕਦਾ। 5 ਗਰਾਮ ਨਸ਼ਾ ਖਰੀਦ ਕੇ ਉਸ ਦੀਆਂ ਛੇ ਪੁੜ੍ਹੀਆਂ ਬਣਾਉਣੀਆਂ ਪੈਂਦੀਆਂ ਹਨ, ਜਿਸ 'ਚੋਂ ਇੱਕ ਪੁੜੀ ਦੀ ਵਰਤੋਂ ਆਪ ਕਰਕੇ 5 ਗਰਾਮੀਆਂ ਨੂੰ ਅੱਗੋਂ ਫਿਰ ਵੇਚਣਾ ਪੈਂਦਾ ਹੈ। ਇਸ 'ਚ ਸਿਰਫ ਸਪਲਾਈ ਹੀ ਦੇਣੀ ਹੁੰਦੀ ਹੈ, ਕਿਥੋਂ ਸਮਾਨ ਚੁੱਕਣਾ ਹੈ ਅਤੇ ਕਿੱਥੋਂ-ਕਿਥੇ ਤੱਕ ਪੁੱਜਦਾ ਕਰਨਾ ਹੈ, ਦੇ ਪ੍ਰਬੰਧਾਂ 'ਚ ਹੀ ਸਾਰਾ ਦਿਨ ਲੰਘ ਜਾਂਦਾ ਹੈ। ਇਨ੍ਹਾਂ ਨੌਜਵਾਨਾਂ ਦਾ ਇਹੀ ਰੁਜ਼ਗਾਰ ਹੈ। ਆਪਣੀ ਜਾਨ ਬਚਾਉਂਦੇ ਸਾਰਾ ਸਾਰਾ ਦਿਨ ਮੋਟਰਸਾਈਕਲ ਘੁਮਾਉਂਦੇ ਰਹਿੰਦੇ ਹਨ। ਜਦੋਂ ਕਿਤੇ ਪੈਸੇ ਦੀ ਤੋਟ ਆ ਜਾਵੇ ਤਾਂ ਫਿਰ ਲੁੱਟ ਖੋਹ ਵੀ ਚਲਦੀ ਹੈ, ਜਾਨ ਬਚਾਉਣ ਲਈ ਆਖਰ ਕੁੱਝ ਤਾਂ ਕਰਨਾ ਹੀ ਪੈਣਾ ਹੈ। ਮੋਟਰਸਾਈਕਲਾਂ 'ਚ ਪੰਜਾਹ-ਪੰਜਾਹ ਰੁਪਏ ਦਾ ਤੇਲ ਪਵਾਉਂਦੇ ਇਹ ਨੌਜਵਾਨ ਆਮ ਦੇਖੇ ਜਾ ਸਕਦੇ ਹਨ। ਕਿਸ਼ਤਾਂ 'ਤੇ ਲਏ ਬਹੁਤੇ ਮੋਟਰਸਾਈਕਲ ਆਪਣੀ ਕਿਸ਼ਤ ਵੀ ਨਹੀਂ ਚੁੱਕਦੇ, ਇਥੇ ਤਾਂ ਜਾਨ ਨੂੰ ਲਾਲੇ ਪਏ ਹੋਏ ਹਨ। ਮੋਟਰਸਾਈਕਲਾਂ 'ਤੇ ਜਾਣ ਬੁੱਝ ਕੇ ਨੰਬਰਾਂ ਪਲੇਟਾਂ ਤੋੜੀਆਂ ਹੋਈਆਂ ਨੇ ਤਾਂ ਜੋ ਪਛਾਣ ਦਾ ਪਤਾ ਨਾ ਲੱਗ ਸਕੇ। ਇਨ੍ਹਾਂ ਨੌਜਵਾਨਾਂ ਦੇ ਘਰਾਂ 'ਚ ਚਲਦਾ ਕਾਟੋ ਕਲੇਸ਼ ਆਮ ਆਦਮੀ ਸਮਝ ਹੀ ਨਹੀਂ ਸਕਦਾ। ਨਸ਼ਿਆਂ ਕਾਰਨ ਕੁਆਰਿਆਂ ਦੀਆਂ ਆਪਣੀਆਂ ਲੜਾਈਆਂ ਅਤੇ ਵਿਆਹਿਆਂ ਦੀਆਂ ਆਪਣੇ ਕਿਸਮ ਦੀਆਂ ਲੜਾਈਆਂ ਦੇਖਣ ਨੂੰ ਆ ਰਹੀਆਂ ਹਨ। ਸਭ ਤੋਂ ਅਹਿਮ ਪੱਖ ਇਹ ਹੈ ਕਿ ਕੁਆਰੇ ਨੌਜਵਾਨਾਂ ਦੇ ਵਿਆਹ ਨਹੀਂ ਹੋ ਰਹੇ ਜਾਂ ਦੇਰੀ ਨਾਲ ਹੋ ਰਹੇ ਹਨ ਅਤੇ ਵਿਅਹਿਆਂ ਦੀਆਂ ਅੱਗੋਂ ਕਈ ਤਰ੍ਹਾਂ ਦੀਆਂ ਪਰਿਵਾਰਕ ਸਮੱਸਿਆਵਾਂ ਆ ਰਹੀਆਂ ਹਨ। ਜਿਨ੍ਹਾਂ ਦਾ ਹੱਲ ਕਿਸੇ ਕੋਲ ਨਹੀਂ ਹੈ। 
ਜਿਸ ਥਾਂ 'ਤੇ ਪੰਜਾਬ ਹੁਣ ਖੜ੍ਹਾ ਹੈ, ਉਥੇ ਬਹੁਪੱਖੀ ਹੱਲ ਕਰਨੇ ਪੈਣਗੇ। ਇਸ ਤੋਂ ਬਿਨਾਂ ਪੰਜਾਬ ਦੀ ਜਵਾਨੀ ਤਬਾਹ ਹੋ ਕੇ ਰਹਿ ਜਾਵੇਗੀ। ਸਿਰਫ਼ ਇਹੀ ਪੀੜ੍ਹੀ ਨਹੀਂ ਸਗੋਂ ਅਗਲੀ ਪੀੜ੍ਹੀ ਵੀ ਗਾਇਬ ਹੋ ਜਾਵੇਗੀ ਕਿਉਂਕਿ ਇਹ ਨਸ਼ੇ ਸੰਤਾਨ ਉੱਤਪਤੀ ਦੇ ਕੰਮਾਂ 'ਚ ਵੀ ਰੁਕਾਵਟ ਪੈਦਾ ਕਰਦੇ ਹਨ। ਇਸ ਦੇ ਹੱਲ ਲਈ ਸਭ ਤੋਂ ਅਹਿਮ ਰੋਲ ਮਾਨਸਿਕ ਰੋਗਾਂ ਦੇ ਡਾਕਟਰਾਂ ਦਾ ਹੈ। ਇਨ੍ਹਾਂ ਡਾਕਟਰਾਂ ਦੀ ਗਿਣਤੀ ਦੂਜੇ ਡਾਕਟਰਾਂ ਦੇ ਮੁਕਾਬਲੇ ਪਹਿਲਾਂ ਹੀ ਰਾਜ ਅੰਦਰ ਘੱਟ ਹੈ। ਸਰਕਾਰੀ ਹਸਪਤਾਲਾਂ 'ਚ ਸਿਰਫ 34 ਡਾਕਟਰ ਹੀ ਕੰਮ ਕਰ ਰਹੇ ਹਨ। ਪੰਜਾਬ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਦੀ ਹਾਲਤ ਬਹੁਤੀ ਵਧੀਆ ਨਹੀਂ ਹੈ। ਮਰੀਜ਼ ਦੀ ਸੁਰੱਖਿਆਂ ਦੇ ਪੁਖਤਾ ਪ੍ਰਬੰਧ ਨਹੀਂ ਹਨ, ਜਿਸ ਕਾਰਨ ਅਜਿਹੇ ਥਾਵਾਂ 'ਤੇ ਕਈ ਵਾਰ ਨਸ਼ੇ ਦੀ ਆਮਦ ਹੋ ਜਾਂਦੀ ਹੈ। ਜਿਸ ਨਾਲ ਇਲਾਜ ਦਾ ਕੋਰਸ ਪੂਰਾ ਨਹੀਂ ਹੁੰਦਾ ਅਤੇ ਜਦੋਂ ਦੂਜੇ ਪਾਸੇ ਪੰਜਾਬ ਦੇ ਮੁਖ ਮੰਤਰੀ ਇਹ ਦਾਅਵਾ ਕਰ ਰਹੇ ਹੋਣ ਕਿ ਪੰਜਾਬ ਦੇ ਇੰਨੇ ਨੌਜਵਾਨ ਨਸ਼ਾ ਮੁਕਤ ਕਰ ਦਿੱਤੇ ਗਏ ਹਨ ਤਾਂ ਪ੍ਰਭਾਵ ਇਹ ਜਾਂਦਾ ਹੈ ਕਿ ਨਸ਼ਾ ਛੁਡਵਾਉਣਾ ਚੁਟਕੀ ਵਜਾਉਣ ਦੇ ਬਰਾਬਰ ਹੈ ਪ੍ਰੰਤੂ ਅਜਿਹਾ ਨਹੀਂ ਹੈ। ਇਨ੍ਹਾਂ ਨੌਜਵਾਨਾਂ ਨੂੰ ਲੰਬੇ ਇਲਾਜ ਦੀ ਲੋੜ ਪੈਂਦੀ ਹੈ, ਜਿਸ ਲਈ ਦਵਾਈਆਂ ਦੇ ਨਾਲ-ਨਾਲ ਦਿਮਾਗੀ ਤੌਰ 'ਤੇ ਮਰੀਜ਼ ਨੂੰ ਮੁਕਾਬਲਾ ਕਰਨ ਦੀ ਸ਼ਕਤੀ ਦੇਣੀ ਵੀ ਸ਼ਾਮਲ ਹੈ। ਇਨ੍ਹਾਂ ਸੈਂਟਰਾਂ 'ਚ ਰਾਜ ਦੇ ਨਸ਼ੇੜੀ ਨੌਜਵਾਨਾਂ ਨੂੰ ਸਮਾਉਣ ਦੀ ਸ਼ਕਤੀ ਹੀ ਨਹੀਂ ਹੈ। ਏਡਜ ਤੋਂ ਬਚਾਉਣ ਲਈ ਚਲਾਏ ਜਾ ਰਹੇ ਓ.ਐਸ.ਟੀ. ਸੈਂਟਰਾਂ ਦੀ ਗਿਣਤੀ ਰਾਜ ਅੰਦਰ 11 ਹੈ। ਜਿਥੇ ਟੀਕੇ ਰਾਹੀਂ ਨਸ਼ਾ ਲੈਣ ਵਾਲੇ ਨੌਜਵਾਨਾਂ ਨੂੰ ਬਦਲਵੀਆਂ ਦਵਾਈਆਂ ਦੇ ਕੇ ਨਾੜ 'ਚ ਟੀਕੇ ਲਗਾਉਣ ਤੋਂ ਰੋਕਿਆ ਜਾ ਰਿਹਾ ਹੈ। ਇਨ੍ਹਾਂ ਕੇਂਦਰਾਂ 'ਚੋਂ ਬਹੁਤੇ ਥਾਵਾਂ 'ਤੇ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ। ਮਰੀਜ਼ਾਂ ਵਲੋਂ ਕੀਤੇ ਜਾਂਦੇ ਹੰਗਾਮੇ ਦਾ ਸਟਾਫ਼ ਕੋਲ ਕੋਈ ਹੱਲ ਨਹੀਂ ਹੈ। ਰਾਜ ਦੇ ਪ੍ਰਾਈਵੇਟ ਸੈਂਟਰਾਂ 'ਚ ਵੱਡੀ ਭੀੜ ਇਸ ਗੱਲ ਦਾ ਸੰਕੇਤ ਹੈ ਕਿ ਕੁੱਝ ਲੋਕ ਆਪਣੇ ਬੱਚਿਆਂ ਨੂੰ ਇਸ ਦਲਦਲ 'ਚੋਂ ਕੱਢਣਾ ਚਾਹੁੰਦੇ ਹਨ ਪਰ ਹੱਥ ਪੱਲੇ ਕੁੱਝ ਵੀ ਨਹੀਂ ਪੈ ਰਿਹਾ ਕਿਉਂਕਿ ਪ੍ਰਾਈਵੇਟ ਖੇਤਰ 'ਚ ਇਹ ਇਲਾਜ ਕਾਫ਼ੀ ਮਹਿੰਗਾ ਹੋਣ ਕਾਰਨ ਹਰ ਇੱਕ ਵਿਅਕਤੀ ਦੀ ਪਹੁੰਚ 'ਚ ਹੀ ਨਹੀਂ ਹੈ। ਪੰਜਾਬ 'ਚ ਨਸ਼ਾ ਛੁਡਾਊ ਕੇਂਦਰਾਂ ਦੇ ਨਾਂਅ ਨਾਲ ਜਾਣੇ ਜਾਂਦੇ ਕੁੱਝ ਕੇਂਦਰ ਵੀ ਕੰਮ ਕਰ ਰਹੇ ਹਨ, ਜਿਥੇ ਅਜਿਹੇ ਮਰੀਜ਼ਾਂ ਨੂੰ ਕਈ-ਕਈ ਮਹੀਨੇ ਰੱਖਿਆ ਜਾਂਦਾ ਹੈ। ਕਾਗਜ਼ਾਂ ਪੱਤਰਾਂ 'ਚ ਪੁਨਰ ਸਥਾਪਤੀ ਕੇਂਦਰਾਂ ਵਜੋਂ ਚਲਦੇ ਇਨ੍ਹਾਂ ਕੇਂਦਰਾਂ ਦੇ ਅੰਦਰ ਇਹ ਲਿਖ ਕੇ ਲਗਾਇਆ ਹੁੰਦਾ ਹੈ ਕਿ ਇਥੇ ਮਨੁੱਖੀ ਹੱਕਾਂ ਦੀ ਰਾਖੀ ਕੀਤੀ ਜਾਂਦੀ ਹੈ। ਆਲਮ ਇਹ ਹੈ ਕਿ ਪਿੰਡ ਚੜਿੱਕ 'ਚ ਚਲਦਾ ਅਜਿਹਾ ਸੈਂਟਰ ਇਨ੍ਹਾਂ ਨਸ਼ੇੜੀਆਂ ਨੇ ਤੋੜ ਦਿੱਤਾ ਤੇ ਫਰਾਰ ਹੋ ਗਏ ਅਤੇ ਇਨ੍ਹਾਂ ਨੇ ਆਪਣੀ ਹਾਜ਼ਰੀ ਲਾਗਲੇ ਸ਼ਹਿਰ ਦੇ ਸਿਵਲ ਹਸਪਤਾਲ 'ਚ ਜਾਕੇ ਲਵਾ ਦਿੱਤੀ। ਅਜਿਹੇ ਕੇਂਦਰਾਂ 'ਚ ਅਜਿਹੀਆਂ ਸਜਾਵਾਂ ਦਿੱਤੀਆਂ ਜਾਂਦੀਆਂ ਹਨ ਕਿ ਜਿਸ ਨਾਲ ਹੱਠੀ ਕਿਸਮ ਦਾ ਨੌਜਵਾਨ ਹੀ ਇਨ੍ਹਾਂ ਦਾ ਮੁਕਾਬਲਾ ਕਰ ਸਕਦਾ ਹੈ। ਉਦਹਾਰਣ ਵਜੋਂ ਪੂਰਾ ਪੂਰਾ ਦਿਨ ਚੌਕੜੀ ਮਾਰ ਕੇ ਬਿਠਾਈ ਰੱਖਣਾ। ਇਹ ਅਜਿਹੀ ਸਥਿਤੀ ਹੈ ਕਿ ਕੋਈ ਕਿਸੇ ਨੂੰ ਕੀ ਦੱਸੇਗਾ, ਮੂੰਹ 'ਚ ਕੱਪੜਾ ਦੇਕੇ ਕੁੱਟਣਾ। ਘਰਦਿਆਂ ਨੂੰ ਇਹ ਕਹਿ ਕੇ ਦੂਰ ਰੱਖਣਾ ਕਿ ਜੇ ਇਸ ਮਰੀਜ਼ ਨੇ ਤੁਹਾਨੂੰ ਦੇਖ ਲਿਆ ਤਾਂ ਇਹ ਫਿਰ ਘਰ ਜਾਣ ਨੂੰ ਕਹੇਗਾ। ਘਰ ਦੇ ਅੱਕੇ ਹੋਏ ਪਹਿਲਾਂ ਹੀ ਅਜਿਹੇ ਨੌਜਵਾਨ ਨੂੰ ਪਰ੍ਹੇ ਰੱਖਣਾ ਚਾਹੁੰਦੇ ਹੁੰਦੇ ਹਨ, ਅਜਿਹੇ ਮਾਪੇ ਆਪਣੇ ਬੱਚੇ ਨੂੰ ਸੁਧਾਰਨ ਲਈ ਅਜਿਹੇ ਕੇਂਦਰਾਂ 'ਚ ਲੈ ਕੇ ਜਾਂਦੇ ਹਨ ਪਰ ਜਦੋਂ ਅਜਿਹਾ ਮਰੀਜ ਸਹਿਯੋਗ ਨਹੀਂ ਕਰਦਾ ਤਾਂ ਸੈਂਟਰਾਂ ਵਾਲੇ ਘਰਦਿਆਂ ਨੂੰ ਬਲੈਕਮੇਲ ਕਰਦੇ ਹਨ ਅਤੇ ਪੈਸੇ ਭਟੋਰਦੇ ਹਨ। ਜਿਥੇ ਅਜਿਹੇ ਮਰੀਜਾਂ ਨੂੰ ਸਹਿਯੋਗ ਅਤੇ ਦਵਾਈਆਂ ਦੀ ਵੀ ਸਖ਼ਤ ਲੋੜ ਹੁੰਦੀ ਹੈ, ਉਥੇ ਕੈਲਸ਼ੀਅਮ ਅਤੇ ਭੁੱਖ ਲੱਗਣ ਵਾਲੀ ਗੋਲੀ ਦੇ ਕੇ ਘਰਦਿਆਂ ਤੋਂ ਮੋਟੇ ਪੈਸੇ ਚਾਰਜ ਕੀਤੇ ਜਾਂਦੇ ਹਨ। ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਤਾਂ ਪਹਿਲਾ ਹੀ ਘੱਟ ਹਨ ਅਤੇ ਅਜਿਹੇ ਸੈਂਟਰਾਂ ਕੋਲ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਬਹੁਤੀ ਵਾਰ ਹੁੰਦੇ ਹੀ ਨਹੀਂ ਹਨ। ਨਸ਼ਿਆਂ ਨੂੰ ਛੁਡਵਾਉਣ ਦਾ ਕੰਮ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਦਾ ਹੀ ਕੰਮ ਹੈ ਅਤੇ ਇਨ੍ਹਾਂ ਸੈਂਟਰਾਂ 'ਚ ਇਹ ਕਹਿ ਕੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਨਹੀਂ ਰੱਖੇ ਜਾਂਦੇ ਕਿ ਇਹ ਨਸ਼ਾ ਛੁਡਾਊ ਕੇਂਦਰ ਨਹੀਂ ਹਨ ਸਗੋਂ ਪੁਨਰ-ਸਥਾਪਤੀ ਦੇ ਕੇਂਦਰ ਹਨ। ਅਜਿਹੇ ਸੈਂਟਰਾਂ ਵਾਲੇ ਇਹ ਵੀ ਦਾਅਵਾ ਕਰਦੇ ਹਨ ਕਿ ਨਸ਼ਾ ਛੱਡਣ ਲਈ ਪਹਿਲੇ ਤਿੰਨ ਦਿਨ ਦੀ ਹੀ ਸਮੱਸਿਆ ਹੁੰਦੀ ਹੈ ਅਤੇ ਉਨ੍ਹਾਂ ਨੂੰ ਜੇ ਲੋੜ ਹੋਵੇ ਤਾਂ ਉਹ ਡਾਕਟਰ ਨੂੰ ਬੁਲਾ ਲੈਂਦੇ ਹਨ। ਜਦੋਂ ਕਿ ਸਾਰਾ ਇਲਾਜ ਮਾਹਿਰ ਡਾਕਟਰ ਦੀ ਨਿਗਰਾਨੀ ਹੇਠ ਹੀ ਕਰਨਾ ਹੁੰਦਾ ਹੈ। । ਜਿਨ੍ਹਾਂ ਤਹਿਸੀਲ ਪੱਧਰੀ ਸਰਕਾਰੀ ਹਸਪਤਾਲਾਂ 'ਚ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਦੀ ਪੋਸਟ ਨਹੀਂ ਹੈ, ਉਥੇ ਸਬੰਧਤ ਦਵਾਈਆਂ ਦੀ ਵੀ ਸਪਲਾਈ ਨਹੀਂ ਹੁੰਦੀ। ਕਹਿਣ ਨੂੰ ਸਰਕਾਰ ਨੇ ਹਰ ਸਰਕਾਰੀ ਹਸਪਤਾਲ ਦੇ ਦਵਾਈਆਂ ਦੇ ਮਾਹਿਰ ਡਾਕਟਰ ਤੋਂ ਅਜਿਹੀ ਸੇਵਾ ਲੈਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਪਰ ਦਵਾਈਆਂ ਦੇ ਮਾਹਿਰ ਡਾਕਟਰ ਨਸ਼ਾ ਛਡਵਾਉਣ ਵਾਲੀਆਂ ਦਵਾਈਆਂ ਤੋਂ ਬਿਨਾਂ ਕਿਸੇ ਦੀ ਕੀ ਮਦਦ ਕਰ ਸਕਦੇ ਹਨ। ਇਹ ਡਾਕਟਰ ਸਿਰਫ ਮਰੀਜ਼ਾਂ ਨੂੰ ਅੱਗੇ ਭੇਜਣ ਦਾ ਹੀ ਕੰਮ ਕਰ ਰਹੇ ਹਨ ਅਤੇ ਕਾਗਜ਼ਾਂ 'ਚ ਇਹ ਦਾਅਵੇਦਾਰੀ ਕੀਤੀ ਜਾ ਰਹੀ ਹੈ ਕਿ ਹਰ ਹਸਪਤਾਲ 'ਚ ਨਸ਼ਾ ਛਡਵਾਉਣ ਦੇ ਪ੍ਰਬੰਧ ਕੀਤੇ ਹੋਏ ਹਨ। ਨਸ਼ੇ ਦੇ ਇਲਾਜ਼ ਲਈ ਵਰਤੀਆਂ ਜਾਂਦੀਆਂ ਦਵਾਈਆਂ 'ਤੇ ਪਾਬੰਦੀ ਲਗਾਉਣ ਕਾਰਨ ਦਵਾਈਆਂ ਦਾ ਮਾਹਿਰ ਡਾਕਟਰ ਕਿਸੇ ਮਰੀਜ਼ ਨੂੰ ਬਜ਼ਾਰ 'ਚੋਂ ਦਵਾਈਆਂ ਲੈਣ ਨਹੀਂ ਭੇਜ ਸਕਦਾ। ਦਵਾਈਆਂ ਦੀਆਂ ਦੁਕਾਨਾਂ 'ਤੇ ਅਜਿਹੀਆਂ ਕੁੱਝ ਦਵਾਈਆਂ ਰੱਖਣ ਲਈ ਇੱਕ ਵੱਖਰਾ ਲਾਇਸੰਸ ਲੈਣ ਨੂੰ ਕਿਹਾ ਗਿਆ ਹੈ, ਜਿਸ ਨਾਲ ਬਹੁਤੇ ਸ਼ਹਿਰਾਂ ਦੀਆਂ ਕੈਮਿਸਟ ਯੂਨੀਅਨਾਂ ਨੇ ਅਜਿਹੀਆਂ ਦਵਾਈਆਂ ਰੱਖਣ ਲਈ ਨਵੇਂ ਲੋੜੀਦੇ ਲਾਇਸੰਸ ਲੈਣ ਤੋਂ ਹੀ ਇਨਕਾਰ ਕੀਤਾ ਹੋਇਆ ਹੈ। ਇਨ੍ਹਾਂ ਮੁਤਾਬਿਕ ਡਾਕਟਰ ਦੀ ਪਰਚੀ ਦੀ ਫੋਟੋ ਸਟੈਟ, ਬਿੱਲ ਅਤੇ ਰਿਕਾਰਡ ਰੱਖਣ ਦੀਆਂ ਸ਼ਰਤਾਂ ਹੀ ਇੰਨੀਆਂ ਕੁ ਲਗਾ ਦਿੱਤੀਆਂ ਹਨ ਕਿ ਅਜਿਹੇ ਮਰੀਜ਼ਾਂ ਨੂੰ ਦਵਾਈ ਦੇਣੀ ਹੀ ਔਖਾ ਕੰਮ ਹੈ। ਤਿੰਨ ਦਿਨ ਪੁਰਾਣੀ ਡਾਕਟਰ ਦੀ ਲਿਖੀ ਪਰਚੀ 'ਤੇ ਦਵਾਈ ਨਹੀਂ ਦੇਣੀ, ਵਰਗੀਆਂ ਸ਼ਰਤਾਂ ਕਾਰਨ ਦਵਾਈਆਂ ਵੇਚਣ ਵਾਲੇ ਪ੍ਰੇਸ਼ਾਨ ਹਨ ਪ੍ਰੰਤੂ ਚਾਹੀਦਾ ਤਾਂ ਇਹ ਸੀ ਕਿ ਡਾਕਟਰ ਦੀ ਪਰਚੀ 'ਤੇ ਹੀ ਪੇਡ ਦੀ ਮੋਹਰ ਲਗਾਈ ਜਾ ਸਕਦੀ ਹੈ ਤਾਂ ਜੋ ਮਰੀਜ਼ ਆਪਣੀ ਮਨ ਮਰਜੀ ਨਾਲ ਦੁਬਾਰਾ ਉਹੀ ਪਰਚੀ ਦਿਖਾ ਕੇ ਦਵਾਈ ਨਾ ਲੈ ਲਵੇ। ਇਸ ਕਾਨੂੰਨ ਦੇ ਹੇਠ ਹੀ ਪ੍ਰਾਈਵੇਟ ਡਾਕਟਰਾਂ ਵਲੋਂ ਅਜਿਹੀਆਂ ਕੁੱਝ ਦਵਾਈਆਂ ਦੇ ਆਰਡਰ ਮਨ ਮਰਜੀ ਦੇ ਪ੍ਰਿੰਟ ਰੇਟਾਂ ਦੇ ਨਾਲ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਹੀ ਸਿੱਧੇ ਰੂਪ 'ਚ ਦਿੱਤੇ ਜਾ ਰਹੇ, ਦੱਸੇ ਜਾ ਰਹੇ ਹਨ। ਜਿਸ ਨਾਲ ਪ੍ਰਾਈਵੇਟ ਡਾਕਟਰਾਂ ਲਈ ਆਪਣੀ ਕਮਾਈ ਦਾ ਰਾਹ ਹੋਰ ਵੀ ਮੋਕਲਾ ਹੋ ਗਿਆ ਹੈ। ਅਹਿਮ ਸਵਾਲ ਤਾਂ ਇਹ ਹੈ ਕਿ ਨਸ਼ੇ ਦਾ ਸ਼ਿਕਾਰ ਕਿਸੇ ਮਰੀਜ਼ ਨੂੰ ਦੋ-ਦੋ ਸਾਲ ਦਵਾਈ ਖਵਾਉਣੀ ਪੈ ਸਕਦੀ ਹੈ। ਅਜਿਹੇ 'ਚ ਲੰਬੇ ਇਲਾਜ ਲਈ ਖਰਚ ਕੌਣ ਕਰੇਗਾ? ਵਿਚ ਵਿਚਾਲੇ ਇਨ੍ਹਾਂ ਨਸ਼ੇੜੀਆਂ ਦੀ ਨਸ਼ੇ ਦੀ ਉਪਲੱਭਤਤਾ ਕਾਰਨ ਮੁੜ ਪਹਿਲੀ ਸਥਿਤੀ ਹੋ ਸਕਦੀ ਹੁੰਦੀ ਹੈ ਤਾਂ ਘਰਦੇ ਕਿੰਨਾ ਕੁ ਇਲਾਜ ਕਰਵਾਉਣ ਦੇ ਸਮਰੱਥ ਹੋ ਸਕਦੇ ਹਨ। ਰਾਜ ਦੇ ਕਿੰਨੇ ਨਸ਼ਾ ਛੁਡਾਊ ਕੇਂਦਰਾਂ 'ਚ ਕਾਉਂਸਲਿੰਗ ਦਾ ਪ੍ਰਬੰਧ ਹੈ ਅਤੇ ਕਿੰਨੇ ਸੈਂਟਰਾਂ 'ਚ ਇਲਾਜ਼ ਅਧੀਨ ਇਨ੍ਹਾਂ ਨੌਜਵਾਨਾਂ ਨੂੰ ਕੰਮ 'ਚ ਰੁਝਾਈ ਰੱਖਣ ਲਈ ਖੇਡਾਂ ਅਤੇ ਹੋਰ ਸਰਗਰਮੀਆਂ ਕਰਨ ਕਰਵਾਉਣ ਦਾ ਪ੍ਰਬੰਧ ਹੈ। 
ਲੋਕ ਸਭਾ ਚੋਣਾਂ ਤੋਂ ਬਾਅਦ ਲੋਕਾਂ ਦਾ ਗੁੱਸਾ ਠੰਡਾ ਕਰਨ ਲਈ ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੀ ਹੁਣ ਫੂਕ ਨਿੱਕਲ ਗਈ ਜਾਪਦੀ ਹੈ। ਪੁਲਸ ਹੁਣ ਪਿੰਡਾਂ 'ਚ ਜਾ ਜਾ ਕੇ ਇਹ ਕਹਿ ਰਹੀ ਹੈ ਕਿ ਉਨ੍ਹਾਂ ਨੂੰ ਨਸ਼ਾ ਕਰਦਾ ਕੋਈ ਵਿਅਕਤੀ ਦੱਸੋ, ਜਿਸ ਤੋਂ ਸਿਰਫ ਜਾਣਕਾਰੀ ਹੀ ਲਈ ਜਾਵੇਗੀ ਅਤੇ ਇਸ ਨੂੰ ਕੁੱਝ ਨਹੀਂ ਕਿਹਾ ਜਾਵੇਗਾ, ਸਗੋਂ ਉਨ੍ਹਾਂ ਦਾ ਇਲਾਜ਼ ਵੀ ਕਰਵਾਇਆ ਜਾਵੇਗਾ। ਬਹੁਤ ਹੀ ਅਜੀਬ ਗੱਲ ਹੈ ਕਿ ਜਦੋਂ ਧੜਾ ਧੜ ਕੇਸ ਦਰਜ ਕੀਤੇ ਜਾ ਰਹੇ ਸਨ, ਉਸ ਵੇਲੇ ਕੋਈ ਹੋਰ ਕਾਨੂੰਨ ਸੀ ਅਤੇ ਹੁਣ ਕਾਨੂੰਨ ਨੂੰ ਛਿੱਕੇ ਟੰਗ ਕੇ ਇਹ ਕਿਹਾ ਜਾ ਰਿਹਾ ਹੈ ਕਿ ਅਜਿਹੇ ਨੌਜਵਾਨਾਂ 'ਤੇ ਕੋਈ ਮਾਮਲੇ ਦਰਜ ਨਹੀਂ ਕੀਤੇ ਜਾਣਗੇ। ਕੀ ਪੁਲਸ ਲੋਕਾਂ ਨੂੰ ਮੁਖਬਰ ਹੀ ਬਣਾਉਣਾ ਚਾਹੁੰਦੀ ਹੈ, ਜਦੋਂ ਇਨ੍ਹਾਂ ਨੂੰ ਸਵਾਲ ਇਹ ਕੀਤਾ ਜਾਵੇ ਕਿ ਪੁਲਸ ਨਸ਼ੇੜੀਆਂ ਲਈ ਕੀ ਕਰ ਰਹੀ ਹੈ ਤਾਂ ਇਨ੍ਹਾਂ ਵੱਡੇ ਅਧਿਕਾਰੀਆਂ ਦਾ ਹੀ ਇਹ ਜਵਾਬ ਹੁੰਦਾ ਹੈ ਕਿ ਪੁਲਸ ਦਾ ਕੰਮ ਨਸ਼ੇ ਛਡਵਾਉਣਾ ਨਹੀਂ ਹੈ। ਪੁਲਸ ਵਲੋਂ ਆਰੰਭੀ ਇਹ ਮੁਹਿੰਮ ਹੁਣ ਠੰਡੀ ਪਾ ਦਿੱਤੀ ਗਈ ਹੈ, ਕੀ ਹੁਣ ਪੰਜਾਬ ਨਸ਼ਾ ਮੁਕਤ ਹੋ ਗਿਆ ਹੈ। ਰਾਜ ਅੰਦਰ ਨਜਾਇਜ਼ ਵਿਕਦੀ ਸ਼ਰਾਬ, ਅਫੀਮ, ਭੁੱਕੀ ਦੀ ਤਾਂ ਚਰਚਾ ਹੋਣੋ ਹੀ ਘੱਟ ਗਈ ਹੈ। ਹੁਣ ਤਾਂ ਨਸ਼ੇ ਦਾ ਅਰਥ ਅਤੇ ਪੁਲਸ ਵਲੋਂ ਆਰੰਭੀ ਮੁਹਿੰਮ ਦਾ ਅਰਥ ਵੀ ਪੰਜਾਬ ਦੀ ਜਵਾਨੀ ਨੂੰ ਡੋਬਣ ਵਾਲੇ ਸਮੈਕ, ਹੈਰੋਇਨ, ਆਇਸ, ਚਿੱਟੇ  ਵਰਗੇ ਨਸ਼ੇ ਹੀ ਹਨ। ਅਸਲ 'ਚ ਇਨ੍ਹਾਂ ਨਸ਼ਿਆਂ ਦਾ ਰੇਟ ਹੀ ਮਹਿੰਗਾ ਹੋਇਆ ਹੈ ਅਤੇ ਹੋਰ ਕੁੱਝ ਨਹੀਂ ਹੋਇਆ ਹੈ। ਬਹੁਤੇ ਥਾਵਾਂ 'ਤੇ ਪੁਲਸ ਵਲੋਂ ਅਜਿਹੇ ਨੌਜਵਾਨਾਂ ਨੂੰ ਛੱਡਣ ਦੇ ਨਾਂ ਹੇਠ ਪੰਚਾਇਤਾਂ 'ਤੇ ਬਿਆਨ ਹਲਫੀਆਂ ਦੇਣ ਲਈ ਦਬਾਅ ਵੀ ਪਾਏ ਜਾ ਰਹੇ ਹਨ। ਪੰਚਾਇਤਾਂ ਆਪਣੀਆਂ ਵੋਟਾਂ ਖ਼ਾਤਰ, ਇਹ ਪਤਾ ਹੁੰਦੇ ਹੋਏ ਵੀ ਕਿ ਇਹ ਨੌਜਵਾਨ ਅਜਿਹੇ ਕੰਮ 'ਚ ਫਸਿਆ ਹੋਇਆ ਹੈ, ਝੂਠਾ ਹੀ ਬਿਆਨ ਹਲਫੀਆਂ ਦੇ ਰਹੀਆਂ ਹਨ। ਪੁਲਸ ਨੂੰ ਦੂਜਾ ਫਾਇਦਾ ਇਹ ਹੁੰਦਾ ਹੈ ਕਿ ਖੂਹ 'ਚ ਡਿੱਗੀ ਹੋਈ ਇੱਟ ਕਦੇ ਸੁੱਕੀ ਨਹੀਂ ਨਿਕਲਦੀ। ਹਾਲੇ ਤੱਕ ਪੁਲਸ ਅਤੇ ਦੂਜਾ ਪ੍ਰਸ਼ਾਸਨ ਮਕਾਨਕੀ ਢੰਗ ਨਾਲ ਹੀ ਇਸ ਦਾ ਇਲਾਜ ਕਰਦਾ ਵਿਖਾਈ ਦੇ ਰਿਹਾ ਹੈ। ਇਸ ਦਾ ਇਲਾਜ ਬਹੁਪੱਖੀ ਪਹੁੰਚ ਰਾਹੀਂ ਕਰਨ ਤੋਂ ਬਿਨਾਂ ਕੁੱਝ ਨਹੀਂ ਨਿੱਕਲ ਸਕੇਗਾ। ਸੋਸ਼ਲ ਮੀਡੀਏ 'ਤੇ ਅਜਿਹੇ ਨਾਵਾਂ ਨੂੰ ਲੈਣ ਤੋਂ ਵੀ ਗੁਰੇਜ਼ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੇ ਨਾਵਾਂ ਦੀ ਚਰਚਾ ਨਸ਼ਿਆਂ ਦੇ ਕਾਰੋਬਾਰ 'ਚ ਲੱਗੇ ਹੋਣ ਕਾਰਨ ਹੋ ਰਹੀ ਹੈ। ਇਸ ਦੇ ਮੁਕਾਬਲੇ ਦੂਜੇ ਕਈ ਦੇਸ਼ਾਂ 'ਚ ਵਧੇਰੇ ਆਜ਼ਾਦੀ ਹੋਣ ਕਾਰਨ ਵੱਖ-ਵੱਖ ਨਾਂਅ ਸਾਹਮਣੇ ਆ ਰਹੇ ਹਨ। ਇਹ ਨਾਂਅ ਕੋਈ ਵੀ ਹੋ ਸਕਦੇ ਹਨ ਅਤੇ ਨਾਂਵਾ ਦਾ ਨਿਪਟਾਰਾ ਅਦਾਲਤਾਂ ਨੇ ਕਰਨਾ ਹੈ। ਪੰਜਾਬ ਦੇ ਮਰ ਰਹੇ ਨੌਜਵਾਨਾਂ ਦਾ ਕੌਣ ਵਾਲੀ ਵਾਰਸ ਬਣੇਗਾ, ਇਹ ਵੱਡਾ ਸਵਾਲ ਉਭਰ ਕੇ ਸਾਹਮਣੇ ਆ ਰਿਹਾ ਹੈ। ਸੱਥਰਾਂ 'ਤੇ ਬੈਠੇ ਲੋਕ ਇਹ ਦੱਸਣ ਤੋਂ ਵੀ ਗੁਰੇਜ਼ ਕਰ ਰਹੇ ਹਨ ਕਿ ਇਹ ਮੌਤ ਕਿਵੇਂ ਹੋਈ ਹੈ, ਬਸ ਜੀ ਦਿਲ ਫੇਲ੍ਹ ਹੋ ਗਿਆ ਸੀ ਕਹਿ ਕਿ ਆਪਣੇ ਆਪ ਨੂੰ ਧਰਵਾਸ ਦੇ ਰਹੇ ਹਨ। ਵੱਡੀ ਗਿਣਤੀ 'ਚ ਨੌਜਵਾਨ ਪੰਜਾਬ 'ਚ ਅਤੇ ਖ਼ਾਸ ਕਰ ਕਨੇਡਾ ਦੀ ਧਰਤੀ 'ਤੇ ਨਸ਼ਿਆਂ ਕਾਰਨ ਮੌਤ ਦੇ ਮੂੰਹ 'ਚ ਜਾ ਰਹੇ ਹਨ। ਬਹੁਤੇ ਥਾਵਾਂ 'ਤੇ ਨਸ਼ਿਆਂ ਕਾਰਨ ਇਸ ਦੀ ਤਸਦੀਕ ਕਰਨੀ ਔਖੀ ਹੋ ਜਾਂਦੀ ਹੈ ਕਿਉਂਕਿ ਹਰ ਮਾਪਾ ਆਪਣੀ ਇੱਜਤ ਖ਼ਾਤਰ ਇਸ ਨੂੰ ਲੁਕਾਉਣਾ ਚਾਹੁੰਦਾ ਹੈ। 
ਹੁਣ ਜਦੋਂ ਬੇਰੁਜ਼ਗਾਰੀ ਦਾ ਵੱਡਾ ਦੈਂਤ ਸਾਹਮਣੇ ਨਜ਼ਰ ਆ ਰਿਹਾ ਹੈ। ਬੇਰੁਜ਼ਗਾਰੀ ਤਾਂ ਪਹਿਲਾ ਵੀ ਸੀ, ਹੁਣ ਵੀ ਹੈ। ਬਸ ਫਰਕ ਇਹ ਹੈ ਕਿ ਬਦਲਦੇ ਜ਼ਮਾਨੇ ਨਾਲ ਹਰ ਨੌਜਵਾਨ ਦੀਆਂ ਲੋੜਾਂ ਵੱਧ ਗਈਆਂ ਹਨ। ਹਰ ਨੌਜਵਾਨ ਘੱਟੋ ਘੱਟ ਮੋਟਰਸਾਈਕਲ ਅਤੇ ਮੋਬਾਈਲ ਤਾਂ ਰੱਖਣਾ ਹੀ ਚਾਹੁੰਦਾ ਹੈ, ਜਿਸ ਲਈ ਵਧੀਆਂ ਕਿਸਮਾਂ ਦਾ ਵੀ ਮੁਕਾਬਲਾ ਸ਼ੁਰੂ ਹੋ ਗਿਆ ਹੈ, ਪਰ ਹਕੀਕਤਾਂ ਅਸਲ ਨਾਲ ਮੇਲ ਨਹੀਂ ਖਾ ਰਹੀਆਂ। ਇਨ੍ਹਾਂ ਵਸਤਾਂ ਨੂੰ ਰੱਖਣ ਦਾ ਹੀ ਕੰਮ ਨਹੀਂ ਹੈ, ਹੋਰ ਵੀ ਖਰਚ ਹੋਣਾ ਹੁੰਦਾ ਹੈ। ਜਿਸ ਦੇ ਸਿੱਟੇ ਵਜੋਂ ਮਨ 'ਚ ਕਸ਼ਮਕਸ਼ ਚਲਦੀ ਹੈ। ਇਹੀ ਕਸ਼ਮਕਸ਼ ਨੌਜਵਾਨ ਨੂੰ ਨਸ਼ੇ ਵੱਲ ਧੱਕ ਕੇ ਲੈ ਜਾਂਦੀ ਹੈ। ਨਸ਼ਿਆਂ ਦਾ ਇਲਾਜ ਕਰਨ ਲਈ ਪੰਜਾਬ ਸਰਕਾਰ ਨੂੰ ਡਾਕਟਰ ਨਹੀਂ ਮਿਲ ਰਹੇ। ਇਸ ਲਈ ਫਿਰ ਸਿਹਤ ਵਿਭਾਗ ਦਾ ਢਾਂਚਾ ਹੀ ਦੋਸ਼ੀ ਹੈ ਕਿਉਂਕਿ ਪ੍ਰਾਈਵੇਟ ਖੇਤਰ ਦੇ ਮੁਕਾਬਲੇ ਤਨਖਾਹਾਂ ਘੱਟ ਹੋਣ ਕਾਰਨ ਡਾਕਟਰ ਸਰਕਾਰੀ ਨੌਕਰੀਆਂ ਦੇ ਝੰਝਟ 'ਚ ਫਸਣਾ ਹੀ ਨਹੀਂ ਚਾਹੁੰਦੇ। ਦੂਜੇ ਰਾਜਾਂ ਤੋਂ ਵੀ ਡਾਕਟਰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਨੂੰ ਵੀ ਬਹੁਤੀ ਸਫਲਤਾ ਨਹੀਂ ਮਿਲ ਸਕੀ। ਰਾਜ ਦੇ ਕੁੱਲ 72 ਨਸ਼ਾ ਛੁਡਾਊ ਕੇਂਦਰਾਂ 'ਚੋਂ 62 ਕੇਂਦਰ ਨਿੱਜੀ ਹਨ। ਸਰਕਾਰੀ ਕੇਂਦਰਾਂ 'ਚ ਬਹੁਤੇ ਥਾਵਾਂ 'ਤੇ ਬੁਨਿਆਦੀ ਢਾਂਚਾ ਨਹੀਂ ਹੈ। ਜਿਥੇ ਢਾਂਚਾ ਹੈ, ਉਥੇ ਹੋਰ ਸਾਧਨਾਂ ਦੀ ਘਾਟ ਹੈ। ਇੱਕ ਮੋਟੇ ਅੰਦਾਜੇ ਮੁਤਾਬਿਕ ਨਸ਼ੇੜੀਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ 'ਤੇ 450 ਕਰੋੜ ਰੁਪਏ ਦੀ ਜਰੂਰਤ ਹੈ ਅਤੇ ਨਸ਼ਾ ਮੁਕਤ ਕਰਨ ਲਈ 200 ਕਰੋੜ ਰੁਪਏ ਦੀ ਜਰੂਰਤ ਹੈ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਏਡਜ਼ ਦੀ ਬਿਮਾਰੀ 'ਚ ਬੇਅਥਾਹ ਵਾਧਾ ਹੋਵੇਗਾ, ਜਿਸ ਨੂੰ ਕੋਈ ਰੋਕ ਨਹੀਂ ਸਕੇਗਾ। ਫਰੀਦਕੋਟ ਦੀ ਜੇਲ੍ਹ ਅੰਦਰ ਟੀਕੇ ਲਗਾ ਕੇ ਮਰ ਰਹੇ ਨੌਜਵਾਨਾਂ ਬਾਰੇ ਹੁਣ ਜੱਗ ਜਾਹਿਰ ਹੋ ਗਿਆ ਹੈ। ਨਮੂਨੇ ਵਜੋਂ ਰਾਜ ਦੇ ਇੱਕ ਤਹਿਸੀਲ ਪੱਧਰੀ ਸਰਕਾਰੀ ਹਸਪਤਾਲ ਦੀ ਰਿਪੋਰਟ ਜਿਥੇ ਏਡਜ਼ ਤੋਂ ਬਚਾਓ ਕਰਨ ਲਈ ਇੱਕ ਕੇਂਦਰ ਖੁਲਿਆ ਹੋਇਆ ਹੈ। ਇਸ ਕੇਂਦਰ 'ਚ ਬੱਚਾ ਹੋਣ ਵਾਲੀਆਂ ਸਾਰੀਆਂ ਔਰਤਾਂ ਦਾ ਏਡਜ਼ ਦਾ ਟੈਸਟ ਕਰਵਾਇਆ ਜਾਂਦਾ ਹੈ। ਇਨ੍ਹਾਂ ਔਰਤਾਂ ਸਮੇਤ ਅਪ੍ਰੈਲ 2013 ਤੋਂ ਲੈ ਕੇ ਮਾਰਚ 2014 ਤੱਕ ਕੁੱਲ ਹੋਣ ਵਾਲੇ ਟੈਸਟਾਂ 'ਚੋਂ 1.44 ਪ੍ਰਤੀਸ਼ਤ ਮਰੀਜ਼ ਪਾਜ਼ਟਿਵ ਪਾਏ ਗਏ। ਮਈ ਅਤੇ ਜੂਨ 2014 'ਚ ਮਾਮੂਲੀ ਵਾਧੇ ਨਾਲ 1.73 ਪ੍ਰਤੀਸ਼ਤ ਪਾਜ਼ਟਿਵ ਮਰੀਜ਼ ਸਾਹਮਣੇ ਆਏ। ਜੂਨ 'ਚ ਨਸ਼ਿਆਂ ਖ਼ਿਲਾਫ ਚੱਲੀ ਮੁਹਿੰਮ ਉਪਰੰਤ ਆਮ ਮਰੀਜ਼ਾਂ 'ਚੋਂ 1.38 ਪ੍ਰਤੀਸ਼ਤ ਮਰੀਜ਼ ਪਾਜ਼ਟਿਵ ਆਏ ਅਤੇ ਨਸ਼ਿਆਂ ਦੇ ਸ਼ਿਕਾਰ ਮਰੀਜ਼ਾਂ 'ਚੋਂ ਇਹ ਗਿਣਤੀ 7.37 ਪ੍ਰਤੀਸ਼ਤ ਤੱਕ ਪੁੱਜ ਗਈ। ਏਡਜ਼ ਤੋਂ ਇਲਾਵਾ ਹੈਪਾਟਾਈਟਸ ਸਮੇਤ ਹੋਰ ਲੱਗਣ ਵਾਲੀਆਂ ਬਿਮਾਰੀਆਂ ਇਸ ਤੋਂ ਵੱਖਰੀਆਂ ਹਨ। 
