Sunday, 6 July 2014

ਭੈੜੇ ਭੈੜੇ ਯਾਰ ਮੇਰੀ ਫੱਤੋ ਦੇ!

ਇੰਦਰਜੀਤ ਚੁਗਾਵਾਂ
''ਭੈੜੇ ਭੈੜੇ ਯਾਰ ਮੇਰੀ ਫੱਤੋ ਦੇ'' ਇਸ ਮੁਹਾਵਰੇ ਤੋਂ ਹਰ ਪੰਜਾਬੀ ਵਾਕਿਫ਼ ਹੈ। ਇਹ ਉਦੋਂ ਵਰਤਿਆ ਜਾਂਦਾ ਹੈ ਜਦ ਪਰਿਵਾਰ ਦੇ ਬਜ਼ੁਰਗ ਆਪਣੇ ਕਿਸੇ ਪੁੱਤ ਨੂੰ ਬੁਰੀ ਸੰਗਤ 'ਚ ਪਿਆ ਦੇਖਦੇ ਹਨ ਤੇ ਉਸ ਨੂੰ ਲੀਹ 'ਤੇ ਲਿਆਉਣ ਲਈ ਟਕੋਰ ਲਾਉਂਦਿਆਂ ਆਖਦੇ ਹਨ, ''ਭੈੜੇ ਭੈੜੇ ਯਾਰ ਮੇਰੀ ਫੱਤੋ ਦੇ।'' ਬਜ਼ੁਰਗਾਂ ਦਾ ਮਕਸਦ ਇਹੋ ਹੁੰਦਾ ਹੈ ਕਿ ਉਨ੍ਹਾਂ ਦਾ ਪੁੱਤ ਇਹ ਟਕੋਰ ਸੁਣ ਕੇ ਜ਼ਰੂਰ ਆਪਣੇ ਅੰਦਰ ਝਾਕੇਗਾ ਤੇ ਬੁਰੀ ਸੰਗਤ ਤੋਂ ਖਹਿੜਾ ਛੁਡਾ ਲਵੇਗਾ ਅਤੇ ਪਰਿਵਾਰ ਲਈ ਬਦਨਾਮੀ ਦਾ ਸਬੱਬ ਨਹੀਂ ਬਣੇਗਾ। ਬਜ਼ੁਰਗ ਅਕਸਰ ਆਪਣੇ ਮਕਸਦ ਵਿਚ ਸਫਲ ਵੀ ਹੋ ਜਾਂਦੇ ਹਨ। ਐਪਰ, ਪੰਜਾਬ ਦੀ ਸਿਆਸਤ ਦੇ ਬਜ਼ੁਰਗ, ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਹਨ ਕਿ ਉਹ ਖ਼ੁਦ ਹੀ ਉਲਟੇ ਪਾਸੇ ਚਲਦੇ ਨਜ਼ਰ ਆ ਰਹੇ ਹਨ। ਉਨ੍ਹਾ ਨੂੰ ਬਦਨਾਮੀ ਦੀ ਕੋਈ ਚਿੰਤਾ ਨਹੀਂ ਹੈ। ਉਹ ਸਗੋਂ ਆਪਣੇ 'ਭੈੜੇ ਯਾਰਾਂ' (ਵਿਧਾਇਕਾਂ) ਨੂੰ ਨਿਵਾਜ਼ ਰਹੇ ਹਨ। ਪਿਛਲੇ ਦਿਨੀਂ 10 ਜੂਨ ਨੂੰ ਕੈਬਨਿਟ 'ਚ ਕੀਤੇ ਗਏ ਵਿਸਥਾਰ ਤੋਂ ਇਹ ਗੱਲ ਭਲੀਭਾਂਤ ਸਾਹਮਣੇ ਆ ਜਾਂਦੀ ਹੈ। 
ਪੰਜਾਬ ਮੰਤਰੀ ਮੰਡਲ 'ਚ ਤਿੰਨ ਥਾਵਾਂ ਖਾਲੀ ਸਮਝੀਆਂ ਜਾ ਰਹੀਆਂ ਸਨ। ਮਾਰਚ 2012 'ਚ ਬੀਬੀ ਜਗੀਰ ਕੌਰ ਨੂੰ ਜਦ ਅਦਾਲਤ ਨੇ ਆਪਣੀ ਧੀ ਦੀ ਭੇਦ ਭਰੀ ਮੌਤ ਨਾਲ ਸਬੰਧਤ ਮੁਕੱਦਮੇ 'ਚ ਪੰਜ ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ ਤਾਂ ਉਨ੍ਹਾ ਨੂੰ ਅਸਤੀਫਾ ਦੇਣਾ ਪਿਆ ਸੀ। ਇਸੇ ਤਰ੍ਹਾਂ ਪਿਛਲੇ ਦਿਨੀਂ ਸਰਵਣ ਸਿੰਘ ਫਿਲੌਰ ਨੂੰ ਵੀ ਅਸਤੀਫਾ ਦੇਣਾ ਪਿਆ ਕਿਉਂਕਿ ਉਨ੍ਹਾ ਦੇ ਪੁੱਤਰ ਦਮਨਵੀਰ ਸਿੰਘ ਦਾ ਨਾਂਅ ਸਿੰਥੈਟਿਕ ਡਰੱਗ ਸਕੈਂਡਲ 'ਚ ਪ੍ਰਮੁੱਖਤਾ ਨਾਲ ਸਾਹਮਣੇ ਆਇਆ ਹੈ। ਤੀਸਰੀ ਸੀਟ ਮਈ 2012 'ਚ ਖੇਤੀ ਮੰਤਰੀ ਜਥੇਦਾਰ ਤੋਤਾ ਸਿੰਘ ਨੂੰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਮੁਕੱਦਮੇਂ 'ਚ ਸਜ਼ਾ ਹੋਣ ਉਪਰੰਤ, ਉਨ੍ਹਾ ਵਲੋਂ ਦਿੱਤੇ ਗਏ ਅਸਤੀਫੇ ਕਾਰਨ ਖਾਲੀ ਹੋਈ ਸੀ। 
ਜਥੇਦਾਰ ਤੋਤਾ ਸਿੰਘ ਨੇ ਪਹਿਲੀ ਵਾਰ 1997 'ਚ ਮੋਗਾ ਅਸੰਬਲੀ ਹਲਕੇ ਤੋਂ ਚੋਣ ਲੜੀ ਸੀ। ਪਹਿਲੀ ਵਾਰ ਵਿਧਾਇਕ ਬਣੇ ਤੋਤਾ ਸਿੰਘ ਨੂੰ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸਿੱਖਿਆ ਮੰਤਰੀ ਦੇ ਅਹੁਦੇ ਨਾਲ ਨਿਵਾਜਿਆ ਸੀ। ਸਿੱਖਿਆ ਮੰਤਰੀ ਹੁੰਦਿਆਂ ਜਥੇਦਾਰ ਤੋਤਾ ਸਿੰਘ ਦੀ ਕਾਰਗੁਜਾਰੀ ਵਿਵਾਦਾਂ 'ਚ ਹੀ ਘਿਰੀ ਰਹੀ। ਉਨ੍ਹਾ ਦੇ ਕਾਰਜਕਾਲ ਦੌਰਾਨ ਅਧਿਆਪਕਾਂ ਦੀ ਭਰਤੀ 'ਚ ਵੱਡਾ ਘਪਲਾ ਹੋਇਆ। ਸਿੱਖਿਆ ਵਿਭਾਗ 'ਚ ਕਲਰਕਾਂ ਦੀ ਭਰਤੀ 'ਚ ਘਪਲਾ ਵੀ ਉਨ੍ਹਾ ਦੇ ਕਾਰਜਕਾਲ ਵੇਲੇ ਹੀ ਹੋਇਆ। ਇਨ੍ਹਾਂ ਦੋਹਾਂ ਵੱਡੇ ਘਪਲਿਆਂ 'ਚ ਜਥੇਦਾਰ ਤੋਤਾ ਸਿੰਘ ਦਾ ਨਾਂਅ ਪੂਰੇ ਜ਼ੋਰ ਸ਼ੋਰ ਨਾਲ ਸਾਹਮਣੇ ਆਇਆ। ਉਨ੍ਹਾ 'ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦਾ ਦੋਸ਼ ਲੱਗਿਆ। ਮੁਕੱਦਮਾ ਚੱਲਿਆ ਤੇ 2012 'ਚ, ਜਦ ਅਕਾਲੀ-ਭਾਜਪਾ ਗਠਜੋੜ ਸਰਕਾਰ ਮੁੜ ਸੱਤਾ 'ਚ ਆਈ, ਅਦਾਲਤ ਨੇ ਉਨ੍ਹਾ ਨੂੰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦਾ ਦੋਸ਼ੀ ਮੰਨਦਿਆਂ ਇਕ ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ। ਅਦਾਲਤ ਦੇ ਇਸ ਫੈਸਲੇ ਦੇ ਮੱਦੇਨਜ਼ਰ ਤੋਤਾ ਸਿੰਘ ਨੂੰ ਮਈ 2012 'ਚ ਕੈਬਨਿਟ 'ਚੋਂ ਅਸਤੀਫਾ ਦੇਣਾ ਪਿਆ। ਜਿਸ ਵੇਲੇ ਉਨ੍ਹਾ ਅਸਤੀਫਾ ਦਿੱਤਾ, ਉਹ ਖੇਤੀ ਮੰਤਰੀ ਸਨ ਤੇ ਹੁਣ ਫੇਰ ਉਨ੍ਹਾ ਨੂੰ ਖੇਤੀ ਮੰਤਰਾਲਾ ਹੀ ਮਿਲਿਆ ਹੈ। 
ਤਾਕਤ ਦੇ ਨਸ਼ੇ ਵਿਚ ਤੋਤਾ ਸਿੰਘ ਦੇ ਪਰਿਵਾਰ ਨੇ ਵੀ ਪੂਰੀ ਭੱਲ ਖੱਟੀ। ਉਨ੍ਹਾ ਦੇ ਸਾਹਿਬਜ਼ਾਦੇ ਬਰਜਿੰਦਰ ਸਿੰਘ ਬਰਾੜ ਉਰਫ ਮੱਖਣ ਦਾ ਨਾਂਅ ਬਦਨਾਮ 'ਮੋਗਾ ਸੈਕਸ ਸਕੈਂਡਲ' 'ਚ ਉਭਰ ਕੇ ਸਾਹਮਣੇ ਆਇਆ। ਇਸ ਸਕੈਂਡਲ 'ਚ ਪੰਜਾਬ ਪੁਲਸ ਦੇ ਕੁੱਝ ਸੀਨੀਅਰ ਅਫਸਰ ਵੀ ਸ਼ਾਮਲ ਸਨ। ਉਹ ਅਮੀਰਜ਼ਾਦਿਆਂ ਤੇ ਉਚ ਰੁਤਬੇ ਵਾਲੇ ਬੰਦਿਆਂ ਨੂੰ ਲੜਕੀਆਂ ਸਪਲਾਈ ਕਰਦੇ ਤੇ ਬਾਅਦ ਵਿਚ ਉਨ੍ਹਾਂ ਨੂੰ ਬਲੈਕਮੇਲ ਕਰਨ ਦਾ ਧੰਦਾ ਕਰਦੇ ਸਨ। ਇਸ ਸੈਕਸ ਸਕੈਂਡਲ ਨਾਲ ਸਬੰਧਤ ਮੁਕੱਦਮੇਂ 'ਚ ਬਰਜਿੰਦਰ ਬਰਾੜ ਉਰਫ ਮੱਖਣ ਖਿਲਾਫ਼ ਸੀ.ਬੀ.ਆਈ. ਦੀ ਅਦਾਲਤ 'ਚ ਦੋਸ਼ ਆਇਦ ਹੋ ਚੁੱਕੇ ਹਨ। ਇਸ ਵਿਚ ਵੀ ਕੋਈ ਸ਼ੱਕ ਨਹੀਂ ਹੈ ਕਿ ਆਉਣ ਵਾਲੇ ਸਮੇਂ 'ਚ ਮੱਖਣ ਵੀ ਆਪਣੇ ਬਾਪ ਵਾਂਗ ਉਚ ਅਦਾਲਤ 'ਚ ਜਾ ਕੇ ਦੁੱਧ ਧੋਤਾ ਨਿਕਲ ਆਵੇ ਕਿਉਂਕਿ ਸੀ.ਬੀ.ਆਈ. ਕਿੰਨੀ ਕੁ ਭਰੋਸੇਯੋਗ ਜਾਂਚ ਏਜੰਸੀ ਹੈ, ਇਹ ਸਭ ਜਾਣਦੇ ਹਨ। ਦੇਸ਼ ਦੀ ਸਰਵਉਚ ਅਦਾਲਤ ਨੇ ਸੀਬੀਆਈ ਨੂੰ 'ਪਿੰਜਰੇ 'ਚ ਬੰਦ ਤੋਤਾ' ਆਖਿਆ ਹੈ। ਇਸ ਏਜੰਸੀ ਦੀ ਵਾਗਡੋਰ ਕੇਂਦਰ ਦੀ ਸਰਕਾਰ ਕੋਲ ਹੁੰਦੀ ਹੈ ਤੇ ਕੇਂਦਰ 'ਚ ਇਸ ਵਕਤ ਸਰਕਾਰ ਤੋਤਾ ਸਿੰਘ ਦੀ ਆਪਣੀ ਹੀ ਹੈ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਗੰਭੀਰ ਦੋਸ਼ਾਂ ਅਧੀਨ ਚਲ ਰਹੇ ਮੁਕੱਦਮੇ ਦੇ ਬਾਵਜੂਦ ਮੱਖਣ ਨੂੰ ਪੰਜਾਬ ਰਾਜ ਸਿਹਤ ਕਾਰਪੋਰੇਸ਼ਨ ਦਾ ਚੇਅਰਮੈਨ ਦਾ ਅਹੁਦਾ ਦੇ ਕੇ ਨਵਾਜਿਆ ਗਿਆ ਹੈ। 
ਕੁੱਝ ਇਹੋ ਜਿਹੇ ਹੀ ਹਨ ਸੋਹਣ ਸਿੰਘ ਠੰਡਲ। ਉਹ ਦੋਆਬੇ 'ਚ ਅਕਾਲੀ ਦਲ ਦਾ ਦਲਿਤ ਚਿਹਰਾ ਹਨ। ਉਨ੍ਹਾ ਨੂੰ ਸਰਵਣ ਸਿੰਘ ਫਿਲੌਰ ਦੀ ਥਾਂ ਕੈਬਨਿਟ 'ਚ ਸ਼ਾਮਲ ਕੀਤਾ ਗਿਆ ਹੈ। ਠੰਡਲ ਖਿਲਾਫ ਵਿਜੀਲੈਂਸ ਵਿਭਾਗ ਨੇ ਅਪ੍ਰੈਲ 2003 'ਚ ਕਾਂਗਰਸ ਦੀ ਹਕੂਮਤ ਵੇਲੇ ਬੇਹਿਸਾਬੀ ਜਾਇਦਾਦ ਦਾ ਕੇਸ ਦਰਜ ਕੀਤਾ ਸੀ। ਇਹ ਜਾਇਦਾਦ ਉਨ੍ਹਾ ਮੁੱਖ ਪਾਰਲੀਮਾਨੀ ਸਕੱਤਰ ਦੇ ਅਹੁਦੇ 'ਤੇ ਰਹਿੰਦਿਆਂ ਬਣਾਈ ਸੀ। ਮਈ 2011 'ਚ ਮੋਹਾਲੀ ਦੀ ਅਦਾਲਤ ਨੇ ਠੰਡਲ ਨੂੰ 3 ਸਾਲ ਸਖ਼ਤ ਕੈਦ ਦੀ ਸਜ਼ਾ ਸੁਣਾਈ। ਭਾਵੇਂਕਿ ਦਸੰਬਰ 2011 'ਚ ਹਾਈਕੋਰਟ ਨੇ ਠੰਡਲ ਨੂੰ ਬਾਅਦ ਵਿਚ ਬਰੀ ਕਰ ਦਿੱਤਾ ਸੀ। 
ਕਾਨੂੰਨ ਦੀ ਨਜ਼ਰ 'ਚ ਭਾਵੇਂ ਇਹ ਆਗੂ ਪਾਕਿ-ਸਾਫ ਹੋ ਗਏ ਹੋਣ ਪਰ ਲੋਕਾਂ ਦੀ ਅਦਾਲਤ 'ਚ ਉਨ੍ਹਾਂ ਦੇ ਮੱਥੇ 'ਤੇ ਲੱਗਾ ਭਰਿਸ਼ਟਾਚਾਰ ਦਾ ਦਾਗ਼ ਜਿਓਂ ਦਾ ਤਿਓਂ ਹੈ। ਇਸ ਸਭ ਕੁੱਝ ਦੇ ਬਾਵਜੂਦ ਬਾਦਲ ਸਾਹਿਬ ਨੇ ਉਨ੍ਹਾਂ ਨੂੰ ਸਗੋਂ ਤਰੱਕੀ ਦੇ ਕੇ ਮਾਣ ਬਖਸ਼ਿਆ ਹੈ। ਠੰਡਲ ਪਹਿਲਾਂ ਮੁੱਖ ਪਾਰਲੀਮਾਨੀ ਸਕੱਤਰ ਹੋਇਆ ਕਰਦੇ ਸਨ, ਪਰ ਇਸ ਵਾਰ ਉਨ੍ਹਾ ਨੂੰ ਕੈਬਨਿਟ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ। ਕੈਬਨਿਟ 'ਚ ਸ਼ਾਮਲ ਕੀਤੇ ਗਏ ਤੀਸਰੇ ਮੰਤਰੀ ਡਾ. ਦਲਜੀਤ ਸਿੰਘ ਚੀਮਾ ਜ਼ਰੂਰ ਐਸੀ ਸ਼ਖਸ਼ੀਅਤ ਹਨ ਜਿਨ੍ਹਾਂ 'ਤੇ ਅਜੇ ਤੱਕ ਕੋਈ ਪ੍ਰਤੱਖ ਦੋਸ਼ ਨਹੀਂ ਲੱਗਾ। 
ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਕੋਲ ਇਹ ਇਕ ਮੌਕਾ ਸੀ ਕਿ ਉਹ ਸਾਫ ਸੁਥਰੀ ਦਿਖ ਵਾਲੇ ਆਗੂ ਅੱਗੇ ਲਿਆ ਕੇ ਆਪਣੀ ਸਰਕਾਰ ਦੇ ਅਕਸ ਨੂੰ ਸੁਧਾਰਨ ਦਾ ਹੀਲਾ ਕਰਦੇ ਪਰ ਉਨ੍ਹਾ ਅਜਿਹਾ ਨਹੀਂ ਕੀਤਾ। ਦਰਅਸਲ, ਸਿਆਸਤ ਦਾ ਅਪਰਾਧੀਕਰਨ ਹੋ ਹੀ ਐਨਾ ਚੁੱਕਾ ਹੈ ਕਿ ਹੁਕਮਰਾਨ ਅਤੇ ਸੱਤਾ ਦੀਆਂ ਦਾਅਵੇਦਾਰ ਪਾਰਟੀਆਂ 'ਚ ਪਾਕਿ-ਸਾਫ ਬੰਦੇ ਦੀ ਭਾਲ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਕੋਈ ਇਮਾਨਦਾਰ, ਸਾਫ ਸੁਥਰਾ ਵਿਅਕਤੀ ਅੱਵਲ ਤਾਂ ਬੁਰਜ਼ਵਾ ਸਿਆਸਤ ਵੱਲ ਮੂੰਹ ਨਹੀਂ ਕਰਦਾ ਤੇ ਜੇ ਕਰਦਾ ਵੀ ਹੈ ਤਾਂ ਉਸਦੇ ਪੈਰ ਨਹੀਂ ਲੱਗਣ ਦਿੱਤੇ ਜਾਂਦੇ। ਨਸ਼ਿਆਂ ਦੇ ਤਸਕਰਾਂ, ਬਲਾਤਕਾਰ, ਕਤਲ, ਅਗਵਾ ਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਤੇ ਉਨ੍ਹਾਂ ਨੂੰ 'ਜਥੇਦਾਰੀਆਂ' ਵੀ ਬਖਸ਼ ਦਿੱਤੀਆਂ ਜਾਂਦੀਆਂ ਹਨ ਕਿਉਂਕਿ ਉਹ ਪੈਸੇ ਅਤੇ ਲਾਠੀਆਂ ਦੇ ਜ਼ੋਰ ਨਾਲ ਵੋਟਾਂ ਇਕੱਠੀਆਂ ਕਰਨ ਵਿਚ ਸਹਾਈ ਸਿੱਧ ਹੁੰਦੇ ਹਨ। ਇਸ ਲਈ ਸ. ਬਾਦਲ ਨੂੰ ਵੀ 'ਭੈੜੇ ਯਾਰਾਂ' ਨਾਲ ਹੀ ਕੰਮ ਚਲਾਉਣਾ ਪੈਣਾ ਸੀ। ਇਕੱਠੇ ਕੀਤੇ ਅਜਿਹੇ ਕੋੜਮੇਂ 'ਚੋਂ ਭੱਦਰਪੁਰਸ਼ ਭਲਾ ਕਿਥੋਂ ਮਿਲਣਾ ਸੀ? 
ਅਜਿਹੇ ਹਾਲਾਤ ਵਿਚ ਪੰਜਾਬ ਦੀ ਸਿਆਸਤ ਦੇ ਇਸ ਬਜ਼ੁਰਗ ਨੂੰ ਲੀਹ 'ਤੇ ਲਿਆਉਣ ਲਈ ਭਲਾ ਕਿਹੜਾ ਬਜ਼ੁਰਗ ਇਹ ਆਖ ਕੇ ਟਕੋਰ ਲਾ ਕੇ ਲੀਹ 'ਤੇ ਲਿਆਉਣ ਦਾ ਯਤਨ ਕਰੇਗਾ ਕਿ ''ਭੈੜੇ ਭੈੜੇ ਯਾਰ ਮੇਰੀ ਫੱਤੋ ਦੇ!''

ਧਾਰਾ 370 : ਇਕ ਜਾਣ-ਪਛਾਣ

ਕੇਂਦਰ ਵਿਚ ਮੋਦੀ ਸਰਕਾਰ ਦੇ ਗਠਨ ਦੇ ਨਾਲ ਹੀ ਧਾਰਾ 370 ਇਕ ਵਾਰ ਮੁੜ ਚਰਚਾ ਵਿਚ ਆ ਗਈ ਹੈ। ਇਸ ਸਰਕਾਰ ਵਿਚ ਰਾਜ ਮੰਤਰੀ ਬਣੇ ਅਤੇ ਜੰਮੂ ਕਸ਼ਮੀਰ ਦੇ ਉਧਮਪੁਰ ਹਲਕੇ ਤੋਂ ਵੱਡੇ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੂੰ ਹਰਾਕੇ ਪਹਿਲੀ ਵਾਰ ਸੰਸਦ ਵਿਚ ਪੈਰ ਰੱਖਣ ਵਾਲੇ ਬੀ.ਜੇ.ਪੀ. ਆਗੂ ਡਾਕਟਰ ਜਿਤੇਂਦਰ ਸਿੰਘ ਨੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਸਭ ਤੋਂ ਪਹਿਲਾ ਬਿਆਨ ਧਾਰਾ 370 ਬਾਰੇ ਦੇ ਕੇ ਇਸਨੂੰ ਮੁੜ ਚਰਚਾ ਵਿਚ ਲੈ ਆਂਦਾ ਹੈ। ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਹਮੇਸ਼ਾਂ ਹੀ ਧਾਰਾ 370 ਦਾ ਵਿਰੋਧ ਕਰਦੀ ਰਹੀ ਹੈ। ਬੀ.ਜੇ.ਪੀ. ਉਸਦੀ ਹੀ ਰਾਜਨੀਤਕ ਧਿਰ ਹੈ, ਇਸ ਲਈ ਉਹ ਵੀ ਇਸਦਾ ਵਿਰੋਧ ਕਰਦੀ ਹੈ ਅਤੇ ਇਸਨੂੰ ਖਤਮ ਕਰਨ ਦੀ ਮੰਗ ਕਰਦੀ ਰਹੀ ਹੈ। ਐਪਰ ਕਈ ਵਾਰ ਰਾਜਨੀਤਕ ਗਠਜੋੜਾਂ ਦੀਆਂ ਮਜ਼ਬੂਰੀਆਂ ਕਰਕੇ, ਉਹ ਇਸ ਬਾਰੇ ਨਰਮ ਸੁਰ ਅਖਤਿਆਰ ਕਰਦੀ ਹੈ। ਜਿਵੇਂ ਕਿ ਇਸਨੇ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿਚ ਬਣੀ ਪਿਛਲੀ ਐਨ.ਡੀ.ਏ. ਸਰਕਾਰ ਦੌਰਾਨ ਕੀਤਾ ਸੀ। 
ਧਾਰਾ 370 ਕਿਉਂ ਸਿਰਜੀ ਗਈ? 
ਅਸਲ ਵਿਚ 'ਧਾਰਾ 370' ਭਾਰਤ ਦੇ ਸੰਵਿਧਾਨ ਦੀ 370ਵੀਂ ਧਾਰਾ ਹੈ। ਇਹ ਭਾਰਤੀ ਗਣਰਾਜ ਦੇ ਜੰਮੂ ਕਸ਼ਮੀਰ ਰਾਜ ਨਾਲ ਸਬੰਧਾਂ ਬਾਰੇ ਹੈ। ਇਹ ਧਾਰਾ ਜੰਮੂ ਕਸ਼ਮੀਰ ਰਾਜ ਅਤੇ ਉਥੇ ਦੇ ਵਸਨੀਕਾਂ ਨੂੰ ਦੇਸ਼ ਦੇ ਬਾਕੀ ਰਾਜਾਂ ਨਾਲੋਂ ਕੁਝ ਵਿਸ਼ੇਸ਼ ਅਧਿਕਾਰ ਦੇਣ ਦੀ ਵਿਵਸਥਾ ਕਰਦੀ ਹੈ। ਇਹ ਧਾਰਾ ਕੁਝ ਵਿਸ਼ੇਸ਼ ਹਾਲਤਾਂ ਕਰਕੇ ਸਿਰਜੀ ਗਈ ਸੀ। ਇਸ ਲਈ 1947 ਵਿਚ, ਦੇਸ਼ ਦੇ ਅੰਗਰੇਜ਼ਾਂ ਤੋਂ ਆਜ਼ਾਦ ਹੋਣ ਸਮੇਂ ਜੰਮੂ-ਕਸ਼ਮੀਰ ਦੀ ਕੀ ਸਥਿਤੀ ਸੀ, ਇਸ ਬਾਰੇ ਜਾਣਨਾ ਜ਼ਰੂਰੀ ਹੋਵੇਗਾ। 
ਦੇਸ਼ ਦੀ ਆਜ਼ਾਦੀ ਸਮੇਂ 1947 ਵਿਚ ਜੰਮੂ ਕਸ਼ਮੀਰ ਵੀ ਬਾਕੀ ਕਈ ਰਿਆਸਤਾਂ ਦੀ ਤਰ੍ਹਾਂ ਅੰਗਰੇਜ਼ੀ ਰਾਜ ਅਧੀਨ ਨਹੀਂ ਸੀ। ਉਥੇ ਰਾਜਾ ਹਰੀ ਸਿੰਘ ਦਾ ਰਾਜ ਸੀ। ਅਗਸਤ 1947 ਵਿਚ ਜਦੋਂ ਦੇਸ਼ ਆਜ਼ਾਦ ਹੋ ਰਿਹਾ ਸੀ, ਉਸੇ ਵੇਲੇ ਜੰਮੂ ਕਸ਼ਮੀਰ ਦੇ ਪੁੰਛ ਖੇਤਰ ਵਿਚ ਬਗਾਵਤ ਹੋ ਗਈ। ਇਸ ਦਾ ਲਾਹਾ ਲੈਂਦਿਆਂ ਪਾਕਿਸਤਾਨ ਦੇ ਉਤਰੀ-ਪੱਛਮੀ ਸਰਹੱਦੀ ਪ੍ਰਾਂਤ ਦੇ ਕਬਾਈਲੀਆਂ ਨੇ ਜੰਮੂ-ਕਸ਼ਮੀਰ 'ਤੇ ਹਮਲਾ ਕਰ ਦਿੱਤਾ। ਇਹ ਹਮਲਾ ਜੰਮੂ ਕਸ਼ਮੀਰ ਨੂੰ ਪਾਕਿਸਤਾਨ ਵਿਚ ਸ਼ਾਮਲ ਕਰਨ ਦੇ ਮਕਸਦ ਨਾਲ ਕੀਤਾ ਗਿਆ ਸੀ। ਮਹਾਰਾਜਾ ਹਰੀ ਸਿੰਘ ਨੇ ਇਸਦਾ ਟਾਕਰਾ ਕਰਨ ਲਈ ਭਾਰਤ ਦੇ ਗਵਰਨਰ-ਜਨਰਲ ਨੂੰ ਮਦਦ ਲਈ ਅਪੀਲ ਕੀਤੀ। ਭਾਰਤ ਦੇ ਉਸ ਵੇਲੇ ਦੇ ਗਵਰਨਰ-ਜਨਰਲ ਲਾਰਡ ਮਾਓਂਟਬੈਟਨ ਨੇ ਇਹ ਸਹਾਇਤਾ ਦੇਣ ਵਾਸਤੇ ਜੰਮੂ ਕਸ਼ਮੀਰ ਨੂੰ ਭਾਰਤ ਵਿਚ ਸ਼ਾਮਲ ਕਰਨ ਦੀ ਸ਼ਰਤ ਰੱਖੀ। ਇਸ ਤਰ੍ਹਾਂ ਮਹਾਰਾਜਾ ਹਰੀ ਸਿੰਘ ਅਤੇ ਲਾਰਡ ਮਾਉਂਟਬੈਟਨ ਦਰਮਿਆਨ ਰਿਆਸਤ ਨੂੰ ਭਾਰਤ ਵਿਚ ਸ਼ਾਮਲ ਕਰਨ ਦੇ ਰਲੇਵੇਂ ਬਾਰੇ ਸਹਿਮਤੀ ਪੱਤਰ (Instrument of accession) ਉਤੇ ਦਸਖਤ ਹੋਏ। ਇਸ ਸਹਿਮਤੀ ਪੱਤਰ 'ਤੇ ਦਸਖਤ ਹੁੰਦਿਆਂ ਹੀ ਭਾਰਤੀ ਫੌਜਾਂ ਨੇ ਦਖਲਅੰਦਾਜ਼ੀ ਕਰਕੇ ਹਮਲਾਵਰ ਕਬਾਇਲੀਆਂ ਨੂੰ ਹੀ ਨਹੀਂ ਖਦੇੜਿਆ ਬਲਕਿ ਬਹੁਤ ਵੱਡੇ ਹਿੱਸੇ 'ਤੇ ਮੁੜ ਕਬਜ਼ਾ ਕਰ ਲਿਆ। ਇੱਥੇ ਇਹ ਵੀ ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਮਹਾਰਾਜਾ ਪਾਕਿਸਤਾਨ ਨਾਲ ਵੀ ਸਥਿਤੀ ਨੂੰ ''ਜਿਉਂ ਦੀ ਤਿਉਂ'' ਬਣਾਈ ਰੱਖਣ (Standstill) ਬਾਰੇ ਸਹਿਮਤੀ-ਪੱਤਰ 'ਤੇ ਦਸਖਤ ਕਰ ਚੁਕਿਆ ਸੀ। ਰਿਆਸਤ ਦੇ ਪ੍ਰਮੁੱਖ ਰਾਜਨੀਤਕ ਆਗੂ ਅਤੇ ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ ਦੇ ਆਗੂ ਸ਼ੇਖ ਅਬਦੁੱਲਾ, ਜਿਹੜੇ ਕਿ ਉਸ ਵੇਲੇ ਇਸ ਰਿਆਸਤ ਵਿਚ ਚੰਗਾ ਪ੍ਰਭਾਵ ਰੱਖਦੇ ਸਨ, ਨੇ ਵੀ ਭਾਰਤ ਵਿਚ ਸ਼ਾਮਲ ਹੋਣ ਦੇ ਸਹਿਮਤੀ ਪੱਤਰ ਦੀ ਪੁਸ਼ਟੀ ਕਰ ਦਿੱਤੀ ਸੀ। ਉਨ੍ਹਾਂ ਨੂੰ ਰਿਆਸਤ ਦਾ ਵਜ਼ੀਰ-ਏ-ਆਜ਼ਮ ਬਣਾ ਦਿੱਤਾ ਗਿਆ ਸੀ। ਜੰਮੂ ਕਸ਼ਮੀਰ ਦਾ ਕੁੱਝ ਹਿੱਸਾ ਅਜੇ ਵੀ ਕਬਾਇਲੀਆਂ ਅਤੇ ਪਾਕਿਸਤਾਨ ਦੇ ਕਬਜ਼ੇ ਵਿਚ ਸੀ ਅਤੇ ਰਿਆਸਤ ਦੇ ਲੋਕਾਂ ਦਾ ਇਸ ਬਾਰੇ ਨਿਰਣਾ ਜਾਨਣ ਲਈ ਮਸਲਾ ਸੰਯੁਕਤ ਰਾਸ਼ਟਰ ਸੰਘ ਕੋਲ ਚਲਾ ਗਿਆ ਸੀ। 
ਅਜਿਹੀਆਂ ਵਿਸ਼ੇਸ਼ ਸਥਿਤੀਆਂ ਵਿਚ ਭਾਰਤ ਦੀ ਸੰਵਿਧਾਨ ਸਭਾ ਨੇ ਧਾਰਾ 370 ਨੂੰ ਭਾਰਤ ਦੇ ਸੰਵਿਧਾਨ ਵਿਚ ਜੋੜਿਆ ਸੀ। ਸੰਵਿਧਾਨ ਨੂੰ ਲਿਖਣ ਵਾਲੇ ਮਾਣਯੋਗ ਡਾਕਟਰ ਭੀਮ ਰਾਓ ਅੰਬੇਡਕਰ ਨੇ ਇਸ ਧਾਰਾ ਨੂੰ ਲਿਖਣ ਬਾਰੇ ਆਪਣੀ ਅਸਮਰਥਾ ਜਤਾਈ ਸੀ। ਗੋਪਾਲਾਸਵਾਮੀ ਆਯੰਗਰ ਜਿਹੜੇ ਕਿ ਦੇਸ ਦੇ ਪਹਿਲੇ ਮੰਤਰੀ ਮੰਡਲ ਵਿਚ ਬਿਨਾਂ ਵਿਭਾਗ ਦੇ ਵਜ਼ੀਰ ਸਨ ਅਤੇ ਕਿਸੇ ਵੇਲੇ ਮਹਾਰਾਜਾ ਹਰੀ ਸਿੰਘ ਦੇ ਦੀਵਾਨ ਰਹਿ ਚੁੱਕੇ ਸਨ, ਨੇ ਇਹ ਧਾਰਾ 370 ਲਿਖੀ ਸੀ। ਇਸ ਉਤੇ ਹੋਈ ਬਹਿਸ ਦਾ ਜਵਾਬ ਵੀ ਸੰਵਿਧਾਨ ਸਭਾ ਵਿਚ ਉਨ੍ਹਾਂ ਹੀ ਦਿੱਤਾ ਸੀ। ਪ੍ਰਸਿੱਧ ਲੇਖਕ ਤੇ ਬੁੱਧੀਜੀਵੀ, ਮੌਲਾਨਾ ਹਸਰਤ ਮੋਹਾਨੀ, ਜਿਹੜੇ ਸੰਵਿਧਾਨ ਸਭਾ ਦੇ ਮੈਂਬਰ ਵੀ ਸਨ, ਦੇ 'ਧਾਰਾ 370' ਬਾਰੇ ਚੁੱਕੇ ਗਏ ਇਤਰਾਜ ਦਾ ਜਵਾਬ ਦਿੰਦਿਆਂ ਆਯੰਗਰ ਨੇ ਦਲੀਲ ਦਿੱਤੀ ਸੀ ਕਿ ਬਹੁਤ ਸਾਰੇ ਕਾਰਨਾਂ ਕਰਕੇ ਕਸ਼ਮੀਰ ਬਾਕੀ ਰਿਆਸਤਾਂ ਨਾਲੋਂ ਵੱਖਰਾ ਹੈ, ਅਜੇ ਰਲੇਵੇਂ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੈ। ਭਾਰਤ, ਜੰਮੂ ਕਸ਼ਮੀਰ ਬਾਰੇ ਪਾਕਿਸਤਾਨ ਨਾਲ ਜੰਗ ਲੜ ਚੁੱਕਾ ਹੈ ਅਤੇ ਇਸ ਮੌਕੇ ਜੰਗਬੰਦੀ ਹੈ, ਸਥਿਤੀਆਂ ਅਜੇ ਵੀ ''ਅਸਾਧਾਰਣ ਅਤੇ ਗੜਬੜ ਚੌਥ ਵਾਲੀਆਂ'' ਹਨ। ਰਾਜ ਦੇ ਭੂਭਾਗ ਦਾ ਕੁੱਝ ਹਿੱਸਾ ''ਬਾਗੀਆਂ ਅਤੇ ਦੁਸ਼ਮਣਾਂ'' ਦੇ ਹੱਥ ਵਿਚ ਹੈ। ਸੰਯੁਕਤ ਰਾਸ਼ਟਰ ਦੀ ਦਖਲਅੰਦਾਜ਼ੀ ਨੇ ਇਸ ਟਕਰਾਅ ਨੂੰ ਕੌਮਾਂਤਰੀ ਆਕਾਰ ਪ੍ਰਦਾਨ ਕਰ ਦਿੱਤਾ ਹੈ। ਇਕ ''ਉਲਝਾਅ'' (Entanglement) ਜਿਹੜਾ ਉਸ ਵੇਲੇ ਹੀ ਖਤਮ ਹੋਵੇਗਾ ਜਦੋਂ ''ਕਸ਼ਮੀਰ ਸਮੱਸਿਆ ਤਸੱਲੀਬਖਸ਼ ਢੰਗ ਨਾਲ ਹੱਲ ਹੋ ਜਾਵੇਗੀ।'' ਆਯੰਗਰ ਦੀ ਅੰਤਮ ਦਲੀਲ ਸੀ ''ਜੰਮੂ-ਕਸ਼ਮੀਰ ਦੀ ਸੰਵਿਧਾਨ ਸਭਾ ਰਾਹੀਂ ਪ੍ਰਗਟ ਹੋਈ ਲੋਕਾਂ ਦੀ ਇੱਛਾ ਰਾਜ ਦੇ ਸੰਵਿਧਾਨ ਦੇ ਨਾਲ ਨਾਲ ਰਾਜ ਉਤੇ ਦੇਸ਼ ਦੇ ਸੰਵਿਧਾਨਕ ਅਧਿਕਾਰ ਖੇਤਰ ਦਾ ਨਿਰਨਾ ਕਰੇਗੀ।'' ਅਜਿਹੀਆਂ ਵਿਸ਼ੇਸ਼ ਸਥਿਤੀਆਂ ਵਿਚ ਜੰਮੂ-ਕਸ਼ਮੀਰ ਰਿਆਸਤ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਕੇ 'ਧਾਰਾ 370' ਦੀ ਸਿਰਜਣਾ ਸਾਡੀ ਸੰਵਿਧਾਨ ਸਭਾ ਨੇ ਕੀਤੀ ਸੀ। 
ਧਾਰਾ 370 ਹੈ ਕੀ? 
ਆਪਣੇ ਮੂਲ ਰੂਪ ਵਿਚ ਇਹ ਧਾਰਾ, ਭਾਰਤੀ ਸੰਵਿਧਾਨ ਦੀ 'ਧਾਰਾ 370', ਜੰਮੂ-ਕਸ਼ਮੀਰ ਨੂੰ ਆਪਣਾ ਵੱਖਰਾ ਸੰਵਿਧਾਨ ਰੱਖਣ ਆਪਣੇ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਵਜੋਂ ਜਾਨਣ ਅਤੇ ਆਪਣਾ ਕੌਮੀ ਝੰਡਾ ਰੱਖਣ ਦਾ ਸੰਵਿਧਾਨਕ ਅਧਿਕਾਰ ਦਿੰਦੀ ਹੈ। ਕੁੱਝ ਕੁ ਅਧਿਕਾਰਾਂ ਨੂੰ ਛੱਡਕੇ ਬਾਕੀ ਅਧਿਕਾਰ ਰਾਜ ਦੀ ਵਿਧਾਨ ਸਭਾ ਕੋਲ ਹਨ ਨਾ ਕਿ ਦੇਸ਼ ਦੀ ਸੰਸਦ ਕੋਲ। ਮੋਟੇ ਰੂਪ ਵਿਚ ਵੇਖਿਆ ਜਾਵੇ ਤਾਂ ਜੰਮੂ ਕਸ਼ਮੀਰ ਭਾਰਤ ਦੇ ਅੰਦਰ ਇਕ ਪ੍ਰਭੂਸੱਤਾ ਸੰਪਨ ਰਾਜ ਹੈ। ਭਾਰਤ  ਸਰਕਾਰ ਦਾ ਦਖਲ ਸਿਰਫ ਰੱਖਿਆ, ਵਿਦੇਸ਼ੀ ਮਾਮਲੇ ਅਤੇ ਦੂਰਸੰਚਾਰ ਨਾਲ ਸਬੰਧਤ ਮਾਮਲਿਆਂ ਤੱਕ ਸੀਮਤ ਹੈ। ਇਸ ਧਾਰਾ ਅਨੁਸਾਰ ਜੰਮੂ ਕਸ਼ਮੀਰ ਦੇ ਨਾਗਰਿਕਾਂ ਉਤੇ ਨਾਗਰਿਕਤਾ, ਸੰਪਤੀ ਦੀ ਮਾਲਕੀ ਅਤੇ ਬੁਨਿਆਦੀ ਅਧਿਕਾਰਾਂ ਦੇ ਮਾਮਲੇ ਵਿਚ ਭਾਰਤ ਦੇ ਨਾਗਰਿਕਾਂ ਨਾਲੋਂ ਵੱਖਰੇ ਕਾਨੂੰਨ ਲਾਗੂ ਹੁੰਦੇ ਹਨ। ਉਨ੍ਹਾਂ ਕੋਲ ਭਾਰਤ ਅਤੇ ਜੰਮੂ-ਕਸ਼ਮੀਰ ਦੀ ਦੋਹਰੀ ਨਾਗਰਿਕਤਾ ਹੈ। ਜੰਮੂ-ਕਸ਼ਮੀਰ ਦੀ ਵਿਧਾਨ ਸਭਾ ਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ, ਜਦੋਂਕਿ ਦੇਸ਼ ਦੇ ਬਾਕੀ ਸੂਬਿਆਂ ਦੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ 5 ਸਾਲ ਹੈ। ਇਸ ਤਰ੍ਹਾਂ ਜੰਮੂ ਕਸ਼ਮੀਰ ਦੇ ਨਾਗਰਿਕਾਂ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਹਨ। 
ਇਥੇ ਇਹ ਵੀ ਨੋਟ ਕਰਨਯੋਗ ਹੈ ਕਿ ਮੂਲ ਰੂਪ ਵਿਚ ਸਿਰਜੀ ਗਈ ਧਾਰਾ 370 ਨੂੰ ਬਹੁਤ ਖੋਰਾ ਲੱਗ ਚੁੱਕਾ ਹੈ। ਵੱਖ ਵੱਖ ਸਮੇਂ ਉਤੇ ਕੀਤੀਆਂ ਗਈਆਂ ਵਿਵਸਥਾਵਾਂ ਅਨੁਸਾਰ ਹੁਣ ਭਾਰਤ ਦੇ ਸੰਵਿਧਾਨ ਦੀਆਂ ਕੁਲ 395 ਧਾਰਾਵਾਂ ਵਿਚੋਂ 260 ਜੰਮੂ ਕਸ਼ਮੀਰ 'ਤੇ ਲਾਗੂ ਹੁੰਦੀਆਂ ਹਨ। ਇਸ ਧਾਰਾ ਅਨੁਸਾਰ ਜੰਮੂ ਕਸ਼ਮੀਰ ਦੇ ਨਾਗਰਿਕਾਂ ਨੂੰ ਮਿਲੇ ਸੰਪਤੀ ਦੀ ਮਾਲਕੀ ਵਰਗੇ ਅਧਿਕਾਰ, ਦੇਸ਼ ਦੇ ਹੋਰ ਵੀ ਕਈ ਕਬਾਇਲੀ ਵਸੋਂ ਵਾਲੇ ਖੇਤਰਾਂ ਨੂੰ ਮਿਲੇ ਹੋਏ ਹਨ, ਜਿਵੇਂ ਹਿਮਾਚਲ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਅੰਡੇਮਾਨ ਨਿਕੋਬਾਰ ਅਤੇ ਨਾਗਾਲੈਂਡ। ਇਸ ਧਾਰਾ ਬਾਰੇ ਇਕ ਹੋਰ ਮੁੱਦਾ ਜਿਹੜਾ ਵਾਰ ਵਾਰ ਚੁੱਕਿਆ ਜਾਂਦਾ ਹੈ, ਉਹ ਇਹ ਹੈ ਕਿ ਜੰਮੂ-ਕਸ਼ਮੀਰ ਮੂਲ ਦੀ ਔਰਤ ਜੇਕਰ ਜੰਮੂ ਕਸ਼ਮੀਰ ਤੋਂ ਬਾਹਰ ਸ਼ਾਦੀ ਕਰਵਾ ਲੈਂਦੀ ਹੈ ਤਾਂ ਉਹ ਜੰਮੂ ਕਸ਼ਮੀਰ ਦੀ ਨਾਗਰਿਕਤਾ ਗੁਆਉਣ ਦੇ ਨਾਲ ਨਾਲ ਉਸ ਰਾਜ ਵਿਚਲੇ ਆਪਣੇ ਸਭ ਹੱਕ ਵੀ ਗੁਆ ਲੈਂਦੀ ਹੈ। ਪਰ 2004 ਵਿਚ ਰਾਜ ਦੀ ਹਾਈ ਕੋਰਟ ਨੇ ਸਟੇਟ ਆਫ ਜੇ.ਐਂਡ.ਕੇ. ਬਨਾਮ ਸ਼ੀਲਾ ਸਾਹਨੀ ਕੇਸ ਵਿਚ ਇਸ ਵਿਵਸਥਾ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਸੀ। ਇਸ ਅਦਾਲਤੀ ਫੈਸਲੇ ਨੂੰ ਰੱਦ ਕਰਨ ਲਈ ਸੂਬਾਈ ਵਿਧਾਨ ਸਭਾ ਨੇ ਕਾਨੂੰਨ ਤਾਂ ਪਾਸ ਕੀਤਾ ਸੀ, ਪਰ ਅੱਜ ਤੱਕ ਉਹ ਲਾਗੂ ਨਹੀਂ ਹੋ ਸਕਿਆ ਹੈ। ਇਹ ਧਾਰਾ ਕਈ ਮਾਮਲਿਆਂ ਵਿਚ ਲੋਕਪੱਖੀ ਵੀ ਸਿੱਧ ਹੋਈ ਹੈ। ਦੇਸ਼ ਦੇ ਜਿਸ ਭਾਗ ਵਿਚ ਸਭ ਤੋਂ ਅਸਰਦਾਰ ਢੰਗ ਨਾਲ ਭੂਮੀ ਸੁਧਾਰ ਹੋਏ ਹਨ, ਉਹ ਸੂਬਾ ਜੰਮੂ-ਕਸ਼ਮੀਰ ਹੀ ਹੈ। ਜੰਮੂ-ਕਸ਼ਮੀਰ ਦਾ ਭੂਮੀ ਸੁਧਾਰਾਂ ਬਾਰੇ ਕਾਨੂੰਨ ਬਹੁਤ ਹੀ ਕਾਰਗਰ ਹੈ। ਜਦੋਂਕਿ ਦੇਸ਼ ਦੀ ਸੰਸਦ ਵਲੋਂ ਪਾਸ ਭੂਮੀ ਸੁਧਾਰਾਂ ਬਾਰੇ ਕਾਨੂੰਨ ਬਹੁਤ ਹੀ ਪੇਤਲਾ ਹੈ। ਰਾਜ ਵਿਚ ਇਸ ਸੂਬੇ ਦੇ ਪਹਿਲੇ ਵਜ਼ੀਰ-ਏ-ਆਜ਼ਮ ਸ਼ੇਖ ਅਬਦੁਲਾ ਇਸ ਰਾਜ ਦੇ ਪ੍ਰਭੁਸੱਤਾ ਸੰਪਨ ਹੋਣ ਕਰਕੇ ਹੀ ਇਕ ਅਸਰਦਾਰ ਭੂਮੀ ਸੁਧਾਰ ਬਿਲ ਪਾਸ ਕਰਕੇ ਰਾਜ ਵਿਚੋਂ ਜਗੀਰਦਾਰੀ ਦਾ ਮੁਕੰਮਲ ਰੂਪ ਵਿਚ ਖਾਤਮਾ ਕਰਨ ਵਿਚ ਸਫਲ ਰਹੇ ਸਨ। ਦੇਸ਼ ਨੂੰ ਹਕੀਕੀ ਤੌਰ 'ਤੇ ਫੈਡਰਲ ਢਾਂਚੇ ਵਾਲਾ ਦੇਸ਼ ਬਨਾਉਣ ਲਈ ਵੀ ਦੇਸ਼ ਦੀਆਂ ਕਾਂਗਰਸ ਤੇ ਬੀ.ਜੇ.ਪੀ. ਨੂੰ ਛੱਡਕੇ ਬਾਕੀ ਰਾਜਨੀਤਕ ਪਾਰਟੀਆਂ ਲਗਭਗ ਇਸੇ ਤਰ੍ਹਾਂ ਦੀਆਂ ਲੀਹਾਂ ਵਾਲੇ ਢਾਂਚੇ ਦੀ ਮੰਗ ਕਰਦੀਆਂ ਰਹੀਆਂ ਹਨ। 
ਜਿਥੋਂ ਤੱਕ ਇਸ ਧਾਰਾ 370 ਨੂੰ ਖਤਮ ਕਰਨ ਬਾਰੇ ਹੈ, ਇਸਨੂੰ ਇਸੇ ਧਾਰਾ ਵਿਚ ਵਰਣਤ ਉਪ ਧਾਰਾ 3 ਮੁਤਾਬਕ ਇਕ ਜਨਤਕ ਨੋਟੀਫਿਕੇਸ਼ਨ ਰਾਹੀਂ ਦੇਸ਼ ਦਾ ਰਾਸ਼ਟਰਪਤੀ ਰੱਦ ਕਰ ਸਕਦਾ ਹੈ, ਜੇਕਰ ਜੰਮੂ-ਕਸ਼ਮੀਰ ਦੀ ਸੰਵਿਧਾਨ ਸਭਾ ਦੀ ਇਸਨੂੰ ਰੱਦ ਕਰਨ ਦੀ ਇੱਛਾ ਹੋਵੇ ਅਤੇ ਉਹ ਇਸ ਮੰਤਵ ਲਈ ਸਿਫਾਰਸ਼ ਕਰੇ। ਇਥੇ ਇਹ ਗੱਲ ਵੀ ਨੋਟ ਕਰਨਯੋਗ ਹੈ ਕਿ ਜੰਮੂ-ਕਸ਼ਮੀਰ ਦੀ ਸੰਵਿਧਾਨ ਸਭਾ ਇਸ ਵੇਲੇ ਹੋਂਦ ਵਿਚ ਨਹੀਂ ਹੈ। ਇਸਦੇ ਮੁੜ ਗਠਤ ਕੀਤੇ ਜਾਣ ਵਿਚ ਅੜਿਕਾ ਇਹ ਹੈ ਕਿ ਜੰਮੂ-ਕਸ਼ਮੀਰ ਦਾ ਕਾਫੀ ਹਿੱਸਾ ਪਾਕਿਸਤਾਨ ਤੇ ਚੀਨ ਦੇ ਕਬਜ਼ੇ ਹੇਠ ਹੈ। ਇਸ ਤਰ੍ਹਾਂ ਇਸ ਧਾਰਾ ਨੂੰ ਰੱਦ ਕੀਤਾ ਜਾਣਾ ਲਗਭਗ ਅਸੰਭਵ ਹੈ। ਇਥੇ ਇਹ ਵੀ ਨੋਟ ਕਰਨਯੋਗ ਹੈ ਕਿ ਇਹ ਧਾਰਾ ਜੰਮੂ-ਕਸ਼ਮੀਰ ਦੀਆਂ ਵਿਸ਼ੇਸ਼ ਸਥਿਤੀਆਂ ਨੂੰ ਦੇਖਦੇ ਹੋਏ ਸਿਰਜੀ ਗਈ ਹੈ ਅਤੇ ਇਹ ਪੂਰੀ ਤਰ੍ਹਾਂ ਅਸਥਾਈ ਹੈ। 
ਧਾਰਾ 370 ਨੂੰ ਖਤਮ ਕਰਨ ਬਾਰੇ ਬਹਿਸ ਨੂੰ ਉਘੇ ਕਸ਼ਮੀਰੀ ਬੁੱਧੀਜੀਵੀ ਅਮਿਤਾਭ ਮੱਟੂ, ਜਿਹੜੇ ਕਿ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਚ ਕੌਮਾਂਤਰੀ ਸਬੰਧਾਂ ਬਾਰੇ ਪ੍ਰੋਫੈਸਰ ਹਨ ਅਤੇ ਅਸਟ੍ਰੇਲੀਆ ਇੰਡੀਆ ਇੰਸਟੀਚਯੂਟ ਮੈਲਬੋਰਨ ਦੇ ਡਾਇਰੈਕਟਰ ਹਨ ਵਲੋਂ 'ਦੀ ਹਿੰਦੂ' ਅਖਬਾਰ ਵਿਚ ਇਸ ਬਾਰੇ ਲਿਖੇ ਗਏ ਲੇਖ ਦੀ ਟੂਕ ਨਾਲ ਖਤਮ ਕਰਨਾ ਚਾਹਾਂਗੇ। ''ਕੀ ਧਾਰਾ 370 ਜੰਮੂ-ਕਸ਼ਮੀਰ ਵਿਚ ਵੱਖਵਾਦੀ ਰੁਝਾਨਾਂ ਨੂੰ ਮਜ਼ਬੂਤ ਕਰਦੀ ਹੈ? ਧਾਰਾ 370, ਰਾਜ ਦੇ ਲੋਕਾਂ ਨੂੰ ਸੁਸ਼ਾਸਨ (Governence) ਦੇ ਮਾਮਲੇ ਵਿਚ ਥਾਂ ਪ੍ਰਦਾਨ ਕਰਨ ਲਈ ਸੀ ਅਤੇ ਹੈ, ਜਿਹੜੇ ਕਿ ਡੂੰਘੇ ਰੂਪ ਵਿਚ ਆਪਣੀ ਪਛਾਣ ਬਾਰੇ ਨਿਰਬਲ  ਅਤੇ ਭਵਿੱਖ ਬਾਰੇ ਅਸੁਰੱਖਿਅਤ ਮਹਿਸੂਸ ਕਰਦੇ ਹਨ। ਇਹ ਲੋਕਾਂ ਨੂੰ ਸਸ਼ਕਤ ਬਣਾਉਂਦੀ ਹੈ, ਉਨ੍ਹਾਂ ਵਿਚ ਭਾਵਨਾ ਪੈਦਾ ਕਰਦੀ ਹੈ ਕਿ ਉਹ ਇਸ ਦੇਸ਼ ਦਾ ਹਿੱਸਾ ਹਨ, ਅਤੇ ਉਨ੍ਹਾਂ ਪ੍ਰਤੀ ਜਨਤਕ ਸੰਸਥਾਵਾਂ ਤੇ ਸੇਵਾਵਾਂ ਦੀ ਜੁਆਬਦੇਹੀ ਨੂੰ ਵਧਾਉਂਦੀ ਹੈ। ਧਾਰਾ 370, ਸੱਤਾ ਦੇ ਵਿਕੇਂਦਰੀਕਰਨ ਅਤੇ ਲੋਕਾਂ ਨੂੰ ਇਸਦੀ ਸਪੁਰਦਗੀ ਦੀ ਸਮਾਨਾਰਥੀ ਹੈ, ਇਹ ਸ਼ਬਦ ਭਾਰਤ ਦੀ ਹਰ ਰਾਜਨੀਤਕ ਪਾਰਟੀ ਦੇ ਐਲਾਨਨਾਮੇ (Charter) ਦਾ ਹਿੱਸਾ ਹਨ। ਇਸ ਧਾਰਾ ਵਿਚ, ਜਿਵੇਂ ਰਾਜ ਦੀ ਸਵੈਸ਼ਾਸਨ ਦੀ ਇੱਛਾ ਨੂੰ ਚਿਤਵਿਆ ਗਿਆ ਹੈ ਉਸਦਾ ਜੰਮੂ-ਕਸ਼ਮੀਰ ਦੇ ਕੌਮੀ ਮੁਖਧਾਰਾ ਨਾਲ ਇਕਮਿਕ ਹੋਣ ਨਾਲ ਕੋਈ ਅੰਤਰ ਵਿਰੋਧ ਨਹੀਂ ਹੈ।''
- ਰਵੀ ਕੰਵਰ

वामपंथी पक्षों के समक्ष कुछ फौरी कार्य

16वीं लोक सभा के चुनावों में वामपंथी पार्टियों का प्रदर्शन बहुत ही निराशाजनक रहा है। समूची वामपंथी पार्टियां  लोकसभा की सिर्फ 12 सीटें ही जीत पाई हैं। सी.पी.आई.(एम)-9, सी.पी.आई.-1, वामपंथियों द्वारा समर्थित आजाद-2 तथा वोट प्रतिशत भी कुल 4.4 प्रतिशत रहा है। सी.पी.आई.(एम) 3.2 प्रतिशत, सी.पी.आई. 0.8 प्रतिशत, सी.पी.आई.(एम.एल.) लिबरेशन 0.2 प्रतिशत, फार्वर्ड ब्लाक 0.2 प्रतिशत है। इसके अतिरिक्त अलग अलग प्रांतों में गैर मान्यता प्राप्त भिन्न भिन्न वामपंथी दलों ने भी कुछ वोटें प्राप्त की है। वामपंथ सीटें जीतने के मामले में अभी भी सबसे नीचे है। 
देश की बाहरमुखी स्थितियां क्रांतिकारी व प्रगतिशील शक्तियों के लिए मेहनतकश लोगों में अधिक से अधिक समर्थन जुटाकर विशाल जनआधार कायम करने के लिए बहुत ही उपयुक्त हैं, क्योंकि कांग्रेस व भाजपा द्वारा चलाई गई केंद्रीय व प्रांतीय सरकारों की जनविरोधी व भ्रष्ट नीतियों के कारण गरीबी, बेकारी, भुखमरी, महंगाई, शिक्षा तथा अन्य अनेक तरह की मुश्किलों का दर्द झेल रहे लोग इन दोनों पक्षों से निराश हैं तथा जनपक्षीय विकल्प की तलाश में हैं। सत्ताधारी पक्षों की साम्राज्यवाद के साथ बढ़ रही आर्थिक व राजनीतिक सांठ-गांठ के कारण देश नवउदारवादी जंजीरों में जकड़ता जा रहा है। देश के हर क्षेत्र में विदेशी पूंजी निवेश को मंजूरी दी जा रही है, परिणामस्वरूप भारतीय बाजार का साम्राज्यवादी हाथों में चले जाना भी संभव ही नहीं बन गया, बल्कि भारत के प्राकृतिक व मानवीय संसाधनों की अंधाधुंध लूट के लिए रास्ता साफ हो गया है। भारतीय कार्पोरेट घराने लोगों की गाढ़े पसीने की कमाई को बेरहमी से लूट कर अपना नाम दुनिया के उच्चतम अमीरों की कतारों में दर्ज करवा रहे हैं तथा देश का श्रमिक विश्व के सबसे अधिक शोषित लोगों की कतार में खड़ा दिखाई दे रहा है। 
यह दो चित्र आजादी के बाद के सालों में सत्ताधारियों द्वारा अपनाई गई आर्थिक नीतियों के परिणामस्वरूप उभरे हैं। सांप्रदायिक शक्तियों ने देश की सत्ता पर कब्जा करके भारत की समूची राजनीति व अर्थव्यवस्था को दक्षिणपंथी मोड़ देने का एलान कर दिया है। ऐसी परिस्थितियों में वामपंथी पार्टियां ही हैं जो देश के गरीबी व कंगाली से जूझ रहे आवाम को संगठित करके संघर्षों के रास्ते पर डाल सकती हैं तथा साम्राज्यवाद, कार्पोरेट जगत व जागीरदारी की रखैल बनी मौजूदा केंद्रीय व राज्य सरकारों के विरुद्ध एक वैकल्पिक लोक पक्षीय बदल खड़ा करने की सामथ्र्य रखती हैं। परंतु ऐसा नहीं हो रहा, जिसमें अंतरराष्ट्रीय स्तर पर समाजवाद को लगे धक्कों तथा पूंजीवादी ढांचे के तीव्र आर्थिक विकास द्वारा लोगों के एक भाग को मिली सुख सुविधाओं जैसे कारक  शामिल होने के साथ साथ मूल कारण भारत के वामपंथी आंदोलन में मौजूद अंतरमुखी कारण हैं। माक्र्सवाद-लेनिनवाद के अनुयायी होने का दावा करने वाली कई वामपंथी र्पािर्टयां सत्ताधारी शोषक वर्गों व इसकी संरक्षक केंद्रीय व राज्य सरकारों के विरुद्ध स्पष्ट विरोधी व समझौता रहित स्टैंड ही नहीं ले रहीं। उनके विरुद्ध निरंतर जनसंघर्ष चलाना तो बाद की बात है। किसी न किसी बहाने इन वामपंथी दलों ने पूंजीपति-जागीरदार वर्गों के एक गुट के विरुद्ध, दूसरे के साथ सांठगांठ करने का स्वभाव ही बना लिया है।  जब निर्णय वर्गीय न होकर अवसरवादी चुनावी राजनीति से प्रभावित व व्यक्तियों पर केंद्रित हो तब सिद्धांतों की बलि देने का  यही परिणाम होता है। वर्षों निरंतर जनविरोधी सरकारों के विरुद्ध किये गए संघर्ष व ब्यानबाजी लोकसभा व विधानसभा चुनावों की देहरी पर आते ही शांत हो जाते हैं। शत्रुओं से सहयोग करते समय शायद पार्टी के उच्च नेता व कमेटियां लोगों में वामपंथी आंदोलन के प्रति पैदा हो रहे अविश्वास को महसूस न करें, परंतु जनसाधारण इस गैर-सैद्धांतिक राजनीति से नाराज होकर इन पार्टियों से किनाराकशी जरूर कर रहे हैं। ऐसे में ईमानदार कार्यकर्ता भी निराश होने से नहीं बच सकते। पिछले इतिहास में अपनाए गए ऐसे अवसरवादी संसदीय भटकावों व वर्गीय सहयोग आधारित राजनीतिक लाइन पर कम्युनिस्ट पार्टियों ने अपनी बैठकों व पार्टी सम्मेलनों में विचार विमर्श तो किया है तथा इसे दरुस्त करने का ऐलान भी किया है। परंतु हर बार चुनावों के समय पुन: वही कुछ किया जाता है, जिससे छुटकारा पाने का प्रण पहले किया गया होता है। 
अवसरवादी राजनीति, पार्टी संगठन, पार्टी नेताओं व कार्यकत्ताओं को भी गैर-कम्युनिस्ट व्यवहारों व रूचियों में लपेट लेती है। गुटबाजी, लिहाजदारी, भ्रष्टाचार, अनैतिक चरित्र, सत्ताधारी शक्तियों से मेल मिलाप द्वारा स्वार्थी हितों को बढ़ावा देने का खतरनाक रुझान आदि ऐसी प्रवृतियां हैं, जो माक्र्सवाद-लेनिनवाद की बुनियादी शिक्षाओं से भटक कर अवसरवादी राजनीति के रास्ते चल रही किसी भी वामपंथी पार्टी को अवश्य ही  अपनी लपेट में ले लेती हैं। 
भिन्न-भिन्न वामपंथी र्पािर्टयों द्वारा शत्रु वर्गों व मित्र पक्षोंं की निशानदेही समान न होना भी वामपंथी ऐकता के रास्ते में बड़ी रूकावट है। यदि एक ही कम्युनिस्ट पार्टी में राजनीतिक, सैद्धांतिक व संगठनात्मक एकजुटता नहीं है तब भी वह पार्टी क्रांतिकारी जिम्मेवारियों निभाने के योग्य नहीं हो सकती। इसीलिए यदि यह प्रवृति भिन्न-भिन्न कम्युनिस्ट व वामपंथी पक्षों में मौजूद है तो सद् इच्छाओं के होते हुए भी वाम एकता एक मृगतृष्णा ही बनी रहेगी। कौन सी पार्टी राजनीतिक व सैद्धांतिक भटकाव का ज्यादा मात्रा में शिकार है, अभी यह भी तय नहीं किया जा सकता। हर वामपंथी पार्टी अपने आप को सही बताकर दूसरे की गलतियों पर ऊंगली रखेगी। इस मामले में इक_े बैठकर अभी तक कोई संयुक्त राय विकसित नहीं हुई है। इसलिए यदि वामपंथी पार्टियों ने देश व प्रांत में राजनीतिक रूप पर एक मजबूत व वैकल्पिक शक्ति के रूप में उभरना है, तो समस्त छोटी व बड़ी वामपंथी पार्टियों को बिना देरी किए मिल बैठकर आपसी विचार विमर्श शुरू करना चाहिए। भिन्न भिन्न कम्युनिस्ट पक्षों द्वारा अतीत में अपनाई गई राजनीतिक लाईनों को एक दूसरे को समझने के नजरिये से बहस के केंद्र में लाने की जरूरत है। अहंकार, बड़े होने का संदेह तथा सैद्धांतिक इजारेदारी के मालिक होने का भ्रम किसी भी वामपंथी पार्टी के लिए घातक होगा तथा उसको अपनी कमजोरियों पर काबू पाने के योग्य नहीं बना सकेगा। समस्त वामपंथी पक्ष आपसी विचार विमर्श द्वारा मौजूदा सत्ताधारियों के प्रति अपनाए जाने वाले स्टैंड को तय कर सकते हैं  तथा लोगों से संबंधित संयुक्त मुद्दों को चिन्हित करके संयुक्त जनसंघर्षों की रूप रेखा तैयार कर सकते हैं। निरंतर संयुक्त संघर्षों द्वारा वाम आंदोलन का प्रसार भी होगा तथा सत्ताधारी वर्गों के विरुद्ध एक संयुक्त प्रभावशाली आंदोलन खड़ा करके जनपक्षीय विकल्प की नींव भी रखी जा सकेगी। वामपंथी पार्टियों को मौजूदा पूंजीपति-जागीरदार वर्गों के शासन के विरुद्ध लोगों के समक्ष आर्थिक, सामाजिक, राजनीतिक, सांस्कृतिक अर्थात हर क्षेत्र में एक वैकल्पिक माडल पेश करना होगा। 
- मंगत राम पासला

ਸਾਮਰਾਜ ਦੀਆਂ ਆਦਮਖੋਰ ਚਾਲਾਂ ਦਾ ਸਿੱਟਾ ਹੈ ਇਰਾਕ 'ਚ ਆਈ.ਐਸ.ਆਈ.ਐਸ. ਦਾ ਉਭਾਰ

ਕੌਮਾਂਤਰੀ ਪਿੜ

- ਰਵੀ ਕੰਵਰ
ਮੱਧ ਪੂਰਬ ਏਸ਼ੀਆਈ ਦੇਸ਼ ਇਰਾਕ ਦੇ ਦੂਜੇ ਵੱਡੇ ਸ਼ਹਿਰ ਮੋਸੂਲ ਉਤੇ ਸੁੰਨੀ ਮੁਸਲਮ ਬੁਨਿਆਦਪ੍ਰਸਤ ਜਿਹਾਦੀ ਸੰਗਠਨ 'ਇਸਲਾਮਕ ਸਟੇਟ ਆਫ ਇਰਾਕ ਐਂਡ ਸੀਰੀਆ' (ਆਈ.ਐਸ.ਆਈ.ਐਸ.) ਨੇ ਕਬਜ਼ਾ ਕਰਕੇ ਦੇਸ਼ ਵਿਚ ਚਲ ਰਹੇ ਗ੍ਰਹਿਯੁੱਧ ਨੂੰ ਨਵਾਂ ਆਯਾਮ ਪ੍ਰਦਾਨ ਕਰ ਦਿੱਤਾ ਹੈ। ਇਸ ਤਰ੍ਹਾਂ ਇਸ ਟਕਰਾਅ ਨੇ ਹੁਣ ਮੁਸਲਮ ਧਰਮ ਵਿਚਲੇ ਹੀ ਦੋ ਫਿਰਕਿਆਂ ਸੁੰਨੀ ਅਤੇ ਸ਼ੀਆ ਦਰਮਿਆਨ ਹਿੰਸਾ ਨੂੰ ਤਿੱਖਾ ਕਰਦੇ ਹੋਏ ਇਰਾਕ ਦੇ ਵੰਡੇ ਜਾਣ ਦੀਆਂ ਸੰਭਾਵਨਾਵਾਂ ਨੂੰ ਬਲ ਪ੍ਰਦਾਨ ਕੀਤਾ ਹੈ। 
ਸੁੰਨੀ ਅਤੇ ਸ਼ੀਆ ਦੋਵੇਂ ਹੀ ਇਸਲਾਮ ਧਰਮ ਨੂੰ ਮੰਨਣ ਵਾਲੇ ਦੋ ਫਿਰਕੇ ਹਨ। ਇਨ੍ਹਾਂ ਫਿਰਕਿਆਂ ਦਰਮਿਆਨ ਵੱਖਰੇਵੇਂ ਨੂੰ ਵੀ ਜਾਨਣਾ ਚਾਹੀਦਾ ਹੈ। ਇਸਲਾਮ ਧਰਮ ਬਾਰੇ ''ਆਸਕ ਇਸਲਾਮ ਡਾਟ ਕਾਮ'' ਵੈਬਸਾਇਟ ਮੁਤਾਬਕ ਸੁੰਨੀ ਅਤੇ ਸ਼ੀਆ ਫਿਰਕਿਆਂ  ਦਰਮਿਆਨ ਵੱਖਰੇਵਾਂ ਅਗਵਾਈ ਨੂੰ ਲੈ ਕੇ ਹੈ। ਜਿਸਦੀਆਂ ਜੜ੍ਹਾਂ ਇਸ ਧਰਮ ਦੇ ਬਾਨੀ ਪੈਗੰਬਰ ਮੁਹੰਮਦ ਸਾਹਿਬ ਦੇ ਦਿਹਾਂਤ ਦੇ ਕਾਲ ਤੱਕ ਪੁੱਜਦੀਆਂ ਹਨ। ਪੈਗੰਬਰ ਸਾਹਿਬ ਦੇ ਦਿਹਾਂਤ ਤੋਂ ਬਾਅਦ ਪੈਰੋਕਾਰਾਂ ਦੇ ਵੱਡੇ ਹਿੱਸੇ ਅਤੇ ਉਨ੍ਹਾਂ ਦੇ ਬਹੁਤੇ ਸਾਥੀਆਂ ਦਾ ਵਿਚਾਰ ਸੀ ਕਿ ਇਸਲਾਮ ਦੀ ਅਗਵਾਈ ਉਨ੍ਹਾਂ ਦੇ ਸਭ ਤੋਂ ਵਧੇਰੇ ਕਾਬਲ ਸਹਿਯੋਗੀ ਕੋਲ ਹੋਣੀ ਚਾਹੀਦੀ ਹੈ। ਇਸ ਅਨੁਸਾਰ ਉਨ੍ਹਾਂ ਦੇ ਨੇੜਲੇ ਸਾਥੀ ਤੇ ਸਲਾਹਕਾਰ ਅਬੂ ਬਕਰ ਨੂੰ ਇਸਲਾਮ ਰਾਸ਼ਟਰ ਦਾ ਆਗੂ ਬਣਾਇਆ ਗਿਆ। ਇਸ ਧਾਰਾ ਨੂੰ ਮੰਨਣ ਵਾਲੇ ਸੁੰਨੀ ਮੁਸਲਮਾਨ ਹਨ। ਜਦੋਂਕਿ ਸ਼ੀਆ ਫਿਰਕੇ ਨੂੰ ਮੰਨਣ ਵਾਲਿਆਂ ਦਾ ਵਿਸ਼ਵਾਸ ਸੀ ਕਿ ਪੈਗੰਬਰ ਮੁਹੰਮਦ ਸਾਹਿਬ ਦੇ ਦਿਹਾਂਤ ਤੋਂ ਬਾਅਦ ਆਗੂ ਉਨ੍ਹਾਂ ਦੇ ਪਰਿਵਾਰ ਵਿਚੋਂ ਜਾਂ ਉਨ੍ਹਾਂ ਵਲੋਂ ਨਿਯੁਕਤ ਇਮਾਮਾਂ ਵਿਚੋਂ ਹੋਣਾ ਚਾਹੀਦਾ ਹੈ। ਅਤੇ ਇਸ ਅਨੁਸਾਰ ਪੈਗੰਬਰ ਸਾਹਿਬ ਦੇ ਜਵਾਈ ਅਲੀ ਬਿਨ ਅਬੂ ਤਾਲਿਬ ਨੂੰ ਆਗੂ ਬਣਾਇਆ ਗਿਆ ਸੀ। ਇਸ ਵੱਖਰੇਵੇਂ ਦੇ ਆਧਾਰ ਉਤੇ ਮੁਸਲਮ ਧਰਮ ਵਿਚ ਸੁੰਨੀ ਅਤੇ ਸ਼ੀਆ ਫਿਰਕੇ ਅੱਜ ਤੱਕ ਚਲ ਰਹੇ ਹਨ। ਦੁਨੀਆਂ ਭਰਦੇ 1 ਅਰਬ 60 ਲੱਖ ਦੇ ਲਗਭਗ ਇਸਲਾਮ ਦੇ ਪੈਰੋਕਾਰਾਂ ਵਿਚੋਂ 85-90% ਸੁੰਨੀ ਹਨ, ਸ਼ੀਆ ਸਿਫਰ 10-15% ਹੀ ਹਨ। 
ਆਈ.ਐਸ.ਆਈ.ਐਸ. ਸੁੰਨੀ ਬੁਨਿਆਦਪ੍ਰਸਤ ਜਿਹਾਦੀ ਸੰਗਠਨ, ਜਿਸਦੀ ਅਗਵਾਈ ਅਬੂ ਬਕਰ ਅਲ ਬਗਦਾਦੀ ਕਰਦਾ ਹੈ, 2006 ਵਿਚ ਹੋਂਦ ਵਿਚ ਆਇਆ ਸੀ। ਇਹ ਮੁਸਲਮ ਜਿਹਾਦੀ ਸੰਗਠਨ ਅਲ ਕਾਇਦਾ ਤੋਂ ਹੀ ਪੈਦਾ ਹੋਇਆ ਇਕ ਜਿਹਾਦੀ ਸੰਗਠਨ ਹੈ। ਇਸ ਵੇਲੇ ਸੀਰੀਆ ਦੇ ਮੈਡੀਟੇਰੀਅਨ ਸਾਗਰ ਤੱਟ ਤੋਂ ਸ਼ੁਰੂ ਕਰਕੇ ਇਰਾਕ ਦੀ ਰਾਜਧਾਨੀ ਬਗਦਾਦ ਦੇ ਦੱਖਣੀ ਹਿੱਸੇ ਤੱਕ ਫੈਲਿਆ ਸੈਂਕੜਿਆਂ ਮੁਰੱਬਾ ਮੀਲ ਦਾ ਖੇਤਰ ਇਸਦੇ ਕਬਜ਼ੇ ਅਧੀਨ ਹੈ। ਸੀਰੀਆ ਦੀ ਬਸ਼ਰ-ਅਲ-ਅਸਦ ਸਰਕਾਰ ਵਿਰੁੱਧ ਚਲ ਰਹੇ ਗ੍ਰਹਿ ਯੁੱਧ ਵਿਚ ਹਿੱਸਾ ਲੈਂਦਿਆਂ ਇਸਨੇ ਇਕ ਹੋਰ ਸੁੰਨੀ ਅੱਤਵਾਦੀ ਸੰਗਠਨ ਅਲ-ਨੁਸਰਾ, ਜਿਸਨੂੰ ਸਾਉਦੀ ਅਰਬ ਦੀ ਸਰਪ੍ਰਸਤੀ ਹਾਸਲ ਸੀ ਨਾਲ ਟੱਕਰ ਲੈਂਦੇ ਹੋਏ ਸੀਰੀਆ ਦੇ ਇਰਾਕ ਨਾਲ ਲੱਗਦੇ ਸੁੰਨੀ ਬਹੁਲ ਖੇਤਰਾਂ ਉਤੇ ਕਬਜ਼ਾ ਕੀਤਾ। ਜਿਸ ਲਈ ਇਸਨੂੰ ਅਲ ਕਾਇਦਾ ਵਲੋਂ ਆਪਣੀਆਂ ਸਫਾਂ ਵਿਚੋਂ ਛੇਕ ਦਿੱਤਾ ਗਿਆ। ਇਰਾਕ ਦੀ ਨੂਰੀ ਅਲ-ਮਾਲੀਕੀ ਸਰਕਾਰ ਵਿਰੁੱਧ ਸੁੰਨੀ ਮੁਸਲਮਾਨ ਅਬਾਦੀ ਵਿਚ ਪਸਰੀ ਬੇਚੈਨੀ ਤੇ ਨਫਰਤ ਦਾ ਲਾਹਾ ਲੈਂਦੇ ਹੋਏ ਜਨਵਰੀ ਵਿਚ ਹੀ ਇਸਨੇ ਫਾਲੂਜਾ ਅਤੇ ਰਾਮਾਦੀ ਉਤੇ ਕਬਜ਼ਾ ਕਰ ਲਿਆ ਸੀ। ਸੁੰਨੀ ਆਬਾਦੀ ਵਿਚ ਨੂਰੀ ਅਲ-ਮਾਲੀਕੀ ਸਰਕਾਰ ਵਿਰੁੱਧ ਐਨੀ ਜ਼ਿਆਦਾ ਨਫਰਤ ਹੈ ਕਿ ਇਰਾਕ ਦੇ ਦੂਜੇ ਵੱਡੇ ਸ਼ਹਿਰ ਅਤੇ ਪ੍ਰਾਂਤ ਨਿਨਵੇਹਾ ਦੀ ਰਾਜਧਾਨੀ ਮੋਸੂਲ, ਜਿਸਦੀ ਆਬਾਦੀ 20 ਲੱਖ ਦੇ ਕਰੀਬ ਹੈ, ਉਤੇ ਕਬਜ਼ਾ ਕਰਨ ਲਈ ਆਈ.ਐਸ.ਆਈ.ਐਸ. ਨੇ ਆਪਣੇ ਸਿਰਫ ਆਪਣੇ 1200 ਲੜਾਕੇ ਹੀ ਭੇਜੇ ਸਨ। ਅਤੇ ਐਨੀ ਛੋਟੀ ਜਿਹੀ ਗਿਣਤੀ ਵਿਰੁੱਧ 30,000 ਦੀ ਗਿਣਤੀ ਵਾਲੀ ਇਰਾਕੀ ਫੌਜ ਨੇ ਕੋਈ ਖਾਸ ਪ੍ਰਤੀਰੋਧ ਨਹੀਂ ਕੀਤਾ। ਬਲਕਿ ਉਹ ਆਪਣੇ ਪਿੱਛੇ ਫੌਜੀ ਅਸਲੇ ਅਤੇ ਸਾਜੋ ਸਮਾਨ ਦਾ ਵੱਡਾ ਭੰਡਾਰ ਛੱਡਕੇ ਭੱਜ ਗਈ, ਜਿਸ ਵਿਚ ਗੋਲੇ ਬਾਰੂਦ ਤੋਂ ਲੈ ਕੇ ਮਸ਼ੀਨਗੰਨਾਂ ਤੇ ਹੈਲੀਕਾਪਟਰ ਤੱਕ ਸ਼ਾਮਲ ਸਨ। ਇਸ ਭੰਡਾਰ ਉਤੇ ਕਬਜ਼ਾ ਕਰਨ ਤੋਂ ਬਾਅਦ ਅੱਤਵਾਦੀਆਂ ਨੇ ਸ਼ਹਿਰ ਉਤੇ ਆਪਣਾ ਕੰਟਰੋਲ ਕਾਇਮ ਕਰ ਲਿਆ ਅਤੇ ਸ਼ਹਿਰ ਦੇ ਬੈਂਕਾਂ ਅਤੇ ਸਰਕਾਰੀ ਖਜ਼ਾਨੇ 'ਚੋਂ ਲਗਭਗ 4000 ਲੱਖ ਡਾਲਰ ਤੋਂ ਵੱਧ ਦੀ ਨਕਦੀ ਅਤੇ ਹੋਰ ਕੀਮਤੀ ਵਸਤਾਂ ਆਪਣੇ ਕਬਜ਼ੇ ਵਿਚ ਲੈ ਲਈਆਂ। ਸ਼ਹਿਰ ਦੇ ਵਸਨੀਕਾਂ ਵਲੋਂ ਇਸ ਕਬਜ਼ੇ ਵਿਰੁੱਧ ਕੋਈ ਵੀ ਵਿਰੋਧ ਜਾਂ ਨਰਾਜਗੀ ਪ੍ਰਗਟ ਨਹੀਂ ਕੀਤੀ ਗਈ। ਬਲਕਿ ਸ਼ਹਿਰ ਦੀ ਬਹੁਤੀ ਆਬਾਦੀ ਇਰਾਕ ਦੀ ਸਰਕਾਰੀ ਫੌਜ ਦੇ ਭੱਜਣ ਤੋਂ ਖੁਸ਼ ਸੀ। ਉਹ ਉਸਨੂੰ ਇਕ ਕਾਬਜ਼ ਸ਼ੀਆ ਫੌਜ ਦੇ ਰੂਪ ਵਿਚ ਦੇਖਦੇ ਸਨ। ਮੋਸੂਲ ਦੇ ਇਕ ਵਸਨੀਕ ਅਲੀ ਆਜ਼ਿਜ਼ ਵਲੋਂ 'ਗਾਰਜੀਅਨ' ਅਖਬਾਰ ਨੂੰ ਦਿੱਤਾ ਗਿਆ ਪ੍ਰਤੀਕਰਮ ਇਸਨੂੰ ਬਖੂਬੀ ਪੇਸ਼ ਕਰਦਾ ਹੈ : ''ਮੈਂ ਆਪਣੇ ਆਪ ਨੂੰ ਇਕ ਡਰਾਉਣੇ ਸੁਪਨੇ ਤੋਂ ਆਜ਼ਾਦ ਮਹਿਸੂਸ ਕਰ ਰਿਹਾ ਹਾਂ, ਜਿਹੜਾ ਕਿ ਪਿਛਲੇ 11 ਸਾਲਾਂ ਤੋਂ ਸਾਡਾ ਸਾਹ ਘੁੱਟ ਰਿਹਾ ਸੀ। ਫੌਜ ਅਤੇ ਪੁਲਸ ਲੋਕਾਂ ਨੂੰ ਲਗਾਤਾਰ ਗ੍ਰਿਫਤਾਰ ਕਰ ਰਹੀ ਸੀ, ਜੇਲ੍ਹਾਂ ਵਿਚ ਸੁੱਟ ਰਹੀ ਸੀ ਅਤੇ ਮਾਰ ਰਹੀ ਸੀ। ਗ੍ਰਿਫਤਾਰ ਕੀਤੇ ਲੋਕਾਂ ਨੂੰ ਛੱਡਣ ਲਈ ਉਨ੍ਹਾਂ ਦੇ ਪਰਿਵਾਰਾਂ ਤੋਂ ਰਿਸ਼ਵਤ ਲਈ ਜਾਂਦੀ ਸੀ। ਮੈਂ ਅਤੇ ਮੇਰੇ ਗੁਆਂਢੀ ਇਹ ਖ਼ਬਰ ਸੁਣਨ ਲਈ ਬੇਤਾਬ ਸੀ ਕਿ ਦੇਸ਼ ਦੇ ਹੋਰ ਛੇ ਸੁੰਨੀ ਪ੍ਰਾਂਤ ਆਈ.ਐਸ.ਆਈ.ਐਸ. ਦੇ ਕਬਜ਼ੇ ਹੇਠ ਕਦੋਂ ਆਉਂਦੇ ਹਨ, ਜਿਸ ਨਾਲ ਸਾਡੇ ਸੁੰਨੀ ਕਬਜ਼ੇ ਵਾਲੇ ਰਾਜ ਦਾ ਐਲਾਨ ਹੋ ਸਕੇ, ਜਿਵੇਂ ਕਿ ਤਿੰਨ ਸੂਬਿਆਂ 'ਤੇ ਕਬਜ਼ਾ ਕਰਨ ਤੋਂ ਬਾਅਦ ਕੁਰਦਸਤਾਨ ਬਾਰੇ ਐਲਾਨ ਕੀਤਾ ਗਿਆ ਹੈ।''
ਮੋਸੂਲ ਵਿਚ ਜੰਗ ਦੇ ਛਿੜਨ ਦੇ ਡਰ ਤੋਂ 5 ਲੱਖ ਲੋਕ ਜ਼ਰੂਰ ਸ਼ਹਿਰ ਛੱਡਕੇ ਕੁਰਦ ਕਬਜ਼ੇ ਵਾਲੇ ਉਤਰੀ ਖੇਤਰ ਵਿਚ ਪਨਾਹ ਦੀ ਭਾਲ ਵਿਚ ਚਲੇ ਗਏ ਹਨ। ਮੋਸੂਲ 'ਤੇ ਕਬਜ਼ਾ ਕਰਨ ਤੋਂ ਫੌਰੀ ਬਾਅਦ ਸੱਦਾਮ ਹੁਸੈਨ ਦੇ ਗ੍ਰਹਿ ਨਗਰ ਤਿਕਰਿਤ ਅਤੇ ਕੁੱਝ ਹੋਰ ਸ਼ਹਿਰਾਂ 'ਤੇ ਵੀ ਆਈ.ਐਸ.ਆਈ.ਐਸ. ਨੇ ਕਬਜ਼ਾ ਕਰ ਲਿਆ ਹੈ। ਅਤੇ ਬੈਜੀ ਵਿਖੇ ਸਥਿਤ ਇਰਾਕ ਦੀ ਸਭ ਤੋਂ ਵੱਡੀ ਤੇਲ ਰਿਫਾਇਨਰੀ ਉਤੇ ਕਬਜ਼ੇ ਲਈ ਸਰਕਾਰੀ ਫੌਜਾਂ ਅਤੇ ਜਿਹਾਦੀਆਂ ਦਰਮਿਆਨ ਲੜਾਈ ਜਾਰੀ ਹੈ। ਇਸ ਤੋਂ ਸਪੱਸ਼ਟ ਜਾਹਿਰ ਹੁੰਦਾ ਹੈ ਕਿ ਅਮਰੀਕੀ ਸਾਮਰਾਜ ਦੀ ਸਰਗਰਮ ਹਮਾਇਤ ਨਾਲ ਬਣੀ ਨੂਰ ਅਲ ਮਾਲਿਕੀ ਸਰਕਾਰ ਦੇਸ਼ ਦੇ ਸੁੰਨੀ ਬਹੁਲਤਾ ਵਾਲੇ ਵੱਡੇ ਹਿੱਸੇ ਵਿਚ ਪੂਰੀ ਤਰ੍ਹਾਂ ਨਿੱਖੜ ਚੁੱਕੀ ਹੈ। ਇਰਾਕ ਦੇ ਮੁੜ ਇਕ ਵਾਰ ਭੀਸ਼ਣ ਲੋਕ ਮਾਰੂ ਗ੍ਰਹਿ ਯੁੱਧ ਵਿਚ ਧੱਕੇ ਜਾਣ ਅਤੇ ਇਸਦੇ ਸੌੜੀਆਂ ਧਾਰਮਿਕ ਲੀਹਾਂ 'ਤੇ ਸੁੰਨੀ, ਸ਼ੀਆ ਤੇ ਕੁਰਦ ਫਿਰਕਿਆਂ ਦੇ ਆਧਾਰ ਉਤੇ ਵੰਡੇ ਜਾਣਾ ਲਗਭਗ ਤੈਅ ਹੈ। 
ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ (ਆਈ.ਐਸ.ਆਈ.ਐਸ.) ਜਿਹਾਦੀ ਗਰੁੱਪ, ਸੀਰੀਆ, ਇਰਾਕ ਤੇ ਹੋਰ ਗੁਆਂਢੀ ਦੇਸ਼ਾਂ ਦੇ ਸੁੰਨੀ ਬਹੁਲਤਾ ਵਾਲੇ ਇਲਾਕਿਆਂ ਨੂੰ ਇਕਜੁੱਟ ਕਰਕੇ ਇਕ ਸੁੰਨੀ ਮੁਸਲਮ ਰਾਜ ਸਥਾਪਤ ਕਰਨਾ ਚਾਹੁੰਦਾ ਹੈ, ਜਿਥੇ ਸ਼ਰੀਅਤ ਅਧਾਰਤ ਕਾਨੂੰਨ ਲਾਗੂ ਹੋਵੇ। ਇਸ ਰਾਜ ਅਧੀਨ ਪਿਛਾਖੜੀ ਕਦਰਾਂ-ਕੀਮਤਾਂ ਦੇ ਲਾਗੂ ਹੋਣ ਨਾਲ ਇਰਾਕ ਦੇ ਵਸਨੀਕਾਂ ਦਾ ਜੀਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ ਤੇ ਇਸ ਸੰਗਠਨ ਦੀ ਬੁਨਿਆਦਪ੍ਰਸਤ ਕੱਟੜਤਾ ਦਾ ਅੰਦਾਜ਼ਾ ਇਸ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਇਸਦੇ ਬੁਲਾਰੇ ਨੇ ਐਲਾਨ ਕੀਤਾ ਹੈ ਕਿ ਉਹ ਬਗਦਾਦ ਉਤੇ ਹੀ ਕਬਜ਼ਾ ਨਹੀਂ ਕਰਨਗੇ ਬਲਕਿ ਸ਼ੀਆ ਪਵਿੱਤਰ ਸ਼ਹਿਰਾਂ ਕਰਬਲਾ ਤੇ ਨਜ਼ਫ ਉਤੇ ਵੀ ਹਮਲਾ ਕਰਨਗੇ ਅਤੇ ਉਨ੍ਹਾਂ ਦੇ ਰਾਹ ਵਿਚ ਰੁਕਾਵਟ ਬਣਨ ਵਾਲੇ ਹਰ ਸ਼ੀਆ ਨੂੰ ਖਤਮ ਕਰ ਦਿੱਤਾ ਜਾਵੇਗਾ। 
ਪਿਛਲੀ ਸਦੀ ਦੇ ਅੱਸੀਵਿਆਂ ਵਿਚ ਅਫਗਾਨਿਸਤਾਨ ਵਿਚ ਬਣੀ ਲੋਕ ਪੱਖੀ ਸਰਕਾਰ ਨੂੰ ਗੱਦੀਓਂ ਲਾਹੁਣ ਲਈ ਇਸਲਾਮਕ ਬੁਨਿਆਦਪ੍ਰਸਤ ਸ਼ਕਤੀਆਂ ਨੂੰ ਉਸਾਮਾ ਬਿਨ ਲਾਦੇਨ ਦੀ ਅਗਵਾਈ ਵਿਚ ਲਾਮਬੰਦ ਕਰਕੇ, ਉਨ੍ਹਾਂ ਦੀ ਹਰ ਤਰ੍ਹਾਂ ਦੀ ਹਿਮਾਇਤ ਦੇਣ ਤੋਂ ਸ਼ੁਰੂ ਕਰਕੇ ਅਮਰੀਕੀ ਸਾਮਰਾਜ ਦੀ ਅਗਵਾਈ ਵਿਚ ਨਾਟੋ ਸ਼ਕਤੀਆਂ ਨੇ ਏਸ਼ੀਆ ਅਤੇ ਮੱਧ ਏਸ਼ੀਆ ਵਿਚ ਕਹਿਰ ਵਰਤਾਇਆ ਹੈ। 2003 ਵਿਚ ਅਮਰੀਕਾ ਦੀ ਅਗਵਾਈ ਵਿਚ ਨਾਟੋ ਫੌਜਾਂ ਵਲੋਂ ਇਰਾਕ ਕੋਲ ਸਮੂਹਕ ਤਬਾਹੀ ਦੇ ਹਥਿਆਰਾਂ ਦੇ ਖਾਤਮੇ ਦੇ ਨਾਂਅ ਹੇਠ ਇਸ ਉਤੇ ਕੀਤੇ ਗਏ ਹਮਲੇ ਅਤੇ ਕਬਜ਼ੇ ਨੇ ਸਮੁੱਚੇ ਮੱਧ ਏਸ਼ੀਆ ਵਿਚ ਅਸਥਿਰਤਾ ਪੈਦਾ ਕਰ ਦਿੱਤੀ ਹੈ। ਇਹ ਹੁਣ ਇਕ ਪ੍ਰਵਾਨਤ ਤੱਥ ਹੈ ਕਿ ਇਰਾਕ ਕੋਲ ਅਜਿਹੇ ਹਥਿਆਰ ਨਹੀਂ ਸਨ ਬਲਕਿ ਇਸ ਹਮਲੇ ਅਤੇ ਕਬਜ਼ੇ ਦਾ ਮੁੱਖ ਮਕਸਦ ਇਸ ਦੇਸ਼ ਦੇ ਤੇਲ ਜਖੀਰਿਆਂ 'ਤੇ ਕਬਜ਼ਾ ਕਰਨਾ ਸੀ। ਇਰਾਕ, ਜਿਸਦੇ ਵਸਨੀਕਾਂ ਦਾ ਜੀਉਣ-ਪੱਧਰ 2003 ਤੱਕ, ਉਸ ਵੇਲੇ ਦੇ ਯੂਰਪ ਦੇ ਸੰਪਨ ਦੇਸ਼ ਗਰੀਸ ਦੇ ਬਰਾਬਰ ਸੀ। ਅੱਜ ਉਥੇ ਪਿਛਲੇ 10-11 ਸਾਲਾਂ ਵਿਚ ਜਿਥੇ ਬੇਦੋਸ਼ੇ ਇਰਾਕੀ ਨਿਤ ਦਿਨ ਹੁੰਦੇ ਧਮਾਕਿਆਂ ਵਿਚ ਆਪਣੀਆਂ ਜਾਨਾਂ ਗੁਆ ਰਹੇ ਹਨ। ਉਥੇ ਇਸ ਸਮੇਂ ਦੌਰਾਨ ਲੱਖਾਂ ਇਰਾਕੀ ਨਾਗਰਿਕਾਂ ਨੇ ਹੀ ਜਾਨਾਂ ਨਹੀਂ ਗੁਆਈਆਂ ਬਲਕਿ ਅਮਰੀਕਾ ਅਤੇ ਹੋਰ ਨਾਟੋ ਦੇਸ਼ਾਂ ਦੇ ਹਜ਼ਾਰਾਂ ਫੌਜੀ ਵੀ ਇਸ ਹਿੰਸਾ ਦੀ ਭੇਟ ਚੜ੍ਹੇ ਹਨ। ਸਿਰਫ 2003 ਤੋਂ 2008 ਦੌਰਾਨ ਹੀ ਇਰਾਕੀ ਨਾਗਰਿਕਾਂ ਦੀ ਇਸ ਹਿੰਸਾ ਵਿਚ ਮਾਰੇ ਜਾਣ ਦੀ ਔਸਤ 3000 ਪ੍ਰਤੀ ਮਹੀਨਾ ਹੈ। ਹੁਣ ਤੱਕ ਅੰਦਾਜਨ 10 ਲੱਖ ਆਮ ਨਾਗਰਿਕ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਗ੍ਰਹਿਯੁੱਧ ਕਰਕੇ 40 ਲੱਖ ਲੋਕ ਅਪਣੇ ਘਰ ਘਾਟ ਗੁਆਕੇ ਪਨਾਹਗੀਰ ਬਣ ਚੁੱਕੇ ਹਨ। 
ਇਰਾਕ ਵਿਚ 2003 ਤੱਕ ਅਮਰੀਕੀ ਸਾਮਰਾਜ ਵਲੋਂ ਹਮਲਾ ਕਰਕੇ ਗੱਦੀ ਤੋਂ ਲਾਹੇ ਗਏ ਅਤੇ ਬਾਅਦ ਵਿਚ ਫਾਂਸੀ ਦਿੱਤੇ ਗਏ ਆਗੂ ਸੱਦਾਮ ਹੁਸੈਨ ਦੀ ਅਗਵਾਈ ਵਿਚ ਇਰਾਕ ਮੋਟੇ ਰੂਪ ਵਿਚ ਇਕ ਧਰਮ ਨਿਰਪੱਖ ਦੇਸ਼ ਸੀ। ਸ਼ੀਆ ਧਾਰਮਕ ਸੱਤਾ ਵਾਲੇ ਦੇਸ਼ ਈਰਾਨ ਨਾਲ ੳਸਨੇ ਇਕ ਲੰਮੀ ਜੰਗ ਜ਼ਰੂਰ ਲੜੀ ਸੀ, ਇਸੇ ਤਰ੍ਹਾਂ ਦੇਸ਼ ਦੇ ਉਤਰੀ ਭਾਗ ਵਿਚ ਵਸਦੇ ਕੁਰਦਾਂ ਨਾਲ ਵੀ ਟਕਰਾਅ ਰਿਹਾ ਸੀ। ਪ੍ਰੰਤੂ ਦੇਸ਼ ਵਿਚ ਸੁੰਨੀ ਅਤੇ ਸ਼ੀਆ, ਮੁਸਲਮਾਨ ਭਾਈਚਾਰੇ ਅਮਨ-ਅਮਾਨ ਨਾਲ ਰਹਿ ਰਹੇ ਸੀ। ਇੱਥੇ ਇਹ ਵੀ ਵਰਣਨਯੋਗ ਹੈ ਕਿ ਸੱਦਾਮ ਹੁਸੈਨ ਖੁਦ ਸੁੰਨੀ ਸੀ, ਜਦੋਂਕਿ ਇਰਾਕ ਦੀ ਵਸੋਂ ਦਾ ਸਿਰਫ 30-35 ਫੀਸਦੀ ਭਾਗ ਹੀ ਸੁੰਨੀ ਹਨ, 70-65% ਅਬਾਦੀ ਸ਼ੀਆ ਫਿਰਕੇ ਦੀ ਹੈ। ਸ਼ੀਆ ਅਤੇ ਸੁੰਨੀ ਹੀ ਨਹੀਂ ਬਲਕਿ ਹੋਰ ਵੀ ਕਿਸੇ ਨਾਲ ਧਰਮ ਦੇ ਆਧਾਰ 'ਤੇ ਕੋਈ ਵਿਤਕਰਾ ਨਹੀਂ ਹੁੰਦਾ ਸੀ। ਸੱਦਾਮ ਹੁਸੈਨ ਨੇ ਦੇਸ਼ ਦੇ ਪ੍ਰਮੁੱਖ ਕੁਦਰਤੀ ਵਸੀਲੇ ਤੇਲ ਉਤੇ ਇੰਗਲੈਂਡ ਤੇ ਅਮਰੀਕਾ ਦੀਆਂ ਬਹੁਕੌਮੀ ਕੰਪਨੀਆਂ ਦੇ ਕਬਜ਼ੇ ਨੂੰ ਖਤਮ ਕਰਕੇ ਇਸਦਾ ਕੌਮੀਕਰਨ ਕੀਤਾ ਸੀ। ਉਸਦੇ ਰਾਜ ਦੌਰਾਨ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਹਾਸਲ ਸਨ ਅਤੇ ਉਸਦੇ ਰਾਜਕਾਲ ਦੌਰਾਨ ਹੀ ਇਰਾਕ ਇਕ ਆਧੁਨਿਕ ਰਾਜ ਦਾ ਰੁਤਬਾ ਹਾਸਲ ਕਰ ਸਕਿਆ ਸੀ। ਇਰਾਕ ਇਕ ਵਿਕਾਸਸ਼ੀਲ ਪੂੰਜੀਵਾਦੀ ਦੇਸ਼ ਸੀ। 
ਅਮਰੀਕੀ ਸਾਮਰਾਜ ਦੀ ਅਗਵਾਈ ਵਿਚ ਨਾਟੋ ਫੌਜਾਂ ਨੇ ਇਰਾਕ ਵਿਚ 2003 ਵਿਚ ਹਮਲਾ ਕਰਕੇ ਉਸ ਉਤੇ ਕਬਜ਼ਾ ਤਾਂ ਕਰ ਲਿਆ ਸੀ। ਪ੍ਰੰਤੂ ਉਹ ਇਸ ਜੰਗ ਦਾ ਜੇਤੂ ਨਹੀਂ ਬਣ ਸਕਿਆ। ਵੱਡੇ ਪੈਮਾਨੇ ਉਤੇ ਇਰਾਕ ਅਤੇ ਅਫਗਾਨਿਸਤਾਨ ਵਿਚ ਹੋਣ ਵਾਲੇ ਖਰਚੇ ਅਤੇ ਫੌਜੀ ਮੌਤਾਂ ਕਰਕੇ ਨਾਟੋ ਦੇਸ਼ਾਂ, ਖਾਸ ਕਰਕੇ ਅਮਰੀਕਾ ਵਿਚ ਸਥਾਨਕ ਲੋਕਾਂ ਨੇ ਵੱਡੇ ਪੱਧਰ ਉਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਅਮਰੀਕਾ ਵਿਚ ਬਰਾਕ ਓਬਾਮਾ ਚੋਣਾਂ ਵਿਚ ਅਫਗਾਨਿਸਤਾਨ ਤੇ ਇਰਾਕ ਵਿਚੋਂ ਫੌਜਾਂ ਵਾਪਸ ਬੁਲਾਉਣ ਦੇ ਵਾਅਦੇ 'ਤੇ ਚੋਣ ਜਿੱਤਿਆ। ਇਰਾਕ ਤੋਂ ਫੌਜਾਂ ਤਾਂ ਅਮਰੀਕਾ ਨੇ ਵਾਪਸ ਬੁਲਾ ਲਈਆਂ। ਉਸਨੇ ਦੇਸ਼ ਦੇ ਤਿੰਨਾਂ ਹੀ ਫਿਰਕਿਆਂ ਸ਼ੀਆਂ, ਸੁੰਨੀ ਤੇ ਕੁਰਦਾਂ ਨੂੰ ਆਪਸ ਵਿਚ ਵੰਡਕੇ ਆਪਣੇ ਹਿੱਤ ਸਾਧਣ ਦੇ ਰਾਹ 'ਤੇ ਚਲਦੇ ਹੋਏ ਦੇਸ਼ ਦੀ ਬਾਗਡੋਰ ਸ਼ੀਆ ਰਾਜਨੀਤਕ ਆਗੂ ਨੂਰ-ਅਲ-ਮਲੀਕੀ ਦੇ ਹੱਥ ਵਿਚ ਦੇ ਦਿੱਤੀ। ਦੇਸ਼ ਵਿਚ ਸ਼ੀਆ ਆਗੂ ਮੁਕਤਦਾ ਸਦਰ ਅਤੇ ਸ਼ੀਆ ਜਥੇਬੰਦੀ ਇਸਲਾਮਕ ਕੌਂਸਲ ਆਫ ਇਰਾਕ ਨਾਲ ਜੁੜੀਆਂ ਮਿਲੀਸ਼ੀਆ ਟੁਕੜੀਆਂ ਨੂੰ ਪੁਲਸ ਅਤੇ ਫੌਜ ਵਿਚ ਸ਼ਾਮਲ ਕਰ ਲਿਆ ਗਿਆ। ਦੇਸ਼ ਦਾ ਸੁੰਨੀ ਫਿਰਕਾ ਜਿਹੜਾ ਸੱਦਾਮ ਦੇ ਰਾਜ ਦੌਰਾਨ ਦੇਸ਼ ਦੀ ਸੱਤਾ ਉਤੇ ਗਲਬਾ ਰੱਖਦਾ ਸੀ, ਉਸਨੂੰ ਨਖੇੜਨ ਲਈ ਸਾਮਰਾਜ ਨੇ ਇਹ ਕਦਮ ਚੁੱਕੇ ਸਨ। ਇਨ੍ਹਾਂ ਦੇ ਹਿੱਸੇ ਵਜੋਂ ਸੱਦਾਮ ਹੁਸੈਨ ਦੀ ਪਾਰਟੀ ਬਾਥ ਪਾਰਟੀ, ਦੇ ਵਿਚਾਰਧਾਰਕ ਆਧਾਰ ਨੂੰ ਖੋਰਨ ਲਈ ਅਮਰੀਕੀ ਸਾਮਰਾਜ ਨੇ ਆਪਣੇ ਕਬਜ਼ੇ ਵਾਲੇ ਕਾਲ ਦੌਰਾਨ ਡੀ-ਬਾਥੀਫਿਕੇਸ਼ਨ ਕਾਨੂੰਨ ਪਾਸ ਕੀਤਾ। ਜਿਸ ਨਾਲ ਵੱਡੇ ਪੱਧਰ 'ਤੇ ਸੁੰਨੀ ਫਿਰਕੇ ਦੇ ਇਰਾਕੀ ਲੋਕਾਂ ਨੂੰ ਆਪਣੀਆਂ ਨੌਕਰੀਆਂ ਅਤੇ ਰੁਜ਼ਗਾਰਾਂ ਤੋਂ ਲਾਂਭੇ ਹੋਣਾ ਪਿਆ ਸੀ। ਦੇਸ਼ ਦੀ ਪੇਸ਼ੇਵਰ ਤੇ ਆਧੁਨਿਕ ਫੌਜ ਨੂੰ ਭੰਗ ਕਰ ਦਿੱਤਾ ਗਿਆ। ਇਸ ਕਰਕੇ ਸੁੰਨੀ ਵਸੋਂ ਵਿਚ ਅਮਰੀਕੀ ਸਾਮਰਾਜ ਅਤੇ ਨੂਰ-ਅਲ-ਮਾਲੀਕੀ ਦੀ ਸਰਕਾਰ ਵਿਰੁੱਧ ਜਬਰਦਸਤ ਰੋਸ ਸੀ। ਸੁੰਨੀਆਂ ਵਲੋਂ ਪਹਿਲਾਂ ਤਾਂ ਗੁਰੀਲਾ ਜੰਗ ਰਾਹੀਂ ਇਸਦਾ ਪ੍ਰਗਟਾਵਾ ਕੀਤਾ ਪ੍ਰੰਤੂ ਬੁਰੀ ਤਰ੍ਹਾਂ ਨਾਕਾਮ ਰਹਿਣ ਤੋਂ ਬਾਅਦ ਕੁੱਝ ਸੁੰਨੀ ਕਬਾਇਲੀ ਆਗੂਆਂ ਨੇ ਸੁੰਨੀ ਜਾਗਰਤੀ ਕੌਂਸਲਾਂ ਬਣਾਕੇ ਅਮਰੀਕੀਆਂ ਤੱਕ ਪਹੁੰਚ ਵੀ ਕੀਤੀ ਸੀ ਅਤੇ ਅਮਰੀਕਾ ਨੇ ਸੁੰਨੀਆਂ ਨੂੰ ਸ਼ੀਆ ਗਲਬੇ ਵਾਲੀ ਨੂਰ-ਅਲ-ਮਾਲੀਕੀ ਸਰਕਾਰ ਤੋਂ ਕੁੱਝ ਰਿਆਇਤਾਂ ਦੁਆਉਣ ਦੀ ਵੀ ਗੱਲ ਕੀਤੀ। ਪ੍ਰੰਤੂ ਮਾਲੀਕੀ ਨੇ ਇਸ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ। ਆਈ.ਐਸ.ਆਈ.ਐਸ. ਨੇ ਇਸ ਸਥਿਤੀ ਦਾ ਪੂਰਾ ਲਾਹਾ ਲਿਆ। ਸੱਦਾਮ ਹੁਸੈਨ ਵੇਲੇ ਦੇ ਕਈ ਫੌਜੀ ਅਫਸਰਾਂ ਨਾਲ ਤਾਂ ਉਨ੍ਹਾਂ ਨੇ ਸ਼ੁਰੂ ਤੋਂ ਹੀ ਤਾਲਮੇਲ ਕਾਇਮ ਕੀਤਾ ਹੋਇਆ ਸੀ। ਸੁੰਨੀ ਵਸੋਂ ਦੀ ਮਾਲੀਕੀ ਸਰਕਾਰ ਪ੍ਰਤੀ ਨਫਰਤ ਦਾ ਪੂਰਾ-ਪੂਰਾ ਲਾਹਾ ਲੈਣ ਲਈ ਹੀ, ਜਦੋਂ ਆਈ.ਐਸ.ਆਈ.ਐਸ. ਨੇ  ਜਨਵਰੀ ਵਿਚ ਫਾਲੂਜਾ ਅਤੇ ਰਾਮਦੀ ਉਤੇ ਕਬਜ਼ਾ ਕੀਤਾ ਤਾਂ ਉਥੇ ਆਪਣਾ ਕਾਲਾ ਝੰਡਾ ਫਹਿਰਾਉਣ ਦੀ ਥਾਂ ਸ਼ਹਿਰ ਦਾ ਕਬਜ਼ਾ ਸਥਾਨਕ ਸੁੰਨੀ ਆਗੂਆਂ ਦੇ ਹੱਥ ਵਿਚ ਦੇ ਦਿੱਤਾ ਸੀ। ਅਸਲ ਵਿਚ ਤਾਂ ਇਸ ਵੇਲੇ ਆਈ.ਐਸ.ਆਈ.ਐਸ. ਮਾਲੀਕੀ ਵਿਰੋਧੀਆਂ, ਬਾਥਿਸਟਾਂ, ਕਬਾਇਲੀ ਆਗੂਆਂ ਤੇ ਸੱਦਾਮ ਸਰਕਾਰ ਵੇਲੇ ਦੇ ਫੌਜੀ ਅਫਸਰਾਂ ਤੇ ਹੋਰ ਕਿੱਤਾਕਾਰਾਂ ਦਾ ਇਕ ਪ੍ਰਭਾਵਸ਼ਾਲੀ ਗਠਜੋੜ ਬਣ ਚੁੱਕਾ ਹੈ। 
ਇਰਾਕ ਦੀ ਕੇਂਦਰੀ ਨੂਰ-ਅਲ-ਮਾਲੀਕੀ ਸਰਕਾਰ ਅਤੇ ਅਮਰੀਕੀ ਸਾਮਰਾਜ ਵਿਰੁੱਧ ਦੇਸ਼ ਦੇ ਸੁੰਨੀ ਫਿਰਕੇ ਵਿਚ ਫੈਲੀ ਨਫਰਤ ਅਤੇ ਨਿਖੇੜੇ ਦਾ ਹੀ ਸਿੱਟਾ ਸੀ ਕਿ ਸਿਰਫ 1200 ਆਈ.ਐਸ.ਆਈ.ਐਸ. ਲੜਾਕਿਆਂ ਨੇ ਮੌਸੂਲ ਉਤੇ ਬਿਨਾਂ ਕਿਸੇ ਪ੍ਰਤੀਰੋਧ ਦੇ ਕਬਜ਼ਾ ਕਰ ਲਿਆ ਜਦੋਂਕਿ ਉਥੇ ਫੌਜੀ ਗੈਰੀਸਨ ਸੀ, ਜਿਸ ਵਿਚ 30,000 ਫੌਜੀ ਹਰ ਤਰ੍ਹਾਂ ਦੇ ਫੌਜੀ ਸਾਜੋ ਸਮਾਨ ਨਾਲ ਲੈਸ ਸਨ। ਹਾਲਤ ਇਹ ਬਣੀ ਸੀ ਕਿ ਫੌਜੀ ਆਪਣੀਆਂ ਵਰਦੀਆਂ ਤੱਕ ਲਾਹ ਕੇ ਸਿਵਲ ਕੱਪੜਿਆਂ ਵਿਚ ਸ਼ਹਿਰ ਛੱਡ ਕੇ ਭੱਜ ਗਏ ਸਨ। ਇਸੇ ਤਰ੍ਹਾਂ ਆਈ.ਐਸ.ਆਈ.ਐਸ. ਲੜਾਕਿਆਂ ਨੇ 2 ਲੱਖ ਦੀ ਆਬਾਦੀ ਵਾਲੇ ਸ਼ਹਿਰ ਬੈਜੀ ਅਤੇ ਸੱਦਾਮ ਹੁਸੈਨ ਦੇ ਗ੍ਰਹਿ ਨਗਰ ਤਿਕਰਿਤ ਉਤੇ ਬਿਨਾਂ ਕਿਸੇ ਵਿਰੋਧ ਦੇ ਕਬਜ਼ਾ ਕਰ ਲਿਆ। ਨੂਰੀ ਅਲ-ਮਾਲੀਕੀ ਸਰਕਾਰ ਦੀ ਨਾਕਾਮੀ ਨੂੰ ਤਾਂ ਮੱਧ ਪੂਰਬ ਮਸਲਿਆਂ ਬਾਰੇ ਟਿਪਣੀਕਾਰ ਫਾਵਾਜ਼ ਜਰਜੀਜ ਦੀ ਇਹ ਟਿਪਣੀ ਸਪੱਸ਼ਟ ਕਰਦੀ ਹੈ-''ਮਾਲੀਕੀ ਨੇ ਆਪਣੇ 8 ਸਾਲਾਂ ਦੇ ਕਾਰਜਕਾਲ ਦੌਰਾਨ ਨਾ ਹੀ ਇਰਾਕੀ ਅਵਾਮ ਦਰਮਿਆਨ ਮੇਲ ਮਿਲਾਪ ਪੈਦਾ ਕੀਤਾ ਅਤੇ ਨਾ ਹੀ ਉਸਦੀ ਸੁਰੱਖਿਆ ਕੀਤੀ, ਖੁਸ਼ਹਾਲੀ ਤਾਂ ਦੂਰ ਦੀ ਗੱਲ ਸੀ। ਸਿਰਫ ਅਜੇਹਾ ਸੌੜਾ ਅਜੰਡਾ ਲਾਗੂ ਕੀਤਾ ਜਿਸ ਨਾਲ ਦੇਸ਼ ਦੇ ਦੋਹਾਂ ਮੁਸਲਮ ਫਿਰਕਿਆਂ ਦਰਮਿਆਨ ਨਿਖੇੜਾ ਤੇ ਵਿਚਾਰਧਾਰਕ ਵੰਡ ਵਧੀ। ਸੁੰਨੀਆਂ ਨੂੰ ਹਾਸ਼ੀਏ 'ਤੇ ਧੱਕਿਆ ਅਤੇ ਉਨ੍ਹਾਂ ਦਰਮਿਆਨ ਸਰਕਾਰ ਪ੍ਰਤੀ ਦੁਸ਼ਮਣੀ ਵਧੀ।''
ਪਿਛਲੇ ਸਮੇਂ ਵਿਚ ਮੱਧ ਪੂਰਬੀ ਏਸ਼ੀਆ ਵਿਚ ਟਿਊਨੀਸ਼ੀਆ ਤੋਂ ਸ਼ੁਰੂ ਹੋਈਆਂ ਲੋਕ ਬਗਾਵਤਾਂ ਜਿਹੜੀਆਂ ਕਿ ਇਸ ਖਿੱਤੇ ਦੇ ਲੋਕਾਂ ਦੀਆਂ ਲੋਕ ਪੱਖੀ ਆਸਾਂ-ਉਮੰਗਾਂ ਦੇ ਇਜਹਾਰ ਦੇ ਰੂਪ ਵਿਚ ਸ਼ੁਰੂ ਹੋਈਆਂ ਸੀ, ਨੂੰ ਵੀ ਅਮਰੀਕੀ ਸਾਮਰਾਜ ਅਤੇ ਉਸਦੀਆਂ ਸਹਿਯੋਗੀ ਮੱਧ ਪੂਰਬ ਵਿਚਲੀਆਂ ਅਰਬ ਰਾਜਸ਼ਾਹੀਆਂ ਨੇ ਆਪਣੇ ਪੱਖ ਵਿਚ ਵਰਤਣ ਦੇ ਯਤਨ ਕੀਤੇ ਹਨ, ਜਿਨ੍ਹਾਂ ਵਿਚ ਉਹ ਕਾਫੀ ਹੱਦ ਤੱਕ ਸਫਲ ਰਹੇ ਹਨ। ਲੀਬੀਆ ਵਿਚ ਸ਼ੁਰੂ ਹੋਈ ਲੋਕ ਬਗਾਵਤ ਦਾ ਲਾਹਾ ਲੈਂਦਿਆਂ ਅਮਰੀਕੀ ਸਾਮਰਾਜ ਦੀਆਂ ਇਛਾਵਾਂ ਮੁਤਾਬਕ ਨਾ ਚੱਲਣ ਵਾਲੇ ਮੁਆਮਾਰ-ਅੱਲ-ਗੱਦਾਫ਼ੀ ਨੂੰ ਹਮੇਸ਼ਾਂ ਲਈ ਖਤਮ ਕਰਨ ਵਿਚ ਉਹ ਸਫਲ ਰਿਹਾ। ਅਮਰੀਕੀ ਸਾਮਰਾਜ ਨੇ ਆਪਣੇ ਸਹਿਯੋਗੀ ਸਾਉਦੀ ਅਰਬ ਨੂੰ ਬਹਰੀਨ ਵਿਖੇ ਉਥੇ ਦੇ ਸੁੰਨੀ ਸ਼ਾਸਕਾਂ ਵਿਰੁੱਧ ਸ਼ੀਆ ਫਿਰਕੇ ਦੀ ਬਗਾਵਤ ਨੂੰ ਕੁਚਲਣ ਦੀ ਪੂਰੀ ਖੁਲ੍ਹ ਦਿੱਤੀ। ਸੀਰੀਆ ਵਿਚ ਬਸ਼ਰ-ਅਲ-ਅਸਦ ਸਰਕਾਰ, ਜਿਹੜੀ ਕਿ ਮੱਧ ਪੂਰਬ ਏਸ਼ੀਆ ਵਿਚ ਅਮਰੀਕੀ ਸਾਮਰਾਜ ਵਲੋਂ ਆਪਣੀ ਦੁਸ਼ਮਣ ਨੰਬਰ ਇਕ ਮੰਨੀ ਜਾਂਦੀ ਸੀ, ਕਿਉਂਕਿ ਉਹ ਉਸਦੀਆਂ ਮੱਧ ਪੂਰਬ ਏਸ਼ੀਆ ਵਿਚ ਲੋਕ ਵਿਰੋਧੀ ਚਾਲਾਂ ਦਾ ਡੱਟਕੇ ਵਿਰੋਧ ਕਰਦੀ ਸੀ, ਵਿਰੁੱਧ ਉਭਰੀ ਲੋਕ ਬਗਾਵਤ ਨੂੰ ਆਪਣੇ ਪੱਖ ਵਿਚ ਮੋੜਨ ਲਈ ਉਥੇ ਸੁੰਨੀ ਅੱਤਵਾਦੀ ਗਰੁੱਪਾਂ ਦਾ ਸਾਥ ਦਿੱਤਾ ਅਤੇ ਸਾਉਦੀ ਅਰਬ ਇਸ ਵਿਚ ਉਸਦਾ ਸਰਗਰਮ ਸਹਿਯੋਗੀ ਸੀ। ਸੀਰੀਆ ਦੇ ਗ੍ਰਹਿ ਯੁੱਧ ਵਿਚੋਂ ਹੀ ਇਹ ਗਰੁੱਪ 'ਇਸਲਾਮਿਕ ਸਟੇਟ ਆਫ ਇਰਾਕ ਤੇ ਸੀਰੀਆ (ਆਈ.ਐਸ.ਆਈ.ਐਸ.) ਸ਼ਕਤੀਸ਼ਾਲੀ ਬਣਕੇ ਉਭਰਿਆ ਹੈ ਅਤੇ ਇਰਾਕ ਵਿਚ ਅਮਰੀਕੀ ਸਾਮਰਾਜ ਦੀਆਂ ਸਭ ਗਿਣਤੀਆਂ ਮਿਣਤੀਆਂ ਨੂੰ ਦਰੜਦਾ ਹੋਇਆ ਅੱਜ ਉਸਦੇ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਿਆ ਹੈ। ਇਥੇ ਇਹ ਵੀ ਵਰਣਨਯੋਗ ਹੈ ਕਿ ਸੀਰੀਆ ਦਾ ਸ਼ਾਸਕ ਬਸ਼ਰ-ਅਲ-ਅਸਦ, ਜਿਹੜਾ ਕਿ ਖੁਦ ਸ਼ੀਆ ਫਿਰਕੇ ਨਾਲ ਸਬੰਧ ਰੱਖਦਾ ਹੈ, ਦੇ ਵਿਰੁੱਧ ਸਾਉਦੀ ਅਰਬ ਦੇ ਸੁੰਨੀ ਸ਼ਾਸਕ ਅਤੇ ਅਮਰੀਕੀ ਸਾਮਰਾਜ, ਸੁੰਨੀ ਅੱਤਵਾਦੀ ਗਰੁੱਪਾਂ ਦੀ ਮਦਦ ਕਰ ਰਹੇ ਸਨ। ਜਦੋਂਕਿ ਈਰਾਕ, ਜਿਹੜਾ ਕਿ ਸ਼ੀਆ ਧਾਰਮਕ ਰਾਜ ਹੈ, ਬਸ਼ਰ-ਅਲ-ਅਸਦ ਦੀ ਮਦਦ ਕਰ ਰਿਹਾ ਹੈ। ਇਸੇ ਤਰ੍ਹਾਂ ਫਲਸਤੀਨੀਆਂ ਦਾ ਹਮਾਸ ਗਰੁੱਪ ਅਤੇ ਲਿਬਨਾਨ ਦਾ ਹਿਜਬੁਲੱਾਹ ਵੀ ਸ਼ੀਆ ਹੋਣ ਕਰਕੇ ਉਸਦੇ ਹੱਕ ਵਿਚ ਹਨ। ਸਥਿਤੀ ਇਹ ਸੀ ਕਿ ਈਰਾਨ ਵਿਚ ਸ਼ੀਆ ਸਰਕਾਰ ਹੋਣ ਕਰਕੇ ਅਮਰੀਕੀ ਸਾਮਰਾਜ ਅਤੇ ਉਸਦੇ ਨਾਟੋ ਸਹਿਯੋਗੀ, ਉਸਨੂੰ ਪ੍ਰਮਾਣੂ ਊਰਜਾ ਵਿਕਸਤ ਕਰਨ ਤੋਂ ਰੋਕਣ, ਅਤੇ ਉਸਦੇ ਪ੍ਰਮਾਣੂ ਪ੍ਰੋਗਰਾਮ ਨੂੰ ਦੁਨੀਆਂ ਲਈ ਖਤਰਾ ਦੱਸਦੇ ਹੋਏ ਉਸ ਉਤੇ ਸਖਤ ਪਾਬੰਦੀਆਂ ਲਗਾ ਰਹੇ ਸਨ। ਉਹ ਇਹ ਸਭ ਮੱਧ ਪੂਰਬ ਵਿਚਲੇ ਆਪਣੇ ਸਭ ਤੋਂ ਨੇੜਲੇ ਸਹਿਯੋਗੀਆਂ ਸਾਊਦੀ ਅਰਬ ਦੇ ਸੁੰਨੀ ਸ਼ਾਸਕਾਂ ਨੂੰ ਖੁਸ਼ ਕਰਨ ਲਈਂ ਕਰ ਰਿਹਾ ਸੀ। ਅੱਜ ਇਰਾਕ ਵਿਚ ਜਦੋਂ ਅਮਰੀਕਾ ਦੀ ਹੱਥਠੋਕੀ ਸ਼ੀਆ ਗਲਬੇ ਵਾਲੀ ਨੂਰ-ਅਲ-ਮਲੀਕੀ ਸਰਕਾਰ ਵਿਰੁੱਧ ਆਈ.ਐਸ.ਆਈ.ਐਸ. ਦੇ ਸੁੰਨੀ ਬੁਨਿਆਦਪ੍ਰਸਤ ਲੜਾਕੇ ਜਿੱਤ ਹਾਸਲ ਕਰਦੇ ਹੋਏ ਇਕ ਸੁੰਨੀ  ਗਲਬੇ ਵਾਲੇ ਰਾਜ ਦੀ ਸਥਾਪਨਾ ਲਈ ਅੱਗੇ ਵੱਧ ਰਹੇ ਹਨ ਤਾਂ ਉਹੀ ਅਮਰੀਕਾ ਈਰਾਨ ਨਾਲ ਮਦਦ ਦੀ ਗੱਲ ਕਰ ਰਿਹਾ ਹੈ। ਕਿਉਂਕਿ ਅਮਰੀਕਾ ਇਰਾਕ ਵਿਚ ਆਪਣੀਆਂ ਪੈਦਲ ਫੌਜਾਂ ਭੇਜਣ ਤੋਂ ਬਹੁਤ ਘਬਰਾ ਰਿਹਾ ਹੈ। ਉਸਨੇ ਹੁਣ ਤੱਕ ਸਿਰਫ 300 ਦੇ ਕਰੀਬ ਹੀ ਆਪਣੇ ਫੌਜੀ ਬਗਦਾਦ ਵਿਚਲੇ ਸਫਾਰਤਖਾਨੇ ਦੀ ਸੁਰੱਖਿਆ ਲਈ ਭੇਜੇ ਹਨ। ਉਹ ਆਪਣੇ ਜੰਗੀ ਸਮੁੰਦਰੀ ਬੇੜੇ ਰਾਹੀਂ ਸੁੰਨੀ ਟਿਕਾਣਿਆਂ 'ਤੇ ਹਮਲੇ ਕਰਨ ਦੀ ਗੱਲ ਕਰ ਰਿਹਾ ਹੈ। ਈਰਾਨ ਨੇ ਆਪਣੇ ਸਭ ਤੋਂ ਸਿੱਖਿਅਤ ਰੱਖਿਆ ਬਲ, ਰੈਵੋਲਿਉਸ਼ਨਰੀ ਗਾਰਡਜ਼ ਦੇ ਉਘੇ ਕਮਾਂਡਰ ਕਾਸਮ ਸੁਲੈਮਾਨੀ ਦੀ ਕਮਾਂਡ ਅਧੀਨ 2000 ਦੇ ਕਰੀਬ ਫੌਜੀ ਅਤੇ ਸੁਰੱਖਿਆ ਸਲਾਹਕਾਰ ਰਾਜਧਾਨੀ ਬਗਦਾਦ ਦੀ ਰੱਖਿਆ ਲਈ ਭੇਜੇ ਹਨ। 
ਆਈ.ਐਸ.ਆਈ.ਐਸ. ਦੇ ਸੁੰਨੀ ਗੁਰੀਲਿਆਂ ਲਈ ਵੀ ਹੁਣ ਅੱਗੇ ਵਧਣਾ ਸੌਖਾ ਨਹੀਂ ਹੋਵੇਗਾ ਕਿਉਂਕਿ ਰਾਜਧਾਨੀ ਬਗਦਾਦ ਦਾ ਕਾਫੀ ਵੱਡਾ ਹਿੱਸਾ ਸ਼ੀਆ ਵਸੋਂ ਦੀ ਬਹੁਲਤਾ ਵਾਲਾ ਹੈ ਅਤੇ ਦੇਸ਼ ਦੇ ਸਭ ਤੋਂ ਵੱਡੇ ਤੇਲ ਦੇ ਭੰਡਾਰਾਂ ਵਾਲੇ ਦੱਖਣੀ ਹਿੱਸੇ ਵੀ ਜਿਨ੍ਹਾਂ ਵੱਲ ਹੁਣ ਉਨ੍ਹਾਂ ਨੇ ਵਧਣਾ ਹੈ, ਸ਼ੀਆ ਬਹੁਲਤਾ ਵਾਲੇ ਹਨ, ਜਿਨ੍ਹਾਂ ਵਿਚ ਉਨ੍ਹਾਂ ਨੂੰ ਲੋਕਾਂ ਦਾ ਸਹਿਯੋਗ ਤਾਂ ਮਿਲਣਾ ਹੀ ਨਹੀਂ ਹੈ, ਬਲਕਿ ਤਾਜਾ ਰਿਪੋਰਟਾਂ ਅਨੁਸਾਰ ਸ਼ੀਆ ਧਾਰਮਕ ਆਗੂਆਂ ਮੁਕਤਦਾ ਸਦਰ ਅਤੇ ਅਲੀ ਸਿਸਤਾਨੀ ਦੇ ਸੱਦੇ 'ਤੇ ਲੱਖਾਂ ਸ਼ੀਆ ਨੌਜਵਾਨ ਸੁੰਨੀ ਜਿਹਾਦੀਆਂ ਵਿਰੁੱਧ ਜੰਗ ਲਈ ਕਮਰਕੱਸੇ ਕਰ ਰਹੇ ਹਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਜੇਕਰ ਆਈ.ਐਸ.ਆਈ.ਐਸ. ਦੇ ਜਿਹਾਦੀ ਪਹਿਲਾਂ ਕੀਤੇ ਐਲਾਨ ਮੁਤਾਬਕ ਸ਼ੀਆ ਪਵਿੱਤਰ ਧਾਰਮਕ ਥਾਵਾਂ 'ਤੇ ਹਮਲਾ ਕਰਦੇ ਹਨ ਤਾਂ ਈਰਾਨ ਸਿੱਧਾ ਫੌਜੀ ਦਖਲ ਵੀ ਦੇ ਸਕਦਾ ਹੈ। 
ਅਮਰੀਕੀ ਸਾਮਰਾਜ ਤੇ ਉਸਦੇ ਨਾਟੋ ਸਹਿਯੋਗੀਆਂ ਨੇ ਅਫਗਾਨਿਸਤਾਨ ਤੋਂ ਸ਼ੁਰੂ ਕਰਕੇ ਪੂਰੇ ਮੱਧ ਪੂਰਬ ਏਸ਼ੀਆ ਨੂੰ ਆਪਣੀ ਕੁਦਰਤੀ ਵਸੀਲਿਆਂ ਉਤੇ ਕਬਜ਼ਾ ਕਰਨ ਦੀ ਹਿਰਸ ਕਰਕੇ ਗ੍ਰਹਿ ਯੁੱਧ ਦੀ ਭੱਠੀ ਵਿਚ ਝੌਂਕ ਦਿੱਤਾ ਹੈ। ਇਸ ਨਾਲ ਸਮੁੱਚੇ ਮੱਧ ਏਸ਼ੀਆ ਵਿਚ ਲੱਖਾਂ ਲੋਕ ਪਨਾਹਗੀਰ ਬਣਕੇ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਨ੍ਹਾਂ ਦੇ ਹਸਦੇ-ਬਸਦੇ ਜੀਵਨ ਤਬਾਹ ਹੋ ਗਏ ਹਨ। ਇਰਾਕ ਵਿਚ ਵੀ ਜਿੱਥੇ ਇਸਦਾ ਸ਼ੀਆ, ਸੁੰਨੀ ਤੇ ਕੁਰਦ  ਫਿਰਕਿਆਂ ਦੇ ਅਧਾਰ ਉਥੇ ਵੰਡਿਆ ਜਾਣਾ ਤਾਂ ਲਗਭਗ ਤਹਿ ਲਗ ਹੀ ਰਿਹਾ ਹੈ, ਲੱਖਾਂ ਆਮ ਲੋਕ ਆਪਸ ਵਿਚ ਲੜ ਲੜਕੇ ਮੌਤ ਦੇ ਮੂੰਹ ਵੀ ਪੈਣਗੇ। ਐਨਾ ਹੀ ਨਹੀਂ ਇਸ ਨਾਲ ਧਾਰਮਕ ਬੁਨਿਆਦਪ੍ਰਸਤੀ ਦਾ ਵੀ ਪੂਰੀ ਦੁਨੀਆਂ ਵਿਚ ਪਸਾਰਾ ਹੋਵੇਗਾ। ਇਥੇ ਇਹ ਵਰਣਨਯੋਗ ਹੈ ਕਿ ਆਈ.ਐਸ.ਆਈ.ਐਸ. ਦੀ ਕਮਾਨ ਹੇਠ ਲੜਨ ਵਾਲਿਆਂ ਵਿਚ ਮੱਧ ਪੂਰਬ ਏਸ਼ੀਆ ਤੇ ਏਸ਼ੀਆ ਦੀ ਨਹੀਂ ਬਲਕਿ ਬ੍ਰਿਟੇਨ, ਅਮਰੀਕਾ, ਰੂਸ, ਚੀਨ ਅਤੇ ਸਾਬਕਾ ਸੋਵੀਅਤ ਗਣਰਾਜਾਂ ਦੇ ਵੀ ਲੜਾਕੇ ਸ਼ਾਮਲ ਹਨ। ਇਸ ਬੁਨਿਆਦਪ੍ਰਸਤੀ ਦੀ ਅੱਗ ਤੋਂ ਅਮਰੀਕਾ ਖੁਦ ਵੀ ਸੁਰੱਖਿਅਤ ਨਹੀਂ ਰਹਿ ਸਕੇਗਾ। ਇਹ ਹੈ ਸਾਮਰਾਜ, ਵਿਕਸਿਤ ਤੇ ਆਧੁਨਿਕ ਪੂੰਜੀਵਾਦ ਦਾ ਆਦਮਖੋਰ ਘਿਨਾਉਦਾ ਚਿਹਰਾ। ਜਿਸਦਾ ਵਿਰੋਧ ਕਰਨਾ ਅੱਜ ਹਰ ਜਮਹੂੀਅਤ ਪਸੰਦ, ਅਮਨ ਪਸੰਦ ਤੇ ਮਨੁਖਤਾ ਦੀ ਹੋਂਦ ਨੂੰ ਚਾਹੁਣ ਵਾਲੇ ਇਨਸਾਨ ਦਾ ਫਰਜ਼ ਬਣਦਾ ਹੈ। 
ਇਸ ਗ੍ਰਹਿਯੁੱਧ ਦਾ ਇਕ ਹੋਰ ਚਿੰਤਾਜਨਕ ਪਹਿਲੂ ਸਾਡੇ ਦੇਸ਼ ਅਤੇ ਸਾਡੇ ਸੂਬੇ ਦੇ ਲੋਕਾਂ ਲਈ ਇਹ ਹੈ ਕਿ ਸੈਂਕੜਿਆਂ ਦੀ ਗਿਣਤੀ ਵਿਚ ਸਾਡੇ ਨੌਜਵਾਨ ਉਥੇ ਫਸ ਗਏ ਹਨ। ਇਨ੍ਹਾਂ ਵਿਚ ਕਾਫੀ ਗਿਣਤੀ ਵਿਚ ਨਰਸਾਂ ਵੀ ਸ਼ਾਮਲ ਹਨ। ਆਪਣੀ ਰੋਜੀ ਰੋਟੀ ਦਾ ਜੁਗਾੜ ਕਰਨ ਹਿੱਤ ਉਥੇ ਗਏ ਇਹ ਨੌਜਵਾਨ ਅੱਜ ਬਹੁਤ ਹੀ ਤਰਸਯੋਗ ਹਾਲਤ ਵਿਚ ਹਨ। ਦੇਸ਼ ਵਿਚ ਫੈਲੀ ਬੇਰੁਜ਼ਗਾਰੀ ਦੇ ਸਿੱਟੇ ਵਜੋਂ ਲੱਖਾਂ ਰੁਪਏ ਖਰਚਕੇ ਉਥੇ ਨੌਕਰੀ ਕਰਨ ਲਈ ਗਏ ਨੌਜਵਾਨ ਰੋਟੀ ਤੋਂ ਵੀ ਆਤੁਰ ਹਨ। ਬਹੁਤੇ ਨੌਜਵਾਨ ਉਥੇ ਉਸਾਰੀ ਪ੍ਰੋਜੈਕਟਾਂ ਵਿਚ ਕੰਮ ਕਰਦੇ ਹਨ। ਇਨ੍ਹਾਂ ਦੇ ਪਾਸਪੋਰਟ ਅਤੇ ਹੋਰ ਕਾਗਜ਼ਾਤ ਕੰਪਨੀਆਂ ਦੇ ਪ੍ਰਬੰਧਕ ਪਹਿਲਾਂ ਹੀ ਆਪਣੇ ਕਬਜ਼ੇ ਵਿਚ ਕਰ ਲੈਂਦੇ ਹਨ। ਇਨ੍ਹਾਂ ਬਹੁਕੌਮੀ ਕੰਪਨੀਆਂ ਦੇ ਮਾਲਕ ਤੇ ਪ੍ਰਬੰਧਕ ਆਪ ਤਾਂ ਉਥੋਂ ਭੱਜ ਗਏ ਹਨ। ਪ੍ਰੰਤੂ ਇਨ੍ਹਾਂ ਨੌਜਵਾਨਾਂ ਦੀ ਤਨਖਾਹ ਆਦਿ ਦੇਣੀ ਤਾਂ ਦੂਰ ਉਨ੍ਹਾਂ ਦੇ ਰੋਟੀ ਪਾਣੀ ਦਾ ਵੀ ਪ੍ਰਬੰਧ ਕਰਕੇ ਨਹੀਂ ਗਏ ਹਨ। ਆਲੇ ਦੁਆਲੇ ਵਰ੍ਹ ਰਹੀਆਂ ਗੋਲੀਆਂ ਦੇ ਮੀਂਹ ਵਿਚ ਉਹ ਭੁੱਖੇ ਭਾਣੇ ਮੌਤ ਦੇ ਸਾਏ ਹੇਠ ਜੀਅ ਰਹੇ ਹਨ। ਇਨ੍ਹਾਂ ਨੌਜਵਾਨਾਂ ਨੂੰ ਛੇਤੀ ਤੋਂ ਛੇਤੀ ਆਪਣੇ ਦੇਸ਼ ਵਿਚ ਸਹੀ ਸਲਾਮਤ ਵਾਪਸ ਲਿਆਉਣਾ ਦੇਸ਼ ਦੀ ਸਰਕਾਰ ਦਾ ਫਰਜ਼ ਬਣਦਾ ਹੈ। ਦੇਸ਼ ਦੀ ਕੇਂਦਰ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਉਹ ਫੌਰੀ ਰੂਪ ਵਿਚ ਢੁਕਵੇਂ ਕਦਮ ਚੁੱਕਦੀ ਹੋਈ ਇਨ੍ਹਾਂ ਨੌਜਵਾਨਾਂ ਨੂੰ ਦੇਸ ਵਾਪਸ ਲਿਆ ਕੇ ਉਨ੍ਹਾਂ ਦੇ ਵਿਲਕ ਰਹੇ ਮਾਪਿਆਂ ਨੂੰ ਰਾਹਤ ਪ੍ਰਦਾਨ ਕਰੇ।   
(25.6.2014) 

Wednesday, 2 July 2014

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਜੁਲਾਈ 2014)

ਕਹਾਣੀ                                    ਅਹਿਸਾਸ

- ਜਸਵੀਰ ਦੁਸਾਂਝ
ਰਾਜਧਾਨੀ ਐਕਸਪ੍ਰੈਸ ਨੂੰ ਦਿੱਲੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਏ ਕਰੀਬ ਇਕ ਘੰਟਾ ਹੋ ਚੁੱਕਾ ਸੀ। ਡੱਬੇ ਵਿਚ ਪੰਜ ਮੁਸਾਫਿਰ ਸਨ। ਡਾਕਟਰ, ਉਸ ਦਾ ਬੇਟਾ, ਇਕ ਲਖਨਊ ਦਾ, ਤੇ ਦੋ ਬੰਬਈ ਦੇ ਵਪਾਰੀ। 
ਦਿੱਲੀ ਤੋਂ ਬੰਬਈ ਤਕ 18-20 ਘੰਟੇ ਦਾ ਸਫਰ ਸੀ। ਗੱਡੀ ਚੱਲਦੇ ਚੱਲਦੇ ਸ਼ਾਮ ਤਾਂ ਦਿੱਲੀ ਹੀ ਪੈ ਚੁੱਕੀ ਸੀ। ਆਪੋ ਆਪਣੀਆਂ ਸੀਟਾਂ ਦੀ ਸੈਟਿੰਗ ਕਰਦੇ, ਸਮਾਨ ਨੂੰ ਸੀਟਾਂ ਹੇਠ ਬੰਨ੍ਹਣ ਤੋਂ ਬਾਅਦ, ਸਾਰੇ ਮਸਾਫਿਰ ਅਰਾਮ ਨਾਲ ਬੈਠ ਗਏ ਸਨ। ਕਿਸੇ ਨੇ ਮੈਗਜ਼ੀਨ ਪੜ੍ਹਨਾ ਸ਼ੁਰੂ ਕਰ ਦਿੱਤਾ, ਕਿਸੇ ਨੇ ਨਾਵਲ, ਲਖਨਊ ਵਾਲਾ ਵਪਾਰੀ ਆਪਣੇ ਹਿਸਾਬ-ਕਿਤਾਬ ਵਿਚ ਉਲਝ ਗਿਆ। ਸਾਹਮਣਲੀ ਸੀਟ 'ਤੇ ਬੈਠੇ ਬੰਬਈ ਦੇ ਦੋਵੇਂ ਬਿਜਨੈਸਮੈਨ, ਤਾਸ਼ ਖੇਡਣੀ ਸ਼ੁਰੂ ਕਰ ਚੁੱਕੇ ਸਨ। ਇਹਨਾਂ ਵਿਚੋਂ ਇਕ ਪੂਰਾ ਗੁਰਸਿੱਖ ਸੀ ਤੇ ਇਕ ਹਿੰਦੂ। ਦੋਵੇਂ ਕਾਫੀ ਗੂੜ੍ਹੇ ਮਿੱਤਰ ਰਹੇ ਸਨ। ਕਾਫੀ, ਮਸ਼ਰੂਫ ਸਨ ਆਪਣੀ ਤਾਸ਼ ਦੀ ਖੇਡ ਵਿਚ। 
ਤਕਰੀਬਨ ਇਕ ਘੰਟੇ ਬਾਅਦ, ਕੌਫ਼ੀ ਦਾ ਕੱਪ ਮੁਸਾਫਿਰਾਂ ਵਾਸਤੇ ਆ ਗਿਆ। ਕੌਫ਼ੀ ਪੀਣ ਤੋਂ ਪਿਛੋਂ, ਸਰਦਾਰ ਜੀ ਕੁਝ ਤਾਸ਼ ਦੀ ਖੇਡ ਤੋਂ ਹਟੇ। ਉਨ੍ਹਾਂ ਦੇਖਿਆ ਕਿ ਡਾਕਟਰ ਤੇ ਉਸਦਾ ਬੇਟਾ ਪੰਜਾਬੀ ਹਨ। ਉਸ ਦਿਨ ਐਟਲਾਂਟਾ ਵਿਖੇ ਕੁਝ ਦੇਰ ਬਾਅਦ ਭਾਰਤ ਅਤੇ ਪਾਕਿਸਤਾਨ ਦਾ ਹਾਕੀ ਦਾ ਮੈਚ ਹੋਣਾ ਸੀ। ਏਹ ਉਲੰਪਿਕ ਦਾ ਲੀਗ ਮੈਚ ਸੀ। ਸਰਦਾਰ, ਪੰਜਾਬੀ ਅਤੇ ਹਾਕੀ ਇਨ੍ਹਾਂ ਤਿੰਨਾਂ ਦੀ ਬਹੁਤ ਗਹਿਰੀ ਸਾਂਝ ਹੈ। ਅਤੇ ਖਾਸ ਤੌਰ 'ਤੇ ਜਦੋਂ ਭਾਰਤ ਅਤੇ ਪਾਕਿਸਤਾਨ ਦਾ ਮੈਚ ਹੋਵੇ ਤਾਂ ਦੋਵੋਂ ਪਾਸੀਂ ਲੋਕਾਂ ਵਿਚ ਜੋਸ਼ੋ ਖਰੋਸ਼ ਹੁੰਦਾ ਹੈ। ਦੋਵੇਂ ਦੇਸ਼ ਇਕ ਦੂਸਰੇ ਨੂੰ ਕਿੰਨਾ ਪਿਆਰ ਕਰਦੇ ਹਨ, ਇਹ ਉਨ੍ਹਾਂ ਦੀ ਇਨ੍ਹਾਂ ਮੈਚਾਂ ਵਿਚਲੀ ਨਫ਼ਰਤ ਤੋਂ ਹੀ ਪਤਾ ਚੱਲ ਸਕਦਾ ਹੈ। 
ਮੈਚ ਬੇਸ਼ੱਕ ਕਿਰਕਟ ਦਾ ਹੋਵੇ, ਪਰ ਦੋਵਾਂ ਦੇਸ਼ਾਂ ਦੇ ਲੋਕ, ਇਸ ਮੈਚ ਦੇ ਭੇੜ ਨੂੰ ਆਪਸੀ ਜੰਗ ਦਾ ਮੈਦਾਨ ਸਮਝ ਬੈਠਦੇ ਹਨ। ਬਹੁਤੀ ਵਾਰ ਵੱਡਾ ਵੀਰ, ਭਾਵ ਭਾਰਤ, ਛੋਟੇ ਵੀਰ ਪਾਕਿਸਤਾਨ ਹੱਥੋਂ ਮੈਚ ਹਾਰਦਾ ਹੀ ਰਿਹਾ ਹੈ। ਸਰਦਾਰ ਜੀ ਪੁੱਛਣ ਲੱਗੇ, ''ਅੱਜ ਹਾਕੀ ਮੈਚ ਦਾ ਕੀ ਬਣੇਗਾ?'' ਸੈਮੀ ਫਾਇਨਲ ਵਿਚ ਪੁੱਜਣ ਲਈ, ਭਾਰਤ ਲਈ ਇਹ ਮੈਚ ਜਿੱਤਣਾ ਜ਼ਰੂਰੀ ਸੀ। ਜੋ, ਦੋਵੇਂ ਟੀਮਾਂ ਬਰਾਬਰ ਰਹਿ ਜਾਂਦੀਆਂ ਤਾਂ ਦੋਵੇਂ ਟੀਮਾਂ ਟੂਰਨਾਮੈਂਟ ਬਾਹਰ ਹੋ ਜਾਣੀਆਂ ਸਨ। 
ਗੱਲ ਹਾਕੀ ਦੇ ਮੈਚ ਤੋਂ ਚੱਲਦੀ ਚੱਲਦੀ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਰਿਸ਼ਤੇ ਤੇ ਆਣ ਟਿਕੀ। ਹਿੰਦੂ ਮੁਸਲਮਾਨਾਂ ਦੇ ਆਪਸੀ ਸਬੰਧ, ਕਸ਼ਮੀਰ ਮਸਲਾ, ਪੰਜਾਬ ਮਸਲਾ, ਹਿੰਦ ਪਾਕਿ ਦੀਆਂ ਦੋ ਲੜਾਈਆਂ ਅਤੇ ਅਖੀਰ 'ਤੇ 1947 ਦੀ ਵੰਡ। 
ਇੰਨੀ ਦੇਰ ਤੱਕ ਰਾਤ ਦਾ ਖਾਣਾ ਆ ਚੁੱਕਾ ਸੀ। ਖਾਣਾ ਖਾ ਕੇ ਸਾਰੇ ਮੁਸਾਫਿਰ ਹਿੰਦ-ਪਾਕਿ ਸੰਬੰਧਾਂ ਬਾਰੇ ਚਰਚਾ ਕਰਨ ਲੱਗ ਪਏ। ਲਖਨਊ ਦਾ ਵਪਾਰੀ ਵੀ, ਪੰਜਾਬੀ ਨਿਕਲਿਆ। ਪਹਿਲਾਂ ਉਹ ਕਾਫੀ ਚੁੱਪ ਸੀ। ਵੰਡ ਸਬੰਧੀ ਜਦ ਗੱਲ ਚੱਲੀ ਤਾਂ ਉਹ ਵੀ ਬੋਲ ਪਿਆ। ਸਿਆਲਕੋਟ ਤੋਂ ਆਏ ਸਨ, ਉਹਦੇ ਮਾਂ-ਬਾਪ। ਪਹਿਲਾਂ ਦਿੱਲੀ ਤੇ ਫੇਰ ਲਖਨਊ ਚਲੇ ਗਏ ਸਨ। ਉਸ ਨੇ ਆਪਣੇ ਬਚਪਨ ਤੇ ਸਿਆਲਕੋਟ ਵਿਚ ਬਤੀਤ ਕੀਤੇ ਦਿਨ, ਦਾਦੇ ਦੀ ਦੁਕਾਨਦਾਰੀ, ਫਿਰ 1947 ਦਾ ਉਜਾੜਾ, ਫਿਰ ਸ਼ਰਨਾਰਥੀ ਕੈਪਾਂ ਵਿਚ ਆਰਜ਼ੀ ਠਹਿਰਾਉ ਆਦਿ ਸੰਬਧੀ ਜ਼ਿਕਰ ਕੀਤਾ। 
ਅੱਜ-ਕੱਲ੍ਹ ਉਹਦਾ ਲਖਨਊ ਵਿਚ ਜਿੰਦਰਿਆਂ ਦਾ ਕੰਮ ਸੀ। ਉਹਦੀ ਕਹਾਣੀ ਸੁਣ ਕੇ ਸਰਦਾਰ ਜੀ ਪਾਸੋਂ ਵੀ ਆਪਣੇ ਮਨੋਭਾਵ ਕਾਬੂ ਨਾ ਕਰ ਹੋਏ। ਸਰਦਾਰ ਜੀ ਦਾ ਨਾਂ ਮੋਹਨ ਸਿੰਘ ਸੇਠੀ ਸੀ। ਭਾਰਤ ਦੀ ਵੰਡ ਵੇਲੇ ਸੇਠੀ ਸਾਹਿਬ, 12-13 ਸਾਲ ਦੇ ਸਨ। ਬਾਪ ਸ. ਗੁਰਮੁੱਖ ਸਿੰਘ ਸੇਠੀ ਦੀ ਗੁਜਰਾਂਵਾਲੇ ਕਰਿਆਨੇ ਦੀ ਦੁਕਾਨ ਸੀ। ਆਪਣੇ ਇਲਾਕੇ 'ਚ ਗੁਜਰਾਂਵਾਲੇ ਸ. ਗੁਰਮੁੱਖ ਸਿੰਘ ਨੇ ਛੋਟੀਆਂ ਇੱਟਾਂ ਦਾ ਆਪਣਾ ਇਕ ਬਹੁਤ ਅੱਛਾ ਮਕਾਨ ਬਣਾਇਆ। ਸੜਕ ਨੂੰ ਲੱਗਦੀ ਡਿਊੜੀ ਦੇ ਗੇਟ ਉਪਰ ਡਾਟ ਲਗਵਾਇਆ, ਦਰਵਾਜ਼ੇ ਅਤੇ ਛੱਤਾਂ ਵਿਚਾਲੇ ਗੁਰੂ ਨਾਨਕ, ਬਾਲੇ ਅਤੇ ਮਰਦਾਨੇ ਦੀਆਂ ਤਸਵੀਰਾਂ ਦੀ ਚਿਤਰਕਾਰੀ ਕਰਵਾਈ। ਡਿਊੜ੍ਹੀ ਪਾਰ ਕਰ, ਖੱਬੇ ਹੱਥ ਬਰਾਂਡਾ ਤੇ ਕਮਰੇ ਸਨ। ਸਾਹਮਣੇ ਵਿਹੜਾ, ਬਰਾਂਡੇ ਸਾਹਮਣੇ ਵਿਹੜੇ ਦੇ ਇਕ ਪਾਸੇ ਮੱਝ ਵਾਸਤੇ ਖੁਰਲੀ ਨਲਕਾ ਵੀ ਲਗਵਾਇਆ। ਡਿਉੜ੍ਹੀ ਦੇ ਦਰਵਾਜ਼ੇ ਪਰ 'ਸ.ਗੁਰਮੁੱਖ ਸਿੰਘ ਸੇਠੀ' ਦਾ ਨਾਂ ਉਕਰਾਇਆ ਤੇ ਨਾਲ ਹੀ ਸੰਨ 1907 ਈ: ਲਿਖਿਆ ਹੋਇਆ ਸੀ। 
ਮੋਹਣ ਸਿੰਘ ਸੇਠੀ ਜੀ ਗੁਜਰਾਂਵਾਲੇ ਵਿਖੇ ਹਿੰਦੂ-ਮੁਸਲਮਾਨਾਂ ਦੇ ਆਪਸੀ ਭਾਈਚਾਰੇ ਦੀਆਂ ਗੱਲਾਂ ਦੱਸਦੇ ਦੱਸਦੇ ਬਹੁਤ ਭਾਵੁਕ ਹੋ ਗਏ ਸਨ। 10-12 ਸਾਲ ਦੇ ਬੱਚੇ ਦੇ ਬਹੁਤੇ ਦੋਸਤ ਮੁਸਲਮਾਨ ਹੀ ਸਨ। ਉਹਨਾਂ ਬੱਚਿਆਂ ਕਦੀ ਸੋਚਿਆ ਵੀ ਨਹੀਂ ਸੀ, ਕਿ ਕਿਸੇ ਦਿਨ ਵੱਖ ਹੋ ਜਾਵਾਂਗੇ। 'ਕੱਠੇ ਸਕੂਲ ਜਾਣਾ, ਖੇਡਣਾ, ਪਤੰਗ ਉਡਾਣੇ, ਬਸੰਤ ਮਨਾਣੀ। ਫਿਰ, ਇਕ ਦਮ ਪਾਕਿਸਤਾਨ ਬਣਨ ਦਾ ਰੌਲਾ ਪੈ ਗਿਆ। ਸੰਨ 1947 ਦਾ ਮੰਦਭਾਗਾ ਭਾਦਰੋਂ ਦਾ ਮਹੀਨਾ ਐਸਾ ਚੜ੍ਹਿਆ, ਕਿ ਬੱਸ ਸਰੀਰ ਦਾ, ਮਨ ਦਾ, ਆਤਮਾ ਦਾ, ਮਿੱਟੀ ਦਾ, ਪੌਣਾਂ ਦਾ ਬਟਵਾਰਾ ਹੋਣ ਲੱਗਾ? ਮੋਹਣ ਸਿੰਘ ਹੈਰਾਨ ਸੀ। 'ਇਹ, ਇਕ ਦਮ ਕੀ ਹੋ ਗਿਆ? ਸਾਡੇ ਮਾਂ-ਬਾਪ ਹੁਣ ਮੈਨੂੰ ਘਰੋਂ ਬਾਹਰ ਕਿਉਂ ਨਹੀਂ, ਆਪਣੇ ਮੁਸਲਮਾਨ ਦੋਸਤਾਂ ਨਾਲ ਖੇਡਣ ਦਿੰਦੇ? ਮਾਂ-ਬਾਪ ਕਿਉਂ ਸਹਿਮੇ ਹੋਏ ਹਨ?' ਪੰਜ ਵਡੀਆਂ ਭੈਣਾਂ ਵਿਚੋਂ ਤਿੰਨ ਦੀ ਸ਼ਾਦੀ ਹੋ ਚੁੱਕੀ ਸੀ। ਦੋ ਅਜੇ ਕੁੰਵਾਰੀਆਂ ਸਨ, ਤੇ ਸਭ ਤੋਂ ਛੋਟਾ ਮੋਹਣ ਸਿੰਘ। ਦੇਖਦੇ-ਦੇਖਦੇ ਘਰ ਖਾਲੀ ਕਰ ਕੇ ਗੁਜਰਾਂਵਾਲਾ ਤੋਂ ਕਾਫ਼ਲਾ ਚੱਲ ਪਿਆ। ਬੱਚਾ, ਮੋਹਣ ਸਿੰਘ ਆਪਣੇ ਮੁਸਲਮਾਨ ਦੋਸਤਾਂ ਨੂੰ ਮਿਲਣਾ ਚਾਹੁੰਦਾ ਸੀ, ਪਰ ਨਾ ਮਿਲ ਸਕਿਆ। 
ਖੈਰ! ਦਿੱਲੀ ਆ ਗਏ, ਸ਼ਰਨਾਰਥੀ ਕੈਂਪ ਵਿਚ ਪਹੁੰਚ ਗਏ। ਦਿੱਲੀ ਤੋਂ ਇਕ ਰਿਸ਼ਤੇਦਾਰ ਦੀ ਸਹਾਇਤਾ ਨਾਲ, ਬੰਬਈ ਆ ਗਏ। ਗੁਰਮੁੱਖ ਸਿੰਘ ਸੇਠੀ ਨੇ ਪਹਿਲਾਂ ਬਹੁਤ ਗਰੀਬੀ ਦੀ ਹਾਲਤ ਵਿਚ ਆਪਣੀਆਂ ਦੋ ਕੁੰਵਾਰੀਆਂ ਲੜਕੀਆਂ ਵਿਆਹੀਆਂ, ਤੇ ਫਿਰ ਇਕ ਛੋਟਾ ਜਿਹਾ ਬਿਜਨੈਸ ਸ਼ੁਰੂ ਕੀਤਾ। 
ਕੁਝ ਸਾਲਾਂ ਬਾਅਦ ਮੋਹਣ ਸਿੰਘ ਸੇਠੀ ਵੀ ਜਵਾਨ ਹੋ ਕੇ ਬਿਜਨੈਸ ਦੀ ਦੇਖਭਾਲ ਕਰਨ ਲੱਗਾ। ਹੌਲੀ ਹੌਲੀ ਗੁਜਰਾਂਵਾਲੇ ਦਾ ਉਜਾੜਾ, ਕਾਫਲੇ ਦਾ ਸਫ਼ਰ, ਸੰਘਰਸ਼ ਦੇ ਦਿਨ, ਯਾਦਾਂ ਵਿਚੋਂ ਅਲੋਪ ਹੋਣੇ ਸ਼ੁਰੂ ਹੋ ਗਏ। ਬਜ਼ੁਰਗ ਬਿਮਾਰ ਰਹਿਣ ਲੱਗੇ। ਇਕ ਦਿਨ ਉਨ੍ਹਾਂ ਨੇ ਮੋਹਣ ਸਿੰਘ ਨੂੰ ਆਪਣੇ ਪਾਸ ਬੁਲਾਇਆ ਤੇ ਆਖਿਆ ''..... ਮੋਹਣ ਸਿੰਘ ਮੈਂ ਤੈਨੂੰ ਇਕ ਗੱਲ ਦੱਸਣੀ ਚਾਹੁੰਦਾ ਹਾਂ।'' ਮੋਹਣ ਸਿੰਘ ਸਮਝਿਆ ਕਿ ਬਾਪੂ ਜੀ ਪਤਾ ਨਹੀਂ ਕੀ ਆਖਣਾ ਚਾਹੁੰਦੇ ਹਨ? 
''ਦੱਸੋ ਬਾਪੂ ਜੀ'' - ਮੋਹਨ ਸਿੰਘ ਬੋਲਿਆ। 
ਬਜ਼ੁਰਗ ਗੁਰਮੁਖ ਸਿੰਘ ਬੋਲੇ-''ਬੇਟਾ! ਗੁਜਰਾਂਵਾਲੇ ਵਾਲਾ ਮਕਾਨ ਖਹਿੜਾ ਨਹੀਂ ਛੱਡ ਰਿਹਾ, ਬਹੁਤ ਯਾਦ ਆਉਂਦੀ ਹੈ। ਉਸੇ ਦੀ। ਮੇਰੀ ਇਕ ਤਮੰਨਾ ਹੈ, ਕਿ ਤੂੰ ਇਕ ਵਾਰ ਜਦ ਵੀ ਵਕਤ ਮਿਲੇ, ਕਿਸੇ ਤਰ੍ਹਾਂ ਕਿਸੇ ਜਥੇ ਨਾਲ ਆਪਣੇ ਗੁਜ਼ਰਾਂਵਾਲੇ ਘਰ ਜ਼ਰੂਰ ਜਾਵੀਂ। 'ਜਪੁਜੀ ਸਾਹਿਬ' ਦਾ ਪਾਠ ਕਰ ਕੇ, ਅਰਦਾਸ ਕਰੀਂ, ਮੇਰੀ ਆਤਮਾ ਦੀ ਭਟਕਣਾ ਖਤਮ ਹੋਵੇ।'' ਮੋਹਣ ਸਿੰਘ ਵੀ ਭਾਵੁਕ ਹੋ ਗਿਆ। ਉਸ ਨੂੰ ਵੀ ਆਪਣੇ ਬਚਪਨ ਦੀ ਯਾਦ ਆ ਗਈ। 
ਗੁਰਮੁੱਖ ਸਿੰਘ ਦੇ ਇੰਤਕਾਲ ਤੋਂ ਬਾਅਦ, ਮੋਹਣ ਸਿੰਘ ਨੂੰ ਪਾਕਿਸਤਾਨ ਜਾਣ ਦਾ ਆਪਣਾ ਫਰਜ਼ ਯਾਦ ਆਇਆ। ਮੋਹਣ ਸਿੰਘ ਆਪਣੀ ਗੱਲ, ਅਜੇ ਅਗਾਂਹ ਤੋਰਨ ਹੀ ਵਾਲਾ ਸੀ, ਕਿ ਗੱਡੀ ਰਤਲਾਮ ਸਟੇਸ਼ਨ ਉਤੇ ਆ ਪਹੁੰਚੀ ਸੀ। ਫਿਰ ਕੌਫ਼ੀ ਦਾ ਕੱਪ ਆ ਗਿਆ। ਗਰਮ-ਗਰਮ ਕੌਫ਼ੀ ਨੇ ਸਭ ਮੁਸਾਫਿਰ ਤੇਜ਼ ਕਰ ਦਿੱਤੇ। ਬਾਹਰ ਬਰਸਾਤ ਵੀ ਬਹੁਤ ਤੇਜ਼ ਪੈ ਰਹੀ ਸੀ ਪਰ ਮੋਹਣ ਸਿੰਘ ਦੀ ਵਾਰਤਾਲਾਪ ਏਨੀ ਰਚਵੀਂ ਤੇ ਭਾਵੁਕ ਸੀ ਕਿ ਸਾਰੇ ਮੁਸਾਫਿਰ ਉਸ ਦੀ ਕਹਾਣੀ ਸੁਣਨ ਲਈ ਉਤਾਵਲੇ ਸਨ। 
ਗੱਡੀ ਚੱਲ ਪਈ। ਲਖਨਊ ਵਾਲਾ ਵਪਾਰੀ ਵੀ ਭਾਵੁਕ ਹੋ ਗਿਆ, ਜਿਵੇਂ ਉਸਦੇ ਜ਼ਖਮ ਵੀ ਰਿਸ ਪਏ ਹੋਣ। ਉਹ ਮੋਹਣ ਸਿੰਘ ਨੂੰ ਆਖ ਰਿਹਾ ਸੀ, 'ਫਿਰ ਕੀ ਹੋਇਆ?'
ਮੋਹਣ ਸਿੰਘ ਨੇ ਦੱਸਿਆ, ''ਮੈਂ ਇਕ ਜਥੇ ਨਾਲ ਗੁਜਰਾਂਵਾਲਾ ਜਾ ਪਹੁੰਚਿਆ। ਜਦ ਮੈਂ ਆਪਣੇ ਮੁਹੱਲੇ ਵਿਚ ਦਾਖਲ ਹੋਇਆ, ਤਾਂ ਮੈਨੂੰ ਆਪਣਾ ਬਚਪਨ ਯਾਦ ਆ ਗਿਆ। ਬਿਲਕੁਲ ਉਵੇਂ ਹੀ ਓਹੀ, ਮੁਹੱਲਾ, ਓਹੀ ਗਲੀ, ਜਿਵੇਂ ਮੈਂ ਤੀਹ ਸਾਲ ਪਹਿਲਾਂ ਛੱਡ ਕੇ ਗਿਆ ਸਾਂ। ਕੁਝ, ਨਹੀਂ ਸੀ ਬਦਲਿਆ।'' ਮੋਹਨ ਸਿੰਘ ਆਖ ਰਿਹਾ ਸੀ, ''ਜਿਵੇਂ ਜਿਵੇਂ ਮੇਰੇ ਕਦਮ ਮੇਰੇ ਘਰ ਵੱਲ ਉਠ ਰਹੇ ਸਨ, ਮੈਂ ਪਾਗਲ ਜਿਹਾ ਹੋਇਆ, ਅੱਖਾਂ 'ਚ ਅੱਥਰੂ, ਮੌਨ ਹੋਇਆ, ਇਕ ਵੱਖਰੀ ਹੀ ਪ੍ਰਕਾਰ ਦੀ ਉਤਸੁਕਤਾ ਵਿਚ ਜਾ ਰਿਹਾ ਸਾਂ। 
ਆਪਣੇ ਘਰ ਦੀ ਡਿਊੜ੍ਹੀ ਦੇ ਦਰਵਾਜ਼ੇ ਤੱਕ ਪਹੁੰਚਿਆ। ਓਹੀ ਗੁਰੂ ਨਾਨਕ, ਬਾਲੇ ਮਰਦਾਨੇ ਦਾ ਚਿੱਤਰ, ਹੇਠ ਗੁਰਮੁੱਖ ਸਿੰਘ ਸੇਠੀ, ਸੰਨ 1907, ਦਰਵਾਜ਼ੇ ਉਪਰ ਸਾਫ ਉਕਰੇ ਹੋਏ ਦਿਖਾਈ ਦੇ ਰਹੇ ਸਨ। 
ਅੰਦਰ ਵੜਿਆ, ਨਲਕਾ ਉਥੇ ਦਾ ਉਥੇ ਹੀ ਸੀ, ਖੁਰਲੀ ਕਾਫੀ ਟੁੱਟ ਗਈ ਸੀ, ਪਰ ਹੈ ਸੀ। ਪਰ, ਕੋਈ ਲਵੇਰੀ ਨਹੀਂ ਸੀ। ਡਿਊੜ੍ਹੀ 'ਚ ਵੜ ਕੇ ਆਵਾਜ਼ ਦਿੱਤੀ, ਕੋਈ ਹੈ? ਇਕ ਔਰਤ ਸਾਡੇ ਉਸ ਕਮਰੇ ਵਿਚੋਂ ਬਾਹਰ ਆਈ, ਜਿੱਥੇ ਅਸੀਂ ਸੌਦੇ ਸਾਂ। ਬਰਾਂਡਾ ਸਫੇਦੀ ਅਤੇ ਮੁਰੰਮਤ ਆਦਿ ਖੁਣੋਂ ਕਾਫੀ ਟੁੱਟ ਚੁੱਕਾ ਸੀ। ਸਾਡੇ ਕਮਰੇ ਵਾਲੇ ਦਰਵਾਜ਼ੇ ਅੱਗੇ ਇਕ ਬਹੁਤ ਹੀ ਗੰਦੀ ਤੇ ਟੁੱਟੀ ਭੱਜੀ ਚਿਕ ਲੱਗੀ ਹੋਈ ਸੀ। 
ਔਰਤ ਨੇ ਪੁਛਿਆ, ''ਸਰਦਾਰ ਜੀ ਕਿਸ ਨੂੰ ਮਿਲਣਾ ਹੈ?'' ਮੋਹਣ ਸਿੰਘ ਨੇ ਦੱਸਿਆ ਕਿ, 'ਉਸ ਦੀ ਪੰਜਾਬੀ ਸੁਣ ਕੇ ਮੈਂ ਬਹੁਤ ਖੁਸ਼ ਹੋਇਆ। ਅਤੇ ਉਸ ਔਰਤ ਨੂੰ ਦੱਸਿਆ, ਕਿ ਮੈਂ ਬੰਬਈ ਤੋਂ ਆਇਆ ਹਾਂ। ਇਹ ਜੋ-ਜੋ ਤੁਹਾਡੀ ਡਿਊੜ੍ਹੀ ਦੇ ਦਰਵਾਜ਼ੇ ਤੇ 'ਗੁਰਮੁੱਖ ਸਿਘ ਸੇਠੀ' ਅਜੇ ਤੱਕ ਵੀ ਲਿਖਿਆ ਹੋਇਆ ਹੈ, ਇਹ ਮੇਰੇ ਬਾਪ ਦਾ ਨਾਂ ਹੈ। ਮੈਂ ਜਥੇ ਨਾਲ ਆਇਆ ਸੀ, ਸੋਚਿਆ! ਆਪਣਾ ਘਰ ਵੇਖਦਾ ਜਾਵਾਂ।'' ਮੋਹਣ ਸਿੰਘ ਇਹ ਆਖ ਕੁੱਝ ਚੁੱਪ ਕਰ ਗਏ। ਸ਼ਾਇਦ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰ ਰਹੇ ਸਨ। 
ਮੁਸਾਫਿਰ ਵੀ ਬਿਲਕੁਲ ਚੁੱਪ ਸਨ। ਮੋਹਣ ਸਿੰਘ ਫਿਰ ਬੋਲੇ, ''ਉਸ ਮੁਸਮਾਨ ਔਰਤ ਦੇ ਚਿਹਰੇ 'ਤੇ ਕੁਝ ਅਜੀਬ ਹੀ ਤਰ੍ਹਾਂ ਦੇ ਪ੍ਰਭਾਵ ਦੇਖਣ ਨੂੰ ਮਿਲੇ। ਉਹ ਵੀ ਬਿਲਕੁਲ ਮੌਨ ਹੋ ਗਈ।''
ਫਿਰ ਉਸ ਆਖਿਆ, ''ਭਾਅ ਜੀ ਅੰਦਰ ਆਵੋ, ਪਿਛਲੇ ਤੀਹ ਸਾਲ ਵਿਚ, ਓਸ ਪੰਜਾਬੋਂ! ਕੋਈ ਨਹੀਂ ਆਇਆ। ਬੈਠੋ, ਮੇਰੇ ਖਾਵੰਦ ਮਜ਼ਦੂਰੀ ਕਰਦੇ ਨੇ। ਜਦੋਂ ਦਾ ਪਾਕਿਸਤਾਨ ਬਣਿਆ ਹੈ, ਅਸੀਂ ਏਥੇ ਹੀ ਰਹਿ ਰਹੇ ਹਾਂ। ਪਹਿਲਾਂ ਦੱਸੋਂ ਕੀ ਪੀਉਂਗੇ? 
ਉਸ ਨੇ ਚਾਹ ਬਣਾਈ। ਜਿੰਨੀ ਦੇਰ ਉਹ ਚਾਹ ਬਣਾ ਰਹੀ ਸੀ, ਮੋਹਣ ਸਿੰਘ ਨੇ ਘਰ ਦੀ ਹਰ ਨੁੱਕਰ ਦੀ ਯਾਦ ਤਾਜ਼ਾ ਕੀਤੀ। ਘਰ ਦੀ ਛੱਤ 'ਤੇ ਗਿਆ, ਬਚਪਨ ਦੇ ਪਤੰਗ ਉਡਾਉਣ ਦੇ ਦਿਨਾਂ ਨੂੰ ਚੇਤੇ ਕੀਤਾ, ਤੇ ਰੌਂਦਾ ਹੋਇਆ ਹੇਠਾਂ ਵਿਹੜੇ ਵਿਚ ਆ ਗਿਆ। ਚਾਹ ਆ ਚੁੱਕੀ ਸੀ, ਚਾਹ ਪੀਤੀ। ਵਿਹੜੇ ਵਿਚ ਪਈ ਇਕ ਟੁੱਟੀ ਜਿਹੀ ਮੰਜੀ ਉਤੇ ਬੈਠ, ਹੱਥ ਧੋ ਕੇ 'ਜਪੁਜੀ ਸਾਹਿਬ' ਦਾ ਪਾਠ ਕੀਤਾ। ਬਾਪੂ ਜੀ ਵਲੋਂ ਦੱਸੀ 'ਅਰਦਾਸ ਕੀਤੀ, ਅਤੇ ਫੇਰ ਮੁਸਲਮਾਨ ਬੀਬੀ ਪਾਸ ਆ ਗਿਆ। ਏਨੇ ਵਿਚ ਬੱਚੇ ਵੀ ਆ ਗਏ ਸਨ। 
''ਇਹ ਮੇਰਾ ਵੱਡਾ ਪੁੱਤਰ ਹੈ, ਇਹ ਵੀ ਮਜ਼ਦੂਰੀ ਕਰਦਾ ਹੈ। 'ਪੁੱਤਰ! ਇਹ ਭਾਰਤ ਤੋਂ ਆਏ ਹਨ, ਵੰਡ ਵੇਲੇ ਭਾਅ ਜੀ, ਇਹ ਪੈਦਾ ਹੀ ਹੋਇਆ ਸੀ।''
ਮੋਹਣ ਸਿੰਘ ਨੇ ਔਰਤ ਨੂੰ ਪੁੱਛਿਆ, ''ਕਿ ਤੁਹਾਡਾ ਕੀ ਨਾਮ ਹੈ?''
ਔਰਤ ਬੋਲੀ, ''ਮੇਰਾ ਨਾਮ ਨਫੀਸਾ ਹੈ। ਖਾਵੰਦ ਦਾ ਨਾਮ ਮੁਹੰਮਦ, ਬੇਟੇ ਦਾ ਨਾਮ ਫਕੀਰ ਦੀਨ।''
ਨਫੀਸਾ ਬੋਲੀ, ''ਸਰਦਾਰ ਜੀ ਕਿਥੋਂ ਆਏ ਹੋ?''
ਮੋਹਣ ਸਿੰਘ ਨੇ ਦੱਸਿਆ ਕਿ, ''ਬੰਬਈ ਤੋਂ ਆਇਆ ਹਾਂ।''
ਨਫੀਸਾ ਨੇ ਦੱਸਣਾ ਸ਼ੁਰੂ ਕੀਤਾ-''ਅਸੀਂ ਹੁਸ਼ਿਆਰਪੁਰ ਤੋਂ ਆਏ ਹਾਂ। ਘੰਟਾ ਘਰ ਤੋਂ ਖੱਬੇ ਹੱਥ ਕਚਿਹਰੀਆਂ ਵੱਲ ਜੋ ਸੜਕ ਜਾਂਦੀ ਹੈ, ਉਥੇ ਸਾਡੀ ਲੋਹੇ ਦੀ ਦੁਕਾਨ ਸੀ। ਘੰਟਾ ਘਰ ਚੌਕ ਤੋਂ ਅੰਦਰ ਜਾ ਕੇ ਖੱਬੇ ਹੱਥ ਜੋ ਗਲੀ ਮੁੜਦੀ ਹੈ, ਉਹਦੇ ਅਖੀਰ ਤੇ ਸਾਡਾ ਘਰ ਸੀ। ਦੁਕਾਨ ਵਿਚ ਕਾਫੀ ਮਾਲ ਸੀ। ਮਕਾਨ ਬਨਾਉਣ ਵੇਲੇ ਸਾਰਾ ਸਮਾਨ ਸਾਡੀ ਦੁਕਾਨ ਤੋਂ ਜਾਂਦਾ ਸੀ, ਅਸੀਂ ਬਹੁਤ ਖੁਸ਼ ਸਾਂ। ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ, ਘਰ ਚੰਗਾ ਸੀ, ਮੈਂ ਬੜੀ ਖੁਸ਼ ਸਾਂ। ਵੰਡ ਵੇਲੇ, ਇਹ ਫਕੀਰ ਦੀਨ ਪੈਦਾ ਹੋਣ ਵਾਲਾ ਸੀ। ਕਦੀ ਸੋਚਿਆ ਵੀ ਨਹੀਂ ਸੀ। ਕਿ 47 ਦੀ ਵੰਡ ਵਾਲਾ ਭਾਣਾ ਵੀ ਵਾਪਰ ਜਾਵੇਗਾ? 'ਅੱਲਾ' ਨੂੰ ਜੋ ਮਨਜ਼ੂਰ ਸੀ, ਉਹ ਵਾਪਰ ਗਿਆ। ਖਾਂਦਾ-ਪੀਂਦਾ ਘਰ-ਬਾਰ, ਕਾਰੋਬਾਰ ਛੱਡ ਕੇ, ਉਜੜ ਕੇ ਇਥੇ ਗੁਜਰਾਂਵਾਲਾ ਆ ਗਏ। ਤੁਹਾਡਾ ਘਰ ਸਾਨੂੰ ਮਿਲ ਗਿਆ, ਪਰ ਸਭ ਕੁੱਝ ਬਰਬਾਦ ਹੋ ਗਿਆ। ਲੱਖਾਂ ਤੋਂ ਕੱਖਾਂ ਦੇ ਬਣ ਗਏ। ਮੁਹੰਮਦ, ਮਜੂਰੀ ਕਰਨ ਲੱਗ ਪਿਆ। ਘਰ ਦਾ ਖ਼ਰਚਾ ਫੇਰ ਵੀ ਨਹੀਂ ਚੱਲਦਾ। ਮਜੂਰੀ ਵਿਚ, ਗਰੀਬੀ ਵਿਚ, ਫਕੀਰ ਦਾ ਵਿਆਹ ਵੀ ਨਹੀਂ ਹੋ ਸਕਿਆ, ਘਰ ਦੀ ਮੁਰੰਮਤ ਤਾਂ ਇਕ ਪਾਸੇ ਰਹੀ। 
'ਸਰਦਾਰ ਜੀ! ਅੱਲਾ ਤਾਲਾ ਨੇ ਏਹ ਕੀ ਕੀਤਾ? ਜਦੋਂ ਦਾ ਪਾਕਿਸਤਾਨ ਬਣਿਐ, ਅਸੀਂ ਤਾਂ ਰੁੱਲ ਗਏ। ਤੁਸੀਂ ਰੌਂਦੇ ਜ਼ਰੂਰ ਹੋ, ਆਪਣੇ ਮਕਾਨ ਨੂੰ ਦੇਖ ਕੇ, ਪਰ ਤੁਸੀਂ ਵਾਹਵਾ ਸਰਦੇ-ਪੁੱਜਦੇ ਲੱਗਦੇ ਹੋ, ਜਿਹੜੇ ਪਾਕਿਸਤਾਨ ਆ ਕੇ ਆਪਣੇ ਘਰ ਵੀ ਆ ਗਏ।'
ਭਾਅ ਜੀ! ਅਸੀਂ ਤੇ ਬਹੁਤ ਦੁਖੀ ਹਾਂ, ਮਜ਼ੂਰੀ ਨਾਲ ਸਾਡਾ ਕੁੱਝ ਬਣਦਾ ਨਹੀਂ,  ਹੁਸ਼ਿਆਰਪੁਰ ਅਸੀਂ ਮੌਜਾਂ ਕਰਦੇ ਸਾਂ। ਭਾਅ ਜੀ, ਤੁਸੀਂ ਆਪਣੇ ਇਸ ਘਰ ਨੂੰ ਏਨਾਂ ਪਿਆਰ ਕਰਦੇ ਹੋ, ਕੀ ਇੰਝ ਨਹੀਂ ਹੋ ਸਕਦਾ, ਕਿ ਤੁਸੀਂ ਏਥੇ ਆਪਣੇ ਘਰ ਆ ਜਾਵੋ ਤੇ ਅਸੀਂ ਆਪਣੇ ਘਰ ਹੁਸ਼ਿਆਰਪੁਰ ਚਲੇ ਜਾਈਏ। 
ਮੋਹਣ ਸਿੰਘ, ਨਫੀਸਾ ਦੀ ਸਾਰੀ ਵਾਰਤਾਲਾਪ ਸੁਣ ਕੇ ਬਹੁਤ ਭਾਵੁਕ ਹੋ ਗਿਆ। ਇਕ ਗਹਿਰੀ ਪੀੜਾ, ਉਸ ਅੰਦਰ ਚੀਸ ਵੱਟ ਰਹੀ ਸੀ, ਕੁਝ ਨਹੀਂ ਬੋਲਿਆ। 
ਰਾਜਧਾਨੀ ਐਕਸਪ੍ਰੈਸ, ਬੰਬਈ ਵੱਲ ਵਧੀ ਜਾ ਰਹੀ ਸੀ। ਮੋਹਣ ਸਿੰਘ ਰੋ ਰਿਹਾ ਸੀ, ਉਸ ਦਾ ਹਿੰਦੂ ਦੋਸਤ ਵੀ ਭਿੱਜੀਆਂ ਅੱਖਾਂ ਨਾਲ, ਆਪਣੇ ਮਿੱਤਰ ਵੱਲ ਵੇਖ ਰਿਹਾ ਸੀ। ਡਾਕਟਰ ਤੇ ਉਸ ਦਾ ਬੇਟਾ ਚੁੱਪ ਸਨ। ਲਖਨਊ ਦਾ ਵਪਾਰੀ ਵੀ ਚੁੱਪ ਸੀ।.... ਪਰ, ਸਾਰਿਆਂ ਦੀ ਚੁੱਪ, ਇਕ ਗਹਿਰਾ .... ਦਰਦ-ਭਰਿਆ, ਅਹਿਸਾਸ ਦੱਬਣ ਦੀ ਕੋਸ਼ਿਸ਼ ਕਰ ਰਹੀ ਸੀ। 

ਦੁਖਦਾਈ ਹੈ, ਬਿਆਸ ਦਰਿਆ 'ਚ ਆਂਧਰਾ ਪ੍ਰਦੇਸ਼ ਦੇ 24 ਨੌਜਵਾਨਾਂ ਦਾ ਰੁੜ੍ਹ ਜਾਣਾ

ਇਕ ਬਹੁਤ ਹੀ ਦੁਖਦਾਈ ਦੁਰਘਟਨਾ ਵਿਚ 8 ਜੂਨ ਨੂੰ ਹੈਦਰਾਬਾਦ (ਆਂਧਰਾ ਪ੍ਰਦੇਸ਼-ਤਿਲੰਗਾਨਾ) ਤੋਂ ਹਿਮਾਚਲ ਪ੍ਰਦੇਸ਼ ਵਿਚ ਸੈਰ ਕਰਨ ਆਏ ਇਕ ਇੰਜੀਨੀਅਰਿੰਗ ਕਾਲਜ ਦੇ 24 ਨੌਜਵਾਨ ਵਿਦਿਆਰਥੀ ਬਿਆਸ ਦਰਿਆ ਵਿਚ ਰੁੜ੍ਹ ਗਏ ਹਨ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਗਰਮੀ ਤੋਂ ਰਾਹਤ ਪਾਉਣ ਲਈ ਥਲੌਟ ਵਿਖੇ ਬਸ ਤੋਂ ਉਤਰਕੇ ਬਿਆਸ ਦਰਿਆ ਦੇ ਕੰਢੇ ਉਤੇ ਆਰਾਮ ਕਰਨ ਲੱਗ ਪਏ ਸਨ। ਉਸ ਥਾਂ ਤੋਂ ਉਪਰਲੇ ਪਾਸੇ ਸਥਿਤ ਲਾਰਜੀ ਡੈਮ ਵਲੋਂ ਇਕਦਮ ਪਾਣੀ ਛੱਡੇ ਜਾਣ ਨਾਲ ਉਹ ਕੁੱਝ ਪਲਾਂ ਵਿਚ ਹੀ ਦਰਿਆ ਵਿਚ ਪਾਣੀ ਦੇ ਪੱਧਰ ਦੇ ਕਾਫੀ ਵੱਧ ਜਾਣ ਕਰਕੇ ਅਤੇ ਉਸਦੀ ਤੇਜ ਰਫਤਾਰ ਕਰਕੇ ਰੁੜ੍ਹ ਗਏ। ਇਸ ਤਰ੍ਹਾਂ ਸੈਰ 'ਤੇ ਆਏ ਵਿਦਿਆਰਥੀਆਂ ਵਿਚੋਂ ਅੱਧੇ 24 ਨੌਜਵਾਨ ਅਤੇ ਉਨ੍ਹਾਂ ਦਾ ਇਕ ਟੂਰ ਆਪਰੇਟਰ ਕਾਲ ਦੇ ਸ਼ਿਕਾਰ ਬਣ ਗਏ। 
ਇਹ ਹਾਦਸਾ ਜਿੱਥੇ ਬਹੁਤ ਹੀ ਦੁਖਦਾਈ ਅਤੇ ਹਿਰਦੇਵੇਧਕ ਹੈ। ਇਸ ਦੁਰਘਟਨਾ ਬਾਰੇ ਮੰਡੀ ਦੇ ਡਵੀਜ਼ਨਲ ਕਮਿਸ਼ਨਰ ਵਲੋਂ ਪੇਸ਼ ਕੀਤੀ ਰਿਪੋਰਟ ਅਨੁਸਾਰ ਨਾਰਦਰਨ ਪਾਵਰ ਗਰਿਡ ਜਿਹੜਾ ਕਿ ਕੌਮੀ ਪੱਧਰ 'ਤੇ ਸਮੁੱਚੇ ਦੇਸ਼ ਨੂੰ ਬਿਜਲੀ ਸਪਲਾਈ ਕਰਨ ਵਾਲੇ ਨਿਜਾਮ ਨਾਲ ਜੁੜਿਆ ਹੈ, ਦੇ ਵਾਧੂ ਬਿਜਲੀ ਪੈਦਾ ਹੋਣ ਕਰਕੇ ਨੁਕਸਾਨੇ ਜਾਣ ਦੇ ਅੰਦੇਸ਼ੇ ਦੀ ਸਥਿਤੀ ਆਉਣ ਕਰਕੇ ਲਾਰਜੀ ਡੈਮ, ਜਿਹੜਾ ਕਿ ਹਿਮਾਚਲ ਪ੍ਰਦੇਸ਼ ਬਿਜਲੀ ਬੋਰਡ ਦਾ ਅਦਾਰਾ ਹੈ, ਨੂੰ ਆਪਣੀ ਬਿਜਲੀ ਉਤਪਾਦਨ ਦੀ ਸਮਰਥਾ 8 ਜੂਨ ਸ਼ਾਮ ਨੂੰ 126 ਮੈਗਾਵਾਟ ਤੋਂ ਥੋੜੇ ਸਮੇਂ ਵਿਚ ਪੜਾਅਵਾਰ ਘਟਾਕੇ 32 ਮੈਗਾਵਾਟ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਹ ਡੈਮ, ਅਜਿਹਾ ਡੈਮ ਹੈ ਜਿਸਦੀ ਬਿਜਲੀ ਉਤਪਾਦਨ ਮਸ਼ੀਨਰੀ ਦਰਿਆ ਦੇ ਸਿੱਧੇ ਵਗਦੇ ਪਾਣੀ ਨਾਲ ਚਲਦੀ ਹੈ, ਜੇਕਰ ਉਤਪਾਦਨ ਘੱਟ ਕਰਨਾ ਹੈ ਤਾਂ ਡੈਮ ਤੋਂ ਪਾਣੀ ਵਧੇਰੇ ਮਾਤਰਾ ਵਿਚ ਛੱਡਣਾ ਪਵੇਗਾ, ਨਹੀਂ ਤਾਂ ਡੈਮ ਰੁੜ੍ਹ ਸਕਦਾ ਹੈ, ਕਿਉਂਕਿ ਡੈਮ ਤੋਂ ਪਹਿਲਾਂ ਪਾਣੀ ਨੂੰ ਰੋਕਣ ਲਈ ਕੋਈ ਝੀਲ ਨਹੀਂ ਹੈ। ਇਸੇ ਲਈ ਸ਼ਾਮ 6 ਵਜੇ ਤੋਂ 6.15 ਵਜੇ ਦਰਮਿਆਨ ਜਦੋਂ ਉਤਪਾਦਨ ਘਟਾਉਣ ਦਾ ਨਿਰਦੇਸ਼ ਆਇਆ ਤਾਂ ਪਾਣੀ 20 ਕਿਊਸੈਕ ਤੋਂ ਵਧਾਕੇ 50 ਕਿਊਸੈਕ ਛੱਡਿਆ ਜਾਣ ਲੱਗਾ, ਹੋਰ ਉਤਪਾਦਨ ਘੱਟ ਕਰਨ ਦਾ ਨਿਰਦੇਸ਼ ਮਿਲਣ 'ਤੇ 6.15 ਤੋਂ 6.45 ਤੱਕ ਇਹ 150 ਕਿਊਸੈਕ ਕੀਤਾ ਗਿਆ। ਉਤਪਾਦਨ ਨੂੰ 32 ਮੈਗਾਵਾਟ ਲਿਆਉਣ ਲਈ ਅਗਲੇ 15 ਮਿੰਟਾਂ ਵਿਚ ਹੀ 7 ਵਜੇ ਇਹ ਪਾਣੀ ਤਿਗੂਣੀ ਮਾਤਰਾ ਵਿਚ 450 ਕਿਊਸੈਕ ਛੱਡਿਆ ਜਾਣ ਲੱਗ ਪਿਆ। ਇਸ ਤਰ੍ਹਾਂ ਦਰਿਆ ਵਿਚ ਇਕਦਮ 15 ਮਿੰਟਾਂ ਵਿਚ ਹੀ ਤਿਗਣੀ ਮਾਤਰਾ ਵਿਚ ਪਾਣੀ ਵੱਗਣ ਲੱਗਾ, ਪਾਣੀ ਇਕਦਮ ਵੱਧ ਜਾਣ ਨਾਲ, ਬਿਆਸ ਦਰਿਆ ਦੇ ਕਿਨਾਰੇ 'ਤੇ ਖੜੇ-ਬੈਠੇ ਇਨ੍ਹਾਂ ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲ ਸਕਿਆ ਅਤੇ 24 ਨੌਜਵਾਨ ਉਸ ਪਾਣੀ ਵਿਚ ਰੁੜ੍ਹ ਗਏ, ਜਿਨ੍ਹਾਂ ਵਿਚੋਂ 8 ਨੌਜਵਾਨਾਂ ਦੀਆਂ ਮਿਰਤਕ ਦੇਹਾਂ ਅੱਜ ਤੱਕ ਵੀ ਨਹੀਂ ਲਭ ਸਕੀਆਂ ਹਨ। 
ਲਾਰਜੀ ਡੈਮ ਤੋਂ ਉਪਰ ਸਥਿਤ ਬਸਪਾ ਪ੍ਰੋਜੈਕਟ 8 ਜੂਨ ਨੂੰ ਆਪਣੀ 300 ਮੈਗਾਵਾਟ ਦੀ ਸਮਰੱਥਾ ਦੀ ਥਾਂ 330 ਮੈਗਾਵਾਟ ਬਿਜਲੀ ਪੈਦਾ ਕਰਦਾ ਰਿਹਾ ਸੀ। ਨਾਰਦਰਨ ਗਰਿਡ ਵਿਚ ਵਧੇਰੇ ਬਿਜਲੀ ਜਾਣ ਕਰਕੇ ਨੁਕਸ ਪੈਣ ਦੀ ਸਥਿਤੀ ਵਿਚ ਜੇ.ਪੀ. ਕੰਪਨੀ ਦੀ ਮਾਲਕੀ ਵਾਲੇ ਇਸ ਨਿਜੀ ਪ੍ਰੋਜੈਕਟ ਨੂੰ ਵਧੇਰੇ ਬਿਜਲੀ ਉਤਪਾਦਤ ਕਰਨ ਤੋਂ ਨਹੀਂ ਰੋਕਿਆ ਗਿਆ। ਇਸੇ ਤਰ੍ਹਾਂ ਲਾਰਜੀ ਡੈਮ ਤੋਂ ਉਪਰਲੇ ਪਾਸੇ ਬਿਆਸ ਦਰਿਆ ਉਤੇ ਸਥਿਤ ਕਰਚਮ ਵਾਂਗਤੂ ਪ੍ਰੋਜੈਕਟ ਜਿਹੜਾ 1000 ਮੈਗਾਵਾਟ ਉਤਪਾਦਨ ਕਰਦਾ ਹੈ ਅਤੇ ਜੇ.ਪੀ.ਗਰੁਪ ਦੀ ਮਾਲਕੀ ਵਾਲਾ ਹੈ, ਦੀ ਇਕ ਟਰਬਾਇਨ ਬੰਦ ਕਰਕੇ ਹੀ ਉਤਪਾਦਨ ਘੱਟ ਕੀਤਾ ਜਾ ਸਕਦਾ ਸੀ। ਕਿਉਂਕਿ ਉਸ ਕੋਲ ਝੀਲ ਹੋਣ ਕਰਕੇ ਵਾਧੂ ਪਾਣੀ ਉਸ ਵਿਚ ਸਮਾਅ ਸਕਦਾ ਸੀ। ਉਸਨੂੰ ਵੀ ਉਤਪਾਦਨ ਘੱਟ ਕਰਨ ਲਈ ਨਹੀਂ ਕਿਹਾ ਗਿਆ। ਇਥੇ ਇਹ ਵਰਣਨਯੋਗ ਹੈ ਕਿ ਜੇ.ਪੀ. ਗਰੁੱਪ ਦੇ ਇਨ੍ਹਾਂ ਪ੍ਰੋਜੈਕਟਾਂ ਤੋਂ ਬਿਜਲੀ ਹਿਮਾਚਲ ਰਾਜ ਬਿਜਲੀ ਬੋਰਡ ਖਰੀਦਦਾ ਹੈ। ਇਸੇ ਤਰ੍ਹਾਂ ਸਤਲੁਜ ਜਲ ਵਿਦਯੁਤ ਨਿਗਮ ਦੇ 1500 ਮੈਗਾਵਾਟ ਵਾਲੇ ਨਾਥਪਾ ਝਾਖੜੀ ਨੂੰ ਵੀ ਉਤਪਾਦਨ ਘਟਾਉਣ ਲਈ ਨਹੀਂ ਕਿਹਾ ਗਿਆ। ਜਨਤਕ ਖੇਤਰ ਦੇ 126 ਮੈਗਾਵਾਟ ਵਾਲੇ ਅਦਾਰੇ ਲਾਰਜੀ ਪ੍ਰੋਜੈਕਟ ਨੂੰ ਉਤਪਾਦਨ ਇਕਦਮ ਘਟਾਉਣ ਲਈ ਨਿਰਦੇਸ਼ ਦਿੱਤੇ ਗਏ। ਜਿਸ ਦੇ ਸਿੱਟੇ ਵਜੋਂ 24 ਨੌਜਵਾਨ ਕਾਲ ਦੀ ਭੇਟ ਚੜ੍ਹ ਗਏ। ਇਸ ਤਰ੍ਹਾਂ ਸਪੱਸ਼ਟ ਰੂਪ ਵਿਚ ਪ੍ਰਸ਼ਾਸਨ ਤੇ ਅਫਸਰਸ਼ਾਹੀ ਦੀ ਪੂੰਜੀਪਤੀਆਂ ਦੇ ਹਿੱਤਾਂ ਦਾ ਧਿਆਨ ਰੱਖਣ ਦੀ ਮਾਨਸਿਕਤਾ, ਜਿਸ ਪਿੱਛੇ ਭਰਿਸ਼ਟਾਚਾਰ ਚਾਲਕ ਸ਼ਕਤੀ ਹੁੰਦਾ ਹੈ ਅਤੇ ਲਾਪਰਵਾਹੀ ਇਨ੍ਹਾਂ ਨੌਜਵਾਨਾਂ ਨਾਲ ਵਾਪਰੀ ਦੁਰਘਟਨਾ ਦਾ ਕਾਰਨ ਹੈ। 
'ਸੰਗਰਾਮੀ ਲਹਿਰ' ਇਨ੍ਹਾਂ ਅਕਾਲ ਮੌਤ ਦੀ ਗੋਦ ਵਿਚ ਚਲੇ ਜਾਣ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਾ ਹੋਇਆ ਉਨ੍ਹਾਂ ਦੇ ਇਸ ਹਿਰਦੇਵੇਧਕ ਦੁਖ ਵਿਚ ਸ਼ਰੀਕ ਹੁੰਦਾ ਹੈ। 

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਜੁਲਾਈ 2014)

ਨਸ਼ਾਖੋਰੀ ਤੇ ਬਿਜਲੀ ਦਰਾਂ 'ਚ ਵਾਧੇ ਵਿਰੁੱਧ ਸੀ.ਪੀ.ਐਮ. ਪੰਜਾਬ ਵਲੋਂ ਥਾਂ-ਥਾਂ ਮੁਜ਼ਾਹਰੇ

ਨਸ਼ਾਖੋਰੀ ਦੇ ਸੰਤਾਪ ਅਤੇ ਬਿਜਲੀ ਦਰਾਂ 'ਚ ਵਾਧੇ ਦੀ ਤਜ਼ਵੀਜ਼ ਖਿਲਾਫ 27 ਮਈ ਨੂੰ ਜਲੰਧਰ 'ਚ ਕੀਤੀ ਗਈ ਪ੍ਰਭਾਵਸ਼ਾਲੀ ਕਨਵੈਨਸ਼ਨ ਵਲੋਂ ਲਏ ਗਏ ਫੈਸਲੇ ਦੀ ਸੇਧ ਵਿਚ ਸੀ.ਪੀ.ਐਮ.ਪੰਜਾਬ ਵਲੋਂ ਸੂਬੇ ਭਰ ਵਿਚ ਮੁਜ਼ਾਹਰੇ ਕੀਤੇ ਗਏ। ਇਨ੍ਹਾਂ ਮੁਜ਼ਾਹਰਿਆਂ ਦੌਰਾਨ ਭਾਰੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਨੇ ਸੂਬੇ 'ਚ ਵਧ ਰਹੀ ਨਸ਼ਾਖੋਰੀ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਮੈਕ, ਹੈਰੋਈਨ ਵਰਗੇ ਸੰਥੈਟਿਕ ਨਸ਼ਿਆਂ ਨੇ ਜਵਾਨੀ ਦੇ ਵੱਡੇ ਹਿੱਸੇ ਨੂੰ ਅਪਣੀ ਲਪੇਟ ਵਿਚ ਲੈ ਲਿਆ ਹੈ। ਹਜ਼ਾਰਾਂ ਪਰਵਾਰ ਬਰਬਾਦ ਹੋ ਗਏ ਹਨ ਤੇ ਸਭ ਤੋਂ ਮਾੜਾ ਪਹਿਲੂ ਇਹ ਹੈ ਕਿ ਗੈਰ ਕਾਨੂੰਨੀ ਨਸ਼ਿਆਂ ਦੀ ਤਸਕਰੀ 'ਚ ਹਾਕਮ ਸਿਆਸੀ ਪਾਰਟੀਆਂ ਦੇ ਵੱਡੇ ਆਗੂ, ਪੁਲਸ ਤੇ ਸਿਵਲ ਪ੍ਰਸ਼ਾਸਨ ਦੇ ਕਈ ਅਧਿਕਾਰੀ ਭਾਈਵਾਲ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹੋ ਕਾਰਨ ਹੈ ਕਿ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੌਰਾਨ ਨਸ਼ਾ ਕਰਨ ਵਾਲੇ ਤਾਂ ਫੜੇ ਜਾ ਰਹੇ ਹਨ ਪਰ ਨਸ਼ਾ ਵੇਚਣ ਵਾਲਿਆਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ। ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਸੂਬੇ ਦੀਆਂ ਸਿਹਤਮੰਦ ਤੇ ਉਸਾਰੂ ਸਮਾਜਕ ਕਦਰਾਂ ਕੀਮਤਾਂ, ਦੀ ਜੋਤ ਨੂੰ ਜਗਾਈ ਰੱਖਣ ਅਤੇ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਖਿਲਾਫ ਉਠ ਖੜੋਣ ਦਾ ਸੱਦਾ ਦਿੱਤਾ। ਪਾਵਰਕਾਮ ਵਲੋਂ ਬਿਜਲੀ ਦਰਾਂ 'ਚ 12 ਫੀਸਦੀ ਵਾਧੇ ਦੀ ਤਜ਼ਵੀਜ਼ ਦਾ ਜ਼ੋਰਦਾਰ ਵਿਰੋਧ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਇਸ ਵਾਧੇ ਨਾਲ ਮਹਿੰਗਾਈ ਦੀ ਮਾਰ ਹੇਠ ਕਰਾਹ ਰਹੇ ਲੋਕਾਂ 'ਤੇ ਹੋਰ ਬੋਝ ਆ ਪਵੇਗਾ। ਜਿਸ ਸਮੇਂ ਪਾਵਰਕਾਮ ਮੁਨਾਫਾ ਕਮਾ ਰਹੀ ਹੈ, ਉਸ ਸਮੇਂ ਬਿਜਲੀ ਦਰਾਂ 'ਚ ਇਹ ਵਾਧਾ ਕਿਸੇ ਵੀ ਤਰ੍ਹਾਂ ਤਰਕਸੰਗਤ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਪਾਵਰਕਾਮ ਦੀ ਇਸ ਹਨੇਰਗਰਦੀ ਵਿਰੁੱਧ ਜਥੇਬੰਦਕ ਢੰਗ ਨਾਲ ਆਵਾਜ਼ ਉਠਾਉਣ ਦਾ ਸੱਦਾ ਦਿੱਤਾ। ਇਨ੍ਹਾਂ ਮੁਜ਼ਾਹਰਿਆਂ ਨਾਲ ਸਬੰਧਤ 'ਸੰਗਰਾਮੀ ਲਹਿਰ' ਨੂੰ ਪੁੱਜੀਆਂ ਸੰਖੇਪ ਰਿਪੋਰਟਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ : 

ਜ਼ਿਲ੍ਹਾ ਅੰਮ੍ਰਿਤਸਰ ਪਾਰਟੀ ਵਲੋਂ ਨਸ਼ਾ ਵਿਰੋਧੀ ਕਨਵੈਨਸ਼ਨ ਦੌਰਾਨ ਲਏ ਗਏ ਫੈਸਲੇ ਵਿਚ ਤਹਿ ਕੀਤਾ ਗਿਆ ਸੀ ਕਿ 10,11 ਅਤੇ 12 ਜੂਨ ਨੂੰ ਪੰਜਾਬ ਵਿਚ ਵਿਖਾਵੇ ਕਰਕੇ ਮਸ਼ਾਲ ਮਾਰਚ ਤੇ ਪ੍ਰਭਾਤ ਫੇਰੀਆਂ ਰਾਹੀਂ ਲੋਕਾਂ ਨੂੰ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ, ਤੋਂ ਜਾਣੂ ਕਰਾ ਕੇ ਪੰਜਾਬ ਸਰਕਾਰ ਦੇ ਕੁਝ ਮੰਤਰੀਆਂ ਅਤੇ ਅਧਿਕਾਰੀਆਂ ਦੇ ਇਸ ਕੰਮ ਵਿਚ ਹੱਥ ਹੋਣ ਤੋਂ ਜਾਣੂ ਕਰਾਇਆ ਜਾਵੇ ਅਤੇ ਨਾਲ ਹੀ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਬਿਜਲੀ ਦੇ ਰੇਟਾਂ ਵਿਚ ਕੀਤੇ ਜਾਣ ਵਾਲੇ ਤਜਵੀਜਤ ਵਾਧੇ ਤੋਂ ਵੀ ਜਾਣੂ ਕਰਵਾਇਆ ਜਾਵੇ ਅਤੇ ਸੰਘਰਸ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਜਾਵੇ। ਇਸ ਮੁਹਿੰਮ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜਮਾਲਪੁਰ ਵਿਚ ਮਾਰਚ ਕੀਤਾ ਗਿਆ, ਮਹਿਤੇ ਪਿੰਡ ਤੇ ਬਾਜਾਰ ਵਿਚ ਮਾਰਚ ਕੀਤਾ ਗਿਆ। ਇਸ ਸਮੇਂ ਇਕੱਠੇ ਹੋਏ ਲੋਕਾਂ ਨੂੰ ਅਮਰੀਕ ਸਿੰਘ ਦਾਊਦ, ਗੁਰਮੁਖ ਸਿਘ ਮਹਿਤਾ, ਦਲਬੀਰ ਸਿਘ ਪੱਪੂ ਜਮਾਲਪੁਰ ਨੇ ਸੰਬੋਧਨ ਕੀਤਾ। 

10 ਜੂਨ ਨੂੰ ਪਿੰਡ ਮੱਲੀਆਂ ਵਿਚ ਮਸ਼ਾਲ ਮਾਰਚ ਕੀਤਾ ਗਿਆ ਜਿਸ ਦੀ ਅਗਵਾਈ ਜਸਵੰਤ ਸਿੰਘ ਤੇ ਅਜੀਤ ਸਿੰਘ ਨੇ ਕੀਤੀ। 11 ਜੂਨ ਨੂੰ ਮੱਲ੍ਹੀਆਂ ਵਿਚ ਮਸ਼ਾਲ ਮਾਰਚ ਕੀਤਾ ਗਿਆ ਜਿਸ ਦੀ ਅਗਵਾਈ ਤਰਸੇਮ ਸਿੰਘ ਸੋਨੀ ਅਤੇ ਬਲਦੇਵ ਸਿੰਘ ਨੇ ਕੀਤੀ। ਇਹਨਾਂ ਦੋਹਾਂ ਥਾਵਾਂ ਤੇ ਇਕੱਤਰ ਹੋਏ ਲੋਕਾਂ ਨੂੰ ਨਿਰਮਲ ਸਿੰਘ ਛੱਜਲਵੱਢੀ ਅਤੇ ਗੁਰਮੇਜ਼ ਸਿੰਘ ਤਿੰਮੋਵਾਲ ਨੇ ਸੰਬੋਧਨ ਕੀਤਾ। 

12 ਜੂਨ ਨੂੰ ਰਈਆ ਵਿਖੇ ਮਾਰਚ ਕੀਤਾ ਗਿਆ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਸਮੇਂ ਹੋਏ ਇਕੱਠ ਨੂੰ ਅਮਰੀਕ ਸਿੰਘ ਦਾਊਦ, ਹਰਪ੍ਰੀਤ ਸਿੰਘ ਬੁਟਾਰੀ, ਨਿਰਮਲ ਸਿੰਘ ਛੱਜਲਵੱਡੀ, ਨਿਰਮਲ ਸਿੰਘ ਭਿੱਡਰ ਅਤੇ ਨਿਸ਼ਾਨ ਸਿੰਘ ਧਿਆਨਪੁਰ ਨੇ ਸੰਬੋਧਨ ਕੀਤਾ। ਇਸੇ ਮੁਹਿੰਮ ਨੂੰ ਅੱਗੇ ਤੋਰਦਿਆਂ ਹੋਇਆਂ 14 ਜੂਨ ਨੂੰ ਪਿੰਡ ਕਾਨੀਵਾਲ ਵਿਚ ਢੋਲ ਵਜਾ ਕੇ ਮਾਰਚ ਕੀਤਾ ਗਿਆ ਅਤੇ ਇਕੱਠੇ ਹੋਏ ਲੋਕਾਂ ਨੂੰ ਨਿਰਮਲ ਸਿੰਘ ਛੱਜਲਵੱਢੀ, ਅਜੈਬ ਸਿੰਘ ਜਹਾਂਗੀਰ ਅਤੇ ਸੁਖਦੇਵ ਸਿੰਘ ਕਾਜੀਵਾਲ ਨੇ ਸੰਬੋਧਨ ਕੀਤਾ। 

ਅੰਮ੍ਰਿਤਸਰ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ (ਸੀ ਪੀ ਐੱਮ ਪੰਜਾਬ) ਦੀ ਸੂਬਾਈ ਕਮੇਟੀ ਦੇ ਸੱਦੇ 'ਤੇ ਸੂਬੇ ਅੰਦਰ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਅਤੇ ਬਿਜਲੀ ਦਰਾਂ 'ਚ ਵਾਧੇ ਖਿਲਾਫ ਪਾਰਟੀ ਵੱਲੋਂ ਲੋਕ ਜਗਾਓ ਮੁਹਿੰਮ ਚਲਾ ਕੇ ਲੋਕਾਂ ਨੂੰ ਚੇਤੰਨ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਪਾਰਟੀ ਦੀ ਬ੍ਰਾਂਚ ਗੁਰੂਵਾਲੀ ਤੇ ਵਰਪਾਲ ਦੇ ਸਾਥੀਆਂ ਨੇ ਸਾਂਝਾ ਯਤਨ ਕਰਕੇ ਮੋਟਰ ਸਾਈਕਲ ਤੇ ਥ੍ਰੀਵੀਲਰ ਮਾਰਚ ਸਾਥੀ ਅਜੀਤ ਸਿੰਘ ਗੁਰੂ ਵਾਲੀ ਤੇ ਸਾਥੀ ਦਿਲਬਾਗ ਸਿੰਘ ਵਰਪਾਲ ਦੀ ਅਗਵਾਈ ਵਿੱਚ ਹੱਥਾਂ ਵਿਚ ਲਾਲ ਝੰਡੇ ਫੜ੍ਹ ਕੇ ਗੁਰੂ ਵਾਲੀ ਦੀਆਂ ਗਲੀਆਂએਵਿਚ ਕੀਤਾ ਜੋ ਤਰਨਤਾਰਨ ਰੋਡ ਦੇ ਰਸਤੇ ਪਿੰਡ ਵਰਪਾਲ ਪੁੱਜਾ। ਸਾਥੀ ਬੜੇ ਉਤਸ਼ਾਹ ਨਾਲ ਨਾਹਰੇ ਮਾਰ ਰਹੇ ਸਨ ਕਿ ਨਸ਼ੇ ਵੇਚਣ ਵਾਲੇ ਵਪਾਰੀਆਂ ਨੂੰ ਫਾਹੇ ਲਾਓ, ਉਠੋ ਲੋਕੋ ਜਾਗੋ ਲੋਕੋ, ਨਸ਼ਿਆਂ ਦਾ ਹੜ੍ਹ ਰੋਕੋ ਲੋਕੋ, ਬਿਜਲੀ ਮਹਿੰਗੀ ਕਰਨ ਵਾਲੀ ਸਰਕਾਰ ਮੁਰਦਾਬਾਦ, ਲੋਕ ਏਕਤਾ ਜ਼ਿੰਦਾਬਾਦ ਆਦਿ। ਇਸ ਸਮੇਂ ਹੋਈ ਰੈਲੀ ਨੂੰ ਸਾਥੀ ਜਗਤਾਰ ਸਿੰਘ ਕਰਮਪੁਰਾ, ਡਾ. ਬਲਵਿੰਦਰ ਸਿੰਘ ਛੇਹਰਟਾ ਨੇ ਸੰਬੋਧਨ ਕੀਤਾ। ਗੁਲਜਾਰ ਸਿੰਘ ਗੁਰੂਵਾਲੀ, ਬਲਵਿੰਦਰ ਸਿੰਘ ਬਿੱਲਾ, ਕਾਮਰੇਡ ਲਖਬੀਰ ਸਿੰਘ ਪੱਟੀ ਆਦਿ ਆਗੂ ਹਾਜ਼ਰ ਸਨ।

ਸ਼ਾਹਕੋਟ : ਸੀ.ਪੀ ਐਮ ਪੰਜਾਬ ਦੀ ਇਕਾਈ ਤਹਿਸੀਲ ਕਮੇਟੀ ਸ਼ਾਹਕੋਟ ਦੇ ਕਾਰਕੁੰਨਾ  ਨੇ 15 ਜੂਨ ਨੂੰ ਦੇਰ ਸ਼ਾਮ ਸਥਾਨਿਕ ਕਸਬੇ 'ਚ ਨਿਰਮਲ ਸਿੰਘ ਮਲਸੀਆ, ਬਲਦੇਵ ਰਾਜ ਮੱਟੂ ਅਤੇ ਰੇਸ਼ਮ ਗਿੱਲ ਦੀ ਅਗਵਾਈ 'ਚ ਰੋਸ ਮਾਰਚ ਕਰਕੇ ਸਰਕਾਰ ਵੱਲੋਂ ਬਿਜਲੀ ਦੀਆਂ ਦਰਾਂ 'ਚ ਕੀਤੇ ਜਾ ਰਹੇ ਵਾਧੇ ਦੇ ਖਿਲਾਫ,ਜਨਤਕ ਸੇਵਾਵਾਂ ਨੂੰ ਖਤਮ ਕਰਨ ਦੇ ਵਿਰੋਧ 'ਚ, ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕਰਵਾਉਣ ਤੇ ਹਰ ਪ੍ਰਕਾਰ ਦੇ ਨਸ਼ਿਆਂ ਨੂੰ ਬੰਦ ਕਰਨ ਦੀ ਮੰਗ ਕੀਤੀ।    
ਸੀ.ਪੀ.ਐਮ.ਪੰਜਾਬ ਦੇ ਸੂਬਾਈ ਆਗੂ ਕਾਮਰੇਡ ਦਰਸ਼ਨ ਨਾਹਰ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਲੋਂ ਪੰਜਾਬ ਭਰ 'ਚ ਉਕਤ ਮੰਗਾਂ ਪ੍ਰਤੀ ਜਾਗਰੂਕ ਕਰਕੇ ਆਮ ਲੋਕਾਂ ਨੂੰ ਜਥੇਬੰਦ ਕਰਕੇ ,ਉਨ੍ਹਾਂ ਨੂੰ ਸੰਘਰਸ਼ 'ਚ ਪਾਉਣ ਲਈ 10 ਤੋਂ 13 ਜੂਨ ਤੱਕ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਅੰਦਰ ਰੋਸ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ।  
ਇਸ ਮੌਕੇ 'ਤੇ ਗੁਰਮੇਲ ਸੋਹਲ, ਕੁਲਵੰਤ ਸਿੰਘ, ਤਰਸੇਮ ਰੂਪੇਵਾਲੀ, ਸੁਲਿੰਦਰ ਮਲਸੀਆ, ਮੋਹਨ ਗਿੱਲ, ਕਸ਼ਮੀਰ ਸਿੰਘ, ਸੁਖਦੇਵ ਸਿੰਘ  ਅਤੇ ਬਲਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਪਾਰਟੀ ਵਰਕਰ ਮੌਜੂਦ ਸਨ।

ਜੰਡਿਆਲਾ ਗੁਰੂ : ਸੀ ਪੀ ਐੱਮ ਪੰਜਾਬ ਵਲੋਂ 11 ਜੂਨ ਨੂੰ ਪਿੰਡ ਮੱਲੀਆਂ ਦੇ ਬਾਜ਼ਾਰਾਂ ਵਿੱਚ ਤਰਸੇਮ ਸਿੰਘ ਮੱਲੀਆਂ ਤੇ ਬਲਦੇਵ ਸਿੰਘ ਮੱਲੀਆਂ ਦੀ ਪ੍ਰਧਾਨਗੀ ਹੇਠ ਨਸ਼ਿਆਂ ਖਿਲਾਫ ਮਸ਼ਾਲ ਮਾਰਚ ਕੱਢਿਆ। ਮਾਰਚ ਦਾ ਮੁੱਖ ਉਦੇਸ਼ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਜਾਣੂ ਕਰਵਾਉਣਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਬਾਹਰ ਕੱਢਣਾ ਸੀ। ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਨੌਜਵਾਨਾਂ ਨੇ ਹੱਥਾਂ ਵਿੱਚ ਰਾਤ ਵੇਲੇ ਜਗਦੀਆਂ ਮਸ਼ਾਲਾਂ ਫੜੀਆਂ ਹੋਈਆਂ ਸਨ ਅਤੇ ਨਸ਼ਿਆਂ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ। ਮਾਰਚ ਸਮੇਂ ਵੱਖ-ਵੱਖ ਚੌਕਾਂ ਵਿੱਚ ਹੋਏ ਇਕੱਠਾਂ ਨੂੰ ਸੀ ਪੀ ਐੱਮ ਪੰਜਾਬ ਦੇ ਆਗੂ ਕਾਮਰੇਡ ਨਿਰਮਲ ਛੱਜਲਵੱਡੀ ਨੇ ਸੰਬੋਧਨ ਕੀਤਾ। ਮਾਰਚ ਵੱਲੋਂ ਨਸ਼ਿਆਂ ਦੇ ਸਮਗਲਰਾਂ ਤੇ ਬਿਜਲੀ ਦੇ ਵਧਾਏ ਜਾ ਰਹੇ ਰੇਟਾਂ ਖਿਲਾਫ ਵੀ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਮਾਰਚ ਨੂੰ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਸਾਥੀ ਅਜਾਇਬ ਸਿਘ ਜਹਾਂਗੀਰ ਅਤੇ ਬਖਸ਼ੀਸ਼ ਸਿੰਘ ਨੇ ਵੀ ਸੰਬੋਧਨ ਕੀਤਾ। 

ਪਠਾਨਕੋਟ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਦੇ ਉਲੀਕੇ ਪ੍ਰੋਗਰਾਮ ਅਨੁਸਾਰ 12 ਜੂਨ ਨੂੰ ਪੰਜਾਬ ਅੰਦਰ ਵੱਧ ਰਹੀ ਨਸ਼ਾਖੋਰੀ ਅਤੇ ਬਿਜਲੀ ਕਾਰਪੋਰੇਸ਼ਨ ਵੱਲੋਂ ਬਿਜਲੀ ਬਿੱਲਾਂ ਵਿੱਚ ਕੀਤੇ 12 ਪ੍ਰਤੀਸ਼ਤ ਪ੍ਰਸਤਾਵਤ ਵਾਧੇ ਖਿਲਾਫ ਪਠਾਨਕੋਟ ਦੇ ਬਜ਼ਾਰਾਂ ਵਿੱਚ ਇਸਤਰੀਆਂ ਤੇ ਮਰਦਾਂ ਨੇ ਰੋਸ ਮਾਰਚ ਕੀਤਾ। ਇਸ ਮੌਕੇ ਕਾਮਰੇਡ ਲਾਲ ਚੰਦ ਕਟਾਰੂਚੱਕ ਅਤੇ ਕਾਮਰੇਡ ਨੱਥਾ ਸਿੰਘ ਨੇ ਕਿਹਾ ਕਿ ਸਮੁੱਚੇ ਪੰਜਾਬ ਦਾ ਮਾਹੌਲ ਨਸ਼ੇੜੀ ਬਣਾਉਣ ਵਿੱਚ ਪੰਜਾਬ ਸਰਕਾਰ ਹੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਨਸ਼ਿਆਂ ਦੇ ਠੇਕੇ ਖੋਲ੍ਹ ਕੇ ਆਪਣੀ ਆਮਦਨ 'ਚ ਵਾਧਾ ਕਰਨ ਵਿੱਚ ਫਖਰ ਮਹਿਸੂਸ ਕਰਦੀ ਹੈ, ਦੂਜੇ ਪਾਸੇ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਦੀਆਂ ਗੱਲਾਂ ਕਰ ਰਹੀ ਹੈ। ਉਨ੍ਹਾਂ ਕਿਹਾ ਨਸ਼ਿਆਂ ਦੇ ਵੱਡੇ ਵਪਾਰੀਆਂ ਨੂੰ ਫੜਨ ਦੀ ਥਾਂ ਛੋਟੇ-ਮੋਟੇ ਅਮਲੀਆਂ ਨੂੰ ਫੜਨ ਤੇ ਤੰਗ-ਪ੍ਰੇਸ਼ਾਨ ਕਰਨ ਵਿੱਚ ਆਪਣੀ ਵੱਡੀ ਪ੍ਰਾਪਤੀ ਸਮਝਦੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਕਾਪੋਰੇਸ਼ਨ ਨੂੰ ਬਿਜਲੀ ਦੀਆਂ ਦਰਾਂ ਲਗਾਤਾਰ ਵਧਾਉਣ ਦੀ ਖੁੱਲ੍ਹ ਦੇ ਕੇ ਆਮ ਲੋਕਾਂ 'ਤੇ ਬੋਝ ਪਾ ਰਹੀ ਹੈ। ਉਕਤ ਆਗੂਆਂ ਨੇ ਕਿਹਾ ਕਿ ਸੀ.ਪੀ.ਐੱਮ. ਪੰਜਾਬ ਨੇ ਨਸ਼ਿਆਂ ਤੇ ਬਿਜਲੀ ਦਰਾਂ ਦੇ ਵਾਧੇ ਵਿਰੁੱਧ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਹੈ।
ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਸ਼ਿਆਂ ਦੀ ਸਪਲਾਈ ਬੰਦ ਕਰਵਾਈ ਜਾਵੇ। ਇਸ ਮੌਕੇ ਕਾਮਰੇਡ ਸ਼ਿਵ ਕੁਮਾਰ, ਹਰਦੀਪ ਸਿੰਘ, ਦਲਬੀਰ ਸਿੰਘ, ਰਵੀ ਕੁਮਾਰ, ਦੇਵ ਰਾਜ, ਪਿਆਰਾ ਸਿੰਘ, ਤਿਲਕ ਰਾਜ, ਮਦਨ ਲਾਲ, ਰਘੁਬੀਰ ਸਿੰਘ, ਰਕੇਸ਼ ਕੁਮਾਰ ਆਦਿ ਹਾਜ਼ਰ ਸਨ।

ਬਟਾਲਾ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਦੇ ਸੱਦੇ 'ਤੇ ਨਸ਼ਾ ਵਪਾਰੀਆਂ ਅਤੇ ਬਿਜਲੀ ਦਰਾਂ ਵਿਚ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਭਾਰੀ ਵਾਧੇ ਦਾ ਵਿਰੋਧ ਕਰਨ ਲਈ ਪਾਰਟੀ ਦੀ ਤਹਿਸੀਲ ਕਮੇਟੀ ਬਟਾਲਾ ਦੀ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਕਿਰਤੀ ਵਰਗ ਦੇ ਵਰਕਰਾਂ ਨੇ 12 ਜੂਨ ਨੂੰ ਸ਼ਹੀਦ ਸੁੱਖਾ ਸਿੰਘ ਮਹਿਤਾਬ ਚੌਕ ਵਿਖੇ ਰੋਸ ਰੈਲੀ ਕਰਕੇ ਸ਼ਹਿਰ ਵਿਚ ਮਾਰਚ ਕੱਢਿਆ। ਇਸ ਮੌਕੇ ਸਰਵ ਸਾਥੀ ਸੁੱਚਾ ਸਿੰਘ ਠੱਠਾ, ਜਗੀਰ ਸਿੰਘ, ਛਿੰਦਾ ਛਿੱਤ, ਗੁਰਦਿਆਲ ਸਿੰਘ ਘੁਮਾਣ ਨੇ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿਚ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਰਘਬੀਰ ਸਿੰਘ ਪਕੀਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਲੋਕ ਦੁਸ਼ਮਣ ਨੀਤੀਆਂ ਕਰਕੇ ਨਸ਼ਾ ਵਪਾਰੀਆਂ, ਦਾਗੀ ਪੁਲਸ ਅਧਿਕਾਰੀਆਂ ਅਤੇ ਰਾਜਨੀਤਿਕ ਲੋਕਾਂ ਦੇ ਬਣੇ ਗੱਠਜੋੜ ਨੇ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦੀ ਵੱਲ ਧੱਕ ਦਿੱਤਾ ਹੈ। ਇਸ ਮੌਕੇ ਕਾਮਰੇਡ ਸੰਤੋਖ ਸਿੰਘ ਔਲਖ, ਕਾਮਰੇਡ ਸਮਸ਼ੇਰ ਸਿੰਘ ਨਵਾਂ ਪਿੰਡ, ਬਲਵਿੰਦਰ ਸਿੰਘ ਰਵਾਲ, ਗੁਰਦਅਿਾਲ ਸਿੰਘ ਘੁਮਾਣ ਆਦਿ ਸਾਥੀਆਂ ਨੇ ਵੀ ਸੰਬੋਧਨ ਕੀਤਾ।

ਅਟਾਰੀ : ਕੜਾਕੇ ਦੀ ਗਰਮੀ ਦੇ ਬਾਵਜੂਦ 12 ਜੂਨ ਨੂੰ ਸੀ ਪੀ ਐੱਮ ਪੰਜਾਬ ਦੇ ਵੱਡੀ ਗਿਣਤੀ ਵਿੱਚ ਕਾਰਕੁਨਾਂ ਨੇ ਨਸ਼ਿਆਂ ਖ਼ਿਲਾਫ਼ ਤੇ ਬਿਜਲੀ ਬੋਰਡ ਵੱਲੋਂ 940 ਕਰੋੜ ਦੇ ਵਧਾਏ ਜਾ ਰਹੇ ਬਿਜਲੀ ਬਿੱਲਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਅਕਾਸ਼ ਗੁੰਜਾਊ ਨਾਹਰੇ ਲਾਏ।  ਰੋਸ ਪ੍ਰਦਰਸ਼ਨ ਦੀ ਅਗਵਾਈ ਮਾਨ ਸਿੰਘ ਮੁਹਾਵਾ, ਗੁਰਦੇਵ ਸਿੰਘ, ਬੂਟਾ ਸਿੰਘ ਮੋਦੇ ਤੇ ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ ਨੇ ਕੀਤੀ। ਇਸ ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂਆਂ ਰਤਨ ਸਿੰਘ ਰੰਧਾਵਾ ਤੇ ਰਾਜ ਬਲਬੀਰ ਸਿੰਘ ਵੀਰਮ ਨੇ ਸਰਕਾਰ ਦੀਆਂ ਨੀਤੀਆਂ ਦੀ ਖੁੱਲ੍ਹ ਕੇ ਆਲੋਚਨਾ ਕਰਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਪੰਜਾਬ ਵਿੱਚ ਨਸ਼ਿਆਂ ਦਾ ਪੂਰਾ ਬੋਲਬਾਲਾ ਸੀ, ਜਿਸ ਦੇ ਸਿੱਟੇ ਵਜੋਂ ਪੰਜਾਬ ਦੀ ਜਵਾਨੀ ਦਾ ਘਾਣ ਹੋ ਰਿਹਾ ਹੈ। ਬਿਜਲੀ ਬਿੱਲਾਂ ਦੇ ਵਾਧੇ ਨੂੰ ਰੋਕਣ ਲਈ ਦੋਵਾਂ ਆਗੂਆਂ ਨੇ ਕਿਹਾ ਕਿ ਜਦੋਂ ਬਿਜਲੀ ਕਾਰਪੋਰੇਸ਼ਨ 940 ਕਰੋੜ ਦੇ ਵਾਧੇ ਵਿੱਚ ਚੱਲ ਰਹੀ ਹੈ, ਅਤੇ ਲੋਕ ਮਹਿੰਗਾਈ, ਬੇਰੁਜ਼ਗਾਰੀ ਨਾਲ ਤੰਗ ਹਨ, ਬਿਜਲੀ ਬਿੱਲਾਂ ਦਾ ਵਾਧਾ ਉਨ੍ਹਾਂ ਦੇ ਜ਼ਖ਼ਮਾਂ 'ਤੇ ਹੋਰ ਲੂਣ ਛਿੜਕੇਗਾ। 

ਸ਼ਹੀਦ ਭਗਤ ਸਿੰਘ ਨਗਰ : ਬਿਜਲੀ ਦੇ ਘਰੇਲੂ ਬਿੱਲਾਂ ਵਿਚ ਵਾਧਾ 12 ਫੀਸਦੀ ਦੇ ਵਾਧੇ ਨੂੰ ਵਾਪਸ ਲੈਣ ਅਤੇ ਨਸ਼ੇ ਦੇ ਵੱਡੇ ਸੌਦਾਗਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਸੀ.ਪੀ.ਐਮ.ਪੰਜਾਬ ਦੀ ਜ਼ਿਲ੍ਹਾ ਇਕਾਈ ਵਲੋਂ 12 ਜੂਨ ਨੂੰ ਪਿੰਡ ਕੁਲਾਮ ਵਿਚ ਝੰਡਾ ਮਾਰਚ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਸਕੱਤਰ ਸਰੂਪ ਸਿੰਘ ਰਾਹੋਂ, ਜਰਨੈਲ ਸਿੰਘ ਜਾਫਰਪੁਰ, ਜਸਪਾਲ ਅਤੇ ਕਲਾਮ ਨੇ ਸੰਬੋਧਨ ਕੀਤਾ। ਇਸ ਮੌਕੇ ਸੁੱਚਾ ਸਿੰਘ, ਸੁਰਿੰਦਰ ਕੁਮਾਰ, ਨਿਰਮਲ ਕੁਮਾਰ ਆਦਿ ਨੇ ਵੀ ਆਪਣੇ ਵਿਚਾਰ ਰੱਖੇ। 
ਨੰਗਲ : ਸੀ.ਪੀ.ਐਮ.ਪੰਜਾਬ, ਜਨ ਕਲਿਆਣਾ ਸੇਵਾ ਅਤੇ ਸੰਘਰਸ਼ ਸਮਿਤੀ, ਆਮ ਆਦਮੀ ਪਾਰਟੀ ਅਤੇ ਇਲਾਕੇ  ਦੀਆਂ ਹੋਰ ਯੂਨੀਅਨਾਂ ਨੇ 12 ਜੂਨ ਨੂੰ ਨੰਗਲ ਦੇ ਰਾਜੀਵ ਗਾਂਧੀ ਚੌਕ 'ਚ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਦੇ ਵਿਰੁੱਧ ਜੰਮ ਕੇ ਨਾਂਅਰੇਬਾਜ਼ੀ ਕੀਤੀ। ਇਸ ਮੌਕੇ ਵਿਜੇ ਕੁਮਾਰ, ਚੌਧਰੀ ਹਿੰਮਤ ਸਿੰਘ, ਦੀਪਕ ਨੰਦਾ, ਪ੍ਰੇਮ ਪ੍ਰਕਾਸ਼, ਮਾਸਟਰ ਮਲਕੀਤ ਸਿੰਘ, ਆਰ.ਪੀ.ਬੱਟੂ ਤੇ ਨਵਦੀਪ ਸਿੰਘ ਹੀਰਾ ਆਦਿ ਨੇ ਕਿਹਾ ਕਿ ਪੰਜਾਬ 'ਚ ਇਸ ਸਮੇਂ ਨਸ਼ੇ ਦਾ ਕਾਰੋਬਾਰ ਸਿਖਰ 'ਤੇ ਹੈ ਅਤੇ ਨੌਜਵਾਨ ਪੀੜ੍ਹੀ ਇਸ ਨਸ਼ੇ ਦੀ ਦਲਦਲ 'ਚ ਧਸਦੀ ਜਾ ਰਹੀ ਹੈ ਅਤੇ ਨਸ਼ਿਆਂ ਕਾਰਨ ਕਈ ਘਰਾਂ ਦੇ ਚਿਰਾਗ ਬੁੱਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਸ ਨੂੰ ਲੈ ਕੇ ਗੰਭੀਰ ਨਹੀਂ ਹੈ, ਖਾਨਾਪੂਰਤੀ ਕਰਨ ਲਈ ਨਸ਼ਾ ਕਰਨ ਵਾੇ ਅਤੇ ਛੋਟੇ ਮੋਟੇ ਨਸ਼ੇ ਵੇਚਣ ਵਾਲੇ ਲੋਕਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਨਸ਼ਾ ਤਸਕਰਾਂ ਨੂੰ ਨਾ ਤਾਂ ਪੁਲਸ ਅਤੇ ਨਾ ਹੀ ਸਰਕਾਰ ਹੱਥ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵੱਡੇ ਨਸ਼ੇ ਦੇ ਤਸਕਰਾਂ ਨੂੰ ਨਕੇਲ ਨਹੀਂ ਪਾਈ ਜਾਂਦੀ, ਉਦੋਂ ਤੱਕ ਇਹੋ ਕਾਰਵਾਈ ਅਧੂਰੀ ਹੈ। 
ਬੁੰਡਾਲਾ : ਸੀ.ਪੀ.ਐਮ.ਪੰਜਾਬ ਵਲੋਂ 15 ਜੂਨ ਨੂੰ ਨਸ਼ਿਆਂ ਖਿਲਾਫ ਅਤੇ ਬਿਜਲੀ ਦੇ ਬਿੱਲਾਂ 'ਚ ਕੀਤੇ ਜਾਣ ਵਾਲੇ ਵਾਧੇ ਦੀ ਤਜ਼ਵੀਜ਼ ਦੇ ਖਿਲਾਫ ਬੁੰਡਾਲਾ ਮੰਜਕੀ ਵਿਖੇ ਰੋਸ ਰੈਲੀ ਕੀਤੀ ਗਈ। ਇਸ ਦੀ ਪ੍ਰਧਾਨਗੀ ਸ਼ਿੰਗਾਰਾ ਰਾਮ, ਜਸਪਾਲ ਮੱਟੂ ਅਤੇ ਮਨਮੋਹਨ ਪਰਾਸ਼ਰ ਨੇ ਸਾਂਝੇ ਤੌਰ 'ਤੇ ਕੀਤੀ । ਰੈਲੀ ਨੂੰ ਸੰਬੋਧਨ ਕਰਦਿਆਂ ਸੀ.ਪੀ.ਐਮ.ਪੰਜਾਬ ਦੇ ਆਗੂ ਦਰਸ਼ਨ ਪਾਲ ਬੁੰਡਾਲਾ ਅਤੇ ਦਰਸ਼ਨ ਸਿੰਘ ਬਾਸੀ ਨੇ ਕਿਹਾ ਕਿ ਪੰਜਾਬ 'ਚ ਨਸ਼ਿਆਂ ਦੀ ਸੁਨਾਮੀ ਆਈ ਹੈ, ਜਿਸ ਨੇ ਪੰਜਾਬ ਦੀ ਜਵਾਨੀ ਨੂੰ ਤਬਾਹੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ। ਰੈਲੀ ਨੂੰ ਜਸਵਿੰਦਰ ਸਿੰਘ, ਬਲਜੀਤ ਸਿੰਘ ਪੰਚ, ਪ੍ਰੇਮ ਪਾਲ, ਅਮਰੀਕ ਸਿੰਘ, ਪਰਮਜੀਤ ਸਿੰਘ, ਭਜਨੋ ਅਤੇ ਮਨਜੀਤ ਕੁਮਾਰ ਨੇ ਵੀ ਸੰਬੋਧਨ ਕੀਤਾ। 

ਚੰਡੀਗੜ੍ਹ : ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਸੀ.ਪੀ.ਐਮ.ਪੰਜਾਬ ਚੰਡੀਗੜ੍ਹ ਵਲੋਂ 9 ਜੂਨ ਨੂੰ ਨਸ਼ਾ ਵਿਰੋਧੀ ਮੁਹਿੰਮ ਦੇ ਰੂਪ ਵਿਚ ਡੱਡੂ ਮਾਜਰਾ ਕਾਲੋਨੀ ਸੈਕਟਰ-38 ਵੈਸਟ ਵਿਚ ਇਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਸੈਕਟਰ -38 ਵੈਸਟ, ਡੱਡੂ ਮਜਰਾ ਕਲੋਨੀ, ਚੰਡੀਗੜ੍ਹ ਦੇ ਪਾਰਕ ਵਿਚ ਪਾਰਟੀ ਦੇ ਸਾਥੀ, ਭਵਨ ਨਿਰਮਾਣ ਯੂਨੀਅਨ ਦੇ ਸਾਥੀ, ਚੇਤਨਾ ਮੰਚ, ਸਾਹਿਤ ਚਿੰਤਨ ਅਤੇ ਵੱਖ ਵੱਖ ਅਦਾਰਿਆਂ ਦੇ ਸਾਥੀ ਇਕੱਠੇ ਹੋਏ। ਸਾਥੀਆਂ ਨੇ ਹੱਥਾਂ ਵਿਚ ਨਸ਼ਾ ਵਿਰੋਧੀ ਨਾਹਰਿਆਂ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ। ਇਸ ਵਿਸ਼ਾਲ ਇਕੱਠ ਨੂੰ ਸਭ ਤੋਂ ਪਹਿਲਾਂ ਸੀ.ਪੀ.ਐਮ.ਪੰਜਾਬ, ਚੰਡੀਗੜ੍ਹ ਦੇ ਸਕੱਤਰ ਕਾਮਰੇਡ ਇੰਰਜੀਤ ਸਿੰਘ ਗਰੇਵਾਲ ਨੇ ਸੰਬੋਧਨ ਕੀਤਾ। ਇਸ ਤੋਂ ਉਪਰੰਤ ਪੂਰੇ ਅਨੁਸ਼ਾਸਨ ਨਾਲ ਕਲੋਨੀ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿਚ 'ਡਰੱਗ ਮਾਫੀਆ ਮੁਰਦਾਬਾਦ' 'ਨਸ਼ਿਆ ਦੇ ਵਪਾਰੀ ਮੁਰਦਾਬਾਦ', 'ਨਸ਼ੇ ਵੇਚਣ ਵਾਲੀ ਸਰਕਾਰ ਮੁਰਦਾਬਾਦ', 'ਨਸ਼ੇ ਛੱਡੋ, ਕੋਹੜ ਵੱਢੋ', ਦੇ ਜੋਸ਼ੀਲੇ ਨਾਹਰਿਆਂ ਨਾਲ ਕਾਲੌਨੀ ਦੇ ਲੋਕਾਂ ਨੂੰ ਜਾਗਰਿਤ ਕੀਤਾ। ਇਸ ਤੋਂ ਪ੍ਰਭਾਵਿਤ ਹੋ ਕੇ ਕਾਲੌਨੀ ਦੇ ਲੋਕ ਵੀ ਇਸ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਏ। ਕਾਲੌਨੀ ਦੇ ਬਾਜ਼ਾਰ ਦੇ ਚੌਕ ਵਿਚ ਇਕ ਵਿਸ਼ਾਲ ਇਕੱਠ ਨੂੰ ਕਾਮਰੇਡ ਸੱਜਣ ਸਿੰਘ, ਸੇਵਾ ਮੁਕਤ ਬੈਂਕ ਅਧਿਕਾਰੀ ਨੇ ਸੰਬੋਧਨ ਕੀਤਾ। ਉਨ੍ਹਾਂ ਨਸ਼ਿਆਂ ਦੇ ਬੁਰੇ ਪ੍ਰਭਾਵਾਂ, ਪੰਜਾਬ ਅਤੇ ਚੰਡੀਗੜ੍ਹ ਦੀ ਮੌਤ ਦੇ ਕਿਨਾਰੇ ਪਹੁੰਚ ਚੁੱਕੀ ਜਵਾਨੀ ਅਤੇ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਸਰਪ੍ਰਸਤੀ ਅਤੇ ਡਰੱਗ ਮਾਫੀਆ (ਪੁਲਸ, ਨੇਤਾ ਅਤੇ ਨਸ਼ਿਆਂ ਦੇ ਵਪਾਰੀ) ਦਾ ਬੇਬਾਕ ਅਤੇ ਭਾਵਪੂਰਣ ਜ਼ਿਕਰ ਕੀਤਾ। ਇਸ ਇਕੱਠ ਵਿਚ ਸਾਥੀ ਯੱਗ ਨਰਾਇਣ, ਸਾਥੀ ਯਾਦਵ (ਭਵਨ ਨਿਰਮਾਣ ਯੂਨੀਅਨ ਦੇ ਚੰਡੀਗੜ੍ਹ) ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਨਸ਼ਿਆਂ ਤੋਂ ਖ਼ੁਦ ਦੂਰ ਰਹਿਣ ਅਤੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਲਹਿਰ ਉਸਾਰਨ ਦਾ ਸੱਦਾ ਦਿੱਤਾ। ਲਗਭਗ 150 ਸਾਥੀਆਂ ਨੇ ਇਸ ਵਿਰੋਧ ਪ੍ਰਦਰਸ਼ਨ ਵਿਚ ਭਾਗ ਲਿਆ। 
11 ਜੂਨ ਨੂੰ ਚੰਡੀਗੜ੍ਹ ਦੇ ਮੌਲੀ ਜੱਗਰਾਂ ਕਾਲੌਨੀ ਅਤੇ ਪਿੰਡ ਵਿਚ ਨਸ਼ਾ ਵਿਰੋਧੀ ਮੁਹਿੰਮ ਦੇ ਰੂਪ ਵਿਚ ਵਿਰੋਧ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ। ਪਾਰਟੀ ਦੇ ਸਾਥੀ, ਵੱਖ ਵੱਖ ਅਦਾਰਿਆਂ ਨਾਲ ਸੰਬੰਧਤ ਸਾਥੀ, ਭਵਨ ਨਿਰਮਾਣ ਯੂਨੀਅਨ ਚੰਡੀਗੜ੍ਹ ਨਾਲ ਸਬੰਧਤ ਅਤੇ ਸਥਾਨਕ ਮਜ਼ਦੂਰ ਸਾਥੀ ਇਸ ਵਿਚ ਭਾਰੀ ਗਿਣਤੀ ਵਿਚ ਸ਼ਾਮਲ ਹੋਏ। ਮੌਲੀ ਜੱਗਰਾਂ ਕਾਲੌਨੀ ਦੇ ਚੌਕ 'ਤੇ ਸਰਵ ਸਾਥੀਆਂ ਨੇ ਇਕੱਠੇ ਹੋ ਕੇ ਰੈਲੀ ਕੀਤੀ, ਜਿਸ ਨੂੰ ਕਾਮਰੇਡ ਇੰਦਰਜੀਤ ਸਿੰਘ ਗਰੇਵਾਲ, ਕਾਮਰੇਡ ਸੱਜਣ ਸਿੰਘ ਅਤੇ ਕਾਮਰੇਡ ਯੱਗ ਨਰਾਇਣ ਨੇ ਸੰਬੋਧਨ ਕੀਤਾ। ਸਾਥੀ ਵਿਜੈ ਸਿੰਘ ਨੇ ਕਾਲੌਨੀ ਦੇ ਪਾਰਕ ਵਿਚ ਇਕੱਠੇ ਹੋਏ ਸਾਥੀਆਂ ਨੂੰ ਨਸ਼ਿਆਂ ਤੋਂ ਸਾਵਧਾਨ ਕੀਤਾ ਅਤੇ ਸਭਨਾ ਸਾਥੀਆਂ ਦਾ ਇਸ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। 
ਸੀ.ਪੀ.ਐਮ.ਪੰਜਾਬ ਦੀ ਚੰਡੀਗੜ੍ਹ ਇਕਾਈ ਵਲੋਂ ਨਸ਼ਾ ਵਿਰੋਧੀ ਮੁਹਿੰਮ ਦੀ ਲਗਾਤਾਰਤਾ ਵਜੋਂ ਪਿੰਡ ਕਜਹੇੜੀ (ਚੰਡੀਗੜ੍ਹ) ਵਿਚ 12 ਜੂਨ ਨੂੰ ਇਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ। ਇਸ ਵਿਚ ਪਾਰਟੀ ਸਾਥੀਆਂ ਦੇ ਸਮੇਤ, ਭਵਨ ਨਿਰਮਾਣ ਯੂਨੀਅਨ ਚੰਡੀਗੜ੍ਹ, ਚੇਤਨਾ ਮੰਚ ਚੰਡੀਗੜ੍ਹ ਸਹਿਤ ਚਿੰਤਨ ਚੰਡੀਗੜ੍ਹ ਅਤੇ ਤਰਕਸ਼ੀਲ ਸੁਸਾਇਟੀ ਚੰਡੀਗੜ੍ਹ ਯੂਨਿਟ ਅਤੇ ਵੱਡੀ ਗਿਣਤੀ ਵਿਚ ਪਿੰਡ ਦੇ ਨਿਵਾਸੀ ਸ਼ਾਮਲ ਹੋਏ। ਸਥਾਨਕ ਸਰਕਾਰੀ ਸਕੂਲ ਦੇ ਗੇਟ ਸਾਹਮਣੇ ਵਿਸ਼ਾਲ ਗਿਣਤੀ ਵਿਚ ਹੱਥਾਂ ਵਿਚ ਨਸ਼ਾ ਵਿਰੋਧੀ ਬੈਨਰ ਅਤੇ ਤਖਤੀਆਂ ਫੜ ਕੇ ਇਕ ਪ੍ਰਭਾਵਸ਼ਾਲੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪਿੰਡ ਦੀਆਂ ਗਲੀਆਂ ਬਜ਼ਾਰਾਂ, ਚੌਕਾਂ ਅਤੇ ਵਿਸ਼ੇਸ਼ ਸਥਾਨਾਂ ਤੇ ਸਾਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਸੱਜਣ ਸਿੰਘ, ਕਾਮਰੇਡ ਗਰੇਵਾਲ ਅਤੇ ਚੇਤਨਾ ਮੰਚ ਦੇ ਸਕੱਤਰ ਕਾਮਰੇਡ ਸਤੀਸ਼ ਖੋਸਲਾ, ਤਰਕਸ਼ੀਲ ਸੁਸਾਇਟੀ ਦੇ ਪੰਜਾਬ ਚੰਡੀਗੜ੍ਹ ਦੇ ਨੇਤਾ ਅਤੇ ਪਿੰਡ ਦੇ ਨਿਵਾਸੀ ਕਾਮਰੇਡ ਜੋਗਾ ਸਿੰਘ ਅਤੇ ਪੰਡਿਤ ਰਘਬੀਰ ਚੰਦ ਪਿੰਡ ਨਿਵਾਸੀ ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗ੍ਰਿਤ ਕੀਤਾ। ਅੰਤ ਵਿਚ ਕਾਮਰੇਡ ਜੋਗਾ ਸਿੰਘ ਨੇ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਸਾਥੀਆਂ, ਪਿੰਡ ਦੇ ਨਿਵਾਸੀਆਂ ਦਾ ਇਸ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਤੇ ਪਿੰਡ ਨਿਵਾਸੀਆਂ ਦਾ ਇਸ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਤੇ ਪਿੰਡ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਭ ਇਕਮੁੱਠ ਹੋ ਕੇ ਨਸ਼ਿਆਂ ਦਾ ਡੱਟ ਕੇ ਵਿਰੋਧ ਕਰਨ ਅਤੇ ਰੁਲ ਰਹੀ ਜਵਾਨੀ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣ ਲਈ ਠੋਸ ਯਤਨ ਕਰਨ।
ਰਾਹੋਂ : ਸੀ.ਪੀ.ਐਮ.ਪੰਜਾਬ ਦੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਇਕਾਈ ਵਲੋਂ ਪਾਰਟੀ ਦੇ ਸੂਬਾ ਕਮੇਟੀ ਦੇ ਸੱਦੇ 'ਤੇ ਸੂਬਾ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਦੀ ਅਗਵਾਈ 'ਚ ਜ਼ਿਲ੍ਹੇ ਦੇ ਵੱਖ ਵੱਖ ਕਰੀਬ ਅੱਧੀ ਦਰਜ਼ਨ ਪਿੰਡ 'ਚ ਵਿਸ਼ਾਲ ਝੰਡਾ ਮਾਰਚ ਕੀਤਾ ਗਿਆ। ਇਸ ਮਾਰਚ ਵਿਚ ਪੰਚਾਇਤਾਂ ਅਤੇ ਧਾਰਮਿਕ ਕਮੇਟੀਆਂ ਦੇ ਅਹੁਦੇਦਾਰਾਂ ਨੇ ਵੱਡੇ ਪੱਧਰ 'ਤੇ ਹਿੱਸਾ ਲਿਆ। ਮਾਰਚ ਦੌਰਾਨ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਸੋਹਣ ਸਿੰਘ ਸਲੇਮਪੁਰੀ, ਸਰੂਪ ਸਿੰਘ ਰਾਹੋਂ, ਹਰਪਾਲ ਜਗਤਪੁਰ, ਜਰਨੈਲ ਸਿੰਘ ਜਾਫਰਪੁਰੀ, ਸੋਢੀ ਸਿੰਘ ਸਰਪੰਚ, ਪਿਆਰਾ ਲਾਲ ਬੀਕਾ, ਡਾ. ਬਲਦੇਵ ਬੀਕਾ, ਸਤਨਾਮ ਸੁਜੋ, ਸੁਰਿੰਦਰ ਭੱਟੀ, ਜਸਪਾਲ ਕੁਲਾਮ, ਪਾਲ ਚੰਦ ਭਾਨ ਮਜਾਰਾ, ਸਰਵਣ ਸਿੰਘ ਦੁਰਗਾਪੁਰੀ, ਸਤਨਾਮ ਸਿੰਘ ਸੁੱਜੋਂ ਅਤੇ ਇਕਬਾਲ ਸਿੰਘ ਨਵਾਂ ਸ਼ਹਿਰ ਨੇ ਸੰਬੋਧਨ ਕੀਤਾ। ਤਹਿਸੀਲ ਨਵਾਂ ਸ਼ਹਿਰ ਦੇ ਕਸਬੇ ਰਾਹੋਂ, ਪਿੰਡ ਕੁਲਾਮ, ਭਾਨਮਾਜਰਾ ਤਹਿਸੀਲ ਬੰਗਾ ਦੇ ਪਿੰਡ ਮੁਕੰਦਪੁਰ ਜਗਤਪੁਰ ਅਤੇ ਬਖਲੌਰ ਵਿਖੇ ਝੰਡਾ ਮਾਰਚ ਕੀਤਾ ਗਿਆ ਜਿਸ ਵਿਚ ਸੈਂਕੜੇ ਲੋਕਾਂ ਨੇ ਸ਼ਮੂਲੀਅਤ ਕੀਤਾ। 

ਸੁਲਤਾਨਪੁਰ ਲੋਧੀ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਅਤੇ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਆਪਣੀਆਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਧਦੀ ਮਹਿੰਗਾਈ ਦੇ ਵਿਰੁੱਧ, ਬਸ ਕਿਰਾਇਆਂ ਅਤੇ ਬਿਜਲੀ ਦੇ ਵਧਾਏ ਗਏ ਬਿੱਲ ਵਾਪਸ ਲੈਣ ਅਤੇ ਨਸ਼ੇ ਦੇ ਸਮਗਲਰਾਂ ਨੂੰ ਗ੍ਰਿਫਤਾਰ ਕਰਨ ਆਦਿ ਮੰਗਾਂ ਨੂੰ ਲੈ ਕੇ ਰੈਲੀ ਕੀਤੀ ਗਈ ਅਤੇ ਸ਼ਹਿਰ ਵਿਚ ਮੁਜ਼ਾਹਰਾ ਕੀਤਾ ਗਿਆ। 
ਮੁਜ਼ਾਹਰਾਕਾਰੀ ਨਸ਼ੇ ਦੇ ਸਮਗਲਰਾਂ ਨੂੰ ਗ੍ਰਿਫਤਾਰ ਕਰੋ, ਚੋਣਾਂ ਵਿਚ ਨਸ਼ੇ ਅਤੇ ਪੈਸੇ ਵੰਡਣ ਵਾਲੀਆਂ ਪਾਰਟੀਆਂ ਮੁਰਦਾਬਾਦ, ਬਿਜਲੀ ਦੇ ਬਿੱਲਾਂ ਅਤੇ ਬਸ ਕਿਰਾਏ ਵਿਚ ਕੀਤਾ ਵਾਧਾ ਵਾਪਸ ਲਓ, ਵੱਧ ਰਹੀ ਮਹਿੰਗਾਈ ਰੋਕੋ ਅਤੇ ਚੰਗੇ ਦਿਨ ਲਿਆਓ ਆਦਿ ਨਾਹਰੇ ਲਗਾ ਰਹੇ ਸਨ। ਮੁਜ਼ਾਹਰੇ ਤੋਂ ਪਹਿਲਾਂ ਰੈਲੀ ਨੂੰ ਕਾਮਰੇਡ ਬਲਦੇਵ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਅਤੇ ਕਾਮਰੇਡ ਹਰਬੰਸ ਸਿੰਘ ਸਹਾਇਕ ਜ਼ਿਲ੍ਹਾ ਸਕੱਤਰ ਭਾਰਤੀ ਕਮਿਊਨਿਸਟ ਪਾਰਟੀ ਨੇ ਸੰਬੋਧਨ ਕੀਤਾ। ਮੁਜ਼ਾਹਰੇ ਦੀ ਸਮਾਪਤੀ ਤੇ ਮਾਸਟਰ ਚਰਨ ਸਿੰਘ ਨੇ ਰੈਲੀ ਦਾ ਸੁਨੇਹਾ ਘਰ ਘਰ ਪਹੁੰਚਾਉਣ ਦੀ ਬੇਨਤੀ ਕੀਤੀ ਤੇ ਅੱਤ ਦੀ ਗਰਮੀ ਵਿਚ ਸ਼ਾਮਲ ਹੋਏ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਮਰੇਡ ਸਤਨਰਾਇਣ ਮਹਿਤਾ, ਕਾਮਰੇਡ ਸੁਰਜੀਤ ਸਿੰਘ ਠੱਟਾ, ਕਾਮਰੇਡ ਸਰਵਣ ਸਿੰਘ, ਰਾਜਮੋਹਣ, ਬਾਬਾ ਨਿਰਮਲ ਸਿੰਘ, ਮੁਹੰਮਦ ਇਕਬਾਲ, ਕਾਮਰੇਡ ਕੁਲਵੰਤ ਸਿੰਘ, ਕਮਲ ਮਹਿਤਾ, ਰਜੇਸ਼ ਕੁਮਾਰ, ਡਾ. ਰਾਜਵਿੰਦਰ ਸਿੰਘ, ਕੁਲਦੀਪ ਸਿੰਘ ਤਲਵੰਡੀ ਆਦਿ ਹਾਜ਼ਰ ਸਨ। 

ਹੁਸ਼ਿਆਰਪੁਰ :  ਸੀ ਪੀ ਐੱਮ ਪੰਜਾਬ ਦੇ ਆਗੂ ਕਾਮਰੇਡ ਮਹਿੰਦਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਖੈਰੜ ਅੱਛਰਵਾਲ, ਬਹਿਬਲਪੁਰ ਅਤੇ ਠੀਡਾਂ ਵਿਖੇ ਚਲਾਈ ਨਸ਼ਾ ਵਿਰੋਧੀ ਮੁਹਿੰਮ ਮੌਕੇ ਰੈਲੀਆਂ ਕੀਤੀਆਂ ਗਈਆਂ। ਰੈਲੀਆਂ ਨੂੰ ਸੰਬੋਧਨ ਕਰਦਿਆਂ ਮਹਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਨਸ਼ਿਆਂ ਦੇ ਚੱਲਦੇ ਛੇਵੇਂ ਦਰਿਆ ਵਿਚ ਪੰਜਾਬ ਦੀ ਨੌਜਵਾਨੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਨਸ਼ੇ ਦੇ ਵਪਾਰੀਆਂ ਨੂੰ ਨੱਥ ਪਾਉਣ ਲਈ ਇੱਕਜੁਟ ਹੋ ਜਾਉ ਤਾਂ ਕਿ ਪੰਜਾਬ ਦੀ ਜੁਆਨੀ ਨੂੰ ਬਰਬਾਦੀ ਤੋਂ ਰੋਕਿਆ ਜਾ ਸਕੇ। 
ਇਸ ਮੌਕੇ ਪੈਨਸ਼ਨਰ ਯੂਨੀਅਨ ਤਹਿਸੀਲ ਪ੍ਰਧਾਨ ਪਿਆਰਾ ਸਿੰਘ ਨੇ ਕਿਹਾ ਕਿ ਸ਼ਰਾਬ ਵੀ ਇਕ ਬਹੁਤ ਬੁਰਾ ਨਸ਼ਾ ਹੈ, ਇਸ ਤੋਂ ਵੀ ਲੋਕਾਂ ਨੂੰ ਬਚਣਾ ਚਾਹੀਦਾ ਹੈ। ਇਸ ਮੌਕੇ ਕਾਮਰੇਡ ਸੁੱਚਾ ਰਾਮ, ਤਜਿੰਦਰ ਕੌਰ, ਪਰਮਜੀਤ ਕੌਰ, ਸੁਖਵਿੰਦਰ ਆਦਿ ਭਾਰੀ ਗਿਣਤੀ 'ਚ ਪਾਰਟੀ ਵਰਕਰ ਹਾਜ਼ਰ ਸਨ।
ਪਿੰਡ ਹੇੜੀਆਂ ਸੀ ਪੀ ਐਮ ਪੰਜਾਬ ਵੱਲੋਂ ਨਸ਼ਾ ਵਿਰੋਧੀ ਚਲਾਈ ਲਹਿਰ ਵਜੋਂ ਇਸ ਪਿੰਡ ਵਿਚ ਮਹਿੰਦਰ ਸਿੰਘ ਖੈਰੜ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਅਨਿਲ ਕੁਮਾਰ, ਬਲਰਾਜ ਕੁਮਾਰ, ਨਰਿੰਦਰ ਕੌਰ ਪ੍ਰਧਾਨ ਜ਼ਿਲ੍ਹਾ ਪੇਂਡੂ ਰੁਜ਼ਗਾਰ ਸਭਾ, ਊਸ਼ਾ ਰਾਣੀ, ਗੁਰਪਾਲ ਕੌਰ, ਗੁਰਬਖ਼ਸ਼ ਕੌਰ, ਕੁਲਦੀਪ ਕੌਰ, ਕਾਂਤਾ ਦੇਵੀ, ਮੀਨਾ ਰਾਣੀ, ਬਲਵੀਰ ਕੌਰ, ਸੁਨੀਤਾ, ਕੁਲਵਿੰਦਰ ਕੌਰ, ਵਰਿੰਦਰ ਕੌਰ, ਰਾਜ ਰਾਣੀ, ਸੁਰਜੀਤ ਕੌਰ, ਗੁਰਪ੍ਰੀਤ ਕੌਰ, ਕਮਲਾ ਦੇਵੀ, ਸੁਰਿੰਦਰ ਕੌਰ, ਜਰਮਨ ਦੇਵੀ, ਬਲਵੀਰ ਕੌਰ ਪੰਚ ਅਤੇ ਸਰਬਜੀਤ ਸਾਥੀ ਸ਼ਾਮਲ ਹੋਏ।

ਜੇ ਪੀ ਐੱਮ ਓ ਨੇ ਜਨਤਕ ਮਸਲਿਆਂ ਨੂੰ ਲੈ ਕੇ ਦਿੱਤਾ ਧਰਨਾ

ਨੂਰਪੁਰ ਬੇਦੀ : ਬਲਾਕ ਨੂਰਪੁਰ ਬੇਦੀ ਦੇ ਇਲਾਕੇ ਵਿੱਚ ਨਸ਼ਿਆਂ ਨੂੰ ਰੋਕਣ ਤੇ ਇਲਾਕੇ 'ਚ ਨਸ਼ਿਆ ਦੇ ਬਹਾਨੇ ਬੇਦੋਸ਼ੇ ਨੌਜਵਾਨਾਂ ਨੂੰ ਜੇਲ੍ਹਾਂ 'ਚ ਡੱਕਣ, ਇਲਾਕੇ ਦੀਆਂ ਮੁੱਖ ਸੜਕਾਂ ਦੀ ਬਹੁਤ ਹੀ ਤਰਸਯੋਗ ਹਾਲਤ ਤੇ ਬਿਜਲੀ ਦੇ ਰੇਟਾਂ 'ਚ ਹੋਣ ਵਾਲੇ ਵਾਧੇ ਦੇ ਵਿਰੋਧ ਵਿੱਚ ਸਥਾਨਕ ਹਨੂੰਮਾਨ ਮੰਦਰ ਅੱਗੇ ਜੇ ਪੀ ਐੱਮ ਓ ਦੀ ਅਗਵਾਈ ਹੇਠ ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ ਅਤੇ ਲੋਕ-ਪੱਖੀ ਜਥੇਬੰਦੀਆਂ ਨੇ ਰੋਸ ਮਾਰਚ ਕੱਢਿਆ। 
ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕੰਢੀ ਸੰਘਰਸ਼ ਕਮੇਟੀ ਦੇ ਆਗੂ ਮੋਹਣ ਸਿੰਘ ਧਮਾਣਾ ਤੇ ਪ ਸ ਸ ਫ ਦੇ ਕੌਮੀ ਆਗੂ ਵੇਦ ਪ੍ਰਕਾਸ਼ ਸ਼ਰਮਾ ਨੇ ਕਿਹਾ ਕਿ ਨਸ਼ਿਆਂ ਦੀ ਤਸਕਰੀ ਚ ਸ਼ਾਮਲ ਵੱਡੇ ਮਗਰਮੱਛਾਂ ਨੂੰ ਫੜਨ ਵਿੱਚ ਅਸਫਲ ਰਹੀ ਹੈ, ਜਦੋਂ ਕਿ ਇਲਾਕੇ ਦੇ ਨਸ਼ੇ ਦੇ ਆਦੀ ਹੋ ਚੁੱਕੇ ਪਿੰਡਾਂ ਦੇ ਨੌਜਵਾਨਾਂ ਨੂੰ ਤਸਕਰ ਸਾਬਿਤ ਕਰਕੇ ਉਹਨਾਂ 'ਤੇ ਝੂਠੇ ਪਰਚੇ ਦਰਜ ਕਰਕੇ ਜੇਲ੍ਹਾਂ 'ਚ ਡੱਕਿਆ ਜਾ ਰਿਹਾ ਹੈ । ਗੁਰਬਿੰਦਰ ਸਿੰਘ ਸਸਕੋਰ ਤੇ ਜੀ ਟੀ ਯੂ ਦੇ ਪ੍ਰਧਾਨ ਗੁਰਨਾਇਬ ਸਿੰਘ ਜੇਤੇਵਾਲ ਨੇ ਕਿਹਾ ਕਿ ਨਸ਼ਿਆਂ ਦੇ ਵਪਾਰ ਨੇ ਇਲਾਕੇ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ। ਸਰਕਾਰ ਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਇਲਾਕੇ ਦੀਆਂ ਸੜਕਾਂ ਡੂੰਘੇ ਟੋਇਆਂ ਦਾ ਰੂਪ ਵੀ ਧਾਰਨ ਕਰ ਚੁੱਕੀਆਂ ਹਨ। ਨਜਾਇਜ਼ ਮਾਈਨਿੰਗ ਦੇ ਚੱਲਦਿਆ ਪੂਰਾ ਇਲਾਕਾ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ। 
ਲੋਕਾਂ ਨਵੇਂ ਬਣੇ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੋਂ ਮੰਗ ਕੀਤੀ ਕਿ ਨੂਰਪੁਰ ਬੇਦੀ ਇਲਾਕੇ ਦੇ ਵਿਕਾਸ ਪ੍ਰਤੀ ਜਲਦੀ ਹੀ ਕੋਈ ਵੱਡੀ ਯੋਜਨਾ ਉਲੀਕੀ ਜਾਵੇ ਅਤੇ ਇਸ ਇਲਾਕੇ ਦੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ-ਦਲ 'ਚੋਂ ਕੱਢਣ ਲਈ ਰੁਜ਼ਗਾਰ ਦਾ ਵੀ ਇਲਾਕੇ ਅੰਦਰ ਕੋਈ ਢੁਕਵਾਂ ਪ੍ਰੋਜੈਕਟ ਲਿਆਂਦਾ ਜਾਵੇ। 

ਦਿਹਾਤੀ ਮਜ਼ਦੂਰ ਸਭਾ ਨੇ ਐਸ.ਡੀ.ਐਮ. ਦਫਤਰਾਂ ਅੱਗੇ ਦਿੱਤੇ ਵਿਸ਼ਾਲ ਧਰਨੇ 

ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ 6 ਜੂਨ ਨੂੰ ਪੰਜਾਬ ਭਰ ਵਿਚ ਧਰਨੇ ਮਾਰੇ ਗਏ ਤੇ ਮੰਗ ਪੱਤਰ ਸਰਕਾਰ ਨੂੰ ਭੇਜੇ ਗਏ। ਇਸ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਸਾਰੇ ਲੋੜਵੰਦ ਬੇਜ਼ਮੀਨੇ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣ, ਰੂੜੀਆਂ ਸੁੱਟਣ ਲਈ ਟੋਏ ਦਿੱਤੇ ਜਾਣ ਅਤੇ ਮਕਾਨ ਬਣਾਉਣ ਲਈ ਢੁਕਵੀਂ ਗ੍ਰਾਂਟ ਦਿੱਤੀ ਜਾਵੇ। ਮਨਰੇਗਾ ਅਧੀਨ ਸਾਰੇ ਪਰਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਤੇ ਦਿਹਾੜੀ ਘੱਟੋ ਘੱਟ 300 ਰੁਪਏ ਦਿੱਤੀ ਜਾਵੇ। ਕੀਤੇ ਹੋਏ ਕੰਮ ਦੇ ਪੈਸਿਆਂ ਦੀ ਤੁਰੰਤ ਅਦਾਇਗੀ ਕੀਤੀ ਜਾਵੇ। ਰਾਸ਼ਨ ਡੀਪੂਆਂ ਤੋਂ ਘਰੇਲੂ ਵਰਤੋਂ ਦੀਆਂ ਸਾਰੀਆਂ ਚੀਜਾਂ ਸਬਸਿਡੀ 'ਤੇ ਮੁਹੱਈਆ ਕੀਤੀਆਂ ਜਾਣ ਅਤੇ ਪੀਣ ਵਾਲੇ ਸਾਫ ਪਾਣੀ ਦਾ ਮੁਫ਼ਤ ਪ੍ਰਬੰਧ ਕੀਤਾ ਜਾਵੇ। ਸਾਰੇ ਬੇਜ਼ਮੀਨੇ ਮਜ਼ਦੂਰਾਂ ਦੇ ਘਰੇਲੂ ਬਿਜਲੀ ਦੇ ਬਿੱਲ ਬਿਨਾ ਸ਼ਰਤ ਮੁਆਫ ਕੀਤੇ ਜਾਣ। ਸਮਾਜਿਕ ਜਬਰ ਤੇ ਪੁਲਸ ਜਬਰ ਸਖਤੀ ਨਾਲ ਬੰਦ ਕੀਤਾ ਜਾਵੇ ਅਤੇ ਐਸ.ਸੀ/ਐਸ.ਟੀ. ਐਕਟ ਲਾਗੂ ਕਰਨ ਵਿਚ ਕੁਤਾਹੀ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। 
ਇਸ ਫੈਸਲੇ ਮੁਤਾਬਕ ਜ਼ਿਲ੍ਹਾ ਅੰਮ੍ਰਿਤਸਰ ਵਿਚ ਬਾਬਾ ਬਕਾਲਾ ਐਸ.ਡੀ.ਐਮ. ਦਫਤਰ ਅੱਗੇ ਧਰਨਾ ਮਾਰਿਆ ਗਿਆ। ਧਰਨੇ ਵਿਚ 100 ਔਰਤਾਂ ਸਮੇਤ 450 ਦੀ ਗਿਣਤੀ ਸੀ। ਧਰਨੇ ਨੂੰ ਸੂਬਾ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਤੋਂ ਇਲਾਵਾ ਅਮਰੀਕ ਸਿੰਘ ਦਾਊਦ, ਨਿਰਮਲ ਸਿੰਘ ਛੱਜਲਵੱਢੀ ਨਰਿੰਦਰ ਸਿੰਘ ਵਡਾਲਾ ਆਦਿ ਸਾਥੀਆਂ ਨੇ ਸੰਬੋਧਨ ਕੀਤਾ। 
ਤਹਿਸੀਲ ਅੰਮ੍ਰਿਤਸਰ ਵਿਚ ਵੀ ਸੈਂਕੜੇ ਮਜ਼ਦੂਰਾਂ ਨੇ ਧਰਨਾ ਮਾਰਿਆ  ਤੇ ਮੰਗ ਪੱਤਰ ਸਰਕਾਰ ਨੂੰ ਭੇਜਿਆ। ਧਰਨੇ ਨੂੰ ਸੂਬਾਈ ਮੀਤ ਪ੍ਰਧਾਨ ਅਮਰੀਕ ਸਿੰਘ ਦਾਊਦ, ਲੱਖਾ ਸਿੰਘ ਪੱਟੀ ਤੇ ਹੋਰ ਲੋਕਲ ਆਗੂਆਂ ਨੇ ਸੰਬੋਧਨ ਕੀਤਾ। ਤਹਿਸੀਲ ਅਜਨਾਲਾ ਵਿਚ 20-25 ਸਾਥੀਆਂ ਨੇ ਇਕ ਡੈਪੂਟੇਸ਼ਨ ਦੇ ਰੂਪ ਵਿਚ ਮੰਗ ਪੱਤਰ ਸਰਕਾਰ ਨੂੰ ਭੇਜਿਆ। ਤਰਨਤਾਰਨ ਜ਼ਿਲ੍ਹੇ ਵਿਚ ਤਹਿਸੀਲ ਪੱਟੀ ਵਿਚ ਸੈਂਕੜੇ ਸਾਥੀਆਂ ਨੇ ਧਰਨਾ ਮਾਰਿਆ ਤੇ ਐਸ.ਡੀ.ਐਮ. ਰਾਹੀਂ ਮੰਗ ਪੱਤਰ ਸਰਕਾਰ ਨੂੰ ਭੇਜਿਆ। ਇਸ ਧਰਨੇ ਨੂੰ ਸਾਥੀ ਚਮਨ ਲਾਲ ਦਰਾਜਕੇ, ਹਰਮਿੰਦਰ ਸਿੰਘ ਚੂੰਘ, ਕਾਬਲ ਸਿੰਘ ਮੰਨਣ, ਬਲਦੇਵ ਸਿੰਘ ਬਾਠ, ਸਤਨਾਮ ਸਿੰਘ ਰਸੂਲਪੁਰ, ਬਲਦੇਵ  ਪੰਡੋਰੀ, ਜਸਬੀਰ ਕੌਰ ਤਰਨ ਤਾਰਨ, ਲਖਵਿੰਦਰ ਕੌਰ ਝਬਾਲ ਅਤੇ ਹੋਰ ਲੋਕਲ ਆਗੂਆਂ ਨੇ ਸੰਬੋਧਨ ਕੀਤਾ। 
ਖਡੂਰ ਸਾਹਿਬ ਅਤੇ ਤਰਨ ਤਾਰਨ ਤਹਿਸੀਲਾਂ ਵਿਚ ਵੀ ਸੈਂਕੜੇ ਸਾਥੀ ਇਕੱਤਰ ਹੋਏ ਅਤੇ ਧਰਨਾ ਮਾਰਿਆ ਗਿਆ ਤੇ ਮੰਗ ਪੱਤਰ ਭੇਜਿਆ ਗਿਆ। ਇਹਨਾਂ ਧਰਨਿਆਂ ਨੂੰ ਸੂਬਾਈ ਜਾਇੰਟ ਸਕੱਤਰ ਜਸਪਾਲ ਸਿੰਘ ਝਬਾਲ, ਜਸਬੀਰ ਸਿੰਘ ਵੈਰੋਵਾਲ, ਦਾਰਾ ਸਿੰਘ ਮੁੰਡਾ ਪਿੰਡ ਤੇ ਕੰਵਲਜੀਤ ਕੌਰ ਨੁਸ਼ਹਿਰਾ ਪੰਨੂਆਂ ਨੇ ਸੰਬੋਧਨ ਕੀਤਾ। 
ਜਿਲ੍ਹਾ ਗੁਰਦਾਸਪੁਰ ਦੀਆਂ ਦੋ ਤਹਿਸੀਲਾਂ ਵਿਚ ਧਰਨਾ ਮਾਰਿਆ ਗਿਆ। ਪਠਾਨਕੋਟ ਅਤੇ ਬਟਾਲਾ ਤਹਿਸੀਲਾਂ ਵਿਚ ਵਿਚ ਸੈਂਕੜੇ ਸਾਥੀਆਂ ਨੇ ਧਰਨੇ ਮਾਰ ਕੇ ਮੰਗ ਪੱਤਰ ਭੇਜੇ। ਇਹਨਾਂ ਧਰਨਿਆਂ ਨੂੰ ਸੂਬਾਈ ਵਿੱਤ ਸਕੱਤਰ ਸਾਥੀ ਲਾਲ ਚੰਦ ਕਟਾਰੂਚੱਕ, ਸੂਬਾ ਕਮੇਟੀ ਮੈਂਬਰ ਮਾਸਟਰ ਹਜ਼ਾਰੀ ਲਾਲ, ਸ਼ਿੰਦਾ  ਛਿੱਥ ਅਤੇ ਅਜੀਤ ਕੁਮਾਰ, ਦੇਵ ਰਾਜ, ਗੁਲਜਾਰ ਮਸੀਹ, ਬਲਕਾਰ ਚੰਦ, ਥੁੜੂ ਰਾਮ, ਬਚਨ ਲਾਲ, ਯੋਗ ਰਾਜ, ਦਰਸ਼ਨਾਂ ਦੇਵੀ, ਨਰੇਸ਼, ਮੋਹਨ ਲਾਲ ਅਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ। 
ਬਠਿੰਡਾ : ਬਠਿੰਡਾ ਜ਼ਿਲ੍ਹੇ ਵਿਚ 50 ਔਰਤਾਂ ਸਮੇਤ ਸੈਂਕੜੇ ਸਾਥੀਆਂ ਨੇ ਸੰਗਤ ਮੰਡੀ ਵਿਚ ਇਕੱਠੇ ਹੋ ਕੇ ਧਰਨਾ ਲਾਇਆ। ਤਹਿਸੀਲਦਾਰ ਰਾਹੀਂ ਮੰਗ ਪੱਤਰ ਭੇਜਿਆ ਗਿਆ। ਧਰਨੇ ਨੂੰ ਸੂਬਾ ਕਾਰਜਕਾਰਨੀ ਮੈਂਬਰ ਸਾਥੀ ਮਹੀਪਾਲ ਅਤੇ ਸੂਬਾ ਕਮੇਟੀ ਮੈਂਬਰ ਮਿੱਠੂ ਸਿੰਘ ਘੁੱਦਾ, ਮੰਗਾ  ਸਿੰਘ ਬੰਬੀਹਾ, ਪੂਰਨ ਸਿੰਘ ਨੰਦਗੜ੍ਹ, ਸਾਹਿਬ, ਗੁਰਜੰਟ ਸਿੰਘ, ਗੁਰਮੇਲ ਸਿੰਘ, ਗੁਰਦੇਵ ਸਿੰਘ, ਮਨੋਹਰ ਸਿੰਘ, ਘੁੱਦਾ ਅਤੇ ਬੀਬੀ ਨਸੀਬ ਕੌਰ ਨੇ ਵੀ ਸੰਬੋਧਨ ਕੀਤਾ। 
ਜ਼ਿਲ੍ਹਾ ਮੁਕਤਸਰ ਵਿਚ ਮੁਕਤਸਰ ਵਿਖੇ ਵਿਸ਼ਾਲ ਇਕੱਠ ਸੈਂਕੜੇ ਔਰਤਾਂ ਸਮੇਤ ਕੀਤਾ ਗਿਆ ਤੇ ਮਾਰਚ ਕਰਕੇ ਧਰਨਾ ਮਾਰਿਆ ਗਿਆ ਅਤੇ ਮੰਗ ਪੱਤਰ ਸਰਕਾਰ ਨੂੰ ਭੇਜਿਆ ਗਿਆ। ਧਰਨੇ ਨੂੰ ਸੂਬਾ ਜਾਇੰਟ ਸਕੱਤਰ ਜਗਜੀਤ ਸਿੰਘ ਜੱਸੇਆਣਾ, ਸੂਬਾ ਕਮੇਟੀ ਮੈਂਬਰ ਹਰਜੀਤ ਸਿੰਘ ਮਦਰੱਸਾ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਚੰਦ ਸਿੰਘ ਚੱਕ ਬੀੜ ਸਰਕਾਰ ਤੇ ਜਸਵਿੰਦਰ ਸਿਘ ਵੱਟੂ, ਸਪਨਾ ਟੇਲਰ, ਕੁਲਵਿੰਦਰ ਕਰਮਪੁਰਾ, ਸੁਖਦੇਵ ਕੌਰ, ਹਰਪਾਲ ਸਿੰਘ ਨੇ ਸੰਬੋਧਨ ਕੀਤਾ। 

ਜ਼ਿਲ੍ਹਾ ਬਰਨਾਲਾ : ਜ਼ਿਲ੍ਹਾ ਬਰਨਾਲਾ ਵਿਚ 650 ਔਰਤਾਂ ਸਮੇਤ ਹਜ਼ਾਰਾਂ ਮਜ਼ਦੂਰਾਂ ਨੇ ਵਿਸ਼ਾਲ ਇਕੱਠ ਕਰਕੇ ਏ.ਡੀ.ਸੀ ਦਫਤਰ  ਅੱਗੇ ਧਰਨਾ ਮਾਰਿਆ ਤੇ ਮੰਗਾਂ ਦਾ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ। ਧਰਨੇ ਨੂੰ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ, ਸੂਬਾ ਕਮੇਟੀ ਮੈਂਬਰ ਭੋਲਾ ਸਿੰਘ ਅਤੇ ਸਾਥੀ ਭਾਨ ਸਿੰਘ, ਸੁਰਜੀਤ ਦਿਹੜ ਤੇ ਸਾਥੀ ਸਹਿਜੜਾ ਨੇ ਸੰਬੋਧਨ ਕੀਤਾ। 
ਜਲੰਧਰ ਜਿਲ੍ਹੇ ਦੀ ਤਹਿਸੀਲ ਫਿਲੌਰ ਵਿਚ ਵਿਸ਼ਾਲ ਇਕੱਠ ਕਰਕੇ ਧਰਨਾ ਮਾਰਿਆ ਗਿਆ ਤੇ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਗਿਆ। ਧਰਨੇ ਨੂੰ ਸੂਬਾ ਜਾਇਟ ਸਕੱਤਰ ਪਰਮਜੀਤ ਰੰਧਾਵਾ, ਸੂਬਾ ਕਮੇਟੀ ਮੈਂਬਰ ਮੇਜਰ ਫਿਲੌਰ, ਜ਼ਿਲ੍ਹੇ ਦੇ ਆਗੂ ਜਰਨੈਲ ਸਿਘ ਫਿਲੌਰ, ਅੰਮ੍ਰਿਤ ਨੰਗਲ, ਹੰਸ ਰਾਜ, ਬਨਾਰਸੀ ਦਾਸ, ਸੁਖ ਰਾਮ, ਬਹਾਦਰ ਚੰਦ, ਰਾਮ ਲੁਭਾਇਆ ਅਤੇ ਬਜ਼ੁਰਗ ਆਗੂ ਕਾਮਰੇਡ ਦੇਵ ਫਿਲੌਰ ਨੇ ਸੰਬੋਧਨ ਕੀਤਾ। 

ਹੁਸ਼ਿਆਰਪੁਰ : ਦਿਹਾਤੀ ਮਜ਼ਦੂਰ ਸਭਾ ਅਤੇ ਪੇਂਡੂ ਰੁਜ਼ਗਾਰ ਵਰਕਰਜ਼ ਯੂਨੀਅਨ ਹੁਸ਼ਿਆਰਪੁਰ ਦੇ ਸਾਂਝੇ ਸੱਦੇ 'ਤੇ ਸਥਾਨਕ ਐਸ ਡੀ ਐਮ ਦਫ਼ਤਰ ਅੱਗੇ ਰੋਹ ਭਰਪੂਰ ਧਰਨਾ ਮਾਰਿਆ ਗਿਆ। ਸਾਥੀ ਬਲਰਾਜ ਸਿੰਘ ਅਤੇ ਬੀਬੀ ਨਰਿੰਦਰ ਕੌਰ ਦੀ ਅਗਵਾਈ ਹੇਠ ਮਾਰੇ ਗਏ ਧਰਨੇ ਵਿੱਚ ਤਹਿਸੀਲ ਹੁਸ਼ਿਆਰਪੁਰ ਦੇ ਪਿੰਡਾਂ ਵਿੱਚੋਂ ਸੈਂਕੜਿਆਂ ਦੀ ਗਿਣਤੀ ਵਿੱਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਧਰਨੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਮਹਿੰਦਰ ਸਿੰਘ ਖੈਰੜ ਤੋਂ ਇਲਾਵਾ ਮਨਜੀਤ ਸਿੰਘ, ਅਨਿਲ ਕੁਮਾਰ, ਭਰਾਤਰੀ ਜਥੇਬੰਦੀਆਂ ਵੱਲੋਂ ਸਤੀਸ਼ ਰਾਣਾ, ਡਾ. ਤਰਲੋਚਨ ਸਿੰਘ, ਅਜੀਬ ਦਿਵੇਦੀ, ਪਿਆਰਾ ਸਿੰਘ, ਮਾ. ਹਰਕੰਵਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। 
ਰਿਪੋਰਟ : ਗੁਰਨਾਮ ਸਿੰਘ ਦਾਊਦ


ਬੱਸ ਕਿਰਾਏ ਅਤੇ ਰੇਲ ਕਿਰਾਏ ਵਿਚ ਵਾਧੇ ਵਿਰੁੱਧ ਮੁਜ਼ਾਹਰੇ
ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਹਿੱਤ ਪੂਰਦਿਆਂ ਡੀਜ਼ਲ ਦੇ ਰੇਟਾਂ ਵਿਚ ਹੋ ਰਹੇ ਵਾਧੇ ਨੂੰ ਅਧਾਰ ਬਣਾ ਕੇ ਬੱਸਾਂ ਦੇ ਕਿਰਾਏ ਵਿਚ 8 ਪੈਸੇ ਪ੍ਰਤੀ ਕਿਲੋਮੀਟਰ ਦਾ ਤਿੱਖਾ ਵਾਧਾ ਕੀਤਾ, ਜਿਸ ਨਾਲ ਗਰੀਬ ਜਨਤਾ, ਮਜ਼ਦੂਰ, ਦਿਹਾਤੀ ਮਜਦੂਰ, ਕਿਸਾਨ ਅਤੇ ਹੋਰ ਗਰੀਬ ਲੋਕਾਂ ਉਪਰ ਬਹੁਤ ਹੀ ਵੱਡਾ ਬੇਲੋੜਾ ਬੋਝ ਪਾ ਦਿੱਤਾ ਗਿਆ ਜਿਸ ਦਾ ਤਿੱਖਾ ਵਿਰੋਧ ਕੀਤਾ ਗਿਆ। ਇਸ ਵਿਰੋਧ ਵਾਲੀ ਮੁਹਿੰਮ ਤਹਿਤ ਅਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਰੇਲ ਕਿਰਾਏ ਵਿਚ 14.2% ਦਾ ਵਾਧਾ ਅਤੇ ਮਾਲ ਭਾੜੇ ਵਿਚ 6.50% ਦਾ ਵੱਡਾ ਵਾਧਾ ਕਰਨ ਵਿਰੁੱਧ ਐਕਸ਼ਨ ਜਥੇਬੰਦ ਕੀਤੇ ਗਏ। ਜਿਲ੍ਹਾਂ ਅੰਮ੍ਰਿਤਸਰ ਦੀ ਤਹਿਸੀਲ ਬਾਬਾ ਬਕਾਲਾ ਦੇ ਕਸਬਾ ਮਹਿਤਾ ਵਿਚ ਮਾਰਚ ਕੀਤਾ ਗਿਆ ਅਤੇ ਪੰਜਾਬ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਜਿਸ ਦੀ ਅਗਵਾਈ ਅਮਰੀਕ ਸਿੰਘ ਦਾਊਦ, ਨਰਿੰਦਰ ਸਿੰਘ ਵਡਾਲਾ ਅਤੇ ਗੁਰਮੁਖ ਸਿੰਘ ਮਹਿਤਾ ਨੇ ਕੀਤੀ। 
ਜ਼ਿਲ੍ਹਾ ਤਰਨ ਤਾਰਨ ਵਿਚ ਪਹਿਲਾਂ ਬੱਸ ਕਿਰਾਏ ਵਿਚ ਵਾਧੇ ਵਿਰੁੱਧ ਝਬਾਲ, ਭਿੱਖੀਵਿੰਡ ਅਤੇ ਤਖਤੂ ਚੱਕ ਵਿਖੇ ਮਾਰਚ ਕੀਤੇ ਗਏ ਅਤੇ ਇਕੱਠ ਕੀਤੇ ਗਏ। ਇਹਨਾਂ ਇਕੱਠਾਂ ਨੂੰ ਪਰਗਟ ਸਿੰਘ ਜਾਮਾਰਾਏ, ਜਸਪਾਲ ਸਿੰਘ ਝਬਾਲ, ਚਮਨ ਲਾਲ ਦਰਾਜਕੇ, ਮੁਖਤਾਰ ਸਿੰਘ ਮਲ੍ਹਾ, ਕਾਬਲ ਸਿੰਘ ਮੰਨਣ, ਲੱਖਾ ਸਿੰਘ 
ਮੰਨਣ, ਦਿਲਬਾਗ ਸਿੰਘ ਕੋਟ, ਮਲਕੀਤ ਸਿੰਘ ਠੱਟਾ, ਹਰਜਿੰਦਰ ਸਿੰਘ ਚੁੰਘ, ਸੰਤੋਖ ਸਿੰਘ ਮੱਖੀ, ਅਜੀਤ ਸਿੰਘ ਢੋਟਾ, ਅਜੈਬ ਸਿੰਘ ਜਹਾਂਗੀਰ ਅਤੇ ਜਸਬੀਰ ਸਿੰਘ ਵੈਰੋਵਾਲ ਨੇ ਸੰਬੋਧਨ ਕੀਤਾ।
22 ਜੂਨ ਨੂੰ ਰੇਲ ਕਿਰਾਏ ਵਿਚ ਵਾਧੇ ਖਿਲਾਫ ਜ਼ਿਲ੍ਹਾ ਤਰਨ ਤਾਰਨ ਦੇ ਖੱਬੀਆਂ ਪਾਰਟੀਆਂ ਵਲੋਂ ਸਾਂਝੇ ਤੌਰ 'ਤੇ ਮਾਰਚ ਕੀਤੇ ਗਏ। ਇਕੱਠ ਨੂੰ ਸੀਪੀਆਈ(ਐਮ), ਸੀਪੀਆਈ ਤੇ ਸੀ.ਪੀ.ਐਮ. ਪੰਜਾਬ ਦੇ ਆਗੂਆਂ ਨੇ ਸਾਂਝੇ ਤੌਰ 'ਤੇ ਸੰਬੋਧਨ ਕੀਤਾ। 
ਖਡੂਰ ਸਾਹਿਬ ਵਿਚ ਹੋਏ ਇਕੱਠ ਨੂੰ ਪਰਗਟ ਸਿੰਘ ਜਾਮਾਰਾਏ, ਮੁਖਤਾਰ ਸਿੰਘ ਮਲ੍ਹਾ, ਡਾ. ਸਤਨਾਮ ਸਿੰਘ ਦੇਓੂ, ਅਜੀਤ ਸਿੰਘ ਢੋਟਾ, ਅਜੈਬ ਸਿੰਘ ਜਹਾਂਗੀਰ, ਕਰਮ ਸਿੰਘ ਫਤਿਆਬਾਦ ਅਤੇ ਸਰਬਜੀਤ ਸਿੰਘ ਨੇ ਸੰਬੋਧਨ ਕੀਤਾ। ਝਬਾਲ ਵਿਚ ਵੀ ਇਕੱਠ ਕੀਤਾ ਗਿਆ ਜਿਸ ਨੂੰ ਦਵਿੰਦਰ ਸਿੰਘ ਸੋਹਲ, ਕੁਲਵੰਤ ਸਿੰਘ ਝਬਾਲ, ਜਸਪਾਲ ਸਿੰਘ ਝਬਾਲ, ਪਰਗਟ ਸਿੰਘ ਜਾਮਾਰਾਏ, ਜਸਬੀਰ ਕੌਰ  ਤਰਨ ਤਾਰਨ, ਲਖਵਿੰਦਰ ਕੌਰ ਝਬਾਲ, ਸੀਮਾ ਸੋਹਲ ਤੇ ਬਲਦੇਵ ਸਿੰਘ ਪੰਡੋਰੀ ਨੇ ਸੰਬੋਧਨ ਕੀਤਾ। 
ਤਰਨ ਤਾਰਨ ਸ਼ਹਿਰ ਵਿਚ ਮਾਰਚ ਕੀਤਾ ਗਿਆ ਤੇ ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਕਾਮਰੇਡ ਤਾਰਾ ਸਿੰਘ ਖਹਿਰਾ, ਹੀਰਾ ਸਿੰਘ ਕੰਡਿਆ ਵਾਲਾ, ਕੁਲਵਿੰਦਰ ਸਿੰਘ, ਬਲਬੀਰ ਸੂਦ, ਜਸਪਾਲ ਸਿੰਘ ਝਬਾਲ, ਪਰਗਟ ਸਿੰਘ ਜਾਮਾਰਾਏ ਸ਼ਾਮਲ ਸਨ। 
ਇਸੇ ਤਰ੍ਹਾਂ ਭਿੱਖੀਵਿੰਡ ਵਿਚ ਕੀਤੇ ਗਏ ਇਕੱਠ ਨੂੰ ਚਮਨ ਲਾਲ ਦਰਾਜਕੇ, ਹਰਜਿੰਦਰ ਸਿੰਘ ਚੀਮਾ, ਪਵਨ ਕੁਮਾਰ, ਦਵਿੰਦਰ ਸਿਘ ਸੋਹਲ, ਮੇਜਰ ਸਿੰਘ ਭਿੱਖੀਵਿੰਡ ਅਤੇ ਹਰਜਿੰਦਰ ਸਿਘੰ ਨੇ ਸੰਬੋਧਨ ਕੀਤਾ। ਇਸੇ ਤਰ੍ਹਾਂ ਵਧੇ ਹੋਏ ਬਸ ਕਿਰਾਏ ਅਤੇ ਰੇਲ ਕਿਰਾਏ ਭਾੜੇ ਵਿਚ ਹੋਏ ਵਾਧੇ ਖਿਲਾਫ ਮੁਕਤਸਰ ਵਿਚ ਸੀ.ਪੀ.ਐਮ.ਪੰਜਾਬ ਵਲੋਂ ਡੀ.ਸੀ. ਦਫਤਰ ਅੱਗੇ ਇਕੱਠ ਕੀਤਾ ਉਸ ਤੋਂ ਪਹਿਲਾਂ ਸ਼ਹਿਰ ਵਿਚ ਮਾਰਚ ਕੀਤਾ ਗਿਆ। ਪੰਜਾਬ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਇਕੱਠ ਨੂੰ ਜਗਜੀਤ ਸਿੰਘ ਜੱਸੇਆਣਾ, ਹਰਜੀਤ ਸਿੰਘ ਮਦਰੱਸਾ, ਚੰਦ ਸਿੰਘ, ਜਸਵਿੰਦਰ ਸਿੰਘ ਵੱਟੂ, ਸਪਨਾ ਟੇਲਰ ਆਦਿ ਸਾਥੀਆਂ ਨੇ ਸੰਬੋਧਨ ਕੀਤਾ।

ਰਈਆ :  ਕੇਂਦਰ ਦੀ ਮੋਦੀ ਸਰਕਾਰ ਵਲੋਂ ਰੇਲ ਭਾੜਿਆ ਵਿੱਚ ਕੀਤੇ ਵਾਧੇ, ਪੰਜਾਬ ਸਰਕਾਰ ਵਲੋਂ ਬੱਸ ਭਾੜੇ ਵਿੱਚ ਕੀਤੇ ਵਾਧੇ ਅਤੇ ਨਿੱਤ ਵਰਤੋਂ ਦੀਆ ਚੀਜਾਂ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਖਿਲਾਫ ਸੀ ਪੀ ਐਮ ਪੰਜਾਬ ਦੀ ਤਹਿਸੀਲ ਕਮੇਟੀ ਵਲੋਂ 24 ਜੂਨ ਨੂੰ ਰਈਆ ਦੇ ਬਜਾਰਾਂ ਵਿੱਚ ਅਮਰੀਕ ਸਿੰਘ ਦਾਊਦ, ਗੁਰਮੇਜ ਸਿੰਘ ਤਿਮੋਵਾਲ, ਹਰਪ੍ਰੀਤ ਸਿੰਘ ਬੁਟਾਰੀ ਦੀ ਅਗਵਾਈ ਹੇਠ ਰੋਸ ਮਾਰਚ ਕੀਤਾ। ਜੀ ਟੀ ਰੋਡ 'ਤੇ ਜਾਮ ਲਾਇਆ ਅਤੇ ਮੋਦੀ ਸਰਕਾਰ ਦਾ ਪੁਤਲਾ ਫੁਕਿਆ।ਇਸ ਮੌਕੇ 'ਤੇ ਪਾਰਟੀ ਦੇ ਸਕੱਤਰੇਤ ਮੈਂਬਰ ਗੁਰਨਾਮ ਸਿੰਘ ਦਾਊਦ ਤੋਂ ਇਲਾਵਾ ਨਿਰਮਲ ਸਿੰਘ ਭਿੰਡਰ, ਨਿਸ਼ਾਨ ਸਿੰਘ ਧਿਆਨਪੁਰ, ਨਰਿੰਦਰ ਸਿੰਘ ਵਡਾਲਾ, ਲਖਵਿੰਦਰ ਸਿੰਘ ਖਾਸੀ, ਇਕਬਾਲ ਸਿੰਘ ਭੋਰਸ਼ੀ, ਮਨਦੀਪ ਸਿੰਘ ਬੁਟਾਰੀ,ਹਰਦੇਵ ਸਿੰਘ ਬੁਤਾਲਾ, ਕਮਲ ਸ਼ਰਮਾ ਮੱਧ, ਸਰਦੂਲ ਸਿੰਘ ਵਡਾਲਾ, ਬਲਬੀਰ ਸਿੰਘ ਨਾਨਕਪੁਰਾ, ਕੁਲਵੰਤ ਸਿੰਘ ਰਈਆ, ਸੁਖਦੇਵ ਸਿੰਘ ਪੱਪੂ, ਹਰਜਿੰਦਰ ਸਿੰਘ ਫੇਰੂਮਾਨ, ਬਲਵਿੰਦਰ ਸਿੰਗ ਡੇਅਰੀਵਾਲ, ਸੱਜਣ ਸਿੰਘ ਤਿੰਮੋਵਾਲ ਅਤੇ ਭਜਨ ਸਿੰਘ ਫੱਤੂਵਾਲ ਆਦਿ ਸ਼ਾਮਿਲ ਹੋਏ।ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਗੁਰਨਾਮ ਸਿੰਘ ਦਾਊਦ ਅਤੇ ਅਮਰੀਕ ਸਿੰਘ ਦਾਊਦ ਨੇ ਕਿਹਾ ਕਿ ਚੰਗੇ ਦਿਨਾਂ ਦੀ ਸ਼ੁਰੂਆਤ ਦੇ ਨਾਅਰੇ ਦੇਣ ਵਾਲੀ ਮੋਦੀ ਸਰਕਾਰ ਨੇ ਸੱਤਾ ਸੰਭਾਲਦੇ ਹੀ ਡੀਜਲ, ਰੇਲ ਕਿਰਾਇਆਂ ਵਿੱਚ ਵਾਧਾ ਕਰਕੇ ਜਨਤਾ ਨਾਲ ਕੋਝਾ ਮਜਾਕ ਕੀਤਾ ਹੈ। ਹੁਣ ਪੰਜਾਬ ਸਰਕਾਰ ਗਰੀਬਾਂ ਨੂੰ ਆਟਾ ਦਾਲ ਦੇਣ ਤੋਂ ਵੀ ਆਨਾਕਾਨੀ ਕਰ ਰਹੀ ਹੈ।ਕੇਂਦਰ ਸਰਕਾਰ ਨੇ ਬਾਹਰੋਂ ਆਉਣ ਵਾਲੀ ਖੰਡ 'ਤੇ ਪੰਦਰਾਂ ਤੋਂ ਚਾਲੀ ਪ੍ਰਤੀਸ਼ਤ ਦਰਾਮਦ ਟੈਕਸ ਦਾ ਵਾਧਾ ਕਰ ਦਿੱਤਾ ਹੈ ਜਿਸ ਨਾਲ ਖੰਡ ਦੀਆਂ ਕੀਮਤਾਂ ਅਸਮਾਨ ਨੂੰ ਛੁਹਣਗੀਆਂ।ਆਉਣ ਵਾਲੇ ਦਿਨਾਂ ਵਿੱਚ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਣ ਜਾ ਰਿਹਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਸੰਘਰਸ਼ ਦਾ ਰਾਹ ਅਪਨਾਉਣ। 

ਟਾਂਗਰਾ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਦੇ ਸੈਂਕੜੇ ਕਾਰਕੁੰਨਾਂ ਵਲੋਂ ਸਥਾਨਕ ਕਸਬੇ ਦੇ ਬਜਾਰਾਂ ਵਿਚ 25 ਜੂਨ ਨੂੰ ਸਰਕਾਰ ਵਲੋਂ ਰੇਲ ਕਿਰਾਏ ਵਿਚ ਵਾਧੇ, ਨਿੱਤ ਵਰਤੋਂ ਦੀਆਂ ਚੀਜ਼ਾਂ ਕੀਮਤਾਂ ਵਧਾਉਣ ਅਤੇ ਪ੍ਰਾਂਤ ਸਰਕਾਰ ਵਲੋਂ ਬੱਸ ਕਿਰਾਇਆਂ ਵਿਚ ਵਾਧੇ ਖਿਲਾਫ ਰੋਸ ਮਾਰਚ ਕੀਤਾ ਅਤੇ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪੁਤਲਾ ਫੂਕਿਆ। ਰੋਸ ਮਾਰਚ ਦੀ ਅਗਵਾਈ ਡਾ. ਗੁਰਮੇਜ ਸਿੰਘ ਤਿੰਮੋਵਾਲ, ਬਲਦੇਵ ਸੈਦਪੁਰ, ਮਲਕੀਤ ਸਿੰਘ ਜੱਬੋਵਾਲ, ਨਿਰਮਲ ਛੱਜਲਵੱਡੀ ਨੇ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾਈ ਸਕੱਤਰੇਤ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਚੰਗੇ ਦਿਨਾਂ ਦੀ ਸ਼ੁਰੂਆਤ ਦੇ ਨਾਅਰੇ ਦੇਣ ਵਾਲੀ ਕੇਂਦਰ ਸਰਕਾਰ ਵਲੋਂ ਡੀਜ਼ਲ, ਰੇਲ ਕਿਰਾਏ ਵਿਚ ਵਾਧਾ ਕਰਕੇ ਲੋਕਾਂ ਨਾਲ ਕੋਝਾ ਮਜਾਕ  ਕੀਤਾ ਹੈ। ਖੰਡ ਉਪਰ ਦਰਾਮਦ ਡਿਊਟੀ ਵਧਾਉਣ ਕਾਰਨ ਖੰਡ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ ਅਤੇ ਪ੍ਰਾਂਤ ਸਰਕਾਰ ਵਲੋਂ ਬਸ ਕਿਰਾਏ ਵਿਚ ਵਾਧਾ ਕੀਤਾ ਗਿਆ ਹੈ। ਹੁਣ ਗਰੀਬ ਲੋਕਾਂ ਨੂੰ ਮਿਲਣ ਵਾਲਾ ਆਟਾ ਦਾਲ ਦੇਣ ਤੋਂ ਸਰਕਾਰ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਉਪਰ ਸਰਕਾਰਾਂ ਵਲੋਂ ਭਾਰੀ ਆਰਥਿਕ ਬੋਝ ਪਾ ਦਿੱਤਾ ਹੈ ਜੋ ਲੋਕਾਂ ਲਈ ਅਸਹਿ ਹੈ। ਉਨ੍ਹਾਂ ਕਿਰਤੀ ਲੋਕਾਂ ਨੂੰ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਸੰਘਰਸ਼ ਦਾ ਪਿੜ੍ਹ ਮੱਲ੍ਹਣ ਦੀ ਅਪੀਲ ਕੀਤੀ।  

ਮੁਕਤਸਰ : ਪੰਜਾਬ ਸਰਕਾਰ ਵੱਲੋਂ ਬੱਸ ਕਿਰਾਏ 'ਚ ਕੀਤੇ ਭਾਰੀ ਵਾਧੇ ਖਿਲਾਫ ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਜ਼ਿਲ੍ਹਾ ਇਕਾਈ ਵੱਲੋਂ 18 ਜੂਨ ਨੂੰ ਸਥਾਨਕ ਕੋਟਕਪੂਰਾ ਚੌਕ 'ਚ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਜੰਮ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੋਸ਼ ਲਗਾਇਆ ਕਿ ਅਕਾਲੀ-ਭਾਜਪਾ ਸਰਕਾਰ ਵੱਡੇ ਕਾਰਪੋਰੇਟ ਘਰਾਣਿਆਂ ਤੇ ਟਰਾਂਸਪੋਰਟ ਲਾਬੀ ਦੇ ਇਸ਼ਾਰਿਆਂ 'ਤੇ ਚੱਲ ਰਹੀ ਹੈ ਤੇ ਆਮ ਜਨਤਾ 'ਤੇ ਭਾਰੀ ਆਰਥਿਕ ਬੋਝ ਪਾ ਰਹੀ ਹੈ। ਇਸ ਦੌਰਾਨ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਕਿਰਾਏ 'ਚ ਕੀਤੇ ਵਾਧੇ ਨੂੰ ਤੁਰੰਤ ਵਾਪਸ ਲਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਤੁਰੰਤ ਵਾਪਸ ਨਾ ਲਿਆ ਤਾਂ ਇਸ ਲੋਕ ਵਿਰੋਧੀ ਫੈਸਲੇ ਨੂੰ ਲੋਕਾਂ 'ਚ ਪੂਰੀ ਤਰ੍ਹਾਂ ਨੰਗਾ ਕੀਤਾ ਜਾਵੇਗਾ ਤੇ ਸੀ ਪੀ ਐੱਮ ਪੰਜਾਬ ਵੱਲੋਂ ਪਿੰਡ-ਪਿੰਡ ਸਰਕਾਰ ਦੇ ਪੁਤਲੇ ਫੂਕੇ ਜਾਣਗੇ। 

ਜਮਹੂਰੀ ਕਿਸਾਨ ਸਭਾ ਦੇ ਸੱਦੇ 'ਤੇ ਕਿਸਾਨਾਂ ਵਲੋਂ ਬਿਜਲੀ ਦਫਤਰਾਂ 'ਤੇ ਧਰਨੇ

ਮਾਨਸਾ : ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੱਦੇ ਤੇ, ਜਿਲ੍ਹੇ ਭਰ ਵਿੱਚੋਂ ਆਏ ਕਿਸਾਨਾਂ ਨੇ ਵੰਡ ਮੰਡਲ ਮਾਨਸਾ ਦੇ ਦਫਤਰਾਂ ਅੱਗੇ, ਕਿਸਾਨਾਂ ਦੀਆਂ ਫੌਰੀ ਅਤੇ ਭੱਖਦੀਆਂ ਮੰਗਾਂ ਮੰਨਵਾਉਣ ਲਈ, ਸਾਥੀ ਸੁਖਦੇਵ ਸਿੰਘ ਅਤਲਾ ਕਲਾਂ ਜਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ, ਵਿਸਾਲ ਧਰਨਾ ਦਿੱਤਾ ਅਤੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੀਨੀਅਰ ਕਾਰਜਕਾਰੀ ਇੰਜਨੀਅਰ ਮਾਨਸਾ ਰਾਹੀਂ ਪੀ.ਐਸ.ਪੀ.ਸੀ.ਐਲ ਦੇ ਐਮ.ਡੀ ਨੂੰ ਦਿੱਤਾ ਗਿਆ। 
ਧਰਨੇ ਸਮੇਂ ਹੋਈ ਰੈਲੀ ਨੂੰ ਸੂਬਾ ਕਮੇਟੀ ਮੈਂਬਰ ਸਾਥੀ ਲਾਲ ਚੰਦ ਸਰਦੂਲਗੜ੍ਹ, ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ, ਸੂਬਾ ਵਿੱਤ ਸਕੱਤਰ ਛੱਜੂ ਰਾਮ ਰਿਸ਼ੀ, ਮੰਗਤ ਰਾਮ ਕਰੰਡੀ, ਗੁਰਜੰਟ ਸਿੰਘ ਆਲੀਕੇ, ਅਮਰੀਕ ਸਿੰਘ ਫਫੜੇ ਭਾਈਕੇ, ਮੇਜਰ ਸਿੰਘ ਦੁੱਲੋਵਾਲ, ਧੰਨਾ ਸਿੰਘ ਟਾਹਲੀਆਂ ਅਤੇ ਗੁਰਦੇਵ ਸਿੰਘ ਲੋਹਗੜ੍ਹ ਨੇ ਸੰਬੋਧਨ ਕੀਤਾ। ਅਖੀਰ ਤੇ ਸੁਖਦੇਵ ਸਿੰਘ ਅਤਲਾ ਨੇ ਧਰਨੇ ਵਿੱਚ ਪਹੁੰਚੇ ਕਿਸਾਨਾਂ ਦਾ ਧੰਨਵਾਦ ਕੀਤਾ।
ਅੰਮ੍ਰਿਤਸਰ : ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਖੇਤੀ ਨੂੰ ਦਰਪੇਸ਼ ਬਿਜਲੀ ਮਸਲਿਆਂ ਨੂੰ ਹੱਲ ਕਰਵਾਉਣ ਲਈ ਚੀਫ ਇੰਜੀਨੀਅਰ ਬਾਰਡਰ ਰੇਂਜ ਦੇ ਮੂਹਰੇ 2 ਜੂਨ ਦੇ ਵਿਸ਼ਾਲ ਕਿਸਾਨ ਧਰਨੇ ਉਪਰੰਤ ਦਿੱਤੇ ਮੰਗ ਪੱਤਰ ਦੇ ਮੱਦੇਨਜ਼ਰ ਬਿਜਲੀ ਮੰਗਾਂ ਦੇ ਨਬੇੜੇ ਹਿੱਤ ਚੀਫ ਦੇ ਸੱਦੇ 'ਤੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਸੂਬਾ ਜਾਇੰਟ ਸਕੱਤਰ ਰਘਬੀਰ ਸਿੰਘ, ਮੀਤ ਪ੍ਰਧਾਨ ਰਤਨ ਸਿੰਘ ਰੰਧਾਵਾ, ਪ੍ਰੈੱਸ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਦੀ ਅਗਵਾਈ ਵਿੱਚ ਇੱਕ ਸੂਬਾ ਪੱਧਰੀ ਵਫਦ ਚੀਫ ਇੰਜੀਨੀਅਰ ਨੂੰ ਮਿਲਿਆ। ਪੀ.ਐਸ.ਪੀ.ਸੀ.ਐਲ. ਵੱਲੋਂ ਚੀਫ ਇੰਜੀਨੀਅਰ, ਨਿਗਰਾਨ ਇੰਜੀਨੀਅਰਾਂ ਤਰਨ ਤਾਰਨ, ਗੁਰਦਾਸਪੁਰ ਆਦਿ ਨੇ ਮੰਗ ਪੱਤਰ ਅਨੁਸਾਰ ਭਰਵੀਂ ਵਿਚਾਰ ਚਰਚਾ ਕੀਤੀ। 
ਕਿਸਾਨ ਵਫਦ ਵਿੱਚ ਸੂਬਾ ਕਮੇਟੀ ਮੈਂਬਰ ਦਿਲਜੀਤ ਸਿੰਘ, ਰਾਜ ਬਲਬੀਰ ਸਿੰਘ, ਸੁੱਚਾ ਸਿੰਘ, ਬਲਵਿੰਦਰ ਸਿੰਘ ਰਵਾਲ, ਮੁਖਤਾਰ ਮੱਲ੍ਹਾ, ਸਤਨਾਮ ਸਿੰਘ ਦਿਊ ਤੇ ਸੁਰਜੀਤ ਸਿੰਘ ਭੂਰੇ ਗਿੱਲ ਰਿਟਾਇਰਡ ਜੇ ਈ ਵੀ ਹਾਜ਼ਰ ਸਨ। 

ਦਿਹਾਤੀ ਮਜ਼ਦੂਰ ਸਭਾ ਤੇ ਪੇਂਡੂ ਰੁਜ਼ਗਾਰ ਵਰਕਰਜ਼ ਯੂਨੀਅਨ ਵਲੋਂ ਰੈਲੀ 
ਦਿਹਾਤੀ ਮਜ਼ਦੂਰ ਸਭਾ ਅਤੇ ਪੇਂਡੂ ਰੁਜ਼ਗਾਰ ਵਰਕਰਜ਼ ਯੂਨੀਅਨ ਤਹਿਸੀਲ ਗੜ੍ਹਸ਼ੰਕਰ ਦੇ ਮਜ਼ਦੂਰਾਂ ਵਲੋਂ 9 ਜੂਨ ਨੂੰ ਸਾਂਝੇ ਤੌਰ 'ਤੇ ਦਾਣਾ ਮੰਡੀ ਗੜ੍ਹਸ਼ੰਕਰ ਵਿਖੇ ਜਸਵਿੰਦਰ ਕੌਰ ਚੰਦੇਲੀ ਅਤੇ ਬਲਵੀਰ ਰਾਮ ਦੀ ਸਾਂਝੀ ਪ੍ਰਧਾਨਗੀ ਹੇਠ ਵਿਸ਼ਾਲ ਰੈਲੀ ਕਰਨ ਉਪਰੰਤ ਐਸ.ਡੀ.ਐਮ. ਦਫਤਰ ਤੱਕ ਰੋਸ ਮੁਜ਼ਾਹਰਾ ਕਰਕੇ ਐਸ.ਡੀ.ਐਮ. ਗੜ੍ਹਸ਼ੰਕਰ ਨੂੰ ਮੰਗ ਪੱਤਰ ਦਿੱਤਾ। ਕੜੱਕਦੀ ਧੁੱਪ ਦੇ ਬਾਵਜੂਦ ਹਜ਼ਾਰਾਂ ਮਜ਼ਦੂਰਾਂ ਨੇ ਰੈਲੀ ਵਿਚ ਟੈਂਪੂਆਂ, ਟਰਾਲੀਆਂ ਅਤੇ ਹੋਰ ਵਹੀਕਲਾਂ ਰਾਹੀਂ ਹੱਥਾਂ ਵਿਚ ਝੰਡੇ ਬੈਨਰ ਚੁੱਕਕੇ ਪੰਜਾਬ ਤੇ ਕੇਂਦਰ ਸਰਕਾਰ ਦੇ ਖਿਲਾਫ ਨਾਹਰੇਬਾਜ਼ੀ ਕਰਦਿਆਂ ਸ਼ਮੂਲੀਅਤ ਕੀਤੀ, ਜਿਸ ਵਿਚ ਇਸਤਰੀ ਮਜ਼ਦੂਰਾਂ ਦੀ ਭਰਵੀਂ ਤੇ ਪ੍ਰਭਾਵਸ਼ਾਲੀ ਸ਼ਮੂਲੀਅਤ ਸੀ। 

ਰੈਲੀ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਸੀ.ਟੀ.ਯੂ. ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਕਾਮਰੇਡ ਮੰਗਤ ਰਾਮ ਪਾਸਲਾ ਨੇ ਆਪਣੇ ਸੰਬੋਧਨ ਵਿਚ ਮਜ਼ਦੂਰਾਂ ਦੀ ਤਰਸਯੋਗ ਹਾਲਤ ਲਈ ਕੇਂਦਰ ਤੇ ਸੂਬਾਈ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਕਾਮਰੇਡ ਪਾਸਲਾ ਨੇ ਆਖਿਆ ਕਿ ਵੱਖ ਵੱਖ ਸਮੇਂ ਦੀਆਂ ਸਰਕਾਰਾਂ ਨੇ ਮਜ਼ਦੂਰਾਂ ਦੇ ਸੰਘਰਸ਼ਾਂ ਨਾਲ ਜਿਹੜੇ ਕੁਝ ਕਾਨੂੰਨ ਮਜ਼ਦੂਰਾਂ ਦੇ ਹੱਕ ਵਿਚ ਬਣਾਏ ਵੀ ਸਨ, ਉਹ ਵੀ ਅੱਜ ਲਾਗੂ ਨਹੀਂ ਹੋ ਰਹੇ, ਅੱਜ ਛੋਟੇ ਬਾਲੜਾਂ ਤੇ ਬਾਲੜੀਆਂ ਨੂੰ ਮਜਬੂਰੀ ਬਸ ਬਾਲ ਮਜ਼ਦੂਰੀ ਕਰਨੀ ਪੈ ਰਹੀ ਹੈ, ਮਜ਼ਦੂਰ ਨੂੰ ਨਿਰਧਾਰਤ ਦਿਹਾੜੀ ਨਹੀਂ ਦਿੱਤੀ ਜਾ ਰਹੀ, 5-5 ਮਰਲੇ ਦੇ ਰਿਹਾਇਸ਼ੀ ਪਲਾਟ ਫੈਸਲੇ ਦੇ ਬਾਵਜੂਦ ਨਹੀਂ ਦਿੱਤੇ ਜਾ ਰਹੇ। ਉਹਨਾਂ ਮਜ਼ਦੂਰਾਂ ਨੂੰ ਇਕੱਠੇ ਹੋ ਕੇ ਸਾਂਝੇ ਸੰਘਰਸ਼ ਕਰਨ ਦੀ ਅਪੀਲ ਕੀਤੀ। ਰੈਲੀ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿਘ ਖੈਰੜ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਿਲ੍ਹਾ ਪ੍ਰਧਾਨ ਰਾਮ ਜੀ ਦਾਸ ਚੌਹਾਨ, ਸੂਬਾਈ ਆਗੂ ਮੱਖਣ ਸਿੰਘ ਵਾਹਿਦਪੁਰੀ ਨੇ ਸੰਬੋਧਨ ਕੀਤਾ। ਉਕਤ ਆਗੂਆਂ ਤੋਂ ਇਲਾਵਾ ਕਮਲਜੀਤ ਕੌਰ ਕੁਕੜਾ, ਪ੍ਰਿੰਸੀਪਲ ਪਿਆਰਾ ਸਿੰਘ, ਰਵੀ ਕੰਵਰ, ਨਿਰਭੈਲ ਸਿੰਘ, ਅਮਰੀਕ ਸਿੰਘ, ਜਸਵਿੰਦਰ ਸਿੰਘ ਨਕਦੀਪੁਰ, ਅਮਰਦੀਪ ਕੌਰ ਬਿਲੋ, ਨਰਿੰਦਰ ਕੌਰ ਹੇੜੀਆਂ, ਕੁਲਭੂਸ਼ਣ ਕੁਮਾਰ, ਗਿਆਨੀ ਅਵਤਾਰ ਸਿੰਘ, ਸੁੱਚਾ ਸਿੰਘ, ਸ਼ਿੰਗਾਰਾ ਰਾਮ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। 

ਗੁਰਦਾਸਪੁਰ ਜ਼ਿਲ੍ਹੇ ਦੇ ਭੱਠਾ ਮਜ਼ਦੂਰਾਂ ਦੀ ਜਿੱਤ
ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਜ਼ਿਲ੍ਹਾ ਗੁਰਦਾਸਪੁਰ ਵਲੋਂ ਭੱਠਾ ਮਜ਼ਦੂਰਾਂ ਦੀ ਮਜ਼ਦੂਰੀ ਵਿਚ ਵਾਧੇ, ਰਿਹਾਇਸ਼ ਸਬੰਧੀ, ਸਮਾਜਿਕ ਸੁਰੱਖਿਆ ਅਤੇ ਹੋਰ ਮੰਗਾਂ 'ਤੇ ਅਧਾਰਤ ਮੰਗ ਪੱਤਰ ਮਿਤੀ 20 ਮਾਰਚ 2014 ਨੂੰ ਭੱਠਾ ਮਾਲਕ ਐਸੋਸੀਏਸ਼ਨ ਅਤੇ ਲੇਬਰ ਅਫਸਰ ਗੁਰਦਾਸਪੁਰ ਨੂੰ ਦਿੱਤਾ ਗਿਆ ਸੀ। ਲੇਬਰ ਅਫਸਰ ਨੇ ਮੰਗ ਪੱਤਰ ਦੇ ਨਿਪਟਾਰੇ ਲਈ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਅਤੇ ਭੱਠਾ ਮਾਲਕ ਐਸੋਸੀਏਸ਼ਨ ਗੁਰਦਾਸਪੁਰ ਵਿਚਕਾਰ ਸਮਝੌਤਾ ਕਰਾਉਣ ਲਈ ਛੇ ਵਾਰ ਵੱਖ ਵੱਖ ਤਰੀਕਾਂ 9 ਅਪ੍ਰੈਲ, 23 ਅਪ੍ਰੈਲ, 7 ਮਈ, 14 ਮਈ, 21 ਮਈ ਅਤੇ 23 ਮਈ ਦਾ ਸਮਾਂ ਨਿਸ਼ਚਿਤ ਕਰਕੇ ਗੱਲਬਾਤ ਲਈ ਸੱਦਾ ਦਿੱਤਾ। ਪਰ ਭੱਠਾ ਮਾਲਕਾਂ ਇਕ ਵੀ ਤਰੀਕ ਉਪਰ ਪਹੁੰਚਣਾ ਠੀਕ ਨਹੀਂ ਸਮਝਿਆ। ਭੱਠਾ ਮਾਲਕ ਸਾਰੀਆਂ ਤਰੀਕਾਂ ਉਪਰ ਗੈਰ ਹਾਜ਼ਰ ਰਹੇ ਪਰ ਲੇਬਰ ਅਫਸਰ ਗੁਰਦਾਸਪੁਰ ਨੇ ਭੱਠਾ ਮਾਲਕਾਂ ਖਿਲਾਫ ਕੋਈ ਐਕਸ਼ਨ ਨਹੀਂ ਲਿਆ। 
ਭੱਠਾ ਮਾਲਕਾਂ ਦੇ ਅੜੀਅਲ ਵਤੀਰੇ ਅਤੇ ਲੇਬਰ ਵਿਭਾਗ ਦੇ ਅਧਿਕਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਦੇ ਖਿਲਾਫ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਆਗੂਆਂ ਦੇ ਵਫਦ ਨੇ ਮਿਤੀ 28 ਮਈ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮਿਲ ਕੇ ਸਾਰੀ ਸਥਿਤੀ ਤੋਂ ਜਾਣੂ ਕਰਾਉਂਦੇ ਹੋਏ ਲਿਖਤੀ ਮੰਗ ਕੀਤੀ ਕਿ ਮੰਗ ਪੱਤਰ ਦੇ ਨਿਪਟਾਰੇ ਲਈ ਕਿਸੇ ਉਪ ਮੰਡਲ ਮੈਜਿਸਟਰੇਟ ਦੀ ਡਿਊਟੀ ਲਗਾਈ ਜਾਵੇ। ਉਹਨਾਂ ਐਸ.ਡੀ.ਐਮ. ਗੁਰਦਾਸਪੁਰ ਨੂੰ ਆਪਣੀ ਨਿਗਰਾਨੀ ਹੇਠ ਸਾਰੇ ਮਸਲੇ ਨੂੰ ਨਿਪਟਾਉਣ ਲਈ ਹੁਕਮ ਜਾਰੀ ਕੀਤੇ। ਮਿਤੀ 4 ਜੂਨ, 6 ਜੂਨ ਅਤੇ 11 ਜੂਨ ਨੂੰ ਐਸ.ਡੀ.ਐਮ. ਦਫਤਰ ਵਿਚ ਮੀਟਿੰਗਾਂ ਰੱਖੀਆਂ ਗਈਆਂ, ਪਰ ਸਮਝੌਤਾ ਸਿਰੇ ਨਾ ਚੜ੍ਹਿਆ। ਐਸ.ਡੀ.ਐਮ. ਦਫਤਰ ਗੁਰਦਾਸਪੁਰ ਦੀਆਂ ਮੀਟਿੰਗਾਂ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਲੇਬਰ ਅਫਸਰ, ਫੂਡ ਐਂਡ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀ, ਡੀ.ਟੀ.ਓ., ਤਹਿਸੀਲਦਾਰ ਅਤੇ ਡਿਪਟੀ ਡਾਇਰੈਕਟਰ ਫੈਕਟਰੀਜ਼, ਭੱਠਾ ਮਾਲਕ ਐਸੋਸੀਏਸ਼ਨ ਦੇ ਅਹੁਦੇਦਾਰ  ਅਤੇ ਭੱਠਾ ਮਜਦੂਰ ਜਥੇਬੰਦੀਆਂ-ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਸਬੰਧਤ ਸੀ.ਟੀ.ਯੂ. ਪੰਜਾਬ ਅਤੇ ਭੱਠਾ ਮਜ਼ਦੂਰ ਯੂਨੀਅਨ (ਏਕਟੂ) ਦੇ ਆਗੂ ਹਾਜ਼ਰ ਸਨ। ਜਦੋਂ ਭਰੀ ਮੀਟਿੰਗ ਵਿਚ ਮਜ਼ਦੂਰ ਆਗੂਆਂ ਵਲੋਂ ਇਹ ਪੁਛਿਆ ਗਿਆ ਕਿ ਕੋਈ ਭੱਠਾ ਮਾਲਕ ਜਾਂ ਅਧਿਕਾਰੀ ਇਹ ਦੱਸੇ ਕਿ ਕਿਸੇ ਇਕ ਵੀ ਭੱਠੇ ਉਪਰ ਕਿਰਤ ਕਾਨੂੰਨ ਲਾਗੂ ਹੈ ਤਾਂ ਕਿਸੇ ਕੋਲ ਕੋਈ ਜਵਾਬ ਨਹੀਂ ਸੀ। ਸਾਰਾ ਪ੍ਰਸ਼ਾਸਨ ਬੇਵਸ ਨਜ਼ਰ ਦਿਖਾਈ ਦੇ ਰਿਹਾ ਸੀ। ਇਸ ਦਾ ਕਾਰਨ ਸਾਫ ਸੀ ਭੱਠਾ ਮਾਲਕਾਂ ਦੇ ਪੱਖ ਵਿਚ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ ਮੰਤਰੀਆਂ ਦਾ ਰਾਜਸੀ ਦਬਾਅ। 
ਜਦੋਂ ਮਜ਼ਦੂਰ ਆਗੂਆਂ ਦਲੀਲ ਦੇ ਕੇ ਗੱਲ ਪੇਸ਼ ਕੀਤੀ ਕਿ ਜਿਹੜੀ ਮਜ਼ਦੂਰੀ ਲੈ ਕੇ ਮਜ਼ਦੂਰਾਂ ਨੇ ਸਰਦੀ ਸੀਜ਼ਨ ਵਿਚ ਕੰਮ ਕੀਤਾ ਸੀ, ਅੱਜ ਮਹਿੰਗਾਈ ਵੱਧ ਜਾਣ ਕਾਰਨ ਉਹਨਾਂ ਦੀ ਉਸ ਮਜ਼ਦੂਰੀ ਵਿਚ ਕੁਝ ਰੁਪਿਆਂ ਦਾ ਵਾਧਾ ਕਰ ਦਿੱਤਾ ਜਾਵੇ, ਤਾਂ ਭੱਠਾ ਮਾਲਕਾਂ ਭਰੀ ਮੀਟਿੰਗ ਵਿਚ ਕਿਹਾ ਕਿ ਅਸੀਂ ਤੁਹਾਡੇ ਨਾਲ ਕੋਈ ਸਮਝੌਤਾ ਨਹੀਂ ਕਰਨਾ, ਤੁਸੀਂ ਜੋ ਕਰਨਾ ਕਰ ਲਵੋ। ਇਸ ਉਪਰੰਤ ਦੋਨੋਂ ਜਥੇਬੰਦੀਆਂ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਅਤੇ ਭੱਠਾ ਮਜ਼ਦੂਰ ਯੂਨੀਅਨ ਦੀ ਸਾਂਝੀ ਤਾਲਮੇਲ ਕਮੇਟੀ ਹੇਠ 11 ਜੂਨ ਨੂੰ ਡੀ.ਸੀ. ਦਫਤਰ ਸਾਹਮਣੇ ਅਣਮਿੱਥੇ ਸਮੇਂ ਲਈ ਦਿਨ ਰਾਤ ਦਾ ਧਰਨਾ ਸ਼ੁਰੂ ਕਰ ਦਿੱਤਾ ਗਿਆ। ਮਿਤੀ 14-15 ਜੂਨ ਨੂੰ ਛੁੱਟੀ ਹੋਣ ਕਰਕੇ ਧਰਨਾ ਦੋ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ। ਪਰ 16 ਜੂਨ ਨੂੰ ਦੁਬਾਰਾ ਮਜ਼ਦੂਰ ਧਰਨੇ 'ਤੇ ਬੈਠਣ ਲਈ ਹਾਲੇ ਗੁਰੂ ਨਾਨਕ ਪਾਰਕ ਵਿਚ ਇਕੱਠੇ ਹੋ ਰਹੇ ਸਨ ਤਾਂ, ਐਸ.ਡੀ.ਐਮ. ਗੁਰਦਾਸਪੁਰ ਦੇ ਦਫਤਰੋਂ ਮੀਟਿੰਗ ਦਾ ਸੱਦਾ ਆ ਗਿਆ। ਲੰਮੀ ਵਿਚਾਰ ਚਰਚਾ ਤੋਂ ਬਾਅਦ ਪਿਛਲੇ ਰੇਟਾਂ ਵਿਚ ਵਾਧਾ ਕਰਦੇ ਹੋਏ, ਹੇਠ ਲਿਖੇ ਅਨੁਸਾਰ ਮਜ਼ਦੂਰੀ ਦੇ ਵੱਖ ਵੱਖ ਰੇਟ ਤਹਿ ਹੋਏ। ਕੱਚੀਆਂ ਇੱਟਾਂ ਦੀ ਪਥੇਰ ਮੋਟੀ ਇੱਟ 669 ਰੁਪਏ, ਟਾਇਲ 694 ਰੁਪਏ, ਲੋਡ ਅਨਲੋਡ 126 ਰੁਪਏ, ਕੇਵਲ ਲੋਡ 75 ਰੁਪਏ ਅਤੇ ਨਿਕਾਸੀ ਪੱਕੀ ਇਟਾਂ ਦੀ 222 ਰੁਪਏ। ਇਹ ਸਾਰੇ ਰੇਟ ਪ੍ਰਤੀ ਇਕ ਹਜ਼ਾਰ ਇੱਟਾਂ ਦੇ ਹਨ। ਪਥੇਰ ਵਾਲਿਆਂ ਨੂੂੰ ਪ੍ਰਤੀ ਘਾਣੀ ਸੰਦਾਂ ਲਈ 750 ਰੁਪਏ ਹਰ ਸੀਜਨ ਵੱਖਰੇ ਦਿੱਤੇ ਜਾਣਗੇ।    
ਰਿਪੋਰਟ : ਸ਼ਿਵ ਕੁਮਾਰ 

ਜਨਰਲ ਸਕੱਤਰ, ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਪੰਜਾਬ



ਦਿਹਾਤੀ ਮਜ਼ਦੂਰ ਸਭਾ ਵਲੋਂ ਬੀ.ਡੀ.ਪੀ.ਓ. ਦਫਤਰ ਨੂਰਮਹਿਲ ਵਿਖੇ ਧਰਨਾ ਜਾਰੀ 
ਪਿੰਡ ਪੁਆਦੜਾ ਦੇ ਬੇਘਰੇ ਮਜ਼ਦੂਰਾਂ ਦੇ ਰਿਹਾਇਸ਼ੀ ਪਲਾਟਾਂ ਦੀ ਪ੍ਰਾਪਤੀ ਲਈ 5 ਜੂਨ 2014 ਤੋਂ ਬੀ.ਡੀ.ਪੀ.ਓ. ਦਫਤਰ ਨੂਰਮਹਿਲ ਵਿਖੇ ਲਾਇਆ ਗਿਆ ਧਰਨਾ ਲਗਾਤਾਰ ਜਾਰੀ ਹੈ। ਪਿੰਡ ਪੁਆਦੜਾ ਵਿਖੇ ਕਾਫੀ ਸਮੇਂ ਪਹਿਲਾਂ ਲੋਕ ਹਿਤੈਸ਼ੀ ਜਥੇਬੰਦੀਆਂ ਵਲੋਂ ਸੰਘਰਸ਼ ਕਰਕੇ 44 ਪਰਵਾਰਾਂ ਨੂੰ ਪਲਾਟ ਅਲਾਟ ਕਰਾਏ ਗਏ ਸਨ। ਪ੍ਰੰਤੂ ਅੱਜ ਤੱਕ ਪਲਾਟਾਂ ਦਾ ਕਬਜ਼ਾ ਨਹੀਂ ਮਿਲ ਸਕਿਆ। ਮਜ਼ਦੂਰ ਆਪਣੇ ਹੱਕ ਦੀ ਪ੍ਰਾਪਤੀ ਲਈ ਸਰਕਾਰੇ ਦਰਬਾਰੇ ਵਾਰ ਵਾਰ ਪਹੁੰਚ ਕਰਨ ਦੇ ਬਾਵਜੂਦ ਪਲਾਟਾਂ 'ਤੇ ਕਾਬਜ਼ ਨਹੀਂ ਹੋ ਸਕੇ। ਤਹਿਸੀਲ ਕਮੇਟੀ ਦਿਹਾਤੀ ਮਜ਼ਦੂਰ ਸਭਾ ਫਿਲੌਰ ਨੇ ਫੈਸਲਾ ਕਰਕੇ ਪਲਾਟਾਂ ਦੀ ਪ੍ਰਾਪਤੀ ਲਈ 5 ਜੂਨ 2014 ਤੋਂ ਬੀ.ਡੀ.ਪੀ.ਓ. ਦਫਤਰ ਨੂਰਮਹਿਲ ਵਿਖੇ ਲਗਾਤਾਰ ਧਰਨਾ ਮਾਰਿਆ ਹੋਇਆ ਹੈ। ਅਧਿਕਾਰੀਆਂ ਨੇ ਧਰਨੇ ਦਾ ਕੋਈ ਨੋਟਿਸ ਨਹੀਂ ਲਿਆ ਤੇ ਜਥੇਬੰਦੀ ਨੇ 4 ਦਿਨ ਬਾਅਦ ਬੀ.ਡੀ.ਪੀ.ਓ. ਦਫਤਰ ਸੁਪਰਡੈਂਟ ਦਾ 2 ਘੰਟੇ ਘਿਰਾਓ ਕੀਤਾ ਜਿਸ ਦਬਾਅ ਸਦਕਾ 11 ਜੂਨ ਨੂੰ ਨਿਸ਼ਾਨਦੇਹੀ ਕਰਵਾਉਣ ਲਈ ਲਿਖਤੀ ਪੱਤਰ ਜਾਰੀ ਕੀਤਾ ਗਿਆ। ਫਿਰ ਵੀ ਪ੍ਰਸ਼ਾਸਨ ਨੇ ਬੇਈਮਾਨੀ ਕੀਤੀ ਅਤੇ ਨਿਸ਼ਾਨਦੇਹੀ ਕਰਨ ਵਾਸਤੇ ਮਾਲ ਵਿਭਾਗ 'ਤੇ ਪੰਚਾਇਤ ਵਿਭਾਗ ਦਾ ਕੋਈ ਵੀ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ। ਗੁੱਸੇ ਵਿਚ ਆਏ ਮਜ਼ਦੂਰਾਂ ਨੇ ਅਗਲੇ ਦਿਨ ਸ਼ਹਿਰ ਚੋਂ ਮਾਰਚ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਦੀ ਪੁਰਾਣਾ ਬਸ ਸਟੈਂਡ ਵਿਖੇ ਅਰਥੀ ਫੂਕੀ। ਪ੍ਰਸ਼ਾਸਨ ਨੇ ਇਸ ਦਾ ਵੀ ਕੋਈ ਨੋਟਿਸ  ਨਹੀਂ ਲਿਆ। ਮਜ਼ਦੂਰਾਂ ਨੇ ਫੈਸਲਾ ਕਰਕੇ ਦਿਹਾਤੀ ਮਜ਼ਦੂਰ ਸਭਾ ਦੇ ਝੰਡੇ ਹੇਠ 13 ਜੂਨ ਨੂੰ ਨਾਇਬ ਤਹਿਸੀਲਦਾਰ ਨੂਰਮਹਿਲ ਦੇ ਦਫਤਰ ਦਾ ਜਬਰਦਸਤ ਘਿਰਾਓ ਕੀਤਾ, ਜਿਸ ਸਦਕਾ ਲੋਕਾਂ ਦੇ ਰੋਹ ਅੱਗੇ ਝੁਕਦੇ ਹੋਏ ਤਹਿਸੀਲਦਾਰ ਵਲੋਂ 18 ਜੂਨ ਨੂੰ ਦੂਜੀ ਵਾਰ ਲਿਖਤੀ ਆਡਰ ਕੀਤੇ ਗਏ ਕਿ ਹਰ ਹਾਲਤ 'ਚ ਪਲਾਟਾਂ ਦੀ ਨਿਸ਼ਾਨਦੇਹੀ ਕਰਵਾ ਕੇ ਪਲਾਟਾਂ 'ਤੇ ਮਜ਼ਦੂਰਾਂ ਦਾ ਕਬਜ਼ਾ ਕਰਵਾ ਦਿੱਤਾ ਜਾਵੇਗਾ। ਪਰ ਕਾਬਜ਼ ਧਿਰ ਦੀ ਸਿਆਸੀ ਪਹੁੰਚ ਕਰਕੇ ਨਿਸ਼ਾਨਦੇਹੀ ਕਰਨ ਗਏ ਅਧਿਕਾਰੀਆਂ ਨੂੰ ਰੋਕ ਦਿੱਤਾ ਗਿਆ। ਮਾਲ ਵਿਭਾਗ ਸਭ ਕੁਝ ਜਾਣਦਾ ਹੋਇਆ ਵੀ ਪੁਲਸ ਫੋਰਸ ਨੂੰ ਲੈ ਕੇ ਨਹੀਂ ਗਿਆ ਅਤੇ ਨਿਸ਼ਾਨਦੇਹੀ ਕੀਤੇ ਬਗੈਰ ਹੀ ਵਾਪਸ ਆ ਗਏ। ਸਰਕਾਰ ਤੇ ਅਧਿਕਾਰੀਆਂ ਦੀ ਬੇਈਮਾਨੀ ਨੂੰ ਦੇਖਦੇ ਹੋਏ ਲੋਕ ਹਿਤੈਸ਼ੀ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ, ਜਨਵਾਦੀ ਇਸਤਰੀ ਸਭਾ, ਪੇਂਡੂ ਮਜ਼ਦੂਰ ਯੂਨੀਅਨ, ਲੋਕ ਰੱਖਿਆ ਕਮੇਟੀ, ਇਸ ਚੱਲ ਰਹੇ ਘੋਲ ਦੀ ਹਮਾਇਤ 'ਚ ਸ਼ਾਮਲ ਹੋਈਆਂ। ਰੋਹ ਵਿਚ ਆਏ ਮਜ਼ਦੂਰਾਂ ਨੇ ਚੌਥੀ ਵਾਰ ਬੀ.ਡੀ.ਪੀ.ਓ. ਦਫਤਰ ਤੋਂ ਸ਼ਹਿਰ, ਬਜ਼ਾਰ ਹੁੰਦੇ ਹੋਏ ਸੈਂਕੜਿਆਂ ਦੀ ਗਿਣਤੀ ਵਿਚ 19 ਜੂਨ ਦਿਨ ਵੀਰਵਾਰ ਨੂੰ ਨਾਇਬ ਤਹਿਸੀਲਦਾਰ ਨੂਰਮਹਿਲ ਦੇ ਦਫਤਰ ਦਾ ਜਬਰਦਸਤ ਘਿਰਾਓ ਕੀਤਾ। ਪਰ ਤਹਿਸੀਲਦਾਰ ਪਹਿਲਾਂ ਹੀ ਦਫਤਰ ਛੱਡ ਕੇ ਜਾ ਚੁੱਕਾ ਸੀ। ਆਗੂਆਂ ਨੇ ਐਲਾਨ ਕੀਤਾ ਜਦ ਤੱਕ ਤਹਿਸੀਲਦਾਰ ਖੁਦ ਦਫਤਰ ਆ ਕੇ, ਗਲਬਾਤ ਕਰਕੇ ਪਲਾਟਾਂ ਦੇ ਮਸਲੇ ਦਾ ਕੋਈ ਯੋਗ ਹੱਲ ਨਹੀਂ ਕੱਢਦਾ ਤਦ ਤੱਕ ਦਫਤਰ ਦਾ ਘਿਰਾਓ ਜਾਰੀ ਰਹੇਗਾ, ਬੇਸ਼ੱਕ ਰਾਤ ਹੀ ਕਿਉ ਨਾ ਹੋ ਜਾਵੇ। ਮਜ਼ਦੂਰ ਲੰਗਰ ਅਤੇ ਟੈਂਟ ਦਾ ਪ੍ਰਬੰਧ ਕਰਕੇ ਬੈਠ ਗਏ। ਮੌਕੇ 'ਤੇ ਪਹੁੰਚੀ ਪੁਲਿਸ ਨੇ ਤਹਿਸੀਲਦਾਰ ਨੂੰ ਸਾਰੇ ਹਾਲਾਤ ਤੋਂ ਜਾਣੂ ਕਰਵਾਇਆ। ਕਰੀਬ ਸਾਢੇ ਚਾਰ ਵਜੇ ਦਫਤਰ ਆ ਕੇ ਆਗੂਆਂ ਨਾਲ ਗੱਲਬਾਤ ਕੀਤੀ ਗਈ ਅਤੇ ਧਰਨਾਕਾਰੀਆਂ ਨੂੂੰ ਆਪਣੇ ਮੂੰਹੋਂ ਭਰੋਸਾ ਦਿੱਤਾ ਕਿ ਮੈਂ ਨਿੱਜੀ ਤੌਰ 'ਤੇ ਪੁਲਿਸ ਫੋਰਸ ਦਾ ਪ੍ਰਬੰਧ ਕਰਕੇ 2 ਦਿਨਾਂ ਦੇ ਅੰਦਰ ਅੰਦਰ ਨਿਸ਼ਾਨਦੇਹੀ ਕਰਾਕੇ ਮਜ਼ਦੂਰਾਂ ਦਾ ਕਬਜ਼ਾ ਬਹਾਲ ਕਰਾਵਾਂਗਾ। ਲਗਾਤਾਰ ਚਲ ਰਹੇ ਧਰਨੇ ਨੂੰ ਵੱਖ ਵੱਖ ਦਿਨਾਂ ਵਿਚ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਸਾਥੀ ਦਰਸ਼ਨ ਨਾਹਰ, ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਸਮੇਤ ਹੋਰ ਬਹੁਤ ਸਾਰੇ ਸੂਬਾਈ ਅਤੇ ਸਥਾਨਕ ਆਗੂਆਂ ਨੇ ਸੰਬੋਧਨ ਕੀਤਾ। 
ਰਿਪੋਰਟ ਲਿਖੇ ਜਾਣ ਤੱਕ ਦਿਹਾਤੀ ਮਜ਼ਦੂਰ ਸਭਾ ਵਲੋਂ ਲਾਇਆ ਦਿਨ ਰਾਤ ਦਾ ਧਰਨਾ ਅਤੇ ਲੰਗਰ ਜਾਰੀ ਹੈ। 

ਰਿਪੋਰਟ : ਮੇਜਰ ਫਿਲੌਰ 


ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ 'ਚ ਪੰਜ ਮਰਲੇ ਦੇ ਪਲਾਟਾਂ ਲਈ ਸੰਘਰਸ਼

ਜ਼ਿਲ੍ਹਾ ਮੁਕਤਸਰ ਦੇ ਪਿੰਡ ਚੱਕ ਬੀੜ ਸਰਕਾਰ ਅਤੇ ਸ਼ਹਿਰ ਦੀਆਂ ਮਜ਼ਦੂਰ ਬਸਤੀਆਂ ਦੇ ਬੇਘਰੇ ਲੋਕਾਂ ਵਲੋਂ ਸਰਕਾਰ ਤੋਂ 5-5 ਮਰਲੇ ਦੇ ਪਲਾਟਾਂ ਦੀ ਪ੍ਰਾਪਤੀ ਲਈ ਪਿਛਲੇ ਕਰੀਬ ਸਾਢੇ ਤਿੰਨ ਮਹੀਨੇ ਤੋਂ ਸੰਘਰਸ਼ ਜਾਰੀ ਹੈ। ਸੈਂਕੜੇ ਮਜ਼ਦੂਰ ਪਰਵਾਰ ਜੋ ਲੰਮੇ ਸਮੇਂ ਤੋਂ ਕਿਰਾਏ ਦੇ ਛੋਟੇ ਛੋਟੇ ਮਕਾਨਾਂ ਵਿਚ ਪਰਵਾਰਾਂ ਸਮੇਤ ਦਿਨ ਕਟੀ ਕਰ ਰਹੇ ਹਨ। ਉਹ ਪੰਜਾਬ ਸਰਕਾਰ ਵਲੋਂ 5-5 ਮਰਲੇ ਦੇ ਪਲਾਟ ਦੇਣ ਦੀ ਦਿਹਾਤੀ ਮਜ਼ਦੂਰ ਸਭਾ ਦੀ ਮੰਗ ਨੂੰ ਮੰਨ ਲੈਣ ਉਪਰੰਤ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਪੰਚਾਇਤ ਦੀ ਮਾਲਕੀ ਵਾਲੀ ਜਗ੍ਹਾ ਉਪਰ ਝੌਂਪੜੀਆਂ ਬਣਾ ਕੇ ਬੈਠੇ ਹੋਏ ਹਨ। ਪਰ ਸਰਕਾਰ ਤੇ ਪ੍ਰਸ਼ਾਸਨ ਉਹਨਾਂ ਦੀ ਹੱਕੀ ਆਵਾਜ਼ ਸੁਣਨ ਨੂੰ ਤਿਆਰ ਹੀ ਨਹੀਂ ਅਤੇ ਪੰਜਾਬ ਸਰਕਾਰ ਦੀ ਵੀ ਆਪ ਮੰਨੀ ਹੋਈ ਮੰਗ ਤੋਂ ਘੇਸਲ ਮਾਰ ਕੇ ਬੈਠੀ ਹੋਈ ਹੈ ਤੇ, ਉਹਨਾਂ ਸੈਂਕੜੇ ਬੇਘਰੇ ਲੋਕਾਂ ਦੇ ਰੈਣ ਬਸੇਰੇ ਵੱਲ ਕੋਈ ਧਿਆਨ ਨਹੀਂ ਦੇ ਰਹੀ। ਇਸ ਲਈ ਦਿਹਾਤੀ ਮਜ਼ਦੂਰ ਸਭਾ ਨੇ ਆਪਣੀ 8-9 ਮਈ ਦੀ ਸੂਬਾ ਕਮੇਟੀ ਮੀਟਿੰਗ ਵਿਚ ਫੈਸਲਾ ਕਰਕੇ ਮੁਕਤਸਰ ਸ਼ਹਿਰ ਦੀ ਅਨਾਜ ਮੰਡੀ ਵਿਚ ਵਿਸ਼ਾਲ ਰੈਲੀ ਕੀਤੀ ਜਿਸ ਵਿਚ ਜ਼ਿਲ੍ਹਾ ਭਰ ਵਿਚੋਂ ਹਜ਼ਾਰਾਂ ਦਿਹਾਤੀ ਮਜ਼ਦੂਰ ਇਕੱਤਰ ਹੋਏ ਤੇ ਸਰਕਾਰ ਤੋਂ ਪਲਾਟਾਂ ਉਪਰ ਮਾਲਕੀ ਹੱਕ ਪ੍ਰਾਪਤ ਕਰਨ ਦੀ ਜ਼ੋਰਦਾਰ ਆਵਾਜ਼ ੳਠਾਈ। ਇਸ ਰੈਲੀ ਨੂੰ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ, ਸੂਬਾ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ, ਸੂਬਾਈ ਆਗੂਆਂ ਲਾਲ ਚੰਦ ਕਟਾਰੂਚੱਕ, ਪਰਮਜੀਤ ਸਿੰਘ ਰੰਧਾਵਾ ਅਤੇ ਜਗਜੀਤ ਸਿੰਘ ਜੱਸੇਆਣਾ ਸਮੇਤ ਕਈ ਸਥਾਨਕ ਆਗੂਆਂ ਨੇ ਸੰਬੋਧਨ ਕੀਤਾ। ਰੈਲੀ ਉਪਰੰਤ ਸ਼ਹਿਰ ਦੇ ਬਾਜ਼ਾਰਾਂ ਵਿਚ ਮਾਰਚ ਕੀਤਾ ਗਿਆ।