Sunday, 7 February 2016

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਫਰਵਰੀ 2016)

ਪਾਕਿਸਤਾਨੀ ਊਰਦੂ ਕਹਾਣੀ
 
ਆਖਰੀ ਮੌਤ
 
- ਉਮਰਾਓ ਤਾਰਿਕ 
ਉਹਦੀ ਕਬਰ ਜਿੱਥੇ ਪੁੱਟੀ ਜਾ ਰਹੀ ਸੀ ਉਹ ਥਾਂ ਬਹੁਤ ਈ ਉਚੀ ਨੀਵੀਂ ਸੀ ਤੇ ਇਕ ਹਫਤੇ ਤੋਂ ਲਗਾਤਾਰ ਮੀਂਹ ਪਈ ਜਾ ਰਿਹਾ ਸੀ। ਜਿਹੜੀ ਥਾਂ 'ਤੇ ਉਹਦੀ ਕਬਰ ਪੁੱਟੀ ਜਾ ਰਹੀ ਸੀ ਉਹ ਕਬਰਿਸਤਾਨ ਦੀ ਪੱਕੀ ਚਾਰਦੀਵਾਰੀ ਦੇ ਕੋਲ ਪਿੱਛੇ ਜਾ ਕੇ ਸੀ। ਪੁੱਟੀ ਜਾਣ ਵਾਲੀ ਕਬਰ ਦੇ ਤਿੰਨ ਪਾਸੇ ਮੀਂਹ ਦਾ ਪਾਣੀ ਖਲੋਤਾ ਹੋਇਆ ਸੀ ਅਤੇ ਚੌਥੇ ਪਾਸੇ ਕਿੱਕਰ ਦੀਆਂ ਝਾੜੀਆਂ ਸਨ। ਉਤਲੇ ਪਾਸੇ ਨਿੱਕੀਆਂ ਵੱਡੀਆਂ ਕਬਰਾਂ ਸਨ ਜਿਨ੍ਹਾਂ ਦੀ ਕੋਈ ਤਰਤੀਬ ਨਹੀਂ ਸੀ। ਇਕ ਕਬਰ ਤੋਂ ਦੂਜੀ ਤੱਕ ਜਾਣ ਲਈ ਕੋਈ ਰਾਹ ਵੀ ਨਹੀਂ ਸੀ। ਲੋਕਾਂ ਵਲੋਂ ਕਬਰਾਂ ਉਤੇ ਪੈਰ ਰੱਖ ਕੇ ਲੰਘਣ ਨਾਲ ਰਾਹ ਜਿਹਾ ਬਣ ਗਿਆ ਸੀ। ਕੁਝ ਕਬਰਾਂ ਤੇ ਡੰਡੀ ਜਿਹੀ ਬਣੀ ਹੋਈ ਸੀ। ਕਿਧਰੇ-ਕਿਧਰੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਇਕ ਕਬਰ ਦੂਜੇ ਦੇ ਉਤੇ ਚੜ੍ਹੀ ਹੋਈ ਏ। ਇਨ੍ਹਾਂ ਪੁਰਾਣੀਆਂ ਤੇ ਸੰਘਣੀਆਂ ਕਬਰਾਂ ਦੇ ਵਿਚਕਾਰ ਈ ਨਵੀਆਂ ਕਬਰਾਂ ਵੀ ਸਨ ਜਿਨ੍ਹਾਂ ਦੇ ਉਪਰ ਨਵੇਂ ਕਤਬੇ (ਲਿਖੀਆਂ ਹੋਈਆਂ ਸਿਲਾਂ) ਵੀ ਲੱਗੇ ਹੋਏ ਸਨ। ਪੁਰਾਣੀਆਂ ਕਬਰਾਂ ਦੇ ਕਤਬੇ ਡਿੱਗ ਪਏ ਹੋਣਗੇ ਜਾਂ ਉਹਨਾਂ ਕਬਰਾਂ 'ਤੇ ਕਦੀ ਕੋਈ ਆਇਆ ਈ ਨਹੀਂ ਹੋਣਾ। ਗੋਰਕਨ (ਕਬਰ ਪੁੱਟਣ ਵਾਲੇ) ਨੂੰ ਇਹਦਾ ਪਤਾ ਹੋਵੇਗਾ ਤੇ ਉਹ ਥਾਂ ਬਹੁਤਿਆਂ ਪੈਸਿਆਂ 'ਚ ਵਿਕ ਗਈ ਹੋਵੇਗੀ। ਗੋਰਕਨ ਦੇ ਘੜੀ ਮੁੜੀ ਪਾਣੀ 'ਚੋਂ ਲੰਘਣ ਕਰਕੇ ਪੁੱਟੀ ਜਾਣ ਵਾਲੀ ਕਬਰ ਦੇ ਤਿੰਨ ਪਾਸੇ ਖਲੋਤਾ ਪਾਣੀ ਹੁਣ ਚਿੱਕੜ ਬਣ ਗਿਆ ਸੀ। ਗੋਰਕਨ ਦੇ ਪੈਰ ਚਿੱਕੜ ਨਾਲ ਇਸ ਤਰ੍ਹਾਂ ਭਰੇ ਹੋਏ ਸਨ ਜਿਵੇਂ ਉਹਨੇ ਚਿੱਕੜ ਦੀਆਂ ਜੁਰਾਬਾਂ ਪਾਈਆਂ ਹੋਣ। ਕਬਰ ਵਿਚੋਂ ਅਜੇ ਤਾਈਂ ਗਿੱਲੀ ਮਿੱਟੀ ਨਿਕਲ ਰਹੀ ਸੀ ਤੇ ਕਬਰ ਦੇ ਅੰਦਰੋਂ ਸੁੱਕੀ ਮਿੱਟੀ ਨਿਕਲਣ ਦੀ ਆਸ ਘਟਦੀ ਜਾ ਰਹੀ ਸੀ।
''ਯਾ ਅੱਲ੍ਹਾ! ਮੱਯਤ (ਲਾਸ਼) ਗਿੱਲੀ ਕਬਰ ਵਿਚ ਦੱਬੀ ਜਾਏਗੀ।''
ਉਹਦੇ ਸਾਰੇ ਨਾਂਅ, ਸਾਰੇ ਰਿਸ਼ਤੇ ਖਤਮ ਹੋ ਗਏ ਸਨ ਤੇ ਹੁਣ ਉਹ ਸਿਰਫ ਮੱਯਤ ਰਹਿ ਗਈ ਸੀ।
ਉਹਨੇ ਆਪਣੇ ਅੰਦਰ ਇਕ ਡੂੰਘੀ ਜਿਹੀ ਪੀੜ ਉਠਦੀ ਮਹਿਸੂਸ ਕੀਤੀ। ਉਹਨੇ ਉਥੇ ਕਬਰਾਂ ਵਿਚ ਬਹਿ ਕੇ ਮ੍ਰਿਤਕ ਦੀ ਜ਼ਿੰਦਗੀ ਦਾ ਜਾਇਜ਼ਾ ਲਿਆ ਤਾਂ ਉਹਦੇ ਸਾਰੇ ਦੁੱਖ ਕਰਜ਼ਾ ਵਾਪਸ ਮੰਗਣ ਵਾਲਿਆਂ ਵਾਂਗ ਉਹਦੇ ਸਾਹਮਣੇ ਆ ਖਲੋਤੇ।
ਇਸ ਵਾਰੀ ਉਹ ਆਖਰੀ ਵਾਰ ਮੋਈ ਸੀ। ਪਹਿਲੀ ਵਾਰੀ ਉਹ ਉਦੋਂ ਮੋਈ ਸੀ ਜਦੋਂ ਉਹਨੂੰ ਅੱਠਵੀਂ ਜਮਾਤ 'ਚ ਪੜ੍ਹਦੀ ਨੂੰ ਸਕੂਲੋਂ ਉਠਾ ਕੇ ਮਾਂ ਦੇ ਨਾਲ ਸ਼ਹਿਰੋਂ ਲਿਆ ਕੇ ਪਿੰਡ ਦੇ ਇਕ ਉਚੀਆਂ -ਉਚੀਆਂ ਕੰਧਾਂ ਵਾਲੇ ਮਕਾਨ ਵਿਚ ਰੱਖਿਆ ਗਿਆ ਸੀ। ਉਹ ਇਹ ਵੀ ਨਹੀਂ ਸਮਝ ਸਕੀ ਕਿ ਅਚਨਚੇਤ ਅਜਿਹਾ ਕਿਉਂ ਹੁੰਦਾ ਏ। ਉਹਨੂੰ ਇਹ ਵੀ ਪਤਾ ਨਹੀਂ ਸੀ ਕਿ ਉਹ ਇੱਥੇ ਪੱਕੇ ਤੌਰ 'ਤੇ ਆਈ ਏ ਜਾਂ ਕੁੱਝ ਚਿਰਾਂ ਲਈ। ਜਦੋਂ ਕੁਝ ਦਿਨਾਂ ਮਗਰੋਂ ਉਹਨੂੰ ਇਹ ਪਤਾ ਲੱਗਾ ਕਿ ਉਸ ਹੁਣ ਇਥੇ ਹੀ ਰਹਿਣਾ ਏ ਤਾਂ ਸ਼ਹਿਰੋਂ ਉਹਦੇ ਨਾਲ ਆਏ ਸਾਰੇ ਸੁਫ਼ਨੇ ਟੁੱਟ ਗਏ।
ਪਿੰਡ ਵਿਚ ਮੁੰਡਿਆਂ ਦਾ ਇਕੋ ਈ ਪ੍ਰਾਈਮਰੀ ਸਕੂਲ ਸੀ ਜਿਸ ਵਿਚ ਸਿਰਫ ਅਮੀਰਾਂ ਦੇ ਪੁੱਤਰ ਪੜ੍ਹਦੇ ਸਨ ਤੇ ਬਾਕੀ ਆਪਣੇ ਮਾਂ-ਪਿਓ ਦਾ ਖੇਤੀ ਦੇ ਕੰਮਾਂ ਵਿਚ ਹੱਥ ਵਟਾਉਂਦੇ ਸਨ।
ਕਬਰ ਵਿਚੋਂ ਅਜੇ ਤਾਈਂ ਗਿੱਲੀ ਮਿੱਟੀ ਨਿਕਲ ਰਹੀ ਸੀ।
ਪਿੰਡ ਵਿਚ ਆ ਕੇ ਉਹਦੇ ਜੀਵਨ ਵਿਚੋਂ ਸੰਤੁਲਨ ਨਿਕਲ ਗਿਆ ਸੀ। ਮਾਂ ਉਹਨੂੰ ਨਿੱਕੀ ਨਿੱਕੀ ਗੱਲ ਤੋਂ ਟੋਕਦੀ ਸੀ, ''ਨੀ ਕੁੜੀਏ ਸਿਰ ਤੇ ਚੁੰਨੀ ਲੈ।''
''ਕੀ ਸਾਰਾ ਦਿਨ ਮੁੰਡਿਆਂ 'ਚ ਬੈਠੀ ਠਹਾਕੇ ਮਾਰਦੀ ਰਹਿੰਨੀ ਏਂ, ਚੱਲ ਘਰ ਦਾ ਕੋਈ ਕੰਮ ਸਵਾਰ।''
ਤੇ ਉਹ ਗੁੱਸੇ ਨਾਲ ਉਠ ਕੇ ਟੁਰ ਪੈਂਦੀ। ਉਹਦੇ ਚਾਚੇ ਤੇ ਮਾਮੇ ਦੇ ਪੁੱਤਰ ਜਿਹੜੇ ਉਹਦੇ ਕੋਲ ਬੈਠੇ ਹੁੰਦੇ ਸਨ ਸ਼ਰਮਿੰਦੇ ਜਿਹੇ ਹੋ ਕੇ ਸੋਚਣ ਲੱਗ ਪੈਂਦੇ। ਉਹ ਵੀ ਉਹਨਾਂ ਵਿਚੋਂ ਇਕ ਸੀ।
ਉਹਨੀਂ ਦਿਨੀਂ ਉਹ ਨੰਗੇ ਪੈਰੀਂ, ਢਿੱਲੀ ਜਿਹੀ ਨਿੱਕਰ ਤੇ ਟੁੱਟੇ ਹੋਏ ਬਟਨਾਂ ਵਾਲੀ ਕਮੀਜ਼ ਪਾਈ ਹੱਥ 'ਚ ਗੁਲੇਲ ਫੜ੍ਹੀ ਸਾਰਾ ਦਿਨ ਅੰਬਾਂ ਦੇ ਬਾਗਾਂ ਵਿਚ ਭੱਜਾ ਫਿਰਦਾ ਹੁੰਦਾ ਸੀ। ਦੂਜਿਆਂ ਮੁੰਡਿਆਂ ਨਾਲ ਰਲ ਕੇ ਰੁੱਖਾਂ ਤੇ ਚੜ੍ਹ ਕੇ ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ ਖੇਡਦਾ ਰਹਿੰਦਾ। ਰੋਟੀ ਖਾਣ ਤੇ ਸੌਣ ਲਈ ਘਰ ਆਉਂਦਾ ਸੀ। ਗਰਮੀਆਂ ਦੀਆਂ ਛੁੱਟੀਆਂ ਖਤਮ ਹੁੰਦੀਆਂ ਹੀ ਸ਼ਹਿਰ ਪਰਤ ਜਾਂਦਾ ਹੁੰਦਾ ਸੀ। ਇਸੇ ਅਵਾਰਾਗਰਦੀ ਦੀ ਉਮਰ ਵਿਚ ਉਹ ਉਹਨੂੰ ਚੰਗੀ ਲੱਗਣ ਲੱਗੀ। ਉਹ ਪਿੰਡ ਦੀਆਂ ਸਾਰੀਆਂ ਕੁੜੀਆਂ ਨਾਲੋਂ ਵੱਖਰੀ। ਸਭ ਕੁਝ ਉਸੇ ਤਰ੍ਹਾਂ ਕਹਿ ਦੇਣ ਵਾਲੀ ਜਿਸ ਤਰ੍ਹਾਂ ਉਹਨੂੰ ਮਹਿਸੂਸ ਹੁੰਦਾ ਸੀ। ਸ਼ਹਿਰ ਤੇ ਸਕੂਲ ਦੋਹਾਂ ਵਿਚ ਸਾਂਝਾਂ ਸੀ। ਉਹ ਸ਼ਹਿਰ ਤੇ ਸਕੂਲ ਤੋਂ ਵਾਂਝੀ ਹੋ ਚੁੱਕੀ ਸੀ ਅਤੇ ਉਹ ਹੁਣ ਵੀ ਸ਼ਹਿਰ ਤੇ ਸਕੂਲ ਵਿਚ ਸੀ। ਇਸੇ ਲਈ ਦੋਹਾਂ ਨੂੰ ਇਕ ਦੂਜੇ ਉਤੇ ਵਿਸ਼ਵਾਸ ਸੀ।
ਉਹ ਕਿਹਾ ਕਰਦੀ ਸੀ, ''ਮੈਨੂੰ ਹਨ੍ਹੇਰੇ 'ਚੋਂ ਡਰ ਆਉਂਦਾ ਏ ਜਿਵੇਂ ਕਿਧਰੇ ਕੋਈ ਲੁਕਿਆ ਹੋਇਆ ਏ ਤੇ ਮੈਨੂੰ ਫੜ ਕੇ ਮਾਰ ਦਏਗਾ। ਮੈਂ ਕਦੀ ਵੀ ਮਰਨਾ ਨਹੀਂ ਚਾਹੁੰਦੀ। ਮਰਨ ਤੋਂ ਪਿਛੋਂ ਲੋਕ ਕਬਰ 'ਚ ਪਾ ਕੇ ਇਕੱਲਾ ਛੱਡ ਕੇ ਟੁਰ ਜਾਂਦੇ ਨੇ ਤੇ ਫੇਰ ਪਰਤ ਕੇ ਵੇਖਦੇ ਵੀ ਨਹੀਂ। ਕਬਰ ਵਿਚ ਚਿੱਕੜ ਹੁੰਦਾ ਏ ਤੇ ਸੱਪ ਆ ਜਾਂਦੇ ਨੇ। ਰਾਤ ਨੂੰ ਹਨੇਰਾ ਹੋਵੇ, ਹੇਠਾਂ ਚਿੱਕੜ ਹੋਵੇ ਤੇ ਵਿਚ ਸੱਪ ਟੁਰਦੇ ਹੋਣ ਤਾਂ.... ਤੂੰ ਮੈਨੂੰ ਦਫਨ ਨਾ ਹੋਣ ਦਈਂ।''
ਉਹ ਅਜਿਹੀਆਂ ਊਟ ਪਟਾਂਗ ਗੱਲਾਂ ਤੋਂ ਦੁਖੀ ਹੁੰਦੀ ਰਹਿੰਦੀ।
ਦੂਜੀ ਵਾਰ ਉਹ ਉਦੋਂ ਮੋਈ ਜਦੋਂ ਉਹਦਾ ਵਿਆਹ ਹੋਇਆ ਸੀ। ਉਹਦੇ ਤੋਂ ਕਿਸੇ ਪੁੱਛਿਆ ਵੀ ਨਹੀਂ ਸੀ। ਪਿੰਡ ਦੀਆਂ ਕੁੜੀਆਂ ਨੇ ਉਹਨੂੰ ਘੇਰ ਕੇ ਵਟਣਾ ਲਾ ਦਿੱਤਾ ਤੇ ਢੋਲਕੀ ਤੇ ਗੀਤ ਗੌਣ ਲੱਗੀਆਂ।
ਉਹਨੇ ਆਪਣੇ ਆਪ ਨੂੰ ਕਿਹਾ, ''ਸਾਰੀਆਂ ਕੁੜੀਆਂ ਤੇ ਜਨਾਨੀਆਂ ਖੁਸ਼ ਹੋ ਰਹੀਆਂ ਨੇ। ਉਸਦਾ ਵਿਆਹ ਹੋ ਰਿਹਾ ਏ ਤੇ ਉਹਦੇ ਤੋਂ ਪੁੱਛਿਆ ਵੀ ਨਹੀਂ। ਕੀ ਉਹ ਹੱਡ-ਮਾਸ ਦੀ ਬਣੀ ਹੋਈ ਨਹੀਂ। ਕੋਈ ਲਾਸ਼ ਏ। ਮੱਯਤ ਏ ਜਾਂ ਪੱਥਰ ਦਾ ਬੁੱਤ ਏ!''
ਉਹ ਸੋਚਦੀ ਰਹੀ ਤੇ ਉਹਦਾ ਵਿਆਹ ਹੋ ਗਿਆ।
ਤੀਜੀ ਵਾਰੀ ਉਹ ਉਦੋਂ ਮੋਈ ਸੀ ਜਦੋਂ ਕੌਮੀ ਝੰਡੇ ਵਿਚ ਵਲ੍ਹੇਟੀ ਹੋਈ ਉਹਦੇ ਪੁੱਤਰ ਦੀ ਲਾਸ਼ ਆਈ ਸੀ। ਉਹ ਕੈਪਟਨ ਸੀ ਤੇ ਦੁਸ਼ਮਣ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਸੀ।
ਕਬਰ ਹੁਣ ਪੁੱਟੀ ਜਾ ਚੁੱਕੀ ਸੀ ਅਤੇ ਉਹ ਥਾਂ ਜਿੱਥੇ ਉਹਨੂੰ ਕਬਰ ਵਿਚ ਉਤਾਰਿਆ ਜਾਣਾ ਸੀ ਸਾਫ ਕਰ ਦਿੱਤੀ ਗਈ ਸੀ। ਕਬਰ ਦੇ ਉਤੇ ਚਾਦਰ ਤਾਣ ਦਿੱਤੀ ਗਈ।
''ਮਹਿਰਮ (ਨੇੜੇ ਦੀ ਰਿਸ਼ਤੇਦਾਰ) ਕਬਰ ਵਿਚ ਉਤਰ ਕੇ ਮੱਯਤ ਨੂੰ ਕਬਰ ਵਿਚ ਉਤਾਰਨ 'ਚ ਮਦਦ ਕਰਨ'' ਕਿਸੇ ਨੇ ਆਵਾਜ਼ ਦਿੱਤੀ। ਉਡੀਕ ਕੀਤੀ ਗਈ ਪਰ ਕੋਈ ਮਹਿਰਮ ਅੱਗੇ ਨਾ ਆਇਆ।
ਫੇਰ ਆਵਾਜ਼ ਦਿੱਤੀ ਗਈ ''ਇਹ ਕਿਹਦੀ ਮੱਯਤ ਏ? ਕੋਈ ਮਹਿਰਮ ਕਿਉਂ ਨਹੀਂ?''
''ਨਹੀਂ, ਜੀ ਕੋਈ ਨਹੀਂ, ਕੋਈ ਮਹਿਰਮ ਨਹੀਂ।'' ਮਹਿਰਮ ਕਿਥੋਂ ਆਉਂਦਾ। ਮਰਨ ਵਾਲੀ ਦਾ ਸਾਰਾ ਮਹੱਲਾ ਸੀਲਬੰਦ ਏ। ਨਾ ਕੋਈ ਮਹੱਲੇ ਦੇ ਅੰਦਰ ਜਾ ਸਕਦਾ ਏ ਅਤੇ ਨਾ ਕੋਈ ਬਾਹਰ ਆ ਸਕਦਾ ਏ। ਅੱਜ ਤੀਜਾ ਦਿਨ ਏ ਘਰਾਂ ਦੀ ਤਲਾਸ਼ੀ ਹੋ ਰਹੀ ਏ। ਅਸਲਾ ਲੱਭਿਆ ਜਾ ਰਿਹਾ ਏ। ਗ੍ਰਿਫਤਾਰੀਆਂ ਹੋ ਰਹੀਆਂ ਨੇ। ਮਰਨ ਵਾਲੀ ਹਸਪਤਾਲ 'ਚ ਸੀ। ਤਿੰਨ ਦਿਨਾਂ ਤੋਂ ਨਾ ਕੋਈ ਮਿਲਣ ਆ ਸਕਿਆ ਅਤੇ ਨਾ ਈ ਦਵਾ ਆਦਿ ਪਹੁੰਚ ਸਕੀ। ਮਰਨ ਵਾਲੀ ਨੂੰ ਦਫ਼ਨ ਕਰਨ ਲਈ ਹਸਪਤਾਲ 'ਚੋਂ ਇੱਥੇ ਲੈ ਆਏ ਹਨ।
ਵੇਖੋ ਕਬਰ ਵਿਚ ਅਜੇ ਤਾਈਂ ਗਿੱਲੀ ਮਿੱਟੀ ਨਜ਼ਰ ਆ ਰਹੀ ਏ। ਕਿਸੇ ਨੇ ਕਿਹਾ ਤਾਂ ਉਹਨੇ ਅੱਗੇ ਹੋ ਕੇ ਕਬਰ ਵਿਚ ਵੇਖਿਆ ਉਥੇ ਚਿੱਕੜ ਸੀ ਜਿਸ ਵਿਚ ਪਾਣੀ ਘੱਟ ਸੀ।
ਚਾਦਰਾਂ ਦੀ ਸਹਾਇਤਾ ਨਾਲ ਮੱਯਤ ਨੂੰ ਕਬਰ 'ਚ ਉਤਾਰ ਦਿੱਤਾ ਗਿਆ।
''ਅਰਕ ਗੁਲਾਬ''
ਕਈ ਬੋਤਲਾਂ ਅੱਗੇ ਕਰ ਦਿੱਤੀਆਂ ਗਈਆਂ। ਮੱਯਤ ਉਤੇ ਗੁਲਾਬ ਜਲ ਛਿੜਕਿਆ ਗਿਆ।
ਮਲਕਾ ਸ਼ੀਬਾ ਨੇ ਕਿਹਾ ਸੀ ਜਦੋਂ ਫੌਜਾਂ ਸ਼ਹਿਰ ਵਿਚ ਦਾਖਲ ਹੁੰਦੀਆਂ ਨੇ ਤਾਂ ਸ਼ਹਿਰ ਦਾ ਸੁਹਾਗ ਉਜੜ ਜਾਂਦਾ ਏ। ਪਵਿੱਤਰਤਾ ਬਰਬਾਦ ਹੋ ਜਾਂਦੀ ਏ।
ਕਿਸੇ ਨੇ ਆਪਣੇ ਕੋਲ ਖਲੋਤੇ ਲੋਕਾਂ ਨੂੰ ਸੰਬੋਧਨ ਕਰਕੇ ਆਪਣੀ ਜਾਣਕਾਰੀ ਦਾ ਰੋਅਬ ਪਾਇਆ। ''ਆਪਣੀਆਂ ਫੌਜਾਂ ਈ ਜੇਕਰ ਆਪਣੇ ਸ਼ਹਿਰ ਵਿਚ ਦਾਖਲ ਹੋਣ?''
ਕਿਸੇ ਨੇ ਜਵਾਬ ਦਿੱਤਾ ਪਰ ਆਪਣੀ ਜਾਣਕਾਰੀ ਦਾ ਪ੍ਰਗਟਾਵਾ ਕਰਨ ਵਾਲੇ ਬੰਦੇ ਨੇ ਉਹਦੀ ਗੱਲ ਨਾ ਗੌਲੀ।
ਪੱਥਰ ਦੀਆਂ ਚੌਰਸ ਸਿਲਾਂ ਜੋੜ ਕੇ ਉਤੇ ਰੱਖ ਦਿੱਤੀਆਂ ਗਈਆਂ ਅਤੇ ਵਿਰਲਾਂ ਨੂੰ ਗਿੱਲੀ ਮਿੱਟੀ ਨਾਲ ਬੰਦ ਕਰ ਦਿੱਤਾ ਗਿਆ। ਗੌਰਕਨ ਇਕ ਪਾਸੇ ਜਾ ਖਲੋਤਾ ਤੇ ਲੋਕਾਂ ਨੇ ਕਬਰ ਉਤੇ ਮਿੱਟੀ ਪਾ ਦਿੱਤੀ। ਕਿਸੇ ਨੇ ਅਗਰਬੱਤੀ ਬਾਲ ਕੇ ਕਬਰ ਦੇ ਸਾਹਮਣੇ ਪੂਰਾ ਮੱਠਾ ਈ ਗੱਡ ਦਿੱਤਾ। ਕਿਸੇ ਨੇ ਫੁੱਲਾਂ ਦੀ ਚਾਦਰ ਕੱਢ ਕੇ ਕਬਰ ਉਤੇ ਪਾ ਦਿੱਤੀ।
ਜਦੋਂ ਦੁਆ ਪੜ੍ਹੀ ਜਾਣ ਲੱਗੀ ਤਾਂ ਸਾਰੇ ਗੱਲਾਂ ਕਰਦੇ ਚੁੱਪ ਹੋ ਗਏ। ਉਹਨੇ ਇਹ ਦੁਆ ਪਤਾ ਨਹੀਂ ਕਿੰਨੀ ਵਾਰੀ ਇਸੇ ਤਰ੍ਹਾਂ ਸੁਣੀ ਸੀ। ਉਹ ਉਥੋਂ ਭਾਰੇ ਕਦਮਾਂ ਨਾਲ ਇਸ ਤਰ੍ਹਾਂ ਟੁਰਨ ਲੱਗਾ ਜਿਵੇਂ ਉਹਨੇ ਉਹਦੇ ਨਾਲ ਵਾਅਦਾ ਖਿਲਾਫੀ ਕੀਤੀ ਹੋਵੇ। ਉਸ ਨੇ ਆਪਣੇ ਆਪ ਨੂੰ ਕਿਹਾ, ''ਉਹ ਚਿੱਕੜ ਤੋਂ ਡਰਦੀ ਸੀ, ਪਰ ਇਸ ਵੇਲੇ ਚਿੱਕੜ ਦੇ ਬਿਸਤਰੇ ਉਤੇ ਲਿਟਾ ਦਿੱਤੀ ਗਈ ਸੀ, ਉਹ ਹਨੇਰੇ ਤੋਂ ਡਰਦੀ ਸੀ ਅਤੇ ਹੁਣ ਕਬਰਿਸਤਾਨ 'ਚ ਹਨੇਰਾ ਹੁੰਦਾ ਜਾ ਰਿਹਾ ਸੀ।''
''ਉਹ ਸੱਪ ਤੋਂ ਡਰਦੀ ਸੀ।''
''ਸੱਪ ਇਥੇ ਨਹੀਂ ਹਨ'' ਉਹਨੇ ਆਪਣੇ ਆਪ ਨੂੰ ਕਿਹਾ।
''ਆਪਣੇ ਆਸੇ ਪਾਸੇ ਵੇਖੋ, ਆਪਣੀਆਂ ਆਸਤੀਨਾਂ 'ਚ ਵੇਖੋ!''
ਇਕ ਪਾਗਲ ਜਿਹਾ ਬੰਦਾ ਉਹਦੇ ਪਿੱਛੇ ਇਹ ਕਹਿੰਦਾ ਸਾਮ੍ਹਣੇ ਆਇਆ ਤੇ ਰੁੱਖਾਂ ਦੇ ਉਹਲੇ ਹੋ ਗਿਆ। 


ਕਵਿਤਾ
ਦ੍ਰਿਸ਼ਟੀ 

 - ਸ਼ਿਵਨਾਥਧਸ ਗਈਆਂ ਅੰਦਰ ਨੂੰ ਅੱਖਾਂ
ਘਟ ਗਈ ਵੇਖਣ ਦੀ ਸ਼ਕਤੀ
ਨਜ਼ਰ ਦੇ ਅੱਗੇ ਜਿਵੇਂ ਹੁਣ
ਆ ਗਿਆ ਲਗਦੈ ਗੁਬਾਰ
ਜਾਂ ਹਰ ਇਕ ਸ਼ੈਅ ਦੇ
ਸਹੁੱਪਣ ਨੂੰ ਹੀ ਚੜ੍ਹਿਆ
ਹੈ ਬੁਖ਼ਾਰ।
    ਹੱਥ ਬੁੱਢੇ ਹੋ ਗਏ ਨੇ
    ਕੱਦ ਕੁਝ ਕਦਰੇ ਗਿਆ ਹੈ ਸੂਤਿਆ
    ਹਿੱਲ ਗਿਆ ਲੱਗਦਾ ਹੈ ਹੁਣ
    ਚਿਹਰੇ ਦਾ ਵੀ ਸਾਰਾ ਜੁਗਾੜ।
ਨੱਕ, ਮੂੰਹ, ਕੰਨਾਂ 'ਚੋਂ
ਕੋਈ ਵੀ ਨਹੀਂ ਪਹਿਲਾਂ ਜਿਹਾ
ਨਾ ਹੀ ਰਹਿ ਗਈਆਂ ਨੇ ਗੱਲਾਂ,
ਸੱਜਰੀਆਂ ਤੇ ਆਬਦਾਰ।
    ਦੰਦ ਟੁੱਟੇ ਨੇ ਜਬਾੜ੍ਹੇ 'ਚੋਂ
    ਮਗਰ ਰੁਕਿਆ ਨਹੀਂ,
    ਬਣ ਗਿਐ ਧੀਮੀ ਗਤੀ ਦਾ
    ਤੇਜ਼ ਚੱਕੀ ਤੋਂ ਘਰਾਟ।
ਖੋਪਰੀ ਲੱਗਦੀ ਹੈ ਮੇਰੀ
ਗੰਜ ਪੈਣੋਂ ਕੁੱਝ ਉਰ੍ਹਾ,
ਹੋ ਗਏ ਨੇ ਬਹੁਤ ਛਿਦਰੇ
ਤੇ ਬੜੇ ਕਮਜ਼ੋਰ ਵਾਲ
ਪਰ ਇਹ ਮੋਢੇ ਹੱਡ-ਗੋਡੇ
ਕਾਇਮ ਲੱਗਦੇ ਨੇ ਅਜੇ
ਕੰਮ ਔਖਾ ਵੀ ਨਹੀਂ ਲੱਗਦਾ
ਕੋਈ ਮੈਨੂੰ ਮੁਹਾਲ।
    ਸੋਚਦਾ ਹਾਂ ਇਹ ਹੈ ਮੇਰੀ
    ਉਸ ਦ੍ਰਿਸ਼ਟੀ ਦਾ ਕ੍ਰਿਸ਼ਮਾ
    ਜਿਸ 'ਚ ਬੰਦਾ ਹਾਰ ਕੇ ਵੀ
    ਹੌਸਲਾ ਛੱਡਦਾ ਨਹੀਂ
    ਤੇ ਜਿਹਨੂੰ ਆਉਂਦਾ ਨਹੀਂ
    ਸੁਪਨੇ 'ਚ ਵੀ, ਐਸਾ ਖ਼ਿਆਲ
    ਕਿ ਮੈਂ ਬੁੱਢਾ ਹੋ ਗਿਆ ਹਾਂ
    ਤੇ ਮੇਰੇ 'ਤੇ ਆਉਣ ਵਾਲੀ ਹੈ
    ਕੋਈ ਔਖੀ ਘੜੀ।
ਹਰ ਘੜੀ ਲੱਗਦੀ ਹੈ ਮੈਨੂੰ
ਸਾਰਥਕ
ਹਰ ਘੜੀ ਲੱਗਦੀ ਹੈ ਮੈਨੂੰ
ਮਿਹਰਬਾਨ
ਮਰ ਨਹੀਂ ਸਕੀਆਂ ਖਵਾਹਿਸ਼ਾਂ
ਢਲ ਰਿਹੈ ਭਾਵੇਂ ਸਰੀਰ
ਵੇਖਣਾ ਹੈ ਕਿਸ ਤਰ੍ਹਾਂ ਦੁਨੀਆਂ ਤੋਂ
ਜਾਂਦੇ ਹਾਂ ਅਖੀਰ            
(12.10.2000)


ਗ਼ਜ਼ਲ
- ਬਾਬਾ ਨਜ਼ਮੀ
ਮੇਰੇ ਹੱਥੀਂ ਛਾਲੇ ਪਏ ਮਜ਼ਦੂਰੀ ਨਾਲ਼।
ਫਿਰ ਵੀ ਨਈਓਂ ਭਰਿਆ ਛੰਨਾ ਚੂਰੀ ਨਾਲ਼।

ਖੁਸ਼ੀਆਂ ਨਾਲ਼ ਨਈਂ ਛੱਡੀ ਆਪਣੀ ਜੰਮਣ-ਭੌਂ,
ਤੇਰੇ ਸ਼ਹਿਰ 'ਚ ਆਇਆਂ ਵਾਂ ਮਜ਼ਬੂਰੀ ਨਾਲ਼।

ਮੇਰੇ ਨਾਲ਼ੋਂ ਕੁਹਝਾ ਪੁੱਤਰ ਲੰਬੜਾਂ ਦਾ,
ਧਰਤੀ ਉੱਤੇ ਫਿਰਦਾ ਏ ਮਗਰੂਰੀ ਨਾਲ।

'ਭਗਤ ਸਿੰਘ' ਤੇ 'ਦੁੱਲਾ', 'ਜਬਰੂ' ਮੇਰਾ ਲਹੂ,
ਕਿੰਝ ਖਲੋਵਾਂ 'ਗਜ਼ਨੀ' ਤੇ 'ਤੈਮੂਰੀ' ਨਾਲ਼।

ਮੇਰਾ ਕਲਮ-ਕਬੀਲਾ ਉਹਨਾਂ ਵਿਚੋਂ ਨਈਂ,
ਅੱਖਰ ਜਿਹੜੇ ਲਿਖਦੇ ਨੇ ਮਨਜ਼ੂਰੀ ਨਾਲ਼।

ਸ਼ੀਸ਼ੇ ਵੱਲੇ ਕਰ ਕੇ ਕੰਡ ਖਲੋਣਾ ਨਈਂ,
ਜਿੰਨਾ ਮਰਜ਼ੀ ਵੇਖੋ ਮੈਨੂੰ ਘੂਰੀ ਨਾਲ਼।

'ਬਾਬਾ' ਉਹ ਵੀ ਸੋਚੇ ਮੇਰੇ ਬਾਲਾਂ ਲਈ,
ਜਿਸ ਦਾ ਖੀਸਾ ਭਰਨਾ ਵਾਂ ਕਸਤੂਰੀ ਨਾਲ਼।


ਗ਼ਜ਼ਲ
- ਮੱਖਣ ਕੁਹਾੜ
ਭਲਾ ਇਹ ਹਾਦਸਾ ਵੀ ਸਾਡੇ ਹੀ ਸਮਿਆਂ 'ਚ ਹੋਣਾ ਸੀ।
ਕਿ ਸਾਡੇ ਰਹਿਨੁਮਾਵਾਂ ਸਾਡਾ ਹੀ ਰਾਹ ਮੱਲ ਖਲੋਣਾ ਸੀ।
    ਨਜ਼ਰ ਭਰ ਕੇ ਤਬੀਬਾ ਜੇ ਜ਼ਖ਼ਮ ਮੇਰੇ ਤੂੰ ਤੱਕ ਲੈਂਦਾ,
    ਤੇਰੇ ਅਹਿਸਾਨ ਦਾ ਮੈਂ ਬੋਝ ਸਾਰੀ ਉਮਰ ਢੋਣਾ ਸੀ।
ਜੇ ਗੱਲ ਤੂਫਾਨ ਦੀ ਹੁੰਦੀ ਅਸੀਂ ਝੱਟ ਚੀਰ ਲੰਘ ਜਾਂਦੇ,
ਅਸੀਂ ਪਰ ਸਾਜ਼ਿਸ਼ੀ ਛੱਲਾਂ ਦੇ ਵਾਕਿਫ਼ਕਾਰ ਹੋਣਾ ਸੀ।
    ਤੁਰੇ ਸਾਂ ਜਦ ਸੀ ਐਨਾ ਇਲਮ ਧੁੱਪਾਂ ਰੋਕਣੈ ਰਸਤਾ,
    ਨਹੀਂ ਸਾਂ ਜਾਣਦੇ, ਛਾਵਾਂ ਵੀ ਰਸਤਾ ਮੱਲ ਖਲੋਣਾ ਸੀ।
ਫਰੇਬੀ ਹਾਦਸਾ ਜਿਸ ਚਾਅ ਜ਼ਿਬ੍ਹਾ ਕੀਤੇ ਸੀ ਚਿੱਟੇ ਦਿਨ,
ਅਸੀਂ ਉਸ ਹਾਦਸੇ ਨੂੰ ਕਿਸ ਤਰ੍ਹਾਂ ਰੰਗਾਂ 'ਚ ਧੋਣਾ ਸੀ।
    'ਕਲਮ-ਤਲਵਾਰ' ਦੇ ਵਰਦਾਨ ਕਰਕੇ ਹੀ ਸਦਾ 'ਮੱਖਣਾਂ',
    ਕਦੇ ਤੂੰ ਫੁੱਲ ਹੋਣਾ ਸੀ ਕਦੇ ਅੰਗਿਆਰ ਹੋਣਾ ਸੀ। 

ਸਹਾਇਤਾ (ਸੰਗਰਾਮੀ ਲਹਿਰ-ਫਰਵਰੀ 2016)

ਸਾਥੀ ਬਲਦੇਵ ਰਾਜ ਲੰਬਰਦਾਰ ਨੇ ਆਪਣੀ ਬੇਟੀ ਮੋਨਿਕਾ ਦਾ ਵਿਆਹ ਸ਼੍ਰੀ ਤਿਲਕ ਰਾਜ ਸਪੁੱਤਰ ਸ਼੍ਰੀ ਰਵੀਦਾਸ ਵਾਸੀ ਪਿੰਡ  ਦੀੜੀ (ਜੇ.ਐਂਡ ਕੇ.) ਨਾਲ ਹੋਣ ਦੀ ਖੁਸ਼ੀ ਮੌਕੇ ਸੀ.ਪੀ.ਐਮ. ਪੰਜਾਬ ਨੂੰ 2300 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
 
ਮੁਲਾਜ਼ਮ ਆਗੂ ਕੁਛਲਪਾਲ ਚੰਡੀਗੜ੍ਹ ਨੇ ਆਪਣੀ ਬੇਟੀ ਦੀ ਸ਼ਾਦੀ ਦੀ ਖੁਸ਼ੀ ਵਿਚ ਸੀ.ਪੀ.ਐਮ. ਪੰਜਾਬ ਯੂਨਿਟ ਚੰਡੀਗੜ੍ਹ ਨੂੰ 2500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
 
ਹੈਡਮਾਸਟਰ ਮੋਹਨ ਲਾਲ ਚੰਡੀਗੜ੍ਹ ਨੇ ਆਪਣੇ ਬੇਟੇ ਦੀ ਸ਼ਾਦੀ ਦੀ ਖੁਸ਼ੀ ਵਿਚ ਜਮਹੂਰੀ ਲਹਿਰ ਚੰਡੀਗੜ੍ਹ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
 
ਡਾ. ਬਲਬੀਰ ਸਿੰਘ ਟਾਂਡਾ ਉੜਮੁੜ (ਹੁਸ਼ਿਆਰਪੁਰ) ਨੇ ਆਪਣੇ ਪੋਤਰੇ ਅਨਹੱਦਪਾਲ ਸਿੰਘ, ਕੰਵਰ ਰਾਜ ਸਿੰਘ ਅਤੇ ਪੋਤਰੀ ਸਾਹਿਬ ਨੂਰ ਦੇ ਚੌਥੇ ਜਨਮ ਦਿਵਸ 'ਤੇ ਸੀ.ਪੀ.ਐਮ.ਪੰਜਾਬ ਨੂੰ 10,000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਹਰਬੰਸ ਸਿੰਘ ਮੱਲ੍ਹੀ ਕੈਨੇਡਾ ਵਲੋਂ ਸੀ.ਪੀ.ਐਮ.ਪੰਜਾਬ ਨੂੰ 4500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਅਮਰੀਕ ਸਿੰਘ ਵਾਸੀ ਆਲਮਗੜ੍ਹ ਨੇ ਆਪਣੇ ਭਰਾ ਅਵਤਾਰ ਸਿੰਘ ਦੀਆਂ ਅੰਤਮ ਰਸਮਾਂ ਸਮੇਂ ਜਿਲ੍ਹਾ ਕਮੇਟੀ ਫਾਜ਼ਿਲਕਾ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਈਸ਼ਰ ਸਿੰਘ ਦਲਮੀਰ ਖੇੜਾ ਦੀਆਂ ਅੰਤਮ ਰਸਮਾਂ ਸਮੇਂ ਉਨ੍ਹਾਂ ਦੇ ਪੁੱਤਰ ਕੁਲਵੰਤ ਸਿੰਘ, ਭਤੀਜੇ ਕੇਵਲ ਸਿੰਘ ਅਤੇ ਪਰਵਾਰ ਨੇ 3500 ਰੁਪਏ ਜ਼ਿਲ੍ਹਾ ਕਮੇਟੀ ਫਾਜ਼ਿਲਕਾ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਸ਼੍ਰੀ ਮਨਜੋਤ ਸਿੰਘ ਕੈਨੇਡਾ ਪੁੱਤਰ ਸਾਥੀ ਗੁਰਵਿੰਦਰ ਸਿੰਘ ਨੇ ਆਪਣੀ ਦਾਦੀ ਸ਼੍ਰੀਮਤੀ ਗੁਰਮੀਤ ਕੌਰ ਦੀਆਂ ਅੰਤਮ ਰਸਮਾਂ ਸਮੇਂ ਜਮਹੂਰੀ ਲਹਿਰ ਨੂੰ 3000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਨੱਥਾ ਸਿੰਘ ਮਹਿਲਖੁਰਦ ਵਲੋਂ ਆਪਣੀ ਮਾਤਾ ਸ਼੍ਰੀਮਤੀ ਦਲੀਪ ਕੌਰ ਦੀਆਂ ਅੰਤਮ ਰਸਮਾਂ ਸਮੇਂ ਸੀ.ਪੀ.ਐਮ.ਪੰਜਾਬ ਨੂੰ 500 ਰੁਪਏ, ਜਮਹੂਰੀ ਕਿਸਾਨ ਸਭਾ ਪੰਜਾਬ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਸ਼੍ਰੀ ਰਮਨ ਕੁਮਾਰ ਗੋਇਲ, ਦਾਣਾ ਮੰਡੀ, ਰਾਏਕੋਟ ਲੁਧਿਆਣਾ ਵਲੋਂ ਸੀ.ਪੀ.ਐਮ.ਪੰਜਾਬ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਜਰਨੈਲ ਸਿੰਘ ਦੌਲਤਪੁਰ (ਯੂ.ਐਸ.ਏ.) ਵਲੋਂ ਸੀ.ਪੀ.ਐਮ.ਪੰਜਾਬ ਨੂੰ 9500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਮਹਿੰਦਰ ਸਿੰਘ ਅੱਚਰਵਾਲ ਲੁਧਿਆਣਾ ਨੇ ਆਪਣੀ ਭਰਜਾਈ ਸ਼੍ਰੀਮਤੀ ਭਜਨ ਕੌਰ ਸੁਪਤਨੀ ਗੁਰਮੇਲ ਸਿੰਘ ਦੀਆਂ ਅੰਤਮ ਰਸਮਾਂ ਸਮੇਂ ਸੀ.ਪੀ.ਐਮ.ਪੰਜਾਬ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਪੇਂਡੂ ਮਜ਼ਦੂਰਾਂ ਨੇ ਬਣਾਇਆ ਬੱਝਵੇਂ ਸੰਘਰਸ਼ ਦਾ ਪ੍ਰੋਗਰਾਮ

ਗੁਰਨਾਮ ਸਿੰਘ ਦਾਊਦ 
ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਲੁਧਿਆਣਾ ਵਿਖੇ ਆਪਣੀ ਮੀਟਿੰਗ ਕਰਕੇ ਭਵਿਖ 'ਚ ਲੜੇ ਜਾਣ ਵਾਲੇ ਸੰਗਰਾਮਾਂ ਦੀ ਰੂਪ ਰੇਖਾ ਤੈਅ ਕੀਤੀ ਹੈ।
ਮੀਟਿੰਗ ਵਿਚ ਦਿਹਾਤੀ ਮਜ਼ਦੂਰ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ, ਪੰਜਾਬ ਖੇਤ ਮਜ਼ਦੂਰ ਸਭਾ, ਮਜ਼ਦੂਰ ਮੁਕਤੀ ਮੋਰਚਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਮੁੱਖ ਅਹੁਦੇਦਾਰਾਂ ਨੇ ਭਾਗ ਲਿਆ ਅਤੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂਆਂ ਨੇ ਮੀਟਿੰਗ ਵਿਚ ਆਪਣੇ ਜਥੇਬੰਦਕ ਰੁਝੇਵਿਆਂ ਕਾਰਨ ਪੁੱਜਣੋਂ ਅਸਮਰਥਾ ਜਾਹਿਰ ਕਰਦਿਆਂ ਮੀਟਿੰਗ ਦੇ ਸਮੁੱਚੇ ਫੈਸਲਿਆਂ ਨਾਲ ਸਹਿਮਤ ਹੋਣ ਅਤੇ ਮੋਰਚੇ ਦਾ ਹਿੱਸਾ ਬਣਨ ਦਾ ਸੁਨੇਹਾ ਭੇਜਿਆ। ਇਸ ਤਰ੍ਹਾਂ ਹੁਣ ਇਹ ਮੋਰਚਾ ਵਿਸਥਾਰ ਕਰਕੇ ਅੱਠ ਜਥੇਬੰਦੀਆਂ 'ਤੇ ਅਧਾਰਤ ਹੋ ਗਿਆ ਹੈ।
ਮੋਰਚੇ ਦੀ ਸਾਂਝੀ ਮੀਟਿੰਗ ਵਲੋਂ ਫੈਸਲਾ ਕੀਤਾ ਗਿਆ ਕਿ 15 ਅਤੇ 16 ਜਨਵਰੀ ਨੂੰ ਸ਼ਾਮਲ ਜਥੇਬੰਦੀਆਂ ਦੀਆਂ ਜ਼ਿਲ੍ਹਾ ਪੱਧਰੀ ਸਾਂਝੀਆਂ ਮੀਟਿੰਗਾਂ ਕੀਤੀਆਂ ਜਾਣ, ਜੋ ਕਿ ਹੋ ਚੁੱਕੀਆਂ ਹਨ। ਇਸ ਪਿਛੋਂ 15-16-17 ਫਰਵਰੀ 2016 ਨੂੰ ਸੂਬੇ ਦੇ ਸਾਰੇ ਤਹਿਸੀਲ ਕੇਂਦਰਾਂ 'ਤੇ ਮੁਜ਼ਾਹਰੇ ਅਤੇ ਧਰਨੇ ਮਾਰਨ ਦਾ ਸੱਦਾ ਦਿੱਤਾ ਗਿਆ ਹੈ। ਉਪਰੰਤ 15-16-17 ਮਾਰਚ 2016 ਨੂੰ ਚੰਡੀਗੜ੍ਹ ਵਿਖੇ ਦਿਨ-ਰਾਤ ਦਾ ਧਰਨਾ/ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੀਟਿੰਗ ਵਿਚ ਭਰਵੀਂ ਵਿਚਾਰ ਚਰਚਾ ਤੋਂ ਪਿੱਛੋਂ ਇਹ ਸਮਝਦਾਰੀ ਬਣੀ ਕਿ ਹਰ ਜਥੇਬੰਦੀ ਹਰ ਜ਼ਿਲ੍ਹੇ ਵਿਚ ਨਵੇਂ ਪਿੰਡਾਂ ਤੱਕ ਪਹੁੰਚ ਕਰੇ ਅਤੇ ਨਵੇਂ ਲੋਕਾਂ ਖਾਸਕਰ ਨੌਜਵਾਨਾਂ ਨੂੰ ਘੋਲਾਂ ਵਿਚ ਸ਼ਾਮਲ ਕੀਤਾ ਜਾਵੇ।
ਮੀਟਿੰਗ ਨੇ ਅੱਠਾਂ ਜਥੇਬੰਦੀਆਂ ਦੀਆਂ ਸਭੇ ਪਿੰਡ ਇਕਾਈਆਂ ਨੂੰ ਉਪਰੋਕਤ ਘੋਲ ਦਾ ਸਮੁੱਚਾ ਖਾਕਾ, ਘੋਲ ਦੀ ਮਹੱਤਤਾ ਅਤੇ ਘੋਲ ਦੀਆਂ ਮੰਗਾਂ ਹਰ ਸੰਭਵ ਮਜ਼ਦੂਰ ਤੱਕ ਪੁਚਾਉਣ ਦੇ ਸਰਵਪੱਖੀ ਯਤਨ ਕਰਨ ਦਾ ਸੱਦਾ ਦਿੱਤਾ। ਸੂਬਾਈ ਮੀਟਿੰਗ ਨੇ ਇਕਾਈਆਂ ਨੂੰ ਮੋਰਚੇ ਦੀ ਸਾਂਝ ਅਤੇ ਸਾਂਝੇ ਘੋਲਾਂ ਦੀ ਭਾਵਨਾ ਹੇਠਾਂ ਤੱਕ ਹੋਰ ਵਿਸਥਾਰਨ ਅਤੇ ਮਜ਼ਬੂਤ ਕਰਨ ਲਈ ਸੰਜੀਦਾ ਯਤਨ ਕਰਨ ਦਾ ਵੀ ਸੱਦਾ ਦਿੱਤਾ।
ਮੰਗ ਪੱਤਰ ਵਿਚਲੀਆਂ ਮੰਗਾਂ ਪ੍ਰਤੀ ਲੋਕਾਂ 'ਚੋਂ ਪਹਿਲਾਂ ਹੀ ਚੰਗਾ ਪ੍ਰਤੀਕਰਮ ਮਿਲਿਆ ਹੈ। ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ। ਵਾਰ-ਵਾਰ ਦੇ ਚੋਣ ਵਾਅਦਿਆਂ ਅਨੁਸਾਰ 10-10 ਮਰਲੇ ਦੇ ਰਿਹਾਇਸ਼ੀ ਪਲਾਟ ਹਰੇਕ ਬੇਜ਼ਮੀਨੇ ਪਰਵਾਰ ਨੂੰ ਦਿੱਤੇ ਜਾਣ, ਘਰ ਬਨਾਉਣ ਲਈ ਮਹਿੰਗਾਈ ਅਨੁਸਾਰ ਢੁੱਕਵੀਂ ਤਿੰਨ ਲੱਖ ਰੁਪਏ ਪ੍ਰਤੀ ਪਰਵਾਰ ਗ੍ਰਾਂਟ ਦਿੱਤੀ ਜਾਵੇ, ਰੂੜੀਆਂ ਲਈ ਥਾਵਾਂ ਦਿੱਤੀਆਂ ਜਾਣ, ਪਹਿਲਾਂ ਦਿੱਤੇ ਗਏ ਪਲਾਟਾਂ ਦੇ ਕਬਜੇ ਅਤੇ ਮਾਲਕੀ ਹੱਕ ਬਹਾਲ ਕੀਤੇ ਜਾਣ। ਸਰਕਾਰੀ ਖਰਚੇ 'ਤੇ ਹਰੇਕ ਬੇਜ਼ਮੀਨੇ ਪਰਵਾਰ ਨੂੰ ਹਾਈਜੀਨਿੰਕ ਪਖਾਨੇ ਬਣਾ ਕੇ ਦਿੱਤੇ ਜਾਣ। ਪੰਚਾਇਤੀ ਜ਼ਮੀਨਾਂ 'ਚੋਂ ਤੀਜਾ ਹਿੱਸਾ ਜਮੀਨ  ਬਾਜ਼ਾਰੂ  ਆਮ ਠੇਕੇ ਦੇ ਤੀਜਾ ਹਿੱਸਾ ਕੀਮਤ 'ਤੇ ਖੇਤੀ ਲਈ ਬੇਜ਼ਮੀਨੇ ਪਰਵਾਰਾਂ ਨੂੰ ਦਿੱਤੀ ਜਾਵੇ ਅਤੇ ਤਿੱਖੇ ਜ਼ਮੀਨੀ ਸੁਧਾਰਾਂ ਰਾਹੀਂ ਵਾਧੂ  ਨਿਕਲਦੀ ਜ਼ਮੀਨ ਬੇਜ਼ਮੀਨੇ ਗਰੀਬ ਪਰਵਾਰਾਂ ਅਤੇ ਅਤੀ ਛੋਟੇ ਕਿਸਾਨਾਂ ਵਿਚ ਵੰਡੀ ਜਾਵੇ।
ਬੇਜ਼ਮੀਨੇ ਦਲਿਤ ਪਰਵਾਰ ਨੂੰ ਸਮਾਜਿਕ ਸੁਰੱਖਿਆ ਅਧੀਨ ਮਿਲਦੀ ਪੈਨਸ਼ਨ ਇਕ ਮਜ਼ਾਕ ਤੋਂ ਵੱਧ ਕੇ ਹੋਰ ਕੁੱਝ ਨਹੀਂ। ਮੋਰਚਾ ਮੰਗ ਕਰਦਾ ਹੈ ਕਿ ਬੁਢਾਪਾ-ਵਿਧਵਾ-ਅੰਗਹੀਨ-ਆਸ਼ਰਿਤ ਪੈਨਸ਼ਨਾਂ ਘੱਟੋ ਘੱਟ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ਨੀਯਤ ਕੀਤੀਆਂ ਜਾਣ, ਇਹ ਪੈਨਸ਼ਨਾਂ ਨਿਰਵਿਘਣ ਮਿਲਣ ਦੀ ਵਿਵਸਥਾ ਕੀਤੀ ਜਾਵੇ ਅਤੇ ਸਮੇਂ ਸਮੇਂ 'ਤੇ ਵਧਦੀ ਮਹਿੰਗਾਈ ਅਨੁਸਾਰ ਹੀ ਪੈਨਸ਼ਨ ਵਾਧੇ ਦੀ ਪਿਰਤ ਲਾਗੂ ਕੀਤੀ ਜਾਵੇ। ਪੈਨਸ਼ਨਾਂ ਦੇਣ ਵੇਲੇ ਹਰ ਕਿਸਮ ਦੀ ਸਿਆਸੀ ਵਿਤਕਰੇਬਾਜ਼ੀ ਖਤਮ ਕੀਤੀ ਜਾਵੇ। ਨਜਾਇਜ਼ ਕੱਟੀਆਂ ਪੈਨਸ਼ਨਾਂ ਬਹਾਲ ਕੀਤੀਆਂ ਜਾਣ।
ਆਟਾ ਦਾਲ ਸਕੀਮ ਦੇ ਕਾਰਡ ਹਰੇਕ ਬੇਜ਼ਮੀਨੇ ਪੇਂਡੂ ਪਰਵਾਰ ਦੇ ਬਣਾਏ ਜਾਣ। ਰਾਸ਼ਨ ਮਿਲਣ ਦੀ ਹਰ ਮਹੀਨੇ ਗਰੰਟੀ ਕੀਤੀ ਜਾਵੇ। ਰਾਸ਼ਨ ਦੀ ਮਾਤਰਾ ਅਤੇ ਆਈਟਮਾਂ ਵਧਾਈਆਂ ਜਾਣ ਅਤੇ ਕੀਮਤਾਂ ਥੱਲੇ ਲਿਆਂਦੀਆਂ ਜਾਣ। ਇਸ ਸਕੀਮ 'ਚ ਘਪਲੇਬਾਜ਼ੀ ਬੰਦ ਕੀਤੀ ਜਾਵੇ। ਸਭ ਤੋਂ ਉਪਰ ਐਸੀ ਜਨਤਕ ਵੰਡ ਪ੍ਰਣਾਲੀ ਕਾਇਮ ਕੀਤੀ ਜਾਵੇ ਜਿਸ ਅਧੀਨ ਚੁੱਲ੍ਹਾ ਬਲਦਾ ਰੱਖਣ ਲਈ ਜ਼ਰੂਰੀ ਸਾਰੀਆਂ ਚੀਜ਼ਾਂ, ਸਮੇਤ ਬਾਲਣ, ਅਤੀ ਸਸਤੇ ਭਾਅ 'ਤੇ ਸਰਕਾਰੀ ਡਿਪੂਆਂ ਤੋਂ ਦਿੱਤੇ ਜਾਣ ਦੀ ਗਰੰਟੀ ਕੀਤੀ ਜਾਵੇ। ਗਰੀਬੀ ਰੇਖਾ ਤੋਂ ਹੇਠਲੇ ਲੋਕਾਂ ਦੀ ਨਿਸ਼ਾਨਦੇਹੀ ਦੇ ਮਾਪਦੰਡ ਤਹਿ ਕਰਨ ਵੇਲੇ ਸੂਬਿਆਂ ਦੀਆਂ ਹਾਲਤਾਂ ਨੂੰ ਧਿਆਨ ਵਿਚ ਰੱਖਿਆ ਜਾਵੇ ਅਤੇ ਇਸ ਮੰਤਵ ਲਈ ਬੇਜ਼ਮੀਨੇ ਮਜ਼ਦੂਰ ਹੋਣਾ ਹੀ ਮੁੱਖ ਆਧਾਰ ਮੰਨਿਆ ਜਾਵੇ। ਰਾਸ਼ਨ ਵੰਡ ਲਈ ਲਾਭਪਾਤਰੀ ਮਜ਼ਦੂਰਾਂ ਦੀਆਂ ਨਿਗਰਾਨ ਕਮੇਟੀਆਂ ਬਣਾਈਆਂ ਜਾਣ। ਹਰ ਬੇਜ਼ਮੀਨੇ ਪਰਵਾਰ ਲਈ ਸਥਾਈ ਅਤੇ ਸਨਮਾਨਯੋਗ ਰੋਜ਼ਗਾਰ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਮਨਰੇਗਾ ਦਾ ਵਿਸਥਾਰ ਕਰਕੇ ਹਰੇਕ ਬੇਜ਼ਮੀਨੇ ਪਰਵਾਰ ਦੇ ਸਾਰੇ ਜੀਆਂ ਨੂੰ ਸਾਰਾ ਸਾਲ, ਪੰਜ ਸੌ ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਕੰਮ ਦਿੱਤਾ ਜਾਵੇ, ਮਨਰੇਗਾ ਦੇ ਜਾਬ ਕਾਰਡ ਬਨਾਉਣ ਵੇਲੇ, ਕੰਮ ਦੇਣ ਵੇਲੇ, ਹਰ ਕਿਸਮ ਦੀ ਸਿਆਸੀ ਦਖਲਅੰਦਾਜ਼ੀ ਅਤੇ ਵਿਭਾਗੀ ਅੜਿਕੇ ਖਤਮ ਕੀਤੇ ਜਾਣ। ਪਿਛਲੇ ਸਾਰੇ ਸਾਲਾਂ ਦੇ ਕੀਤੇ ਕੰਮ ਦੇ ਸਾਰੇ ਪੈਸੇ ਬਿਨਾਂ ਦੇਰੀ ਅਦਾ ਕੀਤੇ ਜਾਣ। ਨਗਰ ਪੰਚਾਇਤਾਂ ਬਣਾ ਦਿੱਤੇ ਗਏ ਪਿੰਡਾਂ/ਕਸਬਿਆਂ/ਸ਼ਹਿਰਾਂ ਦੇ ਮਜ਼ਦੂਰਾਂ ਨੂੰ ਮਨਰੇਗਾ ਦੇ ਘੇਰੇ ਵਿਚ ਲਿਆਂਦਾ ਜਾਵੇ। ਮਨਰੇਗਾ ਦੇ ਫੰਡਾਂ 'ਚ ਹੋਏ ਸਾਰੇ ਘਪਲਿਆਂ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਖਾਧੇ ਪੈਸੇ ਵਸੂਲੇ ਜਾਣ।
ਹਰ ਬੇਜ਼ਮੀਨੇ ਪੇਂਡੂ ਮਜ਼ਦੂਰ ਪਰਿਵਾਰ ਨੂੰ ਜਾਤ-ਧਰਮ-ਲੋਡ ਦੀ ਸ਼ਰਤ ਤੋਂ ਬਿਨਾਂ ਮੁਕੰਮਲ ਮੁਫ਼ਤ ਬਿਜਲੀ ਦਿੱਤੀ ਜਾਵੇ। ਪੁੱਟੇ ਮੀਟਰ ਲਾਏ ਜਾਣ ਅਤੇ ਕੱਟੇ ਕੁਨੈਕਸ਼ਨ ਬਹਾਲ ਕੀਤੇ ਜਾਣ। ਪਿਛਲੇ ਸਾਰੇ ਬਕਾਇਆਂ 'ਤੇ ਲੀਕ ਮਾਰੀ ਜਾਵੇ।
ਆਰਥਕ ਤੰਗੀਆਂ ਕਾਰਨ ਖੁਦਕੁਸ਼ੀਆਂ ਕਰ ਗਏ ਮਜ਼ਦੂਰਾਂ ਦੇ ਵਾਰਸਾਂ ਨੂੰ ਪੰਜ ਲੱਖ ਰੁਪਏ ਮੁਆਵਜ਼ਾ, ਟੱਬਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਸਾਰੇ ਸਰਕਾਰੀ, ਗੈਰ-ਸਰਕਾਰੀ ਕਰਜ਼ੇ ਮੁਆਫ ਕੀਤੇ ਜਾਣ। ਕਰਜ਼ੇ ਬਦਲੇ ਕਰਾਈ ਜਾਂਦੀ ਵਗਾਰ ਸਖਤੀ ਨਾਲ ਰੋਕੀ ਜਾਵੇ। ਬਿਨਾਂ ਵਿਆਜ਼ ਦੇ ਲੰਮੀ ਮੁੱਦਤ ਦੇ ਕਰਜ਼ੇ ਦਿੱਤੇ ਜਾਣ। ਖੁਦਕੁਸ਼ੀਆਂ ਵਾਲਿਆਂ ਦਾ ਬਿਨਾਂ ਭੇਦ ਭਾਵ ਠੀਕ ਸਰਵੇ ਕੀਤਾ ਜਾਵੇ। ਕਿਸੇ ਵੀ ਕਰਜ਼ੇ ਵੇਲੇ ਜ਼ਮੀਨ ਦੀ ਮਾਲਕੀ ਜਾਂ ਮਾਲਕੀ ਵਾਲੇ ਦੀ ਗਵਾਹੀ ਦੀਆਂ ਬੇਲੋੜੀਆਂ ਸ਼ਰਤਾਂ ਖਤਮ ਕੀਤੀਆਂ ਜਾਣ।
ਸਰਕਾਰੀ ਸਕੂਲ, ਹਸਪਤਾਲ, ਵਾਟਰ ਵਰਕਸ ਅਤੇ ਹੋਰ ਵਿਭਾਗਾਂ ਦਾ ਨਿੱਜੀਕਰਨ ਰੋਕ ਕੇ ਸਾਰੀਆਂ ਮੁੱਢਲੀਆਂ ਮਾਨਵੀ ਲੋੜਾਂ ਸਰਕਾਰ ਵਲੋਂ ਮੁਫਤ ਦਿੱਤੇ ਜਾਣ ਦੀ ਗਰੰਟੀ ਕੀਤੀ ਜਾਵੇ।
ਮਜ਼ਦੂਰਾਂ/ਦਲਿਤਾਂ/ਔਰਤਾਂ ਉਪਰ ਜਬਰ ਕਰਨ ਵੇਲੇ ਗੈਰ ਸਮਾਜੀ ਹਕੂਮਤੀ ਸ਼ਹਿ ਪ੍ਰਾਪਤ ਅਨਸਰਾਂ ਅਤੇ ਉਨ੍ਹਾਂ ਵਿਰੁੱਧ ਵੇਲੇ ਸਿਰ ਢੁੱਕਵੀਂ ਕਾਰਵਾਈ ਨਾ ਕਰਨ ਵਾਲੇ ਅਧਿਕਾਰੀ ਨੂੰ ਮਿਸਾਲੀ ਸ਼ਜ਼ਾਵਾਂ ਦਿੱਤੀਆਂ ਜਾਣ। ਹਰ ਕਿਸਮ ਦਾ ਸਮਾਜਕ ਅਤੇ ਪੁਲਸ ਜਬਰ ਬੰਦ ਕੀਤਾ ਜਾਵੇ।
ਘੋਲਾਂ ਦੌਰਾਨ ਮਜ਼ਦੂਰਾਂ 'ਤੇ ਬਣੇ ਤਰ੍ਹਾਂ-ਤਰ੍ਹਾਂ ਦੇ ਮੁਕੱਦਮੇ ਰੱਦ ਕੀਤੇ ਜਾਣ। ਬਾਲ ਮਜ਼ਦੂਰੀ ਐਕਟ ਅਤੇ ਕਿਰਤ ਕਾਨੂੰਨਾਂ 'ਚ ਮਜ਼ਦੂਰ ਵਿਰੋਧੀ ਸੋਧਾਂ ਦੀਆਂ ਸਾਜਿਸ਼ਾਂ ਬੰਦ ਕੀਤੀਆਂ ਜਾਣ।
ਨਰਮੇਂ ਪੱਟੀ ਦੇ ਨਰਮਾ/ਕਪਾਹ ਚੁਗ ਕੇ ਜੂਨ ਗੁਜਾਰਾ ਕਰਨ ਵਾਲੇ ਬੇਜ਼ਮੀਨੇ ਮਜ਼ਦੂਰ ਪਰਵਾਰਾਂ ਨੂੰ 20 ਹਜਾਰ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦਿੱਤਾ ਜਾਵੇ। ਹਰ ਤਬਕੇ ਦੇ ਹੱਕੀ ਘੋਲਾਂ ਨੂੰ ਫੇਲ੍ਹ ਕਰਨ ਦੇ ਕੋਝੇ ਇਰਾਦੇ ਨਾਲ ਬਣਿਆ ਕਾਲਾ ਕਾਨੂੰਨ ''ਪੰਜਾਬ ਸਰਕਾਰ ਨਿੱਜੀ ਅਤੇ ਜਨਤਕ ਜਾਇਦਾਦ ਭੰਨਤੋੜ ਰੋਕੂ ਕਾਨੂੰਨ 2014'' ਰੱਦ ਕੀਤਾ ਜਾਵੇ। ਅਸੀਂ ਮੋਰਚੇ ਵਿਚ ਸ਼ਾਮਲ ਸਭਨਾਂ ਜਥੇਬੰਦੀਆਂ ਵਲੋਂ ਉਕਤ ਮੰਗਾਂ ਦੀ ਪ੍ਰਾਪਤੀ ਲਈ ਉਕਤ ਘੋਲ ਪ੍ਰੋਗਰਾਮ ਨੂੰ ਸਫਲ ਕਰਨ ਲਈ ਹਰ ਕਿਸਮ ਦੇ ਨੈਤਿਕ ਅਤੇ ਭੌਤਿਕ ਸਮਰਥਨ ਦੇਣ ਦੀ ਅਪੀਲ ਕਰਦੇ ਹਾਂ।

ਮੁਆਵਜ਼ਾ ਮਿਲਣ ਤੱਕ ਜਾਰੀ ਰਹੇਗਾ ਅਲਾਦੀਨਪੁਰ ਦੇ ਉਜਾੜੇ ਗਏ ਲੋਕਾਂ ਦਾ ਸੰਘਰਸ਼

ਜਸਪਾਲ ਸਿੰਘ ਝਬਾਲ 
ਪੰਜਾਬ ਸਰਕਾਰ ਵਲੋਂ ਸੂਬੇ ਦੇ ਦਲਿਤ ਬੇਜ਼ਮੀਨੇ ਮਜ਼ਦੂਰਾਂ ਨਾਲ ਕੀਤੀਆਂ ਬੇਸ਼ੁਮਾਰ ਵਧੀਕੀਆਂ 'ਚ ਬੀਤੇ ਦਿਨੀਂ ਇਕ ਹੋਰ ਕਾਲਾ ਅਧਿਆਏ ਜੁੜ ਗਿਆ। ਤਰਨ ਤਾਰਨ ਦੀ ਐਨ ਵੱਖੀ 'ਤੇ ਵਸਿਆ ਹੈ ਪਿੰਡ ਅਲਾਦੀਨਪੁਰ। ਸੁਖਬੀਰ ਬਾਦਲ ਅਤੇ ਨਰਿੰਦਰ ਮੋਦੀ ਦੇ ਰੋਜਗਾਰ ਰਹਿਤ ਵਿਕਾਸ; ਸੱਚੀ ਪੁੱਛੋ ਤਾਂ ਅਸਲ ਅਰਥਾਂ 'ਚ ਵਿਨਾਸ਼; ਦੀ ਮਾਰ ਹੇਠ ਇਸ ਪਿੰਡ ਦੇ ਦਲਿਤ ਆ ਗਏ ਹਨ। ਅੰਮ੍ਰਿਤਸਰ-ਗੰਗਾਨਗਰ ਵਾਇਆ ਬਠਿੰਡਾ ਛੇ-ਮਾਰਗੀ ਵਿਸਥਾਰ ਸਕੀਮ ਅਧੀਨ ਇਸ ਪਿੰਡ ਦੀ ਦੋਹਾਂ ਪਾਸਿਆਂ ਦੀ ਜ਼ਮੀਨ ਅਕੁਆਇਰ ਹੋਈ ਹੈ। ਅੱਜ ਦੇ ਸੰਦਰਭ 'ਚ ਇਹ ਜ਼ਮੀਨ ਕੇਵਲ ਰਿਹਾਇਸ਼ੀ ਨਾ ਹੋ ਕੇ ਵਪਾਰਕ ਬਣ ਚੁੱਕੀ ਹੈ ਅਤੇ ਬਜਾਰੀ ਕੀਮਤ ਅਨੁਸਾਰ ਬਹੁਤ ਮਹਿੰਗੀ ਹੈ। ਜ਼ਮੀਨ ਅਕੁਆਇਰ ਹੋਣ ਵਾਲੇ ਪਰਵਾਰਾਂ ਦੇ ਵੱਡੇ ਹਿੱਸੇ ਨੂੰ ਮਨਮਰਜ਼ੀ ਦਾ ਮੁਆਵਜ਼ਾ ਦੇ ਦਿੱਤਾ ਗਿਆ ਹੈ। ਪਰ ਪਿੰਡ ਦੇ ਦਲਿਤ ਪਰਿਵਾਰਾਂ ਨੂੰ ਕਾਣੀ ਕੌਡੀ ਵੀ ਅਦਾ ਨਹੀਂ ਕੀਤੀ ਗਈ। ਦਲੀਲ ਇਹ ਦਿੱਤੀ ਗਈ ਹੈ ਕਿ ਇਨ੍ਹਾਂ ਮਜ਼ਦੂਰਾਂ ਕੋਲ ਮਾਲਕੀ ਹੱਕ ਨਹੀਂ ਹਨ। ਇਸ ਜਾਲਿਮ ਦਲੀਲ ਦਾ ਸਿੱਧਾ ਸਾਦਾ ਭਾਵ ਇਹ ਹੈ ਕਿ ਮਾਲਕੀ ਹੱਕ ਤੋਂ ਵਾਂਝੇ ਲੋਕਾਂ ਨੂੰ ਜਿਵੇਂ ਮਰਜੀ ਲੁੱਟਿਆ-ਕੁਟਿਆ ਅਤੇ ਉਜਾੜਿਆ ਜਾ ਸਕਦਾ ਹੈ। ਇਸ ਘਟੀਆ ਦਲੀਲ ਦਾ ਅਗਲਾ ਭਾਵ ਵਿਸਥਾਰ ਇਹ ਹੈ ਕਿ ਮਾਲਕੀ ਹੱਕਾਂ ਤੋਂ ਵਾਂਝੇ ਲੋਕ ਅਵਾਰਾ ਪਸ਼ੂਆਂ ਬਰਾਬਰ ਹਨ ਜਿਨ੍ਹਾਂ ਨੂੰ ਜਦੋਂ ਮਰਜ਼ੀ ਡੰਡੇ ਨਾਲ ਹਿੱਕ ਕੇ ਜਿੱਧਰ ਮਰਜ਼ੀ ਭਜਾ ਦਿਓ। ਅਜੋਕੇ ਕਾਰਪੋਰੇਟ ਮਾਡਲ ਨੇ ਇਕੱਲਾ ਅਲਾਦੀਨ ਹੀ ਨਹੀਂ ਬਲਕਿ ਸੂਬੇ ਅਤੇ ਦੇਸ਼ ਦੇ ਅਨੇਕਾਂ ਪਿੰਡਾਂ/ਕਸਬਿਆਂ/ਸ਼ਹਿਰਾਂ ਦੇ ਵਾਸੀਆਂ ਦਾ ਇਸੇ ਤਰ੍ਹਾਂ ਹੀ ਘਾਣ ਕਰਨਾ ਹੈ ਅਤੇ ਪਹਿਲਾਂ ਅਨੇਕਾਂ ਥਾਵਾਂ 'ਤੇ ਹੋ ਵੀ ਚੁੱਕਾ ਹੈ। ਜਿਵੇਂ ਕਿ ਕੋਟਕਪੂਰੇ ਨੇੜੇ ਕਸਬਾ ਢਿੱਲਵਾਂ ਤੋਂ ਟਹਿਣੇ ਤੱਕ ਬਣਨ ਵਾਲੇ ਲਗਭਗ 10 ਕਿਲੋਮੀਟਰ ਲੰਬੇ ਫਲਾਈਓਵਰ ਲਈ ਅਕੁਆਇਰ ਕੀਤੇ ਰਕਬੇ 'ਚੋਂ ਉਜਾੜੇ ਗਏ ਲੋਕਾਂ ਨਾਲ ਹੋਈ ਬੀਤੀ ਹੈ।
ਅਲਾਦੀਨਪੁਰ ਦੇ ਮੁਆਵਜ਼ਾ ਵਿਹੂਣੇ ਲੋਕਾਂ ਨੇ ਸ਼ਾਸਨ/ਪ੍ਰਸ਼ਾਸ਼ਨ ਦੀ ਇਸ ਨਕਾਰਾ ਦਲੀਲ ਨੂੰ ਰੱਦ ਕਰ ਦਿੱਤਾ ਹੈ ਅਤੇ ਉਹ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਵਿਚ ਸੰਘਰਸ਼ ਦੇ ਮੈਦਾਨ ਵਿਚ ਕੁੱਦ ਪਏ ਹਨ। ਇਸ ਤੋਂ ਪਹਿਲਾਂ, ਗੋਬਿੰਦਪੁਰਾ ਨੇੜੇ ਬਰੇਟਾ, ਜ਼ਿਲ੍ਹਾ ਮਾਨਸਾ ਦੇ ਮਜ਼ਦੂਰ ਥਰਮਲ ਪਲਾਂਟ ਲਈ ਜ਼ਮੀਨ ਅਕੁਆਇਰ ਹੋਣ ਵੇਲੇ ਮਾਲਕੀ ਹੱਕ ਨਾ ਹੋਣ ਦੇ ਬਾਵਜੂਦ ਉਜਾੜੇ ਦਾ ਮੁਆਵਜ਼ਾ ਲੈਣ ਦਾ ਸੰਗਰਾਮ ਜਿੱਤ ਚੁੱਕੇ ਹਨ। ਅਲਾਦੀਨਪੁਰ ਦੇ ਆਲ-ਦੁਆਲੇ ਦੇ ਪਿੰਡਾਂ 'ਚੋਂ ਨੈਤਿਕ ਸਮਰਥਨ, ਧਰਨਾਕਾਰੀਆਂ ਲਈ ਰਾਸ਼ਨ, ਮੋਰਚੇ ਦੀਆਂ ਲੋੜਾਂ ਅਨੁਸਾਰ ਪੈਸੇ ਜੁਟਾਉਣ ਲਈ ਮੁਹਿੰਮ ਚੱਲ ਰਹੀ ਹੈ ਅਤੇ ਐਸ.ਡੀ.ਐਮ. ਤਰਨ ਤਾਰਨ ਦਫਤਰ ਅੱਗੇ ਦਿਨ-ਰਾਤ ਦਾ ਧਰਨਾ ਪਿਛਲੇ ਲਗਭਗ ਪੱਚੀਆਂ ਦਿਨਾਂ ਤੋਂ ਚਲ ਰਿਹਾ ਹੈ।
ਇਸ ਦੌਰਾਨ ਅਧਿਕਾਰੀਆਂ ਨਾਲ ਗੱਲਬਾਤ ਦੇ ਗੇੜ ਵੀ ਚੱਲੇ, ਜਿਸ ਵਿਚ ਰਾਜ ਕਰਦੀ ਸਿਆਸੀ ਧਿਰ ਵਲੋਂ ਵੀ ਨੁਮਾਇੰਦੇ ਹਾਜ਼ਰ ਹੁੰਦੇ ਰਹੇ ਪਰ ਹਾਲੇ ਤੱਕ ਸਾਰੀ ਗੱਲਬਾਤ ਬੇਸਿੱਟਾ ਰਹੀ ਹੈ। ਹੋਰਨਾਂ ਤੋਂ ਇਨਾਵਾ ਗੱਲਬਾਤ ਦੇ ਫੇਲ ਹੋਣ ਦਾ ਕਾਰਨ ਖਡੂਰ ਸਾਹਿਬ ਹਲਕੇ ਦੀ ਉਪ ਚੋਣ ਲਈ ਅਕਾਲੀ ਉਮੀਦਵਾਰ ਰਵਿੰਦਰ ਸਿੰਘ ਦਾ ਹੈਂਕੜ ਭਰਪੂਰ ਰਵੱਈਆ ਵੀ ਹੈ, ਜਿਸ ਕਰਕੇ ਮੀਟਿੰਗਾਂ ਦਾ ਮਾਹੌਲ ਤਣਾਅਪੂਰਨ ਹੋ ਗਿਆ ਸੀ। ਰਵਿੰਦਰ ਧਰਨਾਕਾਰੀਆਂ ਨੂੰ ਸਿੱਝ ਲੈਣ ਦੀ ਧਮਕੀ ਦੇਣ ਤੱਕ ਦੀਆਂ ਨਿਵਾਣਾਂ ਤੱਕ ਉਤਰ ਗਿਆ। ਦਿਹਾਤੀ ਮਜ਼ਦੂਰ ਸਭਾ ਨੇ ਇਸ ਘੋਲ ਨੂੰ ਸੂਬਾਈ ਘੋਲ ਵਿਚ ਤਬਦੀਲ ਕਰਦਿਆਂ ਆਉਂਦੀ ਤਿੰਨ ਫਰਵਰੀ ਨੂੰ ਤਰਨ ਤਾਰਨ ਵਿਖੇ ਸੂਬਾਈ ਰੈਲੀ ਕਰਨ ਦਾ ਫੈਸਲਾ ਕੀਤਾ ਹੈ।
ਸੀ.ਟੀ.ਯੂ. ਪੰਜਾਬ, ਜਮਹੂਰੀ ਕਿਸਾਨ ਸਭਾ, ਜਨਵਾਦੀ ਇਸਤਰੀ ਸਭਾ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ, ਪੰਜਾਬ ਸਟੂਡੈਂਟਸ ਫੈਡਰੇਸ਼ਨ ਅਤੇ ਲਾਲ ਝੰਡਾ ਭੱਠਾ ਵਰਕਰਜ਼ ਯੂਨੀਅਨ ਤੋਂ ਬਿਨਾਂ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂ ਵੀ ਘੋਲ ਨੂੰ ਸਮਰਥਨ ਦਾ ਐਲਾਨ ਕਰਨ ਲਈ ਤਿੰਨ ਫਰਵਰੀ ਦੀ ਸੂਬਾਈ ਰੈਲੀ ਵਿਚ ਸ਼ਿਰਕਤ ਕਰਨਗੇ। ਇਸ ਤੋਂ ਪਹਿਲਾਂ ਦਿਹਾਤੀ ਮਜ਼ਦੂਰ ਸਭਾ ਵਲੋਂ ਪਿੰਡ-ਪਿੰਡ ਸੂਬਾ ਸਰਕਾਰ ਦੇ ਪੁਤਲੇ ਫੂਕਦਿਆਂ ਹਕੂਮਤ ਦੀ ਮਜ਼ਦੂਰ ਵਿਰੋਧੀ ਪਹੁੰਚ ਨੂੂੰ ਬੇਪਰਦ ਕੀਤਾ ਜਾਵੇਗਾ।
ਇਸ ਦੌਰਾਨ ਅੰਦੋਲਨਕਾਰੀ ਮਜ਼ਦੂਰ ਪਰਵਾਰਾਂ ਅਤੇ ਆਗੂਆਂ ਦੇ ਹੌਂਸਲੇ ਬੁਲੰਦ ਹਨ। ਇਨ੍ਹਾਂ ਪਰਿਵਾਰਾਂ ਨੇ ਲੋਹੜੀ ਦਾ ਤਿਉਹਾਰ ਵੀ ਧਰਨਾ ਸਥਾਨ 'ਤੇ ਮਨਾਇਆ, ਜਿੱਥੇ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਉਚੇਚੇ ਪੁੱਜੇ।
ਤਕਰੀਬਨ ਰੋਜ ਤਰਨ ਤਾਰਨ ਸ਼ਹਿਰ 'ਚ ਹਾਕਮ ਧਿਰ ਦੀ ਧੱਕੋਜ਼ੋਰੀ ਖਿਲਾਫ ਪ੍ਰਦਰਸ਼ਨ ਕੀਤਾ ਜਾਂਦਾ ਹੈ। ਸ਼ਹਿਰਵਾਸੀ ਫੰਡ ਦੇ ਰੂਪ ਵਿਚ ਅੰਦੋਲਨਕਾਰੀਆਂ ਦੀ ਇਮਦਾਦ ਕਰ ਰਹੇ ਹਨ।
ਸਰਕਾਰ ਦੀ ਧੱਕੜਸ਼ਾਹੀ ਖਿਲਾਫ ਵਧੇਰੇ ਲੋਕਾਂ ਦਾ ਸਹਿਯੋਗ ਲੈਣ ਲਈ ਪਿੰਡਾਂ ਵਿਚ ''ਪੋਲ ਖੋਲ੍ਹ ਮਾਰਚ'' ਕੀਤਾ ਜਾ ਰਿਹਾ ਹੈ। ਦਰਜ਼ਨਾਂ ਦੋਪਹੀਆ ਵਾਹਨਾਂ ਅਤੇ ਚਿੱਟੇ ਹਾਥੀਆਂ 'ਚ ਸਵਾਰ ਦਿਹਾਤੀ ਮਜ਼ਦੂਰ ਸਭਾ ਦੇ ਕਾਰਕੁੰਨ ਇਸ ਮਾਰਚ ਦੀ ਅਗਵਾਈ ਕਰਦੇ ਹਨ।
ਅਸੀਂ ਸਭਨਾਂ ਇਨਸਾਫ ਪਸੰਦ, ਸੰਗਰਾਮੀ ਧਿਰਾਂ ਨੂੰ ਅਲਾਦੀਨਪੁਰ ਦੇ ਬਿਨ੍ਹਾਂ ਕਸੂਰ ਉਜਾੜੇ ਗਏ ਬੇਜ਼ਮੀਨੇ ਮਜ਼ਦੂਰਾਂ ਦੇ ਹੱਕ 'ਚ ਹਾਅ ਦਾ ਨਾਹਰਾ ਮਾਰਨ ਅਤੇ ਘੋਲ ਦੀ ਸਫਲਤਾ ਲਈ ਹਰ ਪੱਖ ਦੇ ਸਹਿਯੋਗ ਦੀ ਅਪੀਲ ਕਰਦੇ ਹਾਂ।

ਸ਼ਰਧਾਂਜਲੀਆਂ

ਸਾਥੀ ਏ.ਬੀ. ਬਰਧਨ ਨਹੀਂ ਰਹੇ
ਦੇਸ਼ ਦੀ ਕਮਿਊਨਿਸਟ ਲਹਿਰ ਦੇ ਉਘੇ ਆਗੂ ਸਾਥੀ ਏ.ਬੀ. ਬਰਧਨ (ਅਰਧੇਂਦੂ ਭੂਸ਼ਨ ਬਰਧਨ) 2 ਜਨਵਰੀ ਨੂੰ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਦਾ ਜਨਮ 1925 ਵਿਚ, ਅਜੋਕੇ ਬੰਗਲਾਦੇਸ਼, ਜਿਹੜਾ ਉਸ ਵੇਲੇ ਭਾਰਤ ਦਾ ਹਿੱਸਾ ਹੀ ਸੀ, ਦੇ ਸਿਲਹਟ ਜ਼ਿਲ੍ਹੇ ਵਿਚ ਹੋਇਆ ਸੀ। 15 ਸਾਲ ਦੀ ਉਮਰ ਵਿਚ ਹੀ ਉਹ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ.ਆਈ.ਐਸ.ਐਫ.) ਵਿਚ ਸਰਗਰਮ ਹੋ ਗਏ ਸਨ ਅਤੇ ਦੇਸ਼ ਦੀ ਆਜ਼ਾਦੀ ਲਈ ਚਲ ਰਹੇ ਅੰਦੋਲਨ ਵਿਚ ਕੁੱਦ ਪਏ ਸਨ। ਅਗਲੇ ਹੀ ਸਾਲ ਉਹ ਕਮਿਊਨਿਸਟ ਪਾਰਟੀ ਦੇ ਮੈਂਬਰ ਬਣ ਗਏ ਸਨ, ਜਿਹੜੀ ਕਿ ਉਸ ਵੇਲੇ ਅੰਗਰੇਜ਼ ਸਰਕਾਰ ਵਲੋਂ ਗੈਰ ਕਾਨੂੰਨੀ ਕਰਾਰ ਦਿੱਤੀ ਹੋਈ ਸੀ।
ਮਹਾਰਾਸ਼ਟਰ ਦੇ ਸ਼ਹਿਰ ਨਾਗਪੁਰ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾਉਂਦੇ ਹੋਏ ਉਹ ਉਥੇ ਦੀ ਮਜ਼ਦੂਰ ਲਹਿਰ ਦੇ ਇਕ ਹਰਮਨ ਪਿਆਰੇ ਆਗੂ ਬਣ ਗਏ। ਉਨ੍ਹਾਂ ਬਿਜਲੀ ਖੇਤਰ ਦੇ ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਜਥੇਬੰਦ ਕਰਨ ਵਿਚ ਵਿਸ਼ੇਸ਼ ਯੋਗਦਾਨ ਪਾਇਆ ਅਤੇ ਉਹ ਮਹਾਰਾਸ਼ਟਰ ਦੇ ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਦੇ ਨਾਲ-ਨਾਲ ਆਲ ਇੰਡੀਆ ਇਲੈਕਟ੍ਰਿਸਿਟੀ ਇੰਪਲਾਈਜ਼ ਫੈਡਰੇਸ਼ਨ ਦੇ ਵੀ ਪ੍ਰਧਾਨ ਰਹੇ। ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੇ ਕਈ ਸਾਲ ਤੱਕ ਜਨਰਲ ਸਕੱਤਰ ਅਤੇ ਬਾਅਦ ਵਿਚ ਪ੍ਰਧਾਨ ਰਹੇ। 1957 ਵਿਚ ਉਹ ਨਾਗਪੁਰ ਤੋਂ ਵਿਧਾਇਕ ਵੀ ਚੁਣੇ ਗਏ ਸਨ। 1995 ਵਿਚ ਸ਼੍ਰੀ ਦੇਵਗੌੜਾ ਦੀ ਅਗਵਾਈ ਹੇਠ ਬਣੀ ਗਠਜੋੜ ਸਰਕਾਰ ਵਿਚ ਸੀ.ਪੀ.ਆਈ. ਦੇ ਸ਼ਾਮਲ ਹੋਣ ਨਾਲ ਉਸ ਵੇਲੇ ਦੇ ਜਨਰਲ ਸਕੱਤਰ ਸਾਥੀ ਇੰਦਰਜੀਤ ਗੁਪਤਾ ਵਲੋਂ ਦੇਸ਼ ਦਾ ਗ੍ਰਹਿ ਮੰਤਰੀ ਬਣ ਜਾਣ ਉਪਰੰਤ ਸਾਥੀ ਬਰਧਨ ਸੀ.ਪੀ.ਆਈ. ਦੇ ਜਨਰਲ ਸਕੱਤਰ ਬਣੇ ਅਤੇ ਲਗਾਤਾਰ 12 ਸਾਲ ਤੱਕ ਇਸ ਅਹੁਦੇ 'ਤੇ ਰਹੇ।
ਉਹ ਖੱਬੀਆਂ ਸ਼ਕਤੀਆਂ ਦੀ ਏਕਤਾ ਦੇ ਇਕ ਤਗੜੇ ਅਲੰਬਰਦਾਰ ਸਨ ਅਤੇ ਜਦੋਂ ਪੰਜਾਬ ਵਿਚ ਚਾਰ ਖੱਬੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਅੰਦੋਲਨ ਵਿੱਢਿਆ ਤਾਂ ਉਹ ਆਪਣੀ ਖਰਾਬ ਸਿਹਤ ਦੇ ਬਾਵਜੂਦ 28 ਨਵੰਬਰ 2014 ਨੂੰ ਲੁਧਿਆਣਾ ਵਿਖੇ ਕੀਤੀ ਗਈ ਸਾਂਝੀ ਰੈਲੀ ਵਿਚ ਉਚੇਚੇ ਰੂਪ ਵਿਚ ਪੁੱਜੇ ਅਤੇ ਉਨ੍ਹਾਂ ਨੇ ਇਸ ਖੱਬੀ ਇਕਜੁਟਤਾ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ ਰੈਲੀ ਨੂੰ ਸੰਬੋਧਨ ਕੀਤਾ। ਪੰਜਾਬ ਵਿਚ ਅੱਤਵਾਦ ਦੌਰਾਨ ਕਮਿਊਨਿਸਟ ਪਾਰਟੀਆਂ ਵਲੋਂ ਚਲਾਈ ਗਈ ਮੁਹਿੰਮ, ਜਿਸ ਵਿਚ 300 ਤੋਂ ਵੀ ਵੱਧ ਕਮਿਊਨਿਸਟ ਕਾਰਕੁੰਨ ਸ਼ਹੀਦ ਹੋਏ ਸਨ, ਸਮੇਂ ਵੀ ਉਹ ਪੰਜਾਬ ਵਿਚ ਆ ਕੇ ਸਾਥੀਆਂ ਦੀ ਹੌਂਸਲਾ ਅਫਜਾਈ ਕਰਦੇ ਰਹੇ। ਸੀ.ਪੀ.ਐਮ.ਪੰਜਾਬ ਅਤੇ ਅਦਾਰਾ 'ਸੰਗਰਾਮੀ ਲਹਿਰ' ਇਸ ਮਹਾਨ ਕਮਿਊਨਿਸਟ ਆਗੂ ਨੂੰ ਸ਼ਰਧਾਂਜਲੀ ਅਰਪਤ ਕਰਦੇ ਹੋਏ ਉਨ੍ਹਾਂ ਵਲੋਂ ਛੱਡੇ ਗਏ ਅਧੂਰੇ ਕਾਰ ਨੂੰ ਪੂਰਾ ਕਰਨ ਦਾ ਅਹਿਦ ਲੈਂਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਸੀ.ਪੀ.ਆਈ. ਦੇ ਦੁੱਖ ਵਿਚ ਸ਼ਰੀਕ ਹੁੰਦੇ ਹਨ।


ਸਾਥੀ ਚੈਨ ਸਿੰਘ ਚੈਨ ਦਾ ਸਦੀਵੀਂ ਵਿਛੋੜਾਪ੍ਰਾਂਤ ਦੀ ਕਮਿਊਨਿਸਟ ਲਹਿਰ ਦੇ ਉਘੇ ਆਗੂ ਸਾਥੀ ਚੈਨ ਸਿੰਘ ਚੈਨ 8 ਜਨਵਰੀ ਦੀ ਰਾਤ ਨੂੰ ਸਦੀਵੀਂ ਵਿਛੋੜਾ ਦੇ ਗਏ। ਉਹ 98 ਸਾਲਾਂ ਦੇ ਸਨ। ਸਾਥੀ ਚੈਨ ਪਿਛਲੀ ਸਦੀ ਦੇ ਤੀਜੇ ਦਹਾਕੇ ਵਿਚ ਕਿਰਤੀ ਪਾਰਟੀ ਵਿਚ ਸ਼ਾਮਲ ਹੋਏ ਅਤੇ ਉਸਦੇ ਸੰਸਥਾਪਕਾਂ ਵਿਚੋਂ ਸਨ। ਬਾਅਦ ਵਿਚ ਕਿਰਤੀ ਪਾਰਟੀ ਦੇ ਕਮਿਊਨਿਸਟ ਪਾਰਟੀ ਵਿਚ ਸ਼ਾਮਲ ਹੋਣ ਨਾਲ ਉਹ ਵੀ ਸੀ.ਪੀ.ਆਈ. ਵਿਚ ਸ਼ਾਮਲ ਹੋ ਗਏ ਅਤੇ ਕਮਿਊਨਿਸਟ ਲਹਿਰ ਦੇ ਅੰਗ ਬਣ ਗਏ। ਉਨ੍ਹਾਂ ਆਪਣੇ ਜੀਵਨ ਦੇ 8 ਦਹਾਕੇ ਮਜ਼ਦੂਰਾਂ-ਕਿਸਾਨਾਂ ਦੀ ਬੰਦ ਖਲਾਸੀ ਲਈ ਚੱਲਣ ਵਾਲੀ ਲਹਿਰ ਦੇ ਲੇਖੇ ਲਾਏ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਵੀ ਉਹ ਸੰਸਥਾਪਕ ਮੈਂਬਰਾਂ ਵਿਚੋਂ ਸਨ। ਉਹ ਸੀ.ਪੀ.ਆਈ. ਦੀ ਜ਼ਿਲ੍ਹਾ ਜਲੰਧਰ ਇਕਾਈ ਦੇ ਕਾਫੀ ਸਮਾਂ ਸਕੱਤਰ ਰਹੇ।
ਉਹ ਇਕ ਚੰਗੇ ਲੇਖਕ ਵੀ ਸਨ, ਪਾਰਟੀ ਦੇ ਜਥੇਬੰਦਕ ਪਰਚੇ 'ਪਾਰਟੀ ਜੀਵਨ' ਵਿਚ ਜਥੇਬੰਦਕ ਮਸਲਿਆਂ ਉਤੇ ਲਿਖਣ ਦੇ ਨਾਲ-ਨਾਲ ਉਨ੍ਹਾਂ ਕਾਮਰੇਡ ਤੇਜਾ ਸਿੰਘ ਸੁਤੰਤਰ (ਜੀਵਨੀ), ਕਿਰਤੀ ਪਾਰਟੀ (ਦੂਜੀ ਸੰਸਾਰ ਜੰਗ ਸਮੇਂ), ਗਦਰ ਲਹਿਰ ਦੀ ਕਹਾਣੀ ਗਦਰੀ ਬਾਬਿਆਂ ਦੀ ਜ਼ੁਬਾਨੀ, 'ਮੇਰਾ ਸਿਆਸੀ ਜੀਵਨ' (ਸਵੈ ਜੀਵਨੀ) ਪੁਸਤਕਾਂ ਵੀ ਲਿਖੀਆਂ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪਰਚੇ 'ਵਿਰਸਾ' ਦੇ ਸੰਪਾਦਕੀ ਮੰਡਲ ਵਿਚ ਵੀ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਦਿੰਦੇ ਰਹੇ। ਦੇਸ ਭਗਤ ਯਾਦਗਾਰ ਕਮੇਟੀ ਦੇ ਟ੍ਰਸਟੀ ਵਜੋਂ ਉਨ੍ਹਾਂ ਇਸ ਅਦਾਰੇ ਨੂੰ ਉਸਾਰਨ ਅਤੇ ਮਜ਼ਬੂਤ ਕਰਨ ਵਿਚ ਵੀ ਗਿਣਨਯੋਗ ਭੂਮਿਕਾ ਨਿਭਾਈ। ਆਜ਼ਾਦੀ ਤੋਂ ਬਾਅਦ ਉਨ੍ਹਾਂ ਸੂਬੇ ਦੇ ਸੁਤੰਤਰਤਾ ਸੰਗਰਾਮੀਆਂ ਨੂੰ ਵੀ ਜਥੇਬੰਦ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਪ੍ਰਾਂਤ ਦੀ ਕਮਿਊਨਿਸਟ ਲਹਿਰ ਵਿਚ ਉਘੀ ਭੂਮਿਕਾ ਨਿਭਾਉਣ ਵਾਲੀਆਂ ਇਸਤਰੀਆਂ ਵਿਚੋਂ ਉਨ੍ਹਾਂ ਦੀ ਸੁਪਤਨੀ ਕਾਮਰੇਡ ਸ਼ੀਲਾ ਚੈਨ ਵੀ ਇਕ ਸਨ। ਅਤੇ ਇਸ ਮੌਕੇ ਉਨ੍ਹਾਂ ਨੂੰ ਵੀ ਯਾਦ ਕਰਨਾ ਕੁਥਾਂਹ ਨਹੀਂ ਹੋਵੇਗਾ ਕਿਉਂਕਿ ਸਾਥੀ ਚੈਨ ਨੂੰ ਸਰਗਰਮ ਰੱਖਣ ਵਿਚ ਮਰਹੂਮ ਸ਼ੀਲਾ ਚੈਨ ਦਾ ਵੀ ਉਘਾ ਯੋਗਦਾਨ ਸੀ।
ਅਦਾਰਾ 'ਸੰਗਰਾਮੀ ਲਹਿਰ' ਇਸ ਉਘੇ ਕਮਿਊਨਿਸਟ ਆਗੂ ਨੂੰ ਇਨਕਲਾਬੀ ਸ਼ਰਧਾਂਜਲੀ ਭੇਂਟ ਕਰਦਾ ਹੈ। 

ਵਿਛੜੇ ਸਾਥੀ ਅਮਰਜੀਤ ਸਿੰਘ ਕਲਾਰ ਦਾ ਸ਼ਰਧਾਂਜਲੀ ਸਮਾਗਮ

ਸੀ.ਪੀ.ਐਮ.ਪੰਜਾਬ ਦੇ ਉਸਰੱਈਆਂ 'ਚੋਂ ਇਕ, ਆਪਣਾ ਸਾਰਾ ਜੀਵਨ ਕਿਰਤੀ-ਕਿਸਾਨਾਂ ਨੂੰ ਲੁੱਟ ਦੇ ਰਾਜ ਤੋਂ ਮੁਕਤੀ ਦੁਆਉਣ ਦੇ ਸੰਗਰਾਮ ਦੇ ਲੇਖੇ ਲਾਉਣ ਵਾਲੇ ਕਾਮਰੇਡ ਅਮਰਜੀਤ ਸਿੰਘ ਕਲਾਰ ਦਾ ਸ਼ਰਧਾਂਜਲੀ ਸਮਾਗਮ ਲੰਘੀ 30 ਦਸੰਬਰ ਨੂੰ ਕਸਬਾ ਆਲੀਵਾਲ ਦੇ ਨੇੜੇ ਅੱਡਾ ਬੁਲ੍ਹੋਵਾਲ ਵਿਖੇ ਸਰਵਸਾਥੀ ਅਜੀਤ ਸਿੰਘ ਸਿਧਵਾਂ, ਦਲਬੀਰ ਸਿੰਘ ਅਤੇ ਸੰਤੋਖ ਸਿੰਘ ਔਲਖ 'ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਹੋਇਆ। ਪਾਰਟੀ ਦੀ ਗੁਰਦਾਸਪੁਰ-ਪਠਾਨਕੋਟ ਜ਼ਿਲ੍ਹਾ ਇਕਾਈ ਨੇ ਇਸ ਸਮਾਗਮ ਦਾ  ਸੁਚੱਜਾ ਪ੍ਰਬੰਧ ਕੀਤਾ।
ਸੀ.ਪੀ.ਐਮ.ਪੰਜਾਬ ਦੀ ਸਮੁੱਚੀ ਸਕੱਤਰੇਤ, ਸੂਬਾ ਕਮੇਟੀ ਮੈਂਬਰ ਦੂਰ ਦੁਰਾਡੇ ਤੋਂ ਆਪਣੇ ਪ੍ਰੇਰਣਾਮਈ ਸਾਥੀ ਨੂੰ ਅਕੀਦਤ ਭੇਂਟ ਕਰਨ ਲਈ ਪੁੱਜੇ। ਮੰਚ 'ਤੇ ਕਾਮਰੇਡ ਕਲਾਰ ਦੇ ਤਕਰੀਬਨ ਸਾਰੇ ਪਰਵਾਰਕ ਮੈਂਬਰ ਬਿਰਾਜਮਾਨ ਸਨ।
ਕਾਮਰੇਡ ਕਲਾਰ ਹੋਰਾਂ ਦੀ ਮਿਲਾਪੜੀ ਸ਼ਖਸ਼ੀਅਤ ਅਤੇ ਆਪਾਵਾਰੂ ਸੰਗਰਾਮੀ ਜੀਵਨ ਦੇ ਹਾਂ ਪੱਖੀ ਪ੍ਰਭਾਵ ਦਾ ਝਲਕਾਰ ਇਸ ਗੱਲ ਤੋਂ ਹੀ ਰੂਪਮਾਨ ਹੋ ਜਾਂਦਾ ਹੈ ਕਿ ਪੰਜਾਬ ਦੀਆਂ ਸਾਰੀਆਂ ਖੱਬੀਆਂ ਪਾਰਟੀਆਂ ਦੇ ਆਗੂ ਉਨ੍ਹਾਂ ਨੂੰ ਨਮਨ ਕਰਨ ਲਈ ਪੁੱਜੇ।
ਅਨੇਕਾਂ ਲੋਕ ਜਿਨ੍ਹਾਂ ਨੇ ਕਾਮਰੇਡ ਕਲਾਰ ਹੋਰਾਂ ਨਾਲ ਕਦੀ ਸਾਂਝੇ ਪਲ ਬਿਤਾਏ ਸਨ ਉਹ ਵੀ ਅਤੇ ਜਿਨ੍ਹਾਂ ਨੇ ਉਨ੍ਹਾਂ ਨਾਲ ਮਿਲਕੇ ਘਾਲਣਾਵਾਂ ਘਾਲੀਆਂ ਉਹ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਪ੍ਰੰਤੂ ਸਮਾਗਮ ਦਾ ਸ਼ਾਨਦਾਰ ਪੱਖ ਇਹ ਸੀ ਕਿ ਦੂਰ ਦਰਾਡੇ ਤੋਂ ਕਿਰਤੀ-ਕਿਸਾਨਾਂ-ਨੌਜਵਾਨਾਂ-ਬੀਬੀਆਂ ਦੇ ਵਿਸ਼ਾਲ ਕਾਫ਼ਲੇ ਇਸ ਸਮਾਗਮ ਵਿਚ ਆਪਣੇ ਵਿਛੜੇ ਮਹਿਬੂਬ ਸਾਥੀ ਨੂੰ ਸੰਗਰਾਮੀ ਲਾਲ ਸਲਾਮ ਕਹਿੰਦਿਆਂ ਨਾਹਰੇ ਮਾਰਦੇ ਸ਼ਰਧਾਂਜਲੀ ਦੇਣ ਲਈ ਪੁੱਜੇ।
ਸਮੁੱਚੇ ਸਮਾਗਮ ਦੇ ਕ੍ਰਿਆਕਲਾਪਾਂ 'ਚੋਂ ਕਾਮਰੇਡ ਕਲਾਰ ਦੀ ਸ਼ਖਸ਼ੀਅਤ ਦਾ ਆਮ ਲੋਕਾਂ ਉਪਰ ਵਸੀਹ ਹਾਂ ਪੱਖੀ ਪ੍ਰਭਾਵ ਝਲਕਾਰੇ ਮਾਰਦਾ ਸੀ।
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਸਰਵਸਾਥੀ ਮੰਗਤ ਰਾਮ ਪਾਸਲਾ, ਹਰਕੰਵਲ ਸਿੰਘ, ਰਘੁਬੀਰ ਸਿੰਘ ਬਟਾਲਾ, ਕੁਲਵੰਤ ਸਿੰਘ ਸੰਧੂ, ਗੁਰਨਾਮ ਸਿੰਘ ਦਾਊਦ, ਨੱਥਾ ਸਿੰਘ, ਬੀਬੀ ਨੀਲਮ ਘੁਮਾਣ, ਗੁਰਮੀਤ ਸਿੰਘ ਬਖਤਪੁਰਾ ਸਕੱਤਰ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ, ਧਿਆਨ ਸਿੰਘ ਠਾਕੁਰ ਜ਼ਿਲ੍ਹਾ ਸਕੱਤਰ ਸੀ.ਪੀ.ਆਈ.(ਐਮ), ਗੁਲਜਾਰ ਸਿੰਘ ਬਸੰਤਕੋਟ ਜ਼ਿਲ੍ਹਾ ਸਕੱਤਰ ਸੀ.ਪੀ.ਆਈ. ਨੇ ਉਹਨਾਂ ਨਾਲ ਬਿਤਾਈਆਂ ਆਪਣੀਆਂ ਯਾਦਾਂ ਅਤੇ ਉਨ੍ਹਾਂ ਦੀ ਸ਼ਖਸ਼ੀਅਤ ਦੀਆਂ ਦੂਜਿਆਂ ਲਈ ਖਿੱਚਪਾਊ ਗੁਣਾਂ ਦਾ ਜਜਬਾਤੀ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਾਰਿਆਂ ਨੇ ਉਨ੍ਹਾਂ ਦੇ ਜੀਵਨ ਦੇ ਹਾਂ ਪੱਖੀ ਗੁਣਾਂ ਤੋਂ ਪ੍ਰੇਰਣਾ ਲੈਣ ਅਤੇ ਉਨ੍ਹਾਂ ਦੇ ਜੀਵਨ ਦੇ ਮਿਥੇ ਨਿਸ਼ਾਨਿਆਂ ਦੀ ਪੂਰਤੀ ਲਈ ਪੂਰਾ ਜੀਵਨ ਲਾਉਣ ਦਾ ਪ੍ਰਣ ਕੀਤਾ। ਸਭਨਾਂ ਆਗੂਆਂ ਨੇ ਹਾਜ਼ਰ ਕਿਰਤੀ ਕਿਸਾਨਾਂ ਤੇ ਖੱਬੀ ਅਤੇ ਜਮਹੂਰੀ ਲਹਿਰ ਦੇ ਕਾਰਕੁੰਨਾਂ ਨੂੰ ਸਾਥੀ ਅਮਰਜੀਤ ਕਲਾਰ ਦੇ ਪਦਚਿੰਨ੍ਹਾਂ 'ਤੇ ਚੱਲਣ ਦੀ ਅਪੀਲ ਕੀਤੀ। ਸੁਭਾਵਿਕ ਹੀ ਸਾਰੇ ਆਗੂਆਂ ਨੇ 2014 'ਚ ਵਿਛੋੜਾ ਦੇ ਗਈ, ਹਰ ਔਖ-ਸੌਖ 'ਚ ਉਨ੍ਹਾਂ ਦੋ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਵਾਲੀ ਉਨ੍ਹਾਂ ਦੀ ਜੀਵਨ ਸਾਥਣ ਬੀਬੀ ਸਵਿੱਤਰ ਕੌਰ ਨੂੰ ਵੀ ਵਿਸ਼ੇਸ਼ ਤੌਰ 'ਤੇ ਯਾਦ ਕੀਤਾ।
ਸਾਰੇ ਆਗੂਆਂ ਨੇ ਇਸ ਮੌਕੇ ਕਿਹਾ ਕਿ ਅਜੋਕੇ ਦੌਰ ਦੀਆਂ ਮੁੱਖ ਚੁਣੌਤੀਆਂ; ਸਾਮਰਾਜੀ ਨੀਤੀਆਂ ਅਤੇ ਉਨ੍ਹਾਂ ਦੇ ਸਿੱਟੇ ਵਜੋਂ ਵੱਧ ਰਹੀ ਭਾਰਤ ਅਤੇ ਸੰਸਾਰ ਭਰ ਦੀ ਲੋਕਾਈ ਦੀ ਗੁਰਬਤ, ਫਿਰਕੂ-ਫੁੱਟਪਾਊ ਤਾਕਤਾਂ ਵਲੋਂ ਕਿਰਤੀ ਕਿਸਾਨਾਂ 'ਤੇ ਹੋਰ ਸੰਗਰਾਮੀ ਤਬਕਿਆਂ ਦੀ ਏਕਤਾ ਨੂੰ ਲੀਰੋ ਲੀਰ ਕਰਨ ਦੇ ਕੋਝੇ ਇਰਾਦਿਆਂ ਅਤੇ ਕੇਂਦਰੀ ਤੇ ਸੂਬਾਈ ਸਰਕਾਰਾਂ ਵਲੋਂ ਲੋਕਾਂ ਦੇ ਹੱਕੀ ਸੰਰਗਾਮਾਂ ਨੂੰ ਫੇਲ੍ਹ ਕਰਨ ਲਈ ਵਰਤੇ ਜਾ ਰਹੇ ਜਾਬਰ ਹਥਕੰਡਿਆਂ ਵਿਰੁੱਧ ਖੱਬੀਆਂ ਧਿਰਾਂ ਦੇ ਸਾਂਝੇ ਸੰਗਰਾਮ ਅਤੇ ਅੱਗੋਂ ਖੱਬੀਆਂ ਅਗਾਂਹਵਧੂ ਜਮਹੂਰੀ ਸੰਘਰਸ਼ਸ਼ੀਲ ਸ਼ਕਤੀਆਂ ਦੇ ਵਿਸ਼ਾਲ ਸੰਗਰਾਮ ਦੀ ਉਸਾਰੀ ਹੀ ਸਾਥੀ ਅਮਰਜੀਤ ਸਿੰਘ ਕਲਾਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਬਹੁਗਿਣਤੀ ਬੁਲਾਰਿਆਂ ਨੇ ਹਾਲੀਆ ਬਿਹਾਰ ਵਿਧਾਨ ਸਭਾ ਚੋਣਾਂ 'ਚ ਖੱਬੀ ਧਿਰ ਵਲੋਂ ਲਏ ਪੈਂਤੜੇ ਅਤੇ ਕਾਰਗੁਜਾਰੀ ਨੂੰ ਅੱਜ ਦੇ ਦੌਰ ਦਾ ਢੁੱਕਵਾਂ ਰੋਲ ਮਾਡਲ ਕਿਹਾ।
ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਇੰਦਰਜੀਤ ਗਰੇਵਾਲ, ਮਹੀਪਾਲ, ਪਰਗਟ ਸਿੰਘ ਜਾਮਾਰਾਏ, ਰਵੀ ਕੰਵਰ, ਗੁਰਨਾਮ ਸਿੰਘ ਸੰਘੇੜਾ, ਸਤਨਾਮ ਸਿੰਘ ਅਜਨਾਲਾ, ਸ਼ਿਵ ਕੁਮਾਰ ਪਠਾਨਕੋਟ, ਹਰਿੰਦਰ ਸਿੰਘ ਰੰਧਾਵਾ, ਲਾਲ ਚੰਦ ਸਰਦੂਲਗੜ੍ਹ, ਮਹਿੰਦਰ ਸਿੰਘ ਖੈਹੜ, ਪ੍ਰਿੰਸੀਪਲ ਪਿਆਰਾ ਸਿੰਘ, ਹਰਦੀਪ ਸਿੰਘ, ਛੱਜੂ ਰਾਮ ਰਿਸ਼ੀ, ਜਸਪਾਲ ਸਿੰਘ ਝਬਾਲ ਆਦਿ ਸੂਬਾਈ ਆਗੂ ਵੀ ਹਾਜ਼ਰ ਸਨ।
ਸਾਥੀ ਅਮਰਜੀਤ ਸਿੰਘ ਕਲਾਰ ਦੇ ਯੁੱਧ ਸਾਥੀ ਮੁਲਖ ਰਾਜ ਗੁਰਦਾਸਪੁਰ, ਉਘੇ ਗਜ਼ਲਗੋਅ ਸਾਥੀ ਮੱਖਣ ਕੁਹਾੜ, ਮੰਗਤ ਚੰਚਲ ਅਤੇ ਹੋਰਨਾਂ ਲੋਕ ਪੱਖੀ ਕਲਾਕਾਰਾਂ ਨੇ ਭਾਵਪੂਰਤ ਗੀਤਾਂ, ਗਜ਼ਲਾਂ, ਨਜ਼ਮਾਂ ਦੀ ਪੇਸ਼ਕਾਰੀ ਕੀਤੀ।
ਸਾਥੀ ਅਮਰਜੀਤ ਸਿੰਘ ਕਲਾਰ ਦੇ ਜੁਝਾਰੂ ਘਟਨਾਵਾਂ ਭਰਪੂਰ ਸੰਗਰਾਮੀ ਤੇ ਪ੍ਰੇਰਣਾਮਈ ਜੀਵਨ 'ਤੇ ਝਾਤ ਪਾਉਂਦੀ ਉਨ੍ਹਾਂ ਦੀ ਸਵੈਜੀਵਨੀ ਦੀ ਭਾਰੀ ਵਿਕਰੀ ਨੇ ਲੋਕਾਂ 'ਚ ਉਨ੍ਹਾਂ ਪ੍ਰਤੀ ਲਗਾਓ ਨੂੰ  ਹੋਰ ਉਜਾਗਰ ਕੀਤਾ।
ਸਟੇਜ ਸਕੱਤਰ ਦੇ ਫਰਜ਼ ਸਾਥੀ ਲਾਲ ਚੰਦ ਕਟਾਰੂਚੱਕ ਨੇ ਨਿਭਾਏ।

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਫਰਵਰੀ 2016)

ਚਾਰ ਖੱਬੀਆਂ ਪਾਰਟੀਆਂ ਵਲੋਂ ਰਾਜਸੀ ਕਾਨਫਰੰਸਾਂਸੀ.ਪੀ.ਆਈ., ਸੀ.ਪੀ.ਆਈ.(ਐਮ), ਸੀ.ਪੀ.ਐਮ.ਪੰਜਾਬ ਅਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਵਲੋਂ ਪੰਜਾਬ ਭਰ 'ਚ 15 ਸੂਤਰੀ ਮੰਗ ਪੱਤਰ ਨੂੰ ਲੈ ਕੇ ਜਥਾ ਮਾਰਚ ਕਰਨ ਉਪਰੰਤ ਰਾਜਸੀ ਕਾਨਫਰੰਸਾਂ ਕਰਕੇ ਲੋਕਾਂ ਨੂੰ ਜਥੇਬੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਕਾਨਫਰੰਸਾਂ ਵਿਚ ਪਾਰਟੀ ਆਗੂਆਂ ਵਲੋਂ 15 ਸੂਤਰੀ ਮੰਗ ਪੱਤਰ ਦੀ ਲੋਕਾਂ ਸਾਹਮਣੇ ਵਿਆਖਿਆ ਕਰਕੇ  ਉਨ੍ਹਾਂ ਨੂੰ ਆਉਣ ਵਾਲੇ ਸਮੇਂ 'ਚ ਵਿੱਢੇ ਜਾਣ ਵਾਲੇ ਸੰਘਰਸ਼ਾਂ 'ਚ ਵੱਧ ਚੜ੍ਹਕੇ ਸ਼ਮੂਨੀਅਤ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਇਨ੍ਹਾਂ ਕਾਨਫਰੰਸਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸੱਤਾ ਦੀਆਂ ਦਾਅਵੇਦਾਰ ਪਾਰਟੀਆਂ ਭਾਵੇਂ ਉਹ ਅਕਾਲੀ-ਭਾਜਪਾ ਗਠਜੋੜ ਹੋਵੇ, ਕਾਂਗਰਸ, ਆਮ ਆਦਮੀ ਪਾਰਟੀ ਹੋਵੇ, ਬਸਪਾ ਜਾਂ ਹੋਰ ਕੋਈ ਵੀ ਪਾਰਟੀ ਹੋਵੇ, ਸਭ ਸਾਮਰਾਜੀ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਦੀਆਂ ਸਮਰਥਕ ਹਨ। ਇਨ੍ਹਾਂ ਪਾਰਟੀਆਂ ਦਾ ਮਨੋਰਥ ਸਿਰਫ ਤੇ ਸਿਰਫ ਸੱਤਾ ਹਾਸਲ ਕਰਕੇ ਇਨ੍ਹਾਂ ਨੀਤੀਆਂ 'ਤੇ ਅਮਲ ਰਾਹੀਂ ਦੇਸ਼ ਦੇ ਜਲ, ਜੰਗਲ, ਜ਼ਮੀਨ ਦੀ ਲੁੱਟ ਲਈ ਦੇਸੀ-ਬਦੇਸ਼ੀ ਬਹੁਕੌਮੀ ਕਾਰਪੋਰੇਸ਼ਨਾਂ ਵਾਸਤੇ ਰਸਤਾ ਸਾਫ ਕਰਨਾ ਹੀ ਹੈ। ਲੋਕ ਮਸਲਿਆਂ ਦਾ ਹੱਲ ਇਨ੍ਹਾਂ ਪਾਰਟੀਆਂ ਦੀ ਚਿੰਤਾ ਦਾ ਹਿੱਸਾ ਨਹੀਂ। ਆਗੂਆਂ ਨੇ ਲੋਕਾਂ ਨੂੰ ਦੱਸਿਆ ਕਿ ਦੇਸ਼ ਅੰਦਰ ਫੈਲੀ ਭੁੱਖਮਰੀ, ਬੇਰੁਜ਼ਗਾਰੀ, ਗੁਰਬਤ, ਅਨਪੜ੍ਹਤਾ ਤੇ ਲਾਇਲਾਜ਼ ਬਿਮਾਰੀਆਂ ਦੀ ਜੜ੍ਹ ਇਨ੍ਹਾਂ ਪਾਰਟੀਆਂ ਵਲੋਂ ਲਾਗੂ ਕੀਤੀਆਂ ਜਾਂਦੀਆਂ ਨੀਤੀਆਂ ਹੀ ਹਨ।
ਕਮਿਊਨਿਸਟ ਆਗੂਆਂ ਨੇ ਲੋਕਾਂ ਨੂੰ ਵੰਗਾਰਿਆ ਕਿ ਜੇ ਇਨ੍ਹਾਂ ਨੀਤੀਆਂ ਦਾ ਰਾਹ ਨਾ ਰੋਕਿਆ ਗਿਆ ਤਾਂ ਇਸ ਦੇ ਸਿੱਟੇ ਬਹੁਤ ਹੀ ਭਿਆਨਕ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੀਤੀਆਂ ਨੂੰ ਰੱਦ ਕਰਵਾਉਣ ਅਤੇ ਲੋਕ ਪੱਖੀ ਨੀਤੀਆਂ ਅਮਲ 'ਚ ਲਿਆਉਣ ਦਾ ਰਾਜ ਖੱਬੇ ਪੱਖੀ ਪਾਰਟੀਆਂ ਦੀ ਸਫਲਤਾ 'ਚ ਹੀ ਹੈ। ਕੇਵਲ ਖੱਬੀਆਂ ਪਾਰਟੀਆਂ ਹੀ ਹਨ ਜੋ ਮਿਹਨਤਕਸ਼ ਲੋਕਾਂ ਦੀਆਂ ਆਸਾਂ-ਉਮੀਦਾਂ 'ਤੇ ਖਰੀਆਂ ਉਤਰ ਸਕਦੀਆਂ ਹਨ।
ਪਿੱਛੇ ਜਿਹੇ ਵਾਪਰੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਮਿਊਨਿਸਟ ਆਗੂਆਂ ਨੇ ਲੋਕਾਂ ਨੂੰ ਸਾਵਧਾਨ ਕੀਤਾ ਕਿ ਇਹ ਘਟਨਾਵਾਂ ਪੰਜਾਬ ਦੇ ਕਿਰਤੀਆਂ-ਕਿਸਾਨਾਂ ਵਲੋਂ ਲੜੇ ਜਾ ਰਹੇ ਘੋਲਾਂ ਨੂੰ ਅਸਫਲ ਬਣਾਉਣ ਦੀ ਇਕ ਘਿਨਾਉਣੀ ਸਾਜਿਸ਼ ਦਾ ਹਿੱਸਾ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਸੀ ਸਦਭਾਵਨਾ ਨੂੰ ਬਣਾਈ ਰੱਖਿਆ ਅਤੇ ਜਮਾਤੀ ਘੋਲਾਂ ਨੂੰ ਵੀ ਮੱਠਾ ਨਹੀਂ ਪੈਣ ਦਿੱਤਾ।
ਇਨ੍ਹਾਂ ਕਾਨਫਰੰਸਾਂ ਨੂੰ ਸੰਬੋਧਨ ਕਰਦਿਆਂ, ਵੱਖ-ਵੱਖ ਆਗੂਆਂ ਨੇ ਕਿਹਾ ਕਿ ਲੋਕਾਂ ਦੇ ਇਲਾਕੇ ਵੱਖੋ-ਵੱਖ ਹੋ ਸਕਦੇ ਹਨ, ਜਾਤ-ਗੌਤ ਵੱਖ ਹੋ ਸਕਦੇ ਹਨ, ਉਨ੍ਹਾਂ ਦੇ ਧਰਮ ਵੱਖੋ-ਵੱਖ ਹੋ ਸਕਦੇ ਹਨ ਉਨ੍ਹਾਂ ਦੇ ਮਸਲੇ, ਉਨ੍ਹਾਂ ਦੀਆਂ ਸਮੱਸਿਆਵਾਂ ਵੱਖ-ਵੱਖ ਹੋ ਸਕਦੀਆਂ ਹਨ। ਪਰ ਇਨ੍ਹਾਂ ਮਸਲਿਆਂ-ਸਮੱਸਿਆਵਾਂ ਦਾ ਹੱਕ ਇਕਮੁੱਠਤਾ, ਸਾਂਝਾ ਤੇ ਵਿਆਪਕ ਸੰਘਰਸ਼ ਹੀ ਹੈ।
ਆਗੂਆਂ ਨੇ ਸੁਚੇਤ ਕੀਤਾ ਕਿ ਲੋਕਾਂ ਦੇ ਹੱਕੀ ਸੰਗਰਾਮਾਂ ਨੂੰ ਜਬਰ ਦੇ ਹਥਿਆਰਾਂ ਨਾਲ ਫੇਲ੍ਹ ਕਰਨ ਲਈ ਦੇਸ਼ ਅਤੇ ਸੂਬਿਆਂ ਦੀਆਂ ਲੋਟੂ ਹਕੂਮਤਾਂ ਨਵੇਂ-ਨਵੇਂ ਕਾਨੂੰਨ/ਆਰਡੀਨੈਂਸ ਲਾਗੂ ਕਰ ਰਹੀਆਂ ਹਨ ਅਤੇ ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ ਥੋਪਿਆ ਗਿਆ ''ਪੰਜਾਬ ਨਿੱਜੀ ਅਤੇ ਜਨਤਕ ਜਾਇਦਾਦ ਭੰਨਤੋੜ ਰੋਕੂ ਕਾਨੂੰਨ 2014'' ਇਸੇ ਲੋਕ ਵਿਰੋਧੀ ਮਨਸ਼ਾ ਦੀ ਪੂਰਤੀ ਦਾ ਸੋਮਾ ਹੈ। ਆਗੂਆਂ ਨੇ ਜਨਸੰਗਠਨਾਂ ਵਲੋਂ ਬਣਾਏ ''ਕਾਲਾ ਕਾਨੂੰਨ ਵਿਰੋਧੀ ਸਾਂਝਾ ਮੋਰਚਾ'' ਅਤੇ ਖੱਬੀਆਂ ਪਾਰਟੀਆਂ ਦੇ ਉਕਤ ਕਾਨੂੰਨ ਖਿਲਾਫ ਸੰਘਰਸ਼ਾਂ ਵਿਚ ਪੂਰੀ ਸ਼ਕਤੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ।
ਇਨ੍ਹਾਂ ਕਾਨਫਰੰਸਾਂ ਦੇ ਸਬੰਧ 'ਚ 'ਸੰਗਰਾਮੀ ਲਹਿਰ' ਨੂੰ ਪ੍ਰਾਪਤ ਸੰਖੇਪ ਰਿਪੋਰਟਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :
ਅੰਮ੍ਰਿਤਸਰ ਜ਼ਿਲ੍ਹੇ ਦੇ ਬਾਬਾ  ਬਕਾਲਾ 'ਚ 20 ਜਨਵਰੀ ਨੂੰ ਕੀਤੀ ਗਈ ਕਾਨਫਰੰਸ ਨੂੰ ਸਰਵਸਾਥੀ ਬਲਦੇਵ ਸਿੰਘ ਸੈਦਪੁਰ, ਅਮਰੀਕ ਸਿੰਘ ਦਾਊਦ, ਗੁਰਮੇਜ਼ ਸਿੰਘ ਤਿੰਮੋਵਾਲ (ਸੀ.ਪੀ.ਐਮ.ਪੰਜਾਬ), ਅਤੇ ਅਮਰੀਕ ਸਿੰਘ ਤੇ ਅਵਤਾਰ ਸਿੰਘ ਸੀ.ਪੀ.ਆਈ.(ਐਮ) ਨੇ ਸੰਬੋਧਨ ਕੀਤਾ। ਇਸ ਕਾਨਫਰੰਸ 'ਚ 300 ਦੇ ਲਗਭਗ ਲੋਕਾਂ ਨੇ ਸ਼ਮੂਲੀਅਤ ਕੀਤੀ।
ਅੰਮ੍ਰਿਤਸਰ ਸ਼ਹਿਰ ਦੇ ਬਟਾਲਾ ਰੋਡ 'ਤੇ 18 ਜਨਵਰੀ ਨੂੰ ਕੀਤੀ ਗਈ ਕਾਨਫਰੰਸ ਨੂੰ ਸਰਵਸਾਥੀ ਰਤਨ ਸਿੰਘ ਰੰਧਾਵਾ, ਜਗਤਾਰ ਸਿੰਘ ਕਰਮਪੁਰਾ (ਸੀ.ਪੀ.ਐਮ.ਪੰਜਾਬ), ਬਲਵਿੰਦਰ ਸਿੰਘ ਦੁਧਾਲਾ, ਬਲਕਾਰ ਸਿੰਘ ਦੁਧਾਲਾ (ਸੀ.ਪੀ.ਆਈ.) ਅਤੇ ਅਮਰੀਕ ਸਿੰਘ ਤੇ ਨਰਿੰਦਰ ਧੰਜਲ (ਸੀ.ਪੀ.ਆਈ.(ਐਮ)) ਨੇ ਸੰਬੋਧਨ ਕੀਤਾ। ਇੱਥੇ 300 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ।
ਅਜਨਾਲਾ ਤਹਿਸੀਲ ਦੇ ਪਿੰਡ ਸਾਰੰਗਦੇਵ 'ਚ 10 ਜਨਵਰੀ ਨੂੰ ਹੋਈ ਪ੍ਰਭਾਵਸ਼ਾਲੀ ਕਾਨਫਰੰਸ ਨੂੰ ਸਰਵਸਾਥੀ ਡਾ. ਸਤਨਾਮ ਸਿੰਘ ਅਜਨਾਲਾ, ਸਤਨਾਮ ਸਿੰਘ ਚੱਕ ਔਲ ਤੇ ਬੀਬੀ ਕੋਟ ਰਜ਼ਾਦਾ (ਸੀ.ਪੀ.ਐਮ.ਪੰਜਾਬ) ਅਤੇ ਮਾਸਟਰ ਸੁੱਚਾ ਸਿੰਘ (ਸੀ.ਪੀ.ਆਈ.(ਐਮ)) ਨੇ ਸੰਬੋਧਨ ਕੀਤਾ।
ਅੰਮ੍ਰਿਤਸਰ ਸ਼ਹਿਰ ਦੇ ਹਰੀਪੁਰਾ 'ਚ26 ਜਨਵਰੀ ਨੂੰ ਭਰਵੀਂ ਕਾਨਫਰੰਸ ਕੀਤੀ ਗਈ ਜਿਸ ਨੂੰ ਸਰਵਸਾਥੀ ਬਲਵਿੰਦਰ ਸਿੰਘ ਦੁਧਾਲਾ, ਬਲਕਾਰ ਸਿੰਘ ਦੁਧਾਲਾ (ਸੀ.ਪੀ.ਆਈ.) ਅਮਰੀਕ ਸਿੰਘ, ਮਾਸਟਰ ਸੁੱਚਾ ਸਿੰਘ (ਸੀ.ਪੀ.ਆਈ.ਐਮ.), ਰਤਨ ਸਿੰਘ ਰੰਧਾਵਾ, ਬਲਵਿੰਦਰ ਸਿੰਘ ਛੇਹਰਟਾ (ਸੀ.ਪੀ.ਐਮ.ਪੰਜਾਬ) ਨੇ ਸੰਬੋਧਨ ਕੀਤਾ।
ਤਰਨ ਤਾਰਨ ਜ਼ਿਲ੍ਹੇ ਦੇ ਤੁੜ ਪਿੰਡ 'ਚ 18 ਜਨਵਰੀ ਨੂੰ ਸਾਥੀ ਦਾਰਾ ਸਿੰਘ, ਨਛੱਤਰ ਸਿੰਘ ਤੁੜ ਅਤੇ ਦਰਸ਼ਨ ਸਿੰਘ ਬਿਹਾਰੀਪੁਰ ਦੀ ਪ੍ਰਧਾਨਗੀ ਹੇਠ ਹੋਈ ਪ੍ਰਭਾਵਸ਼ਾਲੀ ਕਾਨਫਰੰਸ ਨੂੰ ਸੀ.ਪੀ.ਐਮ.ਪੰਜਾਬ ਦੇ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਤੋਂ ਇਲਾਵਾ ਸਰਵਸਾਥੀ ਪਰਗਟ ਸਿੰਘ ਜਾਮਾਰਾਏ, ਮੁਖਤਿਆਰ ਸਿੰਘ ਮੱਲ੍ਹਾ, ਬਲਦੇਵ ਸਿੰਘ ਪੰਡੋਰੀ, ਸੁਲੱਖਣ ਸਿੰਘ ਤੂੜ, ਮਨਜੀਤ ਸਿੰਘ ਬੱਗੂ, ਦਾਰਾ ਸਿੰਘ ਮੁੰਡਾ ਪਿੰਡ (ਸੀ.ਪੀ.ਐਮ.ਪੰਜਾਬ), ਵਿਜੈ ਮਿਸ਼ਰਾ, ਪਾਲ ਸਿੰਘ ਜਾਮਾਰਾਏ (ਸੀ.ਪੀ.ਆਈ.ਐਮ.) ਅਤੇ ਤਾਰਾ ਸਿੰਘ ਖਹਿਰਾ, ਗੁਰਦਿਆਲ ਸਿੰਘ ਖਡੂਰ ਸਾਹਿਬ ਤੇ ਜੈਪਾਲ ਸਿੰਘ ਬਾਠ (ਸੀ.ਪੀ.ਆਈ.) ਨੇ ਸੰਬੋਧਨ ਕੀਤਾ।
ਭਿੱਖੀਵਿੰਡ ਵਿਚ 21 ਜਨਵਰੀ ਨੂੰ ਸਾਥੀ ਅਰਸਾਲ ਸਿੰਘ, ਪਵਨ ਕੁਮਾਰ, ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕਾਨਫਰੰਸ ਨੂੰ ਸੀ.ਪੀ.ਐਮ.ਪੰਜਾਬ ਦੇ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਤੋਂ ਇਲਾਵਾ ਸਰਵਸਾਥੀ ਪਰਗਟ ਸਿੰਘ ਜਾਮਾਰਾਏ, ਚਮਨ ਲਾਲ ਦਰਾਜਕੇ, ਮਾਸਟਰ ਅਰਸਾਲ ਸਿੰਘ ਸੰਧੂ, ਰਜਿੰਦਰ ਚੁੰਘ (ਸੀ.ਪੀ.ਐਮ.ਪੰਜਾਬ), ਮੇਜਰ ਸਿੰਘ ਭਿੱਖੀ ਵਿੰਡ, ਚਰਨਜੀਤ ਪੂਹਲਾ ਤੇ ਸੁਖਦੇਵ ਸਿੰਘ ਗੋਹਲਵੜ (ਸੀ.ਪੀ.ਆਈ.(ਐਮ)) ਅਤੇ ਤਾਰਾ ਸਿੰਘ ਖਹਿਰਾ, ਜੈਮਲ ਸਿੰਘ ਬਾਠ ਤੇ ਪਵਨ ਕੁਮਾਰ (ਸੀ.ਪੀ.ਆਈ.) ਨੇ ਸੰਬੋਧਨ ਕੀਤਾ।
ਜਲੰਧਰ ਜ਼ਿਲ੍ਹੇ 'ਚ ਨਕੋਦਰ ਨੇੜੇ ਟੋਲ ਪਲਾਜ਼ਾ ਵਿਖੇ 19 ਜਨਵਰੀ ਨੂੰ ਪ੍ਰਭਾਵਸ਼ਾਲੀ ਕਾਨਫਰੰਸ ਨੂੰ ਸਰਵਸਾਥੀ ਦਰਸ਼ਨ ਨਾਹਰ, ਮਨੋਹਰ ਗਿੱਲ, ਸਤਪਾਲ ਸਹੋਤਾ, ਨਿਰਮਲ ਆਧੀ, ਸੰਦੀਪ ਅਰੋੜਾ, ਦਿਲਬਾਗ ਚੰਦੀ, ਸੂਰਤੀ ਰਾਮ ਪਰਜੀਆਂ, ਸਵਰਨ ਰੱਤੂ ਤੇ ਰਾਮ ਸਿੰਘ ਕੈਮਵਾਲਾ (ਸੀ.ਪੀ.ਐਮ.ਪੰਜਾਬ) ਅਤੇ ਚਰਨਜੀਤ ਥੰਮੂਵਾਲ (ਸੀ.ਪੀ.ਆਈ.) ਨੇ ਸੰਬੋਧਨ ਕੀਤਾ।
ਕਸਬਾ ਮਲ੍ਹੀਆਂ 'ਚ 25 ਜਨਵਰੀ ਨੂੰ ਕੀਤੀ ਗਈ ਕਾਨਫਰੰਸ ਨੂੰ ਸਰਵਸਾਥੀ ਦਰਸ਼ਨ ਨਾਹਰ, ਮਨੋਹਰ ਸਿੰਘ ਗਿੱਲ, ਨਿਰਮਲ ਮਲਸੀਆਂ (ਸੀ.ਪੀ.ਐਮ.ਪੰਜਾਬ) ਅਤੇ ਬਰਿੰਦਰ ਸਿੰਘ ਤੱਗੜ, ਸੁਰਿੰਦਰ ਖੀਵਾ, ਮਲਕੀਤ ਚੰਦ ਭੋਇਪੁਰੀ (ਸੀ.ਪੀ.ਆਈ.(ਐਮ)) ਅਤੇ ਚਰਨਜੀਤ ਥੰਮੂਵਾਲ (ਸੀ.ਪੀ.ਆਈ.) ਨੇ ਸੰਬੋਧਨ ਕੀਤਾ।
ਹੁਸ਼ਿਆਰਪੁਰ ਜ਼ਿਲ੍ਹੇ 'ਚ 3 ਜਨਵਰੀ ਨੂੰ ਧੋਸੀ ਪਿੰਡ ਵਿਖੇ ਹੋਈ ਰਾਜਨੀਤਕ ਕਾਨਫਰੰਸ 'ਚ 200 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਕਾਨਫਰੰਸ ਨੂੰ ਸਰਵਸਾਥੀ ਅਮਰਜੀਤ ਸਿੰਘ (ਸੀ.ਪੀ.ਆਈ.), ਹਰਭਜਨ ਸਿੰਘ ਅਟਵਾਲ, ਰਘੂਨਾਥ ਸਿੰਘ (ਸੀ.ਪੀ.ਐਮ.) ਅਤੇ ਪ੍ਰਿੰਸੀਪਲ ਪਿਆਰਾ ਸਿੰਘ, ਹਰਕੰਵਲ ਸਿੰਘ ਤੇ ਸ਼ਾਦੀਰਾਮ ਕਪੂਰ ਨੇ ਸੰਬੋਧਨ ਕੀਤਾ।
ਮਹਿੰਦਵਾਨੀ 'ਚ 6 ਜਨਵਰੀ ਨੂੰ ਹੋਈ ਕਾਨਫਰੰਸ 'ਚ 100 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਇੱਥੇ ਹੋਏ ਇਕੱਠ ਨੂੰ ਸਰਵਸਾਥੀ ਅਮਰਜੀਤ ਸਿੰਘ (ਸੀ.ਪੀ.ਆਈ.), ਗੁਰਮੇਸ਼ ਸਿੰਘ (ਸੀ.ਪੀ.ਆਈ.(ਐਮ)) ਅਤੇ ਰਵੀ ਕੰਵਰ, ਮਹਿੰਦਰ ਸਿੰਘ ਖੈਰੜ ਤੇ ਕੁਲਭੁਸ਼ਣ ਕੁਮਾਰ (ਸੀ.ਪੀ.ਐਮ.ਪੰਜਾਬ) ਨੇ ਸੰਬੋਧਨ ਕੀਤਾ।
ਬੀਣੇਵਾਲ 'ਚ 9 ਜਨਵਰੀ ਨੂੰ ਹੋਈ ਕਾਨਫਰੰਸ 'ਚ 200 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਇੱਥੇ ਹੋਏ ਇਕੱਠ ਨੂੰ ਸਰਵਸਾਥੀ ਅਮਰਜੀਤ ਸਿੰਘ (ਸੀ.ਪੀ.ਆਈ.), ਗੁਰਮੇਸ਼ ਸਿੰਘ ਤੇ ਮਹਿੰਦਰ ਕੁਮਾਰ (ਸੀ.ਪੀ.ਆਈ.(ਐਮ)) ਅਤੇ ਹਰਕੰਵਲ ਸਿੰਘ ਤੇ ਮਹਿੰਦਰ ਸਿੰਘ ਖੈਰੜ (ਸੀ.ਪੀ.ਐਮ.ਪੰਜਾਬ) ਨੇ ਸੰਬੋਧਨ ਕੀਤਾ।
ਨੰਦਾਚੌਰ ਵਿਖੇ 17 ਜਨਵਰੀ ਨੂੰ ਕੀਤੀ ਗਈ ਰਾਜਨੀਤਕ ਕਾਨਫਰੰਸ 'ਚ 100 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਇੱਥੇ ਹੋਏ ਇਕੱਠ ਨੂੰ ਸਰਵਸਾਥੀ ਅਮਰਜੀਤ ਸਿੰਘ (ਸੀ.ਪੀ.ਆਈ.), ਜਗਦੀਸ਼ ਸਿੰਘ ਚੋਹਕਾ ਤੇ ਸਤੀਸ਼ ਚੰਦਰ (ਸੀ.ਪੀ.ਆਈ.(ਐਮ)) ਅਤੇ ਹਰਕੰਵਲ ਸਿੰਘ ਤੇ ਮਹਿੰਦਰ ਸਿੰਘ ਖੈਰੜ (ਸੀ.ਪੀ.ਐਮ.ਪੰਜਾਬ) ਨੇ ਸੰਬੋਧਨ ਕੀਤਾ।
ਨੂਰਪੁਰ-ਹਾਜ਼ੀਪੁਰ 'ਚ 21 ਜਨਵਰੀ ਨੂੰ ਹੋਈ ਰਾਜਨੀਤਕ ਕਾਨਫਰੰਸ 'ਚ 50 ਤੋਂ ਵੱਧ ਲੋਕ ਸ਼ਾਮਲ ਹੋਏ। ਇੱਥੇ ਹੋਏ ਇਕੱਠ ਨੂੰ ਸਰਵਸਾਥੀ ਅਮਰਜੀਤ ਸਿੰਘ ਤੇ ਮਹਿੰਦਰ ਨਾਥ (ਸੀ.ਪੀ.ਆਈ.), ਗੁਰਮੇਸ਼ ਸਿੰਘ ਤੇ ਗੁਰਬਖਸ਼ ਸਿੰਘ ਸੂਸ (ਸੀ.ਪੀ.ਆਈ.ਐਮ.) ਅਤੇ ਹਰਕੰਵਲ ਸਿੰਘ, ਦਵਿੰਦਰ ਸਿੰਘ, ਅਮਰੀਕ ਸਿੰਘ ਤੇ ਮਹਿੰਦਰ ਸਿੰਘ ਜੋਸ਼ (ਸੀ.ਪੀ.ਐਮ.ਪੰਜਾਬ) ਨੇ ਸੰਬੋਧਨ ਕੀਤਾ।
ਮੁਕੇਰੀਆਂ ਤਹਿਸੀਲ ਦੇ ਪਿੰਡ ਚਨੌਰ ਵਿਖੇ 25 ਜਨਵਰੀ ਨੂੰ ਹੋਈ ਕਾਨਫਰੰਸ ਵਿਚ 200 ਤੋਂ ਵੱਧ ਲੋਕਾਂ ਨੇ ਭਾਗ ਲਿਆ। ਇਸਨੂੰ ਸਰਵਸਾਥੀ ਗੁਰਮੇਸ਼ ਸਿੰਘ, ਆਸ਼ਾ ਨੰਦ (ਸੀ.ਪੀ.ਆਈ.(ਐਮ)), ਸਵਰਨ ਸਿੰਘ, ਯੋਧ ਸਿੰਘ (ਸੀ.ਪੀ.ਐਮ.ਪੰਜਾਬ) ਅਤੇ ਬੇਅੰਤ ਲਾਲ, ਸੁਖਦੇਵ ਸਿੰਘ (ਸੀ.ਪੀ.ਆਈ.) ਨੇ ਸੰਬੋਧਨ ਕੀਤਾ।
ਸੰਗਰੂਰ ਜ਼ਿਲ੍ਹੇ ਦੀ ਲਹਿਰਾ ਤਹਿਸੀਲ ਅੰਦਰ 6 ਜਨਵਰੀ ਨੂੰ ਘੋੜੇ ਨਵ ਤੇ ਲੇਹਲ ਕੋਟੜਾ 'ਚ ਰਾਜਨੀਤਕ ਕਾਨਫਰੰਸਾਂ ਕੀਤੀਆਂ ਗਈਆਂ ਤੇ ਇਨਕਲਾਬੀ ਨਾਟਕ ਵੀ ਖੇਡੇ ਗਏ। ਇਨ੍ਹਾਂ ਕਾਨਫਰੰਸਾਂ 'ਚ ਹੋਏ ਇਕੱਠ ਨੂੰ ਸਰਵਸਾਥੀ ਸਤਵੰਤ ਸਿੰਘ ਖੰਡੇਵਧ ਤੇ ਕਸ਼ਮੀਰ ਸਿੰਘ ਗਦਾਈਆ (ਸੀ.ਪੀ.ਆਈ.), ਹਰੀ ਸਿੰਘ ਨੇਹਲ ਕੋਟੜਾ (ਸੀ.ਪੀ.ਆਈ.(ਐਮ)) ਅਤੇ ਸਾਥੀ ਭੀਮ ਸਿੰਘ ਆਲਮਪੁਰ (ਸੀ.ਪੀ.ਐਮ.ਪੰਜਾਬ) ਨੇ ਸੰਬੋਧਨ ਕੀਤਾ।
ਧੂਰੀ ਤਹਿਸੀਲ ਅੰਦਰ ਮੀਮਸਾ, ਹਰਚੰਦਪੁਰਾ, ਘਨੌਰੀ ਕਲਾਂ, ਜਹਾਂਗੀਰ, ਰਾਜੋਮਾਜਰਾ ਤੇ ਬੇਨੜਾ ਨੇ ਭਰਵੀਆਂ ਕਾਨਫਰੰਸਾਂ ਕੀਤੀਆਂ ਗਈਆਂ ਜਿਨ੍ਹਾਂ ਨੂੰ ਸਰਵਸਾਥੀ ਸੁਖਦੇਵ ਸ਼ਰਮਾ (ਸੀ.ਪੀ.ਆਈ.), ਅਮਰੀਕ ਸਿੰਘ ਕਾਂਝਲਾ (ਸੀ.ਪੀ.ਆਈ.(ਐਮ)) ਅਤੇ ਗੱਜਣ ਸਿੰਘ ਦੁੱਗਾਂ, ਹਰਦੇਵ ਸਿੰਘ ਘਨੌਰੀ, ਮੁਕੰਦ ਸਿੰਘ ਮੀਮਸਾ ਤੇ ਤੇਜਾ ਸਿੰਘ ਬੇਨੜਾ (ਸੀ.ਪੀ.ਐਮ.ਪੰਜਾਬ) ਨੇ ਸੰਬੋਧਨ ਕੀਤਾ।
ਸੰਗਰੂਰ ਤਹਿਸੀਲ ਦੇ ਨਮੋਲ ਪਿੰਡ 'ਚ ਹੋਈ ਕਾਨਫਰੰਸ ਨੂੰ ਸਰਵਸਾਥੀ ਸੁਖਦੇਵ ਸ਼ਰਮਾ (ਸੀ.ਪੀ.ਆਈ.), ਬੰਤਾ ਸਿੰਘ ਨਮੋਲ (ਸੀ.ਪੀ.ਆਈ.(ਐਮ.)) ਅਤੇ ਗੱਜਣ ਸਿੰਘ ਦੁੱਗਾਂ (ਸੀ.ਪੀ.ਐਮ.ਪੰਜਾਬ) ਨੇ ਸੰਬੋਧਨ ਕੀਤਾ।
ਸੁਨਾਮ ਤਹਿਸੀਲ ਦੇ ਪਿੰਡ ਗੰਢੂਆਂ, ਸੁਨਾਮ, ਗੋਬਿੰਦਗੜ੍ਹ ਤੇ ਧਰਮਗੜ੍ਹ 'ਚ ਹੋਈਆਂ ਸਿਆਸੀ ਕਾਨਫਰੰਸਾਂ ਨੂੰ ਸਰਵਸਾਥੀ ਸਤਵੰਤ ਸਿੰਘ ਖੱਡੇਵਧ ਤੇ ਹਰਦੇਵ ਬਖਸ਼ੀਵਾਲਾ (ਸੀ.ਪੀ.ਆਈ.), ਜਰਨੈਲ ਸਿੰਘ ਜਨਾਲ (ਸੀ.ਪੀ.ਆਈ.(ਐਮ)), ਭੀਮ ਸਿੰਘ ਆਲਮਪੁਰ (ਸੀ.ਪੀ.ਐਮ.ਪੰਜਾਬ) ਅਤੇ ਘਮੰਡ ਸਿੰਘ ਉਗਰਾਹਾਂ ਤੇ ਹਰੀ ਸਿੰਘ ਗੋਬਿੰਦਗੜ੍ਹ (ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ) ਨੇ ਸੰਬੋਧਨ ਕੀਤਾ।


ਕਿਸਾਨ-ਮਜਦੂਰ ਜਥੇਬੰਦੀਆਂ ਦਾ ਪੱਕਾ ਮੋਰਚਾਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਮੋਰਚਾ ਮੱਲੀ ਬੈਠੀਆਂ 12 ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਸਰਕਾਰ ਵਲੋਂ ਡਾਹੇ ਗਏ ਲੱਖ ਅੜਿਕਿਆਂ ਦੇ ਬਾਵਜੂਦ ਸੰਘਰਸ਼ ਦੇ ਮੈਦਾਨ 'ਚ ਪੂਰੀ ਸ਼ਿੱਦਤ ਨਾਲ ਡਟੀਆਂ ਹੋਈਆਂ ਹਨ। ਇਨ੍ਹਾਂ ਜਥੇਬੰਦੀਆਂ ਦੇ ਸਾਂਝੇ ਮੁਹਾਜ਼ ਨੇ ਪਹਿਲਾਂ 22 ਤੋਂ 24 ਜਨਵਰੀ ਤੱਕ ਮੁੱਖ ਮੰਤਰੀ ਦੇ ਪਿੰਡ ਬਾਦਲ ਅਤੇ ਅੰਮ੍ਰਿਤਸਰ ਦੇ ਦਿਨ-ਰਾਤ ਦੇ ਪੱਕੇ ਮੋਰਚੇ ਦਾ ਐਲਾਨ ਕੀਤਾ ਸੀ। ਪੰਜਾਬ ਸਰਕਾਰ ਨੇ ਇਨ੍ਹਾਂ ਧਰਨਿਆਂ ਨੂੰ ਅਸਫਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਉਹ ਸਫਲ ਨਹੀਂ ਹੋ ਸਕੀ। 24 ਜਨਵਰੀ ਨੂੰ ਇਨ੍ਹਾਂ ਜਥੇਬੰਦੀਆਂ ਨੇ ਮੀਟਿੰਗ ਕਰਕੇ ਆਪਣੇ ਮੋਰਚੇ ਨੂੰ 27 ਜਨਵਰੀ ਤੱਕ ਜਾਰੀ ਰੱਖਣ ਦਾ ਫੈਸਲਾ ਲਿਆ ਹੈ ਜਿਸ ਦਿਨ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਚੰਡੀਗੜ੍ਹ 'ਚ ਮੀਟਿੰਗ ਤੈਅ ਹੋਈ ਹੈ। ਉਨ੍ਹਾਂ ਅੰਮ੍ਰਿਤਸਰ ਵਾਲੇ ਮੋਰਚੇ ਨੂੰ ਵੀ ਪਿੰਡ ਰਾਏਕੇ ਕਲਾਂ 'ਚ ਹੀ ਤਬਦੀਲ ਕਰ ਲਿਆ ਹੈ ਤਾਂ ਕਿ ਇਕ ਥਾਂ ਬੱਝਵੇਂ ਰੂਪ 'ਚ ਪੂਰੀ ਮਜ਼ਬੂਤੀ ਨਾਲ ਮੋਰਚਾ ਲਾਇਆ ਜਾ ਸਕੇ।
ਇਸ ਸੰਘਰਸ਼ ਲਈ ਸਾਂਝੇ ਮੋਰਚੇ 'ਚ ਸ਼ਾਮਲ ਇਨ੍ਹਾਂ ਜਥੇਬੰਦੀਆਂ  ਨੇ ਵੱਢੇ ਪੱਧਰ 'ਤੇ ਲਾਮਬੰਦੀ ਕੀਤੀ ਸੀ। ਸੰਘਰਸ਼ਸ਼ੀਲ ਲੋਕ ਪਹਿਲਾਂ ਵੀ ਸੱਤਾ ਦੇ ਪ੍ਰਤੀਕ ਬਾਦਲ ਪਿੰਡ ਵੱਲ ਵਹੀਰਾਂ ਘੱਤ ਕੇ ਆਉਂਦੇ ਰਹੇ ਹਨ ਪਰ ਹਰ ਵਾਰ ਕਈ ਜ਼ਿਲ੍ਹਿਆਂ ਦੀ ਪੁਲਸ ਨਾਲ   ਪਿੰਡ ਦੀ ਕਿਲ੍ਹੇਬੰਦੀ ਕਰਕੇ ਉਨ੍ਹਾਂ ਨੂੰ ਵਾਪਸ ਭੇਜਿਆ ਜਾਂਦਾ ਰਿਹਾ ਜਾਂ ਉਨ੍ਹਾਂ ਦੇ ਆਗੂਆਂ ਨੂੰ ਅਗੇਤਾ ਹੀ ਗ੍ਰਿਫਤਾਰ ਕੀਤਾ ਜਾਂਦਾ ਰਿਹਾ ਹੈ। ਇਸ ਵਾਰ ਇਸ ਸਾਂਝੇ ਕਿਸਾਨ-ਮਜ਼ਦੂਰ ਮੋਰਚੇ ਨੇ ਅਗੇਤ ਖਿੱਚਦਿਆਂ 19 ਜਨਵਰੀ ਦੀ ਰਾਤ ਨੂੰ ਹੀ ਬਾਦਲ ਪਿੰਡ ਤੋਂ 7 ਕੁ ਕਿਲੋਮੀਟਰ ਦੂਰ ਪਿੰਡ ਰਾਏਕੇ ਕਲਾਂ ਡੇਰੇ ਜਾ ਗੱਡੇ। ਬਰਨਾਲਾ, ਮਾਨਸਾ, ਬਠਿੰਡਾ, ਮੋਗਾ, ਮੁਕਤਸਰ ਦੇ ਸੈਂਕੜਿਆਂ ਦੀ ਗਿਣਤੀ  ਵਿਚ ਕਿਸਾਨ-ਮਜ਼ਦੂਰ 20 ਜਨਵਰੀ ਦੇ ਵੱਡੇ ਤੜਕੇ ਤੱਕ ਪਿੰਡ ਰਾਏਕੇ ਕਲਾਂ ਵਿਖੇ ਪੁੱਜ ਗਏ। ਉਹਨਾਂ ਬਾਦਲ ਪਿੰਡ ਦੇ ਨਾਲ ਲੱਗਦੇ ਗਿੱਦੜਬਾਹਾ ਤੇ ਲੰਬੀ ਬਲਾਕਾਂ ਦੇ ਪਿੰਡਾਂ 'ਚ ਜਥਾ ਮਾਰਚ ਕਰਕੇ ਮੋਰਚੇ ਲਈ ਲਾਮਬੰਦੀ ਕਰਨੀ ਸੀ। ਪ੍ਰਸ਼ਾਸਨ ਨੂੰ ਜਦ ਰਾਏਕੇ ਕਲਾਂ 'ਚ ਜੁੜੇ ਇਸ ਜਨ-ਸਾਗਰ ਦੀ ਭਿਣਕ ਪਈ ਤਾਂ 20 ਜਨਵਰੀ ਨੂੰ ਮੂੰਹ ਹਨੇਰੇ ਹੀ ਪੂਰੇ ਪਿੰਡ ਨੂੰ ਵੱਡੀ ਗਿਣਤੀ 'ਚ ਪੁਲਸ ਲਾ ਕੇ ਸੀਲ ਕਰ ਦਿੱਤਾ ਗਿਆ। ਸਮੁੱਚੇ ਪਿੰਡ ਦੀ ਬਿਜਲੀ ਕੱਟ ਦਿੱਤੀ ਗਈ। ਪਿੰਡ ਦੇ ਲੋਕਾਂ 'ਤੇ ਦਬਾਅ ਪਾਇਆ ਗਿਆ ਕਿ ਉਹ ਸੰਘਰਸ਼ਸ਼ੀਲ ਜਥੇਬੰਦੀਆਂ ਦਾ ਸਾਥ ਨਾ ਦੇਣ। ਇਲਾਕੇ 'ਚ ਇਸ ਤਰ੍ਹਾਂ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਰਾਏਕੇ ਕਲਾਂ 'ਚ ਮਿੱਟੀ ਨੂੰ ਸੋਨੇ 'ਚ ਬਦਲਣ ਵਾਲੇ ਕਿਸਾਨ-ਮਜ਼ਦੂਰ ਨਾ ਹੋ ਕੇ ਦੇਸ਼ ਦੇ ਦੁਸ਼ਮਣ ਆ ਵੜੇ ਹੋਣ। ਹਰ ਰਸਤੇ, ਹਰ ਚੋਰਾਹੇ 'ਤੇ ਪੁਲਸ। ਆਉਣ-ਜਾਣ ਵਾਲੇ ਹਰ ਕਿਸੇ ਦੀ ਤਲਾਸ਼ੀ! ਰਾਏਕੇ ਕਲਾਂ ਅਤੇ ਲੂਲਬਾਈ ਤੋਂ ਲੰਗਰ ਲਿਆਉਣ ਵਾਲੇ ਮਰਦਾਂ-ਔਰਤਾਂ ਨੂੰ ਪਿੰਡ ਦੇ ਗੁਰਦੁਆਰੇ ਜਾਣ ਤੋਂ ਰੋਕਿਆ ਗਿਆ ਜਿਥੇ ਸਰਕਾਰ ਵਿਰੁੱਧ ਮੋਰਚਾ ਵਿੱਢਣ ਆਏ ਕਿਸਾਨਾਂ-ਮਜ਼ਦੂਰਾਂ ਨੇ ਡੇਰੇ ਲਾਏ ਹੋਏ ਹਨ। ਪਿੰਡ ਪਥਰਾਲਾ ਤੋਂ ਮੋਰਚਾਕਾਰੀਆਂ ਲਈ ਆਇਆ ਦੁੱਧ ਵੀ ਪੁਲਸ ਨੇ ਖੋਹ ਲਿਆ। ਅਜਿਹੀ ਹਨੇਰਗਰਦੀ ਦੇਖ ਕੇ ਪਿੰਡ ਵਾਸੀਆਂ ਨੇ ਪੁਲਸ ਵਾਲਿਆਂ ਨੂੰ ਇਹ ਸਖਤ ਚਿਤਾਵਨੀ ਦੇ ਦਿੱਤੀ ਕਿ ਜੇ ਤੁਸੀਂ ਕਿਸਾਨਾਂ-ਮਜ਼ਦੂਰਾਂ ਲਈ ਜਾ ਰਹੇ ਲੰਗਰ ਪਾਣੀ ਦਾ ਰਾਹ ਰੋਕੋਗੇ ਤਾਂ ਤੁਹਾਨੂੰ ਰੋਟੀ ਪਾਣੀ ਤਾਂ ਕੀ, ਅੱਗ ਸੇਕਣ ਜੋਗਾ ਬਾਲਣ ਵੀ ਨਹੀਂ ਦਿਆਂਗੇ।
ਪਿੰਡ ਵਲੋਂ ਜਦੋਂ ਬਿਜਲੀ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਜੇ ਬਿਜਲੀ ਨਾ ਚਾਲੂ ਕੀਤੀ ਗਈ ਤਾਂ ਉਹ ਟਰਾਲੀਆਂ ਭਰਕੇ ਆਉਣ ਲੱਗੇ ਹਨ ਤਦ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। 20 ਜਨਵਰੀ ਦੀ ਰਾਤ ਨੂੰ ਉਸ ਵੇਲੇ ਮਾਹੌਲ ਟਕਰਾਅ ਵਾਲਾ ਬਣ ਗਿਆ ਜਦ ਮੋਰਚਾਕਾਰੀਆਂ ਨੂੰ ਖਦੇੜਨ ਲਈ ਪੁਲਸ ਨੇ ਹਮਲਾਵਰ ਰੁੱਖ ਅਪਣਾਉਣ ਦੀ ਵਿਓਂਤ ਬਣਾਈ। ਰਾਖੀ ਲਈ ਤਾਇਨਾਤ ਵਲੰਟੀਅਰ ਚੌਕਸ ਹੋ ਗਏ ਤੇ ਸੁੱਤੇ ਪਏ ਮੋਰਚਾਕਾਰੀ ਵੀ ਉਠ ਖੜੋਏ। ਅੰਦੋਲਨਕਾਰੀ ਕਿਸਾਨਾਂ-ਮਜ਼ਦੂਰਾਂ ਨੂੰ ਮਿਲ ਰਹੇ ਜਨ-ਸਮਰਥਨ ਨੇ ਸਰਕਾਰੀ ਤੰਤਰ ਦੀਆਂ ਚੂਲਾਂ ਹਿਲਾਕੇ ਰੱਖ ਦਿੱਤੀਆਂ। ਇਹ ਅਹਿਸਾਸ ਕਰਦਿਆਂ ਕਿ ਅੰਦੋਲਨਕਾਰੀਆਂ 'ਤੇ ਸਖਤੀ ਸਰਕਾਰ ਨੂੰ ਬਹੁਤ ਮਹਿੰਗੀ ਪਵੇਗੀ, ਪ੍ਰਸ਼ਾਸ਼ਨ ਨੂੰ ਗਲਬਾਤ ਦਾ ਰਾਹ ਅਪਣਾਉਣ ਲਈ ਮਜ਼ਬੂਰ ਹੋਣਾ ਪਿਆ। ਪਿੰਡ ਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ।
21 ਜਨਵਰੀ ਨੂੰ ਤਿੰਨ ਗੇੜਾਂ ਦੀ ਗਲਬਾਤ 'ਚ ਪ੍ਰਸ਼ਾਸਨ ਇਸ ਗੱਲ 'ਤੇ ਸਹਿਮਤ ਹੋ ਗਿਆ ਕਿ 27 ਜਨਵਰੀ ਨੂੰ ਮੁੱਖ ਮੰਤਰੀ ਨਾਲ ਚੰਡੀਗੜ੍ਹ 'ਚ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਕਰਵਾਈ ਜਾਵੇਗੀ। ਇਸ ਅੰਦੋਲਨ ਦੌਰਾਨ ਵੱਖ ਵੱਖ ਜ਼ਿਲ੍ਹਿਆਂ 'ਚੋਂ ਗ੍ਰਿਫਤਾਰ ਕੀਤੇ ਗਏ ਆਗੂਆਂ ਤੇ ਵਰਕਰਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ ਅਤੇ ਹੋਰ ਜ਼ਿਲ੍ਹਿਆਂ 'ਚੋਂ ਆਉਣ ਵਾਲੇ ਕਿਸਾਨਾਂ ਖੇਤ ਮਜ਼ਦੂਰਾਂ ਦੇ ਜਥਿਆਂ ਨੂੰ ਰੋਕਿਆ ਨਹੀਂ ਜਾਵੇਗਾ। ਆਗੂਆਂ ਨੇ ਪ੍ਰਸ਼ਾਸਨ ਦਾ ਇਹ ਸੁਝਾਅ ਮੰਨ ਲਿਆ ਕਿ ਪਿੰਡ ਬਾਦਲ ਵੱਲ ਵਧਣ ਦੀ ਬਜਾਇ 27 ਜਨਵਰੀ ਤੱਕ ਪੱਕਾ ਮੋਰਚਾ ਰਾਏਕੇ ਕਲਾਂ 'ਚ ਲੱਗੇਗਾ। ਇਸ ਤਰ੍ਹਾਂ ਇਹ ਮੋਰਚਾ 22 ਜਨਵਰੀ ਦੀ ਥਾਂ ਦੋ ਦਿਨ ਪਹਿਲਾਂ ਹੀ ਲੱਗ ਗਿਆ। 22 ਜਨਵਰੀ ਨੂੰ ਇਸਦੀ ਦੋਵਾਂ ਥਾਵਾਂ 'ਤੇ ਰਸਮੀ ਸ਼ੁਰੂਆਤ ਕੀਤੀ ਗਈ। ਜ਼ਿਕਰਯੋਗ ਗੱਲ ਇਹ ਕਿ ਇਸ ਪੱਕੇ ਮੋਰਚੇ 'ਚ ਕਿਸਾਨ-ਮਜ਼ਦੂਰ ਔਰਤਾਂ ਵੀ ਵੱਡੀ ਗਿਣਤੀ 'ਚ ਸ਼ਾਮਲ ਹਨ। ਸਰਦ ਹਵਾਵਾਂ ਨੇ ਜਿੱਥੇ ਸੂਬੇ ਅੰਦਰ ਜ਼ਿੰਦਗੀ ਦੀ ਰਫਤਾਰ ਮੱਠੀ ਕਰ ਦਿੱਤੀ ਹੋਈ ਹੈ, ਉਥੇ ਮੋਰਚਾਕਾਰੀਆਂ ਦੇ ਰਗਾਂ ਵਿਚ ਦੌੜਦੇ ਗਰਮ ਖੂਨ ਨੇ ਸੰਘਰਸ਼ ਦਾ ਪਿੜ ਮਘਾਇਆ ਹੋਇਆ ਹੈ। ਬਾਦਲ ਸਰਕਾਰ ਪ੍ਰਤੀ ਲੋਕਾਂ ਦਾ ਰੋਹ ਅਤੇ ਲੜਾਕੂ ਰੌਂਅ ਉਨ੍ਹਾਂ ਦੇ ਤਣੇ ਹੋਏ ਮੁੱਕਿਆਂ ਅਤੇ ਅਕਾਸ਼ ਗੁਜਾਊਂ ਨਾਅਰਿਆਂ ਰਾਹੀਂ ਜ਼ਾਹਰ ਹੋ ਰਿਹਾ ਹੈ।
ਰਾਏਕੇ ਕਲਾਂ ਦੇ ਗੁਰਦੁਆਰਾ ਸਾਹਿਬ ਦੇ ਕੰਪਲੈਕਸ 'ਚ 22 ਜਨਵਰੀ ਨੂੰ ਵਿਸ਼ਾਲ ਰੈਲੀ ਕੀਤੀ ਗਈ ਜਿਸ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਐਲਾਨ ਕੀਤਾ ਕਿ ਮਿੱਥੇ ਪ੍ਰੋਗਰਾਮ ਅਨੁਸਾਰ ਮੋਰਚਾ 24 ਜਨਵਰੀ ਤੱਕ ਹਰ ਹਾਲਤ ਜਾਰੀ ਰੱਖਿਆ ਜਾਵੇਗਾ ਅਤੇ ਅਗਲਾ ਫੈਸਲਾ ਉਸੇ ਦਿਨ ਇੱਥੇ ਹੋ ਰਹੀ ਸਾਂਝੀ ਮੀਟਿੰਗ ਵਿਚ ਕੀਤਾ ਜਾਵੇਗਾ। ਇਹ ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਜਨਤਕ ਜਮਹੂਰੀ ਸੰਘਰਸ਼ਾਂ ਨੂੰ ਕੁਚਲਣ ਵਾਲਾ 'ਜਨਤਕ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ 2014' ਰੱਦ ਕਰਵਾਉਣ ਤੋਂ ਇਲਾਵਾ ਚਿੱਟੀ ਮੱਖੀ ਤੇ ਨਕਲੀ ਬੀਜਾਂ ਕਾਰਨ ਤਬਾਹ ਹੋਈਆਂ ਨਰਮਾਂ, ਗਵਾਰਾ, ਮੂੰਗੀ, ਮਟਰਾਂ ਆਦਿ ਦੀਆਂ ਫਸਲਾਂ ਦਾ ਮੁਆਵਜ਼ਾ ਕਾਸ਼ਤਕਾਰ ਕਿਸਾਨਾਂ ਨੂੰ 40 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਪਰਵਾਰ ਦਿੱਤਾ ਜਾਵੇ। ਇਸ ਤਬਾਹੀ ਲਈ ਜ਼ਿੰਮੇਵਾਰ ਕਾਰਪੋਰੇਟ ਕੰਪਨੀਆਂ ਤੇ ਉਨ੍ਹਾਂ ਦੇ ਸਰਪ੍ਰਸਤ ਰਾਜਸੀ ਆਗੂਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, 5 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੋਂ ਘੱਟ ਰੇਟ 'ਤੇ ਲੁੱਟੀ ਗਈ ਬਾਸਮਤੀ ਦੀ ਪੂਰੀ ਭਰਪਾਈ ਕੀਤੀ ਜਾਵੇ ਅਤੇ ਅੱਗੇ ਤੋਂ ਲਾਹੇਵੰਦ ਸਮੱਰਥਨ ਮੁੱਲ 'ਤੇ ਇਸ ਦੀ ਖਰੀਦ ਯਕੀਨੀ ਬਣਾਈ ਜਾਵੇ। ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰਕੇ ਸਾਰੀਆਂ ਖੁਰਾਕੀ ਵਸਤਾਂ ਰਾਸ਼ਨ ਡਿਪੂਆਂ ਰਾਹੀਂ ਸਾਰੇ ਲੋੜਵੰਦ ਗਰੀਬਾਂ ਨੂੰ ਲੋੜ ਅਨੁਸਾਰ ਦੇਣਾ ਯਕੀਨੀ ਕੀਤਾ ਜਾਵੇ ਅਤੇ ਆਟਾ-ਦਾਲ ਦਾ ਰਹਿੰਦਾ ਬਕਾਇਆ ਤੁਰੰਤ ਦਿੱਤਾ ਜਾਵੇ। ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਲਾਹੇਵੰਦ ਸਮੱਰਥਨ ਮੁੱਲ 'ਤੇ ਯਕੀਨੀ ਬਣਾਈ ਜਾਵੇ। ਪੂਰੇ ਪੰਜਾਬ ਦੇ ਅਬਾਦਕਾਰ ਮੁਜ਼ਾਰੇ ਕਿਸਾਨਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ਅਤੇ ਬੇਦਖਲੀ ਨੋਟਿਸ ਵਾਪਸ ਲਏ ਜਾਣ। ਗੰਨੇ ਅਤੇ ਝੋਨੇ ਦੇ ਅਰਬਾਂ ਰੁਪਏ ਦੇ ਬਕਾਏ ਤੁਰੰਤ ਦਿੱਤੇ ਜਾਣ। ਕਰਜ਼ਿਆਂ ਅਤੇ ਆਰਥਿਕ ਤੰਗੀਆਂ ਹੱਥੋਂ ਦੁਖੀ ਖੁਦਕੁਸ਼ੀਆਂ ਦਾ ਸ਼ਿਕਾਰ ਹੋਏ ਕਿਸਾਨਾਂ ਮਜ਼ਦੂਰਾਂ ਦੇ ਵਾਰਸਾਂ ਨੂੰ ਪੰਜ ਲੱਖ ਰੁਪਏ ਦਾ ਮੁਆਵਜ਼ਾ ਤੇ ਨੌਕਰੀ ਦਿੱਤੀ ਜਾਵੇ ਤੇ ਕਰਜ਼ੇ ਖ਼ਤਮ ਕੀਤੇ ਜਾਣ। ਖੁਦਕੁਸ਼ੀਆਂ ਰੋਕਣ ਲਈ ਕਰਜ਼ੇ ਮੋੜਣ ਤੋਂ ਅਸਮਰੱਥ ਕਿਸਾਨਾਂ ਮਜ਼ਦੂਰਾਂ ਦੇ ਸਾਰੇ ਕਰਜ਼ਿਆਂ 'ਤੇ ਲਕੀਰ ਮਾਰੀ ਜਾਵੇ ਅਤੇ ਕੁਰਕੀਆਂ ਨਿਲਾਮੀਆਂ ਬੰਦ ਕਰਕੇ ਕਿਸਾਨ ਮਜ਼ਦੂਰ ਪੱਖੀ ਕਰਜ਼ਾ ਕਾਨੂੰਨ ਤੁਰੰਤ ਬਣਾਇਆ ਜਾਵੇ। 60 ਸਾਲ ਤੋਂ ਉਪਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਬੁਢਾਪਾ ਪੈਨਸ਼ਨ ਤੋਂ ਇਲਾਵਾ ਹਰ ਵਿਧਵਾ/ਆਸ਼ਰਿਤ, ਅੰਗਹੀਣ ਲਈ ਵੀ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ। ਅਵਾਰਾ ਪਸ਼ੂਆਂ ਤੇ ਕੁੱਤਿਆਂ ਦੀ ਗੰਭੀਰ ਸਮੱਸਿਆ ਹੱਲ ਕੀਤੀ ਜਾਵੇ। ਦਹਾਕਿਆਂ ਤੋਂ ਲਟਕ ਰਹੇ ਖੇਤੀ ਕੁਨੈਕਸ਼ਨ ਤੁਰੰਤ ਸਰਕਾਰੀ ਖ਼ਰਚੇ 'ਤੇ ਦਿੱਤੇ ਜਾਣ। ਪੇਂਡੂ/ਖੇਤ ਮਜ਼ਦੂਰਾਂ ਦੇ ਘਰੇਲੂ ਬਿਜਲੀ ਬਕਾਏ ਖ਼ਤਮ ਕਰਕੇ ਕੁਨੈਕਸ਼ਨ ਕੱਟਣੇ ਬੰਦ ਕੀਤੇ ਜਾਣ ਅਤੇ ਕੱਟੇ ਹੋਏ ਕੁਨੈਕਸ਼ਨ ਜੋੜੇ ਜਾਣ। ਸਰਕਾਰੀ ਜਬਰ ਕਾਰਨ ਹੋਏ ਜ਼ਖ਼ਮੀਆਂ ਨੂੰ ਅਤੇ ਸ਼ਹੀਦਾਂ ਦੇ ਵਾਰਸਾਂ ਨੂੰ ਪਰਵਾਨਿਤ ਰਾਹਤ ਤੁਰੰਤ ਦਿੱਤੀ ਜਾਵੇ ਅਤੇ ਅੰਦੋਲਨਕਾਰੀ ਕਿਸਾਨਾਂ ਮਜ਼ਦੂਰਾਂ ਸਿਰ ਮੜ੍ਹੇ ਸਾਰੇ ਪੁਲਸ ਕੇਸ ਵਾਪਸ ਲਏ ਜਾਣ ਆਦਿ ਭਖਦੇ ਮਸਲੇ ਮੌਜੂਦਾ ਘੋਲ ਦੀਆਂ ਮੁੱਖ ਮੰਗਾਂ ਵਿਚ ਸ਼ਾਮਲ ਹਨ। ਰੈਲੀ ਦਾ ਪ੍ਰਬੰਧ ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਸਾਂਭਿਆ। ਇਸ ਮੌਕੇ 'ਤੇ ਭਾਕਿਯੂ (ਉਗਰਾਹਾਂ) ਦੇ ਸੀਨੀ. ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਭਾਕਿਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਭਾਕਿਯੂ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਛੱਜੂ ਰਾਮ ਰਿਸ਼ੀ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਨਰਿੰਦਰ ਕੁਮਾਰ ਸੋਮਾ, ਪੇਂਡੂ ਮਜ਼ਦੂਰ ਯੂਨੀਅਨ (ਮਿਸ਼ਾਲ) ਦੇ ਸੂਬਾਈ ਆਗੂ ਦਰਬਾਰਾ ਸਿੰਘ ਫੂਲੇਵਾਲਾ ਅਤੇ ਭਾਕਿਯੂ ਦੀ ਔਰਤ ਆਗੂ ਹਰਿੰਦਰ ਕੌਰ ਬਿੰਦੂ ਆਦਿ ਨੇ ਸੰਬੋਧਨ ਕੀਤਾ।
ਅੰਮ੍ਰਿਤਸਰ  'ਚ ਵੀ ਸੰਘਰਸ਼ਸ਼ੀਲ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ  ਡੀ ਸੀ ਦਫ਼ਤਰ ਸਾਹਮਣੇ 22 ਜਨਵਰੀ ਨੂੰ ਪ੍ਰਸ਼ਾਸ਼ਨ ਦੀਆਂ ਸਭੇ ਰੋਕਾਂ ਦੇ ਬਾਵਜੂਦ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ, ਜਿਸ ਵਿੱਚ ਮਾਝੇ ਤੇ ਦੁਆਬਾ ਖੇਤਰ ਦੇ ਸੈਂਕੜੇ ਕਿਸਾਨ-ਮਜ਼ਦੂਰ ਬਾਵਜੂਦ ਠੰਡ ਤੇ ਖ਼ਰਾਬ ਮੌਸਮ ਦੇ ਆਪਣੀਆਂ ਜਥੇਬੰਦੀਆਂ ਦੇ ਝੰਡੇ-ਮਾਟੋ ਚੁੱਕ ਕੇ ਕੇਂਦਰ ਦੀ ਮੋਦੀ ਤੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰਾਂ ਖ਼ਿਲਾਫ਼ ਅਕਾਸ਼ ਗੁੰਜਾਊ ਨਾਹਰੇ ਲਾਉਂਦੇ ਕਾਫ਼ਲਿਆਂ ਦੇ ਰੂਪ ਵਿੱਚ ਪੱਕੇ ਮੋਰਚੇ ਵਿੱਚ ਸ਼ਾਮਲ ਹੋਏ। ਪਹਿਲੇ ਦਿਨ ਦੇ ਮੋਰਚੇ ਦੀ ਅਗਵਾਈ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਧਨਵੰਤ ਸਿੰਘ ਖਤਰਾਏ ਕਲਾਂ, ਡਾ. ਕੁਲਦੀਪ ਸਿੰਘ ਮੱਤੇ ਨੰਗਲ, ਰਤਨ ਸਿੰਘ ਰੰਧਾਵਾ ਤੇ ਗੁਰਨਾਮ ਸਿੰਘ ਉਮਰਪੁਰਾ ਨੇ ਕੀਤੀ।
ਮੋਰਚੇ ਦੇ ਵਿਸ਼ਾਲ ਇਕੱਠ ਨੂੰ ਡਾ. ਸਤਨਾਮ ਸਿੰਘ ਅਜਨਾਲਾ, ਪਰਗਟ ਸਿੰਘ ਜਾਮਾਰਾਏ, ਦਤਾਰ ਸਿੰਘ, ਗੁਰਨਾਮ ਸਿੰਘ ਦਾਊਦ, ਲਖਵਿੰਦਰ ਸਿੰਘ ਮੰਜਿਆਵਾਲਾ, ਹਰਚਰਨ ਸਿੰਘ ਮੱਦੀਪੁਰਾ ਤੋਂ ਇਲਾਵਾ ਪ੍ਰਿੰਸੀਪਲ ਬਲਦੇਵ ਸਿੰਘ, ਮੁਖਤਿਆਰ ਸਿੰਘ ਮੱਲਾ, ਹੀਰਾ ਸਿੰਘ ਚੱਕ ਸਿਕੰਦਰ, ਸੁੱਚਾ ਸਿੰਘ ਠੱਠਾ, ਬਲਦੇਵ ਸਿੰਘ ਸੈਦਪੁਰ, ਨਿਰਮਲ ਸਿੰਘ ਛੱਜਲਵੱਡੀ, ਸੁਰਜੀਤ ਸਿੰਘ ਦੁਧਰਾਏ, ਸਾਹਿਬ ਸਿੰਘ ਮੱਲੂ ਨੰਗਲ, ਅਵਤਾਰ ਸਿੰਘ, ਅਮਰੀਕ ਸਿੰਘ ਦਾਊਦ, ਜੱਗਾ ਸਿੰਘ ਡੱਲਾ, ਬਲਵਿੰਦਰ ਸਿੰਘ ਭਿੰਡੀ ਔਲਖ, ਮਹਿੰਦਰ ਸਿੰਘ ਖੈਰੜ ਹੁਸ਼ਿਆਰਪੁਰ, ਮਨੋਹਰ ਸਿੰਘ ਗਿੱਲ ਜਲੰਧਰ, ਡਾ, ਗੁਰਮੇਜ ਸਿੰਘ  ਔਲਖ, ਅਨੋਖ ਸਿੰਘ ਕੁਰਾਲੀਆਂ ਆਦਿ ਨੇ ਵੀ ਸੰਬੋਧਨ ਕੀਤਾ। ਬਾਰਡਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਰਤਨ ਸਿੰਘ ਰੰਧਾਵਾ ਤੇ ਕਿਸਾਨ ਸੰਘਰਸ਼ ਕਮੇਟੀ ਦੇ ਕੁਲਦੀਪ ਸਿੰਘ ਬਾਸਰਕੇ ਤੇ ਸੁਖਚੈਨ ਸਿੰਘ ਨੇ ਵੀ ਸੰਬੋਧਨ ਕੀਤਾ। 
ਪੱਕੇ ਮੋਰਚੇ ਦੇ ਦੂਜੇ ਦਿਨ ਰਾਏਕੇ ਕਲਾਂ 'ਚ ਕਿਸਾਨ-ਮਜ਼ਦੂਰ ਮੋਰਚਾ ਜਾਹੋ-ਜਲਾਲ 'ਤੇ ਰਿਹਾ। ਪੰਡਾਲ ਦੀ ਸਟੇਜ ਤੋਂ ਇਨਕਲਾਬੀ ਗੀਤ ਗੂੰਜਦੇ ਰਹੇ। ਅੱਧੀ ਦਰਜਨ ਤੋਂ ਵੱਧ ਜ਼ਿਲ੍ਹਿਆਂ 'ਚੋਂ ਪਹੁੰਚੇ ਹਜ਼ਾਰਾਂ ਕਿਸਾਨ-ਕਿਰਤੀਆਂ 'ਚੋਂ ਕੋਈ ਲੰਗਰ ਪਕਾ ਰਿਹਾ ਸੀ, ਕੋਈ ਵਰਤਾ ਰਿਹਾ ਸੀ ਤੇ ਕੋਈ ਖਾ ਰਿਹਾ ਸੀ। ਕਿਸਾਨ ਆਗੂਆਂ ਨੇ ਰਾਤ ਨੂੰ ਕਾਰਕੁੰਨਾਂ ਨੂੰ ਹਦਾਇਤਾਂ ਦਿੱਤੀਆਂ ਹੋਈਆਂ ਹਨ ਕਿ ਸ਼ਰਾਬ ਪੀਣ ਵਾਲੇ ਨੂੰ ਰੋਟੀ ਵੀ ਨਹੀਂ ਦਿੱਤੀ ਜਾਵੇਗੀ, ਚਾਹੇ ਉਹ ਗੁਰਦੁਆਰੇ ਦੀ ਹਦੂਦ ਦੇ ਬਾਹਰ ਹੀ ਕਿਉਂ ਨਾ ਹੋਵੇ। ਮੋਰਚੇ 'ਚ ਭਾਗ ਲੈਣ ਆਏ ਕਿਸਾਨ-ਮਜ਼ਦੂਰ ਆਪੋ-ਆਪਣੇ ਬਿਸਤਰੇ ਲੈ ਕੇ ਆਏ ਸਨ। ਲੰਗਰ ਲਈ ਰਸਦ ਇਲਾਕੇ 'ਚੋਂ ਭਰਪੂਰ ਆ ਰਹੀ ਸੀ। ਪਿੰਡ ਰਾਏਕੇ ਕਲਾਂ ਦੇ ਲੋਕ ਬਾਹਰੋਂ ਆਏ ਕਿਸਾਨ-ਮਜ਼ਦੂਰਾਂ ਨੂੰ ਨਗ਼ਰ ਦੇ ਮਹਿਮਾਨ ਕਹਿ ਕੇ ਸਤਿਕਾਰ ਹੀ ਨਹੀਂ ਸਹੂਲਤਾਂ ਵੀ ਦੇ ਰਹੇ ਸੀ। 22 ਜਨਵਰੀ ਵਾਂਗ ਅਗਲੇ ਦਿਨ  ਵੀ ਮੰਚ ਤੋਂ ਇਨਕਲਾਬੀ ਗੀਤ ਅਤੇ ਜੋਸ਼ੀਲੀਆਂ ਤਕਰੀਰਾਂ ਰੰਗ ਬੰਨ੍ਹਦੀਆਂ ਰਹੀਆਂ।
ਭਾਰੀ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਪੰਜਾਬ ਖੇਤ ਮਜ਼ਦੂਰ ਯਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਸਕੱਤਰ ਦਲਵਿੰਦਰ ਸਿੰਘ ਸ਼ੇਰ ਖਾਂ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਦਰਬਾਰਾ ਸਿੰਘ ਫੂਲੇਵਾਲਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਕੂਕਾ ਸਿੰਘ, ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸੁਖਵਿੰਦਰ ਸਿੰਘ ਸਭਰਾ, ਜਮਹੂਰੀ ਕਿਸਾਨ ਸਭਾ ਦੇ ਆਗੂ ਛੱਜੂ ਰਾਮ ਰਿਸ਼ੀ, ਬਲਦੇਵ ਸਿੰਘ ਭਾਈਰੂਪਾ, ਹਰਵਿੰਦਰ ਕੌਰ ਬਿੰਦੂ ਆਦਿ ਨੇ ਸੰਬੋਧਨ ਕੀਤਾ।
ਪੱਕੇ ਮੋਰਚੇ ਦੇ ਤੀਸਰੇ ਦਿਨ ਜਥੇਬੰਦੀਆਂ ਨੇ ਰਾਏਕੇ ਕਲਾਂ 'ਚ ਚੱਲ ਰਹੇ ਧਰਨੇ ਨੂੰ 27 ਜਨਵਰੀ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਅਤੇ ਅੰਮ੍ਰਿਤਸਰ 'ਚ ਚੱਲ ਰਹੇ ਧਰਨੇ ਨੂੰ ਖਤਮ ਕਰਕੇ ਰਾਏਕੇ ਕਲਾਂ ਵਾਲੇ ਧਰਨੇ ਨੂੰ ਮਜ਼ਬੂਤ ਕਰਨ ਦਾ ਫੈਸਲਾ ਲਿਆ ਹੈ। ਅੰਮ੍ਰਿਤਸਰ 'ਚ ਧਰਨਾ ਦੇ ਰਹੇ ਕਿਸਾਨ-ਮਜ਼ਦੂਰ ਰਾਏਕੇ ਕਲਾਂ ਵੱਲ ਕੂਚ ਕਰ ਗਏ।
ਇਹ ਫੈਸਲਾ ਝੰਡਾ ਸਿੰਘ ਜੇਠੂਕੇ (ਬੀ ਕੇ ਯੂ-ਏਕਤਾ ਉਗਰਾਹਾਂ) ਦੀ ਪ੍ਰਧਾਨਗੀ ਹੇਠ ਹੋਈ ਇਨ੍ਹਾਂ ਜਥੇਬੰਦੀਆਂ ਦੀ ਮੀਟਿੰਗ ਵਿੱਚ ਲਿਆ ਗਿਆ। ਇਸ ਮੀਟਿੰਗ ਵਿੱਚ ਜ਼ੋਰਾ ਸਿੰਘ ਨਸਰਾਲੀ (ਪੰਜਾਬ ਖੇਤ ਮਜ਼ਦੂਰ ਯੂਨੀਅਨ), ਨਿਰਭੈ ਸਿੰਘ ਢੁੱਡੀਕੇ (ਕਿਰਤੀ ਕਿਸਾਨ ਯੂਨੀਅਨ), ਬਲਵਿੰਦਰ ਸਿੰਘ (ਬੀ ਕੇ ਯੂ ਕ੍ਰਾਂਤੀਕਾਰੀ), ਜਗਮੋਹਨ ਸਿੰਘ ਤੇ ਬੂਟਾ ਸਿੰਘ ਬੁਰਜ ਗਿੱਲ (ਬੀ ਕੇ ਯੂ ਡਕੌਂਦਾ), ਦਰਬਾਰਾ ਸਿੰਘ (ਪੰਜਾਬ ਖੇਤ ਮਜ਼ਦੂਰ ਯੂਨੀਅਨ ਮਸ਼ਾਲ), ਰੁਲਦੂ ਸਿੰਘ ਮਾਨਸਾ (ਪੰਜਾਬ ਕਿਸਾਨ ਯੂਨੀਅਨ), ਸਰਵਣ ਸਿੰਘ ਪੰਧੇਰ (ਕਿਸਾਨ ਸੰਘਰਸ਼ ਕਮੇਟੀ ਪੰਜਾਬ), ਗੁਰਨਾਮ ਸਿੰਘ ਦਾਊਦ (ਦਿਹਾਤੀ ਮਜ਼ਦੂਰ ਸਭਾ), ਡਾ. ਸਤਨਾਮ ਸਿੰਘ ਅਜਨਾਲਾ, ਕੁਲਵੰਤ ਸਿੰਘ ਸੰਧੂ, ਮਾਸਟਰ ਰਘਬੀਰ ਸਿੰਘ ਪਕੀਵਾਂ, ਪ੍ਰਗਟ ਸਿੰਘ ਜਾਮਾਰਾਏ (ਜਮਹੂਰੀ ਕਿਸਾਨ ਸਭਾ) ਅਤੇ ਕੰਵਲਪ੍ਰੀਤ ਸਿੰਘ ਪਨੂੰ (ਕਿਸਾਨ ਸੰਘਰਸ਼ ਕਮੇਟੀ) ਨੇ ਹਿੱਸਾ ਲਿਆ।
ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਸੰਘਰਸ਼ ਦੀ ਅਗਲੀ ਰੂਪ-ਰੇਖਾ 27 ਜਨਵਰੀ ਨੂੰ ਮੁੱਖ ਮੰਤਰੀ ਨਾਲ ਹੋਣ ਜਾ ਰਹੀ ਗੱਲਬਾਤ ਦਾ ਨਤੀਜਾ ਤੈਅ ਕਰੇਗਾ। ਮੁੱਖ ਮੰਤਰੀ ਨਾਲ ਹੋਣ ਵਾਲੀ ਗੱਲਬਾਤ ਤੋਂ ਬਾਅਦ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਕਰਕੇ ਇਸ ਅੰਦੋਲਨ ਦੇ ਅਗਲੇ ਪੜਾਅ ਦਾ ਐਲਾਨ ਕੀਤਾ ਜਾਵੇਗਾ।
ਖੂਨ ਜਮਾ ਕੇ ਰੱਖ ਦੇਣ ਵਾਲੀ ਠੰਡ ਦੇ ਬਾਵਜੂਦ ਹਜ਼ਾਰਾਂ ਮਰਦ-ਔਰਤਾਂ ਦੀ ਬੱਚਿਆਂ ਸਮੇਤ ਰਾਏਕੇ ਕਲਾਂ ਮੋਰਚੇ 'ਚ ਗਿਣਤੀ ਲਗਾਤਾਰ ਵਧ ਰਹੀ ਹੈ। ਧਰਨਾਕਾਰੀਆਂ ਦੇ ਹੌਸਲੇ ਬੁਲੰਦ ਹਨ। ਉਹ ਆਰ-ਪਾਰ ਦੀ ਲੜਾਈ ਦੇ ਰੌਂਅ ਵਿੱਚ ਹਨ। ਇੱਥੇ ਚੱਲ ਰਹੇ ਕਿਸਾਨ-ਮਜ਼ਦੂਰ ਮੋਰਚੇ ਦੇ ਤੀਸਰੇ ਦਿਨ ਜੁੜੇ ਭਾਰੀ ਇਕੱਠ ਨੂੰ ਬੀ.ਕੇ.ਯੂ ਏਕਤਾ (ਉਗਰਾਹਾਂ) ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਪੰਜਾਬ ਖ਼ੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਬੀ.ਕੇ.ਯੂ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਫੂਲੇਵਾਲ, ਬੀ.ਕੇ.ਯੂ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਪੇਂਡੂ ਮਜ਼ਦੂਰ ਯੂਨੀਅਨ ਦੇ ਗਿੰਦਰ ਸਿੰਘ ਰੋਡੇ, ਕਿਸਾਨ ਸੰਘਰਸ਼ ਕਮੇਟੀ (ਸਤਨਾਮ ਸਿੰਘ ਪੰਨੂੰ) ਦੇ ਆਗੂ ਸੁਖਵਿੰਦਰ ਸਿੰਘ ਸਭਰਾ, ਜਮਹੂਰੀ ਕਿਸਾਨ ਸਭਾ ਦੇ ਭੀਮ ਸਿੰਘ ਆਲਮਪੁਰ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਗੁਰਮੇਜ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਗੁਰਨਾਮ ਸਿੰਘ ਭੀਖੀ ਤੋਂ ਇਲਾਵਾ ਕੁਲਦੀਪ ਕੌਰ ਕੁੱਸਾ, ਤਰਸੇਮ ਸਿੰਘ ਖੁੰਡੇ ਹਲਾਲ, ਗੁਰਨਾਮ ਸਿੰਘ, ਸੁਰਮੁੱਖ ਸਿੰਘ ਸੇਲਬਰਹਾ, ਭੋਲਾ ਸਿੰਘ ਸਮਾਉਂ, ਮਿੱਠੂ ਸਿੰਘ ਘੁੱਦਾ, ਜਸਪਾਲ ਸਿੰਘ ਬਰਨਾਲਾ ਆਦਿ ਨੇ ਸੰਬੋਧਨ ਕੀਤਾ।
(26.1.2016)
 

देहाती मजदूर सभा जिला फतेहाबाद का चौथा सम्मेलन फतेहाबाद : विगत 26 दिसंबर को देहाती मजदूर सभा का चौथा फतेहाबाद जिला सम्मेलन स्थानीय पटवार भवन में सफलता सहित संपन्न हुआ। जिला अध्यक्ष जीत सिंह द्वारा क्रांतिकारी नारों की गूंज से झंड़ा फहराये जाने के साथ आरंभ हुए सम्मेलन की अध्यक्षता सर्व श्री जीत सिंह, सुखचैन सिंह, जसबिन्द्र कौर टौहाणा, नत्थु राम चौबारा तथा देवी राम पर आधारित अध्यक्षमंडल ने की। आरंभ में पिछले सम्मेलन से लेकर अब तक दिवंगत हुए देहाती मजदूर सभा तथा जनवादी आंदोलन के नेताओं को एक शोक प्रस्ताव द्वारा दो मिंट मौन खड़े होकर श्रद्धांजलि अर्पित की गई। प्रतिनिधी सम्मेलन का उदघाटन देहाती मजदूर सभा के पंजाब के कोषाध्यक्ष साथी महीपाल ने किया। पंजाब से राज्य समिति सदस्यगण नरेन्द्र कुमार सोमा तथा मक्खन सिंह तलवंडी साबो विशेष तौर पर उपस्थित हुए। सहयोगी संगठन हरियाणा छात्र यूनियन के अमन रतिया, शहीद भगत सिंह नौजवान सभा के निर्भय सिंह, पृथ्वी सिंह गोरखपुरीया यादगार समिति के कृष्ण स्वरूप गोरखपुरिया ने सम्मेलन को शुभकामनाएं देते हुए हर प्रकार के सहयोग का ऐलान किया। वर्णनीय है कि प्रतिनिधी सम्मेलन स्वतंत्रा संग्राम के महान शहीद उधम सिंह को समर्पित था क्यूंकि 26 दिसंबर को उन का जन्मदिवस था।
सम्मेलन के अंत में जिला कार्यसमिति के चुनाव के साथ-साथ साथी नत्थु राम अध्यक्ष, इंद्रजीत बोसवाल महासचिव, तेजिंद्र सिंह थिंद कोषाध्यक्ष, रोही राम उपाध्यक्ष, जीत सिंह उपाध्यक्ष, सुखचैन सिंह सहसचिव, जसबीर सिंह सहसचिव चुने गये।