Friday, 10 June 2016

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਜੂਨ 2016)

ਪਾਕਿਸਤਾਨੀ ਕਹਾਣੀ : ਇਨਸਾਨੀਅਤ ਦਾ ਰਿਸ਼ਤਾ
 
- ਜ਼ੁੱਬੇਦਾ ਸੁਲਤਾਨਾ 
 ਮੇਰੀ ਇਕ ਸਹੇਲੀ ਤਾਜ ਬੀਬੀ ਦੂਰ ਪਾਰ ਦੇ ਸਾਕੋਂ ਭੈਣ ਵੀ ਸੀ,  ਉਕ੍ਹਾੜੇ ਵਲ ਰੇਨਾਵਾ ਖੁਰਦ ਦੇ ਇਕ ਪਿੰਡ 'ਬਾਸੇ ਬਾਵੇ' ਵਿਆਹੀ ਹੋਈ ਸੀ। ਉਹਦਾ ਖਾਵੰਦ ਚੰਗਾ ਖਾਂਦਾ-ਪੀਂਦਾ ਜਿਮੀਂਦਾਰ ਸੀ। ਕੋਲ ਪੈਸਾ ਹੋਵੇ ਤਾਂ ਬੰਦੇ ਨੂੰ ਉਹਦੇ ਨਿਕਾਸ ਲਈ ਨਵੇਂ ਨਵੇਂ ਢੰਗ ਸੁਝਦੇ ਨੇ। ਤਾਜ ਨੂੰ ਵੀ ਆਪਣੀ ਵੱਡੀ ਧੀ ਨੂੰ ਨਿੱਕੀ ਜੇਹੀ ਉਮਰੇ ਵਿਆਹੁਣ ਦਾ ਚਾਅ ਚੜ੍ਹ ਗਿਆ ਤੇ ਉਹਨੇ ਬੜੀ ਉਚੇਚ ਨਾਲ ਸ਼ਹਿਰੋਂ ਸਾਰਿਆਂ ਸਾਕਾਂ ਅੰਗਾਂ ਨੂੰ ਸੱਦਾ ਘੱਲਿਆ। ਮੈਂ ਤੇ ਮੇਰੀ ਨਿੱਕੀ ਭੈਣ 'ਕੁਮਰ' ਬੜੇ ਚਾਅ ਨਾਲ ਪਿੰਡ ਜਾਣ ਲਈ ਤਿਆਰ ਹੋ ਗਈਆਂ। ਸ਼ਹਿਰੋਂ ਹੋਰ ਲੋਕਾਂ ਵੀ ਜਾਣਾ ਸੀ। ਚੰਗਾ ਸੰਗ ਬਣ ਗਿਆ। ਅਗਲੇ ਦਿਹਾੜੇ ਸਵੇਰ ਦੀ ਗੱਡੀ 'ਤੇ ਜਾਣ ਦਾ ਫੈਸਲਾ ਹੋਇਆ। ਸਾਰਿਆਂ ਨੇ ਆਪੋ ਆਪਣੇ ਘਰੋਂ ਸਟੇਸ਼ਨ 'ਤੇ ਆ ਕੇ ਇਕੱਠੇ ਹੋਣਾ ਸੀ। ਅਸੀਂ ਦੋਵੇਂ ਭੈਣਾਂ ਵੀ ਖੁਸ਼ੀ ਖੁਸ਼ੀ ਸਟੇਸ਼ਨ ਤੇ ਅੱਪੜੀਆਂ ਪਰ ਅਸੀਂ ਅਜੇ ਟਾਂਗੇ ਵਿਚੋਂ ਵੀ ਨਹੀਂ ਉਤਰੀਆਂ ਸਾਂ ਜੋ ਗੱਡੀ ਨੇ ਵਿਸਲ ਦਿੱਤੀ ਤੇ ਟੁਰ ਪਈ। ਦਿਲ ਡਾਢ੍ਹਾ ਬੁਰਾ ਹੋਇਆ। ਕੁਮਰ ਦੀਆਂ ਅੱਖਾਂ ਵਿਚ ਤਾਂ ਹੰਝੂ ਭਰ ਆਏ। ਟਾਂਗੇ ਵਾਲਾ ਪੁੱਛਣ ਲਗਾ, 'ਬੀਬੀ ਜੀ, ਹੁਣ ਕੀਹ ਹੁਕਮ ਏ? ਮੈਂ ਆਖਿਆ, 'ਘਰ ਮੁੜ ਚੱਲ, ਹੋਰ ਕੀ ਹੋ ਸਕਦਾ ਏ?'
ਪਰ ਕੁਮਰ ਆਖਣ ਲੱਗੀ,'ਨਹੀਂ ਬਾ ਜੀ, ਜਿਵੇਂ ਕਿਵੇਂ ਅੱਜ ਹੀ ਚੱਲੋ। ਘਰ ਮੁੜ ਗਏ ਤੇ ਫੇਰ ਸਾਨੂੰ ਕਿਸੇ ਨਹੀਂ ਜੇ ਜਾਣ ਦੇਣਾ।'
ਕੁਮਰ ਦੇ ਰੋਣ ਤੇ ਜ਼ਿਦ ਕਰਨ ਤੇ ਮੈਂ ਪਰੇਸ਼ਾਨ ਹੋ ਗਈ। ਟਾਂਗੇ ਵਾਲਾ ਆਖਣ ਲੱਗਾ, 'ਬੀਬੀ ਜੀ! ਬੱਸ 'ਤੇ ਚਲੇ ਜਾਓ।'
ਮੈਂ ਆਖਿਆ, 'ਭਾਈ ਅਸਾਂ ਬੱਸ ਤੇ ਕਦੀ ਸਫਰ ਨਹੀਂ ਕੀਤਾ, ਸਾਨੂੰ ਕੀ ਪਤੈ ਬੱਸਾਂ ਕਿਥੋਂ ਚਲਦੀਆਂ ਨੇ?'
ਟਾਂਗੇ ਵਾਲਾ ਬੋਲਿਆ, 'ਸੁਲਤਾਨ ਦੀ ਸਰ੍ਹਾਂ ਤੋਂ ਉਕ੍ਹਾੜੇ ਨੂੰ ਬਸ ਜਾਂਦੀ ਏ।' ਮੇਰਾ ਦਿਲ ਨਾ ਮੰਨੇ ਪਰ ਕੁਮਰ ਨੇ ਜ਼ਿਦ ਫੜ ਲਈ ਤੇ ਮੈਂ ਮਜ਼ਬੂਰ ਹੋ ਗਈ। ਆਖਰ ਟਾਂਗੇ ਵਾਲਾ ਸਾਨੂੰ ਬੱਸਾਂ ਦੇ ਅੱਡੇ 'ਤੇ ਲੈ ਆਇਆ। ਬਸ ਤਿਆਰ ਖਲੋਤੀ ਸੀ। ਸ਼ੁਕਰ ਕੀਤਾ ਜੋ ਸਾਨੂੰ ਦੋ ਸੀਟਾਂ ਵੀ ਮਿਲ ਗਈਆਂ। ਸਾਡੇ ਨਾਲ ਬਰਾਬਰ ਵਾਲੀ ਸੀਟ 'ਤੇ ਇਕ ਸਿੱਖ ਮੁੰਡਾ, ਇਕ ਜਵਾਨ ਜਿਹੀ ਕੁੜੀ ਤੇ ਇਕ ਬੁੱਢਾ ਸਰਦਾਰ ਬੈਠੇ ਸਨ।
ਬਸ ਚਲ ਪਈ ਤੇ ਬੁੱਢੇ ਸਰਦਾਰ ਹੋਰਾਂ ਬਾਰੀ ਦਾ ਸ਼ੀਸ਼ਾ ਬੰਦ ਕਰ ਕੇ ਸਾਡੇ ਵੱਲ ਧਿਆਨ ਪਾਇਆ। ਫੇਰ ਮੁੰਡੇ ਨੂੰ ਲੈ ਕੇ ਆਪਣੀ ਸੀਟ ਤੋਂ ਉਠ ਖਲੋਤੇ ਤੇ ਆਖਿਆ, 'ਬੀਬੀਓ ਧੀਓ! ਤੁਸੀਂ ਏਧਰ ਆਪਣੀ ਭੈਣ ਕੋਲ ਆ ਬੈਠੋ।' ਅਸੀਂ ਦੋਵੇਂ ਉਠ ਕੇ ਉਸ ਕੁੜੀ ਦੇ ਕੋਲ ਆ ਗਈਆਂ ਤੇ ਸਰਦਾਰ ਹੋਰੀਂ ਮੁੰਡੇ ਨੂੰ ਲੈ ਕੇ ਸਾਡੇ ਵਾਲੀ ਸੀਟ 'ਤੇ ਆ ਗਏ। ਫੇਰ ਉਹਨਾਂ ਆਪਣੀ ਚਾਦਰ ਲਾਹ ਕੇ ਸਾਡੀ ਸੀਟ ਦੇ ਅੱਗੇ ਤਾਣ ਦਿੱਤੀ। ਤੇ ਆਖਣ ਲੱਗੇ, 'ਲਓ ਹੁਣ ਬੁਰਕੇ ਚੁੱਕ ਲਵੋ ਤੇ ਤਿੰਨੇ ਭੈਣਾਂ ਬਹਿ ਕੇ ਗੱਲਾਂ ਕਰੋ, ਜੋ ਸਫਰ ਚੰਗਾ ਕੱਟ ਜਾਏ।'
ਓਹਲਾ ਹੋ ਗਿਆ ਤੇ ਕੁੜੀ ਨੇ ਵੀ ਉਪਰ ਦੀ ਲਪੇਟੀ ਹੋਈ ਚਾਦਰ ਲਾਹ ਦਿੱਤੀ। ਉਹਨੇ ਗੋਟੇ-ਕਿਨਾਰੀ ਵਾਲੇ ਲਿਸ਼ਕਦੇ ਕੱਪੜੇ ਤੇ ਗਹਿਣੇ ਪਾਏ ਹੋਏ ਸਨ। ਉਹਦਾ ਨਵਾਂ-ਨਵਾਂ ਵਿਆਹ ਹੋਇਆ ਜਾਪਦਾ ਸੀ। ਗੱਲਾਂ-ਗੱਲਾਂ ਵਿਚ ਪਤਾ ਲੱਗਾ, ਜੇ ਉਹ ਲਾਹੌਰ ਵਿਆਹੀ ਹੋਈ ਏ। ੳਹਦੇ ਭਾਪਾ ਜੀ ਉਕ੍ਹਾੜੇ ਦੇ ਬੜੇ ਵੱਡੇ ਆੜ੍ਹਤੀ ਨੇ। ਉਹਦੇ ਵੀਰ ਦਾ ਵਿਆਹ ਏ ਤੇ ਭਾਪਾ ਜੀ ਉਹਨੂੰ ਲੈਣ ਆਏ ਨੇ ਗੱਲਾਂ ਵਿਚ ਸਫਰ ਦਾ ਪਤਾ ਈ ਨਾ ਲੱਗਾ। ਜਦੋਂ ਬੱਸ ਰੀਨਾਵੇ ਦੇ ਕੋਲ ਕੋਲ ਅੱਪੜੀ ਤੇ ਅਚਾਨਕ ਮੇਰੇ ਦਿਲ ਵਿਚ ਇਕ ਖਿਆਲ ਆਇਆ ਤੇ ਮੇਰਾ ਦਿਲ ਧੱਕ ਧੱਕ ਦੇ ਕੇ ਰਹਿ ਗਿਆ। ਮੈਂ ਘਾਬਰ ਕੇ ਕੁਮਰ ਨੂੰ ਆਖਿਆ 'ਕੁਮਰ! ਪਹਿਲਾਂ ਮੈਨੂੰ ਇਹ ਖਿਆਲ ਈ ਨਹੀਂ ਆਇਆ, ਤਾਜ ਦਾ ਪਿੰਡ ਤੇ ਰੇਨਾਵਾਂ ਖੁਰਦ ਤੋਂ ਅੱਗੇ ਵੇ।' ਇਹ ਸੁਣ ਕੇ ਕੁਮਰ ਵੀ ਘਬਰਾ ਗਈ ਤੇ ਪੁੱਛਣ ਲੱਗੀ 'ਕਿਹੜਾ ਪਿੰਡ ਏ? ਨਾਂ ਵੀ ਯਾਦ ਜੇ ਕਿ ਨਹੀਂ?'
ਮੈਂ ਆਖਿਆ 'ਨਾਂ ਤਾਜ ਦੀ ਫੁਫੀ, ਮੇਰੇ ਕੋਲੋਂ 'ਸ਼ਾਮਾ ਬਾਵਾ' ਨਾਂ ਈ ਲਿਖਵਾਂਦੀ ਸੀ।' ਸਾਡੀਆਂ ਗੱਲਾਂ ਸਰਦਾਰ ਹੁਰਾਂ ਦੇ ਕੰਨੀ ਪਈਆਂ ਤੇ ਉਹ ਬੋਲੇ 'ਧੀਓ! ਬਾਮਾ ਬਾਵਾ ਤੇ ਰੇਨਾਵਿਓਂ ਬਾਰਾਂ ਮੀਲ ਅੱਗੇ ਜੇ। ਦਿਹਾੜੀ ਵਿਚ ਇਕੋ ਲਾਰੀ ਪਿੰਡ ਨੂੰ ਜਾਂਦੀ ਏ ਤੇ ਉਹ ਦੋ ਵਜੇ ਟੁਰ ਗਈ ਹੋਵੇਗੀ। ਸਾਡੀ ਬੱਸ ਰੇਨਾਵਾ ਤਿੰਨ ਵਜੇ ਪੁੱਜੇਗੀ।
ਸਰਦਾਰ ਹੋਰਾਂ ਦੀ ਗੱਲ ਸੁਣ ਕੇ ਅਸੀਂ ਹੋਰ ਵੀ ਪ੍ਰੇਸ਼ਾਨ ਹੋ ਗਈਆਂ।
'ਹੁਣ ਕੀ ਹੋਵੇਗਾ ਬਾ ਜੀ?' ਕੁਮਰ ਆਖਣ ਲੱਗੀ ਪਰ ਇੰਜ ਲੱਗਦਾ ਸੀ ਜਿਵੇਂ ਸਰਦਾਰ ਹੋਰੀਂ ਸਾਡੇ ਕੋਲੋਂ ਵੱਧ ਪਰੇਸ਼ਾਨ ਹੋ ਗਏ ਸਨ। ਝੱਟ ਘੜੀ ਠਹਿਰ ਕੇ ਉਹ ਫੇਲ ਬੋਲੇ 'ਹੁਣ ਕੀ ਉਪਾਅ ਕੀਤਾ ਜਾਵੇ?' ਇਹ ਕੁੜੀਆਂ ਇਕੱਲੀਆਂ ਨੇ, ਨਾਲ ਕੋਈ ਬੰਦਾ ਵੀ ਨਹੀਂ। ਪਿੰਡ ਦਾ ਤੇ ਸਾਰਾ ਰਾਹ ਉਜਾੜ ਏ। ਉਤੋਂ ਸ਼ਾਮ ਢਲ ਆਵੇਗੀ। ਸਰਦੀਆਂ ਦੀਆਂ ਸ਼ਾਮਾਂ ਛੇਤੀ ਪੈ ਜਾਂਦੀਆਂ ਨੇ।' ਕੋਈ ਟਾਂਗਾ-ਯੱਕਾ ਤੇ ਜਾਂਦਾ ਈ ਹੋਵੇਗਾ ਦਾਦਾ ਜੀ।' ਮੁੰਡਾ ਆਖਣ ਲੱਗਾ।
'ਨਾ ਪੁੱਤਰ ਟਾਂਗੇ-ਯੱਕੇ ਦਾ ਕੀ ਭਰੋਸਾ? ਸਾਰਾ ਰਾਹ ਉਜਾੜ ਏ ਸਾਰਿਆਂ ਨੂੰ ਪਤਾ ਏ ਜੇ ਵਿਆਹ ਵਾਲੇ ਘਰ ਦੀਆਂ ਸਵਾਰੀਆਂ ਜੇ, ਕੋਈ ਗਹਿਣਾ ਲੀੜਾ ਵੀ ਕੋਲ ਹੋਵੇਗਾ। ਨਾ ਨਾ, ਟਾਂਗੇ ਰੇੜ੍ਹੇ 'ਤੇ ਕੁੜੀਆਂ ਇਕੱਲੀਆਂ ਨਹੀਂ ਜਾ ਸਕਦੀਆਂ।'
ਏਨੇ ਨੂੰ ਬੱਸ ਰੁਕ ਗਈ, ਸਵਾਰੀਆਂ ਉਤਰਨ ਲੱਗ ਪਈਆਂ। ਡਰੀਆਂ ਡਰੀਆਂ ਅਸੀਂ ਵੀ ਉਤਰ ਆਈਆਂ। ਸਰਦਾਰ ਹੋਰੀਂ ਵੀ ਸਾਡੇ ਪਿੱਛੇ ਆ ਗਏ ਤੇ ਡਰਾਇਵਰ ਦੇ ਕੋਲ ਜਾ ਕੇ ਆਖਣ ਲੱਗੇ, 'ਪੁੱਤਰ ਜੀ ਤੁਹਾਡਾ ਵਡੱਪਣ ਹੋਵੇਗਾ, ਤੁਸੀਂ ਰਤਾ ਕੁ ਸਹਾਰਾ ਕਰ ਲਓ, ਮੈਂ ਇਨ੍ਹਾਂ ਪਰਦੇ ਵਾਲੀਆਂ ਬੱਚੀਆਂ ਦਾ ਕੁਝ ਪ੍ਰਬੰਧ ਕਰ ਲਵਾਂ। ਆਖਰ ਧੀਆਂ ਦੀ ਜਾਤ ਨੇ ਇਨ੍ਹਾਂ ਨੂੰ ਇਕੱਲੀਆਂ ਵੀ ਲਾਹ ਕੇ ਨਹੀਂ ਨਾ ਜਾਣਾ।'
ਅਸੀਂ ਹੈਰਾਨ ਪਰੇਸ਼ਾਨ ਕੋਲ ਹੀ ਖਲੋਤੀਆਂ ਹੋਈਆਂ ਸਾਂ। ਏਨੇ ਨੂੰ ਚਿੱਟੇ ਪੰਜਾਬੀ ਬੁਰਕੇ ਵਾਲੀ ਇਕ ਜਨਾਨੀ ਆ ਗਈ ਤੇ ਪੁੱਛਣ ਲੱਗੀ, 'ਕੀਹਦੇ ਘਰ ਜਾਣਾ ਏ?' ਮੈਂ ਦੱਸਿਆ ਤੇ ਉਹ ਆਖਣ ਲੱਗੀ 'ਤੁਹਾਡੇ ਲਹੌਰ ਤੋਂ ਆਏ ਹੋਏ ਸੰਗੀ ਔਹ ਸਾਹਮਣੇ ਈ ਲੰਬੜਦਾਰਾਂ ਦੇ ਵਿਹੜੇ ਬੈਠੇ ਹੋਏ ਨੇ।
ਇਹ ਸੁਣ ਕੇ ਮੇਰੀ ਜਾਨ ਵਿਚ ਜਾਨ ਆਈ। ਮੈਂ ਸਰਦਾਰ ਹੁਰਾਂ ਨੂੰ ਦੱਸਿਆ, 'ਜੇ ਸਾਡੇ ਨਾਲ ਦੇ ਸੰਗੀ ਲੰਬੜਦਾਰਾਂ ਦੇ ਘਰ ਬੈਠੇ ਹੋਏ ਨੇ।' ਇਹ ਸੁਣ ਕੇ ਫੇਰ ਵੀ ਉਹ ਸਰਦਾਰ ਹੋਰੀਂ ਆਪਣੀ ਤਸੱਲੀ ਕਰਨ ਲਈ ਸਾਡੇ ਨਾਲ ਆਏ। ਸਾਡਾ ਸੂਟਕੇਸ ਮੁੰਡੇ ਨੇ ਚੁੱਕ ਲਿਆ ਤੇ ਧਰੇਕਾਂ ਦੀ ਘਣੀਂ ਛਾਂ ਵਾਲੇ ਮੈਦਾਨ ਅੱਪੜੇ ਤਾਂ ਸਾਹਮਣੇ ਹੀ ਬੂਹੇ ਦੇ ਕੋਲ ਮੇਰੇ ਚਾਚਾ ਜੀ ਖਲੋਤੇ ਦਿਸ ਪਏ। ਸਾਨੂੰ ਵੇਖ ਕੇ ਉਹ ਬਾਹਰ ਆ ਗਏ ਤੇ ਸਰਦਾਰ ਹੋਰਾਂ ਉਨ੍ਹਾਂ ਨਾਲ ਗੱਲਬਾਤ ਕਰ ਕੇ ਆਪਣੀ ਤਸੱਲੀ ਕੀਤੀ ਤੇ ਆਖਣ ਲੱਗੇ, 'ਲਊ ਧੀਓ-ਰਾਣੀਓ ਰੱਬ ਰਾਖਾ। ਅੱਗੇ ਤੋਂ ਕਦੀ ਘਰੋਂ ਇਕੱਲੀਆਂ ਨਾ ਟੁਰਨਾ... ਜ਼ਮਾਨਾ ਚੰਗਾ ਨਹੀਂ ਪੁੱਤਰ।'
ਸਾਡੇ ਸਿਰਾਂ ਉਤੇ ਹੱਥ ਫੇਰ ਕੇ ਉਹ ਬੱਸ ਵੱਲ ਮੁੜ ਗਏ। ਇਸ ਤੋਂ ਪਿਛੋਂ ਅਸੀਂ ਉਨ੍ਹਾਂ ਲੋਕਾਂ ਨੂੰ ਕਦੀ ਨਹੀਂ ਦੇਖਿਆ.... ਏਨੀ ਮੁਦੱਤ ਲੰਘ ਗਈ ਏ। ਉਹ ਮੁੰਡਾ ਵੀ ਹੁਣ ਬੁਢਾਪੇ ਵਿਚ ਪੈਰ ਪਾ ਚੁੱਕਾ ਹੋਵੇਗਾ। ਉਹ ਕੁੜੀ ਵੀ ਦੋਹਤਰ ਪੋਤਰ ਵਾਲੀ ਹੋ ਗਈ ਹੋਵੇਗੀ। ਸਰਦਾਰ ਹੁਰੀਂ ਤੇ ਸੁਰਗਵਾਸੀ ਹੋ ਚੁੱਕੇ ਹੋਣਗੇ। ਪਰ ਉਨ੍ਹਾਂ ਦਾ ਇਕ ਇਹ ਨੇਕ ਅਮਲ ਸਾਨੂੰ ਕਦੇ ਨਹੀਂ ਭੁੱਲੇਗਾ! ਸਦਾ ਚੇਤੇ ਰਹੇਗਾ।
ਲਿਪੀਆਂਤਰ : ਰਾਮ ਸਿੰਘ ਢੇਸੀ।

ਕਵਿਤਾ
ਖੁਦਕਸ਼ੀਆਂ ਦਾ ਮੌਸਮ
- ਸ਼ਿਵਨਾਥ
ਇਹ ਖ਼ੁਦਕੁਸ਼ੀਆਂ ਦਾ ਮੌਸਮ ਹੈ
ਤੇ ਭਰ ਜੋਬਨ ਹੈ ਮੌਤਾਂ ਦਾ
ਅਸੀਂ ਅੱਗੇ ਹਾਂ ਦੁਨੀਆਂ ਭਰ 'ਚੋਂ
ਜੇ ਕਰ ਅੰਕੜੇ ਦੱਸੀਏ
ਮਗਰ ਨਿਰਮਾਣ ਹਾਂ ਜੋ ਮਾਣ ਕਰਨੋ
ਝਿਜਕ ਜਾਂਦੇ ਹਾਂ।
ਤੇ ਥੋੜ੍ਹੇ ਕੀਤਿਆਂ ਹੰਕਾਰ ਤੋਂ
ਖਹਿੜਾ ਛੁਡਾਂਦੇ ਹਾਂ।

    ਮਗਰ ਫਿਰ ਵੀ ਖ਼ਿਆਲ ਆਉਂਦੈ
    ਕਿ ਸਾਡੇ ਨਾਲ
    ਸਾਡਾ ਮੀਡੀਆ ਵੀ ਵਿਤਕਰਾ ਕਰਦੈ।
    ਜੋ ਦੱਸਦਾ ਹੈ ਮੇਰੇ ਪੰਜਾਬ ਨੂੰ
    ਹਾਲੇ ਵੀ ਕੁਝ ਪਿੱਛੇ

ਅਸਾਡੇ ਵੀ ਕੋਈ ਮੌਤਾਂ ਤਾਂ
ਇੰਨੀਆਂ ਘੱਟ ਨਹੀਂ ਹੁੰਦੀਆਂ
ਜੋ ਅੱਜ ਅਖ਼ਬਾਰ ਸਾਨੂੰ
ਦੇ ਰਹੇ ਨੇ ਦੂਸਰਾ ਨੰਬਰ

    ਉਨ੍ਹਾਂ ਸ਼ਾਇਦ ਅਸਾਡੀ ਬੜ੍ਹਤ ਉਤੇ
    ਧਿਆਨ ਨਹੀਂ ਦਿੱਤਾ
    ਜੋ ਇਕ ਤੋਂ ਦੋ, ਤੇ ਦੋ ਤੋਂ ਚਾਰ ਤੱਕ,
    ਹੁਣ ਅੱਪੜ ਚੁੱਕੀ ਹੈ
    ਤੇ ਅੱਗੇ, ਹੋਰ ਅੱਗੇ ਜਾਣ ਦਾ
    ਅਨੁਮਾਨ ਲੱਗ ਸਕਦੈ!

ਅਜੇ ਤਾਂ ਕਰਜ਼ਿਆਂ ਦੀ ਪੰਡ
ਵੀ ਹੌਲੀ ਨਹੀਂ ਹੋਈ
ਤੇ ਨਾ ਮੁੱਕਣ ਤੇ ਆਈ ਹੈ
ਅਜੇ ਇਹ ਰੁੱਤ ਵੀ ਸ਼ਾਇਦ।

    ਓ ਮੇਰੇ ਦੋਸਤੋ! ਐਵੇਂ ਕਿਤੇ
    ਟਪਲਾ ਨਾ ਖਾ ਜਾਇਓ।
    ਅਸੀਂ ਤਾਂ ਬਹੁਤ ਅੱਗੇ ਹਾਂ
    ਅਜੇ ਵੀ ਕਈ ਪ੍ਰਾਂਤਾਂ ਤੋਂ
    ਤੇ ਸਾਡੇ ਏਰੀਏ ਨੂੰ ਵੀ
    ਸਿਖ਼ਰ 'ਤੇ ਮੰਨਿਆ ਜਾਂਦੈ।

ਹੋ ਚੀ ਮਿਨ
 19 ਮਈ ਵੀਅਤਨਾਮੀ ਇਨਕਲਾਬ ਦੇ ਆਗੂ ਹੋ ਚੀ ਮਿਨ ਦਾ ਜਨਮਦਿਨ ਹੈ। ਉਹ ਇਕ ਅਜਿਹੇ ਕਮਿਊਨਿਸਟ ਆਗੂ ਸਨ ਜਿਨ੍ਹਾਂ ਦੀ ਸਾਦਗੀ, ਨਿਰਛਲਤਾ ਤੇ ਪਾਰਦਰਸ਼ਤਾ ਦੀ ਦੁਸ਼ਮਣ ਵੀ ਸਿਰ ਝੁਕਾ ਕੇ ਚਰਚਾ ਕਰਦੇ ਸਨ। ਅਨੇਕਾਂ ਘਾਲਣਾਵਾਂ ਘਾਲ ਕੇ ਮਿਸਾਲੀ ਕਮਿਊਨਿਸਟਾਂ ਵਾਲਾ ਜੀਵਣ ਜਿਊਂਣ, ਵੀਅਤਨਾਮ ਦੇ ਲੋਕਾਂ ਦੇ ਮੁਕਤੀ ਸੰਗਰਾਮ ਨੂੰ ਜਿੱਤ ਤੱਕ ਲਿਜਾਣ 'ਚ ਆਗੂ ਭੂਮਿਕਾ ਨਿਭਾਉਣ, ਵੀਅਤਨਾਮ ਦੀ ਸਾਜ਼ਿਸ਼ੀ ਵੰਡ ਵਿਰੁੱਧ ਜੂਝਣ ਅਤੇ ਮੁੜ ਏਕੀਕਰਨ ਦੀ ਪ੍ਰਕਿਰਿਆ ਨੂੰ ਸਿਰੇ ਚੜ੍ਹਾਉਣ, ਅਮਰੀਕੀ ਸਾਮਰਾਜ ਵਿਰੁੱਧ ਵੀਅਤਨਾਮੀ ਲੋਕਾਂ ਦੀ ਜੰਗ ਨੂੰ ਜਿੱਤ 'ਚ ਤਬਦੀਲ ਕਰਨ ਆਦਿ ਸ਼ਾਨਾਮੱਤੇ ਕਾਰਜਾਂ 'ਚ ਉਹ ਨਾ ਕੇਵਲ ਵੀਅਤਨਾਮ ਦੇ ਲੋਕਾਂ ਬਲਕਿ ਸੰਸਾਰ ਭਰ ਦੇ ਮੁਕਤੀ ਕਾਮਿਆਂ ਲਈ ਪ੍ਰੇਰਣਾ ਸਰੋਤ ਬਣੇ। ਰਾਸ਼ਟਰਪਤੀ ਬਣਨ ਬਾਅਦ ਵੀ ਉਨ੍ਹਾਂ ਆਪਣੀ ਸਾਦਾ ਜੀਵਨ ਸ਼ੈਲੀ 'ਚ ਉੱਕਾ ਹੀ ਬਦਲਾਅ ਨਹੀਂ ਕੀਤਾ। ਅਨੇਕਾਂ ਵਾਰ ਜੇਲ੍ਹ ਕੱਟਣ ਦੌਰਾਨ ਉਨ੍ਹਾਂ ਨੇ ਕਈ ਕਵਿਤਾਵਾਂ ਲਿਖੀਆਂ ਤੇ ਇਹ ਕਵਿਤਾਵਾਂ ਵੀ ਉਹਨਾਂ ਦੀ ਸ਼ਖਸ਼ੀਅਤ ਵਰਗੀਆਂ ਹਨ। ਉਨ੍ਹਾਂ ਦੇ ਜਨਮ ਦਿਵਸ ਮੌਕੇ ਪੇਸ਼ ਹਨ ਉਨ੍ਹਾਂ ਦੀ ਜੇਲ੍ਹ ਡਾਇਰੀ 'ਚੋਂ ਕੁੱਝ ਕਵਿਤਾਵਾਂ।

ਖੁਦ ਨੂੰ ਸਲਾਹਸਿਆਲ਼ ਦੀ ਠੰਡ ਤੇ ਵੀਰਾਨਗੀ ਤੋਂ ਬਿਨਾਂ
ਸੰਭਵ ਨਹੀਂ ਹੋ ਸਕਦੀ ਸੀ
ਬਸੰਤ ਦੀ ਨਿੰਮਲ ਤੇ ਗੁਨਗੁਨੀ ਗਰਮੀਂ।
ਬਦਨਸੀਬੀਆਂ ਨੇ ਮੈਨੂੰ ਫੌਲਾਦ ਬਣਾਇਆ ਹੈ
ਅਤੇ ਸੰਜਮੀ ਬਣਾਇਆ ਹੈ
ਹੋਰ ਵੀ ਦ੍ਰਿੜ ਬਣਾ ਦਿੱਤਾ ਹੈ ਉਹਨਾਂ ਨੇ
ਮੇਰੇ ਸੰਕਲਪ ਨੂੰ।

ਬਾਹਰ ਸੜਕ 'ਤੇਸੜਕ 'ਤੇ
ਅਸੀਂ ਸਿੱਖਦੇ ਹਾਂ
ਔਕੜਾਂ ਨਾਲ਼ ਜਾਣੂ ਹੋਣਾ
ਮੁਸ਼ਕਲ ਨਾਲ਼ ਪਾਰ ਹੁੰਦੀ ਹੈ
ਇੱਕ ਚੋਟੀ
ਕਿ ਦੂਜੀ ਸਾਹਮਣੇ ਖੜੀ ਹੋ ਜਾਂਦੀ ਹੈ।
ਪਰ ਇੱਕ ਵਾਰ
ਜਦੋਂ ਅਸੀਂ ਪਾਰ ਕਰ ਲੈਂਦੇ ਹਾਂ
ਸਭ ਤੋਂ ਉੱਚਾ ਦੱਰ੍ਰਾ,
ਇੱਕ ਨਜ਼ਰ 'ਚ ਸਮੇਟ ਲੈਂਦੀਆਂ ਹਨ
ਸਾਡੀਆਂ ਅੱਖਾਂ
ਦਸ ਹਜ਼ਾਰ ਮੀਲ ਤੱਕ ਫੈਲਿਆ ਵਿਸਥਾਰ।

ਸਵੇਰ ਦਾ ਸੂਰਜਜੇਲ 'ਚ ਆ ਵੜਦਾ ਹੈ
ਸਵੇਰ ਦਾ ਸੂਰਜ
ਧੂੰਆਂ ਛੰਡਿਆ ਜਾਂਦਾ ਹੈ
ਉੱਡ ਜਾਂਦਾ ਹੈ ਕੋਹ੍ਰਾ।
ਦਰਵਾਜ਼ਾ ਭਰ ਜਾਂਦਾ ਹੈ ਅਚਾਨਕ
ਜ਼ਿੰਦਗੀ ਦੇ ਸਾਹਾਂ ਨਾਲ਼
ਤੇ ਮੁਸਕਾਨ ਖਿੜ ਉੱਠਦੀ ਹੈ
ਹਰ ਕੈਦੀ ਦੇ ਚਿਹਰੇ 'ਤੇ।

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਜੂਨ 2016)

