Friday, 30 March 2018

ਆਰਐੱਮਪੀਆਈ ਵੱਲੋਂ ਥਾਣੇ ਅੱਗੇ ਧਰਨਾ ਦੇਣ ਦਾ ਐਲਾਨ

ਤਰਨ ਤਾਰਨ -ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਨੇ 6 ਅਪਰੈਲ ਨੂੰ ਥਾਣੇ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ| ਇਸ ਸਬੰਧੀ ਪਾਰਟੀ ਦੀ ਬਲਾਕ ਚੋਹਲਾ ਸਾਹਿਬ ਇਕਾਈ ਦੀ ਮੀਟਿੰਗ ਅੱਜ ਪਾਰਟੀ ਆਗੂ ਦਾਰਾ ਸਿੰਘ ਮੁੰਡਾਪਿੰਡ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਇਲਾਕੇ ਅੰਦਰ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਪੀੜਤ ਲੋਕਾਂ ਨੂੰ ਨਿਆਂ ਨਾ ਦੇਣ ਦੇ ਨਾਲ ਨਾਲ ਥਾਣੇ ’ਚ ਫੈਲੇ ਭ੍ਰਿਸ਼ਟਾਚਾਰ ’ਤੇ  ਚਿੰਤਾ ਜ਼ਾਹਰ ਕੀਤੀ ਗਈ| ਪਾਰਟੀ ਆਗੂ ਬਲਦੇਵ ਸਿੰਘ ਪੰਡੋਰੀ ਅਤੇ ਮਨਜੀਤ ਸਿੰਘ ਬੱਗੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ ਦੇ ਕਈ ਪੀੜਤਾਂ ਨੇ ਨਿਆਂ ਲੈਣ ਲਈ ਆਪਣੀਆਂ ਅਰਜ਼ੀਆਂ ਪੁਲੀਸ ਨੂੰ ਬੀਤੇ ਕਈ ਕਈ ਮਹੀਨਿਆਂ ਤੋਂ ਦਿੱਤੀਆਂ ਹੋਈਆਂ ਹਨ, ਪਰ ਪੁਲੀਸ ਵੱਲੋਂ ਕਥਿਤ ਤੌਰ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ| ਆਗੂਆਂ ਥਾਣੇ ਅੰਦਰ ਫੈਲੇ ਭ੍ਰਿਸ਼ਟਾਚਾਰ ਦੀ ਵੀ ਨਿਖੇਧੀ ਕੀਤੀ| ਉਨ੍ਹਾਂ ਕਿਹਾ ਕਿ ਮੁੰਡਾਪਿੰਡ ’ਚ ਜਬਰ ਜਨਾਹ ਮਾਮਲੇ ਦੇ ਦੋਸ਼ੀਆਂ ਨੂੰ ਵੀ ਜਾਣ ਬੁੱਝ ਕੇ ਕਾਬੂ ਨਹੀਂ ਕੀਤਾ ਜਾ ਰਿਹਾ| ਉਨ੍ਹਾਂ ਆਖਿਆ ਕਿ ਇਸ ਬਾਰੇ ਉੱਚ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਗਿਆ ਹੈ ਪਰ ਥਾਣਾ ਪੁਲੀਸ ਲੋਕਾਂ ਨੂੰ ਨਿਆਂ ਦੇਣ ਲਈ ਕੋਈ ਕਾਰਵਾਈ ਨਹੀਂ ਕਰ ਰਹੀ| ਮੀਟਿੰਗ ਨੂੰ ਬਲਵਿੰਦਰ ਸਿੰਘ ਫੈਲੋਕੇ, ਰੇਸ਼ਮ ਸਿੰਘ, ਸੁਲੱਖਣ ਸਿੰਘ ਤੁੜ, ਨਰਿੰਦਰ ਸਿੰਘ, ਸਵਿੰਦਰ ਸਿੰਘ, ਸੰਤੋਖ ਸਿੰਘ ਨੇ ਵੀ ਸੰਬੋਧਨ ਕੀਤਾ।

