Monday, 2 February 2015

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ - ਫਰਵਰੀ 2015)

ਆਪਣਾ ਦੇਸ਼

 - ਸੰਤੋਖ ਸਿੰਘ ਧੀਰ 
ਆਪਣੇ ਮਾਤਾ-ਪਿਤਾ ਨਾਲ ਦੋਹਾਂ ਹੀ ਭਰਾਵਾਂ ਨੂੰ ਭਾਰਤ ਤੋਂ ਕੈਨੇਡਾ ਗਿਆਂ ਸੋਲ੍ਹਾਂ ਵਰ੍ਹੇ ਹੋ ਚੁੱਕੇ ਸਨ ਤੇ ਇਹਨਾਂ ਸੋਲਾਂ ਵਰ੍ਹਿਆਂ ਵਿਚ ਉਹ ਇਕ ਵਾਰ ਵੀ ਆਪਣੇ ਦੇਸ਼ ਭਾਰਤ ਨਹੀਂ ਆਏ ਸਨ। ਇਕ ਦੀ ਉਮਰ ਇਕ ਸਾਲ ਸੀ, ਦੂਜੇ ਦੀ ਦੋ ਸਾਲ ਦੀ, ਜਦੋਂ ਉਹ ਏਥੋਂ ਗਏ ਸਨ। ਹੁਣ ਉਹ ਭਾਰਤ ਆਏ ਸਨ। ਇਸ ਲਈ ਉਹ ਭਾਰਤ ਨੂੰ ਕੁੱਝ ਇਉਂ ਹੀ ਦੇਖ ਰਹੇ ਸਨ ਜਿਵੇਂ ਕੋਈ ਬਦੇਸ਼ੀ ਜਾਂ ਅਨੋਭੜ ਦੇਖਦਾ ਹੁੰਦਾ ਹੈ। ਉਹਨਾਂ ਲਈ ਭਾਰਤ ਆਪਣਾ ਨਹੀਂ ਕਿਸੇ ਹੋਰ ਦਾ ਦੇਸ਼ ਹੀ ਸੀ। ਉਹਨਾਂ ਦਾ ਦੇਸ਼ ਕੈਨੇਡਾ ਸੀ। ਸਨ ਉਹ ਭਾਵੇਂ ਪੰਜਾਬੀ ਤੇ ਸਿੱਖ ਮਾਤਾ-ਪਿਤਾ ਦੇ ਜੰਮੇ ਜਾਏ। 
ਨਿਰੰਜਨ ਸਿੰਘ, ਉਹਨਾਂ ਦਾ ਪਿਤਾ ਜਾਣ-ਬੁੱਝ ਕੇ ਉਹਨਾਂ ਨੂੰ ਹੁਣ ਭਾਰਤ ਲੈ ਕੇ ਆਇਆ ਸੀ। ਇਸ ਲਈ ਕਿ ਉਹ ਵੀ ਆਪਣੇ ਦੇਸ਼ ਭਾਰਤ ਨੂੰ ਦੇਖ ਸਕਣ ਕਿਉਂਕਿ ਉਹਨਾਂ ਨੇ ਭਾਰਤ ਉਕਾ ਹੀ ਨਹੀਂ ਸੀ ਦੇਖਿਆ ਹੋਇਆ। ਕੀ ਸੂਝ ਸੀ ਉਹਨਾਂ ਨੂੰ ਜਦ ਉਹ ਏਥੋਂ ਗੲ ਸਨ? ਬਸ, ਉਹਨਾਂ ਜਨਮ ਹੀ ਇਕ ਏਥੇ ਲਿਆ ਹੋਇਆ ਸੀ। ਇਸ ਤੋਂ ਬਿਨਾਂ ਹੋਰ ਸੰਬੰਧ ਕੋਈ ਉਹਨਾਂ ਦਾ ਏਥੇ ਨਹੀਂ ਸੀ। ਵਰ੍ਹਾ-ਵਰ੍ਹਾ, ਦੋ -ਦੋ ਵਰ੍ਹੇ ਦੇ ਬਾਲ ਤਾਂ ਉਹ ਸਨ ਹੀ ਕੁੱਲ। ਕੀ ਲਗਾਊ ਹੋ ਸਕਦਾ ਸੀ ਉਹਨਾਂ ਨੂੰ ਇਸ ਧਰਤੀ ਨਾਲ? ਉਹਨਾਂ ਦਾ ਲਗਾਉ ਤਾਂ ਕੈਨੇਡਾ ਦੀ ਧਰਤੀ ਨਾਲ ਸੀ, ਕੈਨੇਡਾ ਦੇ ਬਿਰਛ-ਬੂਟਿਆਂ ਨਾਲ। ਉਥੋਂ ਦੇ ਹੀ ਵਾਤਾਵਰਣ ਦੀ ਉਹਨਾਂ ਨੂੰ ਸਮਝ ਆ ਸਕਦੀ ਸੀ। 
ਕੈਨੇਡਾ ਵਿਚ, ਘਰ ਵਿਚ, ਪੰਜਾਬੀ ਬੋਲੀ ਜਾਂਦੀ ਸੀ। ਇਹ ਪੰਜਾਬੀ ਬੋਲ ਇਹਨਾਂ ਦੇ ਕੰਨਾਂ ਵਿਚ ਵੀ ਪੈਂਦੇ ਸਨ ਪਰ ਬੋਲਣ ਵੇਲੇ ਇਹਨਾਂ ਦੇ ਉਚਾਰਨ ਉਹ ਨਹੀਂ ਹੁੰਦੇ ਸਨ ਜੋ ਉਹਨਾਂ ਦੇ ਮਾਤਾ-ਪਿਤਾ ਜਾਂ ਦਾਦੇ-ਦਾਦੀ ਦੇ ਹੁੰਦੇ ਸਨ। ਉਹਨਾਂ ਦੇ ਪੰਜਾਬੀ ਲਫ਼ਜ਼ ਮੰਲੋ-ਮੱਲੀ ਅੰਗੇਜ਼ੀ ਲਬੋ ਲਹਿਜ਼ੇ ਦੇ ਹੋ ਜਾਂਦੇ ਸਨ। ਉਹ ਮੇਜ਼ ਨਹੀਂ ਕਹਿ ਸਕਦੇ ਸਨ, ਟੇਬਲ ਆਖ ਸਕਦੇ ਸਨ। ਪੁਸਤਕ ਜਾਂ ਕਿਤਾਬ ਉਹਨਾਂ ਦੀ ਸਮਝ ਤੋਂ ਬਾਹਰ ਦੀ ਗੱਲ ਸੀ। ਕੇਵਲ ਬੁੱਕ ਆਖਣ ਨਾਲ ਹੀ ਉਹਨਾਂ ਨੂੰ ਸਮਝ ਪੈ ਸਕਦੀ ਸੀ। ਬੂਹਾ, ਬਾਰੀ ਤਾਂ ਉਕਾ ਹੀ ਉਹ ਸਮਝ ਨਹੀਂ ਸਕਦੇ ਸਨ। ਉਹਨਾਂ ਲਈ ਇਹ ਡੋਰ ਅਤੇ ਵਿੰਡੋ ਹੀ ਹੋ ਸਕਦੇ ਸਨ। ਵਿੰਡੋ ਵੀ ਫੇਰ ਵਿੰਡੋ ਨਹੀਂ, ਉਹਨਾਂ ਲਈ ਇਹ ''ਵਿੰਡਾ'' ਹੀ ਸੀ। ਜਿਵੇਂ ਯੈਸ? ਯੈਸ ਨਹੀਂ, ਉਹਨਾਂ ਲਈ ਇਹ ''ਯਾਅ'' ਹੀ ਸੀ। ਅੰਗਰੇਜ਼ੀ ਉਹ ਬੜੀ ਸੋਹਣੀ ਅਤੇ ਸਥਾਨਕ ਬੋਲ ਸਕਦੇ ਸਨ, ਪੰਜਾਬੀ ਨਹੀਂ। ਪੰਜਾਬੀ ਉਹ ਇਉਂ ਬੋਲਦੇ ਸਨ ਜਿਵੇਂ ਕੋਈ ਬਦੇਸ਼ੀ ਸਿੱਖ-ਸੁੱਖ ਕੇ ਬੋਲਦਾ ਹੁੰਦਾ ਹੈ। 
ਨਿਰੰਜਣ ਸਿੰਘ ਪੜ੍ਹਿਆ ਲਿਖਿਆ ਸੂਝਵਾਨ ਵਿਅਕਤੀ ਸੀ। ਬੀ.ਏ.ਬੀ.ਐਡ ਪਾਸ ਸੀ ਤੇ ਏਧਰ ਉਹ ਪੰਜਾਬ ਵਿਚ ਟੀਚਰ ਲੱਗਾ ਹੁੰਦਾ ਸੀ। ਖੱਬੇ ਪੱਖੀ ਜਾਗ੍ਰਤ ਵਿਚਾਰਧਾਰਾ ਦਾ ਧਾਰਨੀ। ਹੇਠਲੀ ਮੱਧ ਸ਼੍ਰੇਣੀ ਦੇ ਕਿਸਾਨ ਪਰਿਵਾਰ ਦਾ ਜੰਮਪਲ। ਮੋਗੇ ਵੱਲ ਸੀ ਪਿੰਡ ਉਹਦਾ। ਗੁਜ਼ਾਰਾ ਮਾੜਾ ਨਹੀਂ ਸੀ, ਪਰ ਹੋਰ ਵੀ ਚੰਗੇ ਜੀਵਨ ਲਈ ਉਹ ਏਥੋਂ ਨੌਕਰੀ ਛੱਡ ਕੇ ਕੈਨੇਡਾ ਚਲਾ ਗਿਆ ਸੀ ਤੇ ਅੱਜਕੱਲ੍ਹ ਉਹ ਉਥੇ ਵੈਨਕੂਵਰ ਵਿਚ ਰਹਿ ਰਿਹਾ ਸੀ। ਆਪ ਤਾਂ ਉਹ ਪੂਰਾ-ਪੂਰਾ ਪੰਜਾਬੀ ਅਤੇ ਭਾਰਤੀ ਸੀ ਪਰ ਉਹਨੂੰ ਆਪਣੇ ਪੁੱਤਰਾਂ ਬਾਰੇ ਚਿੰਤਾ ਜਿਹੀ ਰਹਿੰਦੀ ਸੀ ਕਿ ਉਹ ਵੀ ਉਹਦੇ ਵਾਂਗ ਵੀ ਪੰਜਾਬੀ ਭਾਰਤੀ ਹੋਣ। ਇਹ ਸਮੱਸਿਆ ਭਾਵੇਂ ਉਸ ਇਕੱਲੇ ਦੀ ਹੀ ਨਹੀਂ ਸੀ। ਸਾਰੇ ਉਹਨਾਂ ਪੰਜਾਬੀਆਂ ਤੇ ਭਾਰਤੀਆਂ ਦੀ ਸਾਂਝੀ ਸੀ ਜੋ ਉਸ ਵਾਂਗ ਹੀ, ਏਥੋਂ ਜਾ ਕੇ, ਇੰਗਲੈਂਡ, ਅਮਰੀਕਾ ਜਾਂ ਕੈਨੇਡਾ  ਵਸੇ ਹੋਏ ਸਨ; ਤਾਂ ਵੀ, ਜਿਵੇਂ ਉਹਨੂੰ ਇਹ ਕੁੱਝ ਬਹੁਤ ਹੀ ਮਹਿਸੂਸ ਹੁੰਦੀ ਕਿਉਂਕਿ ਉਹਨੂੰ ਪਤਾ ਸੀ ਕਿ ਆਪਣੀ ਬੋਲੀ ਤੇ ਸੱਭਿਆਚਾਰ ਦੀ ਕੀ ਮਹੱਤਤਾ ਹੁੰਦੀ ਹੈ। ਇਹਨਾਂ ਬਿਨਾਂ ਤਾਂ ਜਿਵੇਂ ਬੰਦਾ ਉਕਾ ਕੁਝ ਵੀ ਹੈ ਹੀ ਨਹੀਂ। 
ਠੀਕ ਹੀ, ਕੈਨੇਡਾ ਵਿਚ, ਉਹ ਇਹਨਾਂ ਆਪਣੇ ਪੁੱਤਰਾਂ ਨੂੰ ਉਹ ਸਭ ਕੁੱਝ ਦੱਸਦਾ ਹੁੰਦਾ ਸੀ ਜੋ ਭਾਰਤ ਜਾਂ ਪੰਜਾਬ ਬਾਰੇ ਉਹਨਾਂ ਲਈ ਜ਼ਰੂਰੀ ਸੀ। ਰਾਮਾਇਣ, ਮਹਾਂਭਾਰਤ ਤੇ ਗੁਰੂ ਗਰੰਥ ਸਾਹਿਬ ਬਾਰੇ ਵੀ ਉਹ ਉਹਨਾਂ ਨੂੰ ਦੱਸਦਾ ਹੁੰਦਾ ਸੀ ਤੇ ਏਥੋਂ ਦੇ ਦਰਿਆਵਾਂ ਅਤੇ ਪਹਾੜਾਂ ਆਦਿ ਬਾਰੇ ਵੀ। ਪੰਜਾਬ ਵਿਚ ਕਦੇ ਪੰਜ ਦਰਿਆ ਵੱਗਦੇ ਹੁੰਦੇ ਸਨ ਪਰ ਹੁਣ ਇਹ ਦੋ ਰਹਿ ਗਏ ਹਨ। ਤਿੰਨ ਦੂਜੇ ਪਾਸੇ ਪਾਕਿਸਤਾਨ ਵਿਚ ਚਲੇ ਗਏ ਹਨ। ਪਾਕਿਸਤਾਨ, ਹਿੰਦੂਸਤਾਨ ਨੂੰ ਕੱਟ ਕੇ ਬਣਾਇਆ ਗਿਆ। ਪਹਿਲਾਂ ਪਾਕਿਸਤਾਨ ਸਾਰਾ ਇੰਡੀਆ ਵਿਚ ਹੀ ਹੁੰਦਾ ਸੀ। ਪਾਕਿਸਤਾਨ ਤਾਂ ਕੱਲ੍ਹ ਬਣਿਆ-1947 ਵਿਚ।
ਗੁਰੂ ਗ੍ਰੰਥ ਸਾਹਿਬ ਉਹਨਾਂ ਵੈਨਕੂਵਰ ਗੁਰਦਵਾਰੇ ਵਿਚ ਬਹੁਤ ਦੇਖਿਆ ਸੀ, ਰੇਸ਼ਮੀ ਰੁਮਾਲਿਆਂ ਤੇ ਬੜੀ ਹੀ ਸੁੰਦਰ ਪਾਲਕੀ ਵਿੱਚ। ਸੰਡੇ ਨੂੰ ਉਹ ਡੈਡ ਨਾਲ ਬਹੁਤ ਵਾਰ ਵੈਨਕੂਵਰ ਗੁਰਦਵਾਰੇ ਗਏ ਸਨ। ਇਹ ਵੀ ਦੱਸਿਆ ਹੋਇਆ ਸੀ ਕਿ ਆਪਾਂ ਸਿੱਖ ਧਰਮ ਨਾਲ ਸੰਬੰਧ ਰੱਖਣ ਵਾਲੇ ਹਾਂ ਤੇ ਆਪਣੇ ਦਸ ਗੁਰੂ ਹਨ ਤੇ ਸਭ ਤੋਂ ਪਹਿਲੇ ਗੁਰੂ ਨਾਨਕ ਹਨ। ਉਹਨਾਂ ਨੇ ਦਸਾਂ ਗੁਰੂਆਂ ਦੀਆਂ ਤਸਵੀਰਾਂ ਵੀ ਦੇਖੀਆਂ ਹੋਈਆਂ ਸਨ। ਗੁਰੂ ਹਰਿਕ੍ਰਿਸ਼ਨ ਦੀ ਤਸਵੀਰ ਦੇਖ ਕੇ ਇੱਕ ਨੇ ਕਿਹਾ : 
''ਡੈਡ, ਇਹ ਚਾਈਲਡ ਵੀ ਗੁਰੂ ਸੀ?''
''ਹਾਂ, ਇਹ ਵੀ ਗੁਰੂ ਸਨ। ਚਾਈਲਡ ਨਾ ਕਹੋ, ਬਾਬਾ ਜੀ ਕਹੋ। ਗੁਰੂ ਮਹਾਰਾਜ ਕਹੋ। ਇਹ ਆਪਣੇ ਅੱਠਵੇਂ ਗੁਰੂ ਸਨ। ਨਮਸਕਾਰ ਕਰੋ ਬੇਟਾ, ਨਮਸਕਾਰ ਕਰੋ।'' ਉਹਨੇ ਆਪਣੇ ਹੱਥ ਜੋੜ ਕੇ ਨਮਸਕਾਰ ਕਰ ਕੇ ਕਿਹਾ, ''ਇਉਂ ਕਰੋ ਨਮਸਕਾਰ।'' ਉਹਨਾਂ ਦੋਹਾਂ ਨੇ ਹੱਥ ਜੋੜ ਕੇ ਉਵੇਂ ਹੀ ਨਮਸਕਾਰ ਕੀਤਾ ਪਰ ਓਪਰਿਆਂ ਜਿਹਾਂ ਵਾਂਗ ਹੀ। ਕਿਉਂਕਿ ਉਸ ਵਾਂਗ ਤਾਂ ਉਹਨਾਂ ਨੂੰ ਕਰਨਾ ਆਉਂਦਾ ਹੀ ਨਹੀਂ ਸੀ। 
ਰਾਮਾਇਣ ਅਤੇ ਮਹਾਂਭਾਰਤ ਦੇ ਭਾਰਤ ਵਿਚ ਟੀ.ਵੀ. ਲਈ ਸੀਰੀਅਲ ਬਣ ਚੁੱਕੇ ਸਨ ਤੇ ਇਹਨਾਂ ਦੀਆਂ ਕੈਸਟਾਂ ਕੈਨੇਡਾ ਵੀ ਪੁੱਜ ਗਈਆਂ ਸਨ। ਉਹਨੇ ਵੀ.ਸੀ.ਆਰ. ਰਾਹੀਂ ਇਹ ਕੈਸਟਾਂ ਟੀ.ਵੀ. ਉਤੇ ਉਹਨਾਂ ਨੂੰ ਦਿਖਾਈਆਂ ਸਨ ਪਰ ਉਹਨਾਂ ਨੂੰ ਕੁਝ ਬਹੁਤੀ ਇਹਨਾਂ ਦੀ ਸਮਝ ਨਹੀਂ ਆ ਸਕੀ ਸੀ ਕਿਉਂਕਿ ਭਾਰਤ ਦੇ ਬੱਚਿਆਂ ਵਾਂਗ ਇਹ ਉਹਨਾਂ ਦੇ ਆਪਣੇ ਜੀਵਨ ਵਿਚ ਰਚੀਆਂ ਮਿਚੀਆਂ ਨਹੀਂ ਸਨ। ਭਾਰਤ ਦੇ ਬੱਚਿਆਂ ਦੇ ਤਾਂ ਇਹ ਖੂਨ ਵਿਚ ਰਚੀਆਂ ਹੁੰਦੀਆਂ ਹਨ। 
ਰਾਮਾਇਣ ਵਿਚ ਹਨੂਮਾਨ ਤੇ ਉਹਨਾਂ ਦੀ ਬਾਨਰ ਸੈਨਾ ਉਹਨਾਂ ਨੂੰ ਬੜੀ ਹੀ ਅਦਭੁਤ ਲੱਗੀ ਸੀ। ਉਹਨਾਂ ਵਿਚੋਂ ਹਨੂਮਾਨ ਨੂੰ ਦੇਖ ਕੇ, ਇਕ ਨੇ ਕਿਹਾ ਸੀ : 
''ਡੈਡ, ਇੰਡੀਆ ਵਿਚ ਪੂਛਾਂ ਵਾਲੇ ਲੋਕ ਵੀ ਨੇ?''
''ਨਹੀਂ''। ਉਹਨੇ ਹੱਸ ਕੇ ਕਿਹਾ?''
''ਫੇਰ ਇਹ ਕਿਥੋਂ ਆ ਗਏ?''
''ਇਹ ਗੱਲ ਕੁਝ ਹੋਰ ਹੈ। ਇਹ ਘੜੀ ਹੋਈ ਕਹਾਣੀ ਹੈ। ਇਹ ਹੁਬਹੂ ਸੱਚ ਨਹੀਂ।''
''ਫੇਰ ਇਹ ਘੜੀ ਕਿਉਂ ਗਈ ਹੈ, ਝੂਠ?''
''ਇਹ ਪ੍ਰਚੀਨ ਕਹਾਣੀ ਹੈ। ਇਹ ਇਸੇ ਤਰ੍ਹਾਂ ਹੀ ਹੁੰਦੀ ਹੈ। ਘੜੀ ਹੋਈ ਮਨੋਕਲਪਤ। ਇਹਨੂੰ ਮਿਥਿਹਾਸ ਕਹਿੰਦੇ ਹਨ। ਅੰਗਰੇਜ਼ੀ ਵਿਚ ਮਾਈਥਾਲੋਜੀ। ਇਹ ਹਰ ਕੌਮ ਦੀ ਹੁੰਦੀ ਹੈ। ਮਿਸਰ ਦੀ, ਯੂਨਾਨ ਦੀ, ਚੀਨ ਦੀ। ਇਹ ਆਪਣੀ ਹੈ। ਇਹ ਆਪਣੇ ਭਾਰਤ ਦੀ ਰੂਹ ਹੈ।''
''ਅੱਛਾ, ਇਹ ਰੂਹ ਹੈ।'' ਅਤੇ ਉਹ ਹੱਸ ਪਏ। 
ਨਿਰੰਜਨ ਸਿੰਘ ਨੇ ਸੋਚਿਆ ਕਿ ਇਹ ਬੱਚੇ ਏਥੇ ਹੀ ਜਵਾਨ ਹੁੰਦੇ ਜਾ ਰਹੇ ਹਨ। ਹੋਰ ਵਰ੍ਹੇ ਲੰਘ ਗਏ ਤਾਂ ਹੋਰ ਵੱਡੇ ਹੋ ਜਾਣਗੇ ਤੇ ਫੇਰ ਤਾਂ ਇਹ ਉਕਾ ਹੀ ਭਾਰਤ ਨੂੰ ਜਾਣ ਹੀ ਨਹੀਂ ਸਕਣਗੇ-ਆਪਣੀ ਮਾਤਰੀ-ਭੂਮੀ ਨੂੰ। ਇਹਨਾਂ ਨੂੰ ਹੁਣ ਭਾਰਤ ਤੇ ਪੰਜਾਬ ਲੈ ਜਾਣਾ ਚਾਹੀਦਾ ਹੈ। ਦਿੱਲੀ ਦੇਖਣ, ਮੋਗਾ ਦੇਖਣ, ਤਾਜ ਦੇਖਣ, ਪਿੰਡ ਦੇਖਣ। ਅੰਮ੍ਰਿਤਸਰ ਦਰਬਾਰ ਸਾਹਿਬ ਤਾਂ ਅਵੱਸ਼ ਹੀ ਦੇਖਣਾ ਚਾਹੀਦਾ ਹੈ ਤੇ ਜਲ੍ਹਿਆਂਵਾਲਾ ਬਾਗ ਵੀ। ਇਹਨਾਂ ਨੂੰ ਤਾਂ ਜਲ੍ਹਿਆਂਵਾਲਾ ਬਾਗ ਦਾ ਉਕਾ ਹੀ ਪਤਾ ਨਹੀਂ। 
ਅਤੇ ਉਹ ਉਹਨਾਂ ਨੂੰ ਦਸੰਬਰ ਦੇ ਅੱਧ ਵਿਚਕਾਰ ਜਿਹੇ ਇੰਡੀਆ ਲੈ ਕੇ ਆ ਗਿਆ ਸੀ। ਹੁਣ ਉਹਨਾਂ ਨੂੰ ਏਧਰ-ਉਧਰ ਪੰਜਾਬ ਅਤੇ ਹੋਰੀ ਥਾਂਈਂ ਸੈਰ ਕਰਾਉਂਦਾ ਫਿਰ ਰਿਹਾ ਸੀ। ਉਸ ਦੇ ਆਪਣੇ ਪਿੰਡ ਵਿਚ ਹੀ ਕਿਸੇ ਕੋਲ ਇਕ ਵੈਨ ਸੀ ਜੋ ਆਪ ਡਰਾਈਵ ਕਰ ਕੇ ਉਹਨੂੰ ਟੈਕਸੀ ਵਜੋਂ ਵਾਹੁੰਦਾ ਸੀ। ਉਹਨੇ, ਸਾਰੇ ਸਮੇਂ ਲਈ ਉਹ ਆਪਣੇ ਪਿੰਡ ਦੀ ਵੈਨ ਕਿਰਾਏ ਉਤੇ ਲੈ ਲਈ ਸੀ। ਪੈਸੇ ਦੀ ਫਿਕਰ ਨਹੀਂ ਸੀ। ਕਾਫੀ ਖੁੱਲ੍ਹਾ ਖਰਚ ਕਰ ਸਕਣ ਦੀ ਪਰੋਖੋਂ ਸੀ। ਇਉਂ ਸਾਲਮ ਕੀਤੀ ਵੈਨ ਸਸਤੀ ਵੀ ਸੀ, ਸੁਖਦਾਇਕ ਵੀ, ਜਿਵੇਂ ਆਪਣੀ ਹੀ ਗੱਡੀ ਹੋਵੇ। 
ਪੰਜ ਸਨ ਉਹ ਵੈਨ ਵਿਚ। ਤਿੰਨ ਆਪ ਹੀ ਸਨ-ਦੋ ਮੁੰਡੇ ਇਕ ਉਹ ਆਪ-ਇਕ ਉਸ ਦਾ ਦੋਸਤ ਸੀ ਜੋ ਉਹਨੈ ਨਾਲ ਲੈ ਲਿਆ ਸੀ। ਪੰਜਵਾਂ ਡਰਾਈਵਰ ਸੀ। ਇਸ ਸਮੇਂ ਉਹ ਆਗਰਾ ਤੋਂ ਦਿੱਲੀ ਵੱਲ ਆ ਰਹੇ ਸਨ ਤੇ ਅੱਜ ਰਾਤ ਦਿੱਲੀ ਹੀ ਇਕ ਦੋਸਤ ਕੋਲ ਰਹਿਣਾ ਸੀ ਜੋ ਪਾਰਲੀਮੈਂਟ ਦਾ ਮੈਂਬਰ ਸੀ। ਜਨਵਰੀ ਦਾ ਪਹਿਲਾ ਹਫਤਾ ਅੰਤ ਨੂੰ ਛੂਹ ਰਿਹਾ ਸੀ ਤੇ ਇਸ ਸਮੇਂ ਸ਼ਾਮ ਰਾਤ ਦੀਆਂ ਜੂਹਾਂ ਵੱਲ ਵੱਧ ਰਹੀ ਸੀ। ਅਚਾਨਕ ਉਹਨਾਂ ਸੋਚਿਆ ਕਿ ਉਂਜੇ ਹੀ ਜਾ ਵੱਜਣ ਦੀ ਥਾਂ ਪਾਰਲੀਮੈਂਟ ਦੇ ਮੈਂਬਰ ਦੇ ਘਰ ਫੋਨ ਕਰ ਲੈਣਾ ਚਾਹੀਦਾ ਹੈ। ਘਰ ਹੋਵੇ ਤਾਂ ਠੀਕ ਹੈ, ਨਹੀਂ ਤਾਂ ਕਿਤੇ ਹੋਰ ਰਹਿਣ ਦਾ ਇੰਤਜ਼ਾਮ ਕੀਤਾ ਜਾਵੇ। ਉਹੀਓ ਗੱਲ ਹੋਈ ਸੀ। ਉਹਨਾਂ ਜਦੋਂ ਐਸ.ਟੀ.ਡੀ. ਤੋਂ ਕਿਤੋਂ ਫੋਨ ਕੀਤਾ ਪਤਾ ਲੱਗਾ ਕਿ ਐਮ.ਪੀ.ਸਾਹਿਬ ਅੱਜ ਏਥੇ ਨਹੀਂ ਹਨ, ਮਦਰਾਸ ਗਏ ਹੋਏ ਹਨ ਤੇ ਕੱਲ੍ਹ ਵਾਪਸ ਆ ਰਹੇ ਹਨ। ਉਹਨਾਂ ਬਿਨਾਂ ਘਰ ਰਹਿਣ ਦਾ ਕੋਈ ਵੀ ਮਤਲਬ ਨਹੀਂ ਸੀ। ਤਦੇ ਉਹਦੇ ਦੋਸਤ ਨੇ ਇਕ ਹੋਰ ਪਾਸੇ ਵੱਲ ਰਿੰਗ ਘੁਮਾਈ। ਉਹਦਾ ਇਕ ਜਿਗਰੀ ਦੋਸਤ  ਰੋਹਿਨੀ ਵਿਖੇ ਰਹਿ ਰਿਹਾ ਸੀ। ਜਿਸ ਦਾ ਆਪਣਾ ਘਰ ਸੀ ਤੇ ਬੜਾ ਹੀ ਮਹਿਮਾਨ ਨਿਵਾਜ਼ ਸੀ। ਉਸ ਨੂੰ ਉਹ ਦੋਸਤ ਘਰ ਹੀ ਮਿਲ ਗਿਆ। ਕਿਹਾ ਗਿਆ ਕਿ ਪੰਜ ਜਣੇ ਉਸ ਕੋਲ ਆ ਰਹੇ ਹਾਂ ਤੇ ਉਸ ਕੋਲ ਹੀ ਰਹਾਂਗੇ। ਵੈਨ ਉਤੇ ਆ ਰਹੇ ਹਾਂ। ਪੰਜਾਂ ਬਾਰੇ ਵੀ ਸਾਰਾ ਵਿਸਤਾਰ ਦੱਸ ਦਿੱਤਾ ਗਿਆ ਸੀ ਕਿ ਤਿੰਨ ਕੈਨੇਡਾ ਵਾਲੇ ਹਨ, ਇਕ ਡਰਾਈਵਰ, ਇਕ ਉਹ ਆਪ। ਘੰਟੇ-ਸਵਾ ਘੰਟੇ ਤੱਕ ਉਹ ਉਸ ਕੋਲ ਆ ਪੁੱਜੇ ਸਨ। ਇਕ ਹੋਰ ਦੋਸਤ ਵੀ ਪੰਜਾਬ ਤੋਂ ਆਇਆ ਹੋਇਆ ਸੀ ਜੋ ਸ਼ਾਮੀ ਪੰਜ ਕੁ ਵਜੇ ਨਾਲ ਹੀ ਉਸ ਕੋਲ ਅੱਜ ਪੁੱਜਾ ਸੀ। ਚਲੋ, ਠੀਕ ਹੋ ਗਿਆ ਸੀ। ਮੇਜ਼ਬਾਨ ਖੁਸ਼ ਸੀ। ਮਹਿਫਲ ਜਿਹੀ ਬਣ ਗਈ ਸੀ। 
ਡਰਾਇੰਗ ਰੂਮ ਵਿਚ ਸਾਰੇ ਹੀ ਦੀਵਾਨ ਅਤੇ ਸੋਫ਼ਿਆਂ ਉਤੇ ਏਧਰ ਉਧਰ ਬਹਿ ਗਏ ਸਨ। ਸਫਰ ਨਾਲ ਥੱਕੇ ਹੋਏ ਤਾਂ ਥੋੜ੍ਹਾ ਬਹੁਤ ਸਾਰੇ ਹੀ ਸਨ ਪਰ ਮੁੰਡੇ ਦੋਵੇਂ ਥੋੜ੍ਹਾ ਜਿਹਾ ਮੁਰਝਾਏ ਜਿਹੇ ਲੱਗ ਰਹੇ ਸਨ। ਜਾਪਦਾ ਸੀ ਜਿਵੇਂ ਉਹਨਾਂ ਦਾ ਮਨ ਏਥੇ ਨਹੀਂ ਸੀ, ਇਸ ਸਮੇਂ ਉਹ ਕਿਸੇ ਹੋਰ ਹੀ ਥਾਂਵੇਂ ਗਿਆ ਹੋਇਆ ਸੀ। ਚੁੱਪ ਚਾਪ ਬੈਠੇ ਉਹ ਖਾਲੀ-ਖਾਲੀ ਅੱਖਾਂ ਨਾਲ ਕੰਧਾਂ ਵਲ ਜਾਂ ਏਧਰ ਉਧਰ ਬਿੱਟ ਬਿੱਟ ਤੱਕ ਰਹੇ ਸਨ ਜਿਵੇਂ ਉਹਨਾਂ ਕੋਲੋਂ ਕੁਝ ਗੁਆਚ ਗਿਆ ਹੁੰਦਾ ਹੈ ਤੇ ਲੱਭ ਹੀ ਨਹੀਂ ਰਿਹਾ ਹੁੰਦਾ। 
ਮੇਜ਼ਬਾਨ ਨੇ ਚਾਹ ਪੁੱਛੀ। ਚਾਹ ਦਾ ਸਮਾਂ ਹੀ ਨਹੀਂ ਸੀ ਤੇ ਚਾਹ ਉਹਨਾਂ ਰਾਹ ਵਿਚ ਹੀ ਕਿਤੇ ਪੀ ਲਈ ਹੋਈ ਸੀ। ਕੋਫ਼ੀ ਬਾਰੇ ਪੁੱਛਿਆ ਗਿਆ। ਕੋਫ਼ੀ ਵੀ ਨਹੀਂ ਸੀ ਚਾਹੀਦੀ। 
ਨੌ-ਸਵਾ ਨੌ ਸਨ ਇਸ ਸਮੇਂ ਰਾਤ ਦੇ। ਇਸ ਸਮੇਂ ਚਾਹ ਜਾਂ ਕੌਫ਼ੀ ਕਿਸੇ ਦੀ ਲੋੜ ਨਹੀਂ ਸੀ। ਬੱਸ, ਖਾਣਾ ਖਾਣਾ ਸੀ, ਸੋ ਖਾਣਾ ਖਾ ਲਿਆ ਜਾਵੇਗਾ। ਮੇਜ਼ਬਾਨ ਕੋਲ ਵਧੀਆ ਬਾਹਰ ਦੀ ਵਿਸਕੀ ਆਈ ਪਈ ਸੀ। ਆਪ ਤਾਂ ਪੀਂਦਾ ਨਹੀਂ ਸੀ ਉਹ ਆਏ ਗਏ ਕਿਸੇ ਮਿੱਤਰ ਦੀ ਸੇਵਾ ਲਈ ਜ਼ਰੂਰ ਉਸ ਦੇ ਅੱਗੇ ਰੱਖੀ ਜਾ ਸਕਦੀ ਸੀ। ਸੋ ਮੇਜ਼ ਉਤੇ ਕੱਚ ਦੇ ਗਲਾਸ ਅਤੇ ਵਿਸਕੀ ਦੀ ਸੁਨਹਿਰੀ ਬੋਤਲ ਰੱਖੀ ਗਈ। ਅੰਡੇ ਬਣ ਕੇ ਆ ਗਏ। ਸਲਾਦ ਦੀ ਪਲੇਟ ਅਤੇ ਸੇਬ ਵੀ ਆ ਗਏ ਸਨ। ਕਿਚਨ ਵਿਚ ਅੰਦਰ ਖਾਣਾ ਤਿਆਰ ਹੋਣ ਲੱਗ ਪਿਆ ਸੀ। ਮੁੰਡੇ ਇੰਡੀਆ ਆਏ ਹਨ। ਇੰਡੀਆ ਦੀ ਦਾਲ-ਸਬਜ਼ੀ ਇੰਡੀਆ ਦੀ ਮਿੱਠੀ ਡਿਸ਼, ਇੰਡੀਆ ਦੇ ਫਲ-ਫਰੂਟ। 
ਪਰ ਇਹ ਜਾਣ ਕੇ ਹੈਰਾਨੀ ਹੋਈ ਕਿ ਮੁੰਡੇ ਕਿਸੇ ਚੀਜ਼ ਨੂੰ ਵੀ ਮੂੰਹ ਨਹੀਂ ਲਾ ਰਹੇ ਸਨ। ਠੀਕ ਹੈ, ਸਿਆਲ ਸੀ, ਤ੍ਰੇਹ ਦੇ ਦਿਨ ਨਹੀਂ ਸਨ, ਤਾਂ ਵੀ ਸਭ ਨੂੂੰ ਆਉਂਦਿਆਂ ਹੀ ਕੱਚ ਦੇ ਗਲਾਸਾਂ ਵਿਚ ਪਾਣੀ ਦਿੱਤਾ ਗਿਆ ਸੀ ਅਤੇ ਸਭ ਨੇ ਥੋੜ੍ਹਾ-ਥੋੜ੍ਹਾ ਪਾਣੀ ਪੀ ਵੀ ਲਿਆ ਸੀ ਪਰ ਇਹਨਾਂ ਦੋਹਾਂ ਮੁੰਡਿਆਂ ਨੇ ਪਾਣੀ ਨਹੀਂ ਪੀਤਾ ਸੀ। ਕਿਹਾ ਗਿਆ ਕਿ ਇਹ ਏਥੋਂ ਦਾ ਪਾਣੀ ਪੀਂਦੇ ਨਹੀਂ ਹਨ। ਬੀਮਾਰ ਹੋਣ ਤੋਂ ਡਰਦੇ ਹਨ। ਮੇਜ਼ਬਾਨ ਨੇ ਆਖਿਆ ਕਿ ਹੁਣੇ ਸੋਡਾ ਆ ਜਾਂਦਾ ਹੈ, ਕੋਕਾ ਕੋਲਾ ਆ ਜਾਂਦਾ ਹੈ, ਥਮਜ਼ ਅੱਪ ਆ ਜਾਂਦਾ ਹੈ ਪਰ ਕਿਹਾ ਗਿਆ ਕਿ ਨਹੀਂ, ਇਹਨਾਂ ਨੂੰ ਇਹਨਾਂ ਦੀ ਵੀ ਲੋੜ ਨਹੀਂ। ਇਹਨਾਂ ਇਹ ਵੀ ਪੀਣਾ ਨਹੀਂ। ਬੜੀ ਅਜੀਬ ਗੱਲ ਸੀ। ਆਖ਼ਰ ਇਹ ਪੀਂਦੇ ਕੀ ਸਨ ਫੇਰ?
''ਕਾਕਾ! ਤੁਸੀਂ ਫੇਰ ਕੁੱਝ ਹੋਰ ਪੀ ਲਓ।'' ਮੇਜ਼ਬਾਨ ਨੇ ਆਖਿਆ ਪਰ ਉਹ ਕੁਝ ਵੀ ਬੋਲੇ ਨਹੀਂ। ਦੂਜੀ ਵਾਰੀ ਫੇਰ ਆਖਿਆ। ਫੇਰ ਵੀ ਉਹ ਬੋਲੇ ਨਹੀਂ। ਬੱਸ ਉਹਨਾਂ ਥੋੜ੍ਹਾ ਜਿਹਾ ਨਾਂਹ ਆਖਣ ਲਈ ਸਿਰ ਹਿਲਾਇਆ। 
ਉਹਨਾਂ ਨੂੰ ''ਕਾਕਾ'' ਲਫ਼ਜ਼ ਦੀ ਵੀ ਸਮਝ ਨਹੀਂ ਆ ਸਕੀ ਸੀ। ਸ਼ਾਇਦ ਅਜਿਹੇ ਲਫ਼ਜ਼ ਉਹਨਾਂ ਦੇ ਕੰਨੀ ਪਏ ਹੀ ਨਹੀਂ ਸਨ ਕਦੇ। ਇਹਨਾਂ ਵਿਚ ਜੋ ਖੰਡ ਅਤੇ ਸ਼ਹਿਦ ਵਰਗੀ ਮਿੱਠਤ ਸੀ, ਉਹ ਉਸ ਤੋਂ ਜਾਣੂ ਨਹੀਂ ਸਨ। 
''ਕੌਫੀ ਪੀ ਲਵੋ?''
''ਨਹੀਂ'' ਉਹਨਾਂ ਉਵੇਂ ਹੀ ਨਾਂਹ ਕਹਿਣ ਲਈ ਸਿਰ ਹਿਲਾਇਆ। ਏਨਾ ਚੰਗਾ, ਚਾਹ ਤੇ ਕੌਫ਼ੀ ਉਹਨਾਂ ਨੂੰ ਸਮਝ ਆ ਰਹੇ ਸਨ। ਖ਼ੈਰ, ਕੌਫ਼ੀ ਤਾਂ ਸਮਝ ਸਕਣਾ ਉਹਨਾਂ ਲਈ ਮੁਸ਼ਕਿਲ ਨਹੀਂ ਸੀ। ਇਸ ਅੰਗਰੇਜ਼ੀ ਲਫ਼ਜ਼ ਹੀ ਸੀ। 
ਤਾਂ ਫੇਰ, ਉਹ ਖਾਣਗੇ ਕੀ? ਆਖ਼ਿਰ ਕੁੱਝ ਤਾਂ ਖਾਣਗੇ ਹੀ? ਕਦੇ ਦੱਸਿਆ ਗਿਆ ਕਿ ਅੰਡਿਆਂ ਦੇ ਇਕ-ਇਕ ਦੋ-ਦੋ ਸੈਂਡਵਿਚ ਲੈ ਲੈਣਗੇ। ਥੋੜ੍ਹਾ ਸੇਬ ਖਾ ਲੈਣਗੇ। ਪਾਣੀ ਨਹੀਂ ਪੀਣਗੇ। ਕੀ ਪੀਣਗੇ? ਕੁਝ ਵੀ ਨਹੀਂ। ਬੜੀ ਅਜੀਬ ਗੱਲ ਸੀ ਇਹ। ਮੁੰਡੇ ਸਨ ਕਿ ਇਕ ਪਹੇਲੀ। ਆਖ਼ਰ ਕੁਝ ਤਾਂ ਪੀਣਗੇ ਹੀ? 
ਉਹਨਾਂ ਨੂੰ ਉਥੇ ਬੈਠਣ ਵਿਚ ਵੀ ਕੋਈ ਦਿਲਚਸਪੀ ਨਹੀਂ ਸੀ। ਉਹ ਜਿਵੇਂ ਬੱਧੇ ਰੁੱਧੇ ਜਿਹੇ ਹੀ ਉਥੇ ਸਭ ਵਿਚ ਬੈਠੇ ਸਨ ਤੇ ਆਪਣੇ ਆਪ ਵਿਚ ਪੂਰੀ ਤਰ੍ਹਾਂ ਉਹ ਅੱਕ-ਥੱਕ ਜਿਹੇ ਚੁੱਕੇ ਸਨ। ਇਹਨਾਂ ਦੀਆਂ ਉਣੀਂਦਰੀਆਂ ਤੇ ਥੱਕੀਆਂ-ਥੱਕੀਆਂ ਅੱਖਾਂ ਵਿਚ ਲਾਲ ਡੋਰੇ ਦਿਸ ਰਹੇ ਸਨ ਅਤੇ ਉਹ ਉਬਾਸੀਆਂ ਵੀ ਘੜੀ ਮੁੜੀ ਲੈ ਰਹੇ ਸਨ। ਵਿਸਕੀ ਉਹ ਪੀਂਦੇ ਨਹੀਂ ਸਨ। ਟੀਨ ਏਜ਼ਰ ਹੋਣ ਕਾਰਨ ਉਹਨਾਂ ਨੂੰ ਅਜੇ ਇਸ ਪਾਸੇ ਵੱਲ ਪਾਇਆ ਹੀ ਨਹੀਂ ਗਿਆ ਸੀ। ਬੀਅਰ ਵੀ ਪੀਣੀ ਨਹੀਂ ਸੀ। ਉਹਨਾਂ ਨੂੰ ਉਂਝ ਵੀ ਹੁਣ ਬੀਅਰ ਦਿੱਲੀ ਵਿਚ ਨੇੜੇ ਮਿਲਣੀ ਹੀ ਨਹੀਂ ਸੀ ਕਿਤੇ, ਵਰਜਿਤ ਏਰੀਆ ਹੋਣ ਕਾਰਨ। ਖ਼ੈਰ, ਜੇ ਮਿਲ ਵੀ ਜਾਂਦੀ ਤਾਂ ਉਹਨਾਂ ਪੀਣੀ ਹੀ ਨਹੀਂ ਸੀ ਇਹ ਇੰਡੀਆ ਦੀ ਬੀਅਰ। ਉਹਨਾਂ ਨੂੰ ਤਾਂ ਕੈਨੇਡਾ ਦਾ ਹੀ ਖਾਣਾ-ਪੀਣਾ ਮੁਆਫ਼ਿਕ ਸੀ। ਸਾਹ ਜ਼ਰੂਰ ਉਹ ਏਥੇ ਦੀਆਂ ਹਵਾਵਾਂ ਵਿਚ ਲੈ ਰਹੇ ਸਨ। ਇਸ ਲਈ ਮਜ਼ਬੂਰੀ ਸੀ। ਵਸ ਚਲਦਾ, ਸ਼ਾਇਦ ਉਹ ਏਥੇ ਸਾਹ ਵੀ ਲੈਣ ਤੋਂ ਬਚੇ ਹੀ ਰਹਿੰਦੇ। 
ਉਹਨਾਂ ਦੀ ਉਕਤਾਹਟ ਦੇਖ, ਮੇਜ਼ਬਾਨ ਨੇ ਆਖਿਆ ਕਿ ਇਹਨਾਂ ਨੂੰ ਉਤੇ ਕਮਰੇ ਵਿਚ ਪਹੁੰਚਾਇਆ ਜਾਣਾ ਚਾਹੀਦਾ ਹੈ। ਬੈਡ ਲੱਗੇ ਹੋਏ ਹਨ ਉਪਰ। ਉਹ ਉਪਰ ਰੈਸਟ ਕਰਨ। ਇਹਨਾਂ ਨੂੰ ਸ਼ੈਂਡਵਿੱਚ ਆਦਿ ਉਤੇ ਹੀ ਪੁੱਜ ਜਾਣਗੀਆਂ। ਏਥੇ ਬੋਰ ਹੋ ਰਹੇ ਹਨ। ਇਵੇਂ ਹੀ ਕੀਤਾ ਗਿਆ ਸੀ। ਮੇਜ਼ਬਾਨ ਨੇ ਆਖਿਆ ਕਿ ਕਾਕਾ ਪਾਣੀ ਵੀ ਪੀ ਲਵੋ। ਸਾਡੇ ਫਿਲਟਰਡ ਪਾਣੀ ਹੈ। ਫਿਲਟਰ ਲੱਗਾ ਹੋਇਆ ਹੈ ਸਾਡੇ। ਫਿਲਟਰਡ ਪਾਣੀ ਆਖਣ ਨਾਲ ਉਹਨਾਂ ਨੇ ਪਾਣੀ ਪੀ ਲਿਆ। ਰੱਜ ਰੱਜ ਕੇ ਪੀ ਲਿਆ। ਨਹੀਂ ਤਾਂ ਉਹਨਾਂ ਨੇ ਉਵੇਂ ਬਿਨਾਂ ਪਾਣੀ ਹੀ ਗੁਜ਼ਰ ਕਰਨੀ ਸੀ। ਸੈਂਡਵਿਚ ਵੀ ਅੰਡਿਆਂ ਵਾਲੇ ਉਹਨਾਂ ਨੇ ਦੋ-ਦੋ, ਤਿੰਨ-ਤਿੰਨ ਖਾਧੇ। 
ਮੁੰਡੇ ਕਲੀਨ ਸ਼ੇਵਨ ਸਨ ਤੇ ਦੋਹਾਂ ਨੇ ਹੀ ਜੀਨਾਂ ਅਤੇ ਜਰਸੀਆਂ ਪਹਿਨੀਆਂ ਹੋਈਆਂ ਸਨ। ਰੰਗ ਗੋਰੇ ਨਹੀਂ ਸਨ। ਕਣਕਵੰਨੇ ਭਾਰਤੀ ਸਨ ਪਰ ਉਂਝ ਉਹ ਭਾਰਤੀ ਨਹੀਂ ਸਨ। ਕੈਨੇਡੀਅਨ ਅੰਗਰੇਜ਼ ਸਨ। ਕਲੀਨ ਸ਼ੇਵਨ ਬਾਪ ਵੀ ਸੀ ਪਰ ਉਹ ਵਿਚੋਂ ਪੂਰਾ-ਸੂਰਾ ਭਾਰਤੀ ਪੰਜਾਬੀ ਸੀ। ਉਹਨੂੰ ਆਪਣੇ ਭਾਰਤ ਨਾਲ, ਪੰਜਾਬ ਨਾਲ ਪਿਆਰ ਸੀ। ਉਹਨਾਂ ਦੇ ਉਤੇ ਜਾਣ ਪਿਛੋਂ ਉਹ ਸਾਰੇ ਵਿਸਕੀ ਪੀਂਦੇ ਤੇ ਦੇਰ ਤੱਕ ਗੱਲਾਂ ਕਰਦੇ ਰਹੇ। 
ਉਹਨਾਂ ਨੇ ਉਹਨਾਂ ਦੇ ਬਾਪ ਨੂੰ ਪੁੱਛਿਆ। 
''ਕਿਹੋ ਜਿਹਾ ਲੱਗਾ ਫੇਰ। ਇਹਨਾਂ ਨੂੰ ਆਪਣਾ ਦੇਸ਼, ਇੰਡੀਆ?''
'ਬਸ, ਕਹਿੰਦੇ ਠੀਕ ਹੈ। ਟਰੈਫਿਕ ਕਹਿੰਦੇ ਬਹੁਤ ਹੈ। ਢੰਗ ਤਰੀਕਾ ਨਹੀਂ ਹੈ। ਕਦੇ ਗੱਡਾ  ਆ ਜਾਂਦਾ ਹੈ, ਮੂਹਰੇ, ਕਦੇ ਮੱਝ ਆ ਜਾਂਦੀ ਹੈ ਅੱਗੇ। ਕੱਚੀ ਥਾਂ ਵੀ ਬਹੁਤ ਹੈ। ਸੜਕਾਂ ਚੰਗੀਆਂ ਨਹੀਂ ਹਨ। ਲੋਕੀਂ ਉਚੀ ਬੋਲਦੇ ਹਨ। 
''ਤਾਜ਼ ਮਹਲ ਦੇਖਿਆ? 
''ਹਾਂ, ੳਹ ਦਿਖਾਇਆ ਹੈ।''
''ਕੀ ਕਹਿੰਦੇ ਸਨ ਦੇਖ ਕੇ?''
''ਕਹਿੰਦੇ ਸਨ ਕਿ ਚੰਗਾ ਹੈ।''
''ਬੱਸ, ਕੇਵਲ ਚੰਗਾ ਹੀ?''
''ਬੱਸ, ਏਨਾ ਹੀ ਕਿਹਾ ਸੀ?''
''ਦਰਬਾਰ ਸਾਹਿਬ ਅੰਮ੍ਰਿਤਸਰ?''
''ਹਾਂ, ਉਹ ਵੀ ਦੇਖਿਆ।''
'ਉਸ ਬਾਰੇ ਕੀ ਕਹਿੰਦੇ ਸਨ?''
''ਬੱਸ, ਇਹੋ ਠੀਕ ਹੈ। ਬੋਲਦੇ ਹੀ ਥੋੜ੍ਹਾ ਹਨ।''
''ਯਾਰ ਇਹ ਤਾਂ ਆਪਣੇ ਦੇਸ਼ ਭਾਰਤ ਦੇ ਅਜੂਬੇ ਹਨ। ਇਕ ਚੰਨ, ਇਕ ਸੂਰਜ।''
''ਅਸਲ ਵਿਚ ਇਹਨਾਂ ਨੂੰ ਮਹੱਤਤਾ ਦਾ ਪਤਾ ਨਹੀਂ। ਕਹਿੰਦੇ ਨਾਈਸ ਬਿਲਡਿੰਗਾਂ ਹਨ।''
ਉਹਨੇ ਥੋੜ੍ਹਾ ਹੱਸ ਕੇ ਕਿਹਾ। ਬਾਕੀ ਵੀ ਮੁਸਕਾ ਪਏ ਕੁਝ। 
''ਇਤਿਹਾਸ ਦੱਸ ਦੇਣਾ ਸੀ?''
''ਫਾਲੋ ਹੀ ਇਹ ਕਰਦੇ ਨਹੀਂ। ਏਨੇ ਜੋਗੇ ਇਹ ਕਿੱਥੇ ਹਨ। ਅਸਲ ਵਿਚ ਮੈਂ ਇਸ ਗੱਲੋਂ ਬਹੁਤ ਹੀ ਪ੍ਰੇਸ਼ਾਨ ਹਾਂ। ਮੈਂ ਚਾਹੁੰਦਾ ਹਾਂ ਕਿ ਇਹ ਆਪਣੀ ਮਾਤ੍ਰੀ ਭੂਮੀ ਨਾਲ ਜੁੜਨ। ਆਪਣੇ-ਆਪ ਦੀ ਜੜ੍ਹ ਨੂੰ ਜਾਨਣ। ਪਰ... ਜਦੋਂ ਅਸੀਂ ਆਏ ਸਾਂ, ਸਵੇਰ ਵੇਲੇ ਦਿੱਲੀ ਏਅਰਪੋਰਟ ਉਤੇ ਪੁੱਜੇ ਸਾਂ, ਜਹਾਜ ਲੈਂਡ ਕਰਨ ਲੱਗਾ। ਮੇਰੇ ਮੂੰਹੋਂ ਆਪਣੇ ਆਪ ਹੀ ਆ ਗਈ ਮੇਰੀ ਮਾਤ੍ਰੀ-ਭੂਮੀ, ਮਾਤ੍ਰੀ ਭੂਮੀ ਨਮਸਕਾਰ' ਦੇ ਲਫਜ਼ ਨਿਕਲ ਰਹੇ ਸਨ ਪਰ ਇਹ ਦੋਵੇਂ ਚੁੱਪ ਸਨ। ਜਹਾਜ ਵਿਚੋਂ ਲੱਥੇ ਤਾਂ ਮੈਂ ਧਰਤੀ ਨੂੰ ਹੱਥ ਲਾ ਕੇ ਮੱਥੇ ਨਾਲ ਛੁਹਾਇਆ ਤੇ ਨਮਸਕਾਰ ਆਖਿਆ ਪਰ ਇਹ ਚੁੱਪ ਦੇ ਚੁੱਪ ਸਨ। ਫੀਲਿੰਗ ਹੀ ਕੋਈ ਨਹੀਂ ਸੀ। ਸਗੋਂ ਇਉਂ ਦੇਖਣ ਜਿਵੇਂ ਮੈਂ ਕੋਈ ਪੱਥਰ-ਯੁੱਗ ਦਾ ਪਛੜਿਆ ਹੋਇਆ ਵਿਅਕਤੀ ਹੋਵਾਂ।''
''ਅਸਲ ਵਿਚ, ਨਿਰੰਜਣ ਸਿੰਘ ਜੀ'', ਮੇਜ਼ਬਾਨ ਨੇ ਆਖਿਆ, ''ਇਹ ਏਥੇ ਇਸ ਦੇਸ਼ ਨਾਲ ਫ਼ੈਮੀਲੀਅਰ ਨਹੀਂ ਹਨ ਤੇ ਨਾ ਹੀ ਹੋ ਸਕਦੇ ਹਨ। ਇਹਨਾਂ ਦਾ ਦੇਸ਼ ਇਹ ਹੈ ਵੀ ਨਹੀਂ। ਇਹਨਾਂ ਦਾ ਦੇਸ਼ ਕੈਨੇਡਾ ਹੈ। ਏਥੇ ਇਹ ਕੇਵਲ ਜੰਮੇ ਹਨ। ਜੰਮ ਕੋਈ ਕਿਤੇ ਵੀ ਸਕਦਾ ਹੈ। ਬਚਪਨ ਕਿਥੇ ਬੀਤਿਆ, ਕਿਸ ਮਾਹੌਲ ਵਿਚ ਬੀਤਿਆ, ਉਸ ਮਾਹੌਲ ਨਾਲ ਹੀ ਕਿਸੇ ਦਾ ਮੋਹ-ਪਿਆਰ ਹੋ ਸਕਦਾ ਹੈ। ਸੋ, ਇਸ ਵਿਚ ਪ੍ਰੇਸ਼ਾਨ ਹੋਣ ਦੀ ਕੋਈ ਵੀ ਗੱਲ ਨਹੀਂ ਹੈ। ਤੁਸੀਂ ਪ੍ਰੇਸ਼ਾਨ ਨਾ ਹੋਵੋ। ਪ੍ਰੇਸ਼ਾਨ ਤਾਂ ਹੋਣਾ ਤੁਹਾਨੂੰ ਉਕਾ ਹੀ ਨਹੀਂ ਚਾਹੀਦਾ। ਇਹ ਮੁੰਡੇ ਭਾਰਤੀ ਨਹੀਂ, ਨਾ ਹੀ ਓਪਰੇ ਹੋ ਜਾਣੇ ਹਨ। ਇਉਂ ਹੀ ਫੇਰ ਕਦੇ ਜਾ ਕੇ ਨਸਲਾਂ ਬਦਲ ਜਾਂਦੀਆਂ ਹਨ।''
''ਚੰਡੀਗੜ੍ਹ ਨੂੰ ਕਹਿੰਦੇ ਹਨ ਕਿ ਹਾਂ ਇਹ ਕੁਝ ਠੀਕ ਹੈ। ਏਥੇ ਰਿਹਾ ਜਾ ਸਕਦਾ ਹੈ।''
''ਉਹ ਯੂਰਪ ਦੇ ਨੇੜੇ ਹੈ ਨਾ। ਫ਼ਰਾਂਸੀਸੀ ਆਰਕੀਟੈਕਟ ਨੇ ਨਕਸ਼ਾ ਵਾਹਿਆ ਹੋਇਆ ਹੈ ਤੇ ਮਾਡਰਨ ਲੇਅ ਆਊਟ ਹੈ। ਆਪੇ ਹੀ ਪਸੰਦ ਹੈ। ਬਾਕੀ ਗੱਲਾਂ ਬਹੁਤੀਆਂ ਰਹਿਣ-ਸਹਿਣ ਦੀਆਂ ਵੀ ਹੁੰਦੀਆਂ ਹਨ। ਤੇ ਆਦਤ ਜਿਹੀ ਪੈ ਜਾਣ ਦੀਆਂ ਵੀ। ਚੰਡੀਗੜ੍ਹ ਵਿਚ ਰਹਿਣ ਵਾਲੇ ਨੂੰ ਪਿੰਡ ਜਾ ਕੇ ਰਹਿਣਾ ਪਵੇ ਤਾਂ ਉਹਨੂੰ ਔਖ ਹੋ ਜਾਂਦੀ ਹੈ। ਕਿਥੇ ਤਾਂ ਫਲਸ਼ ਟੱਟੀਆਂ, ਕਿਥੇ ਬਾਹਰ ਖੇਤਾਂ ਵਿਚ ਜਾਣਾ। ਪਿੰਡਾਂ ਵਿਚ ਰਹਿਣ ਵਾਲਾ ਵੀ ਚੰਡੀਗੜ੍ਹ ਵਿਚ ਆ ਕੇ ਪ੍ਰੇਸ਼ਾਨ ਜਿਹਾ ਹੋ ਜਾਂਦਾ ਹੈ। ਇਕ ਬੁੱਢੀ ਤੇ ਬੁੱਢਾ ਆਪਣੇ ਪੁੱਤਰ ਕੋਲ ਚੰਡੀਗੜ੍ਹ ਆਏ। ਮਾਈ ਨੂੰ ਚੰਡੀਗੜ੍ਹ ਟੱਟੀ ਨਾ ਆਵੇ। ਅਖੇ ਘਰ ਦੇ ਵਿਚ ਹੀ ਟੱਟੀ? ਟੱਟੀ ਤਾਂ ਬਾਹਰ ਜਾਈਦਾ ਹੈ। ਘਰ ਵਾਲੇ ਨੂੰ ਆਖਣ ਲੱਗੀ, ''ਚੱਲੋ ਜੀ, ਚੱਲੀਏ ਪਿੰਡ।'' ਤੀਜੇ ਦਿਨ ਹੀ ਪਿੰਡ ਮੁੜ ਆਈ। ਟੱਟੀ ਹੀ ਨਾ ਉਤਰੇ ਉਹਨੂੰ। ਇਸ ਲਈ ਨਿਰੰਜਨ ਸਿੰਘ ਜੀ, ਤੁਸੀਂ ਪ੍ਰੇਸ਼ਾਨ ਨਾ ਹੋਵੋ। ਉਹਨਾਂ ਦਾ ਇਹ ਦੇਸ਼ ਨਹੀਂ। ਦੂਜੀ ਗੱਲ ਇਹ ਵੀ ਹੈ, ਦੁਨੀਆਂ ਸਾਰੀ ਹੀ ਆਪਣੀ ਹੈ। ਸਾਰੇ ਦੇਸ਼ ਆਪਣੇ ਹਨ। ਹਿੰਦੁਸਤਾਨ ਆਰੀਆਂ ਦਾ ਦੇਸ਼ ਨਹੀਂ ਸੀ ਹੁੰਦਾ ਕਦੇ, ਅੱਜ ਇਹ ਹੈ ਹੀ ਆਰੀਆਂ ਦਾ। ਮੁਗਲ ਆਏ, ਪਠਾਨ ਆਏ, ਏਥੋਂ ਦੇ ਹੀ ਹੋ ਗਏ। ਹਾਲਾਂਕਿ ਬਾਹਰੋਂ ਆਏ ਸਨ। ਸੋ ਇਸ ਗੱਲ ਦੀ ਚਿੰਤਾ ਨਾ ਕਰੋ। ਅੱਜ ਤਾਂ ਦੁਨੀਆਂ ਉਂਝ ਵੀ ਸਾਰੀ ਇਕ ਹੁੰਦੀ ਜਾ ਰਹੀ ਹੈ। ਸੱਭਿਆਚਾਰ ਆਪੋ ਵਿਚ ਕਰੰਗੜੀਆਂ ਪਾ ਰਹੇ ਹਨ। ਅੰਗਰੇਜ਼ਾਂ ਦੇ ਘਰ ਹਬਸ਼ਣਾਂ, ਹਬਸ਼ੀਆਂ ਦੇ ਮੇਮਾਂ।''
''ਗੱਲ ਤਾਂ ਇਹ ਠੀਕ ਹੈ, ਪਰ....''
ਗਿਆਰਾਂ ਸਾਢੇ ਗਿਆਰ੍ਹਾਂ ਸਨ। ਸੌਣ ਦਾ ਵੇਲਾ ਹੋ ਗਿਆ ਸੀ। ਨਿਰੰਜਣ ਸਿੰਘ ਨੂੰ ਉਤੇ ਮੁੰਡਿਆਂ ਕੋਲ ਹੀ ਭੇਜਿਆ ਗਿਆ ਸੀ ਤਾਂ ਜੋ ਉਹਨ ਦੀ ਲੋੜ ਅਨੁਸਾਰ ਉਹ ਉਹਨਾਂ ਦੀ ਖਬਰਗੀਰੀ ਰੱਖੇ ਕਿਉਂਕਿ ਉਹਨਾਂ ਦੀ ਮਾਨਸਿਕਤਾ ਦਾ ਜਿੰਨਾ ਉਸ ਨੂੰ ਪਤਾ ਸੀ, ਹੋਰ ਕਿਸੇ ਨੂੰ ਨਹੀਂ ਸੀ। ਇਸ ਲਈ ਉਹਨੂੰ ਉਤੇ ਉਹਨਾਂ ਕੋਲ ਹੀ ਸੌਣਾ ਚਾਹੀਦਾ ਸੀ। ਬਾਕੀ ਸਾਰੇ ਏਧਰ-ਉਧਰ ਐਡਜਸਟ ਹੋ ਗਏ ਸਨ। ਕੋਠੀ ਵੱਡੀ ਨਹੀਂ ਸੀ, ਦਿਲ ਜਰੂਰ ਕੋਠੀ ਵਾਲੇ ਮੇਜ਼ਬਾਨ  ਦਾ ਵੱਡਾ ਸੀ। ਛੇ ਬੰਦੇ ਅਚਾਨਕ ਆਏ ਦਿੱਲੀ ਵਿਚ ਸਾਂਭਣੇ ਕੋਈ ਛੋਟੀ ਗੱਲ ਨਹੀਂ ਸੀ। ਉਹ ਵੀ ਇਕ ਨੌਕਰੀ ਤੋਂ ਰਿਟਾਇਰ ਹੋਏ ਪ੍ਰੋਫੈਸਰ ਲਈ। ਭਾਵੇਂ ਪੁੱਤਰ ਤੇ ਨੂੰਹ ਦੋਵੇਂ ਚੰਗੀਆਂ ਨੌਕਰੀਆਂ ਉਤੇ ਸਨ ਜੋ ਮਹਾਂਰਾਸ਼ਟਰ ਵਿਚ ਸਨ ਪਰ ਉਹ ਆਪਣੀ ਥਾਵੇਂ ਸਨ। ਘਰ ਵਿਚ ਉਹ ਤਿੰਨ ਇੱਥੇ ਦਿੱਲੀ ਵਿਚ ਰਹਿ ਰਹੇ ਸਨ, ਉਹ, ਉਹਦੀ ਪਤਨੀ, ਤੇ ਪੁੱਤਰੀ। ਨੌਂ ਜੀਅ ਅੱਜ ਇਸ ਕੋਠੀ ਵਿਚ ਸੌਂ ਰਹੇ ਸਨ। ਨੌਆਂ ਨੇ ਹੀ ਖਾਣਾ ਖਾਧਾ। 
ਸਵੇਰ ਹੋਈ। ਉਠੇ। ਮੁੰਡੇ ਅਤੇ ਉਹਨਾਂ ਦਾ ਪਿਤਾ ਉਤੋਂ ਹੀ ਤਿਆਰ ਹੋ ਕੇ ਡਰਾਇੰਗ ਰੂਮ ਵਿਚ ਆਏ ਸਨ ਤੇ ਇਸ ਸਮੇਂ ਉਹ ਏਧਰ-ਉਧਰ ਸੋਫ਼ਿਆਂ ਉਤੇ ਬੈਠੇ ਸਨ। ਟਾਇਲਟ ਅਤੇ ਬਾਥਰੂਮ ਉਤੇ ਵੀ ਬਣੇ ਹੋਏ ਸਨ। ਇਸ ਲਈ ਉਹ ਇਸ ਕੰਮੋਂ ਉਤੇ ਹੀ ਫ਼ਾਰਿਗ ਹੋ ਗਏ ਸਨ। ਟਾਇਲਟ ਇੰਗਲਿਸ਼ ਨਹੀਂ ਸੀ, ਬੈਠਵੀਂ ਹਿੰਦੂਸਤਾਨੀ ਸੀ। ਚਲੋ, ਕਿਵੇਂ ਨਾ ਕਿਵੇਂ ਉਹਨਾਂ ਨੇ ਕੰਮ ਚਲਾ ਲਿਆ ਹੋਵੇਗਾ। ਮੁੰਡਿਆਂ ਦੀ ਹੀ ਮੁਸ਼ਕਿਲ ਸੀ। ਬਾਪ ਵਲੋਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਸੀ। ਉਹੀ ਸਨ ਸਮੱਸਿਆ। ਹੇਠਾਂ ਵੀ ਜੋ ਟਾਇਲਟ ਸੀ, ਉਹ ਵੀ ਹਿੰਦੂਸਤਾਨੀ ਹੀ ਸੀ। 
ਬਾਹਰ ਨਜ਼ਰ ਮਾਰੀ ਤਾਂ ਬਾਰਿਸ਼ ਪੈਂਦੀ ਨਜ਼ਰ ਆਈ। ਜਨਵਰੀ ਦੀ ਬਾਰਿਸ਼ ਚਾਂਦੀ ਵਰਗੀ ਸਾਫ ਕਣੀ। 
''ਹਾਂ ਬਈ, ਨੌਜਵਾਨੋਂ, ਇੰਡੀਆ ਦੀ ਬਾਰਿਸ਼ ਦੇਖੋ!  ਦੁਨੀਆਂ ਵਿਚ ਏਨੀ  ਸੋਹਣੀ ਬਾਰਿਸ਼ ਕਿਤੇ ਵੀ ਨਹੀਂ ਹੁੰਦੀ। ਪੱਛਮ ਵਿਚ ਤਾਂ ਉਕਾ ਹੀ ਨਹੀਂ।'' ਉਹਨਾਂ ਵਿਚੋਂ ਕਿਸੇ ਇਕ ਨੇ ਮੁੰਡਿਆਂ ਨੂੰ ਸੰਬੋਧਨ ਕੀਤਾ। ''ਨਾ ਹੀ ਏਨੇ ਸੋਹਣੇ ਬੱਦਲ ਕਿਸੇ ਹੋਰ ਥਾਂ ਹੁੰਦੇ ਨੇ, ਕਾਲੇ ਘੱਟ ਘਨਘੋਰ ਬੱਦਲ।'' 
ਮੁੰਡੇ ਸਿਰਫ ਸੁਣਦੇ ਰਹੇ ਤੇ ਬਿਟਰ-ਬਿਟਰ ਤੱਕਦੇ ਰਹੇ। ਮੂੰਹੋਂ ਕੁਝ ਵੀ ਬੋਲੇ ਨਹੀਂ। 
''ਇਹ ਜਨਵਰੀ ਦੇ ਦਿਨ ਹਨ। ਇੰਡੀਆ ਦੀ ਧੁੱਪ ਵੀ ਬੜੀ ਖੂਬਸੂਰਤ ਹੁੰਦੀ ਹੈ, ਜਨਵਰੀ ਦੇ ਦਿਨਾਂ ਵਿਚ। ਪੀਲੀ-ਪੀਲੀ ਰੇਸ਼ਮੀ ਧੁੱਪ। ਪੀਲੀ ਨਹੀਂ, ਬਸੰਤੀ ਧੁੱਪ।''
ਮੁੰਡੇ ਫੇਰ ਵੀ ਚੁੱਪ ਸਨ। ਬੱਸ, ਉਹ ઠਤੱਕਦੇ ਰਹੇ ਸਨ। ਖਾਲੀ-ਖਾਲੀ ਅੱਖਾਂ ਨਾਲ। 
''ਇਹ ਬਸੰਤ ਦੇ ਦਿਨ ਹਨ। ਕੁਝ ਦਿਨਾਂ ਤੱਕ ਲੋਹੜੀ ਹੈ। ਫੇਰ ਬਸੰਤ ਆ ਜਾਵੇਗੀ। ਉਂਝ ਇਹ ਸਾਰੀ ਹੁਣੇ ਤੋਂ ਬਸੰਤ ਰੁੱਤ ਚੱਲ ਰਹੀ ਹੈ।''
''ਇਹਨਾਂ ਨੂੰ ਕੀ ਪਤਾ ਹੈ ਜੀ ਇਹਨਾਂ ਸੁੰਦਰਤਾਈਆਂ ਦਾ। ਇਹੀ ਤਾਂ ਮੈਨੂੰ ਦੁੱਖ ਹੈ।'' ਉਹਨਾਂ ਦਾ ਪਿਤਾ ਬੋਲਿਆ, ''ਇਹਨਾਂ ਨੂੰ ਆਪਣੇ ਆਪ ਦਾ ਤੇ ਆਪਣੇ ਦੇਸ਼ ਦਾ ਪਤਾ ਹੀ ਨਹੀਂ। ਕਈ ਵਾਰ ਕਹਿ ਚੁੱਕੇ ਹਨ, ਚੱਲੋ ਡੈਡ, ਵਾਪਸ ਚੱਲੋ।''
''ਹਿੰਦੂਸਤਾਨ ਦੇ ਸੂਰਜ ਵਰਗਾ ਸੂਰਜ ਕਿਤੇ ਵੀ ਨਹੀਂ ਹੈ। ਨਾ ਹੀ ਕਿਤੇ ਚੰਦਰਮਾ। ਦੇਖੇ ਹਨ ਇਹ ਚੰਨ ਸੂਰਜ?''
ਮੁੰਡਿਆਂ ਨੇ ਥੋੜ੍ਹਾ ਜਿਹਾ ਹੇਠਾਂ-ਉਤੇ ਸਿਰ ਹਿਲਾਇਆ। 
''ਸਾਡੀ ਚੰਨ-ਚਾਨਣੀ ਵੀ ਬਹੁਤ ਖੂਬਸੂਰਤ ਹੈ। ਚਿੱਟੀ ਚੰਨ ਦੀ ਚਾਨਣੀ।''
ਮੁੰਡੇ ਕੇਵਲ ਤੱਕਦੇ ਰਹੇ। 
''ਸਾਡੀ ਕਾਲੀ ਰਾਤ ਦਾ ਵੀ ਕਿਤੇ ਕੋਈ ਜਵਾਬ ਨਹੀਂ। ਮੱਸਿਆ ਦੀ ਕਾਲੀ ਰਾਤ ਜਿਵੇਂ ਕਾਲੀ ਮਖਮਲ ਵਿਚ ਸਿਤਾਰੇ ਜੜੇ ਹੁੰਦੇ ਹਨ।'' ਫੇਰ ਅੱਗੇ ਕਿਹਾ ਗਿਆ ''ਸਾਡਾ ਪਿੱਪਲ, ਸਾਡਾ ਮੋਰ। ਪਿੱਪਲ ਕੌਮੀ ਬਿਰਛ ਹੈ, ਮੋਰ ਸਾਡਾ ਕੌਮੀ ਪੰਛੀ।''
ਮੁੰਡਿਆਂ ਦੀਆਂ ਅੱਖਾਂ ਉਵੇਂ ਖੁੱਲ੍ਹੀਆਂ ਤੇ ਖਾਲੀ ਸਨ। 
''ਸੱਚ ਇਹਨਾਂ ਦੇ ਨਾਂ ਕੀ ਹਨ? ਨਾਂ ਤਾਂ ਇਹਨਾਂ ਦੇ ਪੁੱਛੇ ਹੀ ਨਹੀਂ। ਕਿਉਂ ਬਈ, ਨੌਜਵਾਨੋ, ਕੀ ਹਨ ਨਾ ਤੁਹਾਡੇ?''
''ਇਕ ਦਾ ਨਾ ਹਰਿੰਦਰ ਹੈ, ਦੂਜੇ ਦਾ ਗੁਰਿੰਦਰ'' ਉਹਨਾਂ ਦਾ ਬਾਪ ਬੋਲਿਆ, ''ਕੈਨੇਡਾ ਵਿਚ ਆਪਣੇ ਆਪ ਨੂੰ ਇਕ ਹੈਰੀ ਅਖਵਾਉਂਦਾ ਹੈ, ਦੂਜੇ ਦਾ ਨਾਂ ਗੈਰੀ ਹੈ।''
''ਚਲੋਂ, ਬਹੁਤ ਠੀਕ ਹੈ। ਬਹੁਤ ਸੁੰਦਰ ਨਾਂ ਹਨ।''
ਮੁੰਡੇ ਕੁਝ ਨਹੀਂ ਬੋਲ ਸਨ। 
ਵੀਹ, ਬਾਈ ਜਾਂ ਪੱਚੀ ਦਿਨ ਉਹ ਏਥੇ ਹੋਣਗੇ। ਆਖ਼ਰ ਉਹਨਾਂ ਦੇ ਵਾਪਸ ਜਾਣ ਲਈ ਸੀਟਾਂ ਬੁੱਕ ਕਰਵਾਈਆਂ ਗਈਆਂ। 
ਸੀਟਾਂ ਬੁੱਕ ਹੋਣ ਨਾਲ ਹੀ ਜਿਵੇਂ ਉਹਨਾਂ ਦੀਆਂ ਅੱਖਾਂ ਵਿਚ ਕੁਝ ਚਮਕ ਜਿਹੀ ਆ ਗਈ ਸੀ। ਜਿਸ ਦਿਨ ਜਹਾਜ਼ ਉਡਿਆ, ਉਹਨਾਂ ਦੇ ਪਿਤਾ ਦੀਆਂ ਅੱਖਾਂ ਵਿਚ ਤਾਂ ਹੰਝੂ ਛਲਕ ਆਏ ਸਨ ਪਰ ਉਹਨਾਂ ਦੋਹਾਂ ਦੀਆਂ ਅੱਖਾਂ ਵਿਚ ਚੰਨ ਸੂਰਜ ਦੀਆਂ ਕਿਰਨਾਂ ਅਤੇ ਸਿਤਾਰੇ ਚਮਕ ਰਹੇ ਸਨ ਕਿਉਂਕਿ ਹੁਣ ਉਹ ਆਪਣੇ ਦੇਸ਼ ਵੱਲ ਉਡਦੇ ਜਾ ਰਹੇ ਸਨ। 

ਬਣ ਕੇ ਰਹਿਣਗੇ- ਕਵਿੰਦਰ ਚਾਂਦ

ਬਰਾਬਰ ਦੀ ਧਰਤੀ ਬਰਾਬਰ ਦੇ ਸੁਪਨੇ
ਬਰਾਬਰ ਦੇ ਅਧਿਕਾਰ ਬਣ ਕੇ ਰਹਿਣਗੇ
ਜੇ ਏਦਾਂ ਹੀ ਵਗਦਾ ਰਹੇਗਾ ਪਸੀਨਾ
ਕਰਿੰਦੇ ਜ਼ਮੀਂਦਾਰ ਬਣ ਕੇ ਰਹਿਣਗੇ
   
    ਨਾ ਦਾਤੇ ਰਹਿਣਗੇ, ਨਾ ਦਾਸਾਂ ਦੀ ਮੰਡੀ
    ਇਹ ਸਦੀਆਂ ਦੀ ਗਾਥਾ ਹੈ, ਟੁੱਟਣ ਕਿਨਾਰੇ
    ਵਫ਼ਾ ਕਰਦਿਆਂ ਨੂੰ ਵਫ਼ਾ ਨਾ ਮਿਲੀ ਤਾਂ
    ਕਦੋਂ ਤੱਕ ਵਫ਼ਾਦਾਰ ਬਣ ਕੇ ਰਹਿਣਗੇ?

ਇਹ ਵਿਸ਼ਵੀਕਰਨ, ਮੰਡੀਆਂ ਦੇ ਛਲਾਵੇ
ਮੇਰੇ ਘਰ ਦੇ ਅੰਦਰ, ਧੁੱਸੀ ਜਾ ਰਹੇ ਨੇ
ਮਕਾਨਾਂ, ਦੁਕਾਨਾਂ 'ਤੇ ਕਬਜ਼ਾ ਇਨ੍ਹਾਂ ਦਾ
ਇਹ ਘਰ ਸਾਰੇ ਬਾਜ਼ਾਰ ਬਣ ਕੇ ਰਹਿਣਗੇ।

    ਜਦੋਂ ਇਲਮ ਨੇ ਅੱਗ ਸੀਨੇ 'ਚ ਬਾਲ਼ੀ
    ਜਦੋਂ ਦੀਪ ਜਗਿਆ ਕੋਈ ਸੋਚ ਅੰਦਰ
    ਜਿਹੜੇ ਹੱਥ ਮੰਗਦੇ ਰਹੇ ਨੇ ਖ਼ੈਰਾਤਾਂ
    ਉਹੀ ਹੱਥ ਹਥਿਆਰ ਬਣ ਕੇ ਰਹਿਣਗੇ।
 


ਗ਼ਜ਼ਲ
ਸਿਵਿਆਂ ਅੰਦਰ 'ਰੌਣਕ' ਲਾਈ
- ਸੁਭਾਸ਼ 'ਦੀਵਾਨਾ'
ਭੈਣਾਂ ਭੈਣਾਂ ਲਗਦੀਆਂ ਦੋਨੋਂ, ਬੇਰੁਜ਼ਗਾਰੀ ਤੇ ਮਹਿੰਗਾਈ।
ਬੇਰੁਜ਼ਗਾਰੀ ਪਹਿਲਾਂ ਜੰਮੀ, ਫਿਰ ਦੂਜੀ ਦੀ ਵਾਰੀ ਆਈ।

ਆਮ ਲੋਕ ਦੋਹਾਂ ਦੀ ਮਾਂ ਨੂੰ, ਸੱਦਣ ਪਏ ਸਰਮਾਏਦਾਰੀ,
ਸਾਮਰਾਜ ਸੰਗ ਕਰੇ ਸਲਾਹਾਂ, ਜਿਹੜਾ ਉਸ ਦਾ ਵੱਡਾ ਭਾਈ।

ਬੇਰੁਜ਼ਗਾਰੀ ਢਾਹਾਂ ਮਾਰੇ, ਮਹਿੰਗਾਈ ਪਰ ਖਿੜ ਖਿੜ ਹੱਸੇ,
ਪਹਿਲੀ ਕਰਦੀ ਪਿੱਟ ਸਿਆਪਾ, ਦੂਜੀ ਹੋਵੇ ਦੂਣ ਸਵਾਈ।

ਹੋਣ ਜੋ 'ਕੱਠੀਆਂ ਦੋਵੇਂ ਭੈਣਾਂ ਮਾਤਮ ਵਾਲੀ ਸਫ਼ ਵਿਛ ਜਾਵੇ,
ਮਾਂ ਤੇ ਭੈਣਾਂ ਨੇ ਮਿਲ ਜੁਲ ਕੇ ਸਿਵਿਆਂ ਅੰਦਰ 'ਰੌਣਕ' ਲਾਈ ।

ਇਕੋ ਵਾਰੀ ਮਰਨ ਦੀ ਥਾਵੇਂ ਕਿਸ਼ਤਾਂ ਦੇ ਵਿਚ ਮਰਨਾ ਦੱਸਿਆ,
ਜੋਬਨ ਰੁੱਤ ਨੂੰ ਮਾਵਾਂ ਧੀਆਂ ਨਵੀਂ ਅਨੋਖੀ ਜੁਗਤ ਸਿਖਾਈ।

ਤਿਕੜਮਬਾਜ਼ ਚਲਾਕ ਮਦਾਰੀ ਇਨ੍ਹਾਂ ਸਭ ਦਾ ਪਾਣੀ ਭਰਦੇ,
'ਲੋਕਰਾਜ' ਦਾ ਕਰਨ ਤਮਾਸ਼ਾ, ਕਰਦੇ ਰਹਿੰਦੇ 'ਲੋਕ ਭਲਾਈ'।

 

ਕਵਿਤਾ
ਸਾਥੀ ਨੂੰ

ਦਿਨ ਗੋਡੇ ਗੋਡੇ ਚੜ੍ਹ ਆਇਆ,
ਉਠ ਆ ਸਜਨਾ ਕੋਈ ਗੱਲ ਕਰੀਏ।
ਕਾਲੀ ਰਾਤ ਲੰਘਾ ਲਈ ਸੌਂ ਭੌਂ ਕੇ,
ਸਰ ਸਿਖਰ ਦੁਪਹਿਰੇ ਥਲ ਕਰੀਏ।
ਕੋਈ ਮੰਨਦਾ ਲੇਖ ਨਸੀਬਾਂ ਨੂੰ,
ਕੋਈ ਮੰਨਦਾ ਉੱਦਮ ਦਲੇਰੀ ਨੂੰ।
ਪਈ ਉਲਝਣ ਕਈਆਂ ਸਦੀਆਂ ਦੀ,
ਦੋਂਹ ਘੜੀਆਂ ਦੇ ਵਿਚ ਹੱਲ ਕਰੀਏ।
ਜੋ ਹੋਣਾ ਉਹ ਤਾਂ ਹੋਣਾ ਏ,
ਆਖ਼ਰ ਨੂੰ ਹੋ ਕੇ ਰਹਿਣਾ ਏ।
ਰੱਖ ਆਸਾਂ ਉੱਜਲ ਭਵਿੱਖ ਦੀਆਂ,
ਕਿਉਂ ਗੁਜ਼ਰ ਗਈ ਦਾ ਸੱਲ ਕਰੀਏ।
ਜੋ ਲੋਹਾ ਤੱਤਾ ਵੇਖ ਕੇ ਵੀ,
ਫਿਰ ਸੱਟ ਮਾਰਨ ਤੋਂ ਝੱਕਦੇ ਨੇ।
ਇਹ ਨਾ ਬਖਸ਼ਣ ਵਾਲੀ ਗਲਤੀ ਹੈ,
ਜੋ ਅੱਜ ਦੇ ਕੰਮ ਨੂੰ ਕੱਲ੍ਹ ਕਰੀਏ।
ਅਸੀਂ ਵਿਤ ਤੋਂ ਵਾਧੂ ਦੇ ਰਹੇ ਹਾਂ,
ਸਾਨੂੰ ਲੋੜ ਮੁਤਾਬਿਕ ਮਿਲਦਾ ਨਹੀਂ।
ਜਿਸ 'ਆਲਮ' ਦੇ ਵਿਚ ਅਦਲ ਨਹੀਂ,
ਫਿਰ ਕਿਉਂ ਨਾ ਉਥਲ ਪੁਥਲ ਕਰੀਏ।

 

ਨਵਾਂ ਸਫ਼ਰ
-ਮਦਨ ਵੀਰਾ

ਸੁਪਨਿਆਂ ਦੀ ਭਾਲ਼ ਵਿਚ ਹੋ
ਚਾਹੁੰਦੇ ਹੋ
ਕਿ ਪਤਝੜ ਦਾ ਇਹ ਪਹਿਰਾ
ਪੁੱਗ ਜਾਵੇ
ਤੇ ਪੀਲੇ ਭੂਕ ਹੋਏ
ਵਸਾਰ ਬੱਗੇ ਚਿਹਰਿਆਂ 'ਤੇ
ਚੜ੍ਹਦੇ ਸੂਰਜ ਦੀ ਲਾਲੀ ਜਿਹਾ ਕੁਝ ਉਗ ਆਵੇ
ਤਾਂ ਕੀਤੇ ਸਫ਼ਰ 'ਤੇ
ਫਿਰ ਝਾਤ ਮਾਰੋ
'ਤੇ ਪੌਣੀ ਸਦੀ ਨੂੰ ਚਿਤਵੋ-ਵਿਚਾਰੋ

ਰਾਹ ਦੇ ਮੀਲ-ਪੱਥਰਾਂ ਵੱਲ
ਤੁਰੋ ਤੁਸੀਂ ਪਿੱਠ ਕਰਕੇ
ਖੋਟੇ ਸਫ਼ਰ ਨੂੰ ਅਣਡਿੱਠ ਕਰਕੇ
ਅਖੌਤੀ ਰਹਿਬਰਾਂ ਦੀ ਰਹਿਬਰੀ
ਮਨ ਵਿਚ ਚਿਤਾਰੋ
ਉਨ੍ਹਾਂ ਦੇ ਮੀਸਣੇ ਮੂੰਹ
'ਤੇ ਮਖੌਟੇ-ਰੰਗਲੇ ਬਾਣੇ
ਦੋ-ਮੂੰਹੇ ਆਖਦੇ ਕਿ ਹੁੰਦਾ ਹੈ ਸਭ ਕੁਝ
ਰੱਬ ਦੇ ਭਾਣੇ
ਤੇ ਭਾਣਾ ਈਨ ਮੰਨਣ ਦਾ
ਡਾਢੇ ਦਾ ਦੀਨ ਮੰਨਣ ਦਾ
ਕੁਦਰਤ ਦੀ ਕਾਦਰੀ ਨੂੰ ਉਸ ਦੇ
ਅਧੀਨ ਮੰਨਣ ਦਾ
ਆਪਣੇ ਆਪ ਨੂੰ ਬੇਵੱਸ
ਬਹੁਤ ਮਸਕੀਨ ਮੰਨਣ ਦਾ
ਤੁਸੀਂ ਇਨਕਾਰ ਕਰਨਾ ਹੈ
ਫਰੇਬੀ ਇਸ ਬਾਣੇ ਤੋਂ
ਗਿਰਗਟਾਂ ਵਾਂਗ ਬਦਲਦੇ
ਹਰ ਸਾਲ ਤਾਣੇ ਤੋਂ
ਤਿੜਕਦੀ ਛੱਤ
ਸਲ੍ਹਾਬੇ ਘਰ
'ਤੇ ਨ੍ਹੇਰੀ ਗਲੀ ਦਾ
ਫਿਰ ਮੋਹ ਛੱਡਕੇ
ਦਰਾਂ ਵੱਲ ਪਿੱਠ ਕਰਕੇ
ਚੁਰਾਹੇ ਲੀਕ ਕੱਢਕੇ
ਨਵੀਂ ਕੋਈ ਲੀਕ ਮਾਰੋ
ਪੱਕੀ ਧਾਰੋ
ਨਵੇਂ ਸਫਰ ਦਾ ਨਕਸ਼ਾ ਵਿਚਾਰੋ

 

ਰੱਬ ਦਾ ਹੁਕਮ
(ਫਰਿਸ਼ਤਿਆਂ ਨੂੰ)
                - ਬਾਵਾ ਬਲਵੰਤ
(ਕੌਮਾਂਤਰੀ ਕਵੀ ਇਕਬਾਲ ਦੀ ਇਹ ਕਵਿਤਾ ਬਹੁਤ ਹੀ ਮਸ਼ਹੂਰ ਹੋ ਚੁੱਕੀ ਹੈ। ਇਸ ਦੇ ਇਕ-ਦੋ ਪੰਜਾਬੀ ਉਲਥੇ ਵੀ ਮੇਰੀ ਨਜ਼ਰ ਵਿਚੋਂ ਗੁਜ਼ਰੇ ਹਨ, ਪਰ ਇਸ ਦਾ ਮੁੜ ਤਰਜਮਾ ਕਰਨ ਲਈ ਮੈਨੂੰ ਪ੍ਰੇਰਣਾ ਹੁੰਦੀ ਰਹੀ ਹੈ। ਉਹ ਅਨੁਵਾਦ ਕੁਝ ਆਜ਼ਾਦ ਜਿਹੇ ਮਨ ਤੇ ਕਵੀ ਦੇ ਸ਼ਬਦਾਂ ਤੇ ਭਾਵਾਂ ਨਾਲ ਇਨਸਾਫ ਕਰਦੇ ਨਹੀਂ ਸਨ ਨਜ਼ਰ ਆਉਂਦੇ। ਇਹ ਵੀ ਇਕ ਯਤਨ ਹੈ। ਬਹਿਰ ਅਸਲੀ ਕਵਿਤਾ ਦਾ ਹੀ ਰੱਖਿਆ ਹੈ ਤੇ ਕੋਸ਼ਿਸ਼ ਇਹ ਕੀਤੀ ਹੈ ਕਿ ਕਵੀ ਦੇ ਜੌਹਰ ਨੂੰ ਹਰ ਥਾਂ ਹੂ-ਬ-ਹੂ ਕਾਇਮ ਰੱਖਿਆ ਜਾਵੇ।)
ਉਠੋ, ਮੇਰੀ ਦੁਨੀਆਂ ਦੇ ਗ਼ਰੀਬਾਂ ਨੂੰ ਜਗਾਓ,
ਧਨੀਆਂ ਦਿਆਂ ਮਹਿਲਾਂ ਦੇ ਬੂਹੇ, ਕੰਧਾਂ ਹਿਲਾਓ।
ਗਰਮਾ ਦਿਓ ਦਾਸਾਂ ਦਾ ਲਹੂ ਸੋਜ਼-ਸਿਦਕ ਨਾਲ
ਸੰਗ ਬਾਜਾਂ ਦੇ ਬੇਤਾਣੀਆਂ ਚਿੜੀਆਂ ਨੂੰ ਲੜਾਓ।
ਖ਼ਲਕਤ ਦੀ ਹਕੂਮਤ ਦਾ ਸਮਾਂ ਆਇਆ ਏ ਨੇੜੇ
ਜੋ ਚਿੰਨ੍ਹ ਪੁਰਾਣਾ ਨਜ਼ਰ ਆਉਂਦਾ ਏ ਮਿਟਾਓ।
ਜਿਸ ਖੇਤ 'ਚੋਂ ਲੱਭੇ ਨਾ ਕਿਸਾਨਾਂ ਨੂੰ ਹੀ ਰੋਟੀ
ਉਸ ਖੇਤ ਦੇ ਹਰ ਕਣਕ ਦੇ ਸਿੱਟੇ ਨੂੰ ਜਲਾਓ।
ਕਿਉਂ ਰੱਬ ਤੇ ਲੋਕਾਂ 'ਚ ਰਹੇ ਪਰਦਾ ਹੀ ਤਣਿਆ?
ਹੁਣ ਗਿਰਜੇ 'ਚੋਂ ਗਿਰਜੇ ਦੇ ਮਹੰਤਾਂ ਨੂੰ ਉਠਾਓ।
ਕੀ ਬੁੱਤ ਦੇ ਗੇੜੇ ਨੇ ਤੇ ਕੀ ਹੱਕ ਨੂੰ ਸਲਾਮਾਂ?
ਚੰਗਾ ਏ ਸ਼ਮ੍ਹਾਂ ਮੱਕੇ ਤੇ ਮੰਦਰ ਦੀ ਬੁਝਾਓ।
ਮੈਂ ਦੁਧੀਆਂ ਪੱਥਰ ਤੇ ਕੋਈ ਖੁਸ਼ ਤਾਂ ਨਹੀਂ ਹਾਂ,
ਘਰ ਮਿੱਟੀ ਦਾ ਮੇਰੇ ਲਈ ਕੋਈ ਹੋਰ ਬਣਾਓ।
    ਤਹਿਜ਼ੀਬ ਨਵੀਂ ਕਾਰ ਹੈ ਬਸ ਸ਼ੀਸ਼ਾਗਰਾਂ ਦੀ,
    ਵਹਿਸ਼ਤ ਦਾ ਅਦਬ ਪੂਰਬੀ ਕਵੀਆਂ ਨੂੰ ਸਿਖਾਓ।  


जागो ए मजदूर •िसानो
- साहिर लुधियानवी
देखो दूर उ$फ• •ी •ाौ1 से झां• रहा है सुर्ख सवेरा
जागो ए मजदूर •िसानो
उठो ऐ मज़लूम इंसानो
धरती •े अन्नदाता तुम हो
जग •े प्राण विधाता तुम हो
धनियों •ी खुशहाली तुम हो
खेतों •ी हरियाली तुम हो
ऊंचे महल बनाए तुमने
शाही तख़्त सजाए तुमने
हीरे लाल नि•ाले तुमने
ने•ो भाले ढाले तुमने
हर बगिया •े माली तुम हो
इस संसार •े वाली तुम हो
वक़्त है धरती •ो अपना लो
आगे बढ़ो हथियार संभालो
उठो ए म•ालूम इंसानो
जागो ऐ मजदूर •िसानो।
                (1. लौ, ज्योति)
 

ਜਨਤਕ ਲਾਮਬੰਦੀ (ਸੰਗਰਾਮੀ ਲਹਿਰ - ਫਰਵਰੀ 2015)

ਕਾਲੇ ਕਾਨੂੰਨ ਵਿਰੁੱਧ ਪੰਜਾਬ ਭਰ 'ਚ ਚੱਕਾ ਜਾਮ
ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਅਤੇ ਗਵਰਨਰ ਕੋਲ ਦਸਤਖਤਾਂ ਲਈ ਪਏ 'ਸਰਕਾਰੀ ਅਤੇ ਨਿੱਜੀ ਜਾਇਦਾਦ ਭੰਨਤੋੜ ਰੋਕੂ ਬਿੱਲ' ਨੂੰ ਕਾਨੂੰਨ ਬਣਨੋਂ ਰੋਕਣ ਲਈ ਪੰਜਾਬ ਦੀਆਂ 42 ਜਨਤਕ ਜਥੇਬੰਦੀਆਂ ਦੇ ਸਾਂਝੇ ਫੋਰਮ 'ਕਾਲਾ ਕਾਨੂੰਨ ਵਿਰੋਧੀ ਸਾਂਝੇ ਮੋਰਚੇ' ਦੇ ਸੱਦੇ 'ਤੇ ਪਟਿਆਲੇ, ਨਾਭੇ, ਫਤਿਹਗੜ੍ਹ ਸਹਿਬ, ਭਵਾਨੀਗੜ੍ਹ, ਦਿੜ੍ਹਬਾ, ਲਹਿਰਾਗਾਗਾ, ਸੁਨਾਮ, ਧੂਰੀ, ਮਾਨਸਾ, ਬੁਢਲਾਡਾ, ਬਰਨਾਲਾ, ਫਿਰੋਜ਼ਪੁਰ, ਅੰਮ੍ਰਿਤਸਰ, ਪੱਟੀ, ਅਜਨਾਲਾ, ਖਡੂਰ ਸਾਹਿਬ, ਜਲੰਧਰ, ਸ਼ਾਹਕੋਟ, ਮੋਗਾ, ਜ਼ੀਰਾ, ਫਰੀਦਕੋਟ, ਫਾਜ਼ਿਲਕਾ, ਤਰਨ ਤਾਰਨ, ਬਾਬਾ ਬਕਾਲਾ, ਨਕੋਦਰ, ਫਿਲੌਰ, ਨਵਾਂਸ਼ਹਿਰ, ਆਨੰਦਪੁਰ ਸਾਹਿਬ, ਗੁਰਦਾਸਪੁਰ, ਗੜ੍ਹਸ਼ੰਕਰ, ਤਲਵਾੜਾ ਅਤੇ ਬਟਾਲਾ ਆਦਿ ਥਾਵਾਂ 'ਤੇ ਹਜ਼ਾਰਾਂ ਲੋਕਾਂ ਨੇ ਦੁਪਹਿਰ ਇੱਕ ਵਜੇ ਤੋਂ ਦੋ ਵਜੇ ਤੱਕ ਸੜਕੀ ਆਵਾਜਾਈ ਜਾਮ ਕਰਕੇ  ਆਪਣੇ ਰੋਹ ਦਾ ਪ੍ਰਗਟਾਵਾ ਕੀਤਾ ਅਤੇ ਸਰਕਾਰੀ ਅਧਿਕਾਰੀਆਂ ਰਾਹੀਂ ਗਵਰਨਰ ਪੰਜਾਬ ਦੇ ਨਾਂਅ ਮੰਗ ਪੱਤਰ ਭੇਜ ਕੇ ਮੰਗ ਕੀਤੀ ਕਿ ਪੰਜਾਬ ਅਸੰਬਲੀ ਵੱਲੋਂ ਪਾਸ ਕਰਕੇ ਭੇਜੇ ਇਸ ਬਿਲ ਉੱਪਰ ਗਵਰਨਰ ਪੰਜਾਬ ਦਸਤਖਤ ਨਾ ਕਰਕੇ ਇਹ ਲੋਕ ਵਿਰੋਧੀ ਕਾਨੂੰਨ ਨਾ ਬਣਨ ਦੇਣ।
ਥਾਂ ਥਾਂ ਹੋਈਆਂ ਰੈਲੀਆਂ ਅਤੇ ਚੱਕਾ ਜਾਮ ਦੌਰਾਨ ਇਕੱਠਾਂ ਨੂੰ ਸੰਬੋਧਨ ਕਰਦਿਆਂ ਸਾਂਝੇ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਹਕੂਮਤ ਦੇ ਜਾਬਰ ਕਦਮਾਂ ਵਿਰੁੱਧ ਸਮੂਹਿਕ ਤੌਰ 'ਤੇ ਆਵਾਜ਼ ਉਠਾਉਣਾ ਅਤੇ ਜਥੇਬੰਦ ਹੋਣਾ ਨਾਗਰਿਕਾਂ ਦਾ ਮੁੱਢਲਾ ਜਮਹੂਰੀ ਹੱਕ ਹੈ। ਬਾਦਲ ਸਰਕਾਰ ਦਾ ਤਾਜ਼ਾ ਭੰਨਤੋੜ ਰੋਕੂ ਕਾਨੂੰਨ ਅੰਗਰੇਜ਼ੀ ਰਾਜ ਦੇ ਬਦਨਾਮ ਰੋਲਟ ਐਕਟ ਨੂੰ ਵੀ ਮਾਤ ਪਾਉਣ ਵਾਲਾ ਹੈ, ਜਿਸ ਨੂੰ ਜਾਗਰੂਕ ਲੋਕ ਜਥੇਬੰਦੀਆਂ ਸਮੇਤ ਸਮੂਹ ਜਮਹੂਰੀ ਤਾਕਤਾਂ ਵੱਲੋਂ ਵਾਪਸ ਲੈਣ ਦੀ ਮੰਗ ਕਰਨਾ ਅਤੇ ਇਸ ਵਿਰੁੱਧ ਲੋਕ ਰਾਇ ਲਾਮਬੰਦ ਕਰਨਾ ਪੂਰੀ ਤਰ੍ਹਾਂ ਹੱਕ ਬਜਾਨਬ ਤੇ ਸਹੀ ਹੈ। 
ਆਗੂਆਂ ਮੰਗ ਕੀਤੀ ਕਿ ਹਕੂਮਤ ਆਪਣੇ ਜਾਬਰ ਐਕਟ ਵਿਰੁੱਧ ਵਿਆਪਕ ਲੋਕ ਰਾਇ ਤੋਂ ਬੁਖਲਾਹਟ ਵਿਚ ਆ ਕੇ ਜਬਰ ਢਾਹੁਣ ਦੀ ਬਜਾਏ ਜਮਹੂਰੀ ਲੋਕ ਰਾਇ ਦੇ ਮੱਦੇਨਜ਼ਰ ਜਮਹੂਰੀ ਰਵਾਇਤਾਂ ਦਾ ਸਤਿਕਾਰ ਕਰਨ ਦਾ ਸਹੀ ਢੰਗ ਅਪਣਾ ਕੇ ਇਹ ਐਕਟ ਵਾਪਸ ਲਏ ਅਤੇ ਗ੍ਰਿਫ਼ਤਾਰ ਕੀਤੇ ਪ੍ਰਦਰਸ਼ਨਕਾਰੀਆਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕਰੇ।
ਰਾਮਪੁਰਾ ਫੂਲ, ਬੁਢਲਾਡਾ ਅਤੇ ਮਾਨਸਾ ਵਿਖੇ ਸੜਕੀ ਜਾਮ ਲਾ ਰਹੇ ਸੈਂਕੜੇ ਲੋਕਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਸਾਂਝੇ ਮੋਰਚੇ ਦੇ ਆਗੂਆਂ ਨੇ ਇਹਨਾਂ ਗ੍ਰਿਫਤਾਰੀਆਂ ਦੀ ਜਿਥੇ ਨਿਖੇਧੀ ਕੀਤੀ ਤੇ ਤੁਰੰਤ ਰਿਹਾਈ ਦੀ ਮੰਗ ਕੀਤੀ, ਉਥੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਗ੍ਰਿਫਤਾਰ ਲੋਕਾਂ ਨੂੰ ਬਿਨਾਂ ਸ਼ਰਤ ਰਿਹਾਅ ਨਾ ਕੀਤਾ ਗਿਆ ਤਾਂ ਇਹਨਾਂ ਲੋਕਾਂ ਨੂੰ ਰਿਹਾਅ ਕਰਵਾਉਣ ਲਈ ਸਖਤ ਐਕਸ਼ਨ ਦਾ ਐਲਾਨ ਕਰ ਦਿੱਤਾ ਜਾਵੇਗਾ। 28 ਜਨਵਰੀ ਨੂੰ ਸਾਂਝੇ ਮੋਰਚੇ ਦੀ ਜਲੰਧਰ ਵਿਖੇ ਮੀਟਿੰਗ ਕਰਕੇ ਇਸ ਕਾਨੂੰਨ ਨੂੰ ਪੱਕੇ ਤੌਰ 'ਤੇ ਖਤਮ ਕਰਾਉਣ ਲਈ ਚੰਡੀਗੜ੍ਹ ਨੂੰ ਘੇਰਨ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। ਇਸ ਐਕਸ਼ਨ ਬਾਰੇ 'ਸੰਗਰਾਮੀ ਲਹਿਰ' ਨੂੰ ਪ੍ਰਾਪਤ ਰਿਪੋਰਟਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :

ਗੜ੍ਹਸ਼ੰਕਰ : ਇਥੇ ਕਾਲੇ ਕਾਨੂੰਨ ਵਿਰੋਧੀ ਸਾਂਝੇ ਮੋਰਚੇ ਵੱਲੋਂ ਦਿਹਾੜੀ ਮਜ਼ਦੂਰ ਸਭਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਮਹਿੰਦਰ ਸਿੰਘ ਖੈਰੜ, ਕਿਰਤ ਕਿਸਾਨ ਯੂਨੀਅਨ ਦੇ ਆਗੂ ਹਰਮੇਸ਼ ਸਿੰਘ ਢੇਸੀ ਅਤੇ ਪੰਜਾਬ ਤੇ ਯੂ. ਟੀ. ਮੁਲਾਜ਼ਮ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਰਾਮ ਜੀ ਦਾਸ ਚੌਹਾਨ ਦੀ ਸਾਂਝੀ ਪ੍ਰਧਾਨਗੀ 'ਚ ਦਾਣਾ ਮੰਡੀ ਵਿਖੇ ਵਿਸ਼ਾਲ ਰੈਲੀ ਕਰਨ ਉਪਰੰਤ ਹੁਸ਼ਿਆਰਪੁਰ ਚੰਡੀਗੜ੍ਹ ਮੁੱਖ ਮਾਰਗ 'ਤੇ ਤਹਿਸੀਲ ਕੰਪਲੈਕਸ ਅੱਗੇ ਕਰੀਬ ਇਕ ਘੰਟਾ ਚੱਕਾ ਜਾਮ ਕੀਤਾ ਗਿਆ। ਰੋਸ ਐਕਸ਼ਨ ਵਿੱਚ ਦਿਹਾਤੀ ਮਜ਼ਦੂਰਾਂ, ਮਨਰੇਗਾ ਵਰਕਰਾਂ, ਨਿਰਮਾਣ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਮੁਲਾਜ਼ਮਾਂ ਤੇ ਔਰਤਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ ਅਤੇ ਕਾਲੇ ਕਾਨੂੰਨ ਖ਼ਿਲਾਫ਼ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਵੱਡੀ ਗਿਣਤੀ 'ਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਸੈਂਟਰ ਆਫ਼ ਟਰੇਡ ਯੂਨੀਅਨਜ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਅਖੌਤੀ ਆਰਥਿਕ ਸੁਧਾਰਾਂ ਦੇ ਨਾਂਅ 'ਤੇ ਮਜ਼ਦੂਰ ਅਤੇ ਕਿਸਾਨ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ। ਵਿਦੇਸ਼ੀ ਅਜ਼ਾਰੇਦਾਰਾਂ ਨੂੰ ਪੂੰਜੀ ਨਿਵੇਸ਼ ਕਰਨ ਲਈ ਖੁੱਲ੍ਹੇ ਸੱਦੇ ਦਿੱਤੇ ਜਾ ਰਹੇ ਹਨ ਅਤੇ ਕਿਰਤ ਕਾਨੂੰਨਾਂ ਨੂੰ ਸਰਮਾਏਦਾਰਾਂ ਦੇ ਹਿੱਤ ਵਿੱਚ ਸੋਧਿਆ ਜਾ ਰਿਹਾ ਹੈ। ਭੂਮੀ ਅਧਿਗ੍ਰਹਿਣ ਬਿੱਲ 2013 'ਚ ਕਿਸਾਨ ਮਜ਼ਦੂਰ ਵਿਰੋਧੀ ਸੋਧਾਂ ਕਰਕੇ ਆਰਡੀਨੈਂਸ ਜਾਰੀ ਕੀਤੇ ਜਾ ਰਹੇ ਹਨ ਅਤੇ ਫਿਰਕਾਪ੍ਰਸਤ ਨੀਤੀਆਂ ਤਹਿਤ ਸਮਾਜ ਨੂੰ ਵੰਡਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਕੇਂਦਰ ਤੇ ਸੂਬਾ ਸਰਕਾਰ ਦੀਆਂ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਉੱਠ ਰਹੇ ਵਿਦਰੋਹ ਨੂੰ ਕੁਚਲਣ ਲਈ ਕਾਲੇ ਕਾਨੂੰਨ ਪਾਸ ਕੀਤੇ ਜਾ ਰਹੇ ਹਨ, ਜਿਸ ਨੂੰ ਮਜ਼ਦੂਰ ਜਮਾਤ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। 
ਇਸ ਵਿਸ਼ਾਲ ਰੈਲੀ ਨੂੰ ਪ ਸ ਸ ਫ  ਦੇ ਸੂਬਾਈ ਪ੍ਰਧਾਨ ਸਤੀਸ਼ ਰਾਣਾ, ਜ਼ਿਲ੍ਹਾ ਪ੍ਰਧਾਨ ਰਾਮ ਜੀ ਦਾਸ ਚੌਹਾਨ, ਬੈਂਕ ਮੁਲਾਜ਼ਮਾਂ ਦੇ ਕੌਮੀ ਆਗੂ ਸੱਜਣ ਸਿੰਘ ਬੈਂਸ, ਸੂਬਾਈ ਆਗੂ ਮਨਜੀਤ ਸਿੰਘ ਸੈਣੀ, ਮੱਖਣ ਸਿੰਘ ਵਾਹਿਦਪੁਰੀ, ਅਮਰੀਕ ਸਿੰਘ, ਹਰਪਾਲ ਕੌਰ,  ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਚਾਹਲ, ਮਾ. ਮੁਕੇਸ਼ ਕੁਮਾਰ, ਸੁਖਦੇਵ ਸਿੰਘ ਡਾਨਸੀਵਾਲ, ਨਿਰਮਾਣ ਵਰਕਰਾਂ ਦੇ ਆਗੂ ਮਿਥਲੇਸ਼ ਗੋਪਾਲ, ਸੋਢੀ ਰਾਮ, ਚੈਨ ਸਿੰਘ, ਮਨਰੇਗਾ ਵਰਕਰ ਆਗੂ ਕੰਵਲਜੀਤ ਕੌਰ ਕੁੱਕੜਾਂ, ਮਹਿੰਦਰ ਸਿੰਘ ਖੈਰੜ, ਕਿਰਤੀ ਕਿਸਾਨ ਯੂਨੀਅਨ ਦੇ ਹਰਮੇਸ਼ ਸਿੰਘ ਢੇਸੀ, ਪ੍ਰਿ. ਪਿਆਰਾ ਸਿੰਘ, ਸਤਪਾਲ ਲੱਠ, ਮਾ: ਬਲਵੰਤ ਰਾਮ, ਜੀਤ ਸਿੰਘ, ਸੁੱਚਾ ਸਿੰਘ ਸਤਨੌਰ, ਸ਼ਿੰਗਾਰਾ ਰਾਮ ਭੱਜਲ, ਮੱਖਣ ਸਿੰਘ ਲੰਗੇਰੀ, ਕਿਰਨ ਅਗਨੀਹੋਤਰੀ, ਅਮਰਜੀਤ ਕੁਮਾਰ, ਨਿਰਭੈ ਸਿੰਘ ਬਹਿਬਲਪੁਰੀ, ਕੁਲਵਿੰਦਰ ਸਿੰਘ ਸਹੂੰਗੜਾ ਤੇ ਤਰਕਸ਼ੀਲ ਸੁਸਾਇਟੀ ਦੇ ਆਗੂ ਡਾ ਜੋਗਿੰਦਰ ਸਿੰਘ ਕੁੱਲੇਵਾਲ ਨੇ ਵੀ ਸੰਬੋਧਨ ਕੀਤਾ।

ਬਠਿੰਡਾ : ਕਾਲੇ ਕਾਨੂੰਨ ਵਿਰੋਧੀ ਸਾਂਝੇ ਮੋਰਚੇ ਵੱਲੋਂ ਰਾਜ ਦੇ ਸਮੂਹ ਤਹਿਸੀਲ ਕੇਂਦਰਾਂ 'ਤੇ ਪੰਜਾਬ ਸਰਕਾਰ ਨਿੱਜੀ ਅਤੇ ਜਨਤਕ ਜਾਇਦਾਦ ਨੁਕਸਾਨ ਰੋਕੂ ਬਿੱਲ 2014 ਰੱਦ ਕਰਾਉਣ ਲਈ ਰੋਸ ਐਕਸ਼ਨ ਕਰਨ ਦੇ ਸੱਦੇ ਤਹਿਤ ਸਥਾਨਕ ਚਿਲਡਰਨ ਪਾਰਕ ਵਿਖੇ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਦੇ ਕਾਰਕੁਨਾਂ ਅਤੇ ਪੰਜਾਬ ਤੇ ਯੂ ਟੀ ਮੁਲਾਜ਼ਮ ਸੰਘਰਸ਼ ਕਮੇਟੀ ਦੇ ਵਰਕਰਾਂ ਨੇ ਵਿਸ਼ਾਲ ਰੋਸ ਰੈਲੀ ਕੀਤੀ। 
 ਆਗੂਆਂ ਵੱਲੋਂ ਉਪਰੋਕਤ ਕਾਲੇ ਕਾਨੂੰਨ ਖਿਲਾਫ ਰੋਸ ਪ੍ਰਗਟਾ ਰਹੇ ਸੈਂਕੜੇ ਕਾਰਕੁਨਾਂ ਨੂੰ ਰਾਮਪੁਰਾ ਫੂਲ ਵਿਖੇ ਗ੍ਰਿਫਤਾਰ ਕਰਨ ਦੀ ਘੋਰ ਨਿੰਦਾ ਕੀਤੀ ਗਈ ਅਤੇ ਐਲਾਨ ਕੀਤਾ ਕਿ ਜੇ ਪੰਜਾਬ ਸਰਕਾਰ ਕਾਲੇ ਕਾਨੂੰਨ 'ਤੇ ਬਜ਼ਿੱਦ ਰਹੀ ਤਾਂ ਆਉਂਦੇ ਅਸਬੰਲੀ ਸੈਸ਼ਨ ਦੌਰਾਨ ਰੋਸ ਐਕਸ਼ਨ ਕੀਤਾ ਜਾਵੇਗਾ, ਜਿਸ ਵਿੱਚ ਅਸੰਬਲੀ ਦਾ ਘਿਰਾਓ ਜਾਂ ਅਣਮਿੱਥੇ ਸਮੇਂ ਦਾ ਟਰੈਫਿਕ ਜਾਮ ਵੀ  ਸ਼ਾਮਲ ਹੋ ਸਕਦਾ ਹੈ। ਇਸ ਰੈਲੀ ਨੂੰ ਸਰਵ ਸਾਥੀ ਮਹੀਂਪਾਲ, ਦਰਸ਼ਨ ਸਿੰਘ ਮੌੜ, ਗੁਰਦੀਪ ਸਿੰਘ ਬਰਾੜ, ਮਨਜੀਤ ਸਿੰਘ, ਗੁਰਬੰਸ ਸਿੰਘ, ਮੱਖਣ ਸਿੰਘ ਖਣਗਵਾਲ, ਸਤਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ। 

ਪਟਿਆਲਾ : ਚੱਕਾ ਜਾਮ ਦੇ ਸੱਦੇ ਤਹਿਤ ਕਿਸਾਨ-ਮਜ਼ਦੂਰ, ਨੌਜਵਾਨ, ਵਿਦਿਆਰਥੀ, ਮੁਲਾਜ਼ਮ ਅਤੇ ਔਰਤ ਜਥੇਬੰਦੀਆਂ ਦੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਕਾਰਕੁਨਾਂ ਨੇ ਚੰਡੀਗੜ੍ਹ-ਬਠਿੰਡਾ ਮੁੱਖ ਮਾਰਗ ਉਪਰ ਪਸਿਆਣਾ ਚੌਕ ਵਿਖੇ ਮੁਕੰਮਲ ਚੱਕਾ ਜਾਮ ਕਰਕੇ ਪੰਜਾਬ ਦੇ ਰਾਜਪਾਲ ਤੋਂ ਇਸ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ।
ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਗੈਸ ਏਜੰਸੀ ਵਰਕਰਜ਼ ਯੂਨੀਅਨ (ਇਫਟੂ), ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ, ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ, ਡੈਮੋਕ੍ਰੇਟਿਕ ਟੀਚਰਜ਼ ਫਰੰਟ, ਜਮਹੂਰੀ ਅਧਿਕਾਰ ਸਭਾ, ਇਸਤਰੀ ਜਾਗ੍ਰਿਤੀ ਮੰਚ, ਟੈਕਨੀਕਲ ਸਰਵਿਸਜ਼ ਯੂਨੀਅਨ, ਹਿਰਾਵਲ ਦਸਤਾ ਗਰੁੱਪ, ਲੋਕ ਮੁਕਤੀ ਮੋਰਚਾ, ਦੋਧੀ-ਡੇਅਰੀ ਯੂਨੀਅਨ, ਡੈਮੋਕ੍ਰੇਟਿਕ ਲਾਇਰਜ਼ ਐਸੋਸੀਏਸ਼ਨ (ਪੰਜਾਬ), ਪੰਜਾਬ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ, ਪੀ.ਡਬਲਿਯੂ.ਡੀ. ਵਰਕਰ ਯੂਨੀਅਨ, ਟੈਕਨੀਕਲ ਸਰਵਿਸਜ ਯੂਨੀਅਨ ਆਜ਼ਾਦ ਗਰੁੱਪ ਆਦਿ ਜੱਥੇਬੰਦੀਆਂ ਦੀ ਅਗਵਾਈ ਹੇਠ ਇਕੱਠੇ ਹੋਏ ਲੋਕਾਂ ਨੇ ਇੱਕ ਘੰਟਾ ਚੱਕਾ ਜਾਮ ਕਰਨ ਮਗਰੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ।
ਇਕੱਠ ਨੂੰ ਪਟਿਆਲਾ ਦੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ, ਡਾ. ਦਰਸ਼ਨ ਪਾਲ, ਰਾਮਿੰਦਰ ਸਿੰਘ ਪਟਿਆਲਾ, ਪੂਰਨ ਚੰਦ ਨਨਹੇੜਾ, ਵਿਜੈ ਦੇਵ, ਤਰਸੇਮ ਗੋਇਲ, ਸਤਵੰਤ ਵਜ਼ੀਦਪੁਰ, ਐਡਵੋਕੇਟ ਰਾਜੀਵ ਲੋਹਟਬੱਦੀ, ਦਰਸ਼ਨ ਬੇਲੂਮਾਜਰਾ ਤੋਂ ਇਲਾਵਾ ਬਨਾਰਸੀ ਦਾਸ ਅਤੇ ਜਗਮੋਹਨ ਸਿੰਘ ਨੇ ਸੰਬੋਧਨ ਕੀਤਾ।
ਆਨੰਦਪੁਰ ਸਾਹਿਬ : ਕਾਲੇ ਕਾਨੂੰਨ ਵਿਰੋਧੀ ਸਾਂਝਾ ਮੋਰਚਾ ਪੰਜਾਬ ਵੱਲੋਂ ਸੂਬਾ ਪੱਧਰੀ ਚੱਕਾ ਜਾਮ ਦੇ ਸੱਦੇ ਤਹਿਤ ਆਨੰਦਪੁਰ ਸਾਹਿਬ ਵਿਖੇ ਇਲਾਕੇ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੈਂਕੜੇ ਆਗੂਆਂ ਅਤੇ ਵਰਕਰਾਂ ਵੱਲੋਂ ਆਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ 'ਤੇ ਜਾਮ ਲਗਾ ਕੇ ਚੱਕਾ ਜਾਮ ਕੀਤਾ ਗਿਆ ਅਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਪਹਿਲਾਂ ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਸਥਾਨਕ ਚੀਮਾ ਪਾਰਕ ਵਿਖੇ ਇਕੱਠੇ ਹੋ ਕੇ ਇੱਕ ਰੈਲੀ ਕੀਤੀ ਗਈ। 
ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਮੋਹਨ ਸਿੰਘ ਧਮਾਣਾ, ਰਣਵੀਰ ਰੰਧਾਵਾ, ਗੁਰਨੈਬ ਸਿੰਘ ਜੈਤੇਵਾਲ, ਤਰਸੇਮ ਜੱਟਪੁਰੀ, ਦਰਸ਼ਨ ਸਿੰਘ, ਤਰੱਨੁਮ ਚੌਧਰੀ, ਗੁਰਬਿੰਦਰ ਸਿੰਘ , ਕਿਰਪਾਲ ਸਿੰਘ ਭੱਟੋਂ, ਭਾਗ ਸਿੰਘ, ਸਮਸ਼ੇਰ ਸਿੰਘ, ਮਲਕੀਤ ਸਿੰਘ, ਹਿੰਮਤ ਸਿੰਘ, ਹਰਭਜਨ ਸਿੰਘ, ਕਰਮ ਚੰਦ, ਸੁਰਜੀਤ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ। 

ਸੁਨਾਮ ਊਧਮ ਸਿੰਘ ਵਾਲਾ : ਪੰਜਾਬ ਅਸੰਬਲੀ ਵੱਲੋਂ ਪਾਸ ਕੀਤੇ ਗਏ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ 2014 ਨੂੰ ਰੱਦ ਕਰਵਾਉਣ ਲਈ ਸਥਾਨਕ ਆਈ.ਟੀ.ਆਈ ਚੌਕ ਵਿਖੇ ਵੱਖ-ਵੱਖ ਜਥੇਬੰਦੀਆਂ ਵੱਲੋਂ ਇੱਕ ਰੋਸ ਧਰਨਾ ਦੇ ਕੇ ਜਿੱਥੇ ਚੱਕਾ ਜਾਮ ਕੀਤਾ ਗਿਆ, ਉੱਥੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਸਰਕਾਰ ਇਸ ਨੂੰ ਤੁਰੰਤ ਰੱਦ ਕਰੇ, ਨਹੀਂ ਤਾਂ ਉਹ ਆਪਣੇ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਰੋਸ ਧਰਨੇ ਹਰਭਗਵਾਨ ਭੀਖੀ, ਭੁਪਿੰਦਰ ਲੌਂਗੋਵਾਲ, ਸੰਜੀਵ ਮਿੰਟੂ, ਗੋਬਿੰਦ ਛਾਜਲੀ, ਜਗਦੀਪ ਸਿੰਘ ਆਦਿ ਆਗੂਆਂ ਨੇ ਰੋਸ ਧਰਨੇ ਨੂੰ ਸੰਬੋਧਨ ਕੀਤਾ।

ਅਜਨਾਲਾ : ਪੰਜਾਬ ਦੀਆਂ 42 ਜਨਤਕ ਜਥੇਬੰਦੀਆਂ 'ਤੇ ਅਧਾਰਤ 'ਕਾਲਾ ਕਨੂੰਨ ਵਿਰੁੱਧ ਸਾਂਝਾ ਮੋਰਚਾ' ਵੱਲੋਂ ਤਹਿਸੀਲ ਅਜਨਾਲਾ ਦੇ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਔਰਤਾਂ ਤੇ ਜਮਹੂਰੀ ਲੋਕਾਂ ਨੇ  ਕਾਲੇ ਕਨੂੰਨਾਂ ਵਿਰੁੱਧ ਅਜਨਾਲਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਤੇ ਸੂਬਾਈ ਸਰਕਾਰਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਸ਼ਹਿਰ ਦੇ ਮੁੱਖ ਚੌਕ ਵਿੱਚ ਲੰਬਾ ਸਮਾਂ ਟ੍ਰੈਫਿਕ ਜਾਮ ਕਰਕੇ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਆਗੂਆਂ ਧਨਵੰਤ ਸਿੰਘ ਖਤਰਾਏ, ਬਾਜ ਸਿੰਘ ਸਾਰੰਗੜਾ, ਸ਼ੀਤਲ ਸਿੰਘ ਤਲਵੰਡੀ, ਲਾਭ ਸਿੰਘ ਓਡਰ, ਅਮਰਜੀਤ ਸਿੰਘ ਭੀਲੋਵਾਲ ਤੇ ਹੀਰਾ ਸਿੰਘ ਚੱਕ ਸਕੰਦਰ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ। ਇਸ ਮੌਕੇ ਤਹਿਸੀਲਦਾਰ ਅਜਨਾਲਾ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। 
ਧਰਨੇ ਨੂੰ ਡਾ: ਸਤਨਾਮ ਸਿੰਘ ਅਜਨਾਲਾ ਸੂਬਾ ਪ੍ਰਧਾਨ ਜਮਹੂਰੀ ਕਿਸਾਨ ਸਭਾ, ਦਾਤਾਰ ਸਿੰਘ ਸੂਬਾਈ ਆਗੂ ਕਿਰਤੀ ਕਿਸਾਨ ਯੂਨੀਅਨ, ਸਤਨਾਮ ਸਿੰਘ ਪਨੂੰ ਸੂਬਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ, ਗੁਰਨਾਮ ਸਿੰਘ ਉਮਰਪੁਰਾ ਦਿਹਾਤੀ ਮਜ਼ਦੂਰ ਯੂਨੀਅਨ ਤੇ ਧਰਮਿੰਦਰ ਸਿੰਘ ਅਜਨਾਲਾ ਤੋਂ ਇਲਾਵਾ ਗੁਰਿੰਦਰਬੀਰ ਸਿੰਘ ਥੋਬਾ, ਜ਼ੋਰਾ ਸਿੰਘ ਅਵਾਨ, ਡਾ. ਕੁਲਦੀਪ ਸਿੰਘ, ਬੀਬੀ ਅਜੀਤ ਕੌਰ ਕੋਟ ਰਜ਼ਾਦਾ, ਜਗੀਰ ਸਿੰਘ ਸਾਰੰਗਦੇਵ, ਕੁਲਵੰਤ ਸਿੰਘ ਮੱਲੂਨੰਗਲ, ਗੁਰਦੇਵ ਸਿੰਘ ਗੱਗੋਮਾਹਲ, ਜਸਬੀਰ ਸਿੰਘ ਜਸਰਾਊਰ, ਮਾਸਟਰ ਬਲਵਿੰਦਰ ਸਿੰਘ, ਬਾਬਾ ਇੰਦਰਜੀਤ ਸਿੰਘ, ਸਤਨਾਮ ਸਿੰਘ ਚੱਕ ਔਲ, ਜਥੇਦਾਰ ਤਸਵੀਰ ਸਿੰਘ ਹਾਸ਼ਮਪੁਰਾ, ਕਾਬਲ ਸਿੰਘ ਸ਼ਾਲੀਵਾਲ ਆਦਿ ਨੇ ਵੀ ਸੰਬੋਧਨ ਕੀਤਾ।

ਪਠਾਨਕੋਟ : ਕਾਲੇ ਕਾਨੂੰਨ ਵਿਰੋਧੀ ਸਾਂਝੇ ਮੋਰਚੇ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਲੇਬਰ ਸ਼ੈੱਡ ਪਠਾਨਕੋਟ ਵਿਖੇ ਤਿਲਕ ਰਾਜ ਸੈਣੀ, ਜਨਕ ਕੁਮਾਰ ਸਰਨਾ, ਰਘਬੀਰ ਸਿੰਘ ਧਨੋਲੀਆ ਤੇ ਮਾਸਟਰ ਪ੍ਰੇਮ ਸਾਗਰ ਦੀ ਸਾਂਝੀ ਅਗਵਾਈ ਹੇਠ ਧਰਨਾ ਦਿੱਤਾ ਗਿਆ ਅਤੇ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਹੋਏ ਇਕੱਠ ਨੂੰ ਸੂਬਾਈ ਆਗੂ ਲਾਲ ਚੰਦ ਕਟਾਰੂ ਚੱਕ, ਸ਼ਿਵ ਕੁਮਾਰ, ਥੀਨ ਡੈਮ ਵਰਕਰਜ਼ ਯੂਨੀਅਨ ਆਗੂ ਜਸਵੰਤ ਸਿੰਘ ਸੰਧੂ, ਦਿਹਾਤੀ ਮਜ਼ਦੂਰ ਯੂਨੀਅਨ ਆਗੂ ਦੇਵਰਾਜ ਰਤਨਗੜ੍ਹ, ਅਜੀਤ ਰਾਮ ਤੇ ਮਾਸਟਰ ਸੁਭਾਸ਼ ਸ਼ਰਮਾ ਨੇ ਵੀ ਸੰਬੋਧਨ ਕੀਤਾ।

ਮੁਕਤਸਰ : ਪੰਜਾਬ ਦੀਆਂ 40 ਸੰਘਰਸ਼ਸ਼ੀਲ  ਜਥੇਬੰਦੀਆਂ  ਦੇ ਸਾਂਝੇ ਮੋਰਚੇ ਦੇ ਸੂਬਾਈ ਸੱਦੇ ਅਨੁਸਾਰ ਮੁਕਤਸਰ ਦੀਆਂ ਸੰਘਰਸ਼ਸ਼ੀਲ ਜੱਥੇਬੰਦੀਆਂ ਨੇ ਸਥਾਨਕ ਡੀ ਸੀ ਦਫ਼ਤਰ ਸਾਹਮਣੇ ਰੋਹ ਭਰਪੂਰ ਧਰਨਾ ਮਾਰਿਆ ਅਤੇ ਸੜਕ ਰੋਕ ਕੇ ਜਾਮ ਲਗਾਇਆ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਦਿਹਾਤੀ ਮਜ਼ਦੂਰ ਸਭਾ, ਟੈਕਨੀਕਲ ਸਰਵਿਸਜ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ, ਸ਼ਹੀਦ ਭਗਤ ਨੌਜਵਾਨ ਸਭਾ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਸੈਂਕੜੇ ਵਰਕਰ ਪਰਵਾਰਾਂ ਸਮੇਤ ਸ਼ਾਮਲ ਹੋਏ। ਇਸ ਸਮੇਂ ਭਾਰੀ ਇਕੱਠ ਨੂੰ ਪੂਰਨ ਸਿੰਘ ਦੋਦਾ, ਜਗਜੀਤ ਸਿੰਘ ਜੱਸੇਆਣਾ, ਗੁਰਦਿੱਤਾ ਸਿੰਘ ਭਾਗਸਰ, ਤਰਸੇਮ ਸਿੰਘ ਖੁੰਡੇ ਹਲਾਲ, ਹਰਜੀਤ ਮਦਰੱਸਾ, ਮੰਗਾ ਸਿੰਘ ਅਜ਼ਾਦ ਆਦਿ  ਆਗੂਆਂ ਨੇ ਸੰਬੋਧਨ ਕੀਤਾ। 

ਮੋਗਾ : ਕਾਲਾ ਕਾਨੂੰਨ ਵਿਰੋਧੀ ਸਾਂਝਾ ਮੰਚ ਪੰਜਾਬ ਦੇ ਸੂਬਾ ਪੱਧਰੀ ਸੱਦੇ 'ਤੇ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ), ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ, ਨੌਜਵਾਨ ਭਾਰਤ ਸਭਾ, ਪੇਂਡੂ ਮਜ਼ਦੂਰ ਯੂਨੀਅਨ, ਜਮਹੂਰੀ ਅਧਿਕਾਰੀ ਸਭਾ ਦੀ ਅਗਵਾਈ ਹੇਠ ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ ਨੇ ਪੰਜਾਬ ਸਰਕਾਰ ਵੱਲੋਂ ਲਿਆ ਲੋਕ ਵਿਰੋਧੀ ਜਨਤਕ ਤੇ ਨਿੱਜੀ ਜਾਇਦਾਦ ਭੰਨ ਤੋੜ ਰੋਕੂ ਬਿੱਲ 2014 ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਡੀ ਸੀ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਛਿੰਦਰ ਸਿੰਘ ਨੱਥੂਆਣਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਕਰਮਜੀਤ ਕੋਟਕਪੂਰਾ ਨੇ ਸੰਬੋਧਨ ਕੀਤਾ। 
ਜਮਹੂਰੀ ਅਧਿਕਾਰ ਸਭਾ ਦੇ ਦਰਸ਼ਨ ਸਿੰਘ ਤੂਰ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਗੁਰਮੇਲ ਸਿੰਘ ਖੋਟੇ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਲੱਖਾ ਸਿੰਘ ਸਿੰਘਾਵਾਲਾ, ਨੌਜਵਾਨ ਭਾਰਤ ਸਭਾ ਦੇ ਮੰਗਾ ਸਿੰਘ ਵੈਰੋਕੇ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ, ਗੁਰਮੀਤ ਸਿੰਘ ਕਿਸ਼ਨਪੁਰਾ, ਬਲਵੰਤ ਸਿੰਘ ਬਾਘਾ ਪੁਰਾਣਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਟੈਕਨੀਕਲ ਸਰਵਿਸਜ਼ ਯੂਨੀਅਨ ਤੋਂ ਟਹਿਲ ਸਿੰਘ ਝੰਡੇਆਣਾ, ਦਵਿੰਦਰ ਸਿੰਘ ਨੈਸਲੇ, ਇੰਪਲਾਈਜ਼ ਵਰਕਰ ਯੂਨੀਅਨ ਤੇ ਹੋਰਨਾਂ ਇਨਕਲਾਬੀ ਭਰਾਤਰੀ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ । ਧਰਨੇ ਉਪਰੰਤ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਵੱਲੋਂ ਮੋਗਾ-ਫਿਰੋਜ਼ਪੁਰ ਮੁੱਖ ਮਾਰਗ ਦੀ ਆਵਾਜਾਈ ਠੱਪ ਕਰਕੇ ਇਕ ਘੰਟਾ ਚੱਕਾ ਜਾਮ ਕੀਤਾ ਗਿਆ। 

ਜਲੰਧਰ : ਕਾਲਾ ਕਾਨੂੰਨ ਵਿਰੋਧੀ ਸਾਂਝਾ ਮੋਰਚਾ ਪੰਜਾਬ ਦੇ ਸੱਦੇ 'ਤੇ ਮੋਰਚੇ ਵੱਲੋਂ ਸ਼ਹਿਰ 'ਚ ਚੱਕਾ ਜਾਮ ਕੀਤਾ ਗਿਆ। ਇਸ ਸਮੇਂ ਪ੍ਰਦਰਸ਼ਨਕਾਰੀਆਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਪਹਿਲਾਂ ਇਹ ਪ੍ਰਦਰਸ਼ਨਕਾਰੀ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ 'ਚ ਇਕੱਠੇ ਹੋਏ, ਜਿੱਥੋਂ ਚੱਕਾ ਜਾਮ ਲਈ ਪ੍ਰਦਰਸ਼ਨ ਸ਼ੁਰੂ ਕਰਨ ਵੇਲੇ ਪੁਲਸ ਨਾਲ ਪ੍ਰਦਰਸ਼ਨਕਾਰੀਆਂ ਦੀ ਕਾਫੀ ਨੋਕ-ਝੋਕ ਹੋਈ, ਪਰ ਇਸ ਦੇ ਬਾਵਜੂਦ ਪ੍ਰਦਰਸ਼ਨਕਾਰੀ ਆਪਣੇ ਫੈਸਲੇ 'ਤੇ ਕਾਇਮ ਰਹੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਕਸ਼ਮੀਰ ਸਿੰਘ ਘੁੱਗਸ਼ੋਰ ਤੇ ਬਲਵਿੰਦਰ ਕੌਰ ਦਿਆਲਪੁਰ, ਸੀ ਟੀ ਯੂ ਦੇ ਰਾਮ ਕਿਸ਼ਨ ਤੇ ਹਰੀਮੁਨੀ, ਟੀ ਐੱਸ ਯੂ ਦੇ ਤਰਸੇਮ, ਨੌਜਵਾਨ ਭਾਰਤ ਸਭਾ ਦੇ ਵੀਰ ਕੁਮਾਰ ਤੇ ਜਸਵੀਰ ਗੋਰਾ ਤੇ ਇਸਤਰੀ ਜਾਗਰਤੀ ਮੰਚ ਦੀ ਜਸਵੀਰ ਜੱਸੀ ਆਦਿ ਨੇ ਸੰਬੋਧਨ ਕੀਤਾ।

ਤਰਨ ਤਾਰਨ : ਕਾਲਾ ਕਾਨੂੰਨ ਵਿਰੋਧੀ ਸਾਂਝਾ ਮੋਰਚਾ ਦੇ ਸੱਦੇ 'ਤੇ ਵਿਸ਼ਾਲ ਧਰਨਾ ਦਿੱਤਾ ਗਿਆ ਅਤੇ ਸੜਕ ਜਾਮ ਕਰਕੇ ਐੱਸ ਡੀ ਐੱਮ ਰਾਹੀਂ ਪੰਜਾਬ ਦੇ ਗਵਰਨਰ ਅਤੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜ ਕੇ ਕਾਲੇ ਕਾਨੂੰਨ ਨੂੰ ਫੌਰੀ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਭਾਰੀ ਠੰਢ ਦੇ ਬਾਵਜੂਦ ਸੈਂਕੜੇ ਲੋਕਾਂ ਨੇ ਧਰਨਾ ਦਿੱਤਾ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਜਸਪਾਲ ਸਿੰਘ ਝਬਾਲ, ਕਿਸਾਨ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਸਵਿੰਦਰ ਸਿੰਘ ਚੁਤਾਲਾ, ਜਮਹੂਰੀ ਕਿਸਾਨ ਸਭਾ ਦੇ ਆਗੂ ਸਤਨਾਮ ਸਿੰਘ ਦੇਊ, ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਮੇਹਰ ਸਿੰਘ ਸਖੀਰਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਪ੍ਰਸ਼ੋਤਮ ਸਿੰਘ ਗਹਿਰੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਆਗੂ ਬਲਦੇਵ ਸਿੰਘ ਪੰਡੋਰੀ, ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਅੰਮ੍ਰਿਤਪਾਲ ਸਿੰਘ ਠੱਠੀਆ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂ ਧਰਮ ਸਿੰਘ ਪੱਟੀ, ਜਮਹੂਰੀ ਅਧਿਕਾਰ ਸਭਾ ਦੇ ਆਗੂ ਮਾਸਟਰ ਮੇਜਰ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਆਗੂ ਰਜਿੰਦਰ ਸਿੰਘ ਮਝੈਲ, ਜਨਵਾਦੀ ਇਸਤਰੀ ਸਭਾ ਦੇ ਆਗੂ ਜਸਬੀਰ ਕੌਰ, ਪ ਸ ਫ ਦੇ ਆਗੂ ਗੁਰਜਿੰਦਰ ਸਿੰਘ ਰੰਧਾਵਾ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਲੋਕ ਵਿਰੋਧੀ ਕਾਨੂੰਨ ਲਿਆ ਕੇ ਮਿਹਨਤਕਸ਼ਾਂ ਦਾ ਘਾਣ ਕਰਨਾ ਚਾਹੁੰਦੀ ਹੈ। ਇਸ ਮੌਕੇ ਇਕ ਮਤੇ ਰਾਹੀਂ ਭੂ-ਪ੍ਰਾਪਤੀ ਐਕਟ 'ਚ ਕੀਤੀ ਸੋਧ ਰੱਦ ਕਰਨ ਦੀ ਮੰਗ ਕੀਤੀ ਗਈ। ਇਨ੍ਹਾਂ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਾਲਾ ਕਾਨੂੰਨ ਤੁਰੰਤ ਵਾਪਸ ਨਾ ਲਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। 

ਨਵਾਂਸ਼ਹਿਰ : ਕਾਲਾ ਕਾਨੂੰਨ ਵਿਰੋਧੀ ਸਾਂਝਾ ਮੋਰਚਾ ਪੰਜਾਬ  ਦੇ ਸੱਦੇ ਤਹਿਤ ਪੰਜਾਬ  ਸਰਕਾਰ ਵੱਲੋਂ  ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਸਰਕਾਰੀ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ 2014 ਨੂੰ ਰੱਦ ਕਰਵਾਉਣ ਲਈ ਮੋਰਚੇ ਦੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਇਕਾਈ ਵੱਲੋਂ  ਇਥੇ ਰੈਲੀ ਕਰਕੇ ਇੱਕ  ਘੰਟੇ ਤੱਕ ਟਰੈਫਿਕ ਜਾਮ ਕੀਤਾ ਗਿਆ। ਇਹ ਰੈਲੀ ਸਥਾਨਕ ਸਰਕਾਰੀ ਸਕੂਲ ਦੀ ਗਰਾਊਂਡ ਵਿਚ ਕੀਤੀ ਗਈ। ਪ੍ਰਭਾਵਸ਼ਾਲੀ ਰੈਲੀ ਨੂੰ ਸੰਬੋਧਨ ਕਰਦਿਆਂ ਇਫਟੂ ਪੰਜਾਬ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਰੂਪ ਸਿੰਘ ਰਾਹੋਂ, ਇਫਟੂ ਦੇ ਸੂਬਾ ਮੀਤ ਪ੍ਰਧਾਨ ਅਵਤਾਰ ਸਿੰਘ ਤਾਰੀ, ਦਿਹਾਤੀ ਮਜ਼ਦੂਰ  ਸਭਾ ਦੇ ਆਗੂ ਸੋਹਨ ਸਿੰਘ ਸਲੇਮਪੁਰੀ, ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਜਸਵੀਰ ਦੀਪ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸਤਨਾਮ ਸਿੰਘ ਗੁਲਾਟੀ, ਕਿਰਤੀ ਕਿਸਾਨ ਯੂਨੀਅਨ  ਦੇ ਜ਼ਿਲ੍ਹਾ  ਪ੍ਰਧਾਨ ਸੁਰਿੰਦਰ ਸਿੰਘ  ਬੈਂਸ, ਜਮਹੂਰੀ ਕਿਸਾਨ ਸਭਾ ਦੇ ਆਗੂ ਜਰਨੈਲ ਸਿੰਘ  ਜਾਫਰਪੁਰ, ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਬੀਬੀ ਗੁਰਬਖਸ਼ ਕੌਰ  ਸੰਘਾ, ਉਸਾਰੀ ਮਿਸਤਰੀ-ਮਜ਼ਦੁਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਜੰਡੀ ਨੇ ਸੰਬੋਧਨ ਕੀਤਾ। ਬਾਅਦ ਵਿਚ ਸ਼ਹਿਰ ਅੰਦਰ ਮੁਜ਼ਾਹਰਾ ਕੀਤਾ ਗਿਆ ਅਤੇ ਚੰਡੀਗੜ੍ਹ ਚੌਕ ਵਿਖੇ ਇਕ ਘੰਟੇ ਟਰੈਫਿਕ ਜਾਮ ਕੀਤਾ ਗਿਆ। 

ਫਗਵਾੜਾ : ਕਾਲੇ ਕਾਨੂੰਨ ਵਿਰੋਧੀ ਸਾਂਝੇ ਮੋਰਚੇ ਅਤੇ ਪੰਜਾਬ ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੱਦੇ ਤੇ ਫਗਵਾੜਾ ਵਿਖੇ ਜਨਤਕ ਜਥੇਬੰਦੀਆਂ ਵਲੋਂ ਸਰਕਾਰ ਦਾ ਪੁੱਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਸ਼ਨ ਦੀ ਅਗਵਾਈ ਪ.ਸ.ਸ.ਫ. ਦੇ ਪ੍ਰਧਾਨ ਸੂਰਜ ਯਾਦਵ ਅਤੇ ਮਿਡ ਡੇ ਮੀਲ ਵਰਕਰਜ਼ ਯੂਨੀਅਨ ਦੀ ਪ੍ਰਧਾਨ ਦਲਜੀਤ ਕੌਰ ਮਾਲਕਪੁਰ ਨੇ ਸਾਂਝੇ ਤੌਰ ਤੇ ਕੀਤੀ। ਰੋਸ ਪ੍ਰਦਰਸ਼ਨ ਤੋਂ ਪਹਿਲਾ ਟਾਊਨ ਹਾਲ ਵਿਖੇ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਜੇਪੀਐਮਓ ਦੇ ਜਿਲਾ ਕਨਵੀਨਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਸਰਕਾਰਾਂ ਦਿਨ ਪ੍ਰਤੀ ਦਿਨ ਆਪਣੇ ਕੀਤੇ ਵਾਅਦਿਆਂ ਤੋਂ ਮੁਕਰ ਰਹੀਆਂ ਹਨ। ਸਮੇਂ ਸਮੇਂ 'ਤੇ ਬਣਦੇ ਹੱਕ ਦੇਣ ਦੀ ਥਾਂ ਪਹਿਲਾਂ ਮਿਲੇ ਅਧਿਕਾਰਾਂ ਨੂੰ ਕਾਲੇ ਕਾਨੂੰਨ ਬਣਾਕੇ ਖੋਹ ਰਹੀਆਂ ਹਨ। ਇਸ ਸਮੇਂ ਹਰੀ ਬਿਲਾਸ, ਕੁਲਦੀਪ ਸਿੰਘ ਕੌੜਾ, ਸਾਧੂ ਸਿੰਘ ਜੱਸਲ, ਸੀਤਲ ਰਾਮ ਬੱਗਾ, ਮੋਹਨ ਸਿੰਘ ਭੱਟੀ, ਸੁਭਾਸ਼ ਚੰਦਰ, ਕੇ ਕੇ ਪਾਂਡੇ,ਜੋਤੀ ਸ਼ਰਮਾ,ਕੁਲਵਿੰਦਰ ਕੌਰ,ਜਸਵੀਰ ਕੌਰ,ਗੁਰਦੇਵ ਕੌਰ,ਰਾਣੀ, ਸਤਨਾਮ ਕੌਰ, ਸੁਰਿੰਦਰ ਕੌਰ, ਮਹਿੰਦਰ ਕੌਰ, ਜਸਵੀਰ ਕੌਰ, ਬਿਮਲਾ, ਗੁਰਬੱਖਸ਼ ਕੌਰ,ਵਿਜੈ ਲਛਮੀ,ਉਸ਼ਾ ਰਾਣੀ, ਗੁਰਮੀਤ ਕੌਰ ਆਦਿ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੀਆਂ ਨੀਤੀਆਂ ਨਾ ਕੇਵਲ ਲੋਕ ਵਿਰੋਧੀ ਹਨ, ਸਗੋਂ ਮਹਿੰਗਾਈ, ਬੇਰੁਜਗਾਰੀ, ਲੁੱਟ-ਖਸੁੱਟ ਆਦਿ ਵਧਾਉੇਣ ਵਾਲੀਆਂ ਵੀ ਹਨ। ਸਰਕਾਰਾਂ ਪ੍ਰਤੀ ਵੱਧ ਰਹੇ ਲੋਕ ਰੋਹ ਨੂੰ ਦਬਾਉਣ ਲਈ ਹੀ ਪੰਜਾਬ ਸਰਕਾਰ, ਸਰਕਾਰੀ ਅਤੇ ਨਿੱਜੀ ਜਾਇਦਾਦ ਭੰਨਤੋੜ ਰੋਕੂ ਬਿੱਲ ਬਣਾ ਜਾ ਰਹੀ ਹੈ। ਬਿੱਲ 'ਚ ਦਰਜ ਕਠੋਰ ਧਾਰਾਵਾਂ ਦਾ ਅਸਲੀ ਮੰਤਵ ਲੋਕਾਂ ਨੂੰ ਆਪਣੀਆਂ ਮੰਗਾ ਲਈ ਜੱਥੇਬੰਦ ਹੋਣ ਅਤੇ ਸੰਘਰਸ਼ ਕਰਨ ਤੋਂ ਰੋਕਣਾ ਹੈ।


ਬਰਾਕ ਓਬਾਮਾ ਨੂੰ ਗਣਤੰਤਰ ਦਿਵਸ ਸਮਾਰੋਹ 'ਚ ਮੁੱਖ ਮਹਿਮਾਨ ਬਨਾਉਣ ਵਿਰੁੱਧ ਮੁਜ਼ਾਹਰੇ

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਗਣਤੰਤਰ ਦਿਵਸ ਸਮਾਰੋਹ 'ਚ ਮੁੱਖ ਮਹਿਮਾਨ ਬਣਾਉਣ ਵਿਰੁੱਧ ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਐੱਮ ਪੰਜਾਬ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਵੱਲੋਂ ਸੂਬੇ ਭਰ 'ਚ 50 ਤੋਂ ਵੱਧ ਥਾਵਾਂ 'ਤੇ ਪ੍ਰਦਰਸ਼ਨ ਕੀਤੇ ਗਏ। ਪ੍ਰਦਰਸ਼ਨਾਂ ਅਤੇ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਮਿਊਨਿਸਟ ਆਗੂਆਂ ਨੇ ਓਬਾਮਾ ਨੂੰ ਸੱਦਣ ਨੂੰ ਭਾਰਤ ਦੀ ਪ੍ਰਭੂਸੱਤਾ 'ਤੇ ਹਮਲਾ ਦੱਸਦਿਆਂ ਕਿਹਾ ਕਿ ਗਣਤੰਤਰ ਦਿਵਸ ਭਾਰਤੀ ਇਤਿਹਾਸ 'ਚ ਇੱਕ ਪਵਿੱਤਰ ਦਿਨ ਹੈ ਅਤੇ ਇਹ ਸਾਡੀ ਆਜ਼ਾਦੀ ਅਤੇ ਪ੍ਰਭੂਸੱਤਾ ਦਾ ਪ੍ਰਤੀਕ ਹੈ।
ਕਮਿਊਨਿਸਟ ਆਗੂਆਂ ਨੇ ਅਮਰੀਕੀ ਰਾਸ਼ਟਰਪਤੀ ਨੂੰ ਸੱਦਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਵਿਸ਼ਵ ਸ਼ਾਂਤੀ ਲਈ ਸਭ ਤੋਂ ਵੱਡਾ ਖ਼ਤਰਾ ਹਨ। ਉਨ੍ਹਾ ਕਿਹਾ ਕਿ ਪਾਕਿਸਤਾਨ ਨਾਲ ਲੜੀਆਂ ਦੋ ਜੰਗਾਂ, ਯੂ ਐੱਨ ਸੁਰੱਖਿਆ ਕੌਂਸਲ ਦੀ ਪੱਕੀ ਮੈਂਬਰੀ ਅਤੇ ਹਥਿਆਰਾਂ ਦੀ ਸਪਲਾਈ ਅਤੇ ਪਾਕਿਸਤਾਨ ਨੂੰ ਆਰਥਕ ਸਹਾਇਤਾ ਸਮੇਤ ਸਾਰੇ ਮੁੱਦਿਆਂ 'ਤੇ ਅਮਰੀਕਾ ਦਾ ਰਵੱਈਆ ਭਾਰਤ ਵਿਰੋਧੀ ਰਿਹਾ ਹੈ ਅਤੇ ਉਹ ਇਰਾਕ, ਅਫ਼ਗਾਨਿਸਤਾਨ, ਈਰਾਨ, ਸੀਰੀਆ ਅਤੇ ਲੀਬੀਆ 'ਚ ਹਥਿਆਰਬੰਦ ਜੰਗਾਂ ਛੇੜਨ ਦਾ ਮੁਜਰਮ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਭੂਮਿਕਾ ਫਲਸਤੀਨੀ ਲੋਕਾਂ ਵਿਰੁੱਧ ਰਹੀ ਹੈ ਅਤੇ ਉਹ ਇਜ਼ਰਾਈਲ ਦੀ ਹਮਾਇਤ ਕਰਦਾ ਹੈ, ਜਿਸ ਨੇ ਲੰਮੇ ਸਮੇਂ ਤੋਂ ਫਲਸਤੀਨ ਦੇ ਇਲਾਕੇ 'ਤੇ ਕਬਜ਼ਾ ਕੀਤਾ ਹੋਇਆ ਹੈ। ਬਹੁਤ ਸਾਰੀਆਂ ਥਾਵਾਂ 'ਤੇ ਕਮਿਊਨਿਸਟ ਕਾਰਕੁਨਾਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜੇ ਗਏ। ਇਨ੍ਹਾਂ ਮੁਜਾਹਰਿਆਂ ਦੀਆਂ 'ਸੰਗਰਾਮੀ ਲਹਿਰ' ਨੂੰ ਪ੍ਰਾਪਤ ਸੰਖੇਪ ਰਿਪੋਰਟਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :

ਜਲੰਧਰ : ਕੇਂਦਰ ਵਿੱਚ 6 ਖੱਬੀਆਂ ਪਾਰਟੀਆਂ ਅਤੇ ਪੰਜਾਬ ਵਿੱਚ 4 ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਐੱਮ ਪੰਜਾਬ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੱਦੇ ਜਲੰਧਰ ਵਰਕਰਾਂ ਨੇ ਲੋਕਲ ਬੱਸ ਅੱਡੇ ਦੇ ਸਾਹਮਣੇ ਓਬਾਮਾ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਕੀਤਾ। ਵਰਕਰਾਂ ਨੇ 'ਬਰਾਕ ਓਬਾਮਾ-ਮੁਰਦਾਬਾਦ', 'ਕਿਰਤੀ ਲੋਕਾਂ ਦਾ ਏਕਾ-ਜ਼ਿੰਦਾਬਾਦ', 'ਕੇਂਦਰ ਸਰਕਾਰ ਮੁਰਦਾਬਾਦ', 'ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਮੁਰਦਾਬਾਦ' ਦੇ ਨਾਹਰੇ ਲਾਏ। ਇਸ ਅਰਥੀ ਫੂਕ ਮੁਜ਼ਾਹਰੇ ਦੀ ਅਗਵਾਈ 4 ਖੱਬੀਆਂ ਪਾਰਟੀਆਂ ਦੇ ਆਗੂਆਂ ਸਰਵਸਾਥੀ ਮੰਗਤ ਰਾਮ ਪਾਸਲਾ, ਦਿਲਬਾਗ ਸਿੰਘ, ਕਿਰਪਾਲ ਸਿੰਘ, ਲਹਿੰਬਰ ਸਿੰਘ ਤੱਗੜ, ਕੁਲਵੰਤ ਸਿੰਘ ਸੰਧੂ, ਗੁਰਮੀਤ ਸਿੰਘ ਢੱਡਾ ਤੇ ਗੁਰਨਾਮ ਸਿੰਘ ਸੰਘੇੜਾ ਆਦਿ ਨੇ ਕੀਤੀ।

ਨੂਰਮਹਿਲ :  ਇਥੋਂ ਥੋੜ੍ਹੀ ਦੂਰ ਦੇਸ਼ ਭਗਤਾਂ ਦੇ ਇਤਿਹਾਸਕ ਪਿੰਡ ਬਿਲਗਾ ਵਿਖੇ ਰੋਸ ਮਾਰਚ ਕਰਕੇ ਸੀ ਪੀ ਆਈ, ਸੀ ਪੀ ਆਈ (ਐੱਮ) ਅਤੇ ਸੀ ਪੀ ਐੱਮ (ਪੰਜਾਬ) ਦੇ ਸਾਥੀਆਂ ਵੱਲੋਂ ਅਮਰੀਕਨ ਸਾਮਰਾਜ ਅਤੇ ਬਰਾਕ ਓਬਾਮਾ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਰੋਸ ਧਰਨੇ ਨੂੰ ਮਾਸਟਰ ਪ੍ਰੇਮ ਲਾਲ ਮੋਹਨ, ਨਾਜਰ ਸਿੰਘ ਢੰਡਾ, ਸੰਤੋਖ ਸਿੰਘ ਅਤੇ ਮਾਸਟਰ ਪ੍ਰਸ਼ੋਤਮ ਲਾਲ ਬਿਲਗਾ ਵੱਲੋਂ ਸੰਬੋਧਨ ਕੀਤਾ ਗਿਆ। ਰੋਸ ਮਾਰਚ ਵਿੱਚ ਸ਼ਾਮਲ ਹੋਣ ਲਈ ਨੂਰਮਹਿਲ, ਉੱਪਲ ਭੂਪਾ, ਉਮਰਪੁਰ ਕਲਾਂ, ਬੁਰਜ ਹਸਨ, ਸੰਗੋਵਾਲ, ਦਾਰਾਪੁਰ ਅਤੇ ਹੋਰ ਪਿੰਡਾਂ ਤੋਂ ਸਾਥੀ ਵੱਡੀ ਗਿਣਤੀ ਵਿੱਚ ਬਿਲਗਾ ਵਿਖੇ ਪਹੁੰਚੇ ਹੋਏ ਸਨ। ਨਜ਼ਦੀਕੀ ਪਿੰਡ ਮੌ ਸਾਹਿਬ, ਤਲਵਣ ਅਤੇ ਗਦਰਾ ਤੋਂ ਵੀ ਸਾਥੀ ਹਾਜ਼ਰ ਸਨ।

ਸੰਗਰੂਰ : ਚਾਰ ਖੱਬੀਆਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੇ ਸਥਾਨਕ ਬਨਾਸਰ ਬਾਗ ਸੰਗਰੂਰ ਵਿਖੇ ਇਕੱਠੇ ਹੋ ਕੇ ਅਮਰੀਕੀ ਰਾਸ਼ਟਰਪਤੀ ਦੀ ਭਾਰਤ ਫੇਰੀ ਦੇ ਵਿਰੋਧ ਵਿਚ ਰੋਸ ਮਾਰਚ ਤੇ ਅਰਥੀ ਫੂਕ ਮੁਜ਼ਾਹਰਾ ਸੰਗਰੂਰ ਸ਼ਹਿਰ ਵਿੱਚ ਕੱਢ ਕੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫਤਰ ਦੇ ਮੁੱਖ ਗੇਟ ਅੱਗੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵਾਪਸ ਜਾਓ ਦੇ ਨਾਹਰੇ ਲਾ ਕੇ ਉਸ ਦਾ ਪੁਤਲਾ ਫੂਕਿਆ। ਇਸ ਰੋਸ ਮਾਰਚ ਦੀ ਅਗਵਾਈ ਸੀ ਪੀ  ਆਈ ਦੇ ਜ਼ਿਲ੍ਹਾ ਸਕੱਤਰ ਸਤਵੰਤ ਸਿੰਘ ਖੰਡੇਵਾਦ, ਸੁਖਦੇਵ ਸ਼ਰਮਾ, ਸੀ ਪੀ ਆਈ (ਐੱਮ) ਦੇ ਜ਼ਿਲ੍ਹਾ ਸਕੱਤਰ ਭੂਪ ਚੰਦ ਚੰਨੋ, ਸੂਬਾ ਸਕੱਤਰੇਤ ਮੈਂਬਰ ਬੰਤ ਸਿੰਘ ਨਮੋਲ, ਸੀ ਪੀ ਐੱਮ ਪੰਜਾਬ ਦੇ ਸਕੱਤਰੇਤ ਮੈਂਬਰ ਭੀਮ ਸਿੰਘ ਆਲਮਪੁਰ, ਜ਼ਿਲ੍ਹਾ ਸਕੱਤਰ ਗੱਜਣ ਸਿੰਘ ਦੁੱਗਾਂ, ਸੀ ਪੀ  ਆਈ (ਐੱਮ ਐੱਲ) ਲਿਬਰੇਸ਼ਨ ਦੇ ਹਰਭਗਵਾਨ ਭੀਖੀ ਤੇ ਜ਼ਿਲ੍ਹਾ ਆਗੂ ਮੇਜਰ ਸਿੰਘ ਢੰਡੋਲੀ ਨੇ ਕੀਤੀ। 

ਹੁਸ਼ਿਆਰਪੁਰ : ਅਮਰ ਸ਼ਹੀਦ ਚੰਨਣ ਸਿੰਘ ਧੂਤ ਭਵਨ ਹੁਸ਼ਿਆਰਪੁਰ ਵਿਖੇ ਸੀ ਪੀ ਆਈ, ਸੀ ਪੀ ਆਈ (ਐੱਮ) ਅਤੇ ਸੀ ਪੀ ਆਈ (ਪੰਜਾਬ) ਵੱਲੋਂ ਸਾਂਝੇ ਤੌਰ 'ਤੇ ਇੱਕ ਵਿਸ਼ਾਲ ਇਕੱਠ ਕਰਕੇ 26 ਜਨਵਰੀ ਮੌਕੇ ਮੁੱਖ ਮਹਿਮਾਨ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਗਣਤੰਤਰ ਦਿਵਸ 'ਤੇ ਸੱਦਾ ਦੇਣ ਵਾਲੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਹੋਏ ਇਕੱਠ ਨੂੰ ਸਰਬਸਾਥੀ ਦਰਸ਼ਨ ਸਿੰਘ ਮੱਟੂ, ਹਰਕੰਵਲ ਸਿੰਘ, ਕੁਲਦੀਪ ਸਿੰਘ, ਰਜਿੰਦਰ ਕੌਰ ਚੋਹਕਾ, ਜਗਦੀਸ਼ ਸਿੰਘ ਚੋਹਕਾ ਤੇ ਸਤੀਸ਼ ਚੰਦਰ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਗੁਰਬਖਸ਼ ਸਿੰਘ ਸੂਸ ਨੇ ਨਿਭਾਈ। ਬੱਸ ਸਟੈਂਡ ਚੌਕ ਵਿੱਚ ਓਬਾਮਾ ਅਤੇ ਮੋਦੀ ਦਾ ਪੁਤਲਾ ਸਾੜਿਆ ਗਿਆ। 

ਬਠਿੰਡਾ : ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਵੱਲੋਂ ਸਥਾਨਕ ਫ਼ਾਇਰ ਬ੍ਰਿਗੇਡ ਚੌਕ ਵਿਖੇ ਸੰਸਾਰ ਲੁਟੇਰੇ ਅਮਰੀਕੀ ਸਾਮਰਾਜ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਕੇਂਦਰ ਦੀ ਮੋਦੀ ਹਕੂਮਤ ਵਿਰੁੱਧ ਸੀ ਪੀ ਆਈ (ਐੱਮ), ਸੀ ਪੀ ਅੱੈਮ ਪੰਜਾਬ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਕਾਰਕੁੰਨਾਂ ਨੇ ਪੁਤਲੇ ਫੂਕ ਕੇ ਰੋਸ ਜਤਾਇਆ। ਉਕਤ ਪ੍ਰਦਰਸ਼ਨਾਂ ਦੀ ਅਗਵਾਈ ਤਿੰਨਾਂ ਪਾਰਟੀਆਂ ਦੇ ਜ਼ਿਲ੍ਹਾ ਸਕੱਤਰਾਂ ਸੱਤਪਾਲ ਭਾਰਤੀ, ਸਾਥੀ ਮਹੀਪਾਲ ਅਤੇ ਹਰਵਿੰਦਰ ਸਿੰਘ ਸੇਮਾ ਨੇ ਕੀਤੀ।  ਪ੍ਰਦਰਸ਼ਨ ਵਿੱਚ ਮਿੱਠੂ ਸਿੰਘ ਘੁੱਦਾ, ਸੰਪੂਰਨ ਸਿੰਘ, ਦਰਸ਼ਨ ਸਿੰਘ ਫੁੱਲੋ ਮਿੱਠੀ, ਹਰਚੇਤ ਸਿੰਘ, ਦਰਸ਼ਨ ਸਿੰਘ ਬਾਜਕ, ਵਿਸ਼ਰਾਮ ਸਿੰਘ, ਹਰਬੰਸ ਬਠਿੰਡਾ, ਗੁਰਚਰਨ ਭਗਤਾ, ਅਮਰਜੀਤ ਚੀਮਾ ਤੇ ਬੀਰਬਲ ਸੀਂਗੋ ਆਦਿ ਆਗੂ ਵੀ ਸ਼ਾਮਲ ਹੋਏ।

ਬੰਗਾ : ਸੀ ਪੀ ਆਈ (ਐੱਮ), ਸੀ ਪੀ ਐੱਮ ਪੰਜਾਬ, ਸੀ ਪੀ ਆਈ ਤੋਂ ਇਲਾਵਾ ਹੋਰ ਖੱਬੀਆਂ ਪਾਰਟੀਆਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਭਾਰਤ ਆਮਦ 'ਤੇ ਉਨ੍ਹਾ ਦੇ ਵਿਰੋਧ ਵਿੱਚ ਪੁਤਲੇ ਫੂਕੇ ਗਏ, ਜਿਨ੍ਹਾਂ ਦੀ ਅਗਵਾਈ ਸੀ ਪੀ ਆਈ (ਐੱਮ) ਦੇ ਤਹਿਸੀਲ ਸਕੱਤਰ ਕੁਲਦੀਪ ਝਿੰਗੜ, ਸੀ ਪੀ ਐੱਮ ਪੰਜਾਬ ਦੇ ਤਹਿਸੀਲ ਸਕੱਤਰ ਹਰਪਾਲ ਜਗਤਪੁਰ, ਸੀ ਪੀ ਐੱਮ ਦੇ ਜ਼ਿਲ੍ਹਾ ਕਮੇਟੀ ਮੈਂਬਰ ਜੋਗਿੰਦਰ ਲੜੋਆ, ਕੁਲਵੰਤ ਚੱਕ ਗੁਰੂ ਆਦਿ ਤੋਂ ਇਲਾਵਾ ਹੋਰ ਵੱਖ-ਵੱਖ ਖੱਬੀਆਂ ਪਾਰਟੀਆਂ ਦੇ ਮੈਂਬਰਾਂ ਨੇ ਕੀਤੀ। ਇਸ ਮੌਕੇ ਪਿੰਡ ਝਿੰਗੜਾਂ, ਮੁਕੰਦਪੁਰ, ਬਹਿਰਾਮ ਅਤੇ ਗੋਬਿੰਦਪੁਰ ਵਿਖੇ  ਵੀ ਬਰਾਕ ਓਬਾਮਾ ਦੇ ਪੁਤਲੇ ਫੂਕੇ ਗਏ। 

ਫਿਲੌਰ : ਸੀ ਪੀ ਐੱਮ ਪੰਜਾਬ ਵੱਲੋਂ ਫਿਲੌਰ ਸ਼ਹਿਰ ਅੰਦਰ ਰੋਸ ਮਾਰਚ ਕਰਨ ਉਪਰੰਤ ਬਰਾਕ ਓਬਾਮਾ ਦਾ ਪੁਤਲਾ ਫੂਕਿਆ ਗਿਆ, ਜਿਸ ਦੀ ਅਗਵਾਈ ਸੀਨੀਅਰ ਆਗੂ ਕਾਮਰੇਡ ਦੇਵ ਫਿਲੌਰ ਅਤੇ ਜਸਵੀਰ ਸਿੰਘ ਨੇ ਕੀਤੀ। ਇਸ ਮੌਕੇ ਜਰਨੈਲ ਫਿਲੌਰ ਅਤੇ ਮੇਜਰ ਫਿਲੌਰ ਤੋਂ ਇਲਾਵਾ ਅਜੈ ਫਿਲੌਰ, ਬਲਰਾਜ ਸਿੰਘ ਨੇ ਵੀ ਸੰਬੋਧਨ ਕੀਤਾ। 

ਗੜ੍ਹਸ਼ੰਕਰ : ਅੱਡਾ ਝੁੰਗੀਆਂ (ਬੀਣੇਵਾਲ ਬੀਤ) ਵਿਖੇ ਖੱਬੇ ਪੱਖੀਆਂ ਵੱਲੋਂ ਬਰਾਕ ਓਬਾਮਾ ਦਾ ਪੁਤਲਾ ਫੂਕਿਆ ਗਿਆ। ਗਰੀਬ ਦਾਸ ਬੀਟਣ ਅਤੇ ਮੋਹਣ ਲਾਲ ਬੀਣੇਵਾਲ ਦੀ ਅਗਵਾਈ 'ਚ ਪਹਿਲਾਂ ਅੱਡੇ 'ਚ ਅਮਰੀਕੀ ਰਾਸ਼ਟਰਪਤੀ ਵਿਰੁੱਧ ਰੋਸ ਰੈਲੀ ਕੀਤੀ ਗਈ ਤੇ ਪੁਤਲਾ ਫੂਕਿਆ ਗਿਆ। ਇਸ ਮੌਕੇ ਰੋਸ਼ਨ ਲਾਲ ਪੰਡੋਰੀ, ਰਮੇਸ਼ ਧੀਮਾਨ, ਗਿਰਧਾਰੀ ਲਾਲ, ਭੁਪਿੰਦਰ ਕੋਛੜ, ਰਾਮ ਕ੍ਰਿਸ਼ਨ ਬੀਟਣ, ਅਮਰੀਕ ਬੀਟਣ, ਕਾ ਰਾਧੇ ਸ਼ਾਮ, ਦਰਸ਼ਨ ਚੇਚੀ, ਤਾਰਾ ਚੰਦ, ਪੁਰਸ਼ੋਤਮ ਲਾਲ, ਕਰਨ ਸਿੰਘ, ਬੰਟੀ ਤੋਂ ਇਲਾਵਾ ਭਾਰੀ ਗਿਣਤੀ 'ਚ ਲੋਕ ਹਾਜ਼ਰ ਸਨ।

ਮਾਹਿਲਪੁਰ : ਮਾਹਿਲਪੁਰ ਦੇ ਮੇਨ ਚੌਕ ਵਿਖੇ ਖੱਬੀਆਂ ਪਾਰਟੀਆਂ ਦੇ ਸੱਦੇ 'ਤੇ ਕਿਸਾਨਾਂ, ਮਜ਼ਦੂਰਾਂ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਬੱਸ ਅੱਡੇ ਤੋਂ ਲੈ ਕੇ ਮਾਹਿਲਪੁਰ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਅਮਰੀਕਾ ਸਾਮਰਾਜ ਦਾ ਪੁਤਲਾ ਫੂਕਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਾਮਰੇਡ ਮਹਿੰਦਰ ਕੁਮਾਰ ਬੱਢੋਆਣ ਅਤੇ ਤਰਸੇਮ ਸਿੰਘ ਜੱਸੋਵਾਲ ਤੋਂ ਇਲਾਵਾ ਸਤਪਾਲ ਲੱਠ, ਪ੍ਰਿੰਸੀਪਲ ਜਸਵੀਰ ਸਿੰਘ, ਪ੍ਰਿੰਸੀਪਲ ਪਿਆਰਾ ਸਿੰਘ, ਸਾਧੂ ਸਿੰਘ ਭੱਟੀ, ਕਾਮਰੇਡ ਚੰਨਣ ਸਿੰਘ ਅਤੇ ਪੂਰਨ ਪ੍ਰਕਾਸ਼ ਚਾਵਲਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।  

ਸ਼ਾਹਕੋਟ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਬਣਾਏ ਜਾਣ ਦੇ ਰੋਸ ਵਜੋਂ ਚਾਰ ਖੱਬੀਆਂ ਪਾਰਟੀਆਂ ਦੇ ਵਰਕਰਾਂ ਨੇ ਮਲਸੀਆਂ ਵਿਖੇ ਰੋਸ ਮੁਜ਼ਾਹਰਾ ਕਰਨ ਉਪਰੰਤ ਓਬਾਮਾ ਦਾ ਪੁਤਲਾ ਫੂਕਿਆ। ਸੀ.ਪੀ.ਆਈ., ਸੀ ਪੀ ਆਈ (ਐੱਮ) ਅਤੇ ਸੀ.ਪੀ.ਐੱਮ ਪੰਜਾਬ ਦੇ ਵਰਕਰ ਸਭ ਤੋਂ ਪਹਿਲਾਂ ਮਲਸੀਆਂ ਦੀ ਪੱਤੀ ਕਸਬਾ 'ਚ ਇਕੱਠੇ ਹੋਏ। ਇੱਥੋਂ ਉਹ ਲਾਲ ਝੰਡਿਆਂ ਨਾਲ ਮੁਜ਼ਾਹਰਾ ਕਰਦੇ ਹੋਏ ਬਸ ਅੱਡਾ ਮਲਸੀਆਂ ਵਿਖੇ ਪੁੱਜੇ। ਇੱਥੇ ਕੀਤੀ ਗਈ ਰੋਸ ਰੈਲੀ ਨੂੰ ਸਰਵਸਾਥੀ ਨਿਰਮਲ ਸਹੋਤਾ, ਚਰਨਜੀਤ ਸਿੰਘ ਥੰਮੂਵਾਲ, ਹਰਬੰਸ ਮੱਟੂ, ਬਲਵਿੰਦਰ ਕੋਟਲੀ, ਹਰਜਿੰਦਰ ਮਲਸੀਆਂ, ਬਿੱਟੂ ਗੋਬਿੰਦ ਨਗਰ, ਲਖਵੀਰ ਸਿੰਘ, ਮਹਿੰਦਰ ਸਿੰਘ ਅਤੇ ਚੰਨਣ ਰਾਮ ਨੇ ਸੰਬੋਧਨ ਕੀਤਾ। 

ਪਠਾਨਕੋਟ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਭਾਰਤ ਦੇ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਬੁਲਾਉਣ ਦੇ ਵਿਰੋਧ ਵਿੱਚ ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਐੱਮ ਪੰਜਾਬ ਅਤੇ ਸੀ ਪੀ ਆਈ (ਐੱਮ-ਐੱਲ) ਲਿਬਰੇਸ਼ਨ ਵੱਲੋਂ ਲੇਬਰ ਸ਼ੈੱਡ ਵਿਖੇ ਕਾਮਰੇਡ ਹਰਬੰਸ ਲਾਲ, ਸੁਭਾਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ, ਜਿਸ ਨੂੰ ਕਾਮਰੇਡ ਸੁਰਿੰਦਰ ਗਿੱਲ, ਕੇਵਲ ਕਾਲੀਆ, ਬਿਕਰਮਜੀਤ, ਨੱਥਾ ਸਿੰਘ, ਸ਼ਿਵ  ਕੁਮਾਰ, ਦਲਬੀਰ ਸਿੰਘ, ਸੁਰਿੰਦਰ ਸਹਿਗਲ, ਸੰਤੋਸ਼ ਕੁਮਾਰ, ਹਜ਼ਾਰੀ ਲਾਲ, ਰਾਮ ਬਿਲਾਸ, ਓਮ ਪ੍ਰਕਾਸ਼ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਸ ਰੈਲੀ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਰੋਸ ਮਾਰਚ ਕੀਤਾ ਗਿਆ ਅਤੇ ਓਬਾਮਾ ਦਾ ਪੁਤਲਾ ਫੂਕਿਆ ਗਿਆ। 

ਬਟਾਲਾ : ਦੇਸ਼ ਦੀਆਂ ਖੱਬੀਆਂ ਪਾਰਟੀਆਂ ਦੇ ਸੱਦੇ 'ਤੇ ਸਥਾਨਕ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਵਿੱਚ ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਐੱਮ ਪੰਜਾਬ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਵੱਲੋਂ ਬਰਾਕ ਓਬਾਮਾ ਦੇ ਭਾਰਤ ਵਿੱਚ ਗਣਤੰਤਰ ਦਿਵਸ ਮੌਕੇ ਮੁਖ ਮਹਿਮਾਨ ਵਜੋਂ ਆਉਣ ਦੇ ਵਿਰੋਧ ਵਿੱਚ ਰੋਸ ਰੈਲੀ ਕੀਤੀ ਗਈ, ਉਪਰੰਤ ਸ਼ਹਿਰ ਅੰਦਰ ਮਾਰਚ ਕਰਕੇ ਗਾਂਧੀ ਚੌਂਕ ਵਿਖੇ ਉਸ ਦਾ ਪੁਤਲਾ ਸਾੜਿਆ ਗਿਆ। ਇਸ ਰੋਸ ਪ੍ਰਦਰਸ਼ਨ ਨੂੰ ਸੀ ਪੀ ਆਈ ਦੇ ਤਹਿਸੀਲ ਸਕੱਤਰ ਜਰਨੈਲ ਸਿੰਘ ਅਤੇ ਮੋਹਨ ਲਾਲ, ਸੀ.ਪੀ.ਆਈ (ਐਮ) ਦੇ ਸੂਬਾ ਸਕੱਤਰੇਤ ਮੈਂਬਰ ਰਣਬੀਰ ਵਿਰਕ, ਤਹਿਸੀਲ ਸਕੱਤਰ ਮਹਿੰਦਰ ਸਿੰਘ ਭਾਗੋਵਾਲ, ਅਵਤਾਰ ਸਿੰਘ, ਸੀ.ਪੀ.ਐਮ.ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਰਘਬੀਰ ਸਿੰਘ, ਗੁਰਦਿਆਲ ਘੁਮਾਣ, ਸ਼ਮਸ਼ੇਰ ਸਿੰਘ ਛਿੰਦਾ ਛਿੱਤੂ ਅਤੇ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰਾ ਅਤੇ ਅਸ਼ਵਨੀ ਕੁਮਾਰ ਨੇ ਸੰਬੋਧਨ ਕੀਤਾ। 

ਅਜਨਾਲਾ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਵੱਲੋਂ ਵੱਖ-ਵੱਖ ਬਜ਼ਾਰਾਂ ਵਿਚ ਕੇਂਦਰ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕਰਨ ਉਪਰੰਤ ਅਜਨਾਲਾ ਦੇ ਮੁੱਖ ਚੌਂਕ ਵਿਚ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਆਪਣੇ ਸੰਬੋਧਨ 'ਚ ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਤਨਾਮ ਸਿੰਘ ਅਜਨਾਲਾ, ਇਕਾਈ ਅਜਨਾਲਾ ਦੇ ਸਕੱਤਰ ਗੁਰਨਾਮ ਸਿੰਘ ਉਮਰਪੁਰਾ, ਕੁਲਵੰਤ ਸਿੰਘ ਮੱਲੂਨੰਗਲ, ਅਜੀਤ ਕੌਰ ਕੋਟਰਜਾਦਾ, ਜਗੀਰ ਸਿੰਘ ਲੀਡਰ ਤੇ ਸੁਰਜੀਤ ਸਿੰਘ ਦੁਧਰਾਏ ਤੋਂ ਇਲਾਵਾ ਡੈਨੀਅਲ ਮਸੀਹ ਆਦਿ ਨੇ ਵੀ ਸੰਬੋਧਨ ਕੀਤਾ। 

ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਸੁਲਤਾਨਪੁਰ ਲੋਧੀ ਵਿਖੇ ਰੋਸ ਮੁਜ਼ਾਹਰਾ
ਕਾਲੇ ਕਾਨੂੰਨ ਵਿਰੋਧੀ ਸਾਂਝੇ ਮੋਰਚੇ 'ਚ ਸ਼ਾਮਲ ਜਥੇਬੰਦੀਆਂ ਦੇ ਸੱਦੇ 'ਤੇ ਪੰਜਾਬ ਵਿਧਾਨ ਸਭਾ ਵਲੋਂ ਪਾਸ 'ਪੰਜਾਬ ਨਿੱਜੀ ਤੇ ਜਨਤਕ ਜਾਇਦਾਦ ਨੁਕਸਾਨ ਰੋਕੂ ਬਿੱਲ' ਨੂੰ ਰੱਦ ਕਰਵਾਉਣ ਲਈ 20 ਜਨਵਰੀ ਨੂੰ ਸੁਲਤਾਨਪੁਰ ਲੋਧੀ ਦੇ ਬਸ ਸਟੈਂਡ ਵਿਖੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ। ਵੱਖ ਵੱਖ ਬਜਾਰਾਂ ਵਿਚੋਂ ਮੁਜ਼ਾਹਰਾ ਕਰਦੇ ਹੋਏ ਪਹੁੰਚੇ ਕਾਰਕੁੰਨਾਂ ਨੇ ਰੈਲੀ ਕੀਤੀ ਜਿਸ ਨੂੰ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਬਲਵਿੰਦਰ ਸਿੰਘ ਭੁੱਲਰ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਕਾਮਰੇਡ ਬਲਦੇਵ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਬਲਵਿੰਦਰ ਸਿੰਘ ਬਾਜਵਾ, ਜੇ.ਪੀ.ਐਮ.ਓ. ਦੇ ਗੁਰਮੇਜ ਸਿੰਘ, ਪ.ਸ.ਸ.ਫ. ਦੇ ਬਲਦੇਵ ਸਿੰਘ, ਨੌਜਵਾਨ ਭਾਰਤ ਸਭਾ ਦੇ ਰਣਜੀਤ ਦੇਸਲ, ਡੀ.ਟੀ.ਐਫ. ਦੇ ਕਰਮ ਸਿੰਘ, ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਹਰਜ਼ਿੰਦਰ ਸਿੰਘ, ਕੁਲਦੀਪ ਸਿੰਘ ਸਾਂਗਰਾ, ਨਿਰਮਲ ਸਿੰਘ ਸ਼ੇਰਪੁਰ, ਹੰਸਾ ਸਿੰਘ ਮੁੰਡੀ, ਸਤਨਰਾਇਣ ਮਹਿਤਾ ਆਦਿ ਆਗੂਆਂ ਨੇ ਸੰਬੋਧਨ ਕੀਤਾ। 


ਮਹਿਲ ਕਲਾਂ ਵਿਖੇ ਮਨਰੇਗਾ ਮਜ਼ਦੂਰਾਂ ਵਲੋਂ ਬੀ ਡੀ ਪੀ ਓ ਦਫਤਰ ਦਾ ਘਿਰਾਓਦਿਹਾਤੀ ਮਨਰੇਗਾ ਮਜ਼ਦੂਰਾਂ ਦੀਆਂ ਭਖਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਅਤੇ 6 ਮਹੀਨਿਆਂ ਤੋਂ ਬੰਦ ਸਸਤੀ ਕਣਕ ਅਤੇ ਦਾਲ ਦੀ ਸਪਲਾਈ ਸਰਕਾਰੀ ਡੀਪੂਆਂ ਤੋਂ ਕਰਵਾਉਣ ਤੇ ਮਨਰੇਗਾ ਮਜ਼ਦੂਰਾਂ ਦੇ ਪਿਛਲੇ ਬਕਾਏ ਨੂੰ ਜਾਰੀ ਕਰਵਾਉਣ ਅਤੇ ਨਵਾਂ ਕੰਮ ਲੈਣ ਲਈ 18 ਜਨਵਰੀ ਨੂੰ ਵੱਡੀ ਗਿਣਤੀ ਵਿਚ ਪੇਂਡੂ ਮਜ਼ਦੂਰਾਂ ਨੇ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਬਘੇਲ ਸਿੰਘ ਸਹਿਜੜਾ, ਚਰਨ ਸਿੰਘ ਛੀਨੀਵਾਲ ਕਲਾਂ ਦੀ ਅਗਵਾਈ ਹੇਠ ਮਹਿਲ ਕਲਾਂ ਦੇ ਮੁੱਖ ਬਜ਼ਾਰ ਵਿਚ ਰੋਸ ਮੁਜ਼ਾਹਰਾ ਕਰਨ ਉਪਰੰਤ ਸਥਾਨਕ ਬੀ ਡੀ ਪੀ ਓ ਦਫਤਰ ਦਾ ਘਿਰਾਓ ਕੀਤਾ। ਇਸ ਮੌਕੇ ਬੋਲਦਿਆਂ ਸੂਬਾਈ ਮਜ਼ਦੂਰ ਆਗੂ ਭੋਲਾ ਸਿੰਘ ਕਲਾਲ ਮਾਜਰਾ ਨੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਦੀ ਕਰੜੀ ਅਲੋਚਨਾ ਕਰਦਿਆਂ ਕਿਹਾ ਕਿ ਸਰਕਾਰਾਂ ਆਰਥਿਕ ਬੋਝ ਦੇ ਝੰਬੇ ਮਜ਼ਦੂਰਾਂ ਨੂੰ ਰਾਹਤ ਪੈਕੇਜ਼ ਦੇਣ ਦੀ ਥਾਂ ਪਹਿਲਾਂ ਮਿਲਦੀਆਂ ਸਬਸਿਡੀ ਵਾਲੀਆਂ ਸਹੂਲਤਾਂ ਨੂੰ ਇਕ ਇਕ ਕਰਕੇ ਖੋਹ ਰਹੀਆਂ ਹਨ। ਜਿਸ ਦੀ ਤਾਜ਼ਾ ਮਿਸਾਲ ਪਿਛਲੇ 6 ਮਹੀਨੇ ਤੋਂ ਕਣਕ ਅਤੇ ਦਾਲ ਦੀ ਸਹੂਲਤ ਲੋੜਵੰਦ ਲੋਕਾਂ ਨੂੰ ਨਾ ਮਿਲਣਾ ਹੈ। ਉਨ੍ਹਾਂ ਕਿਹਾ ਕਿ ਇਸ ਵਿਰੁੱਧ ਸ਼ੁਰੂ ਕੀਤੇ ਗਏ ਧਰਨੇ-ਮੁਜ਼ਾਹਰਿਆਂ ਦੌਰਾਨ ਮਜ਼ਦੂਰ ਆਗੂਆਂ ਦੇ ਵਫਦ ਸਬੰਧਿਤ ਅਧਿਕਾਰੀਆਂ ਨੂੰ ਮਿਲਣ ਉਪਰੰਤ ਸਿਵਾਏ ਲਾਰਿਆਂ ਤੋਂ ਹੋਰ ਕੱਖ ਪੱਲੇ ਨਹੀਂ ਪਿਆ। ਜਿਸ ਕਰਕੇ ਪੇਂਡੂ ਮਜ਼ਦੂਰ ਮਜ਼ਬੂਰੀ ਵੱਸ ਕਹਿਰ ਦੀ ਮਹਿੰਗਾਈ ਅੰਦਰ 25 ਰੁਪਏ ਪ੍ਰਤੀ ਕਿਲੋ ਆਟਾ ਲੈ ਕੇ ਆਪਣੇ ਪਰਿਵਾਰ ਪਾਲ਼ ਰਹੇ ਹਨ। ਜ਼ਿਲ੍ਹਾ ਸਕੱਤਰ ਗੁਰਦੇਵ ਸਿੰਘ ਸਹਿਜੜਾ, ਮੁੱਖ ਸਲਾਹਕਾਰ ਭਾਨ ਸਿੰਘ ਸੰਘੇੜਾ ਨੇ ਕਿਹਾ ਕਿ ਜੇਕਰ 25 ਜਨਵਰੀ ਤੱਕ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ 28 ਜਨਵਰੀ ਤੋਂ ਅਣਮਿਥੇ ਸਮੇਂ ਲਈ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਜਿਸ ਦੀ ਜੁੰਮੇਵਾਰੀ ਸਬੰਧਿਤ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਚਰਨਜੀਤ ਕੌਰ, ਪਰਮਜੀਤ ਕੌਰ ਛੀਨੀਵਾਲ ਕਲਾਂ, ਰਾਣੀ ਕੌਰ ਸਹੌਰ, ਜਸਮੇਲ ਕੌਰ ਬੀਹਲਾ, ਲਾਭ ਕੌਰ ਮਹਿਲ ਕਲਾਂ, ਚੇਤ ਸਿੰਘ, ਉਜਾਗਰ ਸਿੰਘ ਆਦਿ ਆਗੂ ਹਾਜ਼ਰ ਸਨ।

ਸਹਾਇਤਾ (ਸੰਗਰਾਮੀ ਲਹਿਰ - ਫਰਵਰੀ 2015)

ਕਾਮਰੇਡ ਆਤਮਾ ਰਾਮ ਸਰਦੂਲਗੜ੍ਹ, ਸੂਬਾ ਪ੍ਰਧਾਨ ਲਾਲ ਝੰਡਾ ਭੱਠਾ ਲੇਬਰ ਯੂਨੀਅਨ ਨੇ ਆਪਣੇ ਬੇਟੇ ਜਗਦੇਵ ਰਾਮ ਦੀ ਸ਼ਾਦੀ ਜਸਪ੍ਰੀਤ ਰਾਣੀ ਪੁੱਤਰੀ ਸ਼੍ਰੀ ਓਮ ਪ੍ਰਕਾਸ਼ ਨਿਵਾਸੀ ਮੋਗਾ ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਦੀ ਸੂਬਾ ਕਮੇਟੀ ਨੂੰ 2000 ਰੁਪਏ, ਜ਼ਿਲ੍ਹਾ ਕਮੇਟੀ ਬਠਿੰਡਾ-ਮਾਨਸਾ ਨੂੰ 2000 ਰੁਪਏ, ਲਾਲ ਝੰਡਾ ਭੱਠਾ ਲੇਬਰ ਯੂਨੀਅਨ ਨੂੰ 1000 ਰੁਪਏ, 'ਸੰਗਰਾਮੀ ਲਹਿਰ' ਦੇ ਅਦਾਰੇ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਪਿਛਲੇ ਦਿਨੀਂ ਸਵਿੰਦਰ ਸਿੰਘ ਖਹਿਰਾ ਪਿੰਡ ਤਿੰਮੋਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਲੜਕੇ ਸਿਮਰਨਜੀਤ ਸਿੰਘ ਦਾ ਵਿਆਹ ਸਿਮਰਨਜੀਤ ਕੌਰ ਪੁੱਤਰੀ ਸ੍ਰੀ ਅਮਰੀਕ ਸਿੰਘ ਪਿੰਡ ਬੱਚੜੇ ਜ਼ਿਲ੍ਹਾ ਤਰਨ ਤਾਰਨ ਨਾਲ ਹੋਇਆ। ਵਿਆਹ ਦੀ ਖੁਸ਼ੀ ਵਿਚ ਲੜਕੇ ਦੇ ਪਿਤਾ ਸਵਿੰਦਰ ਸਿੰਘ ਨੇ ਸੀ.ਪੀ.ਐਮ.ਪੰਜਾਬ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਹਰਿੰਦਰ ਸਿੰਘ ਰੰਧਾਵਾ (ਪਠਾਨਕੋਟ) ਸੂਬਾਈ ਜਨਰਲ ਸਕੱਤਰ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਨੇ ਆਪਣੀ ਸਪੁੱਤਰੀ ਡਾਕਟਰ ਏਕਤਾਜੀਤ ਦੀ ਸ਼ਾਦੀ ਕਾਕਾ ਰਜਿੰਦਰ ਪਾਲ ਸਿੰਘ ਸਪੁੱਤਰ ਲੇਟ ਸਰਦਾਰ ਮਨਜੀਤ ਸਿੰਘ ਗਿੱਲ ਵਾਸੀ ਫਤਿਹਗੜ੍ਹ ਸ਼ੂਕਰਚੱਕ ਜ਼ਿਲ੍ਹਾ ਅੰਮ੍ਰਿਤਸਰ ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 10 ਹਜ਼ਾਰ ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਸ਼੍ਰੀ ਸੁਖਦੇਵ ਸਿੰਘ ਪਟਵਾਰੀ ਪਿੰਡ ਠੁੱਲੀਵਾਲ ਜ਼ਿਲ੍ਹਾ ਬਰਨਾਲਾ ਵਲੋਂ ਆਪਣੇ ਲੜਕੇ ਕਾਕਾ ਪਰਨਵੀਰ ਸਿੰਘ ਦੇ ਵਿਆਹ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਮਹਿੰਦਰ ਸਿੰਘ ਅੱਚਰਵਾਲ ਨੇ ਆਪਣੇ ਪੋਤਰੇ ਕਿਰਨਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਦੀ ਸ਼ਾਦੀ ਬੀਬੀ ਗੁਰਪ੍ਰੀਤ ਕੌਰ ਵਿਰਕ ਪੁੱਤਰੀ ਸ. ਸੋਹਣ ਸਿੰਘ ਵਿਰਕ ਪਿੰਡ ਡੇਹਲੋਂ ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਲੁਧਿਆਣਾ ਨੂੰ 15000 ਰੁਪਏ, ਜਮਹੂਰੀ ਕਿਸਾਨ ਸਭਾ ਨੂੰ 5000 ਰੁਪਏ, ਦਿਹਾਤੀ ਮਜ਼ਦੂਰ ਸਭਾ ਨੂੰ 2100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 2000 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਮਨਦੀਪ ਗਿੱਲ ਜਲੰਧਰ ਨੇ ਆਪਣੇ ਸਪੁੱਤਰ ਨਿਕਿਤ ਗਿੱਲ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਮੌਕੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਅਤੇ ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਇਕਾਈ ਗੁਰਦਾਸਪੁਰ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਪਿਆਰਾ ਸਿੰਘ ਤੇ ਸ਼੍ਰੀਮਤੀ ਹਰਬੰਸ ਕੌਰ ਪਿੰਡ ਅੱਛਰਵਾਲ ਨੇ ਆਪਣੇ ਪੋਤਰੇ ਅਵਰਾਜ ਸਿੰਘ (ਪੁੱਤਰ ਅਮਨਦੀਪ ਸਿੰਘ ਤੇ ਸ਼੍ਰੀਮਤੀ ਮਨਪ੍ਰੀਤ ਕੌਰ) ਦੇ ਜਨਮ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 4000 ਰੁਪਏ ਅਤੇ ਸੀ.ਪੀ.ਐਮ.ਪੰਜਾਬ ਜ਼ਿਲ੍ਹਾ  ਹੁਸ਼ਿਆਰਪੁਰ ਨੂੰ 1000 ਰੁਪਏ ਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਸੁਖਜੀਤ ਸਿੰਘ ਸਪੁੱਤਰ ਜਰਨੈਲ ਸਿੰਘ ਫਰੀਦ ਨਿਵਾਸੀ ਸੁੰਨੜ ਕਲਾਂ ਤਹਿਸੀਲ ਫਿਲੌਰ (ਜਲੰਧਰ) ਨੇ ਸੀ.ਪੀ.ਐਮ.ਪੰਜਾਬ ਨੂੰ 500 ਰੁਪਏ, ਜੇ.ਪੀ.ਐਮ.ਓ. ਜ਼ਿਲ੍ਹਾ ਜਲੰਧਰ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਜਸਵੰਤ ਸਿੰਘ ਸੰਧੂ ਨੇ ਆਪਣੇ ਪਿਤਾ ਸ੍ਰੀ ਕਰਨੈਲ ਸਿੰਘ ਸੰਧੂ ਪਿੰਡ ਮੰਗੀਆਂ ਜ਼ਿਲ੍ਹਾ ਗੁਰਦਾਸਪੁਰ ਦੀ ਅੰਤਮ ਅਰਦਾਸ ਸਮੇਂ ਸਮੂਹ ਪਰਵਾਰ ਵਲੋਂ ਸੀ.ਪੀ.ਐਮ.ਪੰਜਾਬ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਮਾਸਟਰ ਕਰਮ ਚੰਦ ਆਨੰਦਪੁਰ ਸਾਹਿਬ ਨੇ ਆਪਣੀ ਸੇਵਾ ਮੁਕਤੀ 'ਤੇ ਹੋਏ ਸਨਮਾਨ ਸਮਾਰੋਹ ਸਮੇਂ ਸੀ.ਪੀ.ਐਮ.ਪੰਜਾਬ ਨੂੰ 5100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਮਨਜੀਤ ਸਿੰਘ ਸੇਵਾ ਮੁਕਤ ਹੈਡਮਾਸਟਰ ਕਾਦੀਆਂ ਜਿਲ੍ਹਾ ਗੁਰਦਾਸਪੁਰ ਨੇ ਆਪਣੀਆਂ ਦੋ ਦੋਹਤਰੀਆਂ ਦੇ ਜਨਮ ਦਿਨ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਕਮੇਟੀ ਗੁਰਦਾਸਪੁਰ ਨੂੰ 10 ਹਜ਼ਾਰ ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਬਲਬੀਰ ਸਿੰਘ ਗੋਗੀ ਮੁਹੱਲਾ ਚੌਧਰੀਆਂ, ਫਿਲੌਰ, ਜ਼ਿਲ੍ਹਾ ਜਲੰਧਰ ਨੇ ਆਪਣੀ ਬੇਟੀ ਹਰਮੀਨ ਕੌਰ ਦੇ ਜਨਮ ਦਿਨ ਮੌਕੇ ਸੀ.ਪੀ.ਐਮ.ਪੰਜਾਬ ਯੂਨਿਟ ਫਿਲੌਰ ਨੂੰ 3100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ, ਦਿਹਾਤੀ ਮਜ਼ਦੂਰ ਸਭਾ ਪੰਜਾਬ ਤਹਿਸੀਲ ਫਿਲੌਰ ਇਕਾਈ ਨੂੰ 1000 ਰੁਪਏ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਯੂਨਿਟ ਫਿਲੌਰ ਨੂੰ ਇਕ ਹਜ਼ਾਰ ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਰਾਮ ਲਾਲ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਨੇ ਆਪਣੀ ਸੇਵਾ ਮੁਕਤੀ ਸਮੇਂ 'ਸੰਗਰਾਮੀ ਲਹਿਰ' ਨੂੰ ਸਹਾਇਤਾ ਵਜੋਂ 500 ਰੁਪਏ ਦਿਤੇ। 

ਕਾਮਰੇਡ ਕਰਨੈਲ ਸਿੰਘ ਫਿਲੌਰ ਦੇ ਲੜਕੇ ਸਾਥੀ ਹਰਭਜਨ ਸਿੰਘ ਦੀ ਪਤਨੀ ਬੀਬੀ ਪਵਿੱਤਰ ਕੌਰ ਦੇ ਸ਼ਰਧਾਂਜਲੀ ਸਮਾਗਮ ਸਮੇਂ ਪਰਿਵਾਰ ਵਲੋਂ ਸੀ.ਪੀ.ਐਮ.ਪੰਜਾਬ ਨੂੰ 1100 ਰੁਪਏ, 'ਸੰਗਰਾਮੀ ਲਹਿਰ' ਨੂੰ 5000 ਰੁਪਏ, ਦਿਹਾਤੀ ਮਜ਼ਦੂਰ ਸਭਾ ਨੂੰ 2500 ਰੁਪਏ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੂੰ 2500 ਰੁਪਏ ਸਹਾਇਤਾ ਵਜੋਂ ਦਿੱਤੇ ਗਏ। 

ਸਾਥੀ ਵਿਜੈ ਸਿੰਘ ਨੇ ਆਪਣੀ ਬੇਟੀ ਰੰਜਨਾ ਦੀ ਸ਼ਾਦੀ ਕਾਕਾ ਅਮਿਤ ਨਾਲ ਹੋਣ ਦੀ ਖੁਸ਼ੀ ਮੌਕੇ ਸੀ.ਪੀ.ਐਮ.ਪੰਜਾਬ ਚੰਡੀਗੜ੍ਹ ਇਕਾਈ ਨੂੰ 5000 ਰੁਪਏ, ਯੂਟੀ ਪਾਵਰਮੈਨ ਯੂਨੀਅਨ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

'ਸ਼ਾਰਲੀ ਐਬਦੋ' 'ਤੇ ਹਮਲਾ

ਪੈਰਿਸ ਤੋਂ ਛਪਦੇ ਵਿਅੰਗ-ਰਸਾਲੇ 'ਸ਼ਾਰਲੀ ਐਬਦੋ' ਦੇ ਦਫਤਰ 'ਤੇ ਪਿਛਲੇ ਦਿਨੀਂ 7 ਜਨਵਰੀ ਨੂੰ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਜਿਸ ਵਿਚ ਇਸ ਦੇ 12 ਪੱਤਰਕਾਰ ਤੇ ਮੁਲਾਜ਼ਮ ਮਾਰੇ ਗਏ। ਇਹ ਹਮਲਾ ਇਸ ਰਸਾਲੇ ਵਲੋਂ ਪੈਗੰਬਰ ਮੁਹੰਮਦ ਸਾਹਿਬ ਦੇ ਕਾਰਟੂਨ ਛਾਪਣ ਵਿਰੁੱਧ ਕੀਤਾ ਗਿਆ। ਇਸ ਹਮਲੇ ਦੀ ਦੁਨੀਆਂ ਭਰ 'ਚ ਨਿੰਦਾ ਹੋਈ ਹੈ। ਇਹ ਹਮਲਾ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਹਮਲਾ ਹੈ। ਹਰ ਇਕ ਨੂੰ ਆਪਣੇ ਵਿਚਾਰ ਪ੍ਰਗਟਾਉਣ ਦਾ ਪੂਰਾ ਅਧਿਕਾਰ ਹੈ ਤੇ ਹਰ ਇਕ ਨੂੰ ਕਿਸੇ ਦੂਸਰੇ ਦੇ ਵਿਚਾਰਾਂ ਨਾਲ ਅਸਹਿਮਤ ਹੋਣ ਦੀ ਵੀ ਆਜ਼ਾਦੀ ਹੈ ਪਰ ਇਹ ਅਸਹਿਮਤੀ ਕਿਸੇ ਦੀ ਜਾਨ ਲੈਣ ਤੱਕ ਨਹੀਂ ਚਲੀ ਜਾਣੀ ਚਾਹੀਦੀ। 'ਸ਼ਾਰਲੀ ਐਬਦੋ' ਆਪਣੇ ਵਿਅੰਗਾਤਮਕ ਕਾਰਟੂਨਾਂ ਲਈ ਜਾਣਿਆ ਜਾਂਦਾ ਹੈ। ਇਸ ਵਲੋਂ ਕਈ ਮੌਕਿਆਂ 'ਤੇ ਪੈਗੰਬਰ ਮੁਹੰਮਦ ਸਾਹਿਬ ਦੇ ਕਾਰਟੂਨ ਛਾਪੇ ਜਾਂਦੇ ਰਹੇ ਹਨ ਜਿਨ੍ਹਾਂ ਨੂੰ ਲੈ ਕੇ ਹੰਗਾਮਾ ਵੀ ਖੜਾ ਹੁੰਦਾ ਰਿਹਾ ਹੈ। 
ਨੋਟ ਕਰਨ ਵਾਲੀ ਗੱਲ ਹੈ ਕਿ 'ਸ਼ਾਰਲੀ ਐਬਦੋ' 'ਤੇ ਹਮਲਾ ਪੈਗੰਬਰ ਮੁਹੰਮਦ ਸਾਹਿਬ ਦੇ ਕਾਰਟੂਨ ਛਾਪਣ ਕਾਰਨ ਹੋਇਆ ਹੈ ਤੇ ਇਸ ਨੇ ਹਮਲੇ ਤੋਂ ਬਾਅਦ ਆਪਣਾ ਪ੍ਰਕਾਸ਼ਨ ਮੁੜ ਮੁਹੰਮਦ ਸਾਹਿਬ ਦਾ ਕਾਰਟੂਨ ਛਾਪ ਕੇ ਕੀਤਾ ਹੈ। ਇਹ ਗੱਲ ਸਭ ਨੂੰ ਭਲੀਭਾਂਤ ਪਤਾ ਹੈ ਕਿ ਮੁਸਲਿਮ ਭਾਈਚਾਰਾ ਪੈਗੰਬਰ ਮੁਹੰਮਦ ਸਾਹਿਬ ਨੂੰ ਮਜ਼ਾਕ ਦਾ ਪਾਤਰ ਬਣਾਏ ਜਾਣਾ ਬਰਦਾਸ਼ਤ ਨਹੀਂ ਕਰਦਾ, ਫਿਰ ਮੁੜ ਕੇ ਉਹੀ ਗਲਤੀ ਕਰਨਾ ਵੀ ਜਾਇਜ਼ ਨਹੀਂ ਹੈ। 
ਧਰਮ ਇਕ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ। ਇਸ ਸੰਬੰਧ ਵਿਚ ਗੱਲ ਕਰਨ ਲੱਗਿਆਂ ਬਹੁਤ ਹੀ ਚੌਕਸੀ ਵਰਤਣੀ ਪੈਂਦੀ ਹੈ। ਕਿਸੇ ਧਰਮ ਦੇ ਗੁਰੂ ਬਾਰੇ ਛੇੜਖਾਨੀਆਂ ਕਰਕੇ ਇਹ ਆਸ ਰੱਖਣੀ ਕਿ ਭੜਕਾਹਟ ਪੈਦਾ ਨਹੀਂ  ਹੋਵੇਗੀ, ਕਿਸੇ ਵੀ ਤਰ੍ਹਾਂ ਮੁਮਕਿਨ ਨਹੀਂ। 'ਸ਼ਾਰਲੀ ਐਬਦੋ' ਵਲੋਂ ਆਪਣੇ ਰਸਾਲੇ ਦੇ ਕਵਰ ਪੇਜ਼ 'ਤੇ ਛਾਪੇ ਕਾਰਟੂਨ ਵਿਰੁੱਧ ਪਾਕਿਸਤਾਨ, ਅਫਗਾਨਿਸਤਾਨ ਤੇ ਫਲਸਤੀਨ ਸਮੇਤ ਦੁਨੀਆਂ ਭਰ ਦੇ ਮੁਸਲਮਾਨਾਂ ਨੇ ਮੁਜ਼ਾਹਰੇ ਕੀਤੇ ਹਨ। 
ਜਿਥੇ ਪ੍ਰੈਸ ਦੀ ਆਜ਼ਾਦੀ ਦਾ ਸਤਿਕਾਰ ਲਾਜ਼ਮੀ ਹੈ, ਉਥੇ ਪ੍ਰੈਸ ਨੂੰ ਵੀ ਆਪਣੀ ਆਜ਼ਾਦੀ ਦੀਆਂ ਸੀਮਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ। 
- ਇੰਦਰਜੀਤ ਚੁਗਾਵਾਂ

Monday, 5 January 2015

ਸੰਪਾਦਕੀ (ਸੰਗਰਾਮੀ ਲਹਿਰ - ਜਨਵਰੀ 2015)


ਦੋ ਰਾਜਾਂ ਦੇ ਚੋਣ ਨਤੀਜੇ 
ਪਿਛਲੇ ਦਿਨੀਂ ਭਾਰਤ ਦੇ ਦੋ ਰਾਜਾਂ - ਝਾਰਖੰਡ ਅਤੇ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾਵਾਂ ਲਈ ਹੋਈਆਂ ਚੋਣਾਂ ਦੇ ਨਤੀਜੇ ਬਹੁਤੇ ਹੈਰਾਨੀਜਨਕ ਨਹੀਂ ਰਹੇ। ਇਹ ਰਾਜਸੀ ਸੂਝਬੂਝ ਰੱਖਣ ਵਾਲੇ, ਆਮ ਲੋਕਾਂ ਦੀਆਂ ਉਮੀਦਾਂ ਅਨੁਸਾਰ ਹੀ ਕਹੇ ਜਾ ਸਕਦੇ ਹਨ। ਭਾਜਪਾ ਦੇ ਜਿਹੜੇ ਆਗੂ ਇਹਨਾਂ ਚੋਣਾਂ ਤੋਂ ਵੀ ਵੱਡੀਆਂ ਆਸਾਂ ਲਾਈ ਬੈਠੇ ਸਨ, ਉਹਨਾਂ ਨੂੰ ਜ਼ਰੂਰ ਨਿਰਾਸ਼ਾ ਹੋਈ ਹੈ। 
ਉਂਝ, ਦੋਵਾਂ ਹੀ ਰਾਜਾਂ ਵਿਚ ਭਾਜਪਾ ਨੇ ਆਪਣੀ ਸਥਿਤੀ ਬੇਹਤਰ ਬਣਾਈ ਹੈ, ਜਦੋਂਕਿ ਕਾਂਗਰਸ ਪਾਰਟੀ ਨੂੰ ਦੋਵੀਂ ਥਾਈਂ ਇਕ ਵਾਰ ਫਿਰ, ਵੱਡਾ ਝਟਕਾ ਲੱਗਾ ਹੈ। ਝਾਰਖੰਡ ਵਿਚ ਭਾਜਪਾ ਨੇ, ਆਪਣੇ ਸਹਿਯੋਗੀਆਂ ਦੀ ਸਹਾਇਤਾ ਨਾਲ, 81 ਮੈਂਬਰੀ ਹਾਊਸ ਵਿਚ 42 ਸੀਟਾਂ ਪ੍ਰਾਪਤ ਕਰਕੇ ਸਰਕਾਰ ਬਨਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ। ਜੰਮੂ-ਕਸ਼ਮੀਰ ਵਿਚ ਕਿਸੇ ਵੀ ਪਾਰਟੀ ਜਾਂ ਗਠਜੋੜ ਨੂੰ ਬਹੁਮੱਤ ਨਹੀਂ ਮਿਲਿਆ। ਏਥੇ ਵੀ, ਪੀ.ਡੀ.ਪੀ. ਦੀਆਂ 28 ਸੀਟਾਂ ਦੇ ਟਾਕਰੇ ਵਿਚ ਭਾਜਪਾ 25 ਸੀਟਾਂ ਜਿੱਤਕੇ ਦੂਜੀ ਵੱਡੀ ਪਾਰਟੀ ਬਣ ਗਈ ਹੈ। ਕਾਂਗਰਸ ਪਾਰਟੀ ਨੂੰ, ਬੇਰੁਜ਼ਗਾਰੀ, ਮਹਿੰਗਾਈ ਤੇ ਭਰਿਸ਼ਟਾਚਾਰ ਦੇ ਭੰਨੇ ਹੋਏ ਲੋਕਾਂ ਨੇ ਦੋਵਾਂ ਰਾਜਾਂ ਵਿਚ ਹੀ ਰੱਦ ਕਰ ਦਿੱਤਾ ਹੈ। ਲੋਕਾਂ ਦੇ ਮਨਾਂ ਅੰਦਰ ਇਹ ਗੱਲ ਪੂਰੀ ਤਰ੍ਹਾਂ ਘਰ ਕਰ ਚੁੱਕੀ ਹੈ ਕਿ ਉਹਨਾਂ ਦੀਆਂ ਅਜੇਹੀਆਂ ਸਾਰੀਆਂ ਹੀ ਮੁਸੀਬਤਾਂ ਲਈ ਕਾਂਗਰਸ ਪਾਰਟੀ ਤੇ ਉਸਦੇ ਸਹਿਯੋਗ ਨਾਲ ਬਣੀਆਂ ਸਰਕਾਰਾਂ ਜ਼ੁੰਮੇਵਾਰ ਹਨ। ਏਸੇ ਲਈ ਦੋਵਾਂ ਰਾਜਾਂ 'ਚ ਕਾਂਗਰਸ ਨਾਲ ਗਠਜੋੜ ਕਰਕੇ ਬਣੀਆਂ ਹੋਈਆਂ ਸਰਕਾਰਾਂ ਵੀ ਹਾਰੀਆਂ ਹਨ ਅਤੇ ਕਾਂਗਰਸ ਦੀ ਆਪਣੀ ਹਾਲਤ ਵੀ ਹੋਰ ਨਿਘਰੀ ਹੈ। ਦੋਵਾਂ ਰਾਜਾਂ ਵਿਚ ਇਹ ਚੌਥੇ ਸਥਾਨ ਤੇ ਪੁੱਜ ਗਈ ਹੈ। ਝਾਰਖੰਡ ਵਿਚ ਕਾਂਗਰਸੀ ਵਿਧਾਨਕਾਰਾਂ ਦੀ ਗਿਣਤੀ 14 ਤੋਂ ਘੱਟਕੇ 6 ਰਹਿ ਗਈ ਹੈ ਜਦੋਂਕਿ ਜੰਮੂ ਕਸ਼ਮੀਰ ਵਿਚ ਇਸਦੀਆਂ 5 ਸੀਟਾਂ ਘਟੀਆਂ ਹਨ ਅਤੇ ਇਹ ਹੁਣ 12 'ਤੇ ਪੁੱਜ ਗਈ ਹੈ। 
ਇਸ ਦੇ ਟਾਕਰੇ ਵਿਚ ਭਾਜਪਾ ਨੇ ਆਪਣੇ ਮੈਂਬਰਾਂ ਦੀ ਗਿਣਤੀ ਵਿਚ ਚੰਗਾ ਵਾਧਾ ਕੀਤਾ ਹੈ। ਪਿਛਲੇ ਹਾਊਸ ਦੇ ਮੁਕਾਬਲੇ ਵਿਚ, ਝਾਰਖੰਡ ਅੰਦਰ ਇਹ 19 ਤੋਂ ਵਧਾਕੇ 37 'ਤੇ ਅਤੇ  ਜੰਮੂ-ਕਸ਼ਮੀਰ ਵਿਚ 11 ਤੋਂ ਵੱਧਕੇ 25 ਤੱਕ ਪੁੱਜ ਗਈ ਹੈ। ਉਂਝ ਇਹ ਵੀ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਭਾਜਪਾ ਦੀਆਂ ਇਹ ਪ੍ਰਾਪਤੀਆਂ ਨਿਸ਼ਚੇ ਹੀ ਸੰਘ ਪਰਵਾਰ ਵਲੋਂ ਦੇਸ਼ ਭਰ ਵਿਚ ਪੂਰੇ ਜੋਰ ਸ਼ੋਰ ਨਾਲ ਕੀਤੇ ਜਾ ਰਹੇ ਫਿਰਕੂ  ਧਰੁਵੀਕਰਨ ਦੀ ਉਪਜ ਹੀ ਹਨ। ਏਸੇ ਆਧਾਰ 'ਤੇ ਜੰਮੂ ਖੇਤਰ ਵਿਚ ਤਾਂ ਉਹ 37 'ਚੋਂ 25 ਸੀਟਾਂ ਜਿੱਤ ਗਈ ਹੈ। ਪ੍ਰੰਤੂ ਵਾਦੀ ਅੰਦਰ ਉਸ ਨੂੰ ਇਕ ਵੀ ਸੀਟ ਨਹੀਂ ਮਿਲੀ। ਏਥੇ ਉਸ ਨੂੰ ਸਿਰਫ 3% ਵੋਟਾਂ ਹੀ ਮਿਲੀਆਂ। ਉਹਨਾਂ 'ਚੋਂ ਵੀ ਵਧੇਰੇ ਡਾਕ ਰਾਹੀਂ ਆਈਆਂ ਹੋਈਆਂ ਸਨ। ਅਤੇ, ਉਸਦੇ 33 ਚੋਂ 32 ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋਈਆਂ ਹਨ। ਫਿਰਕੂ ਆਧਾਰ 'ਤੇ ਹੋ ਰਿਹਾ ਇਹ ਮਾਰੂ ਧਰੁਵੀਕਰਨ ਭਵਿੱਖ ਵਿਚ ਬਹੁਤ ਹੀ ਘਾਤਕ ਤੇ ਖਤਰਨਾਕ ਘਟਨਾਵਾਂ ਦਾ  ਰੂਪ ਧਾਰਨ ਕਰ ਸਕਦਾ ਹੈ। ਇਹ ਢਾਡੀ ਚਿੰਤਾ ਦਾ ਵਿਸ਼ਾ ਹੈ। 
ਇਸ ਤੋਂ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਸੱਤਾ ਪ੍ਰਾਪਤੀ ਤੋਂ ਬਾਅਦ ਵਿਕਾਸ ਮੁਖੀ ਪਹੁੰਚ ਅਪਨਾਉਣ ਦੇ ਕੀਤੇ ਜਾ ਰਹੇ ਥੋਥੇ ਦਾਅਵੇ ਅਤੇ ਸਰਕਾਰੀ ਤੇ ਕਾਰਪੋਰੇਟ ਮੀਡੀਏ ਰਾਹੀਂ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਕੀਤੀ ਜਾ ਰਹੀ ਸ਼ੋਰੀਲੀ ਬਿਆਨਬਾਜ਼ੀ ਲੋਕਾਂ ਨੂੰ ਪ੍ਰਭਾਵਤ ਕਰਨ ਵਿਚ ਵੱਡੀ ਹੱਦ ਤੱਕ ਅਸਫਲ ਸਿੱਧ ਹੋ ਰਹੀ ਹੈ। ਕਿਉਂਕਿ ਪਾਰਲੀਮਾਨੀ ਚੋਣਾਂ ਸਮੇਂ ਵੀ ਭਾਜਪਾ, ਫਿਰਕੂ ਪ੍ਰਚਾਰ ਦੇ ਬਲਬੂਤੇ, 31% ਵੋਟਾਂ ਪ੍ਰਾਪਤ ਕਰਕੇ ਬਹੁਮੱਤ ਲੈ ਗਈ ਸੀ ਅਤੇ ਇਹਨਾਂ ਦੋਵਾਂ  ਰਾਜਾਂ ਦੀਆਂ ਚੋਣਾਂ ਵਿਚ ਵੀ ਉਸਨੂੰ ਇਕ ਤਿਹਾਈ ਤੋਂ ਵੱਧ ਵੋਟਾਂ ਨਹੀਂ ਮਿਲਦੀਆਂ। ਝਾਰਖੰਡ ਵਿਚ ਭਾਜਪਾ ਨੂੰ 34% ਅਤੇ ਜੰਮੂ ਕਸ਼ਮੀਰ ਵਿਚ 23% ਦੇ ਕਰੀਬ ਵੋਟਾਂ ਹੀ ਮਿਲੀਆਂ ਹਨ।  ਇਹ ਸਿੱਧ ਕਰਦਾ ਹੈ ਕਿ ਦੇਸ਼ ਦਾ ਤੇਜ਼ੀ ਨਾਲ ਵਿਕਾਸ ਕਰਨ, ਕਾਲਾ ਧਨ ਵਿਦੇਸ਼ਾਂ ਤੋਂ ਵਾਪਸ ਲਿਆਉਣ, ਅਤੇ ਲੋਕਾਂ ਲਈ ਚੰਗੇ ਦਿਨ ਲਿਆਉਣ ਦੇ ਮੋਦੀ ਸਰਕਾਰ ਦੇ ਦਾਅਵਿਆਂ ਤੋਂ ਲੋਕਾਂ ਦਾ ਛੇਤੀ ਹੀ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਹੈ। ਲੋਕ ਤਾਂ ਰੁਜ਼ਗਾਰ ਚਾਹੁੰਦੇ ਹਨ, ਗਰੀਬੀ ਤੋਂ ਮੁਕਤੀ  ਚਾਹੁੰਦੇ ਹਨ ਅਤੇ ਵਿਆਪਕ ਰੂਪ ਵਿਚ ਫੈਲ ਚੁੱਕੀ ਰਿਸ਼ਵਤਖੋਰੀ ਅਤੇ ਹਰ ਤਰ੍ਹਾਂ ਦੇ ਜ਼ਬਰ ਤੋਂ ਛੁਟਕਾਰਾ ਹਾਸਲ ਕਰਨਾ ਚਾਹੁੰਦੇ ਹਨ। ਇਸ ਵਾਸਤੇ ਹਰ ਚੋਣ ਸਮੇਂ ਵੀ ਉਹ ਅਕਸਰ ਹੀ ਕਿਸੇ ਲੋਕ ਪੱਖੀ ਬਦਲ ਵੱਲ ਝਾਕਦੇ ਹਨ। ਇਹਨਾਂ ਚੋਣਾਂ ਸਮੇਂ ਵੀ ਇਸ ਗੱਲ ਦਾ ਸਪੱਸ਼ਟ ਪ੍ਰਗਟਾਵਾ ਹੋਇਆ ਹੈ। ਕੌਮੀ ਪਾਰਟੀਆਂ ਦੇ ਟਾਕਰੇ ਵਿਚ, ਦੋਵਾਂ ਥਾਵਾਂ 'ਤੇ ਖੇਤਰੀ ਪਾਰਟੀਆਂ ਨੂੰ ਲੋਕਾਂ ਨੇ ਵੱਧ ਸਮਰਥਨ ਦਿੱਤਾ ਹੈ। ਜੰਮੂ-ਕਸ਼ਮੀਰ ਵਿਚ ਪੀ.ਡੀ.ਪੀ. ਨੇ ਭਾਜਪਾ ਦੇ ਬਰਾਬਰ ਹੀ 23% ਵੋਟਾਂ ਪ੍ਰਾਪਤ ਕੀਤੀਆਂ ਹਨ ਅਤੇ 28 ਸੀਟਾਂ ਜਿੱਤਕੇ ਉਹ ਸਰਕਾਰ ਬਨਾਉਣ ਲਈ ਸਭ ਤੋਂ ਵੱਡੀ ਦਾਅਵੇਦਾਰ ਹੈ। ਏਸੇ ਤਰ੍ਹਾਂ ਝਾਰਖੰਡ ਵਿਚ ਹੇਮੰਤ ਸੋਰੇਨ ਦੀ ਅਗਵਾਈ ਹੇਠ ਝਾਰਖੰਡ ਮੁਕਤੀ ਮੋਰਚੇ ਨੇ, ਕਾਂਗਰਸ ਪਾਰਟੀ ਤੇ ਉਸਦੇ ਹੋਰ ਸਹਿਯੋਗੀਆਂ ਨਾਲ ਮਿਲਕੇ ਬਣਾਈ ਹੋਈ ਪਿਛਲੀ ਕੁਲੀਸ਼ਨ ਸਰਕਾਰ ਦੀਆਂ ਨਾ-ਪੱਖੀ ਪ੍ਰਾਪਤੀਆਂ ਦਾ ਟਾਕਰਾ ਕਰਦਿਆਂ ਹੋਇਆਂ ਵੀ, ਇਕੱਲਿਆਂ ਚੋਣਾਂ ਲੜਕੇ ਆਪਣੇ ਜਨ ਆਧਾਰ ਨੂੰ ਨਾ ਸਿਰਫ ਕਾਇਮ ਰੱਖਿਆ ਹੈ ਬਲਕਿ ਇਕ ਸੀਟ ਵੀ ਵਧਾਈ ਹੈ ਅਤੇ ਕਾਂਗਰਸ ਤੇ ਉਸਦੇ ਆਰ.ਜੇ.ਡੀ. ਤੇ ਜਨਤਾ ਦਲ (ਯੂ) ਵਰਗੇ ਸਹਿਯੋਗੀਆਂ ਨੂੰ ਹਾਸ਼ੀਏ 'ਤੇ ਧੱਕ ਦਿੱਤਾ ਹੈ। 
ਇਹਨਾਂ ਚੋਣਾਂ ਦਾ ਇਕ ਸਵਾਗਤਯੋਗ ਪੱਖ ਇਹ ਵੀ ਹੈ ਕਿ ਬੁਰਜ਼ਵਾ ਪਾਰਟੀਆਂ ਵਲੋਂ ਕੀਤੇ ਜਾ ਰਹੇ ਅਤੀ ਮਹਿੰਗੇ ਤੇ ਸ਼ੋਰੀਲੇ ਚੋਣ ਪ੍ਰਚਾਰ ਤੇ ਲੋਕਾਂ ਨੂੰ ਦਿੱਤੇ ਜਾਂਦੇ ਲੋਭ ਲਾਲਚਾਂ ਦੇ ਬਾਵਜੂਦ ਝਾਰਖੰਡ ਵਿਚ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੇ ਉਮੀਦਵਾਰ ਸਾਥੀ ਰਾਜ ਕੁਮਾਰ ਯਾਦਵ ਨੇ ਧਨਵਾੜ ਹਲਕੇ ਤੋਂ 50634 ਵੋਟਾਂ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਉਸਨੇ ਸਾਬਕਾ ਮੁੱਖ ਮੰਤਰੀ ਬਾਬੂ ਲਾਲ ਮਰਾਂਡੀ ਨੂੰ ਉਸਦੇ ਜੱਦੀ ਹਲਕੇ ਤੋਂ 10712 ਵੋਟਾਂ ਦੇ ਫਰਕ ਨਾਲ ਹਰਾਇਆ। ਏਥੇ ਹੀ ਇਕ ਹੋਰ ਸੀਟ ਬਾਗੋਦਰ ਤੋਂ ਖੱਬੀ ਧਿਰ ਦੀ ਇਸ ਪਾਰਟੀ ਦੇ ਉਮੀਦਵਾਰ ਵਿਨੋਦ ਸਿੰਘ ਨੇ ਵੀ 70559 ਵੋਟਾਂ ਹਾਸਲ ਕੀਤੀਆਂ ਹਨ। ਏਸੇ ਸੀਟ ਤੋਂ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦਾ ਜੁਝਾਰੂ ਸਾਥੀ ਮਹਿੰਦਰ ਸਿੰਘ 1990 ਤੋਂ ਲਗਾਤਾਰ ਜਿੱਤਦਾ ਆਇਆ ਸੀ। ਉਸ ਨੂੰ 2004 ਵਿਚ ਸ਼ਹੀਦ ਕਰ ਦੇਣ ਉਪਰੰਤ ਇਸ ਵਾਰ ਪਾਰਟੀ ਨੇ ਪਿਛਲੀ ਚੋਣ ਦੇ ਮੁਕਾਬਲੇ ਵਿਚ 16000 ਵੱਧ ਵੋਟਾਂ ਹਾਸਲ ਕਰਨ ਦੇ ਬਾਵਜੂਦ ਇਹ ਸੀਟ ਸਿਰਫ 4339 ਵੋਟਾਂ ਦੇ ਫਰਕ ਨਾਲ ਹਾਰੀ ਹੈ। ਏਸੇ ਤਰ੍ਹਾਂ ਜੰਮੂ-ਕਸ਼ਮੀਰ ਵਿਚ ਵੀ ਕਸ਼ਮੀਰ ਵਾਦੀ ਅੰਦਰਲੀ ਕੁਲਗਾਮ ਸੀਟ ਤੋਂ ਸੀ.ਪੀ.ਆਈ.(ਐਮ) ਦੇ ਉਮੀਦਵਾਰ ਸਾਥੀ ਯੂਸਫ ਮੁਹੰਮਦ ਤਾਰੀਗਾਮੀ ਨੇ ਚੌਥੀ ਵਾਰ ਜਿੱਤ ਹਾਸਲ ਕੀਤੀ ਹੈ। 
ਇਹਨਾਂ ਚੋਣਾਂ ਨੇ ਇਕ ਵਾਰ ਫਿਰ ਇਸ ਤੱਥ ਨੂੰ ਸਥਾਪਤ ਕੀਤਾ ਹੈ ਕਿ ਬੁਰਜ਼ਵਾ ਪਾਰਟੀਆਂ ਆਮ ਤੌਰ 'ਤੇ ਚੋਣਾਂ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਨਾਲ ਸਬੰਧਤ ਮੁੱਦਿਆਂ 'ਤੇ ਨਹੀਂ ਲੜਦੀਆਂ। ਚੋਣਾਂ ਜਿੱਤਣ ਲਈ ਉਹ ਧਾਰਮਿਕ, ਜਾਤੀਪਾਤੀ ਅਤੇ ਨਸਲੀ ਵੱਖਰੇਵਿਆਂ ਆਦਿ ਦੀ ਘੋਰ ਕੁਵਰਤੋਂ ਕਰਦੀਆਂ ਅਤੇ ਹੋਰ ਵੀ ਹਰ ਤਰ੍ਹਾਂ ਦੇ ਅਨੈਤਿਕ ਹਥਕੰਡੇ ਵਰਤਦੀਆਂ ਹਨ। ਪ੍ਰੰਤੂ ਲੋਕੀਂ ਤਾਂ ਆਪਣੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਮੁਸ਼ਕਲਾਂ ਦਾ ਹੱਲ ਚਾਹੁੰਦੇ ਹਨ। ਉਹ ਤਾਂ ਅਜੇਹੀ ਸਰਕਾਰ ਚਾਹੁੰਦੇ ਹਨ ਜਿਹੜੀ ਕਿ ਸਾਰਿਆਂ ਲਈ ਰੁਜ਼ਗਾਰ ਦੇ ਢੁਕਵੇਂ ਵਸੀਲੇ ਪੈਦਾ ਕਰੇ, ਉਹਨਾਂ ਨੂੰ ਗਰੀਬੀ ਤੇ ਤੰਗਦਸਤੀ ਤੋਂ ਮੁਕਤ ਕਰੇ, ਮਹਾਂਮਾਰੀਆਂ ਦੇ ਰੂਪ ਵਿਚ ਫੈਲ ਰਹੀਆਂ ਬਿਮਾਰੀਆਂ ਨੂੰ ਰੋਕੇ, ਸਸਤੀ ਤੇ ਮਿਆਰੀ ਵਿਦਿਆ ਦਾ ਅਤੇ ਸਸਤੀਆਂ ਸਿਹਤ ਸਹੂਲਤਾਂ ਦਾ ਪ੍ਰਬੰਧ ਕਰੇ, ਭਰਿਸ਼ਟਾਚਾਰ ਨੂੰ ਨੱਥ ਪਾਵੇ ਅਤੇ ਗਰੀਬ ਦਲਿਤਾਂ ਤੇ ਔਰਤਾਂ ਉਪਰ ਵੱਧ ਰਹੇ ਅਤਿਆਚਾਰਾਂ ਤੋਂ ਉਹਨਾਂ ਨੂੰ ਸੁਰੱਖਿਅਤ ਕਰੇ। ਨਿਸ਼ਚੇ ਹੀ ਇਹ ਸਾਰੇ ਮਹਾਨ ਕਾਰਜ ਖੱਬੀਆਂ ਸ਼ਕਤੀਆਂ ਹੀ ਕਰ ਸਕਦੀਆਂ ਹਨ, ਜਿਹੜੀਆਂ ਕਿ ਬਦਲਵੀਆਂ, ਜਮਹੂਰੀ ਤੇ ਲੋਕ ਪੱਖੀ ਆਰਥਕ ਤੇ ਸਮਾਜਿਕ ਨੀਤੀਆਂ ਲਈ ਪ੍ਰਤੀਬੱਧ ਹਨ। ਲੋੜ ਇਸ ਗੱਲ ਦੀ ਹੈ ਕਿ ਆਮ ਲੋਕਾਂ ਨੂੰ ਇਹਨਾਂ ਨੀਤੀਆਂ ਨਾਲ ਜੋੜਨ ਵਾਸਤੇ, ਬਿਨਾਂ ਕੋਈ ਸਮਾਂ ਗੰਵਾਇਆਂ, ਹਾਕਮਾਂ ਦੀਆਂ ਸਰਮਾਏਦਾਰ ਪੱਖੀ ਤੇ ਤਬਾਹਕੁੰਨ ਨੀਤੀਆਂ ਵਿਰੁੱਧ ਅਤੇ ਲੋਕਾਂ ਦੇ ਭਖਦੇ ਸਾਂਝੇ ਮੁੱਦਿਆਂ ਉਪਰ ਵਿਸ਼ਾਲ ਜਨਤਕ ਘੋਲ ਲਾਮਬੰਦ ਕੀਤੇ ਜਾਣ। 
- ਹਰਕੰਵਲ ਸਿੰਘ (27.12.2014)

ਖੱਬੀ ਧਿਰ ਦੇ ਵਿਕਾਸ ਲਈ ਕੁੱਝ ਜ਼ਰੂਰੀ ਮੁੱਦੇ

ਮੰਗਤ ਰਾਮ ਪਾਸਲਾ

ਦੇਸ਼ ਦੇ ਮੌਜੂਦਾ ਸੰਕਟਮਈ ਦੌਰ ਵਿਚ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਸਾਮਰਾਜੀ ਹਿਤਾਂ ਦੇ ਅਨੁਕੂਲ 'ਵਿਕਾਸ ਮਾਡਲ' ਨੂੰ ਅੱਗੇ ਵਧਾਉਣ ਲਈ ਪੱਬਾਂ ਭਾਰ ਹੋਈ ਪਈ ਹੈ ਅਤੇ ਮਿਹਨਤਕਸ਼ ਲੋਕਾਂ ਨੂੰ ਫਿਰਕੂ ਅਧਾਰ 'ਤੇ ਵੰਡ ਕੇ ਸਾਮਰਾਜੀਆਂ ਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਖਸੁੱਟ ਵਿਰੁੱਧ ਉਠ ਰਹੀ ਲੋਕ ਲਹਿਰ ਨੂੰ ਕਮਜ਼ੋਰ ਕਰਨ ਦੇ ਯਤਨ ਕਰ ਰਹੀ ਹੈ, ਉਸ ਸਮੇਂ ਦੇਸ਼ ਅੰਦਰ ਇਕ ਮਜ਼ਬੂਤ ਤੇ ਵਿਸ਼ਾਲ ਖੱਬੀ ਲਹਿਰ ਅਤੀ ਲੋੜੀਂਦੀ ਹੈ। ਇਸ ਲਹਿਰ ਦੀ ਅਹਿਮੀਅਤ ਉਦੋਂ ਹੋਰ ਵੀ ਵੱਧ ਜਾਂਦੀ ਹੈ, ਜਦੋਂ ਸਰਮਾਏਦਾਰ-ਜਗੀਰਦਾਰ ਜਮਾਤਾਂ ਦੇ ਹਿਤਾਂ ਦੀ ਰਖਵਾਲੀ ਕਰ ਰਹੀਆਂ ਸਾਰੀਆਂ ਹੀ ਹੁਕਮਰਾਨ ਤੇ ਵਿਰੋਧੀ ਧਿਰ ਵਿਚ ਬੈਠੀਆਂ ਰਾਜਨੀਤਕ ਪਾਰਟੀਆਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਹੱਕ ਵਿਚ ਖਲੋ ਗਈਆਂ ਹਨ। ਸਾਡੇ ਦੇਸ਼ ਦੀਆਂ ਹਾਕਮ ਜਮਾਤਾਂ ਨੇ ਆਪਣੇ ਹਿੱਤਾਂ ਨੂੰ ਸਾਮਰਾਜੀ ਸ਼ਕਤੀਆਂ ਨਾਲ ਵੱਡੀ ਹੱਦ ਤੱਕ ਆਤਮਸਾਤ ਕਰ ਲਿਆ ਹੈ। ਇਹ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੇ ਬਰਾਬਰ ਹੈ। 
ਪਿਛਲੇ ਸਮਿਆਂ ਵਿਚ ਦੇਸ਼ ਦੀਆਂ ਸੰਘਰਸ਼ਸ਼ੀਲ ਖੱਬੀਆਂ ਧਿਰਾਂ ਨੇ ਹਾਕਮ ਜਮਾਤਾਂ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ, ਕਿਰਤੀ ਜਨ ਸਮੂਹਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਅਤੇ ਧਰਮ ਨਿਰਪੱਖਤਾ ਤੇ ਜਮਹੂਰੀਅਤ ਦੀ ਰਾਖੀ ਲਈ ਡਟਵੇਂ ਸੰਘਰਸ਼ ਕੀਤੇ ਹਨ ਤੇ ਅਨੇਕਾਂ ਮਹੱਤਵਪੂਰਨ ਪ੍ਰਾਪਤੀਆਂ ਵੀ ਕੀਤੀਆਂ ਹਨ। ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਵਾਸਤੇ ਫਿਰਕੂ ਤੇ ਵੰਡਵਾਦੀ ਤਾਕਤਾਂ ਦਾ ਮੁਕਾਬਲਾ ਕਰਦਿਆਂ ਹੋਇਆਂ ਕੀਤੀਆਂ ਗਈਆਂ ਕੁਰਬਾਨੀਆਂ ਦੇ ਇਤਿਹਾਸ ਰਚਣ ਦਾ ਸਿਹਰਾ ਵੀ ਖੱਬੀਆਂ ਧਿਰਾਂ ਨਾਲ ਨੇੜੇ ਤੋਂ ਜੁੜਿਆ ਹੋਇਆ ਹੈ। ਪ੍ਰੰਤੂ ਇਸ ਹਕੀਕਤ ਤੋਂ ਵੀ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ ਕਿ ਇਹ ਸਾਰਾ ਕੁੱਝ ਕਰਨ ਦੇ ਬਾਵਜੂਦ ਅੱਜ ਦੇਸ਼ ਦੇ ਰਾਜਸੀ ਮੰਚ ਉਪਰ ਖੱਬੀਆਂ ਸ਼ਕਤੀਆਂ ਕਾਫੀ ਕਮਜ਼ੋਰ ਨਜ਼ਰ ਆ ਰਹੀਆਂ ਹਨ। ਤੇ ਪਿਛਲੇ ਸਮੇਂ ਵਿਚ ਇਹ ਚਿੰਤਾਜਨਕ ਪ੍ਰਕਿਰਿਆ ਹੋਰ ਵੀ ਤੇਜ਼ ਹੋਈ ਹੈ। ਅਜਿਹਾ ਵਾਪਰਨ ਪਿਛੇ ਲਾਜ਼ਮੀ ਤੌਰ 'ਤੇ ਇਨਕਲਾਬੀ ਸਿਧਾਂਤ 'ਤੇ ਤੁਰਨ ਵਾਲੀ ਅਤੇ ਲੋਕ ਸੰਘਰਸ਼ਾਂ ਦੇ ਪਿੜ ਵਿਚ ਜਾਨਾਂ ਵਾਰਨ ਵਾਲੀ ਖੱਬੀ ਧਿਰ ਵਲੋਂ ਕੀਤੀਆਂ ਗਈਆਂ ਸਿਧਾਂਤਕ ਤੇ ਰਾਜਸੀ ਗਲਤੀਆਂ ਦੀ ਵੱਡੀ ਭੂਮਿਕਾ ਹੈ। 
ਇਹ ਵੀ ਪ੍ਰਤੱਖ ਦਿਖਾਈ ਦਿੰਦਾ ਹੈ ਕਿ ਹਾਲਾਤ ਦੀ ਮਜ਼ਬੂਰੀ ਵੱਸ, ਹਰ ਕਮਿਊਨਿਸਟ ਪਾਰਟੀ/ਧੜਾ ਅੱਜ ਆਪਣੇ ਅਤੀਤ ਦੀਆਂ ਭੁੱਲਾਂ ਬਾਰੇ ਆਪੋ ਆਪਣੇ ਨਜ਼ਰੀਏ ਨਾਲ ਅੰਦਰੂਨੀ ਬਹਿਸਾਂ ਰਾਹੀਂ ਕਿਸੇ ਯੋਗ ਸਿਟੇ ਉਪਰ ਪੁੱਜਣ ਲਈ ਯਤਨਸ਼ੀਲ ਦਿਖਾਈ ਦੇ ਰਿਹਾ ਹੈ। ਇਹ ਵੀ ਇਕ ਅਟੱਲ ਸਚਾਈ ਹੈ ਕਿ ਜਦੋਂ ਦੇਸ਼ ਦੀਆਂ ਬਾਹਰਮੁਖੀ ਅਵਸਥਾਵਾਂ ਅਤੇ ਵਸੋਂ ਦੇ ਵੱਡੇ ਹਿੱਸੇ ਵਲੋਂ ਹੰਢਾਈ ਜਾ ਰਹੀ ਕੰਗਾਲੀ ਭਰੀ ਜਿੰਦਗੀ ਦੇ ਮੱਦੇਨਜ਼ਰ ਖੱਬੀ ਲਹਿਰ ਦੇ ਵਾਧੇ ਦੀਆਂ ਭਰਪੂਰ ਸੰਭਾਵਨਾਵਾਂ ਹਨ, ਉਦੋਂ ਜੇਕਰ ਕਮਿਊਨਿਸਟ ਪਾਰਟੀਆਂ ਸਿਰਜੋੜ ਕੇ ਬੈਠਣ ਅਤੇ ਆਪਸੀ ਸਹਿਮਤੀ ਵਾਲੇ ਮੁੱਦਿਆਂ ਉਪਰ ਅਧਾਰਤ ਸਾਂਝੀ ਜਨਤਕ ਲਹਿਰ ਉਸਾਰਨ ਲਈ ਹੰਭਲਾ ਮਾਰਨ ਤਾਂ ਨਿਰਸੰਦੇਹ ਦੇਸ਼ ਦੀ ਇਨਕਲਾਬੀ ਲਹਿਰ ਇਕ ਸ਼ਕਤੀਸ਼ਾਲੀ ਮੁਤਬਾਦਲ ਦੇ ਤੌਰ 'ਤੇ ਜ਼ਰੂਰ ਉਭਰ ਸਕਦੀ ਹੈ। ਇਸ ਲਈ ਜਿਥੇ ਵੱਖ-ਵੱਖ ਕਮਿਊਨਿਸਟ ਸੰਗਠਨਾਂ ਵਲੋਂ ਆਪਣੀਆਂ ਕਮਜ਼ੋਰੀਆਂ ਉਪਰ ਕਾਬੂ ਪਾਉਣ ਲਈ ਗੰਭੀਰਤਾ ਸਹਿਤ ਨਿਰੰਤਰ ਯਤਨ ਕਰਨਾ ਸਲਾਹੁਣਯੋਗ ਹੈ, ਉਥੇ ਇਕ ਮਜ਼ਬੂਤ ਕਮਿਊਨਿਸਟ ਅੰਦੋਲਨ ਉਸਾਰਨ ਵਾਸਤੇ ਹੇਠਾਂ ਲਿਖੇ ਕੁਝ ਸੁਝਾਵਾਂ ਨੂੰ ਧਿਆਨਗੋਚਰੇ ਰੱਖਣਾ ਵੀ ਲਾਹੇਵੰਦਾ ਸਿੱਧ ਹੋ ਸਕਦਾ ਹੈ। ਇਨ੍ਹਾਂ ਮੁੱਦਿਆਂ ਨੂੰ ਸਾਰੀਆਂ ਹੀ ਕਮਿਊਨਿਸਟ ਪਾਰਟੀਆਂ ਵੱਖ-ਵੱਖ ਮੌਕਿਆਂ 'ਤੇ ਆਪਣੀ ਪਾਰਟੀ ਅੰਦਰ ਵਿਚਾਰ ਗੋਚਰੇ ਲਿਆਉਂਦੀਆਂ ਰਹਿੰਦੀਆਂ ਹਨ, ਪ੍ਰੰਤੂ ਇਨ੍ਹਾਂ ਬਿੰਦੂਆਂ ਵੱਲ ਲੋੜੀਂਦੀ ਮਾਤਰਾ ਵਿਚ ਬਣਦਾ ਤੇ ਬੱਝਵਾਂ ਧਿਆਨ ਨਹੀਂ ਦਿੱਤਾ ਜਾ ਰਿਹਾ, ਜੋ ਬਹੁਤ ਜ਼ਰੂਰੀ ਹੈ। 

(ੳ) ਸਮਾਜਿਕ ਉਤਪੀੜਨ ਦਾ ਮੁੱਦਾ 
ਭਾਰਤੀ ਸਮਾਜ ਨੂੰ ਸੰਸਾਰ ਦੇ ਬਾਕੀ ਦੇਸ਼ਾਂ ਨਾਲੋਂ ਇਕ ਬਿਲਕੁਲ ਵੱਖਰਾ ਸਵਾਲ ਦਰਪੇਸ਼ ਹੈ-ਜਾਤਪਾਤ ਦਾ। ਮਨੂੰਵਾਦੀ ਵਿਵਸਥਾ ਅਨੁਸਾਰ ਅੱਜ ਵੀ ਸਮਾਜ ਉੱਚੀਆਂ ਤੇ ਨੀਵੀਆਂ ਜਾਤਾਂ ਵਿਚ ਵੰਡਿਆ ਹੋਇਆ ਹੈ, ਜਿਥੇ ਕਿਸੇ ਵਿਅਕਤੀ ਦਾ ਸਮਾਜਕ ਸਥਾਨ ਉਸਦੀ ਯੋਗਤਾ ਜਾਂ ਕਾਰਜ ਸਮਰੱਥਾ ਉਪਰ ਅਧਾਰਤ ਨਾ ਹੋ ਕੇ ਉਸ ਜਾਤ ਰਾਹੀਂ ਨਿਰਧਾਰਤ ਕੀਤਾ ਜਾਂਦਾ ਹੈ, ਜਿਸ ਵਿਚ ਉਹ ਪੈਦਾ ਹੋਇਆ ਹੈ। ਸਦੀਆਂ ਤੋਂ ਇਸ ਸਮਾਜਕ ਜਬਰ ਦਾ ਦਰਦ ਹੰਢਾ ਰਹੇ ਵਸੋਂ ਦੇ 30ਫੀਸਦੀ ਤੋਂ ਵਧੇਰੇ ਹਿੱਸੇ ਨਾਲ ਸਮਾਜਕ, ਰਾਜਨੀਤਕ, ਆਰਥਿਕ, ਧਾਰਮਿਕ ਭਾਵ ਹਰ ਖੇਤਰ ਵਿਚ ਭਾਰੀ ਵਿਤਕਰਾ ਕੀਤਾ  ਜਾਂਦਾ ਹੈ। ਇਸ ਨਿਰਾਦਰ ਭਰੀ ਜ਼ਿੰਦਗੀ ਤੋਂ, ਜਗੀਰੂ ਸਮਾਜ ਤੋਂ ਵਿਕਸਤ ਹੋਏ ਅਗਲੇ ਪੜਾਅ, ਪੂੰਜੀਵਾਦੀ ਵਿਵਸਥਾ ਵਿਚ ਵੀ ਛੁਟਕਾਰਾ ਹਾਸਲ ਨਹੀਂ ਕੀਤਾ ਜਾ ਸਕਿਆ। 
ਰਿਜਰਵੇਸ਼ਨ ਅਤੇ ਹੋਰ ਨਿਗੂਣੀਆਂ ਸਹੂਲਤਾਂ ਦੇਣ ਦੇ ਨਾਂਅ ਉਪਰ ਹਾਕਮ ਧਿਰਾਂ ਨੇ ਸਮਾਜ ਦੇ ਇਸ ਕਥਿਤ ਅਛੂਤ ਸਮਝੇ ਜਾਂਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ। ਉਂਝ ਅਜੇਹੀਆਂ ਸੁਵਿਧਾਵਾਂ ਦਾ ਇਸਤੇਮਾਲ ਕਰਕੇ ਦਲਿਤ ਭਾਈਚਾਰੇ ਨਾਲ ਸਬੰਧਤ ਮੁੱਠੀ ਭਰ ਲੋਕਾਂ ਨੇ ਜ਼ਰੂਰ ਲਾਹਾ ਲੈ ਕੇ ਸਮਾਜ ਦੇ ਉਪਰਲੇ ਹਿੱਸਿਆਂ ਵਿਚ ਆਪਣੀ ਜਗ੍ਹਾ ਬਣਾ ਲਈ ਹੈ, ਪ੍ਰੰਤੂ ਵਿਸ਼ਾਲ ਵਸੋਂ ਅਜੇ ਵੀ ਗੁਲਾਮੀ ਵਾਲੀ ਜ਼ਿੰਦਗੀ ਬਸਰ ਕਰਨ ਲਈ ਮਜ਼ਬੂਰ ਹੈ। ਜਾਤਪਾਤ ਅਧਾਰਤ ਰਾਜਨੀਤਕ ਤੇ ਸਮਾਜਿਕ ਸੰਗਠਨਾਂ ਦੇ ਆਗੂਆਂ ਨੇ ਵੀ ਇਸ ਵਰਗ ਦੇ ਲੋਕਾਂ ਦੀਆਂ ਜਖ਼ਮੀ ਭਾਵਨਾਵਾਂ ਦਾ ਦੁਰਪਯੋਗ ਕਰਕੇ ਆਪਣੇ ਸਵਾਰਥੀ ਹਿਤਾਂ ਦੀ ਹੀ ਬੜੌਤਰੀ ਕੀਤੀ ਹੈ। ਮੌਜੂਦਾ ਸਥਾਪਤੀ ਦਾ ਅੰਗ ਬਣਕੇ ਉਹਨਾਂ ਨੇ ਸਮਾਜਿਕ ਪਛੜੇਵੇਂ ਦਾ ਸ਼ਿਕਾਰ ਜਨ ਸਮੂਹਾਂ ਦੇ ਸੰਤਾਪ ਦੀ ਉਮਰ ਨੂੰ ਹੋਰ ਲੰਬੇਰਾ ਕੀਤਾ ਹੈ। ਕਮਿਊਨਿਸਟ ਪਾਰਟੀਆਂ ਲਈ ਜ਼ਰੂਰੀ ਹੈ ਕਿ ਉਹ ਵਰਗ ਸੰਘਰਸ਼ ਦੇ ਨਾਲ ਨਾਲ ਜਾਤ ਪਾਤ ਅਧਾਰਤ ਹੋ ਰਹੇ ਵਿਤਕਰਿਆਂ ਤੇ ਵਧੀਕੀਆਂ ਨੂੰ ਵੀ ਆਪਣੇ ਸੰਘਰਸ਼ ਦਾ ਅਨਿੱਖੜਵਾਂ ਅੰਗ ਬਣਾਉਣ ਤੇ ਕਿਰਤੀ ਵਰਗ ਦੇ ਇਸ ਸਭ ਤੋਂ ਵੱਧ ਪੀੜਤ ਹਿੱਸੇ ਨੂੰ ਆਪਣੇ ਸੰਗ ਜੋੜਨ ਲਈ ਵਿਸ਼ੇਸ਼ ਉਦਮ ਜੁਟਾਉਣ। ਸਮਾਜਿਕ ਜਬਰ ਦੇ ਮੁੱਦੇ ਬਾਰੇ ਜਿਥੇ  ਸਮਾਜ ਦੇ ਅਖੌਤੀ ਉਚ ਵਰਗਾਂ ਤੇ ਦੂਸਰੇ ਸੰਪਨ ਲੋਕਾਂ ਦੇ ਇਕ ਵੱਡੇ ਭਾਗ ਵਲੋਂ ਵਿਰੋਧਤਾ ਕਰਨਾ ਸੁਭਾਵਕ ਹੈ, ਉਥੇ ਖੱਬੀ ਲਹਿਰ ਵਿਚਲੇ ਕੁਝ ਹਿੱਸਿਆਂ ਵਲੋਂ ਵੀ ਸੁਚੇਤ ਜਾਂ ਅਚੇਤ ਰੂਪ ਵਿਚ ਇਸ ਸਵਾਲ ਦੀ ਅਣਦੇਖੀ ਕੀਤੀ ਜਾ ਰਹੀ ਹੈ ਜਾਂ ਕਈ ਵਾਰ ਵਿਰੋਧਤਾ ਵੀ ਕੀਤੀ ਜਾਂਦੀ ਹੈ। ਇਸ ਘਾਟ ਉਪਰ ਖੱਬੀ ਲਹਿਰ ਦੇ ਆਗੂਆਂ ਨੂੰ ਵਿਗਿਆਨਕ ਨਜ਼ਰੀਏ ਅਨੁਸਾਰ ਕਾਬੂ ਪਾਉਣਾ ਹੋਵੇਗਾ। ਇਹ ਵੀ ਅਸਲੀਅਤ ਹੈ ਕਿ ਹੋਰ ਕਿਸੇ ਵੀ ਰਾਜਨੀਤਕ ਸੰਗਠਨ ਨਾਲੋਂ ਜਮਾਤੀ ਪੱਖ ਤੋਂ ਵੱਖਰੀ ਪਹਿਚਾਣ ਰੱਖਦੀਆਂ ਕਮਿਊਨਿਸਟ ਧਿਰਾਂ ਜਾਤੀਪਾਤੀ ਉਤਪੀੜਨ ਦਾ ਸ਼ਿਕਾਰ ਜਨ ਸਮੂਹਾਂ ਦੀ ਬੰਦ ਖਲਾਸੀ ਲਈ ਵਧੇਰੇ ਸੰਘਰਸ਼ਸ਼ੀਲ ਤੇ ਫਿਕਰਮੰਦ ਹਨ।

(ਅ) ਇਨਕਲਾਬੀ ਲਹਿਰ ਦਾ ਮੂਲ ਅਧਾਰ ਕੀ ਹੋਵੇ?
ਉਪਰਲੇ ਭਾਗਾਂ ਦੇ ਮੁੱਠੀ ਭਰ ਲੋਕਾਂ ਤੋਂ ਬਿਨਾਂ ਸਮੁੱਚੀ ਮਿਹਨਤਕਸ਼ ਜਨਤਾ ਮੌਜੂਦਾ ਪੂੰਜੀਵਾਦੀ ਪ੍ਰਬੰਧ ਤੋਂ ਪੀੜਤ ਹੈ। ਗਰੀਬੀ, ਮਹਿੰਗਾਈ, ਬੇਕਾਰੀ, ਕੁਪੋਸ਼ਨ, ਬਦਤਰ ਜੀਵਨ ਹਾਲਤਾਂ, ਸਿਹਤ ਤੇ ਵਿਦਿਅਕ ਸਹੂਲਤਾਂ ਦੀ ਘਾਟ ਇਤਿਆਦਿ ਤੋਂ ਸਮਾਜ ਦਾ ਵੱਡਾ ਹਿੱਸਾ ਡਾਢਾ ਪ੍ਰੇਸ਼ਾਨ ਹੈ। ਕਮਿਊਨਿਸਟ ਲਹਿਰ ਤਦ ਹੀ ਠੋਸ ਵਿਕਾਸ ਕਰ ਸਕਦੀ ਹੈ ਜਦੋਂ ਇਸਦੀਆਂ ਸਫ਼ਾਂ ਵਿਚ ਸਭ ਤੋਂ ਵੱਧ ਲੁਟੇ ਪੁੱਟੇ ਜਾ ਰਹੇ ਕਿਰਤੀ ਲੋਕ ਵੱਡੀ ਤੇ ਫੈਸਲਾਕੁੰਨ ਮਾਤਰਾ ਵਿਚ ਸ਼ਾਮਿਲ ਹੋਣ। ਇਸ ਲਈ ਵੱਖ ਵੱਖ ਸਨਅਤਾਂ ਵਿਚ ਕੰਮ ਕਰਦੇ ਸੰਗਠਤ ਤੇ ਗੈਰ ਸੰਗਠਤ ਮਜ਼ਦੂਰ, ਬੇਜ਼ਮੀਨੇ ਤੇ ਗਰੀਬ ਕਿਸਾਨ ਅਤੇ ਦਿਹਾਤੀ ਮਜ਼ਦੂਰ ਸਾਡੀ ਲਹਿਰ ਦੀ ਰੀੜ੍ਹ ਦੀ ਹੱਡੀ ਹਨ। ਬਿਨਾਂ ਸ਼ੱਕ ਦਰਮਿਆਨੇ ਤੇ ਧਨੀ ਕਿਸਾਨ, ਛੋਟੇ ਕਾਰੋਬਾਰੀ ਤੇ ਮੱਧ ਵਰਗੀ ਲੋਕ ਸਾਡੇ ਮਿੱਤਰਾਂ ਦੀ ਕਤਾਰ ਵਿਚ ਆਉਂਦੇ ਹਨ, ਪ੍ਰੰਤੂ ਸਿਰਫ ਇਨ੍ਹਾਂ ਹਿੱਸਿਆਂ ਉਪਰ ਅਧਾਰਤ ਲਹਿਰ ਜੋ ਹੇਠਲੇ ਵਰਗਾਂ ਦੀ ਅਣਦੇਖੀ ਕਰੇ, ਕਦੀ ਵੀ ਸਥਾਈ ਤੇ ਠੋਸ ਨਹੀਂ ਹੋ ਸਕਦੀ। ਆਰਥਿਕ ਤੌਰ ਤੇ ਸਭ ਤੋਂ ਵੱਧ ਪੀੜਤ ਲੋਕਾਂ ਦੀ ਹਿੱਸੇਦਾਰੀ ਸੰਘਰਸ਼ਾਂ ਦੇ ਨਾਲ ਨਾਲ ਪਾਰਟੀ ਜਥੇਬੰਦੀਆਂ ਵਿਚ ਵੀ ਉਜਾਗਰ ਹੋਣੀ ਚਾਹੀਦੀ ਹੈ। ਸੰਸਾਰੀਕਰਨ ਦੇ ਅਜੋਕੇ ਦੌਰ ਵਿਚ ਚੋਖੀ ਸੰਖਿਆ ਵਿਚ ਦਰਮਿਆਨੀ ਜਮਾਤ ਵੀ ਉਭਰੀ ਹੈ, ਜਿਸਨੂੰ ਪੂੰਜੀਵਾਦੀ ਵਿਕਾਸ ਨਾਲ ਚੋਖਾ ਲਾਭ ਪੁੱਜਿਆ ਹੈ। ਇਸ ਜਮਾਤ ਦੀਆਂ ਹਮੇਸ਼ਾਂ ਹੀ ਹਰ ਖੇਤਰ ਵਿਚ ਉਪਰ ਵੱਲ ਨੂੰ ਝਾਕਣ ਦੀਆਂ ਇਛਾਵਾਂ ਕਾਇਮ ਰਹਿੰਦੀਆਂ ਹਨ। ਪ੍ਰੰਤੂ ਜਿਉਂ ਜਿਉਂ ਪੂੰਜੀਵਾਦੀ ਪ੍ਰਬੰਧ ਸੰਕਟ ਵਿਚ ਧਸਦਾ ਜਾਵੇਗਾ, ਤਿਵੇਂ ਤਿਵੇਂ ਇਸ ਜਮਾਤ ਦੇ ਵੱਡੇ ਹਿੱਸੇ ਦੀਆਂ ਸੁਪਨਈ ਆਸਾਂ ਉਪਰ ਵੀ ਪਾਣੀ ਫਿਰਦਾ ਜਾਵੇਗਾ। ਇਸ ਲਈ ਜਿਥੇ ਦਰਮਿਆਨੀ ਜਮਾਤ ਨੂੰ ਉਨ੍ਹਾਂ ਦੀਆਂ ਇਛਾਵਾਂ ਦੀ ਪੂਰਤੀ ਕਰਨ ਵਾਲੀਆਂ ਮੰਗਾਂ ਦੁਆਲੇ ਜਥੇਬੰਦ ਕਰਨਾ ਹੋਵੇਗਾ ਤੇ ਮੇਚਵੇਂ ਸੰਘਰਸ਼ ਲਾਮਬੰਦ ਕਰਨੇ ਹੋਣਗੇ, ਜੋ ਲਾਜ਼ਮੀ ਤੌਰ 'ਤੇ ਦੂਸਰੀ ਮਿਹਨਤਕਸ਼ ਜਨਤਾ ਤੋਂ ਕਈ ਪੱਖਾਂ ਤੋਂ ਭਿੰਨ ਹੋਣਗੇ, ਉਥੇ ਨਾਲ ਨਾਲ ਯੋਗਤਾ ਅਨੁਸਾਰ ਕੰਮ ਤੇ ਤਨਖਾਹ ਦਾ ਅਸਾਵਾਂਪਨ ਅਤੇ ਜੀਵਨ ਦੀਆਂ ਹੋਰ ਲੋੜਾਂ ਦੀ ਪੂਰਤੀ ਲਈ ਵਧੀਆਂ ਹੋਈਆਂ ਲਾਗਤਾਂ ਤੋਂ ਪ੍ਰੇਸ਼ਾਨ ਮੱਧ ਵਰਗੀ ਜਨਤਾ ਨੂੰ ਸਮੁੱਚੀ ਜਮਹੂਰੀ ਲਹਿਰ ਦਾ ਅੰਗ ਬਣਾਉਣ ਲਈ ਵੀ ਨਵੇਂ ਤੇ ਕਾਰਗਰ ਤਰੀਕਿਆਂ ਦੀ ਭਾਲ ਕਰਨੀ ਹੋਵੇਗੀ। 
ਇਸ ਤੱਥ ਨੂੰ ਕਦੀ ਵੀ ਅਣਗੌਲਿਆ ਨਹੀਂ ਕਰਨਾ ਚਾਹੀਦਾ ਕਿ ਮਜ਼ਬੂਤ ਇਨਕਲਾਬੀ ਲਹਿਰ ਦਾ ਅਧਾਰ ਆਰਥਿਕ ਪੱਖ ਤੋਂ ਸਭ ਤੋਂ ਵੱਧ ਪੀੜਤ ਭਾਗ ਬਣਨ ਨਾਲ ਹੀ ਸਮਾਜਿਕ ਕਰਾਂਤੀ ਦੀ ਸਫਲਤਾ ਦੀ ਗਰੰਟੀ ਕੀਤੀ ਜਾ ਸਕਦੀ ਹੈ। ਉਂਝ ਦਰਮਿਆਨੀ ਤੇ ਉਤਲੀਆਂ ਜਮਾਤਾਂ ਵਿਚੋਂ ਪੜ੍ਹੇ ਲਿਖੇ ਬੁੱਧੀਜੀਵੀ ਤੇ ਅਗਾਂਗਵਧੂ ਸੋਚਣੀ ਦੇ ਧਾਰਨੀ ਲੋਕ ਵਿਚਾਰਧਾਰਕ ਤੌਰ ਤੇ ਚੇਤਨ ਹੋ ਕੇ ਇਨਕਲਾਬੀ ਲਹਿਰ ਦੀ ਉਸਾਰੀ ਵਿਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦੇ ਹਨ ਤੇ ਉਨ੍ਹਾਂ ਦੀਆਂ ਬਹੁਮੁੱਲੀਆਂ ਸੇਵਾਵਾਂ ਦੀ ਸੁਯੋਗ ਵਰਤੋਂ ਵੀ ਕੀਤੀ ਜਾਣੀ ਚਾਹੀਦੀ ਹੈ। 
ਜਨਤਕ ਲਹਿਰ ਦੇ ਅੰਗ ਵਜੋਂ ਵੀ ਦਰਮਿਆਨੀਆਂ ਜਮਾਤਾਂ ਦੀ ਮਹੱਤਵਪੂਰਨ ਭੁਮਿਕਾ ਹੈ। ਪ੍ਰੰਤੂ ਅਜੋਕੇ ਪੈਦਾਵਾਰੀ ਸੰਬੰਧਾਂ ਤੇ ਪੂੰਜੀਵਾਦੀ ਵਿਕਾਸ ਦੇ ਮੌਜੂਦਾ ਦੌਰ ਵਿਚ ਹੇਠਲੀ ਪੱਧਰ ਦੀਆਂ ਦੱਬੀਆਂ ਕੁਚਲੀਆਂ ਜਮਾਤਾਂ ਦੀ ਇਨਕਲਾਬੀ ਲਹਿਰ ਵਿਚ ਕੁੰਜੀਵਤ ਤੇ ਆਗੂ ਭੂਮਿਕਾ ਬਨਣੀ ਚਾਹੀਦੀ ਹੈ। 

(ੲ) ਵੱਖ ਵੱਖ ਕੌਮੀਅਤਾਂ, ਬੋਲੀਆਂ, ਸਭਿਆਚਾਰਕ ਵਿਭਿੰਨਤਾਵਾਂ ਅਤੇ ਆਪੋ ਆਪਣੇ ਇਤਿਹਾਸ ਪ੍ਰਤੀ ਸੰਵੇਦਨਸ਼ੀਲਤਾ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ। 
ਦੇਸ਼ ਅੰਦਰ ਵੱਖ ਵੱਖ ਕੌਮੀਅਤਾਂ, ਸਭਿਆਚਾਰਾਂ, ਖਿੱਤਿਆਂ ਤੇ ਬੋਲੀਆਂ ਦਾ ਵੱਖਰੇਵਾਂ ਹੋਣ ਦੇ ਬਾਵਜੂਦ ਲੋਕਾਂ ਦੀ ਏਕਤਾ ਸਾਡੇ ਕੌਮੀ ਆਜ਼ਾਦੀ ਅੰਦੋਲਨ ਦੀ ਵਿਲੱਖਣਤਾ ਵੀ ਹੈ ਤੇ ਵੱਡਮੁੱਲਾ ਸਰਮਾਇਆ ਵੀ। ਲੋਕਾਂ ਦੇ ਮਨਾਂ ਅੰਦਰ ਆਪੋ ਆਪਣੇ ਇਤਿਹਾਸ ਬਾਰੇ ਮਾਣ ਕਰਨ ਦਾ ਅਹਿਸਾਸ ਤੇ ਦੂਸਰੇ ਲੋਕਾਂ ਨਾਲੋਂ ਵੱਖ-ਵੱਖ ਭਿੰਨਤਾਵਾਂ ਪ੍ਰਤੀ ਸਨੇਹ ਤੇ ਸੰਵੇਦਨਸ਼ੀਲਤਾ ਬਾਰੇ ਖੱਬੀ ਲਹਿਰ ਨੇ ਬਹੁਤੀ ਵਾਰ ਬੇਧਿਆਨੀ, ਲਾਪਰਵਾਹੀ ਤੇ ਅਸੰਬੰਧਤਾ ਵਾਲਾ ਵਤੀਰਾ ਧਾਰਨ ਕਰੀ ਰੱਖਿਆ ਹੈ। ਸਾਡੀ ਇਸ ਕਮਜ਼ੋਰੀ ਦਾ ਫਾਇਦਾ ਉਠਾ ਕੇ ਵੱਖਵਾਦੀ ਤੇ ਸੰਕੀਰਨਵਾਦੀ ਤੱਤ ਜਨ ਸਮੂਹਾਂ ਨੂੰ ਗੁੰਮਰਾਹ ਕਰਦੇ ਆ ਰਹੇ ਹਨ। ਸਮਾਜਿਕ ਤਬਦੀਲੀ ਦੀ ਕੋਈ ਵੀ ਲਹਿਰ ਆਪਣੇ ਇਤਿਹਾਸ ਤੇ ਸਭਿਆਚਾਰ ਨਾਲੋਂ ਤੋੜਕੇ ਨਹੀਂ ਉਸਾਰੀ ਜਾ ਸਕਦੀ। ਇਤਿਹਾਸ ਵਿਚ ਸਾਰਾ ਕੁਝ ਮਾਣ ਕਰਨਯੋਗ ਨਹੀਂ ਹੈ ਪ੍ਰੰਤੂ ਇਸ ਵਿਸ਼ਾਲ ਸਾਗਰ ਵਿਚ ਅਣਮੁੱਲੇ ਹੀਰੇ ਜਵਾਹਰਾਤ ਵੀ ਛੁਪੇ ਹੋਏ ਹਨ ਜਿਹਨਾਂ ਦੀ ਚਮਕ ਸਾਡਾ ਭਵਿੱਖੀ ਰਾਹ ਰੁਸ਼ਨਾਉਣ ਵਿਚ ਸਹਾਈ ਸਿੱਧ ਹੋ ਸਕਦੀ ਹੈ। ਲੋਕਾਂ ਦੀਆਂ ਉਪਰੋਕਤ ਵਿਸ਼ਿਆਂ ਪ੍ਰਤੀ ਉਪਜੀਆਂ ਜਮਹੂਰੀ ਉਮੰਗਾਂ ਤੇ ਸੰਜੋਏ ਸੁਪਨਿਆਂ ਨੂੰ ਸਾਕਾਰ ਕਰਨ ਦੀ ਚੇਸ਼ਟਾ ਨੂੰ ਖੱਬੀ ਲਹਿਰ ਦੇ ਏਜੰਡੇ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ ਤੇ ਇਸਦੀ ਪ੍ਰਾਪਤੀ ਲਈ ਢੁਕਵੇਂ ਯਤਨ ਕਰਨੇ ਹੋਣਗੇ। 
ਪੰਜਾਬ ਦੀ ਖੱਬੀ ਲਹਿਰ ਨੂੰ ਪ੍ਰਾਂਤ ਨਾਲ ਸਬੰਧਤ ਪਾਣੀ, ਬੋਲੀ, ਵਾਤਾਵਰਣ ਤੇ ਰੁਜ਼ਗਾਰ ਵਰਗੇ ਮੁਦਿਆਂ ਨੂੰ ਪਹਿਲ ਦੇ ਆਧਾਰ ਉਪਰ ਉਠਾਉਣਾ ਤੇ ਇਸਦੀ ਪ੍ਰਾਪਤੀ ਲਈ ਢੁਕਵੇਂ ਸੰਘਰਸ਼ ਕਰਨ ਦੀ ਜ਼ਰੂਰਤ ਹੈ ਤਾਂ ਕਿ ਇਸ ਖਿੱਤੇ ਵਿਚ ਜੁਝਾਰੂ ਲੋਕਾਂ ਦੇ ਮਨਾਂ ਅੰਦਰ ਇਨਕਲਾਬੀ ਲਹਿਰ ਇਕ ਭਰੋਸੇਯੋਗ ਰਾਜਸੀ ਧਿਰ ਵਜੋਂ ਉਭਰ ਸਕੇ।  ਅਹਿਜਾ ਨਾ ਕਰਨ ਦੀ ਸੂਰਤ ਵਿਚ ਸਮਾਜਿਕ ਵਿਕਾਸ ਦੀਆਂ ਵਿਰੋਧੀ ਸ਼ਕਤੀਆਂ ਸਧਾਰਣ ਲੋਕਾਂ ਨੂੰ ਗੁੰਮਰਾਹ ਕਰਕੇ ਇਨ੍ਹਾਂ ਮੁੱਦਿਆਂ ਉਪਰ ਲਾਮਬੰਦੀ ਕਰਕੇ ਸਮਾਜਿਕ ਪਰਿਵਰਤਨ ਵੱਲ ਸੇਧਤ ਸਮੁੱਚੀ ਜਮਹੂਰੀ ਲਹਿਰ ਦਾ ਵੱਡਾ ਨੁਕਸਾਨ ਪਹਿਲਾਂ ਵੀ ਕਰਦੀਆਂ ਆ ਰਹੀਆਂ ਹਨ ਤੇ ਭਵਿੱਖ ਵਿਚ ਵੀ ਇਸਦੀ ਸੰਭਾਵਨਾ ਬਣੀ ਰਹੇਗੀ। ਅਜਿਹਾ ਮੁੜ ਵਾਪਰਨ ਤੋਂ ਬਚਿਆ ਜਾਣਾ ਚਾਹੀਦਾ ਹੈ। 

(ਸ) ਧਰਮ ਨਿਰਪੱਖਤਾ ਪ੍ਰਤੀ ਠੀਕ ਪਹੁੰਚ ਦੀ ਲੋੜ 
ਸਰਮਾਏਦਾਰ-ਜਗੀਰਦਾਰ ਜਮਾਤਾਂ ਦੀਆਂ ਰਾਜਸੀ ਪਾਰਟੀਆਂ ਵਲੋ ਹਮੇਸ਼ਾ ਹੀ ਧਰਮ ਨਿਰਪੱਖਤਾ ਸ਼ਬਦ ਦੇ ਅਨਰਥ ਕੀਤੇ ਗਏ ਹਨ। ਉਨ੍ਹਾਂ ਅਨੁਸਾਰ ਸਰਕਾਰਾਂ ਨੂੰ ਹਰ ਧਰਮ ਵਿਚ ਦਖਲ ਦੇਣ, ਧਰਮ ਦਾ ਰਾਜਸੀ ਮਨੋਰਥਾਂ ਲਈ ਇਸਤੇਮਾਲ ਕਰਨ ਭਾਵ ਧਰਮ ਤੇ ਰਾਜਨੀਤੀ ਦਾ ਏਕੀਕਰਨ ਅਤੇ ਧਰਮ ਦੇ ਪਰਦੇ ਹੇਠਾਂ ਹਰ ਤਰ੍ਹਾਂ ਦੇ ਹਨੇਰ-ਵਿਰਤੀ ਵਾਲੇ ਤੇ ਪਿਛਾਖੜੀ ਵਿਚਾਰਾਂ ਦਾ ਪ੍ਰਚਾਰ ਕਰਨ ਦੀ ਖੁੱਲ੍ਹ ਹੀ ਧਰਮ ਨਿਰਪੱਖਤਾ ਹੈ। ਅਸਲ ਵਿਚ ਧਰਮ ਨਿਰਪੱਖਤਾ ਦਾ ਸਹੀ ਮਤਲਬ ਹੈ ਧਰਮ ਤੇ ਰਾਜਨੀਤੀ ਨੂੰ ਰਲਗਡ ਨਾ ਕਰਨਾ, ਸਰਕਾਰ ਵਲੋਂ ਕਿਸੇ ਵੀ ਧਰਮ ਵਿਚ ਦਖਲ ਅੰਦਾਜ਼ੀ ਨਾ ਕਰਨਾ, ਹਰ ਵਿਅਕਤੀ ਨੂੰ ਕਿਸੇ ਵੀ ਧਰਮ ਨੂੰ ਮੰਨਣ ਜਾਂ ਨਾ ਮੰਨਣ ਦੀ ਪੂਰਨ ਆਜ਼ਾਦੀ ਦੇਣਾ ਅਤੇ ਆਪਣੀ ਆਸਥਾ ਮੁਤਾਬਕ ਕਿਸੇ ਵੀ ਧਾਰਮਕ ਕਿਰਿਆ-ਕਰਮ ਦਾ ਇਸ ਢੰਗ ਨਾਲ ਸੰਚਾਲਨ ਕਰਨਾ ਕਿ ਦੂਸਰੇ ਧਰਮਾਂ ਦੇ ਅਨੁਆਈਆਂ ਦੇ ਧਾਰਮਿਕ ਵਿਸ਼ਵਾਸਾਂ ਨੂੰ ਠੇਸ ਨਾ ਲੱਗੇ। ਇਸਦੇ ਨਾਲ ਹੀ ਅੰਧ ਵਿਸ਼ਵਾਸਾਂ, ਫਿਰਕੂ ਜਨੂੰਨ ਤੇ ਹਨੇਰ ਵਿਰਤੀਵਾਦੀ ਪਖੰਡਾਂ ਦਾ ਖੰਡਨ ਕਰਨ ਲਈ ਵਿਗਿਆਨਕ ਵਿਚਾਰਧਾਰਾ ਦਾ ਪ੍ਰਚਾਰ ਤੇ ਫੈਲਾਅ ਕਰਨ ਦੇ ਅਧਿਕਾਰ ਦੀ ਰਾਖੀ ਕਰਨਾ ਵੀ ਧਰਮ ਨਿਰਪੱਖਤਾ ਹੀ ਕਿਹਾ ਜਾ ਸਕਦਾ ਹੈ। ਪ੍ਰੰਤੂ ਇਹ ਤ੍ਰਾਸਦੀ ਹੀ ਹੈ ਕਿ ਆਜ਼ਾਦੀ ਦੇ 67 ਸਾਲਾਂ ਬਾਅਦ ਵੀ ਵਿਗਿਆਨ ਤੇ ਤਕਨੀਕ ਪੱਖੋਂ ਹੋਈ ਭਾਰੀ ਪ੍ਰਗਤੀ ਦੇ ਬਾਵਜੂਦ ਲੋਕਾਂ ਦੇ ਮਨਾਂ ਅੰਦਰ ਵੇਲਾ ਵਿਹਾਅ ਚੁੱਕੇ ਪਿਛਾਖੜੀ ਵਿਚਾਰਾਂ, ਅੰਧ ਵਿਸ਼ਵਾਸਾਂ, ਪਾਖੰਡਾਂ ਤੇ ਅਣਹੋਣੇ ਚਮਤਕਾਰਾਂ ਵਿਚ ਆਸਥਾ ਹੋਰ ਪੀਡੀ ਹੋਈ ਹੈ। ਇਸ ਨਾਂਹ-ਪੱਖੀ ਵਰਤਾਰੇ ਵਿਚ ਲਗਾਤਾਰ ਹੋਰ ਵਾਧਾ ਹੋ ਰਿਹਾ ਹੈ। ਅਤੇ ਵਿਚਾਰਧਾਰਕ ਤੇ ਰਾਜਨੀਤਕ ਪਛੜੇਵੇਂ ਕਾਰਨ ਜ਼ਿਆਦਾਤਰ ਮਿਹਨਤਕਸ਼ ਲੋਕ ਅੰਧਕਾਰ ਫੈਲਾਅ ਰਹੇ ਡੇਰਿਆਂ ਤੇ ਨਾਮ ਨਿਹਾਦ ਸਾਧਾਂ ਦੇ ਮੱਕੜਜਾਲ ਵਿਚ ਫਸਦੇ ਜਾ ਰਹੇ ਹਨ। ਅਜਿਹਾ ਉਹ ਜ਼ਿੰਦਗੀ ਦੀਆਂ ਤੰਗੀਆਂ ਤੁਰਸ਼ੀਆਂ ਤੋਂ ਕੁੱਝ ਪਲਾਂ ਲਈ ਛੁਟਕਾਰਾ ਹਾਸਲ ਕਰਨ ਹਿੱਤ ਕਰਦੇ ਹਨ, ਜਦਕਿ ਜੀਵਨ ਦੀ ਗੁਰਬਤ ਭਰੀ ਦਾਸਤਾਂ ਦਾ ਅੰਤ ਕਿਸੇ ਅੰਨ੍ਹੀ ਧਾਰਮਕ ਆਸਥਾ ਰਾਹੀਂ ਸੰਭਵ ਨਹੀਂ ਹੋ ਸਕਦਾ। ਜਿਹੜੇ ਕਿਰਤੀ ਲੋਕ ਅਗਿਆਨਤਾ ਕਾਰਨ ਜਾਂ ਥੋੜ ਸਮੇਂ ਦੀ ਆਤਮਕ ਸ਼ਾਂਤੀ ਦੀ ਪ੍ਰਾਪਤੀ ਵਾਸਤੇ ਵੱਖ ਵੱਖ ਧਾਰਮਿਕ ਡੇਰਿਆਂ ਜਾਂ ਧਰਮ ਗੁਰੂਆਂ ਦੇ ਅਨੁਆਈ ਬਣੀ ਬੈਠੇ ਹਨ, ਉਹ ਸਾਰੇ ਜਮਹੂਰੀ ਲਹਿਰ ਨਾਲ ਜੁੜਨੇ ਚਾਹੀਦੇ ਹਨ। ਇਸ ਲਈ ਜਿਥੇ ਅਸੀਂ ਜਨ ਸਮੂਹਾਂ ਦੀਆਂ ਆਰਥਿਕ ਤੇ ਜਮਹੂਰੀ ਮੰਗਾਂ ਦੀਆਂ ਲੜਾਈਆਂ ਲੜਨੀਆਂ ਹਨ, ਉਸਦੇ ਨਾਲ ਹੀ ਉਹਨਾਂ ਨੂੰ ਇਕ ਸਿਹਤਮੰਦ ਤੇ ਤਰਕ ਸੰਗਤ ਸਭਿਆਚਾਰ ਰਾਹੀਂ ਵਿਵੇਕਸ਼ੀਲ ਵੀ ਬਣਾਉਣਾ ਹੈ ਤਾਂ ਕਿ ਉਹ ਅੰਧ ਵਿਸ਼ਵਾਸ਼ ਤੋਂ ਮੁਕਤੀ ਹਾਸਲ ਕਰਕੇ ਹਕੀਕੀ ਸ਼ਾਂਤੀ ਪ੍ਰਾਪਤ ਕਰ ਸਕਣ। ਅਜਿਹਾ ਨਾਂ ਤਾਂ ਧਰਮਾਂ ਦੀ ਅੰਨ੍ਹੀ ਵਿਰੋਧਤਾ, ਜੋ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਮਾਰਦੀ ਹੋਵੇ, ਕਰਕੇ ਹੀ ਹੋ ਸਕਦਾ ਹੈ ਅਤੇ ਨਾ ਹੀ ਵਿਗਿਆਨ ਦਾ ਪੱਲਾ ਛੱਡ ਕੇ ਆਪ ਪਿਛਾਖੜੀ ਤੇ ਹਨੇਰਵਿਰਤੀਵਾਦੀ ਵਿਚਾਰਾਂ ਦੇ ਧਾਰਨੀ  ਬਣਕੇ। ਅਤੇ ਨਾ ਹੀ ਬਾਕੀ ਲੋਕਾਂ ਦੀ ਤਰ੍ਹਾਂ ਖੁੰਬਾਂ ਵਾਂਗ ਪਨਪ ਰਹੇ ਧਾਰਮਿਕ ਡੇਰਿਆਂ ਦੇ ਸ਼ਰਧਾਲੂ ਬਣਨਾ ਹੋਵੇਗਾ। 
ਇਸ ਵਾਸਤੇ ਧਰਮ ਨਿਰਪੱਖਤਾ ਦੀ ਪਰਿਭਾਸ਼ਾ ਨੂੰ ਸਹੀ ਅਰਥਾਂ ਤੇ ਭਾਵਨਾ ਵਿਚ ਸਮਝਣ ਦੀ ਲੋੜ ਹੈ ਤਾਂ ਕਿ ਵੱਡੀ ਗਿਣਤੀ ਵਿਚ ਜਨ ਸਮੂਹਾਂ ਨੂੂੰ ਗੈਰ ਵਿਗਿਆਨਕ ਰਾਹ ਤੋਂ ਮੋੜ ਕੇ ਤਰਕਸ਼ੀਲਤਾ ਦੇ ਰਸਤੇ ਤੋਰਿਆ ਜਾ ਸਕੇ। ਲੋਕਾਂ ਦੀ ਧਾਰਮਕ ਆਸਥਾ ਤੇ ਫਿਰਕਾਪ੍ਰਸਤੀ ਵਿਚਕਾਰ ਵੀ ਸਪੱਸ਼ਟ ਲਕੀਰ ਖਿੱਚਣ ਦੀ ਜ਼ਰੂਰਤ ਹੈ। ਇਹ ਇਕ ਬਹੁਤ ਹੀ ਮੁਸ਼ਕਲ ਤੇ ਸੰਵੇਦਨਸ਼ੀਲ ਵਿਸ਼ਾ ਹੈ, ਪ੍ਰੰਤੂ ਇਸ ਬਾਰੇ ਯੋਗ ਪੈਂਤੜਾ ਲੈ ਕੇ ਹੀ ਯੋਗ ਹੱਲ ਕੱਢਿਆ ਜਾ ਸਕਦਾ ਹੈ। ਇਕ ਇਨਕਲਾਬੀ ਕਮਿਊਨਿਸਟ ਪਾਰਟੀ ਦੀ ਮਜ਼ਬੂਤੀ ਤੇ ਉਸਾਰੀ ਲਈ ਇਹ ਜ਼ਰੂਰੀ ਹੈ ਕਿ ਉਸਦੇ ਤਮਾਮ ਆਗੂ ਤੇ ਮੈਂਬਰ ਲੋਕਾਂ ਦੀਆਂ ਆਸਥਾਵਾਂ ਦਾ ਧਿਆਨ ਰੱਖਦਿਆਂ ਹੋਇਆਂ ਪਿਛਾਖੜੀ ਤੇ ਹਨੇਰਵਿਰਤੀਵਾਦੀ ਵਿਚਾਰਾਂ ਦਾ ਖੰਡਨ ਕਰਕੇ ਕਿਰਤੀ ਲੋਕਾਂ ਦੀ ਵਿਸ਼ਾਲ ਗਿਣਤੀ ਨੂੰ ਜਮਹੂਰੀ ਲਹਿਰ ਨਾਲ ਜੋੜਨ ਦੀ ਮੁਹਾਰਤ ਰੱਖਦੇ ਹੋਣ। 

(ਹ) ਔਰਤਾਂ ਪ੍ਰਤੀ ਵਿਸ਼ੇਸ਼ ਧਿਆਨ ਦੀ ਜ਼ਰੂਰਤ 
ਭਾਵੇਂ ਸਾਡਿਆਂ ਘੋਲਾਂ ਅੰਦਰ ਔਰਤਾਂ ਕਾਫੀ ਗਿਣਤੀ ਵਿਚ ਸ਼ਾਮਲ ਹੁੰਦੀਆਂ ਹਨ ਤੇ ਆਪਣੀਆਂ ਮੰਗਾਂ ਲਈ ਵੀ  ਵੱਖ ਵੱਖ ਵਰਗਾਂ ਨਾਲ ਸਬੰਧਤ ਇਸਤਰੀਆਂ ਜਦੋਜਹਿਦ ਕਰਦੀਆਂ ਦੇਖੀਆਂ ਜਾ ਸਕਦੀਆਂ ਹਨ। ਪ੍ਰੰਤੂ ਇਹ ਇਕ ਤਲਖ ਹਕੀਕਤ ਹੈ ਕਿ ਵਸੋਂ ਦੇ ਇਸ ਅੱਧੇ ਹਿਸੇ ਵੱਲ, ਜੋ ਆਰਥਿਕ ਨਪੀੜਨ ਦੇ ਨਾਲ ਨਾਲ ਹੋਰ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ, ਖੱਬੀ ਲਹਿਰ ਨੇ ਬਣਦਾ ਧਿਆਨ ਨਹੀਂ ਦਿੱਤਾ। ਸਾਡੇ ਨਜ਼ਰੀਏ ਵਿਚ ਜਗੀਰੂ ਤੇ ਮਰਦ ਪ੍ਰਧਾਨ ਸੋਚ ਅਜੇ ਵੀ ਭਾਰੂ ਹੈ। ਇਸੇ ਕਰਕੇ ਸਮੁੱਚੀ ਕਮਿਊਨਿਸਟ ਲਹਿਰ ਤੇ ਲੀਡਰਸ਼ਿਪ ਵਿਚ ਵਸੋਂ ਦੇ ਅਨੁਪਾਤ ਅਨੁਸਾਰ ਔਰਤਾਂ ਦੀ ਸ਼ਮੂਲੀਅਤ ਬਹੁਤ ਹੀ ਨਿਗੂਣੀ ਤੇ ਨਾਕਾਫੀ ਹੈ। ਸਾਡਾ ਔਰਤਾਂ ਪ੍ਰਤੀ ਵਤੀਰਾ ਵੀ ਵਧੇਰੇ ਕਰਕੇ ਕਮਿਊਨਿਸਟ ਕਸਵੱਟੀ ਉਤੇ ਪੂਰਾ ਨਹੀਂ ਉਤਰਦਾ। ਇਸ ਕਮਜ਼ੋਰੀ ਵੱਲ ਬਣਦਾ ਧਿਆਨ ਦੇਣ ਦੀ ਜ਼ਰੂਰਤ ਹੈ। ਨਹੀਂ ਤਾਂ ਅਸੀਂ ਕੁਲ ਕਿਰਤੀ ਵਸੋਂ ਦੇ ਅੱਧੇ ਹਿੱਸੇ ਨਾਲੋਂ ਅਲੱਗ ਥਲੱਗ ਪੈ ਕੇ ਵੱਡਾ ਘਾਟੇਵੰਦਾ ਸੌਦਾ ਕਰ ਰਹੇ ਹੋਵਾਂਗੇ। 

(ਕ) ਭਾਸ਼ਾਈ ਤੇ ਧਾਰਮਿਕ ਘੱਟ ਗਿਣਤੀਆਂ ਦੇ ਹਿੱਤਾਂ ਬਾਰੇ  ਵੀ ਚਿੰਤਾਤੁਰ ਹੋਣ ਦੀ ਜ਼ਰੂਰਤ ਹੈ 
ਬਾਕੀ ਦੇਸ਼ ਵਾਂਗ ਪੰਜਾਬ ਅੰਦਰ ਵੀ ਗੈਰ ਪੰਜਾਬੀ ਵਸੋਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਦੂਸਰੇ ਪ੍ਰਾਂਤਾਂ ਤੋਂ ਰੋਟੀ ਰੋਜ਼ੀ ਦੀ ਤਲਾਸ਼ ਵਿਚ ਕਿਰਤੀ ਲੋਕ ਪੰਜਾਬ ਵੱਲ ਵਹੀਰਾਂ ਘੱਤ ਰਹੇ ਹਨ। ਉਹਨਾਂ ਦੀ ਬੋਲੀ, ਧਾਰਮਕ ਆਸਥਾ ਤੇ ਸਭਿਆਚਾਰ ਸਾਡੇ ਤੋਂ ਭਿੰਨ ਹੈ। ਪੰਜਾਬੀ ਵਸੋਂ ਦਾ ਇਕ ਹਿੱਸਾ, ਜੋ ਆਪ ਤਾਂ ਪੰਜਾਬੋਂ ਬਾਹਰ ਘੱਟ ਗਿਣਤੀ ਹੋਣ ਨਾਤੇ ਵਿਸ਼ੇਸ਼ ਅਧਿਕਾਰਾਂ ਤੇ ਸੁਰੱਖਿਆ ਦੀ ਮੰਗ ਕਰਦਾ ਹੈ, ਪ੍ਰੰਤੂ ਆਪ ਪੰਜਾਬ ਵਿਚਲੀਆਂ ਧਾਰਮਿਕ ਤੇ ਸਭਿਆਚਾਰਕ ਘੱਟ ਗਿਣਤੀਆਂ ਤੇ ਗੈਰ ਪੰਜਾਬੀ ਬੋਲਦੇ ਲੋਕਾਂ ਪ੍ਰਤੀ ਬਹੁਤ ਹੀ ਘਟੀਆ ਤੇ ਅਪਮਾਨਜਨਕ ਵਤੀਰਾ ਧਾਰਨ ਕਰੀ ਬੈਠਾ ਹੈ। ਪ੍ਰਾਂਤ ਦੀ ਖੱਬੀ ਲਹਿਰ ਨੇ ਪੰਜਾਬ ਵਿਚਲੀਆਂ ਘੱਟ ਗਿਣਤੀਆਂ ਦੇ ਹਿਤਾਂ ਦੀ ਰਾਖੀ ਕਰਨ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ,  ਸਿੱਟੇ ਵਜੋਂ ਇਹ ਜਮਹੂਰੀ ਲਹਿਰ ਦੀ ਵਲਗਣ ਤੋਂ ਬਾਹਰ ਬੈਠੇ ਹਨ। ਜਮਹੂਰੀ ਤੇ ਵਿਗਿਆਨਕ ਸੋਚ ਦੀ ਘਾਟ ਕਾਰਨ ਹੀ ਪੰਜਾਬ ਵਿਚ ਵਸਦੇ ਗੈਰ ਪੰਜਾਬੀ ਅਤੇ ਬਹੁ ਗਿਣਤੀ ਲੋਕਾਂ ਦੁਆਰਾ ਅਪਣਾਏ ਸਿੱਖ ਧਰਮ ਨਾਲੋਂ ਵੱਖਰੇਵਾਂ ਰੱਖਣ ਵਾਲੀਆਂ ਹੋਰ ਧਾਰਮਕ ਸੰਪਰਦਾਵਾਂ ਨਾਲ ਸਬੰਧਤ ਲੋਕ ਅਜੇ ਤੱਕ ਫਿਰਕੂ ਤੇ ਪਿਛਾਖੜੀ ਤੱਤਾਂ ਦੇ ਮਾਰੂ ਪ੍ਰਭਾਵ ਤੋਂ ਮੁਕਤ ਨਹੀਂ ਹੋ ਰਹੇ। ਇਹ ਜ਼ਿੰਮੇਵਾਰੀ ਖੱਬੀ ਲਹਿਰ ਸਿਰ ਬੱਝਦੀ ਹੈ ਕਿ ਉਹ ਧਰਮ ਨਿਰਪੱਖਤਾ ਤੇ ਵਿਗਿਆਨਕ ਨਜ਼ਰੀਏ ਉਤੇ ਪਹਿਰਾ ਦਿੰਦੀ ਹੋਈ ਸਮਾਜ ਵਿਚ ਵੱਡੀ ਗਿਣਤੀ ਵਿਚ ਵਸਦੇ ਇਨ੍ਹਾਂ ਲੋਕਾਂ ਨੂੰ ਆਪਣੇ ਨਾਲ ਜੋੜੇ। ਇਸ ਘਾਟ ਉਪਰ ਵੀ ਕਾਬੂ ਪਾਉਣ ਦੀ ਲੋੜ ਹੈ। 
ਇਸਤੋਂ ਬਿਨਾਂ ਹੋਰ ਵੀ ਅਨੇਕਾਂ ਰਾਜਨੀਤਕ, ਵਿਚਾਰਧਾਰਕ ਤੇ ਜਥੇਬੰਦਕ ਸਵਾਲ ਹਨ, ਜਿਨ੍ਹਾਂ ਬਾਰੇ ਕਮਿਊਨਿਸਟ ਧਿਰਾਂ ਨੂੰ ਪਿਛਲੀਆਂ ਘਾਟਾਂ ਤੇ ਭਟਕਾਵਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਦੇਸ਼ ਦੇ ਮੌਜੂਦਾ ਹਾਲਾਤ ਖੱਬੀ ਲਹਿਰ ਦੇ ਵਾਧੇ ਲਈ ਬਹੁਤ ਸਾਜ਼ਗਾਰ ਹਨ, ਬੇਸ਼ਰਤ ਕਿ ਖੱਬੀ ਲਹਿਰ ਦੇ ਆਗੂ ਆਪਣੀਆਂ ਪੁਰਾਣੀਆਂ ਕਮਜ਼ੋਰੀਆਂ 'ਤੇ ਕਾਬੂ ਪਾ ਕੇ ਦਰੁਸਤ ਦਿਸ਼ਾ ਤੈਅ ਕਰ ਲੈਣ। 

ਡੂੰਘੇ ਹੋ ਰਹੇ ਸੰਸਾਰ ਆਰਥਕ ਸੰਕਟ ਦਾ ਭਾਰਤ 'ਤੇ ਪ੍ਰਭਾਵ

ਰਘਬੀਰ ਸਿੰਘ

ਸਾਲ 2008 ਵਿਚ ਅਮਰੀਕਾ ਵਿਚ ਵਿਸਫੋਟਕ ਬਣਕੇ ਉਭਰਿਆ ਸੰਸਾਰ ਆਰਥਕ ਸੰਕਟ ਰੁਕ ਨਹੀਂ ਰਿਹਾ। ਇਹ ਹੁਣ ਸੰਸਾਰ ਭਰ ਵਿਚ ਮੰਦੀ ਦਾ ਦੌਰ ਬਣਦਾ ਜਾ ਰਿਹਾ  ਹੈ। ਪਿਛਲੇ 6-7 ਸਾਲਾਂ ਦੌਰਾਨ ਇਸ, ਸੰਕਟ ਦੀ ਜੜ੍ਹ ਵਿਚ ਖੜ੍ਹੇ ਨਿਵੇਸ਼ਕ ਬੈਂਕਾਂ, ਵੱਡੀਆਂ ਕੰਪਨੀਆਂ ਅਤੇ ਵੱਡੇ ਉਦਯੋਗਕ ਅਦਾਰਿਆਂ ਨੂੰ ਲੋਕਾਂ ਦੇ, ਟੈਕਸਾਂ ਰਾਹੀਂ ਇਕੱਠੇ ਕੀਤੇ ਗਏ, ਅਰਬਾਂ ਡਾਲਰ ਉਤਸ਼ਾਹਵਰਧਕ ਪੈਕੇਜ (Stimulus) ਦੇ ਰੂਪ ਵਿਚ ਦੇ ਕੇ ਵੀ ਇਸਦਾ ਹੱਲ ਨਹੀਂ ਨਿਕਲ ਸਕਿਆ। ਇਸਦੇ ਉਲਟ ਇਹਨਾਂ ਅਦਾਰਿਆਂ ਨੂੰ ਕਰਜ਼ਾ ਚੁਕਕੇ ਦਿੱਤੀਆਂ ਰਕਮਾਂ ਦਾ ਭਾਰ ਕੁਝ ਸਰਕਾਰਾਂ ਦੀ ਧੌਣ ਭੰਨ ਰਿਹਾ ਹੈ। ਇਹ ਸਰਕਾਰਾਂ ਕਰਜ਼ੇ ਦਾ ਭਾਰ ਘਟਾਉਣ ਲਈ ਬਚਤ ਪ੍ਰਬੰਧਾਂ (Austerity measures) ਦੇ ਨਾਂਅ 'ਤੇ, ਲੰਮੇ ਸੰਘਰਸ਼ਾਂ ਰਾਹੀਂ ਜਿੱਤੀਆਂ, ਕਿਰਤੀ ਲੋਕਾਂ ਦੀਆਂ ਸਮਾਜਕ ਸੁਰੱਖਿਆਵਾਂ ਖੋਹ ਰਹੀਆਂ ਹਨ। ਇਸ ਨਾਲ ਇਹਨਾਂ ਦੇਸ਼ਾਂ ਵਿਚ ਵਸਤਾਂ ਦੀ ਮੰਗ, ਵਿਸ਼ੇਸ਼ ਕਰਕੇ ਖਪਤਕਾਰੀ ਵਸਤਾਂ (Consumer goods) ਦੀ ਮੰਗ ਬੁਰੀ ਤਰ੍ਹਾਂ ਹੇਠਾਂ ਡਿਗਦੀ ਜਾ ਰਹੀ ਹੈ। ਇਸਦਾ ਪ੍ਰਗਟਾਵਾ ਸਿੱਕੇ ਦੇ ਫੈਲਾਅ (inflation) ਦੀ ਥਾਂ ਸਿੱਕੇ ਦੀ ਗਿਰਾਵਟ (deflation) ਅਤੇ ਵਿਕਾਸ ਦਰ ਦੀ ਖੜੋਤ ਦੇ ਰੂਪ ਵਿਚ ਹੋ ਰਿਹਾ ਹੈ। ਆਮ ਮੰਦੀ (General recession)  ਵੱਲ ਵੱਧ ਰਹੇ ਇਸ ਦੌਰ ਨੇ ਸੰਸਾਰ ਦੀ ਤੀਜੀ ਆਰਥਕ ਸ਼ਕਤੀ ਮੰਨੇ ਜਾਣ ਵਾਲੇ ਦੇਸ਼ ਜਪਾਨ ਦਾ ਵੀ ਮੰਦਾ ਹਾਲ ਕਰ ਦਿੱਤਾ ਹੈ। ਜਪਾਨ ਵਿਚ ਆਰਥਕ ਵਿਕਾਸ ਦੀ ਦਰ ਲਗਾਤਾਰ ਤਿੰਨ ਤਿਮਾਹੀਆਂ ਹੇਠਾਂ ਜਾਣ ਕਰਕੇ, ਆਰਥਕਤਾ ਮੰਦੀ ਦੇ ਦੌਰ ਵਿਚ ਦਾਖਲ ਹੋ ਗਈ ਹੈ ਜਿਸਨੇ ਸਰਕਾਰ ਦੀਆਂ ਨੀਹਾਂ ਹਿਲਾ ਦਿੱਤੀਆਂ ਹਨ। ਇਸਦੇ ਸਿੱਟੇ ਵਜੋਂ ਉਥੇ ਨਵੀਆਂ ਚੋਣਾਂ ਕਰਾਉਣੀਆਂ ਪਈਆਂ ਹਨ। ਇਸ ਦੌਰ ਨੇ ਚੀਨ ਦੀ ਆਰਥਕਤਾ ਨੂੰ ਵੀ ਪ੍ਰਭਾਵਤ ਕਰਨਾ ਆਰੰਭ ਕਰ ਦਿੱਤਾ ਹੈ। ਉਸਦੀ ਵਿਕਾਸ ਦਰ ਜੋ 9-10% ਸਲਾਨਾ ਦੀ ਦਰ ਨਾਲ ਸਰਪਟ ਦੌੜ ਰਹੀ ਸੀ ਨੂੰ 7.4% ਤੇ ਲਿਆ ਖੜ੍ਹਾ ਕੀਤਾ ਹੈ ਅਤੇ 2014-15 ਵਿਚ 7.1% ਤੇ ਜਾ ਸਕਦੀ ਹੈ। ਨਵੰਬਰ ਵਿਚ ਇਸ ਦਾ ਉਤਪਾਦਨ ਪਿਛਲੇ ਸਤ ਮਹੀਨਿਆਂ ਵਿਚ ਸਭ ਤੋਂ ਘੱਟ ਰਿਹਾ ਹੈ। 
ਨਵਉਦਾਰਵਾਦੀ ਨੀਤੀਆਂ ਦਾ ਲੱਠਮਾਰ ਅਲੰਬਰਦਾਰ ਅਤੇ ਫਿਰਕਾਪ੍ਰਸਤੀ ਦੇ ਫਨੀਅਰ ਨਾਗ ਰਾਹੀਂ ਜਨਸ਼ਕਤੀ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਭਾਰਤ ਦਾ ਪ੍ਰਧਾਨ ਮੰਤਰੀ ਆਪਣੇ 'ਲੱਛੇਦਾਰ' ਭਾਸ਼ਣਾਂ ਅਤੇ ਅਦਾਕਾਰੀ ਰਾਹੀਂ ਜਿੰਨੇ ਮਰਜ਼ੀ ਸਬਜ਼ਬਾਗ ਵਿਖਾਈ ਜਾਵੇ ਜ਼ਮੀਨੀ ਹਾਲਤ ਏਥੇ ਵੀ ਦਿਨ ਪ੍ਰਤੀਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਜਨਤਕ ਅਦਾਰੇ ਜੋ ਭਾਰਤ ਦੇ ਆਰਥਕ ਵਿਕਾਸ ਦੇ ਬੁਨਿਆਦੀ ਥੰਮ ਬਣਕੇ ਉਭਰੇ ਸਨ, ਨੂੰ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਅਤੇ ਭਾਰਤ ਦੇ ਕਿਰਤੀ ਲੋਕਾਂ ਦੇ ਜਨਮਜਾਤ ਬਚਤ ਸੁਭਾਵ (Saving Tendency) ਨੂੰ, ਉਹਨਾਂ ਦੀ ਖਰੀਦ ਸ਼ਕਤੀ ਨੂੰ ਤੋੜਕੇ, ਪਹੁੰਚਾਏ ਜਾ ਰਹੇ ਨੁਕਸਾਨ ਨਾਲ ਆਰਥਕ ਹਾਲਾਤ ਹੋਰ ਰਸਾਤਲ ਵੱਲ ਜਾਣਗੇ। 
ਇਸ ਸਬੰਧੀ ਕੁੱਝ ਦੇਸ਼ਾਂ ਬਾਰੇ ਹੇਠ ਲਿਖੇ ਆਰਥਕ ਅੰਕੜੇ, ਇਸ ਚਿੰਤਾਜਨਕ ਅਵਸਥਾ ਦੀ ਗੁਆਹੀ ਭਰਦੇ ਹਨ। 

ਅਮਰੀਕਾ : ਕਈ ਤਰ੍ਹਾਂ ਦੇ ਅਨੈਤਿਕ ਪਾਪੜ ਵੇਲਣ ਦੇ ਬਾਵਜੂਦ ਅਮਰੀਕਾ ਦੀ ਹਾਲਤ ਵਿਚ ਵੀ ਬੁਨਿਆਦੀ ਸੁਧਾਰ ਨਹੀਂ ਹੋ ਰਿਹਾ। ਬੇਰੁਜ਼ਗਾਰੀ ਦੀ ਦਰ 8.1% ਹੈ, ਵਿਕਾਸ ਦਰ ਬੜੀ ਹੀ ਹੇਠਲੀ ਪੱਧਰ, 2-3% 'ਤੇ ਖੜੀ ਹੈ। ਇਹ ਸਾਰਾ ਕੁੱਝ ਇਸਦੇ ਬਾਵਜੂਦ ਹੈ ਕਿ 16 Trilion ਡਾਲਰ (16000 ਅਰਬ) ਦੀ ਅਮਰੀਕਨ ਆਰਥਕਤਾ ਆਪਣੀ ਸੈਨਕ ਅਤੇ ਆਰਥਕ ਸਰਦਾਰੀ ਦੇ ਬਲਬੂਤੇ ਦੂਜੇ ਦੇਸ਼ਾਂ ਦਾ ਸ਼ੋਸ਼ਣ ਕਰ ਸਕਦੀ ਹੈ। ਆਪਣੇ ਹਥਿਆਰਾਂ ਦੇ ਉਦਯੋਗਾਂ ਦਾ ਵਿਕਾਸ ਜਾਰੀ ਰੱਖ ਸਕਦਾ ਹੈ ਅਤੇ ਦੂਜੇ ਦੇਸ਼ਾਂ 'ਤੇ ਆਪਣਾ ਆਰਥਕ ਸੰਕਟ ਲੱਦ ਸਕਦਾ ਹੈ। 

ਯੂਰਪ : ਯੂਰਪੀਨ ਯੂਨੀਅਨ ਦੇ ਦੇਸ਼ਾਂ ਦੀ ਹਾਲਤ ਵੀ ਦਿਨੋ ਦਿਨ ਵਧੇਰੇ ਗੰਭੀਰ ਹੁੰਦੀ ਜਾ ਰਹੀ ਹੈ। ਸਰਕਾਰਾਂ ਸਿਰ ਚੜ੍ਹੇ ਕਰਜਿਆਂ ਦੀ ਅਦਾਇਗੀ ਦਾ ਭਾਰ ਅਤੇ ਲਗਾਤਾਰ ਘੱਟ ਰਹੀ ਮੰਗ ਅਤੇ ਮੁਦਰਾ ਦੀ ਗਿਰਾਵਟ (Deflation) ਅਤੇ ਬੇਰੁਜ਼ਗਾਰੀ ਵਿਚ ਲਗਾਤਾਰ ਹੋ ਰਿਹਾ ਵਾਧਾ ਵਧੇਰੇ ਚਿੰਤਾਜਨਕ ਬਣਦੇ ਜਾ ਰਹੇ ਹਨ। 
ਯੂਰਪੀਨ ਯੂਨੀਅਨ ਦੀ ਸਮੁੱਚੇ ਰੂਪ ਵਿਚ ਬੇਰੁਜ਼ਗਾਰੀ ਦੀ ਦਰ ਸਾਲ 2014 ਦੇ ਅੰਕੜਿਆਂ ਅਨੁਸਾਰ 10.5% ਹੈ। ਪਰ ਕਈ ਦੇਸ਼ਾਂ ਵਿਚ ਇਹ ਬਹੁਤ ਹੀ ਉੱਚੀ  ਹੈ। ਗਰੀਸ ਅਤੇ ਪੁਰਤਗਾਲ ਵਿਚ 14.8% ਹੈ। ਵਧੇਰੇ ਵਿਕਸਤ ਮੰਨੇ ਜਾਣ ਵਾਲੇ ਦੇਸ਼ਾਂ ਵਿਚ ਵੀ ਹਾਲਤ ਚੰਗੀ ਨਹੀਂ। ਫਰਾਂਸ ਵਿਚ 10.4%, ਇੰਗਲੈਂਡ 6.6%, ਜਰਮਨੀ 5.2% ਅਤੇ ਇਟਲੀ 12% ਹੈ। ਹਰ ਸਾਲ ਇਸ ਵਿਚ ਵਾਧਾ ਹੁੰਦਾ ਜਾ ਰਿਹਾ ਹੈ। 
ਸਰਕਾਰੀ ਕਰਜ਼ੇ ਜੋ ਕਿਸੇ ਦੇਸ਼ ਦੀ ਕੁਲ ਘਰੇਲੂ ਉਤਪਾਦ ਦੇ 60-70% ਦੀ ਹੱਦ ਤੱਕ ਰਹਿਣੇ ਠੀਕ ਮੰਨੇ ਜਾਂਦੇ ਹਨ ਕਈ ਯੂਰਪੀ ਦੇਸ਼ਾਂ ਵਿਚ ਬਹੁਤ ਹੀ ਜ਼ਿਆਦਾ ਹਨ। ਯੂਰਪੀਨ ਦੇਸ਼ਾਂ ਦਾ ਔਸਤਨ ਸਰਕਾਰੀ ਕਰਜ਼ਾ ਜੀ.ਡੀ.ਪੀ. ਦਾ 87.1% ਹੈ। ਇਹ ਬੈਲਜੀਅਮ ਵਿਚ 101%, ਸਾਈਪ੍ਰਸ 175%, ਫਰਾਂਸ 93.5%, ਗਰੀਸ 175%, ਇਟਲੀ 132%, ਆਇਰਲੈਂਡ 123%, ਸਪੇਨ 93.9%, ਇੰਗਲੈਂਡ 93.5% ਤੇ ਜਰਮਨੀ 87.1% ਹੈ। ਇਹ ਚੰਗੀ ਆਰਥਕਤਾ ਦੀ ਨਿਸ਼ਾਨੀ ਨਹੀਂ ਹੈ। 
ਵਿਕਾਸ ਦਰ ਯੂਰਪੀਨ ਯੂਨੀਅਨ ਦੀ ਸਮੁੱਚੇ ਤੌਰ 'ਤੇ ਅਤੇ ਇਕੱਲੇ ਇਕੱਲੇ ਦੇਸ਼ ਦੀ ਲਗਾਤਾਰ ਘਟ ਰਹੀ ਹੈ। (ਦੇਖੋ ਸਾਰਨੀ)
ਸਿੱਕੇ ਦੀ ਡਿਗਦੀ ਸਾਖ (Deflation) ਨੇ ਇਹਨਾਂ ਦੇਸ਼ਾਂ ਦੇ ਹਾਕਮਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਇਹ 0.3% ਤੱਕ ਹੇਠਾਂ ਡਿੱਗ ਪਈ ਹੈ ਜਦੋਂਕਿ ਯੂਰਪੀਨ ਸੈਂਟਰਲ ਬੈਂਕ ਦਾ ਅੰਦਾਜ਼ਾ 2% ਸਿੱਕੇ ਦੇ ਫੈਲਾਅ ਹੋਣ ਦਾ ਸੀ। ਤੇਲ ਦੀਆਂ ਰਸਾਤਲ ਵੱਲ ਜਾ ਰਹੀਆਂ ਕੀਮਤਾਂ ਜੋ ਮੰਗ ਦੇ ਬਹੁਤ ਸੁੰਗੜ ਜਾਣ ਕਾਰਨ ਘੱਟ ਰਹੀ ਉਤਪਾਦਕ ਸਰਗਰਮੀ ਦਾ ਪ੍ਰਤੀਕ ਹੈ, ਨਾਲ ਇਹਨਾਂ ਚਿੰਤਾਵਾਂ, ਵਿਚ ਹੋਰ ਵਾਧਾ ਹੋ ਰਿਹਾ ਹੈ। ਇਹ ਹਾਲਤ ਉਸ ਵੇਲੇ ਹੈ ਜਦੋਂ ਕਿ ਯੂਰਪੀਨ ਕੇਂਦਰੀ ਬੈਂਕ ਵਲੋਂ 0.5% ਦਰ ਤੇ ਕਰਜਾ ਦਿੱਤਾ ਜਾ ਰਿਹਾ ਹੈ। 

ਰੂਸ : ਮੁੱਖ ਤੌਰ 'ਤੇ ਤੇਲ ਦੀ ਦਰਾਮਦ ਤੇ ਨਿਰਭਰ ਰੂਸ ਦੀ ਆਰਥਕਤਾ ਬੁਰੀ ਤਰ੍ਹਾਂ ਡਗਮਗਾ ਗਈ ਹੈ। ਰੂਬਲ ਦੀ ਕੀਮਤ ਡਾਲਰ ਦੇ ਮੁਕਾਬਲੇ ਦੋ ਦਿਨਾਂ ਵਿਚ ਹੀ 5% ਘੱਟ ਗਈ ਹੈ। ਇਹ 26 ਮਈ 2014 ਤੋਂ 16 ਦਸੰਬਰ ਤੱਕ 34.19 ਦੇ ਮੁਕਾਬਲੇ 61.16 ਅਰਥਾਤ 78.88% ਘਟੀ ਹੈ। ਰੂਸ ਨੇ ਮੁਦਰਾ ਨੀਤੀ ਵਿਚ ਭਾਰੀ ਬਦਲ ਕਰਕੇ ਵਿਆਜ ਦਰ 11 ਦੀ ਥਾਂ 17% ਕੀਤੀ ਹੈ। ਪਰ ਫਿਰ ਵੀ ਹਾਲਤ ਛੇਤੀ ਸੁਧਰਨ ਦੀ ਆਸ ਨਹੀਂ। 

ਭਾਰਤ : ਭਾਰਤ ਦੀ ਜ਼ਮੀਨੀ ਆਰਥਕ ਹਾਲਤ ਸਰਕਾਰੀ ਦਾਅਵਿਆਂ ਦੀ ਖਿੱਲੀ ਉਡਾ ਰਹੀ ਹੈ। ਸਰਕਾਰ ਆਪਣਾ ਇਕ ਵੀ ਵਾਅਦਾ ਨਹੀਂ ਨਿਭਾ ਰਹੀ। ਲੋਕ ਫਰੇਬੀ ਨਾਹਰਿਆਂ ਰਾਹੀਂ ਠੱਗੇ ਗਏ ਮਹਿਸੂਸ ਕਰ ਰਹੇ ਹਨ। ਹਕੀਕਤਾਂ ਮੋਦੀ ਤੇ ਉਸਦੀ ਸਰਕਾਰ ਦੇ ਧੋਖੇ ਭਰੇ ਬਿਆਨਾਂ 'ਤੇ ਜ਼ੋਰਦਾਰ ਤਮਾਚੇ ਮਾਰ ਰਹੀਆਂ ਹਨ। ਹੇਠ ਲਿਖੇ ਕੁਝ ਅੰਕੜੇ ਇਸਦੇ ਸਪੱਸ਼ਟ ਸਬੂਤ ਹਨ। 

(ੳ) ਰੁਪਏ ਦੀ ਕੀਮਤ 26 ਮਈ (ਸਰਕਾਰ ਬਣਨ ਸਮੇਂ) ਤੋਂ ਲੈ ਕੇ 17 ਦਸੰਬਰ ਤੱਕ 58.29 ਦੇ ਮੁਕਾਬਲੇ 63.61 ਪ੍ਰਤੀ ਡਾਲਰ ਹੋ ਗਈ ਹੈ। ਇਹ 8.4% ਘਟੀ ਹੈ। ਇਹ ਉਸ ਵੇਲੇ ਹੋਇਆ ਹੈ ਜਦੋਂ ਕਿ ਦਰਾਮਦਾਂ ਦਾ ਸਭ ਤੋਂ ਵੱਡਾ ਭਾਰ ਕੱਚੇ ਤੇਲ ਦੀ ਕੀਮਤ 115 ਡਾਲਰ ਪ੍ਰਤੀ ਬੈਰਲ ਤੋਂ ਘਟ ਕੇ 59 ਡਾਲਰ ਹੋ ਗਈ ਹੈ। 

(ਅ) ਵੱਧ ਰਿਹਾ ਵਪਾਰਕ ਘਾਟਾ : ਮੋਦੀ ਸਰਕਾਰ ਦੇ ਸਮੇਂ ਵਿਚ ਬਰਾਮਦਾਂ ਘਟੀਆਂ ਹਨ ਅਤੇ ਦਰਾਮਦਾਂ ਵਿਚ ਭਾਰੀ ਵਾਧਾ ਹੋਇਆ ਹੈ। ਨਵੰਬਰ ਮਹੀਨੇ ਵਿਚ ਸੋਨੇ ਦੀ ਭਾਰੀ ਦਰਾਮਦ ਨਾਲ ਦਰਾਮਦਾਂ ਵਿਚ 27% ਵਾਧਾ ਹੋਇਆ ਹੈ ਜਦੋਂ ਕਿ ਤੇਲ ਦੀਆਂ ਦਰਾਮਦਾਂ ਵਿਚ 9.7 ਘਾਟਾ ਹੋਣ ਦੇ ਬਾਵਜੂਦ ਗੈਰ ਤੇਲ ਪਦਾਰਥਾਂ ਵਿਚ 49.6% ਵਾਧਾ ਹੋਇਆ ਹੈ। ਇਸਦੇ ਮੁਕਾਬਲੇ ਵਿਚ ਬਰਾਮਦਾਂ ਸਿਰਫ 7.27% ਵਧੀਆਂ ਹਨ। ਇਸ ਨਾਲ ਚਾਲੂ ਖਾਤੇ ਦਾ ਘਾਟਾ (CAD) ਨਵੰਬਰ ਮਹੀਨੇ ਵਿਚ ਹੀ 10 ਅਰਬ ਡਾਲਰ ਹੋ ਗਿਆ ਹੈ। ਇਹ ਉਸ ਸਮੇਂ ਹੋ ਰਿਹਾ ਹੈ ਜਦੋਂਕਿ ਰੁਪਏ ਦੀ ਕੀਮਤ ਘਟਣ ਨਾਲ ਦਰਾਮਦਾਂ ਵਧਣੀਆਂ ਚਾਹੀਦੀਆਂ ਸਨ ਅਤੇ ਤੇਲ ਦੀ ਦਰਾਮਦ ਕੀਮਤ ਜੂਨ ਦੇ ਮੁਕਾਬਲੇ ਲਗਭਗ ਅੱਧੀ ਰਹਿ ਗਈ ਹੈ। ਸਭ ਤੋਂ ਵੱਡੀ ਦਰਾਮਦ ਸੋਨੇ ਦੀ ਹੋਈ ਹੈ ਜੋ ਨਵੰਬਰ ਵਿਚ ਛੇ ਗੁਣਾਂ ਵੱਧ ਗਈ। ਨਵੰਬਰ 2014 ਵਿਚ ਸੋਨੇ ਦੀ ਦਰਾਮਦ 5.61 ਅਰਬ ਡਾਲਰ ਦੀ ਹੋਈ ਜਦੋਂਕਿ ਪਿਛਲੇ ਸਾਲ ਨਵੰਬਰ ਵਿਚ ਇਹ ਸਿਰਫ 8 ਕਰੋੜ 36 ਲੱਖ ਡਾਲਰ ਸੀ। ਅਜਿਹਾ ਮੋਦੀ ਸਰਕਾਰ ਵਲੋਂ ਪਿਛਲੀ ਸਰਕਾਰ ਵਲੋਂ ਸੋਨੇ ਦੀ ਦਰਾਮਦ ਤੇ ਲਾਈ 10% ਕਸਟਮ ਡਿਊਟੀ ਅਤੇ ਬਾਹਰੋਂ ਮੰਗਵਾਏ ਸੋਨੇ ਦਾ 20% ਦਰਾਮਦ ਕੀਤੇ ਜਾਣ ਦੀ ਸ਼ਰਤ ਵਾਪਸ ਲੈ ਲਏ ਜਾਣ ਕਰਕੇ ਹੋਇਆ ਹੈ। 

(ੲ) ਘੱਟ ਰਿਹਾ ਉਦਯੋਗਿਕ ਉਤਪਾਦਨ : ਅਕਤੂਬਰ ਮਹੀਨੇ ਵਿਚ ਉਦਯੋਗਿਕ ਉਤਪਾਦਨ 4.2% ਘੱਟ ਗਿਆ ਹੈ ਅਤੇ ਇਹ ਘਾਟਾ ਵਧੇਰੇ ਕਰਕੇ ਮੈਨੂਫੈਕਚਰਿੰਗ ਅਤੇ ਖਪਤਕਾਰੀ ਵਸਤਾਂ ਦੇ ਖੇਤਰ ਵਿਚ ਹੋਇਆ ਹੈ। 13 ਨਵੰਬਰ ਦੇ ਇੰਡੀਅਨ ਐਕਸਪ੍ਰੈਸ ਅਨੁਸਾਰ ਅਕਤੂਬਰ ਮਹੀਨੇ ਵਿਚ ਮੈਨੂਫੈਕਚਰੀ ਉਤਪਾਦਨ 7.6% ਅਤੇ ਖਪਤਕਾਰ ਵਸਤਾਂ ਦਾ ਉਤਪਾਦਨ 18.6% ਘਟਿਆ ਹੈ। ਅਪ੍ਰੈਲ ਤੋਂ ਅਕਤੂਬਰ ਦੇ 7 ਮਹੀਨਿਆਂ ਵਿਚ ਉਦਯੋਗਿਕ ਉਤਪਾਦਨ ਦਾ ਸੂਚਕ ਅੰਕ (IIP) ਸਿਰਫ 1.9% ਹੀ ਵਧਿਆ ਹੈ। ਉਦਯੋਗਿਕ ਉਤਪਾਦਨ ਦੇ ਖੇਤਰ ਵਿਚਲੇ ਨਿਰਾਸ਼ਾਜਨਕ ਮਹੌਲ ਤੋਂ ਸਰਕਾਰ ਅਤੇ ਕਾਰਪੋਰੇਟ ਘਰਾਣੇ ਬੜੇ ਚਿੰਤਤ ਹਨ। ਤਿਉਹਾਰਾਂ ਦੇ ਮਹੀਨੇ ਵਿਚ ਇਹ ਘਾਟਾ ਹੋਰ ਵੀ ਵਧੇਰੇ ਚਿੰਤਾਜਨਕ ਬਣ ਜਾਂਦਾ ਹੈ। ਫਿੱਕੀ ਦੇ ਪ੍ਰਧਾਨ ਸਿਧਾਰਥ ਬਿਰਲਾ ਨੇ ਕਿਹਾ ਕਿ ਅਕਤੂਬਰ ਮਹੀਨੇ ਵਿਚਲੇ ਮੈਨੂਫੈਕਚਰਿੰਗ ਉਤਪਾਦਨ ਵਿਚ ਆਈ ਗਿਰਾਵਟ ਇਸ ਕਰਕੇ ਵੀ ਵਧੇਰੇ ਚਿੰਤਾਜਨਕ ਹੈ ਕਿਉਂਕਿ ਇਹ ਸਿਰਫ ਕੁਝ ਖੇਤਰਾਂ ਤੱਕ ਹੀ ਸੀਮਤ ਨਹੀਂ। 
ਇਸ ਨਿਰਾਸ਼ਾਜਨਕ ਮਹੌਲ ਨੇ ਕੁਲ ਘਰੇਲੂ ਉਤਪਾਦਨ ਬਾਰੇ ਤਿਮਾਹੀ ਅੰਕੜੇ ਵੀ ਕਾਫੀ ਹੇਠਾਂ ਲੈ ਆਂਦੇ ਹਨ। ਸਤੰਬਰ ਮਹੀਨੇ ਵਿਚ ਖਤਮ ਹੋਈ ਦੂਜੀ ਤਿਮਾਹੀ ਵਿਚ ਇਹ ਵਾਧਾ 5.3% ਰਹਿ ਗਿਆ ਜਦੋਂਕਿ ਪਹਿਲੀ ਤਿਮਾਹੀ ਵਿਚ ਇਹ 5.7% ਸੀ ਅਤੇ ਇਹ ਪਿਛਲੇ ਸਾਲ (2013) ਦੀ ਦੂਜੀ ਤਿਮਾਹੀ ਵਿਚਲੇ 5.2% ਦੇ ਨੇੜੇ ਪੁੱਜ ਗਈ ਹੈ। ਤੀਜੀ ਤਿਮਾਹੀ ਵਿਚ ਇਹ 5.1% ਤੱਕ ਜਾਣ ਦੇ ਅੰਦਾਜ਼ੇ ਹਨ। 

(ਸ) ਵਿੱਤੀ ਘਾਟਾ ਕਾਬੂ ਵਿਚ ਨਹੀਂ ਆ ਰਿਹਾ : ਸਰਕਾਰ ਦੇ ਸਾਰੇ ਲੋਕ ਵਿਰੋਧੀ ਜਤਨਾਂ ਜਿਵੇਂ ਕਿ ਸਬਸਿਡੀਆਂ ਦੀ ਕਟੌਤੀ ਕਰਨ, ਜਨਤਕ ਅਦਾਰਿਆਂ ਵਿਚੋਂ ਹਿੱਸੇਦਾਰੀ ਘਟਾਉਣ, ਮਨਰੇਗਾ ਵਰਗੇ ਲੋਕ ਪੱਖੀ ਕੰਮਾਂ ਵਿਚ ਕਟੌਤੀਆਂ ਕਰਨ ਤੇ ਲੋਕਾਂ 'ਤੇ ਅਸਿੱਧੇ ਟੈਕਸ ਵਧਾਉਣ, ਡੀਜ਼ਲ, ਪੈਟਰੋਲ 'ਤੇ ਐਕਸਾਈਜ਼ ਡਿਊਟੀ ਵਧਾਉਣ ਅਤੇ ਮਨਜੂਰ ਸ਼ੁਦਾ ਜਨਤਕ ਸੇਵਾਵਾਂ ਦੇ ਗੈਰਯੋਜਨਾ ਖਰਚਿਆਂ ਵਿਚ ਬਚਤ ਕਰਨ ਦੇ ਨਾਂਅ ਤੇ ਕਟੌਤੀਆਂ ਕਰਨ ਦੇ ਬਾਵਜੂਦ ਵਿੱਤੀ ਘਾਟੇ ਨੂੰ 4.1% ਤੇ ਲਿਆਉਣ ਵਿਚ ਸਫਲਤਾ ਨਹੀਂ ਮਿਲ ਰਹੀ। 
28 ਨਵੰਬਰ ਦੀ ਇੰਡੀਅਨ ਐਕਸਪ੍ਰੈਸ ਅਨੁਸਾਰ 31 ਅਕਤੂਬਰ ਤੱਕ ਵਿੱਤੀ ਘਾਟਾ 47,575 ਕਰੋੜ ਰੁਪਏ ਹੈ ਜੋ ਸਾਰੇ ਸਾਲ ਦੇ ਘਾਟੇ ਦੇ ਅਨੁਮਾਨ ਦਾ ਲਗਭਗ 90% ਬਣਦਾ ਹੈ। ਇਸ ਤਰ੍ਹਾਂ ਇਸ ਸਮੇਂ ਦੌਰਾਨ ਅਕਤੂਬਰ ਤਕ ਮਾਲੀ ਘਾਟਾ 3,72,634 ਕਰੋੜ ਹੈ ਜੋ ਸਾਰੇ ਵਿੱਤੀ ਸਾਲ ਦੇ ਘਾਟੇ ਦੇ ਅਨੁਮਾਨਾਂ ਦਾ 91% ਦੇ ਲਗਭਗ ਬਣਦਾ ਹੈ। 

(ਹ) ਲੋਕਾਂ ਵਿਚ ਵੱਧ ਰਹੀ ਮੰਦਹਾਲੀ : ਸਰਕਾਰ ਦੀਆਂ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਿਤਾਂ ਦੀ ਰਾਖੀ ਲਈ ਤੇਜੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਨਾਲ ਮਹਿੰਗਾਈ, ਬੇਰੁਜ਼ਗਾਰੀ, ਭਰਿਸ਼ਟਾਚਾਰ ਗਰੀਬ ਲੋਕਾਂ ਵਿਰੁੱਧ ਹੁੰਦਾ ਸਮਾਜਕ ਜਬਰ ਅਤੇ ਔਰਤਾਂ ਵਿਰੁੱਧ ਹਿੰਸਾ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਨਵਉਦਾਰਵਾਦੀ ਨੀਤੀਆਂ ਰਾਹੀਂ ਛੋਟੇ ਉਦਯੋਗਾਂ, ਛੋਟੇ ਕਾਰੋਬਾਰਾਂ ਅਤੇ ਛੋਟੀ ਕਿਸਾਨੀ ਵਿਰੁੱਧ ਕੀਤੇ ਜਾ ਰਹੇ ਫੈਸਲਿਆਂ ਕਰਕੇ ਨਵੇਂ ਰੁਜ਼ਗਾਰ ਵਸੀਲੇ ਪੈਦਾ ਹੋਣ ਦੀ ਥਾਂ ਪਹਿਲਾਂ ਨਾਲੋਂ ਵੀ ਬਹੁਤ ਘਟਦੇ ਜਾ ਰਹੇ ਹਨ। ਕੁਦਰਤੀ ਵਸੀਲਿਆਂ ਅਤੇ ਜਨਤਕ ਖੇਤਰ ਦੀ ਹਿੱਸੇਦਾਰੀ ਨੂੰ ਕੌਡੀਆਂ ਦੇ ਭਾਅ ਵੇਚਣ ਨਾਲ ਭਰਿਸ਼ਟਾਚਾਰ ਤੇਜ਼ੀ ਨਾਲ ਵੱਧ ਰਿਹਾ ਹੈ। ਦੇਸ਼  ਅੰਦਰਲੇ ਅਤੇ ਬਦੇਸ਼ਾਂ ਵਿਚ ਭੇਜੇ ਜਾ ਰਹੇ ਕਾਲੇ ਧਨ ਵਿਚ ਵਾਧਾ ਹੋ ਰਿਹਾ ਹੈ। ਕਿਰਤ ਕਾਨੂੰਨਾਂ ਵਿਚ ਮਜ਼ਦੂਰ ਵਿਰੋਧੀ ਸੋਧਾਂ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਮਜ਼ਦੂਰਾਂ ਦੀ ਲੁੱਟ ਹੋਰ ਤੇਜ਼ ਕਰਨ ਦੀ ਛੋਟ ਮਿਲ ਰਹੀ ਹੈ। ਜ਼ਮੀਨ ਅਧੀਗ੍ਰਹਿਣ ਦੇ ਕਾਨੂੂੰਨ ਵਿਚ ਕਿਸਾਨ ਵਿਰੋਧੀ ਸੋਧਾਂ ਰਾਹੀਂ ਇਕ ਪਾਸੇ ਕਿਸਾਨੀ ਦੀ ਲੁੱਟ ਹੋਰ ਤਿੱਖੀ ਕੀਤੀ ਜਾਵੇਗੀ ਅਤੇ ਦੂਜੇ ਪਾਸੇ ਦੇਸ਼ ਦੀ ਅਨਾਜ ਸੁਰੱਖਿਅਤਾ ਨੂੰ ਵੀ ਗੰਭੀਰ ਖਤਰਾ ਪੈਦਾ ਹੋ ਜਾਵੇਗਾ। ਪਿੰਡਾਂ ਦੇ ਸ਼ਕਤੀਸ਼ਾਲੀ ਲੋਕ ਅਤੇ ਸ਼ਹਿਰੀ ਕਾਰਪੋਰੇਟ ਘਰਾਣੇ ਸਰਕਾਰੀ ਅਤੇ ਆਪਣੀ ਨਿੱਜੀ ਲੱਠਮਾਰ ਸ਼ਕਤੀ ਰਾਹੀਂ ਦਲਿਤਾਂ, ਔਰਤਾਂ ਅਤੇ ਹੋਰ ਗਰੀਬ ਲੋਕਾਂ 'ਤੇ ਸਮਾਜਕ ਜਬਰ ਤਿੱਖਾ ਕਰ ਰਹੇ ਹਨ। ਵਿਦਿਆ, ਸਿਹਤ ਸੇਵਾਵਾਂ ਅਤੇ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਤੋਂ ਸਰਕਾਰ ਦੇ ਪਿੱਛੇ ਹਟਣ ਨਾਲ ਅਨਪੜ੍ਹਤਾ ਅਤੇ ਬਿਮਾਰੀਆਂ ਦਾ ਬੋਲਬਾਲਾ ਹੋ ਰਿਹਾ ਹੈ। 

(ਕ) ਜੁਰਮਾਂ ਦੀ ਦਲਦਲ ਵਿਚ ਧੱਕਿਆ ਜਾ ਰਿਹਾ ਨੌਜਵਾਨ  ਵਰਗ : ਭਾਰਤ ਦੀ ਨੌਜਵਾਨ ਸ਼ਕਤੀ ਹਰ ਪੱਖੋਂ ਮਾਣ ਕਰਨ ਵਾਲੀ ਗੱਲ ਹੈ। ਭਾਰਤ ਦੀ 65% ਅਬਾਦੀ ਦਾ 35 ਸਾਲ ਦੀ ਉਮਰ ਤੱਕ ਹੋਣਾ, ਨੌਜਵਾਨ ਸ਼ਕਤੀ ਜਿਸ ਵਿਚ ਪੜ੍ਹੇ ਲਿਖਿਆਂ ਦੀ ਗਿਣਤੀ ਬਹੁਤ ਵੱਡੀ ਹੈ ਦੇਸ਼ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਬਣ ਸਕਦੀ ਹੈ। ਪਰ ਇਹ ਸ਼ਕਤੀ ਬੇਰੁਜ਼ਗਾਰੀ ਅਤੇ ਸਮਾਜਕ ਤੌਰ 'ਤੇ ਕਿਸੇ ਅਗਾਂਹਵਧੂ ਸਿਧਾਂਤ ਅਤੇ ਵਿਅਕਤੀਆਂ ਦੇ ਕਿਸੇ ਰੋਲ ਮਾਡਲ ਦੀ ਅਣਹੋਂਦ ਦਾ ਸ਼ਿਕਾਰ ਹੋ ਕੇ ਦੇਸ਼ ਵਿਚ ਫੈਲੇ ਭਰਿਸ਼ਟਾਚਾਰ ਦੇ ਪ੍ਰਭਾਵ ਹੇਠਾਂ ਨਸ਼ਾਖੋਰੀ, ਲੁੱਟਾਂ-ਖੋਹਾਂ ਅਤੇ ਔਰਤਾਂ ਵਿਰੁੱਧ ਘਿਣਾਉਣੇ ਜ਼ੁਰਮਾਂ ਦੀ ਦਲਦਲ ਵਿਚ ਫਸਦੀ ਜਾ ਰਹੀ ਹੈ। ਉਹ ਆਪਣੇ ਹਿਤਾਂ ਦੀ ਰਾਖੀ ਅਤੇ ਦੇਸ਼ ਦੇ ਲੋਕ ਪੱਖੀ ਵਿਕਾਸ ਰਾਹੀਂ ਬੁਨਿਆਦੀ ਤਬਦੀਲੀ ਲਈ ਜਥੇਬੰਦ ਸੰਘਰਸ਼ ਕਰਨ ਦੀ ਥਾਂ ਕਾਫੀ ਵੱਡੀ ਗਿਣਤੀ ਵਿਚ ਨਸ਼ੇੜੀਆਂ ਅਤੇ ਗੁਨਾਹਗਾਰਾਂ ਦੇ ਟੋਲਿਆਂ ਦੇ ਰੂਪ ਵਿਚ ਅਵਾਰਾ ਘੁੰਮ ਰਹੀ ਹੈ। ਦੇਸ਼ ਦੇ ਹਾਕਮ ਅਤੇ ਵੱਖ ਵੱਖ ਡੇਰਿਆਂ ਦੇ ਅਖੌਤੀ ਸਾਧ ਸੰਤ ਆਪਣੇ ਅਮਲਾਂ ਰਾਹੀਂ  ਅਤੇ ਆਪਣੀ ਰਾਜਸੀ, ਧਾਰਮਕ ਅਤੇ ਆਰਥਕ ਸ਼ਕਤੀ ਰਾਹੀਂ ਉਹਨਾਂ ਨੂੰ ਇਸ ਦਲਦਲ ਵਿਚ ਹੋਰ ਡੂੰਘਾ ਧੱਕ ਰਹੇ ਹਨ। ਸਮੁੱਚਾ ਸੰਘ ਪਰਿਵਾਰ ਉਸ ਨੂੰ ਫਿਰਕੂ ਵਿਚਾਰਾਂ ਵਿਚ ਰੰਗਕੇ ਘਟ ਗਿਣਤੀਆਂ ਵਿਰੁੱਧ ਹਿੰਸਾ ਕਰਨ ਲਈ ਲਾਮਬੰਦ ਕਰ ਰਿਹਾ ਹੈ। ਅਨੇਕਾਂ ਨੌਜਵਾਨ ਮਾਪਿਆਂ ਦੀ ਰਗੀਂ ਅੰਗੂਠੇ ਦੇ ਕੇ ਬਦੇਸ਼ਾਂ ਵਿਚ ਜਾਣ ਦੀ ਲਾਲਸਾ ਕਰਕੇ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ ਅਤੇ ਅਨੇਕਾਂ ਜੇਲ੍ਹਾਂ ਵਿਚ ਬੰਦ ਹਨ। ਇਹ ਵਰਤਾਰਾ ਦੇਸ਼ ਦੇ ਮੌਜੂਦਾ ਪ੍ਰਬੰਧ ਅਤੇ ਇਸਨੂੰ ਚਲਾ ਰਹੇ ਰਾਜਨੀਤੀਵਾਨਾਂ ਵਲੋਂ ਆਪਣੀ ਨੌਜਵਾਨ ਪੀੜ੍ਹੀ ਵਿਰੁੱਧ ਕੀਤਾ ਜਾ ਰਿਹਾ ਘਿਣਾਉਣਾ ਜ਼ੁਰਮ ਹੈ, ਜੋ ਕਦੇ ਮੁਆਫ ਨਹੀਂ ਹੋ ਸਕਦਾ। 

(ਖ) ਵੱਧ ਰਿਹਾ ਸਾਮਰਾਜੀ ਦਖਲ : ਸੰਸਾਰ ਦੇ ਸਾਰੇ ਵਿਕਾਸਸ਼ੀਲ ਦੇਸ਼ਾਂ ਦਾ ਇਤਿਹਾਸ ਗੁਆਹ ਹੈ ਕਿ ਜਿੰਨਾ ਕੋਈ ਦੇਸ਼ ਆਰਥਕ ਅਤੇ ਰਾਜਸੀ ਤੌਰ 'ਤੇ ਸਾਮਰਾਜੀ ਦੇਸ਼ਾਂ ਨਾਲ ਵੱਧ ਜੁੜਿਆ ਅਤੇ ਆਪਣੇ ਸਵੈਨਿਰਭਰਤਾ ਵਾਲੇ ਵਿਕਾਸ ਮਾਡਲ ਤੋਂ ਦੂਰ ਰਿਹਾ, ਉਨਾ ਹੀ ਉਹ ਘੱਟ ਵਿਕਸਤ, ਰਾਜਨੀਤਕ ਤੌਰ ਤੇ ਅਸਥਿਰ ਅਤੇ ਅੱਤਵਾਦੀ-ਵੱਖਵਾਦੀ ਸ਼ਕਤੀਆਂ ਦਾ ਸ਼ਿਕਾਰ ਹੋਇਆ ਹੈ। ਭਾਰਤ ਨੇ ਆਰੰਭ ਵਿਚ, ਵਿਸ਼ੇਸ਼ ਕਰਕੇ ਨਹਿਰੂਵਾਦ ਦੇ ਸਮੇਂ ਵਿਚ, ਸਰਮਾਏਦਾਰੀ ਰਾਹ 'ਤੇ ਚਲਦੇ ਹੋਏ ਕੁਝ ਹੱਦ ਤੱਕ ਸਵੈਨਿਰਭਰਤਾ ਵਾਲੇ ਪਾਸੇ ਕਦਮ ਵੀ ਚੁੱਕੇ ਸਨ। ਪਰ ਪਿਛੋਂ ਰਾਜੀਵ  ਗਾਂਧੀ ਦੇ ਸਮੇਂ ਤੋਂ ਨੀਤੀਆਂ ਵਿਚ ਮੋੜਾ ਦੇਣਾ ਸ਼ੁਰੂ ਕਰਕੇ ਦੇਸ਼ ਦੇ ਹਾਕਮਾਂ ਨੇ 1991 ਵਿਚ ਸਾਮਰਾਜੀ ਦਖਲ ਲਈ ਆਪਣੇ ਦੇਸ਼ ਦੇ ਦਰਵਾਜ਼ੇ ਪੂਰੀ ਤਰ੍ਹਾਂ ਖੋਲ ਦਿੱਤੇ। ਸਿੱਟੇ ਵਜੋਂ ਦੇਸ਼ ਵਿਚ ਆਮ ਆਦਮੀ ਲਈ ਵਿਦਿਆ, ਸਿਹਤ ਸੇਵਾਵਾਂ ਅਤੇ ਰੁਜ਼ਗਾਰ ਪ੍ਰਾਪਤੀ ਦੇ ਮੌਕੇ ਮਿਲਣੇ ਤੇਜ਼ੀ ਨਾਲ ਘਟਣੇ ਸ਼ੁਰੂ ਹੋ ਗਏ। ਸਰਕਾਰ ਨੇ ਕਿਰਤੀ ਲੋਕਾਂ ਦੇ ਹਿਤਾਂ ਦੀ  ਰਾਖੀ ਕਰਨ ਦੀ ਥਾਂ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਲੁੱਟ ਲਈ ਰਾਹ ਪੱਧਰਾ ਅਤੇ ਸੁਖਾਲਾ ਕਰਨ ਦੀ ਨਿਸ਼ੰਗ ਜਿੰਮੇਵਾਰੀ ਲੈ ਲਈ। ਤੇਜੀ ਨਾਲ ਵਧੇ ਇਸ ਦਖਲ ਰਾਹੀਂ ਭਾਰਤ ਦੀ ਬਦੇਸ਼ ਨੀਤੀ ਵਿਚ ਵੀ ਭਾਰੀ ਮੋੜਾ ਆ ਗਿਆ ਹੈ। ਸਾਮਰਾਜ ਦਾ ਦਖਲ ਹੋਰ ਸੁਖਾਲਾ ਬਣਾਉਣ ਲਈ ''ਮੇਕ ਇਨ ਇੰਡੀਆ'' ਵਰਗੇ ਨਾਹਰੇ ਦਿੱਤੇ ਜਾ ਰਹੇ ਹਨ। ਜਿਹੜੇ ਦੇਸ਼ ਦੀ ਆਰਥਕਤਾ ਨੂੰ ਸਵੈਨਿਰਭਰ ਕਰਨ ਦੀ ਬਜਾਏ ਵਧੇਰੇ ਕਰਕੇ ਬਰਾਮਦ ਮੁਖੀ ਬਣਾਉਣ ਦਾ ਕੰਮ ਕਰਨਗੇ। ਕੌਮਾਂਤਰੀ ਪੱਧਰ 'ਤੇ ਡੂੰਘੇ ਹੁੰਦੇ ਜਾ ਰਹੇ ਆਰਥਕ ਸੰਕਟ ਕਰਕੇ ਬਰਾਮਦ ਮੁਖੀ ਨੀਤੀ ਭਾਰਤ ਲਈ ਹੋਰ ਡੂੰਘਾ ਸੰਕਟ ਲੈ ਕੇ ਆਵੇਗੀ ਅਤੇ ਸਾਮਰਾਜ ਦੀ ਹੋਰ ਵਧੇਰੇ ਦਬੇਲ ਬਣਾ ਦੇਵੇਗੀ। 
ਵਿਕਾਸਸ਼ੀਲ ਦੇਸ਼ਾਂ ਲਈ ਵੱਡੀ ਚਣੌਤੀ 
ਕੌਮਾਂਤਰੀ ਪੱਧਰ 'ਤੇ ਫੈਲੇ ਇਸ ਮੌਜੂਦਾ ਸੰਕਟ ਦੇ ਦੋ ਬੁਨਿਆਦੀ ਕਾਰਨ ਸਮਝੇ ਜਾ ਰਹੇ ਹਨ। ਇਕ ਤਾਂ ਸਰਕਾਰਾਂ ਦੇ ਸਿਰ ਚੜ੍ਹੇ ਸਰਕਾਰੀ ਕਰਜ਼ੇ, ਜਿਹੜੇ ਉਹਨਾਂ ਇਸ ਸੰਕਟ ਦੇ ਦੌਰਾਨ ਆਪਣੀਆਂ ਵਿੱਤੀ ਸੰਸਥਾਵਾਂ ਅਤੇ ਉਦਯੋਗਕ ਕੰਪਨੀਆਂ ਨੂੰ ਉਤਸ਼ਾਹਵਰਧਕ ਪੈਕੇਜ਼ (Stimulus) ਵਜੋਂ ਦਿੱਤੇ ਸਨ ਅਤੇ ਦੂਜਾ ਆਮ ਲੋਕਾਂ ਦੀ ਘਟ ਰਹੀ ਮੰਗ। ਸਰਮਾਏਦਾਰੀ ਢਾਂਚੇ ਵਿਚ ਵੀ ਇਸਦਾ ਅੰਸ਼ਕ ਹੱਲ ਤਾਂ ਕੈਨੇਜੀਅਨ ਮਾਡਲ ਰਾਹੀਂ ਸਰਕਾਰ ਵਲੋਂ ਜਨਤਕ ਖੇਤਰ ਵਿਚ ਵੱਧ ਤੋਂ ਵੱਧ ਨਿਵੇਸ਼ ਕਰਕੇ ਰੁਜ਼ਗਾਰ ਦੇ ਵਸੀਲੇ ਪੈਦਾ ਕਰਕੇ ਲੋਕਾਂ ਦੀ ਖਰੀਦ ਸ਼ਕਤੀ ਵਧਾਕੇ ਜਨਤਕ ਮੰਗ ਵਧਾਉਣਾ ਸੀ। ਪਰ ਉਹ ਤਾਂ ਉਲਟੇ ਬਚਤ ਕਾਰਵਾਈਆਂ (Austerity Measures) ਰਾਹੀਂ ਸੋਵੀਅਤ ਮਾਡਲ ਦੇ ਪ੍ਰਭਾਵ ਅਤੇ ਆਪਣੇ ਸੰਘਰਸ਼ਾਂ ਰਾਹੀਂ ਕਿਰਤੀ ਲੋਕਾਂ ਵਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਭਾਵ ਸਮਾਜਕ ਸੁਰੱਖਿਅਤਾਵਾਂ 'ਤੇ ਹਮਲਾ ਕਰਕੇ ਖਰੀਦ ਸ਼ਕਤੀ ਨੂੰ ਹੋਰ ਕਮਜ਼ੋਰ ਕਰਨ ਵਾਲੇ ਮੜ੍ਹੀਆਂ ਦੇ ਰਸਤੇ ਤੁਰਨ ਲਈ ਹੋਰ ਤੇਜ਼ ਹੋਈਆਂ ਹਨ। ਉਹਨਾਂ ਨੂੰ ਚਾਹੀਦਾ ਸੀ ਕਿ ਜਿਹਨਾਂ ਅਦਾਰਿਆਂ ਨੇ ਉਤਸ਼ਾਹਵਰਧਕ ਪੈਕੇਜ ਲਏ ਹਨ ਉਹ ਰਕਮਾਂ ਵਾਪਸ ਕਰਨ ਤਾਕਿ ਸਰਕਾਰ ਆਪਣੇ ਕਰਜ਼ੇ ਅਦਾ ਕਰ ਸਕੇ। ਪਰ ਵਿਕਸਤ ਦੇਸ਼ਾਂ ਦੀਆਂ ਸਰਕਾਰਾਂ ਨਵੇਂ ਨੋਟ ਛਾਪਣ (Quantitative easing) ਅਤੇ ਵੱਡੀਆਂ ਕੰਪਨੀਆਂ ਨੂੰ ਹੋਰ ਵਧੇਰੇ ਪੈਕੇਜ਼ ਦੇਣ ਲਈ ਤਿਆਰ ਹਨ। ਅਮਰੀਕਾ ਹਰ ਮਹੀਨੇ10 ਬਿਲੀਅਨ ਡਾਲਰ ਦੇ ਨਵੇਂ ਨੋਟ ਲੰਮੇ ਸਮੇਂ ਤੋਂ ਛਾਪ ਰਿਹਾ ਹੈ। ਹੁਣ ਯੂਰਪੀਨ ਕੇਂਦਰੀ ਬੈਂਕ (E.C.B.) 'ਤੇ ਨਵੇਂ ਯੂਰੋ ਨੋਟ ਛਾਪਣ ਲਈ ਦਬਾਅ ਪਾਇਆ ਜਾ ਰਿਹਾ ਹੈ। 
ਇਸ ਲਈ ਵਿਕਸਤ ਦੇਸ਼ ਆਪਣੇ ਤੌਰ 'ਤੇ ਆਪਣੇ ਸੰਕਟ 'ਤੇ ਕਾਬੂ ਨਹੀਂ ਪਾ ਸਕਣਗੇ। ਉਹਨਾਂ ਪਾਸ ਇਕ ਸੌਖਾ ਹੱਲ ਹੈ ਕਿ ਉਹ ਵਿਕਾਸਸ਼ੀਲ ਦੇਸ਼ਾਂ ਦੀਆਂ ਮੰਡੀਆਂ ਅਤੇ ਹੋਰ ਕੁਦਰਤੀ ਵਸੀਲਿਆਂ 'ਤੇ ਕਬਜ਼ਾ ਕਰਕੇ ਇਹਨਾਂ ਦੇਸ਼ਾਂ ਦੀ ਸਸਤੀ ਅਤੇ ਹੁਨਰਮੰਦ ਮਜ਼ਦੂਰ ਸ਼ਕਤੀ ਰਾਹੀਂ ਇਹਨਾਂ ਦੇਸ਼ਾਂ ਵਿਚ ਉਤਪਾਦਨ ਕਰਕੇ ਆਪਣੀ ਹਾਲਤ ਸੁਧਾਰਨ। ਇਸ ਪਿਛੋਕੜ ਵਿਚ ਹੀ ੳਹਨਾਂ ਦੀਆਂ ਸਰਕਾਰਾਂ ਵਿਤੀ ਸੰਸਥਾਵਾਂ ਅਤੇ ਉਦਯੋਗਕ ਕਾਰਪੋਰੇਟ ਅਤੇ ਸੰਸਾਰ ਵਪਾਰ ਸੰਸਥਾ ਆਦਿ ਸੰਸਥਾਵਾਂ ਬਹੁਤ ਸਰਗਰਮ ਹੋਈਆਂ ਹਨ ਅਤੇ ਧੱਕੇ ਨਾਲ ਵਿਕਾਸਸ਼ੀਲ ਦੇਸ਼ਾਂ ਉਪਰ ਆਪਣੀਆਂ ਲੁਟੇਰੀਆਂ ਸ਼ਰਤਾਂ ਮੜ੍ਹ ਰਹੀਆਂ ਹਨ। ਮੋਦੀ ਵਰਗੇ ਲੱਛੇਦਾਰ ਭਾਸ਼ਣਕਰਤਾ ਫਿਰਕੂ ਵਿਚਾਰਧਾਰਾ ਵਾਲੇ ਆਗੂ ਉਹਨਾਂ ਦੇ ਬਹੁਤ ਚਹੇਤੇ ਹਨ ਜਿਹੜੇ ਆਪਣੀ ਭਾਸ਼ਣ ਕਲਾ ਰਾਹੀਂ ਸਾਮਰਾਜੀ ਵਿਕਾਸ ਦੇ ਜ਼ਹਿਰ ਨੂੰ ਲੋਕਾਂ ਦੇ ਸੰਘ ਵਿਚ ਉਤਾਰ ਸਕਦੇ ਹਨ ਅਤੇ ਕਿਰਤੀ ਲੋਕਾਂ ਦੀ ਏਕਤਾ ਨੂੰ ਫਿਰਕੂ ਲੀਹਾਂ 'ਤੇ ਤੋੜ ਸਕਦੇ ਹਨ। 



ਵਿਕਾਸਸ਼ੀਲ ਦੇਸ਼ਾਂ ਲਈ ਫੌਰੀ ਕਾਰਜ
ਇਸ ਲਈ ਦੇਸ਼ ਹਿਤੂ ਆਰਥਕ ਮਾਹਰਾਂ, ਕਿਰਤੀ ਲੋਕਾਂ ਅਤੇ ਉਹਨਾਂ ਦੀਆਂ ਖੱਬੀਆਂ ਪਾਰਟੀਆਂ ਨੂੰ ਜ਼ੋਰਦਾਰ ਸੰਘਰਸ਼ਾਂ ਰਾਹੀਂ ਦੇਸ਼ ਦੇ ਹਾਕਮਾਂ ਨੂੰ ਮਜ਼ਬੂਰ ਕਰਨਾ ਚਾਹੀਦਾ ਹੈ ਕਿ ਉਹ ਸਾਮਰਾਜੀ ਦੇਸ਼ਾਂ ਦੇ ਪਿਛਲੱਗੂ ਬਣਨ ਦੀ ਥਾਂ  ਸਵੈ-ਨਿਰਭਰਤਾ ਵਾਲਾ ਲੋਕ ਪੱਖੀ ਵਿਕਾਸ ਮਾਡਲ ਅਪਣਾਉਣ। ਬਰਾਮਦ ਮੁਖੀ ਨੀਤੀ 'ਤੇ ਘੱਟ ਤੋਂ ਘੱਟ ਨਿਰਭਰ ਹੋਣ ਅਤੇ ਆਪਣੀ ਘਰੇਲੂ ਮੰਡੀ ਨੂੰ ਵਿਕਸਤ ਕਰਨ। ਇਸ ਸਬੰਧ ਵਿਚ ਚੀਨ ਨੇ ਜਤਨ ਆਰੰਭ ਕਰ ਦਿੱਤੇ ਹਨ। ਉਸਨੇ ਘਰੇਲੂ ਮੰਡੀ ਦੇ ਵਿਕਾਸ ਲਈ ਜਨਤਕ ਖੇਤਰ ਵਿਚ ਨਿਵੇਸ਼ ਵਧਾਇਆ ਹੈ ਅਤੇ ਖਰੀਦ ਸ਼ਕਤੀ ਵਧਾਉਣ ਲਈ ਮਜ਼ਦੂਰਾਂ ਦੀਆਂ ਉਜਰਤਾਂ ਵਧਾਈਆਂ ਹਨ। ਜੇ ਹੋਰ ਕੁਝ ਨਹੀਂ ਕਰ ਸਕਦੇ ਤਾਂ ਨਹਿਰੂ ਸਮੇਂ ਦੀ ਨੀਤੀ, ਸਰਮਾਏਦਾਰੀ ਵਿਕਾਸ ਲਈ ਜਨਤਕ ਖੇਤਰ ਦਾ ਵਿਕਾਸ, ਅਨਾਜ ਸੁਰੱਖਿਅਤਾ ਲਈ ਲਗਾਤਾਰ ਉਪਰਾਲੇ, ਆਮ ਲੋਕਾਂ ਲਈ ਵਿਦਿਆ, ਸਿਹਤ ਸੇਵਾਵਾਂ ਆਦਿ ਮੁਹੱਈਆ ਕਰਾਉਣ ਦੀ ਕੁਝ ਹੱਦ ਤੱਕ ਜ਼ਿੰਮੇਵਾਰੀ ਨਿਭਾਉਣਾ ਅਤੇ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਲਈ  ਥੋੜ੍ਹੇ ਬਹੁਤੇ ਯਤਨ ਤਾਂ ਅਪਣਾਉਣ। ਜਾਪਦਾ ਹੈ ਕਿ ਦੇਸ਼ ਵਿਚ ਪੈਦਾ ਹੋ ਰਹੀਆਂ ਜਟਿਲ ਅਤੇ ਭਿਅੰਕਰ ਕਿਸਮ ਦੀਆਂ ਸਮੱਸਿਆਵਾਂ ਨੇ ਨਵਉਦਾਰਵਾਦੀ ਨੀਤੀਆਂ ਦੇ ਕੁਝ ਝੰਡਾ ਬਰਦਾਰਾਂ ਨੂੰ ਕੁਝ ਹੱਦ ਤੱਕ ਸੋਚਣ ਲਈ ਮਜ਼ਬੂਰ ਕੀਤਾ ਹੈ। ਇਸ ਸਬੰਧ ਵਿਚ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਘੂਰਾਮਨ ਰਾਜਨ ਦੇ ਬਿਆਨ ਤੋਂ ਕੁਝ ਝਲਕ ਪੈਂਦੀ ਹੈ। 12 ਦਸੰਬਰ 2014 ਨੂੰ ਨਵੀਂ ਦਿੱਲੀ ਵਿਚ ਭਰਤ ਰਾਮ ਮੈਮੋਰੀਅਲ ਯਾਦਗਾਰੀ ਲੈਕਚਰ ਦਿੰਦੇ ਹੋਏ ਰਾਜਨ ਨੇ ਕੁਝ ਜ਼ਰੂਰੀ ਟਿੱਪਣੀਆਂ ਕੀਤੀਆਂ ਹਨ। ਉਹਨਾਂ ਕਿਹਾ : ''ਭਾਰਤ ਇਕ ਵੱਖਰਾ ਦੇਸ਼ ਹੈ ਅਤੇ ਵੱਖਰੇ ਸਮਿਆਂ ਵਿਚ ਵਿਕਾਸ ਕਰ ਰਿਹਾ ਹੈ। ਸਾਨੂੰ ਉਹ ਗੱਲਾਂ ਸਮਝਣੀਆਂ ਚਾਹੀਦੀਆਂ ਹਨ ਜੋ ਕੰਮ ਦੇ ਸਕਣ।'' ਉਹਨਾਂ ਅੱਗੇ ਕਿਹ ਕਿ ''ਸੰਸਾਰ ਆਰਥਕਤਾ ਅਜੇ ਸੰਕਟ ਤੋਂ ਬਾਹਰ ਨਹੀਂ ਆਈ। ਅਕਤੂਬਰ ਮਹੀਨੇ ਵਿਚ ਭਾਰਤ ਦਾ ਉਤਯੋਗਕ ਉਤਪਾਦਨ 4.2% ਤੱਕ ਸੁਕੜ ਗਿਆ ਹੈ ਜਿਹੜਾ ਕਿ ਪਿਛਲੇ ਦੋ ਸਾਲਾਂ ਵਿਚ ਸਭ ਤੋਂ ਵੱਧ ਤਿੱਖਾ ਹੈ। ਇਹ ਸੁਕੜਨ ਮੈਨਫੈਕਚਰਿੰਗ ਖੇਤਰ ਕਰਕੇ ਹੋਈ ਹੈ ਜਿਹੜਾ 7.6% ਤੱਕ ਸੁਕੜਿਆ ਹੈ।'' ਘਰੋਗੀ ਮੰਗ ਦੇ ਵਿਕਾਸ 'ਤੇ ਜ਼ੋਰ ਦਿੰਦੇ ਹੋਏ ਉਹਨਾਂ 'ਮੇਕ ਇਨ ਇੰਡੀਆ' ਬਾਰੇ ਵੀ ਟਿੱਪਣੀ ਕੀਤੀ ਹੈ। ੳਹਨਾਂ ਕਿਹਾ ਕਿ ਇਸ ਦੇ ਚਾਰ ਪੱਖ ਹੋਣੇ ਚਾਹੀਦੇ ਹਨ। 'ਮੇਕ ਇਨ ਇੰਡੀਆ' ਮੇਕ ਫਾਰ ਇੰਡੀਆ (ਭਾਵ ਭਾਰਤ ਦੀ ਮੰਡੀ ਲਈ ਭਾਰਤੀ ਲੋਕਾਂ ਦੀਆਂ ਲੋੜਾਂ ਲਈ), ਅਤੇ ਆਰਥਕ ਖੇਤਰ ਵਿਚ ਪਾਰਦਰਸ਼ਤਾ ਅਤੇ ਸਥਿਰਤਾ ਦੀ ਜਾਮਨੀ ਹੋਵੇ ਅਤੇ ਇਹ ਕੌਮਾਂਤਰੀ ਪ੍ਰਬੰਧ ਨੂੰ ਵਧੇਰੇ ਖੁੱਲਾ ਅਤੇ ਇਨਸਾਫ ਅਧਾਰਤ (fair) ਬਣਾਵੇ। 
ਸੰਸਾਰ ਆਰਥਕ ਸੰਕਟ ਬਾਰੇ ਉਹਨਾਂ ਕਿਹਾ ਕਿ ਸਿਰ ਤੇ ਲਟਕ ਰਿਹਾ ਕਰਜ਼ੇ ਦਾ ਭਾਰ, ਮੰਗ ਦੀ ਬਹੁਤ ਕਮਜੋਰ ਅਵਸਥਾ ਅਤੇ ਬੁੱਢੀ ਹੋ ਰਹੀ ਅਬਾਦੀ ਕਰਕੇ ਉਦਯੋਗਕ ਸੰਸਾਰ ਲਈ ਮੰਦੀ ਤੋਂ ਪਹਿਲੀ ਵਿਕਾਸ ਦਰ ਪ੍ਰਾਪਤ ਕਰ ਸਕਣਾ ਮੁਸ਼ਕਿਲ ਹੋ ਰਿਹਾ  ਹੈ। ਇਸ ਵੇਲੇ ਇਹਨਾਂ ਦੇਸ਼ਾਂ ਵਿਚ ਨਿਰਾਸ਼ਤਾ ਸਪੱਸ਼ਟ ਨਜ਼ਰ ਆ ਰਹੀ ਹੈ। 
ਰਘੂਰਾਮ ਰਾਜਨ ਜੋ ਵਿਕਸਤ ਦੇਸ਼ਾਂ ਦੀਆਂ ਲੁਟੇਰੀਆਂ ਸੰਸਥਾਵਾਂ ਸੰਸਾਰ ਬੈਂਕ ਅਤੇ ਆਈ.ਐਮ.ਐਫ.  ਦਾ ਲਾਡਲਾ ਪੁੱਤਰ ਹੈ, ਵਲੋਂ ਅਜਿਹੀਆਂ ਟਿਪਣੀਆਂ ਕਰਨਾ ਹੈ ਤਾਂ ਬੜੀ  ਹੈਰਾਨੀ ਵਾਲੀ ਗੱਲ, ਪਰ ਉਂਝ ਇਹ ਮੌਜੂਦਾ ਸਮੇਂ ਦੀਆਂ ਹਕੀਕਤਾਂ ਤੇ ਅਧਾਰਤ ਹਨ। 
ਅੰਤ ਵਿਚ ਅਸੀਂ ਆਪਣੀ ਸਮਝਦਾਰੀ ਦੁਬਾਰਾ ਦ੍ਰਿੜ੍ਹਾਉਂਦੇ ਹਾਂ ਕਿ ਭਾਰਤ ਵਰਗੇ ਕੁਦਰਤੀ ਅਤੇ ਮਾਨਵੀ ਵਸੀਲਿਆਂ ਦੇ ਬਹੁਤ ਅਮੀਰ ਮਾਲਕ ਮਹਾਨ ਦੇਸ਼ ਨੂੰ ਇਸ ਚਿੰਤਾਜਨਕ ਮਹੌਲ ਵਿਚੋਂ ਬਾਹਰ ਆਉਣ ਲਈ ਦੇਸ਼ ਵਿਚ ਅਜਿਹੀ ਰਾਜ ਸੱਤਾ ਦੀ ਜ਼ਰੂਰਤ ਹੈ ਜੋ ਸਾਮਰਾਜੀ ਦੇਸ਼ਾਂ ਦੀ ਧੌਂਸ ਦੇ ਸਾਹਮਣੇ ਖਲੋਵੇ ਅਤੇ ਇਸ ਕੰਮ ਲਈ ਵਿਕਾਸਸ਼ੀਲ ਦੇਸ਼ਾਂ ਦਾ ਗਠਜੋੜ ਬਣਾਕੇ ਉਸਦੀ ਅਗਵਾਈ ਕਰੇ, ਦੇਸ਼ ਵਿਚ ਤਬਾਹੀ ਮਚਾ ਰਹੀਆਂ ਨਵਉਦਾਰਵਾਦੀ ਨੀਤੀਆਂ ਦੀ ਥਾਂ ਸਵੈਨਿਰਭਰਤਾ ਵਾਲੀਆਂ ਲੋਕ ਪੱਖੀ ਨੀਤੀਆਂ ਅਪਣਾਵੇ, ਜੋ ਕਿਰਤੀ ਲੋਕਾਂ ਨੂੰ ਸਬਸਿਡੀਆਂ ਅਤੇ ਗੁਣਾਤਮਕ ਜਨਤਕ ਸੇਵਾਵਾਂ ਮੁਹੱਈਆ ਕਰਾਉਣ ਦੀ ਜ਼ਿੰਮੇਵਾਰੀ ਨਿਭਾਵੇ। ਦੇਸ਼ ਵਿਚ ਘਰੋਗੀ ਮੰਡੀ ਦੇ ਵਿਕਾਸ ਲਈ ਜਨਤਕ ਨਿਵੇਸ਼ ਰਾਹੀਂ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਾਵੇ। ਛੋਟੇ ਉਦਯੋਗਾਂ, ਛੋਟੇ ਕਾਰੋਬਾਰ ਅਤੇ ਛੋਟੀ ਖੇਤੀ ਦੀ ਰਾਖੀ ਕਰੇ। ਇਸਦੇ ਨਾਲ ਹੀ ਦੇਸ਼ ਦੇ ਕਿਰਤੀ ਲੋਕਾਂ ਦੀ ਏਕਤਾ ਮਜ਼ਬੂਤ ਕਰੇ ਅਤੇ ਦੇਸ਼ ਅੰਦਰ ਧਰਮ ਨਿਰਪੱਖਤਾ ਅਤੇ ਭਾਈਚਾਰਕ ਏਕਤਾ ਵਾਲਾ ਉਸਾਰੂ ਮਾਹੌਲ ਪੈਦਾ ਕਰੇ। ਇਸ ਮੰਤਵ ਲਈ ਖੱਬੀਆਂ ਸ਼ਕਤੀਆਂ ਨੂੰ ਇਕਜੁਟ ਹੋ ਕੇ ਜ਼ੋਰਦਾਰ ਸੰਘਰਸ਼ ਕਰਨ ਦੀ ਲੋੜ ਹੈ।