Sunday, 24 August 2025

ਖਟਕੜ ਕਲਾਂ ਦੇ ਦਿਨ-ਰਾਤ ਦੇ ਧਰਨੇ ‘ਚ ਨੌਜਵਾਨਾਂ ਨੂੰ ਪੁੱਜਣ ਦੀ ਕੀਤੀ ਅਪੀਲ

 


ਤਰਨ ਤਾਰਨ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਤਰਨ ਤਾਰਨ ਦੀ ਇੱਕ ਵਿਸ਼ੇਸ਼ ਮੀਟਿੰਗ ਇੱਥੋਂ ਦੇ ਸ਼ਹੀਦ ਦੀਪਕ ਧਵਨ ਯਾਦਗਾਰੀ ਭਵਨ ਵਿਖੇ ਸਹਿਜਪ੍ਰੀਤ ਸਿੰਘ ਬਾਗੜੀਆਂ, ਮੰਗਲ ਸਿੰਘ ਜਵੰਦਾ, ਅੰਮ੍ਰਿਤਪਾਲ ਸਿੰਘ ਚੌਧਰੀਵਾਲਾ ਦੀ ਅਗਵਾਈ ਹੇਠ ਹੋਈ।

ਮੀਟਿੰਗ ਨੂੰ ਸੰਬੋਧਨ ਕਰਨ ਲਈ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਅਤੇ ਸੂਬਾ ਪ੍ਰੈਸ ਸਕੱਤਰ ਐਡਵੋਕੇਟ ਅਜੈ ਫਿਲੌਰ ਵਿਸ਼ੇਸ਼ ਤੋਰ ‘ਤੇ ਪੁੱਜੇ। ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਇਹਨਾਂ ਆਗੂਆਂ ਨੇ ਕਿਹਾ ਕਿ ਦੇਸ਼ ਦੇ ਹਾਕਮਾਂ ਦੁਆਰਾ ਲਾਗੂ ਕੀਤੀਆਂ ਜਾ ਰਹੀਆਂ ਨਿੱਜੀਕਰਨ, ਵਪਾਰੀਕਰਨ ਅਤੇ ਸਾਮਰਾਜ ਨਿਰਦੇਸ਼ਿਤ ਨੀਤੀਆਂ ਕਾਰਨ ਦੇਸ਼ ਦੀ ਜਵਾਨੀ ਬੇਰੁਜਗਾਰੀ ਦਾ ਸੰਤਾਪ ਹੰਢਾ ਰਹੀ ਹੈ, ਇਕ ਪਾਸੇ ਕਾਰਪੋਰੇਟ ਘਰਾਣੇ ਦੇਸ਼ ਦੇ ਕੁਦਰਤੀ ਸਾਧਨਾਂ ਦੀ ਅੰਨ੍ਹੇਵਾਹ ਲੁੱਟ ਕਰ ਰਹੇ ਹਨ ਅਤੇ ਬੇਰੁਜ਼ਗਾਰ ਨੌਜਵਾਨ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਦੂਜੇ ਪਾਸੇ ਨਿਰਾਸ਼ਾ ਦੀ ਸ਼ਿਕਾਰ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਿੱਖਿਆ ਦਾ ਨਿੱਜੀਕਰਨ ਤੇ ਵਪਾਰੀਕਰਨ ਹੋ ਜਾਣ ਕਾਰਨ ਸਿੱਖਿਆ ਆਮ ਤੇ ਗਰੀਬ ਲੋਕਾਂ ਦੇ ਬੱਚਿਆਂ ਦੀ ਪਹੁੰਚ ਤੋਂ ਪੂਰੀ ਤਰ੍ਹਾਂ ਬਾਹਰ ਹੋ ਚੁੱਕੀ ਹੈ, ਸੂਬੇ ਅੰਦਰ ਸਿਹਤ ਸੇਵਾਵਾਂ ਪੂਰੀ ਤਰਾ ਨਾਲ ਫੇਲ੍ਹ ਹੋ ਚੁੱਕੀਆਂ ਹਨ, ਅਜਾਦੀ ਦੇ 78 ਸਾਲ ਬੀਤ ਜਾਣ ਤੋਂ ਬਾਅਦ ਵੀ ਦੇਸ਼ ਦੇ ਲੋਕ ਗਰੀਬ, ਅਨਪੜ੍ਹਤਾ, ਭ੍ਰਿਸ਼ਟਾਚਾਰ ਅਤੇ ਬੇਕਾਰੀ ਵਿਚ ਰਹਿਣ ਲਈ ਮਜਬੂਰ ਹਨ।

