Wednesday, 2 August 2017

ਸ਼ਰਧਾਂਜਲੀਆਂ (ਸੰਗਰਾਮੀ ਲਹਿਰ-ਅਗਸਤ 2017)

ਸ਼ਹੀਦ ਕਰਤਾਰ ਚੰਦ ਨੂੰ 27 ਵੀਂ ਬਰਸੀ ਮੌਕੇ ਸ਼ਰਧਾਂਜਲੀਆਂ

ਦੇਸ਼ ਦੀ ਏਕਤਾ, ਅਖੰਡਤਾ ਤੇ ਭਾਈਚਾਰਕ ਸਾਂਝ ਦੀ ਰਾਖੀ ਲਈ ਆਪਣੀ ਜਾਨ ਦੀ ਬਾਜੀ ਲਾਉਣ ਵਾਲੇ ਸ਼ਹੀਦ ਕਰਤਾਰ ਚੰਦ ਦੀ 27 ਵੀਂ ਬਰਸੀ ਜੇ.ਪੀ ਐਮ.ਓ ਵਲੋਂ ਉਨ੍ਹਾਂ ਦੇ ਪਿੰਡ ਮਾਧੋਪੁਰ ਵਿਖੇ 29 ਮਈ ਨੂੰ ਮਨਾਈ ਮਈ। ਮਿਹਨਤਕਸ਼, ਦੱਬੇ ਕੁਚਲੇ ਲੋਕਾਂ ਦੀ ਬਿਹਤਰੀ ਲਈ ਜਮਾਤਾਂ ਤੋਂ ਰਹਿਤ ਇਕ ਸਿਹਤਮੰਦ ਸਮਾਜ ਦੀ ਉਸਾਰੀ ਲਈ ਆਪਣਾ ਜੀਵਨ ਕੁਰਬਾਨ ਕਰਨ ਵਾਲੇ ਇਸ ਕਮਿਊਨਿਸਟ ਯੋਧੇ ਨੂੰ ਸਾਮਰਾਜੀ ਸ਼ਹਿ ਪ੍ਰਾਪਤ ਵੱਖਵਾਦੀ ਖਾਲਿਸਤਾਨੀ ਦਹਿਸ਼ਤਗਰਦਾਂ ਨੇ 10 ਮਈ 1990 ਨੂੰ ਸ਼ਹੀਦ ਕਰ ਦਿਤਾ ਸੀ।
ਇਸ ਮੌਕੇ ਜੁੜੇ  ਇਕੱਠ ਨੂੰ ਸੰਬੋਧਨ ਕਰਦਿਆਂ  ਆਰ. ਐਮ.ਪੀ.ਆਈ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਜਿਸ ਖਤਰੇ ਵਿਰੁੱਧ ਸਾਥੀ ਕਰਤਾਰ ਚੰਦ ਤੇ ਉਨ੍ਹਾਂ ਵਰਗੇ ਖੱਬੀ ਲਹਿਰ ਦੇ ਹੋਰਨਾਂ ਯੋਧਿਆਂ ਨੇ ਸ਼ਹਾਦਤਾਂ ਦਿੱਤੀਆ ਸਨ, ਉਹ ਅੱਜ ਇਕ ਵਾਰ ਫਿਰ ਸਿਰ ਚੁੱਕੀ ਖੜ੍ਹਾ ਹੈ। ਦੇਸ਼ ਨੂੰ ਫਿਰਕੂ ਲੀਹਾਂ 'ਤੇ ਵੰਡਣ 'ਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਗਊ ਰੱਖਿਆ ਦੇ ਨਾਂਅ 'ਤੇ ਦਲਿਤਾਂ ਤੇ ਮੁਸਲਮਾਨਾਂ ਨੂੰ  ਹਿੰਸਕ ਹਜੂਮਾਂ ਹਵਾਲੇ ਕੀਤਾ ਜਾ ਰਿਹਾ ਹੈ। ਲੋਕਾਂ ਦੇ ਅਸਲ ਮੁੱਦੇ ਮਹਿੰਗਾਈ, ਬੇਰੁਜ਼ਗਾਰੀ ਘੱਟੇ-ਮਿੱਟੀ ਰੋਲੇ ਜਾ ਰਹੇ ਹਨ। ਸਾਥੀ ਪਾਸਲਾ ਨੇ ਕਿਹਾ ਕਿ ਸ਼ਹੀਦ ਕਰਤਾਰ ਚੰਦ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਸਮਾਰਾਜੀ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਦੇ ਹਮਲੇ  ਦੇ ਨਾਲ-ਨਾਲ ਸੰਘ ਪਰਿਵਾਰ ਤੇ ਕੇਂਦਰ ਸਰਕਾਰ ਦੀ ਸ਼ਹਿ ਪ੍ਰਾਪਤ ਫਿਰਕੂ ਹਮਲਿਆਂ ਵਿਰੁੱਧ ਆਪਣੀ ਜਮਾਤੀ ਏਕਤਾ ਨੂੰ ਮਜਬੂਤ ਕਰਦਿਆਂ ਇਕ ਵਿਆਪਕ ਤੇ ਸਾਂਝਾ ਮੋਰਚਾ ਬਣਾ ਕੇ ਲੜਿਆ ਜਾਵੇ।
ਸਰਵਸਾਥੀ ਸ਼ਮਸ਼ੇਰ ਸਿੰਘ ਰੋਪੜ, ਨਿਰੰਜਣ ਦਾਸ, ਪਰਵੀਨ ਕੁਮਾਰੀ ਸਰਪੰਚ ਮਾਧੋਪੁਰ, ਹਿੰਮਤ ਸਿੰਘ ਚੌਧਰੀ ਤੇ ਦਰਸ਼ਨ ਸਿੰਘ ਬੜਵਾ 'ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਰਹਿਨੁਮਾਈ 'ਚ ਹੋਏ ਇਸ ਸ਼ਰਧਾਂਜਲੀ ਸਮਾਗਮ ਨੂੰ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਮੋਹਣ ਸਿੰਘ ਧਮਾਣਾ, ਪ.ਸ.ਸ.ਫ. ਦੇ ਜਨਰਲ ਸਕੱਤਰ ਸਾਥੀ ਵੇਦ ਪ੍ਰਕਾਸ਼ ਤੋਂ ਇਲਾਵਾ ਮਾਸਟਰ ਗੁਰਵਿੰਦਰ ਸਿੰਘ, ਵਿਜੈ ਕੁਮਾਰ ਨੰਗਲ, ਮਲਕੀਅਤ ਸਿੰਘ ਪਲਾਸੀ ਆਦਿ ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਨ ਮਾਸਟਰ ਗੁਰਨਾਇਬ ਸਿੰਘ ਨੇ ਕੀਤਾ ਇਸ ਮੌਕੇ ਮਾਸਟਰ ਕਰਮ ਚੰਦ (ਕੇ.ਸੀ) ਆਨੰਦਪੁਰ ਸਹਿਬ ਨੇ ਸਾਥੀ ਪਾਸਲਾ ਨੂੰ  ਪਾਰਟੀ ਫੰਡ ਲਈ ਪੰਜਾਹ ਹਜ਼ਾਰ ਰੁਪਏ ਦਾ ਚੈਕ ਭੇਂਟ ਕੀਤਾ।

ਸ਼ਹੀਦ ਮੁਠੱਡਾ ਦੀ ਬਰਸੀ ਮੌਕੇ ਖੱਬੀ ਲਹਿਰ ਦੇ ਯੋਧਿਆਂ ਨੂੰ ਸ਼ਰਧਾਂਜਲੀਆਂ 
ਪਿੰਡ ਮੁਠੱਡਾ ਕਲਾਂ 'ਚ ਸ਼ਹੀਦ ਗੁਰਦਿਆਲ ਸਿੰਘ ਮੁਠੱਡਾ ਦੀ 30ਵੀਂ ਬਰਸੀ ਮੌਕੇ ਅੱਤਵਾਦ-ਵੱਖਵਾਦ ਦੇ ਦੌਰ ਵਿਚ ਭਾਈਚਾਰਕ ਸਾਂਝ ਤੇ ਦੇਸ਼ ਦੀ ਏਕਤਾ ਅਖੰਡਤਾ ਦੀ ਰਾਖੀ ਲਈ ਸ਼ਹੀਦੀਆਂ ਪਾਉਣ ਵਾਲੇ ਖੱਬੀ ਲਹਿਰ ਦੇ ਸਮੁੱਚੇ ਯੋਧਿਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਕਿਹਾ ਕਿ ਮਹਾਨ ਸ਼ਹੀਦਾਂ ਦੀ ਵਿਰਾਸਤ ਨੂੰ ਅੱਗੇ ਤੋਰਦਿਆਂ ਪਾਰਟੀ ਵਲੋਂ ਆਲ ਇੰਡੀਆ ਕਾਨਫਰੰਸ ਚੰਡੀਗੜ੍ਹ 'ਚ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਹਕੀਕੀ ਇਨਕਲਾਬੀ ਪਾਰਟੀ ਸ਼ਹੀਦਾਂ ਦੇ ਕਦਮ ਚਿੰਨ੍ਹਾਂ 'ਤੇ ਚੱਲ ਕੇ ਅਤੇ ਕੁਰਬਾਨੀਆਂ ਤੋਂ ਬਿਨਾਂ ਨਹੀਂ ਬਣਾਈ ਜਾ ਸਕਦੀ। ਇਸ ਮੌਕੇ ਸੂਬਾ ਕਮੇਟੀ ਮੈਂਬਰ ਸ਼ਿਵ ਕੁਮਾਰ ਤਿਵਾੜੀ ਨੇ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਡਾ. ਮੁਠੱਡਾ ਦੀ ਕੁਰਬਾਨੀ ਪੰਜਾਬ 'ਚ ਘੱਟ ਗਿਣਤੀਆਂ ਦੀ ਰਾਖੀ ਲਈ ਹੋਈ ਅਤੇ ਅੱਜ ਫਿਰ ਦੇਸ਼ ਭਰ 'ਚ ਘੱਟ ਗਿਣਤੀਆਂ ਲਈ ਖਤਰਾ ਉੱਭਰ ਕੇ ਸਾਹਮਣੇ ਆ ਰਿਹਾ ਹੈ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਆਗੂ ਪਰਮਜੀਤ ਰੰਧਾਵਾ, ਮਾ. ਸ਼ਿੰਗਾਰਾ ਸਿੰਘ ਦੁਸਾਂਝ, ਸਰਬਜੀਤ ਮੁਠੱਡਾ ਅਤੇ ਮਨਜਿੰਦਰ ਸਿੰਘ ਢੇਸੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੀ ਪ੍ਰਧਾਨਗੀ ਲਹਿੰਬਰ ਸਿੰਘ ਅਤੇ ਅਮ੍ਰਿੰਤਪਾਲ ਨੰਗਲ ਨੇ ਕੀਤੀ। ਆਖਰ 'ਚ ਸ਼ਹੀਦੀ ਲਾਟ 'ਤੇ ਝੰਡਾ ਲਹਿਰਾਉਣ ਦੀ ਰਸਮ ਨੰਬਰਦਾਰ ਜਗੀਰ ਸਿੰਘ ਨੇ ਅਦਾ ਕੀਤੀ।
ਡਾ. ਗੁਰਦਿਆਲ ਸਿੰਘ ਯਾਦਗਾਰੀ ਸੁਸਾਇਟੀ, ਮੁਠੱਡਾ ਕਲਾਂ ਵਲੋਂ ਦੇਸ਼ ਭਗਤ ਯਾਦਗਰ ਕਮੇਟੀ ਜਲੰਧਰ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸਹਿਯੋਗ ਨਾਲ ਇਸ ਵਾਰ ਤੀਜੇ ਪੁਸਤਕ ਮੁਕਾਬਲੇ 21 ਅਕਤੂਬਰ ਨੂੰ ਕਰਵਾਏ ਜਾਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਜਰਨੈਲ ਫਿਲੌਰ, ਬਨਾਰਸੀ ਦਾਸ ਘੁੜਕਾ, ਮੇਜਰ ਫਿਲੌਰ, ਸੁਖ ਰਾਮ ਦੁਸਾਂਝ, ਵਿਸ਼ਵਾਮਿੱਤਰ, ਹਰਦੇਵ ਸਿੰਘ, ਨੰਬੜਦਾਰ ਬਲਜਿੰਦਰ ਸਿੰਘ ਬਿਲਗਾ ਆਦਿ ਨੇ ਵੀ ਸ਼ਰਧਾਂਜਲੀਆਂ ਭੇਂਟ ਕੀਤੀਆਂ।

 
ਕੰਗ ਅਰਾਈਆਂ ਦੇ ਕਮਿਊਨਿਸਟ ਸ਼ਹੀਦਾਂ ਨੂੰ ਸ਼ਰਧਾਂਜਲੀ 
ਅੱਤਵਾਦੀਆਂ ਨਾਲ ਲੋਹਾ ਲੈਂਦਿਆ ਪਿੰਡ ਕੰਗਅਰਾਈਆਂ ਦੇ ਕਮਿਊਨਿਸਟ ਆਗੂ ਜਰਨੈਲ ਸਿੰਘ ਅਤੇ ਮਹਿੰਦਰ ਸਿੰਘ ਪੱਪੀ 1988 ਵਿਚ ਸ਼ਹੀਦ ਹੋ ਗਈ ਸਨ। ਅੱਧੀ ਰਾਤ ਨੂੰ ਅਤਿਵਾਦੀਆਂ ਵਲੋਂ ਘਰ 'ਤੇ ਕੀਤੇ ਹਮਲੇ ਦੌਰਾਨ ਮਹਿੰਦਰ ਸਿੰਘ ਪੱਪੀ ਨੇ ਇੱਕ ਅਤਿਵਾਦੀ ਨੂੰ ਜੱਫਾ ਮਾਰ ਲਿਆ ਸੀ, ਜਿਸ 'ਤੇ ਅਤਿਵਾਦੀ ਦੇ ਹੀ ਸਾਥੀ ਨੇ ਦੋਨੋਂ 'ਤੇ ਗੋਲੀ ਚਲਾ ਦਿੱਤੀ। 21 ਜੁਲਾਈ ਨੂੰ ਹੋਏ ਇਸ ਹਮਲੇ ਦੌਰਾਨ ਜਰਨੈਲ ਸਿੰਘ ਦੇ ਸਿਰ 'ਚ ਗੋਲੀ ਲੱਗੀ ਸੀ। ਉਨ੍ਹਾਂ ਨੇ 24 ਜੁਲਾਈ ਨੂੰ ਸ਼ਹਾਦਤ ਦਾ ਜਾਮ ਪੀਤਾ। 24 ਜੁਲਾਈ 2017 ਨੂੰ ਤਹਿਸੀਲ ਭਰ 'ਚੋਂ ਇਕੱਠੇ ਹੋਏ ਆਰਐੱਮਪੀਆਈ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਹੀਦੀ ਲਾਟ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਸ਼ਹੀਦਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਅਤੇ ਉਨ੍ਹਾਂ ਦੇ ਕਦਮ ਚਿੰਨਾ 'ਚੇ ਚੱਲਣ ਦਾ ਮੁੜ ਤੋਂ ਪ੍ਰਣ ਕੀਤਾ। ਵਰਨਣਯੋਗ ਹੈ ਫਿਲੌਰ 'ਚ ਅਤਿਵਾਦੀਆਂ ਵਲੋਂ ਹਿੰਦੂ ਪਰਵਾਰ 'ਤੇ ਕੀਤੇ ਹਮਲੇ ਦੌਰਾਨ ਸਾਥੀ ਜਰਨੈਲ ਸਿੰਘ ਹੁਣਾ ਨੇ ਅੱਗੇ ਆਕੇ ਇਸ ਬੁਜ਼ਦਿਲ ਕਾਰੇ ਦਾ ਵਿਰੋਧ ਕੀਤਾ ਸੀ, ਜਿਸ ਤੋਂ ਖਾਰ ਖਾਂਦਿਆਂ ਅਤਿਵਾਦੀਆਂ ਨੇ ਅੱਧੀ ਰਾਤ ਨੂੰ ਇਸ ਪਰਿਵਾਰ 'ਤੇ ਹਮਲਾ ਕੀਤਾ ਸੀ। ਮਹਿੰਦਰ ਸਿੰਘ ਪੱਪੀ ਦੀ ਬਹਾਦਰੀ ਨੇ ਹੀ ਇੱਕ ਅਤਿਵਾਦੀ ਨੂੰ ਮਰਨ ਲਈ ਮਜ਼ਬੂਰ ਕਰ ਦਿੱਤਾ ਸੀ।

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਅਗਸਤ 2017)

ਰਵੀ ਕੰਵਰ 
ਵੈਨਜ਼ੁਏਲਾ ਦੀ ਲੋਕ ਪੱਖੀ ਸਰਕਾਰ ਤੇ ਸਾਮਰਾਜ ਦਾ ਹਮਲਾ 
ਦੱਖਣੀ ਅਮਰੀਕਾ ਮਹਾਂਦੀਪ ਦੇ ਦੇਸ਼ ਵੈਨੇਜ਼ੁਏਲਾ ਨੇ ਇਸ ਸਦੀ ਦੇ ਸ਼ੁਰੂ ਵਿਚ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਦਾ ਬਦਲ ਪੇਸ਼ ਕਰਦੇ ਹੋਏ ਅਮਰੀਕੀ ਸਾਮਰਾਜ ਵਲੋਂ ਦਰੜੀ ਜਾਂਦੀ ਇਸ ਮਹਾਂਦੀਪ ਦੀ ਕੰਗਾਲੀ ਨਾਲ ਜੂਝ ਰਹੀ ਲੋਕਾਈ ਨੂੰ ਇਕ ਨਵੀਂ ਰਾਜਨੀਤਕ ਦਿਸ਼ਾ ਪ੍ਰਦਾਨ ਕੀਤੀ ਸੀ। ਪਿਛਲੀ ਸੱਦੀ ਦੇ ਨੌਵੇਂ ਦਹਾਕੇ ਵਿਚ ਸੋਵੀਅਤ ਰੂਸ ਦੇ ਢਹਿ ਢੇਰੀ ਹੋ ਜਾਣ ਤੋਂ ਬਾਅਦ ਇਹ ਪਹਿਲਾ ਰਾਜਨੀਤਕ ਬਦਲਾਅ ਸੀ, ਜਿਸਨੇ ਦੁਨੀਆਂ ਭਰ ਦੀਆਂ ਲੋਕ ਪੱਖੀ ਸ਼ਕਤੀਆਂ ਵਿਚ ਨਵੀਂ ਸ਼ਕਤੀ ਦਾ ਸੰਚਾਰ ਕੀਤਾ ਸੀ। ਅੱਜ ਉਹ ਦੇਸ਼ ਤਿੱਖੇ ਸਾਮਰਾਜੀ ਹਮਲੇ ਦੇ ਦਰਪੇਸ਼ ਹੈ। ਅੰਨ੍ਹੇ ਰਾਸ਼ਟਰਵਾਦ ਤੇ ਨਸਲਵਾਦ ਦੇ ਘੋੜੇ 'ਤੇ ਸਵਾਰ ਹੋ ਕੇ ਸਾਮਰਾਜੀ ਜੁੰਡਲੀ ਦੇ ਆਗੂ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਊਬਾ ਤੋਂ ਬਾਅਦ ਹੁਣ ਵੈਨਜ਼ੁਏਲਾ 'ਤੇ ਹਮਲਾ ਬੋਲ ਦਿੱਤਾ ਹੈ। 17 ਜੁਲਾਈ ਨੂੰ ਟਰੰਪ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ''ਜੇਕਰ ਮਾਦੂਰੋ ਹਕੂਮਤ 30 ਜੁਲਾਈ ਨੂੰ ਕੀਤੀਆਂ ਜਾਣ ਵਾਲੀਆਂ ਸੰਵਿਧਾਨਕ ਸਭਾ ਲਈ ਚੋਣਾਂ ਦੀ ਆਪਣੀ ਯੋਜਨਾ ਨੂੰ ਲਾਗੂ ਕਰਦੀ ਹੈ ਤਾਂ ਅਮਰੀਕਾ ਸਖਤ ਤੇ ਫੌਰੀ ਕਾਰਵਾਈ ਕਰੇਗਾ।''
ਇੱਥੇ ਇਹ ਵਰਣਨਯੋਗ ਹੈ ਕਿ ਮਰਹੂਮ ਸਾਥੀ ਹੂਗੋ ਸ਼ਾਵੇਜ਼ ਜਦੋਂ ਇਸ ਸਦੀ ਦੇ ਸ਼ੁਰੂ ਵਿਚ ਦੇਸ਼ ਦੇ ਰਾਸ਼ਟਰਪਤੀ ਚੁਣੇ ਗਏ ਸੀ, ਤਾਂ ਉਸ ਵੇਲੇ 2002 ਵਿਚ ਅਮਰੀਕੀ ਸਾਮਰਾਜ ਦੀ ਸਰਗਰਮ ਮਦਦ ਨਾਲ ਫੌਜੀ ਤਖਤਾਪਲਟ ਕਰ ਦਿੱਤਾ ਗਿਆ ਸੀ ਅਤੇ ਦੇਸ਼ ਦੀਆਂ ਸੱਜ ਪਿਛਾਖੜੀ ਰਾਜਨੀਤਕ ਪਾਰਟੀਆਂ ਉਸ ਸਮੇਂ ਫੌਜ ਦੇ ਨਾਲ ਸਨ। ਪਰ ਦੇਸ਼ ਦੇ ਅਵਾਮ ਨੇ ਰਾਸ਼ਟਰਪਤੀ ਭਵਨ ਦੀ ਘੇਰਾਬੰਦੀ ਕਰਕੇ ਸਾਥੀ ਸ਼ਾਵੇਜ਼ ਦੀ ਹੀ ਰੱਖਿਆ ਨਹੀਂ ਕੀਤੀ ਬਲਕਿ ਉਸ ਵੇਲੇ ਤੱਕ ਦੇਸ਼ ਦੀ ਰਾਜਧਾਨੀ ਨੂੰ ਠੱਪ ਕਰੀ ਰੱਖਿਆ ਜਦੋਂ ਤੱਕ ਸਾਥੀ ਹੂਗੋ ਸ਼ਾਵੇਜ਼ ਨੇ ਮੁੜ ਸੱਤਾ ਨਹੀਂ ਸੰਭਾਲ ਲਈ। ਇਸ ਦੇਸ਼ ਦੇ ਤੇਲ ਅਤੇ ਹੋਰ ਕੁਦਰਤੀ ਵਸੀਲਿਆਂ ਨੂੰ ਕੌਡੀਆਂ ਦੇ ਭਾਅ ਦੇਸ਼ ਦੇ ਸਾਮਰਾਜ ਦੇ ਹਥਠੋਕੇ ਸ਼ਾਸਕਾਂ ਨਾਲ ਰੱਲਕੇ ਲੁੱਟਣ ਵਾਲੀਆਂ ਬਹੁਕੌਮੀ ਕੰਪਨੀਆਂ ਨੂੰ ਠੱਲ੍ਹ ਪਾਉਂਦੇ ਹੋਏ ਸਾਥੀ ਸ਼ਾਵੇਜ਼ ਨੇ ਨਾ ਸਿਰਫ ਗਰੀਬੀ ਤੇ ਭੁੱਖਮਰੀ ਨਾਲ ਜੂਝ ਰਹੇ ਅਵਾਮ ਨੂੰ ਹੀ ਤਾਕਤ ਪ੍ਰਦਾਨ ਕੀਤੀ ਬਲਕਿ ਉਨ੍ਹਾਂ ਨੇ ਸਾਮਰਾਜੀ ਸੰਸਾਰੀਕਰਨ ਅਧਾਰਤ ਨਵਉਦਾਰਵਾਦੀ ਨੀਤੀਆਂ ਦਾ ਜਿਹੜਾ ਸਮਾਜਕ ਤੇ ਆਰਥਕ ਬਦਲ ਪੇਸ਼ ਕੀਤਾ ਉਸਨੇ ਸਮੁੱਚੇ ਲਾਤੀਨੀ ਅਮਰੀਕੀ ਮਹਾਂਦੀਪ ਵਿਚ ਲੋਕ ਪੱਖੀ ਸ਼ਕਤੀਆਂ ਨੂੰ ਹੁਲਾਰਾ ਦਿੱਤਾ ਅਤੇ ਕੁੱਝ ਹੀ ਸਾਲਾਂ ਵਿਚ ਇਸ ਮਹਾਂਦੀਪ ਦੇ ਕਈ ਦੇਸ਼ਾਂ ਵਿਚ ਲੋਕਾਂ ਨੇ ਲੋਕ ਪੱਖੀ ਅੰਦੋਲਨਾਂ ਦੇ ਆਗੂਆਂ ਨੂੰ ਚੋਣਾਂ ਰਾਹੀਂ ਦੇਸ਼ ਦੀ ਬਾਗਡੋਰ ਸੰਭਾਲ ਦਿੱਤੀ। ਸਮੁੱਚਾ ਲਾਤੀਨੀ ਅਮਰੀਕਾ ਤੇਲ, ਗੈਸ ਅਤੇ ਹੋਰ ਕੁਦਰਤੀ ਵਸੀਲਿਆਂ ਨਾਲ ਜਰਖ਼ੇਜ਼ ਹੈ। ਦਹਾਕਿਆਂ ਤੋਂ ਅਮਰੀਕੀ ਤੇ ਹੋਰ ਸਾਮਰਾਜੀ ਦੇਸ਼ਾਂ ਦੀਆਂ ਬਹੁਕੌਮੀ ਕੰਪਨੀਆਂ ਨੇ ਇਨ੍ਹਾਂ ਦੀ ਅੰਨ੍ਹੇ ਵਾਹ ਲੁੱਟ ਕੀਤੀ ਅਤੇ ਇਨ੍ਹਾਂ ਦੇਸ਼ਾਂ ਦੇ ਅਵਾਮ ਦੇ ਪ੍ਰਤੀਰੋਧ ਨੂੰ ਦਬਾਉਣ ਲਈ ਆਪਣੀਆਂ ਹੱਥਠੋਕਾ ਸੱਜ ਪਿਛਾਖੜੀ ਰਾਜਨੀਤਕ ਪਾਰਟੀਆਂ ਨੂੰ ਹਰ ਹੀਲੇ ਸੱਤਾ ਵਿਚ ਰੱਖਕੇ ਲੋਕਾਂ ਉਤੇ ਅੰਨ੍ਹੇ ਅਤਿਆਚਾਰ ਢਾਹੇ।
ਸਾਥੀ ਸ਼ਾਵੇਜ਼ ਦੀ ਅਗਵਾਈ ਵਿਚ ਇਸ ਰਾਜਨੀਤਕ, ਆਰਥਕ ਤੇ ਸਮਾਜਕ ਬਦਲ, ਜਿਸਨੂੰ ਉਨ੍ਹਾਂ ਨੇ ਅਮਰੀਕੀ ਸਾਮਰਾਜ ਵਿਰੁੱਧ ਜੂਝਣ ਵਾਲੇ 18ਵੀਂ ਸਦੀ ਦੇ ਯੋਧੇ ਸਿਮੋਨ ਬੋਲੀਵਾਰ ਦੇ ਨਾਂਅ ਉਤੇ 'ਬੋਲੀਵਾਰ ਇਨਕਲਾਬ' ਦਾ ਨਾਂਅ ਦਿੱਤਾ, ਨੂੰ ਅਮਰੀਕੀ ਸਾਮਰਾਜ ਨੇ ਕਦੇ ਵੀ ਪ੍ਰਵਾਨ ਨਹੀਂ ਕੀਤਾ। ਬਲਕਿ ਉਸ ਵਿਰੁੱਧ ਆਪਣੇ ਹਥਠੋਕਾ ਰਾਜਨੀਤਕ ਆਗੂਆਂ ਤੇ ਪਾਰਟੀਆਂ ਰਾਹੀਂ ਸਾਜਿਸ਼ਾਂ ਕਰਦਾ ਰਿਹਾ। ਸਾਥੀ ਸ਼ਾਵੇਜ਼ ਦੀ ਅਗਵਾਈ ਵਿਚ ਵੈਨਜ਼ੁਏਲਾ ਵਿਚ ਇਹ ਸਾਜਸ਼ਾਂ ਹਮੇਸ਼ਾ ਹੀ ਨਾਕਾਮ ਹੁੰਦੀਆਂ ਰਹੀਆਂ। 2013 ਵਿਚ ਸਾਥੀ ਸ਼ਾਵੇਜ਼ ਦੇ ਸਦੀਵੀ ਵਿਛੋੜਾ ਦੇ ਜਾਣ ਤੋਂ ਬਾਅਦ ਸਾਥੀ ਨਿਕੋਲਸ ਮਾਦੂਰੋ ਨੇ ਸੱਤਾ ਸੰਭਾਲੀ। ਉਨ੍ਹਾਂ ਦੇ ਸੱਤਾ ਸੰਭਾਲਣ ਦੇ ਲਗਭਗ ਨਾਲ ਹੀ ਦੇਸ਼ ਦੀ ਸਰਕਾਰ ਦੇ ਸਾਹਮਣੇ ਇਕ ਗੰਭੀਰ ਸੰਕਟ ਖੜਾ ਹੋ ਗਿਆ। ਵੈਨਜ਼ੁਏਲਾ ਦੁਨੀਆਂ ਦਾ ਪੰਜਵਾਂ ਸਭ ਤੋਂ ਵੱਡਾ ਤੇਲ ਉਤਪਾਦਕ ਦੇਸ਼ ਹੈ। ਇਸਦਾ ਸਮੁੱਚਾ ਅਰਥਚਾਰਾ ਤੇਲ ਦੀ ਬਰਾਮਦ ਉਤੇ ਅਧਾਰਤ ਹੈ। ਖੇਤੀ ਵਸਤਾਂ ਅਤੇ ਹੋਰ ਜ਼ਰੂਰੀ ਵਸਤਾਂ-ਅਨਾਜ ਤੇ ਦਵਾਈਆਂ ਆਦਿ ਬਹੁਤ ਵੱਡੀ ਪੱਧਰ 'ਤੇ ਦਰਾਮਦ ਕਰਨੀਆਂ ਪੈਂਦੀਆਂ ਹਨ। ਸਥਾਨਕ ਪੱਧਰ 'ਤੇ ਬਹੁਤ ਹੀ ਘੱਟ ਉਤਪਾਦਨ ਹੁੰਦਾ ਹੈ। ਕੌਮਾਂਤਰੀ ਮੰਡੀ ਵਿਚ ਤੇਲ ਦੀਆਂ ਕੀਮਤਾਂ ਬਹੁਤ ਹੀ ਥੱਲੇ ਚਲੀਆਂ ਜਾਣ ਕਰਕੇ ਦੇਸ਼ ਦੀ ਕੁੱਲ ਆਮਦਣ ਵੀ ਬਹੁਤ ਘੱਟ ਗਈ। ਵੱਡੀ ਪੱਧਰ 'ਤੇ ਚਲ ਰਹੀਆਂ ਸਮਾਜਕ ਕਲਿਆਣ ਦੀਆਂ ਪਰਿਯੋਜਨਾਵਾਂ ਲਈ ਪੈਸੇ ਦੀ ਗੰਭੀਰ ਘਾਟ ਤਾਂ ਆ ਹੀ ਗਈ ਨਾਲ ਹੀ ਨਿੱਤ ਦਿਨ ਲਈ ਲੋੜੀਂਦੀਆਂ ਵਸਤਾਂ, ਦਵਾਈਆਂ ਆਦਿ ਖਰੀਦਣ ਲਈ ਵੀ ਪੈਸੇ ਦੀ ਗੰਭੀਰ ਕਿੱਲਤ ਹੋ ਗਈ। ਸਾਥੀ ਸ਼ਾਵੇਜ਼ ਵਲੋਂ ਦੇਸ਼ ਦੇ ਅਰਥਚਾਰੇ ਦੇ ਵਿਗਾੜ ਨੂੰ ਦਰੁਸਤ ਕਰਨ ਲਈ ਖੇਤੀ ਵਸਤਾਂ ਅਤੇ ਹੋਰ ਜ਼ਰੂਰੀ ਵਸਤਾਂ ਦੇ ਸਥਾਨਕ ਪੱਧਰ 'ਤੇ ਉਤਪਾਦਨ ਕੀਤੇ ਜਾਣ ਬਾਰੇ ਚਲਾਈਆਂ ਗਈਆਂ ਯੋਜਨਾਵਾਂ ਵੀ ਠੱਪ ਹੋ ਗਈਆਂ।
ਦੇਸ਼ ਲਈ ਪੈਦਾ ਹੋਏ ਇਸ ਗੰਭੀਰ ਸੰਕਟ ਦਾ ਲਾਹਾ ਲੈਂਦੇ ਹੋਏ ਸਾਮਰਾਜੀ ਹਥਠੋਕਾ ਰਾਜਨੀਤਕ ਸ਼ਕਤੀਆਂ ਨੇ ਦੇਸ਼ ਦੀ ਲੋਕ ਪੱਖੀ ਸਰਕਾਰ 'ਤੇ ਚੌਤਰਫਾ ਹਮਲਾ ਬੋਲ ਦਿੱਤਾ। 2014 ਤੋਂ ਹੀ ਵਿਰੋਧੀ ਪਾਰਟੀਆਂ ਵਲੋਂ ਹਿੰਸਕ ਅੰਦੋਲਨ ਜਾਰੀ ਹੈ। 2016 ਵਿਚ ਇਨ੍ਹਾਂ ਨੂੰ ਹੋਰ ਹੁਲਾਰਾ ਉਸ ਵੇਲੇ ਮਿਲਿਆ ਜਦੋਂ ਆਰਥਕ ਸੰਕਟ ਦਾ ਲਾਹਾ ਲੈਂਦੇ ਹੋਏ ਇਹ ਧਨਾਢ ਪੱਖੀ ਪਾਰਟੀਆਂ ਦੇਸ਼ ਦੀ ਕੌਮੀ ਅਸੰਬਲੀ ਵਿਚ ਬਹੁਮਤ ਹਾਸਲ ਕਰਨ ਵਿਚ ਸਫਲ ਰਹੀਆਂ। ਉਸ ਤੋਂ ਬਾਅਦ ਤਾਂ ਇਨ੍ਹਾਂ ਸੱਜ ਪਿਛਾਖੜੀਆਂ ਨੇ ਹਿੰਸਾ ਨੂੰ ਨਿੱਤ ਦਾ ਵਰਤਾਰਾ ਹੀ ਬਣਾ ਲਿਆ ਹੈ। ਦੇਸ਼ ਦੇ ਬਹੁਤੇ ਮੀਡੀਆ ਉਤੇ ਧਨਾਢਾਂ ਦਾ ਕਬਜ਼ਾ ਹੈ। ਦੇਸ਼ ਦੀ ਲੋਕ ਪੱਖੀ ਸਰਕਾਰ ਵਿਰੁੱਧ ਕੂੜ ਪ੍ਰਚਾਰ ਲਈ ਇਸਨੂੰ ਡਟਕੇ ਵਰਤਿਆ ਜਾ ਰਿਹਾ ਹੈ।
ਦੇਸ਼ ਵਿਚ ਰਾਸ਼ਟਰਪਤੀ ਪ੍ਰਣਾਲੀ ਅਧਾਰਤ ਪ੍ਰਸ਼ਾਸਕੀ ਢਾਂਚਾ ਹੈ। ਸਾਥੀ ਨਿਕੋਲਸ ਮਾਦੂਰੋ, ਜੋ ਕਿ ਰਾਸ਼ਟਰਪਤੀ ਹਨ, ਵਲੋਂ ਲਿਆਏ ਜਾਂਦੇ ਲੋਕ ਪੱਖੀ ਕਾਨੂੰਨਾਂ ਤੇ ਯੋਜਨਾਵਾਂ ਨੂੰ ਦੇਸ਼ ਦੀ ਕੌਮੀ ਅਸੰਬਲੀ ਅੱਗੇ ਨਹੀਂ ਵੱਧਣ ਦਿੰਦੀ। ਇੱਥੇ ਵਰਣਨਯੋਗ ਹੈ ਕਿ 2016 ਵਿਚ ਹੋਈਆਂ ਕੌਮੀ ਅਸੰਬਲੀ ਦੀਆਂ ਚੋਣਾਂ ਵਿਚ 167 ਵਿਚੋਂ 109 ਸੀਟਾਂ ਹਾਸਲ ਕਰਕੇ ਸੱਜ ਪਿਛਾਖੜੀ ਪਾਰਟੀਆਂ ਇਸ ਵਿਚ ਬਹੁਮਤ ਹਾਸਲ ਕਰਨ ਵਿਚ ਸਫਲ ਰਹੀਆਂ ਸਨ। ਇਸ ਅੜਿੱਕੇ ਵਾਲੀ ਸਥਿਤੀ ਦਾ ਹੱਲ ਪੇਸ਼ ਕਰਦੇ ਹੋਏ ਰਾਸ਼ਟਰਪਤੀ ਮਾਦੂਰੋ ਨੇ ਮਈ ਦਿਹਾੜੇ 'ਤੇ ਦੇਸ਼ ਦੇ ਸੰਵਿਧਾਨ ਨੂੰ ਹੋਰ ਵਧੇਰੇ ਲੋਕ ਪੱਖੀ ਬਨਾਉਣ ਲਈ ਇਸਨੂੰ ਨਵੇਂ ਸਿਰੇ ਤੋਂ ਸਿਰਜਣ ਹਿੱਤ ਇਕ ਕੌਮੀ ਸੰਵਿਧਾਨ ਘਾੜਨੀ ਅਸੰਬਲੀ ਲਈ 30 ਜੁਲਾਈ ਨੂੰ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ।
ਅਮਰੀਕੀ ਸਾਮਰਾਜ ਅਤੇ ਦੇਸ਼ ਦੀਆਂ ਸੱਜ ਪਿਛਾਖੜੀ ਪਾਰਟੀਆਂ ਦੇ ਤਾਜਾ ਹਿੰਸਕ ਚੌਤਰਫਾ ਹਮਲਿਆਂ ਦਾ ਕਾਰਨ ਉਨ੍ਹਾਂ ਨੂੰ ਇਨ੍ਹਾਂ ਚੋਣਾਂ ਵਿਚ ਸਪੱਸ਼ਟ ਰੂਪ ਵਿਚ ਦਿਸ ਰਹੀ ਆਪਣੀ ਹਾਰ 'ਚੋਂ ਉਪਜੀ ਬੁਖਲਾਹਟ ਹੈ। ਉਨ੍ਹਾਂ ਦੀ ਮੰਗ ਹੈ ਕਿ ਰਾਸ਼ਟਰਪਤੀ ਮਾਦੂਰੋ ਅਸਤੀਫਾ ਦੇਣ 'ਤੇ ਰਾਸ਼ਟਰਪਤੀ ਦੇ ਅਹੁਦੇ ਲਈ ਨਵੀਂ ਚੋਣ ਕਰਵਾਈ ਜਾਵੇ।
30 ਜੁਲਾਈ ਨੂੰ ਚੁਣੀ ਜਾਣ ਵਾਲੀ ਸੰਵਿਧਾਨ ਘਾੜਨੀ ਅਸੈਂਬਲੀ ਦੀ ਬਣਤਰ ਵਿਚੋਂ ਹੀ ਇਨ੍ਹਾਂ ਲੋਕ ਦੋਖੀ ਸ਼ਕਤੀਆਂ ਨੂੰ ਹਾਰ ਨਜ਼ਰ ਆਉਂਦੀ ਹੈ। ਇਸ ਵਿਚ ਕੁੱਲ 540 ਸੀਟਾਂ ਹਨ। ਇਨ੍ਹਾਂ ਵਿਚੋਂ 364 ਸੀਟਾਂ ਦੀ ਚੋਣ ਖੇਤਰ ਅਧਾਰਤ ਹੋਵੇਗੀ ਭਾਵ 83000 ਵੋਟਰਾਂ ਪਿੱਛੇ ਇਕ ਸੀਟ, ਇਸ ਵਿਚ ਵੀ ਹਰ ਮਿਊਨਸਪੈਲਟੀ ਵਿਚ ਘੱਟੋ-ਘੱਟ ਇਕ ਸੀਟ ਦੀ ਗਰੰਟੀ ਕੀਤੀ ਗਈ ਹੈ। ਜੇਕਰ ਕਿਸੇ ਮਿਊਨਸਪੈਲਟੀ ਵਿਚ 83000 ਤੋਂ ਘੱਟ ਵੋਟਰ ਹਨ, ਤਾਂ ਵੀ ਉਸਦੀ ਇਕ ਸੀਟ ਹੋਵੇਗੀ। 168 ਨੁਮਾਇੰਦੇ, ਵੱਖ ਵੱਖ ਵਰਗਾਂ-ਮਜ਼ਦੂਰਾਂ, ਕਿਸਾਨਾਂ, ਅਪੰਗ ਲੋਕਾਂ, ਵਿਦਿਆਰਥੀਆਂ, ਪੈਨਸ਼ਨਰਾਂ, ਵਪਾਰਕ ਖੇਤਰਾਂ, ਕਮਿਊਨਾਂ ਅਤੇ ਕਮਿਊਨਲ ਕੌਸਲਾਂ ਵਲੋਂ ਚੁਣੇ ਜਾਣਗੇ। 8 ਸੀਟਾਂ ਦੇਸ਼ ਦੇ ਮੂਲ ਨਿਵਾਸੀਆਂ ਲਈ ਰਾਖਵੀਆਂ ਹਨ। ਇਨ੍ਹਾਂ ਸਾਰੀਆਂ ਸੀਟਾਂ 'ਤੇ ਚੋਣ ਸਿੱਧੀ ਅਤੇ ਗੁਪਤ ਵੋਟ ਰਾਹੀਂ ਹੋਵੇਗੀ। ਇਸ ਵਿਚ ਸਪੱਸ਼ਟ ਹੈ ਕਿ ਜਿਵੇਂ ਪਹਿਲਾਂ ਧਨਾਢ ਚੋਣਾਂ ਨੂੰ ਪ੍ਰਭਾਵਤ ਕਰ ਲੈਂਦੇ ਸੀ, ਇਸ ਪ੍ਰਣਾਲੀ ਵਿਚ ਉਨ੍ਹਾਂ ਵਲੋਂ ਚੋਣਾਂ ਨੂੰ ਪ੍ਰਭਾਵਤ ਕਰਨਾ ਔਖਾ ਹੋਵੇਗਾ।
ਇਨ੍ਹਾਂ ਸੰਵਿਧਾਨਕ ਅਸੰਬਲੀ ਦੀਆਂ ਚੋਣਾਂ ਪ੍ਰਤੀ ਸੱਜ ਪਿਛਾਖੜੀ ਵਿਰੋਧੀ ਪਾਰਟੀਆਂ ਵਿਚ ਐਨੀ ਘਬਰਾਹਟ ਹੈ ਕਿ 16 ਜੁਲਾਈ ਨੂੰ ਇਨ੍ਹਾਂ ਨੇ ਦੇਸ਼ ਵਿਚ ਇਕ ਅਖੌਤੀ ਰਾਏਸ਼ੁਮਾਰੀ  ਕਰਵਾਈ ਹੈ, ਜਿਸ ਵਿਚ ਤਿੰਨੋਂ ਹੀ ਮੁੱਦੇ ਇਸ ਨਾਲ ਸਬੰਧਤ ਸੀ, ਅਸਲ ਵਿਚ ਇਸ ਰਾਇਸ਼ੁਮਾਰੀ ਦਾ ਮਕਸਦ ਹੋ ਰਹੀ ਚੋਣ ਨੂੰ ਰੱਦ ਕਰਵਾਉਣ ਲਈ ਦਬਾਅ ਬਨਾਉਣਾ ਹੈ। ਕੌਮੀ ਤੇ ਕੌਮਾਂਤਰੀ ਮੀਡੀਏ ਵਲੋਂ ਇਸਨੂੰ ਬਹੁਤ ਧੁਮਾਇਆ ਜਾ ਰਿਹਾ ਹੈ। ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ 70 ਲੱਖ ਲੋਕਾਂ ਨੇ ਇਸ ਵਿਚ ਭਾਗ ਲਿਆ ਅਤੇ 98% ਨੇ ਸੰਵਿਧਾਨਕ ਅਸੰਬਲੀ ਦੀਆਂ ਚੋਣਾਂ ਨੂੰ ਰੱਦ ਕਰਨ ਦੇ ਹੱਕ ਵਿਚ ਵੋਟ ਪਾਇਆ ਹੈ। ਜਦੋਂਕਿ ਅਸਲੀਅਤ ਇਹ ਹੈ ਕਿ ਦੇਸ਼ ਵਿਚ ਕੁੱਲ 2 ਕਰੋੜ ਤੋਂ ਕੁੱਝ ਹੀ ਘੱਟ ਵੋਟਰ ਹਨ। ਇਕ ਕਰੋੜ ਤੋਂ ਵੱਧ ਵੋਟਰਾਂ ਨੇ ਇਸ ਰਾਏਸ਼ੁਮਾਰੀ ਵਿਚ ਭਾਗ ਹੀ ਨਹੀਂ ਲਿਆ। ਜਿਸਨੂੰ ਸਾਮਰਾਜ ਪੱਖੀ ਮੀਡੀਆ ਵਲੋਂ ਦੇਸ਼ ਦੇ ਲੋਕਾਂ ਦੀ ਰਾਏਆਮਾ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਸਦੀ ਨਿਗਰਾਨੀ ਵੀ ਕਿਸੇ ਨਿਰਪੱਖ ਸੰਸਥਾ ਵਲੋਂ ਨਹੀਂ ਕੀਤੀ ਗਈ।
ਇਸੇ ਤਰ੍ਹਾਂ ਦੇ ਕੂੜ ਪ੍ਰਚਾਰ ਦਾ ਹਮਲਾ ਇਸ ਮੀਡੀਆ ਵਲੋਂ ਰਾਸ਼ਟਰਪਤੀ ਮਾਦੂਰੋ 'ਤੇ ਅਸਤੀਫੇ ਲਈ ਦਬਾਅ ਬਨਾਉਣ ਲਈ ਬੋਲਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਰਾਸ਼ਟਰਪਤੀ ਮਾਦੂਰੋ ਨੇ ਆਪਣੇ ਆਪ ਨੂੰ ਉਮਰ ਭਰ ਲਈ ਰਾਸ਼ਟਰਪਤੀ ਬਣੇ ਰਹਿਣ ਦੀ ਵਿਵਸਥਾ ਕਰ ਲਈ ਹੈ। ਜਦੋਂਕਿ ਅਸਲੀਅਤ ਇਹ ਹੈ ਕਿ ਦੇਸ਼ ਦੇ ਚੋਣ ਕਮੀਸ਼ਨ ਨੇ 2018 ਦੇ ਅੰਤ ਵਿਚ ਰਾਸ਼ਟਰਪਤੀ ਚੋਣ ਕਰਵਾਉਣ ਲਈ ਮੁਢਲੀਆਂ ਤਿਆਰੀਆਂ ਅਰੰਭ ਦਿੱਤੀਆਂ ਹਨ।
ਇਹ ਵੀ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਵਿਰੋਧੀ ਧਿਰ ਦੇ ਆਗੂਆਂ ਨੂੰ ਜੇਲ੍ਹਾਂ ਵਿਚ ਸੁੱਟਿਆ ਜਾ ਰਿਹਾ ਹੈ ਤੇ ਉਨ੍ਹਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਵਿਰੋਧੀ ਧਿਰ ਦੇ ਇਕ ਮੁੱਖ ਆਗੂ ਲਿਓੁਪੋਲਡੋ ਲੋਪੇਜ਼, ਜਿਹੜਾ ਕਿ 2004 ਦੀ ਹਿੰਸਾ ਲਈ ਦੋਸ਼ੀ ਸੀ, ਅਤੇ ਅਦਾਲਤ ਨੇ ਉਸਨੂੰ ਸਜ਼ਾ ਦਿੱਤੀ ਸੀ, ਨੂੰ ਜੇਲ੍ਹ ਤੋਂ ਰਿਹਾ ਕਰਕੇ ਉਸਦੇ ਘਰ ਵਿਚ ਨਜ਼ਰਬੰਦ ਕਰ ਦੇਣ ਨੂੰ ਵਿਰੋਧੀਆਂ 'ਤੇ ਜ਼ੁਲਮ ਕਿਹਾ ਜਾ ਰਿਹਾ ਹੈ।
ਕੌਮੀ ਤੇ ਕੌਮਾਂਤਰੀ ਮੀਡੀਆ ਵਲੋਂ ਰਾਸ਼ਟਰਪਤੀ ਮਾਦੂਰੋ ਉਤੇ ਲੋਕਾਂ ਵਿਚ ਸ਼ਾਖ ਡਿੱਗਣ ਦੇ ਬਾਵਜੂਦ ਸੱਤਾ ਨਾ ਛੱਡਣ ਦੇ ਦੋਸ਼ ਲਾਏ ਜਾ ਰਹੇ ਹਨ। ਵੈਨਜ਼ੁਏਲਾ ਦੀ ਸਭ ਤੋਂ ਵਕਾਰੀ ਆਜ਼ਾਦ ਮੀਡੀਆ ਅਜੰਸੀ ਹਿੰਟਰਲੇਸਿਜ ਵਲੋਂ ਕੀਤੇ ਗਏ ਸਰਵੇਖਣ ਮੁਤਾਬਕ ਵੈਨਜ਼ੁਏਲਾ ਦੇ 56% ਲੋਕਾਂ ਦਾ ਇਹ ਮੰਨਣਾ ਹੈ ਕਿ ਰਾਸ਼ਟਰਪਤੀ ਮਾਦੂਰੋ ਹੀ ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹਨ। 71% ਲੋਕਾਂ ਦਾ ਇਹ ਮੰਨਣਾ ਹੈ ਕਿ ਦੇਸ਼ ਦੀ ਵਿਰੋਧੀ ਧਿਰ ਕੋਲ ਦੇਸ਼ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕੋਈ ਆਰਥਕ ਯੋਜਨਾ ਨਹੀਂ ਹੈ।
ਅਸਲ ਵਿਚ ਵੈਨਜ਼ੁਏਲਾ ਦਾ ਮੌਜੂਦਾ ਰਾਜਨੀਤਕ ਸੰਘਰਸ਼ ਜਮਾਤੀ ਸੰਘਰਸ਼ ਦਾ ਰੂਪ ਅਖਤਿਆਰ ਕਰ ਗਿਆ ਹੈ। ਜਦੋਂ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਡਿੱਗੀਆਂ ਅਤੇ ਦੇਸ਼ ਗੰਭੀਰ ਆਰਥਕ ਸੰਕਟ ਵਿਚ ਫਸ ਗਿਆ ਸੀ ਉਸ ਵੇਲੇ ਰਾਸ਼ਟਰਪਤੀ ਮਾਦੂਰੋ ਸਾਹਮਣੇ ਦੋ ਰਾਹ ਸਨ : ਇਕ ਨਵਉਦਾਰਵਾਦੀ ਨੀਤੀਆਂ ਨੂੰ ਲਾਗੂ ਕਰਨ ਦਾ ਰਾਹ ਅਖਤਿਆਰ ਕੀਤਾ ਜਾਂਦਾ, ਦੂਜਾ ਸੀ ਦੇਸ਼ ਵਿਚ ਲੋਕ ਪੱਖੀ ਨੀਤੀਆਂ ਨੂੰ ਹੋਰ ਵਧੇਰੇ ਤੇਜ਼ੀ ਨਾਲ ਲਾਗੂ ਕੀਤਾ ਜਾਂਦਾ। ਸਾਥੀ ਮਾਦੂਰੋ ਨੇ ਪਹਿਲਾ, ਕੌਮਾਂਤਰੀ ਮੁਦਰਾ ਫੰਡ ਤੋਂ ਰਾਹਤ ਲੈਣ ਅਤੇ ਇਸਦੀਆਂ ਸ਼ਰਤਾਂ ਵਜੋਂ ਦੇਸ਼ ਦੇ ਲੋਕਾਂ ਉਤੇ ਬੋਝ ਲੱਦਣ ਦਾ ਰਾਹ ਅਖਤਿਆਰ ਨਹੀਂ ਕੀਤਾ ਜਿਵੇਂ ਗਰੀਸ ਵਿਚ ਆਪਣੇ ਆਪ ਨੂੰ ਖੱਬੇ ਪੱਖੀ ਕਹਾਉਣ ਵਾਲੇ ਸਾਏਰੀਜਾ ਦੇ ਆਗੂ ਅਲੈਕਸਿਸ ਸਿਪਰਾਸ ਨੇ ਕੀਤਾ ਸੀ। ਬਲਕਿ ਉਸਨੇ ਲੋਕ ਪੱਖੀ ਰਾਹ ਅਪਨਾਉਂਦੇ ਹੋਏ ਦੇਸ਼ ਵਿਚ ਬੰਦ ਪਈਆਂ ਫੈਕਟਰੀਆਂ ਨੂੰ ਕਿਰਤੀਆਂ ਨੂੰ ਆਪਣੇ ਪ੍ਰਬੰਧ ਹੇਠ ਲੈਣ ਲਈ ਉਤਸ਼ਾਹਤ ਕੀਤਾ। ਇਸ ਵਿਚ ਅਮਰੀਕੀ ਬਹੁਕੌਮੀ ਕੰਪਨੀ ਜਨਰਲ ਮੋਟਰਜ਼ ਦੀ ਫੈਕਟਰੀ ਦਾ ਕੌਮੀਕਰਨ ਵੀ ਸ਼ਾਮਲ ਸੀ। ਉਸਨੇ ਸਾਥੀ ਹੂਗੋ ਸ਼ਾਵੇਜ਼ ਵਲੋਂ ਚਲਾਏ ਜਾਂਦੇ ਮੁੱਖ ਲੋਕ ਕਲਿਆਣਕਾਰੀ ਪ੍ਰੋਗਰਾਮਾਂ ਨੂੰ ਭਾਰੀ ਆਰਥਕ ਦਬਾਅ ਦੇ ਬਾਵਜੂਦ ਜਾਰੀ ਰੱਖਿਆ। ਭਾਰੀ ਦਬਾਅ ਦੇ ਬਾਵਜੂਦ ਦੇਸ਼ ਦੇ ਸਭ ਤੋਂ ਵੱਡੇ ਤੇਲ ਅਦਾਰੇ ਪੀ.ਐਸ.ਯੂ.ਵੀ., ਜਿਹੜਾ ਕਿ ਕੌਮੀ ਖੇਤਰ ਵਿਚ ਹੈ, ਦਾ ਢਾਂਚਾ ਕਾਇਮ ਰੱਖਿਆ ਹੈ। ਰਾਸ਼ਟਰਪਤੀ ਨਿਕੋਲਸ ਮਾਦੂਰੋ ਇਸ ਜਮਾਤੀ ਜੰਗ ਵਿਚ ਲੋਕਾਂ ਦੇ ਪੱਖ ਵਿਚ ਖਲੋਤਾ ਹੈ। ਉਸ ਵਲੋਂ ਟਰੰਪ ਨੂੰ ਦਿੱਤਾ ਗਿਆ ਜਵਾਬ ਇਸਦੀ ਸ਼ਾਹਦੀ ਭਰਦਾ ਹੈ-''ਕੋਈ ਵੀ ਵਿਦੇਸ਼ੀ ਸਰਕਾਰ ਵੈਨਜ਼ੁਏਲਾ ਨੂੰ ਕੰਟਰੋਲ ਨਹੀਂ ਕਰ ਸਕਦੀ। ਵੈਨਜ਼ੁਏਲਾ ਵਿਚ ਇੱਥੋਂ ਦੇ ਵਾਸੀਆਂ ਦਾ ਹੁਕਮ ਚਲਦਾ ਹੈ, ਟਰੰਪ ਦਾ ਨਹੀਂ।''
ਸਾਮਰਾਜ ਅਤੇ ਉਸਦੀਆਂ ਬਹੁਕੌਮੀ ਕੰਪਨੀਆਂ ਉਸਦੇ ਵਿਸ਼ਾਲ ਤੇਲ ਭੰਡਾਰਾਂ ਅਤੇ ਕੁਦਰਤੀ ਵਸੀਲਿਆਂ 'ਤੇ ਲਲਚਾਈਆਂ ਨਜ਼ਰਾਂ ਗੱਡੀ ਉਸਨੂੰ ਹਰ ਹਰਬੇ ਮੁੜ ਆਪਣੇ ਕਬਜ਼ੇ ਵਿਚ ਲੈਣਾ ਚਾਹੁੰਦੇ ਹਨ। ਜਿਵੇਂ ਕਿ ਉਨ੍ਹਾਂ ਨੇ ਮੱਧ ਪੂਰਬ ਨੂੰ ਤਬਾਹ ਕਰਕੇ ਤੇਲ ਭੰਡਾਰਾਂ 'ਤੇ ਕਬਜ਼ਾ ਕੀਤਾ ਹੈ। ਉਹ ਆਪਣੇ ਹੱਥਠੋਕਿਆਂ ਰਾਹੀਂ ਬ੍ਰਾਜ਼ੀਲ ਦੀ ਤਰ੍ਹਾਂ ਦੇਸ਼ ਦੇ ਚੁਣੇ ਹੋਏ ਰਾਸ਼ਟਰਪਤੀ ਨੂੰ ਲਾਂਭੇ ਕਰਕੇ ਦੇਸ਼ ਵਿਚ ਮੁੜ ਨਵਉਦਾਰਵਾਦੀ ਆਰਥਕ ਸਮਾਜਕ ਨੀਤੀਆਂ ਲਾਗੂ ਕਰਨਾ ਚਾਹੁੰਦਾ ਹੈ। ਇਸ ਜਮਾਤੀ ਜੰਗ ਵਿਚ ਹਰ ਅਗਾਂਹਵਧੂ ਸ਼ਕਤੀ ਅਤੇ ਵਿਅਕਤੀ ਨੂੰ ਵੈਨਜ਼ੁਏਲਾ ਦੇ ਲੋਕਾਂ ਅਤੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਦੇ ਹੱਕ ਵਿਚ ਆਵਾਜ ਬੁਲੰਦ ਕਰਨੀ ਚਾਹੀਦੀ ਹੈ। ਇੱਥੇ ਰੰਗ ਭੇਦ ਵਿਰੁੱਧ ਅੰਦੋਲਨ ਦੇ ਉਘੇ ਮਰਹੂਮ ਆਗੂ ਡੈਸਮੰਡ ਟੂਟੂ ਦੇ ਸ਼ਬਦਾਂ ਨੂੰ ਜਿਹਨ ਵਿਚ ਰੱਖਣਾ ਚਾਹੀਦਾ ਹੈ-''ਜੇਕਰ ਤੁਸੀਂ ਅਨਿਆਂ ਵਾਲੀ ਸਥਿਤੀ ਵਿਚ ਨਿਰਪੱਖ ਰਹਿੰਦੇ ਹੋ ਤਾਂ ਤੁਸੀਂ ਜਾਬਰ ਦੇ ਹੱਕ ਵਿਚ ਖਲੋਤੇ ਹੋ।''                       (21.07.2017)

