Monday, 11 December 2017

ਪ੍ਰਭਾਵਸ਼ਾਲੀ ਜਨਤਕ ਮੀਟਿੰਗ ਨਾਲ ਹੋਇਆ ਕੁਲ ਹਿੰਦ ਕਾਨਫਰੰਸ ਦਾ ਸਮਾਪਨ

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ 23 ਤੋਂ 26 ਨਵੰਬਰ, 2017 ਤੱਕ ''ਸ਼ਹੀਦ-ਇ-ਆਜ਼ਮ ਭਗਤ ਸਿੰਘ ਨਗਰ'' (ਲੁਬਾਣਾ ਭਵਨ, ਚੰਡੀਗੜ੍ਹ) ਵਿਖੇ ਸੰਪੰਨ ਹੋਈ ਪਲੇਠੀ ਕੁੱਲ ਹਿੰਦ ਕਾਨਫਰੰਸ ਦੇ ਸਮਾਪਨ ਮੌਕੇ 26 ਨਵੰਬਰ ਨੂੰ ਦੁਸ਼ਹਿਰਾ ਗਰਾਊਂਡ ਫੇਜ਼ 8, ਮੋਹਾਲੀ ਵਿਖੇ ਇਕ ਬਹੁਤ ਹੀ ਪ੍ਰਭਾਵਸ਼ਾਲੀ ਜਨਸਭਾ ਕੀਤੀ ਗਈ।
ਸਰਵਸਾਥੀ ਮੰਗਤ ਰਾਮ ਪਾਸਲਾ (ਜਨਰਲ ਸਕੱਤਰ), ਸਾਥੀ ਕੇ. ਗੰਗਾਧਰਨ (ਚੇਅਰਮੈਨ), ਸਾਥੀ ਰਜਿੰਦਰ ਪਰਾਂਜਪੇ (ਵਿੱਤ ਸਕੱਤਰ), ਸਾਥੀ ਹਰਕੰਵਲ ਸਿੰਘ ਅਤੇ ਕੇ.ਐਸ. ਹਰੀਹਰਣ (ਦੋਹੇਂ ਸਟੈਂਡਿੰਗ ਕਮੇਟੀ ਮੈਂਬਰਾਨ) 'ਤੇ ਅਧਾਰਤ ਪ੍ਰਧਾਨਗੀ ਮੰਡਲ ਵਲੋਂ ਜਨਤਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ। ਉਪਰੋਕਤ ਤੋਂ ਇਲਾਵਾ, ਪਾਰਟੀ ਦੀ ਨਵੀਂ ਚੁਣੀ ਗਈ ਕੇਂਦਰੀ ਕਮੇਟੀ ਦੇ ਸਾਰੇ ਮੈਂਬਰ ਵੀ ਮੰਚ 'ਤੇ ਬਿਰਾਜਮਾਨ ਸਨ। ਮੰਚ ਸੰਚਾਲਨ ਸਾਥੀ ਮਹੀਪਾਲ ਵਲੋਂ ਕੀਤਾ ਗਿਆ।
ਪੰਜਾਬ ਦੇ ਕੋਨੇ ਕੋਨੇ ਤੋਂ ਪਾਰਟੀ ਦੀਆਂ ਹੇਠਲੀਆਂ ਇਕਾਈਆਂ ਅਤੇ ਜਨਸੰਗਠਨਾਂ ਦੇ ਆਗੂ ਭਾਰੀ ਉਤਸ਼ਾਹ ਨਾਲ  ਉੱਚ ਆਗੂਆਂ ਦੇ ਵਿਚਾਰ ਸੁਣਨ ਲਈ ਹੁੰਮ-ਹੁੰਮਾ ਕੇ ਪੁੱਜੇ। ਕਾਨਫਰੰਸ 'ਚ ਸ਼ਿਰਕਤ ਕਰਨ ਵਾਲੇ, ਵੱਖੋ ਵੱਖ ਰਾਜਾਂ ਦੇ ਡੈਲੀਗੇਟਾਂ ਲਈ ਇਹ ਹੋਰ ਵੀ ਵਧੇਰੇ ਉਤਸ਼ਾਹ ਵਧਾਊ ਮੌਕਾ ਮੇਲ ਸਾਬਤ ਹੋਇਆ। ਜਨਸਭਾ ਦਾ ਪੰਡਾਲ ਅਤੇ ਸਮੁੱਚਾ ਇਲਾਕਾ ਲਾਲ ਫ਼ਰੇਰਿਆਂ ਦੇ ਹੜ੍ਹ ਦਾ ਹੌਸਲਾ ਵਧਾਊ ਪ੍ਰਭਾਵ ਦੇ ਰਿਹਾ ਸੀ। ਬੀਬੀਆਂ ਅਤੇ ਨੌਜਵਾਨਾਂ ਦੀ ਚੋਖੀ ਗਿਣਤੀ ਭਵਿੱਖ ਦੇ ਸੰਗਰਾਮਾਂ ਪ੍ਰਤੀ ਹਾਂ ਪੱਖੀ ਸੁਨੇਹਾ ਦੇ ਰਹੀ ਸੀ।
ਰਸੂਲਪੁਰੀਆਂ ਦੇ ਇਨਕਲਾਬੀ ਕਵੀਸ਼ਰੀ ਜੱਥੇ ਵਲੋਂ ਸ਼ਾਨਦਾਰ ਲੋਕ ਪੱਖੀ ਸਭਿਆਚਾਰ ਅਤੇ ਸੰਗਰਾਮੀ ਵਾਰਾਂ ਪੇਸ਼ ਕੀਤੀਆਂ ਗਈਆਂ।
ਆਪਣੇ ਜੋਸ਼ ਭਰਪੂਰ ਸੰਬੋਧਨ ਵਿਚ ਸਾਥੀ ਮੰਗਤ ਰਾਮ ਪਾਸਲਾ ਨੇ ਐਲਾਨ ਕੀਤਾ ਕਿ ਭਾਰਤ ਵਿਚ, ਕਿਰਤੀਆਂ ਦੇ ਸੁਪਨਿਆਂ ਦੀ ਪੂਰਤੀ ਵਾਲਾ ਸਮਾਜ ਸਿਰਜਣ ਲਈ, ਜਿੱਥੇ ਪਾਰਟੀ ਮਾਰਕਸਵਾਦ-ਲੈਨਿਨਵਾਦ ਦੇ ਵਿਗਿਆਨਕ ਫਲਸਫੇ ਤੋਂ ਸੇਧ ਲਵੇਗੀ, ਉਥੇ ਨਾਲ ਹੀ ਇਤਿਹਾਸ ਦੀਆਂ ਸਭਨਾ ਲੋਕ ਪੱਖੀ ਲਹਿਰਾਂ ਦੇ ਹਾਂ ਪੱਖੀ ਪਹਿਲੂਆਂ ਤੋਂ ਵੀ ਪ੍ਰੇਰਣਾ ਅਤੇ ਸਬਕ ਲਵੇਗੀ। ਉਨ੍ਹਾਂ ਕਿਹਾ ਕਿ ਭਾਰਤੀ ਇਨਕਲਾਬ ਦਾ ਅਰਥ ''ਜਾਤ ਰਹਿਤ, ਜਮਾਤ ਰਹਿਤ, ਨਾਰੀ ਮੁਕਤੀ ਦੀ ਗਰੰਟੀ ਕਰਦੇ ਸੈਕੂਲਰ ਸਮਾਜ ਦਾ ਨਿਰਮਾਣ'' ਹੋਵੇਗਾ।
ਉਨ੍ਹਾਂ ਕਿਹਾ ਕਿ ਉਕਤ ਨਿਸ਼ਾਨੇ ਵੱਲ ਵੱਧਣ ਲਈ ਫੌਰੀ ਤੌਰ 'ਤੇ ਮੋਦੀ ਹਕੂਮਤ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਅਤੇ ਫ਼ਿਰਕੂ ਤੇ ਫ਼ਟਪਾਊ ਅਨਸਰਾਂ ਵਿਰੁੱਧ ਬੇਕਿਰਕ ਸੰਗਰਾਮਾਂ ਦੀ ਉਸਾਰੀ ਲਈ ਜੁਟ ਜਾਣਾ ਸਮੇਂ ਦੀ ਵੱਡੀ ਲੋੜ ਹੈ।
ਸਾਥੀ ਪਾਸਲਾ ਨੇ ਕਿਹਾ ਕਿ ਉਕਤ ਲੋਕ ਹਿਤੂ-ਦੇਸ਼ਭਗਤਕ ਸੰਗਰਾਮ ਦੀ ਕਾਮਯਾਬੀ ਲਈ ਸਾਰੀਆਂ ਖੱਬੀਆਂ, ਜਮਹੂਰੀ,                  ਦੇਸ਼ਭਗਤ, ਪ੍ਰਗਤੀਵਾਦੀ ਤੇ ਸੰਗਰਾਮੀ ਧਿਰਾਂ ਨੂੰ ਇੱਕ ਮੰਚ 'ਤੋਂ ਸਾਂਝੇ-ਬਝੱਵੇਂ ਘੋਲਾਂ ਦੇ ਨਿਰਮਾਣ ਲਈ ਇਕੱਜੁਟ ਕਰਨਾ ਪਾਰਟੀ ਦਾ ਪ੍ਰਾਥਮਿਕ ਏਜੰਡਾ ਹੋਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਫ਼ਿਰਕਾਪ੍ਰਸਤਾਂ ਅਤੇ ਨਵਉਦਾਰਵਾਦੀ ਨੀਤੀਆਂ ਦੇ ਪੈਰੋਕਾਰਾਂ 'ਚੋਂ ਕਿਸੇ ਇੱਕ ਪ੍ਰਤੀ ਵੀ ਲਿਹਾਜੂ ਵਤੀਰਾ ਨਾ ਕੇਵਲ ਦੇਸ਼ ਦੇ ਖੱਬੇ ਪੱਖੀ ਅੰਦੋਲਨ, ਬਲਕਿ ਲੋਕਾਂ ਦੇ ਕਾਜ ਪ੍ਰਤੀ ਵੀ ਭਾਰੀ ਕੋਤਾਹੀ ਸਾਬਤ ਹੋਵੇਗਾ।
ਉਨ੍ਹਾਂ ਐਲਾਨ ਕੀਤਾ ਕਿ ਪਾਰਟੀ ਬੇਸ਼ਕ ਪਾਰਲੀਮਾਨੀ ਸਰਗਰਮੀਆਂ 'ਚ ਪੂਰੀ ਸ਼ਕਤੀ ਨਾਲ ਭਾਗ ਲਵੇਗੀ, ਪਰ ਮਜ਼ਦੂਰ ਜਮਾਤ ਦੇ ਪੱਖ ਵਿੱਚ ਤਾਕਤਾਂ ਦਾ ਤੋਲ ਬਦਲਣ ਦੇ ਸਮਰਥ ਗੈਰਪਾਰਲੀਮਾਨੀ ਸੰਗਰਾਮ ਪਾਰਟੀ ਲਈ ਹਮੇਸ਼ਾ ਪਾਰਲੀਮਾਨੀ ਸਰਗਰਮੀਆਂ ਤੋਂ ਉਪੱਰ ਰਹਿਣਗੇ।
ਉਨ੍ਹਾਂ ਸਮੂਹ ਲੋਕਾਈ ਨੂੰ ਆਗਾਹ ਕੀਤਾ ਕਿ ਕਿਸੇ ਵੀ ਧਰਮ ਵਿਚਲੇ ਫ਼ਿਰਕੂ 'ਤੇ ਕੱਟੜ ਤੱਤ ਅੰਤ ਨੂੰ ਉਸੇ ਹੀ ਧਰਮ ਦੇ ਆਮ ਲੋਕਾਂ ਦੇ ਦੁਸ਼ਮਣ ਲੋਟੂ ਟੋਲਿਆਂ ਦੀ ਸੇਵਾ ਦਾ ਕਾਰਜ਼ ਨਿਭਾਉਂਦੇ ਹਨ ਅਤੇ ਭਰਾ ਮਾਰੂ ਜੰਗ ਕਾਰਣ ਨੁਕਸਾਨ ਆਮ ਕਿਰਤੀ-ਕਿਸਾਨਾਂ ਦਾ ਹੁੰਦਾ ਹੈ।
ਸਾਥੀ ਪਾਸਲਾ ਨੇ ਆਰ.ਐਸ.ਐਸ. ਦੀ ਅਗਵਾਈ ਵਿੱਚ ਕੱਟੜ ਹਿੰਦੂ ਸੰਗਠਨਾਂ ਵਲੋਂ ਕੀਤੇ ਜਾ ਰਹੇ ਘੱਟ ਗਿਣਤੀਆਂ ਖਾਸ ਕਰ ਮੁਸਲਮਾਨਾਂ ਦੇ ਵਹਿਸ਼ੀਆਨਾ ਕਤਲਾਂ, ਔਰਤਾਂ ਖਿਲਾਫ਼ ਹੋ ਰਹੇ ਜਿਨਸੀ ਅਪਰਾਧਾਂ ਅਤੇ ਲਿੰਗਕ ਵਿਤਕਰੇ, ਦਲਿਤਾਂ 'ਤੇ ਵਰਤਾਏ ਜਾ ਰਹੇ ਜਾਤੀਪਾਤੀ ਅੱਤਿਆਚਾਰਾਂ ਦੇ ਕਹਿਰ ਵਿਰੁੱਧ ਹਰ ਪਧੱਰ 'ਤੇ ਵਿਚਾਰਧਾਰਕ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ। ਉਨ੍ਹਾਂ ਸੰਘ ਪ੍ਰੀਵਾਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਮੋਦੀ ਸਰਕਾਰ ਵਲੋਂ ਜਮਹੂਰੀ 'ਤੇ ਸੈਕੂਲਰ ਕਦਰਾਂ-ਕੀਮਤਾਂ ਦੇ ਕੀਤੇ ਜਾ ਰਹੇ ਘਾਣ, ਵਿਗਿਆਨਕ 'ਤੇ ਅਗਾਂਹਵਧੂ ਸਰੋਕਾਰਾਂ ਦੀ ਥਾਂ ਹਨੇਰ ਬਿਰਤਵਾਦ 'ਤੇ ਅੰਧਰਾਸ਼ਟਰਵਾਦ ਨੂੰ ਦਿੱਤੇ ਜਾ ਰਹੇ ਬੜ੍ਹਾਵੇ, ਵਿੱਦਿਅਕ ਸਿਲੇਬਸ 'ਚ ਕੀਤੀਆਂ ਜਾਂ ਰਹੀਆਂ ਪਿਛਾਖੜੀ ਸੋਧਾਂ, ੳੁੱਚ ਨਾਮਣੇ ਵਾਲੀਆਂ ਯੂਨੀਵਰਸਿਟੀਆਂ ਨੂੰ ਬਰਬਾਦ ਕਰਨ ਦੀਆਂ ਸਾਜਿਸ਼ਾਂ ਅਤੇ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਕੁਚਲਣ ਦੀਆਂ ਕੁਚਾਲਾਂ ਵਿਰੁੱਧ ਬੱਝਵੇਂ ਬਹੁਪਰਤੀ ਸਾਂਝੇ ਘੋਲਾਂ ਦੀ ਉਸਾਰੀ ਦਾ ਸੱਦਾ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਪਾਰਟੀ ਵਲੋਂ ਆਉਂਦੇ ਦਿਨਾਂ ਵਿੱਚ ਲੋਕਾਂ ਦੀਆਂ ਨਿਤਾਪ੍ਰੱਤੀ ਦੀਆਂ ਦਿਕੱਤਾਂ ਜਿਵੇਂ ਮਹਿੰਗਾਈ ਬੇਕਾਰੀ, ਭੁਖਮਰੀ, ਅਨਪੜ੍ਹਤਾ, ਕੁਰੱਪਸ਼ਨ, ਅਪਰਾਧਾਂ ਅਤੇ ਮਾਫ਼ੀਆ ਲੁੱਟ ਖਿਲਾਫ਼ ਅਜਾਦਾਨਾ ਤੇ ਸਾਂਝੇ ਸੰਗਰਾਮ ਤੇਜ਼ ਕੀਤੇ ਜਾਣਗੇ।
ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਅਤੇ ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ ਵੱਲੋਂ ਚਾਰ ਦਿਨ ਚੱਲੀ ਪਾਰਟੀ ਕਾਨਫਰੰਸ ਦੇ ਫ਼ੈਸਲਿਆਂ ਬਾਰੇ ਵਿਸਥਾਰ 'ਚ ਚਾਨਣਾ ਪਾਇਆ ਗਿਆ।
ਪਾਰਟੀ ਦੇ ਨਵੇਂ ਚੁਣੇ ਗਏ ਚੇਅਰਮੈਨ ਸਾਥੀ ਕੇ ਗੰਗਾਧਰਨ, ਵਿੱਤ ਸਕੱਤਰ ਸਾਥੀ ਰਜਿੰਦਰ ਪਰਾਂਜਪੇ ਅਤੇ ਸਾਥੀ ਕੇ.ਐਸ. ਹਰੀਹਰਨ ਵਲੋਂ ਵੀ ਜਨ ਸਭਾ ਨੂੰ ਸੰਬੋਧਨ ਕੀਤਾ ਗਿਆ।

ਸੰਪਾਦਕੀ ਟਿੱਪਣੀ (ਸੰਗਰਾਮੀ ਲਹਿਰ-ਦਸੰਬਰ 2017)

ਬਿਹਾਰ 'ਚ ਸਿਹਤ ਮੁਲਾਜ਼ਮਾਂ ਦੀ ਸਮੂਹਿਕ ਛਾਂਟੀ 
ਮੋਦੀ ਟੋਲੇ ਨਾਲ ਨਵੀਂ ਗੰਢੀ ਆੜੀ ਕਰਕੇ ਭੂਤਰੀ ਬਿਹਾਰ ਦੀ ਨਿਤੀਸ਼ ਕੁਮਾਰ ਹਕੂਮਤ ਨੇ, ਸੂਬੇ ਦੇ ਸਿਹਤ ਵਿਭਾਗ ਵਿੱਚ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰਦੇ ਠੇਕਾ ਭਰਤੀ ਵਾਲੇ ਅੱਸੀ ਹਜ਼ਾਰ (80000) ਕਰਮਚਾਰੀਆਂ ਨੂੰ ਇੱਕੋ ਝਟਕੇ ਨਾਲ ਨੌਕਰੀਉਂ ਫ਼ਾਰਗ ਕਰਕੇ ਘਰਾਂ ਨੂੰ ਤੋਰ ਦਿੱਤਾ ਹੈ।
ਇਨ੍ਹਾਂ ਕਰਮਚਾਰੀਆਂ ਦਾ 'ਗੁਨਾਹ' ਇਹ ਸੀ ਕਿ ਇਹ ਦੇਸ਼ ਦੀ ਸਰਵਉੱਚ ਅਦਾਲਤ ਦਾ ''ਬਰਾਬਰ ਕੰਮ ਬਦਲੇ ਬਰਾਬਰ ਤਨਖਾਹਾਂ'' ਵਾਲਾ ਫ਼ੈਸਲਾ ਲਾਗੂ ਕਰਾਉਣ ਲਈ ਸੰਘਰਸ਼ ਕਰ ਰਹੇ ਸਨ। ਸਰਕਾਰ ਨੇ ਜਦੋਂ ਉਨ੍ਹਾਂ ਦੀ ਅਤੀ ਵਾਜ਼ਬ ਮੰਗ, ਜੋ ਅਦਾਲਤੀ ਫ਼ੈਸਲੇ ਤੋਂ ਬਾਅਦ ਕਾਨੂੰਨ ਵੀ ਬਣ ਗਈ ਹੈ, ਵੱਲ ਕੋਈ ਧਿਆਨ ਨਾ ਦਿੱਤਾ ਤਾਂ ਮਜ਼ਬੂਰੀ ਵਸ ਇਹ ਕਰਮਚਾਰੀ 4 ਦਸੰਬਰ ਤੋਂ ਹੜਤਾਲ 'ਤੇ ਚਲੇ ਗਏ ਸਨ।
ਇਹ ਵਰਤਾਰਾ ਕੇਵਲ ਬਿਹਾਰ ਤੱਕ ਹੀ ਸੀਮਤ ਨਹੀਂ, ਬਲਕਿ ਸਾਰੇ ਦੇਸ਼ ਵਿੱਚ ਕੱਚੇ ਕਾਮਿਆਂ ਨਾਲ ਇਹ ਅਮਾਨਵੀ ਜ਼ੁਲਮ ਹੋ ਰਿਹਾ ਹੈ।
ਇਸ ਸੰਦਰਭ ਵਿਚ ਅਸੀਂ ਬਿਹਤਰ ਭਵਿੱਖ ਦੀ ਚਾਹਤ ਰੱਖਣ ਵਾਲੇ ਅਤੇ ਇਹ ਸੁਨਹਿਰਾ ਭਵਿੱਖ ਲਿਆਉਣ ਲਈ ਜੂਝ ਰਹੇ ਸੱਭਨਾਂ ਦੇ ਧਿਆਨ ਵਿੱਚ ਕੁੱਝ ਨੁਕਤੇ ਜਰੂਰ ਲਿਆਉਣਾ ਚਾਹੁੰਦੇ ਹਾਂ।
ਭਾਰਤੀ ਅਬਾਦੀ ਦਾ ਬਹੁਤ ਵੱਡਾ ਭਾਗ ਨੌਜਵਾਨਾਂ ਦਾ ਹੈ। ਭਾਰਤ ਨੂੰ ਸੰਸਾਰ ਦਾ ਸੱਭ ਤੋਂ ਵੱਧ ਨੌਜਵਾਨ ਦੇਸ਼ ਇਸੇ ਕਰਕੇ ਸੱਦਿਆ ਜਾਂਦਾ ਹੈ। ਇਸ ਨੌਜਵਾਨ ਵਸੋਂ ਦੀਆਂ ਆਰਥਕ-ਸਮਾਜਕ-ਸੱਭਿਆਚਾਰਕ ਸੱਧਰਾਂ ਦੀ ਪੂਰਤੀ ਤੋਂ ਬਿਨ੍ਹਾਂ ਭਾਰਤ ਦੇ ਅੱਗੇ ਵੱਧਣ ਬਾਰੇ, ਜਾਂ ਸੰਸਾਰ ਦੇ ਬਾਕੀ ਦੇਸ਼ਾਂ ਦਾ ਮੁਕਾਬਲਾ ਕਰਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਵਸੋਂ ਦੇ ਇਸ ਬੇਹਦ ਮਹੱਤਵਪੂਰਨ ਤੇ ਸੱਭ ਤੋਂ ਵਿਸ਼ਾਲ ਭਾਗ ਦੀ ਸੱਭ ਤੋਂ ਵੱਡੀ ਸੱਮਸਿਆ ਹੈ ਬੇਰੋਜਗਾਰੀ। ਕੇਂਦਰੀ ਅਤੇ ਸੂਬਾ ਸਰਕਾਰਾਂ ਨੌਜਵਾਨਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਨਾਲ ਕਿਸ ਤਰ੍ਹਾਂ ਨਜਿੱਠਦੀਆਂ ਹਨ, ਇਹ ਬਿਹਾਰ ਸਰਕਾਰ ਦੀ ਉਪਰੋਕਤ ਪਹੁੰਚ ਤੋਂ ਸਾਰਿਆਂ ਦੇ ਸਮਝ ਆ ਜਾਣਾ ਚਾਹੀਦਾ ਹੈੈ।
ਦੂਜਾ ਵੱਡਾ ਮਸਲਾ ਹੈ ਮਨੁੱਖੀ ਇਤਿਹਾਸ ਦੇ ਅਤਿ ਘਿਣਾਉਣੇ ਵਰਤਾਰੇ ਠੇਕਾ ਭਰਤੀ ਦਾ। ਠੇਕਾ ਕਰਮਚਾਰੀਆਂ ਨੂੰ ਅੱਤ ਨਿਗੂਣੀਆਂ ਤਣਖਾਹਾਂ 'ਤੇ ਭਰਤੀ ਕੀਤਾ ਜਾਂਦਾ ਹੈ। ਕੰਮ ਦੇ ਨਿਸ਼ਚਿਤ ਘੰਟਿਆਂ ਤੋਂ ਕਿਤੇ ਵਧੇਰੇ ਸਮਾਂ ਕੰਮ ਲਿਆ ਜਾਂਦਾ ਹੈ। ਸੁਰੱਖਿਆ ਦੇ ਪ੍ਰਬੰਧ ਉੱਕਾ ਹੀ ਨਹੀਂ ਕੀਤੇ ਜਾਂਦੇ। ਟਰੇਡ ਯੂਨੀਅਨ ਲਹਿਰ ਦੇ ਸੰਗਰਾਮਾਂ ਦੀ ਇਤਿਹਾਸਕ ਪ੍ਰਾਪਤੀ, ਕਿਰਤ ਕਾਨੂੰਨਾਂ 'ਚੋਂ ਇੱਕ ਵੀ ਇੰਨ੍ਹਾਂ ਠੇਕਾ ਕਰਮੀਆਂ ਦੀਆਂ ਸੇਵਾਵਾਂ 'ਤੇ ਲਾਗੂ ਨਹੀਂ ਕੀਤਾ ਜਾਂਦਾ। ਹਰ ਵੇਲੇ ਨੌਕਰੀਉਂ ਕੱਢੇ ਜਾਣ ਦਾ ਖ਼ਤਰਾ ਬਰਕਰਾਰ ਰਹਿੰਦਾ ਹੈ।
ਤੀਜਾ ਮਹੁੱਤਵਪੂਰਨ ਮੁੱਦਾ ਹੈ, ਗਰੀਬ ਵਸੋਂ ਨੂੰ ਸਿਹਤ ਸਹੂਲਤਾਂ ਅਤੇ ਹੋਰ ਜਨਤਕ ਸੇਵਾਵਾਂ ਤੋਂ ਵਾਂਝੇ ਰੱਖਣ ਦਾ। ਪਿਛਲੀ ਦਿਨੀਂ ਗੋਰਖਪੁਰ ਅਤੇ ਹੋਰਨੀਂ ਥਾਂਈ ਮਾਸੂਮ ਬਾਲਾਂ ਦੀਆਂ ਅਜਾਈਂ ਗਈਆਂ ਜਾਨ੍ਹਾਂ ਜਿੰਨ੍ਹਾਂ ਨੂੰ ਵਿਵਸਥਾ ਵੱਲੋਂ ਕੀਤਾ ਗਿਆ ਕਤਲ ਵੀ ਕਹਿ ਲਿਆ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ, ਉਪਰੋਕਤ ਨੀਤੀ ਦਾ ਹੀ ਸਿੱਟਾ ਹੈ। ਇਹ ਨੀਤੀ ਹੈ ਲੋਕਾਂ ਨੂੰ ਸੇਵਾਵਾਂ ਦੇਣ ਤੋਂ ਪੂਰੀ ਤਰ੍ਹਾਂ ਭੱਜ ਜਾਣ ਦੀ। ਇਸ ਨੀਤੀ ਤਹਿਤ ਹਸਪਤਾਲਾਂ, ਸਕੂਲਾਂ/ਕਾਲਜਾਂ ਅਤੇ ਹੋਰ ਵਿਭਾਗਾਂ 'ਚ ਸਥਾਈ ਭਰਤੀ ਨਹੀਂ ਕੀਤੀ ਜਾ ਰਹੀ। ਅਤੇ ਹੁਣ ਤੱਕ ਕਾਇਮ ਹੋਇਆ ਬੁਨਿਆਦੀ ਢਾਂਚਾ ਤਹਿਸ-ਨਹਿਸ ਕੀਤਾ ਜਾ ਰਿਹਾ ਹੈ। ਵਿਭਾਗ ਲਈ ਸਰਕਾਰੀ ਪੈਸਾ ਦਿਨੋ ਦਿਨ ਘਟਾਇਆ ਜਾ ਰਿਹਾ ਹੈ।
ਜੇ ਉਪਰੋਕਤ ਸਾਰੀ ਭਿਆਨਕਤਾ ਨੂੰ ਇੱਕ ਵਾਕ 'ਚ ਬਿਆਨ ਕਰਨਾ ਹੋਵੇ ਤਾਂ ਬੇਝਿਜਕ ਕਿਹਾ ਜਾ ਸਕਦਾ ਹੈ ਕਿ ਉਕਤ ਸਾਰਾ ਕੁੱਝ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ, ਨਿੱਜੀਕਰਣ-ਸੰਸਾਰੀਕਰਣ-ਉਦਾਰੀਕਰਣ ਦੀਆਂ ਨੀਤੀਆਂ ਕਰਕੇ ਹੀ ਵਾਪਰ ਰਿਹਾ ਹੈ।
ਹੁਣ ਇਹ ਵੀ ਕੋਈ ਭੁਲੇਖੇ ਵਾਲੀ ਗੱਲ ਨਹੀਂ ਰਹੀ ਗਈ ਕਿ ਭਾਰਤੀ ਹਾਕਮ ਜਮਾਤਾਂ ਦੀਆਂ ਸਾਰੀਆਂ ਹੀ ਕੌਮੀ ਅਤੇ ਖੇਤਰੀ ਪਾਰਟੀਆਂ ਦੀ ਅਗਵਾਈ ਵਾਲੀਆਂ ਸਰਕਾਰਾਂ (ਕੇਂਦਰੀ ਅਤੇ ਸੂਬਾਈ) ਉਪਰੋਕਤ ਨੀਤੀਆਂ 'ਤੇ ਇੱਕੋ ਜਿੰਨੀ ਤੇਜੀ ਨਾਲ ਅਮਲ ਕਰ ਰਹੀਆਂ ਹਨ।
ਇਸ ਨਾਮੁਰਾਦ ਹਾਲਾਤ 'ਚੋਂ ਨਿੱਕਲਣ ਦਾ ਇੱਕੋ-ਇੱਕ ਰਸਤਾ ਹੈ ਉਪਰੋਕਤ ਨਵਉਦਾਰਵਾਦੀ ਨੀਤੀਆਂ ਵਿਰੁੱਧ ਬੇਲਿਹਾਜ-ਬੱਝਵੇਂ-ਫ਼ੈਸਲਾਕੁੰਨ ਸੰਗਰਾਮ। ਖੱਬੀਆਂ, ਜਮਹੂਰੀ, ਦੇਸ਼ ਭਗਤ, ਸੰਗਰਾਮੀ ਸ਼ਕਤੀਆਂ ਦੀ ਸਾਂਝੀ ਪਹਿਲਕਦਮੀ ਹੀ ਉਕਤ ਸੰਗਰਾਮ ਦੀ ਜਿੱਤ ਦੀ ਜਾਮਣੀ  ਹੋ ਸਕਦੀ ਹੈ।



ਮਨੂਵਾਦੀ ਜ਼ਲਾਲਤ ਵਿਰੁੱਧ ਵਹਿਸ਼ੀਆਨਾ ਜ਼ੁਬਾਨਬੰਦੀ ਦੀ ਇਕ ਹੋਰ ਘਿਨਾਉਣੀ ਘਟਨਾ 
ਬੀਤੇ ਦਿਨੀਂ ਉਦੈਪੁਰ ਵਿਖੇ ਹੋਏ ਫ਼ਿਲਮ ਫ਼ੈਸਟੀਵਲ ਵਿੱਚ, ਉੱਥੇ ਦਿਖਾਈਆਂ ਗਈਆਂ ਵੱਖ-ਵੱਖ ਭਾਸ਼ਾਵਾਂ ਦੀਆਂ ਵਿਭਿੰਨ ਵਿਸ਼ਿਆਂ ਵਾਲੀਆਂ ਫ਼ਿਲਮਾਂ ਦੇ ਕਲਾਤਮਕ ਪਹਿਲੂਆਂ ਨਾਲੋਂ ਵੀ ਵੱਧੇਰੇ ਚਰਚਾ ਤਾਮਿਲਨਾਡੂ ਦੀ ਇੱਕ ਨੌਜਵਾਨ ਫ਼ਿਲਮਕਾਰ ਦਿਵਯਾ ਨਾਲ ਹੋਏ ਜ਼ੁਲਮਾਂ ਅਤੇ ਉਸ ਵਲੋਂ ਬਣਾਈ ਗਈ ਤਾਮਿਲ ਫ਼ਿਲਮ ''ਕੁਕੂਸ'' ਦੇ ਪ੍ਰਦਰਸ਼ਨ ਸਬੰਧੀ ਘਟਣਾਵਾਂ ਦੀ ਰਹੀ।
ਇਹ ਹੋਣਹਾਰ ਫਿਲਮਕਾਰ ਤਾਮਿਲਨਾਡੂ ਦੇ ਦਲਿਤ ਭਾਈਚਾਰੇ ਨਾਲ ਸਬੰਧਤ ਹੈ। ''ਕੁਕੂਸ'' ਸ਼ਬਦ ਦਾ ਅਰਥ ਹੈ ਮਨੁੱਖੀ ਗੰਦਗੀ। ਆਪਣੇ ਭਾਈਚਾਰੇ ਵਲੋਂ ਸੀਵਰੇਜ ਸਾਫ ਕਰਨ ਅਤੇ ਸਿਰ 'ਤੇ ਮਨੁੱਖੀ ਗੰਦਗੀ ਢੋਏ ਜਾਣ ਵਰਗੇ ਅੱਤ ਦੇ ਗੈਰ ਮਨੁੱਖੀ ਕੰਮ ਕੀਤੇ ਜਾਣ ਦੀ ਜਬਰੀ ਪ੍ਰਥਾ ਅਤੇ ਹੋਰ ਹਰ ਕਿਸਮ ਦੇ ਝੱਲੇ ਜਾ ਰਹੇ ਤਸੀਹਿਆਂ ਦੀ ਦਾਸਤਾਨ ਹੈ, ਉਸ ਵਲੋਂ ਬਣਾਈ ਗਈ ਇਹ ਫ਼ਿਲਮ। ਫ਼ਿਲਮ ਭਾਵੇਂ ਤਾਮਿਲ ਭਾਸ਼ਾ 'ਚ  ਹੈ ਪ੍ਰੰਤੂ ਨਾਲੋ-ਨਾਲ ਪਾਤਰਾਂ ਦੇ ਸੰਵਾਦ ਅਤੇ ਕੁਮੈਂਟਰੀ ਦਾ ਅੰਗਰੇਜੀ ਉਲੱਥਾ ਵੀ ਸਕਰੀਨ 'ਤੇ ਦਿਖਾਇਆ ਗਿਆ ਹੈ। ਅਸਲ ਪਾਤਰਾਂ ਦੀ ਸੰਵਾਦ ਅਦਾਇਗੀ ਅਤੇ ਸਹਿਜ ਅਭਿਨੈ ਜ਼ਮੀਰਾਂ ਨੂੰ ਝੰਜੋੜਣ ਵਾਲਾ ਹੈ ਪਰ ਜ਼ਮੀਰ ਦਾ ਹੋਣਾ ਬੜਾ ''ਲਾਜ਼ਿਮੀ'' ਹੈ। ਮਾਮੂਲੀ ਜਿਹੀ ਗੰਦਗੀ ਕੋਲੋਂ ਲੰਘਦਿਆਂ ਨੱਕ-ਮੂੰਹ ਰੁਮਾਲ ਨਾਲ ਢੱਕਣ ਵਾਲਿਆਂ ਨੂੰ ਇਸ ਫ਼ਿਲਮ ਵਿਚਲੇ ਅਸਲੀ ਦ੍ਰਿਸ਼ ਵਿਚਲਿਤ ਕਰ ਸਕਦੇ ਹਨ। ਪਰ ਉਨ੍ਹਾਂ ਬਾਰੇ ਸੋਚਣਾ ਬੜਾ ਜਰੂਰੀ ਹੈ ਜਿਨ੍ਹਾਂ ਨੂੰ ਗੰਦਗੀ ਹੱਥਾਂ ਨਾਲ ਸਾਫ਼ ਕਰਨੀ ਅਤੇ ਢੋਣੀ ਪੈ ਰਹੀ ਹੈ। ਇਸ ਫ਼ਿਲਮ ਨੇ ''ਸਵੱਛ ਭਾਰਤ'' ਜਾਂ ''ਸਵੱਛਤਾ ਅਭਿਆਨ'' ਵਰਗੇ ਹਕੂਮਤੀ ਡਰਾਮਿਆਂ ਦੀ ਵੀ ਫੂਕ ਕੱਢ ਦਿੱਤੀ ਹੈ 'ਤੇ ਇਹ ਤੱਥ ਉਜਾਗਾਰ ਕਰ ਦਿੱਤਾ ਹੈ ਕਿ ਉਕਤ ਅਭਿਆਨ ਦਿਖਾਵਾ ਮਾਤਰ ਹੈ ਜਦ ਕਿ ਅਸਲੀ ਸਵੱਛਤਾ ਹਕੂਮਤਾਂ ਲਈ ਡਰ ਦਾ ਸਬੱਬ ਹੈ ਕਿਉਂਕਿ ਇਸ ਨਾਲ ਹਕੂਮਤਾਂ ਡੋਲ ਜਾਂਦੀਆਂ ਹਨ।
ਬਸ ਇਸੇ ਸੱਚ ਬਿਆਨੀ ਕਰਕੇ ਵਿਚਾਰ-ਚਰਚਾ ਦਾ ਕੇਂਦਰ ਬਣਦੀ ਇਸ ਹੋਣਹਾਰ ਫ਼ਿਲਮਕਾਰ ਦਿਵਿਆ ਨੇ ਸਰਕਾਰੀ ਤੰਤਰ ਦਾ ਗੁੱਸਾ ਸਹੇੜ ਲਿਆ। ਤਾਮਿਲਨਾਡੂ ਦੀ ਪੁਲੀਸ ਨੇ ਹਕੂਮਤੀ ਹੁਕਮਾਂ ਦੀ ਤਾਮੀਲ ਕਰਦਿਆਂ ਉਸ ਵਲੋਂ ਬਣਾਈ ਫ਼ਿਲਮ ''ਕੁਕੂਸ'' ਦੀ ਸਕਰੀਨਿੰਗ ਚਾਲੀ ਥਾਂਵਾਂ 'ਤੇ ਰੁਕਵਾ ਦਿੱਤੀ। ਇਸ ਕਾਰਵਾਈ ਦੌਰਾਨ ਨਾ ਕੇਵਲ ਦਿਵਿਆ ਬਲਕਿ ਸਮੀਖੀਅਕਾਂ ਨੂੰ ਵੀ ਵਹਿਸ਼ੀ ਪੁਲਸੀਆ ਵਤੀਰੇ ਦੇ ਬਹੁਤ ਕੌੜੇ ਅਨੁਭਵਾਂ 'ਚੋਂ ਲੰਘਣਾ ਪਿਆ। ਦਿਵਿਆ ਨੇ ਇਸ ਦਾ ਤੋੜ ਲਭੱਦਿਆਂ ਕਿਤਿਉਂ ਪ੍ਰੋਜੈਕਟਰ ਦਾ ਇੰਤਜ਼ਾਮ ਕੀਤਾ ਅਤੇ ਤੁਰ ਪਈ ਪਿੰਡੋ-ਪਿੰਡ ਆਪਣੀ ਸ਼ਾਹਕਾਰ ਕ੍ਰਿਤ ਦਿਖਾਉਣ।
ਅਖੌਤੀ ਸਵਰਣ ਮਾਨਸਿਕਤਾ ਦੇ ਗ੍ਰਸੇ ਹਾਕਮਾਂ ਦੀ ਹੱਥ-ਠੋਕਾ ਪੁਲਸ ਨੂੰ ਇਹ ਵੀ ਬਰਦਾਸ਼ਤ ਨਾ ਹੋਇਆ। ਉਨ੍ਹਾਂ ਪ੍ਰਾਜੈਕਟਰ ਭੰਨ ਤੋੜ ਦਿੱਤਾ ਅਤੇ ਦਿਵਿਆ 'ਤੇ ਝੂਠੇ ਕੇਸ ਬਣਾ ਕੇ ਉਸ ਨੂੰ ਜੇਲ੍ਹ ਅੰਦਰ ਡੱਕ ਦਿੱਤਾ। ਇਸ ਕੇਸ ਦੇ ਫ਼ੈਸਲੇ ਦੀ ਅਜੇ ਉਡੀਕ ਕੀਤੀ ਜਾ ਰਹੀੇ ਹੈ ਪਰ ਇਹ ਕਿਆਸ ਅਰਾਈਆਂ ਜਰੂਰ ਹਨ ਕਿ ਫ਼ੈਸਲਾ ਦਿੱਵਿਆ ਦੇ ਪੱਖ ਵਿੱਚ ਸ਼ਾਇਦ ਹੀ ਹੋਵੇ। ਜੇ ਹੋਇਆ ਵੀ ਤਾਂ ਨਵੇਂ ਢੰਗਾਂ ਦੀਆਂ ਪਾਬੰਦੀਆਂ ਨਾਲ ਫ਼ਿਲਮ ਦਾ ਪ੍ਰਦਰਸ਼ਨ ਰੋਕੇ ਜਾਣ ਦੀਆਂ ਪੂਰੀਆਂ ''ਸੰਭਾਵਨਾਵਾਂ'' ਮੌਜੂਦ ਹਨ। ਕੁੱਝ ਸਾਲ ਪਹਿਲਾਂ ਤਾਮਿਲਨਾਡੂ ਦੇ ਇੱਕ ਦਲਿਤ ਲੇਖਕ ਨੂੰ  ਵੀ ਅਜਿਹੀ ਹੀ ਅਪਮਾਨਜਨਕ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਸ ਵਿਦਵਾਨ ਲੇਖਕ ਨੇ ਆਪਣੇ ਆਪ ਨੂੰ ਮੁਰਦਾ ਐਲਾਣ ਦਿੱਤਾ ਸੀ। ਜੁਬਾਨਬੰਦੀ-ਕਲਮਬੰਦੀ-ਕਲਾਬੰਦੀ ਦੀਆਂ ਅਜਿਹੀਆਂ ਘ੍ਰਿਣਾਯੋਗ ਘਟਣਾਵਾਂ ਅੱਜ ਕੱਲ ਭਾਰਤ 'ਚ ਥਾਂ-ਥਾਂ ਹਰ ਰੋਜ਼ ਵਾਪਰ ਰਹੀਆਂ ਹਨ।
ਇਹ ਘਟਣਾਵਾਂ ਇਸ ਲਈ ਵਾਪਰ ਰਹੀਆਂ ਹਨ ਕਿਉਂਕਿ ਮਨੁੱਖੀ ਇਤਿਹਾਸ ਦੇ ਸੱਭ ਤੋਂ ਨਖਿੱਧ ਵਰਤਾਰੇ ਜਾਤੀ-ਅਧਾਰਤ ਅੱਤਿਆਚਾਰਾਂ ਖਿਲਾਫ਼ ਭਾਰਤ ਦੇ ਦਲਿਤ ਜਾਗ ਰਹੇ ਹਨ, ਜੱਥੇਬੰਦ ਹੋ ਰਹੇ ਹਨ ਅਤੇ ਸਥਿਤੀਆਂ ਤਬਦੀਲ ਕਰਨ ਲਈ ਸੰਘਰਸ਼ ਕਰ ਰਹੇ ਹਨ। ਜਬਰ ਤੇ ਦਮਨ ਦੀਆਂ ਘਟਣਾਵਾਂ ਦੇ ਜਿੰਮੇਂਵਾਰ, ਮੰਨੂਵਾਦੀਏ-ਨਾਮਨਿਹਾਦ ਸਵਰਣਾਂ ਦੇ ਅਲੰਬਰਦਾਰ, ਮੌਜੂਦਾ ਕੇਂਦਰੀ ਹਕੂਮਤ ਜਿਨ੍ਹਾਂ ਦੀ ਨੰਗੀ-ਚਿੱਟੀ ਪੁਸ਼ਤਪਨਾਹੀ ਕਰ ਰਹੀ ਹੈ, ਨਹੀਂ ਚਾਹੁੰਦੇ ਕਿ ਸਥਿਤੀਆਂ ਬਦਲਣ। ਪਰ ਉਨ੍ਹਾਂ ਦੇ ਸੋਚਿਆਂ ਯਥਾਸਥਿਤੀ ਨਹੀਂ ਰਹਿਣੀ। ਦਿਵਿਆ ਵਲੋਂ ਬਣਾਈ ਫ਼ਿਲਮ ਹੁਣ ਯੂ-ਟਿਉੂਬ 'ਤੇ ਚੱਲ ਰਹੀ ਹੈ ਅਤੇ ਹੁਣ ਤੱਕ ਲਖਾਂ ਲੋਕ ਇਸ ਫ਼ਿਲਮ ਨੂੰ ਦੇਖ ਚੁੱਕੇ ਹਨ ਅਤੇ ਹਰ ਪਲ ਦੇਖ ਰਹੇ ਹਨ। ਇਹੀ ਦਿੱਵਿਆ ਦੇ ਯਤਨਾਂ ਦੀ ਕਾਮਯਾਬੀ ਹੈ।


ਸਰਕਾਰੀ ਥਰਮਲ ਵੀ ਨਿੱਜੀਕਰਨ ਦੇ ਕੁਹਾੜੇ ਹੇਠ 
ਲੋਕਾਂ ਦੇ ਭਾਰੀ ਵਿਰੋਧ ਦੇ ਬਾਵਜੂਦ, ਪੰਜਾਬ ਦੀ ਕਾਂਗਰਸ ਸਰਕਾਰ ਨੇ, ਪਾਵਰਕੱਾਮ ਦੀ ਮਾਲਕੀ ਵਾਲੇ, ਬਠਿੰਡਾ, ਲਹਿਰਾ ਮੁਹੱਬਤ ਅਤੇ ਰੋਪੜ ਵਿਚਲੇ ਤਿੰਨਾਂ ਥਰਮਲਾਂ ਦੇ ਚੌਦਾਂ ਯੂਨਿਟਾਂ ਤੋਂ ਬਿਜਲੀ ਉਤਪਾਦਨ ਠੱਪ ਕਰਨ ਦੇ ਫੁਰਮਾਨ ਚਾੜ੍ਹ ਕੇ ਉਕਤ ਥਰਮਲਾਂ ਨੂੰ ਬੰਦ ਕਰਨ ਦਾ ਮੰਦਭਾਗਾ ਅਮਲ ਅਰੰਭ ਦਿੱਤਾ ਹੈ।
ਨਿੱਜੀ ਮਾਲਕੀ ਵਾਲੇ ਥਰਮਲਾਂ ਅਤੇ ਨਿੱਜੀ ਬਿਜਲੀ ਕੰਪਨੀਆਂ ਨੂੰ ਭਾਰੀ ਮੁਨਾਫ਼ੇ ਖਟਾਉਣ ਦੀ ਬਦਨੀਅਤ ਅਧੀਨ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਇਹਨਾਂ ਥਰਮਲਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਸੀ। ਪਰ ਥਰਮਲ ਕਾਮਿਆਂ ਦੇ ਸਿਰੜੀ ਸੰਗਰਾਮ ਅਤੇ ਉਸ ਸੰਗਰਾਮ ਨੂੰ ਮਿਲ ਰਹੇ ਜਨਸਮਰਥਨ ਸਦਕਾ ਇਹ ਲੋਕਦੋਖੀ ਫ਼ੈਸਲਾ ਅਮਲ ਵਿੱਚ ਨਹੀਂ ਸੀ ਲਿਆਂਦਾ ਜਾ ਸਕਿਆ। ਇਸੇ ਮੁੱਦੇ ਕਰਕੇ ਵੇਲੇ ਦੀ ਸਰਕਾਰ ਦੀ ਹੋ ਰਹੀ ਚੌਤਰਫਾ ਅਲੋਚਨਾ ਦੇ ਮੱਦੇਨਜਰ ਮੌਜੂਦਾ ਕਾਂਗਰਸ ਸਰਕਾਰ ਦੇ ਕਰਤੇ-ਧਰਤਿਆਂ ਨੇ ਸੰਘਰਸ਼ਸ਼ੀਲ ਕਰਮਚਾਰੀਆਂ ਦੇ ਇੱਕਠ ਵਿੱਚ ਜਾ ਕੇ ਇਹ ਐਲਾਨ ਕੀਤਾ ਸੀ ਕਿ ਪਾਵਰਕੱਾਮ ਦੀ ਮਾਲਕੀ ਵਾਲੇ ਥਰਮਲ ਹਰ ਹਾਲਤ ਚਲਦੇ ਰੱਖੇ ਜਾਣਗੇ। ਕਾਂਗਰਸੀ ਆਗੂਆਂ ਨੇ ਇਹ ਵੀ ਐਲਾਨ ਕੀਤਾ ਸੀ ਕਿ ਬਾਦਲ ਸਰਕਾਰ ਵਲੋਂ ਕੀਤੇ ਗਏ ਬਿਜਲੀ ਖ੍ਰੀਦਣ ਦੇ ਤਰਕਹੀਣ ਤੇ ਬਦਨੀਅਤੀ ਵਾਲੇ ਕਰਾਰ ਵੀ ਸਮੀੱਖਿਆ ਪਿੱਛੋਂ  ਰੱਦ ਕੀਤੇ ਜਾਣਗੇ। ਕਾਂਗਰਸ ਪਾਰਟੀ ਨੇ ਫ਼ਰਵਰੀ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੇ ਚੋਣ ਮਨੋਰਥ ਪੱਤਰ ਵਿੱਚ ਵੀ ਇਹ ਮੱਦਾਂ  ਸ਼ਾਮਲ ਕੀਤੀਆਂ ਸਨ।
ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ ਨਿੱਜੀ ਕਾਰੋਬਾਰੀਆਂ ਨਾਲ ਕੀਤੇ ਗਏ ਬਿਜਲੀ ਖ੍ਰੀਦਣ ਦੇ ਸਮਝੌਤਿਆਂ ਵਿੱਚ ਅਨੇਕਾਂ ਬੇਨਿਯਮੀਆਂ ਬਾਰੇ ਕਾਂਗਰਸ ਆਗੂ, ਖਾਸ ਕਰ ਮੌਜੂਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਚੋਣ ਸਭਾਵਾਂ ਵਿੱਚ ਵੱਡੇ-ਵੱਡੇ ਖੁਲਾਸੇ ਵੀ ਕਰਦੇ ਰਹੇ ਹਨ।
ਪਰ ਚੋਣਾਂ ਜਿੱਤਣ ਸਾਰ ਕਾਂਗਰਸੀ ਆਗੂਆਂ ਅਤੇ ਸਰਕਾਰ ਨੇ ਪਾਈ ਹੋਈ ਭੇਡ ਦੀ ਖੱਲ ਲਾਹ ਕੇ ਵਗਾਹ ਮਾਰੀ। ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਸਰਕਾਰੀ ਥਰਮਲਾਂ ਦੇ ਭੋਗ ਪਾਉਣ ਦੇ ਫ਼ੈਸਲੇ ਨੂੰ ਇੰਨ-ਬਿੰਨ ਲਾਗੂ ਕਰਦਿਆਂ ਮੌਜੂਦਾ ਕਾਂਗਰਸ ਸਰਕਾਰ ਨੇ ਇਸ ਧਾਰਣਾ ਦੀ ਪੁਸ਼ਟੀ ਕਰ ਦਿੱਤੀ ਕਿ ਹਾਕਮ ਜਮਾਤਾਂ ਦੇ ਪ੍ਰਤੀਨਿਧਾਂ ਦਾ ਸ਼ਬਦ, ਆਵਰਣ ਅਤੇ ਵਿਚਰਣ ਦਾ ਢੰਗ ਬੇਸ਼ਕ ਵੱਖੋ-ਵਖਰਾ ਹੋਵੇ ਪਰ ਅਮਲ ਇੱਕੋ ਜਿਹੇ ਹੀ ਲੋਕ ਵਿਰੋਧੀ ਹੁੰਦੇ ਹਨ।
ਅਸੀਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਰਾਹੀਂ ਅਦਾ ਕੀਤੇ ਟੈਕਸਾਂ ਦੀ ਰਕਮ ਨਾਲ ਬਣੇ ਸਰਕਾਰੀ ਥਰਮਲਾਂ ਦੇ ਖੁਰਦ-ਬੁਰਦ ਕਰਨ ਦੇ ਅਮਲ ਵਿਰੁੱਧ ਮੈਦਾਨ 'ਚ ਨਿੱਤਰਣ। ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਅਤੀ ਮਹਿੰਗੀ ਬਿਜਲੀ ਖਰੀਦਣ ਦੀਆਂ ਸਰਕਾਰੀ ਸਾਜਿਸ਼ਾਂ ਨੂੰ ਨਾ ਕੇਵਲ ਸਮਝਿਆ ਜਾਵੇ ਬਲਕਿ ਹਰਾਇਆ ਵੀ ਜਾਵੇ। ਲੋਕਾਂ ਦੇ ਰੋਜਗਾਰਾਂ/ਕਾਰੋਬਾਰਾਂ ਨੂੰ ਤਬਾਹ ਕਰਨ ਦੀ ਮਨਸ਼ਾ ਵੀ ਫ਼ੇਲ ਕੀਤੀ ਜਾਵੇ।
ਸਮੂਹ ਸੰਘਰਸ਼ਸ਼ੀਲ ਅਗਾਂਹਵਧੂ, ਦੇਸ਼ ਭਗਤ ਧਿਰਾਂ ਵਲੋਂ ਲੋਕ ਮਾਰੂ ਨਿੱਜੀਕਰਨ ਵਿਰੁੱਧ ਚੱਲ ਰਹੇ ਇਸ ਸੰਗਰਾਮ ਵਿਚ ਵੱਧ ਤੋਂ ਵੱਧ ਹਿੱਸਾ ਪਾਉਣਾ ਚਾਹੀਦਾ ਹੈ।          - ਮਹੀਪਾਲ

ਲੋਕ ਮਸਲੇ (ਸੰਗਰਾਮੀ ਲਹਿਰ-ਦਸੰਬਰ 2017)

ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਛਾੳਣੀ ਕਲਾਂ ਵਿਖੇ ਲੱਗ ਰਹੀ ਸ਼ਰਾਬ ਫੈਕਟਰੀ ਵਿਰੁੱਧ ਜੁਝਾਰੂ ਜਨਤਕ ਪ੍ਰਤੀਰੋਧ 
ਮੁਨਾਫੇ ਦੀ ਦੌੜ ਵਿਚ ਅੰਨ੍ਹੀ ਹੋਈ ਸਰਮਾਏਦਾਰੀ ਦਾ ਧਰਮ ਹਰ ਹਰਬੇ ਪੈਸਾ ਕਮਾਉਣਾ ਹੀ ਹੁੰਦਾ ਹੈ। ਭਾਵੇਂ ਇਸ ਦੌੜ ਵਿਚ ਹਵਾ, ਪਾਣੀ, ਵਾਤਾਵਰਣ, ਲੋਕਾਂ ਦੀ ਸਿਹਤ ਅਤੇ ਮਨੁੱਖਤਾ ਦਾ ਘਾਣ ਹੀ ਕਿਉਂ ਨਾ ਹੁੰਦਾ ਹੋਵੇ। ਇਸੇ ਤਰ੍ਹਾਂ ਦਾ ਇਕ ਘਿਨਾਉਣਾ ਕਾਰਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਛਾਉਣੀ ਕਲਾਂ ਵਿਖੇ ਕਰਨ ਦਾ ਯਤਨ ਕੀਤਾ ਗਿਆ ਹੈ। ਇੱਥੇ ਪਿੰਡ ਦੀ ਲਗਭਗ 15 ਏਕੜ  ਪੰਚਾਇਤੀ ਜ਼ਮੀਨ ਇਕ ਪ੍ਰਾਈਵੇਟ ਕੰਪਨੀ ਵਲੋਂ ਅਫਸਰਸ਼ਾਹੀ ਅਤੇ ਸਿਆਸੀ ਆਗੂਆਂ ਦੀ ਮਿਲੀਭੁਗਤ ਰਾਹੀਂ ਗੈਰ ਕਾਨੂੰਨੀ ਢੰਗ ਨਾਲ ਹਥਿਆ ਕੇ ਸ਼ਰਾਬ ਦਾ ਕਾਰਖਾਨਾ ਲਾਉਣ ਦਾ ਕੋਝਾ ਮਨਸੂਬਾ ਘੜਿਆ ਜਾ ਰਿਹਾ ਹੈ। ਇਹ ਕੁਕਰਮ ਪਿੰਡ ਦੇ ਸਰਪੰਚ ਨਾਲ ਮਿਲ ਕੇ ਅਤੇ ਪਿੰਡ ਦੇ ਪੰਚਾਂ ਸਮੇਤ ਲੋਕਾਂ ਨੂੰ ਗੁੰਮਰਾਹ ਕਰਕੇ ਨੇਪਰੇ ਚਾੜ੍ਹਿਆ ਜਾਣਾ ਸੀ। ਪਿੰਡ ਦੇ ਲੋਕਾਂ ਨੂੰ ਪਤਾ ਲੱਗਣ ਤੇ ਉਹ ਜਾਗ ਪਏ ਹਨ ਅਤੇ ਉਨ੍ਹਾਂ ਨੇ ਪਿੰਡ ਦੇ ਇਕ ਮੋਹਤਬਰ ਵਿਅਕਤੀ, ਸਾਥੀ ਇੰਦਰ ਸਿੰਘ ਦੀ ਅਗਵਾਈ ਹੇਠ ''ਜ਼ਮੀਨ ਬਚਾਓ-ਵਾਤਾਵਰਣ ਬਚਾਓ ਸੰਘਰਸ਼ ਕਮੇਟੀ'' ਬਣਾ ਕੇ ਇਸ ਮਨਸੂਬੇ ਦਾ ਡਟਵਾਂ ਵਿਰੋਧ ਸ਼ੁਰੂ ਕੀਤਾ ਹੋਇਆ ਹੈ।
ਵਾਕਿਆ ਇਸ ਤਰ੍ਹਾਂ ਹੈ ਕਿ 26 ਅਪ੍ਰੈਲ 2016 ਨੂੰ ਸਥਾਨਕ ਪਿੰਡ ਦੀ ਪੰਚਾਇਤ ਨੇ ਪਿੰਡ ਦੀ ਆਮਦਨੀ ਵਧਾਉਣ ਅਤੇ ਉਸ ਨੂੰ ਪਿੰਡ ਦੀ ਬੇਹਤਰੀ ਲਈ ਲਾਉਣ ਦੇ ਮਨਸ਼ੇ ਨੂੰ ਸਾਹਮਣੇ ਰੱਖਦੇ ਹੋਏ ਪਿੰਡ ਦੀ ਸਾਂਝੀ ਪੰਚਾਇਤੀ ਜ਼ਮੀਨ ਉਪਰ ਕੋਈ ਉਦਯੋਗਿਕ ਇਕਾਈ ਲਾਉਣ ਲਈ 33 ਸਾਲਾਂ ਲਈ ਲੀਜ਼ 'ਤੇ ਦੇਣ ਦਾ ਨਿਰਣਾ ਲਿਆ। ਬੋਲੀਕਾਰ ਜਗਮੀਤ ਸਿੰਘ ਭਾਟੀਆ ਦਿੱਲੀ ਦਾ ਕੋਈ ਸਰਮਾਏਦਾਰ ਹੈ, ਜਿਸ ਨਾਲ ਗੁੜਗਾਓ (ਹਰਿਆਣਾ) ਦੇ ਨਿਰਮੋਹਨ ਗੁਲੇਰੀ, ਪਰਮਿੰਦਰ ਸਿੰਘ ਮਨਹੇੜਾ ਅਤੇ ਕਮਲ ਨਰੂਲਾ ਵੀ ਸ਼ਾਮਲ ਸਨ। ਬੋਲੀ ਦੇਣ ਵੇਲੇ ਦੱਸਿਆ ਗਿਆ ਕਿ ਇਸ ਥਾਂ ਤੇ ਪਲਾਈਵੁੱਡ ਦਾ ਕਾਰਖਾਨਾ ਲਗਾਇਆ ਜਾਵੇਗਾ।
ਪ੍ਰੰਤੂ ਮੌਕੇ ਦੇ ਪੰਚਾਇਤ ਮੰਤਰੀ ਵਲੋਂ ਲਾਏ ਗਏ ਇਤਰਾਜ ਕਾਰਨ ਇਹ ਬੋਲੀ ਰੱਦ ਹੋ ਗਈ ਅਤੇ ਇਸ ਦੀ ਦੁਬਾਰਾ ਬੋਲੀ 17 ਅਗਸਤ 2016 ਨੂੰ ਕੀਤੀ ਗਈ। ਸ਼ਰਤਾਂ ਅਨੁਸਾਰ ਇਸ ਤਰ੍ਹਾਂ ਦੀ ਬੋਲੀ ਲਈ ਬੀ.ਡੀ.ਪੀ.ਓ. ਕੋਲ ਜ਼ਮੀਨ ਕੇਵਲ 3 ਸਾਲ ਲਈ ਲੀਜ਼ 'ਤੇ ਦੇਣ ਦਾ ਅਧਿਕਾਰ ਹੈ। ਜੇਕਰ 33 ਸਾਲਾ ਲਈ ਲੀਜ਼ 'ਤੇ ਦੇਣੀ ਹੋਵੇ ਤਾਂ ਹੇਠ ਲਿਖੀਆਂ 6 ਸ਼ਰਤਾਂ 'ਤੇ ਹੀ ਜ਼ਮੀਨ ਲੀਜ਼ 'ਤੇ ਦਿੱਤੀ ਜਾ ਸਕਦੀ ਹੈ :
1. ਬੋਲੀ ਦੀ ਰਕਮ ਵਿਚ ਹਰ ਸਾਲ 10% ਦਾ ਵਾਧਾ ਹੋਵੇਗਾ।
2. ਬੋਲੀ ਕਰਾਉਣ ਤੋਂ ਪਹਿਲਾਂ ਦੋ ਅਖਬਾਰਾਂ (ਪੰਜਾਬੀ ਅਤੇ ਅੰਗਰੇਜ਼ੀ) ਵਿਚ ਬੋਲੀ ਲਈ ਇਸ਼ਤਿਹਾਰ ਦੇਣਾ ਜ਼ਰੂਰੀ ਹੋਵੇਗਾ।
3. ਇਸ਼ਤਿਹਾਰ ਬੋਲੀ ਲਗਾਉਣ ਦੀ ਤਾਰੀਖ ਤੋਂ ਘੱਟੋ ਘੱਟ 15 ਦਿਨ ਪਹਿਲਾਂ ਦੇਣਾ ਹੋਵੇਗਾ।
4. ਜੇਕਰ ਲੀਜ਼ 10 ਸਾਲ ਤੋਂ 33 ਸਾਲ ਤੱਕ ਹੋਵੇ ਤਾਂ ਬੋਲੀ ਸਮੇਂ ਦੋ ਅਫਸਰ ਸਥਾਨਕ ਬੀ.ਡੀ.ਪੀ.ਓ. ਅਤੇ ਡੀ.ਡੀ.ਪੀ.ਓ. ਦੋਹਾਂ ਦੀ ਹਾਜ਼ਰੀ ਜ਼ਰੂਰੀ ਹੈ।
5. ਬੋਲੀ ਦੀ ਵੀ.ਡੀ.ਓ. ਗ੍ਰਾਫੀ ਹੋਣੀ ਜ਼ਰੂਰੀ ਹੈ।
6. ਕਾਨੂੰਨ ਦੀ ਧਾਰਾ 6 (3) ਪੰਜਾਬ ਦੀ ਸ਼ਾਮਲਾਟ ਦੇ ਰੂਲ 1964 ਅਨੁਸਾਰ ਲੀਜ਼ ਲਈ ਸਰਾਕਰ ਤੋਂ ਮਨਜੂਰੀ ਮਿਲੀ ਹੋਣੀ ਚਾਹੀਦੀ ਹੈ।
ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਬੋਲੀ ਦੇਣ ਵਾਲੀ ਇਸੇ ਪਾਰਟੀ ਨੇ ਵੇਲੇ ਦੇ ਉਦਯੋਗ ਮੰਤਰੀ ਨਾਲ ਮਿਲਕੇ ਪਿੰਡ ਭਨੂਪਲੀ (ਅਨੰਦਪੁਰ ਸਾਹਿਬ) ਵਿਖੇ ਵੀ ਅਜੇਹਾ ਯਤਨ ਕੀਤਾ ਸੀ, ਜਿੱਥੇ 108 ਏਕੜ ਜ਼ਮੀਨ ਸੀ। ਪ੍ਰੰਤੂ ਪਿੰਡ ਦੇ ਸਰਪੰਚ ਨੇ ਲੋਕਾਂ ਦੇ ਦਬਾਅ ਹੇਠ ਇਸ ਮੰਤਵ ਲਈ ਜ਼ਮੀਨ ਦੇਣ ਤੋਂ ਨਾਂਹ ਕਰ ਦਿੱਤੀ ਸੀ। ਫਿਰ ਇਸੇ ਕੰਮ ਲਈ ਉਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਰਾਮਪੁਰ ਝੰਜੋਵਾਲ ਵੀ ਗਏ। ਉਥੋਂ ਵੀ ਪੰਚਾਇਤ ਨੇ ਜ਼ਮੀਨ ਨਹੀਂ ਦਿੱਤੀ। ਫਿਰ ਵੇਲੇ ਦੇ ਇਕ ਹੋਰ ਮੰਤਰੀ ਨੇ ਬੀ.ਡੀ.ਪੀ.ਓ. ਹੁਸ਼ਿਆਰਪੁਰ ਨੂੰ ਸ਼ਰਾਬ ਫੈਕਟਰੀ ਲਈ ਜ਼ਮੀਨ ਲੱਭਣ ਦੀ ਜ਼ਿੰਮੇਵਾਰੀ ਸੌਂਪੀ। ਇਸ ਤਰ੍ਹਾਂ ਬੀ.ਡੀ.ਪੀ.ਓ. ਨੇ ਛਾਉਣੀ ਕਲਾਂ ਦੇ ਸਰਪੰਚ ਨਾਲ ਗਿਟਮਿਟ ਕਰਕੇ ਇਹ ਜ਼ਮੀਨ ਲੱਭ ਲਈ। ਇਨ੍ਹਾਂ ਸਾਰਿਆਂ ਨੇ ਮਿਲਕੇ ਪਿੰਡ ਦੀ ਜ਼ਮੀਨ ਵਿਚ ਪਲਾਈਵੁੱਡ ਦੀ ਫੈਕਟਰੀ ਬਾਰੇ ਦੱਸ ਕੇ ਪਿੰਡ ਦੇ ਪੰਚਾਂ ਅਤੇ ਲੋਕਾਂ ਨੂੰ ਗੁੰਮਰਾਹ ਕੀਤਾ। ਇਸ ਤਰ੍ਹਾਂ ਇਹ ਜ਼ਮੀਨ 33 ਸਾਲਾਂ ਲਈ ਲੀਜ਼ 'ਤੇ ਦਿੱਤੀ ਗਈ।
ਇੱਥੇ ਇਹ ਵੀ ਦੱਸਣਾ ਵਾਜਿਬ ਹੋਵੇਗਾ ਕਿ ਬੋਲੀ ਕਰਾਉਣ ਦੀ ਇਸ ਪ੍ਰਕਿਰਿਆ ਵਿਚ ਨਿਯਮਾਂ ਦੀਆਂ ਘੋਰ ਉਲੰਘਣਾਵਾਂ ਹੋਈਆਂ ਹਨ।  ਅਸਲ ਵਿਚ ਬੋਲੀਦਾਰ ਇਕ ਦੂਜੇ ਦੀ ਬੋਲੀ ਦੇ ਕੇ ਮਜ਼ਾਕ ਜਿਹਾ ਕਰ ਰਹੇ ਸਨ। ਇਸ ਲਈ ਬੋਲੀ ਦੇਣ ਵੇਲੇ ਕੋਈ ਵੀਡੀਓਗ੍ਰਾਫੀ ਨਹੀਂ ਕੀਤੀ ਗਈ। ਜੋ ਕਿ ਕਾਨੂੰਨ ਅਨੁਸਾਰ ਜ਼ਰੂਰੀ ਸੀ। ਬੀ.ਡੀ.ਪੀ.ਓ. ਸੁਖਦੇਵ ਸਿੰਘ ਨੇ ਇਸ ਬੋਲੀ ਦੇ ਆਧਾਰ 'ਤੇ 12 ਏਕੜ 15 ਮਰਲੇ ਜ਼ਮੀਨ ਉਪਰੋਕਤ ਪੂੰਜੀਪਤੀ ਦੇ ਨਾਂਅ ਅਤੇ ਜ਼ਮੀਨ ਦਾ ਇਕ ਹਿੱਸਾ 3 ਏਕੜ ਦੋ ਕਨਾਲ ਆਪਣੇ ਪੁੱਤਰ ਸਨਮੁੱਖ ਸਿੰਘ ਤੇ ਇਕ ਸਿਆਸੀ ਆਗੂ ਦੇ ਨਾਂਅ ਕਰ ਦਿੱਤੇ ਜੋ ਉਸ ਵੇਲੇ ਉਥੇ ਮੌਜੂਦ ਵੀ ਨਹੀਂ ਸੀ। ਜੰਗਲਾਤ ਮਹਿਕਮੇ ਕੋਲੋਂ ਜ਼ਮੀਨ ਵਿਚ ਲੱਗੇ ਸਫੈਦੇ ਅਤੇ ਹੋਰ ਦਰੱਖਤ ਕੱਟਣ ਦੀ ਮਨਜੂਰੀ ਵੀ ਨਹੀਂ ਲਈ ਗਈ।
ਇਸ ਤਰ੍ਹਾਂ ਅਪ੍ਰੈਲ 2017 ਤੱਕ ਪਿੰਡ ਦੇ ਲੋਕਾਂ ਨੂੰ ਪਤਾ ਹੀ ਨਾ ਲੱਗ ਸਕਿਆ ਕਿ ਇਸ ਥਾਂ 'ਤੇ ਕੀ ਹੋਣਾ ਹੈ। ਪਿੰਡ ਅਤੇ ਲਾਗਲੇ ਪਿੰਡਾਂ ਦੇ ਲੋਕਾਂ ਨੇ ਸਮਝਿਆ ਕਿ ਇੱਥੇ ਪਲਾਈਵੁੱਡ ਦੀ ਫੈਕਟਰੀ ਲੱਗਣੀ ਹੈ। ਪ੍ਰੰਤੂ ਜਦੋਂ ਪਿੰਡ ਦੇ ਇਕ ਪੜ੍ਹੇ ਲਿਖੇ ਵਿਅਕਤੀ ਆਈ.ਟੀ.ਆਈ. ਦੇ ਸੇਵਾ ਮੁਕਤ ਪ੍ਰਿੰਸੀਪਲ ਸ਼੍ਰੀ ਇੰਦਰ ਸਿੰਘ ਨੂੰ ਭਰੋਸੇਯੋਗ ਸੂਤਰਾਂ ਤੋਂ ਸੂਹ ਮਿਲੀ ਕਿ ਇੱਥੇ ਸ਼ਰਾਬ ਦੀ ਫੈਕਟਰੀ ਲੱਗਣੀ ਹੈ ਤਾਂ ਉਸਨੇ ਇਕ ਆਰ.ਟੀ.ਆਈ. ਬੀ.ਡੀ.ਪੀ.ਓ. ਨੂੰ ਪਾਈ। ਇਸ ਸਮੁੱਚੀ ਜੱਦੋ ਜਹਿਦ ਦੌਰਾਨ ਹੀ ਇਹ ਪਤਾ ਲੱਗਾ ਕਿ ਏਥੇ ਆਈ.ਐਮ.ਐਫ.ਐਲ. ਭਾਵ ਅੰਗਰੇਜ਼ੀ ਸ਼ਰਾਬ ਦੀ ਫੈਕਟਰੀ ਲਾਈ ਜਾਣੀ ਹੈ।
ਜਦੋਂ ਇਸ ਸਮੁੱਚੀ ਸਾਜਸ਼ ਦਾ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਗੁੱਸੇ ਵਿਚ ਆ ਗਏ ਅਤੇ ਉਨ੍ਹਾਂ ਨੇ ਇਸ ਫੈਕਟਰੀ ਵਿਰੁੱਧ 'ਜ਼ਮੀਨ ਬਚਾਓ'ਵਾਤਾਵਰਨ ਬਚਾਓ ਸੰਘਰਸ਼ ਕਮੇਟੀ' ਦਾ ਗਠਨ ਕਰ ਲਿਆ, ਜਿਸ ਦੇ ਪ੍ਰਧਾਨ ਮਾਸਟਰ ਇੰਦਰ ਸਿੰਘ ਬਣੇ। ਉਹਨਾਂ ਦੇ ਨਾਲ ਸੰਘਰਸ਼ ਕਮੇਟੀ ਵਿਚ ਏਸੇ ਪਿੰਡ ਦੇ ਕੈਪਟਨ ਹਰਜੋਗਿੰਦਰ ਸਿੰਘ, ਕੈਪਟਨ ਰਘਬੀਰ ਸਿੰਘ, ਲਾਗਲੇ ਪਿੰਡ ਬੂਥਗੜ੍ਹ ਦੇ ਕਾਮਰੇਡ ਧਿਆਨ ਸਿੰਘ, ਮਾਸਟਰ ਕੇਸਰ ਸਿੰਘ, ਮਾਸਟਰ ਕਸ਼ਮੀਰਾ ਸਿੰਘ ਅਤੇ ਓਮ ਸਿੰਘ ਸਟਿਆਣਾ ਵੀ ਸਰਗਰਮ ਭੂਮਿਕਾ ਨਿਭਾਅ ਰਹੇ ਹਨ। ਛਾਉਣੀ ਕਲਾਂ ਅਤੇ ਆਲੇ ਦੁਆਲੇ ਦੇ ਲਗਭਗ 20 ਪਿੰਡਾਂ ਦੇ ਪੰਚਾਂ-ਸਰਪੰਚਾਂ ਤੇ ਹੋਰ ਜਾਗਰੂਕ ਲੋਕਾਂ ਦਾ ਇਕ ਭਰਵਾਂ ਇਕੱਠ 14 ਅਗਸਤ 2017 ਨੂੰ ਕੀਤਾ ਗਿਆ, ਜਿਸ ਵਿਚ ਕਈ ਸਿਆਸੀ ਪਾਰਟੀਆਂ ਤੇ ਜਨਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ ਸਥਾਨਕ ਐਮ.ਐਲ.ਏ. ਸ਼੍ਰੀ ਸੁੰਦਰ ਸ਼ਾਮ ਅਰੋੜਾ ਵੀ ਸ਼ਾਮਲ ਸਨ। ਉਹਨਾਂ ਨੇ ਲੋਕਾਂ ਨੂੰ ਯਕੀਨ ਦਵਾਇਆ ਕਿ ਇੱਥੇ ਸ਼ਰਾਬ ਦੀ ਫੈਕਟਰੀ ਨਹੀਂ ਲੱਗਣ ਦਿੱਤੀ ਜਾਵੇਗੀ। ਸੰਘਰਸ਼ ਕਮੇਟੀ ਨੇ ਇਕ ਮਤੇ ਰਾਹੀਂ ਜ਼ਮੀਨ ਦੀ 33 ਸਾਲਾ ਲੀਜ਼ (ਪਟਾਨਾਮਾ) ਦੀ ਬੋਲੀ ਰੱਦ ਕਰਨ ਦਾ ਮਤਾ ਪਾਸ ਕੀਤਾ ਅਤੇ ਇਸ ਸਾਰੇ ਮਾਮਲੇ ਦੀ ਵਿਜੀਲੈਂਸ ਤੋਂ ਪੜਤਾਲ ਕਰਾਉਣ ਦੀ ਵੀ ਮੰਗ ਕੀਤੀ।
ਹੁਣ ਪਿੰਡ ਦੇ ਲੋਕ ਇਕੱਠੇ ਹੋ ਗਏ ਹਨ। ਪਹਿਲਾਂ ਇਕ ਅਰਜ਼ੀ ਅਗਸਤ 2017 ਨੂੰ ਵਕੀਲ ਰਾਹੀਂ ਦਿੱਤੀ ਗਈ ਕਿ ਇਹ ਪ੍ਰਦੂਸ਼ਣ ਫੈਲਾਉਣ ਅਤੇ ਜ਼ਮੀਨ ਦੀ ਬਰਬਾਦੀ ਕਰਨ ਵਾਲੀ ਫੈਕਟਰੀ ਬੰਦ ਕੀਤੀ ਜਾਵੇ। ਇਸ ਉਪਰੰਤ ਇਕ ਭਰਵੇਂ ਡੈਪੂਟੇਸ਼ਨ ਦੇ ਰੂਪ ਵਿਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਪ੍ਰੰਤੂ ਡਿਪਟੀ ਕਮਿਸ਼ਨਰ ਨੇ ਹਰ ਵਾਰ ਟਾਲ ਮਟੋਲ ਹੀ ਕੀਤੀ। ਜਦੋਂ 16 ਅਗਸਤ ਨੂੰ ਲਾਗਲੇ 22 ਪਿੰਡਾਂ ਵਿਚ ਸਪੀਕਰ ਲਾ ਕੇ ਮੁਨਾਦੀ ਕੀਤੀ ਗਈ ਅਤੇ 17 ਅਗਸਤ ਨੂੰ ਡੀਸੀ ਦਫਤਰ ਅੱਗੇ ਮਾਰਚ ਕਰਕੇ ਫੈਕਟਰੀ ਦੇ ਵਿਰੋਧ ਵਿਚ ਅਤੇ ਵਾਤਾਵਰਣ ਅਤੇ ਜ਼ਮੀਨ ਬਚਾਉਣ ਲਈ ਨਾਅਰੇ ਮਾਰਕੇ ਰੈਲੀ ਅਤੇ ਮਾਰਚ ਕੀਤਾ ਤਾਂ ਡੀ.ਸੀ. ਦਫਤਰ ਦੀ ਨੀਂਦ ਖੁੱਲ੍ਹੀ। ਰੈਲੀ ਵਿਚ 22 ਪਿੰਡਾਂ ਦੇ ਪੰਚ ਸਰਪੰਚ ਅਤੇ ਸੈਂਕੜੇ ਲੋਕ ਸ਼ਾਮਲ ਸਨ। ਰੈਲੀ ਨੂੰ ਕਈ ਪਾਰਟੀਆਂ ਤੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ। ਛਾਉਣੀ ਕਲਾਂ ਦੇ 6 ਪੰਚਾਂ ਨੇ ਸਪੱਸ਼ਟ ਦੱਸਿਆ ਕਿ ਸਾਨੂੰ ਗੁੰਮਰਾਹ ਕਰਕੇ ਦਸਖਤ ਕਰਵਾਏ ਗਏ ਹਨ। ਇਸ ਜਨਤਕ ਦਬਾਅ ਅਧੀਨ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਫੈਕਟਰੀ ਨਹੀਂ ਲੱਗੇਗੀ। ਅਤੇ ਸਰਪੰਚ ਨੂੰ ਗੁੰਮਰਾਹ ਕਰਨ ਦਾ ਦੋਸ਼ੀ ਮੰਨਦੇ ਹੋਏ ਉਸ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ। ਪਤਾ ਲੱਗਾ ਹੈ ਕਿ ਇਸ ਦੇ ਸਿੱਟੇ ਵਜੋਂ ਸਰਪੰਚ ਕੋਲੋਂ ਵਿੱਤੀ ਤਾਕਤਾਂ ਲੈ ਲਈਆਂ ਗਈਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਬੀ.ਡੀ.ਪੀ.ਓ. ਵਿਰੁੱਧ ਵੀ ਵਿਭਾਗੀ ਕਾਰਵਾਈ ਜਾਰੀ ਹੈ। ਪ੍ਰੰਤੂ ਇਸ ਦੇ ਬਾਵਜੂਦ ਪ੍ਰਸ਼ਾਸ਼ਨ ਤੋਂ ਮਿਲ ਰਹੇ ਸਹਿਯੋਗ ਸਦਕਾ ਕੰਪਣੀ ਵਲੋਂ ਫੈਕਟਰੀ ਲਈ ਉਸਾਰੀ ਦਾ ਕੰਮ ਜਾਰੀ ਰੱਖਿਆ ਜਾ ਰਿਹਾ ਹੈ।
ਸੰਘਰਸ਼ ਕਮੇਟੀ ਵਲੋਂ ਸਰਮਾਏਦਾਰਾਂ ਦੀ ਇਸ ਧੱਕੇਸ਼ਾਹੀ ਵਿਰੁੱਧ ਪਹਿਲੀ ਦਸੰਬਰ ਨੂੰ ਕੁੱਝ ਸਮੇਂ ਲਈ ਟਰੈਫਿਕ ਰੋਕ ਕੇ ਵੀ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। 5 ਦਸੰਬਰ ਨੂੰ ਸੰਘਰਸ਼ ਕਮੇਟੀ ਵਲੋਂ ਡੀ.ਸੀ. ਨੂੰ ਮਿਲਕੇ ਮੁੜ ਮੰਗ ਕੀਤੀ ਗਈ ਹੈ ਕਿ ਫੈਕਟਰੀ ਦੀ ਉਸਾਰੀ ਦਾ ਕੰਮ ਮੁਕੰਮਲ ਰੂਪ ਵਿਚ ਰੋਕਿਆ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਕੇ ਕੀਤੀ ਗਈ ਬੋਲੀ ਤੇ ਪਟਾਨਾਮੇ ਨੂੰ ਰੱਦ ਕੀਤਾ ਜਾਵੇ। ਮੰਗ ਪੱਤਰ ਵਿਚ ਬੋਲੀ ਦੇਣ ਵਿਚ ਅਨੇਕਾਂ ਖਾਮੀਆਂ ਜਿਵੇਂਕਿ ਪਿੰਡ ਦੇ ਲੋਕਾਂ ਤੇ ਪੰਚਾਂ ਨੂੰੂ ਗੁੰਮਰਾਹ ਕਰਨ, ਬੋਲੀ ਦੇ ਗੈਰ ਕਾਨੂੰਨੀ ਹੋਣ, ਜਨਤਕ ਹਿੱਤਾਂ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ, ਬੋਲੀ ਦੀ ਵੀਡੀਓਗ੍ਰਾਫੀ ਨਾ ਕਰਨੀ, ਪਿੰਡ ਦੀ ਜ਼ਮੀਨ ਨੂੰ ਬਰਬਾਦੀ ਤੋਂ ਬਚਾਉਣਾ, ਵਾਤਾਵਰਣ ਅਤੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਬੋਲੀ ਅਤੇ ਲੀਜ਼ਡੀਡ ਰੱਦ ਕਰਨ ਦੀ ਮੰਗ ਦੇ ਨਾਲ ਭ੍ਰਿਸ਼ਟ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ।               
- ਕੁਲਤਾਰ ਸਿੰਘ ਕੁਲਤਾਰ



ਸਿੱਧਵਾਂ ਬੇਟ ਦੇ ਲੋਕਾਂ ਦਾ ਸ਼ਾਨਾਮਤਾ ਘੋਲ 
17-18 ਨਵੰਬਰ ਦੀ ਰਾਤ ਨੂੰ ਪੰਜਾਬ ਪੁਲਿਸ ਦੇ ਵੱਡੇ ਲਾਮ ਲਸ਼ਕਰ ਨੇ ਕੋਟ-ਉਮਰਾ ਤੇ ਗੋਰਸੀਆਂ ਖਾਨ ਮੁਹੰਮਦ ਨਾਂ ਦੇ ਦੋਵਾਂ ਪਿੰਡਾਂ ਨੂੰ ਘੇਰਾ ਪਾ ਲਿਆ, ਜਿਵੇਂ ਕਿਸੇ ਇਸ਼ਤਿਹਾਰੀ ਮੁਜਰਮ ਨੂੰ ਫੜਨਾ ਹੋਵੇ। ਇਹ ਪੁਲਸ ਧਾੜਾਂ ਆਬਾਦਕਾਰਾਂ ਵਲੋਂ ਪੀੜ੍ਹੀ-ਦਰ-ਪੀੜ੍ਹੀ ਖੂਨ-ਪਸੀਨੇ ਦੀ ਕਮਾਈ ਨਾਲ ਆਬਾਦ ਕੀਤੀ ਜਮੀਨ ਤੋਂ ਉਨਾਂ ਦਾ ਕਬਜ਼ਾ ਹਟਾਉਣ ਲਈ ਆਈਆਂ ਸਨ ਤੇ ਸਾਰਾ ਬੇਟ ਇਲਾਕ ਦਹਿਸ਼ਤ-ਜ਼ਦਾ ਕੀਤਾ ਹੋਇਆ ਸੀ। ਜੰਗਲਾਤ ਮਹਿਕਮੇ ਵਲੋਂ ਪੁਲਿਸ ਦੀਆਂ ਸੰਗੀਨਾਂ, ਲਾਠੀਆਂ ਦੀ ਛਾਂ ਹੇਠ ਕਰੀਬ 450 ਏਕੜ ਜਮੀਨ ਦੁਆਲੇ ਤਾਰ ਵਲੀ ਜੀ ਰਹੀ ਸੀ ਤੇ ਉਥੇ ਬੂਟੇ ਲਾਉਣ ਦਾ ਖੇਖਣ ਵੀ ਕੀਤਾ ਜਾ ਰਿਹਾ ਸੀ। ਇਸ ਦੀ ਖਬਰ ਮਿਲਦੇ ਸਾਰ ਹੀ ਜਮਹੁੂਰੀ ਕਿਸਾਨ ਸਭਾ ਦੇ ਆਗੂਆਂ ਸਰਵਸਾਥੀ ਰਘਬੀਰ ਸਿੰਘ, ਮਹਿੰਦਰ ਸਿੰਘ ਅੱਚਰਵਾਲ   ਨੇ ਤਰੰਤ ਮੌਕੇ ਤੇ ਪਹੁੰਚ ਕੇ ਪੀੜਿਤ ਪਰਿਵਾਰਾਂ ਨੂੰ ਦਿਲਾਸਾ ਦਿੱਤਾ ਤੇ ਸਿੱਟੇ ਵਜੋਂ ਦੂਸਰੇ ਹੀ ਦਿਨ ਸੈਂਕੜੇ ਲੋਕਾਂ ਨੇ ਇਕੱਠੇ ਹੋ ਕੇ ਲਾਲ ਝੰਡੇ ਦੀ ਅਗਵਾਈ ਹੇਠ ਦਰਜਨ ਤੋਂ ਵੱਧ ਪਿੰਡਾਂ 'ਚ ਮਾਰਚ ਕਰਕੇ ਸਰਕਾਰ ਦਾ ਪੁਤਲਾ ਫੂਕਿਆ। ਸਿੱਟੇ ਵਜੋਂ ਸਰਕਾਰੀ ਜਬਰ-ਤਸ਼ੱਦਦ ਦਾ ਡਰ ਰਫੂ-ਚੱਕਰ ਹੋ ਗਿਆ। ਇਸ ਉਪਰੰਤ ਲੁਧਿਆਣਾ ਤੇ ਜਲੰਧਰ ਜ਼ਿਲ੍ਹੇ ਦੀਆਂ ਜਮਹੂਰੀ ਕਿਸਾਨ ਸਭਾ ਤੇ ਦਿਹਾਤੀ ਮਜ਼ਦੂਰ ਸਭਾ ਦੀਆਂ ਇਕਾਈਆਂ ਨੇ ਆਮ ਲੋਕਾਂ ਨਾਲ ਤੇ 17 ਮੈਂਬਰੀ ਐਕਸ਼ਨ ਕਮੇਟੀ ਨਾਲ ਅਗਲੇ ਪਰੋਗਰਾਮ ਦੀ ਰੂਪ ਰੇਖਾ ਉਲੀਕੀ। ਇਸ ਮੀਟਿੰਗ 'ਚ ਸੂਬਾਈ ਆਗੂ ਕਾਮਰੇਡ ਕੁਲਵੰਤ ਸਿੰਘ ਸੰਧੂ ਤੇ ਦਰਸ਼ਨ ਨਾਹਰ ਵੀ ਸ਼ਾਮਲ ਹੋਏ।
ਕਬਜਾ ਲੈਣ ਵੇਲੇ ਜੰਗਲਾਤ ਮਹਿਕਮੇ ਦੇ ਅਮਲੇ ਫ਼ੈਲੇ ਨੇ ਕਿਸਾਨਾਂ ਵਲੋਂ ਬੀਜੀ ਕਣਕ ਜੋ ਕਾਫੀ ਵੱਡੀ ਉੱਗ ਆਈ ਸੀ, ਵੀ ਵਾਹ ਦਿੱਤੀ ਸੀ। ਰੋਹ 'ਚ ਆਏ ਆਬਾਦਕਾਰਾਂ ਨੇ ਜ਼ਮੀਨ ਤੇ ਮੁੜ ਆਪਣਾ ਕਬਜ਼ਾ ਕਰ ਲਿਆ। 20 ਤੋਂ ਵੱਧ ਕਿਸਾਨਾਂ ਨੂੰ ਅੱਡ-ਅੱਡ ਧਾਰਾਵਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਜੇ.ਸੀ.ਬੀ. ਮਸ਼ੀਨਾਂ ਦੀ ਮੱਦਦ ਨਾਲ ਡੂੰਘੇ ਟੋਏ ਪੁੱਟੇ ਜਾ ਰਹੇ ਹਨ ਤੇ ਕਿਸਾਨਾਂ ਦੇ ਇੰਜਣ, ਪੱਖੇ  ਵਗੈਰਾ ਚੁੱਕ  ਕੇ ਦਰਿਆ 'ਚ ਸੁੱਟੇ ਜਾ ਰਹੇ ਹਨ।
ਜਮਹੂਰੀ ਕਿਸਾਨ ਸਭਾ ਤੇ ਦਿਹਾਤੀ ਮਜ਼ਦੂਰ ਸਭਾ ਵਲੋਂ 8 ਦਸੰਬਰ ਨੂੰ 11 ਵਜੇ ਭੂੰਦੜੀ ਵਿਖੇ ਸਰਕਾਰ ਦੀ ਗੁੰਡਾ ਗਰਦੀ ਵਿਰੁੱਧ ਤੇ ਮਜ਼ਦੂਰਾਂ ਕਿਸਾਨਾਂ ਦੇ ਉਜਾੜੇ ਵਿਰੁੱਧ ਤੇ ਉਨ੍ਹਾਂ ਦੇ ਜਮੀਨਾਂ ਦੇ ਪੱਕੇ ਮਾਲਕੀ ਹੱਕਾਂ ਲਈ ਰੈਲੀ ਕੀਤੀ ਗਈ ਹੈ।
ਦੱਸਣ ਯੋਗ ਹੈ ਕਿ ਇਨ੍ਹਾਂ ਪਿੰਡਾਂ ਦੇ ਗਰੀਬ ਪਰਿਵਾਰਾਂ ਨੇ ਸੰਨ 1965 'ਚ ਸਤਲੁਜ ਦਰਿਆ ਦੇ ਕੰਢੇ 'ਤੇ ਪੈਂਦੀ ਇਹ ਜ਼ਮੀਨ ਜਿੱਥੇ ਸਲਵਾੜ, ਜੰਗਲੀ ਘਾਹ ਤੇ ਹੋਰ ਜੰਗਲੀ ਝਾੜੀਆਂ ਸਨ ਤੇ ਇਹ ਬੇਹੱਦ ਉੱਚੀ-ਨੀਵੀਂ ਸੀ ਤੇ ਜ਼ਹਿਰੀਲੇ ਮਾਰੂ ਜਾਨਵਰਾਂ ਤੇ ਸੱਪਾਂ ਦਾ ਵਾਸਾ ਸੀ, ਨੂੰ ਆਪਣੇ ਪਰਿਵਾਰਾਂ ਦੇ ਬੱਚਿਆਂ ਤੋਂ ਬੁੱਢਿਆਂ ਤੱਕ ਰਲ ਕੇ ਵਾਹੀਯੋਗ ਬਨਾਉਣਾ ਸ਼ੁਰੂ ਕੀਤਾ। ਬਹੁਤੀ ਵਾਰੀ ਦਰਿਆ ਦੇ ਰਸਤਾ ਬਦਲਣ ਕਰਕੇ ਸਾਰੀ ਫਸਲ ਸਤਲੁਜ ਦੀ ਭੇਂਟ ਚੜ੍ਹਦੀ ਰਹੀ। ਪਰ ਆਬਾਦਕਾਰਾਂ ਨੇ ਹੌਸਲਾ ਨਾ ਛੱਡਿਆ। ਆਖਰ ਉਨ੍ਹਾਂ ਦੇ ਦ੍ਰਿੜ ਤੇ ਬੁਲੰਦ ਹੌਸਲੇ ਅੱਗੇ ਸਤਲੁਜ ਰਾਹ ਛੱਡ ਗਿਆ ਤੇ ਇਨ੍ਹਾਂ ਨੇ ਸੁੱਖ ਦਾ ਸਾਹ ਲਿਆ। ਪਰੰਤੂ ਸਮੇਂ ਦੀ ਸਰਕਾਰ ਨੂੰ ਇਹ ਮਨਜੂਰ ਨਹੀਂ ਸੀ ਤੇ ਉਨ੍ਹਾਂ ਨੇ 1997 'ਚ ਇਸ ਦਾ ਕਬਜ਼ਾ ਖੋਹ ਲਿਆ ਪਰ ਬਹਾਦਰ ਅਬਾਦਕਾਰਾਂ ਨੇ ਦੁਬਾਰਾ ਕਬਜਾ ਲੈ ਲਿਆ। ਫੇਰ 2002 ਵਿੱਚ ਜੰਗਲਾਤ ਮਹਿਕਮੇ ਨੇ ਕਾਂਗਰਸ ਸਰਕਾਰ ਦੇ ਇਸ਼ਾਰੇ ਤੇ ਕਬਜਾ ਲੈਣ ਦੀ ਕੋਝੀ ਚਾਲ ਚੱਲੀ ਪਰ ਆਬਾਦਕਾਰਾਂ ਦੀ ਦਲੇਰੀ ਅੱਗੇ ਉਨ੍ਹਾਂ ਦੀ ਇੱਕ ਨਾ ਚੱਲੀ ਤੇ ਮਹਿਕਮੇ ਨੇ 17 ਬੰਦਿਆਂ ਤੇ ਆਈ.ਪੀ.ਸੀ. ਦੀ ਧਾਰਾ 307 ਹੇਠ ਇਰਾਦਾ ਕਤਲ ਦਾ ਝੂਠਾ ਮੁਕੱਦਮਾ ਦਰਜ ਕਰਵਾ ਦਿੱਤਾ ਜਿਸ ਵਿਚੋਂ 5-6 ਸਾਲ ਦੀ ਖੱਜਲ-ਖੁਆਰੀ ਉਪਰੰਤ ਸਾਰੇ ਬਾਇੱਜਤ ਬਰੀ ਹੋ ਗਏ।
ਸੰਨ 2013 ਵਿੱਚ ਅਪਰੈਲ ਮਹੀਨੇ ਦੁਬਾਰਾ ਫਿਰ ਮਹਿਕਮਾ ਕਬਜਾ ਲੈਣ ਵਿੱਚ ਸਫਲ ਹੋ ਗਿਆ ਤੇ ਉਨ੍ਹਾਂ ਨੇ ਉੱਥੇ ਬੂਟੇ ਵੀ ਲਾ ਦਿੱਤੇ। ਆਬਾਦਬਾਰਾਂ ਨੇ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਦੇ ਸਥਾਨਕ ਐਮ.ਐਲ.ਏ. ਮਨਪ੍ਰੀਤ ਸਿੰਘ ਇਯਾਲੀ ਤੱਕ ਵਾਰ-ਵਾਰ ਪਹੁੰਚ ਕੀਤੀ ਪਰ ਉਸਨੇ ਸਿਵਾਏ ਲਾਰਿਆਂ ਦੇ ਉਨ੍ਹਾਂ ਦੇ ਕੁੱਝ ਵੀ ਪਿੜ-ਪੱਲੇ ਨਾ ਪਾਇਆ, ਸਿੱਟੇ ਵਜੋਂ ਉਹ ਝੋਨਾ ਲਾਉਣ ਤੋਂ ਖੁੰਝ ਗਏ। ਅਖੀਰ ਉਨ੍ਹਾਂ ਨੇ ਜਮਹੂਰੀ ਕਿਸਾਨ ਸਭਾ ਦੇ ਜਲੰਧਰ ਵਾਲੇ ਸਾਥੀਆਂ ਨਾਲ ਸੰਪਰਕ ਕੀਤਾ ਤੇ ਸਾਥੀ ਗੁਰਨਾਮ ਸਿੰਘ ਸੰਘੇੜਾ ਤੇ ਹੋਰਨਾਂ ਨੂੰ ਨਾਲ ਲੈ ਕੇ ਮੋਰਚਾ ਲਾ ਦਿੱਤਾ ਤੇ ਜਮੀਨ ਤੇ 4 ਮਹੀਨੇ ਬਾਅਦ ਕਬਜਾ ਮੁੜ ਬੁਹਾਲ ਕਰਵਾਇਆ ਤੇ ਪਿੰਡ 'ਚੋ ਪੁਲਿਸ ਚੌਂਕੀ ਚੁਕਵਾਈ ਗਈ।
ਇਸ ਸ਼ਾਨਾਮੱਤੇ ਤੇ ਜਾਨ-ਹੂਲਵੇਂ ਘੋਲ ਦੀ ਵਿਰਾਸਤ ਦੇ ਮਾਲਕ ਆਬਾਦਕਾਰ ਡਟੇ ਹੋਏ ਹਨ। ਇਨ੍ਹਾਂ ਦੀ ਬਿਨ੍ਹਾਂ ਮੁਆਵਜ਼ਾ ਪੱਕੇ ਮਾਲਕੀ ਹੱਕਾਂ ਦੀ ਮੰਗ ਹਰ ਤਰ੍ਹਾਂ ਜਾਇਜ ਹੈ ਕਿਉਂਕਿ ਇਹ ਹੱਕ ਉਸ ਸਮੇਂ ਅੰਨ-ਸੰਕਟ ਲਈ ਜੂਝ ਰਹੇ ਭਾਰਤ ਦੇ ਅੰਨ-ਭੰਡਾਰ 'ਚ ਆਪਣਾ ਹਿੱਸਾ ਪਾਉਣ ਵਾਲੇ ਲੋਕਾਂ ਦੀ ਮਿਹਨਤ ਦਾ ਮੁੱਲ ਮੋੜੇਗਾ ਜਦ ਕਿ ਦੂਜੇ ਪਾਸੇ ਬਾਦਲ ਸਰਕਾਰ ਵਲੋਂ ਸਿਰਫ 1 ਰੁਪਏ ਬਦਲੇ 70 ਏਕੜ ਮੁਹਾਲੀ ਵਿਚਲੀ ਜਮੀਨ ਜਿਸਦੀ ਕੀਮਤ ਉਸ ਵੇਲੇ (2010 ਵਿੱਚ) 100 ਕਰੋੜ ਤੋਂ ਵੱਧ ਸੀ 99 ਸਾਲਾ ਪਟੇ ਤੇ ਹੈਦਰਾਬਾਦ ਸਥਿਤ ਇੰਡੀਅਨ ਸਕੂਲ ਆਫ ਬਿਜਨਸ' (ਆਈ.ਐਸ.ਬੀ.) ਨੂੰ ਦੇ ਦਿੱਤੀ ਗਈ ਜੋ ਕਿ ਐਮ.ਬੀ.ਏ. ਕਰਨ ਵਾਲੇ ਹਰ ਵਿਦਿਆਰਥੀ ਤੋਂ 37 ਲੱਖ ਰੁਪਏ ਸਾਲਾਨਾ ਫੀਸ ਲੈਂਦਾ ਹੈ। ਇਸੇ ਤਰ੍ਹਾਂ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਮਾਨਯੋਗ ਜਸਟਿਸ ਕੁਲਦੀਪ ਸਿੰਘ ਟ੍ਰਿਬਿਉੂਨਲ ਨੇ ਮੁਹਾਲੀ ਸ਼ਹਿਰ ਦੀ ਇੰੰਚਾਂ ਦੇ ਭਾਅ ਦੀ ਜਮੀਨ ਤੇ ਵੱਡੇ ਮਗਰਮੱਛਾਂ ਦੇ ਕਬਜੇ ਦਾ ਖੁਲਾਸਾ ਕੀਤਾ ਹੈ ਤੇ ਸਰਕਾਰ ਨੇ ਕਿਸੇ ਤੋਂ ਵੀ ਉਹ ਜਮੀਨ ਖਾਲੀ ਨਹੀਂ  ਕਰਵਾਈ। ਇਸੇ ਤਰ੍ਹਾਂ ਪੰਜਾਬ ਦੇ ਲੈਂਡ-ਮਾਫੀਆ ਦਾ ਪੰਜਾਬ 'ਚ ਮਹਿੰਗੀਆਂ ਜਮੀਨਾਂ ਦੱਬੀ ਬੈਠੇ ਹਨ ਪਰ ਸਰਕਾਰ ਨੇ ਕਦੇ ਵੀ ਪੁਲਸੀ ਧਾੜਾਂ ਉਥੇ ਕਬਜਾ ਲੈਣ ਲਈ ਨਹੀਂ ਭੇਜੀਆਂ। ਇਨਕਲਾਬੀ ਜਥੇਬੰਦੀਆਂ ਇਸ ਦ੍ਰਿੜ ਇਰਾਦੇ ਨਾਲ  ਘੋਲ ਲੜ ਰਹੀਆਂ ਹਨ ਕਿ ਆਬਾਦਕਾਰਾਂ ਵਿਰੁੱਧ ਪੁੱਟੇ ਗਏ ਸਾਰੇ ਸਰਕਾਰੀ ਕਦਮਾਂ ਨੂੰ ਵਾਪਸ ਮੋੜਨ ਲਈ ਮਜ਼ਬੂਤ ਕੀਤਾ ਜਾਵੇਗਾ।
- ਪ੍ਰੋ. ਜੈਪਾਲ ਸਿੰਘ

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਦਸੰਬਰ 2017)