ਸੂਬੇ ਭਰ ਵਿਚ ਜੇ.ਪੀ.ਐਮ.ਓ. ਦੇ ਸੱਦੇ 'ਤੇ ਮਨਾਇਆ ਗਿਆ ਮਈ ਦਿਵਸ 
ਪੰਜਾਬ ਭਰ ਵਿਚ ਕੌਮਾਂਤਰੀ ਮਜ਼ਦੂਰ ਦਿਹਾੜਾ (ਮਈ ਦਿਵਸ) ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਥਾਂ ਪੁਰ ਥਾਂ ਸਨਅਤੀ ਤੇ ਆਮ ਮਜ਼ਦੂਰਾਂ, ਕੇਂਦਰੀ ਅਤੇ ਸੂਬਾਈ ਮੁਲਾਜ਼ਮਾਂ ਅਤੇ ਮਿਹਨਤੀ ਵੱਸੋਂ ਦੇ ਸਾਰੇ ਭਾਗਾਂ ਵਲੋਂ ਸੰਗਰਾਮਾਂ ਦੇ ਪ੍ਰਤੀਕ ਸੂਹੇ ਝੰਡੇ ਲਹਿਰਾ ਕੇ ਸਭਾਵਾਂ, ਜਲੂਸ, ਗੇਟ ਰੈਲੀਆਂ, ਸੱਭਿਆਚਾਰਕ ਪੇਸ਼ਕਾਰੀਆਂ ਆਦਿ ਜਥੇਬੰਦ ਕੀਤੀਆਂ ਗਈਆਂ। ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇ.ਪੀ.ਐਮ.ਓ.) ਵਿਚ ਸ਼ਾਮਲ ਸੰਗਠਨਾਂ ਵਲੋਂ ਇਸ ਵਾਰ ਦਾ ਮਈ ਦਿਹਾੜਾ ਸਾਮਰਾਜੀ ਹਿੱਤਾਂ ਦੀ ਰਖਵਾਲੀ ਕਰਦੀਆਂ ਉਦਾਰੀਕਰਨ, ਸੰਸਾਰੀਕਰਣ, ਨਿੱਜੀਕਰਨ ਦੀਆਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀਆਂ ਨੀਤੀਆਂ ਵਿਰੁੱਧ 'ਜਨਸੰਗਰਾਮਾਂ' ਦੀ ਉਸਾਰੀ ਅਤੇ ਮਜ਼ਬੂਤੀ ਦਿਵਸ' ਵਜੋਂ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ। ਨਾਲ ਹੀ ਸੰਗਰਾਮਾਂ ਦੀ ਜਿੱਤ ਦੀ ਜਾਮਣੀ ਮਿਹਨਤੀ ਤਬਕਿਆਂ ਦੀ ਏਕਤਾ ਅਤੇ ਦੇਸ਼ਵਾਸੀਆਂ ਦੀ ਭਾਈਚਾਰਕ ਸਾਂਝ ਦੀ ਰੱਖਿਆ ਦਾ ਸੁਨੇਹਾ ਵੀ ਇਸ ਵਾਰ ਦੇ ਕਿਰਤ ਦਿਹਾੜੇ ਦਾ ਦੂਜਾ ਮਹੱਤਵਪੂਰਨ ਨਿਸ਼ਾਨਾ ਮਿਥਿਆ ਗਿਆ ਸੀ, ਪੇਸ਼ ਹਨ ਜੇ.ਪੀ.ਐਮ.ਓ. ਵਿਚ ਸ਼ਾਮਲ ਧਿਰਾਂ ਵਲੋਂ ਮਨਾਏ ਗਏ ਮਈ ਦਿਹਾੜੇ ਦੀਆਂ ਸੰਖੇਪ ਰਿਪੋਰਟਾਂ :
ਬਠਿੰਡਾ : ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇ ਪੀ ਐੱਮ ਓ) ਵੱਲੋਂ ਕੌਮਾਂਤਰੀ ਮਜ਼ਦੂਰ ਦਿਹਾੜਾ ਇਨਕਲਾਬੀ ਜੋਸ਼ ਨਾਲ ਮਨਾਇਆ ਗਿਆ। ਥਰਮਲ ਬਠਿੰਡਾ, ਥਰਮਲ ਲਹਿਰਾ ਮੁਹੱਬਤ, ਮਿਲਟਰੀ  ਇੰਜੀਨੀਅਰਜ਼ ਸਰਵਿਸਿਜ਼, ਅਨੇਕਾਂ ਭੱਠਿਆਂ, ਸਾਥੀ ਰੰਧਾਵਾ ਭਵਨ ਆਦਿ ਵਿਖੇ ਕਿਰਤੀ ਸੰਗਰਾਮਾਂ ਅਤੇ ਜਿੱਤਾਂ ਦੇ ਪ੍ਰਤੀਕ ਸੂਹੇ ਝੰਡੇ ਲਹਿਰਾ ਕੇ ਇਕੱਤਰ ਹੋਏ ਮਜ਼ਦੂਰਾਂ-ਮੁਲਾਜ਼ਮਾਂ ਤੇ ਕਿਸਾਨਾਂ ਨੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ।
ਜ਼ਿਕਰਯੋਗ ਹੈ ਕਿ ਮੰਚ ਵੱਲੋਂ ਇਹ ਮਜ਼ਦੂਰ ਦਿਹਾੜਾ ਸਾਮਰਾਜੀ ਦੇਸ਼ਾਂ ਅਤੇ ਸਾਮਰਾਜੀ ਵਿੱਤੀ ਸੰਸਥਾਵਾਂ ਦੀ ਅੰਨ੍ਹੀ ਲੁੱਟ ਦਾ ਰਾਹ ਪੱਧਰਾ ਕਰਦੀਆਂ ਦੇਸ਼-ਵਿਰੋਧੀ, ਲੋਕ-ਵਿਰੋਧੀ ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ ਦੀਆਂ ਨੀਤੀਆਂ ਵਿਰੁੱਧ ਸਮੁੱਚੀ ਮਿਹਨਤੀ ਵਸੋਂ ਦੇ ਵਿਸ਼ਾਲ ਸਾਂਝੇ ਸੰਘਰਸ਼ਾਂ ਦੇ ਨਿਰਮਾਣ ਦੇ ਸੰਕਲਪ ਲੈਣ ਦੇ ਦਿਵਸ ਵਜੋਂ ਮਨਾਏ ਜਾਣ ਦਾ ਸੱਦਾ ਦਿੱਤਾ ਗਿਆ ਸੀ। ਸਾਰੇ ਇਕੱਠਾਂ ਵਿੱਚ ਆਉਂਦੀ 2 ਸਤੰਬਰ ਨੂੰ ਕੀਤੀ ਜਾਣ ਵਾਲੀ ਸਨਅਤੀ ਅਤੇ ਮੁਲਾਜ਼ਮ ਹੜਤਾਲ ਨੂੰ ਲਾਮਿਸਾਲ ਸਫਲ ਕਰਨ ਦੇ ਅਹਿਦ ਕੀਤੇ ਗਏ। ਕਿਰਤੀ ਸੰਗਰਾਮਾਂ ਦੀ ਜਿੱਤ ਦੀ ਜਾਮਨੀ ਕਰਦੀ ਮਿਹਨਤੀ ਵਰਗਾਂ ਦੀ ਏਕਤਾ ਦੀ ਰਾਖੀ ਅਤੇ ਮਜ਼ਬੂਤੀ ਲਈ ਹਰ ਸੰਭਵ ਕੁਰਬਾਨੀ ਕਰਨ ਦੇ ਪ੍ਰਣ ਵੀ ਦ੍ਰਿੜ੍ਹਾਏ ਗਏ।
ਸਰਵਸਾਥੀ ਮਹੀਪਾਲ, ਮਿੱਠੂ ਸਿੰਘ ਘੁੱਦਾ, ਸੰਪੂਰਨ ਸਿੰਘ, ਪ੍ਰਕਾਸ਼ ਸਿੰਘ ਮਾਨ, ਮੇਜਰ ਸਿੰਘ ਦਾਦੂ, ਗੁਰਦੀਪ ਸਿੰਘ ਬਰਾੜ, ਗੁਰਜੰਟ ਸਿੰਘ ਘੁੱਦਾ, ਮੱਖਣ ਸਿੰਘ ਗੁਰੂਸਰ, ਦਰਸ਼ਨ ਸਿੰਘ ਫੁੱਲੋ ਮਿੱਠੀ ਤੇ ਸੁਖਦੇਵ ਸਿੰਘ ਨਥਾਣਾ ਆਦਿ ਨੇ ਇਕੱਠਾਂ ਨੂੰ ਸੰਬੋਧਨ ਕੀਤਾ।
ਹੁਸ਼ਿਆਰਪੁਰ : ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐੱਮ.ਓ.) ਵੱਲੋਂ ਮੁਲਾਜ਼ਮ ਭਵਨ ਹੁਸ਼ਿਆਰਪੁਰ ਵਿਖੇ ਤਹਿਸੀਲ ਪੱਧਰ 'ਤੇ ਮਈ ਦਿਵਸ ਮਨਾਇਆ ਗਿਆ। ਇਹ ਮਈ ਦਿਵਸ ਪ.ਸ.ਸ.ਫ.ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਗੰਗਾ ਪ੍ਰਸ਼ਾਦ, ਦਿਹਾਤੀ ਮਜ਼ਦੂਰ ਸਭਾ  ਦੇ ਜ਼ਿਲਾ ਪ੍ਰਧਾਨ ਮਹਿੰਦਰ ਸਿੰਘ ਖੈਰੜ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਦਵਿੰਦਰ ਸਿੰਘ ਕੱਕੋਂ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਸਾਥੀ ਸਤੀਸ਼ ਰਾਣਾ ਵੱਲੋਂ ਨਾਅਰਿਆਂ ਦੀ ਗੂੰਜ ਵਿੱਚ ਪ.ਸ.ਸ.ਫ. ਦਾ ਝੰਡਾ ਲਹਿਰਾਇਆ ਗਿਆ। ਇਸ ਉਪਰੰਤ ਸ਼ਿਕਾਗੋ ਦੇ ਸ਼ਹੀਦਾਂ ਅਤੇ ਸਾਥੀ ਹਰਦੀਪ ਸਿੰਘ ਪਠਾਨਕੋਟ ਨੂੰ ਦੋ ਮਿੰਟ ਦਾ ਮੌਨ ਰੱਖਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪ੍ਰਧਾਨਗੀ ਮੰਡਲ ਤੋਂ ਇਲਾਵਾ ਪ.ਸ.ਸ.ਫ. ਦੇ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਵਿਰਦੀ, ਤਹਿਸੀਲ ਪ੍ਰਧਾਨ ਬਲਦੇਵ ਸਿੰਘ, ਜੇ.ਪੀ.ਐੱਮ.ਓ. ਆਗੂ ਮਹਿੰਦਰ ਸਿੰਘ ਜੋਸ਼, ਡਾ. ਤਰਲੋਚਨ ਸਿੰਘ, ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਆਗੂ ਮਨਪ੍ਰੀਤ ਕੌਰ, ਡਾ. ਸੁਖਦੇਵ ਸਿੰਘ ਢਿੱਲੋਂ ਆਦਿ ਨੇ ਸੰਬੋਧਨ ਕੀਤਾ ਅਤੇ ਕੁਲਤਾਰ ਸਿੰਘ ਕੁਲਤਾਰ ਅਤੇ ਦਾਨ ਸਿੰਘ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ।
ਮਾਹਿਲਪੁਰ : ਜਨਤਕ ਜਥੇਬੰਦੀਆਂ ਵੱਲੋਂ ਬਾਬਾ ਵਿਸ਼ਵਕਰਮਾ ਮੰਦਿਰ ਮਾਹਿਲਪੁਰ ਵਿਖੇ ਪੈਨਸ਼ਨਰ ਆਗੂ ਪ੍ਰਿੰ. ਪਿਆਰਾ ਸਿੰਘ, ਕਰਮਜੀਤ ਕੌਰ ਖੜੋਦੀ, ਸੂਰਜ ਪ੍ਰਕਾਸ਼ ਸਿੰਘ ਅਤੇ ਪ੍ਰਿੰ. ਜਸਵੀਰ ਸਿੰਘ ਦੀ ਅਗਵਾਈ ਵਿਚ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੱਤਪਾਲ ਲੱਠ, ਮੱਖਣ ਸਿੰਘ ਲੰਗੇਰੀ, ਅਮਰਜੀਤ ਕੁਮਾਰ, ਮਲਕੀਤ ਸਿੰਘ ਬਾਹੋਵਾਲ, ਮਾ. ਸਤਵਿੰਦਰ ਸਿੰਘ, ਮਾ. ਅਰਵਿੰਦਰ ਸਿੰਘ, ਨੰਬਰਦਾਰ ਸੁਖਦੇਵ ਸਿੰਘ ਬੈਂਸ, ਅਮਰਜੀਤ ਸਿੰਘ, ਸਰਪੰਚ ਸੰਤੋਖ ਦਾਸ, ਬਾਬੂ ਓਮ ਦੱਤ, ਪਰਮਜੀਤ ਸਿੰਘ ਸਰਪੰਚ ਬੰਬੇਲੀ, ਪ੍ਰਦੂਮਣ ਗੌਤਮ, ਜਗਤਾਰ ਬਾਹੋਵਾਲ, ਮਨੋਹਰ ਲਾਲ, ਹਰਵਿੰਦਰ ਸਿੰਘ ਬੰਗਾ, ਬਲਦੇਵ ਰਾਜ ਵਿਰਦੀ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਡੇਰਾ ਬਾਬਾ ਨਾਨਕ : ਡੇਰਾ ਬਾਬਾ ਨਾਨਕ ਵਿਖੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਸੂਬਾ ਮੀਤ ਪ੍ਰਧਾਨ ਅਵਤਾਰ ਸਿੰਘ ਨਾਗੀ ਅਤੇ ਬਲਾਕ ਪ੍ਰਧਾਨ ਸੰਤੋਖ ਸਿੰਘ ਦੀ ਪ੍ਰਧਾਨਗੀ ਹੇਠ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਸੂਬਾ ਮੀਤ ਪ੍ਰਧਾਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂਨੀਅਨ ਨੇ ਮਜ਼ਦੂਰਾਂ ਲਈ ਵੱਧ ਤੋਂ ਵੱਧ ਭਲਾਈ ਸਕੀਮਾਂ ਲਾਗੂ ਕਰਵਾਉਣ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ। ਮਜ਼ਦੂਰਾਂ ਦੇ ਬੱਚਿਆਂ ਨੂੰ ਪੜ੍ਹਾਈ ਦੌਰਾਨ ਵਜ਼ੀਫਾ, ਧੀਆਂ ਨੂੰ ਸ਼ਗਨ ਸਕੀਮ ਤਹਿਤ ਰਾਸ਼ੀ, ਮੈਡੀਕਲ ਸਹਾਇਤਾ ਦੇ ਨਾਲ ਐਕਸਗ੍ਰੇਸ਼ੀਆ ਸਕੀਮ ਤਹਿਤ ਮੌਤ ਹੋ ਜਾਣ ਉਪਰੰਤ ਮਦਦ ਦਿਵਾਉਣ ਵਿੱਚ ਯੂਨੀਅਨ ਦਾ ਅਹਿਮ ਯੋਗਦਾਨ ਹੈ। ਬੁੱਢਾਪਾ ਪੈਨਸ਼ਨ ਅਤੇ ਪ੍ਰਸੂਤਾ ਲਾਭ ਦਿਵਾਉਣ ਲਈ ਯੂਨੀਅਨ ਨੂੰ ਵੱਡੀ ਲੜਾਈ ਲੜਨੀ ਪਈ। ਇਸ ਮੌਕੇ ਆਤਮਜੀਤ ਸਿੰਘ ਠੇਠਰਕੇ, ਜੱਸਾ ਮਸੀਹ ਧਰਮਕੋਟ, ਸੁਖਦੇਵ ਸਿੰਘ, ਪ੍ਰਮਜੀਤ ਸਿੰਘ, ਊਧਮਜੀਤ ਸਿੰਘ, ਅਮਰੀਕ ਸਿੰਘ, ਪਿਆਰਾ ਲਾਲ, ਪਲਵਿੰਦਰ ਸਿੰਘ, ਜਸਵਿੰਦਰ ਸਿੰਘ ਸੂਬਾ ਵਰਕਿੰਗ ਕਮੇਟੀ ਮੈਂਬਰ ਨੇ ਵੀ ਸੰਬੋਧਨ ਕੀਤਾ।
ਅਜਨਾਲਾ : ਸਥਾਨਕ ਸ਼ਹਿਰ 'ਚ ਵੀਅਤਨਾਮੀ ਗੁਰੀਲਿਆਂ ਦੀ  ਸਾਮਰਾਜੀ ਅਮਰੀਕੀ ਫੌਜਾਂ 'ਤੇ ਫਤਹਿ ਦਿਵਸ ਨੂੰ ਸਮਰਪਿਤ ਇਨਕਲਾਬੀ ਮਈ ਦਿਹਾੜਾ ਸੀ ਪੀ ਐੱਮ ਪੰਜਾਬ ਵੱਲੋਂ ਭਾਰਤੀ ਮਿਹਨਤਕਸ਼ ਤੇ ਗਰੀਬਾਂ ਦੀ ਆਰਥਿਕ ਗੁਲਾਮੀ ਦਾ ਜੂਲਾ ਗਲ਼ੋਂ ਲਾਹੁਣ ਤੇ ਬਰਾਬਰਤਾ ਦਾ ਸਮਾਜ ਸਿਰਜਣ ਦੇ ਸੰਕਲਪ ਵਜੋਂ ਮਨਾਇਆ ਗਿਆ, ਜਿਸ ਵਿੱਚ ਇਲਾਕੇ ਦੇ ਮਜ਼ਦੂਰ, ਕਿਸਾਨ, ਨੌਜਵਾਨ ਤੇ ਔਰਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਸਮਾਗਮ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਸਾਥੀ ਰਾਜਬਲਬੀਰ ਸਿੰਘ ਵੀਰਮ ਨੇ ਮਈ ਦਿਹਾੜੇ ਦੀ ਕਿਰਤੀ ਲੋਕਾਂ ਵਾਸਤੇ ਮਹਾਨਤਾ ਬਾਰੇ ਕਿਹਾ ਕਿ ਸ਼ਿਕਾਗੋ ਦੇ ਮਜ਼ਦੂਰਾਂ ਨੇ ਸ਼ਹੀਦੀਆਂ ਦੇ ਕੇ ਦੁਨੀਆਂ ਭਰ ਵਿੱਚ ਮਿਹਨਤ ਦੀ 12-12 ਘੰਟੇ ਦੀ ਦਿਹਾੜੀ ਰਾਹੀਂ ਹੋ ਰਹੀ ਲੁੱਟ ਦਾ ਭਾਂਡਾ ਭੰਨਿਆਂ ਤੇ ਦਿਹਾੜੀ ਦੇ 8 ਘੰਟੇ ਨਿਸ਼ਚਿਤ ਕਰਵਾਉਣ ਵਿਚ ਸਫਲ ਹੋਏ। ਸੂਬਾ ਸਕੱਤਰੇਤ ਮੈਂਬਰ ਤੇ ਆਰਥਿਕ ਖੇਤੀ ਮਾਹਿਰ ਡਾ: ਸਤਨਾਮ ਸਿੰਘ ਅਜਨਾਲਾ ਤੇ ਮਜ਼ਦੂਰ ਆਗੂ ਗੁਰਨਾਮ ਸਿੰਘ ਉਮਰਪੁਰਾ ਨੇ ਦੱਸਿਆ ਕਿ 30 ਅਪ੍ਰੈਲ 1975 ਨੂੰ ਵੀਅਤਨਾਮ ਦੇ ਯੋਧਿਆਂ ਨੇ ਚਾਰ ਹਜ਼ਾਰ ਸਾਲਾ ਇਤਿਹਾਸ ਵਿੱਚੋਂ ਗੁਜ਼ਰਦਿਆਂ ਕਿਵੇਂ ਪਹਿਲਾਂ ਚੀਨ ਦੇ ਸਿੰਗ ਬੰਸ ਦਾ ਖਾਤਮਾ, ਚੀਨੀ ਫੌਜੀ ਧਾੜਾਂ ਦਾ ਮੁਕਾਬਲਾ, ਫਰਾਂਸੀਸੀ, ਜਪਾਨੀਆਂ ਅਤੇ ਅਮਰੀਕੀ ਸਾਮਰਾਜੀ ਧਾੜਵੀਆਂ ਫੌਜਾਂ ਦਾ ਮੁਕਾਬਲਾ ਕਰਦਿਆਂ ਆਖਰ ਹੋ-ਚੀ-ਮਿੰਨ੍ਹ ਦੀ ਅਗਵਾਈ 'ਚ ਮੁਕਤੀ ਪ੍ਰਾਪਤ ਕੀਤੀ। ਉਕਤ ਆਗੂਆਂ ਨੇ ਸਮੂਹ ਲੋਕਾਂ ਨੂੰ ਅਪੀਲ਼ ਕੀਤੀ ਕਿ ਸਾਨੂੰ ਵੀ ਅਜਿਹੇ ਸੰਘਰਸ਼ ਵਿੱਢਣ ਦੀ ਲੋੜ ਹੈ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ ਤੇ ਸਕੱਤਰ ਸੁਰਜੀਤ ਸਿੰਘ ਦੁੱਧਰਾਏ ਨੇ ਕਿਹਾ ਕਿ ਮੌਜੂਦਾ ਸਰਮਾਏਦਾਰੀ ਨਿਜਾਮ ਅਧੀਨ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਸਾਮਰਾਜੀ ਨਿਰਦੇਸ਼ਤ ਨੀਤੀਆਂ ਕਾਰਨ ਨੌਜਵਾਨ ਬੇਰੁਜ਼ਗਾਰੀ ਦੀ ਦਲਦਲ ਵਿੱਚ ਧਸੀ ਜਾ ਰਹੇ ਹਨ। ਇਸ ਮੌਕੇ ਜਨਵਾਦੀ ਇਸਤਰੀ ਸਭਾ ਦੀ ਆਗੂ ਬੀਬੀ ਅਜੀਤ ਕੌਰ ਕੋਟਰਜ਼ਾਦਾ ਨੇ ਔਰਤਾਂ 'ਤੇ ਹੋ ਰਹੇ ਜ਼ੁਲਮਾਂ ਦੇ ਖਾਤਮੇ ਵਾਸਤੇ ਸਮੂਹ ਔਰਤਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਵਿਰਸਾ ਸਿੰਘ ਟਪਿਆਲਾ, ਸ਼ੀਤਲ ਸਿੰਘ ਤਲਵੰਡੀ, ਮੁਖਤਾਰ ਸਿੰਘ ਕਾਮਲਪੁਰਾ, ਬਲਬੀਰ ਸਿੰਘ ਕੱਕੜ, ਹਰਜਿੰਦਰ ਸਿੰਘ ਸੋਹਲ, ਬੀਰ ਸਿੰਘ ਭੱਖੇ, ਬਲਵਿੰਦਰ ਸਿੰਘ ਤੇੜਾ, ਇੰਦਰਜੀਤ ਸਿੰਘ ਡੱਬਰ ਤੇ ਜਸਬੀਰ ਸਿੰਘ ਜਸਰਾਊਰ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਇੱਕ ਮਤੇ ਰਾਹੀਂ ਪਾਰਟੀ ਦੇ ਸਰਗਰਮ ਆਗੂ ਗੁਰਭੇਜ ਸਿੰਘ ਗ੍ਰੰਥਗੜ੍ਹ ਨੂੰ ਅਜਨਾਲਾ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦੀ ਆਲੋਚਨਾ ਕਰਦਿਆਂ, ਦਰਜ ਕੀਤੇ ਨਜਾਇਜ਼ ਪਰਚੇ ਨੂੰ ਰੱਦ ਕਰਨ ਮੰਗ ਕੀਤੀ।
ਤਰਨ ਤਾਰਨ : ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਸ਼ਹੀਦ ਦੀਪਕ ਧਵਨ ਯਾਦਗਾਰੀ ਭਵਨ ਤਰਨ ਤਾਰਨ ਵਿਖੇ  ਸੂਹਾ ਪਰਚਮ ਲਹਿਰਾ ਕੇ ਮਈ ਦਿਵਸ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਵੱਖ-ਵੱਖ  ਜਥੇਬੰਦੀਆਂ ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਜਨਵਾਦੀ ਇਸਤਰੀ ਸਭਾ, ਸਫਾਈ ਸੇਵਕ ਮਿਊਂਸਪਲ ਕਮੇਟੀ ਯੂਨੀਅਨ, ਪੀ ਡਬਲਯੂ ਡੀ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਆਦਿ ਦੇ ਆਗੂ ਹਾਜ਼ਰ ਹੋਏ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਪ੍ਰਗਟ ਸਿੰਘ ਜਾਮਾਰਾਏ, ਮੁਖਤਾਰ ਸਿੰਘ ਮੱਲ੍ਹਾ, ਕਾਮਰੇਡ ਬਲਬੀਰ ਸੂਦ, ਧਰਮ ਸਿੰਘ ਪੱਟੀ, ਬਲਦੇਵ ਸਿੰਘ ਪੰਡੋਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਮਜ਼ਦੂਰ ਜਮਾਤ ਦਾ ਸ਼ੋਸ਼ਣ ਕਰ ਰਹੀਆਂ ਹਨ ਅਤੇ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀਆਂ ਹਨ, ਮਜ਼ਦੂਰ ਜਮਾਤ 'ਤੇ ਫਿਰਕਾਪ੍ਰਸਤ ਤਾਕਤਾਂ ਵੱਲੋਂ ਤਿੱਖੇ ਹਮਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਡਾ. ਅਜੈਬ ਸਿੰਘ ਜਹਾਂਗੀਰ, ਚਰਨਜੀਤ ਸਿੰਘ ਬਾਠ, ਦਿਆਲ ਸਿੰਘ ਲੋਹਕਾ, ਲੱਖਾ ਸਿੰਘ ਮੰਨਣ, ਉਂਕਾਰ ਸਿੰਘ, ਸਰਦੂਲ ਸਿੰਘ ਊਸਮਾ, ਰਮੇਸ਼ ਚੰਦਰ ਸ਼ੇਰਗਿੱਲ, ਸੁਲੱਖਣ ਸਿੰਘ ਤੁੜ, ਗੁਰਜਿੰਦਰ ਸਿੰਘ ਰੰਧਾਵਾ, ਜਸਬੀਰ ਕੌਰ, ਕੰਵਲਜੀਤ ਕੌਰ ਨੌਸ਼ਹਿਰਾ, ਬਾਬਾ ਫਤਿਹ ਸਿੰਘ, ਜੋਗਿੰਦਰ ਸਿੰਘ ਮਾਣੋਚਾਹਲ ਆਦਿ ਹਾਜ਼ਰ ਸਨ।
ਝਬਾਲ : ਮਜ਼ਦੂਰਾਂ ਦੇ ਕੌਮਾਂਤਰੀ ਦਿਵਸ ਪਹਿਲੀ ਮਈ ਮੌਕੇ ਅੱਡਾ ਝਬਾਲ ਦੇ ਮੇਨ ਚੌਕ ਵਿੱਚ ਸੀ ਪੀ ਐੱਮ ਪੰਜਾਬ ਦੇ ਬਜ਼ੁਰਗ ਆਗੂ ਕਾਮਰੇਡ ਬਾਲਗਰਾਮ ਝਬਾਲ ਵੱਲੋਂ ਸੂਹਾ ਝੰਡਾ ਲਹਿਰਾਉਣ ਉਪਰੰਤ ਇਕੱਤਰ ਮਜ਼ਦੂਰਾਂ-ਕਿਸਾਨਾਂ ਦੇ  ਇਕੱਠ ਨੂੰ ਸੰਬੋਧਨ ਕਰਦਿਆਂ ਸੀ ਪੀ ਐੱਮ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਜਸਪਾਲ ਸਿੰਘ ਝਬਾਲ ਨੇ ਕਿਹਾ ਕਿ ਅੱਜ ਕਿਰਤ ਕਰਦੇ ਲੋਕਾਂ ਨੂੰ ਲਾਲ ਝੰਡੇ ਥੱਲੇ ਲਾਮਬੰਦ ਹੋ ਕੇ ਸੰਘਰਸ਼ਾਂ ਦੇ ਮੈਦਾਨ ਵਿੱਚ ਨਿਤਰਨ ਦੀ ਲੋੜ ਹੈ, ਕਿਉਂਕਿ ਭਾਰਤ ਦੀ ਰਾਜਸੱਤਾ ਉਪਰ ਕਾਬਜ਼ ਧਿਰਾਂ ਦੀਆਂ ਨੀਤੀਆਂ ਸਦਕਾ ਮਜ਼ਦੂਰ ਵਰਗ ਦੀ ਦੋ ਡੰਗ ਦੀ ਰੋਟੀ ਦਾ ਪ੍ਰਬੰਧ ਕਰਨਾ ਵੀ ਮੁਸ਼ਕਲ ਹੋਈ ਜਾ ਰਿਹਾ ਹੈ। ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੈ।
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਰਨੈਲ ਸਿੰਘ ਰਸੂਲਪੁਰ, ਬਲਦੇਵ ਸਿੰਘ, ਵਰਿਆਮ ਸਿੰਘ ਮੰਨਣ, ਸਤਨਾਮ ਸਿੰਘ ਰਸੂਲਪੁਰ, ਬਲਵਿੰਦਰ ਸਿੰਘ ਚੀਮਾ, ਨਿਰਮਲ ਸਿੰਘ, ਅੰਮ੍ਰਿਤਸ਼ੇਰ ਮੰਨਣ, ਸ਼ਹੀਦ ਨੌਜਵਾਨ ਸਭਾ ਦੇ ਜੋਗਿੰਦਰ ਸਿੰਘ ਮਾਨੋਚਾਹਲ, ਮੱਖਣ ਸਿੰਘ ਆਦਿ ਹਾਜ਼ਰ ਸਨ।
ਗੁਰਦਾਸਪੁਰ : ਸਥਾਨਕ ਗੁਰੂ ਨਾਨਕ ਪਾਰਕ ਵਿਖੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਔਰਤਾਂ ਦੀਆਂ ਜਥੇਬੰਦੀਆਂ 'ਤੇ ਅਧਾਰਤ ਜੇ.ਪੀ.ਐਮ.ਓ. ਦੇ ਝੰਡੇ ਹੇਠ ਇਕੱਤਰ ਹੋ ਕੇ 1886 ਦੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ। ਰੈਲੀ ਕਰਨ ਉਪਰੰਤ ਸ਼ਹਿਰ ਵਿਚ ਮਾਰਚ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਨਿਰਮਲ ਸਿੰਘ ਬੋਪਾਰਾਏ, ਮੰਗਾ ਜਫ਼ਰਵਾਲ, ਰਮੇਸ਼ ਚੰਦ, ਨਰੇਸ਼ ਕੁਮਾਰੀ, ਗੁਰਦਿਆਲ ਸਿੰਘ ਸੁਹਲ, ਫਤਹਿ ਚੰਦ ਨੇ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਸਾਮਰਾਜੀ ਤਾਕਤਾਂ ਦੇ ਵਹਿਸ਼ੀ ਕਾਰਿਆਂ ਦੀ ਸਖਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜੋ ਸਾਮਰਾਜੀ ਨੀਤੀਆਂ 'ਤੇ ਤੁਰੀ ਹੋਈ ਹੈ ਉਹ ਲੋਕਾਂ ਦੀ ਬੇਰੁਜ਼ਗਾਰੀ, ਸਿਹਤ, ਸਿੱਖਿਆ, ਪੁਲਸ ਜ਼ਿਆਦਤੀਆਂ, ਰਿਸ਼ਵਤਖੋਰੀ ਵਰਗੇ ਮਸਲਿਆਂ ਤੋਂ ਪਾਸਾ ਵੱਟ ਗਈ ਹੈ, ਜਿਸ ਨਾਲ ਲੋਕਾਂ ਦੀ ਹਾਲਤ ਬਹੁਤ ਖਰਾਬ ਹੈ। ਬੇਰੁਜ਼ਗਾਰ ਜਵਾਨੀ ਨੂੰ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ ਅਤੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਮੀਡ-ਡੇ-ਮੀਲ ਵਰਕਰਾਂ ਨੂੰ ਕੇਵਲ 33 ਰੁਪਏ ਦਿਹਾੜੀ ਦਿੱਤੀ ਜਾ ਰਹੀ ਹੈ। ਦੂਸਰੇ ਪਾਸੇ ਆਰ ਐਸ ਐਸ ਨਿਰਦੇਸ਼ਤ ਨੀਤੀਆਂ ਨਾਲ ਘੱਟ ਗਿਣਤੀ ਨੂੰ ਦਬਾਇਆ ਜਾ ਰਿਹਾ ਹੈ ਅਤੇ ਫਿਰਕਾਪ੍ਰਸਤੀ ਫੈਲਾਈ ਜਾ ਰਹੀ ਹੈ। ਸਿੱਟੇ ਵਜੋਂ ਗਰੀਬਾਂ ਦਾ ਜੀਉਣਾ ਦੁੱਭਰ ਹੋਇਆ ਪਿਆ ਹੈ। ਰੈਲੀ ਨੂੰ ਜਸਵੰਤ ਸਿੰਘ ਬੁੱਟਰ, ਦਰਸ਼ਨ ਸਿੰਘ, ਫਤਹਿ ਚੰਦ, ਮੱਖਣ ਕੁਹਾੜ, ਕੁਲਦੀਪ ਪੁਰੋਵਾਲ, ਰਤਨ ਸਿੰਘ, ਰਮੇਸ਼ ਚੰਦ, ਅਸ਼ਵਨੀ ਕੁਮਾਰ, ਰਮੇਸ਼ ਚੰਦ, ਬਲਬੀਰ ਸਿੰਘ ਰੰਧਾਵਾ, ਗੁਰਬਚਨ ਸਿੰਘ ਆਦਿ ਨੇ ਸੰਬੋਧਨ ਕੀਤਾ।
ਤਲਵਾੜਾ : ਮਜ਼ਦੂਰ ਦਿਵਸ ਮੌਕੇ ਸਥਾਨਕ ਸਬਜ਼ੀ ਮੰਡੀ ਚੌਂਕ ਵਿਖੇ ਜਨਤਕ ਜੱਥੇਬੰਦੀਆਂ ਦੇ ਸਾਂਝੇ ਮੰਚ ਜੇ ਪੀ ਐੱਮ ਓ ਦੇ ਬੈਨਰ ਹੇਠ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ, ਬੇਰੁਜ਼ਗਾਰ ਤੇ ਸਮਾਜਿਕ ਜੱਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਗਿਆਨ ਸਿੰਘ ਗੁਪਤਾ, ਪਿਆਰਾ ਸਿੰਘ ਪਰਖ, ਯੁਗਰਾਜ ਸਿੰਘ, ਜਸਵੀਰ ਤਲਵਾੜਾ, ਵਰਿੰਦਰ ਵਿੱਕੀ, ਅਮਰਿੰਦਰ ਢਿੱਲੋਂ, ਸ਼ਸ਼ੀਕਾਂਤ, ਯੋਧ ਸਿੰਘ, ਖੁਸ਼ੀ ਰਾਮ, ਮੁਲਖ਼ ਰਾਜ, ਸਵਰਨ ਸਿੰਘ, ਨਰੇਸ਼ ਮਿੱਡਾ, ਦੀਪਕ ਜਰਿਆਲ, ਰਾਜੀਵ ਸ਼ਰਮਾ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।
ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਹਲੇੜ੍ਹ, ਪ੍ਰਕਾਸ਼ ਸਿੰਘ, ਦੇਸ ਰਾਜ, ਉਤਮ ਸਿੰਘ ਬੰਸੀਆਂ, ਉਤਮ ਸਿੰਘ ਬਹਿਮਾਵਾ, ਕੁੰਦਨ ਲਾਲ, ਗੁਰਨਾਮ ਟੋਹਲੂ, ਪੰਕਜ ਸ਼ਰਮਾ ਆਦਿ ਵੱਡੀ ਗਿਣਤੀ ਵੱਖ-ਵੱਖ ਜੱਥੇਬੰਦੀਆਂ ਦੇ ਕਾਰਕੁੰਨ ਮੌਜੂਦ ਸਨ।
ਨੂਰਮਹਿਲ : ਕੌਮਾਂਤਰੀ ਮਜ਼ਦੂਰ ਦਿਵਸ ਨੂੰ ਸਮਰਪਿਤ ਮਈ ਦਿਵਸ ਬੰਡਾਲਾ ਮੰਜਕੀ ਵਿਖੇ ਜੇ ਪੀ ਐੱਮ ਓ ਵੱਲੋਂ ਬਜ਼ੁਰਗ ਆਗੂ ਸਰਵਣ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸਾਥੀ ਦਰਸ਼ਨ ਪਾਲ, ਪ ਸ ਸ ਫ ਦੇ ਸਾਥੀ ਤੀਰਥ ਸਿੰਘ ਬਾਸੀ, ਬਲਜੀਤ ਸਿੰਘ ਪੰਚ, ਮਨਮੋਹਨ ਪਰਾਸ਼ਰ ਅਤੇ ਸੁਰਿੰਦਰ ਪਾਲ ਨੇ ਵੀ ਸੰਬੋਧਨ ਕੀਤਾ।
ਨਵਾਂ ਸ਼ਹਿਰ : ਕੋਆਰਡੀਨੇਸ਼ਨ ਕਮੇਟੀ ਆਫ ਟਰੇਡ ਯੂਨੀਅਨ ਅਤੇ ਜਨਤਕ ਜਥੇਬੰਦੀਆਂ ਦੇ ਸੱਦੇ 'ਤੇ ਇੱਥੇ ਜਰਨਲ ਬੱਸ ਸਟੈਂਡ ਨਵਾਂਸ਼ਹਿਰ ਵਿਖੇ ਸਰਵ-ਸਾਥੀ ਬਲਰਾਮ ਸਿੰਘ ਮੱਲਪੁਰ, ਸਾਥੀ ਬਲਵੀਰ ਜਾਡਲਾ ਅਤੇ ਸਾਥੀ ਦੀਵਾਨ ਸਿੰਘ ਦੀ ਪ੍ਰਧਾਨਗੀ ਹੇਠ ਮਜ਼ਦੂਰ ਦਿਵਸ ਮਨਾਇਆ ਗਿਆ। ਤਾੜੀਆਂ ਦੀ ਗੜਗੜਾਹਟ ਵਿਚ ਮਜ਼ਦੂਰਾਂ ਦਾ ਝੰਡਾ ਸਾਥੀ ਸੋਹਣ ਸਿੰਘ ਸਲੇਮਪੁਰੀ ਵੱਲੋਂ ਝੁਲਾਇਆ ਗਿਆ।  ਇਸ ਮੌਕੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਸਾਥੀ ਰਾਮ ਸਿੰਘ ਨੂਰਪੁਰੀ,  ਬੀ.ਐੱਸ.ਐੱਨ.ਐੱਲ ਦੇ ਸੂਬਾਈ ਆਗੂ ਸਾਥੀ ਸੁਤੰਤਰ ਕੁਮਾਰ, ਸੁਰਿੰਦਰ ਭੱਟੀ, ਰਾਮ ਲਾਲ, ਵਰਿੰਦਰ ਕੁਮਾਰ, ਨਰਿੰਦਰ ਸੂਦਨ, ਦੇਸ ਰਾਜ ਬੱਜੋ, ਮੁਕੰਦ ਲਾਲ, ਰੇਸ਼ਮ ਲਾਲ ਅਤੇ ਚਰਨਜੀਤ ਕੌਰ ਆਦਿ ਨੇ ਸੰਬੋਧਨ ਕੀਤਾ।
ਨਕੋਦਰ : ਅਨੇਕਾਂ ਮਜ਼ਦੂਰ, ਕਿਸਾਨ ਤੇ ਮੁਲਾਜ਼ਮ ਜਥੇਬੰਦੀਆਂ ਨੇ ਕੌਮਾਂਤਰੀ ਮਜ਼ਦੂਰ ਦਿਹਾੜੇ 'ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਇੱਕ ਸਾਂਝੀ ਰੈਲੀ ਕਰਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ ਬਾਅਦ ਵਿੱਚ ਸ਼ਹਿਰ ਵਿੱਚ ਮਾਰਚ ਵੀ ਕੀਤਾ। ਵੱਖ-ਵੱਖ ਜਥੇਬੰਦੀਆਂ ਦੇ ਸੈਂਕੜੇ ਵਰਕਰ ਇੱਥੋਂ ਦੇ ਗਗਨ-ਸੁਰਜੀਤ ਪਾਰਕ ਵਿੱਚ ਇਕੱਤਰ ਹੋਏ, ਜਿੱਥੇ ਕੀਤੀ ਗਈ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕਿਰਤ ਦੀ ਬੇਕਿਰਕ ਲੁੱਟ ਤੋਂ ਨਜ਼ਾਤ ਪਾਉਣ ਅਤੇ ਮਜ਼ਦੂਰ ਜਮਾਤ ਦੀ ਬੰਦਖਲਾਸੀ ਲਈ ਸੰਨ 1886 ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਤੋਂ ਸ਼ੁਰੂ ਹੋਇਆ ਮਜ਼ਦੂਰਾਂ ਦਾ ਸੰਘਰਸ਼ ਸੰਸਾਰ ਭਰ ਦੇ ਕਿਰਤੀਆਂ ਲਈ ਲੁਟੇਰੀ ਜਮਾਤ ਨੂੰ ਵੰਗਾਰਨ ਦਾ ਇੱਕ ਦਿਨ ਹੈ। ਬੁਲਾਰਿਆਂ ਕਿਹਾ ਕਿ ਫਿਰਕਾਪ੍ਰਸਤੀ,  ਪੁਲਸ ਤੇ ਸਮਾਜਕ ਜਬਰ, ਗਰੀਬੀ ਤੇ ਬੇਰੁਜ਼ਗਾਰੀ ਖਿਲਾਫ ਸਾਂਝਾ ਸੰਘਰਸ਼ ਹੀ ਸਮੇਂ ਦੀ ਮੁੱਖ ਲੋੜ ਹੈ।
ਇਸ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ 'ਚ ਸਰਵਸਾਥੀ ਹਰਮੇਸ਼ ਮਾਲੜੀ, ਦਰਸ਼ਨ ਨਾਹਰ, ਬਲਵੰਤ ਮਲਸੀਹਾਂ, ਮਨੋਹਰ ਸਿੰਘ ਗਿੱਲ, ਗੁਰਮੀਤ, ਮੋਹਨ ਸਿੰਘ ਕੋਟਲੀ, ਤੀਰਥ  ਬਾਸੀ, ਗੁਰਮੇਜ ਮਲਸੀਆਂ, ਹਰਪਾਲ ਬਿੱਟੂ, ਮਨਜੀਤ ਮਲਸੀਹਾਂ, ਮੋਹਨ ਸਿੰਘ ਟਾਹਲੀ, ਸੁਰਿੰਦਰ ਖੀਵਾ, ਨਿਰਮਲ ਆਧੀ, ਜਸਵਿੰਦਰ ਕੌਰ ਟਾਹਲੀ ਆਦਿ ਸ਼ਾਮਲ ਸਨ। ਰੈਲੀ ਉਪਰੰਤ ਸ਼ਹਿਰ ਅੰਦਰ ਰੋਹ ਭਰਪੂਰ ਮਾਰਚ ਕੀਤਾ ਗਿਆ, ਜੋ ਬੱਸ ਅੱਡਾ ਨਕੋਦਰ ਵਿਖੇ ਜਾ ਕੇ ਸਮਾਪਤ ਹੋਇਆ।
ਅੰਮ੍ਰਿਤਸਰ : 8 ਘੰਟੇ ਦਿਹਾੜੀ ਕਰਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਲੋਕਾਂ ਦੀ ਅਵਾਜ਼ ਨੂੰ ਦਬਾਉਣ ਵਾਸਤੇ 1886  ਵਿਚ ਅਮਰੀਕਨ ਸਾਮਰਾਜ ਨੇ ਅਮਰੀਕਾ ਦੇ ਸਹਿਰ ਸ਼ਿਕਾਗੋ ਵਿਖੇ ਬੇਬਹਾ ਗੋਲੀਆਂ ਅਤੇ ਬੰਬ ਚਲਾ ਕੇ ਸ਼ਹੀਦ ਕੀਤੇ ਗਏ ਮਜ਼ਦੂਰ ਆਗੂਆਂ ਦੀ ਯਾਦ ਵਿੱਚ ਸੀਟੂ, ਏਟਕ ਅਤੇ ਸੀ.ਟੀ.ਯੂ ਪੰਜਾਬ ਵੱਲੋ  ਇਕ ਸਾਂਝਾ ਇਕੱਠ ਕਰਮਵਾਰ ਕਾ: ਜੀਤ ਰਾਜ ਬਾਵਾ, ਬੀਬੀ ਨਰਿੰਦਰ ਪਾਲ ਕੌਰ ਪਾਲੀ ਅਤੇ ਕਾ: ਮਿਸਤ੍ਰੀ ਤਰਸੇਮ ਲਾਲ ਦੀ ਪ੍ਰਧਾਨਗੀ ਹੇਠ ਕੰਪਨੀ ਬਾਗ ਅੰਮ੍ਰਿਤਸਰ ਵਿਖੇ ਕੀਤਾ ਗਿਆ। ਸੈਕੜਿਆਂ ਦੀ ਤਦਾਦ ਵਿੱਚ ਜੁੜੇ ਔਰਤਾਂ, ਮਰਦਾਂ, ਸਨਅਤੀ, ਨਿਰਮਾਣ, ਸੌਪ, ਭੱਠਿਆਂ ਤੇ ਹੋਰ ਅਦਾਰਿਆਂ ਦੇ ਕਾਮਿਆਂ ਨੂੰ ਸੰਬੋਧਨ ਕਰਦਿਆਂ ਕ੍ਰਮਵਾਰ ਕਾ: ਅਮਰੀਕ ਸਿੰਘ, ਕਾ: ਬਲਕਾਰ ਸਿੰਘ ਦੁਧਾਲਾ ਤੇ ਕਾ: ਜਗਤਾਰ ਸਿੰਘ ਕਰਮਪੁਰਾ ਨੇ ਕਿਹਾ ਕਿ ਕੇਂਦਰ ਦੀ ਭਾਜਪਾਈ ਤੇ ਪੰਜਾਬ ਦੀ ਅਕਾਲੀ ਭਾਜਪਾ ਗਠਜੋੜ ਸਰਕਾਰ ਸਾਂਮਰਾਜੀ ਦੇਸ਼ਾਂ ਦੇ ਇਸ਼ਾਰੇ ਤੇ ਚਲਦਿਆਂ ਮਜਦੂਰ ਵਿਰੋਧੀ ਨੀਤੀਆਂ ਅਪਣਾ ਰਹੀਆਂ ਹਨ। ਸਨਅਤੀ ਮਜਦੂਰ ਜਥੇਬੰਦੀਆਂ ਵੱਲੋਂ ਕੁਰਬਾਨੀਆਂ ਕਰਕੇ ਬਣਵਾਏ ਗਏ ਲੇਬਰ ਕਾਨੂੰਨ ਲਾਗੂ ਨਹੀਂ  ਕੀਤੇ ਜਾ ਰਹੇ ਅਤੇ ਉਨ੍ਹਾਂ ਨੂੰ ਸੋਧਣ ਦੇ ਨਾਮ 'ਤੇ ਮਿਲ ਮਾਲਕਾਂ ਨੂੰ ਖੁਸ਼ ਕਰਨ ਲਈ ਲੇਬਰ ਕਾਨੂੰਨਾਂ ਵਿੱਚ ਕਟੌਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਂਦਰ ਅਤੇ ਪੰਜਾਬ ਸਰਕਾਰ ਦੀ ਇਹ ਮਜਦੂਰ ਵਿਰੋਧੀ ਚਾਲ ਸਨਅਤੀ ਮਜਦੂਰ ਜਥੇਬੰਦੀਆਂ ਲਾਗੂ ਨਹੀਂ ਹੋਣ ਦੇਣਗੀਆਂ। ਦੇਸ਼ ਦੀਆਂ ਮਜਦੂਰ ਪੱਖੀ ਟ੍ਰੇਡ ਯੂਨੀਅਨਾਂ ਨੇ ਅਣਸਿੱਖੇ ਮਜਦੂਰ ਦੀ ਘੱਟੋ ਘੱਟ ਤਨਖਾਹ 15000/- ਰੁਪਏ ਕਰਾਉਣ ਲਈ, ਠੇਕੇਦਾਰੀ ਸਿਸਟਮ ਬੰਦ ਕਰਾਉਣ ਤੇ ਹੋਰ ਮੰਗਾਂ ਦੀ ਪ੍ਰਾਪਤੀ ਵਾਸਤੇ 2 ਸਤੰਬਰ 2015 ਨੂੰ ਦੇਸ਼ ਵਿਆਪੀ ਲਾਮਿਸਾਲ ਹੜਤਾਲ ਕੀਤੀ ਸੀ ਪਰ ਪੰਜਾਬ ਸਰਕਾਰ ਵਲੋਂ ਸਨਅਤੀ ਮਜਦੂਰਾਂ ਦੀ ਤਨਖਾਹ 7210/- ਰੁਪਏ ਰੀਵਾਇਜ ਕਰਨ ਨਾਲ ਪੰਜਾਬ ਸਰਕਾਰ ਦਾ ਮਜਦੂਰ ਵਿਰੋਧ ਰਵੱਈਆ ਜਗ ਜਾਹਿਰ ਹੋ ਗਿਆ ਹੈ। ਜਿਸ ਕਰਕੇ ਪੰਜਾਬ ਦੇ ਮਜਦੂਰਾਂ ਦੇ ਮਨਾਂ ਵਿੱਚ ਪੰਜਾਬ ਸਰਕਾਰ ਦੇ ਮਜਦੂਰ ਵਿਰੋਧੀ ਰਵੱਈਏ ਖਿਲਾਫ ਡਾਹਢਾ ਗੁੱਸਾ ਹੈ ਅਤੇ ਆਉਣ ਵਾਲੀਆਂ ਪੰਜਾਬ ਅਸੰਬਲੀ ਦੀਆਂ ਇਲੈਕਸ਼ਨਾਂ ਵਿੱਚ ਮਜਦੂਰ ਅਕਾਲੀ-ਭਾਜਪਾ ਗਠਜੋੜ ਦੇ ਖਿਲਾਫ ਵੋਟ ਪਾ ਕੇ ਪੰਜਾਬ ਸਰਕਾਰ ਖਿਲਾਫ ਆਪਣੇ ਗੁੱਸੇ ਦਾ ਇਜਹਾਰ ਕਰਨਗੇ।
ਜਿਕਰਯੋਗ ਹੈ ਕਿ 2007 ਤੋਂ ਹੁਣ ਤੱਕ ਨਿੱਤ ਵਰਤੋਂ ਦੀਆਂ ਚੀਜ਼ਾਂ ਦਾਲਾਂ, ਘਿਉ, ਖੰਡ, ਪੱਤੀ ਦੇ ਰੇਟਾਂ ਵਿੱਚ ਬੇ-ਬਹਾ ਵਾਧਾ ਹੋਇਆ ਹੈ। ਬਿਜਲੀ ਪੰਜਾਬ ਵਿੱਚ ਬਹੁਤ ਮਹਿੰਗੇ ਰੇਟ ਤੇ ਦਿੱਤੀ ਜਾ ਰਹੀ ਹੈ। ਨਸ਼ਿਆਂ ਦੇ ਕਾਰੋਬਾਰੀ ਖੁਲ੍ਹ ਦਿਲੀ ਨਾਲ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਨਸ਼ੇ ਵੇਚ ਕੇ ਅਤੇ ਰੇਤਾ ਖੰਡ ਦੇ ਭਾਅ ਵੇਚ ਕੇ ਆਪਣੀਆਂ ਤਿਜੌਰੀਆਂ ਭਰ ਰਹੇ ਹਨ ਅਤੇ ਕੇਂਦਰ ਤੇ ਪੰਜਾਬ ਸਰਕਾਰ ਮੂਕ ਦਰਸ਼ਕ ਬਣੀ ਖੜੀ ਹੈ।
ਇਸ ਇਕੱਠ ਨੂੰ ਸੀਟੂ ਦੇ ਆਗੂ ਕਾ: ਸੁੱਚਾ ਸਿੰਘ, ਕਾ: ਨਰਿੰਦਰ ਚਮਿਆਰੀ, ਕਾ: ਅਸ਼ੋਕ ਕੁਮਾਰ ਤੇ ਕਾ. ਕ੍ਰਿਪਾਲ ਸਿੰਘ, ਏਟਕ ਦੇ ਆਗੂ ਕਾ: ਬਲਵਿੰਦਰ ਸਿੰਘ ਦੁਧਾਲਾ, ਪਵਨ ਕੁਮਾਰ ਮੋਹਕਮਪੁਰਾ, ਕਾ: ਅਸ਼ਵਨੀ ਕੁਮਾਰ ਹਰੀਪੁਰਾ ਤੇ ਕਾ: ਲਖਬੀਰ ਸਿੰਘ ਨਜਾਮਪੁਰਾ। ਸੀ.ਟੀ.ਯੂ ਪੰਜਾਬ ਦੇ ਆਗੂ ਡਾਕਟਰ ਬਲਵਿੰਦਰ ਸਿੰਘ ਛੇਹਰਟਾ, ਮੁਖਤਿਆਰ ਸਿੰਘ ਚਾਹਵਾਲਾ, ਕਾ: ਦੁਰਗਾ ਪ੍ਰਸ਼ਾਦਿ, ਬਲਵਿੰਦਰ ਸਿੰਘ ਨਾਨੋਕੇ ਤੇ ਗੁਰਦੇਵ ਸਿੰਘ ਫਰੰਟੀਅਰ ਨੇ ਵੀ ਸੰਬੋਧਨ ਕੀਤਾ।    