ਅਜਿਹੇ ਹਾਲਾਤ 'ਚ ਨੌਜਵਾਨਾਂ ਦਾ ਭਵਿੱਖ ਧੁੰਧਲਾ ਦਿਖਾਈ ਦੇ ਰਿਹਾ ਹੈ। ਕਿਸੇ ਵੇਲੇ ਨੌਜਵਾਨਾਂ ਨੂੰ ਸਰਗਰਮ ਕਰਨ ਲਈ ਸਰਕਾਰੀ ਪੱਧਰ 'ਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਯੂਥ ਕਲੱਬਾਂ ਦਾ ਗਠਨ ਕਰਕੇ ਸਰਗਰਮੀ ਕੀਤੀ ਜਾਂਦੀ ਸੀ। ਹੁਣ ਇਨ੍ਹਾਂ ਨੂੰ ਜੇਬੀ ਕਲੱਬਾਂ ਬਣਾ ਕੇ ਰੱਖ ਦਿੱਤਾ ਗਿਆ ਹੈ। ਕਲੱਬਾਂ ਨੂੰ ਥੋੜੇ ਬਹੁਤ ਪੈਸੇ ਦੇ ਕੇ ਨੌਜਵਾਨਾਂ ਤੋਂ ਸਰਗਰਮੀ ਕਰਵਾਈ ਜਾਂਦੀ ਸੀ। ਹੁਣ ਵਿਭਾਗਾਂ ਰਾਹੀਂ ਬਹੁਤੇ ਪੈਸੇ ਨਾ ਦੇ ਕੇ ਕਲੱਬਾਂ ਨੂੰ ਰਜਿਸਟਰ ਕਰਵਾਉਣ ਦੀ ਪਿਰਤ ਪਾ ਦਿੱਤੀ ਗਈ ਹੈ। ਜਿਸ ਤਹਿਤ ਇੱਕ ਏਜੰਸੀ ਵਲੋਂ ਗਰਾਂਟਾਂ ਦਿੱਤੀਆਂ ਜਾ ਰਹੀਆ ਹਨ ਅਤੇ ਬਹੁਤੀਆਂ ਗਰਾਂਟਾਂ ਰਾਜ ਕਰਦੀ ਧਿਰ ਵਲੋਂ ਆਪਣੀ ਮਰਜ਼ੀ ਨਾਲ ਕਾਗਜ਼ਾਂ 'ਚ ਕਲੱਬਾਂ ਦਾ ਗਠਨ ਕਰਕੇ ਹੈਲਥ ਕਲੱਬਾਂ ਲਈ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਨ੍ਹਾਂ 'ਚੋਂ ਬਹੁਤੇ ਹੈਲਥ ਕਲੱਬ ਨੌਜਵਾਨਾਂ ਤੋਂ ਬਿਨਾਂ ਚੱਲ ਰਹੇ ਹਨ ਅਤੇ ਕਈ ਨਸ਼ਿਆਂ ਦੇ ਹੀ ਕੇਂਦਰ ਬਣ ਕੇ ਰਹਿ ਗਏ ਹਨ। ਪੁਲਸ ਵਾਂਗ ਮੁਖਬਰੀ ਕਰਵਾਉਣ ਲਈ ਪਿੰਡਾਂ 'ਚ ਮੀਟਿੰਗਾਂ ਕਰਨ ਦੀ ਥਾਂ ਸੱਚੀ ਮੁੱਚੀ ਨੌਜਵਾਨਾਂ ਅਤੇ ਮਾਪਿਆਂ ਦੀਆਂ ਵਰਕਸ਼ਾਪਾਂ ਪਿੰਡਾਂ 'ਚ ਲਗਾਉਣ ਦੀ ਵੱਡੀ ਲੋੜ ਹੈ। ਇਨ੍ਹਾਂ ਵਰਕਸ਼ਾਪਾਂ 'ਚ ਵੱਧ ਰਹੀ ਨਸ਼ਾਖੋਰੀ ਦੇ ਕਾਰਨਾਂ ਬਾਰੇ, ਨੌਜਵਾਨਾਂ ਨੂੰ ਉਸਾਰੂ ਕੰਮਾਂ ਲਈ ਮੁੜ ਤੋਂ ਸਰਗਰਮ ਕਰਨ ਬਾਰੇ, ਇਲਾਜ ਦੇ ਸਹੀ ਤਰੀਕੇ ਦੱਸਣ ਅਤੇ ਇਸ ਲਈ ਕਿੰਨੇ ਅਤੇ ਕਿਵੇਂ ਦੇ ਉੱਦਮ ਕਰਨੇ ਪੈਣਗੇ ਬਾਰੇ ਚਰਚਾ ਕਰਨੀ ਪਵੇਗੀ। ਨੌਜਵਾਨਾਂ ਸਭਾਵਾਂ ਨੂੰ ਵੀ ਇਸ ਵੱਡੇ ਕਾਰਜ ਲਈ ਵੱਡੀਆਂ ਮੁਹਿੰਮਾਂ ਵਿੱਢਣੀਆਂ ਪੈਣਗੀਆਂ, ਨਹੀਂ ਤਾਂ ਪੰਜਾਬ ਦੀ ਜਵਾਨੀ ਤਬਾਹ ਹੋ ਜਾਵੇਗੀ। 

'ਪ੍ਰਧਾਨ ਮੰਤਰੀ ਜਨ-ਧਨ ਯੋਜਨਾ' ਦਾ ਕੱਚ-ਸੱਚ

ਡਾ. ਹਜ਼ਾਰਾ ਸਿੰਘ ਚੀਮਾ

ਕੁਝ ਦਿਨ ਹੋਏ ਸਾਡੀ ਕੰਮ ਵਾਲੀ, ਜਿਸਦੇ ਚਾਰ ਸਕੂਲ ਪੜ੍ਹਦੇ ਬੱਚੇ ਅਤੇ ਬੇਰਜ਼ੁਗਾਰ ਪਤੀ ਹੈ, ਆਉਂਦਿਆਂ ਹੀ ਪਿੱਟ ਸਿਆਪਾ ਕਰਨ ਲੱਗੀ ਕਿ ਇਹਨਾਂ ਔਂਤਰਿਆਂ ਨਿੱਖਤਿਆਂ ਨੇ ਮੇਰੀਆਂ ਤਿੰਨ ਦਿਹਾੜੀਆਂ ਗਾਲਤੀਆਂ ਖਾਤਾ ਖੋਲਣ ਲੱਗਿਆਂ, ਪਰ ਹੁਣ ਜਦੋਂ ਮੈਂ ਲੋੜ ਵੇਲੇ ਕੁੜੀ ਦੀ ਦਾਖਲਾ-ਫੀਸ ਲਈ ਬੈਂਕ 'ਚੋਂ 5000 ਰੁਪਏ ਕਢਵਾਉਣ ਗਈ ਤਾਂ ਆਂਹਦੇ 'ਬੀਬੀ ਤੇਰੇ ਖਾਤੇ 'ਚ ਤਾਂ ਅਜੇ ਧੇਲਾ ਨ੍ਹੀ, ਜਦੋਂ ਪੈਸੇ ਜ਼ਮ੍ਹਾਂ ਹੋਏ, ਉਦੋਂ ਪੈਸੇ ਕਢਵਾ ਸਕੇਂਗੀ'। ਮੇਰੇ ਵਲੋਂ ਉਸਨੂੰ ਮੋੜਕੇ ਇਹ ਕਹਿਣ 'ਤੇ ਕਿ ਬੈਂਕ ਵਾਲਿਆਂ ਠੀਕ ਆਖਿਆ ਹੈ, ਕੰਮ ਵਾਲੀ ਆਖਣ ਲੱਗੀ-ਅੰਕਲ ਤੁਸੀਂ ਵੀ ਬੈਂਕ ਵਾਲਿਆਂ ਨਾਲ ਰਲ ਗਏ ਹੋ। ਉਸ ਨੇ ਅੱਗੇ ਕਿਹਾ ਕਿ ਉਦੋਂ ਤਾਂ ਮੋਦੀ ਆਂਹਦਾ ਸੀ ਹਰ ਖਾਤਾ ਖੁਲਵਾਉਣ ਵਾਲੇ ਦਾ 1 ਲੱਖ ਦਾ ਬੀਮਾਂ ਹੋਵੇਗਾ। 26 ਜਨਵਰੀ ਤੋਂ ਪਹਿਲਾਂ ਖਾਤਾ ਖੁਲਵਾਉਣ ਵਾਲਿਆਂ ਦਾ 30000 ਰੁਪਏ ਦਾ ਵਾਧੂ ਬੀਮਾ ਹੋਵੇਗਾ। ਹਰ ਇੱਕ ਨੂੰ ਪੰਜ ਹਜਾਰ ਰੁਪਏ ਦਾ ਕਰਜ਼ਾ ਮਿਲੇਗਾ। ਉਸ ਦੀਆਂ ਗੱਲਾਂ ਤੋਂ ਮੈਂਨੂੰ ਸਪੱਸ਼ਟ ਹੋ ਗਿਆ ਕਿ ਉਸਦਾ ਭਾਵ ਪ੍ਰਧਾਨ ਮੰਤਰੀ ਮੋਦੀ ਵੱਲੋਂ 15 ਅਗਸਤ ਨੂੰ ਆਜ਼ਾਦੀ ਦਿਵਸ ਸਮੇਂ ਐਲਾਨੀ ਅਤੇ 28 ਅਗਸਤ ਨੂੰ ਦੇਸ਼ ਦੇ 42 ਸ਼ਹਿਰਾਂ ਵਿੱਚ 42 ਮੰਤਰੀਆਂ ਵੱਲੋਂ ਇੱਕੋ ਸਮੇਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤੋਂ ਸੀ। ਜਿਸਦਾ ਮੀਡੀਆ ਵੱਲੋਂ ਧੂੰਆਂ-ਧਾਰ ਪ੍ਰਚਾਰ ਵੀ ਕੀਤਾ ਗਿਆ ਸੀ। ਇਸ ਨਵੀਂ ਯੋਜਨਾ ਰਾਹੀਂ ਖੁੱਲੇ ਖਾਤਿਆਂ 'ਚੋਂ ਜਨ ਸਧਾਰਨ ਵੱਲੋਂ ਲੋੜ ਵੇਲੇ ਪੈਸੇ ਕਢਵਾਉਣ ਲਈ ਅੱਖਾਂ 'ਚ ਆਈ ਚਮਕ ਦੇ ਐਡੀ ਛੇਤੀ ਨਿਰਾਸਤਾ 'ਚ ਬਦਲ ਜਾਣ ਤੋਂ ਮੈਂਨੂੰ ਬਿਲਕੁਲ ਹੈਰਾਨੀ ਨਹੀਂ ਹੋਈ। ਇਹ ਹੋਣੀ ਸਿਰਫ ਸਾਡੀ ਅਨਪੜ੍ਹ ਗਰੀਬ ਕੰਮ ਵਾਲੀ ਦੀ ਹੋਣੀ ਹੀ ਨਹੀਂ ਹੈ, ਸਗੋਂ ਇਹ ਹੋਣੀ ਤਾਂ ਉਨ੍ਹਾਂ ਸਭਨਾਂ ਸੱਤ ਕਰੋੜ ਖਾਤਾ ਧਾਰੀਆਂ ਦੀ ਹੋਣੀ ਵੀ ਬਣ ਸਕਦੀ ਹੈ, ਜਿੰਨ੍ਹਾਂ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਆਉਂਦੀ 26 ਜਨਵਰੀ ਤੱਕ ਉਨ੍ਹਾਂ ਦੇ ਨੇੜਲੀਆਂ ਬੈਂਕਾਂ ਵਿੱਚ ਖਾਤੇ ਖੋਲ ਦਿੱਤੇ ਜਾਣਗੇ।