ਸੂਬੇ ਦੀ ਮਾਨ ਸਰਕਾਰ ਦੁਆਰਾ ਜਵਾਨੀ ਨੂੰ ਨਸ਼ਿਆਂ ‘ਚੋਂ ਬਾਹਰ ਕੱਢਣ ਦੀ ਬਜਾਏ ਝੂਠੇ ਪਰਚੇ ਪਾ ਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ ਅਤੇ ਨਸ਼ੇ ਖਤਮ ਹੋ ਜਾਣ ਦਾ ਡਰਾਮਾ ਕੀਤਾ ਜਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ਅੰਦਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਪੰਜਾਬ ਦੀ ਜਵਾਨੀ ਨੂੰ ਇਕੱਠਾ ਕਰਕੇ ਖੜਕੜ ਕਲਾਂ ਦੀ ਧਰਤੀ ਉੱਪਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ 28 ਸਤੰਬਰ ਨੂੰ ਰੁਜਗਾਰ ਸਿਹਤ ਸੇਵਾਵਾਂ, ਸਭ ਲਈ ਇਕਸਾਰ ਸਿੱਖਿਆ ਅਤੇ ਨਸ਼ਿਆਂ ਦੇ ਪੂਰਨ ਖਾਤਮੇ ਆਦਿ ਮੰਗਾਂ ਨੂੰ ਲੈ ਕੇ ਲਗਾਤਾਰ ਦਿਨ ਰਾਤ ਦਾ ਧਰਨਾ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਤਰਨਤਾਰਨ ਤੋਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ ਗਈ।

ਇਸ ਮੌਕੇ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਜਵੰਦਾ ਨੇ ਆਏ ਹੋਰ ਨੌਜਵਾਨਾਂ ਦਾ ਜਿੱਥੇ ਧੰਨਵਾਦ ਕੀਤਾ, ਉੱਥੇ 28 ਸਤੰਬਰ ਨੂੰ ਖਟਕੜ ਕਲਾਂ ਦੇ ਮੋਰਚੇ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਦੇ ਪਹੁੰਚਣ ਦਾ ਵਿਸ਼ਵਾਸ ਵੀ ਦਵਾਇਆ।

ਇਸ ਮੌਕੇ ਸਭਾ ਦੇ ਸਾਬਕਾ ਆਗੂ ਬਲਦੇਵ ਸਿੰਘ ਪੰਡੋਰੀ, ਅੰਮ੍ਰਿਤਪਾਲ ਸਿੰਘ, ਦਵਿੰਦਰ ਸਿੰਘ ਪੰਡੋਰੀ, ਵਿਕਰਮਜੀਤ ਸਿੰਘ ਪੰਡੋਰੀ, ਜਗਜੀਵਨ ਸਿੰਘ, ਅੰਮ੍ਰਿਤਪਾਲ, ਗੁਰਦੇਵ ਸਿੰਘ ਨੌਸਹਿਰਾ ਪੰਨੂੰਆ, ਬਲਵੀਰ ਸਿੰਘ ਦਰਗਾਪੁਰ, ਰਵੀਸੇਰ ਸਿੰਘ, ਚਮਕੌਰ ਸਿੰਘ ਜਵੰਦਾ, ਗੁਰਵਿੰਦਰ ਸਿੰਘ ਠੱਠੀਆ ਮਹੱਤਾ, ਨਰਿੰਦਰ ਸਿੰਘ ਰਟੌਲ ਆਦਿ ਤੋਂ ਇਲਾਵਾ ਹੋਰ ਕਈ ਨੌਜਵਾਨ ਹਾਜ਼ਰ ਸਨ।

ਇਲਾਕਾ ਕੂੰਮਕਲਾਂ ਵਿੱਚੋਂ ਸੈਕੜੇ ਕਿਸਾਨ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ


ਕੂੰਮਕਲਾਂ: ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦੀ ਗਈ ਸਮਰਾਲਾ ਦੀ ਦਾਣਾ ਮੰਡੀ ਵਿੱਚ ਜੇਤੂ ਮਹਾਂ ਰੈਲੀ ਵਿੱਚ ਸ਼ਾਮਿਲ ਹੋਣ ਲਈ ਕੂੰਮਕਲਾਂ ਇਲਾਕੇ ਵਿੱਚੋਂ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਸ਼ਾਮਿਲ ਹੋਏ ਜਿਨਾਂ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਬੇਅੰਤ ਸਿੰਘ ਗਰੇਵਾਲ, ਦਲਵੀਰ ਸਿੰਘ ਪਾਗਲੀਆਂ ਅਤੇ ਸਹਿਜਪ੍ਰੀਤ ਸਿੰਘ ਬੋੜਾ ਵੱਲੋਂ ਕੀਤੀ ਗਈ|

ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂਆਂ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਰਤਨਗੜ੍ਹ ਅਤੇ ਲਛਮਣ ਸਿੰਘ ਕੂਮਕਲਾਂ ਨੇ ਆਖਿਆ ਕਿ ਇਹ ਰੈਲੀ ਲੋਕ ਵਿਰੋਧੀ ਨੀਤੀਆਂ ਲਾਗੂ ਕਰਨ ਵਾਲੀਆਂ ਸੂਬਾ ਅਤੇ ਕੇਂਦਰ ਸਰਕਾਰ ਦੇ ਕਫਨ ਵਿੱਚ ਆਖਰੀ ਕਿੱਲ ਸਾਬਤ ਹੋਵੇਗੀ। ਉਨਾਂ ਆਖਿਆ ਕਿ ਇਹ ਰੈਲੀ ਨੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਲਾਗੂ ਕੀਤੀ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਨੂੰ ਨੱਥ ਪਾਉਣ ਵਿੱਚ ਸਹਾਈ ਹੋਵੇਗੀ| ਉਨਾਂ ਕਿਹਾ ਕਿ ਜੇਕਰ ਸਰਕਾਰ ਨੇ ਅੱਜ ਦੇ ਇਕੱਠ ਤੋਂ ਕੋਈ ਸਬਕ ਨਾ ਸਿੱਖਿਆ ਤਾਂ ਉਨਾਂ ਨੂੰ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਅਵਤਾਰ ਸਿੰਘ ਭੈਣੀ ਦੁਆਬਾ, ਸੁਖਜਿੰਦਰ ਸਿੰਘ  ਸਰਪੰਚ ਰਤਨਗੜ੍ਹ, ਹਰਜੀਤ ਸਿੰਘ ਗਰਚਾ ਕੁਮਕਲਾਂ, ਜੋਨੀ ਵਿਰਕ ਕੂਮਕਲਾਂ, ਗੁਰਚਰਨ ਸਿੰਘ ਸਾਬਕਾ ਸਰਪੰਚ ਝੁੰਗੀਆ ਬੇਗਾ, ਨਿਰਮਲ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ ਮਿਆਣੀ, ਬਲਵਿੰਦਰ ਸਿੰਘ ਬਿੱਟੂ ਚੌਂਤਾ, ਨੰਦ ਸਿੰਘ ਨੰਬਰਦਾਰ, ਮੁਖਤਿਆਰ ਸਿੰਘ ਰਤਨਗੜ੍ਹ, ਹਰਜਿੰਦਰ ਸਿੰਘ ਸੋਨੀ ਰਤਨਗੜ੍ਹ, ਆਦਿ ਹਾਜ਼ਰ ਸਨ।

ਸਮਰਾਲਾ ਦੀ ਜੇਤੂ ਮਹਾਂ ਰੈਲੀ ‘ਚ ਸ਼ਾਮਲ ਹੋਣ ਲਈ ਕਿਲ੍ਹਾ ਰਾਏਪੁਰ ਤੋਂ ਜਥਾ ਹੋਇਆ ਰਵਾਨਾ



ਡੇਹਲੋ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਸਮਰਾਲਾ ਦੀ ਦਾਣਾ ਮੰਡੀ ਵਿੱਚ ਹੋਈ ਜੇਤੂ ਮਹਾਂ ਰੈਲੀ ਵਿੱਚ ਸ਼ਾਮਲ ਹੋਣ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਦਾ ਇੱਕ ਜਥਾ ਪਿੰਡ ਕਿਲ੍ਹਾ ਰਾਏਪੁਰ ਤੋ ਰਵਾਨਾ ਹੋਇਆ। ਜਿਸ ਦੀ ਅਗਵਾਈ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਕੁਲਦੀਪ ਸਿੰਘ ਗਰੇਵਾਲ, ਕੁਲਵੰਤ ਸਿੰਘ ਮੋਹੀ, ਜਸਵੰਤ ਸਿੰਘ ਟੂਸੇ ਅਤੇ ਅਮਰਜੀਤ ਸਿੰਘ ਸਹਿਜਾਦ ਨੇ ਕੀਤੀ।

ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਸੁਰਜੀਤ ਸਿੰਘ ਸੀਲੋ ਨੇ ਕਿਹਾ ਕਿ ਕਿਰਤੀ ਕਿਸਾਨਾਂ ਦੀ ਏਕਤਾ ਨੇ ਸੂਬਾ ਸਰਕਾਰ ਨੂੰ ਲੋਕ ਵਿਰੋਧੀ ਲੈਡ ਪੂਲਿੰਗ ਨੀਤੀ ਵਾਪਸ ਲੈਣ ਲਈ ਮਜਬੂਰ ਕੀਤਾ ਹੈ। ਉਹਨਾਂ ਕਿਹਾ ਕਿ ਇਹ ਜੇਤੂ ਮਹਾਂ ਰੈਲੀ ਕੇਂਦਰ ਤੇ ਸੂਬਾ ਸਰਕਾਰ ਵੱਲੋ ਲਾਗੂ ਕੀਤੀਆਂ ਜਾ ਰਹੀਆਂ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਸੰਘਰਸ਼ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਕਿਰਤੀ ਕਿਸਾਨਾਂ ਦਾ ਆਪਣੀਆਂ ਮੰਗਾਂ ਮੁਸ਼ਕਲਾਂ ਦੇ ਹੱਲ ਲਈ ਅੰਦੋਲਨ ਜਾਰੀ ਰਹੇਗਾ।

ਇਸ ਮੌਕੇ ਹੋਰਨਾ ਤੋਂ ਇਲਾਵਾ ਗੁਰਉਪਦੇਸ਼ ਸਿੰਘ ਘੁੰਗਰਾਣਾ, ਵਰਿੰਦਰ ਸਿੰਘ ਜੜਤੌਲੀ, ਹਰਮਨਪ੍ਰੀਤ ਸਿੰਘ ਗਰੇਵਾਲ, ਸਿਕੰਦਰ ਸਿੰਘ ਹਿਮਾਯੂਪੁੱਰ, ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ, ਮਲਕੀਤ ਸਿੰਘ ਗਰੇਵਾਲ, ਸਵਰਨਜੀਤ ਸਿੰਘ ਕਾਕਾ, ਨਛੱਤਰ ਸਿੰਘ, ਤਰਲੋਚਨ ਸਿੰਘ ਘੁੰਗਰਾਣਾ, ਪਰਮਜੀਤ ਸਿੰਘ ਪੀਜਵਾਲੇ ਮੋਹੀ ਆਦਿ ਹਾਜ਼ਰ ਸਨ।

Saturday, 23 August 2025

ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਥੇ ਕਿਸਾਨ ਰੈਲੀ ਲਈ ਰਵਾਨਾ


 

ਫਤਿਆਬਾਦ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਮਰਾਲਾ ਕਿਸਾਨ ਸੰਘਰਸ਼ ਦੀ ਜੇਤੂ ਰੈਲੀ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਦਾ ਕਿਸਾਨਾਂ ਦਾ ਜਥਾ ਰਵਾਨਾ ਹੋਇਆ।

ਇਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਬਲਵਿੰਦਰ ਸਿੰਘ ਫੇਲੋਕੇ, ਜੰਗ ਬਹਾਦਰ ਸਿੰਘ ਤੁੜ, ਤੇਗ ਸਿੰਘ ਕੋਟ, ਕੈਪਟਨ ਸਿੰਘ ਕਾਹਲਵਾਂ, ਦਾਰਾ ਸਿੰਘ ਮੁੰਡਾ ਪਿੰਡ, ਜਗਬੀਰ ਸਿੰਘ ਨੰਬਰਦਾਰ ਜਾਮਾਰਾਏ, ਕੁਲਦੀਪ ਸਿੰਘ ਉਸਮਾਂ ਆਦਿ ਆਗੂਆਂ ਨੇ ਕੀਤੀ|

ਰੈਲੀ ਲਈ ਜਾ ਰਹੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮੁਖਤਾਰ ਸਿੰਘ ਮੱਲਾ ਅਤੇ ਝਿਲਮਿਲ ਸਿੰਘ ਬਾਣੀਆ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਇਹ ਦੂਜੀ ਵੱਡੀ ਜਿੱਤ ਹੈ ਜਿਸ ਨੇ ਕੇਦਰ ਦੀ ਭਾਜਪਾ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਸਰਕਾਰ ਦੀ ਕਾਰਪੋਰੇਟ ਪੱਖੀ ਨੀਤੀ ਨੂੰ ਹਾਰ ਦਿੱਤੀ ਹੈ, ਜਿਸ ਨੀਤੀ ਤਹਿਤ ਕਿਸਾਨਾਂ ਦੀ ਜ਼ਮੀਨ, ਮੰਡੀ ਪ੍ਰਬੰਧ ਅਤੇ ਮਨੁੱਖੀ ਖੁਰਾਕ ਕਾਰਪੋਰੇਟ ਹਵਾਲੇ ਕਰਨਾ ਸੀ। ਉਹਨਾਂ ਕਾਰਪੋਰੇਟ ਪੱਖੀ ਨੀਤੀ ਨੂੰ ਪੱਕੇ ਤੌਰ ਤੇ ਹਰਾਉਣ ਲਈ ਸਾਂਝੇ ਸੰਘਰਸ਼ ਨੂੰ ਮਜਬੂਤ ਕਰਨ ਦਾ ਸੱਦਾ ਦਿੱਤਾ।

ਇਸ ਮੌਕੇ ਅਨੋਖ ਸਿੰਘ ਕਾਹਲਵਾਂ, ਸਰਵਣ ਸਿੰਘ ਜਾਮਾਰਾਏ, ਕਸਮੀਰ ਸਿੰਘ ਫੌਜੀ ਫੇਲੋਕੇ, ਸਤਨਾਮ ਸਿੰਘ, ਸੁਖਵਿੰਦਰ ਸਿੰਘ ਕੋਟ ਮਹੰਮਦ, ਸਵਿੰਦਰ ਸਿੰਘ ਭੱਠਲ, ਨਰਿੰਦਰ ਸਿੰਘ ਤੁੜ, ਕੁਲਦੀਪ ਸਿੰਘ ਮੁੰਡਾ ਪਿੰਡ ਆਦਿ ਹਾਜ਼ਰ ਸਨ।

ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਲੰਬੀ ਅਤੇ ਮਲੋਟ ਬਲਾਕ ਦੇ ਪਿੰਡਾਂ 'ਚ ਕੀਤੀਆਂ ਨੁੱਕੜ ਮੀਟਿੰਗਾਂ


 

ਮਲੋਟ: ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਲੰਬੀ ਬਲਾਕ ਦੇ ਪਿੰਡ ਮਿੱਡਾ ਅਤੇ ਮਲੋਟ ਬਲਾਕ ਦੇ ਪਿੰਡ ਉੜਾਗ ਵਿਖੇ ਮਨਰੇਗਾ ਵਰਕਰ ਯੂਨੀਅਨ ਪੰਜਾਬ ਵੱਲੋਂ ਨੁੱਕੜ ਮੀਟਿੰਗਾਂ ਕਰਕੇ ਪਿੰਡ ਦੀਆਂ ਇਕਾਈਆਂ ਬਣਾਈਆਂ ਗਈਆਂ। ਇਨਾਂ ਦੋਵੇ ਪਿੰਡਾਂ ਦੀਆਂ ਵੱਖ-ਵੱਖ ਧਰਮਸ਼ਾਲਾ ਵਿੱਚ ਨਰੇਗਾ ਮਜ਼ਦੂਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਜਿਸ ਵਿੱਚ ਪਿੰਡ ਮਿੱਡਾ ਦੀ ਇਕਾਈ ਦੇ ਪ੍ਰਧਾਨ ਅਮਰ ਕੌਰ,ਮੀਤ ਪ੍ਰਧਾਨ ਬਲਵੀਰ ਕੌਰ ਅਤੇ ਸੈਕਟਰੀ ਸਨਦੀਪ ਕੌਰ ਅਤੇ ਮੀਤ ਸੈਕਟਰੀ ਰਾਜ ਕੌਰ ਨੂੰ ਬਣਾਇਆ ਗਿਆ। ਅਤੇ ਕੈਸ਼ੀਅਰ ਗੁਰਮੀਤ ਕੌਰ ਖਾਲਸਾ ਨੂੰ ਬਣਾਇਆ ਗਿਆ।

ਇਸ ਮੌਕੇ ਮਲੋਟ ਬਲਾਕ ਦੇ ਪਿੰਡ ਉੜਾਗ ਨਰੇਗਾ ਮਜ਼ਦੂਰਾਂ ਦੀ ਇਕਾਈ ਬਣਾਈ ਗਈ ਜਿਸ ਵਿੱਚ ਜਗਮੀਤ ਸਿੰਘ ਨੂੰ ਇਕਾਈ ਪ੍ਰਧਾਨ ਬਣਾਇਆ ਗਿਆ।ਮੀਤ ਪ੍ਰਧਾਨ ਗਿੰਦਰ ਸਿੰਘ ਨੂੰ ਬਣਾਇਆ ਗਿਆ। ਹਰਜਿੰਦਰ ਸਿੰਘ ਨੂੰ ਸਕੱਤਰ, ਹੀਰਾ ਸਿੰਘ ਨੂੰ ਮੀਤ ਸਕੱਤਰ, ਕੈਸ਼ੀਅਰ ਜਗਮੀਤ ਸਿੰਘ ਮੈਂਬਰ ਪੰਚਾਇਤ ਨੂੰ ਬਣਾਇਆ ਗਿਆ ਅਤੇ ਆਸ਼ਾ ਰਾਣੀ, ਰਾਜਵੰਤ ਕੌਰ, ਪਰਮਜੀਤ ਕੌਰ, ਪਰਮਜੀਤ ਕੌਰ,ਸੁਖਪ੍ਰੀਤ ਕੌਰ ਨੂੰ ਕਮੇਟੀ ਮੈਂਬਰ ਬਣਾਇਆ ਗਿਆ।

ਇਸ ਮੌਕੇ ਮਨਰੇਗਾ ਵਰਕਰ ਯੂਨੀਅਨ ਦੇ ਸੂਬਾ ਆਗੂ ਜਸਵਿੰਦਰ ਸਿੰਘ ਵੱਟੂ ਅਤੇ ਮਨਰੇਗਾ ਯੂਨੀਅਨ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਧੂੜੀਆ ਪਿੰਡ ਪਨੀ ਵਾਲਾ ਫੱਤਾ ਅਤੇ ਪੰਨੀ ਵਾਲਾ ਫੱਤਾ ਇਕਾਈ ਦੇ ਪ੍ਰਧਾਨ ਸੁਖਦੇਵ ਸਿੰਘ ਸਾਬਕਾ ਪੰਚਾਇਤ ਮੈਂਬਰ ਅਤੇ ਆਰਐੱਮਪੀਆਈ ਦੇ ਜ਼ਿਲ੍ਹਾ ਸਕੱਤਰ ਜਗਜੀਤ ਸਿੰਘ ਜੱਸੇਆਣਾ ਨੇ ਇਹਨਾਂ ਮੀਟਿੰਗਾਂ ਵਿੱਚ ਇਕੱਤਰ ਹੋਏ ਨਰੇਗਾ ਮਜ਼ਦੂਰਾਂ ਨੂੰ ਸੰਬੋਧਨ ਕੀਤਾ। ਅਤੇ ਇਨ੍ਹਾਂ ਮੀਟਿੰਗਾਂ ਵਿੱਚ ਨਰੇਗਾ ਮਜ਼ਦੂਰਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਹਿੱਤ ਵਿਸਥਾਰ ਪੂਰਵਕ ਢੰਗ ਨਾਲ ਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਅਤੇ ਮਜ਼ਦੂਰਾਂ ਦੇ ਮਸਲਿਆਂ ਪ੍ਰਤੀ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਮਨਰੇਗਾ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਵੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਪੰਜਾਬ ਅਤੇ ਪੱਛਮੀ ਬੰਗਾਲ ਵਿੱਚ ਨਰੇਗਾ ਤੇ ਕੰਮ ਨੂੰ ਬੰਦ ਕਰਕੇ ਨਰੇਗਾ ਮਜ਼ਦੂਰਾਂ ਨਾਲ ਵੱਡਾ ਧੋਖਾ ਕੀਤਾ ਹੈ।ਇਸ ਮੌਕੇ ਉਨ੍ਹਾਂ ਕਿਹਾ ਕਿ ਪਹਿਲਾਂ ਮਨਰੇਗਾ ਦਾ ਕੰਮ 100 ਦਿਨ ਦਾ ਨਗੂਣਾ ਜਿਹਾ ਕੰਮ ਮਿਲਦਾ ਸੀ ਪਰ ਹੁਣ ਇਹ ਕੰਮ ਵੀ ਘੱਟ ਗਿਆ ਹੈ ਉਹਨਾਂ ਕਿਹਾ ਮਨਰੇਗਾ ਦਾ ਹੱਕ ਮਾਰਨ ਵਾਲੀਆਂ ਸਰਕਾਰਾਂ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਤੇ ਪੰਜਾਬ ਭਰ ਵਿੱਚ 27.28.ਅਤੇ  29 ਅਗਸਤ ਨੂੰ ਸਾਰੇ ਪੰਜਾਬ ਅੰਦਰ ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੁਤਲੇ ਫੂਕ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਬੀਡੀਪੀਓ ਅਤੇ ਏ.ਡੀ.ਸੀ ਨੂੰ ਮੰਗ ਪੱਤਰ ਸੌਪੇ ਜਾਣਗੇ ਉਹਨਾਂ ਨੇ ਇਹ ਵੀ ਕਿਹਾ ਉਹਨਾਂ ਕਿਹਾ ਕਿ ਪੇਂਡੂ ਖੇਤਰ ਵਿੱਚ ਖੇਤਾਂ ਵਿੱਚੋਂ ਮਸ਼ੀਨਾਂ ਆਉਣ ਕਾਰਨ ਮਜ਼ਦੂਰਾਂ ਦਾ ਕੰਮ ਘਟ ਗਿਆ ਹੈ ਅਤੇ ਰਹਿੰਦਾ ਖੂੰਹਦਾ ਕੰਮ ਛਿੜਕਣ ਵਾਲੀਆਂ ਦਵਾਈਆਂ ਨੇ ਖੋਹ ਲਿਆ ਹੈ ਇਸ ਲਈ ਸਰਕਾਰਾਂ ਨੂੰ ਪੇਂਡੂ ਖੇਤਰ ਤੇ ਨਰੇਗਾ ਮਜ਼ਦੂਰਾਂ ਨੂੰ ਸਾਰਾ ਸਾਲ 365 ਦਿਨ ਕੰਮ ਦਿੱਤਾ ਜਾਵੇ ਅਤੇ 700 ਰੁਪਏ ਦਿਹਾੜੀ ਦਿੱਤੀ ਜਾਵੇ ਨਰੇਗਾ ਬਜਟ ਵਿੱਚ ਵਾਧਾ ਕੀਤਾ ਜਾਵੇ ਅਤੇ ਨਰੇਗਾ ਵਿਰੋਧੀ ਫੈਸਲੇ ਵਾਪਸ ਲਏ ਜਾਣ ਉਹਨਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਦਿਹਾੜੀ ਦਾ ਸਮਾਂ ਅੱਠ ਘੰਟੇ ਤੋਂ 12 ਘੰਟੇ ਕਰਨ ਦਾ ਨੋਟੀਫਿਕੇਸ਼ਨ ਵਾਪਸ ਲਿਆ ਜਾਵੇ।

ਇਸ ਮੌਕੇ ਪਿੰਡ ਪੰਨੀ ਵਾਲਾ ਫੱਤਾ ਨਰੇਗਾ ਇਕਾਈ ਦੇ ਸਕੱਤਰ ਕੁਲਵੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਰੇਗਾ ਮਜ਼ਦੂਰ ਹਾਜ਼ਰ ਸਨ।

27 ਅਗਸਤ ਤੋਂ ਅਣਮਿੱਥੇ ਸਮੇਂ ਲਈ ਧਰਨਾ ਲਗਾਉਣ ਦਾ ਐਲਾਨ

 


ਰਈਆ: ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐੱਮਓ) ਵਲੋਂ 27 ਅਗਸਤ ਨੂੰ ਪੁਲਿਸ ਥਾਣਾ ਬਿਆਸ ਸਾਹਮਣੇ ਅਣਮਿਥੇ ਸਮੇਂ ਦਾ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਗਿਆ। 

ਇਸ ਬਾਰੇ ਜਾਣਕਾਰੀ ਦਿੰਦਿਆਂ ਮੋਰਚੇ ਦੇ ਸੂਬਾਈ ਕਨਵੀਨਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਦੱਸਿਆ ਕਿ ਪਿੰਡ ਟੌਂਗ ਦੀਆਂ ਵਸਨੀਕ ਮਜ਼ਦੂਰ ਔਰਤਾਂ ਨਰਿੰਦਰ ਕੌਰ ਅਤੇ ਪਰਮਜੀਤ ਕੌਰ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਵਿੱਚ ਦੋਹਾਂ ਔਰਤਾਂ ਦੀਆਂ ਬਾਹਾਂ ਟੁੱਟ ਗਈਆਂ ਜੋ ਉਸੇ ਸਮੇਂ ਹੀ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿੱਚ ਇਲਾਜ ਲਈ ਭਰਤੀ ਹੋਈਆਂ ਪਰ 20 ਦਿਨ ਬੀਤਣ ਉਪਰੰਤ ਵੀ ਉਹਨਾਂ ਦੀਆਂ ਸੱਟਾਂ ਦਾ ਕੋਈ ਨਤੀਜਾ ਨਹੀਂ ਦਿੱਤਾ ਗਿਆ। ਇਸ ਸਬੰਧੀ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਕਾਰਕੁਨਾਂ ਵਲੋਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਰੋਸ ਧਰਨਾ ਦਿੱਤਾ ਗਿਆ, ਜਿਸ ਉਪਰੰਤ ਐੱਸਐੱਮਓ ਵੱਲੋਂ ਸੱਟਾਂ ਦੀ ਪੁਸ਼ਟੀ ਕਰਦੀ ਮੈਡੀਕਲ ਰਿਪੋਰਟ ਦਿੱਤੀ ਗਈ। ਇਸ ਉਪਰੰਤ ਜਥੇਬੰਦੀਆਂ ਦੇ ਆਗੂਆਂ ਵਲੋਂ ਡੀਐੱਸਪੀ ਬਾਬਾ ਬਕਾਲਾ ਸਾਹਿਬ, ਥਾਣਾ ਮੁਖੀ ਬਿਆਸ ਨੂੰ ਉਕਤ ਮਾਮਲੇ ਦੀ ਜਾਣਕਾਰੀ ਦਿੰਦਿਆਂ ਇਨਸਾਫ ਦੀ ਮੰਗ ਕੀਤੀ। ਥਾਣਾ ਮੁਖੀ ਬਿਆਸ ਵੱਲੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨ ਅਤੇ ਕਾਰਵਾਈ ਕਰਨ ਦਾ ਯਕੀਨ ਦਿਵਾਇਆ ਗਿਆ ਪਰ ਹਲਕਾ ਵਿਧਾਇਕ ਦੇ ਦਬਾਅ ਹੇਠ ਪੀੜ੍ਹਤ ਔਰਤਾਂ ਨੂੰ ਇਨਸਾਫ਼ ਦੇਣ ਦੀ ਥਾਂ ਪੀੜ੍ਹਤ ਔਰਤਾਂ ਸਮੇਤ 10 ਪਰਿਵਾਰਕ ਮੈਂਬਰਾਂ ‘ਤੇ ਸੰਗੀਨ ਧਰਾਵਾਂ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਜੋ ਕਿ ਘੋਰ ਬੇਇਨਸਾਫੀ ਹੈ।

