Sunday, 1 March 2015

ਸੀ.ਪੀ.ਐਮ.ਪੰਜਾਬ ਦੀ ਚੌਥੀ ਜਥੇਬੰਦਕ ਕਾਨਫਰੰਸ ਦੀ ਮਹੱਤਤਾ

ਸੰਪਾਦਕੀ

ਦੇਸ਼ ਤੇ ਪੰਜਾਬ ਦੀਆਂ ਮੌਜੂਦਾ ਰਾਜਨੀਤਕ ਤੇ ਆਰਥਿਕ ਅਵਸਥਾਵਾਂ ਨੂੰ ਠੀਕ ਸੰਦਰਭ ਵਿਚ ਸਮਝਣ ਅਤੇ ਇਨਕਲਾਬੀ ਦਰਿਸ਼ਟੀ ਤੋਂ ਇਨ੍ਹਾਂ ਵਿਚ ਦਖਲ ਅੰਦਾਜ਼ੀ ਕਰਦਿਆਂ ਖੱਬੀ ਤੇ ਜਮਹੂਰੀ ਲਹਿਰ ਨੂੰ ਮਜ਼ਬੂਤ ਕਰਨ ਹਿੱਤ ਸੀ.ਪੀ.ਐਮ.ਪੰਜਾਬ 5-8 ਅਪ੍ਰੈਲ 2015 ਨੂੰ ਪਠਾਨਕੋਟ ਵਿਖੇ ਆਪਣੀ ਸੂਬਾਈ ਜਥੇਬੰਦਕ ਕਰ ਰਹੀ ਹੈ। ਇਸ ਕਾਨਫਰੰਸ ਵਿਚ ਸੀ.ਪੀ.ਐਮ.ਪੰਜਾਬ ਨੂੰ ਪੰਜਾਬ ਦੇ ਸਮੁੱਚੇ ਕਿਰਤੀਆਂ ਤੇ ਹੋਰ ਮਿਹਨਤਕਸ਼ ਲੋਕਾਂ ਦੀ ਇਕ ਭਰੋਸੇਯੋਗ ਤੇ ਮਜ਼ਬੂਤ ਰਾਜਨੀਤਕ ਧਿਰ ਵਜੋਂ ਸਥਾਪਤ ਹੋਣ ਲਈ ਗੰਭੀਰ ਵਿਚਾਰ ਵਟਾਂਦਰਾ ਕਰਦਿਆਂ ਠੋਸ ਜਥੇਬੰਦਕ ਫੈਸਲੇ ਲਏ ਜਾਣਗੇ ਅਤੇ ਕੇਂਦਰੀ ਤੇ ਸੂਬਾਈ ਸਰਕਾਰਾਂ ਦੀਆਂ ਲੋਕ ਦੋਖੀ ਨੀਤੀਆਂ ਦਾ ਵਿਰੋਧ ਕਰਦਿਆਂ ਲੋਕ ਹਿਤਾਂ ਦੀ ਵਧੇਰੇ ਪਹਿਰੇਬਰਦਾਰੀ ਕਰਨ ਦੀ ਯੋਜਨਾਬੰਦੀ ਕੀਤੀ ਜਾਵੇਗੀ। ਸੂਬਾਈ ਕਾਨਫਰੰਸ ਤੋਂ ਪਹਿਲਾਂ ਪਾਰਟੀ ਦੀਆਂ ਮੁਢਲੀਆਂ ਇਕਾਈਆਂ ਤੋਂ ਲੈ ਕੇ ਜ਼ਿਲ੍ਹਾ ਪੱਧਰ ਦੀਆਂ ਜਥੇਬੰਦਕ ਕਾਨਫਰੰਸਾਂ ਕੀਤੀਆਂ ਗਈਆਂ ਹਨ ਅਤੇ ਲੋਕਾਂ ਨਾਲ ਸਬੰਧਤ ਮੁੱਦਿਆਂ ਦੀ ਨਿਸ਼ਾਨਦੇਹੀ ਕਰਕੇ ਢੁਕਵੇਂ ਸੰਘਰਸ਼ ਲਾਮਬੰਦ ਕਰਨ ਬਾਰੇ ਸਹੀ ਫੈਸਲੇ ਲਏ ਗਏ ਹਨ। ਪਾਰਟੀ ਜਥੇਬੰਦੀ ਨੂੰ ਮਜ਼ਬੂਤ ਕਰਨ ਹਿਤ ਵੱਖ ਵੱਖ ਪੱਧਰਾਂ ਉਪਰ ਪਾਰਟੀ ਕਮੇਟੀਆਂ ਦੀ ਚੋਣ ਵੀ ਕੀਤੀ ਗਈ ਹੈ ਅਤੇ ਸੂਬਾ ਕਾਨਫਰੰਸਾਂ ਲਈ ਡੈਲੀਗੇਟ ਚੁਣੇ ਗਏ ਹਨ। ਸੂਬਾ ਕਾਨਫਰੰਸ ਵਿਚ 4 ਦਿਨਾਂ ਦੀ ਬਹਿਸ ਉਪਰੰਤ ਰਾਜਨੀਤਕ ਤੇ ਜਥੇਬੰਦਕ ਮਤੇ ਪਾਸ ਕਰਕੇ ਸੀ.ਪੀ.ਐਮ.ਪੰਜਾਬ ਦੀ ਭਵਿੱਖੀ ਰਣਨੀਤੀ ਤੈਅ ਕੀਤੀ ਜਾਏਗੀ ਅਤੇ ਨਵੀਂ ਸੂਬਾਈ ਕਮੇਟੀ ਤੇ ਕੰਟਰੋਲ ਕਮੀਸ਼ਨ ਦੀ ਚੋਣ ਹੋਵੇਗੀ।
ਇਸ ਕਾਨਫਰੰਸ ਦੀ ਮਹੱਤਤਾ ਅਜੋਕੇ ਸਮੇਂ ਵਿਚ ਹੋਰ ਵੀ ਵੱਧ ਜਾਂਦੀ ਹੈ, ਜਦੋਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਇਕ ਪਾਸੇ ਸਾਮਰਾਜ ਨਾਲ ਯੁਧਨੀਤਕ ਸਾਂਝਾ ਅਤੇ ਦੇਸ਼ ਦੇ ਕੁਦਰਤੀ ਖਜ਼ਾਨੇ, ਕਿਰਤ ਸ਼ਕਤੀ ਤੇ ਭਾਰਤੀ ਮੰਡੀ ਨੂੰ ਵਿਦੇਸ਼ੀ ਧਾੜਵੀਆਂ ਹਵਾਲੇ ਕੀਤਾ ਜਾ ਰਿਹਾ ਹੈ ਤੇ ਦੂਜੇ ਬੰਨ੍ਹੇ ਫਿਰਕੂ ਪੱਤਾ ਖੇਡ ਕੇ ਦੇਸ਼ ਨੂੰ ਇਕ ਧਰਮ ਅਧਾਰਤ 'ਹਿੰਦੂ ਰਾਸ਼ਟਰ' ਬਣਾਉਣ ਦੀਆਂ ਸਿੱਧੀਆਂ ਕੋਸ਼ਿਸ਼ਾਂ ਤੇ ਐਲਾਨ ਕੀਤੇ ਜਾ ਰਹੇ ਹਨ। ਕਾਰਪੋਰੇਟ ਘਰਾਣਿਆਂ ਦੇ ਹਿਤਾਂ ਦੇ ਅਨੁਰੂਪ ਅਪਣਾਈਆਂ ਜਾ ਰਹੀਆਂ ਇਨ੍ਹਾਂ ਨੀਤੀਆਂ ਸਦਕਾ ਲੋਕਾਂ ਦੀਆਂ ਤੰਗੀਆਂ, ਗਰੀਬੀ, ਬੇਕਾਰੀ, ਮਹਿੰਗਾਈ, ਕੁਪੋਸ਼ਨ ਆਦਿ ਵਿਚ ਭਾਰੀ ਵਾਧਾ ਹੋਵੇਗਾ ਤੇ ਸਮੁੱਚਾ ਧਰਮ ਨਿਰਪੱਖ ਸਮਾਜਿਕ ਤਾਣਾ-ਬਾਣਾ ਉਲਝੇਗਾ। ਮੋਦੀ ਸਰਕਾਰ ਆਪਣੇ ਖਤਰਨਾਕ ਮਨਸੂਬਿਆਂ ਨੂੰ ਸਿਰੇ ਚਾੜ੍ਹਨ ਲਈ ਹਰ ਗੈਰ ਜਮਹੂਰੀ ਢੰਗ ਇਸਤੇਮਾਲ ਕਰ ਰਹੀ ਹੈ ਤੇ ਸਮੁੱਚੀ ਦਬਾਊ ਮਸ਼ੀਨਰੀ ਨੂੰ ਹੋਰ ਤਿੱਖਾ ਕਰਕੇ 'ਬੇਤਰਸ' ਤੇ 'ਜ਼ਾਲਮ' ਬਣਾ ਰਹੀ ਹੈ। ਦੇਸ਼ ਦੀ ਇਹੋ ਜਿਹੀ ਅਵਸਥਾ ਤੇ ਹੁਕਮਰਾਨਾਂ ਦੀ ਪਹੁੰਚ ਸਾਮਰਾਜੀ ਲੁਟੇਰਿਆਂ ਨੂੰ ਬੜੀ ਰਾਸ ਆ ਰਹੀ ਹੈ। ਅਜੋਕੇ ਸਮੇਂ ਦੀ ਇਹ ਵੀ ਇਕ ਵੱਡੀ ਤ੍ਰਾਸਦੀ ਹੈ ਕਿ ਦੇਸ਼ ਦੀਆਂ ਸਰਮਾਏਦਾਰ-ਜਗੀਰਦਾਰ ਜਮਾਤਾਂ ਦੀਆਂ ਭਾਜਪਾ, ਕਾਂਗਰਸ, ਅਕਾਲੀ ਦਲ ਸਮੇਤ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਨਵ-ਉਦਾਰਵਾਦੀ ਆਰਥਿਕ ਨੀਤੀਆਂ ਦੇ ਪੱਖ ਤੋਂ ਲਗਭਗ ਪੂਰੀ ਤਰ੍ਹਾਂ ਇਕਸੁਰ ਹਨ। 
ਇਨ੍ਹਾਂ ਅਵਸਥਾਵਾਂ ਵਿਚ ਪੰਜਾਬ ਤੇ ਦੇਸ਼ ਪੱਧਰ ਉਪਰ ਸਾਮਰਾਜ ਨਿਰਦੇਸ਼ਤ ਆਰਥਿਕ ਨੀਤੀਆਂ ਅਤੇ ਫਿਰਕਾਪ੍ਰਸਤੀ ਵਿਰੁੱਧ ਇਕਜੁਟ ਬੱਝਵਾਂ ਸੰਘਰਸ਼ ਸਮੇਂ ਦੀ ਪ੍ਰਮੁੱਖ ਲੋੜ ਹੈ ਜੋ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦੇ ਵਿਸ਼ਾਲ ਏਕੇ ਰਾਹੀਂ ਹੀ ਪੂਰੀ ਕੀਤੀ ਜਾ ਸਕਦੀ ਹੈ। ਸੀ.ਪੀ.ਐਮ. ਪੰਜਾਬ ਦੀ ਚੌਥੀ ਸੂਬਾਈ ਜਥੇਬੰਦਕ ਕਾਨਫਰੰਸ ਪੂੰਜੀਵਾਦੀ ਢਾਂਚੇ ਦੀ ਲੁੱਟ ਖਸੁੱਟ ਵਿਰੁੱਧ ਲੋਕਾਂ ਦੀਆਂ ਭੱਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਅਤੇ ਦੇਸ਼ ਅੰਦਰ ਪੈਰ ਪਸਾਰ ਰਹੀਆਂ ਫਿਰਕੂ ਸ਼ਕਤੀਆਂ ਖਿਲਾਫ ਖੱਬੇ ਪੱਖੀ ਤੇ ਜਮਹੂਰੀ ਧਿਰਾਂ ਦੇ ਏਕੇ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਤੇਜ਼ ਕਰਨ ਦੇ ਠੋਸ ਫੈਸਲੇ ਲਏਗੀ, ਜਿਨ੍ਹਾਂ ਨਾਲ ਪ੍ਰਾਂਤ ਅੰਦਰ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਦੇ ਵਿਰੋਧ ਵਿਚ ਇਕ ਲੋਕ ਪੱਖੀ ਰਾਜਨੀਤਕ ਮੁਤਬਾਦਲ ਕਾਇਮ ਕਰਨ 'ਚ ਮਦਦ ਮਿਲ ਸਕੇ। 
ਸੀ.ਪੀ.ਐਮ.ਪੰਜਾਬ ਦੀ ਚਾਰ ਰੋਜ਼ਾ ਸੂਬਾਈ ਕਾਨਫਰੰਸ ਦੀ ਹਰ ਪੱਖ ਤੋਂ ਸਫਲਤਾ ਸਿਰਫ ਪਾਰਟੀ ਮੈਂਬਰਾਂ ਤੇ ਹਮਦਰਦਾਂ ਦੀ ਦਿਲਚਸਪੀ ਦਾ ਵਿਸ਼ਾ ਹੀ ਨਹੀਂ ਬਲਕਿ ਪੰਜਾਬ ਦੀ ਸਮੁੱਚੀ ਮਿਹਨਤਕਸ਼ ਜਨਤਾ ਦੇ ਉਜਲੇ ਭਵਿੱਖ ਨਾਲ ਜੁੜਿਆ ਮੁੱਦਾ ਵੀ ਹੈ। ਸਾਡਾ ਇਹ ਪੱਕਾ ਯਕੀਨ ਹੈ ਕਿ ਸੀ.ਪੀ.ਐਮ.ਪੰਜਾਬ ਦੀ ਪਠਾਨਕੋਟ ਕਾਨਫਰੰਸ ਉਸ ਵਿਚ ਜੁੜੇ ਡੈਲੀਗੇਟਾਂ ਤੇ ਆਬਜ਼ਰਵਰਾਂ ਦੇ ਗੰਭੀਰ ਵਿਚਾਰ ਵਟਾਂਦਰਿਆਂ ਤੇ ਪਿਛਲੇ ਸੰਘਰਸ਼ਾਂ ਵਿਚ ਹਾਸਲ ਕੀਤੇ ਕੀਮਤੀ ਤਜ਼ਰਬਿਆਂ ਦੇ ਆਧਾਰ 'ਤੇ ਪ੍ਰਾਂਤ ਦੀ ਖੱਬੀ ਲਹਿਰ ਨੂੰ ਨਵੀਆਂ ਬੁਲੰਦੀਆਂ ਉਪਰ ਪਹੁੰਚਾਉਣ ਲਈ ਨਵਾਂ ਮੀਲ ਪੱਥਰ ਸਿੱਧ ਹੋਵੇਗੀ ਤੇ ਇਨਕਲਾਬੀ ਲਹਿਰ ਨੂੰ ਪੰਜਾਬ ਦੀਆਂ ਸਰਹੱਦਾਂ ਤੋਂ ਪਾਰ ਪੂਰੇ ਦੇਸ਼ ਅੰਦਰ ਨਵੀਆਂ ਸੇਧਾਂ ਦੇਣ ਵਿਚ ਵੀ ਆਪਣਾ ਨਿੱਗਰ ਯੋਗਦਾਨ ਪਾਵੇਗੀ। 
ਆਓ! ਸੀ.ਪੀ.ਐਮ.ਪੰਜਾਬ ਦੀ ਇਸ ਚੌਥੀ ਜਥੇਬੰਦਕ ਕਾਨਫਰੰਸ ਨੂੰ ਹਰ ਪੱਖੋਂ ਸਫਲ ਬਣਾਈਏ ਤਾਂ ਕਿ ਉਹ ਇਕ ਰਵਾਇਤੀ ਕਿਸਮ ਦੀ ਬੈਠਕ ਨਾ ਰਹਿ ਕੇ ਇਕ ਇਨਕਲਾਬੀ ਮੱਘਦਾ ਸੂਰਜ ਬਣਕੇ ਸਾਡੇ ਭਵਿੱਖੀ ਘੋਲਾਂ ਦਾ ਰਾਹ ਰੁਸ਼ਨਾਏ। 
- ਮੰਗਤ ਰਾਮ ਪਾਸਲਾ

ਦਿੱਲੀ ਚੋਣਾਂ 'ਚ 'ਆਪ' ਦੀ ਜਿੱਤ ਦਾ ਮਹੱਤਵ ਤੇ ਭਵਿੱਖੀ ਕਾਰਜ

ਮੰਗਤ ਰਾਮ ਪਾਸਲਾ

ਫਰਵਰੀ 2015 ਦੀਆਂ ਦਿੱਲੀ ਅਸੈਂਬਲੀ ਚੋਣਾਂ ਵਿਚ ਭਾਜਪਾ ਤੇ ਕਾਂਗਰਸ ਦੀ ਹੋਈ ਕਰਾਰੀ ਹਾਰ ਅਤੇ 'ਆਪ' ਦੀ ਸ਼ਾਨਦਾਰ ਜਿੱਤ ਸਮੁੱਚੇ ਦੇਸ਼ ਦੇ ਲੋਕਾਂ ਲਈ ਇਕ ਖੁਸ਼ੀ ਤੇ ਤਸੱਲੀ ਵਾਲੀ ਘਟਨਾ ਹੈ। ਭਾਜਪਾ ਤੇ ਕਾਂਗਰਸ ਦੁਆਰਾ ਅਪਣਾਈਆਂ ਜਾ ਰਹੀਆਂ ਲੋਕ ਮਾਰੂ ਨੀਤੀਆਂ ਤੇ ਉਹਨਾਂ ਵਲੋਂ ਜਨਤਾ ਨਾਲ ਸਬੰਧਤ ਮੁੱਦਿਆਂ ਨੂੰ ਅਣਗੌਲਿਆ ਕਰਨ ਵਿਰੁੱਧ ਅਤੇ ਸੰਘ ਪਰਿਵਾਰ ਵਲੋਂ ਫਿਰਕੂ ਧਰੁਵੀਕਰਨ ਰਾਹੀਂ ਦੇਸ਼ ਵਿਚ ਧਰਮ ਅਧਾਰਤ 'ਹਿੰਦੂ ਰਾਸ਼ਟਰ' ਕਾਇਮ ਕਰਨ ਦੀਆਂ ਨਾਪਾਕ ਯੋਜਨਾਵਾਂ ਖਿਲਾਫ਼ ਲੋਕਾਂ ਦੀ ਤੀਖਣ ਤੇ ਜਮਹੂਰੀ ਸੋਚ ਦਾ ਇਹ ਇਕ ਉਘੜਵਾਂ ਪ੍ਰਗਟਾਵਾ ਹੈ। ਚੋਣਾਂ ਦਾ ਇਹ ਫਤਵਾ ਜਨ ਸਮੂਹਾਂ ਦੀਆਂ ਬਿਜਲੀ, ਪਾਣੀ, ਰਿਹਾਇਸ਼, ਵਿਦਿਆ, ਸਿਹਤ ਵਰਗੀਆਂ ਮੂਲ ਸਮੱਸਿਆਵਾਂ ਦੇ ਫੌਰੀ ਹੱਲ ਲਈ ਤੀਵਰ ਇੱਛਾ ਦਾ ਸੰਕੇਤ ਹੈ। ਅਤੇ, ਧਰਮ ਦੇ ਨਾਂਅ ਹੇਠ ਲੋਕਾਂ ਦੀ ਆਪਸੀ ਏਕਤਾ ਨੂੰ ਖੇਰੂੰ ਖੇਰੂੰ ਕਰਨਾ ਚਾਹੁੰਦੀਆਂ ਫਿਰਕੂ ਸ਼ਕਤੀਆਂ ਵਲੋਂ ਦੇਸ਼ ਦੇ ਧਰਮ ਨਿਰੱਪੱਖ ਤੇ ਜਮਹੂਰੀ ਢਾਂਚੇ ਨੂੰ ਦਰਪੇਸ਼ ਖਤਰਿਆਂ ਨੂੰ ਭਾਂਪਣ ਤੇ ਟਾਕਰਾ ਕਰਨ ਲਈ ਅੰਗੜਾਈਆਂ ਲੈ ਰਹੀ ਲੋਕਾਈ ਦੇ ਮਜਬੂਤ ਇਰਾਦਿਆਂ ਦੀ ਇਹ ਇਕ ਠੋਸ ਨਿਸ਼ਾਨੀ ਹੈ। ਇਸ ਚੁਣਾਵੀਂ ਜਿੱਤ ਦੇ ਮਹੱਤਵ ਤੇ ਸੀਮਾਵਾਂ ਨੂੰ ਦੇਸ਼ ਦੀਆਂ ਮੌਜੂਦਾ ਚਿੰਤਾਜਨਕ ਪ੍ਰਸਥਿਤੀਆਂ ਦੇ ਪ੍ਰਸੰਗ ਵਿਚ ਵਧੇਰੇ ਡੂੰਘਾਈ ਨਾਲ ਸਮਝਣ ਦੀ ਜ਼ਰੂਰਤ ਹੈ। 
ਭਾਰਤੀ ਹਾਕਮ ਧਿਰਾਂ, ਇਕ ਦੂਸਰੇ ਵਿਰੁੱਧ ਵੱਖ ਵੱਖ ਮੁੱਦਿਆਂ ਉਪਰ ਜ਼ਹਿਰ ਉਗਲਣ ਦੇ ਬਾਵਜੂਦ, ਲਾਗੂ ਕੀਤੀਆਂ ਜਾ ਰਹੀਆਂ ਆਰਥਿਕ ਨੀਤੀਆਂ ਬਾਰੇ ਪੂਰੀ ਤਰ੍ਹਾਂ ਇਕਸੁਰ ਹਨ। ਇਸ ਪੱਖ ਤੋਂ ਤਾਂ ਉਹ ਇਕ ਦੂਸਰੇ ਤੋਂ ਅਗਾਂਹ ਨਿਕਲਣ ਦੀ ਹੋੜ ਵਿਚ ਲੱਗੀਆਂ ਦਿਖਾਈ ਦਿੰਦੀਆਂ ਹਨ। ਇਹ ਆਰਥਿਕ ਨੀਤੀਆਂ ਸਾਮਰਾਜੀ ਦੇਸ਼ਾਂ, ਖਾਸਕਰ ਅਮਰੀਕਣ ਸਾਮਰਾਜ ਅਤੇ ਇਨ੍ਹਾਂ ਦੁਆਰਾ ਕੰਟਰੋਲ ਕੀਤੀਆਂ ਜਾਣ ਵਾਲੀਆਂ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਦੇ ਭਾਰੀ ਦਬਾਅ ਹੇਠ ਤੈਅ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਵਿਦੇਸ਼ੀ ਲੁਟੇਰਿਆਂ ਤੇ ਦੇਸ਼ ਦੇ ਕਾਰਪੋਰੇਟ ਘਰਾਣਿਆਂ ਦੇ ਹਿਤਾਂ ਦੀ ਪੂਰੀ ਰਾਖੀ ਕੀਤੀ ਜਾ ਰਹੀ ਹੈ। ਇਹ ਨੀਤੀਆਂ ਵਿਦੇਸ਼ੀ ਸਰਮਾਏ ਦੇ ਭਾਰਤ ਵਿਚ ਸਿੱਧੇ ਨਿਵੇਸ਼ ਨੂੰ ਸੌਖਾ ਬਣਾਉਂਦੀਆਂ ਹਨ ਤੇ ਬਹੁਕੌਮੀ ਕਾਰਪੋਰੇਸ਼ਨਾਂ ਦੀਆਂ ਉਦਯੋਗਿਕ ਸਰਗਰਮੀਆਂ ਤੇ ਸਮਾਜਿਕ ਖੇਤਰ ਵਿਚਲੀਆਂ ਸੇਵਾਵਾਂ ਲਈ ਸਸਤੀ ਜ਼ਮੀਨ, ਸਸਤੀ ਮਜ਼ਦੂਰੀ, ਸਸਤਾ ਕੱਚਾ ਮਾਲ ਤੇ ਵਿਸ਼ਾਲ ਮੰਡੀ ਪ੍ਰਦਾਨ ਕਰਦੀਆਂ ਹਨ। ਇਨ੍ਹਾਂ ਨੀਤੀਆਂ ਦੇ ਅੰਗ ਵਜੋਂ ਵਿਦੇਸ਼ੀ ਕਰਜ਼ਾ ਪ੍ਰਾਪਤ ਕਰਨ ਲਈ ਸਾਡੇ ਹੁਕਮਰਾਨਾਂ ਵਲੋਂ ਸਾਮਰਾਜ ਦੀਆਂ ਅਜਿਹੀਆਂ ਸ਼ਰਤਾਂ ਪ੍ਰਵਾਨ ਕੀਤੀਆਂ ਜਾ ਰਹੀਆਂ ਹਨ ਜੋ ਸਾਡੇ ਦੇਸ਼ ਦੀ ਘਰੇਲੂ ਸਨਅੱਤ, ਵਾਤਾਵਰਣ ਤੇ ਆਤਮ ਨਿਰਭਰ ਆਰਥਿਕ ਵਿਕਾਸ ਲਈ ਵੱਡੀਆਂ ਚਣੌਤੀਆਂ ਤੇ ਖਤਰੇ ਪੇਸ਼ ਕਰਦੀਆਂ ਹਨ। ਪਹਿਲਾਂ ਕਾਂਗਰਸ ਦੀ ਅਗਵਾਈ ਹੇਠਲੀ ਯੂ.ਪੀ.ਏ. (ਇਕ ਤੇ ਦੋ) ਦੀਆਂ ਕੇਂਦਰੀ ਸਰਕਾਰਾਂ ਨੇ ਅਤੇ ਹੁਣ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਪੂਰੀ ਬੇਸ਼ਰਮੀ ਨਾਲ ਇਹਨਾਂ ਲੋਕ ਦੋਖੀ ਆਰਥਿਕ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਤੇ ਇਨ੍ਹਾਂ ਨੂੰ, ਭਾਰਤ ਦੇ ਤੇਜ਼ ਆਰਥਿਕ ਵਿਕਾਸ ਲਈ, ਭਾਰੀ ਲਾਹੇਵੰਦਾ ਤੇ ਲੋਕਾਂ ਦੀਆਂ ਤਮਾਮ ਮੁਸੀਬਤਾਂ ਦੇ ਹੱਲ ਲਈ ਰਾਮ-ਬਾਣ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। 
ਸਾਮਰਾਜ ਨਿਰਦੇਸ਼ਤ ਆਰਥਿਕ ਨੀਤੀਆਂ ਲਾਗੂ ਕਰਨ ਅਤੇ ਆਪਣੀ ਰਾਜਨੀਤਕ ਪੁਜੀਸ਼ਨ ਨੂੰ ਪਕੇਰਾ ਕਰਨ ਲਈ ਭਾਜਪਾ ਤੇ ਸਮੁੱਚੇ ਸੰਘ ਪਰਿਵਾਰ ਵਲੋਂ ਫਿਰਕਾਪ੍ਰਸਤੀ ਨੂੰ ਇਕ ਕਾਰਗਰ ਹਥਿਆਰ ਦੇ ਤੌਰ 'ਤੇ ਇਸਤੇਮਾਲ ਕੀਤਾ ਜਾ ਰਿਹਾ ਹੈ। ਆਰ.ਐਸ.ਐਸ. ਜੋ ਆਪਣੇ ਜਨਮ (1925) ਤੋਂ ਹੀ ਭਾਰਤ ਨੂੰ ਇਕ ਧਰਮ ਅਧਾਰਤ 'ਹਿੰਦੂ ਰਾਸ਼ਟਰ' ਬਣਾਉਣ ਲਈ ਯਤਨਸ਼ੀਲ ਹੈ, ਕੇਂਦਰ ਵਿਚ ਮੋਦੀ ਸਰਕਾਰ ਦੀ ਕਾਇਮੀ  ਨੂੰ ਆਪਣੇ ਮੰਤਵ ਦੀ ਪ੍ਰਾਪਤੀ ਲਈ ਬਹੁਤ ਹੀ ਯੋਗ ਮੌਕਾ ਸਮਝਦੀ ਹੈ। ਇਸ ਲਈ ਸਿੱਧੇ ਰੂਪ ਵਿਚ ਭਾਜਪਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਮੁੱਚਾ ਸੰਘ ਪਰਿਵਾਰ 'ਲਵ ਜਿਹਾਦ', ਧਰਮ ਪਰਿਵਰਤਨ, ਅੱਤਵਾਦ ਦੇ ਬਹਾਨੇ ਇਕ ਵਿਸ਼ੇਸ਼ ਧਰਮ ਦੇ ਅਨੁਆਈਆਂ ਨੂੰ ਆਪਣਾ ਨਿਸ਼ਾਨਾ ਬਣਾਉਣ ਤੇ ਹੋਰ ਅਨੇਕਾਂ ਤਰ੍ਹਾਂ ਦੀਆਂ ਨਫਰਤ ਭਰੀਆਂ ਫਿਰਕੂ ਕਾਰਵਾਈਆਂ ਨੂੰ ਹਵਾ ਦੇਣ ਵਿਚ ਰੁੱਝੇ ਹੋਏ ਹਨ। ਉਹ ਭਾਰਤ ਦੇ ਸੰਵਿਧਾਨ ਵਿਚੋਂ ਧਰਮ ਨਿਰਪੱਖਤਾ ਤੇ ਸਮਾਜਵਾਦ ਵਰਗੇ ਸ਼ਬਦਾਂ ਨੂੰ ਹਟਾਉਣਾ ਚਾਹੁੰਦੇ ਹਨ। ਮੋਦੀ ਸਰਕਾਰ ਵਲੋਂ ਭਾਰਤੀ ਇਤਿਹਾਸ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ। ਕਾਰਪੋਰੇਟ ਘਰਾਣਿਆਂ ਦੇ ਕੰਟਰੋਲ ਵਾਲਾ ਸਮੁੱਚਾ ਮੀਡੀਆ ਨਵ ਉਦਾਰਵਾਦੀ ਨੀਤੀਆਂ ਅਤੇ ਫਿਰਕੂ ਸ਼ਕਤੀਆਂ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਪੂਰਾ ਤਾਣ ਲਾ ਰਿਹਾ ਹੈ। ਏਸੇ ਲਈ ਮੋਦੀ ਸਰਕਾਰ ਤੇ ਇਸ ਵਲੋਂ ਹਰ ਰੋਜ਼ ਪੁੱਟੇ ਜਾ ਰਹੇ ਗੈਰ ਜਮਹੂਰੀ ਤੇ ਫਿਰਕੂ ਕਦਮਾਂ ਦਾ 'ਫਿਰਕੂ ਫਾਸ਼ੀਵਾਦ' ਵਜੋਂ ਨਾਮਕਰਨ ਕਰਨਾ ਬਿਲਕੁਲ ਢੁਕਵਾਂ ਜਾਪਦਾ ਹੈ। 
ਅਜਿਹੀਆਂ ਖਤਰਨਾਕ ਪ੍ਰਸਥਿਤੀਆਂ ਵਿਚ ਦਿੱਲੀ ਅਸੈਂਬਲੀ ਦੀਆਂ ਚੋਣਾਂ ਅੰਦਰ ਭਾਜਪਾ, ਉਹ ਵੀ ਨਰਿੰਦਰ ਮੋਦੀ ਦੀ ਕਮਾਂਡ ਹੇਠ ਅਤੇ ਕਾਂਗਰਸ ਦੋਨਾਂ ਪਾਰਟੀਆਂ ਨੂੰ ਵੋਟਰਾਂ ਵਲੋਂ ਰੱਦ ਕਰਨਾ ਦੇਸ਼ ਦੇ ਮੌਜੂਦਾ ਰਾਜਨੀਤਕ  ਦ੍ਰਿਸ਼ ਉਪਰ ਇਕ ਬਹੁਤ ਹੀ ਹਾਂ-ਪੱਖੀ ਵਰਤਾਰਾ ਮਿਥਿਆ ਜਾ ਸਕਦਾ ਹੈ। ਸਰਮਾਏਦਾਰ ਜਗੀਰਦਾਰ ਜਮਾਤਾਂ ਦੀਆਂ ਇਹਨਾਂ ਦੋਵਾਂ ਰਾਜਸੀ ਪਾਰਟੀਆਂ ਦੇ ਕੰਮ ਢੰਗਾਂ ਅਤੇ ਇਹਨਾਂ ਵਲੋਂ ਰਾਜਨੀਤੀ ਨੂੰ ਲੋਕ ਸੇਵਾ ਦੀ ਥਾਂ 'ਲਾਹੇਵੰਦ ਧੰਦਾ' ਬਣਾ ਲੈਣ ਵਿਰੁੱਧ ਆਮ ਲੋਕਾਂ ਨੇ ਸਪੱਸ਼ਟ ਫਤਵਾ ਦਿੱਤਾ ਹੈ। 'ਆਪ' ਜੋ ਪਿਛਲੇ ਕੁਝ ਸਾਲਾਂ ਤੋਂ ਯੋਜਨਾਬੱਧ ਢੰਗ ਨਾਲ ਦਿੱਲੀ ਦੇ ਆਮ ਲੋਕਾਂ, ਖਾਸਕਰ ਝੁਗੀਆਂ-ਝੋਪੜੀਆਂ ਵਿਚ ਵਸਦੇ ਲੋਕਾਂ, ਮਿਲ ਮਜ਼ਦੂਰਾਂ, ਕੱਚੇ ਤੇ ਠੇਕੇਦਾਰੀ ਪ੍ਰਥਾ ਹੇਠ ਨਪੀੜੇ ਜਾ ਰਹੇ ਕਿਰਤੀਆਂ ਤੇ ਦਰਮਿਆਨੇ ਵਰਗਾਂ ਦੇ ਸਰੋਕਾਰਾਂ ਤੇ ਮੰਗਾਂ ਦੀ ਪ੍ਰਾਪਤੀ ਲਈ ਅਤੇ ਭਰਿਸ਼ਟਾਚਾਰ ਤੇ ਔਰਤਾਂ ਦੀ ਸੁਰੱਖਿਆ ਵਰਗੇ ਸੰਵੇਦਨਸ਼ੀਲ ਮੁੱਦਿਆਂ ਨੂੰ ਲੈ ਕੇ ਸਰਗਰਮ ਸੀ, ਦਿੱਲੀ ਦੇ ਵੋਟਰਾਂ ਨੂੰ ਭਾਜਪਾ ਤੇ ਕਾਂਗਰਸ ਦੇ ਮੁਕਾਬਲੇ ਇਕ ਭਰੋਸੇਯੋਗ ਰਾਜਨੀਤਕ ਮੁਤਬਾਦਲ ਜਾਪੀ ਹੈ। 'ਆਪ' ਨੇ ਭਾਜਪਾ ਤੇ ਕਾਂਗਰਸ ਆਗੂਆਂ ਵਲੋਂ ਕੀਤੇ ਜਾ ਰਹੇ ਤਾਬੜਤੋੜ ਹਮਲਿਆਂ, ਧੂੰਆਧਾਰ ਕੂੜ ਪ੍ਰਚਾਰ, ਧਨ ਤੇ ਸਰਕਾਰੀ ਤੰਤਰ ਦੇ ਦੁਰਪਯੋਗ ਦਾ ਸਫਲਤਾ ਸਹਿਤ ਮੁਕਾਬਲਾ ਕੀਤਾ ਤੇ ਵੱਡੀ ਪੱਧਰ 'ਤੇ ਵੋਟਰਾਂ ਦਾ ਭਰੋਸਾ ਜਿੱਤਿਆ। ਲੋਕਾਂ ਦੀ ਦੁਖਦੀ ਰਗ ਉਪਰ ਹੱਥ ਧਰਕੇ ਤੇ ਦਿੱਲੀ ਦੇ ਤੇਜ਼ ਵਿਕਾਸ ਦਾ ਵਾਅਦਾ ਕਰਕੇ 'ਆਪ' ਇਕ ਸ਼ਕਤੀਸ਼ਾਲੀ ਰਾਜਨੀਤਕ ਧਿਰ ਵਜੋਂ ਲੋਕਾਂ ਦੇ ਮਨਾਂ ਵਿਚ ਸਥਾਪਤ ਹੋ ਗਈ। ਰਾਜਧਾਨੀ ਦੇ ਲੋਕਾਂ ਦੇ ਵੱਡੇ ਹਿੱਸੇ ਨੂੰ ਇਹ ਭਾਂਪਣ ਲੱਗਾ ਕਿ ਉਨ੍ਹਾਂ ਦੇ ਦੁੱਖਾਂ ਤਕਲੀਫਾਂ ਦਾ ਹੱਲ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ 'ਆਪ' ਦੀ ਸਰਕਾਰ ਕਾਇਮ ਹੋਣ ਨਾਲ ਹੀ ਹੋ ਸਕੇਗਾ। 
ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠਲੀ ਬਣੀ ਇਹ ਨਵੀਂ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਕਿਸ ਹੱਦ ਤੱਕ ਪੂਰੇ ਕਰੇਗੀ, ਇਸਨੂੰ ਦੇਸ਼ ਦੇ ਲੋਕ ਡੂੰਘੀ ਨੀਝ ਨਾਲ ਦੇਖਣਗੇ। ਸਸਤੀ ਬਿਜਲੀ, ਮੁਫ਼ਤ ਪਾਣੀ, ਬੇਘਰਿਆਂ ਨੂੰ ਘਰ, ਕੱਚੇ ਕਾਮੇ ਪੱਕੇ ਕਰਨ, ਸਮਾਜਿਕ ਸਹੂਲਤਾਂ ਮੁਹੱਈਆ ਕਰਨ, ਔਰਤਾਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ, ਨਵੇਂ ਵਿਦਿਅਕ  ਤੇ ਸਿਹਤ ਅਦਾਰੇ ਖੋਲ੍ਹਣ ਆਦਿ ਦੇ ਕੀਤੇ ਵਾਅਦਿਆਂ ਦੀ ਪੂਰਤੀ ਲਈ ਚੋਖੇ ਵਿੱਤੀ ਸਾਧਨਾਂ ਦੀ ਜ਼ਰੂਰਤ ਹੈ। 'ਆਪ' ਆਗੂਆਂ ਨੇ ਪੂੰਜੀਵਾਦੀ ਢਾਂਚੇ ਅਤੇ ਨਿੱਜੀਕਰਨ ਤੇ ਉਦਾਰੀਕਰਨ ਦੀਆਂ ਨੀਤੀਆਂ ਦਾ ਕਦੀ ਸਿਧਾਂਤਕ ਰੂਪ ਵਿਚ ਵੀ ਵਿਰੋਧ ਨਹੀਂ ਕੀਤਾ। ਮਹਿੰਗਾਈ, ਗਰੀਬੀ, ਬੇਕਾਰੀ ਤੇ ਬੁਨਿਆਦੀ ਲੋੜਾਂ ਦੀ ਅਪੂਰਤੀ ਆਦਿ ਦੀਆਂ ਸਭ ਸਮੱਸਿਆਵਾਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਦੀ ਦੇਣ ਹਨ। ਮੌਜੂਦਾ ਪੂੰਜੀਵਾਦੀ ਜਮਹੂਰੀ ਢਾਂਚੇ ਦੀਆਂ ਸੀਮਾਵਾਂ ਤਹਿਤ ਹੋਂਦ ਵਿਚ ਆਈ ਕੋਈ ਵੀ ਸਰਕਾਰ ਭਾਵੇਂ ਲੋਕਾਂ ਦੇ ਸਾਰੇ ਬੁਨਿਆਦੀ ਮਸਲੇ ਹੱਲ ਨਹੀਂ ਕਰ ਸਕਦੀ, ਪ੍ਰੰਤੂ ਸਥਾਪਤ ਮੌਜੂਦਾ ਆਰਥਿਕ ਪ੍ਰਣਾਲੀ ਤੇ ਨਵਉਦਾਰਵਾਦੀ ਨੀਤੀਆਂ ਦਾ ਸਿਧਾਂਤਕ ਰੂਪ ਵਿਚ ਨਿਖੇਧ ਕਰਦਾ ਹੋਇਆ ਪੈਂਤੜਾ ਤੇ ਠੋਸ ਅਮਲ ਤਾਂ ਅਖਤਿਆਰ ਕਰਨਾ ਹੀ ਹੋਵੇਗਾ। ਅਜਿਹਾ ਨਾ ਕਰ ਸਕਣਾ ਲੋਕਾਂ ਨਾਲ ਵਿਸ਼ਵਾਸਘਾਤ ਦੇ ਤੁੱਲ ਮੰਨਿਆ ਜਾਵੇਗਾ। ਇਸ ਲਈ 'ਆਪ' ਨੇਤਾਵਾਂ ਤੇ ਨਵੀਂ ਬਣੀ ਦਿੱਲੀ ਸਰਕਾਰ ਨੂੰ ਭਾਜਪਾ ਤੇ ਕਾਂਗਰਸ ਦੇ ਮੁਕਾਬਲੇ ਵਿਚ ਇਕ ਲੋਕ ਪੱਖੀ ਰਾਜਨੀਤਕ ਧਿਰ ਵਜੋਂ ਸਥਾਪਤ ਹੋਣ ਲਈ ਇਸ ਪੱਖੋਂ ਕੁਝ ਅਗਾਂਹਵਧੂ ਕਦਮ ਪੁੱਟਣੇ ਪੈਣਗੇ, ਜੋ ਪੂੰਜੀਵਾਦੀ ਢਾਂਚੇ ਦੇ ਹਮਾਇਤੀਆਂ ਨੂੰ ਕਦੇ ਵੀ ਹਜ਼ਮ ਨਹੀਂ ਹੋ ਸਕਦੇ। ਅਜਿਹੇ ਬਹੁਤ ਸਾਰੇ ਸੱਜਣ 'ਆਪ' ਦੀਆਂ ਸਫ਼ਾਂ ਵਿਚ ਮਹੱਤਵਪੂਰਨ ਅਹੁਦਿਆਂ ਉਪਰ ਮੌਜੂਦ ਹਨ ਤੇ ਉਨ੍ਹਾਂ ਨੇ 'ਆਪ' ਲਈ ਵੱਡੇ ਵਿੱਤੀ ਸਾਧਨ ਵੀ ਜੁਟਾਏ ਹਨ। 
ਦਿੱਲੀ ਚੋਣਾਂ ਵਿਚ 'ਆਪ' ਦੀ ਜਿੱਤ ਨਾਲ ਦੇਸ਼ ਪੱਧਰ ਉਪਰ ਇਕ ਨਵੀਂ ਕਿਸਮ ਦੀ ਰਾਜਨੀਤਕ ਤੇ ਆਰਥਿਕ ਵਿਵਸਥਾ ਸਥਾਪਤ ਕਰਨ ਦੀ ਤੀਬਰ ਇੱਛਾ ਵੀ ਜਾਗੀ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਮੌਜੂਦਾ ਹਾਲਤਾਂ ਵਿਚ ਇਹ ਕੰਮ ਕਿਸੇ ਇਕ ਸੰਗਠਨ ਜਾਂ ਰਾਜਨੀਤਕ ਪਾਰਟੀ ਦੇ ਵਸ ਦਾ ਨਹੀਂ ਹੈ। ਇਸ ਲਈ ਸਮੁੱਚੀਆਂ ਸੰਘਰਸ਼ਸ਼ੀਲ ਜਮਹੂਰੀ ਤੇ ਖੱਬੀਆਂ ਧਿਰਾਂ ਦੀ ਵਿਸ਼ਾਲ ਸਾਂਝ ਤੇ ਇਕਜੁਟ ਸੰਘਰਸ਼ਾਂ ਦੀ ਜ਼ਰੂਰਤ ਹੈ। ਪਿਛਲੀਆਂ ਦਿੱਲੀ ਅਸੈਂਬਲੀ ਚੋਣਾਂ ਤੋਂ ਬਾਅਦ 'ਆਪ' ਦੇ ਹੱਕ ਵਿਚ ਖਾਸ ਕਿਸਮ ਦਾ ਜਨ ਉਭਾਰ ਦੇਖਣ ਨੂੰ ਮਿਲਿਆ ਸੀ। ਪ੍ਰੰਤੂ 'ਆਪ' ਨੇਤਾਵਾਂ ਨੇ ਕਿਸੇ ਵੀ ਹੋਰ ਅਗਾਂਹਵਧੂ ਤੇ ਖੱਬੀ ਧਿਰ ਨਾਲ ਕੋਈ ਸਾਂਝ ਨਾ ਪਾਉਣ ਤੇ ਸਭ ਧਿਰਾਂ ਨੂੰ 'ਆਪ' ਦੇ ਮੈਂਬਰਾਂ ਦੀ ਸੂਚੀ ਵਿਚ ਸ਼ਾਮਿਲ ਹੋਣ ਦੀ ਸ਼ਰਤ ਲਾਉਣ ਵਰਗੀ ਗਲਤ ਪਹੁੰਚ ਅਪਨਾਉਣ ਕਾਰਨ ਉਸ ਸਾਜਗਾਰ ਮਹੌਲ ਦੀ ਠੀਕ ਵਰਤੋਂ ਨਹੀਂ ਸੀ ਹੋ ਸਕੀ। ਹੁਣ ਇਕ ਵਾਰ ਫੇਰ ਉਸੇ ਤਰ੍ਹਾਂ ਦਾ ਜਨ ਉਭਾਰ ਭਾਜਪਾ ਤੇ ਕਾਂਗਰਸੀ ਸਰਕਾਰਾਂ ਦੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਤੇ ਫਿਰਕਾਪ੍ਰਸਤ ਸ਼ਕਤੀਆਂ ਦੇ ਵਿਰੋਧ ਵਿਚ ਦੇਖਿਆ ਜਾ ਸਕਦਾ ਹੈ। ਇਸ ਜਨ ਉਭਾਰ ਨੂੰ ਮੰਤਕੀ ਸਿੱਟੇ ਤੱਕ ਲਿਜਾਣ ਲਈ ਦੇਸ਼ ਦੀਆਂ ਸਾਰੀਆਂ ਅਗਾਂਹਵਧੂ, ਧਰਮ ਨਿਰਪੱਖ ਤੇ ਖੱਬੀਆਂ ਸ਼ਕਤੀਆਂ ਦਾ ਇਕਜੁਟ ਹੋਣਾ ਤੇ ਵੱਖ-ਵੱਖ ਢੰਗਾਂ ਦੇ ਸਾਂਝੇ ਘੋਲਾਂ ਦੇ ਰਾਹ ਪੈਣਾ ਸਮੇਂ ਦੀ ਪ੍ਰਮੁੱਖ ਲੋੜ ਬਣ ਗਿਆ ਹੈ। ਇਹ ਰਾਹ ਲਾਜ਼ਮੀ ਤੌਰ ਤੇ ਭਾਜਪਾ ਤੇ ਕਾਂਗਰਸ ਤੋਂ ਭਿੰਨ ਹੋਵੇਗਾ। ਕਈ ਸਵਾਰਥੀ ਹਿਤ, ਜੋ ਅੱਜ 'ਆਪ' ਦੇ ਹੱਕ ਵਿਚ ਖੜ੍ਹੇ ਦਿਖਾਈ ਦਿੰਦੇ ਹਨ, ਸੰਘਰਸ਼ਸ਼ੀਲ ਧਿਰਾਂ ਦੇ ਇਕਜੁਟ ਹੋ ਕੇ ਘੋਲਾਂ ਦੇ ਪਿੜ ਮੱਲਣ ਸਮੇਂ, ਵਿਰੋਧੀ ਖੇਮੇ ਵਿਚ ਵੀ ਜਾ ਸਕਦੇ ਹਨ। ਦਰਮਿਆਨੇ ਵਰਗ ਜਿਸ ਨੇ ਵੱਡੀ ਗਿਣਤੀ ਵਿਚ 'ਆਪ' ਦਾ ਸਾਥ ਦਿੱਤਾ ਹੈ, ਦੀਆਂ ਆਸ਼ਾਵਾਂ ਪੂਰੀਆਂ ਨਾ ਹੋਣ ਦੀ ਸਥਿਤੀ ਵਿਚ  ਝੱਟ ਹੀ ਉਲਟ ਵਹਾਅ ਵਿਚ ਵਹਿਣ ਦੀ ਰੁਚੀ ਨੂੰ ਵੀ ਅੱਖੋਂ ਓਹਲੇ ਨਹੀਂ ਕੀਤਾ ਜਾਣਾ ਚਾਹੀਦਾ। ਉਸ ਪ੍ਰਸਥਿਤੀ ਦਾ ਮੁਕਾਬਲਾ ਕਰਨ ਲਈ ਸਾਨੂੰ ਸਭ ਲੋਕ ਪੱਖੀ ਧਿਰਾਂ ਨੂੰ ਹੁਣ ਤੋਂ ਹੀ ਸਾਵਧਾਨ ਤੇ ਮਜ਼ਬੂਤ ਹੋਣ ਦੀ ਜ਼ਰੂਰਤ ਹੈ। ਸਮਾਜਿਕ ਪਰਿਵਰਤਨ ਦਾ ਮਹਾਨ ਕਾਰਜ ਕੋਈ ਸਿੱਧ ਪੱਧਰੀ ਜਰਨੈਲੀ ਸੜਕ ਨਹੀਂ ਹੈ। ਇਹ ਉਤਰਾਅ ਚੜ੍ਹਾਅ ਵਾਲਾ ਖਤਰਿਆਂ ਭਰਪੂਰ ਲੰਬਾ ਰਸਤਾ ਹੈ, ਜੋ ਦੇਸ਼ ਦੇ ਵੱਡੇ ਹਿੱਸੇ ਦੇ ਸੰਘਰਸ਼ਸ਼ੀਲ ਲੋਕਾਂ ਦੀ ਸ਼ਮੂਲੀਅਤ, ਠੀਕ ਅਗਵਾਈ ਤੇ ਵਿਗਿਆਨਕ ਨਜ਼ਰੀਏ ਦੇ ਉਪਰ ਕਾਇਮ ਰਹਿੰਦਿਆਂ ਹੋਇਆਂ ਵੱਡੀਆਂ ਕੁਰਬਾਨੀਆਂ ਤੇ ਤਿਆਗ ਦੀ ਮੰਗ ਕਰਦਾ ਹੈ।  ਪ੍ਰੰਤੂ ਜੇਕਰ ਅਸੀਂ ਮਿਹਨਤਸ਼ ਜਨਤਾ ਤੇ ਸਮਾਜਿਕ ਪ੍ਰਗਤੀ ਦੇ ਵਿਗਿਆਨਕ ਨਜ਼ਰੀਏ ਉਪਰ ਭਰੋਸਾ ਰੱਖਕੇ ਸਪੱਸ਼ਟ ਨਿਸ਼ਾਨੇ ਵੱਲ ਅੱਗੇ ਵੱਧਣ ਲਈ ਸਾਂਝਾ ਹੰਭਲਾ ਮਾਰੀਏ, ਤਦ ਜਿੱਤ ਅਵੱਸ਼ ਹੀ ਸੱਚ ਤੇ ਇਨਸਾਫ ਦੀ ਹੋਵੇਗੀ। ਉਪਜੀਆਂ ਨਵੀਆਂ ਹਾਂ ਪੱਖੀ ਪ੍ਰਸਥਿਤੀਆਂ ਦੇ ਹਾਣੀ ਬਣਨ ਵਾਸਤੇ ਸਾਰੀਆਂ ਹੀ ਅਗਾਂਹਵਧੂ ਰਾਜਨੀਤਕ ਧਿਰਾਂ ਨੂੰ, ਸਮੇਤ 'ਆਪ' ਦੇ, ਸੋਚਣ ਤੇ ਸਿਰ ਜੋੜ ਕੇ ਬੈਠਣ ਦੀ ਲੋੜ ਹੈ, ਤਾਂ ਕਿ ਦੇਸ਼ ਦੇ ਉਜਲੇ ਭਵਿੱਖ ਲਈ ਅਗਾਂਹ ਵੱਧਣ ਦੀ ਠੀਕ ਯੋਜਨਾਬੰਦੀ ਕੀਤੀ ਜਾ ਸਕੇ। 

ਪ੍ਰਦੂਸ਼ਤ ਪਾਣੀ ਦੀ ਗੰਭੀਰ ਸਮੱਸਿਆ

ਰਘਬੀਰ ਸਿੰਘ 

ਪਾਣੀ, ਕੁਦਰਤੀ ਬਨਸਪਤੀ, ਪਸ਼ੂ-ਪੰਛੀ ਅਤੇ ਮਨੁੱਖੀ ਜੀਵਨ ਦਾ ਮੂਲ ਅਧਾਰ ਹੈ ਅਤੇ ਉਸਦੀ ਜੀਵਨ ਰੇਖਾ ਹੈ। ਪਰ ਮਨੁੱਖੀ ਜੀਵਨ ਦੇ ਵਿਕਾਸ ਦੇ ਸਰਮਾਏਦਾਰੀ ਦੌਰ ਵਿਚ ਇਸਦੀ ਸਵੱਛਤਾ ਅਤੇ ਲੋੜੀਂਦੀ ਮਿਕਦਾਰ ਲਗਾਤਾਰ ਘਟਦੀ ਜਾ ਰਹੀ ਹੈ। ਪਾਣੀ ਦੇ ਸੋਮਿਆਂ, ਜਲਗਾਹਾਂ ਅਤੇ ਵਰਖਾ ਦੇ ਪਾਣੀ ਦੀ ਸੰਭਾਲ ਦੀ ਘਾਟ ਕਰਕੇ ਮਨੁੱਖੀ ਲੋੜਾਂ ਅਨੁਸਾਰ ਪਾਣੀ ਦੀ ਮਾਤਰਾ ਉਪਲੱਬਧ ਨਹੀਂ ਹੋ ਰਹੀ। ਹਰ ਖੇਤਰ ਵਿਚ ਪਾਣੀ ਦੀ ਘਾਟ ਪੂਰੀ ਤਰ੍ਹਾਂ ਰੜਕਣ ਲੱਗ ਪਈ ਹੈ ਅਤੇ ਅਨੇਕਾਂ ਪ੍ਰਕਾਰ ਦੇ ਵਿਵਾਦਾਂ ਅਤੇ ਝਗੜਿਆਂ ਨੂੰ ਜਨਮ ਦੇ ਰਹੀ ਹੈ। ਪਰ ਜੋ ਪਾਣੀ ਪ੍ਰਾਪਤ ਹੈ ਉਸਦੀ ਸਵੱਛਤਾ ਨੂੰ ਸਰਮਾਏਦਾਰੀ ਢਾਂਚੇ ਦਾ ਬੇਲਗਾਮ ਅਤੇ ਇਕ ਪਾਸੜ ਵਿਕਾਸ ਬੁਰੀ ਤਰ੍ਹਾਂ ਤਬਾਹ ਕਰ ਰਿਹਾ ਹੈ। ਇਹ ਵਿਕਾਸ ਸਾਡਾ, ਵਿਸ਼ੇਸ਼ ਕਰਕੇ ਵਿਕਾਸਸ਼ੀਲ ਅਤੇ ਅੱਤ ਗਰੀਬ ਦੇਸ਼ਾਂ ਵਿਚ ਵਾਤਾਵਰਨ ਨਾਲ ਬਹੁਤ ਹੀ ਸੌੜੇ ਅਤੇ ਲਾਲਚੀ ਢੰਗ ਨਾਲ ਛੇੜ ਛਾੜ ਕਰਦਾ ਹੈ ਜਿਸ ਨਾਲ ਕੁਦਰਤੀ ਆਫਤਾਂ ਵੀ ਆਉਂਦੀਆਂ ਹਨ ਅਤੇ ਮਨੁੱਖੀ ਜੀਵਨ ਦੇ ਮੂਲ ਆਧਾਰਾਂ, ਪਾਣੀ ਅਤੇ ਹਵਾ ਦੇ ਬੁਰੀ ਤਰ੍ਹਾਂ ਪ੍ਰਦੂਸ਼ਤ ਹੋ ਜਾਣ ਕਰਕੇ ਲੋਕਾਂ ਦੇ ਜੀਵਨ ਲਈ ਗੰਭੀਰ ਖਤਰੇ ਪੈਦਾ ਹੁੰਦੇ ਹਨ। 
ਭਾਵੇਂ ਪਾਣੀ ਦੀ ਘਟ ਮਿਕਦਾਰ ਅਤੇ ਮਿਲਦੀ ਮਿਕਦਾਰ ਦਾ ਬੁਰੀ ਤਰ੍ਹਾਂ ਪ੍ਰਦੂਸ਼ਤ ਹੋਣਾ ਇਕੋ ਹੀ ਸਮੱਸਿਆ ਦੇ ਦੋ ਪਹਿਲੂ ਹਨ ਅਤੇ ਇਹਨਾਂ ਦੇ ਹੱਲ, ਦੋਵਾਂ ਬਾਰੇ ਹੀ ਯੋਜਨਾਬੱਧ ਲਗਾਤਾਰ ਉਪਰਾਲੇ ਕਰਨੇ ਜ਼ਰੂਰੀ ਹਨ। ਇਹਨਾਂ ਵਿਚੋਂ ਕਿਸੇ ਇਕ ਵਿਚ ਆਇਆ ਵਿਗਾੜ ਦੂਜੇ 'ਤੇ ਬੁਰਾ ਪ੍ਰਭਾਵ ਪਾਉਂਦਾ ਹੈ ਅਤੇ ਦੂਜੇ ਵਿਚ ਆਇਆ ਸੁਧਾਰ ਪਹਿਲੇ ਅੰਦਰ ਹਾਂ ਪੱਖੀ ਸੁਧਾਰ ਲੈ ਆਉਂਦਾ ਹੈ। ਪਰ ਇਥੇ ਅਸੀਂ ਸਿਰਫ ਪ੍ਰਦੂਸ਼ਤ ਪਾਣੀ ਦੀ ਸਮੱਸਿਆ ਬਾਰੇ ਹੀ ਵਿਚਾਰ ਕਰਾਂਗੇ। ਸਾਡੀ ਸਮਝਦਾਰੀ ਹੈ ਕਿ ਭਾਰਤ ਵਿਚ ਪ੍ਰਦੂਸ਼ਤ ਪਾਣੀ ਦੀ ਸਮੱਸਿਆ ਭਾਰਤ ਦੇ ਸਰਮਾਏਦਾਰੀ ਵਿਕਾਸ ਦੇ ਲੁਟੇਰੇ ਪੜਾਅ ਦੀੇ ਦੇਣ ਹੈ। ਇਹ ਪੜਾਅ ਆਪਣੇ ਅੱਤ ਦੇ ਲਾਲਚੀ ਸੁਭਾਅ ਕਰਕੇ ਪਾਣੀ ਵਰਗੇ ਅੱਤ ਦੇ ਕੀਮਤੀ ਵਸੀਲਿਆਂ ਦੀ ਅੰਨ੍ਹੀ ਵਰਤੋਂ ਕਰਦਾ ਹੈ ਅਤੇ ਵਰਤੇ ਹੋਏ ਪਾਣੀ, ਜੋ ਉਦਯੋਗਾਂ ਦੇ ਜ਼ਹਿਰੀਲੇ ਤੱਤਾਂ ਕਰਕੇ ਬੁਰੀ ਤਰ੍ਹਾਂ ਪ੍ਰਦੂਸ਼ਤ ਹੋ ਜਾਂਦਾ ਹੈ, ਬੇਰੋਕ ਟੋਕ ਸਾਡੇ ਨਦੀ ਨਾਲਿਆਂ, ਜਲ ਨਿਕਾਸੀ ਡਰੇਨਾਂ, ਜਲਗਾਹਾਂ ਅਤੇ ਕਈ ਵਾਰ ਡੂੰਘੇ ਬੋਰ ਕਰਕੇ ਅਪਣੇ ਉਦਯੋਗਾਂ ਅੰਦਰ ਹੀ ਸਿੱਧਾ ਧਰਤੀ ਵਿਚ ਸੁੱਟ ਦਿੰਦਾ ਹੈ। ਇਹ ਪ੍ਰਬੰਧ ਆਪਣੀ ਉਦਯੋਗਕ ਰਹਿੰਦ ਖੂੰਹਦ ਸਮੇਤ ਮੈਡੀਕਲ ਰਹਿੰਦ ਖੂੰਹਦ ਨੂੰ ਪਾਣੀ ਦੇ ਸੋਮਿਆਂ ਵਿਚ ਹੀ ਜਲਪ੍ਰਵਾਹ ਕਰ ਦਿੰਦਾ ਹੈ। ਇਸ ਨਾਲ ਸਾਡੇ ਨਦੀ ਨਾਲਿਆਂ ਦਾ ਸਿਰਫ ਉਪਰਲਾ ਪਾਣੀ ਹੀ ਜ਼ਹਿਰੀਲਾ ਨਹੀਂ ਬਣਦਾ ਬਲਕਿ ਸਹਿਜੇ ਸਹਿਜੇ ਧਰਤੀ ਹੇਠਲਾ ਪਾਣੀ ਵੀ ਬਹੁਤ ਖਤਰਨਾਕ ਹੋ ਜਾਂਦਾ ਹੈ। ਇਹ ਪਾਣੀ ਸਿਰਫ ਮਨੁੱਖੀ ਵਰਤੋਂ ਲਈ ਹੀ ਅਯੋਗ ਨਹੀਂ ਹੁੰਦਾ ਸਗੋਂ ਮਨੁੱਖ ਦੀਆਂ ਖੁਰਾਕੀ ਵਸਤਾਂ ਅਨਾਜ, ਫਲ, ਸਬਜੀਆਂ ਵੀ ਜ਼ਹਿਰੀ ਬਣਾ ਦਿੰਦਾ ਹੈ ਅਤੇ ਅਨੇਕਾਂ ਰੁੱਖਾਂ ਅਤੇ ਕੁਦਰਤੀ ਬਨਸਪਤੀ ਨੂੰ ਵੀ ਖਤਮ ਕਰ ਦਿੰਦਾ ਹੈ। ਪੰਜਾਬ ਵਿਚ ਟਾਹਲੀ ਅਤੇ ਕਿੱਕਰ ਵਰਗੇ ਅਣਮੁੱਲੇ ਰੁੱਖ ਇਸ ਪ੍ਰਦੂਸ਼ਤ ਪਾਣੀ ਦੀ ਭੇਟ ਚੜ੍ਹ ਚੁੱਕੇ ਹਨ। ਸਾਡੇ ਦਰਿਆ, ਵਿਸ਼ੇਸ਼ ਕਰਕੇ ਪੰਜਾਬ ਵਿਚ ਸਤਲੁਜ, ਘੱਗਰ ਅਤੇ ਪਵਿੱਤਰ ਮੰਨੇ ਜਾਣ ਵਾਲੀ ਗੰਗਾ ਅਤੇ ਯਮੁਨਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਤ ਹੋ ਚੁੱਕੇ ਹਨ। ਲੁਧਿਆਣੇ ਦਾ ਬੁੱਢਾ ਨਾਲਾ ਅਤੇ ਜਲੰਧਰ ਕਪੂਰਥਲੇ ਦੀ ਕਾਲੀ ਵੇਈਂ ਦਾ ਪਾਣੀ ਲੋਕਾਂ ਦੀ ਜ਼ਿੰਦਗੀ ਅਤੇ ਆਲੇ ਦੁਆਲੇ ਦੇ ਸਮੁੱਚੇ ਵਾਤਾਵਰਨ ਦੀ ਤਬਾਹੀ ਦਾ ਕਾਰਨ ਬਣਦਾ ਜਾ ਰਿਹਾ ਹੈ। ਇਸ ਪਾਣੀ ਨਾਲ ਲੋਕ ਅਨੇਕਾਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ  ਅਤੇ ਸਾਡੀ ਖੁਰਾਕ ਸਮੱਗਰੀ ਵੀ ਜ਼ਹਿਰੀਲੀ ਬਣਦੀ ਜਾ ਰਹੀ ਹੈ। 
ਜਲ ਪ੍ਰਦੂਸ਼ਣ ਦੇ ਕਾਰਨ
ਖਤਰਨਾਕ ਹੱਦ ਤੱਕ ਪਾਣੀ ਦੇ ਪ੍ਰਦੂਸ਼ਤ ਹੋ ਜਾਣ ਦੇ ਬੁਨਿਆਦੀ ਕਾਰਨਾਂ ਬਾਰੇ ਕੇਂਦਰ, ਸੂਬਾ ਸਰਕਾਰਾਂ ਅਤੇ ਉਹਨਾਂ ਦੀਆਂ ਨੀਤੀਆਂ ਦੇ ਸਮਰਥਕ ਆਰਥਕ ਮਾਹਰ ਅਤੇ ਵਿਗਿਆਨੀ ਇਸ ਬਾਰੇ ਕਈ ਤਰ੍ਹਾਂ ਦੇ ਭਰਮ ਪੈਦਾ ਕਰ ਰਹੇ ਹਨ। ਉਹ ਇਸਦੇ ਮੁੱਖ ਸ੍ਰੋਤ ਉਦਯੋਗਾਂ 'ਤੇ ਪੂਰੀ ਇਮਾਨਦਾਰੀ ਨਾਲ ਉਂਗਲ ਧਰਨ ਦੀ ਥਾਂ ਇਸਨੂੰ ਕਿਸਾਨਾਂ ਵਲੋਂ ਖੇਤੀ ਲਈ ਵਰਤੀਆਂ ਜਾਂਦੀਆਂ ਕੀਟਨਾਸ਼ਕ ਦੁਆਈਆਂ ਨੂੰ ਮੁੱਖ ਦੋਸ਼ੀ ਦੱਸਕੇ ਲੋਕਾਂ ਨੂੰ ਬੁੱਧੂ ਬਣਾ ਰਹੇ ਹਨ। ਇਹ ਠੀਕ ਹੈ ਕਿ ਬੇਲੋੜੀਆਂ ਕੀਟ ਨਾਸ਼ਕ ਦੁਆਈਆਂ ਦਾ ਵੀ ਇਸ 'ਤੇ ਦੁਰਪ੍ਰਭਾਵ ਪੈਂਦਾ ਹੈ ਅਤੇ ਇਸਨੂੰ ਵੀ ਰੋਕਿਆ ਜਾਣਾ ਚਾਹੀਦਾ ਹੈ। ਪਰ ਇਸਦਾ ਇਸ ਸਮੱਸਿਆ ਵਿਚ ਹਿੱਸਾ ਬਹੁਤ ਥੋੜ੍ਹਾ ਹੈ। ਮਾਲਵੇ ਦੀ ਧਰਤੀ ਹੇਠਲੇ ਪਾਣੀ ਵਿਚ ਮਿਲਿਆ ਯੂਰੇਨੀਅਮ ਵਰਗਾ ਜ਼ਹਿਰੀਲਾ ਤੱਤ ਦੁਆਈਆਂ ਕਰਕੇ ਨਹੀਂ ਹੈ। ਇਹ ਉਦਯੋਗਾਂ ਦੇ ਪ੍ਰਦੂਸ਼ਤ ਪਾਣੀ ਅਤੇ ਜ਼ਹਿਰੀਲੀ ਰਹਿੰਦ ਖੂੰਹਦ ਦੇ ਖੁੱਲੇ ਆਮ ਸੁੱਟੇ ਜਾਣ ਕਰਕੇ ਹੈ। ਦਰਿਆ ਸਤਲੁੱਜ ਵਿਚ ਪੈਂਦੇ ਬੁੱਢੇ ਨਾਲੇ ਰਾਹੀਂ ਸਤਲੁੱਜ ਦਰਿਆ ਵਿਚ ਸੁੱਟਿਆ ਜਾਂਦਾ ਉਦਯੋਗਾਂ ਦਾ ਜ਼ਹਿਰੀਲਾ ਅਤੇ ਪ੍ਰਦੂਸ਼ਤ ਪਾਣੀ ਸਿਰਫ ਪੰਜਾਬ ਦੇ ਮਾਲਵੇ ਖਿੱਤੇ ਵਿਚ ਹੀ ਕੈਂਸਰ ਅਤੇ ਪੀਲੀਏ ਵਰਗੀਆਂ ਜਾਨਲੇਵਾ ਬਿਮਾਰੀਆਂ ਨੂੰ ਹੀ ਜਨਮ ਨਹੀਂ ਦੇ ਰਿਹਾ ਬਲਕਿ ਇੰਦਰਾ ਗਾਂਧੀ ਨਹਿਰ ਰਾਹੀਂ ਰਾਜਸਥਾਨ ਨੂੰ ਮਿਲਣ ਵਾਲੇ ਪਾਣੀ ਨੂੰ ਪੀਣ ਨਾਲ ਉਥੋਂ ਦੇ ਲੋਕਾਂ ਅੰਦਰ ਵੀ ਅਨੇਕਾਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਰਾਜਸਥਾਨ ਸਰਕਾਰ ਇਸ ਬਾਰੇ ਲਗਾਤਾਰ ਪੰਜਾਬ ਸਰਕਾਰ ਪਾਸ ਇਤਰਾਜ ਉਠਾ ਰਹੀ ਹੈ। ਇਸ ਵਾਰ 19 ਫਰਵਰੀ 2015 ਨੂੰ ਸੂਰਤਗੜ੍ਹ ਵਿਚ ਕਰਿਸ਼ੀ ਕਰਮਨ ਅਵਾਰਡ ਦੇਣ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੀ ਸ਼ਾਮਲ ਸਨ, ਇਸ ਮੌਕੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਬੜੀਆਂ ਹੀ ਕੋੜੀਆਂ-ਫਿਕੀਆਂ ਪਰ ਸੱਚੀਆਂ ਗੱਲਾਂ ਸੁਣਾਈਆਂ। ਬੀਬੀ ਵਸੁੰਧਰਾ ਨੇ ਕਿਹਾ ਕਿ ਮੇਰੇ ਪ੍ਰਾਂਤ ਦੇ 40 ਹਜ਼ਾਰ ਪਿੰਡਾਂ ਵਿਚੋਂ 50% ਪਿੰਡ ਸੋਕੇ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਨਹਿਰਾਂ ਵਿਚ ਗੰਦੇ ਤੱਤ ਤਰਦੇ ਫਿਰਦੇ, ਅੱਜ ਤੁਹਾਡੇ ਰਾਜ ਵਲੋਂ ਆ ਰਹੇ ਹਨ। ਉਸਨੇ ਖੁੱਲ੍ਹੇ ਆਮ ਕਿਹਾ ਕਿ ਉਸਨੇ ਇਸ ਗੰਭੀਰ ਸਮੱਸਿਆ ਬਾਰੇ ਬਾਦਲ ਸਾਹਿਬ ਨਾਲ ਕਈ ਵਾਰ ਗੱਲ ਕੀਤੀ ਹੈ ਪਰ ਪੰਜਾਬ ਦੇ ਉਦਯੋਗਾਂ ਵਲੋਂ ਨਹਿਰਾਂ ਵਿਚ ਜ਼ਹਿਰੀਲੇ ਤੱਤ ਸੁੱਟੇ ਜਾਣ 'ਤੇ ਕੋਈ ਰੋਕ ਨਹੀਂ ਲੱਗ ਸਕੀ। 
ਪੰਜਾਬ ਵਿਚ ਕਾਲੀ ਵੇਈਂ ਦੀ ਹਾਲਤ, ਜਿਸ ਵਿਚ ਮੁੱਖ ਤੌਰ 'ਤੇ ਜਲੰਧਰ ਦੇ ਚਮੜਾ ਉਦਯੋਗਾਂ ਦਾ ਗੰਦਾ ਪਾਣੀ ਪੈਂਦਾ ਹੈ, ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਆਮ ਲੋਕਾਂ ਦੇ ਯਤਨਾਂ ਦੇ ਬਾਵਜੂਦ ਵੀ ਨਹੀਂ ਸੁਧਰ ਸਕੀ। ਬਰਨਾਲਾ ਦਾ ਟਰਾਈਡੈਂਟ ਘਰਾਣਾ, ਕਿਸਾਨ ਸੰਘਰਸ਼ ਦੇ ਦਬਾਅ ਹੇਠਾਂ ਹੋਏ ਲਿਖਤੀ ਫੈਸਲੇ ਦੇ ਬਾਵਜੂਦ ਵੀ ਸਾਰਾ ਗੰਦਾ ਪਾਣੀ ਆਪਣੇ ਨਾਲ ਲੱਗਦੀ ਡਰੇਨ ਵਿਚ ਸੁੱਟ ਰਿਹਾ ਹੈ। ਹਮੀਰਾ ਦੀ ਸ਼ਰਾਬ ਫੈਕਟਰੀ ਨੇ ਆਲੇ ਦੁਆਲੇ ਦੇ ਅਨੇਕਾਂ ਪਿੰਡਾਂ ਦੇ ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ ਅਤੇ ਉਹ ਮਨੁੱਖੀ ਵਰਤੋਂ ਦੇ ਯੋਗ ਨਹੀਂ ਰਿਹਾ। ਭਾਰਤ ਦੀਆਂ ਅੱਤ ਪਵਿੱਤਰ ਮੰਨੀਆਂ ਜਾਣ ਵਾਲੀਆਂ ਨਦੀਆਂ ਦੇ ਕੰਢੇ ਵਸਦੇ ਸ਼ਹਿਰਾਂ ਵਿਚ ਲੱਗੇ ਉਦਯੋਗਾਂ ਦੇ ਪ੍ਰਦੂਸ਼ਤ ਪਾਣੀ ਨਾਲ ਇਹ ਜੀਵਨ ਦਾਨ ਦੇਣ ਵਾਲੀਆਂ ਨਦੀਆਂ ਗੰਦਗੀ ਦੇ ਦਰਿਆਵਾਂ ਦਾ ਰੂਪ ਧਾਰ ਗਈਆਂ ਹਨ ਅਤੇ ਇਹਨਾਂ ਦਾ ਪਾਣੀ ਮਨੁੱਖੀ ਜੀਵਨ ਲਈ ਘਾਤਕ ਬਣ ਗਿਆ ਹੈ। ਹੁਣ ਇਹ ਪਾਣੀ ਮਨੁੱਖੀ ਜੀਵਨ ਦਾਨ ਦੇਣ ਦੀ ਥਾਂ ਮੌਤ ਵੰਡ ਰਿਹਾ ਹੈ।
ਸ਼ਹਿਰਾਂ ਵਿਚ ਸੀਵਰੇਜ ਪ੍ਰਬੰਧ ਬੁਰੀ ਤਰ੍ਹਾਂ ਲੜਖੜਾ ਗਿਆ ਹੈ ਅਤੇ ਗੰਦਾ ਪਾਣੀ ਗਲੀਆਂ ਸਮੇਤ ਸੜਕਾਂ 'ਤੇ ਹਰਲ-ਹਰਲ ਕਰਦਾ ਫਿਰਦਾ ਹੈ। ਕਈ ਵਾਰ ਇਹ ਪਾਣੀ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਨਾਲ ਮਿਲ ਜਾਂਦਾ ਹੈ ਤੇ ਪੀਲੀਏ ਅਤੇ ਕੈਂਸਰ ਵਰਗੇ ਰੋਗਾਂ ਨੂੰ ਜਨਮ ਦਿੰਦਾ ਹੈ। ਸ਼ਹਿਰਾਂ ਦੇ ਸੀਵਰੇਜ਼ ਦਾ ਇਹ ਪ੍ਰਦੂਸ਼ਤ ਪਾਣੀ ਡਰੇਨਾਂ ਵਿਚ ਸੁੱਟ ਦਿੱਤਾ ਜਾਂਦਾ ਹੈ। ਜਿਥੋਂ ਉਹ ਨਦੀ ਨਾਲਿਆਂ ਵਿਚ ਜਾ ਮਿਲਦਾ ਹੈ। ਪਿੰਡਾਂ ਵਿਚ ਛੱਪੜਾਂ ਆਦਿ ਦੇ ਪੂਰੇ ਜਾਣ ਕਰਕੇ ਗੰਦੇ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਹੈ। ਇਥੇ ਪਾਣੀ ਗਲੀਆਂ, ਨਾਲੀਆਂ ਵਿਚ ਖੜ੍ਹਾ ਰਹਿਣ ਕਰਕੇ ਹੇਠਾਂ ਰਿਸਦਾ ਰਹਿੰਦਾ ਹੈ ਜਿਸ ਨਾਲ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਰਹਿੰਦਾ। ਬਰਸਾਤੀ ਮੌਸਮ ਵਿਚ ਅਨੇਕਾਂ ਪਿੰਡਾਂ ਵਿਚ ਪੀਲੀਆ, ਹੈਜਾ ਅਤੇ ਡੇਂਗੂ ਵਰਗੀਆਂ ਘਾਤਕ ਬਿਮਾਰੀਆਂ ਪੈਦਾ ਹੁੰਦੀਆਂ ਹਨ। ਇਸ ਤਰ੍ਹਾਂ ਉਦਯੋਗਾਂ, ਸੀਵਰੇਜ਼ ਅਤੇ ਪਿੰਡਾਂ ਦੀਆਂ ਨਾਲੀਆਂ ਦਾ ਗੰਦਾ ਪਾਣੀ ਧਰਤੀ ਹੇਠਲੇ ਪਾਣੀ ਅਤੇ ਦਰਿਆਵਾਂ ਦੇ ਪਾਣੀਆਂ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਤ ਕਰਦਾ ਹੈ। ਇਹ ਪ੍ਰਦੂਸ਼ਤ ਪਾਣੀ ਮਨੁੱਖ, ਖੇਤੀ ਉਪਜਾਂ ਅਤੇ ਪਸ਼ੂ ਪੰਛੀਆਂ ਵਿਸ਼ੇਸ਼ ਕਰਕੇ ਜਲਜੀਵਾਂ ਲਈ ਭਾਰੀ ਤਬਾਹੀ ਦਾ ਕਾਰਨ ਬਣਦਾ ਹੈ।  
ਲੋਕਾਂ ਦੁਆਰਾ ਚੁਣੀ ਗਈ ਹਰ ਸਰਕਾਰ ਦੀ ਪਹਿਲੀ ਤੇ  ਮੁੱਢਲੀ ਜ਼ਿੰਮੇਵਾਰੀ ਲੋਕਾਂ ਨੂੰ ਸਿਹਤ, ਵਿਦਿਆ ਅਤੇ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਨ ਦੀ ਹੈ। ਜਿਹੜੀ ਸਰਕਾਰ ਇਹ ਕੰਮ ਨਹੀਂ ਕਰਦੀ। ਉਸਨੂੰ ਗੱਦੀ 'ਤੇ ਰਹਿਣ ਦਾ ਕੋਈ ਹੱਕ ਨਹੀਂ। ਅਜਿਹੀ ਸਰਕਾਰ ਵਿਰੁੱਧ ਜਨਤਾ ਨੂੰ ਆਪਣੀ ਲਾਮਬੰਦੀ ਰਾਹੀਂ ਗੱਦੀ ਤੋਂ ਉਤਾਰਨ ਲਈ ਸੰਘਰਸ਼ ਕਰਨ ਦਾ ਸਿਰਫ ਜਮਹੂਰੀ ਹੱਕ ਹੀ ਨਹੀਂ ਸਗੋਂ ਉਸਦਾ ਇਖਲਾਕੀ ਅਤੇ ਮਨੁੱਖੀ ਫਰਜ਼ ਬਣਦਾ ਹੈ। ਪਰ 1991 ਤੋਂ ਕੇਂਦਰ ਅਤੇ ਸੂਬਾਈ ਸਰਕਾਰਾਂ ਨੇ ਇਹਨਾਂ ਬੁਨਿਆਦੀ ਫਰਜਾਂ ਦੀ ਪੂਤੀ ਕਰਨ ਤੋਂ ਆਪਣੇ ਹੱਥ ਪਿੱਛੇ ਖਿੱਚ ਲਏ ਹਨ। ਇਹਨਾਂ ਸਮਾਜਕ ਕੰਮਾਂ ਲਈ ਫੰਡ ਲਗਾਤਾਰ ਘਟਾਏ ਜਾ ਰਹੇ ਹਨ ਅਤੇ ਜਿਹੜੇ ਫੰਡ ਮਿਲਦੇ ਹਨ ਉਹ ਭਰਿਸ਼ਟਾਚਾਰ ਦੀ ਬਲੀ ਚੜ੍ਹ ਜਾਂਦੇ ਹਨ। ਮਹਾਨ ਗੰਗਾ ਨਦੀ ਨੂੰ ਮਾਂ ਦਾ ਦਰਜਾ ਤਾਂ ਗੱਲੀਂਬਾਤੀਂ ਦਿੱਤਾ ਜਾਂਦਾ ਹੈ, ਪਰ ਇਸਦੇ ਪਾਣੀ ਨੂੰ ਪਲੀਤ ਕਰਨ ਵਾਲੀ ਸਮੱਸਿਆ 'ਤੇ ਕੋਈ ਕੰਟਰੋਲ ਨਹੀਂ ਹੋ ਰਿਹਾ। ਹਜ਼ਾਰਾਂ ਕਰੋੜ ਰੁਪਏ ਖਰਚ ਕੇ ਵੀ ਗੱਲ ਉਥੇ ਦੀ ਉਥੇ ਖੜ੍ਹੀ ਹੈ। ਗੰਗਾ ਮਾਂ ਮੈਲੀ ਦੀ ਮੈਲੀ ਹੀ ਰਹਿੰਦੀ ਹੈ। 
ਸਮੱਸਿਆਵਾਂ ਦਾ ਹੱਲ ਹੈ
ਸਰਕਾਰ ਆਪਣੀ ਬਦਨੀਅਤੀ ਨੂੰ ਛੁਪਾਉਣ ਲਈ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਨੀਤੀਗਤ ਦੂਰਰਸ ਨੀਤੀਆਂ ਨਹੀਂ ਅਪਣਾ ਰਹੀ। ਉਹ ਵਰਖਾ ਦੇ ਪਾਣੀ ਦੀ ਸੰਭਾਲ ਲਈ ਜਲਗਾਹਾਂ ਦੇ ਵਿਕਾਸ, ਪਹਾੜੀ ਖੇਤਰਾਂ ਵਿਚ ਚੈਕ ਡੈਮਾਂ ਅਤੇ ਪਹਾੜੀ ਇਲਾਕਿਆਂ ਵਿਚ ਤਲਾਬਾਂ ਦੀ ਉਸਾਰੀ ਕਰਨ ਵੱਲ ਧਿਆਨ ਨਹੀਂ ਦੇ ਰਹੀ। ਵਰਖਾ ਦੇ ਪਾਣੀ ਦੀ ਸੰਭਾਲ ਨਾਲ ਪਾਣੀ ਦੀ ਮਾਤਰਾ ਵਧੇਗੀ ਅਤੇ ਅਸੀਂ ਆਪਣੀ ਖੇਤੀ ਲਈ ਲੋੜੀਂਦਾ ਪਾਣੀ ਵਰਤਕੇ ਵੀ ਨਦੀਆਂ ਵਿਚ ਕਾਫੀ ਮਾਤਰਾ ਵਿਚ ਸਾਫ ਪਾਣੀ ਲਗਾਤਾਰ ਵਹਿੰਦਾ ਰੱਖਣ ਦੇ ਸਮਰਥ ਹੋ ਜਾਵਾਂਗੇ। ਪ੍ਰਦੂਸ਼ਤ ਪਾਣੀ ਦੇ ਸਭ ਤੋਂ ਵੱਡੇ ਸਰੋਤ, ਉਦਯੋਗਕ ਰਹਿੰਦ ਖੂੰਹਦ ਅਤੇ ਪਾਣੀ ਉਪਰ ਸਫਾਈ ਯੰਤਰ (Treatment) ਲਾਉਣ ਦੀ ਕਾਨੂੰਨੀ ਵਿਵਸਥਾ ਬਣਾਈ ਜਾਵੇ ਅਤੇ ਇਸਤੇ ਸਖਤੀ ਨਾਲ ਅਮਲ ਕੀਤਾ ਜਾਵੇ। ਇਸ ਮੰਤਵ ਲਈ ਛੋਟੇ ਉਦਯੋਗਾਂ ਲਈ ਸਾਂਝੇ ਪਲਾਂਟ ਲਾਏ ਜਾਣ ਅਤੇ ਸਰਕਾਰ ਇਹਨਾਂ ਦੀ ਮਾਲੀ ਮਦਦ ਕਰੇ। ਇਸੇ ਤਰ੍ਹਾਂ ਸ਼ਹਿਰਾਂ ਅਤੇ ਪਿੰਡਾਂ ਵਿਚਲੇ ਗੰਦੇ ਪਾਣੀ ਨੂੰ ਸਾਫ ਕਰਨ ਲਈ ਮਿਊਂਸਪਲ ਕਮੇਟੀਆਂ ਵਲੋਂ ਟਰੀਟਮੈਂਟ ਪਲਾਂਟ ਲਾਏ ਜਾਣ। ਜੇ ਪ੍ਰਦੂਸ਼ਤ ਪਾਣੀ ਸਾਫ ਕਰ ਲਿਆ ਜਾਵੇ ਤਾਂ ਇਸਦੀ ਵਰਤੋਂ ਮੁੜ ਖੇਤੀ ਅਤੇ ਭਵਨ ਉਸਾਰੀ ਆਦਿ ਲਈ ਕੀਤੀ ਜਾ ਸਕਦੀ ਹੈ। ਇਸ ਨਾਲ ਇਹਨਾਂ ਕੰਮਾਂ ਲਈ ਧਰਤੀ ਹੇਠਲਾ ਪਾਣੀ ਕੱਢਣ ਤੋਂ ਬਚਿਆ ਜਾ ਸਕਦਾ ਹੈ। ਸ਼ਹਿਰ ਦੇ ਕੂੜਾ ਕਰਕਟ, ਵਿਸ਼ੇਸ਼ ਕਰਕੇ ਮੈਡੀਕਲ ਰਹਿੰਦ ਖੂੰਹਦ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ। ਇਸਦੀ ਵਰਤੋਂ ਬਾਇਓਗੈਸ ਪਲਾਂਟਾਂ ਅਤੇ ਛੋਟੀ ਪੱਧਰ 'ਤੇ ਬਿਜਲੀ ਉਤਪਾਦਨ ਲਈ ਵੀ ਕੀਤੀ ਜਾ ਸਕਦੀ ਹੈ। ਲੋਕਾਂ ਅੰਦਰ ਵਿਗਿਆਨਕ ਸਮਝਦਾਰੀ ਪੈਦਾ ਕਰਕੇ, ਉਹਨਾਂ ਨੂੰ ਧਾਰਮਿਕ ਸ਼ਰਧਾ ਦੇ ਰੂਪ ਵਿਚ ਦਰਿਆਵਾਂ ਵਿਚ ਅਜਿਹੀਆਂ ਵਸਤਾਂ, ਜੋ ਜਲ ਨੂੰ ਪ੍ਰਦੂਸ਼ਤ ਕਰਦੀਆਂ ਹਨ, ਨਾ ਸੁੱਟਣ ਬਾਰੇ ਜਾਗਰਤੀ ਪੈਦਾ ਕੀਤੀ ਜਾਣੀ ਵੀ ਜ਼ਰੂਰੀ ਹੈ। 
ਅੰਤ ਵਿਚ ਇਸ ਗੱਲ 'ਤੇ ਜ਼ੋਰ ਦੇਣਾ ਚਾਹੁੰਦੇ ਹਾਂ ਕਿ ਪ੍ਰਦੂਸ਼ਤ ਪਾਣੀ ਦੀ ਸਮੱਸਿਆ ਵਾਕਿਆ ਹੀ ਬਹੁਤ ਭਿਅੰਕਰ ਰੂਪ ਧਾਰਨ ਕਰ ਗਈ ਹੈ। ਇਹ ਲੋਕਾਂ ਦੇ ਜੀਵਨ 'ਤੇ ਮਾਰੂ ਹਮਲੇ ਕਰ ਰਹੀ ਹੈ। ਇਹ ਸਮੱਸਿਆ ਹਰ ਹਾਲਤ ਵਿਚ ਹੱਲ ਕੀਤੀ ਜਾਣੀ ਚਾਹੀਦੀ ਹੈ ਅਤੇ ਇਹ ਹੱਲ ਕੀਤੀ ਵੀ ਜਾ ਸਕਦੀ ਹੈ। ਪਰ ਇਸ ਲਈ ਕੇਂਦਰ ਅਤੇ ਸੂਬਾ ਸਰਕਾਰ ਦੇ ਨੁਮਾਇੰਦਿਆਂ ਅੰਦਰ ਮਜ਼ਬੂਤ ਰਾਜਨੀਤਕ ਇੱਛਾ ਸ਼ਕਤੀ ਦਾ ਹੋਣਾ ਜ਼ਰੂਰੀ ਹੈ। ਸ਼ਕਤੀਸ਼ਾਲੀ ਰਾਜਨੀਤਕ ਇੱਛਾ ਸ਼ਕਤੀ ਹੀ ਉਦਯੋਗਕ, ਪ੍ਰਦੂਸ਼ਨ 'ਤੇ ਉਂਗਲ ਧਰ ਸਕਦੀ ਹੈ ਅਤੇ ਕਾਰਖਾਨੇਦਾਰਾਂ ਨੂੰ ਪ੍ਰਦੂਸ਼ਤ ਪਾਣੀ ਦੀ ਸਫਾਈ ਅਤੇ ਬਾਕੀ ਰਹਿੰਦ ਖੂੰਹਦ ਦਾ ਸੁਰੱਖਿਅਤ ਨਿਬੇੜਾ ਕਰਨ ਲਈ ਮਜ਼ਬੂਰ ਕਰ ਸਕਦੀ ਹੈ। ਜੇ ਉਦਯੋਗਾਂ ਅਤੇ ਸੀਵਰੇਜ਼ ਦਾ ਗੰਦਾ ਪਾਣੀ ਦਰਿਆਵਾਂ ਵਿਚ ਨਾ ਪਵੇ ਤਾਂ ਹਾਲਾਤ ਬਹੁਤ ਛੇਤੀ ਬਦਲ ਸਕਦੇ ਹਨ। ਸਾਡੇ ਦਰਿਆ ਮੁੜ ਸਾਫ ਪਾਣੀ ਵਾਲੇ ਹੋ ਸਕਦੇ ਹਨ। ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਦੇਣ ਲਈ ਪਾਣੀ ਸਪਲਾਈ ਕਰਨ ਵਾਲੀਆਂ ਨਹਿਰਾਂ ਵਿਚ ਪ੍ਰਦੂਸ਼ਤ ਪਾਣੀ ਬਿਲਕੁਲ ਨਾ ਜਾਣ ਦਿੱਤਾ ਜਾਵੇ। ਸ਼ਹਿਰਾਂ ਅਤੇ ਧਰਤੀ ਹੇਠਲੇ ਖਰਾਬ ਪਾਣੀ ਵਾਲੇ ਪਿੰਡਾਂ ਦੇ ਜਲ ਭੰਡਾਰਾਂ ਵਿਚੋਂ ਸਾਫ ਪਾਣੀ ਸਪਲਾਈ ਕਰਨ ਲਈ ਸ਼ਕਤੀਸ਼ਾਲੀ ਯੰਤਰਾਂ ਅਤੇ ਪ੍ਰਬੰਧ ਦੀ ਵਰਤੋਂ ਕੀਤੀ ਜਾਵੇ। ਇਸਤੋਂ ਬਿਨਾਂ ਲੋਕਾਂ ਅੰਦਰ ਜਾਗਰਤੀ ਪੈਦਾ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਪਾਣੀ ਦੀ ਸੰਭਾਲ ਕਰਨ ਅਤੇ ਸਾਫ ਸਫਾਈ ਰੱਖਣ ਲਈ ਜਾਗਰਤ ਕੀਤਾ ਜਾਵੇ। 
ਪਰ ਨਵਉਦਾਰਵਾਦੀ ਨੀਤੀਆਂ ਦੀਆਂ ਝੰਡਾ ਬਰਦਾਰ ਬਣ ਚੁੱਕੀਆਂ ਸਰਕਾਰਾਂ ਨੂੰ ਇਸ ਵੱਡੇ ਕੰਮ ਲਈ ਮਜ਼ਬੂਰ ਕਰਨ ਲਈ ਸ਼ਕਤੀਸ਼ਾਲੀ ਜਨਤਕ ਲਹਿਰ ਉਸਾਰਨ ਤੋਂ ਬਿਨਾਂ ਦੂਜਾ ਕੋਈ ਰਸਤਾ ਨਹੀਂ।  

ਰਣਚੰਡੀ ਦੇ ਪਰਮ ਭਗਤ ਸ਼ਹੀਦ ਕਰਤਾਰ ਸਿੰਘ ਸਰਾਭਾ

ਸ਼ਹੀਦ ਭਗਤ ਸਿੰਘ

(ਅੱਜ ਦਾ ਨੌਜਵਾਨ ਆਪਣੇ ਸ਼ਹੀਦਾਂ ਨੂੰ ਭੁਲ ਗਿਆ ਹੈ  ਜਦਕਿ ਸ਼ਹੀਦ-ਏ-ਆਜ਼ਮ  ਭਗਤ ਸਿੰਘ ਨੇ  ਛੋਟੀ ਉਮਰ ਵਿਚ ਹੀ ਦੇਸ਼ ਭਗਤੀ ਤੇ ਕੁਰਬਾਨੀ ਦੀ ਗਾਥਾ ਨੂੰ ਘਰ-ਘਰ ਪਹੁੰਚਾਉਣ ਲਈ  ਅਲਾਹਾਬਾਦ ਤੋਂ ਛਪਦੇ ਚਾਂਦ 'ਫਾਂਸੀ' ਅੰਕ ਵਿੱਚ ਬਲਵੰਤ ਨਾਂਅ ਹੇਠ ਗ਼ਦਰੀ ਦੇਸ਼ ਭਗਤਾਂ  ਦੀਆਂ ਕੁਰਬਾਨੀਆਂ ਬਾਰੇ ਲਗਭਗ 30 ਲੇਖ ਲਿਖੇ ਸਨ। ਜਿਨ੍ਹਾਂ ਵਿੱਚੋਂ  ਇਕ ਲੇਖ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਬਾਰੇ ਵੀ ਸੀ। ਜਿਨ੍ਹਾਂ ਨੂੰ ਉਹ ਆਪਣਾ ਆਦਰਸ਼ ਮੰਨਦੇ ਸਨ। ਅਸੀਂ ਆਪਣੇ ਪਾਠਕਾਂ ਨੂੰ ਗਦਰੀ ਵਿਸ਼ੇਸ਼ ਅੰਕ ਲਈ ਇਕ ਮਹਾਨ ਨਾਇਕ ਦਾ ਦੂਸਰੇ ਮਹਾਨ ਨਾਇਕ ਬਾਰੇ ਲਿਖਿਆ ਲੇਖ ਇਸ ਆਸ ਨਾਲ ਪੜ੍ਹਨ ਨੂੰ ਪੇਸ਼ ਕਰ ਰਹੇ ਹਾਂ - ਸੰਪਾਦਕੀ ਮੰਡਲ )

ਰਣਚੰਡੀ ਦੇ ਉਸ ਪਰਮ ਭਗਤ ਬਾਗੀ ਕਰਤਾਰ ਸਿੰਘ ਦੀ ਉਮਰ ਉਸ ਵੇਲੇ 20 ਸਾਲ ਦੀ ਵੀ ਨਹੀਂ ਸੀ ਜਦੋਂ ਉਨ੍ਹਾਂ ਨੇ ਆਜ਼ਾਦੀ ਦੀ ਦੇਵੀ ਦੀ ਵੇਦੀ 'ਤੇ ਆਪਣੀ ਰੱਤ ਬੁੱਕਾਂ ਭਰ-ਭਰ ਭੇਟ ਕਰ ਦਿੱਤੀ ਸੀ। ਹਨੇਰੀ ਵਾਂਗ ਉਹ ਅਚਾਨਕ ਕਿਧਰਿਉਂ ਆਏ, ਅੱਗ ਭੜਕਾਈ, ਸੁੱਤੀ ਰਣਚੰਡੀ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਕ੍ਰਾਂਤੀ ਯੱਗ ਰਚਿਆ, ਅਤੇ ਅੰਤ ਵਿਚ ਖੁਦ ਵੀ ਉਸੇ ਵਿਚ 'ਸਵਾਹਾ' ਹੋ ਗਏ। ਉਹ ਕੀ ਸਨ, ਕਿਸ ਲੋਕ ਤੋਂ ਅਚਾਨਕ ਆਏ ਸਨ ਤੇ ਫੇਰ ਅੱਖ ਦੇ ਫੋਰ ਵਿਚ ਕਿੱਧਰ ਚਲੇ ਗਏ, ਅਸੀਂ ਕੁਝ ਸਮਝ ਹੀ ਨਾ ਸਕੇ। 19 ਸਾਲ ਦੀ ਛੋਟੀ ਉਮਰ ਵਿਚ ਹੀ ਉਨ੍ਹਾਂ ਨੇ ਐਨੇ ਵੱਡੇ ਕੰਮ ਅੰਜਾਮ ਦਿੱਤੇ ਕਿ ਸੋਚ ਕੇ ਹੈਰਾਨੀ ਹੁੰਦੀ ਹੈ। ਐਨੀ ਦਲੇਰੀ, ਐਨਾ ਆਤਮ-ਵਿਸ਼ਵਾਸ, ਐਨਾ ਸਵੈ-ਤਿਆਗ, ਐਨੀ ਫੁਰਤੀ, ਐਨੀ ਲਗਨ ਬਹੁਤ ਹੀ ਘੱਟ ਦੇਖਣ ਵਿਚ ਆਉਂਦੀ ਹੈ। ਭਾਰਤ ਵਰਸ਼ ਵਿਚ ਅਸਲੀ ਗ਼ਦਰੀ ਕਹੇ ਜਾਣ ਵਾਲੇ ਮੁੱਠੀ ਭਰ ਲੋਕ ਹੀ ਪੈਦਾ ਹੋਏ ਹਨ। ਪਰ ਇਨ੍ਹਾਂ ਗਿਣੇ-ਚੁਣੇ ਕ੍ਰਾਂਤੀਕਾਰੀਆਂ ਵਿਚ ਵੀ ਸ਼੍ਰੀ ਕਰਤਾਰ ਸਿੰਘ ਸਰਵਉਚ ਹਨ। ਉਨ੍ਹਾਂ ਦੀ ਨਸ-ਨਸ ਵਿਚ ਕ੍ਰਾਂਤੀ ਸਮਾਈ ਹੋਈ ਸੀ। ਉਨ੍ਹਾਂ ਦੇ ਜੀਵਨ ਦਾ ਇਕ ਮਾਤਰ ਆਦਰਸ਼, ਉਨ੍ਹਾਂ ਦੀ ਇਕ ਮਾਤਰ ਅਭਿਲਾਸ਼ਾ, ਇਕ ਮਾਤਰ ਆਸ ਜੋ ਵੀ ਸੀ ਇਹੀ ਗ਼ਦਰ ਸੀ। ਇਸੇ ਵਾਸਤੇ ਉਹ ਜ਼ਿੰਦਾ ਰਹੇ ਅਤੇ ਅੰਤ ਇਸੇ ਵਾਸਤੇ ਜਾਨ ਵਾਰ ਗਏ। 
ਸੰਨ 1896 ਵਿਚ ਆਪਦਾ ਜਨਮ ਸਰਾਭਾ ਨਾਮਕ ਪਿੰਡ (ਜ਼ਿਲ੍ਹਾ ਲੁਧਿਆਣਾ) ਵਿਚ ਹੋਇਆ ਸੀ। ਆਪ ਮਾਂ-ਬਾਪ ਦੇ ਇਕਲੌਤੇ ਪੁੱਤਰ ਸਨ। ਬੜੇ ਲਾਡ-ਚਾਅ ਨਾਲ ਪਾਲਣ-ਪੋਸ਼ਣ ਹੋ ਰਿਹਾ ਸੀ। ਅਜੇ ਬਾਲੜੀ ਉਮਰ ਸੀ ਕਿ ਪਿਤਾ ਦੀ ਮੌਤ ਹੋ ਗਈ। ਪਰ ਆਪ ਦੇ ਦਾਦਾਜੀ ਨੇ ਬੜੇ ਯਤਨਾਂ ਨਾਲ ਆਪ ਨੂੰ ਪਾਲਿਆ। ਆਪ ਦੇ ਪਿਤਾ ਦਾ ਨਾਂਅ ਸਰਦਾਰ ਮੰਗਲ ਸਿੰਘ ਸੀ। ਆਪ ਦੇ ਇਕ ਚਾਚਾ ਤਾਂ ਸੰਯੁਕਤ-ਪ੍ਰਾਂਤ ਵਿਚ ਪੁਲਿਸ ਸਬ-ਇੰਸਪੈਕਟਰ ਸਨ ਅਤੇ ਦੂਜੇ ਉੜੀਸਾ ਦੇ ਮਹਿਕਮਾ ਜੰਗਲਾਤ ਵਿਚ ਕਿਸੇ ਉੱਚੇ ਅਹੁਦੇ ਤੇ ਕੰਮ ਕਰਦੇ ਸਨ। ਕਰਤਾਰ ਸਿੰਘ ਪਹਿਲਾਂ ਤਾਂ ਆਪਣੇ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਵਿਚ ਪੜ੍ਹਦੇ ਰਹੇ ਬਾਅਦ ਵਿਚ ਲੁਧਿਆਣਾ ਦੇ ਖਾਲਸਾ ਹਾਈ ਸਕੂਲ ਵਿਚ ਦਾਖਲ ਹੋ ਗਏ। ਪੜ੍ਹਨ-ਲਿਖਣ ਵਿਚ ਬਹੁਤੇ ਤੇਜ਼ ਨਹੀਂ ਸਨ, ਪਰ ਐਨੇ ਮਾੜੇ ਵੀ ਨਹੀਂ ਸਨ। ਸ਼ਰਾਰਤੀ ਬਹੁਤ ਸਨ। ਛੇੜਖਾਨੀ ਨਾਲ ਹਰੇਕ ਦੀ ਜਾਨ ਆਫ਼ਤ ਵਿਚ ਪਾਈ ਰੱਖਦੇ। ਸਾਥੀ ਆਪ ਨੂੰ 'ਅਫਲਾਤੂਨ' ਕਿਹਾ ਕਰਦੇ ਸਨ। ਸਾਰੇ ਲੋਕ ਆਪ ਨੂੰ ਬੜਾ ਲਾਡ ਕਰਦੇ ਸਨ। ਸਕੂਲ ਵਿਚ ਆਪ ਦਾ ਇਕ ਵੱਖਰਾ ਜੁੱਟ ਸੀ। ਖੇਡਾਂ ਵਿਚ ਆਪ ਮੋਹਰੀ ਸਨ। ਆਗੂ ਵਾਲੇ ਸਾਰੇ ਗੁਣ ਆਪ ਵਿਚ ਮੌਜੂਦ ਸਨ। ਨੌਵੀਂ ਜਮਾਤ ਤੱਕ ਉੱਥੇ ਪੜ੍ਹ ਕੇ ਆਪ ਆਪਣੇ ਚਾਚਾ ਕੋਲ ਉੜੀਸਾ ਚਲੇ ਗਏ। ਉੱਥੇ ਜਾ ਕੇ ਦਸਵੀਂ ਕੀਤੀ ਤੇ ਕਾਲਜ ਵਿਚ ਪੜ੍ਹਨ ਲੱਗੇ। ਇਹ ਉਹੀ 1910-11 ਦੇ ਦਿਨ ਸਨ। ਉੱਥੇ ਆਪ ਨੂੰ ਸਕੂਲ-ਕਾਲਜ ਦੇ ਕੋਰਸ ਦੇ ਸੰਕੀਰਣ ਦਾਇਰੇ ਤੋਂ ਬਾਹਰ ਦੀਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਦਾ ਮੌਕਾ ਮਿਲਿਆ। ਅੰਦੋਲਨ ਦੇ ਦਿਨ ਸਨ। ਉਸੇ ਮਾਹੌਲ ਵਿਚ ਰਹਿ ਕੇ ਦੇਸ਼ ਅਤੇ ਆਜ਼ਾਦੀ ਪ੍ਰੇਮ ਦੀਆਂ ਭਾਵਨਾਵਾਂ ਆਪ ਦੇ ਸੀਨੇ ਵਿਚ ਹੋਰ ਪ੍ਰਬਲ ਹੋ ਉੱਠੀਆਂ। 
ਅਮਰੀਕਾ ਜਾਣ ਦੀ ਚਾਹਨਾ ਹੋਈ। ਘਰ ਵਾਲਿਆਂ ਨੇ ਬਹੁਤੀ ਹੀਲ-ਹੁੱਜਤ ਨਾ ਕੀਤੀ। ਆਪ ਨੂੰ ਅਮਰੀਕਾ ਭੇਜ ਦਿੱਤਾ ਗਿਆ। ਸੰਨ 1912 ਵਿਚ ਆਪ ਸਾਨਫਰਾਂਸਿਸਕੋ ਬੰਦਰਗਾਹ 'ਤੇ ਪਹੁੰਚੇ। ਇਮੀਗ੍ਰੇਸ਼ਨ ਵਾਲਿਆਂ ਨੇ ਵਿਸ਼ੇਸ਼ ਪੁੱਛ-ਗਿੱਛ ਲਈ ਆਪ ਨੂੰ ਰੋਕ ਲਿਆ। 
ਅਫ਼ਸਰ ਦੇ ਪੁੱਛਣ 'ਤੇ ਆਪ ਨੇ ਕਿਹਾ- ਇੱਥੇ ਪੜ੍ਹਨ ਵਾਸਤੇ ਆਇਆ ਹਾਂ।
ਅਫ਼ਸਰ ਨੇ ਕਿਹਾ- ਕੀ ਤੈਨੂੰ ਹਿੰਦੁਸਤਾਨ ਵਿਚ ਪੜ੍ਹਨ ਨੂੰ ਥਾਂ ਨਹੀਂ ਮਿਲੀ?
ਜਵਾਬ ਦਿੱਤਾ- ਮੈਂ ਉਚੇਰੀ ਸਿੱਖਿਆ ਪ੍ਰਾਪਤ ਕਰਨ ਵਾਸਤੇ ਹੀ ਕੈਲੇਫੋਰਨੀਆ ਯੂਨੀਵਰਸਿਟੀ ਵਿਚ ਦਾਖਲ ਹੋਣ ਦੇ ਵਿਚਾਰ ਨਾਲ ਆਇਆ ਹਾਂ।
'ਅਤੇ ਜੇ ਤੈਨੂੰ ਅਮਰੀਕਾ ਵਿਚ ਨਾ ਉੱਤਰਨ ਦਿੱਤਾ ਜਾਵੇ ਫੇਰ?'
ਇਸ ਸਵਾਲ ਦਾ ਜਵਾਬ ਕਰਤਾਰ ਸਿੰਘ ਨੇ ਬੜਾ ਸੋਹਣਾ ਦਿੱਤਾ- 'ਤਾਂ ਮੈਂ ਸਮਝਾਂਗਾ ਕਿ ਬੜੀ ਭਾਰੀ ਬੇਇਨਸਾਫ਼ੀ ਹੋਈ ਹੈ। ਵਿਦਿਆਰਥੀਆਂ ਦੇ ਰਾਹਾਂ ਵਿਚ ਅਜਿਹੇ ਅੜਿੱਕੇ ਪਾਉਣ ਨਾਲ ਤਾਂ ਦੁਨੀਆਂ ਦੀ ਤਰੱਕੀ ਰੁਕ ਜਾਵੇਗੀ। ਕੌਣ ਜਾਣਦਾ  ਹੈ ਕਿ ਮੈਂ ਇੱਥੇ ਵਿੱਦਿਆ ਹਾਸਲ ਕਰਕੇ ਸੰਸਾਰ ਵਿਚ ਭਲਾਈ ਦਾ ਕੋਈ ਵੱਡਾ ਕੰਮ ਕਰਨ ਵਿਚ ਸਮਰੱਥ ਹੋ ਜਾਵਾਂ ਅਤੇ ਉਤਰਨ ਦੀ ਇਜਾਜ਼ਤ ਨਾ ਮਿਲਣ ਤੇ ਸੰਸਾਰ ਇਸ ਤੋਂ ਵਾਂਝਾ ਹੀ ਰਹਿ ਜਾਵੇ।'
ਅਫ਼ਸਰ ਸਾਹਿਬ ਨੇ ਇਸ ਜਵਾਬ ਤੋਂ ਪ੍ਰਭਾਵਿਤ ਹੋ ਕੇ ਉੱਤਰਨ ਦੀ ਇਜਾਜ਼ਤ ਦੇ ਦਿੱਤੀ। 
ਆਜ਼ਾਦ ਮੁਲਕ ਵਿਚ ਜਾ ਕੇ ਕਦਮ-ਕਦਮ 'ਤੇ ਆਪ ਦੇ ਕੋਮਲ ਹਿਰਦੇ ਤੇ ਸੱਟਾਂ ਵੱਜਣ ਲੱਗੀਆਂ। 'ਡੈਮ ਹਿੰਦੂ' ਅਤੇ 'ਬਲੈਕ ਕੁਲੀ' ਵਰਗੇ ਸ਼ਬਦ ਉਨ੍ਹਾਂ ਭੂਸਰੇ ਹੋਏ ਗੋਰੇ ਅਮਰੀਕਨਾਂ ਦੇ ਮੂੰਹੋਂ ਸੁਣਦੇ ਹੀ ਉਹ ਪਾਗਲ ਜਿਹੇ ਹੋਣ ਲੱਗਦੇ। ਉਨ੍ਹਾਂ ਨੂੰ ਕਦਮ-ਕਦਮ ਤੇ ਦੇਸ਼ ਦਾ ਹੰਕਾਰ ਅੱਖਰਨ ਲੱਗਦਾ। ਘਰ ਯਾਦ ਆਉਣ ਤੇ ਗੁਲਾਮ, ਜ਼ੰਜੀਰਾਂ ਨਾਲ ਜਕੜਿਆ ਹੋਇਆ, ਅਪਮਾਨਤ, ਲੁੱਟਿਆ ਹੋਇਆ, ਨਿਸਤੇਜ ਭਾਰਤ ਅੱਖਾਂ ਸਾਮ੍ਹਣੇ ਆ ਜਾਂਦਾ। ਉਹ ਕੋਮਲ ਹਿਰਦਾ ਹੌਲੀ-ਹੌਲੀ ਕਠੋਰ ਹੋਣ ਲੱਗਾ ਅਤੇ ਦੇਸ਼ ਦੀ ਆਜ਼ਾਦੀ ਵਾਸਤੇ ਜੀਵਨ ਅਰਪਣ ਕਰਨ ਦਾ ਨਿਸ਼ਚਾ ਵੀ ਹੌਲੀ-ਹੌਲੀ ਦ੍ਰਿੜ੍ਹ ਹੋਣ ਲੱਗਾ। ਉਸ ਵੇਲੇ ਦੇ ਉਸ ਭਾਵੁਕ ਹਿਰਦੇ ਦੀ ਟੀਸ ਨੂੰ ਅਸੀਂ ਕੀ ਸਮਝ ਸਕਾਂਗੇ?
ਹੁਣ ਉਹ ਚੈਨ ਨਾਲ ਨਹੀਂ ਬਹਿ ਸਕਦੇ ਸੀ, ਇਹ ਅਸੰਭਵ ਸੀ। ਨਾ ਭਰਾ! ਹੁਣ ਚੁੱਪ ਕਰਕੇ ਸ਼ਾਂਤੀ ਨਾਲ ਕੰਮ ਨਹੀਂ ਚੱਲਣਾ। ਦੇਸ਼ ਕਿਵੇਂ ਆਜ਼ਾਦ ਹੋਵੇ, ਇਹੀ ਇਕ ਮੁੱਖ ਪ੍ਰਸ਼ਨ ਹੁਣ ਉਨ੍ਹਾਂ ਦੀ ਨਜ਼ਰ ਵਿਚ ਸੀ। ਅਤੇ ਬਹੁਤਾ ਸੋਚੇ ਬਿਨ੍ਹਾਂ ਹੀ ਉਨ੍ਹਾਂ ਨੇ ਉੱਥੇ ਹੀ ਭਾਰਤੀ ਮਜ਼ਦੂਰਾਂ ਦੀ ਜੱਥੇਬੰਦੀ ਬਣਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਵਿੱਚ ਆਜ਼ਾਦੀ ਪ੍ਰੇਮ ਦਾ ਭਾਵ ਜਾਗ੍ਰਿਤ ਕਰਨ ਲੱਗੇ। ਹਰੇਕ ਕੋਲ ਘੰਟਿਆਂਬੱਧੀ ਬੈਠ ਕੇ ਸਮਝਾਉਣਾ, ਇਸ ਅਪਮਾਨ ਭਰੇ ਗੁਲਾਮ ਜੀਵਨ ਤੋਂ ਤਾਂ ਮੌਤ ਹਜ਼ਾਰ ਦਰਜੇ ਚੰਗੀ ਹੈ। ਕਾਰਜ਼ ਸ਼ੁਰੂ ਹੋਣ 'ਤੇ ਕੁਝ ਹੋਰ ਲੋਕ ਵੀ ਉਨ੍ਹਾਂ ਦੇ ਨਾਲ ਆ ਮਿਲੇ ਅਤੇ ਮਈ, 1912 ਵਿਚ ਇਨ੍ਹਾਂ ਲੋਕਾਂ ਦੀ ਇਕ ਸਭਾ ਹੋਈ। ਕੋਈ 9 ਸੱਜਣ ਹੋਣਗੇ। ਸਭ ਨੇ ਤਨ-ਮਨ-ਧਨ ਦੇਸ਼ ਦੀ ਆਜ਼ਾਦੀ 'ਤੇ ਵਾਰਨ ਦੀ ਸਹੁੰ ਖਾਧੀ। ਇੱਧਰ ਇਨ੍ਹਾਂ ਦਿਨਾਂ ਵਿਚ ਹੀ ਪੰਜਾਬ ਦੇ ਜਲਾਵਤਨ ਦੇਸ਼ ਭਗਤ ਸਰਦਾਰ ਭਗਵਾਨ ਸਿੰਘ ਵੀ ਉੱਥੇ ਹੀ ਪਹੁੰਚ ਗਏ। ਧੜਾਧੜ ਸਭਾਵਾਂ ਹੋਣ ਲੱਗੀਆਂ। ਉਪਦੇਸ਼ ਹੋਣ ਲੱਗੇ। ਕੰਮ ਚਲਦਾ ਰਿਹਾ। ਮੈਦਾਨ ਤਿਆਰ ਹੁੰਦਾ ਗਿਆ। 
ਫੇਰ ਆਪ ਨੇ ਇਕ ਅਖ਼ਬਾਰ ਦੀ ਲੋੜ ਮਹਿਸੂਸ ਕੀਤੀ। 'ਗ਼ਦਰ' ਨਾਂ ਦਾ ਅਖ਼ਬਾਰ ਕੱਢਿਆ। ਉਸ ਦਾ ਪਹਿਲਾ ਅੰਕ ਪਹਿਲੀ ਨਵੰਬਰ 1913 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਉਸ ਅਖ਼ਬਾਰ ਦੇ ਸੰਪਾਦਕੀ ਵਿਭਾਗ ਵਿੱਚ ਸਾਡੇ ਨਾਇਕ ਕਰਤਾਰ ਸਿੰਘ ਵੀ ਸਨ। ਆਪ ਬੜਾ ਜ਼ੋਰਦਾਰ ਲਿਖਦੇ। ਇਸ ਨੂੰ ਸੰਪਾਦਕ ਮੰਡਲ ਖੁਦ ਹੀ ਹੈਂਡ-ਪ੍ਰੈੱਸ ਤੇ ਛਾਪਦਾ ਵੀ ਸੀ। ਕਰਤਾਰ ਸਿੰਘ ਮਤਵਾਲੇ ਵਿਦਰੋਹੀ ਨੌਜਵਾਨ ਸਨ। ਹੈਂਡ-ਪ੍ਰੈੱਸ ਚਲਾਉਂਦੇ-ਚਲਾਉਂਦੇ ਥੱਕ ਜਾਣ ਤੇ ਉਹ ਇਹ ਪੰਜਾਬੀ ਗੀਤ ਗਾਇਆ ਕਰਦੇ;
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ,
ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ॥
ਕਰਤਾਰ ਸਿੰਘ ਉਸ ਵੇਲੇ ਜਿਸ ਚਾਅ ਨਾਲ ਮਿਹਨਤ ਕਰਦੇ ਸਨ, ਸਖ਼ਤ ਮਿਹਨਤ ਕਰਦੇ ਹੋਏ ਵੀ ਉਹ ਜਿਸ ਤਰ੍ਹਾਂ ਹੱਸਦੇ-ਹਸਾਉਂਦੇ ਰਹਿੰਦੇ ਸਨ, ਉਸ ਨਾਲ ਸਾਰਿਆਂ ਦਾ ਹੌਸਲਾ ਦੂਣਾ-ਤੀਣਾ ਹੋ ਜਾਂਦਾ ਸੀ। 
ਭਾਰਤ ਨੂੰ ਕਿਵੇਂ ਆਜ਼ਾਦ ਕਰਵਾਉਣਾ ਪਏਗਾ, ਇਹ ਹੋਰ ਕਿਸੇ ਨੂੰ ਪਤਾ ਹੋਵੇ ਜਾਂ ਨਾ, ਕਿਸੇ ਨੇ ਇਸ ਬਾਰੇ ਸੋਚਣ ਦੀ ਮਗਜ਼-ਮਾਰੀ ਕੀਤੀ ਹੋਵੇ ਜਾਂ ਨਾ, ਪਰ ਸਾਡੇ ਨਾਇਕ ਨੇ ਤਾਂ ਐਨਾ ਸੋਚ ਰੱਖਿਆ ਸੀ। ਇਸੇ ਕਰਕੇ ਤਾਂ ਉਸੇ ਦੌਰਾਨ ਆਪ ਨਿਊਯਾਰਕ ਦੀ ਹਵਾਈ ਜਹਾਜ਼ਾਂ ਦੀ ਕੰਪਨੀ ਵਿਚ ਭਰਤੀ ਹੋਏ ਅਤੇ ਉੱਥੇ ਮਨ ਲਾ ਕੇ ਹਵਾਈ ਜਹਾਜ਼ ਚਲਾਉਣਾ, ਮੁਰੰਮਤ ਕਰਨਾ ਅਤੇ ਬਣਾਉਣਾ ਸਿੱਖਣ ਲੱਗ ਪਏ ਸਨ। ਛੇਤੀ ਹੀ ਇਸ ਕਲਾ ਵਿਚ ਮਾਹਿਰ ਹੋ ਗਏ। ਸਤੰਬਰ, 1914 ਵਿਚ ਕਾਮਾਗਾਟਾ ਮਾਰੂ ਜਹਾਜ਼ ਨੂੰ ਵਹਿਸ਼ੀ ਗੋਰੇਸ਼ਾਹੀ ਦੇ ਹੱਥੋਂ ਅਕੱਥ ਦੁੱਖ ਝੱਲ ਕੇ ਪਰਤਣਾ ਪਿਆ ਸੀ, ਉਦੋਂ ਹੀ ਸਾਡੇ ਨਾਇਕ ਕਰਤਾਰ ਸਿੰਘ, ਇਕ ਹੋਰ ਗ਼ਦਰੀ ਸ਼੍ਰੀ ਗੁਪਤਾ ਅਤੇ ਇਕ ਅਮਰੀਕੀ ਅਨਾਰਕਿਸਟ 'ਜੈਕ' ਨੂੰ ਨਾਲ ਲੈ ਕੇ ਹਵਾਈ ਜਹਾਜ਼ 'ਤੇ ਜਾਪਾਨ ਆਏ ਸਨ ਅਤੇ 'ਕੋਬ' ਵਿਚ ਬਾਬਾ ਗੁਰਦਿੱਤ ਸਿੰਘ ਜੀ ਨੂੰ ਮਿਲ ਕੇ ਸਾਰੀ ਗੱਲਬਾਤ ਕਰ ਗਏ ਸਨ। 
ਯੁਗਾਂਤਰ-ਆਸ਼ਰਮ ਸਾਨਫਰਾਂਸਿਸਕੋ ਦੀ ਗ਼ਦਰ-ਪ੍ਰੈੱਸ ਵਿਚ 'ਗ਼ਦਰ' ਅਤੇ ਉਸ ਤੋਂ ਬਿਨ੍ਹਾਂ 'ਗ਼ਦਰ ਦੀ ਗੂੰਜ' ਆਦਿ ਅਨੇਕ ਕਿਤਾਬਾਂ ਛਾਪੀਆਂ ਤੇ ਵੰਡੀਆਂ ਗਈਆਂ ਸਨ। ਪ੍ਰਚਾਰ ਜ਼ੋਰ-ਸ਼ੋਰ ਨਾਲ ਹੁੰਦਾ ਗਿਆ। ਫਰਵਰੀ, 1914 ਵਿਚ ਹੀ ਸਟਾਕੱਟਨ ਦੀ ਜਨ ਸਭਾ ਵਿਚ ਤਿਰੰਗਾ ਝੰਡਾ ਲਹਿਰਾਇਆ ਗਿਆ, ਉਦੋਂ ਹੀ ਆਜ਼ਾਦੀ, ਸਮਾਨਤਾ ਅਤੇ ਭਾਈਵਾਲੀ ਦੇ ਨਾਂ 'ਤੇ ਹਲਫ਼ ਲਏ ਗਏ। ਉਸ ਸਭਾ ਦੇ ਪ੍ਰਭਾਵਸ਼ਾਲੀ ਬੁਲਾਰਿਆਂ ਵਿਚ ਨੌਜਵਾਨ ਕਰਤਾਰ ਸਿੰਘ ਵੀ ਸਨ। ਸਖ਼ਤ ਮਿਹਨਤ ਅਤੇ ਗਾੜ੍ਹੇ ਪਸੀਨੇ ਦੀ ਕਮਾਈ ਨੂੰ ਦੇਸ਼ ਦੀ ਆਜ਼ਾਦੀ ਵਾਸਤੇ ਖਰਚ ਕਰਨ ਦਾ ਨਿਸ਼ਚਾ ਸਾਰੇ ਸ੍ਰੋਤਿਆਂ ਨੇ ਐਲਾਨ ਦਿੱਤਾ ਸੀ। ਇਸੇ ਤਰ੍ਹਾਂ ਦਿਨ ਬੀਤ ਰਹੇ ਸਨ ਕਿ ਅਚਾਨਕ ਯੂਰਪ ਵਿਚ ਮਹਾਂਜੰਗ ਛਿੜਨ ਦੀ ਖ਼ਬਰ ਮਿਲੀ। ਹੁਣ ਕੀ ਸੀ, ਆਨੰਦ ਅਤੇ ਉਤਸ਼ਾਹ ਦੀ ਸੀਮਾ ਨਾ ਰਹੀ। 
ਇਕ ਦਮ ਸਾਰੇ ਹੀ ਗਾਉਣ ਲੱਗੇ;
ਚਲੋ ਚੱਲੀਏ ਦੇਸ਼ ਨੂੰ ਯੁੱਧ ਕਰਨੇ।
ਏਹੋ ਆਖਰੀ ਵਚਨ ਤੇ ਫਰਮਾਨ ਹੋ ਗਏ॥
ਗ਼ਦਰੀ ਕਰਤਾਰ ਨੇ ਦੇਸ਼ ਨੂੰ ਪਰਤਣ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਕੀਤਾ ਅਤੇ ਖੁਦ ਵੀ 'ਨਿਪਨ ਮਾਰੂ' ਜਹਾਜ਼ ਰਾਹੀਂ ਅਮਰੀਕਾ ਤੋਂ ਚੱਲ ਪਏ ਅਤੇ 15-16 ਸਤੰਬਰ, 1914 ਨੂੰ ਕੋਲੰਬੋ ਪਹੁੰਚ ਗਏ। ਉਨ੍ਹਾਂ ਦਿਨਾਂ ਵਿਚ ਪੰਜਾਬ ਤੱਕ ਪੁੱਜਦੇ-ਪੁੱਜਦੇ ਆਮ ਤੌਰ ਤੇ ਅਮਰੀਕਾ ਤੋਂ ਆਉਣ ਵਾਲੇ 'ਭਾਰਤ ਰੱਖਿਆ ਕਾਨੂੰਨ' ਦੀ ਗ੍ਰਿਫ਼ਤ ਵਿਚ ਆ ਜਾਂਦੇ ਸਨ। ਬਹੁਤ ਘੱਟ ਲੋਕ ਆਜ਼ਾਦੀ ਨਾਲ ਪਹੁੰਚ ਪਾਉਂਦੇ ਸਨ। ਕਰਤਾਰ ਸਿੰਘ ਸਹੀ ਸਲਾਮਤ ਆ ਪਹੁੰਚੇ। ਜ਼ੋਰ-ਸ਼ੋਰ ਨਾਲ ਕੰਮ ਸ਼ੁਰੂ ਹੋ ਗਿਆ। ਸੰਗਠਨ ਦੀ ਕਮੀ ਸੀ ਪਰ ਜਿਵੇਂ-ਕਿਵੇਂ ਉਹ ਵੀ ਪੂਰੀ ਕਰ ਲਈ ਗਈ। ਦਸੰਬਰ, 1914 ਵਿਚ ਮਰਾਠਾ ਵੀਰ ਪਿੰਗਲੇ ਵੀ ਆ ਪੁੱਜਿਆ। ਉਸੇ ਦੀ ਕੋਸ਼ਿਸ਼ ਨਾਲ ਬਨਾਰਸ ਸਾਜਿਸ਼ ਦੇ ਨਾਇਕ ਸ਼੍ਰੀ ਸ਼ਚਿੰਦਰਨਾਥ ਸਾਨਿਆਲ ਅਤੇ ਰਾਸ ਬਿਹਾਰੀ ਪੰਜਾਬ ਵਿਚ ਆਏ। ਕਾਰਜ ਜਥੇਬੰਦ ਹੋਣਾ ਸ਼ੁਰੂ ਹੋ ਗਿਆ। ਕਰਤਾਰ ਸਿੰਘ ਹਰ ਥਾਂ ਹਰ ਵੇਲੇ ਮੌਜੂਦ ਹੁੰਦੇ। ਅੱਜ ਮੋਗਾ ਵਿਚ ਗੁਪਤ-ਸਮਿਤੀ ਦੀ ਮੀਟਿੰਗ ਹੈ, ਤਾਂ ਆਪ ਉੱਥੇ ਮੌਜੂਦ ਸਨ, ਕਲ ਲਾਹੌਰ ਦੇ ਕਾਲਜਾਂ ਦੇ ਵਿਦਿਆਰਥੀਆਂ ਵਿਚ ਪ੍ਰਚਾਰ ਹੋ ਰਿਹਾ ਹੈ। ਪਰਸੋਂ ਕਿਸੇ ਡਕੈਤੀ ਵਾਸਤੇ ਹਥਿਆਰ ਇਕੱਠੇ ਕੀਤੇ ਜਾ ਰਹੇ ਹਨ, ਅਗਲੇ ਦਿਨ ਫ਼ਿਰੋਜ਼ਪੁਰ ਛਾਉਣੀ ਦੇ ਸਿਪਾਹੀਆਂ ਨਾਲ ਜੋੜ-ਤੋੜ ਹੋ ਰਿਹਾ ਹੈ। ਅਗਲੇ ਦਿਨ ਕਲਕੱਤੇ ਹਥਿਆਰਾਂ ਵਾਸਤੇ ਜਾ ਰਹੇ ਹਨ। ਪੈਸੇ ਦੀ ਕਮੀ ਪੂਰੀ ਕਰਨ ਲਈ ਆਪ ਨੇ ਇਕ ਬੰਦੇ ਦੇ ਘਰ ਡਾਕੇ ਦੀ ਯੋਜਨਾ ਬਣਾ ਲਈ। ਡਾਕੇ ਦਾ ਨਾਂ ਸੁਣਦੇ ਹੀ ਵਿਦਰੋਹੀ ਵੀਰ ਸੁੰਨ ਹੋ ਗਏ, ਪਰ ਆਪ ਨੇ ਕਹਿ ਦਿੱਤਾ-'ਕੋਈ ਡਰ ਨਹੀਂ, ਭਾਈ ਪਰਮਾਨੰਦ ਵੀ ਡਕੈਤੀ ਨਾਲ ਸਹਿਮਤ ਹਨ।' ਪੁੱਛ ਕੇ ਆਉਣ ਦਾ ਜ਼ਿੰਮਾ ਆਪ ਨੂੰ ਸੌਂਪਿਆ ਗਿਆ। ਅਗਲੇ ਦਿਨ ਬਿਨਾਂ ਮਿਲੇ ਹੀ ਜਾ ਕੇ ਕਹਿ ਦਿੱਤਾ-'ਪੁੱਛ ਆਇਆ ਹਾਂ। ਉਹ ਸਹਿਮਤ ਹਨ।'
ਗ਼ਦਰ ਦੀ ਤਿਆਰੀ ਵਿਚ ਸਿਰਫ਼ ਪੈਸੇ ਦੀ ਕਮੀ ਕਾਰਨ ਕੁਝ ਦੇਰ ਹੋ ਜਾਵੇ, ਉਹ ਇਹ ਬਰਦਾਸ਼ਤ ਨਹੀਂ ਕਰ ਸਕਦੇ ਸੀ। ਉਸ ਦਿਨ ਉਹ ਡਕੈਤੀ ਵਾਸਤੇ ਰੱਬੋਂ ਨਾਮਕ ਪਿੰਡ ਵਿਚ ਗਏ ਸੀ। ਕਰਤਾਰ ਮੁੱਖੀ ਸਨ। ਡਕੈਤੀ ਹੋ ਰਹੀ ਸੀ। ਘਰ ਵਿਚ ਇਕ ਬੜੀ ਸੋਹਣੀ ਕੁੜੀ ਵੀ ਸੀ। ਉਸ ਨੂੰ ਦੇਖ ਕੇ ਇਕ ਪਾਪੀ ਦਾ ਮਨ ਫਿਰ ਗਿਆ। ਉਸ ਨੇ ਕੁੜੀ ਦਾ ਹੱਥ ਫੜ ਲਿਆ। ਉਸ ਕਾਮੀ ਨਰ ਪਸ਼ੂ ਦਾ ਰੰਗ-ਢੰਗ ਦੇਖ ਕੇ ਕੁੜੀ ਘਬਰਾ ਗਈ ਅਤੇ ਉਸ ਨੇ ਜ਼ੋਰ ਦੀ ਚੀਕ ਮਾਰੀ। ਫੌਰਨ ਨੌਜਵਾਨ ਕਰਤਾਰ ਰਿਵਾਲਵਰ ਤਾਣ ਕੇ ਉਸੇ ਥਾਂ ਪਹੁੰਚ ਗਏ। ਉਸ ਬੰਦੇ ਦੇ ਮੱਥੇ ਤੇ ਪਿਸਤੌਲ ਰੱਖ ਕੇ ਉਸ ਦਾ ਹਥਿਆਰ ਲੈ ਲਿਆ ਅਤੇ ਫੇਰ ਗੁੱਸੇ ਹੋਏ ਸ਼ੇਰ ਵਾਂਗ ਗਰਜ ਕੇ ਬੋਲੇ- 'ਪਾਮਰ! ਤੇਰਾ ਗੁਨਾਹ ਬੜਾ ਭਿਅੰਕਰ ਹੈ। ਇਸ ਵੇਲੇ ਤੂੰ ਮੌਤ ਦਾ ਹੱਕਦਾਰ ਹੈਂ। ਪਰ ਖਾਸ ਹਾਲਾਤ ਕਾਰਨ ਤੈਨੂੰ ਮਾਫ਼ ਕਰਨ ਤੇ ਮਜਬੂਰ ਹਾਂ। ਇਸ ਲਈ ਫੌਰਨ ਇਸ ਕੁੜੀ ਦੇ ਪੈਰਾਂ ਵਿਚ ਸਿਰ ਰੱਖ ਕੇ ਕਹਿ ਕਿ 'ਹੇ ਭੈਣ! ਮੈਨੂੰ ਮਾਫ਼ ਕਰ ਦੇ ਅਤੇ ਉੱਧਰ ਮਾਂ ਦੇ ਪੈਰ ਫੜ ਕੇ ਕਹਿ ਕਿ ਮਾਤਾ! ਮੈਂ ਇਸ ਨੀਚਤਾ ਵਾਸਤੇ ਮਾਫ਼ੀ ਚਾਹੁੰਦਾ ਹਾਂ। ਜੇ ਇਹ ਤੈਨੂੰ ਮਾਫ਼ ਕਰ ਦਏ ਤਾਂ ਤੈਨੂੰ ਜਿਊਂਦਾ ਛੱਡਾਂਗਾ ਨਹੀਂ ਤਾਂ ਹੁਣੇ ਗੋਲੀ ਮਾਰ ਦਿਆਂਗਾ।' ਉਸ ਨੇ ਉਵੇਂ ਹੀ ਕੀਤਾ। ਗੱਲ ਕੁਝ ਬਹੁਤੀ ਤਾਂ ਵਧੀ ਨਹੀ ਸੀ। ਇਹ ਦੇਖ ਕੇ ਦੋਹਾਂ ਔਰਤਾਂ ਦੀਆਂ ਅੱਖਾਂ ਭਰ ਆਈਆਂ। ਮਾਂ ਨੇ ਪਿਆਰ ਨਾਲ ਸੰਬੋਧਨ ਕੀਤਾ-'ਬੇਟਾ! ਅਜਿਹੇ ਧਰਮਾਤਮਾ ਅਤੇ ਸਾਊ ਨੌਜਵਾਨ ਹੋ ਕੇ ਤੁਸੀਂ ਇਸ ਭਿਆਨਕ ਕੰਮ ਵਿਚ ਕਿਵੇਂ ਸ਼ਾਮਲ ਹੋਏ ਹੋ?' ਕਰਤਾਰ ਦਾ ਮਨ ਭਰ ਆਇਆ। ਕਿਹਾ-'ਮਾਂ! ਰੁਪਏ ਦੇ ਲੋਭ ਵਿਚ ਨਹੀਂ, ਆਪਣਾ ਸਭ ਕੁਝ ਵਾਰ ਕੇ ਹੀ ਡਾਕੇ ਮਾਰਨ ਚੱਲੇ ਸੀ। ਅਸੀਂ ਅੰਗਰੇਜ਼ ਸਰਕਾਰ ਦੇ ਖਿਲਾਫ਼ ਗ਼ਦਰ ਦੀ ਤਿਆਰੀ ਕਰ ਰਹੇ ਹਾਂ। ਹਥਿਆਰ ਆਦਿ ਖਰੀਦਣ ਵਾਸਤੇ ਪੈਸੇ ਚਾਹੀਦੇ ਹਨ। ਉਹ ਕਿੱਥੋਂ ਲਈਏ? ਮਾਂ! ਉਸੇ ਮਹਾਨ ਕੰਮ ਵਾਸਤੇ ਅੱਜ ਇਹ ਨੀਚ ਕੰਮ ਕਰਨ ਲਈ ਅਸੀਂ ਮਜਬੂਰ ਹੋਏ ਹਾਂ।'
ਉਸ ਵੇਲੇ ਬੜਾ ਦਰਦਨਾਕ ਨਜ਼ਾਰਾ ਸੀ। ਮਾਂ ਨੇ ਫੇਰ ਕਿਹਾ-'ਇਸ ਕੁੜੀ ਦਾ ਵਿਆਹ ਕਰਨਾ ਹੈ। ਉਸ ਵਾਸਤੇ ਰੁਪਏ ਚਾਹੀਦੇ ਹਨ। ਕੁਝ ਦਿੰਦੇ ਜਾਉ ਤਾਂ ਚੰਗਾ ਹੈ।' ਸਾਰਾ ਧਨ ਉਸ ਦੇ ਸਾਹਮਣੇ ਰੱਖ ਦਿੱਤਾ ਗਿਆ ਅਤੇ ਕਿਹਾ- 'ਜਿੰਨਾਂ ਚਾਹੀਦਾ ਹੈ ਲੈ ਲਉ!' ਕੁਝ ਧਨ ਲੈ ਕੇ ਬਾਕੀ ਸਾਰਾ ਉਸ ਨੇ ਖੁਦ ਖੁਸ਼ੀ ਨਾਲ ਕਰਤਾਰ ਦੀ ਝੋਲੀ ਵਿਚ ਪਾ ਦਿੱਤਾ ਅਤੇ ਆਸ਼ੀਰਵਾਦ ਦਿੱਤਾ ਕਿ ਜਾਉ ਬੇਟਾ, ਤੁਹਾਨੂੰ ਕਾਮਯਾਬੀ ਮਿਲੇ!
ਡਕੈਤੀ ਵਰਗੇ ਭਿਆਨਕ ਕੰਮ ਵਿਚ ਸ਼ਾਮਲ ਹੋਣ 'ਤੇ ਵੀ ਕਰਤਾਰ ਦਾ ਹਿਰਦਾ ਕਿੰਨਾ ਭਾਵੁਕ, ਕਿੰਨਾ ਪਵਿੱਤਰ ਕਿੰਨਾ ਮਹਾਨ ਸੀ ਉਹ ਉਕਤ ਘਟਨਾ ਤੋਂ ਸਪੱਸ਼ਟ ਹੈ। 
ਬੰਗਾਲ ਦਲ ਦੇ ਸੰਪਰਕ ਵਿਚ ਆਉਣ ਤੋਂ ਪਹਿਲਾਂ ਹੀ ਆਪ ਨੇ ਹਥਿਆਰਾਂ ਵਾਸਤੇ ਲਾਹੌਰ-ਛਾਉਣੀ ਦੀ ਮੈਗਜ਼ੀਨ 'ਤੇ ਹਮਲਾ ਕਰਨ ਦੀ ਤਿਆਰੀ ਕਰ ਲਈ ਸੀ। ਇਕ ਦਿਨ ਟਰੇਨ ਵਿਚ ਜਾਂਦੇ ਹੋਏ ਇਕ ਫੌਜੀ ਨਾਲ ਮੁਲਾਕਾਤ ਹੋ ਗਈ। ਉਹ ਮੈਗਜ਼ੀਨ ਦਾ ਇੰਚਾਰਜ ਸੀ। ਉਸ ਨੇ ਚਾਬੀਆਂ ਦੇਣ ਦਾ ਵਾਅਦਾ ਕੀਤਾ। 25 ਨਵੰਬਰ ਨੂੰ ਆਪ ਕੁਝ ਸੂਰਮੇ ਸਾਥੀਆਂ ਨੂੰ ਲੈ ਕੇ ਉੱਥੇ ਜਾ ਧਮਕੇ। ਪਰ ਇਕ-ਅੱਧ ਦਿਨ ਪਹਿਲਾਂ ਉਕਤ ਸਿਪਾਹੀ ਦਾ ਕਿਸੇ ਹੋਰ ਥਾਂ ਤਬਾਦਲਾ ਹੋ ਜਾਣ ਕਾਰਨ ਸਾਰਾ ਕੰਮ ਵਿਗੜ ਗਿਆ। ਪਰ ਦਿਲ ਛੱਡਣਾ, ਘਬਰਾ ਜਾਣਾ ਅਜਿਹੇ ਕ੍ਰਾਂਤੀਕਾਰੀਆਂ ਦੇ ਚਰਿੱਤਰ ਵਿਚ ਨਹੀਂ ਹੁੰਦਾ। 
ਫਰਵਰੀ ਵਿਚ ਗ਼ਦਰ ਦੀ ਤਿਆਰੀ ਸੀ। ਪਹਿਲੇ ਹਫ਼ਤੇ ਆਪ, ਪਿੰਗਲੇ ਅਤੇ ਦੋ-ਇਕ ਹੋਰ ਸਾਥੀਆਂ ਸਮੇਤ ਆਗਰਾ, ਕਾਨਪੁਰ, ਇਲਾਹਾਬਾਦ, ਬਨਾਰਸ, ਲਖਨਊ ਅਤੇ ਮੇਰਠ ਆਦਿ ਗਏ ਅਤੇ ਗ਼ਦਰ ਵਾਸਤੇ ਫੌਜਾਂ ਨਾਲ ਗੱਠਜੋੜ ਕਰ ਆਏ। 
ਆਖ਼ਰ ਉਹ ਦਿਨ ਵੀ ਨੇੜੇ ਆਉਣ ਲੱਗਾ ਜਿਸ ਦਾ ਖ਼ਿਆਲ ਆਉਂਦੇ ਹੀ ਇਨ੍ਹਾਂ ਲੋਕਾਂ ਦੇ ਹਿਰਦੇ ਖੁਸ਼ੀ, ਚਾਅ ਅਤੇ ਭੈਅ ਆਦਿ ਅਨੇਕਾਂ ਭਾਵਾਂ ਨਾਲ ਧੜਕਣ ਲੱਗਦੇ ਸਨ। 21 ਫਰਵਰੀ 1915 ਸਮੁੱਚੇ ਭਾਰਤ ਵਿਚ ਗ਼ਦਰ ਕਰਨ ਦਾ ਦਿਨ ਨਿਸ਼ਚਿਤ ਹੋਇਆ ਸੀ। ਤਿਆਰੀ ਇਸੇ ਵਿਚਾਰ ਨਾਲ ਹੋ ਰਹੀ ਸੀ। ਪਰ ਠੀਕ ਉਸੇ ਵੇਲੇ ਉਨ੍ਹਾਂ ਦੀ ਆਸ ਦੇ ਬੂਟੇ ਦੀ ਜੜ੍ਹ ਵਿਚ ਬੈਠਾ ਇਕ ਚੂਹਾ ਉਸ ਨੂੰ ਹੇਠੋਂ ਖੋਖਲਾ ਕਰ ਰਿਹਾ ਸੀ। ਤਣੇ ਦੇ ਇਕ ਦਮ ਖੋਖਲੇ ਹੋ ਜਾਣ ਤੇ ਹਨੇਰੀ ਦੇ ਇਕ ਹੀ ਬੁੱਲੇ ਨਾਲ ਉਹ ਧਰਤੀ ਤੇ ਡਿੱਗ ਪਏਗਾ, ਇਹ ਉਹ ਨਹੀਂ ਜਾਣਦੇ ਸਨ। ਚਾਰ-ਪੰਜ ਦਿਨ ਪਹਿਲਾਂ ਸ਼ੱਕ ਪੈ ਗਿਆ। ਕਿਰਪਾਲ ਦੀ ਕਿਰਪਾ ਨਾਲ ਸਭ ਗੁੜ-ਗੋਬਰ ਹੋ ਜਾਏਗਾ, ਇਸੇ ਡਰ ਕਾਰਨ ਕਰਤਾਰ ਸਿੰਘ ਨੇ ਰਾਸਬਿਹਾਰੀ ਨੂੰ 21 ਦੀ ਥਾਂ 19 ਫਰਵਰੀ ਨੂੰ ਗ਼ਦਰ ਕਰਨ ਨੂੰ ਕਹਿ ਦਿੱਤਾ ਸੀ। ਇਸ ਤਰ੍ਹਾਂ ਹੋ ਜਾਣ 'ਤੇ ਵੀ ਕਿਰਪਾਲ ਨੂੰ ਭੇਤ ਲੱਗ ਗਿਆ। ਉਸ ਮਹਾਨ ਗ਼ਦਰ ਯੋਜਨਾ ਵਿਚ ਉਸ ਇਕ ਨਰ-ਪਿਸ਼ਾਚ ਦੀ ਹੋਂਦ ਦਾ ਕਿੰਨਾ ਭੈੜਾ ਸਿੱਟਾ ਨਿੱਕਲਿਆ। ਰਾਸਬਿਹਾਰੀ ਅਤੇ ਕਰਤਾਰ ਸਿੰਘ ਵੀ ਕੋਈ ਢੁੱਕਵਾਂ ਪ੍ਰਬੰਧ ਕਰਕੇ ਆਪਣਾ ਭੇਤ ਨਾ ਛੁਪਾ ਸਕੇ, ਇਸ ਦਾ ਕਾਰਨ ਭਾਰਤ ਦੀ ਬਦਕਿਸਮਤੀ ਤੋਂ ਬਿਨ੍ਹਾਂ ਹੋਰ ਕੀ ਹੋ ਸਕਦਾ ਹੈ?
ਸ਼ੁਦਾਈ ਕਰਤਾਰ 50-60 ਬੰਦੇ ਲੈ ਕੇ ਕੀਤੇ ਫੈਸਲੇ ਅਨੁਸਾਰ 19 ਫਰਵਰੀ ਨੂੰ ਫ਼ਿਰੋਜ਼ਪੁਰ ਛਾਉਣੀ ਜਾ ਪਹੁੰਚੇ। ਅੱਜ-ਹੁਣੇ ਕੁਝ ਘੰਟੇ ਬਾਅਦ-ਰਣਚੰਡੀ ਦਾ ਤਾਂਡਵ ਨਰਿਤ ਸ਼ੁਰੂ ਹੋ ਜਾਵੇਗਾ। ਕਰਤਾਰ ਸਿੰਘ ਆਪਣੇ ਤਿਰੰਗੇ ਝੰਡੇ ਨੂੰ ਹੁਣੇ ਹੀ ਭਾਰਤ ਭੂਮੀ ਤੇ ਫਹਿਰਾ ਦੇਣਗੇ। ਅੱਜ ਹੀ ਅਤੇ ਹੁਣੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਕਰਤਾਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਿਚ ਵੱਧ-ਚੜ੍ਹ ਕੇ ਮਰਨ-ਮਾਰਨ ਦੀ ਤਮੰਨਾ ਪੈਦਾ ਹੋ ਜਾਵੇਗੀ। 
ਕਰਤਾਰ ਸਿੰਘ ਛਾਉਣੀ ਵਿਚ ਵੜ ਗਏ। ਆਪਣੇ ਸਾਥੀ ਫੌਜੀ ਹੌਲਦਾਰ ਨੂੰ ਮਿਲੇ। ਗ਼ਦਰ ਦੀ ਗੱਲ ਕਹੀ। ਪਰ ਕਿਰਪਾਲ ਨੇ ਤਾਂ ਪਹਿਲਾਂ ਹੀ ਸਭ ਕੁਝ ਵਿਗਾੜ ਰੱਖਿਆ ਸੀ। ਭਾਰਤੀ ਫੌਜੀ ਨਿਹੱਥੇ ਕਰ ਦਿੱਤੇ ਗਏ। ਧੜਾਧੜ ਗ੍ਰਿਫ਼ਤਾਰੀਆਂ ਹੋ ਰਹੀਆਂ ਸਨ। ਹੌਲਦਾਰ ਪਰਤ ਆਏ। ਸਾਰੀ ਕੋਸ਼ਿਸ਼, ਸਾਰੀ ਮਿਹਨਤ ਇਕ ਦਮ ਬੇਕਾਰ ਹੋ ਗਈ ਸੀ। ਪੰਜਾਬ ਵਿਚ ਗ੍ਰਿਫ਼ਤਾਰੀਆਂ ਦਾ ਬਾਜ਼ਾਰ ਗਰਮ ਹੋ ਗਿਆ। ਮੁਸੀਬਤ ਵਿਚ ਪੈਂਦੇ ਹੀ ਅਨੇਕਾਂ ਗ਼ਦਰੀ ਅਕਲਮੰਦ ਬਣਨ ਲੱਗੇ। ਉਨ੍ਹਾਂ ਨੂੰ ਆਪਣੇ ਪੁਰਾਣੇ ਆਦਰਸ਼ ਵਿਚ ਭਰਮ ਦਿਸਣ ਲੱਗਾ। ਅੱਜ ਉਹ ਫੜਿਆ ਗਿਆ, ਕੱਲ੍ਹ ਉਹ ਫੁੱਟ ਪਿਆ। ਅਜਿਹੀ ਹੀ ਹਾਲਤ ਵਿਚ ਰਾਸ ਬਾਬੂ ਨਿਰਾਸ਼ ਹੋ ਕੇ ਇਕ ਮੁਰਦੇ ਵਾਂਗ ਲਾਹੌਰ ਦੇ ਇਕ ਮਕਾਨ ਵਿਚ ਪਏ ਸੀ। ਕਰਤਾਰ ਸਿੰਘ ਵੀ ਆ ਕੇ ਇਕ ਹੋਰ ਮੰਜੇ ਤੇ ਦੂਜੇ ਪਾਸੇ ਮੂੰਹ ਕਰਕੇ ਪੈ ਗਏ। ਉਹ ਇਕ-ਦੂਜੇ ਨੂੰ ਕੁਝ ਵੀ ਨਹੀਂ ਬੋਲੇ। ਪਰ ਚੁੱਪ ਹੀ ਚੁੱਪ ਵਿਚ ਇਕ-ਦੂਜੇ ਦੇ ਹਿਰਦੇ ਵਿਚ ਵੜ ਕੇ ਉਹ ਸਭ ਕੁਝ ਸਮਝ ਗਏ ਸੀ। ਉਨ੍ਹਾਂ ਦੀ ਉਸ ਵੇਲੇ ਦੀ ਵੇਦਨਾ ਦਾ ਅਨੁਮਾਨ ਅਸੀਂ ਕੀ ਲਾ ਸਕਾਂਗੇ?
ਦਰੇ ਤਦਬੀਰ ਪਰ ਸਰ ਫੋੜਨਾ ਸ਼ੇਵਾ ਰਹਾ ਅਪਨਾ।
ਵਸੀਲੇ ਹਾਥ ਹੀ ਆਏ ਨ ਕਿਸਮਤ ਆਜ਼ਮਾਈ ਕੇ॥
ਫੈਸਲਾ ਹੋਇਆ, ਸਾਰੇ ਪੱਛਮੀ ਸੀਮਾ ਤੋਂ ਉਸ ਪਾਰ ਲੰਘ ਕੇ ਵਿਦੇਸ਼ਾਂ ਵਿਚ ਚਲੇ ਜਾਣ। ਰਾਸ ਬਾਬੂ ਕਲਮਾ ਪੜ੍ਹਨ ਲੱਗੇ। ਪਰ ਉਨ੍ਹਾਂ ਨੇ ਅਚਾਨਕ ਨਿਸ਼ਚਾ ਬਦਲ ਦਿੱਤਾ। ਉਹ ਬਨਾਰਸ ਚਲੇ ਗਏ। ਕਰਤਾਰ ਸਿੰਘ ਪੱਛਮ ਵੱਲ ਨੂੰ ਤੁਰ ਪਏ। ਉਹ ਤਿੰਨ ਵਿਅਕਤੀ ਸਨ- ਸ੍ਰੀ ਕਰਤਾਰ ਸਿੰਘ, ਸ਼੍ਰੀ ਜਗਤ ਸਿੰਘ ਅਤੇ ਸ਼੍ਰੀ ਹਰਨਾਮ ਸਿੰਘ ਟੁੰਡਾ, ਬ੍ਰਿਟਿਸ਼ ਭਾਰਤ ਦੀ ਸੀਮਾ ਪਾਰ ਕਰ ਗਏ। ਖੁਸ਼ਕ ਪਹਾੜਾਂ ਵਿਚ ਪਹੁੰਚ ਕੇ ਇਕ ਰਮਣੀਕ ਥਾਂ ਆਈ। ਛੋਟੀ ਜਿਹੀ ਸੁੰਦਰ ਨਦੀ ਵਗ ਰਹੀ ਸੀ। ਉਸੇ ਦੇ ਕਿਨਾਰੇ ਬਹਿ ਗਏ। ਗੱਠ ਖੋਲ੍ਹ ਕੇ ਛੋਲੇ ਚੱਬਣ ਲੱਗੇ। ਕੁਝ ਨਾਸ਼ਤਾ-ਪਾਣੀ ਕਰਕੇ ਕਰਤਾਰ ਸਿੰਘ ਗਾਉਣ ਲੱਗੇ :
'ਬਣੀ ਸਿਰ ਸ਼ੇਰਾਂ ਦੇ, ਕੀ ਜਾਣਾ ਭੱਜ ਕੇ।'
ਭਾਵੁਕ ਕਰਤਾਰ ਕਵੀ ਵੀ ਸਨ। ਅਮਰੀਕਾ ਵਿਚ ਉਨ੍ਹਾਂ ਨੇ ਇਹ ਕਵਿਤਾ ਲਿਖੀ ਸੀ। ਸੁਰੀਲੀ ਆਵਾਜ਼ ਵਿਚ ਇਕ ਸਤਰ ਹੀ ਗਾਈ ਸੀ, ਝੱਟ ਰੁਕ ਗਏ ਤੇ ਬੋਲੇ-'ਕਿਉਂ ਜਗਤ ਸਿੰਘ ਸੀ, ਕੀ ਇਹ ਕਵਿਤਾ ਦੂਜਿਆਂ ਵਾਸਤੇ ਹੀ ਲਿਖੀ ਗਈ ਸੀ? ਕੀ ਸਾਡੇ ਤੇ ਇਸ ਦੀ ਕੋਈ ਜ਼ਿੰਮੇਵਾਰੀ ਨਹੀਂ? ਅੱਜ ਸਾਡੇ ਸਾਥੀ ਮੁਸੀਬਤਾਂ ਵਿਚ ਫਸੇ ਪਏ ਹਨ ਅਤੇ ਅਸੀਂ ਆਪਣਾ ਸਿਰ ਛੁਪਾਉਣ ਦੇ ਫ਼ਿਕਰ ਵਿਚ ਕਾਹਲੇ ਪੈ ਰਹੇ ਹਾਂ?' ਇਕ-ਦੂਜੇ ਵੱਲ ਦੇਖਿਆ। ਫੈਸਲਾ ਹੋਇਆ, ਭਾਰਤ ਪਰਤ ਕੇ ਉਨ੍ਹਾਂ ਨੂੰ ਛੁਡਾਉਣ ਦਾ ਪ੍ਰਬੰਧ ਕੀਤਾ ਜਾਵੇ। ਫੇਰ ਅੱਗੇ ਨਹੀਂ ਤੁਰੇ। ਉੱਥੋਂ ਹੀ ਵਾਪਸ ਹੋ ਗਏ। ਜਾਣਦੇ ਸਨ ਕਿ ਮੌਤ ਮੂੰਹ ਖੋਲ੍ਹੀ ਉਨ੍ਹਾਂ ਦੇ ਇੰਤਜ਼ਾਰ ਵਿਚ ਖੜ੍ਹੀ ਹੈ। ਪਰ ਇਸ ਨਾਲ ਕੀ ਹੁੰਦਾ ਸੀ? ਉਨ੍ਹਾਂ ਦੀ ਤਾਂ ਤੀਬਰ ਇੱਛਾ ਸੀ ਕਿ ਕਿਤੇ ਕੋਈ ਘਮਾਸਾਨ ਸ਼ੁਰੂ ਹੋ ਜਾਵੇ, ਲੜਦੇ-ਲੜਦੇ ਜਾਨ ਦੇ ਦੇਣ। 
ਸਰਗੋਧਾ ਕੋਲ ਚੱਕ ਨੰਬਰ 5 ਵਿਚ ਗਏ। ਫੇਰ ਤੋਂ ਗ਼ਦਰ ਦੀ ਚਰਚਾ ਛੇੜ ਦਿੱਤੀ। ਉੱਥੇ ਹੀ ਫੜੇ ਗਏ। ਜ਼ੰਜ਼ੀਰਾਂ ਨਾਲ ਜਕੜ ਦਿੱਤੇ ਗਏ। ਨਿਡਰ ਬੰਦੀ ਗ਼ਦਰੀ ਕਰਤਾਰ ਸਿੰਘ ਲਾਹੌਰ ਸਟੇਸ਼ਨ 'ਤੇ ਲਿਆਂਦੇ ਗਏ। ਪੁਲਿਸ ਕਪਤਾਨ ਨੂੰ ਕਿਹਾ- 'ਮਿ. ਟਾਮਕਿਨ! ਕੁਝ ਖਾਣ ਨੂੰ ਤਾਂ ਲਿਆ ਦਿਉ!' ਉਹ! ਕਿੰਨਾ ਮਸਤਪਣ ਸੀ! ਉਸ ਸੁੰਦਰ ਮੂਰਤ ਨੂੰ ਦੇਖ ਕੇ ਦੋਸਤ-ਦੁਸ਼ਮਨ ਸਭ ਮੁਗਧ ਹੋ ਜਾਂਦੇ ਸਨ। ਗ੍ਰਿਫਤਾਰੀ ਵੇਲੇ ਉਹ ਬੜੇ ਪ੍ਰਸੰਨ ਸਨ। ਅਕਸਰ ਕਿਹਾ ਕਰਦੇ ਸਨ- 'ਹਿੰਮਤ ਨਾਲ ਮਰ ਜਾਣ 'ਤੇ ਮੈਨੂੰ 'ਬਾਗ਼ੀ' ਦਾ ਖਿਤਾਬ ਦੇਣਾ। ਕੋਈ ਯਾਦ ਕਰੇ ਤਾਂ 'ਬਾਗੀ' ਕਹਿ ਕੇ ਯਾਦ ਕਰੇ।'
ਜੇਲ੍ਹ ਵਿਚ ਬੰਦ ਹੋ ਕੇ ਵੀ ਉਸ ਅਸ਼ਾਂਤ ਹਿਰਦੇ ਨੂੰ ਸ਼ਾਂਤੀ ਨਾ ਮਿਲੀ। ਇਕ ਦਿਨ ਲੋਹਾ ਵੱਢਣ ਦੇ ਸੰਦ ਮੰਗਵਾ ਲਏ। 60-70 ਕੈਦੀਆਂ ਨੂੰ ਇਕੱਠਾ ਕੀਤਾ। ਫੈਸਲਾ ਹੋਇਆ, ਚਾਰ-ਪੰਜ ਤੋਂ ਇਲਾਵਾ-ਜੋ ਕਿ ਬਿਲਕੁਲ ਕਮਜ਼ੋਰ ਤੇ ਨਿਰਦੋਸ਼ ਸਨ-ਸਾਰੇ ਲੋਕ ਰਾਤ ਜੇਲ੍ਹ ਤੋਂ ਭੱਜ ਨਿਕਲਣ। ਬਾਹਰੋਂ ਇਹ ਖ਼ਬਰ ਵੀ ਆ ਗਈ ਸੀ ਕਿ ਲਾਹੌਰ-ਛਾਉਣੀ ਮੈਗਜ਼ੀਨ ਦੇ ਇੰਚਾਰਜ ਮਹਾਸ਼ਾ ਮਦਦ ਵਾਸਤੇ ਤਿਆਰ ਹਨ। ਫੈਸਲਾ ਹੋਇਆ ਕਿ 50-60 ਬੰਦੇ ਜੇਲ੍ਹ ਤੋਂ ਨਿਕਲਦੇ ਹੀ ਸਿੱਧੇ ਲਾਹੌਰ-ਛਾਉਣੀ ਜਾਣ। ਉਨ੍ਹਾਂ ਲੋਕਾਂ ਦੀ ਮਦਦ ਨਾਲ ਮੈਗਜ਼ੀਨ ਤੋਂ ਹਥਿਆਰ ਕੱਢ ਕੇ ਸਾਰਿਆਂ ਨੂੰ ਹਥਿਆਰ ਵੰਡ ਦਿੱਤੇ ਜਾਣ ਅਤੇ ਉਸ ਤੋਂ ਬਾਅਦ ਫੇਰ ਗ਼ਦਰ ਕੀਤਾ ਜਾਵੇ। ਵਿਚਾਰ ਸੀ, ਜੇਲ੍ਹਾਂ ਤੋੜ ਕੇ ਕੈਦੀਆਂ ਨੂੰ ਕੱਢਿਆ ਜਾਵੇ ਤਾਂ ਕਿ ਉਹ ਸਾਰੇ ਲੋਕ ਗ਼ਦਰ ਦੀ ਤਿਆਰੀ ਵਿਚ ਜੁਟ ਜਾਣ। ਪਰ ਕਰਤਾਰ ਸਿੰਘ ਵਾਸਤੇ ਉਸ ਨਿਰਾਸ਼ਾ ਅਤੇ ਅਸਫ਼ਲਤਾ ਦੇ ਦੌਰ ਵਿਚ ਅਜਿਹੀ ਆਸ ਕਰਨੀ ਅੱਕ-ਫੰਭੜੀ ਦੀ ਛਾਂ ਵਾਂਗ ਸੀ। ਕਿਸੇ ਇਕ ਸਾਧਾਰਨ ਕੈਦੀ ਨੂੰ ਭੇਤ ਲੱਗ ਗਿਆ। ਸਾਰਿਆਂ ਨੂੰ ਕੋਠੜੀਆਂ ਵਿਚ ਡੱਕ ਦਿੱਤਾ ਗਿਆ। ਬੇੜੀਆਂ ਲਾ ਦਿੱਤੀਆਂ ਗਈਆਂ। ਤਲਾਸ਼ੀ ਹੋਈ, ਸਾਰੀਆਂ ਚੀਜ਼ਾਂ ਕਰਤਾਰ ਸਿੰਘ ਦੀ ਕੋਠੜੀ ਵਿਚ ਪਾਣੀ ਦੀ ਸੁਰਾਹੀ ਹੇਠਾਂ ਧਰਤੀ ਵਿਚ ਪੁੱਟੇ ਹੋਏ ਟੋਏ ਵਿਚੋਂ ਮਿਲ ਗਈਆਂ। ਸਾਰੀ ਕੋਸ਼ਿਸ਼ ਬੇਕਾਰ ਗਈ। 
ਮੁਕੱਦਮਾ ਚੱਲਿਆ। ਉਸ ਵੇਲੇ ਕਰਤਾਰ ਸਿੰਘ ਦੀ ਉਮਰ ਸਿਰਫ਼ ਸਾਢੇ ਅਠਾਰਾਂ ਸਾਲ ਸੀ। ਸਾਰੇ ਹਵਾਲਾਤੀਆਂ ਵਿਚੋਂ ਆਪ ਸਭ ਤੋਂ ਘੱਟ ਉਮਰ ਦੇ ਸਨ। ਪਰ ਜੱਜ ਮਹੋਦਿਆ ਲਿਖਦੇ ਹਨ :
ਇਹ ਇਨ੍ਹਾਂ ਸਾਰੇ 61 ਦੋਸ਼ੀਆਂ ਵਿਚੋਂ ਸਭ ਤੋਂ ਮਹੱਤਵਪੂਰਨ ਹੈ; ਅਤੇ ਇਸ ਦੀ ਮਿਸਾਲ ਸਭ ਤੋਂ ਲੰਮੀ ਹੈ। ਅਮਰੀਕਾ ਸਫਰ ਵੇਲੇ ਅਤੇ ਭਾਰਤ ਵਿਚ ਇਸ ਸਾਜਿਸ਼ ਦਾ ਕੋਈ ਖੇਤਰ ਨਹੀਂ ਜਿੱਥੇ ਇਸ ਦੋਸ਼ੀ ਨੇ ਕੋਈ ਭੂਮਿਕਾ ਨਾ ਨਿਭਾਈ ਹੋਵੇ। 
ਇਕ ਦਿਨ ਆਪਦੇ ਬਿਆਨ ਦੇਣ ਦੀ ਵਾਰੀ ਆਈ। ਆਪ ਨੇ ਸਭ ਮੰਨ ਲਿਆ। ਸਭ ਕੁਝ ਮੰਨਦਾ ਦੇਖ ਕੇ ਜੱਜ ਮਹੋਦਿਆ ਲਿਖਣ ਤੋਂ ਰੁਕ ਗਏ। ਸਾਰਾ ਦਿਨ ਕਰਤਾਰ ਸਿੰਘ ਬਿਆਨ ਦਿੰਦੇ ਰਹੇ। ਮੂੰਹ ਵਿਚ ਕਲਮ ਫਸਾਈ ਜੱਜ ਦੇਖਦੇ ਰਹੇ। ਕੁਝ ਲਿਖਿਆ ਨਹੀਂ। ਬਾਅਦ ਵਿਚ ਐਨਾ ਹੀ ਕਿਹਾ-'ਕਰਤਾਰ ਸਿੰਘ! ਅੱਜ ਤੇਰੇ ਬਿਆਨ ਨਹੀਂ ਲਿਖੇ ਗਏ। ਤੂੰ ਸੋਚ-ਸਮਝ ਕੇ ਬਿਆਨ ਦੇਹ। ਤੂੰ ਜਾਣਦਾ ਹੈਂ, ਤੇਰੇ ਆਪਣੇ ਹੀ ਬਿਆਨਾਂ ਦਾ ਕੀ ਨਤੀਜਾ ਨਿੱਕਲ ਸਕਦਾ ਹੈ?'
ਦੇਖਣ ਵਾਲੇ ਦੱਸਦੇ ਹਨ, ਜੱਜ ਦੇ ਇਨ੍ਹਾਂ ਸ਼ਬਦਾਂ 'ਤੇ ਉਸ ਨੇ ਇਕ ਮਸਤਾਨੀ ਅਦਾ ਨਾਲ ਸਿਰਫ਼ ਐਨਾ ਹੀ ਕਿਹਾ ਸੀ- 'ਫਾਂਸੀ ਹੀ ਲਾ ਦਿਉਂਗੇ ਨਾ, ਹੋਰ ਕੀ? ਅਸੀਂ ਉਸ ਤੋਂ ਡਰਦੇ ਨਹੀਂ।'
ਉਸ ਦਿਨ ਕਚਹਿਰੀ ਉੱਠ ਗਈ। ਜੱਜ ਲੋਕਾਂ ਦੀ ਪਹਿਲੇ ਦਿਨ ਕੁਝ ਅਜਿਹੀ ਧਾਰਨਾ ਸੀ ਕਿ ਕਰਤਾਰ ਸਿੰਘ ਇਸ ਤਰ੍ਹਾਂ ਦਾ ਬਿਆਨ ਭਾਈ ਪਰਮਾਨੰਦ ਦੇ ਇਸ਼ਾਰੇ 'ਤੇ ਦੇ ਰਿਹਾ ਹੈ। ਪਰ ਉਹ ਗ਼ਦਰੀ ਨੌਜਵਾਨ ਦੇ ਹਿਰਦੇ ਦੀ ਡੂੰਘਾਈ ਦੀ ਥਾਹ ਨਹੀਂ ਪਾ ਸਕੇ। ਕਰਤਾਰ ਸਿੰਘ ਦਾ ਬਿਆਨ ਜ਼ਿਆਦਾ ਜ਼ੋਰਦਾਰ, ਜ਼ਿਆਦਾ ਜੋਸ਼ੀਲਾ ਅਤੇ ਪਹਿਲੇ ਦਿਨ ਵਾਂਗ ਹੀ ਸੱਚ ਸੀ। 
ਅੰਤ ਵਿਚ ਆਪ ਨੇ ਕਿਹਾ- 'ਮੇਰੇ ਗੁਨਾਹ ਲਈ ਜਾਂ ਤਾਂ ਮੈਨੂੰ ਉਮਰ ਕੈਦ ਦੀ ਸਜ਼ਾ ਮਿਲੇਗੀ ਤੇ ਜਾਂ ਫਾਂਸੀ। ਪਰ ਮੈਂ ਤਾਂ ਫਾਂਸੀ ਨੂੰ ਹੀ ਤਰਜੀਹ ਦਿਆਂਗਾ। ਤਾਂ ਕਿ ਛੇਤੀ ਹੀ ਫੇਰ ਜਨਮ ਲੈ ਕੇ ਭਾਰਤ ਦੀ ਆਜ਼ਾਦੀ ਦੀ ਜੰਗ ਵਾਸਤੇ ਤਿਆਰ ਹੋ ਸਕਾਂ। ਜਦੋਂ ਤੱਕ ਭਾਰਤ ਆਜ਼ਾਦ ਨਹੀਂ ਹੁੰਦਾ ਉਦੋਂ ਤੱਕ ਇਵੇਂ ਹੀ ਵਾਰ-ਵਾਰ ਜਨਮ ਲੈ ਕੇ ਫਾਂਸੀ ਤੇ ਚੜ੍ਹਦਾ ਰਹਾਂ, ਇਹੀ ਮੇਰੀ ਤਮੰਨਾ ਹੈ। ਅਤੇ ਜੇ ਅਗਲੇ ਜਨਮ ਵਿਚ ਔਰਤ ਬਣਿਆਂ ਤਾਂ ਵੀ ਅਜਿਹੇ ਹੀ ਬਾਗ਼ੀ ਪੁੱਤਰਾਂ ਨੂੰ ਜਨਮ ਦਿਆਂਗਾ।'
ਆਪਦੀ ਦ੍ਰਿੜ੍ਹਤਾ ਨੇ ਜੱਜ ਲੋਕਾਂ ਨੂੰ ਪ੍ਰਭਾਵਿਤ ਕੀਤਾ, ਪਰ ਉਨ੍ਹਾਂ ਨੇ ਇਕ ਉਦਾਰ ਦੁਸ਼ਮਨ ਵਾਂਗ ਆਪਣੀ ਦਲੇਰੀ ਨੂੰ ਦਲੇਰੀ ਨਾ ਕਹਿ ਕੇ ਢੀਠਤਾ ਦਾ ਨਾਂ ਦਿੱਤਾ। ਜੱਜ ਮਹੋਦਿਆ ਲਿਖਦੇ ਹਨ :
ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਨੌਜਵਾਨ ਹੈ; ਪਰ ਨਿਸ਼ਚੇ ਹੀ ਇਹ ਇਨ੍ਹਾਂ ਸਾਰਿਆਂ ਸਾਜ਼ਿਸ਼ੀਆਂ ਤੋਂ ਭੈੜਾ ਹੈ, ਪੂਰੀ ਤਰ੍ਹਾਂ ਪਾਜੀ ਹੈ, ਆਪਣੇ ਕੀਤੇ 'ਤੇ ਫ਼ਖਰ ਕਰਦਾ ਹੈ, ਇਸ ਵਾਸਤੇ ਕੋਈ ਤਰਸ ਨਹੀਂ ਦਿਖਾਇਆ ਜਾ ਸਕਦਾ। 
ਦਲੇਰ ਅਤੇ ਉਦਾਰ ਦੁਸ਼ਮਨ ਹਾਰੇ ਹੋਏ ਸੈਨਿਕ ਨਾਲ ਅਜਿਹਾ ਵਿਹਾਰ ਨਹੀਂ ਕਰਿਆ ਕਰਦੇ। ਪਰ ਇੱਥੇ ਅਜਿਹਾ ਹੀ ਹੋਇਆ। ਕਰਤਾਰ ਸਿੰਘ ਨੂੰ ਸਿਰਫ਼ ਗਾਲ੍ਹਾਂ ਹੀ ਮਿਲੀਆਂ ਹੋਣ, ਅਜਿਹਾ ਵੀ ਨਹੀਂ, ਮੌਤ ਦੀ ਸਜ਼ਾ ਵੀ ਮਿਲੀ। ਉਨ੍ਹਾਂ ਨੂੰ ਹੀ ਲੱਭਣ ਵਾਲੇ ਪੁਲਸੀਆਂ ਦੇ ਹੱਥੋਂ ਪਾਣੀ ਪੀ ਕੇ ਕਈ ਵਾਰੀ ਨਿੱਕਲ ਜਾਣ ਵਾਲਾ ਸੂਰਮਾ ਕਰਤਾਰ ਸਿੰਘ  ਅੱਜ ਬਗਾਵਤ-ਗ਼ਦਰ-ਦੇ ਅਪਰਾਧ ਵਿਚ ਮੌਤ ਦੀ ਸਜ਼ਾ ਦੇ ਭਾਗੀ ਬਣੇ। ਆਪ ਨੇ ਦਲੇਰੀ ਨਾਲ ਮੁਸਕਰਾਉਂਦੇ ਹੋਏ ਜੱਜ ਨੂੰ ਕਿਹਾ- ઑ''I Thank you !'
ਕਰਤਾਰ, ਤੇਰੇ ਜੀਵਨ ਵਿਚ ਅਜਿਹੀ ਕਿਹੜੀ ਖਾਸ ਘਟਨਾ ਵਾਪਰ ਗਈ ਸੀ, ਜਿਸ ਕਰਕੇ ਤੂੰ ਮੌਤ ਦੀ ਦੇਵੀ ਦਾ ਐਨਾ ਸ਼ਰਧਾਲੂ ਬਣ ਗਿਆ? ਕਰਤਾਰ ਸਿੰਘ ਫਾਂਸੀ ਦੀ ਕੋਠੜੀ ਵਿਚ ਬੰਦ ਸਨ। ਦਾਦਾ ਆ ਕੇ ਪੁੱਛਦੇ ਹਨ- 'ਕਰਤਾਰ ਸਿੰਘ, ਕਿਨ੍ਹਾਂ ਵਾਸਤੇ ਮਰ ਰਿਹਾ ਹੈਂ? ਜੋ ਤੈਨੂੰ ਗਾਲ੍ਹਾਂ ਕੱਢਦੇ ਹਨ? ਤੇਰੇ ਮਰਨ ਨਾਲ ਦੇਸ਼ ਦਾ ਕੁਝ ਫਾਇਦਾ ਹੋਵੇ, ਉਹ ਵੀ ਨਹੀਂ ਦਿਸਦਾ।
ਕਰਤਾਰ ਸਿੰਘ ਨੇ ਹੌਲੀ ਜਿਹੀ ਪੁੱਛਿਆ- 'ਦਾਦਾ ਜੀ, ਫਲਾਣਾ ਬੰਦਾ ਕਿੱਥੇ ਗਿਆ?'
'ਪਲੇਗ ਨਾਲ ਮਰ ਗਿਆ।'
'ਫਲਾਣਾ ਕਿੱਥੇ ਹੈ?'
'ਹੈਜ਼ੇ ਨਾਲ ਮਰ ਗਿਆ।'
'ਤਾਂ ਕੀ ਤੁਸੀਂ ਵੀ ਚਾਹੁੰਦੇ ਸੀ ਕਿ ਕਰਤਾਰ ਸਿੰਘ ਵੀ ਬਿਸਤਰੇ ਤੇ ਮਹੀਨਿਆਂ ਬੱਧੀ ਪਿਆ ਰਹਿ ਕੇ ਦਰਦ ਨਾਲ ਤੜਫਦਾ ਹੋਇਆ ਕਿਸੇ ਰੋਗ ਨਾਲ ਮਰਦਾ? ਕੀ ਉਸ ਮੌਤ ਨਾਲੋਂ ਇਹ ਮੌਤ ਚੰਗੀ ਨਹੀਂ ਜੋ ਦੇਸ਼ ਦੇ ਲੇਖੇ ਲੱਗੀ ਹੈ। ਆਖਰ ਮਰਨਾ ਤਾਂ ਸਾਰਿਆਂ ਨੇ ਹੀ ਹੈ?'
ਦਾਦਾ ਚੁੱਪ ਹੋ ਗਏ।
ਅੱਜ ਦੁਨੀਆਂ ਵਿਚ ਫੇਰ ਸਵਾਲ ਖੜ੍ਹਾ ਹੁੰਦਾ ਹੈ, ਉਨ੍ਹਾਂ ਦੇ ਮਰਨ ਦਾ ਕੀ ਫਾਇਦਾ ਹੋਇਆ? ਉਹ ਕਿਨ੍ਹਾਂ ਵਾਸਤੇ ਮਰੇ? ਜਵਾਬ ਸਾਫ਼ ਹੈ। ਮਰਨ ਵਾਸਤੇ ਮਰੇ। ਉਨ੍ਹਾਂ ਦਾ ਆਦਰਸ਼ ਹੀ ਦੇਸ਼-ਸੇਵਾ ਵਿਚ ਮਰਨਾ ਸੀ, ਇਸ ਤੋਂ ਵੱਧ ਉਹ ਕੁਝ ਹੋਰ ਚਾਹੁੰਦੇ ਹੀ ਨਹੀਂ ਸੀ। ਮਰਨਾ ਵੀ ਅਗਿਆਤ ਰਹਿ ਕੇ ਹੀ ਚਾਹੁੰਦੇ ਸੀ। ਉਨ੍ਹਾਂ ਦਾ ਆਦਰਸ਼ ਸੀ : ਅਨਸੰਗ, ਅਨਆਨਰਡ ਅਤੇ ਅਨਵੈਪਟ ਮੌਤ!
'ਚਮਨ ਜ਼ਾਰੇ ਮੁਹੱਬਤ ਮੇਂ ਉਸ ਨੇ ਬਾਗ਼ਵਾਨੀ ਕੀ,
ਕਿ ਜਿਸ ਨੇ ਆਪਣੀ ਮੇਹਨਤ ਕੋ ਹੀ ਮੇਹਨਤ ਕਾ ਸਮਰ ਜਾਨਾ।
ਨਹੀਂ ਹੋਤਾ ਹੈ ਮੋਹਤਾਜੇ ਨੁਮਾਇਸ਼ ਫ਼ੈਜ਼ ਸ਼ਬਨਮ ਕਾ,
ਅੰਧੇਰੀ ਰਾਤ ਮੇਂ ਮੋਤੀ ਲੁਟਾ ਜਾਤੀ ਹੈ ਗੁਲਸ਼ਨ ਮੇਂ॥'
ਡੇਢ ਸਾਲ ਤੱਕ ਮੁਕੱਦਮਾ ਚੱਲਿਆ। ਸ਼ਾਇਦ ਇਹ 1916 ਦਾ ਹੀ ਨਵੰਬਰ ਸੀ ਜਦੋਂ ਉਨ੍ਹਾਂ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ। ਉਹ ਉਸ ਦਿਨ ਵੀ ਹਮੇਸ਼ਾ ਵਾਂਗ ਖੁਸ਼ ਸਨ। ਉਨ੍ਹਾਂ ਦਾ ਵਜ਼ਨ 10 ਪਾਊਂਡ ਵਧ ਗਿਆ ਸੀ। 'ਭਾਰਤ ਮਾਤਾ ਦੀ ਜੈ' ਕਹਿੰਦੇ ਹੋਏ ਉਹ ਫਾਂਸੀ ਦੇ ਤਖ਼ਤੇ ਤੇ ਚੜ੍ਹ ਗਏ। 

ਧਰਮ ਪਰਿਵਰਤਨ ਬਨਾਮ ਘਰ ਵਾਪਸੀ

ਮੱਖਣ ਕੁਹਾੜ

ਧਰਮ ਪਰਿਵਰਤਨ ਦੇ ਮੁੱਦੇ ਬਾਰੇ ਜਿਸ ਤਰ੍ਹਾਂ ਸਾਰੇ ਭਾਰਤ ਵਿਚ ਚਰਚਾ ਛਿੜੀ ਹੈ, ਇਸ ਨਾਲ ਸਮਾਜਕ ਤਣਾਅ ਪੈਦਾ ਹੋ ਗਿਆ ਹੈ। ਘੱਟ ਗਿਣਤੀਆਂ ਜਿਵੇਂ ਦਹਿਸ਼ਤ ਵਿਚ ਹਨ। ਹਿੰਦੂ-ਮੁਸਲਿਮ ਧਰਮਾਂ ਦਰਮਿਆਨ ਦੂਰੀਆਂ ਵਧਣ ਲਗੀਆਂ ਹਨ। ਇਤਿਹਾਸ ਦੇ ਵਰਕੇ ਫਰੋਲੀਏ ਤਾਂ ਇਸ ਤਰ੍ਹਾਂ ਦਾ ਸਮਾਜਕ ਤਣਾਅ ਵਾਲਾ ਮਾਹੌਲ ਪਹਿਲਾਂ ਜਾਂ ਤਾਂ ਔਰੰਗਜ਼ੇਬ ਵੇਲੇ ਸੀ ਜਾਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸੀ। ਦੱਸਦੇ ਨੇ ਔਰੰਗਜ਼ੇਬ, 'ਸਵਾ ਮਣ ਜਨੇਊ ਲੁਹਾ ਕੇ ਰੋਟੀ ਖਾਂਦਾ ਸੀ।' ਭਾਵੇਂ ਇਸ 'ਸਵਾ ਮਣ' 'ਚ ਸਚਾਈ ਨਾ ਵੀ ਹੋਵੇ ਪਰ ਇਕ ਤਾਂ ਸੱਚ ਹੈ ਕਿ ਗੁਰੂ ਤੇਗ਼ ਬਹਾਦਰ ਨੂੰ ਜ਼ਮੀਰ ਦੀ ਆਜ਼ਾਦੀ ਦੀ ਰਾਖੀ ਦੇ ਉਚੇਰੇ ਮੰਤਵ ਲਈ ਇਸ ਮਾਹੌਲ ਵਿਰੁੱਧ ਸ਼ਹਾਦਤ ਦੇਣੀ ਪਈ ਸੀ। ਆਜ਼ਾਦੀ ਤੋਂ ਪਹਿਲਾਂ ਬਣੇ ਇਸ ਹਿੰਦੂ-ਮੁਸਲਿਮ ਤਣਾਅ ਦਾ ਹੀ ਸਿੱਟਾ ਸੀ ਕਿ ਮੁਸਲਮਾਨਾਂ ਲਈ ਧਰਮ ਆਧਾਰਤ ਦੇਸ਼ ਪਾਕਿਸਤਾਨ ਬਣਾਉਣ ਦੀ 'ਭਾਰਤੀ ਆਜ਼ਾਦੀ' ਨੂੰ ਵੱਡੀ ਕੁਰਬਾਨੀ ਦੇਣੀ ਪਈ। ਅੱਜ ਫਿਰ ਇਸੇ ਹੀ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਮਨੁੱਖ ਧਰਮ ਤਬਦੀਲ ਕਿਉਂ ਕਰਦਾ ਹੈ? ਧਰਮ ਤਾਂ ਇਕ ਨਿੱਜੀ ਮਸਲਾ ਹੈ ਅਤੇ ਇਸ ਦਾ ਸਬੰਧ ਜੀਵਨ ਜਾਚ ਨਾਲ ਹੈ। ਚੰਗੇ ਅਸੂਲਾਂ ਲਈ, ਬਿਹਤਰ ਜ਼ਿੰਦਗੀ ਲਈ। ਮਨੁੱਖਤਾ ਦੇ ਭਲੇ ਲਈ। ਜੋ ਰੱਬ ਨੂੰ ਮੰਨਦੇ ਹਨ, ਉਨ੍ਹਾਂ ਲਈ ਰੱਬ ਦੀ ਉਪਾਸਨਾ ਕਰਨ ਦੀ ਆਜ਼ਾਦੀ ਦੇ ਮੌਕੇ ਪੈਦਾ ਕਰਨ ਲਈ। ਧਰਮ ਭਾਵ ਅਸੂਲ। ਸਮਾਜ ਵਿਚ ਵਿਚਰਨ ਦੇ ਕੁਝ ਅਜਿਹੇ ਅਸੂਲ ਤੈਅ ਕਰ ਦੇਣੇ, ਜਿਨ੍ਹਾਂ ਨਾਲ ਭਰਾਤਰੀ ਭਾਵ ਪੈਦਾ ਹੋਵੇ। ਸਹਿਜੇ-ਸਹਿਜੇ ਧਰਮ ਇਕ ਪਛਾਣ ਚਿੰਨ੍ਹ ਬਣ ਗਿਆ ਅਤੇ ਲੋਕ ਵਿਰੋਧੀ ਰਾਜਨੀਤੀਵਾਨ ਇਸ ਨੂੰ ਵਰਤ ਕੇ ਆਪਣੇ ਰਾਜ ਦੀ ਉਮਰ ਲੰਮੀ ਕਰਨ ਲੱਗੇ। ਲੋਕਾਂ ਨੂੰ ਰਾਜੇ ਅਤੇ ਰੱਬ ਦੀ ਰਜ਼ਾ ਵਿਚ ਰੱਖਣ ਲਈ ਧਰਮ ਨੂੰ ਹਥਿਆਰ ਵਜੋਂ ਵਰਤਿਆ ਜਾਣ ਲੱਗਾ। ਰਾਜ ਭਾਗ ਭਾਵੇਂ ਕਿੰਨਾ ਵੀ ਲੋਕ ਵਿਰੋਧੀ ਹੋਵੇ, ਉਸ ਵਿਰੁੱਧ ਬਗ਼ਾਵਤ ਨਾ ਹੋਵੇ। 'ਮਾੜੀ ਜ਼ਿੰਦਗੀ ਲਈ ਪਿਛਲੇ ਕਰਮਾਂ ਦਾ ਫ਼ਲ ਅਤੇ ਚੰਗੀ ਜ਼ਿੰਦਗੀ ਸਵਰਗ ਵਿਚ ਜਾ ਕੇ ਉਸ ਨੂੰ ਹੀ ਮਿਲੇਗੀ ਜੋ ਧਰਮ ਅਤੇ ਰਾਜ ਦੇ ਅਧੀਨ ਰਹਿ ਕੇ ਵਿਚਰੇਗਾ' ਦਾ ਪ੍ਰਚਾਰ ਹੋਣ ਲੱਗਾ।  ਰਾਜੇ ਜਾਂ ਕਿਸਮਤ ਨੂੰ ਕੋਸਣ 'ਤੇ ਨਰਕ ਦਾ ਡਰ। 'ਜੇਹਾ ਰਾਜਾ ਤੇਹੀ ਪਰਜਾ', 'ਜਿਸ ਦਾ ਰਾਜ ਉਸੇ ਦਾ ਤਪ'। ਰਾਜੇ ਦੇ ਧਰਮ ਨੂੰ ਅਪਣਾ ਕੇ ਉਸ ਦੀ ਪਰਜਾ ਨੂੰ ਵਫ਼ਾਦਾਰੀ ਦਾ ਸਬੂਤ ਦੇਣ ਦਾ ਪਾਠ ਪੜ੍ਹਾਇਆ ਜਾਂਦਾ ਰਿਹਾ ਹੈ। ਰਾਜ ਕਰਨ ਵਾਲੇ ਜਬਰੀ, ਲਾਲਚ ਦੇ ਕੇ ਅਤੇ ਪ੍ਰੇਰਨਾ ਨਾਲ ਵੀ ਆਮ ਲੋਕਾਂ ਨੂੰ ਆਪਣਾ ਧਰਮ ਕਬੂਲ ਕਰਵਾਉਂਦੇ ਰਹੇ ਹਨ। 
ਧਰਮ ਪਰਿਵਰਤਨ ਹਮੇਸ਼ਾ ਆਰਥਕਤਾ ਨਾਲ ਜੁੜਿਆ ਰਿਹਾ ਹੈ। ਹੋਰ ਸੌਖੇਰਾ ਜੀਵਨ ਜਿਊਣ ਦੀ ਤਾਂਘ ਅਤੇ ਧਾਰਮਕ ਕੱਟੜਤਾ ਤੋਂ ਮੁਕਤੀ ਪਾਉਣ ਦੀ ਲਾਲਸਾ ਨਾਲ ਵੀ ਧਰਮ ਪਰਿਵਰਤਨ ਨੂੰ ਉਤਸ਼ਾਹ ਮਿਲਦਾ ਰਿਹਾ ਹੈ। ਗ਼ਰੀਬ ਵਰਗ, ਜਿਧਰੋਂ ਵੀ ਕੁਝ ਰਾਹਤ ਮਿਲੇ, ਉਹ ਉਸੇ ਤਰ੍ਹਾਂ ਦੀ ਜੀਵਨ ਸ਼ੈਲੀ ਅਪਣਾਉਣ ਲੱਗ ਜਾਂਦਾ ਰਿਹਾ ਹੈ। ਇੰਜ ਹਮੇਸ਼ਾ ਤੋਂ ਹੁੰਦਾ ਆਇਆ ਹੈ। ਆਰੀਆਂ ਦੀ ਆਮਦ ਨਾਲ ਚਾਰ ਵਰਣੀ, ਸਮਾਜਕ ਤਾਣਾ-ਬਾਣਾ ਬੁਣਿਆ ਗਿਆ। ਉਹ ਲੋਕ ਜੋ ਆਰੀਆਂ ਤੋਂ ਪਹਿਲਾਂ ਭਾਰਤ ਵਿਚ ਰਹਿ ਰਹੇ ਸਨ, ਚਾਹੇ ਉਹ ਕਬੀਲਿਆਂ ਦੇ ਰੂਪ ਵਿਚ ਸਨ ਜਾਂ ਛੋਟੇ ਛੋਟੇ ਰਾਜ ਸਥਾਪਤ ਕਰ ਕੇ ਰਹਿੰਦੇ ਸਨ, ਸਭ ਦਾ ਆਪਣਾ ਸਭਿਆਚਾਰ, ਭਾਸ਼ਾ ਤੇ ਰਾਜ ਕਰਨ ਦਾ ਢੰਗ ਸੀ। ਆਰੀਆਂ ਵਰਗਾ ਧਾਰਮਕ ਸਰੂਪ ਨਹੀਂ ਸੀ। ਭਾਰਤ ਦੇ ਮੂਲ ਵਾਸੀਆਂ ਨੇ ਆਰੀਆਂ ਨਾਲ ਅਨੇਕਾਂ ਯੁੱਧ ਕੀਤੇ ਪਰ ਉਹ ਹਾਰ ਗਏ। ਕੁਝ ਲੋਕਾਂ ਨੇ ਉਨ੍ਹਾਂ ਦੀ ਈਨ ਮੰਨ ਲਈ, ਕਈ ਲੜਦੇ ਦੱਖਣ ਵੱਲ ਭੱਜ ਗਏ। ਕੁਝ ਵੀ ਸੀ, ਆਰੀਆਂ ਨੇ ਰਾਜ ਵੀ ਸਥਾਪਤ ਕੀਤਾ ਤੇ ਵੈਦਿਕ-ਸਨਾਤਨੀ ਧਰਮ ਵੀ। ਸਮਾਜ ਨੂੰ ਚਾਰ ਵਰਨਾਂ ਵਿਚ ਵੰਡ ਦਿੱਤਾ ਗਿਆ। ਮੂਲ ਭਾਰਤੀਆਂ ਨੂੰ ਗੁਲਾਮ ਬਣਾ ਕੇ ਲੋੜ ਅਧਾਰਤ ਅਤੇ ਪ੍ਰਚਲਤ ਕੰਮਾਂ ਦੇ ਆਧਾਰ 'ਤੇ ਵੈਸ਼, ਸ਼ੂਦਰ, ਖਤਰੀ, ਬ੍ਰਾਹਮਣ ਆਦਿ ਵਰਣਾਂ ਵਿਚ ਵੰਡ ਦਿੱਤਾ ਗਿਆ।  ਵੈਦਿਕ-ਸਨਾਤਨੀ ਧਰਮ ਤੇ ਸੰਸਕ੍ਰਿਤ ਭਾਸ਼ਾ ਦਾ ਪ੍ਰਚਾਰ-ਪ੍ਰਸਾਰ ਕਰਨ ਹਿੱਤ ਬ੍ਰਾਹਮਣਾਂ ਦੀ ਵੱਖਰੀ ਤੇ ਸਰਬੋਤਮ ਸ਼੍ਰੇਣੀ ਸਥਾਪਤ ਕੀਤੀ ਗਈ। ਉਸ ਵਕਤ ਆਰੀਆਂ ਤੋਂ ਪਹਿਲਾਂ ਰਹਿ ਰਹੇ ਭਾਰਤੀ ਲੋਕਾਂ (ਮੂਲ ਭਾਰਤੀਆਂ) ਦਾ ਵੱਡੀ ਪੱਧਰ 'ਤੇ ਧਰਮ ਪਰਿਵਰਤਨ ਹੋਇਆ। ਸਨਾਤਨੀ ਕੱਟੜਤਾ ਤੋਂ ਮੁਕਤੀ ਹਾਸਲ ਕਰਨ ਹਿੱਤ ਲੋਕ ਚਾਰਵਾਕੀਏ ਬਣੇ ਅਤੇ ਨਾਸਤਕਤਾ ਵੱਲ ਰੁਚਿਤ ਹੋਏ। ਬ੍ਰਾਹਮਣੀ ਭੇਖਾਂ ਦੀ ਕੱਟੜਤਾ ਤੋਂ ਛੁਟਕਾਰਾ ਹਾਸਲ ਕਰਨ ਲਈ, ਸੌਖਾ ਜੀਵਨ ਜੀਣ ਲਈ। ਇਸ ਸਮੇਂ ਰਾਜ ਪ੍ਰਬੰਧ ਦੀ ਬਣਤਰ ਵਿਚ ਤਬਦੀਲੀ ਹੋਣ ਨਾਲ ਅਤੇ ਚਾਰਵਾਕ ਧਰਮ ਪ੍ਰਚਾਰ ਨਾਲ ਲੋਕ ਰੱਬ ਤੋਂ ਮੁਨਕਰ ਹੋ ਗਏ। ਇਸ ਸਮੇਂ ਜੈਨ ਧਰਮ ਖੂਬ ਫੈਲਿਆ। ਇਸੇ ਦੌਰਾਨ ਹੀ ਬੁੱਧ ਨੇ ਸਨਾਤਨ ਅਤੇ ਜੈਨ ਧਰਮ ਦੇ ਵਿਚ-ਵਿਚਾਲੇ ਦਾ ਰਸਤਾ ਕਢਦਿਆਂ ਰੱਬ ਦੀ ਹੋਂਦ 'ਤੇ ਸਵਾਲੀਆ ਨਿਸ਼ਾਨ ਲਾ ਕੇ ਲੋਕਾਂ ਨੂੰ ਹਿੰਸਾ ਮੁਕਤ ਅਤੇ ਸੱਚ ਦੇ ਮਾਰਗ 'ਤੇ ਚੱਲਣ ਦਾ ਸੌਖਾ ਰਾਹ ਦਰਸਾਇਆ। ਭਾਰਤ ਸਮੇਤ ਆਂਢ-ਗੁਆਂਢ ਦੇ ਦੇਸ਼ਾਂ ਵਿਚ ਬੁੱਧ ਧਰਮ ਖੂਬ ਫੈਲਿਆ। ਇਹ ਲੋਕਾਂ ਵਲੋਂ ਲਗਭਗ ਚੌਥੀ ਵਾਰ ਦੀ ਧਰਮ ਤਬਦੀਲੀ ਸੀ। ਅਠਵੀਂ ਸਦੀ ਵਿਚ ਅਰਬ ਕਬੀਲਿਆਂ ਨੇ ਇਸਲਾਮ ਧਰਮ ਗ੍ਰਹਿਣ ਕੀਤਾ ਅਤੇ ਧਾੜਵੀ ਬਣ ਕੇ ਮੁਹੰਮਦ ਬਿਨ ਕਾਸਿਮ ਦੇ ਭਾਰਤ 'ਤੇ ਹਮਲੇ ਬਾਅਦ ਤੁਰਕਾਂ, ਮੁਹੰਮਦ ਗਜ਼ਨਵੀ, ਮੁਹੰਮਦ ਗੌਰੀ ਨਾਲ ਭਾਰਤ ਦੇ ਉਤਰੀ ਹਿੱਸੇ ਵਿਚ ਮੁਸਲਿਮ ਸਲਤਨਤ ਸਥਾਪਤ ਹੋ ਗਈ। ਇਕ ਵਾਰ ਫੇਰ ਲੋਕ ਧਰਮ ਤਬਦੀਲ ਕਰਨ ਲਈ ਮਜਬੂਰ ਹੋਏ। ਵਧੇਰੇ ਮਾਰ ਸਾਧਨਹੀਣ ਅਤੇ ਗ਼ੈਰ ਸੰਗਠਤ ਲੋਕਾਂ 'ਤੇ ਹੀ ਪਈ। ਬਾਬਰ ਨੇ ਪਾਣੀਪਤ ਦੀ ਪਹਿਲੀ ਲੜਾਈ ਜਿੱਤ ਕੇ ਮੁਗ਼ਲ ਸਲਤਨਤ ਦੀ ਨੀਂਹ ਰੱਖੀ। ਮੁਗ਼ਲਾਂ ਨੇ ਰਾਜ ਭਾਗ ਚਲਾਉਣ ਲਈ ਪ੍ਰਚਲਤ ਹਿੰਦੂ ਤੇ ਮੁਸਲਿਮ ਧਰਮ ਦੇ ਵਿਚ ਵਿਚਾਲੇ ਦਾ ਰਾਹ ਕਢਿਆ। ਸੂਫ਼ੀ ਮਤ ਹੋਂਦ ਵਿਚ ਆਇਆ। 'ਦੀਨ-ਏ-ਇਲਾਹੀ' ਦਾ ਪ੍ਰਤਾਪ ਵਧਿਆ। ਪਰ ਸ਼ਾਹਜਹਾਂ ਤੇ ਔਰੰਗਜ਼ੇਬ ਨੇ ਲੋਕਾਂ ਨੂੰ ਰਾਜ ਦੀ ਧੌਂਸ, ਜਜੀਆ ਲਾ ਕੇ ਅਤੇ ਤਲਵਾਰ ਦੇ ਜ਼ੋਰ ਨਾਲ ਵੀ ਮੁਸਲਮਾਨ ਬਣਾਇਆ। ਗ਼ਰੀਬ ਲੋਕਾਂ ਨੇ ਜਜੀਏ ਤੇ ਜ਼ਬਰ ਤੋਂ ਬਚਣ ਲਈ ਧਰਮ ਤਬਦੀਲ ਕੀਤਾ। ਮੁਗ਼ਲ ਹਕੂਮਤ ਦੇ ਖ਼ਾਤਮੇ ਮਗਰੋਂ ਅੰਗਰੇਜ਼ ਭਾਰਤ 'ਤੇ ਕਾਬਜ਼ ਹੋ ਗਏ। ਅੰਗਰੇਜ਼ਾਂ ਨੇ ਭਾਵੇਂ ਭਾਰਤੀਆਂ ਨੂੰ ਜਬਰੀ ਤਾਂ ਈਸਾਈ ਨਹੀਂ ਬਣਾਇਆ। ਪਰ ਨਵੀਆਂ ਤਕਨੀਕਾਂ, ਸਿੱਖਿਆ, ਬਰਾਬਰਤਾ ਜਿਹੇ ਨਵੇਂ ਰਾਹ ਏਸ ਢੰਗ ਨਾਲ ਖੋਲ੍ਹੇ ਕਿ ਲੋਕ ਈਸਾਈ ਧਰਮ ਵੱਲ ਖਿੱਚੇ ਗਏ। ਹੇਠਲੀ ਸ਼੍ਰੇਣੀ ਦੇ ਲੋਕ ਵਧੇਰੇ ਗਿਣਤੀ ਵਿਚ ਈਸਾਈ ਬਣੇ। ਹਾਕਮੀ ਰੰਗ ਮਾਨਣ ਲਈ ਦਰਮਿਆਨੀ ਤੇ ਉਚ ਸ਼੍ਰੇਣੀ ਦੇ ਕਈ ਲੋਕ ਵੀ ਈਸਾਈ ਬਣ ਗਏ। ਇਹ ਧਰਮ ਤਬਦੀਲੀ ਦਾ ਇਕ ਹੋਰ ਨਵਾਂ ਦੌਰ ਸੀ। ਗ਼ਰੀਬ ਦਲਿਤ-ਸ਼ੂਦਰ ਸ਼੍ਰੇਣੀ ਨੂੰ ਜਿਵੇਂ ਸਮਾਜਕ ਬਰਾਬਰੀ ਜਿਹੀ ਦਾ ਅਹਿਸਾਸ ਹੋਇਆ। 
ਇਸ ਤੋਂ ਪਹਿਲਾਂ ਪੁਰਾਣੇ ਪੰਜਾਬੀ ਖੇਤਰ ਵਿਚ ਭਗਤੀ ਲਹਿਰ ਨੇ ਨੀਵੀਆਂ ਜਾਤੀਆਂ ਦੇ ਹੱਕ ਵਿਚ ਪ੍ਰਚਾਰ ਕੀਤਾ। ਹਿੰਦੂ ਰੀਤੀ ਰਿਵਾਜਾਂ ਅਤੇ ਮੁਸਲਿਮ ਧਰਮ ਦੇ ਪਖੰਡਾਂ ਵਿਰੁੱਧ ਸੁਰ ਉਚੀ ਹੋਈ। ਬਾਬੇ ਨਾਨਕ ਨੇ 'ਨਾ ਕੋ ਹਿੰਦੂ ਨਾ ਮੁਸਲਮਾਨ' ਅਤੇ ਗੁਰੂ ਅਰਜਨ ਦੇਵ ਜੀ ਨੇ 'ਨਾ ਹਮ ਹਿੰਦੂ ਨਾ ਮੁਸਲਮਾਨ' ਕਹਿ ਕੇ ਲੋਕਾਂ ਨੂੰ ਜਾਤਾਂ, ਧਰਮਾਂ, ਅੰਧ ਵਿਸ਼ਵਾਸੀ ਪਖੰਡਾਂ ਤੋਂ ਉਪਰ ਉਠਣ ਦਾ ਨਾਅਰਾ ਦਿੱਤਾ। ਗੁਰੂ ਤੇਗ਼ ਬਹਾਦਰ ਨੇ ਜਬਰੀ ਧਰਮ ਤਬਦੀਲੀ ਦੇ ਵਿਰੋਧ ਵਿਚ ਲੋਕਾਂ ਨੂੰ ਜਾਗ੍ਰਿਤ ਕਰਨ ਅਤੇ 'ਧਰਮ ਮਨੁੱਖ ਦਾ ਨਿੱਜੀ ਮਸਲਾ ਹੈ, ਰਾਜ ਦਾ ਇਸ ਵਿਚ ਦਖ਼ਲ ਨਹੀਂ ਹੋਣਾ ਚਾਹੀਦਾ', ਬਾਰੇ ਵਿਚਾਰ ਪ੍ਰਬਲ ਕਰਨ ਹਿੱਤ ਲਾਮਿਸਾਲ ਕੁਰਬਾਨੀ ਦਿੱਤੀ। ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤਕ ਦੇ ਸਮੇਂ ਦੌਰਾਨ ਲੋਕਾਂ ਨੂੰ ਧਾਰਮਕ ਕੱਟੜਤਾ ਵਿਰੋਧੀ ਅਤੇ ਜਬਰ-ਜੁਲਮ, ਗ਼ਰੀਬੀ, ਆਰਥਕ ਮੰਦਹਾਲੀ, ਬੇਇਨਸਾਫ਼ੀ ਵਿਰੁੱਧ ਡੱਟਣ ਲਈ ਸਭ ਧਰਮਾਂ, ਜਾਤਾਂ, ਖਿੱਤਿਆਂ ਤੋਂ ਉੱਪਰ ਉੱਠ ਕੇ ਇਕ ਹੋ ਕੇ ਲੜਨ ਦੀ ਪ੍ਰੇਰਨਾ ਦਿੱਤੀ ਗਈ।  ਪੰਜ ਪਿਆਰਿਆਂ ਦਾ ਸੰਕਲਪ ਲਿਆ ਕੇ ਲੋਕਾਂ ਨੂੰ ਹੱਕ-ਸੱਚ ਖਾਤਰ, ਲੜਨ ਮਰਨ ਲਈ ਪ੍ਰੇਰਿਆ। ਵੱਖ-ਵੱਖ ਧਰਮਾਂ, ਜਾਤਾਂ, ਫਿਰਕਿਆਂ ਦੇ ਲੋਕ ਇਸ ਹੱਕੀ ਸੋਚ ਵੱਲ ਪ੍ਰੇਰਤ ਹੋਏ। ਗੁਰੂ ਗੋਬਿੰਦ ਸਿੰਘ ਵਲੋਂ ਹੱਕਾਂ ਦੀ ਪ੍ਰਾਪਤੀ ਲਈ ਖ਼ਾਲਸਾ ਫ਼ੌਜ ਖੜੀ ਕੀਤੀ ਗਈ, ਜਿਸ ਨੇ ਮਗਰੋਂ ਬਾਬਾ ਬੰਦਾ ਸਿੰਘ ਬਾਹਦਰ ਦੀ ਅਗਵਾਈ ਵਿਚ ਚਾਰ ਸਾਲ ਰਾਜ ਸਥਾਪਤ ਵੀ ਕੀਤਾ ਅਤੇ ਗ਼ਰੀਬ ਹਲਵਾਹਕਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ। ਬਾਅਦ ਵਿਚ ਇਸ ਲੜ ਮਰਨ ਵਾਲੀ ਖ਼ਾਲਸਾ ਫ਼ੌਜ ਵੱਲ ਬਹੁਤ ਲੋਕ ਖਿੱਚੇ ਗਏ ਅਤੇ ਸਿੱਖ ਬਾਣੇ ਦੇ ਧਾਰਨੀ ਬਣੇ। ਜੋ ਮਗਰੋਂ ਇਕ ਵਖਰੇ ਸਿੱਖ ਧਰਮ ਵਜੋਂ ਜਾਣਿਆ ਜਾਣ ਲੱਗਾ। ਲੋਕ ਹਮੇਸ਼ਾ ਚੰਗੇ ਵਿਚਾਰਾਂ ਵੱਲ ਖਿੱਚੇ ਜਾਂਦੇ ਰਹੇ ਹਨ। ਗੁਰੂ ਗੋਬਿੰਦ ਸਿੰਘ ਨੇ ਕਿਸੇ ਨੂੰ ਵੀ ਜਬਰੀ ਸਿੱਖ ਨਹੀਂ ਸੀ ਬਣਾਇਆ।
ਆਜ਼ਾਦੀ ਤੋਂ ਪਹਿਲਾਂ ਜ਼ਹਿਰੀਲਾ ਪ੍ਰਚਾਰ ਕਰ ਕੇ ਹਿੰਦੂ ਤੇ ਮੁਸਲਿਮ ਲੋਕਾਂ ਨੂੰ ਵੰਡਣ ਦਾ ਯਤਨ ਕੀਤਾ ਗਿਆ। ਦੂਜੇ ਧਰਮਾਂ ਵਿਰੁੱਧ ਨਫ਼ਰਤ ਫੈਲਾਈ ਗਈ। ਸਿੱਟੇ ਵਜੋਂ ਦੇਸ਼ ਦੋ ਹਿੱਸਿਆਂ ਵਿਚ (ਹੁਣ ਤਿੰਨ ਵਿਚ) ਵੰਡਿਆ ਗਿਆ। ਉਹੀ ਹਿੰਦੂ-ਮੁਸਲਿਮ ਲੋਕ ਜੋ ਸਦੀਆਂ ਤੋਂ ਇਕੱਠੇ ਰਹਿ ਰਹੇ ਸਨ, ਇਕੱਠੇ ਖਾਂਦੇ-ਪੀਂਦੇ ਸਨ, ਉਹ ਇਕ ਦੂਜੇ ਦੇ ਵੈਰੀ ਬਣ ਗਏ। ਪੰਜਾਬ ਨੇ ਜੋ ਸਿੱਟਾ ਭੁਗਤਿਆ, ਉਹ ਸਭ ਦੇ ਸਾਹਮਣੇ ਹੈ।
ਅੱਜ ਫਿਰ ਲੋਕਾਂ ਨੂੰ ਉਸੇ ਰਾਹ ਤੋਰਿਆ ਜਾ ਰਿਹਾ ਹੈ। ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਈ ਜਾ ਰਹੀ ਹੈ। ਕਦੇ 'ਲਵ-ਜੇਹਾਦ', ਕਦੇ ਹਿੰਦੂਆਂ ਲਈ 'ਚਾਰ ਚਾਰ ਬੱਚੇ ਪੈਦਾ ਕਰੋ' ਦਾ ਨਾਅਰਾ ਤੇ ਕਦੇ ਧਰਮ ਪਰਿਵਰਤਨ ਲਈ ਮਜਬੂਰ ਕਰਨਾ ਤੇ ਫੇਰ ਉਸ ਨੂੰ ਘਰ ਵਾਪਸੀ ਕਹਿਣਾ। ਆਖ਼ਰ ਐਸਾ ਮਾਹੌਲ ਸਿਰਜਣ ਦੀ ਲੋੜ ਕੀ ਹੈ? ਕਿਉਂ ਅਜਿਹਾ ਵਾਤਾਵਰਣ ਪੈਦਾ ਕੀਤਾ ਜਾ ਰਿਹਾ ਹੈ? ਕੀ ਧਰਮ ਪਰਿਵਰਤਨ ਕਰਵਾਉਣ ਨਾਲ ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ, ਪੱਕੀ ਨੌਕਰੀ, ਸੁਰੱਖਿਅਤਾ ਅਤੇ ਭਵਿੱਖੀ ਬੇਫ਼ਿਕਰੀ ਦਾ ਮਸਲਾ ਹੱਲ ਹੋ ਜਾਵੇਗਾ? ਕੀ ਭਾਰਤ ਦੇ ਗ਼ਰੀਬ ਲੋਕਾਂ ਦਾ ਅਮੀਰਾਂ ਵਰਗਾ, ਵਧੀਆ ਜੀਵਨ ਜਿਊਣ ਦਾ ਸੁਪਨਾ ਪੂਰਾ ਹੋ ਜਾਵੇਗਾ? ਜਿਹੜੇ ਮੁਲਕ ਧਰਮ ਨਿਰਪੱਖ ਨਹੀਂ, ਸਗੋਂ ਇਕ ਹੀ ਧਰਮ ਮੁਸਲਿਮ, ਇਸਾਈ ਜਾਂ ਯਹੂਦੀ ਆਦਿ ਵਾਲੇ ਹਨ, ਕੀ ਉਨ੍ਹਾਂ ਮੁਲਕਾਂ ਦੇ ਲੋਕ ਸੁਖੀ ਹਨ? ਜੇ ਅਜਿਹਾ ਸਹੀ ਹੈ ਤਾਂ ਫਿਰ ਪਾਕਿਸਤਾਨ ਜੋ ਇਕ ਮੁਸਲਿਮ ਦੇਸ਼ ਹੈ, ਵਿਚ ਬੇਹੱਦ ਗ਼ਰੀਬੀ ਤੇ ਸਮਾਜਕ ਬਦਅਮਨੀ ਕਿਉਂ ਹੈ? ਅਰਬ ਦੇਸ਼ ਜੋ ਸਾਰੇ ਹੀ ਮੁਸਲਿਮ ਦੇਸ਼ ਹਨ, ਆਪਸ ਵਿਚ ਹੀ ਕਿਉਂ ਲੜੀ-ਮਰੀ ਜਾ ਰਹੇ ਹਨ? ਪੱਛਮੀ ਤੇ ਪੂਰਬੀ ਪਾਕਿਸਤਾਨ ਦੋਵੇਂ ਮੁਸਲਿਮ ਖਿਤੇ ਆਪਸ ਵਿਚ ਕਿਉਂ ਭਿੜੇ? ਬੰਗਲਾਦੇਸ਼ ਕਿਉਂ ਪਾਕਿਸਤਾਨ ਤੋਂ ਵੱਖ ਹੋ ਗਿਆ? ਮੁਸਲਮਾਨ ਮੁਲਕਾਂ ਵਿਚ ਜੋ ਆਪਸੀ ਜੇਹਾਦ ਹੋ ਰਹੇ ਹਨ ਕਿਉਂ ਹਨ? ਇਰਾਨ ਤੇ ਇਰਾਕ ਵਿਚਕਾਰ ਲੰਮਾ ਸਮਾਂ ਯੁੱਧ ਕਿਉਂ ਚੱਲਿਆ?
ਧਰਮ ਮਨੁੱਖ ਦੀ ਮਰਨ ਉਪਰੰਤ ਤਥਾ-ਕਥਿਤ ਜਿਊਂਦੀ ਰਹਿ ਜਾਂਦੀ ਆਤਮਾ ਨੂੰ ਪ੍ਰਮਾਤਮਾ ਨਾਲ ਮੇਲ ਕਰਾਉਣ ਦੇ ਮਾਧਿਅਮ ਦੇ ਤੌਰ 'ਤੇ ਕੰਮ ਕਰਨ ਦੀ ਗੱਲ ਕਰਦਾ ਹੈ। ਰਾਜਨੀਤੀ ਇਸ ਵਰਤਾਰੇ ਨੂੰ ਹਮੇਸ਼ਾ ਆਪਣੇ ਪੱਖ ਵਿਚ ਵਰਤਦੀ ਆਈ ਹੈ। ਰਾਜ ਕਰ ਰਹੀ ਅਮੀਰ ਸ਼੍ਰੇਣੀ ਲਈ ਪਿਛਲੇ ਜਨਮ ਦਾ ਭੁਲੇਖਾ, ਅਗਲੇ ਜਨਮ ਦਾ ਲਾਰਾ ਤੇ ਸਥਿਤੀ ਨੂੰ ਕਰਤਾਰੀ ਵਰਤਾਰਾ ਸਮਝ ਕੇ ਜਿਉਂ ਦੀ ਤਿਉਂ ਬਣਾਈ ਰੱਖਣ ਅਤੇ ਤਬਦੀਲੀ ਤਾਂਘ ਲਈ ਚੇਸ਼ਟਾ ਨਾ ਕਰਨ ਲਈ ਧਰਮ ਬੜਾ ਕਾਰਗਰ ਹਥਿਆਰ ਸਾਬਤ ਹੁੰਦਾ ਹੈ। 'ਸਭ ਕੁਝ ਰੱਬੀ ਭਾਣੇ ਵਿਚ ਵਰਤ ਰਿਹਾ ਹੈ' ਕਹਿ ਕੇ ਧਾਰਮਕ ਆਗੂ ਇਨਕਲਾਬੀ  ਸੋਚ ਤੇ ਅਵਸਥਾਵਾਂ ਨੂੰ ਖੁੰਡਿਆਂ ਕਰਦੇ ਰਹਿੰਦੇ ਹਨ। ਅੰਧਵਿਸ਼ਵਾਸ ਅਤੇ ਵਿਚਾਰਾਂ ਦਾ ਧੁੰਦੂਕਾਰਾ ਉਨ੍ਹਾਂ ਨੂੰ ਬੜਾ ਰਾਸ ਆਉਂਦਾ ਹੈ।
ਗ਼ਰੀਬ ਲੋਕ ਹਮੇਸ਼ਾ ਧਰਮ ਤਬਦੀਲੀ ਦੀ ਪੀੜਾ ਹੰਢਾਉਂਦੇ ਆਏ ਹਨ। ਗ਼ਰੀਬ ਦਾ ਧਰਮ ਤਾਂ ਉਸ ਲਈ ਸੌਖੇਰਾ ਤੇ ਵਧੀਆ ਜੀਵਨ ਜਿਊਣ ਦਾ ਸੁਪਨਾ ਮਾਤਰ ਹੀ ਹੁੰਦਾ ਹੈ। ਭਾਰਤ ਵਿਚ ਆਰੀਆਂ ਦੇ ਆਗਮਨ ਤੋਂ ਪਹਿਲਾਂ ਜੋ ਮੂਲ ਭਾਰਤੀ ਵਾਸ਼ਿੰਦੇ ਕਬੀਲਿਆਂ ਦੇ ਰੂਪ ਵਿਚ ਰਹਿੰਦੇ ਸਨ, ਉਹੀ ਅੱਜ ਵਧੇਰੇ ਕਰ ਕੇ ਸਾਧਨਹੀਣਤਾ ਅਤੇ ਗੁਰਬਤ ਦੀ ਮਾਰ ਹੰਢਾ ਰਹੇ ਹਨ। ਨੀਵੀਆਂ ਜਾਤਾਂ ਵਿਚ ਵੀ ਵਧੇਰੇ ਉਨ੍ਹਾਂ ਨੂੰ ਹੀ ਗਿਣਿਆ ਗਿਆ ਹੈ। ਕਈ ਹੋਰ ਲੋਕ ਵੀ ਚੜ੍ਹਦੇ ਸੂਰਜ ਨੂੰ ਸਲਾਮ ਕਰ ਕੇ ਹੋਰ ਸਹੂਲਤਾਂ ਮਾਣਨ ਲਈ ਹਾਕਮ ਪੱਖੀ ਧਰਮ ਤੇ ਭਾਸ਼ਾ ਤਬਦੀਲ ਕਰ ਲੈਂਦੇ ਹਨ। ਖ਼ਾਸ ਕਰ ਕੇ ਦਰਮਿਆਨੀ ਜਮਾਤ ਦੇ ਲੋਕ। ਰੀਸੋ-ਰੀਸੀ ਇਹ ਹੇਠਲੀ ਸ਼੍ਰੇਣੀ ਨੂੰ ਵੀ ਲਾਗ ਲਗ ਜਾਂਦੀ ਹੈ। ਬੁੱਧ, ਜੈਨ, ਮੁਸਲਿਮ, ਇਸਾਈ, ਸਿੱਖ ਧਰਮ ਦੇ ਫੈਲਣ ਦੇ ਕਾਰਨ ਵੀ ਐਸੇ ਹੀ ਸਨ। ਧਰਮ ਦੇ ਕੱਟੜਪੁਣੇ 'ਚੋਂ ਵੀ ਨਵਾਂ ਧਰਮ ਉਦੈ ਹੁੰਦਾ ਆਇਆ ਹੈ। ਇਹ ਵਰਤਾਰਾ ਹੁਣ ਵੀ ਜਾਰੀ ਹੈ। ਆਰੀਆਂ ਨੇ ਜਬਰ, ਯੁੱਧ ਤੇ ਪ੍ਰੇਰਨਾ ਸਾਰੇ ਢੰਗ ਵਰਤੇ। ਸਨਾਤਨੀ-ਬ੍ਰਾਹਮਣੀ ਪਖੰਡਾਂ 'ਚੋਂ ਨਿਕਲਣ ਲਈ ਲੋਕਾਂ ਨੇ ਜੈਨ ਤੇ ਮਗਰੋਂ ਬੁੱਧ ਧਰਮ ਅਪਣਾਇਆ। ਜੈਨ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ ਸਨ ਤੇ ਬੁੱਧ ਧਰਮ ਦੀ ਵੀ ਰੱਬ ਬਾਰੇ ਪਹੁੰਚ ਨਕਾਰਾਤਮਕ ਹੀ ਸੀ। ਇਸ ਲਈ ਲੋਕਾਂ ਨੇ ਸੰਸਕ੍ਰਿਤ ਦੀ ਥਾਂ ਸੌਖੀਆਂ ਅਤੇ ਆਮ ਬੋਲੀਆਂ ਜਾਂਦੀਆਂ ਭਾਸ਼ਾਵਾਂ ਅਤੇ ਸੌਖਾ ਤੇ ਬਰਾਬਰਤਾ ਵਾਲਾ ਜੀਵਨ ਢੰਗ ਜਲਦ ਅਪਣਾ ਲਿਆ। ਮੁਸਲਿਮ ਅਤੇ ਈਸਾਈ ਧਰਮਾਂ ਨੂੰ ਭਾਰਤੀਆਂ ਦੇ ਅਪਣਾਉਣ ਦਾ ਕਾਰਨ ਹਾਕਮੀ ਤੇ ਕੱਟੜਤਾ ਦੇ ਕਾਰਨਾਂ ਤੋਂ ਇਲਾਵਾ ਨੀਵੀਂ ਜਾਤ ਪ੍ਰਤੀ ਘੱਟ ਨਫ਼ਰਤ ਦਾ ਹੋਣਾ ਵੀ ਸਮਝਿਆ ਜਾਂਦਾ ਹੈ। ਇਕ ਗ਼ਰੀਬੀ, ਦੂਜਾ ਨੀਵੀਂ ਜਾਤ, ਦੋਹਾਂ ਦੀ ਦੋਹਰੀ ਗੁਲਾਮੀ ਤੋਂ ਨਜਾਤ ਹਾਸਲ ਕਰਨ ਲਈ ਗ਼ਰੀਬ ਲੋਕ ਹਮੇਸ਼ਾ ਉਪਰਾਲੇ ਕਰਦੇ ਰਹੇ ਹਨ। ਮੁਗਲਾਂ ਵਲੋਂ ਜਬਰੀ ਧਰਮ ਤਬਦੀਲ ਕਰਾਉਣ ਅਤੇ ਮੁਸਲਿਮ ਧਰਮ ਵਿਚਲੀ ਕੱਟੜਤਾ ਤੋਂ ਅੱਕੇ ਲੋਕਾਂ ਨੇ ਨਜਾਤ ਹਾਸਲ ਕਰਨ ਲਈ ਗੁਰੂ ਗੋਬਿੰਦ ਸਿੰਘ ਦੀ ਅਗਵਾਈ ਵਿਚ ਮੁਗਲ ਹਾਕਮਾਂ ਵਿਰੁੱਧ ਲਹੂ ਵੀਟਵੀਂ ਲੜਾਈ ਕੀਤੀ। ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਵੀ ਵੱਖ-ਵੱਖ ਦਲਿਤ ਸ਼੍ਰੇਣੀਆਂ 'ਚੋਂ ਤੇ ਭਾਰਤ ਦੇ ਵੱਖ-ਵੱਖ ਖਿੱਤਿਆਂ 'ਚੋਂ ਲਏ। ਭਾਵ ਪੰਜ ਪਿਆਰੇ ਉਹੀ ਬਣੇ ਜੋ ਧਰਮਾਂ, ਜਾਤਾਂ, ਮਜ਼੍ਹਬਾਂ, ਖਿੱਤਿਆਂ ਤੋਂ ਉਪਰ ਉਠ ਕੇ ਚੰਗੇਰੇ ਜੀਵਨ ਲਈ ਲੜ-ਮਰਨ ਲਈ ਤਿਆਰ ਸਨ। ਇਸ ਸਮੇਂ ਬਣੀ ਸਿੱਖ ਫ਼ੌਜ ਅੱਜ ਵੱਖਰਾ ਸਿੱਖ ਧਰਮ ਬਣ ਚੁੱਕਾ ਹੈ। ਪਰ ਸਿੱਖ ਧਰਮ ਵਿਚ ਵੀ ਹੁਣ ਤਕ ਗੁਰੂਆਂ ਦੀ ਆਸ਼ਾ ਮੁਤਾਬਕ ਦਲਿਤਾਂ ਨੂੰ ਬਰਾਬਰਤਾ ਦਾ ਜੀਵਨ ਨਹੀਂ ਮਿਲਿਆ। ਧਾਰਮਕ ਦਿੱਖ ਤੋਂ ਤਾਂ ਲੋਕ ਸਿੱਖੀ ਸਰੂਪ ਵਾਲੇ ਹੋ ਗਏ ਪਰ ਉਚੀਆਂ ਜਾਤਾਂ ਵਾਲਿਆਂ ਦੀ ਨੀਵੀਆਂ ਜਾਤਾਂ ਵਾਲਿਆਂ ਨਾਲ ਰੋਟੀ-ਬੇਟੀ ਦੀ ਉੱਕਾ ਹੀ ਸਾਂਝ ਨਹੀਂ ਬਣੀ। ਕਈ ਥਾਈਂ ਇਨ੍ਹਾਂ ਨੂੰ ਗੁਰਦੁਆਰੇ ਅਤੇ ਸ਼ਮਸ਼ਾਨ ਘਾਟ ਵੀ ਵੱਖਰੇ ਕਰਨੇ ਪਏ ਹਨ।
ਅੱਕੇ ਹੋਏ ਗ਼ਰੀਬ 'ਭਾਈ ਲਾਲੋ' ਜੋ ਪਹਿਲਾਂ ਕਈ ਲਾਲ ਚੰਦ ਜਾਂ ਲਾਲ ਮੁਹੰਮਦ ਸਨ, ਉਹ ਹੁਣ ਲਾਲ ਸਿੰਘ ਤੋਂ ਲਾਲੂ ਮਸੀਹ ਬਣ ਰਹੇ ਹਨ। ਉਨ੍ਹਾਂ ਨੂੰ ਦੁਆ ਰਾਹੀਂ ਠੀਕ ਕਰਨ ਦਾ ਲਾਰਾ, ਮਿਸ਼ਨਰੀ ਸਕੂਲਾਂ ਤੇ ਹਸਪਤਾਲਾਂ ਵਿਚ ਕੁਝ ਛੋਟ ਤੇ ਚਰਚਾਂ ਵਿਚ ਕੁਝ ਸਮਾਜਕ ਬਰਾਬਰਤਾ ਨਜ਼ਰ ਆਈ ਤਾਂ ਉਹ ਗੁਰਦੁਆਰੇ ਦੀ ਥਾਂ ਚਰਚਾਂ ਵਿਚ ਵਿਖਾਈ ਦੇਣ ਲੱਗੇ ਹਨ, ਕਿਉਂਕਿ ਹੁਣ ਉਨ੍ਹਾਂ ਲਈ ਚੰਗੇਰੇ ਜੀਵਨ ਲਈ ਨਾ ਕੋਈ ਲੜਾਈ ਹੀ ਦਿਸਦੀ ਹੈ ਤੇ ਨਾ ਹੀ ਕੋਈ ਰਾਹ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਅੱਜ ਬਾਬੇ ਨਾਨਕ, ਭਗਤ ਕਬੀਰ, ਭਗਤ ਰਵੀਦਾਸ, ਭਗਤ ਨਾਮਦੇਵ, ਤਰਲੋਚਨ ਭਗਤ, ਫ਼ਰੀਦ ਜੀ ਵਰਗਿਆਂ ਨੇ ਜਿਸ 'ਭਾਈ ਲਾਲੋ' ਦੇ ਹੱਕ ਦੀ ਗੱਲ ਤੋਰੀ ਸੀ ਅਤੇ ਗੁਰੂ ਗੋਬਿੰਦ ਸਿੰਘ ਨੇ ਜਿਸ 'ਲਾਲੋ' ਲਈ ਮਲਕ ਭਾਗੋਆਂ ਵਿਰੁੱਧ ਬੰਦਾ ਬਹਾਦਰ ਨੂੰ ਲੜਾਈ ਦੇ ਮੈਦਾਨ ਵਿਚ ਆਪਣੇ ਵਾਰਸ ਵਜੋਂ ਤੋਰਿਆ ਸੀ, ਉਹ ਭਾਈ ਲਾਲੋ ਅੱਜ ਲਾਲ ਸਿੰਘ, ਲਾਲ ਚੰਦ, ਲਾਲ ਮਸੀਹ, ਲਾਲ ਮੁਹੰਮਦ ਆਦਿ ਨਾਵਾਂ ਵਾਲਾ ਤਾਂ ਹੈ ਪਰ ਉਸ ਦੇ ਰਹਿਣ ਸਹਿਣ ਤੇ ਗ਼ਰੀਬੀ ਵਿਚ ਕੋਈ ਖਾਸ ਤਬਦੀਲੀ ਨਹੀਂ ਹੋਈ। ਉਸ ਦੁਆਲੇ ਉਸੇ ਦੇ ਹੀ ਧਰਮ ਵਾਲੇ 'ਮਲਕ ਭਾਗੋ' ਅੱਜ ਮਾਲਕ ਸਿੰਘ, ਮਾਲਕ ਚੰਦ, ਮਾਲਕ ਮਸੀਹ, ਮਾਲਕ ਮੁਹੰਮਦ ਆਦਿ ਬਣੇ ਉਸ ਦੀ ਮਿਹਨਤ ਲੁੱਟ ਰਹੇ ਹਨ। ਮਨੁੱਖ ਹਰ ਤਰ੍ਹਾਂ ਦੀ ਆਜ਼ਾਦੀ ਤੇ ਬਰਾਬਰਤਾ ਦਾ ਹੱਕ ਚਾਹੁੰਦਾ ਹੈ। ਉਹ ਅਮਨਮਈ ਜ਼ਿੰਦਗੀ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਕੋਈ ਹੋਵੇ ਜੋ ਉਸ ਨੂੰ ਗੁਰੂ ਗੋਬਿੰਦ ਸਿੰਘ, ਭਗਤ ਸਿੰਘ, ਬੱਬਰਾਂ, ਗ਼ਦਰੀ ਬਾਬਿਆਂ ਵਰਗਾ ਅਗਵਾਈ ਕਰਨ ਵਾਲਾ ਮਿਲੇ। ਇੰਝ ਉਹ ਲੋਕ ਘੋਰ ਗ਼ਰੀਬੀ 'ਚੋਂ ਨਿਕਲਣ ਲਈ ਲੜ ਮਰਨ ਲਈ ਤਿਆਰ ਹੋ ਸਕਦੇ ਹਨ। ਜੇ ਅਜਿਹਾ ਨਹੀਂ ਹੁੰਦਾ ਤਾਂ ਅੱਜ ਵੀ ਉਹ ਉਸ ਦੇ ਪਿਛੇ ਲਗਦੇ ਰਹਿਣਗੇ ਜੋ ਉਨ੍ਹਾਂ ਨੂੰ ਘੱਟੋ ਘੱਟ ਧਾਰਮਕ ਜਾਂ ਸਮਾਜਕ ਰਾਹਤ ਹੀ ਦੇਵੇ। ਏਸ ਮਕਸਦ ਲਈ ਉਹ ਰਾਧਾ ਸਵਾਮੀ, ਨਿਰੰਕਾਰੀ, ਰਾਮ ਰਹੀਮ ਬਾਬਾ, ਰਾਮ ਦੇਵ, ਰਾਮ ਪਾਲ, ਆਸ਼ੂਤੋਸ਼ ਆਦਿ ਕਿਸੇ ਵੀ ਸ਼ਾਖਸ਼ਾਤ ਗੁਰੂ ਜੀ ਦੇ ਚਰਨਾਂ ਵਿਚ ਜਾ ਕੇ ਜਾਂ ਕਿਸੇ ਵੀ ਹੋਰ ਸਥਾਨਕ ਡੇਰੇ ਦਾ ਸ਼ਰਧਾਲੂ ਕਿਉਂ ਨਾ ਬਣਨਾ ਪਵੇ, ਉਹ ਤਿਆਰ ਹਨ। ਇਹ ਧਰਮ ਤਬਦੀਲੀ ਉਦੋਂ ਤੀਕ ਜਾਰੀ ਹੀ ਰਹਿਣੀ ਹੈ ਜਦ ਤਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਹੁੰਦੀ ਰਹੇਗੀ। ਇਸ ਧਰਮ ਤਬਦੀਲੀ ਨੂੰ 'ਘਰ ਵਾਪਸੀ' ਦਾ ਨਾਮ ਦੇਣਾ ਕਿਸੇ ਵੀ ਤਰ੍ਹਾਂ ਤਰਕ ਸੰਗਤ ਨਹੀਂ ਹੈ ਜਾਂ ਫਿਰ ਆਰੀਆਂ ਦੀ ਆਮਦ ਤੋਂ ਪਹਿਲਾਂ ਵਾਲੇ ਮੂਲ ਭਾਰਤੀ ਨਿਵਾਸੀਆਂ ਲਈ ਉਨ੍ਹਾਂ ਦਾ ਬੁਨਿਆਦੀ ਮਾਲਕੀ ਹੱਕ ਪ੍ਰਵਾਨ ਕਰਨਾ ਹੋਵੇਗਾ। 
ਅੱਜ ਭਾਰਤ ਜਿਸ ਦਹਾਨੇ 'ਤੇ ਖੜਾ ਹੈ, ਬਹੁਤ ਹੀ ਖ਼ਤਰਨਾਕ ਹੈ। ਜੇ ਮੌਜੂਦਾ ਹਾਕਮਾਂ ਨੂੰ ਆਪਣੇ ਖਤਰਨਾਕ ਮਨਸੂਬੇ ਪੂਰੇ ਕਰਨ ਤੋਂ ਨਾ ਰੋਕਿਆ ਗਿਆ ਤਾਂ ਨਤੀਜੇ ਬਹੁਤ ਹੀ ਭਿਆਨਕ ਹੋਣਗੇ। ਖਾਨਾਜੰਗੀ ਵਰਗਾ ਮਾਹੌਲ ਬਣਾਇਆ ਜਾ ਰਿਹਾ ਹੈ। ਦੇਸ਼ ਦੇ ਫੇਰ ਟੁਕੜੇ ਹੋ ਸਕਦੇ ਹਨ। ਇਹੀ ਸਾਰਾ ਕੁਝ ਸਾਮਰਾਜੀ ਸ਼ਕਤੀਆਂ ਚਾਹੁੰਦੀਆਂ ਹਨ। ਮੁਸਲਿਮ ਅਤੇ ਈਸਾਈਆਂ ਸਮੇਤ ਸਾਰੀਆਂ ਘੱਟ ਗਿਣਤੀਆਂ ਵਿਰੁੱਧ ਨਫ਼ਰਤ ਫੈਲਾਈ ਜਾ ਰਹੀ ਹੈ। ਮੁਸਲਿਮ ਘੱਟ ਗਿਣਤੀ ਪਹਿਲੇ ਨਿਸ਼ਾਨੇ 'ਤੇ ਹੈ। ਇਸ ਸਾਰੇ ਪਿਛੇ ਆਰ.ਐਸ.ਐਸ. ਦਾ ਸਪਸ਼ਟ ਹੱਥ ਹੈ। ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਸੁਨਹਿਰੀ ਮੌਕਾ ਸਮਝਿਆ ਜਾ ਰਿਹਾ ਹੈ। ਕਿਉਂਕਿ ਭਾਰਤ ਵਿਚ ਇਸ ਵਕਤ ਭਾਰਤੀ ਜਨਤਾ ਪਾਰਟੀ ਦਾ ਪੂਰਨ ਬਹੁਸੰਮਤੀ ਵਾਲਾ ਰਾਜ ਹੈ ਜੋ ਆਰ.ਐਸ.ਐਸ. ਦਾ ਹੀ ਰਾਜਨੀਤਕ ਵਿੰਗ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਇਸ ਵਿਚਾਰਧਾਰਾ ਨਾਲ ਸਥਾਈ ਤੌਰ 'ਤੇ ਜੁੜੇ ਹੋਏ ਹਨ ਅਤੇ ਇਸੇ ਦੀਆਂ ਨੀਤੀਆਂ ਨੂੰ ਅੱਗੇ ਵਧਾ ਰਹੇ ਹਨ। ਮੁਸਲਮਾਨਾਂ ਤੋਂ ਹਿੰਦੂਆਂ ਦੀ ਗਿਣਤੀ ਹੋਰ ਜ਼ਿਆਦਾ ਵਧਾਉਣ ਲਈ ਹਾਕਮ ਪਾਰਟੀ ਦੇ ਪਾਰਲੀਮੈਂਟ ਮੈਂਬਰ ਤੇ ਹੋਰ ਆਗੂ ਹਿੰਦੂ ਔਰਤਾਂ ਨੂੰ ਚਾਰ-ਚਾਰ ਬੱਚੇ ਪੈਦਾ ਕਰਨ ਦੀ ਸਲਾਹ ਦੇ ਰਹੇ ਹਨ। ਮੁਸਲਮਾਨਾਂ ਨੂੰ ਡਰਾ-ਧਮਕਾ, ਲਾਲਚ ਨਾਲ, ਵਰਗਲਾ ਕੇ ਹਿੰਦੂ ਧਰਮ ਵਿਚ ਲਿਆ ਕੇ ਘਰ ਵਾਪਸੀ ਦਾ ਨਾਮ ਦਿੱਤਾ ਜਾ ਰਿਹਾ ਹੈ। ਹਿੰਦੂ ਲੜਕੀ ਮੁਸਲਿਮ ਲੜਕੇ ਨਾਲ ਪਿਆਰ/ਵਿਆਹ ਕਰਦੀ ਹੈ ਤਾਂ 'ਲਵ ਜੇਹਾਦ' ਦਾ ਸ਼ੋਰ ਮਚਾਇਆ ਜਾਂਦਾ ਹੈ। ਗੁਜਰਾਤ ਦੰਗੇ ਫ਼ਿਰਕਾਪ੍ਰਸਤੀ ਅਤੇ ਘੋਰ ਨਫ਼ਰਤ ਦਾ ਹੀ ਪ੍ਰਗਟਾਵਾ ਸਨ। ਅਤਿਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਪਰ ਹਰ ਥਾਂ ਉਨ੍ਹਾਂ ਨੂੰ ਮੁਸਲਿਮ ਧਰਮ ਨਾਲ ਜੋੜਨ ਦਾ ਕੋਈ ਮੌਕਾ ਨਹੀਂ ਖ਼ਾਲੀ ਜਾਣ ਦਿੱਤਾ ਜਾਂਦਾ। ਭਾਰਤੀ ਸੰਵਿਧਾਨ ਵਿਚ  ਮੁਸਲਿਮ ਤੇ ਈਸਾਈ ਧਰਮ ਮੰਨਣ ਵਾਲਿਆਂ ਨੂੰ ਕੋਈ ਰਾਖਵਾਂਕਰਨ ਦਾ ਅਧਿਕਾਰ ਪਹਿਲਾਂ ਹੀ ਨਹੀਂ ਹੈ। ਹੁਣ ਉਨ੍ਹਾਂ ਨੂੰ ਗ਼ਰੀਬੀ 'ਚੋਂ ਕੱਢਣ ਦੀ ਥਾਂ ਹਿੰਦੂ ਮੁਹੱਲਿਆਂ 'ਚੋਂ ਵੀ ਬਾਹਰ ਕੱਢਣ ਦਾ ਨਾਅਰਾ ਦਿੱਤਾ ਜਾ ਰਿਹਾ ਹੈ। ਨੌਕਰੀਆਂ ਵਿਚ ਵਿਤਕਰਾ, ਮਦਰੱਸਿਆਂ ਵਿਰੁੱਧ ਪ੍ਰਚਾਰ, ਗੰਗਾ ਨਦੀ ਦੀ ਸਫ਼ਾਈ, ਗੀਤਾ ਨੂੰ ਰਾਸ਼ਟਰੀ ਗ੍ਰੰਥ ਲਈ ਤਜਵੀਜਤ ਕਰਨਾ, ਭਾਜਪਾ ਰਾਜਾਂ ਵਾਲੇ ਪ੍ਰਾਂਤਾਂ ਵਿਚ ਸੰਸਕ੍ਰਿਤ ਨੂੰ ਦੂਜੀ ਭਾਸ਼ਾ ਕਰਾਰ ਦੇਣਾ, ਹਾਥੀ ਦਾ ਸਿਰ 'ਗਣੇਸ਼ ਜੀ' ਦੇ ਸਿਰ ਦੇ ਥਾਂ ਲਾ ਦੇਣ ਦੇ ਮਿਥਿਹਾਸ ਨੂੰ ਪੁਰਾਤਨ ਹਿੰਦੁਸਤਾਨ ਦੀ ਸਾਇੰਸ ਦੀ ਤਰੱਕੀ ਕਹਿਣਾ, ਜੋਤਿਸ਼ ਨੂੰ ਵਿਗਿਆਨ ਕਹਿ ਕੇ ਸਕੂਲ ਸਲੇਬਸ ਵਿਚ ਦਰਜ ਕਰਨ ਦੀ ਗੱਲ ਕਰਨਾ, ਵਾਰਾਨਸੀ ਨੂੰ ਹੀ ਭਾਰਤ ਦਾ ਸਭ ਤੋਂ ਸੁੰਦਰ ਸ਼ਹਿਰ ਬਣਾਉਣ ਲਈ ਜਪਾਨ ਨਾਲ ਸਮਝੌਤਾ ਕਰਨਾ, ਭਾਜਪਾ ਪਾਰਲੀਮੈਂਟ ਮੈਂਬਰਾਂ ਵਲੋਂ ਉਨਤੀ ਲਈ ਸਿਰਫ਼ ਹਿੰਦੂ ਪਿੰਡਾਂ ਨੂੰ ਹੀ ਅਪਣਾਉਣਾ, ਬਾਬਾ ਰਾਮਦੇਵ ਨੂੰ ਯੋਗ ਗੁਰੂ ਬਣਾ ਕੇ ਆਰ.ਐਸ.ਐਸ. ਦਾ ਪ੍ਰਚਾਰ ਕਰਨ ਦਾ ਗੁਪਤ ਏਜੰਡਾ ਦੇਣਾ ਤੇ ਯੋਗ ਨੂੰ ਅੰਤਰਰਾਸ਼ਟਰੀ ਮਾਨਤਾ ਦਿਵਾਉਣਾ, 'ਰਾਮ ਜਾਦੇ' ਜਾਂ 'ਹਰਾਮ ਜਾਦੇ' ਦਾ ਵਿਚਾਰ, ਆਦਿ ਆਦਿ ਸਭ ਮੁਸਲਿਮ ਤੇ ਹੋਰ ਘੱਟ ਗਿਣਤੀਆਂ ਦੇ ਵਿਰੋਧ ਵਿਚ ਅਤੇ ਤਰਕਸ਼ੀਲ ਲੋਕਾਂ ਨੂੰ ਚਿੜਾਉਣ ਦੇ ਨੁਕਤੇ ਹਨ। ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਇਸ ਸਾਰੇ ਵਰਤਾਰੇ ਤੋਂ ਖਾਮੋਸ਼ ਸਹਿਮਤੀ ਦੇ ਕੇ ਅਖੌਤੀ ਵਿਕਾਸ ਦੇ ਪ੍ਰਚਾਰ ਦੇ ਰੂਪ ਵਿਚ 'ਕਵਰਿੰਗ ਫ਼ਾਇਰ' ਕਰ ਰਹੇ ਹਨ। ਮੋਦੀ ਦਾ ਵਿਕਾਸ ਨਿਰੋਲ ਰਾਜ ਕਰ ਰਹੀ ਅਮੀਰ ਜਮਾਤ ਦਾ ਹੀ ਵਿਕਾਸ ਹੈ। ਬਹੁ-ਰਾਸ਼ਟਰੀ ਕੰਪਨੀਆਂ ਦੀ ਆਮਦ, ਉਨ੍ਹਾਂ ਦੀ ਆਮਦ ਲਈ ਸਾਰੇ ਰਾਹ ਮੋਕਲੇ ਕਰੀ ਜਾਣਾ, ਜ਼ਮੀਨ ਜਬਰੀ ਮੱਲਣ ਦੇ ਕਾਨੂੰਨ ਵਿਚ ਸੋਧ, ਹਰ ਵਿਭਾਗ ਦਾ ਮੁਕੰਮਲ ਨਿੱਜੀਕਰਨ, ਕਿਰਤ ਕਾਨੂੰਨਾਂ ਵਿਚ ਸੋਧ, ਲੜਦੇ ਲੋਕਾਂ ਲਈ ਕਾਲੇ ਕਾਨੂੰਨ, ਹੜਤਾਲ ਕਰਨ ਦੇ ਵਿਰੋਧ ਵਿਚ ਫ਼ਤਵਾ, ਆਦਿ ਸਭ ਅਮੀਰ ਭਾਰਤੀ ਘਰਾਣਿਆਂ ਨੂੰ ਹੋਰ ਅਮੀਰ ਕਰਨ ਵੱਲ ਸੇਧਤ ਕਦਮ ਹਨ। ਇਹ ਗ਼ਰੀਬਾਂ ਲਈ ਮਿਰਗ ਤ੍ਰਿਸ਼ਨਾ ਤੋਂ ਸਿਵਾ ਕੁਝ ਨਹੀਂ ਹੈ। ਗ਼ਰੀਬੀ ਦੂਰ ਕਰਨ ਤੇ ਰੁਜ਼ਗਾਰ ਦੀ ਗਾਰੰਟੀ ਕਰਨ ਲਈ ਕੁਝ ਨਹੀਂ ਕੀਤਾ ਜਾ ਰਿਹਾ। ਸਿੱਟੇ ਵਜੋਂ ਭਾਰਤ ਫੇਰ ਤੋਂ ਬਹੁਰਾਸ਼ਟਰੀ ਕੰਪਨੀਆਂ ਦਾ ਗੁਲਾਮ ਮੁਲਕ ਬਣ ਜਾਵੇਗਾ। ਗ਼ਰੀਬ ਹੋਰ ਗ਼ਰੀਬ ਹੋਵੇਗਾ। ਇਸ ਨੂੰ ਛੁਪਾਉਣ ਲਈ ਮੁਸਲਿਮ ਅਤੇ ਹੋਰ ਘੱਟ ਗਿਣਤੀਆਂ 'ਤੇ ਹਮਲੇ ਤੇ ਹਮਲਿਆਂ ਨੂੰ ਛੁਪਾਉਣ ਲਈ 'ਵਿਕਾਸ' ਦਾ ਫਰੇਬੀ ਪ੍ਰਚਾਰ ਜ਼ੋਰਦਾਰ ਢੰਗ ਨਾਲ ਕੀਤਾ ਜਾ ਰਿਹਾ ਹੈ। ਇਸ ਵਕਤ ਲੋਕਾਂ ਨੂੰ ਭੇਡਾਂ ਬਕਰੀਆਂ ਸਮਝ ਕੇ ਧਾਰਮਕ ਠੱਪੇ ਲਾਉਣ ਦੀ ਦੌੜ ਲੱਗੀ ਹੋਈ ਹੈ।
ਸੋਚਣ ਦੀ ਲੋੜ ਤਾਂ ਇਹ ਹੈ ਕਿ ਆਰ.ਐਸ.ਐਸ. ਮਨਸੂਬੇ ਮੁਤਾਬਕ ਜੇ ਭਾਰਤ ਸੱਚਮੁਚ ਹੀ ਹਿੰਦੂ ਰਾਸ਼ਟਰ ਬਣ ਜਾਵੇਗਾ ਤਾਂ ਗ਼ਰੀਬੀ ਦੂਰ ਹੋ ਜਾਵੇਗੀ? ਆਰ.ਐਸ.ਐਸ. ਦੇ ਮਨਸੂਬੇ ਪੂਰੇ ਕਰਨ ਨਾਲ ਦੇਸ਼ ਦਾ ਕਦਾਚਿਤ ਭਲਾ ਨਹੀਂ ਹੋ ਸਕਦਾ, ਸਗੋਂ ਦੇਸ਼ ਹਜ਼ਾਰਾਂ ਸਾਲ ਪਿੱਛੇ ਚਲਾ ਜਾਵੇਗਾ। ਵਿਗਿਆਨਕ ਤੇ ਤਰਕਸ਼ੀਲ ਸੋਚ ਵਿਹੂਣਾ ਦੇਸ਼। ਦੇਸ਼ ਨੂੰ ਅਜਿਹਾ ਬਣਾਉਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ। ਦੇਸ਼ ਦੇ ਅਸਲੀ ਮਾਲਕ ਭਾਰਤ ਦੇ ਉਹ ਗ਼ਰੀਬ ਲੋਕ ਹਨ ਜਿਨ੍ਹਾਂ ਦੀ ਗਿਣਤੀ 80% ਤੋਂ ਵੀ ਵਧੇਰੇ ਹੈ। ਉਨ੍ਹਾਂ ਨੂੰ ਅਸਲ ਭਾਰਤ ਵਾਸੀ ਤੇ ਭਾਰਤ ਦੇ ਮਾਲਕ ਬਣਾਉਣ ਲਈ ਸਹੀ ਸੋਚ ਵਾਲਿਆਂ ਨੂੰ ਚੁੱਪ ਤੋੜਨੀ ਹੋਵੇਗੀ। ਇਕ ਜੰਗ ਹੈ ਇਹ। ਜੰਗ ਵਿਚ ਕੁੱਦਣ ਬਗ਼ੈਰ ਕੋਈ ਚਾਰਾ ਨਹੀਂ ਹੈ। ਧਰਮ ਪਰਿਵਰਤਨ ਰਾਹੀਂ ਮਾਨਵੀ ਕਲਿਆਣ ਕਰਨ ਦੀ ਪ੍ਰਕਿਰਿਆ ਤੇ ਸੋਚ ਨੂੰ ਹਰ ਹਾਲਤ ਠੱਲ ਪਾਉਣੀ ਹੋਵੇਗੀ। ਧਾਰਮਕਤਾ ਦੇ ਨਾਂਅ 'ਤੇ ਅੰਧਵਿਸ਼ਵਾਸੀ  ਸ਼ਕਤੀਆਂ ਨੂੰ ਪ੍ਰਫੁੱਲਤ ਹੋਣ ਤੋਂ ਹਰ ਹਾਲਤ ਰੋਕਣਾ ਹੋਵੇਗਾ। ਲੋਕ ਇਨਸਾਨ ਹਨ - ਭੇਡਾਂ ਬਕਰੀਆਂ ਨਹੀਂ। ਧਰਮ ਤਬਦੀਲੀ ਨਹੀਂ, ਗ਼ਰੀਬੀ ਦੂਰ ਕਰਨਾ ਹੀ 'ਰਾਜ ਧਰਮ' ਹੈ। ਧਰਮ ਜਦੋਂ ਜਦੋਂ ਵੀ ਰਾਜਨੀਤੀ ਨਾਲ ਰਲ਼-ਗਡ ਹੋਵੇਗਾ ਫਨਾਹ ਦਾ ਮੁਕਾਮ ਬਣੇਗਾ।

ਵਿਸ਼ਵੀਕਰਨ ਦੇ ਦੌਰ 'ਚ ਮੀਡੀਆ ਦਾ ਰੋਲ

ਡਾ. ਤੇਜਿੰਦਰ ਵਿਰਲੀ

ਵਿਸ਼ਵੀਕਰਨ ਦੇ ਦੌਰ ਵਿਚ ਸੂਚਨਾ ਤਕਨਾਲੋਜੀ ਇਨਕਲਾਬ ਦੇ ਮੱਦੇਨਜ਼ਰ  ਜਦੋਂ ਮੀਡੀਆ ਰਾਹੀਂ ਇਹ ਪ੍ਰਸਾਰਿਆ ਤੇ ਪ੍ਰਚਾਰਿਆ ਜਾ ਰਿਹਾ ਹੈ ਕਿ ਹੁਣ ਵਿਸ਼ਵ ਇਕ ਪਿੰਡ ਬਣ ਗਿਆ ਹੈ ਉਦੋਂ ਦੂਰ ਦਰਾਜ ਦੇ ਪਿੰਡਾਂ ਵਿਚ ਵਸਦੇ ਲੋਕਾਂ ਦੇ ਨਰਕੀ ਜੀਵਨ ਦੀ ਤਸਵੀਰ ਕਿਸੇ ਵੀ ਸਕਰੀਨ 'ਤੇ ਨਹੀਂ ਉਭਰਦੀ। ਇਕ ਪਿੰਡ ਤੋਂ ਦੂਸਰੇ ਪਿੰਡ ਤੱਕ ਤੇ ਇਕ ਸ਼ਹਿਰ ਤੋਂ ਦੂਸਰੇ ਸ਼ਹਿਰ ਤੱਕ, ਇਕ ਦੇਸ਼ ਤੋਂ ਦੂਸਰੇ ਦੇਸ਼ ਤੱਕ ਉਹ ਹੀ ਜਾਣਕਾਰੀ ਪਹੁੰਚਦੀ ਹੈ ਜਿਹੜੀ ਇਕ ਖਾਸ ਧਿਰ ਪਹੁੰਚਾਉਣਾ ਚਾਹੁੰਦੀ ਹੈ। ਦੂਸਰੇ ਸ਼ਬਦਾਂ ਵਿਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿਹੜੀ ਜਾਣਕਾਰੀ ਉਹ ਧਿਰ ਨਹੀਂ ਪਹੁੰਚਾਉਣਾ ਚਾਹੁੰਦੀ, ਉਹ ਕਿਸੇ ਤੱਕ ਵੀ ਨਹੀਂ ਪਹੁੰਚਦੀ ਜਾਂ ਜਿਸ ਤਰ੍ਹਾਂ ਉਹ ਚਾਹੁੰਦੀ ਹੈ ਉਸੇ ਤਰ੍ਹਾਂ ਹੀ ਪਹੁੰਚਦੀ ਹੈ। ਇਸ ਲਈ ਕਿਹਾ ਇਹ ਜਾਣਾ ਚਾਹੀਦਾ ਹੈ ਕਿ ਵਿਸ਼ਵ ਕੇਵਲ ਉਨ੍ਹਾਂ ਲੋਕਾਂ ਲਈ ਇਕ ਪਿੰਡ ਬਣਿਆ ਹੈ ਜਿਨ੍ਹਾਂ ਦਾ ਦੂਰਸੰਚਾਰ ਦੇ ਯੰਤਰਾਂ ਉਪਰ ਪੂਰਨ ਕਬਜ਼ਾ ਹੈ। ਬਾਕੀ ਲੋਕਾਂ ਲਈ ਤਾਂ ਇਹ ਇਕ ਭਰਮ ਸਿਰਜਿਆ ਜਾ ਰਿਹਾ ਹੈ। ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਦੀ ਬਦੌਲਤ  ਹਾਕਮ ਧਿਰਾਂ ਇਹ ਭਰਮ ਸਿਰਜਣ ਵਿਚ ਸਫਲ ਹੋ ਰਹੀਆਂ ਹਨ।
 ਇਸ ਗੱਲ ਵਿਚ ਕਿਸੇ ਨੂੰ ਵੀ ਕੋਈ ਅਜਿਹਾ ਭਰਮ ਨਹੀਂ ਹੋਣਾ ਚਾਹੀਦਾ ਕਿ ਮੀਡੀਆ ਸਭ ਦਾ ਸਾਂਝਾ ਹੈ ਜਦਕਿ ਅਸਲੀਅਤ ਤਾਂ ਇਹ ਹੈ ਕਿ ਸਮਾਜ ਦੇ ਬਹੁਗਿਣਤੀ ਲੋਕਾਂ ਕੋਲ ਉਨ੍ਹਾਂ ਦੇ ਪੱਖ ਨੂੰ ਪੇਸ਼ ਕਰਨ ਵਾਲਾ ਨਿਰਪੱਖ ਤੇ ਆਜ਼ਾਦ ਮੀਡੀਆ ਨਹੀਂ ਹੈ। ਜਮਾਤੀ ਸਮਾਜ ਵਿਚ ਇਹ ਆਸ ਵੀ ਨਹੀਂ ਕੀਤੀ ਜਾ ਸਕਦੀ ਕਿ ਉਚ ਜਮਾਤ ਦਾ ਮੀਡੀਆ ਸ਼ੋਸ਼ਿਤ ਲੋਕਾਂ ਦੇ ਹਿੱਤਾਂ ਦੀ ਪੂਰਤੀ ਲਈ ਕੰਮ ਕਰੇ। ਇਹ ਧਾਰਨਾ ਕੁਝ ਬੁੱਧੀਜੀਵੀਆਂ ਨੇ ਸੁਚੇਤ ਪੱਧਰ ਉਪਰ ਪੈਦਾ ਕੀਤੀ ਹੈ ਕਿ ਮੌਜੂਦਾ ਮੀਡੀਆ ਤੰਤਰ ਕਾਫੀ ਮਜਬੂਤ ਹੈ। ਜੇ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਤਾਂ ਇਹ ਚੌਥਾ ਥੰਮ ਨਿਰਪੱਖ ਹੋ ਕੇ ਕੰਮ ਨਹੀਂ ਕਰ ਰਿਹਾ। ਇਹ ਕੇਵਲ ਆਪਣੀ ਮਾਲਕ ਜਮਾਤ ਦੇ ਹਿੱਤਾਂ ਦੀ ਤਰਫਦਾਰੀ ਕਰਦਾ ਹੈ। ਇਸ ਲਈ ਇਸ ਚੌਥੇ ਥੰਮ ਉਪਰ ਖੜਾ ਅਖੌਤੀ ਲੋਕਤੰਤਰ ਦੇ ਭਰਮ ਦਾ ਮਹਿਲ ਕਿਸੇ ਵਕਤ ਵੀ ਡਿੱਗ ਸਕਦਾ ਹੈ। ਬੁਰਜ਼ੂਆ ਮੀਡੀਆ ਦੀ ਬਦੌਲਤ ਰਾਜ ਕਰਨ ਵਾਲੀਆਂ ਧਿਰਾਂ ਦੀ ਨਾ ਕੇਵਲ ਉਮਰ ਹੀ ਲੰਮੀ ਹੁੰਦੀ ਹੈ ਸਗੋਂ ਲੋਕਾਂ ਦੀ ਹਾਲਤ ਵੀ ਬਦ ਤੋਂ ਬਦਤਰ ਹੁੰਦੀ ਰਹਿੰਦੀ ਹੈ। ਤੇ ਮੀਡੀਆ ਆਪਣੇ ਕਾਰਜ਼ ਵਿਚ ਲੱਗਾ ਹੋਇਆ ਕਦੇ ਨਿਰਪੱਖਤਾ ਦਾ, ਕਦੇ ਜਾਣਕਾਰੀ ਦੇਣ ਦਾ ਤੇ ਕਦੇ ਲੋਕਤੰਤਰ ਦੀ ਰਾਖੀ ਕਰਨ ਦਾ ਬਹਾਨਾਂ ਘੜਕੇ ਬੜੀ ਹੀ ਹੁਸ਼ਿਆਰੀ ਦੇ ਨਾਲ ਆਪਣਾ ਕਾਰਜ਼ ਕਰੀ ਜਾਂਦਾ ਹੈ।
ਜਮਾਤੀ ਸਮਾਜ ਵਿਚ ਸਿਰਫ ਪਰਸਪਰ ਵਿਰੋਧੀ ਜਮਾਤਾਂ ਦਾ ਹੀ ਖਾਸ ਮਹੱਤਵ ਨਹੀਂ ਹੁੰਦਾ ਸਗੋਂ ਇਸ ਵਿਰੋਧ ਦੀ ਨੀਂਹ ਉਪਰ ਉਸਰੇ ਸਮਾਜ ਪ੍ਰਬੰਧ ਦਾ ਹਰ ਇਕ ਵਰਤਾਰਾ ਹੀ ਜਮਾਤੀ ਘੋਲ ਵਿਚ ਆਪਣਾ ਰੋਲ ਅਦਾ ਕਰਦਾ ਹੈ। ਇਸ ਵਿਚ ਵਿਦਿਆ ਤੰਤਰ, ਸਭਿਆਚਾਰ, ਧਰਮ, ਭਾਸ਼ਾ, ਪਹਿਰਾਵਾ, ਖਾਣ-ਪੀਣ, ਖੇਡਾਂ, ਸਾਹਿਤ, ਮਨੋਰੰਜਨ ਦੇ ਸਾਧਨ ਤੇ ਹੋਰ ਉਹ ਸਾਰਾ ਕੁਝ ਆ ਜਾਂਦਾ ਹੈ ਜਿਹੜਾ ਕਿਸੇ ਸਮਾਜ ਪ੍ਰਬੰਧ ਨੂੰ ਸੱਤਾ ਦੇ ਅਨੁਸਾਰੀ ਕਰਨ ਵਿਚ ਅਹਿਮ ਰੋਲ ਅਦਾ ਕਰਦਾ ਹੈ। ਇਨ੍ਹਾਂ ਸਾਰੇ ਉਸਾਰਾਂ ਦੇ ਵੱਖ ਵੱਖ ਰੂਪਾਂ ਵਿੱਚੋਂ ਸੱਤਾ ਦਾ ਪ੍ਰਵਚਨ ਬੜਾ ਹੀ ਸਹਿਜ ਹੋ ਕੇ ਬੋਲਦਾ ਹੈ। ਇਸ ਦੀ ਇਹ ਸਹਿਜਤਾ ਹੀ ਲੋਕਾਂ ਵਿਚ ਇਕ ਅਜਿਹੀ ਭ੍ਰਾਂਤੀ ਸਿਰਜਣ ਵਿਚ ਸਫਲ ਹੁੰਦੀ ਹੈ ਜਿਹੜੀ ਹਾਕਮ ਧਿਰਾਂ ਦੇ ਹਿੱਤਾਂ ਦੇ ਅਨੁਸਾਰੀ ਹੁੰਦੀ ਹੈ।
ਉਸਾਰ ਦੀਆਂ ਵੱਖ ਵੱਖ ਅਨੁਸ਼ਾਸਨ ਵਿਧੀਆਂ ਵਿੱਚੋਂ ਮੀਡੀਆ ਅੱਜ ਦੇ ਸਮਾਜ ਨੂੰ ਸਿੱਧੇ ਅਸਿੱਧੇ ਰੂਪ ਵਿਚ ਸਭ ਤੋਂ ਵਧੇਰੇ ਪ੍ਰਭਾਵਿਤ ਕਰਦਾ ਹੈ। ਅੱਜ ਦੀ ਵਿਕਸਤ ਟੈਕਨਾਲੋਜ਼ੀ ਦੇ ਸਮੇਂ ਵਿਚ ਮੀਡੀਆ ਦੀ ਮਨੁੱਖ ਉਪਰ ਪਕੜ ਹੋਰ ਵੀ ਮਜਬੂਤ ਹੋ ਗਈ ਹੈ। ਭਾਵੇਂ ਇਹ ਪ੍ਰਿੰਟ ਮੀਡੀਆ ਹੋਵੇ ਜਾਂ ਇਲਕਟ੍ਰਾਨਿਕ ਮੀਡੀਆ ਹੋਵੇ, ਇਹ ਸਮਾਜ ਨੂੰ ਆਪਣੇ ਮਗਰ ਨਹੀਂ ਤੋਰਦਾ ਸਗੋਂ ਮਨੁੱਖੀ ਸਮਾਜ ਨੂੰ ਡੰਗਰਾਂ ਵਾਂਗ ਹੱਕਦਾ ਹੈ। ਵਿਸ਼ਵੀਕਰਨ ਦੇ ਮੌਜੂਦਾ ਦੌਰ ਵਿਚ ਜਦੋਂ ਪੂੰਜੀਵਾਦੀ ਰਾਜ ਪ੍ਰਬੰਧ ਲਈ ਭੂਗੋਲਿਕ ਹੱਦਬੰਦੀਆਂ ਬੇਮਾਇਨੇ ਹੋ ਗਈਆਂ ਹਨ, ਉਦੋਂ ਮਨੁੱਖ ਦੀ ਮਾਨਸਿਕਤਾ ਉਪਰ ਮੀਡੀਆ ਨੇ ਪੂੰਜੀਵਾਦੀ ਤੰਤਰ ਦੀ ਪਕੜ ਹੋਰ ਮਜਬੂਤ ਬਣਾ ਦਿੱਤੀ ਹੈ। ਅੱਜ ਦੇ ਪੂੰਜੀਵਾਦੀ ਤੰਤਰ ਦਾ ਇਹ ਆਖਣਾ ਕਿ ਮਹਾਂ ਬ੍ਰਿਤਾਂਤ ਦਾ ਅੰਤ ਹੋ ਗਿਆ ਹੈ। ਮਨੁੱਖ ਦਾ ਅੰਤ ਹੋ ਗਿਆ ਹੈ। ਕਮਿਊਨਿਜ਼ਮ ਦਾ ਅੰਤ ਹੋ ਗਿਆ ਹੈ। ਇਹ ਸਭ ਪੂੰਜੀਵਾਦ ਦੇ ਅਜਿੱਤ ਹੋਣ ਦਾ ਭਰਮ ਸਿਰਜਦੇ ਸੱਤਾ ਦੇ ਪ੍ਰਵਚਨ ਹਨ, ਜਿਹੜੇ ਮੀਡੀਏ ਵੱਲੋਂ ਸੁਚੇਤ ਤੌਰ 'ਤੇ ਪ੍ਰਸਾਰੇ ਜਾ ਰਹੇ ਹਨ। ਜਦਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਵਕਤ ਦਾ ਪਹੀਆ ਕਦੇ ਵੀ ਰੁਕਦਾ ਨਹੀਂ। ਇਹ ਸਦਾ ਹੀ ਚੱਲਦਾ ਰਹਿੰਦਾ ਹੈ। ਸਮਾਜ ਦਾ ਇਹ ਵਰਗ ਸੰਘਰਸ਼ ਹੀ ਇਸ ਦੀ ਦਸ਼ਾ ਤੇ ਦਿਸ਼ਾ ਨਿਰਧਾਰਤ ਕਰਦਾ ਹੈ। ਜੇ ਲੋਕ ਪੱਖੀ ਸ਼ੋਸ਼ਿਤ ਧਿਰਾਂ ਤਕੜੀਆਂ ਹੁੰਦੀਆਂ ਹਨ ਤਾਂ ਯਕੀਨਨ ਹੀ ਇਸ ਦੀ ਦਿਸ਼ਾ ਵਿਕਾਸ ਮੁੱਖੀ ਹੋਵੇਗੀ। ਜੇ ਸ਼ੋਸ਼ਕ ਧਿਰਾਂ ਤਕੜੀਆਂ ਹੋਣਗੀਆਂ ਤਾਂ ਕੁਝ ਸਮੇਂ ਲਈ ਜਿੰਦਗੀ ਦੀਆਂ ਸਾਰੀਆਂ ਹੀ ਸੁਖ ਸਹੂਲਤਾਂ ਉਪਰ ਕੁੱਝ ਮੁੱਠੀ ਭਰ ਲੋਕ ਕਾਬਜ਼ ਹੋ ਜਾਣਗੇ ਜਿਵੇਂ ਅਜੌਕੇ ਦੌਰ ਵਿਚ ਕਾਬਜ਼ ਹਨ। ਕਿਉਂਕਿ ਅੰਤਿਮ ਜਿੱਤ ਵੱਡੀ ਧਿਰ ਦੀ ਹੋਣੀ ਹੈ ਇਸ ਲਈ ਯਕੀਨਨ ਇਸ ਨਿਰਣਾਇਕ ਘੋਲ ਵਿਚ ਸਮਾਜ ਉਪਰ ਕਾਬਜ਼ ਧਿਰਾਂ ਨੇ ਹਰ ਹੀਲਾ ਹਰਬਾ ਵਰਤਕੇ ਉਸ ਨਿਰਣਾਇਕ ਘੋਲ ਨੂੰ ਆਪਣੇ ਹਿੱਤ ਵਿਚ ਕਰਨ ਲਈ ਹਰ ਸਾਧਨ ਦੀ ਵਰਤੋਂ-ਦੁਰਵਰਤੋਂ ਕਰਨੀ ਹੀ ਹੈ। ਇਸ ਲਈ ਮੀਡੀਆ ਹਾਕਮ ਧਿਰ ਦਾ ਇਕ ਸਫਲ ਹਥਿਆਰ ਹੈ। ਜੇਮਜ਼ ਪੈਟਰਾਸ ਇਸ ਵਰਤਾਰੇ ਨੂੰ ਅਮਰੀਕੀ ਸਭਿਆਚਾਰਕ ਸਾਮਰਾਜਵਾਦ ਦਾ ਨਾਮ ਦਿੰਦਾ ਹੈ। ਉਸ ਦੇ ਅਨੁਸਾਰ, ''ਅਮਰੀਕੀ ਸਭਿਆਚਾਰਕ ਸਾਮਰਾਜਵਾਦ ਦੇ ਦੋ ਪ੍ਰਮੁੱਖ ਉਦੇਸ਼ ਹਨ-ਪਹਿਲਾ ਆਰਥਕ ਤੇ ਦੂਜਾ ਰਾਜਨੀਤਿਕ। ਆਪਣੇ ਸਭਿਆਚਾਰਕ ਮਾਲ ਲਈ ਮੰਡੀ ਉੱਤੇ ਅਧਿਕਾਰ ਜਮਾਉਣਾ ਅਤੇ ਜਨਤਕ ਚੇਤਨਾ ਨੂੰ ਅਨਕੂਲ ਬਣਾਕੇ ਆਪਣੀ ਸਰਦਾਰੀ ਹਾਸਲ ਕਰਨੀ। ਅੱਜ ਪੂੰਜੀ ਇਕੱਤਰ ਕਰਨ ਅਤੇ ਸੰਸਾਰ ਭਰ ਵਿਚ ਮੁਨਾਫਾ ਕਮਾਉਣ ਦਾ ਇਕੋ ਇਕ ਮਹੱਤਵਪੂਰਨ ਸਰੋਤ ਜੋ ਸਨਅਤੀ ਉਤਪਾਦਨ ਦੀ ਥਾਂ ਲੈਂਦਾ ਜਾ ਰਿਹਾ ਹੈ, ਮਨੋਰੰਜਨ ਨਾਲ ਸੰਬੰਧਿਤ ਮਾਲ ਦੀ ਬਰਾਮਦ ਕਰਨਾ ਹੈ। ਸਭਿਆਚਾਰਕ ਸਾਮਰਾਜਵਾਦ ਜਨਤਾ ਨੂੰ ਆਪਣੀਆਂ ਸਭਿਆਚਾਰਕ ਜੜ੍ਹਾਂ ਅਤੇ ਇਕਮੁੱਠਤਾ ਦੀ ਪ੍ਰੰਪਰਾ ਨਾਲੋਂ ਤੋੜ ਕੇ ਉਸਦੀ ਥਾਂ ਉੱਤੇ ਮੀਡੀਆ ਦੁਆਰਾ ਪੈਦਾ ਕੀਤੀਆਂ ਗਈਆਂ ਉਨ੍ਹਾਂ 'ਜਰੂਰਤਾਂ' ਨੂੰ ਸਥਾਪਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ, ਜਿਹੜੀਆਂ ਹਰ ਨਵੇਂ ਪ੍ਰਚਾਰ ਨਾਲ ਬਦਲਦੀਆਂ ਰਹਿੰਦੀਆਂ ਹਨ। ਇਸ ਦਾ ਰਾਜਨੀਤਿਕ ਮਕਸਦ ਮਨੁੱਖ ਨੂੰ ਟੁਕੜਿਆਂ ਵਿਚ ਵੰਡ ਕੇ ਇਕ ਦੂਸਰੇ ਤੋਂ ਵੱਖ ਕਰਨਾ, ਜਨਤਾ ਨੂੰ ਜਮਾਤ ਅਤੇ ਭਾਈਚਾਰੇ ਦੇ ਪਰੰਪਰਾਗਤ ਬੰਧਨਾਂ ਤੇ ਸੰਘਰਸ਼ਾਂ ਤੋਂ ਬੇਮੁੱਖ ਕਰਨਾ ਹੈ।'' (ਵਿਸ਼ਵੀਕਰਨ ਦਾ ਪ੍ਰਵਚਨ, ਪੰਨਾਂ 66) ਕਿਉਂਕਿ ਮੀਡੀਆ ਜਮਾਤੀ ਸਮਾਜ ਵਿਚ ਹਾਕਮ ਧਿਰ ਦਾ ਹਥਿਆਰ ਹੈ ਇਸ ਕਰਕੇ ਇਹ ਮਜ਼ਦੂਰ ਜਮਾਤ ਨੂੰ ਪਾੜਨ ਤੇ ਸਭਿਆਚਾਰਕ ਤੌਰ ਉਪਰ ਆਪਣੇ ਅਧੀਨ ਕਰਨ ਦਾ ਕਾਰਜ਼ ਕਰਦਾ ਹੈ। ਇਹ ਕਿਰਤੀਆਂ ਦੀ ਏਕਤਾ ਦੀ ਥਾਂ ਉਨ੍ਹਾਂ ਦੀ ਵੱਖਰਤਾ ਨੂੰ ਉਭਾਰਨ ਦਾ ਉਲਟ ਇਨਕਲਾਬੀ ਰੋਲ ਅਦਾ ਕਰਦਾ ਹੈ। ਜਿਵੇਂ ਪੱਕੇ ਕਾਮਿਆਂ ਦਾ ਕੱਚੇ ਕਾਮਿਆਂ ਨਾਲ ਵਿਰੋਧ ਤੇ ਕੱਚੇ ਕਾਮਿਆਂ ਦੇ ਬੇਰੁਜ਼ਗਾਰ ਕਾਮਿਆਂ ਨਾਲ ਵਿਰੋਧ ਨੂੰ ਉਭਾਰਨਾ। ਇਸ ਦੇ ਨਾਲ ਨਾਲ ਜਾਤੀ ਭਿੰਨਤਾ, ਭੂਗੋਲਿਕ ਭਿੰਨਤਾ ਤੇ ਲਿੰਗਕ ਭਿੰਨਤਾ ਨੂੰ ਵੀ ਉਭਾਰਦਾ ਹੈ। ਇਹ ਮੀਡੀਆ ਦਾ ਹੀ ਰੋਲ ਹੈ ਕਿ ਔਰਤ ਅੱਜ ਉਪਭੋਗ ਦੀ ਵਸਤ ਬਣਕੇ ਹੀ ਰਹਿ ਗਈ ਹੈ। ਇਸ ਸਾਰੇ ਪਿੱਛੇ ਉਸ ਦਾ ਮਕਸਦ ਹੈ ਆਰਥਿਕ ਸ਼ੋਸ਼ਣ। ਇਸ ਆਰਥਿਕ ਸ਼ੋਸ਼ਣ ਲਈ ਜਰੂਰੀ ਹੁੰਦਾ ਹੈ ਰਾਜਸੀ ਤੰਤਰ ਉਪਰ ਕਬਜ਼ਾ। ਇਸ ਲਈ ਆਰਥਿਕਤਾ ਦੇ ਨਾਲ ਰਾਜਨੀਤੀ ਉਪਰ ਵੀ ਸਭ ਤੋਂ ਵਧੇਰੇ ਧਿਆਨ ਦਿੱਤਾ ਜਾਂਦਾ ਹੈ। ਜੇਮਜ ਪੈਟਰਾਸ ਦੇ ਸ਼ਬਦਾਂ ਵਿਚ ''ਆਧੁਨਿਕਤਾ ਦਾ ਅਰਥ ਹੈ- ਅਮਰੀਕੀ ਮੀਡੀਆ ਦੇ ਉਤਪਾਦਾਂ ਦਾ ਉਪਭੋਗ।'' ਉਹ ਅੱਗੇ ਲਿਖਦਾ ਹੈ ਕਿ, ''ਸਭਿਆਚਾਰਕ ਸਾਮਰਾਜਵਾਦ ਸਿਰਫ ਮੰਡੀ ਖਾਤਿਰ ਹੀ ਨੌਜਵਾਨਾਂ ਵੱਲ ਧਿਆਨ ਕੇਂਦਰਤ ਨਹੀਂ ਕਰਦਾ, ਸਗੋਂ ਇਸਦੇ ਪਿੱਛੇ ਉਨ੍ਹਾਂ ਦਾ ਸਭਿਆਚਾਰਕ ਉਦੇਸ਼ ਵੀ ਹੁੰਦਾ ਹੈ। ਉਹ ਜਾਣਦੇ ਹਨ ਕਿ ਵਿਅਕਤੀਗਤ ਬਗਾਵਤ ਦੀ ਚੇਤਨਾ ਕਦੇ ਵੀ ਆਰਥਕ ਸਭਿਆਚਾਰਕ ਗੁਲਾਮੀ ਖਿਲਾਫ ਰਾਜਨੀਤਿਕ ਬਗਾਵਤ ਦਾ ਰੂਪ ਧਾਰਨ ਕਰ ਸਕਦੀ ਹੈ। ਸੋ ਉਹ ਇਸ ਚਿੰਤਾ ਨੂੰ ਨਿਰਮੂਲ ਕਰ ਦੇਣਾ ਚਾਹੁੰਦੇ ਹਨ।'' ਇਹ ਕਾਰਜ਼ ਮੀਡੀਆ ਬੜੀ ਹੀ ਹੁਸ਼ਿਆਰੀ  ਨਾਲ ਕਰਦਾ ਹੈ। ਅੱਜ ਗਰੀਬੀ ਅਮੀਰੀ ਦੇ ਵਧ ਰਹੇ ਪਾੜੇ ਵਿਚ ਮੀਡੀਆ ਨੇ ਅਹਿਮ ਰੋਲ ਅਦਾ ਕੀਤਾ ਹੈ। ਜਮਾਤੀ ਵਿਰੋਧਤਾਈ ਦੇ ਤਨਾਓ ਨੂੰ ਘੱਟ ਕਰਕੇ ਸੱਤਾ ਦੇ ਅਨੁਸਾਰੀ ਬਣਾਇਆ ਹੈ। ਇਸ ਤੋਂ ਵੀ ਵੱਧਕੇ ਮੀਡੀਏ ਨੇ ਆਮ ਲੋਕਾਂ ਦੇ ਮਨਾਂ ਅੰਦਰ ਇਹ ਧਾਰਨਾ ਪੈਦਾ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਹੈ ਕਿ ਸਮਾਜਵਾਦ ਤੇ ਕਮਿਊਨਿਜ਼ਮ ਦੇ ਦਿਨ ਲੱਦ ਗਏ ਹਨ। ਗਲ ਕੀ ਮੀਡੀਏ ਨੇ ਸਭਿਆਚਾਰਕ ਪੱਧਰ ਉਪਰ ਅਜਿਹਾ ਕਬਜ਼ਾ ਕਰਕੇ  ਸੰਸਾਰ ਪੱਧਰ ਉਪਰ ਖੱਬੇ ਪੱਖੀ ਰਾਜਨੀਤੀ ਨੂੰ ਹਾਸ਼ੀਏ ਵੱਲ ਧੱਕ ਦਿੱਤਾ ਹੈ। ਇਸ ਸਚਾਈ ਨੂੰ ਮੰਨਣ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ ਕਿ ਖੱਬੇ ਪੱਖੀਆਂ ਦੇ ਮੁਕਾਬਲੇ ਸਾਮਰਾਜਵਾਦੀਆਂ ਨੇ ਰਾਜਨੀਤਕ  ਪ੍ਰਕਿਰਿਆ ਦੇ ਸਭਿਆਚਾਰਕ ਪਾਸਾਰਾਂ ਦਾ ਮਹੱਤਵ ਵਧੇਰੇ ਬਿਹਤਰ ਢੰਗ ਨਾਲ ਸਮਝਿਆ ਤੇ ਇਸ ਦੀ ਪੂਰਤੀ ਲਈ ਮੀਡੀਏ ਨੂੰ ਵਰਤਿਆ ਹੈ। ਖੱਬੇ ਪੱਖੀ ਭਾਵ ਲੋਕ ਪੱਖੀ ਸਿਆਸਤ ਦੇ ਹਾਸ਼ੀਆ ਗ੍ਰਸਤ ਹੋ ਜਾਣ ਦਾ ਸਿੱਟਾ ਇਹ ਹੋਇਆ ਕਿ ਮੀਡੀਆ ਬਹੁਰਾਸ਼ਟਰੀ ਕਾਰਪੋਰੇਟ ਘਰਾਣਿਆਂ ਤੇ ਸੱਤਾ ਦੀ ਮਿਲੀਭੁਗਤ ਦੇ ਨਾਲ ਲੋਕਾਂ ਨੂੰ ਆਪਣੇ ਅਨੁਸਾਰੀ ਬਣਾਉਣ ਲੱਗਾ। ਅੱਜ ਦਾ ਅਖੌਤੀ ਬੁੱਧੀਜੀਵੀ ਵਰਗ ਇਕ ਧਿਰ ਬਣਕੇ ਜਨ ਮਾਧਿਅਮ ਰਾਹੀਂ ਸੱਤਾ ਦੇ ਪ੍ਰਵਚਨ ਨੂੰ ਲੋਕ ਮਾਨਸਿਕਤਾ ਵਿਚ ਠੂਸਣ ਦੇ ਕਾਰਜ ਵਿਚ ਲੱਗਾ ਹੋਇਆ ਹੈ। ਜੇਮਸ ਪੈਟਰਾਸ ਦੇ ਕਥਨ ਮੁਤਾਬਕ, ''ਸਭਿਆਚਾਰਕ ਘੁਸਪੈਠ ਦਾ ਰਾਜਨੀਤਕ ਸੈਨਿਕ ਸਰਦਾਰੀ ਅਤੇ ਆਰਥਿਕ ਲੁੱਟ-ਖਸੁੱਟ ਨਾਲ ਡੂੰਘਾ ਰਿਸ਼ਤਾ ਹੈ।  ਅਮਰੀਕਾ ਨੇ ਆਪਣੇ ਆਰਥਕ ਹਿੱਤਾਂ ਦੇ ਰੱਖਿਅਕ ਦੱਖਣੀ ਅਮਰੀਕੀ ਤਾਨਾਸ਼ਾਹ ਹਾਕਮਾਂ ਦੇ ਸਮਰਥਨ ਲਈ ਫੌਜੀ ਦਖਲ ਦੇ ਨਾਲ ਨਾਲ ਭਾਰੀ ਸਭਿਆਚਾਰਕ ਘੁਸਪੈਠ ਵੀ ਕੀਤੀ ਸੀ। ਅਮਰੀਕੀ ਪੈਸੇ ਉੱਤੇ ਪਲਣ ਵਾਲੇ ਧਰਮ ਪ੍ਰਚਾਰਕ ਭਾਰਤੀ ਪਿੰਡਾਂ ਵਿਚ ਹੱਲਾ ਬੋਲ ਕੇ ਜਨਜਾਤੀ ਕਿਸਾਨਾਂ ਦੇ ਦਿਮਾਗ ਵਿਚ ਗੁਲਾਮੀ ਦਾ ਸੰਦੇਸ਼ ਭਰ ਰਹੇ ਹਨ। ਜਮਹੂਰੀਅਤ ਤੇ ਮੰਡੀ ਬਾਰੇ ਚਰਚਾ ਕਰਨ ਲਈ ਪਾਲਤੂ ਬੁੱਧੀਜੀਵੀਆਂ ਦੀ ਕੌਮਾਂਤਰੀ ਕਾਨਫਰੰਸ ਆਯੋਜਿਤ ਕੀਤੀ ਜਾਂਦੀ ਹੈ। ਪਲਾਇਨਵਾਦੀ ਟੈਲੀਵਿਜਨ ਪ੍ਰੋਗਰਾਮ 'ਕਿਸੇ ਹੋਰ ਦੁਨੀਆਂ' ਦੇ ਭਰਮਜਾਲ ਫੈਲਾਉਂਦੇ ਹਨ। ਸਭਿਆਚਾਰਕ ਘੁਸਪੈਠ, ਗੈਰ ਫੌਜੀ, ਸਾਧਨਾਂ ਰਾਹੀਂ ਉਲਟ ਇਨਕਲਾਬੀ ਜੰਗੀ ਮੁਹਾਰਤ ਦਾ ਪਾਸਾਰ ਹੈ।'' (ਉਹੀ, ਪੰਨਾਂ 69)
ਮੀਡੀਆ ਕਦੇ ਮਨੋਰੰਜਨ ਦੇ ਨਾਮ ਉਪਰ, ਕਦੇ ਖਬਰਾਂ ਦੇ ਨਾਮ ਉਪਰ ਰਾਜਸੱਤਾ ਨਾਲ ਆਪਣੀ ਸਾਂਝ ਨੂੰ ਲੁਕਵੇਂ ਅੰਦਾਜ਼ ਵਿਚ ਬਣਾਈ ਰੱਖਦਾ ਹੈ। ਅੱਜ ਦੇ ਮੀਡੀਆ ਦੀ ਖਾਸੀਅਤ ਇਸ ਕਰਕੇ ਹੋਰ ਵੀ ਵਧੇਰੇ ਮਹੱਤਵ ਦੀ ਲਿਖਾਇਕ ਬਣ ਗਈ ਹੈ ਕਿਉਂਕਿ ਇਸ ਦੀ ਪਕੜ ਸੰਸਾਰ ਵਿਆਪੀ ਹੈ। ਇਹ ਹਮਲਾ ਘਰ ਦੇ ਅੰਦਰੋਂ ਹੋ ਰਿਹਾ ਹੈ ਇਸ ਕਰਕੇ ਸਾਰੇ ਦਾ ਸਾਰਾ ਪਰਿਵਾਰ ਇਸ ਦੀ ਪਕੜ ਹੇਠ ਹੁੰਦਾ ਹੈ। ਇਸ ਉਪਰ ਵਰਤੀ ਜਾਂਦੀ ਭਾਸ਼ਾ ਵੀ ਕਮਾਲ ਦੀ ਹੁੰਦੀ ਹੈ। ਉਹ ਭਾਵੇਂ ਇਸ਼ਤਿਹਾਰ ਦੀ ਭਾਸ਼ਾ ਹੋਵੇ ਜਾਂ ਖਬਰਾਂ ਰਾਹੀਂ ਪੇਸ਼ ਹੁੰਦੇ ਸੱਤਾ ਦੇ ਪ੍ਰਵਚਨ ਦੀ ਭਾਸ਼ਾ। ਪਾਠਕਾਂ ਨੂੰ ਯਾਦ ਹੋਵੇਗਾ ਜਦੋਂ ਪੈਟਰੋਲ ਨੂੰ ਬਹੁਰਾਸ਼ਟਰੀ ਕੰਪਨੀਆਂ ਦੀ ਲੁੱਟ ਦੇ ਹਵਾਲੇ ਕੀਤਾ ਗਿਆ ਤਾਂ ਕਿਹਾ ਇਹ ਗਿਆ ਕਿ ''ਪੈਟਰੋਲ ਕੰਟਰੋਲ ਮੁਕਤ ਕਰ ਦਿੱਤਾ ਗਿਆ ਹੈ।'' ਜਦ ਕਿ ਅਸਲੀਅਤ ਇਹ ਹੈ ਕਿ ਕੰਟਰੋਲ ਮੁਕਤ ਦਾ ਅਰਥ ਹੈ ਕਿ ਹੁਣ ਕੰਟਰੋਲ ਵਿਸ਼ਵ ਬੈਂਕ ਤੇ ਆਈ ਐਮ ਐਫ  ਦਾ ਹੋਵੇਗਾ। 
ਵਿਸ਼ਵੀਕਰਨ ਦੇ ਪ੍ਰਭਾਵ ਹੇਠ ਹਰ ਦੂਸਰੀ ਚੀਜ਼ ਬਹੁਰਾਸ਼ਟਰੀ ਕੰਪਨੀਆਂ ਦੇ ਹਵਾਲੇ ਕਰ ਦਿੱਤੀ ਗਈ ਹੈ ਤੇ ਸਰਕਾਰ ਲੋਕਾਂ ਪ੍ਰਤੀ ਬਣਦੀ ਆਪਣੀ ਮੌਲਿਕ ਜਿੰਮੇਵਾਰੀ ਤੋਂ ਭੱਜ ਰਹੀ ਹੈ। ਇਸ ਸਾਰੇ ਵਰਤਾਰੇ ਨੂੰ ਭਾਸ਼ਾ ਦੀ ਚਾਲਾਕੀ ਨਾਲ ਪੇਸ਼ ਕੀਤਾ ਜਾਂਦਾ ਹੈ। ਸੜਕਾਂ ਉਪਰ ਪੈਰ-ਪੈਰ 'ਤੇ ਮੁਸਾਫਰਾਂ ਦੀ ਟੋਲ ਟੈਕਸ ਦੇ ਰੂਪ ਵਿਚ ਹੁੰਦੀ ਲੁੱਟ ਨੂੰ ਟੋਲ ਪਲਾਜ਼ਾ ਕਿਹਾ ਜਾ ਰਿਹਾ ਹੈ। ਖੁੱਲੀ ਮੰਡੀ ਦੇ ਲੁੱਟ ਦੇ ਸਿਧਾਂਤ ਨੂੰ ਉਦਾਰਵਾਦ ਦਾ ਨਾਮ ਦਿੱਤਾ ਜਾ ਰਿਹਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਇਹ ਪ੍ਰਬੰਧ ਕਿਸ ਲਈ ਉਦਾਰ ਹੈ? ਇਸ ਬਾਰੇ ਸੱਤਾ ਦੇ ਦਲਾਲ ਅਖੌਤੀ ਬੁੱਧੀਜੀਵੀ ਮੀਡੀਆ ਉਪਰ ਬੈਠ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਉਹ ਇਹ ਕਦੇ ਵੀ ਨਹੀਂ ਆਖਦੇ ਕਿ ਇਹ ਉਦਾਰਵਾਦ ਲੋਕਾਂ ਦੀ ਕੀਮਤ ਉਪਰ ਬਹੁ ਰਾਸ਼ਟਰੀ ਕੰਪਨੀਆਂ ਲਈ ਹੀ ਹੈ। ਉਹ ਕਦੀ ਵੀ ਨਹੀਂ ਆਖਦੇ ਕਿ ਕੰਟਰੋਲ ਮੁਕਤ ਦਾ ਅਰਥ ਹੈ ਕਿ ਮੰਡੀ ਦੀ ਬੇਕਿਰਕ ਲੁੱਟ ਲਈ ਹੁਣ ਦੇਸ਼ ਦੀ ਸਰਕਾਰ ਕੇਵਲ ਮੂਕ ਦਰਸ਼ਕ ਹੀ ਬਣਕੇ ਰਹਿ ਗਈ ਹੈ। ਇਕ ਪਾਸੇ ਸਾਰੇ ਸਭਿਆਚਾਰਾਂ ਉਪਰ ਸੁਹਾਗਾ ਫੇਰ ਕੇ ਸਭਿਆਚਾਰਾਂ ਦਾ ਮੈਕਡੌਨਲਾਈਜ਼ੇਸ਼ਨ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਲੋਕਾਂ ਵਿਚ ਇਹ ਭਰਮ ਪੈਦਾ ਕੀਤਾ ਜਾ ਰਿਹਾ ਹੈ ਕਿ ਉਹ ਹੁਣ ਆਜ਼ਾਦ ਹਨ। ਇਸ ਅਖੌਤੀ ਵਿਅਕਤੀਗਤ ਆਜ਼ਾਦੀ ਦਾ ਭਰਮ ਮੀਡੀਆ ਨੇ ਬੜੀ ਹੀ ਚਲਾਕੀ ਨਾਲ ਪੈਦਾ ਕੀਤਾ ਹੈ। ਮਨੁੱਖ ਦੀ ਹਰ ਕਿਸਮ ਦੀ ਆਜ਼ਾਦੀ ਨੂੰ ਖਤਰੇ ਵਿਚ ਪਾਕੇ ਮਨੁੱਖ ਦੀ ਵਿਅਕਤੀਗਤ ਆਜ਼ਾਦੀ ਦੀ ਵਕਾਲਤ ਕਰਦਾ ਮੀਡੀਆ ਅਸਲ ਵਿਚ ਮਨੁੱਖ ਨੂੰ ਮਾਨਸਿਕ ਤੌਰ 'ਤੇ ਧੁਰ ਅੰਦਰ ਤੱਕ ਗੁਲਾਮ ਕਰਨ ਦਾ ਕਾਰਜ਼ ਕਰਦਾ ਹੈ। ਇਸ ਦੇ ਨਾਲ ਹੀ ਸਮਾਜਕ ਸੰਗਠਨਾਂ ਤੇ ਸਮਾਜਕ ਬੰਧਨਾਂ ਉਪਰ ਵਾਰ ਕਰਦਾ ਹੈ।
ਮੀਡੀਆ ਭਰਮ ਤਾਂ ਇਹ ਸਿਰਜਦਾ ਹੈ ਕਿ ਉਹ ਸਥਿਤੀਆਂ ਨੂੰ ਹੂ ਬ ਹੂ ਪੇਸ਼ ਕਰਕੇ ਯਥਾਰਥਿਕਤਾ ਦੀ ਹੀ ਪੇਸ਼ਕਾਰੀ ਕਰਦਾ ਹੈ। ਜਦਕਿ ਇਤਿਹਾਸ ਗਵਾਹ ਹੈ ਕਿ ਉਹ ਸਮਾਜਕ ਕ੍ਰਾਂਤੀਕਾਰੀਆਂ ਦੇ ਵਿਅਕਤੀਤਵ ਨੂੰ ਵਿਗਾੜ ਕੇ ਪੇਸ਼ ਕਰਦਾ ਹੈ ਜਿਸ ਨਾਲ ਇਨਕਲਾਬੀ ਧਿਰਾਂ ਦਾ ਦੋਹਰਾ ਨੁਕਸਾਨ ਹੁੰਦਾ ਹੈ। ''ਸੰਸਾਰ ਮੀਡੀਆ ਕਮਿਊਨਿਸਟ ਵਿਰੋਧੀ ਹਾਕਮਾਂ ਦੁਆਰਾ ਗੁਆਟੇਮਾਲਾ ਵਿਚ ਇਕ ਲੱਖ ਆਦੀਵਾਸੀਆਂ, ਅਲ ਸਲਵਾਡੋਰ ਵਿਚ 75 ਹਜ਼ਾਰ ਕਿਰਤੀਆਂ, ਨਿਕਾਰਾਗੁਆ ਵਿਚ 50 ਹਜ਼ਾਰ ਨਿਰਦੋਸ਼ ਲੋਕਾਂ ਦੀ ਹੱਤਿਆ ਕੀਤੇ ਜਾਣ ਬਾਰੇ ਆਪਣੇ ਦਰਸ਼ਕਾਂ ਨੂੰ ਕਦੇ ਵੀ ਚੇਤੇ ਨਹੀਂ ਕਰਵਾਉਂਦਾ''( ਉਹੀ ਪੰਨਾਂ 71)। ਇਸ ਦੇ ਨਾਲ ਹੀ ਮੀਡੀਆ ਕਿਸੇ ਸਥਿਤੀ ਦੇ ਤਰਕ ਨੂੰ ਵਿਗਾੜ ਕੇ ਪੇਸ਼ ਕਰਨ ਦੀ ਮੁਹਾਰਤ ਵੀ ਰੱਖਦਾ ਹੈ। ਸੰਸਾਰ ਮੀਡੀਏ ਨੇ ਇਰਾਕ ਦੀ ਜੰਗ ਵਿਚ ਅਮਰੀਕਾ ਪੱਖੀ ਭੂਿਮਕਾ ਜਿਸ ਤਰ੍ਹਾਂ ਨਾਲ ਨਿਭਾਈ ਹੈ ਉਹ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਇਰਾਕ 'ਤੇ ਹੋਏ ਦੂਸਰੇ ਹਮਲੇ ਵੇਲੇ ਅਮਰੀਕੀ ਸਾਮਰਾਜੀਆਂ ਨੇ ਝੂਠਾ ਤਰਕ ਇਹ ਸਿਰਜਿਆ ਸੀ ਕਿ ਸੱਦਾਮ ਹੁਸੈਨ ਕੋਲ ਰਸਾਇਣਕ ਹਥਿਆਰ ਹਨ ਜਿਸ ਨਾਲ ਸਾਰੇ ਸੰਸਾਰ ਨੂੰ ਖ਼ਤਰਾ ਹੈ। ਜਦਕਿ ਸਾਰਾ ਸੰਸਾਰ ਜਾਣਦਾ ਹੈ ਇਹ ਤਰਕ ਨਿਰ ਅਧਾਰ ਸੀ। ਜਿਸ ਦਾ ਮਕਸਦ ਕੇਵਲ ਤੇ ਕੇਵਲ ਸਦਾਮ ਹੁਸੈਨ ਦੀ ਸੱਤਾ ਦਾ ਤਖਤਾ ਪਲਟ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਨਾ ਹੀ ਸੀ। ਕਮਾਲ ਦੀ ਗੱਲ ਇਸ ਵਿਚ ਇਹ ਹੈ ਕਿ ਸਾਮਰਾਜੀ ਧਿਰਾਂ ਦਾ ਮੀਡੀਆ ਉਪਰ ਏਨਾਂ ਗਲਬਾ ਹੈ ਕਿ ਅਸਲੀਅਤ ਦਮ ਤੋੜ ਰਹੀ ਹੈ ਤੇ ਬਦਲਵੇਂ ਰੂਪ ਵਿਚ ਲੋਕਾਂ ਵਿਚ ਪੇਸ਼ ਨਹੀਂ ਹੋ ਸਕੀ (ਜਿਨੀ ਕੁ ਹੋਈ ਉਹ ਬਹੁਤ ਥੋੜੀ ਸੀ )। ਇਹੋ ਕੁਝ ਹੀ ਅਫਗਾਨਿਸਤਾਨ ਦੇ ਸੰਦਰਭ ਵਿਚ ਹੋ ਰਿਹਾ ਹੈ। ਅੱਤਵਾਦ ਦੇ ਨਾਮ ਹੇਠ ਕਿਸੇ ਦੇਸ਼ ਦੇ ਨਿਰਦੋਸ਼ ਲੋਕਾਂ ਉਪਰ ਕੀਤੀ ਜਾਂਦੀ ਬੰਬਾਰੀ ਨੂੰ ਵੀਡੀਓ ਗੇਮ ਵਾਂਗ ਹੀ ਪੇਸ਼ ਕੀਤਾ ਜਾਂਦਾ ਹੈ। ਇਹ ਗੱਲ ਕਿਸੇ ਤੋਂ ਵੀ ਲੁਕੀ ਹੋਈ ਨਹੀਂ ਕਿ ਅੱਤਵਾਦ ਨੂੰ ਪੱਠੇ ਪਾਉਣ ਵਾਲਾ ਅਮਰੀਕੀ ਸਾਮਰਾਜਵਾਦ 9-11 ਦੇ ਹਮਲੇ ਤੋਂ ਬਾਅਦ ਅੱਤਵਾਦ ਸੰਬੰਧੀ ਦੋਗਲੀ ਨੀਤੀ 'ਤੇ ਚੱਲਣ ਕਰਕੇ ਸੰਸਾਰ ਭਰ ਵਿਚ ਬਦਨਾਮ ਹੈ। ਅੱਜ ਮੀਡੀਆ ਅਮਰੀਕੀ ਸਾਮਰਾਜਵਾਦ ਦੀ ਛਵੀ ਨੂੰ ਸੁਧਾਰਨ ਵਿਚ ਲੱਗਾ ਹੋਇਆ ਹੈ।
ਮੀਡੀਏ ਦੁਆਰਾ ਪੇਸ਼ ਕੀਤੇ ਜਾਂਦੇ ਇਤਿਹਾਸਕ ਪ੍ਰੋਗਰਾਮ ਵੀ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕਰਦੇ ਹਨ। ਗਲ ਕੀ ਇਤਿਹਾਸ ਨੂੰ ਸਾਮਰਾਜੀ ਹਿੱਤਾਂ ਲਈ ਘੜਿਆ ਜਾਂਦਾ ਹੈ ਤੇ ਪਾਠਕਾਂ, ਸਰੋਤਿਆਂ ਤੇ ਦਰਸ਼ਕਾਂ ਨੂੰ ਪਰੋਸਿਆ ਜਾਂਦਾ ਹੈ। ਅਫਗਾਨਿਸਤਾਨ ਦੀ ਬਰਬਾਦੀ ਦਾ ਕਾਰਨ ਅਮਰੀਕੀ ਸਾਮਰਾਜਵਾਦ ਹੈ ਜਿਸ ਨੇ ਸਮਾਜਵਾਦੀ ਰੂਸ ਨੂੰ ਤਬਾਹ ਕਰਨ ਲਈ ਅਫਗਾਨਿਸਤਾਨ ਅੰਦਰ ਅੱਤਵਾਦੀ ਕਤਾਰਬੰਦੀ ਕੀਤੀ। ਅਮਰੀਕੀ ਸਾਮਰਾਜ ਦੀਆਂ ਕਠਪੁਤਲੀਆਂ ਬਣੇ ਤਾਲਿਬਾਨੀ ਅਮਰੀਕਾ ਦੀ ਹੀ ਪੈਦਾਇਸ਼ ਹਨ ਪਰ ਇਤਿਹਾਸ ਨੂੰ ਤੋੜ ਕੇ ਪੇਸ਼ ਕਰਨ ਦਾ ਕੰਮ ਕਰਦਾ ਮੀਡੀਆ ਸਾਰੀਆਂ ਹੀ ਸਥਿਤੀਆਂ ਨੂੰ ਸਿਰ ਪਰਨੇ ਕਰਕੇ ਦਰਸ਼ਕਾਂ ਸਾਹਮਣੇ ਪੇਸ਼ ਕਰ ਰਿਹਾ ਹੈ। ਕਿਸ ਨੂੰ ਕ੍ਰਾਂਤੀਕਾਰੀ ਦੇ ਰੂਪ ਵਿਚ ਪੇਸ਼ ਕਰਨਾ ਹੈ ਤੇ ਕਿਸ ਨੂੰ ਅੱਤਵਾਦੀ ਦੇ ਰੂਪ ਵਿਚ ਪੇਸ਼ ਕਰਨਾ ਹੈ ਇਸ ਦਾ ਨਿਰਣਾ ਮੀਡੀਏ ਦੀਆਂ ਚਾਲਕ ਸ਼ਕਤੀਆਂ ਕਰਦੀਆਂ ਹਨ।
ਵਿਸ਼ਵੀਕਰਨ ਦੀਆਂ ਲੋਕ ਮਾਰੂ ਨੀਤੀਆਂ ਨੇ ਤੀਸਰੀ ਦੁਨੀਆਂ ਦੇ ਲੋਕਾਂ ਨੂੰ ਗੁਰਬਤ ਦੀ ਭੱਠੀ ਵਿਚ ਝੋਕ ਦਿੱਤਾ ਹੈ। ਲੈਟਿਨ ਅਮਰੀਕਾ ਦੇ ਦੇਸ਼ਾਂ ਵਿਚ ਇਹ ਨੀਤੀਆਂ ਏਸ਼ੀਆ ਦੇ ਮੁਕਾਬਲੇ ਇਕ ਦਹਾਕਾ ਪਹਿਲਾਂ ਸ਼ੁਰੂ ਹੋ ਗਈਆਂ ਸਨ। ਇਸ ਕਰਕੇ ਇਨ੍ਹਾਂ ਨਵ ਸਾਮਰਾਜਵਾਦੀ ਨੀਤੀਆਂ ਦਾ ਮਾਰੂ ਪ੍ਰਭਾਵ ਵੀ ਉਨ੍ਹਾਂ ਉਪਰ ਪਹਿਲਾਂ ਪੈਣਾ ਕੁਦਰਤੀ ਹੀ ਸੀ। ਮੀਡੀਆ ਸ਼ੋਸ਼ਣ, ਲਾਚਾਰਗੀ ਤੇ ਗੁਰਬਤ ਦੀ ਚੱਕੀ ਵਿਚ ਪਿੱਸ ਰਹੇ ਲੋਕਾਂ ਨੂੰ ਅਖੌਤੀ ਮਨੋਰੰਜਨ ਰਾਹੀਂ ਪੱਠੇ ਪਾਉਣ ਦਾ ਯਤਨ ਕਰ ਰਿਹਾ ਹੈ। ''ਰੀਗਨ ਨੇ ਆਪਣੇ ਸ਼ਾਸਨ ਕਾਲ ਵਿਚ ਅਤਿਅੰਤ ਹਰਮਨ ਪਿਆਰੇ ਅਤੇ ਸਿਰੇ ਦੇ ਪ੍ਰਤੀਕਿਰਿਆਵਾਦੀ ਮਨੋਰੰਜਨ ਪ੍ਰੋਗਰਾਮਾਂ ਰਾਹੀਂ ਮੀਡੀਆ ਦੇ ਛਲ ਕਪਟ ਦੀ ਚੌਧਰ ਨੂੰ ਵਿਸ਼ੇਸ਼ ਮਹੱਤਵ ਦਿੱਤਾ ਅਤੇ ਇਸ ਸਿਲਸਿਲੇ ਨੂੰ ਲਾਤੀਨੀ ਅਮਰੀਕਾ ਅਤੇ ਏਸ਼ੀਆ ਤਕ ਵਿਸਥਾਰਿਆ। (ਵਿਸ਼ਵੀਕਰਨ ਦਾ ਪ੍ਰਵਚਨ, ਪੰਨਾਂ 71)
ਮੀਡੀਆ ਜਿਸ ਕਿਸਮ ਦੀ ਭਾਸ਼ਾ ਦਾ ਪ੍ਰਯੋਗ ਕਰਦਾ ਹੈ ਉਹ ਬੜੇ ਹੀ ਕਮਾਲ ਦੀ ਹੈ। ਸੰਸਾਰ ਪੱਧਰ 'ਤੇ ਹੀ ਕਿਸਾਨਾਂ ਦੀਆਂ ਜਮੀਨਾਂ ਹੜੱਪਣ ਵਾਲੇ ਨਿੱਕੀਆਂ ਸਨਅਤਾਂ ਨੂੰ ਬੰਦ ਕਰਵਾਉਣ ਵਾਲੇ, ਛੋਟੇ ਦੁਕਾਨਦਾਰਾਂ ਦੇ ਰੁਜ਼ਗਾਰ ਨੂੰ ਖੋਹਕੇ ਬੇਰੁਜ਼ਗਾਰ ਕਰਕੇ ਵੱਡੇ ਮਾਲ ਉਸਾਰਨ ਵਾਲੇ ਬਹੁ ਰਾਸ਼ਟਰੀ ਕਾਰਪੋਰੇਟਾਂ ਦੇ ਧਾੜਵੀਆਂ ਨੂੰ ਉਦਾਰਵਾਦੀ, ਸੁਧਾਰਵਾਦੀ ਬਣਾਕੇ ਪੇਸ਼ ਕੀਤਾ ਜਾਂਦਾ ਹੈ। ਜਿਨ੍ਹਾਂ ਦੇ ਕਾਰੋਬਾਰ ਵਿਚ ਲੱਗੇ ਕਰੋੜਾਂ ਕਿਰਤੀਆਂ ਨੂੰ ਕਿਰਤ ਕਾਨੂੰਨਾਂ ਵਿਚ ਸੋਧ ਕਰਕੇ ਨਰਕ ਵਰਗੀ ਜਿੰਦਗੀ ਜੀਉਣ ਲਈ ਇਸ ਪ੍ਰਬੰਧ ਨੇ ਮਜਬੂਰ ਕੀਤਾ ਹੈ। ਬਸਤਰ ਦੇ ਜੰਗਲਾਂ ਵਿਚ ਆਪਣੀ ਜ਼ਮੀਨ ਦੇ ਜਬਰੀ ਖੋਹੇ ਜਾਣ ਦੇ ਵਿਰੋਧ ਵਿਚ ਅੰਦੋਲਨ ਕਰਦੇ ਅੰਦੋਲਨਕਾਰੀਆਂ ਨੂੰ ਇਹੋ ਮੀਡੀਆ ਖ਼ਤਰਨਾਕ ਅੱਤਵਾਦੀ ਬਣਾਕੇ ਪੇਸ਼ ਕਰ ਰਿਹਾ ਹੈ। ਜਦਕਿ ਅਸਲੀਅਤ ਇਹ ਹੈ ਕਿ ਆਦੀਵਾਸੀ ਲੋਕਾਂ ਦੇ ਘਰਾਂ ਨੂੰ ਉਜਾੜ ਕੇ ਪਿੰਡਾਂ ਦੇ ਪਿੰਡ ਤਬਾਹ ਕਰਕੇ ਧਰਤੀ ਦੇ ਗਰਭ ਵਿਚ ਦੱਬੇ ਕੁਦਰਤੀ ਖਜ਼ਾਨਿਆਂ ਨੂੰ ਕੌਡੀਆਂ ਦੇ ਭਾਅ ਬਹੁਰਾਸ਼ਟਰੀ ਕੰਪਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ, ਤੇ ਉਨ੍ਹਾਂ ਆਦੀਵਾਸੀਆਂ ਨੂੰ ਸੜਕਾਂ ਦੇ ਕਿਨਾਰੇ ਬਣੇ 'ਸਲਵਾਜੂਡਮ' ਨਾਮ ਅਧੀਨ ਕੈਂਪਾਂ ਵਿਚ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜੇ ਉਹ ਲੋਕ ਆਪਣੇ ਘਰਾਂ ਵੱਲ ਵਾਪਸ ਜਾਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਨਾਲ ਅਣਮਨੁੱਖੀ ਤਸ਼ੱਦਦ ਕੀਤਾ ਜਾਂਦਾ ਹੈ। ਜੇ ਉਹ ਲੋਕ ਵਿਰੋਧ ਕਰਦੇ ਹਨ ਤਾਂ ਬੇਕਸੂਰ ਲੋਕਾਂ ਨੂੰ ਮਾਓਵਾਦੀ ਆਖਕੇ ਫੌਜੀ ਬੂਟਾਂ ਹੇਠ ਕੁਚਲ ਦਿੱਤਾ ਜਾਂਦਾ ਹੈ। ਸੰਸਾਰ ਮੀਡੀਆ ਨੇ ਹੁਣ ਤੱਕ ਕੁਦਰਤੀ ਵਸੀਲਿਆਂ ਨਾਲ ਭਰਪੂਰ ਧਰਤੀ ਦੇ ਗਰੀਬ ਲੋਕਾਂ ਦੇ ਦਰਦ ਨੂੰ ਬਿਆਨ ਕਰਨ ਦੀ ਥਾਂ ਹਾਕਮ ਧਿਰਾਂ ਦੇ ਝੂਠੇ ਤਰਕ ਨੂੰ ਹੀ ਪੇਸ਼ ਕੀਤਾ ਹੈ।
ਮੀਡੀਆ ਜਿਹੜਾ ਸਮਾਜ ਦੀ ਹਰ ਇਕ ਨਿੱਕੀ ਨਿੱਕੀ ਗਤੀਵਿਧੀ ਉਪਰ ਨਜ਼ਰ ਰੱਖਦਾ ਹੈ। ਉਹ ਸਮਾਜ ਨੂੰ ਸਮਾਜ ਦੀ ਸਹੀ ਜਾਣਕਾਰੀ ਨਹੀਂ ਦਿੰਦਾ ਹੈ। ਆਖਣ ਨੂੰ ਤਾਂ ਇਹ ਜਾਣਕਾਰੀ ਹੂ-ਬ-ਹੂ ਹੁੰਦੀ ਹੈ ਪਰ ਇਹ ਜੋ ਕੁਝ ਵੀ ਪੇਸ਼ ਕੀਤਾ ਜਾ ਰਿਹਾ ਹੁੰਦਾ ਹੈ। ਇਹ ਹੂ ਬ ਹੂ ਸੱਚ ਨਾ ਹੋਕੇ ਸਗੋਂ ਘੜਿਆ ਗਿਆ ਸੱਚ ਹੁੰਦਾ ਹੈ। ਦੂਸਰੇ ਸ਼ਬਦਾਂ ਵਿਚ ਜੇ ਇਹ ਵੀ ਕਹਿ ਲਿਆ ਜਾਵੇ ਕਿ ਖਬਰਾਂ ਪੇਸ਼ ਨਹੀਂ ਹੁੰਦੀਆਂ ਸਗੋਂ ਖਬਰਾਂ ਘੜੀਆਂ ਜਾਂਦੀਆਂ ਹਨ। ਉਦਾਹਰਣ ਦੇ ਤੌਰ 'ਤੇ ਮੈਂ ਇਕ ਘਟਨਾ ਸਾਂਝੀ ਕਰਨਾ ਚਾਹੁੰਦਾ ਹਾਂ, ਇਹ ਗੱਲ 1999 ਦੀ ਹੈ, ਪੰਜਾਬ ਦੇ ਇਕ ਮੰਤਰੀ ਨੇ ਇਕ ਸਕੂਲ ਵਿਚ ਛਾਪਾ ਮਾਰਿਆ। ਤਿੰਨ ਅਧਿਆਪਕ ਗੈਰ ਹਾਜ਼ਰ ਸਨ ਤੇ ਤਿੰਨ ਛੁੱਟੀ ਉਪਰ ਸਨ। ਗੈਰ ਹਾਜ਼ਰ ਅਧਿਆਪਕਾਂ ਨੂੰ ਮੰਤਰੀ ਨੇ ਆਪਣੀ ਕੋਠੀ ਮਿਲਣ ਲਈ ਕਿਹਾ ਤੇ ਜਿਹੜੇ ਤਿੰਨ ਛੁੱਟੀ ਉਪਰ ਸਨ, ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਅਖਬਾਰ ਦੀ ਖਬਰ ਉਹ ਸੀ ਜੋ ਮੰਤਰੀ ਸਾਹਿਬ ਨੇ ਮੀਡੀਆ ਨੂੰ ਦਿੱਤੀ ''ਸਕੂਲ ਵਿਚ ਛਾਪਾ ਤਿੰਨ ਅਧਿਆਪਕ ਗੈਰਹਾਜ਼ਰ।'' ਮੈਂ ਇਸ ਖਬਰ ਦੀ ਦਰੁਸਤੀ ਲਈ ਬੜੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋਇਆ। ਗੈਰ ਹਾਜ਼ਰ ਅਧਿਆਪਕਾਂ ਪਾਸੋਂ ਮੰਤਰੀ ਨੇ ਵੀਹ ਵੀਹ ਹਜ਼ਾਰ ਰੁਪਿਆ ਉਸੇ ਸ਼ਾਮ ਲੈ ਲਿਆ ਤੇ ਛੁੱਟੀ ਵਾਲੇ ਬੇਕਸੂਰ ਅਧਿਆਪਕਾਂ ਨੂੰ ਤਿੰਨ ਤਿੰਨ ਮਹੀਨੇ ਲਈ ਮੁਅਤਲ ਕਰ ਦਿੱਤਾ। ਜੇ ਇਸ ਖਬਰ ਦਾ ਪ੍ਰਭਾਵ ਦੇਖਿਆ ਜਾਵੇ ਤਾਂ ਇਹ ਬਣਦਾ ਹੈ ਕਿ ਮੰਤਰੀ ਨੇ ਚੈਕਿੰਗ ਕੀਤੀ ਤੇ ਅਧਿਆਪਕ ਆਪਣੀ ਜਿੰਮੇਵਾਰੀ ਨਹੀਂ ਨਿਭਾਅ ਰਹੇ ਸਨ। ਜਦਕਿ ਅਸਲੀਅਤ ਜਿਹੜੀ ਲੋਕਾਂ ਤੱਕ ਜਾਣੀ ਚਾਹੀਦੀ ਸੀ ਕਿ ਨਿਰਦੋਸ਼ ਲੋਕਾਂ ਨੂੰ ਬਲੀ ਦੇ ਬੱਕਰੇ ਬਣਾਕੇ ਮੰਤਰੀ ਨੇ ਦੋਸ਼ੀਆਂ ਨੂੰ ਨਿਗੂਣੀ ਧਨ ਰਾਸ਼ੀ ਲੈ ਕੇ ਛੱਡ ਦਿੱਤਾ। ਹਰ ਅਖਬਾਰ ਆਪਣੇ ਪੱਤਰ ਪ੍ਰੇਰਕ ਦੀ ਹੀ ਖ਼ਬਰ ਲਗਾਉਂਦੀ ਹੈ ਤੇ ਉਹ ਆਪਣੇ ਅਖਬਾਰ ਦੇ ਮਾਲਕਾਂ ਦੇ ਆਰਥਕ ਤੇ ਰਾਜਨੀਤਕ ਹਿਤਾਂ ਦੀ ਅਣਦੇਖੀ ਨਹੀਂ ਕਰ ਸਕਦੇ। ਬਹੁ-ਗਿਣਤੀ ਪੱਤਰਕਾਰਾਂ ਦੀ ਸਮਰਥਾ ਸੱਚ ਦੀ ਖਾਤਰ ਆਪਣੀ ਬਲੀ ਦੇ ਦੇਣ ਦੀ ਨਹੀਂ ਹੁੰਦੀ।
ਲੋਕਾਂ ਦਾ ਲੋਕ ਪੱਖੀ ਵਿਕਲਪਕ ਮੀਡੀਆ ਨਾ ਹੋਣ ਕਰਕੇ ਇਹ ਸੰਤਾਪ ਹੋਰ ਵੀ ਲੰਮਾਂ ਹੋ ਰਿਹਾ ਹੈ। ਇਸ ਲਈ ਸ਼ੋਸ਼ਲ ਮੀਡੀਆ ਕੀ ਰੋਲ ਅਦਾ ਕਰਦਾ ਹੈ ਜਾਂ ਲੋਕ ਇਸ ਦਾ ਬਦਲ ਕਿਸ ਤਰ੍ਹਾਂ ਤਲਾਸ਼ਦੇ ਹਨ ਇਹ ਆਉਣ ਵਾਲੇ ਸਮੇਂ ਦੀ ਗੱਲ ਹੈ।
ਅੱਜ ਜਦੋਂ ਮੀਡੀਆ 'ਤੇ ਕਾਰਪੋਰੇਟ ਜਗਤ ਦਾ ਕਬਜ਼ਾ ਹੈ, ਲੋਕ ਪੱਖੀ ਸੱਚ ਪੇਸ਼ ਕਰਨਾ ਇਕ ਜਟਿਲ ਕਾਰਜ ਹੈ।ઠઠ

ਕੰਮ ਦੀ ਭਾਲ 'ਚ ਗਏ ਪ੍ਰਵਾਸੀਆਂ ਦੀ ਬਾਂਹ ਫੜੇ ਜਾਣ ਦੀ ਵੱਡੀ ਲੋੜ

ਸਰਬਜੀਤ ਗਿੱਲ

ਹਰ ਸਾਲ ਸਿਆਲਾਂ ਦੀ ਰੁੱਤੇ ਹੋਣ ਵਾਲੇ ਪ੍ਰਵਾਸੀ ਭਾਰਤੀ ਸੰਮੇਲਨਾਂ 'ਚ ਪ੍ਰਵਾਸੀ ਭਾਰਤੀਆਂ ਨਾਲ ਸਬੰਧਤ ਮਸਲਿਆਂ 'ਤੇ ਚਰਚਾ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਵਲੋਂ ਇਹ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਨ੍ਹਾਂ ਨੂੰ ਪ੍ਰਵਾਸੀ ਭਾਰਤੀਆਂ ਦਾ ਕਾਫੀ ਫਿਕਰ ਹੈ। ਇਨ੍ਹਾਂ ਸੰਮੇਲਨਾਂ 'ਚ ਕਰੀਬ 400 ਸ਼ਿਕਾਇਤਾਂ ਹਰ ਬਾਰ ਸੁਣਨ ਨੂੰ ਮਿਲਦੀਆਂ ਹਨ ਅਤੇ ਇਨ੍ਹਾਂ ਦੇ ਹੱਲ ਲਈ ਤੁਰੰਤ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਹਨ ਅਤੇ ਕਈ ਸ਼ਿਕਾਇਤਾਂ ਤਾਂ ਮੌਕੇ 'ਤੇ ਹੀ ਹੱਲ ਕਰਨ ਦੇ ਐਲਾਨ ਵੀ ਕੀਤੇ ਜਾਂਦੇ ਹਨ। 
ਮਨੁੱਖ ਆਪਣੇ ਰੁਜ਼ਗਾਰ ਦੀ ਭਾਲ ਲਈ ਲੰਬੇ ਸਮੇਂ ਤੋਂ ਪ੍ਰਵਾਜ਼ ਕਰਦਾ ਰਿਹਾ ਹੈ। ਇਥੋਂ ਦੇ ਲੋਕ ਵਿਦੇਸ਼ਾਂ 'ਚ ਰੁਜ਼ਗਾਰ ਦੀ ਭਾਲ ਲਈ ਗਏ ਸਨ ਅਤੇ ਅੱਜ ਵੀ ਜਾ ਰਹੇ ਹਨ। ਵਿਦੇਸ਼ਾਂ 'ਚ ਪੱਕੇ ਤੌਰ 'ਤੇ ਸਥਾਪਤ ਹੋ ਚੁੱਕੇ ਇਨ੍ਹਾਂ ਲੋਕਾਂ ਦੀਆਂ ਜੜ੍ਹਾਂ ਹਾਲੇ ਇਥੇ ਕਿਤੇ ਨਾ ਕਿਤੇ ਜੁੜੀਆਂ ਹੋਈਆਂ ਹਨ। ਇਨ੍ਹਾਂ ਜੜ੍ਹਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦਾ ਹੱਲ ਇਥੋਂ ਦੇ ਹਾਕਮ ਆਪਣੇ ਸੰਮੇਲਨਾਂ ਰਾਹੀਂ ਕਰਦੇ ਹਨ, ਜਿਥੇ ਇਨ੍ਹਾਂ ਪ੍ਰਵਾਸੀ ਭਾਰਤੀਆਂ ਦੀ ਚੰਗੀ ਆਓ ਭਗਤ ਵੀ ਕੀਤੀ ਜਾਂਦੀ ਅਤੇ ਇਸ ਢੰਗ ਨਾਲ ਪਹਿਰਾ ਵੀ ਦਿੱਤਾ ਜਾਂਦਾ ਹੈ ਕਿ ਕੋਈ ਚਿੜੀ ਵੀ ਨਾ ਫੜਕ ਸਕੇ। ਆਮ ਤੌਰ 'ਤੇ ਪਹਿਲਾਂ ਤੋਂ ਤਹਿ ਕੀਤੇ ਬੁਲਾਰੇ ਹੀ ਭਾਸ਼ਣ ਕਰਦੇ ਹਨ ਅਤੇ ਆਮ ਪ੍ਰਵਾਸੀ ਭਾਰਤੀਆਂ ਨੂੰ ਸਮਾਂ ਹੀ ਨਹੀਂ ਮਿਲਦਾ।  
ਪ੍ਰਵਾਸੀ ਭਾਰਤੀਆਂ ਦੀਆਂ ਇਨ੍ਹਾਂ ਬਿਮਾਰੀਆਂ ਦਾ ਹੱਲ ਸਿਸਟਮ ਤੋਂ ਬਾਹਰੇ ਹੋ ਕੇ ਕਦੇ ਵੀ ਨਹੀਂ ਨਿਕਲ ਸਕਣਾ ਕਿਉਂਕਿ ਜੇ ਕਿਸੇ ਪ੍ਰਵਾਸੀ ਭਾਰਤੀ ਦਾ ਅਦਾਲਤ 'ਚ ਜਮੀਨੀ ਮਸਲੇ ਨਾਲ ਸਬੰਧਤ ਕੇਸ ਚਲ ਰਿਹਾ ਹੈ ਤਾਂ ਉਸ ਨੂੰ ਮੁਖਤਿਆਰਨਾਮਾਂ ਦੇਣਾ ਪਵੇਗਾ ਅਤੇ ਜਾਂ ਉਸ ਨੂੰ ਆਪ ਕੇਸ ਭੁਗਤਣਾ ਪਵੇਗਾ। ਜ਼ੁਰਮ ਨਾਲ ਸਬੰਧਤ ਕੇਸ ਤਾਂ ਉਸ ਨੂੰ ਆਪ ਹੀ ਭੁਗਤਣਾ ਪਵੇਗਾ। ਇਸ 'ਚ ਕੁੱਝ ਵਿਆਹਾਂ ਨਾਲ ਸਬੰਧਤ ਕੇਸ ਵੀ ਹੁੰਦੇ ਹਨ। ਸਾਰੇ ਪ੍ਰਵਾਸੀ ਭਾਰਤੀ ਅਸਲ 'ਚ ਇਹ ਕੇਸ ਛੇਤੀ ਨਿਪਟਾਉਣਾ ਚਾਹੁੰਦੇ ਹੁੰਦੇ ਹਨ। ਕੇਸ ਨੂੰ ਛੇਤੀ ਨਿਪਟਾਉਣਾ, ਸਿਸਟਮ ਦੇ ਹੱਥ ਵੱਸ ਤਾਂ ਹੁੰਦਾ ਹੈ ਪ੍ਰੰਤੂ ਪਹਿਲਾਂ ਹੀ ਫ਼ੈਸਲਾ ਕਰਨ ਵਾਲਿਆਂ 'ਤੇ ਕੰਮ ਦਾ ਬੋਝ ਹੁੰਦਾ ਹੈ। ਜੇ ਕੁੱਝ ਮਾਮਲੇ ਛੇਤੀ ਨਿਪਟਾ ਵੀ ਦਿੱਤੇ ਜਾਣ ਤਾਂ ਬਾਕੀ ਦਾ ਕੰਮ ਪ੍ਰਭਾਵਿਤ ਹੋਣਾ ਲਾਜ਼ਮੀ ਹੈ।  
ਪ੍ਰਵਾਸੀ ਭਾਰਤੀਆਂ ਦੇ ਉਹ ਮਸਲੇ ਜਿਸ ਵੱਲ ਉਚੇਚਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ, ਉਹ ਵਿਦੇਸ਼ਾਂ 'ਚ ਰੁਜ਼ਗਾਰ ਦੀ ਭਾਲ ਲਈ ਗਏ ਵਿਅਕਤੀਆਂ ਨਾਲ ਸਬੰਧਤ ਹਨ। ਅਖ਼ਬਾਰਾਂ 'ਚ ਛਪੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਇਰਾਕ 'ਚ ਗਏ ਕੁੱਝ ਨੌਜਵਾਨਾਂ ਨੂੰ ਉਥੋਂ ਦੀ ਕੰਪਨੀ ਕੰਮ ਤੋਂ ਜਵਾਬ ਦੇਈ ਬੈਠੀ ਹੈ ਅਤੇ ਮਜ਼ਦੂਰ ਆਪਣੇ ਕਮਰਿਆਂ 'ਚ ਭੁੱਖਣ ਭਾਣੇ ਬੈਠੇ ਹਨ। ਇਨ੍ਹਾਂ ਕੋਲ ਪਛਾਣ ਪੱਤਰ ਵੀ ਨਹੀਂ ਹਨ, ਜਿਸ ਕਾਰਨ ਇਹ ਲੋਕ ਬਜ਼ਾਰ ਨਹੀਂ ਜਾ ਸਕਦੇ ਅਤੇ ਦਵਾਈ ਆਦਿ ਵੀ ਨਹੀਂ ਲੈ ਸਕਦੇ। ਇਨ੍ਹਾਂ ਨੂੰ ਮਿਲਣ ਵਾਲੇ ਖਾਣੇ ਦਾ ਪੱਧਰ ਇੰਨਾ ਨੀਵਾਂ ਹੁੰਦਾ ਹੈ ਕਿ ਸ਼ਾਇਦ ਹੀ ਇਨ੍ਹਾਂ ਨੌਜਵਾਨਾਂ ਨੇ ਗਰੀਬੀ ਦੀ ਹਾਲਤ ਹੁੰਦਿਆਂ ਵੀ ਕਦੇ ਇਥੇ ਅਜਿਹਾ ਖਾਣਾ ਖਾਧਾ ਹੋਵੇ। ਵਿਦੇਸ਼ਾਂ 'ਚ ਵਿਲਕਦੇ ਇਹ ਨੌਜਵਾਨ ਏਜੰਟਾਂ ਨੂੰ ਬੁਰਾ ਭਲਾ ਆਖ ਰਹੇ ਹਨ ਕਿ ਏਜੰਟ ਨੇ ਉਨ੍ਹਾਂ ਦੇ ਮਾਪਿਆਂ ਨਾਲ ਜਿਹੜੇ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਕੀਤੇ ਗਏ। ਇਨ੍ਹਾਂ ਨੌਜਵਾਨਾਂ ਕੋਲ ਭਾਰਤ ਦੀ ਅੰਬੈਸੀ ਤੱਕ ਪਹੁੰਚ ਕਰਨ ਲਈ ਵੀ ਕੋਈ ਸਾਧਨ ਨਹੀਂ। ਜੇ ਸਾਧਨ ਹੈ ਵੀ ਹਨ ਤਾਂ ਉਨ੍ਹਾਂ ਨੂੰ ਇਹ ਪਤਾ ਹੈ ਕਿ ਵਤਨ ਵਾਪਸੀ ਯਕੀਨੀ ਹੈ ਕਿਉਂਕਿ ਉਸ ਕੰਪਨੀ 'ਤੇ ਕੋਈ ਕਾਰਵਾਈ ਬਾਅਦ 'ਚ ਹੋਣੀ ਹੈ ਪਹਿਲਾਂ ਘਰ ਵਾਪਸੀ ਹੋ ਜਾਣੀ ਹੈ। ਇਸ ਸਥਿਤੀ 'ਚ ਇਹ ਨੌਜਵਾਨ ਆਪਣੀ ਦਿਨ ਕਟੀ ਕਰਦੇ ਰਹਿੰਦੇ ਹਨ। ਇਹੋ ਜਿਹੀਆਂ ਰਿਪੋਰਟਾਂ ਅਕਸਰ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ। 
ਕੁੱਝ ਅਰਸਾ ਪਹਿਲਾ ਕੁੱਝ ਨੌਜਵਾਨਾਂ ਬਾਰੇ ਇਹ ਖ਼ਬਰਾਂ ਆਈਆਂ ਸਨ ਕਿ ਉਹ ਉਥੋਂ ਦੀਆਂ ਅੱਤਵਾਦੀ ਜਥੇਬੰਦੀਆਂ ਦੇ ਕਾਬੂ ਹੇਠ ਆ ਸਕਦੇ ਹਨ ਤਾਂ ਪ੍ਰਸ਼ਾਸ਼ਨ ਨੇ ਉਨ੍ਹਾਂ ਨਾਲ ਫ਼ੋਨ 'ਤੇ ਗੱਲ ਕਰਵਾਉਣ ਲਈ ਮੋਬਾਈਲ ਫ਼ੋਨ 'ਚ ਇੱਕ-ਇੱਕ ਹਜ਼ਾਰ ਰੁਪਏ ਦੇ ਸਿਮ ਜਾਰੀ ਕਰ ਦਿੱਤੇ ਤਾਂ ਜੋ ਮਾਪੇ ਆਪਣੇ ਬੱਚਿਆਂ ਨਾਲ ਫ਼ੋਨ 'ਤੇ ਰਾਬਤਾ ਕਾਇਮ ਕਰ ਸਕਣ। ਇਰਾਕ 'ਚ ਫਸੇ  479 ਨੌਜਵਾਨਾਂ ਲਈ ਜਾਨ 'ਤੇ ਬਣ ਗਈ ਸੀ ਅਤੇ ਪਰਿਵਾਰਾਂ ਲਈ ਇਹ ਮੁਸ਼ਕਲ ਖੜ੍ਹ ਗਈ ਸੀ ਕਿ ਉਹ ਆਪਣਾ ਸੁਨੇਹਾ ਦੇਸ਼ ਦੇ ਵਿਦੇਸ਼ ਮੰਤਰੀ ਤੱਕ ਕਿਵੇਂ ਪੁੱਜਦਾ ਕਰਨ ਤਾਂ ਜੋ ਉਨ੍ਹਾਂ ਨੂੰ ਕੋਈ ਰਾਹਤ ਮਿਲ ਸਕੇ। 
ਵਿਦੇਸ਼ਾਂ 'ਚ ਕਿਤੇ ਕੰਮ ਕਰਦੇ ਨੌਜਵਾਨਾਂ ਦੀ ਜੇ ਮੌਤ ਹੋ ਜਾਂਦੀ ਹੈ ਤਾਂ ਗਰੀਬ ਪਰਿਵਾਰਾਂ ਲਈ ਤਾਂ ਦੋਹਰੀ ਮੁਸੀਬਤ ਖੜੀ ਹੋ ਜਾਂਦੀ ਹੈ। ਪੀੜ੍ਹਤ ਪਰਿਵਾਰਾਂ ਦੇ ਮਰਦ, ਘਰ ਦੀਆਂ ਔਰਤਾਂ ਨੂੰ ਇਸ ਕਰਕੇ ਨਹੀਂ ਦੱਸਦੇ ਕਿ ਪਤਾ ਨਹੀਂ ਲਾਸ਼ ਆਉਣ ਲਈ ਕਿੰਨੇ ਦਿਨ ਲੱਗਣਗੇ ਅਤੇ ਇੰਨੇ ਦਿਨ ਦਰੀ 'ਤੇ ਬੈਠ ਕੇ ਕਿਵੇਂ ਗੁਜ਼ਾਰਾ ਕੀਤਾ ਜਾ ਸਕਦਾ ਹੈ। ਬਹੁਤ ਹੀ ਦਰਦਨਾਕ ਸਥਿਤੀ 'ਚੋਂ ਲੰਘਣਾ ਪੈਦਾ ਹੈ। ਇਕ ਪਾਸੇ ਸਮੁੰਦਰੋਂ ਪਾਰ ਮਰੇ ਪੁੱਤ ਦਾ ਮੂੰਹ ਦੇਖਣ ਦੀ ਤਾਂਘ ਤੇ ਉਪਰੋਂ ਸਦਮੇਂ 'ਚ ਹੁੰਦਿਆਂ ਹੋਇਆਂ ਵੀ ਕਾਗਜ਼ ਪੱਤਰ ਪੂਰੇ ਕਰਨ ਦਾ ਲੰਮਾ ਸਿਲਸਿਲਾ।  
ਲੋਕਾਂ ਨੂੰ ਹਾਲੇ ਤੱਕ ਮਾਲਟਾ ਕਾਂਡ ਨਹੀਂ ਭੁੱਲ ਸਕਿਆ, ਜਿਸ 'ਚ ਬਹੁਤ ਸਾਰੇ ਨੌਜਵਾਨ ਯੂਰਪ 'ਚ ਭਲੇ ਦਿਨਾਂ ਦੀ ਆਸ 'ਚ ਸੁਮੰਦਰ 'ਚ ਹੀ ਡੁੱਬ ਗਏ ਸਨ। ਇਟਲੀ ਵਰਗੇ ਦੇਸ਼ਾਂ 'ਚ ਬਹੁਤ ਸਾਰੇ ਨੌਜਵਾਨ ਆਪਣੇ ਪੱਕੇ ਹੋਣ ਦੀ ਆਸ 'ਚ ਜਦੋਂ ਕਾਗਜ਼ ਖੁੱਲਦੇ ਹਨ ਤਾਂ ਉਹ ਦਫ਼ਤਰਾਂ ਵੱਲ ਭੱਜਦੇ ਹਨ। ਯੂਰਪ ਦੇ ਬਹੁਤ ਸਾਰੇ ਦੇਸ਼ਾਂ 'ਚ ਬਹੁਤ ਹੀ ਬਦਤਰ ਹਾਲਾਤ 'ਚ ਰਹਿੰਦੇ ਨੌਜਵਾਨਾਂ ਦੀ ਕਦੇ ਕਿਸੇ ਨੇ ਬਾਂਹ ਨਹੀਂ ਫੜੀ। ਇਨ੍ਹਾਂ ਨੌਜਵਾਨਾਂ ਦੇ ਹਾਲਾਤ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋਏ ਇਨ੍ਹਾਂ ਨੂੰ ਬਹੁਤ ਹੀ ਘੱਟ ਤਨਖਾਹਾਂ ਦਿੱਤੀਆਂ ਜਾਂਦੀਆਂ ਅਤੇ ਕਈ ਵਾਰ ਤਾਂ ਇਨ੍ਹਾਂ ਦੀਆਂ ਤਨਖਾਹਾਂ ਮਾਰ ਵੀ ਲਈਆਂ ਜਾਂਦੀਆਂ ਹਨ। ਇਹ ਨੌਜਵਾਨ ਇਥੇ ਰੁਜ਼ਗਾਰ ਨਾ ਮਿਲਣ ਕਾਰਨ ਵਿਦੇਸ਼ਾਂ ਵੱਲ ਨੂੰ ਭੱਜਦੇ ਹਨ ਅਤੇ ਆਪਣੀ ਸਾਰੀ ਜਵਾਨੀ ਉਥੇ ਆਪਣੇ ਪੈਰ ਬੰਨ੍ਹਣ 'ਚ ਹੀ ਲੰਘਾ ਲੈਂਦੇ ਹਨ। ਤਾਂ ਕਿਤੇ ਜਾ ਕੇ ਅਗਲੀ ਪੀੜ੍ਹੀ ਨੂੰ ਹੀ ਕੁੱਝ ਸੌਖ ਮਿਲ ਸਕਣ ਦੀ ਆਸ ਬੱਝਦੀ ਹੈ। 
ਬਹੁਤੇ ਲੋਕ ਅਕਸਰ ਇਹ ਕਹਿੰਦੇ ਹਨ ਕਿ ਇਹ ਨੌਜਵਾਨ ਕੰਮ ਕਰਨਾ ਹੀ ਨਹੀਂ ਚਾਹੁੰਦੇ ਸਗੋਂ ਵਿਹਲੇ ਰਹਿਣਾ ਪਸੰਦ ਕਰਦੇ ਹਨ। ਇਥੇ ਨਾਪਸੰਦਗੀ ਦਾ ਕੋਈ ਕਾਰਨ ਨਹੀਂ ਹੈ ਜਦੋਂ ਕਿ ਅਸਲੀਅਤ ਇਹ ਕਿ ਸਾਡੇ ਦੇਸ਼ 'ਚ ਕੰਮ ਦੇ ਮੌਕੇ ਹੀ ਨਹੀਂ ਹਨ। ਜਿੰਨੇ ਕੰਮ ਘੰਟੇ ਦੇਸ਼ ਦੇ ਨੌਜਵਾਨਾਂ ਨੂੰ ਚਾਹੀਦੇ ਹਨ, ਉਸ ਮੁਤਾਬਿਕ ਸਾਡਾ ਦੇਸ਼ ਲਾਗੇ ਵੀ ਨਹੀਂ ਢੁਕਦਾ। ਜਿਸ ਦੇ ਸਿੱਟੇ ਵਜੋਂ ਸਾਡੇ ਦੇਸ਼ 'ਚ ਸੰਸਾਰੀਕਰਨ ਦੇ ਦੌਰ 'ਚ ਵੱਡੇ ਵੱਡੇ ਮਾਲ ਖੁੱਲ੍ਹ ਰਹੇ ਹਨ ਪਰ ਦੇਸ਼ ਦਾ ਤੀਜਾ ਹਿੱਸਾ ਹੀ ਇਨ੍ਹਾਂ ਬਜ਼ਾਰਾਂ 'ਚੋਂ ਖਰੀਦਦਾਰੀ ਕਰ ਸਕਦਾ ਹੈ। ਦੇਸ਼ ਦੀ ਵੱਡੀ ਗਿਣਤੀ ਇਨ੍ਹਾਂ ਮਾਲਾਂ ਤੋਂ ਦੂਰ ਹੀ ਰਹਿੰਦੀ ਹੈ। ਲੋਕਾਂ ਦੀਆਂ ਜੇਬਾਂ 'ਚ ਪੈਸਾ ਨਾ ਹੋਣ ਕਾਰਨ ਲੋਕਾਂ ਦੀ ਖਰੀਦ ਸ਼ਕਤੀ ਹੀ ਬਹੁਤ ਘੱਟ ਹੈ। ਇਕ ਪਾਸੇ ਸਨਅਤਕਾਰ ਚੀਜ਼ਾਂ ਬਣਾ ਰਹੇ ਹਨ ਅਤੇ ਦੂਜੇ ਪਾਸੇ ਇਨ੍ਹਾਂ ਦੀ ਵਿਕਰੀ ਨਹੀਂ ਹੋ ਰਹੀ। ਅਜਿਹੇ ਹਾਲਾਤ 'ਚ ਇਹ ਇੱਕ ਨਾਲ ਇੱਕ ਫਰੀ ਦੀਆਂ ਸਕੀਮਾਂ ਕੱਢਦੇ ਨਹੀਂ ਥੱਕਦੇ। ਇੱਕ ਨਾਲ ਇੱਕ ਫਰੀ ਲੈਣ ਵਾਲੇ ਵੀ ਸੀਮਤ ਜਿਹੇ ਹੀ ਲੋਕ ਹਨ। ਖਾਸ ਕਰ ਪੰਜਾਬ 'ਚ ਖੇਤੀ ਅਧਾਰਤ ਸਨਅਤਾਂ ਦੀ ਅਣਹੋਂਦ ਕਾਰਨ ਵੱਡੀ ਗਿਣਤੀ 'ਚ ਲੋਕ ਵਿਹਲੇ ਘੁੰਮ ਰਹੇ ਹਨ। ਖੇਤੀ ਜੋਤਾਂ ਲਗਾਤਾਰ ਘਟਦੀਆਂ ਜਾ ਰਹੀਆਂ ਹਨ। ਖੇਤੀ ਜ਼ਮੀਨ 'ਤੇ ਲਗਾਤਾਰ ਉਸਾਰੀ ਹੋ ਰਹੀ ਹੈ ਅਤੇ ਪਰਿਵਾਰਾਂ ਦੇ ਵੱਡੇ ਹੋਣ ਨਾਲ ਖੇਤੀ ਸੰਕਟ ਵੱਧਦਾ ਜਾ ਰਿਹਾ ਹੈ। ਹਰੇ ਇਨਕਲਾਬ ਤੋਂ ਬਾਅਦ ਪੈਦਾਵਾਰ ਇੱਕ ਹੱਦ ਤੋਂ ਅੱਗੇ ਵੱਧਣ ਤੋਂ ਰੁਕ ਗਈ ਹੈ। ਨਵਾਂ ਵਿਕਾਸ ਸਿਰਫ ਤੇ ਸਿਰਫ ਆਈਟੀ ਦੇ ਖੇਤਰ 'ਚ ਹੋਇਆ ਹੈ। ਇਹ ਵਿਕਾਸ ਵੀ ਇੱਕ ਹੱਦ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਇਸ ਖੇਤਰ 'ਚ ਵੀ ਜਿੰਨੇ ਨੌਜਵਾਨਾਂ ਨੂੰ ਸਮਾਉਣ ਦੀ ਸ਼ਕਤੀ ਸੀ, ਉਹ ਹੁਣ ਖਤਮ ਹੋਣ ਵੱਲ ਨੂੰ ਤੁਰ ਪਈ ਹੈ। ਇੰਜੀਨੀਅਰਿੰਗ ਕਰਨ ਉਪਰੰਤ ਪ੍ਰਾਈਵੇਟ ਖੇਤਰ 'ਚ ਬਹੁਤ ਹੀ ਘੱਟ ਪੈਸਿਆਂ 'ਤੇ ਨੌਕਰੀਆਂ ਮਿਲ ਰਹੀਆਂ ਹਨ। ਜੇ ਪੈਸਿਆਂ ਦਾ ਵਿਖਾਵਾ ਜਿਆਦਾ ਹੈ ਤਾਂ ਘਰ ਤੋਂ ਬਾਹਰ ਰਹਿਣ ਦੇ ਖਰਚੇ ਵੀ ਉਨੇ ਜਿਆਦਾ ਹਨ। ਵੱਧ ਤਨਖ਼ਾਹਾਂ ਲੈ ਕੇ ਅਤੇ ਵੱਧ ਖਰਚ ਕਰਕੇ ਨੌਜਵਾਨ ਦੇ ਪੱਲੇ ਫਿਰ ਥੋੜਾ ਜਿਹਾ ਹੀ ਪੈਸਾ ਪੈਂਦਾ ਹੈ। ਇਸ ਕਾਣੀ ਵੰਡ ਕਾਰਨ ਹੀ ਨੌਜਵਾਨਾਂ ਦਾ ਇੱਕ ਵੱਡਾ ਹਿੱਸਾ ਵਿਦੇਸ਼ਾਂ ਵੱਲ ਨੂੰ ਜਾਣ ਦੀ ਤਿਆਰੀ ਕੱਸੀ ਬੈਠਾ ਹੈ।   
ਅੰਗਰੇਜ਼ੀ ਭਾਸ਼ਾ ਦਾ ਟੈਸਟ 'ਆਈਲੈਟਸ' ਪਾਸ ਕਰਕੇ ਪੰਜਾਬ ਦੇ ਨੌਜਵਾਨ ਧੜਾ ਧੜ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਹਨ, ਜਿਥੇ ਮੁਸੀਬਤਾਂ ਪਿੱਛਾ ਨਹੀਂ ਛੱਡਦੀਆਂ। ਇਨ੍ਹਾਂ ਮੁਸੀਬਤਾਂ ਦਾ ਹੱਲ ਕੀ ਕੱਢਣਾ ਹੈ, ਕਿਸੇ ਨੂੰ ਕੋਈ ਫਿਕਰ ਨਹੀਂ ਹੈ। ਵੱਡੇ ਪੱਧਰ 'ਤੇ ਖੁਲੀਆਂ ਦੁਕਾਨਾਂ ਅਤੇ ਵਿਦੇਸ਼ਾਂ 'ਚ ਦੁਕਾਨਨੁਮਾ ਯੂਨੀਵਰਸਿਟੀਆਂ ਇਨ੍ਹਾਂ ਨੌਜਵਾਨਾਂ ਨੂੰ ਵਿਦੇਸ਼ਾਂ 'ਚ ਉਚੇਰੀ ਪੜ੍ਹਾਈ ਦਾ ਖੁੱਲਾ ਸੱਦਾ ਦਿੰਦੀਆਂ ਹਨ। ਇਨ੍ਹਾਂ ਦੁਕਾਨ-ਯੂਨੀਵਰਸਿਟੀਆਂ ਦੇ ਇਧਰਲੇ ਸ਼ਾਤਰ ਏਜੰਟ ਨੌਜਵਾਨਾਂ ਨੂੰ ਆਪਣੇ ਭਰਮਜਾਲ 'ਚ ਇੰਨੀ ਚਲਾਕੀ ਨਾਲ ਫਸਾਉਂਦੇ ਹਨ ਕਿ ਨੌਜਵਾਨਾਂ ਨੂੰ ਸਮਝ ਹੀ ਨਹੀਂ ਆਉਂਦੀ ਕਿ ਉਹ ਫਸ ਵੀ ਚੁੱਕੇ ਹਨ। ਇਹ ਏਜੰਟ ਸੰਬੰਧਤ ਨੌਜਵਾਨਾਂ ਨੂੰ ਸਾਰੀ ਜਾਣਕਾਰੀ ਲੈਣ ਲਈ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਜਾਣ ਲਈ ਆਖਦੇ ਹਨ। ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਵੇਗੀ ਕਿ ਵੈਬਸਾਈਟ ਕੋਈ ਵੀ ਬਣਾ ਸਕਦਾ ਹੈ ਤੇ ਉਸ ਉਪਰ ਆਪਣੀ ਮਨਮਰਜ਼ੀ ਦੀ ਸੂਚਨਾ ਪਾ ਸਕਦਾ ਹੈ। ਉਹ ਸੂਚਨਾ ਕਿੰਨੀ ਸਹੀ ਹੈ, ਇਹ ਸਿਰਫ ਸੂਚਨਾ ਪਾਉਣ ਵਾਲੇ ਨੂੰ ਹੀ ਪਤਾ ਹੁੰਦਾ ਹੈ। ਇਨ੍ਹਾਂ ਦੁਕਾਨ-ਯੂਨੀਵਰਸਿਟੀਆਂ ਤੇ ਉਨ੍ਹਾਂ ਦੇ ਏਜੰਟਾਂ ਦੇ ਚੱਕਰ 'ਚ ਫਸਕੇ ਨੌਜਵਾਨ ਨਿਗੂਣੀ ਮਜ਼ਦੂਰੀ 'ਤੇ ਕੰਮ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ। ਸਿੱਟੇ ਵਜੋਂ ਯੂਨੀਵਰਸਿਟੀਆਂ ਦੀਆਂ ਫੀਸਾਂ ਹੀ ਪੂਰੀਆਂ ਨਹੀਂ ਹੁੰਦੀਆਂ। ਅਜਿਹੇ ਹਾਲਾਤ 'ਚ ਇਨ੍ਹਾਂ ਵਿਦਿਆਰਥੀਆਂ ਨੂੰ ਵੱਧ ਘੰਟੇ ਕੰਮ ਕਰਨਾ ਪੈਂਦਾ ਹੈ, ਜਿਸ ਨਾਲ ਕਾਨੂੰਨ ਦੀ ਉਲੰਘਣਾ ਹੁੰਦੀ ਹੈ। ਇਹ ਵਿਦਿਆਰਥੀ, ਜਿਸ ਘਰ 'ਚ ਸਿਰਫ ਤਿੰਨ ਚਾਰ ਹੀ ਰਹਿ ਸਕਦੇ ਹਨ, ਉਥੇ ਮਜ਼ਬੂਰਨ 20-20 ਦੀ ਗਿਣਤੀ 'ਚ ਰਹਿੰਦੇ ਹਨ। ਅਜਿਹੇ ਹਾਲਾਤ 'ਚ ਕੁੜੀਆਂ ਦੀ ਸਥਿਤੀ ਬਹੁਤ ਹੀ ਮਾੜੀ ਬਣ ਜਾਂਦੀ ਹੈ। 
ਪੰਜਾਬ 'ਚ ਕੰਮ ਕਰਦੀ ਸਰਕਾਰੀ ਮਾਨਤਾ ਪ੍ਰਾਪਤ ਐਨ.ਆਰ.ਆਈ. ਸਭਾ ਇਸ ਪਾਸੇ ਵੱਲ ਅਹਿਮ ਰੋਲ ਨਿਭਾ ਸਕਦੀ ਹੈ। ਇਸ ਸਮੇਂ ਇਸ ਸਭਾ ਦਾ ਮੁੱਖ ਕਾਰਜ ਹੈ  ਐਨ.ਆਰ.ਆਈਜ਼ ਨੂੰ ਇੱਧਰ ਆ ਰਹੀਆਂ ਸਮੱਸਿਆਵਾਂ ਦੇ ਹੱਲ 'ਚ ਮਦਦ ਕਰਨਾ। ਇਸ ਕਾਰਜ ਦੇ ਨਾਲ ਨਾਲ ਇਸ ਸਭਾ ਨੂੰ ਚਾਹੀਦਾ ਹੈ ਕਿ ਉਹ ਬਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਦਾ ਮਾਰਗ ਦਰਸ਼ਨ ਕਰੇ ਅਤੇ ਏਜੰਟਾਂ ਦੇ ਚੱਕਰਾਂ 'ਚ ਫਸਕੇ ਬਦੇਸ਼ਾਂ 'ਚ ਮੁਸੀਬਤਾਂ 'ਚ ਘਿਰੇ ਨੌਜਵਾਨਾਂ ਦੀ ਮਦਦ ਕਰੇ।  ਬਦੇਸ਼ੀ ਯੂਨੀਵਰਸਿਟੀਆਂ ਬਾਰੇ ਜਾਣਕਾਰੀ ਉੱਪਲੱਭਧ ਕਰਵਾਉਣਾ ਅਤੇ ਨੌਜਵਾਨਾਂ ਨੂੰ ਉਸ ਦੇਸ਼, ਜਿਥੇ ਉਹ ਜਾਣਾ ਚਾਹੁੰਦੇ ਹਨ, ਦੇ ਸੱਭਿਆਚਾਰ ਬਾਰੇ ਜਾਣਕਾਰੀ ਦੇਣ ਦਾ ਕੰਮ ਵੀ ਸਭਾ ਨੂੰ ਆਪਣੇ ਹੱਥ 'ਚ ਲੈਣਾ ਚਾਹੀਦਾ ਹੈ। ਇਹ ਇਕ ਬਹੁਤ ਵੱਡਾ ਕਾਰਜ ਹੈ। ਅਜਿਹੀ ਜਾਣਕਾਰੀ ਦੀ ਘਾਟ ਕਾਰਨ ਹੀ ਨੌਜਵਾਨ ਏਜੰਟਾਂ ਹੱਥੋਂ ਲੁੱਟੇ ਜਾ ਰਹੇ ਹਨ। ਇਸ ਸਮੇਂ ਇਹ ਸਭਾ ਅਜਿਹੇ ਐਨ.ਆਰ.ਆਈ. ਸੰਮੇਲਨ ਕਰਵਾਉਣ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ ਜਿਨ੍ਹਾਂ ਦਾ ਕੋਈ ਨਤੀਜਾ ਨਹੀਂ ਨਿਕਲਦਾ। ਸਭਾ ਦੇ ਅਹੁਦਿਆਂ 'ਤੇ ਕਬਜ਼ਾ ਕਰਕੇ ਸਰਦਾਰੀਆਂ ਕਾਇਮ ਕਰਨ ਦੀ ਬਜਾਇ ਇਸ ਦੇ ਕਰਤਿਆਂ ਧਰਤਿਆਂ ਨੂੰ ਪੰਜਾਬ ਦੀ ਜਵਾਨੀ ਦੀ ਬਾਂਹ ਫੜਨੀ ਚਾਹੀਦੀ ਹੈ। 
ਪੰਜਾਬ ਦੇ ਨੌਜਵਾਨਾਂ ਪ੍ਰਤੀ ਵੱਡੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਕਿ ਉਹ ਅਜਿਹੇ ਮਸਲਿਆਂ ਲਈ ਲੋਕਾਂ ਨਾਲ ਸਿੱਧਾ ਸਬੰਧ ਕਾਇਮ ਕਰੇ। ਕਿਸੇ ਏਜੰਟ ਖ਼ਿਲਾਫ ਕੋਈ ਕਾਰਵਾਈ ਕਰਨੀ ਹੋਵੇ ਤਾਂ ਆਮ ਲੋਕਾਂ ਲਈ ਬਹੁਤ ਹੀ ਮੁਸ਼ਕਲ ਕੰਮ ਹੈ। ਪੰਜਾਬ ਸਰਕਾਰ ਵਲੋਂ ਵੈਬਸਾਈਟ ਦਾ ਜਿਕਰ ਕਰਕੇ ਇਹ ਕਿਹਾ ਜਾ ਰਿਹਾ ਹੈ ਕਿ ਵਿਦੇਸ਼ਾਂ 'ਚ ਜਾਣ ਵਾਲੇ ਨੌਜਵਾਨਾਂ ਲਈ 1971 'ਚ ਹੀ ਰੁਜ਼ਗਾਰ ਵਿਭਾਗ 'ਚ ਵਿਦੇਸ਼ੀ ਰੁਜ਼ਗਾਰ ਦੀ ਜਾਣਕਾਰੀ ਦੇਣ ਲਈ ਇੱਕ ਸਿਖਲਾਈ ਸੈਂਟਰ ਦਾ ਗਠਨ ਕੀਤਾ ਗਿਆ ਸੀ। ਸਰਕਾਰੀ ਦਾਅਵਿਆਂ ਮੁਤਾਬਿਕ ਹੀ 1994 'ਚ ਇਸ ਨੇ ਓਵਰਸੀਜ਼ ਰੁਜ਼ਗਾਰ ਸੈੱਲ ਦਾ ਗਠਨ ਕੀਤਾ। ਜਿਸ ਲਈ ਪੰਜਾਬ ਸਟੇਟ ਕੌਂਸਲ ਫਾਰ ਇੰਪਲਾਈਮੈਂਟ ਅਤੇ ਟ੍ਰੇਨਿੰਗ ਦਾ ਵੀ ਗਠਨ ਕੀਤਾ ਗਿਆ। ਇਸ ਨੇ ਓਵਰਸੀਜ਼ ਪੰਜਾਬ ਨਾਂਅ ਦੀ ਇੱਕ ਵੈਬਸਾਈਟ ਬਣਾਈ ਸੀ, ਜਿਹੜੀ ਹੁਣ ਬੰਦ ਹੈ। ਇਸ ਦੌਰਾਨ ਕੌਂਸਲ ਨੇ ਕੁੱਝ ਫੀਸ ਲੈ ਕੇ ਰਜਿਸਟ੍ਰੇਸ਼ਨ ਦਾ ਕੰਮ ਆਰੰਭ ਕੀਤਾ ਹੈ, ਜਿਸ 'ਚ ਓਵਰਸੀਜ਼ ਰੁਜ਼ਗਾਰ ਦੇ ਨਾਂਅ ਹੇਠ 9500 ਉਮੀਦਵਾਰ ਰਜਿਸਟਰਡ ਕੀਤੇ ਹਨ ਅਤੇ ਇਨ੍ਹਾਂ 'ਚੋਂ 2007 ਤੱਕ 302 ਉਮੀਦਵਾਰਾਂ ਨੂੰ ਵਿਦੇਸ਼ਾਂ 'ਚ ਭੇਜਣ ਦੀ ਮਦਦ ਕੀਤੀ ਹੈ। 2007 'ਚ ਨਵੀਂ ਸਰਕਾਰ ਦੇ ਗਠਨ ਉਪਰੰਤ ਨਵੇਂ ਵਾਅਦਿਆਂ ਅਤੇ ਨਵੇਂ ਦਾਅਵਿਆਂ ਨਾਲ ਕੌਂਸਲ ਦੇ ਪਹਿਲੇ ਨਾਂਅ 'ਚ ਜਨਰੇਸ਼ਨ ਸ਼ਬਦ ਜੋੜ ਦਿੱਤਾ ਗਿਆ। ਸਰਕਾਰ ਵਲੋਂ ਇਨ੍ਹਾਂ ਨੂੰ ਸੁਸਾਇਟੀ ਰਜਿਸਟ੍ਰੇਸ਼ਨ ਐਕਟ ਤਹਿਤ ਰਜਿਸਟਰਡ ਕਰਵਾ ਕੇ ਨੌਜਵਾਨਾਂ ਨੂੰ ਰੁਜ਼ਗਾਰ ਬਾਬਤ ਸਿਖਲਾਈ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜੇ ਸਰਕਾਰ ਦਾ ਬਸ ਇੰਨਾ ਕੁ ਹੀ ਉੱਦਮ ਹੈ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਰਕਾਰ ਦੇਸ਼ ਦੇ ਨੌਜਵਾਨਾਂ ਲਈ ਕਿੰਨਾ ਕੁ ਫਿਕਰਮੰਦ ਹੈ।   
ਪੰਜਾਬ ਸਰਕਾਰ ਪ੍ਰਵਾਸੀ ਭਾਰਤੀਆਂ ਦੇ ਨਾਂਅ ਹੇਠ ਵੱਖ-ਵੱਖ ਸਮਾਗਮ ਕਰਕੇ ਸ਼ਿਕਾਇਤਾਂ ਸੁਣ ਰਹੀ ਹੈ। ਇਥੋਂ ਤੱਕ ਕਿ ਰਾਜ ਦੇ ਬਹੁਤੇ ਥਾਵਾਂ 'ਤੇ ਐਨਆਰਆਈ ਥਾਣੇ ਖੋਲ੍ਹ ਦਿੱਤੇ ਹਨ। ਪਿਛਲੇ ਸਾਲ ਪੰਜਾਬ ਦੇ ਮੁਖ ਮੰਤਰੀ ਨੇ ਇੱਕ ਟਿੱਚਰ ਵੀ ਕੀਤੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਹੁਣ ਪ੍ਰਵਾਸੀ ਭਾਰਤੀਆਂ ਲਈ ਜੇਲ੍ਹਾਂ ਬਣਾਉਣੀਆਂ ਹੀ ਰਹਿ ਗਈਆਂ ਹਨ। ਪ੍ਰਵਾਸੀ ਭਾਰਤੀਆਂ ਦੀਆਂ ਸ਼ਿਕਾਇਤਾਂ ਖੁੱਲ੍ਹੇ ਦਰਬਾਰ ਲਗਾ ਕੇ ਸੁਣਨੀਆਂ ਆਪਣੇ ਆਪ 'ਚ ਖੋਖਲੇ ਤੰਤਰ ਦੀ ਗਵਾਹੀ ਹੈ। ਜੇ ਸਾਰਾ ਢਾਂਚਾ ਠੀਕ ਢੰਗ ਨਾਲ ਕੰਮ ਕਰ ਰਿਹਾ ਹੋਵੇ ਤਾਂ ਅਜਿਹੀਆਂ ਸ਼ਿਕਾਇਤਾਂ ਸੁਣਨ ਦੀ ਲੋੜ ਹੀ ਨਹੀਂ ਹੈ। ਦੂਜੇ ਪਾਸੇ ਜਿਹੜੇ ਰੁਜ਼ਗਾਰ ਦੀ ਭਾਲ 'ਚ ਵਿਦੇਸ਼ਾਂ 'ਚ ਜਾ ਕੇ ਆਪਣੀ ਲੁੱਟ ਕਰਵਾ ਰਹੇ ਹਨ, ਉਨ੍ਹਾਂ ਬਾਰੇ ਕਿਸੇ ਨੂੰ ਕੋਈ ਫਿਕਰਮੰਦੀ ਨਹੀਂ ਹੈ। ਰਾਜ ਦਾ ਨੌਜਵਾਨ ਜੇ ਗੈਰ ਕਾਨੂੰਨੀ ਤਰੀਕੇ ਅਪਣਾ ਕੇ ਵੀ ਵਿਦੇਸ਼ ਜਾ ਰਿਹਾ ਹੈ ਤਾਂ ਇਸ ਦੀ ਮੁਖ ਜਿੰਮੇਵਾਰੀ ਵੀ ਸਰਕਾਰ ਦੀ ਹੀ ਹੈ, ਜਿਸ ਨੇ ਸਮਾਂ ਰਹਿੰਦਿਆਂ ਜਾਣਕਾਰੀ ਉਪਲੱਭਧ ਨਹੀਂ ਕਰਵਾਈ। ਕਿੱਤਾ ਮੁਖੀ ਕੋਰਸਾਂ ਦਾ ਲਾਹਾ ਲੈ ਕੇ ਵਿਦੇਸ਼ ਜਾਣ ਵਾਲਿਆਂ ਲਈ ਸਰਕਾਰ ਨੇ ਕਿੰਨੇ ਕੁ ਉੱਦਮ ਕੀਤੇ ਹਨ, ਇਹ ਵੱਡਾ ਸਵਾਲ ਹੈ। ਕਾਗਜ਼ਾਂ 'ਚ ਖ਼ਾਨਾਪੂਰਤੀ ਵਧੇਰੇ ਹੁੰਦੀ ਨਜ਼ਰ ਆਉਂਦੀ ਹੈ ਅਤੇ ਅਜਿਹੇ ਨੌਜਵਾਨਾਂ ਦੀ ਬਾਂਹ ਘੱਟ ਹੀ ਫੜੀ ਜਾਂਦੀ ਹੈ। ਜਿਸ ਦੇ ਸਿੱਟੇ ਵਜੋਂ ਹੀ ਨੌਜਵਾਨ ਗਲਤ ਰੁਝਾਨਾਂ ਵੱਲ ਆਕਰਸ਼ਤ ਹੋ ਰਿਹਾ ਹੈ, ਜਿਸ ਪ੍ਰਤੀ ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜ ਨਹੀਂ ਸਕਦੀ।

ਸਿਆਸੀ ਮਾਫੀਏ ਨੂੰ ਗੁੰਡਾ ਟੈਕਸ ਦੇ ਕੇ ਚਲਦਾ ਹੈ ਨਜਾਇਜ਼ ਮਾਇਨਿੰਗ ਦਾ ਕਾਰੋਬਾਰ

ਮੋਹਨ ਸਿੰਘ ਧਮਾਣਾ

ਖਣਿਜ ਪਦਾਰਥ-ਰੇਤ, ਬੱਜਰੀ, ਗੱਟਕਾ ਆਦਿ ਨੂੰ ਧਰਤੀ ਵਿਚੋਂ ਪੁੱਟਕੇ ਵਰਤਣ ਜਾਂ ਵੇਚਣ ਦੇ ਕੰਮ ਨੂੰ ਮਾਇਨਿੰਗ ਕਹਿੰਦੇ ਹਨ।  ਇਨ੍ਹਾਂ ਖਣਿਜ ਪਦਾਰਥਾਂ ਦੀ ਮਾਇਨਿੰਗ ਕਰਨ ਦੇ ਵਿਧਾਨਕ ਤੌਰ 'ਤੇ ਕੁਝ ਨਿਯਮ ਬਣਾਏ ਗਏ ਹਨ ਤਾਂ ਕਿ ਮਾਇਨਿੰਗ ਕਰਨ ਨਾਲ ਵਾਤਾਵਰਣ 'ਤੇ ਪ੍ਰਭਾਵ ਨਾ ਪਵੇ। ਦਰਿਆਵਾਂ ਜਾਂ ਖੱਡਾਂ ਦੇ ਵਹਿਣ ਆਪਣਾ ਰਸਤਾ ਬਦਲਕੇ ਅਬਾਦੀਆਂ, ਜਾਂ ਉਪਜਾਊ ਜ਼ਮੀਨ ਦਾ ਨੁਕਸਾਨ ਨਾ ਕਰਨ ਅਤੇ ਰਸਤੇ ਵਗੈਰਾ ਖਰਾਬ ਨਾ ਹੋਣ। ਖਪਤਕਾਰਾਂ ਨੂੰ ਇਹ ਮਾਇਨਿੰਗ ਕੀਤੇ ਪਦਾਰਥ ਠੀਕ ਰੇਟ ਤੇ ਮਿਲਣ। ਇਨ੍ਹਾਂ ਨਿਯਮਾਂ ਤਹਿਤ ਹੀ ਤਹਿ ਹੁੰਦਾ ਹੈ ਕਿ ਕਿਹੜੀ ਜਗ੍ਹਾ ਮਾਇੰਨਿੰਗ ਕਰਨ ਦੇ ਯੋਗ ਹੈ। ਨਿਯਮਾਂ ਮੁਤਾਬਿਕ ਅਜਿਹੀ ਜਗ੍ਹਾ 'ਤੇ ਹੀ ਮਾਇਨਿੰਗ ਕਰਨ ਦੀ ਇਜਾਜ਼ਤ ਹੁੰਦੀ ਹੈ ਜਿਥੇ ਆਬਾਦੀ, ਉਪਜਾਊ ਜ਼ਮੀਨ ਅਤੇ ਦਰਿਆਵਾਂ ਉਤੇ ਬਣਾਏ ਪੁਲਾਂ ਅਤੇ ਸੜਕਾਂ ਦਾ ਨੁਕਸਾਨ ਨਾ ਹੋਏ। ਇਸ ਤਰ੍ਹਾਂ ਦੀ ਜਗ੍ਹਾ ਨਿਸ਼ਾਨਦੇਹੀ ਕਰਕੇ ਖੁਲੀ ਬੋਲੀ ਕਰਨ ਦਾ ਨਿਯਮ ਬਣਾਇਆ ਗਿਆ ਹੈ। 
ਮਾਇੰਨਿੰਗ ਮਾਫੀਆ ਸਰਕਾਰੀ ਸਰਪ੍ਰਸਤੀ ਹੇਠ ਕਿਸੇ ਆਪਣੇ ਇਕ ਵਿਅਕਤੀ ਜਾਂ ਗਰੁੱਪ ਦੇ ਨਾਂਅ ਇਹ ਬੋਲੀ ਕਰਵਾ ਕੇ ਨਿਸ਼ਚਤ ਜਗ੍ਹਾ ਤੇ ਨਿਯਮਾਂ ਦੀ ਪ੍ਰਵਾਹ ਨਾ ਕਰਦਾ ਹੋਇਆ ਅੰਨ੍ਹੇਵਾਹ ਮਾਇੰਨਿੰਗ ਤਾਂ ਕਰਦਾ ਹੀ ਹੈ ਨਾਲ ਲੱਗਦੀ ਮਾਲਕਾਂ ਦੀ ਜ਼ਮੀਨ ਠੇਕੇ 'ਤੇ ਲੈ ਕੇ ਉਸ ਵਿਚ ਵੀ ਸ਼ਰੇਆਮ ਇਹ ਧੰਦਾ ਕਰਦਾ ਹੈ। ਜਦੋਂ ਕਿ ਉਸਦੀ ਕੋਈ ਖੁਦਾਈ ਲਈ ਨਿਲਾਮੀ ਨਹੀਂ ਹੋਈ ਹੁੰਦੀ। ਰਾਜ ਕਰਦੀਆਂ ਪਾਰਟੀਆਂ ਦੇ ਆਗੂਆਂ ਅਤੇ ਮੰਤਰੀਆਂ ਦੀ ਸਰਪ੍ਰਸਤੀ ਹੇਠ ਗੁੰਡਾ ਗੈਂਗ ਬਣੇ ਹੋਏ ਹਨ ਜਿਹੜੇ ਆਪ ਤਾਂ ਨਜਾਇਜ਼ ਮਾਇੰਨਿੰਗ ਦਰਦੇ ਹੀ ਹਨ। ਇਸ ਧੰਦੇ ਵਿਚ ਜੁੜੇ ਹੋਰ ਲੋਕਾਂ ਤੋਂ ਨਾਕੇ ਲਾ ਕੇ ਗੁੰਡਾ ਟੈਕਸ ਜਬਰੀ ਵਸੂਲਦੇ ਹਨ ਅਤੇ ਆਪਣੀ ਛੱਤਰ ਛਾਇਆ ਹੇਠ ਨਜਾਇਜ਼ ਮਾਇੰਨਿੰਗ ਕਰਨ ਦੀ ਖੁਲ੍ਹ ਦਿੰਦੇ ਹਨ। ਇਹ ਗੁੰਡਾ ਟੈਕਸ ਦੀ ਵਸੂਲੀ ਰੂਪਨਗਰ ਜਿਲ੍ਹੇ ਵਿਚ ਹੀ ਲਗਭਗ ਇਕ ਦਿਨ ਵਿਚ 50 ਲੱਖ ਦੇ ਕਰੀਬ ਹੁੰਦੀ ਹੈ। ਇਸ ਬੇਨਿਯਮੀ ਮਾਇੰਨਿੰਗ ਅਤੇ ਗੁੰਡਾ ਗੈਂਗਾਂ ਦੇ ਖਿਲਾਫ ਸਰਕਾਰ ਅਤੇ ਪ੍ਰਸ਼ਾਸਨ ਕੁਝ ਵੀ ਕਾਨੂੰਨੀ ਕਾਰਵਾਈ ਨਹੀਂ ਕਰ ਰਿਹਾ। 
ਮਾਇਨਿੰਗ ਦਾ ਕਾਰੋਬਾਰ ਕਰਨ ਵਾਲਿਆਂ ਨੇ ਰੇਤਾ-ਬੱਜਰੀ, ਗਟਕੇ ਨੂੰ ਅੱਡ ਅੱਡ ਕਰਨ ਲਈ ਮਾਇੰਨਿੰਗ ਵਾਲੀਆਂ ਜਗ੍ਹਾ 'ਤੇ ਹੀ ਬਹੁਤ ਵੱਡੀ ਤਦਾਦ ਵਿਚ ਸਕਰੀਨਿੰਗ ਪਲਾਂਟ ਤੇ ਕਰੈਸ਼ਰ ਲਗਵਾ ਰੱਖੇ ਹਨ ਜਿੰਨ੍ਹਾ ਵਿਚੋਂ ਨਿਕਲਦੇ ਮਿੱਟੀ-ਘੱਟੇ ਅਤੇ ਆਵਾਜ਼ ਪ੍ਰਦੂਸ਼ਨ ਨੇ ਨਜ਼ਦੀਕ ਰਹਿੰਦੇ ਲੋਕਾਂ ਦਾ ਜਿਉਣਾ ਮੁਸ਼ਕਲ ਕੀਤਾ ਹੋਇਆ ਹੈ। ਲਗਾਤਾਰ ਮਿੱਟੀ ਘੱਟੇ ਵਿਚ ਰਹਿਣ ਕਾਰਨ ਕਾਫੀ ਲੋਕ ਅਸਥਮਾ (ਦਮਾ) ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਇਨ੍ਹਾਂ ਮਾਇੰਨਿੰਗ ਵਾਲੀਆਂ ਥਾਵਾਂ ਦੇ ਨਜ਼ਦੀਕ ਰਹਿੰਦੇ ਲੋਕਾਂ ਦੇ ਰੋਜ਼ਾਨਾ ਵਰਤੋਂ ਦੇ ਰਸਤਿਆਂ 'ਤੇ ਮਾਲ ਢੋਣ ਵਾਲੇ ਭਾਰੀ ਵਾਹਨਾਂ ਦੇ ਚਲਣ ਨਾਲ ਲੋਕਾਂ ਦਾ ਸੜਕਾਂ 'ਤੇ ਚਲਣਾ ਔਖਾ ਹੋ ਗਿਆ ਹੈ। ਘੱਟ ਸਮਰੱਥਾ ਵਾਲੀਆਂ ਇਨ੍ਹਾਂ ਸੜਕਾਂ ਦਾ ਭਾਰੀ ਵਾਹਨਾਂ ਨੇ ਚੂਰਾ ਕਰ ਕੇ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਹੈ। ਨਿਯਮ ਮੁਤਾਬਿਕ ਧਰਤੀ ਦੇ ਲੇਵਲ ਤੋਂ 10 ਫੁੱਟ ਤੱਕ ਹੀ ਮਾਇਨਿੰਗ ਕੀਤੀ ਜਾ ਸਕਦੀ ਹੈ। ਪ੍ਰੰਤੂ ਇਨ੍ਹਾਂ ਵਾਤਾਵਰਣ ਅਤੇ ਮਨੁਖਤਾ ਦੇ ਦੋਖੀਆਂ ਨੇ 50-50 ਫੁਟ ਤੱਕ ਖੁਦਾਈ ਕਰਕੇ ਦਰਿਆਵਾਂ ਅਤੇ ਖੱਡਾਂ ਵਿਚ ਖੱਡੇ ਪਾ ਦਿੱਤੇ ਹਨ। ਜਿੰਨ੍ਹਾ ਵਿਚ ਬਰਸਾਤਾਂ ਨੂੰ ਪਾਣੀ ਭਰ ਜਾਣ ਕਾਰਨ ਕਾਫੀ ਗਿਣਤੀ ਵਿਚ ਗੈਰ ਕੁਦਰਤੀ ਮੌਤਾਂ ਹੋ ਚੁੱਕੀਆਂ ਹਨ। 
ਇਸ ਬੇਨਿਯਮੀ ਮਾਇਨਿੰਗ ਕਾਰਨ ਪਾਣੀ ਦਾ ਲੇਵਲ ਹੇਠਾਂ ਜਾ ਰਿਹਾ ਹੈ, ਦਰੱਖਤ ਸੁਕਣੇ ਸ਼ੁਰੂ ਹੋ ਗਏ ਹਨ। ਧਰਤੀ ਬੈਠਣ ਲੱਗ ਪਈ ਹੈ। ਕਾਫੀ ਪੈਸਾ ਖਰਚ ਕੇ ਬਣਾਏ ਦਰਿਆਵਾਂ ਉਤੇ ਪੁਲਾਂ ਦੇ ਢਹਿਣ ਦਾ ਖਤਰਾ ਬਣਿਆ ਹੋਇਆ ਹੈ। ਦਰਿਆਵਾਂ ਦੇ ਬਹਾਅ ਬਦਲ ਜਾਣ ਕਾਰਨ ਅਬਾਦੀਆਂ ਅਤੇ ਉਪਜਾਊ ਜ਼ਮੀਨ ਨੂੰ ਲਗਾਤਾਰ ਖਤਰਾ ਪੈਦਾ ਹੋ ਗਿਆ ਹੈ। ਇਹ ਨਜਾਇਜ਼ ਧੰਦਾ ਕਰਨ ਵਾਲਾ ਮਾਫੀਆ ਜਿਥੇ ਵਾਤਾਵਰਨ ਨੂੰ ਖਰਾਬ ਕਰਕੇ ਮਨੁਖਤਾ ਦੇ ਜਾਨ ਤੇ ਮਾਲ ਨੂੰ ਖਤਰੇ ਵਿਚ ਪਾ ਕੇ ਆਪ ਮਾਲੋ ਮਾਲ ਹੋ ਰਿਹਾ ਹੈ ਉਥੇ ਖਪਤਕਾਰਾਂ ਨੂੰ ਵੀ ਇਹ ਧਰਤੀ ਵਿਚੋਂ ਨਿਕਲੀਆਂ ਕੁਦਰਤੀ ਵਸਤਾਂ ਕਈ ਗੁਣਾਂ ਮਹਿੰਗੀਆਂ ਮਿਲ ਰਹੀਆਂ ਹਨ। ਉਸਾਰੀ ਵਿਚ ਲੱਗੇ ਕਾਮਿਆਂ ਨੂੰ ਵੇਹਲੇ ਬੈਠਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। 
ਇਹ ਅੰਧਾ ਧੁੰਦ ਮਾਇਨਿੰਗ ਦਾ ਧੰਦਾ, ਰੇਤਾ ਦਾ, ਲਗਭਗ ਸਾਰੇ ਪ੍ਰਾਂਤ ਦੀਆਂ ਖੱਡਾਂ ਅਤੇ ਦਰਿਆਵਾਂ ਦੇ ਕੰਢਿਆਂ ਤੇ ਬਜਰੀ ਅਤੇ ਗਟਕਾ ਨਿਕਾਲਣ ਦਾ ਕੰਮ ਖਾਸ ਕਰਕੇ ਕੰਢੀ ਖੇਤਰ ਵਿਚ ਸ਼ਿਵਾਲਕ ਦੀਆਂ ਪਹਾੜੀਆਂ ਵਿਚੋਂ ਨਿਕਲਦੀਆਂ ਖੱਡਾਂ ਵਿਚ ਅਤੇ ਦਰਿਆਵਾਂ ਦੇ ਕਿਨਾਰਿਆਂ 'ਤੇ ਹੋ ਰਿਹਾ ਹੈ। ਸਰਕਾਰ ਅਤੇ ਪ੍ਰਸ਼ਾਸਨ ਦੀ ਸਰਪ੍ਰਸਤੀ ਹੇਠ ਚਲ ਰਹੇ ਨਜਾਇਜ਼ ਧੰਦੇ ਨਾਲ  ਵਾਤਾਵਰਣ ਅਤੇ ਲੋਕਾਂ ਦੇ ਜਾਨ ਅਤੇ ਮਾਲ ਦੇ ਹੋ ਰਹੇ ਨੁਕਸਾਨ ਕਾਰਨ ਪ੍ਰਭਾਵਤ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਜਿਸ ਦਾ ਪ੍ਰਗਟਾਵਾ ਬੱਝਵੇਂ ਰੂਪ ਵਿਚ ਸਮੁੱਚੇ ਪ੍ਰਾਂਤ ਅੰਦਰ ਤਾਂ ਅਜੇ ਸੰਘਰਸ਼ ਦੇ ਰੂਪ ਵਿਚ ਨਜ਼ਰੀ ਨਹੀਂ ਆ ਰਿਹਾ। ਪਰ ਵੱਖ ਵੱਖ ਖੇਤਰਾਂ ਵਿਚ ਪੀੜਤ ਲੋਕਾਂ ਨੇ ਇਸ ਨੂੰ ਰੋਕਣ ਲਈ ਸਮੇਂ  ਸਮੇਂ 'ਤੇ ਸੰਘਰਸ਼ ਕੀਤੇ ਹਨ। ਉਦਾਹਰਣ ਵਲੋਂ ਆਨੰਦਪੁਰ ਸਾਹਿਬ ਤਹਿਸੀਲ ਵਿਚ ਕਾਨਪੁਰ ਖੂਹੀ ਏਰੀਏ ਵਿਚ ਲਗਾਤਾਰ ਧਰਨੇ ਮੁਜ਼ਾਹਰੇ ਅਤੇ ਸੜਕਾਂ ਜਾਮ ਕਰਕੇ ਪ੍ਰਸ਼ਾਸਨ ਨੂੰ ਮਜ਼ਬੂਰ ਕੀਤਾ, ਜਿਸ ਦੇ ਸਿੱਟੇ ਵਜੋਂ ਕੁਝ ਕਾਰੋਬਾਰੀਆਂ ਦੇ ਖਿਲਾਫ ਪਰਚੇ ਦਰਜ ਹੋਏ। ਦਿਨ ਸਮੇਂ ਸੜਕਾਂ 'ਤੇ ਟਿੱਪਰ ਟਰਾਲੀਆਂ ਨਹੀਂ ਚਲ ਰਹੀਆਂ ਅਤੇ ਮਿੱਟੀ ਘੱਟੇ ਤੋਂ ਬਚਾਅ ਲਈ ਪਾਣੀ ਦਾ ਛਿੜਕਾਅ ਰਸਤਿਆਂ ਵਿਚ ਲਗਾਤਾਰ ਕੀਤਾ ਜਾਵੇਗਾ ਆਦਿ। ਇਸ ਤਰ੍ਹਾਂ ਪਿਛਲੇ ਸਮੇਂ ਵਿਚ ਜਲੰਧਰ ਜ਼ਿਲ੍ਹੇ ਵਿਚ ਨਕੋਦਰ, ਫਿਲੌਰ ਨਜ਼ਦੀਕ ਦਰਿਆ ਦੇ ਕੰਢਿਆਂ ਤੇ ਹੋ ਰਹੀ ਨਜਾਇਜ਼ ਮਾਇਨਿੰਗ ਦੇ ਖਿਲਾਫ ਲੋਕਾਂ ਨੇ ਸੰਘਰਸ਼ ਕਰਕੇ ਉਸ ਨੂੰ ਬੰਦ ਕਰਵਾਇਆ ਹੈ। ਪਿਛਲੇ ਸਾਲ ਅੰਮ੍ਰਿਤਸਰ ਦੇ ਅਜਨਾਲਾ ਖੇਤਰ ਵਿਚ ਵੀ ਬਾਰਡਰ ਦੇ ਏਰੀਆ ਵਿਚ ਨਜਾਇਜ਼ ਮਾਇਨਿੰਗ ਵਿਰੁੱਧ ਸਫਲ ਸੰਘਰਸ਼ ਕੀਤਾ ਜਾ ਚੁੱਕਾ ਹੈ। 
ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਲੋਕਾਂ ਦੇ ਜੀਵਨ ਅਤੇ ਵਾਤਾਵਰਨ ਨਾਲ ਖਿਲਵਾੜ ਕਰ ਰਹੇ ਇਸ ਮਾਫੀਏ ਦੇ ਖਿਲਾਫ ਸਖਤ ਕਾਰਵਾਈ ਕਰਕੇ ਇਸ ਨੂੰ ਬੰਦ ਕਰਵਾਏ ਪ੍ਰੰਤੂ ਇਸਦੇ ਉਲਟ ਇਸ ਦੇ ਖਿਲਾਫ ਆਵਾਜ਼ ਉਠਾ ਰਹੇ ਲੋਕਾਂ 'ਤੇ ਝੁਠੇ ਕੇਸ ਬਣਾ ਕੇ ਉਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਦੀ ਮਿਸਾਲ ਆਨੰਦਪੁਰ ਸਾਹਿਬ ਤਹਿਸੀਲ ਦੇ ਨੂਰਪੁਰ ਬੇਦੀ ਦੇ ਖੇਤਰ ਦੇ ਲੋਕਾਂ ਵਲੋਂ ਇਲਾਕਾ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਟੁਟੀਆਂ ਸੜਕਾਂ ਅਤੇ ਨਜਾਇਜ਼ ਮਾਈਨਿੰਗ ਦੇ ਖਿਲਾਫ 15 ਦਸੰਬਰ 2014 ਤੋਂ ਸੂਰੂ ਕੀਤਾ ਸੰਘਰਸ਼ ਹੈ। ਜਿਸ ਵਿੱਚ ਖੇਤਰ ਦੇ ਕਿਸਾਨਾਂ, ਮਜਦੂਰਾਂ ਅਤੇ ਮੁਲਾਜਮਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਮਜਬੂਰ ਕਰਕੇ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕੀਤੀ। ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨਾਲ਼ ਹੋਈ ਮੀਟਿੰਗ ਤੋਂ ਬਾਅਦ ਸੜਕਾਂ ਦੀ ਮੁਰੰਮਤ ਤਾਂ ਕਰਨੀ ਸ਼ੁਰੂ ਕਰ ਦਿਤੀ ਗਈ ਪਰ ਬਦਲਾ ਲਊ ਭਾਵਨਾ ਨਾਲ਼ 50 ਦੇ ਕਰੀਬ ਸੰਘਰਸ਼ਕਾਰੀਆਂ 'ਤੇ ਝੂਠੇ ਪਰਚੇ ਦਰਜ ਕਰ ਦਿੱਤੇ ਗਏ ਅਤੇ ਇੱਕ ਮੁਲਾਜਮ ਆਗੂ ਨੂੰ ਬਿਨਾਂ ਕਾਰਨ ਮੁਅੱਤਲ ਕਰ ਦਿਤਾ ਗਿਆ। 
ਇਹ ਮੁਲਾਜਮ ਆਗੂ, ਉਹ ਅਧਿਆਪਕ ਹੈ ਜਿਸ ਦੇ ਖਿਡਾਏ ਹੋਏ ਵਿਦਿਆਰਥੀ ਜਿਲ੍ਹਾ, ਸੂਬਾ ਅਤੇ ਨੈਸ਼ਨਲ ਪੱਧਰ ਤੇ ਜਿੱਤਾਂ ਪ੍ਰਾਪਤ ਕਰ ਚੁੱਕੇ ਹਨ। ਇਸ ਅਧਿਆਪਕ ਨੂੰ ਸ਼ਖਤ ਮਿਹਨਤ ਅਤੇ ਅਪਣੀ ਡਿਉਟੀ ਪ੍ਰਤੀ ਪੂਰੀ ਜਿੰਮੇਵਾਰੀ ਨਾਲ ਨਿਭਾਉਣ ਕਰਕੇ ਇਨ੍ਹਾਂ ਸ਼ਾਨਾਮਤੀ ਪ੍ਰਾਪਤੀਆਂ ਕਾਰਨ ਸਰਕਾਰ ਵਲੋਂ 15 ਅਗਸਤ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਸ ਨੂੰ ਮੁਅੱਤਲ ਇਸ ਕਰਕੇ ਕੀਤਾ ਗਿਆ ਕਿਉਂਕਿ ਉਹ ਉਪਰੋਕਤ ਸੰਘਰਸ਼ਸ਼ੀਲ ਲੋਕਾਂ ਨਾਲ ਮਿਲ ਕੇ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਅਵਾਜ ਉਠਾ ਰਿਹਾ ਹੈ। ਅਧਿਆਪਕ ਦੀ ਇਸ ਗੈਰ ਵਾਜਵ ਹੋਈ ਮੁਅੱਤਲੀ ਦੇ ਖਿਲਾਫ ਖੇਤਰ ਦੇ ਹਰ ਵਰਗ ਦੇ ਲੋਕਾਂ ਵਿੱਚ ਸਖਤ ਰੋਸ ਪਾਇਆ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਸੰਘਰਸ਼ ਕਰ ਰਹੇ ਲੋਕਾਂ ਦਾ ਘੇਰਾ ਆਏ ਦਿਨ ਵਿਸ਼ਾਲ ਹੋ ਰਿਹਾ ਹੈ। ਸੰਘਰਸ਼ ਕਰ ਰਹੇ ਲੋਕਾਂ ਤੇ ਸੰਗਠਨਾਂ ਨੇ ਅਹਿਦ ਕੀਤਾ ਹੈ ਕਿ ਜਦੋਂ ਤੱਕ ਲੋਕਾਂ ਦੀਆਂ ਇਨ੍ਹਾਂ ਭੱਖਵੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ, ਮੁਲਾਜ਼ਮ ਆਗੂ ਦੀ ਬਹਾਲੀ ਅਤੇ ਝੂਠੇ ਕੇਸ ਵਾਪਿਸ ਨਹੀਂ ਲਏ  ਜਾਂਦੇ ਤਾਂ ਤੱਕ ਸੰਘਰਸ਼ ਨੂੰ ਹੋਰ ਤੇਜ ਤੇ ਵਿਸ਼ਾਲ ਕਰਕੇ, ਜਾਰੀ ਰੱਖਿਆ ਜਾਵੇਗਾ।
ਅੱਜ ਸਮੇਂ ਦੀ ਲੋੜ ਹੈ ਕਿ ਪੰਜਾਬ ਵਿੱਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਦੀ ਸਰਪ੍ਰਸਤੀ ਹੇਠ ਜੋ ਮਾਫੀਆ ਚੱਲ ਰਿਹਾ ਹੈ ਇਸ ਨੂੰ ਠੱਲ੍ਹ ਪਾਉਣ ਲਈ ਨਜਾਇਜ਼ ਮਾਈਨਿੰਗ ਅਤੇ ਹੋਰ ਮਸਲਿਆਂ ਨੂੰ ਲੈ ਇਨ੍ਹਾਂ ਦੇ ਹੱਲ ਲਈ ਸੂਬਾ ਪੱਧਰ ਤੇ ਇਕ ਬੱਝਵਾਂ ਤੇ ਸਿਰੜੀ ਸੰਘਰਸ਼ ਚਲਾ ਕੇ ਸਰਕਾਰ ਨੂੰ ਮਜਬੂਰ ਕਰੀਏ ਕਿ ਸਰਕਾਰ ਇਨ੍ਹਾਂ ਲੁਟੇਰਿਆਂ ਨੂੰ ਨੱਥ ਪਾਏ। ਕੁਦਰਤ ਅਤੇ ਮਨੁਖੀ ਜਾਨਾਂ ਨਾਲ ਹੋ ਰਿਹਾ ਖਿਲਵਾੜ ਬੰਦ ਹੋਏ। ਇਹ ਕੰਮ ਲੋਕਾਂ ਦੇ ਵਿਸ਼ਾਲ ਇਕੱਠ ਅਤੇ ਸਿਰੜੀ ਸੰਘਰਸ਼ਾਂ ਨਾਲ ਹੀ ਸੰਭਵ ਹੋ ਸਕਦਾ ਹੈ।     
ਪ੍ਰਧਾਨ,  ਜਮਹੂਰੀ ਕੰਢੀ ਸੰਘਰਸ਼ ਕਮੇਟੀ ਪੰਜਾਬ

ਸਹਾਇਤਾ (ਸੰਗਰਾਮੀ ਲਹਿਰ-ਮਾਰਚ 2015)

ਕਾਮਰੇਡ ਕਰਨੈਲ ਸਿੰਘ ਫਿਲੌਰ ਦੇ ਲੜਕੇ ਸਾਥੀ ਹਰਭਜਨ ਸਿੰਘ ਦੀ ਪਤਨੀ ਬੀਬੀ ਪਵਿੱਤਰ ਕੌਰ ਦੇ ਸ਼ਰਧਾਂਜਲੀ ਸਮਾਗਮ ਸਮੇਂ ਪਰਿਵਾਰ ਵਲੋਂ ਸੀ.ਪੀ.ਐਮ.ਪੰਜਾਬ ਨੂੰ 11000 ਰੁਪਏ, 'ਸੰਗਰਾਮੀ ਲਹਿਰ' ਨੂੰ 5000 ਰੁਪਏ, ਦਿਹਾਤੀ ਮਜ਼ਦੂਰ ਸਭਾ ਨੂੰ 2500 ਰੁਪਏ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੂੰ 2500 ਰੁਪਏ ਸਹਾਇਤਾ ਵਜੋਂ ਦਿੱਤੇ ਗਏ। 

ਪ੍ਰੋ. ਰੁਪਿੰਦਰ ਸਿੰਘ, ਲਖਵਿੰਦਰ ਸਿੰਘ ਤੇ ਪਰਮਜੀਤ ਸਿੰਘ ਨੇ ਆਪਣੇ ਪਿਤਾ ਸ੍ਰੀ ਜਰਨੈਲ ਸਿੰਘ ਕਾਦੀਆਂ (ਵੈਲਡਰ ਪੰਜਾਬ ਰਾਜ ਬਿਜਲੀ ਬੋਰਡ) ਦੀ ਅੰਤਮ ਅਰਦਾਸ ਸਮੇਂ 'ਸੰਗਰਾਮੀ ਲਹਿਰ' ਨੂੰ 100 ਰੁਪਏ ਤੇ ਸੀ.ਪੀ.ਐਮ. ਪੰਜਾਬ ਨੂੰ 900 ਰੁਪਏ ਸਹਾਇਤਾ ਦਿੱਤੀ। 

ਮਾਸਟਰ ਸਰਦੂਲ ਸਿੰਘ ਉਸਮਾ, ਤਰਨਤਾਰਨ ਨੇ ਆਪਣੇ ਘਰ ਪੋਤਰੇ ਕਾਕਾ ਮਨਤਾਜ ਸਿੰਘ ਦੇ ਜਨਮ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਮਰਹੂਮ ਸ਼੍ਰੀਮਤੀ ਤੇ ਸ਼੍ਰੀ ਬ੍ਰਿਜ ਲਾਲ ਜੋਸ਼ੀ ਦੇ ਪਰਿਵਾਰ ਵਲੋਂ ਉਹਨਾਂ ਦੇ ਪੋਤਰੇ ਲਖਵੀਰ ਸਿੰਘ ਦਾ ਸ਼ੁਭ ਵਿਆਹ ਬੀਬੀ ਕਮਲਜੀਤ ਕੌਰ (ਸਪੁੱਤਰੀ ਸ਼੍ਰੀਮਤੀ ਅਤੇ ਸ਼੍ਰੀ ਤੇਜਿੰਦਰ ਸਿੰਘ ਨਿਵਾਸੀ ਫੂਲ ਜ਼ਿਲ੍ਹਾ ਬਠਿੰਡਾ) ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਦੀ ਤਹਿਸੀਲ ਇਕਾਈ ਸੰਗਰੂਰ ਨੂੰ 1000 ਰੁਪਏ ਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਸ਼੍ਰੀਮਤੀ ਅਤੇ ਸ਼੍ਰੀ ਅਮਰੀਕ ਸਿੰਘ ਗਿੱਲ ਪਿੰਡ ਦੁੱਗਾਂ ਜ਼ਿਲ੍ਹਾ ਸੰਗਰੂਰ ਨੇ ਆਪਣੇ ਪੋਤਰੇ ਕਾਕਾ ਅਮਨਦੀਪ ਸਿੰਘ (ਸਪੁੱਤਰ ਸ਼੍ਰੀਮਤੀ ਅਤੇ ਸ਼੍ਰੀ ਨਰਿੰਦਰ ਸਿੰਘ ਗਿੱਲ) ਦੀ ਸ਼ਾਦੀ ਬੀਬੀ ਸੰਦੀਪ ਕੌਰ (ਸਪੁੱਤਰੀ ਸ਼੍ਰੀਮਤੀ ਜਸਵਿੰਦਰ ਕੌਰ ਪਤਨੀ ਮਰਹੂਮ ਸ਼੍ਰੀ ਅਮਰਜੀਤ ਸਿੰਘ ਬਾਠ ਪਿੰਡ ਪਨੈਲ ਜ਼ਿਲ੍ਹਾ ਬਰਨਾਲਾ) ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਦੀ ਤਹਿਸੀਲ ਇਕਾਈ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਸੋਡੀ ਸਿੰਘ ਔਜਲਾ ਨੇ ਆਪਣੀ ਲੜਕੀ ਹਰਵਿੰਦਰ ਕੌਰ ਦਾ ਸ਼ੁਭ ਵਿਆਹ ਕਾਕਾ ਪਵਨਦੀਪ ਸਿੰਘ (ਸਪੁੱਤਰ ਸ਼੍ਰੀ ਹਰਵਿੰਦਰ ਸਿੰਘ ਕਾਲਾ ਸੰਘਿਆਂ) ਨਾਲ ਹੋਣ ਦੀ ਖੁਸ਼ੀ ਮੌਕੇ ਸੀ.ਪੀ.ਐਮ.ਪੰਜਾਬ ਤਹਿਸੀਲ ਕਮੇਟੀ ਫਿਲੌਰ ਨੂੰ 8500 ਰੁਪਏ, ਦਿਹਾਤੀ ਮਜ਼ਦੂਰ ਸਭਾ ਨੂੰ 2000 ਰੁਪਏ, 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਜਥੇਬੰਦਕ ਪ੍ਰਤੀਰੋਧ ਬਿਨਾਂ ਆਜ਼ਾਦੀ ਸੰਭਵ ਨਹੀਂ

ਅੰਤਰਰਾਸ਼ਟਰੀ ਔਰਤ ਦਿਵਸ 'ਤੇ ਵਿਸ਼ੇਸ਼

8 ਮਾਰਚ ਦਾ ਦਿਨ ਸਾਰੇ ਸੰਸਾਰ ਵਿਚ ਔਰਤਾਂ ਦੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਔਰਤਾਂ ਸੰਗਠਨਾਤਮਕ ਤੌਰ ਤੇ ਇਕੱਤਰ ਹੋ ਕੇ ਆਪਣੇ ਹੱਕਾਂ ਹਿੱਤਾਂ, ਉਹਨਾ ਨਾਲ ਹੋ ਰਹੀਆਂ ਬੇਇਨਸਾਫੀਆਂ ਅਤੇ ਹੋਰ ਸਾਂਝੇ ਮਸਲਿਆਂ ਬਾਰੇ ਵਿਚਾਰਾਂ ਕਰਦੀਆਂ ਹਨ। ਇਹ ਦਿਹਾੜਾ ਮਨਾਉਣ ਦਾ ਫੈਸਲਾ ਅਗਸਤ 1910 ਵਿਚ ਡੈਨਮਾਰਕ ਦੇ ਸ਼ਹਿਰ ਕੋਪਨਹੈਗਨ ਵਿਚ 'ਸਮਾਜਵਾਦੀ ਔਰਤਾਂ ਦੀ ਅੰਤਰਰਾਸ਼ਟਰੀ ਕਾਨਫਰੰਸ' ਵਿਚ ਕੀਤਾ ਗਿਆ ਸੀ ਅਤੇ 8 ਮਾਰਚ 1911 ਤੋਂ ਲਗਾਤਾਰ ਇਸ ਦਿਨ ਨੂੰ ਔਰਤਾਂ ਦੇ ਦਿਨ ਵਜੋਂ ਜਾਣਿਆ ਜਾਣ ਲੱਗਾ ਹੈ। 8 ਮਾਰਚ 1909 ਨੂੰ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ ਸਿਲਾਈ ਉਦਯੋਗ ਵਿਚ ਕੰਮ ਕਰਦੀਆਂ ਔਰਤਾਂ ਨੇ ਆਪਣੀਆਂ ਮੰਗਾਂ ਲਈ ਇਕ ਦਿਨ ਦੀ ਹੜਤਾਲ ਕੀਤੀ ਸੀ। ਹੋਰ ਮੰਗਾਂ ਦੇ ਨਾਲ ਨਾਲ ਔਰਤਾਂ ਨੇ ਵੋਟ ਦਾ ਅਧਿਕਾਰ ਦੇਣ ਦੀ ਵੀ ਮੰਗ ਕੀਤੀ ਸੀ। ਇਹ ਜਦੋ ਜਹਿਦ ਜਾਰੀ ਰਹੀ। ਜਦ ਸੋਵੀਅਤ ਯੂਨੀਅਨ ਗਣਰਾਜ ਬਣਨ ਨਾਲ ਸਮਾਜਵਾਦੀ ਰਾਜ ਪ੍ਰਬੰਧ ਸਥਾਪਤ ਹੋਇਆ ਤਦ ਲੋਕਾਂ ਨੂੰ ਬਰਾਬਰਤਾ ਅਤੇ ਸੁੱਖ ਸਹੂਲਤਾਂ ਦੇ ਹੋਰ ਅਨੇਕ ਅਧਿਕਾਰ ਮਿਲੇ, ਉਥੇ ਔਰਤਾਂ ਨੂੰ ਵੋਟ ਪਾਉਣ ਦੇ ਨਾਲ ਨਾਲ ਰਾਜਨੀਤਕ ਅਤੇ ਆਰਥਕ-ਸਮਾਜਕ ਖੇਤਰ ਵਿਚ ਮਰਦਾਂ ਦੇ ਬਰਾਬਰ ਖੜ੍ਹੇ ਹੋਣ ਦਾ ਹਰ ਮੌਕਾ ਪ੍ਰਦਾਨ ਕੀਤਾ ਗਿਆ। ਸਮਾਜਵਾਦੀ ਪ੍ਰਬੰਧ ਸਥਾਪਤ ਹੋਣ ਨਾਲ ਅਮਰੀਕਾ ਸਮੇਤ ਹੋਰ ਸਾਮਰਾਜੀ ਮੁਲਕਾਂ ਨੂੰ ਵੀ ਮਜ਼ਬੂਰੀ ਵੱਸ ਔਰਤਾਂ ਨੂੰ ਵੋਟ ਦਾ ਅਧਿਕਾਰ ਅਤੇ 'ਬਰਾਬਰ ਕੰਮ ਲਈ ਬਰਾਬਰ ਤਨਖਾਹ' ਦਾ ਅਧਿਕਾਰ ਦੇਣ ਪਿਆ। 8 ਮਾਰਚ 1909 ਤੋਂ ਔਰਤ ਹੱਕਾਂ ਦੀ ਜੱਦੋ ਜਹਿਦ ਲਈ ਕੀਤੀ ਸ਼ੁਰੂਆਤ ਦੀ ਯਾਦ ਹਰ ਸਾਲ ਔਰਤ ਦਿਵਸ ਵਜੋਂ ਮਨਾਈ ਜਾਂਦੀ ਹੈ। ਇਸ ਦਿਨ ਦਾ ਇਤਿਹਾਸਕ ਪਿਛੋਕੜ ਔਰਤ ਨੂੰ ਏਸ ਗੱਲ ਦੀ ਪ੍ਰੇਰਨਾ ਦਿੰਦਾ ਹੈ ਕਿ ਜਦੋ ਜਹਿਦ ਹੀ ਹੱਕਾਂ ਦੀ ਪ੍ਰਾਪਤੀ ਦਾ ਸਹੀ ਰਸਤਾ ਹੈ। 8 ਮਾਰਚ ਦੇ ਦਿਨ ਹਰ ਸਾਲ ਔਰਤਾਂ ਜਨਤਕ ਜਦੋਜਹਿਦ ਦੀ ਦਸ਼ਾ ਤੇ ਦਿਸ਼ਾ ਦਾ ਵਿਸ਼ਲੇਸ਼ਣ ਕਰਦੀਆਂ ਹਨ। ਔਰਤਾਂ ਨਾਲ ਜ਼ਿਆਦਤੀਆਂ ਅਤੇ ਵਿਤਕਰੇ ਸਿਰਫ ਗਰੀਬ ਤੇ ਪਛੜੇ ਮੁਲਕਾਂ ਵਿਚ ਹੀ ਨਹੀਂ ਹੋ ਰਹੇ ਸਗੋਂ ਅਮੀਰ ਮੁਲਕਾਂ ਵਿਚ ਇਹ ਵਰਤਾਰਾ ਵਿਆਪਕ ਹੈ। ਭਾਰਤ ਵਰਗੇ ਪੱਛੜੇ ਮੁਲਕਾਂ ਵਿਚ ਤਾਂ ਔਰਤਾਂ ਪੈਰ-ਪੈਰ 'ਤੇ ਜ਼ਿਆਦਤੀਆਂ ਦਾ ਸ਼ਿਕਾਰ ਹੋ ਰਹੀਆਂ ਹਨ। ਨਰਕ ਵਰਗੀ ਜ਼ਿੰਦਗੀ ਭੋਗ ਰਹੀਆਂ ਹਨ। ਸਭ ਤੋਂ ਖਤਰਨਾਕ ਰੁਝਾਨ ਖੁਦ ਸਰਕਾਰ ਵਲੋਂ ਹੀ ਕੀਤੇ ਜਾ ਰਹੇ ਵਿਤਕਰਿਆਂ ਦਾ ਹੈ। 
ਔਰਤ ਆਰਥਕ ਸ਼ੋਸ਼ਣ ਦਾ ਸ਼ਿਕਾਰ ਹੈ। ਅਗਰ ਔਰਤ ਨੂੰ ਹੋਰ ਖੇਤਰਾਂ ਵਿਚ ਬਣਦੀ ਭੂਮਿਕਾ ਅਦਾ ਕਰਨ ਦੇ ਯੋਗ ਬਣਾਉਣਾ ਹੈ ਤਾਂ ਸਭ ਤੋਂ ਜ਼ਰੂਰੀ ਹੈ ਉਸਨੂੰ ਆਰਥਕ ਤੌਰ ਤੇ ਸਵੈਨਿਰਭਰ ਕੀਤਾ ਜਾਵੇ। ਔਰਤ ਲਈ ਰੋਜ਼ਗਾਰ ਦੀ ਗਰੰਟੀ ਕੀਤੀ ਜਾਵੇ ਅਤੇ ਬਰਾਬਰ ਕੰਮ ਤੇ ਬਰਾਬਰ ਤਨਖਾਹ ਦਾ ਸੰਵਿਧਾਨਕ ਹੱਕ ਅਮਲੀ ਰੂਪ ਵਿਚ ਲਾਗੂ ਕੀਤਾ ਜਾਵੇ। ਪ੍ਰੰਤੂ ਅਫਸੋਸ ਕਿ ਨਿੱਜੀ ਅਦਾਰੇ ਤਾਂ ਵਿਤਕਰਾ ਕਰਦੇ ਹੀ ਹਨ ਖੁਦ ਸਰਕਾਰਾਂ ਵੀ ਐਸਾ ਕਰ ਰਹੀਆਂ ਹਨ। ਖਾਸ ਕਰਕੇ ਸਰਕਾਰ ਨੇ ਜੋ 'ਹਾਇਰ ਐਂਡ ਫਾਇਰ' ਦੀ ਨੀਤੀ ਤਹਿਤ ਆਊਟ ਸੋਰਸਿੰਗ ਰਾਹੀਂ ਭਰਤੀ ਸ਼ੁਰੂ ਕੀਤੀ ਹੈ ਉਸਨੇ ਤਾਂ ਤੰਗੀਆਂ ਵਿਚ ਹੋਰ ਵੀ ਵਾਧਾ ਕਰ ਦਿੱਤਾ ਹੈ। ਅੱਜ ਮਿਡ ਡੇ ਮੀਲ ਸਕੀਮ ਵਿਚ ਕੰਮ ਕਰਦੀਆਂ ਔਰਤਾਂ ਨੂੰ 1200 ਰੁਪਏ ਮਹੀਨਾ, ਉਹ ਵੀ ਸਾਲ ਵਿਚ 10 ਮਹੀਨੇ ਲਈ, ਜੋ ਸਿਰਫ 33 ਰੁਪਏ ਦਿਹਾੜੀ ਬਣਦੀ ਹੈ, ਦਿੱਤਾ ਜਾਂਦਾ ਹੈ। ਵੱਡੇ ਪੱਧਰ 'ਤੇ ਕੰਮ ਕਰਦੀਆਂ ਆਸ਼ਾ ਵਰਕਰਾਂ ਨੂੰ ਕੋਈ ਤਨਖਾਹ ਵੀ ਨਹੀਂ ਦਿੱਤੀ ਜਾਂਦੀ ਉਹ ਸਰਕਾਰ ਵਲੋਂ ਤਹਿ ਘੱਟ ਰੇਟਾਂ ਤੇ ਕੰਮ ਕਰਕੇ ਔਸਤਨ ਹਜ਼ਾਰ ਡੇੜ ਹਜ਼ਾਰ ਮਾਸਿਕ ਹੀ ਕਮਾ ਪਾਉਂਦੀਆਂ ਹਨ। ਆਂਗਨਵਾੜੀ ਔਰਤਾਂ ਜੋ ਸਾਰੇ ਹੀ 'ਔਰਤ ਤੇ ਬਾਲ ਵਿਕਾਸ' ਨਾਲ ਸਬੰਧਤ ਅਨੇਕਾਂ ਕਾਰਜਾਂ ਦੇ ਨਾਲ ਨਾਲ ਨਿਕੇ ਬੱਚਿਆਂ ਨੂੰ ਸੈਂਟਰਾਂ 'ਚ ਸਕੂਲਾਂ ਵਾਂਗ ਸਿਖਾਉਂਦੀਆਂ ਹਨ, ਉਥੇ ਵੀ ਵਰਕਰ ਨੂੰ ਪੰਜ ਹਜ਼ਾਰ ਤੇ ਹੈਲਪਰ ਨੂੰ ਢਾਈ ਹਜ਼ਾਰ ਮਾਸਿਕ ਵੇਤਨ ਮਿਲਦਾ ਹੈ। ਇਸ ਸਭ ਨੂੰ ਮਾਸਿਕ ਵੇਤਨ ਦੀ ਥਾਂ 'ਮਾਣ ਭੱਤਾ' ਕਹਿ ਕੇ ਚਿੜਾਇਆ ਜਾਂਦਾ ਹੈ। ਇਹ ਮਾਣ ਹੈ ਜਾਂ ਅਪਮਾਨ? ਜਦ ਇਹ ਔਰਤਾਂ ਹੱਕਾਂ ਲਈ ਜਾਂ ਸਾਂਝੇ ਤੌਰ 'ਤੇ ਜਦੋਜਹਿਦ ਕਰਦੀਆਂ ਹਨ ਤਾਂ ਪੁਲਸ ਡਾਂਗਾਂ ਨਾਲ ਨਿਵਾਜਦੀ ਹੈ। ਜਬਰ ਕਰਕੇ, ਜੇਲ੍ਹੀਂ ਡੱਕਕੇ ਅਪਮਾਨਤ ਕੀਤਾ ਜਾਂਦਾ ਹੈ। ਠੇਕੇ 'ਤੇ ਕੰਮ ਕਰਦੀਆਂ ਅਧਿਆਪਕਾਵਾਂ, ਨਰਸਾਂ, ਕਲਰਕਾਂ, ਸਫਾਈ ਸੇਵਕਾਵਾਂ ਅਤੇ ਸਰਕਾਰੀ ਸੰਸਥਾਵਾਂ ਵਿਭਾਗਾਂ 'ਚ ਕੰਮ ਕਰਦੀਆਂ ਔਰਤ ਵਰਕਰਾਂ ਦਾ ਵੀ ਐਸਾ ਹੀ ਹਾਲ ਹੈ। ਬਹੁਤ ਹੀ ਨਿਗੂਣਾ ਵੇਤਨ ਅਤੇ ਪਰਸੂਤਾ ਛੁੱਟੀ ਦੀ ਸਹੂਲਤ ਨਾਂਹ ਦੇ ਬਰਾਬਰ। ਜੇ ਪਰਸੂਤੀ ਛੁੱਟੀ ਕਿਤੇ ਕਿਤੇ ਤਿੰਨ ਕੁ ਮਹੀਨੇ ਲਈ ਮਿਲਦੀ ਵੀ ਹੈ, ਤਾਂ ਬਿਨਾਂ ਤਨਖਾਹ ਮਾਣਭੱਤੇ ਤੋਂ। 
ਜਰਾ ਸੋਚੋ ਜੇ ਖ਼ੁਦ ਸਰਕਾਰ ਹੀ ਨਿਯਮਾਂ ਦੀ ਪਾਲਣਾ ਨਹੀਂ ਕਰਦੀ। ਘੱਟੋ ਘੱਟ ਗੁਜਾਰੇ ਯੋਗ ਵੇਤਨ ਵੀ ਨਹੀਂ ਦਿੰਦੀ ਤਾਂ ਹੋਰ ਨਿੱਜੀ ਅਦਾਰਿਆਂ ਨੂੰ ਕਿਵੇਂ ਰੋਕ ਸਕੇਗੀ। ਹੁਣ ਤਾਂ ਅੱਗੋਂ ਸਾਰਾ ਕੁਝ ਨਿੱਜੀ ਖੇਤਰ 'ਚ ਹੀ ਦੇਣ ਦੀ ਨੀਤੀ ਅਪਣਾਈ ਜਾ ਰਹੀ ਹੈ। ਔਰਤ ਦੀ ਹਾਲਤ ਹੋਰ ਵੀ ਤਰਸਯੋਗ ਹੁੰਦੀ ਜਾ ਰਹੀ ਹੈ। 
ਕੰਮ ਕਰਦੀਆਂ ਮਹਿਲਾ ਵਰਕਰਾਂ ਨੂੰ ਆਪਣੇ ਅਧਿਕਾਰੀ/ਮਾਲਕ ਅਤੇ ਹੋਰ ਪ੍ਰਭਾਵਸ਼ਾਲੀ ਮਰਦਾਂ ਦੀਆਂ ਜ਼ਿਆਦਤੀਆਂ ਜਿਸਮਾਨੀ ਛੇੜਛਾੜ, ਭੱਦੀ ਸ਼ਬਦਾਵਲੀ, ਅਸ਼ਲੀਲ ਹਰਕਤਾਂ ਅਤੇ ਸਰੀਰਕ ਸ਼ੋਸ਼ਣ ਦਾ ਪੈਰ ਪੈਰ ਤੇ ਸ਼ਿਕਾਰ ਹੋਣਾ ਪੈਂਦਾ ਹੈ। ਜਿਸਮਾਨੀ ਸ਼ੋਸ਼ਣ, ਬਲਾਤਕਾਰ, ਤੇਜਾਬੀ ਹਮਲੇ ਅਜੇ ਵੀ ਔਰਤ-ਨਾਰੀ ਪੈਰ ਪੈਰ 'ਤੇ ਝੇਲ ਰਹੀ ਹੈ। ਬੱਸਾਂ, ਰੇਲਾਂ, ਭੀੜ ਭੜੱਕਿਆਂ ਵਿਚ ਇਕੱਲਿਆਂ ਸਫਰ ਕਰਨਾ ਬਹੁਤ ਹੀ ਕਠਿਨ ਹੋ ਗਿਆ ਹੈ। ਹੁਣ ਤਾਂ ਘਰੋਂ ਬਾਹਰ ਸਕੂਲ ਕਾਲਜ ਪੜ੍ਹਨ ਪੜ੍ਹਾਉਣ ਲਈ ਜਾਣ ਲੱਗਿਆ ਵੀ ਡਰ ਲੱਗਦਾ ਹੈ। ਔਰਤ ਨਾਲ ਜਿੰਨਾਂ ਜਿਸਮਾਨੀ ਧੱਕਾ ਇਸ ਸਮੇਂ ਹੋ ਰਿਹਾ ਹੈ। ਪਿਛਲੇ ਸਾਰੇ ਰਿਕਾਰਡ ਹੀ ਟੁੱਟਦੇ ਜਾ ਰਹੇ ਹਨ। ਫਰੀਦਕੋਟ ਦਾ ਸ਼ਰੁਤੀ ਕਾਂਡ, ਤਰਨਤਾਰਨ, ਦਿੱਲੀ, ਅੰਮ੍ਰਿਤਸਰ  ਭਾਵ ਦੇਸ਼ ਦਾ ਕੋਈ ਵੀ ਭਾਗ ਐਸੀਆਂ ਮਦਭਾਗੀ ਘਟਨਾਵਾਂ ਤੋਂ ਮੁਕਤ ਨਹੀਂ ਹੈ। ਹਰ ਦਿਨ ਅਨੇਕਾਂ ਘਟਨਾਵਾਂ ਹੋ ਰਹੀਆਂ ਹਨ। ਪੰਜਾਬ ਵਿਚ ਤਾਂ ਇਸ ਦਾ ਸਿਖਰ ਹੈ। ਹਰ ਰੋਜ਼ ਨਵੀਆਂ ਤੋਂ ਨਵੀਆਂ ਘਟਨਾਵਾਂ ਹੁੰਦੀਆਂ ਹਨ। ਜਿਸ ਵੀ ਦੇਸ਼ ਵਿਚ ਔਰਤ ਸੁਰੱਖਿਅਤ ਨਹੀਂ ਹੈ ਉਹ ਦੇਸ਼, ਸਮਾਜ ਕਦੇ ਵੀ ਤਰੱਕੀ ਨਹੀਂ ਕਰ ਸਕਦਾ। 
ਨਸ਼ਿਆਂ ਨੇ ਔਰਤ ਦਾ ਜਿਊਣਾ ਹੋਰ ਵੀ ਕਠਿਨ ਬਣਾ ਦਿੱਤਾ ਹੈ। ਨਸ਼ਿਆਂ ਦੇ ਸੁਦਾਗਰ, ਪੈਸਾ ਕਮਾਉਣ ਦੀ ਹੋੜ ਵਿਚ  ਜਵਾਨੀ ਨੂੰ ਗਰਕ ਕਰ ਰਹੇ ਹਨ। ਨਸ਼ਿਆਂ ਤੋਂ ਪੈਸਾ ਕਮਾਉਣ ਲਈ ਉਹ ਨੌਜਵਾਨ ਲੜਕੀਆਂ ਨੂੰ ਵੀ ਇਸਦਾ ਸ਼ਿਕਾਰ ਬਣਾ ਰਹੇ ਹਨ। ਕਾਲਿਜ 'ਚ ਪੜ੍ਹਦੀਆਂ ਲੜਕੀਆਂ ਜੋ ਆਪਣੇ ਹਨੇਰੇ ਭਵਿੱਖ ਤੋਂ ਚਿੰਤਤ ਤੇ ਭੈਅਭੀਤ ਹਨ, ਲੜਕਿਆਂ ਵਾਂਗ ਉਹ ਵੀ ਨਸ਼ਾ ਸ਼ਿਕਾਰੀਆਂ ਦੇ ਜ਼ਹਿਰੀਲੇ ਤੀਰਾਂ ਦਾ ਸ਼ਿਕਾਰ ਹੋ ਰਹੀਆਂ ਹਨ। ਇੰਨਾ ਹੀ ਨਹੀਂ ਜਦ ਕਿਸੇ ਦੀ ਸੰਤਾਨ ਨਸ਼ਿਆਂ 'ਚ ਗਰਕ ਹੋ ਰਹੀ ਹੋਵੇ ਉਸ ਮਾਂ-ਪਿਓ 'ਤੇ ਕੀ ਬੀਤਦੀ ਹੈ? ਉਸ ਮਾਸੂਮ 'ਤੇ ਵੀ ਕੀ ਬੀਤਦੀ ਹੈ ਜਿਸਦਾ ਪਿਤਾ ਹਰ ਸਮੇਂ ਨਸ਼ਿਆਂ 'ਚ ਧੁੱਤ ਗਵਾਚਾ ਰਹਿੰਦਾ ਹੋਵੇ। ਇਹ ਸੰਤਾਪ ਹਰ ਮਾਂ, ਧੀ, ਭੈਣ ਅਤੇ ਪਤਨੀ ਨੂੰ ਔਰਤ ਦੇ ਰੂਪ ਵਿਚ ਵੱਡੀ ਪੱਧਰ 'ਤੇ ਹੰਢਾਉਣਾ ਪੈ ਰਿਹਾ ਹੈ। ਬਹੁਤੇ ਪਰਿਵਾਰਾਂ ਕੋਲ ਕੋਈ ਵਾਰਸ ਹੀ ਨਹੀਂ ਰਿਹਾ। ਅਫਸੋਸ ਕਿ ਖ਼ੁਦ ਸਰਕਾਰ, ਰਾਜਨੀਤੀਵਾਨ ਅਤੇ ਅਫਸਰਸ਼ਾਹੀ ਇਹਨਾਂ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰਦੀ ਹੈ। ਜਦ ਵਾੜ ਹੀ ਖੇਤ ਨੂੰ ਖਾ ਰਹੀ ਹੋਵੇ, ਔਰਤ ਰੂਪੀ ਫਸਲ ਖੇਤ ਕਿਵੇਂ ਸੁਰੱਖਿਅਤ ਰਹੇਗਾ? ਦਾਜ ਦੀ ਲਾਹਨਤ ਉਵੇਂ ਹੀ ਬਰਕਰਾਰ ਹੈ। ਗਰੀਬ ਘਰਾਂ ਦੀਆਂ ਲੜਕੀਆਂ ਅਮੀਰਾਂ ਵਾਂਗ ਸ਼ਾਨੋ-ਸ਼ੋਕਤ ਨਾਲ ਪੈਲਸਾਂ ਦੇ ਵੱਡੇ ਖਰਚੇ ਤੇ ਅਡੰਬਰਾਂ ਨਾਲ ਸ਼ਾਦੀ ਕਰਨ ਅਤੇ ਕਾਰਾਂ ਵਰਗੀਆਂ ਮੰਗਾਂ ਪੂਰੀਆਂ ਕਰਨ ਦੇ ਅਸਮਰਥ ਹੋਣ ਕਾਰਨ ਤਿਲ ਤਿਲ ਕਰਕੇ ਮਰ ਰਹੀਆਂ ਹਨ। ਉਹ ਮਿੱਟੀ ਦੇ ਤੇਲ ਨਾਲ ਸੜਨ ਮਰਨ ਲਈ ਮਜ਼ਬੂਰ ਹੋ ਜਾਂਦੀਆਂ ਹਨ। ਦਾਜ 'ਤੇ ਮੁਕੰਮਲ ਪਾਬੰਦੀ ਵਾਲੇ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਸਮਾਜ ਨੂੰ ਇਸ ਬਾਰੇ ਜਾਗਰੂਕ ਕਰਨਾ ਅਤਿਅੰਤ ਜ਼ਰੂਰੀ ਹੈ ਜੋ ਕੇਵਲ ਅਗਾਂਹਵਧੂ ਸੋਚਣੀ ਵਾਲੇ ਲੋਕ ਹੀ ਜਥੇਬੰਦ ਹੋ ਕੇ ਕਰ ਸਕਦੇ ਹਨ। ਰਾਜ ਕਰ ਰਹੀ ਅਮੀਰ ਸ਼੍ਰੇਣੀ ਨੇ ਇਹ ਨਹੀਂ ਕਰਨਾ। ਭਰੂਣ ਹੱਤਿਆ ਦਾ ਸੰਤਾਪ ਔਰਤਾਂ ਨੂੰ ਵੱਡੀ ਪੱਧਰ ਤੇ ਹੰਢਾਉਣਾ ਪੈ ਰਿਹਾ ਹੈ। ਦੁਨੀਆਂ ਦੀ ਕੋਈ ਵੀ ਔਰਤ ਆਪਣੀ ਢਿੱਡ ਦੀ ਬੇਟੀ ਦਾ ਕਤਲ ਨਹੀਂ ਕਰਨਾ ਚਾਹੁੰਦੀ। ਪ੍ਰੰਤੂ ਪਿਛਾਖੜੀ ਜਗੀਰੂ ਸੋਚ ਉਸਨੂੰ ਐਸਾ ਕਰਨ ਲਈ ਮਜ਼ਬੂਰ ਕਰ ਦਿੰਦੀ ਹੈ। ਜਾਇਦਾਦ ਦਾ ਵਾਰਸ ਸਿਰਫ ਪੁੱਤਰ ਹੀ ਹੋ ਸਕਦਾ ਹੈ, ਧੀਆਂ ਬੇਗਾਨਾ ਧੰਨ ਹੁੰਦੀਆਂ ਹਨ। ਧੀਆਂ ਕੁਲ ਨੂੰ ਦਾਗ ਲਾਉਂਦੀਆਂ ਹਨ। ਐਸੀਆਂ ਔਰਤ ਵਿਰੋਧੀ ਸੋਚਾਂ ਔਰਤ ਦੀ ਆਜ਼ਾਦ ਹੋਂਦ ਨੂੰ ਹਰ ਵੇਲੇ ਖਤਰੇ ਵਿਚ ਪਾਈ ਰੱਖਦੀਆਂ ਹਨ। ਪੰਜਾਬ ਵਿਚ ਜਗੀਰੂ ਸੋਚ ਭਾਰੂ ਹੋਣ ਕਰਕੇ ਅਤੇ ਇਸ ਦਾ ਰਾਜ ਭਾਗ 'ਤੇ ਕਬਜ਼ਾ ਹੋਣ ਕਾਰਨ ਔਰਤ ਨੂੰ ਪੈਰ ਦੀ ਜੁੱਤੀ ਹੀ ਸਮਝੇ ਜਾਣ ਵਾਲੀ ਦਕਿਆਨੂਸੀ ਸੋਚ ਅੱਜ ਭਾਰਤ ਦੇ ਸਰਮਾਏਦਾਰੀ-ਜਗੀਰਦਾਰੀ ਰਾਜ ਪ੍ਰਬੰਧ ਵਿਚ ਪੁਰਸ਼ ਮਨਾਂ ਵਿਚ ਮੌਜੂਦ ਹੈ। ਔਰਤ ਜਿਸਨੂੰ ਹਰ ਪੱਧਰ 'ਤੇ ਪੈਰ ਪੈਰ ਗੁਲਾਮੀ ਦੀ ਜਿਲ੍ਹਣ ਵਿਚੋਂ ਵੀ ਗੁਜਰਨਾ ਪੈਂਦਾ ਹੈ, ਉਸ ਨੂੰ ਆਪਣੀ ਢਿੱਡ ਦੀ ਜਾਈ ਨੂੰ ਪੇਟ ਵਿਚ  ਹੀ ਕਤਲ ਕਰਨ ਲਈ ਮਜ਼ਬੂਰ ਕਰ ਦਿੱਤਾ ਜਾਂਦਾ ਹੈ। ਇਹ ਕਹਿਣਾ ਔਰਤ ਨਾਲ ਘੋਰ ਬੇਇਨਸਾਫੀ ਹੈ ਕਿ 'ਔਰਤ ਹੀ ਔਰਤ ਦੀ ਵੈਰੀ ਹੈ' ਅਤੇ ਔਰਤ ਜੇ ਨਾ ਚਾਹੇ ਤਾਂ ਭਰੂਣ ਹੱਤਿਆ ਨਹੀਂ ਹੋ ਸਕਦੀ। ਔਰਤ ਨੂੰ ਨਾ ਬਰਾਬਰੀ ਵਾਲੇ ਮਰਦ ਪ੍ਰਧਾਨ ਸਮਾਜਕ ਪ੍ਰਬੰਧ ਵਿਚ ਮਰਦ ਦੀ ਮਰਜੀ ਨਾਲ ਹੀ ਜਿਊਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਸਰਕਾਰ ਸੱਚਮੁਚ ਹੀ ਹਜਾਰ ਲੜਕਿਆਂ ਪਿੱਛੇ ਕਰੀਬ ਸਾਢੇ ਅੱਠ ਸੌ ਰਹਿ ਗਈਆਂ ਲੜਕੀਆਂ ਦੀ ਤਾਦਾਦ ਵਿਚ ਵਾਧਾ ਕਰਨਾ ਚਾਹੁੰਦੀ ਹੈ ਤਾਂ ਉਸਨੂੰ ਲੜਕੀ ਨੂੰ ਮੁਫ਼ਤ ਤੇ ਵਧੀਆ ਪੜ੍ਹਾਈ ਅਤੇ ਲੜਕੀ ਦੇ ਰੁਜ਼ਗਾਰ ਦੀ ਗਰੰਟੀ ਕਰਨੀ ਹੋਵੇਗੀ। 
ਅਨਪੜ੍ਹਤਾ ਦਾ ਮਾਰੂ ਹਮਲਾ ਵੀ ਔਰਤ ਨੂੰ ਹੀ ਵਧੇਰੇ ਝੇਲਣਾ ਪੈਂਦਾ ਹੈ। ਜੇ ਸਿਰਫ ਆਪਣਾ ਨਾਮ ਲਿਖ ਸਕਣ ਵਾਲੇ ਨੂੰ ਵੀ ਪੜ੍ਹਿਆ ਲਿਖਿਆ ਗਿਣ ਲਈਏ ਤਾਂ 74.04% ਪੜ੍ਹਿਆਂ ਲਿਖਿਆ 'ਚੋਂ ਔਰਤਾਂ 82.14% ਮਰਦਾਂ ਦੇ ਮੁਕਾਬਲੇ ਕੇਵਲ 65.46% ਹੀ ਹਨ। ਪੰਜਾਬ ਵਿਚ ਕੇਵਲ 62.5% ਭਾਵ ਔਰਤਾਂ ਦੀ ਅੱਧੀ ਅਬਾਦੀ ਉੱਕਾ ਹੀ ਅਨਪੜ੍ਹ ਹੈ। ਗਰੀਬੀ ਦੀ ਜਿਲ੍ਹਣ 'ਚ ਫਸ ਕੇ ਨਰਕ ਵਰਗੀ ਜ਼ਿੰਦਗੀ ਹੰਡਾ ਰਹੀ ਔਰਤ ਕਿਵੇਂ ਬੱਚਿਆਂ ਨੂੰ ਸਕੂਲ ਭੇਜੇ। ਖਾਸ ਕਰਕੇ ਧੀ ਨੂੰ। ਸਰਕਾਰੀ ਸਕੂਲਾਂ 'ਚ ਪ੍ਰਬੰਧ ਨਹੀਂ, ਨਿੱਜੀ ਸਕੂਲਾਂ ਦੀਆਂ ਫੀਸਾਂ ਦੇਣ ਜੋਗੀ ਅਵਸਥਾ ਨਹੀਂ। 
ਅੱਜ ਤਾਂ ਗਰੀਬੀ ਨੇ ਔਰਤ ਦੀ ਅਤਿਅੰਤ ਮੰਦੀ ਹਾਲਤ ਕਰ ਦਿੱਤੀ ਹੈ। 15-16 ਸਾਲਾਂ ਤੱਕ ਦੀਆਂ ਬਾਲੜੀਆਂ ਨੂੰ ਵੀ ਗਰੀਬ ਮਾਪੇ ਦੇਹ ਵਪਾਰ ਦੇ ਧੰਦੇ 'ਚ ਪਾਉਣ ਲਈ ਮਜ਼ਬੂਰ ਹਨ। ਇਹ ਵਰਤਾਰਾ ਹੋਰ ਵੀ ਵੱਧਦਾ ਜਾ ਰਿਹਾ ਹੈ। ਇਹ ਬੇਹਦ ਚਿੰਤਾ ਦਾ ਵਿਸ਼ਾ ਹੈ। 
ਪ੍ਰਦੂਸ਼ਤ ਵਾਤਾਵਰਨ ਤੇ ਗੰਧਲੇ ਯੂਰੇਨੀਅਮ ਯੁਕਤ ਪਾਣੀ ਨੇ ਕੈਂਸਰ ਵਰਗੀ ਨਾਂ ਮੁਰਾਦ ਬੀਮਾਰੀ ਦਾ ਔਰਤ ਨੂੰ ਵੀ ਵੱਡੀ ਪੱਧਰ 'ਤੇ ਸ਼ਿਕਾਰ ਬਣਾਇਆ ਹੈ। ਮੋਦੀ ਦਾ 'ਸਵੱਛ ਭਾਰਤ' ਦਾ ਫੋਕਾ ਨਾਰਾ ਇੰਨ੍ਹਾ ਗਰੀਬਾਂ ਤੀਕ ਪੁੱਜਦੇ ਪੁੱਜਦੇ ਉਂਝ ਹੀ 'ਅਵੱਸ਼' ਹੋ ਜਾਂਦਾ ਹੈ। ਉਹਨਾਂ ਨੂੰ ਰਫਾ ਹਾਜ਼ਤ ਲਈ ਖੁੱਲ੍ਹੇ ਹੀ ਜਾਣਾ ਪੈਂਦਾ ਹੈ। ਚਾਰ ਚੁਫੇਰੇ ਗੰਦਗੀ ਦੇ ਢੇਰ। ਕਦੇ ਹੈਜਾ, ਕਦੇ ਸਵਾਈਨ ਫਲੂ, ਕਦੇ ਕੁਝ, ਕਦੇ ਕੁਝ। ਔਰਤ ਸਭ ਸਹਿਣ ਲਈ ਮਜ਼ਬੂਰ ਹੈ। ਗਰੀਬੀ ਔਰਤ ਹੀ ਹੰਢਾ ਰਹੀ ਹੈ। 
ਰਸੋਈ ਦਾ ਨੀਰਸ ਜੀਵਨ ਸਾਰੀ ਉਮਰ ਔਰਤ ਨੂੰ ਹੰਢਾਉਣਾ ਪੈਂਦਾ ਹੈ। ਔਰਤ ਚਾਹੇ ਨੌਕਰੀ ਪੇਸ਼ਾ ਵੀ ਕਿਉਂ ਨਾਂ ਹੋਵੇ ਰਸੋਈ ਦਾ ਸਾਰਾ ਹੀ ਕੰਮ ਔਰਤ ਦੇ ਹਿੱਸੇ ਹੈ। ਇਹ ਆਖਿਆ ਗਿਆ ਹੈ ਕਿ ਹਰ ਔਰਤ ਘਰ ਵਿਚ ਮਰਦ ਨਾਲੋਂ ਘੱਟੋ ਘੱਟ ਦੁਗਣਾ ਕੰਮ ਕਰਦੀ ਹੈ। ਫਿਰ ਵੀ ਬਹੁਤੀ ਵਾਰ ਬੱਚਿਆਂ ਦਾ ਪੇਟ ਪਾਲਣ ਲਈ ਉਸਨੂੰ ਭੁੱਖੇ ਪੇਟ ਹੀ ਰਹਿਣਾ ਪੈਂਦਾ ਹੈ। ਪੌਸ਼ਟਿਕ ਖੁਰਾਕ ਦਾ ਤਾਂ ਉਸ ਲਈ ਕਦੇ ਸੁਪਨਾ ਲੈਣਾ ਵੀ ਵਿਵਰਜਿਤ ਹੈ। 
ਰਾਜਨੀਤੀ ਵਿਚ ਔਰਤ ਨੂੰ ਤੀਜਾ ਹਿੱਸਾ ਦੇਣ ਦੀ ਯੋਜਨਾ ਪਿਛਲੇ ਵੀਹ ਸਾਲ ਤੋਂ ਉਵੇਂ ਹੀ ਚਲ ਰਹੀ ਹੈ। ਪਾਰਲੀਮੈਂਟ ਵਿਚ ਕਈ ਵਾਰ ਬਿਲ ਪੇਸ਼ ਕਰਨ ਦਾ ਹਾਕਮ ਧਿਰ ਖੇਖਣ ਕਰਦੀ ਹੈ ਪਰ ਕਿਸੇ ਨਾ ਕਿਸੇ ਬਹਾਨੇ ਸਭ ਖੇਹ ਸਵਾਹ ਬਣਕੇ ਹਵਾ 'ਚ ਉਡ ਜਾਂਦਾ ਹੈ। ਪੰਚਾਇਤਾਂ ਆਦਿ ਵਿੱਚ ਜਿਥੇ ਕਿਤੇ ਔਰਤ ਨੂੰ ਮੈਂਬਰ, ਸਰਪੰਚ ਬਣਨ ਦਾ ਮੌਕਾ ਮਿਲਦਾ ਹੈ, ਸਭ ਪਤੀ-ਪੁੱਤਰ ਦੇ ਰੂਪ ਵਿਚ ਮਰਦ ਹੀ ਹੜੱਪ ਜਾਂਦੇ ਹਨ ਔਰਤ ਨੂੰ ਹਰ ਹਾਲਤ ਰਾਜਨੀਤੀ 'ਚ ਬਰਾਬਰ ਤੇ ਅਹਿਮ ਭੂਮਿਕਾ ਨਿਭਾਉਣ ਲਈ ਸੰਘਰਸ਼ ਕਰਨਾ ਹੋਵੇਗਾ। ਜਦ ਤੱਕ ਔਰਤ ਨੂੰ ਸਮਾਜਕ ਤੇ ਰਾਜਨੀਤਕ ਜੀਵਨ ਵਿਚ ਅੱਗੇ ਨਹੀਂ ਲਿਆਉਂਦੇ ਓਨਾਂ ਚਿਰ ਕਦਾਚਿੱਤ ਸਮਾਜਿਕ ਬਿਹਤਰੀ ਨਹੀਂ ਹੋ ਸਕਦੀ। ਔਰਤ ਨੂੰ ਵੀ ਆਪਣੀ ਸ਼ਕਤੀ ਪਛਾਣਨ ਦੀ ਲੋੜ ਹੈ। ਉਹ ਮਰਦ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੈ। ਵਿਗਿਆਨਕ, ਸਾਹਿਤਕ, ਰਾਜਨੀਤਕ, ਖੇਡਾਂ, ਸੁਰੱਖਿਆ, ਜਨਤਕ ਸੇਵਾਵਾਂ, ਸਭਿਆਚਾਰ, ਲਘੂ ਉਦਯੋਗ ਅਤੇ ਹੋਰ ਹਰ ਕਾਰੋਬਾਰੀ ਖੇਤਰਾਂ ਵਿਚ ਜਦ ਵੀ ਔਰਤ ਨੂੰ ਮੌਕਾ ਮਿਲਿਆ, ਸਹੀ ਸੇਧ ਮਿਲੀ, ਉਹ ਮਰਦ ਨੂੰ ਪਛਾੜਕੇ ਅੱਗੇ ਨਿਕਲਣ ਦੇ ਸਮਰੱਥ ਹੋਈ ਹੈ। ਔਰਤ ਨੂੰ ਉਸਦੀ ਸ਼ਕਤੀ ਦੀ ਪਹਿਚਾਣ ਕਰਾਉਣਾ ਬੇਹੱਦ ਜ਼ਰੂਰੀ ਹੈ। ਅਗਰ ਔਰਤ ਨੂੰ ਉਸਦੀ ਸ਼ਕਤੀ ਦੀ ਪਹਿਚਾਣ ਕਰਾਉਣੀ ਹੈ, ਉਸਨੂੰ ਉਸ ਦੇ ਬਣਦੇ ਹੱਕ ਦਿਵਾਉਣੇ ਹਨ ਤਾਂ ਉਸਨੂੰ ਹਰ ਹਾਲ ਵਿਚ ਲਾਮਬੰਦ ਹੋਕੇ ਪ੍ਰਤੀਰੋਧ ਦਾ ਰਸਤਾ ਅਪਣਾਉਣਾ ਹੋਵੇਗਾ। 
ਅੱਜ ਜੋ ਅਖਾਉਤੀ ਆਜ਼ਾਦੀ ਦਾ ਸੰਕਲਪ ਲਿਆਂਦਾ ਗਿਆ ਹੈ। ਉਹ ਕੇਵਲ ਉਚ ਅਤੇ ਅਮੀਰ ਸ਼੍ਰੇਣੀ ਤੀਕਰ ਹੀ ਹੈ। ਪਰ ਅਮੀਰ ਜੋਰਾਵਰ, ਜ਼ਾਲਮ ਲੋਕ, ਔਰਤ ਦੀ ਆਜ਼ਾਦੀ ਨੂੰ ਇਕ ਭੋਗ ਵਿਲਾਸ, ਨੰਗੇਜ਼, ਲੱਚਰਤਾ, ਨੱਚਣ ਗਾਉਣ ਅਤੇ ਔਰਤ ਨੂੰ ਵਪਾਰਕ ਇਸ਼ਤਿਹਾਰ ਲਈ ਵਧੀਆ ਮਾਡਲ ਬਣਨ ਤੱਕ ਦੀ ਹੀ ਖੁਲ੍ਹ ਦਿੰਦੇ ਹਨ। ਇਸਨੂੰ ਹੀ ਉਹ ਆਜ਼ਾਦੀ ਦਾ ਨਾਂਅ ਦਿੰਦੇ ਹਨ।
ਔਰਤ ਅੱਜਕਲ ਬਹੁਤ ਦੁੱਖ ਝੇਲ ਰਹੀ ਹੈ। ਆਜ਼ਾਦੀ ਦੇ ਨਾਂਅ 'ਤੇ ਉਸ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਮਰਦ ਬਰਾਬਰਤਾ ਆਰਥਕਤਾ ਨਾਲ ਬੱਝੀ ਹੋਈ ਹੈ। ਔਰਤ ਜਥੇਬੰਦ ਹੋਵੇ, ਇਹੀ ਇਕੋ ਇਕ ਤੇ ਸਥਾਈ ਹੱਲ। ਉਸਨੂੰ ਹੋਰ ਸੂਝਵਾਨ, ਪੜ੍ਹੀ ਲਿਖੀ ਤੇ ਪ੍ਰਚੰਡ ਭਾਵੀ ਬਣਾ ਹੋਵੇਗਾ।      
- ਮੱਖਣ ਕੁਹਾੜ