ਬੜੇ ਜਲਵੇ ਜਲੌਅ ਨਾਲ ਸ਼ੁਰੂ ਕੀਤੀ ਗਈ ਇਸ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਬਾਰੇ ਵਿਸਥਾਰ ਵਿਚ ਜਾਂਦਿਆਂ ਪਤਾ ਲੱਗਦਾ ਹੈ ਕਿ ਇਸ ਯੋਜਨਾ ਤਹਿਤ ਹਰ ਉਸ ਦੇਸ਼ ਵਾਸੀ ਦਾ, ਜਿਸਦਾ ਕਿਸੇ ਵੀ ਬੈਂਕ ਵਿਚ ਪਹਿਲਾਂ ਕੋਈ ਖਾਤਾ ਨਹੀਂ ਹੈ, ਉਸਦੀ ਰਿਹਾਇਸ਼ ਦੇ ਨਜ਼ਦੀਕੀ ਬੈਂਕ ਵਿਚ ਖਾਤਾ ਖੋਲਣਾ ਹੈ। ਇਹ ਖਾਤਾ ਖੋਲਣ ਸਮੇਂ ਖਾਤਾਧਾਰੀ ਕੋਲੋਂ ਕੋਈ ਰਕਮ ਬੈਂਕ ਵੱਲੋਂ ਨਹੀਂ ਲਈ ਜਾਵੇਗੀ। ਭਾਵ ਮੁਫਤ ਵਿੱਚ ਹੀ ਖਾਤਾ ਖੋਲਿਆ ਜਾਵੇਗਾ। ਜਨਸਧਾਰਨ ਨੂੰ ਖਾਤਾ ਖੁਲਵਾਉਣ ਲਈ ਖਿੱਚਣ ਵਾਸਤੇ ਲਾਲਚ ਦਿੱਤਾ ਗਿਆ ਕਿ ਉਸਦਾ ਇੱਕ ਲੱਖ ਰੁਪਏ ਦਾ ਇੱਕ ਸਾਲ ਲਈ ਜੀਵਨ ਬੀਮਾ ਮੁਫਤ ਕੀਤਾ ਜਾਵੇਗਾ, ਜਿਸਦਾ ਪ੍ਰੀਮੀਅਮ ਸਰਕਾਰ ਭਰੇਗੀ। ਅਗਲਾ ਲਾਲਚ ਇਹ ਹੈ ਕਿ 26 ਜਨਵਰੀ 2015 ਤੋਂ ਪਹਿਲਾਂ ਪਹਿਲਾਂ ਖਾਤਾ ਖੁਲਵਾਉਣ ਵਾਲੇ ਦਾ 30000 ਰੁਪਏ ਦਾ ਵਾਧੂ ਦੁਰਘਟਨਾ ਬੀਮਾ ਕੀਤਾ ਜਾਵੇਗਾ। ਭਾਵ ਖਾਤਾਧਾਰੀ ਦੀ ਜੇ ਸਾਲ ਦਰਮਿਆਨ ਮੌਤ ਹੋ ਜਾਂਦੀ ਹੈ ਜਾਂ ਦੁਰਘਟਨਾ ਹੋ ਜਾਂਦੀ ਹੈ ਤਾਂ ਉਸਦੇ ਵਾਰਸਾਂ ਨੂੰ ਇੱਕ ਲੱਖ ਰੁਪਏ ਮਿਲਣਗੇ ਅਤੇ ਦੁਰਘਟਨਾ ਹੋਣ ਦੀ ਸੂਰਤ ਵਿੱਚ 30,000 ਰੁਪਏ ਹੋਰ ਮਿਲਣਗੇ। ਇਸ ਤੋਂ ਇਲਾਵਾ, ਨਵੇਂ ਬਣਨ ਵਾਲੇ ਖਾਤਾਧਾਰੀ ਦੀਆਂ ਅੱਖਾਂ 'ਚ ਚਮਕ ਲਿਆਉਣ ਵਾਲਾ ਇਕ ਚੋਗਾ ਇਹ ਵੀ ਹੈ ਕਿ ਉਸ ਨੂੰ ਖਾਤਾ ਖੁੱਲਣ ਤੋਂ 6 ਮਹੀਨੇ ਉਪਰੰਤ 5000 ਰੁਪਏ ਦੇ ਓਵਰ ਡਰਾਫਟ ਦੀ ਸਹੂਲਤ ਦਿੱਤੀ ਜਾਵੇਗਾ, ਜਿਸਦਾ ਭਾਵ ਹੈ ਕਿ ਆਪਣੇ ਖਾਤੇ ਵਿਚ ਲੋੜੀਂਦੀ ਰਕਮ ਨਾ ਹੋਣ ਦੀ ਸੂਰਤ ਵਿਚ ਵੀ ਉਹ 5000 ਰੁਪਏ ਤੱਕ ਦੀ ਵਾਧੂ ਰਕਮ ਕਢਵਾ ਸਕਦਾ ਹੈ। ਜਿਸ ਨੂੰ ਬਾਅਦ ਵਿਚ ਸੀਮਤ ਸਮੇਂ ਵਿੱਚ ਜਮ੍ਹਾਂ ਕਰਵਾਉਣਾ ਪਵੇਗਾ॥ਬੱਸ ਇਹੋ ਹੀ ਘੁੰਡੀ ਹੈ ਜਿਸ ਨੂੰ ਜਨਸਧਾਰਨ ਨੇ 5000 ਰੁਪਏ ਦਾ ਕਰਜ਼ਾ ਬਿਨ੍ਹਾਂ ਵਿਆਜ ਲੈ ਸਕਣ ਦੀ ਸਹੂਲਤ ਸਮਝ ਲਿਆ ਪਰ ਇਸ 5000 ਰੁਪਏ ਦੇ ਓਵਰ ਡਰਾਫਟ ਦੀ ਸਹੂਲਤ ਨਾਲ ਇੱਕ ਚਾਲਾਕੀ ਭਰੀ ਸ਼ਰਤ ਲਗਾ ਦਿੱਤੀ ਗਈ ਹੈ, ਖਾਤਾ ਖੁੱਲਣ ਤੋਂ 6 ਮਹੀਨੇ ਤੱਕ ਖਾਤਾ ਠੀਕ-ਠਾਕ ਚੱਲਿਆ ਹੋਣਾ ਚਾਹੀਦਾ ਹੈ, ਭਾਵ ਇਸ ਸਮੇਂ ਦਰਮਿਆਨ-ਖਾਤੇ ਵਿੱਚ ਖਾਤਾਧਾਰੀ ਵੱਲੋਂ ਦੋ-ਚਾਰ ਵਾਰ ਕੁਝ ਪੈਸੇ ਜਮ੍ਹਾਂ ਵੀ ਕਰਵਾਏ ਗਏ ਹੋਣ। ਬੱਸ ਇਹੋ ਤਾਂ ਘੁੰਡੀ ਹੈ-ਅਖੇ ਡੁੱਬੀ ਤਾਂ ਜੇ ਸਾਹ ਨਾ ਆਇਆ। ਇਨ੍ਹਾਂ ਨੂੰ ਕੋਈ ਪੁੱਛੇ ਕਿ ਭਲਿਓਮਾਨਸੋ, ਜਿਸ ਵਿਅਕਤੀ ਪਾਸ ਜਮ੍ਹਾਂ ਕਰਵਾਉਣ ਜੋਗੇ ਫਾਲਤੂ ਪੈਸੇ ਹੋਣਗੇ ਤਾਂ ਉਸ ਨੇ ਖਾਤਾ ਖੁਲਵਾਉਣ ਲੱਗਿਆਂ ਤੁਹਾਨੂੰ ਥੋੜੇ ਪੁੱਛਣਾ, ਉਸਨੇ ਥੋੜੇ ਬਹੁਤ ਵਿਆਜ ਦੇ ਲਾਲਚ ਵਿਚ ਪਹਿਲਾਂ ਹੀ ਬੈਂਕ ਖਾਤਾ ਖੁਲਵਾਇਆ ਹੋਣਾ ਸੀ॥ਸਮੱਸਿਆ ਤਾਂ ਇਹੋ ਹੈ ਕਿ ਦੇਸ਼ ਦੀ ਵਸੋਂ ਦੀ ਵੱਡੀ ਬਹੁਗਿਣਤੀ ਨੂੰ ਤਾਂ ਰੋਟੀ ਰੋਜ਼ੀ ਦੇ ਲਾਲੇ ਪਏ ਹੋਏ ਹਨ। ਉਨ੍ਹਾਂ ਦੀ ਰੋਜ਼ਾਨਾ ਆਮਦਨ ਹੀ 27/32 ਰੁਪਏ ਤੋਂ ਘੱਟ ਹੈ ਭਾਵ ਉਹ ਗਰੀਬੀ ਰੇਖਾ ਤੋਂ ਥੱਲੇ ਦਾ ਜੀਵਨ ਬਸਰ ਕਰ ਰਹੇ ਹਨ। ਦੇਸ਼ ਦੀ 26 ਪ੍ਰਤੀਸ਼ਤ ਆਬਾਦੀ ਤਾਂ ਵੈਸੇ ਵੀ ਅਨਪੜ੍ਹ ਭਾਵ ਅੰਗੂਠਾ ਮਾਰਕਾ ਹੈ, ਜੋ ਬੈਂਕ ਖਾਤਿਆਂ ਦੇ ਝੰਜਟ ਵਿੱਚ ਵੈਸੇ ਹੀ ਨਹੀਂ ਪੈਂਦੀ। ਉੜੀਸਾ, ਆਸਾਮ, ਮੱਧ ਪ੍ਰਦੇਸ਼, ਮੇਘਾਲਿਆ ਵਰਗੇ ਸੂਬਿਆਂ ਵਿੱਚ ਤਾਂ ਅਜੇ ਤੱਕ ਵਸਤੂਆਂ ਦੇ ਵਟਾਂਦਰੇ ਨਾਲ ਹੀ ਵਪਾਰ ਕੀਤਾ ਜਾਂਦਾ ਹੈ, ਪੈਸਿਆਂ ਦੀ ਸ਼ਕਲ ਵਿੱਚ ਨਹੀਂ। ਇੱਕ ਅੰਦਾਜੇ ਮੁਤਾਬਕ ਦੇਸ਼ ਵਿੱਚ ਅਜੇ ਤੱਕ ਸਿਰਫ 58 ਫੀਸਦੀ ਪਰਿਵਾਰਾਂ ਦੇ ਹੀ ਬੈਂਕ ਖਾਤੇ ਖੁੱਲੇ ਹਨ। ਉਨ੍ਹਾਂ 'ਚੋਂ ਵੀ ਬਹੁਤੇ ਪੇਂਡੂ ਸਹਿਕਾਰੀ ਬੈਂਕਾਂ ਵਿਚ ਹਨ। ਬਾਕੀ 42 ਫੀਸਦੀ ਪਰਿਵਾਰਾਂ ਨੇ ਤਾਂ ਬੈਂਕਾਂ ਦਾ ਮੂੰਹ ਨਹੀਂ ਦੇਖਿਆ॥
ਇਸ ਤੋਂ ਇਲਾਵਾ ਜਨ ਧਨ ਯੋਜਨਾ ਤਹਿਤ ਖੁੱਲੇ ਖਾਤਿਆਂ ਨੂੰ ਲੰਮੇ ਸਮੇਂ ਲਈ ਚਲਦਾ ਰੱਖਣਾ ਇਸ ਲਈ ਵੀ ਮੁਸ਼ਕਲ ਹੈ ਕਿ ਭਾਰਤ ਵਿੱਚ ਬਹੁ ਗਿਣਤੀ ਲੋਕ ਪਿੰਡਾਂ ਵਿੱਚ ਰਹਿੰਦੇ ਹਨ, ਜਦੋਂ ਕਿ ਸਥਾਪਤ ਬੈਂਕਾਂ ਦੀਆਂ ਖਾਸ ਕਰਕੇ ਨਿੱਜੀ ਬੈਂਕਾਂ ਦੀਆਂ ਸ਼ਾਖਾਵਾਂ ਬਹੁਤੀਆਂ ਸ਼ਹਿਰਾਂ ਵਿੱਚ ਹੀ ਹਨ॥ਪਿੰਡਾਂ ਵਿੱਚ ਪੈਸੇ ਦਾ ਲੈਣ-ਦੇਣ ਘੱਟ ਹੋਣ ਕਾਰਨ ਇਹਨਾਂ ਬੈਂਕਾਂ ਨੂੰ ਪਿੰਡਾਂ ਵਿੱਚ ਬਰਾਂਚਾਂ ਖੋਲਣਾ ਵਾਰਾ ਹੀ ਨਹੀਂ ਖਾਂਦਾ॥ਪੇਂਡੂ ਬੈਂਕਾਂ ਵਿੱਚ ਜਮ੍ਹਾਂ ਪੂੰਜੀ ਥੋੜੀ ਹੋਣ ਅਤੇ ਸਟਾਫ ਤੇ ਸਕਿਊਰਿਟੀ ਦਾ ਖਰਚਾ ਵੱਧ ਹੋਣ ਕਾਰਨ, ਬੈਂਕਾਂ ਲਈ ਅਕਸਰ ਇਹ ਘਾਟੇ ਦਾ ਸੌਦਾ ਬਣ ਜਾਂਦਾ ਹੈ। ਇਹੋ ਕਾਰਨ ਹੈ ਕਿ ਅੱਤਵਾਦ ਦੇ ਬਹਾਨੇ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਆਰਜ਼ੀ ਤੌਰ 'ਤੇ ਆਈਆਂ ਬਰਾਂਚਾਂ ਨੇ ਮੁੜ ਪਿੰਡਾਂ ਵੱਲ ਘੱਟ ਹੀ ਮੂੰਹ ਕੀਤਾ ਹੈ॥