ਹਿੰਦੀ ਕਹਾਣੀ
ਇਕ ਹੋਰ ਮਦਰ ਇੰਡੀਆ
- ਦਿਨੇਸ਼ ਭੱਟ
 
ਮੈਂ ਕਿੱਥੇ ਹਾਂ, ਇਹ ਤਾਂ ਨਹੀਂ ਦੱਸ ਸਕਦਾ, ਪਰ ਬਹੁਤ ਸਾਰੀਆਂ ਘਟਨਾਵਾਂ ਦੇ ਕਰੀਬ ਹੁੰਦਾ ਹਾਂ। ਕੁੱਝ ਘਟਨਾਵਾਂ ਤੋਂ ਦੂਰ ਵੀ ਹੁੰਦਾ ਹਾਂ। ਕਦੇ ਕਦੇ ਇਹ ਵੀ ਹੁੰਦਾ ਹੈ ਕਿ ਮੇਰੇ ਤੋਂ ਬਿਨਾਂ ਬਾਕੀ ਸਾਰੇ ਲੋਕ ਘਟਨਾਵਾਂ ਦੇ ਬਿਲਕੁੱਲ ਕਰੀਬ ਹੁੰਦੇ ਹਨ । ਇਕ ਦਮ ਨੇੜੇ। ਕਈ ਵਾਰ ਤਾਂ ਲੋਕ ਘਟਨਾਵਾਂ ਦੇ ਬਿਲਕੁਲ ਦਰਮਿਆਨ ਹੁੰਦੇ ਹਨ, ਕੁੱਝ ਤਾਂ ਘਟਨਾਵਾਂ ਵਿਚ ਸ਼ਾਮਲ ਵੀ ਹੁੰਦੇ ਹਨ, ਫਿਰ ਵੀ ਉਹ ਘਟਨਾ ਦੇ ਕੁੱਝ ਅਜਿਹੇ ਅਨੁਭਵਾਂ ਤੋਂ ਵਾਂਝੇ ਰਹਿ ਜਾਂਦੇ ਹਨ ਜਿਨ੍ਹਾਂ ਨੂੰ ਮੈਂ ਅਕਸਰ ਵੇਖ ਲੈਂਦਾ ਹਾਂ।
ਇਨ੍ਹਾਂ ਘਟਨਾਵਾਂ ਵਿਚ ਸਦਮੇ ਵੀ ਹੁੰਦੇ ਹਨ। ਸਦਮੇ ਅੱਜਕੱਲ ਆਮ ਜਿਹੀ ਗੱਲ ਹੈ। ਮੈਂ ਵੇਖਿਆ ਕੁੱਝ ਲੋਕਾਂ ਦੀ ਜਿੰਦਗੀ ਵਿਚ ਵੱਡੇ ਵੱਡੇ ਸਦਮੇ ਇਕ ਪਲ ਵਿਚ ਹੀ ਸੱਟ ਮਾਰ ਜਾਂਦੇ ਹਨ। ਕੁੱਝ ਲੋਕਾਂ 'ਤੇ ਕੋਈ ਅਸਰ ਨਹੀਂ ਪੈਂਦਾ। ਨਾ ਤੜਫ, ਨਾ ਦਰਦ, ਨਾ ਬੇਚੈਨੀ। ਸਦਮੇ ਉਨ੍ਹਾਂ ਦੇ ਉਤੋਂ ਦੀ ਬੱਦਲਵਾਈ ਦੀ ਤਰ੍ਹਾਂ ਲੰਘ ਜਾਂਦੇ ਹਨ। ਉਹ ਸਹਿਜ ਭਾਵ ਉਸੇ ਤਰ੍ਹਾਂ ਦਾ ਵਿਵਹਾਰ ਕਰਦੇ ਰਹਿੰਦੇ ਹਨ ਜਿਵੇਂ ਕੁੱਝ ਵਾਪਰਿਆ ਹੀ ਨਾ ਹੋਵੇ।
ਪਤਾ ਨਹੀਂਂ ਕਿਉਂ ਮੇਰੀ ਨਜ਼ਰ ਇਨ੍ਹਾਂ ਹਾਦਸਿਆਂ, ਇਨ੍ਹਾਂ ਸਦਮਿਆਂ ਦੇ ਅੰਦਰ ਤੱਕ ਡੂੰਘੀ ਜਾਂਦੀ ਹੈ। ਇਨ੍ਹਾਂ ਦੀ ਪੁਣ-ਛਾਣ ਕਰਦੀ ਹੈ। ਜਿਵੇਂ ਕਿ ਉਨਾਂ ਵਿਚੋਂ ਕੁੱਝ ਲੱਭਦੀ ਹੋਵੇ। ਪਰਤ ਦਰ ਪਰਤ ਖੋਲ੍ਹ ਕੇ ਸਭ ਨੂੰ ਕੁੱਝ ਦਿਖਾਉਣਾ ਚਾਹੁੰਦੀ ਹੋਵੇ। ਇਨ੍ਹਾਂ ਹਾਦਸਿਆਂ, ਇਨ੍ਹਾਂ ਘਟਨਾਵਾਂ ਦੇ ਪਾਤਰ ਬੇਚੈਨੀ ਨਾਲ ਆਪਣੀਆਂ ਅਬੁੱਝ ਅੱਖਾਂ ਨੂੰ ਖੋਲ ਕੇ ਮੇਰੇ ਵੱਲ ਦੇਖਦੇ ਹਨ। ਮੈਂ ਉਨ੍ਹਾਂ ਨੂੰ ਸਵਾਲ ਕਰਦਾ ਹਾਂ ਤਾਂ ਜਵਾਬ ਦੀ ਥਾਂ ਸਵਾਲ ਹੀ ਮਿਲਦੇ ਹਨ। ਇਨ੍ਹਾਂ ਮੋੜਵੇਂ ਸਵਾਲਾਂ ਨੂੰ ਮੈਂ ਸਭ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ।
ਕਪੂਰੀ ਵੀ ਕਈ ਸਵਾਲ ਖੜੇ ਕਰਦੀ ਹੈ। ਕਪੂਰੀ ਦੇ ਹਾਦਸੇ ਅਤੇ ਉਨ੍ਹਾਂ ਵਿਚ ਗੁੰਨ੍ਹੇ ਸਦਮੇਂ ਦੀ ਪੜਤਾਲ ਕਰਨ ਲਈ ਸਾਨੂੰ ਥੋੜਾ ਪਿੱਛੇ ਜਾਣਾ ਪਵੇਗਾ। ਘਟਨਾਵਾਂ ਦੇ ਛੋਟੇ-ਛੋਟੇ ਟੁੱਕੜੇ ਹਨ। ਕਈ ਛੋਟੇ-ਛੋਟੇ ਚਿੱਤਰ ਹਨ, ਜਿਨ੍ਹਾਂ ਨੂੰ ਮੈਂ ਜੋੜ ਕੇ ਚੱਲਦਾ ਹਾਂ।
ਫੱਗਣ ਸ਼ੁਰੂ ਹੋ ਗਿਆ ਸੀ। ਦੋ ਪਹਿਰਾਂ ਤੋਂ ਵਧੇਰੇ ਰਾਤ ਬੀਤ ਗਈ ਸੀ। ਕਪੂਰੀ ਨਾਲੇ ਵਿਚ ਰੱਖੇ ਹੋਏ ਮੋਟਰ ਪੰਪ ਦੇ ਨੇੜੇ ਜਾ ਕੇ ਦੇਖ ਆਈ ਸੀ, ਸਭ ਕੁੱਝ ਠੀਕ ਠਾਕ ਸੀ। ਦੋ ਸਾਲ ਪੁਰਾਣੇ ਪੀਵੀਸੀ ਪਾਇਪਾਂ ਦੇ ਜੋੜ ਮਜ਼ਬੂਤੀ ਨਾਲ ਬੰਨ੍ਹ ਦਿੱਤੇ ਸਨ। ਖੇਤ ਵਿਚ ਬਣੇ ਛੋਟੇ ਜਿਹੇ ਢਾਰੇ ਵਿਚ ਬੈਠੀ ਉਹ ਬੁੱਝੇ ਹੋਏ ਬਲਬ ਨੂੰ ਦੇਖ ਰਹੀ ਸੀ। ਬਲਬ ਜਗ ਜਾਏ ਤਾਂ ਜਿਵੇਂ ਜੀਵਨ  ਦਾਨ ਮਿਲ ਜਾਵੇ। ਬਿਜਲੀ ਕਟੌਤੀ ਦੇ ਚਲਦਿਆਂ ਰਾਤ ਵਿਚ ਹੀ ਦੋ ਘੰਟੇ ਬਿਜਲੀ ਮਿਲਦੀ ਸੀ। ਸਮਾਂ ਤੈਅ ਨਹੀਂ ਸੀ ਕਦੋਂ ਬਿਜਲੀ ਆ ਜਾਵੇ, ਇਸ ਲਈ ਅੱਖ ਲੱਗਦੀ ਤਾਂ ਉਹ ਅੱਖਾਂ 'ਤੇ ਪਾਣੀ ਦੇ ਛਿੱਟੇ ਮਾਰ ਲੈਂਦੀ। ਤਿੰਨਾਂ ਦਿਨਾਂ ਤੋਂ ਨਾਲੇ ਵਿਚ ਮੁਸ਼ਕਲ ਨਾਲ ਏਨਾ ਪਾਣੀ ਇਕੱਠਾ ਹੋਇਆ ਸੀ ਕਿ ਉਸ ਦੇ ਪੰਜ ਏਕੜ ਰਕਬੇ ਦੇ ਖੇਤਾਂ ਵਿਚੋਂ ਮੁਸ਼ਕਲ ਨਾਲ ਦੋ ਏਕੜ ਹੀ ਸਿੰਜੇ ਜਾ ਸਕਦੇ ਸਨ।
ਕਪੂਰੀ ਨੇ ਢਾਰੇ ਵੱਲ ਦੇਖਿਆ। ਢਾਰਾ ਬਿਲਕੁੱਲ ਇਕੱਲਾ ਅਤੇ ਬੇਹੱਦ ਸ਼ਾਂਤ ਸੀ। ਢਾਰੇ ਦੇ ਪਿੱਛੇ ਧਰੇਕ ਦਾ ਦਰੱਖਤ ਸੀ। ਧਰੇਕ ਦੀਆਂ ਟਾਹਣੀਆਂ ਵਿਚੋਂ ਗੁਜਰਦੀ ਹੋਈ ਉਸਦੀ ਨਜ਼ਰ ਅਸਮਾਨ ਤੱਕ ਜਾ ਪੁੱਜੀ। ਟਹਿਣੀਆਂ ਦੀਆਂ ਨੌਕਾਂ ਉਤੇ ਜਿਵੇਂ ਕੁੱਝ ਤਾਰੇ ਜੁਗਨੂੰਆਂ ਦੀ ਤਰ੍ਹਾਂ ਜਗਦੇ ਬੁੱਝਦੇ ਜੁੜਨ ਲੱਗੇ। ਉਹ ਇਕ ਸੁੰਦਰ ਹਾਰ ਦੀ ਤਰ੍ਹਾਂ ਦਿਸ ਰਹੇ ਸਨ। ਸੁਨਹਿਰਾ ਹਾਰ। ਕਪੂਰੀ ਨੂੰ ਲੱਗਿਆ ਇਹ ਤਾਰੇ ਦੂਜੇ ਤਾਰਿਆਂ ਤੋਂ ਵੱਖਰੇ ਕਿਉਂ ਦਿਸ ਰਹੇ ਹਨ। ਇਕ ਵਾਰ ਕਮਲਾ ਚਾਚੀ ਨੇ ਦੱਸਿਆ ਸੀ ਕਿ ਜਿਹੜੇ ਲੋਕ ਜਵਾਨੀ ਵਿਚ ਮਰ ਜਾਂਦੇ ਹਨ, ਉਹੀ ਵਧੇਰੇ ਚਮਕੀਲੇ ਤਾਰੇ ਬਣਦੇ ਹਨ। ਫਿਰ ਤਾਂ ਹੋ ਸਕਦਾ ਹੈ ਇਨ੍ਹਾਂ ਵਿਚੋਂ ਹੀ ਕੋਈ ਇਕ ਤਾਰਾ ਉਸ ਦਾ ਪਤੀ ਬਸੰਤਾ ਹੋਵੇ। ਜ਼ਰੂਰ ਹੋਵੇਗਾ, ਤਦ ਹੀ ਤਾਂ ਇਹ ਏਨਾ ਚਮਕ ਰਹੇ ਹਨ। ਉਸ ਦੀਆਂ ਅੱਖਾਂ ਵਿਚ ਬਸੰਤੇ ਦਾ ਚਿਹਰੇ ਉਭਰ ਆਇਆ। ''ਕਿਉਂ ਛੱਡ ਗਿਆ ਮੈਨੂੰ ਇਕੱਲੀ''-ਉਸ ਨੇ ਆਪਣੇ ਆਪ ਨੂੰ ਕਿਹਾ। ਹਨੇਰੇ ਵਿਚ ਘੁਟਣ ਵੱਧ ਗਈ, ਅਤੇ ਉਸ ਦੇ ਗੁੱਸੇ ਨਾਲ ਦੁੱਖ ਰਹੇ ਮਨ ਦੀਆਂ ਖਿੜਕੀਆਂ ਖੁੱਲ ਗਈਆਂ।
ਉਸਦਾ ਛੋਟਾ ਬੇਟਾ ਚੰਦੂ ਉਸ ਵੇਲੇ ਦੋ ਮਹੀਨੇ ਦਾ ਸੀ ਅਤੇ ਵੱਡਾ ਰਿਤੇਸ਼ ਚਾਰ ਸਾਲਾਂ ਦਾ ਜਦੋਂ ਬਸੰਤੇ ਨੂੰ ਪੀਲੀਏ ਨੇ ਮੌਤ ਦੀ ਗਰਾਹੀ ਬਣਾ ਲਿਆ ਸੀ। ਹਸਪਤਾਲ ਤੋਂ ਜਦ ਬਸੰਤੇ ਦੀ ਲਾਸ਼ ਘਰ ਆਈ ਸੀ, ਉਸ ਦ੍ਰਿਸ਼ ਦੀ ਕਲਪਨਾ ਨਾਲ ਹੀ ਕਪੂਰੀ ਕੰਬ ਉਠੀ। ਫੱਗਣ ਮਹੀਨੇ ਦੀ ਇਸ ਠੰਡੀ ਰਾਤ ਵਿਚ ਵੀ ਜੇਠ-ਹਾੜ ਦੀ ਤਰ੍ਹਾਂ ਸਰੀਰ ਪਸੀਨੇ ਨਾਲ ਭਿੱਜ ਗਿਆ।
ਬਲਬ ਜਗ ਗਿਆ ਸੀ। ਕਪੂਰੀ ਨੇ ਉਠ ਕੇ ਸਟਾਰਟਰ ਦਾ ਹਰਾ ਬਟਨ ਦੱਬਿਆ। ਪੀਵੀਸੀ ਪਾਇਪ ਪਾਣੀ ਉਗਲਣ ਲੱਗ ਪਿਆ। ਕਹੀ ਚੁੱਕ ਕੇ ਉਹ ਪਾਣੀ ਲਈ ਰਾਹ ਬਣਾਉਣ ਲੱਗੀ।
ਨੇੜਲੇ ਖੇਤਾਂ ਦੀਆਂ ਮੋਟਰਾਂ ਵੀ ਚਾਲੂ ਹੋ ਗਈਆਂ ਸਨ। ਸਭ ਦੇ ਖੂਹ ਸਨ। ਕਪੂਰੀ ਦੇ ਪਿਤਾ ਨੇ ਵੀ ਇਕ ਦੋ ਖੁਦਵਾਏ ਸੀ, ਪਾਣੀ ਨਹੀਂ ਨਿਕਲਿਆ। ਇਸ ਲਈ ਖੇਤ ਦੇ ਦੱਖਣ ਵਿਚ ਵਹਿੰਦੇ ਛੋਟੇ ਜਿਹੇ ਨਾਲੇ ਵਿਚ ਜਿਹੜਾ ਪਾਣੀ ਮਿਲ ਜਾਵੇ ਉਹੀ ਉਸ ਦਾ ਨਸੀਬ ਹੈ। ਨੇੜਲੇ ਖੇਤਾਂ ਵਿਚ ਲਹਿਲਹਾਉਂਦੀ ਫਸਲ ਨੂੰ ਦੇਖਦੀ ਤਾਂ ਉਸਦੀਆਂ ਅੱਖਾਂ ਵਿਚ ਇਕ ਮਾਸੂਮ ਲਾਲਚ ਹੁੰਦਾ, ਜਿਵੇਂ  ਭੁੱਖਾ ਬੱਚਾ ਮਠਿਆਈ ਵੱਲ ਤੱਕਦਾ ਹੈ। ਦਿਨ ਵਿਚ ਸਿਰਫ ਇਕ ਘੰਟਾ ਬਿਜਲੀ ਮਿਲਦੀ ਸੀ ਅਤੇ ਰਾਤ ਵਿਚ ਦੋ ਜਾਂ ਤਿੰਨ ਘੰਟੇ। ਇਸ ਲਈ ਵਧੇਰੇ ਕਿਸਾਨ ਦਿਨ ਵਿਚ ਅਰਾਮ ਕਰਦੇ ਰਾਤ ਵਿਚ ਸੇਂਜਾ ਕਰਦੇ। ਤਰਾਸਦੀ ਇਹ ਸੀ ਕਿ ਤੀਹ ਸਾਲਾਂ ਦੀ ਜਵਾਨ  ਕਪੂਰੀ ਰਾਤ ਰਾਤ ਭਰ ਖੇਤ ਦੀ ਮਿੱਟੀ ਵਿਚ ਸਿੰਚਾਈ ਕਰਨ ਲਈ ਖੁੱਭੀ ਰਹਿੰਦੀ।
ਇਕੱਲੀ ਸੰਤਾਨ ਕਪੂਰੀ, ਪਿਤਾ ਦੇ ਮਰਨ ਤੋਂ ਬਾਅਦ ਸਹੁਰਿਆਂ ਤੋਂ ਮਾਪੀਂ ਚਲੀ ਆਈ ਸੀ। ਇੱਥੇ ਉਸਦੀ ਮਾਂ ਇਕੱਲੀ ਰਹਿੰਦੀ ਸੀ। ਅਤੇ ਖੇਤੀ ਕਰਨ ਵਾਲਾ ਕੋਈ ਨਹੀਂ ਸੀ, ਇਸ ਲਈ ਬਸੰਤਾ ਵੀ ਨਾਲ ਆ ਗਿਆ। ਬਸੰਤੇ ਦੇ ਘਰ ਖੇਤੀ ਲਈ ਜ਼ਮੀਨ ਘੱਟ ਸੀ ਅਤੇ ਭਰਾ ਪੰਜ ਸਨ। ਬਸੰਤੇ ਨੇ ਸਹੁਰਿਆਂ ਦੀ ਖੇਤੀ ਸੰਭਾਲ ਲਈ ਸੀ। ਉਹ ਕਰਜ਼ਾ ਲੈ ਕੇ ਮੋਟਰ ਪੰਪ ਲੈ ਆਇਆ ਸੀ। ਇਕ ਹੀ ਵਾਰ ਸਿੰਚਾਈ ਕਰ ਸਕਿਆ ਅਤੇ ਬੇਵਕਤ ਮੌਤ ਦੀ ਗਰਾਹੀ ਬਣ ਗਿਆ।
ਕਪੂਰੀ ਦੇ ਸਾਹਮਣੇ ਮੋਟਰ ਪੰਪ ਦਾ ਦਸ ਹਜ਼ਾਰ ਦਾ ਕਰਜ਼ਾ, ਚੰਦੂ-ਰਿਤੇਸ਼ ਅਤੇ ਬੁੱਢੀ ਮਾਂ ਦੀ ਪਾਲਣਾ ਚੁਣੌਤੀ ਦੇ ਰੂਪ ਵਿਚ ਸਾਹਮਣੇ ਖੜੇ ਸਨ। ਉਸਨੇ ਛੇਤੀ ਹੀ ਹੰਝੂ ਪੂੰਝ ਲਏ। ਜਿਵੇਂ ਹਵਾ ਪਾਣੀ ਦਾ ਰੁੱਖ ਬਦਲ ਦਿੰਦੀ ਹੈ, ਸਮੇਂ ਨੇ ਕਪੂਰੀ ਦੇ ਜੀਵਨ ਦਾ ਰੁੱਖ ਬਦਲ ਦਿੱਤਾ। ਪਹਿਲਾਂ ਉਸ ਉਤੇ ਛਾਈ ਰਹਿਣ ਵਾਲੀ ਚੰਚਲਤਾ ਗੰਭੀਰਤਾ ਵਿਚ ਬਦਲ ਗਈ ਸੀ। ਉਸਦੇ ਬੜਬੋਲੇਪਨ ਨੇ ਖਾਮੋਸ਼ ਰਹਿਣਾ ਸਿੱਖ ਲਿਆ।
ਬਸੰਤੇ ਦੇ ਸੰਸਕਾਰ ਤੋਂ ਲੈ ਕੇ ਖੇਤਾਂ ਦੀ ਬਿਜਾਈ ਤੱਕ ਕਿਸ਼ਨੇ ਨੇ ਕਪੂਰੀ ਦਾ ਪੂਰੀ ਤਰ੍ਹਾਂ ਸਾਥ ਦਿੱਤਾ। ਕਿਸ਼ਨੇ ਦਾ ਖੇਤ ਕਪੂਰੀ ਦੇ ਖੇਤ ਨਾਲ ਲੱਗਦਾ ਸੀ। ਕਿਸ਼ਨੇ ਦੇ ਖੇਤ ਵਿਚ ਖੂਹ ਸੀ। ਸੋ ਪਾਣੀ ਵੀ ਭਰਪੂਰ ਸੀ। ਬਸੰਤੇ ਦੇ ਮਰਨ ਦੇ ਸਾਲ ਕਿਸ਼ਨੇ ਨੇ ਕਪੂਰੀ ਦਾ ਮੋਟਰ ਪੰਪ ਆਪਣੇ ਖੂਹ ਵਿਚ ਰੱਖ ਲਿਆ ਅਤੇ ਆਪਣੇ ਖੇਤ ਤੋਂ ਕਪੂਰੀ ਦੀ ਪਾਇਪ ਲਾਇਨ ਨੂੰ ਵੀ ਪਾਣੀ ਜਾਣ ਦਿੱਤਾ। ਘੱਟ ਪੈਣ 'ਤੇ ਕੁੱਝ ਪਾਇਪ ਵੀ ਦਿੱਤੇ। ਕਿਸ਼ਨੇ ਦੇ ਪ੍ਰਤੀ ਕਪੂਰੀ ਦੀਆਂ ਅੱਖਾਂ ਵਿਚ ਅਕਸਰ ਅਹਿਸਾਨ ਦਿੱਸਦਾ ਸੀ। ਇਹ ਉਸਦੀਆਂ ਭਾਵਨਾਵਾਂ ਦੀ ਕੋਮਲਤਾ ਸੀ, ਪਰ ਕਿਸ਼ਨਾ ਉਸ ਅਹਿਸਾਨ ਦੀ ਭਾਵਨਾ ਨੂੰ ਕੁੱਝ ਹੋਰ ਹੀ ਸਮਝ ਬੈਠਾ ਸੀ। ਇਕ ਰਾਤ ਸੇਂਜਾ ਕਰਕੇ ਥੱਕੀ, ਢਾਰੇ ਵਿਚ ਸੁੱਤੀ ਕਪੂਰੀ ਦੇ ਨਾਲ ਲੰਮਾ ਪੈ ਕੇ ਉਹ ਉਸ ਦਾ ਸਿਰ ਪਲੋਸਣ ਲੱਗਾ। ਕਪੂਰੀ ਇਕਦਮ ਉਠ ਕੇ ਬੈਠ ਗਈ। ਕਿਸ਼ਨੇ ਨੂੰ ਕੋਲ ਦੇਖ ਕੇ ਉਸਦਾ ਪੂਰਾ ਸਰੀਰ ਗੁੱਸੇ ਨਾਲ ਉਬਲ ਰਿਹਾ ਸੀ। ਉਸ ਨੇ ਰਿਤੇਸ਼ ਨੂੰ ਚੂੰਢੀ ਵੱਡੀ। ਰਿਤੇਸ਼ ਉਠ ਕੇ ਜ਼ੋਰ ਜ਼ੋਰ ਦੀ ਰੌਣ ਲੱਗ ਪਿਆ। ਕਿਸ਼ਨਾ ਘਬਰਾ ਗਿਆ। ਉਸਨੇ ਦੇਖਿਆ ਕਿ ਕਪੂਰੀ ਦੀਆਂ ਅੱਖਾਂ ਵਿਚੋਂ ਅਹਿਸਾਨਮੰਦੀ ਦੇ ਭਾਵ ਗਾਇਬ ਸਨ, ਉਸ ਦੀ ਥਾਂ ਗੁੱਸਾ ਸੀ। ਉਬਲ ਰਿਹਾ ਗੁੱਸਾ।
ਕਿਸ਼ਨਾ ਭੱਜਿਆ ਤਾਂ ਫੇਰ ਕਪੂਰੀ ਵੱਲ ਮੁੜ ਨਹੀਂ ਦੇਖਿਆ। ਖੂਹ ਤੋਂ ਕਪੂਰੀ ਦੀ ਮੋਟਰ ਹਟਾ ਦਿੱਤੀ। ਜਦੋਂ ਫਸਲ ਨੂੰ ਪਾਣੀ ਦੀ ਲੋੜ ਸੀ, ਨਹੀਂ ਮਿਲ ਸਕਿਆ ਪਾਣੀ। ਫਸਲ ਘੱਟ ਹੋਈ। ਸਿੱਟਾ, ਮੋਟਰ ਦਾ ਕਰਜ਼ਾ ਵਿਆਜ਼ ਸਮੇਤ 10 ਤੋਂ 12 ਹਜ਼ਾਰ 'ਤੇ ਜਾ ਪੁੱਜਾ। ਘਰ ਦਾ ਖਰਚ, ਬੀਜ-ਖਾਦ, ਬਿਜਲੀ ਬਿੱਲ, ਜਾਨਵਰਾਂ ਲਈ ਪੱਠਾ-ਦੱਥਾ ਅਤੇ ਮੋਟਰ ਦੇ ਵਿਆਜ ਦੇ ਚਲਦਿਆਂ ਕਪੂਰੀ ਦੇ ਚਿਹਰੇ ਉਤੇ ਪਸਰੀ ਉਦਾਸੀ ਹਮੇਸ਼ਾਂ ਦੇਖੀ ਜਾ ਸਕਦੀ ਸੀ।
ਰਾਤ 4 ਵਜੇ ਜਦ ਕਪੂਰੀ ਘਰ ਪੁੱਜੀ ਤਾਂ ਬਾਹਰ ਵਿਹੜੇ ਵਿਚ ਉਸ ਦੇ ਬਲਦ ਲੀਲਾ ਤੇ ਪੀਲਾ ਗਰਦਨ ਟੇਢੀ ਕਰਕੇ ਸੁੱਤੇ ਪਏ ਸਨ। ਉਸ ਦੇ ਪੈਰਾਂ ਦੀ ਬਿੜਕ  ਸੁਣਕੇ ਉਨ੍ਹਾਂ ਨੇ ਗਰਦਨ ਚੁੱਕੀ।  ਕਪੂਰੀ ਨੇ ਉਨ੍ਹਾਂ ਦੇ ਸਰੀਰ 'ਤੇ ਹੱਥ ਫੇਰਿਆ। ਮੰਜੇ ਉਤੇ ਸੌਂ ਰਹੇ ਚੰਦੂ-ਰਿਤੇਸ਼ ਨਾਲ ਉਹ ਸੌ ਗਈ।
ਦਿਨ ਜਿਵੇਂ ਮੁਸ਼ਕਲ ਨਾਲ ਚੜ੍ਹਿਆ ਹੋਵੇ। ਕਪੂਰੀ ਜਦੋਂ ਉਬਾਸੀ ਲੈ ਕੇ ਉਠੀ ਤਾਂ ਅਜੇ ਮੂੰਹ ਹਨੇਰਾ ਹੀ ਸੀ। ਚਾਂਦਨੀ ਵੀ ਮੱਧਮ ਪੈਣ ਲੱਗ ਪਈ ਸੀ। ਚੁੱਲੇ ਵਿਚ ਅੱਗ ਜਲਦੀ ਦੇਖ ਕੇ ਉਹ ਸਮਝ ਗਈ ਕਿ ਮਾਂ ਉਠ ਗਈ ਹੈ। ਲਕਵਾ ਮਾਰੀ ਮਾਂ ਸਰੀਰ ਨੂੰ ਘਸੀਟਦਿਆਂ-ਘਸੀਟਦਿਆਂ ਵੀ ਰਸੋਈ ਵਿਚ ਥੋੜ੍ਹੀ ਬਹੁਤ ਮਦਦ ਕਰ ਦਿੰਦੀ ਸੀ।
ਮੂੰਹ ਵਿਚ ਦਾਤਣ ਚੱਬਦਿਆਂ ਕਪੂਰੀ ਡੰਗਰਾਂ ਨੂੰ ਘਾਹ ਪਾ ਰਹੀ ਸੀ ਤਦ ਹੀ ਗਲੀ ਵਿਚੋਂ ਆਵਾਜ਼ ਸੁਣਾਈ ਦਿੱਤੀ- ''ਨੀ ਕਪੂਰੀ ਕੀ ਕਰ ਰਹੀ ਏਂ?''
ਕਪੂਰੀ ਸਮਝ ਗਈ ਕਿ ਆਵਾਜ਼ ਕਮਲਾ ਚਾਚੀ ਦੀ ਹੈ। ਪਿੱਛੇ ਖੜੇ ਰਿਤੇਸ਼ ਨੇ ਕਿਹਾ- ''ਲਓ ਆ ਗਈ ਚਾਚੀ''। ਘੰਟੇ ਤੋਂ ਪਹਿਲਾਂ ਖਹਿੜਾ ਨਹੀਂ ਛੱਡਦੀ।
ਕਮਲਾ ਚਾਚੀ ਜਾਤ ਦੀ ਬਾਣੀਆ। ਪਿੰਡ ਦੀ ਵੱਡੀ ਕਿਸਾਨ। ਪੰਜ ਕੁੜੀਆਂ, ਇਕ ਹੀ ਮੁੰਡਾ, ਕਮਲਾ ਚਾਚੀ ਦਾ ਪਤੀ ਸ਼ਰਾਬੀ-ਜੁਆਰੀਆ ਸੀ। ਸਾਰੀ ਜਾਇਦਾਦ ਵੇਚ ਵੰਡ ਗਿਆ ਸੀ। ਗੰਭੀਰ ਬਿਮਾਰੀ ਨਾਲ ਮਰਿਆ। ਚਾਚੀ ਨੇ ਆਪਣੀ ਅਕਲ 'ਤੇ ਕਾਬਲੀਅਤ ਨਾਲ ਜਾਇਦਾਦ ਖੜੀ ਕੀਤੀ। ਕੁੜੀਆਂ ਨੂੰ ਪੜ੍ਹਾਇਆ ਲਿਖਾਇਆ ਸਭ ਨੂੰ ਚੰਗੇ ਘਰੀਂ ਵਿਆਹਿਆ। ਮੁੰਡੇ ਦਾ ਧਿਆਨ ਖੇਤੀਬਾੜੀ ਵਿਚ ਲਾਇਆ। ਟਰੈਕਟਰ-ਮੋਟਰ ਪੰਪ-ਥਰੈਸ਼ਰ ਬਣਾ ਕੇ ਦਿੱਤਾ। ਸਿਰੇ ਦੀ ਮੋਮੋ ਠੱਗਣੀ। ਜਿੱਥੇ ਬੈਠ ਗਈ ਕਦੋਂ ਖਹਿੜਾ ਛੱਡੇਗੀ? ਨਹੀਂ ਕਹਿ ਸਕਦੇ। ਗੱਲਾਂ ਕਰਨ ਬੈਠ ਗਈ ਤਾਂ ਅਜੇਹੀਆਂ ਗੱਪਾਂ ਜੋੜਦੀ ਕਿ ਅਸਮਾਨ ਨੂੰ ਵੀ ਟਾਕੀਆਂ ਲਾ ਦਿੰਦੀ। ਉਦਾਂ ਤਾਂ ਉਹ ਅਕਸਰ ਕਿਸੇ ਨਾ ਕਿਸੇ ਕੰਮ ਕਰਕੇ ਹੀ ਆਉਂਦੀ ਪਰ ਪਹਿਲਾਂ ਪਤੀ ਦੇ ਮਰਨ ਤੋਂ ਬਾਅਦ ਦਾ ਆਪਣਾ ''ਸੰਘਰਸ਼-ਪੁਰਾਣ'' ਸੁਣਾਉਂਦੀ। ਕਿਸ ਕਿਸ ਤਰ੍ਹਾਂ ਉਸ ਨੇ ਬੱਚਿਆਂ ਨੂੰ ਪਾਲਿਆ। ਕਿਵੇਂ ਵਿਆਹ ਕੀਤੇ। ਕਿਵੇਂ ਮੁੰਡੇ ਨੂੰ ਸੰਭਾਲਿਆ। ਚਾਹੇ ਦਿਨ ਭਰ ਵਿਚ ਦਸਾਂ ਲੋਕਾਂ ਨਾਲ ਗੱਲ ਕਰੇ ਉਸ ਨੇ ਆਪਣੇ ਸੰਘਰਸ਼ ਪੁਰਾਣ ਦੀ ਜੁਗਾਲੀ ਲਾਜ਼ਮੀ ਕਰਨੀ ਹੁੰਦੀ ਸੀ।
'ਕੀ ਦੱਸਾਂ ਚਾਚੀ, ਰਾਤ ਕੁੱਲ ਦੋ ਘੰਟੇ ਬਿਜਲੀ ਮਿਲੀ। ਇਹ ਨਾਸਪਿੱਟੀ ਬਿਜਲੀ ਤਾਂ ਕਿਸਾਨਾਂ ਨੂੰ ਭੁੱਖਾ ਮਾਰੇਗੀ।' ਕਹਿੰਦੇ ਹੋਏ ਕਪੂਰੀ ਨੇ ਚਾਚੀ ਲਈ ਮੰਜੀ ਉਤੇ ਚਾਦਰ ਵਿਛਾ ਦਿੱਤੀ।
ਪਹਿਲਾਂ ਤਾਂ ਚਾਚੀ ਦੀ ਜੁਗਾਲੀ ਚਲਦੀ ਰਹੀ ਫਿਰ ਉਹ ਕੰਮ ਦੀ ਗੱਲ 'ਤੇ ਆਈ।
''ਕਪੂਰੀ, ਤੇਰਾ ਦੁੱਖ ਮੇਰੇ ਤੋਂ ਦੇਖਿਆ ਨਹੀਂ ਜਾਂਦਾ। ਮੈਂ ਵੀ ਪੂਰੀ ਉਮਰ ਦੁੱਖਾਂ ਦੇ ਪਹਾੜ 'ਤੇ ਹੀ ਕੱਟੀ ਹੈ। ਮੇਰੀ ਸਲਾਹ ਮੰਨ ਖੇਤ ਵਿਚ ਟਿਊਬਵੈਲ ਲਾ ਲੈ।''
''ਟਿਊਬਵੈਲ....? ਕਿੰਦਾਂ ਦੀ ਗੱਲ ਕਰ ਰਹੀ ਏਂ ਚਾਚੀ। ਖੂਹ ਖੁਦਵਾਉਣ ਦੀ ਤਾਕਤ ਨਹੀਂ ਬੋਰ ਕਿਵੇਂ ਕਰਾ ਸਕਾਂਗੀ। ਅਜੇ ਮੋਟਰ ਦਾ ਕਰਜ਼ਾ ਚੜ੍ਹਿਆ ਹੋਇਆ ਹੈ। ਚਾਰ ਬੋਰੇ ਸੋਇਆਬੀਨ ਪਈ ਹੈ। ਸੋਚ ਰਹੀ ਹਾਂ ਵੇਚ ਕੇ ਕੁੱਝ ਤਾਂ ਸੇਠ ਨੂੰ ਦੇ ਆਵਾਂ।'' ਕਪੂਰੀ ਦੇ ਬੋਲਾਂ ਵਿਚ ਨਿਰਾਸ਼ਾ ਸੀ।
''ਨੀਂ....ਪਰਸੋਂ ਪਿੰਡ ਵਿਚ ਬੋਰਿੰਗ ਮਸ਼ੀਨ ਆ ਰਹੀ ਹੈ। ਮੇਰੇ ਖੇਤ ਵਿਚ ਵੀ ਹੋਣਾ ਹੈ ਬੋਰ। ਤੂੰ ਵੀ ਕਰਾ ਲੈ। ਕੁੱਝ ਪੈਸੇ ਘੱਟ ਪਏ ਤਾਂ ਮੈਂ ਸੇਠ ਤੋਂ ਉਧਾਰ ਕਰਵਾ ਦੇਵਾਂਗੀ। ਪਾਣੀ ਨਿਕਲ ਗਿਆ ਤਾਂ ਤੇਰੇ ਸਾਰੇ ਦਰਿਦਰ ਦੂਰ ਹੋ ਜਾਣਗੇ। ਮੁੰਡਿਆਂ ਲਈ ਜਿੰਦਗੀ ਭਰ ਦਾ ਸੁੱਖ।''
ਕਪੂਰੀ  ਦੇ ਚੇਹਰੇ 'ਤੇ ਲਟਕੀਆਂ ਚਿੰਤਾ ਦੀਆਂ ਟੇਢੀਆਂ ਮੇਢੀਆਂ ਲੀਕਾਂ ਵਿਚ ਕੁੱਝ ਤਬਦੀਲੀ ਜਿਹੀ ਹੋਈ। ਉਸ ਨੂੰ ਲੱਗਿਆ ਚਾਚੀ ਦੇ ਬੋਲਾਂ ਵਿਚ ਵਜਨ ਹੈ ਅਤੇ ਸਲਾਹ ਵਿਚ ਮਜ਼ਬੂਤੀ। ਮਨ ਦੀ ਪੀੜ ਘੱਟ ਹੋਈ। ਪੀੜ ਸ਼ਾਇਦ ਡਰਾਕਲ ਹੁੰਦੀ ਹੈ। ਜਿਊਣ ਦੀ ਲਾਲਸਾ ਨਾਲ ਮੁਕਾਬਲਾ ਹੁੰਦਿਆਂ ਹੀ ਭੱਜ ਉਠਦੀ ਹੈ।
''ਕਿੰਨਾ ਖਰਚਾ ਆਵੇਗਾ ਚਾਚੀ?'' ਉਸਨੇ ਸਵਾਲ ਕੀਤਾ?
''ਦਸ ਹਜ਼ਾਰ ਤੋਂ ਘੱਟ ਤਾਂ ਕੀ ਆਵੇਗਾ।''
ਕਹਿੰਦੇ ਹੋਏ ਚਾਚੀ ਨੇ ਦੇਖਿਆ ਕਪੂਰੀ ਦੇ ਚਿਹਰੇ ਉਤੇ ਸਹਿਮਤੀ ਦੇ ਚਿੰਨ੍ਹ ਨਜ਼ਰ ਆਏ। ਅਸਲ ਵਿਚ ਗੱਲ ਇਹ ਸੀ ਕਿ ਬੋਰਿੰਗ ਮਸ਼ੀਨ ਵਾਲੇ ਨੇ ਕਿਹਾ ਸੀ ਕਿ ਘੱਟੋ-ਘੱਟ ਛੇ ਬੋਰ ਹੋਣਗੇ, ਤਾਂ ਉਹ ਮਸ਼ੀਨ ਲਿਆਵੇਗਾ। ਚਾਰ ਕਿਸਾਨਾਂ ਨੂੰ ਚਾਚੀ ਤਿਆਰ ਕਰ ਚੁੱਕੀ ਸੀ। ਚਾਚੀ ਦੇ ਖੇਤ ਵਿਚ ਬੋਰ ਨਹੀਂ ਹੋਵੇਗਾ ਤਾਂ 20 ਏਕੜ ਜ਼ਮੀਨ ਦੀ ਫਸਲ ਸੁੱਕ ਜਾਵੇਗੀ।
ਕਪੂਰੀ ਨੇ ਹਿਸਾਬ ਲਾਇਆ। ਚਾਰ ਬੋਰੇ ਸੋਇਆਬੀਨ, ਚਾਰ ਪੰਜ ਬੱਕਰੀਆਂ, ਅਜੇ ਹੁਣੇ ਸੂਈ ਗਾਂ। ਹੋ ਜਾਣਗੇ ਦਸ ਹਜ਼ਾਰ।
ਉਸ ਨੇ ਚਾਚੀ ਨੂੰ ਹਾਂ ਕਰ ਦਿੱਤੀ।
ਤਿੰਨ ਦਿਨ ਤੱਕ ਬੋਰਿੰਗ ਮਸ਼ੀਨ ਚੱਲੀ, ਚਾਰ ਖੇਤਾਂ ਵਿਚ। ਚੌਥੇ ਦਿਨ ਕਮਲਾ ਚਾਚੀ ਦੇ ਖੇਤ ਤੋਂ ਕਪੂਰੀ ਦੇ ਖੇਤ ਵਿਚ ਆਈ ਸੀ ਮਸ਼ੀਨ। ਤਿੰਨ ਖੇਤਾਂ ਵਿਚ ਪਾਣੀ ਨਿਕਲਿਆ ਇਕ ਨੇ ਨਿਰਾਸ਼ ਕੀਤਾ। ਕਮਲਾ ਚਾਚੀ ਨੇ ਪੰਜ ਸੌ ਫੁੱਟ ਤੱਕ ਬੋਰ ਕਰਵਾਇਆ ਤਾਂ ਕਿਤੇ ਪਾਣੀ ਲੋੜ ਪੂਰੀ ਕਰਨ ਜੋਗਾ ਨਿਕਲਿਆ।
ਕਪੂਰੀ ਦੇ ਖੇਤ ਵਿਚ ਸਾਰਾ ਪਿੰਡ ਜਮਾ ਸੀ। ਕਪੂਰੀ ਖੇਤ ਵਿਚ ਬੋਰ ਕਰਵਾ ਰਹੀ ਹੈ। ਇਹ ਸੁਣਦਿਆਂ ਹੀ ਬਹੁਤ ਸਾਰੇ ਲੋਕ ਹੈਰਾਨ ਰਹਿ ਗਏ। ਉਹ ਸਮਝਦੇ ਸੀ ਕਪੂਰੀ ਲੱਤ ਟੁਟੇ ਮੇਮਣੇ ਦੀ ਤਰ੍ਹਾਂ ਹੈ। ਦਿਨ ਰਾਤ ''ਮੈਂ ਮੈਂ'' ਕਰਦੀ ਰਹੇਗੀ ਪਰ ਇਹ ਤਾਂ ਸਾਂਡ ਦੀ ਤਰ੍ਹਾਂ ਭਿੜ ਕੇ ਸਿੰਗ ਤੁੜਵਾਉਣ ਲਈ ਵੀ ਤਿਆਰ ਸੀ।
ਦਰਸ਼ਕਾਂ ਵਿਚ ਕਪੂਰੀ ਦੇ ਟੱਬਰ ਦੇ ਕੁੱਝ ਲੋਕ ਵੀ ਸਨ। ਕਪੂਰੀ ਜਦੋਂ ਤਿੱਖੀ ਧੁੱਪ ਵਿਚ, ਵਰਦੇ ਮੀਂਹ ਵਿਚ, ਕੜਕਦੀ ਠੰਡ ਵਿਚ ਬਿਜਾਈ, ਸਿੰਜਾਈ, ਗੁਡਾਈ, ਵਾਢੀ ਕਰਦੀ ਸੀ ਤਾਂ ਕੋਈ ਮਦਦ ਕਰਨ ਨਹੀਂ ਆਉਂਦਾ ਸੀ। ਅੱਜ ਸਭ ਪਾਣੀ ਦਾ ਤਮਾਸ਼ਾ ਦੇਖਣ ਆਏ ਸਨ। ਉਦਾਂ ਵੀ ਸ਼ਰੀਕਾ ਇਕ ਸੂਲਾਂ ਦੀ ਸੇਜ ਹੁੰਦਾ ਹੈ, ਜਿਸ ਪਾਸੇ ਵੀ ਵੱਖ ਲਵੋ ਕੰਢੇ  ਹੀ ਕੰਢੇ ਚੁੰਭਣਗੇ।
ਕਮਲਾ ਚਾਚੀ ਕਿਸੇ ਪਾਣੀ-ਪਾਰਖੀ ਨੂੰ ਨਾਲ ਲਿਆਈ ਸੀ। ਜਾਮਣ ਦੀ ਟਹਿਣੀ ਲੈ ਕੇ ਉਹ ਕਪੂਰੀ ਦੇ ਖੇਤ ਵਿਚ ਘੁੰਮਿਆ ਅਤੇ ਪਾਣੀ ਦੀ ਥਾਂ ਦੱਸੀ। ਮਸ਼ੀਨ ਆਪਣੀ ਗੜਗੜਾਹਟ ਨਾਲ ਸ਼ੁਰੂ ਹੋ ਗਈ। ਕਪੂਰੀ ਨੇ ਗੰਗਾ ਮਾਂ ਨੂੰ ਧਿਆਂਉਂਦੇ ਹੋਏ ਹੱਥ ਜੋੜੇ। ਦੋਵਾਂ ਬੱਚਿਆਂ ਦਾ ਵਾਸਤਾ ਪਾਇਆ। ਮਈਆ ਪਾਣੀ ਦੇ ਫੁਆਰੇ ਕੱਢ ਦੇ ਤਾਂ ਫਸਲ ਵੱਢਦਿਆਂ ਹੀ ਸਤ ਨਰਾਇਣ ਦੀ ਕਥਾ ਕਰਵਾਵਾਂਗੀ।
ਮਸ਼ੀਨ ਦਾ ਵਰਮਾ ਧਰਤੀ ਨੂੰ ਵੱਢਦਾ ਹੋਇਆ ਅੰਦਰ ਜਾਂਦਾ, ਦੂਜੇ ਪਾਸੇ ਕਪੂਰੀ ਦਾ ਦਿਲ ਧੜਕਦਾ। ਉਸ ਦੇ ਗੋਲ ਮਟੋਲ ਚਿਹਰੇ ਉਤੇ ਪਾਣੀ ਨੂੰ ਲੈ ਕੇ ਮਾਸੂਮ ਲਾਲਸਾ ਉਭਰ ਆਈ ਸੀ। ਉਹ ਹੁਣੇ-ਹੁਣੇ ਚਾਚੀ ਦੇ ਖੇਤ ਵਿਚ ਨਿਕਲਿਆ ਪਾਣੀ ਵੇਖ ਕੇ ਆਈ ਸੀ। ਉਸ ਤੋਂ ਅੱਧਾ ਪਾਣੀ ਵੀ ਉਸ ਨੂੰ ਮਿਲ ਜਾਵੇ ਤਾਂ ਉਹ ਦਿਨ ਰਾਤ ਮਿਹਨਤ ਕਰਕੇ ਕਾਇਆ ਕਲਪ ਕਰ ਦੇਵੇਗੀ।
ਇਕ ਸੌ ਪੰਜਾਹ ਫੁੱਟ ਤੱਕ ਬੋਰ ਚਲਾ ਗਿਆ। ਪਾਣੀ ਦਾ ਨਾਂਅ ਨਿਸ਼ਾਨ ਨਹੀਂ। ਮਸ਼ੀਨ ਵਾਲੇ ਨੇ ਮਸ਼ੀਨ ਬੰਦ ਕਰਕੇ ਕਮਲਾ ਚਾਚੀ ਵੱਲ ਵੇਖਿਆ।
ਚਾਚੀ ਨੇ ਕਪੂਰੀ ਦੇ ਕੰਨ ਵਿਚ ਫੂਕ ਮਾਰੀ-ਦਸ ਹਜ਼ਾਰ ਰੁਪਏ ਪੂਰੇ ਹੋ ਗਏ ਕਪੂਰੀ। ਮਸ਼ੀਨ ਵਾਲਾ ਪੁੱਛ ਰਿਹਾ ਹੈ, ਅੱਗੇ ਵਧੀਏ ਕਿ ਨਹੀਂ।
ਕਪੂਰੀ ਚਾਚੀ ਨੂੰ ਹੈਰਾਨਕੁੰਨ ਢੰਗ ਨਾਲ ਦੇਖਦੀ ਰਹਿ ਗਈ, ਇਕ ਦਮ-ਚੁੱਪ। ਉਸ ਦੇ ਮੂੰਹ 'ਚੋਂ ਆਵਾਜ਼ ਨਹੀਂ ਨਿਕਲੀ। ਜਿਵੇਂ ਕਿ ਅਚਨਚੇਤ ਸ਼ਬਦ ਮੁੱਕ ਗਏ ਹੋਣ।
ਉਸ ਦੇ ਸੁੰਨ ਹੋਏ ਦਿਮਾਗ ਵਿਚ ਉਸ ਦੇ ਖੇਤ ਦੇ ਆਲੇ ਦੁਆਲੇ ਦੇ ਖੇਤਾਂ ਵਿਚ ਲਹਿਰਾਉਂਦੀ ਫਸਲ ਦਰਮਿਆਨ ਉਸ ਦਾ ਖੇਤ ਬੰਜਰ ਸੀ। ਕਿਸ਼ਨੇ ਦਾ ਖੂਹ ਤੋਂ ਉਸ ਦੀ ਮੋਟਰ ਹਟਾ ਦੇਣਾ ਯਾਦ ਆ ਗਿਆ। ਅਚਾਨਕ ਉਸ ਦਾ ਚਿਹਰਾ ਨਿਵੇਕਲੇ ਜਿਹੇ ਢੰਗ ਨਾਲ ਕੱਸਿਆ ਗਿਆ। ਜਿਹੜਾ ਸ਼ਾਇਦ ਉਸ ਨੂੰ ਅੰਦਰੋਂ ਮਜ਼ਬੂਤ ਬਣਾ ਰਿਹਾ ਸੀ। ਉਸ ਨੇ ਮਨ ਹੀ ਮਨ ਹਿਸਾਬ ਲਾਇਆ। ਚਾਰ ਬੱਕਰੀਆਂ, ਮਾਂ ਦੀ ਹੰਸਲੀ,  ਉਸਦਾ ਕੜਾ। ਹੋ ਜਾਵੇਗਾ।
''ਚਾਚੀ.... ....... ਪੰਜਾਹ ਫੁੱਟ ਹੋਰ ਜਾਣ ਦਿਓ।'' ਉਸ ਨੇ ਦ੍ਰਿੜਤਾ ਨਾਲ ਚਾਚੀ ਨੂੰ ਕਿਹਾ।
ਚਾਚੀ ਨੇ ਮਸ਼ੀਨ ਵਾਲੇ ਨੂੰ ਇਸ਼ਾਰਾ ਕੀਤਾ। ਮਸ਼ੀਨ ਫਿਰ ਚੱਲੀ।
ਪੰਜਾਹ ਫੁੱਟ ਵਧਣ ਬਾਅਦ ਵੀ ਕਪੂਰੀ ਦੇ ਹੱਥ ਪੱਥਰ ਹੀ ਪਏ।
ਨੇੜੇ ਤੇੜੇ ਘੁਸਰ-ਮੁਸਰ ਹੋਈ। ਇਕ ਸੌ ਫੁੱਟ ਹੋਰ ਡੂੰਘਾ ਜਾਇਆ ਜਾਵੇ ਤਾਂ ਪਾਣੀ ਨਿਕਲ ਹੀ ਆਵੇਗਾ। ਕੁੱਝ ਮਿੱਟੀ ਨਰਮ ਨਿਕਲ ਰਹੀ ਹੈ। ਕਪੂਰੀ ਦੇ ਕੁੱਝ ਹਿਤੂ ਬਜ਼ੁਰਗਾਂ ਨੇ ਉਸ ਨੂੰ ਸਮਝਾਇਆ। ਬੇਟਾ ਹੁਣ ਨਾ ਵਧਾ। ਕਿਸਮਤ ਵਿਚ ਜੋ ਹੈ ਉਸ ਨੂੰ ਹੀ ਆਪਣਾ ਸਮਝ। ਪਰ ਕਪੂਰੀ ਉਤੇ ਜਿਵੇਂ ਪਾਣੀ ਦਾ ਨਸ਼ਾ ਸਵਾਰ ਸੀ। ਪਾਣੀ ਤੋਂ ਬਿਨਾਂ ਉਸ ਨੂੰ ਆਪਣੇ ਬੱਚਿਆਂ ਦਾ ਭਵਿੱਖ ਹਨੇਰਾ ਲੱਗਿਆ। ਉਹ ਅੰਤਮ ਜੂਆ ਖੇਡਣ ਲਈ ਤਿਆਰ ਸੀ।
''ਸੋ ਫੁੱਟ ਤੱਕ ਹੋਰ ਜਾਣ ਦਿਓ ਚਾਚੀ।'' ਉਸਨੇ ਕਿਹਾ।
''ਪੈਸੇ ਕਿਥੋਂ ਲਿਆਏਂਗੀ, ਕਪੂਰੀ?'' ਚਾਚੀ ਵੀ ਹੈਰਾਨ ਸੀ।
''ਲੀਲਾ-ਪੀਲਾ ਹੈ ਨਾ।'' ਕਪੂਰੀ ਦੀ ਆਵਾਜ਼ ਵਿਚ ਅਜੀਬ ਜਿਹੀ ਖਰਖਰਾਹਟ ਸੀ। ਜਿਵੇਂ ਇਕ ਚਿੜਚਿੜੇ ਅਤੇ ਉਲਝੇ ਆਦਮੀ ਵਿਚ ਹੁੰਦੀ ਹੈ।
ਮਸ਼ੀਨ 100 ਫੁੱਟ ਹੋਰ ਚੱਲੀ ਪਰ ਕਪੂਰੀ ਦੀ ਕਿਸਮਤ ਨਹੀਂ ਬਦਲ ਸਕੀ। ਕੁੱਝ ਲੋਕ ਉਸਦੀ ਬੇਬਸੀ ਉਤੇ ਦੁੱਖੀ ਹੋ ਕੇ ਵਾਪਸ ਗਏ ਤਾਂ ਕੁੱਝ ਉਸ ਨੂੰ ਬੇਵਕੂਫ ਠਹਿਰਾ ਰਹੇ ਸਨ।
ਕਪੂਰੀ ਨੂੰ ਲੱਗ ਰਿਹਾ ਸੀ ਕਿ ਉਹ ਚੱਕਰ ਖਾ ਕੇ ਜ਼ਮੀਨ ਉਤੇ ਡਿਗ ਪਵੇਗੀ। ਉਸ ਨੇ ਚਾਚੀ ਦੇ ਮੋਢੇ 'ਤੇ ਹੱਥ ਰੱਖਿਆ। ਹੱਥ ਹੌਲੀ-ਹੌਲੀ ਕੰਬ ਰਹੇ ਸਨ। ਇਸ ਤਰ੍ਹਾਂ ਹੱਥ ਸਿਰਫ ਬੇਬਸੀ, ਗੈਰ ਯਕੀਨੀ, ਦੁੱਖ ਅਤੇ ਹਾਰ ਨਾਲ ਕੰਬਦੇ ਹਨ।
ਚਾਚੀ ਨੇ ਹੀ ਉਸ ਨੂੰ ਘਰ ਤੱਕ ਪਹੁੰਚਾਇਆ। ਉਸ ਰਾਤ ਉਨ੍ਹਾਂ ਦੇ ਘਰ ਰੋਟੀ ਨਹੀਂ ਬਣੀ।
ਪਿੰਡ ਵਿਚ ਬੜੇ ਮਹਾਰਾਜ ਦੇ ਘਰ ਉਸ ਰਾਤ ਅੱਧਾ ਪਿੰਡ ਬੈਠ ਕੇ ਟੈਲੀਵਿਜ਼ਨ ਦੇਖ ਰਿਹਾ ਸੀ। 'ਮਦਰ ਇੰਡੀਆ' ਫਿਲਮ ਆ ਰਹੀ ਸੀ। ਫਿਲਮ ਦੇ ਖਤਮ ਹੁੰਦਿਆਂ-ਹੁੰਦਿਆਂ ਫਿਲਮ ਦੀ ਨਾਇਕਾ ਨਰਗਿਸ ਨੂੰ ਦੇਖ ਕੇ ਪਿੱਛੇ ਬੈਠਾ ਕਿਸ਼ਨਾ ਕਹਿ ਰਿਹਾ ਸੀ-ਓਏ ਇਹ ਤਾਂ ਆਪਣੀ ਕਪੂਰੀ ਹੈ।
ਕਮਰਾ ਹਾਸੇ ਨਾਲ ਭਰ ਗਿਆ ਸੀ।
ਸਵੇਰੇ ਚਾਚੀ ਆਈ ਤਾਂ ਦੇਖਿਆ ਕਪੂਰੀ ਸ਼ਾਇਦ ਪੂਰੀ ਰਾਤ ਰੌਂਦੀ ਰਹੀ ਸੀ। ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ। ਪੁਤਲੀਆਂ ਸਥਿਰ, ਨ੍ਹਾਸਾਂ ਲਾਲ ਅਤੇ ਬੁੱਲ ਜਿਵੇਂ ਇਕ ਦੂਜੇ ਨਾਲ ਜੁੜ ਗਏ ਸਨ।
ਚਾਚੀ ਨੇ ਕੋਲ ਬੈਠ ਕੇ ਸਮਝਾਇਆ-ਪੁੱਤ ਜਿੰਦਗੀ ਤਾਂ ਇਕ ਬਲਦ ਗੱਡੀ ਵਰਗੀ ਹੈ। ਇਕ ਝਟਕੇ ਨਾਲ ਇਸਦੇ ਤਖਤੇ ਵੀ ਹਿੱਲ ਜਾਂਦੇ ਹਨ। ਇਕ ਕਿੱਲ ਟੁੱਟ ਜਾਵੇ ਤਾਂ ਪਹੀਏ ਨਿਕਲ ਜਾਂਦੇ ਹਨ। ਇਸ ਨੂੰ ਯਤਨ ਕਰਕੇ ਸੰਭਾਲਣਾ ਪੈਂਦਾ ਹੈ। ਪ੍ਰੇਸ਼ਾਨ ਨਾ ਹੋ। ਆਪਣੇ ਆਪ ਨੂੰ ਸੰਭਾਲ। ਅਜੇ ਮਸ਼ੀਨ ਦਾ ਹਿਸਾਬ ਕਰ ਦੇ। ਮੇਰੇ ਖੇਤ ਤੋਂ ਪਾਣੀ ਲੈ ਲਈਂ। ਖਾਦ-ਬੀਜ ਮੈਂ ਦੇ ਦੇਵਾਂਗੀ। ਫਸਲ ਅੱਧੀ-ਅੱਧੀ ਕਰ ਲਵਾਂਗੇ।
ਚਾਚੀ ਦੇ ਘਰ ਮਸ਼ੀਨ ਵਾਲੇ ਦਾ ਹਿਸਾਬ ਹੋਇਆ। ਕੋਲ ਵਾਲੇ ਦਸ ਹਜ਼ਾਰ ਤੋਂ ਇਲਾਵਾ ਬੱਕਰੀ, ਕੜਾ, ਹੰਸਲੀ ਵੀ ਚਲੀ ਗਈ। ਫੇਰ ਵੀ ਵੀਹ ਹਜ਼ਾਰ ਬਕਾਇਆ। ਮਹੀਨੇ ਭਰ ਬਾਅਦ ਬੋਰ ਮਸ਼ੀਨ ਵਾਲਾ ਪੈਸੇ ਲੈਣ ਆ ਗਿਆ। ਕਿੱਥੋਂ ਲਿਆਵੇ ਪੈਸੇ ਕਪੂਰੀ। ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੈਸਿਆਂ ਦੀ ਜ਼ਮਾਨਤ ਕਮਲਾ ਚਾਚੀ ਨੇ ਲਈ ਸੀ, ਸੋ  ਚਾਚੀ ਵੀ ਪ੍ਰੇਸ਼ਾਨ।
ਸਮੱਸਿਆ ਸੁਲਝਾਈ ਚਾਚੀ ਦੇ ਬੇਟੇ ਨੇ। ਉਹ ਕਪੂਰੀ ਨੂੰ ਲੈ ਕੇ ਨੇੜਲੇ ਬੈਂਕ ਗਿਆ। ਪੰਜ ਏਕੜ ਜ਼ਮੀਨ ਉਤੇ ਬੜੀ ਮੁਸ਼ਕਲ ਨਾਲ ਵੀਹ ਹਜ਼ਾਰ ਦਾ ਕਰਜ਼ਾ ਮਿਲਿਆ। ਉਹ ਵੀ ਮਹੀਨਾ ਪੱਕਾ ਚੱਕਰ ਕੱਢਣ ਤੋਂ ਬਾਅਦ। ਚਾਚੀ ਦੇ ਮੁੰਡੇ ਦੀ ਬੈਂਕ ਵਿਚ ਜਾਣ ਪਹਿਚਾਣ ਨਾ ਹੁੰਦੀ ਤਾਂ ਇਹ ਵੀ ਸੰਭਵ ਨਹੀਂ ਸੀ।
ਹਾਲ ਦੀ ਘੜੀ ਬੋਰ ਮਸ਼ੀਨ ਦਾ ਕਰਜ਼ਾ ਤਾਂ ਉਤਰ ਗਿਆ ਸੀ ਪਰ  ਬੈਂਕ ਦਾ ਚੜ੍ਹ ਗਿਆ, ਉਹ ਵੀ ਵਿਆਜ ਦੇ ਨਾਲ।
ਚਾਚੀ ਦੇ ਬੋਰ ਤੋਂ ਪਾਣੀ ਮਿਲਦਿਆਂ ਹੀ ਕਪੂਰੀ ਨੇ ਜੀਅ ਜਾਨ ਲਾ ਦਿੱਤੀ। ਕਣਕ ਦੀ ਚੰਗੀ ਫਸਲ ਦੇਖ ਕੇ ਉਹ ਬੋਰ ਦੇ ਦੁੱਖ ਨੂੰ ਭੁੱਲ ਜਿਹਾ ਗਈ। ਪਾਣੀ ਨੇ ਫਸਲ ਨੂੰ ਜੀਵਨ ਦਿੱਤਾ ਸੀ ਅਤੇ ਹਰਿਆਲੀ ਫਸਲ ਲਈ, ਕਪੂਰੀ ਦੀ ਆਸ ਨੂੰ ਬੂਰ ਪਾ ਦਿੱਤਾ।
ਮੌਸਮ ਇੰਨਾ ਬਦਲ ਗਿਆ ਕਿ ਕੁੱਝ ਹੀ ਦਿਨਾਂ ਵਿਚ ਕਣਕ ਦੇ ਸਿੱਟੇ ਵਧਣ ਲੱਗੇ ਸੀ ਅਤੇ ਰੰਗ ਬਦਲਣ ਲੱਗ ਪਿਆ ਸੀ। ਸੁੱਕੀਆਂ ਭੂਰੀਆਂ ਟਹਿਣੀਆਂ ਉਤੇ ਹਰਿਆਲੀ ਦਿਸਣ ਲੱਗੀ। ਦਿਨ ਵਿਚ ਤਪਸ਼ ਸੀ ਪਰ ਰਾਤਾਂ ਠੰਡੀਆਂ।
ਲਹਿਲਹਾਉਂਦੀ ਫਸਲ ਦਾ ਕੁੱਝ ਅਜਿਹਾ ਨਸ਼ਾ ਸੀ ਕਿ ਅੱਧੇ ਪਿੰਡ ਦੇ ਲੋਕ ਉਸ ਵਿਚ ਮਸਤ ਸਨ। ਕੁੱਝ ਤਾਂ ਕੰਮ ਵਿਚ ਰੁੱਝੇ ਪਰ ਕੁੱਝ ਬਿਨਾਂ ਕਿਸੇ ਕੰਮ ਦੇ ਹੀ ਸ਼ਹਿਰ ਘੁੰਮਣ ਚਲੇ ਜਾਂਦੇ। ਕੋਈ ਸ਼ੱਕਰ-ਚਾਹ ਲਿਆਉਣ ਦੇ ਬਹਾਨੇ ਤਾਂ ਕੋਈ ਵਿਆਹ ਸ਼ਾਦੀ ਦੇ ਕੱਪੜੇ ਟੱਲੇ ਖਰੀਦਣ ਦੇ ਬਹਾਨੇ। ਰਾਤ ਨੂੰ ਖੇਤਾਂ ਵਿਚ ਘੁੰਮਦੇ ਮੁੰਡਿਆਂ ਦੇ ਗੀਤਾਂ ਦੇ ਬੋਲਾਂ ਨਾਲ ਲੋਕਾਂ ਦਾ ਮਨ ਖੁਸ਼ੀ ਨਾਲ ਚਹਿਕ ਉਠਦਾ। ਚੇਤ ਵਿਚ ਹੋਣ ਵਾਲੇ ਵਿਆਹਾਂ ਦੇ ਕਾਰਨ ਘਰਾਂ-ਵਿਹੜਿਆਂ ਵਿਚ ਗੀਤ ਗੂੰਜਣ ਲੱਗੇ ਸੀ।
ਕਪੂਰੀ ਬਜਾਰ ਤੋਂ ਪਰਤੀ ਸੀ। ਉਹ ਇਕ ਧੁੰਦਲੀ ਸ਼ਾਮ ਸੀ। ਲੱਗਦਾ ਸੀ ਰਾਤ ਸਮੇਂ ਨਾਲ ਹੀ ਉਤਰ ਆਵੇਗੀ। ਕਪੂਰੀ ਵਿਹੜੇ ਵਿਚ ਹੀ ਮੰਜੀ ਡਾਹ ਕੇ ਲੰਮੀ ਪੈ ਗਈ। ਚਿੰਤਾ ਉਲਝਣਾ ਵਿਚ ਘਿਰੀ ਨੂੰ ਉਸ ਨੂੰ ਪਤਾ ਨਹੀਂ ਕਦੋਂ ਨੀਂਦ ਆ ਗਈ, ਯਾਦ ਨਹੀਂ।
ਅਜੇ ਪਹਿਰ ਭਰ ਰਾਤ ਹੀ ਬੀਤੀ ਹੋਵੇਗੀ ਕਿ ਕਪੂਰੀ ਨੂੰ ਲੱਗਿਆ ਜਿਵੇਂ ਕਿਸੇ ਨੇ ਧੱਕਾ ਦੇ ਕੇ ਮੰਜੀ ਤੋਂ ਹੇਠਾਂ ਸੁੱਟ ਦਿੱਤਾ ਹੋਵੇ। ਅੱਖਾਂ ਖੋਲੀਆਂ ਤਾਂ ਵੇਖਿਆ ਚਾਰ ਚੁਫੇਰੇ ਕਾਲਾ ਗਾੜ੍ਹਾ ਹਨੇਰਾ ਫੈਲਿਆ ਸੀ ਅਤੇ ਜ਼ੋਰਾਂ ਨਾਲ ਹਵਾ ਚਲ ਰਹੀ ਸੀ। ਘਬਰਾ ਕੇ ਮੰਜੀ ਤੋਂ ਉਠ ਕੇ ਘਰ ਵੱਲ ਭੱਜੀ। ਤਖਤੇ ਨਾਲ ਪਿੱਠ ਢੋਹਕੇ ਬੈਠ ਗਈ ਤਾਂ ਇੰਨੀ ਜ਼ੋਰਦਾਰ ਕੜਾਕਾ ਸੁਣਿਆ ਜਿਵੇਂ ਘਰ ਦੇ ਉਪਰ ਹੀ ਬਿਜਲੀ ਡਿੱਗੀ ਹੋਵੇ। ਉਹ ਪਿੱਛੇ ਵੱਲ ਨਿਕਲੀ। ਖੇਤਾਂ ਵੱਲ ਵੇਖਿਆ ਤਾਂ ਬਿਜਲੀ ਦੀ ਚਮਕ ਨਾਲ ਅੱਖਾਂ ਚੁੰਧਿਆ ਕੇ ਮੀਚੀਆਂ ਗਈਆਂ। ਉਸ ਨੇ ਸਿਰ ਗੋਡਿਆਂ ਵਿਚ ਲੁਕਾ ਲਿਆ।
ਥੋੜੀ ਦੇਰ ਬਾਅਦ ਉਸ ਨੂੰ ਲੱਗਿਆ ਕਿ ਛੱਤ ਉਤੇ ਖੜਕਾ ਵੱਧ ਰਿਹਾ ਹੈ। ਜਿਵੇਂ ਛੱਤ ਨੂੰ ਹੀ ਡਿਗਾ ਦੇਵੇਗਾ। ਉਸ ਨੇ ਘਬਰਾ ਕੇ ਦਰਵਾਜਾ ਖੋਲਿਆ। ਸਰਦਲ ਲੰਘਦਿਆਂ ਹੀ ਲੱਗਿਆ ਜਿਵੇਂ ਪੈਰ ਵਿਚ ਕੁੱਝ ਠੰਡਾ ਜਿਹਾ ਚੁਭ ਗਿਆ ਹੈ। ਉਦੋਂ ਹੀ ਬਿਜਲੀ ਲਿਸ਼ਕੀ ਤਾਂ ਦੇਖਿਆ ਕਿ ਬਾਹਰ ਤਾਂ ਧਰਤੀ ਗੜਿਆਂ ਨਾਲ ਚਿੱਟੀ ਹੋ ਗਈ ਸੀ। ਕਪੂਰੀ ਦੇ ਜਿਵੇਂ ਹੋਸ਼ ਹੀ ਉਡ ਗਏ।
ਇਸ ਵਾਰ ਬਿਜਲੀ ਦੀ ਲਿਸ਼ਕ ਨਾਲ ਭਿਅੰਕਰ ਕੜਾਕੇ ਫੇਰ ਸੁਣਾਈ ਦਿੱਤੇ ਤਾਂ ਕਪੂਰੀ ਨੂੰ ਪੱਕ ਰਹੀ ਕਣਕ ਦੀ ਫਸਲ ਦੀ ਬਰਬਾਦੀ ਦਾ ਖਿਆਲ ਆਇਆ। ਉਹ ਚੀਖ ਉਠੀ।
''ਮਾਂ ਵੇਖ ਪਾਈਆ-ਪਾਈਆ ਦੇ ਗੜ੍ਹੇ ਡਿੱਗ ਰਹੇ ਹਨ। ਇਹ ਤਾਂ ਸਭ ਬਰਬਾਦ ਕਰ ਦੇਣਗੇ।'' ਕੰਬਲ ਵਿਚ ਲਿਪਟੀ ਮਾਂ ਨੂੰ ਉਸ ਨੇ ਝੰਜੋੜਦਿਆਂ ਕਿਹਾ।
ਮਾਂ ਉਠ ਕੇ ਬੁੜਬੁੜਾਉਣ ਲੱਗੀ-ਕਿਉਂ ਸਰਵਨਾਸ਼ ਕਰ ਰਿਹਾ ਹੈਂ ਕਰਤਾਰ। ਤੇਰੀਆਂ ਤੂੰ ਹੀ ਜਾਣੇ, ਤੇਰੀਆਂ ਤੂੰ ਹੀ ਜਾਣੇਂ ਕਰਤਾਰ।
ਕਪੂਰੀ ਨੂੰ ਖਿਆਲ ਆਇਆ ਲੀਲਾ-ਪੀਲਾ ਬਾਹਰ ਕੋਠੇ ਵਿਚ ਬੱਝੇ ਹਨ। ਉਹ ਉਧਰ ਭੱਜੀ। ਲੀਲਾ-ਪੀਲਾ ਨੂੰ ਖੋਲ ਕੇ ਸਾਹਮਣੇ ਵਾਲੇ ਅੰਦਰ ਬੰਨ੍ਹ ਆਈ। ਕੱਪੜੇ ਭਿੱਜ ਗਏ ਸਨ ਅਤੇ ਸਰੀਰ ਉਤੇ ਜਿਵੇਂ ਸ਼ੈਂਟੇ ਪਏ ਹੋਣ। ਠੰਡ ਐਨੀ ਲੱਗੀ ਕਿ ਦੰਦ ਵੱਜ ਰਹੇ ਸਨ। ਪਰ ਉਸ ਦਾ ਧਿਆਨ ਗੜਿਆਂ ਦੇ ਖੜਕੇ ਵੱਲ ਲੱਗਿਆ ਸੀ - ਜਿਵੇਂ ਸਾਰੇ ਉਸ ਦੇ ਮੁਨਾਏ ਸਿਰ ਉਤੇ ਹੀ ਡਿੱਗ ਰਹੇ ਹੋਣ।
ਵਾਰ ਵਾਰ ਬਿਜਲੀ ਲਿਸ਼ਕ ਰਹੀ ਸੀ। ਜਿੰਨੀ ਵਾਰ ਵੀ ਬਿਜਲੀ ਲਿਸ਼ਕਦੀ ਕਪੂਰੀ ਬਹੁਤ ਜ਼ਿਆਦਾ ਡਰ ਜਾਂਦੀ। ਜਿੰਨੇ ਜ਼ਿਆਦਾ ਗੜਿਆਂ ਦੀ ਖੜਾਕ ਸੁਣਦੀ ਉਨੀ ਹੀ ਉਸ ਨੂੰ ਘਬਰਾਹਟ ਤੇ ਖਿਝ ਆਉਂਦੀ।
ਹੌਲੀ-ਹੌਲੀ ਆਵਾਜ਼ ਘਟਣ ਲੱਗੀ ਅਤੇ ਕੁੱਝ ਹੀ ਪਲ ਬਾਅਦ ਇੰਝ ਲੱਗਾ ਜਿਵੇਂ ਛੋਟੀਆਂ ਛੋਟੀਆਂ ਬੂੰਦਾਂ ਦੀ ਬਾਰਸ਼ ਹੋਣ ਲੱਗ ਪਈ ਹੋਵੇ। ਥੋੜੀ ਦੇਰ ਬਾਅਦ ਉਸਨੇ ਦਰਵਾਜੇ ਵੱਲ ਦੇਖਿਆ ਤਾਂ ਲੱਗਿਆ ਜਿਵੇਂ ਬਾਹਰ ਚਾਨਣਾ ਹੋਣਾ ਸ਼ੁਰੂ ਹੋ ਰਿਹਾ ਸੀ।
ਦਿਨ ਚੜ੍ਹਦੇ ਹੀ ਜਦੋਂ ਲੋਕ ਖੇਤਾਂ ਦੀ ਖਬਰ ਲੈਣ ਪਹੁੰਚੇ ਤਾਂ ਤਰਾਹੀ-ਤਰਾਹੀ ਕਰਨ ਲੱਗੇ। ਕੁੱਝ ਖੇਤ ਤਾਂ ਗੜਿਆਂ ਨਾਲ ਇੰਨੇ ਜ਼ਿਆਦਾ ਬਰਬਾਦ ਹੋ ਗਏ ਸਨ ਕਿ ਕੁੱਝ ਵੀ ਨਹੀਂ ਬਚ ਸਕਿਆ ਸੀ। ਕੁੱਝ ਥੋੜੇ ਬਹੁਤੇ ਬਚ ਗਏ ਸਨ। ਦੱਖਣ ਵਾਲੇ ਪਾਸੇ ਦੇ ਖੇਤਾਂ ਦਾ ਨੁਕਸਾਨ ਕਾਫੀ ਘੱਟ ਹੋਇਆ ਸੀ। ਜ਼ਿਆਦਾ ਮਾਰ ਉਤਰ ਵਾਲੇ ਪਾਸੇ ਪਈ ਸੀ। ਇੱਧਰ ਕਪੂਰੀ ਤੇ ਕਿਸ਼ਨਾ ਦੇ ਖੇਤ ਸਨ।
ਪਿੰਡ ਦੇ ਘਰਾਂ, ਗਲੀਆਂ ਅਤੇ ਖੇਤਾਂ ਵਿਚ ਗੜਿਆਂ ਨਾਲ ਬਰਬਾਦੀ ਤੋਂ ਇਲਾਵਾ ਹੋਰ ਕੋਈ ਗੱਲ ਹੀ ਨਹੀਂ ਸੁੱਝਦੀ ਸੀ। ਵਾਰ ਵਾਰ ਉਹ ਹੀ ਗੱਲਾਂ ਦੁਹਰਾਈਆਂ ਜਾ ਰਹੀਆਂ ਸਨ ਜਿਹੜੀਆਂ ਪਿਛਲੇ ਚਾਰ-ਪੰਜ ਦਿਨਾਂ ਵਿਚ ਦੰਦਾਂ ਨਾਲ ਪੀਹ-ਪੀਹ ਕੇ ਮੈਦਾ ਬਣਾ ਦਿੱਤੀਆਂ ਗਈਆਂ ਸਨ।
ਕਪੂਰੀ ਆਪਣੀ ਫਸਲ ਵੇਖ ਕੇ ਆਈ ਤਾਂ ਕਮਲਾ ਚਾਚੀ ਕੋਲ ਬੈਠ ਕੇ ਬਹੁਤ ਰੋਈ। ਇਹ ਕਿਹਾ ਭਗਵਾਨ ਹੈ ਚਾਚੀ। ਹਾੜ੍ਹ ਜੇਠ ਦੀ ਗਰਮੀ ਵਿਚ ਸਭ ਨੂੰ ਸਾੜਦਾ ਹੈ ਅਤੇ ਸੌਣ-ਭਾਦੋਂ ਉਸ ਨੂੰ ਹਰਿਆਲਾ ਕਰਨ ਲਈ ਮੋਹਲੇਧਾਰ ਮੀਂਹ ਪਾਉਂਦਾ ਹੈ। ਆਪਣੇ ਆਪ ਜੰਗਲ ਵਿਚ  ਵੇਲਾਂ ਉਗਾ ਦਿੰਦਾ ਹੈ ਅਤੇ ਫੇਰ ਖੁਦ ਬਾਸਾਂ ਦੀ ਰਗੜ ਨਾਲ ਉਨ੍ਹਾਂ ਨੂੰ ਅੱਗ ਲਾ ਕੇ ਸਵਾਹ ਕਰ ਦਿੰਦਾ ਹੈ। ਆਪਣੇ ਆਪ ਚੁਰਾਸੀ ਲੱਖ ਜੂਨਾਂ ਪੈਦਾ ਕਰਦਾ ਹੈ ਖੁਦ ਹੀ ਉਨ੍ਹਾਂ ਨੂੰ ਮਾਰ ਦਿੰਦਾ ਹੈ। ਜਿੰਦਾ ਰੱਖਣ ਲਈ ਪੇਟ ਦਿੰਦਾ ਹੈ ਅਤੇ ਗੜੇ ਸੁੱਟ ਕੇ ਸਾਰੀ ਫਸਲ ਬਰਬਾਦ ਕਰ ਦਿੰਦਾ ਹੈ।
ਕਪੂਰੀ ਨੂੰ ਨਾ ਖਾਣਾ ਚੰਗਾ ਲੱਗਦਾ ਸੀ ਨਾ ਨੀਂਦ ਆਉਂਦੀ ਸੀ। ਪੰਜਾਂ-ਛੇਆਂ ਦਿਨਾਂ ਤੋਂ ਫਸਲ ਦੀ ਬਰਬਾਦੀ ਦੀ ਚਿੰਤਾ ਦੇ ਬਿਨਾਂ ਹੋਰ ਕੁੱਝ ਸੁਝਦਾ ਹੀ ਨਹੀਂ ਸੀ। ਉਹ ਖੇਤ ਦੇ ਦੂਜੇ ਸਿਰੇ ਉਤੇ ਜਾ ਕੇ ਟੁੱਟੇ ਸਿੱਟਿਆਂ ਅਤੇ ਖਿਲਰੇ ਕਣਕ ਦੇ ਨਾੜ ਨੂੰ ਇਕ ਇਕ ਕਰਕੇ ਚੁੱਗਦੀ ਸੀ। ਲੋਕਾਂ ਤੋਂ ਨਜ਼ਰ ਲੁਕਾ ਕੇ ਰੋਂਦੀ ਰਹਿੰਦੀ ਸੀ। ਸਿੱਟੇ ਅਤੇ ਟੁੱਟੇ ਨਾੜ ਨੂੰ ਇਸ ਤਰ੍ਹਾਂ ਸਿੱਧਾ ਕਰਕੇ ਦੇਖਦੀ ਰਹਿੰਦੀ ਜਿਵੇਂ ਕਿਸੇ ਕੈਂਸਰ ਦੇ ਮਰੀਜ ਦੇ ਝੜ ਕੇ ਡਿੱਗੇ ਵਾਲਾਂ ਨੂੰ ਭੈਣ-ਭਰਾ ਪਲੋਸਦੇ ਹਨ।
ਕਪੂਰੀ ਦਾ ਮਨ ਇੰਨਾ ਬੇਚੈਨ ਹੋ ਗਿਆ ਸੀ ਕਿ ਪਤਾ ਨਹੀਂ ਚੱਲਦਾ ਹੁਣ ਕੀ ਕਰੇ ਤੇ ਕੀ ਨਾ ਕਰੇ।
ਵਾਰ ਵਾਰ ਸਿਲ੍ਹੀਆਂ ਹੁੰਦੀਆਂ ਅੱਖਾਂ ਨੂੰ ਲੁਕਾਉਂਦੀ ਹੋਈ ਕਪੂਰੀ ਘਰ ਪਰਤੀ ਸੀ।
ਬਾਹਰ ਮੋਟਰ ਸਾਇਕਲ ਖੜਾ ਦੇਖ ਘਬਰਾਈ। ਮੋਟਰ ਪੰਪ ਵਾਲਾ ਸੇਠ ਬਾਹਰ ਤੋਂ ਆਇਆ ਸੀ। ਕਪੂਰੀ ਦੀਆਂ ਮਿੰਨਤਾਂ ਅਤੇ ਗੜਿਆਂ ਨਾਲ ਹੋਈ ਫਸਲ ਦੀ ਬਰਬਾਦੀ ਦੀ ਵਿੱਥਿਆ ਦਾ ਵੀ ਉਸ 'ਤੇ ਕੋਈ ਅਸਰ ਨਾ ਹੋਇਆ। ਉਹ ਕਹਿਣ ਲੱਗਾ-ਚਾਹੇ ਇਕ-ਦੋ ਦਿਨ ਵੀ ਮੈਨੂੰ ਠਹਿਰਨਾ ਪਵੇ, ਐਤਕੀਂ ਪੈਸੇ ਲੈ ਕੇ ਹੀ ਮੁੜਾਂਗਾ।
ਸੇਠ ਬੜੇ ਮਹਾਰਾਜ ਦੇ ਘਰ ਰਾਤ ਠਹਰਿਆ ਸੀ। ਕਪੂਰੀ ਅੱਧੀ ਰਾਤ ਤੱਕ ਪੈਸਿਆਂ ਦੇ ਇੰਤਜਾਮ ਲਈ ਪਿੰਡ ਘੁੰਮਦੀ ਰਹੀ। ਕੋਈ ਜੁਗਾੜ ਨਹੀਂ ਹੋ ਸਕਿਆ।
ਸਵੇਰੇ ਸੇਠ ਆਇਆ ਤਾਂ ਕਪੂਰੀ ਦਾ ਮੂੰਹ ਲਟਕਿਆ ਹੋਇਆ ਸੀ। ਸੇਠ ਨੇ ਕੋਠੇ 'ਚੋਂ ਲੀਲਾ-ਪੀਲਾ ਦੇ ਰੱਸੇ ਖੋਲ੍ਹੇ ਅਤੇ ਉਨ੍ਹਾ ਨੂੰ ਲੈ ਤੁਰਿਆ।
ਕਪੂਰੀ ਦਾ ਕਾਲਜਾ ਫਟ ਰਿਹਾ ਸੀ। ਉਹ ਜਾਂਦੇ ਹੋਏ ਬਲਦਾਂ ਨਾਲ ਅੱਖ ਨਹੀਂ ਮਿਲਾ ਸਕ ਰਹੀ ਸੀ। ਬਸੰਤੇ ਦੇ ਮਰਨ ਤੋਂ ਬਾਅਦ ਇਨ੍ਹਾਂ ਦੋਹਾਂ ਬਲਦਾਂ ਨੇ ਹੀ ਉਸਦੀ ਕਿਸ਼ਤੀ ਪਾਰ ਲਾਈ ਸੀ। ਉਨ੍ਹਾਂ ਨੂੰ ਜਾਂਦਾ ਦੇਖ ਕੇ ਉਹ ਜਾਰ-ਜਾਰ ਰੋਣ ਲੱਗੀ।
ਇਸ ਤੋਂ ਬਾਅਦ ਦੀ ਘਟਨਾ ਮੈਂ ਤੁਹਾਨੂੰ ਨਹੀਂ ਦੱਸ ਸਕਦਾ। ਮੈਂ ਸ਼ੁਰੂ ਵਿਚ ਹੀ ਕਿਹਾ ਸੀ ਕਿ ਮੈਂ ਕਦੇ ਕਦੇ ਘਟਨਾਵਾਂ ਤੋਂ ਇਕ ਦਮ ਗਾਇਬ ਹੋ ਜਾਂਦਾ ਹਾਂ।
ਦੋ-ਤਿੰਨ ਸਾਲ ਤੱਕ ਮੈਂ ਕਪੂਰੀ ਦੀਆਂ ਘਟਨਾਵਾਂ ਤੋਂ ਦੂਰ ਰਿਹਾ। ਕਿਸੇ ਹੋਰ ਦੀ ਜਿੰਦਗੀ ਦੀਆਂ ਘਟਨਾਵਾਂ ਦੀ ਪੁਣ-ਛਾਣ ਕਰ ਰਿਹਾ ਸੀ।
ਹਾਂ, ਲਗਭਗ ਤਿੰਨ ਸਾਲ ਬਾਅਦ ਕਿਸੇ ਹਾਟ-ਬਜਾਰ ਵਿਚ ਮੈਂ ਕਿਸ਼ਨੇ ਦੀਆਂ ਗੱਲਾਂ ਸੁਣੀਆਂ ਹਨ। ਉਹ ਆਪਣੇ ਯਾਰ ਨੂੰ ਹੱਸਦਿਆਂ ਹੋਇਆ ਕਪੂਰੀ ਬਾਰੇ ਦੱਸ ਰਿਹਾ ਸੀ-
''ਯਾਰ ਬੈਂਕ ਦਾ ਕਰਜਾ ਕਦੇ ਵੀ ਨਾ ਲਇਓ। ਫਸਲ-ਪਾਣੀ ਦਾ ਕੋਈ ਭਰੋਸਾ ਨਹੀਂ। ਇਹ ਕਰਜਾ ਜਾਂ ਤਾਂ ਜ਼ਮੀਨ ਖਾਂਦਾ ਹੈ ਜਾਂ ਜਾਨ ਲੈ ਲੈਂਦਾ ਹੈ। ਸਾਡੇ ਪਿੰਡ ਦੀ ਕਪੂਰੀ ਨੂੰ ਜਾਣਦਾ ਹੈਂ। ਉਹੀ ਮੇਰੇ ਖੇਤ ਦੇ ਨੇੜਲੀ। ਬੈਂਕ ਦਾ ਕਰਜਾ ਵਾਪਸ ਨਹੀਂ ਕਰ ਸਕੀ। ਕੱਲ ਸਾੜੀ ਦਾ ਪੱਲਾ ਗਰਦਨ ਵਿਚ ਫਸਾ ਕੇ ਲਟਕ ਗਈ ਸਾਲੀ ਵੱਡੇ ਅੰਬ ਦੇ ਦਰੱਖਤ ਨਾਲ। ਮੈਂ ਤਾਂ ਦੇਖ ਕੇ ਡਰ ਗਿਆ, ਭਾਈ। ਮਦਰ ਇੰਡੀਆ ਨੰਬਰ ਦੋ ਦੀ ਪੂਰੀ ਜੀਭ  ਬਾਹਰ ਨਿਕਲੀ ਹੋਈ ਸੀ।''