ਆਰਐਮਪੀਆਈ ਵੱਲੋਂ ਆਬੋਹਰ 'ਚ ਰੈਲੀ ਅਤੇ ਮਾਰਚ ਆਯੋਜਿਤ

ਆਬੋਹਰ

ਆਰਐਮਪੀਆਈ ਵੱਲੋਂ ਮਾਨਸਾ 'ਚ ਰੈਲੀ ਅਤੇ ਮਾਰਚ ਆਯੋਜਿਤ

ਮਾਨਸਾ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਦੀ ਸੂੁਬਾ ਕਮੇਟੀ ਵਲੋਂ 23 ਤੋਂ 31 ਮਾਰਚ ਤੱਕ ਜਿਲ੍ਹਾ ਕੇਂਦਰ 'ਤੇ ਰੈਲੀਆਂ ਅਤੇ ਲੋਕ ਮਾਰਚ ਕੀਤੇ ਜਾਣ ਦੇ ਸੱਦੇ ਨੂੰ ਲਾਗੂ ਕਰਦਿਆਂ ਅੱਜ ਪਾਰਟੀ ਵੱਲੋਂ ਸਥਾਨਕ ਮਾਲ ਗੋਦਾਮ ਵਿਖੇ ਭਰਵੀਂ ਰੈਲੀ ਕਰਕੇ ਸ਼ਹਿਰ ਵਿੱਚ ਪ੍ਰਭਾਵਸ਼ਾਲੀ ਮਾਰਚ ਕੀਤਾ ਗਿਆ। ਉਕਤ ਲੋਕ ਮਾਰਚ ਪ੍ਰਜਾ ਮੰਡਲ ਦੇ ਮਹਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਕੋਲ ਜਾ ਕੇ ਸੰਪੰਨ ਹੋਇਆ। ਵਰਨਣਯੋਗ ਹੈ ਕਿ ਪਾਰਟੀ ਵੱਲੋਂ ਉਕਤ ਮੁਹਿੰਮ ਦੀ ਸ਼ੁਰੂਆਤ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਪੁਰਖਿਆਂ ਦੇ ਪਿੰਡ ਖਟਕੜ ਕਲਾਂ ਤੋਂ ਸ਼ਹੀਦੀ ਕਾਨਫਰੰਸ ਕਰਕੇ ਕੀਤੀ ਗਈ ਸੀ।
ਸਥਾਨਕ ਰੇਲਵੇ ਸਟੇਸ਼ਨ ਵਿੱਚ ਹੋਈ ਇਕੱਤਰਤਾ ਨੁੂੰ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ, ਸੂਬਾ ਕਮੇਟੀ ਮੈਂਬਰ ਛੱਜੂ ਰਾਮ ਰਿਸ਼ੀ, ਜਿਲ੍ਹਾ ਸਕੱਤਰ ਲਾਲ ਚੰਦ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਸੁਖਦੇਵ ਸਿੰਘ ਅਤਲਾ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਮੱਖਣ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਬੰਸੀ ਲਾਲ, ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਗਗਨਦੀਪ ਸ਼ਰਮਾ, ਡਾਕਟਰ ਗੁਰਤੇਜ ਖੀਵਾ, ਗੁਰਦੇਵ ਸਿੰਘ ਲੋਹਗੜ੍ਹ ਅਤੇ ਮੰਗਤ ਰਾਮ ਕਰੰਡੀ ਨੇ ਸੰਬੋਧਨ ਕਰਦਿਆਂ ਲੋਕ ਮਾਰਚ ਦਾ ਉਦੇਸ਼ ਸਾਂਝਾ ਕੀਤਾ। ਸਟੇਜ ਦੀ ਕਾਰਵਾਈ ਸਾਥੀ ਮਨਦੀਪ ਸਿੰਘ ਸਰਦੂਲਗੜ੍ਹ ਵਲੋਂ ਚਲਾਈ ਗਈ। ਪ੍ਰਿੰਸੀਪਲ (ਰਿਟਾਇਰਡ) ਹਰਚਰਨ ਸਿੰਘ ਮੌੜ ਨੇ ਸਭਨਾਂ ਦਾ ਧੰਨਵਾਦ ਕੀਤਾ।
ਬੁਲਾਰਿਆਂ ਨੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਜਿੱਤਣ ਲਈ ਮੋਦੀ ਅਤੇ ਅਮਰਿੰਦਰ ਸਰਕਾਰਾਂ ਵਲੋਂ ਕੀਤੇ ਗਏ ਚੋਣ ਵਾਅਦੇ ਲਾਗੂ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਸਾਮਰਾਜ ਨਿਰਦੇਸ਼ਿਤ ਨਵਉਦਾਰਵਾਦੀ ਨੀਤੀਆਂ ਲਾਗੂ ਕਰਨ ਵਾਲੀਆਂ ਕੋਈ ਵੀ ਕੌਮੀ ਅਤੇ ਖੇਤਰੀ ਪਾਰਟੀਆਂ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਦੇ ਯੋਗ ਹੋ ਹੀ ਨਹੀਂ ਸਕਦੀਆਂ। ਇਸ ਲਈ ਦੇਸ਼ ਦੇ ਲੋਕਾਂ, ਖਾਸ ਕਰ ਮਿਹਨਤੀ ਵਰਗਾਂ ਕੋਲ ਬਦਲਵੀਆਂ ਲੋਕ-ਪੱਖੀ ਨੀਤੀਆਂ ਲਾਗੂ ਕਰਨ ਦਾ ਸੰਗਰਾਮ ਲੜੇ ਤੋਂ ਬਗੈਰ ਕੋਈ ਚਾਰਾ ਨਹੀਂ। ਲੋਕ ਮਾਰਚ ਵਿੱਚ ਸ਼ਾਮਲ ਪਾਰਟੀ ਕਾਰਕੁੰਨਾਂ ਵੱਲੋਂ ਦੇਸ਼ ਨੂੰ ਫਿਰਕੂ ਲੀਹਾਂ 'ਤੇ ਵੰਡਣ ਅਤੇ ਘਰੇਲੂ ਜੰਗ ਵਾਲਾ ਮਾਹੌਲ ਬਨਾਉਣ ਦੀਆਂ ਆਰ.ਐਸ.ਐਸ. ਅਤੇ ਉਸਦੇ ਸਹਿਯੋਗੀਆਂ ਦੀਆਂ ਸਾਜਿਸ਼ਾਂ ਫੇਲ੍ਹ ਕਰਨ ਦੀ ਅਪੀਲ ਕੀਤੀ ਗਈ। ਜਿਲ੍ਹਾ ਅਧਿਕਾਰੀਆਂ ਰਾਹੀਂ ਕੇਂਦਰੀ ਅਤੇ ਸੂਬਾ ਸਰਕਾਰਾਂ ਨੂੰ ਮੰਗ ਪੱਤਰ ਵੀ ਭੇਜਿਆ ਗਿਆ।