ਸੋ ਅਜਿਹੀ ਸਥਿਤੀ ਵਿਚ ਇਕ ਵਾਰ ਕਿਸੇ ਦਬਾਅ ਜਾਂ ਲਾਲਚ ਵਿਚ ਆ ਕੇ ਖੋਲੇ ਗਏ ਬੈਂਕ-ਖਾਤਿਆਂ ਦਾ ਲਗਾਤਾਰ ਚਾਲੂ ਹਾਲਤ ਵਿੱਚ ਰਹਿਣਾ ਨਾ-ਮੁਮਕਿਨ ਹੈ॥ਬੈਂਕ ਖਾਤਿਆਂ 'ਚ ਲਗਾਤਾਰ ਲੈਣ-ਦੇਣ ਉਨ੍ਹਾਂ ਹਲਕਿਆਂ ਵਿੱਚ ਹੀ ਸੰਭਵ ਹੈ, ਜਿਥੋਂ ਦੀ ਬਹੁਤੀ ਵੱਸੋਂ ਸੰਗਠਿਤ ਖੇਤਰ ਭਾਵ ਉਦਯੋਗ ਜਾਂ ਸੇਵਾਵਾਂ ਨਾਲ ਸਬੰਧਤ  ਹੋਵੇ। ਭਾਰਤ ਦੀ 60% ਤੋਂ ਵੱਧ ਵਸੋਂ ਤਾਂ ਗੈਰ-ਸੰਗਠਿਤ ਖੇਤਰ ਨਾਲ ਸਬੰਧਤ ਹੈ।
ਪ੍ਰਧਾਨ ਮੰਤਰੀ ਜਨ ਧਨ ਯੋਜਨਾ ਸ਼ੁਰੂ ਕਰਨ ਦਾ ਮਕਸਦ ਮੋਦੀ ਸਰਕਾਰ ਵੱਲੋਂ ਆਮ ਲੋਕਾਂ ਨੂੰ ਦੇਸ਼ ਦੇ ਅਰਥਚਾਰੇ ਦੀ ਮੁੱਖ ਧਾਰਾ ਵਿਚ ਸ਼ਾਮਲ ਕਰਨ ਅਤੇ ਦੇਸ਼ ਦੀ ਅਰਥ ਵਿਵਸਥਾ ਦੇ ਵਿਕਾਸ ਨੂੰ ਦਰਸਾਉਂਦਾ ਇਕ 'ਸੁਖਦ ਅਨੁਭਵ' ਪ੍ਰਾਪਤ ਕਰਨ ਆਦਿ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਲੋੜਵੰਦਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਜਿਵੇਂ ਹਰ ਤਰ੍ਹਾਂ ਦੀ ਸਬਸਿਡੀ, ਸਕਾਲਰਸ਼ਿਪ, ਰਾਹਤ, ਮਨਰੇਗਾ ਦੀ ਮਜ਼ਦੂਰੀ ਆਦਿ ਦੀ ਰਾਸ਼ੀ 'ਚੋਂ ਭ੍ਰਿਸ਼ਟਾਚਾਰ ਰਾਹੀਂ ਹੁੰਦੀ ਲੀਕੇਜ ਨੂੰ ਘਟਾਉਣਾ ਵੀ ਇਸ ਯੋਜਨਾ ਦਾ ਮਕਸਦ ਦੱਸਿਆ ਜਾ ਰਿਹਾ ਹੈ। ਅਸਲ ਵਿਚ ਬੜੇ ਧੂਮ-ਧੱੜਕੇ ਨਾਲ ਸ਼ੁਰੂ ਕੀਤੀ ਗਈ ਇਸ ਸਕੀਮ ਦੇ ਘਾੜਿਆਂ ਦੇ ਮਨਾਂ ਵਿਚ ਦੇਸ਼ ਦੇ ਲੋਕਾਂ ਨੂੰ ਅਰਥਚਾਰੇ ਦੀ ਮੁੱਖਧਾਰਾ ਵਿਚ ਸ਼ਾਮਲ ਕਰਨਾ ਘੱਟ ਅਤੇ ਵਿਕਸਿਤ ਦੇਸ਼ਾਂ ਵਾਲੀ ਆਰਥਿਕਤਾ ਵਾਂਗ ਚੈਕਾਂ ਰਾਹੀਂ ਭੁਗਤਾਨ ਦਾ ਦਿਖਾਵਾ ਕਰਕੇ ਮੁਰਦੇ ਦੇ ਮੂੰਹ ਵਿਚ ਘਿਓ ਪਾਉਣ ਵਾਲੀ ਗੱਲ ਵਰਗਾ ਭਰਮ ਪਾਉਣਾ ਵੱਧ ਹੈ॥
ਸਰਕਾਰ ਦੀ ਇਸ ਯੋਜਨਾ ਤੋਂ ਇਕ ਚੁਟਕਲਾ-ਨੁਮਾਂ ਗੱਲ ਦੱਸਣੀ ਕੁਥਾਂਹ ਨਹੀਂ ਹੋਵੇਗੀ॥ਕਹਿੰਦੇ ਨੇ ਇੱਕ ਵਾਰ ਇੱਕ ਨੰਗ-ਮਲੰਗ ਬੇਰਜ਼ੁਗਾਰ ਬੰਦਾ ਡਾਕਟਰ ਨੂੰ ਕਹਿਣ ਲੱਗਾ-ਡਾਕਟਰ ਸਾਹਿਬ ਕਈ ਦਿਨਾਂ ਤੋਂ ਹਾਜ਼ਤ ਨਹੀਂ ਹੋ ਰਹੀ, ਕੋਈ ਦਵਾਈ ਬੂਟੀ ਦੱਸੋ॥ਰੁਟੀਨ ਵਾਂਗ ਡਾਕਟਰ ਨੇ ਚੈੱਕ-ਅਪ ਕਰਨ ਉਪਰੰਤ ਉਸਨੂੰ ਪੁੱਛਿਆ ਕਿ ਉਹ ਕੰਮ-ਕਾਰ ਕੀ ਕਰਦਾ ਹੈ। ਉਸ ਦੇ ਆਪ ਦੇ ਆਪ ਨੂੰ ਬੇਰੁਜ਼ਗਾਰ ਨੰਗ-ਮਲੰਗ ਦੱਸਣ 'ਤੇ ਡਾਕਟਰ ਨੇ ਉਸ ਨੂੰ ਆਪਣੀ ਜ਼ੇਬ ਵਿਚੋਂ ਕੁਝ ਪੈਸੇ ਦਿੰਦਿਆਂ ਕਿਹਾ-ਜਾਹ ਪਹਿਲਾਂ ਦੋ ਦਿਨ ਰੱਜ ਕੇ ਰੋਟੀ ਖਾਹ-ਫਿਰ ਹਾਜ਼ਤ ਵੀ ਆਪਣੇ ਆਪ ਹੋ ਜਾਵੇਗੀ॥ 
ਕੁੱਲ ਮਿਲਾ ਕੇ ਮੋਦੀ ਸਰਕਾਰ ਵੱਲੋਂ ਇਹ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਆਮ ਆਦਮੀ ਦੇ ਹੱਥ 'ਚ ਫੜਾਏ ਇੱਕ ਛੁਣਛੁਣੇ ਤੋਂ ਵੱਧ ਕੁਝ ਨਹੀਂ, ਜਿਸ ਨੇ ਮੋਦੀ ਸਰਕਾਰ ਵੱਲੋਂ ਮਨਮੋਹਨ ਸਿੰਘ ਦੀ ਸਰਕਾਰ ਨਾਲੋਂ ਵਧੇਰੇ ਤੇਜ਼ੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਉਦਾਰੀਕਰਨ, ਨਿੱਜੀਕਰਨ ਤੇ ਸੰਸਾਰੀਕਰਨ ਦੀਆਂ ਲੋਕ ਮਾਰੂ ਨੀਤੀਆਂ ਤੋਂ ਨਿਕਲਣ ਵਾਲੇ ਸੰਭਾਵਤ ਸਿੱਟਿਆਂ-ਮਹਿੰਗਾਈ, ਬੇਰੋਜ਼ਗਾਰੀ, ਭੁੱਖਮਰੀ, ਭ੍ਰਿਸ਼ਟਾਚਾਰ ਆਦਿ ਤੋਂ ਬੇਧਿਆਨਾ ਕਰਨ ਦਾ ਕੰਮ ਹੀ ਕਰਨਾ ਹੈ, ਜੇ 'ਜਾਗਦੇ ਸਿਰਾਂ' ਵਾਲਿਆਂ ਨੇ ਦੇਸ਼ ਦੀ ਜਨਤਾ ਨੂੰ ਜਾਗਰੂਕ ਕਰਨ ਦੀ ਆਪਣੀ ਜ਼ਿੰਮੇਵਾਰੀ ਸਮੇਂ ਸਿਰ ਨਾ ਨਿਭਾਈ।

4 ਖੱਬੀਆਂ ਪਾਰਟੀਆਂ ਵਲੋਂ 28 ਨਵੰਬਰ ਨੂੰ ਲੁਧਿਆਣਾ ਵਿਖੇ ਵਿਸ਼ਾਲ ਸੂਬਾਈ ਰੈਲੀ

ਵਿਸ਼ੇਸ਼ ਰਿਪੋਰਟ

25 ਤੋਂ 30 ਅਕਤੂਬਰ ਤੱਕ ਹੋਵੇਗਾ ਜਥਾ ਮਾਰਚ 
ਪੰਜਾਬ ਦੀਆਂ 4 ਖੱਬੀਆਂ ਪਾਰਟੀਆਂ ਦੇ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ 16 ਸਤੰਬਰ ਨੂੰ ਸੀ.ਪੀ.ਐਮ.ਪੰਜਾਬ ਦੇ ਸੂਬਾਈ ਦਫਤਰ ਜਲੰਧਰ ਵਿਖੇ ਹੋਈ। ਕਾਮਰੇਡ ਮੰਗਤ ਰਾਮ ਪਾਸਲਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਸੀ.ਪੀ.ਆਈ ਵਲੋਂ ਸਰਵਸਾਥੀ ਬੰਤ ਬਰਾੜ, ਡਾ. ਜੋਗਿੰਦਰ ਦਿਆਲ, ਜਗਰੂਪ ਸਿੰਘ ਅਤੇ ਭੁਪਿੰਦਰ ਸਾਂਭਰ, ਸੀ.ਪੀ.ਆਈ.(ਐਮ) ਵਲੋਂ ਸਰਵਸਾਥੀ ਚਰਨ ਸਿੰਘ ਵਿਰਦੀ, ਵਿਜੈ ਮਿਸ਼ਰਾ ਅਤੇ ਰਣਬੀਰ ਸਿੰਘ ਵਿਰਕ, ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਵਲੋਂ ਸਰਵਸਾਥੀ ਗੁਰਮੀਤ ਸਿੰਘ ਬਖਤਪੁਰਾ, ਰਾਜਵਿੰਦਰ ਸਿੰਘ ਰਾਣਾ ਅਤੇ ਰੁਲਦੂ ਸਿੰਘ, ਅਤੇ ਸੀ.ਪੀ.ਐਮ ਪੰਜਾਬ ਵਲੋਂ ਸਾਥੀ ਮੰਗਤ ਰਾਮ ਪਾਸਲਾ ਤੋਂ ਇਲਾਵਾ ਸਰਵਸਾਥੀ ਹਰਕੰਵਲ ਸਿੰਘ, ਕੁਲਵੰਤ ਸਿੰਘ ਸੰਧੂ ਅਤੇ ਲਾਲ ਚੰਦ ਕਟਾਰੂਚੱਕ ਸ਼ਾਮਲ ਹੋਏ।  
ਇਸ ਮੀਟਿੰਗ ਵਿਚ, ਲੋਕਾਂ ਦੀਆਂ ਭੱਖਦੀਆਂ ਫੌਰੀ ਮੰਗਾਂ ਦੀ ਪ੍ਰਾਪਤੀ ਲਈ ਅਤੇ 'ਪੰਜਾਬ ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ 2014' ਰੱਦ ਕਰਵਾਉਣ ਲਈ ਚਾਰ ਪਾਰਟੀਆਂ ਵਲੋਂ ਆਰੰਭੇ ਗਏ ਸਾਂਝੇ ਸੰਘਰਸ਼ ਦੇ ਸੱਦੇ 'ਤੇ 2 ਤੋਂ 5 ਸਤੰਬਰ ਤੱਕ ਜ਼ਿਲ੍ਹਾ ਕੇਂਦਰਾਂ ਉਪਰ ਹੋਏ ਸਾਂਝੇ ਧਰਨਿਆਂ ਤੇ ਮੁਜ਼ਾਹਰਿਆਂ ਵਿਚ ਲੋਕਾਂ ਵਲੋਂ ਕੀਤੀ ਗਈ ਭਰਵੀਂ ਸ਼ਮੂਲੀਅਤ ਉਪਰ ਡੂੰਘੀ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਇਸ ਸ਼ਾਨਦਾਰ ਸਫਲਤਾ ਲਈ ਲੋਕਾਂ ਦਾ ਧੰਨਵਾਦ ਕੀਤਾ ਗਿਆ। ਮੀਟਿੰਗ ਨੇ ਨੋਟ ਕੀਤਾ ਕਿ ਭਾਰੀ ਬਾਰਸ਼ਾਂ ਤੇ ਹੜ੍ਹਾਂ ਕਾਰਨ ਸਿਰਫ ਤਿੰਨ ਜ਼ਿਲ੍ਹਿਆਂ - ਅੰਮ੍ਰਿਤਸਰ, ਮੁਕਤਸਰ ਅਤੇ ਫਾਜ਼ਿਲਕਾ ਵਿਚ ਹੀ ਇਹ ਸਾਂਝੇ ਐਕਸ਼ਨ ਨਿਸ਼ਚਤ ਮਿਤੀਆਂ ਨੂੰ ਨਹੀਂ ਸਨ ਹੋ ਸਕੇ। ਇਸ ਲਈ ਅੰਮ੍ਰਿਤਸਰ ਵਿਖੇ 15 ਸਤੰਬਰ ਨੂੰ ਵਿਸ਼ਾਲ ਧਰਨਾ ਮਾਰਕੇ ਸ਼ਹਿਰ ਵਿਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਇਹ ਵੀ ਨੋਟ ਕੀਤਾ ਗਿਆ ਕਿ ਇਹਨਾਂ ਧਰਨਿਆਂ, ਮੁਜ਼ਾਹਰਿਆਂ ਵਿਚ ਮੌਸਮ ਦੀ ਖਰਾਬੀ ਦੇ ਬਾਵਜੂਦ ਲਗਭਗ ਹਰ ਜ਼ਿਲ੍ਹੇ ਵਿਚ ਔਰਤਾਂ ਬਹੁਤ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ। 
ਮੀਟਿੰਗ ਵਲੋਂ 14 ਨੁਕਾਤੀ ਮੰਗ ਪੱਤਰ ਦੀ ਪ੍ਰਾਪਤੀ ਲਈ, ਬਾਦਲ ਸਰਕਾਰ ਦੇ ਮਾਫੀਆ ਰਾਜ ਦੇ ਖਾਤਮੇ ਲਈ, ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਆਰਥਕ ਤੇ ਪ੍ਰਬੰਧਕੀ ਨੀਤੀਆਂ ਦੀ ਥਾਂ ਬਦਲਵੀਆਂ ਲੋਕਪੱਖੀ ਨੀਤੀਆਂ ਲਾਗੂ ਕਰਾਉਣ ਲਈ ਅਤੇ ਆਰ.ਐਸ.ਐਸ. ਦੀ ਕਮਾਂਡ ਹੇਠ ਫਿਰਕੂ ਤੱਤਾਂ ਵਲੋਂ ਅਪਣਾਈਆਂ ਜਾ ਰਹੀਆਂ ਫਾਸ਼ੀਵਾਦੀ ਪਹੁੰਚਾਂ ਵਿਰੁੱਧ ਚਾਰ ਪਾਰਟੀਆਂ ਦੀ ਇਸ ਸਾਂਝੀ ਜਨਤਕ ਲਾਮਬੰਦੀ ਨੂੰ ਅਗਾਂਹ ਤੋਰਨ ਤੇ ਹੋਰ ਮਜ਼ਬੂਤ ਬਨਾਉਣ ਵਾਸਤੇ ਸਰਵਸੰਮਤੀ ਨਾਲ ਅਗਲੇ ਐਕਸ਼ਨ ਦੀ ਰੂਪ ਰੇਖਾ ਉਲੀਕੀ ਗਈ। ਫੈਸਲਾ ਕੀਤਾ ਗਿਆ ਕਿ ਇਸ ਮੰਤਵ ਲਈ ਅਗਲੇ ਪੜਾਅ ਵਜੋਂ 25 ਤੋਂ 30 ਅਕਤੂਬਰ ਤੱਕ ਸਮੁੱਚੇ ਪ੍ਰਾਂਤ ਅੰਦਰ ਜਥਾ ਮਾਰਚ ਕੀਤਾ ਜਾਵੇਗਾ। ਪੰਜਾਬ ਦੇ ਜੁਝਾਰੂ ਵਿਰਸੇ ਦੇ ਪ੍ਰਤੀਕ ਚਾਰ ਸਥਾਨਾਂ-ਜੱਲ੍ਹਿਆਂਵਾਲਾ ਬਾਗ, ਹੁਸੈਨੀਵਾਲਾ, ਖਟਕੜ ਕਲਾਂ ਅਤੇ ਸੁਨਾਮ ਤੋਂ ਚਾਰ ਜਥੇ 25 ਅਕਤੂਬਰ ਨੂੰ ਚੱਲਣਗੇ, ਜਿਹੜੇ ਵੱਖ ਵੱਖ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿਚ ਵਿਸ਼ਾਲ ਮੀਟਿੰਗਾਂ ਤੇ ਜਲਸੇ ਕਰਕੇ ਇਸ ਸਾਂਝੇ ਸੰਘਰਸ਼ ਦੇ ਉਦੇਸ਼ ਆਮ ਲੋਕਾਂ ਨਾਲ ਸਾਂਝੇ ਕਰਨਗੇ ਅਤੇ ਉਹਨਾਂ ਨੂੰ 28 ਨਵੰਬਰ ਨੂੰ ਲੁਧਿਆਣਾ ਵਿਖੇ ਕੀਤੀ ਜਾਣ ਵਾਲੀ ਸੂਬਾਈ ਰੈਲੀ ਵਿਚ ਭਰਵੀਂ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕਰਨਗੇ। ਇਹ ਸੂਬਾਈ ਰੈਲੀ ਲੁਧਿਆਣੇ ਸ਼ਹਿਰ ਵਿਚਲੀ ਵਿਸ਼ਾਲ ਦਾਣਾ ਮੰਡੀ ਵਿਚ ਕੀਤੀ ਜਾਵੇਗੀ ਅਤੇ ਇਸ ਨੂੰ ਵੱਧ ਤੋਂ ਵੱਧ ਸਫਲ ਬਨਾਉਣ ਅਤੇ ਇਕ ਇਤਿਹਾਸਕ ਦਿੱਖ ਦੇਣ ਲਈ ਜ਼ੋਰਦਾਰ ਬਹੁਪੱਖੀ ਉਪਰਾਲੇ ਕੀਤੇ ਜਾਣਗੇ। ਇਹਨਾਂ ਦੋਵਾਂ ਐਕਸ਼ਨਾਂ ਦੀ ਤਿਆਰੀ ਨਾਲ ਸਬੰਧਤ ਵਿਸਥਾਰਪੂਰਬਕ ਫੈਸਲੇ ਕਰਨ ਲਈ ਚੌਹਾਂ ਪਾਰਟੀਆਂ ਦੇ ਸਕੱਤਰਾਂ ਵਲੋਂ 26 ਸਤੰਬਰ ਨੂੰ ਲੁਧਿਆਣਾ ਵਿਖੇ, ਸੀ.ਪੀ.ਆਈ. ਦੇ ਦਫਤਰ ਵਿਚ, ਇਕ ਹੋਰ ਮੀਟਿੰਗ ਕਰਨ ਦਾ ਵੀ ਫੈਸਲਾ ਕੀਤਾ ਗਿਆ। ਇਹ ਫੈਸਲਾ ਵੀ ਕੀਤਾ ਗਿਆ ਕਿ ਇਸ ਸਾਂਝੇ ਸੰਘਰਸ਼ ਨੂੰ ਹਰ ਪੱਖੋਂ ਕਾਮਯਾਬ ਬਨਾਉਣ ਲਈ ਚੌਹਾਂ ਪਾਰਟੀਆਂ ਦੇ ਜ਼ਿਲ੍ਹਾ ਪੱਧਰੀ ਆਗੂਆਂ ਵਿਚਕਾਰ ਲੋੜੀਂਦਾ ਤਾਲਮੇਲ ਸਥਾਪਤ ਕਰਨ ਵਾਸਤੇ ਸਾਰੇ ਜ਼ਿਲ੍ਹਿਆਂ ਅੰਦਰ 6 ਅਕਤੂਬਰ ਨੂੰ ਸਾਂਝੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ।
ਮੀਟਿੰਗ ਵਿਚ ਪਾਸ ਕੀਤੇ ਗਏ ਇਕ ਮਤੇ ਰਾਹੀਂ ਹੜ੍ਹਾਂ ਕਾਰਨ ਜੰਮੂ-ਕਸ਼ਮੀਰ ਵਿਚ ਹੋਈ ਵਿਆਪਕ ਤਬਾਹੀ ਉਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਤਰਾਸਦੀ ਕਾਰਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਤਬਾਹੀ ਦੇ ਸ਼ਿਕਾਰ ਹੋਏ ਕਸ਼ਮੀਰ ਵਾਸੀਆਂ ਵਾਸਤੇ ਵੱਧ ਤੋਂ ਵੱਧ ਸਹਾਇਤਾ ਭੇਜਣ ਲਈ ਲੋਕਾਂ ਨੂੰ ਅਪੀਲ ਕੀਤੀ ਗਈ। ਇਕ ਹੋਰ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪ੍ਰਾਂਤ ਅੰਦਰ ਸੋਕੇ ਅਤੇ ਹੜ੍ਹਾਂ ਕਾਰਨ ਫਸਲਾਂ ਦੇ ਹੋਏ ਭਾਰੀ ਨੁਕਸਾਨ ਦੀ ਪੂਰਤੀ ਲਈ ਕਿਸਾਨਾਂ ਨੂੰ ਤੁਰੰਤ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।