ਆਗੂਆਂ ਨੇ ਦੱਸਿਆ ਕਿ ਪੀੜ੍ਹਤਾਂ ਨੂੰ ਇਨਸਾਫ਼ ਦਿਵਾਉਣ ਲਈ 27 ਅਗਸਤ ਨੂੰ ਥਾਣਾ ਬਿਆਸ ਸਾਹਮਣੇ ਅਣਮਿਥੇ ਸਮੇਂ ਦਾ ਧਰਨਾ ਮਾਰਿਆ ਜਾਵੇਗਾ ਜੋ ਇਨਸਾਫ਼ ਪ੍ਰਾਪਤੀ ਤੱਕ ਜਾਰੀ ਰਹੇਗਾ।

ਇਸ ਮੌਕੇ ਅਮਰੀਕ ਸਿੰਘ ਦਾਊਦ, ਗੁਰਮੇਜ ਸਿੰਘ ਤਿਮੋਵਾਲ, ਬਲਦੇਵ ਸਿੰਘ ਸੈਦਪੁਰ, ਗੁਰਨਾਮ ਸਿੰਘ ਭਿੰਡਰ, ਸਵਿੰਦਰ ਸਿੰਘ ਖਹਿਰਾ, ਪਰਗਟ ਸਿੰਘ ਟੌਂਗ, ਰਸ਼ਪਾਲ ਸਿੰਘ ਬਟਾਰੀ, ਸੱਜਣ ਸਿੰਘ ਤਿੰਮੋਵਾਲ, ਪਲਵਿੰਦਰ ਸਿੰਘ ਮਹਿਸਮਪੁਰ, ਕੇਵਲ ਸਿੰਘ ਸੱਤੋਵਾਲ, ਹਰਭਜਨ ਸਿੰਘ ਫੇਰੂਮਾਨ ਆਦਿ ਆਗੂਆਂ ਨੇ ਕਿਹਾ ਕਿ ਧਰਨੇ ਨੂੰ ਸਫਲ ਬਣਾਉਣ ਲਈ ਪਿੰਡ ਪਿੰਡ ਮੀਟਿੰਗਾਂ ਕਰਕੇ ਕਿਰਤੀ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ।

Friday, 22 August 2025

ਕਾਮਰੇਡ ਐਸ. ​​ਸੁਧਾਕਰ ਰੈਡੀ ਦੇ ਦੇਹਾਂਤ ‘ਤੇ ਆਰਐੱਮਪੀਆਈ ਵਲੋ ਡੂੰਘੇ ਦੁੱਖ ਦਾ ਇਜ਼ਹਾਰ



ਸੀਪੀਆਈ ਦੇ ਸਾਬਕਾ ਜਨਰਲ ਸਕੱਤਰ, ਕਾਮਰੇਡ ਐਸ. ​​ਸੁਧਾਕਰ ਰੈਡੀ ਦਾ ਦੇਹਾਂਤ ‘ਤੇ ਆਰਐੱਮਪੀਆਈ ਦੇ ਚੇਅਰਮੈਨ ਕੇ. ਗੰਗਾਧਰਨ ਅਤੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।


1942 ਵਿੱਚ ਜਨਮੇ, ਕਾਮਰੇਡ ਸੁਧਾਕਰ ਨੇ ਆਪਣਾ ਪੂਰਾ ਜੀਵਨ ਮਜ਼ਦੂਰ ਵਰਗ ਅਤੇ ਦੱਬੇ-ਕੁਚਲੇ ਲੋਕਾਂ ਦੇ ਸੰਘਰਸ਼ਾਂ ਨੂੰ ਸਮਰਪਿਤ ਕੀਤਾ, 2012 ਤੋਂ 2019 ਤੱਕ ਸੀਪੀਆਈ ਦੇ ਜਨਰਲ ਸਕੱਤਰ ਵਜੋਂ ਸੇਵਾ ਨਿਭਾਈ ਅਤੇ ਦੋ ਵਾਰ ਲੋਕ ਸਭਾ ਵਿੱਚ ਨਲਗੋਂਡਾ ਦੀ ਨੁਮਾਇੰਦਗੀ ਕੀਤੀ।


ਲੋਕਾਂ ਲਈ ਜੀਵਨ ਭਰ ਲੜਨ ਵਾਲੇ, ਉਨ੍ਹਾ ਨੂੰ ਨਿਮਰਤਾ, ਸਪੱਸ਼ਟਤਾ ਅਤੇ ਸੀਪੀਆਈ ਅਤੇ ਖੱਬੇ ਪੱਖੀ ਲਹਿਰ ਪ੍ਰਤੀ ਅਟੁੱਟ ਵਚਨਬੱਧਤਾ ਲਈ ਯਾਦ ਕੀਤਾ ਜਾਵੇਗਾ।