ਮੁਲਾਜ਼ਮਾਂ ਦੀ ਚਾਰ-ਰੋਜ਼ਾ ਕੋਮੀਂ ਕਾਨਫਰੰਸ ਚੇਨੱਈ ਵਿਖੇ 5 ਤੋਂ

ਪ.ਸ.ਸ.ਫ. ਵਲੋਂ 45 ਡੈਲੀਗੇਟ ਲੈ ਰਹੇ ਹਨ ਭਾਗ 
ਜਲੰਧ - ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਕੌਮੀਂ ਵਾਇਸ ਚੇਅਰਮੈਨ ਵੇਦ ਪ੍ਰਕਾਸ਼ ਸ਼ਰਮਾ, ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿੱਤ ਸਕੱਤਰ ਮਨਜੀਤ ਸਿੰਘ ਸੈਣੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਦੇਸ਼ ਦੇ ਮੁਲਾਜ਼ਮਾਂ ਦੀ ਕੌਮੀ ਜੱਥੇਬੰਦੀ  ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੀ 16ਵੀਂ ਕੌਮੀਂ ਚਾਰ ਰੋਜ਼ਾ ਕਾਨਫਰੰਸ ਮਿਤੀ 5 ਮਾਰਚ ਤੋਂ 8 ਮਾਰਚ ਤੱਕ ਤਾਮਿਲਨਾਡੂ ਦੀ ਰਾਜਧਾਨੀ ਚੇਨੱਈ ਵਿਖੇ ਹੋ ਰਹੀ ਹੈ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਇਸ ਕੌਮੀ ਫੈਡਰੇਸ਼ਨ ਨਾਲ ਐਫਿਲੀਏਟ ਹੈ ਅਤੇ ਇਸ ਕਾਨਫਰੰਸ ਵਿੱਚ ਭਾਗ ਲੈਣ ਲਈ ਪ.ਸ.ਸ.ਫ. ਵਲੋਂ ਸੂਬਾ ਪ੍ਰਧਾਨ ਅਤੇ ਸੂਬਾ ਸਕੱਤਰ ਦੀ ਅਗਵਾਈ ਹੇਠ 45 ਡੈਲੀਗੇਟ ਜਾ ਰਹੇ ਹਨ ਜਿਹਨਾਂ ਵਿੱਚ 10 ਮਹਿਲਾ ਡੈਲੀਗੇਟ ਵੀ ਸ਼ਾਮਿਲ ਹਨ। ਇਹ ਜਾਣਕਾਰੀ ਪ੍ਰੈਸ ਨੂੰ ਜਾਰੀ ਕਰਦਿਆਂ ਪ.ਸ.ਸ.ਫ. ਦੇ ਸੂਬਾ ਪ੍ਰੈਸ ਸਕੱਤਰ ਇੰਦਰਜੀਤ ਵਿਰਦੀ ਨੇ ਕਿਹਾ ਕਿ ਇਸ ਚਾਰ ਰੋਜ਼ਾ ਕਾਨਫਰੰਸ ਵਿੱਚ ਦੇਸ਼ ਦੇ ਸਾਰੇ ਪ੍ਰਾਂਤਾਂ ਦੀਆਂ ਜੱਥੇਬੰਦੀਆਂ ਦੇ ਡੈਲੀਗੇਟ ਭਾਗ ਲੈ ਰਹੇ ਹਨ ਇਸ ਕਾਨਫਰੰਸ ਵਿੱਚ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਵਲੋਂ ਅਪਣਾਈਆਂ ਜਾ ਰਹੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਅਤੇ ਮੁਲਾਜ਼ਮ ਜੱਥੇਬੰਦੀਆ ਵਲੋਂ ਕੀਤੇ ਗਏ ਸੰਘਰਸ਼ਾਂ ਸਬੰਧੀ ਵਿਚਾਰ-ਚਰਚਾ ਕੀਤੀ ਜਾਵੇਗੀ। 20-23 ਦਸੰਬਰ 2014 ਨੂੰ ਚੰਡੀਗੜ ਵਿਖੇ ਹੋਈ 15ਵੀ ਕੌਮੀਂ ਕਾਨਫਰੰਸ ਤੋਂ ਬਾਅਦ ਰਾਮ ਲਕਸ਼ਮੀ ਪੈਰਾਡਾਈਜ਼, ਮਧਨਰਮਨ, ਚੇਨੱਈ ਵਿਖੇ ਹੋਣ ਜਾ ਰਹੀ 16ਵੀਂ ਕਾਨਫਰੰਸ ਤੱਕ ਫੈਡਰੇਸ਼ਨ ਵਲੋਂ ਕੇਂਦਰ ਸਰਕਾਰ ਅਤੇ ਸੂਬਿਆਂ ਦੀਆਂ ਸਰਕਾਰਾਂ ਵਿਰੁੱਧ ਕੀਤੇ ਗਏ ਸੰਘਰਸ਼ ਦਾ ਲੇਖਾ-ਜੋਖਾ ਵੀ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਇਸ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਵਰਲਡ ਫੈਡਰੇਸ਼ਨ ਆਫ ਟ੍ਰੇਡ ਯੂਨੀਅਨਜ਼ ਦੇ ਅੰਤਰ-ਰਾਸ਼ਟਰੀ ਆਗੂ ਵੀ ਵੱਖ ਵੱਖ ਦੇਸ਼ਾਂ ਤੋਂ ਪਹੁੰਚ ਰਹੇ ਹਨ। ਕਾਨਫਰੰਸ ਦੇ ਅੰਤਿਮ ਦਿਨ ਮਾਊਂਟ ਰੋਡ ਵਿਖੇ ਇੱਕ ਮਾਸ ਰੈਲੀ ਕੀਤੀ ਜਾਵੇਗੀ ਅਤੇ ਨਵੀਂ ਟੀਮ ਚੁਣਨ ਦੇ ਨਾਲ ਅਗਲੇ ਸੰਘਰਸ਼ ਦੀ ਰੂਪ-ਰੇਖਾ ਵੀ ਉਲੀਕੀ ਜਾਵੇਗੀ। ਆਗੂਆਂ ਨੇ ਕਿਹਾ ਕਿ ਇਸ ਕਾਨਫਰੰਸ ਵਿੱਚ ਭਾਗ ਲੈਣ ਵਾਲੇ ਡੈਲੀਗੇਟ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਆਗੂਆਂ ਦੇ ਵਿਚਾਰ ਸੁਣ ਕੇ ਸੰਘਰਸ਼ ਨੂੰ ਸਹੀ ਲੀਹਾਂ ਵੱਲ ਲਿਜਾਣ ਲਈ ਹੋਰ ਵੀ ਪਰਪੱਖ ਹੋਣਗੇ। ਕਾਨਫਰੰਸ ਵਿੱਚ ਭਾਗ ਲੈਣ ਵਾਲੇ 45 ਡੈਲੀਗੇਟਾਂ ਵਿੱਚ ਵੇਦ ਪ੍ਰਕਾਸ਼ ਸ਼ਰਮਾ ਨੈਸ਼ਨਲ ਕਮੇਟੀ ਮੈਂਬਰ, ਸਤੀਸ਼ ਰਾਣਾ ਅਤੇ ਮਨਜੀਤ ਸਿੰਘ ਸੈਣੀ ਨੈਸ਼ਨਲ ਅਗਜ਼ੈਕਟਿਵ ਮੈਂਬਰ, ਹਰਮਨਪ੍ਰੀਤ ਕੌਰ ਗਿੱਲ ਅਤੇ ਨੀਨਾ ਜੌਨ ਮਹਿਲਾ ਨੈਸ਼ਨਲ ਅਗਜ਼ੈਕਟਿਵ ਮੈਂਬਰ ਵੀ ਸ਼ਾਮਿਲ ਹਨ।

Thursday, 29 March 2018

ਮਿਹਨਤਕਸ਼ ਲੋਕਾਂ ਨੂੰ ਗਰੀਬੀ ਵੱਲ ਧੱਕ ਰਹੀਆਂ ਨੇ ਸਰਕਾਰਾਂ: ਪਾਸਲਾ




ਮਹਿਲ ਕਲਾਂ - ਇਨਕਲਾਬੀ ਮਾਰਕਸਵਾਦੀ ਪਾਰਟੀ ਭਾਰਤ ਦੀ ਅਗਵਾਈ ਹੇਠ ਇਲਾਕੇ ਦੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ। ਇੱਥੇ ਅਨਾਜ ਮੰਡੀ ਤੋਂ ਤੁਰੇ ਮਾਰਚ ਦੀ ਅਗਵਾਈ ਕਰਦਿਆਂ ਖੱਬੇਪੱਖੀ ਆਗੂਆਂ ਨੇ ਬਾਜ਼ਾਰਾਂ ‘ਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਿਰਤੀਅਾਂ ਦੇ ਮਸਲੇ ਹੱਲ ਕਰਨ ਦੀ ਮੰਗ ਕੀਤੀ। ਤਹਿਸੀਲ ਦਫਤਰ ਅੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਨਾਲ ਚੋਣ ਵਾਅਦੇ ਕਰ ਕੇ ਸੱਤਾ ਵਿੱਚ ਤਾਂ ਆ ਗਏ ਪਰ ਹੁਣ ਆਮ ਲੋਕਾਂ ਨਾਲ ਕੀਤੇ ਵਾਅਦਿਆ ਤੋਂ ਮੁੱਕਰ ਕੇ ਲੁਟੇਰੀ ਜਮਾਤ ਦੇ ਹਿੱਤ ਪੂਰਨ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਦੀਆਂ ਨੀਤੀਆਂ ਮਿਹਨਤਕਸ਼ ਲੋਕਾਂ ਨੂੰ ਗਰੀਬੀ ਵੱਲ ਧੱਕ ਰਹੀਆਂ ਹਨ ਅਤੇ ਧਨਾਢਾਂ ਦੀ ਆਮਦਨ ਵਿੱਚ ਇਜ਼ਾਫਾ ਕਰ ਰਹੀਆਂ ਹਨ।  ਪਾਰਟੀ ਦੇ ਸੂਬਾਈ ਆਗੂ ਮਹੀਂਪਾਲ ਬਠਿੰਡਾ, ਜ਼ਿਲ੍ਹਾ ਸਕੱਤਰ ਮਲਕੀਤ ਵਜ਼ੀਦਕੇ, ਯਸ਼ਪਾਲ ਮਹਿਲ ਕਲਾਂ, ਭੋਲਾ ਸਿੰਘ ਕਲਾਲਮਾਜਰਾ ਅਤੇ ਅਮਰਜੀਤ ਕੁੱਕੂ ਨੇ ਮੰਗ ਕੀਤੀ ਕਿ ਦਸ ਏਕੜ ਤੋਂ ਘੱਟ ਜ਼ਮੀਨ ਵਾਲੇ ਸਮੂਹ ਕਿਸਾਨਾਂ ਅਤੇ ਦਲਿਤ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਉੱਪਰ ਲੀਕ ਮਾਰੀ ਜਾਵੇ, ਬਿਜਲੀ ਬਿੱਲਾਂ ਵਿੱਚ ਕੀਤਾ ਜਾ ਰਿਹਾ ਵਾਧਾ ਵਾਪਸ ਲਿਆ ਜਾਵੇ, ਬੇਲੋੜੇ ਟੈਕਸ ਲਾਉਣੇ ਬੰਦ ਕੀਤੇ ਜਾਣ, ਘਰ-ਘਰ ਰੁਜ਼ਗਾਰ ਦਾ ਵਾਅਦਾ ਪੂਰਾ ਕੀਤਾ ਜਾਵੇ, ਨਿੱਤ ਵਰਤੋਂ ਦਾ ਸਾਮਾਨ ਘਰੇਲੂ ਵੰਡ ਪ੍ਰਣਾਲੀ ਤਹਿਤ ਦਿੱਤਾ ਜਾਵੇ, ਕੱਚੇ ਕਾਮੇ ਪੱਕੇ ਕੀਤੇ ਜਾਣ ਅਤੇ ਚੋਣ ਵਾਅਦੇ ਅਨੁਸਾਰ ਵਿਧਵਾ, ਬੁਢਾਪਾ, ਅੰਗਹੀਣ ਪੈਨਸ਼ਨਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਜ਼ਿਲ੍ਹਾ ਕਮੇਟੀ ਮੈਂਬਰਾਂ ਗੁਰਦੇਵ ਸਿੰਘ, ਹਰਬੰਸ ਸਿੰਘ, ਗੁਲਜ਼ਾਰ ਮਹਿਲ ਕਲਾਂ ਤੇ ਮੇਜਰ ਛਾਪਾ ਨੇ ਸੰਬੋਧਨ ਕਰਦਿਅਾਂ ਸਰਕਾਰ ਤੋਂ ਮੰਗ ਕੀਤੀ ਕਿ ਸਭ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਮੁਹੱਈਆ ਕੀਤੀ ਜਾਵੇ ਅਤੇ ਸਰਕਾਰੀ ਪੱਧਰ ਉੱਪਰ ਮੁਫਤ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

Wednesday, 28 March 2018

ਆਰ.ਐਮ.ਪੀ.ਆਈ. ਵੱਲੋਂ ਤਰਨ ਤਾਰਨ ’ਚ ਰੋਸ ਰੈਲੀ





ਤਰਨ ਤਾਰਨ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ.ਆਈ.) ਦੇ ਜਨਰਲ ਸਕੱਤਰ ਮੰਗਤ ਰਾਮ ਪਾਲਸਾ ਨੇ ਕੇਂਦਰ ਦੀ ਮੋਦੀ ਅਤੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਇਕ ਹੀ ਸਿੱਕੇ ਦੇ ਦੋ ਪਾਸੇ ਦੱਸਿਆ ਹੈ| ਪਾਰਟੀ ਆਗੂ ਨੇ ਅੱਜ ਇਥੇ ਰੈਲੀ ਨੂੰ ਸੰਬੋਧਨ ਕਰਦਿਆਂ ਸਰਕਾਰਾਂ ’ਤੇ ਕਾਰਪੋਰੇਟ ਅਤੇ ਅਮੀਰ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀਆਂ ਨੀਤੀਆਂ ਬਣਾਉਣ ਦਾ ਦੋਸ਼ ਲਗਾਇਆ| ਰੈਲੀ ਦੀ ਅਗਵਾਈ ਪਾਰਟੀ ਆਗੂ ਚਮਨ ਲਾਲ ਦਰਾਜਕੇ, ਬਲਦੇਵ ਸਿੰਘ ਪੰਡੋਰੀ, ਬਲਬੀਰ ਸੂਦ, ਦਲਜੀਤ ਸਿੰਘ ਦਿਆਲਪੁਰ, ਅਰਸਾਲ ਸਿੰਘ ਸੰਧੂ ਅਤੇ ਜਸਪਾਲ ਸਿੰਘ ਝਬਾਲ ਨੇ ਕੀਤੀ| ਰੈਲੀ ਵਿਚ ਪਾਰਟੀ ਦੀਆਂ ਮਹਿਲਾ ਵਰਕਰਾਂ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ| ਇਸ ਮੌਕੇ ਕਮਿਉੂਨਿਸਟ ਆਗੂ ਪਾਸਲਾ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਦੇ ਆਗੂਆਂ ਨੇ ਸੱਤਾ ’ਤੇ ਕਾਬਜ਼ ਹੋਣ ਲਈ ਲੋਕਾਂ ਨਾਲ ਝੂਠੇ ਕੀਤੇੇ।  ਇਸੇ ਕਰ ਕੇ ਵਰਤਮਾਨ ਵਿਚ ਸਰਕਾਰਾਂ ਇਨ੍ਹਾਂ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਭੱਜ ਰਹੀਆਂ ਹਨ| ਸ੍ਰੀ ਪਾਸਲਾ ਨੇ ਦੇਸ਼ ਅੰਦਰ ਕੇਂਦਰ ਸਰਕਾਰ ਵਲੋਂ ਗਿਣਮਿਥ ਕੇ ਦਲਿਤਾਂ, ਔਰਤਾਂ, ਘੱਟ ਗਿਣਤੀਆਂ ’ਤੇ ਹਮਲੇ ਕਰਨ ’ਤੇ ਚਿੰਤਾ ਜ਼ਾਹਰ ਕੀਤੀ| ਉਨ੍ਹਾਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਮੁਕਾਬਲਾ ਕਰਨ ਲਈ ਲੋਕਾਂ ਨੂੰ ਤਿੱਖੇ ਸੰਘਰਸ਼ਾਂ ਦੇ ਰਾਹ ਪੈਣ ਦੀ ਸਲਾਹ ਦਿੱਤੀ| ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਆਗੂ ਪਰਗਟ ਸਿੰਘ ਜਾਮਾਰਾਏ, ਕੇਂਦਰੀ ਕਮੇਟੀ ਮੈਂਬਰ ਗੁਰਨਾਮ ਸਿੰਘ ਦਾਉਦ, ਮਨਜੀਤ ਸਿੰਘ ਬੱਗੂ, ਚਰਨਜੀਤ ਸਿੰਘ ਬਾਠ, ਕਰਮ ਸਿੰਘ  ਫਤਿਹਬਾਦ, ਜਸਬੀਰ ਸਿੰਘ  ਗੰਡੀਵਿੰਡ, ਨਰਿੰਦਰ ਕੌਰ, ਜਸਬੀਰ ਕੌਰ ਨੇ ਵੀ ਸੰਬੋਧਨ ਕੀਤਾ| ਬੁਲਾਰਿਆਂ ਨੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਦੀ ਨਿਖੇਧੀ ਕੀਤੀ। ਇਸ ਮੌਕੇ ਸੂਬੇ ਅੰਦਰ ਸਰਕਾਰੀ ਧਿਰ ਵਲੋਂ ਰਾਜਸੀ ਵਿਰੋਧੀਆਂ ਖਿਲਾਫ਼ ਝੂਠੇ ਕੇਸ ਦਰਜ ਕਰਨ, ਧੱਕੇ ਨਾਲ ਲੋਕਾਂ ਦੀਆਂ ਜਾਇਦਾਦਾਂ ਨੂੰ ਹਥਿਆਉਣ ਆਦਿ ਮਾਮਲੇ ਵੀ ਉਠਾਏ| ਆਗੂਆਂ ਨੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨ, ਸਮਾਜਿਕ ਸੁਰੱਖਿਆ ਸਕੀਮਾਂ ਦੀਆਂ ਪੈਨਸ਼ਨਾਂ ਵਿਚ ਵਾਧਾ ਕੀਤੇ ਜਾਣ, ਆਟਾ-ਦਾਲ ਆਦਿ ਸਕੀਮਾਂ ਨੂੰ ਬੰਦ ਨਾ ਕਰਨ ਦੀ ਮੰਗ ਕੀਤੀ| ਪਾਰਟੀ ਵਰਕਰਾਂ ਨੇ ਸਰਕਾਰਾਂ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ

ਐਸਸੀ/ਐਸਟੀ ਐਕਟ ਸਬੰਧੀ ਫ਼ੈਸਲੇ ਨੂੰ ਵਾਪਸ ਕਰਾਉਣ ਲਈ ਸੂਬੇ ਭਰ 'ਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ

ਜਲੰਧਰ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੇ ਪ੍ਰਧਾਨ ਮਨਦੀਪ ਰਤੀਆ, ਜਨਰਲ ਸਕੱਤਰ ਸ਼ਮਸ਼ੇਰ ਬਟਾਲਾ ਅਤੇ ਪ੍ਰੈਸ ਸਕੱਤਰ ਅਜੈ ਫਿਲੌਰ ਨੇ ਇਥੋਂ ਜਾਰੀ ਕੀਤੇ ਸਾਂਝੇ ਪ੍ਰੈਸ ਬਿਆਨ 'ਚ ਕਿਹਾ ਕਿ ਦੇਸ਼ ਅੰਦਰ ਦਲਿਤਾਂ 'ਤੇ ਹੁੰਦੇ ਜੁਲ਼ਮਾਂ ਨੂੰ ਰੋਕਣ ਲਈ ਬਣਾਏ ਐਸ.ਸੀ./ਐਸ.ਟੀ. ਐਕਟ ਉਪਰ ਸੁਪਰੀਮ ਕੋਰਟ ਵਲੋਂ ਰੋਕਾਂ ਲਾਉਣ ਦਾ ਕੀਤਾ ਗਿਆ ਫ਼ੈਸਲਾ ਬਹੁਤ ਹੀ ਅਫਸੋਸਜਨਕ ਅਤੇ ਨਿੰਦਣਯੋਗ ਹੈ। ਆਗੂਆਂ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਦਲਿਤਾਂ 'ਤੇ ਹਮਲੇ ਕਰਨ ਵਾਲੇ ਫਿਰਕੂ ਤੱਤਾਂ ਨੂੰ ਹੋਰ ਸ਼ਹਿ ਮਿਲੇਗੀ ਜੋ ਪਹਿਲਾਂ ਹੀ ਹਰ ਰੋਜ ਜਾਤ-ਪਾਤ ਦੇ ਸਵਾਲ ਅਤੇ ਗਊ ਰੱਖਿਆ ਦੇ ਨਾਮ 'ਤੇ ਹਮਲੇ ਕਰ ਰਹੇ ਹਨ। ਐਸ.ਸੀ./ਐਸ.ਟੀ. ਐਕਟ ਨਾਲ ਦਲਿਤਾਂ ਨੂੰ ਮਿਲਦੀ ਥੋੜ੍ਹੀ ਬਹੁਤ ਰਾਹਤ ਵੀ ਹੁਣ ਖੁਸ ਜਾਵੇਗੀ ਕਿਉਂਕਿ ਪਹਿਲਾਂ ਹੀ ਇਸ ਕਾਨੂੰਨ 'ਤੇ ਬਹੁਤ ਘੱਟ ਅਮਲ ਹੋ ਰਿਹਾ ਹੈ। ਆਗੂਆਂ ਨੇ ਅੱਗੇ ਕਿਹਾ ਕਿ ਗਰੀਬ ਦਲੀਤਾਂ ਅਤੇ ਹਰ ਪੱਛੜੀਆਂ ਸ਼੍ਰੇਣੀਆਂ ਉਪਰ ਹੋ ਰਹੇ ਜ਼ਬਰ ਜੁਲ਼ਮ ਦੀਆਂ ਬਹੁਤੀਆਂ ਘਟਨਾਵਾਂ ਤਾਂ ਕੋਰਟਾਂ ਤੱਕ ਪਹੁੰਚਣ ਹੀ ਨਹੀਂ ਦਿੱਤੀਆ ਜਾਂਦੀਆ। ਦੇਸ਼ ਅੰਦਰ ਮਨੂੰਵਾਦੀ ਵਿਚਾਰਧਾਰਾ ਦੇ ਸਮਰਥਕਾਂ ਵਲੋਂ ਰਾਜਸੱਤਾ ਪ੍ਰਾਪਤ ਕਰਨ ਉਪਰੰਤ ਅਹਿਜੀਆਂ ਘਟਨਾਵਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਲੁਧਿਆਣੇ 'ਚ ਅਧਿਆਪਕਾਂ ਉੱਤੇ ਕੀਤੇ ਗਏ ਲਾਠੀਚਾਰਜ ਅਤੇ ਮੁਕੱਦਮੇ ਦਰਜ ਕਰਨ ਦੀ ਪੁਰਜੋਰ ਸ਼ਬਦਾਂ 'ਚ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਐਸ.ਸੀ./ਐਸ. ਟੀ. ਐਕਟ ਦੇ ਫ਼ੈਸਲੇ ਨੂੰ ਵਾਪਸ ਕਰਾਉਣ ਲਈ ਜਥੇਬੰਦੀ ਵਲੋਂ ਸੂਬੇ ਭਰ 'ਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ।