Sunday, 1 March 2015

ਰਾਸ਼ਟਰੀ ਝਰੋਖਾ (ਸੰਗਰਾਮੀ ਲਹਿਰ-ਮਾਰਚ 2015)

ਗੁਜਰਾਤ ਦੰਗਿਆਂ ਦੇ ਇੱਕ ਮਾਮਲੇ 'ਚ ਸਾਰੇ ਦੇ ਸਾਰੇ 70 ਮੁਲਜ਼ਮ ਬਰੀ
ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੀ ਇੱਕ ਸਥਾਨਕ ਅਦਾਲਤ ਨੇ 2002 'ਚ ਵਾਪਰੇ ਗੁਜਰਾਤ ਦੰਗਿਆਂ ਦੇ ਇੱਕ ਮਾਮਲੇ ਦੇ ਸਾਰੇ ਦੇ ਸਾਰੇ 70 ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਦੇ ਆਧਾਰ 'ਤੇ ਦੋਸ਼-ਮੁਕਤ ਕਰਾਰ ਦੇ ਦਿੱਤਾ ਹੈ। ਇਹ ਦੰਗੇ ਇਸ ਜ਼ਿਲ੍ਹੇ ਦੇ ਸੇਸ਼ਨ ਨਾਵਾ ਪਿੰਡ 'ਚ ਹੋਏ ਸਨ। 2 ਮਾਰਚ 2002 ਨੂੰ ਇਸ ਪਿੰਡ 'ਚ ਭੜਕੇ ਦੰਗਿਆਂ ਦੌਰਾਨ 14 ਮੁਸਲਿਮ ਅਤੇ ਪੁਲਸ ਗੋਲੀ ਨਾਲ ਹਿੰਦੂ ਭਾਈਚਾਰੇ ਦੇ ਦੋ ਵਿਅਕਤੀ ਮਾਰੇ ਗਏ ਸਨ। 
ਵਧੀਕ ਸੈਸ਼ਨ ਜੱਜ ਵੀ.ਕੇ.ਪੁਜਾਰਾ ਨੇ ਮੁਲਜ਼ਮਾਂ ਨੂੰ ਇਸ ਅਧਾਰ 'ਤੇ ਦੋਸ਼-ਮੁਕਤ ਕਰਾਰ ਦੇ ਦਿੱਤਾ ਕਿ ਮੁੱਦਈ ਧਿਰ ਕਤਲੋਗਾਰਤ ਕਰਨ ਵਾਲੀ ਭੀੜ ਵਿੱਚ ਮੁਲਜ਼ਮਾਂ ਦੀ ਸ਼ਮੂਲੀਅਤ ਦਾ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੀ। ਇਸ ਮਾਮਲੇ ਦੀ ਪੈਰਵੀ ਕਰਨ ਵਾਲੇ ਵਧੀਕ ਸਰਕਾਰੀ ਵਕੀਲ ਡੀ.ਵੀ. ਠਾਕੁਰ ਨੇ ਦੱਸਿਆ ਕਿ ਇਸ ਮਾਮਲੇ 'ਚ ਮੌਕੇ ਦੇ ਗਵਾਹ ਮੁੱਕਰ ਗਏ ਹਨ ਅਤੇ ਕੁੱਲ ਹੋਈਆਂ 109 ਜ਼ੁਬਾਨੀ ਗਵਾਹੀਆਂ ਦੇਣ ਵਾਲਿਆਂ ਨੇ ਮੁਲਜ਼ਮਾਂ ਦੇ ਨਾਂਅ ਨਹੀਂ ਦੱਸੇ, ਜਿਸ ਕਾਰਨ ਸ਼ਿਕਾਇਤਕਰਤਾ ਦਾ ਪੱਖ ਕਮਜ਼ੋਰ ਹੋ ਗਿਆ। ਇਸ ਮਾਮਲੇ 'ਚ ਮੁਲਜ਼ਮ ਬਣਾਏ ਗਏ ਵਿਅਕਤੀਆਂ 'ਚੋਂ 8 ਦੀ ਮੁਕੱਦਮੇ ਦੌਰਾਨ ਮੌਤ ਹੋ ਗਈ। ਠਾਕੁਰ ਨੇ ਦੱਸਿਆ ਕਿ ਮੁਕੱਦਮੇ 'ਚ 12 ਪੂਰਕ ਚਾਰਜਸ਼ੀਟਾਂ ਦਾਇਰ ਕੀਤੀਆਂ ਗਈਆਂ ਸਨ। ਮੁੱਦਈ ਧਿਰ ਅਨੁਸਾਰ 5000 ਦੇ ਕਰੀਬ ਦੰਗਾਕਾਰੀਆਂ ਨੇ ਸਾਬਰਮਤੀ ਐਕਸਪ੍ਰੈੱਸ ਗੱਡੀ ਨੂੰ ਅੱਗ ਲਾਏ ਜਾਣ ਤੋਂ ਬਾਅਦ 2 ਮਾਰਚ ਨੂੰ ਇਸ ਪਿੰਡ ਨੂੰ ਘੇਰਾ ਪਾ ਲਿਆ। ਇਸ ਵਹਿਸ਼ੀ ਭੀੜ ਨੇ ਬਲੋਚ ਮੁਸਲਿਮ ਭਾਈਚਾਰੇ ਦੇ ਬੱਚਿਆਂ ਸਮੇਤ 14 ਲੋਕਾਂ ਨੂੰ ਮਾਰ ਮੁਕਾਇਆ ਸੀ।
ਬਨਾਸਕਾਂਠਾ ਜ਼ਿਲ੍ਹੇ ਦੀ ਦਿਓਦਰ ਤਹਿਸੀਲ ਦਾ ਪਿੰਡ ਸੇਸ਼ਨ ਨਾਵਾ 1000 ਤੋਂ ਉਪਰ ਮੁਸਲਿਮ ਵਸੋਂ ਵਾਲਾ ਪਿੰਡ ਹੈ। ਕਈ ਪੀੜ੍ਹੀਆਂ ਪਹਿਲਾਂ ਇਨ੍ਹਾਂ ਦੇ ਪੁਰਖੇ ਬਲੋਚਿਸਤਾਨ ਤੋਂ ਇਥੇ ਆ ਕੇ ਵਸੇ ਸਨ। ਦਿਓਦਰ ਤਹਿਸੀਲ 'ਚ ਬਹੁਗਿਣਤੀ ਹਿੰਦੂ ਭਾਈਚਾਰੇ ਦੇ ਦਰਬਾਰ ਤੇ ਠਾਕਰਾਂ ਦੀ ਹੈ। ਸੇਸ਼ਨ ਨਾਵਾ ਹੀ ਇਕ ਪਿੰਡ ਹੈ ਜਿਥੇ ਮੁਸਲਿਮ ਭਾਈਚਾਰਾ ਰਹਿੰਦਾ ਹੈ। ਅਦਾਲਤ ਦੇ ਇਸ ਫੈਸਲੇ ਕਾਰਨ ਪਿੰਡ 'ਚ ਗੁੱਸਾ ਤੇ ਨਿਰਾਸ਼ਾ ਪਸਰ ਗਈ ਹੈ। 
ਪੰਜਾਹ ਸਾਲਾ ਹਾਵਰੀ ਬੀਬੀ, ਜਿਸ ਦੇ ਦੋਨੋਂ ਹੱਥ ਵਹਿਸ਼ੀ ਦੰਗਾਕਾਰੀਆਂ ਨੇ ਕੱਟ ਦਿੱਤੇ ਸਨ, ਨੂੰ  ਅਜੇ ਤੱਕ ਸਭ ਯਾਦ ਹੈ। ਦੋ ਟੁੰਡਾਂ, ਜੋ ਕਦੇ ਉਸ ਦੇ ਹੱਥ ਹੋਇਆ ਕਰਦੇ ਸਨ, ਦੇ ਆਸਰੇ ਬੜੀ ਮੁਸ਼ਕਲ ਨਾਲ ਉਠ ਕੇ ਬੈਠਣ ਦੀ ਕੋਸ਼ਿਸ਼ ਕਰਦੀ ਹਾਵਰੀ ਬੀਬੀ ਦੱਸਦੀ ਹੈ, ''ਮੈਂ ਗਿਣ ਤਾਂ ਨਹੀਂ ਸਕੀ ਪਰ ਉਹ ਚਾਰ ਤੋਂ ਪੰਜ ਹਜ਼ਾਰ ਦੇ ਕਰੀਬ ਹੋਣਗੇ, ਤਲਵਾਰਾਂ, ਰਫਲਾਂ ਤੇ ਪਸਤੌਲਾਂ ਨਾਲ ਲੈਸ। ਉਹਨਾਂ ਸਾਡੇ ਘਰਾਂ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ। ਔਰਤਾਂ ਚੀਕ ਰਹੀਆਂ ਸਨ ਤੇ ਮਰਦ ਬੱਚਿਆਂ ਦੀ ਜਾਨ ਬਚਾਉਣ ਵਾਸਤੇ ਉਨ੍ਹਾਂ ਨੂੰ ਛੁਪਾਉਣ ਲਈ ਥਾਂ ਦੀ ਭਾਲ ਕਰਦੇ ਭੱਜੇ ਫਿਰ ਰਹੇ ਸਨ। ਮੈਨੂੰ ਸਭ ਕੁੱਝ ਯਾਦ ਹੈ। ਮੈਂ ਆਪਣੇ ਹੱਥਾਂ ਨੂੰ ਜ਼ਮੀਨ 'ਤੇ ਡਿਗਦੇ ਤੇ ਖੂਨ ਦਾ ਫੁਹਾਰਾ ਚਲਦਾ ਦੇਖਿਆ। ਦਰਦ ਨਾਲ ਤੜਪਦੀ ਮੈਂ ਬੇਹੋਸ਼ ਹੋ ਕੇ ਡਿੱਗ ਪਈ। ਕੁੱਝ ਪਲਾਂ 'ਚ ਹੀ ਸਾਡੇ 14 ਲੋਕ ਮਾਰੇ ਜਾ ਚੁੱਕੇ ਸਨ।''
ਮੋਹਰਮ ਖਾਨ ਬਲੋਚ, ਜੋ 2002 ਦੇ ਦੰਗਿਆਂ ਦੌਰਾਨ ਪਿੰਡ ਦਾ ਸਰਪੰਚ ਸੀ, ਦੱਸਦਾ ਹੈ, ''ਦੰਗਿਆਂ ਤੋਂ ਬਾਅਦ ਭਾਜਪਾ ਦਾ ਇਕ ਆਗੂ ਦਿਓਦਰ ਦਰਬਾਰ (ਇਕ ਗੈਰ ਰਸਮੀ ਅਦਾਲਤ) ਆਇਆ ਤੇ ਉਸਨੇ ਸਾਨੂੰ ਹਿੰਦੂਆਂ ਨਾਲ ਸਮਝੌਤਾ ਕਰਨ ਦੀ ਸਲਾਹ ਦਿੱਤੀ। ਇਹ ਸਮਝੌਤਾ ਇਸ ਸ਼ਰਤ 'ਤੇ ਕੀਤਾ ਗਿਆ ਕਿ ਕਿਸੇ ਵੀ ਧਿਰ ਵਲੋਂ ਹਿੰਸਾ ਦੀ ਇਕ ਵੀ ਵਾਰਦਾਤ ਨਹੀਂ ਹੋਵੇਗੀ ਅਤੇ ਅਜਿਹੀ ਕਿਸੇ ਵੀ ਘਟਨਾ ਦੇ ਹੁੰਦਿਆਂ ਸਮਝੌਤਾ ਫੌਰੀ ਤੌਰ 'ਤੇ ਖਤਮ ਹੋ ਜਾਵੇਗਾ। ਐਪਰ, ਅਸੀਂ ਸ਼ਿਕਾਇਤਾਂ ਵਾਪਸ ਨਹੀਂ ਲਈਆਂ। ਪਰ ਇਸ ਮੁਕੱਦਮੇ ਦੇ ਸ਼ਿਕਾਇਤਕਰਤਾ ਸਮੇਤ ਸਾਡੇ ਵਿਚੋਂ ਕੁੱਝ ਲੋਕ ਵਿਕ ਗਏ।''
ਇਸ ਮਾਮਲੇ 'ਚ ਸ਼ਿਕਾਇਤਕਰਤਾ ਹਾਜੀਖਾਨ ਅੱਲਾਬਖਸ਼ ਬਲੋਚ ਤੇ ਕੁੱਝ ਹੋਰਨਾਂ ਨੇ ਅਦਾਲਤ 'ਚ ਮੁਲਜ਼ਮਾਂ ਦੀ ਸ਼ਨਾਖਤ ਕਰਨ ਤੋਂ ਇਨਕਾਰ ਕਰ ਦਿੱਤਾ। ਇਸੇ ਪਿੰਡ ਦਾ ਇਕ ਹੋਰ ਬਾਸ਼ਿੰਦਾ ਰੁਸਤਮ ਖਾਨ ਅਦਾਲਤ ਦੇ ਫੈਸਲੇ 'ਤੇ ਨਿਰਾਸ਼ਾ ਜ਼ਾਹਰ ਕਰਦਿਆਂ ਆਖਦਾ ਹੈ, ''ਮੈਂ ਆਪਣੇ ਭਾਈਚਾਰੇ ਦੇ ਲੋਕਾਂ ਲਈ ਲੜਿਆ ਪਰ ਉਨ੍ਹਾਂ ਨੂੰ ਝੂਠੇ ਵਾਅਦਿਆਂ ਨਾਲ, ਡਰਾ ਧਮਕਾ ਕੇ ਭਰਮਾ ਲਿਆ ਗਿਆ। ਸਾਡੇ ਲੋਕਾਂ ਨੂੰ ਕਤਲ ਕਰਨ ਤੋਂ ਬਾਅਦ ਉਹ ਅਮਨ ਸ਼ਾਂਤੀ ਦੇ ਵਾਅਦੇ ਨਾਲ ਸਾਡੇ ਕੋਲ ਆਏ। ਇਹ ਸ਼ਰਮਨਾਕ ਸੀ, ਮੁਕੱਦਮੇਂ ਤੋਂ ਬਚਣ ਦੀ ਇਕ ਚਾਲ। 35 ਲੋਕਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਮੈਂ ਹਾਈਕੋਰਟ ਤੱਕ ਗਿਆ ਪਰ ਸਭ ਵਿਅਰਥ। ਇਸ ਦੇ ਉਲਟ ਸਮਝੌਤੇ ਕਾਰਨ ਗ੍ਰਿਫਤਾਰ ਹੋਏ ਬੰਦੇ ਵੀ ਜਮਾਨਤ 'ਤੇ ਛੁੱਟ ਗਏ। ਹਾਜੀ ਵਰਗੇ ਕੁੱਝ ਲੋਕਾਂ ਨੂੰ ਧਮਕਾ ਕੇ, ਕਿ ਉਹ ਵੀ ਮਾਰ ਦਿੱਤੇ ਜਾਣਗੇ, ਉਨ੍ਹਾਂ ਨੂੰ ਆਪਣੇ ਬਿਆਨ ਬਦਲਣ ਲਈ ਮਨਾਉਣ 'ਚ ਸਫਲ ਹੋ ਸਕੇ। ਹਾਜ਼ੀ ਨੇ ਸਾਨੂੰ ਸਭਨਾ ਨੂੰ ਧੋਖਾ ਦਿੱਤਾ ਹੈ।''
ਬਚਾਅ ਪੱਖ ਦੇ ਵਕੀਲ ਬੀ.ਕੇ.ਜੋਸ਼ੀ ਨੇ ਮੰਨਿਆ ਹੈ ਕਿ ਭਾਜਪਾ ਆਗੂ ਗੁਮਾਨਸਿੰਹ ਜੀ ਵਘੇਲਾ ਨੇ ਮ੍ਰਿਤਕਾਂ ਦੇ ਪਰਵਾਰਾਂ ਨੂੰ ਡੇਢ-ਡੇਢ ਲੱਖ ਰੁਪਏ ਅਤੇ ਜਖ਼ਮੀਆਂ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਵੰਡੇ ਸਨ। ਭਾਵੇਂ ਕਿ ਉਹ ਇਸ ਨੂੰ ਦੋ ਭਾਈਚਾਰਿਆਂ 'ਚ ਅਮਨ ਸ਼ਾਂਤੀ ਦੀ ਬਹਾਲੀ ਦਾ ਇਕ ਯਤਨ ਦੱਸਦਾ ਹੈ। ਇਸਤਗਾਸਾ ਦੇ ਵਕੀਲ ਡੀ.ਵੀ. ਠਾਕਰ ਅਨੁਸਾਰ ਇਸ ਸਮਝੌਤੇ ਕਾਰਨ ਗਵਾਹ ਮੁੱਕਰਨੇ ਸ਼ੁਰੂ ਹੋ ਗਏ। 190 ਗਵਾਹਾਂ 'ਚੋਂ 63 ਨੇ ਪਹਿਲਾਂ ਮੁਲਜ਼ਮਾਂ ਖਿਲਾਫ ਗਵਾਹੀਆਂ ਦਿੱਤੀਆਂ ਸਨ ਪਰ ਬਾਅਦ 'ਚ ਉਹ ਇਹ ਕਹਿੰਦਿਆਂ ਆਪਣੇ ਦਿੱਤੇ ਬਿਆਨਾਂ ਤੋਂ ਮੁੱਕਰ ਗਏ ਕਿ ਉਹ ਦੰਗਾਕਾਰੀਆਂ ਦੇ ਚਿਹਰੇ ਨਹੀਂ ਦੇਖ ਸਕੇ।
ਇਹ ਕੇਸ ਦੇਸ਼ ਦੀ ਨਿਆਂ ਪ੍ਰਣਾਲੀ 'ਤੇ ਇਕ ਸਵਾਲੀਆ ਨਿਸ਼ਾਨ ਹੈ। ਸਭ ਕੁੱਝ ਸ਼ਰੇਆਮ ਵਾਪਰਿਆ ਹੋਵੇ ਤੇ ਸਬੂਤਾਂ ਦੀ ਘਾਟ ਫਿਰ ਵੀ ਰਹਿ ਜਾਵੇ.... ਇਸ ਤੋਂ ਵੱਡਾ ਅਨਰਥ ਹੋਰ ਭਲਾ ਕੀ ਹੋਵੇਗਾ। ਇਸ ਹਾਲਤ 'ਤੇ ਸੁਰਜੀਤ ਪਾਤਰ ਹੁਰਾਂ ਦਾ ਇਹ ਸ਼ਿਅਰ ਪੂਰਾ ਢੁਕਦਾ ਜਾਪਦਾ ਹੈ : 
ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ
ਫੈਸਲੇ ਸੁਣਦਿਆਂ ਸੁਣਦਿਆਂ ਥੱਕ ਗਏ
ਆਖੋ ਇਹਨਾਂ ਨੂੰ ਉਜੜੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਏਥੇ ਖੜੇ ਰਹਿਣਗੇ। 


ਦਿੱਲੀ 'ਚ 'ਆਪ' ਦੀ ਸਰਕਾਰ
ਦਿੱਲੀ ਅਸੈਂਬਲੀ ਚੋਣਾਂ 'ਚ ਆਮ ਆਦਮੀ ਪਾਰਟੀ (ਆਪ) ਨੇ ਇਤਿਹਾਸਕ ਜਿੱਤ ਦਰਜ ਕਰਦਿਆਂ 70 ਸੀਟਾਂ 'ਚੋਂ 67 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ ਜਦਕਿ ਕੇਂਦਰ 'ਚ ਸੱਤਾਧਾਰੀ ਪਾਰਟੀ ਭਾਜਪਾ ਨੂੰ ਸਿਰਫ 3 ਸੀਟਾਂ ਹੀ ਨਸੀਬ ਹੋਈਂਆਂ ਅਤੇ ਕਾਂਗਰਸ ਆਪਣਾ ਖਾਤਾ ਹੀ ਨਹੀਂ ਖੋਲ੍ਹ ਸਕੀ। ਕੇਜਰੀਵਾਲ ਦੀ ਅਗਵਾਈ ਵਾਲੀ 'ਆਪ' ਦੀ ਇਸ ਜਿੱਤ ਨੂੰ ਇਤਿਹਾਸਕ ਇਸ ਲਈ ਕਿਹਾ ਜਾ ਸਕਦਾ ਹੈ ਕਿਉਂਕਿ ਉਸ ਦੀ ਮੁੱਖ ਵਿਰੋਧੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਚੋਣ ਮੁਹਿੰਮ ਦੀ ਅਗਵਾਈ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਕਰ ਰਿਹਾ ਸੀ ਤੇ ਉਸ ਦਾ ਸਾਥ ਕੇਂਦਰੀ ਮੰਤਰੀਆਂ ਦੀ ਇਕ ਬਹੁਤ ਵੱਡੀ ਟੀਮ ਦੇ ਰਹੀ ਸੀ। ਆਪਣੀ ਇਸ ਮੁਹਿੰਮ ਦੌਰਾਨ ਮੋਦੀ ਸਮੇਤ ਭਾਜਪਾ ਆਗੂਆਂ ਨੇ ਕੇਜਰੀਵਾਲ 'ਤੇ ਨਿੱਜੀ ਹਮਲਿਆਂ ਉਪਰ ਜ਼ੋਰ ਰੱਖਿਆ ਜਦਕਿ ਕੇਜਰੀਵਾਲ ਸਮੇਤ 'ਆਪ' ਦੀ ਟੀਮ ਨੇ ਸਾਰਾ ਜ਼ੋਰ ਦਿੱਲੀ ਦੇ ਲੋਕਾਂ ਦੇ ਭੱਖਦੇ ਮਸਲਿਆਂ 'ਤੇ ਰੱਖਿਆ। 14 ਫਰਵਰੀ ਨੂੰ ਕੇਜਰੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਸੰਭਾਲ ਲਈ ਹੈ। 

ਤਖ਼ਤੂਪੁਰਾ ਕਤਲ ਕਾਂਡ; ਲੋਪੋਕੇ ਸਣੇ ਤਿੰਨਾਂ ਦੇ ਗੈਰ-ਜ਼ਮਾਨਤੀ ਵਾਰੰਟ

ਅਜਨਾਲਾ ਸਿਵਲ ਕੋਰਟ ਦੇ ਜੱਜ ਸ੍ਰੀ ਹੇਮ ਅੰਮ੍ਰਿਤ ਮਾਹੀ ਦੀ ਅਦਾਲਤ ਵੱਲੋਂ ਉਘੇ ਕਿਸਾਨ ਆਗੂ ਸਾਧੂ ਸਿੰਘ ਤਖ਼ਤੂਪੁਰਾ ਦੇ ਬਹੁ-ਚਰਚਿਤ ਕਤਲ ਕੇਸ ਵਿੱਚ ਸੱਤਾਧਾਰੀ ਅਕਾਲੀ ਦਲ ਦੇ ਆਗੂ ਵੀਰ ਸਿੰਘ ਲੋਪੋਕੇ, ਉਸ ਦੇ ਲੜਕੇ ਰਣਧੀਰ ਸਿੰਘ ਰਾਣਾ ਤੇ ਬਾਬਾ ਰਛਪਾਲ ਸਿੰਘ ਥਾਣੇਦਾਰ ਦੇ ਗੈਰ-ਜ਼ਮਾਨਤੀ ਵਰੰਟ ਜਾਰੀ ਕੀਤੇ ਹਨ। ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ 'ਚ ਸਰਕਾਰੀ ਗੈਰ-ਅਬਾਦ ਜ਼ਮੀਨਾਂ 'ਤੇ ਵਸਾਏ ਗਏ ਹਜ਼ਾਰਾਂ ਬੇਜ਼ਮੀਨੇ ਤੇ ਗਰੀਬ ਆਬਾਦਕਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਲਈ ਲੜੇ ਜਾ ਰਹੇ ਜਥੇਬੰਦਕ ਸੰਘਰਸ਼ ਦੇ ਮੋਹਰੀ ਆਗੂਆਂ 'ਚੋਂ ਇਕ ਸਾਧੂੂ ਸਿੰਘ ਤਖ਼ਤੂਪੁਰਾ ਨੂੰ 10 ਫਰਵਰੀ 2010 ਨੂੰ ਪਿੰਡ ਭਿੰਡੀ ਔਲਖ ਲਾਗੇ ਦਿਨ-ਦਹਾੜੇ ਗੁੰਡਾ ਗ੍ਰੋਹ ਨੇ ਹਮਲਾ ਕਰਕੇ ਸ਼ਹੀਦ ਕਰઠ ਦਿੱਤਾ ਸੀ। ਇਸ ਕਤਲ ਕੇਸ 'ਚ ਹੋਰਨਾਂ ਦੇ ਨਾਲ ਉਕਤ ਤਿੰਨਾਂ ਸਮੇਤ ਛੇ ਦੋਸ਼ੀ ਵੀ ਨਾਮਜ਼ਦ ਕੀਤੇ ਗਏ ਸਨ, ਇਹਨਾਂ ਦਾ ਆਗੂ 'ਲੋਪੋਕੇ' ਮੁੱਖ ਮੰਤਰੀ ਬਾਦਲ ਦਾ ਚਹੇਤਾ ਹੋਣ ਕਾਰਨ ਉਕਤ ਤਿੰਨਾਂ ਜਣਿਆਂ ਅਤੇ ਸਰਬਜੀਤ ਸਿੰਘ ਲੋਧੀ ਗੁੱਜਰ, ਨੂੰ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਨੇ ਕਲੀਨ ਚਿਟ ਦੇ ਦਿੱਤੀ ਸੀ, ਪ੍ਰੰਤੂ ਕਾਨੂੰਨੀ ਲੜਾਈ ਦੌਰਾਨ ਅਦਾਲਤ ਵੱਲੋਂ ਇਹਨਾਂ ਚੋਹਾਂ ਨੂੰ ਵੀ ਮੁੜ ਦੋਸ਼ੀ ਨਾਮਜ਼ਦ ਕਰਦਿਆਂ ਪਹਿਲਾਂ ਕੁੱਲ ਛੇ ਜਣਿਆਂ ਦੇ ਜ਼ਮਾਨਤੀ ਵਰੰਟ ਜਾਰੀ ਕੀਤੇ ਸਨ, ਜਿਨ੍ਹਾਂ 'ਚੋਂ 'ਲੋਧੀ ਗੁੱਜਰ' ਤੇ ਦੋ ਹੋਰ ਜ਼ਮਾਨਤ ਕਰਵਾ ਗਏ ਸਨ। ਉਕਤ ਤਿੰਨੇ ਦੋਸ਼ੀ ਅਦਾਲਤ ਦੇ ਹੁਕਮਾਂ ਤੋਂ ਨਾਬਰ ਸਨ, ਜਿਸ ਕਾਰਨ ਹੁਣ ਇਹਨਾਂ ਦੇ ਗੈਰ ਜ਼ਮਾਨਤੀ ਵਰੰਟ ਜਾਰੀ ਕਰਕੇ 9 ਮਾਰਚ ਤੱਕ ਅਦਾਲਤ ਵਿੱਚ ਪੇਸ਼ ਹੋਣ ਜਾਂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। 

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਮਾਰਚ 2015)

ਰਵੀ ਕੰਵਰ

ਨੇਪਾਲ ਦੀਆਂ ਰਾਜਨੀਤਕ ਪਾਰਟੀਆਂ ਤੇ ਸੰਵਿਧਾਨ ਸਿਰਜਣ ਦੀ ਪ੍ਰਕਿਰਿਆ

ਸਾਡੇ ਗੁਆਂਢੀ ਦੇਸ਼ ਨੇਪਾਲ ਦੀ ਸੰਵਿਧਾਨ ਸਭਾ, ਇਸ ਵਿਚ ਹਾਜ਼ਰ ਰਾਜਨੀਤਕ ਰਾਜਨੀਤਕ ਪਾਰਟੀਆਂ ਵਲੋਂ ਮਿੱਥੀ ਗਈ ਤਾਰੀਖ ਤੱਕ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਿਚ ਨਾਕਾਮ ਰਹੀ ਹੈ। ਇਸ ਦੂਜੀ ਸੰਵਿਧਾਨ ਸਭਾ ਲਈ 19 ਨਵੰਬਰ 2013 ਨੂੰ ਵੋਟਾਂ ਪਈਆਂ ਸਨ ਅਤੇ ਦਸੰਬਰ ਵਿਚ ਇਸ ਦਾ ਗਠਨ ਹੋ ਗਿਆ ਸੀ। ਪਹਿਲਾਂ ਤਾਂ 6 ਮਹੀਨੇ ਦੇ ਅੰਦਰ-ਅੰਦਰ ਹੀ ਸੰਵਿਧਾਨ ਦਾ ਖਰੜਾ ਤਿਆਰ ਕਰਨ ਦਾ ਟੀਚਾ ਮਿਥਿਆ ਗਿਆ ਸੀ। ਪ੍ਰੰਤੂ ਇਸ ਵਿਚ ਨਾਕਾਮ ਰਹਿਣ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ ਮਿਲਕੇ ਇਸ ਲਈ 22 ਜਨਵਰੀ 2015 ਤੱਕ ਹਰ ਹਾਲਤ ਵਿਚ ਸੰਵਿਧਾਨ ਦਾ ਖਰੜਾ ਤਿਆਰ ਕਰ ਲੈਣ ਦਾ ਫੈਸਲਾ ਕੀਤਾ ਸੀ। 
ਪਹਿਲੀ ਸੰਵਿਧਾਨ ਸਭਾ, 10 ਅਪ੍ਰੈਲ 2008 ਵਿਚ ਚੁਣੀ ਗਈ ਸੀ ਤੇ ਇਸਨੇ 2 ਸਾਲਾਂ ਦੇ ਅੰਦਰ-ਅੰਦਰ ਆਪਣਾ ਕੰਮ ਪੂਰਾ ਕਰਨਾ ਸੀ। ਪ੍ਰੰਤੂ 2 ਸਾਲਾਂ ਵਿਚ ਵੀ ਸੰਵਿਧਾਨ ਬਨਾਉਣ ਵਿਚ ਨਾਕਾਮ ਰਹਿਣ ਤੋਂ ਬਾਦ ਸੰਵਿਧਾਨਕ ਸੋਧ ਰਾਹੀਂ ਪਹਿਲਾਂ ਇਕ ਸਾਲ ਲਈ ਇਸਦੀ ਮਿਆਦ ਨੂੰ ਵਧਾਇਆ ਗਿਆ ਅਤੇ ਬਾਅਦ ਵਿਚ ਇਕ ਹੋਰ ਸਾਲ ਲਈ ਮਿਆਦ ਵਧਾਉਣ ਤੋਂ ਬਾਅਦ ਵੀ ਇਹ ਸੰਵਿਧਾਨ ਨੂੰ ਸਿਰਜਣ ਵਿਚ ਅਸਫਲ ਰਹੀ ਸੀ। ਇਸ ਵਿਚ ਯੂ.ਸੀ.ਪੀ.ਐਨ.(ਮਾਉਵਾਦੀ) ਸਭ ਤੋਂ ਵੱਡੀ ਪਾਰਟੀ ਸੀ, ਅਤੇ ਉਸ ਕੋਲ, 601 ਮੈਂਬਰੀ ਇਸ ਸੰਵਿਧਾਨ ਸਭਾ ਵਿਚ 220 ਸੀਟਾਂ ਸਨ ਜਦੋਂਕਿ ਦੂਜੀ ਸੰਵਿਧਾਨ ਸਭਾ ਵਿਚ ਉਹ ਤੀਜੇ ਨੰਬਰ 'ਤੇ ਪੁੱਜ ਗਈ ਹੈ ਅਤੇ ਉਸ ਕੋਲ ਕੁੱਲ 80 ਸੀਟਾਂ ਹਨ। ਦੂਜੀ ਸੰਵਿਧਾਨ ਸਭਾ ਵਿਚ ਨੇਪਾਲੀ ਕਾਂਗਰਸ ਸਭ ਤੋਂ ਵੱਡੀ ਪਾਰਟੀ ਹੈ, ਉਸ ਕੋਲ ਕੁੱਲ 196 ਸੀਟਾਂ ਹਨ, ਜਦੋਂਕਿ ਪਹਿਲੀ ਸੰਵਿਧਾਨ ਸਭਾ ਵਿਚ ਉਸ ਕੋਲ 110 ਸੀਟਾਂ ਹੀ ਸਨ। ਦੂਜੀ ਸੰਵਿਧਾਨ ਸਭਾ ਵਿਚ ਸੀ.ਪੀ.ਐਨ.(ਯੂ.ਐਮ.ਐਲ.) ਦੂਜੇ ਨੰਬਰ ਦੀ ਪਾਰਟੀ ਬਣਕੇ ਉਭਰੀ ਹੈ, ਉਸ ਕੋਲ ਕੁੱਲ 175 ਸੀਟਾਂ ਹਨ। ਜਦੋਂਕਿ 2008 ਵਿਚ ਉਹ ਤੀਜੇ ਨੰਬਰ 'ਤੇ ਸੀ ਅਤੇ ਉਸ ਕੋਲ ਕੁੱਲ 103 ਸੀਟਾਂ ਸਨ। 
ਪਹਿਲੀ ਸੰਵਿਧਾਨ ਸਭਾ ਤੋਂ ਹੀ ਦੇਸ਼ ਦੀਆਂ ਤਿੰਨ ਪ੍ਰਮੁੱਖ ਪਾਰਟੀਆਂ ਯੂ.ਸੀ.ਪੀ.ਐਨ. (ਮਾਓਵਾਦੀ), ਸੀ.ਪੀ.ਐਨ. (ਯੂ.ਐਮ.ਐਲ.) ਅਤੇ ਨੇਪਾਲੀ ਕਾਂਗਰਸ ਦਰਮਿਆਨ ਸੰਵਿਧਾਨ ਸਿਰਜਣ ਦੇ ਮਾਮਲੇ ਵਿਚ ਡੂੰਘੇ ਮਤਭੇਦ ਰਹੇ ਹਨ। ਇਹ ਮਤਭੇਦ ਸਰਕਾਰ ਦੀ ਬਣਤਰ; ਚੋਣ ਪ੍ਰਣਾਲੀ; ਸਿਰਜੇ ਜਾਣ ਵਾਲੇ ਸੰਘੀ  ਸੂਬਿਆਂ ਦੇ ਨਾਵਾਂ, ਸੰਖਿਆ ਤੇ ਹੱਦਾਂ; ਵਿਸ਼ੇਸ਼ ਅਧਿਕਾਰਾਂ ਦੀ ਸੁਰੱਖਿਆ; ਨਿਆਂਪਾਲਕਾਂ ਦੀ ਬਣਤਰ ਅਤੇ ਨਵੇਂ ਸੰਵਿਧਾਨ ਦੇ ਪਾਸ ਹੋਣ ਤੇ ਉਸਦੇ ਅਮਲੀ ਰੂਪ ਵਿਚ ਲਾਗੂ ਹੋਣ ਦਰਮਿਆਨ ਦੇ ਸਮੇਂ ਦੇ ਸੰਬੰਧ ਵਿਚ ਹਨ। 
ਸਰਕਾਰ ਦੀ ਬਣਤਰ ਬਾਰੇ ਯੂ.ਸੀ.ਪੀ.ਐਨ. (ਮਾਉਵਾਦੀ) ਰਾਸ਼ਟਰਪਤੀ ਤਰਜ ਵਾਲੀ ਸਰਕਾਰ ਚਾਹੁੰਦੀ ਹੈ, ਜਿਸ ਵਿਚ ਦੇਸ਼ ਅਤੇ ਸਰਕਾਰ ਦੋਵਾਂ ਦਾ ਮੁਖੀ ਰਾਸ਼ਟਰਪਤੀ ਹੋਵੇਗਾ। ਜਦੋਂਕਿ ਨੇਪਾਲੀ ਕਾਂਗਰਸ ਤੇ ਸੀ.ਪੀ.ਐਨ.(ਯੂ.ਐਮ.ਐਲ.) ਭਾਰਤ ਵਰਗੀ ਸੰਸਦੀ ਪ੍ਰਣਾਲੀ ਅਧਾਰਤ ਸਰਕਾਰ ਚਾਹੁੰਦੀ ਹੈ, ਜਿਸ ਵਿਚ ਰਾਸ਼ਟਰਪਤੀ ਦੇਸ਼ ਦਾ ਮੁਖੀ ਅਤੇ ਪ੍ਰਧਾਨ ਮੰਤਰੀ ਸਰਕਾਰ ਦਾ ਮੁਖੀ ਹੋਵੇਗਾ। ਚੋਣ ਪ੍ਰਣਾਲੀ ਦੇ ਸੰਬੰਧ ਵਿਚ ਯੂ.ਸੀ.ਪੀ.ਐਨ. (ਮਾਓਵਾਦੀ) ਦੀ ਇਕ ਬਹੁਮੈਂਬਰੀ, ਅਨੁਪਾਤਕ, ਸਿੱਧੀ ਚੋਣ ਪ੍ਰਣਾਲੀ ਦੀ ਤਜਵੀਜ਼ ਹੈ, ਜਿਸ ਵਿਚ ਅਨੁਪਾਤਕ ਸ਼ਮੂਲੀਅਤ ਆਬਾਦੀ, ਭੂਗੋਲਿਕ, ਸਮਾਜਕ ਤੇ ਆਰਥਕ ਕਾਰਕਾਂ ਦੇ ਅਧਾਰ ਉਤੇ ਨਿਰਧਾਰਤ ਕੀਤੀ ਜਾਵੇ। ਜਦੋਂਕਿ ਨੇਪਾਲੀ ਕਾਂਗਰਸ ਤੇ ਸੀ.ਪੀ.ਐਨ.(ਯੂ.ਐਮ.ਐਲ.) ਮੌਜੂਦਾ ਚੋਣ ਪ੍ਰਣਾਲੀ ਨੂੰ ਲਾਗੂ ਕਰਨਾ ਚਾਹੁੰਦੇ ਹਨ, ਜਿਸ ਵਿਚ ਅੱਧੇ ਪ੍ਰਤੀਨਿੱਧ ਸਿੱਧੀਆਂ ਚੋਣਾਂ ਵਿਚ ਸਭ ਤੋਂ ਵਧੇਰੇ ਵੋਟਾਂ ਹਾਸਲ ਕਰਨ ਦੇ ਆਧਾਰ ਉਤੇ ਚੁਣੇ ਜਾਣ ਅਤੇ ਅੱਧੇ ਪਾਰਟੀਆਂ ਨੂੰ ਮਿਲੀਆਂ ਵੋਟਾਂ ਦੇ ਅਨੁਪਾਤ ਨਾਲ ਪ੍ਰਤੀਨਿਧਤਾ ਹਾਸਲ ਕਰਨ। ਰਾਜਨੀਤਕ ਵਿਸ਼ੇਸ਼ ਅਧਿਕਾਰਾਂ ਭਾਵ ਨਸਲ ਅਧਾਰਤ ਸੂਬੇ ਵਿਚ ਉਸੇ ਨਸਲ ਦਾ ਵਿਅਕਤੀ ਘੱਟੋ ਘੱਟ ਦੋ ਮਿਆਦਾਂ ਤੱਕ ਮੁਖੀ ਹੋਵੇ, ਉਤੇ ਵੀ ਰਾਜਨੀਤਕ ਪਾਰਟੀਆਂ ਦਰਮਿਆਨ ਤਿੱਖੇ ਮਤਭੇਦ ਹਨ। ਸਵੈ ਨਿਰਣੇ ਦੇ ਅਧਿਕਾਰ ਉਤੇ ਸੰਵਿਧਾਨ ਸਭਾ ਵਿਚ ਲਗਭਗ ਸਾਰੀਆਂ ਪਾਰਟੀਆਂ ਦਰਮਿਆਨ ਇਕ ਰਾਏ ਬਣ ਚੁੱਕੀ ਹੈ ਕਿ ਸਵੈ ਨਿਰਣੇ ਦੇ ਅਧਿਕਾਰ ਵਿਚ ਦੇਸ਼ ਨਾਲੋਂ ਵੱਖਰਾ ਹੋਣਾ ਸ਼ਾਮਲ ਨਹੀਂ ਹੋਵੇਗਾ। ਇਸ ਵੇਲੇ ਸੰਵਿਧਾਨ ਦੀ ਸਿਰਜਣਾ ਵਿਚ ਸਭ ਤੋਂ ਵੱਡਾ ਤੇ ਗੰਭੀਰ ਅੜਿਕਾ ਸੰਘਵਾਦ ਦੇ ਮੁੱਦੇ 'ਤੇ ਬਣਿਆ ਹੋਇਆ ਹੈ।
ਸਰਕਾਰ ਦੀ ਬਣਤਰ, ਚੋਣ ਪ੍ਰਣਾਲੀ ਅਤੇ ਹੋਰ ਮੁੱਦਿਆਂ ਉਤੇ ਸੰਵਿਧਾਨ ਸਭਾ ਵਿਚ ਮੁੱਖ ਧਿਰਾਂ-ਨੇਪਾਲੀ ਕਾਂਗਰਸ, ਸੀ.ਪੀ.ਐਨ.(ਯੂ.ਐਮ.ਐਲ.), ਯੂ.ਸੀ.ਪੀ.ਐਨ.(ਮਾਉਵਾਦੀ) ਅਤੇ ਵੱਖ-ਵੱਖ ਮਧੇਸੀ ਪਾਰਟੀਆਂ ਦਰਮਿਆਨ ਚਾਹੇ ਸਹਿਮਤੀ ਨਹੀਂ ਵੀ ਬਣੀ ਹੋਵੇ ਤਾਂ ਵੀ ਉਹ ਇਨ੍ਹਾਂ ਮੁੱਦਿਆਂ ਉਤੇ ਅਸਹਿਮਤੀ ਰੱਖਦੇ ਹੋਏ ਵੀ ਸੰਵਿਧਾਨ ਦਾ ਖਰੜਾ ਤਿਆਰ ਕਰਨ ਲਈ ਰਾਜੀ ਹਨ। ਜਿਵੇਂ ਮਾਉਵਾਦੀ ਆਗੂ ਪ੍ਰਚੰਡ ਨੇ ਕਿਹਾ ਹੈ ਕਿ ਜੇਕਰ ਸੰਘਵਾਦ ਉਤੇ ਸਹਿਮਤੀ ਬਣ ਜਾਂਦੀ ਹੈ ਤਾਂ ਅਸੀਂ ਹੋਰ ਮੁੱਦਿਆਂ ਬਾਰੇ ਅਸਹਿਮਤੀ ਦਾ ਨੋਟ ਦੇ ਕੇ ਵੀ ਸੰਵਿਧਾਨ ਦਾ ਖਰੜਾ ਤਿਆਰ ਕਰਨ ਲਈ ਰਾਜੀ ਹਾਂ। ਇਸ ਵੇਲੇ ਮੁੱਖ ਮੁੱਦਾ ਸੰਘਵਾਦ ਭਾਵ ਪ੍ਰਾਂਤਾਂ ਦੇ ਗਠਨ ਅਤੇ ਉਸਦੇ ਨਾਵਾਂ ਨੂੰ ਲੈ ਕੇ ਹੈ। ਨੇਪਾਲੀ ਕਾਂਗਰਸ ਅਤੇ ਸੀ.ਪੀ.ਐਨ.(ਯੂ.ਐਮ.ਐਲ.) 7 ਪ੍ਰਾਂਤ ਬਨਾਉਣਾ ਚਾਹੁੰਦੀ ਹੈ ਜਦੋਂਕਿ ਯੂ.ਸੀ.ਪੀ.ਐਨ.(ਮਾਉਵਾਦੀ) ਤੇ ਮਧੇਸੀ ਪਾਰਟੀਆਂ ਦੀ ਰਾਏ ਹੈ ਕਿ ਸੂਬੇ ਚਾਹੇ 6 ਬਣ ਜਾਣ ਪ੍ਰੰਤੂ ਉਨ੍ਹਾਂ ਦੇ ਨਾਂਅ ਨਸਲਾਂ ਦੇ ਅਧਾਰ ਉਤੇ ਹੋਣ ਜਾਂ ਫਿਰ 10 ਸੂਬੇ ਬਣਾਏ ਜਾਣ। ਇਥੇ ਇਹ ਵਰਣਨਯੋਗ ਹੈ ਕਿ ਤਰਾਈ ਦਾ ਖੇਤਰ, ਜਿਸਨੂੰ ਮਧੇਸ ਕਿਹਾ ਜਾਂਦਾ ਹੈ, ਦੀ ਆਬਾਦੀ 51 ਫੀਸਦੀ ਹੈ ਪ੍ਰੰਤੂ ਖੇਤਰ, 17% ਹੈ। ਇਸ ਖੇਤਰ ਦੇ ਨੇਪਾਲੀ ਕਾਂਗਰਸ ਤੇ ਸੀ.ਪੀ.ਐਨ.(ਯੂ.ਐਮ.ਐਲ.) 2 ਸੂਬੇ ਬਨਾਉਣਾ ਚਾਹੁੰਦੀ ਹੈ। ਜਦੋਂਕਿ ਮਾਉਵਾਦੀ ਤੇ ਮਧੇਸ਼ੀ ਪਾਰਟੀਆਂ ਜਾਂ ਤਾਂ ਇਕ ਸੂਬਾ ਜਾਂ ਫਿਰ 5 ਸੂਬੇ ਬਨਾਉਣਾ ਚਾਹੁੰਦੀਆਂ ਹਨ। 
ਸੰਘਵਾਦ ਦੇ ਮੁੱਦੇ ਉਤੇ ਤਿੱਖੇ ਟਕਰਾਅ ਦਾ ਕਾਰਨ ਮੁੱਖ ਰੂਪ ਵਿਚ ਇਹ ਹੈ ਕਿ ਨੇਪਾਲ ਇਕ ਅਖੰਡ, ਪਹਾੜੀ ਉਚ ਜਾਤੀਆਂ ਦੇ ਗਲਬੇ ਵਾਲਾ ਦੇਸ਼ ਰਿਹਾ ਹੈ, ਜਿਥੇ ਇਕ ਭਾਸ਼ਾ, ਸਭਿਆਚਾਰ ਦਾ ਗਲਬਾ ਰਿਹਾ ਹੈ ਅਤੇ ਇਸਦਾ ਪ੍ਰਸ਼ਾਸਕੀ ਢਾਂਚਾ ਹਮੇਸ਼ਾਂ ਹੀ ਕੇਂਦਰੀਕ੍ਰਿਤ ਰਿਹਾ ਹੈ। ਭਾਸ਼ਾਵਾਂ, ਸਭਿਆਚਾਰਾਂ ਦੀ ਵੰਨ-ਸੁਵੰਨਤਾ ਅਤੇ ਦੇਸ਼ ਪ੍ਰਤੀ ਅਪਣਤ ਦੀ ਭਾਵਨਾ, ਜਿਹੜੀ ਕਿ ਨੇਪਾਲ ਦੇ ਹੋਰ ਭਾਈਚਾਰਿਆਂ ਵਿਚ ਮੌਜੂਦ ਹੈ, ਨੂੰ ਕਦੇ ਵੀ ਲੋੜੀਂਦੀ ਮਾਨਤਾ ਨਹੀਂ ਮਿਲੀ। ਰਾਜਸੱਤਾ ਦੀਆਂ ਵਿਤਕਰੇ ਤੇ ਅਡੱਰਾਪਣ ਪੈਦਾ ਕਰਨ ਵਾਲੀਆਂ ਨੀਤੀਆਂ ਇਤਿਹਾਸਕ ਰੂਪ ਵਿਚ ਹਾਸ਼ੀਆਗ੍ਰਸਤ ਭਾਈਚਾਰਿਆਂ ਦਰਮਿਆਨ ਡੂੰਘੀ ਬੇਚੈਨੀ ਪੈਦਾ ਕਰਦੀਆਂ ਰਹੀਆਂ ਹਨ। ਇਸੇ ਸੰਦਰਭ ਵਿਚ 'ਵੰਨ-ਸੁਵੰਨਤਾ ਅਧਾਰਤ ਏਕਤਾ' ਨੂੰ ਆਧਾਰ ਬਣਾਉਂਦੇ ਹੋਏ ਸੰਘਵਾਦ ਬਾਰੇ ਬਹਿਸ ਨੇ ਜ਼ੋਰ ਫੜਿਆ ਅਤੇ ਇਹ ਆ ਕੇ ਸਵੈ ਸ਼ਾਸਨ, ਖੁਦਮੁਖਤਾਰੀ ਅਤੇ ਸਵੈਮਾਣ ਉਤੇ ਕੇਂਦਰਤ ਹੋ ਗਈ। ਇਸਨੇ 'ਪਛਾਣ-ਅਧਾਰਤ' ਸੰਘਵਾਦ ਨੂੰ ਕੇਂਦਰ ਵਿਚ ਲਿਆਂਦਾ, ਜਿਹੜੀ ਕਿ ਇਨ੍ਹਾਂ ਹਾਸ਼ੀਆਗ੍ਰਸਤ ਭਾਈਚਾਰਿਆਂ ਦੀ ਵੰਨ-ਸੁਵੰਨਤਾ ਨੂੰ ਨੇਪਾਲ ਵਿਚ ਮਾਨਤਾ ਪ੍ਰਦਾਨ ਕਰਨ ਦੀ ਰਾਜਨੀਤੀ ਹੈ। 
ਸੰਘਵਾਦ ਉਤੇ ਬਹਿਸ ਇਸ ਵੇਲੇ ਨੇਪਾਲ ਵਿਚ ਬਹੁਤ ਹੀ ਵਿਵਾਦਪੂਰਨ ਮੁੱਦਾ ਬਣ ਚੁੱਕੀ ਹੈ, ਨੂੰ ਕਈ ਪੱਖਾਂ ਤੋਂ ਦੇਖਿਆ ਜਾ ਸਕਦਾ ਹੈ। ਜਿਵੇਂ, ਤਬਦੀਲੀ (ਪਛਾਣ ਅਧਾਰਤ ਸੰਘਵਾਦ) ਬਨਾਮ ਯਥਾ ਸਥਿਤੀ ਨੂੰ ਬਣਾਈ ਰੱਖਣ ਵਾਲੀਆਂ ਸ਼ਕਤੀਆਂ (ਵਿਹਾਰਕਤਾ ਅਧਾਰਤ ਸੰਘਵਾਦ); ਬਹੁਲਤਾਵਾਦ ਬਨਾਮ ਏਕਾਤਮਕ ਸਭਿਆਚਾਰਵਾਦ; ਇਤਿਹਾਸਕ ਰੂਪ ਵਿਚ ਹਾਸ਼ੀਆਗ੍ਰਸਤ ਭਾਈਚਾਰੇ ਬਨਾਮ ਪਹਾੜੀ ਉੱਚ ਜਾਤੀ ਗਲਬਾ; ਅਤੇ ਰਾਜਨੀਤਕ ਵਿਕੇਂਦਰੀਕਰਨ ਬਨਾਮ ਪ੍ਰਸ਼ਾਸਕੀ ਵਿਕੇਂਦਰੀਕਰਨ। 1990 ਦੇ ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ ਨੇਪਾਲ ਵਿਚ ਉਭਰੀਆਂ ਵੱਖ-ਵੱਖ ਰਾਜਨੀਤਕ ਪਾਰਟੀਆਂ, ਜਿਵੇਂ ਮਾਉਵਾਦੀ ਅਤੇ ਮਧੇਸੀਆਂ, ਜਨਜਾਤੀਆਂ ਆਦਿ ਦੇ ਸਮਾਜਕ ਅੰਦੋਲਨਾਂ ਤੋਂ ਪੈਦਾ ਹੋਈਆਂ ਭਿੰਨ-ਭਿੰਨ ਰਾਜਨੀਤਕ ਪਾਰਟੀਆਂ ਤਬਦੀਲੀ, ਬਹੁਲਤਾਵਾਦ, ਇਤਿਹਾਸਕ ਰੂਪ ਵਿਚ ਹਾਸ਼ੀਆਗਗ੍ਰਸਤ ਭਾਈਚਾਰੇ ਅਤੇ ਰਾਜਨੀਤਕ ਵਿਕੇਂਦਰੀਕਰਨ ਨਾਲ ਜੁੜੇ ਹੋਏ ਹਨ। ਜਦੋਂਕਿ ਪਰੰਪਰਾਗਤ ਰਾਜਨੀਤਕ ਪਾਰਟੀਆਂ ਜਿਵੇਂ ਨੇਪਾਲੀ ਕਾਂਗਰਸ ਤੇ ਸੀ.ਪੀ.ਐਨ. (ਯੂ.ਐਮ.ਐਲ.) ਯਥਾ ਸਥਿਤੀ ਬਣਾਈ ਰੱਖਣ, ਏਕਾਤਮਕ ਸਭਿਆਚਾਰਵਾਦ, ਪਹਾੜੀ ਉਚ ਜਾਤੀ ਗਲਬਾ ਅਤੇ ਪ੍ਰਸ਼ਾਸਕੀ ਵਿਕੇਂਦਰੀਕਰਨ ਦੇ ਪੱਖ ਵਿਚ ਹਨ। 
ਪਹਿਲੀ ਸੰਵਿਧਾਨਕ ਸਭਾ ਦੌਰਾਨ 'ਕਮੇਟੀ ਆਨ ਸਟੇਟ ਰੀਸਟਰਕਚਰਿੰਗ ਐਂਡ ਐਲੋਕੇਸ਼ਨ ਆਫ ਸਟੇਟ ਪਾਵਰ' (ਸੂਬਿਆਂ ਦੇ ਮੁੜਨਿਰਧਾਰਣ ਅਤੇ ਸ਼ਕਤੀਆਂ ਦੀ ਵੰਡ ਬਾਰੇ ਕਮੇਟੀ) ਵਲੋਂ ਪੇਸ਼ ਕੀਤੀ ਗਈ ਤਜਵੀਜ਼ ਜਿਸ 'ਤੇ ਸਮੁੱਚੀਆਂ ਪਾਰਟੀਆਂ ਦਰਮਿਆਨ ਸਹਿਮਤੀ ਬਣੀ ਸੀ-''ਪਛਾਣ ਅਧਾਰਤ ਸੰਘਵਾਦ'' ਤੇ ''ਵਿਹਾਰਕਤਾ'' ਭਾਵ ਆਰਥਕ ਸਮਰਥਾ 'ਤੇ ਅਧਾਰਤ।'' ''ਪਛਾਣ'' ਲਈ ਪੰਜ ਸੂਚਕ ਮਿੱਥੇ ਗਏ ਸਨ-ਨਸਲ, ਭਾਸ਼ਾ, ਸਭਿਆਚਾਰ, ਭੂਗੋਲਕ ਤੇ ਖੇਤਰੀ ਲਗਾਤਾਰ ਅਤੇ ਇਤਿਹਾਸਕ ਪਛਾਣ (ਆਪਣੀ ਹੀ ਮਾਤਭੂਮੀ ਵਿਚ ਭਿੰਨ-ਭਿੰਨ ਢੰਗਾਂ ਨਾਲ ਇਤਿਹਾਸਕ ਰੂਪ ਵਿਚ ਵਿਤਕਰੇ ਦੇ ਸ਼ਿਕਾਰ)। ''ਵਿਹਾਰਕਤਾ'' ਲਈ ਮਿੱਥੇ ਗਏ ਸੂਚਕ ਸਨ- ਆਰਥਕ ਅੰਤਰ ਸਬੰਧ ਤੇ ਸਮਰਥਾ; ਪੱਧਰ 'ਤੇ ਢਾਂਚਾਗਤ ਵਿਕਾਸ ਲਈ ਸੰਭਾਵਨਾ; ਕੁਦਰਤੀ ਵਸੀਲਿਆਂ ਦੀ ਉਪਲੱਭਧਤਾ ਅਤੇ ਪ੍ਰਸ਼ਾਸਨਕ ਨਿਭਣਯੋਗਤਾ। ਯੂ.ਸੀ.ਪੀ.ਐਨ.(ਮਾਓਵਾਦੀ) ਸੂਬਿਆਂ ਦੀ ਸਿਰਜਣਾ ਲਈ ਇਸਨੂੰ ਅਧਾਰ ਬਨਾਉਣ ਦੀ ਗੱਲ ਕਰਦੀ ਹੈ। ਉਨ੍ਹਾਂ ਦਾ ਅਤੇ ਮਧੇਸੀ ਪਾਰਟੀਆਂ ਦਾ ਕਹਿਣਾ ਹੈ ਕਿ ਸੀ.ਪੀ.ਐਨ. (ਯੂ.ਐਮ.ਐਲ.) ਅਤੇ ਨੇਪਾਲੀ ਕਾਂਗਰਸ ਸੰਘਵਾਦ ਨੂੰ ਕਮਜ਼ੋਰ ਕਰਕੇ ਪਹਾੜੀ ਉਚ ਜਾਤੀਆਂ (ਬ੍ਰਾਹਮਣ ਤੇ ਛੇਤਰੀ ਆਦਿ), ਜਿਹੜੇ ਖਾਂਦੇ-ਪੀਂਦੇ ਇਲੀਟ ਤਬਕਿਆਂ ਨਾਲ ਸਬੰਧਤ ਹਨ ਅਤੇ ਪਹਿਲਾਂ ਹੀ ਕਾਠਮਾਂਡੂ ਦੇ ਸ਼ਕਤੀ ਕੇਂਦਰ ਵਿਚ ਗਲਬਾ ਰੱਖਦੇ ਹਨ ਦੇ ਹਿਤਾਂ ਮੁਤਾਬਕ ਸੂਬਿਆਂ ਨੂੰ ਸਿਰਜਣਾ ਚਾਹੁੰਦੇ ਹਨ। ਜਦੋਂਕਿ ਇਨ੍ਹਾਂ ਰਾਜਨੀਤਕ ਪਾਰਟੀਆਂ ਦਾ ਮੱਤ ਹੈ ਕਿ ਪਛਾਣ ਅਧਾਰਤ ਸੰਘਵਾਦ ਪੱਖੀ ਸ਼ਕਤੀਆਂ ਇਕਹਿਰੀ ਪਛਾਣ, ਨਸਲ ਅਧਾਰਤ ਸੰਘਵਾਦ ਦਾ ਸਮਰਥਨ ਕਰ ਰਹੀਆਂ ਹਨ। ਜਦੋਂਕਿ ਨੇਪਾਲ ਇਕ ਬਹੁ-ਨਸਲੀ, ਬਹੁ-ਭਾਸ਼ਾਈ ਦੇਸ਼ ਹੈ ਅਤੇ ਕਿਸੇ ਵੀ ਇਕਹਿਰੇ ਨਸਲੀ ਗਰੁਪ ਦੀ ਕਿਸੇ ਵੀ ਸੰਘਵਾਦ ਦੇ ਮਾਡਲ ਵਿਚ ਬਹੁਗਿਣਤੀ ਹੋਵੇ, ਇਹ ਸੰਭਵ ਨਹੀਂ ਹੈ। 
ਦੂਜੀ ਸੰਵਿਧਾਨਕ ਸਭਾ ਵਲੋਂ ਮਿਥੀ ਗਈ 22 ਜਨਵਰੀ 2015 ਦੀ ਸੀਮਾ ਰੇਖਾ ਤੱਕ ਨੇਪਾਲ ਦੀਆਂ ਰਾਜਨੀਤਕ ਪਾਰਟੀਆਂ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਿਚ ਅਸਫਲ ਰਹੀਆਂ ਹਨ। ਰਾਜਨੀਤਕ ਪਾਰਟੀਆਂ ਦਰਮਿਆਨ ਟਕਰਾਅ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਮੌਜੂਦਾ ਸੰਵਿਧਾਨ ਸਭਾ ਵਿਚ ਨੇਪਾਲੀ ਕਾਂਗਰਸ ਅਤੇ ਸੀ.ਪੀ.ਐਨ.(ਯੂ.ਐਮ.ਐਲ.) ਕੋਲ ਦੋ-ਤਿਹਾਈ ਬਹੁਮਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਹੁਮਤ ਨਾਲ ਸੰਵਿਧਾਨ ਦਾ ਖਰੜਾ ਤਿਆਰ ਕਰ ਦੇਣਗੇ। ਇਸ ਵੱਲ ਵੱਧਦਿਆਂ ਸੰਵਿਧਾਨ ਸਭਾ ਦੇ ਚੇਅਰਮੈਨ ਸੁਭਾਸ਼ ਨੇਮਬਾਂਗ ਨੇ ਇਕ ਕਮੇਟੀ ਦਾ ਵੀ ਗਠਨ ਕਰ ਦਿੱਤਾ ਹੈ। ਦੂਜੇ ਪਾਸੇ ਯੂ.ਸੀ.ਪੀ.ਐਨ. (ਮਾਓਵਾਦੀ) ਅਤੇ ਮਧੇਸੀ ਪਾਰਟੀਆਂ 'ਤੇ ਅਧਾਰਤ 30 ਪਾਰਟੀਆਂ ਦੇ ਸਾਂਝੇ ਮੋਰਚੇ ਨੇ ਕਿਹਾ ਹੈ ਕਿ ਸੰਵਿਧਾਨ ਬਹੁਮਤ ਦੇ ਆਧਾਰ 'ਤੇ ਨਹੀਂ ਬਲਕਿ ਸਹਿਮਤੀ ਨਾਲ ਸਿਰਜਿਆ ਜਾਵੇ। ਇਸ ਲਈ ਉਨ੍ਹਾਂ ਨੇ ਅੰਦੋਲਨ ਵੀ ਆਰੰਭ ਕਰ ਦਿੱਤਾ ਹੈ। ਇਸ ਤਿੰਨ ਪੜਾਵੀ ਅੰਦੋਲਨ ਵਿਚ ਸਮੁੱਚੇ ਦੇਸ਼ ਵਿਚ ਮੁਜ਼ਾਹਰੇ ਕਰਨ ਤੋਂ ਬਾਅਦ 28 ਫਰਵਰੀ ਨੂੰ ਕਾਠਮਾਂਡੂ ਵਿਖੇ ਰੈਲੀ ਕੀਤੀ ਜਾਵੇਗੀ ਜਿਸ ਵਿਚ ਮਾਊਵਾਦੀਆਂ ਵਲੋਂ ਇਕ ਲੱਖ, ਮਧੇਸੀ ਤੇ ਹੋਰ ਪਾਰਟੀਆਂ ਵਲੋਂ 30,000 ਲੋਕਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ। ਯੂ.ਸੀ.ਪੀ.ਐਨ.(ਮਾਓਵਾਦੀ) ਤੋਂ ਵੱਖ ਹੋਏ ਮੋਹਨ ਬੈਦਿਆ ਗਰੁਪ-ਸੀ.ਪੀ.ਐਨ.(ਮਾਓਵਾਦੀ) ਦੀ ਅਗਵਾਈ ਵਿਚ ਬਣੇ 33 ਪਾਰਟੀ ਸਾਂਝੇ ਮੋਰਚੇ ਨੇ ਵੀ ਅੰਦੋਲਨ ਚਲਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀ ਮੰਗ ਹੈ ਕਿ ਮੌਜੂਦਾ ਸੰਵਿਧਾਨ ਸਭਾ ਨੂੰ ਭੰਗ ਕੀਤਾ ਜਾਵੇ ਅਤੇ ਸੰਵਿਧਾਨ ਸਿਰਜਣ ਲਈ ਇਕ ਆਲ ਪਾਰਟੀ ਕਮੇਟੀ ਦਾ ਗਠਨ ਕੀਤਾ ਜਾਵੇ। 
ਨੇਪਾਲ ਵਿਚ ਵੱਖ-ਵੱਖ ਸਮਿਆਂ 'ਤੇ ਪਹਿਲਾਂ ਵੀ 6 ਸੰਵਿਧਾਨ ਲਾਗੂ ਰਹੇ ਹਨ। ਪ੍ਰੰਤੂ ਇਹ ਸਥਾਈ ਰੂਪ ਵਿਚ ਸਮਾਜਕ ਸ਼ਾਂਤੀ ਤੇ ਸਥਿਰਤਾ ਕਾਇਮ ਕਰਨ ਵਿਚ ਨਾਕਾਮ ਰਹੇ ਹਨ। ਉਹ ਦੇਸ਼ ਦੇ ਸਮੁੱਚੇ ਨਾਗਰਿਕਾਂ ਦੀਆਂ ਆਸਾਂ-ਉਮੰਗਾਂ 'ਤੇ ਖਰੇ ਨਹੀਂ ਉਤਰ ਸਕੇ, ਕਿਉਂਕਿ ਉਨ੍ਹਾਂ ਦੇ ਬਨਾਉਣ ਸਮੇਂ ਦੇਸ਼ ਦੀਆਂ ਸਮੁੱਚੀਆਂ ਰਾਜਨੀਤਕ ਤੇ ਸਮਾਜਕ ਧਿਰਾਂ ਦੀ ਸਹਿਮਤੀ ਨਹੀਂ ਲਈ ਗਈ ਸੀ। ਮੌਜੂਦਾ ਸੰਵਿਧਾਨ ਸਭਾ ਵਲੋਂ ਵੀ ਜੇਕਰ ਸੰਵਿਧਾਨ ਸਿਰਜਣ ਸਮੇਂ ਵਿਆਪਕ ਸਮਾਜਕ ਤੇ ਰਾਜਨੀਤਕ ਸਹਿਮਤੀ ਨਹੀਂ ਬਣਦੀ ਤਾਂ ਇਸ ਸੰਵਿਧਾਨ ਦਾ ਵੀ ਉਹੀ ਨਤੀਜਾ ਹੋਵੇਗਾ। ਮੌਜੂਦਾ ਸੰਵਿਧਾਨ ਸਭਾ ਵਿਚ ਦੋ ਤਿਹਾਈ ਬਹੁਮਤ ਵਾਲੀਆਂ ਪਾਰਟੀਆਂ ਨੇਪਾਲੀ ਕਾਂਗਰਸ ਤੇ ਸੀ.ਪੀ.ਐਨ.(ਯੂ.ਐਮ.ਐਲ.) ਵਲੋਂ ਬਹੁਮਤ ਨਾਲ ਸੰਵਿਧਾਨ ਦਾ ਖਰੜਾ ਪਾਸ ਕਰਨ ਦਾ ਉਨ੍ਹਾਂ ਦੀਆਂ ਪਾਰਟੀਆਂ ਦੇ ਹੀ ਮਧੇਸੀ ਤੇ ਜਨਜਾਤੀ ਆਗੂਆਂ ਨੇ ਵੀ ਵਿਰੋਧ ਸ਼ੁਰੂ ਕਰ ਦਿੱਤਾ ਹੈ। ਨੇਪਾਲ ਦੀਆਂ ਰਾਜਨੀਤਕ ਪਾਰਟੀਆਂ ਕੋਲ ਇਕੋ ਹੀ ਰਾਹ ਹੈ ਕਿ ਸਹਿਮਤੀ ਦੇ ਆਧਾਰ ਉਤੇ ਸੰਵਿਧਾਨ ਸਿਰਜਿਆ ਜਾਵੇ। ਨੇਪਾਲ ਦੇ ਗਣਤੰਤਰ ਦਿਵਸ 28 ਮਈ ਤੱਕ, ਇਹ ਕਾਰਜ ਪੂਰਾ ਕਰ ਲਿਆ ਜਾਵੇ ਤਾਂ ਦੇਸ਼ ਦੇ ਲੋਕਾਂ ਨੂੰ ਇਹ ਗਣਤੰਤਰ ਦਿਵਸ ਦਾ ਤੋਹਫਾ ਹੋਵੇਗਾ। ਨੇਪਾਲ ਦੀਆਂ ਦੋਵੇਂ ਖੱਬੀਆਂ ਪਾਰਟੀਆਂ ਯੂ.ਸੀ.ਪੀ.ਐਨ.(ਮਾਉਵਾਦੀ) ਤੇ ਸੀ.ਪੀ.ਐਨ.(ਯੂ.ਐਮ.ਐਲ.) ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਵਿਚ ਸਿਰ ਜੋੜਨ। ਇਥੇ ਇਹ ਵੀ ਨੋਟ ਕਰਨ ਯੋਗ ਹੈ ਕਿ ਅਜਿਹੀ ਸਥਿਤੀ ਦਾ ਲਾਹਾ ਰਾਜਾਸ਼ਾਹੀ ਪੱਖੀ ਤਾਕਤਾਂ ਨੂੰ ਜਾ ਰਿਹਾ ਹੈ ਅਤੇ ਨੇਪਾਲੀ ਕਾਂਗਰਸ ਵਿਚ ਵੀ ਅਜਿਹੇ ਤੱਤ ਸਿਰ ਚੁੱਕ ਰਹੇ ਹਨ, ਜਿਹੜੇ ਸਥਿਤੀ ਦਾ ਲਾਹਾ ਲੈ ਕੇ ਧਰਮ ਨਿਰਪੱਖਤਾ ਨੂੰ ਵੀ ਖੋਰਨ ਦੀਆਂ ਗੱਲਾਂ ਕਰ ਰਹੇ ਹਨ।    
(24-2-2015)

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਮਾਰਚ 2015)

ਪਾਕਿਸਤਾਨੀ ਕਹਾਣੀ

(ਲਹਿੰਦੇ ਪੰਜਾਬ ਦੀ ਉਘੀ ਅਗਾਂਹਵਧੂ ਲੇਖਿਕਾ ਅਫ਼ਜ਼ਲ ਤੌਸੀਫ਼ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ। ਉਨ੍ਹਾਂ ਆਪਣੀ ਲੇਖਨੀ ਰਾਹੀਂ ਹੀ ਨਹੀਂ ਬਲਕਿ ਇਕ ਰਾਜਨੀਤਕ ਕਾਰਕੁਨ ਵਜੋਂ ਵੀ ਪਾਕਿਸਤਾਨ ਵਿਚ ਸਮੇਂ-ਸਮੇਂ ਰਾਜ ਕਰਦੇ ਤਾਨਾਸ਼ਾਹਾਂ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਕੈਦ ਵੀ ਕੱਟੀ। ਉਨ੍ਹਾਂ ਨੂੰ ਸ਼ਰਧਾਂਜਲੀ ਵਜੋਂ, ਉਨ੍ਹਾਂ ਦੀ ਇਹ ਕਹਾਣੀ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ-ਸੰਪਾਦਕੀ ਮੰਡਲ)

ਕਾਬਲ ਕੰਧਾਰ ਦੇ ਅਸਮਾਨ ਉੱਤੇ ਏਸ ਮੌਸਮ ਅੰਨ੍ਹੇਰਾ ਹੋ ਜਾਂਦਾ ਏ। ਸੂਰਜ ਕਿਤੇ ਉਪਰ ਈ ਬਰਫ਼ ਦੇ ਬੱਦਲਾਂ ਦਾ ਬਿਸਤਰਾ ਵਿਛਾ ਕੇ ਸੌਂ ਰਹਿੰਦਾ। ਪਰ ਐਤਕੀਂ ਨਵੰਬਰ ਦੇ ਮਹੀਨੇ ਦੀ ਬਰਫ਼ਬਾਰੀ ਤੋਂ ਪਹਿਲਾਂ ਤਾਂ ਬੰਬਾਰੀ ਹੋ ਗਈ। ਐਟਮੀ ਤਾਕਤ ਦੇ ਬੰਬ ਪਹਾੜਾਂ 'ਤੇ ਫਟੇ। ਬਸਤੀਆਂ ਆਬਾਦੀਆਂ ਨੂੰ ਫਾੜ ਕੇ ਫਟੇ ਤਾਂ ਖ਼ਤਰਨਾਕ ਅੱਗ ਦੀ ਰੌਸ਼ਨੀ ਅਸਮਾਨੀ ਚੜ੍ਹ ਗਈ। ਫੇਰ ਅਗਲੀ ਸਵੇਰ ਨੂੰ ਸੂਰਜ ਵੀ ਨਿਕਲ ਗਿਆ। ਕਿਉਂ ਜੁ ਬੰਬਾਂ ਦੀ ਅੱਗ ਦੇ ਲਾਲ ਲਾਂਬੂ ਨਾਲ ਉਹਦਾ ਬਿਸਤਰਾ ਸੜ ਗਿਆ ਸੀ। ਏਸੇ ਲੋਅ ਵਿਚ ਤੁਸੀਂ ਮੈਨੂੰ ਵੇਖ ਲਿਆ, ਹਾਂ ਮੈਂ ਜੋ ਇਕ ਤਾਲਿਬਾਨ ਹਾਂ। ਅੱਜ ਕੌਣ ਏ ਜੋ ਤਾਲਿਬਾਨ ਨੂੰ ਵੇਖਣਾ ਨਹੀਂ ਚਾਹੁੰਦਾ? ਕਿਹੜਾ ਅਖ਼ਬਾਰ ਏ ਜੀਹਦੇ ਪਹਿਲੇ ਸਫ਼ੇ 'ਤੇ ਮੇਰੀ ਤਸਵੀਰ ਨਹੀਂ ਛਪਦੀ? ਪਰ ਤਸਵੀਰ ਵਿਚ ਤੇ ਅਸਲ ਵਿਚ ਫ਼ਰਕ ਹੁੰਦਾ ਏ। ਹੁਣ ਦੱਸੋ ਤੁਹਾਨੂੰ ਕਿਹੜਾ ਕਿੰਜ ਦਾ ਲੱਗਾ? ਕਾਲੀ ਪਗੜੀ, ਗੋਰਾ ਰੰਗ, ਭੂਰੀ ਭੂਰੀ ਦਾਹੜੀ, ਖ਼ਾਕੀ ਕੱਪੜੇ ਮੇਰੇ ਆਪਣੇ ਲਹੂ ਦੇ ਰੰਗ ਨਾਲ ਰੰਗੇ ਹੋਏ। ਇਹ ਮੇਰੀ ਬੰਦੂਕ ਜੋ ਮੇਰੇ ਕੋਲ ਈ ਪਈ, ਚੰਗਾ ਏ ਟੁੱਟ ਭੱਜ ਗਈ। ਨਹੀਂ ਤਾਂ ਕੋਈ ਹੋਰ ਲੈ ਜਾਂਦਾ, ਮੇਰੀ ਹੀਰ ਨੂੰ ਸੀਨੇ ਨਾਲ ਲਾਈ ਫਿਰਦਾ ਤਾਂ ਮੈਂ ਕਿਵੇਂ ਵੇਖਦਾ? ਕਿਵੇਂ ਜਰਦਾ? 
ਕੀ ਆਖਿਆ! ਮੁਰਦੇ ਵੇਖ ਨਹੀਂ ਸਕਦੇ। ਪਰ ਮੈਂ ਕੋਈ ਆਮ ਮੁਰਦਾ ਨਹੀਂ। ਤੁਸੀਂ ਵੇਖ ਸਕਦੇ ਓ ਮੇਰੀਆਂ ਅੱਖਾਂ ਅਜੇ ਵੀ ਖੁੱਲ੍ਹੀਆਂ ਨੇ। ਤੁਸੀਂ ਵੇਖ ਸਕਦੇ ਓ ਮੇਰੀਆਂ ਅੱਖਾਂ ਦਾ ਰੰਗ ਨਸਵਾਰੀ ਏ। ਏਹੋ ਰੰਗ ਤਾਂਬੇ ਦੇ ਪਹਾੜਾਂ ਦਾ ਵੀ ਹੁੰਦਾ ਏ। ਏਹੋ ਰੰਗ ਮੇਰੇ ਲਗੜ ਦਾਦੇ ਦੀਆਂ ਅੱਖਾਂ ਵਿਚ ਦਿੱਸਦਾ ਸੀ। ਇਹੋ ਰੰਗ ਲੈ ਕੇ ਉਹ ਘਰੋਂ ਨੱਸ ਗਿਆ ਸੀ। ਭੁੱਖ! ਆਹੋ ਭੁੱਖ ਦੇ ਅੱਗੇ ਅੱਗੇ ਨੱਸਦਾ ਉਹ ਖ਼ੈਬਰ ਲੰਘ ਗਿਆ। ਅੱਗੋਂ ਉਹਨੂੰ ਫਰੰਟੀਅਰ ਮੇਲ ਮਿਲ ਗਈ। ਬਸ ਉਸ ਦੇ ਇਕ ਡੱਬੇ ਵਿਚ ਲੁਕ ਕੇ ਉਹ ਬੰਬਈ ਚਲਾ ਗਿਆ। ਉੱਥੇ ਉਹਦਾ ਨਾਂ ਕਾਬਲੀਵਾਲਾ ਪੈ ਗਿਆ। ਪਿਸਤੇ ਬਾਦਾਮ ਵੇਚਦਾ ਫਿਰਦਾ ਫਿਲਮ ਵਾਲਿਆਂ ਨੂੰ ਚੰਗਾ ਲੱਗਾ। ਉਹਨਾਂ ਉਹਦੀ ਕਹਾਣੀ ਬਣਾ ਕੇ ਫਿਲਮ ਬਣਾ ਦਿੱਤੀ। ਉਹ ਫਿਲਮ ਬਥੇਰੀ ਚੱਲੀ। ਬਥੇਰੀ ਵਿਕੀ। ਲੋਕਾਂ ਨੂੰ ਸੱਚੀ ਵੀ ਲੱਗੀ।
ਫਿਲਮ ਤਾਂ ਉਹ ਮੇਰੀ ਵੀ ਬਣਾ ਕੇ ਲੈ ਗਏ ਨੇ। ਬੀ ਬੀ ਸੀ ਵਾਲੇ, ਸੀ ਐਨ ਐਨ ਵਾਲੇ। ਪਰ ਬਸ ਏਨੀ ਕੁ ਕਿ ਮੈਂ ਏਥੇ ਲਹੂ ਲੁਹਾਣ ਪਿਆ ਹੋਇਆ ਵਾਂ। ਸ਼ੁਕਰ ਏ ਆਪਣੀ ਧਰਤੀ ਉੱਤੇ। ਪਰ ਮੈਨੂੰ ਡਰ ਏ ਅੱਗੋਂ ਉਹ ਮੇਰੀ ਝੂਠੀ ਕਹਾਣੀ ਦੀ ਫਿਲਮ ਵੀ ਬਣਾ ਲੈਣਗੇ। ਫੇਰ ਅੱਗੋਂ ਜਦੋਂ ਕਦੇ ਵੇਲੇ ਸਿਰ ਸੂਰਜ ਨਿਕਲਿਆ, ਕਿਸੇ ਨਾ ਕਿਸੇ ਨੂੰ ਮੇਰੀ ਸੱਚੀ ਕਹਾਣੀ ਦੀ ਤਲਾਸ਼ ਹੋਵੇਗੀ। ਪਰ ਝੂਠ ਦੇ ਸਮੁੰਦਰ ਵਿਚ ਸੱਚ ਦੀ ਬੂੰਦ ਕੌਣ ਲੱਭ ਸਕਿਆ? ਲਿਖਣ ਵਾਲੇ ਲਿਖ ਦੇਣਗੇ ਮੈਂ ਇਕ ਜ਼ਾਲਮ ਮਜ਼੍ਹਬੀ, ਜਨੂੰਨੀ, ਔਰਤਾਂ ਨੂੰ ਬੁਰਕੇ ਪਵਾਣ ਵਾਲਾ, ਆਸ਼ਿਕਾਂ ਨੂੰ ਸੰਗਸਾਰ ਕਰਨ ਵਾਲਾ, ਹੋਰ ਬਥੇਰਾ ਕੁਝ। ਪਰ ਇਹ ਸਭ ਕੁਝ ਮੇਰੀ ਕਹਾਣੀ ਨਹੀਂ ਬਣ ਸਕਦਾ।
ਤੁਸੀਂ ਚਾਹੁੰਦੇ ਓ ਤਾਂ ਮੈਂ ਆਪਣੀ ਅਸਲ ਕਹਾਣੀ ਦਾ ਖੁਲਾਸਾ ਕਰ ਸਕਦਾ ਵਾਂ। ਮੇਰੀ ਕਹਾਣੀ ਤਾਂ ਸੌ ਪੀੜ੍ਹੀ ਪਿੱਛੋਂ ਤੁਰੀ ਆਉਂਦੀ ਏ। ਇੱਕੋ ਰਾਹ, ਇੱਕੋ ਜਿਹੀ, ਇਕੋ ਟੋਰ ਟੁਰਦੀ। ਪਰ ਜਦੋਂ ਮੇਰਾ ਲਗੜ ਦਾਦਾ ਬੰਬਈ ਦਾ ਕਾਬਲੀਵਾਲਾ ਬਣਨ ਲਈ ਦੇਸ਼ ਛੱਡ ਗਿਆ, ਆਪਣੇ ਬਾਲ ਬੱਚੇ ਪਿੱਛੇ ਛੱਡ ਗਿਆ ਤਾਂ ਕਹਾਣੀ ਦੀ ਪਟੜੀ ਰਤਾ ਕੁ ਬਦਲ ਗਈ। ਬੰਬਈ ਦੇ ਤੋਹਫ਼ੇ, ਕੱਪੜੇ ਲੈ ਕੇ ਆਵਣ ਵਾਲੀ ਗੱਡੀ ਬਸ ਥੋੜ੍ਹੇ ਦਿਨ ਚੱਲੀ। ਉਸ ਥੀਂ ਪਿੱਛੇ ਮੇਰਾ ਲਗੜ ਦਾਦਾ ਪੈਸੇ ਖਰਚ ਕਰਕੇ ਦੂਜੀ ਵਹੁਟੀ ਵਿਆਹ ਕੇ ਲੈ ਗਿਆ ਤਾਂ ਮੇਰੇ ਦਾਦੇ ਦਾ ਟੱਬਰ ਬੁਰੇ ਹਾਲੀਂ ਹੋ ਗਿਆ। ਉਹ ਸੁੱਕੇ ਪਹਾੜ, ਉਹੋ ਚਾਰ ਛੇ ਬਕਰੀਆਂ ਤੇ ਸਰਦਾਰ ਦੀ ਬੇਗਾਰ। ਉਹ ਛੇਤੀ ਮਰ ਵੀ ਗਿਆ। ਪਹਾੜਾਂ ਦੇ ਲੋਕੀਂ ਲੂਣ ਰੋਟੀ ਖਾ ਕੇ ਚਸ਼ਮੇ ਦਾ ਪਾਣੀ ਪੀਂਦੇ ਨੌ ਬਰ ਨੌ ਰਹਿੰਦੇ ਨੇ। ਪਰ ਜੇ ਕੋਈ ਰੋਗ ਲੱਗ ਜਾਵੇ ਤਾਂ ਬੱਕਰੀ ਵਾਂਗ ਛੇਤੀ ਨਿਬੜ ਜਾਂਦੇ ਨੇ। ਕਿਉਂ ਜੋ ਨਵੀਆਂ ਬਿਮਾਰੀਆਂ ਦਾ ਇਲਾਜ ਹਕੀਮ ਕੋਲ ਨਾ ਮੁੱਲਾਂ ਕੋਲ। ਕਾਬਲ ਦੇ ਡਾਕਟਰ ਕੋਲ ਜਾਣਾ ਇਕ ਝੁੱਗੀਵਾਸ ਅਫ਼ਗਾਨੀ ਵਾਸਤੇ ਖ਼ਾਬ ਖ਼ਿਆਲ ਵਾਲੀ ਗੱਲ ਏ। 
ਹਾਂ ਜੀ! ਮੈਂ ਕਹਿ ਰਿਹਾ ਸਾਂ ਮੇਰਾ ਦਾਦਾ ਭਰੀ ਜਵਾਨੀ ਵਿਚ ਈ ਮਰ ਗਿਆ। ਆਪਣੇ ਪਿੱਛੇ ਪੰਜ ਛੇ ਨਿਆਣੇ ਛੱਡ ਗਿਆ। ਏਸ ਤੋਂ ਬਾਅਦ ਇੱਦਤ ਤੇ ਬਾਜਾਂ ਦੀ ਮਾਂ ਵੀ ਪਰਾਈ ਹੋ ਗਈ ਕਿਉਂ ਜੋ ਕਬਾਇਲੀ ਦਸਤੂਰ ਮੂਜਬ ਬੇਵਾ ਜਵਾਨ ਹੋਵੇ ਤਾਂ ਮੁੜ ਬਾਪ ਭਾਈ ਦੀ ਮਲਕੀਅਤ ਹੋ ਜਾਂਦੀ ਏ। ਮੁੜ ਕੇ ਵੇਚ ਦਿੱਤੀ ਜਾਂਦੀ ਏ। ਏਸ ਤਰ੍ਹਾਂ ਹੋ ਜਾਣ ਪਿੱਛੋਂ ਉਹ ਅਗਲੇ ਮਰਦ ਦੇ ਬੱਚੇ ਜੰਮਦੀ ਏ। ਉਸੇ ਲਈ ਲਕੜੀਆਂ ਚੁਗਦੀ, ਪਾਣੀ ਭਰਦੀ ਏ। ਆਪਣੇ ਪਿਛਲੇ ਬਾਲਾਂ ਲਈ ਕੁਝ ਵੀ ਨਹੀਂ ਕਰ ਸਕਦੀ। ਤੁਸੀਂ ਸੋਚ ਰਹੇ ਓ ਮੇਰੇ ਦਾਦੇ ਦੇ ਬੱਚਿਆਂ ਦਾ ਕੀ ਬਣਿਆ?
ਮੈਂ ਦਸਨਾ ਵਾਂ। ਉਹਨਾਂ ਵਿਚੋਂ ਮੇਰਾ ਬਾਪ ਸਭ ਤੋਂ ਵੱਡਾ, ਦਸਾਂ ਕੁ ਸਾਲਾਂ ਦਾ ਸੀ। ਉਸੇ ਨੂੰ ਵਿਰਸਾ ਮਿਲਿਆ.... ਚਾਰ ਭੈਣ ਭਰਾ। ਦਸ ਭੇਡਾਂ ਦੁੰਬੇ। ਕੱਚਾ ਕੋਠਾ ਤੇ ਬਾਦਾਮ ਦੇ ਭਰੇ ਦਰਖ਼ਤ ਜੋ ਸਾਡੀ ਪੜਦਾਦੀ ਨੇ ਬੀਜੇ ਸੀ, ਪਰ ਭੇਡ ਦੇ ਬੱਚਿਆਂ ਵਾਂਗ ਫਲਦੀ ਫ਼ਸਲ ਦਾ ਅੱਧ ਈ ਸਰਦਾਰ ਨੂੰ ਜਾਂਦਾ ਸੀ। ਫੇਰ ਵੀ ਚੰਗਾ ਰਿਹਾ। ਮੇਰੇ ਬਾਪ ਨੇ ਆਪਣੇ ਬਾਪ ਦੇ ਬੱਚੇ ਪਾਲ ਦਿੱਤੇ। ਜਵਾਨ ਹੋ ਕੇ ਭੈਣ ਦੇ ਵੱਟੇ ਉਹਨੂੰ ਵਹੁਟੀ ਮਿਲ ਗਈ। ਚੰਗੀ ਕਿਸਮਤ, ਨਹੀਂ ਤਾਂ ਵਲੋਰਵੀ ਰਕਮ ਜਮ੍ਹਾਂ ਕਰਦਾ ਬੁੱਢਾ ਹੋ ਜਾਂਦਾ। ਜਿਵੇਂ ਹੋਰ ਗ਼ਰੀਬ ਅਫ਼ਗਾਨ ਹੋ ਜਾਂਦੇ ਨੇ। ਏਥੇ ਤੋੜੀ ਤਾਂ ਸਭ ਕੁਝ ਉਸੇ ਤਰ੍ਹਾਂ ਹੋਇਆ, ਜਿਸ ਤਰ੍ਹਾਂ ਸਦੀਆਂ ਤੋਂ ਹੋ ਰਿਹਾ ਸੀ। ਉਹ ਸ਼ਾਇਰ ਏ ਨਾ ਮਹਿਰਾਬ ਗੁਲ, ਉਹਨੇ ਜਿਸ ਤਰ੍ਹਾਂ ਕਿਹਾ ਸੀ;
ਰੋਮੀ ਬਦਲੇ ਸ਼ਾਮੀਂ ਬਦਲੇ ਬਦਲਾ ਹਿੰਦੋਸਤਾਨ।
ਤੂੰ ਭੀ ਐ ਫਰਜ਼ੰਦ ਕਹਿਸਤਾਂ ਆਪਣੀ ਖੁਦੀ ਪਹਿਚਾਨ।
ਆਪਣੀ ਖੁਦੀ ਪਹਿਚਾਨ ਉਹ ਗਾਫ਼ਲ ਅਫਗਾਨ।
ਅਫ਼ਗਾਨਿਸਤਾਨ ਦੇ ਸ਼ਹਿਰਾਂ ਤੋਂ ਇਕ ਸ਼ੋਰ ਉੱਠਿਆ। ਖ਼ੌਰੇ ਉਹ ਖੁਦੀ ਪਛਾਨਣ ਦੀ ਗੱਲ ਸੀ ਜਾਂ ਇਨਕਲਾਬ ਦਾ ਰੌਲਾ ਰੱਪਾ। ਬੜੀ ਛੇਤੀ ਉਹ ਗੱਲ ਗੁੱਠਾਂ ਗਰਾਵਾਂ ਤੋੜੀ ਵੀ ਅੱਪੜ ਗਈ। ਇਨਕਲਾਬ ਸ਼ੋਰ ਦੀ ਗੱਲ ਲੋਕਾਂ ਸੁਣੀ ਪਰ ਅਜੇ ਸਮਝੀ ਨਹੀਂ ਸੀ। ਸਵੇਰੇ ਸਾਰੇ ਮਰਦਾਂ ਨੂੰ 'ਕੱਠਾ ਕਰਕੇ ਉਹਨਾਂ ਦੋਹਾਂ ਨੇ ਆਪਣਾ ਗ਼ਮ ਤੇ ਗੁੱਸਾ ਜ਼ਾਹਰ ਕੀਤਾ। ''ਖੁਦ ਕਾਬਲ ਮੇਂ ਵੋਹ ਆ ਗਏ ਹੈਂ ਜੋ ਲੋਗੋਂ ਸੇ ਮਜ਼੍ਹਬ ਛੀਨ ਲੇਤੇ ਹੈਂ। ਦੌਲਤ ਛੀਨ ਲੇਤੇ ਹੈਂ, ਔਰਤੋਂ ਕੇ ਬੁਰਕੇ ਉਤਰਵਾ ਕਰ ਨੰਗੇ ਮੂੰਹ ਫਿਰਾਤੇ ਹੈਂ। ਮੁੱਲਾਂ ਕੋ ਮਸਜਿਦ ਸੇ, ਬਾਪ ਕੋ ਵਲੋਰ ਸੇ ਔਰ ਸਰਦਾਰ ਕੋ ਸਰਦਾਰੀ ਸੇ ਮਰਹੂਮ ਕਰ ਦੇਤੇ ਹੈਂ।'' ਏਸ ਤਰ੍ਹਾਂ ਦੀ ਗੱਲ ਸੁਣ ਕੇ ਸਾਰੇ ਈ ਜੋਸ਼ ਵਿਚ ਆ ਗਏ। ਸਗੋਂ ਮਾਰਨ ਮਰਨ ਦੀ ਗੱਲ ਸ਼ੁਰੂ ਹੋ ਗਈ। ਪਰ ਅਗਲੇ ਦਿਨ ਕੁਝ ਲੋਕੀ ਨਾਲ ਦੇ ਪਿੰਡਾਂ ਤੋਂ ਆਏ। ਬੜੇ ਖੁਸ਼ ਸੀ ਉਹ। ਉਹਨਾਂ ਬੜੀਆਂ ਚੰਗੀਆਂ ਗੱਲਾਂ ਕੀਤੀਆਂ। ਸਾਨੂੰ ਦੱਸਿਆ ਕਿ ਨਵੇਂ ਸਿਸਟਮ ਵਿਚ ਸਾਰਿਆਂ ਦਾ ਫਾਇਦਾ ਏ ਬਸ ਇਕ ਸਰਦਾਰ ਦਾ ਨੁਕਸਾਨ ਏ। ਉਹਦੀ ਗੱਲ ਈ ਨਾ ਸੁਣੋ। ਹੁਣ ਅਸਾਂ ਆਪਣੀਆਂ ਭੇਡਾਂ ਤੇ ਬਦਾਮਾਂ, ਅਖਰੋਟਾਂ ਦੇ ਆਪੇ ਮਾਲਕ ਹੋਵਾਂਗੇ। ਕੁੜੀ ਦਾ ਵਲੋਰ ਨਹੀਂ ਮਿਲੇਗਾ ਤਾਂ ਬਹੁਤ ਲਿਆਵਣ ਲਈ ਵੀ ਰਕਮ ਖਰਚ ਨਹੀਂ ਹੋਣੀ। ਇਕੋ ਗੱਲ ਏ ਨਾ, ਸੂਦ ਖ਼ੋਰ ਵੀ ਸਿੱਧਾ ਹੋ ਜਾਣਾ ਏ। ਸਾਡੀ ਝੁੱਗੀ ਥੱਲੇ ਦੀ ਜ਼ਮੀਨ ਸਾਡੀ, ਪਹਾੜ ਦੀ ਬੂਟੀ ਚਸ਼ਮੇ ਦਾ ਪਾਣੀ ਸਭ ਮੁਫ਼ਤ। ਫੇਰ ਉਹਨਾਂ ਇਕ ਗੀਤ ਸੁਣਾਇਆ :
ਸਦੀਆਂ ਤੋਂ ਪਰ ਕੱਟੇ ਪੰਛੀ ਆਜ਼ਾਦ ਹੋ ਗਏ
ਉਹਨਾਂ ਪਿੰਜਰੇ ਭੰਨ ਸੁੱਟੇ
ਨੱਸ ਗਿਆ ਨੱਸ ਗਿਆ
ਜੇਲ੍ਹ ਬਨਾਵਣ ਵਾਲਾ
ਨਸ ਗਿਆ ਜੇਲ੍ਹ ਨੂੰ ਜਿੰਦਰੇ ਲਾਵਣ ਵਾਲਾ
ਧਰਤੀ ਆਜ਼ਾਦ ਜੰਗਲ ਆਜ਼ਾਦ।
ਆਜ਼ਾਦ ਹੋਏ ਪਹਾੜ ਸਾਡੇ 
ਧੀਆਂ ਪੁੱਤਰ ਆਜ਼ਾਦ।
ਫੇਰ ਜਦੋਂ ਰੇਡੀਓ 'ਤੇ ਗੀਤ ਗੂੰਜਿਆ :
ਐ ਮੇਰੇ 'ਚੋਂ ਗਰ ਦਿਲਬਰ 
ਤੂੰ ਆਜ਼ਾਦ ਮੈਂ ਆਜ਼ਾਦ 
ਪਾਟੇ ਲੀੜੇ, ਨੰਗੇ ਪੈਰ
ਖ਼ਾਨ ਸਾਹਬਾਂ ਦੇ ਨੌਕਰ
ਆਜ਼ਾਦ ਹੋਏ ਆਜ਼ਾਦ ਹੋਏ
ਆਜ਼ਾਦ ਹੋਏ ਸਭ ਕੰਮੀ ਕਾਮੇ ਕਰਗਰ
ਹੋਈ ਮਿਹਨਤ ਵੀ ਆਜ਼ਾਦ।
ਅਸੀਂ ਸਾਰੇ ਗੀਤ ਸੁਣ ਕੇ ਇਨਕਲਾਬ ਜ਼ਿੰਦਾਬਾਦ ਕਰਕੇ ਧਮਾਲਾਂ ਪਾਵਣ ਲੱਗ ਪਏ। ਕਿਉਂ ਜੁ ਅਸੀਂ ਸਾਰੇ ਸਦੀਆਂ ਦੇ ਬੰਦੀ, ਕਦੇ ਗੀਤ ਸੁਣਨ ਜਾਂ ਖ਼ਾਬ ਵੇਖਣ ਲਈ ਵੀ ਆਜ਼ਾਦ ਨਹੀਂ ਸਾਂ ਰਹੇ। ਪਰ ਸਾਡੇ ਮੁਕੱਦਰ! ਉਹ ਇਨਕਲਾਬ ਆਪੇ ਅੰਦਰੋਂ ਟੁੱਟਣ ਲੱਗ ਪਿਆ। ਪਹਿਲੀ ਖ਼ਾਨਾਜੰਗੀ ਇਨਕਲਾਬੀਆਂ ਦੇ ਅੰਦਰੋਂ ਉਭਰੀ। ਉਹ ਸਰਦਾਰਾਂ ਦਾ ਪਿੱਛਾ ਕਰਨ ਦੀ ਥਾਂ ਇਕ ਦੂਜੇ ਨੂੰ ਮਾਰਨ ਲੱਗ ਪਏ। ਖੇਤ ਬੀਜਣ ਤੋਂ ਪਹਿਲਾਂ ਈ ਉਜਾੜਨ ਲੱਗ ਪਏ।
ਮੇਰੀ ਗੱਲ ਖਿਲਰਦੀ ਜਾ ਰਹੀ ਏ ਪਰ ਕੀ ਕਰਾਂ ਏਸ ਖਲਾਰ ਤੋਂ ਅੱਡ ਹੋ ਕੇ ਮੇਰੀ ਕਹਾਣੀ ਸਮਝੀ ਨਹੀਂ ਜਾ ਸਕਦੀ। ਤੇਰੇ ਵਰਗੇ ਦਾ ਕੀ ਏ? ਬੜਾ ਅਸਾਨ ਮੁਖਸਰ ਜਿਹਾ ਅਫ਼ਸਾਨਾ ਲਿਖ ਮਾਰੇਂਗਾ। ਇਹੋ ਨਾ ਤਾਲਿਬਾਨ, ਇਕ ਪੈਦਾਇਸ਼ੀ ਖ਼ਤਰਨਾਕ ਦਹਿਸ਼ਤਗਰਦ ਹੁੰਦਾ ਏ। ਪੈਂਟਾਗਨ ਨੂੰ ਉਡਾ ਸਕਦਾ ਏ, ਵਰਲਡ ਟਰੇਡ ਸੈਂਟਰ ਆਫ਼ ਅਮਰੀਕਾ ਨਾਲ ਟਕਰਾ ਸਕਦਾ ਏ ਤੇ ਵਰਲਡ ਪਾਵਰ ਸੋਵੀਅਤ ਯੂਨੀਅਨ ਨੂੰ ਵੀ ਭੰਨ ਤ੍ਰੋੜ ਕੇ ਪਰ੍ਹਾਂ ਸੁੱਟ ਸਕਦਾ ਏ। ਪਰ ਏਸ ਤਰ੍ਹਾਂ ਦਾ ਅਫ਼ਸਾਨਾ ਤੇਰੇ ਕਲਮ ਦੀ ਖਜਾਲਤ ਤੋਂ ਅੱਗੇ ਕੁਝ ਵੀ ਨਹੀਂ। ਕੱਲ੍ਹ ਦੀ ਗੱਲ ਨੂੰ ਛੱਡ ਦੇ, ਅੱਜ ਵੇਖ, ਇਹ ਮੇਰੀ ਲਾਸ਼ ਹੈ ਨਾ, ਲਹੂ ਮਿੱਟੀ ਵਿਚ ਰੁਲਿਆ ਹੋਇਆ ਜਿਹਾ। ਇਹਨੂੰ ਦਫਨਾਵਣ ਲਈ ਮੇਰੇ ਕਬੀਲੇ ਦਾ ਕੋਈ ਜੀ ਏਥੇ ਨਹੀਂ। ਉਹ ਸਾਰੇ ਮਰ ਚੁੱਕੇ ਨੇ ਜਾਂ ਨੱਸ ਗਏ ਹੋਏ ਨੇ, ਖੌਰੇ ਕਿਥੇ ਕਿਥੇ ਗਾਰਾਂ ਵਿਚ ਜਾਂ ਮਹਾਜਰੀਨ ਦੇ ਕੈਂਪਾਂ ਕਾਫ਼ਲਿਆਂ ਦੇ ਹਜ਼ੂਮ ਅੰਦਰ। ਮੇਰਾ ਨਾਂ ਲੈਣ ਤੋਂ ਡਰਦੇ। ਮੈਨੂੰ ਪਤਾ ਨਹੀਂ ਮੇਰਾ ਬਾਪ ਭਰਾ ਕਿਥੇ ਨੇ? ਐਨਾ ਜ਼ਰੂਰ ਪਤਾ ਏ ਮੇਰੀ ਵਹੁਟੀ ਮੇਰੇ ਬੱਚੇ ਕਾਬਲ ਵਿਚ ਕਲਸਟਰਡ ਬੰਬਾਂ... ਖੈਰ ਛੱਡੋ ਏਸ ਗੱਲ ਨੂੰ। ਕਹਾਣੀ ਬਹੁਤੀ ਲੰਮੀ ਹੋ ਜਾਊ।
ਤੂੰ ਚੱਲ ਮੇਰੇ ਨਾਲ, ਮੈਂ ਆਪਣੀ ਕਹਾਣੀ ਨੂੰ ਮੁੜ ਉੱਥੇ ਲੈ ਕੇ ਚੱਲਦਾ ਵਾਂ ਜਿੱਥੇ ਉਹ ਜਨਮੀ ਸੀ। ਹਾਂ ਮੈ ਦੱਸ ਰਿਹਾ ਸੀ ਮੇਰਾ ਬਾਬਾ ਜੋ ਆਪਣੇ ਬਚਪਨ ਵਿਚ ਜਬਰਦਸਤੀ ਕਈ ਨਿੱਕੇ ਨਿੱਕੇ ਬਾਲਾਂ ਦਾ ਪਾਲਣਹਾਰ ਬਣਾ ਦਿੱਤਾ ਗਿਆ। ਪਰ ਮੇਰੀ ਮਾਂ ਨੇ ਨਿਰੇ ਮੁੰਡੇ ਈ ਜੰਮੇ। ਕੁੜੀ ਜੋ ਵਿਕ ਸਕਦੀ ਸੀ ਇਕ ਵੀ ਨਾ ਹੋਈ। ਪਠਾਨ ਕਬਾਇਲੀ ਸਮਾਜ ਦੇ ਥਲੜੇ ਤਬਕੇ ਵਿਚ ਇਕ ਹੋਰ ਬੇਨਸੀਬੀ। ਉਧਰ ਭੇਡਾਂ ਨੂੰ ਬੀਮਾਰੀ ਆਈ ਤਾਂ ਅੱਧੀਆਂ ਕੁ ਮਰ ਗਈਆਂ। ਕੁਦਰਤ ਖ਼ੌਰੇ ਕਿਉਂ ਇਕੋ ਵਾਰੀ ਨਾ-ਮਿਹਰਬਾਨ ਹੋ ਗਈ। ਬਾਰਸ਼ ਬਰਫ਼ ਘਟ ਗਈ। ਪਹਾੜੀ ਬੂਟੀ ਜੋ ਭੇਡਾਂ ਦੀ ਖੁਰਾਕ ਬਣਦੀ ਏ, ਭਰ ਕੇ ਨਾ ਉੱਗ ਸਕੀ। ਸਰਦਾਰ ਦਾ ਹਿੱਸਾ ਘਟਿਆ ਤਾਂ ਗੁੱਸਾ ਵੱਧ ਗਿਆ। ਹੁਣ ਕੀ ਏ? ਭੁੱਖ ਨੰਗ, ਸਰਦੀ, ਚਾਰ ਮੁੰਡੇ, ਬਾਲ ਮਜ਼ਦੂਰੀ ਕੋਈ ਨਾ। ਲੜਕੀ ਤਮੜੀ ਨਾ ਭੇਡ ਬੱਕਰੀ। ਗੁੱਠਾਂ ਗਰਾਵਾਂ ਵਿਚ ਏਸੇ ਤਰ੍ਹਾਂ ਸੀ। ਸ਼ਹਿਰਾਂ ਅੰਦਰ ਜੰਗ ਈ ਜੰਗ। ਕੌਣ ਕੀਹਦੇ ਨਾਲ ਭਿੜ ਰਿਹਾ ਸੀ। ਅਫ਼ਗਾਨਿਸਤਾਨ ਵਿਚ ਖ਼ਾਨਾਜੰਗੀ ਇੰਟਰਨੈਸ਼ਨਲ ਤਾਕਤਾਂ ਦਾ ਯੁੱਧ ਬਣ ਗਈ। ਅਮਰੀਕਾ, ਪਾਕਿਸਤਾਨ ਤੇ ਅਫ਼ਗਾਨ ਧੜੇ ਸਾਰੇ ਈ... ਇਸਲਾਮ ਵਾਲੇ, ਸ਼ਮਾਲ ਵਾਲੇ, ਜਨੂਬ ਵਾਲੇ ਆਪਣਾ ਆਪਣਾ ਅਸਲਾ ਆਪਣੀ ਆਪਣੀ ਸਿਆਸਤ ਲੈ ਕੇ ਭਿੜ ਗਏ। ਏਸ ਜੰਗ ਤੇ ਖ਼ਾਨਾਜੰਗੀ ਵਿਚ ਸਭ ਤੋਂ ਕਾਰ ਹਥਿਆਰ ਮੁੱਲਾਂ ਨੇ ਤਿਆਰ ਕੀਤਾ। ਅਫ਼ਗਾਨ ਤੇ ਪਾਕਿਸਤਾਨ ਦੇ ਮੁੱਲਾ ਬਹੁਤੇ ਬੜੇ ਸਿਆਸਤਬਾਜ਼ ਤੇ ਨਹੀਂ, ਪਰ ਇਨ੍ਹਾਂ ਕੋਲ ਕੱਚਾ ਮਾਲ ਬੜਾ ਏ। ਮਜ਼੍ਹਬ ਦੇ ਮਸਾਲੇ ਵਿਚ ਕਬਾਇਲੀ ਅਸਲੀਅਤ, ਫਿਰਕਾਬੰਦੀ ਤੇ ਜਹਾਦ ਦਾ ਲੋਹਾ ਕੁੱਟ ਕੇ ਕੱਚੀ ਉਮਰਾਂ ਦੇ ਗ਼ਰੀਬ ਮੁੰਡਿਆਂ ਨੂੰ ਖਵਾ ਦੇਵੋ, ਤਾਲਿਬਾਨ ਵਰਗਾ ਅਸਲਾ ਬਣ ਜਾਏਗਾ। ਖਾਨਾਜੰਗੀ ਦੇ ਦਿਨਾਂ ਵਿਚ ਏਸ ਅਸਲੇ ਦੀ ਲੋੜ ਵੱਧ ਗਈ। ਅਮਰੀਕਾ ਆਪੇ ਵੱਡਾ ਖਰੀਦਦਾਰ ਸੀ। ਮੈਂ ਕੀ, ਹਿੱਸੇਦਾਰੀ ਤੁਹਾਨੂੰ ਬੜਾ ਕੁਝ ਦੱਸ ਸਕਦੀ ਏ। ਪਰ ਤੁਸੀਂ ਤਾਂ ਕਾਰੋਬਾਰੀ ਕਹਾਣੀ ਲਿਖਦੇ ਓ ਬੜੀ ਮੁਖਸਰ, ਜੋ ਵੀ ਪੈਰਾਂ ਵਿਚ ਪਿਆ ਲੱਭ ਜਾਵੇ ਜਾਂ ਮੇਡ ਈਜੀ ਵਰਗਾ ਕੁਝ, ਕਿਤਾਬ ਲੱਭਣ ਦੀ ਕੀ ਲੋੜ ਏ?
ਏਸੇ ਤਰ੍ਹਾਂ ਕਰਕੇ ਉਹਨਾਂ ਸਾਨੂੰ ਕੁਰਾਨ ਪੜ੍ਹਾਇਆ। ਤਵੀਜ਼ ਘੋਲ ਕੇ ਪਿਆ ਦਿੱਤੇ। ਉਹੋ ਤਵੀਜ਼ ਜੋ ਮੁੱਲਾਂ ਨੇ ਲਿਖੇ। ਸਾਡੀ ਪੜ੍ਹਾਈ ਦੀਨ ਦੁਨੀਆ ਬਾਰੇ ਜਾਣਕਾਰੀ ਲਈ ਨਹੀਂ ਸਗੋਂ ਬੇਖ਼ਬਰੀ ਲਈ ਸੀ। ਦੋ ਚਾਰ ਲਫ਼ਜ਼ ਅੰਗਰੇਜ਼ੀ ਦੇ ਮੈਂ ਉਦੋਂ ਸਿੱਖ ਗਿਆ ਸਾਂ ਜਦੋਂ ਹੁਕਮਰਾਨ ਕਲਾਸ ਦਾ ਸਿਪਾਹੀ ਬਣ ਗਿਆ। ਗੱਲ ਚੱਲੀ ਸੀ ਖ਼ਾਨਾਜੰਗੀ ਦੇ ਜ਼ਮਾਨੇ, ਸਿਪਾਹੀ ਮੇਡ ਈਜ਼ੀ ਬਣਾਵਣ ਦੀ। ਗਰੀਬੀ ਦੀ ਕੁੱਖ ਤੋਂ ਜੰਮੇ ਕੱਚੀ ਉਮਰ ਦੇ ਮੁੰਡੇ ਬੇਹਿਸਾਬ। ਦੀਨੀ ਮਦਰੱਸੇ ਕਾਰਖਾਨੇ ਬਣ ਗਏ। ਸ਼ਹਿਰ ਗਰਾਂ ਹਰ ਥਾਂ ਸਰਦਾਰ ਆਪ ਭਰਤੀ ਭੇਜ ਰਿਹਾ ਸੀ, ਆਪਣੀ ਨਿਗਰਾਨੀ ਵਿਚ ਤੇ ਬੜੀ ਮਿਹਰ ਨਾਲ ਭੁੱਖੀ ਝੁੱਗੀ ਦੇ ਜਾਏ ਨੂੰ ਵਜ਼ੀਫੇ ਦੇ ਕੇ ਪੜ੍ਹਾ ਰਿਹਾ ਸੀ। ਸਾਡੇ ਆਪੇ ਬੜੇ ਖੁਸ਼, ਸ਼ੁਕਰਗੁਜ਼ਾਰੀ ਨਾਲ ਹੋਰ ਵੀ ਲਿਫ ਗਏ। ਨੰਗੇ ਪੈਰਾਂ ਨੂੰ ਬੂਟ ਮਿਲ ਗਏ। ਭੁੱਖੇ ਢਿੱਡਾਂ ਨੂੰ ਰੋਟੀ ਪਰੇਡ ਕਰਨ ਦੀ ਕਮਾਈ, ਆਖ਼ਰਤ ਦੀਨੀਆ, ਦਰਜੇ ਜਹਾਦ, ਸ਼ਹਾਦਤ। ਗਾਫ਼ਲ ਅਫ਼ਗਾਨ ਨੂੰ ਹੋਰ ਕੀ ਚਾਹੀਦਾ?
ਆਪਣੀ ਖੁਦੀ ਪਹਿਚਾਣ ਓ ਗਾਫ਼ਲ ਅਫ਼ਗਾਨ!
ਸਾਡੀ ਪੜ੍ਹਾਈ ਵਿਚ ਖ਼ੁਦੀ ਵਾਲੀ ਸਾਰੀ ਗੱਲ ਮੁੱਲਾਂ ਮਜ਼੍ਹਬ ਨਾਲ ਜੋੜ ਦਿੱਤੀ ਗਈ ਸੀ। ਪਹਿਲਾਂ ਤਾਂ ਗੱਲ ਸਮਝ ਵਿਚ ਨਾ ਆਈ। ਪਰ ਜਦੋਂ ਆਈ ਤਾਂ ਇਕ ਨਸ਼ਾ ਚੜ੍ਹ ਗਿਆ। ਦੋ ਜਹਾਨ ਦੀ ਜੰਨਤ ਫ਼ਲ ਮੇਵੇ ਹੂਰਾਂ ਦੁੱਧ ਸ਼ਹਿਦ ਦੀਆਂ ਨਹਿਰਾਂ। ਮਰ ਗਏ ਤਾਂ ਸ਼ਹੀਦ, ਬਚ ਗਏ ਤਾਂ ਗ਼ਾਜ਼ੀ। ਤਾਲਿਬਾਨ ਨੂੰ ਹਕੂਮਤ ਮਿਲ ਗਈ। ਫੇਰ ਵੀ ਖੌਫ਼ ਬੜਾ ਸੀ। ਮੇਰਾ ਹਾਕਮ ਮੁੱਲਾਂ, ਫੌਜੀ ਤਾਕਤ ਕਮਾਂਡਰਾਂ ਕੋਲ, ਫੇਰ ਵੀ ਮੇਰੇ ਵਰਗਿਆਂ ਕੋਲ ਬਥੇਰਾ ਸੀ... ਬੰਦੂਕ ਵਰਦੀ, ਤਨਖਾਹ, ਤਰੱਕੀ... ਵੇਲੇ ਦੇ ਨਾਲ ਨਾਲ ਦੁਸ਼ਮਣ ਸੱਜਣ ਬਦਲ ਜਾਂਦੇ ਰਹੇ। ਦਸ ਬਾਰਾਂ ਸਾਲ ਪਿੱਛੇ ਨਕਸ਼ਾ ਈ ਹੋਰ ਸੀ। ਦਸ ਬਾਰਾਂ ਸਾਲ ਦੀ ਉਮਰੇ ਮੈਂ ਇਕ ਚੰਗਾ ਨਿਸ਼ਾਨੇਬਾਜ਼ ਤੇ ਪਹਾੜੀ ਜੰਗ ਦਾ ਮਾਹਿਰ ਹੋ ਚੁੱਕਾ ਸੀ। ਰੂਸ ਵਰਗੇ ਸੁਪਰ ਪਾਵਰ ਲਸ਼ਕਰ ਨਾਲ ਭਿੜਨ ਵਾਸਤੇ ਟਰੇਨਿੰਗ ਬੜੀ ਸਖ਼ਤ ਕੀਤੀ ਹੋ ਗਈ, ਤਨਖਾਹ ਵੱਧ ਗਈ। ਅਮਰੀਕਾ ਤੇ ਹੈ ਈ ਸੀ, ਯੂਰਪ ਤੇ ਅਮੀਰ ਮੁਲਕ ਵੀ ਬੜੀ ਅਮਦਾਦ ਪਹੁੰਚਾ ਰਹੇ ਸੀ। ਵੱਡਾ ਤੇ ਪੱਕਾ ਇਤਹਾਦੀ ਇਹੋ ਪਾਕਿਸਤਾਨ ਜਿਹਨੇ ਅੱਜ ਮਰਵਾਇਆ ਏ। ਏਸੇ ਨੇ ਪੂਰੀ ਯਕਜਹਤੀ ਪੂਰੇ ਵੀਹ ਸਾਲ ਰੱਖੀ। ਪਰ ਉਹ ਹਰ ਹਾਲ ਅਮਰੀਕਾ ਨਾਲ ਸੀ।
ਉਹ ਦਿਨ ਜਦੋਂ ਰੂਸੀ ਫੌਜਾਂ ਕਾਬਲ ਅੱਪੜੀਆਂ। ਅਫ਼ਗਾਨਿਸਤਾਨ ਅਮਰੀਕਾ ਦੀ ਅੱਖ ਦਾ ਤਾਰਾ ਸੀ। ਪਰ ਅਫਗਾਨ ਅਵਾਮ ਜੋ ਸਾਰੀ ਦੁਨੀਆਂ ਵਿਚ ਖਿੱਲਰ ਗਏ ਹੋਏ ਸੀ ਕੁੱਝ ਹੋਰ ਵੀ ਉੱਜੜ ਗਏ। ਅੱਧਾ ਮੁਲਕ ਤਾਂ ਪਾਕਿਸਤਾਨ ਜਾ ਬੈਠਾ ਜਿੱਥੇ ਬੱਚੇ ਬੱਚੇ ਨੂੰ ਵਜੀਫ਼ਾ ਰੋਜ਼ ਦੀ ਰੋਜ਼ ਮਿਲਦਾ ਸੀ। ਸਾਡੇ ਸਰਦਾਰਾਂ ਨੇ ਤਾਂ ਉੱਥੇ ਆਪਣੇ ਮਹਿਲ ਮਾੜੀ ਬਣਾ ਲਏ। ਪੁੱਤਰ ਅਮਰੀਕਾ ਭੇਜ ਦਿੱਤੇ। ਜਹਾਦੀ ਭਾਈਚਾਰਾ ਬਹੁਤ ਵੱਧ ਫੁੱਲ ਗਿਆ। ਮੇਰੇ ਨਾਲ ਜਿਨ੍ਹਾਂ ਜਹਾਦ ਕੀਤਾ ਉਹਨਾਂ ਵਿਚ ਕਈ ਅਰਬੀ, ਕਈ ਸੁਡਾਨੀ ਵੀ ਹੈ ਸਨ। ਪਰ ਬਹੁਤੇ ਪਾਕਿਸਤਾਨੀ। ਮੇਰੇ ਖ਼ਾਸ ਮਿੱਤਰ ਮੀਆਂ ਦਾਦ ਤੇ ਉਮਰਾਨ ਨਿਆਜ਼ੀ ਮੀਆਂ ਦਾਦ ਤੋਂ ਆਏ ਹੋਏ ਸੀ। ਏਸੇ ਤਰ੍ਹਾਂ ਫਰੀਦ ਤੇ ਸ਼ਫੀ ਮੁਹੰਮਦ ਬਹਾਵਲਪੁਰ ਦੇ ਮਦਰੱਸੇ ਤੋਂ ਆਏ। ਉਹ ਵੀ ਗਰੀਬੀ ਦੇ ਪਸਮੰਦਗੀ ਦੇ ਮਾਰੇ ਮਾਪਿਆਂ ਦੇ ਪੁੱਤਰ, ਮਦਰੱਸੇ ਨੇ ਸਾਨੂੰ ਸਹਾਰਾ ਦਿੱਤਾ। ਜਹਾਦੀ ਰੂਹ ਜਗਾਈ। ਕੀ ਦੁਨੀਆਂ ਸੀ ਸਾਡੇ ਖ਼ਾਬਾਂ ਦੀ, ਸਾਡੇ ਅਮਲਾਂ ਦੀ।
ਕੀ ਦੱਸਾਂ ਉਹ ਦਿਨ ਜਦੋਂ ਅਸਾਂ ਕਾਬਲ 'ਤੇ ਚੜ੍ਹਾਈ ਕੀਤੀ। ਇਕ ਤੋਂ ਬਾਅਦ ਇਕ ਇਲਾਕਾ ਸਾਡੇ ਟੈਂਕਾਂ ਥੱਲੇ ਆ ਗਿਆ। ਪਰ ਕਈ ਪਿਆਰੇ ਸਾਥੀ ਫਰੀਦ, ਸਜਾਵਲ ਅਹਿਸਨ ਵਰਗੇ ਦੋਸਤ ਸ਼ਹੀਦ ਹੋਏ। ਅੱਜ ਸੋਚਦਾ ਹਾਂ, ਉਹ ਬੜੇ ਮੁਕੱਦਰਾਂ ਵਾਲੇ ਸੀ। ਬੜੇ ਮਾਣ ਸਨਮਾਨ ਨਾਲ ਦਫਨਾਏ ਗਏ। ਘਰ ਵਾਲਿਆਂ ਨੂੰ ਪੈਸਾ ਵੀ ਮਿਲਿਆ। ਫੇਰ ਕਾਬਲ ਦੀ ਫਤਿਹ ਮਗਰੋਂ ਮਾਲ ਗਨੀਮਤ ਵੀ। ਅਸਮਾਨ ਤੇ ਬੜੀ ਗੜਗੜਾਹਟ ਹੋ ਰਹੀ ਏ। ਤੁਸੀਂ ਘਬਰਾਓ ਨਹੀਂ। ਏਥੇ ਆਖ਼ਰੀ ਬੰਬਾਰੀ ਹੋ ਚੁੱਕੀ ਏ। ਹੁਣ ਉਹ ਕੰਧਾਰ ਵੱਲ ਜਾ ਰਹੇ ਨੇ। ਗੱਲ ਹੋ ਰਹੀ ਸੀ ਕਾਬਲ ਦੀ, ਦਸ ਸਾਲ ਪਹਿਲਾਂ ਸ਼ਾਹਿਦ ਤਾਲਿਬਾਨ ਹਕੂਮਤ ਨੂੰ ਤਸਲੀਮ ਵੀ ਕਰ ਲਿਆ। ਪਾਕਿਸਤਾਨ ਨੇ ਸਭ ਤੋਂ ਪਹਿਲਾਂ ਮਾਨਤਾ ਦਿੱਤੀ। ਤਾਲਿਬਾਨ ਹੁਕਮਰਾਨ। ਸੋਚੋ ਉਸ ਵੇਲੇ ਮੇਰੀ ਉਮਰ ਓਨੀ ਵੀ ਨਹੀਂ ਸੀ ਜਿੰਨੀ ਮਹੁੰਮਦ ਬਿਨ ਕਾਸਮ ਦੇ ਸਿੰਧ ਫਤਿਹ ਕਰਨ ਵੇਲੇ ਸੀ। ਮੈਂ ਤਾਂ ਕਮਾਂਡਰ ਵੀ ਨਹੀਂ ਸਾਂ। ਫੇਰ ਵੀ ਫਤਿਹ ਲਸ਼ਕਰ ਦੀ ਸ਼ਾਨ। ਪੁਰਾਣੇ ਕਮਿਊਨਿਸਟ ਹੁਕਮਰਾਨ ਦੀਆਂ ਲਾਸ਼ਾਂ ਵੀ ਏਸੇ ਤਰ੍ਹਾਂ ਨੰਗੀਆਂ ਖਲੀਆਂ ਪਾਮਾਲ ਕੀਤੀਆਂ ਪਈਆਂ ਰਹੀਆਂ। ਕੋਲੋਂ ਲੰਘਣ ਵਾਲੇ ਟਿਚਕਰਾਂ ਕਰਦੇ ਰਹੇ। ਥੁੱਕਦੇ ਵੀ ਰਹੇ। ਪਰ ਕਸਮ ਨਾਲ ਮੈਨੂੰ ਕਿਸੇ ਲਾਸ਼ ਨੂੰ ਠੇਡਾ ਮਾਰਨਾ ਕਦੇ ਵੀ ਚੰਗਾ ਨਹੀਂ ਲੱਗਾ। ਕੋਈ ਕੋਈ ਚਿਹਰਾ ਤਾਂ ਏਸ ਤਰ੍ਹਾਂ ਦਾ ਵੀ ਲੱਗਾ ਜਿਵੇਂ ਉਹ ਕਿਸੇ ਆਪਣੇ ਦਾ ਹੋਵੇ। ਸੱਚ ਪੁੱਛੋ ਤਾਂ ਉਹ ਮੇਰੇ ਵਰਗੇ, ਮੇਰੇ ਨਾਲ ਦੇ ਈ ਸੀਗੇ। ਅਫਗਾਨ, ਭੂਰੀ ਦਾੜ੍ਹੀ, ਕਾਲੀ ਪਗੜੀ, ਨਸਵਾਰੀ ਅੱਖਾਂ। ਉਹਨਾਂ ਦੀਆਂ ਜੇਬਾਂ ਫਰੋਲਣ ਵਾਲੇ ਮੈਨੂੰ ਬੁਰੇ ਲੱਗੇ। ਪਰ ਮੈਂ ਆਪ ਵੀ ਇਕ ਜੇਬ ਫਰੋਲੀ। ਅੰਦਰੋਂ ਜੋ ਨਿਕਲਿਆ ਉਹੋ ਅੱਜ ਮੇਰੀ ਜੇਬ ਵਿਚੋਂ ਨਿਕਲ ਸਕਦਾ ਏ। ਇਕ ਬਟੂਆ, ਕੁੱਝ ਪੈਸੇ, ਨਸਵਾਰ ਦੀ ਡੱਬੀ। ਕਿਸੇ ਦੀ ਤਸਵੀਰ, ਕਿਸੇ ਦਾ ਪਤਾ, ਪਤਾ ਪੜ੍ਹ ਕੇ ਤਾਂ ਇੰਜ ਲੱਗਾ ਸੀ ਜਿਵੇਂ ਮੈਂ ਕਿਸੇ ਜ਼ਿੰਦਾ ਆਦਮੀ ਨਾਲ ਇਹ ਸਲੂਕ ਕਰ ਰਿਹਾਂ। ਹੁਣੇ ਉੱਠ ਖਲੋਏਗਾ। ਮੈਨੂੰ ਪਛਾਣ ਲਵੇਗਾ। ''ਉਹ ਯਾਰ ਜੀ ਕੀ ਕਰ ਰਹੇ ਓ? ਅਸੀਂ ਦੋਵੇਂ ਕੋਈ ਗ਼ੈਰ ਤਾਂ ਨਹੀਂ। ਇਕ ਨਸਲ, ਇਕੋ ਮਜ਼੍ਹਬ, ਇਕ ਮਾਂ ਬੋਲੀ, ਇਕੋ ਦੇਸ਼ ਦੇ ਲੋਕ। ਆਹੋ ਅਸੀਂ ਲੋਕ ਹਾਂ ਆਮ ਆਦਮੀ, ਕਾਬਲ ਦਾ ਤਖ਼ਤ ਤੇਰਾ ਨਾ ਮੇਰਾ। ਕਾਹਦੇ ਲਈ ਜ਼ਾਲਮ ਮਜ਼ਲੂਮ ਬਣੇ ਓ, ਕਾਹਨੂੰ? ਦੱਸ ਮੈਨੂੰ ਤੂੰ ਕਾਹਦਾ ਫਾਤਿਹ ਮੈਂ ਕਾਹਦਾ ਮਫਤੂਹ? ਕਿਹਨੇ ਕੀ ਜਿੱਤਿਆ ਕੀ ਹਾਰਿਆ? ਚੁੱਕ ਮੇਰੀ ਲਾਸ਼ ਦਫ਼ਨਾ ਦੇ ਕਿਤੇ ਆਪਣੀ ਚਾਦਰ ਵਿਚ ਲਵ੍ਹੇਟ ਕੇ ਮੇਰਾ ਪਰਦਾ ਢੱਕ ਦੇ। ਫਾਤਿਹਾ ਪੜ੍ਹ ਦੇ ਇਕ ਭਾਈ ਦੇ ਅਹਿਤਰਾਮ ਨਾਲ, ਇਕ ਇਨਸਾਨ ਦੇ ਫਰਜ਼ ਨਾਲ...।''
ਇਕ ਪਲ ਵਾਸਤੇ ਲੱਗਾ ਮੈਂ ਇਹ ਸਭ ਕੁੱਝ ਕਰਨਾ ਚਾਹੁੰਦਾ ਵਾਂ। ਜਦੋਂ ਆਸੇ ਪਾਸੇ ਦਾ ਹਾਲ ਮਾਹੌਲ ਵੇਖਿਆ ਤਾਂ ਲੱਗਾ ਮੈਂ ਚੰਗਾ ਕੰਮ ਕਰਨ ਵਾਸਤੇ ਬਿਲਕੁਲ ਆਜ਼ਾਦ ਨਹੀਂ। ਇਕ ਖ਼ਬਰ ਦਾ ਹੱਲਾ ਹੋ ਰਿਹਾ ਸੀ। ਧੱਕੇ ਖਾਂਦਾ ਮੈਂ ਕਿਤੇ ਦਾ ਕਿਤੇ ਨਿਕਲ ਗਿਆ। ਸੱਚੀ ਗੱਲ ਏ ਮੈਂ ਤਾਲਿਬਾਨ ਸਿਸਟਮ ਦਾ ਇਕ ਸਿਪਾਹੀ ਸਾਂ। ਅੱਗੋਂ ਹਕੂਮਤ ਬਣੀ। ਮੁੱਲਾਂ ਮਾਤਹਿਤ ਮੁੱਲਾਂ, ਅਮੀਰ ਮੋਮਨ, ਅਮੀਰ ਆਲਾ, ਅਮੀਰਲ ਮੋਮੀਨ, ਸਰਦਾਰ ਕਮਾਂਡਰ, ਉਸੇ ਤਰ੍ਹਾਂ ਜਿਵੇਂ ਹੁੰਦਾ ਆਇਆ। ਕਹਿਣ ਨੂੰ ਇਕ, ਪਰ ਇਕ ਕਿਥੇ? ਦਰਜੇ ਅਹੁਦੇ ਐਸ਼, ਸ਼ਰੀਹਤ ਆ ਗਈ ਲੋਕਾਂ ਵਾਸਤੇ ਬਰਾਬਰੀ ਆਈ ਨਾ ਮਸਾਵਤ ਲਿਆਈ। ਲੋਕੀ ਉਸੇ ਤਰ੍ਹਾਂ ਖਬਾਰ ਖਸਤਾ, ਸਰਦਾਰ ਉਸੇ ਤਰ੍ਹਾਂ ਐਸ਼ ਕੋਸ਼। ਦੌਲਤ ਦੇ ਜ਼ਰੀਏ ਉਹੋ, ਪੋਸਤ ਤੇ ਖੇਤ, ਸੰਗਮਰਮਰ ਦੀਆਂ ਖਾਣਾਂ... ਉਹ ਸਬਜ਼ ਸੁਨਹਿਰੀ ਨਸਵਾਰੀ ਸ਼ੇਡ ਵਾਲੀ ਸੰਗਮਰਮਰ ਮੇਰੇ ਅਫ਼ਗਾਨ ਪਹਾੜਾਂ ਦਾ ਖਜ਼ਾਨਾ, ਦੌਲਤ। ਉਂਝ ਦੌਲਤ ਤਾਂ ਕਾਬਲ ਦੇ ਅੰਗੂਰ ਸਰਦੇ। ਕੰਧਾਰੀ ਅਨਾਰ ਬਦਾਮ ਵੀ ਬਥੇਰੀ ਲਿਆਉਂਦੇ ਸੀ। ਮੇਰੀ ਤਮੰਨਾ ਆਪਣੇ ਬਾਪ ਲਈ ਇਕ ਬਾਗ਼ ਹਾਸਲ ਕਰਨ ਦੀ ਪੂਰੀ ਨਾ ਹੋ ਸਕੀ। ਕਿਉਂ ਜੋ ਤਾਲਿਬਾਨ ਹੋ ਕੇ ਵੀ ਮੈਂ ਆਮ ਤੇ ਸਾਦਾ ਬੰਦਾ ਈ ਰਿਹਾ। ਮੇਰੀ ਅਰਜ਼ੀ ਕਦੇ ਮੰਜ਼ੂਰ ਨਾ ਹੋ ਸਕੀ। ਪਰ ਇਕ ਗੱਲ ਬੜੀ ਸ਼ਾਨਦਾਰ ਹੋ ਗਈ। ਮੇਰੀ ਸ਼ਾਦੀ ਗੁਲ ਜਾਨ ਨਾਲ ਮੁਫ਼ਤ ਵਿਚ ਹੋ ਗਈ। ਗੁਲ ਜਾਨ ਬੜੀ ਸੋਹਣੀ, ਯਤੀਮ ਕੁੜੀ ਸੀ। ਜੇ ਮੈਂ ਤਾਲਿਬਾਨ ਨਾ ਹੁੰਦਾ ਤਾਂ ਐਡੀ ਪਿਆਰੀ ਕੁੜੀ ਵਾਸਤੇ ਬੜਾ ਪੈਸਾ ਦੇਣਾ ਪੈਂਦਾ। ਜਮ੍ਹਾਂ ਕਰਦੇ ਕਰਦੇ ਬੁੱਢਾ ਹੋ ਜਾਂਦਾ ਆਪਣੇ ਬਾਪ ਵਾਂਗ। 
ਤੁਸੀਂ ਅਫ਼ਸੋਸ ਕਰ ਰਹੇ ਓ? ਕਿਹਦੇ ਉੱਤੇ? ਉਹ ਜਿਹਨੂੰ ਮੈਂ ਮਾਰਿਆ ਸੀ ਜਾਂ ਮੇਰੇ ਉੱਤੇ, ਜਿਹਨੂੰ ਕਿਸੇ ਹੋਰ ਨੇ ਮਾਰ ਦਿੱਤਾ? ਨਹੀਂ ਯਾਰਾ ਜੀ, ਤੁਸੀਂ ਅਫਸੋਸ ਕਰਨਾ ਏ ਤਾਂ ਗੁਲ ਜਾਨ ਵਾਸਤੇ ਕਰੋ, ਉਹਦੇ ਫੁੱਲ ਗੁਲਾਬ ਬੱਚਿਆਂ ਵਾਸਤੇ ਜੋ ਉਧਰ ਕਾਬਲ ਵਿਚ ਸੜ ਕੇ ਸਵਾਹ ਹੋ ਗਏ। ਅਖ਼ੀਰ ਵੇਲੇ ਅਸੀਂ 'ਕੱਠੇ ਨਹੀਂ ਸਾਂ। ਮੈਂ ਤਾਂ ਏਧਰ ਮੋਰਚੇ ਵਿਚ ਸਾਂ। ਖ਼ਬਰ ਮਿਲੀ ਸਾਰਾ ਰਿਹਾਇਸ਼ੀ ਇਲਾਕਾ ਉੱਡ ਗਿਆ। ਪੰਦਰਾਂ ਹਜ਼ਾਰ ਪੌਂਡ ਦੇ ਅੱਠ ਸੱਤ ਬੰਬ ਇਕੋ ਵਾਰੀ ਫਟੇ। ਕਿਉਂ ਜੋ ਉਹ ਇਲਾਕਾ ਤਾਲਿਬਾਨ ਦਾ ਰਿਹਾਇਸ਼ੀ ਇਲਾਕਾ ਸੀ, ਖ਼ਾਸ ਨਿਸ਼ਾਨਾ ਬਣਾਇਆ ਗਿਆ। ਨਿਸ਼ਾਨਦੇਹੀ ਆਪਣਿਆਂ ਨੇ ਕੀਤੀ। ਪਰ ਮਰਨ ਵਾਲੇ ਬੱਚੇ ਔਰਤਾਂ ਬੁੱਢੇ ਠੇਰੇ। ਕਿਉਂ ਜੋ ਮਰਦ ਸਾਰੇ ਈ ਬਾਹਰ ਸੀ। ਪਾਗ਼ਲ ਲੋਕੀਂ ਕੀ ਸਮਝੇ ਬੱਚੇ ਮਾਰਨ ਨਾਲ ਤਾਲਿਬਾਨ ਮਰ ਜਾਣਗੇ... ਅੱਜ ਮੈਨੂੰ ਇਕ ਅਫ਼ਸੋਸ ਏ। ਨਹੀਂ ਤੁਸੀਂ ਗ਼ਲਤ ਸਮਝੇ ਓ। ਮੇਰਾ ਪਛਤਾਵਾ ਮੇਰੇ ਤਾਲਿਬਾਨ ਹੋਣ ਵਾਸਤੇ ਨਹੀਂ । ਮਰਨ ਵਾਸਤੇ ਵੀ ਨਹੀਂ। ਕਾਸ਼ ਉਸ ਰਾਤ ਮੈਂ ਵੀ ਉਹਨਾਂ ਦੇ ਨਾਲ ਹੁੰਦਾ। ਮੇਰੀ ਗੁਲ ਜਾਨ, ਮੇਰਾ ਨੋਮੀ, ਮੇਰੀ ਆਲੀਆ, ਮੇਰਾ ਬਾਬਾ ਅਸੀਂ 'ਕੱਠੇ ਈ ਹੁੰਦੇ। ਮੈਨੂੰ ਇਕ ਜ਼ਖਮ ਲੱਗਦਾ। ਅੱਜ ਦੋ ਦਿਨ ਬਾਅਦ ਦੂਜੇ ਜ਼ਖਮ ਮੋਇਆ ਨਾਲ ਮੇਰਾ ਜੁੱਸਾ ਰੋਇਆ। ਦਿਲ ਤਾਂ ਖ਼ਬਰ ਸੁਣ ਕੇ ਮਰ ਗਿਆ ਸੀ। ਆਖ਼ਰ ਮੈਂ ਵੀ ਇਨਸਾਨ ਹਾਂ। 
ਪਰ ਮੈਂ ਕਿਹਨੂੰ ਸੁਣਾ ਰਿਹਾਂ? ਤੁਸੀਂ ਸਾਰੇ ਤਾਲਿਬਾਨ ਨੂੂੰ ਆਦਮੀ ਮੰਨਦੇ ਓ ਨਾ? ਇਨਸਾਨ ਈ ਸਮਝਦੇ ਓ। ਪਰ ਹੋਰ ਕਿਹਨੂੰ? ਅਜਬ ਦੁਨੀਆ ਏ ਯਾਰਾ ਜੀ। ਰੋਬੋਟ ਦੁਨੀਆ। ਸਾਮਰਾਜ ਨੇ ਦੁਨੀਆ ਨੂੰ ਰੋਬੋਟ ਬਣਾ ਛੱਡਿਆ, ਸਾਮਰਾਜ ਮੀਡੀਆ ਤੁਹਾਨੂੰ ਖ਼ਿਆਲ ਦੇਂਦਾ। ਜ਼ਬਾਨ ਦੇਂਦਾ, ਨਫ਼ਰਤ ਮੁਹੱਬਤ, ਸਿਆਸਤ ਪਾਲਿਸੀ, ਅਜਬ ਜਿਹਾ ਸਾਡਾ ਰਿਸ਼ਤਾ। ਕੱਲ੍ਹ ਸਾਮਰਾਜ ਨੇ ਹੁਕਮ ਦਿੱਤਾ, ਤਾਲਿਬਾਨ ਨੂੰ ਮੁਜਾਹਿਦ ਆਖੋ। ਮਮਤਾ ਦੇਵੋ, ਤੁਸੀਂ ਦਿੱਤੀ। ਅੱਜ ਸਾਮਰਾਜ ਨੇ ਆਰਡਰ ਕੀਤਾ। ਨਫ਼ਰਤ ਕਰੋ। ਫਨਾਹ ਕਰ ਦਿਓ, ਟੈਰੇਰਿਸਟ ਆਖੋ, ਤੁਸੀਂ ਕਰ ਦਿੱਤਾ। ਚਲੋ ਇਕ ਨਵੀਂ ਦੁਨੀਆ ਏ। ਪਰ ਤੁਸੀਂ ਤਾਂ ਪੁਰਾਣੇ ਲਿਖਾਰੀ ਓ। ਕਮਿਊਨਿਸਟ ਪਰੋਗਰੈਸਿਵ, ਐਂਟੀ ਸਾਮਰਾਜ। ਆਹੋ ਮੈਂ ਚੰਗੀ ਤਰ੍ਹਾਂ ਜਾਣਦਾ ਵਾਂ। ਨਵਾਂ ਨਵਾਂ ਤਾਲਿਬਾਨ ਬਣ ਕੇ ਮੈਂ ਤੁਹਾਡੇ ਸ਼ਹਿਰ ਟ੍ਰੇਨਿੰਗ ਵਾਸਤੇ ਗਿਆ ਸੀ। ਉਦੋਂ ਮੈਂ ਅਖ਼ਬਾਰ ਵਿਚ ਤੁਹਾਡੇ ਕਾਲਮ ਪੜ੍ਹਦਾ ਰਿਹਾ। ਤੁਸੀਂ ਅਮਰੀਕੀ ਸਾਮਰਾਜ ਦੇ ਖ਼ਿਲਾਫ ਲਿਖਦੇ ਸੀ। ਕਿਉਂ ਜੋ ਤੁਸੀਂ ਸੋਵੀਅਤ ਰੂਸ ਦੇ ਤਰਫ਼ਦਾਰ ਸੀਗੇ। ਏਧਰ ਅਮਰੀਕਾ ਸਾਡਾ ਤਰਫ਼ਦਾਰ ਮਦਦਗਾਰ। ਤੁਹਾਡੀ ਹਕੂਮਤ ਤਾਂ ਸਦਾ ਈ ਅਮਰੀਕਾ ਦੀ ਰਖੇਲ ਰਹੀ ਹੈ। ਪਰ ਤੁਹਾਡੇ ਤਜਰਬੇ ਬੜੇ ਕਾਰਗਰ। ਤੁਹਾਡੇ ਲਫਜ਼ ਬੜੇ ਕਾਰਗਰ... ਇਕ ਵਾਰੀ ਤਾਂ ਮੈਂ ਤੁਹਾਡਾ ਮੁਰੀਦ ਹੁੰਦੇ ਹੁੰਦੇ ਬਚ ਗਿਆ। ਪਤਾ ਲੱਗਾ ਤੁਸੀਂ ਇਸਲਾਮ ਦੇ ਖਿਲਾਫ਼ ਓ। ਹੁਣ ਤਾਂ ਅਮਰੀਕਾ ਵੀ ਤੁਹਾਡੇ ਵਾਂਗ। ਚਲੋ ਛੱਡੋ ਬਹਿਸ ਕਾਹਨੂੰ ਕਰਨੀ। ਕਹਾਣੀ ਦੇ ਮਤਲਬ ਦੀ ਗੱਲ ਤਾਂ ਐਨੀ ਕੁ ਏ ਪਈ ਉਹ ਦੋਹਾਂ ਧਿਰਾਂ ਦਾ ਸੱਚ ਸਾਹਮਣੇ ਲਿਆਵੇ। ਮੇਰਾ ਸੱਚ ਤਾਂ ਬੜਾ ਸਾਦਾ ਏ ਪਰ ਤੁਹਾਡੀ ਗੱਲ ਬੜੀ ਗੁੰਝਲਦਾਰ ਜਨਾਬ। ਅਸੀਂ ਤਾਲਿਬਾਨ ਤਾਂ ਮੁੱਢ ਤੋਂ ਇਸਤੇਮਾਲ ਕੀਤਾ ਜਾਣ ਵਾਲਾ ਕੱਚਾ ਮਟੀਰੀਅਲ ਸੀਗਾ। ਤੁਸੀਂ ਕਿਵੇਂ ਸਮਝ ਲਿਆ ਇਕ ਗਰੀਬ ਗਡਰੀਏ ਦਾ ਭੁੱਖੇ ਢਿੱਡ ਨੰਗੇ ਪੈਰੀਂ ਫਿਰਦਾ ਬਾਲ ਸਾਮਰਾਜ ਦਾ ਸਾਥੀ ਹੋ ਗਿਆ। ਅੱਗੋਂ ਵੱਡੇ ਸਾਮਰਾਜ ਲਈ ਵੱਡਾ ਚੈਲਿੰਜ ਵੀ। ਤੁਸੀਂ ਦਾਨਿਸ਼ਵਰ ਕਹਾਣੀਕਾਰ ਕਿਸੇ ਨੂੰ ਜਾਣੇ ਪਛਾਣੇ ਬਗ਼ੈਰ ਈ ਤਬਸਰੇ ਕਰਦੇ ਓ, ਆਪਣੀ ਥਾਂ ਦੀ ਵੀ ਬਦਲ ਲੈਂਦੇ ਓ। ਕਿਵੇਂ? ਤੁਸੀਂ ਪੁੱਛਿਆ...।
ਅੱਜ ਈ ਦੇਖ ਲਓ ਯਾਰਾ ਜੀ, ਤੁਸੀਂ ਕਿਥੇ ਖਲੋ ਕੇ ਮੇਰੇ ਵਤਨ ਉੱਤੇ ਬੰਬਾਰੀ ਕਰਵਾਈ ਏ? ਅੱਜ ਤੁਸੀਂ ਅੰਦਰ ਬਾਹਰ ਉਹਨਾਂ ਦੇ ਨਾਲ ਓ ਕੱਲ੍ਹ ਜਿਨ੍ਹਾਂ ਦੇ ਖਿਲਾਫ਼ ਸੀਗੇ। ਉਹ ਦੋਵੇਂ ਤੁਹਾਡੇ ਪੁਰਾਣੇ ਦੁਸ਼ਮਣ ਜਦੋਂ ਸਾਡੇ ਖਿਲਾਫ਼ ਸਿਰ ਜੋੜ ਕੇ ਬੈਠੇ ਨੇ ਫੁੱਲਾਂ ਦੀ ਟੋਕਰੀ ਵਾਂਗ ਤੁਹਾਨੂੰ ਵਿਚਕਾਰ ਰੱਖ ਲੈਂਦੇ ਹਨ। ਬੁਰਾ ਮਨਾਵਣ ਵਾਲੀ ਗੱਲ ਨਹੀਂ ਏ ਯਾਰਾ ਜੀ, ਤੁਸੀਂ ਆਪ ਮਹੱਜਬੀ ਅਮਰੀਕਾ ਦੇ ਯਾਰ ਓ ਤੇ ਵਹਿਸ਼ੀ ਜੰਗਲ ਅਫ਼ਗਾਨ ਦੁਨੀਆ ਨੂੰ ਬਰਬਾਦ ਹੁੰਦਿਆਂ ਵੇਖ ਕੇ ਖੁਸ਼ ਵੀ ਹੋ। ਅੱਗੋਂ ਏਸ ਇਲਾਕੇ ਵਿਚ ਬਾਰੂਦ ਸਾਫ਼ ਕਰਕੇ ਅਮਰੀਕੀ ਕਲਚਰ ਦੇ ਖੇਤ ਬੀਜ ਦੇਣਾ। ਏਸ ਕੰਮ ਵਿਚੋਂ ਹਿੱਸਾ ਜ਼ਰੂਰ ਲੈਣਾ। ਤੁਹਾਡੀ ਮਿਹਰ ਹੋਵੇ ਜੋ ਮੇਰੇ ਵਰਗਿਆਂ ਨੂੰ ਸਮਝਾ ਸਕੋ। ਅਮਰੀਕੀ ਤਹਿਜ਼ੀਬ ਦੀ ਪਰਿਭਾਸ਼ਾ ਵਿਚ ਨਾਗਾਸਾਕੀ, ਹੀਰੋਸ਼ੀਮਾ, ਵੀਅਤਨਾਮ, ਕਵਾਂਡਾ, ਈਰਾਕ ਤੇ ਅਫਗਾਨਿਸਤਾਨ ਵਰਗੇ ਨਾਂ ਕੀ ਮਹਿਣੇ ਰੱਖਦੇ ਨੇ?
ਤਾਲਿਬਾਨ ਨੂੰ ਤੁਸੀਂ ਜ਼ਾਲਮ, ਜਾਹਲ ਜਨੂੰਨੀ ਆਖਦੇ ਓ। ਉਹਨਾਂ ਦੀ ਤਹਿਜ਼ੀਬ ਵਿਚ ਬੁਰਕਾ ਏ, ਦਾੜ੍ਹੀ ਏ, ਮੁੱਲਾਂ ਏ। ਕੀ ਖ਼ਿਆਲ ਏ ਤੁਹਾਡੇ ਆਪਣੇ ਦੇਸ਼ ਵਿਚ ਏਸ ਤਰ੍ਹਾਂ ਦਾ ਕੁੱਝ ਵੀ ਨਹੀਂ? ਜੇ ਕੱਲ੍ਹ ਨੂੰ ਏਸੇ ਬਹਾਨੇ ਕੋਈ ਬੰਬਾਰੀ ਕਰਨ ਆ ਜਾਵੇ। ਫੇਰ ਗੱਲ, ਪੈਂਟਾਗਨ ਵਾਲੀ ਗੱਲ... ਅੱਜ ਮੈਂ ਆਪਣਾ ਦਫਾਹ ਨਹੀਂ ਕਰ ਸਕਿਆ। ਹਮਲਾ ਕਿਸ ਤਰ੍ਹਾਂ ਕਰ ਸਕਦਾ ਸਾਂ। ਇਕ ਗੱਲ ਕਰੋ ਨਾ, ਮੈਨੂੰ ਬੈਕਵਰਡ ਵੀ ਕਹਿੰਦੇ ਓ, ਐਡਾ ਅਡਵਾਂਸ ਵੀ ਸਮਝਦੇ ਓ। ਪੈਂਟਾਗਨ ਲਈ ਸਾਰੀ ਦੁਨੀਆ ਤੜਫ ਗਈ। ਅੱਜ ਜਦੋਂ ਅਫਗਾਨਿਸਤਾਨ ਦੇ ਸਾਰੇ ਸ਼ਹਿਰ ਉਡਾ ਦਿੱਤੇ ਗਏ ਨੇ। ਦੁਨੀਆ ਗੂੰਗੀ ਵੀ ਏ ਸੁਖੀ ਵੀ ਏ। ਕੀ ਚਾਲ ਚੱਲੀ ਏ ਅਸਮਾਨਾਂ ਮੇਰੇ ਪਹਾੜਾਂ ਦੇ ਗਾਰਾਂ ਵਰਗੀ ਨਾ... ਸੋ ਯਾਰਾ ਜੀ। 
ਤੁਸੀਂ ਅਫ਼ਗਾਨ ਹਿਸਟਰੀ ਤੋਂ ਨਾਵਾਕਫ਼ ਓ। ਫੇਰ ਵੀ ਬੜੇ ਬੜੇ ਸਵਾਲ, ਬਡੇ ਬੜੇ ਇਤਰਾਜ਼ ਖੜ੍ਹੇ ਕੀਤੇ ਨੇ। ਪਰ ਤੁਸੀਂ ਵੀ ਕੀ ਕਰੋ ਯਾਰਾ ਜੀ! ਮਹਿਤਾਜ ਓ, ਵੈਸਟਰਨ ਮੀਡੀਆ, ਯਹੂਦੀ ਕੰਟਰੋਲ ਨੂੰ ਤੁਹਾਡਾ ਪੁਰਾਣਾ ਕਲਮ, ਮੇਰੀ ਪੁਰਾਣੀ ਬੰਦੂਕ, ਇੰਜ ਮੇਰੇ ਕੋਲ ਸਵਾਲ ਵੀ ਬਥੇਰੇ ਨੇ, ਜਵਾਬ ਵੀ ਘੱਟ ਨਹੀਂ। ਪਰ ਮੇਰੇ ਕੋਲ ਮੀਡੀਆ ਮਸ਼ੀਨ, ਮੀਡੀਆ ਦੀ ਜ਼ਬਾਨ ਵੀ ਨਹੀਂ। ਮੈਂ ਕਦੀ ਵੀ ਦੁਨੀਆ ਨਾਲ ਗੱਲ ਨਹੀਂ ਕਰ ਸਕਿਆ। ਪਤਾ ਮੈਨੂੰ ਸਾਰੀ ਗੱਲ ਦਾ ਹੈਗਾ। ਪਤਾ ਤਾਂ ਤੁਹਾਨੂੰ ਵੀ ਹੈਗਾ ਸਾਮਰਾਜ ਦਾ ਰਗੜਾ ਖਾ ਕੇ ਅੱਜ ਸਿੱਧੇ ਹੋ ਗਏ ਓ। ਇਕ ਪਲ ਵਾਸਤੇ ਪਿੱਛੇ  ਮੁੜ ਕੇ ਵੇਖੋ, ਫ਼ਿਕਰ ਨਾ ਕਰੋ ਤੁਸੀਂ ਪੱਥਰ ਦੇ ਨਹੀਂ ਹੋਣ ਲੱਗੇ। ਵੇਲੇ ਦੇ ਪੁਲ ਪਾਰ ਵੇਖ ਸਾਰੇ ਮਸ਼ਰਕ ਵਿਚ ਤੁਹਾਨੂੰ ਤਾਲਿਬਾਨ ਦਿਸ ਪੈਣਗੇ। ਜੀ ਯਾਰਾ ਜੀ! ਚੀਨ, ਕੋਰੀਆ, ਕੰਬੋਡੀਆ, ਵੀਅਤਨਾਮ, ਫਲਸਤੀਨ, ਸੁਡਾਨ, ਈਰਾਨ, ਇਰਾਕ, ਸ਼੍ਰੀ ਲੰਕਾ, ਪੰਜਾਬ, ਚਿੱਲੀ, ਅਫਰੀਕਾ। ਜੀ ਯਾਰਾ ਜੀ! ਤਾਲਿਬਾਨ ਈ ਤਾਲਿਬਾਨ।
ਅੱਜ ਵੀ ਆਪਣੇ ਦਿਲ 'ਤੇ ਹੱਥ ਰੱਖੋ, ਤੁਸੀਂ ਅੱਜ ਵੀ ਅੰਦਰੋਂ ਕਿਤੇ ਤਾਲਿਬਾਨ ਹੈਗੇ ਓ। ਨਜ਼ਰੀਆ ਆਪਣਾ ਨਜ਼ਰੀਆ, ਸਾਮਰਾਜ ਕੋਲੋਂ ਨਫ਼ਰਤ ਦਾ ਜਜ਼ਬਾ, ਆਪਣੀ ਆਜ਼ਾਦੀ ਦੀ ਸਿੱਕ ਜਿੱਥੇ ਵੀ ਜਾਗੀ ਉੱਥੇ ਈ ਇਕ ਤਾਲਿਬਾਨ ਜੰਮ ਪਿਆ। ਏਸੇ ਤਰ੍ਹਾਂ ਲੈਨਿਨ ਜੰਮਿਆ ਸੀ। ਏਸੇ ਤਰ੍ਹਾਂ ਭਗਤ ਸਿੰਘ, ਹੋ ਚੀ ਮਿੰਨ੍ਹ ਤੇ ਮੋਅਜੇ ਤੁੰਗ ਦਾ ਜਨਮ ਇਕ ਗਾਰ ਵਿਚ ਈ ਤੇ ਹੋਇਆ ਸੀ। ਉਹਦੀ ਗੱਲ ਤੁਹਾਨੂੰ ਕਿੱਡੀ ਪਸੰਦ ਆਈ ਸੀ, ਜਦੋਂ ਉਹਨੇ ਕਿਹਾ, ਸਾਮਰਾਜ ਸਿਰਫ਼ ਕਮਜ਼ੋਰਾਂ ਦਾ ਸ਼ੇਰ ਏ, ਤੇ ਉਹ ਦਿਹਾੜਾ ਜਦੋਂ ਪੈਂਟਾਗਾਨ ਦਾ ਬੁਰਜ ਡਿੱਗਾ, ਅੰਦਰੋਂ ਅੰਦਰ ਤੁਸੀਂ ਓਸਾਮਾ ਨੂੰ ਸਲਾਮ ਕੀਤਾ। ਅੱਜ ਵੀ ਜਦੋਂ ਕੋਲਨ ਪਾਵਲ ਆਪਣਾ ਬਘਿਆੜ ਵਰਗਾ ਬੂਥਾ ਖੋਲ੍ਹਦਾ ਏ ਤੁਸੀਂ ਤਾਲਿਬਾਨ ਨੂੰ ਜ਼ਿੰਦਾਬਾਦ ਨਹੀਂ ਕਰਦੇ? ਸੱਚ ਦੱਸੋ?
ਖ਼ੈਰ ਅੱਜ ਤਾਂ ਤਾਲਿਬਾਨ ਦਾ ਹਿਸਾਬ ਕਿਤਾਬ ਹੋ ਚੁੱਕਾ (ਤੁਹਾਡੇ ਬਹਾਨੇ) ਪਰ ਰੋਜੇ ਹਿਸਾਬ ਅਜੇ ਰਹਿੰਦਾ ਏ। ਹਾਂ ਯਾਰਾ ਜੀ! ਮੇਰਾ ਮੁਰਦਾ ਜਿਸਮ ਸਾਹਮਣੇ ਪਿਆ ਏ। ਚੱਟਾਨ ਦੇ ਉੱਤੇ ਸਿਆਲ ਦੇ ਸੂਰਜ ਦੀ ਆਖ਼ਰੀ ਲੋਏ ਤੁਸੀਂ ਮੈਨੂੰ ਵੇਖ ਲਿਆ ਏ। ਤੁਹਾਡੇ ਅਖ਼ਬਾਰ ਨੇ ਤਸਵੀਰ ਵੀ ਛਾਪ ਦਿੱਤੀ ਏ। ਚੰਗਾ ਏ ਥੋੜ੍ਹੇ ਦਿਨਾਂ ਵਿਚ ਮੈਨੂੰ ਬਰਫ਼ ਦਾ ਕਫ਼ਨ ਮਿਲ ਜਾਣਾ ਏ ਚਿੱਟਾ ਸਫ਼ੇਦ, ਫੇਰ ਮੈਂ ਆਪਣੇ ਮਹੀਬ ਦਿਲਬਰ ਪਹਾੜਾਂ ਦਾ ਪਿਉਂਦ ਬਣ ਜਾਵਾਂਗਾ। ਇਕ ਦਿਨ, ਆਹੋ ਇਕ ਦਿਨ, ਤੁਸੀਂ ਸਮਝ ਗਏ ਯਾਰਾ ਜੀ! ਆਖਰ ਪੁਰਾਣੇ ਦਾਨਸ਼ਵਰ ਓ ਨਾ, ਮੈਂ ਤਵਾਰੀਖ ਵਿਚ ਲਿਖਿਆ ਜਾਣਾ ਏ।  ''ਇਹ ਇਕ ਤਾਲਿਬਾਨ ਹੈ। ਕਾਲੀ ਪਗੜੀ, ਭੂਰੀ ਅੱਖ, ਹੱਥ ਵਿਚ ਪੁਰਾਣੀ ਬੰਦੂਕ, ਏਸੇ ਨੇ ਅਜਿਹਾ ਨਿਸ਼ਾਨਾ ਬੰਨ੍ਹਿਆ, ਕਾਲੀ ਗਾਰ ਦੇ ਅੰਦਰੋਂ ਕਿ ਦੁਨੀਆ ਦੀ ਚਮਕੀਲੀ ਸੁਪਰ ਸਰਮਾਇਆ ਤਾਕਤ ਦੀ ਸੁਪਰ ਟੈਕਨਾਲੋਜੀ ਦੇ ਸੁਪਰ ਟਾਵਰ ਦਾ ਗ਼ਰੂਰ ਨਾਲ ਭਾਰਾ ਸਿਰ ਧਰਤੀ ਉੱਤੇ ਮੂਧੇ ਮੂੰਹ ਆਣ ਡਿੱਗਾ। ਗ਼ਰੂਰ ਨੇ ਖਾਕ ਨੂੰ ਸਿਜਦਾ ਕੀਤਾ।'' ਆਖ਼ਰੀ ਗੱਲ, ਤੁਸੀਂ ਇਕ ਕੰਮ ਤਾਂ ਕਰੋ... ਦੁਨੀਆ ਦੇ ਉਹਨਾਂ ਲੋਕਾਂ ਦੀ ਅਸਲ ਤਾਦਾਦ ਲੱਭੋ, ਜੋ 11 ਸਤੰਬਰ 2001 ਈਸਵੀ ਨੂੰ ਬਹੁਤ ਹੈਰਾਨ ਤੇ ਬਹੁਤ ਖੁਸ਼ ਹੋ ਗਏ ਸਨ। ਛੇ ਅਰਬ ਦੀ ਇਨਸਾਨ ਆਬਾਦੀ ਵਿਚੋਂ ਘੱਟੋ ਘੱਟ ਚਾਰ ਅਰਬ ਲੋਕੀ ਖੁਸ਼ ਹੋਏ ਹੋਣਗੇ। ਦੁਨੀਆ ਦੀ ਮੁਹੀਬ ਤਾਰੀਖ਼ ਦਾ ਇਕ ਦਿਨ ਜ਼ਰੂਰ ਮੇਰੇ ਨਾ ਵੀ ਲਿਖਿਆ ਜਾਣਾ ਏ। ਕਿਉਂ ਜੁ ਮੈਂ ਈ ਪੈਂਟਾਗਨ ਭੰਨਿਆ। ਆਪਣੀ ਪੁਰਾਣੀ ਬੰਦੂਕ ਨਾਲ ਆਹੋ ਮੈਂ! ਮੈਂ ਅਮਰੀਕਾ 'ਤੇ ਹਮਲਾ ਕੀਤਾ, ਆਹੋ ਮੈ! ਮੈਂ!!

ਸਾਥੀ ਸੁਹੇਲ ਦੇ ਨਮਿੱਤ ਕੁੱਝ ਭਾਵਨਾਵਾਂ ਰਾਹੀਂ 'ਸਲਾਮ'

ਸ਼ਰਧਾਂਜਲੀ
ਇਸ ਗੱਲ ਦੀ ਖੁਸ਼ੀ ਤੇ ਤਸੱਲੀ ਹੈ ਕਿ ਅਸੀਂ ਇਕ ਬਹੁਤ ਹੀ ਪ੍ਰਪੱਕ, ਸਿਰੜੀ ਤੇ ਲੋਕ ਹਿਤਾਂ ਨੂੰ ਸਮਰਪਤ ਮਨੁੱਖ ਕਾਮਰੇਡ ਸੁਹੇਲ ਸਿੰਘ ਹੁਰਾਂ ਨੂੰ ਉਨ੍ਹਾਂ ਦੀ 22ਵੀਂ ਬਰਸੀ ਮੌਕੇ ਯਾਦ ਕਰ ਰਹੇ ਹਾਂ। ਆਪਣੇ ਸ਼ਾਨਾਮੱਤੇ ਇਤਿਹਾਸ ਦੇ ਪੰਨਿਆਂ ਉਪਰ ਉਕਰੇ ਨਾਇਕਾਂ ਨੂੰ ਯਾਦ ਕਰਨਾ ਪ੍ਰਗਤੀਸ਼ੀਲ ਲਹਿਰਾਂ ਦੇ ਵਿਕਾਸ ਲਈ ਜ਼ਰੂਰੀ ਸ਼ਰਤਾਂ ਵਿਚੋਂ ਪ੍ਰਮੁੱਖ ਹੈ। ਖਾਸ ਤੌਰ 'ਤੇ ਅਜੋਕੇ ਸਮਿਆਂ ਵਿਚ, ਜਦੋਂ ਮੌਜੂਦਾ ਪੂੰਜੀਵਾਦੀ ਢਾਂਚਾ ਨਾਮਨਿਹਾਦ ਵਿਕਾਸ ਕਰਦਿਆਂ ਨਿਘਾਰ ਦੀ ਸਿਖਰ ਵੱਲ ਵੱਧ ਰਿਹਾ ਹੈ ਅਤੇ ਕਿਸੇ ਵੀ ਵਿਅਕਤੀ ਜਾਂ ਘਟਨਾ ਨੂੰ 'ਨਿੱਜੀ ਮੁਨਾਫੇ ਤੇ ਸਵਾਰਥੀ ਹਿਤਾਂ' ਨਾਲ  ਮੇਲ ਕੇ ਹੀ ਮਾਪਿਆ ਜਾਂਦਾ ਹੈ, ਉਸ ਸਮੇਂ ਸਾਥੀ ਸੁਹੇਲ ਵਰਗੇ ਨਿਸ਼ਠਾਵਾਨ ਤੇ ਜ਼ਿੰਦਾਦਿਲ ਇਨਸਾਨ ਨੂੰ ਯਾਦ ਕਰਨਾ ਤੇ ਉਨ੍ਹਾ ਕੋਲੋਂ ਜਿੰਨੀ ਸੰਭਵ ਹੋ ਸਕੇ, ਪ੍ਰੇਰਨਾ ਲੈ ਕੇ ਸਮਾਜਿਕ ਵਿਕਾਸ ਦੀ ਲਹਿਰ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਯਤਨ ਕਰਨਾ ਹੋਰ ਵੀ ਜ਼ਰੂਰੀ ਤੇ ਲਾਹੇਵੰਦਾ ਬਣ ਜਾਂਦਾ ਹੈ। ਜਿੰਨਾ ਕੁ ਮੇਰਾ ਵਾਹ ਪਿਆ ਸਾਥੀ ਸੁਹੇਲ ਜੀ ਨਾਲ, ਮੈਂ ਉਨ੍ਹਾਂ ਨੂੰ ਨੇੜਿਉਂ ਹੋ ਕੇ ਇਕ 'ਰਾਜਨੀਤਕ ਤਪੱਸਵੀ' ਦੇ ਰੂਪ ਵਿਚ ਦੇਖਿਆ, ਜੋ ਸਾਰੀਆਂ ਆਰਥਿਕ ਤੇ ਸਮਾਜਿਕ ਕਠਿਨਾਈਆਂ ਦਾ ਖਿੜੇ ਮੱਥੇ ਸਾਹਮਣਾ ਕਰਦਾ ਹੋਇਆ, ਅਟੱਲ ਤੇ ਨਿਰਸਵਾਰਥ ਹੋ ਕੇ ਪੂਰੀ ਤਰ੍ਹਾਂ ਆਪਣੇ ਮਿਸ਼ਨ ਦੀ ਪ੍ਰਾਪਤੀ ਲਈ ਸਮਰਪਿਤ ਰਿਹਾ ਹੈ। ਉਸਨੇ ਪ੍ਰਤੀਬੱਧ 'ਇਨਕਲਾਬੀ ਪੱਤਰਕਾਰੀ' ਦਾ ਰਾਹ ਚੁਣਿਆ, ਜੋ ਮੌਜੂਦਾ ਸਮਿਆਂ ਵਿਚ ਆਮ ਤੌਰ 'ਤੇ ਬੀਤੇ ਦੀ ਕਹਾਣੀ ਬਣਦਾ ਜਾ ਰਿਹਾ ਹੈ। ਸਾਥੀ ਸੁਹੇਲ ਆਪਣੀ ਸਿਆਣਪ ਤੇ ਸਿਧਾਂਤਕ ਪ੍ਰਪੱਕਤਾ ਸਦਕਾ ਬਿਨਾਂ ਕਿਸੇ ਹੋਰ ਲਾਲਸਾ ਦਾ ਸ਼ਿਕਾਰ ਹੋਇਆਂ ਨਿਰੰਤਰ ਇਕ ਪ੍ਰਤੀਬੱਧ ਪੱਤਰਕਾਰ ਤੇ ਕਮਿਊਨਿਸਟ ਕਾਰਜਕਰਤਾ ਵਾਂਗਰ ਇਨਕਲਾਬੀ ਲਹਿਰ ਲਈ ਉਮਰ ਭਰ ਆਪਣਾ ਯੋਗਦਾਨ ਪਾਉਂਦਾ ਰਿਹਾ। ਪੱਤਰਕਾਰੀ ਤੇ ਇਨਕਲਾਬੀ ਕਿਰਦਾਰ ਦੋਹਾਂ ਨੂੰ ਹੀ ਸਹਿਜ ਅਵਸਥਾ ਵਿਚ ਪੂਰੀ ਨਿਸ਼ਠਾ ਨਾਲ ਨਿਭਾਉਣਾ, ਅੱਜ ਕਲ ਜੇਕਰ ਅਸੰਭਵ ਨਹੀਂ ਤਾਂ ਘੱਟੋ ਘੱਟ ਮੁਸ਼ਕਿਲ ਜ਼ਰੂਰ ਹੈ। 
ਪਾਰਟੀ ਵਲੋਂ ਦਿੱਤੀ ਜਾਂਦੀ  ਬਹੁਤ ਹੀ ਨਿਗੁਣੀ ਜਿਹੀ ਵਿੱਤੀ ਸਹਾਇਤਾ ਨਾਲ (ਜਿਸਦਾ ਅੱਖਰਾਂ ਵਿਚ ਜ਼ਿਕਰ ਕਰਨਾ ਵੀ ਮਨ ਨੂੰ ਚੰਗਾ ਨਹੀਂ ਲੱਗਦਾ) ਘਰ ਦਾ ਸਾਰਾ ਖਰਚਾ ਚਲਾਉਣਾ, ਸੁਪਤਨੀ ਤੇ ਦੋ ਧੀਆਂ ਦੀਆਂ ਸਭ ਦੁਨਿਆਵੀ ਲੋੜਾਂ ਦੀ ਪੂਰਤੀ ਨਾ ਕਰ ਸਕਣ ਦੇ ਬਾਵਜੂਦ ਵੀ ਇਕ ਆਦਰਸ਼ ਪਤੀ ਤੇ ਪਿਤਾ ਦਾ ਰੋਲ ਨਿਭਾਉਣਾ ਅਤੇ ਕਿਸੇ ਵੀ ਅਨੈਤਿਕ ਢੰਗ ਦੀ ਇਕ 'ਪਾਈ' ਉਪਰ ਵੀ ਲਲਚਾਈ ਨਜ਼ਰ ਨਾ ਰੱਖਣਾ ਸੱਚਮੁਚ ਹੀ ਸਾਥੀ ਸੁਹੇਲ ਨੂੰ ਇਕ 'ਆਦਰਸ਼ਵਾਦੀ ਮਨੁੱਖ' ਦਾ ਰੁਤਬਾ ਪ੍ਰਦਾਨ ਕਰਦਾ ਹੈ। 1975 ਵਿਚ ਕਾਂਗਰਸ ਸਰਕਾਰ ਦੁਆਰਾ ਦੇਸ਼ ਉਪਰ ਠੋਸੀ ਐਮਰਜੈਂਸੀ ਤੇ 80ਵਿਆਂ ਦੇ ਖਾਲਿਸਤਾਨੀ ਦਹਿਸ਼ਤਗਰਦੀ ਦੇ ਖਤਰਨਾਕ ਦੌਰ ਵਿਚ ਵੀ ਸਾਥੀ ਸੁਹੇਲ ਦਾ ਹੌਸਲਾ ਤੇ ਸੱਚੀ ਗੱਲ ਕਹਿਣ ਦੀ ਹਰ ਰੋਜ਼ ਨਵੀਂ 'ਤਰਾਸ਼ੀ ਵਿਧੀ' ਇਕ ਮਾਣ ਕਰਨਯੋਗ ਵਿਲੱਖਣਤਾ ਹੈ ਉਸਦੀ। ਸਰਕਾਰ ਦੇ ਸੈਂਸਰ ਬੋਰਡ ਦੀ ਕੈਂਚੀ ਤੋਂ ਵੀ ਸਾਥੀ ਸੁਹੇਲ ਦੀ ਲਿਖਤ ਅੱਖ ਬਚਾ ਕੇ ਅਗਾਂਹ ਲੰਘ ਜਾਂਦੀ ਸੀ। ਹਰ ਰੋਜ਼ ਹੀ ਲਿਖਤਾਂ ਤੇ ਬੋਲਾਂ ਵਿਚ ਖਾਲਿਸਤਾਨੀ ਦਹਿਸ਼ਤਗਰਦੀ ਦੇ ਪਰਖੱਚੇ ਉਡਾਉਣ ਵਾਲਾ ਸਾਥੀ ਸੁਹੇਲ ਬਿਨਾਂ ਕਿਸੇ ਭੈਅ ਤੇ ਝਿਜਕ ਦੇ ਆਪਣੇ ਜ਼ਿੰਮੇ ਲੱਗੇ ਹਰ ਕੰਮ ਨੂੰ ਬਾਖੂਬੀ ਨਿਭਾਉਂਦਾ ਰਿਹਾ। ਉਸਨੇ ਸਾਰੇ ਖਤਰਿਆਂ ਤੇ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਜੀਵਨ ਭਰ ਕਮਿਊਨਿਸਟ ਕਿਰਦਾਰ ਦਾ ਝੰਡਾ ਬੁਲੰਦ ਕਰੀ ਰੱਖਿਆ। 
ਸੀ.ਪੀ.ਆਈ.(ਐਮ) ਦੀ ਸੂਬਾ ਕਮੇਟੀ ਦਾ ਮੈਂਬਰ ਹੋਣ ਨਾਤੇ ਸਾਥੀ ਸੁਹੇਲ ਨੇ ਕਦੇ ਵੀ ਆਪਣੇ ਨਿੱਜੀ ਹਿਤਾਂ ਨੂੰ ਪਾਰਟੀ ਹਿਤਾਂ ਤੋਂ ਉਪਰ ਨਹੀਂ ਰੱਖਿਆ ਤੇ ਨਾ ਹੀ ਪਾਰਟੀ ਕੋਲੋਂ ਕਿਸੇ ਖਾਸ ਅਹੁਦੇ ਜਾਂ ਰਿਆਇਤ ਦੀ ਮੰਗ ਕੀਤੀ। ਉਹ ਕਿਸੇ ਵੀ ਅਵਸਥਾ ਅਤੇ ਪੁਜੀਸ਼ਨ ਵਿਚ ਕਿਰਤੀਆਂ ਦਾ ਰਾਜ ਸਥਾਪਤ ਕਰਨ ਦੀ ਜੰਗ ਵਿਚ ਇਕ  ਯੋਗ ਸਿਪਾਹੀ/ਜਰਨੈਲ ਦੀ ਭੂਮਿਕਾ ਅਦਾ ਕਰਨ ਦੇ ਸਮਰੱਥ ਸੀ। ਮੇਰੇ ਜੀਵਨ ਦੀ ਸਾਥੀ ਸੁਹੇਲ ਨਾਲ ਨੇੜਤਾ ਵਾਲਾ ਹਿੱਸਾ ਹਮੇਸ਼ਾਂ ਹੀ ਮੇਰੇ ਲਈ ਯਾਦਗਾਰੀ ਤੇ ਪ੍ਰੇਰਨਾ ਸਰੋਤ ਬਣਿਆ ਰਹੇਗਾ। ਕਾਸ਼! ਸਮੇਂ ਤੋਂ ਪਹਿਲਾਂ ਹੀ ਤੁਰ ਜਾਣ ਵਾਲਾ ਸਾਥੀ ਸੁਹੇਲ ਜੇਕਰ ਕਮਿਊਨਿਸਟ ਲਹਿਰ ਸੰਗ ਆਪਣੀ ਦੋਸਤੀ ਤੇ ਵਫ਼ਾਦਾਰੀ ਨੂੰ ਹੋਰ ਲੰਬੇ ਸਮੇਂ ਤੱਕ ਨਿਭਾਉਂਦਾ ਰਹਿੰਦਾ ਤਾਂ ਇਹ ਸਾਡੇ ਸਾਰਿਆਂ ਲਈ ਹੀ ਬਹੁਤ ਲਾਭਕਾਰੀ ਹੁੰਦਾ। ਐਸਾ ਨਾ ਹੋ ਸਕਣ ਦਾ ਸਾਨੂੰ ਅਫਸੋਸ ਹੈ। ਉਸਦੀ ਇਨਕਲਾਬੀ ਜ਼ਿੰਦਗੀ ਦੇ ਤਜ਼ਰਬੇ ਤੇ ਹੰਢਾਏ ਦਰਦ ਅੱਜ ਵੀ ਸਾਨੂੰ ਆਪਣੇ ਅਕੀਦੇ ਉਪਰ ਕਾਇਮ ਰਹਿਣ ਲਈ ਪ੍ਰੇਰਣਾ ਦਾ ਚਿਰਾਗ ਬਣਕੇ ਸਾਡਾ ਰਾਹ ਰੁਸ਼ਨਾ ਰਹੇ ਹਨ। 
- ਮੰਗਤ ਰਾਮ ਪਾਸਲਾ

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਮਾਰਚ 2015)


ਚਾਰ ਖੱਬੀਆਂ ਪਾਰਟੀਆਂ ਵਲੋਂ ਸੂਬੇ ਭਰ 'ਚ ਤਹਿਸੀਲ ਪੱਧਰੀ ਕਾਨਫਰੰਸਾਂ
ਲੁਧਿਆਣਾ 'ਚ ਵਿਸ਼ਾਲ ਸਾਂਝੀ ਰੈਲੀ ਦੌਰਾਨ ਭੱਖਦੇ ਜਨਤਕ ਮੁੱਦਿਆਂ 'ਤੇ ਸਾਂਝਾ ਸੰਘਰਸ਼ ਚਲਾਉਣ ਬਾਰੇ ਕੀਤੇ ਗਏ ਫੈਸਲੇ ਨੂੰ ਅਮਲ 'ਚ ਲਿਆਉਂਦਿਆਂ ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਵਲੋਂ ਸੂਬੇ ਭਰ 'ਚ ਤਹਿਸੀਲ ਪੱਧਰ 'ਤੇ ਰਾਜਨੀਤਕ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਕਾਨਫਰੰਸਾਂ ਦੌਰਾਨ ਕਿਰਤੀ ਲੋਕਾਂ ਨੂੰ ਚੋਹਾਂ ਪਾਰਟੀਆਂ ਵਲੋਂ ਤਿਆਰ ਕੀਤੇ ਗਏ ਸਾਂਝੇ ਮੰਗ ਪੱਤਰ ਬਾਰੇ ਦੱਸਕੇ ਉਨ੍ਹਾਂ ਨੂੰ ਵੱਡੇ ਸੰਘਰਸ਼ ਲਈ ਲਾਮਬੰਦ ਕੀਤਾ ਜਾ ਰਿਹਾ ਹੈ। 
ਇਸ ਸਾਂਝੇ ਮੰਗ ਪੱਤਰ ਵਿਚ ਪੰਜਾਬ ਸਰਕਾਰ ਵਲੋਂ ''ਪੰਜਾਬ ਸਰਕਾਰੀ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ 2014'' ਦੇ ਨਾਂਅ ਹੇਠ ਪਾਸ ਕੀਤੇ ਗਏ ਜਮਹੂਰੀਅਤ ਦਾ ਕਤਲ ਕਰਨ ਵਾਲੇ ਕਾਲੇ ਕਾਨੂੰਨ ਨੂੰ ਵਾਪਸ ਲੈਣ, ਸ਼ਹਿਰੀ ਜਾਇਦਾਦ ਉਤੇ ਲਾਏ ਗਏ ਸਮੁੱਚੇ ਪ੍ਰਾਪਰਟੀ ਟੈਕਸ ਨੂੰ ਖਤਮ ਕਰਨ, ਲਗਾਤਾਰ ਵੱਧਦੀ ਜਾ ਰਹੀ ਮਹਿੰਗਾਈ ਉਪਰ ਰੋਕ ਅਤੇ  ਪ੍ਰਾਂਤ ਅੰਦਰ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ, ਨਸ਼ਿਆਂ, ਰੇਤਾ-ਬਜਰੀ, ਟਰਾਂਸਪੋਰਟ, ਕੇਬਲ ਅਤੇ ਭੂਮੀ ਮਾਫੀਆ ਨੂੰ ਨੱਥ ਪਾਉਣ, ਇਹਨਾਂ ਮਾਫੀਆ ਗਰੋਹਾਂ 'ਚ ਸ਼ਾਮਲ ਰਾਜਨੀਤਿਕ ਆਗੂਆਂ, ਮੰਤਰੀਆਂ ਅਤੇ ਹੋਰ ਰਾਜਨੀਤਕ ਅਸਰ ਰਸੂਖ ਵਾਲੇ ਵਿਅਕਤੀਆਂ ਨੂੰ ਨਾ ਬਖਸ਼ਣ, ਪ੍ਰਸ਼ਾਸਨ 'ਚ ਪਸਰੀ ਕੁਰੱਪਸ਼ਨ ਰੋਕਣ ਅਤੇ ਲੋੜਵੰਦਾਂ ਲਈ ਸਸਤੀ ਰੇਤ ਦੀ ਸਪਲਾਈ ਯਕੀਨੀ ਬਣਾਉਣ, ਬੁਢਾਪਾ ਅਤੇ ਵਿਧਵਾ ਪੈਨਸ਼ਨਾਂ ਬਿਨਾਂ ਸ਼ਰਤ ਘੱਟੋ ਘੱਟ 3000 ਰੁਪਏ ਮਹੀਨਾ ਕਰਨ, ਇਸਤਰੀਆਂ ਉਪਰ ਵੱਧ ਰਹੇ ਅੱਤਿਆਚਾਰ ਰੋਕੇ ਜਾਣ, 44ਵੀਂ ਅਤੇ 45ਵੀਂ ਭਾਰਤੀ ਕਿਰਤ ਕਾਨਫਰੰਸਾਂ ਦੀਆਂ ਸਿਫਾਰਸ਼ਾਂ ਅਨੁਸਾਰ ਗੈਰ ਹੁਨਰਮੰਦ ਕਾਮਿਆਂ ਦੀ ਘੱਟੋ ਘੱਟ ਉਜਰਤ 15000 ਰੁਪਏ ਮਹੀਨਾ ਨਿਰਧਾਰਤ ਕੀਤੇ ਜਾਣ, ਹਰ ਬੇਘਰੇ ਨੂੰ ਘਰ ਬਣਾਉਣ ਲਈ 10 ਮਰਲੇ ਜ਼ਮੀਨ ਦਾ ਪਲਾਟ ਦੇਣ ਅਤੇ ਘਰ ਉਸਾਰਨ ਲਈ ਤਿੰਨ ਲੱਖ ਰੁਪਏ ਦੀ ਗਰਾਂਟ ਦੇਣ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਜਾਂ ਬੇਰੁਜ਼ਗਾਰੀ ਭੱਤਾ ਦੇਣ, ਸਰਕਾਰੀ ਵਿਭਾਗਾਂ ਵਿਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਭਰਨ, ਮਨਰੇਗਾ ਨੂੰ ਕਮਜ਼ੋਰ ਕਰਨ ਦੇ ਮਨਸੂਬੇ ਬੰਦ ਕਰਨ ਅਤੇ ਇਸਦਾ ਵਿਸਤਾਰ ਕਰਕੇ ਇਸ ਨੂੰ ਸਥਾਈ ਸਕੀਮ ਬਣਾਉਣ, ਜਿਸ ਅਧੀਨ ਸਾਰੇ ਲੋੜਵੰਦਾਂ ਲਈ ਪੂਰੇ ਸਾਲ ਦੇ ਰੁਜ਼ਗਾਰ ਦੀ ਗਰੰਟੀ ਕੀਤੀ ਜਾਵੇ ਅਤੇ ਦਿਹਾੜੀ 350 ਰੁਪਏ ਕੀਤੇ ਜਾਣ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਖੇਤੀ ਜਿਣਸਾਂ ਦੇ ਘੱਟੋ ਘੱਟ ਹਮਾਇਤੀ ਭਾਅ ਬੰਨ੍ਹੇ ਜਾਣ ਅਤੇ ਉਹਨਾਂ ਦੀ ਸਰਕਾਰੀ ਖਰੀਦ ਯਕੀਨੀ ਬਣਾਉਣ, ਹੜ੍ਹਾਂ ਅਤੇ ਸੋਕੇ ਕਾਰਨ ਤਬਾਹ ਹੋਈਆਂ ਫਸਲਾਂ ਲਈ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦੇਣ, ਪੇਂਡੂ ਮਜ਼ਦੂਰਾਂ ਅਤੇ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਮੁਆਫ ਕਰਨ, ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਲਈ ਭੂਮੀ ਅਧੀਗ੍ਰਹਿਣ ਕਾਨੂੰਨ ਵਿਚ ਕੀਤੀਆਂ ਜਾ ਰਹੀਆਂ ਕਿਸਾਨ ਵਿਰੋਧੀ ਸੋਧਾਂ 'ਤੇ ਰੋਕ ਲਾਉਣ, ਸਸਤੀ ਵਿੱਦਿਆ ਅਤੇ ਸਿਹਤ ਸੇਵਾਵਾਂ ਲੋਕਾਂ ਦੀ ਪਹੁੰਚ ਵਿਚ ਕੀਤੇ ਜਾਣ, ਪੰਜਾਬ ਦੀਆਂ ਸਾਰੀਆਂ ਸੜਕਾਂ ਤੋਂ ਟੋਲ ਪਲਾਜ਼ੇ ਹਟਾਏ ਜਾਣ ਅਤੇ  ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ ਵਾਸਤੇ ਰਾਜਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਤੇ ਪੰਜਾਬ ਦੀਆਂ ਚੰਡੀਗੜ੍ਹ, ਦਰਿਆਈ ਪਾਣੀਆਂ ਦੀ ਵੰਡ, ਪੰਜਾਬੀ ਬੋਲਦੇ ਇਲਾਕਿਆਂ ਅਤੇ ਪੰਜਾਬੀ ਭਾਸ਼ਾ ਨਾਲ ਸਬੰਧਤ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਤੁਰੰਤ ਪ੍ਰਵਾਨ ਕੀਤੇ ਜਾਣ ਦੀਆਂ ਮੰਗਾਂ ਸ਼ਾਮਲ ਹਨ। 
ਇਨ੍ਹਾਂ ਰਾਜਨੀਤਕ ਕਾਨਫਰੰਸਾਂ ਬਾਰੇ 'ਸੰਗਰਾਮੀ ਲਹਿਰ' ਨੂੰ ਪ੍ਰਾਪਤ ਸੰਖੇਪ ਰਿਪੋਰਟਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ : -
ਰੂਪਨਗਰ: ਖੱਬੀਆਂ ਪਾਰਟੀਆਂ ਵੱਲੋਂ 15 ਸੂਤਰੀ ਮੰਗਾਂ ਨੂੰ  ਲੈ ਕੇ ਸ਼ੁਰੂ ਕੀਤੇ ਸੰਘਰਸ਼ਾਂ ਦੀ ਕੜੀ ਵਜੋਂ 6 ਫਰਵਰੀ ਤਹਿਸੀਲ ਪੱਧਰੀ ਰਾਜਨੀਤਕ ਕਾਨਫਰੰਸ ਰੂਪਨਗਰ ਵਿਖੇ ਕੀਤੀ ਗਈ। ਕਾਨਫਰੰਸ ਦੀ ਪ੍ਰਧਾਨਗੀ ਸੀ.ਪੀ.ਆਈ ਦੇ ਸਾਥੀ ਬੀ.ਐੱਸ ਸੈਣੀ, ਸੀ.ਪੀ.ਆਈ (ਐੱਮ) ਦੇ ਕਾਮਰੇਡ ਰਾਮ ਸਿੰਘ, ਸੀ.ਪੀ.ਐੱਮ ਪੰਜਾਬ ਦੇ ਕਾਮਰੇਡ ਸਮਸ਼ੇਰ ਸਿੰਘ ਨੇ ਕੀਤੀ। ਇਸ ਕਾਨਫਰੰਸ ਵਿਚ ਜੁੜੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਕਾਲੇ ਕਾਨੂੰਨ ਸਮੇਤ ਲੋਕਾਂ ਦੀਆਂ ਭਖਵੀਆਂ 15 ਮੰਗਾਂઠ ਨੂੰ ਲੈ ਕੇ ਪੰਜਾਬ ਦੀਆਂ ਖੱਬੀਆਂ ਪਾਰਟੀਆਂ ਸੰਘਰਸ਼ਸ਼ੀਲ ਹਨ ਅਤੇ ਮਾਰਚ ਵਿੱਚ ਸਮੁੱਚੇ ਪੰਜਾਬ ਵਿਚੋਂ ਲੱਖਾਂ ਦੀ ਗਿਣਤੀ ਵਿਚ ਪੰਜਾਬ ਵਿਧਾਨ ਸਭਾ ਵੱਲ ਪੰਜਾਬ ਦੇ ਬਹਾਦਰ ਲੋਕ ਕੂਚ ਕਰਨਗੇ। ਇਸ ਰਾਜਨੀਤਕ ਕਾਨਫਰੰਸ ਨੂੰ ਸੀ.ਪੀ.ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਲਾਲ ਬਹਾਦਰ, ਕਾਮਰੇਡ ਗੁਰਨਾਮ ਸਿੰਘ, ਕਾਮਰੇਡ ਸਤਵੀਰ ਸਿੰਘ , ਸੀ.ਪੀ.ਆਈ (ਐੱਮ) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਤਰਸੇਮ ਸਿੰਘ ਭੱਲੜੀ, ਕਾਮਰੇਡ ਮਾਸਟਰ ਦਲੀਪ ਸਿੰਘ ਘਨੌਲਾ, ਸੀ.ਪੀ.ਐੱਮ ਪੰਜਾਬ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਤਰਲੋਚਨ ਸਿੰਘ ਰਾਣਾ, ਕਾਮਰੇਡ ਮੋਹਣ ਸਿੰਘ ਧਮਾਣਾ  ਨੇ ਸੰਬੋਧਨ ਕੀਤਾ। 

ਗੜ੍ਹਸ਼ੰਕਰ :  ਪੰਜਾਬ ਦੀਆਂ 4 ਖੱਬੀਆਂ ਪਾਰਟੀਆਂ ਵੱਲੋਂ ਕਿਰਤੀ ਲੋਕਾਂ ਦੀਆਂ ਭਖਦੀਆਂ ਮੰਗਾਂ ਲੈ ਕੇ ਵਿਧਾਨ ਸਭਾ ਵੱਲ ਮਾਰਚ ਕਰਨ ਦੀਆਂ ਤਿਆਰੀਆਂ ਲਈ ਅਰੰਭੀ ਸਾਂਝੇ ਸੰਘਰਸ਼ਾਂ ਦੀ ਲੜੀ ਵਜੋਂ ਇੱਥੋਂ ਦੇ ਨਜ਼ਦੀਕੀ ਪਿੰਡ ਰਾਮਪੁਰ ਬਿੱਲੜੋਂ ਵਿਖੇ 11 ਫਰਵਰੀ ਨੂੰ ਰਾਜਸੀ ਕਾਨਫਰੰਸ ਕੀਤੀ ਗਈ। ਇਸ ਮੌਕੇ ਸੀ. ਪੀ. ਆਈ. (ਐੱਮ), ਸੀ. ਪੀ. ਆਈ., ਸੀ. ਪੀ. ਐੱਮ. ਪੰਜਾਬ ਅਤੇ ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਦੇ ਸੂਬਾਈ ਆਗੂਆਂ ਨੇ ਕਾਨਫਰੰਸ ਦੀ ਅਗਵਾਈ ਕੀਤੀ। ਸੀ. ਪੀ ਐੱਮ. ਦੇ ਸੂਬਾ ਸਕੱਤਰੇਤ ਮੈਂਬਰ ਕਾ. ਰਘੂਨਾਥ ਸਿੰਘ ਅਤੇ  ਸੀ. ਪੀ. ਆਈ. (ਐੱਮ) ਦੇ ਜ਼ਿਲ੍ਹਾ ਸਕੱਤਰ ਕਾ. ਦਰਸ਼ਨ ਸਿੰਘ ਮੱਟੂ, ਸੀ. ਪੀ. ਆਈ. ਦੇ ਨਛੱਤਰ ਪਾਲ, ਸੁਖਦੇਵ ਸਿੰਘ, ਸੀ. ਪੀ. ਐੱਮ. ਪੰਜਾਬ ਦੇ ਮਾ. ਯੋਧ ਸਿੰਘ, ਗੰਗਾ ਪ੍ਰਸ਼ਾਦ, ਪਿਆਰਾ ਸਿੰਘ ਅਤੇ ਚੌਧਰੀ ਅੱਛਰ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।  ਹੋਰਨਾਂ ਤੋਂ ਇਲਾਵਾ ਮਹਿੰਦਰ ਸਿੰਘ ਖੈਰੜ, ਗੁਰਨੇਕ ਸਿੰਘ ਭੱਜਲ, ਰਵਿੰਦਰ ਕੁਮਾਰ ਨੀਟਾ, ਤਰਸੇਮ ਰਾਣਾ ਆਦਿ ਆਗੂ ਹਾਜ਼ਰ ਸਨ।

ਲਹਿਰਾਗਾਗਾ : ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਐੱਮ ਪੰਜਾਬ ਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਵੱਲੋਂ ਸੂਬਾ ਭਰ 'ਚ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਤਹਿਸੀਲ ਪੱਧਰੀ ਕਾਨਫਰੰਸਾਂ ਕਰਨ ਦੇ ਸੱਦੇ ਤਹਿਤ 14 ਫਰਵਰੀ ਨੂੰ ਪਿੰਡ ਖੰਡੇਬਾਦ ਵਿਖੇ ਹਰੀ ਸਿੰਘ ਕੋਟੜਾ, ਮਿੱਤ ਸਿੰਘ ਰਾਮਗੜ੍ਹ, ਸਤਵੰਤ ਸਿੰਘ ਖੰਡੇਬਾਦ ਤੇ ਬਲਵੀਰ ਸਿੰਘ ਜਲੂਰ ਦੀ ਪ੍ਰਧਾਨਗੀ ਹੇਠ ਕੀਤੀ।
ਕਾਨਫਰੰਸ ਨੂੰ ਸੀ ਪੀ ਆਈ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਜਗਰੂਪ ਸਿੰਘ, ਸੀ ਪੀ ਆਈ (ਐੱਮ) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਰੂਪ ਚੰਦ ਚੰਨੋ, ਸੀ ਪੀ ਐੱਮ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਭੀਮ ਸਿੰਘ ਆਲਮਪੁਰ ਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਭੀਖੀ ਨੇ ਸੰਬੋਧਨ ਕੀਤਾ। 
ਉਕਤ ਆਗੂਆਂ ਤੋਂ ਇਲਾਵਾ ਸੁਖਦੇਵ ਸ਼ਰਮਾ, ਬਲਵਿੰਦਰ ਸਿੰਘ,  ਭਗਵਾਨ ਸਿੰਘ, ਰਾਮ ਸਰੂਪ ਸਿੰਘ, ਪੂਰਨ ਸਿੰਘ ਬਖੋਰਾ, ਗੁਰਬਚਨ ਬੱਲਰੇ, ਨਾਥ ਸਿੰਘ ਤੇ ਬਿੱਲੂ ਸਿੰਘ ਨਮੋਲ ਆਦਿ ਨੇ ਵੀ ਸੰਬੋਧਨ ਕੀਤਾ। 

ਜਲੰਧਰ : ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਐੱਮ ਪੰਜਾਬ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਵੱਲੋਂ ਦਿੱਤੇ ਗਏ ਸਾਂਝੇ ਸੱਦੇ ਅਨੁਸਾਰ ਤਹਿਸੀਲ ਫਿਲੌਰ ਦੀ ਸਾਂਝੀ ਕਾਨਫਰੰਸ 15 ਫਰਵਰੀ ਨੂੰ ਜਲੰਧਰ ਜ਼ਿਲ੍ਹੇ ਦੇ ਪ੍ਰਸਿੱਧ ਨਗਰ ਗੁਰਾਇਆ ਵਿਖੇ ਦਿਆਲ ਸਿੰਘ ਢੰਡਾ, ਸ਼ਿੰਗਾਰਾ ਸਿੰਘ ਦੁਸਾਂਝ ਅਤੇ ਸਵਰਨ ਸਿੰਘ ਅਕਲਪੁਰੀ 'ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜ ਸੌ ਤੋਂ ਵੱਧ ਸਾਥੀਆਂ ਨੇ ਹਿੱਸਾ ਲਿਆ। ਇਸ ਕਾਨਫਰਸ ਨੂੰ  ਸੀ.ਪੀ.ਆਈ.(ਐਮ) ਦੇ ਲਹਿੰਬਰ ਸਿੰਘ ਤੱਗੜ, ਗੁਰਮੀਤ ਸਿੰਘ ਢੱਡਾ, ਮਾਸਟਰ ਪਰਸ਼ੋਤਮ ਬਿਲਗਾ, ਪਿਆਰਾ ਸਿੰਘ ਲਸਾੜਾ, ਸੀ ਪੀ ਐੱਮ ਪੰਜਾਬ ਦੇ ਜ਼ਿਲ੍ਹਾ ਸਕੱਤਰ ਗੁਰਨਾਮ ਸਿੰਘ ਸੰਘੇੜਾ, ਜਸਵਿੰਦਰ ਸਿੰਘ ਢੇਸੀ, ਸ਼ਿੰਗਾਰਾ ਸਿੰਘ ਬੋਪਾਰਾਏ, ਪਰਮਜੀਤ ਰੰਧਾਵਾ, ਸੰਤੋਖ ਸਿੰਘ ਬਿਲਗਾ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਦਿਲਬਾਗ ਸਿੰਘ, ਚਰਨਜੀਤ ਥੰਮੂਵਾਲ, ਜਗੀਰ ਸਿੰਘ ਮੁਆਈ ਅਤੇ ਰਸ਼ਪਾਲ ਕੈਲੇ ਨੇ ਸੰਬੋਧਨ ਕੀਤਾ ਅਤੇ ਸਾਂਝੇ ਸੰਘਰਸ਼ ਦੇ ਮੁੱਦਿਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। 

ਮਹਿਤਪੁਰ : ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਐੱਮ ਪੰਜਾਬ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਵੱਲੋਂ ਸਾਂਝੇ ਸੱਦੇ ਅਨੁਸਾਰ ਜ਼ਿਲ੍ਹਾ ਜਲੰਧਰ ਦੇ ਕਸਬੇ ਮਹਿਤਪੁਰ ਬੱਸ ਅੱਡੇ ਵਿੱਚ 16 ਫਰਵਰੀ ਨੂੰ ਸਿਆਸੀ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਦੀ ਪ੍ਰਧਾਨਗੀ ਦਿਲਬਾਗ ਸਿੰਘ, ਮੇਹਰ ਸਿੰਘ ਖੁਰਲਾਪੁਰ ਤੇ ਮਨੋਹਰ ਸਿੰਘ ਗਿੱਲ ਨੇ ਸਾਂਝੇ ਤੌਰ 'ਤੇ ਕੀਤੀ। 
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖੱਬੇ-ਪੱਖੀ ਆਗੂਆਂ ਨੇ ਕਿਹਾ ਕਿ 15 ਸੂਤਰੀ ਮੰਗ ਪੱਤਰ ਨੂੰ ਪ੍ਰਵਾਨ ਕਰਵਾਉਣ ਲਈ ਮਾਰਚ ਦੇ ਤੀਜੇ ਹਫਤੇ ਵਿਧਾਨ ਸਭਾ ਵੱਲ ਨੂੰ ਮਾਰਚ ਕੀਤਾ ਜਾਵੇਗਾ, ਜਿਸ ਵਿੱਚ ਪੰਜਾਬ ਦੇ ਹਜ਼ਾਰਾਂ ਲੋਕ ਭਾਗ ਲੈਣਗੇ ਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ਾਂ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਕਾਨਫਰੰਸ ਨੂੰ ਸੀ ਪੀ ਆਈ ਵੱਲੋਂ ਹਰਦੇਵ ਅਰਸ਼ੀ ਸਾਬਕਾ ਐੱਮ ਐੱਲ ਏ, ਦਿਲਬਾਗ ਸਿੰਘ, ਚਰਨਜੀਤ ਥੰਮੂਵਾਲ, ਸੁਸ਼ੀਲ ਕੁਮਾਰ, ਸੀ ਪੀ ਐੱਮ ਵੱਲੋਂ ਲਹਿੰਬਰ ਸਿੰਘ ਤੱਗੜ, ਸੁਰਿੰਦਰ ਖੀਵਾ, ਗੁਰਮੀਤ ਸਿੰਘ ਢੱਡਾ, ਮੋਹਣ ਸਿੰਘ ਹੁਸੈਨਾਬਾਦ, ਇੰਦਰ ਸਿੰਘ ਸ਼ਾਹਪੁਰ, ਸੀ ਪੀ ਐੱਮ ਪੰਜਾਬ  ਵੱਲੋਂ ਕੁਲਵੰਤ ਸਿੰਘ ਸੰਧੂ, ਦਰਸ਼ਨ ਨਾਹਰ, ਗੁਰਨਾਮ ਸਿੰਘ ਸੰਘੇੜਾ, ਮਨੋਹਰ ਸਿੰਘ ਗਿੱਲ, ਰਾਮ ਸਿੰਘ ਕੈਮਵਾਲਾ, ਸੱਤਪਾਲ ਸਹੋਤਾ ਅਤੇ ਸੰਦੀਪ ਅਰੋੜਾ ਆਦਿ ਆਗੂਆਂ ਨੇ ਸੰਬੋਧਨ ਕੀਤਾ। 

ਮਹਿਲ ਕਲਾਂ : ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ., ਸੀ.ਪੀ.ਐੱਮ ਅਤੇ ਸੀ ਪੀ ਐੱਮ ਪੰਜਾਬ ਅਤੇ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਵੱਲੋਂ ਵੱਲੋਂ ਸਾਂਝੇ ਤੌਰ 'ਤੇ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਕਿਸਾਨ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ 16 ਫਰਵਰੀ ਨੂੰ ਇਕ ਵਿਸ਼ਾਲ ਸਿਆਸੀ ਕਾਨਫਰੰਸ ਸਾਥੀ ਮਲਕੀਤ ਸਿੰਘ ਵਜੀਦਕੇ, ਸਾਥੀ ਗੁਰਦੇਵ ਸਿੰਘ ਦਰਦੀ, ਗੁਰਸੇਵਕ ਸਿੰਘ ਮਹਿਲ ਖੁਰਦ ਅਤੇ ਹਰਮਨ ਸਿੰਘ ਹਿੰਮਤਪੁਰਾ ਦੀ ਪ੍ਰਧਾਨਗੀ ਹੇਠ ਅਨਾਜ ਮੰਡੀ ਮਹਿਲ ਕਲਾਂ ਵਿਖੇ ਹੋਈ। ਇਸ ਮੌਕੇ ਸੀ ਪੀ ਆਈ ਦੇ ਜ਼ਿਲ੍ਹਾ ਆਗੂ ਉਜਾਗਰ ਸਿੰਘ ਬੀਹਲਾ, ਮੀਤ ਸਕੱਤਰ ਖੁਸ਼ੀਆ ਸਿੰਘ, ਸੀ.ਪੀ.ਐੱਮ ਪੰਜਾਬ ਦੇ ਕਾਮਰੇਡ ਭੋਲਾ ਸਿੰਘ ਕਲਾਲ ਮਾਜਰਾ, ਨਿਹਾਲ ਸਿੰਘ ਧਾਲੀਵਾਲ, ਡਾ. ਕੁਲਵੰਤ ਰਾਏ ਪੰਡੋਰੀ, ਅਮਰਜੀਤ ਸਿੰਘ ਕੁੱਕੂ, ਸੁਰਜੀਤ ਸਿੰਘ ਦਿਹੜ, ਲਿਬਰੇਸ਼ਨ ਦੇ ਗੁਰਪ੍ਰੀਤ ਸਿੰਘ ਰੂੜੇਕੇ ਨੇ ਕਿਰਤੀਆਂ ਨੂੰ ਆਉਣ ਵਾਲੇ ਸਮੇਂ ਵਿਚ ਜ਼ੋਰਦਾਰ ਸੰਘਰਸ਼ ਸ਼ੁਰੂ ਕਰਨ ਦਾ ਸੱਦਾ ਦਿੱਤਾ। ਇਸਤਰੀ ਆਗੂਆਂ ਜਸਵੀਰ ਕੌਰ ਸਹਿਜੜਾ, ਜਸਪਾਲ ਕੌਰ ਕੁਰੜ, ਗੁਰਮੇਲ ਕੌਰ ਦੀਵਾਨਾ, ਯਸ਼ਪਾਲ ਸਿੰਘ ਮਹਿਲ ਕਲਾਂ, ਗੁਰਦੇਵ ਸਿੰਘ ਸਹਿਜੜਾ, ਪ੍ਰੀਤਮ ਸਿੰਘ ਦਰਦੀ, ਧੰਨਾ ਸਿੰਘ ਭਦੌੜ, ਭਾਨ ਸਿੰਘ ਸੰਘੇੜਾ, ਸਾਧਾ ਸਿੰਘ ਵਿਰਕ ਆਦਿ ਨੇ ਵੀ ਵਿਚਾਰ ਰੱਖੇ। 

ਬੁਢਲਾਡਾ : ਕੇਂਦਰ ਅਤੇ ਬਾਦਲ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਚਾਰ ਖੱਬੇ ਪੱਖੀ ਪਾਰਟੀਆਂ ਵੱਲੋਂ ਸ਼ੁਰੂ ਕੀਤੇ ਗਏ ਅੰਦੋਲਨ ਦੀ ਲੜੀ ਵਜੋਂ 17 ਜਨਵਰੀ ਨੂੰ ਬੁਢਲਾਡਾ ਦੀ ਅਨਾਜ ਮੰਡੀ ਵਿਖੇ ਭਰਵੀਂ ਸਿਆਸੀ ਕਾਨਫਰੰਸ ਕਰਕੇ ਪੰਜਾਬ ਸਰਕਾਰ ਖਿਲਾਫ ਨਾਹਰੇਬਾਜ਼ੀ ਕੀਤੀ ਗਈ। ਇਸ ਕਾਨਫਰੰਸ ਦੀ ਪ੍ਰਧਾਨਗੀ ਚਾਰ ਖੱਬੇ ਪੱਖੀ ਪਾਰਟੀਆਂ ਦੇ ਆਗੂ ਮਾਸਟਰ ਗੁਰਬਚਨ ਸਿੰਘ ਮੰਦਰਾਂ, ਕਾਮਰੇਡ ਵੇਦ ਪ੍ਰਕਾਸ਼, ਨਿੱਕਾ ਸਿੰਘ ਸਮਾਊਂ, ਅਮਰੀਕ ਸਿੰਘ ਫਫੜੇ ਭਾਈਕੇ ਅਤੇ ਨਾਭਾ ਸਿੰਘ ਨੇ ਕੀਤੀ। ਇਸ ਕਾਨਫਰੰਸ ਨੂੰ ਸਰਵਸਾਥੀ ਜਗਜੀਤ ਸਿੰਘ ਜੋਗਾ, ਰਾਜਵਿੰਦਰ ਸਿੰਘ ਰਾਣਾ, ਭਗਵੰਤ ਸਿੰਘ ਸਮਾਓਂ, ਕ੍ਰਿਸ਼ਨ ਚੌਹਾਨ, ਛੱਜੂ ਰਾਮ ਰਿਸ਼ੀ, ਕੁਲਵਿੰਦਰ ਸਿੰਘ ਉਡਤ ਤੋਂ ਇਲਾਵਾ ਨਾਜਰ ਸਿੰਘ, ਸੀਤਾ ਰਾਮ, ਇਸਤਰੀ ਵਿੰਗ ਦੀ ਆਗੂ ਮਨਜੀਤ ਕੌਰ ਗਾਮੀਵਾਲਾ, ਬਲਕਾਰ ਸਿੰਘ ਬਰਾੜ, ਬੰਗੂ ਸਿੰਘ, ਜੀਤ ਸਿੰਘ ਬੋਹਾ, ਗੁਰਨਾਮ ਸਿੰਘ ਭੀਖੀ, ਰਾਏਕੇ ਸਿੰਘ, ਕਾਮਰੇਡ ਰੂਪ ਸਿੰਘ ਭੀਖੀ, ਕਾਮਰੇਡ ਜਗਤਾਰ ਸਿੰਘ ਕਾਲਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕੁਲਦੀਪ ਲਾਲਪੁਰੀ ਨੇ ਇਨਕਲਾਬੀ ਗੀਤ ਵੀ ਪੇਸ਼ ਕੀਤੇ।

ਬਹਿਰਾਮ : ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਸਥਾਨਕ ਦਾਣਾ ਮੰਡੀ ਬਹਿਰਾਮ ਵਿਖੇ ਖੱਬੀਆਂ ਪਾਰਟੀਆਂ ਵੱਲੋਂ ਕਾਨਫਰੰਸ ਕੀਤੀ ਗਈ, ਜਿਸ ਵਿੱਚ ਮੁੱਖ ਤੌਰ 'ਤੇ ਸੀ ਪੀ ਐੱਮ ਪੰਜਾਬ ਦੇ ਸਕੱਤਰ ਮੰਗਤ ਰਾਮ ਪਾਸਲਾ, ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰੇਤ ਮੈਂਬਰ ਰਾਮ ਸਿੰਘ ਨੂਰਪੁਰੀ ਅਤੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਪੂਰ ਸਿੰਘ ਜਾਡਲੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਕਾਨਫਰੰਸ ਦੀ ਪ੍ਰਧਾਨਗੀ ਸੀ ਪੀ ਆਈ ਦੇ ਤਹਿਸੀਲ ਸਕੱਤਰ ਰਾਮ ਲਾਲ, ਸੀ ਪੀ ਆਈ (ਐੱਮ) ਦੇ ਸਕੱਤਰ ਕੁਲਦੀਪ ਝਿੰਗੜ, ਸੀ ਪੀ ਐੱਮ ਪੰਜਾਬ ਦੇ ਸਕੱਤਰ ਹਰਪਾਲ ਜਗਤਪੁਰ ਨੇ ਕੀਤੀ। ਸੋਹਣ ਸਲੇਮਪੁਰੀ ਸੂਬਾ ਕਮੇਟੀ ਮੈਂਬਰ ਸੀ ਪੀ ਐੱਮ ਪੰਜਾਬ, ਬਲਵੀਰ ਜਾਡਲਾ ਸੀ.ਪੀ.ਆਈ. (ਐੱਮ) ਨਰਿੰਦਰ ਮੇਹਲੀ, ਕੁਲਵੰਤ ਰਾਏ, ਜਰਨੈਲ ਸਿੰਘ, ਸੁਨੀਤਾ ਤਲਵੰਡੀ, ਰਜਨੀ ਮੇਹਲੀ ਅਦਿ ਨੇ ਵੀ ਸੰਬੋਧਨ ਕੀਤਾ। 

ਭੀਖੀ : ਇੱਥੇ ਗੁਰਦੁਆਰਾ ਗਰਾਉਂਡ ਪਾਤਸ਼ਾਹੀ ਨੌਂਵੀ ਭੀਖੀ ਵਿਖੇ ਚਾਰ ਖੱਬੀਆਂ ਪਾਰਟੀਆਂ ਵੱਲੋਂ ਬਲਾਕ ਪੱਧਰੀ ਸਿਆਸੀ ਕਾਨਫਰੰਸ ਕੀਤੀ ਗਈ ਜਿਸ ਦੀ ਪ੍ਰਧਾਨਗੀ ਕਾ.ਨਾਤਾ ਸਿੰਘ ਫਫੜੇ,ਹਰਨੇਕ ਸਿੰਘ ਖੀਵਾ, ਕਾ. ਗੁਰਸੇਵਕ ਮਾਨ, ਦਰਸ਼ਨ ਟੇਲਰ, ਅਮਰੀਕ ਸਿੰਘ ਫਫੜੇ, ਭਗਵੰਤ ਰਾਏ ਖੀਵਾ, ਕਾ. ਈਸ਼ਰ ਸਿੰਘ ਦਲੇਲ ਸਿੰਘ ਵਾਲਾ, ਕੁਲਵੰਤ ਰਾਏ ਭੀਖੀ ਨੇ ਕੀਤੀ। 
ਇਸ ਕਾਨਫਰੰਸ ਨੂੰ ਸੀ.ਪੀ.ਆਈ(ਐੱਮ.ਐੱਲ) ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਭਗਵੰਤ ਸਮਾਂਓ, ਕਾ. ਗੁਰਨਾਮ ਭੀਖੀ, ਸੀ.ਪੀ.ਆਈ (ਐੱਮ) ਦੇ ਜ਼ਿਲ੍ਹਾ ਸਕੱਤਰ  ਕੁਲਵਿੰਦਰ ਉੱਡਤ, ਨਛੱਤਰ ਸਿੰਘ ਢੈਪਈ, ਸੀ.ਪੀ.ਆਈ ਦੇ ਜ਼ਿਲ੍ਹਾ ਸਹਾਇਕ ਸਕੱਤਰ ਸੀਤਾ ਰਾਮ ਗੋਬਿੰਦਪੁਰਾ, ਕਰਨੈਲ ਸਿੰਘ ਦਾਤੇਵਾਸ, ਸੀ.ਪੀ.ਐੱਮ. ਪੰਜਾਬ ਦੇ ਮਾ. ਛੱਜੂ ਰਾਮ ਰਿਸ਼ੀ, ਅਮਰੀਕ ਸਿੰਘ ਫਫੜੇ ਨੇ ਸੰਬੋਧਨ ਕੀਤਾ।

ਤਰਨ ਤਾਰਨ : ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਖਿਲਾਫ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐੱਮ) ਅਤੇ ਸੀ ਪੀ ਐੱਮ ਪੰਜਾਬ ਵੱਲੋਂ 17 ਫਰਵਰੀ ਨੂੰ ਗਾਂਧੀ ਪਾਰਕ ਤਰਨ ਤਾਰਨ ਵਿਖੇ ਕਾਨਫਰੰਸ ਕੀਤੀ ਗਈ। ਜਿਸ ਦੀ ਪ੍ਰਧਾਨਗੀ ਮੁਖਤਾਰ ਸਿੰਘ ਅਲਾਦੀਨਪੁਰ,  ਜਸਪਾਲ ਸਿੰਘ ਢਿੱਲੋਂ ਅਤੇ ਹੀਰਾ ਸਿੰਘ ਕੰਡਿਆਂਵਾਲੇ ਨੇ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਤਾਰਾ ਸਿੰਘ ਖਹਿਰਾ, ਸੀ ਪੀ ਐੱਮ ਪੰਜਾਬ ਦੇ ਸੂਬਾਈ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਸੀ ਪੀ ਆਈ (ਐੱਮ) ਦੇ ਸੂਬਾਈ ਸਕੱਤਰੇਤ ਮੈਂਬਰ ਵਿਜੇ ਮਿਸ਼ਰਾ, ਜੈਮਲ ਸਿੰਘ ਬਾਠ, ਰਤਨ ਸਿੰਘ ਰੰਧਾਵਾ, ਪ੍ਰਗਟ ਸਿੰਘ ਜਾਮਾਰਾਏ, ਦਵਿੰਦਰਜੀਤ ਸਿੰਘ ਢਿੱਲੋਂ, ਦਵਿੰਦਰ ਸੋਹਲ, ਸੁਖਦੇਵ ਸਿੰਘ ਗੋਹਲਵੜ, ਸਤਨਾਮ ਸਿੰਘ ਦੇਊ, ਬਲਦੇਵ ਸਿੰਘ ਪੰਡੋਰੀ,  ਸੀਮਾ ਸੋਹਲ, ਕੁਲਵੰਤ ਝਬਾਲ, ਕੁਲਬੀਰ ਸਿੰਘ ਕਸੇਲ ਨੇ ਸੰਬੋਧਨ ਕੀਤਾ।  

ਫਤਿਹਗੜ੍ਹ ਸਾਹਿਬ : ਪੰਜਾਬ ਦੀਆਂ ਚਾਰ ਪ੍ਰਮੁੱਖ ਖੱਬੀਆਂ ਪਾਰਟੀਆਂ, ਜਿਸ ਵਿੱਚ ਸੀ ਪੀ ਆਈ, ਸੀ ਪੀ ਆਈ (ਐੱਮ), ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਸ਼ਾਮਲ ਹਨ, ਵਲੋਂ 18 ਫਰਵਰੀ ਨੂੰ ਲੋਕਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਸੰਬੰਧੀ ਤਹਿਸੀਲ ਸਰਹਿੰਦ ਦੀ ਇੱਕ ਕਨਵੈਨਸ਼ਨ ਸਰਵ ਸਾਥੀ ਅਮਰ ਨਾਥ ਸਕੱਤਰ ਸੀ ਪੀ ਆਈ, ਸੁਖਦੇਵ ਸਿੰਘ ਟਿੱਬੀ ਸੀ ਪੀ ਆਈ (ਐੱਮ), ਗੁਰਬਚਨ ਸਿੰਘ ਵਿਰਦੀ ਸੀ ਪੀ ਐੱਮ ਪੰਜਾਬ ਦੀ ਅਗਵਾਈ ਵਿੱਚ ਬ੍ਰਾਹਮਣ ਮਾਜਰਾ, ਸਰਹਿੰਦ ਵਿਖੇ ਕੀਤੀ ਗਈ। ਜਿਸ ਵਿੱਚ ਚਾਰ ਖੱਬੀਆਂ ਪਾਰਟੀਆਂ ਦੇ ਆਗੂਆਂ ਨੇ 15 ਨੂਕਾਤੀ ਸਾਂਝੇ ਮੰਗ ਪੱਤਰ ਤੋਂ ਇਲਾਵਾ ਲੇਬਰ ਅਫਸਰ ਰਾਜਪੁਰਾ ਦਾ ਦਫਤਰ ਮੰਡੀ ਗੋਬਿੰਦਗੜ੍ਹ ਫੌਰੀ ਤੌਰ 'ਤੇ ਪਹਿਲ ਦੇ ਅਧਾਰ 'ਤੇ ਤਬਦੀਲ ਕੀਤੇ ਜਾਣ ਦੀ ਮੰਗ ਕੀਤੀ। ਬੁਲਾਰਿਆਂ ਨੇ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਨਿਕਟ ਭਵਿੱਖ ਵਿੱਚ ਹੋਰ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ, ਜਿਸ ਦੀ ਸਾਰੀ  ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਕਨਵੈਨਸ਼ਨ ਨੂੰ ਸੀ ਪੀ ਆਈ ਦੇ ਆਗੂ ਵਿਨੋਦ ਕੁਮਾਰ ਪੱਪੂ, ਹਰਦੇਵ ਸਿੰਘ ਬਡਲਾ, ਕ੍ਰਿਪਾਲ ਸਿੰਘ, ਸਿਮਰਤ ਕੌਰ, ਬਲਵਿੰਦਰ ਸਿੰਘ, ਮਨਜੀਤ ਸਿੰਘ, ਸੀ ਪੀ ਆਈ (ਐੱਮ) ਦੇ ਲਛਮਣ ਸਿੰਘ ਮੰਢੇਰਾ ਤੋਂ ਇਲਾਵਾ ਸੀ ਪੀ ਐੱਮ ਪੰਜਾਬ ਦੇ ਠਾਕੁਰ ਸਿੰਘ, ਹਰਜੀਤ ਸਿੰਘ ਤਰਖਾਣ ਮਾਜਰਾ ਤੇ ਤੇਜਾ ਸਿੰਘ ਟੌਹੜਾ ਆਦਿ ਨੇ ਵੀ ਸੰਬੋਧਨ ਕੀਤਾ। 

ਖਡੂਰ ਸਾਹਿਬ : ਚਾਰ ਖੱਬੇ-ਪੱਖੀ ਪਾਰਟੀਆਂ ਦੇ ਸੱਦੇ 'ਤੇ ਸੀ ਪੀ ਆਈ, ਸੀ ਪੀ ਆਈ (ਐੱਮ) ਅਤੇ ਸੀ ਪੀ ਐੱਮ ਪੰਜਾਬ ਵੱਲੋਂ ਦਾਣਾ ਮੰਡੀ ਖਡੂਰ ਸਾਹਿਬ ਵਿਖੇ 18 ਫਰਵਰੀ ਨੂੰ ਵਿਸ਼ਾਲ ਕਾਨਫਰੰਸ ਕੀਤੀ ਗਈ, ਜਿਸ ਦੀ ਪ੍ਰਧਾਨਗੀ ਸੁਰਜੀਤ ਸਿੰਘ ਖੇਲਾ, ਨਿੰਦਰ ਸਿੰਘ ਖਡੂਰ ਸਾਹਿਬ, ਜਸਬੀਰ ਸਿੰਘ ਵੈਰੋਵਾਲ ਆਦਿ ਆਗੂਆਂ ਨੇ ਕੀਤੀ। 
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਮੰਗਤ ਰਾਮ ਪਾਸਲਾ ਸੂਬਾਈ ਸਕੱਤਰ ਸੀ ਪੀ ਐੱਮ ਪੰਜਾਬ, ਪਾਲ ਸਿੰਘ ਸੂਬਾ ਕਮੇਟੀ ਮੈਂਬਰ ਸੀ ਪੀ ਆਈ (ਐੱਮ), ਸਵਰਨ ਸਿੰਘ ਨਾਗੋਕੇ ਸੂਬਾ ਕੌਂਸਲ ਮੈਂਬਰ ਸੀ ਪੀ ਆਈ, ਦਲਵਿੰਦਰ ਸਿੰਘ ਪਨੂੰ, ਪ੍ਰਗਟ ਸਿੰਘ ਜਾਮਾਰਾਏ, ਗੁਰਦਿਆਲ ਸਿੰਘ ਖਡੂਰ ਸਾਹਿਬ,  ਹਰਿੰਦਰਪਾਲ, ਬਲਦੇਵ ਸਿੰਘ, ਮੁਖਤਾਰ ਸਿੰਘ ਮੱਲਾ, ਨਛੱਤਰ ਸਿੰਘ ਤੁੜ, ਬਲਵਿੰਦਰ ਸਿੰਘ ਦਦੇਹਰ, ਜਸਬੀਰ ਸਿੰਘ ਵੈਰੋਵਾਲ, ਇੰਦਰ ਸਿੰਘ ਜਾਮਾਰਾਏ, ਦੇਵੀ ਕੁਮਾਰੀ ਸਰਹਾਲੀ, ਦਾਰਾ ਸਿੰਘ ਮੁੰਡਾਪਿੰਡ, ਸੁਖਦੇਵ ਸਿੰਘ ਗੋਰਲਵੜ, ਦਰਸ਼ਨ ਸਿੰਘ, ਅਜੀਤ ਸਿੰਘ ਨੇ ਵਿਚਾਰ ਰੱਖੇ।

ਪਾਤੜਾਂ  : ਚਾਰ ਖੱਬੀਆਂ ਪਾਰਟੀਆਂ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਜ਼ਮੀਨ ਪ੍ਰਾਪਤੀ ਸੋਧ ਬਿੱਲ ਵਿੱਚ ਕਿਸਾਨਾਂ ਨਾਲ ਕੀਤੇ ਜਾ ਰਹੇ ਧੱਕੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ 21 ਫਰਵਰੀ ਨੂੰ ਇੱਕ ਸਾਂਝੀ ਕਿਸਾਨ ਕਾਨਫ਼ਰੰਸ ਸਬ-ਡਵੀਜ਼ਨ ਪਾਤੜਾਂ ਦੇ ਪਿੰਡ ਦੁਗਾਲ ਵਿੱਚ ਕੀਤੀ। ਇਸ ਕਾਨਫ਼ਰੰਸ ਦੀ ਪ੍ਰਧਾਨਗੀ ਸੀ ਪੀ ਆਈ ਦੇ ਬਲਾਕ ਸਕੱਤਰ ਰਾਮਚੰਦ ਚੁਨਾਗਰਾ, ਸੀ ਪੀ ਐੱਮ ਦੇ ਗੁਰਬਖਸ਼ ਸਿੰਘ ਧਨੇਠਾ ਤੇ ਸੁਖਦੇਵ ਸਿੰਘ ਨਿਆਲ ਨੇ ਕੀਤੀ। ਇਸ ਕਾਨਫ਼ਰੰਸ ਨੂੰ ਹੋਰਨਾਂ ਤੋਂ ਇਲਾਵਾ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕੁਲਵੰਤ ਸਿੰਘ ਮੌਲਵੀਵਾਲਾ, ਸੀ ਪੀ ਐੱਮ ਦੇ ਜ਼ਿਲ੍ਹਾ ਸਕੱਤਰ ਗੁਰਦਰਸ਼ਨ ਸਿੰਘ ਖਾਸਪੁਰ, ਸੀ ਪੀ ਐੱਮ ਪੰਜਾਬ ਦੇ ਪੂਰਨ ਚੰਦ ਨਨਹੇੜਾ, ਧਰਮਪਾਲ ਸੀਲ, ਜਗਜੀਤ ਸਿੰਘ ਦੁਗਾਲ, ਰੇਸ਼ਮ ਸਿੰਘ ਪਾਤੜਾਂ, ਨਰਾਤਾ ਰਾਮ ਦੇਧਨਾਂ ਆਦਿ ਨੇ ਸੰਬੋਧਨ ਕੀਤਾ।

ਸਰਦੂਲਗੜ੍ਹ : ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਵੱਲੋਂ 15 ਸੂਤਰੀ ਮੰਗ ਪੱਤਰ ਲਾਗੂ ਕਰਵਾਉਣ ਲਈ ਸੂਬੇ ਭਰ ਵਿੱਚ ਕੀਤੀਆਂ ਜਾ ਰਹੀਆਂ ਬਲਾਕ ਪੱਧਰ ਦੀਆਂ ਰੈਲੀਆਂ ਦੀ ਕੜੀ ਹੇਠ 21 ਫਰਵਰੀ ਨੂੰ ਸਥਾਨਕ ਚੌੜਾ ਬਾਜ਼ਾਰ ਵਿੱਚ ਕਾਮਰੇਡ ਕਰਤਾਰ ਸਿੰਘ ਰੋੜਕੀ, ਸੁਰਜੀਤ ਸਿੰਘ ਕੋਟਧਰਮੂ, ਸ਼ੰਕਰ ਸਿੰਘ ਜਟਾਣਾ, ਆਤਮਾ ਰਾਮ, ਗੁਰਦੇਵ ਸਿੰਘ, ਤੇਜਾ ਸਿੰਘ ਹੀਰਕੇ, ਕਰਮਜੀਤ ਸਿੰਘ ਮਾਖਾ, ਮਹਿੰਦਰ ਸਿੰਘ ਝੰਡਾ ਕਲਾਂ ਦੀ ਪ੍ਰਧਾਨਗੀ ਹੇਠ ਵਿਸ਼ਾਲ ਜਨਤਕ ਰੈਲੀ ਕੀਤੀ ਗਈ। ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਕਾਮਰੇਡ ਗੁਰਮੀਤ ਸਿੰਘ ਨੰਦਗ੍ਹੜ, ਸੀ ਪੀ ਐੱਮ ਪੰਜਾਬ ਦੇ ਜ਼ਿਲ੍ਹਾ ਸਕੱਤਰ ਲਾਲ ਚੰਦ ਸਰਦੂਲਗੜ੍ਹ, ਛੱਜੂ ਰਾਮ ਰਿਸੀ, ਤਹਿਸੀਲ ਸਕੱਤਰ ਜੁਗਰਾਜ ਸਿੰਘ ਹੀਰਕੇ, ਸੀ.ਪੀ.ਆਈ.(ਐਮ) ਦੇ ਜ਼ਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਉੱਡਤ, ਬਲਦੇਵ ਸਿੰਘ ਬਾਜੇਵਾਲਾ ਨੇ ਸੰਬੋਧਨ ਕੀਤਾ।

ਬਟਾਲਾ  :  ਸੁੱਖਾ ਸਿੰਘ ਮਹਿਤਾਬ ਸਿੰਘ ਪਾਰਕ ਵਿੱਚ ਪੰਜਾਬ ਦੀਆਂ 4 ਖੱਬੀਆਂ ਪਾਰਟੀਆਂ ਸੀ.ਪੀ.ਆਈ, ਸੀ.ਪੀ.ਆਈ (ਐੱਮ), ਸੀ.ਪੀ.ਐੱਮ.ਪੰਜਾਬ ਅਤੇ ਸੀ.ਪੀ.ਆਈ (ਐੱਮ.ਐੱਲ) ਲਿਬਰੇਸ਼ਨ ਵੱਲੋਂ 21 ਫਰਵਰੀ ਨੂੰ ਸਾਂਝੀ ਰਾਜਨੀਤਕ ਕਾਨਫਰੰਸ ਕੀਤੀ ਗਈ, ਜਿਸ ਦੀ ਪ੍ਰਧਾਨਗੀ ਗੁਰਦਿਆਲ ਸਿੰਘ ਘੁਮਾਣ, ਅਸ਼ਵਨੀ ਕੁਮਾਰ ਹੈਪੀ, ਜਰਨੈਲ ਸਿੰਘ ਅਤੇ ਅਵਤਾਰ ਸਿੰਘ ਕਿਰਤੀ ਨੇ ਸਾਂਝੇ ਤੌਰ 'ਤੇ ਕੀਤੀ। 
ਇਸ ਰੈਲੀ ਨੂੰ ਸੀ.ਪੀ.ਆਈ.ਦੇ ਕੌਮੀ ਕਮੇਟੀ ਮੈਂਬਰ ਕਾ. ਭੁਪਿੰਦਰ ਸਿੰਘ, ਸੀ.ਪੀ.ਆਈ. (ਐੱਮ) ਦੇ ਸਕੱਤਰੇਤ ਮੈਂਬਰ ਰਣਬੀਰ ਸਿੰਘ ਵਿਰਕ, ਸੀ.ਪੀ.ਐੱਮ ਪੰਜਾਬ ਦੇ ਸਕੱਤਰੇਤ ਮੈਂਬਰ ਮਾ. ਰਘਬੀਰ ਸਿੰਘ ਪਕੀਵਾਂ ਅਤੇ ਸੀ.ਪੀ.ਆਈ. (ਐੱਮ.ਐੱਲ) ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰਾ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ 15 ਸੂਤਰੀ ਮੰਗ ਪੱਤਰ ਸਵੀਕਾਰ ਨਾ ਕੀਤਾ ਤਾਂ ਵਿਧਾਨ ਸਭਾ ਵੱਲ ਖੱਬੀਆਂ ਪਾਰਟੀਆਂ ਮਾਰਚ ਕਰਨ ਲਈ ਮਜਬੂਰ ਹੋਣਗੀਆਂ।  

ਅਜਨਾਲਾ : ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਭਾਂਜ ਦੇਣ ਲਈ ਚਾਰ ਖੱਬੀਆਂ ਪਾਰਟੀਆਂ ਵੱਲੋਂ ਵਿੱਢੇ ਗਏ ਸ਼ੰਘਰਸ਼ ਦੀ ਲੜੀ ਤਹਿਤ ਸ਼ਹਿਰ ਅਜਨਾਲਾ ਵਿੱਚ ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ., ਸੀ.ਪੀ.ਆਈ.(ਐੱਮ), ਸੀ.ਪੀ.ਐੱਮ. ਪੰਜਾਬ ਤੇ ਸੀ.ਪੀ.ਆਈ. (ਅੱੈਮ.ਐੱਲ.) ਲਿਬਰੇਸ਼ਨ ਵੱਲੋਂ ਰਾਜਨੀਤਕ ਕਾਨਫਰੰਸ ਕੀਤੀ ਗਈ, ਜਿਸ ਦੀ ਪ੍ਰਧਾਨਗੀ ਹਰਚਰਨ ਸਿੰਘ ਝੰਜੋਟੀ, ਦਰਬਾਰਾ ਸਿੰਘ ਲੋਪੋਕੇ, ਗੁਰਨਾਮ ਸਿੰਘ ਉਮਰਪੁਰਾ ਤੇ ਕੁਲਵੰਤ ਸਿੰਘ ਰਾਮ ਦੀਵਾਲੀ ਨੇ ਸਾਂਝੇ ਤੌਰ 'ਤੇ ਕੀਤੀ। 
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ: ਸਤਨਾਮ ਸਿੰਘ ਅਜਨਾਲਾ, ਅਮਰੀਕ ਸਿੰਘ, ਗੁਰਚਰਨ ਸਿੰਘ ਅਵਾਨ ਤੇ ਜੋਗਿੰਦਰ ਸਿੰਘ ਖੰਨਾ ਚੁਮਾਰਾ ਨੇ ਕਿਹਾ ਕਿ ਸਾਨੂੰ ਵਿਸ਼ਾਲ ਏਕਾ ਉਸਾਰ ਕੇ 15 ਸੂਤਰੀ ਮੰਗਾਂ ਦੀ ਪ੍ਰਾਪਤੀ ਲਈ ਵਿਸ਼ੇਸ਼ ਲਹਿਰ ਉਸਾਰਨੀ ਚਾਹੀਦੀ ਹੈ। ਕਾਨਫਰੰਸ ਨੂੰ ਹੋਰਨਾਂ ਤੋਂ ਇਲਾਵਾ ਸੀਨੀਅਰ ਆਗੂ ਰਤਨ ਸਿੰਘ ਰੰਧਾਵਾ, ਮਾਸਟਰ ਸੁੱਚਾ ਸਿੰਘ, ਵਿਰਸਾ ਸਿੰਘ ਟਪਿਆਲਾ, ਨਰਿੰਦਰ ਕੁਮਾਰ ਚਮਿਆਰੀ, ਸ਼ੀਤਲ ਸਿੰਘ ਤਲਵੰਡੀ, ਕੁਲਵੰਤ ਸਿੰਘ ਮੱਲੂ ਨੰਗਲ, ਸੁਰਜੀਤ ਸਿੰਘ ਦੁੱਦਰਾਏ, ਬੀਬੀ ਅਜੀਤ ਕੌਰ ਕੋਟ ਰਜ਼ਾਦਾ, ਉਤਮ ਸਿੰਘ ਧਨੋਆ ਤੇ ਬੀਰ ਸਿੰਘ ਭੱਖੇ ਆਦਿ ਨੇ ਵੀ ਸੰਬੋਧਨ ਕੀਤਾ।

ਸੁਲਤਾਨਪੁਰ ਲੋਧੀ : ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਵਲੋਂ 17 ਫਰਵਰੀ ਨੂੰ ਇਕ ਕਾਨਫਰੰਸ ਚੌਕ ਚੇਲਿਆਂ ਵਿਖੇ ਕੀਤੀ ਗਈ। ਇਹ ਕਾਨਫਰੰਸ ਮਾਸਟਰ ਚਰਨ ਸਿੰਘ, ਜਤਿੰਦਰ ਰਾਜੂ ਅਤੇ ਮੱਖਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਕਾਨਫਰੰਸ ਵਿਚ 15 ਮੰਗਾਂ ਦੇ ਮੁੱਦੇ ਉਤੇ ਬੁਲਾਰਿਆਂ ਨੇ ਖੁਲ੍ਹ ਕੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਬੁਲਾਰਿਆਂ 'ਚ ਭੁਪਿੰਦਰ ਸਾਂਬਰ, ਲਹਿੰਬਰ ਸਿੰਘ ਤੱਗੜ, ਗੁਰਮੇਜ ਸਿੰਘ, ਨਿਰੰਜਣ ਸਿੰਘ ਉਚਾ, ਬਲਦੇਵ ਸਿੰਘ ਸੁਲਤਾਨਪੁਰ, ਸੁਰਿੰਦਰ ਖੀਵਾ ਆਦਿ ਸ਼ਾਮਲ ਸਨ।

ਚੰਡੀਗੜ੍ਹ : ਚਾਰ ਖੱਬੀਆਂ ਪਾਰਟੀਆਂ ਦੇ ਸੱਦੇ 'ਤੇ 18 ਫਰਵਰੀ ਨੂੰ ਇਕ ਖੁੱਲ੍ਹੀ ਰਾਜਨੀਤਕ ਕਾਨਫਰੰਸ ਪਾਰਕ ਨਜ਼ਦੀਕ ਸਨਬੀਮ ਹੋਟਲ ਸੈਕਟਰ 22 ਚੰਡੀਗੜ੍ਹ ਵਿਖੇ ਹੋਈ। ਇਸ ਕਾਨਫਰੰਸ ਦੀ ਪ੍ਰਧਾਨਗੀ ਸਾਂਝੇ ਤੌਰ 'ਤੇ ਦੇਵੀ ਦਿਆਲ ਸ਼ਰਮਾ, ਮੁਹੰਮਦ ਸ਼ਹਿਨਾਜ ਗੋਰਸ਼ੀ, ਜੋਗਿੰਦਰ ਸਿੰਘ ਅਤੇ ਕੰਵਲਜੀਤ ਸਿੰਘ ਵਲੋਂ ਕੀਤੀ ਗਈ। ਬੁਲਾਰਿਆਂ ਨੇ 15 ਨੂਕਾਤੀ ਸਾਂਝੇ ਮੰਗ ਪੱਤਰ ਦੀ ਵਿਆਖਿਆ ਕੀਤੀ। ਇਸਤੋਂ ਬਿਨਾਂ ਉਨ੍ਹਾਂ ਮੰਗ ਕੀਤੀ ਕਿ ਲੇਬਰ ਕਾਨੂੰਨਾਂ ਵਿਚ ਅਮੀਰ ਪੱਖੀ ਸੋਚ ਨੂੰ ਰੱਦ ਕੀਤਾ ਜਾਵੇ ਅਤੇ ਚੰਡੀਗੜ੍ਹ ਲੇਬਰ ਵਿਭਾਗ ਦੀ ਕਾਰਗੁਜਾਰੀ ਵਿਚ ਸੁਧਾਰ ਕੀਤਾ ਜਾਵੇ। ਯੂਨੀਅਨ ਟੈਰੋਟਰੀ 'ਚ ਸਭ ਝੁਗੀ ਵਾਸੀਆਂ ਦਾ ਮੂੜ ਵਸੇਬਾ ਕੀਤਾ ਜਾਵੇ ਅਤੇ ਚੰਡੀਗੜ੍ਹ ਐਡਮਿਨਸਟ੍ਰੇਸ਼ਨ ਤੋਂ ਪੁਲਸ ਵਲੋਂ ਤੇ ਫੁਟਪਾਥ ਤੇ ਕੰਮ ਕਰਦੇ ਕਾਰੀਗਰਾਂ ਅਤੇ ਆਟੋਰਿਕਸ਼ਾ ਡਰਾਇਵਰਾਂ ਤੋਂ ਇਕੱਠੀ ਕੀਤੀ ਜਾ ਰਹੀ ਮੰਥਲੀ ਨੂੰ ਬੰਦ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਚੰਡੀਗੜ੍ਹ ਐਡਮਿਨਸ੍ਰੇਸ਼ਨ ਤੋਂ ਮੰਗ ਕੀਤੀ ਕਿ ਫੁਟਪੱਥ ਅਤੇ ਰੇਹੜੀ ਫੜੀ ਕਾਮਿਆਂ ਦਾ ਭਾਰਤ ਸਰਕਾਰ ਦੀ ਸਕੀਮ ਅਨੁਸਾਰ ਵਸੇਬਾ ਕੀਤਾ ਜਾਵੇ, ਉਨ੍ਹਾਂ ਦਾ ਸ਼ੋਸ਼ਣ ਬੰਦ ਕੀਤਾ ਜਾਵੇ ਅਤੇ ਯੂਨੀਅਨ ਟੈਰਟੈਰੀ ਦੇ ਪਿੰਡਾਂ 'ਚ ਰਹਿਣ ਵਾਲਿਆਂ ਦੀਆਂ ਦੇਰ ਤੋਂ ਲਟਕਦੀਆਂ ਮੰਗਾਂ ਨੂੰ ਹੱਲ ਕੀਤਾ ਜਾਵੇ। ਇਸ ਕਾਨਫਰੰਸ ਨੂੰ ਸਰਬਸਾਥੀ ਦੇਵੀ ਦਿਆਲ ਸ਼ਰਮਾ, ਪ੍ਰੀਤਮ ਸਿੰਘ, ਰਾਜਕੁਮਾਰ, ਵਿਜੈ ਮਿਸ਼ਰਾ, ਚੰਦਰ ਸ਼ੇਖਰ, ਕੁਲਦੀਪ ਸਿੰਘ, ਹਸਮੀਤ ਸਿੰਘ, ਸਤੀਸ਼ ਕੁਮਾਰ, ਨਵਕਿਰਨ, ਇੰਦਰਜੀਤ ਗਰੇਵਾਲ, ਸੱਜਣ ਸਿੰਘ ਤੇ ਸਤੀਸ਼ ਖੋਸਲਾ ਨੇ ਸੰਬੋਧਨ ਕੀਤਾ। 

ਗੁਰਦਾਸਪੁਰ : ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਦੀਆਂ 15 ਸੂਤਰੀ ਮੰਗਾਂ ਦੀ ਪ੍ਰਾਪਤੀ ਲਈ ਗੁਰਦਾਸਪੁਰ ਦੇ ਨਹਿਰੂ ਪਾਰਕ ਵਿਖੇ 12 ਫਰਵਰੀ ਨੂੰ ਰਾਜਨੀਤਕ ਕਾਨਫਰੰਸ ਕੀਤੀ। ਜਿਸਦੀ ਪ੍ਰਧਾਨਗੀ ਸਾਂਝੇ ਤੌਰ 'ਤੇ ਮਾਸਟਰ ਦਰਸ਼ਨ ਸਿੰਘ, ਬਲਬੀਰ ਸਿੰਘ ਕੱਤੋਵਾਲ, ਫਤਿਹ ਚੰਦ ਅਤੇ ਸੁਖਦੇਵ ਸਿੰਘ ਭਾਗੋਕਾਵਾਂ ਨੇ ਕੀਤੀ। ਇਸ ਕਾਨਫਰੰਸ ਨੂੰ ਸੀ.ਪੀ.ਆਈ. ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਭੁਪਿੰਦਰ ਸਿਘ ਸਾਂਭਰ, ਸੀ.ਪੀ.ਆਈ.(ਐਮ.) ਦੇ ਸਕੱਤਰੇਤ ਮੈਂਬਰ ਕਾਮਰੇਡ, ਵਿਜੇ ਮਿਸ਼ਰਾ, ਸੀ.ਪੀ.ਐਮ.ਪੰਜਾਬ  ਦੇ ਸਕੱਤਰੇਤ ਮੈਂਬਰ ਕਾਮਰੇਡ ਲਾਲ ਚੰਦ ਕਟਾਰੂਚੱਕ, ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ, ਲਖਬੀਰ ਸਿੰਘ ਹਾਰਣੀਆਂ, ਠਾਕਰ ਧਿਆਨ ਸਿੰਘ, ਜਸਵੰਤ ਸਿੰਘ ਬੁਟਰ ਅਤੇ ਦਲਬੀਰ ਸਿੰਘ ਰੰਧਾਵਾ ਨੇ ਸੰਬੋਧਨ ਕੀਤਾ। 

ਬਾਬਾ ਬਕਾਲਾ : 23 ਫਰਵਰੀ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਚਾਰ ਖੱਬੀਆਂ ਪਾਰਟੀਆਂ ਦੇ ਸੱਦੇ 'ਤੇ ਸੀ.ਪੀ.ਆਈ. ਦੇ ਲਖਬੀਰ ਸਿੰਘ ਨਿਜ਼ਾਮਪੁਰ, ਸੀ.ਪੀ.ਆਈ.(ਐੱਮ) ਦੇ ਨਿਰਮਲ ਸਿੰਘ ਭੱਟੀਕੇ ਅਤੇ ਸੀ.ਪੀ.ਐੱਮ. ਪੰਜਾਬ ਦੇ ਬਲਦੇਵ ਸਿੰਘ ਸੈਦਪੁਰ ਦੀ ਪ੍ਰਧਾਨਗੀ ਹੇਠ ਕਿਰਤੀ ਲੋਕਾਂ ਦਾ ਇਕ ਵਿਸ਼ਾਲ ਇਕੱਠ ਹੋਇਆ, ਜਿਸ ਵਿੱਚ ਬੁਲਾਰਿਆਂ ਨੇ ਦੇਸ਼ ਵਿੱਚ ਸਾਮਰਾਜੀ ਦਿਸ਼ਾ ਨਿਰਦੇਸ਼ਤ ਨਿੱਜੀਕਰਨ, ਉਦਾਰੀਕਰਨ ਦੀਆਂ ਨੀਤੀਆਂ ਅਤੇ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਅਤੇ ਬਹੁਕੌਮੀ ਕਾਰਪੋਰੇਸ਼ਨਾਂ ਦੇ ਹਿੱਤ ਪੂਰਨ ਵਾਲੀਆਂ ਲੋਕ ਵਿਰੋਧੀ ਨੀਤੀਆਂ ਪੂਰੇ ਜ਼ੋਰ ਨਾਲ ਲਾਗੂ ਕਰਨ, ਪੰਜਾਬ ਵਿੱਚ ਰੇਤ-ਬੱਜਰੀ ਉਤੇ ਕਬਜ਼ਾ ਕਰਨ, ਨਸ਼ਿਆਂ ਨਾਲ ਜਵਾਨੀ ਨੂੰ ਬਰਬਾਦ ਕਰਨ, ਕਾਲੇ ਕਾਨੂੰਨ ਬਣਾਉਣ, ਕਿਸਾਨਾਂ ਦੀਆਂ ਜ਼ਮੀਨਾਂ ਬਹੁਕੌਮੀ ਕੰਪਨੀਆਂ ਨੂੰ ਲੁਟਾਉਣ ਖਿਲਾਫ ਜ਼ਬਰਦਸਤ ਰੋਸ ਪ੍ਰਗਟ ਕੀਤਾ। ਇਸ ਮੌਕੇ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਮੰਗਤ ਰਾਮ ਪਾਸਲਾ, ਵਿਜੈ ਮਿਸ਼ਰਾ, ਗੁਰਨਾਮ ਸਿੰਘ ਦਾਊਦ ਤੋਂ ਇਲਾਵਾ ਬਲਕਾਰ ਸਿੰਘ ਦੁਧਾਲਾ, ਲਖਬੀਰ ਸਿੰਘ ਨਿਜ਼ਾਮਪੁਰ, ਜਸਵੰਤ ਸਿੰਘ ਜੰਡਿਆਲਾ ਗੁਰੂ, ਬਲਕਾਰ ਸਿੰਘ ਵੜੈਚ, ਗੁਰਦੀਪ ਸਿੰਘ ਬੁਤਾਲਾ, ਅਮਰੀਕ ਸਿੰਘ, ਗੁਰਮੇਜ ਸਿੰਘ ਸੈਦਪੁਰ, ਹਰਪ੍ਰੀਤ ਸਿੰਘ ਬੁਟਾਰੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।


ਰੋਟੀ, ਰੁਜ਼ਗਾਰ ਤੇ ਜ਼ਮੀਨ ਦੀ ਰਾਖੀ ਲਈ ਚਾਰ ਖੱਬੀਆਂ ਪਾਰਟੀਆਂ ਵਲੋਂ  ਰੈਲੀ ਤੇ ਮੁਜ਼ਾਹਰਾ 
ਚਾਰ ਖੱਬੀਆਂ ਪਾਰਟੀਆਂ ਨੇ ਰੋਟੀ, ਰੁਜ਼ਗਾਰ ਤੇ ਜ਼ਮੀਨ ਦੀ ਰਾਖੀ ਲਈ ਪੰਜਾਬ ਦੇ ਲੋਕਾਂ ਨੂੰ ਥਾਂ ਥਾਂ ਜਨਤਕ ਪ੍ਰਤੀਰੋਧ ਉਸਾਰਨ ਦਾ ਸੱਦਾ ਦਿੱਤਾ ਹੈ। ਇਹ ਸੱਦਾ ਸਾਥੀ ਬਲਦੇਵ ਸਿੰਘ ਨਿਹਾਲਗੜ੍ਹ ਸੀ.ਪੀ.ਆਈ, ਸਾਥੀ ਰਘੂਨਾਥ ਸਿੰਘ ਸੀ.ਪੀ.ਆਈ.ਐਮ, ਸਾਥੀ ਕੁਲਵੰਤ ਸਿੰਘ ਸੰਧੂ ਸੀ.ਪੀ.ਐਮ. ਪੰਜਾਬ ਅਤੇ ਸਾਥੀ ਰੁਲਦੂ ਸਿੰਘ ਮਾਨਸਾ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਕੰਪਲੈਕਸ ਜਲੰਧਰ 'ਚ 26 ਫਰਵਰੀ ਨੂੰ ਕੀਤੀ ਗਈ ਵਿਸ਼ਾਲ ਰੈਲੀ ਦੌਰਾਨ ਦਿੱਤਾ ਗਿਆ। 
ਰੈਲੀ ਨੂੰ ਸੰਬੋਧਨ ਕਰਦਿਆਂ ਕਮਿਊਨਿਸਟ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਪਾਰਲੀਮੈਂਟ ਵਿਚ ਪੇਸ ਕੀਤਾ ਭੋਂ ਪ੍ਰਾਪਤੀ ਸੋਧ ਬਿੱਲ ਪਿਛਲੀ ਯੂ.ਪੀ.ਏ. ਸਰਕਾਰ ਵਾਲੇ ਬਿੱਲ ਨਾਲੋਂ ਵੀ ਜ਼ਿਆਦਾ ਖਤਰਨਾਕ , ਕਿਸਾਨ ਤੇ ਮਜ਼ਦੂਰ ਵਿਰੋਧੀ ਹੈ। ਕੇਂਦਰੀ ਸਰਕਾਰ ਵਿਦੇਸ਼ੀ ਕੰਪਨੀਆਂ ਤੇ ਕਾਰਪੋਰੇਟ ਘਰਾਣਿਆਂ ਵਾਸਤੇ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਧੱਕੇ ਨਾਲ ਉਨ੍ਹਾਂ ਦੀ ਜ਼ਮੀਨ ਕੌਡੀਆਂ ਦੇ ਭਾਅ ਹਥਿਆਉਣਾ ਚਾਹੁੰਦੀ ਹੈ।  ਉਨ੍ਹਾਂ ਲੋਕਾਂ ਨੂੰ ਚੌਕਸ ਕੀਤਾ ਕਿ ਇਸ ਬਿੱਲ ਵਾਸਤੇ ਸਮਰਥਨ ਜੁਟਾਉਣ ਲਈ ਮੋਦੀ ਸਰਕਾਰ ਦੇ ਮੰਤਰੀ, ਆਰ.ਐਸ.ਐਸ. ਤੇ ਭਾਜਪਾ ਦੇ ਤਰਜਮਾਨ ਬਹੁਤ ਹੀ ਸ਼ਾਤਰਾਨਾ ਢੰਗ ਨਾਲ ਬੇਘਰੇ ਲੋਕਾਂ 'ਚ ਕਿਸਾਨਾਂ ਵਿਰੁੱਧ ਉਕਸਾਹਟ ਪੈਦਾ ਕਰ ਰਹੇ ਹਨ। ਪ੍ਰਚਾਰਿਆ ਇਹ ਜਾ ਰਿਹਾ ਹੈ ਕਿ ਜਿਵੇਂ ਕਿਸਾਨਾਂ ਕੋਲੋਂ ਜ਼ਮੀਨ ਹਾਸਲ ਕਰਕੇ ਬੇਘਰੇ ਲੋਕਾਂ ਨੂੰ ਮਕਾਨ ਬਣਾ ਕੇ ਦਿੱਤੇ ਜਾਣਗੇ ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਸਰਕਾਰ ਵਲੋਂ ਉਸਾਰੇ ਜਾਣ ਵਾਲੇ ਪ੍ਰਸਤਾਵਿਤ 'ਸਮਾਰਟ ਸਿਟੀ' ਵਿਚ ਬਣਾਏ ਜਾਣ ਵਾਲੇ ਮਹਿਲਾਂ ਵਰਗੇ ਰਿਹਾਇਸ਼ੀ ਮਕਾਨ ਆਮ ਲੋਕਾਂ ਦੀ ਪਹੁੰਚ ਤੋਂ ਹੀ ਬਾਹਰ ਹੁੰਦੇ ਹਨ। ਆਗੂਆਂ ਨੇ ਕਿਹਾ ਕਿ ਜੇ ਵਾਹੀਯੋਗ ਉਪਜਾਊ ਜ਼ਮੀਨ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨ ਲਈ ਹਥਿਆਈ ਜਾਂਦੀ ਰਹੀ ਤਾਂ ਦੇਸ਼ ਦੀ ਖੁਰਾਕ ਸੁਰੱਖਿਆ ਖਤਰੇ 'ਚ  ਪੈ ਜਾਵੇਗੀ ਤੇ ਕਿਸਾਨ ਤੇ ਖੇਤੀ ਨਾਲ ਜੁੜੇ ਮਜ਼ਦੂਰ ਭੁੱਖਮਰੀ ਦਾ ਸ਼ਿਕਾਰ ਹੋ ਜਾਣਗੇ। ਚਾਹੀਦਾ ਤਾਂ ਇਹ ਸੀ ਕਿ ਪਹਿਲਾਂ ਵਾਲੇ ਬਿੱਲ ਨੂੰ ਸਗੋਂ ਕਿਸਾਨ ਤੇ ਮਜ਼ਦੂਰ ਪੱਖੀ ਬਣਾਇਆ ਜਾਂਦਾ ਪਰ ਹੋਇਆ ਉਲਟ ਹੈ। ਪਹਿਲਾਂ ਤੋਂ ਸੰਕਟ 'ਚ ਘਿਰੀ ਕਿਸਾਨੀ ਦੀ ਬਾਂਹ ਫੜਨ ਦੀ ਬਜਾਇ ਮੋਦੀ ਸਰਕਾਰ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਿਤਾਂ ਦੀ ਪਹਿਰਾ ਬਰਦਾਰੀ 'ਚ ਲੱਗੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਿਰੇ ਦੇ ਕਿਸਾਨ-ਮਜ਼ਦੂਰ ਤੇ ਦੇਸ਼ ਵਿਰੋਧੀ ਬਿੱਲ ਨੂੰ ਵਾਪਸ ਲਿਆ ਜਾਵੇ। 
ਮਨਰੇਗਾ ਬਾਰੇ ਗੱਲ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਖੱਬੀਆਂ ਪਾਰਟੀਆਂ ਵਲੋਂ ਲੜੇ ਗਏ ਲੰਮੇ ਸੰਘਰਸ਼ ਤੋਂ ਬਾਅਦ ਹੋਂਦ 'ਚ ਆਏ ਇਸ ਐਕਟ ਨੂੰ ਮੋਦੀ  ਸਰਕਾਰ ਵਲੋਂ ਲਗਾਤਾਰ ਖੋਰਾ ਲਾਇਆ ਜਾ ਰਿਹਾ ਹੈ। ਇਸ ਸਕੀਮ ਲਈ ਅਲਾਟ ਕੀਤੇ ਜਾਣ ਵਾਲੇ ਫੰਡਾਂ ਵਿਚ ਭਾਰੀ ਕਮੀ ਕੀਤੀ ਜਾ ਰਹੀ ਹੈ ਜਦਕਿ ਜ਼ਰੂਰਤ ਵਧੇਰੇ ਫੰਡ ਜੁਟਾਉਣ ਦੀ ਹੈ। ਮਨਰੇਗਾ ਮਜ਼ਦੂਰਾਂ ਤੋਂ ਕੰਮ ਲੈ ਕੇ ਉਨ੍ਹਾਂ ਦੇ ਮਿਹਨਤਾਨੇ ਦੀ ਅਦਾਇਗੀ 'ਚ ਬੇਲੋੜੀ ਦੇਰੀ ਕੀਤੀ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਐਕਟ ਨੂੰ ਪੇਂਡੂ ਖੇਤਰਾਂ ਤੱਕ ਸੀਮਤ ਨਾ ਕਰਕੇ ਸ਼ਹਿਰੀ ਖੇਤਰ ਦੇ ਮਜ਼ਦੂਰਾਂ ਨੂੰ ਵੀ ਇਸ ਦੇ ਦਾਇਰੇ 'ਚ ਲਿਆਂਦਾ ਜਾਵੇ, ਮਜ਼ਦੂਰਾਂ ਦੇ ਸਾਰੇ ਪਰਿਵਾਰ ਨੂੰ ਪੂਰਾ ਸਾਲ ਕੰਮ ਦਿੱਤਾ ਜਾਵੇ, ਦਿਹਾੜੀ 350 ਰੁਪਏ ਕੀਤੀ ਜਾਵੇ ਅਤੇ ਮਿਹਨਤਾਨੇ ਦੀ ਸਮੇਂ ਸਿਰ ਅਦਾਇਗੀ ਯਕੀਨੀ ਬਣਾਈ ਜਾਵੇ। ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪਿਛਲੀ ਯੂ.ਪੀ.ਏ. ਸਰਕਾਰ ਵਾਂਗ ਮੋਦੀ ਸਰਕਾਰ ਸਾਮਰਾਜੀ ਵਿਸ਼ਵੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਹੀ ਨਹੀਂ ਕਰ ਰਹੀ ਸਗੋਂ ਇਨ੍ਹਾਂ 'ਤੇ ਅਮਲ ਲਈ ਕਿਤੇ ਵੱਧ ਉਤਾਵਲੀ ਹੋਈ ਪਈ ਹੈ। ਵਿਸ਼ਵ ਵਪਾਰ ਸੰਸਥਾ (ਡਬਲਯੂ ਟੀ.ਓ.) ਅਤੇ ਮਨਸੈਂਟੋ, ਕਾਰਗਲ ਤੇ ਪਾਇਨੀਅਰ ਵਰਗੀਆਂ ਕੰਪਨੀਆਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਐਫ.ਸੀ.ਆਈ. ਨੂੰ ਖਤਮ ਕਰਨ ਦੇ ਮਨਸੂਬੇ ਘੜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ  ਹੈ ਕਿ ਕਿਸਾਨੀ ਜਿਣਸਾਂ ਦੀ ਲਾਹੇਵੰਦ ਭਾਅ ਦਿੱਤੇ ਜਾਣ ਅਤੇ ਲੋਕਾਂ ਨੂੰ ਲੋੜੀਂਦੀਆਂ ਵਸਤਾਂ ਦੀ ਵਾਜਬ ਭਾਅ 'ਤੇ ਸਪਲਾਈ ਯਕੀਨੀ ਬਣਾਉਣ ਲਈ ਐਫ.ਸੀ.ਆਈ. ਨੂੰ ਮਜ਼ਬੂਤ ਕੀਤਾ ਜਾਵੇ । ਭਾਜਪਾ ਦੀ ਕੇਂਦਰੀ ਸਰਕਾਰ ਵਲੋਂ ਐਫ਼.ਸੀ.ਆਈ. ਨੂੰ ਖੁਰਦ-ਬੁਰਦ ਕਰਨ ਦੇ ਮਨਸੂਬਿਆਂ ਰਾਹੀਂ ਦੇਸ਼ ਦੀ ਅੰਨ-ਸੁਰੱਖਿਆ ਨੂੰ ਹੀ ਖਤਰੇ 'ਚ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਐਫ.ਸੀ.ਆਈ. ਅਤੇ ਘੱਟੋ ਘੱਟ ਸਮਰਥਨ ਮੁੱਲ ਪ੍ਰਣਾਲੀ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਕੇ ਜੀਵਨ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਵਾਲੀਆਂ ਵਸਤਾਂ ਲੋਕਾਂ ਨੂੰ ਸਰਕਾਰੀ ਡੀਪੂਆਂ ਰਾਹੀਂ ਸਸਤੇ ਭਾਅ 'ਤੇ ਮੁਹੱਈਆਂ ਕਰਵਾਈਆਂ ਜਾਣ। ਖੱਬੀਆਂ ਪਾਰਟੀਆਂ ਨੇ ਪੰਜਾਬ ਦੇ ਸਮੂਹ ਕਿਰਤੀ ਲੋਕਾਂ ਨੂੰ ਸੱਦਾ ਦਿੱਤਾ ਹੈ  ਕਿ ਕੇਂਦਰ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਨੂੰ ਭਾਂਜ ਦੇਣ ਤੇ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸਮੁੱਚੇ ਪ੍ਰਾਂਤ ਵਿਚ ਜਨਤਕ ਮੁਜ਼ਾਹਰੇ ਤੇ ਰੈਲੀਆਂ ਕੀਤੀਆਂ ਜਾਣ ਅਤੇ ਪੰਜਾਬ ਅਸੰਬਲੀ ਵੱਲ ਨੂੰ ਕੀਤੇ ਜਾ ਰਹੇ ਮਾਰਚ ਨੂੰ ਸਫਲ ਕਰਨ ਲਈ ਤਿਆਰੀਆਂ ਤੇਜ਼ ਕੀਤੀਆਂ ਜਾਣ। ਰੈਲੀ ਨੂੰ ਸੀ.ਪੀ.ਆਈ. ਵਲੋਂ ਸਰਵਸਾਥੀ ਭੁਪਿੰਦਰ ਸਿੰਘ ਸਾਂਭਰ ਤੇ ਬਲਦੇਵ ਸਿੰਘ ਨਿਹਾਲਗੜ੍ਹ, ਸੀ.ਪੀ.ਆਈ (ਐਮ) ਵਲੋਂ ਸਰਵ ਸਾਥੀ ਚਰਨ ਸਿੰਘ ਵਿਰਦੀ ਤੇ ਰਘੂਨਾਥ ਸਿੰਘ, ਸੀ.ਪੀ.ਐਮ.ਪੰਜਾਬ ਵਲੋਂ ਸਰਵਸਾਥੀ  ਮੰਗਤ ਰਾਮ ਪਾਸਲਾ, ਰਘਬੀਰ ਸਿੰਘ ਪਕੀਵਾ ਅਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਵਲੋਂ ਸਰਵਸਾਥੀ ਗੁਰਮੀਤ ਸਿੰਘ ਬਖਤਪੁਰਾ ਅਤੇ ਰਾਜਵਿੰਦਰ ਸਿੰਘ ਰਾਣਾ ਨੇ ਸੰਬੋਧਨ ਕੀਤਾ। ਬਾਅਦ 'ਚ ਸ਼ਹਿਰ 'ਚ ਜਬਰਦਸਤ ਮੁਜ਼ਾਹਰਾ ਵੀ ਕੀਤਾ ਗਿਆ। 



ਖੱਬੀਆਂ ਪਾਰਟੀਆਂ ਦੇ ਵਫਦ ਦੀ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਨਾਲ ਮੀਟਿੰਗ
ਚਾਰ ਖੱਬੀਆਂ ਪਾਰਟੀਆਂ-ਸੀ.ਪੀ.ਆਈ.,  ਸੀ.ਪੀ.ਆਈ. (ਐਮ), ਸੀ.ਪੀ.ਐਮ.ਪੰਜਾਬ ਅਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੇ ਇਕ ਵਫ਼ਦ ਨੇ 9 ਫਰਵਰੀ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੀਟਿੰਗ ਕੀਤੀ ਅਤੇ ਆਪਣਾ 15 ਨੁਕਾਤੀ ਮੰਗ ਪੱਤਰ ਦੇ ਕੇ ਕਾਲਾ ਕਾਨੂੰਨ ਅਤੇ ਪ੍ਰਾਈਵੇਟ ਪ੍ਰਾਪਰਟੀ ਬਿੱਲ 2014 ਵਾਪਸ ਲੈਣ ਦੀ ਮੰਗ ਕੀਤੀ। 
ਮੁੱਖ ਮੰਤਰੀ ਨੂੰ ਮਿਲਣ ਵਾਲੇ ਵਫ਼ਦ 'ਚ ਸੀ.ਪੀ.ਆਈ. ਦੇ ਡਾ. ਜੋਗਿੰਦਰ ਸਿੰਘ ਦਿਆਲ, ਬੰਤ ਬਰਾੜ, ਜਗਰੂਪ ਸਿੰਘ ਤੇ ਹਰਦੇਵ ਸਿੰਘ, ਸੀ.ਪੀ.ਆਈ.(ਐਮ) ਵਲੋਂ ਸਰਬਸਾਥੀ ਚਰਨ ਸਿੰਘ ਵਿਰਦੀ, ਰਘੂਨਾਥ ਸਿੰਘ ਅਤੇ ਵਿਜੈ ਮਿਸ਼ਰਾ, ਸੀ.ਪੀ.ਐਮ.ਪੰਜਾਬ ਵਲੋਂ ਸਰਬਸਾਥੀ ਮੰਗਤ ਰਾਮ ਪਾਸਲਾ, ਹਰਕੰਵਲ ਸਿੰਘ ਅਤੇ ਇੰਦਰਜੀਤ ਸਿੰਘ ਗਰੇਵਾਲ ਅਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ  ਵਲੋਂ ਸਰਬਸਾਥੀ ਰਾਜਵਿੰਦਰ ਸਿੰਘ ਰਾਣਾ, ਰੁਲਦਾ ਸਿੰਘ ਤੇ ਭਗਵੰਤ ਸਿੰਘ ਸਮਾਓਂ ਸ਼ਾਮਿਲ ਸਨ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਵਫ਼ਦ ਵਲੋਂ ਪੇਸ਼ ਮੰਗ ਪੱਤਰ ਨਾਲ ਸਹਿਮਤੀ ਪ੍ਰਗਟਾਈ। ਉਨ੍ਹਾਂ ਭਰੋਸਾ ਦਿੱਤਾ ਕਿ ਮਨਰੇਗਾ ਵਰਕਰਾਂ ਦੇ ਮਿਹਨਤਾਨੇ ਦੇ ਬਕਾਏ ਦੀ ਅਦਾਇਗੀ ਛੇਤੀ ਤੋਂ ਛੇਤੀ ਕਰ ਦਿੱਤੀ ਜਾਵੇਗੀ, ਪੇਂਡੁ ਬੇਜ਼ਮੀਨਿਆਂ ਨੂੰ ਪਲਾਟ, ਪ੍ਰਾਪਰਟੀ ਟੈਕਸ, ਸਰਕਾਰੀ ਵਿਭਾਗਾਂ 'ਚ ਖਾਲੀ ਅਸਾਮੀਆਂ ਭਰਨ ਅਤੇ ਰੇਤਾ-ਬੱਜਰੀ ਦੀ ਕਾਲਾ ਬਾਜ਼ਾਰੀ ਵਰਗੀਆਂ ਮੰਗਾਂ 'ਤੇ ਡੂੰਘਾਈ ਨਾਲ ਵਿਚਾਰ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਖੇਤੀ ਜਿਣਸਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਤੈਅ ਕਰਨ ਦੀ ਵਫ਼ਦ ਦੀ ਮੰਗ ਨਾਲ ਸਹਿਮਤੀ ਪ੍ਰਗਟਾਉਂਦਿਆਂ ਭਰੋਸਾ ਦਿੱਤਾ ਕਿ ਇਹ ਮੁੱਦਾ ਜ਼ੋਰ ਨਾਲ ਕੇਂਦਰ ਸਰਕਾਰ ਕੋਲ ਉਠਾਇਆ ਜਾਵੇਗਾ। ਉਨ੍ਹਾਂ ਪੰਜਾਬ ਨੂੰ ਚੰਡੀਗੜ੍ਹ 'ਚ ਸ਼ਾਮਲ ਕਰਨ ਅਤੇ ਦਰਿਆਈ ਪਾਣੀਆਂ ਦੇ ਝਗੜੇ ਦੇ ਨਿਪਟਾਰੇ ਦੀ ਮੰਗ ਨਾਲ ਸਹਿਮਤੀ ਪ੍ਰਗਟਾਈ ਅਤੇ ਕਿਹਾ ਕਿ ਇਸ ਮੁੱਦੇ ਦੇ ਹੱਲ ਲਈ ਕੇਂਦਰ 'ਤੇ ਦਬਾਅ ਵਧਾਇਆ ਜਾਵੇਗਾ। 



ਦਿਹਾਤੀ ਮਜ਼ਦੂਰ ਸਭਾ ਵੱਲੋਂ ਰੋਸ ਰੈਲੀ
ਮੁਕਤਸਰ : ਸਥਾਨਕ ਬੂੜਾ ਗੁੱਜਰ ਰੋਡ 'ਤੇ ਸਥਿਤ ਗਾਂਧੀ ਬਸਤੀ ਨੂੰ ਪੁਲਸ ਪ੍ਰਸ਼ਾਸਨ ਵੱਲੋਂ ਘਰ ਖ਼ਾਲੀ ਕਰਾਉਣ ਲਈ ਅਦਾਲਤ ਵੱਲੋਂ ਦਿੱਤੀ ਗਈ ਤਾਰੀਕ ਤੇ ਮਜ਼ਦੂਰਾਂ ਨੇ ਇੱਕਠੇ ਹੋ ਕੇ ਪਹਿਲੀ ਜਨਵਰੀ ਨੂੰ ਰੋਹ ਭਰਪੂਰ ਰੈਲੀ ਦਾ ਆਯੋਜਨ ਕੀਤਾ। ਜਿਸ ਵਿੱਚ ਬਸਤੀ ਦੇ ਮਜ਼ਦੂਰਾਂ ਤੋਂ ਇਲਾਵਾ ਆਸ-ਪਾਸ ਪਿੰਡਾਂ ਤੋਂ ਵੀ ਮਜ਼ਦੂਰ ਨੇ ਪਰਵਾਰਾਂ ਸਮੇਤ ਹਿੱਸਾ ਲਿਆ।  ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਜ਼ਿਲ੍ਹਾ ਆਗੂਆਂ ਹਰਪਾਲ ਸਿੰਘ ਚੱਕਬੀੜ ਸਰਕਾਰ, ਭੌਰ ਸੁਰਜੀਤ ਸਿੰਘ, ਮਹਿਲ ਸਿੰਘ ਮਾਗਟ ਕੇਰ, ਕਾਕੂ ਸਿੰਘ ਵਧਾਈ ਨੇ ਦੋਸ਼ ਲਗਾਇਆ ਕਿ ਉਪਰੋਕਤ ਬਸਤੀ ਦੇ ਮਜ਼ਦੂਰ 1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਉਜੜ ਕੇ ਇੱਥੇ ਆ ਕੇ ਬੈਠੇ ਸਨ। ਉਸ ਸਮੇਂ ਇਹ ਜਗ੍ਹਾ ਭਾਰਤ ਸਰਕਾਰ ਦੀ ਸ਼ਾਮਲਾਟ ਸੀ। ਇੱਥੇ ਮਜ਼ਦੂਰਾਂ ਨੇ ਆਪਣੇ ਘਰ ਬਣਾ ਲਏ ਸਨ। ਉਪਰੋਕਤ ਆਗੂਆਂ ਨੇ ਇਹ ਵੀ ਦੱਸਿਆ ਕਿ 1960 ਦੀ ਮੁਰੱਬਾਬੰਦੀ ਸਮੇਂ ਵੀ ਪਾਕਿਸਤਾਨ ਤੋਂ ਉਜੜ ਕੇ ਆਏ ਲੋਕਾਂ ਨੂੰ ਘਰ ਤੇ ਜ਼ਮੀਨਾਂ ਦਿੱਤੀਆਂ ਗਈਆਂ, ਪਰ ਇਹਨਾਂ ਮਜ਼ਦੂਰਾਂ ਦੀ ਕਿਸੇ ਨੇ ਵੀ ਸਾਰ ਨਹੀਂ ਲਈ। 1980 ਵਿੱਚ ਇਸ ਬਸਤੀ ਦੀ ਜਗ੍ਹਾ ਨੂੰ ਮਾਲ ਵਿਭਾਗ ਦੀ ਅਫ਼ਸਰਸ਼ਾਹੀ ਨਾਲ ਮਿਲੀਭੁਗਤ ਕਰਕੇ ਸਾਧਾ ਸਿੰਘ ਸੰਮੇਵਾਲੀ ਨਾਂਅ ਦੇ ਅਮੀਰ ਵਿਅਕਤੀ ਨੇ ਆਪਣੇ ਨਾਂਅ ਕਰਵਾ ਲਿਆ ਅਤੇ ਇਹਨਾ ਮਜ਼ਦੂਰਾਂ ਨੂੰ ਆਪਣੇ ਕਿਰਾਏਦਾਰ ਕਹਿ ਕੇ ਅਦਾਲਤ ਵਿੱਚ ਕੇਸ ਕਰ ਦਿੱਤਾ, ਜੋ ਬਿੱਲਕੁੱਲ ਤੱਥਾਂ ਤੋਂ ਕੋਹਾਂ ਦੂਰ ਹੈ। ਹੇਠਲੀ ਅਦਾਲਤ ਵਿੱਚ ਕੇਸ ਜਿੱਤ ਜਾਣ ਕਾਰਨ ਹੁਣ ਮਜ਼ਦੂਰਾਂ ਦੇ ਘਰ ਖ਼ਾਲੀ ਕਰਵਾਉਣ ਦੇ ਫ਼ਰਮਾਨ ਜਾਰੀ ਕੀਤੇ ਜਾ ਰਹੇ ਹਨ, ਜਿਸ ਨੂੰ ਜੱਥੇਬੰਦੀ ਕਤਈ ਬਰਦਾਸ਼ਤ ਨਹੀਂ ਕਰ ਸਕਦੀ। ਉਹਨਾਂ ਨੇ ਕਿਹਾ ਕਿ ਮਜ਼ਦੂਰਾਂ ਦਾ ਡੱਟਵਾਂ ਸਾਥ ਦੇਵਗੀ। ਇਸ ਰੋਸ ਰੈਲੀ ਨੂੰ ਬਸਤੀ ਦੇ ਆਗੂ ਗੁਰਮੀਤ ਸਿੰਘ, ਗੁਰਚਰਨ ਸਿੰਘ, ਮਨਜੀਤ ਕੌਰ, ਕਾਕਾ ਸਿੰਘ, ਬਲਜੀਤ ਸਿੰਘ, ਕੁਲਵਿੰਦਰ ਨੇ ਵੀ ਸੰਬੋਧਨ ਕੀਤਾ।  



ਮਜ਼ਦੂਰ ਜਥੇਬੰਦੀਆਂ ਨੇ ਡੀ ਸੀ ਦਫ਼ਤਰ ਘੇਰਿਆ
ਬਰਨਾਲਾ : ਚਾਰ ਖੱਬੀਆਂ ਪਾਰਟੀਆਂ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਮਜ਼ਦੂਰਾਂ ਨੂੰ 5-5 ਮਰਲੇ ਦੇ ਰਿਹਾਇਸ਼ੀ ਪਲਾਟ, ਨਰੇਗਾ ਤਹਿਤ ਕੀਤੇ ਕੰਮ ਦੀ ਬਕਾਇਆ ਰਾਸ਼ੀ ਜਾਰੀ ਕਰਨ, ਕੰਮ ਦੇਣ ਅਤੇ ਸਰਕਾਰੀ ਡਿਪੂਆਂ 'ਤੇ ਪੂਰਾ ਰਾਸ਼ਨ ਮੁਹੱਈਆ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ 10 ਫਰਵਰੀ ਨੂੰ ਸਥਾਨਕ ਦਾਣਾ ਮੰਡੀ ਵਿੱਚ ਵੱਡੀ ਗਿਣਤੀ ਮਜ਼ਦੂਰ ਨੇ ਇਕੱਤਰਤਾ ਕਰਕੇ ਸ਼ਹਿਰ ਅੰਦਰ ਰੋਸ ਮਾਰਚ ਕਰਨ ਉਪਰੰਤ ਡੀ ਸੀ ਦਫ਼ਤਰ ਪੁੱਜ ਕੇ ਸਰਕਾਰਾਂ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਮੌਕੇ ਮਜ਼ਦੂਰ ਆਗੂਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਡੀ ਸੀ ਬਰਨਾਲਾ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਰੈਲੀ ਨੂੰ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਖ਼ੁਸ਼ੀਆ ਸਿੰਘ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾਈ ਆਗੂ ਗੁਰਪ੍ਰੀਤ ਰੂੜੇਕੇ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਕਲਾਲਮਾਜਰਾ ਨੇ ਸੰਬੋਧਨ ਕੀਤਾ। ਇਸ ਮੌਕੇ ਉਜਾਗਰ ਸਿੰਘ ਬੀਹਲਾ, ਜਸਵੰਤ ਸਿੰਘ, ਹਰਮਨਦੀਪ ਸਿੰਘ ਹਿੰਮਤਪੁਰਾ, ਸੁਰਜੀਤ ਸਿੰਘ ਦਿਹੜ, ਰਾਮ ਸਿੰਘ ਬਦਰਾ, ਸ਼ਿੰਦਰ ਕੌਰ ਹਰੀਗੜ੍ਹ, ਸਵਰਨ ਸਿੰਘ ਜੰਗੀਆਣਾ, ਕਰਨੈਲ ਸਿੰਘ ਠੀਕਰੀਵਾਲਾ, ਜਗਰਾਜ ਰਾਮਾ, ਸੁਖਦੇਵ ਸਿੰਘ ਰੰਗੀਆਂ, ਸਰਬਜੀਤ ਕੌਰ ਰੂੜੇਕੇ, ਪ੍ਰਕਾਸ਼ ਕੌਰ ਭਦੌੜ, ਹਾਕਮ ਸਿੰਘ, ਸਾਧੂ ਸਿੰਘ ਛੀਨੀਵਾਲ ਕਲਾਂ, ਭਾਨ ਸਿੰਘ ਸੰਘੇੜਾ, ਪ੍ਰਕਾਸ਼ ਸਿੰਘ ਸੱਦੋਵਾਲ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।


ਦਿਹਾਤੀ ਮਜ਼ਦੂਰ ਸਭਾ ਦੇ ਸੱਦੇ 'ਤੇ ਬੀ ਡੀ ਪੀ ਓ ਦਫਤਰਾਂ ਅੱਗੇ ਧਰਨੇ
ਸੰਗਤ ਮੰਡੀ : ਇਲਾਕੇ ਦੇ ਪਿੰਡਾਂ ਦੇ ਬੇਜ਼ਮੀਨੇ ਮਜ਼ਦੂਰਾਂ ਨੇ ਦਿਹਾਤੀ ਮਜ਼ਦੂਰ ਸਭਾ ਦੇ ਝੰਡੇ ਹੇਠ ਸੰਗਤ ਮੰਡੀ ਦੇ ਬੀ ਡੀ ਪੀ ਓ ਦਫਤਰ ਮੂਹਰੇ 4 ਫਰਵਰੀ ਨੂੰ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਦਾ ਜ਼ਬਰਦਸਤ ਪਿੱਟ-ਸਿਆਪਾ ਕੀਤਾ। ਪ੍ਰਦਰਸ਼ਨਕਾਰੀ ਮੰਗ ਕਰ ਸਨ ਕਿ ਅੱਤ ਦੀ ਮਹਿੰਗਾਈ ਦੇ ਦੌਰ ਵਿੱਚ ਮਜ਼ਦੂਰ ਪਰਵਾਰਾਂ ਦਾ ਚੁੱਲ੍ਹਾ ਬਲਦਾ ਰੱਖਣ ਲਈ ਮਨਰੇਗਾ ਦਾ ਬੰਦ ਪਿਆ ਕੰਮ ਬਿਨਾਂ ਦੇਰੀ ਚਾਲੂ ਕੀਤਾ ਜਾਵੇ ਅਤੇ ਪਿਛਲੇ ਕੀਤੇ ਕੰਮ ਦਾ ਬਕਾਇਆ ਪੈਸਾ ਮਜ਼ਦੂਰਾਂ ਨੂੰ ਤੁਰੰਤ ਦਿੱਤਾ ਜਾਵੇ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਸਭਾ ਦੇ ਸੂਬਾਈ ਆਗੂਆਂ ਸਾਥੀ ਮਹੀਪਾਲ ਅਤੇ ਮਿੱਠੂ ਸਿੰਘ ਘੁੱਦਾ ਨੇ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਇੱਕ ਸਾਜ਼ਿਸ਼ ਤਹਿਤ ਮਨਰੇਗਾ ਐਕਟ ਨੂੰ ਖਤਮ ਕਰਨਾ ਚਾਹੁੰਦੀਆਂ ਹਨ, ਜਿਸ ਖਿਲਾਫ ਦੇਸ਼ ਭਰ ਦੇ ਬੇਜ਼ਮੀਨੇ ਮਜ਼ਦੂਰਾਂ ਨੂੰ ਸੰਘਰਸ਼ ਦੇ ਮੈਦਾਨ ਵਿਚ ਨਿੱਤਰਨਾ ਚਾਹੀਦਾ ਹੈ। ਉਨ੍ਹਾ ਐਲਾਨ ਕੀਤਾ ਕਿ ਪਿੰਡਾਂ ਵਿਚਲੀ ਸ਼ਾਮਲਾਤ ਅਤੇ ਦੂਜੀਆਂ ਜ਼ਮੀਨਾਂ ਵਿੱਚ ਨਿਗੁਣੇ ਘਰ ਬਣਾ ਕੇ ਰਹਿ ਰਹੇ ਬੇਜ਼ਮੀਨੇ ਮਜ਼ਦੂਰਾਂ ਦੇ ਉਜਾੜੇ ਵਿਰੁੱਧ ਹਰ ਪੱਧਰ 'ਤੇ ਸੰਘਰਸ਼ ਲੜਿਆ ਜਾਵੇਗਾ ਅਤੇ ਉਜਾੜਾ ਕਿਸੇ ਵੀ ਕੀਮਤ 'ਤੇ ਨਹੀਂ ਹੋਣ ਦਿੱਤਾ ਜਾਵੇਗਾ। 
ਆਗੂਆਂ ਮੰਗ ਕੀਤੀ ਕਿ ਪਿੰਡਾਂ ਵਿੱਚ ਹਰ ਬੇਜ਼ਮੀਨੇ ਪਰਵਾਰ ਨੂੰ ਬਿਨਾਂ ਦੇਰੀ ਆਟਾ-ਦਾਲ ਅਤੇ ਦੂਜੀਆਂ ਘਰੇਲੂ ਵਸਤਾਂ ਦੀ ਸਪਲਾਈ ਕੀਤੀ ਜਾਵੇ। ਮਜ਼ਦੂਰ ਆਗੂਆਂ ਨੇ ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਰਤ ਪੈਨਸ਼ਨਾਂ ਦੀ ਰੁਕੀ ਹੋਈ ਰਕਮ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾ ਚਿਤਾਵਨੀ ਦਿੱਤੀ ਕਿ ਬੇਜ਼ਮੀਨੇ ਪਰਵਾਰਾਂ ਦੇ ਮੀਟਰ ਪੁੱਟਣੇ ਅਤੇ ਕੁਨੈਕਸ਼ਨ ਕੱਟਣੇ ਤੁਰੰਤ ਬੰਦ ਕੀਤੇ ਜਾਣ ਅਤੇ ਮਾਫੀ ਦੀ ਸਹੂਲਤ ਵਿੱਚ ਹੁੱਜਤਾਂ ਤੁਰੰਤ ਬੰਦ ਕੀਤੀਆਂ ਜਾਣ। ਇਕੱਠ ਨੂੰ ਦਰਸ਼ਨ ਸਿੰਘ, ਮਨੋਹਰ ਸਿੰਘ ਘੁੱਦਾ, ਸਾਹਿਬ ਸਿੰਘ ਚੱਕ ਅਤਰ ਸਿੰਘ ਵਾਲਾ, ਗੁਰਜੰਟ ਸਿੰਘ ਜੈ ਸਿੰਘ ਵਾਲਾ, ਲਾਭ ਸਿੰਘ ਗੁਰਥੜੀ, ਗੁਲਾਬ ਸਿੰਘ ਕੋਟ ਗੁਰੂ, ਗੁਰਮੇਲ ਸਿੰਘ ਫੁੱਲੋ ਮਿੱਠੀ, ਕਿਸ਼ਨ ਕੁਮਾਰ ਜੱਸੀ, ਜਸਪਾਲ ਸਿੰਘ ਘੁੱਦਾ, ਜਗਸੀਰ ਸਿੰਘ ਘੁੱਦਾ ਤੇ ਭੋਲਾ ਸਿੰਘ ਕਾਲਝਰਾਣੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਭਰਾਤਰੀ ਜਥੇਬੰਦੀ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਫੁੱਲੋ ਮਿੱਠੀ ਨੇ ਵੀ ਰੋਸ ਪ੍ਰਦਰਸਨ ਵਿੱਚ ਸ਼ਾਮਲ ਹੋ ਕੇ ਹਰ ਕਿਸਮ ਦੇ ਸਮਰੱਥਨ ਦਾ ਭਰੋਸਾ ਦਿੱਤਾ।

ਮਹਿਲ ਕਲਾਂ : ਦਿਹਾਤੀ ਮਜ਼ਦੂਰ ਸਭਾ, ਮਜ਼ਦੂਰ ਮੁਕਤੀ ਮੋਰਚਾ, ਮਨਰੇਗਾ ਰੋਜ਼ਗਾਰ ਪ੍ਰਾਪਤੀ ਯੂਨੀਅਨ ਦੀ ਅਗਵਾਈ 'ਚ ਬਲਾਕ ਮਹਿਲ ਕਲਾਂ ਨਾਲ ਸੰਬੰਧਤ ਸੈਂਕੜੇ ਮਜ਼ਦੂਰਾਂ 31 ਜਨਵਰੀ ਨੂੰ ਮਹਿਲ ਕਲਾਂ ਦੇ ਮੁੱਖ ਬਜ਼ਾਰ ਵਿਚਕਾਰ ਸਰਕਾਰ ਵਿਰੁੱਧ ਵਿਸ਼ਾਲ ਰੋਸ ਮੁਜ਼ਾਹਰਾ ਕਰਕੇ ਅਤੇ ਬੀ.ਡੀ.ਪੀ.ਓ. ਅਤੇ ਖ਼ੁਰਾਕ, ਸਿਵਲ ਸਪਲਾਈ ਵਿਭਾਗ ਦੇ ਦਫ਼ਤਰ ਦਾ ਘਿਰਾਓ ਕਰਕੇ ਰੋਹ ਭਰਪੂਰ ਧਰਨਾ ਦਿੱਤਾ। ਇਸ ਨੂੰ ਸੰਬੋਧਨ ਕਰਦਿਆਂ ਮਨਰੇਗਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਖੁਸ਼ੀਆ ਸਿੰਘ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਗੁਰਪ੍ਰੀਤ ਸਿੰਘ ਰੂੜੇਕੇ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ 'ਤੇ ਵਰ੍ਹਦਿਆਂ ਕਿਹਾ ਕਿ ਸਰਕਾਰਾਂ ਵਲੋਂ ਜਿੱਥੇ ਮਨਰੇਗਾ ਕਾਨੂੰਨ ਤਹਿਤ ਮਜ਼ਦੂਰਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ, ਉੱਥੇ ਮਜ਼ਦੂਰਾਂ ਦੁਆਰਾ ਕੀਤੇ ਕੰਮ ਦਾ ਮਿਹਨਤਾਨਾ ਵੀ ਸਰਕਾਰ ਵੱਲੋਂ ਜਾਰੀ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਮਜ਼ਦੂਰ ਵਰਗ ਦੋ ਵਕਤ ਦੀ ਰੋਟੀ ਦਾ ਮੁਥਾਜ਼ ਹੋ ਚੁੱਕਾ ਹੈ। ਦਿਹਾਤੀ ਮਜ਼ਦੂਰ ਸਭਾ ਦੇ ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਚੋਣ ਮੈਨੀਫੈਸਟੋ 'ਚ ਗਰੀਬਾਂ, ਬੇਜ਼ਮੀਨਿਆਂ ਨੂੰ 5-5 ਮਰਲੇ ਦੇ ਪਲਾਟ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਤੋਂ ਭੱਜ ਰਹੀ ਹੈ, ਜਦਕਿ ਮਜ਼ਦੂਰਾਂ ਵੱਲੋਂ ਪਲਾਟ ਹਾਸਲ ਕਰਨ ਲਈ ਬਲਾਕਾਂ ਅਤੇ ਡੀ.ਸੀ. ਦਫ਼ਤਰ ਨੂੰ ਅਰਜ਼ੀਆਂ ਭੇਜੀਆਂ ਗਈਆਂ ਹਨ। ਸਰਕਾਰ ਤੋਂ ਇਸ ਵਾਅਦੇ ਨੂੰ ਪੂਰਾ ਕਰਵਾਉਣ ਲਈ ਜ਼ਿਲ੍ਹਾ ਬਰਨਾਲਾ ਨਾਲ ਸੰਬੰਧਤ ਗਰੀਬਾਂ, ਬੇਜ਼ਮੀਨੇ ਜਲਦ ਹੀ ਜਥੇਬੰਦ ਹੋ ਕੇ ਸੰਘਰਸ਼ ਦਾ ਰੁਖ ਅਖਤਿਆਰ ਕਰਨਗੇ। ਜ਼ਿਲ੍ਹਾ ਸਲਾਹਕਾਰ ਭਾਨ ਸਿੰਘ ਸੰਘੇੜਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਜਿੱਥੇ ਸਬਸਿਡੀਆਂ ਬੰਦ ਕਰਕੇ ਦਲਿਤ ਪਛੜੇ ਵਰਗਾਂ ਦਾ ਗਲਾ ਘੁੱਟ ਰਹੀ ਹੈ, ਉੱਥੇ ਹੀ ਆਟਾ-ਦਾਲ ਸਕੀਮ ਨੂੰ ਬੰਦ ਕਰਨ ਅਤੇ ਪੜਤਾਲ ਦੇ ਬਹਾਨੇ ਨਾਲ ਲੋੜਵੰਦ ਬਜ਼ੁਰਗਾਂ ਦੀਆਂ ਬੁਢਾਪਾ ਪੈਨਸ਼ਨਾਂ ਵੀ ਧੜਾਧੜ ਕੱਟੀਆਂ ਜਾ ਰਹੀਆਂ ਹਨ। ਇਸਨੂੰ ਮਜ਼ਦੂਰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਸਮੁੱਚੀ ਮਜ਼ਦੂਰ ਜਮਾਤ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਇਕਜੁੱਟ ਹੋ ਕੇ ਸੰਘਰਸ਼ 'ਚ ਕੁੱਦਣ ਦੀ ਅਪੀਲ ਕੀਤੀ। ਇਸ ਸਮੇਂ ਜ਼ਿਲ੍ਹਾ ਸਕੱਤਰ ਗੁਰਦੇਵ ਸਿੰਘ ਸੰਘੇੜਾ, ਬਘੇਲ ਸਿੰਘ ਸਹਿਜੜਾ, ਪ੍ਰੀਤਮ ਸਿੰਘ ਅਮਲਾ ਸਿੰਘ ਵਾਲਾ, ਜੀਤ ਸਿੰਘ, ਨਾਥ ਸਿੰਘ ਚੰਨਣਵਾਲ ਆਦਿ ਨੇ ਵੀ ਆਪਣੇ ਵਿਚਾਰ ਰੱਖੇ। 


ਵਿਦਿਆਰਥੀ ਮਸਲਿਆਂ ਨੂੰ ਲੈ ਕੇ ਪੀ ਐੱਸ ਐੱਫ ਵੱਲੋਂ ਡੀ ਸੀ ਦਫਤਰ ਦਾ ਘਿਰਾਓ
ਨਵਾਂ ਸ਼ਹਿਰ : ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ ਐੱਸ ਐੱਫ) ਵੱਲੋਂ ਵਿਦਿਆਰਥੀ ਮਾਮਲਿਆਂ ਨੂੰ ਲੈ ਕੇ ਪਹਿਲੀ ਫਰਵਰੀ ਨੂੰ ਪੂਰੇ ਸ਼ਹਿਰ ਅੰਦਰ ਰੋਸ ਮਾਰਚ ਕੱਢਿਆ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡੀ ਸੀ ਦਫਤਰ ਦਾ ਘਿਰਾਓ ਕਰਕੇ ਮੰਗ ਪੱਤਰ ਸੌਂਪਿਆ। ਇਸ ਮੌਕੇ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੀ ਐੱਸ ਐੱਫ ਦੇ ਸੂਬਾ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਦਲਿਤ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਸਕੀਮ ਦੀ ਸਹੂਲਤ ਬੜੇ ਲੰਮੇ ਸੰਘਰਸ਼ਾਂ ਦੇ ਬਾਅਦ ਪ੍ਰਾਪਤ ਹੋਈ ਹੈ ਅਤੇ ਹੁਣ ਕੋਈ ਕਾਲਜ ਉਪਰੋਕਤ ਵਿਦਿਆਰਥੀਆਂ ਕੋਲੋਂ ਫੀਸਾਂ ਨਹੀਂ ਵਸੂਲ ਸਕਦਾ, ਪ੍ਰੰਤੂ ਜ਼ਿਲ੍ਹੇ ਦੇ ਨਾਮਵਰ ਕਾਲਜ ਕੇ ਸੀ ਇੰਸਟੀਚਿਊਟ ਦੁਆਰਾ ਵਿਦਿਆਰਥੀਆਂ ਕੋਲੋਂ ਧੱਕੇ ਨਾਲ ਫੀਸਾਂ ਵਸੂਲ ਕੀਤੀਆਂ ਜਾ ਰਹੀਆਂ ਹਨ ਅਤੇ ਫੀਸਾਂ ਨਾ ਦੇਣ ਦੀ ਸੂਰਤ ਵਿੱਚ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਹਾਜ਼ਰ ਨਹੀਂ ਹੋਣ ਦਿੱਤਾ ਜਾ ਰਿਹਾ ਅਤੇ ਉਨ੍ਹਾਂ ਦਾ ਨਾਂਅ ਕੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜੇਕਰ ਵਿਦਿਆਰਥੀਆਂ ਦੀ ਫੀਸ ਮੁਆਫ ਨਾ ਕੀਤੀ ਗਈ ਅਤੇ ਕਿਸੇ ਵਿਦਿਆਰਥੀ ਦਾ ਨਾਂਅ ਕੱਟਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। 
ਇਸ ਮੌਕੇ ਆਗੂਆਂ ਕਿਹਾ ਕਿ ਉਪਰੋਕਤ ਕਾਲਜ ਦੁਆਰਾ ਦਾਖਲੇ ਸਮੇਂ ਸਿਰਫ 8500 ਰੁਪਏ ਲੈਣ ਦੀ ਗੱਲ ਕਹੀ ਗਈ ਸੀ, ਪ੍ਰੰਤੂ ਹੁਣ ਹਰ ਵਿਦਿਆਰਥੀ ਕੋਲੋਂ 45000 ਰੁਪਏ ਮੰਗੇ ਜਾ ਰਹੇ ਹਨ, ਜੋ ਸਰਾਸਰ ਧੱਕੇਸ਼ਾਹੀ ਹੈ। ਉਨ੍ਹਾ ਮੰਗ ਕੀਤੀ ਕਿ ਬੱਸ ਪਾਸ ਸਹੂਲਤ ਨੂੰ ਪ੍ਰਾਈਵੇਟ ਬੱਸਾਂ ਅੰਦਰ ਤੁਰੰਤ ਲਾਗੂ ਕੀਤਾ ਜਾਵੇ ਅਤੇ ਹਰ ਬੱਸ ਦਾ ਕਾਲਜ ਗੇਟ ਅੱਗੇ  ਰੋਕਣਾ ਯਕੀਨੀ ਬਣਾਇਆ ਜਾਵੇ।  ਇਸ ਮੌਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਨੇ ਵਿਸ਼ਵਾਸ ਦਿਵਾਇਆ ਕਿ ਵਿਦਿਆਰਥੀ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇਗਾ ਅਤੇ ਵਿਦਿਆਰਥੀਆਂ ਤੋਂ ਫੀਸਾਂ ਉਗਰਾਹੁਣ ਵਾਲੇ ਕਾਲਜਾਂ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।  


ਕਿਸਾਨ ਜਥੇਬੰਦੀ ਵੱਲੋਂ ਏ ਡੀ ਸੀ ਨਾਲ ਮੁਲਾਕਾਤ

ਗੁਰਦਾਸਪੁਰ ਦੇ ਸਰਹੱਦੀ ਪਿੰਡ ਠਾਕੁਰਪੁਰ ਨੇੜੇ ਪੈਂਦੇ ਦਰਿਆ ਰਾਵੀ ਦੇ ਵਾਟਰ ਵਿੰਗ ਤੋਂ ਭਾਰਤ-ਪਾਕਿਸਤਾਨ ਸਰਹੱਦ 'ਤੇ 18-12 ਨੰਬਰ ਪਿੱਲਰ ਤੱਕ ਗਲਤ ਲੱਗ ਰਹੀ ਕੰਡਿਆਲੀ ਤਾਰ ਦੇ ਆਰੰਭ ਕੀਤੇ ਕੰਮ ਨੂੰ ਲੈ ਕੇ ਜਮਹੂਰੀ ਕਿਸਾਨ ਸਭਾ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਤੱਕ ਪਹੁੰਚ ਕਰਨ ਉਪਰੰਤ ਏ ਡੀ ਸੀ ਗੁਰਦਾਸਪੁਰ ਤਜਿੰਦਰ ਪਾਲ ਸਿੰਘ ਦੇ ਦਫਤਰ ਵਿਖੇ ਉਹਨਾ ਵੱਲੋਂ ਸੰਬੰਧਤ ਧਿਰਾਂ ਦੀ ਮੀਟਿੰਗ ਹੋਈ, ਜਿਸ ਵਿਚ ਜੰਥੇਬੰਦੀ ਵੱਲੋਂ ਸੂਬਾ ਜਾਇੰਟ ਸਕੱਤਰ ਸਾਥੀ ਰਘਬੀਰ ਸਿੰਘ ਪਕੀਵਾ ਦੀ ਅਗਵਾਈ ਵਿਚ ਸਾਥੀ ਜਗੀਰ ਸਿੰਘ, ਪ੍ਰਧਾਨ ਦਰਸ਼ਨ ਸਿੰਘ ਡੇਹਰੀਵਾਲ ਕਿਰਨ, ਸਕੱਤਰ ਨਿਸ਼ਾਨ ਸਿੰਘ, ਮੀਤ ਪ੍ਰਧਾਨ ਅਮਰੀਕ ਸਿੰਘ ਅਤੇ ਰਘਬੀਰ ਸਿੰਘ ਡਾਗਰੀ ਕਿਸਾਨ ਕਮੇਟੀ ਦੇ ਆਗੂ ਸ਼ਾਮਲ ਸਨ। ਇਸ ਮੌਕੇ ਮਾਲ ਵਿਭਾਗ ਦੇ ਕਰਮਚਾਰੀਆਂ ਨੇ ਕੰਡਿਆਲੀ ਤਾਰ ਨਾਲ ਸੰਬੰਧਤ ਨਕਸ਼ਾ ਪੇਸ਼ ਕਰਦੇ ਹੋਏ ਦੱਸਿਆ ਕਿ ਆਰੰਭ ਕੀਤਾ ਕੰਮ ਗਲਤ ਹੈ, ਇਸ ਨਾਲ ਕੁਲ 1050 ਏਕੜ ਜ਼ਮੀਨ ਸਰਹੱਦੀ ਕਿਸਾਨਾਂ ਦੀ ਤਾਰ ਅਤੇ ਦਰਿਆ ਤੋਂ ਪਾਰ ਰਹਿ ਜਾਂਦੀ ਹੈ, ਜਿਸ ਕਾਰਨ ਕਿਸਾਨਾਂ ਨਾਲ ਬੇਇਨਸਾਫੀ ਹੈ। ਬੀ ਐੱਸ ਐੱਫ ਵੱਲੋਂ ਪੇਸ਼ ਕਰਮਚਾਰੀਆਂ ਨੇ ਆਪਣਾ ਪੱਖ ਰੱਖਿਆ। ਜੰਥੇਬੰਦੀ ਨੇ ਮੀਟਿੰਗ ਵਿਚ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਜੰਥੇਬੰਦੀ ਕਿਸੇ ਵੀ ਕੀਮਤ 'ਤੇ ਕੰਡਿਆਲੀ ਤਾਰ ਗਲਤ ਥਾਂ 'ਤੇ ਨਹੀਂ ਲੱਗਣ ਦੇਵੇਗੀ। ਉਨ੍ਹਾਂ ਦੱਸਿਆ ਕਿ ਕੰਡਿਆਲੀ ਤਾਰ ਐਸ ਐਲ ਕਪੂਰ ਕਮਿਸ਼ਨ ਦੀ ਸਿਫਾਰਸ਼ ਅਨੁਸਾਰ ਜ਼ੀਰੋ ਲਾਈਨ ਤੋਂ 50-100 ਮੀਟਰ ਤੱਕ ਲੱਗਣ ਦੀ ਵਿਵਸਥਾ ਹੈ। ਇਸ ਕੰਮ ਨੂੰ ਰੋਕਣ ਲਈ ਜੰਥੇਬੰਦੀ ਨੇ ਬੀ ਐਸ ਐਫ ਦੇ ਡੀ ਆਈ ਜੀ ਨਾਲ ਮੀਟਿੰਗ ਕਰਕੇ ਆਪਣਾ ਵਿਰੋਧ ਜਤਾਇਆ ਹੈ। ਇਸ ਲਈ ਜੇਕਰ ਜੰਥੇਬੰਦੀ ਨੂੰ ਉਚ ਆਧਿਕਾਰੀਆਂ ਕੋਲ ਮਸਲਾ ਲਿਜਾਣਾ ਪਿਆ ਤਾਂ ਜੰਥੇਬੰਦੀ ਇਸ ਤੋਂ ਗੁਰੇਜ ਨਹੀਂ ਕਰੇਗੀ। ਮੀਟਿਗ ਵਿਚ ਸੰਬੰਧਤ ਧਿਰਾਂ ਵੱਲੋਂ ਆਪਣਾ ਪੱਖ ਰੱਖਿਆ ਗਿਆ ਏ ਡੀ ਸੀ ਨੇ ਸਾਰੀਆਂ ਧਿਰਾਂ ਨੂੰ ਧਿਆਨ ਨਾਲ ਸੁਣਿਆ, ਇਸ ਮਸਲੇ ਦਾ ਕੋਈ ਸਾਰਥਕ ਹੱਲ ਕੱਢਣ ਦਾ ਭਰੋਸਾ ਦਿੱਤਾ।

Thursday, 5 February 2015

ਸੰਪਾਦਕੀ (ਸੰਗਰਾਮੀ ਲਹਿਰ - ਫਰਵਰੀ 2015)

ਸ਼ਰਾਰਤੀ ਤੇ ਫਿਰਕੂ ਤੱਤਾਂ ਦੀਆਂ ਸਰਗਰਮੀਆਂ ਤੋਂ ਸਾਵਧਾਨ ਰਹੋ! 
ਆਰ.ਐਸ.ਐਸ. ਤੇ ਇਸਦੀਆਂ ਸਹਿਯੋਗੀ ਧਿਰਾਂ ਜਿਵੇਂ ਕਿ ਭਾਜਪਾ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਸ਼ਿਵ ਸੈਨਾ, ਸਵਦੇਸ਼ੀ ਜਾਗਰਣ ਮੰਚ ਆਦਿ ਵਲੋਂ, ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਦੇ ਸੱਤਾ ਸੰਭਾਲਦਿਆਂ ਹੀ ਦੇਸ਼ ਭਰ ਵਿਚ ਫਿਰਕੂ ਤੇ ਵੰਡਵਾਦੀ ਕਾਰਵਾਈਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਫਿਰਕੂ ਹਿੰਸਾ ਵਿਚ ਵੀ ਚੋਖਾ ਵਾਧਾ ਹੋਇਆ ਹੈ। ਜੇਕਰ ਬਹੁਕੌਮੀ, ਬਹੁਧਰਮੀ ਤੇ ਵੱਖ ਵੱਖ ਬੋਲੀਆਂ ਬੋਲਣ ਵਾਲੇ ਦੇਸ਼ ਵਿਚ ਅਜੇਹਾ ਫਿਰਕੂ ਕੱਟੜਵਾਦੀ ਖਰੂਦ ਜਾਰੀ ਰਿਹਾ, ਤਦ ਕਿਸੇ ਵੀ ਖਿੱਤੇ ਵਿਚੋਂ ਫਿਰਕੂ ਆਧਾਰ ਉਪਰ ਤਨਾਅ ਅਤੇ ਦੰਗਿਆਂ ਦੀਆਂ ਭੈੜੀਆਂ ਖਬਰਾਂ ਆਉਣ ਨੂੰ ਟਾਲਿਆ ਨਹੀਂ ਜਾ ਸਕਦਾ। ਅਜਿਹਾ ਵਾਪਰਨਾ ਦੇਸ਼ ਦੀ ਏਕਤਾ, ਅਖੰਡਤਾ ਤੇ ਭਾਈਚਾਰਕ ਸਾਂਝ ਦੇ ਜੜ੍ਹੀਂ ਤੇਲ ਦੇਣ ਦੇ ਤੁਲ ਹੋਵੇਗਾ; ਜਿਸ ਬਾਰੇ ਸੰਘ ਪਰਿਵਾਰ ਵਾਲੇ ਹਰ ਸਮੇਂ ਸੰਘ ਪਾੜ ਪਾੜ ਕੇ ਦੁਹਾਈ ਦੇਣੋਂ ਨਹੀਂ ਥੱਕਦੇ।
ਇਸੇ ਤਣਾਅ ਭਰੇ ਮਹੌਲ ਅੰਦਰ ਪੰਜਾਬ ਵਿਚ ਵੀ ਫਿਰਕੂ ਪ੍ਰਚਾਰ ਤੇ ਸੌੜੀਆਂ ਰਾਜਸੀ ਗਤੀਵਿਧੀਆਂ ਦੀਆਂ ਕਨਸੋਆਂ ਕੰਨੀ ਪੈਣੀਆਂ ਸ਼ੁਰੂ ਹੋ ਗਈਆਂ ਹਨ। 70ਵਿਆਂ ਦੇ ਅੰਤ ਵਿਚ ਸ਼ੁਰੂ ਹੋਈ ਅੱਤਵਾਦੀ ਹਿੰਸਾ ਨੇ ਪ੍ਰਾਂਤ ਦੇ ਛੱਬੀ ਹਜ਼ਾਰ ਤੋਂ ਵੀ ਵਧੇਰੇ ਲੋਕਾਂ ਦੀਆਂ ਜਾਨਾਂ ਲਈਆਂ ਸਨ। ਕਰੋੜਾਂ ਦੀ ਸੰਪਤੀ ਤੇ ਕਾਰੋਬਾਰਾਂ ਦਾ ਨੁਕਸਾਨ ਵੱਖਰਾ ਹੋਇਆ ਸੀ। ਇਸ ਕਾਲੇ ਦੌਰ ਦੇ ਦੂਸ਼ਤ ਰਾਜਸੀ ਤੇ ਵਿਦਿਅਕ ਮਾਹੌਲ ਕਾਰਨ ਅਗਾਂਵਧੂ ਤੇ ਮਾਨਵਵਾਦੀ ਕਦਰਾਂ ਕੀਮਤਾਂ ਦੇ ਵਿਕਾਸ ਪੱਖੋਂ ਪੰਜਾਬ ਨੇ ਵੱਡਾ ਘਾਟਾ ਖਾਧਾ ਹੈ, ਭਾਵੇਂ ਕਿ ਇਸ ਜ਼ਹਿਰੀਲੇ ਤੂਫ਼ਾਨ ਵਿਚ ਵੀ ਬਹੁਤ ਸਾਰੇ ਲੋਕਾਂ ਨੇ ਅਗਰਗਾਮੀ ਚੇਤਨਤਾ ਦੀ ਲਾਟ ਨੂੰ ਬਲਦਿਆਂ ਰੱਖਣ ਲਈ ਵੱਡੇ ਖ਼ਤਰਿਆਂ ਦਾ ਸਾਹਮਣਾ ਕੀਤਾ। ਸਭ ਤੋਂ ਵੱਧ ਘਾਣ ਪੰਜਾਬ ਦੀ ਉਸ ਸ਼ਾਨਾਮਤੀ ਵਿਰਾਸਤ ਦਾ ਕੀਤਾ ਗਿਆ, ਜਿਸਦੇ ਸਹਿਨਸ਼ੀਲਤਾ ਤੇ ਫਿਰਕੂ ਸਦਭਾਵਨਾ ਬਹੁਤ ਹੀ ਉਘੜਵੇਂ ਪੱਖ ਹਨ। ਇਸ ਦੁਖਾਂਤ ਦੀਆਂ ਪੀੜ੍ਹਾਂ ਅਜੇ ਵੀ ਮਹਿਸੂਸ ਕੀਤੀਆਂ ਜਾ ਰਹੀਆਂ ਹਨ। ਐਪਰ ਚਿੰਤਾ ਦੀ ਗੱਲ ਇਹ ਹੈ ਕਿ ਅੱਜ ਮੁੜ ਪੰਜਾਬ ਦੇ ਰਾਜਨੀਤਕ ਤੇ ਸਮਾਜਿਕ ਵਾਤਾਵਰਣ ਵਿਚ ਫਿਰਕੂ ਜ਼ਹਿਰ ਘੋਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਸ਼ਾਂਤੀ ਤੇ ਅਮਨ ਨੂੰ ਸੂਝਵਾਨ ਪੰਜਾਬੀਆਂ ਤੇ ਅਗਾਂਹਵਧੂ ਰਾਜਸੀ ਸ਼ਕਤੀਆਂ ਨੇ ਵੱਡਾ ਮੁੱਲ ਤਾਰਕੇ ਪ੍ਰਾਪਤ ਕੀਤਾ ਹੈ, ਅੱਜ ਫੇਰ ਗੈਰ ਜ਼ਿੰਮੇਵਾਰ ਸ਼ਰਾਰਤੀ ਤੇ ਫਿਰਕੂ ਤੱਤ ਉਸਨੂੰ ਲਾਂਬੂ ਲਗਾਉਣ ਦੀ ਤਾਕ ਵਿਚ ਹਨ।
ਆਰ.ਐਸ.ਐਸ. ਵਲੋਂ ਕੇਂਦਰ ਵਿਚਲੀ ਸੱਤਾ ਦਾ ਲਾਹਾ ਲੈ ਕੇ ਪੰਜਾਬ ਵਰਗੇ ਸੰਵੇਦਨਸ਼ੀਲ ਪ੍ਰਾਂਤ ਵਿਚ ਆਪਣੇ ਪੈਰ ਪਸਾਰਨ ਲਈ ਵੱਡੀਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਸੰਘ ਮੁਖੀ ਦੀਆਂ ਪੰਜਾਬ ਵਿਚ ਕੀਤੀਆਂ ਜਾ ਰਹੀਆਂ ਨਿਰੰਤਰ ਫੇਰੀਆਂ ਤੇ ਵੱਡੇ ਡੇਰਾਮੁਖੀਆਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਕਿਸੇ ਨੇਕ ਕਾਰਜ ਵਜੋਂ ਕਦਾਚਿੱਤ ਨਹੀਂ ਸੋਚੀਆਂ ਜਾ ਸਕਦੀਆਂ। ਪੰਜਾਬ ਵਿਚ ਵਸਦੀਆਂ ਧਾਰਮਿਕ ਘਟ ਗਿਣਤੀਆਂ ਦਾ ਵੱਖ ਵੱਖ ਲੋਭ ਲਾਲਚਾਂ ਅਧੀਨ ਕੀਤਾ ਜਾ ਰਿਹਾ 'ਧਰਮ ਪਰਿਵਰਤਨ' ਫਿਰਕੂ ਸਦਭਾਵਨਾ ਤੇ ਭਾਈਚਾਰਕ ਇਕਸੁਰਤਾ ਲਈ ਕਿਵੇਂ ਲਾਭਕਾਰੀ ਹੋ ਸਕਦਾ ਹੈ? ਪੰਜਾਬ ਵਿਚ ਆਪਣਾ 'ਵਿਉਪਾਰ' ਚਲਾ ਰਹੇ ਵੱਖ ਵੱਖ ਧਾਰਮਿਕ ਡੇਰੇ ਤੇ ਬਾਬੇ ਆਪਣੀਆਂ ਸਰਗਰਮੀਆਂ ਰਾਹੀਂ ਇਸ ਸਥਿਤੀ ਨੂੰ ਵਿਗਾੜਨ ਵਿਚ ਸਹਾਈ ਸਿੱਧ ਹੋ ਰਹੇ ਹਨ। ਕਦੀ 1984 ਦੇ ਦਿੱਲੀ ਵਿਚ ਹੋਏ ਸਿੱਖ ਕਤਲੇਆਮ ਦੀ, ਕਦੀ ਬਿਨਾਂ ਗੁਣ ਦੋਸ਼ਾਂ ਦੇ ਆਧਾਰ 'ਤੇ ਜੇਲ੍ਹਾਂ ਵਿਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਤੇ ਕਦੇ ਬੇਦੋਸ਼ੇ ਲੋਕਾਂ ਦੀਆਂ ਹੱਤਿਆਵਾਂ ਕਰਨ ਵਾਲੇ ਕਾਤਲਾਂ ਦੀਆਂ ਯਾਦਗਾਰਾਂ ਉਸਾਰਨ ਦੀ ਓਟ ਲੈ ਕੇ ਦੇਸ਼ ਵਿਰੋਧੀ ਫਿਰਕੂ ਤੱਤ ਸਿੱਖ ਜਨ-ਸਮੂਹਾਂ ਨੂੰ ਗੁੰਮਰਾਹ ਕਰਕੇ ਮੁੜ ਕੋਈ ਫੁੱਟ ਪਾਊ ਲਹਿਰ ਖੜੀ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰਦੇ ਦੇਖੇ ਜਾ ਸਕਦੇ ਹਨ। ਇਨ੍ਹਾਂ ਲੋਕਾਂ ਨੂੰ ਨਾ ਤਾਂ ਦਿੱਲੀ ਦੰਗਿਆਂ ਦਾ ਸੰਤਾਪ ਹੰਢਾ ਰਹੇ ਸਿੱਖ ਪਰਿਵਾਰਾਂ ਦੀ ਕੋਈ ਚਿੰਤਾ ਹੈ ਤੇ ਨਾ ਹੀ ਇਹਨਾਂ ਦਾ ਮਾਨਵੀ ਸਰੋਕਾਰਾਂ ਨਾਲ ਹੀ ਕੋਈ ਦੂਰ ਦਾ ਵਾਸਤਾ ਹੈ। ਇਨ੍ਹਾਂ ਸਰਗਰਮੀਆਂ ਵਿਚ ਅਜਿਹੇ ਭੱਦਰਪੁਰਸ਼ਾਂ ਦੀ ਸਪੱਸ਼ਟ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ ਜੋ ਪੰਜਾਬ ਵਿਚਲੀ ਖਾਲਿਸਤਾਨੀ ਲਹਿਰ ਵਿਚ ਭਾਰਤ ਸਰਕਾਰ ਦੀਆਂ ਖੁਫ਼ੀਆ ਏਜੰਸੀਆਂ ਦੇ ਜਾਂ ਏਜੰਟਾਂ ਵਜੋਂ ਕੰਮ ਕਰ ਰਹੇ ਸਨ ਤੇ ਜਾਂ ਸਿੱਧੇ ਉਨ੍ਹਾਂ ਦੇ ਮੁਲਾਜ਼ਮ ਸਨ। ਅਜਿਹੀਆਂ ਬਹੁਤ ਸਾਰੀਆਂ ਕਿਤਾਬਾਂ ਤੇ ਦਸਤਾਵੇਜ਼ ਪਬਲਿਕ ਤੌਰ 'ਤੇ ਉਪਲੱਬਧ ਹਨ, ਜੋ ਕਿ ਖੁਫੀਆ ਏਜੰਸੀਆਂ ਦੇ ਸੇਵਾ ਮੁਕਤ ਵੱਡੇ ਅਫਸਰਾਂ ਜਾਂ ਹੋਰ ਨਾਮਵਰ ਲੇਖਕਾਂ ਦੁਆਰਾ ਪ੍ਰਕਾਸ਼ਤ ਕੀਤੇ ਗਏ ਹਨ। ਦਹਿਸ਼ਤਗਰਦੀ ਦੇ ਦੌਰ ਵਿਚ ਹਜ਼ਾਰਾਂ ਬੇਗੁਨਾਹ ਲੋਕ ਅੱਤਵਾਦੀਆਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ। ਅਨੇਕਾਂ ਸਧਾਰਣ ਭੋਲੇ ਭਾਲੇ ਬੇਕਸੂਰ ਨੌਜਵਾਨ ਵੀ ਸਰਕਾਰੀ ਹਿੰਸਾ ਦਾ ਸ਼ਿਕਾਰ ਬਣੇ, ਜੋ ਡਰ/ਮਜ਼ਬੂਰੀ ਬਸ ਜਾਂ ਧਾਰਮਕ ਭਾਵਨਾਵਾਂ ਦੇ ਵਹਿਣ ਵਿਚ ਬਹਿ ਕੇ ਖਾਲਿਸਤਾਨੀ ਲਹਿਰ ਵੱਲ ਖਿੱਚੇ ਗਏ। ਪ੍ਰੰਤੂ ਆਪਣੇ ਭਾਸ਼ਣਾਂ ਵਿਚ ਅੱਗ ਉਗਲਣ ਵਾਲੇ ਬਹੁਤ ਸਾਰੇ ਕਥਿਤ 'ਖਾਲਿਸਤਾਨੀ' ਨੇਤਾਵਾਂ ਦਾ ਵਾਲ ਵੀ ਵਿੰਗਾ ਨਹੀਂ' ਹੋਇਆ। ਇਨ੍ਹਾਂ ਵਿਚੋਂ ਬਹੁਤ ਸਾਰੇ 'ਖਾੜਕੂ ਨੇਤਾ' ਅੱਜ ਕਾਂਗਰਸ ਤੇ ਅਕਾਲੀ ਦਲ ਵਰਗੀਆਂ ਪਾਰਟੀਆਂ ਦੀਆਂ ਸਫ਼ਾਂ ਵਿਚ ਸ਼ਾਮਿਲ ਹੋ ਕੇ ਸੱਤਾ ਦਾ ਸੁੱਖ ਭੋਗ ਰਹੇ ਹਨ। ਅੱਜ ਫੇਰ ਗਰਮਦਲੀਆਂ ਵਜੋਂ ਸ਼ੱਕੀ ਤੱਤ ਸਧਾਰਣ ਸਿੱਖ ਜਨਸਮੂਹਾਂ ਦੀਆਂ ਧਾਰਮਕ ਭਾਵਨਾਵਾਂ ਨਾਲ ਖੇਡਦੇ ਹੋਏ ਪੰਜਾਬ ਅੰਦਰ ਮੁੜ ਅਜਿਹਾ ਤਣਾਅ ਤੇ ਸੰਦੇਹ ਭਰਿਆ ਮਹੌਲ ਸਿਰਜਣਾ ਚਾਹੁੰਦੇ ਹਨ, ਜਿਥੇ ਆਮ ਆਦਮੀ ਹੀ ਸਭ ਤੋਂ ਵੱਧ ਨਪੀੜਿਆ ਜਾਵੇਗਾ ਤੇ ਉਸਦੇ ਜੀਵਨ ਨਾਲ ਸੰਬੰਧਤ ਮੁੱਦੇ ਅੱਖੋਂ ਓਹਲੇ ਕਰ ਦਿੱਤੇ ਜਾਣਗੇ। ਅਜਿਹਾ ਮਾਹੌਲ ਸਰਕਾਰੀ ਏਜੰਟਾਂ ਤੇ ਲੁੱਟਾਂ ਖੋਹਾਂ ਆਸਰੇ ਧਨਵਾਨ ਬਣਨ ਵਾਲੇ ਲੁਟੇਰਿਆਂ ਲਈ ਬਹੁਤ ਹੀ ਲਾਹੇਵੰਦਾ ਸਿੱਧ ਹੁੰਦਾ ਹੈ।
ਇਹ ਵੀ ਇਕ ਤਲਖ ਹਕੀਕਤ ਹੈ ਕਿ ਸਾਰੇ ਹੀ ਰੰਗਾਂ ਦੇ ਭਾਰਤੀ ਹੁਕਮਰਾਨਾਂ ਦੀ ਲੋਕਾਂ ਦੀਆਂ ਹਕੀਕੀ ਮੁਸ਼ਕਿਲਾਂ ਹੱਲ ਕਰਨ ਜਾਂ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਜੁੜੇ ਮਸਲੇ ਜਮਹੂਰੀ ਢੰਗ ਨਾਲ ਸੁਲਝਾਉਣ ਵਿਚ ਕਦੀ ਕੋਈ ਦਿਲਚਸਪੀ ਨਹੀਂ ਰਹੀ। ਹਾਕਮ ਜਮਾਤਾਂ ਦੀਆਂ ਸਰਕਾਰਾਂ ਨੇ ਹਮੇਸ਼ਾਂ ਹੀ ਲੋਕਾਂ ਨਾਲ ਸਬੰਧਤ ਮਸਲਿਆਂ ਨੂੰ ਉਲਝਾਉਣ ਤੇ ਫੇਰ ਜਬਰ ਦਾ ਸਹਾਰਾ ਲੈ ਕੇ ਹਾਂ ਪੱਖੀ ਲੋਕ ਰੋਹ ਨੂੰ ਦਬਾਉਣ ਦਾ ਯਤਨ ਕੀਤਾ ਹੈ। ਅੱਤਵਾਦ ਵੱਖਵਾਦ ਨੂੰ ਦਬਾਉਣ ਦੇ ਨਾਂਅ ਹੇਠਾਂ ਪ੍ਰਾਪਤ ਕੀਤੇ ਅਸੀਮ ਤੇ ਨਿਰੁੰਕੁਸ਼ ਅਧਿਕਾਰਾਂ ਦੀ ਵਰਤੋਂ ਕਰਕੇ ਸਰਕਾਰ ਦੀ ਦਬਾਊ ਮਸ਼ੀਨਰੀ ਨੇ ਸਦਾ ਹੀ ਲੋਕਾਂ ਦੇ ਹੱਕੀ ਘੋਲਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਹੈ। ਲੋਕਾਂ ਦੇ ਅੱਲੇ ਜ਼ਖਮਾਂ ਉਪਰ ਲੂਣ ਪਾ ਕੇ ਹਾਕਮ ਧਿਰ ਦੀਆਂ ਕਾਂਗਰਸ, ਭਾਜਪਾ, ਅਕਾਲੀ ਦਲ (ਬਾਦਲ) ਸਮੇਤ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਨੇ ਆਪਣੀਆਂ ਰਾਜਸੀ ਰੋਟੀਆਂ ਸੇਕਣ ਦਾ ਯਤਨ ਕੀਤਾ ਹੈ। ਘੱਟ ਗਿਣਤੀਆਂ ਦੇ ਖੂਨ ਦਾ ਪਿਆਸਾ ਸੰਘ ਪਰਿਵਾਰ, ਜਿਸਨੇ ਪੰਜਾਬ ਵਿਚਲੇ ਖਾਲਿਸਤਾਨੀ ਦੌਰ ਸਮੇਂ ਵੀ ਆਪਣਾ ਫਿਰਕੂ ਪੈਂਤੜਾ ਨਹੀਂ ਸੀ ਤਿਆਗਿਆ, 84 ਵਿਚ ਦਿੱਲੀ ਦੀਆਂ ਸੜਕਾਂ ਉਪਰ ਸਿੱਖਾਂ ਦੇ ਕੀਤੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਲਈ ਕਿੰਨਾ ਕੁ ਸੁਹਿਰਦ ਹੋ ਸਕਦਾ ਹੈ? ਕਾਂਗਰਸ ਨੇ ਪੰਜਾਬ ਦੀਆਂ ਹਕੀਕੀ ਮੰਗਾਂ ਜਿਵੇਂ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਿਲ ਕਰਨਾ, ਦਰਿਆਈ ਪਾਣੀਆਂ ਦੀ ਨਿਆਂਈ ਵੰਡ, ਰਾਜਾਂ ਨੂੰ ਵਧੇਰੇ ਅਧਿਕਾਰ ਦੇ ਕੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਵਰਗੀਆਂ ਮੰਗਾਂ ਬਾਰੇ ਹਮੇਸ਼ਾਂ ਹੀ ਪੰਜਾਬ ਵਿਰੋਧੀ ਵਤੀਰਾ ਧਾਰਨ ਕੀਤਾ ਹੈ। ਆਪਣੇ ਸਵਾਰਥੀ ਹਿੱਤ ਪੂਰਨ ਖਾਤਰ ਅਨੇਕਾਂ ਬੇਗੁਨਾਹ ਲੋਕਾਂ ਨੂੰ ਸੀਖਾਂ ਪਿੱਛੇ ਡੱਕਣ ਤੇ ਆਪਣੀ ਸੁਵਿਧਾ ਮੁਤਾਬਕ 'ਕਾਲੀਆਂ ਸੂਚੀਆਂ' ਬਣਾਉਣ ਵਾਲੀ ਕਾਂਗਰਸ ਪਾਰਟੀ ਦੇ ਨੇਤਾਵਾਂ ਦਾ ਹੁਣ ਸਿੱਖ ਕੈਦੀਆਂ ਦੀ ਰਿਹਾਈ ਲਈ ਚੱਲੇ ਅੰਦੋਲਨ ਦੇ ਕੈਂਪਾਂ ਵਿਚ ਦੇਖੇ ਜਾਣਾ ਬਹੁਤ ਸਾਰੀਆਂ ਸ਼ੰਕਾਵਾਂ ਉਤਪੰਨ ਕਰਦਾ ਹੈ।  ਅਕਾਲੀ ਦਲ (ਬਾਦਲ), ਜੋ ਡੰਗ ਟਪਾਊ ਢੰਗ ਨਾਲ ਆਪਣੀ ਰਾਜਸੀ ਮਜ਼ਬੂਰੀ ਜਾਂ ਤੰਗ ਸਿਆਸੀ ਹਿਤਾਂ ਤੋਂ ਪ੍ਰੇਰਤ ਰਾਜਨੀਤਕ ਪੈਂਤੜੇ ਅਧੀਨ ਕਦੀ ਕਦੀ ਪੰਜਾਬ ਨਾਲ ਸਬੰਧਤ ਮੁੱਦੇ ਉਭਾਰਦਾ ਹੈ ਜਾਂ ਸਿੱਖ ਵਿਰੋਧੀ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕਰਦਾ ਹੈ, ਨੇ ਕਦੇ ਵੀ ਕੇਂਦਰ ਤੇ ਪੰਜਾਬ ਦੀ ਸੱਤਾ ਵਿਚ ਭਾਗੀਦਾਰ ਹੁੰਦਿਆਂ ਹੋਇਆਂ ਇਨ੍ਹਾਂ ਸਵਾਲਾਂ ਦੇ ਹੱਲ ਲਈ ਗੰਭੀਰ ਯਤਨ ਨਹੀਂ ਕੀਤਾ। ਭਾਜਪਾ ਨਾਲ ਨਹੁੰ ਮਾਸ ਦਾ ਰਿਸ਼ਤਾ ਦੱੋਸਣ ਵਾਲਾ ਅਕਾਲੀ ਦਲ ਘੱਟ ਗਿਣਤੀ ਦੇ ਹੱਕਾਂ ਦੀ ਰਾਖੀ ਦੀ ਦਾਅਵੇਦਾਰੀ ਕਿਵੇਂ ਜਤਾ ਸਕਦਾ ਹੈ?
ਇਕ ਹੋਰ ਮਹੱਤਵਪੂਰਨ ਤੱਥ ਵੀ ਸਭ ਲੋਕਾਂ ਦਾ ਵਿਸ਼ੇਸ਼ ਧਿਆਨ ਮੰਗਦਾ ਹੈ। ਉਹ ਹੈ ਫਿਰਕੂ ਤੇ ਮੌਕਾਪ੍ਰਸਤ ਸ਼ਰਾਰਤੀ ਤੱਤਾਂ  (ਜਿਨ੍ਹਾਂ ਵਿਚ ਸਰਕਾਰੀ ਏਜੰਟ ਵੀ ਵੱਡੀ ਗਿਣਤੀ ਵਿਚ ਮੌਜੂਦ ਹਨ), ਦੇ ਵੱਖਵਾਦੀ ਤੇ ਭੜਕਾਊ ਨਾਅਰੇ ਤੇ ਅੰਦੋਲਨ ਉਦੋਂ ਹੀ ਕਿਉਂ ਸ਼ੁਰੂ ਕਰਦੇ ਹਨ, ਜਦੋਂ ਮਿਹਨਤਕਸ਼ ਲੋਕ ਮੌਜੂਦਾ ਪੂੰਜੀਵਾਦੀ ਢਾਂਚੇ ਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਅਤੇ ਆਪਣੀਆਂ ਹਕੀਕੀ ਮੰਗਾਂ ਦੀ ਪ੍ਰਾਪਤੀ ਲਈ ਸਾਂਝੇ ਸੰਘਰਸ਼ਾਂ ਦੇ ਰਾਹੇ ਪੈ ਕੇ ਇਕ ਲੋਕ ਪੱਖੀ ਮੁਤਬਾਦਲ ਉਸਾਰਨ ਦਾ ਯਤਨ ਕਰਦੇ ਹਨ। ਅੱਜ ਲੋਕਾਂ ਦਾ ਯੂ.ਪੀ.ਏ. ਦੀ ਪਿਛਲੀ ਕੇਂਦਰੀ ਸਰਕਾਰ ਦੁਆਰਾ ਅਪਣਾਈਆਂ ਗਈਆਂ ਲੋਕ ਮਾਰੂ ਨੀਤੀਆਂ ਦੇ ਸਿੱਟੇ ਵਜੋਂ ਕਾਂਗਰਸ ਪਾਰਟੀ ਤੋਂ ਮੋਹ ਭੰਗ ਹੋ ਰਿਹਾ ਹੈ ਅਤੇ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਦਾ ਸਾਮਰਾਜੀ ਤੇ ਕਾਰਪੋਰੇਟ ਹਿੱਤਾਂ ਦੇ ਇਕ 'ਫਰਮਾਬਰਦਾਰ' ਵਜੋਂ ਸੇਵਾ ਨਿਭਾ ਰਹੇ ਅਤੇ ਦੇਸ਼ ਨੂੰ ਫਿਰਕਾਪ੍ਰਸਤੀ ਦੀ ਅੱਗ ਵਿਚ ਝੋਕਣ ਦਾ ਯਤਨ ਕਰਨ ਵਾਲੇ ਦੈਂਤ ਦੇ ਰੂਪ ਵਿਚ ਅਸਲੀ ਚਿਹਰਾ ਨੰਗਾ ਹੋ ਰਿਹਾ ਹੈ। ਜਨ ਸਧਾਰਣ ਇਕ ਲੋਕ ਪੱਖੀ ਮੁਤਬਾਦਲ ਉਸਾਰਨ ਵਾਸਤੇ ਵਿਸ਼ਾਲ ਜਨਤਕ ਘੋਲ ਵਿੱਢਣ ਲਈ ਅੰਗੜਾਈਆਂ ਲੈ ਰਹੇ ਹਨ। ਪੰਜਾਬ ਵਿਚ ਂਿੲਕਮੁੱਠ ਹੋ ਕੇ ਸੰਘਰਸ਼ ਕਰ ਰਹੀਆਂ ਖੱਬੀਆਂ ਪਾਰਟੀਆਂ ਨੇ ਪਿਛਲੇ ਦਿਨਾਂ ਵਿਚ ਵੱਡੀ ਜਨਤਕ ਲਾਮਬੰਦੀ ਕੀਤੀ ਹੈ। ਜਨਤਕ ਜਥੇਬੰਦੀਆਂ ਵਲੋਂ ਵਿਸ਼ਾਲ ਏਕਤਾ ਤੇ ਸਾਂਝੇ ਘੋਲਾਂ ਰਾਹੀਂ ਸੂਬਾਈ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਹੋਰ ਵੀ ਬਹੁਤ ਸਾਰੇ ਲੋਕ ਤੇ ਜਨਤਕ ਜਥੇਬੰਦੀਆਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸੜਕਾਂ ਉਪਰ ਨਿੱਕਲ ਤੁਰੀਆਂ ਹਨ। ਸਾਮਰਾਜ ਤੇ ਦੇਸ਼ ਦੇ ਵੱਡੇ ਪੂੰਜੀਪਤੀ ਤੇ ਸਵਾਰਥੀ ਤੱਤ ਲੋਕ ਲਹਿਰਾਂ ਦੀ ਚੜ੍ਹ ਰਹੀ ਇਸ ਕਾਂਗ ਤੋਂ ਡਾਢੇ ਪ੍ਰੇਸ਼ਾਨ ਹਨ। ਇਸ ਮੌਕੇ ਸਾਮਰਾਜ ਤੇ ਭਾਰਤੀ ਹਾਕਮਾਂ ਦੇ ਵਿਸ਼ਵਾਸ਼ਪਾਤਰ ਯੋਜਨਾਬੱਧ ਢੰਗ ਨਾਲ ਫਿਰਕੂ ਤੇ ਸੰਕੀਰਨ ਬੋਲੀ ਬੋਲਣ ਵਿਚ ਇਕ ਦੂਸਰੇ ਤੋਂ ਅਗੇ ਨਿਕਲਣ ਦਾ ਯਤਨ ਕਰ ਰਹੇ ਹਨ ਤਾਂ ਕਿ ਲੋਕਾਂ ਦੀ ਉਸਰ ਰਹੀ ਸਾਂਝੀ ਲਹਿਰ ਨੂੰ ਖੇਰੂੰ ਖੇਰੂੰ ਕੀਤਾ ਜਾ ਸਕੇ। ਸੱਤਰਵਿਆਂ ਦੇ ਦੌਰ ਵਿਚ ਪੰਜਾਬ ਵਿਚ ਚੱਲੀ ਵੱਖਵਾਦੀ ਲਹਿਰ ਸਮੇਂ ਵੀ ਰਾਜਨੀਤਕ ਦ੍ਰਿਸ਼ ਕੁਝ ਅਜਿਹਾ ਹੀ ਸੀ।
ਇਹ ਤਸੱਲੀ ਦੀ ਗੱਲ ਹੈ ਕਿ ਆਪਣੇ ਸ਼ਾਨਦਾਰ ਤੇ ਜੁਝਾਰੂ ਇਤਿਹਾਸ ਦੇ ਵਾਰਸ ਪੰਜਾਬੀ ਲੋਕ ਪਿਛਲੇ ਤਲਖ ਤਜਰਬਿਆਂ ਦੇ ਆਧਾਰ ਉਤੇ ਅਤੇ ਪੰਜਾਬ ਦੀਆਂ ਖੱਬੀਆਂ ਤੇ ਦੂਸਰੀਆਂ ਅਗਾਂਹਵਧੂ ਸ਼ਕਤੀਆਂ ਦੀਆਂ ਵਧੀਆਂ ਹੋਈਆਂ ਜਨਤਕ ਸਰਗਰਮੀਆਂ ਦੀ ਬਦੌਲਤ ਅਜੇ ਤੱਕ ਦੇਸ਼ ਵਿਰੋਧੀ ਫਿਰਕੂ ਤੱਤਾਂ ਦੀਆਂ ਭੜਕਾਊ ਸਰਗਰਮੀਆਂ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਨਹੀਂ ਹੋ ਰਹੇ। ਪ੍ਰੰਤੂ ਮੌਜੂਦਾ ਹਾਲਤਾਂ ਦੀ ਬੁਕਲ ਵਿਚ ਛੁਪੇ ਹੋਏ ਖਤਰਿਆਂ ਤੇ ਲੋਕਾਂ ਨੂੰ ਲੁੱਟਣ ਤੇ ਕੁੱਟਣ ਲਈ ਹਾਕਮ ਧਿਰਾਂ ਦੀਆਂ ਖਤਰਨਾਕ ਚਾਲਾਂ ਨੂੰ ਘਟਾ ਕੇ ਨਹੀਂ ਦੇਖਿਆ ਜਾਣਾ ਚਾਹੀਦਾ।
ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਅਤੇ ਜਨ ਸਮੂਹਾਂ ਦੇ ਜੀਵਨ ਨਾਲ ਜੁੜੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਹੋਇਆਂ ਅਸੀਂ ਪੰਜਾਬ ਦੀਆਂ ਜਮਹੂਰੀ ਤੇ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਵੀ ਜ਼ੋਰਦਾਰ ਆਵਾਜ਼ ਬੁਲੰਦ ਕਰਨੀ ਹੈ। ਘੱਟ ਗਿਣਤੀਆਂ ਨਾਲ ਹੋ ਰਹੇ ਘੋਰ ਵਿਤਕਰਿਆਂ ਵਿਰੁੱਧ ਘੋਲ ਕਰਦਿਆਂ ਹੋਇਆਂ ਨਾਲ ਹੀ ਧਰਮ ਦੇ ਪਰਦੇ ਹੇਠਾਂ ਲੋਕਾਂ ਵਿਚ ਵੰਡੀਆਂ ਪਾਉਣ ਵਾਲੀਆਂ ਕਿਸੇ ਵੀ ਕਿਸਮ ਦੀਆਂ ਫਿਰਕੂ ਚਾਲਾਂ ਤੇ ਸੰਕੀਰਨ ਸੋਚਾਂ ਬਾਰੇ ਵੀ ਪੂਰੀ ਸਾਵਧਾਨੀ ਵਰਤਣੀ ਹੈ। ਫਿਰਕਾਪ੍ਰਸਤੀ ਦੀ ਖੇਡ ਖੇਡਣ ਵਾਲੇ ਕਦੇ ਵੀ ਕਿਸੇ ਧਰਮ, ਫਿਰਕੇ ਜਾਂ ਘੱਟ ਗਿਣਤੀਆਂ ਨਾਲ ਸੰਬੰਧਤ ਸਰੋਕਾਰਾਂ ਬਾਰੇ ਸੁਹਿਰਦ ਨਹੀਂ ਹੋ ਸਕਦੇ। ਉਲਟਾ, ਇਹ ਲੁਟੇਰੇ ਵਰਗਾਂ ਦੀਆਂ ਜ਼ਾਲਮ ਸਰਕਾਰਾਂ ਦੇ ਹੱਥ ਠੋਕਾ ਹੁੰਦੇ ਹਨ, ਜਿਨ੍ਹਾਂ ਦੇ ਹਰ ਕਦਮ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਣਾ ਚਾਹੀਦਾ ਹੈ। ਇਸ ਵਿਚ ਹੀ ਪੰਜਾਬ, ਪੰਜਾਬੀਅਤ ਤੇ ਸਮੁੱਚੇ ਪੰਜਾਬ ਵਾਸੀਆਂ ਦਾ ਭਲਾ ਹੈ। ਅੱਜ ਦੇ ਸਮੇਂ ਵਿਚ ਲੁਟੇਰੇ ਹਾਕਮ ਤੇ ਫਿਰਕੂ ਤੱਤ ਇਕ ਸਿੱਕੇ ਦੇ ਦੋ ਪਾਸੇ ਬਣ ਗਏ ਹਨ, ਜਿਨ੍ਹਾਂ ਬਾਰੇ ਚੌਕਸ ਹੋ ਕੇ ਸਾਂਝੀ ਲਹਿਰ ਉਸਾਰਨ ਦੀ ਜ਼ਰੂਰਤ ਹੈ। 
- ਮੰਗਤ ਰਾਮ ਪਾਸਲਾ

ਸਿੱਖੀ ਸਰੂਪ ਤੇ ਅਜੋਕੀ ਰਹਿਤਲ

ਮੰਗਤ ਰਾਮ ਪਾਸਲਾ 
ਉਂਝ ਤਾਂ ਹਰ ਧਰਮ ਨਾਲ ਸਬੰਧਤ ਆਗੂ ਹੀ, ਅਜੋਕੇ ਵਿਗਿਆਨਕ ਯੁਗ ਵਿਚ, ਨੌਜਵਾਨ ਵਰਗ ਵਲੋਂ 'ਧਰਮਾਂ' ਤੋਂ ਬੇਮੁਖ ਹੋਣ ਬਾਰੇ ਫਿਕਰਮੰਦੀ ਜ਼ਾਹਰ ਕਰਦੇ ਰਹਿੰਦੇ ਹਨ। ਪ੍ਰੰਤੂ ਸਿੱਖ  ਧਰਮ ਨਾਲ ਸਬੰਧਤ ਆਪੂੰ ਸਜੇ ਧਾਰਮਿਕ ਬਾਬੇ, ਅਖੌਤੀ ਮਹਾਂ ਪੁਰਸ਼ ਤੇ ਨੇਤਾ ਇਸ ਮੁੱਦੇ ਬਾਰੇ ਜ਼ਿਆਦਾ ਹੀ ਚਿੰਤਾਤੁਰ ਦਿਖਾਈ ਦੇ ਰਹੇ ਹਨ। ਹਰ ਧਾਰਮਕ ਸਮਾਗਮ ਅਤੇ ਸਾਂਝੇ ਸਮਾਜਿਕ ਮੰਚਾਂ ਤੋਂ ਇਨ੍ਹਾਂ ਭੱਦਰ ਪੁਰਸ਼ਾਂ ਵਲੋਂ ਸਿੱਖ ਧਰਮ ਨਾਲ ਸਬੰਧਤ ਕਿਸੇ ਵੀ ਹੋਰ ਸਰੋਕਾਰ ਜਾਂ ਇਤਿਹਾਸਕ ਘਟਨਾ ਨੂੰ ਠੀਕ ਸੰਦਰਭ ਵਿਚ ਸਹੀ ਢੰਗ ਨਾਲ ਬਿਆਨਣ ਦੀ ਥਾਂ ਨਵੀਂ ਪੀੜ੍ਹੀ ਵਿਚ ਸਿਰਫ ਸਿੱਖੀ ਦੇ ਸਰੂਪ, ਭਾਵ 5 ਕਕਾਰਾਂ ਨੂੰ ਧਾਰਨ ਨਾ ਕਰਨ ਦੀ ਕੁਤਾਹੀ ਉਪਰ ਹੀ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਸ਼ਾਇਦ ਸਿੱਖ ਧਰਮ ਦੀਆਂ ਮਾਨਵਵਾਦੀ ਪ੍ਰੰਪਰਾਵਾਂ ਦੇ ਕਦਰਦਾਨ ਲੋਕਾਂ ਨੂੰ ਇਸ ਮੁੱਦੇ 'ਤੇ ਦਿੱਤਾ ਜਾ ਰਿਹਾ ਅਜੇਹਾ ਇਕ ਪਾਸੜ ਜ਼ੋਰ ਵੀ ਕੁਥਾਂਹ ਨਾ ਲੱਗੇ, ਜੇਕਰ ਮੂਲ ਵਿਸ਼ਿਆਂ, ਜਿਹੜੇ ਸਿੱਖ ਧਰਮ ਨੂੰ ਪਹਿਲੇ ਪ੍ਰਚਲਤ ਧਰਮਾਂ/ਪੰਥਾਂ ਨਾਲੋਂ ਵੱਖਰਾਉਂਦੇ ਹਨ, ਬਾਰੇ ਵੀ ਇਹ ਸੱਜਣ ਬਣਦਾ ਜ਼ੋਰ ਦੇਣ ਤੇ ਉਨ੍ਹਾਂ ਦੇ ਅਲੋਪ ਹੋ ਜਾਣ ਬਾਰੇ ਆਪਣੀਆਂ ਚਿੰਤਾਵਾਂ ਜ਼ਾਹਰ ਕਰਨ।
ਅੱਜ ਇਸ ਤੱਥ ਨੂੰ ਤਾਂ ਝੁਠਲਾਇਆ ਨਹੀਂ ਜਾ ਸਕਦਾ ਕਿ ਸਮਾਜਿਕ ਪ੍ਰਗਤੀ ਦੇ ਵੱਖ ਵੱਖ ਦੌਰਾਂ ਦੌਰਾਨ ਜਦੋਂ ਵੱਖ ਵੱਖ ਧਰਮਾਂ ਦਾ ਜਨਮ ਹੋਇਆ ਤਾਂ ਪ੍ਰਾਪਤ ਪ੍ਰਸਥਿਤੀਆਂ (ਜਾਂ ਸੀਮਾਵਾਂ) ਦੇ ਅਨੁਕੂਲ ਸਾਰੇ ਧਰਮਾਂ ਦਾ ਮੂਲ ਅਧਾਰ ਵਿਚਾਰਵਾਦੀ ਫਲਸਫਾ ਹੀ ਰਿਹਾ, ਜੋ ਕਿ ਵਿਗਿਆਨਕ ਨਜ਼ਰੀਏ ਨਾਲ ਮੇਲ ਨਹੀਂ ਖਾਂਦਾ। ਪ੍ਰੰਤੂ ਇਹ ਵੀ ਇਕ ਹਕੀਕਤ ਹੈ ਕਿ ਅੱਜ ਤੱਕ ਹੋਏ ਸਮੁੱਚੇ ਸਮਾਜਿਕ ਵਿਕਾਸ ਵਿਚ ਵੱਖ ਵੱਖ ਧਰਮਾਂ, ਸਮਾਜਿਕ ਸੰਗਠਨਾਂ ਤੇ ਰੀਤੀ ਰਿਵਾਜਾਂ ਨੇ ਵੀ ਬਹੁਤ ਅਹਿਮ ਰੋਲ ਅਦਾ ਕੀਤਾ ਹੈ। ਸਿੱਖ ਧਰਮ ਦੇ ਬੁਨਿਆਦੀ ਫਲਸਫੇ ਵਿਚ ਵੀ ਸਮਾਂ ਵਿਹਾਅ ਚੁੱਕੀਆਂ ਕਦਰਾਂ ਕੀਮਤਾਂ, ਪੱਛੜੇ ਰੀਤੀ ਰਿਵਾਜਾਂ, ਮਿੱਥਾਂ, ਵਹਿਮਾਂ ਭਰਮਾਂ ਤੇ ਹੋਰ ਪਿਛਾਖੜੀ ਵਿਚਾਰਾਂ ਦਾ ਭਰਪੂਰ ਖੰਡਨ ਕੀਤਾ ਗਿਆ ਹੈ ਤੇ ਤਰਕਪੂਰਨ ਵਿਧੀ ਰਾਹੀਂ ਬਹੁਤ ਸਾਰੀਆਂ ਨਵੀਆਂ ਸਥਾਪਨਾਵਾਂ ਨੂੰ ਸਿਰਜਿਆ ਗਿਆ ਹੈ। ਇਸ ਤੋਂ ਵੀ ਅੱਗੇ ਸਿੱਖ ਧਰਮ ਵਿਚ ਮਨੁਖੀ ਤੇ ਸਮਾਜਿਕ ਸਰੋਕਾਰਾਂ ਨੂੰ ਪਹਿਲ ਦਿੰਦਿਆਂ ਹੋਇਆਂ ਬਰਾਬਰਤਾ, ਅਜ਼ਾਦੀ, ਆਪਸੀ ਪਿਆਰ ਤੇ ਭਰੱਪਣ ਦਾ ਹੋਕਾ ਦਿੰਦਿਆਂ ਚਮਤਕਾਰ ਕਰਨ ਵਰਗੇ ਸਮਾਜ ਵਿਚ ਪ੍ਰਚਲਤ ਪਖੰਡਾਂ, ਜਾਤਪਾਤ, ਇਸਤਰੀ ਜਾਤੀ ਦਾ ਨਪੀੜਨ ਤੇ ਸਮੇਂ ਦੀਆਂ ਜਾਬਰ ਹਕੂਮਤਾਂ ਵਲੋਂ ਕੀਤੇ ਜਾਂਦੇ ਅਨਿਆਂ ਤੇ ਧੱਕਿਆਂ ਵਿਰੁੱਧ ਵੀ ਜ਼ੋਰਦਾਰ ਅਵਾਜ਼ ਬੁਲੰਦ ਕੀਤੀ ਗਈ। ਇਸਦੇ ਨਾਲ ਨਾਲ ਇਸ ਧਰਮ ਵਿਚ ਕਿਰਤ ਦੀ ਉਤਮਤਾ ਤੇ ਹੱਕ ਸੱਚ ਲਈ ਕਿਸੇ ਵੀ ਕੁਰਬਾਨੀ ਤੇ ਤਿਆਗ ਕਰਨ ਦਾ ਮਹਾਨ ਸੰਦੇਸ਼ ਤਾਂ ਬਹੁਤ ਹੀ ਉਘੜਵੇਂ ਰੂਪ ਵਿਚ ਰੇਖਾਂਕਤ ਕੀਤਾ ਗਿਆ ਹੈ। ਜਦੋਂ ਸਿੱਖ ਧਰਮ ਦੇ ਨਾਮ ਨਿਹਾਦ 'ਠੇਕੇਦਾਰਾਂ', ਬਾਬਿਆਂ ਤੇ ਪ੍ਰਚਾਰਕਾਂ ਵਲੋਂ ਨੌਜੁਆਨ ਪੀੜ੍ਹੀ ਨੂੰ ਪਤਿਤ ਤੇ ਧਰਮ ਤੋਂ ਬੇਮੁਖ ਕਹਿ ਕੇ ਸਿਰਫ ਇਸ ਕਰਕੇ ਭੰਡਿਆ ਜਾਂਦਾ ਹੈ ਕਿ ਉਹ ਸਿੱਖੀ ਸਰੂਪ ਦੇ ਪੱਖ ਤੋਂ (5 ਕਕਾਰਾਂ ਦੇ ਧਾਰਨੀ) ਗੁਰਸਿੱਖ ਨਹੀਂ ਲੱਗਦੇ, ਤਦ ਸਿੱਖ ਧਰਮ ਦੇ ਉਨ੍ਹਾਂ ਪੈਰੋਕਾਰਾਂ ਦੇ ਮਨਾਂ ਨੂੰ ਵੱਡਾ ਕਸ਼ਟ ਪੁੱਜਦਾ ਹੈ ਜੋ ਆਪਣੇ ਅਮਲਾਂ ਰਾਹੀਂ ਇਸ ਧਰਮ ਦੇ ਰੂਪਕ ਚਿੰਨ੍ਹਾਂ ਨਾਲੋਂ ਜ਼ਿਆਦਾ ਜ਼ੋਰ ਮਾਨਵਵਾਦੀ ਸਿੱਖਿਆਵਾਂ ਤੇ ਪ੍ਰੰਪਰਾਵਾਂ ਉਪਰ ਦਿੰਦੇ ਹਨ। ਅਸਲੀਅਤ ਇਹ ਵੀ ਹੈ ਕਿ ਸਿੱਖ ਜਨਸਮੂਹਾਂ ਵਿਚਲੀਆਂ ਇਹੀ ਧਿਰਾਂ ਹਨ ਜਿਹੜੀਆਂ ਕਿ ਸਿੱਖ ਧਰਮ ਦੀਆਂ ਨਰੋਈਆਂ ਪ੍ਰੰਪਰਾਵਾਂ ਨੂੰ ਅਜੋਕੇ ਸਮਿਆਂ ਦੇ ਹਾਣੀ ਬਣਾਉਣ ਲਈ ਵੀ ਯਤਨਸ਼ੀਲ ਹਨ ਤਾਂ ਜੋ ਮੌਜੂਦਾ ਸਮਾਜ ਵਿਚ ਆਈ ਗਿਰਾਵਟ, ਲੁੱਟ ਖਸੁੱਟ ਤੇ ਅਰਾਜਕਤਾ ਨੂੰ ਦੂਰ ਕਰਕੇ ਬਰਾਬਰਤਾ ਤੇ ਇਨਸਾਫ ਅਧਾਰਤ ਐਸੇ ਪ੍ਰਬੰਧ ਦੀ ਸਿਰਜਣਾ ਕੀਤੀ ਜਾ ਸਕੇ, ਜਿਸਨੂੰ ਗੁਰੂ ਸਾਹਿਬਾਨ ਅਤੇ ਹੋਰ ਭਗਤਾਂ ਤੇ ਮਹਾਂ ਪੁਰਸ਼ਾਂ ਨੇ ਚਿਤਵਿਆ ਸੀ। ਕਿਸੇ ਧਰਮ ਦਾ ਵਿਰੋਧ ਜਾਂ ਪੱਖ ਕਰਨ ਦੇ ਮਕਸਦ ਤੋਂ ਭਿੰਨ ਏਥੇ ਸਾਡਾ ਮਨੋਰਥ ਸਿਰਫ ਧਰਮਾਂ ਅਤੇ ਸਮਾਜਿਕ ਲਹਿਰਾਂ ਦੀ ਮਾਨਵਵਾਦੀ ਤੇ ਅਗਾਂਹਵਧੂ ਵਿਰਾਸਤ ਨੂੰ ਸਾਂਭਣ ਤੇ ਅੱਗੇ ਤੋਰਨ ਦਾ ਹੈ ਤਾਂ ਜੋ ਸਮਾਜਿਕ ਵਿਕਾਸ ਦੀ ਗਤੀ ਨੂੰ ਤੇਜ਼ ਕੀਤਾ ਜਾ ਸਕੇ।
 
ਸਿੱਖ ਧਰਮ ਵਲੋਂ ਮਿੱਥੇ ਨਿਸ਼ਾਨੇ ਕੀ ਸਨ?
ਅੱਗੇ ਵੱਧਣ ਦੀ ਇਸ ਤਾਂਘ ਨਾਲ ਸਮਾਜਿਕ ਘੋਲ ਨੂੰ ਨਿਰੰਤਰ ਅਗਾਂਹ ਤੋਰਨ ਲਈ ਬਿਨਾਂ ਸ਼ੱਕ  ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੀ ਜ਼ਾਲਮ ਸਥਾਪਤੀ ਤੇ ਸਮਾਜ ਵਿਚ ਫੈਲੇ ਵਿਚਾਰਧਾਰਕ ਤੇ ਵਿਵਹਾਰਕ ਅੰਧਕਾਰ ਭਰੇ ਮਹੌਲ ਵਿਰੁੱਧ ਆਪਣੀ ਰਚਨਾ ਤੇ ਅਮਲਾਂ ਰਾਹੀਂ ਜ਼ੋਰਦਾਰ ਵਿਰੋਧ ਦਰਜ ਕੀਤਾ। ਗੁਰੂ ਨਾਨਕ ਬਾਣੀ ਵਿਚ ਜਾਤਪਾਤ, ਊਚ ਨੀਚ ਤੇ ਔਰਤਾਂ ਦੀ ਦੁਰਦਸ਼ਾ ਵਰਗੀਆਂ ਸਮਾਜਿਕ ਕੁਰੀਤੀਆਂ ਖਿਲਾਫ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਗਈ ਹੈ। ਕਿਸਮਤਵਾਦ ਨੂੰ ਤਿਆਗ ਕੇ ਅਮਲੀ ਜ਼ਿੰਦਗੀ ਦੀ ਗੁਣਵੱਤਾ ਉਪਰ ਜ਼ੋਰ ਅਤੇ ਦੂਸਰਿਆਂ ਦੀ ਕਿਰਤ ਨੂੰ ਲੁੱਟ ਕੇ ਅਮੀਰ ਬਣਨ ਦੀ ਹੋੜ ਉਪਰ ਤਲਖ ਕਟਾਖਸ਼ ਕਰਦਿਆਂ ਗੁਰੂ ਨਾਨਕ ਦੇਵ ਜੀ ਵਲੋਂ ਜਿਥੇ ਦਸਾਂ ਨਹੂੰਆਂ ਦੀ ਕਿਰਤ ਕਰਨ ਵਾਲੇ ਭਾਈ ਲਾਲੋ ਵਰਗੇ ਇਨਸਾਨਾਂ ਦੀ ਭਾਰੀ ਉਪਮਾ ਕੀਤੀ ਗਈ ਹੈ, ਉਥੇ ਅਸਲੀ ਦੁਨੀਆਂ ਨੂੰ ਤਿਆਗ ਕੇ ਕਿਸੇ ਅਣਦੇਖੀ ਗੈਬੀ ਸ਼ਕਤੀ ਜਾਂ ਸਵਰਗ ਲੋਕ ਦੀ ਸੁਪਨਈ ਪ੍ਰੰਤੂ ਗਲਤ ਧਾਰਨਾ ਦਾ ਖੰਡਨ ਕਰਦਿਆਂ ਨਾਮਨਿਹਾਦ 'ਮੋਕਸ਼' ਹਾਸਲ ਕਰਨ ਲਈ ਕੀਤੇ ਜਾਣ ਵਾਲੇ ਸਾਰੇ ਪਾਖੰਡਾਂ ਦਾ ਭਾਵਪੂਰਤ ਤੇ ਤਰਕਸੰਗਤ ਢੰਗ ਨਾਲ ਪਰਦਾ ਫਾਸ਼ ਵੀ ਕੀਤਾ ਗਿਆ ਹੈ। 'ਖਲਕ' ਨੂੰ ਅਸਲੀ 'ਖਾਲਕ' ਦੱਸਕੇ ਇਸਦੇ ਹਿੱਤਾਂ ਨੂੰ ਅੱਗੇ ਵਧਾਉਣ ਵਾਲੀਆਂ ਨਰੋਈਆਂ ਸ਼ਕਤੀਆਂ ਦੀ ਸਰਾਹਨਾਂ ਕਰਦਿਆਂ ਸਿੱਖ ਧਰਮ ਦੇ ਸਿਰਜਕਾਂ ਨੇ ਸਮਾਜ 'ਚ ਪਹਿਲਾਂ ਪ੍ਰਚਲਤ ਵੱਖ ਵੱਖ ਧਰਮਾਂ/ਡੇਰਿਆਂ ਵਲੋਂ ਫੈਲਾਏ ਜਾਂਦੇ ਅੰਧਕਾਰ ਤੋਂ ਬਿਲਕੁਲ ਭਿੰਨ ਤੇ ਨਿਵੇਕਲੀ ਤਸਵੀਰ ਪੇਸ਼ ਕੀਤੀ ਹੈ। ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਲਾਸਾਨੀ ਕੁਰਬਾਨੀ, ਦਲੇਰੀ ਤੇ ਸੂਝਬੂਝ ਦਰਸਾਉਂਦੀ ਹੈ ਕਿ ਨਿਰਦਈ, ਅਹੰਕਾਰੀ, ਗੈਰ ਸੰਵੇਦਨਸ਼ੀਲ ਹਕੂਮਤਾਂ ਦਾ ਖਾਤਮਾ ਤੇ ਸਮਾਜ ਦੇ ਲਤਾੜੇ ਤੇ ਲੁੱਟੇ ਪੁੱਟੇ ਜਾ ਰਹੇ ਲੋਕਾਂ ਦੀ ਬੰਦ ਖਲਾਸੀ ਲਈ ਕਿਸੇ ਦੈਵੀ ਸ਼ਕਤੀ ਦੇ ਅਸ਼ੀਰਵਾਦ, ਕਿਰਪਾ ਜਾਂ ਤਰਸ ਦੀ ਉਡੀਕ ਕਰਨ ਦੀ ਥਾਂ ਪੀੜਤ ਲੋਕਾਂ ਨੂੰ ਆਪ ਜਥੇਬੰਦ ਹੋ ਕੇ ਮੈਦਾਨ ਵਿਚ ਜੂਝਣਾ ਹੋਵੇਗਾ। ਇਨ੍ਹਾਂ ਸਿੱਖਿਆਵਾਂ ਦੇ ਅਨੁਰੂਪ ਹੋਰ ਵੀ ਅਨੇਕਾਂ ਭਗਤਾਂ, ਸੰਤਾਂ ਤੇ ਸਮਾਜ ਸੁਧਾਰਕਾਂ ਨੇ ਆਪੋ ਆਪਣੇ ਢੰਗਾਂ ਨਾਲ ਸਮਾਜਿਕ ਵਿਕਾਸ ਵਿਚ ਆਪਣਾ ਬਣਦਾ ਯੋਗਦਾਨ ਪਾਇਆ ਹੈ। ਸਿੱਖ ਧਰਮ ਦੇ ਪਸਾਰੇ ਵਿਚ ਆਈ ਖੜੋਤ ਜਾਂ ਵਿਕਾਸ ਬਾਰੇ ਸੋਚ ਵਿਚਾਰ ਕਰਦਿਆਂ ਸਾਨੂੰ ਇਸ ਧਰਮ ਦੇ ਉਗਮਣ ਸਮੇਂ ਉਲੀਕੇ ਨਿਸ਼ਾਨਿਆਂ ਨੂੰ ਧਿਆਨ ਗੋਚਰੇ ਜ਼ਰੂਰ ਰੱਖਣਾ ਚਾਹੀਦਾ ਹੈ। ਇਤਿਹਾਸ ਗਵਾਹ ਹੈ ਕਿ ਸਿੱਖ ਗੁਰੂਆਂ ਤੇ ਭਗਤਾਂ ਵਲੋਂ ਦਿੱਤੇ ਮਾਨਵਵਾਦੀ ਉਪਦੇਸ਼ਾਂ ਤੇ ਅਮਲਾਂ ਕਾਰਨ ਹੀ ਜਨ ਸਧਾਰਣ ਇਸ ਧਰਮ ਵੱਲ ਖਿੱਚੇ ਗਏ ਸਨ। ਇਸ ਕੰਮ ਲਈ ਕਿਸੇ ਲਾਲਚ, ਜਬਰ ਜਾਂ ਝੂਠ ਦੀ ਨਹੀਂ ਬਲਕਿ ''ਸੱਚ ਤੇ ਤਰਕ'' ਦੀ ਓਟ ਲਈ ਗਈ। ਸਿੱਖ ਧਰਮ ਦੇ ਵੱਡਮੁੱਲੇ ਸਮਾਜਿਕ ਸਰੋਕਾਰਾਂ ਦੇ ਹਕੀਕੀ ਵਿਕਾਸ ਲਈ ਅੱਗੋਂ ਵੀ ਇਹੀ ਰਸਤਾ ਅਪਣਾਉਣਾ ਹੋਵੇਗਾ।
 
ਰੂਪਕ ਪੱਖ ਨਾਲੋਂ ਰਹਿਤਲ ਦੀ ਉਤਮਤਾ 'ਤੇ ਜ਼ੋਰ ਸਿੱਖ ਧਰਮ ਵਿਚ ਹਰ ਸਮੇਂ ਕਿਸੇ ਇਨਸਾਨ ਦੇ ਰੂਪਕ ਪੱਖ ਨਾਲੋਂ ਉਸਦੀ ਅਮਲੀ ਜ਼ਿੰਦਗੀ ਉਪਰ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਚੋਖਾ ਭਾਗ ਬਾਹਰੀ ਦਿਖਾਵਿਆਂ ਦਾ ਖੰਡਨ ਕਰਕੇ ਅਮਲੀ ਜ਼ਿੰਦਗੀ ਦਾ ਮਹੱਤਵ, ਕਹਿਣੀ ਕਰਨੀ ਦਾ ਸੁਮੇਲ, ਵਿਖਾਵਾ ਜਾਂ ਕੋਈ ਅਡੰਬਰੀ ਵਿਖਾਵਾ ਕਰਨ ਦੀ ਮਨਾਹੀ ਆਦਿ ਵਰਗੀਆਂ ਸਿੱਖਿਆਵਾਂ ਨੂੰ ਸਮਰਪਤ ਕੀਤਾ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਨੂੰ ਇਕ ਵਿਸ਼ੇਸ਼ ਰੂਪ ਦੇਣ (ਪੰਜ ਕਕਾਰਾਂ ਦਾ ਧਾਰਨੀ ਬਣਨ) ਦੇ ਮਨਸ਼ੇ ਪਿੱਛੇ ਕੋਈ ਅੰਧ ਵਿਸ਼ਵਾਸ਼ ਜਾਂ ਰਵਾਇਤ ਸਥਾਪਤ ਕਰਨ ਦੀ ਧਾਰਨਾ ਨਹੀਂ ਜਾਪਦੀ, ਬਲਕਿ ਮਿਥੇ ਕਾਰਜ (ਦੁਸ਼ਟ ਨੂੰ ਗਾਲਣ ਤੇ ਨਿਰਧਨ ਨੂੰ ਪਾਲਣ) ਦੀ ਪ੍ਰਾਪਤੀ ਵਾਸਤੇ ਉਸ ਸਮੇਂ ਦੀਆਂ ਪ੍ਰਚੱਲਤ ਹਾਲਤਾਂ ਅਨੁਸਾਰ ਦੁਸ਼ਮਣਾਂ ਦਾ ਮੁਕਾਬਲਾ ਕਰਨ ਹਿੱਤ ਮੌਜੂਦਾ ਅਵਸਥਾਵਾਂ/ਜ਼ਰੂਰਤਾਂ ਨੂੰ ਸਨਮੁੱਖ ਰੱਖ ਕੇ ਹੀ ਅਜਿਹਾ ਕੀਤਾ ਗਿਆ ਸੀ। ਲੜਾਕੂ ਦਿਖ, ਯੁਧ ਕਰਦਿਆਂ ਲੋੜਾਂ ਅਨੁਸਾਰ ਜੀਵਨ ਨੂੰ ਢਾਲਣਾ ਤੇ ਦੁਸ਼ਮਣ ਦਾ ਟਾਕਰਾ ਕਰਨ ਦੇ ਸਮਰੱਥ ਬਣਨਾ 5 ਕਕਾਰਾਂ ਦੇ ਧਾਰਨੀ ਬਣਨ ਦਾ ਅਸਲ ਉਦੇਸ਼ ਸਪੱਸ਼ਟ ਦੇਖਿਆ ਜਾ ਸਕਦਾ ਹੈ। ਇਹ ਸਾਰਾ ਕੁੱਝ ਸਮੇਂ, ਸਥਾਨ ਤੇ ਹਾਲਤਾਂ ਦੇ ਅਨੁਕੂਲ ਕੀਤਾ ਗਿਆ ਸੀ ਜੋ ਇਕ ਕਾਮਯਾਬ ਤੇ ਦੀਰਘ ਬੁੱਧੀ ਦੇ ਮਾਲਕ ਜਰਨੈਲ ਗੁਰੂ ਗੋਬਿੰਦ ਸਿੰਘ ਜੀ ਦੀ ਤੀਖਣ ਸੋਚਣੀ ਦਾ ਪ੍ਰਤੀਕ ਸੀ। ਅੱਜ ਜਦੋਂ ਅਸੀਂ ਅਜੋਕੇ ਅਧੁਨਿਕ ਵਿਗਿਆਨਕ ਯੁਗ ਤੇ ਸਮਾਜਿਕ ਵਿਕਾਸ ਦੀ ਉਚੀ ਪੱਧਰ ਉਪਰ ਪਹੁੰਚ ਕੇ ਅੱਜ ਦੀ ਜ਼ਾਲਮ ਤੇ ਲੁਟੇਰੀ ਸਥਾਪਤੀ ਦਾ ਮੁਕਾਬਲਾ ਗੁਰੂ ਗੋਬਿੰਦ ਸਿਘ ਜੀ ਵਲੋਂ ਚਿਤਵੇ ਨਿਸ਼ਾਨੇ,  ਬਰਾਬਰਤਾ, ਅਜਾਦੀ ਤੇ ਇਨਸਾਫ ਉਤੇ ਅਧਾਰਤ ਸਮਾਜ ਦੀ ਸਥਾਪਨਾ ਦੀ ਪ੍ਰਾਪਤੀ ਕਰਨੀ ਚਾਹੁੰਦੇ ਹਾਂ, ਤਦ ਸਾਨੂੰ ਅਜੋਕੀ 'ਖਾਲਾਸਾਈ ਫੌਜ' ਦੀ ਸਥਾਪਨਾ ਮੌਜੂਦਾ ਲੋੜਾਂ ਤੇ ਹਾਲਤਾਂ ਅਨੁਸਾਰ ਕਰਨੀ ਹੋਵੇਗੀ, ਜੋ ਕਿ ਲਾਜ਼ਮੀ ਅਜੋਕੇ ਸੰਦਰਭ ਵਿਚ ਉਭਰ ਚੁੱਕੇ ਸਮਾਜਿਕ ਤਾਣੇ-ਬਾਣੇ ਅੰਦਰ ਜਮਾਤੀ ਲੀਹਾਂ ਉਪਰ ਹੋਵੇਗੀ। ਬਦਲਵੀਆਂ ਅਵਸਥਾਵਾਂ ਵਿਚ ਜੇਕਰ ਅਸੀਂ ਸਤਾਰਵੀਂ ਸਦੀ ਦੇ ਯੁਧ ਲੜਨ ਵਰਗੀਆਂ ਤਿਆਰੀਆਂ ਉਪਰ ਹੀ ਕੇਂਦਰਤ ਰਹਾਂਗੇ, ਤਦ ਇਹ ਅਨੁਚਿਤ ਵੀ ਹੋਵੇਗਾ ਤੇ ਜਿੱਤ ਹਾਸਲ ਕਰਨ ਲਈ ਨਾਕਾਫੀ ਵੀ। ਇਸਦਾ ਅਰਥ ਇਹ ਨਹੀਂ ਹੈ ਕਿ ਕਿਸੇ ਸਿੱਖ ਦਾ ਪੰਜ ਕਕਾਰਾਂ ਦੇ ਰੂਪ ਵਿਚ ਵਿਚਰਨਾ ਦਰੁਸਤ ਨਹੀਂ ਜਾਂ ਵਰਜਿਤ ਹੈ। ਐਪਰ ਇਕ ਸੱਚਾ ਸਿੱਖ ਬਣਨ ਲਈ ਸਿਰਫ ਇਹ ਹੀ ਸਭ ਤੋਂ ਮੁਢਲੀ ਤੇ ਜ਼ਰੂਰੀ ਸ਼ਰਤ ਹੈ, ਇਹ ਸੋਚਣੀ ਸੌੜੀ ਤੇ ਗਲਤ ਹੈ। ਵਿਚਾਰਨਾ ਇਹ ਚਾਹੀਦਾ ਹੈ ਕਿ ਗੁਰੂ ਸਾਹਿਬਾਨ ਤੇ ਹੋਰ ਮਹਾਨ ਪੁਰਸ਼ਾਂ ਵਲੋਂ ਮਿਥੇ ਸਮਾਜਿਕ ਤੇ ਆਰਥਿਕ ਨਿਆਂ ਪ੍ਰਾਪਤ ਕਰਨ ਦੇ ਟੀਚੇ ਨੂੰ ਹਾਸਲ ਕਰਨ ਲਈ ਕੀ ਜ਼ਿਆਦਾ ਜ਼ੋਰ ਅਗਾਂਹਵਧੂ ਮਾਨਵਵਾਦੀ ਸਿਧਾਂਤਾਂ ਅਤੇ ਅਮਲਾਂ ਉਪਰ ਦੇਣਾ ਹੈ ਜਾਂ ਕਿ ਸਿਰਫ ਬਾਹਰਮੁਖੀ ਦਿਖ ਉਪਰ? ਮਕਾਨਕੀ ਢੰਗ ਨਾਲ ਤਿੰਨ ਸਦੀਆਂ ਪਹਿਲਾਂ ਵਾਲੀਆਂ ਤਿਆਰੀਆਂ, ਦਾਅ ਪੇਚਾਂ 'ਤੇ ਵਿਧੀਆਂ ਅਨੁਸਾਰ ਸੰਘਰਸ਼ ਕਰਕੇ ਮੌਜੂਦਾ ਦੁਸ਼ਮਣ ਧਿਰ ਉਪਰ ਫਤਿਹ ਹਾਸਲ ਨਹੀਂ ਕੀਤੀ ਜਾ ਸਕਦੀ। ਲੋਕਾਂ ਦਾ ਅਜੋਕਾ ਜਮਾਤੀ ਦੁਸ਼ਮਣ ਆਪਣੀ ਲੁੱਟ ਖਸੁੱਟ ਜਾਰੀ ਰੱਖਣ ਲਈ ਨਵੀਆਂ ਆਧੁਨਿਕ ਕਿਸਮ ਦੀਆਂ ਵਿਊਂਤਾਂ ਤੇ ਹਥਿਆਰਾਂ ਨਾਲ ਲੈਸ ਹੈ। ਜਦੋਂ ਕੋਈ ਸਿੱਖ ਵਿਦਵਾਨ, ਬੁਲਾਰਾ ਜਾਂ ਧਾਰਮਕ ਆਗੂ/ਸੰਤ ਸਾਡੇ ਗੁਰੂ ਸਾਹਿਬਾਨ ਦੁਆਰਾ ਰਚੀ ਗਈ ਫਿਲਾਸਫੀ ਤੇ ਹੰਢਾਈ ਗਈ ਅਮਲੀ ਜ਼ਿੰਦਗੀ ਨੂੰ ਉਸਦੇ ਅਸਲ ਮਨੋਰਥਾਂ ਨਾਲੋਂ ਤੋੜ ਕੇ ਸਾਰਾ ਜ਼ੋਰ ਪਹਿਰਾਵੇ ਤੇ ਦਿਖ ਉਪਰ ਦਿੰਦਾ ਹੋਇਆ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਪੈਰੋਕਾਰਾਂ ਦੁਆਰਾ ਕੀਤੀਆਂ ਅਦੁਤੀ ਕੁਰਬਾਨੀਆਂ ਨੂੰ ਸਿਰਫ 'ਸਿੱਖ ਸਰੂਪ' ਦੀ ਰਾਖੀ ਤੱਕ ਹੀ ਸੀਮਤ ਕਰ ਦਿੰਦਾ ਹੈ, ਤਦ ਇਹ ਸਾਹਮਣੇ ਬੈਠੇ ਸਰੋਤਿਆਂ, ਜਿਨ੍ਹਾਂ ਦੀ ਆਮ ਤੌਰ 'ਤੇ ਬਹੁ ਗਿਣਤੀ ਸਿੱਖਾਂ ਦੀ ਰਵਾਇਤੀ ਦਿਖ ਤੇ ਪਹਿਰਾਵੇ ਨਾਲ ਮੇਲ ਨਹੀਂ ਖਾਂਦੀ, ਦੇ ਮਨਾਂ ਵਿਚ ਸਿੱਖ ਧਰਮ ਬਾਰੇ ਕੋਈ ਹਾਂ ਪੱਖੀ ਅਸਰ ਜਾਂ ਸਦਭਾਵਨਾ ਪੈਦਾ ਨਹੀਂ ਕਰਦਾ। ਸਗੋਂ ਉਹ ਆਪਣੇ ਆਪ ਨੂੰ ਅਪਮਾਨਿਤ ਜਾਂ ਦੋਸ਼ੀ ਹੋਣਾ ਮਹਿਸੂਸ ਕਰਦੇ ਹਨ। ਇਸਦੇ ਪ੍ਰਤੀਕਰਮ ਵਜੋਂ ਸਿੱਖ ਵਸੋਂ ਵਾਲੇ ਇਸ ਖਿੱਤੇ ਦੇ ਸਿੱਖ ਪਰਿਵਾਰਾਂ ਨਾਲ ਸਬੰਧਤ ਨੌਜਵਾਨ ਲੜਕੇ ਤੇ ਲੜਕੀਆਂ ਵੀ ਰਵਾਇਤੀ ਸਿੱਖੀ ਸਰੂਪ ਧਾਰਨ ਕਰਕੇ ਸਿੱਖ ਧਰਮ ਵਿਚ ਸ਼ਾਮਲ ਹੋਣ ਦੀ ਥਾਂ ਕਿਸੇ ਹੋਰ ਪੰਥ/ਧਰਮ ਜਾਂ  ਸਮਾਜਿਕ ਸੰਗਠਨਾਂ  ਵਿਚ ਸ਼ਾਮਿਲ ਹੋਣ ਨੂੰ ਵਧੇਰੇ ਤਰਜੀਹ ਦੇਣ ਲੱਗ ਪਏ ਹਨ, ਜਿਥੇ ਪਹਿਰਾਵੇ ਤੇ ਦਿਖ ਵਜੋਂ ਏਨੀਆਂ ਸਖਤ ਪਾਬੰਦੀਆਂ ਅਧੀਨ ਵਿਚਰਨ ਦੀ ਜ਼ਰੂਰਤ ਨਹੀਂ ਹੁੰਦੀੇ। ਗੁਰੂ ਸਾਹਿਬਾਨ ਨੇ ਲੋਕਾਂ ਨੂੰ ਸਿੱਖ ਧਰਮ ਨਾਲ ਖਾਸ ਪਹਿਰਾਵਿਆਂ ਜਾਂ ਸੰਸਕਾਰਾਂ ਦੇ ਦਾਇਰਿਆਂ ਦੀ ਵਲਗਣ ਵਿਚ ਵਿਚਰਨ ਲਈ ਮਜ਼ਬੂਰ ਕਰਕੇ ਨਹੀਂ ਜੋੜਿਆ, ਸਗੋਂ ਮਨੁੱਖਤਾ ਦੇ ਭਲੇ ਵਾਸਤੇ ਉਚੀ ਸੁੱਚੀ ਸੋਚ ਤੇ ਨਿਰਫੱਲ ਅਮਲਾਂ ਰਾਹੀਂ ਔਖੇ ਸਮਿਆਂ ਵਿਚ ਵੀ ਵੱਡੀ ਗਿਣਤੀ ਲੋਕਾਂ ਨੂੰ ਸਿੱਖ ਧਰਮ ਦੇ ਕਲਾਵੇ ਵਿਚ ਲਿਆਂਦਾ ਸੀ। ਜਦੋਂ ਵੀ ਕਿਸੇ ਧਰਮ ਨੂੰ ਆਸਥਾ, ਅੰਧ ਵਿਸ਼ਵਾਸ਼ ਤੇ ਸ਼ਰਧਾ ਦਾ ਬਿੰਦੂ ਬਣਾ ਦਿੱਤਾ ਜਾਂਦਾ ਹੈ, ਤਦ ਇਹ ਜੜ੍ਹ ਭਰਥ ਵਸਤੂ ਬਣਕੇ ਆਪਣੀ ਵਿਕਾਸਮੁਖੀ ਤੇ ਅਗਾਂਹਵਧੂ ਭੂਮਿਕਾ ਗੁਆ ਬੈਠਦਾ ਹੈ। ਸਮਾਜਿਕ ਵਿਕਾਸ ਦੀ ਅਗਾਂਹਵਧੂ ਧਾਰਾ ਨਾਲੋਂ ਟੁਟ ਕੇ ਧਰਮ ਫਿਰ ਪਿਛਾਖੜੀ ਰੂਪ ਧਾਰਨ ਕਰਕੇ ਲੁਟੇਰੀਆਂ ਜਮਾਤਾਂ ਦੇ ਹੱਥਾਂ ਵਿਚ ਲੁੱਟਣ ਦਾ ਇਕ ਹਥਿਆਰ ਮਾਤਰ ਬਣ ਜਾਂਦਾ ਹੈ। ਅਜੋਕੇ ਭਾਰਤੀ ਹਾਕਮਾਂ ਵਲੋਂ ਧਰਮ ਦੇ ਪਰਦੇ ਹੇਠਾਂ ਲੋਕਾਂ ਨਾਲ ਕੀਤਾ ਜਾ ਰਿਹਾ ਧ੍ਰੋਹ ਤੇ ਮਚਾਈ ਲੁੱਟ ਇਸ ਤੱਥ ਦੀ ਸ਼ਾਹਦੀ ਭਰਦਾ ਹੈ। ਇਸ ਭਟਕਾਅ ਤੋਂ ਸਾਵਧਾਨ ਕਰਨ ਲਈ ਗੁਰੂ ਸਾਹਿਬਾਨ ਨੇ ਅੰਧਵਿਸ਼ਵਾਸੀ ਢੰਗ ਨਾਲ ਕਿਸੇ ਆਸਥਾ ਜਾਂ ਵਿਅਕਤੀ ਵਿਸ਼ੇਸ਼ ਦੀ ਪੂਜਾ ਕਰਕੇ 'ਜੜ੍ਹ ਭਰਥ' ਬਣਨ ਦੀ ਥਾਂ ਤਰਕਸ਼ੀਲ ਤੇ ਗਿਆਨਵਾਨ ਬਣਨ ਦੀ ਸਿੱਖਿਆ ਦਿੱਤੀ ਹੈ ਤੇ 'ਸ਼ਬਦ ਗੁਰੂ' ਭਾਵ ਵਧੇਰੇ ਗਿਆਨ ਪ੍ਰਾਪਤ ਕਰਕੇ ਅੱਗੇ ਵੱਧਣ ਦੀ ਪ੍ਰੇਰਨਾ ਕੀਤੀ ਹੈ। ਅੰਧ ਵਿਸ਼ਵਾਸ਼ ਨਾਲੋਂ ਤਰਕ, ਅਗਿਆਨਤਾ ਨਾਲੋਂ ਗਿਆਨ ਤੇ ਗੈਰ ਯਥਾਰਥ ਮਿੱਥ ਨਾਲੋਂ ਅਸਲੀਅਤ ਨੂੰ ਸਮਝਣਾ ਸਿੱਖ ਧਰਮ ਦੀ ਪੁਰਾਣੇ ਵੇਲਾ ਵਿਹਾ ਚੁੱਕੇ ਧਰਮਾਂ/ਪੰਥਾਂ ਨਾਲੋਂ ਵਿਸ਼ੇਸ਼ ਵਿਲੱਖਣਤਾ ਹੈ। 
ਇਸ ਲਈ ਅੱਜ ਜੇਕਰ ਸਿੱਖ ਧਰਮ ਵੱਲ ਨੂੰ ਨਵੀਂ ਪੀੜ੍ਹੀ ਘੱਟ ਖਿੱਚੀ ਆ ਰਹੀ, ਤਦ ਇਸ ਪਿੱਛੇ ਕਥਿਤ ਧਾਰਮਕ ਆਗੂਆਂ, ਬਾਬਿਆਂ ਤੇ ਸਿੱਖ ਧਰਮ ਦੇ ਆਪੂ ਬਣੇ ਠੇਕੇਦਾਰਾਂ ਵਲੋਂ ਉਨ੍ਹਾਂ ਸਿਧਾਂਤਾਂ ਦੀ  ਅਵਹੇਲਣਾ ਕੀਤੀ ਜਾਣੀ ਹੈ, ਜਿਹਨਾਂ ਦੀ ਰਾਖੀ ਲਈ ਸਿੱਖ ਧਰਮ ਦਾ ਜਨਮ ਹੋਇਆ ਸੀ। ਜੇਕਰ ਦਿਖ ਦੇ ਪੱਖ ਤੋਂ ਸਿੱਖ ਸਜੇ ਵਿਅਕਤੀ ਵੱਡੀ ਗਿਣਤੀ ਵਿਚ ਪਾਪਾਂ ਰਾਹੀਂ ਮਾਇਆ ਇਕੱਠੀ ਕਰਦੇ ਹਨ ਭਾਵ ਦੂਸਰਿਆਂ ਦੀ ਹੱਕ ਸੱਚ ਦੀ ਕਮਾਈ  ਲੁੱਟਦੇ ਹਨ ਜਾਂ ਹੋਰ ਕੋਈ ਅਸਮਾਜਿਕ ਧੰਦਾ ਕਰਦੇ ਹਨ, ਤਦ ਇਸਨੂੰ ਸਿੱਖੀ ਦਾ ਪਸਾਰਾ ਨਹੀਂ ਆਖਿਆ ਜਾ ਸਕਦਾ। ਉਂਝ ਵੀ ਸਿੱਖੀ ਦੇ ਨਾਮਨਿਹਾਦ ਠੇਕੇਦਾਰ ਤੇ ਧਰਮ ਗੁਰੂ ਆਪਣੇ ਇਕ ਪਾਸੜ ਅਣਵਿਗਿਆਨਕ ਵਿਖਿਆਨਾਂ/ਕਥਾਵਾਂ ਰਾਹੀਂ ਉਨ੍ਹਾਂ ਲੋਕਾਂ ਨੂੰ ਸਿੱਖੀ ਦੇ ਘੇਰੇ ਵਿਚੋਂ ਮੱਲੋ ਮੱਲੀ ਦੂਰ ਧੱਕੀ ਜਾ ਰਹੇ ਹਨ, ਜੋ ਰੂਪ ਦੇ ਪੱਖ ਤੋਂ ਤਾਂ 'ਪੂਰਨ ਸਿੱਖ' ਨਹੀਂ ਜਾਪਦੇ ਪ੍ਰੰਤੂ ਵਿਸ਼ਵਾਸਾਂ ਤੇ ਅਮਲਾਂ ਦੇ ਨਜ਼ਰੀਏ ਤੋਂ ਉਹਨਾਂ ਆਸ਼ਿਆਂ ਲਈ ਸਮਰਪਤ ਹਨ, ਜਿਨ੍ਹਾਂ ਵਾਸਤੇ ਸਿੱਖ ਧਰਮ ਰਾਹ ਦਰਸਾਉਂਦਾ ਹੈ। ਕਈ ਨਾਮ ਨਿਹਾਦ ਧਾਰਮਿਕ ਬਾਬਿਆਂ ਵਲੋਂ ਤਾਂ ਆਪਣੇ ਪ੍ਰਚਾਰ ਰਾਹੀਂ ਇਸ ਤਰ੍ਹਾਂ ਦੀਆਂ ਅੱਤਕਥਨੀਆਂ ਤੇ ਚਮਤਕਾਰਾਂ ਦਾ ਵਿਖਿਆਨ ਕੀਤਾ ਜਾਂਦਾ ਹੈ, ਜਿਸ ਨਾਲ ਸੁਣਨ ਵਾਲਾ ਹਰ  ਸੂਝਵਾਨ ਵਿਅਕਤੀ ਸ਼ਰਮਿੰਦਗੀ ਮਹਿਸੂਸ  ਕਰਨ ਲੱਗ ਪੈਂਦਾ ਹੈ। ਮਿਥਿਹਾਸ ਉਨ੍ਹਾਂ ਕੌਮਾਂ ਜਾਂ ਧਰਮਾਂ ਦੀ ਲੋੜ ਹੋ ਸਕਦਾ ਹੈ, ਜਿਨ੍ਹਾਂ ਕੋਲ ਆਪਣਾ ਕੋਈ ਮਾਣਮੱਤਾ ਇਤਿਹਾਸ ਨਾ ਹੋਵੇ। ਸਾਡਾ ਤਾਂ ਆਪਣਾ ਹੀ ਗੌਰਵਮਈ ਸ਼ਾਨਦਾਰ ਇਤਿਹਾਸ ਹੈ, ਜਿਸਨੂੰ ਕਿਸੇ ਮਿਥਿਹਾਸ ਜਾਂ ਗੈਰ ਯਥਾਰਥਕ ਚਮਤਕਾਰਾਂ ਆਦਿ ਦੀ ਜ਼ਰੂਰਤ ਨਹੀਂ ਹੈ।
ਸਾਡੀ ਦਿਲਚਸਪੀ ਕਿਸੇ ਧਰਮ ਦਾ ਪਸਾਰ ਕਰਨਾ ਜਾਂ ਵਿਰੋਧਤਾ ਕਰਨੀ ਨਹੀਂ ਹੈ, ਸਗੋਂ ਸਾਡਾ ਮਨੋਰਥ ਤਾਂ ਸਮਾਜਿਕ ਪਰਿਵਰਤਨ ਦੇ ਚਲ ਰਹੇ ਅੰਦੋਲਨ ਦੀ ਮਜ਼ਬੂਤੀ ਲਈ ਵਿਸ਼ਾਲ ਲੋਕਾਈ ਨੂੰ ਇਸ ਸਾਂਝੇ ਉਦਮ ਵਿਚ ਸ਼ਾਮਿਲ ਕਰਨਾ ਹੈ।  ਜੋ ਵੱਖ ਵੱਖ ਧਾਰਮਕ ਵਿਸ਼ਵਾਸਾਂ ਦੀ ਧਾਰਨੀ ਹੁੰਦੀ ਹੋਈ ਵੀ ਇਕ ਵਿਸ਼ਾਲ ਲਹਿਰ ਦਾ ਅੰਗ ਬਣ ਸਕਦੀ ਹੈ। ਇਸ ਲਈ, ਇਨ੍ਹਾਂ ਨਾਮ ਨਿਹਾਦ ਬਾਬਿਆਂ ਤੇ ਨੇਤਾਵਾਂ ਵਲੋਂ ਧਰਮ ਦੇ ਪਰਦੇ ਹੇਠਾਂ ਪ੍ਰਚਾਰੀਆਂ ਜਾ ਰਹੀਆਂ ਅੱਤਕਥਨੀਆਂ ਤੇ ਇਤਿਹਾਸ ਦੀਆਂ ਗਲਤ ਵਿਆਖਿਆਵਾਂ ਕਾਰਨ ਵੱਡੀ ਗਿਣਤੀ ਵਿਚ ਗੁਮਰਾਹ ਹੋ ਰਹੇ ਜਨ ਸਧਾਰਨ ਨੂੰ ਸੁਚੇਤ ਕਰਕੇ ਸੱਚੇ ਮਾਰਗ ਦੇ ਪਾਂਧੀ ਬਣਾਉਣ ਦੀ ਵੱਡੀ ਲੋੜ ਹੈ॥
ਸਾਡੇ ਸਮਾਜ ਨੂੰ ਕੁਰਾਹੇ ਪਾਉਣ ਵਾਲੇ ਧਰਮ ਪ੍ਰਚਾਰਕਾਂ ਤੇ ਬਾਬਿਆਂ ਤੋਂ ਲੋਕਾਂ ਨੂੰ ਸੁਚੇਤ ਕਰਨ ਲਈ ਸਿੱਖ ਧਰਮ ਦੇ ਅਨੁਆਈ ਅਗਾਂਹ ਵਧੂ ਤੇ ਤਰਕਸ਼ੀਲ ਬੁਧੀਜੀਵੀਆਂ ਨੂੰ ਆਪ ਅੱਗੇ ਆਉਣਾ ਚਾਹੀਦਾ ਹੈ। ਜੇਕਰ ਅਸੀਂ ਲੋਕਾਂ ਨੂੰ ਧਰਮ ਦੀਆਂ  ਅਗਾਂਹਵਧੂ ਪ੍ਰੰਪਰਾਵਾਂ ਨੂੰ ਖੋਖਲੀਆਂ ਕਰਨ ਵਾਲੇ ਕਥਿਤ ਅਡੰਬਰੀ ਧਾਰਮਕ ਬਾਬਿਆਂ ਦੇ ਕੂੜ ਪ੍ਰਚਾਰ ਤੋਂ ਸੁਚੇਤ ਨਾ ਕੀਤਾ ਤਾਂ  ਅਸੀਂ ਇਸ ਖਿੱਤੇ, ਜਿੱਥੇ ਮਨੁੱਖੀ ਤੇ ਸਮਾਜਿਕ ਸਰੋਕਾਰਾਂ ਨਾਲ ਸਜ਼ੋਏ ਸਿੱਖ ਧਰਮ ਨੇ ਜਨਮ ਲਿਆ ਹੈ, ਦੇ ਵਸਨੀਕਾਂ ਨੂੰ ਇਸ ਦੇ ਸ਼ਾਨਾਮਤੇ ਇਤਿਹਾਸ ਦੇ ਜਾਣਕਾਰ ਬਣਕੇ ਠੀਕ ਦਿਸ਼ਾ ਵਿਚ ਅੱਗੇ ਵਧਣ ਤੋਂ ਹੀ ਵਾਂਝਿਆਂ ਨਹੀਂ ਕਰ ਰਹੇ ਹੋਵਾਂਗੇ, ਬਲਕਿ ਅਜੋਕੇ ਵਿਗਿਆਨਕ ਯੁਗ ਦੇ ਦੌਰ ਵਿਚ ਪੁਰਾਣੀਆਂ ਰਹੁ ਰੀਤਾਂ, ਰਸਮੋ ਰਿਵਾਜਾਂ ਤੇ ਆਸਥਾ ਦੇ ਨਾਂਅ ਹੇਠਾਂ ਹੋ ਰਹੇ ਅਣਵਿਗਿਆਨਕ ਅਮਲਾਂ ਕਾਰਨ ਬਾਕੀ ਦੁਨੀਆਂ ਵਿਚ ਵੀ ਖਿੱਚ ਤੇ ਪ੍ਰੇਰਨਾ ਦੇਣ ਵਾਲੇ ਬਣਨ ਦੀ ਥਾਂ ਮਖੌਲ ਦੇ ਪਾਤਰ ਬਣ ਰਹੇ ਹੋਵਾਂਗੇ। ਜਿਸ ਤਰ੍ਹਾਂ ਅੱਜਕਲ ਵੱਖ ਵੱਖ ਧਰਮਾਂ ਬਾਰੇ ਊਲ ਜਲੂਲ ਪ੍ਰਚਾਰ ਤੇ ਅਡੰਬਰ ਰਚੇ ਜਾ ਰਹੇ ਹਨ, ਉਸ ਰੌਲੇ ਤੇ ਅੰਧਕਾਰ ਵਿਚ ਸਿੱਖ ਧਰਮ ਦੀਆਂ ਮਾਨਵਵਾਦੀ ਅਤੇ ਅਗਾਂਹਵਧੂ ਪ੍ਰੰਪਰਾਵਾਂ ਨੂੰ ਅਲੋਪ ਨਹੀਂ ਹੋਣ ਦੇਣਾ ਚਾਹੀਦਾ। ਇਨ੍ਹਾਂ ਪ੍ਰੰਪਰਾਵਾਂ ਨੂੰ ਇਸ ਭਟਕਾਅ ਤੋਂ ਬਚਾਉਣਾ ਤੇ ਅਜੋਕੇ ਸਮੇਂ ਦੇ ਹਾਣੀ ਬਣਾਉਣਾ ਸਾਡਾ ਸਾਰੇ ਸਹੀ ਸੋਚਣੀ ਵਾਲੇ ਲੋਕਾਂ ਦਾ ਪਵਿੱਤਰ ਕਾਰਜ ਹੈ, ਜਿਸਨੂੰ ਸਾਰੇ ਖਤਰੇ ਮੁਲ ਲੈ ਕੇ ਵੀ ਪੂਰਿਆਂ ਕੀਤਾ ਜਾਣਾ ਚਾਹੀਦਾ ਹੈ। ਇਸਦੇ ਨਾਲ ਹੀ ਸਮਾਜਿਕ ਵਿਕਾਸ ਲਈ ਵਿਗਿਆਨਕ ਨਜ਼ਰੀਆ ਗ੍ਰਹਿਣ ਕਰਦਿਆਂ ਹੋਇਆਂ ਅਗਾਂਹਵਧੂ ਤੇ ਇਨਕਲਾਬੀ ਲਹਿਰ ਨੂੰ ਮਜ਼ਬੂਤ ਕਰਨ ਲਈ ਵੀ ਹਰ ਸੰਭਵ ਯਤਨ ਤੇਜ਼ ਕਰਨ ਦੀ ਅੱਜ ਭਾਰੀ ਲੋੜ ਹੈ।