 


ਜੀ-20 ਦੀ ਸਿਖਰ ਬੈਠਕ ਵਿਰੁੱਧ ਫੁਟਿਆ ਲੋਕ ਰੋਹ 
ਦੁਨੀਆਂ ਦੇ 20 ਵਿਕਸਿਤ ਦੇ ਵਿਕਾਸਸ਼ੀਲ ਦੇਸ਼ਾਂ ਦੇ ਗਰੁਪ, ਜੀ-20 ਦੀ 12ਵੀਂ ਸਿਖਰ ਬੈਠਕ, 8 ਜੁਲਾਈ ਨੂੰ ਜਰਮਨੀ ਦੇ ਸ਼ਹਿਰ ਹੈਮਬਰਗ ਵਿਚ ਸੰਪਨ ਹੋਈ ਹੈ। ਇਸਦੇ ਮੈਂਬਰ ਦੇੇਸ਼ ਹਨ-ਭਾਰਤ, ਅਰਜਨਟੀਨਾ, ਅਸਟਰੀਆ, ਬ੍ਰਾਜੀਲ, ਚੀਨ, ਜਰਮਨੀ, ਫਰਾਂਸ, ਬ੍ਰਿਟੇਨ, ਇੰਡੋਨੇਸ਼ੀਆ, ਇਟਲੀ, ਜਾਪਾਨ, ਕਨਾਡਾ, ਦੱਖਣੀ ਕੋਰੀਆ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਅਮਰੀਕਾ ਤੇ ਯੂਰਪੀ ਯੂਨੀਅਨ। ਇਸ ਤੋਂ ਬਿਨਾਂ ਨੀਦਰਲੈਂਡ, ਨੌਰਵੇ, ਸੇਨੇਗਲ, ਸਿੰਗਪੁਰ, ਸਪੇਨ, ਸਵਿਟਜਰਲੈਂਡ, ਵਿਅਤਨਾਮ ਅਤੇ ਗਿਨੀ ਨੇ ਇਸ ਵਿਚ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਦੁਨੀਆਂ ਦੇ ਮਿਹਨਤਕਸ਼ ਅਵਾਮ ਦੇ ਹੱਕਾਂ-ਹਿਤਾਂ ਦੀ ਰਾਖੀ ਤਾਂ ਇਸ ਮੀਟਿੰਗ ਦਾ ਕਦੇ ਮੁੱਦਾ ਹੁੰਦਾ ਹੀ ਨਹੀਂ ਹੈ। ਪਰੰਤੂ, ਇਹ ਮੀਟਿੰਗ ਪਿਛਲੀਆਂ ਕਈ ਮੀਟਿੰਗਾਂ ਦੀ ਤਰ੍ਹਾਂ ਇਸ ਵਾਰ ਵੀ ਇਨ੍ਹਾਂ ਪੂੰਜੀਵਾਦੀ ਦੇਸ਼ਾਂ ਦਰਮਿਆਨ ਇਰਾਦੇ ਦੀ ਏਕਤਾ ਕਾਇਮ ਕਰਨ ਵਿਚ ਅਸਫਲ ਰਹੀ ਹੈ।
ਇਸ ਮੀਟਿੰਗ ਦਾ ਇਕੋ-ਇਕ ਹਾਂ-ਪੱਖੀ ਪਹਿਲੂ ਹੈ, ਇਸ ਵਿਰੁੱਧ ਦੁਨੀਆਂ ਭਰਦੇ ਮਿਹਨਤਕਸ਼ਾਂ ਵਲੋਂ ਇਕਜੁੱਟ ਹੋ ਕੇ ਆਵਾਜ ਬੁਲੰਦ ਕਰਨਾ। 8 ਜੁਲਾਈ, ਜਿਸ ਦਿਨ ਇਸ ਮੀਟਿੰਗ ਦਾ ਸਮਾਪਨ ਦਿਵਸ ਸੀ, ਉਸ ਦਿਨ ਦੁਨੀਆਂ ਭਰ ਚੋਂ ਪੁੱਜੇ ਇਕ ਲੱਖ ਮਿਹਨਤਕਸ਼ ਲੋਕਾਂ ਨੇ ਇਸ ਵਿਰੁੱਧ ਜਬਰਦਸਤ ਆਵਾਜ ਬੁਲੰਦ ਕਰਦੇ ਹੋਏ, ਪੂੰਜੀਵਾਦੀ ਵਿਵਸਥਾ ਦੀ ਨਾਕਾਮੀ ਵਿਰੁੱਧ ਅਪਣਾ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਦੇ ਗੁੱਸੇ ਦੇ ਕੇਂਦਰ ਵਿਚ ਸਨ, ਇਸ ਵਿਵਸਥਾ ਕਾਰਨ ਪੈਦਾ ਹੋ ਰਹੀ ਅਸਮਾਨਤਾ, ਨਸਲਵਾਦ, ਜੰਗਾਂ ਅਤੇ ਮੌਸਮ ਵਿਚ ਹੋਣ ਵਾਲੀ ਤਬਦੀਲੀ ਕਰਕੇ ਹੋ ਰਹੀ ਘਾਤਕ ਤਬਾਹੀ। ਮਿਹਨਤਕਸ਼ ਲੋਕਾਂ ਵਲੋਂ ਮੁਜਾਹਰੇ ਤਾਂ ਲਗਭਗ ਹਰ ਜੀ-20 ਜਾਂ ਜੀ-7 ਦੀਆਂ ਹੋਣ ਵਾਲੀਆਂ ਮੀਟਿੰਗਾਂ ਵਿਰੁੱਧ ਹੀ ਹੁੰਦੇ ਹਨ। ਪਰੰਤੂ, ਇਨ੍ਹਾਂ ਮੁਜਾਹਰਿਆਂ ਦੀ ਵਿਸ਼ੇਸ਼ ਗੱਲ ਸੀ, ਇਸ ਵਿਚ ਦੁਨੀਆਂ ਦੇ ਲਗਭਗ ਹਰ ਹਿੱਸੇ ਦੀ ਨੁਮਾਇੰਦਗੀ ਅਤੇ ਇਕ ਲੱਖ ਤੋਂ ਵੱਧ ਲੋਕਾਂ ਦਾ ਸ਼ਾਮਲ ਹੋਣਾ, ਲੋਕਾਂ ਵਿਚ ਇਸ ਵਿਰੁੱਧ ਪੈਦਾ ਗੁੱਸੇ ਦੀ ਤੀਬਰਤਾ, ਜਿਹੜੀ ਕਿ ਜੁਝਾਰੂਪਣ ਦੇ ਰੂਪ ਵਿਚ ਪ੍ਰਗਟ ਹੋ ਰਹੀ ਸੀ। ਪੁਲਸ ਨਾਲ ਹਿੰਸਕ ਝੜਪਾਂ ਵੀ ਹੋਇਆਂ।
ਇਸ ਮੁਜਾਹਰੇ ਦੇ ਬੈਨਰ-''ਜੀ-20 ਨਰਕ ਵਿਚ ਸੁਆਗਤ ਹੈ'' 'ਜੰਗ ਇੱਥੋਂ ਸ਼ੁਰੂ ਹੁੰਦੀ ਹੈ'', ਇਸ ਗੁੱਸੇ ਦਾ ਸਪੱਸ਼ਟ ਇਜਹਾਰ ਕਰਦੇ ਹਨ।
ਵੱਖ-ਵੱਖ ਦੇਸ਼ਾਂ ਤੋਂ ਆਏ ਮੁਜਾਹਰਾਕਾਰੀਆਂ ਦੇ ਸ਼ਬਦ ਉਨ੍ਹਾਂ ਦੇ ਪੂੰਜੀਵਾਦੀ ਵਿਵਸਥਾ ਅਤੇ ਜੀ-20 ਦੇਸ਼ਾਂ ਦੇ ਪੂੰਜੀਵਾਦੀ ਹਾਕਮਾਂ ਪ੍ਰਤੀ ਰੋਹ ਦਾ ਪ੍ਰਗਟਾਵਾ ਕਰਦੇ ਹਨ। ਲਾਤੀਨੀ ਅਮਰੀਕੀ ਦੇਸ਼ ਚਿੱਲੀ ਤੋਂ ਆਏ ਪੋਲੋ ਦੇ ਸ਼ਬਦ ਸਨ - ''ਜੀ-20 ਆਗੂਆਂ ਦੀਆਂ ਨੀਤੀਆਂ ਨੇ ਲਾਤੀਨੀ ਅਮਰੀਕਾ ਨੂੰ ਗਰੀਬ ਅਤੇ ਤਾਨਾਸ਼ਾਹਾਂ ਦੀ ਖੇਡ ਦਾ ਮੈਦਾਨ ਬਣਾ ਦਿੱਤਾ  ਹੈ। ਉਨ੍ਹਾਂ ਅਪਣੀਆਂ ਸਾਮਰਾਜੀ ਨੀਤੀਆਂ ਅਧੀਨ ਸਾਡੇ ਉੱਤੇ ਨਵਉਦਾਰਵਾਦ ਥੋਪਿਆ ਹੈ, ਵੈਨਜੁਏਲਾ ਵਿਚ ਜਿਸ ਤਰ੍ਹਾਂ ਇਹ ਦਖਲਅੰਦਾਜੀ ਕਰ ਰਹੇ ਹਨ ਉਹ ਖਤਰਨਾਕ ਹੈ। ਇਹ ਮੁਜਾਹਰਾ ਉਨ੍ਹਾਂ ਨੂੂੰ ਇਹ ਦਰਸਾਉਣ ਲਈ ਹੈ ਕਿ ਇਹ ਅੰਦੋਲਨ ਤੁਹਾਨੂੰ ਰੋਕਣ ਦੀ ਸਮਰਥਾ ਰੱਖਦਾ ਹੈ।''
ਹੈਮਬਰਗ ਦੇ ਹੀ ਵਸਨੀਕ ਨਿਕੋਲਸ ਦਾ ਕਹਿਣਾ ਸੀ -''ਜੀ-20 ਦੇ ਆਗੂ ਸੰਸਾਰ ਲਈ ਨੀਤੀਆਂ ਘੜਦੇ ਸਮੇਂ ਨਾ ਤਾਂ ਹੋਰ ਮੁਲਕਾਂ ਦਾ ਖਿਆਲ ਰੱਖਦੇ ਹਨ ਅਤੇ ਨਾ ਹੀ ਆਮ ਲੋਕਾਂ ਦਾ। ਇਹ ਮੁਜਾਹਰਾ ਇਹ ਗੱਲ ਦੱਸਣ ਲਈ ਹੈ ਕਿ ਸਾਨੂੰ ਆਪਣੀ ਆਵਾਜ ਸੁਨਾਉਣੀ ਆਉਂਦੀ ਹੈ।'' ਹੈਮਬਰਗ ਯੁਨੀਵਰਸਿਟੀ ਦੀ ਵਿਦਿਆਰਥਣ ਕਾਰਲਾ ਨੇ ਕਿਹਾ - ''ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਸ਼ਹਿਰ ਜੀ-20 ਦੀਆਂ ਸੰਸਾਰ ਬਾਰੇ ਨੀਤੀਆਂ ਨਾਲ ਸਹਿਮਤ ਨਹੀਂ ਹੈ।'' ਇੱਥੇ ਇਹ ਵਰਨਣਯੋਗ ਹੈ ਕਿ ਮੁਜ਼ਾਹਰੇ ਦੇ ਰਾਹ ਦੇ ਦੋਵੇਂ ਪਾਸੇ ਹੀ ਸਥਾਨਕ ਲੋਕਾਂ ਨੇ ਮੁਜ਼ਾਹਰੇ ਦੇ ਹੱਕ ਵਿਚ ਹੱਥਾਂ ਨਾਲ ਬਣਾਏ ਪੋਸਟਰ ਤੇ ਬੈਨਰ ਲਾਏ ਹੋਏ ਸਨ ਅਤੇ ਸਥਾਨਕ ਲੋਕ ਮੁਜਾਹਰਾਕਾਰੀਆਂ ਨਾਲ ਇਕਮੁੱਠਤਾ ਪ੍ਰਗਟ ਕਰਨ ਲਈ ਖੜ੍ਹੇ ਸਨ।
ਇਸ ਮੁਜਾਹਰੇ ਵਿਚ ਸ਼ਾਮਲ ਲੋਕ ਵੱਖ-ਵੱਖ ਮੁੱਦਿਆਂ ਦੀ ਤਰਜਮਾਨੀ ਕਰਦੇ ਸਨ, ਪਰੰਤੂ ਪੂੰਜੀਵਾਦ ਤੋਂ ਪੈਦਾ ਹੋਣ ਵਾਲੇ ਵਿਗਾੜਾਂ, ਦੁੱਖਾਂ ਦੇ ਵਿਰੁੱਧ ਉਹ ਇਕਜੁੱਟ ਸਨ। ਮੁਜ਼ਾਹਰਾਕਾਰੀ ਮਾਰੀ, ਜਿਹੜਾ ਕਿ ਅਫਰੀਕੀ ਮਹਾਂਦੀਪ ਨਾਲ ਸਬੰਧ ਰੱਖਦਾ ਸੀ, ਦਾ ਕਹਿਣਾ ਸੀ-''ਮੈਂ  ਸਰਹੱਦਾਂ ਵਿਚ ਵਿਸ਼ਵਾਸ ਨਹੀਂ ਰੱਖਦਾ, ਇਕੋ-ਇਕ ਅਸਲ ਸਰਹੱਦ ਹੈ, ਅਮੀਰੀ ਤੇ ਗਰੀਬੀ ਦਰਮਿਆਨ। ਜੀ-20 ਜੋ ਕੁਝ ਵੀ ਕਰ ਰਿਹਾ ਹੈ ਉਹ ਮਿਹਨਤਕਸ਼ ਲੋਕਾਂ 'ਤੇ ਹਮਲੇ ਦਾ ਭਾਗ ਹੈ, ਸਾਨੂੰ ਇਸਦਾ ਮੁਕਾਬਲਾ ਕਰਨਾ ਹੋਵੇਗਾ।''
ਇਸ ਮੁਜਾਹਰੇ ਦੇ ਸਭ ਤੋਂ ਮੁਹਰੇ ਚਲ ਰਿਹਾ ਕੁਰਦ ਲੋਕਾਂ ਦਾ ਜੱਥਾ ਸਭ ਤੋਂ ਵੱਡਾ ਵੀ ਸੀ ਅਤੇ ਸਭ ਤੋਂ ਜੁਝਾਰੂ ਵੀ, ਜਿਹੜਾ ਕਿ ਸੀਰੀਆ ਵਿਚ ਇਸਲਾਮਿਕ ਧਾਰਮਕ ਕਟੱੜਵਾਦੀ ਵਹਿਸ਼ੀ ਆਈ.ਐਸ.ਆਈ.ਐਸ. ਵਿਰੁੱਧ ਜੰਗ ਲੜ ਰਹੇ ਵਾਈ.ਪੀ.ਜੀ. ਗੁਰੀਲਿਆਂ ਨਾਲ ਇਕਮੁੱਠਤਾ ਪ੍ਰਗਟ ਕਰ ਰਿਹਾ ਸੀ। ਇੱਥੇ ਇਹ ਵਰਨਣਯੋਗ ਹੈ ਕਿ ਇਹ ਇਸਤਰੀ ਗੁਰੀਲੇ ਸਮੂਚੀ ਦੁਨੀਆਂ ਦੇ ਹੀ ਇੰਨਸਾਫ ਪਸੰਦ ਲੋਕਾਂ ਦੀ ਪ੍ਰਸ਼ੰਸਾ ਦਾ ਕੇਂਦਰ ਅਪਣੀ ਜੁਝਾਰੂ ਸਮਰਥਾ ਕਰਕੇ ਬਣੇ ਹਨ।
ਜੀ-20 ਦੇ ਅਪਣੇ ਅਜੰਡੇ ਦੇ ਨਜਰੀਏ ਤੋਂ ਵੀ ਇਹ ਬੈਠਕ ਲਗਭਗ ਅਸਫਲ ਹੀ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਿਸਨੇ ਅਪਣੀ ਚੋਣ ਦਰਮਿਆਨ ਕੀਤੇ ਵਾਅਦੇ ਅਨੁਸਾਰ ਅਪਣੇ ਦੇਸ਼ ਨੂੰ ਪੌਣ-ਪਾਣੀ ਬਾਰੇ ਪੈਰਿਸ ਸਮਝੌਤੇ ਤੋਂ ਬਾਹਰ ਕਰ ਲਿਆ ਹੈ। ਉਸਨੂੰ ਧਰਤੀ ਤੇ ਮਨੁਖਤਾ ਦੀ ਹੋਂਦ ਲਈ ਮਹੱਤਤਾ ਰੱਖਦੇ ਇਸ ਸਮਝੌਤੇ ਬਾਰੇ ਅਪਣੇ ਸਟੈਂਡ ਨੂੰ ਛਡੱਣ ਜਾਂ ਸੋਧਣ ਲਈ ਤਾਂ ਇਹ ਬੈਠਕ ਕੁੱਝ ਵੀ ਨਹੀਂ ਕਰ ਸਕੀ। 19 ਦੇਸ਼ਾਂ ਨੇ ਇਕਸੁਰ ਹੋਕੇ ਸਿਰਫ ਇਹ ਹੀ ਸੁਝਾਅ ਦੇ ਰੂਪ ਵਿਚ ਕਿਹਾ ਕਿ ਪੈਰਿਸ ਸਮਝੌਤਾ ਪਲਟਾਉਣ ਯੋਗ ਨਹੀਂ ਹੈ ਤੇ ਜਹਿਰੀਲੀਆਂ ਗੈਸਾਂ ਨੂੰ ਘੱਟ ਕਰਨ ਦੇ ਅਹਿਦ ਨੂੰ ਪੂਰਾ ਕੀਤਾ ਜਾਵੇਗਾ। ਪ੍ਰੰਤੂ ਇਸ ਨੂੰ ਵੀ ਪੂਰੀ ਤਰ੍ਹਾਂ ਸਿਖਰ ਬੈਠਕ ਦੇ ਦਸਤਾਵੇਜ ਵਿਚ ਦਰਜ ਕਰਨ ਵਿਚ ਨਾਕਾਮ ਰਹੇ। ਦਸਤਾਵੇਜ਼ ਵਿਚ ਅਮਰੀਕਾ ਨੂੰ ਰਿਆਇਤ ਦੇ ਦਿੱਤੀ ਗਈ -''ਅਮਰੀਕਾ ਦਾ ਕਹਿਣਾ ਹੈ ਕਿ ਉਹ ਧਰਤੀ ਹੇਠਲੇ ਈਂਧਣਾਂ ਦੀ ਹੋਰ ਵਧੇਰੇ ਸਾਫ਼ ਸੁਥਰੀ ਤੇ ਕੁਸ਼ਲਤਾ ਭਰਪੂਰ ਵਰਤੋਂ ਤੇ ਪਹੁੰਚ ਵਿਚ ਹੋਰ ਦੇਸ਼ਾਂ ਨਾਲ ਵਧੇਰੇ ਨੇੜੇ ਹੋ ਕੇ ਕੰਮ ਕਰਨ ਦੇ ਭਰਪੂਰ ਯਤਨ ਕਰੇਗਾ।'' ਇਸ ਤਰ੍ਹਾਂ ਪੌਣ-ਪਾਣੀ ਵਿਚ ਦੁਨੀਆਂ ਦੀ ਹੋਂਦ ਪ੍ਰਤੀ ਘਾਤਕ ਤਬਦੀਲੀ ਬਾਰੇ ਅਮਰੀਕਾ ਦੀ ਈਂਧਣ ਨੀਤੀ ਦੀ ਨਿਖੇਧੀ ਕਰਨਾ ਤਾਂ ਦੂਰ ਦੀ ਗੱਲ ਟਰੰਪ ਮੰਤਰੀ ਮੰਡਲ ਦੇ ਕਈ ਮੈਂਬਰਾਂ ਵਲੋਂ ਪੌਣ-ਪਾਣੀ ਦੀ ਇਸ ਘਾਤਕ ਤਬਦੀਲੀ ਦੀ ਬੁਨਿਆਦ ਨੂੰ ਹੀ ਨਾ ਮੰਨਣ ਪ੍ਰਤੀ ਵੀ ਕੋਈ ਅਸਹਿਮਤੀ ਨਹੀਂ ਪ੍ਰਗਟਾਈ ਗਈ। ਇਸ ਹਿਚਕਚਾਹਟ ਦਾ ਅਸਲ ਕਾਰਨ ਹੈ, ਕਿ ਜੀ-20 ਦੇ ਹੋਰ ਕਈ ਦੇਸ਼ ਵੀ ਘਾਤਕ ਜ਼ਹਿਰੀਲੀਆਂ ਕਾਰਬਨ ਗੈਸਾਂ ਨੂੰ ਵਾਤਾਵਰਣ ਵਿਚ ਛੱਡਣ ਦੇ ਮਿਆਰਾਂ ਦੀ ਪਾਲਣਾ ਕਰਨ ਪ੍ਰਤੀ ਲਾਪਰਵਾਹ ਹਨ। 'ਆਇਲ ਚੇਂਜ ਇੰਟਰਨੈਸ਼ਨਲ' ਨਾਂਅ ਦੀ ਸੰਸਥਾ ਦੀ ਇਕ ਰਿਪੋਰਟ ਮੁਤਾਬਕ ਜੀ-20 ਦੇ ਕਈ ਹੋਰ ਦੇਸ਼-ਜਿਵੇਂ ਕਨਾਡਾ, ਇਟਲੀ, ਜਰਮਨੀ, ਫਰਾਂਸ, ਦੱਖਣੀ ਕੋਰੀਆ ਤੇ ਜਾਪਾਨ ਹਰ ਸਾਲ ਤੇਲ, ਗੈਸ ਤੇ ਕੋਇਲਾ ਉਤਪਾਦਨ ਉੱਤੇ 72 ਬਿਲੀਅਨ ਡਾਲਰ ਤੋਂ ਵੱਧ ਦੀ ਸਬਸਿਡੀ ਦਿੰਦੇ ਹਨ। ਜਿਹੜੇ ਦੇਸ਼ ਆਪ ਹੀ ਲਾਪਰਵਾਹ ਹਨ, ਉਹ ਅਮਰੀਕਾ ਵਿਰੁੱਧ ਕਿਸ ਤਰ੍ਹਾਂ ਡਟਵਾਂ ਸਟੈਂਡ ਲੈ ਸਕਦੇ ਹਨ। ਕਿਸੇ ਵੀ ਜੀ-20 ਆਗੂ ਨੇ ਟਰੰਪ ਦੀਆਂ ਨਿੱਤ ਦਿਨ ਦੀਆਂ ਮਨੁੱਖਤਾ ਲਈ ਘਾਤਕ ਧਾਰਣਾਵਾਂ ਵਿਰੁੱਧ ਗੱਲ ਨਹੀਂ ਕੀਤੀ। ਨਾ ਹੀ ਕਿਸੇ ਨੇ ਹੋਰ ਵਧੇਰੇ ਉਦਾਰ ਸੰਸਾਰ ਵਿਵਸਥਾ ਦੀ ਚਾਹਤ ਪੇਸ਼ ਕੀਤੀ, ਜਿਸ ਵਿਚ ਜੰਗਾਂ ਕਾਰਨ ਪਨਾਹਗੀਰ ਬਨਣ ਵਾਲਿਆਂ ਨੂੰ ਹੋਰ ਵਧੇਰੇ ਸੁਰੱਖਿਆ ਤੇ ਘੱਟ ਗਿਣਤੀਆਂ ਨੂੰ ਸੁਰਖਿਆ ਪ੍ਰਦਾਨ ਕੀਤੀ ਜਾਵੇ। ਸੰਯੁਕਤ ਰਾਸ਼ਟਰ  ਦੇ ਪੱਖ ਵਿਚ ਵੀ ਕੋਈ ਨਹੀਂ ਬੋਲਿਆ, ਉਸ ਵਲੋਂ ਹਾਲੀਆ ਪਾਸ ਕੀਤੇ ਗਏ ਪਰਮਾਣੂ ਹਥਿਆਰਾਂ ਵਿਰੁਧ ਵੋਟ ਦੀ ਮਹੱਤਤਾ ਬਾਰੇ ਗੱਲ ਕਰਨਾ ਤਾਂ ਕਿਸੇ ਨੂੰ ਕੀ ਸੁਝਣਾ ਸੀ। ਕਿਸੇ ਵੀ ਆਗੂ ਨੇ ਹਥਿਆਰਾਂ ਦੀ ਵਿਕਰੀ, ਜਿਹੜੀ ਬੇਸ਼-ਕੀਮਤੀ ਜਨਤਕ ਧਨ ਨੂੰ ਹਜਮ ਕਰ ਜਾਂਦੀ ਹੈ ਤੇ ਜੰਗਾਂ ਦਾ ਸੋਮਾ ਬਣਦੀ ਹੋਈ ਲੋਕਾਂ ਨੂੰ ਘਰੋਂ-ਬੇਘਰ ਕਰਦੀ ਹੈ, ਵਿਰੁੱਧ ਵੀ ਇਕ ਸ਼ਬਦ ਤੱਕ ਨਹੀਂ ਕਿਹਾ। ਜੀ-20 ਵਲੋਂ ਸਮਰਥਾ ਤੋਂ ਵਧੇਰੇ ਉਤਪਾਦਨ ਦੇ ਮੁੱਦੇ 'ਤੇ ਵਿਚਾਰ ਕਰਨ ਦਾ ਫੈਸਲਾ ਲਿਆ ਗਿਆ। ਇਹ ਟਰੰਪ ਨੂੰ ਸੁਰੱਖਿਆਵਾਦ ਦੇ ਪੱਖੋਂ ਦਿੱਤੀ ਗਈ ਇਕ ਹੋਰ ਰਿਆਇਤ ਸੀ। ਭਾਰਤ ਵਰਗੇ ਦੇਸ਼ਾਂ ਨੂੰ ਰਾਹਤ ਪਹੁੰਚਾਉਣ ਵਾਲਾ ਮੁੱਦਾ, ਕੌਮਾਂਤਰੀ ਮੁਦਰਾ ਫੰਡ ਲਈ ਨਵਾਂ ਕੋਟਾ ਫਾਰਮੂਲਾ ਤੈਅ ਕਰਨਾ, ਸਿਰਫ ਇਕ ਫੋਕਾ ਵਾਅਦਾ ਬਨਣ ਤੱਕ ਹੀ ਸੀਮਤ ਰਹਿ ਗਿਆ।
ਇਸ ਸਿਖਰ ਬੈਠਕ ਵਿਚ ਵਪਾਰਕ ਸਮਝੌਤੇ ਕੇਂਦਰੀ ਸਥਾਨ ਹਾਸਲ ਕਰ ਗਏ ਜਾਂ ਫਿਰ ਲੀਡਰਾਂ ਦੀ ਫੋਟੋ ਸ਼ੂਟਾਂ ਵਿਚ ਵਧੇਰੇ ਦਿਲਚਸਪੀ ਦਿਸੀ। ਇਸ ਬੈਠਕ ਦਾ ਇਕੋ-ਇਕ ਖਿੱਚਪਾਊ ਲੱਛਣ ਸੀ, ਪੂੰਜੀਵਾਦ ਨੂੰ ਚੁਣੌਤੀ ਦਿੰਦਾ ਇਸ ਵਿਰੁੱਧ ਹੋਇਆ ਲੋਕ-ਰੋਹ ਨਾਲ ਲਬਾਲਬ ਮੁਜਾਹਰਾ।

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਅਗਸਤ 2017)

ਕਹਾਣੀ
ਧਰਮਾਤਮਾ
- ਰਾਮ ਸਰੂਪ ਅਣਖੀ
 
ਗੂੜ੍ਹੇ ਸਿਆਲ ਦੀ ਇਕ ਸਵੇਰ। ਉਹ ਸਾਰਾ ਟੱਬਰ ਚੁਲ੍ਹੇ ਮੂਹਰੇ ਬੈਠਾ ਚਾਹ ਪੀ ਰਿਹਾ ਸੀ। ਮੱਕੀ ਦੇ ਗੁੱਲਾਂ ਦਾ ਰੁੱਗ ਸੁੱਟਦੇ ਤੇ ਜਦੋਂ ਅੱਗ ਦੀ ਲਾਟ ਨਿਕਲਦੀ, ਉਹ ਪੈਰਾਂ ਦੀਆਂ ਅੱਡੀਆਂ ਪਿਛਾਂਹ ਨੂੰ ਖਿਸਕਾਉਂਦੇ। ਲੱਤਾਂ ਤੱਕ ਪਹੁੰਚੇ ਸੇਕ ਨੂੰ ਘੱਟ ਕਰਨ ਲਈ ਸੁਕੜੰਜਾਂ ਪਲੋਸਣ ਲੱਗਦੇ। ਠੱਕ-ਠੱਕ ਦੀ ਮੱਧਮ ਆਵਾਜ਼ ਸੁਣ ਕੇ ਸਭ ਦਾ ਧਿਆਨ ਵਿਹੜੇ ਵੱਲ ਹੋ ਗਿਆ। ਮਾਂ  ਨੇ ਮੁੰਡੇ ਨੂੰ ਕਿਹਾ- 'ਰਾਜੂ, ਦੇਖ ਵੇ ਕੌਣ ਐ?'
ਮੁੰਡਾ ਸਣੇ ਗਲਾਸ ਵਿਹੜੇ ਵਿਚ ਆਇਆ ਤੇ ਫਿਰ ਹੌਲੀ ਦੇ ਕੇ ਬੋਲਿਆ-'ਬੱਗੂ ਬੁੜ੍ਹਾ ਐ।'
ਐਨੇ ਨੂੰ ਉਹ ਦਰਵਾਜ਼ੇ ਦੀ ਦਿਹਲੀਜ਼ ਟੱਪ ਆਇਆ ਸੀ। ਵਿਹੜੇ ਵਿੱਚ ਪੈਰ ਰਖਦੇ ਹੀ ਬੋਲਿਆ-'ਦੇਵਤਿਆ......'
ਨਰੈਣੇ ਨੇ ਮੂੰਹ ਵਿਚਲੀ ਘੁੱਟ ਸੰਘੋਂ ਥੱਲੇ ਕਰਕੇ ਬਾਕੀ ਬਚਦੀ ਚਾਹ ਦਾ ਗਲਾਸ ਚੁੱਲ੍ਹੇ ਦੇ ਓਟੇ ਕੋਲ ਰੱਖ ਦਿੱਤਾ। ਤੇ ਬੋਲਿਆ, 'ਆ ਜਾ ਬੱਗਾ ਸਿਆਂ, ਗਾਹਾਂ ਈ ਲੰਘਇਆ। ਆ ਜਾ ਸੇਕ ਲੈ।'
'ਹਾਂ ਬਈ ਠੰਢ ਤਾਂ ਅੱਜ ਕੜਾਕੇ ਕੱਢੀ ਜਾਂਦੀ ਐ।' ਬੱਗੂ ਦੀ ਸੋਟੀ-ਵਿਹੜੇ ਦੀ ਪੱਕੀ ਮਿੱਟੀ ਉੱਤੇ ਖੜਕ ਰਹੀ ਸੀ।
ਝਲਾਨੀ ਵਿੱਚੋਂ ਮੁੰਡਾ, ਮੁੰਡੇ ਦੀ ਮਾਂ ਤੇ ਕੁੜੀ ਉੱਠ ਕੇ ਵਰਾਂਡੇ ਵਿਚ ਜਾ ਬੈਠੇ। ਤੇ ਫੇਰ ਮੁੰਡੇ ਨੇ ਖੇਸੀ ਦੀ ਬੁੱਕਲ ਮਾਰੀ ਤੇ ਬਾਹਰ ਨੂੰ ਤੁਰ ਪਿਆ। ਕੁੜੀ ਨੇ ਬਹੁਕਰ ਚੁੱਕ ਲਈ। ਮਾਂ ਰਿੜਕਣੇ ਦੀ ਰੱਸੀ ਖੋਲ੍ਹਣ ਲੱਗੀ।
ਬੱਗੂ 'ਹਰੇ ਰਾਮ, ਹਰੇ ਰਾਮ' ਕਰਦਾ ਚੁੱਲ੍ਹੇ ਅੱਗੇ ਪੀੜ੍ਹੀ ਉੱਤੇ ਜਾ ਬੈਠਾ। ਹੱਥ ਸੇਕਣ ਲੱਗਿਆ। ਨਰੈਣੇ ਨੇ ਗੁੱਲਾਂ ਦਾ ਰੁੱਗ ਚੁੱਲ੍ਹੇ ਵਿਚ ਸੁੱਟ ਕੇ ਥੱਲੇ ਪਏ ਪਤੀਲੇ ਦਾ ਢੱਕਣ ਚੁੱਕਿਆ, ਵਿਚ ਚਾਹ ਹੈਗੀ ਸੀ। ਪਤੀਲਾ ਉਹਨੇ ਚੁੱਲ੍ਹੇ ਉੱਤੇ ਧਰ ਦਿੱਤਾ। ਕਹਿੰਦਾ 'ਚਾਹ ਦਿੰਨਾਂ ਤੈਨੂੰ। ਠਾਰੀ ਤਾਂ ਕੰਜਰ ਦੀ ........।'
'ਨਾ ਬਈ, ਇਹ ਗੱਲ ਨ੍ਹੀਂ। ਚਾਹ ਜਮਾਂ ਛਕ ਕੇ ਘਰੋਂ ਤੁਰਿਆ ਸੀ ਮੈਂ ਤਾਂ।'
'ਨਹੀਂ, ਤੱਤੀ ਹੋ ਲੈਣ ਦੇ । ਨਾਲੇ ਮੈਂ ਵੀ ਪੀ ਲੂੰ।'
'ਤੂੰ ਪੀ ਜੀਅ ਸਦਕੇ। ਮੈਂ ਭਲਾ ਦੇਵਤਿਆ ਥੋਡੇ ਘਰ ਦਾ ਖਾ ਕੇ ਭਾਰ ਚੜ੍ਹੌਣੈਂ ਆਵਦੇ ਸਿਰ। ਥੋਨੂੰ ਤਾਂ ਦਿੱਤਾ ਬਣਦੈ। ਰਾਮ ਰਾਮ ! ਤੂੰ ਪੀ।' ਬੱਗੂ ਮਿੱਠਾ ਬੋਲਦਾ ਸੀ।
ਚਾਹ ਉਬਲੀ ਤੋਂ ਪਤੀਲਾ ਨਰੈਣੇ ਨੇ ਥੱਲੇ ਲਾਹ ਲਿਆ। ਟੋਕਰੇ ਵਿਚੋਂ ਦੋ ਸੁੱਚੇ ਗਲਾਸ ਲੈ ਕੇ ਚਾਹ ਪਾ ਲਈ। ਨਹੀਂ ਨਹੀਂ ਕਰਦੇ ਬੱਗੂ ਨੇ ਗਿਲਾਸ ਫੜ ਲਿਆ ਤੇ ਘੁੱਟ ਭਰ  ਕੇ ਕਹਿੰਦਾ -'ਚੰਗਾ ਫੇਰ, ਤੇਰੀ ਸਲਾਹ। ਇਹ ਭਾਰ ਉਤਾਰ ਦਿਆਂਗੇ ਫੇਰ ਕਦੇ।'
ਨਰੈਣਾ ਉਹਦੇ ਕੋਲ ਬੈਠਾ ਚਾਹ ਤਾਂ ਪੀ ਰਿਹਾ ਸੀ, ਪਰ ਨਿਗਾਹ ਉਹਦੀ ਉਹਦੀਆਂ ਗੱਲਾਂ ਵੱਲ ਸੀ। ਇਕ ਗੱਲ ਜਿਹੜੀ ਬੱਗੂ ਹੁਣੇ ਕਹੇਗਾ, ਉਸ ਤੋਂ ਨਰੈਣਾ ਪਹਿਲਾਂ ਹੀ ਜਾਣੀ ਜਾਣ ਸੀ। ਉਹ ਸਹਿਮਿਆ ਬੈਠਾ ਸੀ। ਇਹ ਗੱਲ ਤਾਂ ਉਹਨੂੰ ਉਦੋਂ ਹੀ ਖੁੜਕ ਗਈ ਸੀ, ਜਦੋਂ ਬੱਗੂ ਦੀ ਸੋਟੀ ਵਿਹੜੇ ਵਿਚ  ਠੱਕ-ਠੱਕ ਕਰਕੇ ਵਜਦੀ ਆ ਰਹੀ ਸੀ। ਸੋਟੀ ਦੀ ਠੱਕ-ਠੱਕ ਜਿਵੇਂ ਨਰੈਣੇ ਦੇ ਮੱਥੇ ਵਿਚ ਕਿੱਲਾਂ ਵਾਂਗ ਠੁੱਕਦੀ ਜਾ ਰਹੀ ਹੋਵੇ।
ਨਰੈਣੇ ਕੋਲ ਜ਼ਮੀਨ ਥੋੜ੍ਹੀ ਸੀ। ਬਸ ਟੱਬਰ ਮਸਾਂ ਪਲਦਾ । ਵੱਡੀ ਕੁੜੀ ਦੇ ਵਿਆਹ ਵੇਲੇ ਲਿਆ ਵਿਆਜੂ-ਰੁਪਈਆ ਓਵੇਂ ਦਾ ਓਵੇਂ ਸਿਰ ਖੜ੍ਹਾ ਸੀ। ਪੂਰਾ ਵੀਹ ਹਜ਼ਾਰ । ਇਹ ਵੀਹ ਬੱਗੁੂ ਦੀ ਬਹੀ ਵਿਚ ਲਿਖਿਆ ਹੋਇਆ ਸੀ। ਤਿੰਨ ਸਾਲ ਹੋ ਚੁੱਕੇ ਸਨ। ਇਕ ਕੌਡੀ ਵੀ ਵਾਪਸ ਨਹੀਂ ਹੋ ਸਕੀ ਸੀ। ਬੱਗੂ ਹਰ ਵਰ੍ਹੇ ਨਾਮਾ ਕਰਦਾ। ਵਿਆਜ ਲੱਗ ਕੇ ਨਵੀਂ ਰਕਮ ਖੜ੍ਹੀ ਹੋ ਜਾਂਦੀ । ਵੀਹ ਹਜ਼ਾਰ ਤੋਂ ਵਧ ਕੇ ਹੁਣ ਪਤਾ ਨਹੀਂ ਕਿੰਨੀ  ਰਕਮ ਬਣ ਚੁੱਕੀ ਹੋਵੇਗੀ। ਨਰੈਣੇ ਨੂੰ ਕੋਈ ਹਿਸਾਬ ਨਹੀਂ ਸੀ। ਉਹ ਤਾਂ ਬਸ ਬਹੀ ਉੱਤੇ ਗੂਠਾ ਲਾਉਣ ਜਾਣਦਾ ਸੀ।
ਲੈਣ ਵੇਲੇ ਤਾਂ ਸੋਚਿਆ ਸੀ ਕਿ ਉਹ ਕਮਾਈ ਕਰਕੇ ਦੋ ਸਾਲਾਂ ਵਿਚ ਹੀ ਵਿਆਜੂ ਪੈਸਾ ਸਾਰਾ ਉਤਾਰ ਦੇਵੇਗਾ। ਪਰ ਖੇਤੀ ਤਾਂ ਕੁਦਰਤ ਦੇ ਵੱਸ ਹੈ। ਕਦੇ ਗੜੇ ਪੈ ਗਏ, ਕਦੇ ਬਹੁਤ ਮੀਂਹ ਪੈ ਗਿਆ ਜਾਂ ਕਿਸੇ ਸਾਲ ਬਿਲਕੁਲ ਹੀ ਨਾ ਪਿਆ। ਫਸਲ ਨੂੰ ਕੋਈ ਕੀੜਾ ਲੱਗ ਗਿਆ। ਤਿੰਨ ਸਾਲ ਉਹਦੀ ਫਸਲ ਚੰਗੀ ਨਹੀਂ ਹੋਈ ਸੀ।
ਬੱਗੂ ਹਰ ਸਾਲ ਆਖਦਾ, ਹਰ ਸਾਲ, ਕੀ ਹਾੜੀ-ਸੌਣੀ। ਆਖਦਾ-'ਚੱਲ ਵਿਆਜ ਈ ਮੋੜ। ਫੇਰ ਕੱਠਾ ਭਾਰ ਚੱਕ ਕੇ ਔਖਾ ਹੋਏਂਗਾ। ਦੇਵਤਾ ਤੇਰੀ ਮਰਜ਼ੀ ਐ।'
ਇਸ ਸਾਲ ਤਾਂ ਉਹ ਦੋ ਵਾਰ ਆਖ ਚੁੱਕਿਆ ਸੀ -'ਰਕਮ ਬਹੁਤ ਹੋ ਗੀ ਦੇਵਤਾ! ਐਤਕੀਂ ਕਣਕ ਕੱਢ ਕੇ ਸਾਰਾ ਮੋੜ ਦੇ। ਕਿਵੇਂ ਕਰ, ਤੂੰ ਜਾਣ ਤੂੰ ਜਾਣ।'
ਨਰੈਣਾ ਸੋਚਦਾ ਕਣਕ ਦੀ ਫਸਲ ਸਾਰੀ ਵੇਚ ਕੇ ਬੱਗੂ ਤਾਂ ਨਿਬੜ ਜੂ, ਪਰ ਘਰ ਕਿਵੇਂ ਚੱਲੂ? ਠੂਠਾ ਫੜਨਾ ਪਊ। ਹੋਰ ਗਰਜ਼ਾਂ ਕਿੰਨੀਆਂ ਨੇ। ਫੇਰ ਉਹ ਫਿਕਰ ਕਰਦਾ-'ਕੀ ਪਤਾ ਫਸਲ ਕਿੰਨੀ ਕੁ ਹੋਊਗੀ ਰੱਬ ਦੇ ਘਰ ਦਾ ਕੀ ਵਸਾਹ, ਕਿਹੜੀ ਆਫ਼ਤ ਆ ਡਿੱਗੇ।'
ਸਿਰ ਚੜ੍ਹੇ ਪੈਸਿਆਂ ਦਾ ਖ਼ਿਆਲ ਦਿਮਾਗ ਵਿਚ ਲਿਆ ਕੇ ਉਹਨੂੰ ਹੁਣ ਛੋਟੀ ਕੁੜੀ ਵਿਉਹ ਲੱਗਦੀ। ਉਹ ਝੁਰਦਾ, 'ਇਹ ਵੀ ਕੌੜੀ ਵੇਲ ਵਾਂਗੂੰ ਵਧੀ ਜਾਂਦੀ ਹੈ। ਨਿਤ ਗਿੱਠ ਵਾਰ ਆਊੰੰਦੈ। ਕਿੱਥੋਂ ਬਤਾਰੂ ਜੰਮ ਲਿਆ।'
ਚਾਹ ਪੀ ਕੇ ਬੱਗੂ ਆਪਣਾ ਜੂਠਾ ਗਲਾਸ ਆਪ ਮਾਂਜਣ ਲੱਗਿਆ। ਨਰੈਣਾ ਕਹਿ ਰਿਹਾ ਸੀ-'ਬੱਗਾ ਸਿਹਾਂ ਰਹਿਣ ਦੇ, ਆਪੇ ਮਾਂਜ ਲੂ ਗੀ ਤੇਰੀ ਪਰ੍ਹੋਤਣੀ।'
ਉਹ ਕਹਿੰਦਾ-'ਪਾਪ ਚੜੌਣੈਂ। ਮੇਰਾ ਜੂਠਾ ਗਲਾਸ ਪਰ੍ਹੋਤਣੀ ਮਾਂਜੇ, ਐਡਾ ਭਾਰ। ਤੀਰਥ ਐ ਪਰ੍ਹੋਤਣੀ ਤਾਂ-ਹਾਅ।'
ਸੁੱਕ-ਮਾਂਜ ਕੀਤਾ ਗਲਾਸ ਬੱਗੂ ਨੇ ਪਰ੍ਹਾਂ ਰੱਖਿਆ ਤੇ ਨਰੈਣੇ ਤੋਂ ਤੱਤੇ ਪਾਣੀ ਦੀ ਚੁਲੀ ਲੈ ਕੇ ਸੁਆਹ ਨਾਲ ਲਿਬੜੇ ਹੱਥ ਸੇਕਣ ਲੱਗਿਆ। ਨਰੈਣੇ ਨੇ ਗੁੱਲਾਂ ਦਾ ਰੁੱਗ ਹੋਰ ਸੁੱਟ ਦਿੱਤਾ। ਫੇਰ ਬੱਗੂ ਨੇ ਪੈਰ ਸੇਕੇ ਫੇਰ ਅੱਗ ਦੀ ਲਾਟ ਉੱਤੇ ਹੱਥ ਸੇਕ ਉਹ ਆਪਣੇ ਚੇਹਰੇ ਉੱਤੇ ਫੇਰਨ ਲੱਗਿਆ। ਤੇ ਫੇਰ ਨਰੈਣੇ ਵੱਲ ਗੁੱਝੀਆਂ ਅੱਖਾਂ ਨਾਲ ਝਾਕਿਆ। ਪੁੱਛਿਆ, 'ਫੇਰ ਦੇਵਤਿਆ?'
'ਫਰਮਾਅ, 'ਨਰੈਣਾ ਜਿਵੇਂ ਪਹਿਲਾਂ ਹੀ ਜਾਣਦਾ ਹੋਵੇ।
'ਐਤਕੀਂ ਫੇਰ?'
'ਬੱਗਾ ਸਿਆਂ, ਸਾਰੇ ਤਾਂ ਮੈਂ ਦੇ ਨ੍ਹੀਂ ਸਕਦਾ।'ਨਰੈਣੇ ਨੇ ਕੋਰਾ ਜਵਾਬ ਦਿੱਤਾ।
'ਤਿੰਨ ਸਾਲ ਤੋਂ ਉੱਤੇ ਤਾਂ ਕਨੂੰਨ ਵੀ ਨ੍ਹੀਂ ਕਹਿੰਦਾ, ਫੇਰ ਸੌ ਉਲਝਾਅ ਪੈਂਦੇ। ਸਾਰਾ ਮੋੜ।' ਬਗੂ ਵੀ ਕਿੱਲ ਵਾਂਗ ਠੁੱਕ ਗਿਆ ।
'ਸਾਰਿਆਂ ਦੀ ਤਾਂ ਬੇਵਾਹ ਐ।'
'ਫੇਰ ਹੋਰ ਕਰ।'
'ਹੋਰ ਕਿਕੂੰ?' ਨਰੈਣੇ ਦੀਆਂ ਅੱਖਾਂ ਵਿਚ ਅਣਮੱਚੇ ਗੁੱਲਾਂ ਦਾ ਧੁੂੰਆਂ ਪੈਣ ਲੱਗਿਆ। ਉਹ ਫੂਕਣੀ ਚੁੱਕ ਕੇ ਫੂਕਾਂ ਮਾਰਨ ਲੱਗਿਆ। ਅੱਗ ਮੂੰਹ ਤਾਂ ਖੋਲ੍ਹਦੀ ਪਰ ਲਾਟ ਨਾ ਨਿਕਲਦੀ।
'ਦੋ ਕਿੱਲੇ ਗਹਿਣੇ ਕਰ ਦੇ ਫੇਰ।' ਬੱਗੂ ਬਹੁਤ ਅਧੀਨ ਜਿਹਾ ਬਣ ਕੇ ਆਖ ਗਿਆ। ਨਰੈਣੇ ਰੱਥੋਂ ਫੂਕਣੀ ਭੁੰਜੇ ਡਿੱਗ ਪਈ। ਬੋਲਿਆ ਨਹੀਂ ਗਿਆ। ਬੱਗੂ ਹੀ ਫੇਰ ਬੋਲਿਆ-'ਹੋਰ ਫੇਰ, ਦੂਜਾ ਅਲਾਜ ਤਾਂ ਇਹੀ ਐ।' ਹੁਣ ਨਰੈਣਾ ਨਾ ਤਾਂ ਚੁੱਲੇ ਵਿੱਚ ਗੁੱਲ ਸੁੱਟ ਰਿਹਾ ਸੀ ਤੇ ਨਾ ਹੀ ਸ਼ਾਇਦ ਉਹਨਾਂ ਦੋਵਾਂ ਨੂੰ ਠੰਢ ਲੱਗਦੀ ਸੀ। ਨਰੈਣੇ ਦੇ ਤਾਂ ਅੰਦਰੋਂ ਹੀ ਜਿਵੇਂ ਕੋਈ ਸੇਕ ਉੱਠ ਖੜੋਤਾ ਹੋਵੇ। ਉਹਦੇ ਮੱਥੇ ਉੱਤੇ ਸਿੱਲ੍ਹ ਆ ਗਈ।
'ਵਚਾਰ ਕਰ ਲੀਂ। ਚੌਥੇ ਪੰਜਵੇਂ ਮੈਂ ਫੇਰ ਆਊ।' ਉੱਠਣ ਲੱਗਿਆ ਬੱਗੂ ਬੋਲਿਆ।
ਨਰੈਣਾ ਭੁੱਬਲ ਉੱਤੇ ਡੱਕੇ ਨਾਲ ਲਕੀਰਾਂ ਕੱਢ ਰਿਹਾ ਸੀ। ਲਕੀਰਾਂ 'ਤੇ ਚਾਰ ਖਾਨੇ ਬਨਾਉਂਦਾ, ਫ਼ੇਰ ਢਾਹ ਦਿੰਦਾ। ਸੁਆਹ ਪਧੱਰ ਕਰਕੇ ਫ਼ੇਰ ਲਕੀਰਾਂ ਕੱਢਣ ਲਗੱਦਾ। ਚੁੱਲ੍ਹਾ ਠੰਢਾ ਹੋਇਆ ਪਿਆ ਸੀ।
ਨਰੈਣੇ ਦੀ ਘਰ ਵਾਲੀ ਦੁੱਧ ਰਿੜਕ ਕੇ ਝਲਾਨੀ ਵਿਚ ਆਈ ਤੇ ਉਹਨੂੰ ਇਉਂ ਬੈਠਾ ਵੇਖ ਕੇ ਫ਼ਿਕਰ ਕਰਨ ਲੱਗੀ। ਪੁੱਛਿਆ-'ਕੀ ਬੋਲਦਾ ਸੀ ਬੱਗੂ?'
'ਕੜੱਕੀ,' ਉਹਨੇ ਇਕੋ ਸ਼ਬਦ ਵਿਚ ਸਾਰੀ ਗੱਲ ਮੁਕਾਣੀ ਚਾਹੀ।
'ਫੇਰ ਵੀ?' ਔਰਤ ਨੇ ਖੋਲ੍ਹ ਕੇ ਦੱਸਣ ਲਈ ਕਿਹਾ।
'ਜਾ ਤਾਂ ਕਹਿੰਦਾ ਸਾਰਾ ਮੋੜ ਐਤਕੀਂ ਹਾੜੀ ਨੂੰ ਜਾਂ ਫੇਰ ਦੋ ਕਿੱਲੇ ਜ਼ਮੀਨ ਦੇਹ । ਪੈਸਿਆਂ ਦਾ ਅੱਧ-ਪਚੱਧ ਜਮਾਂ ਈ ਨ੍ਹੀਂ ਲੈਣਾ।'
'ਹਾਏ ਵੇ, ਤੇਰਾ ਤੁਖਮ ਨਾ ਰਹੇ।' ਔਰਤ ਨੇ ਪੱਟਾਂ ਉੱਤੇ ਹੱਥ ਮਾਰਿਆ।
'ਦੋ ਕਿਲੇ ਦੇ ਕੇ ਫੇਰ ਆਪਾਂ ਕਿੱਥੋਂ ਖਾਵਾਂਗੇ। ਪੈਸਾ ਮੋੜਿਆ ਤਾਂ ਐਨਾ ਸਾਰੀ ਕਣਕ ਦਾ ਵੱਟਿਆ ਨ੍ਹੀਂ ਜਾਣਾ । ਏਸੇ ਨੂੰ ਤਾਂ ਕਹਿੰਦੇ ਨੇ 'ਕੜੱਕੀ' ਚ ਜਾਨ'। ਨਰੈਣਾ ਚੁੱਲ੍ਹੇ ਅਗਿਓ ਉੱਠ ਖੜੋਤਾ। ਸਮਝ ਨਹੀਂ ਆ ਰਹੀ ਸੀ, ਅੱਜ ਕਿਹੜੇ ਕੰਮ ਨੂੰ ਹੱਥ ਪਾਇਆ ਜਾਵੇ।
ਉਹ ਵਿਹੜੇ ਵਿਚ ਖੜਕੇ ਬੀਹੀ ਵੱਲ ਝਾਕਣ ਲੱਗਿਆ। ਬੱਗੂ ਦੀ ਪੋਤੀ ਗੜਵੀ ਲਈ ਤੁਰੀ ਆ ਰਹੀ ਸੀ। ਆ ਕੇ ਕਹਿੰਦੀ -'ਅੰਮਾਂ, ਬਾਬੇ ਨੇ ਦੁੱਧ ਭੇਜਿਐ। ਕਹਿੰਦਾ, ਮੈਂ ਚਾਹ ਪੀ ਆਇਆਂ ਉਹਨਾਂ ਦੇ ਘਰ ਦੀ।'
ਖਾਲੀ ਗੜਵੀ ਲੈ ਕੇ ਕੁੜੀ ਮੁੜ ਗਈ। ਬੱਗੂ ਦੇ ਘਰ ਦਾ ਦੁੱਧ ਨਰੈਣੇ ਦੀ ਘਰਵਾਲੀ  ਨੇੇ ਜੂਠ ਵਾਲੇ ਬੱਠਲ ਵਿਚ ਡੋਲ੍ਹ ਦਿੱਤਾ। ਕਹਿੰਦੀ  -'ਪੱਟੀ ਮੋੜ੍ਹੀ ਆਲਾ, ਜਾਏ ਖਾਣਾ, ਧਰਮਾਤਮਾ ਬਣਦੈ।'




ਕਵਿਤਾ
- ਬਾਬਾ ਨਜ਼ਮੀ
 

ਝੁੱਗੀਆਂ ਵਿਚ ਵੀ ਫੇਰਾ ਪਾ ਕੇ ਵੇਖ ਲਵੇ ।
ਸਾਡੀ ਵੀ ਤੇ ਪੀੜ ਵੰਡਾ ਕੇ ਵੇਖ ਲਵੇ ।

ਜਿਨ੍ਹੇ ਹਾਲੇ ਤੀਕ ਸਮੁੰਦਰ ਤੱਕਿਆ ਨਹੀਂ,
ਉਹਨੂੰ ਆਖੋ, ਮੈਨੂੰ* ਆ ਕੇ ਵੇਖ ਲਵੇ ।

ਮੇਰੇ ਮੁੜ੍ਹਕੇ ਨਾਲ ਖਲੋਤਾ ਤਾਜ ਮਹਿਲ,
ਝੂਠਾ ਵਾਂ, ਤੇ ਫੇਰ ਬਣਾ ਕੇ ਵੇਖ ਲਵੇ ।

ਮੇਰੇ ਦਮ ਨਾਲ ਗੁਟਕੇ ਵੇਹੜਾ ਮੱਕੇ ਦਾ,
ਮੈਨੂੰ ਵਿਚੋਂ ਪਰ੍ਹਾਂ ਹਟਾ ਕੇ ਵੇਖ ਲਵੇ ।

ਸਾਡੀ ਇਕ-ਇਕ ਝੁੱਗੀ, ਇਕ ਮੁਸੱਵਦਾ ਏ,
ਸੁਖ਼ਨਵਰਾਂ ਚੋਂ, ਕੋਈ ਵੀ ਜਾ ਕੇ ਵੇਖ ਲਵੇ ।

ਤੇਰੇ ਪੁੱਤਰ ਵਾਂਗੂੰ ਮੇਰਾ ਪੁੱਤਰ ਵੀ,
ਲੰਬੜਦਾਰਾ, ਬਸਤਾ ਪਾ ਕੇ ਵੇਖ ਲਵੇ ।

ਮੇਰਾ ਇਕ ਇਕ ਮਿਸਰਾ ਦੁੱਖ ਜ਼ਮਾਨੇ ਦਾ,
ਮੇਰਾ ਕੋਈ ਵੀ ਸ਼ਿਅਰ ਸੁਣਾ ਕੇ ਵੇਖ ਲਵੇ ।
(*ਮੇਰੇ ਅੰਦਰ)


ਕਵਿਤਾ
ਅਹਿਦ
 

 -ਮੰਗਤ ਰਾਮ ਪਾਸਲਾ
 ਭੰਗਾਣੀ ਦੇ ਯੁੱਧ ਵਿਚ ਵੀ ਸ਼ਾਮਿਲ ਸਾਂ ਅਸੀਂ।
ਚਮਕੌਰ ਦੀ ਗੜ੍ਹੀ ਵਿਚ ਡੁਲਿਆ,
ਸਾਡੇ ਪੁਰਖਿਆਂ ਦਾ ਲਹੂ,
ਸੁਕ ਤਾਂ ਗਿਆ ਹੋਵੇਗਾ ਉਹ, ਪਰ ਮਿਟਿਆ ਨਹੀਂ।
ਬਹੁਤ ਵਾਰ
ਝੀਲ ਦੇ ਪਾਣੀ ਵਾਂਗ ਸ਼ਾਂਤ ਰਹੇ।
ਪਰ ਕਦੀ ਬਲਦੀ ਦੇਗ ਵਿਚ
ਵੀ ਉਬਲੇ ਸਾਂ, ਆਕਾਸ਼ ਵੱਲ ਨੂੰ ਵਧੇ ਸਾਂ।
ਤੂੰ ਤਾਂ ਅੱਗ ਸਾਹਵੇਂ ਵੀ,
ਠਰ ਗਿਆ ਸੈਂ ਉਦੋਂ।
ਦੁੱਲੇ ਦੀ ਬਾਰ ਵਿਚ
ਅਸੀਂ ਕਦੀ ਅਕਬਰ ਦਾ ਜਜ਼ੀਆ ਨਹੀਂ ਦਿੱਤਾ।
ਯਾਦ ਹੈ ਤੁਸੀਂ ਤਾਂ ਬੇਦਾਵਾ ਲਿਖਕੇ ਦੇ ਆਏ ਸੀ,
ਪਰ ਸਾਡੇ ਇਸ਼ਕ ਦਾ ਗੀਤ
ਕਾਲੇ ਪਾਣੀ ਦੀ ਜੇਲ੍ਹ ਦੀਆਂ ਕੰਧਾਂ 'ਤੇ ਅਜੇ ਵੀ ਲਿਖਿਆ ਹੈ।
ਜੱਲ੍ਹੇ ਦੇ ਬਾਗ ਵਿਚ,
ਫਲਾਂ ਵਾਂਗ ਟਪਕੇ ਸਾਂ ਵੈਸਾਖੀ ਦੇ ਦਿਨ,
ਗੋਲੀ ਕੰਧ ਤੋਂ ਪਹਿਲਾਂ,
ਛਾਤੀ ਵਿਚ ਵੱਜੀ ਸੀ।
ਸਾਨੂੰ ਪਤਾ ਡਰਦੇ ਸੌਂ ਨਹੀਂ ਸੀ ਸਕੇ,
ਤੁਸੀਂ ਉਸ ਰਾਤ।
ਤੁਸੀਂ, ਅਹਿਮਦਾਬਾਦ
ਹਨ੍ਹੇਰੀ ਰਾਤ ਦਾ ਲਾਹਾ ਲੈ,
ਪਹਿਲਾਂ ਧੀ ਨੂੰ ਲੁਟਿਆ ਸੀ।
ਫਿਰ ਮੇਰੀ ਮਾਂ ਨੂੰ ਕੋਹਿਆ ਸੀ।
ਉਸੇ ਨੇਰ੍ਹੇ ਵਿਚ,
ਇਕ ਪੁੱਤ ਵੀ ਮੋਇਆ ਸੀ।
ਮੁੱਕੇ ਫਿਰ ਵੀ ਨਹੀਂ ਸਾਂ ਅਸੀਂ।
ਅੱਜ ਫੇਰ ਵਿਸ਼ਵ ਵਿਦਿਆਲੇ,
'ਅਖਲਾਕ' ਦੇ ਘਰ,
ਕਦੀ ਰੇਲ ਗੱਡੀ ਵਿਚ
ਕਿਸਨੂੰ ਲੱਭਦੇ ਹੋ?
ਹਰ ਸਮੇਂ ਤਲਵਾਰ ਚੁੱਕੀ ਫਿਰਦੇ ਹੋ ਤੁਸੀਂ।
ਲੱਗਦਾ ਆਪਣੀ ਛਾਂ ਤੋਂ ਵੀ ਡਰਦੇ ਹੋ।
ਸੁਣੋ! ਨਾ ਅਸੀਂ ਕਦੀ ਮਰੇ ਨਾ ਮੁੱਕੇ ਹਾਂ,
ਸੂਰਜ ਵਾਂਗ ਦਗਦੇ ਹਾਂ।
ਦਰਿਆ ਦੇ ਪਾਣੀ ਦੀ ਤਰ੍ਹਾਂ ਨਿਰੰਤਰ ਵੱਗਦੇ ਹਾਂ।
ਗਰਜਦੀਆਂ ਤੋਪਾਂ ਸਾਹਮਣੇ,
ਮੈਦਾਨੇ ਜੰਗ 'ਚ ਖੜ੍ਹੇ ਹਾਂ।
ਹਾਰਾਂਗੇ,  ਜਿੱਤਾਂਗੇ।
ਹਾਰ ਕੇ ਵੀ ਜਿੱਤ ਦੇ ਗੀਤ ਗਾਵਾਂਗੇ।
ਜਿੱਤਣ ਲਈ ਫਿਰ ਆਵਾਂਗੇ।
ਅਹਿਦ ਕਰਦੇ ਹਾਂ।
ਹੋਵੇਗੀ ਫੈਸਲਾਕੁੰਨ ਜੰਗ ਇਸ ਵਾਰ।



ਗ਼ਜ਼ਲ
- ਪਰਵੀਨ ਕੁਮਾਰ 'ਅਸ਼ਕ'
 

ਖੁਦਾ ਧਰਤੀ ਨੂੰ ਐਸਾ ਜ਼ਲਜ਼ਲਾ ਦੇ
ਨਿਸ਼ਾਂ ਤਕ ਸਰਹਦਾਂ ਦੇ ਜੋ ਮਿਟਾ ਦੇ।

ਮੁਹੱਬਤ ਵਿਚ ਬਦਲ ਜਾਵੇ ਸਿਆਸਤ
ਖ਼ੁਦਾ ਲਾਹੌਰ ਤੇ ਦਿੱਲੀ ਮਿਲਾ ਦੇ

ਖ਼ੁਸ਼ੀ ਵਿਚ ਤੂੰ ਨ ਉਹ ਗੋਲੀ ਚਲਾਵੀਂ
ਜੋ ਰੁੱਖਾਂ ਤੋਂ ਪਰਿੰਦਿਆਂ ਨੂੰ ਉਡਾ ਦੇ

ਫ਼ਲਕ ਤੇ ਇਕ ਸਿਤਾਰਾ ਰਹਿ ਗਿਆ ਹੈ
ਖ਼ੁਦਾ ਇਸਨੂੰ ਮਿਰੀ ਕਿਸਮਤ ਬਣਾ ਦੇ

ਮਿਰਾ ਕਿਰਦਾਰ ਕਰਦੇ ਕਤਲ ਰੱਬਾ
ਤੂੰ ਮੈਂਨੂੰ ਸ਼ਹਿਰ ਵਿਚ ਜੀਣਾ ਸਿਖਾ ਦੇ

ਬਜ਼ੁਰਗਾਂ ਦਾ ਬਸ ਇਕ ਕਮਰਾ ਬਚਾ ਕੇ
ਤੂੰ ਜਦ ਚਾਹੇਂ ਪੁਰਾਣੇ ਘਰ ਨੂੰ ਢਾਅ ਦੇ

ਮੈਂ ਸੂਰਜ ਪੁਟ ਲਿਆਂਵਾਂਗਾ ਨਹੀਂ ਤੇ
ਤੂੰ ਮੈਂਨੂੰ ਰੋਸ਼ਨੀ ਅਪਣਾ ਪਤਾ ਦੇ

ਸਕੂਲ ਇਕ 'ਅਲਿਫ਼' ਵਾਲਾ ਤਾਂ ਵਿਖਾ ਦੇ
ਮਿਰੇ ਬੱਚਿਆਂ ਨੂੰ ਜੋ ਪੜ੍ਹਨਾ ਸਿਖਾ ਦੇ

ਬਣਾ ਲਏ ਪੱਥਰਾਂ ਦੇ ਘਰ ਤੂੰ ਲੱਖਾਂ
ਮੁਹੱਬਤ ਦਾ ਵੀ ਕੋਈ ਘਰ ਬਣਾ ਦੇ

ਗਵਾਂਢੀ ਹਾਂ ਮੈਂ ਤੇਰਾ 'ਅਸ਼ਕ' ਮੈਂਨੂੰ
ਰਤਾ ਕੁ ਧੁੱਪ ਤੇ ਥੋੜੀ ਹਵਾ ਦੇ।



ਗਜ਼ਲ
- ਮੱਖਣ ਕੁਹਾੜ
 

ਬਹੁਤ ਧਰਵਾਸ ਦੇਂਦਾ ਸੀ, ਮੱਕਾਰੀ ਕਰ ਗਿਆ ਮੌਸਮ।
ਚਿਤਾਰੇ ਫੁੱਲ ਸਨ ਐਪਰ, ਅੰਗਾਰੇ ਧਰ ਗਿਆ ਮੌਸਮ।

ਜਦੋਂ ਬੀਜੇ ਅਸਾਂ ਸੁਪਨੇ ਤਾਂ ਕੱਕਰ ਝਰ ਗਿਆ ਮੌਸਮ।
ਚੁਰਾਹੇ 'ਚੋਂ ਜਦੋਂ ਨਿਕਲੇ ਤਾਂ ਕੰਧਾਂ ਕਰ ਗਿਆ ਮੌਸਮ।

ਹਟਾਉਣੋਂ ਰਸਤੇ 'ਚੋਂ ਪਰਬਤ, ਫੜੀ ਜਦ ਵੀ ਅਸਾਂ ਤੇਸੀ,
ਉਦੋਂ ਹੀ ਅੱਗ-ਬਬੂਲਾ ਹੋ ਕੇ, ਅੱਗਾਂ ਵਰ੍ਹ ਗਿਆ ਮੌਸਮ।

ਤਿੱਤਲੀਆਂ ਡਰਨ ਉਡਣ ਤੋਂ, ਤੇ ਫੁੱਲ ਵੀ ਟਹਿਕਣੋਂ ਝਿਜਕਣ,
ਫਿਜ਼ਾ ਵਿੱਚ ਇਸ ਤਰ੍ਹਾਂ ਦਾ ਸਹਿਮ ਹੈ ਅੱਜ ਭਰ ਗਿਆ ਮੌਸਮ,

ਪਿਆਸੇ ਖੇਤਾਂ ਨੂੰ ਪਾਣੀ ਮਿਲੇਗਾ ਆਸ ਲਾਈ ਸੀ,
ਮਗਰ ਫਿਰ ਤੋਂ ਭਰੇ ਹੋਏ ਸਮੁੰਦਰ ਭਰ ਗਿਆ ਮੌਸਮ।

ਕਿਆਸਿਆ ਸੀ ਸੁਹਾਣੀ ਛਾਂ ਮਿਲੇਗੀ ਹਰ ਮੁਸਾਫ਼ਿਰ ਨੂੰ,
ਸੁਹਾਣੇ ਰਸਤਿਆਂ ਵਿੱਚ ਪਰ ਅੰਗਾਰੇ ਧਰ ਗਿਆ ਮੌਸਮ।

ਹਨੇਰੀ ਤੇ ਹਨੇਰਾ ਹੀ ਚੁਫੇਰੇ ਫੈਲ ਜਾਵੇ ਜਦ
ਜਗਣ ਪਰ ਫੇਰ ਵੀ ਸਭ ਦੀਪ ਸਮਝੋ ਮਰ ਗਿਆ ਮੌਸਮ।

ਆਰ.ਐਮ.ਪੀ.ਆਈ. ਦੀ ਪਲੇਠੀ ਕੁੱਲ ਹਿੰਦ ਕਾਨਫਰੰਸ ਦੀਆਂ ਤਿਆਰੀਆਂ ਸ਼ੁਰੂ


ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ 23 ਤੋਂ 26 ਨਵੰਬਰ 2017 ਨੂੰ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਪਲੇਠੀ ਕੁੱਲ ਹਿੰਦ ਕਾਨਫਰੰਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਚੁੱਕੀਆਂ ਹਨ।
ਚੰਡੀਗੜ੍ਹ ਸਥਿਤ ਮੱਖਣ ਸ਼ਾਹ ਲੁਬਾਣਾ ਭਵਨ ਵਿਖੇ, ਕਾਨਫਰੰਸ ਦੇ ਪ੍ਰਬੰਧਾਂ ਨੂੰ ਸੁਚਾਰੂ ਰੂਪ 'ਚ ਸਿਰੇ ਚਾੜ੍ਹਨ ਦੇ ਮਕਸਦ ਅਧੀਨ ਸੁਆਗਤੀ ਕਮੇਟੀ ਦੇ ਗਠਨ ਲਈ ਸੱਦੀ ਗਈ ਵਿਸ਼ੇਸ਼ ਮੀਟਿੰਗ ਵਿਚ, ਉਘੇ ਪੰਜਾਬੀ ਲੇਖਕ ਸ. ਗੁਲਜਾਰ ਸਿੰਘ ਸੰਧੂ ਨੂੰ ਇਸ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ। ਉਨ੍ਹਾਂ ਦੇ ਨਾਲ ਸਾਥੀ ਇੰਦਰਜੀਤ ਸਿੰਘ ਗਰੇਵਾਲ ਨੂੰ ਸਕੱਤਰ ਅਤੇ ਸਾਥੀ ਰਵੀ ਕੰਵਰ ਨੂੰ ਖਜਾਨਚੀ ਵਜੋਂ ਸੇਵਾਵਾਂ ਨਿਭਾਉਣ ਲਈ ਚੁਣਿਆ ਗਿਆ। ਉਕਤ ਨਾਮਵਰ ਸ਼ਖਸ਼ੀਅਤਾਂ ਤੋਂ ਬਿਨਾਂ 48 ਹੋਰ ਸਾਥੀਆਂ ਸਮੇਤ 51 ਮੈਂਬਰੀ ਸੁਆਗਤੀ ਕਮੇਟੀ ਚੁਣੀ ਗਈ।
ਮੀਟਿੰਗ ਦੀ ਪ੍ਰਧਾਨਗੀ ਉਘੇ ਕਿਸਾਨ ਆਗੂ ਸਾਥੀ ਕੁਲਵੰਤ ਸਿੰਘ ਸੰਧੂ ਵਲੋਂ ਕੀਤੀ ਗਈ। ਮੰਚ 'ਤੇ ਸਾਥੀ ਸੰਧੂ, ਗੁਲਜਾਰ ਸਿੰਘ ਸੰਧੂ ਅਤੇ ਇੰਦਰਜੀਤ ਸਿੰਘ ਗਰੇਵਾਲ ਤੋਂ ਇਲਾਵਾ, ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਪੰਜਾਬ ਦੇ ਜੁਝਾਰੂ ਟਰੇਡ ਯੂਨੀਅਨ ਅੰਦੋਲਨ ਦੇ ਅਮਿੱਟ ਹਸਤਾਖਰ ਵਜੋਂ ਨਾਮਣਾ ਖੱਟਣ ਵਾਲੇ ਸਾਥੀ ਤਰਲੋਚਨ ਸਿੰਘ ਰਾਣਾ, ਕੇਂਦਰ ਪੰਜਾਬੀ ਲਿਖਾਰੀ ਸਭਾ ਦੇ ਜਨਰਲ ਸਕੱਤਰ ਸਾਥੀ ਸੁਸ਼ੀਲ ਦੁਸਾਂਝ, ਉਘੇ ਟਰੇਡ ਯੂਨੀਅਨ ਆਗੂ ਸਾਥੀ ਵੇਦ ਪ੍ਰਕਾਸ਼ ਸ਼ਰਮਾ, ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਜੈਪਾਲ ਸਿੰਘ ਮੌਜੂਦ ਸਨ। ਮੀਟਿੰਗ ਦੀ ਕਾਰਵਾਈ ਸਾਥੀ ਮਹੀਪਾਲ ਵਲੋਂ ਚਲਾਈ ਗਈ।
ਸਾਥੀ ਮੰਗਤ ਰਾਮ ਪਾਸਲਾ ਵਲੋਂ ਕਾਨਫਰੰਸ ਦੇ ਮਹੱਤਵ ਅਤੇ ਅਜੋਕੀ ਰਾਜਸੀ ਸਥਿਤੀ ਬਾਰੇ ਸੰਖੇਪ ਵਿਚਾਰ ਪੇਸ਼ ਕੀਤੇ ਗਏ। ਸੁਆਗਤੀ ਕਮੇਟੀ ਦੇ ਚੇਅਰਮੈਨ ਉਘੇ ਪੰਜਾਬੀ ਲੇਖਕ ਸ. ਗੁਲਜ਼ਾਰ ਸਿੰਘ ਸੰਧੂ ਨੇ ਸਮੁੱਚੀ ਸੁਆਗਤੀ ਕਮੇਟੀ ਵਲੋਂ, ਕਾਨਫਰੰਸ ਦੀ ਸਫਲਤਾ ਲਈ ਕੋਈ ਹੋਰ ਕਸਰ ਬਾਕੀ ਨਾ ਛੱਡਣ ਦਾ ਭਰੋਸਾ ਦਿੱਤਾ। ਸਾਥੀ ਕੁਲਵੰਤ ਸਿੰਘ ਸੰਧੂ ਵਲੋਂ ਆਰ.ਐਮ.ਪੀ.ਆਈ. ਦੀ ਪਲੇਠੀ ਕਾਨਫਰੰਸ ਦੇ ਪਿਛੋਕੜ ਸਬੰਧੀ ਘਟਨਾਵਾਂ ਬਾਰੇ ਚਾਨਣਾ ਪਾਇਆ ਗਿਆ। ਸਾਥੀ ਤਰਲੋਚਨ ਸਿੰਘ ਰਾਣਾ ਨੇ ਆਪਣੇ ਭਾਵਪੂਰਤ ਸੰਬੋਧਨ ਵਿਚ ਕਾਨਫਰੰਸ ਦੀ ਲਾਮਿਸਾਲ ਸਫਲਤਾ ਲਈ ਜੁਟ ਜਾਣ ਦਾ ਸੱਦਾ ਦਿੱਤਾ। ਉਨ੍ਹਾਂ ਆਪਣੇ ਵਲੋਂ 20 ਹਜਾਰ ਰੁਪਏ ਸਹਾਇਤਾ ਵੀ ਸੁਆਗਤੀ ਕਮੇਟੀ ਨੂੰ ਮੌਕੇ 'ਤੇ ਭੇਂਟ ਕੀਤੀ। ਚੰਡੀਗੜ੍ਹ ਯੂਨਿਟ ਦੇ ਸਾਥੀਆਂ ਵਲੋਂ ਮੀਟਿੰਗ ਵਿਚ ਪੁੱਜੇ ਸਾਥੀਆਂ ਲਈ ਲੰਗਰ ਆਦਿ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ।
ਮੀਟਿੰਗ ਵਿਚ ਕਲਾ ਅਤੇ ਸਾਹਿਤ ਜਗਤ ਦੀਆਂ ਉਘੀਆਂ ਹਸਤੀਆਂ ਤੋਂ ਬਿਨਾਂ ਵੱਖੋ-ਵੱਖ ਖੇਤਰਾਂ ਦੀਆਂ ਨਾਮਵਰ ਸਖਸ਼ੀਅਤਾਂ ਵੀ ਮੌਜੂਦ ਸਨ ਜਿਨ੍ਹਾਂ 'ਚੋਂ ਅਨੇਕਾਂ ਕੱਦਾਵਰ ਸ਼ਖਸ਼ੀਅਤਾਂ ਨੂੰ ਸੁਆਗਤੀ ਕਮੇਟੀ ਲਈ ਚੁਣਿਆ ਗਿਆ। ਇਸ ਮੌਕੇ ਕਾਨਫਰੰਸ ਦਾ ਲੋਗੋ ਵੀ ਰਿਲੀਜ਼ ਕੀਤਾ ਗਿਆ।

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਅਗਸਤ 2017)

ਆਰਐੱਮਪੀਆਈ ਵਲੋਂ ਜੀ.ਐਸ.ਟੀ. ਵਿਰੁੱਧ ਮੁਜ਼ਾਹਰੇ 
ਘੁਮਾਣ :  ਕਸਬਾ ਘੁਮਾਣ ਵਿਖੇ ਜੀ ਐੱਸ.ਟੀ. ਦੇ ਵਿਰੋਧ 'ਚ ਆਰ.ਐੱਮ.ਪੀ.ਆਈ. ਵੱਲੋਂ ਬਜ਼ਾਰ ਵਿੱਚ ਰੋਸ ਮਾਰਚ ਕੀਤਾ ਗਿਆ ਅਤੇ ਬੱਸ ਅੱਡਾ ਚੌਕ ਵਿਖੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ। ਇਸ ਰੋਸ ਮੁਜ਼ਾਹਰੇ ਦੀ ਪ੍ਰਧਾਨਗੀ ਸੁਰਜੀਤ ਸਿੰਘ ਘੁਮਾਣ, ਗੁਰਦਿਆਲ ਸਿੰਘ ਘੁਮਾਣ ਨੇ ਸਾਂਝੇ ਤੌਰ 'ਤੇ ਕੀਤੀ। ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਤਹਿਸੀਲ ਸਕੱਤਰ ਸੰਤੋਖ ਸਿੰਘ ਔਲਖ ਤੇ ਪਾਰਟੀ ਦੀ ਸੂਬਾ ਕਮੇਟੀ ਮੈਂਬਰ ਨੀਲਮ ਘੁਮਾਣ ਨੇ ਕਿਹਾ ਕਿ ਜੀ.ਐੱਸ.ਟੀ. ਲਾਗੂ ਕਰਕੇ ਮੋਦੀ ਸਰਕਾਰ ਨੇ ਇਕ ਵਾਰ ਫਿਰ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਮੁਨਾਫੇ ਵਧਾਉਣ ਹਿੱਤ ਦੇਸ਼ ਦੇ ਕਿਰਤੀ ਵਰਗ ਮਜ਼ਦੂਰਾਂ ਕਿਸਾਨਾਂ ਅਤੇ ਦਰਮਿਆਨੇ ਵਰਗ ਦੇ ਲੋਕਾਂ, ਛੋਟੇ ਕਾਰੋਬਾਰੀਆਂ ਨੂੰ ਪੂਰੀ ਤਰ੍ਹਾਂ ਤਬਾਹ ਕਰਨ 'ਤੇ ਤੁਲੀ ਹੈ। ਇਸ ਰੋਸ ਮੁਜ਼ਾਹਰੇ ਨੂੰ ਹੋਰਨਾਂ ਤੋਂ ਇਲਾਵਾ ਹਰਦੀਪ ਸਿੰਘ, ਬਿਸ਼ੰਬਰ ਸਿੰਘ, ਬਾਲ ਦੇਵ ਸਿੰਘ ਮੰਡ, ਮੰਗਲ ਸਿੰਘ ਮੰਡ, ਪ੍ਰੇਮ ਸਿੰਘ ਵਰਸਾਲ ਚੱਕ, ਰਣਜੀਤ ਸਿੰਘ, ਮਾੜੀ ਬੱਚੀਆਂ, ਗਿਆਨ ਸਿੰਘ ਬੰਲੜਵਾਲ ਜਸਵੰਤ ਸਿੰਘ ਘੁਮਾਣ, ਗੁਰਦੀਪ ਸਿੰਘ ਮੀਕੇ, ਗੁਰਮੀਤ ਸਿੰਘ ਮੀਕੇ ਆਦਿ ਨੇ ਸੰਬੋਧਨ ਕੀਤਾ।
ਚੋਗਾਵਾਂ,  ਜੀ ਐੱਸ ਟੀ ਦੇ ਵਿਰੋਧ ਵਿੱਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕਾਰਕੁਨਾਂ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂਆਂ ਨੇ ਰਾਜਾਸਾਂਸੀ ਵਿਖੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ ਨੇ ਦੱਸਿਆ ਕਿ ਜੀ ਐੱਸ ਟੀ ਕਾਰਨ ਕਈ ਸੰਸਥਾਵਾਂ ਮੰਦਰ, ਗੁਰਦੁਆਰੇ ਅਤੇ ਟਰੱਸਟਾਂ 'ਤੇ ਜਿੱਥੇ ਸੇਵਾ ਭਾਵਨਾ ਦੇ ਤੌਰ 'ਤੇ ਗਰੀਬਾਂ ਨੂੰ ਕਈ ਪ੍ਰਕਾਰ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਜੀ ਐੱਸ ਟੀ ਦੇ ਲਾਗੂ ਹੋਣ ਨਾਲ ਉਨ੍ਹਾਂ ਸਹੂਲਤਾਂ 'ਤੇ ਸਿੱਧਾ ਅਸਰ ਪਵੇਗਾ। ਮਹਿੰਗਾਈ ਵਿੱਚ ਵਾਧਾ ਹੋਵੇਗਾ, ਜਿਸ ਨਾਲ ਗਰੀਬ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਵਿਚ ਚੋਖਾ ਵਾਧਾ ਹੋਵੇਗਾ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਉਮਰਪੁਰਾ, ਜਮਹੂਰੀ ਕਿਸਾਨ ਸਭਾ ਦੇ ਕਾਮਰੇਡ ਵਿਰਸਾ ਸਿੰਘ ਟਪਿਆਲਾ, ਸੰਤੋਖ ਸਿੰਘ, ਧਰਮਿੰਦਰ ਸਿੰਘ, ਜਸਪਾਲ ਸਿੰਘ, ਸਤਨਾਮ ਸਿੰਘ, ਸਾਹਬ ਸਿੰਘ, ਸੁਰਜੀਤ ਸਿੰਘ, ਜਗਤਾਰ ਸਿੰਘ ਬੂਆਨੰਗਲੀ, ਜ਼ੈਲ ਸਿੰਘ ਨੰਬਰਦਾਰ ਅਤੇ ਪਾਰਟੀ ਵਰਕਰ ਹਾਜ਼ਰ ਸਨ।
 
ਦਿਹਾਤੀ ਮਜ਼ਦੂਰ ਸਭਾ ਦਾ ਦੋ ਪੜਾਵੀ ਸੰਘਰਸ਼ 
ਦਿਹਾਤੀ ਮਜ਼ਦੂਰ ਸਭਾ ਦੀ ਸੂਬਾਈ ਵਰਕਿੰਗ ਕਮੇਟੀ ਵਲੋਂ, 10 ਤੋਂ 14 ਜੁਲਾਈ ਤੱਕ, ਸੂਬੇ ਦੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰਾਂ ਮੂਹਰੇ ਰੋਸ ਧਰਨੇ ਮਾਰਨ ਅਤੇ ਮੂਜ਼ਾਹਰੇ ਕਰਨ ਦੇ ਦਿੱਤੇ ਸੱਦੇ ਪ੍ਰਤੀ ਵਿਸ਼ਾਲ ਹਾਂ-ਪੱਖੀ ਹੁੰਗਾਰਾ ਭਰਦਿਆਂ, ਪੰਜਾਬ ਦੇ ਬੇਜਮੀਨੇ ਤੇ ਦਲਿਤ ਮਜਦੂਰਾਂ ਨੇ ਉਕਤ ਰੋਸ ਐਕਸ਼ਨਾਂ ਵਿੱਚ ਬਹੁਤ ਭਰਵੀਂ ਸ਼ਮੂਲੀਅਤ ਕੀਤੀ। ''ਗਰੀਬ ਬਚਾਉ ਮੁਹਿੰਮ'' ਤਹਿਤ ਮਾਰੇ ਗਏ ਉਕਤ ਧਰਨਿਆਂ ਤੋਂ ਪਹਿਲਾਂ ਇੱਕ ਤੋਂ ਸੱਤ ਜੁਲਾਈ ਤੱਕ ''ਜਨਸੰਪਰਕ ਸਪਤਾਹ'' ਮਨਾਇਆ ਗਿਆ ਜਿਸ ਦੌਰਾਨ ਸੈਂਕੜੇ ਪਿੰਡਾਂ ਵਿੱਚ ਕੇਂਦਰੀ ਅਤੇ ਸੂਬਾਈ ਹਕੂਮਤ ਦੀਆਂ ਆਰਥੀਆਂ ਫੁਕਣ ਤੋਂ ਇਲਾਵਾ ਮੀਟਿੰਗਾਂ, ਰੈਲੀਆਂ, ਜਥੱਾ ਮਾਰਚਾਂ ਰਾਹੀਂ ਲੋਕਾਂ ਨੂੰ ਸਭਾ ਦੇ ਸੰਘਰਸ਼ ਪ੍ਰੋਗਰਾਮ ਤੋਂ ਜਾਣੂੰ ਕਰਵਾਇਆ ਗਿਆ। ਉਕਤ ਸਾਰੇ ਧਰਨਿਆਂ ਤੋਂ ਬਾਅਦ ਸਬੰਧਤ ਅਧਿਕਾਰੀਆਂ ਰਾਹੀਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪਤੱਰ ਭੇਜੇ ਗਏ।
ਆਰ ਐਸ ਐਸ ਅਤੇ ਉਸ ਦੇ ਸਹਿਯੋਗੀ ਸੰਗਠਨਾਂ, ਦਿੱਲੀ ਦੀ ਮੋਦੀ ਹਕੂਮਤ ਅਤੇ ਵੱਖੋ-ਵੱਖ ਸੂਬਿਆਂ ਵਿਚਲੀਆਂ ਭਾਜਪਾ ਸਰਕਾਰਾਂ ਦੀ ਨੰਗੀ ਚਿੱਟੀ ਸ਼ਹਿ ਪ੍ਰਾਪਤ ਉੱਚ ਜਾਤੀ ਹੰਕਾਰ ਦੀ ਅਮਾਨਵੀ ਮਾਨਸਿਕਤਾ ਨਾਲ ਗ੍ਰਸੇ ਅਪਰਾਧੀ ਤੱਤਾਂ ਵਲੋਂ ਦੇਸ਼ ਭਰ 'ਚ ਦਲਿਤਾਂ 'ਤੇ ਕੀਤੇ ਜਾ ਰਹੇ ਜਾਤੀ-ਪਾਤੀ ਅੱਤਿਆਚਾਰਾਂ ਨੂੰ ਸਖ਼ਤੀ ਨਾਲ ਰੋਕੇ ਜਾਣ ਦੀ ਮੰਗ ਲਈ ਉਕਤ ਧਰਨਿਆਂ ਦਾ ਸੱਦਾ ਦਿੱਤਾ ਗਿਆ ਸੀ। ਮਈ 2014 ਅਤੇ ਫ਼ਰਵਰੀ 2017 ਵਿੱਚ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਲੋਂ, ਲੋਕ ਸਭਾ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਜਿਤੱਣ ਲਈ, ਗਰੀਬ ਲੋਕਾਂ ਨਾਲ ਕੀਤੇ ਗਏ ਚੋਣ ਵਾਅਦੇ, ਜਿਨ੍ਹਾਂ ਤੋਂ ਦੋਵੇਂ ਸਰਕਾਰਾਂ ਪੂਰੀ ਤਰ੍ਹਾਂ ਟਾਲਾ ਵੱਟ ਚੁੱਕੀਆਂ ਹਨ, ਨੂੰ ਲਾਗੂ ਕਰਾਉਣਾ ਉਕਤ ਧਰਨਿਆਂ ਦੀ ਦੂਜੀ ਵੱਡੀ ਮੰਗ ਸੀ।
ਇਸ ਤੋਂ ਇਲਾਵਾ ਬੇਜਮੀਨੇ ਦਲਿਤਾਂ ਦੀਆਂ ਫ਼ੌਰੀ ਮੰਗਾਂ ਜ਼ਿਵੇਂ ਸਥਾਈ ਰੋਜਗਾਰ, ਮਹਿੰਗਾਈ ਦੇ ਮੇਚ ਦੀਆਂ ਉਜ਼ਰਤਾਂ, ਬਹੁਮੰਤਵੀ ਜਨਤਕ ਵੰਡ ਪ੍ਰਣਾਲੀ, ਸਮੇਂ ਦੇ ਹਾਣ ਦੀਆਂ ਸਮਾਜਿਕ ਸੁਰੱਖਿਆ ਪੈਨਸ਼ਨਾਂ, ਮਕਾਨ ਬਨਾਉਣ ਲਈ ਥਾਂਵਾਂ ਤੇ ਗ੍ਰਾਂਟਾਂ, ਬੱਚਿਆਂ ਲਈ ਮੁਫਤ ਇੱਕਸਾਰ ਤੇ ਮਿਆਰੀ  ਵਿੱਦਿਆ, ਮੁਫ਼ਤ ਤੇ ਉੱਚ ਪੱਧਰੀ ਸਿਹਤ ਸੇਵਾਵਾਂ, ਪੀਣ ਵਾਲਾ ਰੋਗਾਣੂੰ ਰਹਿਤ ਪਾਣੀ, ਆਧੁਨਿਕ ਵਿਧੀ ਦੇ ਪਖਾਨੇ, ਰੂੜੀਆਂ ਲਈ ਥਾਂਵਾਂ, ਖੁਦਕੁਸ਼ੀਆਂ ਕਰ ਗਏ ਮਜ਼ਦੂਰਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਅਤੇ ਯੋਗ ਮੁਆਵਜ਼ਾ  ਆਦਿ ਮੰਗਾਂ ਦੀ ਪ੍ਰਾਪਤੀ ਵੀ ਇਸ ਸੰਗਰਾਮ ਦਾ ਉਦੇਸ਼ ਸੀ।
ਵੱਖੋ-ਵੱਖ ਥਾਂਈਂ ਉਕਤ ਰੋਸ ਐਕਸ਼ਨਾਂ ਨੂੰ ਸੂਬਾ ਪ੍ਰਧਾਨ ਦਰਸ਼ਨ ਨਾਹਰ, ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਵਿੱਤ ਸਕੱਤਰ ਮਹੀਪਾਲ, ਅਮਰੀਕ ਸਿੰਘ ਦਾਊਦ, ਚਮਨ ਲਾਲ ਦਰਾਜਕੇ, ਹਰਜੀਤ ਸਿੰਘ ਮਦਰੱਸਾ (ਸਾਰੇ ਮੀਤ ਪ੍ਰਧਾਨ) ਅਤੇ ਪਰਮਜੀਤ ਰੰਧਾਵਾ, ਲਾਲ ਚੰਦ ਕਟਾਰੂਚੱਕ, ਜਗਜੀਤ ਸਿੰਘ ਜੱਸੇਆਣਾ, ਜਸਪਾਲ ਸਿੰਘ ਝਬਾਲ (ਸਾਰੇ ਮੀਤ ਸਕੱਤਰ) ਨੇ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਬਲਾਕਾਂ ਤੋਂ ਸ਼ੂਰੂ ਹੋਇਆ ਉਕਤ ਸੰਗਰਾਮ ਉਚੇਰੇ ਪਧੱਰਾਂ 'ਤੇ ਲੜਦਿਆਂ ਮੰਗਾਂ ਮੰਨੇ ਜਾਣ ਤੱਕ ਜਾਰੀ ਰੱਖਿਆ ਜਾਵੇਗਾ। ਆਗੂਆਂ ਨੇ ਖੇਤੀ ਕਰਜ਼ਾ ਮਾਫ਼ੀ ਦੇ ਪੰਜਾਬ ਸਰਕਾਰ ਦੇ ਅੱਧੇ ਅਧੂਰੇ ਐਲਾਨਾਂ 'ਚੋਂ ਖੁਦਕੁਸ਼ੀਆਂ ਅਤੇ ਕਰਜ਼ੇ ਦੇ ਝੰਬੇ ਖੇਤ ਮਜਦੂਰਾਂ ਨੂੰ ਪੂਰੀ ਤਰ੍ਹਾਂ ਵਾਂਝੇ ਰੱਖਣ ਦੀ ਜੋਰਦਾਰ ਨਿਖੇਧੀ ਕਰਦਿਆਂ ਇਸ ਕਰਜ਼ੇ 'ਤੇ ਲੀਕ ਮਾਰਨ ਦੀ ਮੰਗ ਕੀਤੀ। ਅਮ੍ਰਿਤਸਰ, ਜਲੰਧਰ, ਤਰਨ ਤਾਰਨ, ਗੁਰਦਾਸਪੁਰ , ਮਾਨਸਾ, ਬਰਨਾਲਾ, ਨਵਾਂ ਸ਼ਹਿਰ, ਲੁਧਿਆਣਾ, ਬਠਿੰਡਾ, ਕਪੂਰਥਲਾ, ਫ਼ਰੀਦਕੋਟ, ਫ਼ਾਜਿਲਕਾ ਜ਼ਿਲ੍ਹਿਆਂ ਦੇ ਬਹੁਗਿਣਤੀ ਬਲਾਕਾਂ 'ਚ ਵੱਖੋ-ਵੱਖ ਦਿਨ ਵਿਸ਼ਾਲ ਧਰਨੇ ਮਾਰੇ ਗਏ ਅਤੇ ਬਾਕੀ ਥਾਂਈਂ ਜਨਤਕ ਵਫ਼ਦਾਂ ਰਾਹੀਂ ਮੰਗ ਪੱਤਰ ਭੇਜੇ ਗਏ। ਅਗਲੇ ਪੜਾਅ 'ਚ ਖੇਤੀ ਕਾਮਿਆਂ ਦੀਆਂ ਬਾਕੀ ਜੱਥੇਬੰਦੀਆਂ ਨਾਲ ਸਾਂਝੇ ਮੰਚ ਤੋਂ ਸਾਂਝੇ ਸੰਗਰਾਮ ਉਸਾਰਨ ਲਈ ਨਿੱਗਰ ਪਹਿਲ ਕਦਮੀ ਕੀਤੀ ਜਾਵੇਗੀ।
 
ਜ਼ਿਲ੍ਹਾਵਾਰ ਕੀਤੇ ਗਏ ਐਕਸ਼ਨਾਂ ਦਾ ਵੇਰਵਾ ਹੇਠ ਅਨੁਸਾਰ ਹੈ :
ਫਤਿਆਬਾਦ : ਦਿਹਾਤੀ ਮਜ਼ਦੂਰ ਸਭਾ ਦੇ ਸੱਦੇ 'ਤੇ ਕਸਬਾ ਫਤਿਆਬਾਦ ਵਿਖੇ ਦਿਹਾਤੀ ਮਜਦੂਰ ਸਭਾ ਦੇ ਆਗੂ ਕਰਮ ਸਿੰਘ ਫਤਿਆਬਾਦ ਅਤੇ ਜਸਬੀਰ ਸਿੰਘ ਵੈਰੋਵਾਲ ਦੀ ਅਗਵਾਈ ਹੇਠ ਪੰਜਾਬ ਵਿਚਲੀ ਕਾਂਗਰਸ ਪਾਰਟੀ ਦੀ ਸਰਕਾਰ ਦਾ ਪੁਤਲਾ ਫੂਕਿਆ।ਇਸ ਮੌਕੇ ਇਕੱਠੇ ਹੋਏ ਮਜ਼ਦੂਰਾਂ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਕਾਮਰੇਡ ਬਲਦੇਵ ਸਿੰਘ ਭੈਲ ਨੇ ਸੰਬੋਧਨ ਕੀਤਾ। ਇਸ ਮੌਕੇ ਦਿਲਬਾਗ ਸਿੰਘ, ਰਾਜੂ ਪਹਿਲਵਾਨ, ਅਜੀਤ ਸਿੰਘ, ਗਗਨਦੀਪ ਸਿੰਘ ਸੋਨੂੰ, ਸੁਰਜੀਤ ਸਿੰਘ, ਲਖਵਿੰਦਰ ਸਿੰਘ, ਲਖਬੀਰ ਸਿੰਘ ਭੈਲ, ਜਗੀਰ ਸਿੰਘ ਰਾਮਪੁਰ, ਬੀਬੀ ਸਰਬਜੀਤ ਕੌਰ, ਮਹਿੰਦਰ ਕੌਰ, ਕਸ਼ਮੀਰ ਕੌਰ, ਦਲਬੀਰ ਸਿੰਘ, ਮੁਖਤਾਰ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।
 
ਮਲਸੀਆਂ : 'ਜਨ ਸੰਪਰਕ ਮੁਹਿੰਮ' ਤਹਿਤ ਮਜ਼ਦੂਰਾਂ ਵੱਲੋਂ 1 ਤੋਂ 7 ਜੁਲਾਈ ਤੱਕ ਸੂਬੇ ਭਰ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣ ਦੇ ਸੱਦੇ ਤਹਿਤ ਪਿੰਡ ਤਲਵੰਡੀ ਮਾਧੋ ਤੇ ਮੋਤੀਪੁਰ ਵਿੱਚ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ, ਜਿਸ ਦੌਰਾਨ ਮੁਹਿੰਮ ਦੀ ਅਗਵਾਈ ਬਖਤਾਵਰ ਸਿੰਘ ਤਲਵੰਡੀ ਮਾਧੋ ਤੇ ਪਰਮਜੀਤ ਸਿੰਘ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਲਸੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 11 ਜੁਲਾਈ ਨੂੰ ਬੀ.ਡੀ.ਪੀ.ਓ. ਦਫ਼ਤਰ ਸ਼ਾਹਕੋਟ ਵਿਖੇ ਦਿੱਤੇ ਜਾਣ ਵਾਲੇ ਧਰਨੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ।  ਹੋਰਨਾਂ ਤੋਂ ਇਲਾਵਾ ਗੁਰਮੇਲ ਸਿੰਘ ਸੋਹਲ ਖਾਲਸਾ, ਬਲਵਿੰਦਰ ਸਿੰਘ, ਤਰਸੇਮ ਸਿੰਘ, ਹਰਬੰਸ ਮੱਟੂ, ਬਲਦੇਵ ਰਾਜ ਮੱਟੂ, ਕਰਨੈਲ ਸਿੰਘ ਸਿੱਧੂ, ਜਸਵੰਤ ਸਿੰਘ, ਨਛੱਤਰ ਸਿੰਘ, ਸਰਪੰਚ ਬਲਕਾਰ ਸਿੰਘ, ਤਰਸੇਮ ਸਿੰਘ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।
 
ਮੱਲ੍ਹੀਆਂ ਕਲਾਂ : ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੂਬਾ ਪ੍ਰਧਾਨ ਦਰਸ਼ਨ ਨਾਹਰ ਦੀ ਰਹਿਨੁਮਾਈ  ਹੇਠ ਸਥਾਨਿਕ ਕਸਬਾ ਮੱਲ੍ਹੀਆਂ ਕਲਾਂ ਵਿਖੇ ਗਰੀਬ ਬਚਾਓ ਮੁਹਿੰਮ ਅਧੀਨ ਕੁੰਭਕਰਨੀ ਨੀਂਦ ਸੁੱਤੀ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਦਰਸ਼ਨ ਨਾਹਰ ਨੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਦਲਿਤਾਂ ਉਪਰ ਜਾਤੀਪਾਤੀ ਜਬਰ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਅਤੇ  ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਤੁਰੰਤ ਦਿੱਤੇ ਜਾਣ। ਆਟਾ-ਦਾਲ, ਸ਼ਗਨ ਸਕੀਮ ਨੂੰ ਨਿਰਵਿਘਨ ਜਾਰੀ ਰੱਖਿਆ ਜਾਵੇ ਅਤੇ ਬੁਢਾਪਾ ਤੇ ਵਿਧਵਾ, ਅੰਗਹੀਣ ਪੈਨਸ਼ਨ ਵਧਾ ਕੇ 3000 ਰੁਪਏ ਪ੍ਰਤੀ ਮਹੀਨਾ ਕੀਤੀਆਂ ਜਾਣ, ਮਨਰੇਗਾ ਮਜ਼ਦੂਰ ਦੀ 500 ਰੁਪਏ ਪ੍ਰਤੀ ਦਿਹਾੜੀ ਲਈ ਮਾਨਤਾ ਦਿੱਤੀ ਜਾਵੇ।  ਨਿਰਮਲ ਆਧੀ, ਬਖਸ਼ੀ ਕੰਗ, ਗੁਰਚਰਨ ਸਿੰਘ ਮੱਲ੍ਹੀ ਨੇ ਵੀ ਸੰਬੋਧਨ ਕੀਤਾ। ਇਨ੍ਹਾਂ ਤੋਂ ਇਲਾਵਾ ਰਸੂਲਪੁਰ ਕਲਾਂ, ਆਧੀ, ਰਾਂਗੜਾ, ਨੂਰਪੁਰ, ਚੱਠਾ ਆਦਿ ਪਿੰਡਾਂ ਵਿੱਚ ਵੀ ਦਿਹਾਤੀ ਮਜ਼ਦੂਰਾਂ ਵੱਲੋਂ ਪੁਤਲੇ ਫੂਕੇ ਗਏ।
 
ਚੱਕ ਬੀੜ ਸਰਕਾਰ (ਮੁਕਤਸਰ ਸਾਹਿਬ) :  ਜ਼ਿਲ੍ਹੇ ਦੇ ਪਿੰਡ ਚੱਕ ਬੀੜ ਸਰਕਾਰ ਅਤੇ ਬਧਾਈ 'ਚ ਦਿਹਾਤੀ ਮਜ਼ਦੂਰ ਸਭਾ ਦੇ ਸੱਦੇ 'ਤੇ ਮਜ਼ਦੂਰਾਂ ਨੇ ਕੈਪਟਨ ਸਰਕਾਰ ਖਿਲਾਫ਼ ਅਰਥੀ ਫੂਕ ਪ੍ਰਦਰਸ਼ਨ ਕੀਤਾ। ਚੋਣ ਘੋਸ਼ਣਾ ਪੱਤਰ 'ਚ ਸ਼ਾਮਲ ਵਾਅਦੇ ਪੂਰੇ ਨਾ ਕਰਨ ਤੋਂ ਖਫ਼ਾ ਮਜ਼ਦੂਰਾਂ ਨੇ ਇਸ ਦੌਰਾਨ ਸੂਬਾ ਸਰਕਾਰ ਦਾ ਪੁਤਲਾ ਫੂਕਦੇ ਹੋਏ ਰੋਸ ਵਿਖਾਵਾ ਕੀਤਾ ਅਤੇ ਚੋਣਾਂ ਦੌਰਾਨ ਕੀਤੇ ਸਾਰੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਜਸਵਿੰਦਰ ਸਿੰਘ ਸੰਗੂਧੌਣ, ਕਾਕੂ ਸਿੰਘ ਬਧਾਈ, ਕਰਮ ਸਿੰਘ ਮਦਰੱਸਾ ਨੇ ਕਿਹਾ ਕਿ ਕੈਪਟਨ ਸਰਕਾਰ ਮਜ਼ਦੂਰਾਂ ਦੀਆਂ ਮੰਗਾਂ ਸੰਬੰਧੀ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਮਜ਼ਦੂਰਾਂ ਨੂੰ ਰਾਸ਼ਨ ਡਿਪੂਆਂ ਤੋਂ ਮਿਲਣ ਵਾਲਾ ਰਾਸ਼ਨ ਵੀ ਬੰਦ ਹੋ ਗਿਆ ਹੈ, ਮਨਰੇਗਾ ਤਹਿਤ ਕੀਤੇ ਗਏ ਕੰਮ ਦਾ ਮਿਹਨਤਾਨਾ ਵੀ ਨਹੀਂ ਦਿੱਤਾ ਗਿਆ, ਜਿਸ ਦੇ ਰੋਸ ਵਜੋਂ ਮਜ਼ਦੂਰਾਂ ਨੂੰ ਸੰਘਰਸ਼ ਦੇ ਰਸਤੇ 'ਤੇ ਚੱਲਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਉਹਨਾਂ ਰਾਸ਼ਨ ਦੇਣ, ਮਨਰੇਗਾ ਦਾ ਬਕਾਇਆ ਦੇਣ, ਮਨਰੇਗਾ ਯੋਜਨਾ ਤਹਿਤ ਸਾਲ ਭਰ ਕੰਮ ਦੀ ਗਾਰੰਟੀ ਦੇਣ, ਮਨਰੇਗਾ ਦੀ ਦਿਹਾੜੀ 500 ਰੁਪਏ ਕਰਨ, ਮਨਰੇਗਾ ਯੋਜਨਾ ਨੂੰ ਸਖ਼ਤੀ ਨਾਲ ਲਾਗੂ ਕਰਨ, ਅੰਗਹੀਣ ਅਤੇ ਵਿਧਵਾ ਪੈਨਸ਼ਨ ਤਿੰਨ ਹਜ਼ਾਰ ਪ੍ਰਤੀ ਮਹੀਨਾ ਕਰਨ, ਮਜ਼ਦੂਰਾਂ ਨੂੰ 10-10 ਮਰਲੇ ਦੇ ਰਿਹਾਇਸ਼ੀ ਪਲਾਟ ਦੇਣ ਮਕਾਨ ਬਣਾਉਣ ਲਈ ਗਰਾਂਟ ਦੇਣ ਆਦਿ ਮੰਗਾਂ ਉਠਾਈਆਂ। ਇਸ ਮੌਕੇ ਵਿਜੈ ਕੁਮਾਰ, ਇਕਬਾਲ ਸਿੰਘ, ਮੇਜਰ ਸਿੰਘ, ਹਰੀ ਚੰਦ, ਮਹਿੰਦਰ ਸਿੰਘ, ਸੀਤੋ ਕੌਰ, ਹਰਪਾਲ ਸਿੰਘ, ਮੁਖਤਿਆਰ ਸਿੰਘ ਆਦਿ ਹਾਜ਼ਰ ਸਨ।
 
ਕੋਟ ਧਰਮ ਚੰਦ (ਝਬਾਲ) :  ਦਿਹਾਤੀ  ਮਜ਼ਦੂਰ  ਸਭਾ ਦੇ ਸੂਬਾਈ ਸੱਦੇ 'ਤੇ ਇਕਾਈ ਕੋਟ ਧਰਮ ਚੰਦ ਕਲਾਂ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਪਾਲ ਸਿੰਘ ਝਬਾਲ, ਜਰਨੈਲ ਸਿੰਘ ਰਸੂਲਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਨਾਲ ਚੋਣਾਂ ਸਮੇੇਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ ਅਤੇ ਮਜ਼ਦੂਰਾਂ ਦੇ ਮਸਲਿਆਂ ਸੰਬੰਧੀ ਚੁੱਪ ਧਾਰ ਰੱਖੀ ਹੈ, ਜੋ ਪੰਜਾਬ ਦੇ ਲੋਕਾ ਨਾਲ ਵੱਡਾ ਧੋਖਾ ਕੀਤਾ ਜਾ ਰਿਹਾ ਹੈ। ਇਸ ਮੌਕੇ ਦਿਲਬਾਗ ਸਿੰਘ ਕੋਟ ਧਰਮ ਚੰਦ, ਗੁਰਵੇਲ ਸਿੰਘ ਚੀਮਾ, ਸੁਖਦੇਵ ਸਿੰਘ, ਚੰਦ ਸਿੰਘ, ਸੁਖਚੈਨ ਸਿੰਘ, ਮੰਗਲ ਸਿੰਘ ਆਦਿ ਹਾਜ਼ਰ ਸਨ।
 
ਪੱਟੀ : ਦਿਹਾਤੀ ਮਜ਼ਦੂਰ ਸਭਾ ਵੱਲੋਂ ਜਸਵੰਤ ਸਿੰਘ ਭਿੱਖੀਵਿੰਡ ਅਤੇ ਬਲਵੰਤ ਸਿੰਘ ਜੌਣੇਕੇ ਜ਼ਿਲ੍ਹਾ ਕਮੇਟੀ ਮੈਂਬਰ ਦੀ ਅਗਵਾਈ ਵਿੱਚ ਬੀ ਡੀ ਪੀ ਓ ਪੱਟੀ ਦੇ ਦਫਤਰ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਆਪਣੀਆਂ ਭਖਦੀਆਂ ਅਤੇ ਤੁਰੰਤ ਪ੍ਰਵਾਨ ਕਰਨ ਯੋਗ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ ਗਿਆ। ਇਕੱਠ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਸਕੱਤਰ ਅਤੇ ਸੂਬਾ ਕਮੇਟੀ ਮੈਂਬਰ ਸੱਤਪਾਲ ਸ਼ਰਮਾ ਅਤੇ ਬਲਵੰਤ ਸਿੰਘ ਜੌਣੇਕੇ ਜ਼ਿਲ੍ਹਾ ਕਮੇਟੀ ਮੈਂਬਰ ਨੇ ਸੰਬੋਧਨ ਕੀਤਾ। ਧਰਨੇ ਉਪਰੰਤ ਪੰਜਾਬ ਸਰਕਾਰ ਅਤੇ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ ਭੇਜ ਕੇ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਮਜ਼ਦੂਰਾਂ ਦੇ ਆਗੂਆਂ ਨਾਲ ਮੀਟਿੰਗ ਕਰਕੇ ਤੁਰੰਤ ਨਿਪਟਾਰਾ ਕਰਨ ਦੀ ਮੰਗ ਕੀਤੀ ਹੈ, ਨਹੀਂ ਤਾਂ ਮਜ਼ਦੂਰ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ।
 
ਤਲਵੰਡੀ ਸਾਬੋ : ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਵੱਲੋਂ 10 ਤੋਂ 14 ਜੁਲਾਈ ਤੱਕ ਸੂਬੇ ਦੇ ਸਾਰੇ ਬੀ ਡੀ ਪੀ ਓ ਦਫ਼ਤਰਾਂ ਮੂਹਰੇ ਰੋਸ ਪ੍ਰਦਰਸ਼ਨ ਕਰਨ ਦੇ ਸੱਦੇ ਨੂੰ ਲਾਗੂ ਕਰਦਿਆਂ ਸਭਾ ਦੇ ਕਾਰਕੁਨਾਂ ਨੇ ਸਥਾਨਕ ਬਲਾਕ ਦਫ਼ਤਰ ਵਿਖੇ ਧਰਨਾ ਮਾਰ ਕੇ ਜ਼ਬਰਦਸਤ ਰੋਸ ਵਿਖਾਵਾ ਕੀਤਾ। ਹਾਜ਼ਰ ਕਾਰਕੁੰਨਾਂ ਵੱਲੋਂ ਬਲਾਕ ਅਧਿਕਾਰੀਆਂ ਰਾਹੀਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਵੀ ਭੇਜਿਆ ਗਿਆ।
ਵਿਖਾਵਾਕਾਰੀ ਮਜ਼ਦੂਰ, ਜਿਨ੍ਹਾਂ ਵਿੱਚ ਭਾਰੀ ਗਿਣਤੀ 'ਚ ਔਰਤਾਂ ਵੀ ਸ਼ਾਮਲ ਸਨ, ਨੇ ਲੋਕ ਸਭਾ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਕੀਤੇ ਚੋਣ ਵਾਅਦਿਆਂ ਤੋਂ ਭੱਜਣ ਦਾ ਦੋਵਂੇ ਸਰਕਾਰਾਂ 'ਤੇ ਦੋਸ਼ ਲਾਉਂਦਿਆਂ ਮੰਗ ਕੀਤੀ ਕਿ ਉਕਤ ਚੋਣ ਵਾਅਦੇ ਸੌ ਫ਼ੀਸਦੀ ਲਾਗੂ ਕੀਤੇ ਜਾਣ। ਪੰਜਾਬ ਸਰਕਾਰ ਵੱਲੋਂ ਕੀਤੇ ਗਏ ਖੇਤੀ ਕਰਜ਼ਾ ਮਾਫ਼ੀ ਦੇ ਅੱਧ-ਅਧੂਰੇ ਐਲਾਨਾਂ ਸਮੇਂ ਸੂਬੇ ਦੇ ਬੇਜ਼ਮੀਨੇ ਖੇਤ ਮਜ਼ਦੂਰਾਂ ਨੂੰ ਅੱਖੋ-ਪਰੋਖੇ ਕਰਨ ਪ੍ਰਤੀ ਵੀ ਸਖ਼ਤ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਵਿੱਤ ਸਕੱਤਰ ਸਾਥੀ ਮਹੀਪਾਲ ਨੇ ਐਲਾਨ ਕੀਤਾ ਕਿ ਬਲਾਕ ਪੱਧਰ ਤੋਂ ਸ਼ੁਰੂ ਹੋਇਆ ਉਕਤ ਸੰਗਰਾਮ ਅਗਲੇ ਪੜਾਅ 'ਤੇ ਵੀ ਜਾਵੇਗਾ ਅਤੇ ਜਿੱਤ ਤੱਕ ਜਾਰੀ ਰਹੇਗਾ। ਸੂਬਾ ਵਰਕਿੰਗ ਕਮੇਟੀ ਦੇ ਮੈਂਬਰਾਂ ਸਾਥੀ ਮਿੱਠੂ ਸਿੰਘ ਘੁੱਦਾ ਅਤੇ ਮੱਖਣ ਸਿੰਘ ਤਲਵੰਡੀ ਸਾਬੋ ਨੇ ਸਮੂਹ ਬੇਜ਼ਮੀਨੇ ਦਲਿਤ ਮਜ਼ਦੂਰਾਂ ਨੂੰ ਉਕਤ ਘੋਲ 'ਚ ਹਰ ਪੱਖੋਂ ਸਹਿਯੋਗ ਦੇਣ ਦੀ ਅਪੀਲ ਕੀਤੀ।
 
ਖਡੂਰ ਸਾਹਿਬ : ਦਿਹਾਤੀ ਮਜ਼ਦੂਰ ਸਭਾ ਦੇ ਸੱਦੇ 'ਤੇ ਬੀ ਡੀ ਪੀ ਓ ਦਫਤਰ ਖਡੂਰ ਸਾਹਿਬ ਵਿਖੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਧਰਨਾ ਮਾਰਿਆ ਗਿਆ।ਇਸ ਤੋਂ ਪਹਿਲਾਂ ਮਜ਼ਦੂਰ ਪੁਰਾਣੇ ਬੱਸ ਅੱਡੇ ਇਕੱਠੇ ਹੋਏ ਅਤੇ ਖਡੂਰ ਸਾਹਿਬ ਦੇ ਬਜ਼ਾਰਾਂ ਵਿਚ ਸਰਕਾਰ ਖਿਲਾਫ ਮਾਰਚ ਕਰਦਿਆਂ ਬੀ ਡੀ ਪੀ ਓ ਖਡੂਰ ਸਾਹਿਬ ਦੇ ਦਫਤਰ ਵਿਖੇ ਧਰਨਾ ਦਿੱਤਾ।ਇਸ ਧਰਨੇ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਜਸਬੀਰ ਸਿੰਘ ਵੈਰੋਵਾਲ ਅਤੇ ਗੁਰਮੁਖ ਸਿੰਘ ਦੀਨੇਵਾਲ ਨੇ ਕੀਤੀ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਜਸਪਾਲ ਸਿੰਘ ਝਬਾਲ ਅਤੇ ਸੂਬਾ ਆਗੂ ਬਲਦੇਵ ਸਿੰਘ ਭੈਲ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਗਰੀਬਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਕਿ ਸਾਡੀ ਸਰਕਾਰ ਬਣਨ 'ਤੇ ਮਜ਼ਦੂਰਾਂ ਨੂੰ ਬੁਢਾਪਾ, ਵਿਧਵਾ, ਅੰਗਹੀਣ ਪੈਨਸ਼ਨ 3000 ਰੁਪਏ, ਡੀਪੂਆਂ 'ਤੇ ਸਸਤਾ ਤੇ ਵਧੀਆ ਰਾਸ਼ਨ, ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ, ਘਰ ਬਣਾਉਣ ਲਈ 5 ਲੱਖ ਦੀ ਗਰਾਂਟ, ਮਨਰੇਗਾ ਸਕੀਮ ਰਾਹੀਂ ਸਾਰਾ ਸਾਲ ਕੰਮ, ਹਰ ਪਰਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ, ਗਰੀਬਾਂ ਦੇ ਪਰਵਾਰਾਂ ਦਾ ਸਰਕਾਰੀ ਹਸਪਤਾਲਾਂ ਵਿਚ ਮੁਫਤ ਇਲਾਜ, ਮਜ਼ਦੂਰਾਂ ਦੇ ਬੱਚਿਆਂ ਲਈ ਮੁਫਤ ਵਿਦਿਆ ਦੇਣ ਵਰਗੇ ਵਾਅਦੇ ਕੀਤੇ ਸਨ, ਪਰ ਵਿਧਾਨ ਸਭਾ ਦਾ ਸੈਸ਼ਨ ਲੰਘ ਜਾਣ 'ਤੇ ਵੀ ਗਰੀਬਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀ ਕੀਤਾ।ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਜੋਗਿੰਦਰ ਸਿੰਘ, ਮੰਗਲ ਸਿੰਘ ਖਡੂਰ ਸਾਹਿਬ, ਪ੍ਰੇਮ ਸਿੰਘ ਸਰਾਂ, ਭਗਵਾਨ ਸਿੰਘ ਬਦੇਸ਼ੇ, ਬਾਬਾ ਗੁਰਚਰਨ ਸਿੰਘ, ਭਜਨ ਸਿੰਘ, ਤਰਸੇਮ ਸਿੰਘ, ਦਿਆਲ ਸਿੰਘ ਦੀਨੇਵਾਲ, ਸਰਮੇਲ ਸਿੰਘ, ਬੀਬੀ ਬਲਜੀਤ ਕੌਰ ਨਾਗੋਕੇ, ਬੀਬੀ ਮਨਜੀਤ ਕੌਰ, ਬਲਕਾਰ ਸਿੰਘ, ਲੱਖਾ ਸਿੰਘ ਰਾਮਪੁਰ ਆਦਿ ਹਾਜ਼ਰ ਸਨ।
 
ਵਲਟੋਹਾ,  ਦਿਹਾਤੀ ਮਜ਼ਦੂਰ ਸਭਾ ਵੱਲੋਂ ਬੀ ਡੀ ਪੀ ਓ ਦਫਤਰ ਅੱਗੇ ਗੁਰਬੀਰ ਸਿੰਘ ਭੱਟੀ ਰਾਜੋਕੇ ਅਤੇ ਨਾਜਰ ਸਿੰਘ ਲਾਖਣਾ ਦੀ ਅਗਵਾਈ ਵਿਚ ਧਰਨਾ ਦੇ ਕੇ ਬੀਡੀਪੀਓ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ, ਸੱਤਪਾਲ ਸ਼ਰਮਾ ਪੱਟੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਚੋਣਾਂ ਵਿਚ ਕੀਤੇ ਵਾਅਦੇ ਤੋਂ ਪਾਸਾ ਵੱਟਿਆ ਜਾ ਰਿਹਾ ਹੈ। ਸਰਕਾਰ ਵੱਲੋਂ ਬੁਢਾਪਾ ਪੈਨਸ਼ਨ 2000 ਦੀ ਬਜਾਏ 750 ਰੁਪਏ ਕੀਤੀ ਗਈ ਹੈ, ਜਦਕਿ ਸ਼ਗਨ ਸਕੀਮ 51 ਹਜ਼ਾਰ ਦੀ ਬਜਾਏ 21 ਹਜ਼ਾਰ ਰੁਪਏ ਕੀਤੀ ਹੈ। ਉਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੁਢਾਪਾ ਪੈਨਸ਼ਨ 3000 ਕੀਤੀ ਜਾਵੇ, ਸ਼ਗਨ ਸਕੀਮ 51 ਹਜ਼ਾਰ ਕੀਤੀ ਜਾਵੇ, ਗਰੀਬਾਂ ਨੂੰ 10 ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਘਰ ਬਣਾਉਣ 3-3 ਲੱਖ ਦੀ ਗ੍ਰਾਂਟ ਦਿੱਤੀ ਜਾਵੇ। ਇਸ ਮੌਕੇ ਹਰਜਿੰਦਰ ਸਿੰਘ ਚੂੰਘ, ਜਗਤਾਰ ਸਿੰਘ, ਡਾ. ਜਸਵੰਤ ਸਿੰਘ ਭਿੱਖੀਵਿੰਡ, ਅੰਗਰੇਜ ਸਿੰਘ ਨਵਾਂ ਪਿੰਡ, ਦਿਲਬਾਗ ਸਿੰਘ ਰਾਜੋਕੇ, ਦਰਬਾਰਾ ਸਿੰਘ ਵਾਂ, ਬਲਵੰਤ ਸਿੰਘ ਜੌਣੇਕੇ, ਸੁਰਜੀਤ ਸਿੰਘ ਭਿੱਖੀਵਿੰਡ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।
 
ਹਰਗੋਬਿੰਦਪੁਰ :  ਦਿਹਾਤੀ ਮਜ਼ਦੂਰ ਸਭਾ ਦੀ ਇਕਾਈ ਸ਼੍ਰੀ ਹਰਗੋਬਿੰਦਪੁਰ ਵਲੋਂ ਮੰਗਲ ਸਿੰਘ ਮੰਡ, ਗਿਆਨ ਸਿੰਘ ਬੈਲੜਵਾਲ ਦੀ ਅਗਵਾਈ ਵਿਚ ਮਜ਼ਦੂਰ ਮੰਗਾਂ ਨੂੰ ਲੈ ਕੇ ਬੀ.ਡੀ.ਪੀ.ਓ. ਸ਼੍ਰੀ ਹਰਗੋਬਿੰਦਪੁਰ ਦੇ ਦਫਤਰ ਵਿਖੇ ਧਰਨਾ ਦਿੱਤਾ ਗਿਆ। ਇਸ ਰੋਸ ਧਰਨੇ ਦੌਰਾਨ ਜਿੱਥੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ, ਉਥੇ ਹੀ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਬੀ.ਡੀ.ਪੀ.ਓ. ਸ਼੍ਰੀ ਹਰਗੋਬਿੰਦਪੁਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਧਰਨੇ ਨੂੰ ਤਹਿਸੀਲ ਸਕੱਤਰ ਸ਼ਿੱਥ ਸਿੱਖ ਅਤੇ ਕਾਮਰੇਡ ਗੁਰਦਿਆਲ ਸਿੰਘ ਘੁਮਾਣ, ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜਨਰਲ ਸਕੱਤਰ ਕਾਮਰੇਡ ਨੀਲਮ ਘੁਮਾਣ ਨੇ ਸੰਬੋਧਨ ਕੀਤਾ।
 
ਰਈਆ :  ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੱਦੇ 'ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਬੀ ਡੀ ਪੀ ਓ ਦਫਤਰ ਰਈਆ ਅੱਗੇ ਸਭਾ ਦੀ ਸਥਾਨਕ ਇਕਾਈ ਵੱਲੋਂ ਪਲਵਿੰਦਰ ਸਿੰਘ ਮਹਿਸਮਪੁਰ, ਸ਼ਿੰਗਾਰਾ ਸਿੰਘ ਸੁਧਾਰ ਅਤੇ ਗ੍ਰਾਮ ਸਿੰਘ ਭਿੰਡਰ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਦੇਸ਼ ਅੰਦਰ ਦਲਿਤਾਂ 'ਤੇ ਹੋ ਰਹੇ ਜ਼ੁਲਮਾਂ 'ਤੇ ਸਖਤੀ ਨਾਲ ਰੋਕ ਲਾਈ ਜਾਵੇ ਤੇ ਅੱਤਿਆਚਾਰ ਕਰਨ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ, ਬੇਜ਼ਮੀਨੇ ਪਰਵਾਰਾਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ, ਮਨਰੇਗਾ ਕਾਨੂੰਨ ਵਿੱਚ ਸੋਧ ਕਰਕੇ ਲੋਵਵੰਦ ਪਰਵਾਰਾਂ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ, ਦਿਹਾੜੀ ਪੰਜ ਸੌ ਰੁਪਏ ਕੀਤੀ ਜਾਵੇ, ਬੁਢਾਪਾ, ਅੰਗਹੀਣ, ਵਿਧਵਾ ਅਤੇ ਆਸ਼ਿਰਤ ਪੈਨਸ਼ਨ 3000 ਰੁਪਏ ਕੀਤੀ ਜਾਵੇ। ਇਸ ਧਰਨੇ ਵਿੱਚ ਸਭਾ ਦੇ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਮੀਤ ਪ੍ਰਧਾਨ ਅਮਰੀਕ ਸਿੰਘ ਦਾਊਦ, ਕਮਲ ਸ਼ਰਮਾ, ਅਰਜਨ ਸਿੰਘ ਖੱਬੇ ਰਾਜਪੂਤਾਂ, ਦਲਬੀਰ ਸਿੰਘ ਟਕਾਪੁਰ, ਹਰਦੇਵ ਸਿੰਘ ਬੁੱਟਰ, ਸੁਖਵਿੰਦਰ ਸਿੰਘ ਦਾਊਦ, ਲਖਵਿੰਦਰ ਸਿੰਘ ਦਾਊਦ, ਹਰਭਜਨ ਸਿੰਘ ਫੱਤੂਵਾਲ, ਬਚਨ ਸਿੰਘ ਲੋਹਗੜ੍ਹ, ਬੂਰਾ ਸਿੰਘ ਰਈਆ, ਜਸਵੰਤ ਸਿੰਘ ਬਾਬਾ ਬਕਾਲਾ ਸਾਹਿਬ, ਮਿੰਟੂ ਵਜ਼ੀਰ ਭੁਲਰ, ਬਲਵਿੰਦਰ ਸਿੰਘ ਖਿਲਚੀਆਂ, ਪਰਵੀਨ ਕੌਰ ਟਕਾਪੁਰ, ਹਰਦੇਵ ਸਿੰਘ ਭੱਟੀ, ਰਾਜ ਕੌਰ ਟਕਾਪੁਰ, ਸੁਖਵਿੰਦਰ ਕੌਰ ਬੁਟਾਰੀ, ਕੁਲਵੰਤ ਕੌਰ ਬੁਟਾਰੀ ਆਦਿ ਸ਼ਾਮਲ ਸਨ।
 
ਮਹਿਲ ਕਲਾਂ : ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਮਜ਼ਦੂਰਾਂ ਦੀਆਂ ਭੱਖਦੀਆਂ ਮੰਗਾਂ ਦੀ ਪ੍ਰਾਪਤੀ, ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਸੈਂਕੜੇ ਮਜ਼ਦੂਰਾਂ ਨੇ ਸਥਾਨਕ ਬੀ.ਡੀ.ਪੀ.ਓ. ਦਫ਼ਤਰ ਅੱਗੇ ਰੋਸ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਭਾਨ ਸਿੰਘ ਸੰਘੇੜਾ, ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਨੇ ਸੰਬੋਧਨ ਕੀਤਾ। ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਧਾਲੀਵਾਲ, ਸਕੱਤਰ ਯਸ਼ਪਾਲ ਸਿੰਘ ਮਹਿਲ ਕਲਾਂ, ਅਮਰਜੀਤ ਕੁੱਕੂ ਨੇ ਵੀ ਮਜ਼ਦੂਰਾਂ ਦੇ ਸੰਘਰਸ਼ ਨੂੰ ਡੱਟਵੀਂ ਹਮਾਇਤ ਦੇਣ ਦਾ ਐਲਾਨ ਕੀਤਾ।
 
ਮੁਕਤਸਰ ਸਾਹਿਬ :   ਦਿਹਾਤੀ ਮਜ਼ਦੂਰ ਸਭਾ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਚੱਲ ਰਹੇ ਧਰਨੇ ਦੀ ਲੜੀ ਤਹਿਤ ਸ਼ੁੱਕਰਵਾਰ ਨੂੰ ਮੁਕਤਸਰ ਦੇ ਬੀ ਡੀ ਪੀ ਓ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਹੀ ਮਜ਼ਦੂਰਾਂ ਨੇ ਸੂਬਾ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਧਰਨੇ ਦੌਰਾਨ ਮਜ਼ਦੂਰਾਂ ਨੇ ਬੀ ਡੀ ਪੀ ਓ ਹਾਕਮ ਸਿੰਘ ਨੂੰ ਆਪਣੀਆਂ ਮੰਗਾਂ ਦੇ ਸਬੰਧ 'ਚ ਮੰਗ ਪੱਤਰ ਵੀ ਸੌਂਪਿਆ। ਮਜ਼ਦੂਰ ਆਗੂਆਂ ਜਗਜੀਤ ਸਿੰਘ ਜੱਸੇਆਣਾ, ਹਰਜੀਤ ਸਿੰਘ ਮਦਰੱਸਾ, ਜਸਵਿੰਦਰ ਸੰਗੂਧੌਣ ਨੇ ਕਿਹਾ ਕਿ ਸੂਬਾ ਸਰਕਾਰ ਮਜ਼ਦੂਰ ਮੰਗਾਂ ਨੂੰ ਅਣਦੇਖਿਆ ਕਰ ਰਹੀ ਹੈ, ਜਿਸ ਕਾਰਨ ਮਜ਼ਦੂਰਾਂ 'ਚ ਰੋਸ ਪਾਇਆ ਜਾ ਰਿਹਾ ਹੈ। ਚੋਣਾਂ ਤੋਂ ਪਹਿਲਾ ਕੀਤੇ ਵਾਅਦੇ ਵੀ ਪੂਰੇ ਨਹੀਂ ਕੀਤੇ ਜਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਹੁਣ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਕੀਤੇ ਵਾਅਦਿਆਂ ਤੋਂ ਸਰਕਾਰ ਭੱਜ ਰਹੀ ਹੈ। ਸਰਕਾਰ ਨੇ ਗਰੀਬਾਂ ਦੀ ਪੈਨਸ਼ਨ ਵਧਾਉਣ ਦੀ ਗੱਲ ਕਹੀ ਸੀ, ਪਰ ਬੀਤੇ ਲੰਬੇ ਸਮੇਂ ਤੋਂ ਪੈਨਸ਼ਨ ਮਿਲ ਹੀ ਨਹੀਂ ਰਹੀ ਹੈ, ਵਧਣੀ ਤਾਂ ਦੂਰ ਦੀ ਗੱਲ ਹੈ। ਮਜ਼ਦੂਰਾਂ ਨੂੰ ਰਾਸ਼ਨ ਡਿੱਪੂਆਂ ਤੋਂ ਮਿਲਣ ਵਾਲਾ ਰਾਸ਼ਨ ਵੀ ਬੰਦ ਹੋ ਗਿਆ ਹੈ। ਮਨਰੇਗਾ ਦੇ ਤਹਿਤ ਕੀਤੇ ਗਏ ਕੰਮ ਦਾ ਮਿਹਨਤਾਨਾ ਵੀ ਨਹੀਂ ਦਿੱਤਾ ਗਿਆ, ਜਿਸ ਦੇ ਰੋਸ ਵਜੋਂ ਯੂਨੀਅਨ ਨੂੰ ਸੰਘਰਸ਼ ਦੇ ਰਸਤੇ 'ਤੇ ਚੱਲਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਮਜ਼ਦੂਰ ਮਹਿੰਗੇ ਭਾਅ 'ਤੇ ਆਟਾ ਲੈ ਕੇ ਖਾਣ ਨੂੰ ਮਜਬੂਰ ਹਨ। ਇਸ ਮੌਕੇ ਜੰਗ ਸਿੰਘ ਵੀ ਮੌਜੂਦ ਸਨ।
 
ਸਰਦੂਲਗੜ੍ਹ : ਦਿਹਾਤੀ ਮਜਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਵੱਲੋਂ 10-14 ਜੁਲਾਈ ਤੱਕ ਸੂਬੇ ਦੇ ਸਾਰੇ ਬੀ.ਡੀ.ਪੀ.ਓ. ਦਫਤਰਾਂ ਅੱਗੇ ਰੋਸ ਪ੍ਰਦਰਸਨ ਕਰਨ ਦੇ ਸੱਦੇ ਨੂੰ ਲਾਗੂ ਕਰਦਿਆਂ ਸਭਾ ਦੇ ਕਾਰਕੁਨਾਂ ਨੇ ਸਥਾਨਕ ਬਲਾਕ ਦਫਤਰ ਅੱਗੇ ਧਰਨਾ ਮਾਰ ਕੇ ਰੋਸ ਵਿਖਾਵਾ ਕੀਤਾ। ਹਾਜ਼ਰ ਕਾਰਕੁਨਾਂ ਨੇ ਬਲਾਕ ਅਧਿਕਾਰੀਆਂ ਰਾਹੀਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ।
ਵਿਖਾਵਾਕਾਰੀ ਮਜ਼ਦੂਰਾਂ ਨੇ ਦਲਿਤਾਂ ਉੱਪਰ ਹੋ ਰਹੇ ਹਮਲੇ ਅਤੇ ਅੱਤਿਆਚਾਰਾਂ ਨੂੰ ਸਖਤੀ ਨਾਲ ਰੋਕੇ ਜਾਣ ਦੀ ਮੰਗ।
ਬੁਲਾਰਿਆਂ ਨੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਜਿੱਤਣ ਲਈ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵੱਲੋਂ ਕੀਤੇ ਚੋਣ ਵਾਅਦਿਆਂ ਤੋਂ ਭੱਜਣ ਦੋਸ਼ ਲਾਉਂਦੇ ਹੋਏ ਮੰਗ ਕੀਤੀ ਕਿ ਚੋਣ ਵਾਅਦੇ ਲਾਗੂ ਕੀਤੇ ਜਾਣ। ਇਸ ਮੌਕੇ ਮਜ਼ਦੂਰਾਂ ਦੇ ਇਕੱਠ ਨੂੰ ਦਿਹਾਤੀ ਮਜਦੂਰ ਸਭਾ ਦੇ ਸੂਬਾ ਵਰਕਿੰਗ ਕਮੇਟੀ ਦੇ ਮੈਂਬਰ ਸਾਥੀ ਮੱਖਣ ਸਿੰਘ ਤਲਵੰਡੀ ਸਾਬੋ, ਸੁਖਦੇਵ ਸਿੰਘ ਰੋੜਕੀ, ਜੀਤ ਸਿੰਘ ਲੋਹਗੜ੍ਹ, ਮਿੱਠੂ ਸਿੰਘ ਖਾਲਸਾ, ਬਲਵੀਰ ਸਿੰਘ ਖੈਰਾ ਖੁਰਦ, ਸਰਬਜੀਤ ਸਿੰਘ ਮਾਨਖੇੜਾ, ਹਰਭਜਨ ਸਿੰਘ ਖੈਰਾ ਕਲਾਂ, ਜਮਹੂਰੀ ਕਿਸਾਨ ਸਭਾਂ ਦੇ ਤਹਿਸੀਲ ਸਕੱਤਰ ਗੁਰਦੇਵ ਸਿੰਘ ਲੋਹਗੜ੍ਹ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਸੈਕਟਰੀ ਕਾਮਰੇਡ ਲਾਲ ਚੰਦ ਨੇ ਸੰਬੋਧਨ ਕੀਤਾ।
 
ਮੰਡੀ ਲੱਖੇਵਾਲੀ (ਮੁਕਤਸਰ ਸਾਹਿਬ) : ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਮੇਟੀ ਵੱਲੋਂ ਪੰਜਾਬ ਭਰ ਵਿੱਚ ਬਲਾਕ ਪੱਧਰ 'ਤੇ ਮਾਰੇ ਜਾ ਰਹੇ ਧਰਨਿਆਂ ਦੀ ਕੜੀ ਤਹਿਤ ਪਹਿਲੇ ਦਿਨ ਮੰਡੀ ਲੱਖੇਵਾਲੀ ਤਹਿਸੀਲਦਾਰ ਦੇ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ ਅਤੇ ਮਜ਼ਦੂਰ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਜ਼ਿਲ੍ਹਾ ਸਕੱਤਰ ਜਗਜੀਤ ਸਿੰਘ ਜੱਸੇਆਣਾ ਅਤੇ ਜ਼ਿਲ੍ਹਾ ਆਗੂ ਜਸਵਿੰਦਰ ਸਿੰਘ ਸੰਗੂਧੌਣ ਨੇ ਸੰਬੋਧਨ ਕੀਤਾ। ਇਸ ਧਰਨੇ ਦੌਰਾਨ ਬਲਜਿੰਦਰ ਸਿੰਘ, ਚਰਨਾ ਸਿੰਘ, ਬਿੱਲੂ ਸਿੰਘ, ਕਰਮ ਸਿੰਘ, ਸਤਨਾਮ ਸਿੰਘ, ਹਰਚੰਦ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ।
 
ਗੰਡੀਵਿੰਢ (ਝਬਾਲ) :  ਦਿਹਾਤੀ ਮਜ਼ਦੂਰ ਸਭਾ ਦੇ ਸਾਥੀ ਜਰਨੈਲ ਸਿੰਘ ਰਸੂਲਪੁਰ, ਗੁਰਵੇਲ ਸਿੰਘ ਚੀਮਾ ਦੀ ਅਗਵਾਈ ਹੇਠ ਬੀ ਡੀ ਪੀ ਓ ਦਫਤਰ ਗੰਡੀਵਿੰਡ ਅੱਗੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਬੀ ਡੀ ਪੀ ਓ ਗੰਡੀਵਿੰਡ ਰਾਹੀਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ। ਇਸ ਮੌਕੇ ਧਰਨਾਕਾਰੀਆਂ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਪਾਲ ਸਿੰਘ ਝਬਾਲ, ਦਿਲਬਾਗ ਸਿੰਘ ਕੋਟ ਧਰਮ ਚੰਦ ਨੇ ਸੰਬੋਧਨ ਕੀਤਾ। ਇਸ ਮੌਕੇ ਨਿਰਮਲ ਸਿੰਘ ਚੀਮਾ, ਬਲਵਿੰਦਰ ਸਿੰਘ, ਰਜਵੰਤ ਕੌਰ ਚੀਮਾ, ਨਰਿੰਦਰ ਕੌਰ, ਲਖਵਿੰਦਰ ਕੌਰ ਝਬਾਲ ਆਦਿ ਹਾਜ਼ਰ ਸਨ।
 
ਰਾਏਕੋਟ : ਦਿਹਾਤੀ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਸਬੰਧੀ ਬੀ.ਡੀ.ਪੀ.ਓ. ਦਫਤਰ ਰਾਏਕੋਟ ਸਾਹਮਣੇ 14 ਜੁਲਾਈ ਨੂੰ ਦਿਹਾਤੀ ਮਜ਼ਦੂਰ ਸਭਾ ਪੰਜਾਬ ਵੱਲੋਂ ਸੂਬਾ ਪੱਧਰੀ ਕਮੇਟੀ ਦੇ ਸੱਦੇ ਤਹਿਤ ਜ਼ਿਲਾ ਆਗੂ ਹਰਬੰਸ ਸਿੰਘ ਲੋਹਟਬੱਦੀ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਆਗੂ ਹਰਬੰਸ ਸਿੰਘ ਲੋਹਟਬੰਦੀ, ਗੁਰਦੀਪ ਸਿੰਘ ਕਲਸੀ, ਦਿਲਬਾਗ ਸਿੰਘ, ਮਾ.ਬਲਦੇਵ ਸਿੰਘ, ਨਛੱਤਰ ਸਿੰਘ ਸ਼ਹਿਬਾਜਪੁਰਾ, ਗੁਰਦੀਪ ਸਿੰਘ, ਇਕਬਾਲ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਸਰਕਾਰਾਂ ਨੇ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਹਰੇਕ ਮਜ਼ਦੂਰ ਨੂੰ ਨੌਕਰੀ ਦਿੱਤੀ ਜਾਵੇਗੀ, ਸਰਕਾਰੀ ਡਿਪੂਆਂ 'ਤੇ ਸਸਤਾ ਰਾਸ਼ਨ ਦਿੱਤਾ ਜਾਵੇਗਾ। ਪਰ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਭੱਜ ਗਈ ਹੈ ਅਤੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ, ਜਿਸ ਨਾਲ ਸਰਕਾਰ ਦਾ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਹੋ ਗਿਆ। ਇਸ ਉਪਰੰਤ ਕੇਂਦਰ ਤੇ ਸੂਬਾ ਸਰਕਾਰ ਲਈ ਇਕ ਮੰਗ ਪੱਤਰ ਵੀ ਅਧਿਕਾਰੀਆਂ ਨੂੰ ਸੌਂਪਿਆ ਗਿਆ।
 
ਜਮਹੂਰੀ ਕਿਸਾਨ ਸਭਾ ਦੇ ਸੱਦੇ 'ਤੇ ਪੰਜਾਬ ਭਰ ਵਿਚ ਪੁਤਲਾ ਫੂਕ ਮੁਜ਼ਾਹਰੇ
 
ਜਮਹੂਰੀ ਕਿਸਾਨ ਸਭਾ ਦੀ ਸੂਬਾਈ ਵਰਕਿੰਗ ਕਮੇਟੀ ਦੇ ਫ਼ੈਸਲੇ ਅਨੁਸਾਰ ''ਕਿਸਾਨੀ, ਜਵਾਨੀ ਤੇ ਪਾਣੀ ਬਚਾਓ'' ਸੰਗਰਾਮ ਤਹਿਤ 5 ਤੋਂ 20 ਜੁਲਾਈ ਤੱਕ ਅਰਥੀ ਫੂਕ ਪ੍ਰਦਰਸ਼ਨ ਕੀਤੇ ਗਏ ਅਤੇ ਵਿਸ਼ਾਲ ਪਧੱਰ 'ਤੇ ਲੋਕਾਂ ਤੱਕ ਪਹੁੰਚ ਕਰਕੇ ਸੰਘਰਸ਼ ਦੇ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ ਗਈ।
ਪੰਜਾਬ ਦੇ ਤਕਰੀਬਨ ਸਾਰੇ ਜਿਲ੍ਹਿਆਂ 'ਚ ਉਕਤ ਸੰਘਰਸ਼ ਪ੍ਰੋਗਰਮ ਦੌਰਾਨ 300 ਤੋਂ ਵਧੇਰੇ ਪਿੰਡਾਂ 'ਚ ਮਾਰਚ ਅਤੇ ਜਨਤਕ ਮੀਟਿੰਗਾਂ ਕੀਤੀਆਂ ਗਈਆਂ।  87 ਥਾਂਵਾਂ 'ਤੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਇਨ੍ਹਾਂ ਹਕੂਮਤਾਂ ਦੀਆਂ ਅਰਥੀਆਂ ਫ਼ੂਕੀਆਂ ਗਈਆਂ।
ਸਮੁੱਚੀ ਮੁਹਿੰਮ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਵਲੋਂ ਤਾਨਾਸ਼ਾਹੀ ਪੂਰਨ ਢੰਗਾਂ ਨਾਲ ਥੋਪੇ ਗਏ ਜੀ.ਐਸ.ਟੀ. ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ।
ਮੁਹਿੰਮ ਦੌਰਾਨ ਇਸ ਗੱਲ 'ਤੇ ਵਿਸ਼ੇਸ਼ ਜੋਰ ਦਿੱਤਾ ਗਿਆ ਕਿ ਦਹਾਕਿਆਂ ਤੋਂ ਹੋ ਰਹੀਆਂ ਕਿਸਾਨ-ਮਜਦੂਰ ਖੁਦਕੁਸ਼ੀਆਂ ਰੋਕਣ ਲਈ ਕਿਸਾਨਾਂ-ਮਜਦੂਰਾਂ ਦਾ ਕਰਜ਼ਾ ਨਾ ਕੇਵਲ ਮੁਆਫ਼ ਕਰਨ ਦੀ ਲੋੜ ਹੈ, ਬਲਕਿ ਖੇਤੀ ਨੂੰ ਲਾਹੇਵੰਦਾ ਧੰਦਾ ਬਣਾਏ ਜਾਣ ਦੀ ਵੱਡੀ ਲੋੜ ਹੈ ਤਾਕਿ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ਾਈ ਹੋਣ ਦੀ ਨੌਬਤ ਹੀ ਨਾ ਆਵੇ। ਇਹ ਤਾਂ ਹੀ ਸੰਭਵ ਹੈ ਜੇ ਖੇਤੀ ਲਾਗਤਾਂ ਘਟਣ ਅਤੇ ਜਿਣਸਾਂ ਦੇ ਭਾਅ ਲਾਗਤ ਖਰਚਿਆਂ ਤੋਂ ਡੇਢ ਗੁਣਾ ਨਿਰਧਾਰਤ ਕਰਦੇ ਹੋਏ ਸਾਰੀਆਂ ਫ਼ਸਲਾਂ ਦੀ ਸਰਕਾਰ ਵਲੋਂ ਖਰੀਦ ਕੀਤੇ ਜਾਣ ਦੀ ਗਰੰਟੀ ਕੀਤੀ ਜਾਵੇ।
ਮਹਿੰਮ ਦੌਰਾਨ ਇਸ ਤੱਥ ਨੂੰ ਵਿਸ਼ੇਸ਼ ਤੌਰ 'ਤੇ ਉਭਾਰਿਆ ਗਿਆ ਕਿ ਢੁਕਵੇਂ ਰੋਜਗਾਰ ਦੀ ਅਣਹੋਂਦ 'ਚ ਖੇਤੀ 'ਚ ਲੱਗੀ ਹੋਈ ਵਾਧੂ ਕਿਰਤ ਸ਼ਕਤੀ ਅਤੇ ਮਸ਼ੀਨੀਕਰਣ ਕਰਕੇ ਬੇਰੋਜਗਾਰ ਹੋਏ ਖੇਤੀ ਕਾਮਿਆਂ ਨੂੰ ਪੱਕਾ 'ਤੇ ਗੁਜਾਰੇ ਜੋਗੀਆਂ ਉਜਰਤਾਂ ਅਧੀਨ ਰੋਜਗਾਰ ਦਿੱਤਾ ਜਾਵੇ।
10 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦੇ ਸਾਰੇ ਕਰਜੇ ਮੁਕੰਮਲ ਮੁਆਫ਼ ਕਰਨ ਦੀ ਵੀ ਮੰਗ ਕੀਤੀ ਗਈ। ਮੁਹਿੰਮ ਦੌਰਾਨ ਇਸ ਗੱਲ 'ਤੇ ਵਿਸ਼ੇਸ਼  ਜੋਰ ਦਿੱਤਾ ਗਿਆ ਕਿ ਗਰੀਬ ਕਿਸਾਨਾਂ ਅਤੇ ਖੇਤੀ ਕਾਮਿਆਂ ਦਾ ਆਮਦਨਾਂ ਅਤੇ ਕਰਜ਼ਿਆਂ ਦਾ ਅਨੁਪਾਤ ਖਤਰਨਾਕ ਹੱਦ ਤਕ ਵੱਧ ਚੁੱਕਾ ਹੈ। ਜਿਸ 'ਤੇ ਕਾਬੂ ਪਾਉਣ ਵੱਲ ਕੇਂਦਰੀ ਅਤੇ ਸੂਬਾ ਸਰਕਾਰਾਂ ਦਾ ਉਕਾ ਹੀ ਧਿਆਨ ਨਹੀਂ ਹੈ।
ਪੰਜਾਬ ਸਰਕਾਰ ਦੇ ਕਰਜ਼ਾ ਮਾਫੀ ਦੇ ਅੱਧੇ-ਅਧੂਰੇ ਐਲਾਨਾਂ ਨੂੰ ਰੱਦ ਕਰਦੇ ਹੋਏ ਚੋਣ ਵਾਅਦਾ ਐਨ ਈਮਾਨਦਾਰੀ ਨਾਲ ਲਾਗੂ ਕਰਨ ਦੀ ਵੀ ਮੰਗ ਕੀਤੀ ਗਈ।
ਜਿਕਰਯੋਗ ਹੈ ਕਿ ਜਮਹੂਰੀ ਕਿਸਾਨ ਸਭਾ ਵਲੋਂ ਸੰਗਰਾਮ ਦੇ ਅਗਲੇ ਪੜਾਅ 'ਚ 8-9-10 ਅਗਸਤ ਨੂੰ ਮਾਝਾ, ਦੋਆਬਾ ਅਤੇ ਮਾਲਵਾ ਜੋਨਾਂ ਦੀਆਂ ਵਿਸ਼ਾਲ ਰੈਲੀਆਂ ਅਤੇ ਪ੍ਰਦਰਸ਼ਨ, ਜੰਡਿਆਲਾ ਗੁਰੂ , ਫਗਵਾੜਾ ਅਤੇ ਬਰਨਾਲਾ ਵਿਖੇ ਕਰਨ ਦਾ ਸਦੱਾ ਦਿੱਤਾ ਜਾ ਚੁਕੱਾ ਹੈ।
 
ਐਕਸ਼ਨਾਂ ਦੀਆਂ ਸੰਖੇਪ ਰਿਪੋਰਟਾਂ ਹੇਠ ਅਨੁਸਾਰ ਹਨ :
ਰੂਪਨਗਰ :  ਜਮਹੂਰੀ ਕਿਸਨ ਸਭਾ ਪੰਜਾਬ ਦੇ ਸੱਦੇ 'ਤੇ ਇੱਥੇ ਲਾਗਲੇ ਪਿੰਡਾਂ ਘਨੌਲਾ, ਬਿਕੋ, ਸਿੰਹੂਮਾਜਰਾ, ਮਕੌੜੀ ਅਤੇ ਚੱਕ ਕਰਮਾ ਵਿਖੇ ਸਭਾ ਦੇ ਆਗੂਆਂ ਤੇ ਕਾਰਕੁਨਾਂ ਨੇ ਰੋਸ ਮਾਰਚ ਕਰਕੇ ਦਾਣਾ ਮੰਡੀ ਘਨੌਲੀ ਵਿਖੇ ਕੇਂਦਰ ਅਤੇ ਪੰਜਾਬ ਸਰਕਾਰਾਂ ਦੀ ਅਰਥੀ ਫੂਕੀ। ਰੋਸ ਮਾਰਚ 'ਚ ਕਿਸਾਨਾਂ ਨੇ ਲੋਕਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਨੇ ਚੋਣਾਂ ਸਮੇਂ ਜੋ ਲੋਕਾਂ ਤੇ ਕਿਸਾਨਾਂ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚੋਂ ਕੋਈ ਵੀ ਅੱਜ ਤੱਕ ਅਮਲ ਵਿੱਚ ਨਹੀਂ ਲਿਆਂਦਾ ਗਿਆ। ਮੋਦੀ ਨੇ ਕਿਹਾ ਸੀ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਗੇ (ਲਾਗਤ ਤੋਂ ਡਿਓਢਾ ਭਾਅ ਫਸਲ ਦਾ ਦਿੱਤਾ ਜਾਣਾ ਸੀ)। ਕੈਪਟਨ ਨੇ ਕਿਹਾ ਸੀ ਕਿ ਕਿਸਾਨਾਂ ਦੇ ਕਰਜ਼ਿਆਂ 'ਤੇ ਲਕੀਰ ਫੇਰਾਂਗਾ। ਆਗੂਆਂ ਨੇ ਕਿਹਾ ਕਿ ਕਰਜ਼ਾਈ ਕਿਸਾਨ ਮਜ਼ਦੂਰ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ। ਰੋਸ਼ ਮਾਰਚ 'ਚ ਜ਼ਿਲ੍ਹਾ ਪ੍ਰਧਾਨ  ਮੋਹਣ ਸਿੰਘ ਧਮਾਣਾ, ਸਮਸ਼ੇਰ ਸਿੰਘ ਹਵੇਲੀ, ਗੁਲਾਬ ਸਿੰਘ, ਜਰਨੈਲ ਸਿੰਘ ਘਨੌਲੀ, ਨਸੀਬ ਸਿੰਘ, ਹਰਚੰਦ ਸਿੰਘ ਫਤਿਹਪੁਰ, ਧਰਮ ਸਿੰਘ ਥਲੀ, ਅਸ਼ੋਕ ਕੁਮਰ ਅਤੇ ਕ੍ਰਿਸ਼ਨ ਕੁਮਾਰ ਆਦਿ ਹਾਜ਼ਰ ਸਨ।
 
ਦੁਸਾਂਝ ਕਲਾਂ : ਜੀ ਐੱਸ ਟੀ ਲਾਗੂ ਕਰਨ ਦੇ ਵਿਰੋਧ ਵਿੱਚ ਜਮਹੂਰੀ ਕਿਸਾਨ ਸਭਾ ਦੇ ਯੂਨਿਟ ਦੁਸਾਂਝ ਕਲਾਂ ਵੱਲੋਂ ਦੁਸਾਂਝ ਕਲਾਂ ਦੇ ਬੱਸ ਅੱਡੇ 'ਤੇ ਪੰਜਾਬ ਸਰਕਾਰ ਅਤੇ ਕੇਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਮਾ. ਸ਼ਿੰਗਾਰਾ ਸਿੰਘ ਦੁਸਾਂਝ, ਕੁਲਦੀਪ ਫਿਲੌਰ, ਸੰਤੋਖ ਸਿੰਘ ਬਿਲਗਾ, ਪਰਮਜੀਤ ਰੰਧਾਵਾ, ਬਨਾਰਸੀ ਦਾਸ ਘੁੜਕਾ ਅਤੇ ਬਲਬੀਰ ਸਿੰਘ ਵੀਰੀ ਨੇ ਕਿਹਾ ਕਿ ਦੇਸ਼ ਦੇ ਲੋਕ ਤਾਂ ਪਹਿਲਾਂ ਹੀ ਮਹਿੰਗਾਈ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਬੇਕਾਰੀ, ਭੁੱਖਮਰੀ ਤੋਂ ਪੀੜਤ ਹਨ, ਸਰਕਾਰ ਨੇ ਜੀ ਐੱਸ ਟੀ ਲਾਗੂ ਕਰਕੇ ਲੋਕਾਂ ਦਾ ਹੋਰ ਵੀ ਲੱਕ ਤੋੜ ਕੇ ਰੱਖ ਦਿੱਤਾ ਹੈ। ਇਸ ਮੌਕੇ ਉਹਨਾਂ ਸਰਕਾਰ ਅਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਜੇਕਰ ਸਰਕਾਰ ਫਸਲਾਂ ਵਿੱਚ ਤਬਦੀਲੀ ਕਰਨਾ ਚਾਹੁੰਦੀ ਹੈ ਤਾਂ ਜਿਣਸਾਂ ਦੇ ਭਾਅ ਨਿਸ਼ਚਿਤ ਕਰੇ ਅਤੇ ਖਰੀਦ ਯਕੀਨੀ ਬਣਾਵੇ ਤਾਂ ਜੋ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਦੱਬੇ ਕਿਸਾਨ ਨੂੰ ਹੋਰ ਖੱਜਲ-ਖੁਆਰ ਨਾ ਹੋਣਾ ਪਵੇ। ਉਹਨਾਂ ਮੰਗ ਕੀਤੀ ਕਿ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਤੁਰੰਤ ਲਾਗੂ ਕੀਤਾ ਜਾਵੇ। ਇਸ ਮੌਕੇ ਸੁੱਖ ਰਾਮ ਦੁਸਾਂਝ, ਪਲਵਿੰਦਰ ਸਿੰਘ ਭੂਰਾ, ਬਲਵਿੰਦਰ ਸਿੰਘ ਦੁਸਾਂਝ, ਮੰਗਤ ਰਾਏ ਪੰਚ, ਸੁਖਜਿੰਦ ਸਿੰਘ ਸੁੱਖਾ, ਹਰਜਿੰਦਰ ਸਿੰਘ ਲੰਬੜਦਾਰ, ਮੋਤੀ ਸਿੰਘ, ਸੁਖਦੇਵ ਸਿੰਘ, ਅਮਰੀਕ ਸਿੰਘ, ਅਜੀਤ ਸਿੰਘ ਅਤੇ ਇਲਾਕੇ ਭਰ ਦੇ ਲੋਕ ਮੌਜੂਦ ਸਨ।
 
ਚੋਹਲਾ ਸਾਹਿਬ : ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕਿਸਾਨੀ, ਜਵਾਨੀ ਅਤੇ ਪਾਣੀ ਬਚਾਓ ਸੰਘਰਸ਼ ਤਹਿਤ ਕਿਸਾਨੀ ਮੰਗਾਂ ਨੂੰ ਲੈ ਕੇ ਕੋਟ ਮੁਹੰਮਦ ਖਾਂ, ਫੈਲੋਕੇ, ਕਾਹਲਵਾਂ, ਡੇਹਰਾ ਸਾਹਿਬ, ਰਾਹੁਲ ਚਾਹਲ, ਰਾਵੀ, ਚੋਹਲਾ ਖੁਰਦ ਆਦਿ ਪਿੰਡਾਂ ਵਿੱਚ ਮਾਰਚ ਕਰ ਕੇ ਪੰਜਾਬ ਅਤੇ ਕੇਂਦਰ ਸਰਕਾਰ ਦਾ ਚੋਣ ਵਾਅਦਿਆਂ ਤੋਂ ਭੱਜਣ ਵਿਰੁੱਧ ਪੁਤਲਾ ਫੂਕਿਆ ਗਿਆ। ਕਿਸਾਨ ਮੰਗ ਕਰ ਰਹੇ ਸਨ ਕਿ 10 ਏਕੜ ਤੱਕ ਦੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ ਕੀਤਾ ਜਾਵੇ, ਕਿਸਾਨੀ ਵਰਤੋਂ ਦੀਆਂ ਵਸਤਾਂ 'ਤੇ ਲਾਇਆ ਜੀ ਐੱਸ ਟੀ ਵਾਪਸ ਲਿਆ ਜਾਵੇ, ਕਿਸਾਨੀ ਜਿਣਸਾਂ ਦੇ ਭਾਅ ਡਾ. ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ ਤੈਅ ਕਰ ਕੇ ਸਰਕਾਰੀ ਖਰੀਦ ਦੀ ਗਰੰਟੀ ਦਿੱਤੀ ਜਾਵੇ। ਇਸ ਦੀ ਰੈਲੀ ਦੀ ਅਗਵਾਈ ਏਰੀਆ ਕਮੇਟੀ ਦੇ ਪ੍ਰਧਾਨ ਰੇਸ਼ਮ ਸਿੰਘ ਫੈਲੋਕੇ, ਸਕੱਤਰ ਨਰਿੰਦਰ ਸਿੰਘ ਤੁੜ, ਦਾਰਾ ਸਿੰਘ ਮੁੰਡਾਪਿੰਡ, ਬਲਵਿੰਦਰ ਸਿੰਘ ਫੈਲਕੋ, ਗੁਰਦੇਵ ਸਿੰਘ ਕਾਹਲਵਾਂ ਅਤੇ ਬਲਵਿੰਦਰ ਸਿੰਘ ਆਦਿ ਆਗੂਆਂ ਨੇ ਕੀਤੀ। ਕਿਸਾਨਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਜ਼ਿਲ੍ਹਾ ਪ੍ਰਧਾਨ ਸੁਖਤਾਰ ਸਿੰਘ ਮੱਲ੍ਹਾ ਅਤੇ ਤਹਿਸੀਲ ਸਕੱਤਰ ਮਨਜੀਤ  ਸਿੰਘ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਨੇ ਪਹਿਲਾਂ ਚੋਣ ਵਾਅਦੇ ਤੋਂ ਭੱਜ ਕੇ ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ ਫਸਲਾਂ ਦੇ ਭਾਅ ਦੇਣ ਤੋਂ ਨਾਂਹ ਕੀਤੀ ਅਤੇ ਹੁਣ ਕਿਸਾਨੀ ਵਰਤੋਂ ਦੀਆਂ ਖੇਤੀ ਵਸਤਾਂ  'ਤੇ ਜੀ ਐੱਸ ਟੀ ਲਾਗੂ ਕਰਕੇ ਪਹਿਲਾਂ ਹੀ ਕਰਜ਼ੇ ਹੇਠ ਦੱਬੀ ਕਿਸਾਨੀ 'ਤੇ ਭਾਰੀ ਬੋਝ ਪਾ ਦਿੱਤਾ ਹੈ। ਕਿਸਾਨ ਆਗੂਆਂ ਨੇ ਪੰਜਾਬ ਦੀ ਕੈਪਟਨ ਸਰਕਾਰ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਚੋਣਾਂ ਵਿੱਚ ਕਿਸਾਨਾਂ ਦੇ ਸਮੁੱਚੇ ਕਰਜ਼ੇ ਮਾਫ ਕਰਨ ਦੇ ਵਾਅਦੇ ਨਾਲ ਸੱਤਾ ਵਿੱਚ ਆ ਕੇ ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ ਨਾਲ ਧੋਖਾ ਕੀਤਾ ਹੈ।
 
ਨੂਰਪੁਰ ਬੇਦੀ : ਬਲਾਕ ਨੂਰਪੁਰ ਬੇਦੀ ਦੇ ਨਜ਼ਦੀਕੀ ਪਿੰਡ ਲਾਲਪੁਰ ਵਿਖੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੱਦੇ ਪਿੰਡਾਂ ਦੇ ਕਿਸਾਨਾਂ ਦਾ ਇਕੱਠ ਕੀਤਾ ਗਿਆ। ਇਸ ਵਿੱਚ ਬਜ਼ੁਰਗ-ਨੌਜਵਾਨ ਅਤੇ ਔਰਤਾਂ ਨੇ ਭਾਰੀ ਸੰਖਿਆ 'ਚ ਭਾਗ ਲਿਆ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਮੋਹਣ ਸਿੰਘ ਧਮਾਣਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਨੇ ਚੋਣਾਂ ਸਮੇਂ ਕਿਸਾਨਾਂ ਅਤੇ ਆਮ ਲੋਕਾਂ ਨਾਲ ਕੀਤੇ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਸੱਤਾ 'ਚ ਆਉਂਦੇ ਹੀ ਹਰ ਕੋਈ ਆਪਣਾ ਰੁਖ ਬਦਲ ਲੈਂਦਾ ਹੈ। ਇਨ੍ਹਾਂ ਦੋਵਾਂ ਸਰਕਾਰਾਂ ਨੇ ਅਜੇ ਤੱਕ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਪਹਿਲਾਂ ਨੋਟਬੰਦੀ ਕਰਕੇ ਲੋਕਾ ਦਾ ਕਚੂੰਮਰ ਕੱਢ ਦਿੱਤਾ ਅਤੇ ਹੁਣ ਜੀ.ਐੱਸ.ਟੀ ਲਾਗੂ ਕਰਕੇ ਛੋਟੇ ਵਪਾਰੀਆਂ ਤੇ ਆਮ ਲੋਕਾਂ 'ਤੇ ਟੈਕਸਾਂ ਦਾ ਹੋਰ ਭਾਰ ਵਧਾ ਦਿੱਤਾ। ਇਸ ਟੈਕਸ ਨਾਲ ਕਿਸਾਨਾਂ ਦੀ ਮਸ਼ੀਨਰੀ ਹੋਰ ਮਹਿੰਗੀ ਹੋ ਜਾਵੇਗੀ। ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਥੱਲੇ ਦੱਬਿਆ ਪਿਆ ਹੈ, ਉਤੋਂ ਇਹ ਹੋਰ ਟੈਕਸ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੁਆਮੀਨਾਥਨ ਰਿਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਅਤੇ ਕੈਪਟਨ ਨੇ ਕਰਜ਼ 'ਤੇ ਲਕੀਰ ਮਾਰਨ ਦਾ, ਪਰ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਸਿੱਧਾ ਧੋਖਾ ਕੀਤਾ ਹੈ, ਜਿਸ ਕਾਰਨ ਪੰਜਾਬ ਦੇ ਕਿਸਾਨ ਦਿਨ ਪ੍ਰਤੀ ਦਿਨ ਖੁਦਕੁਸ਼ੀਆਂ ਕਰ ਰਹੇ ਹਨ, ਜਿਸ ਦੀ ਜ਼ਿੰਮੇਵਾਰ ਕੈਪਟਨ ਸਰਕਾਰ ਹੈ। ਇਸ ਤੋਂ ਬਾਅਦ ਕੇਂਦਰ ਸਰਕਾਰ ਅਤੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਨਿਰੰਜਨ ਦਾਸ, ਅਮਰੀਕ ਸਿੰਘ, ਰਾਮ ਦਾਸ, ਸੁਭਾਸ਼, ਸੁਰਜੀਤ ਸਿੰਘ, ਸੰਤ ਸਿੰਘ, ਰਾਮ ਕਿਸ਼ਨ ਆਦਿ ਨੇ ਵੀ ਸਰਕਾਰ ਖਿਲਾਫ ਆਪਣੀ ਭੜਾਸ ਕੱਢੀ।
 
ਮਾਨਸਾ :  ਕੇਂਦਰ ਸਰਕਾਰ ਵੱਲਂੋ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਅਤੇ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਅਨੁਸਾਰ ਜਿਣਸਾਂ ਦੇ ਲਾਹੇਵੰਦ ਭਾਅ ਦੇਣ ਦੇ ਕੀਤੇ ਵਾਅਦਿਆਂ ਤੋਂ ਮੁੱਕਰਨ ਤੇ ਖੇਤੀ ਸੰਦ ਅਤੇ ਖਾਦ, ਕੀਟਨਾਸ਼ਕ ਆਦਿ ਨੂੰ ਜੀ ਐਸ ਟੀ ਦੇ ਘੇਰੇ ਵਿੱਚ ਲਿਆਉਣ ਦੇ ਵਿਰੋਧ ਵਿੱਚ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਪਿੰਡ ਫਫੜੇ ਭਾਈਕੇ ਦੇ ਕਿਸਾਨਾਂ ਵੱਲੋਂ ਬੀਜੇਪੀ ਸਰਕਾਰ ਦੇ ਮੁਖੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਇਕਬਾਲ ਸਿੰਘ ਫਫੜੇ ਭਾਈਕੇ, ਮਾਸਟਰ ਛੱਜੂ ਰਾਮ ਰਿਸ਼ੀ ਨੇ ਕਿਹਾ ਕਿ ਕੇਂਦਰ ਵੱਲੋਂ ਖੇਤੀ ਖੇਤਰ ਨੂੰ ਜੀ ਐੱਸ ਟੀ ਦੇ ਘੇਰੇ ਅੰਦਰ ਲਿਆ ਕੇ ਪਹਿਲਾਂ ਤੋਂ ਹੀ ਕਰਜ਼ਿਆਂ ਦੀ ਮਾਰ ਹੇਠ ਆਈ ਕਿਸਾਨੀ ਉੱਪਰ ਹੋਰ ਟੈਕਸ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣ ਅਤੇ ਖੇਤੀ ਖੇਤਰ ਨੂੰ ਜੀ ਐੱਸ ਟੀ ਦੇ ਘੇਰੇ ਤੋਂ ਬਾਹਰ ਰੱਖਿਆ ਜਾਵੇ। ਖੇਤੀ ਦੇ ਲਾਗਤ ਖਰਚੇ ਘੱਟ ਕਰਨ ਲਈ ਬੀਜ, ਡੀਜ਼ਲ, ਖੇਤੀ ਸੰਦ, ਖਾਦ ਅਤੇ ਕੀਟਨਾਸ਼ਕ ਦਵਾਈਆਂ ਉੱਪਰ ਕਿਸਾਨਾਂ ਨੂੰ 50% ਸਬਸਿਡੀ ਦਿੱਤੀ ਜਾਵੇ। ਜਿਣਸਾਂ ਦੀ ਖਰੀਦ ਦੀ ਗਾਰੰਟੀ ਕੀਤੀ ਜਾਵੇ। ਖੇਤੀ ਆਧਾਰਿਤ ਸਨਅਤਾਂ ਲਾਈਆਂ ਜਾਣ ਤਾਂ ਜੋ ਕਿਸਾਨੀ ਨੂੰ ਆਰਥਿਕ ਮੰਦਵਾੜੇ ਵਿੱਚੋਂ ਬਾਹਰ ਕੱਢਿਆ ਜਾ ਸਕੇ। ਕਿਸਾਨਾਂ ਵੱਲੋਂ ਕੀਤੀਆਂ ਖੁਦਕੁਸ਼ੀਆਂ ਨੂੰ ਠੱਲ੍ਹ ਪਾਈ ਜਾ ਸਕੇ। ਇਸ ਮੌਕੇ ਜਥੇਬੰਦੀ ਦੇ ਜਨਰਲ ਸਕੱਤਰ ਅਮਰੀਕ ਸਿੰਘ ਫਫੜੇ, ਕਰਨੈਲ ਸਿੰਘ ਨੰਬਰਦਾਰ, ਸਾਧੂ ਸਿੰਘ, ਦਿਲਬਾਗ ਸਿੰਘ, ਮਸਿੰਦਰ ਸਿੰਘ, ਬੁੱਧੂ ਖਾਂ, ਮੱਘਰ ਸਿੰਘ ਅਤਲਾ, ਬੱਲਮ ਸਿੰਘ ਮੱਤੀ ਵੀ ਹਾਜ਼ਰ ਸਨ।
 
ਫਤਿਆਬਾਦ : ਜਮਹੂਰੀ ਕਿਸਾਨ ਸਭਾ ਪੰਜਾਬ ਨੇ ਪਿੰਡ ਤੁੜ ਵਿਖੇ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦਾ ਪੁਤਲਾ ਫੂਕਿਆ। ਕਿਸਾਨ ਮੰਗ ਕਰ ਰਹੇ ਸਨ ਕਿ ਖੇਤੀ ਵਸਤਾਂ 'ਤੇ ਲਾਇਆ ਜੀ ਐੱਸ ਟੀ ਤੁਰੰਤ ਵਾਪਸ ਲਿਆ ਜਾਵੇ, 10 ਏਕੜ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ, ਮਾੜੇ ਅਤੇ ਟੁੱਟ ਚੁਕੇ ਨਹਿਰੀ ਪ੍ਰਬੰਧ ਦੀ ਮੁੜ ਉਸਾਰੀ ਕਰਕੇ ਹਰ ਖੇਤ ਤੱਕ ਨਹਿਰੀ ਪਾਣੀ ਪੁੱਜਦਾ ਕੀਤਾ ਜਾਵੇ।ਇਸ ਮੁਜ਼ਾਹਰੇ ਦੀ ਅਗਵਾਈ ਰੇਸ਼ਮ ਸਿੰਘ ਫੈਲੋਕੇ, ਸਵਿੰਦਰ ਸਿੰਘ, ਹਰਭਾਨ ਸਿੰਘ, ਜੰਗਬਹਾਦੁਰ ਸਿੰਘ ਤੁੜ ਅਤੇ ਬਲਵਿੰਦਰ ਸਿੰਘ ਫੈਲੋਕੇ ਨੇ ਕੀਤੀ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੱਲ੍ਹਾ ਅਤੇ ਤਹਿਸੀਲ ਸਕੱਤਰ ਮਨਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਦੀ ਕੈਪਟਨ ਸਰਕਾਰ ਨੇ ਚੋਣਾਂ ਮੌਕੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਮੁਚਾ ਕਰਜ਼ਾ ਮੁਆਫ ਕਰਨ, ਹਰ ਪਰਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਨਸ਼ਿਆਂ 'ਤੇ ਇਕ ਮਹੀਨੇ ਵਿਚ ਰੋਕ ਲਾਉਣ ਦਾ ਵਾਅਦਾ ਕੀਤਾ ਸੀ, ਪਰ ਹੁਣ ਕਾਂਗਰਸ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ।ਉਨ੍ਹਾਂ ਕਿਹਾ ਕਿ ਜਮਹੂਰੀ ਕਿਸਾਨ ਸਭਾ ਪੰਜਾਬ ਕਿਸਾਨੀ, ਜਵਾਨੀ ਅਤੇ ਪਾਣੀ ਬਚਾਓ ਸੰਘਰਸ਼ ਨੂੰ ਤੇਜ਼ ਕਰੇਗੀ।ਉਨ੍ਹਾਂ ਕਿਹਾ ਕਿ ਸਾਡਾ ਸੰਘਰਸ਼ ਕਿਸਾਨਾਂ ਦੀਆਂ ਜਿਣਸਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਮੁਤਾਬਿਕ ਲਾਗੂ ਕਰਾਉਣ, ਸਰਕਾਰੀ ਮਹਿਕਮਿਆਂ ਅੰਦਰ ਖਾਲੀ ਪਈਆਂ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਪੁਰ ਕਰਵਾਉਣ ਤੱਕ ਜਾਰੀ ਰਹੇਗਾ।ਇਸ ਮੌਕੇ ਹਰਦਲੇਰ ਸਿੰਘ ਤੁੜ, ਸੁਲੱਖਣ ਸਿੰਘ ਤੁੜ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਤਹਿਸੀਲ ਪ੍ਰਧਾਨ ਅਜੀਤ ਸਿੰਘ ਢੋਟਾ ਆਦਿ ਨੇ ਵੀ ਸੰਬੋਧਨ ਕੀਤਾ।
 
ਚੋਗਾਵਾਂ : ਦਿਹਾਤੀ ਮਜਦੂਰ ਸਭਾ, ਜਮਹੂਰੀ ਕਿਸਾਨ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਸਾਂਝੀ ਅਗਵਾਈ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਇਕੱਤਰਤਾ ਪਿੰਡ ਟਪਿਆਲਾ ਵਿਖੇ ਗੁਰਨਾਮ ਸਿੰਘ ਉਮਰਪੁਰਾ ਅਤੇ ਕਾਮਰੇਡ ਵਿਰਸਾ ਸਿੰਘ ਟਪਿਆਲਾ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਸਕੱਤਰ ਕਾਮਰੇਡ ਵਿਰਸਾ ਸਿੰਘ ਟਪਿਆਲਾ ਨੇ ਪੰਜਾਬ ਵਿਚ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਝੂਠੇ ਵਾਅਦੇ ਪੰਜਾਬ ਦੀ ਜਨਤਾ ਨਾਲ ਕਰ ਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਏ ਹਨ। ਉਹਨਾ ਕਿਹਾ ਕਿ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਪੰਜਾਬ ਨੂੰ ਚਾਰ ਹਫਤਿਆਂ ਵਿਚ ਨਸ਼ਾ ਮੁਕਤ ਕਰਨ, ਕਿਸਾਨਾਂ ਦਾ ਸਮੁੱਚਾ ਕਰਜ਼ ਮੁਆਫ ਕਰਨ, ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ, ਹਰ ਘਰ ਦੇ ਇੱਕ ਜੀਅ ਨੂੰ ਨੌਕਰੀ ਦੇਣ, ਨੌਜਵਾਨਾਂ ਨੂੰ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਸਮੇਤ ਕਈ ਵਾਅਦੇ ਕੀਤੇ ਸਨ, ਪਰ ਸਰਕਾਰ ਨੇ ਅਜੇ ਤੱਕ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ, ਜਿਸ ਦੇ ਰੋਸ ਵਜੋਂ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ, ਅਮਰਜੀਤ ਸਿੰਘ ਭੀਲੋਵਾਲ, ਸਾਹਿਬ ਸਿੰਘ ਠੱਠੀ, ਸਤਨਾਮ ਸਿੰਘ ਚੱਕ ਔਲ, ਸੁਖਦੇਵ ਸਿੰਘ ਬਰੀਕੀ, ਬਲਦੇਵ ਸਿੰਘ, ਕੁਲਦੀਪ ਸਿੰਘ, ਜਗਤਾਰ ਸਿੰਘ, ਜਗਬੀਰ ਸਿੰਘ, ਨਿਰਮਲ ਸਿੰਘ, ਪ੍ਰਮਜੀਤ ਸਿੰਘ, ਵਿਸਾਖਾ ਸਿੰਘ ਸਮੇਤ ਕਿਸਾਨ, ਮਜ਼ਦੂਰ ਅਤੇ ਬੀਬੀਆਂ ਹਾਜ਼ਰ ਸਨ।
 
ਬੁਲ੍ਹੋਵਾਲ :  ਲੋਕ ਵਿਰੋਧੀ ਜੀ.ਐੱਸ.ਟੀ. ਲਾਗੂ ਕਰਨ ਵਿਰੁੱਧ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਕੱਕੋਂ ਨੇ 'ਕਿਸਾਨੀ, ਜਵਾਨੀ, ਪਾਣੀ ਬਚਾਓ' ਸੰਘਰਸ਼ ਤਹਿਤ ਪੰਜਾਬ ਸਰਕਾਰ ਦੇ ਕਸਬਾ ਬੁਲ੍ਹੋਵਾਲ ਵਿਖੇ ਸਾੜੇ ਗਏ ਪੁਤਲੇ ਸਮੇਂ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ। ਇਕੱਠ ਨੂੰ ਸੰਬੋਧਨ ਕਰਦਿਆਂ ਆਰ.ਐੱਮ.ਪੀ.ਆਈ ਦੇ ਜ਼ਿਲ੍ਹਾ ਸਕੱਤਰ ਮਹਿੰਦਰ ਸਿੰਘ ਖੈਰੜ ਨੇ ਕਿਹਾ ਕਿ ਮੋਦੀ ਸਰਕਾਰ ਡਾ. ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਤੋਂ ਭੱਜ ਗਈ ਹੈ ਅਤੇ ਕਿਸਾਨਾਂ ਦੀ ਆਮਦਨ ਕਿਵੇਂ ਦੁੱਗਣੀ ਕਰਨੀ ਹੈ, ਇਹ ਨਹੀਂ ਪਤਾ ਲੱਗ ਰਿਹਾ।
ਜੀ.ਐੱਸ.ਟੀ. ਲਾਗੂ ਹੋਣ ਨਾਲ ਖਾਦਾਂ, ਬੀਜ, ਦਵਾਈਆਂ, ਖੇਤੀ ਮਸ਼ੀਨਰੀ ਹੋਰ ਵੀ ਮਹਿੰਗੀ ਹੋ ਜਾਵੇਗੀ। ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਖੇਤੀ ਨੂੰ ਬਚਾਉਣ ਲਈ ਖੇਤੀ ਅਧਾਰਿਤ ਇਕਾਈਆਂ ਲਗਾਈਆਂ ਜਾਣ, ਸਰਕਾਰ ਵੱਲੋਂ ਹਰੇਕ ਫਸਲ ਦੀ ਖਰੀਦ ਕੀਤੀ ਜਾਵੇ, ਲਾਗਤ ਦੀਆਂ ਕੀਮਤਾਂ ਘਟਾਈਆਂ ਜਾਣ ਅਤੇ ਫਿਰ ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਫਸਲਾਂ ਦੇ ਭਾਅ ਤੈਅ ਕੀਤੇ ਜਾਣ, ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਲਈ ਪਹਿਲੇ ਕਰਜ਼ਿਆਂ 'ਤੇ ਲੀਕ ਫੇਰੀ ਜਾਵੇ। ਇਸ ਮੌਕੇ ਆਰ.ਐੱਮ.ਪੀ.ਆਈ. ਦੇ ਜ਼ਿਲ੍ਹਾ ਕਮੇਟੀ ਮੈਂਬਰ ਡਾ. ਤਰਲੋਚਨ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰੇ, ਜਵਾਨੀ ਨੂੰ ਬਚਾਉਣ ਲਈ ਖੇਤੀ ਅਧਾਰਿਤ ਸਨਅਤਾਂ ਲਗਾਈਆਂ ਜਾਣ, ਪਾਣੀ ਨੂੰ ਬਚਾਉਣ ਲਈ ਪੰਜਾਬ ਵਿੱਚ ਹਰੇਕ ਖੇਤ ਤੱਕ ਨਹਿਰੀ ਪਾਣੀ ਪਹੁੰਚਾਇਆ ਜਾਵੇ, ਜੰਗਲੀ ਜਾਨਵਰਾਂ ਅਤੇ ਅਵਾਰਾ ਪਸ਼ੂਆਂ ਤੋਂ ਫਸਲਾਂ ਨੂੰ ਬਚਾਉਣ ਲਈ ਠੋਸ ਕਦਮ ਚੁੱਕਣ 'ਤੇ ਵੀ ਜ਼ੋਰ ਦਿੱਤਾ ਗਿਆ। ਬੁਲ੍ਹੋਵਾਲ ਬਾਈਪਾਸ 'ਤੇ ਰੋਹ ਭਰਪੂਰ ਨਾਅਰਿਆਂ ਦੀ ਗੂੰਜ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪਰਮਜੀਤ ਸਿੰਘ ਕਾਲਕਟ, ਹਰਜਾਪ ਸਿੰਘ, ਰਣਧੀਰ ਸਿੰਘ ਸੈਣੀ, ਹਰਪ੍ਰੀਤ ਸਿੰਘ ਲਾਲੀ, ਓਮ ਸਿੰਘ ਸਟਿਆਣਾ, ਸੁਖਵਿੰਦਰ ਸਿੰਘ ਪੰਡੋਰੀ ਖਜੂਰ, ਜਸਵੰਤ ਸਿੰਘ ਲਾਂਬੜਾ, ਮਹਿੰਦਰ ਸਿੰਘ, ਅਵਤਾਰ ਸਿੰਘ ਖਡਿਆਲਾ ਸੈਣੀਆਂ, ਮਲਕੀਤ ਸਿੰਘ ਸਲੁੇਮਪੁਰ, ਬਲਵਿੰਦਰ ਗਿੱਲ, ਮਾਸਟਰ ਸ਼ਿੰਗਾਰਾ ਸਿੰਘ ਮਕੀਮਪੁਰ, ਕੇਵਲ ਸਿੰਘ ਬੈਂਸ ਮਾਣਕਢੇਰੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
 
ਮਹਿਲ ਕਲਾਂ :  ਜਮਹੂਰੀ ਕਿਸਾਨ ਸਭਾ ਪੰਜਾਬ ਜਿਲ੍ਹਾ ਬਰਨਾਲਾ ਵੱਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਦੇਸ਼ ਦੀ ਜਵਾਨੀ, ਕਿਸਾਨੀ ਤੇ ਪੰਜਾਬ ਦਾ ਪਾਣੀ ਬਚਾਉਣ ਅਤੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਜੀ.ਐਸ.ਟੀ. ਦੇ ਵਿਰੋਧ 'ਚ ਇਲਾਕੇ ਦੇ ਵੱਖ-ਵੱਖ ਪਿੰਡਾਂ ਛੀਨੀਵਾਲ ਕਲਾਂ, ਚੰਨਣਵਾਲ, ਰਾਏਸਰ, ਠੀਕਰੀਵਾਲ, ਕਲਾਲਾ, ਸਹਿਜੜਾ, ਚੁਹਾਣਕੇ ਕਲਾਂ, ਚੁਹਾਣਕੇ ਖੁਰਦ 'ਚ ਰੋਸ ਮਾਰਚ ਕਰਨ ਉਪਰੰਤ ਪਿੰਡ ਵਜੀਦਕੇ ਕਲਾਂ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਸੂਬਾ ਆਗੂ ਮਾਸਟਰ ਮਲਕੀਤ ਸਿੰਘ ਵਜੀਦਕੇ, ਜਿਲ੍ਹਾ ਪ੍ਰਧਾਨ ਨਿਹਾਲ ਸਿੰਘ, ਅਮਰਜੀਤ ਕੁੱਕੂ, ਜਨਰਲ ਸਕੱਤਰ ਯਸ਼ਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੀ.ਐੱਸ.ਟੀ. ਲਾਗੂ ਕਰਕੇ ਕਰਜ਼ੇ ਦੀ ਮਾਰ ਹੇਠ ਆਏ ਕਿਸਾਨਾਂ, ਮਜ਼ਦੂਰਾਂ 'ਤੇ ਹੋਰ ਭਾਰ ਲੱਦ ਦਿੱਤਾ ਹੈ, ਇਸ ਨਾਲ ਨਾਲ ਖਾਦਾਂ, ਕੀੜੇਮਾਰ ਦਵਾਈਆਂ ਅਤੇ ਖੇਤੀ ਸੰਦਾਂ ਦੀ ਕੀਮਤ 'ਚ ਹੋਰ ਵਾਧਾ ਹੋ ਚੁੱਕਾ ਹੈ। ਮਾਸਟਰ ਸਾਧਾ ਸਿੰਘ ਵਿਰਕ, ਬਲਦੇਵ ਸਿੰਘ ਔਜਲਾ, ਗੁਰਦੇਵ ਸਿੰਘ ਸਹਿਜੜਾ, ਨਾਇਬ ਸਿੰਘ ਚੀਮਾ, ਹਰਬੰਸ ਸਿੰਘ ਮਹਿਲ ਕਲਾਂ, ਪ੍ਰੀਤਮ ਸਿੰਘ ਵਜੀਦਕੇ, ਸਰੂਪ ਸਿੰਘ, ਪ੍ਰੀਤਮ ਸਿੰਘ ਚੰਨਣਵਾਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼, ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਅਤੇ ਜੀਐਸਟੀ ਕਨੂੰਨ ਨੂੰ ਵਾਪਸ ਲਿਆ ਜਾਵੇ।
 
ਤਰਨ ਤਾਰਨ :  ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕਿਸਾਨੀ, ਜਵਾਨੀ ਅਤੇ ਪਾਣੀ ਬਚਾਓ ਸੰਘਰਸ਼ ਤਹਿਤ ਪਿੰਡ ਮਾਲਚੱਕ ਤੋਂ ਜਥਾ ਮਾਰਚ ਕਰ ਕੇ ਪਿੰਡ ਦੇਉ, ਬਾਗੜੀਆਂ ਤੋਂ ਕੱਦਗਿੱਲ ਪਹੁੰਚ ਕੇ ਸਥਾਨਕ ਬੱਸ ਸਟੈਂਡ 'ਤੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਦੀ ਅਗਵਾਈ ਜ਼ਿਲਾ ਆਗੂ ਸਾਥੀ ਚਰਨਜੀਤ ਸਿੰਘ ਬਾਠ, ਜੋਗਿੰਦਰ ਸਿੰਘ ਮਾਣੋਚਾਹਲ, ਬੁੱਧ ਸਿੰਘ ਪੱਖੋਕੇ, ਅਮਰੀਕ ਸਿੰਘ ਕੰਗ, ਪ੍ਰਗਟ ਮਾਲਚੱਕ ਅਤੇ  ਸਰਬਜੀਤ ਸਿੰਘ ਬਾਠ ਆਦਿ ਆਗੂਆਂ ਨੇ ਕੀਤੀ।
ਕਿਸਾਨ ਆਗੂ ਮੰਗ ਕਰ ਰਹੇ ਸਨ ਕਿ 10 ਏਕੜ ਤੱਕ ਦੇ ਕਿਸਾਨਾਂ-ਮਜ਼ਦੂਰਾਂ ਸਿਰ ਚੜ੍ਹਿਆ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ, ਅੱਗੇ ਤੋਂ  ਫਸਲਾਂ ਦੇ ਭਾਅ ਡਾ. ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ ਤੈਅ ਕਰਕੇ ਸਰਕਾਰੀ ਖਰੀਦ ਦੀ ਗਰੰਟੀ  ਕੀਤੀ ਜਾਵੇ, ਖੇਤੀ ਵਸਤਾਂ 'ਤੇ ਲਾਇਆ ਜੀ ਐੱਸ ਟੀ ਵਾਪਸ ਲਿਆ ਜਾਵੇ ਅਤੇ ਸਰਕਾਰੀ ਮਹਿਕਮਿਅਾਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਬੰਦ ਕੀਤਾ ਜਾਵੇ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੂਬਾਈ ਪ੍ਰੈੱਸ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਜ਼ਿਲ੍ਹਾ ਸਕੱਤਰ ਦਲਜੀਤ ਸਿੰਘ ਦਿਆਲਪੁਰਾ ਨੇ ਕਿਹਾ ਕਿ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨੀ ਕਰਜ਼ੇ ਦੇ ਭਾਰ ਹੇਠ ਆ ਗਈ ਹੈ। ਮਜਬੂਰੀਵਸ ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ। ਕਿਸਾਨਾਂ ਨੂੰ ਲਗਾਤਾਰ ਆਪਣੀਆਂ ਜਿਣਸਾਂ ਦੇ ਮਿੱਥੇ ਸਰਕਾਰੀ ਭਾਅ ਤੋਂ ਅੱਧ ਤੋਂ ਵੀ ਘੱਟ ਮਿਲ ਰਹੇ ਹਨ ਅਤੇ ਲਾਗਤ ਖਰਚੇ ਵਧਦੇ ਜਾ ਰਹੇ ਹਨ। ਮੋਦੀ ਸਰਕਾਰ ਵੱਲੋਂ ਲਏ ਗਏ ਜੀ ਐੱਸ ਟੀ ਨਾਲ ਸਾਰੀਆਂ ਖੇਤੀ ਵਰਤੋਂ ਦੀਆਂ ਵਸਤਾਂ, ਖਾਦਾਂ,  ਖੇਤੀ ਸੰਦ ਮਹਿੰਗੇ ਹੋ ਗਏ ਹਨ।
 
ਕਾਲਾ ਸੰਘਿਆ :  ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੱਦੇ 'ਤੇ ਜਮਹੂਰੀ  ਕਿਸਾਨ ਸਭਾ ਜ਼ਿਲ੍ਹਾ ਪ੍ਰਧਾਨ ਕਾਮਰੇਡ ਮਨੋਹਰ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਸੂਬੇ ਦੀ ਕੈਪਟਨ ਤੇ ਕੇਂਦਰ ਸਰਕਾਰ ਖਿਲਾਫ ਪਿੰਡ ਨੂਰਪੁਰ ਚੱਠਾ ਅੇਤ ਪਿੰਡ ਟੁੱਟ ਕਲਾਂ ਦੇ ਬੱਸ ਸਟਾਪ 'ਤੇ  ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਸਮੇਂ ਕਾਮਰੇਡ ਮਨੋਹਰ ਸਿੰਘ ਗਿੱਲ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਦੇਸ਼ ਦੀ ਜਨਤਾ ਨੂੰ ਕਿਹਾ ਕਿ ਹਰ ਹਾਲਤ 'ਚ ਕਾਲਾ ਧਨ ਬਾਹਰ ਕੱਢ ਕੇ ਦੇਸ਼ ਦੇ ਹਰੇਕ ਨਾਗਰਿਕ ਦੇ ਬੈਂਕ ਖਾਤੇ ਵਿੱਚ 15-15 ਲੱਖ ਰੁਪਏ ਦੀ ਅਦਾਇਗੀ ਹੋਵੇਗੀ, ਜਿਸ ਨਾਲ ਦੇਸ਼ ਦਾ ਨਾਗਰਿਕ ਖੁਸ਼ਹਾਲ ਹੋਵੇਗਾ, ਜਿਸ ਦੇ ਉਲਟ ਮੋਦੀ ਸਰਕਾਰ ਨੇ ਦੇਸ਼ ਅੰਦਰ ਨੋਟਬੰਦੀ ਕਰਕੇ ਦੇਸ਼ ਨੂੰ ਮੰਦਹਾਲੀ ਵੱਲ ਧੱਕ ਦਿੱਤਾ ਹੈ। ਦੇਸ਼ ਦਾ ਵਪਾਰੀ ਵਰਗ ਵਪਾਰ ਹੱਥੋਂ ਤੰਗ ਪ੍ਰੇਸ਼ਾਨ ਹੈ। ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਜਿਵੇਂ ਮੱਕੀ, ਆਲੂ, ਸਬਜ਼ੀਆਂ ਦੇ  ਭਾਅ ਹੇਠਾਂ ਆ ਗਏ ਹਨ ਅਤੇ ਸੂਬੇ ਦੀ ਕੈਪਟਨ ਸਰਕਾਰ ਨੇ ਕਰਜ਼ੇ ਮੁਆਫੀ ਦੇ ਫਾਰਮ ਭਰ ਲੋਕਾਂ ਨਾਲ ਮਜ਼ਾਕ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਕੈਪਟਨ ਸਰਕਾਰ ਦੀ ਮੌਜੂਦਗੀ ਦੌਰਾਨ ਕਿਸਾਨ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਦਿਨੋਂ-ਦਿਨ ਵੱਧ ਰਿਹਾ ਹੈ। ਕੈਪਟਨ ਸਰਕਾਰ ਵੋਟਾਂ ਵੇਲੇ ਜਨਤਾ ਨਾਲ ਕੀਤੇ ਵਾਅਦੇ ਜਲਦੀ ਪੂਰੇ ਕਰੇ। ਗਿੱਲ ਨੇ ਹੋਰ ਆਖਿਆ ਕਿ ਕੈਪਟਨ ਸਰਕਾਰ ਟਰੱਕ ਯੂਨੀਅਨ ਨੂੰ ਵੀ ਤੁਰੰਤ ਬਹਾਲ ਕਰੇ।
 
ਭਲਾਣ :  ਜਮਹੂਰੀ ਕਿਸਾਨ ਸਭਾ ਪੰਜਾਬ ਦੇ ਝੰਡੇ ਹੇਠ ਜ਼ਿਲ੍ਹਾ ਸਕੱਤਰ ਮਲਕੀਤ ਸਿੰਘ ਪਲਾਸੀ, ਸੂਬਾ ਕਮੇਟੀ ਮੈਂਬਰ ਹਿੰਮਤ ਸਿੰਘ, ਗੰਗਾ ਪ੍ਰਸ਼ਾਦ ਪ੍ਰਧਾਨ ਨਿਰਮਾਣ ਯੂਨੀਅਨ, ਪ੍ਰੇਮ ਚੰਦ ਅਤੇ ਬੀਬੀ ਦਰਸ਼ਨ ਕੌਰ ਪ੍ਰਧਾਨ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਅਗਵਾਈ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨੇ ਪਿੰਡ ਪਲਾਸੀ ਅਤੇ ਨਾਗਰਾਂ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ। ਇਸ ਮੌਕੇ ਸੰਬੋਧਨ ਕਰਦਿਆਂ ਪਲਾਸੀ ਅਤੇ ਹਿੰਮਤ ਸਿੰਘ ਨੇ ਕਿਹਾ ਕਿ ਕਰਜਾ ਮੁਆਫੀ ਦੇ ਮੁੱਦੇ 'ਤੇ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਾਅਦੇ ਮੁਤਾਬਕ ਛੋਟੇ ਕਿਸਾਨਾਂ ਦੇ ਕਰਜ਼ੇ 'ਤੇ ਪੂਰੀ ਤਰ੍ਹਾਂ ਲਕੀਰ ਫੇਰੀ ਜਾਵੇ। ਪੰਜਾਬ ਸਰਕਾਰ ਨੇ ਤਿੰਨ ਮਹੀਨਿਆਂ ਵਿੱਚ ਕਿਸਾਨਾਂ ਅਤੇ ਮਜਦੂਰਾਂ ਦਾ ਇੱਕ ਵੀ ਵਾਅਦਾ  ਪੂਰਾ ਨਹੀਂ ਕੀਤਾ। ਕੇਂਦਰ ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕੀਤਾ। ਇਸ ਤੋਂ ਇਲਾਵਾ ਜੀ ਐਸ.ਟੀ ਲਾਗੂ ਕਰ ਦਿੱਤਾ ਗਿਆ ਜਿਸ ਨਾਲ ਹਰ ਤਰ੍ਹਾਂ ਦੀ ਮਸ਼ਨੀਰੀ ਮਹਿੰਗੀ ਹੋਣ ਕਾਰਨ ਕਿਸਾਨਾਂ 'ਤੇ ਵਾਧੂ ਆਰਥਿਕ ਬੋਝ ਪੈ ਗਿਆ ਹੈ। ਇਸ ਮੌਕੇ ਜਮਹੂਰੀ ਕਿਸਾਨ ਸਭਾ ਵੱਲੋਂ ਪਿੰਡ ਪਲਾਸੀ ਤੋਂ ਨਾਨਗਰਾਂ, ਭਨਾਮ, ਭਲਾਣ ਹੁੰਦੇ ਹੋਏ ਐਲਗਰਾਂ ਤੱਕ ਰੈਲੀ ਕੱਢੀ ਗਈ। ਇਸ ਮੌਕੇ ਮੁਲਤਾਨ ਸਿੰਘ, ਤਰਸੇਮ ਖਾਨ, ਚੇਤਰਾਮ, ਜੀਤ ਸਿੰਘ, ਚੰਨਣ ਸਿੰਘ, ਸੁਰਜੀਤ ਸਿੰਘ, ਨਿਰਮਲਾ, ਕਮਲਾ, ਬਲਵੀਰ ਕੌਰ, ਪਰਮਜੀਤ ਕੌਰ, ਸਵਰਨਾ ਰਾਮ ਅਤੇ ਦਰਸ਼ਨ ਸਿੰਘ ਆਦਿ ਹਾਜ਼ਰ ਸਨ।
 
ਧਮਾਣਾ :  ਜਮਹੂਰੀ ਕਿਸਾਨ ਸਭਾ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ 'ਤੇ ਅਮਲ ਨਾ ਕਰਨ 'ਤੇ ਅਰਥੀ ਫੂਕ ਮੁਜ਼ਾਹਰਾ ਬਲਾਕ ਨੂਰਪੁਰ ਬੇਦੀ ਦੇ ਪਿੰਡ ਧਮਾਣਾ ਵਿਖੇ ਕੀਤਾ ਗਿਆ । ਜ਼ਿਲ੍ਹਾ ਪ੍ਰਧਾਨ ਮੋਹਣ ਸਿੰਘ ਧਮਾਣਾ ਨੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ਿਆਂ 'ਤੇ ਲਕੀਰ ਮਾਰਨ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਨੇ ਚੋਣਾਂ ਜਿੱਤਣ ਮਗਰੋਂ ਆਪਣੀਆਂ ਅੱਖਾਂ ਫੇਰ ਲਈਆਂ । ਹਰ ਘਰ ਵਿੱਚ ਨੌਕਰੀ, 2500 ਰੁਪਏ ਪੈਨਸ਼ਨ ਤੇ ਸਕੂਲ ਵਿੱਚ ਕਿਤਾਬਾਂ ਦੇਣ ਬਾਰੇ ਕਿਹਾ ਸੀ, ਪਰ ਇਸ 'ਤੇ ਅਜੇ ਤੱਕ ਕੁਝ ਵੀ ਸਰਕਾਰ ਨੇ ਨਹੀਂ ਕੀਤਾ ।
ਇਸ ਮੌਕੇ ਜੇਤੇਵਾਲ ਕਿਸਾਨ ਆਗੂ ਸੁਰਿੰਦਰ ਸਿੰਘ, ਅਮਰੀਕ ਸਿੰਘ ਸਮੀਰਵਾਲ, ਛੋਟੂ ਰਾਮ ਜੱਟਪੁਰ, ਰਾਮ ਦਾਸ, ਰਾਮ ਰਤਨ, ਸੁਰਜੀਤ  ਸਿੰਘ ਮੂਸਾਪੁਰ, ਰਾਮ ਕਿਸ਼ਨ, ਸੁਭਾਸ਼ ਚੰਦ, ਸਤਾ ਸਿੰਘ, ਰਾਮ ਲਾਲ, ਸੋਮ ਸਿੰਘ, ਅਵਤਾਰ ਸਿੰਘ, ਜੋਗੀ ਰਾਮ ਅਤੇ ਸਮੂਹ ਕਿਸਾਨ ਆਗੂ ਹਾਜ਼ਰ ਸਨ ।
 
ਡੇਰਾ ਬਾਬਾ ਨਾਨਕ :  ਜਮਹੂਰੀ ਕਿਸਾਨ ਸਭਾ ਪੰਜਾਬ ਦੀ ਤਹਿਸੀਲ ਡੇਰਾ ਬਾਬਾ ਨਾਨਕ ਅਤੇ ਫਤਿਹਗੜ੍ਹ ਚੂੜੀਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ।  ਕੇਂਦਰ ਤੇ ਪੰਜਾਬ ਸਰਕਾਰ ਨੇ ਜੋ ਚੋਣਾਂ ਵੇਲੇ ਜਨਤਾ ਨਾਲ ਵਾਅਦੇ ਕੀਤੇ ਸਨ ਕਿ ਗਰੀਬਾਂ ਦੇ ਖਾਤੇ ਵਿੱਚ 15-15 ਲੱਖ ਰੁਪਏ ਜਮ੍ਹਾਂ ਅਤੇ 10-10 ਮਰਲੇ ਦੇ ਪਲਾਟ ਦਿੱਤੇ ਜਾਣਗੇ, ਨੌਜਵਾਨਾਂ ਨੂੰ ਰੁਜ਼ਗਾਰ, ਨਸ਼ਿਆਂ ਦਾ ਖਾਤਮਾ ਕਰਾਂਗੇ, ਡਾ. ਸੁਆਮੀਨਾਥਨ ਰਿਪੋਰਟ ਲਾਗੂ ਕਰ ਕੇ ਕਿਸਾਨਾਂ ਨੂੰ ਫਸਲਾਂ ਦੇ ਲਾਹੇਵੰਦ ਭਾਅ ਦਿਆਂਗੇ, ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣਗੇ, ਪਰ ਸਾਰੇ ਵਾਅਦਿਆਂ ਵਿਚੋਂ ਇਕ ਵੀ ਵਾਅਦਾ ਪੂਰਾ ਨਾ ਕਰਨ 'ਤੇ ਕਿਸਾਨ ਸਭਾ ਨੇ ਇਸ ਦਾ ਵਿਰੋਧ ਕਰਦੇ ਹੋਏ ਸ਼ਾਹਪੁਰ-ਜਾਜਨ ਤੋਂ ਮੁਜ਼ਾਹਰਾ ਸ਼ੁਰੂ ਕਰਕੇ ਵੱਖ-ਵੱਖ ਪਿੰਡਾਂ ਵਿਚੋਂ ਹੋ ਕੇ ਡੇਰਾ ਬਾਬਾ ਨਾਨਕ ਵਿਖੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਜੀ ਐੱਸ ਟੀ ਜੋ ਸਿੱਧਾ ਟੈਕਸ ਜਨਤਾ 'ਤੇ ਲਾਇਆ ਹੈ, ਇਸ ਨੂੰ ਰੱਦ ਕੀਤਾ ਜਾਵੇ। ਇਸ ਮੌਕੇ ਬਲਵਿੰਦਰ ਸਿੰਘ ਰਵਾਲ, ਡਾ. ਗੁਰਮੀਤ ਸਿੰਘ ਰਵਾਲ, ਲਖਵਿੰਦਰ ਸਿੰਘ ਸਰਫਕੋਟ, ਅਜ਼ਾਦ ਸਿੰਘ ਸ਼ਾਹਪੁਰ ਜਾਜਨ, ਮਹਿੰਦਰ ਸਿੰਘ, ਕੁਲਦੀਪ ਸਿੰਘ, ਕਸ਼ਮੀਰ ਸਿੰਘ ਸਮਰਾ, ਅਜੀਤ ਸਿੰਘ ਵੀਰਾਂ ਕੋਟਲੀ, ਦਲਬੀਰ ਸਿੰਘ ਜੇ ਈ ਠੱਠਾ, ਨਵਦੀਪ ਸਿੰਘ, ਅਵਤਾਰ ਸਿੰਘ ਠੱਠਾ, ਦੀਦਾਰ ਸਿੰਘ, ਕਸ਼ਮੀਰ ਸਿੰਘ, ਪ੍ਰੀਤਪਾਲ ਸਿੰਘ ਦਾਦੂਯੋਧ, ਸੂਰਤਾ ਸਿੰਘ ਸੇਖਵਾਂ, ਪੁਸ਼ਪਿੰਦਰ ਸਿੰਘ, ਗੁਰਮੇਜ ਸਿੰਘ, ਪਲਵਿੰਦਰ ਸਿੰਘ, ਜਤਿੰਦਰਪਾਲ ਸਿੰਘ, ਗੁਰਦੀਪ ਸਿੰਘ, ਸੰਤੋਖ ਸਿੰਘ ਨਿਰਮਾਣ ਯੂਨੀਅਨ ਆਗੂ ਹਾਜ਼ਰ ਸਨ।
 
ਵਲਟੋਹਾ : ਅੱਡਾ ਵਲਟੋਹਾ ਵਿਖੇ ਜਮਹੂਰੀ ਕਿਸਾਨ ਸਭਾ ਨੇ ਬੁੱਢਾ ਸਿੰਘ ਤੂਤ ਅਤੇ ਬਖਸ਼ੀਸ਼ ਸਿੰਘ ਮਹਿੰਦੀਪੁਰ ਦੀ ਅਗਵਾਈ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਸਭਾ ਦਾ ਜਥਾ ਮਾਰਚ ਅੱਡਾ ਅਮਰਕੋਟ ਪਿੰਡ ਆਸਲ ਤੋਂ ਹੁੰਦਾ ਹੋਇਆ ਅੱਡਾ ਵਲਟੋਹਾ ਵਿਖੇ ਪੁੱਜਾ। ਜਥੇ ਵਿੱਚ ਕਿਸਾਨ ਮੰਗ ਕਰ ਰਹੇ ਸਨ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇ, ਨਹਿਰੀ ਪਾਣੀ ਹਰ ਖੇਤ ਤੱਕ ਪੁੱਜਦਾ ਕੀਤਾ ਜਾਵੇ, ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਈ ਜਾਵੇ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਨਿੱਜ ਮਾਰਕਿਟ ਬੰਦ ਕੀਤੀ ਜਾਵੇ, ਬੰਦ ਪਈਆਂ ਖੰਡ ਮਿੱਲਾਂ ਚਾਲੂ ਕੀਤੀਆਂ ਜਾਣ, ਕਿਸਾਨਾਂ ਦੀਆਂ ਖੋਹੀਆਂ ਸਬਸਿਡੀਆਂ ਬਹਾਲ ਕੀਤੀਆਂ ਜਾਣ, ਲੋਕ-ਮਾਰੂ ਜੀ ਐੱਸ ਟੀ ਬਿੱਲ ਵਾਪਸ ਲਿਆ ਜਾਵੇ ਆਦਿ। ਇਸ ਮੌਕੇ ਅਰਸਾਲ ਸਿੰਘ ਆਸਲ, ਦਲਜੀਤ ਸਿੰਘ ਦਿਆਲਪੁਰਾ, ਗੁਰਦੇਵ ਸਿੰਘ ਮਨਿਹਾਲਾ, ਹਰਭਜਨ ਸਿੰਘ ਚੂਸਲੇਵੜ, ਜਰਨੈਲ ਸਿੰਘ ਦਿਆਲਪੁਰ, ਸਲਵਿੰਦਰ ਸਿੰਘ ਰਾਮਖਾਰਾ, ਰਛਪਾਲ ਸਿੰਘ ਜੰਡ, ਅਰੂੜ ਸਿੰਘ ਵਰਮਾਲਾ, ਦਵਿੰਦਰ ਸਿੰਘ ਘਰਿਆਲੀ, ਸ਼ੇਰ ਸਿੰਘ ਮਹਿੰਦੀਪੁਰ, ਉਤਮ ਸਿੰਘ, ਅਜੀਤ ਸਿੰਘ, ਅਮਰੀਕ ਸਿੰਘ, ਜਗਤਾਰ ਸਿੰਘ ਝੁੱਗੀਆਂ, ਜਗੀਰ ਸਿੰਘ ਆਦਿ ਹਾਜ਼ਰ ਸਨ।
 
ਫਰੀਦਕੋਟ ਵਿਖੇ ਜੇ.ਪੀ.ਐਮ.ਓ. ਵਲੋਂ ਨਵਉਦਾਰਵਾਦੀ ਨੀਤੀਆਂ ਵਿਰੁੱਧ ਸੈਮੀਨਾਰ 
ਜਨਤਕ  ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐਮ.ਓ.) ਵਲੋਂ ਨਵਉਦਾਰਵਾਦੀ ਨੀਤੀਆਂ ਵਿਰੁੱਧ ਫਰੀਦਕੋਟ 'ਚ ਇਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੀ.ਟੀ.ਯੂ. ਪੰਜਾਬ ਦੇ ਸੀਨੀਅਰ ਮੀਤ ਪ੍ਰ੍ਰਧਾਨ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਾਮਰਾਜੀ ਲੁਟੇਰਿਆਂ ਅਤੇ ਉਨ੍ਹਾਂ ਦੇ ਜੋਟੀਦਾਰ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਕਰਦੀਆਂ ਨਵ-ਉਦਾਰਵਾਦੀ ਨੀਤੀਆਂ ਨੇ ਭਾਰਤੀ ਲੋਕਾਂ ਦੀ ਝੋਲੀ 'ਚ ਕੰਗਾਲੀ ਅਤੇ ਨਵੀਂ ਕਿਸਮ ਦੀ ਸਾਮਰਾਜ ਗੁਲਾਮੀ ਤੋਂ ਬਿਨਾਂ ਕੁਝ ਨਹੀਂ ਪਾਉਣਾ। ਉਨ੍ਹਾ ਕਿਹਾ ਕਿ ਉਕਤ ਨੀਤੀਆਂ ਨੇ ਲੋਕਾਂ ਕੋਲ ਸਿਹਤ ਸੇਵਾਵਾਂ, ਇਕਸਾਰ ਤੇ ਮਿਆਰੀ ਸਿੱਖਿਆ, ਰੋਜ਼ਗਾਰ, ਪੀਣ ਵਾਲਾ ਸਾਫ ਪਾਣੀ, ਅਨਾਜ ਦੇ ਖੇਤਰ 'ਚ ਸਵੈ-ਨਿਰਭਰਤਾ, ਸਵੱਛ ਆਲਾ-ਦੁਆਲਾ, ਸਿਰਾਂ ਤੋਂ ਛੱਤ ਆਦਿ ਸਭ ਕੁਝ ਖੋਹ ਲੈਣਾ ਹੈ।
ਸਾਥੀ ਪਾਸਲਾ ਨੇ ਕਿਹਾ ਕਿ ਹਰ ਖੇਤਰ 'ਚ ਸਾਮਰਾਜ ਨਾਲ ਸਾਂਝ-ਭਿਆਲੀ ਅਤੇ ਉਸ ਉੁਪਰ ਨਿਰਭਰਤਾ 1947 'ਚ ਪ੍ਰਾਪਤ ਕੀਤੀ ਆਜ਼ਾਦੀ ਅਤੇ ਪ੍ਰਭੂਸੱਤਾ ਨੂੰ ਵੀ ਪੁੱਠਾ ਗੇੜਾ ਦੇ ਦੇਵੇਗੀ। ਉਨ੍ਹਾ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਲੋਕਾਂ ਦੇ ਵਾਰੇ-ਨਿਆਰੇ ਕਰਨ ਦਾ ਵਾਅਦਾ ਕਰਨ ਵਾਲਾ ਮੋਦੀ ਲਾਣਾ ਬੜੀ ਬੇਸ਼ਰਮੀ ਨਾਲ ਲੋਕਾਂ ਦੇ ਮੂੁੰਹਾਂ 'ਚੋਂ ਬੁਰਕੀ ਖੋਹਣ ਵਾਲੀਆਂ ਨੀਤੀਆਂ 'ਤੇ ਰਾਕੇਟ ਦੀ ਤੇਜ਼ੀ ਨਾਲ ਅਮਲ ਕਰ ਰਿਹਾ ਹੈ। ਉਨ੍ਹਾ ਦੋਸ਼ ਲਾਇਆ ਕਿ ਨਵ-ਉਦਾਰਵਾਦੀ ਨੀਤੀਆਂ ਲਾਗੂ ਕਰਨ ਲਈ ਸਥਾਪਤ ਜਮਹੂਰੀ ਕਦਰਾਂ-ਕੀਮਤਾਂ ਦਾ ਮੁਕੰਮਲ ਘਾਣ ਕੀਤਾ ਜਾ ਰਿਹਾ ਹੈ। ਵਿੱਤੀ ਪੂੰਜੀ ਸਾਮਰਾਜ ਦੇ ਹਿੱਤਾਂ ਦੀ ਰਖਵਾਲੀ ਅਤੇ ਜਮਹੂਰੀ ਸ਼ਾਸ਼ਣ ਪ੍ਰਣਾਲੀ ਕਦੇ ਵੀ ਨਾਲੋ-ਨਾਲ ਨਹੀਂ ਚੱਲ ਸਕਦੇ।  ਉਨ੍ਹਾਂ ਕਿਹਾ ਕਿ ਲੋਕ ਰੋਹ ਨੂੰ ਮੁੱਢ 'ਚ ਹੀ ਖਤਮ ਕਰਨ ਦੀ ਮਨਸ਼ਾ ਨਾਲ ਆਰ ਐੱਸ ਐੱਸ, ਇਸ ਦੇ ਸਹਿਯੋਗੀ ਸੰਗਠਨ, ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬਿਆਂ ਵਿਚਲੀਆਂ ਭਾਜਪਾ ਸਰਕਰਾਂ ਫਿਰਕੂ ਧਰੁਵੀਕਰਨ ਦੇ ਆਧਾਰ 'ਤੇ ਕਿਰਤ ਸ਼ਕਤੀ ਨੂੰ ਖੇਰੂੰ-ਖੇਰੂੰ ਕਰਨ ਦੇ ਆਹਰ ਲੱਗੇ ਹੋਏ ਹਨ। ਇਸ ਕੋਝੇ ਮਕਸਦ ਦੀ ਪੂਰਤੀ ਲਈ ਉਕਤ ਸੰਘੀ ਲਾਣਾ ਘੱਟ ਗਿਣਤੀਆਂ ਖਾਸ ਕਰਕ ਮੁਸਲਮਾਨਾਂ ਨੂੰ ਮੁੱਖ ਨਿਸ਼ਾਨੇ 'ਤੇ ਰੱਖ ਕੇ ਕਾਤਲਾਨਾ ਹਮਲੇ ਇੱਕ ਯੋਜਨਾਬੱਧ ਸਾਜ਼ਿਸ਼ ਅਧੀਨ ਕੀਤੇ ਜਾ ਰਹੇ ਹਨ।
ਉਨ੍ਹਾ ਕਿਹਾ ਕਿ ਦੇਸ਼ ਭਰ 'ਚ ਦਲਿਤਾਂ ਅਤੇ ਔਰਤਾਂ 'ਤੇ ਹੋ ਰਹੇ ਜਾਨਲੇਵਾ ਹਮਲਿਆਂ ਅਤੇ ਜ਼ੁਲਮਾਂ ਪਿੱਛੇ ਆਰ ਆਰ ਐੱਸ ਅਤੇ ਕੇਂਦਰ ਦੀ ਮੋਦੀ ਸਰਕਾਰ ਦੀ ਨੰਗੀ-ਚਿੱਟੀ ਸ਼ਹਿ ਪ੍ਰਾਪਤ ਅਪਰਾਧੀ ਅਨਸਰ ਜ਼ਿੰਮੇਵਾਰ ਹਨ। ਇਨ੍ਹਾਂ ਹਮਲਿਆਂ ਪਿੱਛੇ ਅਸਲ ਮਨਸ਼ਾ ਵੇਲਾ ਵਿਹਾ ਚੁੱਕੀ ਮਨੂ ਸਿਮਰਤੀ ਅਧਾਰਤ ਰਾਜ ਪ੍ਰਬੰਧ ਕਾਇਮ ਕਰਨਾ ਹੈ। ਉਨ੍ਹਾ ਅਮਰਨਾਥ ਯਾਤਰੀਆਂ 'ਤੇ ਹੋਏ ਹਮਲੇ ਦੀ ਘੋਰ ਨਿੰਦਿਆ ਕਰਦਿਆਂ ਇਸ ਹਮਲੇ ਦੇ ਬਹਾਨੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਏ ਜਾਣ ਪ੍ਰਤੀ ਵੀ ਦੇਸ਼ ਵਾਸੀਆਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ।  ਉਹਨਾ ਐਲਾਨ ਕੀਤਾ ਕਿ ਉਕਤ ਨੀਤੀਆਂ ਅਤੇ ਵਹਿਸ਼ੀ ਫਿਰਕੂ ਹਿੰਸਾ ਵਿਰੁੱਧ ਜੇ ਪੀ ਐੱਮ ਓ ਦੇਸ਼ ਭਰ 'ਚ ਮੁਹਿੰਮ ਉਸਾਰੇ ਜਾਣ ਦੇ ਸਿਰਤੋੜ ਯਤਨ ਕਰੇਗਾ। ਉਨ੍ਹਾ ਹਾਜ਼ਰ ਲੋਕਾਂ ਨੂੰ ਉਕਤ ਉਦੇਸ਼ ਦੀ ਸਫਲਤਾ ਲਈ ਸਰਬਪੱਖੀ ਸਹਿਯੋਗ ਦੀ ਅਪੀਲ ਕੀਤੀ। ਸੈਮੀਨਾਰ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਵਿੱਤ ਸਕੱਤਰ ਸਾਥੀ ਮਹੀਪਾਲ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜਗਤਾਰ ਸਿੰਘ ਵਿਰਦੀ ਨੇ ਨਿਭਾਈ। ਮੰਚ 'ਤੇ ਕੁਲਦੀਪ ਸ਼ਰਮਾ, ਵੀਰਇੰਦਰ ਜੀਤ ਸਿੰਘ ਪੁਰੀ, ਕੁਲਦੀਪ ਕਾਕੜਾ, ਸਰਬਜੀਤ ਸਿੰਘ, ਗੁਰਸੇਵਕ ਸਿੰਘ, ਹਰਮਨਪ੍ਰੀਤ ਕੌਰ ਅਤੇ ਸਿਮਰਜੀਤ ਸਿੰਘ ਵੀ ਮੌਜੂਦ ਸਨ। ਸੈਮੀਨਾਰ ਦੀ ਪ੍ਰਧਾਨਗੀ ਜਗਜੀਤ ਪਾਲ ਅਤੇ ਗੁਰਤੇਜ ਸਿੰਘ ਹਰੀਨੌ ਨੇ ਕੀਤੀ।
 
ਜੇ.ਪੀ.ਐਮ.ਓ. ਵਲੋਂ ਜੀ.ਐਸ.ਟੀ. ਵਿਰੁੱਧ ਮੁਜ਼ਾਹਰਾ 
ਅਟਾਰੀ : ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ ਅਤੇ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਸੱਦੇ 'ਤੇ ਬਾਬਾ ਅਰਜਨ ਸਿੰਘ, ਬੂਟਾ ਸਿੰਘ ਮੋਦੇ ਤੇ ਮਾਨ ਸਿੰਘ ਮੁਹਾਵਾ ਦੀ ਅਗਵਾਈ ਹੇਠ ਮੋਦੀ ਸਰਕਾਰ ਵੱਲੋਂ ਜੀ ਐੱਸ ਟੀ ਲਾਗੂ ਕਰਨ ਅਤੇ ਕੈਪਟਨ ਸਰਕਾਰ ਵੱਲੋਂ ਵੋਟਾਂ ਸਮੇਂ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਰੋਸ ਵਜੋਂ ਜਥਾ ਮਾਰਚ ਕਰਕੇ ਸਰਹੱਦੀ ਪਿੰਡ ਰਾਜਾਤਾਲ ਵਿਖੇ ਉਨ੍ਹਾਂ ਦੀਆਂ ਨੀਤੀਆਂ ਖ਼ਿਲਾਫ਼ ਪੁਤਲਾ ਫੂਕਿਆ ਗਿਆ। ਇਸ ਮੌਕੇ ਬਲਵਿੰਦਰ ਸਿੰਘ ਝਬਾਲ, ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਆਗੂ ਕਾਮਰੇਡ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਮੋਦੀ ਦੇ ਜੀ ਐੱਸ ਟੀ ਲਾਗੂ ਕਰਨ ਨਾਲ ਛੋਟੇ ਕੱਪੜਾ ਵਪਾਰੀ, ਕਾਰਖਾਨੇਦਾਰਾਂ ਅਤੇ ਛੋਟੇ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ। ਅੰਮ੍ਰਿਤਸਰ ਦੇ ਕੱਪੜਾ ਵਪਾਰੀ 26 ਦਿਨਾਂ ਤੋਂ ਹੜਤਾਲ 'ਤੇ ਚੱਲ ਰਹੇ ਹਨ। ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਵੋਟਾਂ ਲੈ ਕੇ ਆਪਣੀ ਸਰਕਾਰ ਬਣਾ ਲਈ, ਪਰ ਵੋਟਾਂ ਵੇਲੇ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਗਿਆ ਹੈ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਬੇਜ਼ਮੀਨੇ ਪਰਵਾਰਾਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ, ਸ਼ਗਨ ਸਕੀਮ ਵਾਅਦੇ ਮੁਤਾਬਕ 51000 ਰੁਪਏ ਦਿੱਤੀ ਜਾਵੇ, ਬੁਢਾਪਾ ਪੈਨਸ਼ਨ ਤਿੰਨ ਹਜ਼ਾਰ ਰੁਪਏ, ਪੜ੍ਹੇ-ਲਿਖੇ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ, ਨਸ਼ਾ, ਰੇਤ-ਬੱਜਰੀ, ਕੇਬਲ, ਟਰਾਂਸਪੋਰਟ ਅਤੇ ਫੈਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ, 10 ਲੱਖ ਤੱਕ ਦੇ ਕਿਸਾਨਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕੀਤੇ ਜਾਣ, ਬਾਰਡਰ ਦੇ ਤਾਰੋਂ ਪਾਰ ਜ਼ਮੀਨਾਂ ਦੇ ਮਾਲਕ ਕਿਸਾਨਾਂ ਨੂੰ ਹਾਈ ਕੋਰਟ ਦੇ ਫੈਸਲੇ ਅਨੁਸਾਰ 10000 ਰੁਪਏ ਪ੍ਰਤੀ ਏਕੜ ਮੰਨਿਆ ਮੁਆਵਜ਼ਾ ਤੁਰੰਤ ਦਿੱਤਾ ਜਾਵੇ। ਇਸ ਮੌਕੇ ਕਸ਼ਮੀਰ ਸਿੰਘ ਰਾਜਾਤਾਲ, ਗੁਰਨਾਮ ਸਿੰਘ ਦਾਉਕੇ, ਰਣਜੀਤ ਸਿੰਘ, ਸਤਨਾਮ ਸਿੰਘ ਸਾਬਕਾ ਸਰਪੰਚ ਧਨੋਏ, ਪੂਰਨ ਸਿੰਘ ਫ਼ੌਜੀ ਰਤਨ, ਬਲਦੇਵ ਸਿੰਘ ਧਾਰੀਵਾਲ, ਗੁਰਦੇਵ ਸਿੰਘ ਮੁਹਾਵਾ, ਸਾਹਿਬ ਸਿੰਘ ਮੁਹਾਵਾ ਆਦਿ ਨੇ ਧਰਨੇ ਨੂੰ ਸੰਬੋਧਨ ਕੀਤਾ।
 
ਬਿਜਲੀ ਦੇ ਨਾਕਸ ਪ੍ਰਬੰਧਾਂ ਵਿਰੁਧ ਮੁਜਾਹਰਾ 
ਪਾਵਰਕਾਮ ਦੇ ਨਾਕਸ ਪ੍ਰਬੰਧਾਂ ਖਿਲਾਫ ਜਮਹੂਰੀ ਕਿਸਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਵਰਕਰਾਂ ਵੱਲੋਂ ਐਕਸੀਅਨ ਦਫਤਰ ਜੰਡਿਆਲਾ ਗੁਰੂ ਵਿਖੇ ਧਰਨਾ ਲਗਾਇਆ ਗਿਆ ਅਤੇ ਮੰਗ ਕੀਤੀ ਕਿ ਗਰਮੀਆਂ ਦੇ ਦਿਨਾਂ ਵਿੱਚ ਬਿਜਲੀ ਦੀ ਨਾਕਸ ਸਪਲਾਈ ਵਿੱਚ ਤੁਰੰਤ ਸੁਧਾਰ ਲਿਆਂਦਾ ਜਾਵੇ। ਇਸ ਮੌਕੇ ਜਮਹੂਰੀ ਕਿਸਾਨ ਸਭਾ ਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂਆਂ ਮੁਖਤਾਰ ਸਿੰਘ ਮੱਲ੍ਹਾ, ਅਜੈਬ ਸਿੰਘ ਜਹਾਂਗੀਰ, ਨਿਰਮਲ ਸਿੰਘ ਛੱਜਲਵੱਡੀ ਨੇ ਕਿਹਾ ਕਿ ਮਹਿਕਮੇ ਵੱਲੋਂ ਵਾਰ-ਵਾਰ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਪਿੰਡਾਂ ਵਿੱਚ ਹਾਲੇ ਤੱਕ ਵੀ ਕਈ ਟਰਾਂਸਫਾਰਮਰ ਓਵਰਲੋਡ ਚੱਲ ਰਹੇ ਹਨ ਅਤੇ ਪਿੰਡ ਜਹਾਂਗੀਰ ਦਾ ਗੋਲੀਆਂ ਵਾਲਾ ਟਰਾਂਸਫਾਰਮਰ ਵੀ ਓਵਰਲੋਡ ਹੋਇਆ ਪਿਆ ਹੈ, ਜਿਸ ਕਾਰਨ ਉਹ ਵਾਰ-ਵਾਰ ਸੜ ਜਾਂਦਾ ਹੈ। ਪਾਵਰਕਾਮ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਕਈ ਵਾਰੀ ਲਿਆਉਣ ਦੇ ਬਾਵਜੂਦ ਪਰਨਾਲਾ ਉਥੇ ਦਾ ਉਥੇ ਹੀ ਹੈ। ਜੰਡਿਆਲਾ ਗੁਰੂ ਡਵੀਜ਼ਨ ਵਿੱਚ ਖੰਭਿਆਂ ਅਤੇ ਤਾਰਾਂ ਜ਼ਮੀਨ ਨਾਲ ਲੱਗ ਰਹੀਆਂ ਹਨ, ਪਰ ਸੁਧਾਰ ਵੱਲੋਂ ਕੋਈ ਵੀ ਧਿਆਨ ਨਹੀ ਦਿੱਤਾ ਜਾ ਰਿਹਾ ਹੈ। ਪਿੰਡ ਜਹਾਂਗੀਰ ਵਿੱਚ ਦਾ ਵੀ ਹਾਲ ਮਾੜਾ ਹੈ, ਕਿਸੇ ਵੇਲੇ ਵੀ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਬੰਧ ਨਾ ਸੁਧਾਰਿਆ ਗਿਆ ਤਾਂ ਇਨਕਲਾਬੀ ਜਥੇਬੰਦੀਆਂ ਨੂੰ ਨਾਲ ਲੈ ਕੇ ਸਖਤ ਐਕਸ਼ਨ ਲਿਆ ਜਾਵੇਗਾ। ਧਰਨੇ ਵਿੱਚ ਆ ਕੇ ਐੱਸ ਡੀ ਓ ਵੱਲੋਂ ਵਿਸ਼ਵਾਸ ਦਿਵਾਉਣ 'ਤੇ ਧਰਨਾ ਸਮਾਪਤ ਕੀਤਾ ਗਿਆ।
ਇਸ ਮੌਕੇ ਤਰਸੇਮ ਸਿੰਘ, ਮੇਜਰ ਸਿੰਘ, ਜਸਵੰਤ ਸਿੰਘ, ਅਵਤਾਰ ਸਿੰਘ, ਰਣਜੀਤ ਕੌਰ ਧਾਰੜ, ਸ਼ਰਨਜੀਤ ਕੌਰ, ਬੀਬੀ ਰਾਜੀ, ਬੀਬੀ ਰੇਖਾ, ਤਰਸੇਮ ਸਿੰਘ, ਗੁਰਮੇਜ ਸਿੰਘ, ਸ਼ਿੰਦਰ ਸਿੰਘ, ਹਰਜੀਤ ਸਿੰਘ, ਕਾਮਰੇਡ ਪਿਆਰਾ ਸਿੰਘ, ਬਲਵਿੰਦਰ ਬਾਠ, ਸਰਬਜੀਤ ਬਾਠ ਹਾਜ਼ਰ ਸਨ।
 
ਟਪਿਆਲਾ ਵਿਖੇ ਮਜ਼ਦੂਰਾਂ ਦਾ ਪਲਾਟਾਂ 'ਤੇ ਕਬਜੇ ਲਈ ਸੰਘਰਸ਼ 
ਚੋਗਾਵਾਂ, ਜਨਤਕ ਜੱਥੇਬੰਦੀਆਂ ਦੀ ਅਗਵਾਈ ਵਿੱਚ ਪਿੰਡ ਟਪਿਆਲਾ ਵਿਖੇ 90 ਦੇ ਕਰੀਬ ਗਰੀਬ ਮਜ਼ਦੂਰਾਂ ਨੂੰ ਜਿਹੜੇ 5-5 ਮਰਲੇ ਦੇ ਪਲਾਟ 1974 ਵਿੱਚ ਪੰਜਾਬ ਸਰਕਾਰ ਵੱਲੋਂ ਅਲਾਟ ਕੀਤੇ ਗਏ ਸਨ, ਉਨ੍ਹਾਂ ਪਲਾਟਾਂ ਵਿੱਚ ਮਕਾਨ ਬਣਾਉਣ ਸੰਬੰਧੀ ਕਾਮਰੇਡ ਵਿਰਸਾ ਸਿੰਘ ਦੀ ਅਗਵਾਈ ਹੇਠ ਕਿਸਾਨਾਂ, ਮਜ਼ਦੂਰਾਂ ਅਤੇ ਬੀਬੀਆਂ ਦਾ ਇਕੱਠ ਹੋਇਆ, ਜਿਸ ਵਿੱਚ ਪਲਾਟਾਂ ਦੇ ਸਮੁੱਚੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਰਬ-ਸੰਮਤੀ ਨਾਲ ਜਗਤਾਰ ਸਿੰਘ ਨੂੰ 11 ਮੈਂਬਰੀ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਗੁਰਨਾਮ ਸਿੰਘ ਉਮਰਪੁਰਾ ਨੇ ਦੱਸਿਆ ਕਿ ਪਿੰਡ ਟਪਿਆਲਾ ਵਿੱਚ ਜਿਹੜੇ ਪਲਾਟ ਸਰਕਾਰ ਵੱਲੋਂ ਅਲਾਟ ਕੀਤੇ ਸਨ, ਜਿਨ੍ਹਾਂ ਦਾ ਸਰਕਾਰ ਵੱਲੋਂ ਉਦੋਂ ਨੋਟੀਫਿਕੇਸ਼ਨ ਵੀ ਕੀਤਾ ਗਿਆ ਸੀ ਅਤੇ ਪਲਾਟਾਂ ਦੀਆਂ ਸੰਨਦਾ ਵੀ ਜਾਰੀ ਕੀਤੀਆਂ ਸਨ। ਮਹਿਕਮੇ ਦੀ ਅਣਗਹਿਲੀ ਕਾਰਨ ਉਸ ਸਮੇਂ ਉਹਨਾਂ ਪਲਾਟਾਂ ਦਾ ਇੰਤਕਾਲ ਨਹੀਂ ਸੀ ਹੋ ਸਕਿਆ, ਜਿਸ ਕਾਰਨ ਪਿੰਡ ਦੇ ਕੁਝ ਲੋਕ ਪਲਾਟਾਂ ਵਾਲੀ ਜ਼ਮੀਨ 'ਤੇ ਆਪਣਾ ਹੱਕ ਜਤਾ ਕੇ ਪ੍ਰਸ਼ਾਸਨ ਨੂੰ ਗੁੰਮਰਾਹ ਕਰਕੇ ਗਰੀਬਾਂ ਕੋਲੋਂ ਉਹਨਾਂ ਦੇ ਪਲਾਟ ਖੋਹਣ ਦੀ ਤਿਆਰੀ ਕਰ ਰਹੇ ਹਨ, ਜਿਸ ਦਾ ਜਨਤਕ ਜੱਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾਵੇਗਾ ਅਤੇ ਕਿਸੇ ਨੂੰ ਵੀ ਮਜ਼ਦੂਰਾਂ ਦੇ ਪਲਾਟਾਂ 'ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਪਲਾਟਾਂ ਦੀ ਚਾਰਦੀਵਾਰੀ ਕਰਨ ਲਈ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਵੱਲੋ ਪੰਜਾਹ ਹਜ਼ਾਰ ਰੁਪਏ ਮਾਲੀ ਮਦਦ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸ਼ੀਤਲ ਸਿੰਘ ਤਲਵੰਡੀ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਉਮਰਪੁਰਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਸਕੱਤਰ ਸੁਰਜੀਤ ਸਿੰਘ ਦੁਧਰਾਏ, ਕਾਮਰੇਡ ਵਿਰਸਾ ਸਿੰਘ ਟਪਿਆਲਾ, ਬਲਬੀਰ ਸਿੰਘ ਕੱਕੜ, ਅਜੈਬ ਸਿੰਘ ਚੋਗਾਵਾਂ, ਸੁਖਦੇਵ ਸਿੰਘ ਬਰੀਕੀ, ਅਮਰਜੀਤ ਸਿੰਘ ਭੀਲੋਵਾਲ, ਸਾਹਿਬ ਸਿੰਘ ਠੱਠੀ, ਨਿਰਮਲ ਸਿੰਘ ਟਪਿਆਲਾ, ਸਾਬਕਾ ਸਰਪੰਚ ਕੁਲਦੀਪ ਸਿੰਘ, ਸਰਪੰਚ ਜਗਤਾਰ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ।


हरियाणा की सरगर्मियां 
विगत 15 जून को रतिया के समीप गांव कमाना की एक पांचवी कक्षा में पढ़ती बालिका के साथ पहले कुछ दरिंन्दों ने बलात्कार किया एवं बाद में उस मासूम की नृशंस हत्या कर दी। हरियाणा की भाजपा नीत म.स. खट्टर सरकार के दौर-दौरे में ऐसे जघन्य अपराध रोज की बात हो चुके हैं। पुलिस व प्रशासन की नाकामी के विरुद्ध रोष व्याप्त है। शहीद भगत सिंह नौजवान सभा एवं हरियाणा छात्र यूनियन की जिला इकाईयों के आह्वान पर पुलिस द्वारा कार्यवाही न किये जाने विरुद्ध तथा दोषियों को उपयुक्त सजाएं सुनिश्चित कराने हेतु विशाल रोष प्रदर्शन रतिया में किया गया।

आरएमपीआई हरियाणा द्वारा जीएसटी के विरोध में रतिया तथा अन्य स्थानों पर प्रधान मंत्री तथा वित्त मंत्री का पुतला फूंकते हुए उग्र प्रदर्शन किया तथा जी.एस.टी. को निरस्त करने की मांग की गई।

हरियाणा छात्र यूनियन द्वारा विभिन्न कालेजों में रीअपीयर वाले विद्यार्थियों को रैगूलर दाखिला दिये जाने से संबंधित विजयी संग्राम लड़ा गया। कई दिनों के संघर्ष के बाद कालेजों के प्रबंधकों ने छात्रों को बैठक के लिए बुलाया एवं मांगें मानने का ऐलान किया। छात्र नेता गुरदीप सिंह रतिया, मंजीत सिंह रतिया तथा अन्यों ने विजयी संग्राम के लिए छात्रों को बधाई दी।

आरएमपीआई द्वारा रतिया नागरिक चिकित्सालय के डाक्टरों एवं नर्सिंग स्टाफ के उचित संघर्ष का समर्थन करते हुए चल रहे पड़ाववार धरने में भारी संख्या कार्यकर्ताओं समेत भाग लिया। राज्य सचिव साथी तजिंद्र थिंद द्वारा संर्घषरत कर्मियों को हर संभव सर्मथन एवं सहायता का विश्वास दिलाया। एक स्थानीय भाजपा नेता द्वारा चिकित्सीय कर्मियों से किये गये दुर्यव्यहार के विरुद्ध यह आंदोलन दिनों दिन तेज होता जा रहा है।

जनतांत्रिक किसान सभा हरियाणा तथा सहयोगी संगठनों ने मंदसौर (मध्यप्रदेश) में पुलिस गोलीबारी में मारे गये किसानों की हत्या के रोषस्वरूप रतिया तथा अन्य स्थानों पर प्रदर्शन किया।
 


ਨਿਰਮਾਣ ਮਜ਼ਦੂਰਾਂ ਵਲੋਂ ਧਰਨਾ 
ਅੰਮ੍ਰਿਤਸਰ : ਸੈਂਕੜੇ ਨਿਰਮਾਣ ਮਜ਼ਦੂਰਾਂ ਨੇ ਕਿਰਤ ਵਿਭਾਗ ਅੰਮ੍ਰਿਤਸਰ ਦੇ ਦਫਤਰ ਅੱਗੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਝੰਡੇ ਹੇਠ ਰੋਸ ਧਰਨਾ ਦਿੱਤਾ, ਜਿਸ ਦੀ ਅਗਵਾਈ ਦਿਲਬਾਗ ਸਿੰਘ ਰਾਜੋਕੇ, ਲਾਡੀ ਦਰਾਜਕੇ, ਇੰਦਰਜੀਤ ਸਿੰਘ ਵੇਈਂਪੂਈਂ ਅਤੇ ਕਰਤਾਰ ਸਿੰਘ ਪੱਖੋਕੇ ਨੇ ਕੀਤੀ। ਧਰਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਦਫਤਰੀ ਮੁਲਾਜ਼ਮਾਂ ਖਿਲਾਫ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਪੰਡੋਰੀ ਅਤੇ ਧਰਮ ਸਿੰਘ ਪੱਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਰਤ ਵਿਭਾਗ ਅੰਮ੍ਰਿਤਸਰ ਵੱਲੋਂ ਕਿਰਤੀਆਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਕਾਫੀ ਚਿਰ ਤੋਂ ਲਾਭਪਾਤਰੀ ਕਾਪੀਆਂ ਨਹੀਂ ਬਣ ਰਹੀਆਂ ਅਤੇ ਨਾ ਹੀ ਰੀਨਿਊ ਕਰ ਕੇ ਦਿੱਤੀਆਂ ਜਾ ਰਹੀਆਂ। ਕਾਫੀ ਚਿਰ ਫਾਰਮ ਦਫਤਰ ਵਿੱਚ ਪਏ ਰਹਿੰਦੇ ਹਨ। ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਰਤੀਆਂ ਨੂੰ ਮਿਲਦੀਆਂ ਸਹੂਲਤਾਂ ਸਮੇਂ ਸਿਰ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਮੰਗ ਕੀਤੀ ਕਿ ਕਿਰਤੀਆਂ ਦੀ ਖੱਜਲ-ਖੁਆਰੀ ਬੰਦ ਕੀਤੀ ਜਾਵੇ, ਸਮੇਂ ਸਿਰ ਲਾਭਪਾਤਰੀ ਕਾਪੀਆਂ ਬਣਾ ਕੇ ਦਿੱਤੀਆਂ ਜਾਣ ਅਤੇ ਕਿਰਤ ਵਿਭਾਗ ਦਾ ਦਫਤਰ ਅੰਮ੍ਰਿਤਸਰ ਤੋਂ ਜ਼ਿਲ੍ਹਾ ਤਰਨ ਤਾਰਨ ਲਿਆਂਦਾ ਜਾਵੇ।
ਇਸਮੌਕੇ ਇਕ ਵਿਸ਼ੇਸ਼ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣਾ ਸਟਾਫ ਤੁਰੰਤ ਬਦਲ ਕੇ ਅੰਮ੍ਰਿਤਸਰ ਦਫਤਰ ਲਿਆਂਦਾ ਜਾਵੇ, ਤਾਂ ਜੋ ਕਿਰਤੀਆਂ ਦੇ ਰੁਕੇ ਕੰਮ ਅਸਾਨੀ ਨਾਲ ਹੋ ਸਕਣ। ਇਸ ਮੌਕੇ ਗੁਰਜੀਤ ਸਿੰਘ ਰਾਜੋਕੇ, ਪ੍ਰਤਾਪ ਸਿੰਘ ਦੇਉ, ਜੋਗਿੰਦਰ ਸਿੰਘ ਖਡੂਰ ਸਾਹਿਬ, ਹੀਰਾ ਸਿੰਘ, ਦਿਲਬਾਗ ਸਿੰਘ, ਜਰਨੈਲ ਸਿੰਘ ਪੰਡੋਰੀ ਗੋਲਾ, ਸਤਨਾਮ ਸਿੰਘ ਬਾਠ, ਕੁਲਵੰਤ ਸਿੰਘ, ਕੰਵਲਜੀਤ ਸਿੰਘ ਉਸਮਾ, ਕੁਲਦੀਪ ਸਿੰਘ ਵੇਈਂਪੂਈਂ, ਸਵਰਨ ਸਿੰਘ ਨੌਰੰਗਾਬਾਦ, ਜਗਜੀਤ ਸਿੰਘ ਤਰਨ ਤਾਰਨ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
 

ਸਹਾਇਤਾ (ਸੰਗਰਾਮੀ ਲਹਿਰ-ਅਗਸਤ 2017)

ਕਾਮਰੇਡ ਮੱਘਰ ਸਿੰਘ, ਪਿੰਡ ਬੇਨੜਾ ਦੀਆਂ ਅੰਤਮ ਰਸਮਾਂ ਸਮੇਂ ਪਰਿਵਾਰ ਵਲੋਂ ਆਰ.ਐਮ.ਪੀ.ਆਈ. ਜ਼ਿਲ੍ਹਾ ਕਮੇਟੀ ਸੰਗਰੂਰ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ ਗਏ।
 
ਕਾਮਰੇਡ ਸਤਪਾਲ ਲੱਠ ਮਾਹਿਲਪੁਰ ਦੀ ਛੋਟੀ ਭੈਣ ਵਿਜੇ ਸ਼ਰਮਾ ਅਤੇ ਧਰਮਪਾਲ ਸ਼ਰਮਾ ਚੰਡੀਗੜ੍ਹ ਨੇ ਆਪਣੇ ਬੇਟੇ ਅੰਕੁਸ਼ ਸ਼ਰਮਾ ਦੀ ਸ਼ਾਦੀ ਇਸ਼ਿਤਾ ਸ਼ਰਮਾ ਨਾਲ ਹੋਣ ਦੀ ਖੁਸ਼ੀ ਮੌਕੇ ਆਰ.ਐਸ.ਪੀ.ਆਈ. 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਗੁਲਜ਼ਾਰ ਸਿੰਘ ਕੱਕੋਂ (ਹੁਸ਼ਿਆਰਪੁਰ) ਨੇ ਆਪਣੀ ਮਾਤਾ ਦੀਆਂ ਅੰਤਿਮ ਰਸਮਾਂ ਸਮੇਂ ਆਰ.ਐਸ.ਪੀ.ਆਈ.  ਜ਼ਿਲ੍ਹਾ ਕਮੇਟੀ ਨੂੰ 400 ਰੁਪਏ ਅਤੇ 'ਸੰਗਰਾਮੀ ਲਹਿਰ' 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਸੇਵਾਮੁਕਤ ਪ੍ਰਿੰਸੀਪਲ ਇਕਲਾਬ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਆਪਣੀ ਮਾਤਾ ਸ੍ਰੀਮਤੀ ਪ੍ਰੀਤਮ ਕੌਰ, ਪਿਤਾ  ਕਾਮਰੇਡ ਕਰਤਾਰ ਸਿੰਘ ਪਨਾਮ ਅਤੇ ਪਤਨੀ ਸ਼੍ਰੀਮਤੀ ਨਿਰੰਜਣ ਕੌਰ ਦੀ ਯਾਦ 'ਚ ਆਰ.ਐਮ.ਪੀ.ਆਈ. ਨੂੰ 10,000 ਰੁਪਏ ਅਤੇ 'ਸੰਗਰਾਮੀ ਲਹਿਰ' 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਸ਼੍ਰੀਮਤੀ ਪਰਮਜੀਤ ਕੌਰ, ਸਾਬਕਾ ਪ੍ਰਧਾਨ ਅਈ.ਸੀ.ਸੀ. ਡਬਲਿਯੂ, ਚੰਡੀਗੜ੍ਹ ਨੇ ਅਪਣੇ ਸਪੁੱਤਰ ਕਨਵਲਪ੍ਰੀਤ ਸਿੰਘ (ਸਪੁਤੱਰ ਸ. ਦਲਜੀਤ ਸਿੰਘ) ਦੀ ਸ਼ਾਦੀ ਦੀ ਖੁਸ਼ੀ ਵਿਚ ਆਰ.ਐਮ.ਪੀ.ਆਈ. ਚੰਡੀਗੜ੍ਹ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਬਲਿਹਾਰ ਸਿੰਘ (ਅਸਟ੍ਰੇਲੀਆ) ਵਲੋਂ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ ਗਏ।
 
ਸਾਥੀ ਬਲਵੀਰ ਚੰਦ ਜ਼ਿਲਾ ਪ੍ਰਧਾਨ ਫੀਲਡ ਵਰਕਸ਼ਾਪ ਰੋਪੜ ਨੇ ਅਪਣੇ ਸਪੁਤੱਰ ਧਰਮਬੀਰ ਸੈਣੀ ਦਾ ਵਿਆਹ ਪ੍ਰੀਤੀ ਸੈਣੀ ਨਾਲ ਹੋਣ ਦੀ ਖੁਸ਼ੀ ਵਿਚ ਆਰ.ਐਮ.ਪੀ.ਆਈ. ਨੂੰ 1100 ਰੁਪਏ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਹਰਜਾਪ ਸਿੰਘ, ਪ੍ਰਧਾਨ ਪ.ਸ.ਸ.ਫ, ਆਨੰਦਪੁਰ ਸਾਹਿਬ ਨੇ ਆਪਣੀ ਸੇਵਾ ਮੁਕਤੀ ਮੌਕੇ ਆਰ.ਐਮ.ਪੀ.ਆਈ. ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਮਾਸਟਰ ਪ੍ਰੇਮ ਚੰਦ ਪੰਜਾਬੀ ਮਾਸਟਰ, ਪਿੰਡ ਸੰਗਤਪੁਰ, ਜ਼ਿਲ੍ਹਾ ਰੋਪੜ ਨੇ ਅਪਣੀ ਸੇਵਾ ਮੁਕਤੀ ਮੌਕੇ ਆਰ.ਐਮ.ਪੀ.ਆਈ. ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਅਦਾਰਾ 'ਸੰਗਰਾਮੀ ਲਹਿਰ' ਸਹਾਇਤਾ ਦੇਣ ਵਾਲੇ ਸਾਰੇ ਸਾਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸ਼ੁਕਰੀਆ ਅਦਾ ਕਰਦਾ ਹੈ।

Thursday, 6 July 2017

ਸੰਪਾਦਕੀ : (ਸੰਗਰਾਮੀ ਲਹਿਰ-ਜੁਲਾਈ 2017)

ਕਾਂਗਰਸ ਸਰਕਾਰ ਦਾ ਪਲੇਠਾ ਬਜਟ
ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਪਲੇਠਾ ਬਜਟ, ਪੰਜਾਬ ਦੇ ਮਿਹਨਤੀ ਵਰਗ ਵਿਸ਼ੇਸ਼ਕਰ ਮਜ਼ਦੂਰਾਂ, ਖੇਤੀ ਕਾਮਿਆਂ, ਕਿਸਾਨਾਂ ਅਤੇ ਤਾਜੀ ਕਮਾ ਕੇ ਖਾਣ ਵਾਲੇ ਸਭਨਾਂ ਲਈ ਅਤੀ ਨਿਰਾਸ਼ਾ ਭਰਿਆ ਹੈ। ਜੇ ਸਾਦੇ ਸ਼ਬਦਾਂ 'ਚ ਇਸ ਦੀ ਵਿਆਖਿਆ ਕਰਨੀ ਹੋਵੇ ਤਾਂ ਬਿਨਾਂ ਕਿਸੇ ਲਾਗ ਲਪੇਟ ਦੇ ਕਿਹਾ ਜਾ ਸਕਦਾ ਹੈ ਕਿ ਇਹ ਬਜਟ ਆਮ ਲੋਕਾਂ ਨੂੰ ਕੋਈ ਰਾਹਤ ਦੇਣ ਦੀ ਥਾਂ ਉਨ੍ਹਾਂ ਦੀਆਂ ਜੇਬਾਂ 'ਤੇ ਟੈਕਸਾਂ ਰਾਹੀਂ ਹੋਰ ਡਾਕੇ ਮਾਰਨ ਵਾਲਾ ਸਾਬਤ ਹੋ ਸਕਦਾ ਹੈ। ਇਸ ਬਜਟ ਦੀ ਚੀਰ ਫਾੜ ਕਰਨ ਤੋਂ ਪਹਿਲਾਂ ਇਕ ਨੁਕਤਾ ਵਿਚਾਰਨਾ ਅਤੀ ਜ਼ਰੂਰੀ ਹੈ। ਉਹ ਨੁਕਤਾ ਇਹ ਹੈ ਕਿ ਪੰਜਾਬ ਦੇ ਆਮ ਵੋਟਰਾਂ ਨੂੰ ਇਸ ਸਰਕਾਰ ਤੋਂ ਪੰਜਾਬ ਵਾਸੀਆਂ ਦੇ ਭਲੇ ਦੀਆਂ ਆਸਾਂ ਬਹੁਤ ਸਨ। ਇਨ੍ਹਾਂ ਉਚੀਆਂ ਆਸਾਂ ਦੇ ਅੱਗੋਂ ਦੋ ਕਾਰਨ ਸਨ। ਪਹਿਲਾ ਇਹ ਕਿ ਪਿਛਲੇ ਦਸਾਂ ਸਾਲਾਂ (2005 ਤੋਂ 2012 ਅਤੇ 2012 ਤੋਂ 2017) ਤੋਂ ਸੂਬੇ ਦੀ ਹਕੂਮਤ 'ਤੇ ਅਕਾਲੀ-ਭਾਜਪਾ ਗਠਜੋੜ ਸਰਕਾਰ ਕਾਬਜ਼ ਰਹੀ। ਇਸ ਗਠਜੋੜ ਸਰਕਾਰ ਦੀ, ਲੋਕਾਂ ਨੂੰ ਰੋਜ਼ਗਾਰ, ਸਭਨਾਂ ਲਈ ਇਕਸਾਰ-ਮਿਆਰੀ-ਮੁਫ਼ਤ ਸਿੱਖਿਆ, ਬਿਨਾਂ ਵਿਤਕਰੇ ਤੋਂ ਸਭ ਨੂੰ ਉਚ ਪੱਧਰ ਦੀਆਂ ਸਿਹਤ ਸਹੂਲਤਾਂ, ਗਰੀਬ ਲੋਕਾਂ ਨੂੰ ਮਕਾਨ ਅਤੇ ਰਿਹਾਇਸ਼ੀ ਥਾਂਵਾਂ, ਬਜ਼ੁਰਗਾਂ, ਅਪੰਗਾਂ, ਵਿਧਵਾਵਾਂ ਤੇ ਹੋਰਨਾਂ ਆਸ਼੍ਰਿਤਾਂ ਨੂੰ ਗੁਜਾਰੇ ਜੋਗੀਆਂ ਸਮਾਜਿਕ ਸੁਰੱਖਿਆ ਪੈਨਸ਼ਨਾਂ, ਸਾਰੀ ਆਬਾਦੀ ਨੂੰ ਪੀਣ ਵਾਲਾ ਸਵੱਛ ਰੋਗਾਣੂੰ ਰਹਿਤ ਪਾਣੀ, ਛਾਲਾਂ ਮਾਰ ਕੇ ਵੱਧਦੀ ਮਹਿੰਗਾਈ ਦੇ ਦੌਰ 'ਚ ਜਿਊਂਦੇ ਰਹਿਣ ਲਈ ਜ਼ਰੂਰੀ ਵਸਤਾਂ ਮੁਹੱਈਆ ਕਰਨ ਵਾਲੀ ਜਨਤਕ ਵੰਡ ਪ੍ਰਣਾਲੀ, ਮਿਆਰੀ ਖਾਦ-ਬੀਜ-ਕੀਟਨਾਸ਼ਕ ਆਦਿ ਵਾਜ਼ਬ ਰੇਟਾਂ 'ਤੇ ਮੁਹੱਈਆ ਕਰਾਉਣ ਆਦਿ ਅਤੇ ਅਜਿਹੇ ਹੋਰ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਾਲੇ ਪੱਖਾਂ ਤੋਂ ਬਹੁਤ ਹੀ ਨਿਖੇਧੀਜਨਕ ਕਾਰਗੁਜਾਰੀ ਰਹੀ ਹੈ। ਇੰਨਾਂ ਹੀ ਨਹੀਂ ਹਾਲਾਤ ਇੱਥੋਂ ਤੱਕ ਨਿੱਘਰ ਗਏ ਕਿਸਾਨਾਂ-ਖੇਤੀ ਕਾਮਿਆਂ ਅਤੇ ਆਮ ਮਿਹਨਤੀ ਵਰਗਾਂ ਦੇ ਗਰੀਬ ਲੋਕਾਂ ਦੀਆਂ ਖੁਦਕੁਸ਼ੀਆਂ ਰੋਜ਼ ਦਾ ਵਰਤਾਰਾ ਬਣ ਗਈਆਂ ਸਨ। ਇਸ ਲਈ ਲੋਕ ਇਹ ਉਮੀਦਾਂ ਲਾਈ ਬੈਠੇ ਸਨ ਕਿ ਪੁਰਾਣੀ ਸਰਕਾਰ ਨੂੰ ਚਲਦਾ ਕਰਕੇ ਨਵੀਂ ਸਰਕਾਰ ਦੀ ਕਾਇਮੀ ਕਰਦਿਆਂ ਹੀ ਉਕਤ ਸਾਰੀਆਂ ਦਿੱਕਤਾਂ ਦਾ ਯੋਗ ਹੱਲ ਨਿੱਕਲ ਆਵੇਗਾ।
ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਦੋ ਟਰਮਾਂ ਦੇ ਰਾਜ ਭਾਗ ਦੀ ਇਕ ਹੋਰ ਕਰਤੂਤ ਨੇ ਵੀ ਲੋਕਾਂ ਨੂੰ ਬਹੁਤ ਬੇਚੈਨ 'ਤੇ ਦੁੱਖੀ ਕੀਤਾ ਹੋਇਆ ਸੀ। ਉਹ ਕਰਤੂਤ ਸੀ ਕੇਬਲ-ਟਰਾਂਸਪੋਰਟ-ਰੇਤ ਖਨਣ ਅਤੇ ਹੋਰ ਅਨੇਕਾਂ ਕਿਸਮਾਂ ਦੇ ਮਾਫੀਆ ਵਲੋਂ ਸੂਬਾ ਸਰਕਾਰ ਦੇ ਹਰ ਆਸ਼ੀਰਵਾਦ ਨਾਲ ਆਮ ਪੰਜਾਬੀਆਂ ਦੀ ਕੀਤੀ ਜਾਂਦੀ ਲੁੱਟ। ਪਿੱਛਲੇ ਦਸਾਂ ਸਾਲਾਂ 'ਚ ਸੂਬੇ ਦੇ ਨਾ ਕੇਵਲ ਹਰ ਕਿਸਮ ਦੇ ਨਸ਼ਾ ਤਸਕਰਾਂ ਨੇ ਖੂਬ ਧੰਨ ਦੌਲਤ ''ਕਮਾਈ'' ਬਲਕਿ ਪਰਿਵਾਰਾਂ ਦੇ ਪਰਿਵਾਰ ਨਸ਼ਿਆਂ ਨੇ ਤਬਾਹ ਕਰ ਦਿੱਤੇ। ਲੋਕਾਂ ਦੀਆਂ ਜਮੀਨਾਂ-ਜਾਇਦਾਦਾਂ, ਪਲਾਟਾਂ, ਵਪਾਰਕ ਥਾਵਾਂ 'ਤੇ ਨਾਜਾਇਜ਼ ਕਬਜ਼ਿਆਂ ਦਾ ਦੌਰ ਵੀ ਖੂਬ ਚੱਲਿਆ। ਅਪਰਾਧੀ ਗਰੋਹਾਂ ਅਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਦੀ ਖੂਬ ਚੜ੍ਹ ਮੱਚੀ ਰਹੀ। ਸਰਕਾਰੇ ਦਰਬਾਰੇ ਭ੍ਰਿਸ਼ਟਾਚਾਰ ਦਾ ਖੂਬ ਬੋਲਬਾਲਾ ਰਿਹਾ। ਇੱਥੋਂ ਤੱਕ ਕਿ ਮਨਰੇਗਾ, ਸ਼ਗਨ ਸਕੀਮ, ਸਮਾਜਿਕ ਸੁਰੱਖਿਆ ਪੈਨਸ਼ਨਾਂ ਤੇ ਹੋਰ ਭਲਾਈ ਸਕੀਮਾਂ ਦਾ ਪੈਸਾ ਵੀ ਕੁਰੱਪਟ ਸਿਆਸੀ-ਅਫਸਰਸ਼ਾਹੀ ਗਠਜੋੜ ਦੀਆਂ ਗੋਗੜਾਂ 'ਚ ਜਾਂਦਾ ਰਿਹਾ। ਜਨਤਕ ਜਾਇਦਾਦਾਂ ਵੇਚਣ ਦੀ ਰੱਦੀ ਸਰਕਾਰੀ ਨੀਤੀ ਨੂੰ ਵੇਲੇ ਦੇ ਸਿਆਸੀ ਪ੍ਰਭੂਆਂ ਨੇ ਆਪਣੇ ਨਿੱਜੀ ਲਾਭਾਂ ਲਈ ਨਾਪਾਕ ਵਿਉਪਾਰ 'ਚ ਤਬਦੀਲ ਕਰ ਲਿਆ। ਪੁਲਸ ਪ੍ਰਸ਼ਾਸਨ ਦਾ ਮੁਕੰਮਲ ਤੌਰ 'ਤੇ ਸਿਆਸੀਕਰਣ ਕਰ ਦਿੱਤਾ ਗਿਆ। ਲੋਕ ਇਉਂ ਕਹਿਣ ਲੱਗ ਪਏ ਸਨ ਕਿ ਹਰ ਵਿਭਾਗ ਦੇ ਅਧਿਕਾਰੀ ਅਕਾਲੀ ਕਾਰਕੁੰਨਾਂ ਵਾਂਗੂੰ ਵਿਹਾਰ ਕਰਦੇ ਹਨ। ਉਪਰੋਕਤ ਚੌਤਰਫ਼ਾ ਨਾਕਾਮੀਆਂ ਅਤੇ ਸਰਵ ਵਿਆਪੀ ਲੁੱਟ ਤੋਂ ਅੱਕੇ ਲੋਕਾਂ ਨੇ ਅਕਾਲੀ-ਭਾਜਪਾ ਗਠਜੋੜ ਸਰਕਾਰ ਨੂੰ ਚਲਦਾ ਕਰਨ ਦਾ ਪੱਕਾ ਮਨ ਬਣਾ ਲਿਆ। ਲੋਕ ਇਹ ਸੋਚਦੇ ਸਨ ਕਿ ਨਵੀਂ ਸਰਕਾਰ ਉਨ੍ਹਾਂ ਨੂੰ ਨਾਂ ਕੇਵਲ ਉਪਰੋਕਤ ਲੁੱਟ ਅਤੇ ਲਾਕਾਨੂੰਨੀ ਤੋਂ ਰਾਹਤ ਦਿਵਾਏਗੀ ਬਲਕਿ ਉਨ੍ਹਾਂ ਦਾ ਜੀਵਨ ਪੱਧਰ ਸਹੀ ਮਾਇਨਿਆਂ 'ਚ ਉਚਾ ਚੁੱਕਣ ਲਈ ਠੋਸ ਕਦਮ ਚੁੱਕੇਗੀ।
ਲੋਕਾਂ ਦੀਆਂ ਉਚੀਆਂ ਆਸਾਂ ਦਾ ਅਗਲਾ ਕਾਰਨ ਇਹ ਸੀ ਕਿ ਲੋਕ ਮਨਾਂ 'ਚ ਵਿਆਪਤ ਭਾਰੀ ਬੇਚੈਨੀ ਅਤੇ ਲੋਕਾਂ ਦੀਆਂ ਫੌਰੀ ਉਮੰਗਾਂ/ਲੋੜਾਂ ਨੂੰ ਭਾਂਪਦਿਆਂ ਸੂਬੇ ਦੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਬੜੇ ਵੱਡੇ-ਵੱਡੇ ਚੋਣ ਵਾਅਦੇ ਕੀਤੇ ਸਨ। ਕੁੱਝ ਵੰਨਗੀਆਂ ਇਸ ਤਰ੍ਹਾਂ ਹਨ।


ਸਮੁੱਚੇ ਖੇਤੀ ਕਰਜ਼ੇ 'ਤੇ ਲੀਕ ਮਾਰ ਕੇ ਕਿਸਾਨੀ ਧੰਦੇ 'ਚ ਲੱਗੇ ਲੋਕਾਂ ਦੀਆਂ ਨਿੱਤ ਹੋ ਰਹੀਆਂ ਖੁਦਕੁਸ਼ੀਆਂ ਨੂੰ ਠੱਲ੍ਹ ਪਾਈ ਜਾਵੇਗੀ।
 

ਹਰ ਘਰ 'ਚ ਘੱਟੋ-ਘੱਟ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।
 

ਬਠਿੰਡਾ ਵਿਖੇ ਹੋਈ ਸੂਬਾਈ ਰੈਲੀ 'ਚ ਅਜੋਕੇ ਮੁੱਖ ਮੰਤਰੀ ਨੇ ਹੱਥ 'ਚ ਗੁਟਕਾ ਫੜ੍ਹ ਕੇ ਸਹੁੰ ਖਾਧੀ ਸੀ ਕਿ ਕਾਂਗਰਸ ਸਰਕਾਰ ਬਣਨ ਪਿਛੋਂ ਹਫਤੇ ਦੇ ਅੰਦਰ-ਅੰਦਰ ਸੂਬੇ 'ਚੋਂ ਹਰ ਕਿਸਮ ਦੇ ਨਸ਼ਿਆਂ ਅਤੇ ਨਸ਼ਾ ਕਾਰੋਬਾਰੀਆਂ ਦਾ ਮੁਕੰਮਲ ਸਫਾਇਆ ਕਰ ਦਿੱਤਾ ਜਾਵੇਗਾ। ਨਸ਼ਾ ਤਸਕਰਾਂ ਅਤੇ ਉਨ੍ਹਾਂ ਦੇ ਮਦਦਗਾਰਾਂ ਨੂੰ ਸੀਖਾਂ ਪਿੱਛੇ ਡੱਕਿਆ ਜਾਵੇਗਾ।
 

ਰੇਤ ਬੱਜਰੀ, ਕੇਬਲ, ਟਰਾਂਸਪੋਰਟ, ਖਨਣ ਆਦਿ ਮਾਫੀਆ, ਗੁੰਡਾ ਗਰੋਹਾਂ, ਅਪਰਾਧੀ ਤੱਤਾਂ, ਭ੍ਰਿਸ਼ਟਾਚਾਰ ਰਾਹੀਂ ਵੱਡੀਆਂ ਜਾਇਦਾਦਾਂ ਬਨਾਉਣ ਵਾਲਿਆਂ ਨੂੰ ਜੇਲ੍ਹੀ ਬੰਦ ਕੀਤਾ ਜਾਵੇਗਾ ਇਸ ਮਾਮਲੇ 'ਚ ਤਾਂ ਅਜੋਕੇ ਮੁੱਖ ਮੰਤਰੀ ਬੜੀ ਵਾਰ ਪਿਛਲੇ ਮੁੱਖ ਮੰਤਰੀ ਦੇ ਪਰਵਾਰਕ ਮੈਂਬਰਾਂ, ਕਰੀਬੀ ਰਿਸ਼ਤੇਦਾਰਾਂ ਅਤੇ ਹੋਰਨਾਂ ਵਜ਼ੀਰਾਂ ਆਦਿ ਦਾ ਨਾਂਅ ਵੀ ਚੋਣ ਸਭਾਵਾਂ 'ਚ ਲੈਂਦੇ ਰਹੇ।
 

ਹਰੇਕ ਨੌਜਵਾਨ ਨੂੰ ਵਾਈ-ਫਾਈ ਕੁਨੈਕਸ਼ਨ ਸਮੇਤ ਉਚ ਤਕਨੀਕ ਵਾਲਾ ਮੋਬਾਇਲ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਦੇ ਹੋਰ ਵੀ ਅਨੇਕਾਂ ਵਾਅਦੇ ਪੰਜਾਬ ਦੇ ਆਮ ਵੋਟਰਾਂ ਨਾਲ ਸੂਬੇ ਦੀ ਕਾਂਗਰਸ ਪਾਰਟੀ ਵਲੋਂ ਚੋਣਾਂ ਜਿੱਤਣ ਲਈ ਕੀਤੇ ਗਏ ਸਨ। ਇਹ ਕਹਿਣਾ ਕੁਥਾਂ ਨਹੀਂ ਹੋਵੇਗਾ ਕਿ ਕਾਂਗਰਸ ਪਾਰਟੀ ਨੇ ਚੋਣਾਂ ਜਿੱਤਣ ਲਈ ਲੋਕਾਂ ਦੀ ਦੁਖਦੀ ਰਗ 'ਤੇ ਹੱਥ ਧਰਿਆ ਸੀ।
ਪਰ ਫਰਵਰੀ 2017 'ਚ ਪੰਜਾਬੀ ਵੋਟਰਾਂ ਕੋਲੋਂ ਸਪੱਸ਼ਟ ਬਹੁਮਤ ਦਾ ਫ਼ਤਵਾ ਲੈ ਕੇ ਸੂਬਾਈ ਹਕੂਮਤ ਦੀ ਵਾਗਡੋਰ ਸਾਂਭਣ ਵਾਲੀ ਕਾਂਗਰਸ ਸਰਕਾਰ, ਜਿਸ ਨੂੰ ਚੋਣਾਂ 'ਚ ਇਕ ਵਿਸ਼ੇਸ਼ ਰਣਨੀਤੀ ਅਧੀਨ ਕੈਪਟਨ ਦੀ ਸਰਕਾਰ ਵਲੋਂ ਪਰਚਾਰਿਆ ਗਿਆ ਸੀ, ਲੋਕਾਂ ਨੂੰ ਪਿਛਲੀ ਸਰਕਾਰ ਵਲੋਂ ਦਿੱਤੇ ਗਏ ਅਣਗਿਣਤ ਕਸ਼ਟਾਂ 'ਚ ਵਾਧਾ ਕਰਨ ਵਾਲੀ ਹੀ ਸਾਬਤ ਹੋਈ ਹੈ ਅਤੇ ਇਹ ਕਹਿਣਾ ਵੀ ਢੁਕਵਾਂ ਹੋਵੇਗਾ ਕਿ ਸਰਕਾਰ ਦੀ ਇਹੀ ''ਚਿਹਰਾ 'ਤੇ ਚਾਲ'' ਕਾਇਮ ਰਹਿਣੇ ਹਨ।
ਨਾ ਤਾਂ ਇਸ ਸਰਕਾਰ ਨੇ ਲੋਕਾਂ ਦੀਆਂ ਜੀਵਨ ਹਾਲਤਾਂ ਸੁਧਾਰਨ ਵੱਲ ਕੋਈ ਪੁਲਾਂਘ ਪੁੱਟੀ ਹੈ ਅਤੇ ਨਾ ਹੀ ਪਿਛਲੀ ਸਰਕਾਰ ਦੇ ਕੁਸ਼ਾਸਨ ਤੋਂ ਲੋਕਾਂ ਦਾ ਖਹਿੜਾ ਛੁਡਾਉਣ ਲਈ ਕੋਈ ਠੋਸ ਕਦਮ  ਚੁੱਕਿਆ ਹੈ। ਬਲਕਿ ਲੋਕਾਂ ਨੂੰ ਮਹਿਸੂਸ ਇਹ ਹੋਣ ਲੱਗ ਪਿਆ ਹੈ ਕਿ ਪਿਛਲੀ ਸਰਕਾਰ ਦੇ ਆਸ਼ੀਰਵਾਦ ਨਾਲ ਚੰਮ ਦੀਆਂ ਚਲਾਉਣ ਵਾਲੇ ਗੈਰ ਸਮਾਜੀ ਤੱਤਾਂ ਨੂੰ ਐਨ ਉਸੇ ਤਰਜ਼ 'ਤੇ ਨਵੀਂ ਹਕੂਮਤ ਦਾ ਥਾਪੜਾ ਮਿਲ ਗਿਆ ਹੈ।
ਬਹੁਤੀ ਪਰਚਾਰੀ ਗਈ ਕਰਜ਼ਾ ਮੁਆਫੀ ਦੀ ਰਾਹਤ ਬਾਹਰੋਂ ਦੇਖਣ ਨੂੰ ਤਾਂ ਭਰੇ ਭੜੌਲੇ ਵਰਗੀ ਲੱਗਦੀ ਹੈ ਪਰ ਅੰਦਰੋਂ ਤੂਤੜਾ ਹੀ ਹੈ। ਉਘੇ ਖੇਤੀ ਮਾਹਿਰਾਂ ਅਤੇ ਜਮਹੂਰੀ ਕਿਸਾਨ ਸੰਗਠਨਾਂ ਵਲੋਂ ਦਿੱਤੇ ਗਏ ਤੱਥਾਂ ਅਨੁਸਾਰ 82 ਹਜ਼ਾਰ ਕਰੋੜ ਰੁਪਏ ਦੇ ਕਰਜ਼ਿਆਂ 'ਚੋਂ ਕੇਵਲ ਪੰਦਰਾਂ ਸੌ ਕਰੋੜ ਰੁਪਏ ਦੇ ਕਰਜ਼ੇ (ਸਰਕਾਰੀ ਬਿਆਨਾਂ ਅਨੁਸਾਰ) ਮੁਆਫ ਹੋਣੇ ਹਨ। ਕਿਸਾਨਾਂ ਸਿਰ ਸਾਹੂਕਾਰਾਂ ਅਤੇ ਹੋਰ ਨਿੱਜੀ ਸੰਸਥਾਵਾਂ ਦੇ ਕਰਜ਼ਿਆਂ ਦਾ ਜ਼ਿਕਰ ਤੱਕ ਵੀ ਨਹੀਂ ਕੀਤਾ ਗਿਆ। ਕੁੱਲ ਮਿਲਾ ਕੇ ਕਿਸਾਨਾਂ ਦੀ ਕਰਜ਼ਾ ਮੁਆਫੀ ਊਠ ਤੋਂ ਛਾਨਣੀ ਲਾਹੁਣ ਦੀ ਮਿਸਾਲ ਤੋਂ ਵੀ ਨਿਗੂਣੀ ਹੈ। ਇਸੇ ਲਈ ਕਰਜ਼ਾ ਮਾਫੀ ਦੇ ਅੱਧ ਅਧੂਰੇ ਐਲਾਨਾਂ ਤੋਂ ਬਾਅਦ ਵੀ ਖੁਦਕੁਸ਼ੀਆਂ ਦਾ ਦੁਖਦਾਈ ਸਿਲਸਿਲਾ ਜਾਰੀ ਹੈ।
ਇਸ ਕਰਜ਼ਾ-ਮੁਆਫੀ ਦੇ ਐਲਾਨ ਦੀ ਸਭ ਤੋਂ ਵੱਡੀ ਜ਼ਿਆਦਤੀ ਹੈ, ਸੂਬੇ ਦੇ ਬੇਜ਼ਮੀਨੇ ਦਿਹਾਤੀ ਮਜ਼ਦੂਰਾਂ ਨੂੰ ਇਸ ਰਾਹਤ ਤੋਂ ਵਾਂਝੇ ਰੱਖਣਾ। ਖੁਦਕੁਸ਼ੀਆਂ ਦੇ ਅੰਕੜੇ ਦੱਸਦੇ ਹਨ ਕਿ ਆਪਣਾ ਆਪ ਮੁਕਾਉਣ ਵਾਲਿਆਂ 'ਚ ਅੱਧ ਦੇ ਨੇੜੇ-ਤੇੜੇ ਬੇਜ਼ਮੀਨੇ ਦਿਹਾਤੀ ਮਜ਼ਦੂਰ ਹਨ। ਉਕਤ ਬੇਜ਼ਮੀਨੇ ਪਰਿਵਾਰਾਂ ਦੀ ਔਸਤ ਆਮਦਨ 19000 ਰੁਪਏ ਪ੍ਰਤੀ ਸਾਲ ਅਤੇ ਔਸਤ ਕਰਜ਼ਾ ਸੱਤਰ ਹਜ਼ਾਰ ਰੁਪਏ ਹੈ। ਸਰਕਾਰ ਨੇ ਇਸ ਭਿਅੰਕਰ ਪਾੜੇ ਵੱਲ ਮੁੱਢਲਾ ਧਿਆਨ ਵੀ ਨਹੀਂ ਦਿੱਤਾ। ਇਨ੍ਹਾਂ ਬੇਜ਼ਮੀਨੇ ਪਰਵਾਰਾਂ ਸਿਰ ਚੜ੍ਹੇ ਕੁਲ ਕਰਜ਼ੇ ਦਾ 92% ਗੈਰ ਸਰਕਾਰੀ ਸੰਸਥਾਵਾਂ ਦਾ ਕਰਜ਼ਾ ਹੈ। ਕਰਜ਼ਾ ਮਾਫੀ ਦੇ ਐਲਾਨ ਢਿੱਡੋਂ ਭੁੱਖਿਆਂ ਨੂੰ ਯੋਗ ਕਰਕੇ ਸਵਸਥ ਰਹਿਣ ਦੀ ''ਨੇਕ ਸਲਾਹ'' ਵਰਗੇ ਹੀ ਬੇਅਰਥੇ ਹਨ।
ਜੋ ਕੁੱਝ ਜੂਨ ਦੇ ਆਖਰੀ ਹਫਤੇ ਵਿਧਾਨ ਸਭਾ 'ਚ ਹੋਇਆ ਵਾਪਰਿਆ ਹੈ ਉਹ ਵੀ ਬੜਾ ਚਿੰਤਾਜਨਕ ਹੈ। ਰਾਜ ਕਰਦੀ ਪਾਰਟੀ ਕਾਂਗਰਸ, ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ ਨੁੱਕਰੇ ਲੱਗੇ ਅਕਾਲੀ-ਭਾਜਪਾ ਗਠਜੋੜ ਦੇ ਵਿਧਾਇਕਾਂ ਨੇ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਵੱਡ ਅਕਾਰੀ ਸਮੱਸਿਆਵਾਂ ਤੇ ਸੰਜੀਦਾ ਵਿਚਾਰ ਵਟਾਂਦਰੇ ਉਪਰੰਤ ਉਕਤ ਸਮੱਸਿਆਵਾਂ ਦਾ ਯੋਗ ਹੱਲ ਲੱਭਣ ਦੀ ਥਾਂ ਜੂਤ ਪਤਾਣ ਤੇ ਦਸਤਾਰ ਖੋਹੀ ਦੀ ਭੱਦੀ ਖੇਡ ਖੇਡੀ। ਲੋਕ ਮਸਲਿਆਂ ਦੀ ਥਾਂ ਨਿੱਜੀ ਹਊਮੈਂ ਦੀ ਖਾਤਰ ਹੋਏ ਉਕਤ ਬੇਲੋੜੇ ਦੰਗਲ ਨੇ ਇਹ ਸਾਫ ਕਰ ਦਿੱਤਾ ਹੈ ਕਿ ਪੰਜ ਸਾਲ ਵਿਧਾਨ ਸਭਾ ਲੋਕਾਂ ਦੇ ਹੱਕਾਂ ਲਈ ਕਿੰਝ ਦੇ ਪਾਪੜ ਵੇਲੇਗੀ।
ਠੀਕ ਉਪਰੋਕਤ ਘਟਣਾਕ੍ਰਮ ਨਾਲ ਮੇਚਵਾਂ ਹੀ ਸੂਬੇ ਦੀ ਕਾਂਗਰਸ ਹਕੂਮਤ ਦਾ ਪਲੇਠਾ ਬਜਟ ਹੈ।
ਪਹਿਲੀ ਗੱਲ ਤਾਂ ਇਹ ਹੈ ਕਿ ਨਾ ਲੋਕ ਵਿਰੋਧੀ ਬਜਟ ਨਵਾਂ ਹੈ ਤੇ ਨਾ ਹੀ ਵਿੱਤ ਮੰਤਰੀ।
ਮੌਜੂਦਾ ਵਿੱਤ ਮੰਤਰੀ ਦਾ ਅਕਾਲੀ ਹਕੂਮਤ ਵੇਲੇ ਲੋਕਾਂ ਦੀਆਂ ਜੇਬਾਂ 'ਤੇ ਵੱਡੇ ਡਾਕੇ ਮਾਰਨ ਵਾਲੇ ਬਜਟ ਪੇਸ਼ ਕਰਨ ਦਾ ਚੰਗਾ ਚੋਖਾ ਰਿਕਾਰਡ ਹੈ। ਅੱਜ ਨਵੇਂ ਵਸਤਰ ਧਾਰਣ ਕਰਕੇ ਵਿੱਤ ਮੰਤਰੀ ਨੇ ਪੁਰਾਣੇ ਭੋਜ ਪਦਾਰਥ ਹੀ ਪਰੋਸੇ ਹਨ। ਇਸ ਬਜਟ ਦੀ ''ਖੂਬੀ'' ਇਹ ਹੈ ਕਿ ਇਸ ਵਿਚ ਚੋਣ ਵਾਅਦੇ ਪੂਰੇ ਕਰਨ ਦਾ ਝਲਕਾਰਾ ਮਾਤਰ ਵੀ ਨਹੀਂ ਦਿੱਸਦਾ। ਮਸਲਨ ਜੇ ਲੋਕਾਂ ਦੀ ਹਾਲਤ 'ਚ ਸੁਧਾਰ ਕਰਨਾ ਹੈ ਤਾਂ ਲੋੱਖਾਂ ਵਿਭਾਗੀ ਕੱਚੇ ਕਾਮਿਆਂ ਨੂੰ ਪੱਕੇ ਕਰਦਿਆਂ ਯੋਗ ਉਜਰਤਾਂ ਤੈਅ ਕਰਨੀਆਂ ਅਤੀ ਜ਼ਰੂਰੀ ਹਨ। ਨਾਲ ਹੀ ਸਾਰੇ ਵਿਭਾਗਾਂ 'ਚ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ ਦੀ ਲੋੜ ਹੈ। ਖੇਤੀ 'ਚੋਂ ਮਸ਼ੀਨਰੀਕਰਨ ਰਾਹੀਂ ਬਾਹਰ ਹੋ ਚੁੱਕੇ ਖੇਤ ਮਜ਼ਦੂਰਾਂ, ਜਮੀਨਾਂ ਗੁਆ ਕੇ ਭੌਂ ਮਾਲਕਾਂ ਤੋਂ ਕਿਰਤੀਆਂ ਵਿਚ ਤਬਦੀਲ ਹੋ ਚੁੱਕੇ ਛੋਟੇ ਕਿਸਾਨਾਂ ਅਤੇ ਥੋੜੀ ਭੋਂਇ 'ਚ ਲੋੜ ਤੋਂ ਵਧੇਰੇ ਜਾਨ ਖਪਾ ਰਹੇ ਕਿਸਾਨਾਂ ਨੂੰ ਖੇਤੀ ਤੋਂ ਬਾਹਰ ਉਦਯੋਗਾਂ ਅਤੇ ਹੋਰਨਾਂ ਕਿੱਤਿਆਂ 'ਚ ਫਿਟ ਕਰਨਾ ਵੀ ਅਤੀ ਲੋੜੀਂਦਾ ਹੈ। ਉਪਰੋਕਤ ਕਦਮਾਂ ਤੋਂ ਬਿਨਾਂ ਹਰ ਘਰ 'ਚ ਰੋਜਗਾਰ ਪੁੱਜਦਾ ਕਰਨ ਦਾ ਵਾਅਦਾ ਵਫਾ ਹੋਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਪੰਜਾਬ ਦੇ ਲੋਕਾਂ ਦੀਆਂ ਚਿੰਤਾਵਾਂ ਅਤੇ ਦਿੱਕਤਾਂ 'ਚ ਵਾਧਾ ਕਰਨ ਲਈ ਇਹ ਤੱਥ ਦੁੱਖ ਨਾਲ ਸਾਂਝਾ ਕਰਨਾ ਪੈ ਰਿਹਾ ਹੈ ਕਿ ਮਨਪ੍ਰੀਤ ਬਾਦਲ ਦੇ ਬਜਟ 'ਚ ਉਪਰੋਕਤ ਲੋਕ ਪੱਖੀ ਕਦਮਾਂ ਜਿਹਾ ਕੁਝ ਵੀ ਨਹੀਂ ਲੱਭਦਾ।
ਇਹ ਬਜਟ ਘਾਟੇ ਦਾ ਬਜਟ ਹੈ। ਆਮਦਨ ਖਰਚ ਦੇ ਪਾੜੇ ਨੂੰ ਪੂਰਨ ਲਈ ਸਹੀ ਟੈਕਸ ਪ੍ਰਣਾਲੀ ਅਤੀ ਲੋੜੀਂਦੀ ਹੈ। ਉਹ ਪ੍ਰਣਾਲੀ ਹੈ, ਜਿੰਨੀਆਂ ਵੱਡੀਆਂ ਕਿਸੇ ਦੀਆਂ ਆਮਦਨਾਂ ਅਤੇ ਅਸਾਸੇ ਹਨ ਉਹ ਉਨਾ ਹੀ ਵਧੇਰੇ ਟੈਕਸ ਅਦਾ ਕਰੇ ਅਤੇ ਜਿੰਨਾ ਕੋਈ ਆਮਦਨ ਪੱਖੋਂ ਊਣਾ ਹੋਵੇ ਉਸ ਨੂੰ ਉਨੀ ਹੀ ਰਾਹਤ ਮਿਲੇ। ਇਹ ਸ਼ੈਅ (ਟੈਕਸ ਵਿਧੀ) ਮੌਜੂਦਾ ਬਜਟ 'ਚ ਦੂਰ-ਦੂਰ ਤੱਕ ਵੀ ਨਜ਼ਰ ਨਹੀਂ ਆਉਂਦੀ। ਉਂਝ ਵਿੱਤ ਮੰਤਰੀ ਸ਼ੇਅਰੋ-ਸ਼ਾਇਰੀ ਅਤੇ ਅੰਕੜਿਆਂ ਦੀ ਜਾਦੂਗਰੀ ਦੇ ਪੂਰੇ ਮਾਹਿਰ ਹਨ।
ਇਸ ਬਜਟ 'ਚ ਇਕ ਭਾਰੀ ਭਰਕਮ ਐਲਾਨ ਇਹ ਵੀ ਕੀਤਾ ਗਿਆ ਹੈ ਕਿ ਇਸ ਸਾਲ ਦੋ ਹਜ਼ਾਰ ਮਕਾਨ ਬਣਾ ਕੇ ਦੇਣੇ ਹਨ। ਸੂਬੇ ਦੇ 13 ਹਜ਼ਾਰ ਤੋਂ ਵਧੇਰੇ ਪਿੰਡ ਹਨ। ਵਿੱਤ ਮੰਤਰੀ ਨੇ 11 ਹਜ਼ਾਰ ਪਿੰਡਾਂ ਨੂੰ ਉਂਝ ਹੀ ਵਿਸਾਰ ਦਿੱਤਾ ਹੈ। ਦੋ ਹਜ਼ਾਰ ਮਕਾਨ ਬਾਕੀ ਦੇ ਦੋ ਹਜ਼ਾਰ ਪਿੰਡਾਂ 'ਚ ਬਣਨਗੇ ਯਾਨਿ ਇਕ ਪਿੰਡ 'ਚ ਇਕ ਮਕਾਨ। ਚਾਲਾਕ ਵਿੱਤ ਮੰਤਰੀ ਨੇ ਜਾਣ ਬੁੱਝ ਕੇ ਬੇਘਰਿਆਂ ਦੀ ਗਿਣਤੀ ਨਹੀਂ ਦੱਸੀ।
ਕੁਲ ਮਿਲਾ ਕੇ ਇਸ ਬਜਟ 'ਚੋਂ ਪੰਜਾਬ ਵਾਸੀਆਂ ਦੇ ਪੱਲੇ ਨਿਰਾਸ਼ਾ ਹੀ ਪੈਣੀ ਹੈ। ਰਸਤਾ ਲੋਕ ਉਮੰਗਾਂ ਦੀ ਪੂਰਤੀ ਦਾ ਇਕੋ ਹੀ ਹੈ। ਉਹ ਹੈ ਜਮਾਤੀ ਏਕਤਾ ਅਤੇ ਬੱਝਵੇਂ ਸੰਗਰਾਮ। ਇਸ ਰਸਤੇ ਤੁਰੇ ਤੋਂ ਬਗੈਰ ਨਾ ਪੰਜਾਬ ਵਾਸੀਆਂ ਦੀ ਹੋਣੀ ਬਦਲਣੀ ਹੈ ਅਤੇ ਨਾ ਹੀ ਦੇਸ਼ ਦੀ ਕਿਰਤੀ ਜਮਾਤ ਦੀ।