ਭੱਠਾ ਮਜ਼ਦੂਰਾਂ ਦਾ ਸੰਘਰਸ਼
ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਸਬੰਧਤ ਸੀ.ਟੀ.ਯੂ. ਪੰਜਾਬ ਵਲੋਂ ਪਠਾਨਕੋਟ, ਗੁਰਦਾਸਪੁਰ, ਮੋਗਾ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ ਆਦਿ ਜ਼ਿਲ੍ਹਿਆਂ ਤੇ ਕੁੱਝ ਹੋਰ ਖੇਤਰਾਂ ਵਿਚ ਮੰਗਾਂ ਦੀ ਪ੍ਰਾਪਤੀ ਲਈ ਸੰਗਰਾਮ ਚੱਲ ਰਹੇ ਹਨ। ਯੂਨੀਅਨ ਵਲੋਂ ਪੰਜਾਬ ਦੇ ਉਪਰੋਕਤ ਜਿਲ੍ਹਿਆਂ ਵਿਚ ਭੱਠਾ ਮਾਲਕਾਂ ਦੀਆਂ ਐਸੋਸੀਏਸ਼ਨਾਂ ਅਤੇ ਕਿਰਤ ਵਿਭਾਗ ਨੂੰ ਮੰਗ ਪੱਤਰ ਭੇਜੇ ਜਾ ਚੁੱਕੇ ਹਨ। ਜਿਸ ਵਿਚ ਸਭ ਕੈਟੇਗਿਰੀਆਂ ਦੇ ਭੱਠਾ ਮਜ਼ਦੂਰਾਂ ਦੀਆਂ ਉਜਰਤਾਂ ਵਿਚ ਵਧੀ ਹੋਈ ਮਹਿੰਗਾਈ ਅਨੁਸਾਰ ਵਾਧਾ ਕਰਨ; ਕਿਰਤ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਕਰਨ, ਸਾਰੇ ਭੱਠਿਆਂ ਉਪਰ ਇਲਾਜ ਸਹੂਲਤਾਂ-ਆਂਗਣਵਾੜੀ ਸੈਂਟਰ, ਪ੍ਰਾਇਮਰੀ ਸਕੂਲ, ਪੀਣ ਵਾਲੇ ਸਾਫ ਪਾਣੀ, ਇਨਸਾਨਾਂ ਦੇ ਰਹਿਣਯੋਗ ਰਿਹਾਇਸ਼ ਅਤੇ ਬੀਮਾਰੀ ਰਹਿਤ ਪਖਾਨੇ-ਬਿਜਲੀ ਅਤੇ ਹੋਰ ਬੁਨਿਆਦੀ ਸਹੂਲਤਾਂ ਮਿਲਣੀਆਂ ਯਕੀਨੀ ਕੀਤੇ ਜਾਣ; ਉਸਾਰੀ ਕਾਮਿਆਂ ਦੇ ਕਲਿਆਣ ਨਾਲ ਸਬੰਧਤ 1996 ਦੇ ਕਾਨੂੰਨ ਅਧੀਨ ਸਾਰੇ ਭੱਠਾ ਕਾਮਿਆਂ ਦੀ ਰਜਿਸਟਰੇਸ਼ਨ ਕਰਨ, ਕੌਮਾਂਤਰੀ ਕਿਰਤ ਸੰਗਠਨ ਦੀ ਪੰਦਰਾਂ ਹਜ਼ਾਰ ਰੁਪਏ ਪ੍ਰਤੀ ਮਹੀਨਾ ਘੱਟੋ ਘੱਟ ਉਜਰਤਾਂ ਦੀ ਸਿਫਾਰਸ਼ ਦੇ ਚੌਖਟੇ ਵਿਚ ਭੱਠਾ ਕਾਮਿਆਂ ਦੀਆਂ ਉਜਰਤਾਂ ਮਿਥਣ ਆਦਿ ਅਤੀ ਵਾਜਬ ਫੌਰੀ ਮੰਗਾਂ ਦਰਜ ਹਨ। ਪਰ ''ਨਾਮ ਨਿਹਾਦ'' ਕਿਰਤ ਵਿਭਾਗ ਮਾਲਕਾਂ ਦੇ ਹਿੱਤਾਂ ਅਨੁਸਾਰ ਦਸੰਬਰ ਮਹੀਨੇ ਤੋਂ ਮੰਗ ਪੱਤਰ ਦਿੱਤੇ ਜਾਣ ਦੇ ਬਾਵਜੂਦ ਮੁਜ਼ਰਮਾਨਾ ''ਕੁੰਭਕਰਨੀ'' ਨੀਂਦ ਸੁੱਤਾ ਪਿਆ ਹੈ।
ਯੂਨੀਅਨ ਨੇ ਦਰੁਸਤ ਫੈਸਲਾ ਲੈਂਦੇ ਹੋਏ ਉਪਰੋਕਤ ਬਿਆਨੇ ਜ਼ਿਲ੍ਹਿਆਂ ਵਿਚ ਸੰਗਰਾਮ ਛੇੜ ਦਿੱਤੇ ਹਨ। ਇਸ ਤੋਂ ਬੌਖਲਾਕੇ ਮਾਲਕਾਂ ਨੇ ਆਪਣੇ ਹੱਥਠੋਕਾ ਅਤੇ ਇਕ ਵਿਅਕਤੀ ਅਧਾਰਤ ਅਖੌਤੀ ਸੰਗਠਨਾਂ ਨਾਲ ਗੱਲਬਾਤ ਚਲਾ ਕੇ ਮੰਗ ਪੱਤਰ ਨੂੰ ਤੁੱਥ ਮੁੱਥ ਕਰਨ ਦੇ ਕੋਝੇ ਯਤਨ ਕੀਤੇ ਪਰ ਮਜ਼ਦੂਰਾਂ ਨੇ ਇਸ ਮਾਲਕ ਹਿਤੂ ਦੀ ਸੌਦੇਬਾਜ਼ੀ ਨਾਕਾਮ ਕਰ ਦਿੱਤੀ। ਵੱਖੋ-ਵੱਖ ਥਾਂਈਂ ਚੱਲ ਰਹੇ ਤਿੱਖੇ ਘੋਲਾਂ ਦੀ ਅਗਵਾਈ ਸਰਵਸਾਥੀ  ਜਸਵੰਤ ਬੁੱਟਰ, ਹੁਕਮ ਲਾਲ ਦੇਹੜਕਾ, ਨਛੱਤਰ ਸਿੰਘ ਚੀਮਾ, ਨਿਰਮਲ ਸਿੰਘ ਡੱਲਾ, ਮਨਹਰਨ, ਕਰਮ ਸਿੰਘ ਵਰਸਾਲਚੱਕ, ਕਰਤਾਰ ਸਿੰਘ, ਬਲਦੇਵ ਸਿੰਘ ਰੂੰਮੀ, ਵਿਨੋਦ ਕੁਮਾਰ, ਦਰਬਾਰਾ ਸਿੰਘ ਰਣੀਆ, ਮੇਵਾ ਸਿੰਘ, ਭਰਪੂਰ ਸਿੰਘ, ਸਰਦਾਰ ਮਸੀਹ, ਬਾਗਰਾਜ ਮਸੀਹ, ਬਲਵਿੰਦਰ ਬਿੱਲਾ, ਖੁਸ਼ੀ ਰਾਮ, ਪ੍ਰੀਤਮ ਦਾਸ, ਪਰਤਾਪ ਸਿੰਘ ਆਦਿ ਸਾਥੀ ਕਰ ਰਹੇ ਹਨ। ਸੀ.ਟੀ.ਯੂ. ਪੰਜਾਬ ਦੇ ਪ੍ਰਧਾਨ ਸਾਥੀ ਇੰਦਰਜੀਤ ਗਰੇਵਾਲ ਅਤੇ ਸਕਤਰ ਸਾਥੀ ਨੱਥਾ ਸਿੰਘ ਪੂਰੀ ਸੂਬਾਈ ਟੀਮ ਸਮੇਤ ਭੱਠਾ ਕਾਮਿਆਂ ਦੇ ਸੰਘਰਸ਼ ਦੇ ਅੰਗ ਸੰਗ ਰਹਿ ਰਹੇ ਹਨ।
ਰਿਪੋਰਟ : ਸ਼ਿਵ ਕੁਮਾਰ ਪਠਾਨਕੋਟ, ਜਨਰਲ ਸਕੱਤਰ
ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ


ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਵਿਚ ਮਨਰੇਗਾ ਕਾਮਿਆਂ ਦੀ ਜਿੱਤ ਮਹਿਲ ਕਲਾਂ : ਇਲਾਕੇ 'ਚੋਂ ਲੰਘਦੀ ਡਰੇਨ (ਸੇਮ ਨਾਲਾ) ਦੀ ਸਫਾਈ ਦਾ ਕੰਮ ਵਿਭਾਗ ਵਲੋਂ ਠੇਕੇ 'ਤੇ ਦਿੱਤੇ ਜਾਣ ਅਤੇ ਸਾਰਾ ਕੰਮ ਮਨੁੱਖ ਸ਼ਕਤੀ ਦੀ ਬਜਾਇ ਅਤੀ ਆਧੁਨਿਕ ਮਸ਼ੀਨਾਂ ਨਾਲ ਕਰਵਾਏ ਜਾਣ ਵਿਰੁੱਧ ਛੀਨੀਵਾਲ ਖੁਰਦ, ਦੀਵਾਨਾ, ਸੋਹੀਆਂ ਆਦਿ ਪਿੰਡਾਂ ਦੇ ਮਨਰੇਗਾ ਕਾਮਿਆਂ ਦਾ ਦਿਹਾਤੀ ਮਜ਼ਦੂਰ ਸਭਾ ਬਰਨਾਲਾ ਦੀ ਅਗਵਾਈ ਵਿਚ ਲੜਿਆ ਗਿਆ ਸੰਘਰਸ਼ ਜਿੱਤ ਨਾਲ ਸਮਾਪਤ ਹੋਇਆ। ਹੋਇਆ ਇੰਜ ਕਿ ਡਰੇਨੇਜ਼ ਵਿਭਾਗ ਨੇ ਇਸ ਸਬੰਧੀ ਸਾਰਾ ਕੰਮ ਸੂਬਾਈ ਪੱਧਰ 'ਤੇ ਕੱਢੇ ਟੈਂਡਰਾਂ ਦੇ ਆਧਾਰ 'ਤੇ ਠੇਕੇ 'ਤੇ ਦੇ ਦਿੱਤਾ। ਬੀਤੇ ਦਿਨੀਂ ਜਦੋਂ ਡਰੇਨੇਜ਼ ਦੀ ਸਫਾਈ ਲਈ ਠੇਕੇਦਾਰ ਦੇ ਕਰਿੰਦੇ, ਵਿਭਾਗੀ ਅਧਿਕਾਰੀ ਅਤੇ ਕਰਮਚਾਰੀ, ਭਾਰੀ ਗਿਣਤੀ ਵਿਚ ਜੇ.ਸੀ.ਬੀ. ਮਸ਼ੀਨਾਂ ਅਤੇ ਹੋਰ ਅਤਿ ਆਧੁਨਿਕ ਸਾਜੋ ਸਮਾਨ ਲੈ ਕੇ ਡਰੇਨ 'ਤੇ ਪੁੱਜੇ ਤਾਂ ਖੇਤੀ ਖੇਤਰ 'ਚੋਂ ਮਸ਼ੀਨਰੀਕਰਨ ਕਰਕੇ ਬੇਦਖਲ ਹੋ ਚੁੱਕੇ ਬੇਰੁਜ਼ਗਾਰੀ ਦੇ ਝੰਬੇ ਮਨਰੇਗਾ ਕਾਮਿਆਂ ਨੇ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਭੋਲਾ ਸਿੰਘ ਕਲਾਲ ਮਾਜਰਾ, ਭਾਨ ਸਿੰਘ ਸੰਘੇੜਾ, ਬਘੇਲ ਸਿੰਘ ਸਹਿਜੜਾ ਆਦਿ ਨਾਲ ਸੰਪਰਕ ਕੀਤਾ। ਤੁਰੰਤ ਫੈਸਲਾ ਕਰਦਿਆਂ ਜ਼ਿਲ੍ਹੇ ਦੀ ਸਮੁੱਚੀ ਟੀਮ, ਚੁਣਿੰਦਾ ਪੱਤਰਕਾਰ ਅਤੇ ਸਬੰਧਤ ਪਿੰਡਾਂ ਦੇ ਮਨਰੇਗਾ ਕਾਮੇ ਸੈਂਕੜਿਆਂ ਦੀ ਗਿਣਤੀ ਵਿਚ ਡਰੇਨ 'ਤੇ ਪੁੱਜੇ ਅਤੇ ਸ਼ਾਂਤਮਈ ਧਰਨੇ 'ਤੇ ਬੈਠ ਗਏ। ਸਭਨਾਂ ਨੇ ਮੰਗ ਕੀਤੀ ਕਿ ਉਕਤ ਵਿਭਾਗੀ ਕੰਮ ਮਸ਼ੀਨਾਂ ਦੀ ਬਜਾਇ ਭੁਖਮਰੀ ਦੀ ਕਗਾਰ 'ਤੇ ਪੁੱਜੇ ਮਨਰੇਗਾ ਕਾਮਿਆਂ ਤੋਂ ਕਰਵਾਇਆ ਜਾਵੇ। ਸਬੰਧਤ ਵਿਭਾਗ, ਸੂਬਾਈ ਅਧਿਕਾਰੀਆਂ, ਜ਼ਿਲ੍ਹਾ ਪ੍ਰਸ਼ਾਸ਼ਨਿਕ ਤੇ ਪੁਲਸ ਅਧਿਕਾਰੀਆਂ ਨੂੰ ਲਿਖਤੀ ਅਰਜ਼ੀਆਂ ਡਾਕ ਰਾਹੀਂ ਭੇਜੀਆਂ ਅਤੇ ਵਫਦ ਮਿਲ ਕੇ ਦਿੱਤੀਆਂ ਗਈਆਂ। ਪਰ ਸਮੁੱਚਾ ਅਮਲਾ ਫੈਲਾ ਆਪਣੇ ਜਮਾਤੀ ਖਾਸੇ ਅਨੁਸਾਰ ਮਜ਼ਦੂਰਾਂ ਦੀ ਅਤੀ ਵਾਜਬ ਮੰਗ ਨੂੰ ਸੁਣਨ ਲਈ ਵੀ ਤਿਆਰ ਨਹੀਂ ਸੀ, ਮੰਗ ਦਾ ਨਿਪਟਾਰਾ ਕਰਨਾ ਤਾਂ ਕਿੱਧਰੇ ਰਿਹਾ।
ਸਭਾ ਦੀ ਆਗੂ ਟੀਮ ਨੇ ਸਮੁੱਚੇ ਬਲਾਕ ਦੇ ਪਿੰਡਾਂ 'ਚ ਹੋ ਕੇ ਦਿਵਾ ਕੇ ਸੰਘਰਸ਼ 'ਚ ਸ਼ਾਮਲ ਹੋਣ ਅਤੇ ਹੋਰ ਰਸਦ ਭੇਜਣ ਦੀ ਅਪੀਲ ਕੀਤੀ। ਇਸੇ ਦੌਰਾਨ ਬੀ.ਡੀ.ਪੀ.ਓ. ਮਹਿਲ ਕਲਾਂ ਦੇ ਅਮਲੇ ਫੈਲੇ ਅਤੇ ਪ੍ਰਭਾਵਿਤ ਪਿੰਡਾਂ ਦੀਆਂ ਸਰਕਾਰ ਦੀਆਂ ਪਿੱਠੂ ਪੰਚਾਇਤਾਂ ਨੇ ਵੀ ਮਜ਼ਦੂਰਾਂ 'ਤੇ ਸੰਘਰਸ਼ ਤੋਂ ਪਾਸਾ ਵੱਟਣ ਦਾ ਨਾਕਾਮ ਦਬਾਅ ਬਣਾਇਆ। ਪਰ ਮਜ਼ਦੂਰ ਆਪਣੇ ਆਗੂਆਂ ਦੀ ਅਗਵਾਈ ਵਿਚ ਡਰੇਨ 'ਤੇ ਡੱਟੇ ਰਹੇ ਅਤੇ ਕੰਮ ਨਾ ਚੱਲਣ ਦਿੱਤਾ। ਲਗਭਗ ਹਫਤੇ ਭਰ ਦੀ ਨਾਕਾਮ ਪ੍ਰਸ਼ਾਸ਼ਕੀ ਕਵਾਇਦ ਤੋਂ ਬਾਅਦ ਪ੍ਰਸ਼ਾਸ਼ਨ ਗੱਲ ਬਾਤ ਦੇ ਰਾਹ 'ਤੇ ਆ ਗਿਆ ਅਤੇ ਦੋਹਾਂ ਧਿਰਾਂ ਵੀ ਸਹਿਮਤੀ ਨਾਲ ਫੈਸਲਾ ਹੋਇਆ ਕਿ ਕੰਮ ਮਸ਼ੀਨਾਂ ਅਤੇ ਮਨਰੇਗਾ ਕਾਮੇ ਵੰਡ ਕੇ ਕਰਨਗੇ। ਇੰਜ ਇਸ ਸੰਘਰਸ਼ ਦੀ ਅੰਸ਼ਕ ਜਿੱਤ ਹੋਈ। ਮੁਕੰਮਲ ਜਿੱਤ ਲਈ ਪੰਜਾਬ ਭਰ ਦੇ ਮਨਰੇਗਾ ਕਾਮਿਆਂ ਦਾ ਸਾਂਝਾ ਸੰਗਰਾਮ ਅੱਜ ਸਮੇਂ ਦੀ ਵੱਡੀ ਲੋੜ ਹੈ।


ਦਿਹਾਤੀ ਮਜ਼ਦੂਰਾਂ ਵਲੋਂ ਸਰਦੂਲਗੜ੍ਹ ਵਿਖੇ ਮੁਜ਼ਾਹਰਾ 
 ਲੰਘੀ 18 ਮਈ ਨੂੰ ਦਿਹਾਤੀ ਮਜ਼ਦੂਰ ਸਭਾ ਦੀ ਇਲਾਕਾ ਕਮੇਟੀ ਦੇ ਸੱਦੇ 'ਤੇ ਇਕੱਤਰ ਹੋਏ ਅਨੇਕਾਂ ਮਜ਼ਦੂਰਾਂ ਨੇ ਪ੍ਰਦਰਸ਼ਨ ਕਰਕੇ ਐਸ.ਡੀ.ਐਮ. ਸਰਦੂਲਗੜ੍ਹ ਨੂੰ ਮੰਗ ਪੱਤਰ ਦਿੱਤਾ। ਜੁੜੇ ਇਕੱਠ ਨੇ ਮੰਗ ਕੀਤੀ ਕਿ ਸਾਰੇ ਪਿੰਡਾਂ ਵਿਚ ਮਨਰੇਗਾ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ ਅਤੇ ਪਿਛਲੇ ਕੀਤੇ ਕੰਮ ਦੇ ਪੈਸੇ ਦਿੱਤੇ ਜਾਣ, ਪਹਿਲੀ ਅਪ੍ਰੈਲ ਨੂੰ ਮੁੱਖ ਮੰਤਰੀ ਪੰਜਾਬ ਨਾਲ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਚੰਡੀਗੜ੍ਹ ਵਿਖੇ ਹੋਈ ਉਚ ਪੱਧਰੀ ਮੀਟਿੰਗ ਦੇ ਫੈਸਲੇ ਅਧੀਨ ਬੇਜ਼ਮੀਨੇ ਮਜ਼ਦੂਰਾਂ ਦੇ ਕੱਟੇ ਹੋਏ ਬਿਜਲੀ ਕੁਨੈਕਸ਼ਨ ਤੁਰੰਤ ਬਹਾਲ ਕੀਤੇ ਜਾਣ; ਸਾਰੇ ਬੇਜ਼ਮੀਨੇ ਪਰਿਵਾਰਾਂ ਦੇ ਨੀਲੇ ਕਾਰਡ ਤੁਰੰਤ ਬਣਾਏ ਜਾਣ; ਨਰਮਾ ਖਰਾਬੇ ਨਾਲ ਹੋਏ ਮਜ਼ਦੂਰਾਂ ਦੇ ਰੁਜਗਾਰ ਦੇ ਨੁਕਸਾਨ ਦਾ ਮੁਆਵਜ਼ਾ ਬਿਨਾਂ ਦੇਰੀ ਦਿੱਤਾ ਜਾਵੇ; ਅਣਅਧਿਕਾਰਤ ਠੇਕਿਆਂ ਤੋਂ ਸ਼ਰਾਬ ਦੀ ਵਿਕਰੀ ਸਖਤੀ ਨਾਲ ਬੰਦ ਕੀਤੀ ਜਾਵੇ। ਇਕੱਠ ਦੀ ਅਗਵਾਈ ਨਰਿੰਦਰ ਸੋਮਾ, ਸਤਪਾਲ ਸਿੰਘ, ਸੁਖਦੇਵ ਸਿੰਘ, ਸ਼ੀਰਾ ਸਿੰਘ, ਅੰਗਰੇਜ ਕੌਰ, ਪਰਮਿੰਦਰ ਕੌਰ ਆਦਿ ਆਗੂਆਂ ਨੇ ਕੀਤੀ। ਆਗੂਆਂ ਨੇ ਐਲਾਨ ਕੀਤਾ ਕਿ 26 ਮਈ ਨੂੰ ਪਿੰਡ-ਪਿੰਡ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕ ਕੇ 9 ਜੂਨ ਨੂੰ ਮਾਨਸਾ ਵਿਖੇ ਮੁਜ਼ਾਹਰਾ ਕੀਤਾ ਜਾਵੇਗਾ।

ਜਮਹੂਰੀ ਕਿਸਾਨ ਸਭਾ ਵਲੋਂ ਜਥਾ ਮਾਰਚ 
ਮਾਨਸਾ : ਜਮਹੂਰੀ ਕਿਸਾਨ ਸਭਾ ਦੀ ਜ਼ਿਲ੍ਹਾ ਇਕਾਈ ਵਲੋਂ ਸਰਵਸਾਥੀ ਬਖਤੌਰ ਸਿੰਘ ਦੂਲੋਵਾਲ, ਛੱਜੂ ਰਾਮ ਰਿਸ਼ੀ, ਸੁਖਦੇਵ ਸਿੰਘ ਅਤਲਾ, ਅਮਰੀਕ ਸਿੰਘ ਫਫੜੇ, ਮੇਜਰ ਸਿੰਘ ਦੂਲੋਵਾਲ, ਧੰਨਾ ਸਿੰਘ ਟਾਹਲੀਆਂ ਸੇਵਾ ਮੁਕਤ ਪ੍ਰਿੰਸੀਪਲ ਹਰਚਰਨ ਸਿੰਘ ਮੌੜ, ਲਾਲ ਚੰਦ, ਮੰਗਤ ਰਾਮ ਤਰੜ, ਗੁਰਜੰਟ ਸਿੰਘ ਅਲੀਸ਼ੇਰ, ਲਾਭ ਸਿੰਘ ਸੰਧੂ, ਕਾਲਾ ਸਿੰਘ ਦੂਲੋਵਾਲ ਆਦਿ ਦੀ ਅਗਵਾਈ ਵਿਚ ਜੱਥਾ ਮਾਰਚ ਕੀਤਾ ਗਿਆ। ਮਾਰਚ ਮਹੀਨੇ ਸਰਦੂਲਗੜ੍ਹ ਵਿਖੇ ਹੋਏ ਸੂਬਾਈ ਅਜਲਾਸ, ਅਪ੍ਰੈਲ ਮਹੀਨੇ ਜਲੰਧਰ ਵਿਖੇ ਹੋਈ ਸੂਬਾਈ ਕਨਵੈਨਸ਼ਨ ਅਤੇ ਸੂਬਾਈ ਅਹੁਦੇਦਰਾਂ ਦੀਆਂ ਮੀਟਿੰਗਾਂ ਦੇ ਫੈਸਲਿਆਂ ਵਿਚ ਦੀ ਰੌਸ਼ਨੀ ਵਿਚ ਜਥੇਬੰਦੀ ਦਾ ਪਸਾਰਾ ਕਰਨ, ਇਸ ਦੇ ਨੀਤੀ ਬਿਆਨਾਂ ਤੋਂ ਕਿਸਾਨਾਂ ਨੂੰ ਜਾਣੂ ਕਰਾਉਣ ਅਤੇ ਭਵਿੱਖ ਦੇ ਸੰਗਰਾਮਾਂ 'ਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦੇਣ ਦੇ  ਉਦੇਸ਼ ਨਾਲ ਕੀਤੇ ਗਏ ਉਕਤ ਮਾਰਚ ਵਿਚ ਜ਼ਿਲ੍ਹੇ ਦੀਆਂ ਸਾਰੀਆਂ  ਤਹਿਸੀਲਾਂ ਦੇ ਵੱਡੇ ਅਤੇ ਕਿਸਾਨ ਘੋਲਾਂ ਦਾ ਕੇਂਦਰ ਰਹੇ ਪਿੰਡਾਂ 'ਚ ਪਹੁੰਚ ਕੀਤੀ ਗਈ। ਆਗੂਆਂ ਨੇ ਕਿਸਾਨ ਖੁਦਕੁਸ਼ੀਆਂ, ਕਿਸਾਨਾਂ ਦੇ ਆਮਦਨ ਖਰਚ ਦੇ ਪਹਾੜ ਜਿੱਡੇ ਪਾੜਿਆਂ ਅਤੇ ਹੋਰ ਮਸਲਿਆਂ ਲਈ ਜ਼ਿੰਮੇਵਾਰ ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀਆਂ ਸਾਮਰਾਜ ਪੱਖੀ ਨਵਉਦਾਰਵਾਦੀ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਾਉਣ ਲਈ ਅਨੇਕਾਂ ਜਲਸੇ, ਮੀਟਿੰਗਾਂ, ਰੈਲੀਆਂ ਨੂੰ ਸੰਬੋਧਨ ਕੀਤਾ।



ਜਨਵਾਦੀ ਇਸਤਰੀ ਸਭਾ ਦਾ ਗੁਰਦਾਸਪੁਰ ਜ਼ਿਲ੍ਹਾ  ਅਜਲਾਸ 
ਜਨਵਾਦੀ ਇਸਤਰੀ ਸਭਾ ਪੰਜਾਬ ਦੀ ਗੁਰਦਾਸਪੁਰ ਜਿਲ੍ਹਾ ਇਕਾਈ ਦਾ ਡੈਲੀਗੇਟ ਅਜਲਾਸ 29 ਅਪ੍ਰੈਲ ਨੂੰ ਸਥਾਨਕ ਰਾਮ ਸਿੰਘ ਦੱਤ ਭਵਨ ਵਿਖੇ ਬੀਬੀ ਸ਼ਿੰਦਰ ਕੌਰ ਮਨੇਛ, ਮਨਜੀਤ ਕੌਰ ਵੀਲਾ, ਸੁਖਵਿੰਦਰ ਕੌਰ, ਅਮਰੀਕ ਕੌਰ, ਬਲਵਿੰਦਰ ਕੌਰ ਮੋਮਨਵਾਲ 'ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਸਫਲਤਾ ਸਹਿਤ ਸੰਪੰਨ ਹੋਇਆ।
ਸੂਬਾਈ ਜਨਰਲ ਸਕੱਤਰ ਬੀਬੀ ਨੀਲਮ ਘੁਮਾਣ ਵਲੋਂ ਆਪਣੇ ਉਦਘਾਟਨ ਭਾਸ਼ਨ ਦੌਰਾਨ ਔਰਤਾਂ ਨੂੰ ਦਰਪੇਸ਼ ਦਿੱਕਤਾਂ, ਜਿਵੇਂ ਬੇਰੁਜ਼ਗਾਰੀ, ਅਰਧ ਬੇਰੁਜ਼ਗਾਰੀ, ਮਰਦ ਕਾਮਿਆਂ ਦੇ ਮੁਕਾਬਲੇ ਨਿਗੂਣੀਆਂ ਉਜਰਤਾਂ, ਕੰਮ ਵਾਲੀਆਂ ਥਾਵਾਂ 'ਤੇ ਹੁੰਦੇ ਲਿੰਗਕ ਵਿਤਕਰੇ ਅਤੇ ਜਿਣਸੀ ਸ਼ੋਸ਼ਣ, ਔਰਤਾਂ ਦੀਆਂ ਵਿਸ਼ੇਸ਼ ਲੋੜਾਂ ਆਧਾਰਤ ਪ੍ਰਬੰਧ ਨਾ ਹੋਣ ਆਦਿ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਕਿਸੇ ਵੀ ਕੰਮ-ਥਾਂ 'ਤੇ ਕਾਮਾ ਔਰਤਾਂ ਦੇ ਨਵਜੰਮੇ ਅਤੇ ਛੋਟੇ ਬਾਲਾਂ ਲਈ ਉਕਾ ਹੀ ਕੋਈ ਇੰਤਜਾਮ ਨਹੀਂ। ਸਾਥੀ ਨੀਲਮ ਨੇ ਕਿਹਾ ਕਿ ਆਮ ਤੌਰ 'ਤੇ ਸਭੇ ਔਰਤਾਂ, ਪਰ ਵਿਸ਼ੇਸ਼ ਕਰਕੇ ਦਲਿਤ ਔਰਤਾਂ ਨਾਬਿਆਨ ਕਰਨ ਯੋਗ ਘ੍ਰਿਣਤ ਜੁਲਮਾਂ ਅਤੇ ਘੋਰ ਵਿਤਕਰੇ ਦਾ ਸ਼ਿਕਾਰ ਹਨ। ਉਨ੍ਹਾਂ ਜ਼ਿਲ੍ਹੇ ਅੰਦਰ ਉਪਰੋਕਤ ਦੀ ਰੌਸ਼ਨੀ ਵਿਚ ਸਭਾ ਵਲੋਂ ਲੜੇ ਗਏ ਘੋਲਾਂ ਦੀ ਸ਼ਲਾਘਾ ਕਰਦਿਆਂ ਭਵਿੱਖ ਵਿਚ ਇਸ ਪੱਖੋਂ ਵਿਸ਼ਾਲ ਤੋਂ ਵਿਸ਼ਾਲ ਉਪਰਾਲੇ ਕਰਨ ਦਾ ਸੱਦਾ ਦਿੱਤਾ। ਅਜਲਾਸ ਵਿਚ ਹੋਈ ਭਰਵੀਂ ਵਿਚਾਰ ਚਰਚਾ ਤੋਂ ਬਾਅਦ ਉਪਰ ਸੁਝਾਏ ਕਾਰਜ ਸਿਰੇ ਚਾੜ੍ਹਣ ਲਈ ਠੋਸ ਫੈਸਲੇ ਕੀਤੇ ਗਏ। ਇਸ ਤੋਂ ਬਿਨਾਂ ਸਭਾ ਦੀ ਸਾਰੇ ਜ਼ਿਲ੍ਹੇ ਵਿਚ ਭਰਤੀ ਕਰਕੇ ਹਰ ਪੱਧਰ ਦੀਆਂ ਕਮੇਟੀਆਂ ਬਨਾਉਣ ਦਾ ਵੀ ਫੈਸਲਾ ਕੀਤਾ ਗਿਆ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਆਗੂ ਸਾਥੀ ਗੁਰਦਿਆਲ ਘੁਮਾਣ ਵਲੋਂ ਆਪਣੇ ਭਰਾਤਰੀ ਸੰਦੇਸ਼ ਰਾਹੀਂ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਗਿਆ। ਇਕ ਵਿਸ਼ੇਸ਼ ਮਤੇ ਰਾਹੀਂ ਸੱਭੇ ਕਿਰਤੀਆਂ ਖਾਸਕਰ ਔਰਤਾਂ ਦੀਆਂ ਸਮੱਸਿਆਵਾਂ ਵਿਚ ਢੇਰਾਂ ਵਾਧਾ ਕਰਨ ਵਾਲੀਆਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਖਿਲਾਫ ਸਭਾ ਵਲੋਂ ਆਜ਼ਾਦਾਨਾ ਸੰਗਰਾਮ ਉਸਾਰੇ ਜਾਣ ਅਤੇ ਸਾਂਝੇ ਘੋਲਾਂ ਵਿਚ ਵੱਧ ਚੜ੍ਹਕੇ ਭਾਗ ਲੈਣ ਦਾ ਫੈਸਲਾ ਕੀਤਾ ਗਿਆ। ਉਕਤ ਦਿਸ਼ਾ ਅੰਦਰ ਆਉਂਦੀ 2 ਸਤੰਬਰ ਨੂੰ ਕੀਤੇ ਜਾਣ ਵਾਲੀ ਸਨਅੱਤੀ ਆਮ ਹੜਤਾਲ ਦਾ ਪੂਰਾ ਪੂਰਾ ਸਮਰਥਨ ਕਰਨ ਦਾ ਫੈਸਲਾ ਸਰਵਸੰਮਤੀ ਨਾਲ ਕੀਤਾ ਗਿਆ। ਸਰਵਸੰਮਤੀ ਨਾਲ ਸਭਾ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਆਉਂਦੇ ਸਮੇਂ ਲਈ 25 ਮੈਂਬਰੀ ਆਗੂ ਟੀਮ ਜ਼ਿਲ੍ਹਾ ਚੁਣੀ ਗਈ ਜਿਸ ਦੇ ਪ੍ਰਧਾਨ ਬੀਬੀ ਸ਼ਿੰਦਰ ਕੌਰ ਮਨੇਛ ਅਤੇ ਜਨਰਲ ਸਕੱਤਰ ਬੀਬੀ ਮਨਜੀਤ ਕੌਰ ਵੀਲਾ ਚੁਣੇ ਗਏ।
ਜਨਵਾਦੀ ਇਸਤਰੀ ਸਭਾ ਦੀ ਸਰਦੂਲਗੜ੍ਹ ਇਕਾਈ ਸਥਾਪਤ 
ਸਰਦੂਲਗੜ੍ਹ (ਮਾਨਸਾ) ਦੀ ਮਜ਼ਦੂਰ ਬਸਤੀ 'ਚੋਂ ਸੰਘਰਸ਼ ਰਾਹੀਂ  ਨਾਜਾਇਜ਼ ਸ਼ਰਾਬ ਦਾ ਠੇਕਾ ਚੁਕਵਾਉਣ ਵਾਲੀਆਂ ਬੀਬੀਆਂ ਨੇ ਜਨਵਾਦੀ ਇਸਤਰੀ ਸਭਾ 'ਚ ਸ਼ਾਮਲ ਹੋ ਕੇ ਸ਼ਹਿਰ ਦੇ ਦੋ ਮੁਹੱਲਿਆਂ ਅਤੇ ਨੇੜਲੇ ਪਿੰਡ ਰੋੜਕੀ ਵਿਖੇ ਸਭਾ ਦੀਆਂ ਇਕਾਈਆਂ ਦੀ ਚੋਣ ਕੀਤੀ। ਉਕਤ ਮਕਸਦ ਅਧੀਨ ਹੋਈਆਂ ਮੀਟਿੰਗਾਂ ਨੂੰ ਸੰਬੋਧਨ ਕਰਨ ਲਈ ਸੂਬਾਈ ਜਨਰਲ ਸਕੱਤਰ ਬੀਬੀ ਨੀਲਮ ਘੁਮਾਣ ਉਚੇਚੇ ਤੌਰ 'ਤੇ ਪੁੱਜੇ। ਬੀਬੀ ਅੰਗਰੇਜ ਕੌਰ ਪ੍ਰਧਾਨ ਤੇ ਸਰਬਜੀਤ ਕੌਰ ਸਕੱਤਰ ਚੁਣੇ ਗਏ। 


हरियाणा में मनाया गया मई दिवस हरियाणा  में मई दिवस धूमधाम से मनाया गया। फतेहाबाद के भूना में एक विशाल जनसभा निर्माण मजदूर यूनियन सबंद्धित एटक तथा देहाती मजदूर सभा के तत्वाधान में की गई। अनेकों गांवों जैसे नक्टा, कलोठा, रतिया व टोहाना शहरों में भी जन सभाएं हुईं। मुख्य वक्ताओं में तेजिंद्र थिंद, नत्थू राम, मनदीप सिंह , सुख चैन सिंह, देव राज, निर्भय, अमन, सुखदेव, रोही राम, सुक्खा सिंह, मनदीप लाली आदि शामिल रहे। 1886 के महान शहीदों को श्रद्धासुमन अर्पित करते हुए उनके द्वारा छोड़े संग्राम को विजय पथ पर ले जाने के प्रण किये गये। सभी जगह 2 सितंबर को की जा रही ओद्यौगिक हड़ताल को सफल करने हेतु सर्वपक्षीय अभियान चलाये जाने का निर्णय किया गया।

रतिया नगर कौंसल चुनाव में सांझे मोर्चे के उम्मीदवार की जीतरतिया जिला फतेहाबाद, हरियाणा में सांझा मोर्चा उम्मीदवार श्रीमति कीरतपाल कौर ने वार्ड नंबर 15 में जीत का परचम फहराया। उत्साहवद्र्धक तथ्य यह है कि सांझा मोर्चा उम्मीदवार ने उस ‘पहलवान’ को पटखनी दी है जो न केवल चुनाव जीत कर  चेयरमैन बननेे का दावेदार था बल्कि राज्य की जनविरोधी खट्टर सरकार के ‘कुलगुरू’ राष्ट्रीय स्वयंसेवक संघ का खासमखास भी है। वार्ड के वोटरों ने सांझा मोर्चा की मुख्य चालक युवा छात्र तथा नागरिकों के संगठनों के नशा विरोधी अभियान की उचितता पर एक विलक्षण अंदाज में मुहर लगाई है। ज्ञात हो कि छात्र, युवा एवं अन्य नागरिक सामाजिक संगठनों ने निर्भीकता से नशा तस्करों एवं नशों का सहारा लेकर जीतने के इच्छुक उम्मीदवारों के विरूद्ध अतुलनीय अभियान चलाया था इस उद्देश्य से विजयी उम्मीदवारों को खड़ा किया था। लोगों ने सभी प्रलोभनों धमकियों सरकार के (कु)प्रभाव एवं अन्य नकारात्मक पक्षों को धता बताते हुए अपना मत देकर धुरंदरों को धूल चटाई। सारा अभियान  बिना किसी लोभ लालच एवं वार्ड वासियों के हर प्रकार के आर्थिक भौतिक आदि के सर्मथन से चलाया गया।                   रिर्पोट : तेजिंद्र सिंह थिंद        


हरियाणा में विद्यार्थियों व नौजवानों का नशों के विरुद्ध संघर्षशहीद भगत सिंह नौजवान सभा पंजाब-हरियाणा तथा हरियाणा स्टूडैंटस यूनियन की फतेहाबाद जिला ईकाईयों द्वारा नशों के अभिशाप के विरुद्ध रतिया में उचित समय पर साहसिक अभियान चलाया गया। स्मरणीय है कि नशा तस्करी यूं तो किसी भी समय अविचल जारी रहती है। किन्तु इस का सबसे जालिमाना हमला किसी भी छोटे या बड़े चुनाव के समय होता है। यह समय पुराने नशा अभिश्पत लोगों के लिये एक सुअवसर जैसा होता है जब उन्हें लत पड़ चुके नशे की खेप बिना किसी डर या भय के एवं ‘निशुल्क’ उपलब्ध होती है। यह अत्यंत निंदनीय और शोचनीय है कि चुनाव लड़ रहे और हर अनैतिक हथकंडा अपना कर जीत प्राप्त करने के इच्छुक उम्मीदवार भी नशा बांटने को अपना सब से सरल और आजमाया हुआ ‘रामबाण’ नुस्खा समझते हैं। फलस्वरूप हर छोटे बड़े चुनाव के बाद नशे की लत लगा चुके नये युवक युवतियों की ‘पलटनें’ तैयार हो जाती हैं और शुरू हो जाता है सम्बंधित परिवारों और पूरे सभ्य समाज के सामने नई पैदा होने वाली कुसंगतियों का अंतहीन सिलसिला। और जरूरी याद रखने योग्य बात यहा है कि शासक वर्गों के सभी दल इस घृणित कार्य में संलिप्त हैं। जानबूझ कर आँखे मूंदने की पुलिस प्रशासन की जघन्य प्रवृति के दृष्टिगोचर होने का भी यह सबसे ज्वलंत उदाहरण है। इसीलिये युवक संगठनों ने नशे के विरुद्ध जागरूकता पैदा करने और जिम्मेदार तत्वों को बेपर्द करने का अवसर चुना सही और समयानुकलता नगर निगम चुनाव अभियान के दिनों का।
भारी संख्या में हिन्दी में छपवा कर पर्चा बांटा गया, पदयात्राएं की गई, बैठकों-जलसों-प्रदर्शनों का आयोजन किया गया तथा घर-घर जाकर पहुंच की गई। अनेकों बार नशा बांटने आए अवांछित तत्वों एवं गुमराह हुए नशेडिय़ों से सीधा-सीधी टकराव भी हुआ। किन्तु उत्साहवद्र्धक तथ्य यह है कि आम लोगों खास कर महिलाओं का अभियान को अच्छा सहयोग मिला। हालांकि यह तर्जुबा विगत पंचायत चुनाव के समय शुरू किया गया था जबकि अब की बार का अभियान अधिक सुसंगठित, सघन तथा अधिकतर जन सर्मथन वाला था। अच्छी सोच वाले लोग जहां इस की सराहना कर रहे हैं वहीं तस्कर तथा उनके समस्त भाई बंधु विषैले सांप की तरह लोट रहे हैं एवं नये हमलावर तौर-तरीकों की ताक में हैं।
समस्त अभियान में मनदीप रतिया, सुखदेव रतिया, अमन रतिया, निर्भय रतिया, तेजिन्द्र थिंद, देवराज, सुखचैन सिंह आदि ने अगुआ भूमिका अदा की।
रिपोर्ट : मनदीप सिंह रतिया 


ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਮਨਾਇਆਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਹਰਿਆਣਾ, ਪੰਜਾਬ ਸਟੂਡੈਂਟਸ ਫੈਡਰੇਸ਼ਨ ਅਤੇ ਹਰਿਆਣਾ ਸਟੂਡੈਂਟਸ ਯੂਨੀਅਨ ਵਲੋਂ ਗਦਰ ਪਾਰਟੀ ਦੀ ਜ਼ਿੰਦ ਜਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਵਸ 24 ਮਈ ਨੂੰ ਪੰਜਾਬ-ਹਰਿਆਣਾ 'ਚ ਅਨੇਕੀਂ ਥਾਂਈ ਮੀਟਿੰਗਾਂ, ਜਲਸੇ, ਸੈਮੀਨਾਰ, ਚੇਤਨਾ ਮਾਰਚਾਂ ਆਦਿ ਰਾਹੀਂ ਮਨਾਇਆ ਗਿਆ। ਸੱਭੇ ਥਾਂਈਂ ਜਿੱਥੇ ਸ਼ਹੀਦਾਂ ਦੇ ਸੁਪਨਿਆਂ ਦਾ ਮੁਕੰਮਲ ਬਰਾਬਰਤਾ ਅਧਾਰਤ ਸਮਾਜ ਸਿਰਜਣ ਦਾ ਨਿਸ਼ਚਾ ਦ੍ਰਿੜਾਇਆ ਗਿਆ ਉਥੇ ਸੰਗਠਨਾਂ ਦੇ ਪਸਾਰ ਅਤੇ ਮਜ਼ਬੂਤੀ ਲਈ ਵੀ ਨਿੱਗਰ ਪਹਿਲਕਦਮੀਆਂ ਕੀਤੀਆਂ ਗਈਆਂ।

Sunday, 29 May 2016

ਸਹਾਇਤਾ (ਸੰਗਰਾਮੀ ਲਹਿਰ-ਜੂਨ 2016)

ਪਾਰਟੀ ਦੇ ਇਕ ਹਮਦਰਦ ਸਾਥੀ ਵਲੋਂ 'ਸੰਗਰਾਮੀ ਲਹਿਰ' ਨੂੰ 11000 ਰੁਪਏ ਸਹਾਇਤਾ ਵਜੋਂ ਦਿੱਤੇ ਗਏ।
 
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਅਤੇ ਪ.ਸ.ਸ.ਫ. ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹੈਡਮਾਸਟਰ ਕਰਨੈਲ ਸਿੰਘ ਸੰਧੂ ਨੇ ਆਪਣੀ ਸਰਕਾਰੀ ਸੇਵਾ ਤੋਂ ਮੁਕਤੀ ਹੋਣ ਉਪਰੰਤ ਸੀਪੀਐਮ ਪੰਜਾਬ ਨੂੰ 11000 ਰੁਪਏ, ਸੀਟੀਯੂ , ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਨੂੰ 1000- 1000 ਰੁਪਏ ਅਤੇ ਜੇ.ਪੀ.ਐਮ.ਓ. ਜ਼ਿਲ੍ਹਾ ਜਲੰਧਰ ਨੂੰ 500, ਸੰਗਰਾਮੀ ਲਹਿਰ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਸ਼੍ਰੀ ਹਰਬਲਾਸ ਸੈਂਟਰ ਹੈਡ ਟੀਚਰ ਜ਼ਿਲ੍ਹਾ ਹੁਸ਼ਿਆਰਪੁਰ ਨੇ 30 ਅਪ੍ਰੈਲ 2016 ਨੂੰ ਆਪਣੀ ਸੇਵਾ ਮੁਕਤੀ ਸਮੇਂ ਸੀ.ਪੀ.ਐਮ.ਪੰਜਾਬ ਨੂੰ 800 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਦਿਦਾਰ ਸਿੰਘ ਕੁਲਾਰ (ਗੁਰਦਾਸਪੁਰ) ਨੇ ਆਪਣੇ ਪੋਤਰੇ ਦੇ ਸ਼ਗਨ ਦੀ ਖੁਸ਼ੀ ਸਮੇਂ ਸੀ.ਪੀ.ਐਮ.ਪੰਜਾਬ ਤਹਿਸੀਲ ਕਮੇਟੀ ਬਟਾਲਾ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਸਾਧੂ ਸਿੰਘ ਪਿੰਡ ਕੋਟਲੀ ਥਾਬਲਾਂ ਨੇ ਆਪਣੇ ਪੁੱਤਰ ਦੀ ਸ਼ਾਦੀ ਦੀ ਖੁਸ਼ੀ ਸਮੇਂ ਸੀ.ਪੀ.ਐਮ.ਪੰਜਾਬ ਤਹਿਸੀਲ ਕਮੇਟੀ ਬਟਾਲਾ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਅਰਜਣ ਸਿੰਘ ਰਾਮ ਦਿਵਾਲੀ (ਗੁਰਦਾਸਪੁਰ) ਨੇ ਆਪਣੇ ਬੇਟੇ ਦੀ ਸ਼ਾਦੀ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਤਹਿਸੀਲ ਕਮੇਟੀ ਬਟਾਲਾ ਨੂੰ 2000 ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਦਿੱਤੀ।
 
ਕਾਮਰੇਡ ਬਲਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਨੇ ਆਪਣੀ ਮਾਤਾ ਸ਼੍ਰੀਮਤੀ ਕਰਤਾਰ ਕੌਰ ਪਤਨੀ ਸਰਦਾਰ ਗੁਰਬਚਨ ਸਿੰਘ ਦੀਆਂ ਅੰਤਮ ਰਸਮਾਂ ਸਮੇਂ ਸੀ.ਪੀ.ਐਮ. ਪੰਜਾਬ ਨੂੰ 1600 ਰੁਪਏ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਨੂੰ 1100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਸ. ਸੁਖਵਿੰਦਰ ਸਿੰਘ ਹੈਡਮਾਸਟਰ ਸਰਕਾਰੀ ਹਾਈ ਸਕੂਲ ਭਾਮ (ਗੁਰਦਾਸਪੁਰ) ਨੇ ਆਪਣੀ ਸੇਵਾ ਮੁਕਤੀ ਸਮੇਂ ਸੀ.ਪੀ.ਐਮ.ਪੰਜਾਬ ਨੂੰ 2900 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਹਰਦੀਪ ਸਿੰਘ, ਸੂਬਾ ਕਮੇਟੀ ਮੈਂਬਰ ਅਤੇ ਚੇਅਰਮੈਨ ਕੰਟਰੋਲ ਕਮੀਸ਼ਨ, ਸੀ.ਪੀ.ਐਮ. ਪੰਜਾਬ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ। ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਸਮੇਂ ਉਨ੍ਹਾਂ ਦੇ ਪਰਿਵਾਰ ਵਲੋਂ ਸੂਬਾ ਕਮੇਟੀ ਨੂੰ 10000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ ਗਏ। 

ਕਾਮਰੇਡ ਕੁਲਦੀਪ ਸਿੰਘ ਰਾਣਾ ਜ਼ਿਲ੍ਹਾ ਕਮੇਟੀ ਮੈਂਬਰ ਜਮਹੂਰੀ ਕਿਸਾਨ ਸਭਾ ਪਿੰਡ ਸੂਰਜਾ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਨੇ ਆਪਣੇ ਮਾਤਾ ਜੀ ਬੀਬੀ ਗੁਰਦੇਵ ਕੌਰ ਪਤਨੀ ਸ਼੍ਰੀ ਮੋਹਣ ਸਿੰਘ ਦੀਆਂ ਅੰਤਮ ਰਸਮਾਂ ਮੌਕੇ ਤਹਿਸੀਲ ਕਮੇਟੀ ਸੀ.ਪੀ.ਐਮ.ਪੰਜਾਬ ਫਿਲੌਰ ਨੂੰ 3000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਨਵਤੇਜ਼ ਦਿਹੜ ਜ਼ਿਲ੍ਹਾ ਬਰਨਾਲਾ ਦੀਆਂ ਅੰਤਿਮ ਰਸਮਾਂ ਸਮੇਂ ਉਸ ਦੇ ਪਰਿਵਾਰ ਵਲੋਂ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਮਾਸਟਰ ਕਰਤਾਰ ਸਿੰਘ ਪਿੰਡ ਠੀਕਰੀ ਵਾਲਾ ਜ਼ਿਲ੍ਹਾ ਬਰਨਾਲਾ ਵਲੋਂ ਆਪਣੇ ਨਵੇਂ ਘਰ ਦੀ ਖੁਸ਼ੀ ਵਿਚ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਇਕਾਈ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਹਜਾਰਾ ਸਿੰਘ ਜੱਸੜ ਜੀ ਦੀ ਬਰਸੀ ਸਮੇਂ ਉਨ੍ਹਾਂ ਦੇ ਦੋਹਤੇ ਸਾਥੀ ਗਗਨਦੀਪ ਸਿੰਘ ਵਲੋਂ ਸੀ.ਪੀ.ਐਮ.ਪੰਜਾਬ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਮਾਸਟਰ ਗੁਰਦਰਸ਼ਨ ਸਿੰਘ ਪਿੰਡ ਵਜੀਦਕੇ ਕਲਾਂ ਵਲੋਂ ਆਪਣੀ ਮਾਤਾ ਬਲਵੰਤ ਕੌਰ ਦੀਆਂ ਅੰਤਮ ਰਸਮਾਂ ਸਮੇਂ ਜਮਹੂਰੀ ਕਿਸਾਨ ਸਭਾ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 
 
ਸਵਰਨ ਸਿੰਘ ਰੱਤੂ ਖੁਰਲਾਪੁਰ (ਨਕੋਦਰ) ਨੇ ਆਪਣੇ ਲੜਕੇ ਰਜਿੰਦਰ ਕੁਮਾਰ ਦੀ ਸ਼ਾਦੀ ਬੀਬੀ ਕਵਿਤਾ ਸਪੁੱਤਰੀ ਰਾਜਿੰਦਰ ਲਾਲ ਮਹੇੜੂ ਨਾਲ ਹੋਣ ਦੀ ਖੁਸ਼ੀ ਮੌਕੇ ਸੀ.ਪੀ.ਐਮ.ਪੰਜਾਬ ਨੂੰ 5500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਦੇਵ ਫਿਲੌਰ ਦੀ ਪੋਤਰੀ ਅਤੇ ਕਾਮਰੇਡ ਜਰਨੈਲ ਫਿਲੌਰ ਦੀ ਬੇਟੀ ਮਨਪ੍ਰੀਤ ਦੀ ਸ਼ਾਦੀ ਕਾਕਾ ਮੇਜਰ ਸਪੁੱਤਰ ਗਿਆਨ ਚੰਦ ਰੁੜਕਾ ਕਲਾਂ ਨਾਲ ਹੋਣ ਦੀ ਖੁਸ਼ੀ ਦੇ ਮੌਕੇ ਦੋਹਾਂ ਪਰਿਵਾਰਾਂ ਨੇ ਸੀ.ਪੀ.ਐਮ.ਪੰਜਾਬ ਨੂੰ  10-10 ਹਜ਼ਾਰ ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500-500 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਵਿਜੈ ਕੁਮਾਰ ਸਪੁੱਤਰ ਸ਼੍ਰੀ ਭਜਨਾ ਰਾਮ ਸਾਬਕਾ ਪੰਚ ਰੁੜਕਾ ਕਲਾਂ ਨੇ ਸੀ.ਪੀ.ਐਮ.ਪੰਜਾਬ ਨੂੰ 50 ਹਜ਼ਾਰ ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਬੂਟਾ ਸਿੰਘ ਰੁੜਕਾ ਕਲਾਂ ਨੇ ਸੀ.ਪੀ.ਐਮ.ਪੰਜਾਬ ਨੂੰ 25 ਹਜ਼ਾਰ ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਸ਼ਰਧਾਂਜਲੀ

ਕਮਿਊਨਿਸਟ ਨੈਤਿਕਤਾ ਦੇ ਰੋਲ ਮਾਡਲ ਸਾਥੀ ਹਰਦੀਪ ਸਿੰਘ ਨੂੰ ਇਨਕਲਾਬੀ ਸ਼ਰਧਾਂਜਲੀ

ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਦੇ ਪੂਰੀ ਤਰ੍ਹਾਂ ਸਮਰਪਤ ਤੇ ਨਿਸ਼ਠਾਵਾਨ ਆਗੂ ਸਾਥੀ ਹਰਦੀਪ ਸਿੰਘ ਸਦੀਵੀ ਵਿਛੋੜਾ ਦੇ ਗਏ ਹਨ। ਪਾਰਟੀ ਦੇ ਇਨਕਲਾਬੀ ਅਨੁਸ਼ਾਸਨ ਦੀ ਰਾਖੀ ਕਰਨ ਵਾਲੇ 'ਕੰਟਰੋਲ ਕਮਿਸ਼ਨ' ਦੇ ਉਹ ਚੇਅਰਮੈਨ ਸਨ ਅਤੇ ਪਾਰਟੀ ਦੀ ਸੂਬਾਈ ਕਮੇਟੀ ਦੇ ਮੈਂਬਰ ਸਨ। 29 ਅਪ੍ਰੈਲ ਨੂੰ ਸਵੇਰੇ, 4-5 ਵਜੇ ਦੇ ਵਿਚਕਾਰ, ਹਿਰਦੇ ਦੀ ਗਤੀ ਅਚਾਨਕ ਰੁਕ ਜਾਣ ਕਾਰਨ, ਨੀਂਦ ਵਿਚ ਹੀ ਉਹਨਾਂ ਦੇ ਪ੍ਰਾਣ ਪੰਖੇਰੂ ਹੋ ਗਏ। ਉਹ 77 ਵਰਿਆਂ ਦੇ ਸਨ। ਉਸ ਸਮੇਂ ਸਾਥੀ ਹਰਦੀਪ ਸਿੰਘ ਪ.ਸ.ਸ.ਫ. ਦੇ ਚੰਡੀਗੜ੍ਹ ਦਫਤਰ ਵਿਚ ਸਨ ਅਤੇ ਉਹਨਾਂ ਦੀ ਸੁਪੱਤਨੀ ਬੀਬੀ ਸ਼ੀਲਾ ਦੇਵੀ ਜੀ ਵੀ ਉਹਨਾਂ ਦੇ ਨਾਲ ਸਨ।
ਲੰਬੇ ਸਮੇਂ ਤੋਂ ਸਾਥੀ ਹਰਦੀਪ ਸਿੰਘ ਪਾਰਟੀ ਵਲੋਂ ਮਿਲਦੇ ਕਾਰਜਾਂ ਦੇ ਨਾਲ ਨਾਲ 'ਮੁਲਾਜ਼ਮ ਲਹਿਰ' ਪਰਚੇ ਦੇ ਸੰਪਾਦਨ ਆਦਿ ਨਾਲ ਸਬੰਧਤ ਜ਼ੁੰਮੇਵਾਰੀਆਂ ਵੀ ਨਿਭਾਉਂਦੇ ਆ ਰਹੇ ਸਨ। ਇਸ ਮੰਤਵ ਲਈ ਉਹ ਹਰ ਮਹੀਨੇ ਦੇ ਆਖਰੀ 10 ਦਿਨ ਚੰਡੀਗੜ੍ਹ ਵਿਖੇ ਫੈਡਰੇਸ਼ਨ ਦੇ ਦਫਤਰ ਵਿਚ ਕੰਮ ਕਰਦੇ ਸਨ। ਪਰਚੇ ਦਾ ਮਈ ਅੰਕ ਛਪਾਉਣ ਅਤੇ ਮਈ ਦਿਵਸ ਦੇ ਸਮਾਗਮਾਂ ਤੱਕ ਉਸ ਨੂੰ ਪਾਠਕਾਂ ਤੱਕ ਪੁੱਜਦਾ ਕਰਨ ਦੇ ਸਾਰੇ ਪ੍ਰਬੰਧ ਮੁਕੰਮਲ ਕਰਨ ਉਪਰੰਤ ਉਹ ਅਚਾਨਕ ਹੀ ਸਾਰਿਆਂ ਨੂੰ  ਸਦੀਵੀਂ ਅਲਵਿਦਾ ਆਖ ਗਏ। ਇਸ ਅਚਾਨਕ ਵਾਪਰੀ ਬੇਹੱਦ ਦੁਖਦਾਈ ਘਟਨਾ ਨੇ ਕਿਰਤੀ ਲਹਿਰ ਦੇ ਸਮੁੱਚੇ ਸੁਹਿਰਦ ਕਾਰਕੁੰਨਾਂ ਤੇ ਆਗੂਆਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਦਿੱਤੀਆਂ।
ਸਾਥੀ ਹਰਦੀਪ ਸਿੰਘ ਦੇ, ਸਰੀਰਕ ਤੌਰ 'ਤੇ, ਅਚਾਨਕ ਤੁਰ ਜਾਣ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਉਹਨਾਂ ਦੇ ਅਣਗਿਣਤ ਪਿਆਰਿਆਂ ਨੂੰ ਹੀ ਨਹੀਂ ਸਮੁੱਚੀ ਕਮਿਊਨਿਸਟ ਲਹਿਰ ਨੂੰ ਭਾਰੀ ਘਾਟਾ ਪਿਆ ਹੈ। ਜ਼ਿਲ੍ਹਾ ਗੁਰਦਾਸਪੁਰ ਦੇ, ਸਿਆਸੀ ਤੌਰ 'ਤੇ ਸੁਚੇਤ ਪਿੰਡ ਸ਼ਾਹਪੁਰ ਜਾਜਨ ਵਿਖੇ, ਇਕ ਕਿਰਤੀ ਪਰਿਵਾਰ 'ਚ 1940 ਵਿਚ ਜਨਮੇਂ ਸਾਥੀ ਹਰਦੀਪ ਸਿੰਘ ਵਿਦਿਆਰਥੀ ਜੀਵਨ ਵਿਚ ਹੀ ਇਲਾਕੇ ਦੇ ਕੁੱਝ ਕਾਮਰੇਡਾਂ ਦੇ ਸੰਪਰਕ ਵਿਚ ਆ ਕੇ ਕਮਿਊਨਿਸਟ ਵਿਚਾਰਧਾਰਾ ਦੇ ਸੂਹੇ ਰੰਗ ਵਿਚ ਰੰਗੇ ਗਏ ਸਨ। ਅਧਿਆਪਨ ਦਾ ਕਿੱਤਾ ਅਪਨਾਉਣ ਉਪਰੰਤ ਉਹ ਤੁਰੰਤ ਹੀ ਪੰਜਾਬ ਅੰਦਰਲੀ ਅਧਿਆਪਕਾਂ ਦੀ ਲੜਾਕੂ ਲਹਿਰ ਨਾਲ ਜੁੜ ਗਏ। ਆਪਣੀ ਅਣਥੱਕ ਮਿਹਨਤ, ਸੁਹਿਰਦਤਾ ਭਰਪੂਰ ਲਗਨ, ਆਪਾਵਾਰੂ ਜੀਵਨ ਸ਼ੈਲੀ  ਅਤੇ ਲਾਮਿਸਾਲ ਦਰਿੜਤਾ ਸਦਕਾ ਉਹ ਅਧਿਆਪਕਾਂ 'ਤੇ ਸਰਕਾਰੀ ਮੁਲਾਜ਼ਮਾਂ ਦੀ ਲੜਾਕੂ ਲਹਿਰ ਦੇ ਆਗੂਆਂ ਦੀ ਪਹਿਲੀ ਪਾਲ ਵਿਚ ਸ਼ਾਮਲ ਰਹੇ। ਇਸ ਲਹਿਰ ਦੀ ਉਸਾਰੀ ਕਰਦਿਆਂ ਅਤੇ ਮੁਲਾਜ਼ਮਾਂ ਦੇ ਅਨੇਕਾਂ ਸੰਘਰਸ਼ਾਂ ਵਿਚ ਨਿਰੰਤਰ ਸ਼ਾਮਲ ਰਹਿਣ ਕਾਰਨ ਸਾਥੀ ਹਰਦੀਪ ਸਿੰਘ ਨੂੰ ਹਾਕਮਾਂ ਦੀ ਕਰੋਪੀ ਦਾ ਵੀ ਕਈ ਵਾਰ ਸ਼ਿਕਾਰ ਹੋਣਾ ਪਿਆ। ਐਪਰ ਅਜੇਹੀਆਂ ਮੁਸ਼ਕਲਾਂ ਤੇ ਆਰਥਕ ਤੰਗੀਆਂ, ਸਮਾਜਿਕ ਵਿਕਾਸ ਲਈ ਜੀਵਨ ਭਰ ਜੂਝਦੇ ਰਹੇ, ਇਸ ਯੋਧੇ ਨੂੰ ਭੋਰਾ ਭਰ ਵੀ ਡੁਲਾ ਨਹੀਂ ਸਕੀਆਂ। ਹਰ ਔਕੜ ਦਾ ਉਸਨੇ ਖਿੜੇ ਮੱਥੇ ਟਾਕਰਾ ਕੀਤਾ ਅਤੇ ਲੋਕ ਹਿਤਾਂ ਖਾਤਰ ਕਿਸੇ ਵੀ ਕੁਰਬਾਨੀ ਕਰਨ ਤੋਂ ਕਦੇ ਝਿਝਕ ਨਹੀਂ ਸੀ ਵਿਖਾਈ।
ਸਰਕਾਰੀ ਸੇਵਾ ਤੋਂ ਮੁਕਤੀ ਉਪਰੰਤ, ਪਾਰਟੀ ਵਲੋਂ ਦਿੱਤੀ ਗਈ ਹਰ ਜ਼ੁੰਮੇਵਾਰੀ ਨੂੰ ਵੀ ਸਾਥੀ ਹਰਦੀਪ ਸਿੰਘ ਨੇ ਇਕ ਅਨੁਸ਼ਾਸਨਬੱਧ ਸਿਪਾਹੀ ਵਜੋਂ ਨੇਪਰੇ ਚਾੜ੍ਹਿਆ। ਜਿਸਦੇ ਫਲਸਰੂਪ ਪਾਰਟੀ ਦੀਆਂ ਸਫਾਂ ਵਿਚ ਵੀ ਉਹ ਡੂੰਘੇ ਸਤਿਕਾਰ ਦੇ ਪਾਤਰ ਬਣੇ। ਪਾਰਟੀ ਦੇ ਇਨਕਲਾਬੀ ਭਵਿੱਖ ਨਕਸ਼ੇ ਪ੍ਰਤੀ ਸਪੱਸ਼ਟਤਾ, ਪਾਰਟੀ ਦੇ ਫੈਸਲਿਆਂ ਪ੍ਰਤੀ ਅਥਾਹ ਵਫਾਦਾਰੀ ਅਤੇ ਲਾਮਿਸਾਲ ਇਮਾਨਦਾਰੀ ਕਾਰਨ ਹੀ ਉਹਨਾਂ ਨੂੰ ਹਰ ਵਾਰ ਪਾਰਟੀ ਦੇ ਕੰਟਰੋਲ ਕਮਿਸ਼ਨ ਦੇ ਮੈਂਬਰ ਤੇ ਚੇਅਰਮੈਨ ਵਜੋਂ ਚੁਣਿਆ ਜਾਂਦਾ ਰਿਹਾ।
ਸਾਥੀ ਹਰਦੀਪ ਸਿੰਘ ਨੇ ਇਕ ਆਦਰਸ਼ਕ ਕਮਿਊਨਿਸਟ ਦਾ ਜੀਵਨ ਜੀਵਿਆ ਹੈ। ਕਮਿਊਨਿਸਟ ਨੈਤਿਕਤਾ ਦੇ ਉਹ ਨਿਸ਼ਚੇ ਹੀ ਇਕ ਰੋਲ ਮਾਡਲ ਸਨ। ਆਪਣੀ ਪ੍ਰਭਾਵਸ਼ਾਲੀ ਸਾਦਗੀ, ਇਮਾਨਦਾਰੀ, ਜ਼ਿੰਮੇਵਾਰੀ ਪ੍ਰਤੀ ਸੁਹਿਰਦਤਾ, ਨਿਮਰਤਾ ਅਤੇ ਪਾਰਦਰਸ਼ੀ ਜੀਵਨ ਸ਼ੈਲੀ ਰਾਹੀਂ ਉਹ ਕਮਿਊਨਿਸਟ  ਸਦਾਚਾਰ ਨੂੰ ਸਜੀਵ ਰੂਪ ਵਿਚ ਮੂਰਤੀਮਾਨ ਕਰਦੇ ਦਿਖਾਈ ਦਿੰਦੇ ਸਨ। ਸਿਧਾਂਤਕ ਤੇ ਵਿਵਹਾਰਕ ਪੱਖ ਤੋਂ ਵੀ ਉਹਨਾਂ ਦੀ ਮਾਰਕਸਵਾਦ-ਲੈਨਿਨਵਾਦ ਉਪਰ ਚੋਖੀ ਪਕੜ ਸੀ। ਜਿਸਨੇ ਉਹਨਾਂ ਦੇ ਇਹਨਾਂ ਸਾਰੇ ਇਨਕਲਾਬੀ ਗੁਣਾਂ ਨੂੰ ਨਿਖਾਰਿਆ ਅਤੇ ਅੰਤਿਮ ਸਾਹਾਂ ਤੱਕ ਕਿਰਤੀ ਲੋਕਾਂ ਲਈ ਸਮਰਪਤ ਰਹਿਣ ਦੇ ਸਮਰੱਥ ਬਣਾਈ ਰੱਖਿਆ।
ਸਾਥੀ ਹਰਦੀਪ ਸਿੰਘ ਵਲੋਂ ਅਗਾਊਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨੁੱਖਤਾ ਦੇ ਇਸ ਸੱਚੇ ਆਸ਼ਕ ਦੀਆਂ ਅੱਖਾਂ ਉਸੇ ਦਿਨ ਹੁਸ਼ਿਆਰਪੁਰ ਦੇ ਹਸਪਤਾਲ ਵਿਖੇ ਦਾਨ ਕਰ ਦਿੱਤੀਆਂ ਗਈਆਂ ਅਤੇ ਪਠਾਨਕੋਟ ਵਿਖੇ, ਸਿਹਤ ਵਿਭਾਗ ਦੇ ਅਧਿਕਾਰੀਆਂ ਰਾਹੀਂ, ਉਹਨਾਂ ਦਾ ਸ਼ਰੀਰ ਵੀ 'ਪੰਜਾਬ ਇਨਸਟੀਚਿਊਟ ਆਫ ਮੈਡੀਕਲ ਸਾਇੰਸਜ਼' ਜਲੰਧਰ ਨੂੰ ਦਾਨ ਕਰ ਦਿੱਤਾ ਗਿਆ।
ਸਾਥੀ ਹਰਦੀਪ ਸਿੰਘ ਜੀ ਆਪਣੇ ਪਿੱਛੇ ਆਪਣੀ ਸੁਪਤਨੀ ਬੀਬੀ ਸ਼ੀਲਾ ਦੇਵੀ ਤੋਂ ਇਲਾਵਾ ਦੋ ਪੁੱਤਰ-ਅਮਨਦੀਪ ਤੇ ਨਵਦੀਪ, ਬੇਟੀ ਲੋਕਦੀਪ ਅਤੇ ਉਹਨਾਂ ਦੇ ਪਰਿਵਾਰ ਛੱਡ ਗਏ ਹਨ, ਜਿਹੜੇ ਕਿ ਸਾਰੇ ਹੀ ਹਰਦੀਪ ਸਿੰਘ ਵਲੋਂ ਮਨੁੱਖਤਾ ਦੇ ਸਦੀਵੀ ਕਲਿਆਣ ਲਈ ਬੁਲੰਦ ਰੱਖੇ ਗਏ ਪਰਚਮ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਉਣ ਲਈ ਦਰਿੜਚਿੱਤ ਹਨ। ਸਾਰੇ ਹੀ ਪਾਰਟੀ ਨਾਲ ਜੁੜੇ ਹੋਏ ਹਨ।
ਸਾਥੀ ਹਰਦੀਪ ਸਿੰਘ ਨੂੰ ਸੰਗਰਾਮੀ ਸ਼ਰਧਾਂਜਲੀਆਂ ਭੇਂਟ ਕਰਨ ਲਈ 8 ਮਈ ਨੂੰ ਪਠਾਨਕੋਟ ਵਿਖੇ ਇਕ ਵਿਸ਼ਾਲ ਇਕੱਤਰਤਾ ਕੀਤੀ ਗਈ। ਇਸ ਸਮਾਗਮ ਵਿਚ ਸਮੁੱਚੇ ਪੰਜਾਬ 'ਚੋਂ ਮੁਲਾਜ਼ਮ ਜਥੇਬੰਦੀਆਂ ਦੇ ਸੈਂਕੜਿਆਂ ਦੀ ਗਿਣਤੀ ਵਿਚ ਆਏ ਸਰਗਰਮ ਵਰਕਰਾਂ ਤੋਂ ਇਲਾਵਾ ਸੀ.ਪੀ.ਐਮ.ਪੰਜਾਬ ਦੇ ਆਗੂ ਤੇ ਕਾਰਕੁੰਨ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਤੋਂ ਇਲਾਵਾ ਸਰਵਸਾਥੀ ਰਘਬੀਰ ਸਿੰਘ, ਲਾਲ ਚੰਦ, ਹਰਕੰਵਲ ਸਿੰਘ, ਤ੍ਰਿਲੋਚਨ ਸਿੰਘ ਰਾਣਾ, ਨੱਥਾ ਸਿੰਘ ਅਤੇ ਅਜੀਤ ਸਿੰਘ ਸਿੱਧਵਾਂ ਨੇ ਆਪਣੇ ਵਿਛੜੇ ਸਾਥੀ ਨੂੰ ਸ਼ਰਧਾਂਜਲੀਆਂ ਭੇਂਟ ਕਰਦਿਆਂ ਉਸਦੇ ਵੱਡਮੁੱਲੇ ਇਨਕਲਾਬੀ ਗੁਣਾਂ ਤੋਂ ਹਮੇਸ਼ਾ ਪ੍ਰੇਰਣਾ ਲੈਂਦੇ ਰਹਿਣ ਦੇ ਪ੍ਰਣ ਲਏ। ਇਸ ਸਮਾਗਮ ਵਿਚ ਸੀ.ਪੀ.ਆਈ. ਅਤੇ ਸੀ.ਪੀ.ਆਈ.(ਐਮ) ਦੇ ਸਥਾਨਕ ਆਗੂਆਂ ਤੋਂ ਇਲਾਵਾ ਸਾਥੀ ਹਰਦੀਪ ਸਿੰਘ ਦੇ ਗੁਆਂਢੀ ਤੇ ਸਾਬਕਾ ਮੰਤਰੀ ਮਾਸਟਰ ਮੋਹਣ ਲਾਲ ਅਤੇ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਤੀਨਿੱਧ ਪ੍ਰੋ. ਬਹਾਦਰ ਸਿੰਘ ਸੁਨੇਤ ਜੀ ਨੇ ਵੀ ਸ਼ਰਧਾਂਜਲੀਆਂ ਭੇਂਟ ਕੀਤੀਆਂ।
ਅਦਾਰਾ 'ਸੰਗਰਾਮੀ ਲਹਿਰ' ਵਲੋਂ ਅਸੀਂ ਸਾਥੀ ਹਰਦੀਪ ਸਿੰਘ ਦੀਆਂ ਕਮਿਊਨਿਸਟ ਲਹਿਰ ਦੀ ਉਸਾਰੀ ਲਈ ਕੀਤੀਆਂ ਗਈਆਂ ਵੱਡਮੁੱਲੀਆਂ ਸੇਵਾਵਾਂ ਲਈ ਡੂੰਘਾ ਸਤਿਕਾਰ ਭੇਂਟ ਕਰਦੇ ਹਾਂ ਅਤੇ ਉਹਨਾਂ ਦੇ ਸਮੂਹ ਮਿੱਤਰਾਂ-ਪਿਆਰਿਆਂ ਤੇ ਯੁੱਧ ਸਾਥੀਆਂ ਦੇ ਗਮ ਵਿਚ ਸ਼ਰੀਕ ਹੁੰਦੇ ਹਾਂ                   
-ਸੰਪਾਦਕੀ ਮੰਡਲ


ਸ਼ਹੀਦ ਸਾਥੀ ਕਰਤਾਰ ਚੰਦ ਮਾਧੋਪੁਰ ਪੰਜਾਬ ਦੇ ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਲੋਕਾਂ ਦਾ ਕਤਲੇਆਮ ਕਰ ਰਹੀਆਂ ਸਾਮਰਾਜ ਦੀਆਂ ਹੱਥਠੋਕਾਂ ਕੋਝੀਆਂ ਤਾਕਤਾਂ ਨੂੰ ਵੰਗਾਰਨ ਵਾਲੇ ਮਹਾਨ ਸ਼ਹੀਦ ਸਾਥੀ ਕਰਤਾਰ ਚੰਦ ਮਾਧੋਪੁਰ ਦੀ 26ਵੀਂ ਬਰਸੀ ਉਨ੍ਹਾਂ ਦੇ ਪਿੰਡ ਵਿਚਲੇ ਸ਼ਹੀਦ ਸਮਾਰਕ ਵਿਖੇ ਇਨਕਲਾਬੀ ਜੋਸ਼ ਨਾਲ ਮਨਾਈ ਗਈ।
ਇਸ ਮੌਕੇ ਹੋਏ ਸ਼ਹੀਦੀ ਸਮਾਗਮ ਵਿਚ ਹਾਜ਼ਰ ਲੋਕਾਂ ਨੂੰ ਸੰਬੋਧਤ ਹੁੰਦਿਆਂ ਸੀ.ਪੀ.ਐਮ.ਪੰਜਾਬ ਦੇ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਾਲੀਆਂ ਤਾਕਤਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦਲੇਰੀ ਪੂਰਨ ਸ਼ਹੀਦੀ ਜਾਮ ਪੀਣ ਵਾਲੇ ਆਪਣੇ ਵਿਛੜੇ ਸਾਥੀ ਨੂੰ ਭਾਵਭਿੰਨੀਆਂ ਇਨਕਲਾਬੀ ਸ਼ਰਧਾਂਜਲੀ ਭੇਂਟ ਕਰਦਿਆਂ ਸਮੁੱਚੀ ਪਾਰਟੀ ਅਤੇ ਜਨਸੰਗਠਨਾਂ ਵਲੋਂ ਉਨ੍ਹਾਂ ਦੇ ਦਿਖਾਏ ਮਾਨਵਮੁਕਤੀ ਦੇ ਰਾਹ 'ਤੇ ਅਡੋਲ ਤੁਰਦੇ ਜਾਣ ਦਾ ਨਿਸ਼ਚਾ ਦੁਹਰਾਇਆ। ਉਨ੍ਹਾਂ ਚਿਤਾਇਆ ਕਿ ਭਾਵੇਂ ਅੱਜ ਸਾਥੀ ਕਰਤਾਰ ਵਰਗੇ ਯੋਧਿਆਂ ਦੀਆਂ ਮਾਣਮੱਤੀਆਂ ਸ਼ਹਾਦਤਾਂ ਸਦਕਾ ਪੰਜਾਬੀ ਅਮਨ ਚੈਨ ਨਾਲ ਜੀਵਨ ਬਸਰ ਕਰ ਰਹੇ ਹਨ ਪਰ ਲੋਕਾਂ ਨੂੰ ਲੁੱਟਣ ਵਾਲੀਆਂ ਸੱਭੇ ਧਾੜਵੀ ਵੰਨਗੀਆਂ ਦੀਆਂ ਧਿਰਾਂ ਨੂੰ ਇਹ ਅਮਨ ਚੈਨ ਕਤਈ ਬਰਦਾਸ਼ਤ ਨਹੀਂ ਕਿਉਂਕਿ ਲੁਟੇਰਿਆਂ ਨੂੰ ਲੁੱਟ ਹੋਣ ਵਾਲਿਆਂ ਦੀ ''ਸੋਝੀ'' ਅਤੇ ''ਸਾਂਝ'' ਤੋਂ ਹਮੇਸ਼ਾ ਖਤਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਧੰਨ ਮਾਲ ਤੇ ਕੁਦਰਤੀ ਸੰਸਾਧਨਾਂ ਅਤੇ ਸੱਚੀ ਕਿਰਤ ਦੇ ਲੁਟੇਰੇ ਹੀ ਨੇ ਜੋ ਸੰਸਾਰ ਭਰ ਦੇ ਸਾਰੇ ਦੇਸ਼ਾਂ ਖਾਸ ਕਰ ਭਾਰਤ ਵਿਚ ਵੱਖਵਾਦੀਆਂ ਨੂੰ ਸ਼ਿਸ਼ਕਾਰ-ਸ਼ਿੰਗਾਰ ਕੇ ਭਾਈ ਤੋਂ ਭਾਈ ਦਾ ਕਤਲ ਕਰਾਉਣ ਦੀ ਫਿਰਕੂ ਤੇ ਵੱਖਵਾਦੀ ਖੇਡ ਨੂੰ ਘਰ-ਘਰ ਫੈਲਾਉਂਦੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦੀਆਂ ਸੱਭੇ ਕੇਂਦਰੀ ਅਤੇ ਸੂਬਾ ਸਰਕਾਰਾਂ ਉਕਤ ''ਲੁੱਟ ਅਤੇ ਫੂਟ'' ਦੇ ਗੰਦੇ ਏਜੰਡੇ ਦੀਆਂ ''ਰੱਥਵਾਹ'' ਰਹੀਆਂ ਹਨ ਪਰ ਅਜੋਕੀ ਮੋਦੀ ਸਰਕਾਰ ਨੇ ਤਾਂ ਇਸ ਪੱਖੋਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਛੱਡੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਰਥਕ ਲੁੱਟ ਅਤੇ ਫਿਰਕੂ ਪਾੜੇ ਦੀ ਬਦਨੀਅਤ ਪੀਡੇ ਤੌਰ 'ਤੇ ਇਕ ਦੂਜੇ ਨਾਲ ਜੁੜੇ ਹੋਏ ਹਨ। ਉਨ੍ਹਾਂ ਸੱਦਾ ਦਿੱਤਾ ਕਿ ਲੁੱਟ ਕਰਨ ਵਾਲਿਆਂ ਦੇ ਪੱਖ ਦੇ ਨੀਤੀ ਪੈਂਤੜੇ ਦੀ ਹਿਮਾਇਤੀ ਕਿਸੇ ਵੀ ਧਿਰ ਵੱਲ ਝਾਕ ਛੱਡ ਕੇ ਲੁੱਟ ਹੋਣ ਵਾਲਿਆਂ ਦੀ ਮਜ਼ਬੂਤ ਏਕਤਾ ਅਤੇ ਲੁੱਟ ਖਤਮ ਕਰਨ ਦੇ ਸੰਗਰਾਮ ਲਈ ਜੀਵਨ ਲਾਉਣਾ ਹੀ ਸਾਥੀ ਕਰਤਾਰ ਚੰਦ ਅਤੇ ਉਨ੍ਹਾਂ ਵਰਗੇ ਹੋਰਨਾਂ ਯੋਧਿਆਂ ਨੂੰ ਸਹੀ ਅਰਥਾਂ ਵਿਚ ਸ਼ਰਧਾਂਜਲੀ ਹੋਵੇਗੀ।
ਸਰਵਸਾਥੀ ਮੋਹਣ ਸਿੰਘ ਧਮਾਣਾ, ਮਲਕੀਤ ਸਿੰਘ ਪਲਾਸੀ, ਗੁਰਵਿੰਦਰ ਸਿੰਘ ਸਸਕੌਰ, ਪੰਡਤ ਵਿਜੈਂਦਰ ਸਿੰਘ, ਬਲਵਿੰਦਰ ਸਿੰਘ ਉਸਮਾਨਪੁਰ ਨੇ ਵਿਛੜੇ ਸਾਥੀ ਨੂੰ ਸੰਗਰਾਮੀ ਸ਼ਰਧਾਂਜਲੀਆਂ ਭੇਂਟ ਕੀਤੀਆਂ। ਸਮਾਗਮ ਦੀ ਪ੍ਰਧਾਨਗੀ ਸਰਵ ਸਾਥੀ ਦਰਸ਼ਨ ਕੌਰ, ਨਿਰੰਜਣ ਦਾਸ ਲਾਲਪੁਰ, ਸ਼ਮਸ਼ੇਰ ਸਿੰਘ ਹਵੇਲੀ, ਸੁਰਿੰਦਰ ਸਿੰਘ ਪੰਨੂੰ ਅਤੇ ਹਿੰਮਤ ਸਿੰਘ ਨੰਗਲ 'ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ।
ਸਟੇਜ ਸਕੱਤਰ ਦੇ ਫਰਜ਼ ਸਾਥੀ ਗੁਰਨਾਇਬ ਸਿੰਘ ਜੈਤੇਵਾਲ ਨੇ ਨਿਭਾਏ।

Thursday, 12 May 2016

ਸੰਪਾਦਕੀ : ਮਈ ਦਿਵਸ ਦੀਆਂ ਵੰਗਾਰਾਂ

ਮਈ 2016 ਅੰਕ ਦਾ ਮੁੱਖ ਪੰਨਾ
ਮਈ ਦਿਵਸ ਮਜ਼ਦੂਰਾਂ ਲਈ ਇਕ ਅਹਿਮ ਕੌਮਾਂਤਰੀ ਦਿਹਾੜਾ ਹੈ। ਦੁਨੀਆਂ ਭਰ ਦੇ ਮਜ਼ਦੂਰਾਂ, ਮੁਲਾਜ਼ਮਾਂ ਤੇ ਹੋਰ ਮਿਹਨਤਕਸ਼ ਲੋਕਾਂ ਦੀ ਲੜਾਕੂ ਲਹਿਰ ਉਸਾਰਨ ਵਾਸਤੇ ਇਹ ਇਕ ਮਹੱਤਵਪੂਰਨ ਆਧਾਰਸ਼ਿਲਾ ਦਾ ਕੰਮ ਕਰਦਾ ਹੈ। ਇਸ ਦਿਨ ਕਿਰਤੀ ਲੋਕ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਦੇ ਹਨ ਅਤੇ ਉਹਨਾਂ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਦੇ ਪ੍ਰਣ ਕਰਦੇ ਹਨ। ਇਸ ਮੰਤਵ ਲਈ ਉਹਨਾ ਵਲੋਂ, ਥਾਂ ਪੁਰ ਥਾਂ, ਉਚੇਚੇ ਸਮਾਗਮ ਕੀਤੇ ਜਾਂਦੇ ਹਨ। ਇਹਨਾਂ ਸਮਾਗਮਾਂ 'ਚ, ਅਮਰੀਕਾ ਦੇ ਸ਼ਹਿਰ ਸ਼ਿਕਾਗੋ ਅੰਦਰ, ਸੰਨ 1886 ਵਿਚ 8 ਘੰਟੇ ਦੀ ਦਿਹਾੜੀ ਲਈ ਮਜ਼ਦੂਰਾਂ ਵਲੋਂ ਲੜੇ ਗਏ ਸੰਘਰਸ਼ ਦੀਆਂ ਲਹੂ ਭਿੱਜੀਆਂ ਘਟਨਾਵਾਂ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਉਹਨਾ ਤੋਂ ਪ੍ਰੇਰਨਾ ਲੈ ਕੇ, ਭਵਿੱਖ ਵਿਚ, ਨਵੇਂ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਾਸਤੇ ਯੋਜਨਾਬੰਦੀਆਂ ਕੀਤੀਆਂ ਜਾਂਦੀਆਂ ਹਨ। ਇਸ ਇਨਕਲਾਬੀ ਅਮਲ ਨੇ, ਹੁਣ ਤੱਕ, ਵੱਖ ਵੱਖ ਦੇਸ਼ਾਂ ਅੰਦਰ ਅਨੇਕਾਂ ਯਾਦਗਾਰੀ ਘਟਨਾਵਾਂ ਨੂੰ ਜਨਮ ਦਿੱਤਾ ਹੈ। ਜਿਹਨਾਂ 'ਚ ਮਜ਼ਦੂਰ ਵਰਗ ਦੀਆਂ ਬਹੁਤ ਸਾਰੀਆਂ ਸ਼ਾਨਾਮੱਤੀਆਂ ਪ੍ਰਾਪਤੀਆਂ ਵੀ ਸ਼ਾਮਲ ਹਨ, ਜਿਹੜੀਆਂ ਕਿ ਕਿਰਤੀ ਲੋਕਾਂ ਦੇ ਦਰਿੜ੍ਹ ਨਿਸ਼ਚੇ ਤੇ ਅਡੋਲ ਹੌਂਸਲੇ ਨੂੰ ਰੂਪਮਾਨ ਕਰਦੀਆਂ ਹਨ ਅਤੇ ਉਹਨਾਂ ਦੇ ਇਨਕਲਾਬੀ ਭਵਿੱਖ ਨਕਸ਼ੇ ਦੀਆਂ ਸੂਚਕ ਹਨ। ਇਹ ਵੀ ਤੈਅ ਹੀ ਹੈ ਕਿ ਮੌਜੂਦਾ ਢਾਂਚੇ ਵਿਚ ਮਜ਼ਦੂਰਾਂ ਦੀ ਮਿਹਨਤ ਦੀ ਹੁੰਦੀ ਲੁੱਟ ਦੇ ਮੁਕੰਮਲ ਰੂਪ ਵਿਚ ਖਾਤਮੇ ਤੱਕ ਇਹ ਅਗਰਗਾਮੀ ਮਾਰਚ ਨਿਰੰਤਰ ਜਾਰੀ ਰਹੇਗਾ। ਇਸ ਤਰ੍ਹਾਂ ਇਹ ਦਿਵਸ, ਅਸਲ ਵਿਚ, ਮਿਹਨਤਕਸ਼ਾਂ ਲਈ ਪਿਛਲੀਆਂ ਪ੍ਰਾਪਤੀਆਂ ਤੋਂ ਪ੍ਰੇਰਨਾ ਲੈ ਕੇ ਨਵੇਂ ਨਿਸ਼ਾਨਿਆਂ ਵੱਲ ਵੱਧਣ ਦਾ ਨਿਸ਼ਚਾ ਕਰਨ ਦਿਵਸ ਵੀ ਹੈ।
ਇਸ ਸੰਦਰਭ ਵਿਚ, ਇਸ ਵਰ੍ਹੇ ਦੇ ਮਈ ਦਿਵਸ ਦੀਆਂ ਵੰਗਾਰਾਂ ਦੇ ਸਨਮੁੱਖ ਹੋਣ ਲਈ ਅਜੋਕੀਆਂ ਕੌਮਾਂਤਰੀ ਅਵਸਥਾਵਾਂ ਉਪਰ ਉਡਦੀ ਝਾਤ ਪਾਉਣੀ ਜ਼ਰੂਰੀ ਹੈ। ਦੁਨੀਆਂ ਭਰ ਦੇ ਪੂੰਜੀਪਤੀ ਲੁਟੇਰਿਆਂ ਨੂੰ ਰੂਪਮਾਨ ਕਰਦੀਆਂ ਬਹੁਕੌਮੀ ਕਾਰਪੋਰੇਸ਼ਨਾਂ ਦੀ ਵੱਧ ਤੋਂ ਵੱਧ ਮੁਨਾਫੇ ਕਮਾਉਣ ਦੀ ਆਪਸੀ ਦੌੜ ਸਦਕਾ ਲੱਗਭਗ 8 ਵਰ੍ਹੇ ਪਹਿਲਾਂ ਉਭਰਿਆ ਅਜੋਕਾ ਆਲਮੀ ਮੰਦਵਾੜਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਜਿਸ ਕਾਰਨ, ਪੂੰਜੀਪਤੀ ਸਰਕਾਰਾਂ ਵਲੋਂ ਸੌ ਤਰ੍ਹਾਂ ਦੇ ਪਾਪੜ ਵੇਲਣ ਦੇ ਬਾਵਜੂਦ ਕੌਮਾਂਤਰੀ ਪੱਧਰ 'ਤੇ ਵਸਤਾਂ ਅਤੇ ਸੇਵਾਵਾਂ ਦੀ ਮੰਗ ਵਿਚ ਤੇਜ਼ੀ ਨਹੀਂ ਆ ਰਹੀ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਨਹੀਂ ਹੋ ਰਹੇ। ਸਾਮਰਾਜੀ ਦੇਸ਼ਾਂ ਵਲੋਂ ਇਸ ਸੰਸਾਰ ਵਿਆਪੀ ਮੰਦਵਾੜੇ ਦਾ ਭਾਰ ਪਛੜੇ ਦੇਸ਼ਾਂ ਉਪਰ ਲੱਦਣ ਵਾਸਤੇ 'ਕੌਮਾਂਤਰੀ ਮੁਦਰਾ ਫੰਡ' ਅਤੇ 'ਸੰਸਾਰ ਵਪਾਰ ਸੰਗਠਨ' ਵਰਗੀਆਂ ਕੌਮਾਂਤਰੀ ਸੰਸਥਾਵਾਂ ਦੀ ਘੋਰ ਦੁਰਵਰਤੋਂ ਕੀਤੀ ਜਾ ਰਹੀ ਹੈ। ਜਿਸ ਨਾਲ ਪੱਛੜੇ ਤੇ ਗਰੀਬ ਦੇਸ਼ਾਂ ਦੀਆਂ ਆਰਥਿਕਤਾਵਾਂ ਤਬਾਹ ਕੀਤੀਆਂ ਜਾ ਰਹੀਆਂ ਹਨ, ਉਹਨਾਂ ਦੇ ਕੁਦਰਤੀ ਵਸੀਲਿਆਂ ਉਪਰ ਧੱਕੇ ਨਾਲ ਕਬਜ਼ੇ ਕੀਤੇ ਜਾ ਰਹੇ ਹਨ। ਇਹ ਧੱਕੇਸ਼ਾਹੀਆਂ, ਦੁਨੀਆਂ ਭਰ ਵਿਚ, ਆਤੰਕਵਾਦ ਵਰਗੀਆਂ ਪਿਛਾਖੜੀ ਤੇ ਮਨਹੂਸ ਬਿਆਧਾਂ ਦੇ ਸਿਰ ਚੁੱਕਣ ਵਾਸਤੇ ਬਹੁਤ ਹੀ ਉਪਜਾਊ ਭੂਮੀ ਤਿਆਰ ਕਰਦੀਆਂ ਹਨ। ਜਿਸ ਨਾਲ ਕਿਰਤੀ ਲੋਕਾਂ ਦੀਆਂ ਜੀਵਨ ਹਾਲਤਾਂ ਹੋਰ ਵਧੇਰੇ ਨਰਕੀ ਰੂਪ ਧਾਰਨ ਕਰ ਜਾਂਦੀਆਂ ਹਨ। ਇਹੋ ਕਾਰਨ ਹੈ ਕਿ ਕਈ ਦੇਸ਼ਾਂ ਵਿਚ ਅੱਜਕਲ ਉਹ ਆਪਣੇ ਘਰ-ਘਾਟ ਤੱਕ ਛੱਡਣ ਲਈ ਮਜ਼ਬੂਰ ਹੋ ਰਹੇ ਹਨ ਅਤੇ ਵਸੇਬੇ ਤੇ ਰੁਜ਼ਗਾਰ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਦੁਨੀਆਂ ਅੰਦਰ ਇਕ ਬਹੁਤ ਹੀ ਭਿਅੰਕਰ ਕਿਸਮ ਦੀ ਤਰਾਸਦੀ ਉਭਰਦੀ ਦਿਖਾਈ ਦਿੰਦੀ ਹੈ। ਜਿਸ ਦੇ ਟਾਕਰੇ ਲਈ ਸਾਮਰਾਜਸ਼ਾਹੀ ਦੀ ਲੁੱਟ ਅਤੇ ਉਸਦੇ ਧੌਂਸਵਾਦੀ ਜ਼ੁਲਮਾਂ ਵਿਰੁੱਧ ਕਿਰਤੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਅਤੇ ਉਹਨਾਂ ਸਾਰਿਆਂ ਨੂੰ ਜਮਹੂਰੀ ਲੀਹਾਂ 'ਤੇ ਜਥੇਬੰਦ ਕਰਨਾ ਅੱਜ ਇਕ ਬਹੁਤ ਵੱਡੀ ਲੋੜ ਬਣ ਚੁੱਕੀ ਹੈ।
ਸਾਡੇ ਆਪਣੇ ਦੇਸ਼, ਭਾਰਤ ਅੰਦਰ ਤਾਂ ਮਜ਼ਦੂਰਾਂ-ਮੁਲਾਜ਼ਮਾਂ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਆਪਣੀਆਂ ਜਮਾਤੀ ਸਮੱਸਿਆਵਾਂ ਦੇ ਹੱਲ ਲਈ ਅਤੇ ਆਪਣੇ ਹੱਕਾਂ ਹਿੱਤਾਂ ਦੀ ਰਾਖੀ ਲਈ ਸੰਘਰਸ਼ ਕਰਨ ਦੇ ਨਾਲ ਨਾਲ ਵੱਸੋਂ ਦੇ ਹੋਰ ਲੁਟੀਂਦੇ ਭਾਗਾਂ ਦੇ ਦੁੱਖਾਂ ਦਰਦਾਂ ਨੂੰ ਵੰਡਾਉਣ ਵਾਸਤੇ ਵੀ ਲਾਜ਼ਮੀ ਤੌਰ 'ਤੇ ਭਾਈਵਾਲ ਬਣਨ ਅਤੇ ਉਹਨਾਂ ਦੇ ਸੰਘਰਸ਼ਾਂ ਵਿਚ ਉਹਨਾਂ ਨੂੰ ਯੋਗ ਅਗਵਾਈ ਦੇਣ। ਅੱਜ ਇਹ ਇਕ ਪ੍ਰਤੱਖ ਸਚਾਈ ਹੈ ਕਿ ਸਾਮਰਾਜੀ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਕਾਰਨ ਕਿਰਤੀ ਜਨਸਮੂਹਾਂ ਦੀਆਂ ਮੁਸੀਬਤਾਂ ਵਿਚ ਲਗਾਤਾਰ ਵਾਧਾ ਹੁੰਦੇ ਜਾਣ ਦੇ ਬਾਵਜੂਦ ਦੇਸ਼ ਦੇ ਹਾਕਮ ਇਹਨਾਂ ਸਾਮਰਾਜ ਨਿਰਦੇਸ਼ਤ ਨੀਤੀਆਂ ਨੂੰ ਨਿਡਰ ਹੋ ਕੇ ਬੜੀ ਤੇਜ਼ੀ ਨਾਲ ਲਾਗੂ ਕਰਦੇ ਜਾ ਰਹੇ ਹਨ। ਜਿਸ ਕਾਰਨ ਲਗਾਤਾਰ ਵੱਧਦੀ ਜਾ ਰਹੀ ਮਹਿੰਗਾਈ ਸਦਕਾ ਕਿਰਤੀ ਲੋਕਾਂ ਦੀ ਅਸਲ ਕਮਾਈ ਨਿਰੰਤਰ ਖੁਰਦੀ ਜਾ ਰਹੀ ਹੈ। ਦੇਸ਼ ਅੰਦਰ ਸਨਅਤੀ ਉਤਪਾਦਨ ਖੜੋਤ ਦਾ ਸ਼ਿਕਾਰ ਹੀ ਨਹੀਂ ਬਲਕਿ ਕਈ ਖੇਤਰਾਂ ਵਿਸ਼ੇਸ਼ ਤੌਰ 'ਤੇ ਮੈਨੂਫੈਕਚਰਿੰਗ ਵਿਚ ਘੱਟ ਰਿਹਾ ਹੈ। ਜਿਸ ਨਾਲ, ਸਮੁੱਚੇ ਤੌਰ 'ਤੇ, ਰੁਜ਼ਗਾਰ ਦੇ ਵਸੀਲੇ ਬਹੁਤ ਹੀ ਨਾਕਾਫੀ ਤੇ ਅਨਿਸ਼ਚਿਤ ਬਣ ਚੁੱਕੇ ਹਨ। ਖੇਤੀ ਖੇਤਰ ਭਿਅੰਕਰ ਹੱਦ ਤੱਕ ਸੰਕਟਗ੍ਰਸਤ ਹੈ। ਜਿਸ ਦੇ ਫਲਸਰੂਪ ਕਿਸਾਨਾਂ ਤੇ ਖੇਤ-ਮਜ਼ਦੂਰਾਂ ਵਲੋਂ ਮਜ਼ਬੂਰੀ ਵੱਸ ਕੀਤੀਆਂ ਜਾਂਦੀਆਂ ਖੁਦਕੁਸ਼ੀਆਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ। ਇਹ ਨਿਸ਼ਚੇ ਹੀ ਬੇਹੱਦ ਫਿਕਰਮੰਦੀ ਵਾਲਾ ਵਰਤਾਰਾ ਹੈ। ਪ੍ਰੰਤੂ ਦੇਸ਼ ਦੇ ਹਾਕਮ ਤਮਾਸ਼ਾਈ ਬਣੇ ਹੋਏ ਹਨ ਅਤੇ ਕਈ ਤਰ੍ਹਾਂ ਦੇ ਹਵਾਈ ਨਾਅਰਿਆਂ ਰਹੀਂ ਲੋਕਾਂ ਨੂੰ ਮੂਰਖ ਬਣਾਉਣ ਦਾ ਅਤੀ ਭੱਦਾ ਕੁਕਰਮ ਕਰ ਰਹੇ ਹਨ। ਇਸ ਵਾਰ ਤਾਂ, ਕਈ ਖੇਤਰਾਂ ਵਿਚ, ਸੋਕੇ ਦੀ ਭਿਆਨਕ ਮਾਰ ਕਾਰਨ ਸਥਿਤੀ ਹੋਰ ਵੀ ਵਧੇਰੇ ਤਰਾਸਦਿਕ ਬਣੀ ਹੋਈ ਹੈ। ਇਸ ਦੇ ਬਾਵਜੂਦ ਸਰਕਾਰ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ਹਥਿਆ ਕੇ ਕਾਰਪੋਰੇਟ ਘਰਾਣਿਆਂ 'ਤੇ ਹੋਰ ਵੱਡੀਆਂ ਵੱਡੀਆਂ ਦੇਸੀ-ਵਿਦੇਸ਼ੀ ਕੰਪਨੀਆਂ ਦੇ ਹਵਾਲੇ ਕਰਨ ਵਾਸਤੇ ਕਈ ਤਰ੍ਹਾਂ ਦੇ ਲੁਕਵੇਂ ਕਹਿਰ ਕਮਾਏ ਜਾ ਰਹੇ ਹਨ। ਨਵੇਂ ਟੈਕਸਾਂ ਤੇ ਵਰਤੋਂ ਖਰਚਿਆਂ ਵਿਚ ਵਾਧਿਆਂ ਅਤੇ ਅਨੁਦਾਨਾਂ (ਸਬਸਿਡੀਆਂ) 'ਚ ਕਟੌਤੀਆਂ ਆਦਿ ਰਾਹੀਂ ਲੋਕਾਂ ਦੀਆਂ ਜੇਬਾਂ ਉਪਰ ਭਾਰ ਹੋਰ ਵਧਾਇਆ ਜਾ ਰਿਹਾ ਹੈ। ਅਤੇ, ਮਜ਼ਦੂਰਾਂ ਦੀਆਂ ਸੇਵਾ ਹਾਲਤਾਂ ਦੀ ਰਾਖੀ ਲਈ ਬਣੇ ਹੋਏ ਨਾ- ਮਾਤਰ ਕਿਰਤ ਕਾਨੂੰਨਾਂ ਤੋਂ ਵੀ ਮੁਕੰਮਲ ਰੂਪ ਵਿਚ ਖਹਿੜਾ ਛੁਡਾਉਣ ਲਈ, ਨਵੇਂ ਕਾਨੂੰਨਾਂ ਦੇ ਰੂਪ ਵਿਚ, ਵਾਰ-ਵਾਰ ਹਮਲੇ ਕੀਤੇ ਜਾ ਰਹੇ ਹਨ।
ਇਹਨਾਂ ਹਾਲਤਾਂ ਵਿਚ ਮਜ਼ਦੂਰਾਂ-ਮੁਲਾਜ਼ਮਾਂ ਲਈ ਘੱਟੋ ਘੱਟ ਉਜਰਤਾਂ ਵਿਚ ਢੁਕਵਾਂ ਵਾਧਾ ਕਰਾਉਣ ਵਰਗੀਆਂ ਆਪਣੀਆਂ ਹੱਕੀ ਆਰਥਕ ਮੰਗਾਂ ਤੋਂ ਇਲਾਵਾ ਮੌਜੂਦਾ ਕਿਰਤ ਕਾਨੂੰਨਾਂ ਦੀ ਰਾਖੀ ਲਈ ਅਤੇ ਉਹਨਾਂ ਕਾਨੂੰਨਾਂ ਨੂੰ ਸਹੀ ਅਰਥਾਂ ਵਿਚ ਲਾਗੂ ਕਰਾਉਣ ਵਾਸਤੇ ਲਾਜ਼ਮੀ ਜਾਨ ਹੂਲਵਾਂ ਸੰਘਰਸ਼ ਲੜਨ ਦੀ ਲੋੜ ਹੈ। ਕਿਉਂਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਉਸਦੇ ਜੋਟੀਦਾਰਾਂ ਵਲੋਂ ਵਿਦੇਸ਼ੀ ਧੰਨ ਕੁਬੇਰਾਂ ਤੋਂ ਭਾਰਤ ਅੰਦਰ ਪੂੰਜੀ ਨਿਵੇਸ਼ ਕਰਾਉਣ ਲਈ ਕੱਢੀਆਂ ਜਾ ਰਹੀਆਂ ਲਿਲਕੜਿਆਂ ਦੌਰਾਨ 'ਕੰਮ ਲਓ ਤੇ ਕੱਢ ਦਿਓ'' (Hire and Fire) ਦੀ ਕਾਨੂੰਨੀ ਵਿਵਸਥਾ ਕਰਨ ਦੇ ਵਾਰ ਵਾਰ ਇਕਰਾਰ ਕੀਤੇ ਜਾ ਰਹੇ ਹਨ। ਇਸ ਲਈ ਰੁਜ਼ਗਾਰ ਦੀ ਸੁਰੱਖਿਆ ਨੂੰ ਰੂਪਮਾਨ ਕਰਦੀਆਂ ਕਾਨੂੰਨੀ ਵਿਵਸਥਾਵਾਂ ਦੀ ਰਾਖੀ ਵਾਸਤੇ ਵਿਸ਼ਾਲ ਅਤੇ ਲੜਾਕੂ ਇਕਜੁੱਟਤਾ ਦੀ ਅੱਜ ਭਾਰੀ ਲੋੜ ਹੈ।
ਇਸ ਲੋੜ ਦੀ ਪੂਰਤੀ ਲਈ ਇਹ ਵੀ ਜ਼ਰੂਰੀ ਹੈ ਕਿ ਰੁਜ਼ਗਾਰ ਦੇ ਨਵੇਂ ਵਸੀਲੇ ਪੈਦਾ ਕਰਨ ਵਾਸਤੇ ਵੀ ਨਿਠ ਕੇ ਸੰਘਰਸ਼ ਕੀਤਾ ਜਾਵੇ। ''ਹਰ ਇਕ ਲਈ ਯੋਗਤਾ ਅਨੁਸਾਰ, ਢੁਕਵਾਂ ਤੇ ਗੁਜ਼ਾਰੇ ਯੋਗ ਰੁਜ਼ਗਾਰ'' ਲਈ ਲੜਿਆ ਜਾਵੇ ਤਾਂ ਜੋ ਨਿਗੂਣੀਆਂ ਤਨਖਾਹਾਂ ਅਤੇ ਉਕਾ-ਪੁੱਕਾ ਉਜਰਤਾਂ ਉਪਰ ਕੰਮ ਕਰ ਰਹੇ ਕਰੋੜਾਂ ਅਰਧ ਬੇਰੁਜ਼ਗਾਰ ਵੀ ''ਬਰਾਬਰ ਕੰਮ ਲਈ ਬਰਾਬਰ ਤਨਖਾਹ'' ਵਰਗੀ ਸਰਵਪ੍ਰਵਾਨਤ ਕਾਨੂੰਨੀ ਧਾਰਨਾ ਦਾ ਥੋੜਾ ਬਹੁਤ ਨਿੱਘ ਮਾਣ ਸਕਣ। ਜਦੋਂ ਦੇਸ਼ ਅੰਦਰ 'ਸਕੀਮ ਵਰਕਰਾਂ' ਦੇ ਨਾਂਅ ਹੇਠ ਕਰੋੜਾਂ ਦੀ ਗਿਣਤੀ ਵਿਚ ਮਹਿਲਾਵਾਂ ਜਿਵੇਂ ਕਿ ਆਸ਼ਾ ਵਰਕਰਾਂ, ਆਂਗਣਬਾੜੀ ਵਰਕਰਾਂ ਤੇ ਹੈਲਪਰਾਂ, ਸਕੂਲਾਂ 'ਚ ਦੁਪਹਿਰ ਦਾ ਖਾਣਾ ਤਿਆਰ ਕਰਨ ਵਾਲੀਆਂ ਮਹਿਲਾਵਾਂ ਆਦਿ ਦੀ ਮਿਹਨਤ ਦੀ ਸਰਕਾਰੀ ਪੱਧਰ 'ਤੇ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੋਵੇ ਤਾਂ ਪ੍ਰਾਈਵੇਟ ਕਾਰੋਬਾਰੀਆਂ, ਠੇਕੇਦਾਰਾਂ ਅਤੇ ਕਾਰਖਾਨੇਦਾਰਾਂ ਵਲੋਂ ਮਜ਼ਦੂਰਾਂ ਦੀ ਕੀਤੀ ਜਾਂਦੀ ਲੁੱਟ ਨੂੰ ਕੌਣ ਰੋਕੇਗਾ?
ਨਵ ਉਦਾਰਵਾਦੀ ਨੀਤੀਆਂ ਦੇ ਦਬਾਅ ਹੇਠ ਸਾਡੇ ਦੇਸ਼ ਦੀਆਂ ਸਰਕਾਰਾਂ ਲੋਕਾਂ ਦੀਆਂ ਜੀਵਨ ਹਾਲਤਾਂ ਨੂੰ ਸੁਧਾਰਨ ਆਦਿ ਪ੍ਰਤੀ ਆਪਣੀਆਂ ਸਾਰੀਆਂ ਜਿੰਮੇਵਾਰੀਆਂ ਤਿਆਗਦੀਆਂ ਜਾ ਰਹੀਆਂ ਹਨ। ਸਿੱਖਿਆ ਤੇ ਸਿਹਤ ਸੇਵਾਵਾਂ ਦਾ ਤਾਂ ਵੱਡੀ ਹੱਦ ਤੱਕ ਨਿੱਜੀਕਰਨ ਹੋ ਚੁੱਕਾ ਹੈ। ਇਹੋ ਹਾਲ ਆਵਾਜਾਈ ਦੇ ਸਾਧਨਾਂ ਦਾ ਹੈ। ਸਮਾਜਿਕ ਸੁਰੱਖਿਆ ਨਾਲ ਸਬੰਧਤ ਸੇਵਾਵਾਂ ਵੀ ਵੱਡੀ ਹੱਦ ਤੱਕ ਦੇਸੀ ਵਿਦੇਸ਼ੀ ਬੀਮਾ ਕੰਪਨੀਆਂ ਤੇ ਪੈਨਸ਼ਨ ਫੰਡ ਮੈਨੇਜਰਾਂ ਵਜੋਂ ਜਾਣੇ ਜਾਂਦੇ ਮੁਨਾਫਾਖੋਰ ਬਘਿਆੜਾਂ ਦੇ ਹਵਾਲੇ ਕੀਤੀਆਂ ਜਾ ਰਹੀਆਂ ਹਨ। ਏਥੋਂ ਤੱਕ ਕਿ ਚੰਗਾ ਲਾਭ ਕਮਾਉਂਦੇ ਜਨਤਕ ਖੇਤਰ ਦੇ ਸਨਅਤੀ ਅਦਾਰੇ ਵੀ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਹਾਕਮਾਂ ਦੇ ਇਹਨਾਂ ਲੋਕ ਮਾਰੂ ਕਦਮਾਂ ਦੇ ਸਿੱਟੇ ਵਜੋਂ ਦੇਸ਼ ਅੰਦਰ ਰੁਜ਼ਗਾਰ ਦੇ ਵਸੀਲਿਆਂ ਨੂੰ ਵੱਡੀ ਢਾਅ ਲੱਗੀ ਹੈ। ਏਸੇ ਦਾ ਸਿੱਟਾ ਹੈ ਕਿ ਅੱਜ ਕਰੋੜਾਂ ਦੀ ਗਿਣਤੀ ਵਿਚ ਪੜ੍ਹੇ-ਲਿਖੇ ਤੇ ਉਚ ਯੋਗਤਾ ਪ੍ਰਾਪਤ ਨੌਜਵਾਨ ਵੀ ਮਾਮੂਲੀ ਤੋਂ ਮਾਮੂਲੀ ਸਥਾਈ ਰੁਜ਼ਗਾਰ ਵਾਸਤੇ ਤਰਸਦੇ ਫਿਰਦੇ ਹਨ। ਪ੍ਰੰਤੂ ਕਿਧਰੇ ਵੀ ਕੋਈ ਢੋਈ ਨਹੀਂ ਮਿਲਦੀ। ਇਸ ਲਈ ਦੇਸ਼ ਦੀ ਮਜ਼ਦੂਰਾਂ ਮੁਲਾਜ਼ਮਾਂ ਦੀ ਲਹਿਰ ਵਾਸਤੇ ਜਨਤਕ ਖੇਤਰ ਦੇ ਸਾਰੇ ਅਦਾਰਿਆਂ, ਸਮੇਤ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਆਦਿ ਦੀ ਰਾਖੀ ਦਾ ਸਵਾਲ ਵੀ ਅੱਜ ਇਕ ਮਹੱਤਵਪੂਰਨ ਮਸਲਾ ਹੈ, ਜਿਸ ਦੇ ਲਈ ਭਵਿੱਖ ਵਿਚ ਲਾਜ਼ਮੀ ਤੌਰ 'ਤੇ ਦਰਿੜਤਾ ਪੂਰਬਕ ਤੇ ਬੱਝਵਾਂ ਸੰਘਰਸ਼ ਉਸਾਰਨ ਦੀ ਲੋੜ ਹੋਵੇਗੀ।
ਅਜੋਕੇ ਸੰਦਰਭ ਵਿਚ ਇਕ ਹੋਰ ਚਿੰਤਾ ਵਾਲੀ ਗੱਲ ਇਹ ਹੈ ਕਿ ਮੋਦੀ ਸਰਕਾਰ ਉਪਰੋਕਤ ਨੀਤੀਗਤ ਤੇ ਬੁਨਿਆਦੀ ਸਵਾਲਾਂ ਤੋਂ ਲੋਕਾਂ ਦਾ ਧਿਆਨ ਲਾਂਭੇ ਲਿਜਾਣ ਲਈ ਗਿਣਮਿਥ ਕੇ ਉਹਨਾਂ ਅੱਗੇ ਫਿਰਕੂ ਤੇ ਜਜ਼ਬਾਤੀ ਮੁੱਦੇ ਪਰੋਸ ਰਹੀ ਹੈ। ਸੰਘ ਪਰਿਵਾਰ ਦੇ ਕਾਰਕੁੰਨਾਂ ਨੇ ਉਂਝ ਤਾਂ ਇਹ ਕੁਕਰਮ ਸਰਕਾਰ ਦੇ ਹੋਂਦ ਵਿਚ ਆਉਣ ਸਾਰ ਹੀ ਸ਼ੁਰੂ ਕਰ ਦਿੱਤਾ ਸੀ, ਪ੍ਰੰਤੂ ਪਿਛਲੇ ਦਿਨੀਂ ਜੇ.ਐਨ.ਯੂ. ਨਾਲ ਸਬੰਧਤ ਵਾਪਰੀਆਂ ਘਟਨਾਵਾਂ ਨੇ ਤਾਂ ਕਈ ਪੱਖਾਂ ਤੋਂ ਸਰਕਾਰ ਦੇ ਇਸ ਅਜੰਡੇ ਦੀ ਕਲਈ ਹੀ ਖੋਲ ਦਿੱਤੀ ਹੈ। ਭਾਰਤੀ ਵਿਕਾਸ ਨੂੰ ਬੰਨ੍ਹ ਮਾਰੀ ਬੈਠੀਆਂ ਜਾਤ-ਪਾਤ ਵਰਗੀਆਂ ਪਿਛਾਖੜੀ ਕਦਰਾਂ-ਕੀਮਤਾਂ ਤੋਂ ਦੇਸ਼ ਨੂੰ ਮੁਕਤ ਕਰਨ ਅਤੇ ਏਥੇ ਪੈਦਾਵਾਰੀ ਸ਼ਕਤੀਆਂ ਦਾ ਵਿਕਾਸ ਕਰਨ ਲਈ ਯਤਨਸ਼ੀਲ ਹਰ ਵਿਅਕਤੀ ਹੀ ਇਸ ਸਰਕਾਰ ਦੇ ਕਰਤਿਆਂ-ਧਰਤਿਆਂ ਦੀ ਨਜ਼ਰ ਵਿਚ ਹੁਣ 'ਦੇਸ਼ ਧਰੋਹੀ' ਬਣ ਗਿਆ ਹੈ। ਹਾਕਮਾਂ ਦੀਆਂ ਅਜੇਹੀਆਂ ਪਹੁੰਚਾਂ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ਲਈ ਹੀ ਘਾਤਕ ਨਹੀਂ ਮਜ਼ਦੂਰ ਵਰਗ ਦੀ ਜਮਾਤੀ ਇਕਜੁੱਟਤਾ ਲਈ ਵੀ ਬੇਹੱਦ ਹਾਨੀਕਾਰਕ ਹਨ। ਇਹ ਪਹੁੰਚ ਸਮਾਜਿਕ ਵਿਕਾਸ ਨੂੰ ਪੁੱਠਾ ਗੇੜਾ ਦੇਣ ਵੱਲ ਸੇਧਿਤ ਹੈ, ਜਿਹੜੀ ਕਿ ਕਿਸੇ ਹਾਲਤ ਵਿਚ ਵੀ ਸਫਲ ਨਹੀਂ ਹੋਣ ਦਿੱਤੀ ਜਾਵੇਗੀ। ਇਹ ਹਾਕਮ 'ਆਸਥਾ' ਦੇ ਨਾਂਅ 'ਤੇ ਲੋਕਾਂ ਨੂੰ ਹਨੇਰ ਬਿਰਤੀਵਾਦੀ ਤਰਕਹੀਣਤਾ ਦੀ ਜਿਲ੍ਹਣ ਵਿਚ ਫਸਾਈ ਰੱਖਣਾ ਚਾਹੁੰਦੇ ਹਨ। ਅਤੇ, ਇਸ ਮੰਤਵ ਲਈ ਭਾਰਤੀ ਸੰਵਿਧਾਨ ਅੰਦਰਲੀਆਂ ਸੈਕੂਲਰ ਵਿਵਸਥਾਵਾਂ ਦੇ ਨਾਲ ਨਾਲ ਜਮਹੂਰੀ ਕਦਰਾਂ ਕੀਮਤਾਂ ਦੀ ਸਫ ਵੀ ਵਲ੍ਹੇਟ ਦੇਣ ਲਈ ਤੱਤਪਰ ਹੋ ਰਹੇ ਹਨ। ਹਾਕਮਾਂ ਦੇ ਇਸ ਵਿਚਾਰਧਾਰਕ-ਰਾਜਨੀਤਕ ਹਮਲੇ ਦਾ ਵੀ ਦੇਸ਼ ਦੀ ਮਜ਼ਦੂਰ ਜਮਾਤ ਨੂੰ ਡੱਟਵਾਂ ਵਿਰੋਧ ਕਰਨਾ ਹੋਵੇਗਾ।
ਨਿਸ਼ਚੇ ਹੀ ਇਹਨਾਂ ਅਗਲੇਰੇ ਕਠਿਨ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਾਸਤੇ ਅਜੋਕੇ ਦੌਰ ਦੀ ਸਭ ਤੋਂ ਵੱਧ ਇਨਕਲਾਬੀ ਧਿਰ- ਮਜ਼ਦੂਰ ਜਮਾਤ, ਨੂੰ ਕਿਸਾਨਾਂ, ਖੇਤ ਮਜ਼ਦੂਰਾਂ ਤੇ ਹੋਰ ਮਿਹਨਤਕਸ਼ਾਂ ਦੇ ਸਰਗਰਮ ਸਹਿਯੋਗ ਦੀ ਭਾਰੀ ਲੋੜ ਹੋਵੇਗੀ। ਇਹ ਵੀ ਸਪੱਸ਼ਟ ਹੀ ਹੈ ਕਿ ਮਜ਼ਦੂਰ ਲਹਿਰ ਆਪਣੀ ਜਥੇਬੰਦਕ ਸਮਰੱਥਾ ਅਨੁਸਾਰ ਹਮੇਸ਼ਾ ਲੜਾਕੂ ਪੈਂਤੜੇ 'ਤੇ ਰਹਿ ਕੇ ਹੀ ਕੋਈ ਠੋਸ ਜਿੱਤਾਂ ਹਾਸਲ ਕਰ ਸਕਦੀ ਹੈ। ਮੋਦੀ ਸਰਕਾਰ ਵਲੋਂ ਮਜ਼ਦੂਰਾਂ ਦੀਆਂ ਆਪਣੀਆਂ ਉਜਰਤਾਂ ਵਿਚੋਂ ਕੱਟੇ ਹੋਏ ਪ੍ਰਾਵੀਡੈਂਟ ਫੰਡ (EPF) 'ਤੇ ਰੋਕਾਂ ਲਾ ਕੇ ਉਸਨੂੰ ਖੁਰਦ-ਬੁਰਦ ਕਰਨ ਲਈ ਕੀਤੇ ਗਏ ਹਮਲੇ ਦਾ ਮੂੰਹ ਮੋੜਨ ਦੇ ਪੱਖ ਤੋਂ ਲੜਾਕੂ ਜਨਤਕ ਦਬਾਅ ਰਾਹੀਂ ਮਜ਼ਦੂਰਾਂ ਵਲੋਂ ਹੁਣੇ-ਹੁਣੇ ਕੀਤੀ ਗਈ ਠੋਸ ਪ੍ਰਾਪਤੀ ਇਸ ਲਹਿਰ ਦੀ ਇਕ ਮਾਣਮੱਤੀ ਜਿੱਤ ਹੀ ਹੈ। ਇਸ ਲਈ ਮਜ਼ਦੂਰ ਵਰਗ ਨੂੰ ਜਮਾਤੀ ਸੰਘਰਸ਼ ਦੀ ਵਿਗਿਆਨਕ ਲਾਈਨ ਤੋਂ ਥਿੜਕਾ ਕੇ ਮਾਅਰਕੇਬਾਜ਼ੀ ਜਾਂ ਮੇਲ-ਮਿਲਾਪ ਦੇ ਕੁਰਾਹੇ ਪਾਉਣ ਵਾਲੇ ਅਨਸਰਾਂ ਪ੍ਰਤੀ ਸਾਵਧਾਨ ਰਹਿਣ ਅਤੇ ਅਜੇਹੇ ਗਲਤ ਅਨਸਰਾਂ ਨੂੰ ਆਪਣੀਆਂ ਸਫਾਂ ਵਿਚੋਂ ਅਲੱਗ ਥਲੱਗ ਰੱਖਣ ਲਈ ਵੀ ਹਮੇਸ਼ਾ ਯਤਨਸ਼ੀਲ ਰਹਿਣਾ ਪੈਂਦਾ ਹੈ। ਮਜ਼ਦੂਰ ਵਰਗ ਲਈ ਇਹ ਚਨੌਤੀ ਅੱਜ ਵੀ ਵੱਡੀ ਹੱਦ ਤੱਕ ਦਰਪੇਸ਼ ਹੈ।
ਸਾਨੂੰ ਪੂਰਨ ਆਸ ਹੈ ਕਿ ਸਾਡੇ ਦੇਸ਼ ਦੀ ਮਜ਼ਦੂਰ ਜਮਾਤ ਆਉਂਦੇ ਵਰ੍ਹੇ ਦੌਰਾਨ ਇਹਨਾਂ ਸਾਰੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਾਸਤੇ ਨਿਰੰਤਰ ਯਤਨਸ਼ੀਲ ਰਹੇਗੀ ਅਤੇ ਲਾਜ਼ਮੀ ਕੁਝ ਹੋਰ ਮਾਣਮੱਤੀਆਂ ਜਿੱਤਾਂ ਵੀ ਹਾਸਲ ਕਰੇਗੀ। ਇਸ ਆਸ ਨਾਲ ਅਸੀਂ ਦੇਸ਼ ਭਰ ਦੇ ਮਜ਼ਦੂਰਾਂ, ਮੁਲਾਜ਼ਮਾਂ ਤੇ ਸਮੁੱਚੇ ਮਿਹਨਤਕਸ਼ਾਂ ਨੂੰ ਮਈ ਦਿਵਸ ਦੀਆਂ ਸੰਗਰਾਮੀ ਸ਼ੁਭ ਇਛਾਵਾਂ ਭੇਂਟ ਕਰਦੇ ਹਾਂ।
-ਹਰਕੰਵਲ ਸਿੰਘ

ਪੰਜਾਬ ਦੇ ਚੋਣ ਦੰਗਲ ਲਈ ਸੰਭਾਵੀ ਧਿਰਾਂ ਦੀ ਸਥਿਤੀ

ਮੰਗਤ ਰਾਮ ਪਾਸਲਾ 
ਇੰਜ ਜਾਪਦਾ ਹੈ ਕਿ 2017 ਵਿਚ ਹੋਣ ਵਾਲੀਆਂ ਪੰਜਾਬ ਅਸੰਬਲੀ ਚੋਣਾਂ ਜਿੱਤਣ ਲਈ ਅਕਾਲੀ ਦਲ-ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਧਨ ਦੀ ਵਰਤੋਂ-ਦੁਰਵਰਤੋਂ ਦੇ ਪੱਖ ਤੋਂ ਦੇਸ਼ ਦੇ ਇਤਿਹਾਸ ਵਿਚਲੇ ਪੁਰਾਣੇ ਸਾਰੇ ਰਿਕਾਰਡ ਤੋੜ ਦੇਣਗੇ। ਪੂਰੇ ਇਕ ਸਾਲ ਲਈ ਕਿਸੇ ਹੋਰ ਵਿਸ਼ੇ ਜਾਂ ਆਮ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਸਮਝਣ ਤੇ ਹੱਲ ਕਰਨ ਲਈ ਕੋਈ ਸੰਘਰਸ਼ ਜਾਂ ਸਾਰਥਕ ਦਖਲਅੰਦਾਜ਼ੀ ਕਰਨ ਦੀ ਥਾਂ ਇਹਨਾਂ ਤਿੰਨਾਂ ਹੀ ਧਿਰਾਂ ਵਲੋਂ, ਲੋਕਾਂ ਦੀਆਂ ਵੋਟਾਂ ਹਾਸਲ ਕਰਨ ਲਈ ਜਨਤਕ ਰੈਲੀਆਂ ਕਰਕੇ ਝੂਠੇ ਵਾਅਦਿਆਂ ਦੇ ਅੰਬਾਰ ਲਾਉਣ, ਆਪਣੇ ਅਤੀਤ ਦੇ ਪਾਪਾਂ ਉਪਰ ਪਰਦਾਪੋਸ਼ੀ ਕਰਕੇ ਆਪਣੇ ਆਪ ਨੂੰ 'ਸ਼ੁੱਧ' ਸਾਬਤ ਕਰਨ ਅਤੇ ਦੂਸਰਿਆਂ ਨੂੰ ਨਿੰਦਣ ਉਪਰ ਹੀ ਸਾਰਾ ਜ਼ੋਰ ਲਾਇਆ ਜਾ ਰਿਹਾ ਹੈ। ਅਕਾਲੀ ਦਲ-ਭਾਜਪਾ ਸਰਕਾਰ ਤਾਂ ਆਪਣੇ ਦਸ ਸਾਲਾਂ ਦੇ ਕੁਸ਼ਾਸ਼ਨ ਅਤੇ ਅਨੰਤ ਭਰਿਸ਼ਟਾਚਾਰ ਰਾਹੀਂ ਅਰਬਾਂ-ਖਰਬਾਂ ਦਾ ਧਨ ਇਕੱਠਾ ਕਰਨ ਦੇ ਕਾਲੇ ਕਾਰਨਾਮਿਆਂ ਨੂੰ 'ਤੇਜ਼ ਆਰਥਿਕ ਵਿਕਾਸ' ਦੇ ਝੂਠੇ ਦਾਅਵਿਆਂ ਨਾਲ ਕੱਜਣਾ ਚਾਹੁੰਦੀ ਹੈ। ਅਜੇਹੇ ਦਾਅਵਿਆਂ ਦਾ ਮਖੌਲ ਉਡਾਉਣਾ ਅੱਜ ਕਲ ਪੰਜਾਬੀਆਂ ਦੇ ਮਨੋਰੰਜਨ ਲਈ ਵੱਡੇ ਚੁਟਕਲੇ ਬਣ ਗਏ ਹਨ। ਇਸ ਗੱਲ ਦੀਆਂ ਕਿਆਸ ਅਰਾਈਆਂ ਵੀ ਲਗਾਈਆਂ ਜਾ ਰਹੀਆਂ ਹਨ ਕਿ ਅਕਾਲੀ ਦਲ ਤੇ ਭਾਜਪਾ ਆਗੂ ਰਲ ਮਿਲ ਕੇ ਕੀਤੇ ਗਏ ਬੇਅੰਤ ਗੁਨਾਹਾਂ ਦਾ ਠੀਕਰਾ ਇਕ ਦੂਸਰੇ ਸਿਰ ਭੰਨਣ ਦਾ ਯਤਨ ਕਰਨਗੇ। ਪ੍ਰੰਤੂ ਅਜੇਹਾ ਝੂਠ ਵੀ ਲੋਕਾਂ ਦੇ ਗਲੇ ਵਿਚੋਂ ਸੌਖਿਆਂ ਨਹੀਂ ਲੰਘਣਾ। ਆਪਣੇ ਕਾਰਜਕਾਲ ਦੇ ਅੰਤ 'ਤੇ ਪੰਜਾਬ ਸਰਕਾਰ ਵਲੋਂ ਸਰਕਾਰੀ ਖਜ਼ਾਨੇ ਵਿਚੋਂ ਲੋਕਾਂ ਦੇ ਵੱਖ ਵੱਖ ਵਰਗਾਂ ਨੂੰ ਦਿੱਤੀਆਂ/ਐਲਾਨੀਆਂ ਜਾ ਰਹੀਆਂ ਰਿਆਇਤਾਂ/ਸਹੂਲਤਾਂ ਦੇ ਐਲਾਨ ਵੀ ਭਰਿਸ਼ਟ ਢੰਗਾਂ ਰਾਹੀਂ ਲੋਕਾਂ ਦੀਆਂ ਵੋਟਾਂ ਨੂੰ ਖਰੀਦਣ ਦੀ ਉਘੜਵੀਂ ਮਿਸਾਲ ਹੈ। ਸਰਕਾਰੀ ਖਰਚੇ ਉਪਰ ਲੋਕਾਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਰੇਲ ਗੱਡੀਆਂ ਰਾਹੀਂ ਮੁਫ਼ਤ ਭੇਜਣ ਦੀ ਕਾਰਵਾਈ ਲੋਕਾਂ ਦੀ ਧਾਰਮਿਕ ਆਸਥਾ ਦੀ ਦੁਰਵਰਤੋਂ ਹੀ ਨਹੀਂ, ਬਲਕਿ ਧਰਮ ਦੇ ਨਾਂ ਉਪਰ ਕੀਤੀ ਜਾਣ ਵਾਲੀ ਭਰਿਸ਼ਟ ਕਾਰਵਾਈ ਹੈ। ਪੰਜਾਬ ਸਰਕਾਰ ਵਲੋਂ ਸਰਕਾਰੀ ਫਜ਼ੂਲਖਰਚੀਆਂ ਦੇ ਲਈ ਆਰਥਿਕ ਸਾਧਨ ਜੁਟਾਉਣ ਵਾਸਤੇ ਸਰਕਾਰੀ ਜਾਇਦਾਦਾਂ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਵੇਚੀਆਂ ਜਾ ਰਹੀਆਂ ਹਨ।
ਸੱਤਾ ਹਾਸਲ ਕਰਨ ਦੀ ਦੌੜ ਵਿਚ ਏਥੇ ਦੂਸਰੀ ਧਿਰ ਹੈ ਕਾਂਗਰਸ ਪਾਰਟੀ, ਜਿਸ ਦੀਆਂ ਸਰਕਾਰਾਂ ਵਲੋਂ ਆਪਣਾਈਆਂ ਗਈਆਂ ਆਰਥਿਕ ਤੇ ਰਾਜਨੀਤਕ ਨੀਤੀਆਂ ਨੇ ਇਸ ਦੇਸ਼ ਤੇ ਪੰਜਾਬ ਨੂੰ ਤਬਾਹੀ ਦੇ ਕੰਢੇ 'ਤੇ ਲਿਆ ਖੜ੍ਹਾ ਕੀਤਾ ਹੈ। ਇਸ ਪਾਰਟੀ ਵਲੋਂ ਵੋਟਰਾਂ ਨੂੂੰ ਭਰਮਾਉਣ ਲਈ ਵੱਖ-ਵੱਖ ਸਮਿਆਂ 'ਤੇ ਗਰੀਬੀ ਹਟਾਓ, ਨੌਜਵਾਨਾਂ ਹੱਥ ਸੱਤਾ ਦਿਓ, ਦਲਿਤਾਂ ਤੇ ਗਰੀਬਾਂ ਦਾ ਕਲਿਆਣ ਤੇ 'ਜੈ ਜਵਾਨ, ਜੈ ਕਿਸਾਨ' ਵਰਗੇ ਫਰੇਬੀ ਨਾਅਰੇ ਲਗਾਏ ਗਏ ਅਤੇ ਨਾਲ ਹੀ ਧਨ ਤੇ ਗੁੰਡਾ ਅਨਸਰਾਂ ਦੀ ਦੁਰਵਰਤੋਂ ਕਰਕੇ ਸੱਤਾ ਉਪਰ ਕਬਜ਼ਾ ਕਰਨ ਲਈ ਹਰ ਪ੍ਰਕਾਰ ਦਾ ਗੈਰ ਜਮਹੂਰੀ ਢੰਗ ਵਰਤਿਆ ਗਿਆ। ਆਪਣੇ ਪਾਰਟੀ ਦੇ ਵਿਧਾਨ ਤੇ ਮਤਿਆਂ ਵਿਚ 'ਧਰਮ ਨਿਰਪੱਖ' ਤੇ ਜਮਹੂਰੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਕਈ ਹੋਰਨਾਂ ਮੌਕਿਆਂ ਵਾਂਗ ਬਾਬਰੀ ਮਸਜਿਦ ਤੇ ਰਾਮ ਮੰਦਰ ਵਰਗੇ ਨਾਜ਼ੁਕ ਵਿਵਾਦ ਨੂੰ ਮੁੜ ਖੋਹਲਣ ਅਤੇ ਪੰਜਾਬ ਵਿਚ ਚੱਲੀ ਖਾਲਿਸਤਾਨੀ ਲਹਿਰ ਦੇ ਸੰਦਰਭ ਵਿਚ ਵੋਟਾਂ ਹਾਸਲ ਕਰਨ ਲਈ ਫਿਰਕੂ ਪੱਤਾ ਖੇਡਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਸਾਲ 1975 ਵਿਚ ਲੋਕਾਂ ਉਪਰ ਅੰਦਰੂਨੀ ਐਮਰਜੈਂਸੀ ਥੋਪ ਕੇ ਇਸ ਪਾਰਟੀ ਨੇ 'ਲੋਕ ਰਾਜ' ਦੇ ਪਾਏ ਨਕਾਬ ਨੂੰ ਵੀ ਪਰਾਂਹ ਵਗਾਹ ਮਾਰਿਆ ਸੀ। ਦੇਸ਼ ਵਿਚ ਉਠੀਆਂ ਮਜ਼ਦੂਰਾਂ, ਕਿਸਾਨਾਂ ਤੇ ਹੋਰ ਮਿਹਨਤੀ ਲੋਕਾਂ ਦੀਆਂ ਲਹਿਰਾਂ ਨੂੰ ਹਰ ਜਬਰ ਨਾਲ ਦਬਾਉਣ ਦਾ ਰਿਕਾਰਡ ਵੀ ਵੱਡੀ ਪੱਧਰ ਉਪਰ ਕਾਂਗਰਸ ਸ਼ਾਸਨ ਦੇ ਹਿੱਸੇ ਆਉਂਦਾ ਹੈ। ਦਸ ਸਾਲ ਪਹਿਲਾਂ ਪੰਜਾਬ ਦੇ ਕਾਂਗਰਸੀ ਰਾਜ ਦੀਆਂ ਲੋਕਾਂ ਨੂੰ ਕੁਟਾਪਾ ਚਾੜ੍ਹਨ ਦੀਆਂ ਘਟਨਾਵਾਂ, ਅਨੰਤ ਭਰਿਸ਼ਟਾਚਾਰ ਰਾਹੀਂ ਇਕੱਠੇ ਕੀਤੇ ਬੇਅੰਤ ਧਨ ਤੇ ਆਮ ਲੋਕਾਂ ਉਪਰ ਪਾਏ ਵਿੱਤੀ ਬੋਝ ਨੂੰ ਪੰਜਾਬੀ ਅਜੇ ਤੱਕ ਵੀ ਨਹੀਂ ਭੁੱਲੇ ਹਨ।
'ਆਮ ਆਦਮੀ ਪਾਰਟੀ' ਨੂੰ ਦਿੱਲੀ ਅਸੈਂਬਲੀ ਵਿਚ ਬਹੁਮੱਤ ਹਾਸਲ ਕਰਕੇ ਪਹਿਲੀ ਵਾਰ ਰਾਜ ਕਰਨ ਦਾ ਮੌਕਾ ਮਿਲਿਆ ਹੈ। ਇਸ ਪਾਰਟੀ ਵਲੋਂ ਲੋਕਾਂ ਨਾਲ ਮੁਫ਼ਤ/ਸਸਤੀ ਬਿਜਲੀ, ਪਾਣੀ, ਮਕਾਨ, ਵਿਦਿਆ, ਔਰਤਾਂ ਦੀ ਸੁਰੱਖਿਆ, ਭਰਿਸ਼ਟਾਚਾਰ ਦਾ ਖਾਤਮਾ ਤੇ ਸਾਰੇ ਕੱਚੇ ਮਜ਼ਦੂਰਾਂ ਨੂੰ ਪੱਕੇ ਕਰਨ ਦੇ ਕੀਤੇ ਗਏ ਵਾਅਦਿਆਂ ਉਪਰ ਵੋਟਰਾਂ ਦੇ ਵੱਡੇ ਹਿੱਸੇ ਨੇ ਭਰੋਸਾ ਕੀਤਾ। ਕਾਂਗਰਸ ਤੇ ਭਾਜਪਾ ਤੋਂ ਨਿਰਾਸ਼ ਲੋਕ ਕੋਈ ਢੁਕਵਾਂ ਰਾਜਨੀਤਕ ਬਦਲ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ 'ਆਪ' ਦੀ ਸਰਕਾਰ ਕਾਇਮ ਕਰਕੇ ਇਕ ਨਵਾਂ ਤਜ਼ਰਬਾ ਕੀਤਾ ਹੈ। ਉਂਝ ਸਥਾਪਤ ਰਵਾਇਤੀ ਰਾਜਨੀਤਕ ਪਾਰਟੀਆਂ ਦੇ ਕੁਸ਼ਾਸਨ ਤੇ ਦਿੱਲੀ ਵਿਚ ਭਰਿਸ਼ਟਾਚਾਰ ਤੋਂ ਤੰਗ ਆ ਕੇ ਯੂ.ਪੀ., ਬਿਹਾਰ, ਆਂਧਰਾ ਪ੍ਰਦੇਸ਼, ਅਸਾਮ ਆਦਿ ਕਈ ਰਾਜਾਂ ਵਿਚ ਅਜਿਹੇ ਤਜ਼ਰਬੇ ਪਹਿਲਾਂ ਵੀ ਹੋ ਚੁੱਕੇ ਹਨ। ਪ੍ਰੰਤੂ ਮੌਜੂਦਾ ਪੂੰਜੀਵਾਦੀ ਪ੍ਰਬੰਧ ਤੇ ਇਸ ਦੁਆਰਾ ਅਪਣਾਈਆਂ ਜਾਂਦੀਆਂ ਲੋਕ ਮਾਰੂ ਨੀਤੀਆਂ ਦੇ ਮੁਕਾਬਲੇ ਵਿਚ ਕੋਈ ਲੋਕ ਪੱਖੀ ਆਰਥਿਕ ਵਿਕਾਸ ਮਾਡਲ, ਵੱਡੇ ਸਰਮਾਏਦਾਰਾਂ, ਠੇਕੇਦਾਰਾਂ, ਜਗੀਰਦਾਰਾਂ ਤੇ ਕਾਲਾ ਧੰਦਾ ਕਰਨ ਵਾਲਿਆਂ ਉਪਰ ਸ਼ਿਕੰਜਾ ਕੱਸਕੇ ਉਨ੍ਹਾਂ ਦੇ ਮੁਨਾਫਿਆਂ ਉਪਰ ਰੋਕਾਂ ਲਗਾ ਕੇ ਅਤੇ ਲੋਕਾਂ ਦੀਆਂ ਰੋਟੀ, ਰੋਜ਼ੀ, ਮਕਾਨ, ਵਿਦਿਆ, ਸਿਹਤ, ਪੀਣ ਯੋਗ ਪਾਣੀ, ਸ਼ੁੱਧ ਵਾਤਾਵਰਨ ਆਦਿ ਵਰਗੀਆਂ ਮੁਢਲੀਆਂ ਲੋੜਾਂ ਪੂਰੀਆਂ ਨਾ ਕਰਨ ਦੇ ਸਿੱਟੇ ਵਜੋਂ ਇਹ ਤਜ਼ਰਬੇ ਵੀ ਬੁਰੀ ਤਰ੍ਹਾਂ  ਫੇਲ੍ਹ ਹੋਏ। (ਪੱਛਮੀ ਬੰਗਾਲ, ਕੇਰਲਾ ਅਤੇ ਤਰੀਪੁਰਾ ਦੀਆਂ ਖੱਬੀਆਂ ਸਰਕਾਰਾਂ ਦੀ ਕਾਰਗੁਜਾਰੀ ਨੂੰ ਇਕ ਵੱਖਰੇ ਨਜ਼ਰੀਏ ਤੋਂ ਵਾਚਣ ਦੀ ਜ਼ਰੂਰਤ ਹੈ। ਪੂਰੀ ਤਰ੍ਹਾਂ ਦੋਸ਼ ਮੁਕਤ ਉਹ ਵੀ ਨਹੀਂ ਹਨ) ਜਦੋਂਕਿ ਇਨ੍ਹਾਂ ਉਪਰੋਕਤ ਰਾਜਾਂ ਦੇ ਲੋਕ ਬਾਕੀ ਦੇਸ਼ ਵਾਸੀਆਂ ਵਾਂਗ ਡਾਢੀਆਂ ਆਰਥਿਕ ਤੇ ਸਮਾਜਿਕ ਤੰਗੀਆਂ ਦਾ ਜੀਵਨ ਹੰਢਾ ਰਹੇ ਹਨ। ਦਿੱਲੀ ਦੀ ਕੇਜਰੀਵਾਲ ਸਰਕਾਰ ਜੋ ਆਪਣੇ ਆਪ ਨੂੰ ਪੂੰਜੀਪਤੀ ਪ੍ਰਬੰਧ ਤੇ ਖੁੱਲ੍ਹੇ ਬਜਾਰ ਦੀ ਹਮਾਇਤੀ ਦੱਸਦੀ ਹੈ, ਨਵ ਉਦਾਰਵਾਦੀ ਆਰਥਿਕ ਨੀਤੀਆਂ ਲਾਗੂ ਕਰਕੇ ਨਾ ਤਾਂ ਲੋਕਾਂ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰ ਸਕੇਗੀ ਤੇ ਨਾ ਹੀ ਭਰਿਸ਼ਟਾਚਾਰ ਦਾ ਖਾਤਮਾ ਕਰ ਸਕੇਗੀ, ਜੋ ਇਸ ਲੁਟੇਰੇ ਰਾਜ ਪ੍ਰਬੰਧ ਦਾ ਅਟੁੱਟ ਹਿੱਸਾ ਹੈ। ਹੁਣ ਵੀ ਇਸ ਪਾਰਟੀ ਵਲੋਂ ਵੱਡੇ ਲੋਕਾਂ ਕੋਲੋਂ ਲਿਆ ਜਾ ਰਿਹਾ ਫੰਡ ਉਨ੍ਹਾਂ ਲੁਟੇਰਿਆਂ ਵਲੋਂ ਪਿਛਲੇ ਸਮੇਂ ਵਿਚ ਅਨੈਤਿਕ ਢੰਗਾਂ ਨਾਲ ਇਕੱਠੇ ਕੀਤੇ ਧਨ ਦੇ ਅੰਬਾਰਾਂ ਵਿਚੋਂ ਕਿਣਕਾ ਮਾਤਰ ਹੀ ਹੈ। ਇਸਨੂੰ ਵੀ ਧਨੀ ਲੋਕ ਭਵਿੱਖ ਵਿਚ ਹੋਰ ਅਮੀਰ ਬਣਨ ਲਈ ''ਪੂੰਜੀ ਨਿਵੇਸ਼' ਹੀ ਸਮਝਦੇ ਹਨ। ਪੰਜਾਬ ਅੰਦਰ ਵੀ 'ਆਪ' 2017 ਦੀਆਂ ਅਸੈਂਬਲੀ ਚੋਣਾਂ ਵਿਚ ਸੱਤਾ ਦੇ ਪ੍ਰਮੁੱਖ ਖਿਡਾਰੀ ਵਜੋਂ ਤਿਆਰੀਆਂ ਕਰ ਰਹੀ ਹੈ। ਹਰ ਕਿਸਮ ਦੇ ਧਨਾਢ, ਅਫਸਰਸ਼ਾਹ ਅਤੇ ਦੂਸਰੀਆਂ ਸਰਮਾਏਦਾਰ-ਜਗੀਰਦਾਰ ਪੱਖੀ ਪਾਰਟੀਆਂ ਵਿਚ ਟਿਕਟ ਨਾ ਮਿਲਣ ਤੋਂ ਨਿਰਾਸ਼ ਆਗੂ ਧੜਾ-ਧੜ ਇਸ ਦਲ ਵਿਚ ਸ਼ਾਮਿਲ ਹੋ ਰਹੇ ਹਨ। ਕਈ ਗਾਇਕ, ਕਾਮੇਡੀਅਨ ਜਾਂ ਫਿਲਮ ਐਕਟਰ ਲੋਕਾਂ ਦਾ ਮਨੋਰੰਜਨ ਕਰਨ ਦੀ ਆਪਣੀ ਕਲਾ ਤੇ ਕਮਾਈ ਆਸਰੇ 'ਆਪ' ਵਿਚ ਸ਼ਾਮਲ ਹੋ ਕੇ ਲੋਕਾਈ ਦਾ ਮਨੋਰੰਜਨ ਕਰਨ ਲਈ 'ਨਵਾਂ ਪ੍ਰੋਜੈਕਟ' ਸ਼ੁਰੂ ਕਰ ਰਹੇ ਹਨ। ਇਨ੍ਹਾਂ ਸੱਜਣਾਂ ਕੋਲ ਲੋਕਾਂ ਦੇ ਦੁੱਖਾਂ-ਦਰਦਾਂ ਦਾ ਗਿਆਨ, ਉਨ੍ਹਾਂ ਦੇ ਹੱਕੀ ਸੰਘਰਸ਼ਾਂ ਵਿਚ ਸ਼ਾਮਲ ਹੋਣ ਤੇ ਕਿਸੇ ਜਬਰ ਜ਼ੁਲਮ ਦਾ ਟਾਕਰਾ ਕਰਨ ਦਾ ਕੋਈ ਤਜ਼ਰਬਾ ਨਹੀਂ ਅਤੇ ਨਾ ਹੀ ਲੋਕ ਪੱਖੀ ਆਰਥਿਕ ਤੇ ਰਾਜਨੀਤਕ ਵਿਗਿਆਨ ਪ੍ਰਤੀ ਇਨ੍ਹਾਂ ਲੋਕਾਂ ਦੀ ਕੋਈ ਪ੍ਰਤੀਬੱਧਤਾ ਹੀ ਹੈ। ਸਿਰਫ ਪੈਸੇ ਦੇ ਜ਼ੋਰ ਨਾਲ ਹਾਸਲ ਕੀਤੀ ਗਈ ਟਿਕਟ, ਰਾਜਭਾਗ ਤੇ ਭਰਿਸ਼ਟਾਚਾਰ, ਇਹ ਤਿੰਨ ਸ਼ਬਦ ਹੀ ਜਾਣਦੇ ਹਨ ਇਹ ਸੱਜਣ। ਪੈਸੇ ਪੱਖੋਂ ਇਹ 'ਪਤਵੰਤੇ' ਪਹਿਲਾਂ ਹੀ ਨੱਕੋ ਨੱਕ ਭਰੇ ਪਏ ਹਨ। ਇਹਨਾਂ ਤੋਂ ਬਿਨਾਂ, ਸੱਤਾ ਹਾਸਲ ਕਰਨ ਲਈ ਕਈ ਗਰਮ ਖਿਆਲੀ ਸਿੱਖ ਜਥੇਬੰਦੀਆਂ ਤੇ ਆਗੂ, ਜਿਨ੍ਹਾਂ ਦਾ ਰੋਲ ਖਾਲਿਸਤਾਨੀ ਲਹਿਰ ਦੌਰਾਨ ਬੜਾ ਸ਼ੱਕੀ ਕਿਸਮ ਦਾ ਸੀ, ਨਾਲ ਪਈਆਂ 'ਆਪ' ਦੀਆਂ ਜੋਟੀਆਂ ਸਿੱਧ ਕਰਦੀਆਂ ਹਨ ਕਿ ਇਸ ਪਾਰਟੀ ਲਈ ਰਾਜਨੀਤਕ ਜਾਂ ਆਰਥਿਕ ਨੀਤੀ ਨਾਲ ਸਬੰਧਤ ਕੋਈ ਪੱਕਾ ਠੱਕਾ ਅਸੂਲ ਨਹੀਂ ਹੈ ਤੇ ਨਾ ਹੀ ਮਜ਼ਦੂਰਾਂ-ਕਿਸਾਨਾਂ ਦੀ ਲਹਿਰ ਨਾਲ ਕੋਈ ਗੰਭੀਰ ਪ੍ਰਤੀਬੱਧਤਾ ਹੀ ਹੈ। ਹਾਂ, ਜਨਤਾ ਨਾਲ, ਖਾਸਕਰ ਦਰਮਿਆਨੇ ਵਰਗ ਦੇ ਲੋਕਾਂ ਨਾਲ ਸੰਪਰਕ ਕਰਨ ਦੇ ਨਵੇਂ ਨਵੇਂ ਢੰਗ ਜ਼ਰੂਰ ਅਪਣਾਏ ਹਨ 'ਆਪ' ਨੇਤਾਵਾਂ ਨੇ। ਆਰਥਿਕ ਸਾਧਨ ਪੈਦਾ ਕਰਨ ਦੇ ਨਜ਼ਰੀਏ ਤੋਂ 'ਆਪ' ਕਾਂਗਰਸ ਤੇ ਭਾਜਪਾ ਦੀ ਅਨੈਤਿਕਤਾ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੈ।
ਇਸ ਲਈ ਆਉਣ ਵਾਲੇ ਦਿਨਾਂ ਵਿਚ ਅਕਾਲੀ ਦਲ, ਭਾਜਪਾ, ਕਾਂਗਰਸ ਤੇ 'ਆਪ' ਦੇ ਆਗੂਆਂ ਵਲੋਂ ਆਪਣੇ ਰਾਜਸੀ ਖੇਮੇ ਬਦਲਣ ਦੀਆਂ ਖ਼ਬਰਾਂ ਆਮ ਹੀ ਜਗ ਜਾਹਿਰ ਹੋਣ ਅਤੇ ਨਵੇਂ ਦਲ ਵਿਚ ਸ਼ਾਮਿਲ ਹੋ ਕੇ 'ਸਿਰੋਪਾ' ਹਾਸਲ ਕਰਨ ਦੇ ਨਵੇਂ ਲਤੀਫੇ ਵੀ ਸੁਣਨ ਨੂੰ ਮਿਲਣਗੇ। ਬਸਪਾ ਸੁਪਰੀਮੋ ਬੀਬੀ ਮਾਇਆਵਤੀ ਐਲਾਨ ਕਰ ਚੁੱਕੇ ਹਨ ਕਿ ਉਨ੍ਹਾਂ ਦੀ ਪਾਰਟੀ ਕਿਸੇ ਵੀ ਰਾਜਨੀਤਕ ਧਿਰ ਨਾਲ ਗਠਜੋੜ ਨਹੀਂ ਕਰੇਗੀ।
ਇਸ ਲਈ, ਸਵਾਲਾਂ ਦਾ ਸਵਾਲ ਇਹ ਹੈ ਕਿ ਇਨ੍ਹਾਂ ਹਾਲਤਾਂ ਵਿਚ ਪੰਜਾਬ ਦੇ ਲੋਕੀਂ ਕਿਹੜਾ ਰਾਜਸੀ ਪੈਂਤੜਾ ਅਖਤਿਆਰ ਕਰਨ, ਜਿਸ ਨਾਲ ਉਨ੍ਹਾਂ ਦਾ ਮੌਜੂਦਾ ਸੰਤਾਪ ਕੱਟਿਆ ਜਾ ਸਕੇ ਤੇ ਉਹ ਸੁੱਖ ਦੀ ਨੀਂਦ  ਸੌਂ ਸਕਣ? ਪੰਜਾਬ ਵਿਚ ਚਾਰ ਕਮਿਊਨਿਸਟ ਧਿਰਾਂ ਨੇ ਇਕ ਸਾਂਝਾ ਮੰਚ ਕਾਇਮ ਕੀਤਾ ਸੀ ਤੇ ਸਾਂਝੇ ਮੁੱਦਿਆਂ ਦੇ ਅਧਾਰ 'ਤੇ ਸਾਂਝੀਆਂ ਜਨਤਕ ਸਰਗਰਮੀਆਂ ਵੀ ਕੀਤੀਆਂ ਹਨ। ਇਨ੍ਹਾਂ ਸਾਂਝੀਆਂ ਗਤੀਵਿਧੀਆਂ ਨੂੰ ਹੋਰ ਵਧਾਉਣ ਦੀ ਲੋੜ ਹੈ ਤਾਂ ਕਿ ਖੱਬੇ ਪੱਖੀ ਦਲਾਂ ਦਾ ਜਨ ਅਧਾਰ ਵਧਾਇਆ ਜਾ ਸਕੇ। ਇਹ ਗਠਜੋੜ ਅਜੇ ਕਾਫੀ ਕਮਜ਼ੋਰ ਹੈ ਤੇ ਲੋਕਾਂ ਸਾਹਮਣੇ ਇਕ ਲੋਕ ਪੱਖੀ ਰਾਜਨੀਤਕ ਮੁਤਬਾਦਲ ਦੇ ਤੌਰ 'ਤੇ ਪੇਸ਼ ਨਹੀਂ ਹੋ ਸਕਿਆ। ਆਉਣ ਵਾਲੀਆਂ ਅਸੈਂਬਲੀ ਚੋਣਾਂ ਵਿਚ ਇਨ੍ਹਾਂ ਖੱਬੀਆਂ ਪਾਰਟੀਆਂ ਦੇ ਇਕਮੁਠ ਰਹਿਣ ਜਾਂ ਕਿਸੇ ਦੂਸਰੀ ਸਰਮਾਏਦਾਰ-ਜਗੀਰਦਾਰ ਜਮਾਤਾਂ ਦੇ ਹਿੱਤਾਂ ਦੀ ਰਾਖੀ ਕਰਦੀ ਰਾਜਸੀ ਪਾਰਟੀ ਨਾਲ ਗਠਜੋੜ ਕਰਨ ਦੀਆਂ ਸੰਭਾਵਨਾਵਾਂ ਬਾਰੇ ਵੀ ਕਈ ਕਿਸਮ ਦੀ ਦੁਬਿਧਾ ਹੈ। ਇਹ ਦੁਬਿਧਾ ਬੇਵਜ੍ਹਾ ਨਹੀਂ। ਪਹਿਲਾਂ ਵੀ ਅਨੇਕਾਂ ਵਾਰ ਕਈ ਕਮਿਊਨਿਸਟ ਧਿਰਾਂ ਵਲੋਂ ਕਿਸੇ ਨਾ ਕਿਸੇ ਬਹਾਨੇ ਲੁਟੇਰੇ ਰਾਜਸੀ ਦਲਾਂ ਨਾਲ ਚੋਣ ਸਾਂਝਾਂ ਪਾਈਆਂ ਗਈਆਂ ਹਨ। ਪੱਛਮੀ ਬੰਗਾਲ ਦੀਆਂ ਅਸੈਂਬਲੀ ਚੋਣਾਂ ਵਿਚ ਖੱਬੇ ਮੋਰਚੇ ਦਾ ਕਾਂਗਰਸ ਨਾਲ ਖੁੱਲ੍ਹਾ ਬੇਅਸੂਲਾ ਰਾਜਸੀ  ਸਮਝੌਤਾ ਹੈ, ਜੋ ਮਮਤਾ ਦੀ ਗੈਰ ਜਮਹੂਰੀ ਤੇ ਲੋਕ ਵਿਰੋਧੀ ਪਾਰਟੀ ਟੀ.ਐਮ.ਸੀ. ਨੂੰ ਹਰਾਉਣ ਦੀ ਦਲੀਲ ਅਧੀਨ ਕੀਤਾ ਗਿਆ ਹੈ। ਪੰਜਾਬ ਅੰਦਰ ਖੱਬੀ ਰਾਜਨੀਤੀ ਨਾਲ ਜੁੜੇ ਕੁਝ ਇਕ ਹੋਰ ਰਾਜਸੀ ਦਲ ਤੇ ਜਨਤਕ ਜਥੇਬੰਦੀਆਂ ਵੀ ਮੌਜੂਦ ਹਨ, ਜੋ ਅਕਾਲੀ ਦਲ-ਭਾਜਪਾ ਗਠਜੋੜ, ਕਾਂਗਰਸ ਤੇ 'ਆਪ'  ਦੇ ਵਿਰੋਧ ਵਿਚ ਲੋਕਾਂ ਦੀ ਚੋਖੀ ਹਮਾਇਤ ਤੇ ਹਮਦਰਦੀ ਹਾਸਲ ਕਰ ਸਕਦੇ ਹਨ।
ਜੇਕਰ ਇਹ ਸਮੁੱਚੀਆਂ ਖੱਬੇ ਪੱਖੀ ਤੇ ਇਨਕਲਾਬੀ ਵਿਚਾਰਾਂ ਵਾਲੀਆਂ ਧਿਰਾਂ ਇਕ ਮੁੱਠ ਹੋ ਕੇ ਕਿਰਤੀ ਲੋਕਾਂ, ਮਜ਼ਦੂਰਾਂ, ਕਿਸਾਨਾਂ, ਦਲਿਤਾਂ, ਪੱਛੜੇ ਵਰਗਾਂ, ਦੁਕਾਨਦਾਰਾਂ, ਛੋਟੇ ਕਾਰੋਬਾਰੀਆਂ, ਬੇਰੁਜ਼ਗਾਰ ਨੌਜਵਾਨਾਂ, ਔਰਤਾਂ ਤੇ ਘਟ ਗਿਣਤੀ ਲੋਕਾਂ ਦੇ ਮੂਲ ਮਸਲੇ ਲੈ ਕੇ ਅਸੈਂਬਲੀ ਚੋਣਾਂ ਦਾ ਏਜੰਡਾ ਤੈਅ ਕਰ ਦੇਣ ਤੇ ਅਕਾਲੀ ਦਲ-ਭਾਜਪਾ, ਕਾਂਗਰਸ ਤੇ  'ਆਪ' ਦੇ ਝੂਠੇ, ਹਵਾਈ ਤੇ ਧੋਖਾ ਭਰੇ ਨਾਅਰਿਆਂ ਤੇ ਵਾਅਦਿਆਂ ਨੂੰ ਤਰਕ ਸੰਗਤ ਢੰਗ ਨਾਲ ਬੇਪਰਦ ਕਰਨ, ਤਦ ਪੰਜਾਬ ਅੰਦਰ ਅਵਸ਼ ਹੀ ਇਕ ਸ਼ਕਤੀਸ਼ਾਲੀ ਲੋਕ ਪੱਖੀ ਧਿਰ ਉਭਾਰੀ ਜਾ ਸਕਦੀ ਹੈ। ਸਰਕਾਰੀ ਵਿਦਿਅਕ ਅਦਾਰਿਆਂ ਰਾਹੀਂ ਮੁਫ਼ਤ ਤੇ ਲੋਕਾਂ ਦੀ ਪਹੁੰਚ ਅਨੁਸਾਰ ਸਸਤੀ ਵਿਦਿਆ, ਸਰਕਾਰੀ ਹਸਪਤਾਲਾਂ ਰਾਹੀਂ ਲੋੜਵੰਦ ਮਰੀਜਾਂ ਦਾ ਮੁਫ਼ਤ ਇਲਾਜ, ਬੇਕਾਰ ਲੋਕਾਂ ਨੂੰ ਕੰਮ, ਬੇਕਾਰੀ ਭੱਤਾ, ਪੀਣਯੋਗ ਪਾਣੀ, ਵੱਧ ਰਹੇ ਪ੍ਰਦੂਸ਼ਣ ਤੇ ਗੰਦਗੀ ਨੂੰ ਰੋਕਣ ਦੇ ਠੋਸ ਉਪਾਅ, ਭਰਿਸ਼ਟਾਚਾਰ ਨੂੰ ਰੋਕਣ ਲਈ ਸਰਕਾਰੀ ਠੋਸ ਨੀਤੀਆਂ ਤੇ ਪ੍ਰੋਗਰਾਮ ਪੇਸ਼ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਨਾਲ ਔਰਤਾਂ ਦੀ ਸੁਰੱਖਿਆ, ਸਮਾਜਿਕ ਜਬਰ ਦਾ ਖਾਤਮਾ, ਨਸ਼ਿਆਂ ਦੇ ਧੰਦੇ ਨੂੰ ਠੱਲ੍ਹਣ, ਪੁਲਸ ਜਬਰ ਦਾ ਖਾਤਮਾ ਕਰਨ ਆਦਿ ਵਰਗੇ ਮਸਲਿਆਂ ਦੇ ਹੱਲ ਲਈ ਵੀ ਜਨਤਕ ਲਾਮਬੰਦੀ ਦਾ ਕਾਰਗਰ ਗੁਰ ਜਨਤਾ ਸਾਹਮਣੇ ਪੇਸ਼ ਕੀਤਾ ਜਾਵੇ। ਉਪਰੋਕਤ ਦੱਸੇ ਸਾਰੇ ਮਸਲਿਆਂ ਦਾ ਹੱਲ, ਵੱਡੀ ਹੱਦ ਤੱਕ, ਇਕ ਲੋਕ ਪੱਖੀ ਸਰਕਾਰ ਤੇ ਹੇਠਲੇ ਪੱਧਰ ਉਪਰ ਖੜ੍ਹੀ ਕੀਤੀ ਹੋਈ ਸ਼ਕਤੀਸ਼ਾਲੀ ਜਨਤਕ ਲਹਿਰ ਹੀ ਕਰ ਸਕਦੀ ਹੈ। ਲੁਟੇਰੀਆਂ ਰਾਜਸੀ ਪਾਰਟੀਆਂ ਦੇ ਮੁਕਾਬਲੇ ਵਿਚ ਸਮੁੱਚੀ ਖੱਬੀ ਧਿਰ ਦੇ ਆਗੂ ਤੇ ਵਰਕਰ ਸਖਤ ਮਿਹਨਤ ਤੇ ਇਮਾਨਦਾਰ ਅਕਸ ਰਾਹੀਂ ਪਿਛਲੇ ਘੋਲਾਂ ਦੇ ਮੈਦਾਨਾਂ ਵਿਚ ਪ੍ਰਾਪਤ ਕੀਤੇ ਤਜਰਬਿਆਂ ਨਾਲ ਲੋਕਾਂ ਦੀ  ਭਰਵੀਂ ਹਮਾਇਤ ਹਾਸਲ ਕਰ ਸਕਦੇ ਹਨ। ਇਸ ਲਈ ਚੋਣਾਂ ਵਿਚ ਹਿੱਸਾ ਲੈਣ ਵਾਲੀਆਂ ਜਾਂ ਇਸ ਚੋਣ ਸਰਗਰਮੀ ਤੋਂ ਬਾਹਰ ਰਹਿਣ ਵਾਲੀਆਂ ਖੱਬੀਆਂ ਤੇ ਇਨਕਲਾਬੀ ਧਿਰਾਂ ਜੇਕਰ ਸਪੱਸ਼ਟ ਰੂਪ ਵਿਚ ਅਕਾਲੀ ਦਲ-ਭਾਜਪਾ ਗਠਜੋੜ, ਕਾਂਗਰਸ ਤੇ 'ਆਪ' ਵਿਰੋਧੀ ਪੈਂਤੜਾ ਲੈ ਕੇ ਸਮੂਹ ਪੰਜਾਬੀਆਂ ਨੂੰ ਖੱਬੇ ਪੱਖੀ ਰਾਜਸੀ ਪਲੇਟਫਾਰਮ ਦੁਆਲੇ ਜੋੜਨ, ਤਦ 2017 ਵਿਚ ਹੋਣ ਵਾਲੀਆਂ ਪੰਜਾਬ ਅਸੈਂਬਲੀ ਚੋਣਾਂ ਦੇ ਨਤੀਜੇ ਲੁਟੇਰੀਆਂ ਸ਼ਕਤੀਆਂ ਨੂੰ ਭਾਂਜ ਦੇਣ ਤੇ ਲੋਕ ਪੱਖੀ ਸ਼ਕਤੀਆਂ ਦੀ ਜਿੱਤ ਵਿਚ ਕੱਢੇ ਜਾ ਸਕਦੇ ਹਨ।
ਇਹ ਨਿਸ਼ਾਨਾ ਹਾਸਲ ਕਰਨ ਲਈ ਸਭ ਤੋਂ ਜ਼ਰੂਰੀ ਗੱਲ ਹੋਵੇਗੀ, ਬਿਨਾਂ ਕਿਸੇ ਰੱਖ ਰਖਾਅ ਦੇ ਖੱਬੇ ਪੱਖੀ ਦਲਾਂ ਦਾ ਲੁਟੇਰੀਆਂ ਰਾਜਸੀ ਧਿਰਾਂ ਵਿਰੁੱਧ ਸਪੱਸ਼ਟ ਰਾਜਨੀਤਕ ਤੇ ਸਿਧਾਂਤਕ ਪੈਂਤੜਾ ਤੇ ਲੋਕਾਂ ਦੇ ਫੌਰੀ ਮਸਲਿਆਂ ਦੇ ਹੱਲ ਲਈ ਪੇਸ਼ ਕੀਤੇ ਜਾਣ ਵਾਲੇ ਠੋਸ ਸੁਝਾਅ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਮੁੱਚੀਆਂ ਖੱਬੀਆਂ ਸ਼ਕਤੀਆਂ ਇਸ ਦਿਸ਼ਾ ਵੱਲ ਕਿਸ ਹੱਦ ਤੱਕ ਅੱਗੇ ਵਧਦੀਆਂ ਹਨ।

ਕਿਸਾਨੀ ਹਿੱਤਾਂ ਦੀ ਪੂਰੀ ਤਰ੍ਹਾਂ ਰਾਖੀ ਨਹੀਂ ਕਰਦਾ ਖੇਤੀ ਕਰਜ਼ਾ ਨਬੇੜੂ ਐਕਟ

ਰਘਬੀਰ ਸਿੰਘ 
ਪੰਜਾਬ ਦੇ ਕਿਸਾਨਾਂ ਦੇ ਬਹੁਤ ਲੰਮੇ ਅਤੇ ਜ਼ੋਰਦਾਰ ਸੰਘਰਸ਼ ਦੇ ਦਬਾਅ ਹੇਠ ਪੰਜਾਬ ਸਰਕਾਰ ਨੂੰ ਪੰਜਾਬ ਅਸੈਂਬਲੀ ਵਿਚ 22 ਮਾਰਚ 2016 ਨੂੰ ਖੇਤੀ ਕਰਜਾ ਨਬੇੜੂ ਐਕਟ ਪਾਸ ਕਰਨਾ ਪਿਆ ਹੈ। ਇਸ ਐਕਟ ਨਾਲ ਪੰਜਾਬ ਦੇ ਕਰਜ਼ਾ ਮਾਰੇ ਕਿਸਾਨਾਂ ਨੂੰ ਕੁਝ ਰਾਹਤ ਮਿਲੀ ਹੈ। ਇਸ ਐਕਟ ਅਧੀਨ ਨਿੱਜੀ ਸ਼ਾਹੂਕਾਰਾਂ ਅਤੇ ਆੜ੍ਹਤੀਆਂ ਆਦਿ ਨੂੰ ਆਪਣੇ ਆਪ ਨੂੰ ਰਜਿਸਟਰਡ ਕਰਾਉਣਾ ਪਵੇਗਾ ਅਤੇ ਕਰਜ਼ਾ ਦੇਣ ਦਾ ਲਾਇਸੈਂਸ ਲੈਣਾ ਪਵੇਗਾ। ਉਸਨੂੰ ਕਿਸਾਨ ਨੂੰ ਦਿੱਤੇ ਕਰਜ਼ੇ ਬਾਰੇ ਪਾਸ ਬੁਕ ਜਾਰੀ ਕਰਨੀ ਹੋਵੇਗੀ, ਜਿਸ ਵਿਚ ਕਰਜ਼ੇ ਦਾ ਸਾਰਾ ਲੈਣ ਦੇਣ ਦਰਜ ਕਰਨਾ ਹੋਵੇਗਾ। ਇਸ ਤਰ੍ਹਾਂ ਨਿੱਜੀ ਸ਼ਾਹੂਕਾਰਾਂ ਵਲੋਂ ਦਿੱਤੇ ਜਾਣ ਵਾਲੇ ਕਰਜ਼ੇ ਵਿਚ ਕੁਝ ਪਾਰਦਰਸ਼ਤਾ ਆਵੇਗੀ। ਇਸ ਪੱਖ ਤੋਂ ਇਸਨੂੰ ਕਿਸਾਨ ਸੰਘਰਸ਼ ਦੀ ਅਹਿਮ ਜਿੱਤ ਕਿਹਾ ਜਾ ਸਕਦਾ ਹੈ। ਐਪਰ ਅਜੇ ਵੀ ਇਸ ਐਕਟ ਅੰਦਰ ਭਾਰੀ ਤਰੁਟੀਆਂ ਹਨ ਜਿਹਨਾਂ ਨੂੰ ਦੂਰ ਕਰਨ ਲਈ ਹੋਰ ਜੋਰਦਾਰ ਸੰਘਰਸ਼ ਕਰਨਾ ਹੋਵੇਗਾ।
ਇਸ ਐਕਟ ਦੇ ਪਾਸ ਕਰਨ ਸਮੇਂ ਇਸ ਵਿਚ ਛੱਡੀਆਂ ਗਈਆਂ ਤਰੁਟੀਆਂ ਇਸਦੇ ਅਮਲ ਵਿਚ ਲਾਗੂ ਹੋਣ ਬਾਰੇ ਸ਼ੰਕੇ ਪਰਗਟ ਕਰਦੀਆਂ ਹਨ। ਇਹ ਐਕਟ 2017 ਦੀਆਂ ਅਸੈਂਬਲੀ ਚੋਣਾਂ ਤੋਂ ਥੋੜਾ ਪਹਿਲਾਂ ਪਾਸ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਵੀ 2006 ਵਿਚ 2007 ਦੀਆਂ ਚੋਣਾਂ ਨੂੰ ਮੁੱਖ ਰੱਖਕੇ ਇਕ ਬਿੱਲ ਜਨਤਕ ਬਹਿਸ ਲਈ ਤਿਆਰ ਕੀਤਾ ਸੀ। ਪਰ ਉਸਨੇ ਇਸਨੂੰ ਅਸੈਂਬਲੀ ਵਿਚ ਪੇਸ਼ ਕਰਨ ਦੀ ਵੀ ਖੇਚਲ ਨਹੀਂ ਸੀ ਕੀਤੀ। ਇਸੇ ਤਰ੍ਹਾਂ ਅਕਾਲੀ-ਭਾਜਪਾ ਸਰਕਾਰ ਨੇ ਵੀ ਕੁੱਝ ਅਜਿਹੇ ਮੌਕੇ ਨੂੰ ਹੀ ਚੁਣਿਆ ਹੈ। 9 ਸਾਲਾਂ ਤੱਕ ਸਰਕਾਰ ਚੁੱਪ ਬੈਠੀ ਰਹੀ ਹੈ। ਸੰਘਰਸ਼ਸ਼ੀਲ ਕਿਸਾਨਾਂ, ਮਜ਼ਦੂਰਾਂ ਦੀ ਤਾਲਮੇਲ ਕਮੇਟੀ ਦੇ ਹਰ ਸੰਘਰਸ਼ ਦੀ ਲਗਾਤਾਰ ਇਸ ਬਾਰੇ ਮੰਗ ਰਹੀ ਹੈ। ਪੰਜਾਬ ਸਰਕਾਰ ਨੇ ਕਈ ਚਿਰ ਇਸ ਬਾਰੇ ਪਹਿਲਾਂ ਕੁੱਝ ਵੀ ਨਾ ਕਹਿਣ ਅਤੇ ਫਿਰ ਟਾਲਮਟੋਲ ਕਰਨ ਅਤੇ ਵਚਨ ਦੇ ਕੇ ਪੂਰਾ ਨਾ ਕਰਨ ਦੀ ਨੀਤੀ ਅਪਣਾਈ ਰੱਖੀ ਹੈ। ਹੁਣ ਚੋਣਾਂ ਦਾ ਬਿਗਲ ਵੱਜਣ ਨਾਲ ਇਸ ਕਾਨੂੰਨ ਨੂੰ ਪਾਸ ਕਰਨ ਲਈ ਕਾਹਲੀ ਕਾਹਲੀ ਵਿਚ ਕਦਮ ਚੁੱਕੇ ਗਏ ਹਨ। ਇਸਤੋਂ ਬਿਨਾ ਮਹੀਨੇ ਤੋਂ ਵੱਧ ਬੀਤ ਜਾਣ 'ਤੇ ਇਸਦਾ ਨੋਟੀਫਿਕੇਸ਼ਨ ਨਾ ਕਰਨਾ ਲੋਕਾਂ ਦੇ ਸ਼ੰਕਿਆਂ ਨੂੰ ਹੋਰ ਡੂੰਘਾ ਕਰਦਾ ਹੈ।
 
ਕਰਜ਼ਾ ਕਾਨੂੰਨ ਦੀਆਂ ਮੁੱਖ ਘਾਟਾਂਸਰਕਾਰ ਦੀ ਨੀਯਤ ਬਾਰੇ ਉਪਰੋਕਤ ਸ਼ੰਕਿਆਂ ਤੋਂ ਬਿਨਾਂ ਇਸ ਦੀਆਂ ਸਪੱਸ਼ਟ ਘਾਟਾ ਕਿਸਾਨਾਂ ਨੂੰ ਬਹੁਤ ਚੁੱਭਦੀਆਂ ਹਨ ਅਤੇ ਉਹਨਾਂ ਨੂੰ ਸਰਕਾਰ ਦੇ ਨਿੱਜੀ ਸ਼ਾਹੂਕਾਰਾਂ ਅਤੇ ਆੜ੍ਹਤੀਆਂ ਪ੍ਰਤੀ ਹੇਜ ਨੂੰ ਨੰਗਾ ਕਰਦੀਆਂ ਹਨ। ਪਹਿਲੀ ਘਾਟ ਇਸ ਵਿਚ ਵਿਆਜ਼ ਦੀ ਦਰ ਅਤੇ ਰੂਪ ਬਾਰੇ ਕੁਝ ਨਹੀਂ ਦੱਸਿਆ ਗਿਆ। ਇਸਨੂੰ ਸਰਕਾਰ ਵਲੋਂ ਪਿੱਛੋਂ ਤਹਿ ਕੀਤੇ ਜਾਣ ਬਾਰੇ ਕਿਹਾ ਗਿਆ ਹੈ। ਵਿਆਜ ਬਾਰੇ ਫੈਸਲਾ ਹੋਣ ਤੋਂ ਬਿਨਾਂ ਕਰਜ਼ਾ ਨਬੇੜ ਕਾਨੂੰਨ ਲਾਗੂ ਹੀ ਨਹੀਂ ਹੋ ਸਕਦਾ। ਦੂਜੀ ਵੱਡੀ ਘਾਟ ਟਰਬਿਊਨਲ ਦੇ ਫੈਸਲੇ ਪਿਛੋਂ ਕਰਜ਼ੇ ਦੀ ਵਸੂਲੀ ਲਈ ਕਿਸਾਨ ਦੀ ਜ਼ਮੀਨ, ਪਸ਼ੂ ਅਤੇ ਰੋਟੀ-ਰੋਜ਼ੀ ਦੇ ਸਾਧਨਾਂ ਨੂੰ ਕੁਰਕ ਨਾ ਕੀਤੇ ਜਾਣ ਬਾਰੇ ਵੀ  ਕੋਈ ਫੈਸਲਾ ਨਹੀਂ ਕੀਤਾ ਗਿਆ। ਇਸ ਬੁਨਿਆਦੀ ਮਸਲੇ ਨੂੰ ਜਿਊਂ ਦਾ ਤਿਉਂ ਰਹਿਣ ਦਿੱਤਾ ਜਾਣਾ ਕਿਸਾਨਾਂ ਨਾਲ ਵੱਡੀ ਬੇਇਨਸਾਫੀ ਅਤੇ ਧੱਕਾ ਹੈ। ਇਹ ਸੂਦਖੋਰ ਆੜ੍ਹਤੀਆਂ ਅਤੇ ਸ਼ਾਹੂਕਾਰਾਂ ਨੂੰ ਪਹਿਲਾਂ ਵਾਂਗੂ ਹੀ ਕਿਸਾਨਾਂ ਦਾ ਲਹੂ ਪੀਣ ਦੀ ਪੂਰੀ ਤਰ੍ਹਾਂ ਖੁੱਲ ਦੇਈ ਰੱਖਣਾ ਹੈ। ਤੀਜੀ ਵੱਡੀ ਘਾਟ ਜਿਲ੍ਹਾਂ ਫੋਰਮ ਅਤੇ ਸੂਬਾਈ ਟਰਬਿਊਨਲ ਦੀ ਬਣਤਰ ਅਤੇ ਇਹਨਾਂ ਦੇ ਫੈਸਲਿਆਂ ਵਿਰੁੱਧ ਕਿਸਾਨ ਨੂੰ ਅਦਾਲਤ ਦਾ ਕੁੰਡਾ ਖੜਕਾਉਣ ਤੋਂ ਰੋਕਣਾ ਹੈ। ਇਨਾਂ ਟਰਬਿਊਨਲਾਂ ਵਿਚ ਅਫਸਰਸ਼ਾਹੀ ਦੀ ਭਰਮਾਰ ਹੀ ਹੁੰਦੀ ਹੈ। ਇਹਨਾਂ ਵਿਚ ਸੰਘਰਸ਼ਸ਼ੀਲ ਕਿਸਾਨ-ਮਜ਼ਦੂਰ ਜਥੇਬੰਦੀਆਂ ਜਿਹਨਾਂ ਦੇ ਲਗਾਤਾਰ ਸੰਘਰਸ਼ ਦੇ ਦਬਾਅ ਹੇਠਾਂ ਇਹ ਕਾਨੂੰਨ ਬਣਿਆ ਹੈ, ਨੂੰ ਨੁਮਾਇੰਦਗੀ ਨਹੀਂ ਦਿੱਤੀ ਗਈ। ਅਜਿਹੇ ਟਰਬਿਊਨਲਾਂ ਦੇ ਫੈਸਲੇ ਧਨੀ ਸ਼ਾਹੂਕਾਰਾਂ ਅਤੇ ਉਹਨਾਂ ਦਾ ਪੱਖ ਪੂਰਨ ਵਾਲੀਆਂ ਸਰਕਾਰਾਂ ਦੀ ਦਖਲਅੰਦਾਜ਼ੀ ਤੋਂ ਸਹਿਜੇ ਹੀ ਪ੍ਰਭਾਵਤ ਹੋ ਸਕਦੇ ਹਨ ਅਤੇ ਕਰਜਦਾਰ ਕਿਸਾਨ ਨੂੰ ਇਨਸਾਫ ਮਿਲਣ ਦੇ ਰਾਹ ਵਿਚ ਰੁਕਾਵਟ ਖੜ੍ਹੀ ਕਰ ਸਕਦੇ ਹਨ।
 
ਸੰਘਰਸ਼ਸ਼ੀਲ ਜਥੇਬੰਦੀਆਂ ਦਾ ਪੱਖ ਨਿੱਜੀ ਸ਼ਾਹੂਕਾਰਾਂ/ਆੜ੍ਹਤੀਆਂ ਦੇ ਕਰਜ਼ੇ ਨੂੰ ਨੀਯਮਤ ਅਤੇ ਇਨਸਾਫ ਅਧਾਰਤ ਕੀਤੇ ਜਾਣ ਬਾਰੇ ਲਗਾਤਾਰ ਮੰਗ ਕੀਤੀ ਜਾਂਦੀ ਰਹੀ ਹੈ ਕਿ
(1) ਨਿੱਜੀ ਸ਼ਾਹੂਕਾਰ ਸਰਕਾਰ ਪਾਸ ਰਜਿਸਟਰਡ ਹੋਣ ਅਤੇ ਉਹ ਕਿਸਾਨਾਂ ਨੂੰ ਕਰਜ਼ਾ ਦੇਣ ਦਾ ਲਾਈਸੈਂਸ ਲੈਣ। ਕਿਸਾਨਾਂ ਨੂੰ ਕਰਜ਼ੇ ਦੇ ਹਿਸਾਬ ਬਾਰੇ ਪਾਸਬੁੱਕ ਜਾਰੀ ਕਰਨ। ਜਿਸ ਵਿਚ ਕਰਜ਼ੇ ਦਾ ਸਾਰਾ ਵਿਆਜ ਤੇ ਲੈਣ-ਦੇਣ ਦਰਜ ਕੀਤਾ ਜਾਵੇ।
(2) ਕਰਜ਼ੇ ਦੀ ਦਰ ਬੈਂਕਾਂ ਵਲੋਂ ਦਿੱਤੇ ਜਾ ਰਹੇ ਕਰਜ਼ੇ ਦੀ ਦਰ ਨਾਲੋਂ 1/2% ਤੋਂ ਵੱਧ ਨਾ ਹੋਵੇ ਅਤੇ ਇਹ ਸਧਾਰਨ ਵਿਆਜ 'ਤੇ ਹੋਵੇ। ਕਿਸਾਨ ਵਲੋਂ ਮੂਲ ਧਨ ਨਾਲੋਂ ਡਢ ਗੁਣਾਂ ਦਿੱਤੇ ਜਾਣ ਪਿਛੋਂ ਕਰਜਾ ਖਤਮ ਸਮਝਿਆ ਜਾਵੇ।
(3) ਕਰਜ਼ੇ ਦੀ ਵਸੂਲੀ ਲਈ ਕਿਸਾਨ ਦੀ ਜ਼ਮੀਨ, ਪਸ਼ੂ, ਘਰ ਅਤੇ ਰੋਟੀ ਰੋਜੀ ਦੇ ਸਾਧਨਾ ਦੀ ਕੁਰਕੀ ਕਰਨ ਤੇ ਪੂਰੀ ਪਾਬੰਦੀ ਲਾਈ ਜਾਵੇ।
(4) ਕਰਜ਼ਾ ਟਰਬਿਊਨਲਾਂ ਦੇ ਫੈਸਲਿਆਂ ਵਿਰੁੱਧ ਕਿਸਾਨਾਂ ਨੂੰ ਅਦਾਲਤ ਵਿਚ ਜਾਣ ਦਾ ਹੱਕ ਦਿੱਤਾ ਜਾਵੇ।
ਉਪਰੋਕਤ ਤਿੰਨ ਮੰਗਾਂ ਕਿਸਾਨ ਸੰਘਰਸ਼ ਦੇ ਦਬਾਅ ਹੇਠਾਂ 1934 ਦੇ ਕਰਜਾ ਰਾਹਤ ਕਾਨੂੰਨ ਬਣਾਕੇ ਅੰਗਰੇਜ ਹਕੂਮਤ ਸਮੇਂ ਪ੍ਰਵਾਨ ਕਰ ਲਈਆਂ ਗਈਆਂ ਸਨ। 1938 ਵਿਚ ਇਕ ਹੋਰ ਐਕਟ ਪਾਸ ਕਰਕੇ ਇਹਨਾਂ ਨੂੰ ਹੋਰ ਪੱਕਾ ਕੀਤਾ ਗਿਆ ਸੀ। ਉਸ ਸਮੇਂ ਪੰਜਾਬ ਵਿਚ ਸਰ ਸਿਕੰਦਰ ਹਯਾਤ ਖਾਂ ਦੀ ਸਰਕਾਰ ਸੀ ਜੋ ਅੰਗਰੇਜ ਪੱਖੀ ਸੀ। ਸਰ ਛੋਟੂ ਰਾਮ ਉਸ ਵੇਲੇ ਮਾਲ ਮੰਤਰੀ ਸਨ। 1934 ਦੇ ਕਰਜ਼ੇ ਦੀ ਦਰ 7% ਵਿਆਜ਼ ਨਾਲੋਂ 2% ਵੱਧ, ਜਿਹੜੀ ਵੀ ਘੱਟ ਹੋਵੇ, ਨਿਸ਼ਚਤ ਕੀਤੀ ਗਈ ਸੀ। ਮੂਲਧਨ ਨਾਲੋਂ ਦੁਗਣਾ ਅਦਾ ਕਰਨ ਤੇ ਕਿਸਾਨ ਕਰਜਾ ਮੁਕਤ ਹੋ ਜਾਂਦਾ ਸੀ। ਕਿਸਾਨ ਦੀ ਜ਼ਮੀਨ ਜਾਇਦਾਦ ਅਤੇ ਪਸ਼ੂ ਕੁਰਕ ਕਰਨ ਦੀ ਪੂਰੀ ਮਨਾਹੀ ਦੇ ਨਾਲ ਇਹ ਵੀ ਫੈਸਲਾ ਕੀਤਾ ਗਿਆ ਸੀ ਕਿ ਕੋਈ ਗੈਰ ਕਾਸ਼ਤ ਕਾਰ ਕਿਸੇ ਵੀ ਕਿਸਾਨ ਦੀ ਜ਼ਮੀਨ ਨਹੀਂ ਖਰੀਦ ਸਕੇਗਾ।
ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ, ਮਜ਼ਦੂਰ ਜਥੇਬੰਦੀਆਂ ਵੀ ਲਗਭਗ ਇਹੀ ਮੰਗ ਕਰ ਰਹੀਆਂ ਹਨ। ਉਹ ਬੈਂਕਾਂ ਵਲੋਂ ਦਿੱਤੇ ਜਾ ਰਹੇ ਕਰਜ਼ੇ ਦੀ ਦਰ 3% ਸਧਾਰਨ ਵਿਆਜ਼ ਦੀ ਮੰਗ ਕਰਦੀਆਂ ਹਨ। ਇਸ ਤਰ੍ਹਾਂ ਸ਼ਾਹੂਕਾਰਾਂ ਦੇ ਕਰਜ਼ੇ ਦੀ ਵਿਆਜ ਦਰ 5% ਸਧਾਰਨ ਵਿਆਜ ਤੋਂ ਵੱਧ ਨਹੀਂ ਹੋਣੀ ਚਾਹੀਦੀ। ਕਰਜ਼ੇ ਦੀ ਵਸੂਲੀ ਲਈ ਕਿਸਾਨ ਦੀ ਜ਼ਮੀਨ ਜਾਇਦਾਦ ਕੁਰਕ ਨਾ ਕੀਤੇ ਜਾਣ ਦੀ ਮੰਗ ਬਰਤਾਨਵੀ ਸਰਕਾਰ ਨੇ ਤਾਂ ਮੰਨ ਲਈ ਸੀ। ਪਰ ਆਜ਼ਾਦ ਭਾਰਤ ਵਿਚ ਲੋਕਾਂ ਦੁਆਰਾ ਚੁਣੀਆਂ ਸਰਕਾਰਾਂ, ਵਿਸ਼ੇਸ਼ ਕਰਕੇ ਕਿਸਾਨਾਂ ਦੀ ਸਰਕਾਰ ਅਖਵਾਉਣ ਵਾਲੀ ਬਾਦਲ ਸਰਕਾਰ ਇਹ ਗੱਲ ਮੰਨਣ ਤੋਂ ਇਨਕਾਰੀ ਹੈ। ਇਹ ਸਰਕਾਰ ਦਾ ਆੜ੍ਹਤੀਆਂ ਦੀ ਜਬਰਦਸਤ ਲਾਬੀ ਦੇ ਦਬਾਅ ਅੱਗੇ ਝੁਕਣਾ ਅਤੇ ਕਿਸਾਨੀ ਹਿੱਤਾਂ ਨਾਲ ਖਿਲਵਾੜ ਕਰਨਾ ਹੈ। ਇਸ ਵਿਰੁੱਧ ਭਵਿੱਖ ਵਿਚ ਸੰਘਰਸ਼ ਕੀਤਾ ਜਾਵੇਗਾ।
ਪੰਜਾਬ ਵਿਚ ਸਰਕਾਰਾਂ ਅਤੇ ਅਕਾਲੀ-ਭਾਜਪਾ ਸਰਕਾਰਾਂ ਦੇ ਪੈਰ ਆੜ੍ਹਤੀਆਂ ਦੀ ਜਬਰਦਸਤ ਲਾਬੀ ਸਾਹਮਣੇ ਹਰ ਸਮੇਂ ਥਿੜਕ ਜਾਂਦੇ ਹਨ। ਕਾਂਗਰਸ ਸਰਕਾਰ ਵਲੋਂ 2006 ਵਿਚ ਬਣਾਇਆ ਕਰਜਾ ਰਾਹਤ ਬਿੱਲ ਆੜ੍ਹਤੀਆਂ ਦੇ ਦਬਾਅ ਕਰਕੇ ਅਸੈਂਬਲੀ ਵਿਚ ਦਾਖਲ ਹੀ ਨਹੀਂ ਸੀ ਕੀਤਾ ਜਾ ਸਕਿਆ। ਅਕਾਲੀ-ਭਾਜਪਾ ਸਰਕਾਰ ਸਮੇਂ ਆੜ੍ਹਤੀ ਲਾਬੀ ਹੋਰ ਬਲਵਾਨ ਬਣ ਗਈ ਹੈ। ਸਰਕਾਰ ਨੇ ਇਹਨਾਂ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੂੰ ਮੰਡੀ ਬੋਰਡ ਦਾ ਮੀਤ ਪ੍ਰਧਾਨ ਬਣਾਕੇ ਸਾਬਤ ਕਰ ਦਿੱਤਾ ਹੈ ਕਿ ਉਹ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਥਾਂ ਉਹਨਾਂ ਨੂੰ ਦੋਵੀਂ ਹੱਥੀਂ ਲੁੱਟਣ ਵਾਲੇ ਬੇਕਿਰਕ ਆੜ੍ਹਤੀਆਂ ਪ੍ਰਤੀ ਵਧੇਰੇ ਮਿਹਰਬਾਨ ਹੈ। ਅਕਾਲੀ-ਭਾਜਪਾ ਸਰਕਾਰ ਸਮੇਂ ਆੜ੍ਹਤੀਆਂ ਦੀ ਕਮਿਸ਼ਨ ਹੀ 2400 ਕਰੋੜ ਰੁਪਏ ਸਲਾਨਾ ਬਣ ਗਈ ਹੈ। ਪੰਜਾਬ ਹਾਈਕੋਰਟ ਦੇ ਫੈਸਲੇ, ਜਿਸ ਅਨੁਸਾਰ ਵਟਕ ਦੀ ਰਕਮ ਸਿੱਧੀ ਕਿਸਾਨ ਖਾਤੇ ਵਿਚ ਜਮਾਂ ਕੀਤੀ ਜਾਣੀ ਚਾਹੀਦੀ ਹੈ, ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਰਕਮ ਆੜ੍ਹਤੀ ਨੂੰ ਹੀ ਦਿੱਤੀ ਜਾਂਦੀ ਹੈ। ਪਿਛਲੇ ਕੁਝ ਸਾਲਾਂ ਤੋਂ ਐਫ.ਸੀ.ਆਈ ਵਲੋਂ ਖਰੀਦ ਘੱਟ ਜਾਣ ਕਰਕੇ ਝੋਨੇ ਦੀ ਹੋਈ ਬੇਕਦਰੀ ਦਾ ਲਾਭ ਉਠਾਕੇ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨੇ ਕਿਸਾਨਾਂ ਨੂੰ 100 ਤੋਂ 200 ਰੁਪਏ ਪ੍ਰਤੀ ਕਵਿੰਟਲ ਘੱਟ ਦੇ ਕੇ ਅੰਨ੍ਹੀ ਕਮਾਈ ਕੀਤੀ ਹੈ। ਕਰਜ਼ੇ ਦੇ ਜਾਲ ਵਿਚ ਫਸੇ ਕਿਸਾਨਾਂ ਤੋਂ 18 ਤੋਂ 24% ਤੱਕ ਸੂਦ ਲਿਆ ਜਾਂਦਾ ਹੈ। ਇਸ ਸਾਰੀ ਲੁੱਟ ਨੂੰ ਸਰਕਾਰ ਨੇ ਖੁੱਲ੍ਹੇ ਰੂਪ ਵਿਚ ਹੋਣ ਦਿੱਤਾ ਹੈ। ਅਸਲ ਵਿਚ ਆੜ੍ਹਤੀ ਲਾਬੀ ਅਤੇ ਕਈ ਬਹੂਬਲੀ ਰਾਜਨੀਤੀਵਾਨਾਂ ਦਾ ਇਕ ਅਪਵਿੱਤਰ ਗਠਜੋੜ ਬਣ ਗਿਆ ਹੈ। ਅਜਿਹੇ ਹਾਲਾਤ ਵਿਚ ਸ਼ਕਤੀਸ਼ਾਲੀ ਕਿਸਾਨ ਪੱਖੀ ਕਾਨੂੰਨ ਜੋ ਆੜ੍ਹਤੀ ਲਾਬੀ ਦੀ ਲੁੱਟ ਤੇ ਵੱਡੀ ਰੋਕ ਲਾਉਂਦਾ ਹੋਵੇ ਬਣ ਸਕਣ ਦੀ ਸੰਭਾਵਨਾ ਬਹੁਤ ਘੱਟ ਹੀ ਹੋ ਸਕਦੀ ਸੀ। ਸੋ ਅਜਿਹਾ ਹੀ ਹੋਇਆ ਹੈ।
ਇਹਨਾਂ ਸਾਰੀਆਂ ਘਾਟਾਂ ਕਮਜ਼ੋਰੀਆਂ ਦੇ ਬਾਵਜੂਦ, ਕਿਸਾਨ ਵਿਰੋਧੀ ਮੌਜੂਦਾ ਰਾਜਨੀਤਕ ਮਾਹੌਲ ਅਤੇ ਨਵਉਦਾਰਵਾਦੀ ਨੀਤੀਆਂ ਦਾ ਮੁਕਾਬਲਾ ਕਰ ਸਕਣ ਦੇ ਯੋਗ ਜਥੇਬੰਦ ਸ਼ਕਤੀ ਦੀ ਘਾਟ ਨੂੰ ਵੇਖਦੇ ਹੋਏ ਇਸ ਐਕਟ ਨੂੰ ਕਿਸਾਨੀ ਸੰਘਰਸ਼ ਦੀ ਅੰਸ਼ਿਕ ਜਿੱਤ ਕਹਿਣਾ ਪੂਰੀ ਤਰ੍ਹਾਂ ਵਾਜ਼ਬ ਹੈ। ਇਸ ਨਾਲ ਨਿੱਜੀ ਸ਼ਾਹੂਕਾਰਾਂ/ਆੜਤੀਆਂ ਦੇ ਹਿਸਾਬ ਕਿਤਾਬ ਵਿਚ ਕੁਝ ਪਾਰਦਰਸ਼ਤਾ ਜ਼ਰੂਰ ਆਵੇਗੀ ਅਤੇ ਕਿਸਾਨਾਂ ਨੂੰ ਕੁਝ ਰਾਹਤ ਜ਼ਰੂਰ ਮਿਲੇਗੀ। ਪਰ ਇਸ ਵਿਚਲੀਆਂ ਘਾਟਾਂ ਅਤੇ ਤਰੁਟੀਆਂ ਜੋ ਉਪਰ ਦਰਜ ਕੀਤੀਆਂ ਗਈਆਂ ਹਨ ਵਿਰੁੱਧ ਸੰਘਰਸ਼ ਛੇਤੀ ਤੋਂ ਛੇਤੀ ਆਰੰਭ ਕੀਤਾ ਜਾਣਾ ਜ਼ਰੂਰੀ ਹੈ।
ਇਸਤੋਂ ਬਿਨਾ ਕੇਂਦਰ ਸਰਕਾਰ ਵਲੋਂ ਐਲਾਨੇ ਕੌਮੀ ਮੰਡੀ ਦੇ ਸੰਕਲਪ ਦਾ ਪਰਦਾਫਾਸ਼ ਕਰਨਾ ਅਤੇ ਇਸ ਵਿਰੁੱਧ ਜ਼ੋਰਦਾਰ ਸਾਂਝਾ ਸੰਘਰਸ਼ ਲਾਮਬੰਦ ਕਰਨਾ ਵੀ ਜ਼ਰੂਰੀ ਹੈ। ਕੌਮੀ ਮੰਡੀ ਦਾ ਇਹ ਸੰਕਲਪ ਸਰਕਾਰੀ/ਅਰਧ ਸਰਕਾਰੀ ਪ੍ਰਬੰਧ ਹੇਠਾਂ ਨੀਯਮਤ ਮੰਡੀ ਕਰਨ, ਘੱਟੋ ਘੱਟ ਸਹਾਇਕ ਕੀਮਤਾਂ 'ਤੇ ਸਰਕਾਰੀ ਖਰੀਦ ਅਤੇ ਵੱਡੀਆਂ ਕੰਪਨੀਆਂ ਦਾ ਖੇਤੀ ਵਪਾਰ ਵਿਚ ਦਾਖਲਾ ਰੋਕਣ ਦੇ ਸੰਕਲਪ ਨੂੰ ਤੋੜਕੇ ਬੇਲਗਾਮ ਖੁੱਲ੍ਹੀ ਮੰਡੀ ਨੂੰ ਮਨਮਰਜ਼ੀਆਂ ਕਰਨ ਦੀ ਆਗਿਆ ਦੇਣਾ ਹੈ। ਇਸ ਨਾਲ ਇਕ ਪਾਸੇ ਕਿਸਾਨ ਨੂੰ ਨਿਹੱਥਾ ਕਰਕੇ ਮੰਡੀ ਦੇ ਵੱਡੇ ਵਪਾਰੀ ਆਪਣੇ ਧਨ ਦੇ ਜ਼ੋਰ 'ਤੇ ਮਦਮਸਤ ਹਾਥੀਆਂ ਵਾਂਗ ਕਿਸਾਨਾਂ ਨੂੰ ਲਤਾੜਨਗੇ ਅਤੇ ਉਹਨਾਂ ਦੀ ਅੰਨ੍ਹੀ ਲੁੱਟ ਕਰਨਗੇ। ਦੂਜੇ ਪਾਸੇ ਉਹਨਾਂ ਨੂੰ ਪੇਂਡੂ ਵਿਕਾਸ ਫੰਡ ਅਤੇ ਮੰਡੀ ਫੀਸ ਦੇਣ ਤੋਂ ਛੋਟ ਮਿਲ ਜਾਣ ਨਾਲ ਪੰਜਾਬ ਵਰਗੇ ਸੂਬਿਆਂ ਨੂੰ ਭਾਰੀ ਮਾਲੀ ਨੁਕਸਾਨ ਹੋਵੇਗਾ। ਕਿਸਾਨ ਦੀ ਆਰਥਕ ਅਵਸਥਾ ਹੋਰ ਖਰਾਬ ਹੋਵੇਗੀ ਅਤੇ ਖੇਤੀ ਸੰਕਟ ਹੋਰ ਡੂੰਘਾ ਹੋਵੇਗਾ।
ਇਸ ਲਈ ਪੁਰਾਣੇ ਮੰਡੀ ਐਕਟ ਵਿਚ ਕਿਸਾਨ ਪੱਖੀ ਸੋਧਾਂ ਕਰਕੇ ਘਟੋ ਘੱਟ ਸਹਾਇਕ ਕੀਮਤਾਂ ਦੇ ਅਧਾਰ ਨੂੰ ਕਾਇਮ ਰੱਖਦੇ ਹੋਏ ਕਿਸਾਨੀ ਜਿਣਸਾਂ ਦੀ ਸਰਕਾਰੀ ਖਰੀਦ ਅਤੇ ਰਕਮਾਂ ਦੀ ਅਦਾਇਗੀ ਸਿੱਧੀ ਕਿਸਾਨ ਨੂੰ ਕੀਤਾ ਜਾਣ ਦਾ ਢੰਗ ਹੀ ਛੋਟੇ ਅਤੇ ਦਰਮਿਆਨੇ ਕਿਸਾਨ ਦੀ ਕੁਝ ਸਹਾਇਤਾ ਕਰ ਸਕਦਾ ਹੈ।
ਅੰਤ ਵਿਚ, ਜਮਹੂਰੀ ਕਿਸਾਨ ਸਭਾ ਦੀ ਬੁਨਿਆਦੀ ਸਮਝਦਾਰੀ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਨਵਉਦਾਰਵਾਦੀ ਨੀਤੀਆਂ ਰਾਹੀਂ ਛੋਟੇ ਅਤੇ ਦਰਮਿਆਨੇ ਕਿਸਾਨ ਨੂੰ ਉਜਾੜ ਦੇਣ ਦੇ ਰਾਹ ਤੁਰ ਰਹੀਆਂ ਹਨ। ਜੇ ਇਹਨਾਂ ਨੀਤੀਆਂ ਨੂੰ ਹਰਾਇਆ ਨਾ ਗਿਆ ਤਾਂ ਹਾਲਤ ਹੋਰ ਵਿਗੜੇਗੀ। ਜਿਸਦੇ ਗੰਭੀਰ ਸਿੱਟੇ ਨਿਕਲ ਰਹੇ ਹਨ। ਇਹਨਾਂ ਨੀਤੀਆਂ ਦਾ ਮੁਕਾਬਲਾ ਕਰਨ ਲਈ ਸੂਬਾ ਅਤੇ ਕੇਂਦਰ ਪੱਧਰ 'ਤੇ ਵਿਸ਼ਾਲ ਸਾਂਝੇ ਮੰਚ ਉਸਾਰਕੇ ਜ਼ੋਰਦਾਰ ਸੰਘਰਸ਼ ਲੜਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।