ਗ਼ਜ਼ਲ
- ਜਤਿੰਦਰ ਭਨੋਟ
 

ਲੋਕਾਂ ਦੇ ਜਦ ਸੁਪਨੇ ਫੂਕੇ ਜਾਂਦੇ ਨੇ।
ਫਿਰ ਰਾਜੇ ਦੇ ਪੁਤਲੇ ਫੂਕੇ ਜਾਂਦੇ ਨੇ।
ਐਟਮ ਬੰਬਾਂ ਦੇ ਚਰਚੇ ਜਦ ਚੱਲਣ ਗੇ
ਰੋਟੀ ਵਾਲੇ ਨੁਕਤੇ ਫੂਕੇ ਜਾਂਦੇ ਨੇ।
ਚੋਰੀ ਸੀਨਾ ਜੋਰੀ ਹਾਕਮ ਹੈ ਕਰਦਾ
ਮੁੱਦਾ ਭਟਕੇ ਗੁਟਕੇ ਫੂਕੇ ਜਾਂਦੇ ਨੇ।
ਧਰਮਾਂ ਤੋਂ ਅੱਗ ਫੜੀ ਹੈ ਠੇਕੇਦਾਰਾਂ ਨੇ
ਭਾਰਤ ਦੇ ਵਿਚ ਬੁਰਕੇ ਫੂਕੇ ਜਾਂਦੇ ਨੇ।
ਮਟਕਾ ਚੌਕ ਬਣੇ ਮਕਤਲ ਜਦ ਲੋਕਾਂ ਦਾ
ਫਿਰ ਡਿਗਰੀ ਤੇ ਨੁਸਖੇ ਫੂਕੇ ਜਾਂਦੇ ਨੇ।
ਜੰਗੋਂ ਪਹਿਲਾਂ ਜਿੱਥੇ ਮਹਿਫਲ ਸੀ ਜੁੜਦੀ
ਹੁਣ ਉਸ ਥਾਂ 'ਤੇ ਮੁਰਦੇ ਫੂਕੇ ਜਾਂਦੇ ਨੇ।
ਆਡਰ ਬਾਡਰ ਨੇਤਾ ਦੇਣ ਭਨੋਟ ਜਦੋਂ
ਸਰਹੱਦਾਂ 'ਤੇ ਗੁਰਬੇ ਫੂਕੇ ਜਾਂਦੇ ਨੇ


ਗ਼ਜ਼ਲ
- ਮੱਖਣ ਕੁਹਾੜ
ਤੁਰੇ ਨਹੀਂ ਸਾਂ ਤਾਂ ਲੱਗਦਾ ਸੀ ਕਿ ਸਾਨੂੰ ਰਾਹ ਨਹੀਂ ਲੱਭਣਾ
ਤੁਰੇ ਹਾਂ ਤਾਂ ਇਵੇਂ ਲੱਗਦੈ ਕਿ ਹੁਣ ਰਸਤਾ ਨਹੀਂ ਭੁੱਲਣਾ।
ਖਲਾਰੇ ਚੋਗ ਚਿੜੀਆਂ ਲਈ, ਪਰੇਰੇ ਬਾਜਾਂ ਨੂੰ ਓਧਰ,
ਸ਼ਿਕਾਰੀ ਬਣ ਗਿਐ ਮਾਲੀ, ਕਿਵੇਂ ਚਿੜੀਆਂ ਨੇ ਹੈ ਬਚਣਾ?
ਕਰਾਂ ਮੈਂ ਕਿਸ ਤਰ੍ਹਾਂ ਇਤਬਾਰ ਤੇਰੇ ਡੌਲ਼ਿਆਂ ਉਤੇ,
ਕਿ ਜਦ ਵੀ ਫਰਕਣੇ ਨੇ ਇਹ, ਹੈ ਮੇਰਾ ਹੀ ਲਹੂ ਡੁੱਲਣਾ।
ਚਿਤਵ ਨਾ ਪੀਂਘ ਸੱਤ ਰੰਗੀ, ਨਾ ਬੱਦਲਾਂ ਨਾਲ ਲਾ ਯਾਰੀ,
ਤੂੰ ਕਰ ਮਜ਼ਬੂਤ ਖੰਭ ਆਪਣੇ, ਮੁਖਾਲਫ ਵਾ 'ਚ ਸਿੱਖ ਉਡਣਾ।
ਕਹੋ ਵਾਵਾਂ ਨੂੰ ਫੁੱਲ੍ਹਾਂ ਨੂੰ, ਨਿਯਮ ਬਦਲੇ ਨੇ ਰੁੱਤਾਂ ਦੇ,
ਜੇ ਰਹਿਣੈ ਵਾਦੀਆਂ ਵਿਚ, ਤਾਂ ਪਊ ਮੁਤਾਬਕ ਉਸ ਦੇ ਹੀ ਢਲਣਾ
ਤਲਾਵਾਂ ਜਿਹੜਿਆਂ ਵਿਚ ਤੂੰ ਮਗਰਮੱਛ ਪਾਲ ਰੱਖੇ ਨੇ,
ਤੂੰ ਕਿੰਨਾ ਵੀ ਕਹੇਂ ਬੇਸ਼ਕ, ਅਸਾਂ ਉਹਨਾਂ 'ਚ ਨਈਂ ਨ੍ਹਾਉਣਾਂ।
ਸਿਵਾਏ 'ਕੇਸਰੀ' ਫੁੱਲਾਂ ਦੇ ਕੋਈ ਫੁੱਲ ਉਗਾਉਂਦਾ ਨਈਂ,
ਨਾ ਮਾਲੀ ਬਦਲਿਆ ਤਾਂ ਹੋਰ ਫੁੱਲਾਂ ਨੇ ਨਹੀਂ ਬਚਣਾ।

ਸ਼ਰਧਾਂਜਲੀਆਂ (ਸੰਗਰਾਮੀ ਲਹਿਰ-ਦਸੰਬਰ 2017)

ਇੱਕ ਮਿਸਾਲੀ ਕਮਿਊਨਿਸਟ ਸਨ ਕਾਮਰੇਡ ਸਾਧੂ ਰਾਮ ਪਾਹਲੇਵਾਲ 
ਪੰਜਾਬੀ ਦੇ ਮਸ਼ਹੂਰ ਸ਼ਾਇਰ ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ ਸੀ, ''ਦੋ ਟੋਟਿਆਂ 'ਚ ਭੋਇੰ ਵੰਡੀ ਇੱਕ ਲੋਕਾਂ ਦਾ ਇੱਕ ਜੋਕਾਂ ਦਾ।'' ਲੋਕਾਂ ਨੂੰ ਜੋਕਾਂ ਤੋਂ ਮੁਕਤ ਕਰਨ ਲਈ ਸੰਘਰਸ਼ ਚਿਰਾਂ ਤੋਂ ਚੱਲਿਆ ਆ ਰਿਹਾ ਹੈ। ਇਸ ਸੰਘਰਸ਼ ਦੀ ਰਫਤਾਰ ਕਦੇ ਮੱਠੀ, ਕਦੇ ਤੇਜ਼ ਹੁੰਦੀ ਰਹੀ ਹੈ, ਪਰ ਜੋਕਾਂ ਤੋਂ ਮੁਕਤੀ ਲਈ ਸੰਘਰਸ਼ ਕਰ ਰਹੇ ਕਾਫਲੇ ਨੂੰ ਇਹ ਮੁਕੰਮਲ ਭਰੋਸਾ ਹੈ ਕਿ ਇੱਕ ਦਿਨ ਲੋਕਾਂ ਨੂੰ ਜੋਕਾਂ ਤੋਂ ਮੁਕਤੀ ਜ਼ਰੂਰ ਮਿਲੇਗੀ। ਇਸ ਕਾਫਲੇ 'ਚ ਲੋਕ ਲਗਾਤਾਰ ਸ਼ਾਮਲ ਹੁੰਦੇ ਆਏ ਹਨ। ਇਹ ਰਾਹ ਕੋਈ ਏਨਾ ਸੁਖਾਲਾ ਨਹੀਂ ਕਿ ਇਸ ਦੇ ਪਾਂਧੀ ਬਿਨਾਂ ਕਿਸੇ ਰੁਕਾਵਟ ਅਡੋਲ ਤੁਰਦੇ ਜਾਣਗੇ। ਕਈ ਲੋਕ ਇਸ ਪੈਂਡੇ ਤੋਂ ਥੱਕ-ਹਾਰ ਕੇ ਅਲੱਗ ਵੀ ਹੋ ਜਾਂਦੇ ਹਨ। ਜਦੋਂਕਿ ਬਹੁਤੇ ਇਸ ਦੀ ਰਵਾਨਗੀ ਨੂੰ ਬਣਾਈ ਰੱਖਦੇ ਹਨ, ਪਰ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ, ਜਿਹੜੇ ਇਸ ਪੰਧ 'ਤੇ ਖੁਦ ਤਾਂ ਤੁਰਦੇ ਹੀ ਹਨ ਪਰ ਨਾਲ ਹੀ ਆਪਣੀ ਸੰਤਾਨ ਨੂੰ ਵੀ ਇਸੇ ਪੰਧ 'ਤੇ ਤੁਰਨ ਲਈ ਪ੍ਰੇਰਦੇ ਹਨ। ਅਜਿਹੇ ਗਿਣਤੀ ਦੇ ਲੋਕਾਂ 'ਚੋਂ ਸਨ ਕਾਮਰੇਡ ਸਾਧੂ ਰਾਮ ਪਾਹਲੇਵਾਲ।
ਦ੍ਰਿੜ੍ਹ ਨਿਸ਼ਚੇ ਵਾਲੇ ਇਸ ਕਰਮਯੋਗੀ ਮਨੁੱਖ ਦਾ ਜਨਮ 1931 ਵਿੱਚ ਇੱਕ ਗਰੀਬ ਕਿਸਾਨ ਪਰਵਾਰ 'ਚ ਮਾਤਾ ਭਗਵੰਤੀ ਦੇਵੀ ਤੇ ਪਿਤਾ ਮੁਨਸ਼ੀ ਰਾਮ ਦੇ ਘਰ ਹੋਇਆ। ਉਹ ਇੱਕ ਬਹੁਤ ਹੀ ਹੋਣਹਾਰ ਵਿਦਿਆਰਥੀ ਸਨ। ਗੜ੍ਹਸ਼ੰਕਰ ਦੇ ਸਰਕਾਰੀ ਸਕੂਲ 'ਚ ਉਨ੍ਹਾ ਦਸਵੀਂ ਦਾ ਇਮਤਿਹਾਨ ਕਲਾਸ 'ਚੋਂ ਅੱਵਲ ਰਹਿਕੇ ਪਾਸ ਕੀਤਾ ਸੀ। 1954 'ਚ ਉਹ ਇੱਕ ਚੌਥਾ ਦਰਜਾ ਮੁਲਾਜ਼ਮ ਵਜੋਂ ਰੇਲਵੇ 'ਚ ਭਰਤੀ ਹੋਏ ਸਨ। ਆਪਣੇ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰੰਗਾਂ ਨੂੰ ਲੈ ਕੇ 1955 'ਚ ਉਨ੍ਹਾ 9 ਦਿਨ ਦੀ ਭੁੱਖ ਹੜਤਾਲ ਕੀਤੀ, ਪਰ ਇਹ ਅੰਦੋਲਨ ਸਫਲ ਨਹੀਂ ਹੋਇਆ ਤੇ ਉਨ੍ਹਾ ਨੂੰ ਨੌਕਰੀ ਤੋਂ ਹੱਥ ਧੋਣੇ ਪਏ। ਬਾਅਦ 'ਚ ਉਹ ਰੇਲਵੇ ਦੇ ਬੜੌਦਾ ਹਾਊਸ ਹੈੱਡਕੁਆਰਟਰ 'ਚ ਇੱਕ ਕਲਰਕ ਵਜੋਂ ਭਰਤੀ ਹੋਏ ਅਤੇ ਉਨ੍ਹਾ ਟਰੇਡ ਯੂਨੀਅਨ ਸਰਗਰਮੀਆਂ 'ਚ ਪੂਰੀ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਉਨ੍ਹਾ ਨੂੰ ਇਨ੍ਹਾਂ ਸਰਗਰਮੀਆਂ ਕਾਰਨ ਜੇਲ੍ਹ ਵੀ ਹੋਈ ਤੇ ਨੌਕਰੀ ਤੋਂ ਹੱਥ ਵੀ ਧੋਣੇ ਪਏ, ਪਰ ਉਨ੍ਹਾ ਆਪਣੀ ਟਰਮੀਨੇਸ਼ਨ ਖਿਲਾਫ ਅਦਾਲਤੀ ਲੜਾਈ ਲੜੀ ਤੇ 6 ਮਹੀਨਿਆਂ ਅੰਦਰ ਉਨ੍ਹਾ ਨੂੰ ਨੌਕਰੀ 'ਤੇ ਬਹਾਲ ਕਰ ਦਿੱਤਾ ਗਿਆ। 1968 'ਚ ਰੇਲਵੇ ਦੀ ਕੁਲ ਹਿੰਦ ਹੜਤਾਲ ਦੌਰਾਨ ਉਨ੍ਹਾ ਨੂੰ ਮੁੜ ਗ੍ਰਿਫਤਾਰ ਕਰ ਲਿਆ ਗਿਆ ਤੇ ਨੌਕਰੀ ਤੋਂ ਕੱਢ ਦਿੱਤਾ ਗਿਆ, ਪਰ ਅਦਾਲਤ ਨੇ ਉਨ੍ਹਾ ਨੂੰ ਮੁੜ ਬਹਾਲ ਕਰ ਦਿੱਤਾ। 1974 ਦੀ ਰੇਲਵੇ ਹੜਤਾਲ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਰੇਲਵੇ ਦੇ ਸਰਗਰਮ ਆਗੂਆਂ ਨੂੰ ਸਜ਼ਾ ਵਜੋਂ ਦੂਰ-ਦੁਰਾਡੇ ਬਦਲ ਦਿੱਤਾ। ਕਾਮਰੇਡ ਸਾਧੂ ਰਾਮ ਨੂੰ ਵੀ ਨਵੀਂ ਦਿੱਲੀ ਤੋਂ ਬਦਲ ਕੇ ਅੰਮ੍ਰਿਤਸਰ ਭੇਜ ਦਿੱਤਾ ਗਿਆ, ਪਰ ਉਹ ਉਥੇ ਜਾ ਕੇ ਵੀ ਹੜਤਾਲ 'ਚ ਸ਼ਾਮਲ ਹੋਏ।
ਇਹ ਵੀ ਇੱਕ ਦਿਲਚਸਪ ਪਹਿਲੂ ਹੈ ਕਿ ਕਾਮਰੇਡ ਸਾਧੂ ਰਾਮ ਪਾਹਲੇਵਾਲ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਆਰ ਐੱਸ ਐੱਸ ਦੇ ਇੱਕ ਵਰਕਰ ਵਜੋਂ ਕੀਤੀ ਸੀ, ਪਰ ਬਾਅਦ 'ਚ ਅਮਲ 'ਚ ਜਦ ਉਨ੍ਹਾ ਆਮ ਲੋਕਾਂ 'ਚ ਵੰਡੀਆਂ ਪਾਉਣ ਵਾਲੀਆਂ ਆਰ ਐੱਸ ਐੱਸ ਦੀਆਂ ਗਤੀਵਿਧੀਆਂ ਨੂੰ ਸਮਝਿਆ ਤੇ ਹੌਲੀ-ਹੌਲੀ ਉਨ੍ਹਾ ਮੋੜਾ ਕੱਟਣਾ ਸ਼ੁਰੂ ਕਰ ਦਿੱਤਾ ਤੇ 1968 'ਚ ਉਹ ਸੀ ਪੀ ਆਈ ਐੱਮ 'ਚ ਸ਼ਾਮਲ ਹੋ ਗਏ ਅਤੇ ਰੇਲਵੇ ਦੇ ਟਰੇਡ ਯੂਨੀਅਨ ਮੋਰਚੇ 'ਤੇ ਉਨ੍ਹਾ ਪੂਰੀ ਸਰਗਰਮੀ ਨਾਲ ਕੰਮ ਕੀਤਾ। ਆਪਣੀ ਸੇਵਾ-ਮੁਕਤੀ ਤੋਂ ਬਾਅਦ ਉਹ ਪਾਰਟੀ 'ਚ ਪੂਰੀ ਤਰ੍ਹਾਂ ਸਰਗਰਮ ਹੋ ਗਏ ਤੇ ਗੜ੍ਹਸ਼ੰਕਰ ਤਹਿਸੀਲ ਦੇ ਪਾਰਟੀ ਦਫਤਰ ਦੇ ਉਹ ਦਫਤਰ ਸਕੱਤਰ ਰਹੇ। 2001 'ਚ ਉਨ੍ਹਾ ਸੀ ਪੀ ਐੱਮ ਪੰਜਾਬ ਦੀ ਸਥਾਪਨਾ 'ਚ ਵੀ ਮੋਹਰੀ ਰੋਲ ਨਿਭਾਇਆ। ਜਥੇਬੰਦਕ ਸਰਗਰਮੀਆਂ ਦੇ ਮਾਹਰ ਕਾਮਰੇਡ ਸਾਧੂ ਰਾਮ ਪਾਹਲੇਵਾਲ ਨੇ ਹਮੇਸ਼ਾ ਆਪਣੇ ਨਿੱਜੀ ਕੰਮਾਂ ਦੀ ਥਾਂ ਪਾਰਟੀ ਦੇ ਕਾਰਜਾਂ ਨੂੰ ਤਰਜੀਹ ਦਿੱਤੀ। ਉਹ ਪੂਰੀ ਤਰ੍ਹਾਂ ਮਾਰਕਸਵਾਦੀ ਵਿਚਾਰਧਾਰਾ ਨੂੰ ਸਮਰਪਤ ਰਹੇ ਤੇ ਇਸ 'ਚ ਕੋਈ ਵੀ ਥਿੜਕਣ ਨਹੀਂ ਦਿਖਾਈ। ਇੱਕ ਮਿਸਾਲੀ ਕਮਿਊਨਿਸਟ ਹੋਣ ਦਾ ਸਬੂਤ ਦਿੰਦਿਆਂ ਉਨ੍ਹਾ ਆਪਣੇ ਵੱਡੇ ਬੇਟੇ ਕਾਮਰੇਡ ਰਵੀ ਕੰਵਰ ਨੂੰ ਪਾਰਟੀ ਦਾ ਕੁਲਵਕਤੀ ਬਣਨ ਲਈ ਪ੍ਰੇਰਿਆ। ਇਸੇ ਪ੍ਰੇਰਨਾ ਸਦਕਾ ਕਾਮਰੇਡ ਰਵੀ ਕੰਵਰ ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਦੇ ਕੁਲਵਕਤੀ ਵਜੋਂ ਕੰਮ ਕਰ ਰਿਹਾ ਹੈ ਤੇ ਪਾਰਟੀ ਦੇ ਸੂਬਾਈ ਦਫਤਰ ਸਕੱਤਰ ਵਜੋਂ ਸੇਵਾ ਕਰ ਰਿਹਾ ਹੈ। ਉਨ੍ਹਾ ਦਾ ਛੋਟਾ ਬੇਟਾ ਪਹਿਲਾਂ ਵਿਦਿਆਰਥੀ ਜਥੇਬੰਦੀ ਐੱਸ ਐੱਫ ਆਈ 'ਚ ਸਰਗਰਮ ਰਿਹਾ ਤੇ ਬਾਅਦ 'ਚ ਰੇਲਵੇ 'ਚ ਭਰਤੀ ਹੋਣ ਤੋਂ ਬਾਅਦ ਰੇਲਵੇ ਟਰੇਡ ਯੂਨੀਅਨ 'ਚ ਸਰਗਰਮ ਰਿਹਾ।
ਕਾਮਰੇਡ ਸਾਧੂ ਰਾਮ 6 ਅਕਤੂਬਰ ਦੀ ਸ਼ਾਮ ਨੂੰ ਤਾਂ ਭਾਵੇਂ ਸਦੀਵੀ ਵਿਛੋੜਾ ਦੇ ਗਏ ਹਨ, ਪਰ ਉਨ੍ਹਾ ਦੀਆਂ ਭਾਈ ਲਾਲੋਆਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਪਾਈਆਂ ਗਈਆਂ ਪੈੜਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਨਾ ਦਾ ਸਰੋਤ ਬਣੀਆਂ ਰਹਿਣਗੀਆਂ।
ਮਨੁੱਖਤਾ ਦੀ ਭਲਾਈ ਲਈ ਹਮੇਸ਼ਾ ਸਰਗਰਮ ਰਹੇ ਕਾਮਰੇਡ ਸਾਧੂ ਰਾਮ ਪਾਹਲੇਵਾਲ ਨੇ ਮੌਤ ਤੋਂ ਬਾਅਦ ਆਪਣੀ ਦੇਹ ਮੈਡੀਕਲ ਖੋਜ ਕਾਰਜਾਂ ਲਈ ਡੀ ਐੱਮ ਸੀ ਲੁਧਿਆਣਾ ਦੇ ਹਸਪਤਾਲ ਨੂੰ ਦਾਨ ਕਰ ਦਿੱਤੀ ਸੀ ਤੇ ਉਨ੍ਹਾ ਦੀ ਇਸ ਇੱਛਾ 'ਤੇ ਉਨ੍ਹਾ ਦੇ ਪਰਵਾਰ ਨੇ ਪੂਰੀ ਸੁਹਿਰਦਤਾ ਨਾਲ ਫੁੱਲ ਚੜ੍ਹਾਏ। ਪਿੰਡ ਪਾਹਲੇਵਾਲ, ਜੋ ਕਿ ਗੜ੍ਹਸ਼ੰਕਰ-ਨੰਗਲ ਡੈਮ ਰੋਡ 'ਤੇ ਸਥਿਤ ਹੈ, ਵਿਖੇ 16 ਨਵੰਬਰ ਨੂੰ ਕਾਮਰੇਡ ਸਾਧੂ ਰਾਮ ਪਾਹਲੇਵਾਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਉਨ੍ਹਾ ਦੇ ਯੁੱਧ ਸਾਥੀ ਤੇ ਆਰ.ਐਮ.ਪੀ.ਆਈ. ਦੇ ਆਗੂ ਇਕੱਠੇ ਹੋਏ ਅਤੇ ਉਨ੍ਹਾਂ ਨੂੰ ਸੰਗਰਾਮੀ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
- ਇੰਦਰਜੀਤ ਚੁਗਾਵਾਂ



ਪਰਿਵਾਰਕ ਮੈਂਬਰਾਂ ਦੇ ਸਦੀਵੀਂ ਵਿਛੋੜੇ 'ਤੇ ਸੰਵੇਦਨਾਵਾਂ 
ਆਰ.ਐਮ.ਪੀ.ਆਈ. ਦੇ ਸੂਬਾਈ ਸਕੱਤਰੇਤ ਦੇ ਮੈਂਬਰ ਸਾਥੀ ਰਵੀ ਕੰਵਰ ਦੇ ਛੋਟੇ ਭਰਾ ਸਾਥੀ ਰਾਕੇਸ਼ਵਰ ਸਿੰਘ 2 ਦਸੰਬਰ ਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਸਾਥੀ ਰਵੀ ਕੰਵਰ ਦੇ ਪਰਵਾਰ ਨੂੰ ਇਹ ਦੂਜੀ ਵੱਡੀ ਸੱਟ ਵੱਜੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਜੀ, ਮਿਸਾਲੀ ਕਮਿਉੂਨਿਸਟ ਤੇ ਟਰੇਡ ਯੁੂਨੀਅਨ ਆਗੂ, ਸਾਥੀ ਸਾਧੂ ਰਾਮ (ਬਾਊ ਜੀ), ਸਦੀਵੀਂ ਵਿਛੋੜਾ ਦੇ ਗਏ ਸਨ। ਸਾਥੀ ਰਾਕੇਸ਼ਵਰ, ਜੋ 'ਪੇਂਡੂ' ਦੇ ਨਿੱਕ ਨਾਮ ਨਾਲ ਵਧੇਰੇ ਜਾਣੇ ਜਾਂਦੇ ਸਨ, ਵੀ ਆਪਣੇ ਵਿਦਿਆਰਥੀ ਜੀਵਨ ਦੌਰਾਨ ਜੁਝਾਰੂ ਵਿਦਿਆਰਥੀ ਆਗੂ ਵਜੋਂ ਪਛਾਣ ਸਥਾਪਤ ਕਰ ਚੁੱਕੇ ਸਨ। ਉਹ ਸਾਰੀ ਉਮਰ ਪਾਰਟੀ ਦੇ ਅੰਗ-ਸੰਗ ਰਹੇ। ਇਸ ਨੂੰ ਇੱਕ ਦੁਖਦ ਮੌਕਾ ਮੇਲ ਹੀ ਕਿਹਾ ਜਾਵੇਗਾ ਕਿ ਹਾਲੇ 28 ਨਵੰਬਰ ਨੂੰ ਉਨ੍ਹਾਂ ਦੀ ਹੋਣਹਾਰ ਬੇਟੀ ਦੀ ਸ਼ਾਦੀ ਹੋਈ ਸੀ 'ਤੇ 2 ਦਸੰਬਰ ਨੂੰ ਇਹ ਦੁਰਘਟਨਾ ਵਾਪਰ ਗਈ।
 
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਸੰਗਰੂਰ ਜ਼ਿਲ੍ਹਾਂ  ਕਮੇਟੀ ਦੇ ਮੈਂਬਰ ਅਤੇ ਮੂਣਕ-ਲਹਿਰਾ ਤਹਿਸੀਲ ਇਕਾਈ ਦੇ ਸਕੱਤਰ ਸਾਥੀ ਕਰਨੈਲ ਸਿੰਘ ਗੁਰਨੇ ਕਲਾਂ ਬੀਤੇ ਦਿਨੀਂ ਜਿਗਰ ਦੀ ਬਿਮਾਰੀ ਕਰਕੇ ਸਦਾ ਲਈ ਵਿਛੜ ਗਏ। ਉਨ੍ਹਾਂ ਨੱਮਿਤ ਸ਼ਰਧਾਂਜਲੀ ਸਮਾਗਮ 30 ਨਵੰਬਰ, 17 ਨੂੰ ਹੋਇਆ। ਆਰ.ਐਮ.ਪੀ.ਆਈ. ਦੇ ਸੂਬਾ ਕਮੇਟੀ ਮੈਂਬਰ ਸਾਥੀ ਛੱਜੂ ਰਾਮ ਰਿਸ਼ੀ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਾਮਦੇਵ ਭੂਟਾਲ, ਜਗਜੀਤ ਭੁਟਾਲ, ਹਰੀ ਸਿੰਘ ਕੋਟੜਾ ਅਤੇ ਹੋਰਨਾਂ ਨੇ ਉਨ੍ਹਾਂ ਦੀਆਂ ਬੇਮਿਸਾਲ ਸੇਵਾਵਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਸਾਥੀ ਭੀਮ ਸਿੰਘ ਆਲਮਪੁਰ ਵੱਲੋਂ ਸਭਨਾਂ ਦਾ ਆਭਾਰ ਪਰਗਟ ਕੀਤਾ ਗਿਆ।
 
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾਈ ਸਕੱਤਰੇਤ ਦੇ ਮੈਂਬਰ ਸਾਥੀ ਪਰਗਟ ਸਿੰਘ ਜਾਮਾਰਾਏ ਦੇ ਮਾਤਾ ਜੀ, ਸ਼੍ਰੀਮਤੀ ਦਲਬੀਰ ਕੌਰ (80) ਸੁਪਤਨੀ ਸ੍ਰੀ ਧਰਮ ਸਿੰਘ 28 ਅਕਤੂਬਰ, 17 ਨੂੰ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਨਮਿਤ ਸ਼ੋਕ ਸਭਾ 6 ਨਵੰਬਰ ਨੂੰ ਹੋਈ ਜਿੱਥੇ ਪਾਰਟੀ ਦੇ ਜਨਰਲ ਸਕੱਰਤ ਸਾਥੀ ਮੰਗਤ ਰਾਮ ਪਾਸਲਾ ਤੇ ਹੋਰਨਾਂ ਪਾਰਟੀ ਅਤੇ ਜਮਹੂਰੀ ਲਹਿਰ ਦੇ ਆਗੂਆਂ ਵਲੋਂ ਮਾਤਾ ਜੀ ਦੇ ਲੋਕ ਲਹਿਰ 'ਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
 
ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜਨਰਲ ਸਕੱਤਰ ਅਤੇ ਸੂਬਾ ਕਮੇਟੀ ਮੈਂਬਰ ਆਰ.ਐਮ.ਪੀ.ਆਈ. ਦੇ ਪਿਤਾ ਜੀ. ਸ੍ਰੀ ਰਤਨ ਸਿੰਘ (82) 23 ਅਕਤੂਬਰ, 2017 ਨੂੰ ਸਦੀਵੀ ਵਿਛੋੜਾ ਦੇ ਗਏ। 8 ਨਵੰਬਰ ਨੂੰ ਉਨ੍ਹਾਂ ਦੀ ਅੰਤਮ ਅਰਦਾਸ 'ਚ ਬੋਲਦਿਆਂ ਸਾਥੀ ਮੰਗਤ ਰਾਮ ਪਾਸਲਾ ਅਤੇ ਹੋਰਨਾਂ ਪਾਰਟੀ ਆਗੂਆਂ ਵਲੋਂ ਘੁਮਾਣ ਪ੍ਰੀਵਾਰ ਨਾਲ ਦੁੱਖ ਵੰਡਾ ਉਂਦਿਆਂ ਵਿਛੜੇ ਬਜ਼ੁਰਗ ਨੂੰ ਸ਼ਰਧਾਂ ਦੇ ਫੁੱਲ ਭੇਂਟ ਕੀਤੇ ਗਏ।
ਆਰ.ਐਮ.ਪੀ.ਆਈ ਅਤੇ ਅਦਾਰਾ 'ਸੰਗਰਾਮੀ ਲਹਿਰ' ਉਪਰੋਕਤ ਸਾਰੇ ਸਾਥੀਆਂ ਦੇ ਦੁੱਖ 'ਚ ਸ਼ਾਮਲ ਹੁੰਦੇ ਹੋਏ ਸਭਨਾ ਵਿਛੋੜਾ ਦੇ ਗਿਆਂ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹਨ।



ਕਾਮਰੇਡ ਟਪਿਆਲਾ ਤੇ ਸਾਥੀਆਂ ਨੂੰ ਬਰਸੀ ਮੌਕੇ ਸ਼ਰਧਾਂਜਲੀਆਂ 
ਉਘੇ ਦੇਸ਼ ਭਗਤ, ਮਹਾਨ ਇਨਕਲਾਬੀ ਯੋਧੇ ਕਾਮਰੇਡ ਦਲੀਪ ਸਿੰਘ ਟਪਿਆਲਾ ਦੀ 25ਵੀ ਬਰਸੀ ਮੋਕੇ ਇਕ ਵਿਸ਼ਾਲ ਕਾਨਫਰੰਸ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ:ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਪੁੱਜੇ ਆਗੂਆਂ ਨੇ ਟਪਿਆਲਾ ਜੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਰਧਾਜਲੀਆਂ ਭੇਂਟ ਕੀਤੀਆਂ। ਕਾਨਫਰੰਸ ਨੂੰ ਸੰਬੋਧਨ ਕਰਦਿਆ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਪਹਿਲਾਂ 10 ਸਾਲ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਤੇ ਹੁਣ ਭਾਜਪਾ ਦੀ ਮੋਦੀ ਸਰਕਾਰ ਨੇ ਭਾਰਤ ਨੂੰ ਪੂਰੀ ਤਰ੍ਹਾਂ ਸਾਮਰਾਜੀ ਤਾਕਤਾਂ ਅੱਗੇ ਵੇਚ ਦਿੱਤਾ ਹੈ। ਅੱਜ ਭਾਰਤ ਅੰਦਰ ਅੱਧੇ ਤੋ ਵੱਧ ਜਨਸੰਖਿਆਂ ਗਰੀਬੀ ਦੀ ਰੇਖਾ ਤੋ ਹੇਠਾਂ ਜੀਅ ਰਹੀ ਹੈ, ਸਾਰੇ ਸੂਬਿਆਂ ਵਿਚ ਲੁੱਟ -ਖੋਹ, ਕਾਤਲੋਗਾਰਦ, ਬਲਾਤਕਾਰ ਦੀਆਂ ਘਟਨਾਵਾਂ ਹੋ ਰਹੀਆਂ ਹਨ, ਦੇਸ਼ ਦਾ ਕਿਸਾਨ ਖੁਦਕਸ਼ੀਆਂ ਕਰ ਰਿਹਾ ਹੈ ਪਰ ਮੋਦੀ ਸਾਹਿਬ ਵਿਦੇਸ ਦੀ ਯਾਤਰਾ ਕਰਕੇ ਭਾਰਤ ਨੂੰ ਗਹਿਣੇ ਰੱਖਣ ਲਈ ਸਮਝੌਤਾ ਦਰ ਸਮਝੌਤਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕੈਪਟਨ ਦੀ ਸਰਕਾਰ ਝੂਠ ਦੇ ਸਹਾਰੇ ਸੱਤਾ ਵਿਚ ਆਈ ਹੈ ਅਤੇ ਅੱਜ ਵੋਟਾਂ ਦੌਰਾਨ ਕੀਤੇ ਪ੍ਰਮੁੱਖ ਵਾਅਦੇ ਵੀ ਹਵਾ ਹੋ ਗਏ ਹਨ। ਲੋਕ 8 ਮਹੀਨਿਆਂ ਵਿਚ ਹੀ ਇਸ ਸਰਕਾਰ ਤੋ ਬੇਚੈਨ ਹੋ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਧੀਆ ਅਤੇ ਖੁਸ਼ਹਾਲ ਭਾਰਤ ਬਣਾਉਣ ਲਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦਾ ਸਾਥ ਦੇਣ। ਹੋਰਨਾਂ ਤੋ ਇਲਾਵਾ ਸਾਥੀ ਰਘਬੀਰ ਸਿੰਘ ਪਕੀਵਾਂ, ਰਤਨ ਸਿੰਘ ਰੰਧਾਵਾ, ਅਮਰੀਕ ਸਿੰਘ ਦਾਊਦ, ਗੁਰਨਾਮ ਸਿੰਘ ਉਮਰਪੁਰਾ, ਜਨਵਾਦੀ ਇਸਤਰੀ ਸਭਾ ਦੀ ਸੂਬਾ ਜਨਰਲ ਸਕੱਤਰ ਬੀਬੀ ਨੀਲਮ ਘੁਮਾਣ, ਵਿਰਸਾ ਸਿੰਘ ਟਪਿਆਲਾ, ਕੁਲਵੰਤ ਸਿੰਘ ਮਲੂਨੰਗਲ, ਰਾਜਬੀਰ ਸਿੰਘ ਗਿੱਲ, ਘਰ ਬਚਾਉ ਕਮੇਟੀ ਦੇ ਚੇਅਰਮੈਨ ਅਜਾਇਬ ਸਿੰਘ, ਅਮਰਜੀਤ ਸਿੰਘ ਭੀਲੋਵਾਲ, ਸ਼ੀਤਲ ਸਿੰਘ ਤਲਵੰਡੀ, ਬੀਬੀ ਸਰਬਜੀਤ ਕੋਰ ਜਸਰਾਉਰ, ਮਾਸਟਰ ਹਰਭਜਨ ਸਿੰਘ, ਬਲਵਿੰਦਰ ਸਿੰਘ ਰਵਾਲ ਆਦਿ ਨੇ ਟਪਿਆਲਾ ਨੂੰ ਸ਼ਰਧਾਜਲੀਆਂ ਭੇਂਟ ਕਰਦਿਆਂ ਮੋਦੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਦੀਆਂ ਨੀਤੀਆਂ ਵਿਰੁੱਧ ਮੈਦਾਨਾਂ 'ਚ ਨਿੱਤਰਣ ਦਾ ਸੱਦਾ ਦਿੱਤਾ।

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਦਸੰਬਰ 2017)

ਅਕਤੂਬਰ ਇਨਕਲਾਬ ਦੀ ਸ਼ਤਾਬਦੀ ਮੌਕੇ ਥਾਂ-ਥਾਂ ਲਲਕਾਰ ਮਾਰਚ 
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਸੱਦੇ 'ਤੇ, ਯੁਗਪਲਟਾਊ ਅਕਤੂਬਰ ਇਨਕਲਾਬ (1917 ਦੀ ਰੂਸ ਦੀ ਸਮਾਜਵਾਦੀ ਕ੍ਰਾਂਤੀ) ਦੀ ਸ਼ਤਾਬਦੀ ਮੌਕੇ 7 ਨਵੰਬਰ, 2017 ਨੂੰ ਸਾਰੇ ਜ਼ਿਲ੍ਹਾ ਕੇਂਦਰਾਂ 'ਤੇ ਪ੍ਰਭਾਵਸ਼ਾਲੀ ਲੋਕ ਮਾਰਚ ਜੱਥੇਬੰਦ ਕੀਤੇ ਗਏ ਅਤੇ ਇਸ ਇਤਿਹਾਸਕ ਦਿਹਾੜੇ ਨੂੰ ''ਲਲਕਾਰ ਦਿਵਸ'' ਵਜੋਂ ਮਨਾਇਆ ਗਿਆ। ਉਕਤ ਮੰਤਵ  ਦਾ ਸੱਦਾ ਪਾਰਟੀ ਦੀ ਮੁੰਬਈ ਵਿਖੇ ਸੰਪੰਨ ਹੋਈ ਕੇਂਦਰੀ ਕਮੇਟੀ ਦੀ ਮੀਟਿੰਗ ਵੱਲੋਂ ਦਿੱਤਾ ਗਿਆ ਸੀ।
ਲੋਕ ਮਾਰਚਾਂ ਸਮੇਂ, ਪਾਰਟੀ ਵਲੋਂ ਥਾਂ ਪੁਰ ਥਾਂ ਕੀਤੀਆਂ ਗਈਆਂ ਵਿਸ਼ਾਲ ਜਨਸਭਾਵਾਂ ਵਿੱਚ, ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਦੁਨੀਆ ਭਰ ਦੇ ਕਿਰਤੀਆਂ ਦੇ ਆਗੂ ਲੈਨਿਨ ਦੀ ਅਗਵਾਈ ਵਾਲੀ ਬੋਲਸ਼ਵਿਕ ਪਾਰਟੀ ਦੀ ਰਹਿਨੁੰਮਾਈ ਵਿੱਚ, ਰੂਸੀ ਮਿਹਨਤਕਸ਼ ਆਵਾਮ ਵਲੋਂ, ਸੰਸਾਰ 'ਚ ਪਹਿਲੀ ਵਾਰ ਸਥਾਪਤ ਕੀਤੇ ਗਏ, ਸਮਾਜਵਾਜੀ ਪ੍ਰਬੰਧ ਦੀਆਂ ਸ਼ਾਨਾਮਤੀਆਂ ਪ੍ਰਾਪਤੀਆਂ ਦੀ ਮਸ਼ਾਲ ਸੰਸਾਰ ਭਰ 'ਚ ਪ੍ਰਜਵਲਿਤ ਕੀਤੇ ਜਾਣ ਦੇ ਯਤਨ ਕੀਤੇ ਜਾਣ। ਜਨਸਭਾਵਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਅਤੇ ਹੋਰਨਾਂ ਆਗੂਆਂ ਕਿਹਾ ਕਿ ਬੇਸ਼ਕ ਦੁਨੀਆ ਭਰ ਦੇ ਪੂੰਜੀਪਤੀ, ਕਿਰਤੀਆਂ ਦੇ ਇਸ ਪਹਿਲੇ ਰਾਜ ਨੂੰ ਉੱਥੋਂ ਦੇ ਆਗੂਆਂ ਦੀਆਂ ਗਲਤੀਆਂ ਕਾਰਨ ਲੱਗੀਆਂ ਪਛਾੜਾਂ ਕਰਕੇ ਖੁਸ਼ੀਆਂ ਮਨਾਉਣ ਪਰ ਲੁੱਟੀ-ਪੁੱਟੀ ਜਾ ਰਹੀ ਸੰਸਾਰ ਦੇ ਸਾਰੇ ਦੇਸ਼ਾਂ ਦੀ ਲੋਕਾਈ ਨੂੰ ਅਕਤੂਬਰ ਇਨਕਲਾਬ ਵਰਗੀਆਂ ਕਰਾਂਤੀਆਂ ਦੀ ਲੋੜ ਹੈ।
ਆਗੂਆਂ ਨੇ ਜ਼ੋਰ ਦੇਕੇ ਕਿਹਾ ਕਿ ਸਾਮਰਾਜੀ ਬਘਿਆੜਾਂ, ਬਹੁਕੌਮੀ ਕਾਰਪੋਰੇਸ਼ਨਾਂ, ਪੰਜੀਪਤੀਆਂ ਅਤੇ ਹੋਰ ਲੁਟੇਰੇ ਵਰਗਾਂ ਦੀ ਸੰਸਾਰ ਭਰ ਦੇ ਕੁਦਰਤੀ ਖਜਾਣਿਆਂ 'ਤੇ ਲੇਕਾਂ ਦੀ ਲੁੱਟ ਦੇ ਖਾਤਮੇ ਲਈ, ਸੰਸਾਰ ਨੂੰ ਵਿਨਾਸ਼ਕਾਰੀ ਜੰਗਾਂ ਤੋਂ ਬਚਾਉਣ ਲਈ, ਲੋਟੂਆਂ ਵਲੋਂ ਤਿੱਖੇ ਕੀਤੇ ਜਾ ਰਹੇ ਨਸਲੀ, ਫਿਰਕੂ, ਇਲਾਕਾਈ, ਭਾਸ਼ਾਈ, ਲਿੰਗਕ, ਜਾਤ-ਪਾਤੀ ਵਰਤਾਰਿਆਂ ਦੇ ਖਾਤਮੇ ਅਤੇ ਸਭਨਾਂ ਦੇ ਬਰਾਬਰ ਬਹੁਪੱਖੀ ਵਿਕਾਸ ਲਈ, ਮਾਰਕਸਵਾਦ-ਲੈਨਿਨਵਾਦ ਦੀਆਂ ਵਿਗਿਆਨਕ ਸਿੱਖਿਆਵਾਂ 'ਤੇ ਚਲਦਿਆਂ, ਅਕਤੂਬਰ ਇਨਕਲਾਬ ਵਰਗੀਆਂ ਤਬਦੀਲੀਆਂ ਦਾ ਸੰਗਰਾਮ ਹੀ ਇੱਕੋ-ਇੱਕ ਗਰੰਟੀ ਹੋ ਸਕਦਾ ਹੈ। ਪਾਰਟੀ ਆਗੂਆਂ ਵਲੋਂ ਐਲਾਨ ਕੀਤਾ ਗਿਆ ਕਿ ਅਕਤੂਬਰ ਇਨਕਲਾਬ ਦਾ ਲੋਕ ਹਿਤੂ ਸਨੇਹਾ ਘਰ-ਘਰ ਪੁਚਾਉਣ ਲਈ ਜਾਨਹੂਲਵੇਂ ਯਤਨ ਜਾਰੀ ਰੱਖੇ ਜਾਣਗੇ।
 
ਜ਼ਿਲ੍ਹੇ ਵਾਰ ਰੀਪੋਰਟਾਂ ਹੇਠ ਲਿਖੇ ਅਨੁਸਾਰ ਹਨ :
ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਦੀ ਕੇਂਦਰੀ ਕਮੇਟੀ ਦੇ ਸੱਦੇ 'ਤੇ ਇਥੇ 'ਲਾਲਕਾਰ ਮਾਰਚ' ਅਯੋਜਿਤ ਕੀਤਾ ਗਿਆ। 1917 ਦੇ ਮਹਾਨ 'ਅਕਤੂਬਰ ਇਨਕਲਾਬ' ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦੀ 100ਵੇਂ ਵਰ੍ਹੇਗੰਢ ਮੌਕੇ ਅਯੋਜਿਤ ਕੀਤੇ ਮਾਰਚ ਤੋਂ ਪਹਿਲਾਂ ਇਥੋਂ ਦੇ ਦੇਸ਼ ਭਗਤ ਯਾਦਗਰ ਹਾਲ 'ਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸੋਵੀਅਤ ਸੰਘ 'ਚ ਮਹਾਨ ਲੈਨਿਨ ਦੀ ਅਗਵਾਈ ਹੇਠ ਆਏ ਇਨਕਲਾਬ ਨੇ ਮਨੁੱਖਤਾ ਦੀ ਭਲਾਈ ਦੀਆਂ ਨਵੀਆਂ ਉਦਾਹਰਣਾਂ ਨੂੰ ਜਨਮ ਦਿੱਤਾ, ਜਿਸ 'ਚ ਮੁਨਾਫੇ ਦੀ ਥਾਂ ਮਨੁੱਖਤਾ ਨੂੰ ਇੱਕ ਸੰਕਲਪ ਵਜੋਂ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਇਸ ਪ੍ਰਬੰਧ ਦੌਰਾਨ ਸਿਰਫ ਬੇਰੁਜ਼ਗਾਰੀ ਦਾ ਹੀ ਖਾਤਮਾ ਨਹੀਂ ਹੋਇਆ, ਸਗੋਂ ਸਿਹਤ, ਸਾਇੰਸ, ਖ਼ੇਡਾਂ ਸਮੇਤ ਹਰ ਖ਼ੇਤਰ 'ਚ ਵੱਡੀਆਂ ਮੱਲਾਂ ਮਾਰੀਆਂ ਗਈਆਂ ਸਨ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਅਜੋਕੇ ਦੌਰ 'ਚ ਪੂੰਜੀਵਾਦੀ ਲੁੱਟ-ਖਸੁੱਟ ਦੇ ਨਾਲ-ਨਾਲ ਸਰਕਾਰੀ ਲੁੱਟ ਵੀ ਵੱਧਦੀ ਜਾ ਰਹੀ ਹੈ। ਲੋਕਾਂ ਦੀਆਂ ਜੇਬਾਂ 'ਚੋਂ ਪੈਸੇ ਕਢਵਾਉਣ ਲਈ ਜੀ ਐੱਸ ਟੀ ਵਰਗੇ ਕਾਨੂੰਨ ਲਿਆ ਕੇ ਇਥੋਂ ਦੇ ਕੰਮਕਾਰ ਨੂੰ ਚੌਪਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਾਕਮ ਜਲ ਜੰਗਲ ਅਤੇ ਜ਼ਮੀਨ ਨੂੰ ਗਹਿਣੇ ਕਰਕੇ ਦੇਸ਼ ਨੂੰ ਵੇਚਣ ਤੁਰੇ ਹੋਏ ਹਨ।
ਸੰਧੂ ਨੇ ਅੱਗੇ ਕਿਹਾ ਕਿ ਚੋਣਾਂ ਦੌਰਾਨ ਮੋਦੀ ਅਤੇ ਅਮਰਿੰਦਰ ਵੱਲੋਂ ਕੀਤੇ ਗਏ ਚੋਣ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ, ਸਗੋਂ ਹਾਕਮਾਂ ਨੇ ਝੂਠ ਬੋਲ ਕੇ, ਚੋਣਾਂ 'ਚ ਜਿੱਤ ਪ੍ਰਾਪਤ ਕਰਨ ਦੇ ਮਨਸੂਬੇ ਬਣਾ ਲਏ ਹਨ। ਇਸ ਇਕੱਠ ਨੂੰ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾਈ ਆਗੂ ਦਰਸ਼ਨ ਨਾਹਰ, ਮਨੋਹਰ ਗਿੱਲ, ਪਰਮਜੀਤ ਰੰਧਾਵਾ, ਸੰਤੋਖ ਸਿੰਘ ਬਿਲਗਾ, ਸ਼ਿਵ ਕੁਮਾਰ ਤਿਵਾੜੀ, ਰਾਮ ਸਿੰਘ ਕੈਮਵਾਲਾ, ਅਜੈ ਫਿਲੌਰ, ਨਿਰਮਲ ਆਧੀ, ਨਿਰਮਲ ਮਲਸੀਆਂ, ਰਾਮ ਕਿਸ਼ਨ ਅਤੇ ਹਰੀਮੁਨੀ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮਗਰੋਂ ਸ਼ਹਿਰ 'ਚ ਜੋਸ਼ ਭਰੇ ਨਾਅਰਿਆਂ ਨਾਲ 'ਲਲਕਾਰ ਮਾਰਚ' ਕੀਤਾ ਗਿਆ।
 
ਮਾਨਸਾ : ਅੱਜ ਇੱਥੇ ਭਾਰਤੀ ਕ੍ਰਾਂਤੀਕਾਰੀ ਮਾਰਕਸਵਾਦੀ ਪਾਰਟੀ ਦੀ ਤਹਿਸੀਲ ਕਮੇਟੀ ਵਲੋਂ ਮਹਾਨ ਅਕਤੂਬਰ ਇਨਕਲਾਬ ਦੀ 100ਵੀਂ ਵਰ੍ਹੇ ਗੰਢ ਮਨਾਈ ਗਈ। ਸਰਗਰਮ ਵਰਕਰਾਂ ਨੇ ਰੇਲਵੇ ਪਲੇਟਫਾਰਮ ਉੱਪਰ ਸਾਥੀ ਸੁਖਦੇਵ ਸਿੰਘ ਅਤਲਾ ਕਲਾਂ ਅਤੇ ਸਾਥੀ ਧੰਨਾ ਸਿੰਘ ਟਾਹਲੀਆਂ ਦੀ ਪ੍ਰਧਾਨਗੀ ਹੇਠ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਸਾਥੀ ਲਾਲ ਚੰਦ ਸਰਦੂਲਗੜ੍ਹ ਨੇ ਇਨਕਲਾਬ ਦੀ ਮਹਾਨਤਾ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਸੂਬਾ ਕਮੇਟੀ ਮੈੈਂਬਰ ਛੱਜੂ ਰਾਮ ਰਿਸ਼ੀ ਨੇ ਸਮੂਹ ਸਾਥੀਆਂ ਨੂੰ ਸੱਦਾ ਦਿੱਤਾ ਕਿ ਵੱਖ-ਵੱਖ ਮਿਹਨਤਕਸ਼ ਤਬਕਿਆਂ ਭਾਵ ਛੋਟੇ ਕਾਰੋਬਾਰੀ, ਦੁਕਾਨਦਾਰ, ਮਜ਼ਦੂਰ, ਕਿਸਾਨਾਂ ਨੂੰ ਸਮਾਜਕ ਸਮੱਸਿਆਵਾਂ ਬਾਰੇ ਸੁਚੇਤ ਅਤੇ ਜਥੇਬੰਦ ਕਰਨ ਲਈ ਪੂਰਾ ਤਾਣ ਲਾਇਆ ਜਾਵੇ ਤਾਂ ਜੋ ਦੇਸ਼ ਵਿੱਚ ਸਰਮਾਏਦਾਰਾਂ-ਜਗੀਰਦਾਰਾਂ ਦੀ ਰਾਜਸੱਤਾ ਨੂੰ ਖਤਮ ਕਰਕੇ ਮਜ਼ਦੂਰਾਂ-ਕਿਸਾਨਾਂ ਦਾ ਰਾਜ ਸਥਾਪਤ ਕੀਤਾ ਜਾ ਸਕੇ। ਇਸ ਤੋਂ ਬਾਅਦ ਬਾਜ਼ਾਰ ਵਿਚੋਂ ਦੀ ਮਾਰਚ ਕੀਤਾ ਗਿਆ। ਮਾਰਚ ਦੀ ਸਮਾਪਤੀ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਨੂੰ ਸਿਜਦਾ ਕਰਕੇ ਕੀਤੀ ਗਈ।
ਇਸ ਸਮੇਂ ਸਾਥੀ ਗੁਰਤੇਜ ਸਿੰਘ ਖੀਵਾ ਕਲਾਂ, ਮੇਜਰ ਸਿੰਘ ਦੂਲੋਵਾਲ, ਗੁਰਦੇਵ ਸਿੰਘ ਲੋਹਗੜ੍ਹ, ਰਾਜਿੰਦਰ ਕੁਲੈਹਰੀ, ਇੰਦਰਜੀਤ ਅੱਕਾਂਵਾਲੀ, ਪ੍ਰਿੰਸੀਪਲ ਹਰਚਰਨ ਸਿੰਘ ਮੌੜ ਆਦਿ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੇ ਫਰਜ਼ ਤਹਿਸੀਲ ਸਕੱਤਰ ਅਮਰੀਕ ਸਿੰਘ ਫਫੜੇ ਨੇ ਨਿਭਾਏ।
 
ਹੁਸ਼ਿਆਰਪੁਰ :  ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ 7 ਨਵੰਬਰ ਨੂੰ ਅਕਤੂਬਰ ਇਨਕਲਾਬ ਦਾ ਸ਼ਤਾਬਦੀ ਦਿਹਾੜਾ ਕਾਮਰੇਡ ਅਮਰੀਕ  ਸਿੰਘ, ਬਿਆਸ ਦੇਵ ਦੀ ਪ੍ਰਧਾਨਗੀ ਹੇਠ ਸ਼ਹੀਦ ਉਧਮ ਸਿੰਘ ਪਾਰਕ ਵਿਖੇ ਰੋਹ ਭਰਪੂਰ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਮਾਰਚ ਕਰਕੇ ਮਨਾਇਆ ਗਿਆ। ਇਸ ਸਮਾਗਮ ਵਿੱਚ ਪਾਰਟੀ ਦੇ ਸੂਬਾ ਸਕੱਤਰ ਹਰਕੰਵਲ ਸਿੰੰਘ ਵਿਸ਼ੇਸ਼ ਤੌਰ 'ਤੇ ਸ਼ਾਮੂਲ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਹਰਕੰਵਲ ਸਿੰੰਘ ਅਤੇ ਸੂਬਾ ਕਮੇਟੀ ਮੈਂਬਰ ਡਾ: ਕਰਮਜੀਤ ਸਿੰਘ ਨੇ ਅਕਤੂਬਰ ਇਨਕਲਾਬ ਦੀ ਮਹਾਨਤਾ ਬਾਰੇ ਵਿਸਥਾਰ ਸਹਿਤ ਚਾਨਣਾ ਪਾੳਂੁਦਿਆਂ ਦੱਸਿਆ ਕਿ 7 ਨਵੰਬਰ 1917 ਨੂੰ ਸੰਸਾਰ ਵਿੱਚ ਇੱਕ ਐਸੀ ਇਨਕਲਾਬੀ ਤਬਦੀਲੀ ਆਈ, ਜਿਸ ਨੇ ਸਾਧਨਹੀਣ, ਬੇਵੱਸ, ਲਾਚਾਰ, ਨਰਕ ਵਰਗੀ ਜ਼ਿੰਦਗੀ ਭੋਗ ਰਹੇ, ਨਿਮਾਣੇ, ਨਿਤਾਣੇ ਤੇ ਹਰ ਪੱਖੋਂ ਲਿਤਾੜੇ ਹੋਏ ਗਰੀਬ ਲੋਕ ਰਾਜਭਾਗ ਦੇ ਮਾਲਕ ਬਣ ਬੈਠੇ। ਉਨ੍ਹਾਂ ਸਰਮਾਏਦਾਰੀ ਵਿਵਸਥਾ ਵਿੱਚ ਲਗਾਤਾਰ ਵੱਧ ਰਹੇ ਆਰਥਿਕ ਸੰਕਟ ਨੂੰ ਟਾਲਣ ਲਈ ਵਿਕਾਸਸ਼ੀਲ ਦੇਸ਼ਾਂ ਤੇ ਆਰਥਿਕ ਬੋਝ ਲੱਦਣ ਬਾਰੇ, ਮੋਦੀ ਸਰਕਾਰ ਦੀ ਸਰਮਾਏਦਾਰ ਪੱਖੀ ਤੇ ਲੋਕ-ਵਿਰੋਧੀ ਪਹੁੰਚ, ਆਰ.ਐੱਸ.ਐੱਸ. ਤੋਂ ਅਗਵਾਈ ਲੈ ਕੇ ਹਿੰਦੂ ਰਾਸ਼ਟਰਵਾਦ ਦੇ ਭੜਕਾਊ ਮਨਸ਼ੇ, ਜਾਤੀਵਾਦ ਅਤੇ ਧਰਮਾਂ ਦੇ ਨਾਂਅ 'ਤੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦੇ ਅਸਲ ਮੁੱਦਿਆਂ ਤੋਂ ਭਟਕਾਉਣ ਦੀਆਂ ਚਾਲਾਂ, ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਚੋਣਾਂ ਵਿੱਚ ਕੀਤੇ ਵਾਧੇ ਪੂਰੇ ਨਾ ਕਰਨਾ ਅਦਿ ਬਾਰੇ ਅਤੇ ਹੋਰ ਲੋਕਾਂ ਦੀਆਂ ਸਮੱਸਿਆਵਾਂ ਤੇ ਵਿਸਥਾਰ ਸਹਿਤ ਚਾਨਣਾ ਪਾਇਆ।
ਇਸ ਮੌਕੇ ਕਾ. ਗਿਆਨ ਸਿੰਘ ਗੁਪਤਾ, ਕਾ: ਜੋਧ ਸਿੰਘ, ਕਾ: ਗੰਗਾ ਪ੍ਰਸਾਦਿ, ਕਾ:ਸੱਤਪਾਲ ਲੱਠ, ਕਾ: ਪਿਆਰਾ ਸਿੰਘ ਪਰਖ, ਕਾ:ਸਵਰਨ ਸਿੰਘ, ਕਾ: ਅਮਰਜੀਤ ਸਿੰਘ ਕਾਨੂੰਗੋ, ਕਾ: ਸ਼ਿਵ ਕੁਮਾਰ, ਡਾ: ਤਰਲੋਚਨ ਸਿੰਘ, ਕਾ: ਕੁਲਤਾਰ ਸਿੰਘ, ਕਾ: ਦਵਿੰਦਰ ਸਿੰਘ ਕੱਕੋਂ, ਕਾ: ਮਲਕੀਤ ਸਿੰਘ, ਕਾ: ਬਲਵੀਰ ਸਿੰਘ ਸੈਣੀ, ਕਾ: ਤਰਸੇਮ ਲਾਲ, ਕਾ:ਸਰਵਨ ਸਿੰਘ, ਕਾ: ਸ਼ਾਦੀ ਲਾਲ ਕਪੂਰ, ਕਾ: ਦੀਪਕ ਠਾਕਰ, ਕਾ: ਧਰਮਿੰਦਰ ਸਿੰਘ, ਕਾ: ਗੁਰਦੇਵ ਦੱਤ, ਕਾ: ਹਰਜਾਪ ਸਿੰਘ, ਕਾ: ਬਲਵੰਤ ਰਾਮ ਆਦਿ ਤੋਂ ਇਲਾਵਾ ਸੈਕੜੇ ਕਿਰਤੀ ਲੋਕ ਸ਼ਾਮਲ ਸਨ। ਇਸ ਉਪਰੰਤ ਸ਼ਹਿਰ ਵਿੱਚ ਮਾਰਚ ਕੀਤਾ ਗਿਆ।
 
ਗੁਰਦਾਸਪੁਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਨਹਿਰੂ ਪਾਰਕ ਸੁੱਕਾ ਤਲਾਬ ਵਿੱਚ ਰੂਸੀ ਅਕਤੂਬਰ ਇਨਕਲਾਬ ਦੀ ਸੌਵੀਂ ਵਰ੍ਹੇਗੰਢ ਮੌਕੇ ਰੈਲੀ ਅਤੇ ਸ਼ਹਿਰ ਵਿੱਚ ਵਿਸ਼ਾਲ ਮਾਰਚ ਕੀਤਾ ਗਿਆ। ਇਸ ਦੀ ਅਗਵਾਈ ਸਰਵਸਾਥੀ ਅਵਤਾਰ ਸਿੰਘ ਗੁਰਦਾਸਪੁਰ, ਨਿਰਮਲ ਸਿੰਘ ਬੋਪਾਰਾਏ, ਮਨਜੀਤ ਸਿੰਘ ਕਾਦੀਆਂ, ਮਨਦੀਪ ਕੌਰ ਅਤੇ ਗੁਰਜੀਤ ਸਿੰਘ ਕਲਾਨੌਰ ਨੇ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਘਬੀਰ ਸਿੰਘ ਪਕੀਵਾਂ, ਜ਼ਿਲ੍ਹਾ ਆਗੂ ਮੱਖਣ ਸਿੰਘ ਕੋਹਾੜ, ਕਾਮਰੇਡ ਸ਼ਮਸ਼ੇਰ ਸਿੰਘ ਨਵਾਂ ਪਿੰਡ ਸੂਬਾ ਕਮੇਟੀ ਮੈਂਬਰ ਅਤੇ ਜਸਵੰਤ ਸਿੰਘ ਬੁੱਟਰ ਨੇ ਕਿਹਾ ਕਿ ਅਕਤੂਬਰ ਇਨਕਲਾਬ ਨੇ ਜ਼ਾਰਸ਼ਾਹੀ ਵਿਰੁੱਧ ਸੰਘਰਸ਼ ਲੜ ਕੇ ਰੂਸ ਵਿੱਚ ਅਜਿਹਾ ਕਿਰਤੀ ਵਰਗ ਦਾ ਰਾਜ ਸਥਾਪਤ ਕੀਤਾ, ਇਸ ਨਾਲ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਪੂਰੀ ਤਰ੍ਹਾਂ ਖਤਮ ਕਰ ਦਿੱਤੀ। ਅਜੋਕੇ ਦੌਰ ਵਿੱਚ ਸਾਮਰਾਜੀ ਸ਼ਕਤੀਆਂ ਵੱਲੋਂ ਸਥਾਪਤ ਪੂੰਜੀਵਾਦੀ ਵਿਵਸਥਾ ਦੇ ਨਿਕਲ ਰਹੇ ਲੋਕ ਵਿਰੋਧੀ ਸਿੱਟਿਆਂ 'ਨੇ ਸਾਬਤ ਕਰ ਦਿੱਤਾ ਹੈ ਕਿ ਕਿਰਤੀ ਲੋਕਾਂ ਦੀ ਮੁਕਤੀ ਦਾ ਸਮਾਜਵਾਦ ਹੀ ਇੱਕੋ-ਇੱਕ ਰਾਹ ਹੈ। ਉਨ੍ਹਾ ਰੈਲੀ ਵਿੱਚ ਸ਼ਾਮਲ ਲੋਕਾਂ ਨੂੰ ਦੇਸ਼ ਵਿੱਚ ਸਮਾਜਵਾਦੀ ਵਿਵਸਥਾ ਸਥਾਪਤ ਕਰਨ ਲਈ ਜ਼ੋਰਦਾਰ ਅਪੀਲ ਕੀਤੀ।
ਇਸ ਰੈਲੀ ਨੂੰ ਉਪਰੋਕਤ ਆਗੂਆਂ ਤੋਂ ਇਲਾਵਾ ਸਰਵਸਾਥੀ ਦਰਸ਼ਨ ਸਿੰਘ ਡੇਹਰੀਵਾਲ, ਜੋਗਿੰਦਰਪਾਲ ਸੈਣੀ ਦੀਨਾਨਗਰ, ਬੀ ਕੇ ਪੁਰੀ ਧਾਰੀਵਾਲ, ਬਲਰਾਜ ਸਿੰਘ ਬਿਸ਼ਨ ਕੋਟ, ਮਹੰਤ ਚੰਚਲ ਸਿੰਘ ਤੇ ਰਮੇਸ਼ ਚੰਦ ਨੇ ਵੀ ਸੰਬੋਧਨ ਕੀਤਾ। ਅਤੇ ਅਕਤੂਬਰ ਇਨਕਲਾਬ ਦੀ ਵਿਰਾਸਤ ਨੂੰ ਬੁਲੰਦ ਕਰਨ ਦਾ ਸੱਦਾ
 
ਰੂਪਨਗਰ : ਆਰ ਐੱਮ ਪੀ ਆਈ ਜ਼ਿਲ੍ਹਾ ਰੂਪਨਗਰ ਵੱਲੋਂ ਰੂਸ ਇਨਕਲਾਬ ਦੀ 100ਵੀਂ ਵਰ੍ਹੇਗੰਢ 'ਤੇ ਸੈਂਕੜੇ ਕਾਰਕੁਨਾਂ ਨੇ ਇੱਥੇ ਮਾਧੋ ਸਿੰਘ ਦੀ ਸਰਾਂ ਵਿਖੇ ਰੈਲੀ ਕਰਨ ਉਪਰੰਤ ਜ਼ਿਲ੍ਹਾ ਸਕੱਤਰ ਮੋਹਣ ਸਿੰਘ ਧਮਾਣਾ, ਹਿੰਮਤ ਸਿੰਘ ਨੰਗਲ ਅਤੇ ਜਰਨੈਲ ਸਿੰਘ ਘਨੌਲੀ ਦੀ ਅਗਵਾਈ ਵਿੱਚ ਲਲਕਾਰ ਮਾਰਚ ਕੀਤਾ। ਇਸ ਰੈਲੀ ਨੂੰ ਮਲਕੀਅਤ ਸਿੰਘ ਪਲਾਸੀ, ਜੁਗਿੰਦਰ ਸਿੰਘ ਪੰਨੂ, ਅਵਤਾਰ ਸਿੰਘ ਮੂਸਾਪੁਰ, ਬਲਵਿੰਦਰ ਸਿੰਘ ਅਸਮਾਨਪੁਰ ਅਤੇ ਸ਼ਮਸ਼ੇਰ ਸਿੰਘ ਹਵੇਲੀ ਨੇ ਵੀ ਸੰਬੋਧਨ ਕੀਤਾ।
 
ਤਰਨ ਤਾਰਨ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਦੇ ਝੰਡੇ ਹੇਠ ਰੂਸੀ ਇਨਕਲਾਬ ਦੀ 100ਵੀਂ ਵਰ੍ਹੇਗੰਢ 'ਤੇ ਲਾਲ ਝੰਡਿਆਂ ਨਾਲ ਤਰਨ ਤਾਰਨ ਦੇ ਬਜ਼ਾਰਾਂ ਵਿੱਚ ਮੁਜ਼ਾਹਰਾ ਕੀਤਾ ਗਿਆ, ਜਿਸ ਦੀ ਅਗਵਾਈ ਪਾਰਟੀ ਦੇ ਪ੍ਰਮੁੱਖ ਆਗੂ ਅਰਸਾਲ ਸਿੰਘ ਸੰਧੂ, ਮੁਖਤਾਰ ਸਿੰਘ ਮੱਲ੍ਹਾ, ਜਸਪਾਲ ਸਿੰਘ ਝਬਾਲ ਆਦਿ ਆਗੂਆ ਨੇ ਕੀਤੀ। ਮੁਜ਼ਾਹਰਾ ਕਰਨ ਤੋਂ ਪਹਿਲਾਂ ਗਾਂਧੀ ਪਾਰਕ ਵਿੱਚ ਇਕੱਠ ਕੀਤਾ ਗਿਆ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਆਰ ਐੱਮ ਪੀ ਆਈ ਦੇ ਜ਼ਿਲ੍ਹਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਜ਼ਿਲ੍ਹਾ ਸਕੱਤਰੇਤ ਮੈਂਬਰ ਦਲਜੀਤ ਸਿੰਘ ਦਿਆਲਪੁਰਾ, ਬਲਦੇਵ ਸਿੰਘ ਪੰਡੋਰੀ ਅਤੇ ਚਮਨ ਲਾਲ ਦਰਾਜਕੇ ਤੋਂ ਇਲਾਵਾ ਹਰਦੀਪ ਸਿੰਘ ਰਸੂਲਪੁਰ, ਚਰਨਜੀਤ ਸਿੰਘ ਬਾਠ, ਦਾਰਾ ਸਿੰਘ ਮੁੰਡਾਪਿੰਡ, ਮਨਜੀਤ ਸਿੰਘ ਬੱਗੂ, ਬਲਦੇਵ ਸਿੰਘ ਭੈਲ, ਕਰਮ ਸਿੰਘ ਫਤਿਆਬਾਦ, ਡਾ. ਅਜੈਬ ਸਿੰਘ ਜਹਾਂਗੀਰ, ਜਸਬੀਰ ਸਿੰਘ ਵੈਰੋਵਾਲ, ਸੁਲੱਖਣ ਸਿੰਘ ਤੁੜ, ਹਰਭਜਨ ਸਿੰਘ ਪੱਟੀ, ਜਰਨੈਲ ਸਿੰਘ ਦਿਆਲਪੁਰਾ, ਨਰਿੰਦਰ ਕੌਰ ਪੱਟੀ, ਨਿਰਪਾਲ ਸਿੰਘ, ਬਲਵੰਤ ਸਿੰਘ ਅਤੇ ਧਰਮ ਸਿੰਘ ਪੱਟੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
 
ਅੰਮ੍ਰਿਤਸਰ : ਭਾਰਤੀ ਇੰਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ 'ਮਹਾਨ ਅਕਤੂਬਰ ਇਨਕਲਾਬ' ਦੀ  100ਵੀਂ ਵਰ੍ਹੇਂ ਗੰਢ ਜ਼੍ਹਿਲਾ ਪੱਧਰ 'ਤੇ ਅੰਮ੍ਰਿਤਸਰ ਵਿਖੇ ਇਨਕਲਾਬੀ ਭਾਵਨਾ ਹੇਠ, ''ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ'' ਕਰਨ ਦੇ ਸੰਕਲਪ ਵਜੋਂ ਬੜੇ ਜੋਸ਼ੋ-ਖਰੋਸ਼ ਨਾਲ ਮਨਾਈ ਗਈ ਕਾਮਰੇਡ ਲੈਨਿਨ ਦੀ ਅਗਵਾਈ ਹੇਠਲੀ ਰੂਸ ਦੀ ਕਮਿਉੂਨਿਸਟ ਪਾਰਟੀ (ਬਾਲਸ਼ਵਿਕ) ਤੇ ਮਹਾਨ ਅਕਤੂਬਰ ਇਨਕਲਾਬ ਲਈ ਜਾਨਾਂ ਵਾਰਨ ਵਾਲੇ ਸੁੂਰਮਿਆਂ ਨੂੰ ਯਾਦ ਕੀਤਾ ਗਿਆ। ਇਸ ਵਿਲੱਖਣ 'ਸਮਾਗਮ ਤੇ ਮਾਰਚ' 'ਚ ਜ਼ਿਲ੍ਹੇ ਭਰ ਦੇ ਪਾਰਟੀ ਕਾਰਕੁੰਨ, ਆਗੂ ਅਤੇ ਹਮਦਰਦ ਵੱਡੀ ਗਿਣਤੀ ਵਿਚ ਪਾਰਟੀ ਦੇ ਝੰਡੇ ਤੇ ਮਾਟੋ ਹੱਥਾਂ ਵਿਚ ਫੜ੍ਹਕੇ 'ਇਨਕਲਾਬ-ਜਿੰਦਾਬਾਦ', 'ਦੁਨੀਆਂ ਭਰ ਦੇ ਮਿਹਨਤਕਸ਼ੋ ਇਕ ਹੋ ਜਾਓ' ਤੇ 'ਸਾਮਰਾਜਵਾਦ-ਮੁਰਦਾਬਾਦ' ਦੇ ਨਾਅਰੇ ਮਾਰਦੇ ਹੋਏ ਵੱਡੀ ਗਿਣਤੀ' ਚ ਕਾਫਲਿਆਂ ਦੇ ਰੂਪ ਵਿਚ ਸ਼ਾਮਲ ਹੋਏ। ਇਸ ਇਨਕਲਾਬੀ ਮਾਰਚ' ਦੀ ਅਗਵਾਈ ਆਰ.ਐਮ.ਪੀ.ਈ. ਦੇ ਪ੍ਰਮੁੱਖ ਆਗੂਆਂ ਡਾ. ਗੁਰਮੇਜ ਸਿੰਘ ਤਿੰਮੋਵਾਲ, ਕਾਮਰੇਡ ਜਗਤਾਰ ਸਿੰਘ ਕਰਮਪੁਰਾ, ਬਾਬਾ ਅਰਜਨ ਸਿੰਘ ਹੁਸ਼ਿਆਰਨਗਰ ਤੇ ਸਾਥੀ ਸ਼ੀਤਲ ਸਿੰਘ ਤਲਵੰਡੀ ਨੇ ਕੀਤੀ।
ਮਾਰਚ ਤੋਂ ਪਹਿਲਾਂ ਹੋਏ ਨੂੰ ਸੰਬੋਧਨ ਕਰਦਿਆਂ ਭਾਰਤੀ ਇੰਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਗੁਰਨਾਮ ਸਿੰਘ ਦਾਊਦ ਤੇ ਜ਼੍ਹਿਲਾ ਸਕੱਤਰ ਸਾਥੀ ਰਤਨ ਸਿੰਘ ਰੰਧਾਵਾ ਨੇ ਦਸਿਆ ਕਿ ਅੱਜ ਤੱਕ ਦੇ ਮਨੁੱਖੀ ਇਤਹਾਸ ਵਿਚ 7 ਨਵੰਬਰ 1917 ਦਾ ਦਿਨ ਅ
ਅੰਤ ਮਹੱਤਵਪੂਰਨ ਦਿਵਸ 'ਮਹਾਨ ਅਕਤੂਬਰ ਇਨਕਲਾਬ' ਦੇ ਤੌਰ ਤੇ ਜਾਣਿਆ ਜਾਂਦਾ ਹੈ।
ਇਸ ਸਮਾਗਮ ਤੇ ਮਾਰਚ ਨੂੰ ਹੋਰਨਾਂ ਤੋਂ ਇਕਾਵਾ ਆਰ.ਐਮ.ਪੀ.ਆਈ. ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਤਨਾਮ ਸਿੰਘ ਅਜਨਾਲਾ, ਸੂਬਾ ਕਮੇਟੀ ਮੈਂਬਰ ਸਾਥੀ ਅਮਰੀਕ ਸਿੰਘ ਦਾਊਦ, ਗੁਰਨਾਮ ਸਿੰਘ ਉਮਰਪੂਰਾ, ਡਾ.ਬਲਵਿੰਦਰ ਸਿੰਘ ਛੇਹਰਟਾ ਤੇ ਮਾਸਟਰ ਹਰਭਜਨ ਸਿੰਘ ਟਰਪਈ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਮਹਾਨ ਇਨਕਲਾਬ ਦੀ ਬਦੋਲਤ ਲੋਕਾਂ 'ਚ ਕਾਇਮ ਹੋਏ ਸਮਾਜਵਾਦੀ ਪ੍ਰਬੰਧ ਪ੍ਰਤੀ ਵਿਸ਼ਵਾਸ ਕਾਰਨ ਪੂੰਜੀਵਾਦੀ ਦੇਸ਼ਾਂ ਦੇ ਹਾਕਮਾਂ ਨੂੰ ਵੀ ਕੁਝ ਆਰਥਿਕ ਰਿਆਇਤਾ ਲੋਕਾਂ ਨੂੰ ਦੇਣ ਲਈ ਮਜ਼ਬੂਰ ਹੋਣਾ ਪਿਆ।



ਪੀ.ਐਸ.ਐਫ. ਵਲੋਂ ਵਿਦਿਆਰਥੀ ਮੰਗਾਂ ਨੂੰ ਲੈ ਕੇ ਮੁਜ਼ਾਹਰਾ
 

ਪੰਜਾਬ ਸਟੂਡੈਂਟਸ ਫੈਡਰੇਸ਼ਨ(ਪੀ.ਐਸ.ਐਫ) ਵਲੋਂ ਦਲਿਤ ਵਿਦਿਆਰਥੀਆਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਤੋ ਲੈ ਕੇ ਡੀ.ਸੀ. ਦਫ਼ਤਰ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡੀ.ਸੀ. ਦੇ ਨਾਂ ਉਚ ਅਧਿਕਾਰੀਆ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮਾਰਚ ਦੀ ਅਗਵਾਈ ਰਵੀ ਕੁਮਾਰ, ਸੰਦੀਪ ਸਿੰਘ, ਮਨੀਸ਼ਾ ਰਾਣੀ ਨੇ ਕੀਤੀ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਦਲਿਤ ਵਿਦਿਆਰਥੀਆਂ ਦੀਆਂ ਸਾਰੀਆਂ ਫੀਸਾਂ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਅਧੀਨ ਮੁਆਫ ਹਨ ਅਤੇ ਹਾਈਕੋਰਟ ਦੀਆਂ ਹਦਾਇਤਾਂ ਦੇ ਅਨੁਸਾਰ ਜੇਕਰ ਕੋਈ ਕਾਲਜ਼ ਫੀਸਾਂ ਦਾ ਕਲੇਮ ਆਪਣੇ ਕਾਲਜ਼ ਅਕਾਉੁਂਟ 'ਚ ਕਰਦਾ ਹੈ ਤਾਂ ਉਹ ਕਾਲਜ ਕਿਸੇ ਵੀ ਵਿਦਿਆਰਥੀ ਕੋਲਂੋ ਫੀਸ ਨਹੀ ਵਸੂਲ ਕਰੇਗਾ ਪ੍ਰੰਤੂ ਪ੍ਰਾਈਵੇਟ ਕਾਲਜ਼ਾਂ, ਸੀ. ਟੀ. ਇੰਸਟੀਚਿਊਟ ਅਤੇ ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ਼ ਸੰਗ ਢੇਸੀਆਂ ਦੁਆਰਾ ਵਿਦਿਆਰਥੀਆਂ ਕੋਲੋਂ ਧੱਕੇ ਨਾਲ ਫੀਸ ਵਸੂਲ ਕੀਤੀ ਜਾ ਰਹੀ ਹੈ ਅਤੇ ਫੀਸਾਂ ਨਾ ਦੇਣ ਵਾਲੇ ਵਿਦਿਆਰਥੀਆਂ ਨੂੰ ਜਾਤੀ ਤੌਰ 'ਤੇ ਜਲੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਚੋਣਾਂ ਦੌਰਾਨ ਨਵੇਂ-ਨਵੇਂ ਲਾਰੇ ਲਾ ਕੇ ਸੱਤਾ 'ਚ ਆਈ ਕੈਪਟਨ ਸਰਕਾਰ ਵੀ ਦਲਿਤ ਵਿਦਿਆਰਥੀਆਂ ਦੀ  ਪ੍ਰਾਇਵੇਟ ਕਾਲਜ਼ਾਂ ਵਲੋਂ ਕੀਤੀ ਜਾਂਦੀ ਲੁੱਟ ਨੂੰ ਦੇਖ ਕੇ ਕੇਵਲ ਮੂਕ ਦਰਸ਼ਕ ਬਣ ਬੈਠੀ ਹੈ ਜਦਕਿ ਇਨ੍ਹਾਂ ਵਿਦਿਆਰਥੀਆਂ ਨੂੰ ਨਾ ਤਾ ਰੋਲ ਨੰਬਰ ਜਾਰੀ ਕੀਤੇ ਜਾ ਰਹੇ ਹਨ ਅਤੇ ਨਾ ਹੀ ਕਲਾਸਾਂ 'ਚ ਵੜਨ ਦਿੱਤਾ ਜਾ ਰਿਹਾ ਹੈ। ਜਿਹੜੇ ਵਿਦਿਆਰਥੀ ਫੀਸਾਂ ਨਾ ਦੇਣ ਦੀ ਗੱਲ ਕਰਦੇ ਹਨ ਉਨ੍ਹਾਂ ਨੂੰੰ ਨਾਂ ਕੱਟਣ ਅਤੇ ਹਾਜ਼ਰੀਆਂ ਘੱਟ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆ ਹਨ।
ਉਨ੍ਹਾਂ ਮੰਗ ਕੀਤੀ ਕਿ ਫਿਲੌਰ, ਗੁਰਾਇਆਂ ਵਿਖੇ ਸਰਕਾਰੀ ਬੱਸਾਂ ਦਾ ਰੁਕਣਾ ਯਕੀਨੀ ਬਣਾਇਆਂ ਜਾਵੇ ਅਤੇ ਬੱਸ ਪਾਸ ਹੋਲਡਰ ਵਿਦਿਆਰਥੀਆਂ ਨੂੰ ਲਿਜਾਣਾ ਯਕੀਨੀ ਬਣਾਇਆਂ ਜਾਵੇ। ਬੱਸਾਂ 'ਚ ਗੈਰ-ਕਾਨੂੰਨੀ ਢੰਗ ਨਾਲ ਚੱਲਦੇ ਲੱਚਰ ਤੇ ਗੰਦੇ ਗੀਤਾਂ ਉਪਰ ਪਾਬੰਦੀ ਲਗਾਈ ਜਾਵੇ। ਇਸ ਮੌਕੇ ਉਨ੍ਹਾਂ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮਸਲੇ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਫੈਡਰੇਸ਼ਨ ਵਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋ ਇਲਾਵਾ ਪ੍ਰਭਾਤ ਕਵੀ, ਮਨਦੀਪ ਜਮਸ਼ੇਰ, ਮਨੀਸ਼ਾ, ਹਰਪ੍ਰੀਤ, ਰਾਧਿਕਾ ਅਤੇ ਵੱਖ-ਵੱਖ ਕਾਲਜ਼ਾਂ ਦੇ ਵਿਦਿਆਰਥੀ ਵੀ ਸ਼ਾਮਲ ਸਨ।

ਸਹਾਇਤਾ (ਸੰਗਰਾਮੀ ਲਹਿਰ-ਦਸੰਬਰ 2017)

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਰਵੀ ਸਿੰਘ ਉਮਰਪੁਰਾ ਨੇ ਆਪਣੇ ਦਾਦਾ ਸਾਥੀ ਬਹਾਦਰ ਸਿੰਘ ਉਮਰਪੁਰਾ ਦੇ  ਸ਼ਰਧਾਂਜਲੀ ਸਮਾਗਮ ਸਮੇਂ ਆਰ.ਐਮ.ਪੀ.ਆਈ. ਤਹਿਸੀਲ ਅਜਨਾਲਾ ਨੂੰ ਇਕੱ ਹਜ਼ਾਰ ਰੁਪਏ ਤੇ ਸੰਗਰਾਮੀ ਲਹਿਰ ਨੂੰ ਇੱਕ ਸੌ ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਕੁਲਵੰਤ ਸਿੰਘ ਕਿਰਤੀ ਨੇ ਆਪਣੀ ਪਤਨੀ ਜਨਵਾਦੀ ਇਸਤਰੀ ਸਭਾ ਦੀ ਆਗੂ ਸ਼੍ਰੀਮਤੀ ਮਨਜੀਤ ਕੌਰ ਸੀਡ ਫਾਰਮ ਕੱਚਾ (ਅਬੋਹਰ) ਦੇ ਸ਼ਰਧਾਂਜਲੀ ਸਮਾਗਮ ਮੌਕੇ ਆਰ.ਐਮ.ਪੀ.ਆਈ. ਨੂੰ ਇੱਕ ਹਜ਼ਾਰ ਰੁਪਏ, ਜਮਹੂਰੀ ਕਿਸਾਨ ਸਭਾ ਪੰਜਾਬ ਨੂੰ ਇੱਕ ਹਜ਼ਾਰ ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ ਇੱਕ ਸੌ ਰੁਪਏ ਸਹਾਇਤਾ ਵਜੋਂ ਦਿੱਤੇ।
 
ਪ੍ਰਿੰਸੀਪਲ ਪਿਆਰਾ ਸਿੰਘ ਸਕੱਤਰ ਆਰ.ਐਮ.ਪੀ.ਆਈ. ਹੁਸ਼ਿਆਰ ਪੁਰ ਤੇ ਸ੍ਰੀ ਮਤੀ ਹਰਬੰਸ ਕੌਰ ਵਲੋਂ ਆਪਣੇ ਪੋਤਰੇ ਅਵਰਾਜ ਸਿੰਘ ਸਪੁਤਰ ਸ਼੍ਰੀ ਅਮਨਦੀਪ ਸਿੰਘ ਤੇ ਸ਼੍ਰੀ ਮਤੀ ਮਨਪ੍ਰੀਤ ਕੌਰ, ਦੋਹਤਰੇ ਜਸ ਫਤਿਹ ਸਿੰਘ ਸਪੁਤਰ ਸ਼੍ਰੀ ਰਾਜਬੀਰ ਸਿੰਘ ਤੇ ਸ਼੍ਰੀ ਮਤੀ ਰੁਪਿੰਦਰਜੀਤ ਕੌਰ, ਦੋਹਤਰੇ ਗੁਰਸ਼ਾਨ ਸਿੰਘ ਸਪੁਤਰ ਸ਼੍ਰੀ ਅਮਰਿਤਪਾਲ ਸਿੰਘ ਤੇ ਸ਼੍ਰੀ ਮਤੀ ਸਤਿੰਦਰਜੀਤ ਕੌਰ ਸਾਰਿਆਂ ਦੇ ਜਨਮ ਦਿਨ ਦੀ ਖੁਸ਼ੀ ਵਿਚ 3000 ਰੁਪਏ ਆਰ.ਐਮ.ਪੀ.ਆਈ. ਹੁਸ਼ਿਆਰਪੁਰ ਨੂੰ ਅਤੇ 500 ਰੁਪਏ 'ਸਗੰਰਾਮੀ ਲਹਿਰ' ਨੂੰ ਸਹਾਇਤਾ ਦਿੱਤੀ।
 
ਮਾਸਟਰ ਜਨਕ ਕੁਮਾਰ ਸਰਨਾ ਨੇ ਆਪਣੀ ਸਪੁੱਤਰੀ ਦੀਪਿਕਾ ਦਾ ਸ਼ੁਭ ਵਿਆਹ ਵਿਜੈ ਕੁਮਾਰ ਸਪੁੱਤਰ  ਸ਼੍ਰੀ ਚਮਨ ਲਾਲ ਪਿੰਡ ਪਨਿਹਾਰ ਜ਼ਿਲਾ ਗੁਰਦਾਸ ਪੁਰ ਨਾਲ ਹੋਣ ਦੇ ਸ਼ੁਭ ਮੌਕੇ 'ਤੇ ਆਰ.ਐਮ.ਪੀ.ਆਈ. ਨੂੰ 2100 ਰੁਪਏ, ਦਿਹਾਤੀ ਮਜ਼ਦੂਰ ਸਭਾ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 400 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਬਲਵਿੰਦਰ ਸਿੰਘ, ਟਰੇਡ ਯੁਨੀਅਨ ਆਗੂ ਨੇ ਅਪਣੇ ਪਿਤਾ ਸ. ਸਰਵਣ ਸਿੰਘ ਦੀ ਅੰਤਮ ਅਰਦਾਸ ਸਮੇਂ ਜ਼੍ਹਿਲਾ ਕਮੇਟੀ ਚੰਡੀਗੜ ਆਰ.ਐਮ.ਪੀ.ਆਈ. ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਦਿੱਤੀ।
 
ਸਾਥੀ ਜਨਕ ਸਿੰਘ ਬਨੂੰੜ ਨੇ ਆਪਣੀ ਬੇਟੀ ਸਰਵਜੀਤ ਕੌਰ ਦੀ ਸ਼ਾਦੀ ਕਾਕਾ ਸਾਗਰ ਨਾਰੰਗ ਪੁੱਤਰ ਸ਼੍ਰੀ ਅਵਿਨਸ਼ ਨਾਰੰਗ ਵਾਸੀ ਅਬੋਹਰ ਨਾਲ ਬਿਨ੍ਹਾਂ ਦਹੇਜ ਦੇ ਹੋਣ ਦੀ ਖੁਸ਼ੀ ਵਿੱਚ 1100 ਰੁਪਏ ਆਰ.ਐਮ.ਪੀ.ਆਈ. ਸਟੇਟ ਕਮੇਟੀ ਨੂੰ ਅੇਤ 100 ਰੁਪਏ 'ਸੰਗਰਾਮੀ ਲਹਿਰ' ਨੂੰ ਸਹਾਇਤਾ ਵਜੋਂ ਦਿੱਤੇ।
 
ਅਮਨਦੀਪ ਕੌਰ ਸਪੁਤਰੀ ਮਾਸਟਰ ਸਰਵਜੀਤ ਸਿੰਘ ਭਰੋਵਾਲ ਜ਼੍ਹਿਲਾ ਤਰਨਤਾਰਨ ਦਾ ਸ਼ੁਭ ਵਿਆਹ ਸਿਮਰਨਜੀਤ ਸਿੰਘ ਸਪੁਤਰ ਸ਼੍ਰੀ ਪਰਮਜੀਤ ਸਿੰਘ ਵਾਸੀ ਦੌਲਤਪੁਰ ਜ਼੍ਹਿਲਾ ਮੋਗਾ ਨਾਲ ਹੋਣ ਦੀ ਖੁਸ਼ੀ ਵਿੱਚ ਲੜਕੀ ਦੇ ਪ੍ਰੀਵਾਰੇ ਨੇ ਆਰ.ਐਮ.ਪੀ.ਆਈ. ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਸੇਵਾ ਮੁਕਤ ਹੈਡਮਾਸਟਰ ਮਨਜੀਤ ਸਿੰਘ ਕਾਦੀਆਂ ਜ਼੍ਹਿਲਾ ਗੁਰਦਾਸਪੁਰ ਨੇ ਆਰ.ਐਮ.ਪੀ.ਆਈ. ਨੂੰ ਆਲ ਇੰਡੀਆ ਅਜਲਾਸ ਲਈ 5000 ਰੁਪਏ ਅਤੇ ਸੰਗਰਾਮੀ ਲਹਿਰ ਨੂੰ 1000 ਰੁਪਏ ਸਹਾਇਤਾ ਵਜੋ ਦਿੱਤੇ।
 
ਸੇਵਾ ਮੁਕਤ ਅਧਿਆਪਕ ਮਹਿੰਦਰ ਸਿੰਘ ਪਿੰਡ ਮਰੂਲਾ ਬਲਾਕ ਮਾਹਿਲਪੁਰ, ਨੇ ਆਪਣੀ ਧਰਮ ਪਤਨੀ ਬੀਬੀ ਦਰਸ਼ਨ ਕੌਰ ਅਤੇ ਉਹਨਾਂ ਦੇ ਸਪੁੱਤਰ ਸਾਥੀ ਸੂਰਜ ਪ੍ਰਕਾਸ਼ ਸਿੰਘ ਬਲਾਕ ਪ੍ਰਧਾਨ ਜੀ.ਟੀ.ਯੂ ਅਤੇ ਪ.ਸ.ਸ.ਫ. ਮਾਹਿਲਪੁਰ ਨੇ ਆਪਣੀ ਮਾਤਾ ਜੀ ਦੀਆਂ ਅੰਤਿਮ ਰਸਮਾਂ ਸਮੇਂ ਆਰ.ਐਮ.ਪੀ.ਆਈ. ਨੂੰ 900 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਸਾਧੂ ਰਾਮ ਪਾਹਲੇਵਾਲ (ਬਾਊ ਜੀ) ਗੜ੍ਹਸ਼ੰਕਰ ਦੀਆਂ ਅੰਤਮ ਰਸਮਾਂ ਮੌਕੇ ਉਹਨਾਂ ਦੇ ਪਰਿਵਾਰ ਵਲੋਂ ਉਹਨਾਂ ਦੀ ਯਾਦ ਵਿਚ ਆਰ.ਐਮ.ਪੀ.ਆਈ. ਨੂੰ 4500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ ਗਏ।
 
ਕਾਮਰੇਡ ਪ੍ਰੇਮ ਕੁਮਾਰ ਗਰੋ ਨੇ ਆਪਣੀ ਪੋਤਰੀ ਐਰਲੀਨ ਅਤੇ ਦੋਹਤੀ ਰਿਚਲ ਦੇ ਜਨਮ ਦਿਨ ਦੀ ਖੁਸ਼ੀ ਵਿਚ ਆਰ.ਐਮ.ਪੀ.ਆਈ. ਨੂੰ 9500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਰਿਟਾਇਰਡ ਸੂਬੇਦਾਰ ਰਤਨ ਸਿੰਘ ਪਕੀਵਾਂ (ਗੁਰਦਾਸਪੁਰ) ਨੇ ਆਪਣੇ ਬੇਟੇ ਹਰਪ੍ਰੀਤ ਸਿੰਘ ਇੰਜੀਨੀਅਰ ਦੀ ਸ਼ਾਦੀ ਦੀ ਖੁਸ਼ੀ ਸਮੇਂ ਆਰ.ਐਮ.ਪੀ.ਆਈ. ਜ਼ਿਲ੍ਹਾ ਗੁਰਦਾਸਪੁਰ ਨੂੰ 3000 ਰੁਪਏ, ਜਮਹੂਰੀ ਕਿਸਾਨ ਸਭਾ ਨੂੰ 1000 ਰੁਪਏ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਗੁਰਦਾਸਪੁਰ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਜੈ ਚੰਦ ਡੰਡੋਹ (ਹਰਿਆਣਾ) ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਅੰਤਮ ਰਸਮਾਂ ਸਮੇਂ ਪ੍ਰੀਵਾਰ ਵੱਲੋਂ ਆਰ.ਐਮ.ਪੀ.ਆਈ. ਨੂੰ 2000 ਰੁਪਏ, ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਸੇਵਾ ਮੁਕਤ ਸਾਥੀ ਪ੍ਰੀਤਮ ਸਿੰਘ ਔਲਖ ਨੇ ਆਪਣੇ ਪੋਤਰਿਆਂ ਤਨਵੀਰ ਸਿੰਘ ਅਤੇ ਅਰਜੁਨ ਔਲਖ ਦੇ ਜਨਮ ਦਿਨ ਦੀ ਖੁਸ਼ੀ ਵਿਚ ਆਰ.ਐਮ.ਪੀ.ਆਈ. ਦੇ ਕੁਲਹਿੰਦ ਅਜਲਾਸ ਲਈ 10 ਹਜ਼ਾਰ ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਪ.ਸ.ਸ.ਫ. ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਾਥੀ ਬਲਵਿੰਦਰ ਕੁਮਾਰ ਚੀਫ਼ ਫਾਰਮਾਸਿਸਟ ਗਰੇਡ-1 ਸਿਵਲ ਹਸਪਤਾਲ ਜਲੰਧਰ ਨੇ ਆਪਣੀ ਸਰਕਾਰੀ ਸੇਵਾ ਤੋਂ ਮੁਕਤ ਹੋਣ ਦੀ ਖੁਸ਼ੀ ਵਿਚ ਆਰ.ਐਮ.ਪੀ.ਆਈ. ਨੂੰ 2100 ਰੁਪਏ, ਦਿਹਾਤੀ ਮਜ਼ਦੂਰ ਸਭਾ ਨੂੰ 1100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਸੁਭਾਸ਼ ਚੰਦ ਖੇੜੀ (ਨੂਰਪੁਰ ਬੇਦੀ), ਜ਼ਿਲ੍ਹਾ ਰੋਪੜ ਨੇ ਆਪਣੀ ਭਤੀਜੀ ਦੀ ਸ਼ਾਦੀ ਸਮੇਂ ਪਾਰਟੀ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਸਿੰਦਰਪਾਲ ਸ਼ਰਮਾ ਵਿੱਤ ਸਕੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਗੁਰਦਾਸਪੁਰ ਨੇ ਆਪਣੀ ਪਤਨੀ ਸ਼੍ਰੀਮਤੀ ਅੰਜੂ ਬਾਲਾ ਦੀ ਅਤਿੰਮ ਅਰਦਾਸ ਮੌਕੇ ਆਰ.ਐਮ.ਪੀ.ਆਈ. ਤਹਿਸੀਲ ਗੁਰਦਾਸਪੁਰ ਨੂੰ 500 ਰੁਪਏ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਇੰਦਰਜੀਤ ਚੁਗਾਵਾਂ ਅਤੇ ਸ਼੍ਰੀਮਤੀ ਪਰਮਜੀਤ ਕੌਰ ਦੀ ਹੋਣਹਾਰ ਬੇਟੀ ਨਵਕਿਰਨ ਦੀ ਸ਼ਾਦੀ ਹਰਿੰਦਰ ਸਿੰਘ ਸੰਧੂ ਪੁੱਤਰ ਸ਼੍ਰੀ ਭੁਪਿੰਦਰ ਸਿੰਘ ਸੰਧੂ, ਵਾਸੀ ਰੁੜਕਾ ਕਲਾਂ ਨਾਲ ਹੋਣ ਦੀ ਖੁਸ਼ੀ ਵਿੱਚ ਚੁਗਾਵਾਂ ਪਰਵਾਰ ਵਲੋਂ ਪੰਜ ਹਜ਼ਾਰ ਰੁਪਏ, ਨਵਕਿਰਨ ਦੀ ਮਾਸੀ ਕਮਲਜੀਤ ਬਾਸੀ ਵਲੋਂ ਦਸ ਹਜ਼ਾਰ ਰੁਪਏ, ਮਾਮਾ ਬਲਰਾਜ ਸਿੰਘ ਜੌਹਲ ਵਲੋਂ ਦਸ ਹਜ਼ਾਰ ਰੁਪਏ ਆਰ.ਐਮ.ਪੀ.ਆਈ. ਨੂੰ ਅਤੇ ਤਿੰਨਾਂ ਪਰਵਾਰਾਂ ਵਲੋਂ 'ਸੰਗਰਾਮੀ ਲਹਿਰ' ਨੂੰ ਇੱਕ ਹਜ਼ਾਰ ਰੁਪਏ ਸਹਾਇਤਾ ਦਿੱਤੀ ਗਈ।
 
ਸਹਾਇਤਾ ਦੇਣ ਵਾਲੇ ਸਭਨਾ ਸਾਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ।