Friday, 6 September 2013

ਪਾਰਲੀਮਾਨੀ ਚੋਣਾਂ ਦੇ ਰੰਗ ਢੰਗ

ਪਾਵੇਲ ਪਾਸਲਾ

ਭਾਵੇ 2014 ਵਿਚ ਹੋਣ ਵਾਲੀਆਂ ਪਾਰਲੀਮਾਨੀ ਚੋਣਾਂ ਦੀ ਤਾਰੀਕ ਦਾ ਐਲਾਨ ਤਾਂ ਅਜੇ ਨਹੀਂ ਹੋਇਆ ਪਰੰਤੂ ਇਹਨਾਂ ਚੋਣਾਂ ਬਾਰੇ ਦੇਸ਼ ਅੰਦਰ ਸਿਆਸੀ ਹਲਚਲ ਸਿਖਰਾਂ 'ਤੇ ਹੈ। ਵੋਟਾਂ ਤਾਂ ਭਾਵੇਂ ਦੇਰ-ਸਵੇਰ ਆ ਹੀ ਜਾਣੀਆਂ ਹਨ ਪਰੰਤੂ ਉਹਨਾਂ ਦਾ ਨਤੀਜਾ ਲਗਭਗ ਸਾਡੇ ਸਾਹਮਣੇ ਹੀ ਹੈ। ਜਾਂ ਤਾਂ ਕਾਂਗਰਸ ਦੀ ਅਗਵਾਈ ਹੇਠ ਅਤੇ ਜਾਂ ਫੇਰ ਭਾਜਪਾ ਦੀ ਅਗਵਾਈ ਹੇਠ ਸਰਕਾਰ ਬਣੂੰ ਅਤੇ ਜਾਂ ਫਿਰ ਇਹਨਾਂ ਦੋਹਾਂ 'ਚੋਂ ਕਿਸੇ ਇਕ ਦੀ ਮਦਦ ਨਾਲ ਕੋਈ ਖਿਚੜੀ ਸਰਕਾਰ। 
ਜੇ ਆਪਾਂ ਲੋਕਤੰਤਰ ਦੇ ਤੌਰ 'ਤੇ ਲੋਕਾਂ ਦੀ ਭਲਾਈ ਦੀ ਗਲ ਕਰੀਏ ਤਾਂ ਯੂ.ਪੀ. ਏ.  ਦੀ ਅਗਵਾਈ ਕਰ ਰਹੀ ਕਾਂਗਰਸ ਦਾ ਤਾਂ ਬੋਰੀਆ ਬਿਸਤਰਾ ਲਪੇਟਿਆਂ ਹੀ ਜਾਣਾ ਚਾਹੀਦਾ ਹੈ। ਇਸ ਦੇ ਆਗੂਆਂ ਵਿਚਕਾਰ ਤਾਂ ਭਰਿਸ਼ਟਾਚਾਰ ਦਾ ਮੁਕਾਬਲਾ ਚਲ ਰਿਹਾ ਹੈ । ਸਾਡੇ ਦੇਸ਼ ਦੀ ਇਹ ਤਰਾਸਦੀ ਹੈ ਕਿ ਅਜ਼ਾਦੀ ਦੇ 65 ਸਾਲਾਂ ਬਾਅਦ ਵੀ ਦੋ ਤਿਹਾਈ ਲੋਕਾਂ ਨੂੰ ਏਥੇ ਰੱਜਵੀਂ ਰੋਟੀ ਵੀ ਨਸੀਬ ਨਹੀ ਹੁੰਦੀ, ਦੂਜੀਆਂ ਮੁੱਢਲੀਆਂ ਲੋੜਾਂ ਦੀ ਤਾਂ ਗੱਲ ਹੀ ਨਾ ਕਰੋ। ਯੂ. ਪੀ. ਏ.  ਦੀ ਅਗਵਾਈ ਕਰ ਰਹੀ ਕਾਂਗਰਸ ਸਰਕਾਰ ਜੋ 9 ਸਾਲ ਪੂਰੇ ਕਰ ਚੁੱਕੀ ਹੈ, ਡੰਕੇ ਦੀ ਚੋਟ ਉੱਤੇ ਸਫੇਦ ਝੂਠ ਬੋਲ ਰਹੀ ਹੈ ਕਿ ਉਸਨੇ ਦੇਸ਼ ਨੂੰ ਵੱਡੀ ਆਰਥਕ ਸ਼ਕਤੀ ਬਣਾ ਦਿੱਤਾ ਹੈ। ਅਗਲੀਆਂ ਚੋਣਾਂ ਜਿੱਤਣ ਲਈ  ਹੁਣ ਲੋਕਾਂ ਨੂੰ ਭਰਮਾਉਣ ਵਾਸਤੇ ਇਸ ਸਰਕਾਰ ਵਲੋਂ ਦੋ -ਤਿਹਾਈ ਲੋਕਾਂ ਨੂੰ 1 ਰੁਪਏ ਕਿਲੋ ਮੋਟਾ ਅਨਾਜ, 2 ਰੁਪਏ  ਕਿਲੋ ਕਣਕ ਤੇ 3 ਰੁਪਏ ਕਿਲੋ ਚਾਵਲ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਜੋ ਨਿਰਾ ਝੂਠ ਦਾ ਫ਼ਲਸਫ਼ਾ ਹੈ। ਸਾਡੀ ਸਾਰੀ ਅਰਥਵਿਵਸਥਾ ਲੜਖੜਾ ਰਹੀ ਹੈ ਤੇ ਸਰਕਾਰ ਇਸਨੂੰ ਸੁਧਾਰਣ ਦੀ ਥਾਂ ਘੋਟਾਲਿਆਂ 'ਚ ਫਸੇ ਨੇਤਾਵਾਂ ਨੂੰ ਬਚਾ ਰਹੀ ਹੈ। ਅਜੇਹੀ ਲੋਕ ਵਿਰੋਧੀ ਸਰਕਾਰ ਜੋ ਲੋਕਾਂ ਨੂੰ ਦੋ ਡੰਗ ਦੀ ਰੋਟੀ ਨਹੀਂ ਦੇ ਸਕੀ, ਜਿਹੜੀ ਗਲ਼ ਗਲ਼ ਤੱਕ ਭ੍ਰਿਸ਼ਟਾਚਾਰ ਵਿਚ ਫਸੀ ਹੈ, ਅਜੇਹੀ ਸਰਕਾਰ ਨੂੰ ਜੜੋਂ ਉਖਾੜ ਦੇਣਾ ਚਾਹੀਦਾ ਹੈ। ਕਾਂਗਰਸ ਅਜੇ ਵੀ ਇਸ ਭੁਲੇਖੇ ਵਿਚ ਹੈ ਕਿ ਲੋਕਾਂ ਦੇ ਗੁਸੇ ਨੂੰ, ਭਰਿਸ਼ਟਾਚਾਰ ਦੀਆਂ ਲੱਗੀਆਂ ਝੜੀਆਂ ਨੂੂੰ, ਵੱਧ ਰਹੀ ਮਹਿੰਗਾਈ, ਬੇਰੋਜ਼ਗਾਰੀ ਨੂੰ ਲੋਕਾਂ ਦੀਆਂ ਅੱਖਾਂ ਤੋਂ ਓਝਲ ਕਰਕੇ ਉਹ ਇਕ ਵਾਰ ਫਿਰ ਸੱਤਾ 'ਚ ਆਵੇਗੀ। ਕਿੰਨੀ ਵੱਡੀ ਭੁੱਖ ਹੈ ਇਨਾ ਅੰਦਰ! ਲੋਕਾਂ ਨੂੰ ਲੁੱਟਣ ਦੀਆਂ ਅਜਿਹੀਆਂ ਗੱਲਾਂ ਤੋਂ ਤਾਂ ਇੰਝ ਹੀ ਜਾਪਦਾ ਹੈ ਕਿ ਕਾਂਗਰਸ ਇਕ ਹੋਰ ਪੈਂਤਰਾ ਖੇਡ ਰਹੀ ਹੈ ਅਤੇ ਕਹਿ ਰਹੀ ਹੈ ਕਿ ਉਨ੍ਹਾ ਦੀ ਸਰਕਾਰ ਹੇਠ ਹੀ ਮੁਸਲਮਾਨ ਭਾਈਚਾਰਾ ਸੁਰੱਖਿਅਤ ਹੈ। ਇਹ ਤਾਂ ਨਿਰੀ ਮੌਕਾਪ੍ਰਸਤੀ ਹੀ ਹੈ ਕਿ ਜਿਹੜਾ ਨੀਤੀਸ਼ ਕੁਮਾਰ ਵਾਲਾ ਜਨਤਾ ਦਲ ( ਯੂਨਾਇਟਿਡ) ਐਨ.ਡੀ.ਏ.  ਵਿਚ ਰਿਹਾ ਹੁਣ ਮੋਦੀ ਨੂੰ ਕੱਟੜਪੰਥੀ ਦੱਸਦਾ ਹੈ ਤੇ ਆਪਣੇ ਆਪ ਨੂੰ ਹੁਣ ਧਰਮ ਨਿਰਪੱਖ ਦੱਸਦਾ ਹੋਇਆ ਇਸ ਐਨ.ਡੀ.ਏ. ਤੋਂ ਵੱਖਰਾ ਹੋ ਗਿਆ ਹੈ। ਕਾਂਗਰਸ ਦੇ ਵੱਡਿਆਂ ਲੀਡਰਾਂ ਨਾਲ ਉਸਦੀਆਂ ਅੰਦਰ ਖਾਤੇ ਮੀਟਿੰਗਾਂ ਹੋ ਰਹੀਆਂ ਹਨ। ਹੈ ਨਾ ਪੂਰੀ ਮੌਕਾਪ੍ਰਸਤੀ! ਇਸ ਨੀਤੀਸ਼ ਕੁਮਾਰ ਨੂੰ ਇਹ ਭੁੱਲ ਗਿਆ ਹੈ ਕਿ ਭਾਵੇ ਉਸ ਵੇਲੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸੀ, ਉਸੇ ਸਮੇ ਨਰਿੰਦਰ ਮੋਦੀ ਦੀ ਸਰਕਾਰ ਵੇਲੇ ਹੀ ਗੁਜਰਾਤ ਵਿਚ ਹਜਾਰਾਂ ਬੇਗੁਨਾਹ ਮੁਸਲਮਾਨਾ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ।
ਜੇ ਸੱਤਾ ਦੇ ਦੂਸਰੇ ਵੱਡੇ ਦਾਅਵੇਦਾਰ ਵੱਲ ਝਾਤੀ ਮਾਰੀਏ ਤਾਂ ਲੋਕਤੰਤਰ ਲਈ ਐਨ.ਡੀ. ਏ. ਜਿਸ ਦੀ ਅਗਵਾਈ ਭਾਜਪਾ ਦਾ ਨਰਿੰਦਰ ਮੋਦੀ ਕਰ ਰਿਹਾ ਹੈ, ਉਸਨੂੰ ਵੀ ਸੱਤਾ 'ਤੇ ਕਾਬਜ਼ ਨਹੀ ਹੋਣ ਦੇਣਾ ਚਾਹਿਦਾ । ਸੰਨ 2002 ਦੇ ਦੰਗੇ ਕਿਸ ਨੂੰ ਭੁੱਲੇ ਹਨ, ਜਦੋ ਹਜ਼ਾਰਾਂ ਬੇਗੁਨਾਹ ਮੁਸਲਿਮ ਮਾਰੇ ਗਏ, ਉਹ ਵੀ ਮੋਦੀ ਦੀ ਸਰਕਾਰ ਵੇਲੇ। ਇਸ ਦੇ ਬਾਅਦ ਵੀ ਸੰਪਰਦਾਇਕਤਾ ਨੂੂੰ ਭੜਕਾਉਣ ਵਿਚ ਮੋਦੀ ਦਾ ਖਤਰਨਾਕ ਰਵੱਈਆ ਦੇਖਿਆ ਗਿਆ। ਮੋਦੀ ਸਰਕਾਰ ਨੇ ਸਰਕਾਰੀ ਮਸ਼ੀਨਰੀ ਦਾ ਐਨਾ ਦੁਰਉਪਯੋਗ ਕੀਤਾ ਕਿ ਸੁਪਰੀਮ ਕੋਰਟ ਨੂੰ ਦਖਲ ਅੰਦਾਜੀ ਕਰਨੀ ਪਈ। ਜੇ ਇਨ੍ਹਾ ਦੋਨਾਂ ਵਿਚੋਂ ਕਿਸੇ ਇਕ ਦਾ ਹੀ ਕੇਂਦਰ 'ਤੇ ਕਬਜਾ ਹੋਣਾ ਹੈ ਤਾਂ ਆਮ ਆਦਮੀ ਦੇ ਚੋਣਾਂ ਵਿਚ ਹਿੱਸਾ ਲੈਣ ਦਾ ਕੀ ਫਾਇਦਾ? ਜਿਸ ਨੂੰ ਇੰਨਾ ਦੋਨਾਂ ਦੀ ਕਾਰਗੁਜ਼ਾਰੀ ਬਾਰੇ ਤਾਂ ਪਹਿਲਾਂ ਤੋਂ ਹੀ ਪਤਾ ਹੈ।
ਵੈਸੇ ਤਾਂ ਮੁਲਾਇਮ ਸਿੰਘ ਯਾਦਵ ਵੀ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਦੇਖ ਰਿਹਾ ਹੈ। ਉਹ ਇਕ ਹੋਰ ਫਰੰਟ ਬਣਾਉਣ ਦੀ ਵਕਾਲਤ ਕਰ ਰਿਹਾ ਹੈ। ਜਿਸ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਉੜੀਸਾ ਦਾ ਮੁੱਖ ਮੰਤਰੀ ਨਵੀਨ ਪਟਨਾਇਕ, ਆਂਧਰਾ ਪ੍ਰਦੇਸ਼ ਦੇ ਤੇਲਗੂਦੇਸ਼ਮ ਦਾ ਮੁਖੀ ਚੰਦਰ ਬਾਬੂ ਨਾਇਡੂ  ਵਰਗੀਆਂ ਪਾਰਟੀਆਂ ਨੂੰ ਨਾਲ ਲੈਣਾ ਚਾਹੁੰਦਾ ਹੈ, ਪਰ ਇਸ ਨਵੇਂ ਮੋਰਚੇ ਦੁਆਰਾ ਵੀ ਕੋਈ ਅਜੇਹੀ ਗਲ ਨਹੀਂ ਕੀਤੀ ਜਾ ਰਹੀ ਹੈ ਜੋ ਗਰੀਬੀ, ਮਹਿੰਗਾਈ, ਅਨਪੜਤਾ ਨੂੰ ਦੂਰ ਕਰ ਸਕਣ ਤੇ ਨਾ ਹੀ ਇਹ ਕੋਈ ਅਜਿਹੀ ਆਰਥਿਕ ਨੀਤੀ ਦੀ ਗੱਲ ਕਰ ਰਹੇ ਹਨ ਜਿਸ ਨਾਲ ਸਾਡੀ, ਅੱਜ ਦੇ ਨੌਜਵਾਨ ਵਰਗ ਦੀ ਬੇਰੋਜ਼ਗਾਰੀ ਦੂਰ ਹੋ ਸਕੇ, ਸਗੋਂ ਇਹ ਸਾਰੇ ਇਕ ਦੂਜੇ ਦੀਆਂ ਬੁਰਿਆਈਆਂ  ਹੀ ਕਰੀ ਜਾ ਰਹੇ ਹਨ। ਇਕ-ਦੂਜੇ  ਦੀ ਲੱਤ ਖਿੱਚਦੇ ਜਾਪਦੇ ਹਨ, ਤੇ ਬਾਅਦ 'ਚ ਇਹ ਵੀ ਪਤਾ ਨਹੀਂ ਲੱਗਦਾ ਕਿ ਇਹ ਰਾਜਸੀ ਦੁਸ਼ਮਣ ਸੱਤਾ ਲੈਣ ਲਈ ਕਦੋਂ ਰਾਜਸੀ ਦੋਸਤ ਬਣ ਜਾਣ। 
ਹੁਣ ਲੋਕਾਂ ਸਾਹਮਣੇ ਸਵਾਲ ਇਹ ਹੈ ਕਿ ਉਹਕੀ ਕਰਨ ਤੇ ਕਿਸ ਨੂੰ ਚੁਣਨ, ਜਿਸ ਨਾਲ ਕਿ ਆਮ ਆਦਮੀ ਦੇ ਜੀਵਨ ਵਿਚ ਆ ਰਹੀ ਗਿਰਾਵਟ ਨੂੰ ਰੋਕਿਆ ਜਾ ਸਕੇ ਤੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋ ਸਕੇ। ਅੱਜ ਦੇਸ਼ ਸਾਹਮਣੇ ਬੜੀਆਂ ਸਮੱਸਿਆਵਾਂ ਹਨ, ਜਿਵੇ ਕਿ ਬੇਰੋਜ਼ਗਾਰੀ, ਅਨਪੜਤਾ, ਵੱਧ ਰਹੀ ਮਹਿੰਗਾਈ, ਸਿਹਤ ਵਿਵਸਥਾ ਵਿਚ ਗਿਰਾਵਟ , ਕਿਸਾਨਾਂ ਦੀ ਮਾੜੀ ਦਸ਼ਾ ਆਦਿ। ਇਹਨਾਂ ਬਾਰੇ ਕੋਈ ਠੋਸ ਨੀਤੀ ਨਹੀਂ ਪੇਸ਼ ਕਰਦਾ। 
ਹੁਣ ਬਚਦਾ ਹੈ ਖੱਬਾ ਪੱਖ ਜਿਸ ਵਿਚ ਸੀ.ਪੀ.ਆਈ. ਤੇ ਸੀ.ਪੀ.ਆਈ. (ਐਮ) ਆਉਂਦੇ ਹਨ। ਭਾਵੇਂ ਉਹ ਇਹਨਾਂ ਉਪਰਲੇ ਤਿੰਨ ਤਰ੍ਹਾਂ ਦੇ ਗਠਜੋੜਾਂ ਵਿਚੋਂ ਕਿਸੇ ਇਕ ਨਾਲ ਜਾਣ ਦੀ ਗੱਲ ਅਜੇ ਨਹੀ ਕਰ ਰਹੇ, ਪਰ ਪਿੱਛੇ ਕਈ ਵਾਰ ਅਸੀਂ ਸਾਰੇ ਦੇਖ ਚੁੱਕੇ ਹਾਂ ਕਿ ਇਹ ਵੀ ਮੌਕਾਪ੍ਰਸਤੀ ਹੇਠ ਆ ਕੇ ਕਾਂਗਰਸ ਨਾਲ ਗੰਡਤੁਪ ਕਰਨੋਂ ਨਹੀਂ ਝਿਜਕਦੇ ਤੇ ਹਵਾਲਾ ਇਹ ਦਿੰਦੇ ਹਨ ਕਿ ਧਾਰਮਿਕ ਕੱਟੜਤਾ ਨੂੰ ਦੂਰ ਰੱਖਣ ਲਈ ਧਰਮ ਨਿਰਪਖ ਤਾਕਤਾਂ ਦਾ ਸਾਥ ਦੇਣਾ ਜਰੂਰੀ ਹੈ। ਉਹ ਇਹ ਭੁੱਲ ਜਾਂਦੇ ਹਨ ਕਿ ਕਾਂਗਰਸ ਪਾਰਟੀ ਪੂੰਜੀਪਤੀਆਂ ਦੀ ਪਾਰਟੀ ਹੈ ਜਿਸ ਦਾ ਮੁੱਖ ਨਿਸ਼ਾਨਾ ਪੂੰਜੀਪਤੀਆਂ ਦੀ ਸੇਵਾ ਕਰਨਾ ਹੈ ਨਾ ਕਿ ਗਰੀਬ ਵਰਗ ਦਾ ਸੁਧਾਰ ਕਰਨਾ। ਇਸ ਪਾਰਟੀ ਦੀਆਂ ਸਰਕਾਰਾਂ ਤਾਂ ਗਰੀਬੀ ਨੂੰ ਹਟਾਉਣ ਦੀ ਥਾਂ ਗਰੀਬ ਹਟਾਉਣ ਵਿਚ ਵਿਸ਼ਵਾਸ ਕਰਦੀਆਂ ਹਨ। ਇਸ ਦੀ ਉਦਾਹਰਣ ਇਸ ਤੋਂ ਲੈ ਸਕਦੇ ਹੋ ਕਿ ਜਦੋਂ ਪਿਛੇ ਜਿਹੇ ਦਿੱਲੀ ਦੀ ਮੁੱਖ ਮੰਤਰੀ ਨੇ ਇਹ ਕਹਿਕੇ ਹੈਰਾਨ ਕਰ ਦਿੱਤਾ ਕਿ ਘਰ ਦਾ ਗੁਜ਼ਾਰਾ ਕੇਵਲ 600 ਰੁਪਏ ਮਹੀਨੇ ਵਿਚ ਕੀਤਾ ਜਾ ਸਕਦਾ ਹੈ।  ਇਸ ਨੂੰ ਕੋਈ ਪੁੱਛੇ ਕਿ ਕੀ ਤੂੰ ਅਜੇਹਾ ਕਰ ਸਕਦੀ ਹੈਂ? ਮੁਲਕ ਦੇ ਆਰਥਕ ਮਾਹਰਾਂ ਵਲੋਂ ਅੱਜ ਗਰੀਬੀ ਦੇ ਅੰਕੜੇ ਤਾਂ ਪੇਸ਼ ਕੀਤੇ ਜਾਂਦੇ ਹਨ ਜੋ ਨੰਬਰਾਂ ਦੀ ਖੇਡ ਤੋਂ ਬਿਨਾਂ ਹੋਰ ਕੋਈ ਹੱਲ ਪੇਸ਼ ਨਹੀਂ ਕਰਦੇ। ਆਰਥਕ ਮਾਮਲਿਆਂ ਦੇ ਮਾਹਰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਸੱਤਾ ਸਿਆਸਤ ਦੇ ਹਿੱਤ ਪਾਲ ਰਹੇ ਹਨ। ਜੇਕਰ ਇਨ੍ਹਾਂ ਮਸਲਿਆਂ ਦਾ ਹੱਲ ਹੀ ਨਹੀਂ ਕੱਢਿਆ ਜਾ ਸਕਦਾ ਤਾਂ ਅੰਕੜੇ ਕੱਢਣ ਵਿਚ ਸਮਾਂ ਤੇ ਪੈਸੇ ਕਿਉਂ ਬਰਬਾਦ ਕੀਤੇ ਜਾਂਦੇ ਹਨ? 
ਇਹ ਜੋਰ ਸ਼ੋਰ ਨਾਲ ਪ੍ਰਚਾਰ ਕਿਉਂ ਕੀਤਾ ਜਾ ਰਿਹਾ ਹੈ ਕਿ ਮੁਲਕ ਤੇਜ਼ੀ ਨਾਲ ਮਹਾਂਸ਼ਕਤੀ ਬਣਨ ਵੱਲ ਵੱਧ ਰਿਹਾ ਹੈ। ਦੇਸ਼ ਦੀ ਹਾਕਮ ਧਿਰ ਮੁਕਾਬਲਾ ਤਾਂ ਵਿਕਸਤ ਮੁਲਕਾਂ ਨਾਲ ਕਰ ਰਹੀ ਹੈ ਪਰ ਆਮ ਬੰਦਾ ਰੋਜ਼ੀ ਰੋਟੀ ਹਾਸਲ ਕਰਨ ਦੇ ਮੁਕਾਬਲੇ ਜੋਗਾ ਵੀ ਨਹੀਂ ਰਿਹਾ ਹੈ। ਨਿੱਤ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਜਾਂਦੀਆਂ ਹਨ ਜੋ ਅਮੀਰਾਂ ਅਤੇ ਅਧਿਕਾਰੀਆਂ ਦੀਆਂ ਜੇਬਾਂ ਹੀ ਗਰਮ ਕਰਦੀਆਂ ਹਨ। ਜਦੋਂ ਇੱਥੇ ਮੁਲਕ ਦੀਆਂ ਬੱਚੀਆਂ ਨੂੰ ਸੁਰੱਖਿਆ ਨਹੀਂ ਦਿੱਤੀ ਜਾ ਸਕੀ ਤਾਂ ਉਥੇ ਖੁਰਾਕ ਸੁਰੱਖਿਆ ਦੀ ਕਿਵੇਂ ਆਸ ਕੀਤੀ ਜਾ ਸਕਦੀ ਹੈ? ਸਸਤਾ ਅਨਾਜ ਤਾਂ ਪਹਿਲਾਂ ਵੱਡਿਆਂ ਦੇ ਭੜੋਲਿਆਂ ਵਿਚ ਹੀ ਭਰੇਗਾ। ਜੇ ਬਚੇਗਾ ਤਾਂ ਹੀ ਗਰੀਬ ਦਾ ਚੁੱਲਾ ਭੱਖੇਗਾ। ਅਨਾਜ ਸੁਰੱਖਿਆ ਦੇ ਨਾ ਉਤੇ ਗਰੀਬਾਂ ਨਾਲ ਇਹ ਮਜ਼ਾਕ ਹੀ ਲੱਗਦਾ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਜਦੋਂ ਸਾਰੀਆਂ ਸਿਆਸੀ ਧਿਰਾਂ ਸਰਗਰਮ ਹੋ ਜਾਂਦੀਆਂ ਹਨ ਤਾਂ ਉਹ ਲੋਕ ਭਰਮਾਊ ਵਾਅਦੇ ਕਰਨ ਵਿਚ ਰੁੱਝ ਗਈਆਂ ਹਨ। 
ਲੋਕ ਪੱਖੀ ਧਿਰਾਂ ਨੂੰ ਇਹ ਚਾਹੀਦਾ ਹੈ ਕਿ ਉਹਮੌਕਾਪ੍ਰਸਤੀ ਦੀ ਰਾਜਨੀਤੀ ਨੂੰ ਛੱਡ ਕੇ ਲੋਕਾਂ ਦੇ ਅਸਲ ਮੁੱਦਿਆਂ ਨੂੰ ਵਿਚਾਰਨ ਤੇ ਉਹਨਾਂ ਦੇ ਹੱਲ ਲਈ ਕੋਈ ਠੋਸ ਨੀਤੀ ਘੜਨ, ਅਤੇ ਹੋਰ ਆਪਣੇ ਹਮਖਿਆਲੀ ਪਾਰਟੀਆਂ ਨੂੰ ਨਾਲ ਲੈ ਕੇ ਲੋਕਾਂ ਦੀ ਅਸਲ ਨਬਜ਼ ਟਟੋਲਨ ਨਾ ਕਿ ਕਾਗਜ਼ੀ ਬਿਆਨਬਾਜ਼ੀ ਕਰਨ।  ਇਨ੍ਹਾ ਲੋਕ ਪੱਖੀ ਧਿਰਾਂ  ਨੂੰ  ਚਾਹੀਦਾ ਹੈ ਕਿ ਉਹ ਵਿਸ਼ਾਲ ਜਨ ਮੋਰਚਾ ਖੋਲ੍ਹਣ ਤੇ ਲੋਕਾਂ ਵਿਚ ਵਿਚਰਨ, ਲੋਕਾਂ ਦਾ ਖੁੱਸਿਆ ਵਿਸ਼ਵਾਸ ਮੁੜ ਹਾਸਲ ਕਰਨ। ਕਿਉਂਕਿ ਦੇਸ਼ ਨੂੰ ਇਨ੍ਹਾਂ ਦੋਨਾਂ ਤੋ ਭਾਵ ਯੂ.ਪੀ.ਏ. ਤੇ ਐਨ.ਡੀ.ਏ. ਤੋਂ ਬਚਾਉਣਾ ਬੇਹੱਦ ਜਰੂਰੀ ਹੈ। ਯੂ.ਪੀ.ਏ.2  ਦੀ ਸਰਕਾਰ ਤਾਂ ਯੂ.ਪੀ. ਏ. 1 ਤੋਂ ਵੀ ਬੇਹਦ ਖਰਾਬ ਤੇ ਭਰਿਸ਼ਟ ਰਹੀ। ਜਦੋ ਕਿ ਯੂ.ਪੀ.ਏ. 2 ਵਿਚ ਪਹਿਲਾਂ ਦੇ ਮੁਕਾਬਲੇ ਕਾਂਗਰਸ ਵਧੇਰੇ ਮਜਬੂਤ ਸੀ ਤੇ ਦੂਜੀਆਂ ਪਾਰਟੀਆਂ ਉੱਤੇ ਪਹਿਲਾਂ ਦੇ ਮੁਕਾਬਲੇ ਘੱਟ ਨਿਰਭਰ ਸੀ। ਪਰ ਕਾਂਗਰਸ ਇਸ ਤੋਂ ਲਾਹਾ ਲੈ ਕੇ ਪਹਿਲਾਂ ਤੋਂ ਵੱਧ ਭਰਿਸ਼ਟ ਸਾਬਤ ਹੋਈ ਤੇ ਉਸਨੇ ਘੁਟਾਲਿਆਂ ਦੀਆਂ ਲਾਈਨਾਂ ਲਗਾ ਦਿੱਤੀਆ। ਇਸ ਤੋਂ ਇਲਾਵਾ ਐਨ.ਡੀ.ਏ. ਵਾਲੀ ਭਾਜਪਾ ਜਿਸ ਦਾ ਮੁਖੀ ਮੋਦੀ ਬਣਾਇਆ ਗਿਆ ਹੈ ਉਸ ਤੋਂ ਤਾਂ ਕੋਈ ਆਸ ਰੱਖੀ ਹੀ ਨਹੀਂ ਜਾ ਸਕਦੀ। ਉਹ ਹਿੰਦੂਤੱਵ ਦਾ ਨਾਹਰਾ ਦਿੰਦਾ ਹੈ, ਉਸ ਦੇ ਆਪਣੇ ਰਾਜ ਵਿਚ ਫਿਰਕੂ ਦੰਗੇ ਇਸ ਦੀ ਮੁੂੰਹੋਂ ਬੋਲਦੀ ਤਸਵੀਰ ਪੇਸ਼ ਕਰਦੇ ਹਨ ਜਦੋਂ ਉਹ ਖੁਦ ਉਸ ਗੁਜਰਾਤ ਦਾ ਮੁੱਖ ਮੰਤਰੀ ਸੀ।
ਇਸ ਵੇਲੇ ਦੇਸ਼ ਨੂੰ ਅਜਿਹੀਆਂ ਸਿਆਸੀ ਧਿਰਾਂ ਦੀ ਲੋੜ ਹੈ ਜੋ ਮੌਕਾਪ੍ਰਸਤੀ ਦੀ ਰਾਜਨੀਤੀ ਛੱਡ ਕੇ ਲੋਕਾਂ ਦੇ ਅਸਲ ਮੁੱਦਿਆਂ ਨੂੰ ਵਿਚਾਰਨ ਤੇ ਉਨ੍ਹਾਂ ਦੇ ਹੱਲ ਲਈ ਕੋਈ ਠੋਸ ਨੀਤੀਆਂ ਘੜਨ। ਆਮ ਲੋਕਾਂ ਨੂੰ ਖੋਖਲੀਆਂ ਬਿਆਨਬਾਜ਼ੀਆਂ ਜਾਂ ਕਾਗਜ਼ੀ ਵਾਅਦੇ ਨਹੀਂ ਚਾਹੀਦੇ। ਰੋਜ਼ੀ ਰੋਟੀ ਚਾਹੀਦੀ ਹੈ। ਲੋਕ ਪੱਖੀ ਧਿਰਾਂ ਨੂੰ ਚਾਹੀਦਾ ਹੈ ਕਿ ਉਹ ਵਿਸ਼ਾਲ ਜਨ ਏਕਤਾ ਰਾਹੀਂ ਜਨਤਾ ਦੀ ਲੁੱਟ ਰਹੀਆਂ ਧਿਰਾਂ ਦਾ ਡਟ ਕੇ ਮੁਕਾਬਲਾ ਕਰਨ। ਅਜਿਹੇ ਬਦਲ ਪੇਸ਼ ਕਰਨ ਜਿਸ ਨਾਲ ਦੇਸ਼ ਦੀ ਆਰਥਕ ਵਿਵਸਥਾ ਨੂੰ ਮੁੜ ਲੀਹ 'ਤੇ ਲਿਆਂਦਾ ਜਾ ਸਕੇ। ਅਮੀਰਾਂ ਤੇ ਗਰੀਬਾਂ ਵਿਚਕਾਰ ਵੱਧ ਰਹੇ ਪਾੜੇ ਨੂੰ ਹੁਣ ਖਤਮ ਕਰਨ ਦਾ ਵੇਲਾ ਆ ਗਿਆ ਹੈ। ਜੋ ਹੁਣ ਵੀ ਅਵੇਸਲੇ ਰਹੇ ਤਾਂ ਕਦੇ ਵੀ ਉਪਰ ਨਹੀਂ ਉਠ ਸਕਾਂਗੇ। ਦੇਸ਼ ਨੂੰ ਵੰਡਣ ਵਾਲੀਆਂ ਧਿਰਾਂ ਤੇ ਜਨਤਾ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। 

ਜਨਤਕ ਜਾਇਦਾਦਾਂ ਵੇਚਣ ਦੀ ਖਤਰਨਾਕ ਨੀਤੀ

ਮੱਖਣ ਕੁਹਾੜ

ਦੇਸ਼ ਜਦ ਆਜ਼ਾਦ ਹੋਇਆ ਤਾਂ ਆਮ ਲੋਕਾਂ ਨੂੰ ਨਵੇਂ ਹਾਕਮਾਂ ਤੋਂ ਬਹੁਤ ਉਮੀਦਾਂ ਸਨ। ਲੋਕ ਇਕ ਲੰਬੀ ਲੜਾਈ ਜਿੱਤ ਕੇ ਆਏ ਸਨ। ਅਨੇਕਾਂ ਕੁਰਬਾਨੀਆਂ ਦੇਣੀਆਂ ਪਈਆਂ ਸਨ, ਏਸ ਆਜ਼ਾਦੀ ਦੀ ਲੜਾਈ ਵਿਚ। ਗਰੀਬੀ, ਮਹਿੰਗਾਹੀ, ਬੇਰੋਜ਼ਗਾਰੀ, ਮਾਰਧਾੜ, ਬੇਇਨਸਾਫੀ, ਅਨਪੜ੍ਹਤਾ ਸਾਰੇ ਕੁੱਝ ਲਈ ਅੰਗਰੇਜ਼ ਹਾਕਮ ਹੀ ਦੋਸ਼ੀ ਗਿਣੇ ਜਾਂਦੇ ਸਨ। ਇਹ ਹੈ ਵੀ ਸੱਚ ਸੀ। ਜਮਹੂਰੀਅਤ ਨਾਂ ਦੀ ਕੋਈ ਚੀਜ਼ ਨਹੀਂ ਸੀ। ਬਰਤਾਨਵੀ ਲੁਟੇਰੇ ਦੇਸ਼ ਦੇ ਕੀਮਤੀ ਖ਼ਜਾਨੇ ਦੋਹੀਂ ਹੱਥੀਂ ਲੁੱਟ ਰਹੇ ਸਨ। 
ਆਜ਼ਾਦੀ ਦੀ ਲੜਾਈ ਸਮੇਂ ਲੋਕਾਂ ਨੂੰ ਇਹ ਆਸ ਸੀ ਕਿ ਦੇਸ਼ ਦੇ ਆਜ਼ਾਦ ਹੋਣ ਨਾਲ ਆਰਥਕ ਅਸਾਵਾਂਪਨ ਦੂਰ ਹੋਵੇਗਾ। ਗਰੀਬੀ-ਅਮੀਰੀ ਦਾ ਪਾੜਾ ਘਟੇਗਾ। ਪਰ ਲੋਕਾਂ ਦਾ ਇਹ ਚਾਅ ਜਲਦੀ ਹੀ ਲਹਿਣਾ ਸ਼ੁਰੂ ਹੋ ਗਿਆ। ਆਸ ਦੇ ਦੀਵੇ ਸਹਿਜੇ ਸਹਿਜੇ ਮੱਧਮ ਹੁੰਦੇ ਗਏ। ਅਮੀਰ ਹੋਰ ਅਮੀਰ ਹੋਣ ਲੱਗਾ ਤੇ ਗਰੀਬ ਹੋਰ ਗਰੀਬ। ਸ਼ੁਰੂ ਸ਼ੁਰੂ ਵਿਚ ਭਾਰਤੀ ਪੂੰਜੀਪਤੀ ਇਸ ਯੋਗ ਨਹੀਂ ਸਨ ਕਿ ਉਹ ਵੱਡੇ ਕਾਰਖਾਨੇ ਅਤੇ ਕਾਰਖਾਨਿਆਂ ਲਈ ਲੋੜੀਂਦੀ ਹੋਰ ਸਮੱਗਰੀ ਪੈਦਾ ਕਰਨ ਲਈ ਸਾਰੇ ਪ੍ਰਬੰਧ ਆਮ ਕਰ ਸਕਣ। ਏਸ ਲਈ ਜਨਤਕ ਖੇਤਰ ਵਿਚ ਵੀ ਵਧੇਰੇ ਅਦਾਰੇ ਉਸਾਰੇ ਗਏ। ਹਸਪਤਾਲ, ਸਕੂਲ, ਬੈਂਕਾਂ, ਅਨੇਕਾਂ ਤਰ੍ਹਾਂ ਦੇ ਕਾਰਖਾਨੇ ਭਾਰਤ ਹੈਵੀ ਇਲੈਕਟਰੀਕਲ ਲਿਮਟਡ, ਹਿੰਦੋਸਤਾਨ ਸਟੀਲ ਲਿਮਟਡ, ਭਾਖੜਾ ਤੇ ਕਈ ਹੋਰ ਡੈਮ ਬਨਾਉਣ ਸ਼ੁਰੂ ਕੀਤੇ ਗਏ। ਕਾਲਜ ਤੇ ਤਕਨੀਕੀ ਕਾਲਜ ਵੀ ਜਨਤਕ ਭਾਵ ਸਰਕਾਰੀ ਖੇਤਰ ਵਿਚ ਹੀ ਬਣਾਏ ਜਾਣ ਲੱਗੇ। ਪੜ੍ਹੇ ਲਿਖੇ ਲੋਕਾਂ ਨੂੰ ਰੋਜ਼ਗਾਰ ਮਿਲਣ ਲੱਗਾ। ਉਸ ਸਮੇਂ ਆਜ਼ਾਦੀ ਦੀ ਲੜਾਈ ਲੜਨ ਵਾਲੇ ਅਨੇਕਾਂ ਯੋਧੇ ਤੇ ਆਮ ਲੋਕ ਵੀ ਮੌਜੂਦ ਸਨ ਅਤੇ ਉਹਨਾਂ ਦਾ ਦਬਦਬਾਅ ਵੀ ਕਾਇਮ ਸੀ। ਇਹ ਦਬਾਅ ਆਜ਼ਾਦੀ ਤੋਂ ਦੋ ਦਹਾਕੇ ਤੀਕ ਕੁੱਝ ਹੱਦ ਤੱਕ ਕਾਇਮ ਰਿਹਾ। ਏਸੇ ਦਬਾਅ ਸਦਕਾ ਹੀ ਇੰਦਰਾਗਾਂਧੀ ਨੂੰ ਬੈਂਕਾਂ ਤੇ ਹੋਰ ਕਈਆਂ ਅਦਾਰਿਆਂ ਦਾ ਸਰਕਾਰੀਕਰਨ ਕਰਨਾ ਪਿਆ। ਰਾਜਿਆਂ ਤੋਂ ਵਿਸ਼ੇਸ਼ ਅਧਿਕਾਰ ਵਾਪਸ ਲਏ ਗਏ। 
ਪਰ ਇਹ ਪਹੁੰਚ ਵੀ ਬਹੁਤਾ ਚਿਰ ਕਾਇਮ ਨਾ ਰਹੀ। ਕਿਉਂਕਿ ਇਸ ਦੌਰਾਨ ਏਥੇ ਟਾਟੇ ਬਿਰਲਿਆਂ ਦੀ ਗਿਣਤੀ ਵੀ ਵੱਧ ਗਈ ਤੇ ਅਮੀਰੀ ਵੀ। ਅਜਾਰੇਦਾਰ ਘਰਾਣੇ ਐਨੇ ਸ਼ਕਤੀਸ਼ਾਲੀ ਹੋ ਗਏ ਕਿ ਉਹ ਸਿਆਸਤ ਨੂੰ ਉਂਗਲਾਂ 'ਤੇ ਨਚਾਉਣ ਲੱਗ ਪਏ। ਛੋਟੇ ਮੋਟੇ ਚੋਰ ਵੱਡੇ-ਵੱਡੇ ਡਾਕੂ ਬਣ ਗਏ।  
ਅੱਜ ਅਵਸਥਾ ਇਹ ਹੈ ਕਿ ਦੇਸ਼ ਦੇ ਵੱਡੇ ਸਰਮਾਏਦਾਰ ਘਰਾਣਿਆਂ 'ਚ ਅਨਿਲ ਅੰਬਾਨੀ ਤੇ ਮੁਕੇਸ਼ ਅੰਬਾਨੀ ਭਰਾਵਾਂ ਦੀ ਜੋੜੀ ਦੁਨੀਆਂ ਦੇ ਸਭ ਤੋਂ ਉਪਰਲੇ 10 ਅਮੀਰਾਂ ਵਿਚ ਸਾਮਲ ਹੈ। ਏਸੇ ਤਰ੍ਹਾਂ ਹੋਰ ਵੀ ਹਨ। ਅੱਜ ਵੱਡੇ ਕਾਰਪੋਰੇਟ ਘਰਾਣੇ ਸਰਕਾਰ ਨੂੰ ਕੇਵਲ ਪ੍ਰਭਾਵਤ ਹੀ ਨਹੀਂ ਕਰਦੇ ਸਗੋਂ ਅਸਲ ਵਿਚ ਆਪ ਸਰਕਾਰ ਚਲਾਉਂਦੇ ਹਨ। ਹਾਕਮ ਤੇ ਵਿਰੋਧੀ ਪਾਰਟੀਆਂ ਦੇ ਵੱਡੀ ਬਹੁਗਿਣਤੀ ਐਮ.ਪੀ. ਉਹਨਾ ਦੀ ਮੁੱਠੀ ਵਿਚ ਬੰਦ ਹਨ। ਜੋ ਕੁੱਝ ਵੀ ਦੇਸ਼ ਦੀ ਸਰਕਾਰ ਕਰ ਰਹੀ ਹੈ ਉਹ ਇਹਨਾਂ ਬਹੁਤ ਵੱਡੇ ਅਮੀਰਾਂ ਨੂੰ ਹੋਰ ਅਮੀਰ ਕਰਨ ਲਈ ਹੀ ਕਰ ਰਹੀ ਹੈ। ਸਿੱਟੇ ਵਜੋਂ ਗਰੀਬ ਹੋਰ ਗਰੀਬ ਹੋ ਰਹੇ ਹਨ। ਸਿਆਸਤ 'ਚ ਭ੍ਰਿਸ਼ਟਾਚਾਰ ਤੇ ਭਾਈ ਭਤੀਜਾਵਾਦ ਦਾ ਬੋਲਬਾਲਾ ਹੈ। 
ਅੱਜ ਸਰਮਾਏਦਾਰ ਪਾਰਟੀਆਂ ਦੇ ਸਿਆਸੀ ਆਗੂ ਇਸ ਕਰਕੇ ਸਿਆਸਤ ਵਿਚ ਨਹੀਂ ਆਉਂਦੇ ਕਿ ਉਹਨਾਂ ਦੇਸ਼ ਦੀ ਸੇਵਾ ਕਰਨੀ ਹੈ ਜਾਂ ਗਰੀਬੀ, ਭੁਖਮਰੀ, ਮਹਿੰਗਾਈ ਭ੍ਰਿਸ਼ਟਾਚਾਰ ਅਨਪੜ੍ਹਤਾ ਆਦਿ ਦੂਰ ਕਰਨੀ ਹੈ। ਸਗੋਂ ਇਸ ਕਰਕੇ ਸਿਆਸਤ ਵਿਚ ਆਉਂਦੇ ਹਨ ਕਿ ਉਹ ਇਸ ਨੂੰ ਸੱਭ ਤੋਂ ਵੱਧ ਲਾਹੇਵੰਦ ਧੰਦਾ/ਪੇਸ਼ਾ (Profession) ਸਮਝਦੇ ਹਨ ਜਿਥੋਂ ਉਹਨਾਂ ਪੈਸੇ ਕਮਾਉਣੇ ਹਨ। ਜਿਡਾ ਵੱਡਾ ਸਿਆਸੀ ਅਹੁਦਾ ਉਨੀ ਵੱਡੀ ਕਮਾਈ। ਹੁਣ ਇਹ ਅਜਿਹਾ ਪੇਸ਼ਾ ਬਣ ਗਿਆ ਕਿ ਉਹ ਸਾਰੇ ਪਰਿਵਾਰ ਨੂੰ ਪੀੜ੍ਹੀ ਦਰ ਪੀੜ੍ਹੀ ਸ਼ਾਮਲ ਕਰੀ ਜਾ ਰਹੇ ਹਨ। ਪਿਓ ਐਮ.ਐਲ.ਏ., ਐਮ.ਪੀ. ਮੰਤਰੀ, ਅੱਗੋਂ ਪੁੱਤਰ ਵੀ, ਨੂੰਹ ਵੀ, ਜਵਾਈ ਵੀ, ਧੀ.ਵੀ, ਪੋਤਰੇ ਦੋਹਤਰੇ ਵੀ ਦੋਹੀਂ ਦੋਹੀਂ ਹੱਥੀਂ ਲੁੱਟੀ ਜਾ ਰਹੇ ਹਨ, ਤੇ ਜੋ ਵੀ ਪ੍ਰਤੀਰੋਧ ਕਰਦਾ ਹੈ ਉਸਨੂੰ ਕੁੱਟੀ ਜਾ ਰਹੇ ਹਨ। ਗਰੀਬ ਲੋਕਾਂ ਨੂੰ ਸਾਹ ਸੱਤ ਹੀਣ ਕਰ ਦਿੱਤਾ ਹੈ। 
ਅੱਜ ਦੇ ਸਿਆਸੀ ਆਗੂ ਕੇਵਲ ਵੋਟਾਂ ਦੀ ਹੀ ਰਾਜਨੀਤੀ ਕਰਦੇ ਹਨ। ਉਹਨਾਂ ਲਈ ਲੋਕ ਰਾਜ ਦਾ ਭਾਵ ਹੈ ਸਿਰਫ ਵੋਟਾਂ। ਵੋਟਾਂ ਲੋਕ ਭਲਾਈ ਜਾਂ ਦੇਸ਼ ਭਲਾਈ ਦੇ ਕੰਮ ਕਰਨ ਲਈ ਨਹੀਂ ਸਗੋਂ ਨਿੱਜੀ ਹਿੱਤਾਂ ਦੀ ਪੂਰਤੀ ਲਈ ਬਹੁਤੀ ਵਾਰ ਇਹ ਗਰੀਬਾਂ ਤੇ ਖਰੀਦੀਆਂ ਜਾਂਦੀਆਂ ਹਨ। ਖਰੀਦਣ ਲਈ ਪੈਸਾ ਚਾਹੀਦਾ ਹੈ। ਅੱਜ ਸਿਆਸਤ ਅਤਿਅੰਤ ਭ੍ਰਿਸ਼ਟ ਹੋ ਚੁੱਕੀ ਹੈ। ਭਾਰਤੀ ਹਾਕਮਾਂ ਨੇ ਬਿਨਾ ਕਿਸੇ ਸ਼ਰਮ ਅਤੇ ਡਰ ਖੌਫ ਦੇ ਅਮਰੀਕੀ ਸਾਮਰਾਜ ਅੱਗੇ ਗੋਡੇ ਟੇਕ ਦਿੱਤੇ ਹਨ। ਸਾਮਰਾਜੀਏ ਆਪਣੇ ਹਿੱਤਾਂ ਦੀ ਰਾਖੀ ਲਈ, ਜੋ ਵੀ ਕਹਿ ਰਹੇ ਹਨ ਉਸਨੂੰ ਸਾਡੇ ਹਾਕਮ ਚੁੱਪਚਾਪ ਮੰਨੀ ਜਾ ਰਹੇ ਹਨ; ਲਾਗੂ ਕਰੀ ਜਾ ਰਹੇ ਹਨ। 
ਉਹ ਜਨਤਕ ਅਦਾਰੇ ਜੋ ਆਜ਼ਾਦੀ ਬਾਅਦ ਪਹਿਲੇ ਦੋ ਤਿੰਨ ਦਹਾਕਿਆਂ 'ਚ ਉਸਰੇ ਸਨ, ਅੱਜ ਸਭ ਦਾ ਤੇਜ਼ੀ ਨਾਲ ਨਿੱਜੀਕਰਨ ਕੀਤਾ ਜਾ ਰਿਹਾ ਹੈ। ਦੇਸ਼ ਦੇ ਕਾਰਪੋਰੇਟ ਘਰਾਣਿਆਂ ਦੀਆਂ ਕੰਪਨੀਆਂ ਨੇ ਵਿਦੇਸ਼ੀ ਦਿਓ ਕੱਦ ਕੰਪਨੀਆਂ ਨਾਲ ਹੱਥ ਮਿਲਾ ਲਏ ਹਨ; ਉਹਨਾਂ ਨਾਲ ਭਾਈਵਾਲੀ ਪਾ ਕੇ ਦੇਸ਼ ਦੇ ਸਮੁੱਚੇ ਕੀਮਤੀ ਖਜ਼ਾਨੇ ਲੁੱਟਣ ਦੀ ਖੁੱਲ੍ਹ ਲੈ ਲਈ ਹੈ। 
ਸਰਕਾਰ ਸਾਰੇ ਜਨਤਕ (ਸਰਕਾਰੀ) ਅਦਾਰਿਆਂ ਦਾ ਨਿੱਜੀਕਰਨ ਕਰ ਰਹੀ ਹੈ ਤੇ ਕੌਡੀਆਂ ਦੇ ਭਾਅ ਵੇਚ ਰਹੀ ਹੈ। ਬਹੁਤੀ ਵਾਰ ਤਾਂ ਰਾਜਨੀਤੀਵਾਨ ਵੀ ਆਪਣੀ ਹਿੱਸੇਦਾਰੀ ਰੱਖ ਲੈਂਦੇ ਹਨ ਜਾਂ ਰਿਸ਼ਤੇਦਾਰਾਂ ਦੇ ਨਾਮ ਤੇ ਖਰੀਦ ਲੈਂਦੇ ਹਨ। ਸਾਰੇ ਦੇਸ਼ ਵਿਚ ਹੀ ਇਹ ਰੁਝਾਨ ਹੈ। ਪੰਜਾਬ ਵਿਚ ਇਹ ਰੁਝਾਨ ਵਧੇਰੇ ਤੇਜ਼ੀ ਨਾਲ ਚੱਲ ਰਿਹਾ ਹੈ। ਸਰਕਾਰੀ ਹਸਪਤਾਲ, ਸਕੂਲ, ਸਰਕਾਰ ਦੇ ਪੁਰਾਣੇ ਦਫਤਰ ਜੋ ਸ਼ਹਿਰਾਂ ਵਿਚ ਹਨ ਤੇ ਇਹਨਾ ਦੀ ਜ਼ਰੂਰਤ ਵੀ ਸ਼ਹਿਰ ਵਿਚ ਹੀ ਹੈ, ਉਹਨਾਂ ਨੂੰ ਸ਼ਹਿਰੋਂ ਬਾਹਰ ਲਿਜਾਇਆ ਜਾ ਰਿਹਾ ਹੈ। ਇਸ ਖਾਲੀ ਹੋਈ ਜ਼ਮੀਨ ਨੂੰ ਪੂੰਜੀਪਤੀਆਂ, ਤੇ ਅਫਸਰਾਂ ਨਾਲ ਮਿਲਕੇ ਰਾਜਨੀਤੀਵਾਨਾਂ ਵਲੋਂ ਖੁਦ ਹੜਪਿਆ ਜਾ ਰਿਹਾ ਹੈ। ਏਥੋਂ ਤੀਕ ਕਿ ਲੋਕਾਂ ਅਤੇ ਪਰਿਆਵਰਨ ਲਈ ਮਹੱਤਤਾ ਰੱਖਦੇ ਅਤੇ ਬੇਹੱਦ ਲੋੜੀਂਦੇ ਪਾਰਕ ਵੀ ਵੇਚੇ ਜਾ ਰਹੇ ਹਨ। 
ਪੰਜਾਬ ਦੇ ਹਰ ਸ਼ਹਿਰ ਵਿਚ ਇਹ ਵਰਤਾਰਾ ਬੜੀ ਹੀ ਤੇਜ਼ੀ ਨਾਲ ਵਾਪਰ ਰਿਹਾ ਹੈ। ਪਾਰਕਾਂ ਨੂੰ ਵੇਚਣ ਦੀ ਸ਼ੁਰੂਆਤ ਵਹੀਕਲਾਂ ਦੀ ਪਾਰਕਿੰਗ ਬਣਾਉਣ ਦੇ ਨਾਂਅ ਹੇਠਾਂ ਕੀਤੀ ਜਾਂਦੀ ਹੈ। ਹਾਕਮਾਂ ਦੇ ਸ਼ਰਮ-ਹਯਾ ਦੇ ਸਾਰੇ ਬੁਰਕੇ ਉਸ ਵੇਲੇ ਲੀਰੋ ਲੀਰ ਹੋ ਗਏ ਸਨ ਜਦ ਜਲ੍ਹਿਆਂ ਵਾਲੇ ਬਾਗ, ਦੀ ਇਤਹਾਸਕ ਮਹੱਤਤਾ ਵਾਲੇ ਸਰੂਪ ਨੂੰ ਬਦਲਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਲੋਕਾਂ ਨੇ ਇਸਦਾ ਬੱਝਵਾਂ ਵਿਰੋਧ ਕੀਤਾ ਤੇ ਸਰਕਾਰ ਨੂੰ ਮੂੰਹ ਦੀ ਖਾਣੀ ਪਈ। ਅੰਮ੍ਰਿਤਸਰ ਦੇ ਸ਼ਹਿਰੀਆਂ ਤੇ ਪੰਜਾਬ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਦੇ ਜ਼ੋਰਦਾਰ ਵਿਰੋਧ ਸਦਕਾ ਸਰਕਾਰ ਨੂੰ ਮੂੰਹ ਦੀ ਖਾਣੀ ਪਈ। ਆਮ ਨੀਤੀ ਇਹ ਹੈ ਕਿ ਪਹਿਲਾਂ ਕਿਸੇ ਪੁਰਾਣੇ ਪਾਰਕ ਆਦਿ ਨੂੰ ਪਾਰਕਿੰਗ ਬਣਾਓ, ਫਿਰ ਉਸਨੂੰ ਜਦੋਂ ਚਾਹੇ ਨਿਲਾਮ ਕਰ ਦਿਓ ਤੇ ਫਿਰ ਆਪ ਹੀ ਖਰੀਦ ਲਵੋ; ਕੋਈ ਅਖਾਉਤੀ ਕੰਪਨੀ ਬਣਾ ਕੇ ਜਾਂ ਸਿੱਧਾ ਆਪ ਹੀ। 
ਅੰਮ੍ਰਿਤਸਰ ਵਿਚ ਹੀ ਹੁਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨਹਿਰ ਦਫਤਰ ਸਮੇਤ ਇਰੀਗੇਸ਼ਨ ਰਿਸਰਚ ਵਿੰਗ, ਜੇਲ੍ਹ ਆਦਿ ਨੂੰ ਹੋਰ ਥਾਂ ਲੈ ਜਾਣ ਅਤੇ ਇਹਨਾਂ ਥਾਵਾਂ 'ਤੇ 'ਸ਼ਾਪਿੰਗ ਮਾਲ' ਬਣਾਉਣ ਦੀਆਂ ਤਜਵੀਜਾਂ ਕਾਰਵਾਈ ਅਧੀਨ ਹਨ। ਗਿਆਨ ਆਸ਼ਰਮ ਸਕੂਲ ਅਤੇ ਉਸਦੇ ਨਾਲ ਲੱਗਦੀ 4 ਏਕੜ ਜ਼ਮੀਨ ਦੀ ਲੀਜ਼ ਖਤਮ ਹੋ ਗਈ ਹੈ ਪਰ ਉਸਨੂੰ ਵੀ ਹੜੱਪਣ ਦਾ ਯਤਨ ਕੀਤਾ ਜਾ ਰਿਹਾ ਹੈ। ਇਹ ਸ਼ੁਭ ਗੱਲ ਹੈ ਕਿ ਇਸਦਾ ਜਥੇਬੰਦਕ ਵਿਰੋਧ ਵੀ ਹੋ ਰਿਹਾ ਹੈ। ਹਾਕਮਾਂ ਨੇ ਇਹਨਾਂ ਅਰਬਾਂ-ਖਰਬਾਂ ਦੀਆਂ ਜਾਇਦਾਦਾਂ ਨੂੰ ਪਹਿਲਾਂ ਸ਼ਾਪਿੰਗ ਮਾਲ ਵਿਚ ਤਬਦੀਲ ਕਰਨ ਵਾਲੀਆਂ ਕੰਪਨੀਆਂ ਨੂੰ ਵੇਚਣਾ ਹੈ ਤੇ ਫੇਰ ਹਾਕਮੀ ਸਿਆਸੀ ਆਗੂਆਂ ਨੇ ਇਸ ਵਿਚ ਆਪਣੇ ਹਿੱਸੇ ਰੱਖਣੇ ਹਨ ਜਾਂ ਆਪ ਹੀ ਖਰੀਦ ਲੈਂਦੇ ਹਨ। 
ਮਾਰ ਹੇਠ ਹੈ ਗੁਰਦਾਸਪੁਰ ਸ਼ਹਿਰ ਦਾ 
ਇਤਿਹਾਸਕ ਸੁੱਕਾ ਤਲਾਅ
ਗੁਰਦਾਸਪੁਰ ਸ਼ਹਿਰ ਵੀ ਇਸ ਪੱਖੋਂ ਬਹੁਤ ਅਭਾਗਾ ਹੈ ਕਿ ਹਾਕਮਾਂ ਤੇ ਕਾਰਪੋਰੇਟ ਲਾਬੀ ਦਾ ਇਸ 'ਤੇ ਬੇਹੱਦ ਤਿੱਖਾ ਹਮਲਾ ਹੋ ਗਿਆ ਹੈ। ਗੁਰਦਾਸਪੁਰ ਸ਼ਹਿਰ ਦੇ ਐਨ ਵਿਚਕਾਰ ਪੈਂਦੀਆਂ ਕਚਹਿਰੀਆਂ ਕਾਫੀ ਢੁਕਵੇਂ ਅਤੇ ਵਿਸ਼ਾਲ ਥਾਂ ਵਿਚ ਖਿਲਰੀਆਂ ਹੋਈਆਂ ਹਨ। ਪਹਿਲਾਂ ਇਹ ਯਤਨ ਕੀਤਾ ਗਿਆ ਕਿ ਸਾਰੇ ਕੰਪਲੈਕਸਾਂ ਨੂੰ ਸ਼ਹਿਰੋਂ ਬਾਹਰ ਕੱਢ ਦਿੱਤਾ ਜਾਵੇ। ਪਰ ਸ਼ਾਬਾਸ਼ ਲੋਕਾਂ ਅਤੇ ਵਕੀਲਾਂ ਦੇ ਸਾਂਝੇ ਪ੍ਰਤੀਰੋਧ ਦੀ ਕਿ ਉਹਨਾਂ ਇਹ ਚਾਲ ਕਾਮਯਾਬ ਨਹੀਂ ਹੋਣ ਦਿੱਤੀ। ਨਹੀਂ ਤਾਂ ਉਹ ਕਰੋੜਾਂ ਦੀ ਜ਼ਮੀਨ ਹੁਣ ਤੱਕ ਕੌਡੀਆਂ ਦੇ ਭਾਅ 'ਵਿਕ' ਚੁੱਕੀ ਹੋਣੀ ਸੀ। ਇਸ ਸਕੀਮ ਦੇ ਫੇਲ੍ਹ ਹੋਣ ਤੇ ਹਲਕਾ ਵਿਧਾਇਕ ਜੀ ਬਹੁਤ ਦੁਖੀ ਹਨ। ਹੁਣ ਮਿਨੀ ਸਕੱਤਰੇਤ ਦੇ ਨਾਂਅ ਹੇਠ ਸਾਰੇ ਦਫਤਰ ਸ਼ਹਿਰ ਦੇ ਦੂਜੇ ਸਿਰੇ ਤੇ ਲੈ ਜਾਣ ਦੀ ਮੁਹੱਮਦ ਤੁਗਲਕੀ ਤਜਵੀਜ਼ ਪਾਸ ਹੋ ਚੁੱਕੀ ਹੈ। ਇਸ ਨਾਲ ਕਿੰਨੇ ਹੀ ਕਰੋੜ ਦੀ ਥਾਂ ਵੀ ਵਿਕਣੀ ਹੈ। ਸ਼ਹਿਰ ਦੇ ਐਨ ਵਿਚਕਾਰ ਪੈਂਦਾ ਸਰਕਾਰੀ ਸਿਵਲ ਹਸਪਤਾਲ ਬਹੁਤ ਵਧੀਆ ਚਲ ਰਿਹਾ ਹੈ। ਪਰ ਉਸਨੂੰ ਵੀ ਹਾਕਮਾਂ ਨੇ ਵੇਚ ਦਿੱਤਾ ਹੈ ਅਤੇ ਇਸ ਨੂੰ ਸ਼ਹਿਰ ਤੋਂ ਦੂਰ ਬਾਹਰ ਲਿਜਾਇਆ ਜਾ ਰਿਹਾ ਹੈ। ਪਹਿਲਾਂ ਪੁਰਾਣੇ ਡੀ.ਈ.ਓ. ਦਫਤਰ ਨੂੰ ਵੀ 'ਵੇਚ' ਦਿੱਤਾ ਗਿਆ। ਗੁਰਦਾਸਪੁਰ ਸ਼ਹਿਰ ਦੇ ਐਨ ਅੰਦਰ ਚੱਲ ਰਹੇ ਬਸ ਸਟੈਂਡ ਨੂੰ ਬਾਹਰ ਬੇਲੋੜੀ ਥਾਂ ਤੇ ਭੇਜ ਦਿੱਤਾ ਹੈ। ਨੀਂਹ ਪੱਥਰ ਰੱਖਿਆ ਜਾ ਚੁੱਕਾ ਹੈ। ਉਥੇ ਵੀ ਸ਼ਾਪਿੰਗ ਮਾਲ ਜਾਂ ਐਸਾ ਕੁੱਝ ਹੋਰ ਬਣੇਗਾ। ਇੰਝ ਸਰਕਾਰੀ ਥਾਂ ਭਾਵ ਲੋਕਾਂ ਦੀ ਸੰਪਤੀ ਵੇਚੀ ਜਾ ਰਹੀ ਹੈ। 
ਪਾਰਕਾਂ ਦੀ ਮਹੱਤਤਾ ਦਰਸਾਉਣ ਦੀ ਲੋੜ ਨਹੀਂ ਹੈ। ਸ਼ਹਿਰ ਦਾ ਹਰ ਪਾਰਕ ਜਿਥੇ ਸ਼ਹਿਰ ਦੇ ਵਾਤਾਵਰਨ ਨੂੰ ਸੁੰਦਰ ਬਣਾਉਂਦਾ ਹੈ, ਉਥੇ ਇਹ ਸੈਰਗਾਹ, ਖੇਡਣ ਮੱਲਣ ਤੇ ਲੋਕਾਂ ਦੇ ਬੈਠਣ, ਮੀਟਿੰਗਾਂ ਕਰਨ, ਜਨਤਕ ਜਥੇਬੰਦੀਆਂ ਦੇ ਮਿਲ ਬੈਠ ਕੇ ਵਿਚਾਰ-ਚਰਚਾ ਕਰਨ 'ਤੇ ਸੰਘਰਸ਼ੀ ਵਿਉਂਤਾਂ ਘੜਨ ਦਾ ਵੀ ਕੇਂਦਰ ਹੁੰਦਾ ਹੈ। ਗੁਰਦਾਸਪੁਰ ਵਿਚ ਨਗਰ ਕੌਂਸਲ ਕੋਲੋਂ ਧੌਂਸ ਨਾਲ ਮਤਾ ਪਵਾ ਕੇ ਸਰਕਾਰ ਵਲੋਂ ਸ਼ਹਿਰ ਗੁਰਦਾਸਪੁਰ ਦੇ ਦਿਲ ਵਜੋਂ ਜਾਣੀ ਜਾਂਦੀ 'ਸੁੱਕਾ ਤਲਾਅ' ਪਾਰਕ ਨੂੰ ਢਾਹ ਕੇ ਏਥੇ ਕਾਰ ਪਾਰਕਿੰਗ ਬਨਾਉਣ ਦੀ ਲੋਕ ਵਿਰੋਧੀ ਤੇ ਪਰਿਆਵਰਨ ਵਿਰੋਧੀ ਸਾਜਸ਼ ਘੜੀ ਗਈ ਹੈ। ਹੈਰਾਨੀ ਹੈ ਕਿ ਉਸ ਦੇ ਨਾਲ ਹੀ ਜ਼ਿਲ੍ਹਾ ਪ੍ਰੀਸ਼ਦ ਤੇ ਐਕਸਾਈਜ਼ ਐਂਡ ਟੈਕਸੇਸ਼ਨ ਦਾ ਪੁਰਾਣਾ ਦਫਤਰ ਬਿਲਕੁਲ ਖਾਲੀ ਪਿਆ ਹੈ ਤੇ ਇਹ ਪਾਰਕ ਤੋਂ ਵੀ ਵੱਡਾ ਹੈ। ਨਾਲ ਹੀ ਪੁਰਾਣਾ ਸਿਟੀ ਥਾਣਾ ਖਾਲੀ ਹੈ; ਪਰ ਇਹਨਾਂ ਨੂੰ ਕਾਰ ਪਾਰਕਿੰਗ ਵਿਚ ਨਹੀਂ ਬਦਲਿਆ ਜਾ ਰਿਹਾ ਕਿਉਂਕਿ ਇਹਨਾਂ ਥਾਵਾਂ ਨੂੰ 'ਵੇਚਣਾ' ਹੈ। ਬਹਾਨਾ ਇਹ ਘੜਿਆ ਜਾ ਰਿਹਾ ਹੈ ਕਿ ਇਹ ਜ਼ਿਲ੍ਹਾ ਪਰੀਸ਼ਦ ਦੀਆਂ ਥਾਂਵਾਂ ਹਨ ਅਤੇ ਜ਼ਿਲ੍ਹਾ ਪਰੀਸ਼ਦ ''ਅਜ਼ਾਦ ਅਦਾਰਾ ਹੈ। ਇਸ ਲਈ ਉੱਥੇ ਕਾਰ ਪਾਰਕਿੰਗ ਨਹੀਂ ਬਣ ਸਕਦੀ। ਇਥੇ ਹੀ ਬਸ ਨਹੀਂ ਗੁਰਦਾਸਪੁਰ ਸ਼ਹਿਰ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਜੋ ਬਹੁਤ ਹੀ ਵਿਸ਼ਾਲ ਤੇ ਵਧੀਆ ਬਿਲਡਿੰਗ ਹੈ ਤੇ ਨਾਲ ਭਰਵੀਂ ਜ਼ਮੀਨ ਗਰਾਊਂਡ ਲਈ ਵੀ ਹੈ, ਨੂੰ ਵੀ ਵੇਚਣ ਲਈ ਸ਼ਹਿਰੋਂ ਦੂਰ ਬਾਹਰ ਲਿਜਾਇਆ ਜਾ ਰਿਹਾ ਹੈ। ਗੱਲ ਕੀ ਸਿੱਧੀ ਲੁੱਟ ਮਚਾਈ ਜਾ ਰਹੀ ਹੈ। ਇਹ ਪੰਜਾਬ ਦੇ ਲਗਭਗ ਸਾਰੇ ਹੀ ਸ਼ਹਿਰਾਂ ਦਾ ਵਰਤਾਰਾ ਹੈ।  ਸਰਕਾਰੀ ਜਾਇਦਾਦਾਂ 'ਤੇ ਕਬਜ਼ਾ ਕਰੋ, ਫਿਰ ਉਸਨੂੰ ਵੇਚ ਦੇਵੋਂ ਅਤੇ ਕਰੋੜਾਂ ਰੁਪਏ ਕਮਾਓ, ਇਹ ਸਰਕਾਰੀ ਜਾਇਦਾਦਾਂ ਦਾ ਸਿੱਧਾ ਤੇ ਇਕੋ ਇਕ ਭਾਵ ਹੁੰਦਾ ਹੈ। ਲੋਕਾਂ ਦੀ ਜਾਇਦਾਦ, ਲੋਕਾਂ ਦੀ ਜ਼ਮੀਨ ਜਾਇਦਾਦ ਵੇਚਣ ਦਾ ਸਰਕਾਰ ਨੂੰ ਕੋਈ ਹੱਕ ਨਹੀਂ ਹੈ। ਸਿਵਾਏ ਉਹਨਾਂ ਹਾਲਤਾਂ ਦੇ ਜਦੋਂ ਕਿ ਉਥੇ ਕਿਸੇ ਲੋਕ ਪੱਖੀ ਵੱਡੇ ਪ੍ਰੋਜੈਕਟ ਦੀ ਲੋੜ ਬਣਦੀ ਹੋਵੇ। ਪਰ ਏਥੇ ਤਾਂ ਇਕ ਵਾਰ ਵੋਟਾਂ ਮੁੱਲ ਲੈ ਕੇ ਲੋਕਾਂ ਦੇ ਅਖਾਉਤੀ ਨੁਮਾਇੰਦੇ ਬਣ ਜਾਓ, ਫਿਰ ਤੂੰ ਕੌਣ ਤੇ ਮੈਂ ਕੌਣ? 
ਹਾਕਮਾਂ ਨੇ ਸਾਰਾ ਕੁੱਝ ਵੇਚਣ ਤੇ ਲਾਇਆ ਹੋਇਆ ਹੈ। ਸਾਡੀਆਂ ਜ਼ਮੀਨਾਂ ਜਾਇਦਾਦਾਂ, ਸਿੱਖਿਆ, ਸਿਹਤ, ਪਾਣੀ, ਬਿਜਲੀ, ਅਨਾਜ ਪੈਦਾ ਕਰਕੇ ਗਰੀਬਾਂ ਦਾ ਢਿੱਡ ਭਰਦੀ ਉਪਜਾਊ ਜ਼ਮੀਨ, ਜੰਗਲ, ਕੁਦਰਤੀ ਖਣਿਜਾਂ ਤੇਲ ਦੇ ਜ਼ਖੀਰੇ; ਸਿੱਟੇ ਵਜੋਂ ਦੇਸ਼ ਵਿਕਣ ਵੱਲ ਵੱਧ ਰਿਹਾ ਹੈ। 
ਇਸ ਲਈ ਇਹ ਲਾਜ਼ਮੀ ਹੈ ਕਿ ਲੋਕ ਆਪਣੇ ਸੰਘਰਸ਼ਾਂ ਰਾਹੀਂ ਆਪਣਾ ਦੇਸ਼, ਆਪਣੀਆਂ ਬੁਨਿਆਦੀ ਲੋੜਾਂ ਬਚਾਉਣ ਲਈ ਸੰਗਰਾਮ ਦੇ ਰਾਹ ਤੁਰਨ। ਵਰਨਾ ਕੋਈ ਜਮਹੂਰੀਅਤ ਨਹੀਂ ਰਹਿਣੀ। ਇਕੋ ਇਕ ਉਪਾਅ ਹੈ ਵਿਰੋਧ ਕਰੋ, ਵਿਰੋਧ ਕਰੋ! ਭਾਵੇਂ ਇਹ ਹਾਕਮ ਇਹ ਵਿਰੋਧ ਕਰਨ ਦਾ ਹੱਕ ਵੀ ਖੋਹ ਲੈਣਾ ਚਾਹੁੰਦੇ ਹਨ। ਪਰ ਜਨਸਮੂਹ ਇਸ ਨੂੰ ਆਪਣੀ ਹੋਂਦ ਦੇ ਖਾਤਮੇ 'ਤੇ ਹੀ ਬਰਦਾਸ਼ਤ ਕਰ ਸਕਦੇ ਹਨ। ਇਸ ਦਿਸ਼ਾ ਵਿਚ ਗੁਰਦਾਸਪੁਰ ਦੇ ਆਮ ਸ਼ਹਿਰੀ ਅਤੇ ਜਨਤਕ ਜਥੇਬੰਦੀਆਂ ਨੇ 'ਸੁੱਕਾ ਤਲਾਅ' ਬਚਾਉਣ ਦਾ ਫੈਸਲਾ ਕਰ ਲਿਆ ਹੈ ਅਤੇ ਇਕ ਜਨਤਕ ਸੰਘਰਸ਼ ਆਰੰਭ ਦਿੱਤਾ ਹੈ। ਇਸ ਹੀ ਲੜੀ ਵਿਚ 'ਸੁੱਕਾ ਤਲਾਅ ਬਚਾਓ' ਸੰਘਰਸ਼ ਕਮੇਟੀ ਵਲੋਂ ਸੰਘਰਸ਼ ਦੇ ਪਹਿਲੇ ਪੜਾਅ ਵਜੋਂ 24 ਜੁਲਾਈ ਨੂੰ ਸ਼ਹਿਰ ਅਤੇ ਪਿੰਡਾਂ ਵਿਚ ਝੰਡਾ ਮਾਰਚ ਕਰਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਅਤੇ ਫਿਰ 29 ਜੁਲਾਈ ਨੂੰ ਸੁੱਕਾ ਤਲਾਅ 'ਤੇ ਇਕ ਵਿਸ਼ਾਲ ਜਨਤਕ ਰੈਲੀ ਕਰਕੇ ਸ਼ਹਿਰ ਵਿਚ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਹੈ। ਇਸ ਪਿਛੋਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਤਿਹਾਸ ਗਵਾਹ ਹੈ ਕਿ ਜਿੱਤ ਸਦਾ ਸੰਘਰਸ਼ਸ਼ੀਲ ਲੋਕਾਂ ਦੀ ਹੀ ਹੋਈ ਹੈ। ਕਿਉਂਕਿ : 
''ਹਰ ਹਿਟਲਰ ਦੀ ਹੱਦ ਹੁੰਦੀ ਹੈ
ਹਰ ਡਾਇਰ ਦੀ ਸੀਮਾ
ਪਰ ਲੋਕਾਂ ਦੀ ਸ਼ਕਤੀ ਦੀ 
ਕੋਈ ਹੱਦ ਨਹੀਂ।''

ਇਸਰਾਈਲ

ਡਾ. ਦਲਜੀਤ ਸਿੰਘ

ਜੀਓਨਿਜ਼ਮ 

ਜੀਓਨਿਜ਼ਮ ਲਹਿਰ ਯਹੂਦੀ ਕੌਮ ਲਈ ਇਕ ਵੱਖਰਾ ਦੇਸ਼ ਬਣਾਉਣ ਲਈ ਸੀ, ਜੋ ਇਸਰਾਈਲ ਬਣ ਗਿਆ। ਹੁਣ ਜੀਓਨਿਜ਼ਮ ਦਾ ਧਿਆਨ ਏਸ ਦੇਸ਼ ਦੇ ਖਿਲਾਰ ਅਤੇ ਤਰੱਕੀ ਵੱਲ ਹੈ। 1897 ਵਿਚ ਜੀਓਨਿਜ਼ਮ ਸਿਆਸੀ ਪਾਰਟੀ ਦੀ ਬੁਨਿਆਦ, ਥੀਓਡੋਰ ਹਰਜ਼ਲ ਨੇ ਰੱਖੀ ਜਿਸ ਨੂੰ ਅੱਗੇ ਚੈਮ ਵਾਈਜ਼ਮੈਨ ਨੇ ਚਲਾਇਆ। 

ਜੁਡਾਇਜ਼ਮ 

ਜੁਡਾਇਜ਼ਮ ਦੀ ਬੁਨਿਆਦ, ਰੱਬ ਦੇ ਅਬਰਾਹਮ ਮੌਜ਼ਿਜ਼ ਅਤੇ ਡੇਵਿਡ ਨਾਲ ਧਾਰਮਿਕ ਸੰਬੰਧਾਂ ਰਾਹੀਂ ਬੱਝਦੀ ਹੈ। ਰੱਬ ਦੇ ਕਾਨੂੰਨ ਹੀਬਰੂ ਲਿਪੀ ਵਿਚ ਪੰਜ ਕਿਤਾਬਾਂ ਵਿਚ ਅੰਕਿਤ ਹਨ। ਇਸ ਤੋਂ ਇਲਾਵਾ ਯਹੂਦੀ ਸ਼ਹਿਰੀ ਅਤੇ ਰਸਮੋਂ ਰਿਵਾਜ਼ ਦੇ ਕਾਨੂੰਨ 'ਤਾਲਮੁਦ' ਵਿਚ ਦਰਜ ਹਨ, ਜਿਨ੍ਹਾਂ ਦੇ ਰਸਤੇ, ਕਿਹਾ ਜਾਂਦੈ ਕਿ ਰੱਬ ਦੇ ਨਾਲ ਖ਼ਾਸ ਸੰਬੰਧ ਪੈਦਾ ਹੋ ਜਾਂਦੈ। 70 ਏ.ਡੀ. ਵਿਚ ਯਰੂਸਲਮ ਵਿਚ ਯਹੂਦੀਆਂ ਦਾ ਮੰਦਰ ਤਬਾਹ ਹੋਇਆ। ਉਦੋਂਤੋਂ ਕੁਲ ਕਰਮ-ਕਾਂਡ ਘਰਾਂ ਦੇ ਅੰਦਰ ਕੀਤੇ ਜਾਂਦੇ ਹਨ ਅਤੇ ਜਾਂ ਯਹੂਦੀ 'ਸਿਨੇਗੋਗ' ਮੰਦਰ ਵਿਚ। ਸ਼ੁਕਰਵਾਰ ਸ਼ਾਮ ਤੋਂ ਸਨਿਸ਼ਚਵਾਰ ਸ਼ਾਮ ਤੱਕ 'ਸਬਾਬ' ਪ੍ਰਾਰਥਨਾ ਕਰਦੇ ਹਨ। ਯੋਮ ਕਿਪੂਰ ਅਤੇ ਪਾਸਓਵਰ ਇਨ੍ਹਾਂ ਦੇ ਸਾਲਾਨਾ ਖਾਸ ਦਿਨ ਹਨ। ਯੋਮ ਕਿਪੂਰ ਦੇ ਦਸ ਦਿਨ, ਯਹੂਦੀ ਲੋਕ ਭੁੱਲਾਂ ਬਖਸ਼ਾਉਂਦੇ ਹਨ। ਪਾਸਓਵਰ ਸੱਤ ਦਿਨ ਮਨਾਇਆ ਜਾਂਦਾ ਹੈ, ਮੌਸਮ ਬਹਾਰ ਵਿਚ, ਯਹੂਦੀਆਂ ਦੀ ਮਿਸਰੀਆਂ ਕੋਲੋਂ ਰਿਹਾਈ ਮਿਲਣ ਦੀ ਖੁਸ਼ੀ ਦੀ ਯਾਦ ਵਿਚ। ਦੂਜੀ ਵਿਸ਼ਵ ਜੰਗ ਪਿਛੋਂ, ਇਸਰਾਈਲ ਦੇਸ਼ ਬਣਿਆ, ਇਕ ਹੋਰ ਦੇਸ਼, ਫਲਸਤੀਨ ਨੂੰ ਤਬਾਹ ਕਰ ਕੇ। ਏਥੋਂ ਦੇ 500 ਤੋਂ ਵੱਧ ਪਿੰਡਾਂ ਨੂੰ ਅਰਬ ਮੂਲ ਦੇ ਲੋਕਾਂ ਤੋਂ ਸਾਫ ਕਰ ਦਿੱਤਾ ਗਿਆ। 'ਨਵੇਂ ਇਸਰਾਈਲ ਵਿਚੋਂ 40 ਲੱਖ ਅਰਬ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ। 60 ਹਜ਼ਾਰ ਤੋਂ ਵੱਧ ਘਰਾਂ ਨੂੰ ਢਾਹਿਆ। ਯੂ.ਐਨ.ਓ. ਦੇ ਅੰਦਰ ਇਸਰਾਈਲ ਦੇ ਜ਼ੁਲਮਾਂ ਦੇ ਖ਼ਿਲਾਫ਼ ਮਤਿਆਂ ਨੂੰ 100 ਵਾਰ ਤੋਂ ਵੱਧ, ਅਮਰੀਕੀ ਵੀਟੋ ਨਾਲ ਨਕਾਰਾ ਕੀਤਾ ਗਿਆ। 50 ਹਜ਼ਾਰ ਤੋਂ ਵੱਧ ਅਰਬ ਨਾਗਰਿਕਾਂ ਨੂੰ ਕਤਲ ਕੀਤਾ ਜਾ ਚੁੱਕੈ। ਕਰੀਬ ਏਨੇ ਹੀ ਲੋਕਾਂ ਨੂੰ ਜਖ਼ਮੀ ਕਰ ਕੇ ਅਪਾਹਜ ਕੀਤਾ ਗਿਐ॥ 
ਯੂ.ਐਨ.ਓ. ਦੇ ਅੰਦਰ ਇਸਰਾਈਲ ਦੀ ਮਦਦ ਕਰਨ ਵਾਲੇ ਕੇਵਲ ਦੋ ਦੇਸ਼ ਹਨ - ਅਮਰੀਕਾ ਅਤੇ ਮਾਈਕ੍ਰੇਨੇਸੀਆ। ਪਿਛਲੇਰੇ ਦੇਸ਼ ਦੀ ਕੁਲ ਵੱਲੋੀ 1,08,000 ਹੈ। ਇਸਰਾਈਲ ਇਕੋ ਇਕ ਦੇਸ਼ ਹੈ ਜੋ ਸ਼ਰਨਾਰਥੀਆਂ ਨੂੰ ਵਾਪਸ ਘਰ ਨਹੀਂ ਆਉਣ ਦਿੰਦਾ। ਇਹ ਗੁਆਂਢੀ ਦੇਸ਼ਾਂ ਦਾ ਪਾਣੀ ਸ਼ਰੇਆਮ ਚੋਰੀ ਕਰਦਾ ਹੈ। ਲੋਕਾਂ ਨੂੰਸਾਂਝੀ ਸਜ਼ਾ ਦੇਣ ਲਈ ਏਥੇ ਮੁਹੱਲਿਆਂ ਦੇ ਮੁਹੱਲੇ ਢਾਹ ਦਿੱਤੇ ਜਾਂਦੇ ਹਨ। ਇਥੋਂ ਤੱਕ ਕਿ ਰੁੱਖ ਵੀ ਪੁੱਟੇ ਜਾਂਦੇ ਹਨ। ਦੁਨੀਆਂ ਦਾ ਇਕੋ ਦੇਸ਼ ਹੈ ਜਿਥੇ ਕਤਲ ਕਰਨ ਦੀ ਨੀਤੀ ਨੂੰ ਕਾਨੂੰਨੀ ਮਾਨਤਾ ਹੈ। ਰਿਕਾਰਡ ਨੰਬਰ ਵਿਚ ਚੌਕੀਆਂ ਹਨ ਜੋ ਬੱਚਿਆਂ, ਔਰਤਾਂ ਅਤੇ ਰਾਹੀਆਂ ਦੇ ਆਉਣ ਜਾਣ ਵਿਚ ਰੁਕਾਵਟਾਂ ਪਾਉਂਦੀਆਂ ਹਨ। ਇਸਰਾਈਲ ਹਮੇਸ਼ਾਂ ਹਾਲ ਪਾਹਰਿਆਂ ਕਰਦਾ ਹੈ ਕਿ ਉਸਦੇ ਦੁਸ਼ਮਣ ਉਸ ਨੂੰ ਖਤਮ ਕਰਨਾ ਚਾਹੁੰਦੇਹਲ ਪਰ ਉਸਨੇ ਆਪ ਇਕ ਪੂਰੇ ਦੇਸ਼ ਫ਼ਲਸਤੀਨ ਨੂੰ ਨਕਸ਼ੇ ਤੋਂ ਸਾਫ਼ ਕਰ ਦਿੱਤਾ ਹੈ। ਇਸਰਾਈਲ ਬੇਅੰਤ ਅਮੀਰ ਦੇਸ਼ ਹੈ। ਇਸਦੀ ਪ੍ਰਤੀ ਜੀਅ ਸਾਲਾਨਾ ਆਮਦਨ 26,000 ਅਮਰੀਕੀ ਡਾਲਰਾਂ ਤੋਂ ਵੱਧ ਹੈ ਤਾਂ ਵੀ ਅਮਰੀਕਾ ਤੋਂ ਬੇਅੰਤ ਵਿੱਤੀ ਮਦਦ ਹਰ ਸਾਲ ਆਉਂਦੀ ਹੈ। ਇਹ ਗੁੱਛਾ ਬੰਬ ਅਤੇ ਡਿਪਲੀਟਿੰਡ ਯੂਰੇਨੀਅਮ ਦੇ ਹਥਿਆਰ ਬਣਾਉਂਦਾ ਅਤੇ ਵਰਤਦਾ ਹੈ। ਇਕ ਹੋਰ ਦੇਸ਼ ਏਹੀ ਕੁੱਝ ਕਰਦਾ ਹੈ, ਉਹ ਹੈ ਅਮਰੀਕਾ। ਇਸਰਾਈਲੀ ਸੜਕਾਂ ਉਤੇ ਲੋਹੇ ਦੇ ਗੇਟ ਹਨ। ਸ਼ਹਿਰਾਂ ਦੇ ਦੁਆਲੇ ਲੋਹੇ ਦੇ ਗੇਟ ਹਨ, ਜਿਨ੍ਹਾਂ ਨੂੰ ਜੇਲ੍ਹਾਂ ਵਾਂਗ ਬੰਦ ਕੀਤਾ ਜਾਂਦਾ ਹੈ, ਜਿਨ੍ਹਾਂ ਦੇ ਖੁੱਲ੍ਹਣ ਬੰਦ ਹੋਣ ਦੇ ਸਮੇਂ ਨੀਯਤ ਹਨ। ਇਸਰਾਈਲ ਅੰਦਰ ਜ਼ੁਲਮਾਂ ਦੀ ਕਹਾਣੀ ਦਾ ਅੰਤ ਨਹੀਂ ਹੋ ਸਕਦਾ। ਦੁਨੀਆਂ ਇਸ ਦੇ ਜ਼ੁਲਮਾਂ ਨੂੰ ਰੋਕਣ ਤੋਂ ਬੇਬੱਸ ਹੈ ਕਿਉਂਕਿ ਅਮਰੀਕਾ ਦੀ ਮਹਾਂਸ਼ਕਤੀ, ਜਿਸਦੀ ਮਦਦ ਦੇ ਨਾਲ ਉਹ ਜਾਇਆ ਗਿਆ ਹੈ, ਉਸਦੀ ਪਿੱਠ ਦੇ ਉਤੇ ਹੈ। 
ਪਿਛਲੀ ਸਦੀ ਦੇ ਅੰਤਰਲੇ ਸਾਲਾਂ ਵਿਚ ਕਰੀਬ ਦਸ ਲੱਖ ਅਕਸ਼ਲਾਜ਼ੀ ਯਹੂਦੀ ਪੁਰਾਣੇ ਸੋਵੀਅਤ ਸੰਘ ਵਲੋਂ ਆ ਕੇ ਇਸਰਾਈਲ ਅੰਦਰ ਆਬਾਦ ਹੋਏ ਹਨ। ਹੀਬਰੂ, ਅਰਬੀ ਤੋਂ ਪਿੱਛੋਂ ਰੂਸੀ ਜ਼ਬਾਨ ਤੀਜੇ ਨੰਬਰ ਉਤੇ ਬੋਲੀ ਜਾਂਦੀ ਹੈ। ਪ੍ਰਧਾਨ ਪੂਤਿਨ ਦੇ ਆਉਣ ਉਤੇ ਰੂਸ ਨੇ ਆਪਣੀਆਂ ਨੀਤੀਆਂ ਅੰਦਰ ਕੁਝ ਬਦਲਾਊ ਕੀਤਾ, ਜਿਸ ਨਾਲ ਉਸ ਨੇ ਇਸਰਾਈਲ ਦੁਆਲੇ ਅਰਬ ਦੇਸ਼ਾਂ ਨਾਲ ਵਪਾਰਕ ਅਤੇ ਫ਼ੌਜੀ ਸੰਬੰਧ ਵਧਾਉਣੇ ਸ਼ੁਰੂ ਕੀਤੇ। ਅਰਬ ਦੇਸ਼ਾਂ, ਖਾਸ ਕਰਕੇ ਈਰਾਨ ਅਤੇ ਸੀਰੀਆ ਨੂੰ ਰੱਖਿਅਕ ਹਥਿਆਰਾਂ ਦੀ ਵਿਕਰੀ, ਇਸਰਾਈਲ ਨੂੰ ਕਾਫ਼ੀ ਚੁੰਭਦੀ ਹੈ। ਜੇ ਉਨ੍ਹਾਂ ਦੇਸ਼ਾਂ ਕੋਲ ਰੱਖਿਆ ਦੇ ਕੁੱਝ ਠੋਸ ਵਸੀਲੇ ਨਾ ਹੁੰਦੇ ਤਾਂ ਕਦੋਂ ਦੇ ਇਸਰਾਈਲੀ ਹਮਲੇ ਦਾ ਸ਼ਿਕਾਰ ਹੋ ਗਏ ਹੁੰਦੇ। 
ਇਸਰਾਈਲ ਇਕ ਪ੍ਰਮਾਣੂ ਸ਼ਕਤੀ ਹੈ। ਪਾਕਿਸਤਾਨ ਅਤੇ ਭਾਰਤ ਵਾਂਗ ਏਸ ਨੇ ਵੀ ਪ੍ਰਮਾਣੂ ਨਾ ਖਿਲਾਰ ਸੰਧੀ ਉਤੇ ਦਸਤਖ਼ਤ ਨਹੀਂ ਕੀਤੇ ਹੋਏ। ਇਸ ਦਾ ਪ੍ਰਮਾਣੂ ਖੋਜ ਕੇਂਦਰ ਡਾਈਮੋਨਾ ਸ਼ਹਿਰ ਦੇ ਕੋਲ ਨੈਜੀਵ ਰੇਗਿਸਤਾਨ ਵਿਚ ਹੈ। ਨੈਜੀਵ ਦਾ ਅਰਥ ਹੈ ਦੱਖਣ। ਇਸਰਾਈਲ ਦੇ 8000 ਵਰਗ ਮੀਲਾਂ ਵਿਚੋਂ ਕਰੀਬ 6700 ਵਰਗ ਮੀਲ ਵਿਚ ਰੇਤ ਦੇ ਟਿੱਲੇ ਹਨ। ਉਤਰੀ ਅਤੇ ਪੱਛਮੀ ਇਲਾਕਿਆਂ ਵਿਚ ਗੁਜ਼ਾਰੇ ਮੁਤਾਬਕ ਬਾਰਸ਼ ਹੋ ਜਾਂਦੀ ਹੈ। ਬਾਕੀ ਪਾਣੀ ਗੁਆਂਢੀ ਦੇਸ਼ਾਂ ਤੇ ਧੱਕੇਜ਼ੋਰੀ ਖੋਹਿਆ ਜਾਂਦਾ ਹੈ। ਪ੍ਰਮਾਣੂ ਕੇਂਦਰ, ਫਰਾਂਸ ਦੀ ਮਦਦ ਨਾਲ ਨਿਹਾਇਤ ਖ਼ੁਫੀਆ ਢੰਗ ਦੇ ਨਾਲ, 1958 ਵਿਚ ਉਸਰਨਾ ਸ਼ੁਰੂ ਹੋਇਆ। ਇਸ ਦੀ ਉਸਾਰੀ ਦਾ ਕੁਲ ਮਾਲ ਇੰਜ ਦਰਾਮਦ ਕੀਤਾ ਗਿਆ ਜਿਵੇਂ ਕਿ ''ਖਾਰਾ ਪਾਣੀ ਸਾਫ਼ ਕਰਨ ਦੇ ਟੈਂਕ'', ਦੱਖਣੀ ਅਮਰੀਕਾ ਲਿਜਾਏ ਜਾ ਰਹੇ ਹਨ। ਚਾਰ ਪੰਜ ਸਾਲਾਂ ਦੇ ਅੰਦਰ ਡਾਈਮੋਨਾ ਰੀਐਕਟਰ ਚਾਲੂ ਹੋ ਗਿਆ। ਅਮਰੀਕਾ ਨੂੰ ਕਦੋਂ ਪਤਾ ਸੀ ਕਿ ਨਿਰਾ ਰੀਐਕਟਰ ਨਹੀਂ ਚਾਲੂ ਹੋਇਆ, ਬਲਕਿ ਪ੍ਰਮਾਣੂ ਬੰਬ ਵੀ ਬਣ ਰਹੇ ਹਨ। ਅੰਤਰਰਾਸ਼ਟਰੀ ਪ੍ਰਮਾਣੂ ਏਜੰਸੀ ਦੀਆਂ ਇਨਸਪੈਕਸ਼ਨਾਂ ਵੇਲੇ ਆਰਜ਼ੀ ਕੰਧਾਂ ਪਾਈਆਂ ਜਾਂਦੀਆਂ ਸਨ ਅਤੇ ਹੋਰ ਹੀ ਤਰ੍ਹਾਂ ਦੇ ਉਪਰਕਰਨ ਰੱਖੇ ਜਾਂਦੇ ਸਨ। ਇੰਸਪੈਕਟਰ ਬਿਨਾ ਕੁੱਝ ਲੱਭਿਆ ਬੇਰੰਗ ਵਾਪਸ ਜਾਂਦੇ ਸਨ। ਕਈ ਵਾਰ ਇੰਜ ਸੰਭਵ ਹੋਇਆ, ਕਿਉਂਕਿ ਇਸਪੈਕਸ਼ਨ ਤਰੀਕ ਦੀ ਖ਼ਬਰ, ਇਸਰਾਈਲ ਨੂੰ ਪਹਿਲਾਂ ਹੀ ਮਿਲ ਜਾਂਦੀ ਸੀ ਅਤੇ ਉਹ ਕੁਲ ਇਲਾਕੇ ਵਿਚ ਨਕਲੀ ਫੇਰ ਬਦਲ ਕਰ ਲੈਂਦੇ ਸਨ। 1967 ਪਿਛੋਂ ਇਸਪੈਕਸ਼ਨਾਂ ਵੀ ਬੰਦ ਹੋ ਗਈਆਂ। ਇਕ ਅੰਦਾਜ਼ੇ ਅਨੁਸਾਰ ਇਸਰਾਈਲ ਦੇ ਕੋਲ 200 ਐਟਮ ਬੰਬ ਅਤੇ ਵੀਹ ਹਾਈਡੋਜ਼ਨ ਬੰਬ ਹਨ। ਇਸਰਾਈਲੀ ਸਰਕਾਰ ਇਹ ਤੱਥ ਮੰਨਣ ਦੀ ਥਾਂ ਚੁੱਪ-ਗੜੁੱਪ ਹੈ। 
1986 ਵਿਚ ਡਾਈਮੋਨਾ ਵਿਚ ਕੰਮ ਕਰਦੇ ਇਕ ਕਾਰਿੰਦੇ ਨੇ, ਇਥੋਂ ਦੀਆਂ ਅੰਦਰਲੀਆਂ ਕਾਰਵਾਈਆਂ ਬਾਰੇ ਇਟਲੀ ਵਿਚ ਮੀਡੀਆ ਦੇ ਸਾਹਮਣੇ ਭੇਦ ਖੋਲ੍ਹਿਆ। ਇਸਰਾਈਲੀ ਏਜੰਟਾਂ ਨੇ 'ਮੌਡਰਿਕੇ ਵਾਨੂਨੂ' ਨੂੰ ਇਟਲੀ ਵਿਚੋਂ ਅਗਵਾ ਕਰ ਕੇ ਇਸਰਾਈਲ ਲੈ ਆਂਦਾ, ਜਿਥੇ ਉਸ ਨੂੰ ਅਠਾਰਾਂ ਸਾਲ ਦੀ ਕੈਦ ਸੁਣਾਈ ਗਈ। 2004 ਵਿਚ ਜੇਲ੍ਹ ਵਿਚੋਂ ਛੱਡਿਆ ਗਿਆ ਤਾਂ ਘਰ ਅੰਦਰ ਕੈਦ ਕੀਤਾ ਗਿਆ। ਕੁੱਝ ਮਹੀਨੇ ਪਹਿਲਾਂ ਉਸਦੇ ਉਤੇ ਕਈ ਨਵੇਂ ਇਲਜ਼ਾਮ ਲਗਾ ਕੇ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਹੈ।
ਏਸ ਪਿੱਦੇ ਜਹੇ ਦੇਸ਼ ਦੀ ਸ਼ਕਤੀ ਦਾ ਰਾਜ ਕੀ ਹੈ? ਕੀ ਉਹ ਯਹੂਦੀ ਬੈਂਕਰ ਹਨ ਜੋ ਕੁਲ ਦੁਨੀਆਂ ਦੇ ਕੇਂਦਰੀ ਬੈਂਕਾਂ ਦੀ ਸ਼ਾਹ ਰਗ ਦੇ ਉਤੇ ਬੈਠੇ ਹੋਏ ਹਨ? ਬਹੁਤੇ ਯੂਰਪੀ ਬੈਂਕ, ਬੈਂਕ ਆਫ਼ ਇੰਗਲੈਂਡ ਅਤੇ ਅਮਰੀਕੀ ਫ਼ੈਡਰਲ ਰੀਜ਼ਰਵ ਤਾਂ ਇਨ੍ਹਾਂ ਦੀ ਮੁੱਠ ਵਿਚ  ਹਨ ਹੀ। ਇਸੇ ਲਈ ਜਾਣਕਾਰ ਲੋਕ ਕਹਿੰਦੇ ਹਨ ਕਿ ਅਮਰੀਕਾ ਨੂੰ ਅਮਰੀਕਨ ਲੋਕ ਨਹੀਂ, ਬਲਕਿ ਇਸਰਾਈਲ ਦੇ ਲੰਡਨ ਸਥਿਤ ਯਹੂਦੀ ਬੈਂਕਰ ਚਲਾਉਂਦੇ ਹਨ। ਉਹ ਨਿੱਤ ਨਵੀਆਂ ਜੰਗਾਂ ਉਕਸਾਉਂਦੇ ਹਨ। ''ਵਿਸ਼ਵ ਦੀ ਨਵੀਂ ਸਰਕਾਰ'' ਜਾਂ ''ਨਵਾਂ ਆਲਮੀ ਨਿਜ਼ਾਮ'' ਜਾਂ ''ਨਿਊ ਵਰਲਡ ਆਰਡਰ'' ਦੀ ਅਮਰੀਕਨ ਨੇਤਾਵਾਂ ਦੇ ਮੂੰਹੋਂ ਤੋਤਾ ਰਟਨ ਸੁਣ ਕੇ ਅੱਤ ਹੈਰਾਨੀ ਹੁੰਦੀ ਹੈ। ਉਨ੍ਹਾਂ ਨੂੰ ਅਤੇ ਅਮਰੀਕਨ ਲੋਕਾਂ ਨੂੰ ਪਤਾ ਨਹੀਂ ਕਿਉਂ ਵਿਖਾਈ ਨਹੀਂ ਦਿੰਦਾ ਕਿ ''ਨਿਊ ਵਰਲਡ ਆਰਡਰ'' ਵਿਚ ਉਨ੍ਹਾਂ ਦੀ ਆਪਣੀ ਕੁਰਬਾਨੀ ਵੀ ਨਿਸ਼ਚਿਤ ਹੈ। 
ਸਾਡਾ ਦੇਸ਼ ਸਰਕਦੇ ਸਰਕਦੇ ਅਮਰੀਕਾ-ਇਸਰਾਈਲ ਚੁੰਗਲ ਦੇ ਅੰਦਰ ਫਸਦਾ ਜਾ ਰਿਹਾ ਹੈ। ਅੰਤਰਰਾਸ਼ਟਰੀ ਮਸਲਿਆਂ ਦੇ ਅੰਦਰ ਅਸੀਂ ਡਰ ਦੇ ਮਾਰੇ, ਇਸਰਾਈਲ ਦੀਆਂ ਵਧੀਕੀਆਂ ਦੇ ਖ਼ਿਲਾਫ ਉਭਾਸਰ ਨਹੀਂ ਸਕਦੇ। ਸਾਡੀ ਖੁੱਸ ਗਈ ਆਜ਼ਾਦੀ ਨੂੰ ਕਿਸ ਨੇ, ਕਦੋਂ ਵਾਪਸ ਲਿਆਉਣਾ ਹੈ? 

Thursday, 5 September 2013

ਪਟਰੋਲ ਦੀਆਂ ਕੀਮਤਾਂ ਦੇ ਵਾਧੇ ਨੇ ਇਕ ਵਾਰੀ ਫਿਰ ਕੀਤਾ ਹੈਰਾਨ

ਡਾ. ਤੇਜਿੰਦਰ ਵਿਰਲੀ

ਜੂਨ-ਜਲਾਈ ਦੇ ਡੇਢ ਮਹੀਨੇ ਵਿਚ ਪਟਰੋਲ ਦੀਆਂ ਕੀਮਤਾਂ ਵਿਚ ਹੋਏ ਪੰਜਵੀਂ ਵਾਰ ਵਾਧੇ ਨੇ ਨਾ ਕੇਵਲ ਲੋਕਾਂ ਨੂੰ ਹੈਰਾਨ ਹੀ ਕਰ ਦਿੱਤਾ ਹੈ ਸਗੋਂ ਮਹਿੰਗਾਈ ਦੀ ਚੱਕੀ ਵਿਚ ਪਿਸਦੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਪਟਰੋਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਦੀਆਂ ਖ਼ਬਰਾਂ ਦੀ ਅਜੇ ਸਿਆਹੀ ਵੀ ਨਹੀਂ ਸੁੱਕੀ ਹੁੰਦੀ ਕਿ ਕੀਮਤ ਇਕ ਵਾਰੀ ਫਿਰ ਵਧ ਜਾਂਦੀ ਹੈ। ਪਟਰੋਲ ਦੀਆਂ ਕੀਮਤਾਂ ਦੇ ਵਧਣ ਦੇ ਨਾਲ ਨਾ ਕੇਵਲ ਪਟਰੋਲੀਅਮ ਵਸਤਾਂ ਦੀਆਂ ਹੀ ਕੀਮਤਾਂ ਵਧਦੀਆਂ ਹਨ ਸਗੋਂ ਊਰਜਾ ਦਾ ਇਕ ਵੱਡਾ ਸਾਧਨ ਹੋਣ ਕਰਕੇ ਇਸ ਨਾਲ ਸਮੁੱਚੇ ਸਮਾਜ ਪ੍ਰਬੰਧ ਦੀਆਂ ਚੂਲਾਂ ਵੀ ਹਿੱਲ ਜਾਂਦੀਆਂ ਹਨ। ਨਿੱਤ ਵਰਤੋਂ ਦੀਆਂ ਵਸਤਾਂ ਦੇ ਭਾਅ ਅਸਮਾਨੀ ਚੜ੍ਹ ਜਾਂਦੇ ਹਨ। ਆਵਾਜਾਈ ਦੇ ਸਾਧਨਾਂ ਦੇ ਕਿਰਾਏ ਵਿਚ ਵਾਧਾ ਹੋ ਜਾਂਦਾ ਹੈ। ਪਟਰੋਲ ਦੀਆਂ ਕੀਮਤਾਂ ਦੇ ਵਾਧੇ ਦੇ ਨਾਲ ਉਹ ਵਿਅਕਤੀ ਵੀ ਪ੍ਰਭਾਵਿਤ ਹੁੰਦਾ ਹੈ ਜਿਸ ਨੇ ਕਦੇ ਵੀ ਕਿਸੇ ਆਵਾਜਾਈ ਦੇ ਮੈਕੇਨੀਕਲ ਸਾਧਨ ਦੀ ਵਰਤੋਂ ਨਹੀਂ ਕੀਤੀ ਹੁੰਦੀ। ਉਹ ਵੀ ਖਾਣ ਵਾਲੀਆਂ ਬੁਨਿਆਦੀ ਵਸਤਾਂ ਦੀ ਕੀਮਤ ਵਿਚ ਪਟਰੋਲ ਦੀ ਕੀਮਤ ਦੇ ਵਧੇ ਮੁਲ ਦੀ ਕੀਮਤ ਤਾਰਦਾ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਪਟਰੋਲ ਦੀਆਂ ਕੀਮਤਾਂ ਦਾ ਵਾਧਾ ਏਨਾ ਹੀ ਮਹੱਤਵਪੂਰਨ ਹੈ ਤਾਂ ਕੀ ਇਸ ਨੂੰ ਬਜ਼ਾਰ ਦੇ ਰਹਿਮੋਂ ਕਰਮ ਉਪਰ ਛੱਡਿਆ ਜਾ ਸਕਦਾ ਹੈ? ਜਿਸ ਤਰ੍ਹਾਂ ਭਾਰਤ ਦੀ ਸਰਕਾਰ ਨੇ ਬਹੁ-ਰਾਸ਼ਟਰੀ ਕੰਪਨੀਆਂ ਦੇ ਰਹਿਮੋਂਕਰਮ ਉੱਪਰ ਇਸ ਨੂੰ ਛੱਡਿਆ ਹੋਇਆ ਹੈ? ਜਵਾਬ ਯਕੀਨਨ ਹੀ ਨਾਂਹ ਵਿਚ ਹੋਵੇਗਾ। ਜਿਸ ਤਰ੍ਹਾਂ ਨਾਲ ਭਾਰਤ ਦਾ ਪਟਰੋਲੀਅਮ ਮੰਤਰਾਲਾ ਮੂਕ ਦਰਸ਼ਕ ਬਣਕੇ ਇਸ ਵਰਤਾਰੇ ਨੂੰ ਦੇਖ ਰਿਹਾ ਹੈ, ਇਹ ਯਕੀਨਨ ਹੀ ਇਕ ਨਾ ਇਕ ਦਿਨ ਭਾਰਤੀ ਸਮਾਜ ਲਈ ਵੱਡੀ ਮੁਸੀਬਤ ਖੜੀ ਕਰ ਦੇਵੇਗਾ। ਇਸ ਲਈ ਲੋੜ ਹੈ ਇਸ ਵਰਤਾਰੇ ਉਪਰ ਪੁਨਰ-ਵਿਚਾਰ ਕਰਨ ਦੀ ਕਿ : ਪਟਰੋਲ ਨੂੰ ਕੰਟਰੋਲ ਮੁਕਤ ਕਰਨਾ ਹੈ ਜਾਂ ਸਰਕਾਰੀ ਕੰਟਰੋਲ ਹੇਠ ਹੀ ਰੱਖਣਾ ਹੈ।
ਹਰ ਵਾਰ ਤੇਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਨੂੰ ਇਕੋ ਹੀ ਬੇਬੁਨਿਆਦੀ ਤਰਕ ਨਾਲ ਪੇਸ਼ ਕੀਤਾ ਜਾਂਦਾ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋ ਜਾਣ ਨਾਲ ਇਸ ਦੀਆਂ ਕੀਮਤਾਂ ਵਿਚ ਵਾਧਾ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਹੀ ਨਹੀਂ ਸੀ। ਕੱਚੇ ਤੇਲ ਦੀਆਂ ਕੀਮਤਾਂ ਦੇ ਵਾਧੇ ਦਾ ਝੂਠਾ ਤਰਕ ਪੂੰਜੀਵਾਦੀ ਚਿੰਤਕਾਂ ਵੱਲੋਂ ਇਹ ਦਿੱਤਾ ਜਾਂਦਾ ਹੈ ਕਿ ਏਸ਼ੀਆ ਦੇ ਦੇਸ਼ਾਂ ਖਾਸ ਕਰਕੇ ਭਾਰਤ ਅਤੇ ਚੀਨ ਵਿਚ ਤੇਲ ਦੀ ਖਪਤ ਵੱਧ ਜਾਣ ਨਾਲ ਕੱਚੇ ਤੇਲ ਦਾ ਨਿਰਯਾਤ ਕਰਨ ਵਾਲੇ ਦੇਸ਼ਾਂ ਨੇ ਇਸ ਦੀ ਵਧਦੀ ਮੰਗ ਨੂੰ ਦੇਖਦਿਆਂ ਹੋਇਆ ਇਸ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ। ਜਦਕਿ ਇਸ ਦੀ ਅਸਲੀਅਤ ਹੋਰ ਹੈ। ਇਹ ਕੋਰਾ ਝੂਠ ਹੈ ਜੋ ਸੰਸਾਰ ਭਰ ਦੇ ਲੋਕਾਂ ਨੂੰ ਸਰਮਾਏਦਾਰਾਂ ਵੱਲੋਂ ਪਰੋਸਿਆ ਜਾਂਦਾ ਹੈ। ਤੱਥ ਇਸ ਗੱਲ ਦੇ ਗਵਾਹ ਹਨ ਕਿ ਦੁਨੀਆਂ ਭਰ ਵਿਚ ਖਪਤ ਹੋਣ ਵਾਲੇ ਤੇਲ ਦਾ ਚੌਥਾ ਹਿੱਸਾ ਇਕੱਲੇ ਅਮਰੀਕਾ ਵਿਚ ਹੀ ਖਪਤ ਹੁੰਦਾ ਹੈ ਜਿੱਥੇ ਦੁਨੀਆਂ ਭਰ ਦੀ ਆਬਾਦੀ ਦਾ ਕੇਵਲ 5% ਹਿੱਸਾ ਹੀ ਰਹਿੰਦਾ ਹੈ। ਕੁਦਰਤੀ ਖਜ਼ਾਨਿਆਂ ਦੀ ਹੁੰਦੀ ਲੁੱਟ ਨੂੰ ਆਧਾਰ ਬਣਾਕੇ ਜੇ ਪਟਰੋਲ ਦੇ ਕੱਚੇ ਮਾਲ ਦੀ ਵਧ ਰਹੀ ਮੰਗ ਦੀ ਗੱਲ ਕੀਤੀ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਦੁਨੀਆਂ ਦੇ ਸੱਤ ਵਿਕਸਤ ਦੇਸ਼, ਜਿਹੜੇ ਸਾਮਰਾਜੀ ਵਿਸ਼ਵੀਕਰਨ ਦੀਆਂ ਉਦਾਰਵਾਦੀ ਨੀਤੀਆਂ ਦੇ ਮੁਢਲੇ ਪ੍ਰਚਾਰਕ ਤੇ ਹਾਮਾਇਤੀ ਹਨ, ਉਨ੍ਹਾਂ ਦੇਸ਼ਾਂ ਵੱਲੋਂ ਵੱਡੇ ਪੱਧਰ ਉੱਪਰ ਤੇਲ ਦੇ ਭੰਡਾਰ ਭਵਿੱਖ ਲਈ ਇਕੱਠੇ ਕੀਤੇ ਜਾ ਰਹੇ ਹਨ। ਅੱਜ ਅਮਰੀਕਾ ਤੇ ਨਾਟੋ ਦੇ ਦੇਸ਼ ਕੁਦਰਤੀ ਸੋਮਿਆਂ ਦੀ ਲੁੱਟ ਲਈ ਹੀ ਇਕ ਤੋਂ ਬਾਅਦ ਦੂਸਰੇ ਦੇਸ਼ ਉੱਪਰ ਰਾਜਸੀ ਤੇ ਫੌਜੀ ਹਮਲੇ ਕਰਵਾ ਰਹੇ ਹਨ। ਇਸ ਗੱਲ ਦੇ ਵੀ ਤੱਥ ਗਵਾਹ ਹਨ ਕਿ ਤੇਲ ਵਰਗੇ ਕੁਦਰਤੀ ਖਜ਼ਾਨਿਆਂ ਨਾਲ ਭਰਪੂਰ ਦੇਸ਼ਾਂ ਦੀਆਂ ਹਕੂਮਤਾਂ ਨੂੰ ਹੀ ਅਮਰੀਕੀ ਹਿੱਤਾਂ ਦੇ ਅਨੁਸਾਰੀ ਕਰਨ ਲਈ ਬਦਲਿਆ ਜਾ ਰਿਹਾ ਹੈ। ਜੇ ਇਹ ਬਦਲਾਵ ਛੜਯੰਤਰੀ ਚਾਲਾਂ ਨਾਲ ਸੰਭਵ ਨਾ ਹੋਵੇ ਤਾਂ ਕਿਸੇ ਵੀ ਬਹਾਨੇ ਨਾਲ ਫੌਜੀ ਬੂਟਾਂ ਹੇਠ ਦੇਸ਼ ਨੂੰ ਕੁਚਲਣ ਤੋਂ ਬਾਅਦ ਉਸ ਦੇ ਕੁਦਰਤੀ ਖਜ਼ਾਨਿਆਂ ਨੂੰ ਲੁੱਟਿਆ ਜਾਂਦਾ ਹੈ। ਇਤਿਹਾਸ ਵਿਚ ਇਸ ਤਰ੍ਹਾਂ ਦੀ ਲੁੱਟ ਕਦੇ ਵੀ ਨਹੀਂ ਹੋਈ ਜਿਸ ਤਰ੍ਹਾਂ ਦੀ ਲੁੱਟ ਅੱਜ ਹੋ ਰਹੀ ਹੈ। ਇਸ ਦਾ ਇਕੋ ਇਕ ਕਾਰਨ ਇਹ ਹੀ ਹੈ ਕਿ ਨਾਟੋ ਦੇ ਮੱਛਰੇ ਸਾਨ੍ਹਾਂ ਨੂੰ ਡੱਕਣ ਵਾਲਾ ਸੰਸਾਰ ਪੱਧਰ ਉੱਪਰ ਅੱਜ ਕੋਈ ਵੀ ਨਹੀਂ ਹੈ।
ਤੇਲ ਦੀਆਂ ਕੀਮਤਾਂ ਦੇ ਵਾਧੇ ਬਾਰੇ ਅੱਜ ਜਿਹੜਾ ਦੂਸਰਾ ਆਧਾਰਹੀਣ ਤਰਕ ਦਿੱਤਾ ਜਾਂਦਾ ਹੈ ਉਹ ਹੈ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਦਾ ਘਟਨਾ। ਇਹ ਦੁਖਦਾਇਕ ਵਰਤਾਰਾ ਵੀ ਸਿੱਧੇ ਤੌਰ ਉਪਰ ਵਿਸ਼ਵੀਕਰਨ ਦੀਆਂ ਲੋਕ ਮਾਰੂ ਨੀਤੀਆਂ ਨਾਲ ਹੀ ਜੁਿੜਆ ਹੋਇਆ ਹੈ। ਜਦੋਂ ਭਾਰਤ ਦੀ ਸਰਕਾਰ, ਇਰਾਨ ਤੇ ਇਰਾਕ ਦੀਆਂ ਸਰਕਾਰਾਂ ਦੇ ਨਾਲ ਰੁਪਏ ਵਿਚ ਵਿਉਪਾਰ ਕਰਨ ਲਈ ਤਿਆਰ ਹਨ ਤਾਂ ਇਸ ਵਿਚ ਕੋਈ ਵੀ ਮੁਸ਼ਕਲ ਨਹੀਂ ਆਉਣੀ ਚਾਹੀਦੀ। ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਿਵੇਂ ਅਮਰੀਕਾ ਦੀ ਇਕ ਘੁਰਕੀ ਦੇ ਨਾਲ ਹੀ ਤੇਲ ਦਾ ਸਾਰਾ ਕਾਰੋਬਾਰ ਅਮਰੀਕੀ ਡਾਲਰ ਵਿਚ ਕਰਨ ਲਈ ਭਾਰਤ ਸਰਕਾਰ ਤਿਆਰ ਹੋ ਗਈ। ਅੱਜ ਭਾਰਤ ਵਿਚ ਤੇਲ ਦੀਆਂ ਕੀਮਤਾਂ ਦੇ ਵਾਧੇ ਲਈ ਭਾਰਤੀ ਕਰੰਸੀ ਦੀ ਕੀਮਤ ਦਾ ਘਟਣਾ ਵੀ ਕੱਚੇ ਤੇਲ ਦੀ ਕੀਮਤ ਦੇ ਵਧਣ ਵਾਂਗ ਇਕ ਕਾਰਨ ਬਣ ਗਿਆ ਹੈ ਕਿ ਰੁਪਏ ਦੀ ਕੀਮਤ ਘਟਣ ਦੇ ਨਾਲ ਡਾਲਰ ਦੀ ਕੀਮਤ ਦਾ ਵਧਣਾ ਤਹਿ ਹੈ ਤੇ ਇਸ ਨਾਲ ਪਟਰੋਲ ਦੀ ਕੀਮਤ ਵਧਣੀ ਵੀ ਤਹਿ ਹੀ ਹੈ। ਇਸ ਵਰਤਾਰੇ ਕਰਕੇ ਹੀ ਅੰਤਰਰਾਸ਼ਟਰੀ ਪੱਧਰ ਉੱਪਰ ਭਾਰਤ ਨੂੰ ਤੇ ਭਾਰਤ ਦੇ ਲੋਕਾਂ ਨੂੰ ਤੇਲ ਦੀ ਵਧੀ ਕੀਮਤ ਦਾ ਮੁੱਲ ਤਾਰਨਾ ਪੈਂਦਾ ਹੈ।
ਇਹ ਦੋ ਹੀ ਕਾਰਨ ਨਹੀਂ ਹਨ, ਇਸ ਤੋਂ ਬਿਨ੍ਹਾਂ ਹੋਰ ਵੀ ਅਨੇਕਾਂ ਕਾਰਨ ਹਨ ਜਿਨ੍ਹਾਂ ਕਰਕੇ ਪਟਰੋਲ ਦੀਆਂ ਕੀਮਤਾਂ ਅੱਜ ਅਸਮਾਨ ਨੂੰ ਛੂਹ ਰਹੀਆਂ ਹਨ। ਭਾਰਤ ਵਿਚ ਤੇਲ ਦਾ ਕਾਰੋਬਾਰ ਕਰ ਰਹੀਆਂ ਤੇਲ ਕੰਪਨੀਆਂ ਨਾ ਤਾਂ ਆਪਣੇ ਮੁਨਾਫੇ ਹੀ ਘੱਟ ਕਰ ਰਹੀਆਂ ਹਨ ਤੇ ਨਾ ਹੀ ਸਰਕਾਰ ਪਾਸੋਂ ਮਿਲਦੀਆਂ ਸੁਖ ਸਹੂਲਤਾਂ ਲੈਣੀਆਂ ਬੰਦ ਕਰ ਰਹੀਆਂ ਹਨ। ਕਈ ਕਿਸਮ ਦੀਆਂ ਟੈਕਸ ਰਿਆਇਤਾਂ ਲੈਣ ਵਾਲੀਆਂ ਇਹ ਕੰਪਨੀਆਂ ਹੀ ਇਸ ਗੱਲ ਦਾ ਤਰਕ ਸਿਰਜ ਰਹੀਆਂ ਹਨ ਕਿ ਤੇਲ ਵਿਚ ਲੋਕਾਂ ਨੂੰ ਮਿਲਦੀ ਹਰ ਤਰਾਂ ਦੀ ਸਬਸਿਡੀ ਬੰਦ ਹੋਈ ਚਾਹੀਦੀ ਹੈ। ਜਿਸ ਦੇ ਸਿੱਟੇ ਵਜੋਂ ਭਾਰਤ ਦੇ ਖਪਤਕਾਰਾਂ ਨੂੰ ਮਿਲਦੀ ਸਬਸਿਡੀ ਤਾਂ ਬੰਦ ਹੋ ਗਈ ਪਰ ਇਨਾਂ ਕੰਪਨੀਆਂ ਨੂੰ ਮਿਲਦੀਆਂ ਸਹੂਲਤਾਂ ਤੇ ਵੱਡੀਆਂ ਟੈਕਸ ਛੋਟਾਂ ਦੀ ਵਰਖਾ ਭਾਰਤ ਸਰਕਾਰ ਵੱਲੋਂ ਬਿਨ੍ਹਾਂ ਰੋਕ ਟੋਕ ਦੇ ਜਾਰੀ ਹੈ। ਜਦਕਿ ਭਾਰਤ ਦੇ ਆਮ ਖਪਤਕਾਰਾਂ ਉੱਪਰ ਵਧ ਤੋਂ ਵਧ ਟੈਕਸ ਲਾਏ ਜਾ ਰਹੇ ਹਨ। ਇਸ ਗੱਲ ਵਿਚ ਕੋਈ ਭਰਮ ਨਹੀਂ ਹੋਣਾ ਚਾਹੀਦਾ ਕਿ ਭਾਰਤ ਸਰਕਾਰ ਨੇ ਪਟਰੋਲ ਨੂੰ ਕੰਟਰੋਲ ਮੁਕਤ ਕਰਨ ਦਾ ਫੈਸਲਾ ਨਿੱਜੀ ਕੰਪਨੀਆਂ ਨੂੰ ਮਾਲਾ ਮਾਲ ਕਰਨ ਲਈ ਹੀ ਲਿਆ ਸੀ। ਇਹ ਗੱਲ ਤਾਂ ਹੁਣ ਸਾਰਾ ਹੀ ਜਹਾਨ ਜਾਣਦਾ ਹੈ ਕਿ ਡਾ. ਮਨਮੋਹਨ ਸਿੰਘ ਦੀ ਸਰਕਾਰ ਨੂੰ ਇਹ ਫੈਸਲਾ ਲੈਣ ਲਈ ਮਜਬੂਰ ਰੀਲਾਇਸ ਤੇ ਐਸਾਰ ਵਰਗੀਆਂ ਕੰਪਨੀਆਂ ਨੇ ਹੀ ਕੀਤਾ ਸੀ। ਜਿਹੜੀਆਂ ਅੱਜ ਮਾਲੋ ਮਾਲ ਹੋ ਗਈਆਂ ਹਨ।  ਜਿਸ ਦੇ ਬਦਲੇ ਵਿਚ ਭਾਰਤ ਦੇ ਆਮ ਖਪਤਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਜਦੋਂ ਯੂ.ਪੀ. ਏ ਦੀ ਸਰਕਾਰ ਕੇਂਦਰ  ਵਿਚ ਬਣੀ ਸੀ ਉਸ ਵੇਲੇ ਪਟਰੋਲ ਦੀ  ਕੀਮਤ ਕੇਵਲ 40 ਰੁਪਏ ਪ੍ਰਤੀ ਲੀਟਰ ਹੀ ਸੀ। ਸਰਕਾਰ ਦੇ ਇਸ ਫੈਸਲੇ ਦੇ ਨਾਲ ਹੁਣ ਆਏ ਹਰ ਚੌਥੇ ਦਿਨ ਪਟਰੋਲ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ। ਸਰਕਾਰ ਦੀ ਪਟਰੋਲ ਨੂੰ ਕੰਟਰੋਲ ਮੁਕਤ ਕਰਨ ਦੀ ਪਾਲਸੀ ਦੇ ਨਾਲ ਅਰਬਾਂ ਰੁਪਏ ਦਾ ਲਾਭ ਨਿੱਜੀ ਕੰਪਨੀਆਂ ਨੂੰ ਹੋਇਆ ਹੈ ਜਿਸ ਬਾਰੇ ਕਦੇ ਜਿਕਰ ਤੱਕ ਨਹੀਂ ਹੁੰਦਾ। 2011ਦੀਆਂ ਸਲਾਨਾਂ ਰਿਪੋਟਾਂ ਦੇ ਅਨੁਸਾਰ ਆਈ.ਓ.ਸੀ. ਨੂੰ 7445 ਕਰੋੜ ਰੁਪਏ,ਐਚ.ਪੀ.ਸੀ.ਐਲ. ਨੂੰ 1539 ਕਰੋੜ ਅਤੇ ਬੀ.ਪੀ. ਸੀ.ਐਲ. ਨੂੰ 1547 ਕਰੋੇੜ ਰੁਪਏ ਦਾ ਮੁਨਾਫਾ ਹੋਇਆ ਹੈ।
 ਜੇਕਰ ਪਟਰੋਲ ਉੱਪਰ ਲਗਦੇ ਹੋਰ ਟੈਕਸਾਂ ਦੀ ਗੱਲ ਹੀ ਕੀਤੀ ਜਾਵੇ ਤਾਂ ਪਤਾ ਲਗਦਾ ਹੈ ਕਿ ਪਟਰੋਲ ਦੇ ਇਕ ਲੀਟਰ ਦੇ ਨਾਲ ਕਿਨਾਂ ਟੈਕਸ ਵੀ ਅਦਾ ਕਰਨਾ ਪੈਂਦਾ ਹੈ। ਜਿਨ੍ਹਾਂ ਵਿਚ ਕੇਂਦਰ ਸਰਕਾਰ ਦੇ ਟੈਕਸ ਹਨ, ਬੇਸਿਕ ਕਸਟਮ ਡਿਊਟੀ, ਅਡੀਸ਼ਨਲ ਕਸਟਮ ਡਿਊਟੀ, ਕਾਊਂਟਰ ਵੇਲਿੰਗ ਡਿਊਟੀ,ਸਪੈਸ਼ਲ ਅਡੀਸ਼ਨਲ ਡਿਊਟੀ, ਸੇਨ ਵੈਟ,ਅਡੀਸ਼ਨਲ ਐਕਸਾਈਜ਼, ਸਪੈਸ਼ਲ ਅਡੀਸ਼ਨਲ ਐਕਸਾਇਜ਼ ਇਹ ਸਾਰੇ ਟੈਕਸ ਮਿਲਕੇ ਪ੍ਰਤੀ ਲੀਟਰ 30 ਕੁ ਰਪਏ ਬਣ ਜਾਂਦੇ ਹਨ ਤੇ ਇਨ੍ਹਾਂ ਤੋਂ ਬਿਨਾਂ ਵੱਖ ਵੱਖ ਸੁਬਾਈ ਸਰਕਾਰਾਂ ਵੀ ਆਪੋ ਆਪਣੇ ਟੈਕਸ ਲਾਉਂਦੀਆਂ ਹਨ ਜਿਨ੍ਹਾਂ ਵਿਚ ਪ੍ਰਮੁਖ ਹਨ, ਵੈਟ, ਸਰਚਾਰਜ, ਸੈਸ ਤੇ ਐਂਟਰੀ ਟੈਕਸ। ਇਹ ਵੀ ਰਲ ਮਿਲ ਕੇ ਦਸ ਕੁ ਰਪਏ ਪ੍ਰਤੀ ਲੀਟਰ ਬਣ ਹੀ ਜਾਂਦੇ ਹਨ। ਇਹੋ ਹੀ ਕਾਰਨ ਹੈ ਕਿ ਵੱਖ ਵੱਖ ਸੂਬਿਆਂ ਵਿਚ ਟੈਕਸ ਘੱਟ ਵੱਧ ਹੋਣ ਕਰਕੇ ਪਟਰੋਲ ਦੀਆਂ ਕੀਮਤਾਂ ਵਿਚ ਫਰਕ ਹੁੰਦਾ ਹੈ। ਅੱਜ ਲਗਭਗ 49% ਟੈਕਸ ਦੀ ਕੀਮਤ ਪਟਰੋਲ ਦੀ ਕੀਮਤ ਵਿਚ ਸ਼ਾਮਲ ਹੈ ਜਿਸ ਨੂੰ ਘੱਟਾ ਕੇ ਖਪਤਕਾਰ ਨੂੰ ਰਾਹਤ ਦਿੱਤੀ ਜਾ ਸਕਦੀ ਹੈ।
ਸਰਕਾਰ ਦੀ ਪਟਰੋਲ ਸੰਬੰਧੀ ਨੀਤੀ ਕਿੰਨੀ ਗਰੀਬ ਮਾਰੂ ਹੈ ਇਸ ਦਾ ਪਤਾ ਇਸ ਗੱਲ ਤੋਂ ਵੀ ਲੱਗ ਜਾਂਦਾ ਹੈ ਕਿ ਅੱਜ ਵੀ ਹਵਾਈ ਜਹਾਜ਼ਾਂ ਵਿਚ ਵਰਤਿਆ ਜਾਣ ਵਾਲਾ ਉੱਤਮ ਕੁਆਲਟੀ ਦਾ ਪਟਰੋਲ , ਏਅਰ ਟਰਬਾਈਨ ਫਿਊਲ (ਏ.ਟੀ.ਐਫ.) ਆਮ ਪਟਰੋਲ ਨਾਲੋਂ ਸਸਤਾ ਹੈ। ਇਸ ਤੋਂ ਇਹ ਹੀ ਸਿੱਧ ਹੁੰਦਾ ਹੈ ਕਿ ਸਾਡੀਆਂ ਸਰਕਾਰਾਂ ਆਮ ਲੋਕਾਂ ਦੇ ਸਿਰੋਂ ਨਾ ਕੇਵਲ ਆਪ ਹੀ ਐਸ਼ ਕਰਦੀਆਂ ਹਨ ਸਗੋਂ ਆਪਣੇ ਵਰਗ ਨੂੰ ਵੀ ਇਹਨਾਂ ਟੈਕਸਾਂ ਦੇ ਸਿਰ ਤੋਂ ਐਸ਼ ਕਰਵਾਉਂਦੀਆਂ ਹਨ।

ਚੋਣ ਸੁਧਾਰਾਂ ਵੱਲ ਸੇਧਤ ਕੁਝ ਨਵੇਂ ਅਦਾਲਤੀ ਫੈਸਲੇ

ਹਰਕੰਵਲ ਸਿੰਘ

ਪਿਛਲੇ ਦਿਨੀਂ, ਦੇਸ਼ ਦੀ ਸਰਵਉਚ ਅਦਾਲਤ ਨੇ ਪਾਰਲੀਮੈਂਟ ਦੇ ਮੈਂਬਰਾਂ (ਐਮ.ਪੀ.) ਅਤੇ ਵਿਧਾਨਕਾਰਾਂ (ਐਮ.ਐਲ.ਏ.) ਨੂੰ, ਕਿਸੇ ਵੀ ਅਦਾਲਤ ਵਲੋਂ ਸਜ਼ਾ ਮਿਲ ਜਾਣ ਉਪਰੰਤ, ਅਯੋਗ ਕਰਾਰ ਦੇਣ ਅਤੇ ਮੈਂਬਰੀ ਤੋਂ ਤੁਰੰਤ ਖਾਰਜ ਕਰ ਦੇਣ ਦਾ ਫੈਸਲਾ ਸੁਣਾਇਆ ਹੈ। ਸਜ਼ਾ ਵਿਰੁੱਧ ਉਚੇਰੀ ਅਦਾਲਤ ਵਿਚ ਕੀਤੀ ਗਈ ਅਪੀਲ ਦੇ ਫੈਸਲੇ ਦੀ ਉਡੀਕ ਨਹੀਂ ਕੀਤੀ ਜਾਵੇਗੀ, ਜਿਵੇਂ ਕਿ ਹੁਣ ਲੋਕ-ਪ੍ਰਤੀਨਿੱਧਤਾ ਐਕਟ (R.P.Act 1951) ਦੀ ਧਾਰਾ 8 (4) ਅਧੀਨ ਵਿਵਸਥਾ ਹੈ। ਚੁਣੇ ਹੋਏ ਲੋਕ ਪ੍ਰਤੀਨਿੱਧਾਂ ਬਾਰੇ ਇਹ ਨਵਾਂ ਫੈਸਲਾ ਅਜੇਹੇ ਸਾਰੇ ਕੇਸਾਂ ਉਪਰ ਲਾਗੂ ਹੋਵੇਗਾ, ਜਿਹਨਾਂ ਵਿਚ ਭਾਰਤੀ ਦੰਡ ਪ੍ਰਣਾਲੀ ਅਨੁਸਾਰ ਦੋਸ਼ੀ ਲਈ ਦੋ ਸਾਲ ਜਾਂ ਇਸ ਤੋਂ ਵੱਧ ਕੈਦ ਦੀ ਸਜ਼ਾ ਦੇਣ ਦੀ ਵਿਵਸਥਾ ਹੈ। ਇਸ ਤੋਂ ਘੱਟ ਸਜ਼ਾ ਵਾਲੇ ਜ਼ੁਰਮਾਂ ਨਾਲ ਸਬੰਧਤ ਕੇਸਾਂ ਵਿਚ ਉਚੇਰੀ ਕੋਰਟ ਤੋਂ ਅਪੀਲ ਦਾ ਫੈਸਲਾ ਆਉਣ ਤੱਕ ਸਬੰਧਤ ਪ੍ਰਤੀਨਿੱਧ ਚੁਣੀ ਹੋਈ ਪੁਜੀਸ਼ਨ 'ਤੇ ਕਾਇਮ ਰਹਿ ਸਕੇਗਾ। ਇਸ ਫੈਸਲੇ ਤੋਂ ਅਗਲੇ ਹੀ ਦਿਨ ਇਕ ਹੋਰ ਅਹਿਮ ਫੈਸਲੇ ਰਾਹੀਂ ਸੁਪਰੀਮ ਕੋਰਟ ਨੇ, ਪਟਨਾ ਹਾਈਕੋਰਟ ਦੇ ਇਕ ਫੈਸਲੇ ਦੀ ਪੁਸ਼ਟੀ ਕਰਦਿਆਂ, ਜੇਲ੍ਹ ਵਿਚ ਨਜ਼ਰਬੰਦ ਜਾਂ ਪੁਲਸ ਵਲੋਂ ਗ੍ਰਿਫਤਾਰ ਕੀਤੇ ਹੋਏ ਵਿਅਕਤੀ ਨੂੰ ਲੋਕ ਸਭਾ ਜਾਂ ਵਿਧਾਨ ਸਭਾ ਦੀ ਚੋਣ ਲੜਨ ਤੋਂ ਅਯੋਗ ਕਰਾਰ ਦੇ ਦਿੱਤਾ ਹੈ। 
ਦੇਸ਼ ਦੀ ਰਾਜਨੀਤੀ ਵਿਚ ਨਿਰੰਤਰ ਵਧਦੇ ਜਾ ਰਹੇ ਅਪਰਾਧੀਕਰਨ ਨੂੰ ਦੇਖਦਿਆਂ ਇਹ ਦੋਵੇਂ ਫੈਸਲੇ ਰਾਜਨੀਤਕ ਹਲਕਿਆਂ ਅਤੇ ਮੀਡੀਏ ਅੰਦਰ ਗੰਭੀਰ ਚਰਚਾ ਦਾ ਵਿਸ਼ਾ ਬਣ ਗਏ ਹਨ। ਇਸ ਵਿਚ ਹੁਣ ਕੋਈ ਸ਼ੱਕ ਨਹੀਂ ਹੈ ਕਿ ਰਾਜਨੀਤੀ ਦੇ ਖੇਤਰ ਵਿਚ ਧੜਵੈਲ ਦੰਗਾਕਾਰੀਆਂ, ਗੁੰਡਿਆਂ, ਕਾਤਲਾਂ, ਹਰ ਤਰ੍ਹਾਂ ਦੀ ਠੱਗੀਠੋਰੀ ਕਰਨ ਵਾਲੇ ਨੌਂਸਰਬਾਜਾਂ, ਭਰਿਸ਼ਟਾਚਾਰੀਆਂ ਅਤੇ ਹੋਰ ਵੱਖ ਵੱਖ ਤਰ੍ਹਾਂ ਦੇ ਸਮਾਜ ਵਿਰੋਧੀ ਅਨਸਰਾਂ ਦੀ ਆਮਦ ਲਗਾਤਾਰ ਵੱਧਦੀ ਜਾ ਰਹੀ ਹੈ। ਏਥੋਂ ਤੱਕ ਕਿ ਲੋਕ ਸਭਾ ਦੇ ਅਜੋਕੇ ਸਦਨ ਵਿਚਲੇ 543 ਮੈਂਬਰਾਂ ਚੋਂ 163 ਮੈਂਬਰ ਅਜੇਹੇ ਹਨ ਜਿਹਨਾਂ ਉਪਰ ਕਤਲ, ਇਰਾਦਾ ਕਤਲ, ਬਲਾਤਕਾਰ, ਅਗਵਾ ਤੇ ਹੋਰ ਹਿੰਸਕ ਮਾਮਲਿਆਂ ਅਤੇ ਧੋਖਾਧੜੀ ਆਦਿ ਦੇ ਕੇਸ ਦਰਜ ਹਨ। ਏਸੇ ਤਰ੍ਹਾਂ ਸਮੁੱਚੇ ਦੇਸ਼ ਅੰਦਰ ਵਿਧਾਨ ਸਭਾਵਾਂ ਵਿਚ ਵੀ ਅਜੇਹੇ ਅਪਰਾਧੀ ਪਿਛੋਕੜ ਵਾਲੇ ਅਤੇ ਵੱਖ ਵੱਖ ਕੋਰਟਾਂ 'ਚ ਤਾਰੀਕਾਂ ਭੁਗਤ ਰਹੇ ਮੈਂਬਰਾਂ ਦੀ ਗਿਣਤੀ 1460 ਹੈ। ਸੁਪਰੀਮ ਕੋਰਟ ਵਲੋਂ ਐਲਾਨੇ ਗਏ ਇਸ ਫੈਸਲੇ ਉਪਰੰਤ ਅਪਰਾਧੀ ਪਿਛੋਕੜ ਵਾਲੇ ਸਾਂਸਦਾਂ ਅਤੇ ਵਿਧਾਨਕਾਰਾਂ ਦੀ ਵੱਖ ਵੱਖ ਅਖਬਾਰਾਂ ਵਿਚ ਛਪੀ ਗਿਣਤੀ ਅਨੁਸਾਰ ਬਿਹਾਰ ਵਿਚ ਲਗਭਗ 60% ਉਤਰ ਪ੍ਰਦੇਸ਼ ਮਹਾਰਾਸ਼ਟਰ ਅਤੇ ਕੇਰਲ ਵਿਚ ਤਕਰੀਬਨ 50% ਅਤੇ ਉੜੀਸਾ, ਗੁਜਰਾਤ ਤੇ ਤਾਮਲਨਾਡੂ ਵਿਚ ਕਰੀਬ ਇਕ ਤਿਹਾਈ ਮੈਂਬਰ ਅਜੇਹੇ ਹਨ ਜਿਹਨਾਂ ਉਪਰ ਬਹੁਤ ਗੰਭੀਰ ਕਿਸਮ ਦੇ ਦੋਸ਼ਾਂ ਅਧੀਨ ਕੋਰਟ ਕੇਸ ਚਲ ਰਹੇ ਹਨ। ਏਥੋਂ ਤੱਕ ਕਿ ਝਾਰਖੰਡ ਤੋਂ ਚੁਣੇ ਗਏ ਇਕ ਐਮ.ਪੀ. ਵਿਰੁੱਧ 46 ਕੇਸ ਦਰਜ ਹਨ, ਜਿਹਨਾਂ ਚੋਂ 17 ਕਤਲ ਦੇ ਅਤੇ 22 ਇਰਾਦਾ ਕਤਲ ਦੇ ਹਨ। ਏਸੇ ਤਰ੍ਹਾਂ ਗੁਜਰਾਤ ਦੇ ਇਕ ਐਮ.ਐਲ.ਏ. ਵਿਰੁੱਧ ਡਕੈਤੀ ਦੇ 9, ਕਤਲ ਦੇ ਚਾਰ ਅਤੇ ਚੋਰੀ ਦੇ 7 ਕੇਸਾਂ ਸਮੇਤ ਕੁਲ 28 ਕੇਸ ਚੱਲ ਰਹੇ ਹਨ। 
ਇਸ ਪਿਛੋਕੜ ਵਿਚ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਉਪਰੋਕਤ ਦੋਵੇਂ ਫੈਸਲੇ ਸਪੱਸ਼ਟ ਤੌਰ 'ਤੇ ਸਿਆਸਤ 'ਚ ਵੱਧ ਰਹੇ ਅਪਰਾਧੀਕਰਨ ਨੂੰ ਰੋਕਣ ਲਈ ਲੋੜੀਂਦੇ ਚੋਣ ਸੁਧਾਰਾਂ ਵੱਲ ਸੇਧਤ ਹਨ। ਇਹਨਾਂ ਦੋ ਫੈਸਲਿਆਂ ਤੋਂ ਇਲਾਵਾ ਇਹਨਾਂ ਦਿਨਾਂ ਵਿਚ ਹੀ ਸੁਪਰੀਮ ਕੋਰਟ ਨੇ ਚੋਣਾਂ ਸਮੇਂ ਵੋਟਰਾਂ ਨੂੰ ਭਰਮਾਉਣ ਲਈ ਵੱਖ ਵੱਖ ਤਰ੍ਹਾਂ ਦੀਆਂ ਵਸਤਾਂ ਜਿਵੇਂ ਕਿ ਪੱਖੇ, ਟੈਲੀਵਿਜ਼ਨ, ਕੱਪੜੇ ਤੇ ਸ਼ੰਗਾਰ ਵਸਤਾਂ ਆਦਿ ਵੰਡਣ ਜਾਂ ਲੁਭਾਵਣੇ ਚੋਣ ਵਾਅਦੇ ਕਰਨ ਉਪਰ ਰੋਕ ਲਾਉਣ ਅਤੇ ਜਮਹੂਰੀਅਤ ਨੂੰ ਢਾਅ ਲਾਉਣ ਵਾਲੀਆਂ ਅਜੇਹੀਆਂ ਕਾਰਵਾਈਆਂ ਨੂੰ ਵੀ ਚੋਣ ਜਾਬਤੇ ਦਾ ਬਕਾਇਦਾ ਇਕ ਅੰਗ ਬਨਾਉਣ ਦੇ ਆਦੇਸ਼ ਦਿੱਤੇ ਹਨ। ਏਸੇ ਦੌਰਾਨ ਅਲਾਹਾਬਾਦ ਹਾਈਕੋਰਟ ਦੇ ਲਖਨਊ ਬੈਂਚ ਨੇ ਆਪਣੇ ਇਕ ਫੈਸਲੇ ਰਾਹੀਂ ਰਾਜਸੀ ਪਾਰਟੀਆਂ ਵਲੋਂ ਕੀਤੀਆਂ ਜਾਂਦੀਆਂ ਜਾਤ ਆਧਾਰਤ ਰੈਲੀਆਂ ਉਪਰ ਰੋਕ ਲਾ ਦਿੱਤੀ ਹੈ। ਇਹਨਾਂ ਸਾਰੇ ਹੀ ਫੈਸਲਿਆਂ ਨੂੰ, ਬਿਨ੍ਹਾਂ ਸ਼ੱਕ, ਪੂੰਜੀਵਾਦੀ ਜਮਹੂਰੀਅਤ ਪ੍ਰਤੀ ਲੋਕਾਂ ਅੰਦਰ ਵੱਧ ਰਹੀ ਉਪਰਾਮਤਾ ਨੂੰ ਰੋਕ ਲਾਉਣ ਅਤੇ ਪ੍ਰਚਲਤ ਚੋਣ ਪ੍ਰਣਾਲੀ ਤੋਂ ਲੋਕਾਂ ਦੇ ਉਠ ਰਹੇ ਵਿਸ਼ਵਾਸ਼ ਨੂੰ ਬਹਾਲ ਕਰਨ ਲਈ ਹਾਕਮਾਂ ਵਲੋਂ ਕੀਤੇ ਜਾ ਰਹੇ ਯਤਨਾਂ ਦੇ ਰੂਪ ਵਿਚ ਹੀ ਲਿਆ ਜਾਣਾ ਚਾਹੀਦਾ ਹੈ। ਅੱਜ ਇਹ ਇਕ ਪ੍ਰਤੱਖ ਸਚਾਈ ਹੈ ਕਿ ਸਾਡੇ ਦੇਸ਼ ਅੰਦਰ ਲੋਕ ਪ੍ਰਤੀਨਿਧਤਾ ਦੇ ਨਾਂਅ ਹੇਠ ਹਰ ਪੱਧਰ 'ਤੇ ਕਰਵਾਈਆਂ ਜਾ ਰਹੀਆਂ ਚੋਣਾਂ ਲਗਭਗ ਪੂਰੀ ਤਰ੍ਹਾਂ ਧਨਾਢਾਂ ਤੇ ਬਾਹੂਬਲੀਆਂ ਦੇ ਹੱਥਾਂ ਦਾ ਖਿਡੌਣਾ ਬਣ ਚੁੱਕੀਆਂ ਹਨ। ਇਸ ਖੇਤਰ ਵਿਚ ਹੁਣ ਕੇਵਲ ਧੰਨ ਤੇ ਧੱਕੇਸ਼ਾਹੀ ਦਾ ਹੀ ਬੋਲਬਾਲਾ ਹੈ ਜਦੋਂਕਿ ਰਸਮੀ ਜਮਹੂਰੀਅਤ ਵੀ ਤੇਜ਼ੀ ਨਾਲ ਅਲੋਪ ਹੁੰਦੀ ਜਾ ਰਹੀ ਹੈ। 
ਅਜਿਹਾ ਕਿਉਂ ਹੈ? 
ਉਂਝ ਤਾਂ ਇਹ ਵੀ ਇਕ ਤਲਖ ਹਕੀਕਤ ਹੈ ਕਿ ਆਜ਼ਾਦ ਭਾਰਤ ਲਈ ਆਜ਼ਾਦੀ ਪ੍ਰਾਪਤੀ ਉਪਰੰਤ ਅਪਣਾਏ ਗਏ ਸੰਵਿਧਾਨ ਵਿਚ ਦਰਜ ਪਾਰਲੀਮਾਨੀ ਜਮਹੂਰੀਅਤ, ਸ਼ੁਰੂ ਤੋਂ ਹੀ ਨਿਰੰਤਰ ਤੌਰ 'ਤੇ ਨਿਘਾਰਗਰਸਤ ਰਹੀ ਹੈ। ਇਸ ਦਾ ਮੁੱਖ ਕਾਰਨ ਹੈ ਸਾਡੇ ਸਮਾਜ ਦੀ ਜਮਾਤੀ ਬਣਤਰ। ਹਰ ਸਮਾਜ ਵਿਚ ਹਾਕਮ ਜਮਾਤਾਂ ਲਾਜ਼ਮੀ ਤੌਰ 'ਤੇ ਪ੍ਰਸ਼ਾਸਕੀ ਢਾਂਚੇ ਦੀ ਹਰ ਸੰਸਥਾ ਨੂੰ ਆਪਣੇ ਜਮਾਤੀ ਹਿੱਤਾਂ ਵਾਸਤੇ ਵਰਤਦੀਆਂ ਹਨ। ਇਸ ਲਈ ਇਸ ਚੋਣ ਪ੍ਰਣਾਲੀ ਦੀ ਵੀ ਏਥੋਂ ਦੀਆਂ ਹਾਕਮ ਜਮਾਤਾਂ, ਭਾਵ ਸਰਮਾਏਦਾਰ-ਜਗੀਰਦਾਰ ਜਮਾਤਾਂ, ਰਾਜਸੱਤਾ ਉਪਰ ਆਪਣੀ ਪਕੜ ਮਜ਼ਬੂਤ ਕਰਨ ਲਈ ਨਿਰੰਤਰ ਵਰਤੋਂ ਕਰਦੀਆਂ ਆ ਰਹੀਆਂ ਹਨ। ਕਿਉਂਕਿ ਆਜ਼ਾਦੀ ਪ੍ਰਾਪਤੀ ਸਮੇਂ ਏਥੇ ਪੇਂਡੂ ਅਰਥਚਾਰੇ ਉਪਰ ਜਗੀਰੂ ਤੇ ਅਰਧਜਗੀਰੂ ਜਕੜ ਮਜ਼ਬੂਤ ਬਣੀ ਹੋਈ ਸੀ, ਇਸ ਲਈ ਪੇਂਡੂ ਧਨਾਢਾਂ ਨੇ ਆਪਣੇ ਜਮਾਤੀ ਹਿੱਤਾਂ ਦੀ ਬੇਹਤਰੀ ਲਈ ਅਤੇ ਇਸ ਨਵੀਂ ਰਾਜਸੀ ਬਣਤਰ ਵਿਚ ਆਪਣੀ ਥਾਂ ਮਜ਼ਬੂਤ ਬਨਾਉਣ ਲਈ ਸ਼ੁਰੂ ਤੋਂ ਹੀ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਹਰ ਹਰਬਾ ਵਰਤਿਆ। ਇਸ ਮੰਤਵ ਲਈ ਉਹਨਾਂ ਵਲੋਂ ਜਾਤਪਾਤ ਆਧਾਰਤ ਦਬਦਬੇ ਦੀ ਵਰਤੋਂ ਕੀਤੀ ਗਈ, ਧਾਰਮਿਕ ਵੱਖਰੇਵਿਆਂ ਨੂੰ ਖੁੱਲ੍ਹ ਕੇ ਵਰਤਿਆ ਗਿਆ ਅਤੇ ਧੱਕੇਸ਼ਾਹੀਆਂ ਵੀ ਕੀਤੀਆਂ ਗਈਆਂ। ਲੱਠਮਾਰਾਂ ਰਾਹੀਂ ਚੋਣ ਬੂਥਾਂ ਉਪਰ ਕਬਜ਼ੇ ਕਰਵਾਏ ਗਏ ਅਤੇ ਜਾਅਲੀ ਵੋਟਾਂ ਨਾਲ ਆਪਣੇ ਡੱਬੇ ਭਰਵਾਏ ਗਏ। ਹਾਕਮ ਜਮਾਤਾਂ ਦੀਆਂ ਸਾਰੀਆਂ ਹੀ ਪਾਰਟੀਆਂ ਆਪੋ ਆਪਣੇ ਪ੍ਰਭਾਵ ਖੇਤਰਾਂ ਵਿਚ ਲੱਠਮਾਰਾਂ ਦੀ ਪਾਲਣਾ ਕਰਨ ਅਤੇ ਉਹਨਾਂ ਰਾਹੀਂ ਜਮਹੂਰੀਅਤ ਨਾਲ ਬਲਾਤਕਾਰ ਕਰਨ ਵਾਲੀਆਂ ਅਜੇਹੀਆਂ ਕਾਲੀਆਂ ਕਰਤੂਤਾਂ ਸ਼ਰੇਆਮ ਕਰਦੀਆਂ ਆਈਆਂ ਹਨ। ਇਸ ਦੇ ਸਿੱਟੇ ਵਜੋਂ ਹੀ ਦੇਸ਼ ਭਰ ਵਿਚ ਅਪਰਾਧੀ ਤੱਤਾਂ ਦੀ ਗਿਣਤੀ ਵਿਚ ਬੇਸ਼ੁਮਾਰ ਵਾਧਾ ਹੋਇਆ ਹੈ। ਅਤੇ, ਉਹ ਹੌਲੀ ਹੌਲੀ ਸਿਆਸਤ 'ਤੇ ਭਾਰੂ ਹੁੰਦੇ ਗਏ ਅਤੇ ਕੇਵਲ ਵਿਧਾਨ ਸਭਾਵਾਂ ਤੇ ਲੋਕ ਸਭਾ ਤੱਕ ਹੀ ਨਹੀਂ ਪੁੱਜੇ, ਬਲਕਿ ਮੰਤਰੀਆਂ ਤਕ ਦੀਆਂ ਕੁਰਸੀਆਂ 'ਤੇ ਬਿਰਾਜਮਾਨ ਹੋ ਗਏ ਹਨ। ਧੱਕੇਸ਼ਾਹੀ ਤੇ ਧੋਖਾਧੜੀ ਨਾਲ ਹਾਕਮ ਜਮਾਤਾਂ ਦੇ ਪ੍ਰਤੀਨਿੱਧਾਂ ਨੂੰ ਜੇਤੂ ਬਨਾਉਣ ਵਾਲੇ ਇਹ ਲੱਠਮਾਰ ਹੁਣ ਪੇਂਡੂ ਤੇ ਸ਼ਹਿਰੀ ਦੋਵਾਂ ਖੇਤਰਾਂ ਵਿਚ ਵੱਡੀ ਹੱਦ ਤੱਕ ਆਪ ਜੇਤੂ ਬਣ ਗਏ ਹਨ। 
ਇਸਦੇ ਨਾਲ ਹੀ ਹੁਣ ਤੱਕ ਧੰਨ ਸ਼ਕਤੀ ਨੇ ਵੀ ਚੋਣਾਂ ਨੂੰ ਲਗਭਗ ਪੂਰੀ ਤਰ੍ਹਾਂ ਉਧਾਲ ਲਿਆ ਹੈ। ਹਰ ਪੱਧਰ ਦੀਆਂ ਚੋਣਾਂ ਵਿਚ ਉਮੀਦਵਾਰਾਂ ਵਲੋਂ ਵੱਧ ਤੋਂ ਵਧ ਖਰਚੇ ਦੀ ਕਾਨੂੰਨੀ ਆਗਿਆ ਦਿੰਦੀਆਂ ਸਾਰੀਆਂ ਹੀ ਸੀਮਾਵਾਂ ਪੂਰੀ ਤਰ੍ਹਾਂ ਅਰਥਹੀਣ ਹੋ ਕੇ ਰਹਿ ਗਈਆਂ ਹਨ ਅਤੇ ਇਕ ਕੋਝਾ ਮਜ਼ਾਕ ਬਣ ਚੁੱਕੀਆਂ ਹਨ। ਸਰਮਾਏਦਾਰ ਪਾਰਟੀਆਂ-ਕਾਂਗਰਸ, ਭਾਜਪਾ ਤੇ ਉਹਨਾਂ ਦੀਆਂ ਜੋਟੀਦਾਰ ਸਾਰੀਆਂ ਹੀ ਖੇਤਰੀ ਪਾਰਟੀਆਂ ਵਲੋਂ ਹਰ ਪੱਧਰ ਦੀਆਂ ਚੋਣਾਂ ਵਿਚ ਵੋਟਰਾਂ ਨੂੰ ਪ੍ਰਭਾਵਤ ਕਰਨ ਲਈ ਅਤੇ ਵੋਟਾਂ ਖਰੀਦਣ ਲਈ ਕਾਲੇ ਧਨ ਦੀ ਸ਼ਰੇਆਮ ਵਰਤੋਂ ਕੀਤੀ ਜਾਂਦੀ ਹੈ। ਏਸੇ ਬੇਬਸੀ ਕਾਰਨ ਸਰਕਾਰ ਨੂੰ ਹੁਣ ਰਾਜ ਸਭਾ ਲਈ ਸਾਂਸਦਾਂ ਦੀ ਚੋਣ ਸਮੇਂ ਗੁਪਤ ਪਰਚੀ ਦੀ ਪ੍ਰਣਾਲੀ ਨੂੰ ਸਮਾਪਤ ਕਰ ਦੇਣ ਲਈ ਮਜ਼ਬੂਰ ਹੋਣਾ ਪਿਆ ਹੈ ਅਤੇ ਦੇਸ਼ ਦੇ ਧੁਰ ਉਪਰਲੇ ਅਦਾਰੇ ਵਿਚ ਜਮਹੂਰੀਅਤ ਦਾ ਇਹ ਅਹਿਮ ਅੰਗ ਤਿਆਗ ਦਿੱਤਾ ਗਿਆ ਹੈ। 
ਚੋਣ ਖਰਚਿਆਂ ਦੀ ਵੱਧ ਤੋਂ ਵੱਧ ਹੱਦ ਨਿਸ਼ਚਤ ਕਰਨ ਬਾਰੇ ਇਸ ਪੱਖੋਂ, ਚੋਣ ਕਮੀਸ਼ਨ ਵਲੋਂ ਹੁਣ ਤੱਕ ਲਾਈਆਂ ਜਾਂਦੀਆਂ ਸਾਰੀਆਂ ਪਾਬੰਦੀਆਂ ਅਸਫਲ ਸਿੱਧ ਹੋਈਆਂ ਹਨ। ਜਦੋਂ ਟੀ.ਐਨ. ਸੇਸ਼ਨ ਦੇਸ਼ ਦਾ ਮੁੱਖ ਚੋਣ ਕਮਿਸ਼ਨਰ ਸੀ, ਤਾਂ ਊਸਦੇ ਕਾਰਜਕਾਲ ਸਮੇਂ ਇਕ ਵਾਰ ਜ਼ਰੂਰ ਇਸ ਪੱਖੋਂ ਦੇਸ਼ ਭਰ ਵਿਚ ਇਕ ਹੱਦ ਤੱਕ ਸਿਹਤਮੰਦ ਮਾਹੌਲ ਬਣਿਆ ਸੀ। ਪ੍ਰੰਤੂ ਹੁਣ ਤਾਂ ਅਜੇਹੀਆਂ ਪਾਬੰਦੀਆਂ ਦੀ ਪਾਲਣਾ ਸਿਰਫ ਉਹ ਉਮੀਦਵਾਰ ਜਾਂ ਖੱਬੀਆਂ ਪਾਰਟੀਆਂ ਹੀ ਕਰਦੀਆਂ ਹਨ ਜਿਹੜੀਆਂ ਕਿ ਸਿਆਸਤ ਵਿਚ ਲੋਕ ਸੇਵਾ ਲਈ ਜਾਂ ਸਮਾਜਿਕ ਪਰਿਵਰਤਨ ਲਈ ਕਿਰਿਆਸ਼ੀਲ ਹਨ ਅਤੇ ਫੰਡ ਇਕੱਠਾ ਕਰਕੇ ਜ਼ਰੂਰੀ ਚੋਣ ਖਰਚੇ ਕਰਦੀਆਂ ਹਨ। ਬਾਕੀ ਲਗਭਗ ਸਾਰੇ ਰਾਜਨੀਤੀਵਾਨ ਹੀ ਸਿਆਸਤ ਨੂੰ ਇਕ ਪੇਸ਼ੇ ਵਜੋਂ ਲੈਂਦੇ ਹਨ ਅਤੇ ਲੁਟੇਰੀ ਰਾਜਸੱਤਾ ਵਿਚ ਭਾਗੀਦਾਰੀ ਹਾਸਲ ਕਰਨ ਲਈ ਚੋਣਾਂ ਵਿਚ ਆਪਣੀ ਸੰਪੂਰਨ ਸਮਰੱਥਾ ਅਨੁਸਾਰ ਪੂੰਜੀ ਨਿਵੇਸ਼ ਕਰਦੇ ਹਨ। ਭਾਜਪਾ ਦੇ ਇਕ ਸਾਂਸਦ ਗੋਪੀ ਨਾਥ ਮੁੰਡੇ ਵਲੋਂ ਪਿਛਲੀ ਚੋਣ ਵਿਚ 8 ਕਰੋੜ ਰੁਪਏ ਖਰਚ ਕੀਤੇ ਜਾਣ ਨੂੰ ਅੱਧ ਪਚੱਧਾ ਸਵੀਕਾਰ ਕਰਨਾ ਇਸ ਗੱਲ ਦਾ ਠੋਸ ਸਬੂਤ ਹੈ ਕਿ ਇਹਨਾਂ ਪਾਰਟੀਆਂ ਦਾ ਹਰ ਉਮੀਦਵਾਰ ਹੁਣ 25-30 ਲੱਖ ਰੁਪਏ ਨਹੀਂ ਬਲਕਿ ਹਰ ਚੋਣ ਵਿਚ ਕਰੋੜਾਂ ਰੁਪਏ ਖਰਚਦਾ ਹੈ। ਏਸੇ ਲਈ ਤਾਂ ਸੰਸਦ ਵਿਚ ਜਾਂ ਤਾਂ ਬਹੁਤੇ ਅਪਰਾਧੀ ਪਿਛੋਕੜ ਵਾਲੇ ਹਨ ਅਤੇ ਜਾਂ ਫਿਰ ਕਰੋੜਪਤੀ। ਮਾਇਆ ਦੀ ਇਸ ਖੇਡ ਵਿਚ ਆਮ ਲੋਕਾਂ ਅਤੇ ਉਹਨਾਂ ਦੀਆਂ ਸੇਵਕ ਪਾਰਟੀਆਂ ਦੇ ਉਮੀਦਵਾਰਾਂ ਦਾ ਚੁਣੇ ਜਾਣਾ ਹੁਣ ਲਗਭਗ ਅਸੰਭਵ ਹੀ ਦਿਖਾਈ ਦਿੰਦਾ ਹੈ। ਉਹਨਾਂ ਨੂੰ ਤਾਂ ਚੋਣ ਖਰਚੇ ਦੀ ਚੈਕਿੰਗ ਲਈ ਸਰਕਾਰ ਵਲੋਂ ਨਿਯੁਕਤ ਕੀਤੇ ਜਾਂਦੇ ਉਚ-ਅਧਿਕਾਰੀ ਹੀ ਉਲਝਾਈ ਰੱਖਦੇ ਹਨ। ਜਦੋਂਕਿ ਹਾਕਮ ਪਾਰਟੀਆਂ ਦੇ ਉਮੀਦਵਾਰਾਂ ਦੇ ਖਰਚਿਆਂ ਵੱਲ ਉਹ ਅੱਖ ਭਰਕੇ ਵੀ ਨਹੀਂ ਦੇਖਦੇ। ਇਹਨਾਂ ਹਾਲਤਾਂ ਵਿਚ ਆਮ ਲੋਕੀਂ ਤਾਂ ਵਧੇਰੇ ਕਰਕੇ ਚੋਣਾਂ ਵਿਚ ਵੋਟਾਂ ਪਾਉਣ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਚੁਣੇ ਜਾਣ ਦਾ ਤਾਂ ਉਹ ਅਜੇ ਸੁਪਨਾ ਵੀ ਨਹੀਂ ਲੈ ਸਕਦੇ। 
ਅਦਾਲਤੀ ਫੈਸਲਿਆਂ ਦਾ ਪ੍ਰਭਾਵ
ਇਹਨਾਂ ਹਾਲਤਾਂ ਵਿਚ ਜਦੋਂ ਜਮਹੂਰੀਅਤ ਦੀ ਮਜ਼ਬੂਤੀ ਵਾਸਤੇ ਚੋਣ ਸੁਧਾਰਾਂ ਦੀ ਮੰਗ ਜ਼ੋਰ ਫੜ ਰਹੀ ਹੈ, ਤਾਂ ਉਪਰੋਕਤ ਅਦਾਲਤੀ ਫੈਸਲਿਆਂ ਪ੍ਰਤੀ ਆਮ ਲੋਕਾਂ ਅੰਦਰ ਉਤਸ਼ਾਹਜਨਕ ਪ੍ਰਭਾਵ ਪੈਣਾ ਕੁਦਰਤੀ ਹੈ। ਪ੍ਰੰਤੂ ਸਾਡੀ ਜਾਚੇ ਇਹਨਾਂ ਫੈਸਲਿਆਂ ਨਾਲ ਵੀ ਚੋਣ ਪ੍ਰਣਾਲੀ ਵਿਚ ਅਸਰਦਾਰ ਤੇ ਜਮਹੂਰੀਅਤ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਸੁਧਾਰ ਹੋਣ ਦੀ ਕੋਈ ਬਹੁਤੀ ਸੰਭਾਵਨਾ ਦਿਖਾਈ ਨਹੀਂ ਦਿੰਦੀ। ਜਿਥੋਂ ਤੱਕ ਸਜ਼ਾ ਪ੍ਰਾਪਤ ਸਾਂਸਦ ਜਾਂ ਵਿਧਾਨਕਾਰ ਨੂੰ ਤੁਰੰਤ ਬਰਖਾਸਤ ਕਰਨ ਦਾ ਸਬੰਧ ਹੈ, ਇਹ ਇਕ ਅਜੇਹਾ ਕਾਨੂੰਨੀ ਮਸਲਾ ਹੈ ਜਿਸ ਬਾਰੇ ਸੁਪਰੀਮ ਕੋਰਟ ਦਾ ਇਕ ਪੂਰਾ ਬੈਂਚ 2005 ਵਿਚ ਇਸ ਫੈਸਲੇ ਤੋਂ ਹਟਵਾਂ ਫੈਸਲਾ ਦੇ ਚੁੱਕਾ ਹੈ। ਇਸ ਲਈ ਲਾਜ਼ਮੀ ਤੌਰ 'ਤੇ ਇਸ ਮੁੱਦੇ ਤੋਂ ਪ੍ਰਭਾਵਤ ਵਿਅਕਤੀ ਅਗਲੇਰੀ ਕਾਨੂੰਨੀ ਕਾਰਵਾਈ ਕਰਨਗੇ। ਸਰਕਾਰ ਵਲੋਂ ਵੀ ਅਪੀਲ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਚੁਣੇ ਹੋਏ ਪ੍ਰਤੀਨਿੱਧਾਂ ਦੇ ਇਸ ਵਿਸ਼ੇਸ਼ ਅਧਿਕਾਰ ਨੂੰ ਕਾਇਮ ਰੱਖਣ ਲਈ ਵੱਧ ਤੋਂ ਵੱਧ ਚਾਰਾਜੋਈ ਹੋਣ ਦੀਆਂ ਪੂਰੀਆਂ ਸੰਭਾਵਨਾਵਾਂ ਹਨ। 
ਜਿਥੋਂ ਤੱਕ ਨਜ਼ਰਬੰਦ ਜਾਂ ਪੁਲਸ ਵਲੋਂ ਗ੍ਰਿਫਤਾਰ ਕੀਤੇ ਹੋਏ ਕਿਸੇ ਵੀ ਵਿਅਕਤੀ ਨੂੰ ਚੋਣ ਲੜਨ ਤੋਂ ਅਯੋਗ ਕਰਾਰ ਦੇਣ ਦੀ ਗੱਲ ਹੈ, ਇਸ ਫੈਸਲੇ ਦਾ ਨਿਸ਼ਚੇ ਹੀ ਡਟਵਾਂ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਇਹ ਫੈਸਲਾ ਨਿਆਂਸੰਗਤ ਵੀ ਨਹੀਂ ਹੈ, ਕਿਉਂਕਿ ਭਾਰਤੀ ਸੰਵਿਧਾਨ ਅਨੁਸਾਰ ਜਿਹੜਾ ਵੋਟਰ ਹੈ ਉਹ ਹਰ ਪੱਧਰ 'ਤੇ ਚੋਣ ਲੜ ਸਕਦਾ ਹੈ ਬਸ਼ਰਤੇ ਕਿ ਉਸ ਨੂੰ ਬੀਤੇ 6 ਸਾਲਾਂ ਦੌਰਾਨ ਕਿਸੇ ਸੰਗੀਨ ਦੋਸ਼ ਅਧੀਨ ਕਿਸੇ ਅਦਾਲਤ ਵਲੋਂ ਦੋ ਸਾਲ ਜਾਂ ਇਸ ਤੋਂ ਵੱਧ ਦੀ ਸਜ਼ਾ ਨਾ ਮਿਲੀ ਹੋਈ ਹੋਵੇ। ਸਬੰਧਤ ਅਦਾਰੇ ਦੀ ਚੋਣ ਸਮੇਂ ਉਮੀਦਵਾਰ ਦੇ ਆਪ ਵੋਟ ਪਾਉਣ ਜਾਂ ਨਾ ਪਾਉਣ ਦੀ ਕੋਈ ਪਾਬੰਦੀ ਨਹੀਂ। ਇਸ ਲਈ ਅਦਾਲਤ ਦਾ ਇਹ ਤਰਕ ਕਿ ਕਿਉਂਕਿ ਜੇਲ੍ਹਬੰਦ ਜਾਂ ਗ੍ਰਿਫਤਾਰ ਕੀਤਾ ਹੋਇਆ ਵਿਅਕਤੀ ਆਪਣੀ ਵੋਟ ਦੀ ਵਰਤੋਂ ਕਰਨ ਤੋਂ ਅਸਮਰਥ ਹੁੰਦਾ ਹੈ, ਇਸ ਲਈ ਉਹ ਚੋਣ ਵੀ ਨਹੀਂ ਲੜ ਸਕਦਾ, ਕਾਨੂੰਨੀ ਤੌਰ 'ਤੇ ਵੀ ਤੇ ਨਿਆਂ ਦੇ ਪੱਖੋਂ ਵੀ ਠੀਕ ਨਹੀਂ ਹੈ। ਇਸ ਤੋਂ ਬਿਨਾਂ ਇਹ ਵੀ ਸਪੱਸ਼ਟ ਹੀ ਹੈ ਕਿ ਅਜੇਹੀ ਧਾਰਨਾ ਦੀ ਦੁਰਵਰਤੋਂ ਹਾਕਮ ਪਾਰਟੀ, ਕੇਵਲ ਵਿਰੋਧੀ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਉਪਰ ਝੂਠੇ ਕੇਸ ਬਣਾ ਕੇ ਤੇ ਉਹਨਾਂ ਨੂੰ ਗ੍ਰਿਫਤਾਰ ਕਰਵਾ ਕੇ ਹੀ ਨਹੀਂ ਕਰੇਗੀ ਬਲਕਿ ਇਸਦੀ ਉਹਨਾਂ ਸੰਘਰਸ਼ਸ਼ੀਲ ਲੋਕਾਂ ਵਿਰੁੱਧ ਵੀ ਵਿਆਪਕ ਵਰਤੋਂ ਹੋਵੇਗੀ, ਜਿਹਨਾਂ ਨੂੰ ਕਾਲੇ ਕਾਨੂੰਨਾਂ ਅਧੀਨ ਬਿਨਾਂ ਮੁਕੱਦਮਾ ਚਲਾਇਆਂ ਵਰ੍ਹਿਆਂ ਬੱਧੀ ਜੇਲ੍ਹਾਂ ਵਿਚ ਡੱਕਿਆ ਜਾਂਦਾ ਹੈ। ਅਜੇਹੇ ਸੰਘਰਸ਼ਸ਼ੀਲ ਜਨਤਕ ਆਗੂਆਂ ਨੂੰ ਚੋਣ ਅਖਾੜੇ 'ਚੋਂ ਬਾਹਰ ਰੱਖਣ ਲਈ ਇਸ ਫੈਸਲੇ ਨੂੰ ਸੌਖਿਆ ਹੀ ਬੜੇ ਕਾਰਗਰ ਹੱਥਿਆਰ ਵਜੋਂ ਵਰਤਿਆ ਜਾ ਸਕਦਾ ਹੈ। ਇਸ ਲਈ ਇਸ ਫੈਸਲੇ ਦਾ ਕਿਰਤੀ ਜਨਸਮੂਹਾਂ ਅਤੇ ਉਹਨਾਂ ਦੀਆਂ ਜਥੇਬੰਦੀਆਂ ਵਲੋਂ ਵੀ ਭਰਵਾਂ ਵਿਰੋਧ ਲਾਜ਼ਮੀ ਹੋਵੇਗਾ। 
ਜਾਤ ਅਧਾਰਤ ਸਿਆਸੀ ਸੰਮੇਲਨਾਂ ਤੇ ਪਾਬੰਦੀ ਲਾਉਣ ਤੇ ਵੋਟਰਾਂ ਨੂੰ ਲੁਭਾਉਣ ਲਈ ਤਰ੍ਹਾਂ ਤਰ੍ਹਾਂ ਦੇ ਲਾਲਚ ਦੇਣ ਤੇ ਉਹਨਾਂ ਨਾਲ ਝੂਠੇ ਵਾਇਦੇ ਕਰਨ ਤੇ ਰੋਕਾਂ ਲਾਉਣਾ ਚੰਗੇ ਫੈਸਲੇ ਹਨ। ਪ੍ਰੰਤੂ ਹਾਕਮ ਜਮਾਤਾਂ ਦੀਆਂ ਪਾਰਟੀਆਂ ਅਜੇਹੇ ਕਿਸੇ ਫੈਸਲੇ ਉਪਰ ਸੁਹਿਰਦਤਾ ਸਹਿਤ ਕਦੇ ਅਮਲ ਨਹੀਂ ਕਰਦੀਆਂ ਅਤੇ ਉਹ ਫੈਸਲੇ ਛੇਤੀ ਹੀ ਅਰਥਹੀਣ ਬਣਕੇ ਰਹਿ ਜਾਂਦੇ ਹਨ। ਬੀ.ਐਸ.ਪੀ. ਦੀ ਸੁਪਰੀਮੋ ਮਾਇਆਵਤੀ, ਜਿਸਦੀ ਸਮੁੱਚੀ ਸਿਆਸਤ ਹੀ ਜਾਤ ਅਧਾਰਤ ਵਿਤਕਰਿਆਂ ਦੀ ਵਰਤੋਂ ਤੇ ਖੜੀ ਹੈ, ਨੇ ਤੁਰੰਤ ਹੀ ਇਸ ਫੈਸਲੇ ਦੀ ਉਲੰਘਣਾ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਲਈ ਹਾਕਮ ਪਾਰਟੀਆਂ ਦੇ ਆਗੂ ਇਹਨਾਂ ਸਾਰੇ ਫੈਸਲਿਆਂ ਦੀ ਲਾਜ਼ਮੀ ਉਲੰਘਣਾ ਕਰਦੇ ਰਹਿਣਗੇ। ਉਹ ਕਾਨੂੰਨੀ ਚੋਰ ਮੋਰੀਆਂ ਦੀ ਵਰਤੋਂ ਕਰਨਗੇ ਅਤੇ ਇਸ ਮੰਤਵ ਲਈ ਨਵੇਂ ਢੰਗ ਤਰੀਕੇ ਖੋਜ ਲੈਣਗੇ। ਜਮਹੂਰੀਅਤ ਨੂੰ ਮਜ਼ਬੂਤ ਬਨਾਉਣ ਵਾਲੇ ਚੋਣ ਸੁਧਾਰਾਂ ਦੀ ਉਹਨਾਂ ਤੋਂ ਕਦੇ ਆਸ ਹੀ ਨਹੀਂ ਰੱਖੀ ਜਾ ਸਕਦੀ। ਇਸ ਮੰਤਵ ਲਈ ਤਾਂ ਮੌਜੂਦਾ ਚੋਣ ਪ੍ਰਣਾਲੀ ਦੀ ਥਾਂ ਅਨੁਪਾਤਕ ਪ੍ਰਤੀਨਿਧਤਾ ਪ੍ਰਣਾਲੀ ਅਪਣਾ ਕੇ ਹੀ ਥੋੜਾ ਬਹੁਤ ਅਗਾਂਹ ਵਧਿਆ ਜਾ ਸਕਦਾ ਹੈ। 

ਸਿਆਸਤ ਦਾ 'ਮੋਦੀਕਰਨ'

ਬੋਧ ਸਿੰਘ ਘੁੰਮਣ

ਸਾਡੇ ਦੇਸ਼ ਦੇ ਹਾਕਮ ਅਤੇ ਹਾਕਮ ਜਮਾਤਾਂ ਦੀਆਂ ਰਾਜਸੀ ਪਾਰਟੀਆਂ ਦੇ ਆਗੂ ਦੇਸ਼ ਅੰਦਰ ਜਮਹੂਰੀਅਤ (ਪੂੰਜੀਵਾਦੀ ਜਮਹੂਰੀਅਤ) ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ। ਲੋਕਾਂ ਵਲੋਂ ਜਿੱਤੇ ਸਾਰੇ ਹੱਕ ਤੇ ਜਮਹੂਰੀ ਅਧਿਕਾਰ ਇਕ ਇਕ ਕਰਕੇ ਖੋਹੇ ਜਾ ਰਹੇ ਹਨ ਅਤੇ ਇਹ ਰਸਮੀ ਜਮਹੂਰੀਅਤ ਵੀ ਪੂਰੀ ਤਰ੍ਹਾਂ ਮਖ਼ੌਲ ਬਣਦੀ ਜਾ ਰਹੀ ਹੈ। ਦੇਸ਼ ਦੇ ਸੰਵਿਧਾਨ ਵਿਚ ਅੰਕਿਤ ਸਰਵਮੱਤ ਅਧਿਕਾਰ ਰਾਹੀਂ ਵਿਧਾਨ ਸਭਾਵਾਂ, ਲੋਕ ਸਭਾ ਤੇ ਹੋਰ ਪਬਲਿਕ ਅਦਾਰਿਆਂ ਦੇ ਮੈਂਬਰਾਂ ਦੀ ਚੋਣ ਕਰਨੀ, ਹੁਣ ਕੇਵਲ ਕਾਗਜ਼ਾਂ ਤੱਕ ਸਿਮਟ ਕੇ ਰਹਿ ਗਈ ਹੈ। ਇਹਨਾਂ ਉੱਚ ਅਦਾਰਿਆਂ ਦੇ ਮੈਂਬਰਾਂ ਦੀ ਚੋਣ ਲਈ ਕਰਵਾਈਆਂ ਜਾਂਦੀਆਂ ਚੋਣਾਂ 'ਚ ਜਿਸ ਤਰ੍ਹਾਂ ਭਰਿਸ਼ਟਾਚਾਰ, ਧਿੰਗੋਜੋਰੀ, ਧੋਖੇਬਾਜ਼ੀ, ਧਰਮ ਤੇ ਜਾਤਪਾਤ ਦੀ ਵਰਤੋਂ ਲਗਾਤਾਰ ਵੱਧਦੀ ਜਾ ਰਹੀ ਹੈ, ਆਮ ਆਦਮੀ ਲਈ ਇਹ ਚੋਣ ਲੜਣੀ ਪੂਰੀ ਤਰ੍ਹਾਂ ਵਸੋਂ ਬਾਹਰ ਹੋ ਗਈ ਹੈ। ਜਮਹੂਰੀਅਤ ਦੀ ਇਹ ਇਕ ਸਥਾਪਤ ਵਿਵਸਥਾ ਹੈ ਕਿ ਇਹਨਾਂ ਅਦਾਰਿਆਂ ਲਈ ਬਹੁਸੰਮਤੀ ਸੀਟਾਂ ਜਿੱਤਣ ਵਾਲੀ ਪਾਰਟੀ/ਗਰੁੱਪ/ਗਠਜੋੜ ਦੇ ਮੈਂਬਰਾਂ ਨੇ, ਚੋਣ ਜਿੱਤਣ ਪਿਛੋਂ ਆਪਣੇ ਲੀਡਰ ਦੀ ਚੋਣ ਕਰਨੀ ਹੁੰਦੀ ਹੈ, ਜਿਸ ਨੇ ਅੱਗੋਂ ਆਪਣੀ ਕੈਬਨਿਟ ਚੁਨਣੀ ਹੁੰਦੀ ਹੈ। ਐਪਰ ਏਥੇ ਜਮਹੂਰੀ ਕਦਰਾਂ ਕੀਮਤਾਂ ਵਿਚ ਆਏ ਨਿਘਾਰ ਨੇ ਹਾਲਤ ਇੱਥੇ ਲੈ ਆਂਦੀ ਹੈ ਕਿ ਵੋਟਾਂ ਪੈਣ ਤੋਂ ਪਹਿਲਾਂ, ਇੱਥੋਂ ਤੱਕ ਕਿ ਚੋਣਾਂ ਦਾ ਐਲਾਨ ਹੋਣ ਤੋਂ ਵੀ ਪਹਿਲਾਂ ਹੀ, ਦੇਸ਼ ਦੇ ਪ੍ਰਧਾਨ ਮੰਤਰੀ ਦਾ ਐਲਾਨ ਕੀਤਾ ਜਾ ਰਿਹਾ ਹੈ। ਇਹ ਜੇਕਰ, ਜਮਹੂਰੀਅਤ ਅਤੇ ਲੋਕਾਂ ਦੇ ਹੱਕਾਂ 'ਤੇ ਵਾਰ ਨਹੀਂ ਤਾਂ ਹੋਰ ਕੀ ਹੈ? ਇਸ ਤਰ੍ਹਾਂ ਤਾਂ ਸਿਰਫ ਫਾਸ਼ੀਵਾਦ ਦੌਰਾਨ ਹੀ ਹੁੰਦਾ ਹੈ ਕਿ ਨੇਤਾ ਪਹਿਲਾਂ ਸੱਜ ਜਾਂਦਾ ਹੈ, ਜਿਵੇਂ ਕਿ ਜਰਮਨੀ ਵਿਚ ਨਾਜ਼ੀਵਾਦ ਦੇ ਦੌਰ ਦੌਰਾਨ ਹਿਟਲਰ ਦੇਸ਼ ਦਾ ਮੁਖੀ ਬਣ ਗਿਆ ਸੀ, ਜਿਸ ਨੇ ਸਰੇਆਮ ਇਹ ਐਲਾਨ ਕੀਤਾ ਸੀ ਕਿ ''ਮੈਂ ਹੀ ਜਰਮਨੀ ਹਾਂ, ਅਤੇ ਜਰਮਨੀ ਦਾ ਭਾਵ ਕੇਵਲ ਮੈਂ ਹੀ ਹਾਂ।'' ਕਿਸੇ ਦੇਸ਼ ਦੇ ਲੋਕਾਂ ਨੂੰ ਪਾਰਟੀ ਜਾਂ ਵਿਚਾਰਧਾਰਾ ਦੁਆਲੇ ਰੈਲੀ ਕਰਨ ਦੀ ਥਾਂ ਇਕ ਵਿਅਕਤੀ ਦੁਆਲੇ ਰੈਲੀ ਕਰਨਾ ਜਮਹੂਰੀਅਤ ਨਹੀਂ ਹੁੰਦਾ ਸਗੋਂ ਫਾਸ਼ੀਵਾਦ ਦਾ ਸੰਕੇਤ ਹੀ ਹੁੰਦਾ ਹੈ; ਜਿਸ ਦਾ 21ਵੀਂ ਸਦੀ ਵਿਚ ਭਾਰਤ ਅੰਦਰ 'ਮੋਦੀਵਾਦ' ਵਜੋਂ ਨਾਮਕਰਨ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ।
ਸਾਡੇ ਦੇਸ਼ 'ਚ 2014 'ਚ ਹੋਣ ਵਾਲੀਆਂ ਲੋਕ ਸਭਾਈ ਚੋਣਾਂ ਲਈ ਸੱਤਾ ਦੇ ਮੁੱਖ ਦਾਅਵੇਦਾਰ ਦੋਹਾਂ ਗਠਜੋੜਾਂ, ਯੂ.ਪੀ.ਏ. ਅਤੇ ਬੀ.ਜੇ.ਪੀ., ਨੇ ਪ੍ਰਧਾਨ ਮੰਤਰੀ ਬਨਾਉਣ ਦਾ ਐਲਾਨ ਕਈ ਮਹੀਨੇ ਪਹਿਲਾਂ ਹੀ ਕਰ ਦਿੱਤਾ ਹੈ। ਯੂ.ਪੀ.ਏ., ਕਾਂਗਰਸ ਪਾਰਟੀ ਦੇ 'ਰਾਜਕੁਮਾਰ' ਰਾਹੁਲ ਗਾਂਧੀ ਨੂੰ ਅਤੇ ਬੀ.ਜੇ.ਪੀ. ਨਰਿੰਦਰ ਮੋਦੀ ਨੂੰ ਆਪਣੇ ਆਪਣੇ ਪ੍ਰਧਾਨ ਮੰਤਰੀ ਵਜੋਂ ਪੇਸ਼ ਕਰ ਰਹੀ ਹੈ। ਇਹ, ਜੇਕਰ ਦੁਖਾਂਤ ਨਹੀਂ ਤਾਂ ਹੋਰ ਕੀ ਹੈ? ਬੀ.ਜੇ.ਪੀ. ਨੇ ਤਾਂ ਇਸ ਪ੍ਰਸਪਰ ਮੁਕਾਬਲੇ ਵਿਚ ਇਕ ਸਿਫਤੀ ਛਾਲ ਮਾਰੀ ਹੈ। ਉਸ ਨੇ, ਨਰਿੰਦਰ ਮੋਦੀ ਦੇ ਰੂਪ ਵਿਚ ਇਕ ਅਜਿਹਾ ਨਾਂਅ ਦੇਸ਼ ਦੇ ਲੋਕਾਂ ਸਾਹਮਣੇ ਪੇਸ਼ ਕੀਤਾ ਹੈ, ਜਿਹੜਾ ਦੇਸ਼ ਅਤੇ ਵਿਦੇਸ਼ਾਂ ਅੰਦਰ ਵੀ ਫਿਰਕਾਪ੍ਰਸਤੀ ਦਾ ਇਕ ਚਿੰਨ੍ਹ ਬਣ ਚੁੱਕਾ ਹੈ ਅਤੇ ਜਿਸ ਦੀ ਸ਼ਹਿ 'ਤੇ 2002 ਵਿਚ ਗੁਜਰਾਤ ਅੰਦਰ ਹਜ਼ਾਰਾਂ ਨਿਰਦੋਸ਼ ਮੁਸਲਮਾਨ ਭਰਾਵਾਂ ਦੇ ਕਤਲ ਹੋਏ ਸਨ। ਮੋਦੀ ਉਹ ਵਿਅਕਤੀ ਹੈ ਜੋ ਸ਼ਰੇਆਮ ਭੜਕਾਊ ਭਾਸ਼ਨ ਦਿੰਦਾ ਹੈ ਅਤੇ ਆਪਣੇ ਡਿਕਟੇਟਰਾਨਾਂ ਅਤੇ ਫਾਸ਼ੀ ਵਤੀਰੇ ਲਈ ਪੂਰੀ ਤਰ੍ਹਾਂ ਬਦਨਾਮ ਹੈ ਅਤੇ ਜਿਸ ਵਿਰੁੱਧ ਕਈ ਕੇਸ ਸੁਪਰੀਮ ਕੋਰਟ ਤੋਂ ਇਲਾਵਾ ਦੇਸ਼ ਦੀਆਂ ਕਈ ਅਦਾਲਤਾਂ ਵਿਚ ਚਲ ਰਹੇ ਹਨ। ਸੁਪਰੀਮ ਕੋਰਟ ਦੇ ਆਦੇਸ਼ਾਂ ਨਾਲ ਕੁਝ ਕੇਸ ਇਸ ਕਰਕੇ ਵੀ ਗੁਜਰਾਤ ਤੋਂ ਬਾਹਰ ਟਰਾਂਸਫਰ ਕਰ ਦਿੱਤੇ ਗਏ ਸਨ ਕਿਉਂਕਿ ਨਰਿੰਦਰ ਮੋਦੀ ਵਲੋਂ ਆਪਣੇ ਡਿਕਟੇਟਰਾਨਾ ਵਤੀਰੇ ਰਾਹੀਂ ਗੁਜਰਾਤ ਦੀਆਂ ਅਦਾਲਤਾਂ ਨੂੰ ਪ੍ਰਭਾਵਤ ਕਰਨ ਦਾ ਡਰ ਸੀ। ਸਮੁੱਚੇ ਦੇਸ਼ 'ਚ ਹੀ, ਹਰ ਦੇਸ਼ ਭਗਤ ਤੇ ਧਰਮ ਨਿਰਪੱਖ ਵਿਅਕਤੀ ਨਰਿੰਦਰ ਮੋਦੀ ਦੀ 2002 ਦੇ ਗੁਜਰਾਤ ਦੰਗਿਆਂ ਵਿਚ ਮਿਲੀਭਗਤ ਤੋਂ ਪੂਰੀ ਤਰ੍ਹਾਂ ਜਾਣੂ ਹੈ। ਜਦੋਂ ਉਸ ਦੀ ਇਸ ਭੂਮਿਕਾ ਤੋਂ, ਬੀ.ਜੇ.ਪੀ. ਨੂੰ ਛੱਡ ਕੇ ਹੋਰ ਕੋਈ ਵਿਅਕਤੀ ਵੀ ਇਨਕਾਰ ਨਹੀਂ ਕਰਦਾ ਤਾਂ ਫਿਰ ਬੀ.ਜੇ.ਪੀ. ਵਲੋਂ ਅਜਿਹੇ ਬਦਨਾਮ ਵਿਅਕਤੀ ਨੂੰ ਪ੍ਰਧਾਨ ਮੰਤਰੀ ਵਜੋਂ ਉਭਾਰਨ ਪਿਛੇ ਕੀ ਸੋਚ ਤੇ ਕਾਰਕ ਕੰਮ ਕਰ ਰਹੇ ਹਨ? ਸਪੱਸ਼ਟ ਹੈ ਕਿ ਕਾਂਗਰਸ ਵਾਂਗ ਹੀ ਹਰ ਪੱਖੋਂ ਬਦਨਾਮ ਹੋਈ, ਲੋਕਾਂ ਤੋਂ ਟੁੱਟ ਰਹੀ ਅਤੇ ਅੰਦਰੂਨੀ ਫੁੱਟ ਦਾ ਬੁਰੀ ਤਰ੍ਹਾਂ ਸ਼ਿਕਾਰ ਹੋਈ ਇਹ ਪਾਰਟੀ, ਆ ਰਹੀਆਂ ਲੋਕ ਸਭਾ ਚੋਣਾਂ ਵਿਚ ਕੇਵਲ ਨੰਗੀ ਚਿੱਟੀ ਫਿਰਕਾਪ੍ਰਸਤੀ ਉਭਾਰ ਕੇ ਹੀ ਦੇਸ਼ ਦੇ ਲੋਕਾਂ ਅੰਦਰ ਧਰਮ ਦੇ ਆਧਾਰ 'ਤੇ ਵੰਡੀਆਂ ਪਾ ਕੇ ਰਾਜ ਸੱਤਾ ਦੀ ਪੌੜੀ ਚੜ੍ਹਨ ਦਾ ਹਰ ਹੀਲਾ ਵਰਤਣ 'ਤੇ ਉਤਾਰੂ ਹੈ। ਅਜਿਹੇ ਮਨਹੂਸ ਤੇ ਦੇਸ਼ ਵਿਰੋਧੀ ਕਾਰਜ ਲਈ ਭਲਾ ਮੋਦੀ ਤੋਂ ਵੱਧ 'ਢੁਕਵਾਂ' ਹੋਰ ਕਿਹੜਾ ਵਿਅਕਤੀ ਹੋ ਸਕਦਾ ਹੈ, ਜੋ ਪਹਿਲਾਂ ਹੀ ਅਜਿਹੇ ਕਾਰੇ ਲਈ ਸਮੁੱਚੇ ਦੇਸ਼ ਅੰਦਰ 'ਪ੍ਰਸਿੱਧੀ' ਹਾਸਲ ਕਰ ਚੁੱਕਾ ਹੈ। 
ਉਸ ਦੇ ਬਦਨਾਮ ਕਿਰਦਾਰ ਨੂੰ ਅਤੇ ਸਾਰੇ ਪਾਸੇ ਤੋਂ ਵਿਰੋਧ ਨੂੰ ਵੇਖ ਕੇ, ਫਿਰਕਾਪ੍ਰਸਤ ਬੀ.ਜੇ.ਪੀ. ਹੁਣ ਉਸ ਨੂੰ 'ਵਿਕਾਸ ਦਾ ਮਸੀਹਾ' ਬਣਾ ਕੇ ਪੇਸ਼ ਕਰ ਰਹੀ ਹੈ ਅਤੇ ਇਸ ਨੂੰ ਵਿਕਾਸ ਦੇ 'ਨਰਿੰਦਰ ਮੋਦੀ ਮਾਡਲ' ਵਜੋਂ ਧੁਮਾ ਰਹੀ ਹੈ। ਗੁਜਰਾਤ ਦੇ 'ਵਿਕਾਸ' ਬਾਰੇ ਪ੍ਰਚਾਰ ਨੂੰ ਵੇਖ ਕੇ ਤਾਂ ਗੋਬਲਜ਼ ਦਾ ਸਿਰ ਵੀ ਸ਼ਰਮ ਨਾਲ ਝੁੱਕ ਗਿਆ ਹੋਵੇਗਾ ਕਿ ਬੀ.ਜੇ.ਪੀ. ਵਾਲੇ ਤਾਂ ਉਸ ਦੇ ਵੀ ਉਸਤਾਦ ਹਨ। ਉਂਝ, ਗੁਜਰਾਤ ਦੇ ਵਿਕਾਸ ਦੇ ਮਾਡਲ, ਜਿਸ ਵਿਚ 2002 ਦਾ ਘਲੂਘਾਰਾ ਵੀ ਸ਼ਾਮਲ ਹੈ, ਬਾਰੇ ਅਖਬਾਰਾਂ ਵਿਚ ਬਹੁਤ ਕੁੱਝ ਛਪ ਗਿਆ ਹੈ। ਕੁਝ ਜਰਨਲਿਸਟਾਂ ਤੇ ਪੱਤਰਕਾਰਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ 'ਮਨਮੋਹਨ ਸਿੰਘ ਮਾਡਲ' ਤੇ 'ਨਰਿੰਦਰ ਮੋਦੀ ਮਾਡਲ' ਵਿਚ ਰਤਾ ਵੀ ਅੰਤਰ ਨਹੀਂ ਹੈ। ਦੋਵੇਂ ਮਾਡਲ ਹੀ ਕਾਰਪੋਰੇਟ ਘਰਾਣਿਆਂ ਨੂੰ ਮਾਲਾ-ਮਾਲ ਕਰਨ ਅਤੇ ਗਰੀਬਾਂ ਨੂੰ ਹੋਰ ਗਰੀਬ ਕਰਨ ਅਤੇ ਉਹਨਾਂ ਦੇ ਜਿਸਮ ਵਿਚੋਂ ਖੂਨ ਦਾ ਆਖਰੀ ਤੁਪਕਾ ਵੀ ਨਿਚੋੜਨ ਵੱਲ ਸੇਧਿਤ ਹਨ। ਦੋਵੇਂ ਮਾਡਲ ਨਵਉਦਾਰਵਾਦੀ ਨੀਤੀਆਂ ਦੇ ਵੱਡੇ ਸਮੱਰਥਕ ਹਨ ਅਤੇ ਧਾੜਵੀਂ ਬਦੇਸ਼ੀ ਕੰਪਨੀਆਂ ਨੂੰ ਦੇਸ਼ ਅੰਦਰ ਸਿੱਧਾ ਪੂੰਜੀ ਨਿਵੇਸ਼ ਕਰਨ ਦੀ ਖੁਲ੍ਹ ਦੇਣ ਵਾਲੇ ਦੇਸ਼ ਵਿਰੋਧੀ ਤੇ ਲੋਕ ਵਿਰੋਧੀ ਹਨ। ਦੋਵੇਂ ਮਾਡਲ ਹੀ ਦੋ ਤਰ੍ਹਾਂ ਦਾ ਭਾਰਤ ਉਸਾਰਨਾ ਚਾਹੁੰਦੇ ਹਨ ਜਿਸ ਵਿਚ ਇਕ ਪਾਸੇ ਉਚੀਆਂ ਬਿਲਡਿੰਗ ਵਾਲੇ ਮਾਲਾਂ, ਦਿਓ ਕੱਦ ਸਟੋਰਾਂ, ਕੁਝ 6-8 ਮਾਰਗੀ ਸੜਕਾਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਦੁਨੀਆਂ ਦੇ ਚੋਣਵੇਂ ਪੂੰਜੀਪਤੀਆਂ ਵਿਚ ਸ਼ਾਮਲ ਕਰਨ ਦਾ ਭਾਰਤ ਹੋਵੇ ਅਤੇ ਦੂਜੇ ਪਾਸੇ 80 ਕਰੋੜ ਤੋਂ ਵੀ ਵੱਧ ਅਤਿ ਨੀਵੇਂ ਪੱਧਰ ਦੀ ਜ਼ਿੰਦਗੀ ਬਤੀਤ ਕਰਨ ਵਾਲੇ ਲੋਕ, ਝੁੱਗੀਆਂ ਝੌਪੜੀਆਂ ਅਤੇ ਗੰਦੀਆਂ ਬਸਤੀਆਂ ਅੰਦਰ ਪਸ਼ੂਆਂ ਵਰਗੀ ਜ਼ਿੰਦਗੀ ਬਤੀਤ ਕਰਨ ਵਾਲੇ, ਬੇਰੁਜ਼ਗਾਰੀ ਦੇ ਦੈਂਤ ਦਾ ਚਾਰਾ ਬਣਨ ਵਾਲੇ ਕਰੋੜਾਂ ਨੌਜਵਾਨਾਂ ਅਤੇ ਮਹਿੰਗਾਈ ਦੀ ਚੱਕੀ 'ਚ ਪੀਸੇ ਜਾਣ ਤੇ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋਣ ਵਾਲੇ ਅਤੇ ਜੀਵਨ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਵੀ ਨਾ ਹੋਣ ਕਾਰਨ ਸਮਾਜ ਵਿਰੋਧੀ ਧੰਦਿਆਂ ਤੇ ਹਰ ਤਰ੍ਹਾਂ ਦੀ ਨਸ਼ਾਖੋਰੀ ਦਾ ਸ਼ਿਕਾਰ ਬਣਨ ਵਾਲੇ ਕਰੋੜਾਂ ਨੌਜਵਾਨਾਂ ਵਾਲਾ ਭਾਰਤ। ਇਹ ਅਜਿਹੀ ਸਥਿਤੀ ਹੈ ਜਿਸ ਬਾਰੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਪ੍ਰੋਫੈਸਰ ਮੋਹਨ ਸਿੰਘ ਨੇ ਬਹੁਤ ਪਹਿਲਾਂ ਹੀ ਲਿਖਿਆ ਸੀ : 

ਦੋ ਟੋਟਿਆਂ ਦੇ ਵਿਚ ਭੋਂ ਟੁੱਟੀ, 
ਇਕ ਮਹਿਲਾਂ ਦਾ ਇਕ ਢੋਕਾਂ ਦਾ,
ਦੋ ਧੜਿਆਂ ਵਿਚ ਖਲਕਤ ਵੰਡੀ
ਇਕ ਲੋਕਾਂ ਦਾ ਇਕ ਜੋਕਾਂ ਦਾ। 
ਕੁਝ ਖਾਈਆਂ ਵਿੱਥਾਂ ਵਰਨ ਦੀਆਂ 
ਕੁਝ ਵਾਹੀਆਂ ਲੀਕਾਂ ਧਰਮ ਦੀਆਂ,
ਫਿਰ ਕੰਧਾਂ ਕਰਮ ਕੁਕਰਮ ਦੀਆਂ
ਫਿਰ ਧੁੰਧਾਂ ਅੰਨ੍ਹੇ ਭਰਮ ਦੀਆਂ। 
ਫਿਰ ਵਿੱਥਾਂ ਲਿਪੀ ਜ਼ੁਬਾਨ ਦੀਆਂ। 
ਫਿਰ ਪਹਿਰਾਵੇ ਤੇ ਵੇਸ ਦੀਆਂ, 
ਫਿਰ ਸਭਿਤਾ, ਸਭਿਆਚਾਰ ਦੀਆਂ, 
ਫਿਰ ਦੇਸ਼ ਅਤੇ ਪਰਦੇਸ ਦੀਆਂ।
ਜਨਤਾ ਨੂੰ ਥਹੁ ਨਾ ਲੱਗਣ ਦਿੱਤਾ
ਇਹਨਾਂ ਜਾਦੂਗਰ ਵਿੱਥਕਾਰਾਂ ਨੇ,
ਅਸਲੀਅਤ ਵਿਚ ਨੇ ਦੋ ਵਿੱਥਾਂ,
ਬਾਕੀ ਸਭ ਕੂੜੀਆਂ ਪਾੜਾਂ ਨੇ। 
ਇੱਥੇ ਗੁਜਰਾਤ ਮਾਡਲ ਦੀ ਸੰਖੇਪ ਵਿਚ ਚਰਚਾ ਕਰਨੀ ਵੀ ਜ਼ਰੂਰੀ ਹੈ ਤਾਂ ਜੋ ਆਮ ਲੋਕਾਂ ਨੂੰ ਗੁਜਰਾਤ ਮਾਡਲ ਬਾਰੇ ਧੁਮਾਏ ਜਾ ਰਹੇ ਗੋਬਲੀ ਝੂਠ ਬਾਰੇ ਪਤਾ ਲੱਗ ਸਕੇ। ਗੁਜਰਾਤ ਅੰਦਰ ਨਰਿੰਦਰ ਮੋਦੀ ਦੀ ਅਗਵਾਈ ਵਿਚ ਬੀ.ਜੇ.ਪੀ. ਦੀ ਹਕੂਮਤ ਨੂੰ 10 ਸਾਲਾਂ ਤੋਂ ਵੱਧ ਸਮਾਂ ਹੋ ਚੁੱਕਾ ਹੈ ਪਰ ਅੱਜ ਵੀ ਗੁਜਰਾਤ ਦੇ ਵਿਕਾਸ ਦੀ ਸਥਿਤੀ ਇਹ ਹੈ : 
ਭੁੱਖ ਦੇ ਸੂਚਕ ਅੰਕ (2009) ਅਨੁਸਾਰ ਭਾਰਤ ਦੇ ਸਭ ਤੋਂ ਉਪਰਲੇ 17 ਰਾਜਾਂ ਵਿਚੋਂ ਗੁਜਰਾਤ ਦਾ ਦਰਜਾ 14ਵਾਂ ਹੈ, ਕੇਵਲ ਤਿੰਨ ਰਾਜ ਹੀ ਉਸ ਤੋਂ ਹੇਠਾਂ ਹਨ। 

ਔਰਤਾਂ ਵਿਚ ਖੂਨ ਦੀ ਕਮੀ ਨੂੰ ਵੇਖਿਆ ਜਾਵੇ ਤਾਂ ਦੇਸ਼ ਦੇ 20 ਪ੍ਰਮੁੱਖ ਰਾਜਾਂ ਵਿਚੋਂ ਗੁਜਰਾਤ ਦਾ ਨੰਬਰ ਇਕ ਹੈ, ਭਾਵ ਗੁਜਰਾਤ ਅੰਦਰ ਔਰਤਾਂ 'ਚ ਖ਼ੂਨ ਦੀ ਕਮੀ (ਅਨੀਮੀਆ) ਦੀ ਅਹੁਰ ਸਾਰੇ ਦੇਸ਼ ਵਿਚੋਂ ਸਭ ਤੋਂ ਵੱਧ ਹੈ। 

ਇਸ ਤਰ੍ਹਾਂ ਹੀ ਬੱਚਿਆਂ ਵਿਚ ਖੂਨ ਦੀ ਕਮੀ ਦੇ ਅਧਾਰ 'ਤੇ ਗੁਜਰਾਤ ਉਪਰਲੇ 20 ਰਾਜਾਂ ਵਿਚੋਂ 16ਵੇਂ ਨੰਬਰ 'ਤੇ ਹੈ। 

ਬੱਚਿਆਂ 'ਚ ਕੁਪੋਸ਼ਨ (Malnutrition) ਦੇ ਅਧਾਰ 'ਤੇ ਗੁਜਰਾਤ ਦਾ ਨੰਬਰ ਚੌਹਦਵਾਂ ਹੈ। 

ਸਿਹਤ, ਸਿੱਖਿਆ, ਪੇਂਡੂ ਵਿਕਾਸ ਉਪਰ ਖਰਚ ਕਰਨ ਦੇ ਮਾਮਲੇ ਵਿਚ ਦੇਸ਼ ਦੇ ਪ੍ਰਮੁੱਖ 20 ਰਾਜਾਂ ਵਿਚੋਂ ਗੁਜਰਾਤ 15ਵੇਂ ਨੰਬਰ 'ਤੇ ਹੈ, ਸਿਰਫ 5 ਹੀ ਇਸ ਤੋਂ ਫਾਡੀ ਹਨ। 

2009 ਦੇ ਅੰਕੜਿਆਂ ਅਨੁਸਾਰ ਹੀ ਬੱਚਿਆਂ ਨੂੰ ਜਨਮ ਦੇਣ ਵੇਲੇ ਮਰਨ ਵਾਲੀਆਂ ਔਰਤਾਂ ਦੀ ਗਿਣਤੀ ਕੇਰਲ ਦੇ ਟਾਕਰੇ ਵਿਚ ਗੁਜਰਾਤ ਅੰਦਰ ਤਿੰਨ ਗੁਣਾ ਹੈ। ਇਸ ਤਰ੍ਹਾਂ ਹੀ ਨਵੇਂ ਜੰਮੇ ਬੱਚਿਆਂ ਚੋਂ ਮਰਨ ਵਾਲੇ ਬੱਚਿਆਂ ਦੀ ਕੇਰਲ ਵਿਚ ਗਿਣਤੀ ਦੇ ਟਾਕਰੇ ਵਿਚ ਗੁਜਰਾਤ 'ਚ ਇਹ ਗਿਣਤੀ 4 ਗੁਣਾ ਹੈ। 

ਇਹ ਹੈ ਗੁਜਰਾਤ ਦੇ ਵਿਕਾਸ ਮਾਡਲ ਦੀਆਂ ਕੁੱਝ ਹਕੀਕਤਾਂ ਜੋ 2010-11 ਦੇ ਆਰਥਕ ਸਰਵੇਖਣ ਦੇ ਸਰਕਾਰੀ ਅੰਕੜਿਆਂ 'ਤੇ ਅਧਾਰਤ ਹਨ। 
ਪੂੰਜੀਪਤੀ ਵਰਗ ਤੇ ਉਹਨਾਂ ਦੇ ਕੰਟਰੋਲ ਹੇਠਲਾ ਸਮੁੱਚਾ ਮੀਡੀਆ, ਪੂਰੇ ਜੋਰ ਸ਼ੋਰ ਨਾਲ ਝੂਠੇ ਪ੍ਰਚਾਰ ਰਾਹੀਂ ਉਸ ਦੀਆਂ ਸਿਫਤਾਂ ਦੇ ਪੁਲ ਬੰਨ ਰਹੇ ਹਨ ਅਤੇ ਇਹ ਵੀ ਪ੍ਰਚਾਰ ਕਰ ਰਹੇ ਹਨ ਕਿ ਹੁਣ ਕੇਵਲ ਮੋਦੀ ਹੀ ਦੇਸ਼ ਅੰਦਰ ਚਲ ਰਹੀਆਂ ਲੋਕ ਲਹਿਰਾਂ ਨੂੰ ਨੰਗੇ ਚਿੱਟੇ ਜਬਰ ਰਾਹੀਂ ਦਬਾਅ ਸਕਦਾ ਹੈ। ਮੱਧਵਰਗੀ ਵਸੋਂ ਵਿਚਲਾ, ਪੇਤਲੀ ਰਾਜਨੀਤਕ ਸਮਝ ਰੱਖਣ ਵਾਲਾ ਕੁਝ ਵਰਗ ਵੀ ਮੋਦੀ ਦੇ ਹੱਕ ਵਿਚ ਚਲਾਏ ਜਾ ਰਹੇ ਇਸ ਕਪਟੀ ਪ੍ਰਚਾਰ ਤੋਂ ਪ੍ਰਭਾਵਤ ਹੋ ਰਿਹਾ ਹੈ। 
ਆਉਂਦੀਆਂ ਲੋਕ ਸਭਾ ਚੋਣਾਂ ਵਿਚ ਬੀ.ਜੇ.ਪੀ. ਤੇ ਸਰਮਾਏਦਾਰ ਮੀਡੀਏ ਵਲੋਂ, ਇਹਨਾਂ ਚੋਣਾਂ ਨੂੰ ਮੋਦੀ ਵਰਗੇ ਬਦਨਾਮ ਤੇ ਫਿਰਕਾਪ੍ਰਸਤ ਵਿਅਕਤੀ ਦੁਆਲੇ ਘੁੰਮਾਉਣਾ ਇਕ ਬੜਾ ਹੀ ਖਤਰਨਾਕ ਰੁਝਾਨ ਹੈ, ਜਿਸ ਦਾ ਸਮੁੱਚੇ ਦੇਸ਼ ਭਗਤ, ਜਮਹੂਰੀ ਅਤੇ ਧਰਮ ਨਿਰਪੱਖ ਲੋਕਾਂ ਵਲੋਂ ਹਰ ਪੱਖ ਤੋਂ ਵਿਰੋਧ ਕਰਨਾ ਬਹੁਤ ਹੀ ਲਾਜ਼ਮੀ ਹੈ। ਇਸ ਸੰਦਰਭ ਵਿਚ ਖੱਬੇ ਪੱਖੀ ਦਲਾਂ ਦੀ ਭੂਮਿਕਾ ਕਾਫੀ ਕਾਰਆਮਦ ਸਾਬਤ ਹੋ ਸਕਦੀ ਹੈ, ਪਰ ਇਸ ਇਤਿਹਾਸਕ ਕਾਰਜ ਲਈ ਉਹਨਾਂ ਦੀ ਇਕਜੁਟਤਾ ਤੇ ਵਿਕਾਸ ਦੇ ਬਦਲਵੇਂ ਲੋਕ ਪੱਖੀ ਪ੍ਰੋਗਰਾਮ 'ਤੇ ਅਧਾਰਤ ਸਾਂਝੀ ਪ੍ਰਭਾਵਸ਼ਾਲੀ ਦਖਲ-ਅੰਦਾਜ਼ੀ ਇਕ ਲਾਜ਼ਮੀ ਸ਼ਰਤ ਹੈ। ਸਿਆਸਤ ਦੇ 'ਮੋਦੀਕਰਨ' ਤੇ 'ਰਾਹੁਲਕਰਨ' ਦੋਹਾਂ ਦਾ ਵਿਰੋਧ ਕਰਨਾ ਹੀ ਦੇਸ਼ ਦੇ ਕਿਰਤੀ ਲੋਕਾਂ ਦੇ ਹਿੱਤਾਂ ਵਿਚ ਹੈ। 

ਬਹੁਤ ਮਹਿੰਗੀਆਂ ਤੇ ਧੱਕੜਸ਼ਾਹੀ ਭਰਪੂਰ ਪੰਚਾਇਤੀ ਚੋਣਾਂ

ਰਘਬੀਰ ਸਿੰਘ

ਇਸ ਵਾਰ 3 ਜੁਲਾਈ ਨੂੰ ਪੰਜਾਬ ਵਿਚ ਹੋਈਆਂ ਪੰਚਾਇਤੀ ਚੋਣਾਂ ਨੇ ਜਮਹੂਰੀਅਤ ਦੀ ਮੁਢਲੀ ਅਤੇ ਬੁਨਿਆਦੀ ਲੋਕ ਵਿਵਸਥਾ ਨੂੰ ਬੁਰੀ ਤਰ੍ਹਾਂ ਤਹਿਸ-ਨਹਿਸ ਕਰ ਦਿੱਤਾ ਹੈ। ਇਹਨਾਂ ਚੋਣਾਂ ਵਿਚ ਵਾਪਰੀਆਂ ਘਟਨਾਵਾਂ ਅਤੇ ਹੋਈਆਂ ਧੱਕੇਸ਼ਾਹੀਆਂ ਦੇ ਨਿਕਲੇ ਸਿੱਟਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਪੰਚਾਇਤੀ ਰਾਜ ਵਿਵਸਥਾ ਕੁਰੱਪਟ ਰਾਜਨੀਤਵਾਨਾਂ, ਧਨਵਾਨ ਲੋਕਾਂ ਅਤੇ ਲੱਠਮਾਰ ਗੈਰ ਸਮਾਜੀ ਤੱਤਾਂ ਦੀ ਗਲਘੋਟੂ ਪਕੜ ਵਿਚ ਪੂਰੀ ਤਰ੍ਹਾਂ ਆ ਚੁੱਕੀ ਹੈ। ਇਸ ਵਿਚੋਂ, ਬਹੁਤੀਆਂ ਥਾਵਾਂ 'ਤੇ, ਪਿੰਡ ਦੇ ਇਮਾਨਦਾਰਾਂ, ਭਲੇਮਾਣਸਾਂ, ਇਨਸਾਫ ਪਸੰਦ ਅਤੇ ਵਿਕਾਸ ਮੁਖੀ ਲੋਕਾਂ ਨੂੰ ਮੱਖਣ ਵਿਚੋਂ ਵਾਲ ਵਾਂਗ ਬਾਹਰ ਕੱਢ ਦਿੱਤਾ ਗਿਆ ਹੈ। ਜਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀ ਅਤੇ ਪੰਚਾਇਤ ਚੋਣਾਂ ਵਿਚ ਮੁੱਖ ਵਿਰੋਧੀ ਕਾਂਗਰਸ ਪਾਰਟੀ ਨੂੰ ਏਨਾ ਡਰਾ ਦਿੱਤਾ ਗਿਆ ਕਿ ਉਹ ਸਿਰੇ ਦੀ ਰਾਜਨੀਤਕ ਬੁਜ਼ਦਿਲੀ ਦਿਖਾਉਂਦੀ  ਹੋਈ ਅਮਲੀ ਰੂਪ ਵਿਚ ਚੋਣਾਂ ਵਿਚੋਂ ਬਾਹਰ ਹੋ ਗਈ। ਇਹਨਾਂ ਚੋਣਾਂ ਵਿਚ ਸ਼ਰਾਬ ਅਤੇ ਹੋਰ ਨਸ਼ਿਆਂ ਦਾ ਹੜ੍ਹ ਵਗਾ ਦਿੱਤਾ ਗਿਆ। ਵੋਟਰਾਂ ਨੂੰ ਨਕਦ ਰੁਪਏ, ਟੈਲੀਵੀਜ਼ਨ, ਫਰਿਜ਼ ਅਤੇ ਹੋਰ ਅਨੇਕਾਂ ਵਸਤਾਂ ਦੇ ਕੇ ਖਰੀਦਿਆ ਗਿਆ। ਵੋਟਾਂ ਵਾਲੇ ਦਿਨ ਹਰ ਪਾਸੇ ਦਹਿਸ਼ਤ ਦਾ ਮਾਹੌਲ ਸਿਰਜਿਆ ਗਿਆ। ਕਾਫੀ ਬੂਥਾਂ 'ਤੇ ਕਬਜ਼ਾ ਕਰਨ ਦਾ ਯਤਨ ਵੀ ਕੀਤਾ ਗਿਆ ਅਤੇ ਕਈ ਥਾਈਂ ਬੈਲਟ ਪੇਪਰਾਂ 'ਤੇ ਤੇਜ਼ਾਬ ਸੁੱਟਕੇ ਖਰਾਬ ਕਰਨ ਦੇ ਯਤਨ ਹੋਏ। ਕਈ ਪਿੰਡਾਂ ਵਿਚ ਲੜਾਈ ਝਗੜੇ ਹੋਏ ਅਤੇ ਕਈ ਥਾਵਾਂ 'ਤੇ ਗੋਲੀਆਂ ਵੀ ਚੱਲੀਆਂ ਜਿਸ ਨਾਲ ਮੋਤਾਂ ਵੀ ਹੋਈਆਂ ਤੇ ਕਈ ਜ਼ਖਮੀ ਵੀ ਹੋਏ। ਇਹ ਸਿਲਸਿਲਾ ਚੋਣਾਂ ਤੋਂ ਪਿੱਛੋਂ ਵੀ ਲਗਾਤਾਰ ਜਾਰੀ ਹੈ। ਇਸ ਖੂਨ ਖਰਾਬੇ ਵਿਚ ਪੁਲਸ ਪ੍ਰਬੰਧ ਹਾਕਮ ਧਿਰ ਦੇ ਜੋਰਾਵਰਾਂ ਦਾ ਪੂਰੀ ਤਰ੍ਹਾਂ ਸਾਥ ਦੇ ਰਿਹਾ ਹੈ। ਪੁਲਸ ਨੂੰ ਇਸ ਗੱਲ ਦਾ ਗੋਈ ਫਰਕ ਨਹੀਂ ਪੈਂਦਾ ਕਿ ਬਹੁਤੀ ਥਾਈਂ ਅਕਾਲੀਆਂ ਦੇ ਧੜੇ ਹੀ ਆਪਸ ਵਿਚ ਉਲਝੇ ਹੋਏ ਸਨ। ਉਹ ਹਾਕਮ ਗਠਜੋੜ ਦੇ ਐਮ.ਐਲ.ਏ. ਜਾਂ ਹਾਰੇ ਹੋਏ ਹਲਕਿਆਂ ਵਿਚ ਹਲਕਾ ਇੰਚਾਰਜਾਂ ਦੇ ਹੁਕਮ ਦੀ ਪਾਬੰਦ ਹੈ। 
ਇਸ ਸਾਰੇ ਅਮਲ ਰਾਹੀਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਇਹਨਾਂ ਪੰਚਾਇਤ ਚੋਣਾਂ ਨੂੰ ਪੂਰੀ ਤਰ੍ਹਾਂ ਗੈਰ ਜਮਹੂਰੀ, ਬਹੁਤ ਹੀ ਖਰਚੀਲੀਆਂ ਅਤੇ ਲਹੂ ਭਿੱਜੀਆਂ ਬਣਾ ਦਿੱਤਾ ਹੈ। ਭਾਰਤ ਦੇ ਸਭ ਤੋਂ ਪੁਰਾਣੇ ਅਤੇ ਇਕ ਹੱਦ ਤੱਕ ਲੋਕਤੰਤਰੀ ਪ੍ਰਬੰਧ ਦੀ ਯੋਜਨਾਬੱਧ ਢੰਗ ਨਾਲ ਕੀਤੀ ਗਈ ਇਸ ਬਰਬਾਦੀ ਨੇ ਹਰ ਜਮਹੂਰੀ ਅਤੇ ਇਨਸਾਫਪਸੰਦ ਪੰਜਾਬੀ ਨੂੰ ਗੰਭੀਰ ਚਿੰਤਾ ਵਿਚ ਪਾ ਦਿੱਤਾ ਹੈ। ਇਸਦੀ ਰਾਖੀ ਲਈ ਉਹ ਸਾਂਝੇ ਜਤਨ ਕਰਨ ਬਾਰੇ ਸੋਚਣ ਲਈ ਮਜ਼ਬੂਰ ਹੈ। 
ਸੋਚੀ ਸਮਝੀ ਰਣਨੀਤੀ 
ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਪਿਛਲੇ ਕਾਰਜਕਾਰਲ (2007-2012) ਦੇ ਆਖਰੀ ਦਿਨਾਂ ਤੋਂ ਹੀ ਦੁਬਾਰਾ ਸਰਕਾਰ ਬਣਾਉਣ ਲਈ ਸਰਕਾਰੀ ਧੱਕੇਸ਼ਾਹੀ ਅਤੇ ਪੈਸੇ ਦੀ ਦੁਰਵਰਤੋਂ ਕਰਨ ਦਾ ਅਮਾਲ ਆਰੰਭ ਕਰ ਦਿੱਤਾ ਸੀ। ਹਾਕਮਾਂ ਵਲੋਂ ਸਰਕਾਰ ਅਤੇ ਪੁਲਸ ਦੇ ਦਬਾਅ ਅਧੀਨ ਆਪਣੇ ਰਾਜਨੀਤਕ ਵਿਰੋਧੀਆਂ ਦੀ ਰਾਜਸੀ ਵਫਾਦਾਰੀ ਬਦਲਾਉਣ ਲਈ ਇਕ ਜ਼ੋਰਦਾਰ ਮੁਹਿੰਮ ਚਲਾਈ ਗਈ। ਪਿੰਡਾਂ ਦੇ ਪੰਚਾਂ, ਸਰਪੰਚਾਂ, ਸ਼ਹਿਰੀ ਜਨਤਕ ਅਦਾਰਿਆਂ ਦੇ ਚੁਣੇ ਗਏ ਨੁਮਾਇੰਦਿਆਂ ਅਤੇ ਹੋਰ ਪਤਵੰਤੇ ਆਦਮੀਆਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਦਾ ਡਰ ਦੇਕੇ ਅਤੇ ਕੁੱਝ ਇਕ ਨੂੰ ਪਦ ਅਤੇ ਪੈਸਿਆਂ ਦਾ ਲਾਲਚ ਦੇਕੇ ਧੱਕੇ ਨਾਲ ਸਿਰੋਪੇ ਦੇਕੇ ਆਪਣੇ ਵਿਚ ਸ਼ਾਮਲ ਹੋਣ ਦੇ ਐਲਾਨ ਕਰਾਏ ਗਏ। ਅਖਬਾਰਾਂ ਅਤੇ ਇਲੈਕਟਰੋਨਿਕ ਮੀਡੀਏ ਰਾਹੀਂ ਇਹਨਾਂ ਦਲਬਦਲੀਆਂ ਨੂੰ ਆਪਣੀ ਵੱਡੀ ਪ੍ਰਾਪਤੀ ਕਹਿ ਕੇ ਪ੍ਰਚਾਰਿਆ ਗਿਆ। ਇਸ ਮਾਹੌਲ ਵਿਚ ਚੋਣਾਂ ਦਾ ਪੈਸੇ ਅਤੇ ਸਿੱਧੀ ਅਸਿੱਧੀ ਦਲਬਦਲੀ, ਚੋਣਾਂ ਦੇ ਤਕਨੀਕੀ ਪ੍ਰਬੰਧਾਂ ਰਾਹੀਂ ਅਕਾਲੀ-ਭਾਜਪਾ ਗਠਜੋੜ ਨੇ ਜਿੱਤ ਹਾਸਲ ਕਰ ਲਈ। ਕਾਂਗਰਸ ਪਾਰਟੀ ਵਿਚ ਫੈਲੀ ਕੁਰੱਪਸ਼ਨ ਤੇ ਆਪਸੀ ਧੜੇਬਾਜ਼ੀ ਅਤੇ ਖੱਬੀ ਧਿਰ ਵਿਚਕਾਰ ਇਕਜੁੱਟਤਾ ਦੀ ਘਾਟ ਅਤੇ ਕਮਜ਼ੋਰ ਤਾਕਤ ਨੇ ਵੀ ਅਕਾਲੀ-ਭਾਜਪਾ ਸਰਕਾਰ ਦੇ ਦੁਬਾਰਾ ਬਣਨ ਲਈ ਰਾਹ ਪੱਧਰਾ ਕੀਤਾ। 
ਦੁਬਾਰਾ ਸਰਕਾਰ ਬਨਣ ਪਿਛੋਂ ਇਹ ਰਾਜਸੀ ਗਠਜੋੜ ਪੂਰੇ ਹੰਕਾਰ ਅਤੇ ਜਾਗੀਰੂ ਜਲ ਜਲੌ ਨਾਲ ਲੋਕਾਂ ਦੇ ਜਮਹੂਰੀ ਹੱਕਾਂ ਤੇ ਛਾਪਾ ਮਾਰਨ ਦੇ ਰਾਹੇ ਤੁਰ ਪਿਆ। ਸਾਰੇ ਕਾਇਦੇ ਕਾਨੂੰਨ ਛਿੱਕੇ 'ਤੇ ਟੰਗ ਕੇ ਇਸ ਨੇ ਇਕ ਪਾਸੇ ਆਮ ਲੋਕਾਂ 'ਤੇ ਅਨੇਕਾਂ ਆਰਥਿਕ ਬੋਝ ਲੱਦ ਦਿੱਤੇ ਅਤੇ ਦੂਜੇ ਪਾਸੇ ਲੋਕਾਂ ਨੂੰ ਡਰਾਉਣ ਧਮਕਾਉਣ ਅਤੇ ਮੁਕੰਮਲ ਰੂਪ ਵਿਚ ਆਪਣੀ ਈਨ ਮਨਵਾਉਣ ਲਈ ਹਰ ਢੰਗ ਅਪਣਾਉਣਾ ਸ਼ੁਰੂ ਕਰ ਦਿੱਤਾ। ਜਿਲ੍ਹਾ ਪਰੀਸ਼ਦ ਅਤੇ ਸੰਮਤੀ ਚੋਣਾਂ ਤਕ ਹੀ ਇਸਨੇ ਇਸ ਪਾਸੇ ਵੱਲ ਆਪਣੀ ਕਾਫੀ ਮੰਜ਼ਲ ਤਹਿ ਕਰ ਲਈ ਸੀ। ਪੰਚਾਇਤ ਚੋਣਾਂ ਆਰੰਭ ਹੋਣ ਤੱਕ ਇਸਨੇ ਆਪਣੀ ਇਹ ਮੁਹਿੰਮ ਪੂਰੀ ਤਰ੍ਹਾਂ ਸ਼ੁਰੂ ਕਰ ਲਈ ਸੀ। ਪਰ ਫਿਰ ਵੀ ਤਸੱਲੀ ਨਾ ਹੋਣ ਕਰਕੇ ਵਿਰੋਧੀਆਂ ਦੀਆਂ ਦਰਖਾਸਤਾਂ ਰੱਦ ਕਰਨ ਦੇ ਖੁੱਲੇਆਮ ਐਲਾਨ ਕੀਤੇ ਗਏ ਅਤੇ ਕਈ ਉਮੀਦਵਾਰਾਂ ਨੂੰ ਕੋਈ ਇਤਰਾਜ ਨਾ ਹੋਣ ਦੇ ਸਰਟੀਫਿਕੇਟ ਅਤੇ ਚੁੱਲਾ ਟੈਕਸ ਦੀਆਂ ਰਸੀਦਾਂ ਨਾ ਦੇਣ ਦਾ ਅਮਲ ਵੀ ਲਾਗੂ ਕੀਤਾ ਗਿਆ। 
ਇਸ ਦਹਿਸ਼ਤ ਅਤੇ ਧੱਕੇਸ਼ਾਹੀ ਭਰੇ ਮਹੌਲ ਵਿਚ ਵੀ ਕੁੱਝ ਚੰਗੀਆਂ ਗੱਲਾਂ ਵਾਪਰੀਆਂ ਹਨ। ਅਨੇਕਾਂ ਥਾਵਾਂ 'ਤੇ ਲੋਕਾਂ ਨੇ ਦਲੇਰੀ ਅਤੇ ਆਪਸੀ ਨੂੰ ਏਕਤਾ ਦਾ ਸਬੂਤ ਦਿੰਦੇ ਹੋਏ ਇਹਨਾਂ ਧੱਕੇਸ਼ਾਹੀਆਂ ਦਾ ਮੁਕਾਬਲਾ ਕਰਕੇ ਸਰਕਾਰੀ ਹਮਾਇਤ ਪ੍ਰਾਪਤ ਲੋਕਾਂ ਨੂੰ ਪਿੱਛੇ ਹਟਣ ਲਈ ਮਜ਼ਬੂਰ ਕੀਤਾ ਹੈ। ਜਿਥੇ ਕਿਤੇ ਵੀ ਖੱਬੀਆਂ ਧਿਰਾਂ ਦੀ ਦਖਲ ਅੰਦਾਜ਼ੀ ਸੀ, ਉਥੇ ਦਰਖਾਸਤਾਂ ਰੱਦ ਕਰਨ ਦਾ ਹੀਆ ਹੀ ਨਹੀਂ ਕੀਤਾ ਜਾ ਸਕਿਆ। ਕਈ ਥਾਈਂ ਖੱਬੀਆਂ ਧਿਰਾਂ ਨੇ ਆਪਸੀ ਏਕਤਾ ਜਾਂ ਤਾਲਮੇਲ ਰਾਹੀਂ ਠੋਸ ਜਿੱਤਾਂ ਵੀ ਪ੍ਰਾਪਤ ਕੀਤੀਆਂ ਹਨ। ਜਲੰਧਰ ਜਿਲ੍ਹੇ ਦੇ ਵੱਡੇ ਰਾਜਸੀ ਪਿੰਡ ਰੁੜਕਾ ਕਲਾਂ, ਵਿਚ ਸਾਰੀਆਂ ਕਮਿਊਨਿਸਟ ਧਿਰਾਂ ਨੇ ਇਕੱਠੀ ਚੋਣ ਲੜਕੇ ਅਕਾਲੀ-ਕਾਂਗਰਸ ਗਠਜੋੜ ਨੂੰ ਹਰਾਕੇ ਮਹੱਤਵਪੂਰਨ ਜਿੱਤ ਪ੍ਰਾਪਤ ਕੀਤੀ ਹੈ। ਇਸ ਨਾਲ ਵੱਖ ਵੱਖ ਕਮਿਊਨਿਸਟ ਧਿਰਾਂ ਵਿਚ ਏਕਤਾ ਉਸਾਰਨ ਲਈ ਕੀਤੇ ਜਾ ਰਹੇ ਜਤਨਾਂ ਨੂੰ ਕੁੱਝ ਨਾ ਕੁੱਝ ਬਲ ਜ਼ਰੂਰ ਮਿਲੇਗਾ। 
ਇਸ ਚਿੰਤਾਜਨਕ ਅਵਸਥਾ ਦਾ ਪਿਛੋਕੜ
 ਪੰਚਾਇਤੀ ਰਾਜ ਵਿਵਸਥਾ ਦੀ ਇਹ ਦੁਰਦਸ਼ਾ ਇਕ ਦਿਨ ਵਿਚ ਨਹੀਂ ਹੋਈ। ਇਸ ਪਿੱਛੇ ਦੇਸ਼ ਦੀਆਂ ਹਾਕਮ ਜਮਾਤਾਂ ਵਲੋਂ ਹਰ ਅਦਾਰੇ ਵਿਚ ਆਪਣੇ, ਚਹੇਤਿਆਂ ਨੂੰ ਨਿਵਾਜਣ ਦੀ ਲਾਲਸਾ ਹੈ। ਇਸ ਕਰਕੇ ਇਹ ਵਿਵਸਥਾ ਸਹਿਜੇ ਸਹਿਜੇ ਕਮਜ਼ੋਰ ਹੋ ਰਹੀ ਸੀ। ਇਸ ਵਿਚ ਸੁਧਾਰ ਲਿਆਉਣ ਅਤੇ ਇਸਨੂੰ ਮਜ਼ਬੂਤ ਕਰਨ ਦੇ ਦਾਅਵੇ ਨਾਲ ਕੇਂਦਰ ਸਰਕਾਰ ਨੇ ਪੰਚਾਇਤ ਰਾਜ ਪ੍ਰਬੰਧ ਕਾਨੂੰਨ ਪਾਸ ਕੀਤਾ। ਇਸ ਕਾਨੂੰਨ ਰਾਹੀਂ ਸਾਰੇ ਪੰਚਾਇਤੀ ਅਦਾਰਿਆਂ ਦੀਆਂ ਚੋਣਾਂ ਪੰਜ ਸਾਲਾਂ ਪਿਛੋਂ ਕਰਨ ਨੂੰ ਯਕੀਨੀ ਬਣਾਉਣਾ ਅਤੇ ਸੂਬਾਈ ਸਰਕਾਰਾਂ ਵਲੋਂ ਪੇਂਡੂ ਵਿਕਾਸ ਦੇ ਸਾਰੇ ਕੰਮ ਇਹਨਾਂ ਦੇ ਚੁਣੇ ਹੋਏ ਨੁਮਾਇੰਦਿਆਂ ਰਾਹੀਂ ਕਰਾਉਣ ਦੀ ਕਾਨੂੰਨੀ ਵਿਵਸਥਾ ਕੀਤੀ। ਕੁੱਝ ਅਹਿਮ ਕਾਰਜ ਵੀ ਸਰਕਾਰੀ ਅਧਿਕਾਰ ਹੇਠੋ ਕੱਢਕੇ ਇਹਨਾਂ ਅਦਾਰਿਆਂ ਦੇ ਹਵਾਲੇ ਕੀਤੇ ਗਏ। ਇਸ ਤਰ੍ਹਾਂ ਪੰਚਾਇਤਾਂ, ਪੰਚਾਇਤ ਸੰਮਤੀਆਂ ਅਤੇ ਜਿਲ੍ਹਾ ਪਰੀਸ਼ਦਾਂ ਦੀ ਤਿੰਨ ਪੜ੍ਹਾਵੀ (Three Tier) ਵਿਵਸਥਾ ਕਾਇਮ ਕੀਤੀ ਗਈ। 
ਇਸ ਐਕਟ ਅਧੀਨ ਪੰਜਾਬ ਵਿਚ ਸਭ ਤੋਂ ਪਹਿਲੀਆਂ ਪੰਚਾਇਤ ਚੋਣਾਂ ਸ. ਬੇਅੰਤ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਮੇਂ ਹੋਈਆਂ। ਇਹ ਸਰਕਾਰ ਜਿਸਦੇ ਬਹੁਤੇ ਐਮ.ਐਲ.ਏ. ਭਾਵੇਂ ਬਹੁਤ ਹੀ ਥੋੜੀਆਂ ਥੋੜੀਆਂ ਵੋਟਾਂ ਨਾਲ ਚੁਣੇ ਗਏ ਸਨ, ਪੂਰੇ ਜਲਾਲ ਵਿਚ ਸਨ। ਪਰ ਅਫਸੋਸ ਦੀ ਗੱਲ ਹੈ ਕਿ ਇਹਨਾ ਚੋਣਾਂ ਵਿਚ ਵੀ ਉਹਨਾਂ ਵਲੋਂ ਪੂਰੀਆਂ ਧਾਂਦਲੀਆਂ ਕਰਕੇ ਆਪਣੇ ਹਮਾਇਤੀ ਜਿਤਾਏ ਗਏ ਅਤੇ ਵਿਰੋਧੀਆਂ 'ਤੇ ਅੱਤਵਾਦੀ ਹੋਣ ਦਾ ਦੋਸ਼ ਲਾ ਕੇ ਦਰਖਾਸਤਾਂ ਦੇਣ ਤੋਂ ਵੀ ਰੋਕ ਦਿੱਤਾ ਗਿਆ। ਪਰ ਸਭ ਤੋਂ ਵੱਡਾ ਗੁਨਾਹ ਇਹਨਾਂ ਅਦਾਰਿਆਂ ਨੂੰ ਵਿੱਤੀ ਅਤੇ ਪ੍ਰਬੰਧਕੀ ਅਧਿਕਾਰਾਂ ਤੋਂ ਵਾਂਝਿਆ ਰੱਖਕੇ ਕੀਤਾ ਗਿਆ। ਜਿਲ੍ਹਾਂ ਪਰੀਸ਼ਦ ਅਤੇ ਪੰਚਾਇਤ ਸਾਮੰਤੀਆਂ ਰਾਹੀਂ ਪੇਂਡੂ ਵਿਕਾਸ ਲਈ ਪੰਚਾਇਤਾਂ ਨੂੰ ਗਰਾਂਟਾਂ ਦਿੱਤੇ ਜਾਣ ਦੀ ਥਾਂ ਸਾਰਾ ਕੁੱਝ ਪਲੈਨਿੰਗ ਬੋਰਡਾਂ ਦੇ ਅਧੀਨ ਕਰ ਦਿੱਤਾ ਗਿਆ। ਇਹਨਾਂ ਪਲੈਨਿੰਗ ਬੋਰਡਾਂ ਵਿਚ ਇਹਨਾਂ ਅਦਾਰਿਆਂ ਦੇ ਚੁਣੇ ਪ੍ਰਤੀਨਿੱਧਾਂ ਦੀ ਕੋਈ ਪੁੱਛ ਪੜਤਾਲ ਨਹੀਂ ਸੀ। ਸਾਰਾ ਕੁਝ ਐਮ.ਐਲ.ਏ. ਅਤੇ ਅਫਸਰਸ਼ਾਹੀ ਦੇ ਹਵਾਲੇ ਕਰ ਦਿੱਤਾ ਗਿਆ ਸੀ। ਇਹਨਾ ਸਾਰੇ ਅਦਾਰਿਆਂ ਨੂੰ ਚਿੱਟੇ ਹਾਥੀ ਬਣਾ ਦਿੱਤਾ ਗਿਆ। 
ਪੇਂਡੂ ਵਿਕਾਸ ਦੇ ਫੰਡਾਂ ਵਿਚ ਕੁਰੱਪਸ਼ਨ ਲਈ ਦਰਵਾਜ਼ੇ ਪੂਰੀ ਤਰ੍ਹਾਂ ਖੋਲ ਦਿੱਤੇ ਗਏ। ਪੇਂਡੂ ਵਿਕਾਸ ਦੇ ਤਤਕਾਲੀ ਮੰਤਰੀ ਨੇ ਸਾਰੇ ਕਾਨੂੰਨ ਛਿੱਕੇ 'ਤੇ ਟੰਗਕੇ ਪੰਚਾਇਤਾਂ ਦੇ ਸਰਪੰਚਾਂ ਨਾਲ ਸਿੱਧੇ ਸੰਪਰਕ ਸਥਾਪਤ ਕਰਕੇ ਆਪਣੀ ਹਿੱਸੇਦਾਰੀ ਸੁਰੱਖਿਅਤ ਕਰ ਲਈ। ਬੀ.ਡੀ.ਓ. ਅਤੇ ਉਹਨਾਂ ਦਾ ਅਮਲਾ ਵੀ ਗਰਾਂਟਾਂ ਦਾ ਵੱਡਾ ਹਿੱਸਾ ਵੰਡਾ ਲੈਂਦਾ ਸੀ ਬਾਕੀ ਜੋ ਬਚਦਾ ਉਸਤੇ ਸਰਪੰਚ ਆਪਣਾ ਹੱਕ ਸਮਝਦਾ ਅਤੇ ਮਨਮਰਜ਼ੀ ਨਾਲ ਉਸਦੀ ਵਰਤੋਂ ਕਰਦਾ। 
1997-2002 ਵਿਚ ਬਣੀ ਅਕਾਲੀ ਸਰਕਾਰ ਨੇ ਇਸ ਨੂੰ ਹੋਰ ਸਾਹਸਤਹੀਣ ਕਰਨ ਲਈ ਇਕ ਨਵਾਂ ਮੀਲ ਪੱਥਰ ਗੱਡਿਆ। ਉਸਨੇ ਪ੍ਰੀਜਾਈਡਿੰਗ ਅਫਸਰਾਂ ਪਾਸ ਮੌਕੇ ਤੇ ਨਾਮਜ਼ਦਗੀਆਂ ਭਰਨ ਦੀ ਥਾਂ ਬਲਾਕ ਦੀਆਂ ਪੰਚਾਇਤਾਂ ਦਾ ਰੀਟਰਨਿੰਗ ਅਫਸਰ ਬਣਾ ਦਿੱਤਾ। ਇਸ ਆਪਹੁਦਰੇ ਅਤੇ ਤਾਨਾਸ਼ਾਹੀ ਢੰਗ ਨਾਲ ਵਿਰੋਧੀਆਂ ਦੀਆਂ ਨਾਮਜ਼ਦਗੀਆਂ ਥੋਕ ਵਿਚ ਰੱਦ ਕਰਕੇ ਆਪਣੇ ਆਦਮੀ ਬਿਨਾਂ ਮੁਕਾਬਲੇ ਜਿਤਾ ਲਏ। ਇਸ ਤਰ੍ਹਾਂ ਪਿੰਡਾਂ ਦੇ ਲੋਕਾਂ ਦੀ ਹਮਾਇਤ ਤੋਂ ਕੋਰੇ ਸਰਕਾਰੀ ਥਾਪੜੇ ਨਾਲ ਬਣਾਏ ਸਰਪੰਚਾਂ ਦੀ ਇਕ ਵੱਡੀ ਫੌਜ ਤਿਆਰ ਹੋ ਗਈ। ਅਜਿਹੇ ਲੋਕ ਜੋ ਪਿੰਡਾਂ ਦੇ ਲੋਕਾਂ ਤੋਂ ਬੇਮੁਖ ਅਤੇ ਗੈਰ ਜ਼ਿੰਮੇਵਾਰ ਸਨ ਨੇ ਫੰਡਾਂ ਵਿਚ ਕੁਰੱਪਸ਼ਨ ਕਰਨ ਅਤੇ ਲੋਕਾਂ ਨਾਲ ਧੱਕੇ ਕਰਨ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ। ਪੰਚਾਇਤ ਤੋਂ ਉਪਰਲੇ ਅਦਾਰਿਆਂ ਭਾਵ ਸੰਮਤੀਆਂ ਅਤੇ ਜ਼ਿਲ੍ਹਾ ਪਰੀਸ਼ਦਾਂ ਨੂੰ ਹੋਰ ਸਹੂਲਤ ਹੀਨ ਕਰ ਦਿੱਤਾ ਗਿਆ। ਉਹਨਾਂ ਦੇ ਨੁਮਾਇੰਦੇ ਵੀ ਪਹਿਲਾਂ ਨਾਲੋਂ ਵੱਧ ਆਪਣੇ ਹੱਥਠੋਕੇ ਬਣਾ ਲਏ ਗਏ। 
2002 ਤੋਂ 2007 ਵਿਚਲੀ ਸ. ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਇਹਨਾਂ ਅਦਾਰਿਆਂ ਦੀਆਂ ਚੋਣਾਂ ਅਤੇ ਫੰਡਾਂ ਦੀ ਵਰਤੋਂ ਅਤੇ ਇਹਨਾਂ ਦੀ ਕਾਰਜਵਿਧੀ ਵਿਚ ਕੋਈ ਲੋਕ ਪੱਖੀ ਅਤੇ ਜਮਹੂਰੀ ਸੁਧਾਰ ਕਰਨ ਦੀ ਥਾਂ ਇਹਨਾਂ ਨਾਂਹ ਪੱਖੀ ਅਮਲਾਂ ਨੂੰ ਹੋਰ ਤੇਜ਼ ਕੀਤਾ। ਚੋਣਾਂ ਵਿਚ ਧਾਂਦਲੀਆਂ, ਧੱਕੇਸ਼ਾਹੀਆਂ ਅਤੇ ਫੰਡਾਂ ਵਿਚ ਭਰਿਸ਼ਟਾਚਾਰ ਵਿਚ ਹੋਰ ਤਿੱਖਾਪਨ ਲਿਆਂਦਾ ਗਿਆ। 
2007 ਵਿਚ ਬਣੀ ਅਕਾਲੀ-ਭਾਜਪਾ ਸਰਕਾਰ ਵਿਚ ਨਵੇਂ ਨੌਜਵਾਨ ਆਗੂਆਂ ਸੁਖਬੀਰ ਬਾਦਲ-ਮਜੀਠੀਆ ਆਦਿ ਵਰਗੇ ਸ਼ਕਤੀਸ਼ਾਲੀ ਗਰੁੱਪਾਂ ਅੱਗੇ ਆਏ। ਇਹ ਗੁੱਟ ਛੇਤੀ ਨਾਲ ਰਾਜਸੀ ਸ਼ਕਤੀ ਦੀ ਸਿਖਰ 'ਤੇ ਪੁੱਜਣ ਵਾਸਤੇ ਆਪਣੇ ਧੱਕੜ ਅਤੇ ਗੈਰਜਮਹੂਰੀ ਢੰਗ ਤਰੀਕਿਆਂ ਰਾਹੀਂ ਪੰਜਾਬ ਦੇ ਸਾਰੇ ਆਰਥਕ ਖੇਤਰਾਂ ਵਿਚ ਆਪਣਾ ਅਤੇ ਆਪਣੇ ਪੱਕੇ ਹਮਾਇਤੀਆਂ ਦਾ ਕਬਜ਼ਾ ਕਰ ਲੈਣ ਲਈ ਹਰ ਹਰਬਾ ਵਰਤਣ ਲਈ ਤਤਪਰ ਸਨ। ਇਹਨਾਂ ਦੀ ਆਮਦ ਨਾਲ ਪੰਜਾਬ ਦੀ ਸਮੁੱਚੀ ਰਾਜਨੀਤਕ ਅਵਸਥਾ, ਸਮੇਤ ਪੰਚਾਇਤੀ ਰਾਜ ਸੰਸਥਾਵਾਂ, ਵਿਚ ਵਿਗਾੜ ਹੋਰ ਤਿੱਖੇ ਹੋ ਗਏ। 2012 ਵਿਚ ਸਰਕਾਰ ਦੁਬਾਰਾ ਬਣਨ ਦਾ ਸਿਹਰਾ ਵੀ ਆਪਣੀ ਤਕਨੀਕੀ ਹੁਨਰਮੰਦੀ ਅਤੇ ਪੈਸੇ ਵਾਲੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕਲਾ ਨੂੰ ਮੰਨਦੇ ਹਨ। ਇਸ ਲਈ ਇਹਨਾਂ ਵਿਚ ਹੰਕਾਰ ਅਤੇ ਧੱਕੇ ਦੀ ਰੁਚੀ ਦਾ ਵਧਣਾ ਸੁਭਾਵਕ ਸੀ। ਇਸ ਮਾਨਸਿਕਤਾ ਵਿਚੋਂ ਅਕਾਲੀ-ਭਾਜਪਾ ਸਰਕਾਰ ਵਲੋਂ ਪੰਚਾਇਤੀ ਚੋਣਾਂ ਵਿਚ ਕੀਤੇ ਧੱਕਿਆਂ ਅਤੇ ਧਾਂਦਲੀਆਂ ਨੂੰ ਸਮਝਣਾ ਚਾਹੀਦਾ ਹੈ। ਇਹਨਾਂ ਧੱਕਿਆਂ ਅਤੇ ਬੇਇਨਸਾਫੀਆਂ ਦਾ ਹੋਰ ਵਧੇਰੇ ਕਰੂਪ ਚਿਹਰਾ ਆਉਣ ਵਾਲੀਆਂ ਮਿਊਂਸਪਲ ਕਮੇਟੀਆਂ ਅਤੇ ਕਾਰਪੋਰੇਸ਼ਨ ਦੀਆਂ ਚੋਣਾਂ ਵਿਚ ਵੇਖਣ ਵਿਚ ਮਿਲੇਗਾ। 
ਇਹਨਾਂ ਪੰਚਾਇਤ ਚੋਣਾਂ ਵਿਚ ਹੋਈਆਂ ਧੱਕੇਸ਼ਾਹੀਆਂ ਦੀ ਭਿਆਨਕਤਾ ਅਤੇ ਜਮਹੂਰੀ ਕਦਰਾਂ ਕੀਮਤਾਂ ਵਿਚ ਆਏ ਨਿਘਾਰ ਬਾਰੇ ਅਨੇਕਾਂ ਅਖਬਾਰਾਂ ਨੇ ਵੀ ਲਿਖਿਆ ਹੈ। ''ਪੰਜਾਬੀ ਟ੍ਰਿਬਿਊਨ'' ਨੇ ਆਪਣੇ 4 ਜੁਲਾਈ ਦੇ ਸੰਪਾਦਕੀ ਵਿਚ ਲਿਖਿਆ ਹੈ : ''ਉਮੀਦਵਾਰਾਂ ਵਲੋਂ ਵੋਟਰਾਂ ਨੂੰ ਰਿਝਾਉਣ ਲਈ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵੱਡੀ ਪੱਧਰ 'ਤੇ ਵਰਤੋਂ, ਔਰਤਾਂ ਲਈ ਸੂਟ, ਬੱਚਿਆਂ ਲਈ ਠੰਡੇ ਅਤੇ ਮਠਿਆਈਆਂ, ਘਰਾਂ ਲਈ ਟੀ.ਵੀ., ਫਰਿਜ਼, ਏ.ਸੀ. ਇਨਵਾਰਟਰ ਆਦਿ ਇਹਨਾਂ ਚੋਣਾਂ ਵਿਚ ਪਹਿਲੀ ਵਾਰ ਐਡੀ ਵੱਡੀ ਪੱਧਰ 'ਤੇ ਲੋਕਾਂ ਦੀ ਜ਼ਮੀਰ ਨੂੰ ਖਰੀਦਣ ਲਈ ਦਿੱਤੇ ਗਏ। ਜਾਇਜ਼ੀ ਨਜ਼ਾਇਜ਼ੀ ਹਥਿਆਰਾਂ ਨਾਲ ਲੋਕਾਂ ਨੂੰ ਡਰਾਉਣ-ਧਮਕਾਉਣ ਦਾ ਸਿਲਸਿਲਾ ਵੀ ਵੱਡੀ ਪੱਧਰ 'ਤੇ ਵੇਖਣ ਵਿਚ ਮਿਲਿਆ ਹੈ। ਵੋਟ ਦੀ ਕੀਮਤ 2500 ਤੋਂ 10,000 ਰੁਪਏ ਤੱਕ ਦਿੱਤੇ ਜਾਣ ਦੀਆਂ ਖਬਰਾਂ ਹਨ। ਚੋਣ ਕਮਿਸ਼ਨ ਵਲੋਂ ਤਹਿ ਕੀਤੀ ਗਈ ਹੱਦ ਤੋਂ ਕਿਤੇ ਵੱਧ 10 ਲੱਖ ਤੋਂ ਲੈ ਕੇ ਕਰੋੜ ਰੁਪਏ ਖਰਚ ਕੀਤੇ ਜਾਣ ਦੇ ਅੰਦਾਜ਼ੇ ਹਨ। ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਬੇਵਸ ਹੋਇਆ ਜਾਪਦਾ ਹੈ। ਇਹਨਾਂ ਚੋਣਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੇਂਡੂ ਜਮਹੂਰੀਅਤ ਨੂੰ ਵੀ ਧਨ ਕੁਬੇਰਾਂ ਅਤੇ ਬਾਹੂਬਲੀਆਂ ਨੇ ਆਪਣੀ ਗ੍ਰਿਫਤ ਵਿਚ ਲੈ ਲਿਆ ਹੈ। ਸਮੁੱਚੀ ਜਮਹੂਰੀ ਚੋਣ ਪ੍ਰਕਿਰਿਆ ਹੀ ਤਹਿਸ ਨਹਿਸ ਹੋ ਕੇ ਰਹਿ ਗਈ ਹੈ ਅਤੇ ਲੋਕ ਤੰਤਰੀ ਭਾਵਨਾ ਦਾ ਖਾਤਮਾ ਹੋ ਗਿਆ ਜਾਪਦਾ ਹੈ।''
ਸਰਮਾਏਦਾਰੀ ਪ੍ਰਬੰਧ ਦਾ ਮੰਤਕੀ ਸਿੱਟਾ 
ਆਮ ਆਦਮੀ ਕਈ ਵਾਰ ਇਸ ਗੱਲ ਤੋਂ ਹੈਰਾਨ ਹੁੰਦਾ ਹੈ ਕਿ ਦੇਸ਼ ਦੇ ਹਾਕਮ ਆਪਣੇ ਵਲੋਂ ਸਥਾਪਤ ਕੀਤੀ ਸਰਮਾਏਦਾਰ ਜਮਹੂਰੀਅਤ ਨੂੰ ਵੀ ਕਿਉਂ ਤਹਿਸ ਨਹਿਸ ਕਰ ਰਹੇ ਹਨ। ਪਰ ਅਸਲ ਵਿਚ ਇਹ ਪ੍ਰਕਿਰਿਆ ਇਸ ਪ੍ਰਬੰਧ ਵਲੋਂ ਕੀਤੀ ਲੁੱਟ ਖਸੁੱਟ ਦਾ ਹੀ ਮੰਤਕੀ ਸਿੱਟਾ ਹੈ। ਇਹਨਾਂ ਹਾਕਮਾਂ ਨੇ ਇਹ ਜਮਹੂਰੀਅਤ ਓਨਾ ਚਿਰ ਕਾਇਮ ਰੱਖਣੀ ਹੁੰਦੀ ਹੈ ਜਿੰਨਾ ਚਿਰ ਉਹ ਇਸਨੂੰ ਆਪਣੇ ਹਿੱਤਾਂ ਦੀ ਪੂਰਤੀ ਲਈ ਵਰਤ ਸਕਦੇ ਹਨ। ਇਸ ਮੰਤਵ ਲਈ ਉਹ ਇਸਨੂੰ ਸਹਿਜੇ ਸਹਿਜੇ ਛਾਂਗਦੇ ਰਹਿੰਦੇ ਹਨ ਅਤੇ ਇਸਨੂੰ ਅੰਦਰੋਂ ਕਮਜ਼ੋਰ ਕਰਦੇ ਜਾਂਦੇ ਹਨ। ਉਹਨਾ ਦੇ ਗੈਰ ਜਮਹੂਰੀ ਕਦਮਾਂ ਦੀ ਤੇਜ਼ੀ ਅਤੇ ਤੀਖਣਤਾ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਉਹ ਵਿਰੋਧ ਦੇ ਕਿਸ ਦੌਰ ਵਿਚੋਂ ਗੁਜ਼ਰ ਰਹੇ ਹਨ। ਜੇ ਇਹ ਵਿਰੋਧ ਉਹਨਾਂ ਦੇ ਅੰਦਰਲੇ ਹਨ - ਭਾਵ ਦੋ ਵੱਖ ਵੱਖ ਸਰਮਾਏਦਾਰ-ਜਗੀਰਦਾਰ ਗਰੁੱਪਾਂ ਦੇ ਅੰਤਰ ਵਿਰੋਧ ਹਨ ਤਾਂ ਇਹਨਾਂ ਦੀ ਰਫਤਾਰ ਅਤੇ ਤੀਖਣਤਾ ਘੱਟ ਹੋਵੇਗੀ ਅਤੇ ਉਹ ਇਕ ਪੱਧਰ ਤੋਂ ਅੱਗੇ ਨਹੀਂ ਜਾਣਗੇ। ਪਰ ਜੇ ਹਾਕਮਾਂ ਦਾ ਵਿਰੋਧ ਉਹਨਾਂ ਦੇ ਜਮਾਤੀ ਦੁਸ਼ਮਨਾਂ ਨਾਲ ਹੋਵੇ ਭਾਵ ਦੇਸ਼ ਦੀ ਮਜ਼ਦੂਰ ਜਮਾਤ ਅਤੇ ਹੋਰ ਕਿਰਤੀ ਲੋਕ ਉਹਨਾਂ ਲਈ ਵੰਗਾਰ ਪੈਦਾ ਕਰ ਰਹੇ ਹੋਣ ਤਾਂ ਇਹਨਾਂ ਹਮਲਿਆਂ ਦੀ ਰਫਤਾਰ ਅਤੇ ਤੀਖਣਤਾ ਬਹੁਤ ਤੇਜ਼ ਹੋਵੇਗੀ। ਭਾਰਤ ਦੇ ਹਾਕਮਾਂ ਦਾ ਅਜੇ ਆਪਸੀ ਵਿਰੋਧ ਹੀ ਹੈ। ਮਜ਼ਦੂਰ ਜਮਾਤ ਵਲੋਂ ਇਸਨੂੰ ਅਜੇ ਕੋਈ ਵੱਡੀ ਵੰਗਾਰ ਨਹੀਂ ਹੈ। ਅਜੇ ਵੱਖ ਵੱਖ ਹਾਕਮ ਜਮਾਤਾਂ ਦੇ ਗੁੱਟ ਦੇਸ਼ ਦੇ ਕੁਦਰਤੀ ਸਾਧਨਾਂ ਅਤੇ ਹੋਰ ਕੌਮੀ ਦੌਲਤ ਵਿਚ ਆਪਣਾ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੁੰਦੇ ਹਨ ਪਰ ਇਹ ਤਾਂ ਹੀ ਸੰਭਵ ਹੈ ਜੇ ਉਹਨਾਂ ਦਾ ਧੜਾਂ ਰਾਜਸੀ ਪਾਰਟੀਆਂ ਦੇ ਰੂਪ ਵਿਚ ਰਾਜਸੱਤਾ 'ਤੇ ਕਾਬਜ਼ ਹੋਵੇ। ਇਸ ਕਬਜ਼ੇ ਦੀ ਲੜਾਈ ਵਿਚ ਪੈਸਾ ਅਤੇ ਬਾਹੂਬਲ ਉਹਨਾਂ ਦੇ ਮੁੱਖ ਹਥਿਆਰ ਹਨ। ਅੰਨ੍ਹਾ ਪੈਸਾ ਅਤੇ ਬਾਹੂਬਲ ਜਮਹੂਰੀਅਤ ਦੇ ਜਾਨੀ ਦੁਸ਼ਮਣ ਹਨ। ਜਦੋਂ ਦੇਸ਼ ਦੀ ਰਾਜਸੱਤਾ ਵਿੱਤੀ ਸਰਮਾਏ ਦੇ ਸ਼ਿਕੰਜੇ ਵਿਚ ਆਉਂਦੀ ਹੈ ਤਾਂ ਜਮਹੂਰੀਅਤ ਉਪਰ ਹਮਲੇ ਹੋਰ ਤਿੱਖੇ ਹੋ ਜਾਂਦੇ ਹਨ। ਵਿਤੀ ਸਰਮਾਏ ਦੀਆਂ ਲੋੜਾਂ ਅਨੁਸਾਰ ਘੜੀਆਂ ਨਵਉਦਾਰਵਾਦੀ ਨੀਤੀਆਂ ਦੇਸ਼ ਦੇ ਕੁਲ ਆਰਥਕ ਅਤੇ ਮਨੁੱਖੀ ਵਸੀਲਿਆਂ ਦੀ ਲੁੱਟ ਲਈ ਦਰਵਾਜ਼ੇ ਚੌੜ ਚੁਪੱਟੇ ਖੁੱਲ੍ਹ ਜਾਂਦੇ ਹਨ। ਇਸ ਨਾਲ ਰਾਜ ਸੱਤਾ 'ਤੇ ਕਬਜ਼ੇ ਦੀ ਲੜਾਈ ਵੀ ਤਿੱਖੀ ਹੋ ਜਾਂਦੀ ਹੈ ਜਿਸ ਲਈ ਹਾਕਮ ਜਮਾਤਾਂ ਦੇ ਸਾਰੇ ਗੁੱਟ ਵੱਧ ਤੋਂ ਵੱਧ ਗੈਰ ਜਮਹੂਰੀ ਅਤੇ ਕੁਰੱਪਟ ਢੰਗ ਅਪਣਾਉਂਦੇ ਹਨ। 
ਕੇਂਦਰ ਵਿਚ ਕਾਂਗਰਸ ਪਾਰਟੀ ਦੇ ਰਾਜ ਵਿਚ ਜਮਹੂਰੀ ਅਮਲ ਤੇ ਕੀਤੇ ਜਾ ਰਹੇ ਹਮਲੇ ਆਪਣੇ ਗੁੱਟੇ ਦੇ ਰਾਜਸੱਤਾ 'ਤੇ ਕਬਜ਼ਾ ਜਮਾਈ ਰੱਖਣ ਲਈ ਹਨ। ਇਸੇ ਤਰ੍ਹਾਂ ਪੰਜਾਬ ਵਿਚ ਮੌਜੂਦਾ ਸਰਕਾਰ ਵਲੋਂ ਅਪਣਾਏ ਗਏ ਹੱਥਕੰਡੇ ਆਪਣੀ ਰਾਜਸੱਤਾ ਨੂੰ ਮਜ਼ਬੂਤ ਕਰਨ ਲਈ  ਹਨ। 
ਜਦੋਂ ਸਰਮਾਏਦਾਰ ਹਾਕਮਾਂ ਨੂੰ ਜਥੇਬੰਦ ਹੋਈ ਮਜ਼ਦੂਰ ਜਮਾਤ ਵਲੋਂ ਬੱਝਵੀਂ ਅਤੇ ਮਜ਼ਬੂਤ ਵੰਗਾਰ ਮਿਲਦੀ ਹੈ ਅਤੇ ਉਹ ਆਪਣੇ ਜਮਾਤੀ ਰਾਜ ਨੂੰ ਹੀ ਖਤਰਾ ਪੈਦਾ ਹੋਇਆ ਵੇਖਦੇ ਹਨ ਤਾਂ ਉਹ ਆਪਣੀਆਂ ਸਾਰੀਆਂ ਸ਼ਰਮਾਂ ਲਾਹਕੇ ਫੌਜ ਦੀ ਵਰਤੋਂ ਸਮੇਤ ਸਾਰੇ ਸਾਧਨਾਂ ਨਾਲ ਜਮਹੂਰੀ ਅਮਲ ਅਤੇ ਕਿਰਤੀ ਲੋਕਾਂ 'ਤੇ ਹਮਲਾ ਕਰਦੇ ਹਨ। ਇਸ ਕੰਮ ਲਈ ਉਹ ਲੋਕਾਂ ਦੇ ਖੂਨ ਦੇ ਦਰਿਆ ਵਗਾ ਦਿੰਦੇ ਹਨ। 1965 ਵਿਚ ਇੰਡੋਨੇਸ਼ੀਆ ਅਤੇ 1973 ਵਿਚ ਚਿੱਲੀ ਵਿਚ ਵਾਪਰੇ ਖੂਨੀ ਕਾਂਡ ਹਾਕਮਾਂ ਦੇ ਦੇਸ਼ ਦੇ ਜਮਹੂਰੀ ਅਮਲ ਅਤੇ ਕਿਰਤੀ ਲੋਕਾਂ ਤੇ ਖੂਨਖਾਰ ਹਮਲੇ ਦਾ ਹੀ ਸਿੱਟਾ ਸਨ। 
ਪੰਜਾਬ ਦੇ ਕਿਰਤੀ, ਜਮਹੂਰੀ ਅਤੇ ਦੇਸ਼ ਭਗਤ ਲੋਕਾਂ ਨੂੰ ਸਾਡੀ ਪੁਰਜ਼ੋਰ ਅਪੀਲ ਹੈ ਕਿ ਉਹ ਸਰਕਾਰ ਦੇ ਇਹਨਾਂ ਗੈਰਜਮਹੂਰੀ ਕਦਮਾਂ ਤੋਂ ਨਿਰਾਸ਼ ਅਤੇ ਹਤਾਸ਼ ਨਾ ਹੋਣ। ਸਗੋਂ ਜਥੇਬੰਦ ਹੋ ਕੇ ਜਮਹੂਰੀਅਤ ਦੀ ਰਾਖੀ ਲਈ ਅੱਗੇ ਆਉਣ। ਜਮਹੂਰੀਅਤ ਦੀ ਰਾਖੀ ਲਈ ਇਕ ਵਿਸ਼ਾਲ ਅਤੇ ਮਜ਼ਬੂਤ ਲੋਕ ਲਹਿਰ ਉਸਾਰਨੀ ਚਾਹੀਦੀ ਹੈ। ਕਿਰਤੀ ਲੋਕਾਂ, ਉਹਨਾਂ ਦੀਆਂ ਜਨਤਕ ਜਥੇਬੰਦੀਆਂ ਅਤੇ ਇਹਨਾਂ ਦੀਆਂ ਰਾਜਸੀ ਪਾਰਟੀਆਂ ਨੂੰ ਅੱਗੇ ਲੱਗਣਾ ਪਵੇਗਾ। ਸਾਨੂੰ ਪੂਰੀ ਆਸ ਹੈ ਕਿ ਹਾਕਮਾਂ ਦੇ ਹਰ ਤਰ੍ਹਾਂ ਦੇ ਹਮਲਿਆਂ ਦਾ ਮੁਕਾਲਬਾ ਕਰਨ ਦੀਆਂ ਸ਼ਾਨਦਾਰ ਰਵਾਇਤਾਂ ਦੇ ਮਾਲਕ ਪੰਜਾਬੀ ਜਮਹੂਰੀਅਤ ਦੀ ਰਾਖੀ ਕਰਨ ਵਿਚ ਵੀ ਸਮਰੱਥ ਹੋਣਗੇ।